Rewail Singh Italy

ਜੇ ਤੁਸੀਂ ਕਹਿੰਦੇ ਓ ਤਾਂ - ਰਵੇਲ ਸਿੰਘ

 ਇੱਕ ਦਿਨ ਮੈਨੂੰ ਬੇਟੇ ਦਾ ਬਾਹਰੋਂ ਫੋਨ ਆਇਆ ਕਿ ਅਸਾਂ ਦੋਹਾਂ ਜੀਆਂ ਨੇ ਪੁਲਸ ਰੀਪੋਰਟ ਐਪਲਾਈ ਕੀਤੀ ਹੋਈ ਹੈ, ਖਿਆਲ ਰੱਖਣਾ,ਅਤੇ ਵੇਲੇ ਸਿਰ ਰੀਪੋਰਟ ਕਰਵਾ ਦੇਣੀ।
ਇੱਕ ਦਿਨ ਠਾਣਿਉਂ ਫੋਨ ਆਇਆ ਕਿ ਤੁਹਾਡੀ ਨੂੰਹ ਦੇ ਕਾਗਜ਼ਾਤ ਪੁਲਿਸ ਦੀ ਵੈਰੀਫੀਕੇਸ਼ਨ ਬਾਰੇ ਆਏ ਹੋਏ ਹਨ ਮੈਂ ਲੈ ਕੇ ਜ਼ਰੂਰੀ ਕਾਰਵਾਈ ਕਰਨ ਲਈ ਆ ਰਿਹਾ ਹਾਂ , ਤੁਸੀਂ ਘਰ ਹੀ ਰਹਿਣਾ,ਮੈਂ ਆਪਣੇ ਭਰਾ ਨਾਲ ਗੱਲ ਕੀਤੀ ਉਹ ਕਹਿਣ ਲੱਗਾ ਕਿ ਦੋਹਾਂ ਦੀ ਇਕੱਠੀ ਆ ਜਾਣ ਦੇਣੀ ਸੀ , ਇਨ੍ਹਾਂ ਨੇ ਇੱਕ ਲਈ ਵੀ 500 ਰੁਪੈ ਲੈਣੇ ਹਨ ਤੇ ਦੋਹਵਾਂ ਲਈ ਵੀ ਓਨੇ ਹੀ ਲੈਣੇ ਹਨ।ਮੈਂ ਫੋਨ ਤੇ ਫੋਨ ਕਰਨ ਵਾਲੇ  ਨੂੰ ਦੁਬਾਰਾ ਪੁੱਛਿਆ ਤਾਂ ਉਹ ਕਹਿਣ ਲੱਗਾ ਕੇ ਮੇਰੇ ਪਾਸ ਤਾਂ ਅਜੇ ਸਿੱਰਫ ਇੱਕੋ ਦੀ ਆਈ ਹੈ।
ਉਹ ਥੋੜ੍ਹੀ ਦੇਰ ਬਾਅਦ ਉਹ ਮੇਰੇ ਘਰ ਆ ਗਿਆ।ਜੋ ਮੇਰੇ ਨਾਲ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ। ਲੋੜੀਂਦੇ ਸਬੂਤ ਲੈਣ ਤੋਂ ਬਾਅਦ ਜਦੋਂ ਮੈਂ ਉਸ ਨੂੰ 500 ਦਾ ਨੋਟ ਦੇਣ ਲੱਗਾ ਤਾਂ ਉਹ ਹੱਸਦਾ ਹੋਇਆ ਮੇਰੇ ਭਰਾ ਵੱਲ ਝਾਕਦਾ ਹੋਇਆ ਕਹਿਣ ਲੱਗਾ ਕਿ ਰਹਿਣ ਦਿਓ ਇਹ ਸਾਡੇ ਆਪਣੇ ਹੀ ਬੇੰਦੇ ਹਨ। ਮੈਂ ਨੋਟ ਟੇਬਲ ਤੇ ਹੀ ਪਿਆ ਰਹਿਣ ਦਿੱਤਾ।ਪੁਲਸ ਵਾਲਾ ਕਦੇ ਸਾਡੇ ਵੱਲ ਤੇ ਕਦੇ 500 ਦੇ ਨੋਟ ਵੱਲ ਵੇਖੀ ਜਾ ਰਿਹਾ ਸੀ ਮੈਂ ਉਸ ਦੀ ਨੀਯਤ ਨੂੰ ਭਾਂਪਦੇ ਹੋਏ ਕਿਹਾ ਕਿ ਲਓ ਰੱਖ ਲਓ ਤਾਂ ਉਸ ਨੇ ਇਹ ਕਹਿੰਦੇ ਹੋਏ ਨੋਟ ਫੜ ਕੇ ਜੇਬ ਵਿੱਚ ਪਾਉੰਦੇ ਕਿਹਾ ” ਚੰਗਾ ਜੇ ਤੁਸੀਂ ਕਹਿੰਦੇ ਓ ਤਾਂ ਲੈ ਹੀ ਲੈਂਦੇ ਹਾਂ”।
ਮੈਂ ਕਦੇ ਆਪਣੀ ਮੂਰਖਤਾ ਵੱਲ ਅਤੇ ਕਦੇ ਉਸ ਦੀ ਚੁਸਤੀ ਬਾਰੇ ਸੋਚ ਰਿਹਾ ਸਾਂ।

ਚਰਾਗ ਮੋਚੀ - ਰਵੇਲ ਸਿੰਘ

 ਮੇਰੇ ਪਾਕਿਸਤਾਨ ਦੇ ਪਿੰਡ ਵਿੱਚ ਲਗ ਪਗ ਸਾਰੀਆਂ ਜ਼ਾਤਾਂ ਦੇ ਲੋਕ ਰਹਿੰਦੇ  ਜਿਨ੍ਹਾਂ ਵਿੱਚ ਲਲਾਰੀ,ਪੇਂਜੇ,ਮੁਸੱਲੀ,ਤੇਲੀ ਜੁਲਾਹੇ,ਕਸਾਈ , ਗੁੱਜਰ, ਮੁਸਲਮਾਨ ਸਨ ਤੇ ਇਨ੍ਹਾਂ ਦੇ ਮੁਹੱਲੇ ਵੀ ਵੱਖੋ ਵੱਖ ਸਨ। ਹਿੰਦੂ ਖਤਰੀ,ਬ੍ਰਹਮਣ,ਅਤੇ ਸਿੱਖਾਂ ਦੀ ਗਿਣਤੀ ਬਹਤੀ ਸੀ।ਖੱਤ੍ਰੀ ਬ੍ਰ੍ਹਾਹਮਣ ਆਮ ਤੌਰ ਦੁਕਾਨਦਾਰੀ ਕਰਦੇ ਸਨ, ਸਿੱਖ ਬ੍ਰਾਦਰੀ ਵਿੱਚੋਂ ਬਹੁਤੀ ਗਿਣਤੀ ਫੌਜੀ ਨੌਕਰੀ ਪੇਸ਼ਾ ਕਰਨ ਵਾਲਿਆਂ ਦੀ ਸੀ।ਗੁਜਰ ਮੁਸਲਮਾਨ ਬਹੁਤੀਆਂ ਜ਼ਮੀਨਾਂ ਦੇ ਮਾਲਕ ਸਨ ਜੋ  ਵਾਹੀ ਜੋਤੀ ਦਾ ਕੰਮ ਕਰਦੇ ਸਨ, ਇਧਰ ਦੇ ਗੁੱਜਰਾਂ ਵਾਂਗ ਖਾਨਾ ਬਦੋਸ਼ ਨਹੀਂ ਸਨ। ਸ਼ਾਇਦ ਇਸੇ ਕਰਕੇ ਹੀ ਗੁੱਜਰਾਂ ਦੀ ਬਹੁਤੀ ਗਿਣਤੀ ਹੋਣ ਕਰਕੇ ਮੇਰੇ ਪਿਛਲੇ ਪਿੰਡ ਵਾਲੇ ਜ਼ਿਲੇ ਦਾ ਨਾਂ ਵੀ ਗੁਜਰਾਤ ਹੀ ਪੈ ਗਿਆ ਹੋਵੇ।
ਮੋਚੀਆਂ ਦਾ ਮੁਹੱਲਾ ਮੇਰੇ ਮੁਹੱਲੇ ਦੇ ਨਾਲ ਹੀ ਲਗਦਾ ਸੀ। ਇਨ੍ਹਾਂ ਵਿੱਚ ਇਕ ਚਰਾਗ ਮੋਚੀ ਵੀ ਸੀ ਜੋ ਹੁਣ ਵੀ ਜਦੋਂ ਮੇਰੀਆਂ ਅੱਖਾਂ ਅੱਗੇ ਆਉਂਦਾ ਹੈ ਤਾਂ ਸਰਹੰਦ ਦੀ ਕੰਧ ਵਿੱਚ ਦਸਮ ਪਿਤਾ ਦੇ ਦੋ ਨਿੱਕੇ ਪਰ ਬਹਾਦਰ ਸਾਹਿਬਜ਼ਾਦਿਆਂ ਦਾ ਦਰਦ ਨਾਕ ਪਰ ਇਤਹਾਸ ਦਾ ਨਾ ਭੁਲਣ ਵਾਲਾ ਸਾਕਾ ਅੱਖਾਂ ਅੱਗੇ ਆਏ ਬਿਨਾਂ ਨਹੀਂ ਰਹਿੰਦਾ।
ਕਿਉਂ ਜੋ ਚਰਾਗ ਮੋਚੀ ਦੀ ਸ਼ਕਲ ਕੁਝ ਉਨ੍ਹਾਂ ਜੱਲਾਦਾਂ ਨਾਲ ਮਿਲਦੀ ਜੁਲਦੀ ਸੀ।ਉਸ ਦੀਆ ਮੋਟੀਆਂ ਡਰਾਉਣੀਆਂ ਲਾਲ ਸੂਹੀਆਂ ਅੱਖਾਂ,ਗੰਜਾ ਸਿਰ, ਕਲਮਾਂ ਕੀਤੀ ਦਾੜ੍ਹੀ, ਹੇਠਾ ਵੱਲ ਨੂੰ ਲਟਕਦੀਆਂ ਮੁੱਛਾਂ, ਅੱਗੇ ਰੱਖੇ ਹੋਏ ਵੱਡੇ ਸਾਰੇ ਪੱਥਰ ਤੇ ਪੂਰੇ ਜ਼ੋਰ ਨਾਲ ਜਦੋਂ  ਜੁੱਤੀਆਂ ਬਣਾਉਣ ਵਾਲੇ ਚਮੜੇ ਨੂੰ ਰੰਬੀ ਨਾਲ ਤ੍ਰਾਸ਼ਦਾ ਤਾਂ ਹੋਰ ਵੀ ਬੜਾ ਡਰਾਵਣਾ ਲੱਗਦਾ, ਉਦੋਂ ਮੈਂ ਬਹੁਤ ਛੋਟਾ ਸਾਂ ਮੈਂ ਨੰਗੇ ਪੈਰੀਂ ਹੀ ਰਹਿੰਦਾ ਸਾਂ। ਮੈਨੂੰ ਪਤਾ ਹੀ ਨਹੀਂ ਸੀ ਕਿ ਜੁੱਤੀ ਕਿਵੇਂ ਬਣਦੀ ਹੈ।
ਦਾਦੀ ਦੇਸੀ ਜੁੱਤੀ ਪਾਇਆ ਕਰਦੀ ਸੀ ਉਹ ਸਾਈ ਦੀਆਂ ਜੁੱਤੀਆਂ  ਇਸੇ ਚਰਾਗ ਮੋਚੀ ਤੋਂ ਹੀ ਬਣਵਾਇਆ ਕਰਦਾ ਸੀ। ਇਕ ਦਿਨ ਦਾਦੀ ਲਈ ਜੁੱਤੀ ਬਣਾ ਕੇ ਹੱਥ ਵਿੱਚ ਫੜੀ ਸਾਡੇ ਘਰ ਮੂਹਰੇ ਆ ਕੇ ਉਸ ਨੇ ਬੂਹਾ ਖੜਕਾਇਆ। ਮੈਂ ਉਸ ਨੂੰ ਝੀਥਾਂ ਥਾਣੀਂ ਵੇਖ ਕੇ ਡਰਦਾ ਸਹਮਿਆ ਹੋਇਆ ਅੰਦਰਲੇ ਬੂਹੇ ਉਹਲੇ ਲੁਕ ਕੇ ਉਸ ਦੀ ਡਰਾਉਣੀ ਸ਼ਕਲ ਵੱਲ  ਝਾਕਣ ਲਗ ਪਿਆ। ਅੰਦਰੋਂ ਦਾਦੀ ਆਈ ਤੇ ਜੁੱਤੀ ਪੈਰੀ ਪਾਕੇ ਕਹਿਣ ਲੱਗੀ ਚਰਾਗ ਜੁੱਤੀ ਸੁਹਣੀ ਬਣਾਈ ਕਿੰਨੇ ਪੈਸੇ ਦਿਆਂ ਮੋਚੀ ਬੋਲਿਆ ਮਾਈ ਤੇਰੀ ਮਰਜ਼ੀ ਹੈ ਜੋ ਦੇ ਦੇਹ ਪਰ ਉਸ ਆਪਣੇ ਨਿੱਕੇ ਸੁਹਣੇ ਜਿਹੇ ਪੋਤੇ ਨੂੰ ਕਹਿ ਦਈਂ ਕਿ ਉਹ ਮੈਥੋਂ ਡਰਿਆ ਨਾ ਕਰੇ।ਉਹ ਜਦੋਂ ਵੀ ਮੇਰੇ ਕੋਲ ਆਉਂਦਾ ਹੈ ਪਤਾ ਨਹੀ ਕਿਉਂ ਮੇਰੇ ਵੱਲ ਵੇਖ ਕੇ ਜਿਵੇਂ ਡਰ  ਜਾਂਦਾ ਹੈ।ਦਾਦੀ ਚਿਰਾਗ ਮੋਚੀ ਦੀ ਇਹ ਗੱਲ ਸੁਣ ਕੇ ਮੈਨੂੰ ਅੰਦਰ ਲੁਕੇ ਹੋਏ ਨੂੰ ਬਾਹੋਂ ਫੜ ਕੇ ਉਸ ਦੇ ਸਾਮ੍ਹਣੇ ਕਰਦੀ ਹੋਈ ਬੋਲੀ ਬੇਟਾ ਇਹ ਚਿਰਾਗ ਮੋਚੀ ਸਾਡੇ ਘਰ ਦਾ ਬੰਦਾ ਹੈ ਇਸ ਤੋਂ ਡਰਿਆ ਨਾ ਕਰ।
ਜਦੋਂ ਚਿਰਾਗ ਮੋਚੀ ਦਾਦੀ ਨੂੰ ਜੁੱਤੀ ਦੇ ਕੇ ਵਾਪਸ ਮੁੜ ਗਿਆ ਤਾਂ ਮੈਂ ਦਾਦੀ ਨੂੰ ਪੁੱਛਿਆ ਕਿ ਦਾਦੀ ਤੂੰ ਕਹਿੰਦੀ ਸੀ ਕਿ ਚਿਰਾਗ ਆਪਣੇ ਘਰ ਦਾ ਬੰਦਾ ਹੈ ਪਰ ਇਹ ਦੱਸ ਉਹ ਗੰਗੂ ਬਾਮਣ ਜਿਸ ਨੇ ਗੂਰੂ ਘਰ  ਦਾ ਬਾਰ੍ਹਾਂ ਸਾਲ ਨਿਮਕ ਖਾ ਕੇ ਹਰਾਮ ਕੀਤਾ, ਦਸਮ ਪਿਤਾ ਦੀ ਬਿਰਧ ਮਾਤਾ ਅਤੇ ਦੋ ਨਿੱਕੇ ਸਾਹਿਬਜ਼ਾਦੇ ਮੁਗ਼ਲ ਜ਼ਾਲਮਾਂ ਹੱਥ ਫੜਵਾ ਕੇ ਇਹ ਖੂਨੀ ਸਾਕਾ ਕਰਵਾਉਣ ਵਿੱਚ ਕਹਿਰ ਕਮਾਇਆ ਉਹ ਵੀ ਤਾਂ ਉਨ੍ਹਾਂ ਦੇ ਘਰ ਦਾ ਬੰਦਾ ਹੀ ਸੀ।
ਦਾਦੀ ਮੇਰੀ ਗੱਲ ਸੁਣ ਕੇ ਕਦੇ ਮੇਰੇ ਵੱਲ ਤੇ ਕਦੇ ਚਿਰਾਗ ਦੀਨ ਦੀ ਬਣੀ ਜੁੱਤੀ ਅਤੇ ਕਦੇ ਸਰਹੰਦ ਦੀ ਖੂਨੀ ਕੰਧ ਵਿੱਚ ਚਿਣਨ ਵਾਲੇ ਜਲਾਦਾਂ ਦੇ ਡਰਾਉਣੇ ਚਿਹਰਿਆਂ ਨਾਲ  ਚਰਾਗ ਮੋਚੀ ਦੇ ਚੇਹਰੇ ਦਾ ਮੁਕਾਬਲਾ ਕਰਦੀ ਕਹਿ ਰਹੀ ਸੀ ਬੇਟਾ ਸਾਰੇ ਬੰਦੇ ਇੱਕੋ ਜਿਹੇ ਜਿਹੇ ਨਹੀਂ ਹੁੰਦੇ ਤਾਂ ਕੀ ਹੋਇਆ ਚਿਰਾਗ ਮੋਚੀ ਨੂੰ ਰੱਬ ਨੇ ਜਲਾਦਾਂ ਵਰਗੀ ਸ਼ਕਲ ਤਾਂ ਦਿੱਤੀ ਹੈ ਪਰ ਉਹ ਬਹੁਤ ਨੇਕ ਸੁਭਾ ਦਾ ਬੰਦਾ ਹੈ।
ਹੁਣ ਜਦੋਂ ਵੀ ਮੈਂ ਕਿਤੇ ਚਿਰਾਗ ਮੋਚੀ ਕੋਲ ਜਾਂਦਾ ਤਾਂ ਮੈਨੂੰ ਉਸ ਕੋਲੋਂ ਪਹਿਲਾਂ ਵਾਂਗ ਡਰ ਨਹੀਂ ਲੱਗਦਾ ਸੀ।

ਤੁਰ ਗਿਆ ਯੋਗੀ ਪਿਆਰਾ ਤੁਰ ਗਿਆ - ਰਵੇਲ ਸਿੰਘ ਇਟਲੀ

(ਗੁਰਦਾਸਪੁਰ ਦੀ ਵਿਲੱਖਣ ਤੇ ਹਰਮਨ ਪਿਆਰੀ ਸ਼ਖਸੀਅਤ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਜੋ ਇਸ ਵਰ੍ਹੇ ਦੀ ਆਮਦ ਤੋਂ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਉਨਾਂ ਨੂੰ ਸ਼੍ਰਧਾਂਜਲੀ ਵਜੋਂ ਕੁਝ ਸ਼ਬਦ) 

 ਤੁਰ ਗਿਆ ਯੋਗੀ ਪਿਆਰਾ ਤੁਰ ਗਿਆ।
ਆਦਮੀ ਵੱਖਰਾ, ਨਿਆਰਾ ਤੁਰ ਗਿਆ।,
ਵਿਦਵਤਾ ਦਾ ਕੁੰਡ,ਤੇ ਬੋਲ ਸੀ ਮਿੱਠਤ ਭਰੇ,
ਚਮਕਦਾ ਅਰਸ਼ਾਂ ਦਾ ਤਾਰਾ ਤੁਰ ਗਿਆ।
ਜ਼ਿੰਦਗੀ ਨੂੰ ਜੀ ਗਿਆ ਉਹ  ਇਸਤਰ੍ਹਾਂ,
ਮਨ ਨਹੀਂ ਕੀਤਾ ਤੇ ਭਾਰਾ ਤੁਰ ਗਿਆ।
ਫਿਜ਼ਾ ਦੇ ਵਿੱਚ ਘੁਲ਼ ਗਿਆ ਉਹ ਇਸਤਰ੍ਹਾਂ,
ਸਾਗਰਾਂ ਵਿੱਚ ਨਮਕ ਖਾਰਾ ਤੁਰ ਗਿਆ।
ਸ਼ੋਕ ਵਿਚ ਹੰਝੂ ਵਗੇ, ਕੁਝ ਇਸਤਰ੍ਹਾਂ ,
ਲਹਿਰ ਦੇ ਸੰਗ ਜਿਉਂ ਕਿਨਾਰਾ ਤੁਰ ਗਿਆ।
ਹੋਰ ਵੀ ਉੱਠੀਆਂ ਨੇ ਬੇੱਸ਼ਕ  ਅਰਥੀਆਂ,
ਵੇਖਿਆ ਵੱਖਰਾ ਨਜ਼ਾਰਾ ਤੁਰ ਗਿਆ।
ਨਾ ਕੋਈ ਤਕਰਾਰ ਸੀ, ਬਸ ਸਹਿਜ ਸੀ,
ਮੋਹ ਦਾ ਭਰਿਆ ਪਟਾਰਾ ਤੁਰ ਗਿਆ।
ਕਾਸ਼ ਸੱਭ ਨੂੰ ਇਸਤਰ੍ਹਾਂ ਜਾਣਾ ਮਿਲੇ,
ਜਿਸ ਤਰ੍ਹਾਂ ਯੋਗੀ ਪਿਆਰਾ ਤੁਰ ਗਿਆ।
ਰਵੇਲ ਸਿੰਘ

ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ - ਰਵੇਲ ਸਿੰਘ  ਪਿੰਡ ਬਹਾਦਰ

 (ਗੁਰਦਾਸਪੁਰ ਸ਼ਹਿਰ ਦੀ ਇਕ ਹਰਮਨ ਪਿਆਰੀ ਸਾਹਿਤਕ ਸ਼ਖਸੀਅਤ ਕ੍ਰਿਪਾਲ ਸਿੰਘ ‘ਯੋਗੀ’ ਜੀ  ਨੂੰ ਸਮ੍ਰਪਿਤ ਇਹ ਕਵਿਤਾ)

ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਜੀ ਆਇਆਂ ਜੋ ਸਭ ਨੂੰ ਕਹਿੰਦਾ।
ਨਾਂ ਉਸਦਾ  ਕਿਰਪਾਲ ਸਿੰਘ ,
‘ਯੋਗੀ’ ਉਸਦਾ ਦਾ ਉਪਨਾਮ,
ਭਰਿਆ ਹੈ ਮਿੱਠਤ ਦਾ ਜਾਮ।
ਸ਼ਖਸੀਅਤ ਹੈ ਬੜੀ ਕਮਾਲ,
ਸਭ ਨੂੰ ਮਿਲੇ ਮੁਹੱਬਤ ਨਾਲ,
ਹਿਜਰ ਬੜੇ, ਜੋ ਮਨ ਤੇ ਸਹਿੰਦਾ,
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਜੀ ਆਇਆਂ ਜੋ ਸਭ ਨੂੰ ਕਹਿੰਦਾ।
ਪੇਸ਼ੇ ਵਜੋਂ ਪ੍ਰੋਫੈਸਰ ਹੈ ਉਹ,
ਗਿਆਨ ਦਾ ਤੀਜਾ ਨੇਤ੍ਰ ਹੈ ਉਹ,
ਸਾਹਿਤ ਦਾ ਖੁਲ੍ਹਾ ਖੇਤ੍ਰ ਹੈ ਉਹ,
ਧਨੀ ਕਲਮ ਦਾ, ਬਿਹਤਰ ਹੈ ਉਹ,
ਸਬਰ ਸ਼ੁਕਰ ,ਚ ਉੱਠਦਾ ਬਹਿੰਦਾ।
ਸ਼ਹਿਰ ਮੇਰੇ ਇੱਕ ਜੋਗੀ ਰਹਿੰਦਾ।
ਜੀ ਆਇਆਂ ਜੋ ਸੱਭ ਨੂੰ ਕਹਿੰਦਾ।
ਦੁੱਖਾਂ ਸੁੱਖਾਂ ਦੀ ਲੁਕੀ ਕਹਾਣੀ,
ਉਸ ਵਿੱਚ ਸੁੱਤੀ ਲੰਮੀ ਤਾਣੀ,
ਉਸ ਨੇ ਵੇਖੀ, ਸਮਝੀ ਜਾਣੀ,
ਜਦ ਸੋਚਾਂ ਦੇ ਸਾਗਰ ਲਹਿੰਦਾ,
ਸ਼ਹਿਰ ਮੇਰੇ ਇੱਕ ਜੋਗੀ ਰਹਿੰਦਾ,
ਜੀ ਆਇਆਂ ਜੋ ਸੱਭ ਨੂੰ ਕਹਿੰਦਾ।
ਵੇਖੇ ਯੋਗੀ ਬੜੇ ਨੇ ਹੁਣ ਤੱਕ,
 ਪੂਰਬ ਪੱਛਮ ਉੱਤਰ ਦੱਖਨ,
ਪਰ ਇਹ ਯੋਗੀ ਬੜਾ ਵਿਲੱਖਣ,
ਸਾਦ ਮੁਰਾਦਾ ਇਸ ਦਾ ਜੀਵਣ,
ਨਾ ਵਿਹਮਾਂ ਭਰਮਾਂ ਵਿੱਚ ਪੈਂਦਾ,
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ,
ਜੀ ਆਇਆ ਜੋ ਸੱਭ ਨੂੰ ਕਹਿੰਦਾ।
ਮਹਿਫਲ ਦਾ ਸ਼ਿੰਗਾਰ ਹੈ ਯੋਗੀ,
ਸਭ ਨੂੰ ਕਰਦਾ ਪਿਆਰ ਹੈ ਯੋਗੀ।
ਸਭਨਾਂ ਦਾ ਸਤਿਕਾਰ  ਹੈ ਯੋਗੀ,
ਯੋਗੀ ਵੀ, ਸਰਦਾਰ ਹੈ ਯੋਗੀ,
 ਸੁਰ ਤਾਲ ਦਾ ਝਰਨਾ  ਵਹਿੰਦਾ।
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਜੀ ਆਇਆਂ ਜੋ ਸੱਭ ਨੂੰ ਕਹਿੰਦਾ।
ਉਸ ਦੀ ਹਸਤੀ ਉਸ ਦੀ ਮਸਤੀ,
ਵਿੱਚ ਇਕਾਂਤਾਂ ਉਸ ਦੀ ਬਸਤੀ,
ਮਸਤ ਹਾਲ, ਨਹੀੰ ਤੰਗ- ਦਸਤੀ,
ਐਸੀ ਜ਼ਿੰਦਗੀ ਮਿਲੇ ਨਾ ਸਸਤੀ,
ਕਦੇ ਨਾ ਜਿਸ ਦਾ ਮਨ ਹੈ ਢੈਂਦਾ,
ਸ਼ਹਿਰ ਮੇਰੇ ਇੱਕ ਜੋਗੀ ਰਹਿੰਦਾ,
ਜੀ ਆਇਆਂ ਜੋ, ਸੱਭ ਨੂੰ ਕਹਿੰਦਾ।
ਸ਼ਹਿਰ ਮੇਰੇ ਦਾ  ਮਾਨ ਹੈ ਯੋਗੀ,
ਸ਼ਹਿਰ ਮੇਰੇ ਦੀ ਸ਼ਾਨ ਹੈ ਯੋਗੀ,
ਆਦਰ ਤੇ ਸਨਮਾਨ ਹੈ ਯੋਗੀ,
ਇੱਕ ਸੁੰਦਰ ਇਨਸਾਨ ਹੈ ਯੋਗੀ।
ਹਰ ਕੋਈ ਇਸ ਤੋਂ ਸੇਧ ਹੈ ਲੈਂਦਾ,
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ,
ਜੀ ਆਇਆ ਜੋ ਸੱਭ ਨੂੰ ਕਹਿੰਦਾ।
ਸਭਦਾ ਸਾਂਝਾ ਮਾਂਝਾ ਯੋਗੀ,
ਆਪੇ ਹੀਰ ਤੇ ਰਾਂਝਾ ਯੋਗੀ,
ਉੱਚੀ ਹੇਕ ਲਗਾਉਂਦਾ ਯੋਗੀ,
ਸੱਭ ਦੇ ਮਨ ਨੂੰ ਭਾਉਂਦਾ ਯੋਗੀ,
ਨਾਲ ਕਿਸੇ ਨਾ ਅੜਦਾ ਖਹਿੰਦਾ,
ਜੀ ਆਇਆਂ ਹੈ ਸਭ ਨੂੰ ਕਹਿੰਦਾ।
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਬੇਸ਼ੱਕ ਕੋਈ ਕਿਤਾਬ ਨਹੀਂ ਲਿਖੀ,
ਪਰ ਯੋਗੀ ਹੈ,  ਪੂਰਾ ਰਿਸ਼ੀ,
ਕਵਿਤਾ ਦੇ ਸਾਗਰ ਵਿੱਚ ਲਹਿੰਦਾ,
ਸ਼ਹਿਰ ਮੇਰੇ ਇੱਕ ਯੋਗੀ ਰਹਿੰਦਾ।
ਜੀ ਆਇਆਂ ਹੈ ਸਭ ਨੂੰ ਕਹਿੰਦਾ।

ਰਵੇਲ ਸਿੰਘ  ਪਿੰਡ ਬਹਾਦਰ ,ਤਹਿਸੀਲ, ਗੁਰਦਾਸਪੁਰ
ਫੋਨ ਨੰਬਰ  +91 708 755 3290
ਮੇਲ-rewailsingh02@gmail.com

ਡਾ.ਮਲਕੀਅਤ ‘ਸੁਹਲ’ ਦੀ ਪੰਜਾਬੀ ਕਵਿਤਾ - ਰਵੇਲ ਸਿੰਘ

ਮਲਕੀਅਤ .ਸੁਹਲ’ ਦਾ ਜਨਮ 1942 ਵਿੱਚ  ਹਰਬੰਸ ਸਿੰਘ ਦੇ ਗ੍ਰਹਿ ਵਿਖੇ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਪਿੰਡ ਨੌਸ਼ਹਿਰਾ ਬਹਾਦਰ ( ਗੁਰਦਾਸਪੁਰ), ਵਿਖੇ ਹੋਇਆ।ਸਕੂਲ ਦੀ ਪੜ੍ਹਾਈ ਕਰਨ ਪਿੱਛੋਂ ਉਹ ਫੌਜ ਵਿੱਚ ਭਰਤੀ ਹੋ ਗਿਆ।ਗੀਤ ਲਿਖਣ ਦਾ ਮੱਸ ਉਸ ਦੇ ਫੌਜ ਦੀ ਨੌਕਰੀ ਦੌਰਾਨ ਹੋਰ ਵੀ ਪਕੇਰਾ ਹੋ ਗਿਆ।ਫੌਜ ਦੀ ਨੌਕਰੀ ਤੋਂ ਘਰ ਆਕੇ ਉਸ ਨੇ ਜ਼ਿੰਦਗੀ ਦੇ ਕਈ ਉਤਰਾ ਚੜ੍ਹਾ ਵੇਖੇ।ਲਾਈਫ ਇਨਸ਼ੋਰੈਂਸ ਏਜੰਟ ਅਤੇ, ਫਿਰ ਆਰ ਐਮ ਪੀ ਦਾ ਡਿਪਲੋਮਾ ਕਰਕੇ ਕੁੱਝ ਸਮਾਂ ਪ੍ਰੈਕਟਿਸ ਵੀ ਕੀਤੀ ਪੰਜਾਬੀ ਕਵਿਤਾ ਤੇ ਗੀਤਾਂ ਗਜ਼ਲ ਲਿਖਣ ਵਿੱਚ ਉਸ ਨੂੰ ਚੰਗੀ ਮੁਹਾਰਤ ਹੈ।ਹੁਣ ਤੀਕ ਉਸ ਦੀਆਂ ਅੱਠ ਪੁਸਤਕਾਂ ,ਸੁਹਲ ਦੇ ਲੋਕ ਦੋ ਗੀਤ, (ਦੋ ਭਾਗ) ‘ਮਘਦੇ’ ਅੱਖਰ.’ਮਹਿਰਮ ਦਿਲਾਂ ਦੇ’’ਸਜਨਾਂ ਬਾਝ ਹਨੇਰਾ,’ ਸ਼ਹੀਦ ਬੀਬੀ ਸੁੰਦਰੀ, ‘ਕੁਲਵੰਤੀ ਰੁੱਤ ਬਸੰਤੀ,ਸੁਣ ਵੇ ਸੱਜਣਾ’ ਕਾਵਿ ਸੰਗ੍ਰਿਹ ਛਪ ਕੇ ਪਾਠਕਾਂ ਦੀ ਝੋਲੀ ਪੈ ਚੁਕੇ ਹਨ।ਹੁਣ ਉਹ ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ ) ਦਾ ਕੁਸ਼ਲ ਪਰਬੰਧਕ ਪ੍ਰਧਾਨ ਹੈ।ਉਸ ਦੇ ਕਾਵਿ ਸੰਗ੍ਰਿਹਾਂ ਵਿੱਚੋਂ ਇੱਕ ਇੱਕ ਰਚਨਾ ਵੰਨਗੀ ਮਾਤ੍ਰ  ਪਾਠਕਾਂ ਦੇ ਪੜ੍ਹਨ ਲਈ ਪੇਸ਼ ਹੈ।

ਗੀਤ

ਚੁੰਨੀ ਲੈ ਕੇ ਸੱਤਰੰਗੀ ਸਿਰ ਆਂਵੀਂ,

ਖੇਤਾਂ ਦੀਏ ਬਿੱਲੋ ਰਾਣੀਏਂ।

ਹੁਸਨ ਦੀ ਖੇਤਾਂ ਵਿੱਚ ਆਈ ਸਰਕਾਰ ਨੀਂ,

ਗੰਦਲਾਂ ਕੁਆਰੀਆਂ ਨੇ ਕੀਤੀ ਇੰਤਜ਼ਾਰ ਨੀਂ,

ਗੀਤ ਖੁਸ਼ੀਆਂ ਦੇ ਗਿੱਧੇ ਵਿੱਚ ਗਾਂਵੀਂ,

ਨੀ ਖੇਤਾਂ ਦੀਏ ਬਿੱਲੋ.......

ਤੇਰੇ ਵੱਲ ਵੇਖ ਕੁੜੇ ਝੂਮਦੀਆਂ ਮੱਕੀਆਂ,

ਕਣਕਾਂ ਵਿਚਾਰੀਆਂ ਉਡੀਕਾਂ ਵਿੱਚ ਥੱਕੀਆਂ,

ਬਹਿਕੇ ਬੰਨੇ ਉੱਤੇ ਪੀਪਣੀ ਵਜਾਂਵੀਂ,

ਨੀ ਖੇਤਾਂ ਦੀਏ ਬਿੱਲੋ.....

ਵੇਖ ਤੂੰ ਜਵਾਨੀ ਮੇਰੀ ਆਖਦਾ ਕਮਾਦ ਨੀਂ,

ਗੰਨੇ ਚੂਪ ਚੂਪ ਸਾਰੇ ਭੁੱਲਣ ਸਵਾਦ ਨੀਂ.

ਪਾ ਕੇ ਝਾਂਜਰਾਂ ਤੂੰ ਆਕੇ ਛਣਕਾਂਵੀਂ,

ਨੀ ਖੇਤਾਂ ਦੀਏ ਬਿੱਲੋ......

ਸੁੱਤੇ ਹੋਏ ਸੁਪਨੇ ਤੇ ਰੀਝਾਂ ਨੇ ਕੁਆਰੀਆਂ,

ਮਿਲ ਕੇ ਤੂੰ ਜਾਂਵੀਂ ‘ਸੁਹਲ’ ਬਾਹਵਾਂ ਨੇ ਉਲਾਰੀਆਂ,

ਨੀਂ ਖੇਤਾਂ ਦੀਏ ਬਿੱਲੋ......

( ਸੁਹਲ ਦੇ ਲੋਕ ਗੀਤ ਭਾਗ ਪਹਿਲਾ)

=========================================

ਗੀਤ

ਭਾਰਤ ਦੀ ਸ਼ਾਨ ਹਿੰਦ ਦਾ ਜਵਾਨ ਹੈ

ਜ਼ੰਜੀਰਾਂ ਨੇ ਗੁਲਾਮੀ ਦੀਆਂ ਇਸ ਤੋੜੀਆਂ,

ਬਾਗਾਂ ਵਿੱਚੋਂ ਜਾਂਦੀਆਂ ਬਹਾਰਾਂ ਮੋੜੀਆਂ,

ਹੀਰਾਂ ਅਤੇ ਰਾਂਝਿਆਂ ਦੀਆਂ ਜੋੜ ਜੋੜੀਆਂ,

ਪਿਆਰ ਦੀਆਂ ਯਾਦਾਂ ਨੇ ਝਨਾਂ ਚ, ਰੋੜ੍ਹੀਆਂ,

ਯੋਧਾ ਅਣਖੀਲਾ ਬੜਾ ਬਲਵਾਨ ਹੈ,

ਭਾਰਤ ਦੀ ਸ਼ਾਨ.........

ਪਿੰਡਾਂ ਦਿਆਂ ਮੇਲਿਆਂ ਚ, ਘੋਲ਼ ਘੁਲ਼ਦਾ,

ਭੰਗੜੇ ਤੇ ਬੋਲੀਆਂ ਨਾ ਕਦੇ ਭੁੱਲਦਾ,

ਮੌਤ ਵੱਲ ਵੇਖ ਕੇ ਨਾ ਹੰਝੂ ਡੁਲ੍ਹਦਾ,

ਹਿੰਦ ਵਿੱਚ ਇਸ ਨੇ ਵਧਾਈ ਸ਼ਾਨ ਹੈ।

ਭਾਰਤ ਦੀ ਸ਼ਾਨ........

ਭਾਰਤ ਦੀ ਸ਼ਾਨ ਜੱਗ ਤੇ ਵਧਾਏਗਾ,

ਖੁਸ਼ੀਆਂ ਦਾ ਦੂਣਾ ਚੌਣਾ ਰੰਗ ਲਾਏ ਗਾ,

ਅੰਨ ਦਾਤਾ ਬਣ ਫਸਲਾਂ ਉਗਾਏਗਾ,

ਆਪ ਰੱਜ ਖਾਊ ਜੱਗ ਨੂੰ ਖੁਵਾਏਗਾ।

ਇਹਦੇ ਉੱਤੇ ‘ਸੁਹਲ’ ਨੂੰ ਵੀ ਬੜਾ ਮਾਨ ਹੈ।

ਭਾਰਤ ਦੀ ਸ਼ਾਨ........

=========================================

(ਸੁਹਲ ਦੇ ਲੋਕ ਗੀਤ ਹਿੱਸਾ ਦੂਜਾ)

ਆਪਣੇ ਦਿਲ ਦਾ ਰੋਗ

ਕੋਠੇ ਚੜ੍ਹ ਨਹੀਂ ਦੱਸਿਆ ਜਾਂਦਾ ,

ਆਪਣੇ ਦਿਲ ਦਾ ਰੋਗ।

ਫਿਰ ਪਛਤਾਇਆਂ ਕੀ ਹੋਣਾ ਜੇ,

ਚਿੜੀਆਂ ਚੁਗ ਲਏ ਚੋਗ।

ਗੋਰਖ ਨਾਥ ਦੇ ਟਿੱਲੇ ਤੋਂ ਹੀ,

ਪੂਰਨ ਲੈ ਗਿਆ ਜੋਗ।

ਆਸਾਂ-ਸੱਧਰਾਂ ਮਿੱਧੀਆਂ ਜਾਣ,

ਤਾਂ ਕਿਹਦਾ ਕਰੀਏ ਸੋਗ।

ਇਸ਼ਕ ਮੁਹੱਬਤ ਦੇ ਨੇ ਫਫੜੇ,

ਫਰਜੀ ਰਾਂਝੇ ਕਰਨ ਵਿਜੋਗ।

ਆਪੇ ਹੀ ਗੱਲ ਬਣ ਜਾਣੀ ਹੈ,

ਜਿੱਥੇ ਧੁਰੋਂ ਲਿਖੇ ਸੰਜੋਗ।

‘ਸੁਹਲ’ ਭੋਗੇ ਲੰਮੀਆਂ ਉਮਰਾਂ,

ਇੱਕ ਦਿਨ ਤਾਂ ਪੈ ਜਾਣਾ ਭੋਗ।

( ਕਾਵਿ ਸੰਗ੍ਰਹਿ ‘ਪੁਸਤਕ ਸੁਣ ਵੇ ਸੱਜਣਾ’ ਵਿੱਚੋਂ)

----------------------------------------------------

ਕੁਲਵੰਤੀ

ਸੁਣ ਕੁਲਵੰਤੀ, ਭਾਗਾਂ ਭਰੀਏ,ਮੈਂ ਪਰਸੋਂ ਤੁਰ ਜਾਣਾ ਹੈ।

ਜੁਗਾਂ ਜੁਗਾਂ ਦੀ ਸਾਂਝ ਪੋਰਾਣੀ,ਸੁਣਾਂਵਾਂ ਤੈਨੂੰ ਗੱਲ ਕੁਲਵੰਤੀ,

ਲਾਜ ਤੇਰੀ ਏਸ ਤਰ੍ਹਾਂ ਦੀ,ਜੰਗਲ ਦੀ ਹੈ ਜਿਉਂ ਲਾਜ ਵੰਤੀ,

ਲਿਖਦੇ ਲਿਖਦੇ ਪਿਆਰ ਤੇਰੇ ਦੀ,ਰਹਿ ਗਈ ਇੱਕ ਅਧੂਰੀ ਪੰਗਤੀ,

ਤੇਰੇ ਨੈਣਾਂ ਦਾ ਹੁਣ ਸਾਵਣ, ਸਾਗਰ ਬਣ ਕੇ ਰੁੜ੍ਹ ਜਾਣਾ ਹੈ,

ਸੁਣ ਕੁਲਵੰਤੀ ਭਾਗਾਂ ਭਰੀਏ ਮੈਂ ਪਰਸੋਂ ਤੁਰ ਜਾਣਾ ਹੈ।।

ਤੇਰੀ ਵਾਟ ਨਾ ਪੂਰੀ ਹੋਈ,ਮੇਰੀ ਮੰਜ਼ਿਲ ਪੂਰੀ ਹੈ,

ਤੈਨੂੰ ਨਾਲ ਲਿਜਾ ਨਹੀਂ ਸਕਦਾ,ਇਹ ਮੇਰੀ ਮਜਬੂਰੀ ਹੈ।

ਰਾਹ ਵਿੱਚ ਰੋੜਾ ਨਾ ਅਟਕਾਵੀਂ,ਕੰਮ ਇਹ ਬੜਾ ਜ਼ਰੂਰੀ ਹੈ।

ਇਹ ਜੀਵਣ ਹੈ ਵਾਂਗ ਪਤਾਸੇ,ਆਖਰ ਨੂੰ ਖੁਰ ਜਾਣਾ ਹੈ।

ਸੁਣ ਕੁਲਵੰਤੀ ਭਾਗਾਂ ਭਰੀਏ,ਮੇਂ ਪਰਸੋਂ ਤੁਰ ਜਾਣਾ ਹੈ।

ਤੇਰੇ ਮੇਰੇ ਝਗੜੇ ਝੇੜੇ,ਇਕੱਠੇ ਬਹਿ ਕੇ ਅਸਾਂ ਨਬੇੜੇ।

ਜੇ ਰੁੱਸੇ ਤਾਂ ਰਾਜ਼ੀ, ਬਾਜ਼ੀ,ਫਿਰ ਵੀ ਨਾ ਕੋਈ ਪਏ ਬਖੇੜੇ,

ਨੈਣ ਤੇਰੇ ਨੇ ਮਘਦੇ ਅੱਖਰ,ਫਿਰਦੇ ਰਹਿੰਦੇ ਮੇਰੇ ਵਿਹੜੇ।

ਯਾਦ ਤੇਰੀ ਦੀ ਜੋਤ ਜਗਾ ਕੇ,ਤੈਥੋਂ ਮੁੜਦੇ ਮੁੜ ਜਾਣਾ ਹੈ,

ਸੁਣ ਕੁਲਵੰਤੀ ਭਾਗਾਂ ਭਰੀਏ ਮੈਂ ਪਰਸੋਂ ਤੁਰ ਜਾਣਾ ਹੈ।

ਤੇਰੇ ਸਿਰ ਤੇ ਭਾਰ ਨਾ ਕੋਈ,ਫੁੱਟ ਫੁੱਟ ਕੇ ਦੱਸ ਕਿਉਂ ਤੂੰ ਰੋਈ।

ਮੁਹੱਬਤ ਦੀ ਗੱਲ ਇੱਕੋ ਮੇਰੀ,ਪਿੱਛੋਂ ਵੈਣ ਨਾ ਪਾਂਵੀਂ ਕੋਈ।

ਮਾਰ ਦੁਹੱਥੜ ਜੇ ਤੂੰ ਪਿੱਟੀ,ਮੈਨੂੰ ਨਹੀਉਂ ਮਿਲਣੀ ਢੋਈ।

ਤੇਰੀ ਪੂਜਾ ਪਿਆਰ ਦੀ ਪੂਜਾ,ਏਨਾ ਕੁਝ ਕਰ ਜਾਣਾ ਹੈ।

ਸੁਣ ਕੁਲਵੰਤੀ ਭਾਗਾਂ ਭਰੀਏ,ਮੈਂ ਪਰਸੋਂ ਤੁਰ ਜਾਣਾ ਹੈ[

ਇੱਕੋ ਦਿਲ ਦੀ ਗੱਲ ਸੁਣਾਂਵਾਂ,ਜੇ ਤੂੰ ਉਸ ਤੇ ਫੁੱਲ ਚੜ੍ਹਾਵੇਂ।

ਮੇਰੇ ਪਿੱਛੋਂ ਕਦੇ ਨਾ ਰੋਣਾ,ਖੁਸ਼ੀਆਂ ਦੇ ਤੂੰ ਦੀਪ ਜਗਾਵੇਂ।

ਜੇ ਕਰ ਮੇਰੀ ਗੱਲ ਨਾ ਮੰਨੀ,ਮੇਰੀ ਆਈ ਤੂੰ ਮਰ ਜਾਂਵੇਂ।

ਲਾਜੋ, ਲਾਜਵੰਤੀਏ ਕਹਿ ਕੇ,’ਸੁਹਲ’ਨੇ ਥੁੜਦੇ ਥੁੜਦੇ ਥੁੜ ਜਾਣਾ ਹੈ।

ਸੁਣ ਕੁਲਵੰਤੀ ਭਾਗਾਂ ਭਰੀਏ, ਮੈਂ ਪਰਸੋਂ ਤੁਰ ਜਾਣਾ ਹੈ।

(ਕਾਵਿ ਸੰਗ੍ਰਿਹ ਪੁਸਤਕ ਮਘਦੇ ਅੱਖਰ ਵਿੱਚੋਂ)

--------------------------------------------------------------

ਕ੍ਰਿਤ ਕਰੋ ਤੇ ਵੰਡ ਕੇ ਖਾਵੋ

ਗੁਰੂ ਨਾਨਕ ਨੇ ਅਵਤਾਰ ਲਿਆ,

ਜੋ ਕਲਜੁਗ ਤਾਰਨ ਆਇਆ ਸੀ।

ਮਜ਼ਲੂਮਾਂ ਦੁਖੀ ਗਰੀਬਾਂ ਨੂੰ,

ਉਸ ਆਪਣੇ ਗਲੇ ਲਗਾਇਆ ਸੀ।

ਕਾਲੂ ਦੀਆਂ ਸੱਧਰਾਂ ਆਸਾਂ ਸੀ,

ਤੇ ਮਾਂ ਤ੍ਰਿਪਤਾ ਦਾ ਜਾਇਆ ਸੀ।

ਚਾਵਾਂ ਦੇ ਵਿੱਚ ਭੈਣ ਨਾਨਕੀ,

ਰੱਬ ਦਾ ਸ਼ੁਕਰ ਮਨਾਇਆ ਸੀ।

ਸੱਚਾ ਸੌਦਾ ਕਰਕੇ ਉੱਸ ਨੇ,

ਸੇਵਾ ਨੂੰ ਵਡਿਆਇਆ ਸੀ।

ਤੇਰਾਂ ਤੇਰਾਂ ਤੋਲ ਤੋਲ ਕੇ,

ਭੁੱਖਿਆਂ ਤਾਂਈਂ ਰਜਾਇਆ ਸੀ।

ਭਾਗੋ ਦੇ ਪਕਵਾਨਾਂ ਤਾਈਂ,

ਨਾਨਕ ਨੇ ਠੁਕਰਾਇਆ ਸੀ।

ਲਾਲੋ ਕ੍ਰਿਤੀ ਕਾਮੇ ਨੂੰ,

ਸੱਦ ਆਪਣੇ ਕੋਲ ਬਿਠਾਇਆ ਸੀ।

ਸਮੇਂ ਦੀਆਂ ਸਰਕਾਰਾਂ ਨੇ,

ਜਦ ਡਾਢਾ ਜ਼ੁਲਮ ਕਮਾਇਆ ਸੀ।

ਏਤੀ ਮਾਰ ਪਈ ਕੁਰਲਾਣੇ,

ਕਹਿ ਕੇ ਦਰਦ ਵੰਡਾਇਆ ਸੀ।

ਸੱਭੇ ਸਾਂਝੀਵਾਲ ਸਦਾਇਨ,

ਏਹੋ ਨਾਅਰਾ ਲਾਇਆ ਸੀ।

ਕ੍ਰਿਤ ਕਰੋ ਤੇ ਵੰਡ ਕੇ ਖਾਵੋ,

ਗੁਰੂ ਨਾਨਕ ਨੇ ਫੁਰਮਾਇਆ ਸੀ।

(ਕਾਵਿ ਸੰਗ੍ਰਿਹ ਪੁਸਤਕ ‘ ਮਹਿਰਮ ਦਿਲਾਂ ਦੇ’ ਵਿੱਚੋਂ )

_________________________

ਬੀਬੀ ਸੁੰਦਰੀ ਦੀ ਸੁਣੋ ਕਹਾਣੀ

ਗੁਰਦਾਸਪੁਰ ਤੋਂ ਪੁਲ ਤਿਬੜੀ ਨੂੰ ਚਾਲੇ ਪਾਈਏ।

ਪਿੰਡ ਬਹਾਦਰ ਪੁੱਛ ਕੇ ਫਿਰ ਤੁਰਦੇ ਜਾਈਏ।

ਪੰਧ ਸੁਖਾਂਵਾਂ ਕਰ ਲਓ ਬਣ ਹਾਣੀ ਹਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਸੇਮ ਨਹਿਰ ਤੇ ਵੇਖੀਏ ਇੱਕ ਨਵਾਂ ਨਜ਼ਾਰਾ।

ਲਿਸ਼ਕਾਂ ਮਾਰੇ ਬੀਬੀ ਸੁੰਦਰੀ ਦਾ ਗੁਰਦੁਵਾਰਾ।

ਪੁਲ ਹੇਠੋਂ ਦੀ ਵਗਦਾ ਹੈ  ਛੰਬ ਦਾ ਪਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਪੱਕੀ ਸੜਕ ਹੈ ਜਾਂਵਦੀ ਇੱਕ ਨਹਿਰ ਕਿਨਾਰੇ।

ਘੱਤ ਵਹੀਰਾਂ ਪਹੁੰਚਦੇ ਨੇ ਸ਼ਰਧਾਲੂ ਸਾਰੇ।

ਪਏ ਦੂਰੋਂ ਸੀਸ ਝੁਕਾਂਵਦੇ ਨੇ ਤੇਰੇ ਪ੍ਰਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਸੱਭ ਚਾਰ ਚੁਫਰੇ ਫਸਲਾਂ ਵਿੱਚ ਗੁਰੂ ਦੁਆਰਾ।

ਦਰਸ਼ਨ ਰੱਜ ਰੱਜ ਕਰ ਲੈ ਤੂੰ ਵੀ ਸਰਦਾਰਾ।

ਹੋਵਣ ਆਸਾਂ ਪੂਰੀਆਂ ਤੂੰ ਝੂਠ ਨਾ ਜਾਣੀਂ,

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਪਾਠ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਹਿੰਦਾ,

ਧੰਨ ਧੰਨ ਬੀਬੀ ਸੁੰਦਰੀ ਨਰ ਨਾਰੀ ਕਹਿੰਦਾ।

ਇੱਕ ਮਨ ਇੱਕ ਚਿੱਤ ਹੋ ਕੇ ਸੁਣ ਸਚੀ ਬਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

ਨਿਸ਼ਾਨ ਸਾਹਿਬ ਹੈ ਝੂਲ਼ਦਾ ਅੱਜ ਵਿੱਚ ਅਕਾਸ਼ੀਂ,

ਏਥੇ ਭਰਵੀਂ ਲੱਗੇ ਮੱਸਿਆ ਤੇ ਪੂਰਨ-ਮਾਸ਼ੀ।

ਆਉਣ ਪੜ੍ਹਦੀਆਂ ਸੰਗਤਾਂ ਮੁੱਕ ਚੋਂ ਗੁਰਬਾਣੀ।

ਸ਼ਹੀਦ ਬੀਬੀ ਸੁੰਦਰੀ  ਦੀ ਸੁਣੋ ਕਹਾਣੀ।

ਮਲਕੀਅਤ ਸਿੰਘ ਨੇ ਲਿਖਿਆ ਜੋ ਪੜ੍ਹ ਸੁਣਾਇਆ।

‘ਸੁਹਲ ਨੌਸ਼ਹਿਰੇ ਵਾਲੜੇ ਵੀ ਸੀਸ ਝੁਕਾਇਆ।

ਤੱਥਾਂ ਭਰੀ ਹੈ ਜਾਪਦੀ,ਤਵਾਰੀਖ ਪੁਰਾਣੀ।

ਸ਼ਹੀਦ ਬੀਬੀ ਸੁੰਦਰੀ ਦੀ ਸੁਣੋ ਕਹਾਣੀ।

( ਕਿਤਾਬਚਾ ਸ਼ਹੀਦ ਬੀਬੀ ਸੁੰਦਰੀ ਵਿੱਚੋਂ)

__________________________________________

ਕੁਲਵੰਤੀ ਰੁੱਤ ਬਸੰਤੀ

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਚੋਂ ਹੁਣ ਰੌਣਕ ਮੁੱਕੀ,ਉੱਡ ਗਈ ਰੁੱਤ ਬਸੰਤੀ।

ਜਿਸ ਦਿਨ ਪੈਰ ਦਹਿਲੀਜੇ ਧਰਿਆ,ਉਹ ਦਿਨ ਮੁੜ ਨਾ ਆਇਆ।

ਉਹਦੇ ਕਦਮਾਂ ਵਿੱਚ ਹੈ ਮੇਰਾ ਜ਼ਿੰਦਗੀ ਦਾ ਸਰਮਾਇਆ।

ਲੋਕੀਂ ਪੂਜਣ ਜਮਨਾ ਗੰਗਾ,ਮੈਂ ਪੂਜਾਂ ਭਗਵੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਚੋਂ ਹੁਣ ਰੌਣਕ ਮੁੱਕੀ,ਤੁਰ ਗਈ ਰੁੱਤ ਬਸੰਤੀ।

ਮੇਰੀਆਂ ਅੱਖਾਂ ਸਾਂਹਵੇਂ ਤੁਰ ਗਈ,ਮਾਂ ਤੇਰੀ ਹਰਜਿੰਦਰਾ,

ਕਹੜੀ ਥਾਂ ਤੇ ਪਹੁੰਚ ਗਈ ਹੈ,! ਦੱਸ ਮੈਨੂੰ ਗੁਰਮਿੰਦਰਾ।

ਭਾਗਾਂ ਭਰੀ ਮੁਹੱਬਤ ਵਾਲੀ,ਲੱਭਣੀ ਨਹੀਂ ਸੱਤਵੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਚੋਂ ਹੁਣ ਰੌਣਕ ਉੱਡੀ,ਉੱਡ ਗਈ ਰੁੱਤ ਬਸੰਤੀ।

ਝੌਲ਼ਾ ਜਿਹਾ ਪੈਂਦਾ ਹੈ ਮੈਨੂੰ ਵਿੱਚ ਹਨੇਰੇ ਤੇਰਾ,

ਇੱਕ ਵਾਰੀ ਤੂੰ ਪੁੰਨਿਆ ਬਣ ਕੇ,ਪਾ ਮੇਰੇ ਘਰ ਫੇਰਾ।

ਸੱਭੇ ਖੁਸ਼ੀਆਂ ਲੈ ਕੇ ਤੁਰ ਗਈ,ਗੁੰਮ ਹੋਈ ਖੁਸ਼ਵੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਵਿੱਚੋਂ ਰੌਣਕ ਮੁੱਕੀ,ਉੱਡ ਗਈ ਰੁੱਤ ਬਸੰਤੀ।

ਘਰ ਸੁੰਨਾ ਹੈ ਉਹਦੇ ਬਾਝੋਂ,ਤਰਸ ਰਹੀਆਂ ਨੇ ਕੰਧਾਂ।

ਬੋਲ ਉਹਦੇ ਸੀ ਮਿਸਰੀ ਵਰਗੇ,ਜਿਉਂ ਮਿੱਠੀਆਂ ਗੁਲਕੰਦਾਂ।

ਘਰ ਦੀ ਲਾਜ ਬਚਾਚਣ ਵਾਲੀ,ਮੁੜ ਆ ਜਾ ਲਾਜ ਵੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ।

ਵਿਹੜੇ ਵਿੱਚੋਂ ਰੌਣਕ ਮੁੱਕੀ,ਉੱਡ ਗਈ ਰੁੱਤ ਬਸੰਤੀ।

ਵਿੱਚ ਆਲ੍ਹਣੇ ਟਹਿਕ ਰਹੇ ਨੇ,ਨਿੱਕੇ ਨਿੱਕੇ ਤੇਰੇ ਬੋਟ।

ਦਾਦੀ ਮਾਂ ਪੁਕਾਰਣ ਵਾਲੇ,ਤਰਸਣ ਅੱਜ ਗੁਲਾਬੀ ਹੋਠ।

‘ਸੁਹਲ’ ਰੱਬ ਨੂੰ ਤਾਂ ਹੀ ਮੰਨੇ,ਜੇ ਮੁੜ ਆਵੇ ਜੇ ਮੁੜ ਆਵੇ,ਕੰਤੀ।

ਮਨ ਮੰਦਰ ਦੀ ਰਾਣੀ ਮੇਰੀ,ਤੁਰ ਗਈ ਅੱਜ ਕੁਲਵੰਤੀ,

ਵਿਹੜੇ ਵਿੱਚੋਂ ਰੌਣਕ ਮੁੱਕੀ,ਉੱਡ ਗਈ ਰੁੱਤ ਬਸੰਤੀ।

(ਕਾਵਿ ਸੰਗ੍ਰਿਹ ‘ਕੁਲਵੰਤੀ ਰੁੱਤ ਬਸੰਤੀ ‘  ਵਿੱਚੋਂ)

______________________________________________

ਪੰਜਾਬ

ਚੜ੍ਹਦਾ ਜਾਂ ਲਹਿੰਦਾ,ਸਾਡਾ ਇੱਕੋ ਹੀ ਪੰਜਾਬ ਹੈ।

ਤੋੜੋ ਸਰਹੱਦਾਂ, ਮੇਰਾ ਇੱਕੋ ਹੀ ਖੁਵਾਬ ਹੈ।

ਵੱਡਿਆਂ ਵਡੇਰਿਆਂ ਦੀ ਸਾਂਝ ਇਹਦੇ ਵਿੱਚ ਹੈ,

ਸਜਣਾਂ ਨੂੰ ਮਿਲਣੇ ਦੀ , ਦਿਲ ਵਿੱਚ ਖਿੱਚ ਹੈ,

ਸਾਡੀਆਂ ਮੁਹੱਬਤਾਂ ਦੀ ਇੱਕੋ ਹੀ ਆਵਾਣ ਹੈ,

ਚੜ੍ਹਦਾ ਜਾਂ ਲਹਿੰਦਾ........

ਪੀਲੂ ਅਤੇ ਵਾਰਸ ਦਾ ਰੁਤਬਾ ਮਹਾਨ ਹੈ,

ਕਾਧਰ ਅਤੇ ਬੁਲ੍ਹੇ ਸ਼ਾਹ ਪੰਜਾਬੀਆਂ ਦੀ ਸ਼ਾਨ ਹੈ,

ਮਿਰਜ਼ੇ ਦੀ ਜੂਹ ਇੱਥੇ ਸੁਹਣੀ ਦਾ ਝਨਾਬ ਹੈ;

ਚੜ੍ਹਦਾ ਜਾਂ ਲਹਿੰਦਾ........

ਇਹ ਨਾਨਕ ਦੀ ਧਰਤੀ ਹੈ ਸਾਂਈਂ ਮੀਆਂ ਮੀਰ ਦੀ।

ਇਹ ਸ਼ਾਹ ਹੁਸੈਨ ਕਵੀ ਹਾਸ਼ਮ ਫਕੀਰ ਦੀ।

ਇਹ ਪੌਣਾਂ ਦਾ ਸੰਗੀਤ ਮਰਦਾਨੇ ਦੀ ਰਬਾਬ ਹੈ।

ਚੜ੍ਹਦਾ ਜਾਂ ਲਹਿੰਦਾ...........

ਪੰਜਾਬੀ ਮਾਂ ਦੇ ਟੋਟੇ ਟੋਟੇ ਕਰ ਦਿੱਤੇ ਜ਼ਾਲਮਾਂ।

ਬੜਾ ਦੁੱਖ ਪਾਇਆ ਮੇਰੇ ਫਾਜ਼ਲਾਂ ਤੇ ਆਲਮਾਂ।

ਜਿੱਸ ਨੂੰ ਵੀ ਪੁੱਛੋ ਇਹ ਸੁਵਾਲ ਲਾ-ਜੁਵਾਬ ਹੈ।

ਚੜ੍ਹਦਾ ਜਾਂ ਲਹਿੰਦਾ ..........

ਆਉ ਹੁਣ ਟੁੱਟੇ ਦਿਲਾਂ ਤਾਂਈਂ ਅਸੀਂ ਮੇਲੀਏ,

ਗੁੱਲੀ ਡੰਡਾ ਖਿੱਧੋ ਖੂੰਡੀ ਪਹਿਲਾਂ ਵਾਂਗ ਖੇਲੀਏ।

‘ਮਲਕੀਅਤ’ ਪੰਜਾਬ ਦੀ ਬੋਲਦੀ ਕਿਤਾਬ ਹੈ।

ਚੜ੍ਹਦਾ ਜਾਂ ਲਹਿੰਦਾ ਸਾਡਾ ਇੱਕੋ ਹੀ ਪੰਜਾਬ ਹੈ ।

ਤੋੜੋ ਸਰਹੱਦਾਂ ਮੇਰੇ ਇੱਕੋ ਹੀ ਖੁਆਬ ਹੈ।

( ਕਾਵਿ ਸੰਗ੍ਰਹਿ ਪੁਸਤਕ’ ਸੱਜਣਾਂ ਬਾਝ ਹਨੇਰਾ’ ਵਿੱਚੋਂ)

============================================================

 

 

 

ਪ੍ਰਯਾਵਰਣ ਵਰਣ ਦੇ ਸ੍ਰੋਤ ਰੁੱਖ- ਸ਼ਰੀਂਹ - ਰਵੇਲ ਸਿੰਘ ਇਟਲੀ

 ਬੇਸ਼ੱਕ ਸ਼ਰੀਂਹ ਦਾ ਰੁੱਖ ਫਲ਼ਦਾਰ ਰੁੱਖਾਂ ਵਿੱਚ ਗਿਣਿਆ ਨਹੀਂ ਜਾਂਦਾ ਪਰ  ਆਪਣੀ ਅਣੋਖੀ ਦਿੱਖ ਅਤੇ ਬਹੁਗੁਣੀ ਰੁੱਖ ਹੋਣ ਕਰਕੇ ਇਸ ਬਾਰੇ ਲਿਖਣ ਤੋਂ ਇਹ ਰੁੱਖ ਅਣਗੌਲਿਆ ਵੀ ਰਹਿਣਾ ਨਹੀਂ ਚਾਹੀਦਾ।
ਪ੍ਰਯਾਵਰਣ ਦੇ ਸ੍ਰੋਤ ਇਸ ਰੁੱਖ ਬਾਰੇ ਜਿੱਨੀ ਕੁ ਜਾਣ ਕਾਰੀ ਇਸ ਲੇਖਕ ਨੂੰ ਹੈ ਉਹ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀ ਜ਼ਰੂਰ ਕਰਨੀ ਚਾਹਾਂਗਾ।
ਕਿਸੇ ਵੇਲੇ ਰੇਲ ਗੱਡੀ ਜੋ ਮੁਕੇਰੀਆਂ ਤੋਂ ਜਲੰਧਰ ਤੱਕ  ਆਉਂਦੀ ਸੀ।ਉਸ ਵਿੱਚ ਇੱਕ ਸੁੰਦਰ ਸਿੰਘ ਨਾਂ ਦਾ ਹਕੀਮ ਅੱਖਾਂ ਦਾ ‘ਮੁਮੀਰਾ, ਨਾਮ ਦਾ ਸੁਰਮਾ  ਆਪਣੇ ਹੱਥੀਂ ਤਿਆਰ ਕਰਕੇ ਵੇਚਦਾ ਕਿਹਾ ਕਰਦਾ ਸੀ।“ ਜਿਸ ਪਿੰਡ ਵਿੱਚ  ਸ਼ਰੀਹ ਦਾ ਰੁੱਖ ਹੋਵੇ ਜਨਾਬ, ਉਸ ਪਿੰਡ ਵਾਲਿਆਂ ਦੀਆਂ ਅੱਖਾਂ ਕਿਉਂ ਹੋਣ ਖਰਾਬ”,  ਫਿਰ ਸੁਰਮੇ ਤੇ ਅੱਖਾਂ ਦੀ ਤੰਦਰੁਸਤੀ ਲਈ ਕੁੱਝ ਕੰਮ ਦੀਆਂ ਗੱਲਾਂ ਬਾਤਾਂ ਦਸਦਾ ਉਹ ਆਪਣੇ ਝੋਲ਼ੇ ਵਿੱਚੋਂ ਇਕ ਸੁਰਮੇ ਦੀ ਸ਼ੀਸ਼ੀ ਅਤੇ ਸ਼ੀਸ਼ੇ ਦੀ ਸਲਾਈ ਕੱਢ ਕੇ ਪਾਣੀ ਨਾਲ ਸਾਫ ਕਰੇ ਸਵਾਰੀਆਂ ਨੂੰ ਇਹ ਸੁਰਮਾ ਪਾਉਣ ਲਈ ਕਹਿੰਦਾ, ਸੁਰਮੇ ਵਾਲੀ ਸਲਾਹੀ ਸਾਫ ਕਰਨ ਲਈ ਉਹ ਪਾਣੀ ਦੀ ਭਰੀ ਸ਼ੀਸ਼ੀ ਵੀ ਉਹ ਨਾਲ ਰੱਖਦਾ ਸੀ।ਸੁਰਮਾਂ ਪਾਉਣ ਨਾਲ ਅੱਖਾਂ ਚੋਂ ਪਾਣੀ ਵਗਣ ਕਰਕੇ ਅੱਖਾਂ ਦੇ ਸ਼ੀਸ਼ੇ ਸਾਫ ਹੋਣ ਤੇ ਫਿਰ ਉਹ ਇਹ ਸੁਰਮਾ ਬਣਾਉਣ ਦਾ ਢੰਗ ਵੀ ਦਸਦਾ।
ਉਹ ਕਹਿੰਦਾ ਸੱਭ ਤੋਂ ਪਹਲਾਂ ਜੋ ਚੀਜ਼ਾਂ ਉਹ ਇਸ ਕੰਮ ਲਈ ਦਸਦਾ ਉੱਨ੍ਹਾਂ ਨੂੰ ਪੀਸ ਕੇ ਕਿਸੇ ਸ਼ਰੀਂਹ ਦੇ ਰੁੱਖ  ਦੇ ਤਣੇ ਵਿੱਚ ਚੌਰਸ ਛੇਕ ਕਰਕੇ ਉਸ ਬਣੇ ਛੇਕ ਵਿੱਚ  ਸਵਾ ਮਹੀਨਾ ਬੰਦ ਰੱਖਣ ਤੋਂ ਬਾਅਦ ਇਹ ਅੱਖਾਂ ਲਈ ਬਹੁਤ ਕਾਰਾਮਦ ਸੁਰਮੇ ਦੇ ਬਣਾਉਣ ਬਾਰੇ ਦਸ ਕੇ ਕਹਿੰਦਾ ਲਓ ਜੀ ਇਹ ਹੁਣ ਮੁਮੀਰਾ ਕੀ ਮੁਮੀਰੇ ਦਾ ਵੀ ਬਾਪ ਬਣ ਗਿਆ। ਫਿਰ ਆਪਣੇ ਬਾਰੇ ਪੂਰਾ ਥਾਂ ਟਿਕਾਣਾ ਦੱਸ ਕੇ ਆਪਣੇ ਹੱਥੀਂ ਤਿਆਰ ਕੀਤਾ ਸੁਰਮੇ ਵਾਲੇ ਝੋਲੇ ਵਿੱਚੋਂ ਲੋੜ ਵੰਦਾਂ ਨੂੰ ਕੀਮਤ ਦੱਸਕੇ ਸੁਰਮਾ ਵੇਚਦਾ,ਬਹੁਤ ਸਾਰੀਆਂ ਸੁਰਮੇ ਸ਼ੀਸ਼ੀਆਂ ਵੇਚਦਾ ਅਗਲੇ ਸਟੇਸ਼ਨ ਤੇ ਉਤਰ ਕੇ ਦੂਸਰੇ ਡੱਬੇ ਵਿੱਚ ਚਲਾ ਜਾਂਦਾ। ਸਿਰਫ ਇਨਾ ਹੀ ਨਹੀਂ ਇਹ ਰੁੱਖ ਸਰੀਰ ਦੀਆਂ ਕਈ ਹੋਰ ਕਈ ਕਿਸਮ ਦੇ ਰੋਗਾਂ ਲਈ ਵੀ ਬਹੁਤ ਲਾਭ ਦਾਇਕ ਹੈ।
ਵੈਸੇ ਵੀ ਸ਼ਰੀਂਹ ਦਾ ਰੁੱਖ ਬੜਾ ਸੰਘਣਾ  ਅਤੇ ਛਾਂਦਾਰ ਰੁੱਖ ਹੈ। ਜਦੋਂ ਕਿਸੇ ਘਰ ਕੋਈ ਬਾਲ ਜਨਮ ਲੈਂਦਾ ਹੈ ਘਰ ਵਾਲੇ ਇਸ ਨੂੰ ਆਮ ਕਰਕੇ ਸ਼ੁੱਭ ਜਾਣ ਕੇ ਆਪਣੇ ਦਰਵਾਜ਼ੇ ਤੇ ਸ਼ਰੀਂਹ ਦੇ ਪੱਤੇ ਕਿਸੇ ਧਾਗੇ ਨਾਲ ਬੰਨ੍ਹ ਕੇ ਬੂਹੇ ਤੇ ਲਟਕਾਏ ਜਾਂਦੇ ਇਹ  ਆਮ ਵੇਖੇ ਜਾਂਦੇ ਹਨ। ਬਹਾਰ ਆਉਣ ਤੇ ਇਸ ਰੁੱਖ ਨੂੰ ਸੁੰਦਰ ਚਿੱਟੇ ਕਰੀਮ ਰੰਗ ਦੇ ਬੜੇ ਸੁੰਦਰ ਫੁੱਲ ਲਗਦੇ ਹਨ।ਇਸ ਦੇ ਪੱਤੇ ਛੋਟੇ ਛੋਟੇ ਤੇ ਲੜੀ ਦਾਰ ਹੁੰਦੇ ਜੋ ਵੇਖਣ ਨੂੰ ਬਹੁਤ ਸੁਹਣੇ ਲਗਦੇ ਹਨ।
ਫੁੱਲ ਲਗਣ ਤੋਂ ਗਿੱਠ ਡੇੜ੍ਹ ਗਿੱਠ ਲੰਮੀਆਂ ਚਪਟੀਆਂ ਹਰੀਆਂ ਫਲੀਆਂ ਨਾਲ ਜਦੋਂ ਇਹ ਰੁਖ ਭਰ ਕੇ ਸ਼ਿੰਗਾਰਿਆ ਜਾਂਦਾ ਹੈ ਤਾਂ ਇਹ ਨਜ਼ਾਰਾ ਵੀ ਵੇਖਣ ਯੋਗ ਹੁੰਦਾ ਹੈ। ਇਸ ਰੁੱਖ ਦੀ ਲੱਕੜ ਹੌਲੀ ਠੰਡੀ ਤਾਸੀਰ ਦੀ ਅਤੇ ਕਾਫੀ ਹੰਢਣਸਾਰ ਵੀ ਹੁੰਦੀ ਹੈ। ਬਹੁਤ ਸਾਰੇ ਲੱਕੜ ਦੇ ਕੰਮਾਂ ਲਈ ਵਰਤੀ ਜਾਂਦੀ ਹੈ। ਸਿਆਲ ਦੀ ਠੰਡੀ ਰੁੱਤੇ ਜਦੋ ਕਦੀ  ਹਵਾ ਚਲਦੀ ਹੈ ਤਾਂ ਇਸ ਰੁੱਖ ਦੇ ਪੱਤੇ ਝੜ ਜਾਣ ਕਰਕੇ ਜਦੋਂ ਇਸ ਦੀਆਂ ਪੱਕੀਆਂ ਪੀਲੇ ਸੁਨਹਿਰੀ ਰੰਗ ਦੀਆਂ ਬੀਜਾਂ ਵਾਲੀਆਂ ਫਲੀਆਂ  ਵੀ ਕੁਦਰਤ ਦੇ ਵਜਦੇ ਸਾਜ਼ ਵਿੱਚ ਇਲੌਕਿਕ  ਧੁਨੀ ਵੀ ਪੈਦਾ ਕਰਦੀਆਂ ਹਨ।
 ਪਿੱਪਲ ਜਾਂ ਪਿੱਪਲੀ  ਪੱਤਿਆਂ ਦੀ ਖੜ ਖੜ  ਦੀ ਆਵਾਜ਼ ਹੁੰਦੀ ਸੁਣ ਕੇ ਤਾਂ ਕਈ ਸ਼ਾਇਰਾਂ ਨੇ ਆਪਣੇ ਗੀਤ ਲਿਖ ਕੇ ਤੇ ਕਈ ਗੀਤ ਕਾਰਾ ਨੇ ਕੁਝ ਨਾ ਕੁਝ ਲਿਖਿਆ ਹੈ।ਹਾਲਾਂ ਕਿ ਪਿੱਪਲ ਦਾ ਰੁੱਖ ਕੁੱਝ ਕੁੱਝ ਸਦਾ ਬਹਾਰ  ਰੁੱਖ ਵਰਗ ਹੀ ਹੁੰਦਾ ਹੈ। ਪਰ ਸ਼ਰੀਹ ਦੇ ਰੁੱਖ ਪੱਤਝੜੀ ਰੁਖ ਦੇ ਹੋਣ ਕਰਕੇ ਇਸ ਰੁੱਖ ਨਾਲ ਬੜਾ ਧੱਕਾ ਅਤੇ ਇਸ ਨੂੰ ਨਜ਼ਰ ਅੰਦਾਜ਼ ਕਰਨ ਦਾ ਇਹ ਰੁੱਖ ਸ਼ਿਕਾਰ ਵੀ ਹੋਇਆ ਹੈ।
 ਮੈਂ ਦੇਸ਼ ਅਤੇ ਵਿਦੇਸ਼ ਰਹਿੰਦਿਆਂ ਇਸ ਕਿਸਮ ਦੇ ਰੁੱਖਾਂ ਦੇ ਕਈ ਜ਼ਖੀਰੇ ਅਤੇ ਪਾਰਕਾਂ ਅਤੇ ਹੋਰ ਥਾਂਵਾਂ ਵੀ ਲਾਏ ਗਏ ਵੇਖੇ ਹਨ। ਪਰ ਸਾਡੇ ਦੇਸੀ ਸ਼ਰੀਂਹ ਦੇ ਇਸ ਰੁੱਖ ਦਾ ਮੁਕਾਬਲਾ ਇਹ ਨਿੱਕੀਆਂ ਨਿੱਕੀਆਂ  ਬੇ ਆਵਾਜ਼ ਫਲੀਆਂ  ਵਾਲੇ ਲੰਮੇ ਲੰਮੇ ਤੇ ਇਕੈਹਰੇ ਆਕਾਰ ਵਾਲੇ ਰੁੱਖ ਨਹੀਂ ਕਰ ਸਕਦੇ।ਆਓ ਆਪਣੇ ਆਲ਼ੇ ਦੁਆਲੇ ਦਾ ਵਾਤਾ ਵਰਨ ਸਾਫ ਸੁਥਰਾ ਰੱਖਣ ਦੀ ਆਦਤ ਬਣਾਈਏ ਤੇ ਇਨ੍ਹਾਂ ਪ੍ਰਯਾਵਰਣ ਦੇ ਸ੍ਰੋਤ ਰੁੱਖਾਂ ਦੀ ਸਾਂਭ ਸੰਭਾਲ ਵਜੋਂ ਇਨ੍ਹਾਂ ਵੱਲ ਆਪਣਾ ਪੂਰਾ ਧਿਆਨ ਦਈਏ।
ਨਾ ਉਹ ਤੂਤ ਸ਼ਰੀਹਾਂ ਲੱਭਣ,
ਨਾ ਉਹ ਬੇਲੇ ਕਾਹੀਆਂ ਲੱਭਣ,
ਨਾ ਉਹ ਰੁੱਤਾਂ ਛਾਈਆਂ ਲੱਭਣ,
ਨਾਂ ਭਾਈ ਭਰਜਾਈਆਂ ਲੱਭਣ,
ਘੱਟ ਹੀ ਪਕੱਦੇ, ਖੀਰਾਂ  ਪੂੜੇ,
ਘੱਟ ਹੀ ਪੀਂਘਾਂ ਪਾਈਆਂ ਲੱਭਣ।
ਲੱਭਦਾ ਬਸ ਪ੍ਰਦੂਸਣ ਸਾਰੇ,
ਨਾ ਉਹ ਸਾਫ ਸਫਾਈਆਂ ਲੱਭਣ,
ਨਾ ਹੀ ਉਹ ਹਲ ਵਾਹੀਆਂ ਲੱਭਣ,
ਮਾਂਵਾਂ ਵਾਂਗੋ ਪਿਆਰ ਕਰਨ ਜੋ,
ਨਾ ਉਹ ਚਾਚੀਆਂ ਤਾਈਆਂ ਲੱਭਣ।
ਨਾ ਉਹ ਖੱਦਰ ਨਾ ਕਪਾਹਾਂ
ਨਾ ਉਹ ਲੇਫ ਤਲਾਈਆਂ ਲੱਭਣ।
ਬੰਦ ਹੋ ਗਾਏ ਛੱਪੜ ਟੋਭੇ,
ਘੱਟ ਹੀ ਖੱਡਾਂ ਖਾਈਆਂ ਲੱਭਣ।
ਸੱਭ ਨੂ ਵੰਡਣ ਮੁਫਤ ਅਸੀਸਾਂ,
ਨਾ ਉਹ ਬੁੱਢੀਆਂ ਮਾਈਆਂ ਲੱਭਣ।
ਖੇਤਾਂ ਦੇ ਵਿੱਚ ਫਿਰਨ ਟ੍ਰੈਕਟਰ,
ਨਾ ਉਹ ਬਲ਼ਦ ਨਾ ਗਾਈਆਂ ਲੱਭਣ,
ਦੇਸ਼ ਵਿਦੇਸ਼ੀ ਤੁਰ ਗਏ ਲੋਕੀਂ,
ਇਹ ਅੱਖਾਂ ਤ੍ਰਿਹਾਈਆਂ ਲੱਭਣ।
ਕਈ ਵਾਰ ਮੈਂ ਇਹ ਵੀ ਸੋਚਦਾ ਹਾਂ ਕਿ ਪੰਜਾਬੀ ਸਭਿਆਚਾਰ ਵਿੱਚ ਜਿੱਥੇ ਕਈ ਫਲਦਾਰ ਅਤੇ ਛਾਂ ਦਾਰ ਰੁੱਖਾਂ ਦਾ ਜਿਵੇਂ ਅੰਬ, ਧਰੇਕ, ਨਿੰਮ ,ਟਾਹਲੀ, ਤੂਤ ,ਕਿੱਕਰ,ਫਲਾਹੀ, ,ਪਿੱਪਲ, ਪਿਪਲੀ ਬੋਹੜ ਦਾ  ਜ਼ਿਕਰ ਤਾਂ ਆਮ ਆਉਂਦਾ ਹੈ, ਪਰ ਲੇਖਕਾਂ ਗੀਤਕਾਰਾਂ ਸ਼ਾਇਰਾਂ ਨੇ ਇੱਸ ਗੁਣਕਾਰੀ ਸ਼ਰੀਂਹ ਦੇ ਰੁੱਖ ਨੂੰ ਕਿਉਂ ਅੱਖੋਂ ਪ੍ਰੋਖਿਆਂ  ਕੀਤਾ ਹੈ, ਇਸ ਵਿਸ਼ੇ ਤੇ ਹੀ ਕੁਝ ਪੜਚੋਲ ਕਰਦਿਆਂ ਬਿਰਹੋਂ ਦੇ ਸੁਲਤਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜਿਸ ਨੂੰ ਪੰਜਾਬੀ ਦਾ ਕੀਟਸ ਵੀ ਕਿਹਾ ਜਾਂਦਾ ਹੈ।ਜਿਸ ਦੀ ਜਨਮ ਸ਼ਤਾਬਦੀ ਹੁਣੇ ਹੁਣੇ ਕਈ ਥਾਂਵਾਂ ਤੇ ਅਤੇ ਕਈਆਂ ਸੰਸਥਾਵਾਂ, ਵੈਬਸਾਈਡਾਂ, ਮੈਗਜ਼ੀਨਾਂ ਆਦਿ ਰਾਹੀ ਉਸ ਦੀ ਯਾਦ ਨੂੰ ਤਾਜ਼ਾ ਕੀਤਾ ਗਿਆ ਹੈ.ਦੀ ਇਸ ਨਜ਼ਮ ਨੇ ਮੇਰਾ ਇਸ ਰੁੱਖ ਪ੍ਰਤੀ ਇਹ ਗਿਲਾ ਵੀ ਦੂਰ ਕਰ ਦਿੱਤਾ ਹੈ।
 ਉਸ ਮਹਾਨ ਸ਼ਾਇਰ ਦੀ ਇਹ ਰਚਨਾ ਨੂੰ ਪਾਠਕਾਂ ਨਾਲ ਸਾਂਝੀ ਕਰਨ ਤੋਂ ਬਿਨਾਂ ਮੇਰਾ ਹੱਥਲਾ ਇਹ ਲੇਖ ਅਧੂਰਾ ਹੀ ਰਹੇ ਗਾ। ਉਸ ਨੂੰ ਸ਼ਰਧਾ ਵਜੋਂ ਇਸ ਰੁੱਖ ਦੇ ਸ਼ਰੀਂਹ ਦੇ ਹੀ ਕੁਝ ਨਰਮ ਸਫੇਦ ਫੁੱਲ ਕਰੀਮ ਰੰਗੇ ਕੋਮਲ ਫੁੱਲ ਉਸ ਨੂੰ ਭੇਟ ਕਰਦੇ ਹੋਏ ਇਸ ਲੇਖ ਨੂੰ ਸਮਾਪਤ ਕਰਦਾ ਹੋਇਆ ਮੁੜ ਕਿਤੇ ਕਿਸੇ ਹੋਰ ਲੇਖ ਰਾਹੀਂ ਹਾਜ਼ਿਰ ਹੋਣ ਲਈ ਪਾਠਕਾਂ ਤੋਂ ਆਗਿਆ ਲੈਂਦਾ ਹਾਂ।
ਸ਼ਿਵ ਬਟਾਲਵੀ ਦੀ ਰਚਨਾ ਹੈ:-
ਮੇਰਿਆਂ ਗੀਤਾਂ ਦੀ ਮੈਨਾਂ ਮਰ ਗਈ,
ਰਹਿ ਗਿਆ ਪਾਂਧੀ ਮੁਕਾ ਪਹਿਲਾ ਹੀ ਕੋਹ,
ਆਖਰੀ ਫੁੱਲ ਵੀ ਸ਼ਰੀਂਹ ਦਾ ਡਿਗ ਪਿਆ,
ਖਾ ਗਿਆ ਸਰ ਸਬਜ਼ ਜੂਹਾਂ,ਸਰਦ ਪੋਹ।

ਪ੍ਰਯਾਵਰਣ ਦੇ ਸ੍ਰੋਤ ਰੁੱਖ :  ਤੂਤ - ਰਵੇਲ ਸਿੰਘ ਇਟਲੀ 

 ਪੰਜਾਬ ਪੰਜਾਂ ਪਾਣੀਆਂ ਦੀ ਧਰਤੀ, ਇਹ ਦੇਸ਼ ਦੀ ਵੰਡ ਕਰਕੇ ਭਾਂਵੇਂ ਦੋ ਹਿੱਸਿਆਂ ਵਿੱਚ ਵੰਡੀ ਤਾਂ ਗਈ ਪਰ, ਸ਼ੁਕਰ ਹੈ ਏਨਾ ਕੁਝ ਹੋਣ ਤੇ ਵੀ  ਵੰਡੇ ਗਏ ਦੋਹਵਾਂ ਹਿੱਸਿਆਂ ਵਿੱਚ ਅਜੇ ਇਹ ਧਰਤੀ ਆਪਣਾ ਪੁਰਾਣਾ ਨਾਮ  ਸੰਭਾਲੀ ਬੈਠੀ ਹੈ।
ਪੰਜਾਬ ਪੈਗੰਬਰਾਂ, ਰਿਸ਼ੀਆਂ, ਮੁਨੀਆਂ, ਗੁਰੂਆਂ ,ਪੀਰਾਂ, ਫਕੀਰਾਂ, ਦੀ ਸਾਂਝੀ ਮਾਂਝੀ ਧਰਤੀ ਤਾਂ ਹੈ ਈ, ਪਰ ਪ੍ਰਯਾਵਰਣ ਅਤੇ ਸਭਿਆਚਾਰ ਪੱਖੋਂ ਵੀ ਬਹੁਤ ਕੁਝ ਆਪਸ ਵਿੱਚ ਮਿਲਦਾ ਜੁਲਦਾ  ਹੈ। ਤੇ ਇਸੇ ਤਰਾਂ ਇਸ ਧਰਤੀ ਦੇ ਰੁੱਖ ਵੀ ਜਿਵੇਂ ਆਪਸ ਵਿਚ ਆਪਣੀਆਂ ਸਾਂਝਾਂ ਦੀ ਕੜਿੰਗੜੀ ਪਈ ਬੈਠੇ ਹਨ। ਸਮੇਂ ਨੇਂ ਭਾਂਵੇ ਅਨੇਕਾਂ ਰੰਗ ਇਸ ਬਹਾਦਰਾ ਯੋਧਿਆਂ ਦੀ ਧਰਤੀ ਨੂੰ  ਵਿਖਾਏ ਹਨ, ਪਰ ਇਸ ਬਹੁਰੰਗੀ ਧਰਤੀ ਦੇ ਰੁੱਖਾਂ ਨੇ ਆਪਣੀ ਸਾਖ ਅਤੇ ਚੱਸ ਅਜੇ ਵੀ ਨਹੀਂ ਛੱਡੀ।
 ਅਜੇ  ਵੀ ਬਹੁਤ ਸਾਰੇ ਪੁਰਾਣੇ ਰੁੱਖ   ਦੋਹਾਂ ਪਾਸਿਆਂ ਦੀ ਜ਼ੀਨਤ ਬਣੇ ਹੋਏ ਹਨ ।ਜਿਨ੍ਹਾਂ ਦੇ ਕੁਦਰਤੀ ਗੁਣਾਂ  ਅਤੇ ਸਿਫਤਾਂ ਸਮੇਂ ਸਮੇਂ ਸਿਰ  ਵਿਸਥਾਰ ਕਰਦੇ ਰਹਿਣਾ ਆਪੋ ਆਪਣੀ ਜਾਣਕਾਰੀ ਅਨੁਸਾਰ ਕਰਦੇ ਰਹਿਣਾ ਹਰ ਲੇਖਕ ਦਾ ਬਣਦਾ ਹੈ।
ਹੁਣ ਕੁਦਰਤ ਨਾਲ ਛੇੜ ਛਾੜ ਕਰਨ ਦਾ ਦੂਸਰਾ ਪਾਸਾ ਕਰੋਨਾ ਨਾਂ ਦੀ ਮਹਾਮਾਰੀ, ਕੁਦਰਤ ਨੇ  ਖੌਰੇ ਅਜੋਕੇ ਮਨੁੱਖ ਨੂੰ ਇਸੇ ਕਰਕੇ ਹੀ ਵਿਖਾਇਆ ਹੈ।ਪਰ ਪਤਾ ਨਹੀਂ ਮਨੁੱਖ ਨੂੰ ਕਦੋਂ ਇਸ ਨੂੰ ਸਮਝ ਆਇਗੀ।
ਆਓ ਅੱਜ ਪੰਜਾਬ ਦੀ ਧਰਤੀ ਦੇ ‘ਤੂਤ’ ਦੇ ਰੁੱਖ ਬਾਰੇ ਜੋ ਇਕ ਸੰਘਣੀ ਛਾਂ ਦੇਣ ਵਾਲਾ ਪੱਤਝੜੀ ਰੁੱਖ ਹੋਣ ਦੇ ਨਾਲ ਨਾਲ ਬਹੁਗੁਣੀ ਅਤੇ ਫਲ਼ਦਾਰ ਰੁੱਖ ਵੀ ਹੈ। ਜਿਸ ਦਾ  ਵਰਨਣ ਪੰਜਾਬ ਦੇ ਸਭਿਆਚਾਰਕ  ਗੀਤਾਂ ਕਹਾਣੀਆਂ ਵਿੱਚ  ਵੀ ਥਾਂ ਥਾਂ  ਆਉਂਦਾ ਹੈ।
 ਕੋਈ ਵੇਲਾ ਸੀ ਜਦੋਂ ਦੋ ਜੋਬਣ- ਮੱਤੇ ਦਿਲਾਂ ਦੀ ਹਵਾੜ ਤੇ ਗਿਲੇ ਸ਼ਿਕਵੇ ਕਰਨ ਬਾਰੇ ਕਿਸੇ ਗੀਤਕਾਰ ਦਾ ਲਿਖਿਆ ਇਹ ਗੀਤ ਵੀ  ਕਦੇ ਸੁਣਦੇ ਹੁੰਦੇ ਸਾਂ:-
 ਆ ਜਮਾਲੋ  ਬੈਠ ਤੂਤਾਂ ਵਾਲੇ ਖੂਹ ਤੇ,
ਗੱਲਾਂ ਹੋਣ ਦਿਲਾਂ ਦੀਆਂ ਇੱਕ ਦੂਸਰੇ ਦੇ ਮੂੰਹ ਤੇ।
ਅਤੇ ਮਸ਼ਹੂਰ ਗਾਇਕ ਕਲਾਕਾਰ ਮਲਕੀਅਤ ਸਿੰਘ ਦਾ ਚੁਲਬੁਲਾ ਜਿਹਾ ਗਾਇਆ ਗੀਤ ‘ਤੂਤਕ ਤੂਤਕ ਤੂਤੀਆਂ’------------
ਤਾਂ ਲਗ ਪਗ ਅਸੀਂ ਸਾਰਿਆਂ ਨੇ  ਸੁਣਿਆ ਹੋਣਾ।ਉਸ ਨੂੰ ਕਿਸੇ ਇੰਟਰ ਵੀਊ ਵੇਲੇ ਇਨ੍ਹਾਂ “ਤੂਤਕ ਤੂਤੀਆਂ” ਦੇ ਅਰਥ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਹਸਦੇ ਹੋਇ ਕਿਹਾ ਸੀ ਕੀ ਤੂਤ ਦੇ ਫਲਾਂ ਨੂੰ ਕਈ ਤੂਤਕਾਂ ਵੀ ਕਹਿੰਦੇ ਹਨ ਬਾਕੀ ਮੈਂ ਗੀਤ ਨੂੰ ਹੋਰ ਵਧੀਆ ਧੁਨ ਬਣਾਉਣ ਲਈ ਜੋੜ ਲਿਆ ਸੀ।
 ਇਸੇ ਰੁੱਖ ਦੇ ਨਾਂ ਤੇ  ਪੰਜਾਬੀ ਦੇ ਨਾਮਵਰ ਨਾਵਲਕਾਰ ਬਹੁਪੱਖੀ ਸ਼ਖਸੀਅਤ ਸਵ. ਸੋਹਣ ਸਿੰਘ ਸੀਤਲ ਦਾ ਨਾਵਲ’ ਤੂਤਾਂ ਵਾਲਾ ਖੂਹ’ ਜਿਸ ਨੂੰ  ਸਕੂਲਾਂ ਵਿੱਚ ਦਸਵੀਂ ਕਲਾਸ ਦੇ ਸਲੇਬਸ ਵਿੱਚ ਲੱਗਣ ਦਾ ਮਾਣ ਪ੍ਰਾਪਤ ਹੈ। ਜਿਸ ਨੂੰ ਪੜ੍ਹਨੋਂ ਸ਼ਾਇਦ ਹੀ ਕੋਈ ਪਾਠਕ ਹੀ  ਰਹਿ ਗਿਆ ਹੋਵੇ, ਜਿਸ ਨੇ ਨਹੀਂ ਪੜ੍ਹਿਆ ਜ਼ਰੂਰ ਕਿਤੋਂ ਦੇਖ ਭਾਲ ਕਰਕੇ ਆਪਣਾ ਕੀਮਤੀ ਸਮਾ ਕੱਢ ਕੇ ਪੜ੍ਹਨ ਦਾ ਯਤਨ ਕਰੇ।
ਇਸ ਦੇ ਇਲਾਵਾ ਤੂਤ ਦੇ ਪੱਤੇ ਰੇਸ਼ਮ ਦੇ ਕੀੜੇ ਦੀ ਮਨ ਭਾਉਂਦੀ ਖੁਰਾਕ ਹੋਣ ਕਰਕੇ ਰੇਸ਼ਮ ਦੇ ਕੀੜੇ ਪਾਲਣ ਲਈ ਇਹ ਰੁੱਖ ਉਚੇਚੇ ਤੌਰ ਤੇ ਲਾਏ ਜਾਂਦੇ ਹਨ। ਪੱਤ ਝੜ ਦੀ ਰੁੱਤੇ ਜਦੋਂ ਇਸ ਰੁੱਖ ਦੇ ਪੱਤੇ ਝੜ ਜਾਂਦੇ ਹਨ ਤਾਂ ਇਸ ਦੀਆਂ ਪੱਕੀਆਂ ਡਾਲੀਆਂ ਜਿਨ੍ਹਾਂ ਨੂੰ ਛਮਕਾਂ ਕਹਿੰਦੇ ਹਨ ,ਉਨ੍ਹਾਂ ਦੀਆਂ ਆਮ ਵਰਤੋਂ ਲਈ ਟੋਕਰੀਆਂ ਤੇ ਟੋਕਰੇ ਬਣਾਏ ਜਾਂਦੇ ਹਨ।
 ਤੂਤ ਦੀ ਲੱਕੜ ਲਚਕਦਾਰ ਤੇ ਸੌਖੀ ਮੁੜ ਜਾਣ ਤੇ ਵੀ ਨਾ ਟੁੱਟਣ ਕਰਕੇ ਖੇਡਾਂ ਦੇ ਸਾਮਾਨ ਉਚੇਚੇ ਤੌਰ ਤੇ ਹਾਕੀਆਂ ਬਣਾਉਣ ਦੇ ਕੰਮ ਵੀ ਆਉਂਦੀ ਹੈ। ਪੰਜਾਬ ਦੇ ਵੱਡੇ ਸਨਅਤੀ ਸ਼ਹਿਰ ਜਲੰਧਰ ਵਿੱਚ ਇਸ ਕੰਮ ਲਈ ਥਾਂ ਥਾਂ ਆਬਾਦੀਆਂ ਜਿਵੇਂ ਬਸਤੀ ਦਾਨਸ਼ ਮੰਦਾਂ, ਬਸਤੀ ਗੁਜ਼ਾਂ ਵਿੱਚ ਇਸ ਦੇ ਛੋਟੇ ਵੱਡੇ ਕਾਰਖਾਨੇ ਅਤੇ ਘਰ ਘਰ ਵੀ ਆਮ ਵੇਖੇ ਜਾ ਸਕਦੇ ਨੇ।
ਤੂਤ ਦੀਆਂ ਦੋ ਕਿਸਮਾਂ ਤੂਤ ਤੇ ਸ਼ਹਿਤੂਤ ਆਮ ਕਰਕੇ ਹੁੰਦੀਆਂ ਹਨ। ਇਨ੍ਹਾਂ ਨੂੰ ਵੱਖ ਵੱਖ ਰੰਗਾਂ ਦੇ ਗੂੜ੍ਹੇ ਜਾਮਣੀ, ਜਾਂ ਚਿੱਟੇ ਰੰਗ ਦੇ ਫਲ਼ ਲਗਦੇ ਹਨ। ਤੂਤ ਦੇ ਗੋਲ ਗੋਲ ਨਿੱਕੇ ਫਲ਼ਾਂ ਨੂੰ ਤੂਤ ਜਾਂ ਗੁਲ੍ਹਾਂ ਕਹਿੰਦੇ ਹਨ। ਜੋ ਖਟ- ਮਿਠੇ ਸੁਆਦ ਵਾਲਾ ਦਾ ਗਰਮੀਆਂ ਦਾ ਫਲ਼ ਹੈ।ਜਿਸ ਦੀ ਤਾਸੀਰ ਗਰਮ ਹੁੰਦੀ ਹੈ। ਇਸੇ ਤਰ੍ਹਾਂ ਸ਼ਹਿਤੂਤ ਦੋ ਦੋਹਾਂ ਰੰਗਾਂ ਦੇ ਉੰਗਲ ਉੰਗਲ ਜਿੱਡੇ  ਲੰਮੇ ਸੁਆਦੀ ਮਿੱਠੇ ਫਲ ਹੁੰਦੇ ਹਨ।
ਤੂਤ  ਦੇ ਫ਼ਲਾਂ ਦੇ ਰੱਸ ਦਾ ਸ਼ਰਬਤ ਵੀ ਤਿਆਰ ਕੀਤਾ ਜਾਂਦਾ ਹੈ ਜੋ ਵੈਦ ਹਕੀਮ ਗਲੇ ਦੀ ਬੀਮਾਰੀ ਜਿਸ ਨੂੰ ਖੁਨਾਕ ਕਿਹਿੰਦੇ ਹਨ, ਲਈ ਬੜਾ ਲਾਭ ਦਾਇਕ ਹੁੰਦਾ ਹੈ। ਗਰਮੀਆਂ ਦੀ ਰੁੱਤ ਵਿੱਚ ਇਸ ਦੀਆਂ ਸੰਘਣੀਆਂ ਧਰਤੀ ਨੂੰ ਛੋਹੰਦੀਆਂ ਡਾਲੀਆਂ ਨਾਲ ਲੱਗੇ ਮੋਤੀਆਂ ਦੀ ਮਾਲਾ ਵਾਂਗ ਪ੍ਰੋਏ  ਗੋਲ ਗੋਲ ਫਲ਼ ਬਹੁਤ ਹੀ ਸੁੰਦਰ ਲਗਦੇ ਹਨ।ਪੰਛੀ ਇਨ੍ਹਾਂ ਰੁੱਖਾਂ ਦੀ ਟਹਿਣੀਆਂ ਤੇ ਬੈਠੇ ਹੋਏ ਕਈ ਤਰ੍ਹਾਂ  ਦੀਆਂ ਮਨਮੋਹਣੀਆਂ ਆਵਾਜ਼ਾਂ ਬੋਲਦੇ  ਕਲੋਲ ਕਰਦੇ ਵੇਖੀਦੇਹਨ। ਇਧਰ ਓਧਰ ਨੱਚਦੇ ਟੱਪਦੇ ਗਾਲ੍ਹੜ ਇਨ੍ਹਾਂ ਨੂੰ ਖਾਂਦੇ ਹਨ ਤਾਂ ਬੜੇ ਚੰਗੇ ਲੱਗਦੇ  ਇਵੇਂ ਲਗਦੇਂ ਹੈ ਜਿਵ ਇਨ੍ਹਾਂ ਨੂੰ ਕੁਦਰਤ ਦੀ ਕੋਈ ਵੱਡੀ ਸੌਗਾਤ ਮਿਲ ਗਈ ਹੋਵੇ।
ਪਰ ਬੰਦਾ ਤਾਂ ਕੁਦਰਤ ਤੋਂ ਏਨਾ ਕੁਝ ਲੈ ਕੇ ਵੀ ਸੰਤੁਸ਼ਟ ਨਹੀਂ ਹੁੰਦਾ ਤੇ ਬਜਾਏ ਕੁਦਰਤ ਦਾ ਸ਼ੁਕਰ ਗੁਜ਼ਾਰ ਹੋਣ ਇਸ ਨਾਲ ਕਈ ਤਰਾਂ ਨਾਲ ਛੇੜ ਛਾੜ ਅਤੇ ਧੱਕਾ ਕਰਕੇ ਉਸ ਦੀ ਹੋਂਦ ਮਿਟਾਉਣ ਵਿੱਚ ਕੋਈ ਕਸਰ  ਬਾਕੀ ਨਹੀਂ ਛੱਡ ਰਿਹਾ।ਤੇ ਖੌਰੇ ਕੁਦਰਤ ਨਾਲ ਇਸੇ ਵਧੀਕੀ ਕਰਨ ਕਰਕੇ ਹੀ ਹੁਣ ਕਰੋਨਾ ਵਰਗੀਆਂ ਬੀਮਾਰੀਆਂ ਦਾ ਸ਼ਿਕਾਰ ਹੋਣ ਦੇ ਡਰੋਂ  ਮੂੰਹਾਂ ਤੇ ਮਾਸਕ ਲਗਾ ਕੇ ਜਿਵੇਂ ਸ਼ਰਮਸਾਰ ਜਿਹਾ ਹੋ ਰਿਹਾ ਜਾਪਦਾ ਹੈ।
ਮੈਂ ਕੇਨੇਡਾ ਦੀ ਫੇਰੀ ਵੇਲੇ ਇਹ ਰੁੱਖ ਵੇਖਿਆ ਸੀ ਕਿਤੇ ਗੋਰੇ ਲੋਕਾਂ ਦੀ ਆਬਾਦੀ ਵਿੱਚ, ਜਿਸ ਨੂੰ ਉਸ ਦੀ ਡਾਲੀਆਂ ਕੱਟਣ ਦੀ ਬਜਾਏ ਉਨ੍ਹਾਂ ਨੂੰ ਹੇਠਾਂ ਵੱਲ ਨੂੰ ਝੁਕਾ ਜੇ ਇਸ ਰੁੱਖ ਦੀ ਸ਼ਕਲ ਇਵੇਂ ਬਣਾਈ ਹੋਈ ਸੀ ਜਿਵੇ ਕੋਈ ਜੜਾਂਵਾਂ  ਵਾਲਾ ਸਾਧੂ ਆਪਣੀਆਂ ਜੜਾਵਾਂ ਖਿਲਾਰੀ ਚੌਕੜਾ ਮਾਰ  ਸਮਾਧੀ ਲਾਈ ਧਰਤੀ ਤੇ ਬੈਠਾ ਹੋਵੇ।
ਮੈਂ ਜਿੱਥੇ ਰਹਿ ਰਿਹਾ ਹਾਂ ਵੇਖ ਕੇ ਹੈਰਾਨ ਹੁੰਦਾ ਅਤੇ ਇਨ੍ਹਾਂ ਲੋਕਾਂ ਦੀ ਪ੍ਰਯਾਵਰਨ ਨੂੰ ਸੰਭਾਲ ਵੇਖ ਕੇ ਇੱਥੇ ਕਾਫੀ ਲੰਮੇ ਚੌੜੇ ਜੰਗਲ ਨੁਮਾ ਇਨ੍ਹਾਂ ਸੈਰ ਗਾਹਾਂ ਤੇ ਰਸਤੇ ਬੜੀ ਵਿਉਂਤ ਨਾਲ ਬਣਾਏ ਹੋਏ ਹਨ।ਜਿਨ੍ਹਾਂ ਵਿੱਚ ਨਿਰੇ ਜੰਗਲੀ ਰੁੱਖ ਹੀ ਨਹੀਂ ਸਗੋਂ ਕਈ ਅਲੂਚਿਆਂ ਦੇ ਤੇ ਕਈ ਹੋਰ ਕਿਸਮਾਂ ਦੇ ਫਲਦਾਰ ਰੁੱਖ ਵੀ ਲਾਏ ਹੋਏ ਹਨ।ਜਿਨਾਂ ਦੀ ਸਾਫ ਸਫਾਈ ਵੀ ਸਮੇਂ ਸਿਰ  ਹੁੰਦੀ ਰਹਿੰਦੀ ਹੈ। ਅਤੇ ਕਿਸੇ ਨੂੰ ਇਹ ਫਲ਼ ਖਾਣ ਦੀ ਕੋਈ ਮਨਾਹੀ ਨਹੀਂ।
ਮੈਂ ਸੈਰ ਵੇਲੇ ਬੜੀ ਨੀਝ ਨਾਲ ਇੱਥੇ ਲੱਗੇ ਰੁਖਾਂ ਵਿੱਚ ਇਸ ਪਿਆਰੇ ਜਿਹੇ ਰੁੱਖਾਂ ਵਿਚੋਂ ਵੀ ਤੂਤ ਦੀ ਦੀ ਭਾਲ ਕਰਦਾ ਰਹਿਦਾਂ ਹਾਂ । ਇਸੇ ਤਰ੍ਹਾਂ ਵੇਖਦੇ ਹੋਏ ਇੱਕ ਦਿਨ ਏਥੇਵੀ ਇਸ ਰੁੱਖ ਦੇ ਕੁੱਝ ਛੋਟੇ ਛੋਟੇ ਰੁੱਖ ਵੇਖ ਕੇ ਮੈਨੂੰ ਆਪਣੇ ਪਿਆਰੇ ਪੰਜਾਬ ਦੀ ਯਾਦ ਆਏ ਬਿਣਾਂ ਨਹੀਂ ਰਹਿ ਸਕੀ ਤੇ ਨਾਲਹੀ  ਇਨ੍ਹਾਂ ਰੁੱਖਾਂ ਦੇ ਫਲਾਂ ਨਾਲ ਭਰੀਆਂ ਡਾਲੀਆ ਦਾ ਨਜ਼ਾਰਾ ਤਾਂ ਇਕ ਵਾਰ  ਤਾਂ ਮੇਰੀਆਂ ਯਾਦਾਂ ਦੀਆਂ  ਕੋਮਲ ਪਲਕਾਂ ਅੱਗਿਉਂ ਲੰਘ ਤੁਰਿਆ।ਇਸ ਸੈਗਾਹ ਵਿੱਚ ਬਹੁਤ ਸਾਰੇ ਝਾੜੀਆਂ ਨਾਲ ਤੂਤ ਦੀਆਂ ਗੁਲ੍ਹਾਂ ਵਰਗੇ ਫਲ ਲਗੇ ਹੋਏ ਤੋੜ ਕੇ ਇਨ੍ਹਾਂ ਦਾ ਸੁਆਦ ਚਖਿਆ।ਪਰ ਤੂਤ ਦੇ ਰੁਖਾਂ ਨਾਲ ਇਨ੍ਹਾਂ ਕੰਡਿਆਲੀਆਂ ਝਾੜੀਆਂ ਦਾ ਮੁਕਾਬਲਾ ਕਰਨਾ ਕਿੱਥੇ’ ਰਾਮ ਰਾਮ ,ਕਿੱਥੇ ਟੈਂ, ਟੈਂ’ ਵਾਲੀ  ਗੱਲ  ਹੀ ਹੋਵੇ ਗੀ।
ਮੈ ਪੰਜਾਬ ਤੋਂ ਵਾਪਸੀ ਵੇਲੇ ਤੂਤ ਵਰਗੇ ਅਤੇ  ਕੁਝ ਹੋਰ ਰੁੱਖ ਆਪਣੇ ਖੇਤ ਦੇ ਇਕ ਪਾਸੇ  ਹੱਥੀਂ ਲਾ ਕੇ ਆਇਆ ਸਾਂ ਜਿਨ੍ਹਾਂ ਬਾਰੇ ਉਨ੍ਹਾਂ ਦਾ ਹਾਲ ਚਾਲ ਮੈਂ ਉਥੇ ਰਹਿੰਦੇ ਆਪਣੇ ਭਤੀਜੇ ਨੂੰ ਗਾਹੇ ਬਗਾਹੇ ਪੁੱਛਦਾ ਵੀ ਰਹਿੰਦਾ ਹਾਂ।ਤੂਤ ਦੇ ਵੱਡੇ ਵੱਡੇ ਰੁੱਖ ਤਾਂ ਸਾਡੇ ਖੇਤਾਂ ਦੀ ਇੱਕ ਵੱਟ ਤੇ ਬਾਪੂ ਦੇ ਆਪਣੇ ਹੱਥੀਂ ਲਾਏ ਰੁੱਖ ਅਜੇ ਵੀ ਹਨ।ਜਿਨ੍ਹਾਂ ਨੂੰ ਬਾਪੂ ਦੀ ਪਰਾਣੀ ਯਾਦ ਵਜੋਂ ਅਸਾਂ ਅਜੇ ਵੀ ਸੰਭਾਲਿਆ ਹੋਇਆ ਹੈ।
ਰੱਬ ਕਰੇ ਕੋਵਿਡ-19 ਨਾਂ ਦੀ ਇਸ ਮਹਾਂਮਾਰੀ ਤੋਂ ਸੰਸਾਰ ਦਾ ਖਹਿੜਾ ਸਦਾ ਵਾਸਤੇ ਛੇਤੀ ਤੋਂ  ਤੇ ਮੈਂ ਮੁੜ ਆਪਣੇ ਪਿਆਰੇ ਪੰਜਾਬ ਵਿੱਚ ਪੁੱਜ ਕੇ ਉਨ੍ਹਾਂ ਨੂੰ ਜੀਅ ਭਰਕੇ  ਵੇਖ ਸਕਾਂ।  

ਵੀਰ ਮੇਰਿਆ ਜੁਗਨੀ ਕਹਿੰਦੀ ਏ - ਰਵੇਲ ਸਿੰਘ ਇਟਲੀ

 ਪੰਜਾਬੀ ਸਭਿਆਚਾਰ ਗੀਤਾਂ ਦੀਆਂ ਅਨੇਕ ਕਿਸਮਾਂ ਦੇ ਅਨਮੁੱਲੇ ਭੰਡਾਰ ਨਾਲ ਮਾਲਾ ਮਾਲ ਹੈ। ਜਿਸ ਵਿਚ ਬੈਂਤ , ਮਾਹੀਆ, ਢੋਲਾ,ਟੱਪੇ, ਛੱਲਾ, ਬੋਲੀਆਂ, ਮਿਰਜ਼ਾ, ਵਾਰ,ਜਿੰਦੂਆ,ਦੋਹੜੇ, ਜੁਗਨੀ, ਅਤੇ ਹੋਰ ਵੀ ਕਈ ਕਿਸਮ ਦੇ ਗੀਤਾਂ ਦੇ ਰੰਗ ਵੇਖਣ ਸੁਣਨ ਨੂੰ ਮਿਲਦੇ ਹਨ। ਆਓ ਅੱਜ ਇਨ੍ਹਾਂ  ਵਿੱਚੋਂ ਜੁਗਨੀ ਬਾਰੇ ਕੋਈ ਗੱਲ ਕਰਦੇ ਹਾਂ।ਕਈ ਕਿਹੰਦੇ ਹਨ ਕਿ ਜੁਗਨੀ ਗਾਉਣ ਦਾ ਆਰੰਭ ਅੰਗਰੇਜ਼ ਰਾਜ ਵੇਲੇ ਹੋਇਆ ਸੀ।
ਇੱਕ ਨਮੂਨਾ ਮਾਤ੍ਰ  ਜੁਗਨੀ ਦਾ ਰੰਗ ਵੇਖੋ,
ਜੁਗਨੀ ਜਾ ਵੜੀ ਮੁਲਤਾਨ.
ਜਿੱਥੇ ਬੜੇ ਬੜੇ ਭਲਾਵਾਨ.
ਖਾਂਦੇ ਗਿਰੀਆਂ ਤੇ ਬਦਾਮ
ਮਾਰਦੇ ਮੁਕੀ ਤੇ ਕੱਢਦੇ ਜਾਨ
ਓ ਵੀਰ ਮੇਰਿਆ ਜੁਗਨੀ ਕਹਿੰਦੀ ਏ , ਜਿਹੜੀ ਨਾਮ ਸਾਈਂ ਦਾ ਲੈਂਦੀ ਏ, ਜਿਹੜੀ ਨਾਮ ਰੱਬ ਦਾ ਲੈਂਦੀ ਏ ਜਿਹੜੀ ਨਾਮ ਅੱਲਾ ਦਾ ਲੈਂਦੀ ਏ।
ਪੱਛਮੀ ਪੰਜਾਬ ਦੇ ਗੀਤਾਂ ਦੀ ਰੂਹ, ਆਲਮ ਲੁਹਾਰ-ਲੰਮੀ ਹੇਕ ਨਾਲ ਚਿਮਟੇ ਢੋਲਕੀ ਨਾਲ ਗਾਈ ਜੁਗਨੀ ਬਾਰੇ ਉਨ੍ਹਾਂ ਨੂੰ ਕੌਣ ਨਹੀਂ ਜਾਣਦਾ, ਲੰਮੀ ਹੇਕ ਵਾਲੀ ਗੁਰਮੀਤ ਬਾਵਾ ਭਾਂਵੇਂ ਅੱਜ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਚੁਕੀ ਦੀ, ਗਾਈ ਜੁਗਣੀ ਨੂੰ ਅਜੇ ਵੀ ਵਾਰ ਵਾਰ ਸੁਣਨ ਨੂੰ ਜੀਅ ਕਰਦਾ ਹੈ। ਗੁਰਦਾਸ ਮਾਨ ਦੀ ਡਫਲੀ ਨਾਲ ਗਾਈ ਜੁਗਨੀ ਕਈ ਵਾਰ ਸਟੇਜਾਂ ਦੀ ਸ਼ਾਨ ਬਣ ਚੁਕੀ ਹੈ।
ਜੁਗਨੀ ਪਿਆਰ,ਪ੍ਰੇਮ ,ਹਿਜਰ ਵਸਲ, ਹੁਸਨ, ਦੀਆਂ ਗੱਲਾਂ ਦਾ ਸੁਮੇਲ ਤਾਂ ਹੈ ਈ, ਪਰ ਇਹ ਸਮੇਂ ਸਮੇਂ ਸਿਰ ਨਵੇਂ ਨਵੇਂ ਰੂਪ ਅਤੇ  ਭਾਵ ਵੀ ਬਦਲਦੀ ਆ ਰਹੀ ਹੈ।ਜੁਗਨੀ ਨਿਰੇ ਪਿੰਡਾਂ ਵਿੱਚ ਹੀ ਨਹੀਂ ਗਈ ਇਹ ਮੁਲਤਾਨ ਗਈ, ਬੰਬਈ ਗਈ, ਬੰਗਾਲ ਗਈ, ਕਲਕੱਤੇ ਗਈ ਦੇਸ਼ ਵਿਦੇਸ਼ੀਂ ਗਈ ਇਸ ਦੇ ਗਾਉਣ ਵਾਲੇ ਜਿੱਥੇ ਗਏ ਇਸ ਨੂੰ ਨਾਲ ਹੀ ਲੈ ਕੇ ਗਏ ਕਿਉਂ ਜੋ ਇਹ ਜੁਗਨੀ ਬਿਨਾਂ ਅਧੂਰੇ ਹਨ ਤੇ ਜੁਗਨੀ ਵੀ ਇਨ੍ਹਾਂ ਬਿਨਾਂ ਵੀ ਰਹਿ ਨਹੀਂ ਸਕਦੀ।
 ਆਓ ਇਸ਼ਕ ਬਾਰੇ ਜੁਗਨੀ ਦੇ ਦੁਖ ਦਰਦ ਦੀ ਇੱਕ ਹੋਰ ਵੰਨਗੀ  ਪਾਠਕਾਂ ਨਾਲ ਸਾਂਝਾਂ ਕਰੀਏ,
 ਮੇਰੀ ਜੁਗਨੀ ਦੇ ਧਾਗੇ ਬੱਗੇ ,
ਜੁਗਨੀ ਉਹਦੇ ਮੂਹੋਂ ਸੱਜੇ ,
ਜੀਹਨੂੰ ਸੱਟ ਇਸ਼ਕ ਦੀ ਲੱਗੇ,
ਵੀਰ ਮੇਰਿਆ ਜੁਗਨੀ ਕਹਿੰਦੀ ਏ,ਤੇ ਨਾਮ ਸਾਈਂ ਦਾ ਲੈਂਦੀ ਏ, ਨਾਮ ਰੱਬ ਦਾ ਲੈਂਦੀ ਏ,
ਕਿਸਾਨੀ ਅੰਦੋਲਣ ਵਿੱਚ ਜਿਥੇ ਹਰ ਮਾਈ, ਭਾਈ, ਭੈਣ, ਹਰ ਉਮਰ ਦੇ ਕਿਸਾਨ ਖੇਤੀ ਮਜ਼ਦੂਰ, ਕਲਾਕਾਰ, ਫਨਕਾਰ, ਬੁੱਧੀ ਜੀਵੀ ਆਪਣਾ ਆਪਣਾ  ਬਣਦਾ ਯੋਗਦਾਨ ਪਾ ਰਹੇ ਹਨ ਓਥੇ ਜੁਗਨੀ ਪਿੱਛੇ ਕਿਉਂ ਰਹੇ।
ਜੁਗਨੀ ਪਹੁੰਚੀ ਵਿੱਚ ਅੰਦੋਣਲਣ,
ਲਗ ਪਈ ਗੀਤ ਕਿਸਾਨੀ ਬੋਲਣ।
ਲੱਗ ਪਈ ਭੇਦ ਦਿਲਾਂ ਦੇ ਖੋਲ੍ਹਣ,
 ਲੱਗੀ ਪਈ ਜੋਸ਼ ਹੋਸ਼ ਨੂੰ ਟੋਲਣ,
ਵੀਰ ਮੇਰਿਆ ਜੁਗਣੀ, ਕਹਿੰਦੀ ਏ
ਤੇ ਨਾਮ ਗੁਰਾਂ ਦਾ ਲੈਂਦੀ ਏ।
ਜੁਗਨੀ ਡਾਢੀ ਹੋ ਬੇਫਿਕਰੀ,
ਜਾ ਕੇ ਵਿੱਚ ਅੰਦੋਲ ਨਿੱਤਰੀ,
ਸੱਚੋ ਸੱਚ ਕਹਿਨ ਨੂੰ ਨਿਕਲੀ
ਪੁੱਜੀ ਸਿੰਘੂ ਬਾਰਡਰ ਟਿੱਕਰੀ,
ਵੀਰ ਮੇਰਿਆ ਜੁਗਨੀ ਕਹਿੰਦੀ ਏ ਤੇ ਨਾਮ ਗੁਰਾਂ ਦਾ ਲੈਂਦੀ ਏ
ਜੁਗਨੀ ਜਾ ਪਹੁੰਚੀ ਵਿੱਚ ਦਿੱਲੀ,
ਹੋ ਗਈ ਵੇਖ ਕੇ ਕੇਂਦਰ ਢਿੱਲੀ,
ਜਿਉਂਕਰ ਹੁੰਦੀ ਭਿੱਜੀ ਬਿੱਲੀ,
 ਸਾਰੇ ਖੂਬ ਉਡਾਵਣ ਖਿੱਲੀ,
ਵੀਰ ਮੇਰਿਆ ਜੁਗਨੀ ਕਹਿੰਦੀ ਏ ,ਪਈ  ਨਾਮ ਗੁਰਾਂ ਦਾ ਲੈਂਦੀ ਏ,
ਜੁਗਨੀ ਕਹੇ ਕਿਸਾਨੋ ਜੁੜੋ,
ਲੈ ਕੇ ਜਿੱਤ ਘਰਾਂ ਨੂੰ ਮੁੜੋ,
ਰੱਖੋ ਸਿਦਕ ਕਦੇ ਨਾ ਥੁੜੋ,
ਰੱਖੋ  ਜੋਸ਼ ਹੋਸ਼ ਤੇ ਤੁਰੋ
ਵੀਰ ਮੇਰਿਆ ਜੁਗਨੀ ਕਹਿੰਦੀ ਏ,ਪਈ ਨਾਮ ਗੁਰਾਂ ਦਾ ਲੈਂਦੀ ਏ।
ਪਰ ਇਸ ਕਿਸਾਨੀ ਮਸਲੇ ਦੇ ਨਾਲ  ਜੁਗਨੀ ਨੂੰ ਵੀ ਦੇਸ਼ ਵਿਦੇਸ਼ ਦੇ ਕੋਵਿੱਡ- ਉਨੀ ਦੇ ਕਰੋਨਾ ਰੋਗ ਦੀ ਮਹ੍ਹਾਂ ਮਾਰੀ ਦੇ ਰੋਗ ਦਾ ਵੀ ਸਾਮ੍ਹਨਾ ਕਰਨਾ  ਪੈ ਰਿਹਾ ਹੈ,ਉਹ ਵੀ ਆਪਣੇ ਹੱਕਾਂ ਲਈ ਲੋਕਾਂ ਨੂੰ ਵੀ ਇਸ ਮਹਾਮਾਰੀ ਬਾਰੇ ਸੁਚੇਤ ਵੀ ਕਰਦੀ ਜਾਪਦੀ ਹੈ।
 ਜੁਗਨੀ ਫਿਰਦੀ ਮਾਸਕ ਲਾਈ,
ਜਾਂਦੀ ਦੂਰੋਂ ਫਤਿਹ ਗਜਾਈ,
ਕਹਿੰਦੀ ਦੂਰੀ ਰਹਿਓ ਬਣਾਈ,
ਹਰ ਥਾਂ ਰੱਖੋ ਸਾਫ ਸਫਾਈ,
ਕਹਿੰਦੀ ਜੱਟ ਬੀਜ ਕੇ ਝੋਨਾ,
ਮਿੱਟੀ ਫੋਲ ਕੇ ਕੱਢਣ ਸੋਨਾ,
ਉੱਤੋਂ ਕਰਦਾ ਕਹਿਰ ਕਰੋਨਾ,
ਕਹਿੰਦੀ ਉਹੀ ਹੈ ਜੋ ਕੁਝ ਹੋਣਾ,
 ਹੱਕਾਂ ਲਈ ਜੂਝਦੀ ਰਹਿੰਦੀ ਏ ,ਤੇ ਨਾਮ ਗੁਰਾਂ ਦਾ ਲੈਂਦੀ ਏ,ਪਈ ਨਾਮ ਸਾਈਂ ਦਾ ਲੈਂਦੀ ਏ ,ਤੇ ਨਾਮ ਅੱਲਾ ਦਾ ਲੈਂਦੀ ਏ..
 ਵੀਰ ਮੇਰਿਆ ਜੁਗਨੀ ਕਹਿੰਦੀ ਏ, ਤੇ ਨਾਮ ਗੁਰਾਂ ਦਾ ਲੈਂਦੀ ਏ, ਪਈ ਨਾਮ ਰੱਬ ਦਾ ਲੈਂਦੀ ਏ, ਤੇ ਨਾਮ ਸਾਈਂ ਦਾ ਲੈਂਦੀ ਏ ,ਜਦ ਪਿੰਡੀਂ ਸ਼ਹਿਰੀਂ ਜਾਂਦੀ ਏ,ਪਈ ਸਭ ਦੀ ਖੈਰ ਮਨਾਂਦੀ ਏ ਤੇ ਕੇਂਦਰ ਨੂੰ ਸਮਝਾਂਦੀ ਏ।
ਰੱਬ ਕਰੇ ਜੁਗਨੀ ਦੀ ਸੁਣੀ ਜਾਏ ਤੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਇਹ ਹੱਠੀ ਵਤੀਰਾ  ਬਦਲੇ  ਅਤੇ ਉਹ ਕਿਸਾਨ  ਜਿਸ ਨੂੰ ਹਰ ਕੋਈ ਬੜੇ ਮਾਣ ਨਾਲ ਦੇਸ਼ ਦਾ ਅੰਨ ਦਾਤਾ ਕਹਿੰਦਾ ਹੈ ।ਕਾਸ਼ ਕਿਤੇ  ਕਿਸਾਨੀ ਦੇ ਵਿਕਾਸ ਦੇ ਨਾਂ ਤੇ ਕਿਸਾਨ ਮਾਰੂ  ਬਣਾਏ ਕਾਲੇ ਤੇ ਕੋਝੇ ਕਾਨੂੰਨ ਨੂੰ ਰੱਦ ਕਰਕੇ ਕੇ  ਕਿਸਾਨੀ ਦੇ ਦੁੱਖ ਦਰਦ ਨੂੰ ਸਮਝਦੇ ਹੋਏ  ਸਾਰੇ ਗੁੱਸੇ ਗਿਲੇ ਮਿਟਾ ਕੇ ਇਨ੍ਹਾਂ ਨੂੰ ਆਪਣੇ ਗਲ਼ ਲਾ ਕੇ ਇਸ ਲੰਮੇ ਸਮੇਂ ਚਲ ਰਹੇ  ਕਿਸਾਨੀ ਅੰਦੋਲਣ ਦੀ ਸਮਾਪਤੀ ਕਰੇ।
ਅਤੇ ਫਿਰ ਜੁਗਨੀ ਵੀ ਖੁਸ਼ੀ ਹੋਕੇ ਨਿੱਤ ਨਵੇਂ ਨਵੇਂ ਅੰਦਾਜ਼ ਲੈਕੇ ਲੋਕਾਂ ਸਾਮ੍ਹਨੇ ਆਵੇ ਤੇ ਹਰ ਕੋਈ ਇਸ ਦੇ  ਨਵੇਂ ਤੋਂ ਨਵੇਂ ਰੰਗ ਰੂਪਾਂ ਦਾ ਅਨੰਦ ਮਾਣੇ।

ਬਾਪੂ ਦੀ ਫੋਟੋ ਦੇ ਸਾਂਹਵੇਂ - ਰਵੇਲ ਸਿੰਘ ਇਟਲੀ

 ਮੈਂ ਬਾਪੂ ਦੀ ਫੋਟੋ ਦੇ ਸਾਂਹਵੇਂ ਜਦ ਵੀ ਕਿਤੇ ਖਲੋਂਦਾ ਹਾਂ।
ਉਸ ਦੀਆਂ ਯਾਦਾਂ ਦੇ ਹੰਝੂ ਉਸ ਗਲ਼ ਹਾਰ ਪ੍ਰੋਂਦਾ ਹਾਂ।
ਵਾਰ ਵਾਰ ਹੈ ਚੇਤਾ ਆਉਂਦਾ,ਬਾਪੂ ਦੀਆਂ ਗੱਲਾਂ ਦਾ,
ਕੀਤੇ ਉਪਕਾਰਾਂ ਦੀਆਂ ਪੰਡਾਂ ਰਹਿੰਦਾ ਹੀ ਮੈਂ ਢੋਂਦਾ ਹਾਂ।
ਉਸ ਦੇ ਤਲਖ ਤਜੁਰਬੇ, ਮੇਹਣਤ ਦੇ ਡੂੰਗੇ ਪਾਣੀ ਵਿੱਚ,
ਮਨ ਨੂੰ ਲੱਗੀ ਰੋਜ਼ ਰੋਜ਼ ਦੀ  ਕਾਲਖ ਨੂੰ ਮੈਂ ਧੋਂਦਾ ਹਾਂ।
ਫੌਜ ਚੋਂ ਆ ਕੇ ਬਾਪੂ ਨੇ, ਫਿਰ ਕਿਰਸਾਣੀ  ਸੀ ਕੀਤੀ ,
ਨਾਮ ਜਪਨ ਤੇ ਕ੍ਰਿਤ ਕਰਨ ਦੀ ਅਪਣਾਈ ਸੀ ਨੀਤੀ,
ਜਾਂ ਬਾਰਡਰ ਤੇ ਰਾਖੀ ਕਰਨੀ ਜਾਂ ਖੇਤਾਂ ਨੂੰ ਪਾਣੀ ਲਾਣਾ,
ਚੇਤੇ ਕਰ ਕਰ ਝੱਲੇ ਮਨ ਨੂੰ ਐਵੇਂ ਲਾਰੇ ਲਾਉਂਦਾ ਹਾਂ।
ਜੇ ਮਾਂ ਹੁੰਦੀ ਧਰਤੀ ਮਾਤਾ, ਬਾਪੂ  ਵੀ ਹੁੰਦਾ ਹੈ ਸਾਗਰ,
ਬਾਪੂ ਦੇ ਹਨ ਪੈਰ ਸਰੋਵਰ ਵਾਰ ਵਾਰ ਹੱਥ ਧੋਂਦਾ ਹਾਂ।
ਜੇ ਮਾਂ ਦੀ ਗੋਦੀ ਹੈ ਜੰਨਤ,ਬਾਪੂ ਦਾ ਵੀ ਉੱਚਾ ਆਦਰ,
ਬੈਠਾਂ ਵਿੱਚ ਇਕਾਂਤਾਂ ਕਿਧਰੇ ,ਸੋਚ ਦੀ ਚੱਕੀ ਝੋਂਦਾ ਹਾਂ।
ਅੱਜ ਮੈਂ ਜਿੱਥੇ ਜਾ ਪਹੁੰਚਾ ਹਾਂ, ਜੋ ਵੀ ਹਾਂ ਬਾਪੂ ਦੇ ਕਰਕੇ, ,
ਬਾਪੂ ਦੀ ਹਿੰਮਤ ਦੇ ਅੱਗੇ,ਮੈਂ ਲਗਦਾ   ਬੌਣਾ ਬੰਦਾ ਹਾਂ,
ਵੇਖਣ ਜਾਣਾ ਛਿੰਝ ਅਖਾੜੇ,ਬਾਪੂ ਦੇ ਚੜ੍ਹ ਜਦੋਂ ਕੰਧਾੜੇ,
ਖਾਣ ਪੀਣ ਦੀ ਰੀਝ ਪੁਗਾਣੀ, ਬਾਪੂ ਦੇ ਗੁਣ ਗਾਉਂਦਾ ਹਾਂ।
ਜੋ ਮੰਗਿਆ ਉਸ ਲੈ ਕੇ ਦਿੱਤਾ,ਬਾਪੂ ਸੀ ਅਣਖਾਂ ਦਾ ਪੂਰਾ,
ਕਦੇ ਨਾ ਮੰਨੀ ਈਨ ਕਿਸੇ, ਤੈਥੋਂ ਸਿੱਖਿਆ  ਪਾਉਂਦਾਂ ਹਾਂ।
ਜੀਂਦਿਆਂ ਤੇਰੀ ਕਦਰ ਨਾ ਕੀਤੀ,ਬੀਤੇ ਤੇ ਹੁਣ ਪੱਛੋਤਾਵਾਂ
ਮੈਂ ਕੀ ਕੀਤਾ ਤੇਰੀ ਖਾਤਰ, ਵੇਖ ਵੇਖ ਸ਼ਰਮਾਉਂਦਾ ਹਾਂ।
ਬਾਪੂ ਦੀ ਫੋਟੋ ਦੇ ਅੱਗੇ ਜਦ ਮੈਂ ਕਿਤੇ ਖਲੋਂਦਾ ਹਾਂ।
ਉਸ ਦੀਆਂ ਦੇ ਕੁਝ ਹੰਝੂ ਉਸ ਗਲ ਹਾਰ ਪ੍ਰੋਂਦਾ ਹਾਂ।

( ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ)  ਕਿੱਕਰ - ਰਵੇਲ ਸਿੰਘ ਇਟਲੀ  

 ਜਿਵੇਂ ਪੰਜਾਬ ਦੀ ਧਰਤੀ ਇਸ ਵਿੱਚ ਵਹਿੰਦੇ ਪੰਜ ਦਰਿਆਵਾਂ ਕਰਕੇ ਇਹ ਪੰਜਾਬ ਦੇ  ਨਾਂ ਨਾਲ ਜਾਣੀ ਜਾਂਦੀ ਹੈ, ਦੇਸ਼ ਦੀ ਵੰਡ ਕਰਕੇ ਹੁਣ ਦੋ ਹਿੱਸਿਆਂ ਵਾਲੇ ਢਾਈ ਢਾਈ ਦਰਿਆਵਾਂ ਵਿੱਚ ਵੰਡੀ ਜਾਣ  ਬਾਵਜੂਦ ਵੀ ਪੰਜਾਬ  ਭਾਵ ਪੰਜਾਬ ਭਾਵ ਪੰਜ ਪਾਣੀਆਂ ਵਾਲੀ ਧਰਤੀ ਕਰਕੇ ਹੀ ਜਾਣੀ  ਜਾਣੀ ਜਾਂਦੀ ਜਾਂਦੀ ਹੈ।ਪੰਜਾਬ  ਪੰਜ  ਬਾਣੀਆਂ, ਪੰਜ ਨਮਾਜ਼ਾਂ,ਪੰਜ ਪਿਆਰੇ, ਪੰਚਾਂ, ਸਰਪੰਚਾਂ,ਪੰਜਾਂ ਵਿੱਚ ਪ੍ਰਮੇਸ਼ਵਰ ਕਰਕੇ ਅਤੇ ਹੋਰ ਵੀ ਕਈ ਕਈ ਪੱਖੋਂ ਪੰਚ ਪ੍ਰਧਾਨੀ ਧਰਤੀ ਰਹੀ ਹੈ । ਵਾਤਾ ਵਰਣ ਪੱਖੋਂ ਮਾਲਾ ਮਾਲ ਇਸ ਖਿੱਤੇ ਵਿਚ,ਕਿੱਕਰ,ਟਾਹਲੀ, ਧਰੇਕ ਤੂਤ, ਅੰਬ,ਤਾਂ ਇਹ  ਪੰਜੇ  ਤਾਂ ਰੁੱਖਾਂ ਥਾਂ ਥਾਂ ਹੁੰਦੇ ਹਨ।
 ਬੇਸ਼ੱਕ ਇਨ੍ਹਾਂ ਰੁੱਖਾਂ ਦੇ ਇਲਾਵਾ ਹੋਰ ਵੀ ਵੱਡੇ ਛਾਂ ਦਾਰ ਪਿੱਪਲ ਬੋੜ੍ਹ ਤੇ ਹੋਰ ਕਈ ਅਣਗਿਣਤ ਧਾਰਮਕ ਇਤਹਾਸਕ ਰੁੱਖਾਂ ਨਾਲ ਪੰਜਾਬ ਦੀ ਸਰਸਬਜ਼ ਧਰਤੀ ਨੂੰ ਕੁਦਰਤ ਨੇ ਸ਼ਿੰਗਾਰਿਆ ਹੈ।ਜਿਸ ਦੀ ਵਿਆਖਿਆ ਕਰਨ ਲਈ ਬਹੁਤ ਸਮਾ ਚਾਹੀਦਾ ਹੈ।ਜਿਨ੍ਹਾਂ ਬਾਰੇ ਸਮੇਂ ਸਮੇਂ ਸਿਰ ਜਾਣਕਾਰੀ ਆਪਣੇ ਪਾਠਕਾਂ ਨਾਲ ਸਾਂਝੇ ਕਰਨ ਦਾ ਯਤਨ ਕਰਦਾ ਰਹਾਂਗਾ।
 ਹਾਲ ਦੀ ਘੜੀ ਸਭ ਤੋਂ ਪਹਿਲਾਂ ਅੱਜ ਕਿੱਕਰ ਦੇ ਰੁੱਖ ਬਾਰੇ ਕੁੱਝ ਤੁੱਛ ਜਿਹੀ ਜਾਣਕਾਰੀ ਦੀ ਗੱਲ ਕਰਾਂਗੇ।ਕਿੱਕਰ ਦਾ ਰੁੱਖ ਭਾਂਵੇਂ ਬੜੀਆਂ ਤਿੱਖੀਆਂ ਸੂਲ਼ਾਂ ਵਾਲਾ ਛਾਂਦਾਰ ਰੁੱਖ ਹੈ, ਪਰ ਇਸ ਦੇ ਗੁਣਾਂ ਕਰਕੇ ਇਹ ਬਹੁਤ ਹੀ ਗੁਣ ਕਾਰੀ ਰੁੱਖ ਹੈ।ਗਰਮੀਆਂ ਦੀ ਰੁੱਤੇ ਜਦ ਇਹ ਰੁੱਖ ਰੇਸ਼ਮੀ ਸ਼ਨੀਲ ਵਰਗੇ ਪੀਲੇ ਬਸੰਤੀ ਗੋਲ ਗੋਲ ਫੁੱਲਾਂ ਨਾਲ ਲੱਦਿਆ ਹੁੰਦਾ ਹੈ ਤਾਂ ਇਸ ਦੀ ਸੁੰਦਰਤਾ ਤੇ ਬਹਾਰ ਵੇਖਣ ਵਾਲੀ ਹੁੰਦੀ ਹੈ।ਇਹ ਆਮ ਤੌਰ ਤੇ ਰੇਤਲੀ ਜਾਂ ਮੈਰਾ ਜ਼ਮੀਨ ਵਿੱਚ ਆਮ ਹੁੰਦਾ ਹੈ।ਪਹਿਲੇ ਸਮਿਆਂ ਵਿੱਚ ਇਸ ਦੀ ਗਿਣਤੀ ਧਰੇਕ ਦੇ ਤੂਤ  ਵਾਂਗੋਂ ਪਿੰਡਾਂ ਥਾਂਵਾਂ ਵਿੱਚ ਬਹੁਤ ਹੁੰਦੀ ਸੀ। ਪਿੰਡਾਂ ਦੁਆਲੇ ਪਾਣੀ ਦੇ ਛੱਪੜਾਂ ਕੰਡੇ ਕੱਚੇ ਰਾਹਵਾਂ ਅਤੇ ਖੇਤਾਂ ਦੀਆਂ ਵੱਟਾਂ ਅਤੇ ਖੂਹਾਂ ਤੇ ਇਹ ਆਮ ਵੀ ਵੇਖਣ ਨੂੰ ਮਿਲਦਾ ਸੀ।ਪਰ ਇਸ ਦੀ ਘਾਟ ਹੁਣ ਦਿਨੋਂ ਹੁੰਦੀ ਜਾ ਰਹੀ ਹੈ।
ਇਸ ਦੇ ਛੋਟੇ ਛੋਟੇ ਨੁਕੀਲੇ ਪੱਤਿਆਂ ਨੂੰ ਲੁੰਗ ਕਿਹਾ ਜਾਂਦਾ ਸੀ। ਜੋ ਭੇਡਾਂ ਬੱਕਰੀਆਂ ਦੀ ਮਨ ਭਾਂਉਦੀ ਖੁਰਾਕ ਹੈ ਆਜੜੀ ਲੋਕ ਢਾਂਗੀਆਂ ਨਾਲ ਇਸ ਦੀਆਂ ਟਹਿਣੀਆਂ ਕੱਟ ਕੇ ਹੇਠਾਂ ਉਲਾਰ ਕੇ  ਇਨ੍ਹਾਂ ਨੂੰ ਆਪਣੇ ਇੱਜੜਾਂ ਨੂੰ ਖੁਆਉਂਦੇ ਸਨ। ਸੁੱਕੀਆਂ ਕੰਡਿਆਲੀਆਂ ਢੀਂਗਰੀਆਂ ਖੇਤਾਂ ਦੀਆਂ ਫਸਲਾਂ ਨੂੰ ਬਚਾਉਣ ਲਈ ਵਾੜ ਦੇਣ ਦੇ ਕੰਮ ਵੀ ਆਉਂਦੀਆਂ ਹਨ।
 ਕਿੱਕਰ ਦੀ ਹਰੀਆਂ ਟਹਿਣੀਆਂ ਦੀ ਦਾਤਨ ਦੰਦਾ ਨੂੰ ਸਾਫ ਅਤੇ ਪੀਡੇ ਰੱਖਣ ਲਈ ਜਾਣੀ ਜਾਂਦੀ ਸੀ। ਇੱਕ ਗੱਲ  ਦਾਤਨ ਕਰਨ ਬਾਰੇ ਕਰਦਿਆਂ ਯਾਦ ਆ ਗਈ  ਜੋ ਮੈਂ ਪਾਠਕਾਂ ਨਾਲ ਸਾਂਝੀ ਕਰਨੀ ਚਾਹਵਾਂ ਗਾ , ਅੰਗ੍ਰੇਜ਼ ਰਾਜ ਵੇਲੇ ਜਦੋਂ ਇਕ ਪੰਜਾਬੀ ਫੌਜੀ ਰੈਜਮੈਂਟ ਬਾਹਰ ਕਿਸੇ ਮੁਲਕ ਵਿੱਚ ਗਈ ਤਾਂ  ਫੌਜੀਆਂ ਨੂੰ ਲੋਕ  ਦਰਖਤਾਂ ਦੇ ਰੁੱਖਾਂ ਦੀਆਂ ਟਾਹਣੀਆਂ ਦੰਦਾਂ ਨਾਲ ਚਿੱਥਦੇ  ਵੇਖਦੇ ਲੋਕ  ਹੈਰਾਨ ਹੀ ਨਹੀਂ ਸਗੋਂ ਡਰ ਵੀ ਗਏ ਕਿ ਇਹ ਫੌਜੀ ਤਾਂ ਬੜੇ ਖਤਰਨਾਕ ਤੇ ਬਹਾਦਰ ਹਨ, ਜੋ ਲੱਕੜੀ ਨੂੰ ਵੀ ਖਾ ਜਾਂਦੇ ਹਨ, ਇਨ੍ਹਾਂ ਕੋਲੋਂ ਬਚਣ ਦੀ ਲੋੜ ਹੈ।
 ਕਿੱਕਰ ਦੀ ਗੂੰਦ ਅਤੇ ਲੱਕੜ ਬਹੁਤ ਕਾਰਾਮਦ ਚੀਜ਼ ਹੈ ਜੋ ਕਈ ਤਾਕਤ ਦੀਆਂ ਦੁਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਪਹਿਲੇ ਸਮੇਂ ਵਿੱਚ ਕਾਲੀ ਸਿਆਹੀ ਚਮਕਦਾਰ ਬਣਾਉਣ ਲਈ ਵੀ  ਕੰਮ ਆਉਂਦੀ ਸੀ। ਦੇਸੀ ਸ਼ਰਾਬ ਬਣਾਉਣ ਲਈ ਤੇ ਚਮੜਾ ਰੰਗਣ ਦੇ ਕੰਮ ਵੀ ਇਸ ਦੇ ਸੱਕ ਅਤੇ ਛਾਲ ਕੰਮ ਆਉਂਦੇ ਸਨ। ਇਵੇਂ ਹੀ ਇੱਕ ਸੁਹਾਗਾ ਜੋ ਕਿ ਚਿੱਟੇ ਰੰਗ ਦਾ ਠੋਸ ਪਦਾਰਥ ਹੁੰਦਾ ਹੈ ਜਿਸ ਨੂੰ ਸੁਨਿਆਰੇ ਕਾਰੀਗਰ ਸੋਨਾ ਸਾਫ ਕਰਨ ਲਈ ਵਰਤਦੇ ਹਨ, ਪਰ ਦੂਸਰਾ ਕਿੱਕਰ ਦੀ ਲੱਕੜ ਦਾ  ਲੰਮਾ ਭਾਰਾ ਫੱਟੇ ਵਰਗੀ ਸ਼ਕਲ ਦਾ ਟੋਟਾ ਵੀ ਜਿਸ ਨੂੰ ਸੁਹਾਗਾ ਕਿਹਾ ਜਾਂਦਾ ਹੈ ਪੱਕਾ ਭਾਰੀ ਹੋਣ ਕਰੇ ਕਿਸਾਨ ਇਸ ਨੂੰ ਵਾਹੀ ਜ਼ਮੀਨ ਨੂੰ ਪੱਧਰ ਕਰਨ ਲਈ ਅਜੇ ਵੀ ਵਰਤਦੇ ਹਨ।
 ਪਹਿਲੇ ਸਮਿਆਂ ਵਿੱਚ ਕਿੱਕਰ ਦੀ ਲੱਕੜ ਦੇ ਸ਼ਤੀਰ,ਤੇ ਹੋਰ ਕਈ ਘਰ ਦੀ ਚੀਜ਼ਾਂ ਵਸਤਾਂ, ਮੰਜੇ ਦੀਆਂ ਬਾਹੀਆਂ ਅਲਮਾਰੀਆਂ ਆਦ ਬਣਦੀਆਂ ਸਨ।ਕਿੱਕਰ ਗਾੜ੍ਹੇ ਕਾਲੇ ਰਘ ਦੀ ਪੱਕੀ ਬਹੁਤੀ ਹੰਢਣ ਸਾਰ ਹੁੰਦੀ ਹੈ।
ਇਸ ਦੇ ਰੁੱਖ ਦੇ  ਰੁੱਖ ਨੂੰ ਫ਼ਲੀਆਂ ਵਰਗੇ ਫ਼ਲ ਲਗਦੇ ਹਨ ਇਨ੍ਹਾਂ ਨੂੰ ਤੁਕਲੇ ਵੀ ਕਿਹਾ ਜਾਂਦਾ ਹੈ।ਇਨ੍ਹਾਂ ਦੇ ਇਨਾਂ ਕੱਚੇ ਕੂਲੇ ਫਲਾਂ ਦਾ ਆਚਾਰ ਵੀ ਬਣਾਇਆ ਜਾਂਦਾ ਹੈ।ਕਿੱਕਰ ਦਾ ਰੁਖ ਕੰਡੇ ਦਾਰ ਰੁਖ ਹੋਣ ਤੇ ਵੀ ਠੰਡੀ ਛਾਂ ਦੇਣ ਵਾਲਾ ਰੁੱਖ  ਹੈ।ਇਸ ਦੇ ਬੀਜ ਨਿਕੇ ਨਿਕੇ ਗੋਲ ਗੋਲ ਸਖਤ ਅਤੇ ਅੱਖਾਂ ਵਰਗੇ ਕਾਲੇ ਅਤੇ ਕੌੜੇ ਸੁਆਦ ਦੇ ਹੁੰਦੇ ਹਨ।ਤਾਂਹੀਉਂ ਤਾਂ ਅਸੀਂ ਨਿੱਕੇ ਹੁੰਦੇ ਕਿਸੇ ਨੂੰ ਕੋਈ ਗੱਲ ਸਮਝ ਨਾ ਆਉਂਦੀ “ਕੀ” ਕਹਿਣ ਤੇ ਉਸ ਨੂੰ ਹਾਸੇ ਨਾਲ ਕਹਿੰਦਾ ਕਿੱਕਰਾਂ ਦੇ ਬੀਅ ਕੌੜੇ ਲੱਗਣ ਮਿੱਠੇ ਲਗਣ ਮੇਰੇ ਵੱਸ ਕੀ।ਪੁਰਾਣੀਆਂ ਗੱਲਾਂ ਪੁਰਾਣੇ ਕਿੱਸੇ ਪੁਰਾਣੇ ਬੰਦੇ ਪੁਰਾਣੇ ਰਿਸ਼ਤੇ,ਪੁਰਾਣੀਆਂ ਸਾਂਝਾਂ ਪੁਰਾਣੇ ਗੀਤ, ਪੁਰਾਣੀਆਂ ਫਸਲਾਂ,ਪੁਰਾਣੇ ਫਲ਼,ਪੁਰਾਣਾ ਸੱਭਿਆ ਚਾਰ।  ਹੌਲੀ ਹੌਲੀ ਹੁਣ ਪੁਰਾਣੀਆਂ ਯਾਦਾਂ ਬਣਦਾ ਜਾ ਰਿਹਾ ਹੈ। ਜਿਸ ਦੀ ਸਾਂਭ  ਸੰਭਾਲ ਦੇ ਉਪਰਾਲੇ ਤਾਂ ਕੀਤੇ ਜਾ ਰਹੇ ਹਨ। ਪਰ ਸਮੇਂ ਦੀ ਇਸ ਤੇਜ਼ ਰਫਤਾਰੀ ਨੂੰ ਕੌਣ ਰੋਕ ਸਕਦਾ ਹੈ।
ਪੁਰਾਣੇ ਰੁਖਾਂ ਦੀ ਥਾਂ ਹੁਣ ਸਫੈਦੇ ,ਪਾਪੂਲਰ ਦੇ ਕਮਰਸ਼ੀਅਲ  ਵਿਦੇਸ਼ ਰੁੱਖਾਂ ਨੇ ਲੈ ਲਈ ਹੈ। ਜੋ ਹੌਲੀ ਹੌਲੀ ਸਮੇਂ ਦੀ ਜ਼ਰੂਰਤ ਤੇ ਮਜਬੂਰੀ  ਵੀ ਬਣਦਾ ਜਾ ਰਿਹਾ ਹੈ।ਜਿਸ ਦਾ ਅਸਰ ਕਿਸੇ ਇੱਕ ਦੇਸ਼ ਜਾਂ ਥਾਂ ਨਹੀਂ ਸਗੋਂ ਹਰ ਥਾਂ ਵੇਖਣ ਨੂੰ ਮਿਲ ਰਿਹਾ ਹੈ।
ਇਹ ਲੇਖ ਲਿਖਦਿਆਂ ਪਦਮ ਭੂਸ਼ਣ ਭਾਈ ਸਾਹਿਬ ਭਾਰੀ ਵੀਰ ਸਿੰਘ ਜੀ ਦੀਆਂ ਲਿੱਖੀ ਕਵਿਤਾ ਦੀਆਂ ਇਹ ਸੱਤਰਾਂ ਨਾਲ ਲੇਖ ਦੀ ਸਮਾਪਤੀ ਕਰਦਾ ਹਾਂ।
‘ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ ,
ਜਿਉਂ ਜਿਉਂ ਫੜਿਆ ਘੁੱਟ ਸਮੇਂ ਖਿਸਕਾਈ ਕੰਨੀ’।
ਅਤੇ ਕਿੱਕਰਾਂ ਦੇ ਸੁਹਣੇ ਫੁੱਲਾਂ ਵਰਗਾ ਗਾਇਆ ਪ੍ਰਸਿੱਧ ਗਾਇਕਾ ਸਵ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦਾ ਗਾਇਆ ਅਤਿ ਸੁੰਦਰ ਗੀਤ ਦੀਆਂ ਕੁੱਝ ਸਤਰਾਂ :-
‘ਮੇਰਿਆਂ ਵੇ ਮਾਹੀਆ  ਫ਼ੁੱਲ ਕਿੱਕਰਾਂ ਦੇ,
ਕਿੱਕਰਾਂ ਲਾਈ ਬਹਾਰ ਮੇਲੇ ਮਿਤਰਾਂ ਦੇ।‘
ਰਵੇਲ ਸਿੰਘ ਇਟਲੀ