Rewail Singh Italy

ਇੱਕ ਮਿੱਠੀ ਪਿਆਰੀ ਸ਼ਖਸੀਅਤ ਸਵ,ਡਾ.ਬਲਰਾਜ ਚੋਪੜਾ ਜੀ - ਰਵੇਲ ਸਿੰਘ ਇਟਲੀ

ਗੁਰਦਾਸੁਪੁਰ ਸ਼ਹਿਰ ਬੇਸ਼ੱਕ ਛੋਟਾ ਜਿਹਾ ਸ਼ਹਿਰ ਹੈ,ਪਰ ਜ਼ਿਲਾ ਤੇ ਅਤੇ ਕਚਹਿਰੀਆਂ ਵੀ ਇਥੇ ਹੋਣ ਕਰਕੇ ਇੱਸ ਛੋਟੇ ਤੇ ਸਾਦੇ ਜਿਹੇ ਸ਼ਹਿਰ ਦੀ ਅਹਿਮੀਅਤ ਕਾਫੀ ਹੈ।ਇੱਸ ਸ਼ਹਿਰ ਦੇ ਤੰਗ ਪਰ ਬਹੁਤ ਭੀੜ ਭੜੱਕੇ ਵਾਲੇ ਅੰਦਰੂਨੀ ਬਾਜ਼ਾਰ ਨਾਂ ਦੇ ਬਾਜ਼ਾਰ  ਨੂੰ ਇਸ ਸ਼ਹਿਰ ਦਾ ਦਿਲ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਹ ਬਾਜ਼ਾਰ ਬਾਟਾ ਚੌਕ ਤੋਂ ਕਬੂਤਰੀ ਗੇਟ ਤੱਕ ਹੈ। ਜਿਥੇ ਲਗ ਪਗ ਹਰ ਕਿਸਮ ਦੀਆਂ ਚੀਜ਼ਾਂ ਵਸਤਾਂ ਖਰੀਦਣ ਦੀਆਂ ਦੁਕਾਨਾਂ ਹਨ। ਬਾਟਾ ਚੌਂਕ ਤੋਂ ਮਸਾਂ ਦੱਸ ਬਾਰਾਂ ਦੁਕਾਨਾ ਛੱਡ ਕੇ, ਇਕ ਸੁਨਿਆਰੇ ਦੀ ਦੁਕਾਨ ਦੇ ਐਨ ਸਾਮ੍ਹਣੇ  ਇੱਕ ਛੋਟੀ ਜਿਹੀ ਆਇਤਕਾਰ ਦੁਕਾਨ ਦੇ ਹਰੇ ਰੰਗ ਦੇ ਦਰਵਾਜ਼ੇ ਤੇ ਬਾਹਰ ਮੋਟੇ ਅੱਖਰਾਂ  ਵਿੱਚ ਲਿਖਿਆ, ਬਲਰਾਜ ਚੋਪੜਾ ਸੀਨੀਅਰ  ਆਰ. ਐਮ. ਪੀ, ਇੱਸ ਦੁਕਾਨ ਦੀ ਚਿਰੋਕਣੀ ਪੱਕੀ ਪਛਾਣ ਬਣ ਚੁਕਾ ਹੈ।
         ਆਪਣੀ  ਨੌਕਰੀ ਦੇ ਦੌਰਾਨ ਕਿਸੇ ਮਾੜੀ ਮੋਟੀ ਸਰੀਰਕ ਤਕਲੀਫ ਹੋਣ ਤੇ ਮੈਨੂੰ ਇੱਸ ਦੁਕਾਨ ਤੇ ਆਉਣ,ਜਾਣ ਦਾ ਮੌਕਾ ਮਿਲਦਾ ਰਿਹਾ। ਚੋਪੜਾ ਜੀ ਸੁਹਣੇ ਸੁਣੱਖੇ ਨੈਣ ਨਕਸ਼ਾਂ ਵਾਲੇ ਬੜੇ ਹਸ ਮੁਖੇ ਸਾਊ  ਸੁਭਾ  ਅਤੇ ਸ਼ਾਇਰਾਨਾ ਤਬੀਅਤ ਦੇ ਮਾਲਿਕ ਸਨ।ਮਰੀਜ਼ਾਂ ਦਾ ਇਲਾਜ ਕਰਨ ਦੇ ਇਲਾਵਾ ਉਨ੍ਹਾਂ ਦੀ ਦੁਵਾਈਆਂ ਦੀ ਫਾਰਮੇਸੀ ਵੀ ਹੈ।ਜਿੱਥੋਂ ਦੇਸੀ ਅਤੇ ਅੰਗਰੇਜ਼ੀ ਦੁਵਾਈਆਂ ਆਮ ਮਿਲ ਜਾਂਦੀਆਂ ਹਨ। ਪਿੱਛੇ ਵੱਲ ਨੂੰ ਲੰਮੀ ਦੁਕਾਨ ਤੇ ਐਨ ਵਿੱਚਕਾਰ ਉਹਨਾਂ ਨੇ ਮਰੀਜ਼ਾਂ ਨੂੰ ਵੇਖਣ ਦੀ  ਥਾਂ ਬਣਾਈ ਹੋਈ ਹੈ। ਇੱਕ ਪਾਸੇ ਮਰੀਜ਼ਾਂ ਦੇ ਬੈਠਣ ਲਈ ਬੈਂਚ ਲੱਗੇ ਹੋਏ ਹਨ।ਬਾਕੀ ਦੁਕਾਨਾਂ ਦੇ ਰੈਕਾਂ ਅਤੇ ਅਲਮਾਰੀਆਂ ਵਿੱਚ ਦੁਆਈਆਂ ਲਗੀਆਂ ਹੋਈਆਂ ਹਨ। ਦੁਆਈਆਂ ਵੇਚਣ ਦਾ ਅਤੇ ਇਲਾਜ ਕਰਨ ਦਾ, ਦੋਵੇਂ ਕੰਮ ਨਾਲ ਨਾਲ ਚਲਦੇ ਰਹਿੰਦੇ ਹਨ ।ਦੁਕਾਨ ਛੋਟੀ ਹੋਣ ਕਰਕੇ ਭਰੀ ਭਰੀ ਲਗਦੀ ਹੈ। ਜਦੋਂ ਵੀ ਵੇਖੀਦਾ ਹੈ, ਦੁਕਾਨ ਤੇ ਮਰੀਜ਼ਾਂ ਅਤੇ ਦੁਆਈਆਂ ਲੈਣ ਵਾਲਿਆਂ ਗਾਹਕਾਂ ਦੀ ਭੀੜ ਹੀ ਲਗੀ ਰਹਿੰਦੀ ਹੈ।ਖਾਸ ਕਰਕੇ ਜੋੜਾਂ ਦੇ ਦਰਦਾਂ ਦੀਆਂ ਗੋਲ ਅਤੇ ਲੰਮੀਆਂ ਪੁੜੀਆਂ ਅਤੇ ਕੈਪਸੂਲਾਂ ਨਾਲ ਛੋਟੀਆਂ ਚਾਂਦੀ ਦੇ ਵਰਕ ਵਿੱਚ ਲਪੇਟੀਆਂ ਗੋਲੀਆਂ ਉਨ੍ਹਾਂ ਦੀ ਖਾਸ ਦੁਵਾ  ਬਹੁਤ ਮਸ਼ਹੂਰ ਹੈ।ਜੋ ਲੋਕ ਦੂਰੋਂ ਦੂਰੋਂ ਲੈਣ ਲਈ ਉਨ੍ਹਾਂ ਕੋਲ ਆਉਂਦੇ ਹਨ। ਇੱਸ ਦੇ ਇਲਾਵਾ ਰੀਹ ਦੀ ਪੀੜ ਦੀਆਂ ਕਾਲੀਆਂ ਗੋਲੀਆਂ  ਅਤੇ ਪ੍ਰਹੇਜ਼ ਲਈ ਨਾਲ ਇਸ਼ਤਹਾਰ ਵੀ ਮੁਫਤ ਉਥੋਂ ਮੁਫਤ ਮਿਲਦੇ  ਹਨ।ਜੋ ਉਨ੍ਹਾਂ ਦਾ  ਹਰ ਅਮੀਰ ਗਰੀਬ ਮਰੀਜ਼ਾਂ ਲਈ ਉਨ੍ਹਾਂ ਦਾ ਵੱਡਾ ਉਪਕਾਰ ਹੈ । ਉਨ੍ਹਾਂ ਦੇ ਬਹੁਤੇ ਮਰੀਜ਼ ਦੂਰ ਦੁਰਾਡੇ ਪਿੰਡਾਂ ਤੋਂ ਉਨ੍ਹਾਂ ਦੀ ਮਸ਼ਹੂਰੀ ਵੇਖ ਕੇ ਆਉਂਦੇ ਹਨ।ਉਨ੍ਹਾਂ ਦਾ ਇੱਕ ਨੌਜਵਾਨ ਹਸ ਮੁਖਾ ਬੇਟਾ ਵੀ ਉਨ੍ਹਾਂ ਨਾਲ ਦੁਵਾਈਆਂ ਵੇਚਣ ਦਾ ਕੰਮ ਉਨ੍ਹਾਂ ਨਾਲ  ਕਰਦਾ ਹੁੰਦਾ ਸੀ ਜੋ ਹੁਣ ਇੱਸ ਦੁਨੀਆਂ ਨੂੰ ਅਲਵਿਦਾ ਕਹਿ ਚੁਕਾ ਹੈ।ਹੋਰ ਵੀ ਕੁੱਝ ਸਹਾਇਕ ਉਨ੍ਹਾਂ ਦੀ ਫਾਰ ਮੇਸੀ ਵਿੱਚ ਦੁਵਾਈਆਂ ਵੇਚਣ ਦਾ ਕੰਮ ਕਰਦੇ ਹਨ।
       ਜਦੋਂ ਕਦੇ ਉਨ੍ਹਾਂ ਕੋਲ ਜਾਣ ਦਾ ਕਦੇ ਮੌਕਾ ਮਿਲਦਾ ਤਾਂ,ਉਹ ਮਿੱਠੀਆਂ ਮਿੱਠੀਆ ਗੱਲਾਂ ਕਰਦੇ ਉਕਤਾਉਂਦੇ ਨਾ, ਅਤੇ ਉਹ ਕੰਮ ਕਰਦੇ ਕਦੇ ਕਦੇ ਹਸਦੇ ਹਸਦੇ ਆਪਣੇ ਕੰਮ ਦੇ ਨਾਲ ਨਾਲ ਸ਼ਾਇਰੋ ਸ਼ਾਇਰੀ ਵੀ ਕਰ ਜਾਂਦੇ , ਅਤੇ ਨਾਲ ਮਰੀਜ਼ਾਂ ਦਾ ਇਲਾਜ ਵੀ ਕਰੀ ਜਾਂਦੇ ਸਨ। ਉਨ੍ਹਾਂ ਦੀ ਯਾਦਾਸ਼ਤ ਕਮਾਲ ਦੀ ਸੀ,ਬਹੁਤ ਕੀਮਤੀ ਸ਼ੇਅਰ ਉਨ੍ਹਾਂ ਨੂੰ ਯਾਦ ਸਨ ਜੋ ਉਹ ਬੜੀ ਨਜ਼ਾਕਤ ਨਾਲ ਕੰਮ ਕਰਦੇ ਬੋਲਦੇ ।ਉਰਦੂ ਫਾਰਸੀ ਚੰਗੀ ਤਰ੍ਹਾਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਸਨ।ਉਨ੍ਹਾਂ ਦੇ ਸੁਣਾਏ ਕੁੱਝ ਸ਼ੇਅਰ ਜਿਨੇ ਕੁ ਮੈਨੂੰ ਮਾੜੇ ਮੋਟੇ ਯਾਦ ਆਉਂਦੇ ਹਨ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ  ,
     ਦਿਲੋਂ ਕਾ ਫਾਸਿਲਾ,ਕੁਝ ਕੰਮ ਕਰੋ,ਖੁਦਾ ਵਾਲੋ,
     ਨਮਾਜ਼ੇ ਜ਼ਿੰਦਗੀ,ਕਿਰਦਾਰ ਕੇ ਸਿਵਾ ਕਿਆ ਹੈ।
               ਹੋਰ
     ਜ਼ਾਹਿਦ ਤੁਝੇ ਮਾਲੂਮ ਨਹੀਂ,ਅੰਦਾਜ਼ੇ ਹਕੀਕਤ,
     ਸਰ ਖੁਦ ਬਖੁਦ ਝੁਕਤਾ ਹੈ , ਝੁਕਾਇਆ ਨਹੀਂ ਜਾਤਾ।
       ਜਦੋਂ ਵੀ ਕਦੇ ਪੰਜਾਬ ਜਾਣ ਦਾ ਮੌਕਾ ਮਿਲਦਾ ਹੈ  ਮਾੜਾ ਮੋਟਾ ਸਰੀਰ ਢਿੱਲਾ ਮੱਠਾ ਹੋਣ ਤੇ ਜਾਂ ਕਿਸੇ ਨਾ ਕਿਸੇ ਹੋਰ ਬਹਾਨੇ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲ ਹੀ ਜਾਂਦਾ ਹੈ।ਉਨ੍ਹਾਂ ਨੂੰ ਉਸੇ ਤਰ੍ਹਾਂ ਹਸਦੇ ਕੰਮ ਕਰਦੇ ਵੇਖ ਕੇ  ਮਨ ਕੁੱਝ ਹੌਲਾ ਜਿਹਾ ਹੋ ਜਾਂਦਾ ।ਉਹ ਮੈਨੂੰ ਪਹਿਚਾਣ ਲੈਂਦੇ  ਤੇ ਵਿਦੇਸ਼ ਬਾਰੇ ਬਹੁਤ ਕੁੱਝ ਪੁੱਛਦੇ ਰਹਿੰਦੇ ।ਆਪਣੇ ਦੇਸ਼ ਨਾਲੋਂ ਬਹੁਤ ਕੁੱਝ ਵੱਖਰਾ ਹੋਣ ਤੇ ਸੁਣ ਕੇ ਖੁਸ਼ ਵੀ ਹੁੰਦੇ ਤੇ ਕਹਿੰਦੇ ਕਿ ਸਾਨੂੰ ਵੀ ਉਨ੍ਹਾਂ ਦੀ ਰੀਸ ਕਰਕੇ  ਉਨ੍ਹਾਂ ਵਾਂਗ ਤਰੱਕੀ ਕਰਨੀ ਚਾਹੀਦੀ ਹੈ।ਕੁੱਝ ਪਲ ਉਨ੍ਹਾਂ ਦੀ ਵਿਹਲ ਵੇਲੇ ਉਨ੍ਹਾਂ ਨਾਲ ਬਿਤਾਏ ਪਲ ਬਹੁਤ ਯਾਦ ਆਉੰਦੇ ਹਨ।ਜੋ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੇ ਕਰਨ ਨੂੰ ਮਨ ਕਰਦਾ ਹੈ।
            ਇੱਕ ਵਾਰ ਜਦੋਂ  ਕਾਫੀ ਸਮਾਂ ਵਿਦੇਸ਼ ਰਹਿਕੇ ਮੈਂ ਪੰਜਾਬ  ਪਰਤਿਆ  ਤਾਂ ਇੱਕ  ਦਿਨ ਮੈਂ ਕਿਸੇ ਕੰਮ ਲਈ ਬਾਜ਼ਾਰ ਵਿੱਚੋਂ ਉਨ੍ਹਾਂ ਦੀ ਦੁਕਾਨ ਅੱਗੋਂ ਲੰਘਦਿਆਂ ਉਨ੍ਹਾਂ ਨੂੰ ਦੁਕਾਨ ਤੇ ਬੈਠਿਆਂ ਵੇਖ ਕੇ ਉਨ੍ਹਾਂ ਪਾਸ ਗਿਆ ਤਾਂ ਹੁਣ ਉਨ੍ਹਾਂ ਦੀ ਸਿਹਤ ਅੱਗੇ ਵਰਗੀ ਨਹੀਂ ਸੀ ਜਾਪ ਰਹੀ ਪਰ ਚਿਹਰੇ ਤੇ ਕੁੱਝ ਅਜੀਬ ਉਦਾਸੀ ਜਾਪੀ,ਮੈਂ ਦੁਕਾਨ ਦੀ ਸਾਮ੍ਹਣੇ ਦੀ ਦੀਵਾਰ ਤੇ ਟੰਗੀ ਫੁੱਲਾਂ ਦੇ ਹਾਰ ਵਾਲੀ ਫੋਟੋ ਵੇਖ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਦੇ ਉਸ ਦੇ ਸਵਰਗ ਵਾਸ ਹੋ ਚੁਕੇ ਬੇਟੇ ਦਾ ਗਾਹਕਾਂ ਪ੍ਰਤੀ ਨਿੱਘਾ ਵਤੀਰਾ ਯਾਦ ਕਰਕੇ ਉਸ ਬਾਰੇ ਮੈਂ ਨਾ ਰਹਿ ਸਕਿਆ।ਮੇਰੇ ਕੋਲ ਬੈਠੇ ਹੋਏ ਚੋਪੜਾ ਜੀ ਚੁਪ ਚਾਪ  ਆਪਣੀ ਠੋਡੀ ਤੇ ਉੰਗਲਾਂ ਤੇ ਲਗਾਈ ਟਿਕਟਿਕੀ ਤੋਂ ਚੁੱਪ ਦਾ ਪੱਥਰ ਹਟਾਉਂਦੇ ਹੋਏ ਆਪਣੇ ਪੁਤਰ ਦੀ ਤਸਵੀਰ ਵੱਲ ਵੇਖਦੇ ਹੋਏ ਬੋਲੇ,
       ਜਿਸ ਕੀ ਚੀਜ਼ ਥੀ, ਰੱਖੀ ਇਮਾਣਤ ਸਮਝ ਕਰ,
       ਵੁਹ ਵਾਪਿਸ ਲੇ ਗਿਆ, ਤੋ ਗਿਲਾ ਕਿਸ  ਪੈ ਕਰੇਂ।
         ਦੁਕਾਨ ਤੇ ਉਸੇ ਤਰ੍ਹਾਂ ਹੀ ਗਾਹਕਾਂ ਦੀ ਭੀੜ ਲੱਗੀ ਹੋਈ ਸੀ, ਹੁਣ ਉਨ੍ਹਾਂ ਦਾ ਸਦਾ ਲਈ ਇੱਸ ਸੰਸਾਰ ਨੂੰ ਛੱਡ ਚੁਕੇ ਉਨ੍ਹਾਂ ਦਾ ਬੇਟੇ ਦਾ ਬੇਟਾ ਭਾਵ ਉਨ੍ਹਾਂ ਦਾ ਪੋਤਰਾ ਵੀ ਡਾਕਟਰੀ ਦਾ ਕੋਰਸ ਕਰਕੇ ਮਰੀਜ਼ਾਂ ਨੂੰ ਵੇਖ ਕੇ ਦੁਆਈਆਂ ਦੇ ਰਿਹਾ ਸੀ।ਮਰੀਜ਼ ਉਸੇ ਤਰ੍ਹਾਂ ਆਈ ਜਾ ਰਹੇ ਸਨ। ਹੁਣ ਉਹ ਅੱਗੇ ਨਾਲੋਂ ਕਮਜ਼ੋਰ ਤੇ ਵਡੇਰੀ ਉਮਰ ਦੇ ਜਾਪਦੇ ਹਨ। ਪਰ ਉਨ੍ਹਾਂ ਦੇ ਬੋਲਾਂ ਵਿੱਚ ਉਨ੍ਹਾਂ ਦੀ ਅਜੀਬ ਜਿਹੀ ਮੁਸਕ੍ਰਾਹਟ ਤੇ ਦਰਦ ਪੀੜ ਵੇਦਨਾ ਤੇ ਉਦਾਸੀ ਦਾ ਰਲਵਾਂ ਮਿਲਵਾਂ ਝਲਕਾਰਾ ਵੇਖਣ ਨੂੰ ਮਿਲਿਆ।ਉਹ ਫਿਰ  ਸਹਿਜ ਸੁਭਾ ਹੀ ਜਿਵੇਂ ਕਿਸੇ ਸੋਚ ਸਾਗਰ ਵਿੱਚੋਂ ਉਭਰਦੇ ਹੋਏ ਬੋਲੇ……
“ਏਕ ਯਿਹ ਜਹਾਂ,ਏਕ ਵੁਹ ਜਹਾਂ,ਇਨ ਦੋ ਜਹਾਂ ਕੇ ਦਰਮਿਆਂ,
ਬਸ ਫਾਸਲਾ ਹੈ,ਏਕ ਸਾਂਸ ਕਾ, ਜੋ ਚੱਲ ਰਹੀ ਤੋ ਯਿਹ ਜਹਾਂ,
ਜੋ ਰੁਕ ਗਈ ਤੋ ਵੁਹ ਜਹਾਂ।“ 
      ਮੈਂ ਕੁੱਝ ਹੀ ਦੇਰ ਉਨ੍ਹਾਂ ਕੋਲ ਬਿਤਾ ਕੇ ਭਰੇ ਤੇ ਉਦਾਸ ਮਨ ਨਾਲ ਘਰ ਵਾਪਸ ਪਰਤ ਆਇਆ।ਪਰ ਇੱਥੇ ਵਿਦੇਸ਼ ਰਹਿੰਦੇ ਵੀ ਮੈਂ ਉੱਸ ਮਿਠੀ ਪਿਆਰੀ ਤੇ ਸੱਭ ਦਾ ਭਲਾ ਮੰਗਣ ਵਾਲੀ ਸ਼ਖਸੀਅਤ ਡਾਕਟਰ ਚੋਪੜਾ ਜੀ ਦੀ ਯਾਦ ਵਿੱਚ ਕਦੇ ਕਦੇ ਗੁਆਚਿਆ ਰਹਿੰਦਾ ਹਾਂ। ਤੇ ਆਪਣੇ ਆਪ ਦੇ ਰੂਬਰੂ ਹੋ ਕੇ ਆਪਣੇ ਆਪ ਨੂੰ ਕਈ ਸੁਵਾਲ ਕਰਕੇ ਉਨ੍ਹਾਂ ਦਾ ਉਤਰ ਭਾਲਦਾ ਰਹਿੰਦਾ ਹਾਂ। ਜਿਨ੍ਹਾਂ ਵਿੱਚੋਂ ਕਈਆਂ ਦਾ ਕੁੱਝ ਅਣ ਕਿਆਸਿਆ ਜਿਹਾ ਉੱਤਰ ਤਾਂ ਮਿਲ ਜਾਂਦਾ ਹੈ ਪਰ ਕਈ ਸੁਵਾਲ, ਸੁਵਾਲੀਆ ਚਿਨ੍ਹ ਹੀ ਬਣ ਕੇ ਰਹਿ ਜਾਂਦੇ ਹਨ।ਜਿਨ੍ਹਾਂ ਵਿੱਚ ਡਾ. ਚੋਪੜਾ ਜੀ ਵਰਗੇ ਨੇਕ ਦਿਲ ਅਤੇ ਪਰ ਉਪਕਾਰੀ ਸੁਭਾ ਦੇ ਇਨਸਾਨਾਂ ਦੇ ਜੀਵਣ ਵਿੱਚ ਹੋਏ ਇਸਤਰਾਂ ਦੇ  ਉਮਰ ਦੇ ਆਖਰੀ ਹਿੱਸੇ ਵਿੱਚ ਇਹੋ ਜਿਹੇ ਵਿਛੋੜੇ ਦੇ ਹੰਢਾ ਰਹੇ ਉਦਾਸ ਪਲਾਂ ਦੀ ਯਾਦ ਮੇਰੀ ਸੋਚ ਤੇ ਸਦਾ ਭਾਰੂ ਰਹਿੰਦੀ।ਸੋਚਦਾ ਕਿ ਜਦ ਕਦੇ ਪੰਜਾਬ ਪਰਤਾਂਗਾ ਤਾਂ ਫਿਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਮਿਲਣ ਦਾ ਯਤਨ ਕਰਾਂਗਾ। ਆਖਰ ਮੇਰਾ ਪੰਜਾਬ ਜਾਣ ਦਾ ਅਧੂਰਾ ਸੁਪਨਾ ਤਾਂ ਪੂਰਾ ਹੋ ਹੀ  ਗਿਆ।ਪਰ ਉਨ੍ਹਾਂ ਨੂੰ ਮਿਲਣ ਦੀ ਆਸ ਵਿੱਚੇ ਧਰੀ ਧਰਾਈ ਹੀ ਰਹਿ ਗਈ ਜਦੋਂ ਇਕ ਦਿਨ ਉਨ੍ਹਾਂ ਦੀ ਦੁਕਾਨ ਕੋਲੋਂ ਲੰਘਦਾ ਹੋਇਆ  ਉਨ੍ਹਾਂ ਦੀ ਦੁਕਾਨ ਅੰਦਰ ਦਾਖਲ ਹੁੰਦੇ ਹੀ ਉਨ੍ਹਾਂ ਦੀ ਆਪਣੀ ਫੁੱਲਾਂ ਦੇ ਵਾਲੇ ਹਾਰ ਤਸਵੀਰ ਉਨ੍ਹਾਂ ਦੇ ਪੁੱਤਰ ਵਾਲੀ ਥਾਂ ਤੇ ਲਟਕੀ ਵੇਖ ਕੇ ਉਨ੍ਹਾਂ ਬਾਰੇ ਕੁਝ ਪੁੱਛਣ ਦੀ ਬਜਾਏ ਮੈਂ ਐਵੇਂ ਸੁੰਨ ਜਿਹਾ ਹੋਇਆ  ਵਾਪਸ ਪਰਤ ਆਇਆ।
       ਦੁਕਾਨ ਦਾ ਸਾਰਾ ਕੰਮ ਕਾਜ ਤਾਂ ਬੇਸ਼ੱਕ ਉਸੇ ਤਰ੍ਹਾਂ ਚੱਲ ਰਿਹਾ ਸੀ ਪਰ ਉਨ੍ਹਾਂ ਕੋਲ ਕਿਸੇ ਬਹਾਨੇ ਬੈਠ ਕੇ ਬਿਤਾਏ ਪਲਾਂ ਦੀ ਯਾਦ ਭੁੱਲ ਜਾਣਾ ਬੜਾ ਔਖਾ ਜਿਹਾ ਲਗਦਾ ਹੈ।ਹੁਣੇ ਹੁਣੇ ਮੇਰੇ ਮਿੱਤਰ ਮਲਕੀਅਤ ਸੋਹਲ ਨੇ ਫੋਨ ਤੇ ਮੈਨੂੰ ਫੋਨ ਤੇ ਦੱਸਿਆ ਕਿ ਚੋਪੜਾ ਜੀ ਦੇ ਸਾਮ੍ਹਣੇ ਵਾਲੇ ਸ੍ਰੀ ਜਨਕ ਰਾਜ ਸਰਾਫ ਜੋ ਕਿ ਆਪਣੇ ਕੰਮ ਦੇ ਨਾਲ ਨਾਲ ਉਰਦੂ ਫਾਰਸੀ ਦੇ ਇਕ ਵਧੀਆ ਸ਼ਾਇਰ ਅਤੇ ਗ਼ਜ਼ਲਗੋ ਵੀ ਸਨ ਜਿਨਾਂ ਦੀ ਲਿਖੀ ਫਾਰਸੀ ਗ਼ਜ਼ਲਾਂ ਦੀ ਪੁਸਤਕ ‘ਆਬਸ਼ਾਰ’ ਦਾ ਉਲਥਾ ਸਵਰਗਾਸੀ ਪ੍ਰੀਤਮ ਸਿੰਘ ,ਦਰਦੀ, ਜੀ ਦਾ ਕੀਤਾ ਹੋਇਆ ਜੋ  ਮੈਂ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਉਹ ਵੀ ਕੁਝ ਦਿਨ ਹੋਏ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ।
           ਉਨ੍ਹਾਂ ਨੂੰ ਯਾਦ ਕਰਦਿਆਂ  ਕਵਿਤਾ ਦੀਆਂ ਕੁਝ ਸਤਰਾਂ ਅਛੋਪਲੇ ਹੀ ਮਨ ਚੋਂ ਨਿਕਲ ਆਈਆਂ,    
                  ਯਾਦਾਂ ਲੈ ਫਰੋਲ ਮਿਤਰਾ,ਇਹੀ ਤੇਰੇ ਕੋਲ ਮਿੱਤਰਾ।
                   ਬੀਤੀਆਂ ਕਹਾਣੀਆਂ ਨੇ ਯਾਦਾਂ ਜੋ ਪੁਰਾਣੀਆਂ ਨੇ,
                   ਭਰੀ ਤੇਰੀ ਝੋਲ ਮਿੱਤਰਾ,ਇਹੀ ਤੇਰੇ ਕੋਲ ਮਿੱਤਰਾ।
                  ਸਜਨਾਂ ਪਿਆਰਿਆਂ ਦੇ,ਚਮਕਦੇ ਸਿਤਾਰਿਆਂ ਦੇ,
                  ਸਾਂਝੇ ਕੀਤੇ ਬੋਲ ਮਿੱਤਰਾ,ਇਹੀ ਤੇਰੇ ਕੋਲ ਮਿੱਤਰਾ।
                  ਬੈਠ ਕੇ ਉਡੀਕ,ਕਦੋਂ ਤੇਰੀ ਵਾਰੀ,ਕਦੋਂ ਮਾਰਨੀ ਉਡਾਰੀ,
                  ਦੁਨੀਆ ਹੈ ਗੋਲ ਮਿਤਰਾ ਇਹੀ ਤੇਰੇ ਕੋਲ ਮਿੱਤਰਾ।
                  ਕਈ ਵੇਖੀਆਂ ਬਹਾਰਾਂ, ਉੱਡੇ ਨਾਲ ਹਾਂ ਉਡਾਰਾਂ,
                  ਕੀਤੇ ਨੇ ਕਲੋਲ ਮਿਤਰਾ,ਇਹੀ ਤੇਰੇ ਕੋਲ ਮਿੱਤਰਾ।

20 March 2019

ਪੰਜਾਬ - ਰਵੇਲ ਸਿੰਘ ਇਟਲੀ

ਦੱਸੋ ਕੀ ਹੁਣ ਕਰੇ ਪੰਜਾਬ।
ਨਾ ਡੁੱਬੇ ਨਾ ਤਰੇ ਪੰਜਾਬ।
ਕਿਰਸਾਣੀ ਨੇ ਲਾਏ ਥੱਲੇ,
ਲੋਕਾਂ ਪੁੱਤ ਵਿਦੇਸ਼ੀਂ ਘੱਲੇ,
ਆਪਣਿਆਂ ਤੋਂ ਡਰੇ ਪੰਜਾਬ।
ਕਰਜ਼ੇ ਵਿੱਚ ਡੋਬੀ ਕਿਰਸਾਣੀ,
ਨਸ਼ਿਆਂ ਦਿੱਤੀ ਗਾਲ਼ ਜੁਵਾਨੀ,
ਲੱਖਾਂ ਪੱਤਣ ਤਰੇ ਪੰਜਾਬ।
ਨੇਤਾ ਨੂੰ ਕੁਰਸੀ ਦੀਆਂ ਲੋੜਾਂ,
ਪਰਜਾ ਲਈ ਤੰਗੀਆਂ ਤੇ ਥੋੜਾਂ।
ਕਿੰਨੀਆਂ ਪੀੜਾਂ ਜਰੇ ਪੰਜਾਬ।

ਬਾਜ਼ਾਰ ਗਰਮ ਹੈ - ਰਵੇਲ ਸਿੰਘ ਇਟਲੀ

ਖਬਰਾਂ ਦਾ ਬਾਜ਼ਾਰ ਗਰਮ ਹੈ।
ਹਰ ਖੁੰਢਾ ਹੱਥਿਆਰ ਗਰਮ ਹੈ।
ਕੁਰਸੀ ਪਿੱਛੇ ਹੋਣ ਡਰਾਮੇ,
ਨੇਤਾ ਸੇਵਾਦਾਰ ਗਰਮ ਹੈ।
ਚੋਣਾਂ ਦੇ ਦੰਗਲ ਤੋਂ ਪਹਿਲਾਂ,
ਕੁਰਸੀ ਲਈ ਪ੍ਰਚਾਰ ਗਰਮ ਹੈ।
ਚੋਰ ਤੇ ਕੁੱਤੀ,ਚੁੱਪ ਨੇ ਦੋਵੇਂ,
ਮਤਲਬ ਖੋਰਾ ਯਾਰ ਗਰਮ ਹੈ।
ਆਪਣਾ ਆਪ ਬਚਾ ਕੇ ਰੱਖੋ,
ਦਹਿਸ਼ਤ ਦਾ ਸੰਸਾਰ ਗਰਮ ਹੈ।

ਬਚੇ ਰਹੋ ਅਫਵਾਹਵਾਂ ਤੋਂ - ਰਵੇਲ ਸਿੰਘ ਇਟਲੀ

ਬਚੇ ਰਹੋ ਅਫਵਾਹਵਾਂ ਤੋਂ,
ਇਹ ਜ਼ਹਿਰੀਲੀਆਂ ਵਾਵਾਂ ਤੋਂ।
ਕਈਆਂ ਦਾ ਕੰਮ ਅੱਗਾਂ ਲਾਉਣਾ,
ਲੋਕਾਂ ਨੂੰ ਰਹਿੰਦੇ ਭੜਕਾਉਣਾ,
ਬਚ ਜਾਓ ਇਨ੍ਹਾਂ ਬਲਾਂਵਾਂ ਤੋਂ।
ਐਧਰ ਵੀ ਨੇ ਓਧਰ ਵੀ ਨੇ,
ਕਰਦੇ ਫੋਕੀ ਚੌਧਰ ਵੀ ਨੇ,
ਕਰਦੇ ਦੂਰ ਭਰਾਂਵਾਂ ਤੋਂ।
ਵੱਖ ਵਾਦ ਦੇ ਨਾਅਰੇ ਲਾ ਕੇ,
ਅੱਤ ਵਾਦ ਦਾ ਜ਼ਹਿਰ ਫੈਲਾ ਕੇ,
ਖੋਹੰਦੇ ਪੁੱਤਰ ਮਾਂਵਾਂ ਤੋਂ।
ਨਿੱਕੀ ਗੱਲ ਬਣਾ ਕੇ ਵੱਡੀ,
ਜਾਂਦੇ ਵਿੱਚ ਫਿਜ਼ਾਵਾਂ ਛੱਡੀ,
ਬਚ ਜਾਓ ਇਨ੍ਹਾਂ ਫਿਜ਼ਾਵਾਂ ਤੋਂ।

ਸਾਰਾ ਜਹਾਨ ਜੀਵੇ, - ਰਵੇਲ ਸਿੰਘ ਇਟਲੀ

ਹਿੰਦੋਸਤਾਨ ਜੀਵੇ ਪਾਕਿਸਤਾਨ ਜੀਵੇ,
ਨਾਲ ਅਮਨ ਦੇ ਸਾਰਾ ਜਹਾਨ ਜੀਵੇ।
ਖੇਤਾਂ ਵਿੱਚ ਹੀ ਸਦਾ ਕਿਸਾਨ ਜੀਵੇ,
ਹੱਦਾਂ ਉੱਤੇ ਵੀ ਸਦਾ ਜਵਾਨ ਜੀਵੇ।
ਸਦਾ ਜੰਗ ਦੇ ਨਾਮ ਨੂੰ ਹੋਏ ਨਫਰਤ,
ਨਾਲ ਆਦਮੀ ਅਮਨ ਮਾਨ ਜੀਵੇ।
ਮੁੱਕ ਜਾਣ ਇਹ ਮਜ਼੍ਹਬ ਦੇ ਨਾਂ ਝਗੜੇ,
ਮੰਦਰ ਮਸਜਿਦਾਂ,ਧਰਮ ਈਮਾਨ ਜੀਵੇ।
ਹਰ ਕੋਈ ਹੱਕ ਹਲਾਲ ਦੀ ਖਾਏ ਕਰਕੇ,
ਮੇਹਣਤ ਕਰਦਿਆਂ ਆਮ ਇਨਸਾਨ ਜੀਵੇ।
ਕੁਰਸੀ ਵਾਸਤੇ ਬਣੇ ਨਾ ਕੋਈ ਨੇਤਾ,
ਪਰਜਾ ਵਾਸਤੇ ਨਾਲ ਸਨਮਾਨ ਜੀਵੇ।
ਨਹੀਂ ਫਿਰ ਸਵਰਗ ਤੇ ਨਰਕ ਦੀ ਲੋੜ ਬਾਕੀ,
ਅਮਨ ਨਾਲ ਜੇ ਧਰਤ ਅਸਮਨ ਜੀਵੇ।

ਇਹ ਕੈਸੀ ਸਰਕਾਰ - ਰਵੇਲ ਸਿੰਘ ਇਟਲੀ

ਇਹ ਕੈਸੀ ਸਰਕਾਰ ਖਜਾਨਾ ਖਾਲੀ ਹੈ।
ਲੁਟਦੀ ਐਸ਼ ਬਹਾਰ ਖਜਾਨਾ ਖਾਲੀ ਹੈ।
ਫਿਰਦੇ ਬੇਰੁਜ਼ਗਾਰ ਖਜਾਨਾ ਖਾਲੀ ਹੈ,
ਥਾਂ ਥਾਂ ਭ੍ਰਿਸ਼ਟਾਚਾਰ ਖਜਾਨਾ ਖਾਲੀ ਹੈ।
ਪਰਜਾ ਹੈ ਲਾਚਾਰ ਖਜਾਨਾ ਖਾਲੀ ਹੈ,
ਥਾਂ ਥਾਂ ਹਾ ਹਾ ਕਾਰ ਖਜਾਨਾ ਖਾਲੀ ਹੈ।
ਬੇਸ਼ੱਕ ਹੋ ਲਾਚਾਰ ਖਜਾਨਾ ਖਾਲੀ ਹੈ,
ਲਿਖਿਆ ਪੜ੍ਹੋ ਦੀਵਾਰ ਖਜਾਨਾ ਖਾਲੀ ਹੈ।
ਕੁੱਝ ਨਹੀਂ ਪੱਲੇ ਯਾਰ ਖਜਾਨਾ ਖਾਲੀ ਹੈ,
ਹਾਲਤ ਹੈ ਬੀਮਾਰ ਖਜਾਨਾ ਖਾਲੀ ਹੈ।
ਮੰਗਾਂ ਦੀ ਭਰਮਾਰ ਖਜਾਨਾ ਖਾਲੀ ਹੈ,
ਕਿੱਦਾਂ ਮੰਨੀਏ ਹਾਰ ਖਜਾਨਾ ਖਾਲੀ ਹੈ।
ਮਾੜੇ ਨੂੰ ਹੈ ਮਾਰ ਖਜਾਨਾ ਖਾਲੀ ਹੈ,
ਝੂਠੇ ਕੌਲ ਕਰਾਰ ਖਜਾਨਾ ਖਾਲੀ ਹੈ।
ਮੰਗਣ ਜੋ ਰੁਜ਼ਗਾਰ, ਖਜਾਨਾ ਖਾਲੀ ਹੈ,
ਹੋ ਕੇ ਦਰ ਦਰ ਖੁਆਰ ਖਜਾਨਾ ਖਾਲੀ ਹੈ।
ਖਾਉ ਡਾਂਗਾਂ ਦੀ ਮਾਰ ਖਜਾਨਾ ਖਾਲੀ ਹੈ,
ਸਭ ਕੁਝ ਗਏ ਡਕਾਰ ਖਜਾਨਾ ਖਾਲੀ ਹੈ।
ਹੁਣ ਖਾਲੀ ਭੰਡਾਰ ਖਜਾਨਾ ਖਾਲੀ ਹੈ,
ਮਿੰਨਤਾਂ ਕਰੋ ਹਜ਼ਾਰ ਖਜਾਨਾ ਖਾਲੀ ਹੈ।
ਰਾਜੇ ਦੀ  ਸਰਕਾਰ ਖਜਾਨਾ ਖਾਲੀ ਹੈ,
ਪਰਜਾ ਹੋਏ ਖੁਆਰ ਖਜਾਨਾ ਖਾਲੀ ਹੈ।
ਕੁਰਸੀ ਨਾਲ ਪਿਆਰ ਖਜਾਨਾ ਖਾਲੀ ਹੈ।
ਇਹ ਕੈਸੀ ਸਰਕਾਰ ਖਜਾਨਾ ਖਾਲੀ ਹੈ।

17 Oct. 2018

ਇਲਾਜ ਬੜਾ ਔਖਾ  - ਰਵੇਲ ਸਿੰਘ ਇਟਲੀ

ਵਿਗੜੀ ਔਲਾਦ ਦਾ ਤੇ ਵਿਗੜੇ ਸਮਾਜ ਦਾ,
ਮੰਦੇ ਕੰਮ ਕਾਜ ਦਾ,ਤੇ ਅਜੋਕੇ ਲੋਕ ਰਾਜ ਦਾ,
ਲੱਭਣਾ ਇਲਾਜ ਤੇ,  ਇਲਾਜ ਬੜਾ ਔਖਾ।
ਦੇਣਾ ਦੌਣ ਦਾਜ ਦਾ,ਤੇ ਜਾਬਰਾਂ ਦੇ ਰਾਜ ਦਾ,
ਡੁੱਬਦੇ ਜਹਾਜ ਦਾ, ਤੇ ਵਿਗੜੇ  ਦਿਮਾਗ ਦਾ,
ਲੱਭਣਾ ਇਲਾਜ ਤੇ, ਇਲਾਜ ਬੜਾ ਔਖਾ।
ਮੌਸਮ ਦੇ ਮਿਜ਼ਾਜ ਦਾ,ਤੇ ਬੰਦੇ ਬੇ ਲਿਹਾਜ਼ ਦਾ,
ਹੋ ਗਏ ਮੁਥਾਜ ਦਾ, ਮੰਦੇ ਕੰਮ ਕਾਜ ਦਾ,
ਲੱਭਣਾ ਇਲਾਜ ਤੇ  ਇਲਾਜ ਬੜਾ ਔਖਾ।
ਕੁਰਸੀ ਦੇ ਤਾਜ ਦਾ,ਭੁੱਸ ਪੈ ਜਾਏ ਰਾਜ ਦਾ,
ਲੱਭਣਾ ਇਲਾਜ ਤੇ  ਇਲਾਜ ਬੜਾ ਔਖਾ।
ਬੰਦੇ ਦੀ ਮਜਾਜ ਦਾ,ਤੇ ਬੰਦੇ ਬੇ ਦਿਮਾਗ ਦਾ,
ਲਾਲਚੀ ਦਿਮਾਗ ਦਾ, ਤੇ ਭੂਤਰੇ ਨਵਾਬ ਦਾ,
ਲੱਭਣਾ ਇਲਾਜ ਤੇ  ਇਲਾਜ ਬੜਾ ਔਖਾ।
ਮੌਸਮ ਖਰਾਬ ਦਾ ਤੇ ਟੁੱਟੀ ਹੋਈ ਰਬਾਬ ਦਾ,
ਅੱਜ ਦੇ ਪੰਜਾਬ ਦਾ, ਸੁੱਕ ਗਏ ਗੁਲਾਬ ਦਾ,
ਲੱਭਣਾ ਇਲਾਜ ਤੇ ,ਇਲਾਜ ਬੜਾ ਔਖਾ।

06 Oct. 2018

ਗੁਰਦੁਆਰਾ ਦਰਬਾਰ ਸਾਹਿਬ ਕਰਤਰ ਪੁਰ ਸਾਹਿਬ - ਰਵੇਲ ਸਿੰਘ ਇਟਲੀ

ਗੁਰੂ ਬਾਬੇ ਨਾਨਕ ਦੇ 550 ਵੇਂ ਪ੍ਰਕਾਸ਼ ਉਤਸਵ ਤੇ ਦੋਹਾਂ ਸਰਕਾਰਾਂ ਨੂੰ  ਬੇਨਤੀ

ਕਰਤਾਰ ਪੁਰ ਦੀ ਧਰਤੀ, ਜਿੱਥੇ ਗੁਰੂ ਨਾਨਕ ਦਰਬਾਰ।ਇਸ ਭਾਗਾਂ ਵਾਲੀ ਧਰਤ ਤੇ ਭਰਿਆ ਯਾਦਾਂ ਦਾਂ ਭੰਡਾਰ।ਪਰ ਦੇਸ਼ ਦੀ  ਵੰਡ ਨੇ ਦਿੱਤਾ ਸੱਭ ਵਿਸਾਰ।ਇਹ ਧਰਤ ਹੈ ਸਾਥੋਂ ਖੁਸ ਗਈ,ਹੋਏ ਔਖੇ ਬੜੇ ਦੀਦਾਰ।ਹੁਣ ਦਰਸ਼ਨ ਕਰੀਏ ਦੂਰ ਤੋਂ,ਰਾਵੀ ਦੇ ਉਸ ਪਾਰ।ਤੇ ਨਿੱਤ ਅਰਦਾਸਾਂ ਹੁੰਦੀਆਂ ਤੇ ਹੁੰਦੀ ਕੂਕ ਪੁਕਾਰ।ਕਦ ਖੁਲ੍ਹੇ ਦਰਸ਼ਨ ਹੋਣਗੇ,ਕਦ ਮਿਹਰ ਕਰੇ  ਕਰਤਾਰ।ਕਦ ਲਾਂਘਾ ਦੇਣ ਹਕੂਮਤਾਂ,ਕਦ ਬਹਿਕੇ ਕਰਨ ਵੀਚਾਰ।ਕਦ ਕਰੀਏ ਦਰਸ਼ਨ ਜਾ ਕੇ ਸੀਨੇ ਲਈਏ ਠਾਰ।ਕਦ ਰਹਿਮਤ ਹੋਏਗੀ ਰੱਬ ਦੀ,ਕਦ ਹੁਕਮ ਦਏ ਸਰਕਾਰ।ਗੁਰੂ ਨਾਨਕ ਸਾਂਝਾਂ ਜਗਤ ਦਾ,ਤੇ ਏਕੇ ਦਾ ਪ੍ਰਚਾਰ।ਜਿਸ ਪਿਆਰ ਮੁਹੱਬਤ ਵੰਡਿਆ,ਬਾਣੀ ਅਰਸ਼ ਉਚਾਰ।ਜੋ ਮੇਟੇ ਭੇਦ ਭਾਵ  ਨੂੰ ਤੇ ਸੱਭ ਨੂੰ ਕਰੇ ਪਿਆਰ।ਇਹ ਖੁਲ੍ਹੇ ਲਾਂਘਾ ਸਾਂਝ ਦਾ,ਸੱਭ ਕਰੀਏ  ਦੀਦਾਰ।ਇਹ ਸੰਗਤ ਦੇ ਸਿਰ ਹੋਏਗਾ ਵੱਡਾ ਪਰਉਪਕਾਰ।ਪਰ ਮਾਲਿਕ ਦੇ ਹੱਥ ਵਿੱਚ ਡੋਰੀਆ ਉਹ ਸੱਭ ਕੁੱਝ ਕਰਣੇ ਹਾਰ।ਹੈ ਦੋਹਾਂ ਧਿਰਾਂ ਨੂੰ ਬੇਨਤੀ ਬਹਿ ਛੇਤੀ ਕਰੋ ਵਿਚਾਰ।ਬਸ ਛੇਤੀ ਲਾਂਘਾ ਖੋਲ਼੍ਹ ਕੇ,ਸੁਪਨੇ ਕਰੋ ਸਾਕਾਰ।ਕਰਤਾਰ ਪੁਰ ਦੀ ਧਰਤੀ ਜਿੱਥੇ ਗੁਰੂ ਨਾਨਕ ਦਰਬਾਰ।

28 Sept. 2018

ਜਾਂਦੇ ਜਾਂਦੇ ....... - ਰਵੇਲ ਸਿੰਘ ਇਟਲੀ

 ਕੈਨੇਡਾ ਫੇਰੀ ਤੋਂ ਵਾਪਸੀ ਦਾ ਦਿਨ ਆ ਹੀ ਗਿਆ ਹੈ। ਹੁਣ  ਇਟਲੀ ਜਾਕੇ, ਫਿਰ ਆਪਣੇ ਪਿਆਰੇ ਪੰਜਾਬ ਦੀ ਧਰਤੀ ਨੂੰ ਜਾ ਪ੍ਰਣਾਮ ਕਰਾਂਗਾ।ਇੱਥੇ ਰਹਿੰਦਿਆਂ ਤਿੰਨ ਮਹੀਨੇ ਦਾ ਸਮਾਂ ਸੁਪਨੇ ਵਾਂਗੋਂ ਹੀ ਲੰਘ ਗਿਆ,ਇੱਸ ਸਮੇਂ ਵਿੱਚ ਸਮੇਂ ਵਿੱਚ ਇੱਥੇ ਰਹਿ ਕੇ ਇਸ ਦੇਸ਼ ਬਾਰੇ ਜਿਨ੍ਹਾਂ ਕੁ ਜਾਣਿਆ ਹੈ ਸਮਝਿਆ ਹੈ ,ਇਸ ਬਾਰੇ ਬਹੁਤ ਕੁੱਝ ਕਿਤੇ ਫਿਰ ਲਿਖਾਂਗਾ।ਮੇਰੇ ਵਾਂਗ ਪੰਜਾਬ ਤੋਂ ਇੱਥੇ ਆਪਣਿਆਂ ਸਾਕ ਸਬੰਧੀਆਂ ਨੂੰ ਸਾਡੇ ਵਾਂਗ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਹਨ ਅਤੇ ਆਪਣਾ ਨੀਯਤ ਸਮਾ ਗੁਜ਼ਾਰ ਕੇ ਵਾਪਸ ਪਰਤ ਜਾਂਦੇ ਹਨ। ਨਿੱਤ ਸੈਰ ਕਰਨ  ਜਾਂਦਿਆਂ ਨਵੇਂ ਨਵੇਂ ਲੋਕਾਂ ਨਾਲ ਵਾਕਫੀ ਹੁੰਦੀ ਹੈ। ਪਾਰਕਾਂ ਵਿੱਚ ਬੈਠੇ ਲੋਕ ਜਦ ਗੱਲਾਂ ਬਾਤਾਂ ਵਿੱਚ ਸਮਾ ਬਤੀਤ ਕਰਦੇ ਹਨ ਤਾਂ ਪਿੰਡਾਂ ਦੀ ਸੱਥਾਂ ਦੀ ਯਾਦ ਆਏ ਬਿਨਾਂ ਨਹੀਂ ਰਹਿੰਦੀ।ਪਾਰਕ ਵਿੱਚ ਬਣੀ ਲੱਕੜੀ ਦੀ ਝੌਪੜੀ ਜਿੱਸ ਨੂੰ ਹਾਸੇ ਨਾਲ ,ਮਿੱਤਰਾਂ ਛਤਰੀ, ਕਹਿੰਦੇ ਹਨ ਉੱਸ ਹੇਠ ਢਾਣੀਆਂ ਬਣਾ ਕੇ ਬੈਠੇ ਬਜ਼ੁਰਗਾਂ ਦੀਆਂ ਤਾਸ਼ਾਂ ਦੀਆਂ ਬਾਜ਼ੀਆਂ ਲਗਦੀਆਂ ਹਨ,ਤਾਂ ਜਿੱਤ ਹਾਰ ਨਾਲ ਤਾੜੀਆਂ ਤੇ ਹਾਸਿਆਂ ਦੇ ਫੁਹਾਰੇ ਛੁੱਟਦੇ ਹਨ। ਕਿਸੇ ਪਾਸੇ ਪੰਜਾਬ ਦੀ ਅਜੋਕੀ  ਸਿਆਸਤ ਬਾਰੇ ਖੱਟੀਆਂ ਮਿੱਠੀਆਂ ਗੱਲਾਂ ਹੁੰਦੀਆਂ ਹਨ।ਕੁੱਝ ਨਵਾਂ ਲਿਖਣ ਲਈ ਚੰਗਾ ਸ਼ਾਂਤ ਮਾਹੌਲ ਵੀ ਮਿਲਦਾ ਰਿਹਾ ਹੈ।
            ਇਸੇ ਸਮੇਂ ਵਿੱਚ ਹੀ ਪ੍ਰਸਿੱਧ ਪਾਕਿਸਤਾਨੀ ਲੋਕ ਕਵੀ ਬਸ਼ੀਰ ਅਹਿਮਦ ਉਰਫ,ਬਾਬਾ ਨਜਮੀ ਜੀ ਨੂੰ ਸੁਣਨ ਦਾ ਸੁਨਹਿਰੀ ਮੌਕਾ ਇੱਥੇ ਆਕੇ ਮਿਲਿਆ।ਕਈ ਅਖਬਾਰਾਂ ਦੇ ਸੰਪਾਦਕਾਂ ਤੇ ਟੈਲੀਵੀਜ਼ਨਾਂ ਦੇ ਸੰਚਾਲਕਾਂ ਨੂੰ ਵੇਖਣ ਸੁਣਨ ਦਾ   ਮੌਕਾ ਮਿਲਿਆ ਜਿਨ੍ਹਾਂ ਵਿੱਚੋਂ ਇਕਬਾਲ ਮਾਹਲ ਦਾਂ ਨਾਮ ਵਰਨਣ ਯੋਗ ਹੈ।ਹੋਰ ਵੀ ਕਈ ਨਵੀਆਂ ਨਵੀਆਂ ਸ਼ਖਸੀਅਤਾਂ ਜਿਨ੍ਹਾਂ ਵਿੱਚ ਸ.ਟਹਿਲ ਸਿੰਘ ਬ੍ਰਾੜ ਜਿਨ੍ਹਾਂ ਦੇ ਉਦਮ ਨਾਲ ਮੈਨੂੰ ਬਾਬਾ ਨਜਮੀ ਦੇ ਪ੍ਰੋਗ੍ਰਾਮ ਨੂੰ ਵੇਖਣ ਦਾ ਇਹ ਮੌਕਾ ਮਿਲਿਆ ਵੀ ਉਨ੍ਹਾਂ ਦਾ ਮੈਂ ਤਹਿ ਦਿਲੋਂ ਰਿਣੀ ਹਾਂ। ਇਕ ਦਿਨ ਪੰਜਾਬੀ ਸਭਿਆਚਾਰ ਦਾ ਇੱਥੇ ਇੱਕ ਰੰਗਾ ਰੰਗ ਪ੍ਰੋਗ੍ਰਾਮ ਵੇਖਣ ਦਾ ਬੜਾ ਸ਼ਾਨਦਾਰ ਮੌਕਾ ਮਿਲਿਆ।ਪੰਜਾਬੀਆਂ ਦੀ ਇਸ ਦੇਸ਼ ਵਿੱਚ ਬੱਲੇ ਬੱਲੇ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਕੁੱਝ ਸਮਾਂ  ਇੱਥੇ ਰਹਿ ਰਹੇ  ਆਪਣੇ ਸਾਕ ਸਬੰਧੀਆਂ ਨੂੰ ਮਿਲਣ ਆਏ ਲੋਕ ਜਿਨ੍ਹਾਂ ਵਿੱਚ ਬਹੁਤ  ਪੜ੍ਹੇ ਲਿਖੇ ਵਿਦਵਾਨ ਅਤੇ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਅਦਧਕਾਰੀ ਵੀ ਮਿਲੇ ਹਨ। ਜਿਨ੍ਹਾਂ ਵਿੱਚੋਂ ਬੜੇ ਹੀ ਮਿਲਾਪੜੇ ਸੁਭਾ ਦੇ  ਸ. ਕਰਮ ਸਿੰਘ ਧਾਲੀਵਾਲ ਜੀ, ਸੇਵਾ ਮੁਕਤ ਐਕਸੀਅਨ,   ਸੋਇਲ ਕਨਜ਼ਰਵੇਸ਼ਨ ਵਿਭਾਗ, ਬਠਿੰਡਾ ਨਿਵਾਸੀ ਦਾ ਨਾਮ ਵਰਨਣ ਯੋਗ ਹੈ ਜੋ ਸੈਰ ਕਰਦਿਆਂ ਵਾਪਸੀ ਤੇ ਕਿਤੇ ਜਦੋਂ ਉਹ ਵੀ ਮਿਲਦੇ ਵੱਖ ਵੱਖ ਵਿਸ਼ਿਆਂ ਤੇ ਬੜੇ ਸੁਖਾਵੇਂ ਮਾਹੌਲ ਵਿਚਾਰ  ਵਟਾਂਦਰੇ ਹੁੰਦੇ ਰਹੇ। ਇੱਸ ਦੇ ਇਲਾਵਾ ਮਿਸਟਰ ਬਾਜਵਾ ਜੀ ਜੋ ਪੋਲੀ ਟੈਕਨਿਕ  ਕਾਲੇਜ ਫਗਵਾੜਾ ਦੇ ਸੇਵਾ ਮੁਕਤ ਪ੍ਰੰਸੀਪਲ ਹਨ ,ਉਹ ਵੀ ਆਪਣੇ ਸਬੰਧੀਆਂ ਨੂੰ ਮਿਲਣ ਲਈ  ਕੁਝ ਸਮੇ ਲਈ ਇਥੇ ਆਏ ਹੋਏ ਹਨ , ਉਨ੍ਹਾਂ ਨਾਲ ਵੀ ਕਈ ਵਿਸ਼ਿਆ ਤੇ ਪੰਜਾਬ ਦੇ ਵਿਗੜੇ ਮਾਹੌਲ ਤੇ ਗੱਲਾਂ ਬਾਤਾਂ ਹੁੰਦੀਆਂ ਰਹੀਆਂ । ਹੋਰ ਵੀ ਕਈ ਬੜੇ ਮਿਲਣ ਸਾਰ ਧਾਰਮਿਕ ਗੁਰਮੁਖ ਪਿਆਰੇ ਹਨ,ਜਿਨ੍ਹਾਂ ਵਿੱਚੋਂ ਸ,ਮੋਹਣ ਸਿੰਘ ਜੀ ਜੋ ਲਗ ਪਗ ਵੀਹ ਸਾਲ ਦੁਬਈ ਅਤੇ ਇੰਗਲੈਂਡ ਵਿੱਚ ਰਹਿਕੇ ਹੁਣ ਇੱਥੇ ਆ  ਵੱਸੇ ਹਨ ਬੜੇ ਹੀ ਨਿੱਘੇ ਤੇ ਧਾਰਮਿਕ ਸੁਭਾ ਦੇ ਹਨ ਉਨ੍ਹਾਂ ਨਾਲ ਕਿੰਨਾ ਕਿੰਨਾ ਚਿਰ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਹਨ। 
              ਇਸੇ ਤਰ੍ਹਾਂ ਹੀ ਇੱਕ ਦਿਨ ਪਾਰਕ ਵਿੱਚ ਆਪਣੇ ਇੱਕ ਸਾਥੀ ਨਾਲ ਇੱਕ ਨੇਤ੍ਰ ਹੀਣ ਬਜ਼ੁਰਗ ਬੈਠੇ ਹੋਏ ਜੋ ਸਫੇਦ ਲਿਬਾਸ ਵਿੱਚ ਸਨ, ਕੁਝ ਗੱਲਾਂ ਧਾਰਮਿਕ ਗੱਲਾਂ ਬਾਤਾਂ ਕਰ ਰਹੇ ਸਨ। ਉਨ੍ਹਾਂ ਪਾਸ ਕੁੱਝ ਬੈਠ ਕੇ ਗੁਰਬਾਣੀ ਬਾਰੇ ਬਹੁਤ ਕੁੱਝ ਜਾਨਣ ਦਾ ਮੋਕਾ ਮਿਲਿਆ।ਉਨ੍ਹਾਂ ਦੀ ਕਮਾਲ ਦੀ ਯਾਦਾਸ਼ਤ ਵੇਖ ਕੇ ਮੈਨੂੰ ਹੈਰਾਨੀ ਹੋਈ।ਬਾਅਦ ਵਿੱਚ ਪਤਾ ਲੱਗਾ ਕਿ ਉਹ  ਭਾਈ ਮਹਿੰਦਰ ਸਿੰਘ ਰਾਗੀ ਜੀ ਹਨ ਜੋ ਸ੍ਰੀ ਪਾਉਂਟਾ ਸਾਹਿਬ ਕੀਰਤਨ ਕਰਦੇ ਹਨ।ਅਤੇ ਇੱਥੇ ਕੁੱਝ ਸਮੇਂ ਲਈ ਆਪਣੇ ਸੰਬੰਧੀਆਂ ਪਾਸ ਆਏ ਹੋਏ ਹਨ ਉਹ ਜਦੋਂ ਵੀ ਕਦੇ  ਰਸਤੇ ਵਿੱਚ ਆਉਂਦੇ ਜਾਂਦੇ ਮਿਲਦੇ ਹਨ ਤਾਂ ਗੁਰਬਾਣੀ ਦੇ ਕਈ ਨੁਕਤਿਆਂ  ਦੀ ਬਹੁਤ ਹੀ ਮਹੱਤਵ ਪੂਰਨ ਜਾਣਕਾਰੀ ਉਨ੍ਹਾਂ ਤੋਂ ਮਿਲਦੀ ਰਹੀ। ਇੱਕ ਦਿਨ ਸ਼ਾਮ ਦੀ ਸੈਰ ਵੇਲੇ ਜਾਂਦਿਆਂ ਉਨ੍ਹਾਂ ਦਾ ਸਾਥੀ  ਮਨਜੀਤ ਸਿੰਘ ਕੈਂਥ ਖੜਾ ਸੀ ਮੈ ਨੂੰ ਮਿਲਿਆ ਤੇ ਕਹਿਣ ਲੱਗਾ ਕਿ18 ਅਗਸਤ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਕੀਰਤਨ ਹੈ ਤੁਸੀਂ ਜ਼ਰੂਰ ਆਉਣਾ ਪਰ ਗੁਰਬਾਣੀ ਦੇ ਕਥਨ ਅਨੁਸਾਰ,   ॥  ਬਿਨ ਕਰਮਾ ਕਿਛੁ ਪਾਈਏ ਨਾਹੀ ਜੇ ਬਹੁਤੇਰਾ ਧਾਵੇ॥  ਵਾਲੀ ਗੱਲ ਹੀ ਹੋਈ ਮੈਂ ਮਿਥੀ ਹੋਈ ਮਿਤੀ ਤੇ ਉਸੇ ਥਾਂ ਜਿੱਥੇ ਉਹ ਮਿਲੇ ਸਨ,ਘਰ ਮੂਹਰੇ ਲੰਮੇ ਲੰਮੇ  ਦੋ ਤਿੰਨ ਗੇੜੇ ਕੱਢੇ ਪਰ ਮੈਨੂੰ ਬੜੀ ਕੋਸ਼ਿਸ਼ ਕਰਨ ਤੇ ਉਨ੍ਹਾਂ ਦਾ  ਕੀਰਤਨ ਸੁਨਣ ਦਾ ਮੌਕਾ ਨਹੀਂ ਮਿਲਿਆ।ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਮਿਲਣ ਦਾ ਬੜਾ ਯਤਨ ਕੀਤਾ ਪਰ ਉਹ ਨਹੀਂ ਮਿਲ ਸਕੇ ਸੋਚਿਆ  ਖੋਰੇ ਉਹ ਵਾਪਿਸ ਚਲੇ ਗਏ ਹੋਣਗੇ ,ਜੋ ਮੁੜ ਕਿਤੇ ਨਹੀਂ ਮਿਲੇ।
                 ਜਿਥੇ ਮੈਂ ਰਹਿ ਰਿਹਾ ਹਾਂ ਇੱਥੋਂ ਥੋੜ੍ਹੀ ਦੂਰ ਹੀ ਮੇਰੇ ਮਾਮਾ ਜੀ ਸ.ਸੂਰਤ ਸਿੰਘ ਜੀ ਜੋ ਪੱਕੇ ਤੌਰ ਤੇ ਪ੍ਰਿਵਾਰ ਸਹਿਤ ਇੱਥੇ ਰਹਿ ਰਹੇ ਹਨ। ਉਨ੍ਹਾਂ ਦਾ ਮੇਰੇ ਸਿਰ ਵੱਡਾ ਉਪਕਾਰ ਹੈ,ਪੰਜਾਬ ਵਿੱਚ ਜਦੋਂ ਉਹ ਇੱਕ ਸਕੂਲ ਵਿੱਚ ਬਤੌਰ ਅਧਿਆਪਕ ਲਗੇ ਹੋਏ ਸਨ ਤਾਂ ਮੈਂ ਉਨ੍ਹਾਂ ਕੋਲ ਰਹਿਕੇ ਮੈਟ੍ਰਿਕ ਪਾਸ ਕੀਤੀ।ਉਨ੍ਹਾਂ ਨੂੰ ਮਿਲਣ ਲਈ ਜਾਣ ਦਾ ਮੌਕਾ ਮਿਲਿਆ।ਹੁਣ 87 ਕੁ ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਮਿਲਕੇ ਕੁੱਝ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਦਾ ਮੌਕਾ ਮਿਲਿਆ। ਹੋਰ ਵੀ ਇੱਥੇ ਰਹਿ ਕੇ ਤਿੰਨ ਮਹੀਨਿਆਂ ਦੇ ਬਿਤਾਏ ਸਮੇਂ ਬਾਰੇ ਲਿਖਣ ਨੂੰ ਬਹੁਤ ਕੁੱਝ ਹੈ, ਜੋ ਮੈਂ ਆਪਣੇ ਨਾਲ ਲੈ ਚੱਲਿਆਂ ਹਾਂ, ਜਿੱਸ ਨੂੰ ਵਾਪਸ ਪੰਜਾਬ ਪਰਤ ਕੇ ਆਪਣੀ ਕੈਨੇਡਾ ਫੇਰੀ ਵਿੱਚ ਲਿਖਣ ਦਾ ਯਤਨ ਕਰਾਂਗਾ। ਵਕਤ ਦਾ ਕੀ ਪਤਾ, ਮੁੜ ਇੱਸ ਦੇਸ਼ ਵਿੱਸ਼ ਵਿੱਚ  ਆਉਣ ਦਾ ਮੌਕਾ ਮਿਲੇ,ਜਾਂ ਨਾ ਮਿਲੇ, ਖੈਰ ਜੋ ਵੀ ਹੋਵੇ ਹਾਲ ਦੀ ਘੜੀ ਇਥੇ ਬਿਤਾਏ ਇਨ੍ਹਾਂ ਤਿੰਨਾਂ ਮਹੀਨਿਆਂ ਵਿੱਚ ਯਾਦਾਂ ਦੀ ਭਾਰੀ ਗੱਠੜੀ  ਆਪਣੇ ਨਾਲ ਲੈ ਕੇ ਜ਼ਰੂਰ ਲੈ ਚੱਲਿਆਂ ਹਾਂ।
                 ਬੀਤ ਗਿਆ ਤੇ ਵਗਦੇ ਪਾਣੀ ਵਾਪਸ ਕਦੇ ਨਾ ਮੁੜਦੇ।
                 ਟੁੱਟਾ ਦਿਲ ਤੇ ਤਿੜਕੇ ਸੀਸ਼ੇ,  ਫਿਰ ਨਾ ਮੁੜ ਕੇ ਜੁੜਦੇ।
                 ਪੰਛੀ ਤੇ ਪ੍ਰਦੇਸੀ ਦਾ ਕੀ,ਕਿੱਧਰ ਨੂੰ ਮੂੰਹ ਧਰ ਲਏ,
                 ਇਹ ਪਰਛਾਂਵੇਂ, ,ਧੁੱਪਾਂ, ਪੌਣਾਂ,ਸਾਗਰ ਵਿੱਚ ਨਾ ਖੁਰਦੇ।
                 ਇਹ ਕਬਰਾਂ ਕਲਮੂੰਹੀਆਂ ਯਾਰੋ, ਮੁੱਕਣ ਸਾਰੇ ਰਿਸ਼ਤੇ,
                 ਆਪਣੇ ਹੱਥੀ ਦੱਬੇ ਜਿਸ ਥਾਂ,  ਕਦੇ ਨਾ ਉੱਠੇ  ਮੁਰਦੇ।
                 ਯਾਦਾਂ ਦੇ ਕੁੱਝ ਤਿੱਖੇ ਕੰਡੇ ਜਦ ਸੀਨੇ ਲਹਿ ਜਾਵਣ,
                 ਹਰ ਦਮ ਚੁਭਦੇ ਖੁਭਦੇ ਰਹਿੰਦੇ ਤਲੀਆਂ ਦੇ ਵਿੱਚ ਭੁਰਦੇ।
                ਰਸਤੇ  ਵਿੱਚ ਕਈ ਮਿਲੇ ਜੋ ਰਾਹੀ,ਯਾਦ ਉਨ੍ਹਾਂ ਦੀ ਆਵੇ,
                ਮਨ ਨੂੰ ਕੁੱਝ ਹਰਿਆਵਲ ਵੰਡੇ, ਹਰਦਮ ਫਿਰਦੇ ਤੁਰਦੇ।
                ਸਾਰੀ ਦੁਨੀਆ ਆਪਣਿਆਂ ਦੀ, ਨਾ ਕੋਈ ਗੈਰ ਬੇਗਾਨਾ,
                ਐਵੇਂ ਲੋਕੀਂ ਆਪਣਿਆਂ ਲਈ, ਹਰ ਦਮ ਰਹਿੰਦੇ ਝੁਰਦੇ।

16 Sept. 2018

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਤੇ ਸਾਰੇ ਵਿਸ਼ਵ ਨੂੰ  ਮੁਬਾਰਕਾਂ - ਰਵੇਲ ਸਿੰਘ ਇਟਲੀ

ਜਿਉਂ  ਚੜ੍ਹਦਾ ਤੇ ਲਹਿੰਦਾ ਰਹਿੰਦਾ ਸੂਰਜ ਹੈ ਹਰ ਰੋਜ਼।
ਜਿਉਂ ਸਭਨਾਂ ਨੂੰ,ਨਿਘ ਦਿੰਦਾ ਰਹਿੰਦਾ ਸੂਰਜ ਹੈ ਹਰ ਰੋਜ਼।
ਜਿਉਂ ਪੌਣ ਸੱਭਨਾਂ ਲਈ ਸਾਂਝੀ,ਨਾ ਕੋਈ ਵੈਰ ਵਿਰੋਧ,
 ਗੁਰਬਣੀ ਸੱਭਨਾਂ ਦੀ ਸਾਂਝੀ, ਵੱਸ ਕਰੇ ਕਾਮ ਕ੍ਰੋਧ।
 ਤਿਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਂਝਾਂ ਉਪਦੇਸ਼,
ਗੁਰਬਾਣੀ  ਸਭਨਾਂ ਲਈ ਸਾਂਝੀ,ਕੱਟਦੀ ਵਹਿਮ ਕਲੇਸ਼।
ਬਾਣੀ ਗੁਰੂ ਗੁਰੂ ਹੈ ਬਾਣੀ, ਸ਼ਬਦ ਗੁਰੂ  ਦਾ ਵਿਸਥਾਰ,
ਮੇਟੇ ਜ਼ਾਤ ਪਾਤ ਨੂੰ ਗੁਰਬਾਣੀ, ਸੱਭ ਨੂੰ ਕਰੇ  ਪਿਆਰ।
ਸਾਂਝਾਂ ਦੀ ਪ੍ਰਤੀਕ ਗੁਰ ਬਾਣੀ,ਵੰਡਦੀ ਪਿਆਰ ਮੁਹੱਬਤ,
ਏਕ ਨੂਰ ਤੇ ਸੱਭ ਜੱਗ ਉਪਜਿਆ,ਸੱਭ ਨੂੰ ਵੰਡੇ ਮਿੱਠਤ।
ਗਿਆਨ ਦਾ ਭਰਿਆ ਸਾਗਰ ਡੂੰਘਾ,ਸਾਰਾ ਗੁਰੂ ਗ੍ਰੰਥ।
ਗੁਰੂ ਗ੍ਰੰਥ ਪ੍ਰਕਾਸ਼ ਦਿਵਸ ਦੀ, ਸੱਭ ਨੂੰ ਹੋਏ ਮੁਬਾਰਕ।

09 Sep. 2018