Satnam Singh Mattu

ਵਾਤਾਵਰਨ ਬਚਾਉਣ ਲਈ ਲੋਕ ਲਹਿਰ ਬਣਾਉਣ ਦੀ ਲੋੜ - ਸਤਨਾਮ ਸਿੰਘ ਮੱਟੂ

ਮਨੁੱਖ ਲਈ ਸ਼ੁੱਧ ਹਵਾ ਅਤੇ ਬਿਮਾਰੀਆਂ ਦੇ ਬਚਾਅ ਲਈ ਦਰੱਖਤਾਂ ਨੂੰ ਪਹਿਲ ਦੇ ਆਧਾਰ ਤੇ ਸਾਂਭਣ ਦੀ ਜਰੂਰਤ ਹੈ।ਪਰ ਵਿਕਾਸ ਦੇ ਦੈਂਤ ਨੇ ਸਹੂਲਤਾਂ ਦੀ ਆੜ ਹੇਠ ਦਰੱਖਤਾਂ ਨੂੰ ਅੰਨੇਵਾਹ ਕੱਟ ਕੇ ਵਾਤਾਵਰਨ ਵਿੱਚ ਆਕਸੀਜਨ ਦੀ ਘਾਟ ਅਤੇ ਜਹਿਰੀਲੀਆਂ ਗੈਸਾਂ ਦੀ ਬਹੁਤਾਤ ਲਈ ਵੱਡਾ ਯੋਗਦਾਨ ਪਾਇਆ ਹੈ।ਸਿੱਟੇ ਵਜੋਂ ਇਨਸਾਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।ਇਸੇ ਕੜੀ ਤਹਿਤ
ਕੁਦਰਤ-ਮਾਨਵ ਲੋਕ ਲਹਿਰ ਪੰਜਾਬ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਵੱਲੋਂ ਅਮ੍ਰਿੰਤਸਰ-ਦਿੱਲੀ-ਕਲੱਕਤਾ ਸਨਅਤੀ ਗਲਿਆਰਾ ਯੋਜਨਾ ਖਿਲਾਫ਼ ਆਰੰਭੀ ਯਾਤਰਾ ਅੱਜ ਸਵੇਰੇ ਇੱਥੇ ਪੁੱਜੀ ਅਤੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਗੇਟ ਅੱਗੇ ਲੋਕਾਂ ਅੰਦਰ ਜਾਗਰਤੀ ਪੈਦਾ ਕਰਨ ਲਈ ਹੱਥ ਪਰਚੇ ਵੰਡੇ ਨਾਲ ਹੀ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਅਤੇ ਰਾਜਪੁਰਾ ਸ਼ਹਿਰ ਵਿੱਚ ਵੀ ਸਨਅਤੀ ਗਲਿਆਰਾ ਦੇ ਵਿਰੋਧ ਦੇ ਪੇਫਲੈਟ (ਪੇਪਰ)  ਵੰਡੇ ਗਏ। ਇਹ 21 ਮੈਂਬਰੀ ਕਮੇਟੀ ਜਨ ਚੇਤਨਾ ਮਾਰਚ 1 ਅਕਤੂਬਰ ਤੋਂ ਜਲਿਆਂਵਾਲਾ ਬਾਗ, ਅਮ੍ਰਿੰਤਸਰ ਤੋਂ ਸ਼ੁਰੂ ਹੋਈ ਸੀ। ਇਥੇ ਫਤਹਿਗੜ੍ਹ ਸਾਹਿਬ ਦੇ ਬਜ਼ਾਰ ਵਿੱਚ ਕਾਰਕੁਨਾਂ ਨੇ ਪਰਚੇ ਵੰਡੇ ਅਤੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੀ ਕੌਮੀ ਕਮੇਟੀ ਦੇ ਆਗੂ ਗੁਰਦਰਸ਼ਨ ਸਿੰਘ ਖੱਟੜਾ ਨੇ ਦੱਸਿਆ ਕਿ ਅਮ੍ਰਿੰਤਸਰ-ਦਿੱਲੀ-ਕਲੱਕਤਾ ਸਨਅਤੀ ਗਲਿਆਰਾ ਯੋਜਨਾ ਨਾਲ ਪੰਜਾਬ, ਹਰਿਆਣਾ ਅਤੇ ਗੰਗਾ ਦੇ ਸਮੁੱਚੇ ਮੈਦਾਨੀ ਖੇਤਰ ਦੀ ਜਿਆਦਾਤਰ ਜ਼ਰਖੇਜ ਜ਼ਮੀਨ ਪ੍ਰਭਾਵਿਤ ਹੋਵੇਗੀ। ਲਗਭਗ 1839 ਕਿਲੋਮੀਟਰ ਲੰਮੇ ਇਸ ਸਨਅਤੀ ਕੋਰੀਡੋਰ ਦੇ ਦੋਵੇਂ ਪਾਸੇ 150-200ਕਿਲੋਮੀਟਰ ਤੱਕ ਦਾ ਰਕਬਾ ਸਨਅਤੀ ਗਲਿਆਰਾ ਦੇ ਹੇਠ ਆ ਜਾਵੇਗਾ। ਸ੍ਰੀ ਸੁਖਦੇਵ ਸਿੰਘ ਭੁਪਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਪਹਿਲਾ ਹਿੱਸਾ ਦਿੱਲੀ -ਮੁਬੰਈ -ਸਨਅਤੀ ਕੋਰੀਡੋਰ ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਸਰਕਾਰ ਜਮਹੂਰੀ ਨੇਮਾਂ, ਕਾਨੂੰਨੀ ਉਪਬੰਦਾ ਅਤੇ ਜਨਤਕ ਪਾਰਦਰਸ਼ਤਾ ਦੇ ਅਸੂਲਾਂ ਨੂੰ ਛਿੱਕੇ ਤੇ ਟੰਗ ਕੇ ਇਸ ਯੋਜਨਾ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਸਨਅਤੀ ਕੋਰੀਡੋਰ ਯੋਜਨਾ ਨਾਲ ਇਸ ਸਮੁੱਚੇ ਖੇਤਰ ਦੀ ਖੇਤੀਬਾੜੀ, ਕਾਰੋਬਾਰ ਤੇ ਹੋਰ ਸੇਵਾਵਾਂ ਵਿਸ਼ਵ ਕਾਰਪੋਰੇਟ ਕੰਪਨੀਆਂ ਦੇ ਸਮੂੰਹਾਂ ਅਤੇ ਭਾਈਵਾਲਾਂ ਦੇ ਹੱਥ ਵਿੱਚ ਚਲੀਆਂ ਜਾਣਗੀਆਂ।
ਉਨਾਂ ਸਮੂਹ ਲੋਕਾਂ ਪੱਖੀ ਧਿਰਾਂ ਅਤੇ ਕਿਸਾਨ, ਮਜਦੂਰਾਂ,ਵਪਾਰੀਆਂ, ਨੋਜਵਾਨਾਂ ਤੇ ਅੌਰਤਾਂ ਨੂੰ ਇਸ ਖਤਰੇ ਬਾਰੇ ਜਾਗਰੂਕ ਹੋ ਕੇ ਲਾਮਬੰਦ ਹੋਣ ਅਤੇ ਸਨਅਤੀ ਕੋਰੀਡੋਰ ਯੋਜਨਾ ਦਾ ਵਿਰੋਧ ਕਰਨ ਦਾ  ਸੱਦਾ ਦਿੱਤਾ। ਇਸ ਮੌਕੇ ਸ਼ੇਰ ਸਿੰਘ ਚੱਢਾ, ਜਗਪਾਲ ਸਿੰਘ ਊਧਾ, ਗੁਰਦਰਸ਼ਨ ਸਿੰਘ ਖੱਟੜਾ,ਗੁਰਬਖਸ਼ੀਸ਼ ਸਿੰਘ ਗੋਪੀ ਕੌਲ, ਅੈਨ.  ਅੈਸ ਸੋਢੀ, ਗੁਰਦਿਆਲ ਸਿੰਘ ਸੀਤਲ, ਮਨਜੀਤ ਸਿੰਘ ਮਾਨ, ਜੁਗਰਾਜ ਸਿੰਘ ਰੱਲਾ, ਸੁਖਦੇਵ ਸਿੰਘ ਬਠਿੰਡਾ, ਅਵਤਾਰ ਸਿੰਘ ਅਗੇਤੀ, ਕੁਲਦੀਪ ਸਿੰਘ ਪਾਲੀਆ, ਸੁਖਜਿੰਦਰ ਸਿੰਘ ਕੌਲ, ਗੁਰਪ੍ਰੀਤ ਸਿੰਘ ਬਾਵਾ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।        

ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਪੰਜਾਬ ਵੱਲੋਂ ਕਿਸਾਨੀ ਅਤੇ ਵਾਤਾਵਰਨ ਬਚਾਉਣ ਦਾ ਸੱਦਾ - ਸਤਨਾਮ ਸਿੰਘ ਮੱਟੂ

ਸਰਕਾਰੀ ਕਾਲਜ ਅਮਰਗੜ੍ਹ(ਸੰਗਰੂਰ)  ਵਿਖੇ ਕੁਦਰਤ -ਮਾਨਵ ਕੇਦਰਿਤ ਲੋਕ ਲਹਿਰ(ਪੰਜਾਬ) ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੀ ਮੀਟਿੰਗ ਹੋਈ  ਜਿਸ ਵਿੱਚ ਅਮ੍ਰਿੰਤਸਰ-ਦਿੱਲੀ-ਕਲੱਕਤਾ ਉਦਯੋਗਿਕ ਗਲਿਆਰੇ (ਇੰਡਸਟਰੀਅਲ ਕੋਰੀਡੋਰ) ਜੋ ਬਣਾਇਆ ਰਿਹਾ ਹੈ ਦੇ ਵਿਰੋਧ ਵਿੱਚ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ ਦੇ ਸਬੰਧ ਵਿੱਚ ਪੇਫਲੈਟ (ਪੇਪਰ) ਵੰਡੇ ਗਏ।ਜਗਪਾਲ ਸਿੰਘ ਊਧਾ ਅਨੁਸਾਰ ਇਸ ਉਦਯੋਗਿਕ ਗਲਿਆਰੇ ਕਾਰਨ ਕਿਸਾਨਾਂ ਦੀਆਂ ਜਮੀਨਾਂ  (ਖੋਹ ਕੇ)ਐਕੁਆਇਰ ਕਰਕੇ ਕੰਪਨੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਤਾਂ ਬੇਰੋਜ਼ਗਾਰ ਕੀਤਾ ਜਾ ਰਿਹਾ ਹੈ ਨਾਲ ਹੀ ਸਾਡੇ ਵਾਤਾਵਰਣ ਨੂੰ ਵੀ ਤਬਾਹ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਇਥੇ ਲੱਗਣ ਵਾਲੇ ਉਦਯੋਗਾਂ ਤੋਂ ਨਿਕਲਣ ਵਾਲਾ ਧੂੰਆਂ ਤੇ ਗੰਦਾ ਪਾਣੀ ਮਨੁੱਖੀ ਜਿੰਦਗੀ ਨੂੰ ਖਤਮ ਕਰਨ ਵੱਲ ਧੱਕੇਗਾ। ਇਸ ਉਦਯੋਗਿਕ ਗਲਿਆਰੇ ਖਿਲਾਫ਼ ਕੁਦਰਤ -ਮਾਨਵ ਲੋਕ ਲਹਿਰ (ਪੰਜਾਬ) ਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਵੱਲੋਂ ਇਸ ਦੇ ਵਿਰੋਧ ਵਿੱਚ ਚੇਤਨਾ ਮਾਰਚ 1ਅਕਤੂਬਰ ਸਵੇਰੇ 8:00 ਵਜੇ ਅਮ੍ਰਿੰਤਸਰ ਤੋਂ ਸ਼ੁਰੂ 5 ਅਕਤੂਬਰ ਫਿਲੌਰ 6 ਅਕਤੂਬਰ ਨੂੰ ਲੁਧਿਆਣਾ 7 ਅਕਤੂਬਰ ਨੂੰ ਸਰਹਿੰਦ 8 ਅਕਤੂਬਰ ਨੂੰ ਰਾਜਪੁਰਾ ਵਿਖੇ ਸਮਾਪਤ ਹੋਵੇਗਾ ਜਿਸ ਵਿੱਚ ਨਾਲ ਲੱਗਦੇ ਪਿੰਡ ਵਿੱਚ ਪੇਫਲੈਟ ਵੰਡ ਦੇ ਮੀਟਿੰਗਾਂ ਕੀਤੀਆਂ ਜਾਣਗੀਆਂ ਇਸ ਗਲਿਆਰੇ ਵਿਚ 20 ਵੱਡੇ ਸ਼ਹਿਰ ਜਿਵੇਂ ਅਮ੍ਰਿੰਤਸਰ, ਜਲਧੰਰ, ਲਧਿਆਣਾ, ਅੰਬਾਲਾ, ਸਹਾਰਨਪੁਰ, ਦਿੱਲੀ, ਰੁੜਕੀ, ਮਰਾਦਾਬਾਦ, ਬਰੇਲੀ, ਅਲੀਗੜ੍ਹ, ਕਾਨਪੁਰ , ਲਖਨਊ, ਇਲਾਹਾਬਾਦ, ਵਾਰਾਨਸੀ, ਪਟਨਾ, ਹਜਾਰੀਬਾਗ, ਧਨਵਾਦ, ਅਾਸਨਸੋਲ, ਦੁਰਗਾਪੁਰ ਅਤੇ ਕੱਲਕਤਾ ਵੀ ਲਪੇਟ ਵਿੱਚ ਆਉਣਗੇ ਇਸ ਲਈ ਚੇਤਨਾ ਮਾਰਚ ਦੁਆਰਾ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਕਿਸਾਨੀ ਤੇ ਵਾਤਾਵਰਣ ਨੂੰ ਬਚਾਉਣ ਲਈ ਹੋਕਾ ਦਿੱਤਾ ਜਾ ਰਿਹਾ ਹੈ ਕਿ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ ਜਾਵੇ । ਜਗਪਾਲ ਸਿੰਘ ਊਧਾ, ਗੁਰਬਖਸ਼ੀਸ਼ ਸਿੰਘ ਗੋਪੀ ਕੌਲ, ਕੁਲਦੀਪ ਸਿੰਘ ਪਾਲੀਆ, ਮੋਹਨ ਨਾਭਾ, ਸੁੱਖੀ ਅਮਰਗੜ੍ਹ, ਹਰਿੰਦਰ ਸਿੰਘ ਅਮਰਗੜ੍ਹ, ਜਸਪ੍ਰੀਤ ਸਿੰਘ
ਅਮਰਗੜ੍ਹ, ਤਰਨਵੀਰ ਅਮਰਗੜ੍ਹ, ਸਹਿਲ, ਪਵਨ, ਮਾਨਵ ਯਾਦਵਿੰਦਰ ਸਿੰਘ ਅਮਰਗੜ੍ਹ, ਮਨੀ ਕੌਲ, ਕੁਲਵਿੰਦਰ ਸਿੰਘ ਛੀਟਾਵਾਲਾ ਆਦਿ ਕਾਰਕੁਨਾਂ ਵੱਲੋਂ ਪੇਫਲੈਟ (ਪੇਪਰ) ਵੰਡੇ   ਗਏ।

  ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।

ਤ੍ਰਿਵੈਣੀ ਸਾਹਿਤ ਪ੍ਰੀਸ਼ਦ ਦੇ ਸਮਾਗਮ ਚ ਸਾਹਿਤਕ ਵੰਨਗੀਆਂ ਦੇ ਨਿਵੇਕਲੇ ਰੰਗ ਵਿੱਖਰੇ - ਸਤਨਾਮ ਸਿੰਘ ਮੱਟੂ

ਤ੍ਰਿਵੈਣੀ ਸਾਹਿਤ ਪ੍ਰੀਸ਼ਦ ਪਟਿਆਲਾ ਦਾ ਮਹੀਨਾਵਾਰ ਸਾਹਿਤਕ ਸਮਾਗਮ ਹਰੀ ਸਿੰਘ ਚਮਕ ਦੀ ਰਹਿਨੁਮਾਈ ਹੇਠ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਚ ਹੋਇਆ।ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਚ ਸਾਹਿਤ ਦੀਆਂ ਸਤਿਕਾਰਤ ਹਸਤੀਆਂ ਹਰੀ ਸਿੰਘ ਚਮਕ,ਮੋਹਸਿਨ ਓਸਵਾਨੀ,ਬਲਵੀਰ ਸਿੰਘ ਜਲਾਲਾਬਾਦੀ ਅਤੇ ਕ੍ਰਿਸ਼ਨ ਲਾਲ ਧੀਮਾਨ ਨੇ ਸੁਸ਼ੋਭਿਤ ਸਨ।
ਇਸ ਸਾਹਿਤਕ ਸਮਾਗਮ ਅਤੇ ਕਾਵਿ ਗੋਸ਼ਟੀ ਦੀ ਸ਼ੁਰੂਆਤ ਸ਼ਾਮ ਸਿੰਘ ਨੇ "ਦੇਹਿ ਸ਼ਿਵਾ ਬਰ ਮੋਹਿ ਇਹੈ.." ਧਾਰਮਿਕ ਸ਼ਬਦ ਨੂੰ ਤਰੰਨਮ ਚ ਗਾਕੇ ਕੀਤੀ।ਕਵੀ ਜੋਗਾ ਸਿੰਘ ਧਨੌਲਾ ਨੇ "ਅੱਜਕਲ੍ਹ ਮੰਗਤਿਆਂ ਦੀ ਫਿਰਦੀ ਭਾਂਤ ਭਾਂਤ ਦੀ ਫੌਜ" ਕਵਿਤਾ ਨਾਲ ਰਿਸ਼ਵਤਖੋਰੀ ਉੱਪਰ ਤੇ ਵਿਅੰਗ ਕਸਿਆ।ਲੇਖਕ ਅਤੇ ਗੀਤਕਾਰ ਸਤਨਾਮ ਸਿੰਘ ਮੱਟੂ ਨੇ ਪੰਜਾਬ ਦੇ ਸਮਾਜਿਕ ਢਾਂਚੇ ਚ ਆਈ ਗਿਰਾਵਟ ਰੋਕ ਕੇ ਇਨਸਾਨੀਅਤ ਕਦਰਾਂ ਕੀਮਤਾਂ ਦੀ ਬਰਕਰਾਰੀ ਦੀ ਪ੍ਰਤੀ ਦੁਆ ਕਰਦਿਆਂ ਆਪਣਾ " ਮਿਲਦਾ ਮਸੀਤ ਚੋਂ ਸੁਨੇਹਾ ਮਿੱਠਾ ਕੂਕ ਦਾ, ਮੰਦਰਾਂ ਚ ਟੱਲ ਘੜਿਆਲ ਪਿਆਰ ਕੂਕਦਾ, ਗੁਰੂ ਘਰੋਂ ਸੁਣਦੀ ਹੈ ਮਿੱਠੀ ਮਿੱਠੀ ਬਾਣੀ, ਕਦੇ ਸੁਣਦੀ ਆ ਕਾਫੀ ਬੁੱਲ੍ਹੇ ਦੀ ਕਿਤਾਬ ਦੀ,ਰੱਬਾ ਸੁਖੀ ਸੁਖੀ ਵਸੇ ਧਰਤੀ ਪੰਜਾਬ ਦੀ .." ਗੀਤ ਨਾਲ ਚੰਗਾ ਸੁਨੇਹਾ ਦਿੱਤਾ।ਸ਼ਾਇਰ ਬਲਵੀਰ ਸਿੰਘ ਜਲਾਲਾਬਾਦੀ ਨੇ ਆਪਣੀ ਕਵਿਤਾ "ਸਾਊ ਨਾਗਰਿਕ" ਨਾਲ ਸਮਾਜਿਕ ਸਰੋਕਾਰਾਂ ਨਾਲ ਅਪਣਾਉਣ ਲਈ ਅਪੀਲ ਕੀਤੀ।ਕ੍ਰਿਸ਼ਨ ਲਾਲ ਧੀਮਾਨ ਕਵਿਤਾਕਾਰ ਨੇ "ਜਿਹੜੇ ਦਿੱਤੇ ਸਾਹ ਰੱਬ ਨੇ ਮੁੱਕਦੇ ਜਾਂਦੇ ਨੇ " ਕਵਿਤਾ ਰਾਹੀਂ ਇਨਸਾਨ ਨੂੰ ਸਮਾਜਿਕ ਅਤੇ ਪਰਿਵਾਰਕ ਕਦਰਾਂ ਕੀਮਤਾਂ ਜਰੀਏ ਜਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ।ਸਾਹਿਤ ਕਾਰ ਹਰੀ ਸਿੰਘ ਚਮਕ ਨੇ "ਲੱਗਦੈ ਚੋਣਾਂ ਦੇ ਦਿਨ ਆਏ ਨੇ" ਨਾਲ ਸਾਡੇ ਅਜੋਕੇ ਰਾਜਨੀਤਕ ਅਤੇ ਸਮਾਜਿਕ ਢਾਂਚੇ ਉੱਪਰ ਕਰਾਰੀ ਚੋਟ ਕੀਤੀ।ਸੀਨੀਅਰ ਅਤੇ ਪ੍ਰੋੜ੍ਹ ਉਰਦੂ ਸ਼ਾਇਰ ਸਤਿਕਾਰ ਯੋਗ ਮੋਹਸਿਨ ਓਸਵਾਨੀ ਨੇ ਆਪਣੇ ਵੱਖਰੇ ਸ਼ਾਇਰਾਨਾ ਅੰਦਾਜ਼ ਚ"ਯੇ ਤਮਾਸ਼ਾ ਕੀਆ ਨਹੀਂ ਜਾਤਾ..." ਪੇਸ਼ ਕਰਕੇ ਖੂਬ ਰੰਗ ਬੰਨਿਆ।
ਹਰੀ ਦੱਤ ਹਬੀਬ ਨੇ ਗਜ਼ਲ "ਉਮੀਦ ਥੀ ਵੋਹ ਆਗ ਨਫਰਤ ਕੀ ਬੁਝਾ ਦੇਗਾ", ਯੂ ਐਸ ਆਤਿਸ਼ ਨੇ "ਹਰ ਘਰ ਮੇਂ ਐਸੀ ਬੀਵੀ ਹੈ ਪਿਆਰੇ " ਨਾਲ ਘਰੇਲੂ ਇਸਤਰੀਆਂ ਦੀਆਂ ਆਦਤਾਂ ਤੇ ਚਾਨਣਾ ਪਾਇਆ। ਤੇਜਿੰਦਰ ਸਿੰਘ ਅਨਜਾਣਾਨੇ ਕਵਿਤਾ,ਰਘਵੀਰ ਸਿੰਘ ਮਹਿਮੀ ਨੇ ਕਹਾਣੀਆਂ,ਬਲਵਿੰਦਰ ਸਿੰਘ ਭੱਟੀ ਨੇ ਕਵਿਤਾ,ਚਮਕੌਰ ਸਿੰਘ ਚਹਿਲ ਨੇ ਗੀਤ,ਦੀਦਾਰ ਖਾਨ,ਐਮ.ਐਸ. ਜੱਗੀ,ਸੰਜੇ ਦਰਦੀ, ਗੁਰਦਰਸ਼ਨ ਸਿੰਘ ਗੁਸੀਲ,ਮੈਡਮ ਸਵਰਾਜ ਸ਼ਰਮਾ, ਮੈਡਮ ਸੰਜਨੀ,ਮੈਡਮ ਆਸ਼ਾ ਸ਼ਰਮਾ ਅਤੇ ਗੁਰਪ੍ਰੀਤ ਸਿੰਘ ਨੇ ਪਿਆਰ, ਮੁਹੱਬਤ, ਸਮਾਜਿਕ, ਪਰਿਵਾਰਕ, ਧਾਰਮਿਕ ਸਰੋਕਾਰਾਂ ਨਾਲ ਸੰਬੰਧਿਤ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਮਨ ਮੋਹਿਆ।ਸਾਹਿਤਕਾਰ ਅਤੇ ਕਵੀ ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਆਪਣੀ ਸ਼ਾਇਰੋ ਸ਼ਾਇਰੀ ਦੇ ਟੋਟਕਿਆਂ ਨਾਲ ਖੂਬ ਸਾਹਿਤਕ ਰੰਗ ਬੰਨਿਆ।ਹਰਜੀਤ ਸਿੰਘ ਕੈਂਥ ਰੰਗਮੰਚ ਕਲਾਕਾਰ ਨੇ ਨਾਟਕ ਚ ਸ਼ਬਦਾਂ ਦੀ ਥਾਂ ਰੋਸ਼ਨੀਆਂ ਦੀ ਮਹੱਤਤਾ ਪ੍ਰਤੀ ਜਾਣੂ ਕਰਵਾਉਂਦਿਆਂ ਦੱਸਿਆ ਕਿ ਰੋਸ਼ਨੀਆਂ ਦੀ ਮਿਕਦਾਰ ਵੀ ਸਾਹਿਤ ਦਾ ਇੱਕ ਰੰਗ ਅਤੇ ਵੰਨਗੀ ਪੇਸ਼ ਕਰਦੀ ਹੈ।ਉਹਨਾਂ ਸਕੂਲਾਂ ਚੋਂ ਬੱਚਿਆਂ ਨੂੰ ਰੰਗਮੰਚ ਨਾਲ ਜੋੜਨ ਦੀ ਵੀ ਅਪੀਲ ਕੀਤੀ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257