Sawrajbir

ਪੁਨਰ-ਵਿਚਾਰ ਦੀ ਲੋੜ - ਸਵਰਾਜਬੀਰ

ਪੰਜਾਬ ਦੇ ਸਿੱਖਿਆ ਵਿਭਾਗ (ਐੱਸਐੱਸ) ਦੇ ਦਫ਼ਤਰ ਨੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦਾ ਧਿਆਨ 'ਪੰਜਾਬ ਸਰਕਾਰੀ ਕਰਮਚਾਰੀ ਆਚਰਨ ਨਿਯਮਾਵਲੀ 1966' ਦੇ ਨਿਯਮ 8 ਵੱਲ ਦਿਵਾਇਆ ਹੈ ਜਿਸ ਅਨੁਸਾਰ ਕੋਈ ਵੀ ਸਰਕਾਰੀ ਕਰਮਚਾਰੀ ਨਿਰਧਾਰਿਤ ਅਧਿਕਾਰੀ ਤੋਂ ਪਹਿਲਾਂ ਪ੍ਰਵਾਨਗੀ ਲਏ ਬਗ਼ੈਰ ਕਿਸੇ ਅਖ਼ਬਾਰ ਜਾਂ ਕਿਸੇ ਹੋਰ ਤਰ੍ਹਾਂ ਦੇ ਪ੍ਰਕਾਸ਼ਨ ਜਾਂ ਇਲੈਕਟ੍ਰਾਨਿਕ ਮੀਡੀਆ ਦੇ ਸੰਪਾਦਨ ਜਾਂ ਪ੍ਰਬੰਧਕੀ ਵਿਵਸਥਾ ਵਿਚ ਭਾਗ ਨਹੀਂ ਲੈ ਸਕਦਾ, ਸਰਕਾਰੀ ਕਰਮਚਾਰੀ ਨਿਰਧਾਰਿਤ ਅਧਿਕਾਰੀ ਦੀ ਪਹਿਲਾਂ ਤੋਂ ਲਈ ਗਈ ਪ੍ਰਵਾਨਗੀ ਤੋਂ ਬਿਨਾਂ ਨਾ ਤਾਂ ਰੇਡੀਉ ਪ੍ਰਸਾਰਨ ਵਿਚ ਹਿੱਸਾ ਲੈ ਸਕਦਾ ਹੈ ਅਤੇ ਨਾ ਹੀ ਕਿਸੇ ਅਖ਼ਬਾਰ ਜਾਂ ਹੋਰ ਕਿਸੇ ਮੈਗਜ਼ੀਨ ਵਿਚ ਕੋਈ ਲੇਖ ਪ੍ਰਕਾਸ਼ਿਤ ਕਰਵਾ ਸਕਦਾ ਹੈ ਪਰ ਨਾਲ ਹੀ ਇਸ ਨਿਯਮ ਅਨੁਸਾਰ ਜੇਕਰ ਅਜਿਹਾ ਲੇਖ ਜਾਂ ਪ੍ਰਸਾਰਨ ਨਿਰੋਲ ਸਾਹਿਤਕ, ਕਲਾਤਮਕ ਜਾਂ ਵਿਗਿਆਨਕ ਤਾਸੀਰ ਵਾਲਾ ਹੋਵੇ ਤਾਂ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੈ। 8 ਨਵੰਬਰ 2019 ਨੂੰ ਦੁਬਾਰਾ ਜਾਰੀ ਕੀਤਾ ਗਿਆ ਆਦੇਸ਼ ਇਹ ਦੁਹਰਾਉਂਦਾ ਹੈ ਕਿ ਕੁਝ ਕਰਮਚਾਰੀ ਅਖ਼ਬਾਰਾਂ ਲਈ ਪੱਤਰਕਾਰਾਂ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਕੁਝ ਅਧਿਕਾਰੀਆਂ ਤੋਂ ਪ੍ਰਵਾਨਗੀ ਵੀ ਲੈ ਰੱਖੀ ਹੈ। ਪੱਤਰ ਅਜਿਹੀ ਪ੍ਰਵਾਨਗੀ ਨੂੰ ਰੱਦ ਕਰਨ ਦੇ ਆਦੇਸ਼ ਦਿੰਦਾ ਹੈ ਅਤੇ ਇਹ ਤਾਕੀਦ ਕਰਦਾ ਹੈ ਕਿ ਕਰਮਚਾਰੀ ਪੱਤਰਕਾਰ ਵਜੋਂ ਕੰਮ ਨਾ ਕਰਨ। ਇਸ ਆਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ''ਇਸੇ ਤਰ੍ਹਾਂ ਕੁਝ ਕਰਮਚਾਰੀ ਕਿਤਾਬਾਂ ਲਿਖਣ ਜਾਂ ਕੋਈ ਹੋਰ ਪਰਚਾ ਲਿਖਣ ਉਪਰੰਤ ਪਬਲਿਸ਼ ਕਰਵਾ ਰਹੇ ਹਨ ਅਤੇ ਇਸ ਮੰਤਵ ਲਈ ਉਹ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਸਬੰਧਿਤ ਸੰਸਥਾ ਜਾਂ ਪਬਲਿਸ਼ਰ ਵੱਲੋਂ ਮਿਹਨਤਾਨਾ ਵੀ ਪ੍ਰਾਪਤ ਕਰ ਰਹੇ ਹਨ।'' ਆਦੇਸ਼ ਵਿਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਕਿਉਂਕਿ 'ਪੰਜਾਬ ਸਰਕਾਰੀ ਕਰਮਚਾਰੀ ਆਚਰਨ ਨਿਯਮਾਵਲੀ 1966' ਦਾ ਨਿਯਮ ਕਰਮਚਾਰੀਆਂ ਨੂੰ ਅਜਿਹੀਆਂ ਲਿਖਤਾਂ ਲਿਖਣ ਦੀ ਆਜ਼ਾਦੀ ਦਿੰਦਾ ਹੈ ਜਿਨ੍ਹਾਂ ਦਾ ਸੀਰ ਸਾਹਿਤਕ, ਕਲਾਤਮਕ ਜਾਂ ਵਿਗਿਆਨਕ ਹੋਵੇ।
       ਸੰਵਿਧਾਨ ਦੀ ਧਾਰਾ 19 ਅਨੁਸਾਰ ਦੇਸ਼ ਦੇ ਸਾਰੇ ਸ਼ਹਿਰੀਆਂ ਨੂੰ ਲਿਖਣ, ਪੜ੍ਹਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦਿਆਂ ਸਪੱਸ਼ਟ ਕੀਤਾ ਗਿਆ ਹੈ ਕਿ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ 'ਤੇ ਕੁਝ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ ਪਰ ਉਹ ਤਰਕਸੰਗਤ ਹੋਣੀਆਂ ਚਾਹੀਦੀਆਂ ਹਨ। ਸੰਵਿਧਾਨ ਅਨੁਸਾਰ ਅਜਿਹੀਆਂ ਲਿਖਤਾਂ ਅਤੇ ਵਿਚਾਰਾਂ 'ਤੇ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ ਜਿਨ੍ਹਾਂ ਨਾਲ ਦੇਸ਼ ਦੀ ਪ੍ਰਭੂਸੱਤਾ, ਏਕਤਾ, ਸੁਰੱਖਿਆ, ਅਮਨ-ਕਾਨੂੰਨ ਅਤੇ ਸਮਾਜਿਕ ਨੈਤਿਕਤਾ ਭੰਗ ਹੁੰਦੀ ਹੋਵੇ। 'ਆਲ ਇੰਡੀਆ ਸਰਵਿਸਿਜ਼ (ਕੰਡਕਟ) ਰੂਲਜ਼ 1968' ਦਾ ਨਿਯਮ 6 ਸਰਬਭਾਰਤੀ ਸੇਵਾਵਾਂ ਵਿਚ ਕੰਮ ਕਰਨ ਵਾਲੇ ਆਈਏਐੱਸ, ਆਈਪੀਐੱਸ ਅਤੇ ਆਈਐੱਫਐੱਸ ਦੇ ਅਧਿਕਾਰੀਆਂ ਦੇ ਪ੍ਰੈਸ ਅਤੇ ਰੇਡੀਉ ਨਾਲ ਨਾਤਿਆਂ ਨੂੰ ਤੈਅ ਕਰਦਿਆਂ ਦੱਸਦਾ ਹੈ ਕਿ ਜੇ ਕੋਈ ਅਧਿਕਾਰੀ ਕੋਈ ਕਿਤਾਬ ਲਿਖਦਾ ਹੈ ਜਾਂ ਪ੍ਰੈਸ ਨੂੰ ਆਪਣੀ ਲਿਖਤ ਭੇਜਦਾ ਹੈ ਅਤੇ ਉਸ ਨੂੰ ਸਰਕਾਰ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਨਹੀਂ, ਉਸ ਨੂੰ ਸਿਰਫ਼ ਇਹ ਦੱਸਣਾ ਪਵੇਗਾ ਕਿ ਉਸ ਲਿਖਤ ਵਿਚ ਪ੍ਰਗਟਾਏ ਗਏ ਵਿਚਾਰ ਉਸ ਦੇ ਨਿੱਜੀ ਹਨ, ਨਾ ਕਿ ਸਰਕਾਰ ਦੇ। ਇਸੇ ਨਿਯਮਾਵਲੀ ਦਾ 7ਵਾਂ ਨਿਯਮ ਅਧਿਕਾਰੀਆਂ ਉੱਤੇ ਮੌਜੂਦਾ ਸਰਕਾਰ ਦੀਆਂ ਨੀਤੀਆਂ, ਮੰਤਰੀਆਂ ਅਤੇ ਦੂਸਰੇ ਦੇਸ਼ਾਂ ਨਾਲ ਸਬੰਧਾਂ ਉੱਤੇ ਆਲੋਚਨਾ ਕਰਨ ਉੱਤੇ ਰੋਕ ਲਾਉਂਦਾ ਹੈ। 'ਸੈਂਟਰਲ ਸਰਵਿਸਿਜ਼ ਕੰਡਕਟ ਰੂਲਜ਼' (8ਵਾਂ ਅਤੇ 9ਵਾਂ ਨਿਯਮ) ਵਿਚ ਵੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਪ੍ਰੈਸ ਤੇ ਮੀਡੀਆ ਨਾਲ ਰਿਸ਼ਤੇ ਲਗਭਗ 'ਆਲ ਇੰਡੀਆ ਸਰਵਿਸਿਜ਼ (ਕੰਡਕਟ) ਰੂਲਜ਼' ਦੇ ਨਿਯਮਾਂ ਅਨੁਸਾਰ ਹੀ ਤੈਅ ਕੀਤੇ ਗਏ ਹਨ। ਇਸ ਤਰ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨਿਯਮਾਵਲੀਆਂ ਵਿਚ ਭਾਵੇਂ ਕਈ ਬੰਦਿਸ਼ਾਂ ਲਗਾਈਆਂ ਹਨ ਪਰ ਨਾਲ ਨਾਲ ਕਰਮਚਾਰੀਆਂ ਨੂੰ ਲੇਖ ਤੇ ਕਿਤਾਬਾਂ ਲਿਖਣ ਦੀ ਆਜ਼ਾਦੀ ਦਿੱਤੀ ਗਈ ਹੈ ਅਤੇ ਕੇਂਦਰੀ ਸਰਕਾਰ ਦੇ ਨਿਯਮਾਂ ਅਨੁਸਾਰ ਅਜਿਹੇ ਲੇਖ ਤੇ ਕਿਤਾਬਾਂ ਪ੍ਰਕਾਸ਼ਿਤ ਕਰਾਉਣ ਤੋਂ ਪਹਿਲਾਂ ਕਿਸੇ ਇਜਾਜ਼ਤ ਦੀ ਵੀ ਜ਼ਰੂਰਤ ਨਹੀਂ।
ਸਬੰਧਿਤ ਆਦੇਸ਼ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਨਹੀਂ ਸਗੋਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਤਰ੍ਹਾਂ ਇਹ ਆਦੇਸ਼ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਹੋਰ ਕਰਮਚਾਰੀਆਂ ਲਈ ਹੈ। ਅਧਿਆਪਕਾਂ ਨੂੰ ਸਮਾਜ ਦੇ ਭਵਿੱਖ ਦੇ ਨਿਰਮਾਤਾ ਕਿਹਾ ਜਾਂਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਦਾ ਪੂਰਾ ਸਮਾਂ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਅਤੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਾਉਣ ਉੱਤੇ ਲੱਗਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਇਤਿਹਾਸ, ਸੱਭਿਆਚਾਰ, ਭੂਗੋਲ, ਵੱਖ ਵੱਖ ਭਾਸ਼ਾਵਾਂ, ਹਿਸਾਬ, ਵਿਗਿਆਨ ਅਤੇ ਹੋਰ ਵਿਸ਼ਿਆਂ ਵਿਚ ਮੁਹਾਰਤ ਪ੍ਰਾਪਤ ਕਰਵਾਉਣੀ ਅਧਿਆਪਕਾਂ ਦੀ ਬੁਨਿਆਦੀ ਜ਼ਿੰਮੇਵਾਰੀ ਹੈ। ਅਧਿਆਪਕ ਦਾ ਕੰਮ ਸਿਰਫ਼ ਵਿਦਿਆਰਥੀਆਂ ਨੂੰ ਗਿਆਨ ਦੇਣਾ ਹੀ ਨਹੀਂ ਸਗੋਂ ਉਨ੍ਹਾਂ ਨੂੰ ਗਿਆਨ ਦੇ ਖੋਜਕਾਰ ਬਣਾਉਣਾ ਵੀ ਹੈ। ਅਧਿਆਪਕ ਵਿਦਿਆਰਥੀਆਂ ਦੇ ਮਨਾਂ ਉੱਤੇ ਵੱਡੀ ਛਾਪ ਛੱਡਦੇ ਹਨ ਅਤੇ ਕੁਝ ਚਿੰਤਕਾਂ ਦਾ ਕਹਿਣਾ ਹੈ ਕਿ ਅਧਿਆਪਕ ਵੀ ਮਾਪਿਆਂ ਵਾਂਗ ਹੁੰਦੇ ਹਨ ਅਤੇ ਉਨ੍ਹਾਂ ਦਾ ਪ੍ਰਭਾਵ ਉਮਰ ਭਰ ਰਹਿੰਦਾ ਹੈ।
       ਸਾਨੂੰ ਸਾਰਿਆਂ ਨੂੰ ਆਪਣੇ 'ਆਪੇ' ਨੂੰ ਬਣਾਉਣ/ਸਿਰਜਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਇਸ 'ਆਪੇ' ਵਿਚ ਸਾਡੀ ਸ਼ਖ਼ਸੀਅਤ ਦੇ ਵੱਖ ਵੱਖ ਪਹਿਲੂ, ਸਮਾਜਿਕ ਅਤੇ ਨਿੱਜੀ ਰਿਸ਼ਤੇ, ਸਿਰਜਣਾਤਮਕ ਸ਼ਕਤੀਆਂ ਨੂੰ ਊਰਜਿਤ ਕਰਨ ਦੀ ਸਮਰੱਥਾ ਅਤੇ ਭਾਸ਼ਾ ਤੇ ਗਿਆਨ-ਵਿਗਿਆਨ ਦੇ ਭੰਡਾਰ ਨੂੰ ਭਰਦੇ ਰਹਿਣ ਦੀ ਪ੍ਰਕਿਰਿਆ ਸ਼ਾਮਲ ਹਨ। ਅਧਿਆਪਕ ਨੂੰ ਵੀ ਅਜਿਹਾ ਸੰਘਰਸ਼ ਕਰਨਾ ਪੈਂਦਾ ਹੈ। ਉਸ ਦਾ ਸੰਘਰਸ਼ ਹੋਰ ਮਹੱਤਵਪੂਰਨ ਹੈ ਕਿਉਂਕਿ ਇਕ ਸਿਰਜਣਾਤਮਕ ਅਧਿਆਪਕ ਹੀ ਸਾਡੇ ਬੱਚਿਆਂ ਨੂੰ ਵਧੀਆ ਮਨੁੱਖ ਬਣਨ ਦੀ ਸਿੱਖਿਆ ਦੇ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਧਿਆਪਕ ਕਲਾ, ਸਾਹਿਤ ਅਤੇ ਵਿਗਿਆਨ ਬਾਰੇ ਨਾ ਸਿਰਫ਼ ਆਪਣੀ ਜਾਣਕਾਰੀ ਵਧਾਏ ਸਗੋਂ ਉਹ ਕੁਸ਼ਲਤਾ ਵੀ ਹਾਸਲ ਕਰੇ ਜਿਸ ਰਾਹੀਂ ਉਸ ਦਾ ਗਿਆਨ ਵਿਦਿਆਰਥੀਆਂ ਤਕ ਪਹੁੰਚੇ। ਇਸ ਸਬੰਧ ਵਿਚ ਭਾਸ਼ਾ ਨਿਰਣਾਇਕ ਭੂਮਿਕਾ ਨਿਭਾਉਂਦੀ ਹੈ। ਭਾਸ਼ਾ ਨਾ ਸਿਰਫ਼ ਬੋਲਣ ਤੇ ਪੜ੍ਹਨ ਨਾਲ ਹੀ ਸਿੱਖੀ ਜਾਂਦੀ ਹੈ ਸਗੋਂ ਆਪਣੇ ਵਿਚਾਰਾਂ ਨੂੰ ਲਿਖਤੀ ਰੂਪ ਦੇਣਾ ਵੀ ਇਸ ਵਿਚ ਵੱਡਾ ਰੋਲ ਅਦਾ ਕਰਦਾ ਹੈ। ਵਿਸ਼ਵ ਪ੍ਰਸਿੱਧ ਚਿੰਤਕ ਵਿਟਜ਼ਨਸਟਾਈਨ ਨੇ ਕਿਹਾ ਹੈ, ''ਮੇਰੇ ਸੰਸਾਰ ਦੀਆਂ ਸੀਮਾਵਾਂ ਓਹੀ ਹਨ ਜੋ ਮੇਰੀ ਭਾਸ਼ਾ ਦੀਆਂ।'' ਭਾਵ ਕੋਈ ਵੀ ਚਿੰਤਕ, ਲੇਖਕ ਜਾਂ ਅਧਿਆਪਕ ਆਪਣੇ ਵਿਚਾਰ ਤਾਂ ਹੀ ਸੁਚੱਜੇ ਢੰਗ ਨਾਲ ਪ੍ਰਗਟ ਕਰ ਸਕਦਾ ਹੈ ਜੇ ਉਸ ਦਾ ਭਾਸ਼ਾ ਦਾ ਗਿਆਨ ਵਿਸ਼ਾਲ ਹੋਵੇ। ਭਾਸ਼ਾ ਨੂੰ ਲਿਖਣ, ਸਿਰਜਣ, ਮਾਂਜਣ ਤੇ ਸੰਵਾਰਨ ਲਈ ਵੱਡੀ ਪੱਧਰ ਦੀ ਬੌਧਿਕ ਊਰਜਾ ਖਰਚ ਕਰਨੀ ਪੈਂਦੀ ਹੈ। ਕਿਸੇ ਭਾਸ਼ਾ ਵਿਚ ਸੰਜਮ ਅਤੇ ਸਹਿਜਤਾ ਨਾਲ ਲਿਖਣਾ ਆਸਾਨ ਨਹੀਂ ਹੁੰਦਾ। ਇਸ ਲਈ ਅਧਿਆਪਕਾਂ 'ਤੇ ਲੇਖ ਅਤੇ ਕਿਤਾਬਾਂ ਲਿਖਣ ਦੀ ਬੰਦਿਸ਼ ਲਾਉਣਾ ਜਾਂ ਲੇਖਾਂ ਅਤੇ ਕਿਤਾਬਾਂ ਨੂੰ ਛਪਾਉਣ ਤੋਂ ਪਹਿਲਾਂ ਕਿਸੇ ਅਧਿਕਾਰੀ ਦੀ ਪ੍ਰਵਾਨਗੀ ਲੈਣ ਲਈ ਕਹਿਣਾ ਅਧਿਆਪਕਾਂ ਦੀ ਸਿਰਜਣਾਤਮਕਤਾ ਨੂੰ ਛਾਂਗਣ ਦੇ ਬਰਾਬਰ ਹੈ।
      ਸਾਰੀ ਦੁਨੀਆਂ ਵਿਚ ਸਰਕਾਰਾਂ ਵਿਚਾਰ ਪ੍ਰਗਟਾਉਣ 'ਤੇ ਪਾਬੰਦੀਆਂ ਲਗਾਉਣ ਅਤੇ ਨਾਗਰਿਕਾਂ ਵਿਚਕਾਰ ਵਿਚਾਰਾਂ ਦੇ ਆਦਾਨ-ਪ੍ਰਦਾਨ ਉੱਤੇ ਨਜ਼ਰਸਾਨੀ ਕਰਨ ਦੇ ਰੁਝਾਨਾਂ ਦਾ ਸ਼ਿਕਾਰ ਹਨ। ਪਾਕਿਸਤਾਨ, ਮਿਆਂਮਾਰ ਅਤੇ ਕਈ ਹੋਰ ਦੇਸ਼ਾਂ ਨੇ ਇਸ ਸਬੰਧੀ ਕਾਨੂੰਨ ਵੀ ਬਣਾ ਰੱਖੇ ਹਨ ਪਰ ਉਨ੍ਹਾਂ ਦੇਸ਼ਾਂ, ਜਿਨ੍ਹਾਂ ਵਿਚ ਜਮਹੂਰੀ ਪ੍ਰਬੰਧਾਂ ਦਾ ਪੱਕੇ ਪੈਰਾਂ 'ਤੇ ਹੋਣਾ ਮੰਨਿਆ ਜਾਂਦਾ ਹੈ, ਵਿਚ ਵੀ ਵਿਚਾਰਾਂ ਦੇ ਪ੍ਰਗਟਾਉਣ ਦੀ ਸਪੇਸ ਘਟਦੀ ਜਾ ਰਹੀ ਹੈ। ਮਸ਼ਹੂਰ ਚਿੰਤਕ ਅਲੈਕਸਸ ਦਾ ਟਾਕਵਿਲ ਨੇ ਕਿਹਾ ਸੀ ਕਿ ਜਮਹੂਰੀਅਤ ਨੂੰ ਖ਼ੋਰਾ ਵੱਖ ਵੱਖ ਨਿਜ਼ਾਮਾਂ ਵਿਚ ਵਿਚਾਰਾਂ ਦੇ ਪ੍ਰਗਟਾਵੇ 'ਤੇ ਪਾਬੰਦੀਆਂ ਲਗਾਉਣ ਨਾਲ ਹੀ ਸ਼ੁਰੂ ਹੁੰਦਾ ਹੈ। ਸਟੀਵਨ ਲੈਵਿਤਸਕੀ ਅਤੇ ਡੈਨੀਅਲ ਜ਼ਿਬਾਲਟ ਨੇ ਆਪਣੀ ਕਿਤਾਬ 'ਜਮਹੂਰੀਅਤਾਂ ਦੀ ਮੌਤ ਕਿਵੇਂ ਹੁੰਦੀ ਹੈ' (How Democracies Die) ਵਿਚ ਉਨ੍ਹਾਂ ਰੁਝਾਨਾਂ ਦਾ ਵਿਸ਼ਲੇਸ਼ਣ ਕੀਤਾ ਹੈ ਜਿਨ੍ਹਾਂ ਨਾਲ ਜਮਹੂਰੀਅਤਾਂ ਦਾ ਰੂਪ-ਸਰੂਪ ਤਾਨਾਸ਼ਾਹੀ ਹਕੂਮਤਾਂ ਵਰਗਾ ਹੋ ਜਾਂਦਾ ਹੈ। ਅਜਿਹੇ ਰੁਝਾਨਾਂ ਵਿਚ ਵਿਚਾਰਾਂ ਦੇ ਪ੍ਰਗਟਾਓ 'ਤੇ ਪਾਬੰਦੀ ਮੁੱਖ ਹੈ। ਇਸ ਨਾਲ ਸਮਾਜ ਵਿਚ ਬੰਦਿਸ਼ਮਈ ਮਾਹੌਲ ਪੈਦਾ ਹੁੰਦਾ ਤੇ ਪਨਪਦਾ ਹੈ। ਲੋਕਾਂ ਨੂੰ ਸਿਰਫ਼ ਬੰਦਿਸ਼ਾਂ ਤੇ ਮਨਾਹੀਆਂ ਦੀ ਪਾਲਣਾ ਕਰਨ ਲਈ ਹੀ ਨਹੀਂ ਕਿਹਾ ਜਾਂਦਾ ਸਗੋਂ ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਲੋਕਾਂ ਨੂੰ ਅਜਿਹੀਆਂ ਪਾਬੰਦੀਆਂ ਦੀ ਪਾਲਣਾ ਕਰਨ ਦੀ ਆਦਤ ਪੈ ਜਾਂਦੀ ਹੈ। ਉਨ੍ਹਾਂ ਅੰਦਰੋਂ ਅਧਿਕਾਰੀਆਂ ਤੇ ਹੁਕਮਰਾਨਾਂ ਨਾਲ ਅਸਹਿਮਤੀ ਪ੍ਰਗਟਾਉਣ ਦਾ ਮਾਦਾ ਤੇ ਊਰਜਾ ਖ਼ਤਮ ਹੋ ਜਾਂਦੇ ਹਨ ਤੇ ਸਮਾਜ ਦੀ ਤੋਰ ਤਾਨਾਸ਼ਾਹੀ ਤਰਜ਼ ਵਾਲੀ ਹੋ ਜਾਂਦੀ ਹੈ। ਜਮਹੂਰੀ ਤਾਕਤਾਂ ਨੂੰ ਅਜਿਹੇ ਰੁਝਾਨਾਂ ਪ੍ਰਤੀ ਸੁਚੇਤ ਰਹਿਣ ਅਤੇ ਇਨ੍ਹਾਂ ਦਾ ਵਿਰੋਧ ਕਰਨ ਦੀ ਸਖ਼ਤ ਜ਼ਰੂਰਤ ਹੈ। ਜਿੱਥੇ ਸਰਕਾਰਾਂ ਕੋਲ ਤਰਕਸੰਗਤ ਪਾਬੰਦੀਆਂ ਲਾਉਣ ਦਾ ਅਧਿਕਾਰ ਹੈ, ਉੱਥੇ ਲੋਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਹੱਕ 'ਤੇ ਪਹਿਰਾ ਦੇਣ ਦੀ ਸਖ਼ਤ ਜ਼ਰੂਰਤ ਹੈ।
       ਇਸ ਆਦੇਸ਼ ਨੂੰ ਪੜ੍ਹ ਕੇ ਵਿਚਾਰਾਂ ਨੂੰ ਲਿਖਤਾਂ ਦਾ ਰੂਪ ਦੇਣ ਵਾਲੇ ਅਧਿਆਪਕ ਮਹਿਸੂਸ ਕਰਨਗੇ ਕਿ ਉਨ੍ਹਾਂ 'ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਅਧਿਆਪਕਾਂ ਦੇ ਮਨਾਂ ਵਿਚ ਬੰਦਿਸ਼ਾਂ ਵਾਲੇ ਆਦੇਸ਼ ਮੰਡਰਾਅ ਰਹੇ ਹੋਣ, ਉਹ ਕਦੇ ਵੀ ਆਜ਼ਾਦ ਅਤੇ ਵਧੀਆ ਅਧਿਆਪਕ ਨਹੀਂ ਬਣ ਸਕਦੇ। ਸਰਕਾਰ ਇਹ ਪਾਬੰਦੀ ਤਾਂ ਲਾ ਸਕਦੀ ਹੈ ਕਿ ਅਧਿਆਪਕ ਪੱਤਰਕਾਰ ਵਜੋਂ ਨਾ ਕੰਮ ਕਰਨ ਜਾਂ ਅਜਿਹੇ ਲੇਖ ਨਾ ਲਿਖਣ ਜੋ ਸਰਕਾਰੀ ਨੀਤੀ ਦੇ ਵਿਰੁੱਧ ਹੋਣ ਪਰ ਉਨ੍ਹਾਂ ਨੂੰ ਲੇਖ ਜਾਂ ਕਿਤਾਬ ਲਿਖ ਕੇ ਅਧਿਕਾਰੀ ਨੂੰ ਪਹਿਲਾਂ ਦਿਖਾਉਣ ਦਾ ਆਦੇਸ਼ ਨਾਕਾਰਾਤਮਕ ਹੈ। ਇਸ ਸਬੰਧ ਵਿਚ ਕੇਂਦਰੀ ਸਰਕਾਰ ਦੇ ਆਪਣੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਾਸਤੇ ਬਣਾਏ ਨਿਯਮ ਜ਼ਿਆਦਾ ਸੰਤੁਲਿਤ ਹਨ। ਇਹੀ ਨਹੀਂ, ਪੰਜਾਬ ਸਰਕਾਰ ਦੀ ਮੌਲਿਕ ਨਿਯਮਾਵਲੀ ਵੀ ਤਰਕਸੰਗਤ ਹੈ ਪਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਆਦੇਸ਼ ਇਸ ਕਸੌਟੀ 'ਤੇ ਪੂਰਾ ਨਹੀਂ ਉਤਰਦਾ। ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਇਸ ਆਦੇਸ਼ ਦੀ ਪੁਨਰ-ਪੜਚੋਲ ਕਰੇ ਅਤੇ ਸਾਹਿਤਕ, ਕਲਾਤਮਕ ਅਤੇ ਵਿਗਿਆਨਕ ਪੱਖਾਂ ਵਾਲੇ ਲੇਖ ਲਿਖਣ ਅਤੇ ਪ੍ਰਕਾਸ਼ਿਤ ਕਰਾਉਣ ਉੱਤੇ ਕੋਈ ਪਾਬੰਦੀ ਨਾ ਲਗਾਈ ਜਾਏ।

ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖੀ - ਸਵਰਾਜਬੀਰ

ਗੁਰੂ ਨਾਨਕ ਦੇਵ ਜੀ ਸਾਡੇ ਮਹਾਨ ਗੁਰੂ, ਪੀਰ, ਪੈਗੰਬਰ ਤੇ ਰਹਿਬਰ ਹਨ। ਉਹ ਮਹਾਨ ਬਾਣੀਕਾਰ ਤੇ ਕਵੀ ਹਨ। ਉਨ੍ਹਾਂ ਨੇ ਰਾਗ ਧਨਾਸਰੀ ਵਿਚ ਆਪਣੇ ਆਪ ਨੂੰ 'ਨਾਨਕ ਸਾਇਰ' ਕਿਹਾ ਹੈ (''ਨਾਨਕੁ ਸਾਇਰੁ ਏਵ ਕਹਤੁ ਹੈ'')। ਨਾਨਕ-ਬਾਣੀ ਨੂੰ ਬਹੁਤ ਪੱਖਾਂ ਤੋਂ ਪੜ੍ਹਿਆ ਤੇ ਸਮਝਿਆ ਜਾਂਦਾ ਹੈ, ਜਿਵੇਂ ਅਧਿਆਤਮਕ, ਰਹੱਸਵਾਦੀ, ਸਮਾਜਿਕ ਆਦਿ। ਮੈਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਸਮਾਜਿਕ ਸੰਘਰਸ਼ ਦੀ ਵਾਣੀ ਵਜੋਂ ਪੜ੍ਹਨ ਤੇ ਸਮਝਣ ਦਾ ਯਤਨ ਕੀਤਾ ਹੈ।
      ਸਿੱਖ ਧਰਮ, ਹਿੰਦੋਸਤਾਨੀ ਬਰੇ-ਸਗੀਰ ਵਿਚ, ਵਰਣ-ਆਸ਼ਰਮ ਤੇ ਜਾਤ-ਪਾਤ ਦੇ ਨਾਂ 'ਤੇ ਹੋਣ ਵਾਲੇ ਭਿੰਨ-ਭਾਵ ਅਤੇ ਵਿਤਕਰੇ ਦੇ ਵਿਰੁੱਧ ਖੜ੍ਹੇ ਹੋਣ ਵਾਲੇ ਅਤੇ ਸਮਾਜਿਕ ਏਕਤਾ ਦੀ ਸਮੱਸਿਆ ਨਾਲ ਜੂਝਣ ਵਾਲੇ ਧਰਮਾਂ ਅਤੇ ਪੰਥਾਂ ਵਿਚੋ੬ਂ ਪ੍ਰਮੁੱਖ ਹੈ। ਇਸ ਦਾ ਸਭ ਤੋਂ ਪ੍ਰਥਮ ਅਤੇ ਪ੍ਰਮੁੱਖ ਸੰਕੇਤ ਗੁਰੂ ਨਾਨਕ ਦੇਵ ਜੀ ਸ਼ਾਹਕਾਰ ਰਚਨਾ ਜਪੁਜੀ ਸਾਹਿਬ ਦੇ ਮੂਲ ਮੰਤਰ ਵਿਚ ਮਿਲਦਾ ਹੈ ਜਿੱਥੇ ਕਰਤਾ ਪੁਰਖ ਦੀ ਹਸਤੀ ਦਾ ਬਿਆਨ ਕੀਤਾ ਗਿਆ ਹੈ ਅਤੇ ਉਸ ਦੀ ਨਿਰਗੁਣਤਾ ਦੇ ਗੁਣ ਦੱਸੇ ਗਏ ਹਨ। ਕਰਤਾ ਪੁਰਖ ਦੀ ਜੋ ਵਿਚਾਰਧਾਰਕ ਬਣਤਰ ਮੂਲ ਮੰਤਰ ਰਾਹੀਂ ਸਾਹਮਣੇ ਆਉਂਦੀ ਹੈ, ਉਸ ਅਨੁਸਾਰ ਉਹ ਕੇਵਲ ਇਕ ਹੈ, ਉਹ ਸਦੀਵੀ ਹੈ ਅਤੇ ਉਸ ਦਾ ਨਾਮ ਸਦੀਵੀ ਹੈ, ਉਹ ਸਭ ਚੀਜ਼ਾਂ ਦੀ ਰਚਨਾ ਕਰਨ ਵਾਲਾ ਪੁਰਖ ਭਾਵ ਸਿਰਜਣਹਾਰ ਹੈ, ਉਹ ਕਿਸੇ ਤੋਂ ਭੈਅ ਨਹੀਂ ਮੰਨਦਾ, ਉਸ ਦਾ ਕਿਸੇ ਨਾਲ ਵੈਰ ਨਹੀਂ, ਉਹਦੀ ਹਸਤੀ ਅਮਰ ਹੈ, ਉਹ ਕਿਸੇ ਜੂਨ ਵਿਚ ਜਨਮ ਨਹੀਂ ਲੈਂਦਾ, ਭਾਵ ਜਨਮ-ਮਰਨ ਤੋਂ ਪਰ੍ਹੇ ਜਾਂ ਅਜਨਮਾ ਹੈ, ਉਹ ਸ੍ਵੈ-ਪ੍ਰਕਾਸ਼ਮਾਨ ਹੈ ਅਤੇ ਗੁਰੂ ਦੀ ਦਇਆ ਅਤੇ ਕਿਰਪਾ ਰਾਹੀਂ ਪ੍ਰਾਪਤ ਹੁੰਦਾ ਹੈ।
       ਇਹ ਜਪੁਜੀ ਸਾਹਿਬ ਦਾ ਮੂਲ ਮੰਤਰ ਵੀ ਹੈ ਅਤੇ ਸਿੱਖ ਧਰਮ ਦਾ ਮੂਲ ਮੰਤਰ ਵੀ। ਇਹ ਉਹ ਬੁਨਿਆਦੀ ਸੂਤਰ ਹੈ ਜਿਸ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦਾ ਵਿਚਾਰਧਾਰਕ ਉਸਾਰ ਉਸਰਿਆ ਹੋਇਆ ਹੈ। ਇਹ ਮੂਲ ਮੰਤਰ ਉਸ ਸਮੇਂ ਦੇ ਸਮਾਜ ਵਿਚਲੀਆਂ ਮੁੱਖ ਸਮੱਸਿਆਵਾਂ ਦੀ ਨਿਸ਼ਾਨਦੇਹੀ ਵੀ ਕਰਦਾ ਹੈ। ਉਸ ਸਮੇਂ ਦਾ ਸਮਾਜ ਵੇਦਾਂ, ਉਪਨਿਸ਼ਦਾਂ, ਵੇਦਾਂਤ ਆਦਿ ਤੋਂ ਬ੍ਰਹਮ, ਪਾਰਬ੍ਰਹਮ, ਆਤਮਾ, ਪਰਮਾਤਮਾ, ਭਗਵਾਨ ਅਤੇ ਈਸ਼ਵਰ ਜਿਹੇ ਸੰਕਲਪ ਪ੍ਰਾਪਤ ਕਰਨ ਦੇ ਬਾਵਜੂਦ ਸਮਾਜਿਕ ਏਕਤਾ ਬਣਾਉਣ ਵਿਚ ਅਸਫ਼ਲ ਰਿਹਾ, ਵਰਣ-ਆਸ਼ਰਮ ਅਤੇ ਜਾਤ-ਪਾਤ ਨੇ ਸਮਾਜ ਨੂੰ ਬੁਰੀ ਤਰ੍ਹਾਂ ਵੰਡਿਆ ਹੋਇਆ ਸੀ। ਇਸ ਦਾ ਮਤਲਬ ਇਹ ਨਹੀਂ ਕਿ ਹਿੰਦੋਸਤਾਨ ਦੇ ਵੱਖ-ਵੱਖ ਖਿੱਤਿਆਂ ਵਿਚ ਇਸ ਸਮਾਜਿਕ ਸਮੱਸਿਆ ਬਾਰੇ ਸੰਘਰਸ਼ ਨਹੀਂ ਹੋਇਆ। ਭਿੰਨ ਭਿੰਨ ਪਰੰਪਰਾਵਾਂ, ਦਰਸ਼ਨ, ਸੋਚ-ਪ੍ਰਣਾਲੀਆਂ ਅਤੇ ਸਮਾਜਿਕ ਤੇ ਧਾਰਮਿਕ ਲਹਿਰਾਂ ਇਸ ਸਮੱਸਿਆ ਨਾਲ ਜੂਝਦੀਆਂ ਰਹੀਆਂ ਹਨ। ਬੁੱਧ ਅਤੇ ਜੈਨ ਧਰਮ, ਸਾਂਖ ਦਰਸ਼ਨ, ਅਜੀਵਕ, ਚਾਰਵਾਕ, ਵੇਦਾਂਤ, ਸ਼ੈਵ ਅਤੇ ਵੈਸ਼ਨਵ ਧਰਮਾਂ/ਪੰਥਾਂ ਨੇ ਇਸ ਸਮੱਸਿਆ ਦਾ ਵੱਖ ਵੱਖ ਤਰ੍ਹਾਂ ਸਾਹਮਣਾ ਕਰਨ ਦਾ ਯਤਨ ਕੀਤਾ, ਪਰ ਉਹ ਇਕ-ਈਸ਼ਵਰਵਾਦ ਦਾ ਏਨਾ ਨਿਸ਼ਚਤ ਅਤੇ ਪੱਕਾ ਸੰਕਲਪ ਨਹੀਂ ਬਣਾ ਪਾਉਂਦੇ ਜਿਸ ਦਾ ਮੂਲ ਰੂਪ ਮੂਲ ਮੰਤਰ ਵਿਚ ਚਿਤਰਿਆ ਗਿਆ ਹੈ। ਇਸ ਤਰ੍ਹਾਂ ਬਹੁਤ ਸਾਰੇ ਪੰਥ ਇਕ- ਈਸ਼ਵਰਵਾਦ ਤੋਂ ਪੈਦਾ ਹੋਣ ਵਾਲੇ ਸਮਾਜਿਕ ਸਰੋਕਾਰਾਂ ਬਾਰੇ ਪਰਪੱਕ ਵਿਚਾਰਧਾਰਾ ਸਿਰਜਣ ਤੋਂ ਵਾਂਝੇ ਰਹਿ ਜਾਂਦੇ ਹਨ। ਕਿਸ ਤਰ੍ਹਾਂ ਦੀ ਵਿਚਾਰਧਾਰਾ? ਉਸ ਤਰ੍ਹਾਂ ਦੀ ਵਿਚਾਰਧਾਰਾ ਜੋ ਮੂਲ ਮੰਤਰ ਤੋਂ ਬਾਅਦ ਜਪੁਜੀ ਸਾਹਿਬ ਵਿਚ ਬਣਦੀ ਹੈ ਅਤੇ ਬਾਅਦ ਵਿਚ ਆਦਿ-ਗ੍ਰੰਥ ਵਿਚ ਦ੍ਰਿੜ੍ਹ ਹੁੰਦੀ ਹੈ। ਇਹ ਵਿਚਾਰ ਕਰਨਾ ਜ਼ਰੂਰੀ ਹੈ ਇਕ-ਈਸ਼ਵਰਵਾਦ ਦੇ ਸਮਾਜਿਕ ਸਰੋਕਾਰ ਕੀ ਹਨ?
       ਪੁਰਾਣੇ ਸਮਿਆਂ ਵਿਚ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਵਿਚ, ਸਮਾਜਿਕ ਏਕਤਾ ਅਤੇ ਸਮਾਜਿਕ ਬਰਾਬਰੀ ਕਾਇਮ ਕਰਨ ਦੇ ਹੋਏ ਯਤਨ ਇਕ-ਈਸ਼ਵਰਵਾਦ ਦੇ ਸੰਕਲਪ ਦੁਆਰਾ ਹੀ ਹੋਏ ਹਨ। ਇਕ-ਈਸ਼ਵਰਵਾਦ ਦੀ ਪ੍ਰਮੁੱਖ ਸਮਾਜਿਕ ਸਾਰਥਿਕਤਾ ਏਸ ਗੱਲ ਵਿਚ ਹੈ ਕਿ ਜੇ ਈਸ਼ਵਰ ਇਕ ਹੈ ਤਾਂ ਉਸ ਦੀ ਬਣਾਈ ਹੋਈ ਲੋਕਾਈ ਵੀ ਇਕ ਹੈ, ਇਕ ਸਮਾਨ ਹੈ, ਬਰਾਬਰ ਹੈ। ਨਿਰਗੁਣਵਾਦ ਦਾ ਗੁਣ ਇਕ-ਈਸ਼ਵਰਵਾਦ ਦੇ ਸਮਾਜਿਕ ਏਕਤਾ ਅਤੇ ਸਮਾਜਿਕ ਬਰਾਬਰੀ ਦੇ ਸਰੋਕਾਰ ਨੂੰ ਹੋਰ ਸ਼ਕਤੀ ਦਿੰਦਾ ਹੈ ਤੇ ਦ੍ਰਿੜ੍ਹ ਕਰਦਾ ਹੈ।
       ਇਕ-ਈਸ਼ਵਰਵਾਦ ਦੇ ਨਾਲ ਨਾਲ ਈਸ਼ਵਰ ਦੇ ਉਹ ਗੁਣ ਜੇ ਲੋਕਾਂ ਨੂੰ ਸਮਾਜਿਕ ਏਕਤਾ ਅਤੇ ਬਰਾਬਰੀ ਵੱਲ ਖਿੱਚਦੇ ਹਨ, ਉਹ ਹਨ, ਈਸ਼ਵਰ ਦੀ ਦਿਆਲਤਾ ਤੇ ਉਸ ਦਾ ਸਰਵ-ਸ਼ਕਤੀਮਾਨ ਹੋਣਾ। ਦਿਆਲਤਾ ਤੇ ਕਿਰਪਾ ਰਾਹੀਂ ਈਸ਼ਵਰ ਦਾ ਆਪਣੀ ਲੋਕਾਈ ਨਾਲ ਸਿੱਧਾ ਰਿਸ਼ਤਾ ਦ੍ਰਿੜ੍ਹ ਹੁੰਦਾ ਹੈ। ਸਰਵ-ਸ਼ਕਤੀਮਾਨਤਾ ਇਹ ਦੱਸਦੀ ਹੈ ਕਿ ਸਿਰਫ਼ ਪ੍ਰਭੂ ਹੀ ਸਰਵ-ਸ਼ਕਤੀਮਾਨ ਹੈ ਅਤੇ ਦੁਨੀਆਂ ਵਿਚ, ਆਪਣੇ ਆਪ ਨੂੰ ਪ੍ਰਭੂ ਅਖਵਾਉਣ ਵਾਲੇ ਬੰਦੇ, ਝੂਠੇ ਹਨ। ਇਸ ਤਰ੍ਹਾਂ ਦਿਆਲੂ, ਸਰਵ-ਸ਼ਕਤੀਮਾਨ ਤੇ ਨਿਰਗੁਣ ਇਕ-ਈਸ਼ਵਰਵਾਦ ਸਮਾਜਿਕ ਬਰਾਬਰੀ ਦਾ ਸੁਨੇਹਾ ਅਧਿਆਤਮਕ ਰੂਪ ਵਿਚ ਦਿੰਦਾ ਹੈ। ਇਕ-ਈਸ਼ਵਰਵਾਦ ਨੇ ਸਮਾਜਿਕ ਏਕਤਾ ਅਤੇ ਸਾਂਝੀਵਾਲਤਾ ਲਈ ਹੋਏ ਯਤਨਾਂ ਵਿਚ ਵੱਡੀ ਭੂਮਿਕਾ ਨਿਭਾਈ ਹੈ। ਈਸਾਈ ਧਰਮ ਅਤੇ ਇਸਲਾਮ ਇਸ ਦੀਆਂ ਜੀਉਂਦੀਆਂ-ਜਾਗਦੀਆਂ ਮਿਸਾਲਾਂ ਹਨ। ਇਹ ਦੋਵੇਂ ਧਰਮ ਦੱਬੇ-ਕੁਚਲੇ ਅਤੇ ਦਮਿਤ ਲੋਕਾਂ ਦੇ ਧਰਮ ਵਜੋਂ ਉਦੈ ਹੋਏ। ਦੋਵਾਂ ਧਰਮਾਂ ਨੇ ਈਸ਼ਵਰ ਦੇ ਇਕ ਹੋਣ ਅਤੇ ਈਸ਼ਵਰ ਦੀ ਕਿਰਪਾਲਤਾ, ਬਖਸ਼ਿੰਦਗੀ ਅਤੇ ਉਸ ਦੇ ਗਰੀਬਨਿਵਾਜ਼ ਹੋਣ ਦਾ ਭਰਪੂਰ ਵਰਣਨ ਕੀਤਾ, ਸਮਾਜਿਕ ਏਕਤਾ ਤੇ ਬਰਾਬਰੀ 'ਤੇ ਜ਼ੋਰ ਦਿੱਤਾ।
      ਹਿੰਦੋਸਤਾਨੀ ਬਰੇ-ਸਗੀਰ ਦੀਆਂ ਵੱਖ ਵੱਖ ਪਰੰਪਰਾਵਾਂ ਅਤੇ ਗ੍ਰੰਥਾਂ ਵਿਚ ਨਿਰਗੁਣ ਇਕ-ਈਸ਼ਵਰਵਾਦ ਬਾਰੇ ਸੰਘਰਸ਼ ਤਾਂ ਹੁੰਦਾ ਹੈ ਪਰ ਉਹ ਸੰਕਲਪ ਅੰਦਰੂਨੀ ਇਕਸਾਰਤਾ ਪ੍ਰਾਪਤ ਨਹੀਂ ਕਰ ਪਾਉਂਦਾ। ਉਦਾਹਰਣ ਵਜੋਂ ਇਕ ਪੁਰਾਤਨ ਗ੍ਰੰਥ ਵਿਚ ਬ੍ਰਹਮ ਜਾਂ ਪਾਰਬ੍ਰਹਮ ਦੀ ਕਲਪਨਾ ਅਸ਼ਬਦਮ, ਅਸਪਰਸ਼ਮ, ਅਰੂਪਮ, ਅਸਰੀਰਮ, ਅਰਸਮ, ਨਿਤਯਮ (ਸਦੀਵੀ), ਅਨਾਦਿ ਅਤੇ ਪਰਮ ਰੂਪ ਵਿਚ ਕੀਤੀ ਗਈ ਹੈ ਪਰ ਨਾਲ ਹੀ ਉਹੀ ਗ੍ਰੰਥ ਬ੍ਰਾਹਮਣਾਂ ਅਤੇ ਕਸ਼ਤਰੀਆਂ ਦੀ ਪ੍ਰਮੁੱਖਤਾ ਦੀ ਗੱਲ ਕਰਦਾ ਹੈ। ਜਦ ਇਕ ਨਿਰਗੁਣ ਅਤੇ ਅਰੂਪਮ ਪਰਮਾਤਮਾ ਦੀ ਵਿਚਾਰਧਾਰਕ ਬਣਤਰ ਘੜੀ ਜਾਂਦੀ ਹੈ ਤਾਂ ਉਸ ਪਰਮਾਤਮਾ ਤੋਂ ਆਸ ਬੱਝਦੀ ਹੈ ਕਿ ਉਸ ਸਾਰੇ ਸਮਾਜ ਨੂੰ ਇਕ ਅੱਖ ਨਾਲ ਵੇਖੇ, ਉਹਦੇ ਸਾਹਮਣੇ ਸਾਰੇ ਲੋਕ ਸਮਾਨ ਹੋਣ। ਪਰ ਸਾਡੇ ਪੁਰਾਣੇ ਗ੍ਰੰਥਕਾਰ ਬ੍ਰਹਮ ਦੇ ਸੰਕਲਪ ਨੂੰ ਇਹ ਸਮਾਜਿਕ ਸਾਰਥਿਕਤਾ ਨਹੀਂ ਦੇ ਪਾਉਂਦੇ। ਇਸ ਦੇ ਨਾਲ ਪਾਰਬ੍ਰਹਮ ਨੂੰ ਕਿਤੇ ਵੀ ਬਖ਼ਸ਼ਣਹਾਰ ਜਾਂ ਗਰੀਬ-ਨਿਵਾਜ਼ ਨਹੀਂ ਦਿਖਾਇਆ ਗਿਆ।
       ਇਕ-ਈਸ਼ਵਰਵਾਦ ਗੁਰੂ ਨਾਨਕ-ਬਾਣੀ ਵਿਚ ਵਾਰ ਵਾਰ ਦ੍ਰਿੜ੍ਹ ਕੀਤਾ ਜਾਂਦਾ ਹੈ। ਉਸ ਦੀ ਪ੍ਰਾਥਮਿਕਤਾ ਨੂੰ ਦੁਹਰਾਇਆ ਜਾਂਦਾ ਹੈ। ਉਦਾਹਰਣ ਵਜੋਂ, ਜਪੁਜੀ ਸਾਹਿਬ ਵਿਚ ਗੁਰੂ ਜੀ ਕਹਿੰਦੇ ਹਨ, ''ਥਾਪਿਆ ਨਾ ਜਾਇ, ਕੀਤਾ ਨਾ ਹੋਇ, ਆਪੇ ਆਪਿ ਨਿਰੰਜਨੁ ਸੋਇ॥'' ਜਪੁਜੀ ਸਾਹਿਬ ਵਿਚ ਇਕ ਹੋਰ ਥਾਂ 'ਤੇ ''ਹੈ ਭੀ ਹੋਸੀ ਜਾਇ ਨ ਜਾਸੀ॥'' ਏਸ ਤਰ੍ਹਾਂ ਈਸ਼ਵਰ ਨੂੰ ''ਆਦਿ ਅਨੀਲੁ ਅਨਾਦਿ ਅਨਾਹਤਿ'' ਦੱਸਿਆ ਗਿਆ ਹੈ। ਨਾਨਕ ਬਾਣੀ ਵਿਚ ਇਹੋ ਜਿਹੇ ਵਰਣਨ ਮਿਲਦੇ ਹਨ, ਜਿਵੇਂ ''ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥'' ਅਤੇ ''ਤੂ ਅਲਖ ਅਗੋਚਰੁ ਅਗਮੁ ਹੈ॥''
      ਗੁਰੂ ਨਾਨਕ ਦੇਵ ਜੀ ਜਦ ਇਕ ਈਸ਼ਵਰ ਦੀ ਹਸਤੀ ਦਾ ਵਰਣਨ ਕਰਦੇ ਹਨ ਤਾਂ ਉਸ ਨੂੰ ਕਿਰਪਾਲੂ, ਦਿਆਲੂ, ਦਾਤਾ, ਗ਼ਰੀਬਾਂ 'ਤੇ ਨਜ਼ਰ ਕਰਨ ਵਾਲਾ, ਬਖ਼ਸ਼ਣਹਾਰ ਤੇ ਗਰੀਬਨਿਵਾਜ਼ ਕਹਿ ਕੇ ਬਿਆਨ ਕਰਦੇ ਹਨ। ਜਿਵੇਂ ਜਪੁਜੀ ਸਾਹਿਬ ਵਿਚ ਕਹਿੰਦੇ ਹਨ:

ਬਹੁਤਾ ਕਰਮੁ ਲਿਖਿਆ ਨਾ ਜਾਇ॥
ਵਡਾ ਦਾਤਾ ਤਿਲੁ ਨ ਤਮਾਇ॥

ਜਪੁਜੀ ਸਾਹਿਬ ਵਿਚ ਨਜ਼ਰ, ਨਦਰਿ ਜਾਂ ਮਿਹਰ ਵਾਲੀ ਦ੍ਰਿਸ਼ਟੀ ਦਾ ਬਿਆਨ ਕੀਤਾ ਗਿਆ ਹੈ :

' ਨਾਨਕ ਨਦਰੀ ਕਰਮੀ ਦਾਤਿ॥
' ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ॥
' ਨਾਨਕ ਨਦਰੀ ਨਦਰਿ ਨਿਹਾਲ॥

      ਇਸ ਤਰ੍ਹਾਂ ਦੀਆਂ ਸੈਂਕੜੇ ਮਿਸਾਲਾਂ ਗੁਰੂ ਨਾਨਕ ਦੇਵ ਜੀ ਦੀਆਂ ਬਾਕੀ ਬਾਣੀਆਂ ਵਿਚੋਂ ਮਿਲਦੀਆਂ ਹਨ। ਜਿਵੇਂ ਰਾਗ ਆਸਾ ਵਿਚ ਕਹਿੰਦੇ ਹਨ ''ਆਪੇ ਵੇਖੈ ਆਪੈ ਵਿਗਸੈ ਆਪੇ ਨਦਰਿ ਕਰੇ॥'' ਰਾਗ ਵਡਹੰਸ ਵਿਚ ਕਿਹਾ ਹੈ ''ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ॥'' ਇਹ ਪ੍ਰਕਿਰਿਆ ਅਗਲੇ ਸਾਰੇ ਗੁਰੂ ਸਾਹਿਬਾਨ ਦੀ ਲਿਖਤ ਵਿਚ ਨਿਰੰਤਰ ਚਲਦੀ ਰਹਿੰਦੀ ਹੈ। ਇਸ ਦਾ ਸਿਖਰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਮਿਲਦਾ ਹੈ, ਜਿੱਥੇ ਜਾਪ ਸਾਹਿਬ ਤੇ ਅਕਾਲ ਉਸਤਤਿ, ਨਿਰਗੁਣ ਤੇ ਨਾ ਬਿਆਨ ਕੀਤੇ ਜਾਣ ਵਾਲੇ ਕਰਤਾ ਪੁਰਖ ਦੀ ਵਡਿਆਈ ਦੇ ਮਹਾਂਕਾਵਿਕ ਗੀਤ ਬਣ ਜਾਂਦੇ ਹਨ। ਜਾਪ ਸਾਹਿਬ ਵਿਚ ਕਰਤਾ ਪੁਰਖ ਨੂੰ ਬਿਨਾਂ ਕਿਸੇ ਚਕ੍ਰ, ਚਿਹਨ, ਵਰਣ, ਜਾਤੀ ਤੋਂ ਉਪਰ, ਅਲੇਖ, ਅਚਲ, ਅਟਲ, ਅਕਾਲ, ਅਰੂਪ, ਅਭੇਖ, ਅਕਾਏ (ਕਾਇਆ ਰਹਿਤ), ਅਗੰਜ (ਅਜਿੱਤ), ਅਭੇਜ (ਮਾਸ ਰਹਿਤ), ਅਨਾਮ, ਅਠਾਮ (ਥਾਂ ਰਹਿਤ), ਅਕਰਮੰ, ਅਧਰਮੰ, ਅਨਾਮੰ, ਅਮਿਤੋਜ, ਅਜੀਤ, ਅਭੀਤ, ਅਬਾਹ, ਅਢਾਹ ਆਦਿ ਦਰਸਾਇਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦ੍ਰਿੜ੍ਹ ਕਰਵਾਉਂਦੇ ਹਨ ਕਿ ਅਕਾਲ ਪੁਰਖ ਦੀ ਕੋਈ ਜਾਤ ਜਾਂ ਵਰਣ ਨਹੀਂ ਹੈ :

ਚਕ੍ਰ ਚਿਹਨ ਅਰੁ ਬਰਨ ਜਾਤਿ, ਅਰੁ ਪਾਤਿ, ਨਹਿਨ ਜਿਹ॥
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ॥
(ਜਾਪੁ ਸਾਹਿਬ)

      ਇਸ ਤਰ੍ਹਾਂ ਇਕ-ਈਸ਼ਵਰਵਾਦ ਤੇ ਉਸ ਦੀ ਦਿਆਲਤਾ ਦਾ ਸੰਕਲਪ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਵਿਚ ਹਜ਼ਾਰਾਂ ਵਾਰ ਦੁਹਰਾਇਆ ਜਾਂਦਾ ਹੈ। ਏਥੇ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਇਹ ਗੱਲ ਇਕ ਵਾਰ ਹੀ ਕਹੀ ਜਾਣੀ ਕਾਫ਼ੀ ਨਹੀਂ? ਏਨੇ ਦੁਹਰਾਓ ਦੀ ਕੀ ਜ਼ਰੂਰਤ ਹੈ? ਇਸ ਦਾ ਉੱਤਰ ਇਹ ਹੈ ਕਿ ਇਸ ਦੁਹਰਾਉ ਦੀ ਬਹੁਤ ਜ਼ਰੂਰਤ ਹੈ। ਕਿਉਂ? ਉਹ ਇਸ ਲਈ ਕਿ ਦੇਵਤਾਵਾਦ, ਅਵਤਾਰਵਾਦ, ਕਰਮਕਾਂਡ, ਵਰਣ-ਆਸ਼ਰਮ ਤੇ ਜਾਤ-ਪਾਤ ਦੀਆਂ ਧਾਰਨਾਵਾਂ ਹਿੰਦੋਸਤਾਨੀ ਬਰੇ-ਸਗੀਰ ਦੇ ਲੋਕਾਂ ਦੇ ਮਨਾਂ ਵਿਚ ਏਨਾ ਡੂੰਘਾ ਘਰ ਕਰ ਚੁੱਕੀਆਂ ਹਨ ਕਿ ਉਨ੍ਹਾਂ ਨਾਲ ਲੜਨ, ਉਨ੍ਹਾਂ ਨਾਲ ਸੰਘਰਸ਼ ਕਰਨ ਲਈ ਏਸ ਦੁਹਰਾਓ ਦੀ ਬਹੁਤ ਜ਼ਰੂਰਤ ਪੈਂਦੀ ਹੈ।
       ਸਮਾਜਿਕ ਸਾਰਥਿਕਤਾ ਦੀ ਗੱਲ ਕਰਦਿਆਂ ਨਾਨਕ-ਬਾਣੀ ਵਿਚ ਇਹ ਸਾਰਥਿਕਤਾ ਨਵੀਂ ਤਰ੍ਹਾਂ ਨਾਲ ਸਾਹਮਣੇ ਆਉਂਦੀ ਹੈ। ਪਰੰਪਰਕ ਹਿੰਦੋਸਤਾਨੀ ਧਰਮਾਂ ਅਨੁਸਾਰ ਪਰਮਾਤਮਾ ਨੂੰ ਗਿਆਨ ਮਾਰਗ, ਇਕੱਲੇ ਬਹਿ ਕੇ ਭਗਤੀ ਕਰਨ, ਧਿਆਨ ਲਾਉਣ, ਯੋਗ ਤੇ ਹੋਰ ਅਜਿਹੀਆਂ ਵਿਧੀਆਂ ਰਾਹੀਂ ਪਾਇਆ ਜਾ ਸਕਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਪਰਮਾਤਮਾ ਦੀ ਕਹਾਣੀ ਜਾਂ ਕਹਾਣੀਆਂ ਕਿਵੇਂ ਕਹੀਆਂ ਜਾ ਸਕਦੀਆਂ ਹਨ? ਸਿਰੀ ਰਾਗ ਵਿਚ ਗੁਰੂ ਸਾਹਿਬ ਕਹਿੰਦੇ ਹਨ :

ਆਵਹੁ ਭੈਣੇ ਗਲਿ ਮਿਲਹੁ ਅੰਕਿ ਸਹਿਲੇੜੀਆਹ॥
ਮਿਲ ਕੈ ਕਰਹਿ ਕਹਾਣੀਆ ਸੰਮ੍ਰਥ ਕੰਤ ਕੀਆਹ॥

ਕਿ ਆਓ ਅਸੀਂ ਇਕੱਠੇ ਹੋ ਕੇ ਸਮਰਥ ਕੰਤ ਭਾਵ ਕਰਤਾ ਪੁਰਖ ਦੀਆਂ ਬਾਤਾਂ ਪਾਈਏ।
ਇਸ ਤੋਂ ਭਾਵ ਇਹ ਨਿਕਲਦਾ ਹੈ ਕਿ ਸਤਿਸੰਗ ਕਰਕੇ, ਸਮਾਜ ਵਿਚ ਮਿਲ ਕੇ ਹੀ ਪ੍ਰਭੂ ਦੀ ਬਾਤ ਪਾਈ ਜਾ ਸਕਦੀ ਹੈ। ਸਿਰੀ ਰਾਗ ਵਿਚ ਫਿਰ ਦੱਸਦੇ ਹਨ ''ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥'' ਤੇ ਫਿਰ ਸਿਰੀ ਰਾਗ ਵਿਚ ਹੀ ਕਹਿੰਦੇ ਹਨ ''ਮਿਲਿ ਸਤ ਸੰਗਤਿ ਹਰਿ ਪਾਈਐ॥'' ਇਸ ਤਰ੍ਹਾਂ ਸੰਗਤ ਵਿਚ ਬਹਿ ਕੇ ਪਰਮਾਤਮਾ ਦਾ ਨਾਮ ਲੈਣ ਨੂੰ ਸਰਾਹਿਆ ਗਿਆ ਹੈ। ਏਹ ਸੰਕਲਪ ਹੀ ਕੀਰਤਨ ਕਰਨ ਤੇ ਇਕੱਠੇ ਬਹਿ ਕੇ ਲੰਗਰ ਛਕਣ ਦੀਆਂ ਪਰੰਪਰਾਵਾਂ ਦਾ ਆਧਾਰ ਹੈ। ਗੁਰੂ ਸਾਹਿਬ ਨੇ ਇਕ ਹੋਰ ਸਿਧਾਂਤ ਵੀ ਦ੍ਰਿੜ੍ਹ ਕਰਵਾਇਆ ਹੈ। ਉਹ ਹੈ ਗੋਸ਼ਟਿ ਕਰਨ ਦਾ ਸਿਧਾਂਤ; ਆਪਸ ਵਿਚ ਗੱਲਬਾਤ ਕਰਨ ਤੇ ਫਿਰ ਠੀਕ ਨਤੀਜਿਆਂ 'ਤੇ ਪਹੁੰਚਣ ਦਾ ਅਮਲ।
ਸਮਾਜਿਕ ਸੰਘਰਸ਼ ਨੂੰ ਓਥੇ ਵੱਡੇ ਤੇ ਬਹੁਮੁੱਲੇ ਬੋਲ ਮਿਲਦੇ ਹਨ ਜਦ ਗੁਰੂ ਸਾਹਿਬ ਦਮਿਤ ਤੇ ਦਲਿਤ ਲੋਕਾਂ ਨਾਲ ਖਲੋਂਦੇ ਹਨ,

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸੁ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ॥

ਜਪੁਜੀ ਸਾਹਿਬ ਵਿਚ ਆਪ ਕਹਿੰਦੇ ਹਨ :

ਆਈ ਪੰਥੀ ਸਗਲ ਜਮਾਤੀ

ਏਸੇ ਤਰ੍ਹਾਂ ਰਾਗ ਆਸਾ ਦੇ ਸਲੋਕਾਂ ਵਿਚ ਕਹਿੰਦੇ ਹਨ :

ਹਉ ਢਾਢੀ ਕਾ ਨੀਚਿ ਜਾਤਿ
ਹੋਰਿ ਉਤਮ ਜਾਤਿ ਸਦਾਇਦੇ॥

ਭਾਵ ਮੈਂ ਨੀਚੀ ਜਾਤ ਦਾ ਢਾਡੀ ਹਾਂ, ਬਾਕੀ ਆਪਣੇ ਆਪ ਨੂੰ ਉੱਚੀਆਂ ਜਾਤਾਂ ਵਾਲੇ ਕਹਾਉਂਦੇ ਹਨ। ਇਨ੍ਹਾਂ ਸ਼ਬਦਾਂ ਤੋਂ ਪ੍ਰਤੱਖ ਹੈ ਕਿ ਸਮਾਜਿਕ ਸੰਘਰਸ਼ ਵਿਚ ਗੁਰੂ ਜੀ ਕਿਹੜੇ ਲੋਕਾਂ ਨਾਲ ਖਲੋਤੇ ਹਨ।
       ਗੁਰੂ ਜੀ ਨੇ ਆਪਣਾ ਸੰਦੇਸ਼ ਦੇਣ ਲਈ ਜੋ ਪ੍ਰਤੀਕ, ਰੂਪਕ, ਬਿੰਬ ਤੇ ਅਲੰਕਾਰ ਵਰਤੇ ਹਨ ਉਹ ਸਮਾਜ ਤੇ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਨਾਲ ਸੰਬੰਧਿਤ ਹਨ। ਗੁਰੂ ਸਾਹਿਬ ਪੰਡਤਾਈ ਜਾਂ ਤਥਾਕਥਿਤ ਉੱਚੀਆਂ ਸ਼੍ਰੇਣੀਆਂ ਦੀ ਬੋਲੀ ਵਿਚ ਸਾਡੇ ਨਾਲ ਗੱਲ ਨਹੀਂ ਕਰਦੇ। ਉਹ ਸਾਡੇ ਨਾਲ ਪੰਜਾਬੀ ਵਿਚ ਗੱਲ ਕਰਦੇ ਹਨ। ਉਨ੍ਹਾਂ ਦੀ ਬਾਣੀ ਪੰਜਾਬ ਤੋਂ ਬਾਹਰ ਵੀ ਸਮਝੀ ਜਾਵੇ ਇਸ ਲਈ ਉਹ ਨਜ਼ਦੀਕ ਦੀਆਂ ਭਾਸ਼ਾਵਾਂ ਦੇ ਸ਼ਬਦ ਵੀ ਵਰਤਦੇ ਹਨ। ਉਹ ਲੋਕ-ਕਾਵਿ ਰੂਪਾਂ ਨੂੰ ਵਰਤਦੇ ਹਨ। ਜਿਵੇਂ ਸੀਹਰਫ਼ੀ ਤੇ ਬਾਵਨ-ਅੱਖਰੀ ਲਿਖੀ ਜਾਂਦੀ ਸੀ ਉਵੇਂ ਪੱਟੀ ਲਿਖੀ ਜਾਂਦੀ ਹੈ। ਰਾਗ ਤੁਖਾਰੀ ਵਿਚ ਬਾਰਹਮਾਹ ਲਿਖਿਆ ਜਾਂਦਾ ਹੈ। ਗੁਰੂ ਸਾਹਿਬ ਵਾਰਾਂ ਤੇ ਅਲਾਹੁਣੀਆਂ ਲਿਖਦੇ ਹਨ। ਲੋਕ-ਸੰਗੀਤ ਵਰਤਦੇ ਹਨ। ਰਾਗ ਮਾਝ ਮਾਝੇ ਦੀਆਂ ਲੋਕ-ਧੁਨਾਂ 'ਤੇ ਆਧਾਰਿਤ ਹੈ।
       ਗੁਰੂ ਸਾਹਿਬ ਸਮਾਜਿਕ ਤੇ ਘਰੋਗੀ ਜੀਵਨ ਨਾਲ ਜੁੜੇ ਪ੍ਰਤੀਕ ਵਰਤਦੇ ਹਨ। ਜਿਵੇਂ ''ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਂਡੇ ਘਤਿ॥'' ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਪ੍ਰਹੇਜ਼ਗਾਰੀ ਦੀ ਗੰਢ ਤੇ ਸੱਚ ਦਾ ਮਰੋੜਾ ਹੋਵੇ, ਹੇ ਬ੍ਰਾਹਮਣ ਇਹ ਹਨ ਤਾਂ ਮੈਨੂੰ ਇਨ੍ਹਾਂ ਦਾ ਬਣਿਆ ਜਨੇਊ ਪਾ। ਰਾਗ ਆਸਾ ਵਿਚ ਦੀਵੇ ਦਾ ਪ੍ਰਤੀਕ ਵਰਤਦੇ ਹਨ ''ਦੀਵਾ ਮੇਰਾ ਏਕ ਨਾਮੁ ਦੁਖੁ ਵਿਚ ਪਾਇਆ ਤੇਲੁ॥'' ਕੱਲਰ ਦਾ ਬਿੰਬ ਵਰਤਿਆ ਹੈ। ਰਾਗ ਆਸਾ ਵਿਚ ਕਿਹਾ ਹੈ ''ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ॥'' ਦੁਨੀਆ ਨੂੰ ਕੱਲਰੀ ਕੰਧ ਵੀ ਕਿਹਾ ਗਿਆ ਹੈ। ਮਨ ਤੇ ਸੰਸਾਰ ਦਾ ਸੰਬੰਧ ਢੋਲਕੀ ਦੇ ਬਿੰਬ ਰਾਹੀਂ ਬਿਆਨ ਕੀਤਾ ਗਿਆ ਹੈ ''ਤਾਲ ਮਦੀਰੇ ਘਟ ਕੇ ਘਾਟ॥ ਦੋਲਕ ਦੁਨੀਆ ਵਾਜਹਿ ਵਾਜ॥'' ਮਨ ਦੀਆਂ ਖਾਹਿਸ਼ਾਂ ਛੈਣੇ ਤੇ ਘੁੰਗਰੂਆਂ ਵਾਂਗ ਹਨ। ਉਨ੍ਹਾਂ ਨਾਲ ਸੰਸਾਰ ਦਾ ਢੋਲ ਵੱਜ ਰਿਹਾ ਹੈ।
       ਸਮਾਜਿਕ ਜੀਵਨ ਨਾਲ ਜੁੜੇ ਬਿੰਬ ਤੇ ਪ੍ਰਤੀਕ ਕਿਉਂ ਵਰਤੇ ਗਏ ਹਨ? ਕਿਉਂਕਿ ਗੁਰੂ ਸਾਹਿਬ ਸਮਾਜ ਨੂੰ ਬਦਲਣਾ ਚਾਹੁੰਦੇ ਸਨ, ਸਮਾਜਿਕ ਏਕਤਾ, ਸਮਾਜਿਕ ਬਰਾਬਰੀ ਅਤੇ ਆਪਣੇ ਲੋਕਾਂ ਨਾਲ ਖਲੋਣਾ ਚਾਹੁੰਦੇ ਸਨ ਤੇ ਖਲੋਤੇ ਵੀ। ਏਸੇ ਰਵਾਇਤ ਵਿਚ ਲੋਕਾਂ ਨਾਲ, ਲੋਕ-ਮਾਨਸ ਨਾਲ ਜੁੜਣ ਅਤੇ ਲੋਕ-ਧਾਰਾ ਨਾਲ ਖਲੋਣ ਦੀ ਵੱਡੀ ਗਵਾਹੀ ਸਾਨੂੰ ਫਿਰ ਓਥੇ ਮਿਲਦੀ ਹੈ ਜਦ ਆਦਿ-ਗ੍ਰੰਥ ਦੀ ਸੰਪਾਦਨਾ ਹੁੰਦੀ ਹੈ ਤੇ ਦੱਸਿਆ ਜਾਂਦਾ ਹੈ ਕਿ ਆਸਾ ਦੀ ਵਾਰ ਟੁੰਡੇ ਅਸਰਾਜੇ ਦੀ ਧੁਨੀ ਪਰ ਗਾਉਣੀ ਹੈ। ਹੋਰ ਵਾਰਾਂ ਲਈ ਲੋਕ-ਧੁਨੀਆਂ ਦੱਸੀਆਂ ਜਾਂਦੀਆਂ ਹਨ। ਇਹ ਲੋਕਾਂ ਨਾਲ ਖਲੋਣ ਦੇ ਵੱਡੇ ਤੇ ਮਹਾਨ ਉਪਰਾਲੇ ਹਨ। ਸਥਾਪਤੀ ਦੇ ਵਿਰੁੱਧ ਸੰਘਰਸ਼ ਦੇ ਲਖਾਇਕ ਹਨ। ਸਥਾਪਤੀ ਵਿਰੁੱਧ ਸੰਘਰਸ਼ ਕੇਵਲ ਨਾਹਰੇ ਮਾਰ ਕੇ ਨਹੀਂ ਹੁੰਦਾ, ਸਥਾਪਤੀ ਦੀ ਬੋਲੀ, ਸਥਾਪਤੀ ਦੇ ਗੀਤ-ਸੰਗੀਤ, ਸਥਾਪਤੀ ਦੀ ਸ਼ੈਲੀ, ਸਥਾਪਤੀ ਦੀ ਭਾਸ਼ਾ, ਸਥਾਪਤੀ ਕਿਹੋ ਜੇਹੇ ਰੂਪਾਂ ਰਾਹੀਂ ਪ੍ਰਗਟ ਹੁੰਦੀ ਹੈ, ਉਸ ਸਭ ਨਾਲੋਂ ਟੁੱਟਣਾ ਪੈਂਦਾ ਹੈ। ਪ੍ਰਤਿ-ਭਾਸ਼ਾ ਸਿਰਜਣੀ ਪੈਂਦੀ ਹੈ। ਪ੍ਰਤਿ-ਸ਼ੈਲੀ ਸਿਰਜਣੀ ਪੈਂਦੀ ਹੈ। ਇਹ ਮਹਾਨ ਕਾਰਜ ਗੁਰੂ ਨਾਨਕ ਦੇਵ ਜੀ ਤੇ ਸਾਡੇ ਹੋਰ ਗੁਰੂਆਂ ਨੇ ਕੀਤਾ ਹੈ।
       ਗੁਰੂ ਨਾਨਕ-ਬਾਣੀ ਦਾ ਇਕ ਹੋਰ ਸਮਾਜਿਕ ਤੇ ਸਾਡੀ ਹੋਂਦ ਦੇ ਪ੍ਰਸ਼ਨ ਨਾਲ ਜੁੜਿਆ ਪੱਖ ਇਹ ਹੈ ਕਿ ਇਹ ਬਾਣੀ ਪ੍ਰਸ਼ਨ ਪੁੱਛਦੀ ਹੋਈ ਵਾਣੀ ਹੈ। ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚ ਹੀ ਮਨੁੱਖੀ ਹਸਤੀ ਤੇ ਹੋਂਦ ਬਾਰੇ ਬਹੁਤ ਵੱਡਾ ਪ੍ਰਸ਼ਨ ਪੁੱਛਿਆ ਗਿਆ ਹੈ : ''ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥'' ਸਿਰੀ ਰਾਗ ਵਿਚ ਗੁਰੂ ਸਾਹਿਬ ਪ੍ਰਸ਼ਨ ਪੁੱਛਦੇ ਹਨ : ''ਮੁਖ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ॥'' ਰਾਗ ਗਉੜੀ ਵਿਚ ਪੁੱਛਦੇ ਹਨ : ''ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ॥'' ਇਸ ਤਰ੍ਹਾਂ ਗੁਰੂ ਸਾਹਿਬ ਆਪਣੇ ਆਪ ਨੂੰ ਪ੍ਰਸ਼ਨ ਪੁੱਛ ਰਹੇ ਹਨ, ਆਪਣੇ ਸਾਥੀਆਂ ਤੇ ਸੰਸਾਰ ਦੇ ਜੀਵਾਂ ਤੋਂ ਪ੍ਰਸ਼ਨ ਪੁੱਛ ਰਹੇ ਹਨ। ਵੱਖ ਵੱਖ ਸਮਿਆਂ ਵਿਚ, ਮਨੁੱਖ ਸਾਹਮਣੇ ਵੱਖ ਵੱਖ ਪ੍ਰਸ਼ਨ ਪੇਸ਼ ਹੁੰਦੇ ਹਨ ਤੇ ਮਨੁੱਖਾਂ ਤੇ ਮਨੁੱਖਤਾ ਨੂੰ ਉਨ੍ਹਾਂ ਪ੍ਰਸ਼ਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਨ ਪੁੱਛਣ ਦਾ ਮਤਲਬ ਹੈ ਉਸ ਵੇਲੇ ਦੀ ਸਮਾਜਕ ਬਣਤਰ ਬਾਰੇ ਸੰਦੇਹ ਪ੍ਰਗਟ ਕਰਨਾ ਤੇ ਉਨ੍ਹਾਂ ਹਾਲਾਤ ਨਾਲ ਸੰਘਰਸ਼ ਕਰਨਾ ਹੈ ਜੋ ਲੋਕਾਈ ਵਾਸਤੇ ਚੰਗੇ ਨਹੀਂ।
       ਸਮਾਜਿਕ ਸੰਘਰਸ਼ ਕਿਰਤ ਤੇ ਕਿਰਤ ਤੋਂ ਪੈਦਾ ਹੋਣ ਵਾਲੀਆਂ ਵਸਤੂਆਂ ਦੀ ਸਮਾਜ ਵਿਚ ਨਿਆਂਪੂਰਕ ਵੰਡ ਨਾਲ ਜੁੜਿਆ ਹੋਇਆ ਹੈ। ਇਸ ਸੰਬੰਧ ਵਿਚ ਰਾਗ ਸਾਰੰਗ ਵਿਚ ਗੁਰੂ ਸਾਹਿਬ ਨੇ ਕਿਹਾ ਹੈ, ''ਘਾਲ ਖਾਇ ਕਿਛੁ ਹਥਹੁ ਦੇਹਿ॥ ਨਾਨਕ ਰਾਹੁ ਪਛਾਣਹਿ ਸੇਇ॥'' ਕਿਰਤ ਕਰੋ ਤੇ ਵੰਡ ਛਕੋ ਦਾ ਸਿਧਾਂਤ ਇਸ ਤਰ੍ਹਾਂ ਦੇ ਗੁਰੂ-ਵਾਕਾਂ ਦੀ ਦੇਣ ਹੈ। ਇਸ ਤਰਜ਼ 'ਤੇ ਗੁਰੂ-ਵਾਕਾਂ ਦੀ ਸਮਾਜਿਕ ਦੇਣ ਅਦੁੱਤੀ ਹੈ। ਉਸ ਵੇਲੇ ਦੀ ਸਮਾਜਿਕ ਬਣਤਰ ਦੇ ਬ੍ਰਾਹਮਣਵਾਦੀ ਅਤੇ ਜਾਗੀਰਦਾਰੀ ਸੰਕਲਪਾਂ ਵਿਚ ਕਿਰਤ ਨੂੰ ਹਿਕਾਰਤ ਨਾਲ ਵੇਖਿਆ ਗਿਆ ਹੈ। ਹੱਥੀਂ ਕੰਮ ਕਰਨ ਵਾਲਿਆਂ ਨੂੰ ਸਮਾਜਿਕ ਤੌਰ 'ਤੇ ਨੀਵੇਂ ਦਰਜੇ ਦਿੱਤੇ ਗਏ ਹਨ। ਗੁਰੂ ਸਾਹਿਬ ਕਿਰਤ ਨੂੰ ਬੁਨਿਆਦੀ ਮਨੁੱਖੀ ਗੁਣ ਵਜੋਂ ਪਛਾਣਦੇ ਹਨ ਤੇ ਏਸੇ ਲਈ ਗੁਰੂ ਨਾਨਕ ਦੇਵ ਜੀ ਦੇ ਦੌਰ ਤੋਂ ਕਿਰਤੀਆਂ ਦੇ ਸਮਰੱਥ ਹੋਣ ਦਾ ਦੌਰ ਸ਼ੁਰੂ ਹੁੰਦਾ ਹੈ। ਕਿਰਤੀਆਂ ਨੂੰ ਨਵੀਂ ਪਛਾਣ ਤੇ ਇੱਜ਼ਤ ਮਿਲਦੀ ਹੈ। ਪੰਜਾਬੀ ਸਮਾਜ ਵਿਚ ਜਮਹੂਰੀਅਤ ਦੇ ਬੀਜ ਪਣਪਦੇ ਹਨ। ਜੇ ਪੰਜਾਬੀ ਸਮਾਜ ਹਿੰਦੋਸਤਾਨੀ ਬਰੇ-ਸਗੀਰ ਦੇ ਦੂਸਰੇ ਸਮਾਜਾਂ ਨਾਲੋਂ ਜ਼ਿਆਦਾ ਜਮਹੂਰੀ ਹੈ ਤਾਂ ਇਸ ਵਿਚ ਗੁਰੂ ਸਾਹਿਬਾਨ, ਭਗਤੀ ਲਹਿਰ ਦੇ ਹੋਰ ਰਹਿਬਰਾਂ, ਸੂਫ਼ੀਆਂ ਤੇ ਇਨ੍ਹਾਂ ਦੇ ਨਾਲ ਨਾਲ ਪਣਪੇ ਸੰਘਰਸ਼ਾਂ ਦੀ ਦੇਣ ਬੁਨਿਆਦੀ ਹੈ। ਦੂਸਰੇ ਦੇ ਹੱਕ ਨੂੰ ਮਾਰਨਾ, ਉਨ੍ਹਾਂ ਨੇ ਹਰਾਮ ਦੱਸਿਆ ਹੈ, ''ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥'' ਜਿਹੜੇ ਲੋਕ ਜ਼ੁਲਮ ਕਰਦੇ ਹਨ, ਦੂਸਰਿਆਂ ਦਾ ਹੱਕ ਮਾਰਦੇ ਹਨ, ਗੁਰੂ ਸਾਹਿਬ ਨੇ ਉਨ੍ਹਾਂ ਨੂੰ ਲਹੂ-ਪੀਣੇ ਆਖਿਆ ''ਜੇ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥'' ਇਨਸਾਫ਼ ਕਰਨ ਵਾਲੇ ਕਾਜ਼ੀਆਂ ਲਈ ਕਹਿੰਦੇ ਹਨ ''ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੇ ਹਕ ਗਵਾਇ॥'' ਤੇ ਫਿਰ ਵੇਲੇ ਦੇ ਹਾਕਮਾਂ ਬਾਰੇ ਕਿਹਾ ਹੈ ''ਰਾਜੇ ਸੀਹਿ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥'' ਰਾਜੇ ਦੀ ਨੌਕਰਸ਼ਾਹੀ ਤੇ ਉਸ ਦੇ ਚਾਕਰਾਂ ਬਾਰੇ ਕਿਹਾ ''ਚਾਕਰ ਨਹਦਾ ਪਾਇਨਿ ਘਾਉ॥ ਰਤ ਪਿਤੁ ਕੁਤਿਹੋ ਚਟਿ ਜਾਹੁ॥'' ਇਹ ਨੌਕਰਸ਼ਾਹ ਲੋਕਾਂ 'ਤੇ ਨਹੁੰਦਰਾਂ ਨਾਲ ਜ਼ਖ਼ਮ ਕਰਦੇ ਹਨ। ਕੁੱਤਿਆਂ ਵਾਂਗ ਪਰਜਾ ਦਾ ਲਹੂ ਪੀਂਦੇ ਹਨ।
      ਗੁਰੂ ਨਾਨਕ ਦੇਵ ਜੀ ਸਾਡੇ ਸਾਹਮਣੇ ਉਹ ਫਲਸਫ਼ਾ ਨਹੀਂ ਰੱਖਦੇ ਜੋ ਰਹੱਸਮਈ ਹੋਵੇ, ਸ਼ਬਦਾਂ ਦੀ ਧੁੰਦ ਵਿਚ ਗਵਾਚਾ ਹੋਵੇ। ਉਹ ਆਪਣੇ ਸਮੇਂ ਦੇ ਸਮਾਜ ਦੀ ਤਸ਼ਖ਼ੀਸ ਕਰਦੇ ਹਨ। ਉਸ ਸਮਾਜ ਦਾ ਸਿਆਸੀ ਤੇ ਸਮਾਜਿਕ ਅਕਸ ਸਾਡੇ ਸਾਮ੍ਹਣੇ ਰੱਖਦੇ ਹਨ, ਉਸ ਵੇਲੇ ਦੇ ਸਮਾਜ ਦੀਆਂ ਪ੍ਰੇਰਕ ਸ਼ਕਤੀਆਂ 'ਤੇ ਉਂਗਲ ਰੱਖਦੇ ਹੋਏ ਰਾਗ ਆਸਾ ਵਿਚ ਦੱਸਦੇ ਹਨ ''ਲਬੁ ਪਾਪ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰ॥'' ਲਬੁ ਮਤਲਬ ਲੋਭ ਤੇ ਪਾਪ ਰਾਜਨ ਹਨ, ਕੂੜ ਮਹਿਤਾ ਹੈ ਭਾਵ ਸਰਕਾਰੀ ਟਕਸਾਲ ਦਾ ਸਰਦਾਰ ਹੈ। ਪਰਜਾ ਅੰਨ੍ਹੀ ਤੇ ਗਿਆਨ ਤੋਂ ਸੱਖਣੀ ਹੈ। ਹਾਕਮ ਲਾਲਚ ਦੀ ਅੱਗ ਨਾਲ ਭਰੇ ਹੋਏ ਹਨ, ਪਰਜਾ ਉਨ੍ਹਾਂ ਨੂੰ ਵੱਢੀ ਦੇ ਕੇ ਸ਼ਾਂਤ ਕਰਦੀ ਹੈ ''ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥'' (ਰਾਗ ਆਸਾ) ਵੱਢੀ ਦੇਣ ਦਾ ਜ਼ਿਕਰ ਵਾਰ ਵਾਰ ਕਰਦੇ ਹਨ ''ਰਾਜਾ ਨਿਆਉ ਕਰੇ ਹਥਿ ਹੋਇ॥'' ਭਾਵ ਹਾਕਮ ਦੇ ਹੱਥ 'ਤੇ ਪੈਸਾ ਰੱਖੋ, ਵੱਢੀ ਦਿਉ ਤਾਂ ਉਹ ਨਿਆਂ ਕਰਦਾ ਹੈ। ਇਸ ਤਰ੍ਹਾਂ ਨਾਨਕ-ਬਾਣੀ ਸਮਾਜ ਦਾ ਅਕਸ ਪੇਸ਼ ਕਰਦੀ ਹੈ।
      ਗੁਰੂ ਨਾਨਕ ਦੇਵ ਜੀ ਦੇ ਸਮਾਜਿਕ ਸੰਘਰਸ਼ ਦਾ ਮੁੱਖ ਪਹਿਲੂ ਬ੍ਰਾਹਮਣਵਾਦ ਤੋਂ ਨਾਤਾ ਤੋੜਣਾ ਹੈ। ਇਹ ਤੋੜ-ਵਿਛੋੜਾ ਬਹੁ-ਦੇਵਤਾਵਾਦ ਤੇ ਅਵਤਾਰਵਾਦ ਨੂੰ ਨਕਾਰਣ ਵਿਚ ਵੀ ਹੈ ਤੇ ਕਰਮਕਾਂਡ, ਮੂਰਤੀ-ਪੂਜਾ ਤੇ ਤੀਰਥਵਾਦ ਨੂੰ ਨਕਾਰਣ ਵਿਚ ਵੀ। ਤੀਰਥ-ਯਾਤਰਾ ਤੇ ਤੀਰਥਾਂ ਦੇ ਸੰਕਲਪ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਸੂਹੀ ਰਾਗ ਵਿਚ ਲਿਖਦੇ ਹਨ ''ਨਾਵਣ ਚਲੇ ਤੀਰਥੀ ਮਨਿ ਖੋਟੇ ਤਨਿ ਚੋਰੁ॥'' ਭਾਵ ਖੋਟੇ ਮਨਾਂ ਤੇ ਚੋਰਟੇ ਤਨਾਂ ਵਾਲੇ ਬੰਦੇ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਹਨ। ਰਾਗ ਬਸੰਤ ਵਿਚ ਲਿਖਦੇ ਹਨ ''ਤੀਰਥਿ ਭਰਮੈ ਰੋਗੁ ਨ ਛੂਟਸਿ॥'' ਸੂਹੀ ਰਾਗ ਵਿਚ ਅੱਗੇ ਲਿਖਦੇ ਹਨ ''ਬਾਂਗਾ ਬੁਰਗੂ ਸਿੰਙੀਆ ਨਾਲ ਮਿਲੀ ਕਲਾਣ॥'' ਕਿ ਬਾਂਗਾਂ ਦੇਣ ਵਾਲੇ, ਸਿੰਙੀਆਂ ਵਜਾਉਣ ਵਾਲੇ, ਕਲਾਣ ਕਰਨ ਵਾਲੇ ਲੋਕਾਂ ਤੋਂ ਮਿਲੀ ਭਿੱਖਿਆ 'ਤੇ ਪੇਟ ਪਾਲਣਾ ਕਰਦੇ ਹਨ। ਰਾਗ ਭੈਰਉ ਵਿਚ ਯੱਗ, ਹਵਨ, ਦੇਹ ਨੂੰ ਦੁੱਖ ਦੇਣ ਵਾਲੀ ਤਪੱਸਿਆ ਕਰਨ ਤੇ ਹੋਰ ਕਰਮਕਾਂਡਾਂ ਨੂੰ ਨਕਾਰਦੇ ਹਨ ''ਜਗ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ॥ ਰਾਮ ਨਾਮ ਬਿਨ ਮੁਕਤਿ ਨ ਪਾਵਸਿ ਮੁਕਤਿ ਨਾਮਿ ਗੁਰਮੁਖ ਲਹੈ॥'' ਰਾਗ ਬਿਲਾਵਲ ਵਿਚ ਸਪਸ਼ਟ ਕਰਦੇ ਹਨ ''ਪਾਖੰਡਿ ਕੀਨੈ ਮੁਕਤਿ ਨ ਹੋਇ॥'' ਮੂਰਤੀ-ਪੂਜਾ ਵਿਰੁੱਧ ਲਿਖਿਆ ਹੈ ਕਿ ਮੂਰਤੀ-ਪੂਜਾ ਕਰਨ ਵਾਲੇ ਗੂੰਗੇ, ਅੰਨ੍ਹੇ, ਮਹਾਂ-ਅੰਨ੍ਹੇ ਹਨ ''ਅੰਧੇ ਗੁੰਗੇ ਅੰਧ ਅੰਧਾਰੁ॥ ਪਾਥਰੁ ਲੈ ਪੂਜਹਿ ਮੁਗਧ ਗਵਾਰ॥'' ਰਾਗ ਆਸਾ ਵਿਚ ਮੁਸਲਮਾਨਾਂ ਤੇ ਹਿੰਦੂਆਂ ਦੋਹਾਂ ਦੇ ਆਗੂਆਂ ਨੂੰ ਸਪਸ਼ਟ ਤੇ ਪ੍ਰਚੰਡ ਸ਼ਬਦਾਂ ਵਿਚ ਕਹਿੰਦੇ ਹਨ ''ਛੋਡੀ ਲੇ ਪਾਖੰਡਾ॥''
      ਜਦ ਪੰਜਾਬ 'ਤੇ ਮੁਸੀਬਤ ਆਉਂਦੀ ਹੈ, ਬਾਬਰ ਹਮਲਾ ਕਰਦਾ ਹੈ ਤਾਂ ਗੁਰੂ ਸਾਹਿਬ ਉਸ ਦੇ ਵਿਰੋਧ ਵਿਚ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਪਰ ਉਹ ਸਿਰਫ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਾਹਕ ਨਹੀਂ ਬਣਦੇ ਸਗੋਂ ਇਕ ਵੱਡੇ ਭੂਗੋਲਿਕ ਖਿੱਤੇ ਦੇ ਹੱਕਾਂ ਦੇ ਵਾਹਕ ਬਣਦੇ ਹਨ ਜਿਸ ਨੂੰ ਉਹ ਆਪਣੀ ਬਾਣੀ ਵਿਚ ਹਿੰਦੋਸਤਾਨ ਕਹਿੰਦੇ ਹਨ, ''ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥'' ਇਸ ਤਰ੍ਹਾਂ ਉਹ ਪੰਜਾਬ ਦੇਸ ਲੋਕਾਂ ਦੀ ਭਾਵੀ ਨੂੰ ਨਾਲ ਦੇ ਖੇਤਰਾਂ ਨਾਲ ਜੋੜਦੇ ਹਨ, ਸਾਨੂੰ ਸੌੜੀਆਂ ਵਲਗਣਾਂ 'ਚੋਂ ਕੱਢਦੇ ਹਨ।
      ਇਸ ਤਰ੍ਹਾਂ ਨਾਨਕ-ਬਾਣੀ ਸਮਾਜਿਕ ਏਕਤਾ ਤੇ ਸਮਾਜਿਕ ਬਰਾਬਰੀ ਦੇ ਸੰਘਰਸ਼ ਦੀ ਬਾਣੀ ਹੋ ਨਿੱਬੜਦੀ ਹੈ ਜਿਸ ਰਾਹੀਂ ਪੰਜਾਬ ਦੀਆਂ ਕਿਰਸਾਨੀ ਤੇ ਕਿਰਤੀ ਜਾਤਾਂ ਅਤੇ ਜਮਾਤਾਂ ਮੁਗ਼ਲਾਂ ਅਤੇ ਬਾਹਰ ਦੇ ਹਮਲਾਵਰਾਂ ਨਾਲ ਟੱਕਰ ਲੈਂਦੀਆਂ ਹਨ। ਗੁਰੂ ਸਾਹਿਬ ਦੀ ਵਾਣੀ ਪੂਰੇ ਹਿੰਦੋਸਤਾਨ ਵਿਚ ਗੂੰਜਦੀ ਹੈ। ਏਸੇ ਲਈ ਮੁਹੰਮਦ ਇਕਬਾਲ ਨੇ ਲਿਖਿਆ ਸੀ :

ਫਿਰ ਉਠੀ ਆਖ਼ਿਰ ਸਦਾ ਤੌਹੀਦ ਕੀ ਪੰਜਾਬ ਸੇ,
ਹਿੰਦ ਕੋ ਇਕ ਮਰਦੇ-ਕਾਮਿਲ ਨੇ ਜਗਾਇਆ ਖ਼ਾਬ ਸੇ।

      16ਵੀਂ ਸਦੀ ਤੋਂ ਬਾਅਦ ਗੁਰੂ ਨਾਨਕ ਬਾਣੀ ਉੱਤਰੀ ਹਿੰਦੋਸਤਾਨ ਵਿਚ ਚਾਰ-ਚੁਫ਼ੇਰੇ ਗੂੰਜ ਰਹੀ ਸੀ। ਕੁਝ ਲੋਕ ਸ਼ਾਇਦ ਇਹ ਸੋਚ ਸਕਦੇ ਸਨ ਕਿ ਇਹ ਅਤਿਕਥਨੀ ਹੈ। ਮੈਂ ਦੋ ਉਦਾਹਰਣਾਂ ਦਿਆਂਗਾ : ਗੁਰੂ ਸਾਹਿਬ ਬੰਗਾਲ, ਉੜੀਸਾ, ਆਸਾਮ ਗਏ ਸਨ। ਪੁਰੀ (ਉੜੀਸਾ) ਵਿਚ ਜਗਨਨਾਥ ਦੀ ਬਹੁਤ ਵੱਡੀ ਯਾਤਰਾ ਨਿਕਲਦੀ ਹੈ। ਉਸ ਵਿਚ ਇਕ ਝਾਕੀ ਹੁੰਦੀ ਹੈ ਜਿਸ ਵਿਚ ਇਹ ਬੋਲ ਹਨ:

''ਕਹਾਂ ਸੇ ਆਇਆ ਨਾਨਕ ਸਾਈਂ, ਕਹਾਂ ਤੁਮਾਰਾ ਡੇਰਾ।
ਕਹਾਂ ਤੁਮਾਰਾ ਗੁਰੂ ਕਾ ਗੱਦੀ, ਕੌਣ ਦੇਵ ਕਾ ਪਹਿਰਾ।''

18ਵੀਂ ਸਦੀ ਦੇ ਆਗਰੇ ਦੇ ਲੋਕ-ਸ਼ਾਇਰ ਨਜ਼ੀਰ ਅਕਬਰਾਬਾਦੀ ਨੇ ਗੁਰੂ ਨਾਨਕ ਦੇਵ ਜੀ ਨੂੰ ਏਦਾਂ ਯਾਦ ਕੀਤਾ:

ਕਹਤੇ ਹੈਂ ਨਾਨਕ ਸ਼ਾਹ ਜਿਨ੍ਹੇਂ,
ਵੁਹ ਪੂਰੇ ਹੈਂ  ਆਗਾਹ ਗੁਰੂ।
ਵਹ ਕਾਮਿਲ ਰਹਬਰ ਜਗ ਮੇਂ ਹੈ,
ਯੂੰ ਰੌਸ਼ਨ ਜੈਸੇ ਮਾਹ ਗੁਰੂ।
ਮਕਸੂਦ  ਮੁਰਾਦ  ਉਮੀਦ,
ਸਭੀ ਬਰ ਲਾਤੇ ਹੈਂ ਦਿਲਖਵਾਹ ਗੁਰੂ।
ਨਿਤ ਲੁਤਫ਼ੋ-ਕਰਮ ਸੇ ਕਰਤੇ ਹੈਂ,
ਲੋਗੋਂਂ ਕਾ ਨਿਰਬਾਹ ਗੁਰੂ।
ਇਸ ਬਖ਼ਸ਼ਿਸ਼ ਕੇ, ਇਸ ਅਜ਼ਮਤ ਕੇ,
ਹੈਂ ਬਾਬਾ ਨਾਨਕ ਸ਼ਾਹ ਗੁਰੂ।
ਸਬ ਸੀਸ ਝੁਕਾ ਅਰਦਾਸ ਕਰੋ,
ਔਰ ਹਰਦਮ ਬੋਲੋ ਵਾਹ ਗੁਰੂ।

        ਗੁਰੂ ਨਾਨਕ-ਬਾਣੀ ਨੇ ਆਪਣੇ ਵੇਲੇ ਤੇ ਉਸ ਤੋਂ ਬਾਅਦ ਵਿਚ ਹੋਏ ਸਮਾਜਿਕ ਸੰਘਰਸ਼ਾਂ ਵਿਚ ਵੱਡਾ ਹਿੱਸਾ ਪਾਇਆ। ਗੁਰੂ ਸਾਹਿਬ ਦੇ ਬੋਲ ਲੁੱਟ-ਖਸੁੱਟ, ਜ਼ੁਲਮ, ਬ੍ਰਾਹਮਣਵਾਦ ਤੇ ਜਾਤ-ਪਾਤ ਦੇ ਵਿਰੋਧੀ ਤੇ ਕਿਰਤੀਆਂ ਦੇ ਹੱਕਾਂ ਦੇ ਬੋਲ ਬਣੇ। ਉਨ੍ਹਾਂ ਦੇ ਸਿਰਜੇ ਨਿਰਗੁਣ ਇਕ-ਈਸ਼ਵਰਵਾਦ ਦੇ ਸੰਕਲਪ ਨੇ ਪੰਜਾਬੀ ਸਮਾਜ ਵਿਚ ਤੇ ਹੋਰ ਸਮਾਜਾਂ ਵਿਚ ਜਮਹੂਰੀ ਰੂਹ ਫੂਕੀ। ਗੁਰੂ ਸਾਹਿਬ ਦੀ ਸਮਾਜ ਨੂੰ ਦੇਣ ਅਦੁੱਤੀ ਹੈ।

ਗੁਰਾਂ ਕਿਹਾ ਮਰਦਾਨੇ ਨੂੰ ਉੱਠਦਿਆਂ ਈ,
ਭਿੱਜੀ ਹੋਈ ਸੀ ਰੂਹ ਵਿਸਮਾਦ ਅੰਦਰ।
ਥੋੜ੍ਹਾ ਵੇਖੇ ਤੇ ਸਭ ਕੁਝ ਜਾਣ ਜਾਵੇ,
ਅੱਖਾਂ ਹੋਣੀਆਂ ਚਾਹੀਦੀਆਂ ਸਾਧ ਅੰਦਰ।
ਇਕ ਜੀਅ ਰਿਹਾ ਕਿਸੇ ਦਾ ਖ਼ੂਨ ਪੀ ਕੇ
ਇਕ ਮਰ ਰਿਹਾ ਕਿਸੇ ਦੀ ਯਾਦ ਅੰਦਰ।
ਨੇਕੀ ਬਦੀ ਦਾ ਜੰਗ ਮਚਾਣ ਵਾਲ਼ੇ,
ਧੜੇ ਦੋਨੋਂ ਨੇ ਏਮਨਾਬਾਦ ਅੰਦਰ।

ਇਕ ਨੂੰ ਕਿਬਰ ਹੈ ਸਾਜ਼ ਆਵਾਜ਼ ਉੱਤੇ,
ਇਕ ਨੂੰ ਹੌਂਸਲਾ ਅਪਣੇ ਨਿਰਤ ਉੱਤੇ।
ਇਕ ਨੂੰ ਫ਼ਖ਼ਰ ਹੈ ਸ਼ਾਹੀ ਖ਼ਜ਼ਾਨਿਆਂ 'ਤੇ,
ਇਕ ਨੂੰ ਮਾਣ ਹੈ ਹੱਥਾਂ ਦੀ ਕਿਰਤ ਉੱਤੇ।
ਇਕ ਧਿਰ ਛੱਡਣੀ ਪਊ ਜ਼ਰੂਰ ਸਾਨੂੰ,
ਦਾਅਵਤ ਆਈ ਹੋਈ ਏ ਦੋਹਾਂ ਪਾਸਿਆਂ ਤੋਂ।
ਭੈੜੇ ਦਿਸਣ ਧਨਾਢ ਦੇ ਮਾਹਲ ਪੂੜੇ
ਮਿਹਨਤਕਸ਼ ਦਿਆਂ ਟੁਕੜਿਆਂ ਬਾਸਿਆਂ ਤੋਂ।

ਚਾਂਦੀ ਸੋਨੇ ਦੇ ਥਾਲ਼ ਗਲਾਸ ਮੈਨੂੰ,
ਲਗਦੇ ਬੁਰੇ ਮਜ਼ਦੂਰ ਦੇ ਕਾਸਿਆਂ ਤੋਂ।
ਲਾਲੋ ਬਚਨ ਬਿਲਾਸ ਵੀ ਠੀਕ ਕਰਦਾ,
ਮਲਕ ਭਾਗੋ ਦੇ ਫੋਕੇ ਦਿਲਾਸਿਆਂ ਤੋਂ।

ਨਾਲ਼ੇ ਲਾਲੋ ਨੇ ਕੋਧਰਾ ਆਪ ਪੀਹ ਕੇ,
ਸਾਡੇ ਨਾਂ ਦੀ ਰੋਟੀ ਪਕਾਈ ਹੋਈ ਏ।
ਭਾਗੋ ਖਾਣੇ ਚ ਐਬ ਛਪਾਉਣ ਖ਼ਾਤਰ,
ਕੱਢ ਕੇ ਰੱਤ ਗ਼ਰੀਬਾਂ ਦੀ ਪਾਈ ਹੋਈ ਏ।
' ' '
ਜਾਵਾਂ ਤੋੜ ਕੇ ਜੇ ਦਿਲਦਾਰ ਦੀ ਖਿੱਚ।
ਮਲਕ ਭਾਗੋ ਤੋਂ ਖਿੱਚ ਕੇ ਘਰ ਲੈ ਗਈ,
ਨਾਨਕ ਯਾਰ ਤਾਈਂ ਲਾਲੋ ਯਾਰ ਦੀ ਖਿੱਚ।
ਆਲਮ ਉੱਠਿਆ ਸਤਿ ਕਰਤਾਰ ਕਹਿ ਕੇ,
ਬਾਹੋਂ ਪਕੜ ਮਰਦਾਨੇ ਨੂੰ ਨਾਲ਼ ਲੈ ਗਿਆ ਉਹ।
ਮਲਕ ਭਾਗੋ ਉਡੀਕਦਾ ਰਿਹਾ ਮਹਿਲੀਂ,
ਜਾ ਕੇ ਲਾਲੋ ਦੀ ਕੁੱਲੀ ਚ ਬਹਿ ਗਿਆ ਉਹ॥

– ਗੁਰਦਾਸ ਰਾਮ ਆਲਮ

ਚੋਜੀ ਪ੍ਰੀਤਮ
ਗ੍ਰਹਸਤੀ ਦੁਕਾਨਦਾਰ ਵਾਗੀ ਕਿਤੇ ਜ਼ਿਮੀਂਦਾਰ
ਕਿਤੇ ਖਰੇ ਸੌਦਿਆਂ ਦਾ ਬਣਿਆ ਵਪਾਰੀ ਏ।
ਮੌਲਵੀ ਦਾ ਮੌਲਵੀ ਤੇ ਵੈਦਾਂ ਦਾ ਵੀ ਵੈਦ ਕਿਤੇ
ਪਾਂਧਿਆਂ ਦੇ ਪਾਂਧੇ ਪੱਟੀ ਨਾਮ ਦੀ ਉਚਾਰੀ ਏ।
ਦੂਰ ਦੂਰ ਦੇਸ਼ਾਂ ਤੀਕ ਮਾਰੀ ਹੈ ਉਡਾਰੀ ਕਿਤੇ
ਕਿਤੇ ਕੈਦ ਹੋ ਕੇ ਕੈਦ ਕੈਦੀਆਂ ਦੀ ਟਾਰੀ ਏ।
ਪੀਰਾਂ ਵਿੱਚੋਂ ਪੀਰ ਤੇ ਫ਼ਕੀਰਾਂ ਚੋਂ ਫ਼ਕੀਰ ਵੱਡਾ
ਵਲੀਆਂ ਦਾ ਵਲੀ ਗੁਰੂ ਨਾਨਕ ਨਿਰੰਕਾਰੀ ਏ।

ਇਕੋ ਰੰਗ ਰੰਗ ਵਿਚ ਸਾਰੇ ਰੰਗ ਰੰਗ ਦੇਵੇ
ਜੋਈ ਰੰਗ ਵੇਖੋ ਦਿੱਸੇ ਅਜਬ ਲਲਾਰੀ ਏ।
ਹਿੰਦੂ ਕਹਿਣ ਹਿੰਦੂ ਅਤੇ ਮੁਸਲਮਾਨ ਮੁਸਲਮਾਨ
ਸਾਰੇ ਅਪਣਾਉਂਦੇ ਇਹ ਲੀਲਾ ਹੀ ਨਿਆਰੀ ਏ।
ਜੋਈ ਵੇਖੋ ਸੋਈ ਦਿਸੇ ਜੋਈ ਚਾਹੋ ਸੋਈ ਪਾਉ
ਦਾਰੂ ਅਕਸੀਰ ਤੇ ਮਦਾਰੀ ਸ਼ਾਹ-ਮਦਾਰੀ ਏ।
ਪੀਰਾਂ ਵਿਚੋਂ ਪੀਰ ਤੇ ਫ਼ਕੀਰਾਂ ਚੋਂ ਫ਼ਕੀਰ ਵੱਡਾ
ਵਲੀਆਂ ਦਾ ਵਲੀ ਗੁਰੂ ਨਾਨਕ ਨਿਰੰਕਾਰੀ ਏ।

ਸੁੱਚੀ ਸੋਚ ਦੀ ਲੋਅ ਵਿਚ - ਸਵਰਾਜਬੀਰ

ਇਨ੍ਹਾਂ ਦਿਨਾਂ ਵਿਚ ਜਲੰਧਰ ਵਿਚ ਗ਼ਦਰੀ ਬਾਬਿਆਂ ਦਾ ਮੇਲਾ ਲੱਗਦਾ ਹੈ। ਇਹ ਮੇਲਾ ਪੰਜਾਬ ਦੀ ਜਮਹੂਰੀ ਰੂਹ ਦਾ ਪੁਰਬ ਹੈ। ਵੱਖ ਵੱਖ ਖੱਬੀਆਂ ਤੇ ਜਮਹੂਰੀ ਧਿਰਾਂ ਇਸ ਮੇਲੇ ਨੂੰ ਇਕੱਠੀਆਂ ਹੋ ਕੇ ਮਨਾਉਂਦੀਆਂ ਅਤੇ ਗ਼ਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੀਆਂ ਹਨ। ਇਸ ਦੇ ਨਾਲ ਨਾਲ ਵੱਖ ਵੱਖ ਵਿਸ਼ਿਆਂ 'ਤੇ ਬਹਿਸਾਂ, ਭਾਸ਼ਨ, ਨਾਟਕ ਅਤੇ ਹੋਰ ਸੱਭਿਆਚਾਰਕ ਸਰਗਰਮੀਆਂ ਕਰਾਈਆਂ ਜਾਂਦੀਆਂ ਹਨ।
ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਪੰਡਿਤ ਕਾਂਸ਼ੀ ਰਾਮ, ਕੇਸਰ ਸਿੰਘ ਠਾਠਗੜ੍ਹ ਨੇ ਮਈ 1913 ਵਿਚ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫਿਕ ਕੋਸਟ' ਨਾਂ ਦੀ ਜਥੇਬੰਦੀ ਬਣਾਈ ਜਿਸ ਨੇ ਯੁੱਗਾਂਤਰ ਆਸ਼ਰਮ ਸਾਂ ਫਰਾਂਸਿਸਕੋ ਤੋਂ 1 ਨਵੰਬਰ 1913 ਨੂੰ 'ਗ਼ਦਰ' ਨਾਂ ਦਾ ਹਫ਼ਤਾਵਾਰੀ ਅਖ਼ਬਾਰ ਉਰਦੂ ਵਿਚ ਕੱਢਿਆ। ਦਸੰਬਰ 1913 ਤੋਂ ਇਹ ਪੰਜਾਬੀ ਵਿਚ ਸ਼ੁਰੂ ਹੋਇਆ ਤੇ ਬਾਅਦ ਵਿਚ ਇਸ ਦੇ ਕਈ ਖ਼ਾਸ ਅੰਕ ਹਿੰਦੀ, ਮਰਾਠੀ, ਗੁਜਰਾਤੀ, ਬੰਗਾਲੀ, ਪਸ਼ਤੋ, ਨੇਪਾਲੀ ਆਦਿ ਵਿਚ ਵੀ ਛਾਪੇ ਗਏ। ਲਾਲਾ ਹਰਦਿਆਲ ਇਸ ਦੇ ਪਹਿਲੇ ਸੰਪਾਦਕ ਸਨ। ਇਹ ਅਖ਼ਬਾਰ ਏਨਾ ਹਰਮਨਪਿਆਰਾ ਹੋਇਆ ਕਿ ਹਿੰਦੀ ਐਸੋਸੀਏਸ਼ਨ ਦਾ ਨਾਂ ਗ਼ਦਰ ਪਾਰਟੀ ਅਤੇ ਉਸ ਦੇ ਦਫ਼ਤਰ ਦਾ ਨਾਂ ਗ਼ਦਰ ਆਸ਼ਰਮ ਪੈ ਗਿਆ।
19ਵੀਂ ਸਦੀ ਦੇ ਪਹਿਲੇ ਤੇ ਦੂਸਰੇ ਦਹਾਕੇ ਵਿਚ ਕੈਨੇਡਾ ਤੇ ਅਮਰੀਕਾ ਅੱਪੜੇ ਪੰਜਾਬੀ ਪਰਿਵਾਰਾਂ ਨੂੰ ਨਸਲਵਾਦ ਤੇ ਪੱਖਪਾਤ ਦਾ ਸਾਹਮਣਾ ਕਰਨਾ ਪਿਆ। 1908 ਵਿਚ ਤਾਂ ਕੈਨੇਡਾ ਨੇ ਸਾਰੇ ਹਿੰਦੋਸਤਾਨੀਆਂ ਨੂੰ ਹਾਂਡੂਰਸ ਟਾਪੂ ਵਿਚ ਭੇਜਣ ਦੀ ਯੋਜਨਾ ਵੀ ਬਣਾਈ ਸੀ। ਅਜਿਹੇ ਕਾਨੂੰਨਾਂ ਅਨੁਸਾਰ ਹਿੰਦੋਸਤਾਨੀ ਉੱਥੇ ਆਪਣੇ ਪਰਿਵਾਰ ਨਹੀਂ ਸਨ ਲਿਜਾ ਸਕਦੇ ਅਤੇ ਉਨ੍ਹਾਂ ਨੂੰ ਸਿੱਧਾ ਭਾਰਤ ਤੋਂ ਕੈਨੇਡਾ ਤਕ ਸਫ਼ਰ ਕਰਨਾ ਪੈਂਦਾ ਸੀ। ਬ੍ਰਿਟਿਸ਼ ਕੋਲੰਬੀਆ ਵਿਚ 1907 ਵਿਚ ਏਸ਼ੀਅਨ ਲੋਕਾਂ ਦੇ ਖ਼ਿਲਾਫ਼ ਦੰਗੇ ਹੋਏ। ਬੈਲਿੰਗਮ ਤੇ ਵਾਸ਼ਿੰਗਟਨ ਦੇ ਜੰਗਲੀ ਲੱਕੜੀ ਕੱਟਣ ਵਾਲੇ ਕੈਂਪਾਂ ਵਿਚ ਜਿੱਥੇ ਪੰਜਾਬੀ ਵੱਡੀ ਗਿਣਤੀ ਵਿਚ ਸਨ, 'ਤੇ ਹਮਲੇ ਕੀਤੇ ਗਏ। ਐਕਸਕਲੂਜਨ ਮੂਵਮੈਂਟ ਚਲਾਈ ਗਈ। ਅਜਿਹੇ ਵਰਤਾਰੇ ਨੇ ਪੰਜਾਬੀ ਪਰਵਾਸੀਆਂ ਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਉਨ੍ਹਾਂ ਨਾਲ ਏਦਾਂ ਕਿਉਂ ਹੋ ਰਿਹਾ ਹੈ। ਉਨ੍ਹਾਂ ਮਹਿਸੂਸ ਕੀਤਾ ਕਿ ਜੇ ਉਹ ਕਿਸੇ ਆਜ਼ਾਦ ਦੇਸ਼ ਦੇ ਰਹਿਣ ਵਾਲੇ ਹੁੰਦੇ ਤਾਂ ਉਨ੍ਹਾਂ ਨਾਲ ਏਦਾਂ ਦਾ ਵਰਤਾਅ ਨਹੀਂ ਕੀਤਾ ਜਾਣਾ ਸੀ। ਗ਼ਦਰੀ ਕਵੀ ਇਸ ਅਨੁਭਵ ਨੂੰ ਇਉਂ ਦਰਜ ਕਰਦੇ ਹਨ : "ਕਾਲਾ ਡਰਟੀ ਕਹਿਣ ਸਾਨੂੰ, ਗਏ ਹਿੰਦ ਦੇ ਉਹ ਅਦਬੋ ਸ਼ਾਨ ਕਿੱਥੇ।''
ਗ਼ਦਰੀਆਂ ਵਿਚ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਸੀ ਅਤੇ ਉਨ੍ਹਾਂ ਵਿਚੋਂ ਬਹੁਤੇ ਸਿੱਖ ਸਨ। ਇਸ ਲਹਿਰ ਵਿਚ ਹਿੰਦੂ, ਮੁਸਲਮਾਨ ਤੇ ਦਲਿਤ ਵੀ ਸ਼ਾਮਲ ਸਨ। ਪਾਰਟੀ ਦੀਆਂ ਬਹੁਤੀਆਂ ਮੀਟਿੰਗਾਂ ਗੁਰਦੁਆਰਿਆਂ ਵਿਚ ਹੁੰਦੀਆਂ। ਗ਼ਦਰੀ ਆਗੂ ਫ਼ਿਰਕੂ ਏਕਤਾ ਕਾਇਮ ਕਰਨ ਬਾਰੇ ਬਹੁਤ ਚੇਤੰਨ ਸਨ। ਉਦਾਹਰਨ ਦੇ ਤੌਰ 'ਤੇ ਜਨਵਰੀ 1914 ਵਿਚ ਛਪੀ ਕਵਿਤਾ ਵਿਚ ਗ਼ਦਰੀ ਕਵੀ ਕਹਿੰਦਾ ਹੈ, "ਆਪਸ ਵਿਚ ਲੜਨਾ ਮੰਦਾ ਕੰਮ ਫੜਿਆ, ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ/ ਹੀਰਾ ਹਿੰਦ ਉਹਨਾਂ ਖਾਕ ਰੋਲ ਦਿੱਤਾ, ਰੌਲੇ ਘੱਤ ਕੇ ਵੇਦ ਕੁਰਾਨ ਵਾਲੇ।'' ਇਕ ਹੋਰ ਕਵੀ ਅਨੁਸਾਰ, "ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ, ਨਹੀਂ ਸ਼ੌਕ ਹੈ ਬੇੜਾ ਡੁਬਾਵਣੇ ਦਾ/ ਮੰਦਰ ਮਸਜਦਾਂ ਕਿਸੇ ਨਾ ਕੰਮ ਸਾਡੇ, ਛੱਡੋ ਖਿਆਲ ਗੁਰਦਵਾਰੇ ਬਣਾਵਣੇ ਦਾ।''
ਗ਼ਦਰੀ ਆਗੂਆਂ ਨੇ ਵੱਖ ਵੱਖ ਸਰੋਤਾਂ, ਜਿਨ੍ਹਾਂ ਵਿਚ ਸਿੱਖ ਗੁਰੂ ਸਾਹਿਬਾਨ, ਸਿੰਘ ਸੂਰਮੇ, 1857 ਦੇ ਗ਼ਦਰ ਦੇ ਨਾਇਕ, ਹਿੰਦੋਸਤਾਨ ਵਿਚ ਰਹਿ ਕੇ ਆਜ਼ਾਦੀ ਲਈ ਸੰਘਰਸ਼ ਕਰ ਰਹੇ ਨੇਤਾ ਅਤੇ ਵਿਦੇਸ਼ਾਂ ਵਿਚ ਆ ਕੇ ਵੱਖ ਵੱਖ ਥਾਵਾਂ ਤੋਂ ਆਜ਼ਾਦੀ ਦੀ ਲੜਾਈ ਲੜ ਰਹੇ ਆਗੂ ਸ਼ਾਮਲ ਸਨ, ਤੋਂ ਪ੍ਰੇਰਨਾ ਲਈ। ਪੰਜਾਬੀ ਕਿਸਾਨ ਦਾ ਅਮਰੀਕਾ ਤੇ ਕੈਨੇਡਾ ਵਿਚ ਜਾ ਕੇ ਮਜ਼ਦੂਰ ਬਣਨ ਦਾ ਤਜਰਬਾ ਵੀ ਇਕ ਅਹਿਮ ਪ੍ਰੇਰਨਾ ਸੀ। ਇਹ ਅਨੁਭਵ ਉਸ ਵਰਤਾਰੇ, ਜਿਸ ਤਹਿਤ ਪੰਜਾਬੀ ਕਿਸਾਨ ਤੇ ਦਲਿਤ ਬਸਤੀਵਾਦੀ ਫ਼ੌਜ ਦੇ ਸੈਨਿਕ ਬਣੇ, ਤੋਂ ਵੱਖਰਾ ਸੀ। ਫ਼ੌਜੀ ਦੇ ਰੂਪ ਵਿਚ ਅੰਗਰੇਜ਼ ਹਕੂਮਤੀ ਜਲੌਅ ਦੀ ਛੋਟੀ ਮੋਟੀ ਕਣੀ ਨਾ ਸਿਰਫ਼ ਪੰਜਾਬੀ ਕਿਸਾਨਾਂ ਤੇ ਦਲਿਤਾਂ ਨੂੰ ਵਰਦੀ ਦੇ ਰੂਪ ਵਿਚ ਮਿਲੀ ਸਗੋਂ ਉਨ੍ਹਾਂ ਦੀ ਪਹਿਚਾਣ ਵੀ ਬਣੀ। ਉਹ ਸਿਪਾਹੀ, ਲਾਂਸ-ਨਾਇਕ, ਨਾਇਕ, ਹਵਾਲਦਾਰ, ਜਮਾਂਦਾਰ, ਰਿਸਾਲਦਾਰ ਆਦਿ ਬਣੇ ਪਰ ਅਮਰੀਕਾ ਤੇ ਕੈਨੇਡਾ ਵਿਚ ਪਰਵਾਸੀ ਮਜ਼ਦੂਰਾਂ ਨੂੰ ਬਰਤਾਨਵੀ ਸਾਮਰਾਜ ਦੀ ਇਹ 'ਮਿਹਰ' ਹਾਸਲ ਨਹੀਂ ਸੀ। ਇਸ ਅਨੁਭਵ ਦੀ ਚਿੱਤਰਕਾਰੀ 1915 ਦੀ ਕਵਿਤਾ ਇਸ ਤਰ੍ਹਾਂ ਕਰਦੀ ਹੈ, "ਗ੍ਰੇਪ ਤੋੜਦਿਆਂ, ਸੇਲਰੀ ਲਾਉਂਦਿਆਂ ਦੇ, ਸੀਡ ਗੱਡਦਿਆਂ ਦੇ ਗੋਡੇ ਲਾਲ ਹੋ ਗਏ। ਨਾਲ ਫੱਟਿਆਂ ਪਾਟ ਗਏ ਹੱਥ ਸਾਡੇ, ਦਿਨ ਕੱਟਣੇ ਬੜੇ ਮੁਹਾਲ ਹੋ ਗਏ।''
ਉਪਰੋਕਤ ਹਾਲਾਤ ਵਿਚ ਗ਼ਦਰੀ ਆਗੂਆਂ ਨੇ ਫ਼ੈਸਲਾ ਕੀਤਾ ਕਿ ਪਹਿਲੀ ਆਲਮੀ ਜੰਗ ਅਜਿਹਾ ਮੌਕਾ ਸੀ ਜਦੋਂ ਭਾਰਤ ਵਾਪਸ ਆ ਕੇ ਫ਼ੌਜ ਨੂੰ ਬਗ਼ਾਵਤ ਕਰਨ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਗ਼ਦਰ ਲਹਿਰ ਨੂੰ ਪਰਣਾਏ ਹੋਏ ਸੈਂਕੜੇ ਸੂਰਮੇ ਪੰਜਾਬ ਪਹੁੰਚੇ ਅਤੇ ਫ਼ੌਜ ਵਿਚ ਬਗ਼ਾਵਤ ਕਰਾਉਣ ਦਾ ਯਤਨ ਕੀਤਾ ਜੋ ਅਸਫ਼ਲ ਰਿਹਾ। ਬਹੁਤ ਸਾਰੇ ਗ਼ਦਰੀਆਂ ਨੂੰ ਫਾਂਸੀ ਅਤੇ ਕਈਆਂ ਨੂੰ ਸੈਲੂਲਰ ਜੇਲ੍ਹ ਅੰਡੇਮਾਨ-ਨਿਕੋਬਾਰ, ਜਿਸ ਨੂੰ 'ਕਾਲਾ ਪਾਣੀ' ਵੀ ਕਿਹਾ ਜਾਂਦਾ ਸੀ, ਵਿਚ ਉਮਰ ਕੈਦ ਦੀ ਸਜ਼ਾ ਹੋਈ। ਕਈ ਗ਼ਦਰੀਆਂ ਨੂੰ ਘੱਟ ਸਜ਼ਾਵਾਂ ਮਿਲੀਆਂ ਅਤੇ ਬਹੁਤ ਸਾਰੇ ਗ਼ਦਰੀ ਪਿੰਡਾਂ ਵਿਚ ਜੂਹਬੰਦ ਕੀਤੇ ਗਏ। ਉਨ੍ਹਾਂ ਨੇ ਸਭ ਮੁਸ਼ਕਲਾਂ ਬੜੇ ਸਿਦਕ ਤੇ ਸਿਰੜ ਨਾਲ ਸਹਾਰੀਆਂ ਤੇ ਕਿਸੇ ਨੇ ਵੀ ਮੁਆਫ਼ੀ ਨਹੀਂ ਮੰਗੀ। ਫਾਂਸੀ ਦੇ ਤਖ਼ਤੇ 'ਤੇ ਝੂਲਣ ਤੋਂ ਪਹਿਲਾਂ ਕਰਤਾਰ ਸਿੰਘ ਸਰਾਭੇ ਨੇ ਆਪਣਾ ਮਨਪਸੰਦ ਗੀਤ ਗਾਇਆ, "ਸੇਵਾ ਦੇਸ਼ ਦੀ ਜ਼ਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ/ ਜਿਨ੍ਹਾਂ ਦੇਸ਼ ਸੇਵਾ ਵਿਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ/ ਜਿਨ੍ਹਾਂ ਦੇਸ਼ ਸੇਵਾ ਦਾ ਇਸ਼ਕ ਲੱਗਾ, ਮਹਿਲ, ਮਾੜੀਆਂ ਛੱਡ ਫਕੀਰ ਹੋਏ/ ਮਾਫ਼ੀ ਮੰਗਣੀ ਨਹੀਂ ਮਨਜ਼ੂਰ ਸਾਨੂੰ, ਬਣੇ ਇਸ਼ਕ-ਸਵਰਾਜ ਦੇ ਪੀਰ ਹੋਏ/ ਅਸਾਂ ਦੇਸ਼ ਆਜ਼ਾਦ ਜ਼ਰੂਰ ਕਰਨਾ, ਟੁਕੜੇ ਅੰਤ ਨੂੰ ਭਵਾਂ ਸਰੀਰ ਹੋਏ।''
       ਬਗ਼ਾਵਤ ਵਿਚ ਅਸਫ਼ਲਤਾ ਤੋਂ ਬਾਅਦ ਗ਼ਦਰ ਲਹਿਰ ਮੱਠੀ ਪੈ ਗਈ ਪਰ ਇਸ ਨੇ ਪੰਜਾਬ ਦੀ ਸਿਆਸਤ ਉੱਤੇ ਵੱਡਾ ਅਸਰ ਪਾਇਆ। ਮਾਈਕਲ ਓਡਵਾਇਰ ਨੇ ਸਰਕਾਰ ਤੋਂ ਕਾਨੂੰਨ ਵਿਚ ਕਈ ਸੋਧਾਂ ਕਰਵਾਈਆਂ ਸਨ ਜਿਨ੍ਹਾਂ ਅਨੁਸਾਰ ਮੁਕੱਦਮਿਆਂ ਦਾ ਫ਼ੈਸਲਾ ਜਲਦੀ (Summary Trial ਰਾਹੀਂ) ਕੀਤਾ ਗਿਆ। ਓਡਵਾਇਰ ਗ਼ਦਰੀਆਂ ਦੇ ਪੰਜਾਬ 'ਤੇ ਪਏ ਪ੍ਰਭਾਵ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਉਸ ਨੇ ਸਖ਼ਤ ਕਾਨੂੰਨ ਬਣਾਉਣ ਦੀ ਹਮਾਇਤ ਕੀਤੀ ਜਿਹੜੀ 'ਰੌਲਟ ਐਕਟ' ਦੇ ਰੂਪ ਵਿਚ ਸਾਹਮਣੇ ਆਈ। ਇਸ ਐਕਟ ਦੇ ਵਿਰੋਧ ਕਾਰਨ ਜੱਲ੍ਹਿਆਂਵਾਲਾ ਬਾਗ਼ ਦਾ ਕਾਂਡ ਹੋਇਆ। ਗ਼ਦਰ ਲਹਿਰ ਨੇ 1910ਵਿਆਂ ਵਿਚ ਪੰਜਾਬੀਆਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਆਵਾਜ਼ ਉਠਾਉਣ ਦੀ ਤਾਕਤ ਬਖ਼ਸ਼ੀ ਜਦੋਂਕਿ ਬਹੁਤ ਸਾਰੇ ਆਗੂ, ਚਿੰਤਕ ਤੇ ਲੇਖਕ ਅੰਗਰੇਜ਼ਾਂ ਦੇ ਪਿੱਠੂ ਤੇ ਸਮਝੌਤਾਵਾਦੀ ਬਣ ਚੁੱਕੇ ਸਨ। ਇਸ ਤਰ੍ਹਾਂ ਗ਼ਦਰ ਲਹਿਰ ਦੀਆਂ ਤੰਦਾਂ ਗੁਰਦੁਆਰਾ ਸੁਧਾਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਵਿਚ ਵੇਖੀਆਂ ਜਾ ਸਕਦੀਆਂ ਹਨ। 1922 ਵਿਚ ਗ਼ਦਰ ਪਾਰਟੀ ਭਾਈ ਸੰਤੋਖ ਸਿੰਘ, ਭਾਈ ਰਤਨ ਸਿੰਘ ਤੇ ਭਾਈ ਹਰਜਾਪ ਸਿੰਘ ਦੀ ਅਗਵਾਈ ਵਿਚ ਫਿਰ ਸੁਰਜੀਤ ਹੋਈ ਅਤੇ ਬਾਅਦ ਵਿਚ ਕਿਰਤੀ ਕਿਸਾਨ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ। ਬਹੁਤ ਸਾਰੇ ਗ਼ਦਰੀ ਪੰਜਾਬ ਦੀ ਕਮਿਊਨਿਸਟ ਲਹਿਰ ਵਿਚ ਸ਼ਾਮਲ ਹੋਏ।
ਅੱਜ ਪੰਜਾਬ ਦੀਆਂ ਖੱਬੀਆਂ ਤੇ ਜਮਹੂਰੀ ਤਾਕਤਾਂ ਵੰਡੀਆਂ ਹੋਈਆਂ ਹਨ। ਹਰ ਖੱਬੀ ਧਿਰ ਵਿਚਾਰਧਾਰਕ ਪਵਿੱਤਰਤਾ ਦਾ ਦਾਅਵਾ ਕਰਦੀ ਹੈ। ਸਿਰਫ਼ ਦੇਸ਼ ਭਗਤ ਯਾਦਗਾਰ ਹਾਲ ਹੀ ਇਕ ਅਜਿਹੀ ਸੰਸਥਾ ਰਹਿ ਗਿਆ ਹੈ ਜਿਸ ਦੇ ਮੰਚ 'ਤੇ ਬਹੁਤ ਸਾਰੀਆਂ ਖੱਬੀਆਂ ਤੇ ਜਮਹੂਰੀ ਧਿਰਾਂ ਇਕੱਠੀਆਂ ਹੋ ਕੇ ਬਹਿੰਦੀਆਂ ਹਨ। ਪੰਜਾਬ ਦੀ ਖੱਬੇ-ਪੱਖੀ ਲਹਿਰ ਦੇ ਵੰਡੇ ਜਾਣ ਕਾਰਨ ਪੰਜਾਬ ਦੇ ਲੋਕਾਂ ਵਿਚ ਨਿਰਾਸ਼ਤਾ ਫੈਲੀ ਅਤੇ ਉਨ੍ਹਾਂ ਦੇ ਵਿਰੋਧ ਕਰਨ ਦੀ ਤਾਕਤ ਘਟੀ ਹੈ। ਇਹ ਨਹੀਂ ਕਿ ਗ਼ਦਰ ਪਾਰਟੀ ਵਿਚ ਆਪਸੀ ਮੱਤਭੇਦ ਨਹੀਂ ਸਨ ਪਰ ਫਿਰ ਵੀ ਪਾਰਟੀ ਦੇ ਆਗੂ ਆਪਸੀ ਤੇ ਸਮਾਜਿਕ ਏਕਤਾ 'ਤੇ ਬਹੁਤ ਜ਼ੋਰ ਦਿੰਦੇ ਸਨ। ਅੱਜ ਦੇ ਸਮਿਆਂ ਵਾਂਗ ਉਨ੍ਹਾਂ ਸਮਿਆਂ ਵਿਚ ਵੀ ਵੇਲ਼ੇ ਦੀ ਸਰਕਾਰ ਲੋਕਾਂ ਨੂੰ ਧਾਰਮਿਕ ਲੀਹਾਂ ਉੱਤੇ ਵੰਡ ਕੇ ਰੱਖਣਾ ਚਾਹੁੰਦੀ ਸੀ। ਗ਼ਦਰੀਆਂ ਦੇ ਮਨਾਂ ਵਿਚ ਸਮਾਜਿਕ ਏਕਤਾ ਦੀ ਭਾਵਨਾ ਕਿਸੇ ਧਾਰਮਿਕ ਜਾਂ ਵਿਚਾਰਧਾਰਕ ਪ੍ਰਚਾਰ ਕਰਕੇ ਨਹੀਂ ਸੀ ਆਈ ਸਗੋਂ ਉਨ੍ਹਾਂ ਨੂੰ ਧਰਮ ਸਬੰਧੀ ਆਪਣੀ ਲੋਕ-ਪੱਖੀ ਸਮਝ ਜ਼ਿੰਦਗੀ ਦੇ ਤਜਰਬੇ 'ਚੋਂ ਮਿਲੀ। ਗ਼ਦਰ ਅਖ਼ਬਾਰ ਦੇ ਪਹਿਲੇ ਅੰਕਾਂ ਵਿਚ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ ਛਪਦਾ ਸੀ ਜਿਸ ਵਿਚ ਉਨ੍ਹਾਂ 14 ਨੁਕਤਿਆਂ ਦੀ ਵਿਆਖਿਆ ਕੀਤੀ ਜਾਂਦੀ ਜਿਨ੍ਹਾਂ ਕਾਰਨ ਅੰਗਰੇਜ਼ੀ ਰਾਜ ਹਿੰਦੋਸਤਾਨ ਨੂੰ ਨੁਕਸਾਨ ਪਹੁੰਚਾ ਰਿਹਾ ਸੀ। ਇਨ੍ਹਾਂ ਵਿਚੋਂ ਪਹਿਲਾ ਨੁਕਤਾ 'ਪਾੜੋ ਤੇ ਰਾਜ ਕਰੋ' ਦੀ ਅੰਗਰੇਜ਼ੀ ਨੀਤੀ ਬਾਰੇ ਹੁੰਦਾ। ਗ਼ਦਰ ਲਹਿਰ ਦੀ ਇਕ ਕਵਿਤਾ ਇਹਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ, "ਇਕ ਦੂਸਰੇ ਵਿਚ ਫੁੱਟ ਪਾ ਕੇ, ਆਪ ਵੱਜਦੇ ਸਾਹਿਬਾਨ ਲੋਕੋ।''
ਹੁਣ ਵੀ ਲੋਕਾਂ ਦੇ ਮਨਾਂ ਵਿਚ ਇਹੀ ਭਾਵਨਾ ਹੈ ਕਿ ਖੱਬੀਆਂ ਧਿਰਾਂ ਵਿਚਲੀ ਫੁੱਟ ਕਾਰਨ ਲੋਕ-ਪੱਖੀ ਲਹਿਰ ਕਮਜ਼ੋਰ ਹੋਈ ਹੈ ਅਤੇ ਜੇ ਇਹ ਧਿਰਾਂ ਇਕੱਠੀਆਂ ਹੋ ਜਾਣ ਤਾਂ ਉਹ ਪੰਜਾਬ ਅਤੇ ਭਾਰਤ ਦੀ ਸਿਆਸਤ ਵਿਚ ਫ਼ੈਸਲਾਕੁਨ ਭੂਮਿਕਾ ਅਦਾ ਕਰ ਸਕਦੀਆਂ ਹਨ। ਗ਼ਦਰੀ ਬਾਬਿਆਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਇਹੋ ਜਿਹੀ ਏਕਤਾ ਹੀ ਹੋ ਸਕਦੀ ਹੈ। ਇਸ ਵੇਲ਼ੇ ਦੇਸ਼ ਗੰਭੀਰ ਸੰਕਟ ਵਿਚੋਂ ਲੰਘ ਰਿਹਾ ਹੈ ਜਿਸ ਵਿਚ ਲੋਕਾਂ ਦੀਆਂ ਬੁਨਿਆਦੀ ਤੇ ਜਮਹੂਰੀ ਆਜ਼ਾਦੀਆਂ ਦਾਅ 'ਤੇ ਲੱਗੀਆਂ ਹੋਈਆਂ ਹਨ। ਪੰਜਾਬ ਦੇ ਕਿਸਾਨ, ਜਿਹੜੇ ਗ਼ਦਰ ਪਾਰਟੀ ਦੀ ਰੀੜ੍ਹ ਦੀ ਹੱਡੀ ਸਨ, ਅੱਜ ਖ਼ੁਦਕੁਸ਼ੀਆਂ ਦੀ ਰਾਹ 'ਤੇ ਤੁਰੇ ਹੋਏ ਹਨ। ਬੇਜ਼ਮੀਨੇ ਮਜ਼ਦੂਰਾਂ ਅਤੇ ਸਨਅਤੀ ਕਾਮਿਆਂ ਦੇ ਹਾਲਾਤ ਹੋਰ ਵੀ ਬਦਤਰ ਹਨ। ਸੱਤਾਧਾਰੀ ਧਿਰ ਲੋਕਾਂ ਵਿਚ ਫ਼ਿਰਕੂ ਪਾੜੇ ਪਾ ਕੇ ਆਪਣੀ ਸੱਤਾ ਦਾ ਜਲੌਅ ਕਾਇਮ ਰੱਖਣਾ ਚਾਹੁੰਦੀ ਹੈ। ਗ਼ਦਰੀ ਆਗੂਆਂ ਨੇ ਆਪਣੇ ਲੋਕਾਂ ਦੇ ਸਮੂਹਿਕ ਦੁੱਖ ਨੂੰ ਮਹਿਸੂਸ ਕਰਦਿਆਂ ਗ਼ਦਰ ਪਾਰਟੀ ਬਣਾਈ ਸੀ। ਅੱਜ ਵੀ ਉਸੇ ਤਰ੍ਹਾਂ ਦੀ ਸੋਚ ਵੱਲ ਪਰਤਣ ਅਤੇ ਉਸ ਪਾਰਟੀ ਦੀ ਸੋਚ ਦੀ ਰੋਸ਼ਨੀ ਵਿਚ ਇਕ ਅਜਿਹਾ ਜਮਹੂਰੀ ਏਕਾ ਕਾਇਮ ਕਰਨ ਦਾ ਵੇਲ਼ਾ ਹੈ ਜਿਸ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਾ ਸਕੇ।

ਸਾਂਝੀਵਾਲਤਾ ਦੇ ਦੀਪ - ਸਵਰਾਜਬੀਰ

ਯੂਨਾਨੀ ਆਪਣੇ ਪੁਰਾਤਨ ਸਾਹਿਤ ਅਤੇ ਲਿਖਤ ਇਤਿਹਾਸ ਦੇ ਆਧਾਰ 'ਤੇ ਪੁਰਾਤਨ ਯੂਨਾਨ ਦੀ ਕਲਪਨਾ ਕਰ ਸਕਦੇ ਹਨ। ਪੁਰਾਤਨ ਪੰਜਾਬ ਦੀ ਕਲਪਨਾ ਕਰਨੀ ਬਹੁਤ ਮੁਸ਼ਕਲ ਹੈ। ਪੰਜਾਬ ਵਿਚ ਵੱਖ ਵੱਖ ਥਾਵਾਂ 'ਤੇ ਹੜੱਪਾ ਸੱਭਿਅਤਾ ਦੀਆਂ ਪੈੜਾਂ ਮਿਲਦੀਆਂ ਹਨ ਅਤੇ ਇਹ ਤੱਥ ਉਜਾਗਰ ਹੁੰਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਪੰਜਾਬ ਵਿਚ ਰਹਿਣ ਵਾਲਿਆਂ ਨੇ ਪਿੰਡਾਂ ਦੇ ਨਾਲ ਨਾਲ ਸ਼ਹਿਰ ਵੀ ਵਸਾਏ। ਪਿੰਡਾਂ ਤੇ ਸ਼ਹਿਰਾਂ ਵਿਚ ਬਣਾਈ ਜਾਂਦੀ ਵੱਖਰਤਾ ਬੜੀ ਦਿਲਚਸਪ ਹੈ। ਪੁਰਾਣੀਆਂ ਖੁਦਾਈਆਂ ਵਿਚ ਮਿਲੇ ਵੱਡੇ ਸ਼ਹਿਰਾਂ ਨੂੰ ਸੱਭਿਅਤਾ ਅਤੇ ਵਿਕਾਸ ਦੀਆਂ ਨਿਸ਼ਾਨੀਆਂ ਮੰਨਿਆ ਜਾਂਦਾ ਹੈ। ਸ਼ਹਿਰਾਂ ਦੀ ਹੋਂਦ ਨੂੰ ਸੱਭਿਅਤਾ ਅਤੇ ਵਿਕਾਸ ਨਾਲ ਇਸ ਲਈ ਜੋੜਿਆ ਜਾਂਦਾ ਹੈ ਕਿ ਉੱਥੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਰਹਿੰਦੇ ਸਨ ਤੇ ਉੱਥੇ ਵਪਾਰ, ਕਲਾ, ਇਮਾਰਤਸਾਜ਼ੀ ਤੇ ਵੱਖ ਵੱਖ ਤਰ੍ਹਾਂ ਦੀਆਂ ਸਨਅਤਾਂ ਅਤੇ ਜ਼ਿੰਦਗੀ ਦੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਪ੍ਰਬੰਧ ਪ੍ਰਫੁੱਲਿਤ ਹੋਏ। ਹੜੱਪਾ ਵਿਚ ਮਿਲੀਆਂ ਸਿਲਾਂ 'ਤੇ ਹੋਈਆਂ ਲਿਖਤਾਂ ਅਜੇ ਤਕ ਪੜ੍ਹੀਆਂ ਨਹੀਂ ਜਾ ਸਕੀਆਂ। ਉਸ ਦੌਰ ਦੇ ਲੋਕਾਂ ਦੇ ਚਿੰਨ੍ਹ ਅੱਜ ਦੇ ਪੰਜਾਬ ਦੇ ਜੀਵਨ ਵਿਚੋਂ ਲੱਭਣੇ ਬਹੁਤ ਮੁਸ਼ਕਲ ਹਨ।
      ਆਰੀਆ ਲੋਕਾਂ ਨਾਲ ਸਬੰਧਿਤ ਦੌਰ ਵਿਚ ਰਿਗਵੇਦ ਵਿਚ ਪੰਜਾਬ ਦੇ ਦਰਿਆਵਾਂ ਤੇ ਭੋਇੰ ਦੇ ਵਰਣਨ ਮਿਲਦੇ ਹਨ। ਰਿਗਵੇਦ ਵਿਚਲੀਆਂ ਕਈਆਂ ਕਹਾਣੀਆਂ (ਜਿਵੇਂ ਉਰਵਸ਼ੀ ਤੇ ਰਾਜਾ ਪੂਰਰਵਾ ਦੀ ਕਹਾਣੀ) ਲੋਕ-ਕਹਾਣੀਆਂ ਵਿਚ ਪ੍ਰਵੇਸ਼ ਕਰ ਜਾਂਦੀਆਂ ਹਨ। ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਇਹ ਕਿਰਦਾਰ ਲੋਕ-ਕਹਾਣੀਆਂ ਤੋਂ ਸੰਸਕ੍ਰਿਤ ਭਾਸ਼ਾ ਵਿਚ ਗਏ ਅਤੇ ਵੇਦਾਂ ਤੇ ਉਨ੍ਹਾਂ ਨਾਲ ਸਬੰਧਿਤ ਹੋਰ ਗ੍ਰੰਥਾਂ ਦੇ ਹਿੱਸੇ ਬਣ ਗਏ। ਰਿਗਵੇਦ ਦੇ ਦੇਵਤਿਆਂ ਦੇ ਨਾਂ ਅੱਜ ਵੀ ਪੰਜਾਬੀਆਂ ਦੀ ਜੀਵਨ-ਜਾਚ ਵਿਚ ਵਰਤੇ ਜਾਂਦੇ ਹਨ। ਉਦਾਹਰਨ ਦੇ ਤੌਰ 'ਤੇ ਰਿਗਵੇਦ ਦੇ ਮੁੱਖ ਦੇਵਤਾ ਇੰਦਰ ਤੇ ਇਸ ਨਾਲ ਜੁੜੇ ਹੋਰ ਕਈ ਸ਼ਬਦ ਸਾਡੇ ਨਾਮ ਰੱਖਣ ਦੀ ਪਰੰਪਰਾ ਵਿਚ ਸੁਤੇ-ਸਿਧ ਸ਼ਾਮਲ ਹਨ। ਉੱਤਰ ਵੈਦਿਕ ਸਮਿਆਂ ਵਿਚ ਰਚੇ ਗਏ ਗ੍ਰੰਥਾਂ ਰਮਾਇਣ, ਮਹਾਭਾਰਤ, ਤੇ ਪੁਰਾਣਾਂ ਵਿਚ ਪੰਜਾਬ ਵੱਖ ਵੱਖ ਤਰ੍ਹਾਂ ਨਾਲ ਮੌਜੂਦ ਹੈ। ਪੰਜਾਬ ਵਿਚ ਰਮਾਇਣ ਨਾਲ ਸਬੰਧਿਤ ਤੀਰਥ ਮਿਲਦੇ ਹਨ, ਘੜਾਮ (ਜ਼ਿਲ੍ਹਾ ਪਟਿਆਲਾ) ਵਿਚ ਭਗਵਾਨ ਰਾਮ ਦੇ ਨਾਨਕੇ ਦੱਸੇ ਜਾਂਦੇ ਹਨ, ਰਿਸ਼ੀ ਵਾਲਮੀਕ ਦਾ ਆਸ਼ਰਮ ਅੰਮ੍ਰਿਤਸਰ 'ਚ ਹੈ, ਲਾਹੌਰ ਦਾ ਸਬੰਧ ਰਾਮ ਦੇ ਪੁੱਤਰ ਲਵ ਤੇ ਕਸੂਰ ਦਾ ਦੂਸਰੇ ਪੁੱਤਰ ਕੁਸ਼ ਨਾਲ ਜੋੜਿਆ ਜਾਂਦਾ ਹੈ।
        ਮਹਾਭਾਰਤ ਤੇ ਪੁਰਾਣਾਂ ਵਿਚਲਾ ਭਗਵਾਨ ਕ੍ਰਿਸ਼ਨ ਪੰਜਾਬ ਦੇ ਲੋਕ-ਗੀਤਾਂ ਵਿਚ ਸਮਾ ਜਾਂਦਾ ਹੈ। ਬਾਬਲ ਧੀ ਨੂੰ ਪੁੱਛਦਾ ਹੈ, ''ਬੇਟੀ ਕਿਹਾ ਵਰ ਲੋੜੀਏ?'' ਤਾਂ ਧੀ ਜਵਾਬ ਦਿੰਦੀ ਹੈ, ''ਬਾਬਲ ਜਿਉਂ ਤਾਰਿਆਂ ਵਿਚੋਂ ਚੰਨ, ਚੰਨਾਂ ਵਿਚੋਂ ਕਾਹਨ ਕਨ੍ਹਈਆ ਵਰ ਲੋੜੀਏ।'' ਕ੍ਰਿਸ਼ਨ ਦੀ ਰਾਣੀ ਰੁਕਮਣੀ ਵੀ ਲੋਕ-ਗੀਤਾਂ ਵਿਚ ਹਾਜ਼ਰ ਹੈ, ''ਰਾਣੀ ਰੁਕਮਣ ਦੇ ਜਾਇਆ ਵੀਰਾ, ਤੈਨੂੰ ਸਦਾ ਵੇ ਸੁਹਾਗ ਸੁਹਾਵੇ।'' ਮਹਾਭਾਰਤ ਵਿਚ ਪੰਜਾਬ ਅਤੇ ਇੱਥੇ ਵਸਦੇ ਲੋਕਾਂ ਦੀਆਂ ਕੌਰਵਾਂ-ਪਾਂਡਵਾਂ ਨਾਲ ਲੜਾਈਆਂ ਅਤੇ ਉਨ੍ਹਾਂ ਵਿਚ ਹੋਏ ਮੇਲ-ਮਿਲਾਪ ਦੇ ਕਿੱਸੇ ਹਨ। ਪਾਂਡਵਾਂ ਦੇ ਇੱਥੇ ਵਸਦੇ ਲੋਕ, ਜਿਨ੍ਹਾਂ ਨੂੰ ਨਾਗ ਕਿਹਾ ਜਾਂਦਾ ਸੀ, ਨਾਲ ਵੱਡੇ ਯੁੱਧ ਹੋਏ। ਨਾਗ ਲੋਕਾਂ ਦੇ ਆਗੂ, ਜਿਨ੍ਹਾਂ ਦੇ ਨਾਂ ਵਾਸੁਕੀ, ਤਕਸ਼ਕ, ਸ਼ੇਸ਼ਨਾਗ ਆਦਿ ਸਨ, ਮਹਾਭਾਰਤ ਅਤੇ ਪੁਰਾਣਾਂ ਦੀਆਂ ਕਥਾਵਾਂ ਵਿਚ ਜਾ ਬਿਰਾਜਦੇ ਹਨ ਅਤੇ ਲੋਕ-ਗਾਥਾਵਾਂ ਵਿਚ ਵੀ ਹਾਜ਼ਰ ਰਹਿੰਦੇ ਹਨ। ਮਹਾਭਾਰਤ ਵਿਚ ਪਾਂਡਵ ਸਮਰਾਟ ਜਨਮੇਜਯ ਦੀ ਅਗਵਾਈ ਵਿਚ ਜਨਮੇਜੇ ਨਾਗ (ਸੱਪ) ਲੋਕਾਂ ਨਾਲ ਹੋਏ ਯੁੱਧ ਨੂੰ ਪ੍ਰਤੀਕਾਤਮਕ ਤੌਰ 'ਤੇ ਸਪੱਸਤਰ ਯੱਗ (ਸੱਪਾਂ ਨੂੰ ਸਾੜ੍ਹਨ ਵਾਲਾ ਯੱਗ) ਦੇ ਤੌਰ 'ਤੇ ਚਿਤਵਿਆ ਜਾਂਦਾ ਹੈ ਜਦੋਂਕਿ ਸਦੀਆਂ ਬਾਅਦ ਲੋਕਾਂ ਵਿਚ ਚਲੀ ਆਉਂਦੀ ਕਹਾਣੀ ਨੂੰ ਅੰਬਾਲੇ ਦੇ ਲਾਗਲੇ ਪਿੰਡ ਬਿਬਯਾਲ ਦੇ ਦੋ ਮਜ਼੍ਹਬੀ ਸਿੱਖ ਅੰਗਰੇਜ਼ ਹਾਕਮ ਆਰ.ਸੀ. ਟੈਂਪਲ ਨੂੰ ਵੱਖਰੀ ਤਰ੍ਹਾਂ ਸੁਣਾਉਂਦੇ ਹਨ। ਪੰਜਾਬੀਆਂ ਦੇ ਨਾਮ ਮਹਾਭਾਰਤ ਅਤੇ ਰਮਾਇਣ ਦੇ ਕਿਰਦਾਰਾਂ 'ਤੇ ਵੀ ਹਨ।
      ਪੰਜਾਬ ਦੇ ਲੋਕ-ਜੀਵਨ ਤੇ ਲੋਕ-ਗਾਥਾਵਾਂ ਦੇ ਸੰਸਕ੍ਰਿਤ ਵਿਚ ਪ੍ਰਵੇਸ਼ ਦੀਆਂ ਉਲਟੀਆਂ ਪੈੜਾਂ ਨੂੰ ਲੱਭਣਾ ਬਹੁਤ ਮੁਸ਼ਕਲ ਹੈ। ਇਹ ਮੁਸ਼ਕਲ ਬੁੱਧ ਅਤੇ ਜੈਨ ਧਰਮਾਂ ਨਾਲ ਸਬੰਧਿਤ ਸਾਹਿਤ ਵਿਚ ਵੀ ਪੇਸ਼ ਆਉਂਦੀ ਹੈ। ਕਿਸੇ ਵੇਲੇ ਪੰਜਾਬ ਬੁੱਧ ਧਰਮ ਦਾ ਵੱਡਾ ਕੇਂਦਰ ਬਣਿਆ। ਬੁੱਧ ਧਰਮ ਦੀ ਮੁੱਖ ਵਿੱਦਿਅਕ ਸੰਸਥਾ ਤਕਸ਼ਿਲਾ ਸੀ। ਇਹ ਦਲੀਲ ਵੀ ਦਿੱਤੀ ਜਾਂਦੀ ਹੈ ਕਿ ਪੰਚਤੰਤਰ, ਹਿਤੋਪੁਦੇਸ਼, ਬੈਤਾਲ ਪਚੀਸੀ, ਬ੍ਰਿਹਤ ਕਥਾ ਅਤੇ ਕਥਾ ਸਾਰਿਤ ਸਾਗਰ ਦੇ ਮੁੱਖ ਸੋਮੇ ਲੋਕ-ਕਥਾਵਾਂ ਸਨ। ਕਈਆਂ ਕਥਾਵਾਂ ਦੀ ਰਚਨਾ ਸਥਾਨਕ ਬੋਲੀਆਂ/ਭਾਸ਼ਾਵਾਂ, ਜਿਨ੍ਹਾਂ ਨੂੰ ਪ੍ਰਾਕ੍ਰਿਤ ਕਿਹਾ ਜਾਂਦਾ ਸੀ, ਵਿਚ ਹੋਈ ਅਤੇ ਬਾਅਦ ਵਿਚ ਇਹ ਸੰਸਕ੍ਰਿਤ ਸਾਹਿਤ ਵਿਚ ਰਚ-ਮਿਚ ਗਈਆਂ। ਸਿਕੰਦਰ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਪੱਛਮ ਵੱਲ ਦੇ ਇਲਾਕਿਆਂ ਨਾਲ ਸਬੰਧ ਹੋਰ ਮਜ਼ਬੂਤ ਹੋਏ।
     ਪੰਜਾਬ ਨਾਥ ਪਰੰਪਰਾ ਦਾ ਵੱਡਾ ਕੇਂਦਰ ਬਣਿਆ। ਗੋਰਖ ਨਾਥ, ਚੌਰੰਗੀ ਨਾਥ (ਭਗਤ ਪੂਰਨ), ਬਾਲ ਨਾਥ ਅਤੇ ਹੋਰ ਸਿੱਧ ਯੋਗੀਆਂ ਨੇ ਇੱਥੋਂ ਦੇ ਲੋਕ-ਜੀਵਨ 'ਤੇ ਵੱਡਾ ਪ੍ਰਭਾਵ ਪਾਇਆ। ਜੋਗੀ ਬਗ਼ਾਵਤ ਦਾ ਪ੍ਰਤੀਕ ਬਣ ਕੇ ਪੰਜਾਬੀ ਮੁਟਿਆਰਾਂ ਦੇ ਮਨ ਵਿਚ ਵਸ ਗਿਆ ਤੇ ਸਦੀਆਂ ਦੀਆਂ ਸਦੀਆਂ ਪੰਜਾਬ ਦੀਆਂ ਮੁਟਿਆਰਾਂ ਜੋਗੀ ਦਾ ਉਹਲਾ ਸਿਰਜ ਕੇ ਆਪਣੇ ਮਨ ਦੀਆਂ ਬਾਤਾਂ ਪਾਉਂਦੀਆਂ ਰਹੀਆਂ, ''ਅੰਬਾਂ ਤੇ ਤੂਤਾਂ ਦੀ ਠੰਢੀ ਛਾਂ, ਕੋਈ ਪਰਦੇਸੀ ਜੋਗੀ ਆ ਲੱਥੇ ਨੀ/ ਚੱਲ ਮੇਰੀ ਭਾਬੋ ਪਾਣੀ ਨੂੰ ਚੱਲ, ਪਾਣੀ ਦੇ ਪੱਜ ਜੋਗੀ ਵੇਖੀਏ'', ''ਅਸਾਂ ਉੱਠ ਜਾਣਾ ਮਾਏ ਨੀਂ, ਜੋਗੀਆਂ ਦੇ ਸਾਥ ਨੀਂ'', ''ਰੰਗਲੇ ਜੋਗੀ, ਸੱਚ ਦੀ ਬੀਨ ਵਜਾ ਗਏ।'' ਪੰਜਾਬ ਵਿਚ ਸ਼ਿਵਾਲੇ ਵੀ ਬਣਦੇ ਹਨ ਅਤੇ ਦੇਵੀ ਪੂਜਾ ਵੀ ਹੁੰਦੀ ਹੈ। ਨਾਗ ਪੂਜਾ ਦੇ ਨਕਸ਼ ਵੀ ਵਿਖਾਈ ਦਿੰਦੇ ਹਨ।
       ਪੰਜਾਬ ਵਿਚ ਸ਼ੇਖ਼ ਫ਼ਰੀਦ ਅਤੇ ਗੁਰੂ ਨਾਨਕ ਦੇਵ ਜੀ ਦੇ ਮਹਾਂ-ਗੀਤ ਗੂੰਜੇ। ਫ਼ਰੀਦ ਬਾਣੀ ਵਿਚ ਸ਼ੁਰੂ ਕੀਤੇ ਗਏ ਵਿਸ਼ਿਆਂ ਦੀ ਧੁਨੀ ਗੁਰੂ ਨਾਨਕ ਦੇਵ ਤੇ ਗੁਰੂ ਅਰਜਨ ਦੇਵ ਦੀ ਬਾਣੀ ਵਿਚ ਸੁਣਾਈ ਦਿੰਦੀ ਹੈ। ਨਾਨਕਬਾਣੀ ਨੇ ਪੰਜਾਬ ਦੀ ਰੂਹ ਨੂੰ ਨਵੀਂ ਊਰਜਾ ਬਖ਼ਸ਼ੀ ਤੇ ਬਾਬਾ ਜੀ ਨੇ ਵੇਲ਼ੇ ਦੇ ਹਾਕਮਾਂ, ਅਹਿਲਕਾਰਾਂ, ਜਾਬਰਾਂ, ਜਰਵਾਣਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਗੁਰੂ ਨਾਨਕ ਨੇ 'ਏਕ ਮਹਿ ਸਰਬ ਸਰਬ ਮਹਿ ਏਕਾ' ਅਤੇ 'ਆਈ ਪੰਥੀ ਸਗਲ ਜਮਾਤੀ' ਜਿਹੇ ਗੁਰੂ-ਵਾਕਾਂ ਰਾਹੀਂ ਵਰਣ-ਆਸ਼ਰਮ ਅਤੇ ਜਾਤ-ਪਾਤ ਕਾਰਨ ਬਣੀ ਸਮਾਜਿਕ ਨਾਬਰਾਬਰੀ ਤੇ ਵੰਡੀਆਂ ਦਾ ਵਿਰੋਧ ਕੀਤਾ ਅਤੇ ਸਾਂਝੀਵਾਲਤਾ ਦਾ ਪੈਗ਼ਾਮ ਦਿੱਤਾ। ਅਖੌਤੀ ਧਾਰਮਿਕ ਆਗੂਆਂ ਦਾ ਵਿਰੋਧ ਕਰਦਿਆਂ ਬੁਲੰਦ ਆਵਾਜ਼ ਵਿਚ ਕਿਹਾ, ''ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥ ਜੋ ਕੋ ਪੁਛੈ ਤਾ ਪੜਿ ਸੁਣਾਏ॥'' ਗੁਰੂ ਨਾਨਕ ਅਤੇ ਸਿੱਖ ਗੁਰੂਆਂ ਦੀ ਬਾਣੀ ਅਤੇ ਅਗਵਾਈ ਨੇ ਪੰਜਾਬ ਦੇ ਜੀਵਨ ਨੂੰ ਨਵਾਂ ਮੁਹਾਂਦਰਾ ਤੇ ਨਵੀਂ ਤਰਤੀਬ ਦਿੱਤੀ।
      ਨਾਨਕਬਾਣੀ ਦੀਆਂ ਧੁਨੀਆਂ ਦੂਰ ਦੂਰ ਤਕ ਗੂੰਜੀਆਂ, ਪੰਜਾਬੀ ਸੂਫ਼ੀ-ਕਾਵਿ ਵਿਚ ਵੀ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ''ਜੋ ਮੈ ਬੇਦਨ ਸਾ ਕਿਸੁ ਆਖਾ ਮਾਈ॥'' ਭਾਵ ਜੋ ਮੈਨੂੰ ਵੇਦਨਾ (ਦੁੱਖ) ਹੈ, ਮੇਰੀ ਮਾਏ, ਉਹ ਮੈਂ ਕਿਸ ਨੂੰ ਆਖ ਸੁਣਾਵਾਂ। ਬੁੱਲ੍ਹੇ ਸ਼ਾਹ ਕਹਿੰਦਾ ਹੈ, ''ਦਿਲ ਦੀ ਵੇਦਨ ਕੋਈ ਨ ਜਾਣੇ ਅੰਦਰਿ ਦੇਸ ਬੇਗਾਨੇ।'' ਤੇ ਫਿਰ ਇਕ ਹੋਰ ਕਾਫ਼ੀ ਵਿਚ ਕੂਕਦਾ ਹੈ, ''ਤੁਸੀਂ ਕਰੋ ਅਸਾਡੀ ਕਾਰੀ, ਕੇਹੀ ਹੋ ਗਈ ਵੇਦਨ ਭਾਰੀ।'' ਦਮੋਦਰ ਪੰਜਾਬੀਆਂ ਨੂੰ ਹੀਰ ਦੀ ਕਥਾ ਸੁਣਾਉਂਦਾ ਹੈ ਅਤੇ ਵਾਰਿਸ ਸ਼ਾਹ ਤੇ ਹੋਰ ਕਿੱਸਾਕਾਰ ਹੀਰ ਨੂੰ ਬਗ਼ਾਵਤ ਦੇ ਚਿੰਨ੍ਹ ਅਤੇ ਪੰਜਾਬ ਦੇ ਸੱਭਿਆਚਾਰਕ ਜੀਵਨ ਦੀ ਧੁਰੀ ਬਣਾ ਦਿੰਦੇ ਹਨ। ਉਨ੍ਹਾਂ ਦੀ ਹੀਰ ਕਾਜ਼ੀਆਂ ਨਾਲ ਆਢਾ ਲਾਉਂਦੀ ਹੈ। ਵਾਰਿਸ ਸ਼ਾਹ ਦਾ ਰਾਂਝਾ ਅੱਧੀ ਰਾਤ ਮਸੀਤ ਵਿਚ ਵੰਝਲੀ ਵਜਾਉਂਦਾ ਹੈ, ਮੁਸਲਮਾਨ ਪੀਰਾਂ ਨੂੰ ਬਿਸ਼ਨਪਦੇ (ਕ੍ਰਿਸ਼ਨ ਦੀ ਉਸਤਤ ਦੇ ਗੀਤ) ਸੁਣਾ ਕੇ ਰਿਝਾਉਂਦਾ ਹੈ, ਬਾਲ ਨਾਥ ਤੋਂ ਜੋਗ ਲੈਂਦਾ ਹੈ। ਇਸ ਤਰ੍ਹਾਂ ਕਿੱਸਾਕਾਰ ਪੰਜਾਬ ਦੇ ਲੋਕ-ਨਾਇਕਾਂ ਨੂੰ ਅਜਿਹੇ ਕਿਰਦਾਰ ਬਣਾ ਦਿੰਦੇ ਹਨ ਜਿਹੜੇ ਰਵਾਇਤੀ ਧਰਮਾਂ ਦੀ ਸੰਕੀਰਨਤਾ ਤੋਂ ਆਜ਼ਾਦ ਹਨ। ਇਹ ਨਾਇਕ ਮਨੁੱਖੀ ਆਜ਼ਾਦੀ ਦੇ ਪ੍ਰਤੀਕ ਬਣ ਜਾਂਦੇ ਹਨ। ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ, ਸ਼ਾਹ ਸ਼ਰਫ਼ ਅਤੇ ਹੋਰ ਸੂਫ਼ੀਆਂ ਵਿਚ ਕ੍ਰਿਸ਼ਨ, ਰਾਂਝਾ ਤੇ ਰੱਬ ਇਕਮਿਕ ਹੋ ਗਏ ਹਨ। ਬੁੱਲ੍ਹੇ ਸ਼ਾਹ ਕਹਿੰਦਾ ਹੈ, ''ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਹੈ ਸਭ ਦਾ ਸਾਂਝਾ/ ਤੇਰੀਆਂ ਮੌਜਾਂ ਸਾਡਾ ਮਾਜਾਂ/ ਸਾਡੀ ਸੁਰਤੀ ਆਪ ਮਿਲਾਈ/ ਬੰਸੀ ਕਾਹਨ ਅਚਰਜ ਬਜਾਈ।''
     ਸੁਲਤਾਨ ਬਾਹੂ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ ਅਤੇ ਹੋਰ ਸੂਫ਼ੀ ਕਵੀ ਮਨਸੂਰ ਅਤੇ ਸਰਮਦ ਦੀ ਬਾਗ਼ੀਆਨਾ ਰਵਾਇਤ ਨੂੰ ਪੰਜਾਬੀ ਸ਼ਾਇਰੀ ਦਾ ਹਿੱਸਾ ਬਣਾਉਂਦੇ ਹਨ। ਸਿੰਘ ਸੂਰਮੇ, ਦੁੱਲਾ ਭੱਟੀ ਅਤੇ ਹੋਰ ਨਾਇਕ ਉੱਭਰਦੇ ਹਨ। ਸਿੱਖ ਮਿਸਲਾਂ ਮੁਗ਼ਲਾਂ ਅਤੇ ਬਾਹਰ ਤੋਂ ਆਉਂਦੇ ਹਮਲਾਵਰਾਂ ਨਾਲ ਲੋਹਾ ਲੈਂਦੀਆਂ ਹਨ ਤੇ ਰਣਜੀਤ ਸਿੰਘ ਦੇ ਰਾਜ ਵਿਚ ਸਾਂਝੀ ਪੰਜਾਬੀਅਤ ਦੇ ਨਕਸ਼ ਗੂੜ੍ਹੇ ਹੁੰਦੇ ਹਨ ਜਿਨ੍ਹਾਂ ਦਾ ਵਰਣਨ ਸ਼ਾਹ ਮੁਹੰਮਦ ਦੇ ਲਿਖੇ ਜੰਗਨਾਮੇ ਵਿਚ ਮਿਲਦਾ ਹੈ।
     ਅੰਗਰੇਜ਼ ਹਕੂਮਤ ਦੇ ਦੌਰਾਨ ਵੀ ਪੰਜਾਬੀਆਂ ਦਾ ਜਬਰ ਦਾ ਟਾਕਰਾ ਕਰਨ ਦਾ ਸਫ਼ਰ ਜਾਰੀ ਰਹਿੰਦਾ ਹੈ। ਕੂਕਾ ਲਹਿਰ, ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ ਤੇ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ, ਆਜ਼ਾਦੀ ਸੰਘਰਸ਼ ਦੇ ਸੁਨਹਿਰੀ ਪੰਨੇ ਬਣਦੇ ਹਨ। ਪੰਜਾਬ ਦੇ ਹਿੰਦੂ, ਮੁਸਲਮਾਨ ਤੇ ਸਿੱਖ ਇਕੱਠੇ ਹੋ ਕੇ ਬਸਤੀਵਾਦੀਆਂ ਵਿਰੁੱਧ ਸੰਘਰਸ਼ ਕਰਦੇ ਹਨ। ਬਾਅਦ ਵਿਚ ਇਸ ਇਤਿਹਾਸ ਵਿਚ ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਦੇ ਸਾਥੀਆਂ ਦੀ ਸ਼ਹੀਦੀ ਅਤੇ ਊਧਮ ਸਿੰਘ ਦੇ ਬਲੀਦਾਨ ਦੇ ਵਰਕੇ ਜੁੜਦੇ ਹਨ। ਇਨ੍ਹਾਂ ਸਮਿਆਂ ਵਿਚ ਹੀ ਪੂਰਨ ਸਿੰਘ ਪੰਜਾਬ ਦੀ ਸਾਂਝੀਵਾਲਤਾ ਦਾ ਹੋਕਾ ਦਿੰਦਾ ਹੈ। ਪੰਜਾਬ ਦੀ 1947 ਦੀ ਵੰਡ ਦੇ ਦੁੱਖ ਨੂੰ ਉਸਤਾਦ ਦਾਮਨ ''ਲਾਲੀ ਅੱਖੀਆਂ ਦੀ ਪਈ ਦੱਸਦੀ ਏ/ ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ'' ਦੇ ਸ਼ਬਦਾਂ ਨਾਲ ਕਲਮਬੰਦ ਕਰਦਾ ਹੈ। ਅੱਜ ਦਾ ਪੰਜਾਬ, ਚੜ੍ਹਦੇ ਪੰਜਾਬ, ਲਹਿੰਦੇ ਪੰਜਾਬ, ਭਾਰਤ ਦੇ ਹੋਰ ਪ੍ਰਾਂਤਾਂ, ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਕਈ ਹੋਰ ਦੇਸ਼ਾਂ ਵਿਚ ਵੱਸਦਾ ਹੈ।
       ਆਓ, ਅੱਜ ਦੇ ਦਿਨ ਪੰਜਾਬੀਆਂ ਦੀ ਸਾਂਝ ਤੇ ਵੰਨ-ਸੁਵੰਨਤਾ ਅਤੇ ਜਬਰ ਵਿਰੁੱਧ ਖਲੋਣ ਦੇ ਇਤਿਹਾਸ ਨੂੰ ਯਾਦ ਕਰਦਿਆਂ ਸਾਂਝੀਵਾਲਤਾ ਅਤੇ ਪੰਜਾਬੀਅਤ ਦੇ ਨਾਂ 'ਤੇ ਵੀ ਦੀਪ ਜਗਾਈਏ।

ਪੰਜਾਬ ਦੀ ਤਸਵੀਰ - ਸਵਰਾਜਬੀਰ

ਤਿੰਨ ਸੌ ਗਿਆਰਾਂ ਭਾਰਤ ਵਾਸੀਆਂ, ਜਿਹੜੇ ਗ਼ੈਰਕਾਨੂੰਨੀ ਤਰੀਕਿਆਂ ਨਾਲ ਮੈਕਸੀਕੋ ਪਹੁੰਚੇ ਸਨ, ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ। ਅਖ਼ਬਾਰਾਂ ਵਿਚ ਛਪੀਆਂ ਤਸਵੀਰਾਂ ਉਨ੍ਹਾਂ ਦੀ ਕਹਾਣੀ ਦੱਸਦੀਆਂ ਹਨ; ਉੱਥੇ ਉਦਾਸੀ ਤੇ ਬੇਵਸੀ ਹੈ, ਸੁਪਨਿਆਂ ਦੇ ਚੂਰ-ਚੂਰ ਹੋਣ ਤੇ ਜ਼ਿੰਦਗੀ ਦੇ ਜੰਗ ਹਾਰ ਜਾਣ ਦੀ ਘੋਰ ਮਾਯੂਸੀ। ਉਨ੍ਹਾਂ ਦੀਆਂ ਅੱਖਾਂ ਵਿਚ ਉਹ ਲੋਅ ਨਹੀਂ ਦਿਸਦੀ ਜੋ ਪੰਜਾਬੀ ਸ਼ਾਇਰ ਪਾਸ਼ ਅਨੁਸਾਰ ਹਾਰਨ ਤੋਂ ਬਾਅਦ ਕਿਸੇ ਅਣਖੀ ਦੀਆਂ ਆਪਣੇ ਵੈਰੀ ਵੱਲ ਤੱਕਦੀਆਂ ਅੱਖਾਂ ਵਿਚ ਹੁੰਦੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਸਰੀਰਿਕ ਭਾਸ਼ਾ ਵਿਚ ਅੱਜ ਦੇ ਪੰਜਾਬ ਵਿਚ ਵਾਪਸ ਆਉਣ ਦਾ ਆਤੰਕ ਸਾਫ਼ ਦਿਖਾਈ ਦਿੰਦਾ ਹੈ। ਉਹ ਤਾਂ ਇਹ ਸੋਚ ਕੇ ਗਏ ਸਨ ਕਿ ਉਨ੍ਹਾਂ ਕਈ ਵਰ੍ਹੇ 'ਸਵਰਗ' ਵਿਚ ਰਹਿਣਾ ਹੈ, ਆਪਣੀ ਭੋਇੰ 'ਤੇ ਵਾਪਸ ਨਹੀਂ ਆਉਣਾ। ਉਸ 'ਸਵਰਗ' ਤਕ ਪਹੁੰਚਣ ਲਈ ਉਨ੍ਹਾਂ ਨੇ ਗ਼ੈਰਕਾਨੂੰਨੀ ਏਜੰਟਾਂ ਨੂੰ 15 ਤੋਂ 25 ਲੱਖ ਰੁਪਏ ਤਕ ਦਿੱਤੇ। ਇਨ੍ਹਾਂ ਮੁੰਡਿਆਂ ਨੂੰ ਪਹਿਲਾਂ ਦੱਖਣੀ ਅਮਰੀਕਾ ਦੇ ਦੇਸ਼ਾਂ ਬਰਾਜ਼ੀਲ, ਪੇਰੂ, ਪਨਾਮਾ, ਇਕੁਆਡੋਰ, ਕੋਸਟਾ ਰੀਕਾ, ਨਿਕਾਰੂਗੁਆ, ਹਾਂਡਰੂਸ, ਗੁਆਟੇਮਾਲਾ ਆਦਿ ਪਹੁੰਚਾਇਆ ਗਿਆ ਅਤੇ ਅਖ਼ੀਰ ਵਿਚ ਮੈਕਸੀਕੋ। ਵੱਖ ਵੱਖ ਦੇਸ਼ਾਂ ਵਿਚ ਸਸਤੇ ਹੋਟਲਾਂ ਵਿਚ ਕਈ ਹਫ਼ਤੇ ਬਿਤਾਉਣ ਮਗਰੋਂ ਉਨ੍ਹਾਂ ਨੂੰ ਪਨਾਮਾ ਦੇ ਸੰਘਣੇ ਜੰਗਲਾਂ ਵਿਚੋਂ ਲੰਘਣਾ ਪਿਆ। ਉਨ੍ਹਾਂ ਨੂੰ ਤਿੰਨ ਦਿਨ ਤਕ ਪਾਣੀ ਨਸੀਬ ਨਹੀਂ ਹੋਇਆ ਤੇ ਉਨ੍ਹਾਂ ਨੇ ਆਪਣੇ ਕੱਪੜਿਆਂ 'ਚੋਂ ਮੁੜ੍ਹਕਾ ਨਿਚੋੜ ਕੇ ਪੀਤਾ। ਇਨ੍ਹਾਂ ਸਫ਼ਰਾਂ ਵਿਚ ਕਈ ਮੌਤਾਂ ਵੀ ਹੋਈਆਂ। ਮੈਕਸੀਕੋ ਪਹੁੰਚਣ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਏਜੰਟ ਇਹ ਦਿਲਾਸਾ ਦਿਵਾਉਂਦੇ ਰਹੇ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਆਉਣ ਲਈ 'ਪਾਸ' ਮਿਲਣਗੇ ਅਤੇ ਫਿਰ ਉਨ੍ਹਾਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਇਆ ਜਾਏਗਾ। ਮੈਕਸੀਕੋ ਨੇ ਇਹ ਕਾਰਵਾਈ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਬਾਓ ਵਿਚ ਆ ਕੇ ਕੀਤੀ ਹੈ ਕਿਉਂਕਿ ਉਹਨੇ ਧਮਕੀ ਦਿੱਤੀ ਸੀ ਕਿ ਜੇਕਰ ਮੈਕਸੀਕੋ ਨੇ ਗ਼ੈਰਕਾਨੂੰਨੀ ਤੌਰ 'ਤੇ ਪਰਵਾਸ ਕਰਨ ਵਾਲਿਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਮੈਕਸੀਕੋ ਦੀ ਸਮੁੱਚੀ ਦਰਾਮਦ 'ਤੇ ਵੱਡੇ ਟੈਕਸ ਲਾਏ ਜਾਣਗੇ।
       ਇਨ੍ਹਾਂ ਮੁੰਡਿਆਂ ਦੀਆਂ ਤਸਵੀਰਾਂ ਅੱਜ ਦੇ ਬੇਵਸ ਪੰਜਾਬ ਦੀਆਂ ਤਸਵੀਰਾਂ ਹਨ। ਇਤਿਹਾਸਕਾਰ ਭਗਵਾਨ ਜੋਸ਼ ਅਨੁਸਾਰ, ''ਤਸਵੀਰ ਤਕਦੀਰ ਦੇ ਕਦਮ ਵਾਂਗ ਹੁੰਦੀ ਹੈ। ਉਹਨੂੰ ਫੇਰ ਮਿਟਾਇਆ ਨਹੀਂ ਜਾ ਸਕਦਾ। ਉਹ ਸਮੇਂ ਦੀ ਪੱਕੀ ਚਸ਼ਮਦੀਦ ਗਵਾਹ ਬਣ ਕੇ ਉਂਝ ਦੀ ਉਂਝ ਖੜ੍ਹੀ ਰਹਿੰਦੀ ਹੈ।'' ਇਨ੍ਹਾਂ ਮੁੰਡਿਆਂ ਦੀਆਂ ਤਸਵੀਰਾਂ ਪੰਜਾਬ ਦੇ ਨੌਜਵਾਨਾਂ ਦੀ ਲਾਚਾਰੀ ਦੀਆਂ ਚਸ਼ਮਦੀਦ ਗਵਾਹ ਹਨ। ਇਨ੍ਹਾਂ ਤਸਵੀਰਾਂ 'ਚੋਂ ਨੌਜਵਾਨਾਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ, ਦਾਦਕਿਆਂ, ਨਾਨਕਿਆਂ, ਭੈਣਾਂ-ਭਰਾਵਾਂ, ਸਭ ਦੀ ਬੇਵਸੀ ਝਲਕਦੀ ਹੈ।
       1980ਵਿਆਂ ਵਿਚ ਪੰਜਾਬ ਨੇ ਵੱਡਾ ਸੰਤਾਪ ਹੰਢਾਇਆ। ਇਸ ਸੰਤਾਪ ਵਿਚ ਬਹੁਤ ਸਾਰੇ ਨੌਜਵਾਨਾਂ ਨੇ ਉਸ ਉਦੇਸ਼ ਲਈ ਕੁਰਬਾਨੀਆਂ ਦਿੱਤੀਆਂ ਅਤੇ ਸਰਕਾਰੀ ਤਸ਼ੱਦਦ ਝੱਲਿਆ ਜਿਸ ਰਾਹੀਂ ਉਹ ਪੰਜਾਬ ਦੀ ਹੋਂਦ ਦਾ ਨਵਾਂ ਸੁਪਨਾ ਘੜਨਾ ਚਾਹੁੰਦੇ ਸਨ। ਮੌਕਾਪ੍ਰਸਤਾਂ ਨੇ ਦੁੱਖ ਦੇ ਉਨ੍ਹਾਂ ਸਮਿਆਂ ਨੂੰ ਵੀ ਵਿਦੇਸ਼ਾਂ ਵੱਲ ਭੱਜਣ, ਜਾਇਦਾਦਾਂ ਬਣਾਉਣ, ਨਾਜਾਇਜ਼ ਕਬਜ਼ੇ ਕਰਨ ਤੇ ਸੱਤਾ ਦੇ ਗਲਿਆਰਿਆਂ ਵਿਚ ਮਜ਼ਬੂਤ ਹੋਣ ਲਈ ਵਰਤਿਆ। ਇਸ ਸਾਰੇ ਵਰਤਾਰੇ ਵਿਚ ਪੰਜਾਬੀ ਬੰਦੇ ਦੀ ਪੰਜਾਬੀ ਹੋਂਦ ਖੱਖੜੀ-ਖੱਖੜੀ ਹੋ ਗਈ। ਉਹਦੀ ਆਪਣੇ ਆਪੇ, ਭੋਇੰ ਅਤੇ ਰਹਿਤਲ ਦੇ ਜ਼ਰਖੇਜ਼ ਹੋਣ ਦੀ ਆਸ ਖ਼ਤਮ ਹੋ ਗਈ। ਪੰਜਾਬੀ ਸਾਂਝੀਵਾਲਤਾ ਨੂੰ 1940ਵਿਆਂ ਅਤੇ ਬਾਅਦ ਵਿਚ 1980ਵਿਆਂ ਨੇ ਖੇਰੂੰ-ਖੇਰੂੰ ਕਰ ਦਿੱਤਾ। ਪੰਜਾਬੀ ਬੰਦਾ ਸਾਂਝੀਵਾਲਤਾ ਦੀ ਥਾਂ ਧਰਮ ਆਧਾਰਿਤ ਪਛਾਣਾਂ 'ਤੇ ਨਿਰਭਰ ਹੋ ਕੇ ਰਹਿ ਗਿਆ।
      ਪੰਜਾਬੀਆਂ ਨੂੰ ਏਨੇ ਦੁੱਖਾਂ ਵਿਚ ਪਾਉਣ ਦੇ ਬਾਵਜੂਦ ਸਿਆਸੀ ਜਮਾਤ ਦੀ ਤਾਕਤ ਅਤੇ ਪੈਸੇ ਲਈ ਲੋਚਾ ਬਰਕਰਾਰ ਹੀ ਨਹੀਂ ਰਹੀ ਸਗੋਂ ਵਧੀ। 1990ਵਿਆਂ ਵਿਚ ਰਿਸ਼ਵਤਖੋਰੀ ਤੇ ਨਸ਼ਿਆਂ ਦੇ ਫੈਲਾਓ ਸਿਖਰਾਂ 'ਤੇ ਪਹੁੰਚੇ, ਪਹੁੰਚੇ ਹੀ ਨਹੀਂ, ਸਗੋਂ ਵੇਲ਼ੇ ਦੀ ਸਿਆਸੀ ਜਮਾਤ ਨੇ ਪਹੁੰਚਾਏ। ਅਫ਼ਸਰਸ਼ਾਹੀ ਤੇ ਪੁਲੀਸ ਇਸ ਵਿਚ ਵੱਡੇ ਭਿਆਲ ਬਣੀਆਂ। ਸਾਡੀ ਸਮੂਹਿਕ ਚੁੱਪ ਅਤੇ ਵਿਰੋਧ ਨਾ ਕਰਨ ਦੀ ਵਧ ਰਹੀ ਆਦਤ ਨੇ ਅਜਿਹੀਆਂ ਤਾਕਤਾਂ ਨੂੰ ਹੋਰ ਸ਼ਕਤੀ ਦਿੱਤੀ। ਪੰਜਾਬੀ ਬੰਦਾ ਮਧੋਲਿਆ ਗਿਆ। ਨਵੀਂ ਸਦੀ ਵਿਚ ਅਜਿਹੀ ਸਿਆਸਤ ਹੋਰ ਮਜ਼ਬੂਤ ਹੋਈ। ਅਰਥਚਾਰਾ ਕੁਝ ਪਰਿਵਾਰਾਂ ਦੇ ਹੱਥਾਂ ਵਿਚ ਸਿਮਟ ਗਿਆ। ਵਿੱਦਿਆ ਦਾ ਰੂਪ ਨਾ ਤੇ ਕਾਰਪੋਰੇਟ ਜਗਤ ਵਾਲਾ ਬਣਿਆ ਅਤੇ ਨਾ ਹੀ ਸਮਝ-ਸਿਆਣਪ ਵਾਲੇ ਵਿਦਿਆਰਥੀ ਪੈਦਾ ਕਰਨ ਵਾਲਾ ਸਗੋਂ ਅਜਿਹਾ, ਜਿਸ ਵਿਚ ਵਿਦਿਆਰਥੀਆਂ ਦੀ ਵੱਡੀ ਗਿਣਤੀ ਨਾ ਤਾਂ ਕਾਰਪੋਰੇਟ ਜਗਤ ਦੀਆਂ ਨੌਕਰੀਆਂ ਲੈਣ ਦੇ ਸਮਰੱਥ ਸੀ, ਨਾ ਹੀ ਸਰਕਾਰੀ ਕੰਪੀਟੀਸ਼ਨਾਂ ਵਿਚ ਸਫ਼ਲ ਹੋਣ ਦੇ। ਉਨ੍ਹਾਂ ਦਾ ਕਿਰਤ ਕਰਨ ਵਿਚ ਵੀ ਵਿਸ਼ਵਾਸ ਨਹੀਂ ਸੀ। ਰਿਸ਼ਵਤਖੋਰੀ, ਸਰਕਾਰੀ ਦਫ਼ਤਰਾਂ ਵਿਚ ਆਮ ਆਦਮੀ ਦੀ ਦੁਰਗਤੀ, ਪੁਲੀਸ ਦਾ ਧੌਂਸ ਭਰਿਆ ਵਤੀਰਾ ਤੇ ਨਸ਼ਿਆਂ ਦਾ ਫੈਲਾਓ ਵਧਦੇ ਗਏ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਨਸ਼ਿਆਂ ਅਤੇ ਅਰਾਜਕਤਾ ਭਰੇ ਮਾਹੌਲ ਵਿਚੋਂ ਬਚਾਉਣ ਲਈ ਵਿਦੇਸ਼ਾਂ ਵੱਲ ਵੇਖਣ ਤੋਂ ਸਿਵਾਏ ਹੋਰ ਰਾਹ ਨਾ ਰਿਹਾ। ਨਸ਼ਿਆਂ ਦਾ ਫੈਲਾਓ ਗਵਾਂਢੀ ਦੇਸ਼ ਦੀ ਸਾਜ਼ਿਸ਼ ਨਹੀਂ। ਸਾਰੇ ਜਾਣਦੇ ਹਨ ਕਿ ਇਹ ਵਰਤਾਰਾ ਕਿਨ੍ਹਾਂ ਸਿਆਸੀ ਆਗੂਆਂ ਦੀ ਸਰਪ੍ਰਸਤੀ ਵਿਚ ਵਧਿਆ-ਫੁੱਲਿਆ। ਇਸ ਮਾਹੌਲ ਵਿਚ ਪੰਜਾਬ ਦੇ ਮਜ਼ਦੂਰਾਂ ਤੇ ਕਿਸਾਨਾਂ, ਜਿਨ੍ਹਾਂ ਨੇ ਪੁਰਾਣੇ ਸਮਿਆਂ ਵਿਚ ਜਾਬਰਾਂ ਨਾਲ ਲੋਹਾ ਲਿਆ ਸੀ, ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋਣਾ ਪਿਆ। ਨੌਜਵਾਨਾਂ ਦਾ ਨਸ਼ਿਆਂ ਵੱਲ ਜਾਣਾ ਵੀ ਖ਼ੁਦਕੁਸ਼ੀ ਵਾਲੇ ਰਸਤੇ ਉੱਤੇ ਹੀ ਪੈਰ ਧਰਨਾ ਸੀ। ਜੋ ਬਚ ਗਏ, ਉਹ ਵਿਦੇਸ਼ਾਂ ਨੂੰ ਤੁਰ ਪਏ। ਪੰਜਾਬ ਸੱਭਿਆਚਾਰਕ ਤੇ ਬੌਧਿਕ ਖ਼ੁਦਕੁਸ਼ੀ ਦੀ ਰਾਹ 'ਤੇ ਪੈ ਗਿਆ।
      ਕੀ ਮੁੰਡਿਆਂ ਨੂੰ ਧੋਖਾ ਦੇਣ ਵਾਲੇ ਏਜੰਟ ਧੋਖੇਬਾਜ਼ ਹਨ? ਧੋਖੇਬਾਜ਼ ਤਾਂ ਉਹ ਹੈਣ ਈ ਪਰ ਨਾਲ ਇਹ ਦਲੀਲ ਵੀ ਦਿੱਤੀ ਜਾ ਸਕਦੀ ਹੈ ਕਿ ਇਨ੍ਹਾਂ ਏਜੰਟਾਂ ਨੇ ਹਜ਼ਾਰਾਂ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਪਹੁੰਚਾਇਆ ਹੈ, ਪਹਿਲਾਂ ਉਨ੍ਹਾਂ ਨੂੰ ਗ਼ੈਰਕਾਨੂੰਨੀ ਬਾਸ਼ਿੰਦਿਆਂ ਵਜੋਂ ਮਾਨਤਾ ਦਿਵਾਈ ਤੇ ਫਿਰ ਵਕੀਲਾਂ ਤੇ ਦਲਾਲਾਂ ਤੋਂ ਖੱਜਲ ਹੋਣ ਬਾਅਦ ਉਨ੍ਹਾਂ ਨੇ ਵਿਦੇਸ਼ਾਂ ਵਿਚ ਸ਼ਹਿਰੀ ਹੋਣ ਦੇ ਹੱਕ ਹਾਸਲ ਕੀਤੇ। ਇਨ੍ਹਾਂ ਧੋਖੇਬਾਜ਼ਾਂ ਦੇ ਕਾਰਨ ਸੈਂਕੜੇ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋਈ ਪਰ ਨਾਲ ਹੀ ਹਜ਼ਾਰਾਂ ਪਰਿਵਾਰਾਂ ਨੂੰ ਉਹ ਜ਼ਿੰਦਗੀ ਜਿਊਣ ਲਈ ਮਿਲੀ ਜਿਸ ਨੂੰ ਉਹ ਸਵੈਮਾਣ ਤੇ ਆਰਥਿਕ ਸੁਰੱਖਿਆ ਵਾਲੀ ਸਮਝਦੇ ਹਨ। ਇਨ੍ਹਾਂ ਧੋਖੇਬਾਜ਼ਾਂ ਨੇ ਉਹ ਕੰਮ ਕੀਤਾ ਜਿਸ ਨੂੰ ਏਥੋਂ ਦੀ ਸਰਕਾਰ, ਸਿਆਸੀ ਜਮਾਤ ਤੇ ਅਰਥਚਾਰਾ ਕਰਨ ਵਿਚ ਨਾਕਾਮ ਰਹੇ। ਇਸ ਤਰ੍ਹਾਂ ਇਨ੍ਹਾਂ ਏਜੰਟਾਂ ਦੀ ਭੂਮਿਕਾ ਬੜੀ ਜਟਿਲ ਹੋ ਨਿਬੜਦੀ ਹੈ। ਇਕ ਪਾਸੇ ਇਹ ਅਮਰੀਕਾ ਤੇ ਪੱਛਮ ਦੀਆਂ ਸਰਕਾਰਾਂ ਦੁਆਰਾ ਉਸਾਰੇ ਗਏ 'ਸਵਰਗਾਂ' ਵਿਚ ਸੰਨ੍ਹ ਲਾਉਣ ਦੇ ਹਥਿਆਰ ਹਨ, ਮੁੰਡਿਆਂ ਨੂੰ ਉਨ੍ਹਾਂ 'ਸਵਰਗਾਂ' ਵਿਚ ਪਹੁੰਚਾਉਣ ਵਿਚ ਮਦਦ ਕਰਦੇ ਹਨ ਅਤੇ ਦੂਸਰੇ ਪਾਸੇ ਉਸ ਮਦਦ ਦੇ ਇਵਜ਼ ਵਿਚ ਲੋਕਾਂ ਨੂੰ ਲੁੱਟਦੇ ਹਨ। ਵੱਡਾ ਸਵਾਲ ਇਹ ਹੈ ਕਿ ਜਿਸ ਨਿਜ਼ਾਮ ਵਿਚ 'ਧੋਖੇਬਾਜ਼' ਲੋਕਾਂ ਦੇ 'ਮਸੀਹੇ' ਬਣ ਕੇ ਉੱਭਰ ਰਹੇ ਹੋਣ, ਉਸ ਨਿਜ਼ਾਮ ਨੂੰ ਕੀ ਕਿਹਾ ਜਾਵੇ?
      ਇਕ ਹੋਰ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਇਹ ਮੁੰਡੇ ਤੇ ਉਨ੍ਹਾਂ ਦੇ ਮਾਪੇ ਇਨ੍ਹਾਂ ਏਜੰਟਾਂ ਦੀ ਸਹਾਇਤਾ ਨਾਲ ਅਮਰੀਕਾ, ਕੈਨੇਡਾ ਅਤੇ ਪੱਛਮੀ ਯੂਰੋਪ ਦੇ ਦੇਸ਼ਾਂ ਅਤੇ ਸਾਡੇ ਆਪਣੇ ਨਿਜ਼ਾਮ ਵੱਲੋਂ ਲੋਕਾਂ ਦੇ ਧਰਤ ਦੇ ਕਿਸੇ ਵੀ ਕੋਨੇ 'ਤੇ ਵੱਸਣ ਦੇ ਬੁਨਿਆਦੀ ਹੱਕ ਦੀ ਲੜਾਈ ਲੜ ਰਹੇ ਹਨ ਜਿਸ ਨੂੰ ਅਜੋਕੇ ਕਾਨੂੰਨ ਦੀ ਭਾਸ਼ਾ ਵਿਚ ਗ਼ੈਰਕਾਨੂੰਨੀ ਕਿਹਾ ਜਾਂਦਾ ਹੈ। ਇਕ ਹੋਰ ਪੱਧਰ 'ਤੇ ਇਨ੍ਹਾਂ ਮੁੰਡਿਆਂ ਦੀ ਇਹ ਲੜਾਈ ਸਰਕਾਰਾਂ ਦੀ ਲੋਹਮਈ ਸ਼ਕਤੀ ਵਿਰੁੱਧ ਆਪਾਮਾਰੂ ਜੰਗ ਹੈ।
       ਇਹ ਮੁੰਡੇ ਘਰਾਂ ਤੋਂ 'ਜ਼ਿੰਦਗੀ ਦਾ ਯੁੱਧ' ਕਰਨ ਨਿਕਲੇ ਸਨ ਪਰ ਇਨ੍ਹਾਂ ਨੂੰ ਅੱਧ-ਵਿਚਾਲਿਓਂ ਹੀ ਪਰਤਾ ਦਿੱਤਾ ਗਿਆ। ਪਰਤ ਕੇ ਆਉਣ ਵਾਲੇ ਬੰਦੇ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ। ਰੂਹ ਵਿਚ ਅਧੂਰੇ ਸਫ਼ਰ ਦੀ ਚੁਭਣ ਉਸ ਨੂੰ ਜਿਊਣ ਨਹੀਂ ਦਿੰਦੀ। ਅਜਿਹੀਆਂ ਯਾਦਾਂ ਕਿ ਸਫ਼ਰ ਦੇ ਕਿਸੇ ਮਰਹੱਲੇ ਵਿਚ 'ਜੇ ਏਦਾਂ ਹੋ ਜਾਂਦਾ', 'ਉਸ ਨੂੰ ਸਫ਼ਲਤਾ ਮਿਲ ਜਾਂਦੀ' ਜਾਂ 'ਸ਼ਾਇਦ ਜ਼ਿੰਦਗੀ ਤੋਂ ਵੀ ਹੱਥ ਧੋਣੇ ਪੈਂਦੇ' ਉਹਦੇ ਮਨ ਵਿਚ ਅਜਿਹੇ ਜ਼ਖ਼ਮ ਬਣ ਕੇ ਹਾਜ਼ਰ ਰਹਿੰਦੀਆਂ ਹਨ ਜਿਹੜੇ ਕਦੀ ਨਹੀਂ ਭਰਦੇ। ਬੰਦੇ ਨੂੰ ਚਿਤਵਿਆ ਹੋਇਆ ਰਿਜ਼ਕ ਪ੍ਰਾਪਤ ਨਾ ਹੋਣ ਦਾ ਝੋਰਾ ਡੂੰਘਾ ਹੁੰਦਾ ਚਲਾ ਜਾਂਦਾ ਹੈ। ਇਨ੍ਹਾਂ ਮੁੰਡਿਆਂ ਦੀ ਬਾਂਹ ਫੜਨ ਲਈ ਉਸ ਮਜ਼ਬੂਤ ਭਾਈਚਾਰਕ ਸਾਂਝ ਦੀ ਜ਼ਰੂਰਤ ਹੈ ਜਿਹੜੀ ਅੱਜ ਦੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਗ਼ੈਰਹਾਜ਼ਰ ਦਿਸਦੀ ਹੈ।
      ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਖੁਸ਼ੀਆਂ ਮਨਾਉਣ ਦੇ ਨਾਲ ਨਾਲ ਇਹ ਸਵਾਲ ਵੀ ਪੁੱਛਣੇ ਬਣਦੇ ਹਨ ਕਿ ਨਾਨਕ ਦੀ ਭੋਇੰ ਤੇ ਨਾਨਕਪ੍ਰਸਤਾਂ ਦਾ ਵਸਣਾ ਦੁੱਭਰ ਕਿਉਂ ਹੋਇਆ ਪਿਆ ਹੈ? ਕਿਉਂ ਪੰਜਾਬੀ ਬੰਦਾ ਬਾਬਾ ਜੀ ਦੇ ਕਿਰਤ ਦੇ ਸੰਦੇਸ਼ ਤੋਂ ਬੇਗ਼ਾਨਾ ਹੋ ਕੇ ਮੰਡੀ ਤੇ ਪਦਾਰਥਕਤਾ ਦੀ ਜਿੱਲ੍ਹਣ ਵਿਚ ਫਸਦਾ ਜਾ ਰਿਹਾ ਹੈ? ਨੌਜਵਾਨਾਂ ਨੂੰ ਨਸ਼ਿਆਂ ਤੇ ਪਰਦੇਸਾਂ ਵੱਲ ਧੱਕਣ ਲਈ ਜ਼ਿੰਮੇਵਾਰ ਕੌਣ ਹੈ? ਰਿਸ਼ਵਤਖੋਰਾਂ, ਜਿਨ੍ਹਾਂ ਨੂੰ ਬਾਬਾ ਨਾਨਕ ਨੇ ਲਹੂ-ਪੀਣੇ ਤੇ ਮੁਰਦਾਰ ਖਾਣ ਵਾਲੇ ਕਿਹਾ ਸੀ, ਨੂੰ ਸਹਾਰਾ ਤੇ ਓਟ ਕੌਣ ਦੇ ਰਿਹਾ ਹੈ? ਪਰਿਵਾਰਵਾਦ ਕਿਉਂ ਪੰਜਾਬ ਦੇ ਹਿੱਤਾਂ ਤੋਂ ਵੀ ਜ਼ਿਆਦਾ ਪਿਆਰਾ ਹੋ ਗਿਆ ਹੈ? ਵਿਦਿਆਰਥੀਆਂ ਨੂੰ ਸੇਧ ਦੇਣ ਵਾਲੇ ਅਧਿਆਪਕ ਤੇ ਬੁੱਧੀਜੀਵੀ ਕਿੱਥੇ ਹਨ, ਉਹ ਕਿਉਂ ਪੰਜਾਬ ਨੂੰ ਹੁਨਰਵਾਨ, ਪ੍ਰਸ਼ਨ ਪੁੱਛਣ ਵਾਲੇ ਤੇ ਆਪਣੇ ਆਪ ਵਿਚ ਵਿਸ਼ਵਾਸ ਕਰਨ ਵਾਲੇ ਵਿਦਿਆਰਥੀ ਨਹੀਂ ਦੇ ਸਕਦੇ? ਪੰਜਾਬ ਦੀ ਧਰਤੀ ਦੇ ਨਾਲ ਨਾਲ ਏਥੋਂ ਦੀ ਬੌਧਿਕ ਜ਼ਮੀਨ ਕਿਉਂ ਬੰਜਰ ਹੁੰਦੀ ਜਾ ਰਹੀ ਹੈ, ਕੀ ਅਸੀਂ ਸਾਰੇ ਸਮੂਹਿਕ ਰੂਪ ਵਿਚ ਜ਼ਿੰਮੇਵਾਰ ਤੇ ਗੁਨਾਹਗਾਰ ਹਾਂ, ਜੇ ਗੁਨਾਹਗਾਰ ਹਾਂ ਤਾਂ ਅਸੀਂ ਗੁਨਾਹਾਂ ਦਾ ਪਛਤਾਵਾ ਕਿਵੇਂ ਕਰਨਾ ਹੈ? ੳਸੀਂ ਕਿਉਂ ਉਨ੍ਹਾਂ ਸਿਆਸੀ ਆਗੂਆਂ ਦੀ ਫ਼ਸਲ ਉਗਾ ਰਹੇ ਹਾਂ ਜਿਨ੍ਹਾਂ ਕੋਲ ਮੌਕਾਪ੍ਰਸਤੀ, ਕੁਨਬਾ-ਪਰਵਰੀ ਅਤੇ ਪੈਸਾ ਇਕੱਠਾ ਕਰਨ ਤੋਂ ਸਿਵਾਏ ਕੋਈ ਏਜੰਡਾ ਨਹੀਂ? ਅੱਜ ਦੇ ਪੰਜਾਬ ਦੀ ਤਸਵੀਰ ਏਨੀ ਉਦਾਸ ਕਰਨ ਵਾਲੀ ਕਿਉਂ ਹੈ?

ਧੀਆਂ ਦੀ ਵੇਦਨ - ਸਵਰਾਜਬੀਰ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਦਿਲ ਦਹਿਲਾ ਦੇਣ ਵਾਲੀ ਖ਼ਬਰ ਛਪੀ ਕਿ ਇਕ ਨਾਨੀ ਨੇ ਆਪਣੀਆਂ ਨਵਜੰਮੀਆਂ ਜੌੜੀਆਂ ਦੋਹਤੀਆਂ ਨੂੰ ਜਿਊਂਦੇ-ਜੀਅ ਨਹਿਰ ਵਿਚ ਸੁੱਟ ਦਿੱਤਾ। ਇਸ ਜੁਰਮ ਵਿਚ ਕੁੜੀਆਂ ਦਾ ਮਾਮਾ ਵੀ ਸ਼ਾਮਲ ਸੀ। ਪੰਜਾਬੀਆਂ ਨੂੰ ਆਪਣੇ ਇਤਿਹਾਸ 'ਤੇ ਬੜਾ ਮਾਣ ਹੈ। ਇਹ ਇਤਿਹਾਸ ਹਮਲਾਵਰਾਂ ਤੇ ਜਾਬਰਾਂ ਨਾਲ ਲੋਹਾ ਲੈਣ ਦਾ ਇਤਿਹਾਸ ਹੈ। ਪੰਜਾਬੀਆਂ ਨੂੰ ਆਪਣੇ ਆਪ 'ਤੇ ਵੀ ਬੜਾ ਮਾਣ ਹੈ, ਮਾਣ ਵੀ ਤੇ ਅਭਿਮਾਨ ਵੀ। ਇਸ ਮਾਣ-ਅਭਿਮਾਨ ਨੂੰ ਸਿਰਜਣ ਵਿਚ ਵੱਡਾ ਹਿੱਸਾ ਪੰਜਾਬੀ ਮਰਦ ਦਾ ਹੈ, ਔਰਤ ਦਾ ਵੀ ਹੈ, ਪਰ ਘੱਟ ਅਤੇ ਗੌਣ। ਇਹ ਤਾਣੀਆਂ ਬੁਣਦਿਆਂ-ਬੁਣਦਿਆਂ ਪੰਜਾਬ ਦੇ ਮਰਦ-ਪ੍ਰਧਾਨ ਸਮਾਜ ਨੇ ਘੁੱਪ ਹਨੇਰਾ ਵੀ ਸਿਰਜਿਆ ਹੈ, ਬੁਣਿਆ ਹੈ: ਇਸ ਵਿਸ਼ਵਾਸ ਨੂੰ ਸੱਚ ਵਰਗਾ ਬਣਾਉਣ ਦਾ ਹਨੇਰਾ ਕਿ ਔਰਤ ਤਾਂ ਹੀ ਸਮਾਜਿਕ ਸਨਮਾਨ ਦੀ ਅਧਿਕਾਰੀ ਹੈ, ਜੇ ਉਹ ਪੁੱਤਰ ਜਣੇ। ਉਹ ਤਾਂ ਹੀ ਪੂਰਨ ਔਰਤ ਹੈ, ਜੇ ਪੁੱਤ ਜੰਮੇ।
ਲੋਕ ਗੀਤਾਂ ਵਿਚ ਪੁੱਤਰ ਤੇ ਵੀਰ ਮੰਗਣ ਵਾਲੇ ਗੀਤਾਂ ਦੀ ਭਰਮਾਰ ਹੈ। ਪੁੱਤਰ ਜੰਮਣ ਵਾਲੀਆਂ ਮਾਵਾਂ ਦੇ ਸੋਹਲੇ ਗਾਏ ਜਾਂਦੇ ਨੇ ਤੇ ਗਾਉਂਦੀਆਂ ਵੀ ਔਰਤਾਂ ਹਨ, 'ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ', 'ਪੁੱਤਰਾਂ ਬਾਝ ਨਾ ਸੋਂਹਦੀਆਂ ਮਾਵਾਂ ਭਾਵੇਂ ਲੱਖ ਦੌਲਤਾਂ ਭਰੀਆਂ ਹੋਣ', 'ਉਸਰੀ ਏ ਕੋਠੀ ਚੂਨੇਦਾਰ ਪੁੱਤਰਾਂ ਬਾਝੋਂ ਨਹੀਂ ਸਜਦੀ', 'ਇਕ ਲੱਖ ਦੇਵਾਂ, ਦੇਵਾਂ ਲੱਖ ਚਾਰ, ਪੁੱਤਰ ਲਿਆ ਕਿ ਕਿਸੇ ਹੱਟ ਤੋਂ, ਗੋਰੀਏ ਇਕ ਲੱਖ ਦੇ, ਭਾਵੇਂ ਦੇ ਲੱਖ ਚਾਰ, ਕਰਮਾਂ ਬਾਝੋਂ ਪੁੱਤਰ ਨਹੀਂ ਲੱਭਦੇ', 'ਦੁੱਧ ਪੁੱਤ ਤੇ ਖਸਮ ਘਰ ਤੇਰੇ, ਤੂੰ ਰੱਬ ਕੋਲੋਂ ਕੀ ਮੰਗਦੀ' ਤੇ 'ਇਕ ਵੀਰ ਦੇਈਂ ਵੇ ਰੱਬਾ', 'ਭੈਣਾਂ ਰੋਂਦੀਆਂ ਪਛੋਕੜ ਖੜ੍ਹ ਕੇ ਜਿਨ੍ਹਾਂ ਦੇ ਘਰ ਵੀਰ ਨਹੀਂ', 'ਪੁੱਤਰਾਂ ਦੀਆਂ ਮਾਵਾਂ ਦੇ ਵੱਡੇ ਵੱਡੇ ਮਾਣ, ਮੈਂ ਵੇ ਕਿਸੇ ਦੀ ਕੀ ਲੱਗਦੀ?' ਤੇ ਹੋਰ ਬਹੁਤ ਸਾਰੇ। ਸਾਰੀਆਂ ਲੋਰੀਆਂ ਪੁੱਤਾਂ ਤੇ ਵੀਰਾਂ ਲਈ ਹਨ - 'ਲੋਰੀ ਮਲੋਰੀ, ਦੁੱਧ ਦੀ ਕਟੋਰੀ, ਪੀ ਲੈ ਨਿੱਕਿਆ ਲੋਕਾਂ ਤੋਂ ਚੋਰੀ', 'ਸੌਂ ਜਾ ਰਾਜਾ, ਸੌਂ ਜਾ ਵੇ', 'ਲੋਰੀ ਲਾਲ ਨੂੰ ਦੇਵਾਂ', 'ਕਾਕੜਾ ਖਿਡਾਨੀ ਆਂ, ਚਾਰ ਬੂਟੇ ਪਾਨੀ ਆਂ', 'ਉੱਡ ਨੀ ਚਿੜੀਏ ਉੱਡ ਵੇ ਕਾਵਾਂ, ਮੇਰੀ ਬੱਚੀ ਖੇਡੇ ਨਾਲ ਭਰਾਵਾਂ', 'ਵੀਰੇ ਦੇ ਘਰ ਹੋਇਆ ਪੁੱਤਰ...' ਹਜ਼ਾਰਾਂ ਲੋਰੀਆਂ ਨੇ। ਧੀ ਦੇ ਨਾਂ ਸ਼ਾਇਦ ਕੋਈ ਇਕ-ਅੱਧੀ ਹੀ ਆਉਂਦੀ ਹੈ (ਸੁਣ ਨੀ ਬੱਚੀ ਲੋਰੀ, ਤੈਨੂੰ ਦਿਆਂ ਗੰਨੇ ਦੀ ਪੋਰੀ)। ਪੂਰਾ ਸੰਸਾਰ ਪੁੱਤਰ ਨਾਲ ਬਣਦਾ ਹੈ 'ਅੱਲ੍ਹੜ ਬੱਲੜ੍ਹ ਬਾਵੇ ਦਾ ਬਾਵਾ ਕਣਕ ਲਿਆਵੇਗਾ, ਬਾਵੀ ਮੰਨ ਪਕਾਏਗੀ ਬਾਵਾ ਬੈਠਾ ਖਾਏਗਾ'। ਇਨ੍ਹਾਂ ਦਾ ਕੋਈ ਅੰਤ ਨਹੀਂ। 'ਛਾਤੀ ਤੇਰੀ ਪੁੱਤ ਮੰਗਦੀ, ਤੇਰੇ ਪੱਟ ਮੰਗਣ ਮੁਕਲਾਵਾ' ਵਰਗਾ ਲੋਕ ਬੋਲ ਔਰਤ ਦੀ ਇੰਦਰਆਈ ਤਾਂਘ ਨੂੰ ਏਨੀ ਮਾਰਮਿਕਤਾ ਨਾਲ ਕਹਿੰਦਾ ਹੋਇਆ ਵੀ ਉਹਦੀ ਪੂਰਨਤਾ ਪੁੱਤਾਂ ਨਾਲ ਹੀ ਕਰਦਾ ਏ। ਹੋ ਸਕਦਾ ਹੈ ਜੰਗਾਂ ਨਾਲ ਜੂਝਦੇ ਪੰਜਾਬ ਵਿਚ ਪੁੱਤਰਾਂ ਦੀ ਲੋੜ ਰਹੀ ਵੀ ਜ਼ਿਆਦਾ ਹੋਵੇ ਤੇ ਮਹਿਸੂਸ ਵੀ ਜ਼ਿਆਦਾ ਤੀਬਰਤਾ ਨਾਲ ਕੀਤੀ ਗਈ ਹੋਵੇ। ਇਸ ਸਭ ਕੁਝ ਦਾ ਨਤੀਜਾ ਪੁੱਤਰ ਮਹਿਮਾ ਵਿਚ ਨਿਕਲਦਾ ਹੈ।
         ਇਹ ਸਮਾਜਿਕ ਅਤੇ ਸੱਭਿਆਚਾਰਕ ਦਬਾਓ ਹੈ ਜਿਸ ਨੇ ਇਸ ਸੋਚ, ਕਿ ਪੁੱਤਰ ਬਿਨਾ ਔਰਤ ਅਧੂਰੀ ਹੈ, ਨੂੰ ਪੰਜਾਬੀ ਔਰਤ ਦੀਆਂ ਤੜਫ਼ਦੀਆਂ ਆਂਦਰਾਂ 'ਚੋਂ ਉੱਠਦੀ ਆਵਾਜ਼ ਬਣਾ ਦਿੱਤਾ ਹੈ। ਇਹ ਸੋਚ ਉਹਦੀ ਹੋਂਦ ਦਾ ਹਿੱਸਾ ਬਣ ਗਈ ਹੈ। ਕਈ ਵਿਦਵਾਨਾਂ ਅਨੁਸਾਰ ਪੰਜਾਬੀ ਔਰਤਾਂ ਦੇ ਮਨ ਵਿਚ ਮਰਦ ਬੱਚਾ ਜਨਮ ਦੀ ਖਾਹਿਸ਼ ਤੱਤਮੂਲਕ (Elemental) ਹੈ ਜਾਂ ਤੱਤਮੂਲਕ ਬਣ ਗਈ ਹੈ, ਇਹ ਧਾਰਨਾ ਗ਼ਲਤ ਹੈ। ਇਸ ਨੂੰ ਤੱਤਮੂਲਕ ਬਣਾ ਕੇ ਪੇਸ਼ ਕਰਨ ਦਾ ਸਿਹਰਾ ਸਾਡੇ ਸਮਾਜ ਵਿਚ ਸਦੀਆਂ ਤੋਂ ਪ੍ਰਚਲਿਤ ਮਰਦ-ਪ੍ਰਧਾਨ ਸਮਾਜ ਅਤੇ ਮਰਦ-ਪ੍ਰਧਾਨ ਸੋਚ ਨੂੰ ਜਾਂਦਾ ਹੈ।

ਮਿਥਿਹਾਸ ਵਿਚ ਪੁੱਤ ਨਾਮ ਦੇ ਇਕ ਨਰਕ ਦਾ ਜ਼ਿਕਰ ਆਉਂਦਾ ਹੈ ਜਿਸ ਵਿਚ ਬੇਔਲਾਦ ਮਨੁੱਖਾਂ ਨੂੰ ਮਰਨ ਪਿੱਛੋਂ ਤਸੀਹੇ ਦਿੱਤੇ ਜਾਂਦੇ ਹਨ। ਪੁੱਤਰ ਨਰਕ ਰੱਖਿਅਕ ਹੈ। ਪੁੱਤਰ ਦੇ ਜਨਮ ਨਾਲ ਮਾਂ-ਪਿਓ ਦਾ ਉਧਾਰ ਹੁੰਦਾ ਹੈ। ਪਿਤਰੀ (ਮਰਦ-ਪ੍ਰਧਾਨ) ਸਮਾਜ ਵਿਚ ਸਭ ਕੁਝ ਮਰਦ ਦੇ ਇਰਦ-ਗਿਰਦ ਹੀ ਘੁੰਮਦਾ ਹੈ। ਅਜਿਹੇ ਸਮਾਜ ਵਿਚ ਧੀ ਪ੍ਰਤੀ ਘ੍ਰਿਣਾ ਵੀ ਜਨਮ ਲੈਂਦੀ ਹੈ। ਧੀ ਦਾ ਜੰਮਣਾ ਅਸ਼ੁਭ ਸਮਝਿਆ ਜਾਣ ਲੱਗਦਾ ਹੈ। ਕੁੜੀਮਾਰ ਘਰਾਣੇ ਹੋਂਦ ਵਿਚ ਆਉਂਦੇ ਹਨ। ਕੁਝ ਦੋਸ਼ ਬਾਹਰ ਤੋਂ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਦਿੱਤਾ ਜਾਂਦਾ ਹੈ ਕਿ ਉਹ ਧੀਆਂ, ਭੈਣਾਂ ਅਤੇ ਘਰਵਾਲੀਆਂ ਨੂੰ ਚੁੱਕ ਕੇ ਲੈ ਜਾਂਦੇ ਸਨ। ਧੀ ਭੈਣ ਅਣਖ ਦੀ ਪ੍ਰਤੀਕ ਬਣਦੀ ਹੈ। ਉਸ ਦੀ ਰੱਖਿਆ ਲਈ ਪੁੱਤਰ ਦੀ ਜ਼ਰੂਰਤ ਹੈ। ਵੰਸ਼ ਦਾ ਨਾਂ ਚੱਲਦਾ ਰੱਖਣ ਲਈ ਪੁੱਤਰ ਦੀ ਜ਼ਰੂਰਤ ਹੈ। ਜ਼ਮੀਨ ਜਾਇਦਾਦ ਆਪਣੇ ਘਰ ਵਿਚ ਰਹੇ, ਉਸ ਲਈ ਪੁੱਤਰਾਂ ਦੀ ਜ਼ਰੂਰਤ ਹੈ।
ਵਿਦਵਾਨਾਂ ਦਾ ਮੱਤ ਹੈ ਕਿ ਸੰਸਾਰ ਵਿਚ ਪਹਿਲੇ ਸਮਾਜ ਮਾਤਾ-ਪ੍ਰਧਾਨ ਸਨ। ਇਹ ਕਿਆਸ ਕੀਤਾ ਜਾਂਦਾ ਹੈ ਕਿ ਸਾਡੇ ਸਮਾਜ ਵੀ ਸ਼ਾਇਦ ਪਹਿਲਾਂ ਪਹਿਲਾਂ ਮਾਤਾ-ਪ੍ਰਧਾਨ ਸਮਾਜ ਹੀ ਸਨ। ਦਲੀਲ ਦਿੱਤੀ ਜਾਂਦੀ ਹੈ ਜਦ ਪਿਤਾ-ਪ੍ਰਧਾਨ ਜਾਂ ਪਿਤਰੀ ਸਮਾਜ ਮਾਤਾ-ਪ੍ਰਧਾਨ ਸਮਾਜਾਂ ਤੋਂ ਵਿਕਸਿਤ ਹੁੰਦਾ ਹੈ ਤਾਂ ਇਸ ਵਿਕਾਸ ਵਿਚ ਔਰਤ ਨੂੰ ਦਬਾਇਆ ਜਾਂਦਾ ਹੈ, ਜਦ ਪਿਤਰੀ (ਮਰਦ-ਪ੍ਰਧਾਨ) ਸਮਾਜ ਮਾਤਾ-ਪ੍ਰਧਾਨ ਸਮਾਜ ਨੂੰ ਪਲਟਦੇ ਨੇ ਤਾਂ ਬੜੀ ਕਰੂਰਤਾ ਨਾਲ ਪਲਟਦੇ ਨੇ। ਔਰਤ ਘ੍ਰਿਣਾ ਦਾ ਪਾਤਰ ਬਣਦੀ ਹੈ, ਸਾਰੇ ਦੋਸ਼ ਉਸ ਵਿਚ ਹਨ। ਮਰਦ ਗੁਣਾਂ ਦੀ ਗੁਥਲੀ 'ਬਣ' ਜਾਂਦਾ ਹੈ।
ਨਤੀਜਾ ਇਹ ਨਿਕਲਦਾ ਹੈ ਕਿ ਪੁੱਤਰ ਦਾ ਜੰਮਣਾ ਸ਼ੁਭ ਹੋ ਜਾਂਦਾ ਹੈ, ਧੀ ਦਾ ਜੰਮਣਾ ਅਸ਼ੁਭ। ਧੀ ਨੂੰ ਪੱਥਰ ਕਿਹਾ ਜਾਂਦਾ ਹੈ। ਜੋ ਔਰਤ ਪੁੱਤਰ ਨਹੀਂ ਜੰਮਦੀ, ਉਸ ਨੂੰ ਅਸ਼ੁਭ ਸਮਝਿਆ ਜਾਂਦਾ ਹੈ। ਸਾਰੀ ਲੋਕ ਸਮਝ, ਲੋਕ ਗੀਤ ਤੇ ਸਮਾਜਿਕਤਾ ਏਸੇ ਅਨੁਸਾਰ ਉਸਰਦੇ ਹਨ। ਪੁੱਤਰ ਦੇ ਜੰਮਣ 'ਤੇ ਢੋਲ ਵੱਜਦੇ ਤੇ ਭੰਗੜੇ ਪੈਂਦੇ ਹਨ, ਦਾਦੀ-ਦਾਦੇ ਦੀ ਖ਼ੁਸ਼ੀ ਸੰਭਾਲਿਆਂ ਨਹੀਂ ਸੰਭਲਦੀ। ਧੀ ਦੇ ਜੰਮਣ 'ਤੇ ਮਾਂ-ਪਿਓ, ਦਾਦੀ-ਦਾਦਾ ਸਿਰ ਫੜ ਲੈਂਦੇ ਹਨ।
ਇਸ ਦਾ ਵਰਤਾਰਾ ਜ਼ਿਆਦਾ ਕਰਕੇ ਅਵਚੇਤਨ ਦੀ ਪੱਧਰ 'ਤੇ ਵਾਪਰਦਾ ਹੈ। ਉਦਾਹਰਨ ਦੇ ਤੌਰ 'ਤੇ ਪੰਜਾਬੀ ਸਮਾਜ ਵਿਚ ਪ੍ਰਚਲਿਤ ਸਮਾਜਿਕ ਸੂਝ-ਸਮਝ ਅਨੁਸਾਰ ਆਮ ਬੰਦੇ ਦੇ ਵਿਚਾਰ ਇਸ ਤਰ੍ਹਾਂ ਦੇ ਬਣਦੇ ਹਨ : ਇਹ ਦੁਨੀਆ ਭਰਮ ਛਲਾਵਾ ਹੈ, ਮਾਇਆ ਹੈ, ਸਰੀਰ ਮਰ ਜਾਂਦਾ ਹੈ, ਆਤਮਾ ਨਹੀਂ, ਇਸ ਦੁਨੀਆ ਦਾ ਭਵਸਾਗਰ ਪਾਰ ਕਰਨ ਲਈ ਪੁੱਤਰ ਦੀ ਜ਼ਰੂਰਤ ਹੈ, ਪੁੱਤਰ ਬਿਨਾਂ ਸਮਾਜ ਵਿਚ ਕੋਈ ਇੱਜ਼ਤ ਨਹੀਂ, ਪੁੱਤਰ ਨਾਲ ਹੀ ਕੁਲ ਤੁਰਦੀ ਤੇ ਬੰਦੇ ਦੀ ਦੁਨੀਆ ਵਿਚ ਜੜ੍ਹ ਲੱਗਦੀ ਹੈ, ਪੁੱਤਰ ਬਿਨਾਂ ਨਾ ਮਾਂ ਦੀ ਕੋਈ ਹੋਂਦ ਹੈ ਨਾ ਪਿਉ ਦੀ। ਅਸੀਂ ਅਵੇਸਲੇ ਰਹਿ ਜਾਂਦੇ ਹਾਂ ਕਿ ਇਹ ਵਿਚਾਰਧਾਰਾ ਉਸ ਮਰਦ-ਪ੍ਰਧਾਨ (ਪਿਤਰੀ) ਵਿਚਾਰਧਾਰਾ ਦਾ ਹਿੱਸਾ ਹੈ ਜੋ ਸਾਨੂੰ ਦਮਨਕਾਰੀ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਰਿਸ਼ਤਿਆਂ ਵਿਚ ਦਬਾ ਕੇ ਰੱਖਦੀ ਹੈ। ਅਸੀਂ ਇਸ ਵਿਚਾਰਧਾਰਾ ਨੂੰ ਸੁੱਤੇ-ਸਿੱਧ ਸਵੀਕਾਰ ਕਰ ਲੈਂਦੇ ਹਾਂ ਅਤੇ ਇਸ ਨੂੰ ਆਪਣੀ ਜ਼ਿੰਦਗੀ ਦਾ ਸੱਚ ਸਮਝਣ ਲੱਗਦੇ ਹਾਂ। ਸਮਾਜਿਕ ਦਬਾਓ ਏਨਾ ਹੈ ਕਿ ਕਈ ਵਾਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਸਾਡੀ ਇਹ ਸੋਚ ਠੀਕ ਨਹੀਂ, ਪਰ ਇਸ ਵਿਸ਼ਵਾਸ ਦੀਆਂ ਜੜ੍ਹਾਂ ਮਨ ਵਿਚ ਏਨੀਆਂ ਡੂੰਘੀਆਂ ਲੱਗ ਚੁੱਕੀਆਂ ਹੁੰਦੀਆਂ ਹਨ ਕਿ ਅਸੀਂ ਲੱਖ ਯਤਨ ਕਰਕੇ ਵੀ ਇਸ ਨੂੰ ਆਪਣੇ ਮਨ 'ਚੋਂ ਕੱਢ ਨਹੀਂ ਸਕਦੇ। ਸਮਾਜ ਉੱਤੇ ਗਾਲਬ ਸੋਚ (ਵਿਚਾਰਧਾਰਾ) ਦੁਆਰਾ ਸਿਰਜਿਆ ਸੱਚ ਸਾਡੀ ਜ਼ਿੰਦਗੀ ਦਾ ਸੱਚ ਬਣ ਜਾਂਦਾ ਹੈ।
       ਅਲਤਿਊਸਰ ਅਨੁਸਾਰ ਵਿਚਾਰ ਕੀਤਾ ਜਾਵੇ ਤਾਂ ਮਰਦ-ਪ੍ਰਧਾਨ (ਪਿਤਰੀ) ਵਿਚਾਰਧਾਰਾ, ਵਿਚਾਰਧਾਰਕ ਸੱਤਾ ਸੰਸਥਾਵਾਂ-ਪਰਿਵਾਰਾਂ, ਧਾਰਮਿਕ ਅਸਥਾਨਾਂ, ਵਿਦਿਅਕ ਅਦਾਰਿਆਂ, ਮੀਡੀਆ ਆਦਿ ਰਾਹੀਂ ਕਾਇਮ ਰੱਖੀ ਜਾਂਦੀ ਹੈ। ਇਸ ਵਿਚ ਮੁੱਖ ਹਿੱਸਾ ਪਰਿਵਾਰ ਤੇ ਧਾਰਮਿਕ ਸੱਤਾ ਸੰਸਥਾਵਾਂ ਦਾ ਹੈ। ਪਰਿਵਾਰ ਤੇ ਧਾਰਮਿਕ ਸੱਤਾ ਸੰਸਥਾਵਾਂ ਵਿਚਾਰਧਾਰਾ/ਸਮਾਜਿਕ ਸੂਝ-ਬੂਝ ਦਾ ਉਹ ਮੱਕੜਜਾਲ ਬੁਣਦੀਆਂ ਹਨ ਜਿਨ੍ਹਾਂ ਵਿਚ ਜਕੜੇ ਹੋਏ ਮਰਦ ਤੇ ਔਰਤ ਦੋਵੇਂ ਇਹ ਵਿਚਾਰ ਆਤਮਸਾਤ ਕਰ ਲੈਂਦੇ ਹਨ ਕਿ ਪੁੱਤਰ ਬਿਨਾਂ ਗਤੀ ਨਹੀਂ ਹੋਣੀ। ਇਹ ਵਿਚਾਰ ਉਨ੍ਹਾਂ ਦੇ ਮਨਾਂ ਵਿਚ ਏਨਾ ਡੂੰਘਾ ਧਸ ਜਾਂਦਾ ਹੈ ਕਿ ਲਗਭਗ ਤੱਤਮੂਲਕ (Elemental) ਲੱਗਣ ਲੱਗ ਪੈਂਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਇਹ ਵਿਚਾਰ ਇਕ ਖ਼ਾਸ ਤਰ੍ਹਾਂ ਦੀ ਸਮਾਜਿਕ ਅਤੇ ਭੌਤਿਕ ਬਿਸਾਤ (ਲੜਾਈਆਂ ਵਿਚ ਮਰਦਾਂ ਦੀ ਭੂਮਿਕਾ, ਪਰਿਵਾਰ ਦੀ ਰੱਖਿਆ, ਮਰਦਾਂ ਦੀ ਜ਼ਿੰਮੇਵਾਰੀ ਹੋਣਾ, ਬਾਅਦ ਵਿਚ ਖੇਤੀ ਪ੍ਰਧਾਨ ਸਮਾਜ ਵਿਚ ਮਰਦਾਂ ਦੀ ਭੂਮਿਕਾ) 'ਤੇ ਉਸਰਿਆ ਹੋਇਆ ਹੈ। ਬਾਅਦ ਵਿਚ ਇਹ ਵਿਚਾਰ ਉਸ ਬਿਸਾਤ ਤੋਂ ਵੱਖਰਾ ਹੋ ਕੇ ਸਾਡੇ ਮਨਾਂ 'ਤੇ ਏਦਾਂ ਪ੍ਰਭਾਵ ਪਾਉਂਦਾ ਹੈ ਕਿ ਇਹ ਇਕ ਆਜ਼ਾਦ ਹੋਂਦ ਵਾਲਾ ਵਿਚਾਰ ਹੈ, ਸਦੀਵੀ ਸੱਚ ਹੈ।
ਪ੍ਰਸ਼ਨ ਇਹ ਹੈ ਕਿ ਜੇ ਇਹ ਵਿਚਾਰ ਸੁੱਤੇ-ਸਿੱਧ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਇਸ ਦੇ ਵਿਰੁੱਧ ਸੰਘਰਸ਼ ਕਿਵੇਂ ਹੋ ਸਕਦਾ ਹੈ? ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜੇ ਵਿਚਾਰਧਾਰਾ (ਸਮਾਜਿਕ ਸੂਝ-ਬੂਝ) ਦਾ ਵਿਕਾਸ ਤੇ ਉਸ ਨੂੰ ਕਾਇਮ ਰੱਖੇ ਜਾਣ ਦਾ ਅਮਲ ਵਿਚਾਰਧਾਰਕ ਸੱਤਾ ਸੰਸਥਾਵਾਂ (ਪਰਿਵਾਰ, ਧਾਰਮਿਕ ਅਸਥਾਨ, ਮੀਡੀਆ, ਵਿੱਦਿਅਕ ਅਦਾਰੇ) ਵਿਚ ਹੁੰਦਾ ਹੈ ਤਾਂ ਉਸ ਵਿਰੁੱਧ ਸੰਘਰਸ਼ ਵੀ ਇਨ੍ਹਾਂ ਸੰਸਥਾਵਾਂ ਵਿਚ ਹੀ ਹੁੰਦਾ ਹੈ। ਇਹ ਸੋਚ ਸਿਰਫ਼ ਆਧੁਨਿਕ ਕਹੀ ਜਾਂਦੀ ਵਿੱਦਿਆ ਦੇ ਪਸਾਰ ਰਾਹੀਂ ਆਪਣੇ ਆਪ ਖ਼ਤਮ ਨਹੀਂ ਹੋਣੀ। ਪੰਜਾਬ ਦੇ ਮਰਦਾਂ ਤੇ ਔਰਤਾਂ ਨੂੰ ਇਸ ਦਮਨਕਾਰੀ ਸੋਚ ਵਿਰੁੱਧ ਸੁਚੇਤ ਜੱਦੋਜਹਿਦ ਕਰਨੀ ਪੈਣੀ ਹੈ। ਔਰਤਾਂ ਦੀ ਬਰਾਬਰੀ ਦੇ ਸੰਕਲਪ ਪ੍ਰਤੀ ਚੇਤਨਾ ਪੈਦਾ ਕਰਨੀ ਇਕ ਵੱਡੀ ਚੁਣੌਤੀ ਹੈ। ਇਹ ਤਾਂ ਹੀ ਸੰਭਵ ਹੈ ਜੇ ਪੰਜਾਬ ਦੀਆਂ ਔਰਤਾਂ ਤੇ ਮਰਦਾਂ ਦੇ ਮਨ ਇਸ ਬਾਰੇ ਚਿੰਤਤ ਹੋਣ ਅਤੇ ਇਸ ਵਰਤਾਰੇ ਦੇ ਅਮਾਨਵੀ ਪਹਿਲੂਆਂ ਨੂੰ ਪਛਾਣ ਕੇ ਇਸ ਸੋਚ ਨੂੰ ਆਪਣੇ ਮਨਾਂ ਵਿਚੋਂ ਉਖਾੜ ਕੇ ਸੁੱਟਣ ਲਈ ਜੱਦੋਜਹਿਦ ਕਰਨ। ਪੰਜਾਬ ਦੀਆਂ ਧੀਆਂ ਨੂੰ ਇਸ ਲੜਾਈ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣੀ ਪੈਣੀ ਹੈ। ਜੇ ਪੰਜਾਬੀ ਸਮਾਜ ਨੇ ਸੱਚਮੁੱਚ ਗੁਰਾਂ ਦੇ ਨਾਂ 'ਤੇ ਜਿਊਂਦਾ ਪੰਜਾਬ ਬਣਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਇਸ ਸੰਘਰਸ਼ ਵਿਚ ਹਿੱਸਾ ਪਾਉਣਾ ਪਵੇਗਾ। ਇਹ ਸੰਘਰਸ਼ ਸਾਡੇ ਘਰਾਂ, ਸਕੂਲਾਂ, ਕਾਲਜਾਂ, ਧਾਰਮਿਕ ਅਸਥਾਨਾਂ ਅਤੇ ਹੋਰ ਅਦਾਰਿਆਂ ਵਿਚ ਹੋਵੇਗਾ।

ਕਿਸ ਤਰ੍ਹਾਂ ਦੀ ਮਾਨਸਿਕਤਾ ! - ਸਵਰਾਜਬੀਰ

ਪਿਛਲੇ ਦਿਨੀਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਵਿਚ ਭਾਸ਼ਨ ਦਿੰਦਿਆਂ ਕਸ਼ਮੀਰ ਦੇ ਮਸਲੇ ਨੂੰ ਛੋਂਹਦਿਆਂ ਧਮਕੀ ਦਿੱਤੀ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਦੋਵਾਂ ਗੁਆਂਢੀਆਂ ਵਿਚਕਾਰ ਯੁੱਧ ਸੰਸਾਰ ਲਈ ਤਬਾਹਕੁਨ ਹੋ ਸਕਦਾ ਹੈ। ਇਮਰਾਨ ਖਾਨ ਦਾ ਬਿਆਨ ਬਹੁਤ ਗ਼ੈਰ-ਜ਼ਿੰਮੇਵਾਰਾਨਾ ਸੀ। ਭਾਰਤ ਵੱਲੋਂ ਇਸ ਦਾ ਜਵਾਬ ਵਿਦਿਸ਼ਾ ਮੈਤਰਾ, ਜੋ ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਪ੍ਰਥਮ ਸਕੱਤਰ (ਫਸਟ ਸੈਕਟਰੀ) ਹੈ, ਨੇ ਦਿੱਤਾ। ਵਿਦਿਸ਼ਾ ਦੇ ਜਵਾਬ ਦੀ ਸਾਰਿਆਂ ਨੇ ਸਿਫ਼ਤ ਕੀਤੀ ਅਤੇ ਸਾਡੇ ਦੇਸ਼ ਦੀਆਂ ਅਖ਼ਬਾਰਾਂ ਵਿਚ ਕਿਹਾ ਗਿਆ ਕਿ ਵਿਦਿਸ਼ਾ ਨੇ ਪਾਕਿਸਤਾਨ ਨੂੰ 'ਮੂੰਹ ਤੋੜ ਜਵਾਬ ਦਿੱਤਾ', 'ਧੋ ਕੇ ਰੱਖ ਦਿੱਤਾ', 'ਚਾਰੇ ਖਾਨੇ ਚਿੱਤ ਕਰ ਦਿੱਤਾ' ਆਦਿ।
     ਵਿਦਿਸ਼ਾ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅੱਜ ਦੇ ਸੰਸਾਰ ਨੂੰ ਬਿਆਨ ਕਰਨ ਦਾ ਢੰਗ ਬਹੁਤ ਹੀ ਕਠੋਰ ਅਤੇ ਪੱਥਰਦਿਲੀ ਵਾਲਾ ਸੀ ਜਿਸ ਵਿਚ ਇਹੋ ਜਿਹੇ ਵਿਰੋਧੀ ਜੁੱਟਾਂ 'ਸਾਡੇ ਵਿਰੁੱਧ ਉਹ/ਦੂਸਰੇ', 'ਅਮੀਰਾਂ ਵਿਰੁੱਧ ਗ਼ਰੀਬ', 'ਉੱਤਰੀ ਸੰਸਾਰ ਵਿਰੁੱਧ ਦੱਖਣੀ ਸੰਸਾਰ', 'ਵਿਕਸਿਤ ਦੇਸ਼ਾਂ ਦੇ ਵਿਰੁੱਧ ਵਿਕਾਸਸ਼ੀਲ ਦੇਸ਼', 'ਮੁਸਲਮਾਨਾਂ ਦੇ ਵਿਰੁੱਧ ਦੂਸਰੇ' ਦੀ ਵਰਤੋਂ ਕੀਤੀ ਗਈ। ਮੈਤਰਾ ਨੇ ਕਿਹਾ ਕਿ ਭਾਸ਼ਨ ਵਿਚ ਵਰਤੇ ਗਏ ਸ਼ਬਦ 'ਤਬਾਹੀ', 'ਖੂਨ ਖ਼ਰਾਬਾ', 'ਨਸਲੀ ਸ੍ਰੇਸ਼ਟਤਾ', 'ਬੰਦੂਕ ਉਠਾਉਣਾ', 'ਅੰਤ ਤਕ ਲੜਨਾ' ਮੱਧਕਾਲੀਨ ਸਮਿਆਂ ਦੀ ਮਾਨਸਿਕਤਾ ਦਰਸਾਉਂਦੇ ਹਨ ਨਾ ਕਿ ਇੱਕੀਵੀਂ ਸਦੀ ਵਿਚ ਲੋੜੀਂਦੀ ਦੂਰ-ਦ੍ਰਿਸ਼ਟੀ। ਜੇ ਸੰਸਾਰ ਨੂੰ ਵਿਰੋਧੀ ਜੁੱਟਾਂ ਜਿਵੇਂ 'ਸਾਡੇ ਵਿਰੁੱਧ ਉਹ/ਦੂਸਰੇ' ਦੇ ਸ਼ੀਸ਼ਿਆਂ ਥਾਣੀਂ ਵੇਖਣਾ ਮੱਧਕਾਲੀਨ ਮਾਨਸਿਕਤਾ ਹੈ ਤਾਂ ਸਾਨੂੰ ਇਹ ਸੋਚਣਾ ਪਵੇਗਾ ਕਿ ਸਾਡੇ ਆਗੂ ਆਪਣੇ ਦੇਸ਼ ਵਿਚ ਕੀ ਕਰ ਰਹੇ ਹਨ?
       ਰਾਸ਼ਟਰੀ ਸਵੈਮਸੇਵਕ ਸੰਘ ਦੀ ਵਿਚਾਰਧਾਰਾ ਦਾ ਆਧਾਰ ਹੀ 'ਸਾਡੇ ਵਿਰੁੱਧ ਉਹ/ਦੂਸਰੇ/ਬਾਹਰਲੇ/ਪਰਾਏ' ਹੈ, ਹਿੰਦੂਆਂ, ਬੋਧੀਆਂ ਅਤੇ ਜੈਨੀਆਂ ਨੂੰ 'ਸਾਡਿਆਂ' ਵਿਚ ਸ਼ਾਮਲ ਕੀਤਾ ਜਾਂਦਾ ਹੈ ਅਤੇ ਮੁਸਲਮਾਨ ਤੇ ਇਸਾਈਆਂ ਨੂੰ 'ਉਹ/ਬਾਹਰਲੇ/ਦੂਸਰੇ/ਪਰਾਏ' ਗਰਦਾਨਿਆ ਜਾਂਦਾ ਹੈ। ਸੰਘ ਦੀ ਵਿਚਾਰਧਾਰਾ ਅਨੁਸਾਰ ਇਸ ਭੂਗੋਲਿਕ ਖ਼ਿੱਤੇ ਵਿਚ ਆਰੀਆ ਲੋਕਾਂ ਨੇ ਸੰਸਕ੍ਰਿਤ ਜਿਹੀ ਵਿਕਸਿਤ ਭਾਸ਼ਾ ਵਿਚ ਮਹਾਨ ਗ੍ਰੰਥਾਂ ਦੀ ਰਚਨਾ ਕਰਦਿਆਂ ਮਹਾਨ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਨਿਰਮਾਣ ਕੀਤਾ ਜਿਸ ਵਿਚ ਬਾਅਦ ਵਿਚ ਆਉਣ ਵਾਲਿਆਂ ਭਾਵ ਮੁਸਲਮਾਨਾਂ ਅਤੇ ਇਸਾਈਆਂ ਨੇ ਵੱਖ ਵੱਖ ਤਰ੍ਹਾਂ ਦੇ ਵਿਗਾੜ ਪੈਦਾ ਕੀਤੇ।
       ਆਰਐੱਸਐੱਸ ਦਾ ਦੂਸਰਾ ਸਰਸੰਘਚਾਲਕ ਐੱਮਐੱਸ ਗੋਲਵਲਕਰ ਆਪਣੀ ਕਿਤਾਬ 'ਬੰਚ ਆਫ਼ ਥਾਟਸ' ਵਿਚ ਲਿਖਦਾ ਹੈ, ''ਸਾਰੇ ਸਾਮੀ ਧਰਮਾਂ ૶ ਯਹੂਦੀ, ਇਸਾਈ ਤੇ ਇਸਲਾਮ, ਵਿਚ ਪੂਜਾ ਕਰਨ ਦਾ ਤਰੀਕਾ ਸਿਰਫ਼ ਇਕ ਹੈ, ਇਨ੍ਹਾਂ ਧਰਮਾਂ ਕੋਲ ਸਿਰਫ਼ ਇਕ ਇਕ ਪੈਗੰਬਰ ਹੈ, ਇਕ ਗ੍ਰੰਥ ਤੇ ਇਕ ਪਰਮਾਤਮਾ, ਉਸ ਪਰਮਾਤਮਾ ਕੋਲ ਜਾਣ ਤੋਂ ਬਿਨਾ ਮਨੁੱਖੀ ਆਤਮਾ ਦੀ ਮੁਕਤੀ ਦਾ ਕੋਈ ਮਾਰਗ ਨਹੀਂ। ਇਹ ਸਮਝਣ ਲਈ ਕੋਈ ਜ਼ਿਆਦਾ ਅਕਲ ਦੀ ਜ਼ਰੂਰਤ ਨਹੀਂ ਕਿ ਇਹ ਤਰਕ ਕਿੰਨਾ ਬੇਤੁਕਾ/ਬੇਹੂਦਾ ਹੈ। ૴ ਸਾਮੀ ਵਿਚਾਰਧਾਰਾਵਾਂ ਅਨੁਸਾਰ ਬਣੇ ਧਰਮ ਦੇ ਸੰਕਲਪ ਨੇ ਅਸਹਿਣਸ਼ੀਲਤਾ ਵਧਾਈ ਅਤੇ ਲੋਕਾਂ ਨੂੰ ਵੰਡ ਦਿੱਤਾ ਹੈ।''
      ਇਸੇ ਕਿਤਾਬ ਵਿਚ ਗੋਲਵਲਕਰ ਲਿਖਦਾ ਹੈ, ''ਅਸੀਂ ਵੇਖਿਆ ਹੈ ਕਿ ਸਿਰਫ਼ ਹਿੰਦੂਆਂ ਦੀ ਸਾਂਝੀਵਾਲਤਾ ਵਾਲੀ ਸੋਚ ਹੀ ਮਨੁੱਖੀ ਸਾਂਝੀਵਾਲਤਾ ਦਾ ਆਧਾਰ ਹੋ ਸਕਦੀ ਹੈ। ૴ ਇਹ ਗਿਆਨ ਸਿਰਫ਼ ਹਿੰਦੂਆਂ ਦੀ ਸਪੁਰਦਗੀ ਵਿਚ ਰਿਹਾ ਹੈ। ਇਹ ਦੈਵੀ ਦੇਣ ਹੈ, ਅਸੀਂ ਕਹਿ ਸਕਦੇ ਹਾਂ ਕਿ ਤਕਦੀਰ ਨੇ ਇਹ ਜ਼ਿੰਮੇਵਾਰੀ ਹਿੰਦੂਆਂ ਨੂੰ ਸੌਂਪੀ૴ ਇਤਿਹਾਸ ਗਵਾਹ ਹੈ ਕਿ ਸਿਰਫ਼ ਤੇ ਸਿਰਫ਼ ਇਹੀ ਧਰਤੀ (ਭਾਵ ਭਾਰਤ) ਹੈ ਜਿੱਥੇ ਪੁਰਾਤਨ ਸਮਿਆਂ ਤੋਂ ਚਿੰਤਕਾਂ ਅਤੇ ਫ਼ਿਲਾਸਫ਼ਰਾਂ ਤੇ ਸਾਧੂਆਂ-ਸੰਤਾਂ ਨੇ ਮਨੁੱਖੀ ਸੁਭਾਓ ਦੇ ਡੂੰਘੇ ਰਹੱਸ ਨੂੰ ਜਾਣਨ ਲਈ ਆਤਮਾ ਦੇ ਸੰਸਾਰ ਵਿਚ ਡੂੰਘੀਆਂ ਤਾਰੀਆਂ ਲਾਈਆਂ ਅਤੇ ਮਹਾਨ ਸਾਂਝੀਵਾਲਤਾ ਦੇ ਸਿਧਾਂਤ ਦੀ ਖੋਜ ਕੀਤੀ, ਉਸ ਨੂੰ ਸੰਪੂਰਨਤਾ ਬਖ਼ਸ਼ੀ ૴ ਪੱਛਮੀ ਲੋਕ ਆਤਮਾ ਦੇ ਸੰਸਾਰ ਦੇ ਗਿਆਨ ਅਤੇ ਅਨੁਭਵ ਤੋਂ ਅਣਜਾਣ ਰਹੇ ਹਨ।'' ਸਿਰਫ਼ ਇਕ ਹੀ ਧਰਮ ਨੂੰ ਸਾਰੀ ਰੂਹਾਨੀ ਉੱਤਮਤਾ ਦਾ ਮਾਲਕ ਦੱਸਣਾ ਅਤੇ ਲਿਖਤ ਵਿਚ ਇਸ 'ਤੇ ਜ਼ੋਰ ਦੇਣਾ ਕਿਸ ਤਰ੍ਹਾਂ ਦੀ ਅਤੇ ਕਿਨ੍ਹਾਂ ਸਮਿਆਂ ਦੀ ਸੋਚ ਹੈ? ਕੀ ਦੂਸਰੇ ਧਰਮਾਂ ਨੂੰ ਹੀਣੇ ਦਰਸਾ ਕੇ ਸਮਾਜਿਕ ਏਕਤਾ ਕਾਇਮ ਕਰਨੀ ਸੰਭਵ ਹੈ?
      ਇਸ ਤਰ੍ਹਾਂ ਦੀ ਮਾਨਸਿਕਤਾ ਸਿਰਫ਼ ਸ਼ਬਦਾਂ ਰਾਹੀਂ ਹੀ ਪੇਸ਼ ਨਹੀਂ ਕੀਤੀ ਗਈ ਸਗੋਂ ਇਸ ਨੂੰ ਅਮਲੀਜਾਮਾ ਵੀ ਪਹਿਨਾਇਆ ਗਿਆ। 1947 ਤੋਂ ਪਹਿਲਾਂ ਕੀਤੇ ਗਏ ਇਸ ਤਰ੍ਹਾਂ ਦੇ ਪ੍ਰਚਾਰ ਨੇ ਫ਼ਿਰਕੂ ਪਾੜੇ ਨੂੰ ਵਧਾਇਆ ਅਤੇ ਇਹ ਅਮਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਜਾਰੀ ਰਿਹਾ। ਪਿਛਲੇ ਕੁਝ ਵਰ੍ਹਿਆਂ ਤੋਂ ਹਜੂਮੀ ਹਿੰਸਾ ਰਾਹੀਂ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਮਾਰ-ਕੁਟਾਈ ਵਿਚ ਕਈ ਲੋਕਾਂ ਦੀ ਮੌਤ ਹੋ ਗਈ, ਕਈਆਂ ਤੋਂ ਜ਼ਬਰਦਸਤੀ 'ਜੈ ਸ਼੍ਰੀ ਰਾਮ' ਅਤੇ ਅਜਿਹੇ ਹੋਰ ਨਾਅਰੇ ਲਗਵਾਏ ਗਏ ਅਤੇ ਕਈਆਂ ਨੂੰ ਪਾਕਿਸਤਾਨ ਚਲੇ ਜਾਣ ਲਈ ਕਿਹਾ ਗਿਆ। ਕੀ ਕੋਈ ਦੱਸੇਗਾ ਕਿ ਇਹ ਕਿਹੜੇ ਯੁੱਗ ਦੀ ਮਾਨਸਿਕਤਾ ਹੈ?
  ਘੱਟਗਿਣਤੀ ਫ਼ਿਰਕੇ ਦੇ ਨਾਲ ਨਾਲ ਦਲਿਤਾਂ ਅਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 'ਲਵ ਜੇਹਾਦ' ਦੇ ਪ੍ਰਚਾਰ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘੱਟਗਿਣਤੀ ਫ਼ਿਰਕੇ ਦੇ ਨੌਜਵਾਨ ਜਾਣ-ਬੁੱਝ ਕੇ ਬਹੁਗਿਣਤੀ ਫ਼ਿਰਕੇ ਦੀਆਂ ਲੜਕੀਆਂ ਨੂੰ ਭਰਮਾਉਂਦੇ, ਆਪਣੇ ਜਾਲ ਵਿਚ ਫਸਾਉਂਦੇ ਅਤੇ ਧਰਮ ਬਦਲ ਕੇ ਨਿਕਾਹ ਕਰਨ ਲਈ ਮਜਬੂਰ ਕਰਦੇ ਹਨ। ਇਸੇ ਤਰ੍ਹਾਂ ਭਾਜਪਾ ਅਤੇ ਸੰਘ ਪਰਿਵਾਰ ਨਾਲ ਜੁੜੇ ਆਗੂਆਂ ਨੇ ਵੱਖ ਵੱਖ ਸਮਿਆਂ 'ਤੇ ਕੁੜੀਆਂ ਤੇ ਔਰਤਾਂ ਦੇ ਪਹਿਰਾਵੇ ਅਤੇ ਹੋਰ ਵਿਹਾਰ ਉੱਤੇ ਜ਼ਾਬਤੇ ਲਾਗੂ ਕਰਨ ਦੀ ਗੱਲ ਵੀ ਕੀਤੀ ਹੈ। ਉਨ੍ਹਾਂ ਦੇ ਇਨ੍ਹਾਂ ਬਿਆਨਾਂ ਵਿਚ ਪਿਤਰੀ ਸੱਤਾ ਨੂੰ ਪ੍ਰਵਾਨ ਕਰਦੀ ਮਰਦ-ਪ੍ਰਧਾਨ ਸੋਚ ਸਪਸ਼ਟ ਦਿਖਾਈ ਦਿੰਦੀ ਹੈ। ਕੀ ਇਹ ਇੱਕੀਵੀਂ ਸਦੀ ਵਾਲੀ ਆਧੁਨਿਕ ਦੂਰ-ਦ੍ਰਿਸ਼ਟੀ ਹੈ?
      ਦੇਸ਼ ਵਾਸੀ ਅਜੇ ਭੁੱਲੇ ਨਹੀਂ ਹੋਣਗੇ ਕਿ ਇਸੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਭਾਸ਼ਨ ਦਿੰਦਿਆਂ ਕਿਹਾ ਸੀ ਕਿ ਉਹ ਅਜਿਹੇ ਆਗੂ ਹਨ, ਜੋ ਦੁਸ਼ਮਣ ਨੂੰ ਘਰ ਵਿਚ ਜਾ ਕੇ ਮਾਰਨ ਵਿਚ ਵਿਸ਼ਵਾਸ ਰੱਖਦੇ ਹਨ। ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਹਦੀ ਪਾਰਟੀ 'ਸਾਰੇ ਘੁਸਪੈਠੀਆਂ ਨੂੰ ਬਾਹਰ ਸੁੱਟ ਦੇਵੇਗੀ' ਪਰ ਨਾਲ ਹੀ ਦੱਸਿਆ ਕਿ ਕਿਸੇ ਹਿੰਦੂ, ਸਿੱਖ, ਜੈਨੀ ਜਾਂ ਬੋਧੀ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਸਰਕਾਰ ਇਕ ਨਵੇਂ ਬਿਲ ਰਾਹੀਂ ਉਨ੍ਹਾਂ ਨੂੰ ਨਾਗਰਿਕਤਾ ਦੇ ਦੇਵੇਗੀ। ਅਸੀਂ ਵੇਖ ਸਕਦੇ ਹਾਂ ਬਾਕੀ ਕੌਣ ਬਚਦੇ ਹਨ? ਸਪੱਸ਼ਟ ਹੈ ਮੁਸਲਮਾਨ। ਕੀ ਇਸ ਤਰ੍ਹਾਂ ਦੀ ਸੋਚ ਸਾਂਝੀਵਾਲਤਾ ਵਧਾਉਣ ਵਾਲੀ ਹੈ?
      ਮੱਧਕਾਲੀਨ ਸਮਿਆਂ ਵਿਚ ਹਾਵੀ ਸੋਚ ਬਾਦਸ਼ਾਹੀ ਤੇ ਜਾਗੀਰਦਾਰੀ ਨਿਜ਼ਾਮ ਦੀ ਹਾਮੀ ਭਰਦੀ ਸੀ। ਹਾਕਮ ਧਿਰਾਂ ਪ੍ਰਚਲਿਤ ਧਾਰਮਿਕ ਸੋਚ ਨੂੰ ਵੀ ਆਪਣੇ ਹੱਕ ਵਿਚ ਭੁਗਤਾਉਣ ਵਿਚ ਸਫ਼ਲ ਹੋ ਜਾਂਦੀਆਂ ਸਨ। ਬਹੁਤ ਵਾਰ ਮੱਧਕਾਲੀਨ ਸਮਿਆਂ ਦੀ ਸੋਚ ਨੂੰ ਜਾਗੀਰਦਾਰੀ ਸੋਚ ਨਾਲ ਸਮਰੂਪ ਕਰਕੇ ਵੀ ਵੇਖਿਆ ਜਾਂਦਾ ਹੈ। ਇਸ ਤਰ੍ਹਾਂ ਕਰਨਾ ਕਿਸੇ ਵੀ ਸਮੇਂ ਦੀ ਜਟਿਲ ਸੋਚ ਦਾ ਸਾਧਾਰਨੀਕਰਨ ਅਤੇ ਉਸ ਦੀ ਗੁੰਝਲਤਾ ਤੋਂ ਪਿੱਛਾ ਛੁਡਾਉਣ ਦੇ ਬਰਾਬਰ ਹੈ। ਵੱਖੋ-ਵੱਖਰੇ ਸਮਿਆਂ ਵਿਚ ਮਨੁੱਖਤਾ ਦੇ ਸਾਹਮਣੇ ਵੱਖ ਵੱਖ ਸਵਾਲ ਪੇਸ਼ ਹੁੰਦੇ ਹਨ ਅਤੇ ਮਨੁੱਖਤਾ ਉਨ੍ਹਾਂ ਦੇ ਜਵਾਬ ਲੱਭਦੀ ਹੈ। ਜਿਨ੍ਹਾਂ ਸਮਿਆਂ ਨੂੰ ਮੱਧਕਾਲੀਨ ਸਮੇਂ ਕਿਹਾ ਜਾਂਦਾ ਹੈ, ਉਨ੍ਹਾਂ ਦੌਰਾਨ ਸਾਡੇ ਦੇਸ਼ ਵਿਚ ਭਗਤੀ ਲਹਿਰ ਦੇ ਮਹਾਨ ਸੰਤ ਤੇ ਚਿੰਤਕ ૶ ਕਬੀਰ, ਨਾਮਦੇਵ, ਰਵਿਦਾਸ, ਪੀਪਾ, ਹੋਰ ਭਗਤ, ਗੁਰੂ ਨਾਨਕ ਦੇਵ ਅਤੇ ਹੋਰ ਸਿੱਖ ਗੁਰੂ ਪੈਦਾ ਹੋਏ ਜਿਨ੍ਹਾਂ ਦੀ ਸੋਚ ਲੋਕ-ਪੱਖੀ ਤੇ ਇਨਕਲਾਬੀ ਸੀ। ਇਸ ਤਰ੍ਹਾਂ ਮੱਧਕਾਲੀਨ ਸਮਿਆਂ ਦੀ ਸੋਚ ਇਕੋ ਰੰਗਤ ਵਾਲੀ ਨਹੀਂ ਸੀ ਅਤੇ ਸੋਚਣ ਦੇ ਕਿਸੇ ਤਰੀਕੇ ਨੂੰ ਕਿਸੇ ਕਾਲ ਨਾਲ ਜੋੜਣਾ ਬਹੁਤਾ ਜਾਇਜ਼ ਜਾਂ ਠੀਕ ਨਹੀਂ ਹੋਵੇਗਾ। ਇਸ ਨਾਲੋਂ ਇਹ ਪਰਖਿਆ ਜਾਣਾ ਜ਼ਿਆਦਾ ਜ਼ਰੂਰੀ ਹੈ ਕਿ ਕਿਹੜੀ ਸੋਚ ਲੋਕ-ਪੱਖੀ ਹੈ ਜਾਂ ਲੋਕ-ਵਿਰੋਧੀ; ਸਾਂਝੀਵਾਲਤਾ ਨੂੰ ਵਧਾਉਂਦੀ ਹੈ ਜਾਂ ਫ਼ਿਰਕੂ ਨਫ਼ਰਤ ਪੈਦਾ ਕਰਦੀ ਹੈ, ਅਮਨ-ਚੈਨ ਦਾ ਸੁਨੇਹਾ ਦਿੰਦੀ ਹੈ ਜਾਂ ਤਰਕਹੀਣ ਜੰਗਾਂ ਦਾ।
      ਪਾਕਿਸਤਾਨ ਇਸ ਕਰਕੇ ਕੁੜਿੱਕੀ ਵਿਚ ਫਸਿਆ ਹੋਇਆ ਹੈ ਕਿਉਂਕਿ ਉਸ ਦੇਸ਼ ਦੀ ਬੁਨਿਆਦ ਹੀ ਧਰਮ ਦੇ ਆਧਾਰ 'ਤੇ ਰੱਖੀ ਗਈ। ਧਰਮ ਦੇ ਆਧਾਰ 'ਤੇ ਬਣੇ ਇਸ ਦੇਸ਼ ਵਿਚ ਨਾ ਤਾਂ ਸੰਵਿਧਾਨ ਜਲਦੀ ਬਣਿਆ ਅਤੇ ਨਾ ਹੀ ਸਿਆਸੀ ਸਰਕਾਰ ਜ਼ਿਆਦਾ ਦੇਰ ਤਕ ਚੱਲੀ। ਫ਼ੌਜ ਨੇ ਰਾਜ-ਪ੍ਰਬੰਧ 'ਤੇ ਕਬਜ਼ਾ ਕਰ ਲਿਆ ਅਤੇ ਧਰਮ ਦੇਸ਼ ਦੀ ਏਕਤਾ ਨੂੰ ਕਾਇਮ ਨਾ ਰੱਖ ਸਕਿਆ। 1971 ਵਿਚ ਪਾਕਿਸਤਾਨ ਦੇ ਦੋ ਹਿੱਸਿਆਂ ਵਿਚ ਵੰਡੇ ਜਾਣ ਦੇ ਬਾਵਜੂਦ ਉੱਥੇ ਧਾਰਮਿਕ ਕੱਟੜਤਾ ਦਾ ਰੁਝਾਨ ਜਾਰੀ ਰਿਹਾ ਜਿਸ ਵਿਚ ਹਿੰਦੂਆਂ, ਸਿੱਖਾਂ, ਅਹਿਮਦੀਆ ਤੇ ਸ਼ੀਆ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਲਈ ਨਫ਼ਰਤ ਦੀ ਮਾਨਸਿਕਤਾ ਤੇ ਭਾਸ਼ਾ ਅਨੁਸਾਰ ਬੋਲਣਾ ਪਾਕਿਸਤਾਨੀ ਆਗੂਆਂ ਦੀ ਮਜਬੂਰੀ ਤਾਂ ਹੋ ਸਕਦੀ ਹੈ, ਪਰ ਆਪਣੇ ਆਪ ਨੂੰ ਆਧੁਨਿਕ ਅਖਵਾਉਣ ਵਾਲੇ ਸਾਡੇ ਆਗੂ ਕਿਹੜੇ ਸਮਿਆਂ ਦੀ ਮਾਨਸਿਕਤਾ ਵਿਚ ਜਿਊਂ ਰਹੇ ਹਨ?
      ਦੂਸਰਿਆਂ ਦੀ ਆਲੋਚਨਾ ਕਰਨੀ ਬਹੁਤ ਸੌਖੀ ਹੁੰਦੀ ਹੈ। ਪਾਕਿਸਤਾਨ ਦੀ ਸਰਕਾਰ, ਫ਼ੌਜ ਅਤੇ ਉੱਥੋਂ ਦੇ ਦਹਿਸ਼ਤਗਰਦ ਲੰਮੇ ਸਮੇਂ ਤੋਂ ਅਜਿਹੀ ਭਾਸ਼ਾ ਵਰਤ ਰਹੇ ਹਨ ਜਿਹੜੀ ਨਫ਼ਰਤ ਫੈਲਾਉਂਦੀ ਅਤੇ ਸਮਾਜ ਨੂੰ ਵੰਡਦੀ ਹੈ। ਇਹੋ ਜਿਹੀ ਭਾਸ਼ਾ ਅਤੇ ਸੋਚ ਦਾ ਜਿੰਨਾ ਵੀ ਵਿਰੋਧ ਕੀਤਾ ਜਾਏ, ਘੱਟ ਹੈ। ਗੱਲ ਸਿਰਫ਼ ਵਿਰੋਧੀਆਂ ਦੀ ਆਲੋਚਨਾ ਕਰਨ ਨਾਲ ਹੀ ਖ਼ਤਮ ਨਹੀਂ ਹੋਣੀ, ਸਾਨੂੰ ਇਹ ਵੀ ਸੋਚਣਾ ਪੈਣਾ ਹੈ ਕਿ ਸੰਘ ਪਰਿਵਾਰ ਅਤੇ ਇਸ ਨਾਲ ਜੁੜੇ ਸੰਗਠਨ ਅਤੇ ਸੱਤਾਧਾਰੀ ਪਾਰਟੀ ਦੇ ਆਗੂ ਕਿਹੋ ਜਿਹੀ ਭਾਸ਼ਾ ਵਰਤ ਰਹੇ ਹਨ ਅਤੇ ਕਿਸ ਤਰ੍ਹਾਂ ਦੀ ਸੋਚ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੀ ਅਜਿਹੀ ਭਾਸ਼ਾ ਤੇ ਸੋਚ ਨਾਲ ਦੇਸ਼ ਵਿਚ ਫ਼ਿਰਕੂ ਪਾੜੇ ਵਧ ਰਹੇ ਹਨ ਤੇ ਹਜੂਮੀ ਹਿੰਸਾ ਜਿਹੇ ਵਰਤਾਰਿਆਂ ਨੂੰ ਬਲ ਮਿਲ ਰਿਹਾ ਹੈ। ਸਮੇਂ ਦੀ ਮੰਗ ਹੈ ਕਿ ਸਾਂਝੀਵਾਲਤਾ ਅਤੇ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਸੰਘ ਪਰਿਵਾਰ ਤੇ ਭਾਜਪਾ ਵੱਲੋਂ ਵਰਤੀ ਅਤੇ ਪ੍ਰਚਾਰੀ ਜਾ ਰਹੀ ਭਾਸ਼ਾ ਤੇ ਸੋਚ ਦਾ ਡਟ ਕੇ ਵਿਰੋਧ ਕੀਤਾ ਜਾਏ।

ਆਸਥਾ ਤੇ ਸੱਤਾ ਦੀ ਸਾਂਝ - ਸਵਰਾਜਬੀਰ

ਉਹ ਤਿੰਨ ਵਾਰ ਲੋਕ ਸਭਾ ਦੀਆਂ ਚੋਣਾਂ ਜਿੱਤਿਆ ਅਤੇ ਦੇਸ਼ ਦਾ ਗ੍ਰਹਿ ਰਾਜ ਮੰਤਰੀ (ਯੂਨੀਅਨ ਮਿਨਿਸਟਰ ਆਫ਼ ਸਟੇਟ ਫਾਰ ਹੋਮ) ਬਣਿਆ। ਉਸ ਦਾ ਟਰੱਸਟ ਕਈ ਸਕੂਲ, ਕਾਲਜ ਅਤੇ ਆਸ਼ਰਮ ਚਲਾਉਂਦਾ ਹੈ ਜਿਨ੍ਹਾਂ ਵਿਚ ਹਜ਼ਾਰਾਂ ਬੱਚੇ ਪੜ੍ਹਦੇ ਤੇ ਰਹਿੰਦੇ ਹਨ। ਉਸ ਨੇ ਰਾਮ ਮੰਦਰ ਬਣਾਉਣ ਵਾਲੇ ਅੰਦੋਲਨ ਵਿਚ ਹਿੱਸਾ ਲਿਆ ਅਤੇ 1986 ਵਿਚ ਉਹ ਰਾਮ ਜਨਮ ਭੂਮੀ ਅੰਦੋਲਨ ਸੰਘਰਸ਼ ਸਮਿਤੀ ਦਾ ਜਨਰਲ ਸਕੱਤਰ ਬਣਿਆ। ਇਸ ਵੇਲ਼ੇ ਉਹ ਉੱਤਰ ਪ੍ਰਦੇਸ਼ ਵਿਚ ਮਮੁਕਸ਼ੂ ਆਸ਼ਰਮ ਸ਼ਾਹਜਹਾਂਪੁਰ ਦਾ ਮੁਖੀ ਹੈ ਅਤੇ ਹਰਿਦੁਆਰ ਤੇ ਰਿਸ਼ੀਕੇਸ਼ ਦੇ ਕਈ ਆਸ਼ਰਮ ਵੀ ਇਸ ਆਸ਼ਰਮ ਦੀ ਦੇਖ-ਰੇਖ ਵਿਚ ਆਉਂਦੇ ਹਨ। ਜਦ ਮਮੁਕਸ਼ੂ ਆਸ਼ਰਮ ਨੇ ਯੁਵਾ ਮਹਾਂਉਤਸਵ ਮਨਾਇਆ ਤਾਂ ਸੂਬੇ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਸ ਸਮਾਗਮ ਵਿਚ ਹਾਜ਼ਰ ਹੋਇਆ। ਉਸ ਸਮੇਂ ਇਕ ਵੀਡਿਓ ਵੀ ਵਾਇਰਲ ਹੋਈ ਜਿਸ ਵਿਚ ਜ਼ਿਲ੍ਹੇ ਦੇ ਕੁਝ ਪ੍ਰਸ਼ਾਸਨਿਕ ਅਧਿਕਾਰੀ ਇਸ ਵਿਅਕਤੀ ਦੀ ਆਰਤੀ ਉਤਾਰ ਰਹੇ ਸਨ। ਇਸ ਵਿਅਕਤੀ ਦਾ ਪੁਰਾਣਾ ਨਾਂ ਕ੍ਰਿਸ਼ਨ ਪਾਲ ਸਿੰਘ ਅਤੇ ਹੁਣ ਵਾਲਾ ਸਵਾਮੀ ਚਿਨਮਯਾਨੰਦ ਹੈ।
      ਕੁਝ ਸਮਾਂ ਪਹਿਲਾਂ ਇਸੇ ਸਵਾਮੀ ਦੁਆਰਾ ਚਲਾਏ ਜਾਂਦੇ ਕਾਨੂੰਨ ਦੇ ਕਾਲਜ ਵਿਚ ਪੜ੍ਹਦੀ 23 ਵਰ੍ਹਿਆਂ ਦੀ ਵਿਦਿਆਰਥਣ ਨੇ ਸਵਾਮੀ 'ਤੇ ਜਬਰ-ਜਨਾਹ ਕਰਨ ਦੇ ਦੋਸ਼ ਲਾਏ। ਉਸ 'ਤੇ ਇਹੋ ਜਿਹੇ ਦੋਸ਼ ਲਗਭਗ 8 ਸਾਲ ਪਹਿਲਾਂ ਇਕ ਸਾਧਵੀ ਨੇ ਵੀ ਲਗਾਏ ਸਨ। ਪਿਛਲੇ ਸਾਲ ਯੋਗੀ ਆਦਿੱਤਿਆਨਾਥ ਦੀ ਸਰਕਾਰ ਨੇ ਸਵਾਮੀ ਵਿਰੁੱਧ ਚਲਾਏ ਜਾ ਰਹੇ ਮਾਮਲੇ ਨੂੰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਪਰ ਅਦਾਲਤ ਨੇ ਸਿਫ਼ਾਰਸ਼ ਸਵੀਕਾਰ ਨਹੀਂ ਕੀਤੀ। ਹੁਣ ਵਾਲੇ ਮਾਮਲੇ ਵਿਚ ਇਕ ਪਾਸੇ 23 ਵਰ੍ਹਿਆਂ ਦੀ ਵਿਦਿਆਰਥਣ ਹੈ ਅਤੇ ਦੂਸਰੇ ਪਾਸੇ ਆਸ਼ਰਮਾਂ, ਕਾਲਜਾਂ ਤੇ ਸਕੂਲਾਂ ਦਾ ਮੁਖੀ ਉਹ ਵਿਅਕਤੀ, ਜਿਸ ਦੇ ਸੱਤਾਧਾਰੀ ਪਾਰਟੀ ਨਾਲ ਗੂੜ੍ਹੇ ਸਬੰਧ ਹਨ। ਇਸ ਮੁਕੱਦਮੇ ਦੇ ਦੋਹਾਂ ਪੱਖਾਂ ਵੱਲ ਵੇਖਿਆ ਜਾਏ ਤਾਂ ਸਾਫ਼ ਦਿਖਾਈ ਦਿੰਦਾ ਹੈ ਕਿ ਕਿਹੜਾ ਪੱਖ ਤਾਕਤਵਰ ਤੇ ਸੱਤਾ ਨਾਲ ਜੁੜਿਆ ਹੈ ਅਤੇ ਕਿਹੜਾ ਪੱਖ ਸੱਤਾਹੀਣ ਅਤੇ ਤਾਕਤ ਤੋਂ ਮਹਿਰੂਮ ਹੈ। ਜਦ ਇਸ ਵਿਦਿਆਰਥਣ ਦੇ ਗਾਇਬ ਹੋ ਜਾਣ ਅਤੇ ਬਾਅਦ ਵਿਚ ਸਵਾਮੀ ਚਿਨਮਯਾਨੰਦ 'ਤੇ ਜਬਰ-ਜਨਾਹ ਦੇ ਦੋਸ਼ ਲਾਉਣ ਬਾਰੇ ਵੀਡਿਓਜ਼ ਵਾਇਰਲ ਹੋਈਆਂ ਤਾਂ ਸਵਾਮੀ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਨਾ ਤਾਂ ਪੁਲੀਸ ਨੇ ਉਸ ਦੀ ਪੁਲੀਸ ਹਿਰਾਸਤ ਲੈਣ ਲਈ ਕੋਈ ਯਤਨ ਕੀਤਾ ਅਤੇ ਨਾ ਹੀ ਉਸ ਉੱਤੇ ਹੁਣ ਜਬਰ-ਜਨਾਹ ਨਾਲ ਸਬੰਧਿਤ ਪੂਰੀਆਂ ਧਾਰਾਵਾਂ ਵਾਲਾ ਮੁਕੱਦਮਾ ਦਰਜ ਕੀਤਾ ਗਿਆ। ਦੂਸਰੇ ਪਾਸੇ ਉੱਤਰ ਪ੍ਰਦੇਸ਼ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ-ਸਿੱਟ) ਅਨੁਸਾਰ ਉਸ ਨੂੰ ਇਹੋ ਜਿਹੇ ਸਬੂਤ ਮਿਲੇ ਹਨ ਕਿ ਪੀੜਤ ਵਿਦਿਆਰਥਣ ਸਵਾਮੀ ਤੋਂ ਫ਼ਿਰੌਤੀ ਮੰਗਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
      ਕਾਨੂੰਨੀ ਮਾਹਿਰ ਇਹ ਸਵਾਲ ਪੁੱਛ ਰਹੇ ਹਨ ਕਿ ਕੀ ਇਕ 23 ਸਾਲਾ ਵਿਦਿਆਰਥਣ ਇਸ ਤਰ੍ਹਾਂ ਦੇ ਤਾਕਤਵਰ ਵਿਅਕਤੀ ਕੋਲੋਂ ਫ਼ਿਰੌਤੀ ਮੰਗ ਸਕਦੀ ਹੈ ਅਤੇ ਕੀ ਸੱਤਾ ਨਾਲ ਏਨੇ ਗੂੜ੍ਹੇ ਸਬੰਧ ਰੱਖਣ ਵਾਲਾ ਵਿਅਕਤੀ ਅੱਲ੍ਹੜ ਉਮਰ ਦੀ ਕੁੜੀ ਦੀਆਂ ਧਮਕੀਆਂ ਸੁਣ ਕੇ ਉਸ ਨੂੰ ਫ਼ਿਰੌਤੀ ਦੀ ਰਕਮ ਦੇ ਦੇਵੇਗਾ? ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਪੀੜਤਾ 'ਤੇ ਦਬਾਓ ਪਾਉਣ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਸਵਾਮੀ ਦੇ ਵਿਰੁੱਧ ਦਰਜ ਕਰਾਇਆ ਗਿਆ ਕੇਸ ਵਾਪਸ ਲੈ ਲਵੇ। ਪੀੜਤਾ ਦੇ ਪਿਤਾ ਨੇ ਵੀ ਅਜਿਹੇ ਹੀ ਦੋਸ਼ ਲਗਾਏ ਹਨ।
      ਬਾਪੂ ਆਸਾ ਰਾਮ, ਗੁਰਮੀਤ ਰਾਮ ਰਹੀਮ ਸਿੰਘ ਅਤੇ ਹੋਰ ਅਜਿਹੇ ਲੋਕਾਂ, ਜਿਹੜੇ ਆਪਣੇ ਆਪ ਨੂੰ ਧਾਰਮਿਕ ਆਗੂ, ਸਾਧ, ਸੰਤ, ਫ਼ਕੀਰ ਆਦਿ ਅਖਵਾਉਂਦੇ ਹਨ ਪਰ ਅੱਜ ਜਬਰ-ਜਨਾਹ ਤੇ ਕਤਲ ਦੇ ਮੁਕੱਦਮਿਆਂ ਵਿਚ ਜੇਲ੍ਹ ਭੁਗਤ ਰਹੇ ਹਨ, ਦੀ ਫਹਿਰਿਸਤ ਬਹੁਤ ਲੰਮੀ ਹੈ। ਆਸਾ ਰਾਮ ਦੇ ਦੇਸ਼-ਵਿਦੇਸ਼ ਵਿਚ 400 ਆਸ਼ਰਮ ਹਨ ਅਤੇ ਚਾਰ ਕਰੋੜ ਲੋਕ ਉਸ ਨੂੰ ਰੂਹਾਨੀ ਆਗੂ ਮੰਨਦੇ ਸਨ/ਹਨ। ਚੋਟੀ ਦੇ ਸਿਆਸੀ ਆਗੂ, ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ, ਉਸ ਦੇ ਪ੍ਰਵਚਨ ਸੁਣਨ ਜਾਂਦੇ ਰਹੇ। ਜਦ ਉਸ ਨੇ ਗੁਜਰਾਤ ਵਿਚ ਸਾਬਰਮਤੀ ਦਰਿਆ ਦੇ ਕੰਢੇ 'ਤੇ ਪਹਿਲਾ ਆਸ਼ਰਮ ਬਣਾਇਆ ਤਾਂ ਪਹਿਲਾਂ ਉਸ ਨੂੰ ਕਾਂਗਰਸ ਸਰਕਾਰ ਨੇ ਜ਼ਮੀਨ ਦਿੱਤੀ, ਬਾਅਦ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ। 2013 ਵਿਚ ਇਕ 16 ਸਾਲ ਦੀ ਕੁੜੀ ਨੇ ਉਸ ਉੱਤੇ ਜੋਧਪੁਰ ਦੇ ਆਸ਼ਰਮ ਵਿਚ ਜਬਰ-ਜਨਾਹ ਦੇ ਇਲਜ਼ਾਮ ਲਾਏ ਅਤੇ ਇਸ ਕੇਸ ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ। ਉਸ ਦੇ ਸ਼ਰਧਾਲੂ ਅਜਿਹੇ ਦੋਸ਼ਾਂ ਨੂੰ ਨਕਾਰਦੇ ਰਹੇ ਹਨ ਅਤੇ ਕਹਿੰਦੇ ਰਹੇ ਹਨ ਕਿ ਕੁੜੀ ਨਾਲ ਜਬਰ-ਜਨਾਹ ਨਹੀਂ ਕੀਤਾ ਗਿਆ, ਕੁੜੀ ਨੇ 'ਸਮਰਪਣ' ਕੀਤਾ ਸੀ। ਗੁਰਮੀਤ ਰਾਮ ਰਹੀਮ ਸਿੰਘ ਦੀ ਕਹਾਣੀ ਵੀ ਇਸੇ ਤਰ੍ਹਾਂ ਦੀ ਹੈ। ਉਹ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਅਤੇ ਜਬਰ-ਜਨਾਹ ਦੇ ਕੇਸਾਂ ਵਿਚ ਸਜ਼ਾ ਭੁਗਤ ਰਿਹਾ ਹੈ। ਪੰਜਾਬ ਤੇ ਹਰਿਆਣਾ ਦੀ ਸਿਆਸਤ 'ਤੇ ਉਸ ਦਾ ਅਸਰ ਡੂੰਘਾ ਰਿਹਾ ਹੈ।
       ਸਾਡੇ ਦੇਸ਼ ਵਿਚ ਲੱਖਾਂ ਆਸ਼ਰਮ, ਡੇਰੇ ਅਤੇ ਅਜਿਹੇ ਹੋਰ ਧਾਰਮਿਕ ਸਥਾਨ ਹਨ। ਅਸੀਂ ਡੇਰਾਵਾਦ ਨੂੰ ਖੁਰਾਫਾਤੀ ਲੋਕਾਂ ਦੁਆਰਾ ਆਮ ਲੋਕਾਂ ਨੂੰ ਭਰਮ-ਭੁਲੇਖਿਆਂ ਵਿਚ ਪਾ ਕੇ ਰੱਖਣ ਦੇ ਵਰਤਾਰੇ ਵਜੋਂ ਨਹੀਂ ਨਕਾਰ ਸਕਦੇ। ਇਨ੍ਹਾਂ ਵਿਚੋਂ ਬਹੁਤ ਸਾਰੇ ਸਥਾਨ ਅਜਿਹੇ ਹੋਣਗੇ ਜਿੱਥੇ ਜਾ ਕੇ ਲੋਕਾਂ ਨੂੰ ਕੁਝ ਅਜਿਹਾ ਮਿਲਦਾ ਹੋਵੇਗਾ ਜਿਹੜਾ ਰਵਾਇਤੀ ਅਤੇ ਸੰਸਥਾਤਮਕ ਧਾਰਮਿਕ ਸਥਾਨਾਂ 'ਤੇ ਨਹੀਂ ਮਿਲਦਾ, ਇਹ ਸ਼ਾਇਦ ਕਿਸੇ 'ਧਾਰਮਿਕ ਗੁਰੂ' ਦੇ ਮਿਲਣ 'ਤੇ ਕਿਸੇ ਅਜਿਹੀ ਧਾਰਮਿਕ 'ਪ੍ਰਾਪਤੀ' ਦੀ 'ਭਾਵਨਾ' ਹੋ ਸਕਦੀ ਹੈ ਜੋ ਸ਼ਰਧਾਲੂ ਨੂੰ ਪ੍ਰਾਪਤ ਹੋਈ ਹੈ ਤੇ ਸ਼ਰਧਾਲੂਆਂ ਦੀ ਸਮਝ ਅਨੁਸਾਰ ਉਨ੍ਹਾਂ ਨੂੰ ਨਹੀਂ ਮਿਲਦੀ, ਜੋ ਸ਼ਰਧਾਲੂ ਨਹੀਂ ਹੁੰਦੇ, ਵੱਖਰੇ ਤੇ ਅਨੋਖੇ ਹੋਣ ਦੀ ਭਾਵਨਾ ਜਾਂ ਇਕ ਨਵੀਂ ਰੂਹਾਨੀ ਧਾਰਮਿਕ ਬਿਰਾਦਰੀ/ਭਾਈਚਾਰੇ ਦਾ ਹਿੱਸਾ/ਭਾਈਵਾਲ ਹੋਣ ਦੀ ਭਾਵਨਾ। ਲੱਖਾਂ ਡੇਰਿਆਂ ਦਾ ਹੋਣਾ ਇਹ ਦੱਸਦਾ ਹੈ ਕਿ ਡੇਰਾਵਾਦ ਵਿਆਪਕ ਵਰਤਾਰਾ ਹੈ। ਇਸ ਦੇ ਸਮਾਜਿਕ ਆਧਾਰ ਤੇ ਭੌਤਿਕ ਬਿਸਾਤ ਨੂੰ ਪਛਾਣਨ ਦੀ ਜ਼ਰੂਰਤ ਹੈ।
      ਇਹ ਦਲੀਲ ਦਿੱਤੀ ਜਾਂਦੀ ਹੈ ਕਿ ਬਹੁਤ ਸਾਰੇ ਰਵਾਇਤੀ ਧਾਰਮਿਕ ਅਸਥਾਨ ਜਾਤੀ, ਜਮਾਤੀ ਅਤੇ ਮਰਦ-ਔਰਤ ਵਿਚਲੇ ਵਿਤਕਰਿਆਂ ਅਤੇ ਦਰਜਾਬੰਦੀ ਤੋਂ ਮੁਕਤ ਨਹੀਂ ਹੋ ਸਕੇ। ਉਦਾਹਰਨ ਦੇ ਤੌਰ 'ਤੇ ਕਿਸੇ ਵੀ ਪਿੰਡ ਦੇ ਸਥਾਨਕ ਧਾਰਮਿਕ ਅਸਥਾਨ ਬਾਰੇ ਲੋਕ ਜਾਣਦੇ ਹਨ ਕਿ ਪਿੰਡ ਦਾ ਸਰਪੰਚ ਅਤੇ ਸਰਦਾਰ ਮੂਹਰਲੀਆਂ ਸਫ਼ਾਂ ਵਿਚ ਬੈਠਣਗੇ ਅਤੇ ਉਨ੍ਹਾਂ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਕਾਮਿਆਂ ਨੂੰ ਬਹਿਣ ਲਈ ਕਿਤੇ ਪਿੱਛੇ ਥਾਂ ਤਲਾਸ਼ ਕਰਨੀ ਪਵੇਗੀ; ਤਥਾ-ਕਥਿਤ ਉੱਚੀਆਂ ਜਾਤਾਂ ਨਾਲ ਸਬੰਧਿਤ ਔਰਤਾਂ ਕਿੱਥੇ ਬੈਠਣਗੀਆਂ ਤੇ ਤਥਾ-ਕਥਿਤ ਨੀਵੀਆਂ ਦੱਸੀਆਂ ਜਾਤਾਂ ਨਾਲ ਸਬੰਧਿਤ ਔਰਤਾਂ ਕਿੱਥੇ ਬਹਿਣਗੀਆਂ। ਰਵਾਇਤੀ ਧਾਰਮਿਕ ਅਸਥਾਨਾਂ 'ਤੇ ਹੁੰਦਾ ਅਜਿਹਾ ਵਿਤਕਰਾ ਅਤੇ ਬੇਗ਼ਾਨਗੀ ਦਾ ਅਹਿਸਾਸ ਲੋਕਾਂ ਨੂੰ ਡੇਰਿਆਂ ਤੇ ਆਸ਼ਰਮਾਂ ਵੱਲ ਧੱਕਦਾ ਹੈ। ਲੋਕਾਂ ਨੂੰ ਧਾਰਮਿਕ ਅਸਥਾਨਾਂ ਤੋਂ ਬਾਹਰ ਵੀ ਸਮਾਜਿਕ ਵਿਤਕਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਰਕਾਰੀ ਦਫ਼ਤਰਾਂ, ਅਦਾਰਿਆਂ, ਪੁਲੀਸ ਸਟੇਸ਼ਨਾਂ, ਹਸਪਤਾਲਾਂ, ਸਕੂਲਾਂ, ਕਾਲਜਾਂ ਵਿਚ ਉਨ੍ਹਾਂ ਨੂੰ ਹੀਣਤਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਬੇਰੁਜ਼ਗਾਰੀ ਤੇ ਰਿਸ਼ਵਤਖੋਰੀ ਉਨ੍ਹਾਂ ਨੂੰ ਝੰਬਦੀ ਹੈ, ਜ਼ਿੰਦਗੀ ਤੋਂ ਖਿਝੇ ਤੇ ਹੰਭੇ ਹੋਏ ਲੋਕ ਰਾਹਤ ਦੀ ਤਲਾਸ਼ ਕਰਦੇ ਹਨ। ਇਨ੍ਹਾਂ ਡੇਰਿਆਂ ਦੇ ਬਹੁਤ ਸਾਰੇ ਆਗੂ ਲੋਕਾਂ ਦੀ ਖਿਝ ਤੇ ਪ੍ਰੇਸ਼ਾਨੀ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਅਸਥਾਈ ਰਾਹਤ ਤਾਂ ਦਿੰਦੇ ਹਨ, ਪਰ ਨਾਲ ਨਾਲ ਉਨ੍ਹਾਂ ਦੀ ਜ਼ਿੰਦਗੀ ਤੇ ਸੋਚਣ ਸਮਝਣ ਦੇ ਅਮਲ 'ਤੇ ਵੀ ਕਾਬਜ਼ ਹੋ ਜਾਂਦੇ ਹਨ।
       ਜਦ ਕਿਸੇ ਆਸ਼ਰਮ ਜਾਂ ਡੇਰੇ ਦੇ ਸ਼ਰਧਾਲੂਆਂ ਦੀ ਗਿਣਤੀ ਵਧਦੀ ਹੈ ਤਾਂ ਸਿਆਸੀ ਆਗੂ ਇਨ੍ਹਾਂ 'ਬਾਬਿਆਂ' ਜਾਂ 'ਸੰਤਾਂ' ਦੇ ਸ਼ਰਧਾਲੂਆਂ ਨੂੰ ਆਪਣੀ ਸਿਆਸੀ ਤਾਕਤ ਵਧਾਉਣ ਤੇ ਚੋਣਾਂ ਜਿੱਤਣ ਲਈ ਵਰਤਣਾ ਚਾਹੁੰਦੇ ਹਨ। ਇਸ ਤਰ੍ਹਾਂ ਇਨ੍ਹਾਂ ਸਵਾਮੀਆਂ ਅਤੇ ਸਿਆਸੀ ਆਗੂਆਂ ਵਿਚਕਾਰ ਆਪਸੀ ਲੈਣ-ਦੇਣ ਦਾ ਰਿਸ਼ਤਾ ਸ਼ੁਰੂ ਹੋ ਜਾਂਦਾ ਹੈ। ਜਦ ਸਿਆਸੀ ਆਗੂ ਕਿਸੇ ਡੇਰੇ 'ਤੇ ਜਾ ਕੇ ਸਿਰ ਝੁਕਾਉਂਦੇ ਹਨ ਤਾਂ ਡੇਰੇ ਦੀ ਇੱਜ਼ਤ ਤੇ ਪ੍ਰਭਾਵ ਵਧਦੇ ਹਨ ਅਤੇ ਸਿਆਸੀ ਆਗੂ ਦਾ ਪ੍ਰਭਾਵ ਵੀ ਵਧਦਾ ਹੈ। ਇਹ ਮੇਲ-ਜੋਲ ਤਾਕਤ, ਹਉਮੈਂ ਤੇ ਪੈਸੇ ਦਾ ਅਜਿਹਾ ਜ਼ਹਿਰੀਲਾ ਸ਼ਰਬਤ/ਕਾਕਟੇਲ ਤਿਆਰ ਕਰਦਾ ਹੈ ਜੋ ਡੇਰੇ ਤੇ ਡੇਰੇ ਨਾਲ ਜੁੜੇ ਲੋਕਾਂ ਨੂੰ ਅਜਿਹੀ ਅੰਨ੍ਹੀ ਗਲੀ ਵਿਚ ਧੱਕ ਦਿੰਦਾ ਹੈ ਜਿਸ ਤੋਂ ਨਿਕਲਣ ਦਾ ਕੋਈ ਰਸਤਾ ਨਹੀਂ ਹੁੰਦਾ। ਜਦ ਤਕ ਸਤਾਏ ਹੋਏ ਲੋਕ ਆਵਾਜ਼ ਉਠਾਉਂਦੇ ਹਨ, ਤਦ ਤਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਬਹੁਤ ਵਾਰ ਅਜਿਹੇ ਸਵਾਮੀ ਆਪਣੀ ਤਾਕਤ ਅਤੇ ਆਪਣੇ ਸਿਆਸੀ ਪ੍ਰਭੂਆਂ ਤੇ ਸਾਂਝੀਦਾਰਾਂ ਦੀ ਸਹਾਇਤਾ ਨਾਲ ਕਾਨੂੰਨ ਦੀ ਜ਼ੱਦ ਵਿਚ ਆਉਣ ਤੋਂ ਬਚ ਜਾਂਦੇ ਹਨ।
ਸਮਾਜ ਵਿਚ ਤਰਕਸ਼ੀਲ ਵਿਚਾਰਾਂ ਅਤੇ ਭਰਮ-ਭੁਲੇਖਿਆਂ ਵਿਚ ਪਾਉਣ ਵਾਲੀ ਸੋਚ ਵਿਚਕਾਰ ਘੋਲ਼ ਹੁੰਦਾ ਰਹਿੰਦਾ ਹੈ। ਜਦ ਤਕ ਅਸਾਵੇਂ ਸਮਾਜਿਕ ਅਤੇ ਆਰਥਿਕ ਰਿਸ਼ਤੇ ਕਾਇਮ ਰਹਿਣਗੇ, ਉਦੋਂ ਤਕ ਲੋਕ-ਭਰਮਾਊ ਸੋਚ ਦਾ ਵੀ ਬੋਲਬਾਲਾ ਰਹੇਗਾ। ਅਜਿਹੀ ਸੋਚ ਸਮਾਜਿਕ ਨਾਬਰਾਬਰੀ, ਜਾਤ-ਪਾਤ ਅਤੇ ਮਰਦ-ਔਰਤ ਵਿਚਲੇ ਵਿਤਕਰਿਆਂ ਨੂੰ ਸਮਾਜ ਦੁਆਰਾ ਸਵੀਕਾਰ ਕੀਤੇ ਜਾਣ ਕਾਰਨ ਜਿਊਂਦੀ ਹੈ। ਭਗਤ ਸਿੰਘ ਨੇ ਸਿਆਸੀ ਇਨਕਲਾਬ ਤੋਂ ਪਹਿਲਾਂ ਸਮਾਜਿਕ ਇਨਕਲਾਬ ਲਿਆਉਣ ਦੇ ਮਹੱਤਵ ਨੂੰ ਪਛਾਣਿਆ ਸੀ। ਅਜਿਹੇ ਸਮਾਜਿਕ ਇਨਕਲਾਬ ਲਈ ਜਮਹੂਰੀ ਤਾਕਤਾਂ ਨੂੰ ਲੰਮੀ ਲੜਾਈ ਲੜਨੀ ਪਵੇਗੀ; ਜਾਤ-ਪਾਤ ਤੇ ਔਰਤ-ਮਰਦ ਵਿਚਲੇ ਵਖਰੇਵਿਆਂ ਵਿਰੁੱਧ, ਭੁਲੇਖਿਆਂ ਵਿਚ ਪਾਉਣ ਵਾਲੀ ਧਾਰਮਿਕ ਦਿਖਾਈ ਦਿੰਦੀ ਸੋਚ ਵਿਰੁੱਧ, ਅਸਾਵੇਂ ਆਰਥਿਕ ਰਿਸ਼ਤਿਆਂ ਵਿਰੁੱਧ। ਇਹ ਸਾਰੀਆਂ ਲੜਾਈਆਂ ਅੰਤਰ-ਸਬੰਧਿਤ ਹਨ।
      ਸਵਾਮੀ ਚਿਨਮਯਾਨੰਦ ਵੀ ਧਾਰਮਿਕ ਰਾਹ-ਰਸਤੇ ਅਖ਼ਤਿਆਰ ਕਰਕੇ ਸੱਤਾ ਦੇ ਗਲਿਆਰਿਆਂ ਤਕ ਪਹੁੰਚਣ ਵਾਲਾ ਵਿਅਕਤੀ ਹੈ। ਉਸ ਕੋਲ ਪੈਸੇ ਅਤੇ ਤਾਕਤ ਦੇ ਜ਼ੋਰ ਨਾਲ ਮਿਲਦੇ ਮਾਣ-ਸਨਮਾਨ ਦੇ ਨਾਲ ਨਾਲ ਆਪਣੇ ਆਪ ਨੂੰ ਬਚਾਉਣ ਦੇ ਹੋਰ ਹਜ਼ਾਰਾਂ ਵਸੀਲੇ ਹਨ। ਸਾਰੀਆਂ ਸਿਆਸੀ ਪਾਰਟੀਆਂ, ਜਮਹੂਰੀ ਤਾਕਤਾਂ ਅਤੇ ਜਮਹੂਰੀ ਹੱਕਾਂ ਲਈ ਲੜਨ ਵਾਲੇ ਕਾਨੂੰਨਦਾਨਾਂ ਨੂੰ ਇਸ ਵਿਦਿਆਰਥਣ ਦੀ ਹਮਾਇਤ ਵਿਚ ਅੱਗੇ ਆਉਣਾ ਚਾਹੀਦਾ ਹੈ ਜਿਸ ਨੇ ਇਹੋ ਜਿਹੇ ਸ਼ਕਤੀਸ਼ਾਲੀ ਵਿਅਕਤੀ ਵਿਰੁੱਧ ਆਵਾਜ਼ ਉਠਾਉਣ ਦੀ ਦਲੇਰੀ ਵਿਖਾਈ ਹੈ।

ਮਾਂ-ਬੋਲੀ ਪੰਜਾਬੀ - ਸਵਰਾਜਬੀਰ

ਕਿਸੇ ਬੋਲੀ ਦਾ ਦੂਸਰੀ ਬੋਲੀ ਨਾਲ ਕੋਈ ਝਗੜਾ ਨਹੀਂ ਹੁੰਦਾ। ਪੁਰਾਣੇ ਸਮਿਆਂ ਤੋਂ ਮੱਧ ਏਸ਼ੀਆ, ਯੂਨਾਨ, ਇਰਾਨ, ਇਰਾਕ, ਅਫ਼ਗ਼ਾਨਿਸਤਾਨ ਅਤੇ ਹੋਰ ਖ਼ਿੱਤਿਆਂ ਤੋਂ ਲੋਕ ਪੰਜਾਬ ਵਿਚ ਆ ਕੇ ਵੱਸਦੇ ਰਹੇ। ਅਜੋਕੇ ਸਮਿਆਂ ਵਿਚ ਕਸ਼ਮੀਰ, ਬਿਹਾਰ, ਉੱਤਰ ਪ੍ਰਦੇਸ਼ ਤੇ ਹੋਰ ਪ੍ਰਾਂਤਾਂ ਦੇ ਲੋਕ ਪੰਜਾਬ ਵਿਚ ਆ ਵੱਸੇ। ਇਨ੍ਹਾਂ ਲੋਕਾਂ ਨੇ ਪੰਜਾਬੀ ਭਾਸ਼ਾ ਨੂੰ ਅਪਣਾਇਆ। ਪੰਜਾਬੀ ਅਸਾਮ, ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਾਹਰਲੇ ਦੇਸ਼ਾਂ ਵਿਚ ਜਾ ਵੱਸੇ ਤੇ ਉਨ੍ਹਾਂ ਨੇ ਉਨ੍ਹਾਂ ਇਲਾਕਿਆਂ ਤੇ ਦੇਸ਼ਾਂ ਦੀਆਂ ਭਾਸ਼ਾਵਾਂ ਸਿੱਖ ਲਈਆਂ। ਇਸ ਤਰ੍ਹਾਂ ਲੋਕਾਂ ਦਾ ਇਕ ਥਾਂ ਤੋਂ ਦੂਸਰੀ ਥਾਂ 'ਤੇ ਜਾ ਵੱਸਣਾ ਅਤੇ ਉਸ ਖ਼ਿੱਤੇ ਦੀ ਭਾਸ਼ਾ ਸਿੱਖ ਲੈਣਾ ਇਤਿਹਾਸਕ ਵਰਤਾਰਾ ਹੈ ਅਤੇ ਇਸ ਸਬੰਧ ਵਿਚ ਕਦੇ ਵੀ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਗਈ।
       ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ 'ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ। ਪੰਜਾਬੀ ਬੋਲੀ ਵੀ ਏਦਾਂ ਹੀ ਹੋਂਦ ਵਿਚ ਆਈ ਹੈ।
       ਮੱਧਕਾਲੀਨ ਸਮਿਆਂ ਦੇ ਉੱਘੇ ਵਿਦਵਾਨ, ਹਿਸਾਬਦਾਨ ਤੇ ਤਾਰਾ ਵਿਗਿਆਨੀ ਅਲਬਰੂਨੀ ਨੇ 11ਵੀਂ ਸਦੀ ਵਿਚ ਆਪਣੀ ਯਾਤਰਾ ਦੌਰਾਨ ਪੰਜਾਬ ਵਿਚ ਬੋਲੀਆਂ ਜਾ ਰਹੀਆਂ ਭਾਸ਼ਾਵਾਂ ਨੂੰ ਮੁੱਖ ਸ਼ਹਿਰਾਂ ਦੇ ਨਾਂ ਉੱਤੇ ਲਾਹੌਰੀ ਤੇ ਮੁਲਤਾਨੀ ਆਖਿਆ ਤੇ ਤਿੰਨ ਲਿਪੀਆਂ- ਅਰਧ-ਨਾਗਰੀ, ਸਿੱਧ ਮਾਤ੍ਰਕਾ ਤੇ ਭੱਟ-ਅੱਛਰੀ ਦਾ ਜ਼ਿਕਰ ਕੀਤਾ। ਡਾ. ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਅਤੇ ਗੋਬਿੰਦ ਸਿੰਘ ਲਾਂਬਾ ਅਨੁਸਾਰ ਸਿੱਧ ਮਾਤ੍ਰਕਾ ਤੇ ਭੱਟ-ਅੱਛਰੀ ਗੁਰਮਖੀ ਤੋਂ ਪਹਿਲਾਂ ਦੀਆਂ ਲਿਪੀਆਂ ਹਨ ਅਤੇ ਵਿਦਵਾਨਾਂ ਅਨੁਸਾਰ ਸਿੱਧਮ ਜਾਂ ਸਿੱਧ ਮਾਤ੍ਰਕਾ ਗੁਰਮੁਖੀ ਦਾ ਪੁਰਾਣਾ ਨਾਂ ਹੈ ਜਿਸ ਨੂੰ ਗੁਰੂ ਅੰਗਦ ਦੇਵ ਜੀ ਨੇ ਸੋਧ ਕੇ ਵਰਤੋਂ ਵਿਚ ਲਿਆਂਦਾ। ਪੁਰਾਣੇ ਸਮਿਆਂ ਵਿਚ ਬੋਲਚਾਲ ਦੀ ਭਾਸ਼ਾ ਨੂੰ ਪ੍ਰਾਕ੍ਰਿਤ ਕਿਹਾ ਜਾਂਦਾ ਸੀ ਅਤੇ ਜਦ ਆਮ ਲੋਕਾਂ ਦੁਆਰਾ ਬੋਲੀ ਜਾਂਦੀ ਬੋਲੀ ਵਿਚ ਸਾਹਿਤ ਦੀ ਰਚਨਾ ਹੋਣ ਲੱਗੀ ਤਾਂ ਉਸ ਵੇਲੇ ਵੱਖ ਵੱਖ ਤਰ੍ਹਾਂ ਦੀਆਂ ਅਪਭ੍ਰੰਸ਼ਾਂ (ਸ਼ੌਰਸੇਨੀ, ਕੈਕਈ, ਪਿਸ਼ਾਚੀ ਅਤੇ ਵ੍ਰਾਚਡ ਆਦਿ) ਦਾ ਜ਼ਿਕਰ ਮਿਲਦਾ ਹੈ। ਸ਼ੇਖ ਫ਼ਰੀਦ ਟਕਸਾਲੀ ਪੰਜਾਬੀ ਵਿਚ ਸਲੋਕ ਕਹਿਣ ਵਾਲੇ ਪਹਿਲੇ ਸ਼ਾਇਰ ਮੰਨੇ ਜਾਂਦੇ ਹਨ ਪਰ ਉਨ੍ਹਾਂ ਤੋਂ ਪਹਿਲਾਂ ਮਸੂਦ, ਮੁੱਲਾ ਦਾਊਦ, ਅਦਹਮਾਨ, ਗੋਰਖ ਨਾਥ, ਚਰਪਟ ਨਾਥ, ਚੋਰੰਗੀ ਨਾਥ ਤੇ ਹੋਰ ਨਾਥ-ਜੋਗੀਆਂ ਦਾ ਜ਼ਿਕਰ ਆਉਂਦਾ ਹੈ।
       ਪੁਰਾਣੇ ਸਮਿਆਂ ਵਿਚ ਪੰਜਾਬ ਨੂੰ 'ਸਪਤ ਸਿੰਧੂ' ਤੇ 'ਪੰਚ ਨਦ' ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਦੇ ਵੱਖ ਵੱਖ ਇਲਾਕੇ ਸਿੰਧੂ, ਸੌਵੀਰ, ਮਦਰ ਦੇਸ, ਕੈਕਈ ਪ੍ਰਦੇਸ਼, ਉਸ਼ੀਨਰ, ਤ੍ਰਿਗਰਤ ਆਦਿ ਵਜੋਂ ਮਸ਼ਹੂਰ ਹੋਏ। ਲਿਖਤ ਸਾਹਿਤ ਵਿਚ 'ਪੰਜਾਬ' ਸ਼ਬਦ ਪਹਿਲੀ ਵਾਰ ਅਮੀਰ ਖੁਸਰੋ ਨੇ ਵਰਤਿਆ ਅਤੇ ਬਾਅਦ ਵਿਚ ਭਾਈ ਗੁਰਦਾਸ ਨੇ। ਪਹਿਲਾਂ ਸਾਡੇ ਸ਼ਾਇਰ ਆਪਣੀ ਬੋਲੀ ਨੂੰ ਹਿੰਦੀ, ਹਿੰਦਕੀ ਜਾਂ ਹਿੰਦਵੀ ਕਹਿੰਦੇ ਸਨ। ਹਾਫ਼ਿਜ਼ ਬਰਖੁਰਦਾਰ ਪਹਿਲਾ ਕਿੱਸਾਕਾਰ ਹੈ ਜੋ ਆਪਣੀ ਬੋਲੀ ਨੂੰ ਪੰਜਾਬੀ ਬੋਲੀ ਕਹਿ ਕੇ ਪਛਾਣ ਕਰਾਉਂਦਾ ਹੈ। ਗੁਰੂ ਨਾਨਕ ਦੇਵ ਜੀ ਅਤੇ ਹੋਰ ਸਿੱਖ ਗੁਰੂਆਂ, ਸ਼ਾਹ ਹੁਸੈਨ, ਸੁਲਤਾਨ ਬਾਹੂ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ, ਦਮੋਦਰ ਆਦਿ ਨੇ ਬੋਲੀ ਦੇ ਨੈਣ-ਲਕਸ਼ ਘੜੇ ਅਤੇ ਇਸ ਨੂੰ ਉੱਚ ਦਰਜੇ ਦੀ ਸਾਹਿਤਕ ਬੋਲੀ ਬਣਾ ਦਿੱਤਾ।
        ਇਤਿਹਾਸਕ ਤੌਰ 'ਤੇ ਪੰਜਾਬ ਬਹੁ-ਭਾਸ਼ੀ ਖ਼ਿੱਤਾ ਰਿਹਾ ਹੈ। ਇੱਥੋਂ ਦੇ ਲੇਖਕ ਤੇ ਚਿੰਤਕ ਸੰਸਕ੍ਰਿਤ, ਬ੍ਰਿਜ, ਫ਼ਾਰਸੀ, ਖੜ੍ਹੀ ਬੋਲੀ, ਉਰਦੂ ਤੇ ਪੰਜਾਬੀ ਵਿਚ ਲਿਖਦੇ ਰਹੇ। ਸ਼ੇਖ ਫ਼ਰੀਦ ਨੇ ਫ਼ਾਰਸੀ ਤੇ ਪੰਜਾਬੀ ਵਿਚ ਕਲਾਮ ਕਿਹਾ। ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਦੇ ਨਾਲ ਸਾਧ ਭਾਸ਼ਾ, ਫ਼ਾਰਸੀ, ਅਰਬੀ, ਬ੍ਰਿਜ ਤੇ ਖੜ੍ਹੀ ਬੋਲੀ ਦੀ ਵਰਤੋਂ ਕੀਤੀ। ਗੁਰੂ ਗੋਬਿੰਦ ਸਿੰਘ ਨੇ ਪੰਜਾਬੀ, ਬ੍ਰਿਜ ਤੇ ਫ਼ਾਰਸੀ ਵਿਚ ਰਚਨਾ ਕੀਤੀ। ਸੁਲਤਾਨ ਬਾਹੂ, ਸ਼ਾਹ ਹੁਸੈਨ, ਹਾਫ਼ਿਜ਼ ਬਰਖੁਰਦਾਰ ਅਤੇ ਹੋਰ ਸ਼ਾਇਰ ਪੰਜਾਬੀ ਦੇ ਨਾਲ ਫ਼ਾਰਸੀ ਤੇ ਅਰਬੀ ਭਾਸ਼ਾ ਦੇ ਵਿਦਵਾਨ ਵੀ ਸਨ। ਪੰਜਾਬ ਵਿਚ ਬ੍ਰਿਜ ਵਿਚ ਕਵਿਤਾ ਤੇ ਗ਼ਲਪ ਲਿਖਣ ਦੀ ਪਰੰਪਰਾ ਲੰਮੀ ਦੇਰ ਤਕ ਰਹੀ। ਆਧੁਨਿਕ ਪੰਜਾਬੀ ਸਾਹਿਤ ਦੇ ਮੋਢੀਆਂ ਵਿਚੋਂ ਭਾਈ ਵੀਰ ਸਿੰਘ, ਪੂਰਨ ਸਿੰਘ, ਪ੍ਰੋਫ਼ੈਸਰ ਮੋਹਨ ਸਿੰਘ, ਫੀਰੋਜ਼ਦੀਨ ਸ਼ਰਫ਼, ਧਨੀ ਰਾਮ ਚਾਤ੍ਰਿਕ, ਸੰਤ ਸਿੰਘ ਸੇਖੋਂ, ਗੁਰਬਖਸ਼ ਸਿੰਘ ਅਤੇ ਹੋਰ ਲੇਖਕ ਪੰਜਾਬੀ ਤੋਂ ਇਲਾਵਾ ਦੂਸਰੀਆਂ ਭਾਸ਼ਾਵਾਂ ਦੇ ਵਿਦਵਾਨ ਵੀ ਸਨ।
         ਪਿਛਲੇ ਦਿਨਾਂ ਵਿਚ ਹਿੰਦੀ ਤੇ ਪੰਜਾਬੀ ਭਾਸ਼ਾ ਦੇ ਵਿਦਵਾਨਾਂ ਦਾ ਆਪਸੀ ਟਕਰਾਓ ਚਰਚਾ ਦਾ ਵਿਸ਼ਾ ਰਿਹਾ ਹੈ। ਅੱਜ ਹਿੰਦੀ ਨੂੰ ਸੱਤਾ ਦੀ ਹਮਾਇਤ ਹਾਸਲ ਹੈ ਅਤੇ ਇਸ ਨੂੰ ਰਾਸ਼ਟਰ ਭਾਸ਼ਾ ਵਜੋਂ ਪੇਸ਼ ਕੀਤਾ ਜਾਂਦਾ ਹੈ ਜੋ ਸੰਵਿਧਾਨਕ ਤੌਰ 'ਤੇ ਗ਼ਲਤ ਹੈ। ਸੰਵਿਧਾਨ ਵਿਚ ਰਾਸ਼ਟਰ ਭਾਸ਼ਾ ਦਾ ਕੋਈ ਸੰਕਲਪ ਨਹੀਂ। ਸੰਵਿਧਾਨ ਦੇ ਅੱਠਵੇਂ ਅਧਿਆਏ (ਸ਼ਡਿਊਲ) ਵਿਚ ਹੁਣ 22 ਭਾਸ਼ਾਵਾਂ ਹਨ ਜਿਨ੍ਹਾਂ ਨੂੰ ਸਰਕਾਰੀ ਭਾਸ਼ਾਵਾਂ ਕਿਹਾ ਗਿਆ ਹੈ। ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਪੰਜਾਬੀ ਦੇ ਮੁਕਾਬਲੇ ਹਿੰਦੀ ਨੂੰ ਉੱਚਾ ਵਿਖਾਉਣ ਵਾਲੇ ਵਿਦਵਾਨਾਂ ਦੀ ਮਾਨਸਿਕਤਾ ਉਸ ਫ਼ਿਰਕਾਪ੍ਰਸਤੀ ਨੂੰ ਪੇਸ਼ ਕਰਦੀ ਹੈ ਜਿਸ ਦੇ ਬੀਜ ਅੰਗਰੇਜ਼ ਬਸਤੀਵਾਦੀਆਂ ਨੇ ਸਾਡੇ ਮਨਾਂ ਵਿਚ ਬੀਜੇ। ਉਨ੍ਹਾਂ ਦੀ ਯਾਦਦਾਸ਼ਤ ਨੂੰ ਤਰੋ-ਤਾਜ਼ਾ ਕਰਨ ਲਈ ਕੁਝ ਵਿਦਵਾਨਾਂ ਦੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ।
        ਮਸ਼ਹੂਰ ਭਾਸ਼ਾ ਵਿਗਿਆਨੀ ਡਾਕਟਰ ਸੁਨੀਤੀ ਕੁਮਾਰ ਚੈਟਰਜੀ ਨੇ ਪੰਜਾਬੀ ਭਾਸ਼ਾ ਦੀ ਪੁਰਾਤਨਤਾ ਬਾਰੇ ਲਿਖਦਿਆਂ ਕਿਹਾ ਹੈ, ''ਕੁਝ ਗੱਲਾਂ ਵਿਚ ਹਿੰਦੀ ਪੰਜਾਬੀ ਤੋਂ ਪ੍ਰਭਾਵਿਤ ਹੈ૴ ਇਸ (ਉਚਾਰਣ ਦੇ) ਪੱਖ ਤੋਂ ਪੰਜਾਬੀ ਦੀ ਅਗਵਾਈ ਤੇ ਸ੍ਰੇਸ਼ਟਤਾ ਸੁੱਤੇ-ਸਿੱਧ ਹੀ ਮੰਨੀ ਜਾਂਦੀ ਰਹੀ ਹੈ, ਇਸੇ ਲਈ ਹੀ ਪੰਜਾਬੀ ਢੰਗ ਦਾ ਉਚਾਰਣ ਸ਼ੋਭਨੀਕ ਸਮਝਿਆ ਜਾਂਦਾ ਰਿਹਾ ਹੈ।'' ਡਾਕਟਰ ਵਿਦਿਆ ਭਾਸਕਰ ਅਨੁਸਾਰ, ''ਹਿੰਦੀ ਦਾ ਅਜੋਕਾ ਰੂਪ ਬਣਾਉਣ ਵਿਚ ਪੰਜਾਬੀ ਦਾ ਹੱਥ ਪ੍ਰਤੱਖ ਦਿਸਦਾ ਹੈ। ਹਿੰਦੀ ਦੇ ਆਮ ਵਰਤੋਂ ਦੇ ਅਨੇਕਾਂ ਸ਼ਬਦ ਸਬ, ਕਲ, ਸਚ, ਲਗਨਾ, ਲੰਬਾ, ਬਿੱਛੂ, ਬਿਜਲੀ, ਪੱਕਾ, ਅੱਛਾ ਆਦਿ ਜਾਂ ਤਾਂ ਪੰਜਾਬੀ ਦੇ ਪ੍ਰਭਾਵ ਥੱਲੇ ਬਣੇ ਹਨ, ਜਾਂ ਪੰਜਾਬੀ ਰੂਪ ਹੀ ਹਿੰਦੀ ਉੱਤੇ ਥੱਪੇ ਗਏ ਹਨ। ૴ ਮੁੱਕਦੀ ਗੱਲ ਹਿੰਦੀ ਨੇ ਕਈ ਵਿਸ਼ੇਸ਼ਤਾਵਾਂ ਪੰਜਾਬੀ ਤੋਂ ਹੀ ਲਈਆਂ ਹਨ।'' ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਉੱਘੇ ਵਿਦਵਾਨ ਡਾਕਟਰ ਏਸੀ ਵੁਲਨਰ ਅਨੁਸਾਰ, ''ਪੰਜਾਬੀ ਕਵਿਤਾ ਦੀ ਆਪਣੀ ਛਬ ਤੇ ਸੁੰਦਰਤਾ ਹੈ। ਇਸ ਦੀ ਭਾਸ਼ਾ ਹਿੰਦੀ ਤੇ ਉਰਦੂ ਨਾਲੋਂ ਵਧੇਰੇ ਪੁਰਾਤਨ ਹੈ।''
       ਪ੍ਰਸਿੱਧ ਹਿੰਦੀ ਵਿਦਵਾਨ ਤੇ ਭਾਸ਼ਾ ਵਿਗਿਆਨੀ ਬਾਬੂ ਸ਼ਿਆਮ ਸੁੰਦਰ ਦਾਸ ਨੇ ਲਿਖਿਆ ਹੈ, ''ਮੱਧ ਦੇਸ਼ ਨਾਲ ਸਬੰਧਿਤ ਭਾਸ਼ਾਵਾਂ ਵਿਚੋਂ ਪੰਜਾਬੀ ਹੀ ਅਜਿਹੀ ਭਾਸ਼ਾ ਹੈ ਜਿਸ ਵਿਚ ਸੰਸਕ੍ਰਿਤ ਤੇ ਫ਼ਾਰਸੀ ਸ਼ਬਦਾਂ ਦੀ ਭਰਤੀ ਨਹੀਂ। ਇਸ ਭਾਸ਼ਾ ਵਿਚ ਵੈਦਿਕ-ਸੰਸਕ੍ਰਿਤ ਵਾਲਾ ਰਸ ਭਰਿਆ ਹੋਇਆ ਹੈ। ਪੰਜਾਬੀ ਵਿਚ ਇਸ ਭਾਸ਼ਾ ਦੇ ਬੋਲਣ ਵਾਲੇ ਬਲਵਾਨ ਤੇ ਕਰੜੇ ਕਿਰਸਾਨਾਂ ਦੀ ਕਠੋਰਤਾ ਤੇ ਸਾਦਗੀ ਭਰੀ ਹੋਈ ਹੈ।'' ਉਰਦੂ ਦੇ ਮਸ਼ਹੂਰ ਲੇਖਕ ਖਵਾਜਾ ਅਹਿਮਦ ਅੱਬਾਸ ਨੇ ਕਿਹਾ ਸੀ, ''ਹਿੰਦੀ ਆਪਣੀ ਹੁਣ ਵਾਲੀ ਸ਼ਕਲ ਵਿਚ ਪੰਜ ਸੌ ਸਾਲ ਤੋਂ ਪੁਰਾਣੀ ਨਹਂਂ ਪਰ ਪੰਜਾਬੀ ਨਿਸ਼ਚੇ ਹੀ ਇਸ ਤੋਂ ਬਹੁਤ ਪੁਰਾਣੀ ਹੈ।''
      ਪ੍ਰੋਫ਼ੈਸਰ ਓਮ ਪ੍ਰਕਾਸ਼ ਕਹੋਲ ਅਨੁਸਾਰ, ''ਪੰਜਾਬੀ ਪ੍ਰਾਚੀਨ ਭਾਰਤ-ਯੋਰਪੀ ਭਾਸ਼ਾ ਦੀ ਬੜੀ ਵਫ਼ਾਦਾਰ ਪ੍ਰਤੀਨਿਧੀ ਹੈ૴ ਤੇ ਜੇ ਸੰਸਕ੍ਰਿਤ ਨੂੰ ਇਸ ਕਲਪਿਤ ਬੋਲੀ ਦੀ ਨਿਕਟਤਮ ਭਾਸ਼ਾ ਮੰਨ ਲਿਆ ਜਾਵੇ ਤਾਂ ਪੰਜਾਬੀ ਤੇ ਸੰਸਕ੍ਰਿਤ ਦੇ ਤੁਲਨਾਤਮਕ ਅਧਿਐਨ ਨਾਲ ਸਿੱਧ ਹੁੰਦਾ ਹੈ ਕਿ ਪੰਜਾਬੀ ਨੇ ਪੁਰਾਣੀ ਪੀੜ੍ਹੀ ਦੀਆਂ ਭਾਸ਼ਾਵਾਂ ਦੀਆਂ ਕਈ ਅਨੂਠੀਆਂ ਵਿਸ਼ੇਸ਼ਤਾਵਾਂ ਨੂੰ ਕਿੰਞ ਸੰਭਾਲ ਕੇ ਰੱਖਿਆ ਹੋਇਆ ਹੈ, ਜਦੋਂਕਿ ਏਸੇ ਬਰਾਦਰੀ ਦੀਆਂ ਵਧੇਰੇ ਭਾਸ਼ਾਵਾਂ, ਵਿਕਾਸ ਦੇ ਪੜਾਵਾਂ ਵਿਚੋਂ ਲੰਘਦੀਆਂ, ਅਜਿਹੀਆਂ ਵਿਸ਼ੇਸ਼ਤਾਵਾਂ ਨੂੰ ਗੁਆ ਚੁੱਕੀਆਂ ਹਨ।'' ਡਾਕਟਰ ਫ਼ਕੀਰ ਅਹਿਮਦ ਫ਼ਕੀਰ ਅਨੁਸਾਰ ''ਪੰਜਾਬੀ ਹੀ ਅਸਲ ਵਿਚ ਉਰਦੂ ਦੀ ਮਾਂ ਏ ਤੇ ਇਹਨੇ (ਉਰਦੂ ਨੇ) ਆਪਣਾ ਬਹੁਤਾ ਵਰਤਾਰਾ ਤੇ ਆਪਣੀ ਬਣਾਵਟ ਦੀਆਂ ਤਰਕੀਬਾਂ ਪੰਜਾਬੀ ਕੋਲੋਂ ਈ ਲੈ ਕੇ ਆਪਣੇ ਆਪ ਨੂੰ ਬਣਾਇਆ ਸੰਵਾਰਿਆ ਏ।'' ਪ੍ਰੋਫ਼ੈਸਰ ਹਾਫ਼ਿਜ਼ ਮਹਿਮੂਦ ਸ਼ੀਰਾਨੀ ਦਾ ਵੀ ਇਹੋ ਮੱਤ ਹੈ।
       ਉਪਰਲੀਆਂ ਟੂਕਾਂ ਦਾ ਅਰਥ ਹਿੰਦੀ ਅਤੇ ਉਰਦੂ ਦੇ ਮੁਕਾਬਲੇ ਪੰਜਾਬੀ ਨੂੰ ਉਚਿਆਉਣਾ ਨਹੀਂ, ਸਿਰਫ਼ ਇਹ ਦੱਸਣਾ ਹੈ ਕਿ ਪੰਜਾਬੀ ਸੈਂਕੜੇ ਵਰ੍ਹੇ ਸੱਤਾ ਅਤੇ ਦਰਬਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਵਧੀ-ਫੁੱਲੀ ਤੇ ਪ੍ਰਫੁੱਲਿਤ ਹੋਈ ਲੋਕਾਂ ਦੀ ਜ਼ਬਾਨ ਹੈ। ਗੁਰੂ ਨਾਨਕ ਦੇਵ ਜੀ ਨੇ ਇਸ ਬੋਲੀ ਰਾਹੀਂ ਰਾਜਿਆਂ ਤੇ ਮੁਕੱਦਮਾਂ ਦਾ ਵਿਰੋਧ ਕੀਤਾ, ਜਾਤ-ਪਾਤ ਅਤੇ ਵਰਣ-ਆਸ਼ਰਮ ਵਿਰੁੱਧ ਆਵਾਜ਼ ਉਠਾਈ, ਕੁਦਰਤ ਦਾ ਅਦਭੁੱਤ ਵਰਣਨ ਕੀਤਾ। ਬੁੱਲ੍ਹੇ ਸ਼ਾਹ ਦਾ ਧਾਰਮਿਕ ਅਤੇ ਸਮਾਜਿਕ ਕੱਟੜਤਾ ਵਿਰੁੱਧ ਵਿਦਰੋਹ ਇਸ ਬੋਲੀ ਵਿਚ ਗੂੰਜਿਆ। ਬਸਤੀਵਾਦ ਵਿਰੁੱਧ ਉੱਠੀ ਗ਼ਦਰ ਲਹਿਰ ਅਤੇ ਜੱਲ੍ਹਿਆਂਵਾਲੇ ਬਾਗ ਅਤੇ ਹੋਰ ਸਾਕਿਆਂ ਦੀ ਬਗ਼ਾਵਤ ਤੇ ਰੋਹ ਇਸੇ ਬੋਲੀ ਵਿਚ ਪ੍ਰਗਟ ਹੋਏ। ਇਸ ਤਰ੍ਹਾਂ ਪੰਜਾਬੀ ਵਿਚ ਸਦੀਆਂ ਤੋਂ ਚੱਲਦੀ ਉਹ ਪਰੰਪਰਾ ਮੌਜੂਦ ਹੈ ਜੋ ਪੰਜਾਬੀ ਬੋਲਣ ਵਾਲਿਆਂ ਨੂੰ ਦਰਬਾਰੀਆਂ, ਚਾਪਲੂਸਾਂ, ਸਾਜ਼ਿਸ਼ਕਾਰਾਂ, ਹਾਕਮਾਂ ਤੇ ਅਹਿਲਕਾਰਾਂ ਵਿਰੁੱਧ ਬੋਲਣ ਲਈ ਸ਼ਬਦ ਤੇ ਹੌਸਲਾ ਬਖ਼ਸ਼ਦੀ ਹੈ। ਅੱਜ ਵੀ ਪੰਜਾਬੀ ਬੋਲਣ ਵਾਲਿਆਂ ਨੂੰ ਕਿਸੇ ਸਰਕਾਰ ਜਾਂ ਸੰਸਥਾ ਸਾਹਮਣੇ ਝੋਲੀ ਫੈਲਾਉਣ ਦੀ ਜ਼ਰੂਰਤ ਨਹੀਂ, ਪੰਜਾਬੀ ਆਪਣੇ ਬੋਲਣ ਵਾਲਿਆਂ ਦੇ ਮਨਾਂ ਵਿਚਲੀ ਜੀਰਾਂਦ, ਪੰਜਾਬੀ ਸੁਭਾਅ ਦੇ ਸਿਰੜ ਤੇ ਕਿਰਤੀਆਂ ਦੇ ਮਨੋਭਾਵਾਂ ਨੂੰ ਪ੍ਰਗਟ ਕਰਨ ਦੀ ਆਪਣੀ ਸਮਰੱਥਾ ਸਦਕਾ ਜਿਊਂਦੀ ਆਈ ਹੈ, ਜਿਊਂਦੀ ਹੈ ਅਤੇ ਜਿਊਂਦੀ ਰਹੇਗੀ।

ਭੈਅ ਦੀ ਮਾਨਸਿਕਤਾ - ਸਵਰਾਜਬੀਰ

ਦਿੱਲੀ ਵਿਚ ਦਾਰਾ ਸ਼ਿਕੋਹ ਬਾਰੇ ਹੋਏ ਇਕ ਸੈਮੀਨਾਰ ਵਿਚ ਬੋਲਦਿਆਂ ਰਾਸ਼ਟਰੀ ਸਵੈਮਸੇਵਕ ਸੰਘ ਦੇ ਸੰਯੁਕਤ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਨੇ ਸਵਾਲ ਪੁੱਛਿਆ ਕਿ ਇਸ ਧਾਰਨਾ ਕਿ ਮੁਸਲਮਾਨ ਸਾਡੇ ਦੇਸ਼ ਵਿਚ ਭੈਅ ਵਿਚ ਰਹਿ ਰਹੇ ਹਨ, ਨੂੰ ਸਮਝਣਾ ਮੁਸ਼ਕਲ ਹੈ। ਕ੍ਰਿਸ਼ਨ ਗੋਪਾਲ ਅਨੁਸਾਰ ਇਸ ਫ਼ਿਰਕੇ ਦੀ ਗਿਣਤੀ 15-16 ਕਰੋੜ ਹੋਣ ਦੇ ਬਾਵਜੂਦ ਉਹ ਡਰ ਕਿਉਂ ਮਹਿਸੂਸ ਕਰਦੇ ਹਨ ਜਦੋਂਕਿ 40-50 ਲੱਖ ਦੀ ਗਿਣਤੀ ਵਾਲੇ ਜੈਨੀਆਂ, 50 ਹਜ਼ਾਰ ਦੀ ਸੰਖਿਆ ਵਾਲੇ ਪਾਰਸੀਆਂ ਅਤੇ 50 ਲੱਖ ਬੋਧੀਆਂ ਨੇ ਕਦੀ ਵੀ ਅਜਿਹੀ ਭਾਵਨਾ ਪ੍ਰਗਟ ਨਹੀਂ ਕੀਤੀ।
     ਅਜਿਹੇ ਬਿਆਨ ਰਾਸ਼ਟਰੀ ਸਵੈਮਸੇਵਕ ਸੰਘ ਦੀ ਉਸ ਸੋਚ-ਸਮਝ ਦਾ ਹਿੱਸਾ ਹਨ ਜਿਸ ਨੂੰ ਉਹ ਬਹੁਗਿਣਤੀ ਫ਼ਿਰਕੇ ਦੀ ਸਮਾਜਿਕ ਸਮਝ ਬਣਾਉਣਾ ਚਾਹੁੰਦਾ ਹੈ ਅਤੇ ਉਹ ਇਸ ਵਿਚ ਬਹੁਤ ਹੱਦ ਤਕ ਕਾਮਯਾਬ ਵੀ ਹੋਇਆ ਹੈ। ਆਪਣੇ ਭਾਸ਼ਣਾਂ ਵਿਚ ਕ੍ਰਿਸ਼ਨ ਗੋਪਾਲ ਨੇ ਪੁਰਾਤਨ ਹਿੰਦੂ ਸਮਾਜ ਦੇ ਗੌਰਵ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਮਾਜ ਦਾ ਪਤਨ ਉਦੋਂ ਹੋਇਆ ਜਦੋਂ ਉੱਥੇ ਬਾਹਰਲਿਆਂ ਨੇ ਆ ਕੇ ਰਾਜ ਕਰਨਾ ਸ਼ੁਰੂ ਕਰ ਦਿੱਤਾ। ਸੰਘ ਦੀ ਵਿਚਾਰਧਾਰਾ ਅਨੁਸਾਰ ਮੁਸਲਮਾਨਾਂ ਤੇ ਇਸਾਈਆਂ ਨੂੰ ਬਾਹਰਲੇ ਗਿਣਦਿਆਂ ਉਨ੍ਹਾਂ ਨੂੰ ਸਮਾਜ ਵਿਚ ਆਏ ਵਿਗਾੜਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
      ਦੇਸ਼ ਦੀ ਸਭ ਤੋਂ ਵੱਡੀ ਘੱਟਗਿਣਤੀ ਫ਼ਿਰਕੇ ਦੇ ਲੋਕ ਇਸ ਲਈ ਭੈਅ ਵਿਚ ਰਹਿ ਰਹੇ ਹਨ ਕਿਉਂਂਕਿ ਉਨ੍ਹਾਂ ਨੂੰ ਕਈ ਵਰ੍ਹਿਆਂ ਤੋਂ ਹਜੂਮੀ ਹਿੰਸਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਕਦੇ ਗਊ-ਮਾਸ ਦੇ ਨਾਂ ਉੱਤੇ ਅਤੇ ਕਦੇ ਕਿਸੇ ਹੋਰ ਸ਼ੱਕ ਦੀ ਬਿਨਾਅ 'ਤੇ ਲੋਕਾਂ ਨੂੰ ਕੁੱਟਿਆ-ਮਾਰਿਆ ਗਿਆ ਹੈ ਤੇ ਉਨ੍ਹਾਂ ਤੋਂ ਜ਼ਬਰਦਸਤੀ ਧਾਰਮਿਕ ਨਾਅਰੇ ਲਗਵਾਏ ਗਏ ਹਨ। ਇਹੀ ਨਹੀਂ, ਮੀਡੀਆ ਚੈਨਲਾਂ ਅਤੇ ਸੰਚਾਰ ਦੇ ਹੋਰ ਮਾਧਿਅਮਾਂ ਵਿਚ ਵੀ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੀ ਸੋਚ ਅਤੇ ਜੀਵਨ-ਜਾਚ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਦੇਸ਼ ਭਗਤੀ 'ਤੇ ਸਵਾਲ ਉਠਾਏ ਜਾਂਦੇ ਹਨ। ਸੱਤਾਧਾਰੀ ਪਾਰਟੀ ਨਾਲ ਅਸਹਿਮਤੀ ਰੱਖਣ ਵਾਲੇ ਲੋਕਾਂ ਨੂੰ ਪਾਕਿਸਤਾਨ ਚਲੇ ਜਾਣ ਲਈ ਕਿਹਾ ਜਾਂਦਾ ਹੈ। ਹਜੂਮੀ ਹਿੰਸਾ ਕਰਨ ਵਾਲਿਆਂ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਅਤੇ ਉਨ੍ਹਾਂ ਦਾ ਜਨਤਕ ਤੌਰ 'ਤੇ ਸਨਮਾਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦਾ ਵਰਤਾਓ ਜੈਨੀਆਂ, ਬੋਧੀਆਂ ਜਾਂ ਪਾਰਸੀਆਂ ਨਾਲ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਲੋਕ ਖ਼ਾਸ ਤਰ੍ਹਾਂ ਦਾ ਭੈਅ ਮਹਿਸੂਸ ਕਰਦੇ ਹਨ।
      ਪੰਜਾਬ ਦੇ ਲੋਕਾਂ ਨੇ ਵੀ ਪਿਛਲੀ ਸਦੀ ਦੇ ਅੰਤਲੇ ਦੋ ਦਹਾਕਿਆਂ ਵਿਚ ਇਹੋ ਜਿਹਾ ਸੰਤਾਪ ਹੰਢਾਇਆ। 1982 ਵਿਚ ਏਸ਼ੀਅਨ ਖੇਡਾਂ ਦੇ ਸਮੇਂ ਪੰਜਾਬ ਤੋਂ ਆ-ਜਾ ਰਹੇ ਸਿੱਖ ਯਾਤਰੀਆਂ ਨਾਲ ਕੀਤਾ ਗਿਆ ਵਿਵਹਾਰ ਉਸ ਲੰਮੇ ਸੰਤਾਪ ਦੀਆਂ ਪਹਿਲੀਆਂ ਕੜੀਆਂ ਵਿਚੋਂ ਸੀ ਜਿਸ ਦੌਰਾਨ ਪੰਜਾਬ ਅਤੇ ਹੋਰਨਾਂ ਥਾਵਾਂ 'ਤੇ ਰਹਿੰਦੇ ਸਿੱਖ ਵੀ ਅਜਿਹੀ ਸਥਿਤੀ ਵਿਚੋਂ ਗੁਜ਼ਰੇ ਜਿਸ ਨੂੰ ਲਗਾਤਾਰ ਡਰ ਤੇ ਸਹਿਮ ਦੀ ਸਥਿਤੀ ਕਿਹਾ ਜਾ ਸਕਦਾ ਹੈ। 1984 ਵਿਚ ਹੋਏ ਸਾਕਾ ਨੀਲਾ ਤਾਰਾ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਨੇ ਇਸ ਡਰ, ਸਹਿਮ ਅਤੇ ਰੋਹ ਨੂੰ ਵਧਾਇਆ। ਹਜ਼ਾਰਾਂ ਸਿੱਖ ਪਰਿਵਾਰ ਹਿਜਰਤ ਕਰਕੇ ਵਾਪਸ ਪੰਜਾਬ ਵਿਚ ਆ ਵਸੇ।
       ਇਸ ਤਰ੍ਹਾਂ ਵੱਖ ਵੱਖ ਸਮਿਆਂ ਵਿਚ ਵੱਖ ਵੱਖ ਘੱਟਗਿਣਤੀਆਂ ਨਾਲ ਸਬੰਧਤ ਲੋਕ ਭੈਅ ਤੇ ਸਹਿਮ ਦੀ ਸਥਿਤੀ ਵਿਚੋਂ ਗੁਜ਼ਰਦੇ ਰਹੇ ਹਨ। ਕਿਸੇ ਭਾਈਚਾਰੇ ਵਿਚ ਭੈਅ ਲੰਮੇ ਸਮੇਂ ਤਕ ਵਿਤਕਰੇ ਦਾ ਸ਼ਿਕਾਰ ਹੋਣ ਤੋਂ ਬਾਅਦ ਪੈਦਾ ਹੁੰਦਾ ਹੈ। ਆਜ਼ਾਦੀ ਤੋਂ ਬਾਅਦ ਵੱਖ ਵੱਖ ਸ਼ਹਿਰਾਂ 'ਚ ਹੋਏ ਹਿੰਦੂ-ਮੁਸਲਮਾਨ ਦੰਗੇ ਅਤੇ ਉਨ੍ਹਾਂ ਵਿਚ ਸਰਕਾਰ ਤੇ ਪੁਲੀਸ ਦੁਆਰਾ ਘੱਟਗਿਣਤੀ ਦੇ ਲੋਕਾਂ ਨਾਲ ਕੀਤਾ ਗਿਆ ਵਰਤਾਓ ਇਸ ਡਰ ਤੇ ਸਹਿਮ ਦਾ ਕਾਰਨ ਹੈ। ਦੇਸ਼ ਦੀ ਰਾਜਨੀਤੀ ਵਿਚ ਵੱਡਾ ਮੋੜ 2002 ਵਿਚ ਆਇਆ ਜਦ ਬਹੁਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ ਨੂੰ ਸਬਕ ਸਿਖਾਉਣ ਦਾ ਵੇਲ਼ਾ ਆ ਗਿਆ ਹੈ। 2002 ਵਿਚ ਹੋਏ ਦੰਗਿਆਂ ਨੇ ਡਰ ਤੇ ਸਹਿਮ ਦੇ ਇਸ ਮਾਹੌਲ ਨੂੰ ਸਾਰੇ ਦੇਸ਼ ਵਿਚ ਫੈਲਾਇਆ ਅਤੇ ਹਜੂਮੀ ਹਿੰਸਾ ਦੀਆਂ ਕਾਰਵਾਈਆਂ ਨੇ ਇਸ ਭਾਵਨਾ ਨੂੰ ਸਿਖ਼ਰ 'ਤੇ ਪਹੁੰਚਾ ਦਿੱਤਾ। ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਬਹੁਗਿਣਤੀ ਫ਼ਿਰਕੇ ਦੇ ਆਗੂਆਂ ਤੇ ਲੋਕਾਂ ਦੀ ਇਖ਼ਲਾਕੀ ਜ਼ਿੰਮੇਵਾਰੀ ਹੁੰਦੀ ਹੈ ਪਰ ਸੰਘ ਪਰਿਵਾਰ ਅਤੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਆਗੂਆਂ ਨੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਹਮੇਸ਼ਾ ਤ੍ਰਿਸਕਾਰ ਕੀਤਾ ਹੈ। ਕਸ਼ਮੀਰ ਵਾਲੇ ਮਸਲੇ ਦੇ ਸਬੰਧ ਵਿਚ ਵੀ ਇਹ ਧਾਰਨਾ ਹੈ ਕਿ ਸੂਬੇ ਦੇ ਟੋਟੇ-ਟੋਟੇ ਇਸ ਲਈ ਕੀਤੇ ਗਏ ਕਿਉਂਕਿ ਇਸ ਵਿਚ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ ਦੀ ਗਿਣਤੀ ਜ਼ਿਆਦਾ ਸੀ।
      ਫ਼ਿਰਕਾਪ੍ਰਸਤ ਤਾਕਤਾਂ ਕਦੇ ਵੀ ਨਹੀਂ ਚਾਹੁੰਦੀਆਂ ਕਿ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦੇ ਲੋਕ ਆਪਣੇ ਆਪ ਨੂੰ ਆਜ਼ਾਦ ਤੇ ਬਰਾਬਰ ਦੇ ਸ਼ਹਿਰੀ ਮਹਿਸੂਸ ਕਰਨ। ਮੁਸਲਮਾਨਾਂ ਨੂੰ ਇਸ ਦੇਸ਼ ਵਿਚ ਰਹਿੰਦਿਆਂ ਹਜ਼ਾਰ ਵਰ੍ਹੇ ਤੋਂ ਉੱਪਰ ਹੋ ਗਏ ਹਨ ਅਤੇ ਇਸ ਫ਼ਿਰਕੇ ਨਾਲ ਸਬੰਧਤ ਬਾਦਸ਼ਾਹਾਂ ਅਤੇ ਹੋਰ ਰਾਜਿਆਂ-ਰਜਵਾੜਿਆਂ ਨੇ ਸੈਂਕੜੇ ਵਰ੍ਹੇ ਦੇਸ਼ 'ਤੇ ਹਕੂਮਤ ਕੀਤੀ ਹੈ। ਉਨ੍ਹਾਂ ਵਿਚੋਂ ਅਕਬਰ ਵਰਗੇ ਸਹਿਣਸ਼ੀਲ ਬਾਦਸ਼ਾਹ ਵੀ ਹੋਏ ਤੇ ਔਰੰਗਜ਼ੇਬ ਵਰਗੇ ਕੱਟੜਪੰਥੀ ਵੀ ਪਰ ਉਹ ਜ਼ਮਾਨਾ ਰਜਵਾੜਾਸ਼ਾਹੀ ਦਾ ਸੀ। ਹੁਣ ਦੇਸ਼ ਵਿਚ ਜਮਹੂਰੀਅਤ ਹੈ ਅਤੇ ਸੰਵਿਧਾਨ ਅਨੁਸਾਰ ਸਭ ਫ਼ਿਰਕਿਆਂ ਦੇ ਲੋਕ ਬਰਾਬਰ ਹਨ। ਇਸ ਦੇ ਬਾਵਜੂਦ ਆਰਐੱਸਐੱਸ ਤੇ ਭਾਜਪਾ ਧਰਮ ਦੇ ਨਾਂ 'ਤੇ ਸਿਆਸਤ ਕਰਕੇ ਤਾਕਤ ਉੱਤੇ ਕਾਬਜ਼ ਰਹਿਣਾ ਚਾਹੁੰਦੇ ਹਨ। ਇਸ ਤਰ੍ਹਾਂ ਆਰਐੱਸਐੱਸ ਦੇ ਆਗੂਆਂ ਦਾ ਇਹ ਸਵਾਲ ਪੁੱਛਣਾ ਬੇਮਾਅਨਾ ਹੈ ਕਿਉਂਕਿ ਘੱਟਗਿਣਤੀ ਫ਼ਿਰਕਿਆਂ ਵਿਚ ਡਰ ਅਤੇ ਸਹਿਮ ਪੈਦਾ ਕਰਨ ਦੀ ਫ਼ਸਲ ਉਨ੍ਹਾਂ ਦੇ ਆਪਣੇ ਵਿਚਾਰਾਂ ਵਿਚੋਂ ਹੀ ਉਗਮੀ ਹੈ।
       ਰਾਸ਼ਟਰੀ ਸਵੈਮਸੇਵਕ ਸੰਘ ਦੁਆਰਾ ਬਣਾਈ ਗਈ ਸਮਾਜਿਕ ਸਮਝ ਦਾ ਟਾਕਰਾ ਕਿਵੇਂ ਕੀਤਾ ਜਾਏ? 1947 ਵਿਚ ਮੁਲਕ ਧਰਮ ਦੇ ਆਧਾਰ 'ਤੇ ਵੰਡਿਆ ਗਿਆ ਸੀ, ਧਰਮ ਸਿਆਸਤ ਦਾ ਹਿੱਸਾ ਬਣ ਗਿਆ ਅਤੇ ਸਮੇਂ ਦੇ ਬੀਤਣ ਨਾਲ ਇਸ ਦੀ ਭੂਮਿਕਾ ਵਧਦੀ ਗਈ। ਦੇਸ਼ ਵਿਚ ਅੰਧ-ਰਾਸ਼ਟਰਵਾਦ ਅਤੇ ਧਾਰਮਿਕ ਭਾਵਨਾਵਾਂ ਨੂੰ ਮਿਲਾ ਕੇ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨ ਵਿਚ ਇਹ ਵਿਸ਼ਵਾਸ ਦ੍ਰਿੜ੍ਹ ਕਰਾ ਦਿੱਤਾ ਗਿਆ ਹੈ ਕਿ ਸਦੀਆਂ ਦੇ ਜ਼ੁਲਮ ਬਾਅਦ ਉਨ੍ਹਾਂ ਦਾ ਰਾਜ ਆਇਆ ਹੈ। ਇਸ ਤਰ੍ਹਾਂ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਇਤਿਹਾਸਕ ਤੌਰ 'ਤੇ ਪੀੜਤ ਹੋਣ ਤੇ ਵਰਤਮਾਨ ਵਿਚ ਤਾਕਤਵਰ ਹੋਣ ਦਾ ਇਕ ਅਜਿਹਾ ਦੁਜੈਲਾ ਵਿਚਾਰਧਾਰਕ ਜੁੱਟ ਸਿਰਜਿਆ ਗਿਆ ਹੈ ਜਿਹੜਾ ਇਕੋ ਵੇਲੇ ਉਨ੍ਹਾਂ ਨੂੰ ਪੀੜਤ ਤੇ ਸ਼ਕਤੀਸ਼ਾਲੀ ਹੋਣ ਦੀ ਭਾਵਨਾ ਦਿੰਦਾ ਹੈ। ਇਸ ਭਾਵਨਾ ਸਦਕਾ ਬਹੁਗਿਣਤੀ ਫ਼ਿਰਕੇ ਦੇ ਲੋਕ ਇਕ ਖ਼ਾਸ ਤਰ੍ਹਾਂ ਦੀ ਏਕਤਾ, ਸਮੂਹਿਕਤਾ ਤੇ ਸਾਂਝਾਪਣ ਮਹਿਸੂਸ ਕਰਦੇ ਹਨ। ਇਸ ਵਰਤਾਰੇ ਨੂੰ ਸਿਆਸੀ ਮਾਹਿਰ ਹਿੰਦੂ ਸਮੂਹਿਕਤਾ (Hindu consolidation) ਦਾ ਨਾਂ ਦਿੰਦੇ ਹਨ।
        ਜਦੋਂ ਮਾਨਸਿਕ ਇਤਿਹਾਦ ਦਾ ਅਜਿਹਾ ਜਟਿਲ ਬਿੰਬ ਲੋਕਾਂ ਦੇ ਵਿਚਾਰਾਂ ਦਾ ਹਿੱਸਾ ਬਣ ਜਾਏ ਤਾਂ ਉਸ ਨੂੰ ਖ਼ਤਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਹਾਲਾਤ ਏਦਾਂ ਦੇ ਹਨ ਕਿ ਵਿਰੋਧੀ ਧਿਰਾਂ ਅਤੇ ਜਮਹੂਰੀ ਹੱਕਾਂ ਦੇ ਕਾਰਕੁਨਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਵਿਰੋਧ ਇਸ ਵਿਚਾਰਧਾਰਕ ਜੁੱਟ/ਬਿੰਬ ਨੂੰ ਹੋਰ ਮਜ਼ਬੂਤ ਕਰਦਾ ਹੈ, ਉਦਾਹਰਨ ਦੇ ਤੌਰ 'ਤੇ ਜੰਮੂ-ਕਸ਼ਮੀਰ ਵਿਚ ਧਾਰਾ 370 ਨੂੰ ਖ਼ਤਮ ਕਰਨ ਤੇ ਸੂਬੇ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਵਿਰੁੱਧ ਕੀਤਾ ਗਿਆ ਵਿਰੋਧ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਦੇ ਮਨਾਂ ਵਿਚ ਇਹ ਭਾਵਨਾ ਜਗਾਉਂਦਾ ਹੈ ਕਿ ਇਹ ਲੋਕ ਦੇਸ਼ ਦੀ ਅਖੰਡਤਾ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਤਰ੍ਹਾਂ ਹਿੰਦੂ ਸਮੂਹਿਕਤਾ ਦੀ ਭਾਵਨਾ (Hindu consolidation) ਹੋਰ ਮਜ਼ਬੂਤ ਹੁੰਦੀ ਹੈ। ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਟੁਕੜੇ ਟੁਕੜੇ ਗੈਂਗ ਅਤੇ ਸ਼ਹਿਰੀ ਨਕਸਲੀ (ਅਰਬਨ ਨਕਸਲਾਈਟ) ਜਿਹੇ ਲਕਬ ਦਿੱਤੇ ਗਏ ਹਨ, ਅਜਿਹੇ ਲੋਕਾਂ ਦੇ ਕੁਝ ਕਹਿਣ 'ਤੇ ਮੀਡੀਆ ਪ੍ਰਚਾਰ ਰਾਹੀਂ ਇਹ ਪ੍ਰਭਾਵ ਬਣਾਇਆ ਜਾਂਦਾ ਹੈ ਕਿ ਇਹ ਲੋਕ ਦੇਸ਼ ਦੇ ਟੁਕੜੇ ਟੁਕੜੇ ਕਰਨ ਦੇ ਹਮਾਇਤੀ ਹਨ। ਇਸ ਤਰ੍ਹਾਂ ਅਜਿਹੇ ਲੋਕਾਂ ਦੇ ਬਿਆਨਾਂ ਨਾਲ ਵੀ ਹਿੰਦੂ ਸਮੂਹਿਕਤਾ ਦੀ ਭਾਵਨਾ ਨੂੰ ਹੋਰ ਪਕਿਆਈ ਮਿਲਦੀ ਹੈ। ਤਾਮਿਲ, ਕੰਨੜ ਅਤੇ ਹੋਰ ਸੂਬਿਆਂ ਦੇ ਲੋਕਾਂ ਵੱਲੋਂ ਕੀਤਾ ਗਿਆ ਹਿੰਦੀ ਥੋਪਣ ਦਾ ਵਿਰੋਧ ਵੀ ਇਸ ਭਾਵਨਾ ਨੂੰ ਪਰਪੱਕ ਕਰਦਾ ਹੈ।
       ਸੰਘ ਦੀ ਵਿਚਾਰਧਾਰਾ ਵਿਰੁੱਧ ਲੜਾਈ ਦਾ ਪੈਂਡਾ ਬਹੁਤ ਲੰਮਾ ਹੋਵੇਗਾ। ਇਸ ਵਿਚਾਰਧਾਰਾ ਦਾ ਵਿਰੋਧ ਕਰਨ ਵਾਲਿਆਂ ਨੂੰ ਬਹੁਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਇਹ ਦੱਸਣ ਲਈ ਵੱਡੀ ਕੋਸ਼ਿਸ਼ ਕਰਨੀ ਪਵੇਗੀ ਕਿ ਅੰਧ-ਰਾਸ਼ਟਰਵਾਦ ਦੇਸ਼ ਅਤੇ ਲੋਕਾਂ ਲਈ ਕਿਵੇਂ ਖ਼ਤਰਨਾਕ ਹੈ, ਕਿਵੇਂ ਗਵਾਂਢੀ ਦੇਸ਼ਾਂ ਨੂੰ ਨੁੱਕਰੇ ਲਾਉਣ ਦੀ ਮਾਨਸਿਕਤਾ ਦੀ ਥਾਂ ਗਵਾਂਢੀ ਦੇਸ਼ਾਂ ਨਾਲ ਵਪਾਰ ਅਤੇ ਸੱਭਿਆਚਾਰਕ ਰਿਸ਼ਤੇ ਕਾਇਮ ਕਰਨਾ ਸਾਡੇ ਤੇ ਗਵਾਂਢੀ ਦੇਸ਼ਾਂ ਦੇ ਲੋਕਾਂ ਦੇ ਹੱਕ ਵਿਚ ਜਾਂਦਾ ਹੈ, ਕਿਵੇਂ ਅਜਿਹਾ ਪ੍ਰਚਾਰ ਲੋਕਾਂ ਦਾ ਧਿਆਨ ਉਨ੍ਹਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਵੱਲ ਨਹੀਂ ਜਾਣ ਦਿੰਦਾ, ਕਿਵੇਂ ਹਜੂਮੀ ਹਿੰਸਾ ਕਾਰਨ ਸਮਾਜ ਦੀ ਊਰਜਾ ਡੀਕ ਲਈ ਜਾਂਦੀ ਹੈ। ਬਹੁਗਿਣਤੀ ਫ਼ਿਰਕੇ ਦੇ ਲੋਕਾਂ ਵਿਚ ਅਜਿਹੇ ਵਿਸ਼ਵਾਸ ਪੈਦਾ ਕਰਨ ਵਿਚ ਵੱਡੀ ਭੂਮਿਕਾ ਉਸੇ ਫ਼ਿਰਕੇ ਦੇ ਲੋਕਾਂ ਦੀ ਹੋਣੀ ਹੈ। ਇਹ ਵਿਸ਼ਵਾਸ ਸਾਧਾਰਨ ਤੌਰ 'ਤੇ ਸੰਘ ਦੀ ਵਿਚਾਰਧਾਰਾ ਵਿਰੁੱਧ ਲਾਏ ਜਾਂਦੇ ਨਾਅਰਿਆਂ ਅਤੇ ਉਨ੍ਹਾਂ ਨੂੰ ਫਾਸ਼ੀ ਕਹਿ ਕੇ ਮਾਰੀਆਂ ਜਾਂਦੀਆਂ ਕੂਕਾਂ ਨਾਲ ਪੈਦਾ ਨਹੀਂ ਕੀਤੇ ਜਾ ਸਕਦੇ।
       ਇਸ ਲਈ ਲੰਮੀ ਸਿਧਾਂਤਕ ਲੜਾਈ ਲੜਨੀ ਪਵੇਗੀ। ਲੋਕਾਂ ਦੀਆਂ ਹਕੀਕੀ ਮੰਗਾਂ ਨੂੰ ਕੇਂਦਰ ਬਣਾ ਕੇ ਸੰਘਰਸ਼ ਕਰਨੇ ਪੈਣਗੇ। ਆਪਣੇ ਸੱਭਿਆਚਾਰ ਵਿਚੋਂ ਹਾਂ-ਪੱਖੀ ਰਵਾਇਤਾਂ ਨੂੰ ਲੱਭਣਾ ਤੇ ਉਭਾਰਨਾ ਪਵੇਗਾ, ਆਪਣੀ ਸਥਾਨਿਕਤਾ ਤੇ ਸੱਭਿਆਚਾਰ ਦੀ ਪਿੱਠਭੂਮੀ 'ਚੋਂ ਨਵੀਂ ਪੀੜ੍ਹੀ ਨੂੰ ਸਮਝ ਆਉਣ ਵਾਲੀ ਊਰਜਾਮਈ ਭਾਸ਼ਾ ਤਲਾਸ਼ ਕਰਨੀ ਪਵੇਗੀ, ਸਮਾਜ ਵਿਚ ਪਸਰੇ ਹੋਏ ਜਾਤੀਵਾਦ ਅਤੇ ਮਰਦ-ਪ੍ਰਧਾਨ ਸੋਚ ਦਾ ਖੰਡਨ ਅਤੇ ਅਮਲੀ ਤੌਰ 'ਤੇ ਵਿਰੋਧ ਕਰਨਾ ਪਵੇਗਾ। ਇਸ ਸਭ ਲਈ ਵੱਡੇ ਜਮਹੂਰੀ ਏਕੇ ਦੀ ਜ਼ਰੂਰਤ ਹੈ ਜਿਸ ਦੀਆਂ ਆਵਾਜ਼ਾਂ ਅੱਜ ਖੰਡਿਤ ਰੂਪ ਵਿਚ ਸੁਣਾਈ ਦੇ ਰਹੀਆਂ ਹਨ।