Pritam Ludhianvi

ਉਮਰ ਤੋਂ ਕਈ ਗੁਣਾ ਵੱਡੇ ਕਾਰਜ ਕਰ ਰਹੀ ਮੁਟਿਆਰ : ਗਗਨਦੀਪ ਕੌਰ ਧਾਲੀਵਾਲ - ਪ੍ਰੀਤਮ ਲੁਧਿਆਣਵੀ (ਚੰਡੀਗੜ)

''ਅਲਕਾ ਅਰੋੜਾ ਮੈਡਮ ਦੇ ਘਰ ਮੈਨੂੰ ਪਹਿਲੀ ਬਾਰ ਕਾਵਿ-ਗੋਸ਼ਟੀ ਵਿਚ ਜਾਣ ਦਾ ਮੌਕਾ ਮਿਲਿਆ, ਜਿੱਥੇ ਸ੍ਰੀ ਨਾਰੇਸ਼ ਨਾਜ਼ ਰਾਸ਼ਟਰੀ ਕਵੀ ਸੰਗਮ ਦੇ ਸੰਸਥਾਪਕ ਅਤੇ ਸਾਗਰ ਸੂਦ ਜੀ ਮਿਲੇ। ਉਨਾਂ ਨੇ ਮੇਰੀਆਂ ਰਚਨਾਵਾਂ ਸੁਣੀਆਂ ਅਤੇ ਮੈਨੂੰ ਕਾਫੀ ਹੱਲਾ-ਸ਼ੇਰੀ ਦਿੱਤੀ।  ਉਸੇ ਹੀ ਦਿਨ ਸ਼ਾਮੀ ਚਾਰ ਵਜੇ ਡੀ. ਏ. ਵੀ. ਸਕੂਲ ਵਿਚ ਹੋ ਰਹੇ ਸਾਹਿਤਕ ਫੰਸ਼ਕਨ ਲਈ ਮੈਨੂੰ ਵੀ ਸੱਦਾ ਦਿੱਤਾ। ਉਸ ਦਿਨ ਦੀ ਸ਼ੁਰੂਆਤ ਤੋਂ ਮੇਰੇ ਮਨ ਵਿਚ ਐਸਾ ਹੌਸਲਾ ਬਣਿਆ ਕਿ ਮੈਂ ਹਰ ਮਹੀਨੇ ਦੀ ਗੋਸ਼ਟੀ ਵਿਚ ਜਾਣਾ ਸ਼ੁਰੂ ਕਰ ਦਿੱਤਾ। ਸਾਹਿਤ ਪ੍ਰਤੀ ਮੇਰੀ ਅਥਾਹ ਲਗਨ ਨੂੰ ਦੇਖਦੇ ਹੋਏ ਉਨਾਂ ਨੇ ਮੈਨੂੰ ਰਾਸ਼ਟਰੀ ਕਵੀ ਸੰਗਮ ਪੰਜਾਬ ਇਕਾਈ, ਜਿਲਾ ਬਰਨਾਲਾ ਦੀ ਪ੍ਰਧਾਨ ਥਾਪ ਦਿੱਤਾ।  ਇਸ ਸੰਸਥਾ ਦਾ ਕਾਰਜ ਮੈਂ 2018 ਤੱਕ ਕੀਤਾ।''   ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਨ ਵਾਲੀ ਗਗਨਦੀਪ ਕੌਰ ਧਾਲੀਵਾਲ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨੂੰ, 'ਮਹਿਲਾ ਕਾਵਿ ਮੰਚ', ਪੰਜਾਬ ਇਕਾਈ, ਜਿਲਾ ਬਰਨਾਲਾ ਦੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਸੌਂਪ ਦਿੱਤੀਆਂ। ਲਗਭਗ ਦੋ ਸਾਲ ਕੰਮ ਕਰਨ ਤੋਂ ਬਾਅਦ ਅਚਾਨਕ ਧਾਲੀਵਾਲ ਦੇ ਮਨ ਵਿਚ ਵਲਵਲਾ ਉਠਿਆ ਕਿ ਕਿਉਂ ਨਾ ਮੈਂ ਨਵੀਆਂ ਕਲਮਾਂ ਨੂੰ ਅੱਗੇ ਆਉਣ ਦਾ ਮੌਕਾ ਦੇਵਾ। ਇਸ ਮਕਸਦ ਦੀ ਪੂਰਤੀ ਲਈ ਉਸ ਨੇ ਬਰਨਾਲਾ, ਮੋਗਾ, ਮਾਨਸਾ, ਬਠਿੰਡਾ, ਸੰਗਰੂਰ ਅਤੇ ਅੰਮ੍ਰਿਤਸਰ ਆਦਿ ਛੇ ਜਿਲਿਆਂ ਵਿਚ ਮਹਿਲਾ ਕਾਵਿ ਮੰਡਲ ਦੀਆਂ ਨਵੀਆਂ ਬਰਾਂਚਾਂ ਖੋਲੀਆਂ। ਉਸ ਦੀ ਮਿਹਨਤ ਅਤੇ ਪੰਜਾਬੀ ਮਾਂ-ਬੋਲੀ ਪ੍ਰਤੀ ਉਸ ਦੀ ਲਗਨ ਨੂੰ ਵੇਖਦਿਆਂ ਨਾਰੇਸ਼ ਨਾਜ ਜੀ ਵਲੋਂ ਉਸਨੂੰ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ ਗਿਆ। ਇਕ ਸਵਾਲ ਦਾ ਜੁਵਾਬ ਦਿੰਦਿਆਂ ਧਾਲੀਵਾਲ ਨੇ ਕਿਹਾ, ''ਜਦੋਂ ਮੇਰੀਆਂ ਰਚਨਾਵਾਂ ਕਿਸੇ ਅਖਬਾਰ ਵਿਚ ਛਪਣੀਆਂ ਤਾਂ ਨਵੀਆਂ ਕਲਮਾਂ ਨੇ ਫੋਨ ਕਰਨੇ ਕਿ ਅਸੀਂ ਵੀ ਤੁਹਾਡੀ ਤਰਾਂ ਛਪਕੇ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕਰਨਾ ਚਾਹੁੰਦੇ ਹਾਂ।  ਫਿਰ ਮੇਰੇ ਮਨ ਵਿਚ ਇਕ ਨਵੀਂ ਉਮੰਗ ਉਠੀ ਕਿ ਜਿਹੜੀਆਂ ਨਵੀਆਂ ਕਵਿੱਤਰੀਆਂ ਕਿਸੇ ਕਾਰਨ ਆਪਣੀ ਕਲਮ ਨੂੰ ਅੱਗੇ ਨਹੀ ਵਧਾ ਸਕਦੀਆਂ, ਉਨਾਂ ਲਈ ਬਿਨਾਂ ਵਿੱਤੀ ਸਹਾਇਤਾ ਲਿਆਂ ਪੁਸਤਕ ਵਿਚ ਰਚਨਾਵਾਂ ਛਪਵਾਉਣ ਦਾ ਮੌਕਾ ਦਿੱਤਾ ਜਾਵੇ।  ਫਿਰ ਮੈਂ ਆਪਣੇ ਦਿਲ ਦੀ ਉਮੰਗ,''ਸਾਹਿਤਕ ਕਲਸ ਪਬਲੀਕੇਸ਼ਨ, ਪਟਿਆਲਾ'' ਦੇ ਸੰਸਥਾਪਕ ਸ੍ਰੀ ਸਾਗਰ ਸੂਦ ਜੀ ਨਾਲ ਸਾਂਝੀ ਕੀਤੀ, ਜਿਹਨਾਂ ਦੀ ਸਹਿਮਤੀ ਉਪਰੰਤ ਇਕ ਹਫਤੇ ਦੇ ਅੰਦਰ-ਅੰਦਰ ਹੀ ਮੈਂ ਸੌ ਕਲਮਾਂ ਇਕੱਤਰ ਕਰਨ ਵਿਚ ਸਫ਼ਲ ਹੋ ਗਈ। ਇਸ ਪੁਸਤਕ ਦਾ ਨਾਂ ਵੀ, ''ਨਵੀਆਂ ਕਲਮਾਂ'' ਹੀ ਰੱਖਿਆ ਗਿਆ, ਜਿਹੜੀ ਕਿ ਜਲਦੀ ਹੀ ਰੀਲੀਜ਼ ਹੋਣ ਜਾ ਰਹੀ ਹੈ।''
      ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਦੇ ਨਾਲ-ਨਾਲ ਅੰਤਰਰਾਸ਼ਟਰੀ ਮਹਿਲਾ ਕਾਵਿ-ਮੰਚ, ਰਾਸ਼ਟਰੀ ਕਵੀ ਸੰਗਮ ਅਤੇ ਅਦਾਰਾ ਅਦਬੀ ਸਾਂਝ ਆਦਿ ਵੱਲੋਂ ਅੱਡ-ਅੱਡ ਸਟੇਜਾਂ ਉਤੇ ਸਨਮਾਨ ਹਾਸਲ ਕਰ ਚੁੱਕੀ, ਬਰਨਾਲਾ ਜਿਲਾ ਦੇ ਪਿੰਡ ਝਲ਼ੂਰ ਵਿਖੇ ਪਿਤਾ ਸ੍ਰੀ ਅਜਮੇਰ ਸਿੰਘ ਤੇ ਮਾਤਾ ਸ਼ਿੰਦਰਪਾਲ ਕੌਰ ਜੀ ਦੇ ਗ੍ਰਹਿ ਨੂੰ ਭਾਗ ਲਾਉਣ ਵਾਲੀ ਗਗਨਦੀਪ ਦੱਸਦੀ ਹੈ ਕਿ ਉਹ ਸਰਕਾਰੀ ਹਾਈ ਸਕੂਲ, ਝਲੂਰ ਵਿਚ ਨੌਂਵੀਂ ਕਲਾਸ ਵਿੱਚ ਪੜਦੀ ਸੀ, ਜਦੋਂ ਉਹ ਕੋਰੇ ਕਾਗਜ਼ ਦੀ ਹਿੱਕੜੀ ਉਤੇ ਝਰੀਟੇ ਮਾਰਨ ਲੱਗ ਪਈ ਸੀ। ਉਚੇਰੀ ਸਿੱਖਿਆ ਉਸ ਨੇ ਬੀ. ਏ., ਬੀ. ਐਡ, ਐਮ. ਏ. (ਇਤਿਹਾਸ), ਐਮ. ਏ. (ਪੰਜਾਬੀ) ਸ੍ਰੀ ਲਾਲਾ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਤੇ ਐਸ. ਡੀ. ਕਾਲਜ ਬਰਨਾਲਾ ਤੋਂ ਅਤੇ ਐਮ. ਏ. ਐਜੂਕੇਸ਼ਨ ਉਸਨੇ ਲਵਲੀ ਯੂਨੀਵਰਸਿਟੀ ਦੇ ਭਾਰਤੀ ਸੈਂਟਰ ਬਰਨਾਲਾ ਤੋਂ ਹਾਸਿਲ ਕੀਤੀ। ਪੰਜ ਸਾਲ ਉਸ ਨੇ ਬਤੌਰ ਹਿਸਟਰੀ ਲੈਕਚਰਾਰ ਤੇ ਪੰਜਾਬੀ ਅਧਿਆਪਕਾ ਸੇਵਾਵਾਂ ਨਿਭਾਈਆਂ। ਗਗਨਦੀਪ ਦੀਆਂ ਰਚਨਾਵਾਂ ਦੇ ਛਪਣ ਦੇ ਪੱਖ ਨੂੰ ਵੇਖਿਆਂ ਪਤਾ ਲੱਗਦਾ ਹੈ ਕਿ ਜਿੱਥੇ ਉਸ ਦੀਆਂ ਰਚਨਾਵਾਂ ਸਪੋਕਸਮੈਨ, ਅਜ਼ਾਦ ਸੋਚ, ਪੰਜਾਬ ਟਾਈਮਜ, ਸਾਂਝੀ ਖ਼ਬਰ, ਅਦਬੀ ਸਾਂਝ, ਸਾਹਿਤਕ ਗੁੜਤੀ ਅਤੇ ਸਾਂਝਾ ਮੀਡੀਆ ਆਦਿ ਦੇਸ਼-ਵਿਦੇਸ਼ ਦੇ ਰੋਜਾਨਾਂ ਪੇਪਰਾਂ ਤੇ ਮੈਗਜ਼ੀਨਾਂ ਵਿਚ ਛਪ ਰਹੀਆਂ ਹਨ, ਉਥੇ ਪੁਸਤਕ-ਪ੍ਰਕਾਸ਼ਨਾ ਪੱਖ ਵਿਚ ਉਸ ਦੀਆਂ ਰਚਨਾਵਾਂ ਸਾਂਝੇ ਕਾਵਿ-ਸੰਗ੍ਰਹਿ, 'ਕਾਰਵਾਂ', 'ਕਾਵਿ-ਅੰਜਲੀ' ਅਤੇ 'ਨਵੀਂਆਂ ਪੈੜਾਂ' (ਜਿਸ ਦੀ ਕਿ ਉਹ ਸੰਪਾਦਕ ਵੀ ਹੈ) ਆਦਿ ਦਾ ਹਿੱਸਾ ਵੀ ਬਣ ਚੁੱਕੀਆਂ ਹਨ। ਪੂਰਵ ਪ੍ਰੋ. ਡਾਕਟਰ ਹੁਕਮ ਚੰਦ ਰਾਜਪਾਲ (ਹਿੰਦੀ ਵਿਭਾਗ ਪੰਜਾਬੀ ਵਿਸ਼ਵ ਵਿਦਿਆਲਿਆ ਪਟਿਆਲਾ) ਦੁਆਰਾ ਪ੍ਰਕਾਸ਼ਿਤ ਕਿਤਾਬ, ''ਪੰਜਾਬ ਦੀ ਸਮਕਾਲੀਨ ਹਿੰਦੀ ਕਵਿਤਾ- 2015 '' ਵਿੱਚ ਨਾਮਵਰ ਸਾਹਿਤਕਾਰਾਂ ਵਿੱਚ ਇਸ ਮੁਟਿਆਰ ਦਾ ਨਾਮ ਵੀ ਛਪ ਚੁੱਕਾ ਹੈ। ਮਹਿਲਾ ਕਾਵਿ-ਮੰਚ ਵੱਲੋਂ ਦੋ ਬਾਰ ਬ੍ਰਿਸਬੇਨ (ਆਸਟਰੇਲੀਆ) ਵਿਚ ਕਾਵਿ-ਗੋਸ਼ਟੀ ਕਰਨ ਦਾ ਮੌਕਾ ਹਾਸਲ ਕਰ ਚੁੱਕੀ ਗਗਨਦੀਪ ਦੀਆਂ ਰਚਨਾਵਾਂ ਹੁਣ ਮੈਲਬੌਰਨ (ਆਸਟਰੇਲੀਆ) ਵਿਚ ਚੱਲ ਰਹੀ ਸਾਹਿਤਕ ਸੰਸਥਾ, ''ਪੰਜਾਬ ਸੱਥ'' ਦੇ ਪ੍ਰਧਾਨ ਕੁਲਜੀਤ ਕੌਰ ਗ਼ਜ਼ਲ ਅਤੇ ਤੇਜ਼ੀ ਚੌਂਤੀ ਵਾਲਾ ਦੁਆਰਾ ਪ੍ਰਕਾਸ਼ਿਤ ਕਰਵਾਏ ਜਾ ਰਹੇ ਸਾਂਝੇ ਕਾਵਿ-ਸੰਗ੍ਰਹਿ ਦਾ ਵੀ ਹਿੱਸਾ ਬਣ ਰਹੀਆਂ ਹਨ।  ਗਗਨਦੀਪ ਦੀ ਕਲਮ ਦਾ ਰੰਗ ਦੇਖੋ :-
''ਚੰਨ ਤਾਰਿਆਂ ਦੀ ਰੌਸ਼ਨੀ ਹੈ ਔਰਤ
ਗੁਲਾਬ ਦੀ ਖੁਸ਼ਬੋ ਹੈ ਔਰਤ
ਰੱਬ ਦਾ ਰੂਪ ਹੈ ਔਰਤ
ਮਾਈ ਭਾਗੋ, ਕਲਪਨਾ ਚਾਵਲਾ,
ਸੁਨੀਤਾ ਵੀਲੀਅਮ ਹੈ ਔਰਤ
ਨਿਰੀ ਪਿਆਰ ਦੀ ਮੂਰਤ ਹੈ ਔਰਤ
ਦੁਰਗਾ ਮਾਂ ਦਾ ਰੂਪ ਹੈ ਔਰਤ
ਮੋਹ ਨਾਲ ਨਿਭਾਉਦੀ ਹਰ ਰਿਸ਼ਤੇ ਨੂੰ
ਮਾਂ, ਧੀ, ਪਤਨੀ ਦਾ ਰੂਪ  ਹੈ ਔਰਤ
ਜੁਲਮ ਲਈ ਇੱਕ ਕਟਾਰ ਹੈ ਔਰਤ
''ਗਗਨ'' ਜੋ ਨਿੱਕੇ -ਨਿੱਕੇ ਰਾਹਾਂ ਤੇ
ਵੱਡੀਆਂ ਵੱਡੀਆਂ ਪੈੜਾਂ ਕਰੇ
''ਧਾਲੀਵਾਲ'' ਹਰ ਮੁਸਾਫਿਰ ਦੀ
ਮੰਜਿਲ ਹੈ ਔਰਤ।''
ਹੁਣ ਅਗਲੇ ਕਦਮ ਵਜੋਂ ਤੇਜੀ ਚੌਤੀ ਵਾਲਾ ਤੇ ਗਗਨਦੀਪ ਕੌਰ ਧਾਲੀਵਾਲ ਵੱਲੋਂ ਨਵੀਆਂ ਕਲਮਾਂ ਨੂੰ ਅਮਰੀਕਾ ਦੇ ਚੈਨਲ ਉਪਰ ਲਾਈਵ ਕਵੀ-ਦਰਬਾਰ ਵਿਚ ਵੀ ਪੂਰੀ ਦੁਨੀਆਂ ਦੇ ਰੂ-ਬ-ਰੂ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।  ਨਿੱਕੀ ਜਿਹੀ ਉਮਰੇ ਪੰਜਾਬੀ ਮਾਂ-ਬੋਲੀ ਲਈ ਐਡੇ ਵੱਡੇ ਮਾਅਰਕੇ ਮਾਰਨ ਵਾਲੀ ਮੁਟਿਆਰ ਗਗਨਦੀਪ ਕੌਰ ਧਾਲੀਵਾਲ ਦੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸੋਚ ਨੂੰ ਸਲਾਮ।  ਰੱਬ ਕਰੇ !  ਇਸ ਮੁਟਿਆਰ ਦੀ ਤਪੱਸਿਆ ਨੂੰ ਐਸਾ ਭਰਵਾਂ ਬੂਰ ਪਵੇ ਕਿ ਉਸ ਦਾ ਨਾਂ ਦੇਸ਼-ਵਿਦੇਸ਼ ਦੇ ਸਾਹਿਤਕਾਰਾਂ ਵਿਚ ਗੂੰਜ ਉਠੇ !

      -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਗਗਨਦੀਪ ਕੌਰ ਧਾਲੀਵਾਲ, 9988933161

ਘੋਰ ਸੰਘਰਸ਼ 'ਚੋਂ  ਉਪਜੀ ਕਲਮ  : ਫੈਸਲ ਖਾਨ   


     ਪੰਜਾਬ ਦੇ ਜਿਲ੍ਹਾ ਰੂਪ ਨਗਰ ਵਿਚ ਅਨੰਦਪੁਰ ਸਾਹਿਬ ਅਤੇ ਨੰਗਲ ਦੇ ਵਿਚਕਾਰ ਵਸਦੇ ਪਿੰਡ ਢੇਰ ਵਿਖੇ ਪਿਤਾ ਸਾਵੀਰ ਅਤੇ ਮਾਤਾ ਅਨਵਰੀ ਨਾਂ ਦੇ ਇਕ ਐਸੇ ਸਾਧਾਰਨ ਪਰਿਵਾਰ ਵਿਚ ਫੈਸਲ ਖਾਨ ਦਾ ਜਨਮ ਹੋਇਆ, ਜਿਸ ਦਾ ਕਿ ਕੋਈ ਵੀ ਮੈਂਬਰ ਹਾਈ ਸਕੂਲ ਤੱਕ ਵੀ ਨਹੀਂ ਸੀ ਪਹੁੰਚਿਆ। ਪਰ, ਫੈਸਲ ਖਾਨ ਗਰੈੇਜ਼ੂਏਸ਼ਨ ਨਾਨ-ਮੈਡੀਕਲ ਵਿਚ ਕਰਨ ਪਿੱਛੋਂ ਅੱਜ ਕੱਲ ਪੋਸਟ-ਗਰੈਜ਼ੂਏਸ਼ਨ ਕਮਿਸਟਰੀ ਵਿਚ ਕਰਨ ਦੀ ਤਿਆਰੀ ਕਰ ਰਿਹਾ ਹੈ। ਉਹ ਦੱਸਦਾ ਹੈ ਕਿ ਸਰਕਾਰੀ ਹਾਈ ਸਕੂਲ ਦਸਗਰਾਈਂ ਤੋਂ ਵਧੀਆ ਅੰਕਾਂ ਨਾਲ ਦਸਵੀਂ ਪਾਸ ਕਰਕੇ ਉਸ ਨੇ +2 ਮੈਰੀਟੋਰੀਅਸ ਸਕੂਲ ਮੋਹਾਲੀ ਤੋਂ ਨਾਨ-ਮੈਡੀਕਲ ਵਿਸ਼ੇ ਵਿਚ ਪਾਸ ਕੀਤੀ ਤੇ ਗਰੈਜ਼ੂਏਸ਼ਨ ਸ਼ਿਵਾਲਿਕ ਕਾਲਜ਼ ਨਯਾ ਨੰਗਲ ਤੋਂ। ਹਾਈ ਸਕੂਲ 'ਚ ਪੜ੍ਹਦਿਆਂ ਫੈਸਲ ਖ਼ਾਨ, ਵਿਗਿਆਨ ਨਾਲ ਸਬੰਧਿਤ ਹਰੇਕ ਗਤੀ-ਵਿਧੀ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਭਾਸ਼ਣ, ਕੁਇਜ਼, ਪ੍ਰੋਜੈਕਟ ਕੰਪੀਟੀਸ਼ਨ, ਵਿਗਿਆਨ ਦੇ ਮਾਡਲ ਹਰੇਕ ਪ੍ਰਤਿਯੋਗਤਾ ਵਿਚ ਉਹ ਵਧੀਆ ਪ੍ਰਦਰਸ਼ਨ ਕਰਦਾ ਰਿਹਾ। ਇਹ ਇਸ ਨੌਜਵਾਨ ਦੀ ਮਿਹਨਤ ਅਤੇ ਲਗਨ ਦਾ ਨਤੀਜਾ ਹੀ ਸੀ ਕਿ ਇਸ ਨੇ ਨੈਸ਼ਨਲ ਪੱਧਰ ਤੱਕ ਵਿਗਿਆਨਿਕ ਗਤੀ-ਵਿਧੀਆਂ ਵਿਚ ਭਾਗ ਲਿਆ ਅਤੇ ''ਬਾਲ-ਵਿਗਿਆਨੀ'' ਦਾ ਖਿਤਾਬ ਹਾਸਿਲ ਕੀਤਾ। 
     ਇਕ ਮੁਲਾਕਾਤ ਦੌਰਾਨ ਫੈਸਲ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਕੋਰਸ ਦੀਆਂ ਕਿਤਾਬਾਂ ਦੇ ਨਾਲ-ਨਾਲ ਹੋਰ ਸਾਹਿਤਕ ਪੁਸਤਕਾਂ ਪੜ੍ਹਨ ਦਾ ਸ਼ੌਂਕ ਸਦਕਾ ਸਕੂਲ ਸਮੇਂ ਤੋਂ ਹੀ ਉਹ ਜਿੱਥੇ ਇਕ ਵਧੀਆ ਬੁਲਾਰਾ ਬਣ ਗਿਆ ਸੀ, ਉਥੇ ਆਪਣੇ ਭਾਸ਼ਣ ਖੁਦ ਲਿਖਣ ਵਾਲਾ ਵਧੀਆ ਲੇਖਕ ਬਣਨ ਦੇ ਵੀ ਉਸ ਅੰਦਰ ਬੀਜ ਪੁੰਗਰਨ ਲੱਗ ਪਏ ਸਨ।  ਉਸ ਕੋਲ ਅਨਮੋਲ ਵਿਚਾਰਾਂ ਦਾ ਭੰਡਾਰ ਸੀ, ਜਿਨ੍ਹਾਂ ਨੂੰ ਅਧਿਆਪਕਾਂ ਦੀ ਦਿੱਤੀ ਹੱਲਾ-ਸ਼ੇਰੀ ਅਤੇ ਸਲਾਹਵਾਂ ਦੇ ਫਲ-ਸਰੂਪ ਫੈਸਲ ਖਾਨ ਨੇ ਕਲਮਬੰਧ ਕਰਕੇ ਅਖਬਾਰਾਂ ਅਤੇ ਰਸਾਲਿਆਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਉਸਦਾ ਪਹਿਲਾ ਲੇਖ ''ਪੋਲੀਥੀਨ ਦਾ ਕਹਿਰ'' ਸੀ। ਇੱਥੋਂ ਫੈਸਲ ਖਾਨ ਨੂੰ ਇਕ ਨਵੀਂ ਦਿਸ਼ਾ ਮਿਲੀ ਕਿ ਉਹ ਲੇਖਣੀ ਦੇ ਖੇਤਰ ਵਿਚ ਵੀ ਵਧੀਆ ਕਰ ਸਕਦਾ ਹੈ। ਇਸ ਤੋਂ ਬਾਅਦ ਉਸ ਦੇ ਵੱਖ-ਵੱਖ ਲੇਖ ਪੰਜਾਬ ਭਰ ਦੇ ਅਖਬਾਰਾਂ ਅਤੇ ਮੈਗਜ਼ੀਨਾ ਵਿਚ ਛਪਣ ਲੱਗੇ। ਇਸ ਤਰ੍ਹਾਂ ਫੈਸਲ ਖਾਨ ਨੂੰ ਇਕ ਨਵੀਂ ਪਹਿਚਾਣ ਮਿਲੀ ਕਿ ਫੈਸਲ ਖਾਨ ਵਿਗਿਆਨ ਦਾ ਵਧੀਆ ਵਿਦਿਆਰਥੀ ਹੋਣ ਦੇ ਨਾਲ-ਨਾਲ ਇਕ ਚੰਗਾ ਲੇਖਕ ਵੀ ਹੈ। ਕਾਲਜ ਪੁੱਜਦੇ-ਪੁੱਜਦੇ ਉਸ ਨੇ ਵੱਖ-ਵੱਖ ਸਾਹਿਤਕ ਸਮਾਗਮਾਂ ਵਿਚ ਵੀ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ। ਸਾਹਿਤਕ ਸਮਾਗਮਾਂ ਵਿਚ ਉਸ ਨੇ ਦੇਖਿਆ ਕਿ ਇੱਥੇ ਗ਼ਜ਼ਲ ਅਤੇ ਕਵਿਤਾ ਦਾ ਪ੍ਰਭਾਵ ਬਹੁਤ ਜਿਆਦਾ ਹੈ। ਜਿਆਦਾਤਰ ਬੁਲਾਰੇ ਗ਼ਜ਼ਲ ਜਾਂ ਕਵਿਤਾ ਪੜ੍ਹਕੇ ਵਾਹ-ਵਾਹ ਖੱਟਦੇ ਹਨ। ਸੋ ਫੈਸਲ ਖਾਨ ਨੇ ਵੀ ਆਪਣਾ ਰੁਖ ਗ਼ਜ਼ਲ ਵੱਲ ਕੀਤਾ। ਅਰੂਜ਼ ਦੀਆਂ ਬਰੀਕਿਆਂ ਸਿੱਖਣ ਲਈ ਉਹ ਗ਼ਜ਼ਲ ਖੇਤਰ ਦੇ ਥੰਮ੍ਹ, ਉਸਤਾਦ-ਸ਼ਾਇਰ ਸ੍ਰ. ਬਲਬੀਰ ਸਿੰਘ ਸੈਣੀ (ਸੂਲ ਸੁਰਾਹੀ) ਜੀ ਦੇ ਲੜ ਜਾ ਲੱਗਾ। ਕਿੰਨੀ ਦਾਦ ਦਾ ਹੱਕਦਾਰ ਹੈ, ਫੈਸਲ ਖਾਨ ਦਾ ਕਲਮੀ ਰੰਗ, ਦੇਖੋ :
''ਮੁਹੱਬਤ, ਪਿਆਰ, ਅਪਣਾਪਣ ਇਹ ਆਖਿਰਕਾਰ ਕਿੱਥੇ ਹੈ?
ਬਰਾਬਰ ਹੋਣ ਜਿੱਥੇ ਸਭ ਉਹ ਦੱਸ ਸੰਸਾਰ ਕਿੱਥੇ ਹੈ?
ਬਣੇ ਫਿਰਦੇ ਸੀ ਚੌਕੀਦਾਰ, ਪਹਿਰੇਦਾਰ ਕਿੱਥੇ ਨੇ,
ਸ਼ਰੇ ਬਾਜ਼ਾਰ ਪੱਤ ਰੋਲ਼ੀ ਗਈ, ਸਰਕਾਰ ਕਿੱਥੇ ਹੈ?
ਛਪੇ ਹਰ ਸ਼ਬਦ ਹਰ ਤਸਵੀਰ ਹਾਕਮ ਦੇ ਇਸ਼ਾਰੇ ਤੇ,
ਦਿਖਾਵੇ ਸੱਚ ਬਿਨਾਂ ਡਰ ਤੋਂ, ਉਹ ਹੁਣ ਅਖ਼ਬਾਰ ਕਿੱਥੇ ਹੈ?
ਨਿਆਂ ਮਿਲਦਾ ਹੈ ਉੱਥੇ ਹਰ ਕਿਸੇ ਨੂੰ ਸੁਣ ਰਿਹਾ ਲੇਕਿਨ,
ਕੋਈ ਦੱਸੇ ਸਹੀ ਮੈਨੂੰ ਕਿ ਉਹ ਦਰਬਾਰ ਕਿੱਥੇ ਹੈ?
ਬੜੀ ਹੈ ਮਤਲਬੀ ਦੁਨੀਆਂ ਤੂੰ ਬਚ ਕੇ ਚਲ ਜ਼ਰਾ 'ਫੈਸਲ',
ਵਫ਼ਾ ਪਾਲੇ ਜੋ ਹਰ ਹੀਲੇ ਉਹ ਦੱਸ ਦਿਲਦਾਰ ਕਿੱਥੇ ਹੈ?''
         ਕਈ ਸਥਾਨਕ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਇਹ ਨੌਜਵਾਨ ਅਦਾਰਾ 'ਰੋਜ਼ਾਨਾ ਦਾ ਟਾਈਮਜ਼ ਆਫ ਪੰਜਾਬ' ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਏ ਸਨਮਾਨ ਨੂੰ ਅਭੁੱਲ ਸਨਮਾਨ ਦੱਸਦਾ ਹੈ। ਹੁਣ ਉਹ ਆਪਣੀ ਪਲੇਠੀ ਪੁਸਤਕ, ''ਗੱਲਾਂ ਚੌਗਿਰਦੇ ਦੀਆਂ'' ਲੈ ਕੇ ਪਾਠਕਾਂ ਦੇ ਰੂ-ਬ-ਰੂ ਹੋਇਆ ਹੈ। ਜਿਸ ਦੀ ਸਾਹਿਤਕ ਹਲਕਿਆਂ ਵਿਚ ਖ਼ੂਬ ਚਰਚਾ ਹੈ। ਸਿਰਫ਼ ਮੈਂ ਹੀ ਨਹੀਂ ਕਹਿੰਦਾ, ਫ਼ੈਸਲ ਦੀ ਤਪੱਸਿਆ ਬੋਲ ਰਹੀ ਹੈ, ਉਸ ਦੀ ਕਲਮ ਬੋਲ ਰਹੀ ਹੈ, ਕਿ ਉਹ ਦਿਨ ਦੂਰ ਨਹੀ, ਜਦੋਂ ਸਾਹਿਤਕ ਖੇਤਰ ਵਿਚ ਫ਼ੈਸਲ ਇਕ ਧਰੂ ਤਾਰੇ ਦੀ ਨਿਆਂਈਂ ਚਮਕਦਾ-ਦਮਕਦਾ ਸ਼ੋਹਰਤ ਦੀਆਂ ਬੁਲੰਦੀਆਂ ਉਤੇ ਬੈਠਾ ਨਜ਼ਰੀ ਆਵੇਗਾ।  ਲੋਕ ਸਲਾਮਾਂ ਕਰਨਗੇ, ਉਸ ਦੀ ਕਲਮ ਅਤੇ ਉਸ ਦੇ ਸੰਘਰਸ਼ ਨੂੰ। ਸ਼ਾਲ੍ਹਾ ! ਉਹ ਸੱਜਰੀ ਸਵੇਰ ਜਲਦੀ ਆਵੇ !
      -ਪ੍ਰੀਤਮ ਲੁਧਿਆਣਵੀ, (ਚੰਡੀਗੜ੍ਹ), 9876428641
ਸੰਪਰਕ : ਫੈਸਲ ਖਾਨ, 99149-65937

ਗਾਇਕ, ਗੀਤਕਾਰ ਤੇ ਕਹਾਣੀਕਾਰ ਦਾ ਸੁਮੇਲ :  ਗਗਨ ਕਾਈਨੌਰ (ਮੋਰਿੰਡਾ) - ਪ੍ਰੀਤਮ ਲੁਧਿਆਣਵੀ

    ਸੰਗੀਤਕ ਖੇਤਰ ਵਿੱਚ ਆਪਣੀ ਕਲਮ ਦੇ ਨਾਲ ਨਵੇਂ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਸੰਗੀਤਕ-ਦਰਸ਼ਕਾਂ ਦੇ ਰੂਬਰੂ ਕਰਨ ਦੀ ਦਿਲੋਂ ਇੱਛਾਂ ਰੱਖਣ ਵਾਲਾ ਨੌਜ਼ਵਾਨ ਗੀਤਕਾਰ, ਗਗਨ ਕਾਈਨੌਰ (ਮੋਰਿੰਡਾ) ਗੀਤਕਾਰੀ ਦੇ ਖੇਤਰ ਵਿੱਚ ਆਪਣਾ ਨਾਂ ਸਥਾਪਤ ਕਰਨ ਲਈ ਤੱਤਪਰ ਹੈ। ਗਗਨ ਕਾਈਨੌਰ ਦਾ ਜਨਮ ਜ਼ਿਲਾ ਰੂਪਨਗਰ (ਰੋਪੜ) ਦੇ ਪਿੰਡ ਕਾਈਨੌਰ ਵਿੱਚ 24 ਸਤੰਬਰ 1993 ਵਿੱਚ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿਤਾ ਗੁਰਚਰਨ ਸਿੰਘ ਦੇ ਵਿਹੜੇ ਵਿੱਚ ਹੋਇਆ। ਇੱਥੇ ਦੱਸਣ ਯੋਗ ਗੱਲ ਹੈ ਕਿ ਗਗਨ ਦੇ ਮਾਤਾ ਜੀ ਆਪਣੇ ਜਨਮ ਤੋਂ ਹੀ ਬੋਲ ਨਹੀਂ ਸਕਦੇ ਸਨ ਅਤੇ ਪਿਤਾ ਦੇ ਵੀ ਆਪਣੇ ਬਚਪਨ ਵਿਚ ਰਾਤ ਨੂੰ ਪੜਦੇ-ਪੜਦੇ ਦੇ ਉੱਤੇ ਦੀਵਾ ਗਿਰ ਗਿਆ ਸੀ ਜਿਸ ਕਰਕੇ ਉਨਾਂ ਦੀ ਇੱਕ ਬਾਂਹ ਬਹੁਤ ਬੁਰੀ ਤਰਾਂ ਜਲ ਗਈ ਸੀ । 

       ਗਗਨ ਨੂੰ ਗਾਇਕੀ ਖੇਤਰ ਵਿਚ ਉਹਨਾਂ ਦੇ ਦਾਦਾ ਜੀ ਸਵਰਗਵਾਸੀ ਬਲਵੰਤ ਸਿੰਘ ਪਟਵਾਰੀ ਜੀ ਅਤੇ ਦਾਦੀ ਗੁਰਦਿਆਲ ਕੌਰ ਜੀ ਨੇ ਹਰ ਪਲ ਸਪੋਰਟ ਕੀਤੀ।  ਗਗਨ ਦਾ ਬਚਪਨ ਤੋਂ ਹੀ ਮਿਊਜ਼ਿਕ ਲਾਈਨ ਨਾਲ ਬਹੁਤ ਗੂੜਾ ਪਿਆਰ ਪੈ ਗਿਆ ਸੀ।  ਜਦੋਂ ਉਹ ਪੰਜਵੀਂ ਜਮਾਤ ਵਿਚ ਪੜਦਾ ਸੀ ਤਾਂ 26 ਜਨਵਾਰੀ ਦੇ ਮੌਕੇ ਤੇ ਸਕੂਲ ਵਿੱਚ 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ' ਗੀਤ ਰਾਹੀਂ ਉਸ ਨੇ ਹਾਜ਼ਰੀ ਲਵਾਈ। ਉਸ ਉਪਰੰਤ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

       ਗਗਨ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੇ ਬਾਰਵੀਂ ਤੱਕ ਦੀ ਪੜਾਈ ਆਪਣੇ ਪਿੰਡ ਦੇ ਸਕੂਲ ਇੰਦਰਾ ਹਾਈ ਸਕੂਲ ਕਾਈਨੌਰ ਤੋਂ ਕੀਤੀ। ਇਸ ਦੌਰਾਨ ਉਸ ਨੇ ਹਰ ਪ੍ਰੋਗਰਾਮ ਤੇ ਆਪਣੇ ਸਾਫ਼-ਸੁਥਰੇ ਗੀਤ ਗਾ ਕੇ ਸਰੋਤਿਆਂ ਦੇ ਦਿਲਾਂ ਉੱਪਰ ਡੂੰਘਾ ਅਸਰ ਪੈਦਾ ਕੀਤਾ।  ਉਸ ਤੋਂ ਬਾਅਦ ਉਸ ਨੇ ਬੱਸੀ ਪਠਾਣਾਂ ਤੋਂ ਆਈ.  ਟੀ. ਆਈ. ਪਾਸ ਕੀਤੀ।  ਇੱਥੇ ਉਸ ਨੇ ਇੱਕ ਪ੍ਰੋਗਰਾਮ ਵਿੱਚ 'ਬਾਪੂ' ਗੀਤ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਤੇ ਪੂਰੇ ਪੰਜਾਬ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ।

       ਆਪਣੇ ਨਵੇਂ ਲਿਖੇ ਗੀਤ, 'ਤੇਰੀ ਮੁਟਿਆਰ' ਦੇ ਨਾਲ ਥੋੜੇ ਹੀ ਸਮੇਂ ਵਿੱਚ ਕਾਈਨੌਰ ਨੌਜ਼ਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਿਆ ਹੈ। ਇਸ ਗੀਤ ਨੂੰ ਗਾਇਆ ਹੈ, ਸੁਰੀਲੀ ਗਾਇਕਾ ਵੀਰ ਕੌਰ ਨੇ : ਇਸ ਦਾ ਮਿਊਜ਼ਕ ਦਿੱਤਾ ਹੈ, ਮਿਊਜ਼ਕ ਡਾਇਰੈਕਟਰ, ਸੁਖਬੀਰ ਰੈੱਡ ਰੌਕਰਜ਼ ਨੇ ਅਤੇ ਅੱਜ ਦੇ ਦੌਰ ਦੀ ਸੰਗੀਤ ਦੇ ਖੇਤਰ ਵਿੱਚ ਪ੍ਰਸਿੱਧ ਮਿਊਜ਼ਕ ਕੰਪਨੀ, 'ਜ਼ਸ ਰਿਕਾਰਡਜ਼' ਵੱਲੋਂ ਯੂ-ਟਿਊਬ ਅਤੇ ਇੰਟਰਨੈਟ ਦੀਆਂ ਸਾਰੀਆਂ ਸ਼ੋਸ਼ਲ-ਸਾਇਟਾਂ ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਤੋਂ ਪਹਿਲਾਂ ਗਗਨ ਦੇ ਲਿਖੇ ਗੀਤ, 'ਬਿੱਲੀ ਅੱਖ' (ਗਾਇਕ ਮਨੂੰ ਪ੍ਰੀਤ) ਅਤੇ ਧਾਰਮਿਕ ਗੀਤ, 'ਕੁਰਬਾਨੀ' (ਗਾਇਕ ਭਾਈ ਗੁਰਦੇਵ ਸਿੰਘ ਸੰਤਸਰ) ਵੀ ਮਾਰਕੀਟ ਵਿੱਚ ਆ ਚੁੱਕੇ ਹਨ।

      ਗਗਨ ਦੇ ਆਉਣ ਵਾਲੇ ਨਵੇਂ ਗੀਤਾਂ ਵਿਚ ਇੱਕ ਸੂਫ਼ੀ ਗੀਤ, 'ਤੇਰੇ ਦਰ ਦਾ ਮੰਗਤਾ'  ਅਤੇ ਹੋਰ ਗੀਤਾਂ ਰਾਹੀਂ ਸਰੋਤਿਆਂ ਦੀ ਕਚਹਿਰੀ ਵਿੱਚ ਉਹ ਹਾਜ਼ਰ ਹੋਵੇਗਾ ਅਤੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨਵੀਂਆਂ ਕਹਾਣੀਆ ਵੀ ਬਹੁਤ ਜਲਦੀ ਪੇਸ਼  ਕਰੇਗਾ।  ਇਸ ਤੋਂ ਇਲਾਵਾ ਉਸ ਦੀ ਲਿਖੀ ਮੂਵੀ, 'ਜ਼ਿੰਦਗੀ' ਵੀ ਸਰੋਤਿਆਂ ਦੀ ਕਚਹਿਰੀ ਵਿੱਚ ਜਲਦੀ ਹੀ ਪੇਸ਼ ਹੋਵੇਗੀ।

     ਗਗਨ ਕਾਈਨੌਰ (ਮੋਰਿੰਡਾ) ਯੂ-ਟਿਊਬ ਅਤੇ ਫ਼ੇਸਬੁੱਕ ਤੇ ਨਵੇਂ ਗਾਇਕਾਂ ਨੂੰ ਵੀ ਆਪਣੇ ਲਿਖੇ ਗੀਤਾਂ ਰਾਹੀਂ ਪੇਸ਼ ਕਰ ਚੁੱਕਿਆਂ ਹੈ ਜਿਨਾਂ ਵਿੱਚ ਗਾਇਕ, ਗੁਰਸੇਵਕ ਨੂੰ 'ਦੁਬਈ', 'ਚਿੱਟਾ', 'ਸਿੰਘ ਸੂਰਮੇਂ', 'ਬੇਬੇ-ਬਾਪੂ', 'ਇੱਕ ਸੱਚ', ਅਤੇ ਗਾਇਕਾ ਗੁਰਲੀਨ ਕੌਰ ਨੂੰ 'ਮਾਂ-ਅੰਮੜੀ', 'ਮੇਰੀ ਕਲਗੀਧਰ', 'ਗੁਰੂ ਰਵਿਦਾਸ ਮਹਾਰਾਜ ਜੀ', 'ਚਾਹ ਦਾ ਗਿਲਾਸ' ਆਦਿ ਵਿਸ਼ੇਸ਼ ਜਿਕਰ ਯੋਗ ਹਨ।

     ਰੱਬ ਕਰੇ ਇਹ ਕਲਮ ਤੇ ਅਵਾਜ ਦਰਿਆਵਾਂ ਦੇ ਵਗਦੇ ਪਾਣੀਆਂ ਵਾਂਗ ਇਸੇ ਤਰਾਂ ਨਿਰੰਤਰ ਛੱਲਾਂ ਮਾਰਦੀ ਵਗਦੀ ਰਵੇ ! ਆਮੀਨ !

ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ : ਗਗਨ ਕਾਈਨੌਰ (ਮੋਰਿੰਡਾ),7986626914, 7087725549

ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ,  ਹੋਣਹਾਰ ਕਲਮ -ਮਨਜੀਤ ਕੌਰ ਧੀਮਾਨ  - ਪ੍ਰੀਤਮ ਲੁਧਿਆਣਵੀ

'ਜਦੋਂ ਮੇਰੀ ਪਹਿਲੀ ਕਹਾਣੀ 'ਖੁਸ਼ੀ ਬਨਾਮ ਰਾਜਨੀਤੀ' ਰੋਜ਼ਾਨਾ ਅਜੀਤ ਪੰਜਾਬੀ ਅਖਬਾਰ ਵਲੋਂ ਛਪੀ ਤਾਂ ਮੈਨੂੰ ਬਹੁਤ ਸਾਰੇ ਪੱਤਰ ਆਏ, ਜਿਨਾਂ ਨੇ ਮੈਨੂੰ ਬਹੁਤ ਹੌਂਸਲਾ ਬਖਸ਼ਿਆ। ਸਮਝੋ ਇਸ ਕਹਾਣੀ ਨੇ ਮੇਰੀ ਕਲਮ ਦਾ ਨੀਂਹ-ਪੱਥਰ ਰੱਖਦਿਆਂ ਮੈਨੂੰ ਕਲਮੀ ਮਾਰਗ ਉਤੇ ਤੋਰ ਲਿਆ।'
      ਇਹ ਸ਼ਬਦ ਹਨ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਵਿਚ ਤਨ, ਮਨ, ਧਨ, ਲਗਨ, ਸ਼ੌਕ ਅਤੇ ਦ੍ਰਿੜਤਾ ਨਾਲ ਤੁਰੀ ਹੋਈ ਬੀਬੀ ਮਨਜੀਤ ਕੌਰ ਧੀਮਾਨ ਦੇ।  ਜਿਲ੍ਹਾ ਨਵਾ ਸ਼ਹਿਰ ਦੇ ਪਿੰਡ ਕਰਾਵਰ ਵਿਚ 1983 ਨੂੰ ਸ਼੍ਰੀਮਤੀ ਹਰਵਿੰਦਰ ਕੌਰ (ਮਾਤਾ) ਅਤੇ ਸ਼੍ਰੀ ਅਵਤਾਰ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਜਨਮੀ ਅਤੇ ਅੱਜ-ਕਲ ਆਪਣੇ ਜੀਵਨ-ਸਾਥੀ ਨਰੇਸ਼ ਕੁਮਾਰ ਧੀਮਾਨ ਨਾਲ ਲੁਧਿਆਣਾ ਸ਼ਹਿਰ ਵਿਚ ਡੇਰੇ ਲਾਈ ਬੈਠੀ ਮਨਜੀਤ ਦੱਸਦੀ ਹੈ ਕਿ ਮੁੱਢਲੀ ਪੜ੍ਹਾਈ ਉਸ ਨੇ ਬੀ. ਏ. ਬੀ. ਸਕੂਲ ਬਲਾਚੌਰ ਤੋਂ ਕੀਤੀ । ਬੀ. ਏ. ਦੀ ਡਿਗਰੀ ਪੰ. ਯੂਨੀ. ਚੰਡੀਗੜ੍ਹ ਤੋਂ :  ਐਮ. ਏ. ਸਰਕਾਰੀ ਕਾਲਜ ਰੋਪੜ, (ਪੰ. ਯੂਨੀ. ਪਟਿਆਲਾ)  ਤੋਂ ਅਤੇ ਬੀ.- ਐੱਡ ਸਾਈਂ ਕਾਲਜ ਆਫ਼ ਐਜੂਕੇਸ਼ਨ, ਜਾਡਲਾ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿਤਸਰ) ਤੋਂ ਪ੍ਰਾਪਤ ਕਰਨ ਉਪਰੰਤ ਰੱਤੋਵਾਲ ਗਰਲਜ਼ ਕਾਲਜ਼ ਵਿਖੇ ਤਿੰਨ ਸਾਲ ਉਸ ਨੇ   ਰਾਜਨੀਤੀ ਵਿਸ਼ੇ ਲਈ ਲੈਕਚਰਾਰ ਦੀ ਨੌਕਰੀ ਕੀਤੀ। ਉਸ ਨੂੰ ਲਿਖਣ ਦੀ ਚੇਟਕ ਉਸਦੇ ਇੱਕਲੇਪਨ ਤੋਂ ਲੱਗੀ। ਪੜ੍ਹਨ ਦਾ ਸ਼ੌਕ ਤਾਂ ਪਹਿਲਾਂ ਹੀ ਸੀ ਤੇ ਦਸਵੀਂ ਕਰਨ ਤੋਂ ਬਾਅਦ ਲਿਖਣ ਦੀ ਲਤ ਵੀ ਲੱਗ ਗਈ।  ਜਿੱਥੇ ਸਕੂਲ ਵਿੱਚ ਉਸ ਨੇ ਖੋ-ਖੋ ਦੀ ਖੇਡ੍ਹ ਬਹੁਤ ਖੇਡ੍ਹੀ, ਉਥੇ ਕਾਲਜ਼ ਦੀ ਪੜ੍ਹਾਈ ਦੌਰਾਨ ਉਹ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਖੁੱਲਕੇ ਭਾਗ ਲੈਂਦੀ ਰਹੀ।  ਬੀ ਐੱਡ ਦੌਰਾਨ ਸਾਰੇ ਅਧਿਆਪਕ ਖਾਸ ਕਰ ਸ. ਗੁਰਪ੍ਰੀਤ ਸਿੰਘ ਜੀ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਦੇ ਰਹਿੰਦੇ ਸਨ। ਹਰ ਹਫ਼ਤੇ ਸਟੇਜ਼ ਤੇ ਕੁਝ ਨਾ ਕੁਝ ਬੋਲਣਾ ਜ਼ਰੂਰੀ ਹੁੰਦਾ ਸੀ। ਨਤੀਜਨ ਕਾਲਜ਼ ਵਿੱਚ ਛਪਦੇ ਮੈਗਜ਼ੀਨ ਦੀ ਸੰਪਾਦਕੀ ਕਰਨ ਦਾ ਵੀ ਉਸ ਨੂੰ ਮੌਕਾ ਮਿਲਿਆ।  
         ਮਨਜੀਤ ਨੇ ਕਿਹਾ, 'ਜਿੱਥੇ ਮੇਰੀਆਂ ਦੋ ਕਹਾਣੀਆਂ ਅੰਮ੍ਰਿਤਸਰ ਮਿੰਨੀ ਕਹਾਣੀ ਮੁਕਾਬਲੇ ਵਿੱਚ ਉਹਨਾਂ ਦੀ ਕਿਤਾਬ 'ਮਿੰਨੀ' ਵਿੱਚ ਛਪੀਆਂ ਹਨ, ਉਥੇ ਸਾਹਿਤ ਸਭਾ ਪਟਿਆਲਾ ਵਲੋ ਪ੍ਰਕਾਸ਼ਿਤ ਪੁਸਤਕ 'ਕਲਮ ਸ਼ਕਤੀ' ਵਿੱਚ ਵੀ ਕਵਿਤਾਵਾਂ ਸ਼ਾਮਿਲ ਹਨ । ਹੁਣ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ; )  ਦੇ ਛਪ ਰਹੇ ਸਾਂਝੇ ਕਾਵਿ-ਸੰਗ੍ਰਹਿ ਸਮੇਤ ਹੋਰ ਵੀ ਕਈ ਸਾਹਿਤ ਸਭਾਵਾਂ ਵਲੋ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਸਾਂਝੀਆਂ ਪੁਸਤਕਾਂ ਵਿਚ ਮੇਰੀਆਂ ਕਵਿਤਾਵਾਂ ਛਪਣ ਲਈ ਤਿਆਰੀ ਵਿੱਚ ਹਨ । ਇਸ ਤੋਂ ਇਲਾਵਾ 'ਅਜੀਤ ਪੰਜਾਬੀ', 'ਅਜੀਤ ਹਿੰਦੀ', 'ਸਪੋਕਸਮੈਨ ਰੋਜ਼ਾਨਾ' ਅਤੇ ਮੈਗਜ਼ੀਨ 'ਪੰਜ ਦਰਿਆ', 'ਅਦਬੀ ਸਾਂਝ' ਅਤੇ 'ਸੂਲ਼ ਸੁਰਾਹੀ' ਆਦਿ ਵਿੱਚ ਰਚਨਾਵਾਂ ਲਗਾਤਾਰ ਸ਼ਾਮਿਲ ਹੋਣ ਦਾ ਮਾਣ ਮਿਲ਼ ਰਿਹਾ ਹੈ।    ਇਸ ਦੇ ਨਾਲ-ਨਾਲ ਹੁਣ ਆਪਣੀ ਕਿਤਾਬ ਛਪਵਾਉਣ ਦੀ ਤਿਆਰੀ ਵੀ ਕਰ ਰਹੀ ਹਾਂ। ਰੱਬ ਦੀ ਮਿਹਰ ਨਾਲ਼ ਇਹ ਸੁਪਨਾ ਵੀ ਜਲਦੀ ਹੀ ਪੂਰਾ ਕਰਾਂਗੀ।'
        'ਸਾਡਾ ਪੰਜਾਬੀ ਸੱਭਿਆਚਾਰ ਅੱਜ ਕਿੱਧਰ ਨੂੰ ਜਾ ਰਿਹਾ ਹੈ । ਇਸ ਬਾਰੇ ਗਾਇਕਾਂ ਅਤੇ ਲੇਖਕਾਂ ਨੂੰ ਕੁਝ ਕਹਿਣਾ ਚਾਹਵੋਂਗੇ ਮਨਜੀਤ ਜੀ?' ਦੇ ਉਤਰ ਵਿਚ ਮਨਜੀਤ ਨੇ ਕਿਹਾ, 'ਸਾਡਾ ਪੰਜਾਬੀ ਸੱਭਿਆਚਾਰ ਬਹੁਤ ਮਹਾਨ ਹੈ, ਪਰ ਅੱਜ-ਕੱਲ ਇਸ ਵਿੱਚ ਅਸ਼ਲੀਲਤਾ ਸ਼ਰੇਆਮ ਨਜ਼ਰ ਆਉਂਦੀ ਹੈ। ਇਸ ਸਬੰਧੀ ਮੈਂ ਇੱਕ ਕਹਾਣੀ 'ਸੱਭਿਆਚਾਰ' ਵੀ ਲਿਖੀ ਸੀ। ਮੈਂ ਤਾਂ ਕਲਾਕਾਰਾਂ ਤੇ ਲੇਖਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਆਪਣੇ ਮਹਾਨ ਸਭਿਆਚਾਰ ਨੂੰ ਸੰਭਾਲੋ।  ਅਸ਼ਲੀਲਤਾ ਨੂੰ ਛੱਡ ਕੇ ਸਮਾਜਿਕਤਾ ਵੱਲ ਆਓ।  ਚੰਗਾ ਲਿਖੋ ਤੇ ਚੰਗਾ ਗਾਓ, ਤਾਂ ਜੋ ਰਹਿੰਦੀ ਦੁਨੀਆਂ ਤੱਕ ਤੁਹਾਡਾ ਨਾਮ ਰਹੇ।' ਉਸ ਅੱਗੇ ਕਿਹਾ, 'ਮੈਂ ਹਮੇਸ਼ਾ ਇਸੇ ਤਰ੍ਹਾਂ ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਸਭਿਆਚਾਰ ਦੀ ਸੇਵਾ ਨੂੰ ਸਮਰਪਣ ਰਹਾਂਗੀ।'
       ਜਿਸ ਦ੍ਰਿੜਤਾ ਅਤੇ ਸੁਹਿਰਦਤਾ ਨਾਲ ਇਹ ਕਲਮ ਪੱਕੇ ਪੈਰੀਂ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਣ ਹੈ, ਉਸਤੋਂ ਉਸਦੇ ਆਉਣ ਵਾਲੇ ਕੱਲ੍ਹ ਦੀਆਂ ਖੂਬ ਸੰਭਾਵਨਾਵਾਂ ਅਤੇ ਉਮੀਦਾਂ ਹਨ। ਮੇਰੀਆਂ ਢੇਰ ਦੁਆਵਾਂ ਤੇ ਕਾਮਨਾਵਾਂ ਹਨ, ਇਸ ਹੋਣਹਾਰ ਕਲਮ ਲਈ!         

 ਪ੍ਰੀਤਮ ਲੁਧਿਆਣਵੀ  (ਚੰਡੀਗੜ੍ਹ ) 9876428641
ਸੰਪਰਕ:  ਮਨਜੀਤ ਕੌਰ ਧੀਮਾਨ, ਲੁਧਿਆਣਾ,  (9464633059)

ਸਮੇਂ ਤੇ ਹਾਲਾਤਾਂ ਅਨੁਸਾਰ ਹਰ ਘਟਨਾ ਤੇ ਲਿਖਣ ਵਾਲਾ ਲੇਖਕ...ਗੁਰਜੰਟ ਸਿੰਘ ਪਟਿਆਲਾ

ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਵਿੱਚ ਬਹੁਤ ਸਾਰੇ ਕਵੀਆਂ, ਗੀਤਕਾਰਾਂ, ਸ਼ਾਇਰਾਂ ਅਤੇ ਕਹਾਣੀਕਾਰਾਂ ਨੇ ਆਪਣਾ ਯੋਗਦਾਨ ਪਾਇਆ ਹੈ ।  ਇਨ੍ਹਾਂ ਵਿੱਚ ਅੱਜ ਦੇ ਸ਼ੋਸਲ ਮੀਡੀਆ ਦੇ ਜ਼ਮਾਨੇ ਵਿੱਚ ਸਮੇਂ ਤੇ ਹਾਲਾਤਾਂ ਅਨੁਸਾਰ ਹਰ ਘਟਨਾ ਨੂੰ ਕਲਮ ਦੀ ਨੋਕ ਤੇ ਲਿਆਉਣ ਵਾਲੇ ਲੇਖਕਾਂ ਵਿੱਚੋਂ ਇਕ ਮਾਣ-ਮੱਤਾ ਨਾਂਉਂ ਹੈ  -ਗੁਰਜੰਟ ਸਿੰਘ ਪਟਿਆਲਾઠ।
     ਗੁਰਜੰਟ ਪਟਿਆਲਾ ਨੇ ਕਦੇ ਕੁੜੀਆਂ ਦੇ ਅੰਗਾਂ ਤੇ ਗੀਤ, ਕਵਿਤਾਂਵਾਂ, ਜਾਂ ਸ਼ੇਅਰ ਨਹੀਂ ਲਿਖੇ । ਪਰ ਜਦੋਂ ਵੀ ਪੰਜਾਬ ਵਿੱਚ ਕੋਈ ਘਟਨਾ ਵਾਪਰਦੀ ਹੈ, ਚਾਹੇ ਉਹ ਬਲਾਤਕਾਰ ਹੋਵੇ, ਕਿਸੇ ਕਰਜਾਈ ਕਿਸਾਨ ਦੀ ਖ਼ੁਦਕੁਸ਼ੀ ਹੋਵੇ , ਸਰਕਾਰ ਵੱਲੋਂ ਕਿਸੇ ਬੇਕਸੂਰ ਨਾਲ ਧੱਕਾ ਜਾਂ ਤਸ਼ੱਦਦ ਹੋਵੇ, ਭਰੂਣ ਹੱਤਿਆ ਹੋਵੇ, ਦਹੇਜ ਲਈ ਮਾਰੀ ਗਈ ਕਿਸੇ ਨੂੰਹ ਦਾ ਮਾਮਲਾ ਹੋਵੇ ਜਾਂ ਪਾਣੀ ਦੀ ਸਮੱਸਿਆ, ਪੰਜਾਬੀ ਮਾਂ-ਬੋਲੀ ਦੇ ਮਾਣ- ਸਨਮਾਣ ਦੀ ਗੱਲ ਹੋਵੇ ઠ: ਅਨਪੜ੍ਹਤਾ, ਗਰੀਬੀ, ਵਧ ਰਿਹਾ ਨਸ਼ਾ, ਧਰਮ ਅਤੇ ਜਾਤਾਂ ਦੀ ਰਾਜਨੀਤੀ ਹੋਵੇ,  ਇਹਨਾ ਵਿਸ਼ਿਆਂ ਉੱਪਰ ਗੁਰਜੰਟ ਪਟਿਆਲਾ ਨੇ ਆਪਣੇ ਦਿਲ ਦੀ ਗਹਿਰਾਈ ਤੋਂ ਕਵਿਤਾਵਾਂ ਅਤੇ ਗੀਤ ਲਿਖਕੇ ਪੜ੍ਹਨ ਵਾਲਿਆਂ ਦੀ ਝੋਲੀ ਵਿੱਚ ਪਾਏ ਹਨ ।
     ਗੁਰਜੰਟ ਦਾ ਕਹਿਣਾ ਹੈ, 'ਫੇਸਬੁਕ ਤੇ ਆਪਣੀਆਂ ਫੋਟੋਆਂ ਪਾ ਕੇ ਉਸਤੇ ਲਾਇਕ ਤੇ ਕਮੈਂਟਾਂਂ ਦੀ ਆਸ ਰੱਖਣ ਵਾਲਿਉ , ਤੁਸੀਂ ਸਮਾਜਿਕ ਬੁਰਾਈਆਂ ਨੂੰ ਆਪਣੀ ਕਲਮ ਦੁਆਰਾ ਉਜਾਗਰ ਕਰੋ, ਤੁਹਾਨੂੰ ਕਿਸੇ ਨੂੰ ਟੈਗ ਕਰਨ ਦੀ ਵੀ ਲੋੜ ਨਹੀਂ ਪਵੇਗੀ, ਲੋਕ ਆਪਣੇ-ਆਪ ਤੁਹਾਡੀ ਰਚਨਾ ਨੂੰ ਸ਼ੇਅਰ ਕਰਨਗੇ । ਪੰਜਾਬੀ ਮਾਂ-ਬੋਲੀ ਲਈ ਰੌਲਾ ਪਾਉਣ ਵਾਲਿਆਂ ਨੇ ਆਪਣੀਆਂ ਫੇਸਬੁਕ ਆਈਡੀਆਂ ਅੰਗਰੇਜ਼ੀ ਵਿੱਚ ਬਣਾਈਆਂ ਹੋਈਆਂ ਹਨ । ਉਹ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਲੋਕ ਆਪਸ ਵਿੱਚ ਗੱਲਾਂ ਵੀ ਅੰਗਰੇਜ਼ੀ ਵਿੱਚ ਕਰਦੇ ਹਨ ।  ਜੋ ਲੋਕ ਪੰਜਾਬੀ ਮਾਂ-ਬੋਲੀ ਲਈ ਕੁਝ ਕਰਨਾ ਚਾਹੁੰਦੇ ਹਨ ਉਹਨਾ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪੋ-ਆਪਣੀ ਫੇਸਬੁਕ ਆਈ ਡੀ ਪੰਜਾਬੀ ਭਾਸ਼ਾ ਵਿੱਚ ਬਣਾਉ ।  ਫੇਸਬੁਕ ਤੇ ਹਰ ਕਮੈਂਟ ਦਾ ਜਵਾਬ ਪੰਜਾਬੀ ਵਿੱਚ ਦਿਉ ।  ਸਮੇਂ ਦੀ ਚਾਲ ਨਾਲ ਚੱਲਣ ਲਈ ਹਰ ਭਾਸ਼ਾ ਦਾ ਗਿਆਨ ਰੱਖੋ, ਵੱਧ ਤੋਂ ਵੱਧ ਭਾਸ਼ਾਵਾ ਂਸਿੱਖਣ ਦੀ ਕੋਸ਼ਿਸ਼ ਕਰੋ ਪਰ ਪੰਜਾਬ ਵਿੱਚ ਤਾਂ ਪੰਜਾਬੀ ਬੋਲੋ ਅਤੇ ਪੰਜਾਬੀ ਲਿਖੋ।'
     ਗੁਰਜੰਟ ਦੇ ਹੁਣ ਤੱਕ ਡੇਢ ਦਰਜਨ ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਉਹ ਦੋ ਕਿਤਾਬਾਂ ਵੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕਿਆ ਹੈ ।  ਸਮਾਜ ਦੀ ਹਰ ਬੁਰਾਈ ਨੂੰ ਛੂਹਣ ਕਰਕੇ ਵਿਦੇਸ਼ਾਂ ਵਿੱਚ ਬੈਠੇ ਭੈਣ ਭਰਾ ਗੁਰਜੰਟ ਨੂੰ ਬਹੁਤ ਪਿਆਰ ਕਰਦੇ ਹਨ ।   ਉਸ ਨੂੰ ਸਾਦਗੀ ਵਿੱਚ ਰਹਿਣਾ ਬਹੁਤ ਪਸੰਦ ਹੈ।   ਉਸ ਦਾ ਕਹਿਣਾ ਹੈ ਕਿ ਚਮਕ ਤਾਂ ਤੁਹਾਡੀ ਕਲਮ ਅਤੇ ਕੰਮਾਂ ਵਿੱਚ ਹੋਣੀ ਚਾਹੀਦੀ ਹੈ, ਬਾਹਰੀ ਚਮਕ ਤਾਂ ਨਕਲੀ ਹੁੰਦੀ ਹੈ । ਐਨੀ ਮੁਸ਼ਕਿਲ ਭਰੀ ਨੌਕਰੀ ਵਿੱਚ ਵੀ ਸਮਾਂ ਕੱਢਕੇ ਹਰ ਬੁਰਾਈ ਤੇ ਬੇਬਾਕ ਹੋ ਕੇ ਉਹ ਲਗਾਤਾਰ ਲਿਖਦਾ ਆ ਰਿਹਾ ਹੈ ।
     ਇਕ ਮੁਲਾਕਾਤ ਦੌਰਾਨ ਇਸ ਨੌਜਵਾਨ ਨੇ ਦੱਸਿਆ ਕਿ ਉਹ ਸਤਿੰਦਰ ਸਰਤਾਜ, ਗੁਰਦਾਸ ਮਾਨ, ਦੇਬੀ ਮਖਸੂਸਪੁਰੀ, ਰਾਜ ਕਾਕੜਾ, ਅਤੇ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਬਹੁਤ ਪ੍ਰਭਾਵਿਤ ਹੈ ।  ਉਸ ਨੇ  ਅੱਗੇ ਕਿਹਾ ਜਦੋਂ ਤੱਕ ਅਸੀਂ ਵਧੀਆ ਗੀਤਾਂ ਦੇ ਸੁਦਾਗਰ ਨਹੀਂ ਬਣਦੇ ਓਦੋਂ ਤੱਕ ਇਹ ਗੀਤਕਾਰ ਅਤੇ ਗਾਇਕ ਸਾਨੂੰ ਮਾੜੇ ਗੀਤ ਪਰੋਸਦੇ ਹੀ ਰਹਿਣਗੇ । ਇਸ ਕਰਕੇ ਅਸੀਂ ਸਾਫ਼-ਸੁਥਰੇ ਗੀਤ ਹੀ ਸੁਣਨ ਦੀ ਆਦਤ ਪਾਈਏ ।
     ਅੱਜਕੱਲ੍ਹ ਆਪਣੀ ਜੀਵਨ-ਸਾਥਣ ਸ਼੍ਰੀਮਤੀ ਸਤਿੰਦਰ ਕੌਰ, ਪੁੱਤਰ ਹੁਸਨਪ੍ਰੀਤ ਸਿੰਘ ਅਤੇ ਧੀ ਸਿਦਕਪ੍ਰੀਤ ਨਾਲ ਬਹਾਦਰਗੜ੍ਹ (ਪਟਿਆਲਾ) ਵਿਖੇ ਰਹਿ ਰਹੇ  ਸਾਫ਼-ਸੁਥਰੀ ਸੱਭਿਆਚਾਰ ਗੀਤਕਾਰੀ ਦੇ ਪਹਿਰੇਦਾਰ ਗੁਰਜੰਟ ਸਿੰਘ ਪਟਿਆਲਾ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ।  ਦਿਲੀ ਅਰਦਾਸ  ਤੇ ਦੁਆ ਹੈ ਮੇਰੀ!

-ਪ੍ਰੀਤਮ ਲੁਧਿਆਣਵੀ  (ਚੰਡੀਗੜ੍ਹ),  9876428641

'ਕਮਲੀ ਹੋ ਗਈ' ਲੈਕੇ ਹਾਜ਼ਰ ਹੈ, ਸੂਫੀ ਗਾਇਕ ਤੇ ਗੀਤਕਾਰ - ਸਾਬਰ ਚੌਹਾਨ

     ਪੰਜਾਬੀ ਗਾਇਕੀ ਤੇ ਗੀਤਕਾਰੀ ਵਿਚ ਨਿੱਤ ਦਿਨ ਨਵੇ-ਨਵੇ ਚਿਹਰੇ ਵੇਖਣ ਨੂੰ ਮਿਲਦੇ ਹਨ, ਪਰ ਸਥਾਪਤ ਉਹੀ ਹੁੰਦੇ ਹਨ ਜਿਹੜੇ ਮਿਹਨਤ, ਸਿਰੜ ਅਤੇ ਲਗਨ ਨੂੰ ਪੱਲੇ ਬੰਨ ਲੈਂਦੇ ਹਨ। ਅੱਜ ਇਨਾਂ ਸਤਰਾਂ ਰਾਂਹੀਂ ਜਿਸ ਗਾਇਕ ਤੇ ਗੀਤਕਾਰ ਦਾ ਜਿਕਰ ਕਰਨ ਜਾ ਰਹੇ ਹਾਂ ਉਹ ਹੈ ਪਿੰਡ ਲਾਡਰਾਂ ਵਿਚ ਮਾਤਾ ਚਰਨਜੀਤ ਕੌਰ ਤੇ ਪਿਤਾ ਸ: ਪਿਆਰਾ ਸਿੰਘ ਦੇ ਘਰ ਜਨਮਿਆ, ਮਿਹਨਤੀ ਅਤੇ ਸਿਰੜੀ-  ਸਾਬਰ ਚੌਹਾਨ।  ਇਕ ਮੁਲਾਕਾਤ ਦੌਰਾਨ ਸਾਬਰ ਨੇ ਦੱਸਿਆ ਕਿ  ਉਸਦੇ ਜਨਮ ਤੋਂ ਥੋੜੀ ਦੇਰ ਬਾਅਦ ਉਹਨਾਂ ਦਾ ਪਰਿਵਾਰ ਜਿਲਾ ਰੋਪੜ ਦੇ ਆਪਣੇ ਜੱਦੀ ਪਿੰਡ ਧਨੌਰੀ (ਨੇੜੇ ਮੋਰਿੰਡਾ) ਵਿਖੇ ਰਿਹਾਇਸ਼ ਕਰਕੇ ਰਹਿਣ ਲੱਗ ਪਿਆ ਸੀ । ਇਸ ਤਰਾਂ ਉਸ ਨੇ ਦਸਵੀਂ ਕਲਾਸ ਤੱਕ ਪਿੰਡ ਧਨੌਰੀ ਦੇ ਸਕੂਲ ਵਿਚੋਂ : +2  ਪਿੰਡ ਬੂਰਮਾਜਰਾ ਤੋਂ ਪਾਸ ਕਰਕੇ ਫਿਰ ਕੰਪਿਊਟਰ ਡੀ ਸੀ ਏ  ਤੇ ਆਈ ਟੀ ਆਈ ਦਾ ਡਿਪਲੋਮਾ ਕੀਤਾ । ਗਾਇਕੀ ਦਾ ਸ਼ੌਕ ਉਸ ਨੂੰ ਪੰਜ ਸਾਲ ਦੀ ਉਮਰ ਵਿੱਚ ਹੀ ਪੈ ਗਿਆ ਸੀ । ਪ੍ਰਸਿੱਧ ਗਾਇਕ ਹਰਭਜਨ ਮਾਨ ਦੀ ਆਈ ਕੈਸਿਟ, 'ਚਿੱਠੀਏ ਨੀ ਚਿੱਠੀਏ'  ਸੁਣਕੇ ਉਹ ਮਾਨ ਦਾ ਹੀ ਫੈਨ ਬਣ ਗਿਆ ।  ਉਹ ਨੌਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਉਸ ਨੇ ਸਕੂਲ ਦੀ ਸਟੇਜ ਉਤੇ ਪਹਿਲੀ ਵਾਰ ਗੀਤ ਗਾਇਆ, 'ਪਤਾ ਨੀ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ' । ਸਕੂਲ ਦੇ ਟੀਚਰਾਂ ਤੇ ਵਿਦਿਆਰਥੀਆਂ ਵੱਲੋ ਮਿਲੇ ਪਿਆਰ ਸਦਕਾ ਸਾਬਰ ਨੂੰ ਇਸ ਪਹਿਲੀ ਵਾਰ ਗਾਏ ਗੀਤ ਨੇ ਹੀ ਗਾਇਕ ਬਣਾ ਦਿੱਤਾ। ਫਿਰ ਮੇਵਾ ਮੋਰਿੰਡਾ ਕੋਲੋਂ ਉਸਨੇ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ । ਸਾਬਰ ਨੇ ਦੱਸਿਆ ਕਿ  ਸਟੇਜ ਤੇ ਪਹਿਲੀ ਵਾਰ ਗਾਉਣ ਦਾ ਮੌਕਾ ਵੀ ਮੇਵਾ ਮੋਰਿੰਡਾ ਕਰਕੇ ਹੀ ਉਸ ਨੂੰ ਮਿਲਿਆ ਸੀ। ਬਸ ਮਨ ਵਿੱਚ ਸਿੱਖਣ ਦੀ ਤਾਂਘ ਹਰਦਮ ਲੱਗੀ ਰਹਿਣ ਕਰਕੇ ਫਿਰ ਸੁਪ੍ਰਸਿੱਧ ਸੰਗੀਤਕਾਰ ਜੋੜੀ ਲਾਲ-ਕਮਲ ਜੀ ਦੀ ਸੰਗਤ ਕਰਨ ਦਾ ਉਸਨੂੰ ਮੌਕਾ ਮਿਲਿਆ ਤੇ ਗੋਲਡੀ ਚੌਹਾਨ ਨੂੰ ਰਸਮੀ ਤੌਰ ਤੇ ਉਸ ਨੇ ਆਪਣਾ ਉਸਤਾਦ ਧਾਰ ਲਿਆ।
        ਇਸ ਉਪਰੰਤ ਗਾਉਣ ਲਈ ਸਾਬਰ ਖੁਦ ਆਪਣੇ ਵੀ ਗੀਤ ਲਿਖਣ ਵੱਲ ਨੂੰ ਚੱਲ ਪਿਆ ਤੇ ਉਹ ਧਾਰਮਿਕ ਪ੍ਰੋਗਰਾਮ ਕਰਨ ਲੱਗਾ।  ਸਾਬਰ ਨੇ ਜਿਆਦਾਤਰ ਗੀਤ ਸੂਫੀ ਹੀ ਲਿਖੇ।  10-12 ਸਾਲਾਂ ਤੋਂ ਸਰੋਤਿਆਂ ਦੀ ਸੇਵਾ ਕਰਦਿਆਂ ਆ ਰਹੇ ਸਾਬਰ ਨੇ ਅਨੇਕਾਂ ਮੇਲਿਆਂ ਤੋਂ ਮਾਨ-ਸਨਮਾਨ ਹਾਸਲ ਕੀਤੇ।
       ਹੁਣ ਪਿਛਲੇ ਦਿਨੀਂ ਉਹ ਆਪਣਾ ਪਹਿਲਾ ਸੂਫੀ ਗੀਤ ਸਿੰਗਲ ਟਰੈਕ 'ਕਮਲੀ ਹੋ ਗਈ' ਲੈਕੇ ਹਾਜ਼ਰ ਹੋਇਆ ਹੈ, ਜੋ ਕਿ ਉਸ ਦਾ ਆਪਣਾ ਹੀ ਲਿਖਿਆ ਆਪਣੀ ਹੀ ਅਵਾਜ ਵਿੱਚ ਰਿਕਾਰਡ ਕੀਤਾ ਹੈ। ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਬਾਵਾ ਰੌਕਰ ਨੇ। ਇਸ ਦੇ ਵੀਡੀਓ-ਡਾਇਰੈਕਟਰ ਹਨ ਹਨੀ ਰਾਉ ਜੀ। ਸਾਬਰ ਚੌਹਾਨ ਨੇ ਦੱਸਿਆ ਕਿ  ਇਸ ਗੀਤ ਨੂੰ ਇੰਟਰਨੈੱਟ ਸ਼ੋਸ਼ਲ ਮੀਡੀਆ ਰਾਹੀਂ ਬਹੁਤ ਭਰਵਾਂ ਰਿਸਪਾਂਸ ਮਿਲ ਰਿਹਾ ਹੈ।
      ਇਕ ਸਵਾਲ ਦਾ ਜੁਵਾਬ ਦਿੰਦਿਆਂ ਸਾਬਰ ਚੌਹਾਨ ਨੇ ਕਿਹਾ, 'ਮੈਂ ਆਪਣੇ ਸਹਿਯੋਗੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ  ਜਿਨਾ ਵਿੱਚ ਵਿਸ਼ੇਸ਼ ਜਿਕਰ ਯੋਗ ਹਨ- ਸੰਗੀਤਕਾਰ ਲਾਲ ਕਮਲ ਜੀ, ਗੋਲਡੀ ਚੌਹਾਨ, ਮੇਵਾ ਮੋਰਿੰਡਾ ਤੇ ਗੀਤਕਾਰ ਰਾਜੂ ਨਾਹਰ।    
       ਸੂਫੀ ਗਾਇਕੀ ਤੇ ਗੀਤਕਾਰੀ ਦੀ ਕਤਾਰ ਵਿੱਚ ਇੱਕ ਹੋਰ ਪੈਦਾ ਹੋਏ ਇਸ ਪਿਆਰੇ ਅਨਮੋਲ ਹੀਰੇ ਸਾਬਰ ਚੌਹਾਨ ਨੂੰ ਮੇਰਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਅਤੇ ਇਸ ਮਾਰਗ ਦੀਆਂ ਬੁਲੰਦੀਆਂ ਛੂਹਣ ਦਾ ਉਸਨੂੰ ਬੱਲ ਬਖਸ਼ੇ! ਆਮੀਨ !  

ਪ੍ਰੀਤਮ ਲੁਧਿਆਣਵੀ  (ਚੰਡੀਗੜ), 9876428641

ਪੁਸਤਕ ਸਮੀਖਿਆ - ਪ੍ਰੀਤਮ ਲੁਧਿਆਣਵੀ


     ਪੁਸਤਕ ਦਾ ਨਾਂ : ਸਿਸਕਦੇ ਹਰਫ਼
     ਲੇਖਕ-  ਨਿਰਮਲ ਕੌਰ ਕੋਟਲਾ
     ਮੁੱਲ- 160 ਰੁਪਏ, ਪੰਨੇ - 128
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।

ਨਿਰਮਲ ਕੌਰ ਕੋਟਲਾ ਜਿੱਥੇ ਸਰਕਾਰੀ ਤੌਰ ਤੇ ਵਿਦਿਆ ਦਾ ਚਾਨਣ ਫੈਲਾਉਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ, ਉਥੇ ਕਲਮਕਾਰ ਦੇ ਤੌਰ ਤੇ ਸਾਹਿਤਕ ਖੇਤਰ ਵਿਚ ਵੀ ਉਹ ਆਪਣਾ ਸਿਰਕੱਢ ਰੋਲ ਨਿਭਾ ਰਹੀ ਹੈ। ਲੰਬੇ ਸਮੇਂ ਤੋਂ ਅਖਬਾਰਾਂ-ਮੈਗਜ਼ੀਨਾਂ ਦਾ ਸ਼ਿੰਗਾਰ ਬਣਦੀ ਆ ਰਹੀ ਨਿਰਮਲ ਨੇ ਅੱਖਰਾਂ ਨਾਲ ਗੂਹੜੀ ਸਾਂਝ ਪਾਉਂਦਿਆਂ ਹੁਣ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਸਿਸਕਦੇ ਹਰਫ਼' ਨਾਲ ਪਾਠਕਾਂ ਦੀ ਦਹਿਲੀਜ ਉਤੇ ਆ ਦਸਤਕ ਦਿੱਤੀ ਹੈ। ਪੁਸਤਕ ਦੀ ਪਹਿਲੀ ਕਵਿਤਾ ਹੈ, 'ਪਿਆਰੀ ਮੁਹਾਰਨੀ' ।  ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮਾਤ-ਭਾਸ਼ਾ ਪ੍ਰਤੀ ਕਿੰਨਾ ਮੋਹ ਤੇ ਪਿਆਰ ਪਾਲ ਰਹੀ ਹੈ।
ਰਿਸ਼ਤਿਆਂ ਵਿਚ ਵਧ ਰਹੀ ਕੁੜੱਤਣ ਬਾਰੇ ਉਹ ਲਿਖਦੀ ਹੈ-
     'ਸੁਖਣਾ ਸੁੱਖ-ਸੁੱਖ ਵਾਰਿਸ ਲੱਭੇ,
      ਬਿਰਧ ਆਸ਼ਰਮ, ਵਾਰਿਸ ਜਗੀਰਾਂ।'
                               -0-
 'ਧਰਤੀ, ਮਨਾਂ, ਰਿਸ਼ਤਿਆਂ 'ਚ,
 ਜ਼ਹਿਰਾਂ ਘੁਲੀਆਂ ਹੋਣ ਜਿੱਥੇ
 ਫਿਰ ਕੋਈ ਦੁਆਵਾਂ ਅਸਰ ਨਹੀਂ ਕਰਦੀਆਂ।'                 
'ਦੋਸਤੀ ਨੂੰ ਸਮਰਪਣ', 'ਗਵਾਹੀ', 'ਯਾਦ', 'ਸ਼ਬਦ ਰੂਪੀ ਫੁੱਲ', 'ਦਿਲ ਦੀ ਘੁੰਡੀ ਖੋਹਲ ਵੇ ਮਾਹੀ', 'ਰਵਾਨਗੀ', 'ਤਰਕਾਲਾਂ', 'ਮੇਰੀ ਖਾਮੋਸ਼ ਮੁਹੱਬਤ', 'ਫਰਿਆਦ', 'ਤੂੰ ਚੜਦਾ ਸੂਰਜ' ਅਤੇ 'ਛੋਟੀ ਜਿਹੀ ਕੋਸ਼ਿਸ਼' ਰਚਨਾਵਾਂ ਪਿਆਰ-ਮੁਹੱਬਤ ਦੀ ਯਾਦ ਨੂੰ ਤਾਜ਼ਾ ਕਰਵਾਉਂਦੀਆਂ ਰਚਨਾਵਾਂ ਹਨ। ...... 'ਫੁੱਲਾਂ ਦੀ ਬਾਤ', 'ਅਕਸਰ', 'ਅਜਬ ਨਜ਼ਾਰੇ' ਅਤੇ 'ਕਹਿਰਵਾਨ ਹੁੰਦਾ ਹੈ' ਜਿੰਦਗੀ ਦਾ ਨਜਰੀਆ ਪੇਸ਼ ਕਰਦੀਆਂ ਕਵਿਤਾਵਾਂ ਹਨ। 
 'ਸੁਪਨੇ ਦਾ ਸੰਵਾਦ', 'ਵਿਸਾਖੀ', 'ਬੰਦ ਦਰਵਾਜੇ', 'ਦੁਨੀਆਂ ਤੋਂ ਦੂਰ', 'ਮੇਰੇ ਪਿੰਡ ਦੀ ਸ਼ਾਮ', 'ਰੁਲਿਆ ਪੰਜਾਬ', 'ਕਲਮ ਮੇਰੀ ਰੋ ਪਈ', 'ਬਸ ਕਰ ਜੀ' ਅਤੇ 'ਹਾਲ ਦੁਹਾਈ' ਸਾਡੇ ਸਮਾਜ ਦੀ ਮੌਜੂਦਾ ਦਿਸ਼ਾ ਦੀ ਤਸਵੀਰ ਵਾਹੁੰਦੀਆਂ ਖੂਬਸੂਰਤ ਰਚਨਾਵਾਂ ਹਨ, ਜਦ ਕਿ 'ਉਮੀਦ','ਮੇਰੀ ਕਲਮ' ਅਤੇ 'ਪ੍ਰਭਾਤ ਮੇਰੇ ਪਿੰਡ ਦੀ' ਆਸ਼ਾਵਾਦੀ ਰਚਨਾਵਾਂ ਹਨ।......ਇਵੇਂ ਹੀ, 'ਫੁੱਲਾਂ ਵਾਂਗ ਸਦਾ ਖਿੜੇ ਰਹੀਏ', 'ਫਿਰ ਦੀਪ ਜਗਾ ਦੇਵੀਂ' ਅਤੇ 'ਗੁਜਾਰਿਸ਼' ਪਾਠਕ ਨੂੰ ਨਸੀਅਤ ਦਿੰਦੀਆਂ ਰਚਨਾਵਾਂ ਹਨ।..... 'ਮੈਂ ਤੱਤੜੀ', 'ਲੋਚਾਂ' ਅਤੇ 'ਮੇਰੀ ਕੂਕ' ਰਾਂਹੀਂ ਰੱਬ ਨੂੰ ਅਰਜੋਈਆਂ ਕੀਤੀਆ ਗਈਆਂ ਹਨ। 
ਲੇਖਿਕਾ ਨੇ ਪੁਸਤਕ ਵਿਚ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਵੀ ਕਈ ਰਚਨਾਵਾ ਸ਼ਾਮਲ ਕੀਤੀਆਂ ਹਨ, ਜਿਵੇਂ ਕਿ 'ਸ਼ਹਾਦਤ', 'ਅਕ੍ਰਿਤਘਣ', 'ਸੱਚਾ ਸੌਦਾ' ਅਤੇ 'ਸ਼ਹੀਦ' ਆਦਿ ਕਵਿਤਾਵਾਂ।  'ਭੋਰੇ ਦਾ ਫਰਕ' ਸੱਚ ਅਤੇ ਝੂਠ ਦਾ ਅੰਤਰ ਦੱਸਦੀ ਕਵਿਤਾ ਹੈ। ...... 'ਅਹਿਸਤਾ ਅਹਿਸਤਾ', 'ਹੰਭਲਾ' ਅਤੇ 'ਗੁੱਝੀਆਂ ਰਮਜਾਂ' ਜਾਗਣ ਦਾ ਹੋਕਾ ਦਿੰਦੀਆਂ ......'ਮਾਂ' ਮਾਤਾ ਦੀ ਅਹਿਮੀਅਤ ਦੱਸਦੀ...... 'ਖਿਆਲਾਂ ਦੀ ਉਡਾਰੀ' ਜਜਬਾਤਾਂ ਦੀ ਗੱਲ ਪੇਸ਼ ਕਰਦੀ ਅਤੇ 'ਰੁੱਖ ਤੇ ਮਨੁੱਖ' ਰੁੱਖਾਂ ਦੇ ਉਜਾੜੇ ..... 'ਆਧੁਨਿਕ ਯੁੱਗ' ਅਤੇ 'ਯਾਦਾਂ ਬਚਪਨ ਦੀਆਂ',  ਬਚਪਨ ਦੀ ਤਸਵੀਰ ਵਾਹੁੰਦੀਆਂ ਰਚਨਾਵਾਂ ਹਨ।
 ਕੁੱਲ ਮਿਲਾਕੇ ਹਰ ਘਰ ਦੀ ਲਾਇਬਰੇਰੀ ਦਾ ਸ਼ਿੰਗਾਰ ਬਣਨ ਦਾ ਦਮ ਰੱਖਦੀ ਨਿਰਮਲ ਕੌਰ ਕੋਟਲਾ ਦੀ ਹੱਥਲੀ ਪਲੇਠੀ ਪੁਸਤਕ ਉਸਦੇ ਨਾਂ ਨੂੰ ਪੂਰਨ ਬੁਲੰਦੀਆਂ ਉਤੇ ਪਹੁੰਚਾਉਣ ਵਿਚ ਸਹਾਈ ਹੋਵੇਗੀ, ਮੈਨੂੰ ਯਕੀਨ ਵੀ ਤੇ ਵਿਸ਼ਵਾਸ਼ ਵੀ। ਉਸ ਦੀ ਕਲਮ ਨੂੰ ਸਲਾਮ !  ਦਿਲੀ ਮੁਬਾਰਕ !

    -ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)  

ਕੁਦਰਤੀ ਨਜਾਰਿਆਂ ਦੀ ਆਸ਼ਕ, ਹੋਣਹਾਰ  ਕਲਮ - ਤਜਿੰਦਰ ਕੌਰ ਮਿੱਠੂ - ਪ੍ਰੀਤਮ ਲੁਧਿਆਣਵੀ

 ਆਮ ਵੇਖਣ ਵਿਚ ਆਉਂਦਾ ਹੈ ਕਿ ਬਹੁਤੇ ਕਲਮਕਾਰ ਬਸ ਫੋਕੀ ਸ਼ੁਹਰਤ ਵੱਲ ਹੀ ਭੱਜਦੇ ਹਨ।  ਇਹ ਨਹੀ ਦੇਖਦੇ ਕਿ ਉਨ੍ਹਾਂ ਦੀ ਕਲਮ ਸਾਹਿਤ ਅਤੇ ਸਮਾਜ ਵਾਸਤੇ ਸੁਨੇਹਾ ਕੀ ਛੱਡ ਰਹੀ ਹੈ।  ਉਨ੍ਹਾਂ ਦਾ ਤਾਂ ਬਸ ਇਕੋ-ਇਕ ਨਿਸ਼ਾਨਾ ਹੁੰਦਾ ਹੈ ਕਿ ਲੱਗੀ ਦੌੜ ਵਿਚ ਅੱਗੇ ਕਿਵੇਂ ਨਿਕਲਿਆ ਜਾਵੇ।  ਪਰ, ਇਸ ਦੇ ਉਲਟ ਕੁਝ ਇਕ ਵਿਰਲੀਆਂ ਐਸੀਆਂ ਹੋਣਹਾਰ ਕਲਮਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ,  ਜਿਨ੍ਹਾਂ ਦਾ ਲੱਗੀ ਦੌੜ ਨਾਲ ਕੋਈ ਵਾਸਤਾ ਨਹੀ, ਬਲਕਿ ਉਨ੍ਹਾਂ ਦੀ ਸੋਚ ਤਾਂ ਸਮਾਜ ਅਤੇ ਸਾਹਿਤ ਲਈ ਕੁਝ ਕਰ ਗੁਜਰਨ ਦੀ ਹੁੰਦੀ ਹੈ।  ਅਜਿਹੀਆਂ ਨਿਵੇਕਲੀ ਅਤੇ ਅਗਾਂਹ-ਵਧੂ ਸੋਚ ਦੀਆਂ ਮਾਲਕਣ ਕਲਮਾਂ ਵਿਚੋਂ ਇਕ ਕਲਮ ਦਾ ਨਾਂਓਂ ਹੈ- ਤੇਜਿੰਦਰ ਕੌਰ ਮਿੱਠੂ।  ਉਹ ਤੇਜਿੰਦਰ, ਜਿਹੜੀ ਕਿ ਕੁਦਰਤ ਦੀ ਅਤੇ ਉਸ ਦੀ ਖੂਬਸੂਰਤ ਰਚਨਾ ਦੀ ਆਸ਼ਕ ਹੈ।  ਉਹ ਮਨੁੱਖਾਂ ਦੀਆਂ ਗੱਲਾਂ ਘੱਟ ਕਰਦੀ ਹੈ ਅਤੇ ਕੁਦਰਤੀ ਨਜਾਰਿਆਂ ਦੀਆਂ ਜਿਆਦਾ।  ਇਹੀ ਕਾਰਨ ਹੈ ਕਿ ਉਸ ਦੀਆਂ ਰਚਨਾਵਾਂ ਦੇ ਵਿਸ਼ੇ ਰੁੱਖ, ਪਾਣੀ, ਹਵਾ, ਪੰਛੀ, ਤਿੱਤਲੀਆਂ, ਭੰਵਰੇ, ਫੁੱਲ, ਅੰਬਰ, ਸੂਰਜ, ਚੰਦ, ਤਾਰੇ, ਕਲ-ਕਲ ਵਗਦੇ ਝਰਨੇ, ਨਦੀਆਂ-ਦਰਿਆਵਾਂ ਅਤੇ ਸਮੁੰਦਰ ਆਦਿ ਦੇ ਦੁਆਲੇ ਹੀ ਘੁੰਮਦੇ ਹਨ। 
     ਜੇਕਰ ਇਹ ਮੁਟਿਆਰ ਮਨੁੱਖ-ਜਾਤੀ ਦੀ ਗੱਲ ਕਰਦੀ ਹੈ ਤਾਂ ਭਰੂਣ-ਹੱਤਿਆ, ਧੀਆਂ-ਭੈਣਾਂ ਉਤੇ ਹੋ ਰਹੇ ਜੁਲਮ, ਵਤਨ ਤੋਂ ਦੂਰ ਪ੍ਰਦੇਸ ਗਏ ਪੰਜਾਬੀਆਂ ਦੇ ਦਰਦ ਅਤੇ ਕਿਸਾਨ-ਹੱਤਿਆਵਾਂ ਵਰਗੇ ਦਰਦਨਾਕ ਸੀਨ ਹੀ ਉਸ ਦੀ ਕਲਮ ਦੀ ਨੋਕ ਉਤੇ ਆਉਂਦੇ ਹਨ।  ਇਸ ਤੋਂ ਇਲਾਵਾ ਉਹ ਜਿਥੇ ਆਪਣੇ ਵਿਹਲੇ ਸਮੇ ਵਿਚ ਲੜਕੀਆਂ ਨੂੰ ਮੁਫਤ ਪੜ੍ਹਾਉਂਦੀ ਹੈ, ਉਥੇ ਲੋੜਵੰਦਾਂ ਨੂੰ ਕਈ ਬਾਰ ਉਹ ਕੋਟੀਆਂ ਅਤੇ ਕੰਬਲ ਆਦਿ ਵੰਡਣ ਦੀ ਸੇਵਾ ਵੀ ਕਰ ਚੁਕੀ ਹੈ। ਇੱਥੇ ਹੀ ਬਸ ਨਹੀ, ਉਹ ਅੱਖਾਂ ਅਤੇ ਦੰਦਾਂ ਦਾ ਫ੍ਰੀ ਮੈਡੀਕਲ-ਕੈਂਪ ਲਗਾਉਣ ਦੇ ਨਾਲ-ਨਾਲ ਬਜੁਰਗਾਂ ਨੂੰ ਮੁਫਤ ਦਵਾਈਆਂ ਵੰਡਣ ਆਦਿ ਵਰਗੇ ਕਾਰਜਾਂ ਦੁਆਰਾ ਵੀ ਆਪਣੇ ਮਨ ਨੂੰ ਰੂਹਾਨੀ ਖੁਸ਼ੀ ਪ੍ਰਾਪਤ ਕਰਦੀ ਹੈ।   
     ਇਕ ਸਵਾਲ ਦਾ ਜੁਵਾਬ ਦਿੰਦਿਆਂ ਮਿੱਠੂ ਨੇ ਕਿਹਾ, 'ਬ੍ਰਹਮਾ ਜੀ ਦੀ ਰਚਾਈ ਖੂਬਸੂਰਤ ਕੁਦਰਤ ਅਤੇ ਉਸ ਦੇ ਖੂਬਸੂਰਤ ਨਜਾਰਿਆਂ ਅੰਦਰ ਖੁਦਾ ਦਾ ਨਿਵਾਸ ਹੈ।  ਦੁਨੀਆਂ ਭਰ ਦੀਆਂ ਖੁਸ਼ੀਆਂ, ਬਰਕਤਾਂ ਅਤੇ ਧਨ-ਦੌਲਤਾਂ ਦੇ ਦਰਸ਼ਨ-ਦੀਦਾਰੇ ਕੁਦਰਤ ਦੀ ਬੁੱਕਲ ਵਿਚੋਂ ਹੀ ਹੋ ਜਾਂਦੇ ਹਨ।  ਬਸ, ਦੇਖਣ-ਪਰਖਣ ਵਾਲੀ ਅੱਖ ਹੋਣੀ ਚਾਹੀਦੀ ਹੈ।' 
      ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪਿੰਡ ਪੱਡੇ ਬੇਟ ਦੀ ਵਸਨੀਕ, ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੀ ਸਪੁੱਤਰੀ ਤੇਜਿੰਦਰ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕੁਦਰਤੀ ਨਜਾਰਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਚੇਟਕ ਲੱਗ ਗਈ ਸੀ। ਇਨ੍ਹਾਂ ਨਜਾਰਿਆਂ ਨੂੰ ਗਹਿਰਾਈ ਨਾਲ ਤੱਕਦੇ-ਤੱਕਦਿਆਂ ਉਸ ਨੂੰ ਪਤਾ ਹੀ ਨਹੀ ਲੱਗਾ ਕਲਮ-ਬੱਧ ਕਰਨ ਲਈ ਉਸ ਦੀ ਕਲਮ ਆਪ-ਮੁਹਾਰੇ ਕਦੋਂ ਚੱਲ ਪਈ।  ਨਤੀਜਨ ਉਸ ਦੀਆਂ ਅਨੇਕਾਂ ਰਚਨਾਵਾਂ, 'ਪੰਜਾਬੀ ਇੰਨ ਹਾਲੈਂਡ', 'ਜੱਗ-ਬਾਣੀ', 'ਅਜੀਤ', 'ਚੜ੍ਹਦੀ ਕਲਾ', 'ਆਸ਼ਿਆਨਾ', 'ਦੇਸ਼-ਦੁਆਬਾ', 'ਟਾਈਮਜ ਆਫ ਪੰਜਾਬ', 'ਸਕਾਈ ਹਾਕ', ਪੰਜ ਆਬੀ ਸੱਥ', 'ਸਕੇਪ ਪੰਜਾਬ', 'ਨਿਰਪੱਖ ਅਵਾਜ', 'ਪੰਜਾਬ ਕੋ-ਆਪਰੇਸ਼ਨ', 'ਪੰਜਾਬੀ ਸੱਚ ਕਹੂੰ ਆਦਿ ਦੇ ਨਾਲ-ਨਾਲ 'ਫਿਲਮੀ ਫੋਕਸ', 'ਅਦਬੀ ਸਾਂਝ' ਅਤੇ 'ਸੰਗੀਤ ਦਰਪਨ' ਆਦਿ ਮੈਗਜੀਨਾਂ ਦਾ ਸ਼ਿੰਗਾਰ ਬਣੀਆਂ।  ਵਧਦੇ ਕਦਮੀਂ  ਉਹ ਆਲ-ਇੰਡੀਆ ਰੇਡੀਓ ਸਟੇਸ਼ਨ, ਜਲੰਧਰ ਤੋਂ ਵੀ ਆਪਣੀਆਂ ਲਿਖੀਆਂ ਰਚਨਾਵਾਂ ਬੋਲਣ ਦਾ ਸੁਭਾਗ ਹਾਸਲ ਕਰ ਚੁੱਕੀ ਹੈ। 
      ਮਨਿੰਦਰ (ਭੈਣ) ਅਤੇ ਸੰਨੀ-ਗਿੰਨੀ ਮੋਰੀਆ ਭਰਾਵਾਂ ਦੀ ਲਾਡਲੀ ਭੈਣ ਮਿੱਠੂ ਬੜੇ ਮਾਣ ਨਾਲ ਕਹਿੰਦੀ ਹੈ, 'ਮੈਂ, ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀ ਸਲਾਹਕਾਰ ਹਾਂ।  ਮੈਂ ਜਦੋਂ ਤੋਂ ਇਸ ਸੰਸਥਾ ਨਾਲ ਜੁੜੀ ਹਾਂ, ਮੇਰੀ ਕਲਮ ਵਿਚ ਲਗਾਤਾਰ ਨਿਖਾਰ ਆਇਆ ਹੈ ਅਤੇ ਮੈਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈ, ਇਸ ਸੰਸਥਾ ਪਾਸੋਂ।  ਇਸ ਤੋਂ ਇਲਾਵਾ ਹਰਜੋਤ ਸੰਧੂ ਅਤੇ ਸਤਿੰਦਰ ਸਿੰਘ ਰਾਜਾ ਸਮੇਤ ਵੱਖ-ਵੱਖ ਅਖਬਾਰਾਂ-ਮੈਗਜੀਨਾਂ ਦੇ ਹੋਰ ਸੰਪਾਦਕਾਂ ਦੀ ਵੀ ਮੈਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀਆਂ ਰਚਨਾਵਾਂ ਛਾਪ ਕੇ ਮੇਰੀ ਹੌਸਲਾ-ਅਫਜਾਈ ਕੀਤੀ।' 
      ਸਾਹਿਤ ਅਤੇ ਕੁਦਰਤ ਨਾਲ ਅਟੁੱਟ ਰਿਸ਼ਤਾ ਗੰਢਕੇ ਓਸ ਮਾਲਕ ਦੀਆਂ ਅਪਾਰ ਬਖਸ਼ਿਸਾਂ ਹਾਸਲ ਕਰ ਰਹੀ, ਨਿਵੇਕਲੀ ਕਲਮ ਦੀ ਮਾਲਕਣ, ਹਸੂ-ਹਸੂ ਕਰਦੇ ਚਿਹਰੇ ਵਾਲੀ ਇਸ ਮੁਟਿਆਰ ਦੇ ਕਦਮਾਂ 'ਚ ਓਹ ਪਰਵਰਦਗਾਰ ਹੋਰ ਵੀ ਬੱਲ ਬਖਸ਼ੇ, ਤਾਂ ਕਿ ਇਹ ਆਪਣੇ ਮਿਸ਼ਨ ਵਿਚ ਸਫਲ ਪੁਲਾਂਘਾਂ ਪੁੱਟਦੀ ਨਿਰੰਤਰ ਅਤੇ ਨਿਰਵਿਘਨ ਤੁਰੀ ਰਵ੍ਹੇ, ਦਿਲੀ ਦੁਆਵਾਂ ਅਤੇ ਜੋਦੜੀਆਂ ਹਨ, ਮੇਰੀਆਂ।

- ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)

02 Feb. 2019

ਗੀਤਕਾਰੀ ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ - ਮੀਤ ਸਦੌਂ-ਗੜ੍ਹ ਵਾਲਾ

ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦਾ ਜੰਮ-ਪਲ,  ਵਰਿਆਮ ਸਿੰਘ (ਪਿਤਾ)  ਅਤੇ ਕਰਮਜੀਤ ਕੌਰ (ਮਾਤਾ) ਦਾ ਲਾਡਲਾ, ਮੀਤ ਸਦੌਂ-ਗੜ੍ਹ ਵਾਲਾ ਕਿਸੇ ਜਾਣ-ਪਛਾਣ ਦਾ ਮੁਹਥਾਜ ਨਹੀ।  ਉਸ ਦੀ ਜਾਨਦਾਰ ਤੇ ਸ਼ਾਨਦਾਰ ਕਲਮ ਹੀ ਉਸ ਦਾ ਸਿਰਨਾਵਾਂ ਬਣ ਗੁਜਰੀ ਹੈ।  ਘਰਦਿਆਂ ਦਾ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਹਲਕਿਆਂ ਦਾ ਮੀਤ ਸਦੌਂ-ਗੜ੍ਹ ਵਾਲਾ ਦਂਸਦਾ ਹੈ ਕਿ ਉਸ ਦਾ ਪਹਿਲਾ ਗੀਤ 'ਬੇਬੇ ਦਾ ਬੁਖਾਰ' ਸੇਵਕ ਰਾਜਿਸਥਾਨੀ ਅਤੇ ਸੁੱਖ ਜੈਸਵਾਲ ਦੀ ਅਵਾਜ ਵਿਚ ਰਿਕਾਰਡ ਹੋਇਆ ਸੀ, ਜਿਹੜਾ ਕਿ ਡੀ. ਡੀ. ਪੰਜਾਬੀ ਦੇ ਮਕਬੂਲ ਪ੍ਰੋਗਰਾਮ, 'ਮੇਲਾ ਮੇਲੀਆਂ ਦਾ' ਦੁਆਰਾ ਖੂਬ ਚਰਚਾ ਦਾ ਵਿਸ਼ਾ ਬਣਿਆ ।  ਇਸ ਪਹਿਲੇ ਗੀਤ ਨੇ ਹੀ ਦਰਸ਼ਕਾਂ-ਸਰੋਤਿਆਂ ਵਲੋਂ ਉਸ ਨੂੰ ਐਨਾ ਉਤਸ਼ਾਹ, ਪਿਆਰ ਅਤੇ ਮਾਣ ਬਖਸ਼ਿਆ ਕਿ ਉਹ ਹੌਸਲੇ ਅਤੇ ਹੱਲਾ-ਸ਼ੇਰੀ ਦੇ ਖੰਭਾਂ ਉਤੇ ਉਡਾਰੀਆਂ ਲਾਉਣ ਲੱਗਿਆ।   ਬਸ ਫਿਰ ਕੀ ਸੀ, ਉਸ ਨੇ ਪਿੱਛੇ ਮੁੜ ਕੇ ਨਹੀ ਦੇਖਿਆ।  ਇਸ ਵਕਤ, ਵੱਖ-ਵੱਖ ਸੁਰੀਲੀਆਂ ਅਤੇ ਦਮਦਾਰ ਅਵਾਜਾਂ ਦੁਆਰਾ ਰਿਕਾਰਡ ਹੋਏ ਡੇਢ ਦਰਜਨ ਤੋ ਵੱਧ ਗੀਤ ਡੀ. ਡੀ. ਪੰਜਾਬੀ ਅਤੇ ਹੋਰ ਵੱਖ-ਵੱਖ ਚੈਨਲਾਂ ਉਤੇ ਗੂੰਜਦੇ, ਧਮਾਲਾਂ ਪਾਉਂਦੇ ਉਸ ਦੀ ਪਛਾਣ ਦਿਨ-ਪਰ-ਦਿਨ ਹੋਰ ਵੀ ਗੂਹੜੀ ਕਰ ਰਹੇ ਹਨ।
        ਵਿਦੇਸ਼ ਤੋਂ ਵਾਪਿਸ ਪਰਤਣ ਉਪਰੰਤ ਇਕ ਮੁਲਾਕਾਤ ਦੌਰਾਨ, ਕਲਮ ਦੇ ਧਨੀ ਮੀਤ ਨੇ ਦੱਸਿਆ ਕਿ ਉਸ ਦੇ ਰਿਕਾਰਡ ਹੋਏ ਗੀਤ,  ਜਿਨ੍ਹਾਂ ਵਿਚ 'ਰਿਸ਼ਤਾ', 'ਮਸ਼ਕਰੀਆਂ', 'ਧੰਨਵਾਦ ਵਿਚੋਲਣ ਦਾ' , 'ਵੇ ਡਰੈਵਰਾ' , 'ਜੱਟ ਦੀ ਸਰਦਾਰੀ', 'ਉਡਣੇ ਸੱਪ', 'ਸਮੁੰਦਰਾਂ ਤੋਂ ਪਾਰ', 'ਸੋਨੇ ਦੀ ਡੱਬੀ' ਅਤੇ 'ਫੌਜਣ' ਆਦਿ ਰਿੰਕਾ ਬਾਈ- ਮਿਸ ਪਵਨ ਪ੍ਰੀਤ  ਦੀ ਅਵਾਜ ਵਿਚ, 'ਮਾਂ ਦੀ ਯਾਦ' , ਬੌਬੀ ਖਹਿਰਾ ਦੁਆਰਾ ਅਤੇ 'ਕੈਲਗਿਰੀ' ਸੇਵਕ ਰਾਜਿਸਥਾਨੀ ਦੀ ਅਵਾਜ ਦਾ ਸ਼ਿੰਗਾਰ ਬਣੇ ਵਿਸ਼ੇਸ਼ ਵਰਣਨ ਯੋਗ ਗੀਤ ਹਨ।  ਇਵੇਂ ਹੀ  'ਦਿਲ ਤੁੜਵਾ ਕੇ' ਅਤੇ 'ਤਮਾਸ਼ਾ' ਗੀਤ ਵੀ ਖੂਬ ਚਰਚਾ ਵਿਚ ਰਹੇ ।  ਇੱਥੇ ਹੀ ਬਸ ਨਹੀ, ਇਨ੍ਹਾਂ ਲੋਕ-ਗੀਤਾਂ ਦੇ ਨਾਲ-ਨਾਲ ਮੀਤ ਦੀ ਕਲਮ ਚੋਂ ਨਿਕਲੇ ਧਾਰਮਿਕ ਗੀਤਾਂ ਵਿਚੋਂ ਮਾਤਾ ਦੀਆਂ ਭੇਟਾਂ ਅਤੇ ਬਾਬਾ ਬਾਲਕ ਨਾਥ ਜੀ ਦੇ ਭਜਨ ਵੀ ਰਿਕਾਰਡ ਹੋ ਚੁੱਕੇ ਹਨ।
       ਆਪਣੇ ਨਿਕਟ-ਭਵਿੱਖ  ਦੇ ਨਿਸ਼ਾਨੇ ਸਾਂਝੇ ਕਰਦਿਆਂ ਮੀਤ ਨੇ ਦੱਸਿਆ ਕਿ 'ਸ਼ਗਨਾਂ ਦੇ ਲੱਡੂ', 'ਸੰਧੂਰੀ ਪੱਗ', 'ਮਛਲੀ', 'ਪਿਆਰ ਤੇਰਾ' ਅਤੇ 'ਰੱਬ ਦੇ ਰੰਗ' ਜਲਦੀ ਹੀ ਉਹ ਸਰੋਤਿਆਂ ਦੀ ਕਚਹਿਰੀ ਵਿਚ ਲੈਕੇ ਹਾਜਰ ਹੋ ਰਿਹਾ ਹੈ।  ਇਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਮੀਤ ਸਦੌਂ-ਗੜ੍ਹ ਵਾਲਾ ਨੇ ਕਿਹਾ, 'ਮੈ ਹਮੇਸ਼ਾਂ ਸਾਫ-ਸੁਥਰੇ ਐਸੇ ਸੱਭਿਆਚਾਰਕ ਗੀਤ ਹੀ ਲਿਖਦਾ ਹਾਂ, ਜਿਨ੍ਹਾਂ ਨੂੰ ਪਰਿਵਾਰ ਵਿਚ  ਬੈਠਕੇ ਸੁਣਿਆ ਅਤੇ ਮਾਣਿਆ ਜਾ ਸਕੇ।  ਅਸ਼ਲੀਲ ਗੀਤ ਨਾ ਅੱਜ ਤੱਕ ਕੋਈ ਲਿਖਿਆ ਹੈ ਅਤੇ ਨਾ ਹੀ ਅੱਗੋਂ ਲਿਖਾਂਗਾ।  ਮੇਰਾ ਹਰ ਗੀਤ ਸਮਾਜ ਨੂੰ ਕੋਈ-ਨਾ-ਕੋਈ ਸੁਨੇਹਾ ਦੇਣ ਵਾਲਾ ਹੀ ਹੁੰਦਾ ਹੈ।'
        ਮੀਤ ਸਦੌਂ-ਗੜ੍ਹ ਵਾਲਾ ਆਪਣੇ ਇਸ ਮੁਕਾਮ ਦੀ ਪ੍ਰਾਪਤੀ ਵਿਚ ਜਿੱਥੇ ਆਪਣੇ ਗਾਇਕ ਕਲਾਕਾਰਾਂ ਦਾ ਜਿਕਰ ਕਰਦਾ ਹੈ, ਉਥੇ ਉਹ ਪ੍ਰਮਾਤਮਾ ਦੀ ਓਟ, ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਅਤੇ ਧਰਮ-ਪਤਨੀ ਵਰਿੰਦਰ ਕੌਰ ਦਾ ਵੀ ਬਹੁਤ ਯੋਗਦਾਨ ਮੰਨਦਾ ਹੈ।
        ਰੱਬ ਕਰੇ !   ਸਾਫ-ਸੁਥਰੀ ਗਾਇਕੀ ਦਾ ਪਹਿਰੇਦਾਰ, ਪੰਜਾਬੀ ਮਾਂ-ਬੋਲੀ ਦਾ ਪੁਜਾਰੀ, ਮੀਤ ਸਦੌਂ-ਗੜ੍ਹ ਵਾਲਾ, ਸੰਗੀਤਕ ਹਲਕਿਆਂ ਵਿਚ ਨਾਮਨਾ ਖੱਟਦਾ, ਗੀਤਕਾਰੀ ਦੀਆਂ ਮੰਜਲਾਂ ਸਰ ਕਰਦਾ, ਹੋਰ ਵੀ ਬੁਲੰਦੀਆਂ ਨੂੰ ਜਾ ਛੂਹਵੇ ! ਆਮੀਨ ! 

-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਮੀਤ ਸਦੌਂ-ਗੜ੍ਹ ਵਾਲਾ,  07807464033, 09816261322 

ਮਾਂ ਦੀ ਮੰਨਤ' ਸਿੰਗਲ ਟਰੈਕ ਲੈ ਕੇ ਹਾਜਰ ਹੈ - ਗਾਇਕ ਵਿਜੇ ਬੱਧਣ - ਪ੍ਰੀਤਮ ਲੁਧਿਆਣਵੀ

ਪੰਜਾਬੀ ਮਾਂ-ਬੋਲੀ ਦੇ ਜਾਏ, ਕਿਸੇ ਵੀ ਹਾਲਾਤ ਵਿਚ ਹੋਣ,  ਉਹ ਆਪਣੀ ਮਿਹਨਤ, ਲਗਨ, ਸਿਦਕ, ਫਿਰਾਕ-ਦਿਲੀ ਅਤੇ ਅਣਮੋਲ ਸੱਭਿਆਚਾਰਕ ਗਤੀਵਿਧੀਆਂ ਦੁਆਰਾ ਆਪਣਾ, ਆਪਣੀ ਜਨਮ-ਭੂਮੀ ਅਤੇ ਮਾਂ-ਬੋਲੀ ਪੰਜਾਬੀ ਦਾ ਨਾਮ ਰੋਸ਼ਨ ਕਰਦਿਆਂ ਆਪਣੀ ਅੱਡਰੀ ਛਾਪ ਛੱਡਣ ਲਈ ਯਤਨਸ਼ੀਲ ਹੀ ਰਹਿੰਦੇ ਹਨ।   ਇਸੇ ਲੜੀ ਤਹਿਤ ਜਿਸ ਸੰਘਰਸ਼ਸ਼ੀਲ ਨੌਜਵਾਨ ਦਾ ਇਨਾਂ ਸਤਰਾਂ ਦੁਆਰਾ ਜਿਕਰ ਕਰਨ ਜਾ ਰਿਹਾ ਹਾਂ, ਉਹ ਹੈ ਜਿਲਾ ਗੁਰਦਾਸਪੁਰ ਦੀ ਇਕ ਨੁਕਰੇ ਵਸਦੇ ਪਿੰਡ ਹੱਲਾ ਦਾ ਬਹੁ-ਕਲਾਵਾਂ ਦਾ ਸੁਮੇਲ ਨੌਜਵਾਨ ਵਿਜੇ ਬੱਧਣ।  ਵਧੀਆ ਸ਼ਾਇਰ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਸਮਾਜ-ਸੇਵੀ ਅਤੇ ਲੋਕ-ਗਾਇਕ।  ਗਾਇਕੀ ਖੇਤਰ ਵਿਚ, 'ਮੌਜਾਂ ਲਾਈਆਂ ਨੇ ਮਈਆਂ ਦੇ ਦੁਆਰੇ' ਅਤੇ ਜਲੰਧਰ ਦੂਰਦਰਸ਼ਨ ਦੇ ਨਵੇ ਵਰੇ (2018) ਦੀ ਆਮਦ ਤੇ 'ਢੋਲ ਵੱਜਿਆ'  ਗੀਤ ਰਾਂਹੀ ਭਰਵੀ ਹਾਜਰੀ ਦੁਆਰਾ ਚਰਚਿਤ ਹੋਏ ਇਸ ਗਾਇਕ ਦਾ ਹੁਣ ਨਵਾਂ ਸਿੰਗਲ ਟਰੈਕ 'ਮਾਂ ਦੀ ਮੰਨਤ' ਦੇਸ਼ ਵਿਦੇਸ਼ਾਂ ਵਿਚ ਚਰਚਾ ਦਾ ਖੂਬ ਵਿਸ਼ਾ ਬਣਿਆ ਹੋਇਆ ਹੈ।
       ਮਾਤਾ ਸਵ: ਪ੍ਰਭੀ ਦੇਵੀ ਅਤੇ ਪਿਤਾ ਸਵ: ਗਿਆਨੀ ਤੇਜ ਰਾਮ ਜੀ ਦੇ ਘਰ ਜਨਮੇ ਵਿਜੇ ਨੇ ਸੰਖੇਪ ਜਿਹੀ ਮੁਲਾਕਾਤ ਵਿਚ ਦੱਸਿਆ ਕਿ ਘਰ ਵਿਚ  ਗਰੀਬੀ ਹੋਣ ਕਾਰਨ ਉਹ ਜਿਆਦਾ ਪੜ ਨਾ ਸਕਿਆ।  ਗਾਉਣਾਂ, ਲਿਖਣਾਂ ਅਤੇ ਅਦਾਕਾਰੀ ਦਾ ਸ਼ੌਕ ਉਸ ਨੂੰ ਬਚਪਣ ਤੋ ਹੀ ਸੀ।  ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਉਸ ਨੇ ਉਸਤਾਦ ਮਦਨ ਇਲਾਹੀ ਜੀ ਨੂੰ ਆਪਣਾ ਰਸਮੀ ਉਸਤਾਦ ਧਾਰਿਆ ਅਤੇ ਯਮਲੇ ਦੀ ਫੁੱਲਵਾੜੀ ਦੇ ਮਹਿਕਦੇ ਫੁੱਲ  ਸਵ: ਚਮਨ ਲਾਲ ਗੁਰਦਾਸਪੁਰੀ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾ ਵਿਚ ਜਾ ਕੇ ਸਟੇਜਾਂ ਉਤੇ ਹਾਜਰੀਆਂ ਲੁਆਈਆਂ।   ਅੱਜ ਕੱਲ ਬੱਧਣ ਆਪਣੀ ਕਲਾ ਨੂੰ ਨਿਖਾਰਨ ਲਈ ਰਾਕੇਸ਼ ਕੁਮਾਰ ਸ਼ਰਮਾਂ ਜੀ ਤੋ ਵੀ ਸੰਗੀਤ ਦੀਆਂ ਕਲਾਸਾਂ ਲੈ ਰਿਹਾ ਹੈ।
        ਗਾਇਕੀ ਦੇ ਨਾਲ-ਨਾਲ ਬੱਧਣ ਨੇ ਉਘੇ ਰੰਗਕਰਮੀ ਉਸਤਾਦ ਰਜਿੰਦਰ ਭੋਗਲ ਜੀ ਦੀ ਰਹਿਨੁਮਾਈ ਹੇਠ ਲੁਕਾਈ ਕਲਾ ਕੇਦਂਰ ਦੇ ਬੈਨਰ ਹੇਠ ਦਰਜਨ ਦੇ ਕਰੀਬ ਨਾਟਕ ਵੀ ਖੇਡੇ। ਇਕ ਲੜੀਵਾਰ ਹਿੰਦੀ ਸੀਰੀਅਲ 'ਪਸ਼ਚਾਤਾਪ' ਵਿਚ ਬਤੌਰ ਐਕਟਰ ਵੀ ਕੰਮ ਕੀਤਾ।  ਇਸ ਤੋ ਇਲਾਵਾ ਆਪਣੀ 'ਬੱਧਣ ਪ੍ਰੋਡੈਕਸ਼ਨ' ਹੇਠ ਦਰਜਨਾਂ ਕਲਾਕਾਰ ਦੇ ਸੱਭਿਆਚਾਰਕ ਗੀਤ ਪੇਸ਼ ਕਰਨ ਦਾ ਵੀ ਫਖਰ ਹਾਸਿਲ ਕੀਤਾ।
         ਕਲਮੀ-ਖੇਤਰ ਵਿਚ ਵਿਜੇ ਬੱਧਣ ਦੀਆਂ ਲਿਖੀਆਂ ਰਚਨਾਵਾਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ.) ਪੰਜਾਬ ਦੀਆਂ ਕਈ ਸਾਂਝੀਆਂ ਪ੍ਰਕਾਸ਼ਨਾਵਾਂ  ਵਿਚ ਛਪੀਆਂ।  ਉਸ ਵਲੋਂ ਵੱਖ-ਵੱਖ ਖੇਤਰਾਂ ਪਾਏ ਗਏ ਯੋਗਦਾਨ ਦਾ ਮੁੱਲ ਪਾਂਉਂਦੇ , ਉਸ ਦੇ ਘਰ ਵਿਚ ਸੰਭਾਲੇ ਵੱਖ-ਵੱਖ ਸੰਸਥਾਵਾਂ ਵਲੋਂ ਪ੍ਰਾਪਤ ਅਨੇਕਾਂ ਸਰਟੀਫਿਕੇਟ ਅਤੇ ਸਨਮਾਨ-ਚਿੰਨ ਉਸਦੇ ਮਾਣ-ਮੱਤੇ ਸਾਹਿਤਕ ਤੇ ਸੱਭਿਆਚਾਰਕ ਸਫਰ ਦੀ ਭਰਵੀਂ ਗਵਾਹੀ ਦੇ ਰਹੇ ਹਨ।
        ਆਪਣੇ ਨਵੇ ਸਿੰਗਲ ਟਰੈਕ 'ਮਾਂ ਦੀ ਮੰਨਤ' ਬਾਰੇ ਗੱਲਬਾਤ ਕਰਦਿਆਂ ਬੱਧਣ ਨੇ ਦੱਸਿਆ ਕਿ ਡੀ: ਟੀ: ਬੀ: ਫਿਲਮ ਪ੍ਰੋਡੈਕਸ਼ਨ ਦੀ ਅਤੇ ਪੇਸ਼ਕਰਤਾ ਅਨਿਲ ਰਤਨਗੜੀਆ ਦੀ ਪੇਸ਼ਕਸ਼ ਅਤੇ ਨਿਰਮਾਤਾ ਨਰੇਸ਼ ਸ਼ਰਮਾਂ ਦੀ ਰਹਿਨੁਮਾਈ ਹੇਠ ਕੱਢੇ ਇਸ ਗੀਤ ਦਾ ਲੇਖਕ ਵੀ ਖੁਦ ਉਹ (ਵਿਜੇ) ਹੀ ਹੈ।  ਇਸ ਗੀਤ ਨੂੰ ਸੰਗੀਤਕ-ਛੋਹਾਂ ਸੰਗੀਤਕਾਰ ਸ਼ਕਤੀ ਬਚਨ ਨੇ ਦਿੱਤੀਆਂ : ਜਦ ਕਿ ਇਸ ਦਾ  ਵੀਡੀਓ-ਫਿਲਮਾਂਕਣ ਸਚਿਨ ਵੱਲੋ ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ ਤੇ ਕੀਤਾ ਗਿਆ। ਵਿਜੇ ਬੱਧਣ ਨੇ ਅੱਗੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਭਾਰਤ ਤੋ ਇਲਾਵਾ ਕਨੇਡਾਂ, ਆਸਟ੍ਰੇਲੀਆ, ਦੁਬੱਈ, ਇਟਲੀ, ਇੰਗਲੈਡ, ਸਾਉਥ ਕੋਰੀਆ, ਆਦਿ ਦੇਸ਼ਾਂ ਵਿਚ ਵੀ ਰਲੀਜ ਕੀਤਾ ਜਾ ਰਿਹਾ ਹੈ।
          ਇੱਥੋਂ ਤੱਕ ਦੇ ਮੁਕਾਮ ਹਾਸਲ ਕਰਨ ਦੀ ਪ੍ਰਾਪਤੀ ਨੂੰ ਬੱਧਣ ਜਿੱਥੇ ਆਪਣੇ ਗੁਰੂ ਦੇਵ ਸਚਖੰਡ ਵਾਸੀ ਸਤਿਗੁਰੂ ਸ੍ਰੀ 108 ਸੀਤਲ ਦਾਸ ਜੀ ਦਾ ਓਟ ਆਸਰਾ ਮੰਨਦਾ ਹੈ, ਉਥੇ ਆਪਣੇ ਗੁਰੂ-ਭਾਈ ਸੂਫੀ ਗਾਇਕ ਮੁਮਤਾਜ. ਹੰਸ, ਗਾਇਕ ਅਸ਼ਵਨੀ ਲੱਖੋਵਾਲੀ,  ਨਿਰਮਾਤਾ ਨਰੇਸ਼ ਸ਼ਰਮਾਂ ਤੋ ਇਲਾਵਾ ਦੋਸਤਾਂ-ਮਿੱਤਰਾਂ, ਸਹਿਯੋਗੀਆਂ ਅਤੇ ਦਰਸ਼ਕਾਂ-ਸਰੋਤਿਆਂ ਦਾ ਵੀ ਤਹਿ-ਦਿਲੋਂ ਧੰਨਵਾਦ ਕਰਦਾ ਹੈ ਜਿਨਾਂ ਦੀਆਂ ਸ਼ੁਭ-ਇੱਛਾਵਾਂ ਅਤੇ ਹੱਲਾ-ਸ਼ੇਰੀ ਹਮੇਸ਼ਾਂ ਉਸ ਦੇ ਨਾਲ ਰਹੀ।
- ਪ੍ਰੀਤਮ ਲੁਧਿਆਣਵੀ (ਚੰਡੀਗੜ), (9876428641)