Rewail Singh Italy

ਘਿਉ ਦਾ ਘੜਾ - ਰਵੇਲ ਸਿੰਘ ਇਟਲੀ

ਪਹਿਲੇ ਸਮਿਆਂ ਦੇ ਲੋਕ ਅਜੇ ਵੀ ਘਰ ਵਿੱਚ ਕੋਈ ਮਾੜਾ ਮੋਟਾ ਨੁਕਸਾਨ ਹੋ ਜਾਣ ਤੇ ਕਹਿੰਦੇ ਸੁਣੇ ਜਾਂਦੇ ਹਨ, ਚਲੋ  ਛੱਡੋ ਕਿਹੜਾ ਘਿਉ ਦਾ ਘੜਾ ਡੁਲ੍ਹ ਗਿਆ। ਇਹ ਜੋੜਿਆ ਹੋਇਆ ਘਿਉ ਪੁਰਾਣੇ ਸਮਿਆਂ ਵਿੱਚ ਜੋੜਨਾ ਆਮ ਜਿਹੀ ਗੱਲ ਸੀ । ਇੱਸ ਕੰਮ ਲਈ ਮਿੱਟੀ ਦੇ ਕੁੱਝੇ, ਚਾਟੀਆਂ, ਘਿਉ ਦੇ ਜੋੜੇ ਜਾਂਦੇ ਸਨ।  ਜੋ ਆਮ ਕਰਕੇ ਵਿਆਹ ਸ਼ਾਦੀਆਂ ਵਿੱਚ ਵਰਤਣ ਲਈ ਜੋੜੇ ਜਾਂਦੇ ਸਨ। ਪਹਿਲੇ ਸਮਿਆਂ ਵਿੱਚ  ਘਿਉ  ਨਾਲ ਬਰਾਤ ਦੀ ਸੇਵਾ ਹੁੰਦੀ ਸੀ।ਇੱਸ ਕੰਮ ਲਈ ਘਰਾਂ ਵਿੱਚ ਲਵੇਰੀਆਂ ਬੜੇ ਸ਼ੌਕ ਨਾਲ ਰੱਖੀਆਂ ਜਾਂਦੀਆਂ ਸਨ।ਮੱਖਣ ਬਣਾਉਣ ਲਈ ਚਾਟੀਆਂ ਵਿੱਚ ਘੁੰਮਦੀ ਚਾਟੀਆਂ ਵਿੱਚ ਘੰਮ ਘੰਮ ਕਰਦੀ ,ਅਮ੍ਰਿਤ ਵੇਲੇ ਦੀ ਆਵਾਜ਼ ਘਰਾਂ ਵਿੱਚ ਨਰੋਈ ਸਿਹਤ ,ਅਤੇ ਸਾਦ ਮੁਰਾਦੇ ਰਹਿਣ ਸਹਿਣ ਦਾ ਘਰ 2 ਸੰਦੇਸ਼ ਦਿੰਦੀ ਹੁੰਦੀ ਸੀ।
            ਹੁਣ ਤਾਂ ਤਾਂ ਲੋਕ ਪੱਛਮੀ ਸੱਭਿਅਤਾ ਦੀ ਰੀਸ ਕਰਦੇ ਸਵੇਰ ਦੇ ਖਾਣੇ ਨੂੰ ਛਾਹ ਵੇਲੇ ਦੀ ਥਾਂ ਬ੍ਰੇਕ ਫਾਸਟ ਕਹਿਣ ਲੱਗ ਪਏ ਹਨ ।ਛਾਹ ਦੇ ਅਰਥ ਲੱਸੀ ਭਾਵ ਲੱਸੀ ਵੇਲਾ ਹੀ ਹੈ। ਕਈ ਲੋਕ ਅਜੇ ਵੀ ਚਾਹ ਛਾਹ ਪੀ ਲਈਏ ਕਹਿੰਦੇ ਹਨ।ਪਰ ਲੱਸੀ ਤਾਂ ਹੁਣ ਬਾਜ਼ਾਰ ਵਿੱਚੋਂ ਹੀ ਜਾ ਕੇ ਪੀਣੀ ਪੈਂਦੀ ਹੈ।ਜੋ ਕਦੇ  ਸਟੀਲ ਦੇ ਗਲਾਸਾਂ ਵਿੱਚ ਮਿਲਦੀ ਹੈ, ਇੱਸੇ ਤਰ੍ਹਾਂ ਹੀ ਦੁੱਧ ਦਹੀਂ ਲੱਸੀ ਅਤੇ ਮੱਖਣ ਤਾਂ ਅੱਜ ਕਲ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੈਦ ਹੋ ਚੁਕਾ ਹੈ।ਛੰਨਾ ਜਾਂ ਕਟੋਰਾ ਕੰਗਣੀ ਵਾਲੇ ਗਲਾਸ ਤਾਂ ਹੁਣ ਪੰਜਾਬੀ ਸੱਭਿਆਚਾਰ ਦੇ ਗੀਤਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਏ ਹਨ ।
                   ਘਰਾਂ ਵਿੱਚ ਹੱਥੀਂ ਕੰਮ ਕਾਰ ਕਰਨ ਦੀ ਘਾਟ ,ਦਿਨੋ ਦਿਨ ਵਧ ਰਹੇ ਪ੍ਰਦੂਸ਼ਣ , ਬਹੁਤੀਆਂ ਖਾਦਾਂ ਦਾ ਵਰਤੇ ਜਾਣਾ, ਕੀੜੇ ਮਾਰ ਦੁਵਾਈਆਂ ਵਰਤਣਾ ਅਤੇ ਨਸ਼ਿਆਂ ਦੀ ਵਧਦੀ ਭਰਮਾਰ ਕਰਕੇ ਘੱਟ ਉਮਰਾਂ ਦੋ ਲੋਕ ਵੀ ਅਨੇਕਾਂ ਰੋਗਾਂ ਨਾਲ ਘੇਰੇ ਪਏ ਹਨ।ਅੱਜ ਦੀ ਨੌਜੁਆਨੀ ਇੱਕ ਦੂਜੇ ਦੀ ਰੀਸੋ ਰੀਸੀ  ਬਾਹਰ ਨੂੰ  ਗਲਤ ਮਲਤ ਢੰਗਾਂ ਨਾਲ ਆਪਣੀਆਂ ਜਾਨਾਂ ਦੀ  ਸਲਾਮਤੀ ਦੀ ਪ੍ਰਵਾਹ ਕੀਤੇ ਬਿਨਾਂ ਬਾਹਰਲੇ ਦੇਸ਼ਾਂ ਨੂੰ ਮੂੰਹ ਧਰੀ ਬੈਠੀ ਨਿਕਾਰੀ ਤੇ ਵਿਹਲੜ ਹੋ ਰਹੀ ਹੈ।
               ਹੁਣ ਤਾਂ ਘਿਉ ਦੇ ਘੜੇ ਦੀ ਗੱਲ ਤਾਂ ਇੱਕ ਪਾਸੇ ਰਹੀ, ਬਹੁਤ ਸਾਰੇ ਰੋਗਾਂ ਵਿੱਚ ਤਾਂ ਘਿੳ ਖਾਣ ਦੀ ਡਾਟਰ  ਮਨਾਹੀ ਵੀ ਕਰਦੇ ਹਨ।ਬਾਪੂ ਇੱਕ ਸੌ ਦੱਸ ਸਾਲ ਦੀ ਉਮਰ ਹੰਡਾ ਕੇ ਗਿਆ ਉਹ ਆਮ ਕਿਹਾ ਕਰਦਾ ਸੀ ਕਿ ਕਿਹੜਾ ਕਹਿੰਦਾ ਹੈ ਕਿ ਦੇਸੀ ਘਿਉ ਸਿਹਤ ਲਈ ਮਾੜਾ ਹੈ, ਲਿਆਓ ਮੈਨੂੰ ਦਿਓ ਮੈਂ ਪਾਈਆ ਦੇਸੀ ਘਿਉ ਇੱਕੋ ਝੀਕੇ ਪੀ ਕੇ ਦੱਸਾਂ ਗਾ। ਜੇ ਘਿਉ   ਖਾ ਕੇ ਹੱਡ ਭੰਨਵੀ ਕਮਾਈ ਨਹੀਂ ਕਰਨੀ ਤਾਂ ਘਿੳ ਨੇ ਫਿਰ ਜ਼ਹਿਰ ਬਣ ਕੇ ਹੱਡਾਂ ਗੋਡਿਆਂ ਵਿੱਚ ਹੀ ਬਹਿਣਾ ਹੈ।
      ਬੇਸ਼ੱਕ ਅੱਜ ਕੱਲ ਇੱਸ ਬਾਰੇ ਬਹੁਤ ਕੁੱਝ ਵੇਖਣ ਸੁਣਨ ਨੂੰ ਆਮ ਮਿਲਦਾ ਹੈ ਪਰ ਵਿਦੇਸ਼ ਜਾਣ ਦੀ ਹੋੜ ਦਾ ਭੂਤ ਨੌਜਵਾਨਾਂ  ਦੇ ਸਿਰ ਤੇ ਬੁਰੀ ਤਰ੍ਹਾਂ ਸਵਾਰ ਹੈ। ਇਥੇ ਤਾਂ ਵਿਹਲੜ ਜੁਆਨੀ ਨੂੰ ਨਸ਼ੇ ਦੀ ਲੋੜ ਹੈ।ਦੇਸੀ ਘਿੳ ਨੂੰ ਕੌਣ ਪੁੱਛਦਾ ਹੈ। ਫਿਰ ਕੁਝ ਸਮਾਂ ਪਹਿਲਾਂ ਦੇਸੀ ਘਿਉ ਦੀ ਥਾਂ ਡਾਲਡਾ ਘਿਉਂ ਜਿੱਸ ਨੂੰ ਮਖੌਲ ਨਾਲ ਲੋਹੇ ਦੀ ਮੱਝ ਦਾ ਘਿਉ ਕਿਹਾ ਕਰਦੇ ਹੌਲੀ 2 ਦੁਕਾਨਾਂ ਤੇ ਆ ਗਿਆ। ਹੁਣ ਦੇਸੀ ਘਿਉ ਤੇ ਡਾਲਡਾ ਘਿਉ ਜਿਸ ਨੂੰ ਬਨਾਸਪਤੀ ਘਿਉ ਦੀ ਥਾਂ ਤਰ੍ਹਾਂ 2 ਤੇਲ ਖਾਣੇ ਬਨਾਉਣ ਲਈ ਦਿਨੋ ਦਿਨ ਵਾਧਾ ਕਰੀ ਜਾਂਦੇ ਹਨ।ਪਤਾ ਨਹੀਂ ਘਿਉ ਦੇ ਬਦਲੇ ਦੀ ਗੱਲ ਕਿੱਥੇ ਜਾ ਕੇ ਖਤਮ ਹੋਵੇ ਅਜੇ ਕੋਈ ਸਿਰਾ ਨਹੀਂ ਜਾਪਦਾ। ਪਰ ਫਿਰ ਦੇਸੀ ਘਿਉ ਦੀ ਕੋਈ ਰੀਸ ਨਹੀਂ ਜੇਕਰ ਇੱਸ ਦੀ ਵਰਤੋਂ ਦੇ ਨਾਲ 2 ਘਰ ਦੇ ਕੰਮ ਧੰਦਿਆਂ
ਵਿੱਚ ਆਪ ਵੀ ਹੱਥੀਂ ਕਰਨ ਦੀ ਆਦਤ ਪਾਈ ਜਾਵੇ।                                                                                                                                                       
           ਇਹ ਲੇਖ ਲਿਖਦਿਆਂ ਵਿਦੇਸ਼ ਆਉਣ ਵੇਲੇ ਦੀ ਇੱਕ ਵਾਰ ਦੀ ਹਵਾਈ ਅੱਡੇ ਦੀ ਗੱਲ ਮੈਨੂੰ ਚੇਤੇ ਆ ਗਈ,ਜਦੋਂ ਕਿਸੇ ਵਿਦੇਸ਼ ਜਾਂਦੇ ਹੱਥ ਕਿਸੇ ਮਾਂ ਨੇ ਆਪਣੇ ਵਿਦੇਸ਼ ਰਹਿੰਦੇ ਪੁੱਤ ਲਈ ਆਪਣੇ ਹੱਥੀਂ ਤਿਆਰ ਕੀਤਾ ਦੇਸੀ ਘਿਓ ਦਾ ਡੱਬਾ  ਭੇਜਿਆ, ਪਰ ਸਾਮਾਨ ਚੈਕਿੰਗ ਵੇਲੇ ਇਮੀਗ੍ਰੇਸ਼ਨ ਵਾਲਿਆਂ ਨੇ ਇੱਸ ਨੂੰ ਤਰਲ ਪਦਾਰਥ ਸਮਝ ਕੇ ਬਾਹਰ ਲਿਜਾਣ ਤੋਂ ਨਾਂਹ ਕਰਦੇ ਹੋਏ ਬਾਹਰ ਕੱਢ ਦਿੱਤਾ। ਵਾਪਸ ਮੋੜਕੇ ਕੋਈ ਲਿਜਾਣ ਵਾਲਾ ਨਹੀਂ ਸੀ।ਕੋਲ ਖੜਾ ਇੱਕ  ਫੌਜੀ ਵਰਦੀ ਵਿੱਚ ਡਿਊਟੀ ਦਿੰਦਾ ਜੁਆਨ ਵੇਖ ਕੇ ਉੱਸ ਨੂੰ ਕਿਹਾ ਤੁਸੀਂ ਇੱਸ ਨੂੰ ਲੈ ਲਓ।  ਉੱਸ ਨੇ ਇਹ ਦੇਸੀ ਘਿਓ ਦਾ ਡੱਬਾ ਉੱਸ ਫੌਜੀ ਨੂੰ ਦੇ ਦਿੱਤਾ। ਹਵਾਈ ਸਫਰ ਕਰਦ ਇਹ ਨੌਜੁਆਨ ਮੇਰਾ ਹੀ ਕੋਈ ਗ੍ਰਾਈਂ ਨਿਕਲਿਆ ਅਤੇ ਅਸੀ ਦੋਵੇਂ ਹੀ ਗੱਲਾਂ ਬਾਤਾਂ ਕਰਦਿਆਂ ਸਫਰ  ਕੀਤਾ।
        ਵਿਦੇਸ਼ ਪਰਤਣ ਤੇ ਇੱਕ ਦਿਨ ਉਹ ਮੈਨੂੰ ਮਿਲਿਆ  ਉੱਸ ਦਿਨ ਦੀ ਘਿਉ ਵਾਲੀ ਗੱਲ ਪੁੱਛਣ ਤੇ ਕਹਿਣ ਲੱਗਾ ਜਿੱਸ ਭਰਾ ਲਈ ਮੈਂ ਉਹ ਘਿਉ ਦਾ ਡੱਬਾ ਲਿਆਇਆ ਸੀ, ਇੱਕ ਦਿਨ ਉੱਸ ਦੀ ਮਾਂ ਉਸ ਨੂੰ ਫੋਨ ਤੇ ਪੁੱਛਣ ਲੱਗੀ” ਵੇ ਮੀਕਿਆ” ਪੁੱਤ ਤੂੰ ਉਹ ਮੇਰੇ ਹੱਥਾਂ ਦਾ ਜੋੜਿਆ ਦੇਸੀ ਘਿਉ ਦਾ ਡੱਬਾ ਮੇਰੇ ਪੁੱਤ ਨੂੰ ਦੇ ਦਿੱਤਾ ਸੀ ਨਾ।ਮੈਂ ਇਹ ਸੁਣ ਕੇ ਉੱਸ ਦੀ ਮਾਂ ਨੂੰ ਕਿਹਾ ਨਹੀਂ ਮਾਂ ਜਹਾਜ਼ ਵਾਲੇ ਘਿਓ ਨਹੀਂ ਬਾਹਰ ਲਿਜਾਣ ਦਿੰਦੇ।ਉਨ੍ਹਾਂ ਮੇਰੇ ਸਾਮਾਨ ਵਿੱਚੋਂ ਘਿਉ ਵਾਲਾ ਡੱਬਾ ਬਾਹਰ ਕੱਢ ਦਿੱਤਾ। ਮਾਂ ਇਹ ਸੁਣ ਕੇ ਕਹਿਣ ਲੱਗੀ ਹੱਛਾ ਫਿਰ ਕੀ ਕੀਤਾ ਤੂੰ ਉੱਸ ਘਿਉ ਦਾ। ਮੈਂ ਕਿਹਾ ਕਸਟਮ ਵਾਲੇ ਤਾਂ  ਡੈਣਾਂ ਵਾਂਗ ਦੇਸੀ ਘਿਉ ਦੇ ਡੱਬੇ ਵੱਲ  ਝਾਕ ਰਹੇ ਸਨ।,ਪਰ ਮੈਂ ਇਹ ਘਿਉ ਇੱਕ  ਫੌਜੀ ਵਰਦੀ ਵਾਲੇ ਉਥੇ ਡਿਉਟੀ ਦੇ ਰਹੇ ਜੁਆਨ ਨੂੰ ਦੇ ਦਿੱਤਾ। ਉਹ ਲਵੇ ਨਾ ਮੇਂ ਕਿਹਾ ਫੌਜੀ ਸਾਹਬ ਇਹ ਆਪਣੀ ਮਾਂ ਦਾ ਭੇਜਿਆ ਹੋਇਆ ਸਮਝ ਕੇ ਹੀ ਲੈ ਲਓ। ਇਹ ਸੁਣ ਕੇ ਉੱਸ ਫੌਜੀ ਨੇ ਬੜੇ  ਸਤਿਕਾਰ ਨਾਲ ਮੇਰੇ ਹੱਥੋਂ  ਡੱਬਾ ਫੜ ਲਿਆ।
           ਮਾਈ ਬੜੀ ਤੱਸਲੀ ਨਾਲ ਬੋਲੀ ਚੰਗਾ ਕੀਤਾ ਪੁੱਤ ਜੋ ਤੂੰ ਇਹ ਦੇਸੀ ਘਿਉ ਦਾ ਡੱਬਾ ਕਿਸੇ ਫੌਜੀ  ਨੂੰ ਦੇ ਦਿੱਤਾ। ਮੇਰਾ ਵੀ ਤਾਂ ਇੱਕ ਪੁੱਤ ਫੌਜੀ ਹੈ। ਮੈਂ ਸਮਝਾਂਗੀ  ਉੱਸ ਨੂੰ ਮਿਲ ਗਿਆ। ਫੌਜੀ ਤਾਂ ਆਪਣੇ ਪ੍ਰਿਵਾਰ ਘਰਾਂ ਵਿੱਚ ਛੱਡ ਕੇ ਸੀਸ ਤਲੀ ਤੇ ਰੱਖ ਕੇ ਦੇਸ਼ ਦੀਆਂ ਹੱਦਾਂ ਸਰਹੱਦਾਂ ਤੇ ਰਹਿ ਕੇ ਦੇਸ਼ ਦੀ ਰਾਖੀ ਕਰਦੇ ਹਨ। ਮੇਰੇ ਵੱਸ ਚੱਲੇ ਤਾਂ ਮੈਂ  ਘਿਉ ਦਾ ਡੱਬਾ ਤਾਂ ਕੀ ਘਿਉ ਦਾ ਘੜਾ ਰੋਜ਼ ਹੀ ਇਨ੍ਹਾਂ ਨੂੰ ਭੇਜਿਆ ਕਰਾਂ।
        ਉਸ ਦੀ ਇਹ ਗੱਲ ਸੁਣ ਕੇ ਮੈਨੂੰ ਇਵੇਂ ਜਾਪਿਆ ਜਿਵੇ ਉਹ ਕਿਸੇ ਇੱਕ ਵਿਦੇਸ਼ੀ ਕਾਮੇ ਦੀ ਮਾਂ ਨਾ ਹੋ ਕੇ  ਸਾਰੇ ਦੇਸ਼ ਦੇ ਰਾਖਿਆਂ ਦੀ ਮਾਂ ਵੀ ਹੋਵੇ।

ਰਵੇਲ ਸਿੰਘ ਇਟਲੀ
Rewail singh @gmil.com
Phone +3938842938
ਹਾਲ  daugall ave, Caledon c,a  

16 July 2018

ਚੋਰ ਤੇ ਕੁੱਤੀ - ਰਵੇਲ ਸਿੰਘ ਇਟਲੀ

ਚੋਰ ਤੇ ਕੁੱਤੀ ਹੱਥ ਮਿਲਾ ਗਏ।    
ਜੋ ਵੀ ਮਿਲਿਆ ਰਲ ਕੇ ਖਾ ਗਏ।
ਚਿੱਟੇ ਉੱਤੇ ਲਾਈ ਜਵਾਨੀ,
ਲੋਕਾਂ ਦੇ ਨਾਲ ਕਹਿਰ ਕਮਾ ਗਏ।
ਕੁਰਸੀ ਖਾਤਰ ਦੀਨ ਗੁਆ ਗਏ,
ਝੂਠੇ ਵਾਅਦੇ ਕਸਮਾਂ ਖਾ ਗਏ।
ਸੱਭ ਨੂੰ ਫੋਕੇ ਲਾਰੇ ਲਾ ਗਏ।
ਸੱਭ ਦੇ ਅੱਖੀਂ ਘੱਟਾ ਪਾ ਗਏ।
ਕੁਰਸੀ ਖਾਤਰ ਦੀਨ ਗੁਆ ਗਏ।
ਲੋੜ ਪਈ ਤੇ ਠੁੱਠ ਵਿਖਾ ਗਏ।
ਵੋਟਰ ਮੁੜਕੇ  ਧੌਖਾ ਖਾ ਗਏ,
ਫਿਰ ਨਹਿਲੇ ਤੇ ਦਹਿਲੇ ਆ ਗਏ।

4 July 2018