Ranjit Kaur Tarntaran

ਲੁੱਟ ਘਸੁੱਟ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਸਾਡੇ ਨਾਲ ਮੈਕਸੀਕੋ ਏਅਰਪੋਰਟ ਅਣਹੋਣੀ ਜੇ ਹੋਈ
ਚਿੱਟੇ ਦਿਨ ਸਰੇਸ਼ਰ ਉਹ ਲਾਹ ਕੇ ਲੈ ਗਿਆ ਲੋਈ
ਕੈਨੇਡਾ ਵਿੱਚ ਦਾਖਲੇ ਲਈ ਥਰਡ ਕੰਟਰੀ ਚੋਂ ਹੋ ਕੇ ਆਉਣਾ ਪਿਆ।ਬੜਾ ਚਾਅ ਸੀ ਨਵਾਂ ਮੁਲਕ ਮੈਕਸੀਕੋ ਵੇਖਣ ਦਾ। ਪਰ ਮੈਕਸੀਕੋ ਸਿਟੀ ਏਅਰਪੋਰਟ ਦੇ ਸਟਾਫ ਨੇ ਆਪਣੇ ਮਹਿਮਾਨਾਂ ਨਾਲ ਮੌਤ ਦੇਣ ਦੀ ਹੱਦ ਤੱਕ ਦਾ ਸਲੂਕ ਕੀਤਾ।
ਹੱਡਬੀਤੀ ਪੜ੍ਹ ਕੇ ਤੁਸੀਂ ਇਹਦੀ ਚਰਚਾ ਜਰੂਰ ਕਰਨਾ ਤਾਂ ਜੋ ਸਾਡੇ ਵਾਂਗ ਕੋਈ ਹੋਰ ਪੀੜਾ ਨਾਂ ਉਠਾਵੇ।
ਮੈਕਸੀਕੋ ਏਅਰਪੋਰਟ ਤੇ ਇਮੀਗਰੇਸ਼ਨ ਕਲੀਅਰੈਂਸ ਤੋਂ ਬਾਦ ਆਪਣੇ ਬੈਗ ਲੈ ਕੇ ਬਾਹਰ ਆਉਣ ਲਈ ਗੇਟ ਤੇ ਪਹੁੰਚ ਬਾਹਰ ਨਿਕਲਣ ਹੀ ਲਗੇ ਕਿ ਇਕ ਵਿਅਕਤੀ ਨੇ ਆ ਕੇ ਸਾਨੂੰ ਮੋੜ ਲਿਆ ਤੇ ਸਾਡੇ ਪਰਸ ਸਿਰਫ ਪਰਸ ਲਹਾ ਕੇ ਫੋਲ ਕੇ ਕਾਉਂਟਰ ਤੇ ਖਿਲਾਰਾ ਪਾ ਦਿੱਤਾ।
ਨਾਂ ਤਾਂ ਉਸਦੀ ਬੋਲੀ ਸਾਡੀ ਸਮਝ ਵਿੱਚ ਆ ਰਹੀ ਸੀ ਤੇ ਨਾਂ ਉਸਨੂੰ ਸਾਡੀ।
ਉਸਨੇ  ਆਪਣੇ ਫੌਨ ਦੀ ਸਕਰੀਨ ਤੇ 3040 ਲਿਖਿਆ ਤੇ ਬੋਲਿਆ 'ਪੇ ' ਤੇ ਉਹ ਸਾਡੇ ਪਾਸਪੋਰਟ ਲੈ ਕੇ ਦੌੜ ਗਿਆ।ਸਾਡੇ ਪਰਸ ਵਿੱਚ ਕੁਝ ਪੁਰਾਣਾ ਗਹਿਣਾ ਸੀ,ਕੁਝ ਬਨਾਉਟੀ ਝੁਮਕੇ ਗਾਨੀਆਂ ਬੀੜੇ ਵੀ ਸਨ।ਕਰੋਨਾ ਕਿਟ ਪਾਉਣ ਕਰਕੇ ਤੇ ਹਰ ਵਕਤ ਸੇਨੇਟਾਈਜ਼ਰ ਲਾੳਣ ਕਰਕੇ ਵਾਲੀਆਂ ਛਾਪਾਂ ਛੱਲੇ ਕੜੇ ਪਰਸ ਵਿੱਚ ਰੱਖੇ ਸਨ।ਉਸ ਵਿਅਕਤੀ ਨੇ ਉਂਗਲੀ ਵਿੱਚ ਦੋ ਮੁੰਦਰੀਆਂ ਅੜਾ ਜੇਬ ਵਿੱਚ ਪਾ ਲਈਆਂ।
ਅਸੀਂ ਸਮਝਿਆ ਕਿ ਸ਼ਾਇਦ ਸੋਨੇ ਦੇ ਗਹਿਣਿਆਂ ਨੂੰ ਟੈਕਸ ਪਾਇਆ ਹੈ।ਪਰ ਜਿੰਨੀ ਰਕਮ ਉਹਨੇ ਮੰਗੀ ,ਗਹਿਣਾ ਉਹਦੇ ਨਾਲੋਂ ਅੱਧੀ ਕੀਮਤ ਦਾ ਸੀ।
   ਚੂੰ ਕਿ ਆਪਣਾ ਪਾਸਪੋਰਟ ਵਾਪਸ ਲੈਣਾ ਜਰੂਰੀ ਸੀ ,ਮੈਂ ਜਿੰਨੀ ਅੰਗਰੇਜੀ ਜਾਣਦੀ ਸੀ ਸਾਰੀ ਬੋਲ ਦਿੱਤੀ,ਉਹ ਕੰਨ ਹੀ ਨਹੀਂ ਕਰ ਰਿਹਾ ਸੀ।ਫਿਰ ਮੈਂ ਬੇਨਤੀ ਕੀਤੀ ਕਿ ਟਰਾਂਸਲੇਟਰ ( ਦੁਭਾਸ਼ੀਆ ) ਪਰੋਵਾਇਡ ਕਰੋ,ਕੋਈ ਅਸਰ ਨਹੀਂ।ਬਸ ਇਕ ਹੀ ਸ਼ਬਦ 'ਪੇ ਪਿਨਲਟੀ'।
   ਉਥੇ ਮੇਰੇ ਵਰਗੇ ਹੋਰ  ਪੀੜਿਤ  ਵੀ ਚੀਖ ਕੁਰਲਾ ਰਹੇ ਸਨ।ਤੇ ਕੁਝ ਜੁਰਮਾਨੇ ਭਰ ਕੇ ਬਾਹਰ ਜਾ ਚੁਕੇ ਸਨ।ਕੁਝ ਕੁ ਨੂੰ ਉਸਨੇ ਅਣਸੀਤੇ ਕਪੜੈ ਦਾ ਜੁਰਮਾਨਾ ਵੀ ਕੀਤਾ।ਬੰਦ ਲਿਫਾਫਿਆਂ/ ਪੈਕਟਾਂ ਦੇ ਸੀਤੇ ਰੇਡੀਮੇਡ ਕਾਰਡੀਗਨ ਨੂੰ ਵੀ ਡਿਉਟੀ ਪਾਈ।ਜਦ ਕਿ ਖ੍ਰੀਦਦਾਰ ਸਾਰਾ ਸਮਾਨ ਸਾਰੇ ਟੈਕਸ ਅਦਾ ਕਰ ਕੇ ਹੀ ਖ੍ਰੀਦਦਾ ਹੈ।
ਫਿਰ ਮੈਂ ਤੇ ਦੋ ਹੋਰ ਭੈਣਾਂ ਨੇ ਇਹ ਵੀ ਕਿਹਾ ਕਿ 'ਕੀਪ ਗੋਲਡ ਵਿੱਧ ਯੂ',ਵੀ ਹੈਵ ਨੋ ਮਨੀ'.। ਉਸ ਤੇ ਕੋਈ ਅਸਰ ਨਾਂ ਹੋਇਆ।
ਫਿਰ ਕਿਹਾ ਕਿ ਸਾਨੂੰ ਸਾਡੇ ਵਾਰਸਾਂ ਨਾਲ ਫੋਨ ਤੇ ਗਲ ਕਰਨ ਲਈ ਵਾਈ ਫਾਈ ਦਿਓ।ਕੋਈ ਅਸਰ ਨਹੀਂ।
3040 ਯੂ.ਐਸ.ਡਾਲਰ ਬਹੁਤ ਵੱਡੀ ਰਕਮ ਹੁੰਦੀ ਹੈ ਸਾਡੇ ਲਈ।
ਨਾਲ ਖੜੀਆਂ ਭੈਣਾਂ ਨੇ ਆਪਣਾ ਪੰਜਾਬ ਵਾਲਾ ਕਰੇਡਿਟ/ਡੈਬਿਟ ਕਾਰਡ ਵੀ ਦਿੱਤਾ,ਉਹ ਨਹੀਂ ਚਲਿਆ।ਸਾਡੇ ਕੋਲ ਕੇਨੇਡੀਅਨ ਡਾਲਰ ਸਨ ਉਸਨੇ ਕਿਹਾ,ਓਨਲੀ ਯੂ. ਐਸ.।
 ਮੈਕਸੀਕੋ ਸਿਟੀ ਵਿੱਚ ਅਸੀਂ ਆਰਜ਼ੀ ਮੁਸਾਫਿਰ ਮਹਿਮਾਨ ਸੀ ਕਿਉਂਕਿ ਕੈਨੇਡਾ ਥਰਡ ਕੰਟਰੀ ਰਾਹੀਂ ਦਾਖਲ ਹੋਣ ਦੇ ਰਿਹਾ ਸੀ।ਬਜਾਏ ਸਾਡੀ ਮਦਦ ਦੇ ਸਾਨੂੰ ਇੰਨਾ ਕੁ ਦੁੱਖ ਦਿੱਤਾ ਗਿਆ ਜੋ  ਸਾਡੀ ਬਰਦਾਸ਼ਤ ਵੀ ਜਵਾਬ ਦੇਣ ਲਗੀ।
ਮੈਂ ਬੇਨਤੀ ਕੀਤੀ ਕਿ ਮੈਨੂੰ ਉੱਚ ਅਧਿਕਾਰੀਆਂ ਕੋਲ ਪੇਸ਼ ਕੀਤਾ ਜਾਏ,ਪਰ ਇਸ ਤੇ ਵੀ ਉਹਨੇ ਕੰਨ ਨਹੀਂ ਕੀਤਾ।
ਚਾਰ ਘੰਟੇ ਦੀ ਜਦੋਜਹਿਦ ਤੇ ਚਾਰ ਹਜਾਰ ਡਾਲਰ ਅਦਾ ਕਰਨ ਤੇ ਸਾਨੂੰ ਸਾਡੇ ਪਾਸਪੋਰਟ ਦਿੱਤੇ ਗਏ ਇਥੇ ਵੀ ਉਸਨੂੰ ਸ਼ਰਮ ,ਸਬਰ ਨਹੀਂ ਆਇਆ,ਉਸਨੇ ਸਾਡੇ ਇਮੀਗਰੇਸ਼ਨ ਕਲੀਰੈਂਸ ਸਲਿਪ ਮੰਗ ਕੇ ਕਬਜੇ ਚ ਕਰ ਲਈ।ਤੇ ਅਗਲੇ ਦਿਨ ਰਵਾਨਗੀ ਵੇਲੇ 75 ਡਾਲਰ ਹੋਰ ਲਗੇ।
    ਮੇਰੇ ਨਾਲ ਦੀਆਂ ਭੈਣਾਂ ਲਈ ਵੀ  ਅਸੀ ਂ  ਉਹਨਾਂ ਦੇ ਨਿਕਾਸ ਦਾ ਪ੍ਰਬੰਧ ਕੀਤਾ,ਇਕ ਨਵਵਿਆਹੀ ਦੁਲਹਨ ਜੋ ਪਹਿਲੀ ਵਾਰ ਜਹਾਜੇ ਚੜ੍ਹ ਸੋਨ ਸੁਪਨੇ ਲੈ ਕੈਨੇਡਾ ਪੁੱਜਣ ਦੇ ਅਥਾਹ ਉਤਸ਼ਾਹ ਵਿੱਚ ਸੀ ਚੀਖਾਂ ਮਾਰ ਰੋਈ।ਉਸਦੀ ਮਦਦ ਕਿਵੇਂ ਨਾਂ ਕਰਦੇ ?
  ਏਅਰਪੋਰਟ ਦੇ ਅੰਦਰ ਹੀ ਕੈਸ਼ ਕਾਂਉਟਰ ਦੇ ਨੇੜੈ ਮਨੀ ਅਕਸਚੇਂਜ ਬੈਂਕ ਹੈ।
ਰਕਮ ਕਿਵੇਂ ਪ੍ਰਬੰਧ ਕੀਤੀ ਇਹ ਗਲ ਫਿਰ ਕਦੇ ਸਹੀ।ਬੱਸ ਆਪਣੇ ਪ੍ਰੋਗਰਾਮ ਰਾਹੀਂ ਆਮ ਲੋਕਾਂ ਤੱਕ ਮੈਕਸੀਕੋ ਏਅਰਪੋਰਟ ਤੇ ਹੁੰਦੀ ਲੁੱਟ ਤੋਂ ਜਾਣੂ ਕਰਾ ਦਿਓ।ਲੱਖ ਲਾਹਨਤ ਵੀ ਪਾਓ।ਸਾਨੂੰ ਸੋਨੇ ਲਈ ਜੁਰਮਾਨਾ ਕੀਤਾ ਹੁੰਦਾ ਜਾਂ ਅਸੀਂ ਮਾਫ਼ੀਆ ,ਸਮਗਲਰ ਹੁੰਦੇ ਕੌਈ ਅਫਸੋਸ ਨਾਂ ਹੁੰਦਾ,ਸਾਨੂੰ ਜੋ ਰਸੀਦ ਦਿੱਤੀ ਗਈ ਉਸ ਵਿੱਚ ਸਾਡੇ ਤੇ ਚਾਰ ਕੰਪਿਉਟਰ ਲੈ ਕੈ ਆਉਣ ਦਾ ਦੋਸ਼ ਲਗਾਇਆ ਗਿਆ ਸੀ ।ਜੋ ਸਾਡੇ ਕੋਲ ਨਹੀਂ ਸੀ ਵੈਸੇ ਵੀ ਕੰਮਪਿਉਟਰ  ਤਾਂ ਹਰ ਕੋਈ ਲਿਜਾ ਸਕਦਾ ਹੈ।ਨਸੀਹਤ ਹੈ ਕਿ ਕੋਈ ਵੀਰ ਭੈਣ ਮੈਕਸੀਕੋ ਦੇ ਰਸਤੇ ਕੈਨੇਡਾ ਨਾਂ ਆਵੇ ,ਬਲਕਿ ਮੈਕਸੀਕੋ ਮੁਲਕ ਦੀ ਬੁਰਕੀ ਬਣਨ ਦੀ ਸੋਚੇ ਵੀ ਨਾਂ।
     ਇਸ ਤੋਂ ਇਲਾਵਾ ਧਿਆਨ ਹਿੱਤ ਹੈ ਕਿ ਜਿਥੇ ਪਿਨੇਲਿਟੀ ਅਦਾ ਕੀਤੀ ਉਸ ਕਾਉਂਟਰ ਦੀ ਦੀਵਾਰ ਤੇ ਅੰਗਰੇਜੀ ਵਿੱਚ ਨੋਟਿਸ ਬੋਰਡ ਤੇ ਸਪਸ਼ਟ ਲਿਖਿਆ ਹੋਇਆ ਸੀ - ਦੱਸ ਹਜਾਰ ਡਾਲਰ ਅਤੇ ਇੰਨੀ ਹੀ ਕੀਮਤ ਤੱਕ ਦਾ ਗੋਲਡ ਤੇ ਹੋਰ ਸਮਾਨ ਬਿਨਾਂ ਟੈਕਸ ਲਿਆਂਦਾ ਜਾ ਸਕਦਾ ਹੈ,ਫਿਰ ਸਾਡੇ ਤੇ ਕਾਹਦਾ ਜੁਰਮਾਨਾ ਠੋਕਿਆ ਗਿਆ? ਸਾਨੂੰ ਨਹੀਂ ਦਸਿਆ ਗਿਆ
ਅਸੀਂ ਤੇ ਅੱਜ ਤੱਕ ਇਹੋ ਸੁਣਦੇ ਸਮਝਦੇ ਰਹੇ 'ਭ੍ਰਸ਼ਿਠਾਚਾਰ ਵਿੱਚ ਭਾਰਤ ਪਹਿਲੇ ਨੰਬਰ ਤੇ ਹੈ ਤੇ ਇਥੇ ਆਪਣੇ ਹੀ ਪ੍ਰਵਾਸੀ ਭਾਈਆਂ ਨੂੰ ਕਸਟਮ ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ,ਪਰ ਮੈਕਸੀਕੋ ਜਿਹੇ ਹੋਰ ਮੁਲਕ ਵੀ ਭਾਰਤ ਦੇ ਵਰਗੇ ਹੀ ਹਨ।
    ਉਸ ਵਿਅਕਤੀ ਵਲੋਂ ਜੋ ਪੀੜਾ ਦਿੱਤੀ ਗਈ ਦਿਲ ਫੇਲ੍ਹ ਹੋਣ ਦੀ ਨੌਬਤ ਆ ਗਈ ਸੀ।ਸੱਤ ਖਤਮ ਸੀ ਬੱਸ ਇਕੋ ਸਾਹ ਬਾਕੀ ਸੀ।
     ਸਿਆਸਤ ਤਾਂ ਹੈ ਗੁੰਝਲਦਾਰ ਬੁਝਾਰਤ,ਰਾਜਨੀਤੀ ਦੀਆਂ ਖਬਰਾਂ ਦੇ ਨਾਲ ਨਾਲ ਇਸ ਤਰਾਂ ਆਮ ਆਦਮੀ ਦੇ ਦੁਖੜੈ ਤੇ ਹੱਡਬੀਤੀਆਂ ਤੇ ਵੀ ਖਬਰ ਲਾ ਕੇ ਕੁਝ ਮਿੰਟ ਵਕਫ਼ ਕਰ ਦੇਣ ਦੀ ਕ੍ਰਿਪਾਲਤਾ ਕਰਦੇ ਰਿਹਾ ਕਰੋ ਜੀ।ਇਹ ਵੀ ਹੋ ਸਕਦਾ ਹੈ  ਕਿ ਸਾਡੇ ਦੇਸ਼ ਵਿੱਚੋ ਹੀ ਕੋਈ ਏਜੰਟ ਨਾਲ ਰਲਿਆ ਹੋਵੇ।
ਸੰਦੇਸ਼--ਦੁਹਾਈ ਜੇ ਮੈਕਸੀਕੋ ਸਿਟੀ ਏਅਰਪੋਰਟ ਦੇ ਰਸਤੇ ਆਉਣ ਤੋਂ ਖਬਰਦਾਰ ਰਹਿਣਾ,ਲਗਦੀ ਵਾਹ ਪ੍ਰਹੇਜ਼ ਕਰਨਾ।ਮੈਕਸੀਕੋ ਨਿਵਾਸੀ ਮਿਲਣਸਾਰ ਹਨ ਮਦਦਗਾਰ ਹਨ।
       ਰਣਜੀਤ ਕੌਰ

ਤੇਰੀ ਸ਼ਾਦੀ  - ਰਣਜੀਤ ਕੌਰ ਗੁੱਡੀ ਤਰਨ ਤਾਰਨ

''     ਤੇਰੀ ਸ਼ਾਦੀ  ''
        ਤੇਰੀ ਸ਼ਾਦੀ ਸਾਡੀ ਬਰਬਾਦੀ
ਕੁਝ ਹੀ ਚਿਰ ਪਹਿਲਾਂ ਭਾਊ ਮੱਖਣ ਸਾਡੇ ਮੁਹੱਲੇ ਤੱਕ ਹੀ ਭਾਊ ਸੀ,ਸਾਰੇ ਮੁਹੱਲੇ ਦਾ ਸੌਦਾ ਸਲਫ ਲਿਆਉਣਾ,ਉਚ ਨੀਚ ਵੇਲੇ ਦੀ ਭੱਜ ਦੌੜ,ਵਿਆਹ ਸ਼ਾਦੀਆਂ ਦੀ ਵਿਚੋਲਗੀਰੀ ਤੇ ਹੋਰ ਸਾਰੇ ਛੋਟੇ ਵੱਡੇ ਕੰਮ ਭਾਊ ਹੀ ਕਰਦਾ ਸੀ,ਭਾਊ ਖੜਕਾ ਦੜਕਾ ਵੀ ਪੂਰਾ ਰੱਖਦਾ ਸੀ ਕਿਉਂਕਿ ਭਾਊ ਖਾੜਕੂ ਸਿਖਿਅਕ ਜੋ ਸੀ।ਥਾਨੇ ਪਥਾਨੇ ਚੰਗੀ ਠੁਕ ਬਣ ਗਈ ਜਦ ਤਾਂ ਭਾਊ  ਨੇ ਪੂਰੇ ਸ਼ਹਿਰ ਦਾ ਚਾਰਜ ਸੰਭਾਲ ਲਿਆ ਤੇ ਦੋ ਚਾਰ ਨਾਹਰੇ ਮਾਰ  ਕੇ ਸਿਆਸੀ ਭਾਊ ਬਣ ਗਿਆ ਚੇਲੇ ਬਾਲਕੇ ਵੀ ਕਈ ਹੋ ਗਏ।
        ਭਾਊ ਨੇ ਆਪਣੀ ਇਕ  ਚਲਦੀ ਫਿਰਦੀ ਕੰਪਨੀ ਬਣਾ ਲਈ,ਜਿਸਦੇ  ਮੁਹੱਲੇ ਦਾ ਨਾਮ ਸੀ,'ਵਿਗੜੇ ਕੰਮ ਕੰਪਨੀ ਲਿਮਟਿਡ''।ਇਸ ਵਿੱਚ ਹਰ ਤਰਾਂ ਦਾ ਧੰਧਾ ਚਲਦਾ ਸੀ,ਮਸਲਨ,ਠੇਕੇ ਨੀਲਾਮੀ,ਟੈਂਡਰ ਚੋਣ ਰੈਲੀਆਂ,ਤੇ ਇਥੋਂ ਤੱਕ ਕਿ ਚੋਣ ਉਮੀਦਵਾਰਾਂ ਦੀਆਂ ਟਿਕਟਾਂ ਦੀ ਸੌਦੇਬਾਜੀ,ਘਰ ਦੁਕਾਨ ਖ੍ਰੀਦ ਵੇਚ ਤੋਂ ਇਲਾਵਾ ਅਗਵਾ ਸਪਾਰੀ,ਕਿਰਾਏ ਦੇ ਕਾਤਲ, ਆਦਿ ਏਨੀ ਪੁੱਠ ਬਣਾ ਲਈ ਕਿ ਆਦਮੀ  ਤਾਂ ਕੀ ਕਿਸੇ ਰੁੱਖ ਦਾ ਪੱਤਾ ਵੀ ਭਾਊ ਤੋਂ ਪੁਛੈ ਬਿਨਾ ਹਿਲਦਾ ਨਾ,,ਕੁੱਤਾ ਭੌਂਕਣ ਤੋਂ ਪਹਿਲਾਂ ਭਾਊ ਤੋਂ ਪੂਛ ਹਿਲਾ ਕੇ ਇਜ਼ਾਜ਼ਤ ਲੈਂਦਾ।
    ਮੁਹੱਲੇ ਦੇ ਫਸਾਦਾਂ ਦਾ ਤਜੁਰਬਾ ਕਾਲਜ ਵਿੱਚ ਵਾਹਵਾ ਕੰਮ ਆਇਆ ਕਿ ਮੱਖਣ ਦੇ ਥਾਨੇ ਦੇ ਗੇੜਿਆਂ ਨੇ ਉਹਦੀ ਸਰਕਾਰੇ ਦਰਬਾਰੇ ਪਹੁੰਚ ਕਰਾ ਤੀ ਤੇ ਮੱੰਖਣ ਤੋਂ ਉਹ ਮੱਖਣਾ ਭਾਊ ਦਾ ਅਹੁਦਾ ਪਾ ਗਿਆ।ਚਾਰ ਕੁ ਸਾਲ ਪਹਿਲਾਂ ਭਾਊ ਅੱਗੇ ਤੇ ਪੁਲਸ ਪਿਛੈ,ਅੱਜ ਭਾਊ ਪਿਛੈ ਤੇ ਪੁਲਸ ਅੱਗੇ।ਕੋਈ ਖੁਰਾ ਖੋਜ ਲਾਉਣਾ ਕਿੜ ਕੱਢਣੀ,ਕੀਹਨੂੰ ਅੰਦਰ ਕਰਨਾ ਤੇ ਕੀਹਨੂੰ ਬਾਹਰ ਛੱਡਣਾ ਸੱਭ ਭਾਊ ਦੀ ਅੱਖ ਦੇ ਇਸ਼ਾਰੇ ਤੇ।ਰੈਲੀਆਂ ਆਯੋਜਨ ਵਿੱਚ ਮੁੱਖ ਮੰਤਰੀ ਉਮੀਦਵਾਰ ਦੀ ਅੇੈਸੀ ਕੁਰਸੀ ਸਜਾਈ ਕਿ ਮੁੱਖ ਮੰਤਰੀ ਦਾ ਥਾਪੜਾ ਹਾਸਲ ਕਰ ਲਿਆ ਤੇ ਬਾਹਰੋਂ ਗੈਂਗਸਟਰ ਤੇ ਅੰਦਰੋਂ ਵੱਡੇ ਸਾਹਬ ਦਾ ਪੀ.ਏ ਮੁੱਖ ਸਕੱਤਰ,ਇਥੋਂ ਤੱਕ ਕਿ ਬੀਬੀ ਸਾਹਬ ਦਾ ਵੀ ਕਰਤਾ ਧਰਤਾ ਹੋ ਨਿਬੜਿਆ।
   ਇਕ ਹੱਥ ਲੈ ਦੂਜੇ ਹੱਥ ਦੇ -ਕਮਿਸਨ ਰਿਸ਼ਵਤ,ਸਲਾਹ ਸੱਭ ਭਾਊ ਕਰ ਲੈਂਦਾ।ਦੋ  ਚਾਰ ਨੂੰ ਸਲਾਹ ਕਰਦੇ ਸੁਣਦਾ ਤੇ ਵਿੱਚ ਜਾ ਮੋਢੈ ਤੇ ਹੱਥ ਰੱਖ ਬੋਲਦਾ,'ਲੈ ਗ੍ਰਹਿ ਮੰਤਰੀ ਤੇ ਆਪਣਾ ਪੱਠਾ ' ਗਲ ਈ ਕੋਈ ਨਹੀਂ ਆਪਣਾ ਕੰਮ ਹੋਇਆ ਲਓ ,ਬੱਸ ਨਾਂਵੇ ਦੀ ਕਿਰਸ ਨਾਂ ਕਰਨਾ'।ਮੁੱਖ ਮੰਤਰੀ ਦਫਤਰ ਦੀਆਂ ਅਹਿਮ ਫਾਈਲਾਂ ਭਾਉ ਦੇ ਕਬਜ਼ੇ ਚ ਰਹਿੰਦੀਆਂ,ਕਿਉਂਕਿ ਭਾਊ ਨੁੰ ਹੀ ਮਸਲੇ ਮਾਮਲੇ ਕੇਸ ਪੜ੍ਹ ਕੇ ਸੁਣਾਉਣੇ ਹੁੰਦੇ ਸੀ।ਅੰਗਰੇਜੀ ਤਾਂ ਕੀ ਸਾਹਬਾਂ ਦਾ ਪੰਜਾਬੀ ਹਿੰਦੀ ਤੋਂ ਵੀ ਮਸਾਂ ਹੀ ਅੱਖਰ ਉਠਦਾ।
      ਚੋਣਾ ਵੇਲੇ ਤੋੜ ਫੌੜ,ਇਧਰੋਂ ਪੁੱਟ ਉਧਰ ਲਾ,ਵਿਰੋਧੀ ਉਠਾਉਣੇ ਬਿਠਾਉਣੇ ਸੱਭ ਕੰਮ ਭਾਊ ਦੇ ਖੱਬੇ ਹੱਥ ਰਹਿੰਦੇ।ਭਾਊ ਨੂੰ ਦੌਲਤ ਦਾ ਇੰਨਾ ਨਹੀਂ ਸੀ ਜਿੰਨਾ ਮਸ਼ਹੂਰੀ ਦਾ,ਕੁਰਸੀ ਦਾ ਵੀ ਲੋਭ ਨਹੀਂ ਸੀ,ਬੱਸ ਨਾਮ ਗੂੰਜੇ ਭਾਵੇ ਬਦਨਾਮ ਹੀ।ਭਾਊ ਦੀ ਸੋਚ ਸੀ,;ਬਦਨਾਮ ਹੋਂਗੇ ਤੋ ਜਿਆਦਾ ਨਾਮ ਹੋਗਾ'।
     ਅਗਲੀਆਂ ਚੋਣਾ ਚ ਵਰ੍ਹਾ ਕੁ ਰਹਿ ਗਿਆ ਤਾਂ ਮੁੱਖ ਮੰਤਰੀ ਹੁਣਾ ਭਾਊ ਨਾਲ ਮਸ਼ਵਰਾ ਕੀਤਾ ਭਾਊ ਮੱਖਣਾ ਕਲ ਨਾਮ ਕਾਲ ਦਾ ਆਪਾਂ ਸਮਾਂ ਰਹਿੰਦੇ ਆਪਣੀ ਗੁੜੀਆ ਛਿੰਦੀ ਦੀ ਸ਼ਾਦੀ ਕਰ ਲਈਏ'- ਕਿਉਂ ਨਹੀਂ ਸਾਹਬ ਜੀ ਨੇਕ ਕੰਮ ਵਿੱਚ ਦੇਰੀ ਖੁਦਾ ਨੂੰ ਕਬੂਲ਼ ਨਹੀਂ ਕਲ ਹੀ ਮਹੂਰਤ ਕਢਾਓ।ਸਾਬਕਾ ਮੁੱਖ ਮੰਤਰੀ ਨਾਲ ਗੰਢ ਤੁਪ,ਮੁੱਕ ਮੁਕਾ ਕਰ ਮੁੰਡੇ ਨਾਲ ਸੌਦਾ ਕਰ ਵਿਆਹ ਦਾ ਦਿਨ ਨਿਸ਼ਚਿਤ ਕਰ ਲਿਆ।ਲੋਂਭ ਮੋਹ  ਮਾਇਆ ਹੰਕਾਰ ਕ੍ਰੌਧ ਦੀ ਅੱਗ ਦੋਨੋਂ ਤਰਫ਼ ਏਕ ਜੈਸੀ'।
    ਜਿੰਨੇ ਜੋਗਾ ਕੋਈ ਬਾਪ ਹੁੰਦਾ ਹੈ ਆਪਣੀ ਧੀ ਲਈ ਵੱਧ ਤੋਂ ਵੱਧ ਕਰਦਾ ਹੈ,ਪਰ ਮੰਤਰੀ ਦੀ ਨਹੀਂ ਇਹ ਤੇ ਮੁੱਖ ਮੰਤਰੀ ਦੀ ਕੁੜੀ ਦੀ ਸ਼ਾਦੀ ਸੀ।ਇਥੇ ਤਾਂ ਵੋਟਰਾਂ ਦੇ ਘਰ ਜਲਾ ਕੇ ਸ਼ਾਮਿਆਨੇ ਰੌਸ਼ਨ ਕੀਤੇ ਜਾਣੇ ਸਨ।'ਨੇਤਾ ਨੇਤਾ ਮਸੇਰ ਭਰਾ-ਥੋੜੀ ਜਿਹੀ ਵੀ ਕਸਰ ਰਹਿ ਜਾਂਦੀ ਤਾਂ ਰੁਤਬੇ ਤੇ ਮਿੱਟੀ ਪੈ ਜਾਂਦੀ।ਪੂਰੇ ਦੇਸ਼ ਵਿੱਚ ਹਰ ਸੂਬੇ ਦੇ ਹਰ ਮੰਤਰੀ ਨੂੰ ਬੁਲਾਵਾ ਭੇਜਿਆ ਗਿਆ।ਕੁਝ ਅੇਸੇ ਮਿੱਤਰ ਵੀ ਬੁਲਾਏ ਗਏ ਜਿਹਨਾਂ ਤੋਂ ਮੁੱਖ ਮੰਤਰੀ ਨੂੰ ਗੜਬੜੀ ਤੇ ਜਾਨ ਦਾ ਖਤਰਾ ਰਿਹਾ ਸੀ।ਹਜਾਰਾਂ ਦੀ ਗਿਣਤੀ ਵਿੱਚ ਸਕਿਉਰਟੀ ਵਾਲੇ' ਮੱਛਰ ਨਜ਼ਰ 'ਘੁਮਾਈ ਫਿਰਦੇ ਸਨ।ਦੱਸ ਹਜਾਰ ਬਰਾਤੀ ਆਉਣ ਦਾ ਸੰਕੇਤ ਸੀ।ਕੇਂਦਰ ਦੇ ਅਧਿਕਾਰੀ ਤੱਕ ਬੁਲਾਏ ਗਏ।ਸਿੱਧਾ ਹੀ ਅਖਬਾਰ ਦਾ ਉਤਲਾ ਪੰਨਾ ਆਪਣੀ ਲਾਡਲੀ ਦੇ  ਨਾਮ ਖ੍ਰੀਦ ਕੇ ਹਰ ਪ੍ਰਾਂਤ ਨੂੰ ਸੱਦਾ ਪੱਤਰ ਤੋਰਿਆ ਗਿਆ।
ਮੁੱਖੀਆ ਸਾਹਬ ਦੇ ਖੂਨ ਵਿੱਚ ਰਚੀ ਕਮੀਨਗੀ ਤਕੜੀ ਹੋ ਗਈ ਸੀ।ਉਹ ਨਹੀਂ ਸੀ ਚਾਹੁੰਦੇ ਕਿ ਭੁੱਖੜ ਜਿਹੇ ਵੋਟਰ ਹਾਲ ਵਿੱਚ ਵੜਨ ਕਿਤੇ ਇਹ ਨਾਂ ਹੋਵੇ ਟੱਬਰ ਸਮੇਤ ਪੇਂਡੂ ਪੇਟ ਭਰ ਜਾਣ ਤੇ ਬਰਾਤ ਦਾ ਖਾਣਾ ਥੁੜ ਜਾਵੇ ਤੇ ਥੂ ਥੂ ਹੋ ਜਾਵੇ।ਮੱਖਣ ਭਾਊ ਨੇ ਕਿਹਾ ਸਾਹਬ ਜੀ ਭੋਰਾ ਫਿਕਰ ਨਾ ਕਰੋ ਅੱਵਲ ਤੇ ਮੈਂ ਕਿਸੇ ਨੂੰ ਅੰਦਰ ਜਾਣ ਨੀਂ ਦੇਂਦਾ,ਪਰ ਸਾਹਬ ਜੀ ਆਪਾਂ ਕਿਹੜਾ ਪੱਲੇ ਤੋਂ ਕੁੱਝ ਲਾਉਣਾ ਹੈ,ਆਪਾਂ ਦੋ ਹਜਾਰ ਬੰਦੇ ਦਾ ਸਾਦਾ ਖਾਣਾ ਬਣਵਾ ਲੈਂਨੇ ਆਂ ਨਾਲੇ ਵਿਆਹ ਤੋਂ ਬਾਦ ਬਚਿਆ ਵੀ ਤੇ ਬਥੇਰਾ ਹੁੰਦਾ,ਸਾਹਬਜੀ ਵੋਟਾਂ ਤੇ ਆ ਗੀਆਂ ਆਪਾਂ ૴૴.।ਭਾਊ ਇਸੇ ਮੌਕੇ ਆਪਣੀ ਹੋਰ ਠੁੱਕ ਬਂਨਣੀ ਚਾਹੁੰਦਾ ਸੀ।ਤੇ ਉਹਦੀ ਵੋਟਾਂ ਨੇੜੈ ਦੀ ਬਾਤ ਵੀ ਸਾਹਬ ਨੂੰ ਚੌਕੰਨਾ ਕਰ ਗਈ।ਪਰ ਕਮੀਨਗੀ?
  ਭਾਊ ਭਾਂਵੇ ਠੀਕ ਬੋਲਦਾ ਹੈ ਫਿਰ ਵੀ ਇਹ ਛੋਟੇ ਲੋਕ ਇਂਨੇ ਨੇੜੇ ਨਹੀਂ ਲਾਉਣੇ ਚਾਹੀਦੇ ਉਹ ਵੀ ਠੱਠੀਆਂ ਬਸਤੀਆਂ ਦੇ,ਇਕ ਵਾਰ ਇਹਨਾਂ ਦਾ ਮੁਸਕ ਝੱਲ ਲਿਆ,ਫਿਰ ਵੇਖਾਂਗੇ ਵਰ੍ਹੇ ਨੂੰ।ਜੇ ਇੰਜ ਇਹਨਾਂ ਵੋਟਰਾਂ ਨੁੰ ਮੂੰਹ ਲਾਉਣ ਲਗੇ ਤੇ ਪੈ ਗਈ ਪੂਰੀ।ਚੇਤਾ ਮੈਨੂੰ ਜਦੋਂ ਮੈਂ ਸਹੁੰ ਖਾਣ ਤੋਂ ਬਾਦ ਮੈਂ ਇਲਾਕੇ ਵਿਚ ਧੰਨਵਾਦ ਕਰਨ ਗਿਆ ਸੀ ਤੇ ਕਿਵੇਂ ਹੇੜਾਂ ਦੀਆਂ ਹੇੜਾਂ ਆਪਣੇ ਕੰਮਾਂ ਦੇ ਲੰਬੇ ਪਰਚੇ ਚੁੱਕੀ ਆ ਘੇਰਾ ਪਾਇਆ ਸੀ। ਮੈਂ ਇਹਨਾਂ ਦੇ ਕੰਮਾ ਲਈ ਥੋੜਾ ਮੁੱਖ ਮੰਤਰੀ ਬਣਿਆ ਮੈਂ ਤੇ ਆਪਣੀ ਦਸਵੀਂ ਪੀੜ੍ਹੀ ਬਣਾਉਣੀ ਤੇ ਨਾਲੇ ਉਪਰ ਵਾਲਿਆਂ ਨੂੰ ਖੁਸ਼ ਰਖਣਾ ਹੈ।ਇਕ ਵਾਰ ਮੂੰਹ ਲਾ ਲਓ ਤੇ ਲਸੂੜੀ ਹੋ ਜਾਂਦੇ ਨੇ ਭੂੱਖੜ ਜਿਹੇ।ਇਹ ਨਹੀਂ ਇੰਨੇ ਜੋਗੇ ਕਿ ਪੰਜ ਸਾਲ ਪਹਿਲਾਂ ਦਾ ਚੇਤਾ ਰੱਖਣ।ਨਾਂ ਮੈਥੋਂ ਚਾਕਰੀ ਹੁੰਦੀ ਗਲੋਂ ਲੱਥੇ ਹੀ ਚੰਗੇ।ਆਹ ਸਕੱਤਰਾਂ ਤੇ ਗੰਨਮੈਨਾਂ ਦੀ ਫੋਜ ਕਦੋਂ ਕੰਮ ਆਵੇਗੀ?
    ਭਾਊ ਨੇ ਮੁੱਖ ਮੰਤਰੀ ਸਾਹਬ ਨੂੰ ਸਲਿਉਟ ਕਰਦੇ ਹੋਏ ਕਿਹਾ ,' ਸਾਹਬਜੀ ਤਸੱਲੀ ਰੱਖੌ ਜਿਸ ਤਰਾਂ ਆਪ ਚਾਹੋਗੇ ਉਂਵੇ ਹੀ ਹੋਵੇਗਾ ਬੰਦਾ ਤੇ ਕੀ ,ਕੀ ਮਜਾਲ ਕਿ ਪਰਿੰਦਾ ਸ਼ਮਿਆਨੇ ਦੇ ਉਤੋਂ ਦੀ ਵੀ ਲੰਘ ਸਕੇ,ਕਿਤੇ ਬਿੱਲਾ ਵੀ ਝਾਂਕ ਸਕੇ,ਮੈਂ ਜੋ ਹਾਂ,ਆਪ ਫਿਕਰ ਨਾ ਕਰੋ।
    ਭਾਊ ਨੇ ਆਪਣੇ ਚੇਲੇ ਬਾਲਕੇ ਪੂਰੇ ਸੂਬੇ ਵਿੱਚ ਖਿੰਡਾ ਦਿੱਤੇ,ਕਾਰਾਂ ਦੇ ਸ਼ੋਰੂਮਾਂ ਵਿੱਚੋ ਸੱਭ ਨਵੀਆਂ ਕਾਰਾਂ ਚੁਕਵਾ ਲਿਆਓ ਤੇ ਹਰ ਘਰ ਵਿਚੋਂ ਕਾਰ ਦੁੜਾ ਲਿਆਓ।ਹਜਾਰ ਬਾਰਾਂ ਸੌ ਕਾਰ ਬਰਾਤੀਆਂ ਨੁੰ ਏਅਰਪੋਰਟ ਤੋਂ ਲੈ ਕੇ ਸੂਬੇ ਦੇ ਸਾਰੇ ਹੋਟਲਾਂ ਤੇ ਪੁਚਾ ਦਿਓ।ਤੇ ਨਾਲ ਹੀ ਹਰ ਹੋਟਲ ਦੇ ਮਾਲਕ ਨੂੰ ਪੰਜਾਬੀ ਵਿੱਚ ਸਮਝਾ ਦੇਣਾ ਕਿ ਮੁੱਖ ਮੰਤਰੀ ਸਾਹਬ ਦੀ ਲਾਡਲੀ ਦੀ ਬਰਾਤ ਹੈ ਕੋਈ ਕਸਰ ਨਾਂ ਰਹੇ ਤੇ ਖਰਚੇ ਦੇ ਬਿਲ ਸੂਬੇ ਦੇ ਧਨਾਢਾਂ ਤੋਂ ਵਸੂਲੇ ਜਾਣ।ਗੁਰੂ ਜਿਹਨਾਂ ਦੇ ਟੱਪਣੇ ਚੇਲੇ ਜਾਣ ਛੜੱਪ ਅਨੁਸਾਰ ਭਾਊ ਦੇ ਚੇਲਿਆਂ ਨੇ ਹਜਾਰਾਂ ਕਾਰਾਂ ਚੁੱਕ ਲਈਆਂ,ਪੈਟਰੋਲ ਦੀਆਂ ਟੈਂਕੀਆਂ ਸਰਕਾਰ ਦੇ ਖਜਾਨੇ ਤੋਂ ਭਰਵਾ ਲਈਆਂ ਤੇ ਆਪਣੇ ਆਪ ਨੂੰ ਵੀ ਬਰਾਤੀ ਹੀ ਸਮਝ ਖੁਬ ਗੁਲਸ਼ਰੇ ਉਡਾਉਣ ਲਗੇ।
      ਵਿਚਾਰੇ ਹਮਾਤੜ ਜਿਹਨਾਂ ਨੇ ਰੱਖ ਰਖਾਓ ਲਈ ਬੈਂਕ ਤੋਂ ਕਰਜੇ ਲੈ ਕਾਰਾਂ ਲਈਆਂ ਸਨ ਥਾਣੇ ਰਿਪੋਰਟ ਲਿਖਾਉਣ ਗਏ ਤੇ ਅੱਗੋਂ ਥਾਣੇਦਾਰ ਨੇ ਗੁੱਝੈ ਸ਼ਬਦਾਂ ਚ ਸੁਣਾਇਆ,'ਸਫੇਦ ਵਸਤਰਾਂ ਵਿੱਚ ਆਏ ਜੇ ਸਫੇਦ ਹੀ ਘਰਾਂ ਨੂੰ ਚਲੇ ਜਾਓ ਤੇ ਅਵਾਜ਼ ਨਾਂ ਕੱਢਣਾ ਸ਼ਾਦੀ ਹੋ ਜਾਏ ਤੇ ਕਾਰਾਂ ਟੁਟੀਆਂ ਭੱਜੀਆਂ ਮੁੜ ਆਉਣਗੀਆਂ ਪਰ ਜੇ ਰਪਟ ਦਰਜ ਕਰਾਓਗੇ  ਅਸੀਂ ਤੇ ਕਰ ਲੈਣੀ  ਹੁਣ ਤੇ ਕੱਲੀ ਕਾਰ ਹੀ ਗਈ ਫਿਰ ਸਾਰਾ ਟੱਬਰ ਉਠਾ ਲੈ ਜਾਓਗੇ ਇਸ ਲਈ ਮੱਖਣ ਭਾਊ ਨਾਲ ਮਿੱਠੇ ਪਿਆਰੇ ਹੋਏ ਰਹੋ।
      ਹੋਟਲ ਮਾਲਕ ਜਾਣਦੇ ਸਨ ਕਿ ਮੱਖਣ ਭਾਊ ਉਂਜ ਇਨਸਾਫ਼ ਪਸੰਦ ਬੰਦਾ ਹੈ ਇਸਨੇ ਕਦੇ ਕਿਸੇ ਨਾਲ ਅਨਿਆਏ ਨਹੀਂ ਹੋਣ ਦਿੱਤਾ ਤੇ ਨਾਂ ਹੀ ਪੈਸੇ ਦਾ ਲਾਲਚੀ ਹੈ,ਉਹਨਾਂ ਨੇ ਭਾਊ ਨੂੰ ਰਾਸ਼ਨ ਪੁਚਾਉਣ ਲਈ ਬੇਨਤੀ ਕਰ ਦਿੱਤੀ ਉੰਂਜ ਉਹਨਾਂ ਨੂੰ ਪਤਾ ਸੀ ਮੁੱਖ ਮੰਤਰੀ ਹੁਣਾ ਸਰਕਾਰੀ ਖਜਾਨੇ ਤੇ ਭਾਰ ਪਾ ਕੇ ਵੀ ਟਕਾ ਨਹੀਂ ਦੇਣਾ।ਇਸ ਗਲ ਦਾ ਭਾਊ ਨੂੰ ਵੀ ਅੰਦੇਸ਼ਾ ਸੀ,ਸੋ ਭਾਊ ਨੇ ਵਿੱਤ ਮੰਤਰੀ ਸਾਹਬ ਨੂੰ ਵਿਸ਼ਵਾਸ ਦਿਲਾ ਕੇ ਪੇਂਡੂ ਵਿਕਾਸ ਦੇ ਖਾਤੇ ਦਾ ਸਾਰਾ ਫੰਡ ਹੋਟਲਾਂ ਦੇ ਨਾਮ ਭਿਜਵਾ ਦਿੱਤਾ।
    ਛੋਟੀ ਗੁੜੀਆ  ਲਾਡਲੀ ਦੇ ਵਿਆਹ ਦੇ ਕਾਰਡਾਂ ਦਾ ਖਰਚਾ ਚਾਰ ਲੱਖ ਰੁਪਏ ਹੋਇਆ।ਖ਼ਵਰੇ ਕਾਹਦੇ ਬਣਾਏ ਸੀ ਕਾਰਡ,ਦੱਸ ਦੱਸ ਹਜਾਰ ਦਾ ਇਕ ਕਾਰਡ,ਖੋਲ੍ਹਦੇ ਤੇ ਸੰਗੀਤ ਵਜਦਾ,ਚਾਰੇ ਪਾਸੇ ਮਹਿਕਾਂ ਖਿਲਰ ਜਾਂਦੀਆਂ ,ਹਰੀ ਨੀਲੀ ਰੌਸ਼ਨੀ ਪਸਰ ਜਾਂਦੀ।ਇਹ ਪੈਸਾ ਵੀ ਸੜਕ ਦੇ ਠੇਕੇਦਾਰ ਨੇ ਦਿੱਤਾ।ਹੋਰ ਉਤਲੇ ਖਰਚੇ ਸਫ਼ਾਈ ਸੇਵਕਾਂ ਦੇ ਠੇਕੇਦਾਰ ਨੂੰ ਕੁਝ ਤੇ ਕੁੱਝ ਸਕੁਲ਼ ਟੀਚਰਜ਼ ਦੇ ਠੇਕੇਦਾਰ ਦੇ ਜਿੰਮੇ ਲਾਏ।ਕਾਮਿਆਂ ਨੂੰ ਤਿੰਨ ਤਿੰਨ ਮਹੀਨੇ ਭੱਤਾ ਨਾ ਦਿੱਤਾ ਗਿਆ।ਸ਼ਰਾਬ ਦੇ ਕਾਰਖਨਿਆਂ ਵਿਚੌ ਅੰਗੂਰ ਦੀ ਬੇਟੀ ਦਾ ਹੜ ਆ ਗਿਆ ਜਿੰਨੀ ਪੀਤੀ ਉਨੀ ਨਾਲ ਵੀ ਲੈ ਗਏ ਬਰਾਤੀ।ਇਹਦਾ ਬਿਲ ਵੀ ਰੇਗੂਲਰ ਕਰਮਚਾਰੀਆਂ ਦੇ ਮਹਿੰਗਾਈ ਭੱਤਾ ਰੋਕ ਕੇ ਦਿੱਤਾ ਗਿਆ।ਗੁੜੀਆ ਦਾ ਵਿਆਹ ਇੰਨਾ ਸ਼ਾਨਦਾਰ ਕਿ ਵਲਾਇਤ ਦੀ ਰਾਜਕੁਮਾਰੀ ਡਾਇਨਾ ਦਾ ਵੀ ਕੀ ਮੁਕਾਬਲਾ ਕਰੇਗਾ?
       ਬਰਾਤੀਆਂ ਵਿਚੋਂ ਵੀ ਬਹੁਤਿਆਂ ਨੇ ਅੇੈਸਾ ਵਿਆਹ ਪਹਿਲਾਂ ਕਦੇ ਨਹੀਂ ਸੀ ਵੇਖਿਆ ਵਾਹਵਾ ਵਾਹਵਾ ਹੋ ਰਹੀ ਸੀ ਤੇ ਭਾਊ ਨੂੰ ਲਗ ਰਿਹਾ ਸੀ ਇਹ ਵਾਹਵਾ ਉਸਦੀ ਹੋ ਰਹੀ ਹੈ।ਭਾਊ ਆਪ ਤੇ ਸੰਯਮ ਵਿੱਚ ਰਹਿੰਦਾ ਸੀ ਪਰ ਉਸਦੇ ਚੇਲਿਆਂ ਦੀ ਤੇ ਅੱਜ ਦੁਨੀਆਂ ਹੀ ਬਦਲੀ ਪਈ ਸੀ।ਉਹਨਾ ਦੇ ਦਸੇ ਘਿਓ ਵਿੱਚ ਸਨ।ਚੰਗਾ ਕੈਸ਼ ਵੀ ਉਹਨਾਂ ਦੇ ਹੱਥ ਆ ਗਿਆ ਸੀ।ਉਹ ਇਕ ਦੂਜੇ ਨੂੰ ਇਸ਼ਾਰੇ ਦੇ ਰਹੇ ਸਨ ਭਰ ਲਓ ਭਰ ਲਓ ਵਿਆਹ ਇਕ ਵਾਰ ਹੀ ਹੁੰਦੈ ਬਲਕਿ ਅੇਸਾ ਵਿਆਹ ਤੇ ਸਦੀ ਵਿੱਚ ਇਕ ਵਾਰ ਹੂੰਦੈ ,'ਦਮ ਦਾ ਕੀ ਭਰੋਸਾ ਆਵੇ ਆਵੇ ਨਾ ਆਵੇ',ਲੁੱਟ ਲਓ ਮੌਜਾਂ,ਖਾਓ ਮਜੇ ਬੇਬਹਾਰੀ ਬਹਾਰ ਦੇ।ਨਾਲੇ ਜਿਹੜਾ ਬੰਦਾ ਉਹਨਾਂ ਵਲ ਮੂੰਹ ਨੀਂ ਸੀ ਕਰਦਾ ਅੱਜ ਹੱਥ ਮਿਲਾ ਰਿਹਾ ਸੀ।
     ਸਾਬਕਾ ਮੁੱਖ ਮੰਤਰੀ ਦੇ ਛੋਕਰੇ ਦੇ ਪੈਰ ਧਰਤੀ ਤੇ ਨਹੀਂ ਸੀ ਤੇ ਦਿਲ ਸੱਤਵੇਂ ਅਸਮਾਨ ਤੇ ਸੀ ਇੰਨਾ ਮਾਲ ਮਿਲ ਗਿਆ ਸੀ ਕਿ ਦੋ ਟਰੱਕ ਮਾਲ ਅਸਬਾਬ ਲਈ ਤੇ ਮਰਸਡੀਜ਼ ਨੋਟਾਂ ਦੀ ਭਰੀ ਲੈ ਕੇ ਜਾਣ ਲਈ ਇਕ ਹਜਾਰ ਸੁਰੱਖਿਆ ਕਰਮਚਾਰੀ ਨਾਲ ਛੱਡਣ ਗਏ।
  ਜਬਰੀ ਚੁੱਕੀਆਂ ਨਵੀਆਂ ਕਾਰਾਂ ਇਧਰ ਉਧਰ ਬੇਪਛਾਣ ਹਾਲਤ ਵਿੱਚ ਕੱਚੇ ਪੱਕੇ ਰਾਹ ਰੋਕੀ ਖੜੀਆਾਂ ਸਨ ਕਿਸੇ ਮਾਲਕ ਨੂੰ ਉਹਦੀ ਕਾਰ ਜਿਥੋਂ ਚੁੱਕੀ ਸੀ ਉਥੋਂ ਨਾ ਮਿਲੀ,ਭਾਊ ਦੇ ਚੇਲਿਆਂ ਨੇ ਲੋਕਾਂ ਨਾਲ ਚੰਗੀ ਨਹੀਂ ਸੀ ਕੀਤੀ ਪਰ ਭਾਊ ਨੂੰ ਇਸ ਬਰਬਾਦੀ ਦਾ ਅੇੈਸਾ ਝੋਰਾ ਲਗਾ ਕਿ ਉਹ ਸਾਧ ਬਣ ਇਕ ਡੇਰੇ ਤੇ ਜਾ ਵਸਿਆ,ਸ਼ੋਅ ਰੂਮਾਂ ਵਾਲਿਆਂ ਦਾ ਦੀਵਾਲੀਆ ਨਿਕਲ ਗਿਆ।
    ਤੇ ਇਸ ਤਰਾਂ ਲਾਡਲੀ ਗੁੜੀਆ ਦੀ ਸੁਲੱਖਣੀ ਸ਼ਾਦੀ ਸੂਬੇ ਦੇ ਵਾਸੀਆਂ ਲਈ ਸੁਨਾਮੀ ਹੋ ਨਿਬੜੀ। ਦਿਨ ਦਿਹਾੜੇ ਸ਼ਰੇਆਮ ਹੋਈ ਇਸ ਲੁੱਟ ਨਾਲ ਆਉਣ ਵਾਲੇ ਪਤਾ ਨਹੀਂ ਕਿੰਨੇ ਵਰ੍ਹਿਆਂ ਤੱਕ ਸੂਬੇ ਦੀਆਂ ਬਾਕੀ ਧੀਆਂ ਧਿਆਣੀਆਂ  ਇਸਦਾ ਸੰਤਾਪ ਹੰਢਾਉਣ ਗੀਆਂ।
     ਇਕ ਤੇਰੀ ਸ਼ਾਦੀ,ਅਨੇਕਾਂ ਦੀ ਬਰਬਾਦੀ-
   ਜਾ ਧੀਏ ਛਿੰਦੀਏ ਤੇਰੀ ਪ੍ਰਫਲਤਾ ਤੋਂ ਸਾਡੀ ਆਬਾਦੀ ਕੁਰਬਾਨ॥
      ਵੋ ਦੇਖੌ ਜਲਾ ਘਰ ਕਿਸੀ ਕਾ, ਯੇ ਟੂਟੇ ਹੈਂ ਕਿਸਕੇ ਸਿਤਾਰੇ? ਯਹਾਂ ਕਿਸਮਤ ਹੰਸੀ
         ਅੋਰ ਅੇੈਸੇ ਹੰਸੀ ਕਿ ਰੋਨੇ ਲਗੇ ਗਮ ਕੇ ਮਾਰੇ॥
         ਮਿਹਰ ਕਰੀਂ ਰੱਬਾ ਮਿਹਰ ਕਰੀਂ!
       ਰਣਜੀਤ ਕੌਰ ਗੁੱਡੀ ਤਰਨ ਤਾਰਨ

''ਜਵਾਬ  ਦੇਹੀ ਤਾਂ ਬਣਦੀ ਹੈ '' - ਰਣਜੀਤ ਕੌਰ ਗੁੱਡੀ ਤਰਨ ਤਾਰਨ

    ਰੇਡੀਓ ਸਟੇਸ਼ਨ ਜਲੰਧਰ ਤੋਂ ਰੋਜ਼ ਸੁਬਹ ਸਵੇਰੇ ਦੇ ਪ੍ਰੋਗਰਾਮ ਵਿੱਚ ਖਬਰਾਂ ਸ਼ੁਰੂ ਹੋਣ ਤਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੀ ਰਸੀਲੀ ਮਿੱਠੀ ਅਵਾਜ਼ ਵਿੱਚ ਇਕ ਰਿਕਾਰਡਿੰਗ ਸੁਣਾਈ ਜਾਦੀ ਹੈ,'ਪੰਜਾਬ ਦਾ ਇਕ ਇਕ ਬੱਚਾ ਮੇਰਾ ਬੱਚਾ ਹੈ'।ਪੰਜਾਬ ਵਿੱਚ 800 ਸਮਾਰਟ ਸਕੂਲ ਬਣਾਏ ਗਏ ਹਨ।
    ਮੁੱਖ ਮੰਤਰੀ ਸਾਹਬ ਪਹਿਲੀ ਗਲ ਤਾਂ ਇਹ ਭੁੱਲ ਗਏ ਕਿ ਮਿੱਠਾ ਸੰਗਤਾਂ ਨੂੰ ਹੁਣ ਪਚਦਾ ਨਹੀਂ।
ਦੂਜੇ ਵਿਕੀ ਮਿਡਲੇਡਾ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ-ਉਹ ਕਿਸਦਾ ਦਾ ਬੱਚਾ ਹੈ?
ਤੀਜੇ 135 ਦਿਨ ਪੰਜਾਬ ਦਾ ਬੱਚਾ ਸੁਰਿੰਦਰ ਪਾਲ ਸਿੰਘ ਟਾਵਰ ਤੇ ਟੰਗਿਆ ਰਿਹਾ ਉਹ ਕਿਸਦਾ ਬੱਚਾ ਹੈ?
  ਖਾਕੀ ਲਾਠੀਆਂ ਖਾਂਦੇ ਬੇਰੁਜਗਾਰ ਖੂਦਕੁਸ਼ੀਆਂ ਕਰਦੇ ,ਨਸ਼ਾ ਕਰਦੇ ਕਿਸਦੇ ਬੱਚੇ ਹਨ? ਦੱਸਣਾ ਜਰੂਰ
  ਗਲੀਆਂ ਸੜਕਾਂ ਤੇ ਰੁਲਦਾ ਕਿਸਾਨ ਕਿਸਦਾ ਬੱਚਾ ਹੈ? ਜਵਾਬ ਤਾਂ ਬਣਦਾ ਹੈ-ਦੇ ਦਿਓ ਸਾਹਬ ਜੀ।
 ਸਮਾਰਟ ਸਕੂਲ ਨਹੀਂ ਕਾਗਜ਼ੀ ਸਕੂਲ।ਤੱਥ ਹੈ ਕਿ 670  ਸਕੂਲ ਬੰਦ ਕੀਤੇ ਗਏ ਹਨ।
   ਪੰਜਾਬ ਦਾ ਨਵਜੰਮਿਆ ਬੱਚਾ ਦੁਨੀਆ ਵਿੱਚ ਆਉਣ ਵੇਲੇ ਆਪਣੇ ਨਾਲ ਸਿਰ ਤੇ ਵੀਹ ਲੱਖ ਦਾ ਕਰਜ਼ਾ ਚੁੱਕੀ ਆ ਰਿਹਾ ਹੈ।ਹੈਰਾਨ ਪਰੇਸ਼ਾਨ ਹੈ ਪੰਜਾਬ ਤੇ ਸੱਭ ਦਾ ਪੇਟ ਭਰਨ ਵਾਲਾ ਸੀ ૶
      ਬਿੱਲੇ ਦੁੱਧ ਦੀ ਰਾਖੀ ਬੈਠੈ,ਇਹ ਕਾਲੇ ਲੇਖਾਂ ਵਾਲਾ ਚਿੱਟੀ ਕ੍ਰਾਂਤੀ ਪੰਜਾਬ
  ਨਵਜੋਤ ਸਿੰਘ ਸਿੱਧੂ ਦਾ ਜਿਕਰ ਕਰਨਾ ਨਹੀਂ ਚਾਹੀਦਾ,ਉਸਦਾ ਮਕਸਦ ਸਿਰਫ਼ ਇੰਨਾ ਹੈ ਕਿ ਉਹਦੀਆਂ ਡੱਡੂ ਟਪੂਸੀਆਂ ਕੈਮਰੇ ਚ ਆ ਜਾਣ,ਵਰਨਾ ਡਾ.ਨਵਜੋਤ ਕੌਰ ਸਿਧੂ ਜੇ ਇੰਨੇ ਹੀ ਲੋਕ ਹਿਤੈਸ਼ੀ ਹਨ ਤਾਂ ਸਿਧੂ ਜੋੜੈ ਨੇ ਕਿੰਨੇ ਲੋਕਾਂ ਨੂੰ ਡਾਕਟਰੀ ਸਹਾਇਤਾ ਦਿੱਤੀ?ਚਾਹੀਦਾ ਤਾਂ ਇਹ ਸੀ ਕਿ ਮੈਡਮ ਆਪਣੇ ਏਕੜਾਂ ਚ ਖਿਲਰੇ ਘਰ ਵਿੱਚ ਇਕ ਕਮਰਾ ਕਲਿਨਕ ਨੂੰ ਵਕਫ਼ ਕੀਤਾ ਹੂੰਦਾ ਉਹ ਜਿਹਨਾਂ ਦੀ ਪਹੁੰਚ ਹੀ ਨਹੀਂ ਡਾਕਟਰ ਤੱਕ ਮੈਡਮ ਆਪ ਉਸ ਤੱਕ ਪੁਜ ਕੇ ਉਹਦੀ ਮਲ੍ਹਮ ਪੱਟੀ ਕਰਦੇ ਤੇ ਕਰੋਨਾ ਵਿੱਚ ਆਪਣੇ ਵੋਟਰਾਂ ਦੀ ਮਦਦ ਕਰਦੇ।ਕਿਤੇ ਦੋ ਚਾਰ ਹਜਾਰ ਦੀਆਂ ਦਵਾਈਆਂ ਵੰਡ ਦੇਂਦੇ।
    ਕਲਿਨਿਕ ਨਹੀਂ ਬਣਾਉਣਾ ਤੇ ਇਕ ਨਰਸਿੰਗ ਟਰੇਨਿੰਗ ਹੋਮ ਹੀ ਬਣਾ ਦੇਂਦੇ ਜਿਥੇ ਕੁੜੀਆਂ ਮੁੰਡੇ ਮੁਫ਼ਤ ਵਿਦਿਆ ਪਾ ਕੇ ਲੋੜਵੰਦਾਂ ਤੱਕ ਸੇਵਾ ਪੁਚਾ ਦੇਂਦੇ ਤੇ ਸਿਧੂ ਨਾਮ ਕੁਝ ਸਾਲ ਰੌਸ਼ਨ ਰਹਿੰਦਾ!
    ਸ਼ੀਸ਼ਾ ਵੇਖੌ ਲਾਹਨਤ ਜਰੂਰ ਪਾਉਂਦਾ ਹੋਵੇਗਾ-ਕੀ ਹਾਲ ਹੈ ૶
     ਨਾਂ ਤੀਨ ਚੋਂ ਨਾ ਤੇਰਾਂ ਚੋਂ ਨਾ ਟੋਕਰੀ ਦੇ ਬੇਰਾਂ ਚੋਂ।ਸੰਭਲ ਲਓ ਚਾਰ ਮਹੀਨੇ ਬਾਕੀ ਹਨ ਅਜੇ।
 ਸੁੱਚਾ ਨੰਦ,ਗੰਗੂ ਬ੍ਰਾਹਮਣ, ,ਮਲਿਕ ਭਾਗੋ, ਰੂਹਾਂ ਜਮੀਰਾਂ ਤਾਂ ਉਹੋ ਹਨ ਬੱਸ ਨਾਮ ਹੀ ਬਦਲੇ ਹਨ।ਮਦਨ ਲਾਲ ਢੀਂਗਰਾ ਨਾ ਕੋਈ ਬਣ ਸਕਿਆ ਉਹਦੇ ਭਰਾ ਤੇ ਬਾਪ ਬਥੇਰੇ ਬਣ ਗਏ।
 ਆਮ ਆਦਮੀ ਪਾਰਟੀ -  ਨਿਲਜਿੋਓ ਲੱਜ ਤੁਹਾਨੂੰ ਨਹੀਂ-20 ਮੈਂਬਰੋ ਅਗਲੇ ਪੰਜ ਸਾਲਾਂ  ਲਈ ਜਾਗਦੇ ਖਾਬ ਸਜਾਈ ਫਿਰ ਰਹੇ ਹੋ,ਜਰਾ -ਪਿਛਲੇ ਪੰਜ ਸਾਲ ਦਾ ਹਿਸਾਬ ਤੇ ਜਵਾਬ ਤਾਂ ਪਹਿਲਾਂ ਦੇ ਦਿਓ।
 20 ਗਾਈਆਂ 20 ਖੇਤ ਵੀ ਉਜਾੜ ਸਕਦੀਆਂ ਹਨ ਤੇ ਸੱਠ ਹਜਾਰ ਰੁਪਏ ਮਹੀਨਾ ਕਮਾ ਵੀ ਸਕਦੀਆਂ ਹਨ।
   20 ਕੁੱਤੇ  ਕਿੰਨੀ ਤਬਾਹੀ ਲਿਆ ਸਕਦੇ ਹਨ ਤੇ ਕਿੰਨੀ ਚੌਕੀਦਾਰੀ ਕਰ  ਸਕਦੇ ਹਨ ਤੇ ਕਿੰਨੀ ਵਫ਼ਾਦਾਰੀ ਕਰ ਸਕਦੇ ਹਨ,ਖੁਬ ਜਾਣਦੇ ਹੋ ਆਪ ,ਆਪ ਵਾਲਿਓ।
20 ਸੈਨਿਕ  ਹਜਾਰਾਂ ਦੁਸ਼ਮਣਾਂ ਦੇ ਛੱਕੇ ਛੁੜਾ ਦੇਂਦੇ ਹਨ।
ਤੇ ਤੁਸੀ ਆਪ ਜੀ 20 ਜਣਿਆਂ ਨੇ ਪੰਜ ਸਾਲ ਇਕ ਕੱਖ ਭੰਨ੍ਹ ਕੇ ਦੂਹਰਾ ਨਹੀਂ ਕੀਤਾ।
ਵੀ੍ਹਹ ਬਹੁਤ ਵੱਡੀ ਤਾਕਤ ਹੁੰਦੀ ਹੈ।
    ਵੀਹ ਜਣੇ  ਇਕ ਅਵਾਜ਼ ਹੋ ਕੇ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਰਵਾ ਕੇ ਖਾਧੇ ਅੰਨ ਦਾ ਕੁਝ ਤੇ ਮੁੱਲ ਚੁਕਾ ਸਕਦੇ ਸੀ।ਪਰ ਅਫਸੋਸ૴૴૴૴
ਕਰਤਾਰ ਸਿੰਘ ਸਰਾਭਾ ,ਉਧਮ ਸਿੰਘ,ਮਦਨ ਲਾਲ ਢੀਂਗਰਾ ਸੁਭਾਸ਼ ਚੰਦਰ ਬੌਸ ਸਵਾਮੀ  ਵਿਨੋਬਾ ਭਾਵੇ ਸਵਾਮੀ ਵਿਵੇਕਾ ਨੰਦ ਸਰ ਛੋਟੂ ਰਾਮ ਇਕੱਲੇ ਹੀ ਤੁਰੇ ਸਨ ਇਹ ਇਤਿਹਾਸ ਆਪ ਨੇ ਪੜਿਆ ਨਹੀਂ ਤੇ ਸੁਣਿਆ ਜਰੂਰ ਹੋਵੇਗਾ। ਫਿਰ ਆਪ ਤਾਂ ਵੀਹ ਹੋ।
  ਜਦੋਂ ਵਿਧਾਇਕਾਂ ਦੇ ਭੱਤੇ ਵਧਾਏ ਜਾ ਰਹੇ ਸੀ,ਆਪ ਨਹੀਂ ਬੋਲੇ,ਕਿਉਂਕਿ ਆਪ ਦਾ ਲਾਭ ਸੀ।
 ਜਦੋਂ ਨਵੀਆਂ ਕਾਰਾਂ ਵੰਡੀਆ ਗਈਆਂ ਆਪ ਘੇਸਲ ਮਾਰ ਗਏ।
 ਮਾਫ਼ੀਆ ਗਰੁੱਪ ਪਹਿਲਾਂ ਵਾਗ ਹੀ ਸਰਗਰਮ ਆਪ ਬਾਪੂ ਦੇ ਗੁਰੂ ਬਣੇ ਰਹੇ।
ਸਫ਼ਾਈ ਸੇਵਕਾਂ ਨੁੰ ਕਈ ਮਹੀਨੇ ਤੋਂ ਤਨਖਾਹ ਨਹੀਂ ਦਿੱਤੀ ਗਈ,ਆਪ ਨੇ ਕੀ ਕੀਤਾ ਜਵਾਬ ਦਿਓ ਜੀ।
ਬਿਜਲੀ ਦੇ ਬਿਲ ਕਰੋਨਾ ਦੀ ਬੇਕਾਰੀ ਵਿੱਚ ਮਾਫ ਕਰਨ ਦੇ ਥਾਂ ਰੇਟ ਹੋਰ ਵਧਾ ਕੇ ਵਸੂਲ ਕੀਤੇ ਗਏ ਆਪ ਚੁੱਪ ਰਹੇ।ਜੇ ਰੇਟ ਦੋ ਰੁਪਏ ਯੁਨਿਟ ਕਰ ਦਿੱਤਾ ਜਾਵੇ ਤਾਂ ਰੇਵੀਨਿਉ ਬਹੁਤ ਵੱਧ ਜਾਏਗਾ।ਏ ਸੀ ਇਕ ਦੇ ਥਾਂ ਚਾਰ ਚਲਣਗੇ।ਏ ਸੀ ਧੜਾ ਧੜ ਵਿਕਣਗੇ ਤੇ ਏ ਸੀ ਕੰਪਨੀਆਂ ਵਧੇਰੇ ਪਾਰਟੀ ਫੰਡ ਅਦਾ ਕਰਨਗੀਆਂ ਇਸ ਤਰਾਂ 117 ਦੀਆਂ ਪੰਜੇ ਘਿਓ ਵਿੱਚ ਹੋਣਗੇ ਤੇ ਬਿਜਲੀ ਚੋਰੀ ਖਤਮ ਹੋ ਜਾਵੇਗੀ।
 ਆਪ ਜਾਣਦੇ ਹੋ ਕਿ ਆਪ ਨੂੰ ਵੋਟਾਂ ਪਾਉਣ ਵਾਲੀ ਸ਼ਰੇਣੀ ਸ਼ਰਾਬ ਤੇ ਹੋਰ ਮੁਫ਼ਤ ਸਹੂਲਤਾਂ ਮਾਣਨ ਵਾਲੀ ਨਹੀਂ ਹੈ,ਇਹ ਸ਼ਰੇਣੀ ਬੁੱਧੀਜੀਵੀ ਤੇ ਪੰਜਾਬ ਵਿੱਚ ਤਬਦੀਲੀ ਪਸੰਦ ਵਾਲਿਆਂ ਦੀ ਹੈ ਜੋ ਪੰਜਾਬ ਨੂੰ ਹੋਰ ਗਰਕਣ ਤੋਂ ਬਚਾਉਣਾ ਚਾਹੁੰਦੀ ਹੈ।
135 ਦਿਨ ਸੁਰਿੰਦਰ ਪਾਲ ਸਿੰਘ ਟਾਵਰ ਤੇ ਟੰਗਿਆ ਰਿਹਾ,135 ਦਿਨ ਤੇ ਆਪ ਏ ਸੀ ਵਿੱਚ ਸੁੱਤੇ ਰਹੇ
ਕਰਮਚਾਰੀਆਂ ਤੇ ਪੈਨਸ਼ਨਰਾਂ ਨੇ ਬੇਕਾਰਾਂ ਦੀ ਮਦਦ ਵਾਸਤੇ ਬਣਦਾ ਸਰਦਾ ਹਿੱਸਾ ਪਾਇਆ,ਦੂਸਰਿਆਂ ਤੋਂ ਤਾਂ ਉਮੀਦ ਹੀ ਨਹੀਂ ਕੀਤੀ ਜਾ ਸਕਦੀ ਆਪ ਵਾਲਿਆਂ ਨੇ ਕੀ ਕੀਤਾ-ਇਕ ਮਿਸਾਲ ਹੀ ਕਾਇਮ ਕਰ ਦਿੱਤੀ ਹੁੰਦੀ।ਪਰ ਕਾਹਨੂੰ૴ਡਾਕਟਰ,ਮਨਿਸਟਰ,ਕ੍ਰਕਿਟਰ,ਕੰਟੇਕ੍ਰੇਕਟਰ, ਅੇਕਟਰ,ਆਪਣੇ ਕੁਨਬੇ ਤੋਂ ਅੱਗੇ ਵੇਖ ਲੈਣ ਤੇ ਪਾਪ ਲਗਦਾ ਹੈ।
  ਆਪ ਪੰਜਾਬੀ ਹੋ ਤੇ ਆਪ ਦੇ ਸਾਹਮਣੇ ਪੰਜਾਬੀ ਮਾਂ ਬੋਲੀ ਨਾਲ ਧੱਕਾ ਹੋ ਰਿਹਾ ਹੈ,ਵੀਹ ਜਣੇ ਮਿਲ ਕੇ ਖੱਪ ਪਾਉਣ ਲਗਦੇ ਤਾਂ ਵਿਰੋਧੀ ਵੀ ਤ੍ਰਹਿ ਜਾਂਦੇ ਪਰ ਆਪ ਤਾਂ ਕਾਂਗਰਸ ,ਅਕਾਲੀ ਭਾਜਪਾ ਨਾਲੋਂ ਵੱਖ ਹੀ ਨਹੀਂ ਹੋ ਸਕੇ।ਜੇ ਆਪ ਪੰਜਾਬੀ ਨਹੀਂ ਹੋ ਤਾਂ ਫਿਰ ਪੰਜਾਬ ਦੇ ਵਿਧਾਇਕ ਕਿਉਂ ੇਤੇ ਕਿਵੇਂ?
   ਆਪ ਦੇ ਸਾਹਮਣੇ ਜਮੀਨਾਂ ਵੇਚ ਆਇਲਟ ਕੁੜੀਆਂ ਖ੍ਰੀਦੀਆਂ ਜਾ ਰਹੀਆਂ ਹਨ ਤੇ ਮੁੰਡੇ ਕੁੜੀਆਂ ਤੋਂ ਪੰਜਾਬ ਵਿਰਵਾ ਹੋਈ ਜਾ ਰਿਹਾ ਹੈ। ਕੀ ਆਪ ਕਿਸੇ ਇਕ ਏਕੜ ਜਮੀਨ ਨੂੰ ਬਚਾਅ ਸਕੇ ਜਾਂ ਕਿਸੇ ਮੁੰਡੇ ਕੁੜੀ ਨੂੰ ਗਲਤ ਰਾਹ ਅਖਤਿਆਰ ਕਰਨ ਤੋਂ ਪ੍ਰੇਰ ਸਕੇ -ਨਾ= ਆਪ ਤਾਂ ਵਿਧਾਇਕ ਹੋ ਤੇ ਵਿਧਾਇਕ ਦਾ ਤਖ਼ਤ ਮਲਣ ਤੋਂ ਬਾਦ ਵੋਟਰ ਨਾਲ ਸੰਬੰਧ ਨਹੀਂ ਰਹਿੰਦਾ।
   ਚਾਰ ਕੁ ਦਿਨ ਪਹਿਲਾਂ  ਭਰਤੀ ਦੀ ਘਟਨਾ ਅਜੇ ਆਪ ਦੇ ਅੱਖਾਂ ਚ ਹੋਵੇਗੀ,ਇਹ ਆਪ ਦੇ ਸਾਹਮਣੇ ਅਨਿਆਏ ਆਪ ਦੇ ਹੱਥੀਂ ਗੁਜਰਿਆ ਹੈ।ਸੋਚ ਕੇ ਸ਼ਰਮ ૴૴ਪਰ ਜੇ ਕੀ ਸ਼ਰਮ ਆਪ ਦੇ ਫੁਟੇ ਕਰਮ-400 ਕਿਲੋਮੀਟਰ ਦੀ ਦੂਰੀ ਤੇ ਸੈਂਟਰ ਬਣਾਏ ਜਿਸ ਦੇ ਦੋ ਅੰਸ਼ ਪ੍ਰਤੱਖ ਹੋਏ-
 1-ਕਿ 1000 ਰੁਪਏ ਫੀਸ ਤਾਂ ਆ ਜਾਵੇ ਪਰ ਲੋੜਵੰਦ ਪਹੁੰਚ ਨਾ ਸਕਣ ,ਨਾ ਪਹੁੰਚਣਗੇ ਨਾ ਨੌਕਰੀ ਦੀ ਮੰਗ ਕਰਨਗੇ ૴ਮੁੱਖ ਮੰਤਰੀ ਤੇ ਸਮਾਜ ਭਲਾਈ ਮੰਤਰੀ ਸੱਚੇ ਸੁੱਚੇ ਸਾਬਤ ਹੋ ਜਾਣਗੇ।
 2૷ਸਰਕਾਰੀ ਬੱਸ ਸਰਵਿਸ ਅਲੋਪ ,ਮੰਤਰੀਆਂ ਦੀਆਂ ਬੱਸਾਂ ਦੀ ਆਮਦਨ ਕਰੋੜਾਂ ਵਿੱਚ-।
    ਜੀ ਹਾਂ ਆਪ ਨੇ ਸਰਕਾਰੀ ਬੱਸਾਂ ਦੀ ਬਹਾਲੀ ਲਈ ਕੀ ਕਦਮ ਚੁੱਕੇ ਕੀ ਉਪਰਾਲੇ ਕੀਤੇ ਜਰਾ ਆਪ ਚਾਨਣ ਤਾਂ ਪਾ ਦਿਓ।ਜੇ ਸਰਕਾਰੀ ਬੱਸ ਸਰਵਿਸ ਪ੍ਰਫੁਲਤ ਹੋ ਜਾਵੇ ਤਾਂ ਵੋਟਰਾਂ ਨੂੰ ਨਿਜੀ ਕਾਰਾਂ ਤੇ ਸਕੂਟਰ ਬਾਇਕ ਮਹਿੰਗੇ ਪਟਰੋਲ ਨਾਲ ਚਲਾਉਣ ਤੋਂ ਰਾਹਤ ਮਿਲੇ।
ਜੇ ਜਨਤਾ ਨੂੰ ਰਾਹਤ ਮਿਲੇ ਤਾਂ ਆਪ ਦੀ ਨੀਂਦਰ ਉਡ ਜਾਂਦੀ ਹੈ।
   ਪਾਣੀ ਦੀ ਸੰਭਾਲ ਲਈ ਆਪ ਨੇ ਕੀ ਕੀਤਾ?  ਕੁਝ ਤੇ ਜਵਾਬ ਦਿਓ-ਇੰਨੇ ਮੀਂਹ ਪਏ ਪਾਣੀ ਸਟੋਰ ਕਰਨ ਦੀ ਗਲ ਵੀ ਕੀਤੀ ਹੋਵੇ ,ਕਾਹਨੂੰ ,?ਸਹੁੰ ਕਿਉਂ ਤੋੜਨੀ? ਪੀਣ ਵਾਲੇ ਪਾਣੀ ਲਈ ਵੀ ਆਵਾਜ਼ ਨਹੀਂ ਉਠਾਈ,ਖਵਰੇ ਆਪ ਪੰਜਾਬ ਦੇ ਵਸਨੀਕ ਹੋ ਵੀ ਜਾਂ ਨਹੀਂ।ਜਵਾਬਦੇਹੀ ਬਣਦੀ ਹੈ।
ਜਿਹੜਾ ਆਇਆ ਖਾਊ ਯਾਰ,,ਭਾਈਏ ਦੀ ਜਗੀਰ ਸਮਝ ਵੇਚੀ ਗਿਆ।ਪਹਿਲੇ ਪੰਜਾਬ ਦੀ ਪੰਜੋ ਬਣਾ ਛੱਡੀ ਤੇ  ਹੁਣ ਪੰਜੀ ਬਣਾਉਣ ਦਾ ਹਰ ਹਰਬਾ ਵਰਤਿਆ ਜਾ ਰਿਹੈ।  ਇਕ ਦਿਨ ਅੇੈਸਾ ਵੀ ਸੀ---
     ਸੋਹਣੇ ਦੇਸ਼ਾਂ ਵਿਚੋਂ ਦੇਸ ਪੰਜਾਬ ਨੀ ਸਈਓ,ਜਿਵੇਂ ਫੁਲਾਂ ਵਿਚੋਂ ਫੂੱਲ ਗੁਲਾਬ ਨੀ ਸਈਓ
           ਰਾਜਾਂ ਵਿਚੋਂ ਰਾਜਾ ਨਵਾਬ ਨੀ ਸਈਓ॥
   ਤੇ ਅੱਜ---''ਚਿਪਕਿਆ ਪੇਟ ਪਿੰਜਰ ਤੇ ਚੀਥੜੈ ਇਹ ਕਿਸਮਤ ਹੈ ਅੱਜ ਦੇ ਪੰਜਾਬ ਦੀ
               ਕਰ ਭਲਾ ਖਾਹ ਜੁੱਤੀਆਂ ਇਹ ਗਾਥਾ ਹੈ ਗੁਜਰੇ ਨਵਾਬ ਦੀ
               ਸਿਆਸੀ ਦੀਮਕ ਨੇ ਚੂਸ ਲਈ ਸਾਰੀ ਲਾਲੀ ਗੁਲਾਬ ਦੀ॥
      '' ਸੁਰਖ ਗੁਲਾਬਾਂ ਦੇ ਮੌਸਮ ਵਿੱਚ ਫੁਲਾਂ ਦੇ ਰੰਗ ਕਾਲੇ''
     ਮੁਕਦੀ ਗਲ ਇਹ ਹੈ ਕਿ ਆਉਣ ਵਾਲੀ ਉਮਰ ਲਈ ਆਪ ਦੀ ਪੈਨਸ਼ਨ ਖਰੀ ਹੋ ਗਈ ਹੈ ਸੋ ਹੁਣ ਆਪ ਖੇੈਰੀ ਸੁੱਖੀ ਘਰੇ ਆਰਾਮ ਫਰਮਾਓ ਜੀ।   
    ਇਧਰ ਉਧਰ ਜਿਧਰ ਵੇਖੌ ਸਿਆਸੀ ਲੂੰਬੜ ਚਾਲਾਂ ਨੇ
    ਕੀ ਹੋਵੇਗਾ ਭਾਰਤ ਮਹਾਨ ਦਾ    ਖੁਦਾ ਜਾਨੇ  ਖੁਦਾ ਜਾਨੇ !   
       ਸ਼ਾਵਾ ਨੀ ਈ.ਵੀ. ਅੇਮ .  ਤੇਰਾ ਹੀ ਆਸਰਾ

ਵੀਹ ਨੁਕਤੇ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਕੁਝ ਦਿਨ ਪਹਿਲੇ ਦੀ ਗਲ ਹੈ ਇਕ ਵੀਡੀਓ ਵੇਖਣ ਸੁਣਨ ਨੂੰ ਮਿਲੀ ਜਿਸ ਵਿੱਚ ਇਕ ਪਰੈਸ ਰਿਪੋਰਟਰ ਮਾਨਯੋਗ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੂੰ ਸਵਾਲ ਕਰ ਰਿਹਾ ਸੀ ਕਿ ਪੰਜਾਬ ਦਿੱਲੀ ਵਾਂਗ ਤਰੱਕੀ ਕਿਉਂ  ਨਹੀਂ ਕਰ ਸਕਿਆ?
     ਵਿੱਤ ਮੰਤਰੀ ਨੇ ਗੋਲ ਮੋਲ ਜਵਾਬ ਦੇ ਕੇ ਆਪਣੇ ਊਣ ਛੁਪਾ ਲਏ।
ਰਿਪੋਰਟਰ ਨੇ ਪੁਛਿਆ ਕਿ ਪੰਜਾਬ ਦੀ ਧਰਤੀ ਕੁਦਰਤੀ ਸਾਧਨ/ ਸੋਮਿਆਂ ਨਾਲ ਭਰਪੂਰ ਹੈ,ਜਦ ਕਿ ਦਿਲੀ ਨੂੰ ਐੇਸਾ ਕੁਝ ਵੀ ਨਸੀਬ ਨ੍ਹਹੀਂ ਤੇ ਪੰਜਾਬ ਖੁਦ ਮੁਖਤਾਰ ਰਾਜ ਵੀ ਹੈ,ਫਿਰ ਕਿਉਂ ਫਾਡੀ ਹੈ?
         ਵਿੱਤ ਮੰਤਰੀ ਸਾਹਬ ਨੇ ਦਸਿਆ ਅਸੀਂ ਇੰਨੇ ਹਜਾਰ ਨੌਕਰੀਆਂ  ਦੇ ਚੁਕੇ ਹਾਂ ਤੇ ਬੇਰੁਜਗਾਰੀ ਬਹੁਤ ਘੱਟ ਰਹਿ ਗਈ ਹੈ,ਸਕੂਲਾਂ ਦੀ ਦਿੱਖ ਨਵੀਂ ਹੋ ਗਈ ਹੈ,ਹਸਪਤਾਲ ਵਾਧੂ ਹਨ।
  ਸੁਣ ਕੇ ਸ਼ਾਇਰ ਦੇ ਬੋਲ ਯਾਦ ਆ ਗਏ૷
''ਇਸ ਦੇਸ਼ ਦੇ ਬੱਚੇ ਅਨ੍ਹਪੜ੍ਹ ਦੌਲਤ ਕੇ ਬਂਟਵਾਰੇ ਸੇ
ਕਾਗਜ਼ ਪੇ ਛਾਏ ਐੇਲਾਨੋ ਸੇ ਮਸਲੇ ਹੱਲ ਹੋਨੇਂਗੇ ਨਹੀ॥ਂ
          ਕੁਝ ਕੁ ਸੁਝਾਅ ਹਨ ਜੋ ਅਮਲ ਵਿੱਚ ਲਿਆਂਦੇ ਜਾਣ ਤਾਂ ਕੋਈ ਐੇਸੀ ਗਲ ਨਹੀਂ ਕਿ ਪੰਜਾਬ ਰਿਫੁਉਜੀ ਕੈਂਪ ਵਿਚੋਂ ਨਿਕਲ ਸੈੱਟ ਨਾਂ ਹੋ ਸਕੇ। ਹੁਣ ਤੁਸੀਂ ਹੈਰਾਨ ਹੋਵੋਗੇ ਪੰਜਾਬ ਰਿਫੁਉਜੀ-? -ਜੀ ਹਾਂ ਜਿਸ ਤਰਾਂ ਪੰਜਾਬੀ ਪ੍ਰਵਾਸੀ ਹੋ ਰਹੇ ਹਨ,ਜਿਸ ਤਰਾਂ ਪੰਜਾਬੀਆਂ ਦੇ ਹੱਥਾਂ ਵਿਚੋਂ ਕਿਰਤ ਖੋਹ ਲਈ ਗਈ ਹੈ ਤੇ ਮੁਫ਼ਤ ਸਹੂਲਤਾਂ ਦੇ ਕੇ ਜਨਤਾ ਵਿੱਚ ਕਾਣੀ ਵੰਡ ਪਾ ਦਿਤੀ ਗਈ ਹੈ।ਲਾਰੇ ਲਾ ਲਾ ਕੇ ਵੋਟਾਂ ਬਟੋਰਨਾਂ ਹੀ ਧਰਮ ਕਰਮ ਸਮਝ ਲਿਆ ਗਿਆ ਹੈ,ਸੁਰੱਖਿਆ ਸਾਧਨ ਲੋੜਵੰਦ ਤੱਕ ਪੁਜਦੇ ਹੀ ਨਹੀਂ,ਤੇ ਫਿਰ ਇਹ ਰਿਫੁਉਜੀ ਕੈਂਪ ਹੀ ਤਾਂ ਹੈ।
    ਅਮਲ ਤੇ ਕਰਮ ਯੋਗ ਨੁਕਤੇ==
ਪੰਜਾਬ ਦੇ ਕਮਾਊ ਪੁੱਤ ਮਸਲਨ ਕਮਾਊ ਇਦਾਰੇ ਜਿਵੇੰ ਬਿਜਲੀ ਬੋਰਡ,ਰੋਡਵੇਜ਼,ਮਾਲ ਮਹਿਕਮਾ ,ਨਹਿਰੀ ਤੇ ਸਿੰਚਾਈ ਮਹਿਕਮਾ,ਇਹਨਾਂ ਦਾ  ਕੌਮੀਕਰਣ ਕਰ ਦਿੱਤਾ ਜਾਏ ।
ਇਕ ਸਾਲ ਵਾਸਤੇ ਨਿਜੀ ਬੱਸਾਂ ਲੋਕਲ ਤੱਕ ਹੀ ਰਖੀਆਂ ਜਾਣ।
ਮੁਫ਼ਤ ਦਿਤੀ ਜਾਂਦੀ ਬਿਜਲੀ ਸਹੂਲਤ ਤੁਰੰਤ ਬੰਦ ਕਰ ਦਿਤੀ ਜਾਏ।
ਇਕ ਸਾਲ ਵਾਸਤੇ ਵਿਧਾਇਕਾਂ ਅਤੇ ਸਕੱਤਰਾਂ ਦੀਆਂ ਮੁਫ਼ਤ ਸਹੂਲਤਾਂ ਤੇ ਪੈਨਸ਼ਨਾਂ ਰੋਕ ਦਿਤੀਆਂ ਜਾਣ।ਬਾਦਲ ਐਂਡ ਸਨਜ਼ ਨੂੰ ਹਰ ਮਹੀਨੇ 25 ਲੱਖ ਜੋ ਨਕਦ ਦਿਤਾ ਜਾਂਦਾ ਹੈ ਉਹ ਇਕ ਸਾਲ ਨਾਂ ਦਿੱਤਾ ਜਾਵੇ।ਜਾਂ ਫਿਰ ਉਹ ਖੁਦ ਦਾਨ ਕਰ ਦੇਣ!
ਹਰੇਕ ਗੁਰਦਵਾਰੇ ਨੂੰ ਇਕ ਹਸਪਤਾਲ ਤੇ ਵੱਡੇ ਮੰਦਿਰਾਂ ਨੂੰ ਪੰਜ ਪੰਜ ਹਸਪਤਾਲ ਦਿਤੇ ਜਾਣ ਜੋ ਮੰਦਿਰ ਦਾ ਚੜ੍ਹਾਵਾ ਹੀਰੇ ਮੋਤੀ ਨਕਦੀ ਜਨ ਜਨ ਦੀ ਸਿਹਤ ਸਹੂਲਤ ਬਣ ਜਾਵੇ।
ਲੱਖ ਲੱਖ ਤਨਖਾਹ ਲੈਣ ਵਾਲੇ ਪੁਰਾਣੇ ਕਰਮਚਾਰੀਆਂ ਦੀ ਥਾਂ ਯੋਗਤਾ ਅਨੁਸਾਰ ਉਹਨਾਂ ਦੇ ਹੀ ਧੀ ਪੁੱਤ ਨੂੰ 1% ਕੋਟੇ ਅਧੀਨ ਪੰਦਰਾਂ ਪੰਦਰਾਂ ਹਜਾਰ ਵਿੱਚ ਨਿਯੁਕਤ ਕਰ ਲਿਆ ਜਾਵੇ।ਇਸ ਨਾਲ ਪੜ੍ਹੇ ਲਿਖੇ ਤੇ ਹੁਨਰਮੰਦਾਂ ਦੀ ਬੇਰੁਜਗਾਰੀ ਵੀ ਦੂਰ ਹੋ ਜਾਵੇਗੀ ਤੇ ਇਦਾਰੇ ਸਮੇਂ ਦੇ ਹਾਣੀ ਵੀ ਬਣ ਜਾਣਗੇ।ਇਸ ਤਰਾਂ ਇਕ ਲੱਖ ਵਿੱਚ ਚਾਲੀ ਪੰਜਾਹ ਮੈਂਬਰ ਪੇਟ ਭਰ ਰੱਜ ਸਕਣਗੇ।
ਦੋ ਦੋ ਪੈਨਸ਼ਨਾਂ ਲੈਣ ਵਾਲੇ ਪੈਂਹਠ ਸਾਲਾ ਰਿਟਾਇਰੀ ਦੀ ਫੈੇਮਲੀ ਪੈਨਸ਼ਨ ਬੰਦ ਕਰ ਦਿੱਤੀ ਜਾਵੇ ਕਿਉਂਕਿ ਉਹਨਾਂ ਦੀ ਫੇੈਮਲੀ ਵਾਧੂ ਸੈੱਟ ਹੋ ਚੁੱਕੀ ਹੈ।ਸ਼ਗੁਨ ਸਕੀੰਮ ਖਤਮ ਕਰਕੇ ਬੁਢਾਪਾ ਪੈਨਸ਼ਨ ਦੋ ਹਜਾਰ ਕੀਤੀ ਜਾਵੇ।ਸਮੂਹਿਕ ਸ਼ਾਦੀਆਂ ਦਾ ਢੌਂਗ ਬੰਦ ਕੀਤਾ ਜਾਵੇ।
ਥਰਮਲ ਬੰਦ ਕਰਕੇ ਬਿਜਲੀ ਪਾਣੀ/ ਡੈਮ ਤੋਂ ਬਣਾਈ ਜਾਵੇ ਤੇ ਬਿਜਲੀ ਮਹਿਕਮਾ ਸਰਕਾਰ ਦੇ ਅਧੀਨ ਕੀਤਾ ਜਾਵੇ।ਭਾਖੜਾ ਡੈਮ ਹਿਮਾਚਲ ਤੋਂ ਵਾਪਸ ਲਿਆ ਜਾਵੇ।
ਸੌਲਰ ਸਿਸਟਮ ਨੂੰ ਬੜ੍ਹਾਵਾ ਦਿਤਾ ਜਾਵੇ।ਅੇਸੇ ਹੀ ਬਾਕੀ ਕੁਦਰਤੀ ਸੋਮਿਆਂ/ਸਾਧਨਾਂ ਦੀ ਵਰਤੋਂ  ਜਨਹਿੱਤ ਵਿੱਚ ਕੀਤੀ ਜਾਵੇ।
ਨਵੀਆਂ ਨਹਿਰਾਂ ਕੱਢੀਆਂ ਜਾਣ ਤੇ ਕਿਸਾਨਾਂ ਨੂੰ ਨਹਿਰੀ ਪਾਣੀ ਉਪਲੱਬਧ ਕਰਾਇਆ ਜਾਵੇ
ਟੂਰਿਸਟ ਸਪਾਟ ਨਵਿਆਏ ਜਾਣ।
ਮਾਨਤਾ ਪ੍ਰਾਪਤ ਸਕੂਲ਼ ਹਸਪਤਾਲ ਤੇ ਸਾਧਾਂ ਦੇ ਡੇਰਿਆਂ ਦਾ ਕੌਮੀਕਰਣ ਕੀਤਾ ਜਾਵੇ।  
ਇਸ ਸਾਲ ਭਰਪੂਰ ਬਰਸਾਤ ਹੋਈ,ਬਰਸਾਤ ਦਾ ਪਾਣੀ ਸਹੀ ਤਰਾਂ ਸੰਭਾਲਿਆ ਜਾਵੇ,ਤਾਂ ਪੰਜਾਬ ਸੋਕੇ ਅਤੇ ਡਿਗਦੇ ਜਾਂਦੇ ਪੱਧਰ ਤੋਂ ਕਾਫ਼ੀ ਹੱਦ ਤੱਕ ਬਚਾਅ ਕਰ ਲਵੇਗਾ।
ਅੇਮ.ਸੀ ਤੇ ਸਰਪੰਚ ਤਾਲੀਮ ਯਾਫ਼ਤਾ ਚੁਣੇ ਜਾਣ ਤਾਂ ਜੋ ਉਹ ਇਲਾਕੇ ਦੀ ਬੇਹਤਰੀ ਲਈ ਮਿਲੀ ਗਰਾਂਟ ਦਾ ਸਦਉਪਯੋਗ ਕਰ ਸਕਣ।
ਅਧਿਕਾਰੀ ਘੱਟ ਤੇ ਕਰਮੀਆਂ ਦੀ ਗਿਣਤੀ ਡਬਲ ਕਰ ਦਿੱਤੀ ਜਾਵੇ।
ਅਧਿਕਾਰੀ,ਮੰਤਰੀ ਤੇ ਅੇਮ.ਸੀ ਦੀ ਸਭਾ ਬੁਲਾ ਕੇ ਉਹਨਾਂ ਨੂੰ ਸਿਰਫ਼ ਇਕ ਸਾਲ ਲਈ ਆਪਣੇ ਮੁਫ਼ਾਦਾਂ ਤੋਂ ਉਪਰ ਉਠ ਕੇ ਕੌਮ ਲਈ ਸੰਵੇਦਨਸ਼ੀਲ ਹੋ ਕੇ ਕਾਰਜ ਕਰਨ ਲਈ ਪ੍ਰੇਰਿਆ ਤੇ ਉਤਸ਼ਾਹਤ ਕੀਤਾ ਜਾਵੇ,ਤੇ ਉਹਨਾ ਦੀ ਉਜਰਤ ਵਿਕਾਸ ਵੇਖ ਕੇ ਅਦਾ ਕੀਤੀ ਜਾਵੇ ਨਾਂ ਕਿ ਸਿਆਸੀ ਪੱਖ ਮੁਖ ਰੱਖ ਕੇ।
 ਟੈਕਸਾਂ ਦੀ ਰਕਮ ਜਨਤਾ ਦੀ ਭਲਾਈ ਲਈ ਵਰਤੀ ਜਾਵੇ।
ਪਰਵਾਜ਼ ਦੀ ਨਕੇਲ ਤੰਗ ਕੀਤੀ ਜਾਵੇ ਤਾਂ ਜੋ ਦੇਸ਼ ਦਾ ਪੇੈਸਾ ਦੇਸ਼ ਵਿੱਚ ਹੀ ਰਹੇ।
ਸਾਰੇ ਮਨਿਸਟਰ,ਡਾਕਟਰ,ਕੰਟਰੇਕਟਰ,ਕ੍ਰੁਕਿਟਰ,ਅੇੈਕਟਰ,ਮਾਸਟਰ,ਗੈਗਸਟਰ ਤੋਂ ਟੈਕਸ ਵਸੂਲੀ ਤੇ ਬਿਜਲੀ ਪਾਣੀ ਦੇ ਬਿਲ ਉਗਰਾਹੇ ਜਾਣ ਤੇ ਮਨਿਸਟਰਾਂ ਤੋਂ ਟੌਲ ਟੈਕਸ ਲਿਆ ਜਾਵੇ.ਵੱਡੀਆਂ ਗੱਡੀਆਂ ਤੇ ਮੁਫ਼ਤ ਪੇਟਰੋਲ ਦੀ ਸਹੂਲਤ ਖ਼ਤਮ ਕੀਤੀ ਜਾਵੇ।
ਪੰਜਾਬ ਖੇਤੀ ਪ੍ਰਧਾਨ ਸੂਬਾ ਸੀ ਪਰ ਹੁਣ ਖੇਤੀ ਹੇਠ ਰਕਬਾ ਦਿਨ ਬਦਿਨ ਘੱਟ ਰਿਹਾ ਹੈ,ਮਹਿੰਗੀ ਬਿਜਲੀ ਤੇ ਮੰਡੀ ਨਾ ਹੋਣ ਕਾਰਨ ਉਦਯੋਗ ਬਾਹਰ ਚਲੇ ਗਏ ਹਨ,ਇਸਤੇ ਨਜ਼ਰਸਾਨੀ ਕੀਤੀ ਜਾਵੇ। ਕਮਿਸ਼ਨਰ ਅਧੀਨ ਟਾਸਕ ਫੋਰਸਾਂ ਬਣਾਈਆਂ ਜਾਣ ਜੋ ਕਿ ਯੋਜਨਾਂਵਾਂ ਨੂੰ ਲਾਗੂ ਕਰਾ ਕੇ ਉਸਨੂੰ ਅਮਲੀ ਰੂਪ ਨਿਸ਼ਚਿਤ ਕਰਾ ਸਕਣ।
ਉਪਰੋਕਤ ਸੱਭ ਕਾਗਜ਼ਾਂ ਵਿੱਚ ਹੈ ਪਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਉਦਮ ਕੀਤਾ ਜਾਏ ਤਾਂ ਪੰਜਾਬ ਦੋ ਸਾਲ ਵਿੱਚ ਚਾਲੀ ਸਾਲ ਪਹਿਲਾਂ ਵਾਲਾ ਰੁਤਬਾ ਮੁੜ ਹਾਸਲ ਕਰ ਲਵੇਗਾ।
           ਦਹਿਰ ਸੇ ਕਿਉਂ ਖਫ਼ਾ ਰਹੇਂ,ਚਰਖ਼ ਸੇ ਕਿਉਂ ਗਿਲਾ ਕਰੇਂ
           ਸਾਰਾ ਜਹਾਂ  ਆਦੂ ਸਹੀ,ਆਓ ਮੁਕਾਬਲਾ ਕਰੇਂ---ਸ਼ਹੀਦ ਭਗਤ ਸਿੰਘ
  ਇਸਸੇ ਪਹਿਲੇ ਕਿ ਹਾਲਾਤ ਤੁਮਹੇਂ ਬਦਲ ਦੇਂ,ਤੁਮ ਹਾਲਾਤ ਕੋ ਬਦਲ ਡਾਲੋ॥॥॥
        ਰਣਜੀਤ ਕੌਰ ਗੁੱਡੀ ਤਰਨ ਤਾਰਨ 

ਸੰਭਲ ਲਓ    ਸੰਭਾਲ ਲਓ - ਰਣਜੀਤ ਕੌਰ ਗੁੱਡੀ  ਤਰਨ ਤਾਰਨ

ਰੁੱਤ ਆ ਗਈ ਹੈ ਰੁੱਤ ਆ ਗਈ ਹੈ ਫਸਲੀ ਬਟੇਰਿਆਂ ਦੇ ਆਉਣ ਦੀ।
ਵੋਟ ਪਾਉਣ ਜਾਣ ਤੋਂ ਪਹਿਲਾਂ ਵੋਟ ਲੈਣ ਵਾਲੇ ਦੀ ਛਾਣਬੀਣ ਕਿਵੇਂ ਕਰਨੀ ਹੈ-
ਖੜੇ ਹੀ ਉਹ ਵਿਅਕਤੀ ਕਰਨੇ ਹਨ  ਜਿਹੜੇ ਸਾਡੇ ਤੁਹਾਡੇ ਵਰਗਾ ਚਾਲਚਲਣ ਰਖਦੇ ਹੋਣ
ਜਿਹੜੇ ਸਾਡੇ ਤੁਹਾਡੇ ਵਰਗੇ ਹੱਡ ਗੋਸ਼ਤ ( ਮਾਸ) ਦੇ ਬਣੇ ਹੋਣ-
ਜਿਹਨਾਂ ਨੂੰ ਸਾਡੇ ੁਤੁਹਾਡੇ ਵਾਂਗ ਗਰਮੀ ਸਰਦੀ ਪੱਤਝੜ ਬਹਾਰ ਬੀਮਾਰੀ ਬੇਰੁਜਗਾਰੀ ਪੇਟ ਦੀ ਭੁੱਖ ਸਤਾਉਂਦੀ ਹੋਵੇ
ਜਿਹਨਾਂ ਨੂੰ ਹੜ੍ਹ ਕਾਲ ਸੋਕਾ ਸੇਮ ਭੁਚਾਲ ਤੂਫਾਨ ਕੁਦਰਤੀ ਆਫ਼ਤ ਤੋਂ ਇਲਾਵਾ ਮਿੱਗ 21 ਦਾ ਸੇਕ ਲਗਦਾ ਹੋਵੇ।
ੱਜਿਹਨਾਂ ਦਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਬਣਿਆ ਹੋਵੇ।
ਜਿਨਾ੍ਹਂ ਨੂੰ ਕਿਸੇ ਮਹਾਨ ਸਖ਼ਸ਼ੀਅਤ ਵਲੋਂ ਅੱਛੇ ਚਾਲਚਲਣ ਦਾ ਸਰਟੀਫੀਕੇਟ ਜਾਰੀ ਕੀਤਾ ਗਿਆ ਹੋਵੇ-
     ਦੇਸ਼  ਕੌਮ ਦਾ ਨਮਕ ਹਲਾਲ ਹੋਵੇ
 ਜਿਹੜੇ ਧਰਮ ਜਾਤ ਨਸਲ ਊਚ ਨੀਚ ਤੋਂ ਉਪਰ ਦੀ ਆਦਮੀਅਤ ਰੱਖਦੇ ਹੋਣ। ਮਸਲਨ ਉਹਦਾ ਵਤੀਰਾ ਰਹਿਮ ਦਇਆ ਦਾਨ ਵਾਲਾ  ਕਿਰਤੀ ਕਾਮਾ ਹੋਵੇ।
ਫਰਿਸ਼ਤਿਆਂ ਦੇਵਤਿਆਂ  ਅਵਤਾਰਾਂ ਨੂੰ ਪਿਛਲੇ 72 ਸਾਲ ਤੋਂ ਵੋਟ ਪਾਈ ਜਾ ਰਹੇ ਹਾਂ ਉਹਨਾਂ ਦੇ ਪੈਰਾਂ ਤਲੇ ਹੱਥ ਵਿਛਾਈ ਜਾ ਰਹੇ ਹਾਂ,ਤਖ਼ਤਾਂ ਆਸਨਾਂ ਤੇ ਬਿਠਾ ਰਹੇ ਹਾਂ।ਨਤੀਜਨ ਦੇਸ਼ ਗਰਕ ਰਿਹਾ ਹੈ।
ਬਿਜਲੀ ਮਾਫ਼ੀ ਦੇ ਲਾਲਚ ਵਿੱਚ ਨਹੀਂ ਆਉਣਾ ਕਿਸੇ ਵੀ ਮੁਫ਼ਤ ਸਹੂਲਤ ਦੇ ਅਧੀਨ ਨਹੀਂ ਹੋਣਾ ਬਹੁਤ ਹੰਢਾ ਲਈਆਂ ਮੁਫ਼ਤੀਆਂ। ਪਤਾ ਹੇੈ ਇਹ ਜੋ ਮੁਫ਼ਤ ਦਾ ਰਾਗ ਅਲਾਪਦੇ ਹਨ ਉਸਦਾ ਅਸਿੱਧੇ ਤੌਰ ਤੇ ਲਾਭ ਇਹਨਾਂ ਨੁੰ ਹੀ ਹੁੰਦਾ ਹੈ,ਇਹ ਜਾਣਦੇ ਹਨ ਵੋਟਰ ਨੇ ਕੰਨ ਦੂਜੇ ਪਾਸੇ ਤੋਂ ਫੜ ਲੈਣਾ ਹੈ,ਭਾਵ ਬਿਜਲੀ ਦਾ ਬਿਲ ਨਹੀਂ ਦੇਣਾ ਤੇ ਸ਼ਰਾਬ ਤੇ ਹੋਰ ਨਸ਼ੇ ਕਰਜਾ ਚੁੱਕ ਕੇ ਵੀ ਡੀਕ ਜਾਣੇ ਹਨ ਪੈਸਾ ਤੇ ਉਹਨਾਂ ਦੀ ਜੇਬ ਵਿੱਚ ਹੀ ਜਾਣਾ ਹੈ ਬਿਜਲੀ ਦਾ ਬਿਲ ਤਾਂ ਉਹ ਜੋ ਬਿਲ ਅਦਾ ਕਰਦੇ ਹਨ ਉਹਨਾਂ ਦਾ ਰੇਟ ਹੋਰ ਵਧਾ ਕੇ ਕਮਾ ਲੈਣਗੇ। ਸਗੋਂ ਪੰਜੇ ਘਿਓ ਵਿੱਚ।
   ਉਹ ਉਮੀਦਵਾਰ ਜੋ ਫੋਜ ਪੁਲੀਸ,ਬਿਜਲੀ,ਪਾਣੀ ਤੇ ਹੋਰ ਮਹਿਕਮਿਆਂ ਚੋਂ ਸੇਵਾ ਮੁਕਤ ਜਾਂ ਸੇਵਾ ਵਿੱਚ ਹੋਣ ਮੈਦਾਨ ਵਿੱਚ ਲਿਆਓ।ਜਿਹਨਾਂ ਨੇ ਠੋਕਰਾਂ ਖਾਧੀਆਂ ਹੋਣ ਤੇ ਜੋ ਔਕੜਾਂ ਦੇ ਪੀੜਿਤ ਹੋਣ,ਜਿਹਨਾਂ ਦੀਆਂ ਨਜ਼ਰਾਂ ਰੱਜੀਆਂ ਹੋਣ ਤੇ ਦਿਲ ਭਰੇ ਹੋਣ ਦਿਮਾਗ ਤਾਜ਼ਾ ਹੋਣ,ਲੂੰਬੜ ਚਾਲਾਂ ਤੋ ਪ੍ਰਹੇਜ਼ ਕਰਦੇ ਹੋਣ।ਘੜੰਮ ਚੌਧਰੀ ਨਹੀਂ ਕਾਮੇ ਹੋਣ ਕਿਰਤੀ ਹੋਣ ।
    ਅੰਨ੍ਹੀ ਪੀਹਵੇ ਕੁੱਤਾ ਚੱਟੀ ਜਾਵੇ,ਅੱਖਾਂ ਵਾਲਿਆਂ ਨੂੰ ਵੇਖ ਕੇ ਅਣਡਿੱਠ ਨਹੀਂ ਕਰਨਾ ਚਾਹੀਦਾ।
        '' ਇਨ ਅੰਧੇਰੋਂ ਸੇ ਕਹੋ ਕਿ ਅਪਨਾ ਠਿਕਾਨਾ ਕਰ ਲੇਂ
           ੍ਹਹਮ ਨਏ ਅਜ਼ਮ ਸੇ ਬੁਨਿਆਦਿ ਏ ਸ਼ਹਰ ਰਖਤੇ ਹੈਂ ''
ਅੇਸੇ ਬੁੱਧੀਜੀਵੀ ਸੁਹਿਰਦ  ਵਿਅਕਤੀ ਅੱਗੇ ਆਉਣ ਜੋ ਸਕੂਲ਼ ,ਹਸਪਤਾਲ ਬਣਾਉਣ,ਨਵੀਆਂ ਨਹਿਰਾਂ ਕੱਢਣ,ਪੁਰਾਣੀਆਂ ਦੀ ਸਾਂਭ ਸੰਭਾਲ ਕਰਨ ਬਾਰਿਸ਼ ਦਾ ਪਾਣੀ ਸੰਭਾਲਣ,ਪਾਣੀ ਰੀਸਾਈਕਲ ਪਲਾਂਟ ਲਾਉਣ, ਚਲ ਰਹੇ ਨਿਜੀ ਮਹਿਕਮਿਆਂ ਦਾ ਕੌਮੀਕਰਣ ਕਰਨ-ਮਿਸਾਲ ਦੇ ਤੌਰ ਤੇ ਪੰਜਾਬ ਰੋਡਵੇਜ਼ ਤੇ ਬਿਜਲੀ ਮਹਿਕਮਾ ਤੇ ਮਾਲ ਮਹਿਕਮਾ ਸਕੂਲ ਕਾਲਜ ਹਸਪਤਾਲ ਗੁਰਦਵਾਰੇ ਸਾਰੇ ਕਮਾਊ ਪੁੱਤ ਜੋ 117 ਨੇ ਆਪਸ ਵਿੱਚ ਵੰਡੇ ਹੋਏ ਹਨ-ਦਾ ਕੌਮੀਕਰਨ ਕਰਕੇ ਸੂਬੇ ਕੌਮ ਨੂੰ ਵਾਪਸ ਕਰਾਵੇ।ਮਰ ਚੁੱਕੇ ਉਦਯੋਗਾ ਨੂੰ ਪੁਨਰ ਸੁਰਜੀਤ ਕਰਾਵੇ।
ਕੋਈ ਹਰਿਆ ਬੂਟ ਰਹਿਓ ਰੀ !
      ਹਰ ਇਕ ਗੁਰਦਵਾਰੇ ਮੰਦਿਰ ਨੂੰ ਇਕ ਇਕ ਸਕੂਲ਼ ਇਕ ਇਕ ਹਸਪਤਾਲ ਅਲਾਟ ਕੀਤਾ ਜਾਵੇ ਤਾਂ ਜੋ ਜਨਤਾ ਦਾ ਪੈਸਾ ਜਨਤਾ ਦੇ ਹੀ ਭਲੇ ਲਈ ਵਰਤਿਆ ਜਾਵੇ ਨਾਂ ਕਿ ਤਖ਼ਤਾਂ ਦੀਆਂ ਚੂਲਾਂ ਤੇ।
    ਸਿਆਸਤਦਾਨਾਂ ਦੀ ਦਾਦਾਗਿਰੀ ਦੀ ਲਾਈ ਤਬਾਹੀ ਭਾਰਤੀਆਂ ਨੇ ਇੰਨੀ ਹੰਡਾ ਲਈ ਹੈ ਕਿ ਹੁਣ ਉਹ ਤਬਾਹੀ ਨੂੰ ਵੀ ਬਤੌਰ ਤਮਾਸ਼ਾ ਆਨੰਦ ਲੈਂਦੇ ਹਨ।ਤੇ ਇਸੇ ਤਮਾਸ਼ੇ ਦੇ ਆਨੰਦ ਵਿਚੋਂ ਕੋਈ ਹਰਿਆ ਬੂਟਾ ਸਿਰ ਕੱਢਣ ਲਈ ਉਤਾਵਲਾ ਹੈ ਉਹਦੇ ਵੱਲ ਧਿਆਨ ਦੇਣਾ ਹੈ।
   
       '' ਨੀਂਦ ਦੇ ਹਨੇਰਿਆਂ ਚੋਂ ਉਠ ਕੇ ਪਛਾਣ ਜਰਾ
         ਕੌਣ ਨੇ ਇਹ ਛਿਲੀਆਂ ਪਿੱਠਾਂ ਤੇ ਲੂਣ ਝੱਸਣ ਵਾਲੇ ''
     ਰਣਜੀਤ ਕੌਰ ਗੁੱਡੀ  ਤਰਨ ਤਾਰਨ     

ਕਲ ਤੇ ਅੱਜ - ਰਣਜੀਤ ਕੌਰ ਗੁੱਡੀ  ਤਰਨ ਤਾਰਨ

ਕਲ  ਅੱਜ
   ਟੈਮ ਟੂੰਮ ਨੀ੍ਹ ਹੈਗਾ-----ਟੈੰਮ ਈ ਟੈੰਮ
  ਮਰਨ ਦੀ ਵਿਹਲ ਨੀ੍ਹ====ਵਿਹਲ ਈ ਸਿਰਫ਼ ਮਰਨ ਦੀ
 ਸਿਰ ਖੁਰਕਣ ਦੀ ਵਿਹਲ ਨੀ੍ਹ-----ਭਾਂਵੇ ਅਠਾਰਾਂ ਘੰਟੇ ਸਿਰ ਖੁਰਕੋ
 ਟੈੰਮ ਨੀ੍ਹ ਕਿਤੇ ਆਉਣ ਜਾਣ ਦਾ-----ਆਉਣਾ ਜਾਣਾ ਖ਼ਤਮ
 ਸਿੱਧੇ ਮੂ੍ਹੰਹ ਨੀ੍ਹ ਗਲ ਕਰਦਾ------ਦੋ ਗਜ਼ ਦੀ ਦੂਰੀ ਹੈ ਜਰੂਰੀ
ਘਰ ਟਿਕਣਾ ਮੁਸ਼ਕਿਲ--------ਨਾ ਕਰਤਾ ਗੁਨਾਹ ਦੀ ਸਜ਼ਾ
ਖਾਣਾ ਖਾਣ ਤੋਂ ਪਹਿਲਾਂ ਹੱਥ ਧੋਵੋ---ਸਾਬੁਨ ਲਾ ਕੇ 20 ਸਕਿੰਟ ਮਲੋ
ਹੱਥ ਮਲਨਾ ਪਛਤਾਉਣਾ ਸੀ-----ਹੱਥ ਮਲਨਾ ਬਹੁਤ ਜਰੁਰੀ
ਹੱਥ ਨਾਲ ਹੱਥ ਮਿਲਾਉਣਾ-----ਦੋ ਹੱਥ ਜੋੜ ਦੂਰੋਂ ਨਮਸਕਾਰ
ਕੋਹੜਿਆਂ ਤੋਂ ਦੂਰ ਰਹੀਦਾ ਸੀ૷-ਸੱਭ ਕੋਹੜੀ ਦਿੱਖ ਰਹੇ ਨੇ
ਪੰਜ ਵੀਹਾਂ ਦਾ ਸੌ ਸੀ--------ਸੱਤ ਵੀਹਾਂ ਦਾ ਸੌ ਹੈ
ਹੱਥ ਨੂੰ ਹੱਥ ਸੀ-----------ਹੱਥ ਪਰੇ ਰੱਖ
ਜੋ ਦਿਖਦਾ ਸੀ-----------ਹੈ ਨਹੀਂ
ਜੋ ਸੁਣਦਾ ਸੀ------------ਸੱਚ ਨਹੀਂ
ਰੱਖੇ ਰੱਬ ਮਾਰੇ ਕੌਣ--------ਰੱਬ ਦੀ ਪੇਸ਼ ਨਹੀਂ ਜਾ ਰਹੀ
ਗੈਰ ਹੀ ਤਾਂ ਗੈਰ ਸੀ-------ਆਪਣੇ ਵੀ ਅਜਨਬੀ ਹੋ ਗਏ  
ਸਰਕਾਰ / ਸਰਕਾਰ-------ਦੋ ਧਾਰੀ ਤਲਵਾਰ
ਬੇਈਮਾਨੀ ਭ੍ਰਸ਼ਿਟਾਚਾਰ----ਚਰਮ ਸੀਮਾ ਪਾਰ
ਕੁੱਲੀ ਗੁੱਲੀ ਜੁੱਲੀ---------ਲੋੜੀਂਦੇ ਸਾਹ
ਬੁਰਕੀ ਜੋ ਦੇਂਦੇ ਸੀ------ਅੱਥਰੂ ਦੇ ਕੇ ਚਲੇ ਗਏ
ਚਾਰ ਮੋਢੇ ਦੋ ਗਿੱਠ ਥਾਂ--------ਅੱਜ
ਦੋ ਗੱਜ ਲੱਠਾ ਮੁੱਠੀ ਭਰ ਹੰਝੂ ---ਇਕ ਲਿਫਾਫਾ ਕੇਵਲ
     ਬੇਗਾਨੇ ਹੋ ਗਏ ਖੇਤ ਖਲਿਆਨ
   ਸਿਸਟਮ ਨੇ ਖਾ ਲੈ  ਕਿੰਨੇ ਆਸਮਾਨ
ਏਤੀ ਮਾਰ ਪਈ ਕੁਰਲਾਣੈ-----ਤੈਂ ਕੀ ਦਰਦ ਨਾਂ ਆਇਆ
    ਰਣਜੀਤ ਕੌਰ ਗੁੱਡੀ  ਤਰਨ ਤਾਰਨ

ਕੀ ਕੀ ਖਾ ਲਿਆ ਮਸ਼ੀਨੀਕਰਨ ਨੇ - ਰਣਜੀਤ ਕੌਰ ਗੁੱਡੀ  ਤਰਨ ਤਾਰਨ  

           ਮਸ਼ੀਨਰੀ ਦੀ ਭੈਂਟ ਚੜ੍ਹੈ ਕਿਰਤੀ ਭਾਰੇ
           ਜਮੀਨ ਖਾ ਗਈ ਕਿੰਨੇ ਉਭਰਦੇ ਤਾਰੇ-
   ਗੁੱਟ ਘੜੀ---ਜਿਸਨੂੰ ਰਿਸਟ ਵਾਚ ਵੀ ਕਹਿੰਦੇ ਹਨ।ਬੜਾ ਚਿਰ ਹੋਇਆ ਕਿਸੇ ਦੇ ਗੁੱਟ ਤੇ ਵਕਤ ਦੱਸਣ ਵਾਲੀ ਘੜੀ ਵੇਖਿਆਂ।ਗੁੱਟ ਘੜੀ ਨੂੰ ਮੋਬਾਇਲ ਫੋਨ ਹੜੱਪ ਗਿਆ।
   ਜਿਹਨਾਂ ਕੋਲ ਕੰਮ ਹੈ ਉਹਨਾਂ ਕੋਲ ਟਾਈਮ ਵੇਖਣ ਦਾ ਟਾਈਮ ਨਹੀਂ ਤੇ ਜਿਹਨਾਂ ਕੋਲ ਕੰਮ ਨਹੀਂ ਹੈ ਉਹ ਟਾਈਮ ਵੇਖਦੇ ਹੀ ਨਹੀਂ ਬੱਸ ਹਨੇਰਾ ਚਾਨਣ ਵੇਖ ਲੈਂਦੇ ਹਨ ਤੇ ਦਿਨ ਤੋਂ ਸ਼ਾਮ ਤੇ ਸ਼ਾਮ ਤੋਂ ਰਾਤ ਵੇਖ ਤੇ ਰਾਤ ਗੁਜਾਰ ਦਿਨ ਚੜ੍ਹਿਆ ਵੇਖ ਲੈਂਦੇ ਹਨ।
   ਪਹੁ ਫੁਟਾਲਾ,ਅ੍ਰੰਮਿਤ ਵੇਲਾ,ਸ਼ਾਹ ਵੇਲਾ, ਸਿਖਰ ਦੁਪਹਿਰਾ,ਲੌਢਾ ਵੇਲਾ,ਸੰੀਧਆ ਵੇਲਾ,ਇਹ ਸੱਭ ਵੇਲੇ ਮਸ਼ੀਨ ਵਿਚਲੀ ਗਰਾਰੀ ਬਣ ਕੇ ਰਹਿ ਗਏ ਹਨ।
ਰੇਡੀਓ- ਰੇਡੀਓ ਹੁੰਦਾ ਸੀ ਕਦੇ ਜਿਸਨੂੰ ਆਕਾਸ਼ਵਾਣੀ ਕਿਹਾ ਜਾਂਦਾ ਸੀ,ਹਵਾ ਦੀਆਂ ਤਰੰਗਾਂ ਤੇ ਸਵਾਰ ਆਵਾਜ਼ ਦੀ ਦੁਨੀਆਂ ਕਿੰਂਨੀਂ ਹਸੀਨ ਹੁੰਦੀ ਸੀ ਇਹ ਕਣਖੀ ਮਹਿਫਲ਼।ਇਸ ਮਹਿਫਲ ਨੂੰ ਅੱਧਾ ਤਾਂ ਟੀ.ਵੀ. ਨੇ ਖਾ ਲਿਆ ਤੇ ਬਾਕੀ ਅੱਧਾ ਅਧੁਨਿਕ ਐਫ.ਅੇਮ. ਸਟੇਸ਼ਨਾਂ / ਚੈਨਲਾਂ ਨੇ।
ਆਕਾਸ਼ਵਾਣੀ ਰਾਹੀਂ ਕਿੰਨਾ ਸੌਖਾ ਸੀ ਦੋਸਤਾਂ ਨੂੰ ਮਿਲਣਾ ਕੰਨਾਂ ਵਿੱਚ ਰਸੀਲੇ ਬੋਲ ਤੇ ਸੁਰੀਲੇ ਸੁਰ ਰਿਸਦੇ ਸੀ।
ਲੈਂਡ ਲਾਈਨ ਫੋਨ- ਚੰਗੇ ਸਹਿੰਦੇ ਘਰਾਂ ਦੀ ਸ਼ਾਨ ਹੁੰਦਾ ਸੀ ਟੇਲੀਫੋਨ।ਅਪਰ ਮਿਡਲ ਕਲਾਸ ਘਰਾਂ ਵਿੱਚ ਬਹੁਤ ਹੀ ਸੋਹਣੇ ਮਨਮੋਹਣੇ ਫੋਨ ਮਾਡਲ ਹੁੰਦੇ ਸੀ ਜੋ ਪੈਸੇ ਦਾ ਵਿਖਾਵਾ ਵੀ ਹੁੰਦਾ ਸੀ,ਢਾਈ  ਇੰਚ ਦੇ ਸੈੱਲ ਫੋਨ ਨੇ ਕਬਾੜ ਕਰ ਦਿੱਤੇ।
    ਡਾਕ ਬੰਗਲੇ,ਡਾਕ ਘਰ ਖਤਮ, ਖੱਤ ਜਵਾਬ ਖਤਮ,ਲਿਖਤੀ ਪ੍ਰੇਮ ਪੱਤਰ,ਰੁੱਕੇ ਖਤਮ,ਮਨੀਆਰਡਰ ਖਤਮ,ਤਾਰ ਖਤਮ,ਡਾਕ ਟਿਕਟਾਂ,ਰਸੀਦੀ ਟਿਕਟਾਂ ਖਤਮ,ਛਪੀ ਅਖਬਾਰ ਘੱਟ ਗਿਣਤੀ ਚ ਹੋ ਗਈ।
  ਸਾਈਕਲ૷ਆਵਾਜਾਈ ਦਾ ਸਾਧਨ- ਘੋੜੈ ਊਠ ਗਧੇ ਹਾਥੀ ਬੈਲਗੱਡੀ ਤੋਂ ਉਠ ਕੇ ਮਸ਼ੀਨ ਸ਼ਾਈਕਲ ਦੀ ਸਵਾਰੀ ਆਵਾਜਾਈ ਦਾ ਸਸਤਾ ਤੇ ਵਧੀਆ ਸਾਧਨ ਹੋ ਗੁਜਰੀ।ਪਰ ਵਿਗਿਆਨ ਦੇ ਮਸ਼ੀਨੀਕਰਨ ਨੇ ਮੋਟਰਸਾਈਕਲ ਬਣਾ ਕੇ ਇਸਨੂੰ ਐਸਾ ਨੁਕਰੇ ਲਾਇਆ ਹੈ ਕਿ ਜਿਹਦੇ ਕੋਲ ਤੇਲ ਪਾਉਣ ਲਈ ਪੈਸੇ ਨਹੀਂ ਉਹ ਵੀ ਨਿਰੇ ਸਾਈਕਲ ਦੀ ਸਵਾਰੀ ਕਰਨ ਵਿੱਚ ਸ਼ਰਮ ਮਹਿਸੂਸ ਕਰਦਾ ਹੈ।
    ਟਾਂਗਾ-ਸੜਕ ਤੇ ਜਾਂ ਕੱਚੇ ਪਹੇ ਤੇ ਚਲਦੇ ਟਾਂਗੇ ੇ ਘੋੜੀ ਦੀਆਂ ਟਾਪਾਂ ਦੀ ਅਵਾਜ਼ ਕੰਂਨਾਂ ਵਿੱਚ ਕੈਸਾ ਰਿਧਮ ਘੋਲਦੀ ਸੀ।ਐਂ ਲਗਦਾ ਹੈ ਜਿਵੇਂ ਸੰਗੀਤਕਾਰਾਂ ਨੇ ਸੰਗੀਤ ਬਣਾਉਣਾ ਟਾਂਗੇ ਘੋੜੇ ਦੇ ਟਾਪ ਤੋਂ ਸਿਖਿਆ ਹੋਵੇ-ਮੋਟਰਾਂ ਨੇ ਇਹਦਾ ਨਿਸ਼ਾਨ ਤੱਕ ਖਤਮ ਕਰ ਦਿੱਤਾ।
  ਧੋਬੀ-ਧੋਬੀ ਘਾਟ ਹੁੰਦਾ ਸੀ ,ਜਰਾ ਕੁ ਉੱਚੇ ਘਰਾਣੇ ਆਪਣੇ ਕਪੜੈ ਧੋਬੀ ਤੋਂ ਧੁਲਵਾਇਆ ਕਰਦੇ ਸੀ ਘਰਾਂ ਵਿੱਚ ਕਪੜੈ ਧੋਣ ਲਾਉਣ ਵਾਲੀਆਂ ਦਾ ਰਿਵਾਜ ਨਹੀਂ ਸੀ।ਕੁਝ ਹੋਰ ਲੋਕ ਵੀ ਭਾਰੇ ਕਪੜੈ ਜਿਵੇਂ ਖੇਸ ਕੰਬਲ ਦਰੀ ਆਦਿ ਧੋਬੀ ਘਾਟ ਤੋਂ ਧੁਵਾਉਂਦੇ ਸਨ।ਬਿਜਲੀ ਦੀ ਵਾਸ਼ਿੰਗ ਮਸ਼ੀਨ ਧੋਬੀ ਸਮੇਤ ਧੋਬੀ ਘਾਟ ਚਬਾ ਗਈ।
 ਲਲਾਰੀ-ਚੁੰਨੀਆਂ ਦੁਪੱਟੇ ਪੱਗਾਂ ਰੰਗਣ ਵਾਲੇ ਤਾਰੀਖ ਹੋ ਚੁਕੇ ਹਨ। ਕਿੰਨਾ ਦਿਲਚਸਪ ਹੁੰਦਾ ਸੀ ਲਲਾਰੀ ਨਾਲ ਗੁੱਸਾ ਕਰਨਾ ਜਦੋਂ ਉਹ ਵੇਲੇ ਦੇ ਵੇਲੇ ਰੰਗ ਨਹੀਂ ਸੀ ਕਰਕੇ ਦੇਂਦਾ।ਹੁਣ ਤਾਂ ਖੇਰ ਚੁੰਨੀ ਤੇ ਪੱਗ ਨੂੰ ਵੈਸੇ ਹੀ ਖੈਰਾਬਾਦ ਆਖ ਦਿਤਾ ਗਿਆ ਹੈ।
ਥਾਪਾ,ਥਾਪੀ,ਹੱਥ ਵਾਲੀ ਮਧਾਣੀ,ਮਿੱਟੀ ਦੀ ਚਾਟੀ,ਕਾੜ੍ਹਨੀ,ਤੌੜੀ,ਭੜੌਲੀ,ਚੌਂਕਾ ਚੁਲ੍ਹਾ,ਤੰਦੂਰ,ਲੂਣ ਘੋਟਣਾ,ਕੂੰਡਾ ਜਾਂ ਦੌਰੀ,ਚੰਗੇਰ, ਸਰਪੋਸ, ਸਾਗ ਘੋਟਣਾ, ਛੱਜ, ਉਖਲੀ, ਨਿੱਕੀ ਜਿਹੀ ਚੱਕੀ,ਕੋਠੜੀ ਤੋਂ ਕੋਠੀਆਂ ਬਣ ਕੇ ਪਰਾਤ ਵੀ ਵਿਰਲੀ ਟਾਂਵੇ ਘਰ ਹੈ,ਗੈਸ ਚੁਲ੍ਹੇ ਨੇ ਕੱਚੇ ਚੁਲ੍ਹੈ ਤੇ ਤੰਦੂਰ ਨੂੰ ਵਗਾਹ ਮਾਰਿਆ ਹੈ,ਇਹ ਸਾਰਾ ਕੁਝ ਵੇਖਣ ਲਈ ਪੰਜ ਸੌ ਦੀ ਟਿਕਟ ਖ੍ਰੀਦਣੀ ਪੈਂਦੀ ਹੈ।ਮੂਲੀ ਕੁਤਰਨਾ, ਛਾਨਣੀ ਤੇ ਹੋਰ ਇਹਨਾਂ ਚੀਜਾਂ ਨੂੰ ਰਸੋਈ ਵਿੱਚ ਰੱਖਣਾ ਬੇਰਿਵਾਜਾ ਸਮਝਿਆ ਜਾਂਦਾ ਹੈ।
    ਬੱਚਾ ਪੈਦਾ ਹੋਣ ਤੇ ਬਾਹਰਲੇ ਬੂਹੇ ਤੇ ਸ਼ਰੀਂਹ ਬੰਨ੍ਹਿਆ ਜਾਂਦਾ ਸੀ ਜੋ ਕਿ ਕਰੀਰ ਦੇ ਰੁੱਖ ਦੇ ਪੱਤਿਆਂ ਦਾ ਬਣਦਾ ਸੀ।ਇਕ ਲੋਕ ਗੀਤ ਵੱਜਿਆ ਕਰਦਾ ਸੀ'' ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ''-ਸੱਭ ਬੇਪਛਾਣ ਹੋ ਗਿਆ।
    ਤਾਰ ਤੇ ਟੰਗਿਆ ਇਕ ਛਿੱਕਾ ਹੁੰਦਾ ਸੀ ਜਿਸ ਵਿੱਚ ਦੁੱਧ ਦੀ ਭਰੀ ਗੜਵੀ ਜਾਂ ਡੋਲੂ ਬਿੱਲੀ ਤੋਂ ਬਚਾਅ ਕੇ ਰਾਤ ਨੂੰ ਰੱਖਿਆ ਜਾਂਦਾ ਸੀ ਪਰ ਬਿੱਲੀ ਮਾਸੀ ਵੀ ਬੜੀ ਹੁਸ਼ਿਆਰ ਸੀ ਕੁੱਦ ਕੇ ਛਿੱਕਾ ਹਿਲਾ ਦੇਂਦੀ ਤੇ ਦੁੱਧ ਡ੍ਹੋਲ ਕੇ ਲਕ ਜਾਂ੿ਦੀ।ਫਰਿਜ ਨੇ ਬਿੱਲੀ ਮਾਸੀ ਛਿੱਕੇ ਟੰਗ ਦਿੱਤੀ।
      ਮੇਰਾ ਮਾਂ ਦੀਆਂ ਪੱਕੀਆਂ ਖਾਣ ਨੂੰ ਬੜਾ ਈ ਜੀਅ ਕਰਦੈ-ਚੁਲ੍ਹੇ ਦੇ ਸਾਹਮਣੇ ਵਿਛੀਆਂ ਬੋਰੀਆਂ ਤੇ ਬੋਰੀਆਂ ਤੇ ਅਸੀਂ ਨਿਕੱੇ ਵੱਡੇ ਨਿਆਣੇ,ਮਾਂ ਤਵੇ ਤੋਂ ਗਰਮਾ ਗਰਮ ਲਾਲ ਫੁਲਾਂ ਵਾਲੀਆਂ ਰੋਟੀਆਂ ਆਪਣੇ ਚੱਪੇ ਨਾਲ ਤਾਜ਼ੇ ਮੱਖਣ ਨਾਲ ਚੋਪੜ ਕੇ ਸਾਨੂੰ ਪਰੋਸਦੀ ਤੇ ਅਸੀਂ ਖਾ ਨਿਹਾਲ ਹੋ ਕੇ ਆਪੋ ਆਪਣੀ ਥਾਲੀ ਕੌਲੀ ਚੁਲ੍ਹੇ ਦੇ ਪਿਛਲੇ ਪਾਸੇ ਰੱਖ ਨਿਸ਼ਚਿੰਤ ਦੌੜ ਜਾਂਦੇ।ਬਰੈੱਡ,ਬਰਗਰ ਤੇ ਪੀਜਿਆਂ ਦੀ ਕਾਢ ૶ ਅਜੋਕੀ ਮਾਂ ਤੇ ਆਪ ਵੀ ਇਹੋ ਭਾਲਦੀ ਹੈ,ਉਸ ਤੇ ਵੀ ਚਪਾਤੀ ਮੇਕਰ ਮਸ਼ੀਨ  ਅਤੇ ਹੋਮ ਡਲਿਵਰੀ ਨੇ ਤਾਂ ਉਹ ਸਵਾਦ ਖਿਆਲਾਂ ਵਿਚੋਂ ਵੀ ਮਨਫ਼ੀ ਕਰ ਦਿੱਤਾ ਹੈ।
   ਸਮਾਰਟ ਫੋਨ ਹੈ ਤਾਂ ਲਾਈਫ ਹੈ,ਯੁਟਿਊਬ ਯਾਨਿ ਨੁਸਖਾ ਵੈਦ૴૴૴૴
    ਟਾਹਲੀ ਪਿੱਪਲ,ਬੋਹੜ,ਕਿੱਕਰ,ਬੇਰੀ,ਢਿੰਞਨ,ਗੁਲਾਬਾਸੀ,ਥੋਹਰ,ਕਾਨੇ,ਸਰਕੜਾ,ਅੱਕ,ਕਰੀਰ-ਚਹੁੰ ਮਾਰਗੀ ਛੇ ਮਾਰਗੀਆਂ ਨੇ ਚਬਾ ਲਏ।
    ਸੰਦੂਕੜੀ ਵਾਲੀ ਮਲਾਈ ਬਰਫ਼,ਦਾਣੇ ਭੁੰਨਣ ਵਾਲੀ ਭੱਠੀ,ਵਹਿੰਗੀ ਵਾਲੇ ਬਾਬੇ ਦੀ ਦਾਲ ਪਲਮਰ,
ਕੋਈ ਦੱਸੇ ਭਲਾ ਜੇ ਚਿੱਟਾ ਕੁੱਕੜ ਤੇ ਰੰਗ ਬਰੰਗੀਆਂ ਕੁੱਕੜੀਆਂ ਨੂੰ ਮਸ਼ੀਨੀਕਰਣ ਨੇ ਕਿਉਂ ਹੜੱਪਿਆ?
    ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ-ਵਾਣ ,ਸੂਤੜੀ ਵਾਲਾ ਮੰਜਾ ਤਾਂ ਹੁਣ ਪਿੰਡ ਵਿੱਚ ਵੀ ਕਿਤੇ ਦਿਖਾਈ ਨਹੀਂ ਦੇਂਦਾ। ਨਾਂ ਚੌਕੇ ਵਿੱਚ ਪੀੜੀ ਡਹਿੰਦੀ ਹੈ।ਰੰਗਲਾ ਪਲੰਘ ਪੀੜਾ,ਨਵਾਰੀ ਪਲੰਘ ਪਿੱਤਲ ਦੇ ਕੋਕਿਆਂ ਵਾਲਾ ਸੰਦੂਕ,ਲੋਹੇ ਦੀ ਪੇਟੀ ਜੋ ਦਾਜ ਵਿੱਚ ਉਭਰਦੀ ਆਈਟਮ ਹੁੰਦੇ ਸੀ,ਕਿਧਰ ਗਏ ਕੋਈ ਨਾਂ ਜਾਣੇ।
( ਗੱਡੇ ਉਤੇ ਆ ਗਿਆ ਸੰਦੂਕ ਮੁਟਿਆਰ ਦਾ' ਗੀਤ ਹੁਣ ਅੱਖੀਆਂ ਸਾਹਮਣੇ ਤਸਵੀਰ ਨਹੀਂ ਬਣਾਉਂਦਾ  ਪੰਜਾਲੀ ਟੁੱਟ ਜਾਊਗੀ ਮੂਰਖਾ ਜੱਟਾ  ਦੀ ਬੋਲੀ ਗਿੱਧੇ ਵਿੱਚੋਂ ਬਾਹਰ ਹੋ ਗਈ ਹੈ।ਵੈਸੇ ਵੀ ਗਿੱਧਾ ਫੈਸ਼ਨ ਆਈਟਮ ਹੋ ਗਿਆ ਹੈ।
   ਦਸੂਤੀ ਤੇ ਸਿੰਧੀ ਦੀ ਕਢਾਈ,ਪੱਖੀਆਂ,ਚਰਖਾ, ਅਟੇਰਨ,ਕਪਾਹ ਵੇਲਣ ਵਾਲਾ ਵੇਲਣਾ,ਨਲਕਾ,ਸੂਈ ਵਾਲੇ ਤਵੇ ਵਾਜੇ,ਤ੍ਰਿੰਞਣ,ਸੱਥ,ਖੁੰਡ ਚਰਚੇ,ਰੱਸੀ ਵੱਟਣਾ,ਲੀਰਾਂ ਦਾ ਖਿਦੋ,ਲੀਰਾਂ ਦੀ ਗੁੱਡੀ ਗੁੱਡਾ ਲੁਪਤ ਹੋ ਗਏ ਹਨ। ਦਰੀਆਂ ਖੇਸ ਏ.ਸੀ. ਖਾ ਗਿਆ।ਚਿੜੀਆਂ ਕਾਂ ਕਬੂਤਰ ਤੋਤੇ ਜੁਗਨੂੰ ਤਿਤਲੀਆਂ ਮਧੂ ਮੱਖੀਆਂ ਦੇ ਛੱਤੇ,ਬਿਜੜੈ ਦੇ ਆਲ੍ਹਣੇ,ਉਲੂ,ਇਲ ਗਿਰਝ ਬਹੁਤ ਕੁਝ ਮਸ਼ੀਨਰੀ ਦੀ ਭੇਂਟ ਚੜ੍ਹ ਗਿਆ।
      ਕਰੀਰ ਦਾ ਵੇਲਣਾ ਮੈਂ ਵੇਲ ਵੇਲ ਥੱਕੀ'-ਇਕ ਤਵਾ ਅਕਸਰ ਵੱਜਿਆ ਕਰਦਾ ਸੀ।
ਲਿਬਾਸ-ਪੁਲੀਸ ਅਤੇ ਫੋਜ ਦੀ ਵਰਦੀ ਤੋਂ ਇਲਾਵਾ ਬਾਕੀ ਸੱਭ ਰਵਾਇਤੀ ਲਿਬਾਸ ਦੇ ਵਿਰਲੇ ਟਾਂਵੇਂ ਹੋ ਜਾਣ ਬਾਰੇ ਸੱਭ ਜਾਣਦੇ ਹਨ।ਘੱਗਰੇ ਤਾਂ ਗਏ ਹੀ ਸੀ ਸਾੜੀਆਂ ਵੀ ਗਈਆਂ। ਬੁਸ਼ਰਟ,ਪਤਲੂਨ, ਮਾਲਵੇ ਦੇ ਸੋਨੇ ਦੇ ਬੀੜਿਆਂ ਵਾਲੇ ਕੁੜਤੇ ਕਿਤੇ ਨਾਂ ਥਿਆਂਉਂਦੇ ਹੁਣ।ਪਰਾਂਦੇ,ਜਲੇਬੀ ਜੂੜਾ,ਕਿਥੇ ਰਹਿੰਦਾ ਜਦ ਵਾਲ ਹੀ ਬੌਬ ਕੱਟ ਹੋ ਗਏ।
  ਜੁੱਤੀ- ਚੀਨ ਤੌਂ ਆਈਆਂ ਨਕਲੀ ਜੁਤੀਆਂ ਨੇ ਹਰੀ ਕੇ ਦੀ ਪੰਜਾਬੀ ਜੁੱਤੀ ਤੇ ਮਾਲਵੇ ਦੀ ਨੋਕਦਾਰ ਜੁੱਤੀ ਤੇ ਖੁਸਾ ,ਕਾਲੇ ਸਲੀਪਰ ਨਵੀਆਂ ਵਹੁਟੀਆਂ ਦੇ ਖਾਸਮ ਖਾਸ ਲਾਲ ਸਲੀਪਰ,ਇਤਿਹਾਸ ਹੋ ਗਏ ਤੇ ਜੁੱਤੀ ਕਸੂਰੀ ਨਹੀਂ ਪੈਰੀਂ ਪੂਰੀ।ਇਕ ਗੀਤ ਬਣ ਕੇ ਰਹਿ ਗਈ।
    ਗੋਰੀ ਪਿੰਂਨੀ ਤੇ  ਸਲੀਪਰ ਕਾਲੇ ਗੱਡੀ ਵਿਚੋਂ ਲੱਤ ਲਮਕੇ ''॥
    ਅਸ਼ਕੇ ਨਵੀਂ ਤਹਿਜੀਬ ਦੇ;ਮਾਤਾ ਪਿਤਾ ਨੂੰ ਬੱਚੇ ਕੋਲ ਜਾਣ ਤੋਂ ਪਹਿਲੇ ਦਸਤਕ ਦੇਣੀ ਪੈਂਦੀ ਹੈ।ਜੇ ਬੱਚਾ ਉਪਰ ਚੁਬਾਰੇ ਵਿੱਚ ਬੈਠਾ ਹੈ ਤਾਂ ਮੋਬਾਇਲ ਫੋਨ ਖੜਕਾਇਆ ਜਾਂਦਾ ਹੈ।ਓ ਸੱਚ ਚੁਬਾਰੇ ਨਹੀਂ ਸੈਕਿੰਡ ਫਲੋਰ।
      ਸ਼ਰੇਰਾਹ ਚਲਦੇ ਚਲਦੇ ਦਿਲ ਵਿਚੋਂ ਮੋਹ ਦੀਆਂ ਤੰਦਾ ਉਲਝ  ਉਖੜ ਜਾਣ ਤਾਂ ਦਿਲ ਨੂੰ ਬਾਇ ਪਾਸ ਪਾ ਦੇਂਦੇ ਹਨ,ਸੰਟੰਟ ਵੀ ਪੈ ਜਾਂਦਾ ਹੈ।
ਈ.ਵੀ.ਅੇਮ.-   ਵੋਟ ਦੀ ਹਸਤੀ ਲਗਭਗ ਖਤਮ ਹੈ ਤੇ ਵੋਟਰ ਬੇਲੋੜਾ ਹੋ ਗਿਆ ਹੈ। ਵੋਟ ਦੀ ਕਦਰ,ਵਕਤ ਦੀ ਕਦਰ,ਵਿਅਕਤੀ ਦੀ ਕਦਰ ਜੇ ਵਿਅਰਥ ਨਾਂ ਜਾਂਦੀ ਤਾਂ ਅੱਜ ਵਿਵਸਥਾ ਇੰਨੀ ਨਿਰਰਥਕ ਨਾਂ ਹੁੰਦੀ।
੍ਹ   ਹੋਰ ਪੰਜ ਦੱਸ ਵਰ੍ਹਿਆਂ ਨੂੰ ਬਨਾਉਟੀ ਬੌਧਿਕਤਾ ਇਸ ਕਦਰ ਆਮ ਹੋ ਜਾਵੇਗੀ ਕਿ ਇਸ ਸੱਭ ਦਾ ਇਤਿਹਾਸ ਵੀ ਕੱਈ ਨਹੀਂ ਪੜ੍ਹੇਗਾ।
       ਅੰਦਰੋਂ ਲੋਕ ਉਦਾਸੇ ਨੇ,ਪਰ ਹੋਠਾਂ  ਤੇ ਹਾਸੇ ਨੇ
      ਅੱਖੀਆਂ ਦਰਿਆ ਪੀ ਗਈਆਂ,ਲੇਕਿਨ ਹੋਂਠ ਪਿਆਸੇ ਨੇ॥
    ਬੜਾ ਕੁਝ ਬਦਲ ਗਿਆ ਹੈ ਮਸ਼ੀਨੀਕਰਨ ਨਾਲ,ਮਸ਼ੀਨ ਬੰਦੇ ਨੇ ਬਣਾਈ,ਮਸ਼ੀਨ ਬੰਦਾ ਨਹੀਂ ਬਣਾ ਸਕਦੀ।ਬੰਦੇ ਨੂੰ ਕੇਵਲ ਤੇ ਕੇਵਲ ਬੰਦਾ ਹੀ ਬਣਾ ਸਕਦਾ ਹੈ।ਪਰ ਫੇਰ ਵੀ ਬੰਦਾ ਬੰਦੇ ਦਾ ਪੁੱਤ ਬਣ ਕੇ ਵਿਚਰਨ ਲਈ ਤਿਆਰ ਨਹੀਂ ਤੇ ਨਾਂ ਹੀ ਬੰਦਾ ਬੰਦੇ ਨੂੰ ਆਪਣੇ ਵਰਗਾ ਬੰਦਾ ਸਮਝਣ ਲਈ ਸਹਿਮਤ ਹੈ
    ਮਸ਼ੀਨਰੀ ਈਜਾਦ ਕਰਦਾ ਕਰਦਾ ਮਨੁੱਖ ਖੁਦ ਇਕ ਮਸ਼ੀਨ ਦੀ ਮਾਨਦ ਹੋ ਚੁੱਕਾ ਹੈ૷
           '' ਕਿਸੇ ਬੀਜਆ ਏ ਤੁਸਾਂ ਵੱਢਣਾ ਏ
             ਕਿਸੇ ਕੀਤੀਆਂ ਨੇ ਤੁਸਾਂ ਵਰਤਣਾ ਏ
             ਆਪ ਵੇਲੇ ਸਿਰ ਪੁਛਣਾ ਗਿਛਣਾ ਸੀ
         ੍ਹੁ ਹੁਣ ਕਿਸੇ ਥੀਂ ਕੀ ਹਿਸਾਬ ਮੰਗਣਾ ਏ''---ਫੇੈਜ਼ ਅਹਿਮਦ ਫੈੇਜ਼॥
             
                       ਰਣਜੀਤ ਕੌਰ ਗੁੱਡੀ  ਤਰਨ ਤਾਰਨ  

ਵਾਹ ਜਮੂਰੇ ਵਾਹ - ਰਣਜੀਤ ਕੌਰ ਗੁੱਡੀ ਤਰਨ ਤਾਰਨ॥

   ਉਸਤਾਦ- ਜਮੂਰੇ ਉਪਰ ਕੀ?
   ਜਮੂਰਾ- ਅਸਮਾਨ
   ਉਸਤਾਦ-ਜਮੂਰੇ ਹੇਠਾਂ ਕੀ?
  ਜਮੂਰਾ- ਇਨਸਾਨ
  ਉਸਤਾਦ- ਜਮੂਰੇ ਖੱਬੇ ਕੀ ?
  ਜਮੂਰਾ- ਸ਼ੇਤਾਨ
  ਉਸਤਾਦ૷ਜਮੂਰੇ ਸੱਜੇ ਕੀ?
  ਜਮੂਰੇ૷ਸ਼ੇਤਾਨ
  ਉਸਤਾਦ- ਜਮੂਰੇ ਬੋਲ ਤੇਰੇ ਢਿੱਡ ਵਿੱਚ ਕੀ?
  ਜਮੂਰਾ૷ਅਰਮਾਨ
 ਉਸਤਾਦ- ਜਮੂਰੇ ਘੁੰਮ ਜਾ
 ਘੁੰਮ ਗਿਆ ਉਸਤਾਦ
 ਜਮੂਰੇ ਮਰ ਜਮੂਰੇ ਮਰ
  ਮਰ ਗਿਆ ਉਸਤਾਦ
     ਵਾਹ ਜਮੂਰੇ  ਵਾਹ ਕਾਹਨੂੰ ਲੈਨੈ ਔਖੇ ਸਾਹ
 ਉਠ ਜਮੂਰੇ ਉਠ ਬੋਲ ਤੇਰੀ ਸਰਕਾਰ ਦੀਆਂ ਤੇਰੇ ਲਈ ਕੀ ਕੀ ਪ੍ਰਾਪਤੀਆਂ ਨੇ.
  ਜਮੂਰਾ ਖਾਮੋਸ਼ ਨਾਂ ਹੂੰ ਨਾ ਹਾਂ
 ਉਸਤਾਦ ਗੁੱਸੇ ਵਿੱਚ-ਜਮੂਰੇ ਬੋਲਦਾ ਕਿਉਂ ਨਹੀਂ,ਬੋਲੇਂਗਾ ਕਿ ਮਾਰਾਂ ਛੁਰੀ
 ਜਮੂਰਾ-ਉਸਤਾਦ ਕੀ ਬੋਲਾਂ ਕੁਝ ਪ੍ਰਾਪਤ ਹੀ ਨਹੀਂ ਹੋਇਆ।
 ਉਸਤਾਦ-ਜਮੂਰੇ ਕਿੰਨੇ ਵਰ੍ਹੇ ਦਾ ਹੋ ਗਿਐਂ?
 ਜਮੂਰਾ-73 ਵਰ੍ਹੈ ਦਾ ਪੂਰਾ ਹੋਣ ਵਾਲਾ ਹਾਂ
 ਜਮੂੂੂਰੇ 73 ਵਰ੍ਹੈ ਚ ਤੇਰੀ ਸਰਕਾਰ ਨੇ ਤੇਰੇ ਲਈ ਕਈ ਸਕੂੂਲ ਬਣਾਏ ਕਈ ਹਸਪਤਾਲ ਬਣਾਏ,ਰੇਲਾਂ ਦੇ ਜਾਲ ਵਿਛਾਏ,ਆਹ ਹੁਣ ਵਾਲੀ ਸਰਕਾਰ ਨੇ ਪਿਛਲੇ ਚਹੁੰ ਵਰ੍ਹਿਆਂ ਚ ਸਾਢੈ ਨੌਂ ਹਜਾਰ ਸਮਾਰਟ ਸਕੂਲ਼ ਬਣਾਏ।
ਜਮੂਰਾ-ਉਸਤਾਦ ਸਮਾਰਟ ਸਕੂਲ਼ ਨਹੀਂ ਸਮਾਰਟ ਫੋਨ।ਮੈਂ ਝੱਗਾ ਚੁਕਣਾ ਨਹੀਂ ਚਾਹੁੰਦਾ ਪਰ ਤੁਸੀਂ ਬਹੁਤਾ ਖਹਿੜੈ ਪੈ ਗਏ ਤੇ ਮੈਂ ਦਸਦਾਂ, ਨਾਂ ਸਕੂਲ਼ ਨਾਂ ਹਸਪਤਾਲ,ਨਾਂ ਰੇਲਾਂ।ਜੇਲਾਂ ਬਣਾਈਆਂ,ਤੇ ਭਰੀਆਂ ਪਈਆਂ ਬੜੀਆਂ ਸ਼ਾਦ ਅਬਾਦ ਨੇ ਜੇਲਾਂ।ਢਾਬੇ ਤੇ ਭਾਂਡੇ ਮਾਂਜਣ ਵਾਲੇ ਮਾਸੂਮ ਤੋਂ ਲੈ ਕੇ ਸੱਚਾ ਸਾਹਿਤ ਲਿਖਾਰੀ ਤੱਕ ਸੱਭ ਅੰਦਰ ਧੱਕੇ ਪਏ।

ਉਸਤਾਦ- ਖਾਮੋਸ਼ ਗੁਸਤਾਖ॥ ਤੇਰੇ ਸਾਹ ਪੂਰੇ ਹੋ ਗਏ ਲਗਦੇ?
   ਜਮੂਰਾ- ਉਸਤਾਦ ਹਰ ਸਾਹ ਆਖਰੀ ਜਾਪਦੈ।
    ਉਸਤਾਦ- ਪਹਿਲਾਂ ਪੰਜ ਰੁਪਏ ਦੀ ਸ਼ਰਾਬ ਪੀ ਕੇ ਆਪਣੀ ਉਮਰ ਦੇ ਬੇਹਤਰੀਨ ਪੰਜ ਸਾਲ ਦੇ ਦਿੰਦੇ ਤੇ ਫੇਰ ਚੋਣਾ ਉਡੀਕਦੇ ਰਹਿੰਦੇ,ਸਸਤਾ ਅਨਾਜ ਮੁਫ਼ਤ ਬਿਜਲੀ ਕੰਮ ਕਰਨ ਤੋਂ ਜੀਅ ਚਰਾਉਂਦੇ,ਭਿਖਾਰੀ ਦੀ ਅੋਕਾਤ ਹੈ ਤੇਰੀ ਜਮੂਰੇ।
ਜਮੂਰਾ-ਜੀ ਉਸਤਾਦ,ਨੀਲੇ ਪੀਲੇ ਕਾਰਡ ਹੀ ਅੋਕਾਤ ਤੇ ਬਸਾਤ ਹੈ ਮੇਰੀ।ਮੈਂ ਬੰਦਾ ਨਹੀ ਨੰਬਰ ਹਾਂ।ਥਾਂ ਥਾਂ ਖੁਲ੍ਹੈ ਸ਼ਰਾਬ ਦੇ ਠੇਕੇ ।ਉਸਤਾਦ ਲਾਕ ਡਾਉਨ ਵਿੱਚ ਸਰਕਾਰੀ ਤੌਰ ਤੇ ਜੋ ਨਕਦੀ ਮਿਲੀ ਉਹਦੇ ਨਾਲ ਸੁਨੇਹਾ ੁਮਿਲਿਆ ਸੀ ਪ੍ਰਸ਼ਾਦੇ ਤੇ ਤੁਹਾਨੂੰ ਦਰਬਾਰੋਂ ਆ ਜਾਣੇ ਤੇ ਇਹ ਨਕਦੀ ਦੀ ਪੀਣੀ ਏਂ ਪੀਣੀ॥ਤੇ ਸਕੂਲ਼ ਨਹੀਂ ਖੋਲੇ ਹਸਪਤਾਲ ਨਹੀਂ ਖੁਲ੍ਹੈ ਸ਼ਰਾਬ ਦੈ ਠੇਕੇ ਖੋਹਲ ਦਿੱਤੇ ਤੇ ਉਥੇ ਦੋ ਗਜ ਦੀ ਦੂਰੀ ਵੀ ਖਤਮ ਆਹ ਲੰਮੀਆਂ ਕਤਾਰਾਂ,ਤੇ ਇਕ ਹੀ ਦਿਨ ਵਿੱਚ ਅਰਬਾਂ ਦੀ ਆਮਦਨ ਹੋ ਗਈ।
     ਕੰਮ ਕਰਨ ਵਾਲੇ ਕਾਮੇ ਨਹੀਂ ਇਕ ਦਿਨ ਵੀ ਬੈਠੈ,ਸਫ਼ਾਈ ਸੇਵਕਾਂ ਨੇ ਇਕ ਦਿਨ ਵੀ ਨਾਗਾ ਨਹੀਂ ਕੀਤਾ  ਆਪਣੀ ਵਰਦੀ ਪਾ ਕੇ ਅਤਿ ਕੋਹਰੇ ਵਿੱਚ ਵੀ ਰੋਜ਼ ਸੇਵਾ ਕੀਤੀ।ਤੇ ਸਰਕਾਰ ਦੀ ਪ੍ਰਾਪਤੀ ਵੇਖੋ ਚਾਰ ਮਹੀਨੇ ਹੋ ਗਏ ਉਹਨਾਂ ਨੂੰ ਭੱਤਾ ਤਨਖਾਹ ਨਹੀਂ ਮਿਲੀ।ਜਹਿਰੀਲੀ ਸ਼ਰਾਬ ਪੀਣ ਵਾਲੇ ਨੂੰ ਤਗਮਾ ਮਿਲਿਆ ਨਕਦ ਪੰਜ ਲੱਖ ਰੁਪਏ।ਦੱਸ ਉਸਤਾਦ ਇਸ ਤੋਂ ਵੱਡੀ ਕੀ ਪ੍ਰਾਪਤੀ ਪ੍ਰਾਪਤ ਕਰ ਸਕਦੀ ਕੋਈ ਸਰਕਾਰ? ਕਰਮਚਾਰੀਆਂ ਅਧਿਕਾਰੀਆਂ ਪੈਨਸ਼ਨਰਾਂ ਦੀ ਕਿਤੇ ਇਕ ਮਹੀਨੇ ਤੇ ਕਿਤੇ ਇਕ ਦਿਨ ਦੀ ਬਗਾਰ ਕੱਟੀ ਇਸ ਲਈ ਕਿ ਜਰੂਰੀ ਸੇਵਾਂਵਾਂ ਨੂੰ ਮੁਆਵਜ਼ਾ ਦਿੱਤਾ ਜਾਏ ਆਪ ਕਿਸੇ ਸੈਨੇਟਰ ਨੇ ਇਕ ਰੁਪਿਆ ਵੀ ਦਾਨ ਨਹੀਂ ਕੀਤਾ ਸਗੋਂ ਢਾਈ ਢਾਈ ਲੱਖ ਮਹੀਨਾ ਵਸੂਲੇ।
 ਜਮੂਰਾ-ਉਸਤਾਦ ਲਾਕ ਡਾਉਨ ਵਿੱਚ ਸੱਭ ਧੰਦੇ ਬੰਦ ਰਹੇ ਪਰ ਖੇਤੀ ਬਾੜੀ ਦਾ ਕੰਮ ਤੇ ਮੌਸਮੀ ਹੁੰਦੈ ਉਹ ਤੇ ਕਰਨਾ ਪੈਂਦਾ ਨਾਲੇ 'ਪੇਟ ਨਾਂ ਪਈਆਂ ਰੋਟੀਆਂ ਤੇ ਸੱਭੈ ਗਲਾਂ ਖੋਟੀਆਂ' ਅਨੁਸਾਰ ਪੇਟ ਦੀ ਅੱਗ ਬੁਝਾਉਣ ਲਈ ਦਾਣੇ ਤੇ ਚਾਹੀਦੇ ਸੀ, ਤੇ ਜਦੋਂ ਸ਼ੈੇਤਾਨ ਦੀ ਛਟੀ ਇਸ਼ਟ ਨੇ ਦਹਾੜ ਮਾਰੀ ਕਿ ਖੇਤੀ ਤੇ ਬਹੁਤ ਤਕੜਾ ਉਦਯੋਗ ਤੇ ਬੜਾ ਲਾਹੇਵੰਦ ਵੀ ਹੈ ਤੇ ਉਸਨੇ ਖੇਤੀ ਹੇਠਲੇ ਪੂਰੇ ਰਕਬੇ ਤੇ ਕਬਜਾ ਕਰਨ ਦਾ ਕਾਨੂੰਨ ਪਾਸ ਕਰ ਦਿੱਤਾ ਤੇ ਉਸਤਾਦ ਅਵਾਮ ਪਹਿਲਾਂ ਤਾ ਭੇਡਾਂ ਬਕਰੀਆਂ ਬਣਿਆ ਰਿਹਾ ਫੇਰ ਕੀੜੈ ਮਕੌੜੈ ਤੇ ਹੁਣ ਜਮੂਰੀ ਬਣ ਸੜਕਾਂ ਕੰਢੇ ਰੁਲ ਰਿਹੈ।
ਉਸਤਾਦ૷ਜਮੂਰੇ ਕਾਹਨੂੰ ਔਖਾ  ਹੁੰਨੈਂ ਹੁਣ ਤੇ ਸਰਕਾਰ ਨੇ ਤੇਰੀ ਜਮੂਰੀਅਤ ਨੂੰ ਸੈਰ ਸਪਾਟਾ ਮੁਫ਼ਤ ਬੱਸ ਕਰਤੀ।
 ਜਮੂਰਾ-ਉਸਤਾਦ ਬੱਸ ਆਉਗੀ ਤੇ ਮੁਫ਼ਤ ਸੈਰਸਪਾਟਾ ਕਰੁਗੀ ਜਮੂਰੀਅਤ।
ਸਰਕਾਰੀ ਤੇ ਸਿਰਫ਼ ਸਰਕਾਰ ਹੀ ਹੈ ਬਾਕੀ ਸਾਰਾ ਨਿਜ਼ਾਮ ਤੇ ਨਿਜੀ ਹੈ।
ਮੁਫ਼ਤ ਬੱਸ ਦੀ ਬਾਤ ਸੁਣ ਲਓ ਪਰਸੋਂ ਜਮੂਰੀਅਤ ਘਰੋਂ 50 ਰੁਪਏ  ਰਕਸ਼ੇ ਦੇ ਲਾ ਕੇ ਉਥੇ ਪੁੱਜੀ ਜਿਥੇ ਬੱਸ ਸਵਾਰੀਆਂ ਲੈਂਦੀ,ਦੋ ਘੰਟੇ ਚ ਦੱਸ ਬਸਾਂ ਆਈਆਂ ਕੰਡਕਟਰ ਆਖੇ ਇਹ ਨੀ੍ਹਂ ਮੁਫ਼ਤ ਆਲੀ,ਮੁਫ਼ਤ ਆਲੀ ਮਗਰ ਆਉਂਦੀ ,ਲੈ ਦੋ ਢਾਈ ਘੰਟੇ ਖਲੋ ਖਲੋ ਜਮੂਰੀਅਤ ਫੇਰ ਪੰਝਾਹ ਰੁਪਈਏ ਦੇ ਕੇ ਮੁੜ ਆਈ।ਸੌ ਨੂੰ ਥੁੱਕ ਲਾ ਗਿਆ ਸਰਕਾਰੀ ਝਾਂਸਾ ਤੇ ਖੱਜਲ ਖੁਆਰੀ ਮੁਫ਼ਤ ਮਿਲੀ।ਅਖੇ ਨਾਂ ਨੌਂ ਮਣ ਤੇਲ ਹੋਵੇ ਤੇ ਨਾਂ ਰਾਧਾ ਨੱਚੇ॥
  ਉਸਤਾਦ ਇਕ ਹੋਰ ਬਾਤ ਦਿਲ ਲੁ੍ਹਹਣ ਵਾਲੀ ਹੈ ਕਿ ਪੀਣ ਵਾਲਾ ਪਾਣੀ-ਜਮੂਰੀਅਤ ਪੀਣਵਾਲੇ ਪਾਣੀ ਨੂੰ ਤਰਸ ਗਈ  25 ਰੁਪਏ ਨੂੰ ਹੋਈ ਪਈ ਬੋਤਲ ।ਮੀਂਹ ਦਾ ਪਾਣੀ ਸੰਭਾਲਣ ਦੀ ਕੋਈ ਵਿਉਂਤ ਨਹੀਂ ਬਣਾਈ ਗਈ ਗੰਦਾ ਪਾਣੀ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਦਫ਼ਤਰਾਂ ਇਦਾਰਿਆਂ ਵਿੱਚ ਸੀਵਰੇਜ ਸਿਸਟਮ ਨਹੀਂ, ਸ਼ੋਚਾਲਯ ਕਾਗਜ਼ੀ ਹਨ।ਰੇਤ ਬਜਰੀ ਤੇ ਧਰਤੀ ਹੇਠਲੇ ਹੋਰ ਖਣਿਜਾਂ ਦੀ ਸਮਗਲਿੰਗ ਅੱਗੇ ਨਾਲੋਂ ਵੱਧ ਹੈ , ਕਾਰਖਾਨਿਆਂ ਦਾ ਗੰਦਾ  ਪਾਣੀ ਪੀਣ ਵਾਲੇ ਪਾਣੀ ਵਿੱਚ ਰਲਿਆ ਪਿਆ,ਕਾਰਖਾਨਿਆਂ ਦਾ ਪ੍ਰਦੂਸ਼ਨ ਹਵਾ ਪ੍ਰਦੂਸ਼ਤ ਕਰ ਰਿਹੈ। ਪਸ਼ੂ ਹਸਪਤਾਲ ਇਮਾਰਤ ਕੋਈ ਨਹੀਂ।750 ਰੁਪਏ ਬੁਢਾਪਾ ਲਾਵਾਰਿਸ ਪੈਨਸ਼ਨ ਤਾਂ ਦਿੱਤੀ ਨਹੀਂ ਸੀ ਗਈ ਤੇ ਹੁਣ 1500/ ਅੇਲਾਨ ਦਿੱਤੀ,ਤੇ ਘਾਟੇ ਵਾਲਾ ਬਜਟ ਦਸ ਕੇ ਬਿਜਲੀ ਦੇ ਬਿਲ ਵਧਾ ਦਿੱਤੇ ਤੇ ਕਈ ਹੋਰ ਟੈਕਸ ਵਧਾ ਦਿੱਤੇ।
 ਥਾਂ ਥਾਂ ਲਗੇ ਕੂੜੇ ਕਚਰੇ ਦੇ ਅੰਬਾਰ,ਮੱਛਰ ਮੱਖੀਆਂ,ਅਤਿਅੰਤ ਅਵਾਰਾ ਕੁੱਤੇ,ਤੇ ਫੰਡਰ ਪਸ਼ੂਆਂ ਨੇ ਬਕੌਲ ਆਪ ਜੀ ਦੇ ਮੇਰੀ ਜਮੂਰੀ ਦਾ ਜਿਉਣਾ ਹਰਾਮ ਕਰ ਕੇ ਆਪਣਾ ਜੀਵਨ ਹਲਾਲ ਕਰ ਰਹੇ ਹਨ।
''ਜੇ ਕਿਸਾਨ ਨਹੀਂ ਤਾਂ ਖਾਣਾ ਨਹੀਂ''-ਕੀ ਇਸ ਕਿਸਾਨ ਤਰਾਸਦੀ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਇਕਜੇੁਟ ਹੋ ਕੇ ਸੱਤਾਧਾਰੀ ਜਾਲਮ ਨੂੰ ਸਬਕ ਨਹੀਂ ਸਿਖਾ ਸਕਦੀਆਂ ਪਰ ਕਾਹਨੂੰ ਹਰੇਕ ਪਾਰਟੀ ਆਪਣੀ ''ਢਾਈ ਪਾ ਖਿਚੜੀ ਅੱਡੋ ਅੱਡ ਪਕਾ ਆਪੋ ਆਪਣਾ ਤਖ਼ਤ ਵਿਛਾਉਣ ਦੀ ਯੋਜਨਾ ਵਿੱਚ ਗਲਤਾਨ ਹੈ।
ਦਸੋ ਉਸਤਾਦ ਕਿਹੜੀ ਕਿਹੜੀ ਪ੍ਰਾਪਤੀ ਦੀ ਵਾਹਵਾ ਕਰੇ ਜਮੂਰੀਅਤ, ਇੰਨੇ ਸੁਖ ਸਹੂਲਤਾਂ ਦਿੱਤੇ ਪਏ ਕਿ ਦਾਮਨ ਵਿੱਚ ਨਹੀਂ ਸਮਾ ਰਹੇ।
  ਉਸਤਾਦ= ਨਾਂ ਉਦਾਸ ਹੌ ਜਮੂਰੇ ਨਾਂ ਨਿਰਾਸ਼ ਹੋ,ਭਲੇ ਦਿਨ ਆਉਣਗੇ।ਪੀਲੇ ਪੁਰਾਣੇ ਪੱਤੇ ਝੱੜਦੇ ਤੇ ਫੇਰ ਨਵੇਂ ਆਉਂਦੇ
ਜਮੂਰਾ- ਉਸਤਾਦ ਕੁਦਰਤ ਦਾ ਨਿਜ਼ਾਮ ਹੈ ਨਵਿਆਂ ਵਾਲਾ,ਭਾਰਤੀ ਨਿਜ਼ਾਮ ਵਿੱਚ ਪੀਲਿਆਂ ਨੂੰ ਹਰਾ ਰੰਗ ਲਾ ਲੈਂਦੇ ਹਨ   
ਉਸਤਾਦ૷ਜਮੂਰੇ ਮੈਂ ਤੇ ਤੈਨੂੰ ਅੇਵੇਂ ਹੀ ਮਖੌਲਾਂ ਕਰਦਾ ਰਿਹਾ ਪਰ ਤੂੰ ਤੇ ਮੈਨੂੰ ਵੀ ਫਿਕਰਾਂ ਚ ਪਾ ਤਾ॥  
       '' ਬਣੇ ਬੈਠੈ ਨੇ ਸਾਡਿਆਂ ਹੱਕਾਂ ਦੇ ਹੱਕਦਾਰ
        ਇਹ ਸਾਡੇ ਚਾਨਣਾਂ ਦਾ ਰਾਹ ਡੱਕਣ ਵਾਲੇ॥
    ਆ ਜਮੂਰੇ ਜਾਂਦੇ ਜਾਂਦੇ ਤਖ਼ਤ ਨੂੰ ਇਕ ਮਸ਼ਵਰਾ ਦੇ ਦਈਏ=
          ''ਕੁਰਸੀ ਹੈ ਤੁਮਹਾਰੀ,ਤੁਮਹਾਰਾ ਜਨਾਜ਼ਾ ਤੋ ਨਹੀਂ ਹੈ,ਜੋ ਉਤਰ ਨਹੀਂ ਸਕਤੇ
            ਕੁਸ਼ ਕਰ ਨਹੀਂ ਸਕਤੇ ਤੋ ਉਤਰ ਕਿਉਂ ਨਹੀਂ ਜਾਤੇ''(ਇਰਤਜਾਹ ਨਿਸ਼ਾਤ)
      
                  ਰਣਜੀਤ ਕੌਰ ਗੁੱਡੀ ਤਰਨ ਤਾਰਨ॥

ਤਿਕੜੀ ਮਸ਼ਾਲ - ਰਣਜੀਤ ਕੌਰ ਗੁੱਡੀ ਤਰਨ ਤਾਰਨ

           ''  ਤਿਕੜੀ ਮਸ਼ਾਲ ''  28 ਸਤੰਬਰ  23 ਮਾਰਚ)
     ਭਗਤ ਸਿੰਘ ,ਸੁਖਦੇਵ ਰਾਜਗੁਰੂ- ਤਿਕੜੀ ਮਸ਼ਲ   ( 23 ਮਾਰਚ ਲਈ ਵਿਸ਼ੇਸ਼
   28 ਸਤੰਬਰ ਦਾ ਭਾਗਾਂਭਰਿਆ ਦਿਨ ਜਦ ਭਗਤ ਸਿੰਘ ਨੇ ਕਿਲਕਾਰੀ ਮਾਰੀ,ਉਹ ਤੇ  ਜਮਾਂਦਰੂ ਦੇਸ਼ਭਗਤ  ਸੀ।
ਉਹ ਚਲਨ ਲਗਾ ,ਲੋਗ ਮਿਲਦੇ ਗਏ,ਕਾਰਵਾਂ ਬਨ ਗੇਆ।ਬੇਸ਼ੱਕ ਉਸਨੂੰ ਜੰਮਦੇ ਹੀ ਦੇਸ਼ ਭਗਤੀ ਦੀ ਗੁੜ੍ਹਤੀ ਮਿਲ ਗਈ ਸੀ,ਇਸੇ ਗੁੜ੍ਹਤੀ ਨੇ ਉਸਨੂੰ ਜੰਮਦਿਆਂ ਹੀ ਜਵਾਨ ਕਰ ਦਿੱਤਾ।ਉਸਦਾ ਬਚਪਨ ਤਾਂ ਕਿਤੇ ਪਿਛੇ ਰਹਿ ਗਿਆ ਸੀ ਉਹ ਤੇ ਜਿਵੇਂ ਪੈਦਾ ਹੀ 18 ਸਾਲ ਦਾ ਹੋ ਕੇ ਹੋਇਆ ਸੀ।ਗੁਲਾਮੀ ਦੀਆਂ ਬਾਤਾਂ ਸੁਣਨੀਆਂ ਤੇ ਆਪਣੇ ਧੁਰ ਅੰਦਰੋ ਉਹਨਾਂ ਦੇ ਹੱਲ ਲੱਭਣਾ,ਕਾਲਜ ਪਹੁੰਚਦੇ ਪਹੁੰਚਦੇ ਹੀ ਉਹ ਵੱਡਾ ਗੁਣੀ ਗਿਆਨੀ ਹੋ ਗਿਆ ਸੀ।ਇਨਕਲਾਬੀ ਕਿਤਾਬਾਂ ਪੜਨ੍ਹੀਆਂ ਉਸਦਾ ਸ਼ੋਕ ਨਹੀਂ ਸੀ ਉਹ ਅਧਿਅਨ ਸੀ ਜਿਸਦੀ ਉਸ ਵਕਤ ਦੇਸ਼ ਵਾਸੀਆਂ ਨੂੰ ਸਖ਼ਤ ਜਰੂਰਤ ਸੀ।ਉਸੀ ਇਨਕਲਾਬ ਦਾ ਬਿੰਬ ਪੂਰੇ ਭਾਰਤ ਅਤੇ ਅਜੇ ਵੀ ਪਾਕਿਸਤਾਨ ਦੇ ਅਵਚੇਤਨ ਮਨ ਵਿੱਚ ਮਸ਼ਾਲ ਵਾਂਗ ਬਲਦਾ ਹੈ।ਦੇਸ਼ ਦੀ ਵੰਡ ਨੂੰ ਸੱਤਰ ਸਾਲ ਹੋਣ ਨੂੰ ਆਏ ਹਨ,ਜਿਉਂ ਜਿਉਂ ਦਿਨ ਵਧਦੇ ਜਾ ਰਹੇ ਹਨ,ਅਤੇ ਜਿਉਂ ਜਿਉ ਇਤਿਹਾਸ ਦੀਆਂ ਪਰਤਾਂ ਅਸਲ ਖੁਲ੍ਹ ਰਹੀਆਂ ਹਨ, ਹਿੰਦਸਤਾਨ ਤੇ ਪਾਕਿਸਤਾਨ ਦੇ ਵਾਸੀਆਂ ਵਿੱਚ ਖਾਸ ਕਰ ਨਵਯੁਵਕਾਂ ਵਿੱਚ ਭਗਤ ਸਿੰਘ ਦੇ ਵਿਚਾਰਾਂ ਦੀ ਹੋੜ ਲਗ ਰਹੀ ਹੈ।ਉਸ ਵਕਤ ਵੀ ਆਰਥਿਕ ਨਾਬਰਾਬਰੀ ਦਾ ਪਾੜਾ ਸੀ ਜੋ ਅੱਜ ਵੱਧ ਕੇ ਦਰਿਆ ਦੇ ਕਿਨਾਰਿਆਂ ਜੇੱਡਾ ਹੋ ਗਿਆ ਹੈ,ਤੇ ਇਸੇ ਕਰਕੇ ਹਰ ਆਮ ਬਸ਼ਿੰਦਾ ਇਸ ਤਿਕੜੀ ਮਸ਼ਾਲ ਨੂੰ ਹਰ ਪਲ ਜਗਾਊਦਾ ਹੈ।ਆਪਣੇ ਸਾਥੀਆਂ ਵਿੱਚ ਭਗਤ ਸਿੰਘ ਉਮਰ ਵਿੱਚ ਸੱਭ ਤੋਂ ਛੋਟਾ ਸੀ ਪਰ ਇਸਦੇ ਬਾਪ ਚਾਚੇ ਦੀ ਉਮਰ ਵਾਲੇ ਵੀ ਇਸਦੀ ਵਿਚਾਰਧਾਰਾ ਤੇ ਚਲਦੇ ਸਨ।ਇਸਦੀ ਅਵਾਜ਼ ਨਾਲ ਅਵਾਜ਼ ਮਿਲਾਉਂਦੇ ਕਦਮ ਨਾਲ ਕਦਮ ਰਲਾਉਂਦੇ।
ਸਾਲ 1921 ਵਿੱਚ ਦੇਸ਼ ( ਅਣਵੰਡੇ ਦੇਸ) ਅੰਦਰ ਨਾਮਿਲਵਰਤਨ ਦੀ ਲਹਿਰ ਪੈਦਾ ਹੋ ਗਈ।ਚਾਰੇ ਪਾਸੇ ਹਾ ਹਾ ਕਾਰ ਮੱਚੀ ਹੋਈ ਸੀ।ਸਕੂਲਾਂ ਕਾਲਜਾ ਦੇ ਵਿਦਿਆਰਥੀ ਜਮਾਤਾ ਛੱਡ ਇਸ ਲਹਿਰ ਵਿੱਚ ਕੁਦਣ ਲਗੇ,ਭਗਤ ਸਿੰਘ ਉਸ ਵੇਲੇ ਲਹੌਰ ਵਿਖੇ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ,ਐਫ਼.ਏ ਕਰਨ ਤੱਕ ਉਹ ਇਸ ਲਹਿਰ ਵਿੱਚ ਸਰਗਰਮ ਹੋ ਚੁਕਾ ਸੀ,'ਗਨੇਸ ਸ਼ੰਕਰ ਵਿਦਿਆਰਥੀ ਕੋਲ ਇਨਕਲਾਬੀ ਸਾਹਿਤ ਦੀ ਚੋਖੀ ਲਾਇਬ੍ਰੇਰੀ ਸੀ ਤੇ ਇਥੋਂ ਹੀ ਭਗਤ ਸਿੰਘ ਨੇ ਇਨਕਲਾਬ ਦਾ ਅਧਿਅਨ ਕੀਤਾ।ਇਥੋਂ ਹੀ ਉਸਨੇ ਸਾਥੀ ਬੀ.ਕੇ.ਦੱਤ,ਚੰਦਰ ਸ਼ੇਖਰ ਆਜਾਦ,ਜੈਦੇਵ ਕਪੂਰ,ਸ਼ਿਵ ਵਰਮਾ,ਵਿਜੈ ਸਿਨਹਾ ਤੇ ਹੋਰ ਸਾਥੀਆਂ ਨਾਲ ਮਿਲ ਕੇ 'ਹਿੰਦਸਤਾਨ ਰੀਪਬਲਿਕਨ ਅੇਸੋਸੀਏਸ਼ਨ' ਵਿੱਚ ਸ਼ਮੂਲੀਅਤ ਕੀਤੀ,ਇਹ ਹਥਿਆਰ ਬੰਦ ਸੰਗਠਿਤ ਪਾਰਟੀ ਸੀ ਜਿਸਨੇ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਵਿੱਚੋ ਬਾਹਰ ਕੱਢਣ ਦਾ ਸੁਪਨਾ ਵੇਖਿਆ ਤੇ ਵਿਖਾਇਆ ਤੇ ਫੇਰ ਸੁਪਨੇ ਦੀ ਸਕਾਰਤਾ ਲਈ ਜੂਝ ਗਏ।
ਇਸ ਸਮੇਂ ਤੱਕ ਭਗਤ ਸਿੰਘ ਦੀ ਸੰਘਰਸ਼ ਵਿਚਾਰਧਾਰਾ ਸਰਗਰਮ ਜੋਰ ਫੜ ਗਈ ਸੀ,ਤੇ ਉਸਨੇ ਕਾਮਰੇਡ ਕਿਰਤੀ ਕਿਸਾਨ ਪਾਰਟੀ ਨਾਲ ਲਾਹੌਰ ਵਿਖੇ ਅੱਡਾ ਬਣਾ ਲਿਆ।ਆਪਣੇ ਵਿਚਾਰਾਂ ਨੂੰ ਜਨ ਜਨ ਤੱਕ ਪੁਚਾਉਣ ਲਈ ਕਿਰਤੀ ਅਖਬਾਰ ਵਿੱਚ ਲੇਖ ਲਿਖਣੇ ਸ਼ੁਰੂ ਕਰ ਦਿੱਤੇ।ਪਾਰਟੀ ਕੋਲ ਪੈਸੇ ਦੀ ਘਾਟ ਸੀ,ਜੋ ਭਗਤ ਸਿੰਘ ਨੇ ਸੋਚਿਆ ਹੁਣ ਇਨਕਲਾਬੀਆਂ ਨੂੰ ਅੱਗੇ ਹੋ ਅੱਗਵਾਈ ਦੇਣ  ਦਾ ਵੇਲਾ ਆ ਗਿਆ ਹੈ।ਤੇ ਇਸੇ ਧਾਰਾ ਨੂੰ ਲੈ ਕੇ ਲਾਹੌਰ ਵਿੱਚ,ਸੁਖਦੇਵ,ਭਗਵਤੀਚਰਨ ਵੋਹਰਾ ਤੇ ਯਸ਼ਪਾਲ ਨਾਲ ਮਿਲ ਕੇ 13 ਮਾਰਚ 1926 ਨੂੰ'ਭਾਰਤ ਨੌਜਵਾਨ ਸਭਾ' ਦਾ ਗਠਨ ਕੀਤਾ।ਇਸਦੇ ਕੁਝ ਰਾਜਨੀਤਕ ਨੁਕਤੇ ਮਿਥੇ ਗਏ ਤਾਂ ਜੋ ਹਰ ਥਾਂ ਆਜ਼ਾਦੀ ਲਈ ਮਾਹੌਲ ਪੈਦਾ ਕੀਤਾ ਜਾ ਸਕੇ।ਇਹਨਾਂ ਦੇ ਸਿਰੜ ਸਦਕਾ ਚਿਰ ਹੀ ਨਾਂ ਲਗਾ ਤੇ ਇਹ  ਸਭਾ ਜਗਾਹ ਜਗਾਹ ਫੈੇਲ ਗਈ।ਇਸਦੇ ਚਲਦੇ ਹੀ 1928 ਵਿੱਚ ਭਗਤ ਸਿੰਘ ਨੇ 'ਸਟੂਡੈਂਟ ਯੁਨੀਅਨ ਦੀ ਸਥਪਨਾ ਕਰਾ ਦਿੱਤੀ।ਨਿੱਕੀ ਉਮਰੇ ਵੱਡੇ ਵੱਡੇ ਮਸਲੇ ਗਲ ਪਾ ਲਏ,ਉਹ ਇਕ ਮਿੰਟ ਵੀ ਵਿਹਲਾ ਬਹਿੰਦਾ ਖਲੋਂਦਾ ਨਾਂ ਤੇ ਹਰ ਵਕਤ ਉਸਦੇ ਹੱਥ ਵਿੱਚ ਕਲਮ ਕਾਪੀ ਤੇ ਕਿਤਾਬ ਹੁੰਦੀ ਜੋ ਪੜ੍ਹਦਾ ਆਪਣੇ ਜਿਹਨ ਵਿੱਚ ਨੋਟ ਕਰ ਲਿਖ ਕੇ ਦੂਸਰਿਆਂ ਲਈ ਛਪਵਾ ਕੇ ਪਰਚੇ ਵੰਡ ਦੇਂਦਾ।ਇਹਨਾਂ ਪਰਚਿਆਂ ਵਿੱਚ ਉਹ ਹਮੇਸ਼ਾਂ ਵਿਚਾਰਧਾਰਾ ਵਿੱਚ ਦ੍ਰਿੜ ਰਹਿਣ ਦਾ ਸੰਦੇਸ਼ ਦਿੰਦਾ।ਇਕ ਸੰਦੇਸ਼ ਇਹ ਸੀ ਜੋ 22 ਅਕਤੂਬਰ 1929 ਨੂੰ ਛਾਆ ਹੋਇਆ ਸੀ-
''ਕੌਮੀ ਇਤਿਹਾਸ ਦੇ ਇਸ ਨਾਜ਼ੁਕ ਸਮੇਂ ਨੌਜਵਾਨਾਂ ਦੇ ਸਿਰ ਮਣਾ ਮੂੰਹੀ ਜਿੰਮੇਵਾਰੀਆਂ ਹਨ,ਤੇ ਵਿਦਿਆਰਥੀਆਂ ਨੂੰ ਬੰਬ ਤੇ ਪਿਸਤੌਲ ਚੁਕਣ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ,ਉਹਨਾਂ ਦੇ ਕਰਨ ਲਈ ਕਈ ਹੋਰ ਵੱਡੇ ਕੰਮ ਹਨ,ਆਜਾਦੀ ਦੀ ਲੜਾਈ ਦੀ ਮੁਹਰਲੀਆਂ ਸਫਾਂ ਵਿੱਚ ਵਿਦਿਆਰਥੀ ਸੱਭ ਤੋਂ ਵੱਧ ਸ਼ਹੀਦ ਹੋਏ ਹਨ,ਤੇ ਹੁਣ ਕੀ ਭਾਰਤੀ ਇਸ ਪ੍ਰੀਖਿਆ ਸਮੇਂ ਵੈਸਾ ਇਰਾਦਾ ਵਿਖਾਉਣ ਤੋਂ ਝਿਜਕਣਗੇ ? ૴.ਉਸਨੇ ਕਿਹਾ,'ਇਨਕਲਾਬ ਖੂਨ ਖਰਾਬੇ ਨਾਲ ਲਿਬੜਿਆ ਸੰਘਰਸ਼ ਨਹੀਂ ਹੈ।
ਸਰਕਾਰੀ ਪੱਖ ਤੋਂ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਨਾ ਕਰਤਾ ਗੁਨਾਹ ਲਈ ਡੱਕ ਦਿੱਤਾ ਗਿਆ ਤੇ ਕੇਸ ਚਲਾਉਣ ਦੀ ਪੈਰਵੀ ਵੀ ਕਰਨ ਦੀ ਇਜ਼ਾਜ਼ਤ ਨਾਂ ਦਿੱਤੀ ਗਈ ਕਿਉਂ ਜੋ ਭਗਤਸਿੰਘ ਦੀ ਸ਼ੋਹਰਤ ਤੋਂ ਕੋਝੇ ਤੇ ਸਵਾਰਥੀ ਅੰਸਰ ਬੌਖਲਾਹਟ ਵਿੱਚ ਆ ਗਏ ਸਨ॥ਭਗਤ ਸਿੰਘ ਦੀ ਹਰ ਅਰਜ਼ੀ ਖਾਰਜ ਕਰ ਦਿੱਤੀ ਜਾਦੀ ਰਹੀ।
ਭਗਤ ਸਿੰਘ ਦਾ ਚਿਹਰਾ ਨਿਕੀ ਉਮਰੇ ਹੀ ਵੱਡਾ ਅਭਿਆਸੀ ਜਾਪਦਾ ਸੀ।ਿਿਦਲ ਖਿਚਵਾਂ,ਤੇਜੱਸਵੀ ਨਾਲ ਹੀ ਸ਼ਾਂਤ ਤੇ ਸੰਯਮੀ ਵੀ,ਗਲਬਾਤ ਕਰਨ ਦਾ ਢੰਗ ਬੜਾ ਸਾਊ,ਰੋਸ ਤੇ ਗੁੱਸੇ ਦਾ ਇਜ਼ਹਾਰ ਵੀ ਸਹਿਜਤਾ ਨਾਲ ਕਰਨਾ,ਜੋਸ਼ ਵਿੱਚ ਹੋਸ ਸੰਭਾਲ ਕੇ ਰੱਖਣਾ ।ਮਹਾਤਮਾ ਗਾਂਧੀ ਦਾ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਹਮੇਸ਼ ਇਖਤਲਾਫ ਰਿਹਾ ਫਿਰ ਵੀ ਉਸਨੂੰ ਫਾਂਸੀ ਦਿੱਤੇ ਜਾਣ ਤੋਂ ਬਾਦ ਗਾਂਧੀ ਨੇ ਕਿਹਾ,'ਭਗਤ ਸਿੰਘ ਦੀ ਬਹਾਦਰੀ ਤੇ ਬਲੀਦਾਨ ਸਾਹਮਣੇ ਸਾਡਾ ਸਿਰ ਝੁਕ ਜਾਦਾ ਹੈ''।
ਸੁਭਾਸ ਚੰਦਰ ਬੋਸ ਨੇ ਕਿਹਾ,'ਭਗਤ ਸਿੰਘ ਅੱਜ ਇਕ ਵਿਅਕਤੀ ਨਹੀਂ ਸਗੋ ਇਕ ਚਿਨ੍ਹ ਬਣ ਗਿਆ ਹੈ,ਇਹ ਇਨਕਲਾਬੀ ਭਾਵਨਾ ਦਾ ਚਿਨ੍ਹ ਹੈ ਜਿਹੜੀ ਸਾਰੇ ਦੇਸ਼ ਵਿੱਚ ਛਾ ਗਈ ਹੈ''।ਭਗਤ ਸਿੰਘ ਦੇ ਕਥਨ'ਸੱਚ ਹੋਏ,''ਵਿਵਸਥਾ ਨਹੀਂ ਬਦਲੀ,ਆਰਥਿਕ ਆਜਾਦੀ ਨਹੀਂ ਮਿਲੀ ਚਰੱਤਰ ਸਾਲ ਵਿੱਚ ਵੀ। ਇਸੇ ਲਈ ਹੁਣ ਵੀ ਇਸ ਤਿਕੜੀ ਮਸ਼ਲ ਦੀ ਜਰੂਰਤ ਦੇਸ਼ ਵਾਸੀਆਂ ਨੂੰ ਬੜੀ ਸ਼ਿਦਤ ਨਾਲ ਮਹਿਸੂਸ ਹੋ ਰਹੀ ਹੈ।
ਭਗਤ ਸਿੰਘ ਦੇ ਲਿਖੇ ਅੰਤਿਮ ਸ਼ਬਦ ૶ਦਿਲ ਸੇ ਨਿਕਲੇਗੀ ਨਾ ਮਰ ਕਰ ਭੀ ਵਤਨ ਕੀ ਉਲਫ਼ਤ૴.
                                ਮੇਰੀ ਮਿਟੀ ਸੇ ਭੀ ਖੁਸ਼ਬੂ-ਏ ਵਤਨ ਆਏਗੀ।
 ਅਮਰ ਸ਼ਹੀਦ ਯੋਿਧਆਂ ਦੀ ਇਸ ਤਿਕੜੀ ਮਸ਼ਾਲ  ਨੂੰ ਲੱਖ ਵਾਰ ਸਲਊਟ,'
''ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ,
 ਵਤਨ ਪੇ ਮਿਟਨੇ ਵਾਲੋਂ ਕਾ ਯੇ ਹੀ ਬਾਕੀ ਨਿਸ਼ਾਂ ਹੋਗਾ''।

ਢੂੰਢਦੇ  ਰਹਿ ਜਾਓਗੇ ਹੱਥ ਦੀ ਲਿਖਾਈ' - ਰਣਜੀਤ ਕੌਰ ਗੁੱਡੀ ਤਰਨ ਤਾਰਨ 

ਬਹੁਤ ਪਹਿਲੇ ਯਾਨਿ ਸਾਡੀ ਪੀੜ੍ਹੀ ਨੂੰ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਵੀ ਸੀ।ਘੱਟ ਪੜ੍ਹੇ ਵੱਧ ਪੜ੍ਹੇ ਹਰ ਬੰਦੇ ਦੀ ਸਾਹਮਣੀ ਜੇਬ ਨਾਲ ਪੱੈਨ ਜਰੂਰ ਲਗਿਆ ਹੁੰਦਾ ਸੀ ਤੇ ਪਾਰਕਰ ਦੇ ਪੈਨ ਦੀ ਤਾਂ ਸ਼ਾਨ ਹੀ ਵੱਖਰੀ ਸੀ।
                  ਮੈਂ ਇਕ ਬੱਚੇ ਨੁੰ ਪੱੈਨ ਗਿਫ਼ਟ ਕੀਤਾ ਉਹ ਬੋਲਿਆ ਸਾਡੇ ਸਕੂਲ਼ ਵਿੱਚ ਹੋਮਵਰਕ ਨਹੀਂ ਮਿਲਦਾ ਮੈਂ ਡੈਡੀ ਨੂੰ ਦੇ ਦਿਆਂਗਾ।ਪਤਾ ਨਹੀਂ ਡੈਡੀ ਨੇ ਲਿਆ ਕਿ ਨਾਂ?
ਬੀ. ਅੇਸ ਸੀ. ਕਰਦੀ ਲੜਕੀ ਨੂੰ ਮੈਂ ਪੱੈਨ ਦਿੱਤਾ,ਉਹ ਬੋਲੀ ''  ਆਂਟੀ ਨੈਟ ਤੋਂ ਨੋਟਸ ਕੱਢ ਲਈਦੇ ਕਦੇ ਘੱਟ ਹੀ ਪੈੱਨ ਦੀ ਲੋੜ ਪੈਂਦੀ ਹੈ।
ਡਾਕੀਆ ਆਇਆ ਪਾਰਸਲ ਤੋਂ ਪਹਿਲੇ ਉਸਨੇ ਆਪਣਾ ਮੋਬਾਇਲ ਫੋਨ ਮੇਰੇ ਅਗੇ ਕੀਤਾ ਤੇ '' ਆਂਟੀ ਸਕਰੀਨ ਤੇ ਉਂਗਲੀ ਨਾਲ ਅਪਨਾ ਨਾਮ ਲਿਖ ਦਿਓ,ਮਤਲਬ ਸਾਇਨ ਕਰ ਦਿਓ।ਮੈਂ ਪੁਛਿਆ ਵੋਚਰ ਕਿਥੇ ਤੇ ਅਕਨੌਲਜਮੈਂਟ ਕਿਥੇ? ਉਹ ਆਂਟੀ ਸੱਭ ਕੁਝ ਫੋਨ ਵਿੱਚ ਹੀ ਹੈ।
     ਸਕੂਲ਼ ਦੇ ਵਿਦਿਆਰਥੀ ਪਹਾੜੇ ਨਹੀਂ ਯਾਦ ਕਰਦੇ।ਹਰੇਕ ਕੋਲ ਸੈੱਲ ਫੋਨ ਹੈ ਤੇ ਉਸ ਵਿੱਚ ਕਲਕੁਲੇਟਰ ਹੈ ।
         ਬੜੀ ਕੁੱਟ ਖਾਧੀ ਕਈਆਂ ਨੇ ਸੁੰਦਰ ਲ਼ਿਖਾਈ  ਬਣਾਉਣ ਲਈ ਤੇ ਉਹਨਾਂ ਨੇ ਹੀ ਸੁੰਦਰ ਲਿਖਾਈ ਦੇ ਪੰਜ ਨੰਬਰ ਵੀ ਹਾਸਲ ਕੀਤੇ।ਜਿਸਦੀ ਲਿਖਾਈ ਨਾ ਸੁਧਰੀ ਉਹਨੂੰ  ਡਾਕਟਰ ਤਖ਼ਲਸ ਦੇ ਦਿਤਾ ਜਾਂਦਾ।ਹੱਥ ਲਿਖਤ ਮੁਕਾਬਲੇ ਵੀ ਹੁੰਦੇ। ਜਿੰਨੀਆਂ ਛੁਟੀਆਂ ਹੁੰਦੀਆਂ ਉਨੇ ਹੀ ਪੰਨੇ ਲਿਖਾਈਆਂ ਦੇ ਸਕੂਲ਼ ਵਿਖਾਉਣੇ ਹੁੰਦੇ।ਤੇ ਹੁਣ ਦੇ ਵਿਦਿਆਰਥੀ ਤਾਂ ਸਾਰੇ ਹੀ ਡਾਕਟਰ ਹਨ।ਨਾਂ ਕਲਮ ਦਵਾਤ ਨਾਂ ਪੱੈਨ,ਨਾਂ ਕੱਚੀ ਪੈਨਸਲ ਦੇ ਪੂਰਨੇ,ਨਾਂ ਸਲੇਟ।
        ਹੁਣ ਤਾਂ ਇਹ ਅਹਿਸਾਸ ਹੀ ਬਾਕੀ ਰਹਿ ਗਿਆ ਹੈ ਕਿ ਲਿਖਤਾਂ ਬਾਤਾਂ ਪਾਉਂਦੀਆਂ ਸਨ।
        ਜਿਥੇ ਤਲਵਾਰ ਦਾ ਵਾਰ ਹਾਰ ਜਾਂਦਾ ਉਥੇ ਕਲਮ ਜਖ਼ਮ ਦੇ ਆਉਂਦੀ ਜਿਥੇ ਦਵਾ ਕੰਮ ਨਾਂ ਆਉਂਦੀ ਉਥੇ ਕਲਮ ਮਲ੍ਹਮ ਲਾ ਆਉਂਦੀ।ਤੇ ਹੁਣ ਜਿਵੇਂ ਕਲਮਾਂ ਖੁੰਢੀਆਂ ਹੋ ਗਈਆਂ ਹੋਣ----     
       ਉਂਜ ਆਇਲਟ ਪੜ੍ਹ ਕੇ ਸਾਰੇ ਇੰਗਲਿਸ਼ ਸਪੋਕਨ ਹੋ ਗਏ ਹਨ।
           ਆਹ ਸਾਡੀ ਆਖਰੀ ਪੀੜ੍ਹੀ ਜਿਸਨੇ ਸਲੇਟ ਸਲੇਟੀ ਵਰਤੀ ਤੇ ਸਲੇਟੀ ਖਾਧੀ ਵੀ।ਈਰਖਾ ਵਿੱਚ ਦੂਜੇ ਦੀ ਸਲੇਟ ਤੇ ਥੁਕਿਆ ਵੀ ਤੇ ਸੁੰਦਰ ਲਿਖਾਈ ਤੇ ਪੂੰਝਾ ਵੀ ਲਾਇਆ ਤੇ ਇਕ ਦੂਜੇ  ਨੁੰ ਹੱਸ ਹੱਸ ਕੁੱਟਿਆ ਵੀ।ਹੁਣ ਨਹੀਂ ਲੱਭਦਾ ਕਿਸੇ ਕਾਪੀ ਚੋਂ ਪੁਰਾਣਾ ਮੋਰ ਪੰਖ। ਇਹ ਲੁਤਫ਼ ਅਜੋਕੇ ਦੌਰ ਨੇ ਨਹੀਂ ਉਠਾਇਆ/ਮਾਣਿਆ॥
           ਦੂਰ ਵਸਦੇ ਰਿਸ਼ਤੇਦਾਰਾਂ ਨੂੰ ਖੱਤ ਲਿਖਣੇ ਤੇ ਪੜ੍ਹਨੇ।ਫੌੋਜਣ ਮਾਸੀ ਮਹੀਨੇ ਦੋ ਮਹੀੇਨੇ ਚ ਖੱਤ ਪੜ੍ਹਾਉਣ ਤੇ ਲਿਖਾਉਣ ਆਉਂਦੀ।ਬੜਾ ਚਾਅ ਚੜ੍ਹਦਾ ਤੇ ਇਸ ਐੇਜ਼ਾਜ਼ ਤੇ ਫ਼ਖ਼ਰ ਵੀ ਹੁੰਦਾ।ਹੁਣ ਅੇਸ ਅੇਮ ਅੇਸ ਤੇ ਵਟਸਐਪ ਪੰਜਾਬੀ ਚ ਲਿਖੀ ਅੰਗਰੇਜੀ,ਨੀਰਸ, ਕਈ ਵਾਰ ਤਾਂ ਮੂ੍ਹੰਹ ਵਿਚਲਾ ਸਵਾਦ ਵੀ ਖਾਰਾ ਹੋ ਜਾਂਦਾ ਹੈ।ਪਰ ਵਕਤ ਨਾਲ ਆਢਾ ਨਹੀਂ ਲਾਇਆ ਜਾਂਦਾ।
         ਛੋਟੀ ਭੇੈਣ ਦੀ ਸੁੰਦਰ ਲਿਖਾਈ ਵਿੱਚ ਮਾਂ ਦੇ ਬੋਲ ਜਦੋਂ ਹੋਸਟਲ ਵਿੱਚ ਪੁੱਜਦੇ ਛੋਲਿਆਂ ਦੀ ਨਿਰਾ ਪਾਣੀ ਦਾਲ ਵੀ ਮੂੰਹ ਵਿੱਚ ਮਾਂ ਦੀ  ਭੜੌਲੀ ਦੀ ਦਾਲ ਦਾ ਸਵਾਦ ਬਣਾ ਦੇਂਦੀ। ਸਹੁਰੇ ਗਈ ਸਹੇਲੀ ਭੈੇਣ ਨਾਲ ਕਦੇ ਗਮ ਕਦੇ ਖੁਸ਼ੀ ਦੇ ਪੱਤਰ ਵਿਹਾਰ ਦਾ ਅਦਾਨ ਪ੍ਰਦਾਨ ਵੀ ਅਸੀਂ ਮਾਣਿਆ।
    ਹੱਥ ਨਾਲ ਲਿਖੀ ਅਰਜ਼ੀ/ ਦਰਖਾਸਤ ਸਰਕਾਰੇ ਦਰਬਾਰੇ ਮੰਨਜੂਰ ਹੀ ਨਹੀਂ ਕੀਤੀ ਜਾਂਦੀ ,ਕਿ ਜਾਓ ਟਾਈਪ ਕਰਾ ਕੇ ਲਿਆਓ।ਛੁਟੀ ਦੀ ਅਰਜ਼ੀ ਇਥੋਂ ਤੱਕ ਕਿ ਵਿਦਿਆਰਥੀ ਦੀ ਛੁਟੀ ਦੀ ਅਰਜ਼ੀ ਵੀ ਟਾਈਪ ਕਰਕੇ ਈਮੇਲ ਕੀਤੀ ਜਾਂਦੀ ਹੈ।ਹੱਥ ਨਾਲ ਲਿਖੀ ਵਸੀਅਤ ਲਈ ਕਿਸੇ ਵਜਾਹਤ ਜਾਂ ਗਵਾਹੀ ਦੀ ਜਰੂਰਤ ਹੀ ਨਹੀਂ ਸੀ ਹੁੰਦੀ ਤੇ ਅੱਜ ਕਲ ਵਸੀਅਤਾਂ ਟਾਈਪ ਕਰ ਜਿਸਨੂੰ ਪੱਕੀ ਵਸੀਅਤ ਕਿਹਾ ਜਾਂਦਾ ਹੈ ਦਸਖ਼ਤ ਬੇਸ਼ੱਕ ਜਾਅ੍ਹਲੀ ਹੋਣ,ਕੋਈ ਬਾਤ ਨਹੀਂ।
   ਹੱਥ ਦੀ ਲਿਖਾਈ ਤਾਂ ਹੁਣ ਅਜਾਇਬ ਘਰ ਦਾ ਸ਼ਿੰਗਾਰ ਬਣੀ ਮਿਲੇਗੀ ਜੋ ਕਿ ਮੁੱਲ ਦੀ ਟਿਕਟ ਲੈ ਕੇ ਵੇਖਣੀ ਹੋਵੇਗੀ-ਢੂੰਢਦੇ ਰਹਿ ਜਾਵਾਂਗੇ ਹੱਥ ਲਿਖਤ।ਇਹ ਵੀ ਪੁਰਾਤਤਵ ਵਿਭਾਗ ਦਾ ਪੀਸ ਬਣ ਜਾਵੇਗੀ-ਕਦੋਂ ਕਿਸੇ ਨੇ ਸੋਚਿਆ ਹੋਵੇਗਾ?ਸ਼ਿਵ ਕੁਮਾਰ ਬਟਾਲਵੀ ਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਸੁੰਦਰ ਸ਼ੈਲੀ ਦੇ ਖਰੜੈ ਵੀ ਛਾਪੇਖਾਨੇ ਚੋਂ ਪੰਿਰੰਟ ਬਣ ਕੇ ਰੱਦੀ ਦੀ ਟੋਕਰੀ ਵਿੱਚ ਦਫ਼ਨ ਹੋ ਗਏ।
         ਬਸ ਉਹ ਸਾਡੀ ਉਹ ਆਖਰੀ ਪੀੜ੍ਹੀ ਸੀ ਜਿਸਨੇ ਹੱਥ ਨਾਲ ਜਾਂ ਕਹਿ ਲਓ ਪੈਂਨ ਨਾਲ ਲਿਖਿਆ ਪੜ੍ਹਿਆ।ਹੱਥ ਦੀ ਲਿਖਾਈ ਤਾਂ ਹੁਣ ਬੇਰਿਵਾਜ/ ਬੀਤੇ ਦੀ ਗਲ ਹੋ ਨਿਬੜੀ ਹੈ।
         ਸਮਾਰਟ ਫੋਨ ਤੇ ਇਕ ਐੇਪ ਹੈ ਬੋਲਦੇ ਜਾਓ ਟਾਈਪ ਹੁੰਦਾ ਜਾਏਗਾ ਤੇ ਫਿਰ ਉਸਨੂੰ ਜਿਹੜੀ ਭਾਸ਼ਾ ਵਿੱਚ ਚਾਹੋ ਢਾਲ ਲਓ ਤੇ ਕੌਮੇ,ਡੰਡੀਆਂ ਆਪ ਪਾ ਦਿਓ ਤੇ ਜਿਥੇ ਚਾਹੋ ਈਮੇਲ ਦੇ ਜਰੀਏ ਤੀਹ ਸਕਿੰਟ ਵਿੱਚ ਪੁਚਾ ਲਓ।ਬਹੁ ਗਿਣਤੀ ਲੋਕ ਇਹੀ ਪ੍ਰਣਾਲੀ ਵਰਤਦੇ ਹਨ ਬੜੀ ਵੱਡੀ ਸਹੂਲਤ ਹੈ ,ਨਾ ਪੈਨਸਲ ਮੁੱਕੇ ਨਾਂ ਸਿਆਹੀ ਤੇ ਨਾਂ ਹੱਥ ਲਿਬੜਨ ਤੇ ਨਾ ਕਾਗਜ਼ ਫਾਈਲਾਂ ਕਾਪੀਆਂ ਸੰਭਾਲਣ ਦਾ ਝੰਜਟ।ਸੱਭ ਉਮਰਾਂ ਲਈ ਸੇਵ(ਜਮਾਂ) ਹੋ ਜਾਂਦਾ ਹੈ।ਵਿਆਹ ਦਾ ਸੱਦਾ ਪੱਤਰ ਵੀ ਵਟਸਐਪ ਹੋ ਜਾਂਦੈ
ਆਤਮਹੱਤਿਆ ਨੋਟ ਵੀ ਫੋਨ ਤੇ ਜਾਂ ਤਾਂ ਕਿਸੇ ਅਜ਼ੀਜ਼ ਨੂੰ ਵਟਸਐਪ ਜਾਂ ਫਿਰ ਕਿਸੇ ਨਜ਼ਦੀਕੀ ਨੂੰ ਅੇਸ ਅੇਮ ਅੇਸ,  ਬੀਵੀ ਮੀਆਂਜੀ ਦੇ ਫੋਨ ਨੰਬਰ ਤੇ ਬਾਏ ਲਿਖ ਕੇ ਸੜਕੇ ਸੜਕ ਪੈ ਕੇ ਮਾਂ ਦੇ ਨੰਬਰ ਤੇ ਹਾਏ',ਮੰਮ ਮੈਂ ਦੋ ਘੰਟੇ ਤੱਕ ਆ ਰਹੀ ਹਾਂ।
      ਪਰ..ਤੇ ਪਰ..ਜਿਸ ਤਰਾਂ ਜੀਵ ਜੰਤੂ ਪੇੜ ਪੌਦੇ ਦੀਆਂ ਪ੍ਰਜਾਤੀਆਂ ਖਤਮ ਹੋ ਰਹੀਆਂ ਹਨ ਉਸੀ ਤਰਾਂ ਮਨੁੱਖ ਨਾਲ ਸਬੰਧਤ ਹੋਰ ਬਹੁਤ ਸਾਰੀਆਂ ਨੇਹਮਤਾਂ ,ਨਫ਼ਾਸਤਾਂ ਵੀ ਸਾਡੀ ਪੀੜ੍ਹੀ ਦੇ ਨਾਲ ਹੀ ਅਲੋਪ ਹੋ ਜਾਣਗੀਆਂ।
            ਡਾਕਟਰ  ਵੀ ਲੈਪਟਾਪ ਵਰਤਦੇ ਹਨ,ਪੱੈਨ ਨਹੀਂ ਕੀਬੋਰਡ ਵਰਤਦੇ ਹਨ।ਟੈਸਟ ਦੀ ਰਿਪੋਰਟ ਵੀ ਕੰਪਿਉਟਰ ਤਿਆਰ ਕਰਦਾ ਹੈ।ਹੁਣ ਇਹ ਸ਼ਰਤ ਵੀ ਖਤਮ ਹੋ ਗਈ ਹੈ ਕਿ ਡਾਕਟਰੀ ਪਾਸ ਕਰਨ ਲਈ ਦਵਾਈਆਂ ਦੇ ਨਾਮ ਲਿਖਣੇ ਪੜ੍ਹਨੇ ਆਉਣੇ ਲਾਜ਼ਿਮ ਹਨ। ਇਕ ਹੋਰ ਤੱਥ ਵੀ ਪ੍ਰਤੱਖ ਹੈ ਕਿ ਜਿਹਨਾਂ ਦੀ ਲਿਖਾਈ ਨਾਂ ਸੁਧਰੀ ਉਹ ਬਾਰਾਂ ਪੜ੍ਹ ਕੇ ਕਿਸੇ ਡਾਕਟਰ ਦੀ ਦੁਕਾਨ ਤੇ ਦੋ ਸਾਲ ਲਾ ਕੇ ਅਟੋਮੈਟਿਕ ਡਾਕਟਰ ਬਣੇ ਵਾਹਵਾ ਨਾਵਾਂ ਕਮਾ ਰਹੇ ਹਨ ਜਾਂ ਕਹਿ ਲਓ ਬੋਲੀ ਪੁਗਾ ਗਏ ਹਨ।ਭਾਵੇਂ ਮੂਸਾ ਲਿਖ ਕੇ ਖੁਦਾ ਹੀ ਪੜ੍ਹਦੇ ਹਨ,ਪਰ ਲੋਕ ਮਾਨਤਾ ਚੋਖੀ ਖੱਟ ਲੀ ਹੈ।
         ਸਾਖਰਤਾ ਨਿਯਮ ਦੀ ਸ਼ਤ ਪ੍ਰਤੀਸ਼ਤਤਾ ਇਹ ਹੈ ਕਿ 'ਰਾਜ ਰਾਣੀ ਅੰਗੂਠਾ ਨਹੀਂ ਠੱਪਦੀ ਪਰ ਉਸਨੂੰ ਰ,ਜ,ਣ ਦੀ ਪਹਿਚਾਣ ਨਹੀਂ ਹੈ।
           ਘਰ ਘਰ ਲਿਖਾਰੀ ਜੰਮ ਪਏ ਹਨ,ਧੜਾ ਧੜ ਕਿਤਾਬਾਂ ਛਪ ਰਹੀਆਂ ਹਨ,ਪਰ ਲਿਖਣ ਤੇ ਪੜ੍ਹਨ ਦੀ ਰੁਚੀ ਟੁਰ ਗਈ ਹੈ।ਲਿਖਾਵਟ ਇਬਾਰਤ ਬਣਦੀ ਹੈ ਤੇ ਇਬਾਰਤ ਬਾਤ ਬਣ ਜਾਂਦੀ ਹੈ,ਜਿਸਦੀ ਉਮਰ ਅਟਕ ਗਈ ਹੈ।ਅੇਮ.ਬੀ.ਡੀ. ਖੁਲਾਸਿਆਂ ਨੇ  ਬਲੈਕ ਬੋਰਡ ਦੀ ਲਿਖਾਈ ਵੀ ਲਗਭਗ ਖਤਮ ਕਰ ਦਿੱਤੀ ਹੈ।
      ਪੰਜ ਕੁ ਸਾਲ ਪਹਿਲਾਂ ਤੱਕ ਪ੍ਰੇਮ ਰੁੱਕੇ ਤੇ ਪ੍ਰੇਮ ਪੱਤਰ ਹੱਥ  ਦੀ ਲਿਖਾਈ ਹੁੰਦੇ ਸਨ ਜਿਹਨਾਂ ਚੋਂ ਮਹਿਬੂਬ ਦੀ ਖੁਸ਼ਬੂ ਆਉਂਦੀ ਸੀ,ਹੁਣ ਤੇ ਖੁਸ਼ਕ ਜਿਹੇ ਅੇਸ .ਅੇਮ ਅੇਸ।ਨਾਂ ਪ੍ਰੇਮ ਨਾਂ ਵਲਵਲਾ ਨਾਂ ਜਜ਼ਬਾ ਤੇ ਨਾਂ ਰਿਸ਼ਤੇ ਦੀ ਖਿੱਚ।ਲਿਖ ਕੇ ਗੁਸਤਾਖੀ ਦੀ ਮਾਫ਼ੀ ਮੰਗਣੀ ਖਿਮਾ ਦਾ ਯਾਚਕ ਸਿੱਧ ਹੋ ਜਾਣਾ,ਇਸਦੀ ਜਗਾਹ ਵਿੰਗਾ ਜਿਹਾ ਮੂੰਹ ਬਣਾ ਸੌਰੀ ਕਹਿ ਕੇ ਕਹਾਣੀ ਖ਼ਤਮ ਕੀਤੀ ਜਾਂਦੀ ਹੈ।
        ਜਦ ਚਲਦੀ ਸੀ  ਕਾਲੇ ਕਾਗਜ਼ ਦੀ ਤੋਪ
        ਬਾਰੂਦ ਦੇ ਢੇਰ ਠੁਸ ਹੋ ਜਾਂਦੇ ਸੀ।
      ਮੁਕਦੀ ਗਲ ਹੈ ਕਿ  ਆੳਣ ਵਾਲੇ ਸਮੇਂ ਵਿੱਚ ਹੱਥ ਲਿਖਤਾਂ ਅਜਾਇਬ ਘਰ ਦਾ ਘੱਟਾ ਫੱਕਣ ਤਕ ਹੀ ਸੀਮਤ ਰਹਿਣਗੀਆਂ ਤੇ ਕਦੀ ਰੱਦੀ ਦੀ ਟੋਕਰੀ ਦੀ ਭੇਂਟ ਸਮਾ ਜਾਣਗੀਆਂ।
ਅੱਜ ਕਲ ਦਾ ਆਨਲਾਈਨ ਪੜ੍ਹਾਈ ਦਾ ਚਲਨ ਬਾਕੀ ਜੋ ਕਸਰ ਰਹਿ ਗਈ ਸੀ ਪੂਰੀ ਕਰ ਗਿਆ।
     ਰਚਨਹਾਰੇ ਨੂੰ ਆਪਣੀ ਹਰ ਹਥਲੀ ਰਚਨਾ ਆਪਣੇ ਧੀਆਂ ਪੁੱਤਾਂ ਦੀ ਨਿਸਬਤ ਲਗਦੀ ਹੈ,ਪਰ ਟਾਈਪ ਹੋਣ ਤੇ ਬੱਸ ਦੀ ਟਿਕਟ ਵਰਗੀ।
       ਸਾਡੀ ਉਮਰ ਦੇ ਨਾਲ ਜੋ ਖਤਮ ਹੋ ਜਾਏਗੀ,ਢੂੰਢਦੇ ਰਹਿ ਜਾਓਗੇ ਹੱਥ ਦੀ ਲਿਖਾਈ।
          '' ਸੁਰਮੇਂ ਰੰਗੀ ਰਾਤ ਦੀ ਗੱਲ੍ਹ ਤੇ ਤਾਰਿਆ ਨਹੁੰਦਰ ਮਾਰ-
            ਉਥੋਂ ਤੱਕ ਚਾਨਣ ਜਾਵੇ ਜਿਥੋਂ ਤੱਕ ਝਰੀਟ''॥