Rewail Singh Italy

ਗ਼ਜ਼ਲ - ਰਵੇਲ ਸਿੰਘ ਇਟਲੀ

ਅਣੋਖੀ ਇਸ ਸ਼ਹਾਦਤ ਦੀ, ਜਦੋਂ ਵੀ ਯਾਦ ਆਂਦੀ ਹੈ।
ਕਲਮ ਹੈ ਸਿਸਕੀਆਂ ਭਰਦੀ,ਜਦੋਂ ਵੀ ਬਾਤ ਪਾਂਦੀ ਹੈ।
ਮੌਸਮ ਗਰਮੀਆਂ ਦਾ ਸੀ, ਕੜਕਦੀ ਧੁੱਪ ਸੀ ਡਾਢੀ,
 ਤਵੀ ਦੇ ਹੇਠ ਭਾਂਬੜ ਸਨ,ਭੜਕਦੀ ਅੱਗ ਸੀ ਡਾਢੀ।
ਚੌਂਕੜਾ ਮਾਰ ਬੈਠਾ ਸੀ, ਉਹ ਰੱਬੀ  ਰਜ਼ਾ ਦੇ ਅੰਦਰ,
ਇਹ ਕੈਸਾ ਹੋ ਰਿਹਾ ਕਾਰਾ ਘਿਣਾਉਣੀ ਫਿਜ਼ਾ ਦੇ ਅੰਦਰ।
ਤਸੀਹੇ ਦੇਣ ਵਾਲੇ ਉਸ, ਬੁਰੇ  ਇਨਸਾਨ ਦੀ ਸੋਚਾਂ,
ਜਬਰ ਤੇ ਸਬਰ ਦੀ  ਸੋਚਾਂ,ਬੁਰੇ ਫਰਮਾਨ ਦੀ ਸੋਚਾਂ। 
ਕਿਹੜੇ ਪਾਪ ਦੇ ਬਦਲੇ,ਤੇ ਕਿਹੜੇ ਜ਼ੁਲਮ ਦੇ ਬਦਲੇ,  
 ਤਸੀਹੇ ਦੇ ਰਿਹਾ ਜਾਬਰ,ਸੀ ਕਿਹੜੇ ਜੁਰਮ ਦੇ ਬਦਲੇ।
ਉਹਦੀ ਬਾਣੀ,ਚ ਮਿੱਠਤ ਸੀ ਮਨਾਂ ਨੂੰ ਠਾਰਦੀ ਰਹਿੰਦੀ,
ਸਾਂਝੇ ਬੋਲ ਸਨ ਜਿਸੇ ਦੇ ਸੀ ਸਭ ਨੂੰ ਤਾਰਦੀ ਰਹਿੰਦੀ।
ਮੀਆਂ ਮੀਰ ਨੇ ਤੱਕਿਆ ਤਾਂ ਧਾਈਂ ਮਾਰ ਕੇ ਰੋਇਆ,
ਮੇਰੇ ਮੌਲਾ, ਮੇਰੇ ਮੌਲਾ,ਇਹ ਕੈਸਾ ਕਹਿਰ ਹੈ ਹੋਇਆ।
ਖੁਦਾ ਦੀ ਬੰਦਗੀ ਵਾਲਾ, ਸਤਾਇਆ ਜਾ ਰਿਹਾ, ਹੈ ਕਿਉਂ,
ਮੁਗਲੀਆ ਰਾਜ ਦਾ ਝੰਡਾ,ਝੁਲਾਇਆ ਜਾ ਰਿਹਾ,ਹੈ ਕਿਉਂ।
ਐਸਾ ਦਰਬਾਰ ਢਹਿ ਜਾਵੇ ਦਰੋ ਦੀਵਾਰ ਢਹਿ ਜਾਵੇ,
ਜਬਰ ਕਰਨ ਵਾਲੇ ਦੀ ਇਹ,ਬੁਰੀ ਸਰਕਾਰ ਢਹਿ ਜਾਵੇ।
ਜਿਸਮ ਸੀ ਛਾਲਿਆਂ ਭਰਿਆ,ਤੇ ਨੂਰੋ ਨੂਰ ਸੀ ਮੁੱਖੜਾ,
ਕਿਸੇ ਤਬਰੇਜ਼ ਤੋਂ ਵੱਖਰਾ, ਅਜਬ ਮਨਸੂਰ ਸੀ ਮੁੱਖੜਾ।
ਕਿਸੇ ਮੂਸਾ ਤੋਂ ਸੀ ਵੱਖਰਾ,ਕਿਸੇ ਕੋਹਿ ਤੂਰ ਤੋਂ ਵੱਖਰਾ,
ਕੋਈ ਚਾਨਣ ਮੁਨਾਰਾ ਸੀ,ਸੀ ਕੋਹਿ ਨੂਰ ਤੋਂ ਵੱਖਰਾ।
ਜਿਤਾ ਕੇ ਸੱਚ ਨੂੰ ਤੁਰਿਆ,ਹਰਾ ਕੇ ਕੂੜ ਨੂੰ ਤੁਰਿਆ,
ਨਵਾਂ ਹੀ ਸਿਰਜ ਕੇ ਤੁਰਿਆ ਮਿਟਾ ਕੇ ਧੂੜ ਨੂੰ ਤੁਰਿਆ।
ਖਾਕੀ ਜਿਸਮ ਦਾ ਪੁਤਲਾ,ਹਵਾਲੇ ਕਰ ਗਿਆ ਰਾਵੀ,
ਸਦਾ ਭਰਦਾ ਗੁਵਾਹੀ ਹੈ ਜੋ ਰਹਿੰਦਾ ਮਨਾਂ ਤੇ  ਹਾਵੀ।
ਸ਼ਹਾਦਤ ਜੱਗ ਤੋਂ ਵੱਖਰੀ ਦਾ,ਉਸ ਦਾ ਮੁੱਲ ਕਿਸ ਪਾਉਣਾ,
ਤੇਰਾ ਰੁਤਬਾ ਬੜਾ ਉੱਚਾ, ਹੈ ਉਸ ਦੇ ਤੁੱਲ ਕਿਸ ਪਾਉਣਾ।
ਸ਼ਹਾਦਤ ਧਰਮ ਦੇ ਬਦਲੇ, ਤੇ ਹੁੰਦੇ ਪਾਪ ਦੀ ਖਾਤਰ,
ਸਦਾ ਡੱਟ ਕੇ ਖਲੋ ਜਾਣਾ, ਹੱਕ ਇਨਸਾਫ ਦੀ ਖਾਤਰ।
ਸਿਖਾਇਆ ਕਿਸਤਰ੍ਹਾਂ ਹੈ ਤੂੰ ਬੜਾ ਕੁੱਝ ਤਾਰਨਾ ਪੈਂਦਾ,
ਤੇ ਇੱਜ਼ਤ ਆਬਰੂ ਖਾਤਰ ਬੜਾ ਕੁਝ ਵਾਰਨਾ ਪੈਂਦਾ।
ਕਦੇ ਵੀ ਨਾ ਭੁਲਾਏ ਗੀ, ਹੈ ਸਾਬਤ ਕੌਮ ਜੋ ਤੇਰੀ,
ਪੰਚਮ ਪਾਤਸ਼ਾਹ ਗੁਰੂ ਅਰਜਨ,ਸ਼ਹਾਦਤ ਅਮਰ ਜੋ ਤੇਰੀ।

ਪੱਥਰ - ਰਵੇਲ ਸਿੰਘ ਇਟਲੀ

ਮੁਸੀਬਤ ਝਾਗਦੇ ਲੋਕੀਂ, ਨੇ ਹੋ ਗਏ ਜਾਪਦੇ ਪੱਥਰ।
ਇਹ ਰਿੜ੍ਹ ਕੇ ਗੋਲ ਨਾ ਹੋਏ,ਭਰੇ ਸੰਤਾਪ ਦੇ ਪੱਥਰ।
ਕਈ ਤਾਂ ਸੌਂ ਗਏ ਪੱਥਰ,ਕਈ ਹਨ ਜਾਗਦੇ ਪੱਥਰ।
ਖੜੇ ਉਥੇ ਦੇ ਉਥੇ ਨੇ,ਇਹ ਜੰਗਲ, ਬਾਗ ਦੇ ਪੱਥਰ।
ਤੁਸੀਂ ਪੱਥਰ ਦੇ ਯੁੱਗ ਵਿਚ ਹੋ,ਪਏ ਨੇ ਸੋਚਦੇ ਪੱਥਰ।
ਦਿਲਾਂ ਦੀ ਥਾਂ ਤੇ ਪੱਥਰ ਨੇ, ਭਰੇ ਪ੍ਰਕੋਪ  ਦੇ ਪੱਥਰ।
ਸਮਾਂ ਵਿਗਿਆਨ ਦਾ ਯਾਰੋ,ਬਣੇ ਕਿਸ ਲੋਕ ਦੇ ਪੱਥਰ।
ਮਨੁੱਖੀ ਘਾਣ ਹੁੰਦਾ ਜਦ, ਤਾਂ ਬਣ ਕੇ ਵੇਖਦੇ ਪੱਥਰ।
ਧਰਮ ਦੇ ਨਾਮ ਉੱਤੇ ਵੀ, ਨੇ ਲੋਕੀਂ ਮਾਰਦੇ ਪੱਥਰ।
ਬੜਾ ਕੁੱਝ ਪੱਥਰਾਂ ਦੇ ਨਾਲ, ਨੇਤਾ ਸਾਰਦੇ ਪੱਥਰ।
ਮੁਨਸਫ ਹੋ ਗਏ ਲਗਦੇ ਬਿਨਾਂ ਇਨਸਾਫ ਦੇ ਪੱਥਰ।
ਮੁਜਰਮ ਹੋ ਗਏ ਪੱਥਰ,ਨਿਰੇ ਇਖਲਾਕ ਦੇ ਪੱਥਰ।
ਇਹ ਚੋਣਾਂ ਦੇ ਮੌਸਮ ਵੀ,ਨੇ ਰਹਿੰਦੇ ਉਗਲ਼ਦੇ  ਪੱਥਰ।
ਇਹ ਨੇਤਾ ਹੋ ਗਏ ਪੱਥਰ,ਨੇ ਕੁਰਸੀ ਵਾਸਤੇ ਪੱਥਰ।
ਇਹ ਪੱਥਰ ਨੇ ਘਰਾਂ ਵਿੱਚ ਵੀ,ਸਜਾਏ ਸੋਭਦੇ ਪੱਥਰ।
ਬੜੇ ਹਨ ਮਤਲਬੀ ਪੱਥਰ, ਭਰੇ ਹਨ ਲੋਭ ਦੇ ਪੱਥਰ।
ਬੜੇ ਹੀ ਯੁੱਗ ਬਦਲੇ ਹਨ, ਸਮੇਂ ਦੇ ਰਾਗ ਦੇ ਪੱਥਰ।
ਕਿਤੇ ਨੇ ਝੌਂਪੜੀ ਦੇ ਵਿੱਚ,ਮਰੇ ਜਜ਼ਬਾਤ ਦੇ ਪੱਥਰ।
ਅਜੇ ਤੱਕ ਯੁੱਗ ਪੱਥਰ ਦਾ ਬੜਾ ਕੁਝ ਆਖਦੇ ਪੱਥਰ।
ਕਦੇ ਏਧਰ ਕਦੇ ਓਧਰ,ਨੇ ਰਹਿੰਦੇ ਝਾਕਦੇ ਪੱਥਰ।

ਸਿਮਟਦੇ ਪਲ਼ . ਟਾਈਮ ਪਾਸ - ਰਵੇਲ ਸਿੰਘ ਇਟਲੀ

ਵਿਦੇਸ਼ ਰਹਿੰਦਿਆਂ  ਹੁਣ ਦਹਾਕੇ ਤੋਂ ਵੱਧ ਦਾ ਸਮਾ ਹੋ ਗਿਆ ਹੈ। ਕੰਪਿਊਟਰ ਤੇ ਲਿਖਣ, ਪੜ੍ਹਨ  ਤੇ ਵੇਖਣ ਲੱਗਿਆਂ ਟਾਈਮ ਪਾਸ ਵਾਹਵਾ ਹੋਈ ਜਾਂਦਾ ਹੈ। ਐਤਵਾਰ ਨੂੰ ਬੱਚੇ ਗੁਰਦੁਵਾਰੇ ਚਲੇ ਜਾਂਦੇ ਹਨ। ਜੀਵਣ ਸਾਥਣ ਨੂੰ ਗੱਡੀ ਦਾ ਸਫਰ ਨਾ ਸੁਖਾਉਣ ਕਰਕੇ ਅਤੇ ਉਸ ਦੇ ਸੱਟ ਲੱਗਣ ਕਰਕੇ ਚੱਲਣ ਫਿਰਣ ਤੋਂ ਔਖਿਆਈ ਹੋਣ ਕਰਕੇ ਉਸ ਨਾਲ ਮੈਂ ਘਰ  ਹੀ ਰਹਿੰਦਾ ਹਾਂ।ਮੌਸਮ ਵੇਖਕੇ ਉਸ ਨਾਲ ਪਾਰਕ ਵਿੱਚ ਵੀ ਚਲਾ ਜਾਂਦਾ ਹਾਂ,ਤੇ ਇਸੇ ਬਹਾਨੇ ਕੁੱਝ ਸੈਰ ਵੀ ਹੋ ਜਾਂਦੀ ਹੈ।  ਪਾਰਕ ਵਿੱਚ ਕੁੱਝ ਸਾਥਣਾਂ ਵਿੱਚ ਬੈਠ ਕੇ ਉਹ ਤਾਂ ਇਧਰ ਖੱਟੀਆਂ ਮਿੱਠੀਆਂ ਗੱਲਾਂ ਬਾਤਾਂ ਕਰ ਕਰਾ ਕੇ ਟਾਈਮ ਪਾਸ ਕਰ ਲੈਂਦੀ ਹੈ। ਅਤੇ ਮੇਰਾ  ਵੀ ਆਪਣੀ ਉਮਰ ਦੇ ਸਾਥੀਆਂ ਨਾਲ ਕੁਝ ਸਮਾਂ ਬੈਠ ਕੇ ਚਲਦੇ ਵਿਸ਼ਿਆਂ ਤੇ ਮਗਜ਼ ਘਸਾਈ ਕਰਦੇ ਦਾ ਟਾਈਮ ਪਾਸ ਹੋ ਜਾਂਦਾ ਹੈ।ਕੁੱਝ ਸਮਾਂ ਪਹਿਲਾਂ ਜਦੋਂ ਮੈਂ ਨਾਲ ਦੇ ਕਸਬੇ ਵਿੱਚ ਰਹਿ ਰਿਹਾ ਸਾਂ, ਤਾਂ ਸ਼ਾਮ ਨੂੰ ਉਥੋਂ ਦੇ ਪਾਰਕ ਵਿੱਚ ਵੀਹ ਤੀਹ ਪੰਜਾਬੀ ਕਾਮੇ ਇੱਕੱਠੇ ਹੋ ਕੇ ਗੱਪ ਸ਼ੱਪ ਕਰਦੇ ਵੇਖੇ ਜਾਂਦੇ ਸਨ।  ਇਨ੍ਹਾਂ ਵਿੱਚ ਕਈ ਤਾਂ ਬਸ ਚਲਦੇ ਫਿਰਦੇ  ਚੈਨਲ ਹੀ ਹੁੰਦੇ ,ਜੋ ਕੁਝ ਆਪ ਸੁਣਨ ਦੀ ਬਜਾਏ ਅਗਲੇ ਨੂੰ ਕੋਈ ਨਵੀਂ ਖ਼ਬਰ ਸੁਣਾਉਣ ਵਿੱਚ ਜਾਂ ਨਵੀਆਂ ਤੋਂ ਨਵੀਆਂ ਖਬਰਾਂ ਤੇ ਸ਼ੋਸ਼ੇ  ਸੁਣਾਉਣ ਵਿੱਚ ਹਰਫਨ ਮੌਲਾ ਹੁੰਦੇ ਸਨ।ਪਰ ਹੌਲੀ ਹੌਲੀ ਕੰਮ ਕਾਰਾਂ ਦੀ ਮੰਦੀ ਕਰਕੇ ਉਨ੍ਹਾਂ ਦੇ ਦੂਰ ਨੇੜੇ ਚਲੇ ਜਾਣ ਕਰਕੇ ਉਸ ਪਾਰਕ ਵਿੱਚ ਹੁਣ ਕੋਈ ਟਾਂਵਾਂ ਟਾਂਵਾਂ ਪੰਜਾਬੀ ਬੰਦਾ ਹੀ ਬੈਠਾ ਨਜ਼ਰ ਆਉਂਦਾ ਹੈ। ਹੁਣ ਇਸ ਪਾਰਕ ਦਾ ਵੀ ਹੁਣ ਉਹੀ ਹੈ।ਬਸ ਮੇਰੇ ਸਮੇਤ ਮੇਰੀ ਉਮਰ ਦੇ ਵੱਧ ਤੋਂ ਦੋ ਤਿੰਨ ਬੰਦੇ  ਗੱਲਾਂ ਬਾਤਾਂ ਕਰਨ ਲਈ ਬੈਠੇ ਹੁੰਦੇ ਹਨ। ਜੋ ਕਈ ਦੁੱਖ ਸੁੱਖ ਅਤੇ ਪੁਰਾਣੇ ਸਮੇਂ ਦੀਆਂ ਹੋਈਆਂ ਬੀਤੀਆਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ।ਕਿਸੇ ਦੀ ਜੀਵਣ ਸਾਥਣ ਕਾਫੀ ਦੇਰ ਤੋਂ ਉਸਦਾ ਸਦਾ ਲਈ ਸਾਥ ਛਡ ਚੁਕੀ ਹੈ, ਇਕ ਜਦ ਹੁਣੇ ਪੰਜਾਬ ਗਿਆ ਸੀ ਉਸਦੀ ਘਰ ਵਾਲੀ ਅਚਾਣਕ ਹਾਰਟ ਅਟੈਕ ਦਾ ਸ਼ਿਕਾਰ ਹੋ ਕੇ ਉਸ ਨੂੰ ਸਦਾ ਲਈ ਵਿਛੋੜਾ ਦੇ ਗਈ।ਕੋਈ ਵਿਦੇਸ਼ੀ ਪੈਨਸ਼ਨੀਆ ਹੈ, ਜਿਸ ਦੀ ਜੀਵਣ ਸਾਥਣ ਦੀਆਂ ਅੱਖਾਂ ਖਰਾਬ ਰਹਿਣ ਕਰਕੇ ਉਸ ਦੀ ਚਿੰਤਾ ਬਣੀ ਰਹਿੰਦੀ ਹੈ। ਮੇਰੀ ਜੀਵਣ ਸਾਥਣ ਸੱਟ ਲਗਣ ਕਰਕੇ ਸੋਟੀ ਦਾ ਸਹਾਰੇ  ਚੱਲਣ ਕਰਕੇ ਉਸ ਨਾਲ ਬਾਹਰ ਅੰਦਰ ਜਾਣ ਕਰਕੇ ਮੇਰੀ ਚਾਲ ਵੀ ਉਸ ਵਰਗੀ ਹੀ ਹੋ ਗਈ ਹੈ।ਸਾਡੀ ਹਾਲਤ ਤਾਂ ਜਿਵੇਂ ਹੁਣ ਘੜੀ ਦੇ ਪੈਂਡੂਲੰਮ ਵਰਗੀ ਜਾਪਦੀ ਹੈ।ਕਦੇ ਏਧਰ ਕਦੇ  ਓਧਰ ਹੁੰਦਿਆਂ ਹੀ ਬਸ ਆਪਣੇ  ਪਛੋਕੜ ਦੀਆਂ ਗੱਲਾਂ  ਕਰਦਿਆਂ ਕਰਦਿਆਂ ਹੀ ਟਾਈਮ ਪਾਸ ਹੋਈ ਜਾਂਦਾ ਹੈ।

ਗੰਮਾਂ ਦੀ ਗੰਢ  ਭਾਰੀ ਹੈ, ਕਿਸ ਥਾਂ ਖੋਲ੍ਹੀਏ ਜਾ ਕੇ।
ਮਜਲਸ,ਘੱਟ ਜੁੜਦੀ  ਹੈ,ਕਿਸ ਥਾਂ ਬੈਠੀਏ ਜਾ ਕੇ।
ਯਾਦਾਂ ਦੇ ਸਹਾਰੇ ਹੀ, ਇਹ ਪਲ਼ ਗੁਜ਼ਰਦੇ ਰਹਿੰਦੇ,
ਸਮੇਂ ਦੀ ਚਾਲ ਕਾਹਲੀ ਹੈ,ਮੁਸ਼ਕਲ ਰੋਕੀਏ ਜਾ ਕੇ।
ਹੁੰਗਾਰਾ ਭਰਣ ਵਾਲਾ ਵੀ,ਕਿਤੇ ਕੋਈ ਢੂੰਡਣਾ ਪੈਂਦਾ,
ਕਹਾਣੀ ਬਹੁਤ ਲੰਮੀ ਹੈ,ਕਿਸ ਥਾਂ ਫੋਲੀਏ ਜਾ ਕੇ।

       ਮੇਰੇ ਦੋਵੇਂ ਪੋਤੇ ਜੋ ਇਟਲੀ ਦੇ ਜੰਮ ਪਲ ਹਨ। ਦੋਵੇਂ ਹੀ ਕੇਸਾ ਧਾਰੀ ਹਨ, ਪਟਕੇ ਬਨ੍ਹੀਂ ਜਦ ਸਕੂਲੋਂ ਘਰ ਪਰਤਦੇ ਹਨ ਤਾਂ ਉਹ ਦੂਰੋਂ ਪਛਾਣੇ ਜਾਂਦੇ ਹਨ।ਸ਼ਾਮਾਂ ਨੂੰ ਫੁੱਟ ਬਾਲ ਖੇਡਣ ਲਈ ਸੈਡੀਅਮ ਜਾਂਦੇ ਹਨ।ਘਰ ਵਿੱਚ ਵੀ ਕਦੇ  ਵੇਹਲੇ ਵੇਲੇ ਉਹ ਮੈਨੂੰ ਵੀ ਨਾਂਹ ਨਾਂਹ ਕਰਦੇ ਆਪਣਾ ਰੈਫਰੀ ਬਣਾ ਲੈਂਦੇ ਹਨ।ਦੋਵੇਂ ਹੀ ਗੋਲ ਮਟੋਲ ਅਤੇ ਚੰਚਲ ਸੁਭਾਅ ਦੇ ਹਨ। ਨਿੱਕਾ ਮੇਰੇ ਕੋਲ ਸੌਣ ਕਰਕੇ ਮੈਨੂੰ ਬੜਾ ਪਿਆਰ ਕਰਦਾ ਹੈ।ਮੈਨੂੰ ਗੁਦ ਗੁਦੀਆਂ (ਕੁਤਕੁਤਾੜੀਆਂ) ਬਹੁਤ ਹੁੰਦੀਆਂ ਹਨ। ਉਹ ਜਦੋਂ ਕਦੇ ਮੌਜ ਵਿੱਚ ਹੁੰਦਾ ਹੈ ਤਾਂ ਮੇਰੇ ਗੁਦ ਗੁਦੀਆਂ ਕੱਢਦਾ ਮੈਨੁੰ ਹਸਾ ਹਸਾ ਕੇ ਲੋਟ ਪੋਟ ਕਰ ਛੱਡਦਾ ਹੈ।ਕਦੇ ਡਾਕਟਰ ਬਣ ਕੇ ਮੇਰੀ ਛਾਤੀ ਚੈੱਕ ਕਰਨ ਲੱਗ ਪੈਂਦਾ ਹੈ।ਉਸ ਦੀ ਛੇੜ ਛਾੜ ਤੇ ਜਦੋਂ ਮੈਨੂੰ ਹਾਸਾ ਆ ਜਾਂਦਾ ਹੈ ਤਾਂ ਕਹਿੰਦਾ ਹੈ,ਕਿ ਡੈਡੀ ਆਰਾਮ ਨਾਲ ਪਏ ਰਹੋ ਤੁਹਾਨੂੰ ਪਤਾ ਨਹੀਂ ਮੈਂ ਡਾਕਟਰ ਹਾਂ,ਤੁਸੀਂ ਬੀਮਾਰ ਹੋ,ਕਦੇ ਬੀਮਾਰ ਵੀ ਹੱਸਦੇ ਹੁੰਦੇ ਹਨ।ਫਿਰ ਮੇਰਾ ਖੂਨ ਚੈਕ ਕਰਨ ਦੀ ਨਕਲ ਲਾਹੁੰਦਾ, ਮੇਰੇ ਡੌਲੇ ਤੇ ਪੱਟੀ ਬਨ੍ਹ ਕੇ ਪੈਨਸਿਲ ਦੀ ਸਰਿੰਜ ਬਣਾ ਕੇ ਖੂਨ ਦਾ ਸੈਂਪਲ ਲੈਂਦਾ ਹੈ।ਕਦੇ ਦੋਵੇਂ ਤਾਸ਼ ਲੈ ਕੇ ਮੇਰੇ ਮਗਰ ਪੈ ਜਾਂਦੇ ਹਨ ਕਹਿੰਦੇ ਹਨ ਡੈਡੀ ਜੀ ਆਓ ਭਾਬੀ ਬਨਾਉਣ ਵਾਲੀ ਤਾਸ਼ ਖੇਡੀਏ,ਦੋਵੇਂ ਹੀ ਚੁਲਬਲੇ ਤੇ ਤੇਜ਼ ਹਨ।ਮੈਨੂੰ ਹਰਾ ਕੇ ਮੇਰੇ ਦੁਆਲੇ ,ਭਾਬੀ ਭਾਬੀ’ ਕਹਿੰਦੇ ਨੱਚਦੇ ਟੱਪਦੇ ਮੈਨੂੰਮਿੱਠਾ ਮਿੱਠਾ ਹਾਸਾ ਠੱਠਾ ਤੇਮਖੌਲ ਕਰਦੇ ਹਨ।ਕਦੇ ਮੈਂ ਵੀ ਜਾਣ ਬੁੱਝ ਕੇ ਉਨ੍ਹਾਂ ਨੂੰ ਜਿਤਾ ਕੇ ਵੀ ਖੁਸ਼ ਹੁੰਦੇ ਵੇਖਦਾ ਹਾਂ, ਕਿਉਂ ਜੋ ਮੇਰੇ ਲਈ ਉਹ ਖਿਡਾਉਣੇ ਹਨ ਅਤੇ ਮੈਂ ਵੀ ਉਨ੍ਹਾਂ ਲਈ ਖਿਡਾਉਣਾ ਬਣ ਜਾਂਦਾ ਹਾਂ।ਕਦੇ ਉਹ ਮੈਨੂੰ ਬਾਤਾਂ, ਸੁਣਾਉਣ ਦੀ ਜ਼ਿੱਦ ਵੀ ਕਰਦੇ ਹਨ।ਮੈਂ ਉਨ੍ਹਾਂ ਦਾ ਮਨ ਪਰਚਾਵਾ ਕਰਨ ਲਈ ਕੁੱਝ ਸੁਣੀਆਂ ਸੁਣਾਈਆਂ ਪੁਰਾਣੀਆਂ ਬਾਤਾਂ ਸੁਣਾ ਉਨ੍ਹਾਂ ਦਾ ਮਨ ਪਰਚਾਵਾ ਕਰਦਾ ਹਾਂ ।ਕਈ ਵਾਰ ਕੰਪਿਊਟਰ ਤੇ ਲਿਖਣ ਵੇਲੇ ਕਿਸੇ ਸਿਰਲੇਖ ਤੇ ਕੋਈ ਜਚਦੀ ਫੋਟੋ ਲਾਉਣ ਦੀ ਲੋੜ ਹੋਵੇ ਤਾਂ ਦੋਵੇਂ ਇੱਸ ਕੰਮ ਵਿੱਚ  ਮੇਰੀ ਮਦਦ ਕਰਕੇ ਮੇਰੀ ਕੋਈ ਛੋਟੀ ਮੋਟੀ ਮੁਸ਼ਕਲ ਵੀ ਹੱਲ ਕਰ ਦੇਂਦੇ ਹਨ।ਜਦੋਂ ਕਿਤੇ ਮੈਂ ਕੰਪਿਊਟਰ ਤੇ ਕੋਈ ਕਵਿਤਾ ਲਿਖਦਾ ਹੁੰਦਾ ਤਾਂ ਉਹ ਕਹਿੰਦੇ ਨੇ ਸਾਡੀ ਵੀ ਕੋਈ ਕਵਿਤਾ ਲਿਖ ਕੇ ਸੁਣਾਓ, ਕਈ ਵਾਰ ਜਦੋਂ ਉਨ੍ਹਾਂ ਬਾਰੇ ਕਵਿਤਾ ਲਿਖ ਕੇ ਉਨ੍ਹਾਂ ਨੂੰ ਸੁਣਾਉਂਦਾ ਹਾਂ ਤਾਂ ਉਹ ਖੁਸ਼ ਹੋ ਕੇ ਵਾਹ ਵਾਹ ਕਰਦੇ ਤਾੜੀਆਂ ਵਜਾਉਣ ਲੱਗ ਪੈਂਦੇ ਹਨ,ਇਵੇਂ ਜਾਪਦਾ ਹੈ ਜਿਵੇਂ ਮੈਂ ਕਿਸੇ ਬਾਲ ਸਭਾ ਵਿੱਚ ਬੈਠਾ ਹੋਵਾਂ,ਇਸੇ ਤਰ੍ਹਾਂ ਬਸ ਟਾਈਮ ਪਾਸ ਹੋਈ ਜਾਂਦਾ ਹੈ।
            ਵਧਦੀ ਉਮਰ ਕਰਕੇ ਅਤੇ ਬੈਠਕ ਜ਼ਿਆਦਾ ਹੋਣ ਕਰਕੇ ਸਰੀਰ ਢਿਲਕ ਜਾਣ  ਕਰਕੇ ਪੇਟ ਵੀ ਵਧ ਗਿਆ ਹੈ।ਜਿਸ ਕਰਕੇ ਮੈਨੂੰ ਉਨ੍ਹਾਂ ਦੇ ਹਾਸੇ ਠੱਠੇ ਦਾ ਕਾਰਣ ਬਣਨਾ ਪੈਂਦਾ ਹੈ।ਮੈਨੂੰ ਮਖੌਲ ਨਾਲ ਕਹਿੰਦੇ ਹਨ ਡੈਡੀ ਤੁਸੀਂ ਏਨੇ ਮੋਟੇ ਹੋ, ਤੁਹਾਨੂੰ ਦਾਦੀ ਮਾਂ ਨੇ ਕਿਸ ਤਰ੍ਹਾਂ ਪਸੰਦ ਕਰ ਲਿਆ।ਮੈਂ ਘੜਿਆ ਘੜਾਇਆ ਜੁਵਾਬ ਦੇਂਦਾ ਹਾਂ ਪੁੱਤਰ ਜੀ ਇਹ ਗੱਲ ਮੈਨੂੰ ਨਹੀਂ ਦਾਦੀ ਮਾਂ ਨੂੰ ਪੁੱਛੋ ਤਾਂ ਉਸ ਦੁਆਲੇ ਜਾ ਹੁੰਦੇ ਹਨ। ਉਹ ਸੋਟੀ ਦੇ ਸਹਾਰੇ ਚਲਦੀ ਹੈ।ਉਸ ਦੀ ਸੋਟੀ ਫੜ ਕੇ ਕਈ ਵਾਰ ਉਸ ਦੇ ਸਾਂਗ ਲਾਉਣ ਲੱਗ ਪੈਂਦੇ ਹਨ,ਉਹ ਹੱਸਦੀ ਹੱਸਦੀ ਲੋਟ ਪੋਟ ਹੋਕੇ  ਉਨ੍ਹਾਂ ਨੂੰ ਕਲਾਵੇ ਵਿੱਚ ਭਰ ਲੈ ਲੈਂਦੀ ਹੈ,ਇਸ ਤਰ੍ਹਾਂ ਉਨ੍ਹਾਂ ਨਾਲ ਹਸਦੇ ਹਸਾਂਦੇ ਟਾਈਮ ਪਾਸ ਚੰਗਾ ਹੋ ਜਾਂਦਾ ਹੈ।
         ਜਦੋਂ ਕਦੇ  ਉਹ ਸਾਹਿਬਜ਼ਾਦਿਆਂ ਦੀ ਮੂਵੀ  ਵੇਖਦੇ ਹਨ ਤਾਂ ਮੇਰੇ ਕੋਲ ਆ ਕੇ ਕਈ ਗੱਲਾਂ ਪੁੱਛਦੇ ਹਨ।ਕਦੇ ਕਹਿੰਦੇ ਹਨ,ਜਦੋਂ ਬਾਬਾ ਜੀ ਨੇ ਸਰਸਾ ਨਦੀ ਨੂੰ ਪਾਰ ਕੀਤਾ ਤਾਂ ਬਾਬਾ ਜੀ ਦਾ ਘੋੜਾ ਤੇ ਉਨ੍ਹਾਂ ਦਾ ਬਾਜ਼ ਕਿੱਥੇ ਚਲਾ ਗਿਆ।ਸਾਹਿਬ ਜ਼ਾਦਿਆਂ ਨੂੰ ਬੇਦੋਸ਼ਿਆਂ ਨੂੰ ਨੀਹਾਂ ਵਿਚ  ਚਿਣ ਕੇ ਕਿਉਂ ਸ਼ਹੀਦ ਕੀਤਾ ਗਿਆ ਉਨ੍ਹਾਂ ਦਾ ਕੀ ਕਸੂਰ ਸੀ।ਉਨ੍ਹਾਂ ਦੀ ਦਾਦੀ ਨੂੰ ਇੱਕਲੀ ਨੂੰ ਕਿਉਂ ਛੱਡ ਗਏ।ਮੂਵੀ ਵਿਚ ਸੁਣਿਆ  ਗੀਤ “ ਵੇਲਾ ਆ ਗਿਆ ਹੈ ਦਾਦੀ ਹੁਣ ਜੁਦਾਈ ਦਾ ,ਜਦੋਂ ਸੁਣਦੇ ਹਨ ਤਾਂ ਦੋਵੇਂ ਅੱਖਾਂ ਭਰ ਲੈਂਦੇ ਹਨ, ਮੈਂ ਵੀ ਭਾਵੁਕ ਹੋਏ ਬਿਣਾਂ ਨਹੀਂ ਰਹਿ ਸਕਦਾ।ਫਿਰ ਜ਼ਰਾ ਕਾਇਮ ਹੋ ਕੇ ਉਨ੍ਹਾਂ ਦੇ ਸੁਵਾਲ ਉਨ੍ਹਾਂ ਦੀ ਮਾਸੂਮੀਅਤ ਅਨੁਸਾਰ ਦਿੰਦਾ ਹਾਂ। ਇਸ ਸਮੇਂ ਵਿੱਚ ਮੇਰੇ ਲਈ ਟਾਈਮ ਪਾਸ ਕਰਨਾ ਬੜਾ ਔਖਾ ਹੁੰਦਾ ਹੈ।ਖਿਆਲਾਂ ਦੇ ਕਈ ਝੱਖੜ ਮੇਰੇ ਅੰਦਰ ਝੁੱਲਣੇ ਸ਼ੁਰੂ ਹੋ ਜਾਂਦੇ ਹਨ ਜੋ ਸੰਭਾਲਣੇ ਮੁਸ਼ਕਿਲ ਹੋ ਜਾਂਦੇ ਹਨ। ਫਿਰ ਟਾਈਮ ਪਾਸ ਕਰਨ ਦੇ ਬਹਾਨੇ ਕੁਝ ਲਿਖਣ ਲਈ ਬੈਠ ਜਾਂਦਾ ਹਾਂ।
          ਇਸ ਦੱਸ ਸਾਲ ਦੇ ਅਰਸੇ ਵਿੱਚ ਮੈਂ ਵਿੱਚ ਵਿਚਾਲੇ ਪੰਜਾਬ ਵੀ ਆਉਂਦਾ ਜਾਂਦਾ ਰਹਿੰਦਾ ਹਾਂ।ਉੱਥੇ ਵੀ’ਮਹਿਰਮ ਸਾਹਿਤ ਸਭਾ’ ਨਵਾਂ ਸ਼ਾਲਾ ਵਿਖੇ ਸਮੇਂ ਸਮੇਂ ਸਿਰ ਕਈ ਪ੍ਰਿਸੱਧ ਲੇਖਕਾਂ ਕਵੀਆਂ ਨੂੰ ਮਿਲਣ ਦਾ ਮੌਕਾ ਮਿਲਦਾ ਰਹਿੰਦਾ ਹੈ।ਹੋਰ ਵੀ ਰੁਝੇਵੇਂ ਹੋਣ ਕਰਕੇ ਸਮਾ ਗੁਜ਼ਰਦੇ ਪਤਾ ਹੀ ਨਹੀਂ ਚਲਦਾ, ਕਈ ਦੇਸ਼ੀ ਤੇ ਵਿਦੇਸ਼ੀ ਲੇਖਕ ਮਿਲਦੇ ਹਨ,ਕਈ ਵਿਸ਼ਿਆਂ ਤੇ ਵਿਚਾਰ ਵਟਾਂਦਰੇ ਕਰਨ ਦਾ ਮੌਕਾ ਮਿਲਦਾ ਹੈ।ਕਿਤਾਬਾਂ ਦੀ ਘੁੰਡ ਚੁਕਾਈਆਂ ਹੁੰਦੀਆਂ ਹਨ।ਮਾਣ ਸਤਿਕਾਰ ਦਿੱਤੇ ਲਏ ਜਾਂਦੇ ਹਨ। ਕਵੀ ਦਰਬਾਰ ਹੁੰਦੇ ਹਨ। ਕਵਿਤਾ ਦੇ ਵੰਨ ਸੁਵੰਨੇ ਰੰਗ ਸੁਣਨ ਨੂੰ ਮਿਲਦੇ ਹਨ। ਟਾਈਮ ਪਾਸ ਉਥੇ ਵੀ ਚੰਗਾ ਹੋਈ ਜਾਂਦਾ ਹੈ।
                ਬਹੁਤ ਸਮਾ ਪਹਿਲਾਂ ਇੱਥੇ ਰਹਿੰਦੇ ਕਾਮੇ ਲੇਖਕਾਂ ਨੇ ਬੜੇ ਉੱਦਮ ਨਾਲ ਇੱਕ ਸਭਾ ,ਸਾਹਿਤ ਸੁਰ ਸੰਗਮ ਸਭਾ ਇਟਲੀ, ਦਾ ਗਠਨ ਕੀਤਾ ਗਿਆ ਸੀ।ਜੋ ਹੌਲੀ ਹੌਲੀ  ਕੰਮ ਧੰਦੇ ਨਾ ਹੋਣ ਕਰਕੇ ਮੈਂਬਰਾਂ ਦੀ ਗਿਣਤੀ ਘਟਦੀ ਘਟਦੀ  ਘਟ ਗਈ।ਹੁਣ ਉਨ੍ਹਾਂ ਦੀਆਂ ਲਿਖਤਾਂ ਤੇ ਚੇਹਰੇ ਮੋਹਰੇ ਕਦੇ ਕਦੇ ਫੇਸ ਬੁੱਕ ਵਿੱਚ ਜਾਂ ਕੁਝ ਪੰਜਾਬੀ ਵੈਬ ਸਾਈਟਾਂ ਤੇ ਉਨ੍ਹਾਂ ਨੂੰ ਪੜ੍ਹ ਕੇ ਟਾਈਮ ਪਾਸ ਕਰ ਲਈਦਾ ਹੈ।ਮੀਡੀਆ ਪੰਜਾਬ ਜਰਮਨੀ ਨਾਲ ਵਿਦੇਸ਼ ਆਕੇ  ਮੇਰਾ ਲਿਖਣ ਤੇ ਪੜ੍ਹਨ ਦਾ ਸੱਭ ਤੋਂ ਪਹਿਲਾਂ ਵਾਹ ਪਿਆ ਸੀ,ਜੋ ਹੁਣ ਤੱਕ ਉਸੇ ਤਰ੍ਹਾਂ  ਹੈ।ਇਸ ਵੈਬ ਸਾਈਟ ਤੇ ਚੰਗੇ ਚੰਗੇ ਲੇਖਕਾਂ ਦੀਆਂ ਰਚਨਾਂਵਾਂ ਪੜ੍ਹ ਸੁਣ ਕੇ ਕੇ ਮੈਨੂੰ ਹੋਰ ਚੰਗਾ ਲਿਖਣ ਅਤੇ ਸਿੱਖਣ ਸਮਝਣ ਲਈ ਉਤਸ਼ਾਹ ਤਾਂ  ਮਿਲਦਾ ਹੀ ਹੈ,ਨਾਲੇ ਟਾਈਮ ਪਾਸ ਵੀ ਹੋ ਜਾਂਦਾ ਹੈ।
         ਕਿਤੇ ਆਉਂਦੇ ਜਾਂਦੇ ਜਦੋਂ ਕੋਈ ਹਾਲ ਪੁੱਛੇ ਤਾਂ ਜ਼ਿੰਦਗੀ ਦੀ ਰੰਗ ਬਰੰਗੀਆਂ ਲੀਰਾਂ ਵਿੱਚ ਲਪੇਟੀ ਖਿੱਧੋ ਵਾਂਗ  ਸੱਭ ਕੁਝ ਸਮੇਟ ਕੇ ਕਹਿ ਛੱਡੀ ਦੈ,ਮਾਲਕ ਦਾ ਸ਼ੁਕਰ ਆ ਜੀ ਟਾਈਮ ਪਾਸ ਹੋਈ ਜਾਂਦਾ ਹੈ।ਜ਼ਿੰਦਗੀ ਹੈ ਵੀ ਤਾਂ ਇਸੇ ਤਰ੍ਹਾਂ ਦੀ, ਜਿਸ ਦੀਆਂ ਪਰਤਾਂ ਦੀ ਫਰੋਲਾ ਫਰੋਲੀ ਕਰਦਿਆਂ ਹੀ ਬੰਦੇ ਦਾ ਟਈਮ ਪਾਸ ਹੋਈ ਜਾਂਦਾ ਹੈ।

ਜ਼ਿੰਦਗੀ ਐ ਜ਼ਿੰਦਗੀ,ਮੁਸ਼ਕਲ ਹੈ ਤੈਨੂੰ ਸਮਝਣਾ।
ਇੱਸ ਅਜਬ ਖੇਡ ਨੂੰ, ਸਭ ਨੂੰ ਹੈ  ਪੈਣਾ ਖੇਡਣਾ।
ਤੇਰੀ ਹੀ ਦੌੜ ਵਿੱਚ ,ਰਹਿ ਕੇ ਅਖੀਰ ਤੀਕ,
ਏਸੇ ਹੀ ਖੇਡ ਵਿੱਚ,ਕਿਤੇ ਹਾਰਨਾ ਕਿਤੇ ਜਿੱਤਣਾ।
ਜਿੱਦਾਂ ਤੂੰ ਬੀਤ ਗਈ, ਧਨਵਾਦ  ਤੇਰਾ ਜ਼ਿੰਦਗੀ,
ਬਸ ਹੁਣ ਰਹਿ ਗਿਆ,ਬੀਤੇ ਦੇ ਸ਼ੀਸ਼ੇ ਚੋਂ ਝਾਕਣਾ।

ਵਿਸਾਖੀ ਦੇ ਦਿਨ - ਰਵੇਲ ਸਿੰਘ ਇਟਲੀ

 ਜਦੋਂ ਸੰਤ ਸਿਪਾਹੀ ਦਸ਼ਮੇਸ਼ ਜੀ ਨੇ,ਰਚਿਆ ਨਵਾਂ  ਇਤਹਾਸ ਵਿਸਾਖੀ ਦੇ ਦਿਨ।
  ਕਰਕੇ ਵੱਡਾ ਇੱਕੱਠ ਅਨੰਦ ਪੁਰ ਵਿੱਚ,ਬੜਾ ਖਾਸ ਤੋਂ ਖਾਸ ਵਿਸਾਖੀ ਦੇ ਦਿਨ।
  ਜ਼ਾਤ ਪਾਤ ਨੂੰ ਮੇਟ ਕੇ ਇੱਕ ਕਰਕੇ,   ਕੀਤਾ ਬੰਦ ਖਲਾਸ ਵਿਸਾਖੀ ਦੇ ਦਿਨ।
  ਕਿਵੇਂ ਆਬੇ ਹਯਾਤ ਤਿਆਰ ਕਰਕੇ,ਦਿੱਤਾ ਨਵਾਂ ਧਰਵਾਸ ਵਿਸਾਖੀ ਦੇ ਦਿਨ।

 ਪੰਜ ਬਾਣੀਆਂ,ਪੰਜ ਪਿਆਰਿਆਂ ਨੂੰ,ਦਿੱਤਾ ਕਿਵੇਂ ਸਤਿਕਾਰ ਵਿਸਾਖੀ ਦੇ ਦਿਨ।
ਕਿਵੇਂ ਸਿੱਖ ਨੂੰ ਸੁੰਦਰ ਸਰੂਪ ਦੇ ਕੇ, ਬਖਸ਼ੇ ਪੰਜ ਕਕਾਰ ਵਿਸਾਖੀ ਦੇ ਦਿਨ।
ਸੱਚ, ਹੱਕ, ਨਿਆਂ, ਤੇ ਧਰਮ ਬਦਲੇ,ਕੀਤਾ ਸਦਾ ਤਿਆਰ ਵਿਸਾਖੀ ਦੇ ਦਿਨ।
ਸਿਰਜੀ ਕੌਮ ਸੀ ਬੀਰ ਬਹਾਦਰਾਂ ਦੀ,ਕੀਤਾ ਵੱਡਾ ਉਪਕਾਰ ਵਿਸਾਖੀ ਦੇ ਦਿਨ।

ਜੀਣਾ ਅਣਖ ਅੰਦਰ,ਨਾਲ ਗੈਰਤਾਂ ਦੇ, ਨਾਲੇ ਸਿੱਖੀ ਸੰਭਾਲ ਵਿਸਾਖੀ ਦੇ ਦਿਨ। 
ਜਬਰ ਜ਼ੁਲਮ ਅੱਗੇ ਸਦਾ ਜੂਝਣਾ ਹੈ ,ਬਣਕੇ ਮਾੜੇ ਦੀ ਢਾਲ ਵਿਸਾਖੀ ਦੇ ਦਿਨ।
ਕਿਵੇਂ ਮੁਰਦਿਆਂ ਵਿੱਚ ਵੀ ਭਰੀ ਸ਼ਕਤੀ,ਅੰਦਰ ਭਰੇ ਪੰਡਾਲ ਵਿਸਾਖੀ ਦੇ ਦਿਨ।
ਸੇਵਾ ਸਿਮਰਣ ਗੁਰਬਾਣੀ ਦੇ ਨਾਲ ਜੀ ਕੇ,ਬਣਨਾ ਕਿਵੇਂ ਮਿਸਾਲ ਵਿਸਾਖੀ ਦੇ ਦਿਨ।

ਮੁਗਲਰਾਜ ਦੇ ਜਾਬਰਾਂ ਅੱਤ ਚੁਕੀ,ਧੱਕਾ ਜ਼ੋਰੀਆਂ, ਦੌਰ ਵਿਸਾਖੀ ਦੇ ਦਿਨ।
ਕਿਵੇਂ ਜ਼ੁਲਮ ਦੇ ਦੈਂਤ ਦਾ ਨਾਸ ਕਰੀਏ,ਕੀਤਾ ਕਿਸਤਰ੍ਹਾਂ ਗੌਰ ਵਿਸਾਖੀ ਦੇ ਦਿਨ।
ਜਦੋਂ ਤੱਕੇ  ਨਜ਼ਾਰੇ ਰਜਵਾੜਿਆਂ ਨੇ,ਉੱਡ ਗਏ ਹੋਸ਼ ਦੇ ਭੌਰ ਵਿਸਾਖੀ ਦੇ ਦਿਨ।
ਰੱਤ ਪੀਣਿਆਂ,ਜ਼ਾਲਮਾਂ ਜਾਬਰਾਂ ਦੇ, ਬਦਲ ਗਏ  ਸੀ ਤੌਰ ਵਿਸਾਖੀ ਦੇ ਦਿਨ।

ਮੰਗਾਂ ਰਹਿਮਤਾਂ, ਏਕਤਾ ਖਾਲਸੇ ਲਈ,ਇਹੋ ਕਰਾਂ ਮੈਂ ਆਸ ਵਿਸਾਖੀ ਦੇ ਦਿਨ।
ਝੰਡੇ ਝੂਲਦੇ ਰਹਿਣ ਸਦਾ ਖਾਲਸੇ ਦੇ,ਉਤੇ ਧਰਤ ਆਕਾਸ਼ ਵਿਸਾਖੀ ਦੇ ਦਿਨ।
ਚੜ੍ਹਦੀ ਕਲਾ ਹੋਵੇ ਸਦਾ ਖਾਲਸੇ ਦੀ,ਮੇਰੀ ਏਹੋ ਅਰਦਾਸ ਵਿਸਾਖੀ ਦੇ ਦਿਨ।
ਨਾਲ ਨਿਮ੍ਰਤਾ ਜੋੜ ਕੇ ਹੱਥ ਦੋਵੇਂ ਦੱਸਾਂ ਗੁਰਾਂ ਦੇ ਪਾਸ ਵਿਸਾਖੀ ਦੇ ਦਿਨ।

12 April 2019

 ਚੋਣਾਂ ਦੇ ਝੱਖੜ - ਰਵੇਲ ਸਿੰਘ

ਮੁੜ ਫਿਰ ਉਹੀ ਕਹਾਣੀ ਪੈ ਗਈ।
ਪਾਣੀ ਵਿੱਚ ਮਧਾਣੀ ਪੈ ਗਈ।
ਝੁੱਲੇ ਫਿਰ ਚੋਣਾਂ ਦੇ ਝੱਖੜ.
ਔਖੀ ਜਿੰਦ ਛੁਡਾਉਣੀ ਪੈ ਗਈ।
ਕੁਰਸੀ ਪਿੱਛੇ ਵੇਖੋ ਕਿੱਦਾਂ,
ਮੁੜਕੇ ਲੋਟੂ ਢਾਣੀ ਪੈ ਗਈ।
ਚੌਧਰ ਪਿੱਛੇ ਦੂਸ਼ਣ ਬਾਜ਼ੀ,
ਭੈਂਗੀ ਗੰਜੀ ਕਾਣੀ ਪੈ ਗਈ।
ਅੰਦਰੋ ਅੰਦਰ ਪੱਕਦੀ ਖਿਚੜੀ
ਕੱਚੀ ਪੱਕੀ ਖਾਣੀ ਪੈ ਗਈ।
ਨੇਤਾ ਨੂੰ ਫਿਰ ਲਾਰੇ ਫੋਕੇ ਵਾਅਦੇ,
ਜੰਤਾ ਲਾਰੇ ਲਾਣੀ ਪੈ ਗਈ।
ਧਰਮ ਦੇ ਨਾਂ ਤੇ ਵੋਟਾਂ ਖਾਤਰ,
ਨਫਰਤ ਫਿਰ ਫੈਲਾਣੀ ਪੈ ਗਈ,
ਖਾਲੀ ਝੋਲਾ ਵਾਂਗ ਮਦਾਰੀ ,
ਜੰਤਾ ਨੂੰ ਭਰਮਾਣੀ ਪੈ ਗਈ।
ਜੋੜ ਤੋੜ ਵਿੱਚ ਰੁੱਝੇ ਲੀਡਰ,
ਅਸਲੀ ਗੱਲ ਭੁਲਾਣੀ ਪੈ ਗਈ।
ਨੇਤਾਂਵਾਂ ਨੂੰ ਤਾਂ ਫਿਕਰ ਹੈ ਇੱਕੋ ,
ਕਰਸੀ ਕਿਵੇਂ ਬਚਾਣੀ ਪੈ ਗਈ।

ਇੱਕ ਮਿੱਠੀ ਪਿਆਰੀ ਸ਼ਖਸੀਅਤ ਸਵ,ਡਾ.ਬਲਰਾਜ ਚੋਪੜਾ ਜੀ - ਰਵੇਲ ਸਿੰਘ ਇਟਲੀ

ਗੁਰਦਾਸੁਪੁਰ ਸ਼ਹਿਰ ਬੇਸ਼ੱਕ ਛੋਟਾ ਜਿਹਾ ਸ਼ਹਿਰ ਹੈ,ਪਰ ਜ਼ਿਲਾ ਤੇ ਅਤੇ ਕਚਹਿਰੀਆਂ ਵੀ ਇਥੇ ਹੋਣ ਕਰਕੇ ਇੱਸ ਛੋਟੇ ਤੇ ਸਾਦੇ ਜਿਹੇ ਸ਼ਹਿਰ ਦੀ ਅਹਿਮੀਅਤ ਕਾਫੀ ਹੈ।ਇੱਸ ਸ਼ਹਿਰ ਦੇ ਤੰਗ ਪਰ ਬਹੁਤ ਭੀੜ ਭੜੱਕੇ ਵਾਲੇ ਅੰਦਰੂਨੀ ਬਾਜ਼ਾਰ ਨਾਂ ਦੇ ਬਾਜ਼ਾਰ  ਨੂੰ ਇਸ ਸ਼ਹਿਰ ਦਾ ਦਿਲ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਇਹ ਬਾਜ਼ਾਰ ਬਾਟਾ ਚੌਕ ਤੋਂ ਕਬੂਤਰੀ ਗੇਟ ਤੱਕ ਹੈ। ਜਿਥੇ ਲਗ ਪਗ ਹਰ ਕਿਸਮ ਦੀਆਂ ਚੀਜ਼ਾਂ ਵਸਤਾਂ ਖਰੀਦਣ ਦੀਆਂ ਦੁਕਾਨਾਂ ਹਨ। ਬਾਟਾ ਚੌਂਕ ਤੋਂ ਮਸਾਂ ਦੱਸ ਬਾਰਾਂ ਦੁਕਾਨਾ ਛੱਡ ਕੇ, ਇਕ ਸੁਨਿਆਰੇ ਦੀ ਦੁਕਾਨ ਦੇ ਐਨ ਸਾਮ੍ਹਣੇ  ਇੱਕ ਛੋਟੀ ਜਿਹੀ ਆਇਤਕਾਰ ਦੁਕਾਨ ਦੇ ਹਰੇ ਰੰਗ ਦੇ ਦਰਵਾਜ਼ੇ ਤੇ ਬਾਹਰ ਮੋਟੇ ਅੱਖਰਾਂ  ਵਿੱਚ ਲਿਖਿਆ, ਬਲਰਾਜ ਚੋਪੜਾ ਸੀਨੀਅਰ  ਆਰ. ਐਮ. ਪੀ, ਇੱਸ ਦੁਕਾਨ ਦੀ ਚਿਰੋਕਣੀ ਪੱਕੀ ਪਛਾਣ ਬਣ ਚੁਕਾ ਹੈ।
         ਆਪਣੀ  ਨੌਕਰੀ ਦੇ ਦੌਰਾਨ ਕਿਸੇ ਮਾੜੀ ਮੋਟੀ ਸਰੀਰਕ ਤਕਲੀਫ ਹੋਣ ਤੇ ਮੈਨੂੰ ਇੱਸ ਦੁਕਾਨ ਤੇ ਆਉਣ,ਜਾਣ ਦਾ ਮੌਕਾ ਮਿਲਦਾ ਰਿਹਾ। ਚੋਪੜਾ ਜੀ ਸੁਹਣੇ ਸੁਣੱਖੇ ਨੈਣ ਨਕਸ਼ਾਂ ਵਾਲੇ ਬੜੇ ਹਸ ਮੁਖੇ ਸਾਊ  ਸੁਭਾ  ਅਤੇ ਸ਼ਾਇਰਾਨਾ ਤਬੀਅਤ ਦੇ ਮਾਲਿਕ ਸਨ।ਮਰੀਜ਼ਾਂ ਦਾ ਇਲਾਜ ਕਰਨ ਦੇ ਇਲਾਵਾ ਉਨ੍ਹਾਂ ਦੀ ਦੁਵਾਈਆਂ ਦੀ ਫਾਰਮੇਸੀ ਵੀ ਹੈ।ਜਿੱਥੋਂ ਦੇਸੀ ਅਤੇ ਅੰਗਰੇਜ਼ੀ ਦੁਵਾਈਆਂ ਆਮ ਮਿਲ ਜਾਂਦੀਆਂ ਹਨ। ਪਿੱਛੇ ਵੱਲ ਨੂੰ ਲੰਮੀ ਦੁਕਾਨ ਤੇ ਐਨ ਵਿੱਚਕਾਰ ਉਹਨਾਂ ਨੇ ਮਰੀਜ਼ਾਂ ਨੂੰ ਵੇਖਣ ਦੀ  ਥਾਂ ਬਣਾਈ ਹੋਈ ਹੈ। ਇੱਕ ਪਾਸੇ ਮਰੀਜ਼ਾਂ ਦੇ ਬੈਠਣ ਲਈ ਬੈਂਚ ਲੱਗੇ ਹੋਏ ਹਨ।ਬਾਕੀ ਦੁਕਾਨਾਂ ਦੇ ਰੈਕਾਂ ਅਤੇ ਅਲਮਾਰੀਆਂ ਵਿੱਚ ਦੁਆਈਆਂ ਲਗੀਆਂ ਹੋਈਆਂ ਹਨ। ਦੁਆਈਆਂ ਵੇਚਣ ਦਾ ਅਤੇ ਇਲਾਜ ਕਰਨ ਦਾ, ਦੋਵੇਂ ਕੰਮ ਨਾਲ ਨਾਲ ਚਲਦੇ ਰਹਿੰਦੇ ਹਨ ।ਦੁਕਾਨ ਛੋਟੀ ਹੋਣ ਕਰਕੇ ਭਰੀ ਭਰੀ ਲਗਦੀ ਹੈ। ਜਦੋਂ ਵੀ ਵੇਖੀਦਾ ਹੈ, ਦੁਕਾਨ ਤੇ ਮਰੀਜ਼ਾਂ ਅਤੇ ਦੁਆਈਆਂ ਲੈਣ ਵਾਲਿਆਂ ਗਾਹਕਾਂ ਦੀ ਭੀੜ ਹੀ ਲਗੀ ਰਹਿੰਦੀ ਹੈ।ਖਾਸ ਕਰਕੇ ਜੋੜਾਂ ਦੇ ਦਰਦਾਂ ਦੀਆਂ ਗੋਲ ਅਤੇ ਲੰਮੀਆਂ ਪੁੜੀਆਂ ਅਤੇ ਕੈਪਸੂਲਾਂ ਨਾਲ ਛੋਟੀਆਂ ਚਾਂਦੀ ਦੇ ਵਰਕ ਵਿੱਚ ਲਪੇਟੀਆਂ ਗੋਲੀਆਂ ਉਨ੍ਹਾਂ ਦੀ ਖਾਸ ਦੁਵਾ  ਬਹੁਤ ਮਸ਼ਹੂਰ ਹੈ।ਜੋ ਲੋਕ ਦੂਰੋਂ ਦੂਰੋਂ ਲੈਣ ਲਈ ਉਨ੍ਹਾਂ ਕੋਲ ਆਉਂਦੇ ਹਨ। ਇੱਸ ਦੇ ਇਲਾਵਾ ਰੀਹ ਦੀ ਪੀੜ ਦੀਆਂ ਕਾਲੀਆਂ ਗੋਲੀਆਂ  ਅਤੇ ਪ੍ਰਹੇਜ਼ ਲਈ ਨਾਲ ਇਸ਼ਤਹਾਰ ਵੀ ਮੁਫਤ ਉਥੋਂ ਮੁਫਤ ਮਿਲਦੇ  ਹਨ।ਜੋ ਉਨ੍ਹਾਂ ਦਾ  ਹਰ ਅਮੀਰ ਗਰੀਬ ਮਰੀਜ਼ਾਂ ਲਈ ਉਨ੍ਹਾਂ ਦਾ ਵੱਡਾ ਉਪਕਾਰ ਹੈ । ਉਨ੍ਹਾਂ ਦੇ ਬਹੁਤੇ ਮਰੀਜ਼ ਦੂਰ ਦੁਰਾਡੇ ਪਿੰਡਾਂ ਤੋਂ ਉਨ੍ਹਾਂ ਦੀ ਮਸ਼ਹੂਰੀ ਵੇਖ ਕੇ ਆਉਂਦੇ ਹਨ।ਉਨ੍ਹਾਂ ਦਾ ਇੱਕ ਨੌਜਵਾਨ ਹਸ ਮੁਖਾ ਬੇਟਾ ਵੀ ਉਨ੍ਹਾਂ ਨਾਲ ਦੁਵਾਈਆਂ ਵੇਚਣ ਦਾ ਕੰਮ ਉਨ੍ਹਾਂ ਨਾਲ  ਕਰਦਾ ਹੁੰਦਾ ਸੀ ਜੋ ਹੁਣ ਇੱਸ ਦੁਨੀਆਂ ਨੂੰ ਅਲਵਿਦਾ ਕਹਿ ਚੁਕਾ ਹੈ।ਹੋਰ ਵੀ ਕੁੱਝ ਸਹਾਇਕ ਉਨ੍ਹਾਂ ਦੀ ਫਾਰ ਮੇਸੀ ਵਿੱਚ ਦੁਵਾਈਆਂ ਵੇਚਣ ਦਾ ਕੰਮ ਕਰਦੇ ਹਨ।
       ਜਦੋਂ ਕਦੇ ਉਨ੍ਹਾਂ ਕੋਲ ਜਾਣ ਦਾ ਕਦੇ ਮੌਕਾ ਮਿਲਦਾ ਤਾਂ,ਉਹ ਮਿੱਠੀਆਂ ਮਿੱਠੀਆ ਗੱਲਾਂ ਕਰਦੇ ਉਕਤਾਉਂਦੇ ਨਾ, ਅਤੇ ਉਹ ਕੰਮ ਕਰਦੇ ਕਦੇ ਕਦੇ ਹਸਦੇ ਹਸਦੇ ਆਪਣੇ ਕੰਮ ਦੇ ਨਾਲ ਨਾਲ ਸ਼ਾਇਰੋ ਸ਼ਾਇਰੀ ਵੀ ਕਰ ਜਾਂਦੇ , ਅਤੇ ਨਾਲ ਮਰੀਜ਼ਾਂ ਦਾ ਇਲਾਜ ਵੀ ਕਰੀ ਜਾਂਦੇ ਸਨ। ਉਨ੍ਹਾਂ ਦੀ ਯਾਦਾਸ਼ਤ ਕਮਾਲ ਦੀ ਸੀ,ਬਹੁਤ ਕੀਮਤੀ ਸ਼ੇਅਰ ਉਨ੍ਹਾਂ ਨੂੰ ਯਾਦ ਸਨ ਜੋ ਉਹ ਬੜੀ ਨਜ਼ਾਕਤ ਨਾਲ ਕੰਮ ਕਰਦੇ ਬੋਲਦੇ ।ਉਰਦੂ ਫਾਰਸੀ ਚੰਗੀ ਤਰ੍ਹਾਂ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਸਨ।ਉਨ੍ਹਾਂ ਦੇ ਸੁਣਾਏ ਕੁੱਝ ਸ਼ੇਅਰ ਜਿਨੇ ਕੁ ਮੈਨੂੰ ਮਾੜੇ ਮੋਟੇ ਯਾਦ ਆਉਂਦੇ ਹਨ ਪਾਠਕਾਂ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ  ,
     ਦਿਲੋਂ ਕਾ ਫਾਸਿਲਾ,ਕੁਝ ਕੰਮ ਕਰੋ,ਖੁਦਾ ਵਾਲੋ,
     ਨਮਾਜ਼ੇ ਜ਼ਿੰਦਗੀ,ਕਿਰਦਾਰ ਕੇ ਸਿਵਾ ਕਿਆ ਹੈ।
               ਹੋਰ
     ਜ਼ਾਹਿਦ ਤੁਝੇ ਮਾਲੂਮ ਨਹੀਂ,ਅੰਦਾਜ਼ੇ ਹਕੀਕਤ,
     ਸਰ ਖੁਦ ਬਖੁਦ ਝੁਕਤਾ ਹੈ , ਝੁਕਾਇਆ ਨਹੀਂ ਜਾਤਾ।
       ਜਦੋਂ ਵੀ ਕਦੇ ਪੰਜਾਬ ਜਾਣ ਦਾ ਮੌਕਾ ਮਿਲਦਾ ਹੈ  ਮਾੜਾ ਮੋਟਾ ਸਰੀਰ ਢਿੱਲਾ ਮੱਠਾ ਹੋਣ ਤੇ ਜਾਂ ਕਿਸੇ ਨਾ ਕਿਸੇ ਹੋਰ ਬਹਾਨੇ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲ ਹੀ ਜਾਂਦਾ ਹੈ।ਉਨ੍ਹਾਂ ਨੂੰ ਉਸੇ ਤਰ੍ਹਾਂ ਹਸਦੇ ਕੰਮ ਕਰਦੇ ਵੇਖ ਕੇ  ਮਨ ਕੁੱਝ ਹੌਲਾ ਜਿਹਾ ਹੋ ਜਾਂਦਾ ।ਉਹ ਮੈਨੂੰ ਪਹਿਚਾਣ ਲੈਂਦੇ  ਤੇ ਵਿਦੇਸ਼ ਬਾਰੇ ਬਹੁਤ ਕੁੱਝ ਪੁੱਛਦੇ ਰਹਿੰਦੇ ।ਆਪਣੇ ਦੇਸ਼ ਨਾਲੋਂ ਬਹੁਤ ਕੁੱਝ ਵੱਖਰਾ ਹੋਣ ਤੇ ਸੁਣ ਕੇ ਖੁਸ਼ ਵੀ ਹੁੰਦੇ ਤੇ ਕਹਿੰਦੇ ਕਿ ਸਾਨੂੰ ਵੀ ਉਨ੍ਹਾਂ ਦੀ ਰੀਸ ਕਰਕੇ  ਉਨ੍ਹਾਂ ਵਾਂਗ ਤਰੱਕੀ ਕਰਨੀ ਚਾਹੀਦੀ ਹੈ।ਕੁੱਝ ਪਲ ਉਨ੍ਹਾਂ ਦੀ ਵਿਹਲ ਵੇਲੇ ਉਨ੍ਹਾਂ ਨਾਲ ਬਿਤਾਏ ਪਲ ਬਹੁਤ ਯਾਦ ਆਉੰਦੇ ਹਨ।ਜੋ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੇ ਕਰਨ ਨੂੰ ਮਨ ਕਰਦਾ ਹੈ।
            ਇੱਕ ਵਾਰ ਜਦੋਂ  ਕਾਫੀ ਸਮਾਂ ਵਿਦੇਸ਼ ਰਹਿਕੇ ਮੈਂ ਪੰਜਾਬ  ਪਰਤਿਆ  ਤਾਂ ਇੱਕ  ਦਿਨ ਮੈਂ ਕਿਸੇ ਕੰਮ ਲਈ ਬਾਜ਼ਾਰ ਵਿੱਚੋਂ ਉਨ੍ਹਾਂ ਦੀ ਦੁਕਾਨ ਅੱਗੋਂ ਲੰਘਦਿਆਂ ਉਨ੍ਹਾਂ ਨੂੰ ਦੁਕਾਨ ਤੇ ਬੈਠਿਆਂ ਵੇਖ ਕੇ ਉਨ੍ਹਾਂ ਪਾਸ ਗਿਆ ਤਾਂ ਹੁਣ ਉਨ੍ਹਾਂ ਦੀ ਸਿਹਤ ਅੱਗੇ ਵਰਗੀ ਨਹੀਂ ਸੀ ਜਾਪ ਰਹੀ ਪਰ ਚਿਹਰੇ ਤੇ ਕੁੱਝ ਅਜੀਬ ਉਦਾਸੀ ਜਾਪੀ,ਮੈਂ ਦੁਕਾਨ ਦੀ ਸਾਮ੍ਹਣੇ ਦੀ ਦੀਵਾਰ ਤੇ ਟੰਗੀ ਫੁੱਲਾਂ ਦੇ ਹਾਰ ਵਾਲੀ ਫੋਟੋ ਵੇਖ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਦੇ ਉਸ ਦੇ ਸਵਰਗ ਵਾਸ ਹੋ ਚੁਕੇ ਬੇਟੇ ਦਾ ਗਾਹਕਾਂ ਪ੍ਰਤੀ ਨਿੱਘਾ ਵਤੀਰਾ ਯਾਦ ਕਰਕੇ ਉਸ ਬਾਰੇ ਮੈਂ ਨਾ ਰਹਿ ਸਕਿਆ।ਮੇਰੇ ਕੋਲ ਬੈਠੇ ਹੋਏ ਚੋਪੜਾ ਜੀ ਚੁਪ ਚਾਪ  ਆਪਣੀ ਠੋਡੀ ਤੇ ਉੰਗਲਾਂ ਤੇ ਲਗਾਈ ਟਿਕਟਿਕੀ ਤੋਂ ਚੁੱਪ ਦਾ ਪੱਥਰ ਹਟਾਉਂਦੇ ਹੋਏ ਆਪਣੇ ਪੁਤਰ ਦੀ ਤਸਵੀਰ ਵੱਲ ਵੇਖਦੇ ਹੋਏ ਬੋਲੇ,
       ਜਿਸ ਕੀ ਚੀਜ਼ ਥੀ, ਰੱਖੀ ਇਮਾਣਤ ਸਮਝ ਕਰ,
       ਵੁਹ ਵਾਪਿਸ ਲੇ ਗਿਆ, ਤੋ ਗਿਲਾ ਕਿਸ  ਪੈ ਕਰੇਂ।
         ਦੁਕਾਨ ਤੇ ਉਸੇ ਤਰ੍ਹਾਂ ਹੀ ਗਾਹਕਾਂ ਦੀ ਭੀੜ ਲੱਗੀ ਹੋਈ ਸੀ, ਹੁਣ ਉਨ੍ਹਾਂ ਦਾ ਸਦਾ ਲਈ ਇੱਸ ਸੰਸਾਰ ਨੂੰ ਛੱਡ ਚੁਕੇ ਉਨ੍ਹਾਂ ਦਾ ਬੇਟੇ ਦਾ ਬੇਟਾ ਭਾਵ ਉਨ੍ਹਾਂ ਦਾ ਪੋਤਰਾ ਵੀ ਡਾਕਟਰੀ ਦਾ ਕੋਰਸ ਕਰਕੇ ਮਰੀਜ਼ਾਂ ਨੂੰ ਵੇਖ ਕੇ ਦੁਆਈਆਂ ਦੇ ਰਿਹਾ ਸੀ।ਮਰੀਜ਼ ਉਸੇ ਤਰ੍ਹਾਂ ਆਈ ਜਾ ਰਹੇ ਸਨ। ਹੁਣ ਉਹ ਅੱਗੇ ਨਾਲੋਂ ਕਮਜ਼ੋਰ ਤੇ ਵਡੇਰੀ ਉਮਰ ਦੇ ਜਾਪਦੇ ਹਨ। ਪਰ ਉਨ੍ਹਾਂ ਦੇ ਬੋਲਾਂ ਵਿੱਚ ਉਨ੍ਹਾਂ ਦੀ ਅਜੀਬ ਜਿਹੀ ਮੁਸਕ੍ਰਾਹਟ ਤੇ ਦਰਦ ਪੀੜ ਵੇਦਨਾ ਤੇ ਉਦਾਸੀ ਦਾ ਰਲਵਾਂ ਮਿਲਵਾਂ ਝਲਕਾਰਾ ਵੇਖਣ ਨੂੰ ਮਿਲਿਆ।ਉਹ ਫਿਰ  ਸਹਿਜ ਸੁਭਾ ਹੀ ਜਿਵੇਂ ਕਿਸੇ ਸੋਚ ਸਾਗਰ ਵਿੱਚੋਂ ਉਭਰਦੇ ਹੋਏ ਬੋਲੇ……
“ਏਕ ਯਿਹ ਜਹਾਂ,ਏਕ ਵੁਹ ਜਹਾਂ,ਇਨ ਦੋ ਜਹਾਂ ਕੇ ਦਰਮਿਆਂ,
ਬਸ ਫਾਸਲਾ ਹੈ,ਏਕ ਸਾਂਸ ਕਾ, ਜੋ ਚੱਲ ਰਹੀ ਤੋ ਯਿਹ ਜਹਾਂ,
ਜੋ ਰੁਕ ਗਈ ਤੋ ਵੁਹ ਜਹਾਂ।“ 
      ਮੈਂ ਕੁੱਝ ਹੀ ਦੇਰ ਉਨ੍ਹਾਂ ਕੋਲ ਬਿਤਾ ਕੇ ਭਰੇ ਤੇ ਉਦਾਸ ਮਨ ਨਾਲ ਘਰ ਵਾਪਸ ਪਰਤ ਆਇਆ।ਪਰ ਇੱਥੇ ਵਿਦੇਸ਼ ਰਹਿੰਦੇ ਵੀ ਮੈਂ ਉੱਸ ਮਿਠੀ ਪਿਆਰੀ ਤੇ ਸੱਭ ਦਾ ਭਲਾ ਮੰਗਣ ਵਾਲੀ ਸ਼ਖਸੀਅਤ ਡਾਕਟਰ ਚੋਪੜਾ ਜੀ ਦੀ ਯਾਦ ਵਿੱਚ ਕਦੇ ਕਦੇ ਗੁਆਚਿਆ ਰਹਿੰਦਾ ਹਾਂ। ਤੇ ਆਪਣੇ ਆਪ ਦੇ ਰੂਬਰੂ ਹੋ ਕੇ ਆਪਣੇ ਆਪ ਨੂੰ ਕਈ ਸੁਵਾਲ ਕਰਕੇ ਉਨ੍ਹਾਂ ਦਾ ਉਤਰ ਭਾਲਦਾ ਰਹਿੰਦਾ ਹਾਂ। ਜਿਨ੍ਹਾਂ ਵਿੱਚੋਂ ਕਈਆਂ ਦਾ ਕੁੱਝ ਅਣ ਕਿਆਸਿਆ ਜਿਹਾ ਉੱਤਰ ਤਾਂ ਮਿਲ ਜਾਂਦਾ ਹੈ ਪਰ ਕਈ ਸੁਵਾਲ, ਸੁਵਾਲੀਆ ਚਿਨ੍ਹ ਹੀ ਬਣ ਕੇ ਰਹਿ ਜਾਂਦੇ ਹਨ।ਜਿਨ੍ਹਾਂ ਵਿੱਚ ਡਾ. ਚੋਪੜਾ ਜੀ ਵਰਗੇ ਨੇਕ ਦਿਲ ਅਤੇ ਪਰ ਉਪਕਾਰੀ ਸੁਭਾ ਦੇ ਇਨਸਾਨਾਂ ਦੇ ਜੀਵਣ ਵਿੱਚ ਹੋਏ ਇਸਤਰਾਂ ਦੇ  ਉਮਰ ਦੇ ਆਖਰੀ ਹਿੱਸੇ ਵਿੱਚ ਇਹੋ ਜਿਹੇ ਵਿਛੋੜੇ ਦੇ ਹੰਢਾ ਰਹੇ ਉਦਾਸ ਪਲਾਂ ਦੀ ਯਾਦ ਮੇਰੀ ਸੋਚ ਤੇ ਸਦਾ ਭਾਰੂ ਰਹਿੰਦੀ।ਸੋਚਦਾ ਕਿ ਜਦ ਕਦੇ ਪੰਜਾਬ ਪਰਤਾਂਗਾ ਤਾਂ ਫਿਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਮਿਲਣ ਦਾ ਯਤਨ ਕਰਾਂਗਾ। ਆਖਰ ਮੇਰਾ ਪੰਜਾਬ ਜਾਣ ਦਾ ਅਧੂਰਾ ਸੁਪਨਾ ਤਾਂ ਪੂਰਾ ਹੋ ਹੀ  ਗਿਆ।ਪਰ ਉਨ੍ਹਾਂ ਨੂੰ ਮਿਲਣ ਦੀ ਆਸ ਵਿੱਚੇ ਧਰੀ ਧਰਾਈ ਹੀ ਰਹਿ ਗਈ ਜਦੋਂ ਇਕ ਦਿਨ ਉਨ੍ਹਾਂ ਦੀ ਦੁਕਾਨ ਕੋਲੋਂ ਲੰਘਦਾ ਹੋਇਆ  ਉਨ੍ਹਾਂ ਦੀ ਦੁਕਾਨ ਅੰਦਰ ਦਾਖਲ ਹੁੰਦੇ ਹੀ ਉਨ੍ਹਾਂ ਦੀ ਆਪਣੀ ਫੁੱਲਾਂ ਦੇ ਵਾਲੇ ਹਾਰ ਤਸਵੀਰ ਉਨ੍ਹਾਂ ਦੇ ਪੁੱਤਰ ਵਾਲੀ ਥਾਂ ਤੇ ਲਟਕੀ ਵੇਖ ਕੇ ਉਨ੍ਹਾਂ ਬਾਰੇ ਕੁਝ ਪੁੱਛਣ ਦੀ ਬਜਾਏ ਮੈਂ ਐਵੇਂ ਸੁੰਨ ਜਿਹਾ ਹੋਇਆ  ਵਾਪਸ ਪਰਤ ਆਇਆ।
       ਦੁਕਾਨ ਦਾ ਸਾਰਾ ਕੰਮ ਕਾਜ ਤਾਂ ਬੇਸ਼ੱਕ ਉਸੇ ਤਰ੍ਹਾਂ ਚੱਲ ਰਿਹਾ ਸੀ ਪਰ ਉਨ੍ਹਾਂ ਕੋਲ ਕਿਸੇ ਬਹਾਨੇ ਬੈਠ ਕੇ ਬਿਤਾਏ ਪਲਾਂ ਦੀ ਯਾਦ ਭੁੱਲ ਜਾਣਾ ਬੜਾ ਔਖਾ ਜਿਹਾ ਲਗਦਾ ਹੈ।ਹੁਣੇ ਹੁਣੇ ਮੇਰੇ ਮਿੱਤਰ ਮਲਕੀਅਤ ਸੋਹਲ ਨੇ ਫੋਨ ਤੇ ਮੈਨੂੰ ਫੋਨ ਤੇ ਦੱਸਿਆ ਕਿ ਚੋਪੜਾ ਜੀ ਦੇ ਸਾਮ੍ਹਣੇ ਵਾਲੇ ਸ੍ਰੀ ਜਨਕ ਰਾਜ ਸਰਾਫ ਜੋ ਕਿ ਆਪਣੇ ਕੰਮ ਦੇ ਨਾਲ ਨਾਲ ਉਰਦੂ ਫਾਰਸੀ ਦੇ ਇਕ ਵਧੀਆ ਸ਼ਾਇਰ ਅਤੇ ਗ਼ਜ਼ਲਗੋ ਵੀ ਸਨ ਜਿਨਾਂ ਦੀ ਲਿਖੀ ਫਾਰਸੀ ਗ਼ਜ਼ਲਾਂ ਦੀ ਪੁਸਤਕ ‘ਆਬਸ਼ਾਰ’ ਦਾ ਉਲਥਾ ਸਵਰਗਾਸੀ ਪ੍ਰੀਤਮ ਸਿੰਘ ,ਦਰਦੀ, ਜੀ ਦਾ ਕੀਤਾ ਹੋਇਆ ਜੋ  ਮੈਂ ਅਜੇ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਉਹ ਵੀ ਕੁਝ ਦਿਨ ਹੋਏ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ।
           ਉਨ੍ਹਾਂ ਨੂੰ ਯਾਦ ਕਰਦਿਆਂ  ਕਵਿਤਾ ਦੀਆਂ ਕੁਝ ਸਤਰਾਂ ਅਛੋਪਲੇ ਹੀ ਮਨ ਚੋਂ ਨਿਕਲ ਆਈਆਂ,    
                  ਯਾਦਾਂ ਲੈ ਫਰੋਲ ਮਿਤਰਾ,ਇਹੀ ਤੇਰੇ ਕੋਲ ਮਿੱਤਰਾ।
                   ਬੀਤੀਆਂ ਕਹਾਣੀਆਂ ਨੇ ਯਾਦਾਂ ਜੋ ਪੁਰਾਣੀਆਂ ਨੇ,
                   ਭਰੀ ਤੇਰੀ ਝੋਲ ਮਿੱਤਰਾ,ਇਹੀ ਤੇਰੇ ਕੋਲ ਮਿੱਤਰਾ।
                  ਸਜਨਾਂ ਪਿਆਰਿਆਂ ਦੇ,ਚਮਕਦੇ ਸਿਤਾਰਿਆਂ ਦੇ,
                  ਸਾਂਝੇ ਕੀਤੇ ਬੋਲ ਮਿੱਤਰਾ,ਇਹੀ ਤੇਰੇ ਕੋਲ ਮਿੱਤਰਾ।
                  ਬੈਠ ਕੇ ਉਡੀਕ,ਕਦੋਂ ਤੇਰੀ ਵਾਰੀ,ਕਦੋਂ ਮਾਰਨੀ ਉਡਾਰੀ,
                  ਦੁਨੀਆ ਹੈ ਗੋਲ ਮਿਤਰਾ ਇਹੀ ਤੇਰੇ ਕੋਲ ਮਿੱਤਰਾ।
                  ਕਈ ਵੇਖੀਆਂ ਬਹਾਰਾਂ, ਉੱਡੇ ਨਾਲ ਹਾਂ ਉਡਾਰਾਂ,
                  ਕੀਤੇ ਨੇ ਕਲੋਲ ਮਿਤਰਾ,ਇਹੀ ਤੇਰੇ ਕੋਲ ਮਿੱਤਰਾ।

20 March 2019

ਪੰਜਾਬ - ਰਵੇਲ ਸਿੰਘ ਇਟਲੀ

ਦੱਸੋ ਕੀ ਹੁਣ ਕਰੇ ਪੰਜਾਬ।
ਨਾ ਡੁੱਬੇ ਨਾ ਤਰੇ ਪੰਜਾਬ।
ਕਿਰਸਾਣੀ ਨੇ ਲਾਏ ਥੱਲੇ,
ਲੋਕਾਂ ਪੁੱਤ ਵਿਦੇਸ਼ੀਂ ਘੱਲੇ,
ਆਪਣਿਆਂ ਤੋਂ ਡਰੇ ਪੰਜਾਬ।
ਕਰਜ਼ੇ ਵਿੱਚ ਡੋਬੀ ਕਿਰਸਾਣੀ,
ਨਸ਼ਿਆਂ ਦਿੱਤੀ ਗਾਲ਼ ਜੁਵਾਨੀ,
ਲੱਖਾਂ ਪੱਤਣ ਤਰੇ ਪੰਜਾਬ।
ਨੇਤਾ ਨੂੰ ਕੁਰਸੀ ਦੀਆਂ ਲੋੜਾਂ,
ਪਰਜਾ ਲਈ ਤੰਗੀਆਂ ਤੇ ਥੋੜਾਂ।
ਕਿੰਨੀਆਂ ਪੀੜਾਂ ਜਰੇ ਪੰਜਾਬ।

ਬਾਜ਼ਾਰ ਗਰਮ ਹੈ - ਰਵੇਲ ਸਿੰਘ ਇਟਲੀ

ਖਬਰਾਂ ਦਾ ਬਾਜ਼ਾਰ ਗਰਮ ਹੈ।
ਹਰ ਖੁੰਢਾ ਹੱਥਿਆਰ ਗਰਮ ਹੈ।
ਕੁਰਸੀ ਪਿੱਛੇ ਹੋਣ ਡਰਾਮੇ,
ਨੇਤਾ ਸੇਵਾਦਾਰ ਗਰਮ ਹੈ।
ਚੋਣਾਂ ਦੇ ਦੰਗਲ ਤੋਂ ਪਹਿਲਾਂ,
ਕੁਰਸੀ ਲਈ ਪ੍ਰਚਾਰ ਗਰਮ ਹੈ।
ਚੋਰ ਤੇ ਕੁੱਤੀ,ਚੁੱਪ ਨੇ ਦੋਵੇਂ,
ਮਤਲਬ ਖੋਰਾ ਯਾਰ ਗਰਮ ਹੈ।
ਆਪਣਾ ਆਪ ਬਚਾ ਕੇ ਰੱਖੋ,
ਦਹਿਸ਼ਤ ਦਾ ਸੰਸਾਰ ਗਰਮ ਹੈ।

ਬਚੇ ਰਹੋ ਅਫਵਾਹਵਾਂ ਤੋਂ - ਰਵੇਲ ਸਿੰਘ ਇਟਲੀ

ਬਚੇ ਰਹੋ ਅਫਵਾਹਵਾਂ ਤੋਂ,
ਇਹ ਜ਼ਹਿਰੀਲੀਆਂ ਵਾਵਾਂ ਤੋਂ।
ਕਈਆਂ ਦਾ ਕੰਮ ਅੱਗਾਂ ਲਾਉਣਾ,
ਲੋਕਾਂ ਨੂੰ ਰਹਿੰਦੇ ਭੜਕਾਉਣਾ,
ਬਚ ਜਾਓ ਇਨ੍ਹਾਂ ਬਲਾਂਵਾਂ ਤੋਂ।
ਐਧਰ ਵੀ ਨੇ ਓਧਰ ਵੀ ਨੇ,
ਕਰਦੇ ਫੋਕੀ ਚੌਧਰ ਵੀ ਨੇ,
ਕਰਦੇ ਦੂਰ ਭਰਾਂਵਾਂ ਤੋਂ।
ਵੱਖ ਵਾਦ ਦੇ ਨਾਅਰੇ ਲਾ ਕੇ,
ਅੱਤ ਵਾਦ ਦਾ ਜ਼ਹਿਰ ਫੈਲਾ ਕੇ,
ਖੋਹੰਦੇ ਪੁੱਤਰ ਮਾਂਵਾਂ ਤੋਂ।
ਨਿੱਕੀ ਗੱਲ ਬਣਾ ਕੇ ਵੱਡੀ,
ਜਾਂਦੇ ਵਿੱਚ ਫਿਜ਼ਾਵਾਂ ਛੱਡੀ,
ਬਚ ਜਾਓ ਇਨ੍ਹਾਂ ਫਿਜ਼ਾਵਾਂ ਤੋਂ।

ਸਾਰਾ ਜਹਾਨ ਜੀਵੇ, - ਰਵੇਲ ਸਿੰਘ ਇਟਲੀ

ਹਿੰਦੋਸਤਾਨ ਜੀਵੇ ਪਾਕਿਸਤਾਨ ਜੀਵੇ,
ਨਾਲ ਅਮਨ ਦੇ ਸਾਰਾ ਜਹਾਨ ਜੀਵੇ।
ਖੇਤਾਂ ਵਿੱਚ ਹੀ ਸਦਾ ਕਿਸਾਨ ਜੀਵੇ,
ਹੱਦਾਂ ਉੱਤੇ ਵੀ ਸਦਾ ਜਵਾਨ ਜੀਵੇ।
ਸਦਾ ਜੰਗ ਦੇ ਨਾਮ ਨੂੰ ਹੋਏ ਨਫਰਤ,
ਨਾਲ ਆਦਮੀ ਅਮਨ ਮਾਨ ਜੀਵੇ।
ਮੁੱਕ ਜਾਣ ਇਹ ਮਜ਼੍ਹਬ ਦੇ ਨਾਂ ਝਗੜੇ,
ਮੰਦਰ ਮਸਜਿਦਾਂ,ਧਰਮ ਈਮਾਨ ਜੀਵੇ।
ਹਰ ਕੋਈ ਹੱਕ ਹਲਾਲ ਦੀ ਖਾਏ ਕਰਕੇ,
ਮੇਹਣਤ ਕਰਦਿਆਂ ਆਮ ਇਨਸਾਨ ਜੀਵੇ।
ਕੁਰਸੀ ਵਾਸਤੇ ਬਣੇ ਨਾ ਕੋਈ ਨੇਤਾ,
ਪਰਜਾ ਵਾਸਤੇ ਨਾਲ ਸਨਮਾਨ ਜੀਵੇ।
ਨਹੀਂ ਫਿਰ ਸਵਰਗ ਤੇ ਨਰਕ ਦੀ ਲੋੜ ਬਾਕੀ,
ਅਮਨ ਨਾਲ ਜੇ ਧਰਤ ਅਸਮਨ ਜੀਵੇ।