Ravinder-Singh-Kundra

ਸਿੱਖ ਨਿਗਲ਼ੇ ਗਏ - ਰਵਿੰਦਰ ਸਿੰਘ ਕੁੰਦਰਾ

ਵੱਡੇ ਵੱਡੇ ਖ਼ਾਨਦਾਨੀ, ਢੁੱਠਾਂ ਵਾਲੇ ਖੱਬੀਖਾਨ,
ਜੁੱਤੀਆਂ ਨੂੰ ਫੜੀ ਹੱਥ, ਭੱਜੇ ਚੱਲੀ ਜਾਂਦੇ ਨੇ।
ਇੱਕ ਦੂਜੇ ਕੋਲੋਂ ਅੱਗੇ, ਲੰਘਣ ਦੀ ਹੋੜ੍ਹ ਵਿੱਚ,
ਆਪਣੇ ਹੀ ਟੱਬਰਾਂ ਦੇ, ਗਿੱਟੇ ਛਿੱਲੀ ਜਾਂਦੇ ਨੇ।
ਢੱਠੀਆਂ ਨੇ ਪੱਗਾਂ ਅਤੇ ਢਿਲਕਦੀਆਂ ਢੁੱਠਾਂ ਨਾਲ,
ਖਿਝ ਖਿਝ ਦੂਜਿਆਂ ਦੇ ਢੁੱਗਾਂ ਧਰੀ ਜਾਂਦੇ ਨੇ।
ਚੁਸਤੀ ਚਲਾਕੀ 'ਤੇ ਮੱਕਾਰੀਆਂ ਦੇ ਬੱਲ ਬੂਤੇ,
ਆਪਣੀਆਂ ਇੱਜ਼ਤਾਂ ਦੇ ਸੌਦੇ ਕਰੀ ਜਾਂਦੇ ਨੇ।
ਕੱਛ 'ਤੇ ਕਛਹਿਰਿਆਂ ਦੀ ਲਾਜ ਇਹਨਾਂ ਵੇਚ ਛੱਡੀ,
ਆਪਣੇ ਹੀ ਨਾਲ਼ਿਆਂ 'ਚ ਫਸ ਡਿੱਗੀ ਜਾਂਦੇ ਨੇ।
ਸਵੇਰੇ ਰੰਗ ਹੋਰ ਅਤੇ ਸ਼ਾਮ ਨੂੰ ਕੋਈ ਹੋਰ ਹੁੰਦਾ,
ਰਾਤ ਦੇ ਹਨੇਰੇ, ਮੂੰਹ ਕਾਲ਼ੇ ਕਰੀ ਜਾਂਦੇ ਨੇ।
ਚੜ੍ਹਦੇ ਨੇ ਅੱਕੀਂ ਅਤੇ, ਉੱਤਰਦੇ ਪਲ਼ਾਹੀਂ ਜਾ ਕੇ,
ਲਾਹਣਤੀ ਪੈੜਾਂ ਪਾ ਕੇ, ਮਾਣ ਕਰੀ ਜਾਂਦੇ ਨੇ।
ਜਿਹੜੇ ਇੱਕ ਦੂਜਿਆਂ ਨੂੰ, ਪਾਣੀ ਪੀ ਪੀ ਕੋਸਦੇ ਸੀ,
ਸਾਂਝੀਆਂ ਸਟੇਜਾਂ ਉੱਤੇ, ਫੱਸ ਬੈਠੀ ਜਾਂਦੇ ਨੇ।
ਗੌਵਾਂ ਵਾਲੇ ਜੌਂ ਅੱਜ, ਭੁੱਜਦੇ ਨੇ ਐਸੇ ਦੇਖੇ,
ਗਿੱਲੇ ਪਿੱਲੇ ਸਭ ਅੱਜ, ਭੱਠੀ ਝੋਕੀ ਜਾਂਦੇ ਨੇ।
ਅਸੂਲਾਂ ਅਤੇ ਕਦਰਾਂ ਦੀ, ਪੇਸ਼ ਨਹੀਂ ਜਾਂਦੀ ਕੋਈ,
ਫਲਸਫੇ ਬੇਚਾਰੇ ਅੱਜ, ਲੁਕੀ ਛਿਪੀ ਜਾਂਦੇ ਨੇ।
ਠੁੱਸ ਹੋਏ ਕਾਰਤੂਸ, ਆਪਣੀਆਂ ਤੋਪਾਂ ਵਿੱਚੋਂ,
ਬੇਗਾਨੀ ਤੋਪੇ ਚੱਲਣੇ ਦੀ, ਝਾਕ ਰੱਖੀ ਜਾਂਦੇ ਨੇ।
ਕਿਹੜੇ ਖੂਹੇ ਪੈਣ ਹੁਣ, ਇੱਜ਼ਤਾਂ 'ਤੇ ਸ਼ਾਨਾਂ ਅੱਜ,
ਆਮ ਸਿੱਖ ਆਪਸੀ, ਸਵਾਲ ਕਰੀ ਜਾਂਦੇ ਨੇ।
ਕਿਹਨਾਂ ਪਿੱਛੇ ਲੱਗ ਅਸੀਂ, ਜਿੰਦੜੀਆਂ ਰੋੜ੍ਹ ਲਈਆਂ,
ਸ਼ਰਮ ਦੇ ਨਾਲ, ਅੰਦਰੇ ਹੀ ਮਰੀ ਜਾਂਦੇ ਨੇ।
ਮੁਸਕੜੀਂ ਹੱਸਦਾ, ਸ਼ੈਤਾਨ ਇੱਕ ਪਾਸੇ ਹੋ ਕੇ,
ਆਪਣਾ ਹੀ ਘਾਣ ਸਿੱਖ, ਆਪੇ ਕਰੀ ਜਾਂਦੇ ਨੇ।
ਨਿਗਲ਼ੇ ਨੇ ਗਏ ਕਈ, ਥੋੜ੍ਹੇ ਜਿਹੇ ਬਚੇ ਜਿਹੜੇ,
ਦੇਖਿਓ ਉਹ ਕਿਵੇਂ, ਭੱਜ ਛੁਰੀ ਥੱਲੇ ਆਉਂਦੇ ਨੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ
6 ਮਈ, 2023

ਜੇ ਰੁਕੇ ਨਾ ਮੇਰੀ ਕਲਮ - ਰਵਿੰਦਰ ਸਿੰਘ ਕੁੰਦਰਾਜੇ ਰੁਕੇ ਨਾ ਮੇਰੀ ਕਲਮ, ਤਾਂ ਫੇਰ ਮੈਂ ਕੀ ਕਰਾਂ,
ਜ਼ਮੀਰ ਵਧਾਵੇ ਕਦਮ, ਤਾਂ ਤੁਰਨੋਂ ਕਿਉਂ ਡਰਾਂ।

ਹਰ ਰੋਜ਼ ਤਮਾਸ਼ਾ ਹੁੰਦਾ, ਹੈ ਮੇਰੇ ਸਾਹਮਣੇ,
ਡਿੱਠਿਆ ਕਰਾਂ ਅਣਡਿੱਠ, ਤਾਂ ਮੈਂ ਡੁੱਬ ਮਰਾਂ।

ਅੱਖੀਂ ਦੇਖ ਕੇ ਮੱਖੀ, ਨਿਗਲ਼ੀ ਨਹੀਂ ਜਾਂਦੀ,
ਭਰਿਆ ਦੁੱਧ ਕਟੋਰਾ, ਬੇਸ਼ੱਕ ਰੋੜ੍ਹ ਧਰਾਂ।

ਕਾਲਾ ਕੋਝਾ ਝੂਠ, ਨਿੱਤ ਲਲਕਾਰਦਾ,
ਤਲਵਾਰੀ ਕਲਮ ਚਲਾਵਾਂ, ਇਸ ਦਾ ਕਤਲ ਕਰਾਂ।

ਉੱਚੇ ਮਹਿਲਾਂ ਮੇਰਾ, ਸੂਰਜ ਰੋਕ ਲਿਆ,
ਮੇਰੀ ਝੁੱਗੀ ਉੱਤੇ ਹੁਣ, ਪਸਰੀ ਰਹਿੰਦੀ ਛਾਂ।

ਸ਼ਾਲਾ! ਮੇਰੀ ਕਲਮ, ਕੋਈ ਜਾਦੂ ਕਰ ਜਾਵੇ,
ਮੇਰੇ ਆਲ਼ੇ ਦੁਆਲ਼ੇ, ਪੱਧਰੀ ਹੋ ਜਾਏ ਥਾਂ।

ਝੁਲਦੇ ਝੱਖੜ ਮੈਨੂੰ, ਕਦੀ ਡੁਲਾ ਜਾਂਦੇ,
ਸਹਾਰਾ ਦੇਵੇ ਇਹ ਡੱਕਾ, 'ਤੇ ਮੈਂ ਧੀਰ ਧਰਾਂ।

ਜਵਾਰ ਭਾਟੇ ਜਿਹੇ ਜਜ਼ਬੇ, ਜਜ਼ਬ ਵੀ ਤਾਂ ਹੁੰਦੇ,
ਜੇ ਚੱਪੂ ਕਲਮ ਕਰਾਵੇ, ਸਰ ਸਾਗਰ ਮਹਾਂ।

ਕਹਿਣੀ ਅਤੇ ਕਰਨੀ 'ਤੇ, ਪੂਰੇ ਉੱਤਰਨ ਲਈ,
ਝੱਲਣੀਆਂ ਨੇ ਪੈਂਦੀਆਂ, ਡਾਢੀਆਂ ਮੁਸ਼ਕਲਾਂ।

ਕਿਸੇ ਮੁਸ਼ਕਲ ਦਾ ਹੱਲ, ਜੇ ਮੇਰੀ ਕਲਮ ਕਰੇ,
ਤਾਂ ਮੈਂ ਇਸ ਨੂੰ ਵਾਹੁਣੋਂ, ਕੰਨੀ ਕਿਉਂ ਕਤਰਾਂ।

ਜੇ ਰੁਕੇ ਨਾ ਮੇਰੀ ਕਲਮ, ਤਾਂ ਫੇਰ ਮੈਂ ਕੀ ਕਰਾਂ,
ਜ਼ਮੀਰ ਵਧਾਵੇ ਕਦਮ, ਤਾਂ ਤੁਰਨੋਂ ਕਿਉਂ ਡਰਾਂ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਸੁੱਖੇ ਦੀਆਂ ਧਾਹਾਂ - ਰਵਿੰਦਰ ਸਿੰਘ ਕੁੰਦਰਾ

ਸਿਮਰੋ ਦੇ ਗਲ਼ ਲੱਗ, ਸੁੱਖਾ ਰੋਵੇ ਬੁੱਕ ਬੁੱਕ,
ਪਿਤਾ ਦੇ ਸਮਾਨ ਸਾਡਾ, ਬੁੜ੍ਹਾ ਅੱਜ ਗਿਆ ਮੁੱਕ।

ਕਿਹਨੂੰ ਅਸੀਂ ਕਹਿ ਹੁਣ, ਬਾਪੂ ਜੀ ਬੁਲਾਵਾਂਗੇ,
ਕਿਹਦੇ ਪਿੱਛੇ ਪਿੱਛੇ ਲੁਕ, ਪਾਪ ਹੁਣ ਕਮਾਵਾਂਗੇ।

ਸਿਰ ਉਹਦੇ ਚੜ੍ਹ ਅਸੀਂ, ਕੀਤੀ ਬੜੀ ਐਸ਼ ਸੀ,
ਲੋਕਾਂ ਦੀ ਤਾਂ ਬਾਹਰ, ਸਾਡੀ ਘਰੇ ਹੀ ਵਲੈਤ ਸੀ।

ਨੋਟਾਂ ਦੇ ਟਰੱਕ ਭਰ, ਹਰ ਰੋਜ਼ ਆਉਂਦੇ ਸੀ,
ਖੁਸ਼ੀਆਂ ਦੇ ਨਾਲ ਅਸੀਂ, ਫੁੱਲੇ ਨਾ ਸਮਾਉਂਦੇ ਸੀ।

ਹਰ ਪਾਸੇ ਸਾਡੀ ਹੁੰਦੀ, ਮਾਰ ਮਾਰ ਬੱਸ ਸੀ,
ਉਹ ਕਿਹੜਾ ਰੂਟ ਜਿੱਥੇ, ਸਾਡੀ ਨਹੀਂਉਂ ਬੱਸ ਸੀ?

ਮੀਸਣਾ 'ਤੇ ਲਿਫਤਾ, ਬੁੜ੍ਹਾ ਸਾਡਾ ਸ਼ੇਰ ਸੀ,
ਘਾਤ ਲਾਕੇ ਹਮਲੇ ਦਾ, ਬੜਾ ਉਹ ਦਲੇਰ ਸੀ।

ਕਿੱਥੇ ਕਿੱਥੇ ਕਿਹੜੇ ਕਿਹੜੇ, ਸੌਦੇ ਉਸ ਕੀਤੇ ਨਹੀਂ,
ਕਿਹੜੇ ਕਿਹੜੇ ਬੰਦੇ ਉਹਨੇ, ਸਬੂਤੇ ਖਾਧੇ ਪੀਤੇ ਨਹੀਂ?

ਕੌਮ ਦੀਆਂ ਬੇੜੀਆਂ 'ਚ, ਵੱਟੇ ਡਾਢੇ ਪਾ ਗਿਆ,
ਸਿੱਖੀ ਦੇ ਅਸੂਲਾਂ ਨੂੰ ਵੀ, ਐਨ੍ਹ ਖੂੰਜੇ ਲਾ ਗਿਆ।

ਕੁਰਸੀ ਬਚਾਉਣ ਲਈ, ਕਿੱਥੇ ਮੱਥੇ ਟੇਕੇ ਨਹੀਂ,
ਕਿਹੜੇ ਸੀ ਉਹ ਪਿੰਡ ਜਿੱਥੇ, ਉਹਨੇ ਖੋਲ੍ਹੇ ਠੇਕੇ ਨਹੀਂ?

ਕਾਲ਼ੇ, ਚਿੱਟੇ ਨਸ਼ਿਆਂ ਦੀਆਂ, ਸ਼ਬੀਲਾਂ ਰੱਜ ਲਾ ਗਿਆ,
ਪੀੜ੍ਹੀਆਂ ਦਾ ਰੋਣਾ ਗਲ਼, ਲੋਕਾਂ ਦੇ ਉਹ ਪਾ ਗਿਆ।

ਚਲਾਕੀਆਂ ਦੇ ਭੇਦ ਕਈ, ਨਾਲ ਹੀ ਉਹ ਲੈ ਗਿਆ,
ਬੱਕ ਬੁੱਕ ਰੋਣਾ ਹੁਣ, ਸਾਡੇ ਗਲ਼ ਪੈ ਗਿਆ।

ਕੇਸਾਂ ਦੀਆਂ ਪੇਸ਼ੀਆਂ ਹੁਣ, ਮੇਰੇ ਪੱਲੇ ਪੈ ਗਈਆਂ,
ਉਹਦੀਆਂ ਬਲਾਵਾਂ ਬੂਹੇ, ਮੇਰੇ ਆਣ ਬਹਿ ਗਈਆਂ।

ਲੇਖਾਂ ਦੀਆਂ ਲਿਖੀਆਂ ਦਾ, ਲੇਖਾ ਹੁਣ ਦੇਵਾਂ ਕਿੱਦਾਂ,
ਆਪੇ ਬੁਣੇ ਜਾਲ ਵਿੱਚੋਂ, ਹੱਡ ਮੈਂ ਛੁਡਾਵਾਂ ਕਿੱਦਾਂ?

ਢਿੱਡ ਵਿੱਚ ਰੱਖੀਆਂ ਦੇ, ਰਾਜ਼ ਜਾਕੇ ਖੋਲ੍ਹਾਂ ਕਿੱਥੇ,
ਢੋਲ ਜਿਹੇ ਢਿੱਡ ਨੂੰ ਮੈਂ, ਚੱਕ ਚੱਕ ਤੋਲਾਂ ਕਿੱਥੇ?

ਮੁੱਕਦੀ ਨਾ ਗੱਲ ਕਿਤੇ, ਛੇਤੀ ਜੇ ਮੁਕਾਵਾਂ ਮੈਂ,
ਲੱਭਦੀ ਨਾ ਸ਼ਾਂਤੀ ਮੈਨੂੰ,  ਕਿੱਥੇ ਹੁਣ ਜਾਵਾਂ ਮੈਂ?
ਲੱਭਦੀ ਨਾ ਸ਼ਾਂਤੀ ਮੈਨੂੰ,  ਕਿੱਥੇ ਹੁਣ ਜਾਵਾਂ ਮੈਂ?

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਵਹੁਟੀ, ਰੋਟੀ 'ਤੇ ਸੋਟੀ - ਰਵਿੰਦਰ ਸਿੰਘ ਕੁੰਦਰਾ

ਏਅਰਪੋਰਟ 'ਤੇ ਜਹਾਜ਼ ਚੜ੍ਹਨ ਲਈ,  ਇੱਕ ਜੋੜਾ ਜੋ ਆਇਆ,
ਅਜੀਬ ਕਿਸਮ ਦੀ ਇੱਕ ਕਹਾਣੀ ਦਾ, ਰੱਬ ਸਬੱਬ ਬਣਾਇਆ।

ਚੈੱਕ ਇਨ 'ਤੇ ਸਕਿਉਰਿਟੀ ਤੋਂ ਅੱਗੇ, ਉਹ ਵੱਲ ਉਸ ਗੇਟ ਦੇ ਚੱਲੇ,
ਜਿੱਥੋਂ ਜਹਾਜ਼ ਚੱਲਣਾ ਸੀ ਉਨ੍ਹਾਂ ਦਾ, ਉਨ੍ਹਾਂ ਦੀ ਮੰਜ਼ਿਲ ਵੱਲੇ।

ਬਜ਼ੁਰਗ ਪਤੀ ਦੀ ਰੰਗਲੀ ਸੋਟੀ, ਟੱਕ ਟੱਕ ਕਰਦੀ ਜਾਵੇ,
ਜਿਸ ਦੇ ਬਰਾਬਰ ਪਤਨੀ ਸੈਂਡਲ, ਫਿਟਕ ਫਿਟਕ ਖੜਕਾਵੇ।

ਪਤੀ ਜੀ ਹੌਲੀ ਹੌਲੀ ਚੱਲਦੇ, ਕਦਮ ਚੁੱਕਣ ਕੁੱਝ ਸਹਿਜੇ,
ਪਰ ਨੌਜਵਾਨ ਪਤਨੀ ਦੇ, ਕੁੱਝ ਛੋਹਲ਼ੇ ਲੱਗਣ ਲਹਿਜੇ।

ਏਨੇ ਨੂੰ ਏਅਰਪੋਰਟ ਦੀ ਬੱਘੀ, ਆ ਰੁਕੀ ਉਨ੍ਹਾਂ ਲਾਗੇ,
ਡਰਾਈਵਰ ਨੇ ਲਿਫਟ ਦੇਣ ਦੀ, ਪੇਸ਼ਕਸ਼ ਕੀਤੀ ਆਕੇ।

ਪਤੀ ਨੇ ਝੱਟ ਹਾਂ ਕਰ ਦਿੱਤੀ, 'ਤੇ ਸ਼ੁਕਰ ਰੱਬ ਦਾ ਕੀਤਾ,
ਪਰ ਪਤਨੀ ਨੇ ਹਤਕ ਸਮਝ ਕੇ, ਚੜ੍ਹਨਾ ਮਨਜ਼ੂਰ ਨਾ ਕੀਤਾ।

ਬੱਘੀ ਦੀ ਰਫ਼ਤਾਰ ਸੀ ਤਿੱਖੀ, ਜਾਵੇ ਅੱਗੇ ਤੋਂ ਅੱਗੇ,
ਪਤਨੀ ਨੱਠ ਨੱਠ ਹੋਈ ਫਾਵੀਂ, ਸਾਹ ਨਾਲ ਸਾਹ ਨਾ ਲੱਗੇ।

ਪਤੀ ਨੂੰ ਗੇਟ ਦੇ ਉੱਤੇ ਜਾਕੇ, ਬੱਘੀ ਨੇ ਝੱਟ ਲਾਹਿਆ,
ਪਤਨੀ ਰਹਿ ਗਈ ਅੱਧਵਾਟੇ, ਸਫ਼ਰ ਨਾ ਗਿਆ ਮੁਕਾਇਆ।

ਉੱਤਰ ਬੱਘੀਉਂ ਪਤੀ ਨੇ ਤੱਕਿਆ, ਸੋਟੀ ਉਸ ਦੀ ਗੁੰਮ ਸੀ,
ਫਿਕਰ ਵਿੱਚ ਘਬਰਾਇਆ ਬੰਦਾ, ਹੋ ਗਿਆ ਗੁੰਮ ਸੁੰਮ ਸੀ।

ਘਬਰਾਹਟ ਵਿੱਚ ਉਹ ਮੁੜਿਆ ਪਿੱਛੇ, ਜਿਧਰੋਂ ਬੱਘੀ ਸੀ ਆਈ,
ਸੋਚਿਆ ਕਿਤੇ ਉਹ ਡਿਗ ਪਈ ਹੋਵੇ, ਜਾਂ ਹੋਵੇ ਕਿਸੇ ਹਥਿਆਈ।

ਏਨੇ ਨੂੰ ਪਤਨੀ ਵੀ ਮਿਲ ਪਈ, ਸਾਹੋ ਸਾਹੀ ਹੋਈ,
ਕਹਿੰਦੀ ਤੈਥੋਂ ਟਿਕ ਨਹੀਂ ਹੁੰਦਾ, ਕਰਦੈਂ ਡੰਗਾ ਡੋਈ?

ਪਤੀ ਕਹੇ ਮੇਰੀ ਸੋਟੀ ਗੁੰਮ ਗਈ, ਲੱਭਣ ਤੁਰਿਆ ਹਾਂ ਮੈਂ,
ਤੈਨੂੰ ਤਾਂ ਨਹੀਂ ਕਿਸੇ ਫੜਾਈ , ਜਾਂ ਕਿਤੇ ਦੇਖੀ ਹੋਵੇ ਤੈਂ?

ਸੁਣ ਕੇ ਵਹੁਟੀ ਨੂੰ ਚੜ੍ਹਿਆ ਗੁੱਸਾ, ਲੱਗੀ ਉੱਚਾ ਬੋਲਣ,
ਚੰਦਰੇ ਵਕਤੀਂ ਤੇਰੇ ਲੜ ਮੈਂ, ਲੱਗ ਪਈ ਜ਼ਿੰਦਗੀ ਰੋਲਣ।

ਸਵੇਰ ਦੀ ਭੁੱਖਣ ਭਾਣੀ ਤੇਰੇ, ਕਰਦੀ ਅੱਗੇ ਤੱਗੇ,
ਖੜ੍ਹੀ ਲੱਤੇ ਮੈਂ ਘੁੰਮਦੀ ਰਹੀ ਹਾਂ, ਤੇਰੇ ਖੱਬੇ ਸੱਜੇ।

ਨਾ ਕੋਈ ਸਰਿਆ ਚਾਹ ਨਾ ਪਾਣੀ, ਨਾ ਕੋਈ ਇੱਕ ਅੱਧ ਰੋਟੀ,
ਉੱਪਰੋਂ ਤੂੰ ਗਵਾ ਬੈਠਾ ਹੈਂ, ਆਪਣੀ ਰੰਗਲੀ ਸੋਟੀ।

ਗੁੱਸੇ ਵਿੱਚ ਫਿਰ ਮਰਦ ਵੀ ਆਇਆ, ਸੁਣ ਉਹ ਮੇਰੀ ਵਹੁਟੀ!
ਤੈਨੂੰ ਖਾਣ ਨੂੰ ਕੁੱਛ ਨਹੀਂ ਮਿਲਣਾ, ਜੇ ਲੱਭੀ ਨਾ ਮੇਰੀ ਸੋਟੀ!

ਆ ਰਲ ਪਹਿਲਾਂ ਸੋਟੀ ਲੱਭੀਏ, ਫੇਰ ਸੋਚਾਂਗੇ ਰੋਟੀ,
ਨਹੀਂ ਤਾਂ ਉਸ ਦੇ ਬਾਝੋਂ ਹੋਸੀ, ਮੇਰੀ ਵਾਟ ਸਭ ਖੋਟੀ।

ਏਨੇ ਨੂੰ ਇੱਕ ਹੋਰ ਯਾਤਰੀ, ਪਿੱਛੋਂ ਤੁਰਦਾ ਆਇਆ,
ਜੋੜੇ ਦੇ ਝਗੜੇ ਨੂੰ ਸੁਣ ਕੇ, ਸਮਝ ਕੁੱਛ ਉਸਨੂੰ ਆਇਆ।

ਹੱਥ ਵਿੱਚ ਫੜੀ ਇੱਕ ਰੰਗਲੀ ਸੋਟੀ, ਉਸ ਬੰਦੇ ਅੱਗੇ ਕੀਤੀ,
ਕਿਹਾ ਇਹ ਮੈਨੂੰ ਰਸਤਿਉਂ ਲੱਭੀ, ਮੈਂ ਸੀ ਇਹ ਚੁੱਕ ਲੀਤੀ।

ਤੁਹਾਡੀ ਹੈ ਤਾਂ ਤੁਸੀਂ ਰੱਖ ਲਓ, ਝਗੜਾ ਆਪਣਾ ਮੁਕਾਓ,
ਹੱਸਦੇ ਵਸਦੇ ਫੜੋ ਫਲਾਈਟ, ਟਿਕਾਣੇ ਆਪਣੇ ਜਾਓ।

ਰੰਗਲੀ ਆਪਣੀ ਸੋਟੀ ਦੇਖ ਕੇ, ਸਰਦਾਰ ਜੀ ਮੁਸਕਰਾਏ,
ਦੋਨਾਂ ਜੀਆਂ ਦੇ ਤਾਂ ਫਿਰ ਜਾਕੇ, ਸਾਹਾਂ ਵਿੱਚ ਸਾਹ ਆਏ।

ਧੰਨਵਾਦ ਕਰ ਉਸ ਯਾਤਰੀ ਦਾ, ਉਹ ਤੁਰੇ ਗੇਟ ਦੇ ਵੱਲੇ,
ਬੈਠ ਬੈਂਚ 'ਤੇ ਜਾਕੇ ਉੱਥੇ, ਅੰਤ ਹੋ ਗਏ ਨਿਚੱਲੇ।

ਹੌਲ਼ੀ ਹੌਲ਼ੀ ਫਿਰ ਪਤਨੀ ਨੇ, ਬੈਗ ਜਦ ਆਪਣਾ ਖੋਲ੍ਹਿਆ,
ਘਰ ਤੋਂ ਲਿਆਂਦੇ ਪਰੌਂਠਿਆ ਵਾਲਾ, ਬੰਡਲ ਉਸ ਫਰੋਲਿਆ।

ਦੇਸੀ ਘਿਓ ਵਿੱਚ ਤਲ਼ੇ ਪਰੌਂਠੇ, ਮਹਿਕਾਂ ਛੱਡਣ ਹਰ ਪਾਸੇ,
ਦੋਨੋਂ ਚਿਹਰੇ ਖਿੜੇ ਕੁੱਛ ਏਦਾਂ, ਰੋਕਿਆਂ ਰੁਕਣ ਨਾ ਹਾਸੇ।

ਆਚਾਰ ਨਾਲ ਫਿਰ ਮੂਲੀ ਵਾਲੇ, ਉਨ੍ਹਾਂ ਰੱਜ ਪਰੌਂਠੇ ਖਾਧੇ,
ਮੁਸਕੜੀਆਂ ਵਿੱਚ ਇੱਕ ਦੂਜੇ ਵੱਲ, ਤੀਰ ਪਿਆਰ ਦੇ ਸਾਧੇ।

ਰੋਟੀ ਖਾ ਵਹੁਟੀ ਹੁਣ ਖੁਸ਼ ਸੀ, ਨਾਲੇ ਮਿਲ ਗਈ ਸੀ ਸੋਟੀ,
ਅਰਦਾਸ ਪਤੀ ਨੇ ਮਨ ਵਿੱਚ ਕੀਤੀ, ਰੱਬਾ! ਵਾਟ ਨਾ ਹੋਵੇ ਖੋਟੀ।
ਹੁਣ ਵਾਟ ਨਾ ਹੋਵੇ ਖੋਟੀ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਵਿਸਾਖੀ ਬਚਾਓ - ਰਵਿੰਦਰ ਸਿੰਘ ਕੁੰਦਰਾ

ਅੱਡ ਕੇ ਝੋਲੀ ਅੱਜ ਕਰ ਫੇਰ ਅਰਦਾਸਾਂ,
ਸਾਡੇ ਮੁੱਕਣ ਨਾ ਕਦੀ ਵੀ ਕੋਠੀ ਦੇ ਦਾਣੇਂ,
ਆਉਣ ਵਾਲੀਆਂ ਨਸਲਾਂ ਫੇਰ ਇਹ ਸਮਝਣ,
ਅਸੀਂ ਸਾਂ ਲੋਕੀਂ ਬੜੇ ਹੀ ਸੁੱਘੜ ਸਿਆਣੇਂ।

ਨਸਲਾਂ 'ਤੇ ਫ਼ਸਲਾਂ ਦਾ ਗੂੜ੍ਹਾ ਇਹ ਰਿਸ਼ਤਾ,
ਬੜਾ ਹੀ ਪੀਡਾ ਅਤੇ ਹੈ ਮੁੱਢ ਕਦੀਮੀ,
ਇਸ ਤੋਂ ਬਿਨਾ ਨਾ ਕੋਈ ਅੱਗੇ ਵਧਿਆ,
ਇਹ ਤੱਥ ਹੈ ਹਕੀਕੀ ਤੇ ਹੈ ਬਾ ਜ਼ਮੀਨੀ।

ਵਿਸਾਖੀ ਦੀ ਆਮਦ ਲਿਆਵੇ ਭਰ ਭਰ ਕੇ,
ਉਮੀਦਾਂ ਦੇ ਦੱਥੇ ਅਤੇ ਚਾਵਾਂ ਦੇ ਰੇਲੇ,
ਪਰ ਜੇ ਕੁਦਰਤ ਹੋ ਜਾਏ ਕਦੇ ਕਰੋਪੀ,
ਤਾਂ ਸਿਰ ਪਏ ਦੁੱਖੜੇ ਨਹੀਂ ਜਾਂਦੇ ਫਿਰ ਝੇਲੇ।

ਕੀਤੀ ਕਰਾਈ ਸਾਰੀ ਉਮਰਾਂ ਦੀ ਮਿਹਨਤ,
ਪਲਾਂ ਵਿੱਚ ਕੁਦਰਤ ਜੇ ਭਸਮ ਕਰ ਜਾਵੇ,
ਬੇਵੱਸ ਇਨਸਾਨ ਦੇ ਪੱਲੇ ਫਿਰ ਬਚਦੇ,
ਲੱਖਾਂ ਸਿਆਪੇ, ਧੱਕੇ, ਹੌਕੇ 'ਤੇ ਹਾਵੇ।

ਵਿਸਾਖੀ ਫਿਰ ਕਾਹਦੀ ਵਿਸਾਖੀ ਹੈ ਰਹਿੰਦੀ,
ਕਰੋਪੀ ਦੇ ਝੱਖੜ ਜਦ ਸਿਰਾਂ ਉੱਤੇ ਝੁੱਲਦੇ,
ਜ਼ਿੰਦਗੀ ਆ ਜਾਂਦੀ ਬੈਸਾਖੀਆਂ ਦੇ ਉੱਤੇ,
ਤ੍ਰਿਪ ਤ੍ਰਿਪ ਹੰਝੂ ਫੇਰ ਅੱਖਾਂ ਚੋਂ ਡੁੱਲ੍ਹਦੇ।

ਹੰਕਾਰ ਦਾ ਮਹਿਲ ਤਿੜਕ ਜਾਵੇ ਪਲਾਂ ਵਿੱਚ,
ਆਸਮਾਨ ਵੱਲ ਥੁੱਕਿਆ ਜਦ ਪੈਂਦਾ ਹੈ ਮੂੰਹ ਤੇ,
ਫੇਰ ਤੱਕ ਨਹੀਂ ਹੁੰਦਾ ਅੱਖ ਵਿੱਚ ਅੱਖ ਪਾ ਕੇ,
ਨਿਕਲਦੀ ਹੈ ਆਹ ਫੇਰ ਕਾਲ਼ਜੇ ਨੂੰ ਧੂਅ ਕੇ।

ਕੁਦਰਤ ਪੁੱਛਦੀ ਸਵਾਲ ਔਖੇ ਕਈ ਤੈਥੋਂ,
ਖੋਲ੍ਹ ਖਾਂ ਆਪਣੀਆਂ ਗਲਤੀਆਂ ਦਾ ਚਿੱਠਾ!
ਕਿੱਥੇ ਕਿੱਥੇ ਜ਼ਹਿਰ ਹੈ ਤੂੰ ਨਹੀਂ ਘੋਲਿਆ,
ਜੋ ਪਿਲਾਇਆ ਤੂੰ ਮੈਨੂੰ ਕਹਿ ਸ਼ਰਬਤ ਮਿੱਠਾ।

ਅੱਤ ਤੂੰ ਕੀਤੀ ਹੈ ਆਪਣੇ ਆਲੇ ਦੁਆਲੇ,
ਮੇਰੇ ਅਸੂਲਾਂ ਨੂੰ ਤੂੰ ਘੱਟੇ ਵਿੱਚ ਪਾਕੇ,
ਤਾਹੀਉਂ ਤੇ ਮੈਂ ਵੀ ਹੁਣ ਕਰੋਪੀ ਦਿਖਾ ਕੇ,
ਲਾਇਆ ਹੈ ਮੱਥਾ ਤੇਰੇ ਨਾਲ ਆ ਕੇ।

ਹੁਣ ਤੂੰ 'ਤੇ ਮੈਂ ਹਾਂ ਆਹਮਣੇ ਸਾਹਮਣੇ,
ਹਾਲੇ ਵੀ ਕਰਨੇ ਜੇ ਪੁੱਠੇ ਤੂੰ ਕਾਰੇ,
ਨਹੀਂ ਆਉਣੀ ਮੁੜ ਤੇਰੀ ਵਿਸਾਖੀ ਸਵੱਲੀ,
ਨਹੀਂ  ਲੱਗਣੇ ਮੁੜ ਕੇ ਮੇਲੇ ਫੇਰ ਭਾਰੇ।

ਆ ਫਿਰ ਤੋਂ ਆਪਣੀ ਤੂੰ ਗਲਤੀ ਨੂੰ ਮੰਨ ਕੇ,
ਕੀਤੀਆਂ ਹੋਈਆਂ ਵਧੀਕੀਆਂ ਦੀ ਭੁੱਲ ਬਖਸ਼ਾ ਲੈ,
ਭੁੱਲ ਜਾ ਆਪਣੇ ਫ਼ਤੂਰੀ ਸਭ ਜਜ਼ਬੇ,
ਹਲੀਮੀ ਨੂੰ ਮੁੜ ਕੇ ਗਲ ਆਪਣੇ ਲਾ ਲੈ।

ਅੱਡ ਕੇ ਝੋਲੀ ਕਰ ਅੱਜ ਫੇਰ ਅਰਦਾਸਾਂ,
ਸਾਡੇ ਮੁੱਕਣ ਨਾ ਕਦੀ ਵੀ ਕੋਠੀ ਦੇ ਦਾਣੇਂ,
ਆਉਣ ਵਾਲੀਆਂ ਨਸਲਾਂ ਫੇਰ ਇਹ ਸਮਝਣ,
ਅਸੀਂ ਸਾਂ ਲੋਕੀਂ ਬੜੇ ਹੀ ਸੁੱਘੜ ਸਿਆਣੇਂ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਮਾਂ ਦਿਹਾੜੇ ਵਿਸ਼ੇਸ਼ - ਦੁਰਕਾਰੀਆਂ ਹੋਈਆਂ ਮਾਵਾਂ ਵਲੋਂ ਸੁਨੇਹਾ !!


ਦੁਰਕਾਰੀ ਹੋਈ ਮਾਂ - ਰਵਿੰਦਰ ਸਿੰਘ ਕੁੰਦਰਾ

ਮੇਰੀ ਮਮਤਾ ਦੀ ਬਣਦੀ ਕੀਮਤ, ਹੋ ਸਕੇ ਤਾਂ ਚੁਕਾ ਦੇਈਂ ਪੁੱਤਰਾ।
ਨਹੀਂ 'ਤੇ ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ।

ਔਰਤ ਤੋਂ ਮਮਤਾ ਦਾ ਪੈਂਡਾ, ਕਿੰਨਾ ਟੇਢਾ 'ਤੇ ਕਿੰਨਾ ਮੇਢਾ,
ਝੱਲਣਾ ਪੈਂਦਾ ਕਈ ਕਿਸਮ ਦਾ, ਹਰ ਇੱਕ ਧੱਕਾ ਹਰ ਇੱਕ ਠੇਡਾ।
ਕਿੰਨੇ ਮਿਹਣੇ ਤਾਹਨੇ ਝੱਲੇ, ਮੈਥੋਂ ਕਦੀ ਗਿਣਵਾ ਲਈਂ ਪੁੱਤਰਾ।
ਨਹੀਂ 'ਤੇ ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ।
ਮੇਰੀ ਮਮਤਾ ਦੀ ਬਣਦੀ ਕੀਮਤ, ਹੋ ਸਕੇ ਤਾਂ ਚੁਕਾ ਦੇਈਂ ਪੁੱਤਰਾ।

ਤੇਰੇ ਘਰ ਵੀ ਇਹੀ ਸਾਕਾ, ਮੁੜ ਕੇ ਫੇਰ ਜੇ ਵਾਪਰਨ ਲੱਗੇ,
ਦੁੱਖ ਤੈਨੂੰ ਜੇ ਲੱਗੇ ਡਾਢਾ, ਵਿਰਲਾਪ ਦਾ ਹੌਕਾ ਆਵਣ ਲੱਗੇ।
ਜਦੋਂ ਮੇਰੀ ਤਰ੍ਹਾਂ ਤੂੰ ਰੁਲ਼ਿਆ, ਪਛਤਾਵੇ ਨੂੰ ਗਲ਼ ਲਾ ਲਈਂ ਪੁੱਤਰਾ,
ਨਹੀਂ 'ਤੇ ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ,
ਮੇਰੀ ਮਮਤਾ ਦੀ ਬਣਦੀ ਕੀਮਤ, ਹੋ ਸਕੇ ਤਾਂ ਚੁਕਾ ਦੇਈਂ ਪੁੱਤਰਾ।

ਕਦੀ ਦਾਦੇ ਤੇ ਕਦੀ ਪੋਤੇ ਦੀਆਂ,  ਹੁੰਦੀਆਂ ਆਈਆਂ ਇਸ ਦੁਨੀਆਂ ਤੇ,
ਤੇਰੇ ਪੁੱਤਰ ਤੇਰੀ ਸੁਆਣੀ ਨੂੰ, ਜਦ ਸੁੱਟਣ ਆਏ ਇਸੇ ਹੀ ਦਰ ਤੇ।
ਆਸ਼ਰਮ ਦੀ ਇਸ ਧਰਤੀ ਨੂੰ, ਹੋ ਸਕੇ ਤਾਂ ਸੀਸ ਝੁਕਾ ਲਈਂ ਪੁੱਤਰਾ,
ਨਹੀਂ 'ਤੇ ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ,

ਮੇਰੀ ਮਮਤਾ ਦੀ ਬਣਦੀ ਕੀਮਤ, ਹੋ ਸਕੇ ਤਾਂ ਚੁਕਾ ਦੇਈਂ ਪੁੱਤਰਾ।
ਨਹੀਂ 'ਤੇ ਮੇਰੀਆਂ ਖ਼ਾਮੀਆਂ ਦੀ, ਸੂਚੀ ਦਿਲੋਂ ਭੁਲਾ ਦੇਈਂ ਪੁੱਤਰਾ।
ਕਵੈਂਟਰੀ ਯੂ ਕੇ
ਟੈਲੀਫੋਨ : 07748772308

ਅਪਾਹਜ ਦਰੱਖਤ - ਰਵਿੰਦਰ ਸਿੰਘ ਕੁੰਦਰਾ

ਆ ਤੈਨੂੰ ਦੱਸਾਂ, ਕੀ ਮੇਰੇ ਨਾਲ ਬੀਤੀ,
ਕੀ ਤੇਰੀਆਂ ਨਸਲਾਂ, ਮੇਰੇ ਨਾਲ ਕੀਤੀ।

ਸਦੀਆਂ ਤੋਂ ਮੈਂ ਹਾਂ, ਤੇਰਾ ਰਖਵਾਲਾ,
ਪਰ ਅਫਸੋਸ ਕਿ ਤੂੰ, ਮੇਰੀ ਜਾਣੀ ਨਾ ਕੀਤੀ।

ਤੇਰੇ ਸਾਹਾਂ ਵਿੱਚ ਸਾਹ, ਸੀ ਮੇਰੇ ਹਮੇਸ਼ਾਂ,
ਪਰ ਤੂੰ ਮੇਰੀ ਸਾਹ ਰਗ, ਵੱਢਣ ਦੀ ਕੀਤੀ।

ਪਵਣ ਮੇਰਾ ਗੁਰੂ, ਤੇ ਪਾਣੀ ਪਿਤਾ ਸੀ,
ਪਲੀਤ ਜਿਸ ਨੂੰ ਕਰਨ ਦੀ, ਰਹੀ ਤੇਰੀ ਨੀਤੀ।

ਛਪੜੀ ਦੇ ਕੰਢੇ, ਮੈਂ ਖੁਸ਼ ਸਾਂ ਬੜਾ ਹੀ,
ਫੇਰ ਵੀ ਤੂੰ ਕੀਤੀ, ਮੇਰੇ ਨਾਲ ਵਧੀਕੀ।

ਸੁੱਕਾ 'ਤੇ ਰੁੱਖਾ, ਰਿਹਾ ਤੇਰਾ ਵਤੀਰਾ,
ਪਤਾ ਨਹੀਂ ਕੀ ਸੀ, ਤੇਰੀ ਮੇਰੀ ਸ਼ਰੀਕੀ।

ਮੁੱਕੇ ਨਾ ਲਾਲਚ, ਨਾ ਤੇਰੀਆਂ ਖਾਹਿਸ਼ਾਂ,
ਪਰ ਮੈਂ ਛੱਡੀ ਵਫਾ, ਨਾ ਮੈਂ ਛੱਡੀ ਸਲੀਕੀ।

ਰੱਬ ਕਰੇ ਵਸਦਾ, ਰਹੇ ਤੇਰਾ ਵਿਹੜਾ,
ਨਾ ਹੋਵੇ ਤੇਰੀ ਦਾਸਤਾਂ, ਸਮੇਂ ਦੀ ਬਾਤ ਬੀਤੀ।
ਕਵੈਂਟਰੀ ਯੂ ਕੇ
ਟੈਲੀਫੋਨ: 07748772308

ਅੰਤਰਰਾਸ਼ਟਰੀ ਔਰਤ ਦਿਵਸ  ਸਬੰਧੀ ਵਿਸ਼ੇਸ਼

ਔਰਤ ਦੇ ਦਿਲ ਦੀ ਗੱਲ - ਰਵਿੰਦਰ ਸਿੰਘ ਕੁੰਦਰਾ

ਹੱਸਦੇ ਰਹਿਣਾ ਹਾਸੇ ਵੰਡਣਾ, ਹੈ ਇਹ ਮੇਰੀ ਖ਼ਸਲਤ,
ਸਿਰ ਸੁੱਟ ਕੇ ਚੱਲਦੇ ਜਾਣਾ, ਮੇਰੀ ਹੈ ਇਹ ਫ਼ਿਤਰਤ।

ਹਾਸਾ ਦੇਖ ਕਿਸੇ ਦਾ ਦੁਨੀਆ, ਲਾਵੇ ਗ਼ਲਤ ਅੰਦਾਜ਼ੇ,
ਚਿਹਰੇ ਪਿੱਛੇ ਕੋਈ ਨਾ ਦੇਖੇ, ਦਿਲ ਦੇ ਘੋਰ ਅਜ਼ਾਬੇ।

ਔਖੇ ਪਲ ਤੇ ਬਿਖੜੇ ਪੈਂਡੇ, ਬਣਦੇ ਰਹੇ ਮੇਰੇ ਸਾਥੀ,
ਯਾਦਾਂ ਨੇ ਸਭ ਮੇਰਾ ਵਿਰਸਾ, ਕੀ ਖੁਸ਼ੀ ਤੇ ਕੀ ਉਦਾਸੀ।

ਉੱਠ ਕੇ ਡਿੱਗਣਾ ਡਿੱਗ ਕੇ ਉੱਠਣਾ, ਰਿਹਾ ਚਲਣ ਹੈ ਮੇਰਾ,
ਸਾਥੀ ਮੇਰਾ ਘੱਟ ਚਾਨਣ ਬਣਿਆ, ਬਹੁਤਾ ਘੁੱਪ ਹਨੇਰਾ।

ਇਸ ਦੁਨੀਆਂ ਵਿੱਚ ਆਉਣਾ ਸੌਖਾ, ਪਰ ਨਾ ਜੀਣਾ ਸੌਖਾ,
ਨਿੱਤ ਦਿਨ ਹੱਲ ਕਰਨਾ ਪੈਂਦਾ, ਹਰ ਇੱਕ ਮਸਲਾ ਔਖਾ।

ਰਿਸ਼ਤੇ ਨਾਤੇ ਸਹੁਰੇ ਮਾਪੇ, ਦੇ ਨਾ ਸਕੇ ਹੱਕ ਮੈਨੂੰ,
ਦਰਦ ਵੰਡਾਇਆ ਸਭ ਦਾ ਪਰ, ਦਰਦ ਮਿਲੇ ਬੱਸ ਮੈਨੂੰ ।

ਪਿੱਛੇ ਮੁੜ ਕੇ ਤੱਕਣਾ ਮੈਨੂੰ, ਪਰ ਜ਼ਰਾ ਨਹੀਂ ਭਾਉਂਦਾ,
ਔਕੜਾਂ ਦਰੜ ਕੇ ਪੈਰਾਂ ਥੱਲੇ, ਸਵਾਦ ਅਨੋਖਾ ਆਉਂਦਾ।

ਬਹੁਤੀ ਤਾਂ ਹੁਣ ਲੰਘ ਗਈ, ਭਾਵੇਂ ਥੋੜ੍ਹੀ ਰਹਿ ਗਈ,
ਪਰ ਮੁੜ ਜੀਵਣ ਦੀ ਸੱਧਰ, ਚੁੱਪੀ ਵਿੱਚ ਕੁੱਛ ਕਹਿ ਗਈ।

ਆ ਜਿੰਦੇ ਲੱਗ ਮੇਰੇ ਸੀਨੇ, ਦੇ ਜਾਹ ਕੋਈ ਦਿਲਾਸਾ,
ਹੋਰ ਨਹੀਂ ਜੇ ਸਰਦਾ ਤੈਥੋਂ, ਹੱਸ ਜਾਹ ਝੂਠਾ ਹਾਸਾ।

ਸੁਣਾ ਮੈਨੂੰ ਜਾਂ ਸੁਣ ਜਾਹ ਮੈਥੋਂ, ਗੱਲ ਕੋਈ ਧੁਰ ਦਿਲ ਦੀ,
ਜੋ ਅੱਜ ਤੱਕ ਨਾ ਲਬ ਤੇ ਆਈ, ਰਹੀ ਅੰਦਰ ਮੇਰਾ ਛਿੱਲਦੀ।

ਕਵੈਂਟਰੀ,  ਯੂ ਕੇ
ਟੈਲੀਫੋਨ : 07748772308

ਕਿਤਾਬੀ ਇਲਮ - ਰਵਿੰਦਰ ਸਿੰਘ ਕੁੰਦਰਾ

ਦਾਨਿਸ਼ਵਰੀ ਦਾ ਸਫ਼ਰ ਤਾਂ, ਚੜ੍ਹ ਹੁੰਦਾ ਅੱਖਰਾਂ ਦੀ ਘਨੇੜੀ।
ਨਹੀਂ ਤੇ ਰਾਤ ਅਗਿਆਨਤਾ ਦੀ, ਹੋ ਜਾਂਦੀ ਘੋਰ ਹਨੇਰੀ।

ਜ਼ਿੰਦਗੀ ਦਾ ਇਲਮ ਹੈ ਉਜਾਲਾ, ਜੋ ਕਦੀ ਮਿਟ ਨਹੀਂ ਸਕਦਾ,
ਦਿਖਾਵੇ ਰਾਹ ਰਾਹਬਰ ਬਣ ਕੇ, ਜਿਸ ਦੀ ਸ਼ਾਨ ਸਦਾ ਉਚੇਰੀ।

ਰੁਕ ਜਾਂਦੇ ਨੇ ਸਭ ਰਸਤੇ, ਮੰਜ਼ਿਲਾਂ ਨੂੰ ਜਾਂਦੇ ਜਾਂਦੇ,
ਬਿਨ ਇਲਮੋਂ ਨਹੀਂ ਮਿਲਦੀ, ਸਭਿਆਚਾਰ ਨੂੰ ਉਮਰ ਲੰਮੇਰੀ।

ਨਹੀਂ ਪਾ ਸਕੇ ਉਹ ਰੁਤਬੇ, ਜੋ ਨਾ ਝਰੀਟ ਸਕੇ ਕੁੱਝ ਅੱਖਰ,
ਇਤਿਹਾਸ ਗਵਾਹ ਹੈ ਸਾਡਾ, ਭਾਵੇਂ ਘੋਖੋ ਇਸਨੂੰ ਲੱਖ ਵੇਰੀ।

ਰਹਿਣ ਜ਼ਿੰਦਾ ਉਹ ਲੇਖਕ, ਜੋ ਨਵੇਂ ਕੁੱਝ ਪੂਰਨੇ ਪਾਂਦੇ,
ਤਹਿਰੀਰ ਬੁਨਿਆਦ ਬਣ ਜਾਂਦੀ, ਜਿਸ 'ਤੇ ਜਾਵੇ ਕੌਮ ਉਸੇਰੀ।

ਚੁੱਕ ਤਲਵਾਰਾਂ ਜੋ ਤੁਰ ਪੈਂਦੇ, ਕਲਮ ਸਿਰ ਕਰਨ ਕਲਮਾਂ ਦੇ,
ਜ਼ਮਾਨਾ ਲਾਹਣਤ ਪਾਵੇ ਉਨ੍ਹਾਂ ਨੂੰ, ਉਹ ਖੱਟਦੇ ਨਫ਼ਰਤ ਘਨੇਰੀ।

ਜੇ ਕਦੀ ਖੁਸ ਗਏ ਅੱਖਰ, ਤਾਂ ਲੱਗੇਗੀ ਮੌਤ ਦੀ ਕਚਹਿਰੀ,
ਜਿੱਥੇ ਜ਼ਿੰਦਗੀ ਬੇਤਾਣ ਬੇਚਾਰੀ, ਜਾਇਗੀ ਹਰੇਕ ਪਾਸਿਉਂ ਘੇਰੀ।

ਕੂੜੇਦਾਨ ਵਿੱਚ ਪਈ ਕਿਤਾਬ, ਕਰੇ ਸਵਾਲ ਪਾਠਕ ਨੂੰ,
ਕੀ ਇਹੀ ਸੀ ਕੀਮਤ ਤੇਰੇ ਮਨ, ਜੋ ਪਾਈ ਆਖ਼ਰ ਤੂੰ ਮੇਰੀ?

ਕਲਮੋਂ ਅਤੇ ਕਿਤਾਬੋਂ ਬੇਮੁੱਖ, ਹੋ ਜਾਵਣ ਵਾਲਿਆ ਲੋਕਾ!
ਮਦਾਰੀ ਦੇ ਤਮਾਸ਼ੇ ਤੋਂ ਭੈੜੀ, ਹੋ ਜਾਵੇਗੀ ਹਾਲਤ ਤੇਰੀ।

ਕਿਤਾਬ ਦਾ ਡੂੰਘਾ ਦਰਦ, ਕਹਿੰਦਾ ਹੈ ਚੀਖ ਚੀਖ ਤੈਨੂੰ,
ਫੜ ਹਾਲੇ ਵੀ ਪੱਲਾ ਮੇਰਾ, ਮਤਾਂ ਮਿਟ ਜਾਏ ਦਾਸਤਾਂ ਤੇਰੀ!
ਕਵੈਂਟਰੀ ਯੂ ਕੇ
ਟੈਲੀਫੋਨ: 07748772308

ਜੰਗ ਜਾਰੀ ਹੈ ਮਾਂ ਬੋਲੀਆਂ ਦੀ - ਰਵਿੰਦਰ ਸਿੰਘ ਕੁੰਦਰਾ

ਜੰਗ ਜਾਰੀ ਹੈ ਮਾਂ ਬੋਲੀਆਂ ਦੀ,
ਕੁਬੋਲੀਆਂ ਦੀ, ਰੌਲ਼ ਘਚੌਲੀਆਂ ਦੀ।
ਸਲੀਕੇ ਵਿੱਚ ਭਿੱਜੇ ਸ਼ੁੱਧ ਤਰਕਾਂ ਦੀ,
ਧੱਕੜ, ਅੜਬ, ਬਦਬਖਤ ਟੋੱਲੀਆਂ ਦੀ।

ਮੈਂ 'ਤੇ ਮੇਰੀ ਮਾਂ ਦੇ ਚੱਕਰ ਵਿੱਚ,
ਇੱਕ ਦੂਜੇ ਨੂੰ ਕਈ ਨੇ ਢਾਉਂਦੇ।
ਪੈਰ ਪੈਰ 'ਤੇ ਦਾਅ ਬਦਲ ਕੇ,
ਚੱਕਰ ਕਈ ਨਿੱਤ ਨਵੇਂ ਚਲਾਉਂਦੇ।

ਪੇਟ ਤੇ ਸ਼ੋਹਰਤ ਦੀ ਭੁੱਖ ਖ਼ਾਤਰ,
ਬੋਲੀਆਂ ਦੀ ਹੁੰਦੀ ਬੋਲੀ ਦੇਖੀ।
ਸੱਭਿਆਚਾਰਕ ਪਾਖੰਡ ਦੇ ਪਿੱਛੇ,
ਮਖੌਟੇ ਪਾ ਫਿਰਦੇ ਕਈ ਭੇਖੀ।

ਸ਼ਬਦਾਂ ਦੀ ਘੁਸਪੈਠੀ ਸਾਜ਼ਿਸ਼,
ਬਣ ਗਈ ਹੈ ਦੁਨੀਆ ਦਾ ਧੰਦਾ।
ਮਾਂ ਬੋਲੀ ਨੂੰ ਪਲੀਤ ਕਰਨ ਵਿੱਚ,
ਮਿੰਟ ਨਹੀਂ ਲਾਉਂਦਾ ਕੋਈ ਕੋਈ ਬੰਦਾ।

ਮਾਵਾਂ ਨਾਲ ਕਈ ਪੁੱਤ ਵਿਆਹੇ,
ਮਾਂ ਬੋੱਲੀ ਵਿੱਚ ਮਿਲ ਜਾਂਦੇ ਨੇ।
ਢੀਠਪੁਣੇ ਦੀ ਹੱਦ ਤੱਕ ਪਹੁੰਚੇ,
ਸੱਚੀ ਗੱਲ ਤੋਂ ਚਿੜ ਜਾਂਦੇ ਨੇ।

ਦੁਬਿਧਾ ਵਿੱਚ ਹੈ ਦੁਨੀਆ ਬਹੁਤੀ,
ਕਿਹਨੂੰ ਮਾਂ, ਕਿਹਨੂੰ ਮਾਸੀ ਕਹੀਏ।
ਕਿਸ ਮਾਂ ਨੂੰ ਅੱਜ ਤਖਤ ਬਿਠਾਈਏ,
ਕਿਸ ਨੂੰ ਕਿਸ ਦੀ ਦਾਸੀ ਕਹੀਏ।

ਪਿਆਰੀਆਂ ਨੇ ਸਪੂਤਾਂ ਨੂੰ ਮਾਵਾਂ,
ਨੰਗੇ ਧੜ ਜੋ ਸਦਾ ਹੀ ਲੜਦੇ।
ਹਰ ਮੰਜ਼ਿਲ ਅਤੇ ਮਰਹਲੇ ਉੱਤੇ,
ਬਾਜ਼ੀ ਮਾਰਨ ਲਈ ਜਾ ਖੜ੍ਹਦੇ।

ਲੋੜ ਹੈ ਐਸੇ ਜਾਂਬਾਜ਼ਾਂ ਦੀ,
ਸਿਰ ਧਰ ਤਲੀ ਗਲੀ ਜੋ ਆਵਣ।
ਮਾਂ ਪ੍ਰੇਮ ਦੇ ਜਜ਼ਬੇ ਉੱਤੋਂ,
ਮੁੜ ਮੁੜ ਕੇ ਕੁਰਬਾਨ ਹੋ ਜਾਵਣ।

ਅੱਜ ਲੋੜ ਹੈ ਅਹਿਦ ਕਰਨ ਦੀ,
ਕਈ ਮੁਹਾਜ਼ਾਂ ਉੱਤੇ ਲੜਨ ਦੀ।
ਮਾਂ ਬੋਲੀ ਦੀ ਸ਼ੁੱਧਤਾ ਖ਼ਾਤਰ,
ਸ਼ਬਦੀ ਜੰਗ ਨੂੰ ਤੇਜ਼ ਕਰਨ ਦੀ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ