Sawrajbir

ਧਾਰਮਿਕ ਕੁੜੱਤਣ ਦੇ ਰਾਹ-ਰਸਤੇ - ਸਵਰਾਜਵੀਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 'ਨਿਊਯਾਰਕ ਟਾਈਮਜ਼' ਨੂੰ ਦਿੱਤੀ ਇਕ ਇੰਟਰਵਿਊ ਵਿਚ ਇਹ ਕਬੂਲ ਕੀਤਾ ਹੈ ਕਿ ਪਾਕਿਸਤਾਨੀ ਫ਼ੌਜ ਨੇ 1980ਵਿਆਂ ਵਿਚ ਅਮਰੀਕਾ ਦੀ ਸ਼ਹਿ 'ਤੇ ਜਿਹਾਦੀ ਦਹਿਸ਼ਤਗਰਦਾਂ ਨੂੰ ਅਫ਼ਗ਼ਾਨਿਸਤਾਨ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਨਾਲ ਲੜਨ ਲਈ ਤਿਆਰ ਕੀਤਾ। ਇਮਰਾਨ ਖ਼ਾਨ ਅਨੁਸਾਰ ਹੁਣ ਉਨ੍ਹਾਂ ਦੇ ਦੇਸ਼ ਨੂੰ ਇਨ੍ਹਾਂ ਜਿਹਾਦੀ ਤੱਤਾਂ ਦੀ ਜ਼ਰੂਰਤ ਨਹੀਂ ਅਤੇ ਭਵਿੱਖ ਵਿਚ ਪਾਕਿਸਤਾਨ ਨਾ ਤਾਂ ਦਹਿਸ਼ਤਗਰਦ ਤਿਆਰ ਕਰੇਗਾ ਅਤੇ ਨਾ ਹੀ ਦਹਿਸ਼ਤਗਰਦ ਜਥੇਬੰਦੀਆਂ ਨੂੰ ਸ਼ਹਿ ਦੇਵੇਗਾ। ਬੀਬੀਸੀ ਨਾਲ ਗੱਲਬਾਤ ਕਰਦਿਆਂ ਮਸ਼ਹੂਰ ਲੇਖਕ ਤੇ ਨਾਮਾਨਿਗਾਰ ਹਨੀਫ਼ ਮੁਹੰਮਦ ਨੇ ਬੜੇ ਵਿਅੰਗਮਈ ਢੰਗ ਨਾਲ ਪੁੱਛਿਆ ਹੈ ਕਿ ਜਿਹੜੇ ਲੋਕਾਂ ਨੂੰ ਵਰ੍ਹਿਆਂ ਦੇ ਵਰ੍ਹੇ ਨਫ਼ਰਤ ਤੇ ਦੂਸਰੇ ਧਰਮਾਂ ਬਾਰੇ ਭੜਕਾਊ ਪ੍ਰਚਾਰ ਦੀ ਚੋਗ ਚੁਗਾਈ ਗਈ ਹੋਵੇ, ਹੁਣ ਉਨ੍ਹਾਂ ਨੂੰ ਸ਼ਾਂਤਮਈ ਤੇ ਅਹਿੰਸਕ ਬਣਨ ਲਈ ਕਿਵੇਂ ਪ੍ਰੇਰਿਆ ਜਾਏਗਾ।
       ਇਸ ਤਰ੍ਹਾਂ ਦਾ ਵਰਤਾਰਾ ਸਾਡੇ ਦੇਸ਼ ਵਿਚ ਵੀ ਵਾਪਰ ਰਿਹਾ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਨੂੰ ਧਾਰਮਿਕ, ਅਰਧ-ਧਾਰਮਿਕ, ਅੰਧ-ਵਿਸ਼ਵਾਸ ਅਤੇ ਹੋਰ ਜਜ਼ਬਾਤੀ ਵਿਸ਼ਿਆਂ ਨਾਲ ਸਬੰਧਤ ਟੀ.ਵੀ. ਸੀਰੀਅਲਾਂ, ਫਿਲਮਾਂ, ਖ਼ਬਰਾਂ ਆਦਿ ਦੀ ਖੁਰਾਕ ਦਿੱਤੀ ਜਾ ਰਹੀ ਹੈ। ਇਹ ਰੁਝਾਨ ਸਿਰਫ਼ ਟੀ.ਵੀ. ਸੀਰੀਅਲਾਂ ਅਤੇ ਖ਼ਬਰਾਂ ਤਕ ਹੀ ਸੀਮਤ ਨਹੀਂ ਸਗੋਂ ਇਨ੍ਹਾਂ ਨੂੰ ਅਮਲੀਜਾਮਾ ਵੀ ਪਹਿਨਾਇਆ ਗਿਆ। ਪੰਜਾਬ ਨੇ ਅਤਿਵਾਦ ਦਾ ਸੰਤਾਪ ਭੋਗਿਆ ਤੇ 1984 ਵਿਚ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਿੱਖਾਂ ਦਾ ਕਤਲੇਆਮ ਹੋਇਆ, 1992 ਵਿਚ ਬਾਬਰੀ ਮਜਸਿਦ ਢਾਹੀ ਗਈ ਅਤੇ ਕਈ ਸ਼ਹਿਰਾਂ ਵਿਚ ਦੰਗੇ ਹੋਏ। ਪਿਛਲੇ ਕੁਝ ਵਰ੍ਹਿਆਂ ਵਿਚ ਹਜੂਮੀ ਹਿੰਸਾ ਦੀਆਂ ਹੋਈਆਂ ਕਾਰਵਾਈਆਂ ਵੀ ਏਸੇ ਵਰਤਾਰੇ ਦਾ ਹਿੱਸਾ ਹਨ ਅਤੇ ਸੱਤਾ ਵਿਚ ਬੈਠੇ ਕੁਝ ਤੱਤਾਂ ਨੇ ਹਜੂਮੀ ਹਿੰਸਾ ਕਰਨ ਵਾਲਿਆਂ ਦਾ ਜਨਤਕ ਤੌਰ 'ਤੇ ਮਾਣ-ਸਤਿਕਾਰ ਵੀ ਕੀਤਾ। ਦੇਸ਼ ਦੇ ਘੱਟਗਿਣਤੀ ਫ਼ਿਰਕੇ ਨਾਲ ਸਬੰਧਤ ਲੋਕਾਂ, ਦਲਿਤਾਂ ਤੇ ਦਮਿਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਗਵਾਂਢੀ ਦੇਸ਼ਾਂ ਵਿਰੁੱਧ ਜ਼ਹਿਰੀਲਾ ਪ੍ਰਚਾਰ ਕੀਤਾ ਗਿਆ।
       ਹਨੀਫ਼ ਮੁਹੰਮਦ ਦੀਆਂ ਪਾਕਿਸਤਾਨ ਬਾਰੇ ਕੀਤੀਆਂ ਗਈਆਂ ਵਿਅੰਗਮਈ ਟਿੱਪਣੀਆਂ ਦਾ ਸਾਰ ਇਹ ਹੈ ਕਿ ਲੋਕਾਂ ਨੂੰ ਜ਼ਹਿਰੀਲੇ ਪ੍ਰਚਾਰ ਦਾ ਸਵਾਦ ਪੈ ਜਾਂਦਾ ਹੈ; ਉਨ੍ਹਾਂ ਦੀ ਮਾਨਸਿਕਤਾ ਵਿਗੜ ਜਾਂਦੀ ਹੈ ਅਤੇ ਉਸ ਮਾਨਸਿਕਤਾ ਨੂੰ ਆਸਾਨੀ ਨਾਲ ਆਪਸੀ ਭਾਈਚਾਰਕ ਸਾਂਝ ਤੇ ਧਰਮ-ਨਿਰਪੱਖਤਾ ਵਾਲੇ ਰਾਹ 'ਤੇ ਨਹੀਂ ਲਿਆਂਦਾ ਜਾ ਸਕਦਾ। ਸਾਡੇ ਦੇਸ਼ ਵਿਚ ਅੰਧ-ਰਾਸ਼ਟਰਵਾਦ ਤੇ ਨਫ਼ਰਤ-ਫੈਲਾਊ ਪ੍ਰਚਾਰ ਦੀ ਚਾਸ਼ਨੀ ਲੋਕਾਂ ਵਿਚ ਲਗਾਤਾਰ ਵੰਡੀ ਜਾ ਰਹੀ ਹੈ। ਇਸ ਨਾਲ ਕੁਝ ਪਾਰਟੀਆਂ ਨੂੰ ਸਿਆਸੀ ਲਾਭ ਤਾਂ ਜ਼ਰੂਰ ਹੋਇਆ ਹੈ ਪਰ ਲੋਕਾਂ ਨੂੰ ਹੋਇਆ ਨੁਕਸਾਨ ਸਭ ਤੋਂ ਵੱਡਾ ਹੈ। ਉਨ੍ਹਾਂ ਦੇ ਅਸਲੀ ਮੁੱਦੇ ਨਾ ਤਾਂ ਹੱਲ ਕੀਤੇ ਗਏ ਅਤੇ ਨਾ ਹੀ ਇਸ ਸਬੰਧ ਵਿਚ ਅਰਥ-ਭਰਪੂਰ ਸੰਵਾਦ ਰਚਾਇਆ ਗਿਆ ਹੈ। ਜਜ਼ਬਾਤ ਭੜਕਾਉਣ ਦਾ ਕੋਈ ਵੀ ਮੌਕਾ ਖੁੰਝਾਇਆ ਨਹੀਂ ਗਿਆ। ਚਾਹੇ ਕੋਈ ਮਾਮਲਾ ਮਾਓਵਾਦੀਆਂ ਨਾਲ ਸਬੰਧਤ ਹੋਵੇ ਜਾਂ ਜੰਮੂ ਕਸ਼ਮੀਰ ਦੇ ਦਹਿਸ਼ਤਗਰਦਾਂ ਨਾਲ, ਉਸ ਉੱਤੇ ਸੰਜੀਦਾ ਬਹਿਸ ਕਰਨ ਦੀ ਥਾਂ ਜਜ਼ਬਾਤੀ ਪ੍ਰਤੀਕਰਮ ਨੂੰ ਪਹਿਲ ਦਿੱਤੀ ਗਈ ਹੈ। ਤਰਕਸ਼ੀਲ ਅਤੇ ਲੋਕ-ਹਿੱਤ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਤੇ ਲੇਖਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਕਸ਼ਮਕਸ਼ ਵਿਚਾਰਧਾਰਕ ਪੱਧਰ ਤਕ ਹੀ ਸੀਮਤ ਨਹੀਂ ਰਹੀ ਸਗੋਂ ਗੋਵਿੰਦ ਪਾਂਸਾਰੇ, ਐੱਮ.ਐੱਮ. ਕਲਬੁਰਗੀ, ਨਰੇਂਦਰ ਦਾਭੋਲਕਰ, ਗੌਰੀ ਲੰਕੇਸ਼ ਅਤੇ ਹੋਰਨਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਦੇਸ਼ ਵਿਚ ਫ਼ਿਰਕੂ ਪਾੜਾ ਵਧਿਆ ਅਤੇ ਫ਼ਿਰਕਾਪ੍ਰਸਤ ਸੋਚ ਰੱਖਣ ਵਾਲੇ ਲੋਕਾਂ ਨੂੰ ਦੇਸ਼-ਭਗਤ ਮੰਨਿਆ ਗਿਆ।
      ਪਾਕਿਸਤਾਨ ਵੱਲੋਂ ਦਹਿਸ਼ਤਗਰਦ ਜਥੇਬੰਦੀਆਂ ਨੂੰ ਸ਼ਹਿ ਦੇਣ ਦੇ ਕਾਰਨ ਇਤਿਹਾਸਕ ਹਨ। ਉਸ ਦੇਸ਼ ਦੀ ਬੁਨਿਆਦ ਹੀ ਧਰਮ ਦੇ ਆਧਾਰ 'ਤੇ ਰੱਖੀ ਗਈ ਅਤੇ ਇਸੇ ਲਈ ਸਮਾਜਿਕ ਏਕਤਾ ਕਦੇ ਵੀ ਪਾਕਿਸਤਾਨ ਦੀ ਸਿਆਸਤ ਦਾ ਮੁੱਖ ਮੁੱਦਾ ਨਹੀਂ ਬਣ ਸਕੀ। ਜਦ ਧਰਮ ਦੇ ਨਾਂ 'ਤੇ ਸਿਆਸਤ ਕੀਤੀ ਜਾਂਦੀ ਹੈ ਤਾਂ ਇਸ ਦਾ ਫ਼ਾਇਦਾ ਕੱਟੜਪੰਥੀਆਂ ਨੂੰ ਹੁੰਦਾ ਹੈ। ਕੱਟੜਪੰਥੀ ਟੋਲੇ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਦੀਨ-ਪ੍ਰਸਤ ਦਿਖਾਉਣ ਦੀ ਕੋਸ਼ਿਸ਼ ਵਿਚ ਧਾਰਮਿਕ ਮੂਲਵਾਦ ਵੱਲ ਵਧਦੇ ਜਾਂਦੇ ਹਨ। ਪਾਕਿਸਤਾਨ ਵਿਚ ਵੀ ਇਸੇ ਤਰ੍ਹਾਂ ਹੋਇਆ ਅਤੇ ਕਈ ਵਰ੍ਹਿਆਂ ਤਕ ਸੰਵਿਧਾਨ ਦਾ ਖ਼ਾਕਾ ਤਕ ਤਿਆਰ ਨਾ ਕੀਤਾ ਜਾ ਸਕਿਆ। ਘੱਟਗਿਣਤੀਆਂ 'ਤੇ ਨਿਸ਼ਾਨਾ ਸਾਧਿਆ ਗਿਆ ਅਤੇ ਅਹਿਮਦੀਆਂ ਨੂੰ ਗ਼ੈਰ-ਮੁਸਲਿਮ ਕਰਾਰ ਦੇ ਦਿੱਤਾ ਗਿਆ। ਹਿੰਦੂ ਤੇ ਸਿੱਖ ਘੱਟਗਿਣਤੀਆਂ ਵੀ ਵਧ ਰਹੀ ਕੱਟੜਪੰਥੀ ਦਾ ਨਿਸ਼ਾਨਾ ਬਣਦੀਆਂ ਰਹੀਆਂ। ਇਸ ਕੱਟੜਵਾਦ ਕਾਰਨ ਉਰਦੂ ਨੂੰ ਦੇਸ਼ ਦੀ ਕੌਮੀ ਭਾਸ਼ਾ ਬਣਾਇਆ ਗਿਆ ਅਤੇ ਇਸ ਵਿਰੁੱਧ ਉੱਠੇ ਅੰਦੋਲਨ ਅਤੇ ਦੇਸ਼ ਦੇ ਪੂਰਬੀ ਹਿੱਸੇ ਦੇ ਸਿਆਸਤਦਾਨਾਂ ਨੂੰ ਕੌਮੀ ਨੇਤਾ ਕਬੂਲਣ ਤੋਂ ਇਨਕਾਰ ਕਰਨ 'ਤੇ 1971 ਵਿਚ ਦੇਸ਼ ਦੋ ਟੋਟੇ ਹੋ ਗਿਆ। 1980ਵਿਆਂ ਵਿਚ ਅਮਰੀਕਾ ਨੇ ਪਾਕਿਸਤਾਨ ਦੀ ਧਰਤੀ ਨੂੰ ਅਫ਼ਗ਼ਾਨਿਸਤਾਨ ਵਿਚ ਸੋਵੀਅਤ ਯੂਨੀਅਨ ਦੀਆਂ ਫ਼ੌਜਾਂ ਵਿਰੁੱਧ ਲੜਨ ਲਈ ਵਰਤਿਆ। ਸੋਵੀਅਤ ਯੂਨੀਅਨ ਦੇ ਅਫ਼ਗ਼ਾਨਿਸਤਾਨ ਤੋਂ ਹਟ ਜਾਣ ਤੋਂ ਬਾਅਦ ਜਿਹਾਦੀ ਟੋਲਿਆਂ ਨੇ ਅਫ਼ਗ਼ਾਨਿਸਤਾਨ ਵਿਚ ਆਪਣੀ ਹਕੂਮਤ ਕਾਇਮ ਕੀਤੀ। ਦਹਿਸ਼ਤਪਸੰਦ ਜਥੇਬੰਦੀਆਂ ਨੇ ਅਮਰੀਕਾ, ਇੰਗਲੈਂਡ, ਸਪੇਨ ਤੇ ਹੋਰ ਕਈ ਦੇਸ਼ਾਂ ਵਿਚ ਦਹਿਸ਼ਤਗਰਦ ਕਾਰਵਾਈਆਂ ਕੀਤੀਆਂ ਜਿਨ੍ਹਾਂ ਵਿਚੋਂ 11 ਸਤੰਬਰ 2001 ਨੂੰ 'ਜੌੜੇ ਟਾਵਰਾਂ' ਨੂੰ ਢਾਹੁਣ ਵਾਲੀ ਕਾਰਵਾਈ ਪ੍ਰਮੁੱਖ ਸੀ। ਇਨ੍ਹਾਂ ਜਥੇਬੰਦੀਆਂ ਨੇ ਪਾਕਿਸਤਾਨ ਦੇ ਲੋਕਾਂ ਵਿਰੁੱਧ ਵੀ ਦਹਿਸ਼ਤਗਰਦ ਕਾਰਵਾਈਆਂ ਕੀਤੀਆਂ ਜਿਨ੍ਹਾਂ ਵਿਚ ਸ਼ੀਆ ਮੁਸਲਮਾਨਾਂ ਅਤੇ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਸਦੀ ਦੇ ਦੂਸਰੇ ਦਹਾਕੇ ਵਿਚ ਪਾਕਿਸਤਾਨ ਵਿਚ ਹੋਈਆਂ ਦਹਿਸ਼ਤਗਰਦ ਕਾਰਵਾਈਆਂ ਕਾਰਨ ਸੈਂਕੜੇ ਲੋਕ ਮਾਰੇ ਗਏ ਜਿਨ੍ਹਾਂ ਵਿਚ ਸਕੂਲਾਂ ਦੇ ਬੱਚੇ ਵੀ ਸ਼ਾਮਲ ਹਨ। ਇਸ ਤਰ੍ਹਾਂ ਦੇ ਮਾਹੌਲ ਕਾਰਨ ਪਾਕਿਸਤਾਨ ਦੀ ਆਰਥਿਕ ਹਾਲਤ ਵਿਗੜਦੀ ਗਈ ਅਤੇ ਹੁਣ ਉਹ ਇੰਟਰਨੈਸ਼ਨਲ ਮਾਨੀਟਰਿੰਗ ਫੰਡ ਦਾ ਦਰਵਾਜ਼ਾ ਖਟਖਟਾ ਰਿਹਾ ਹੈ। ਕੁਝ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵੇਲ਼ੇ ਪਾਕਿਸਤਾਨ ਵਿਚ ਅਸਲੀ ਸੱਤਾ (Deep State) ਵਿਚ ਬੈਠੇ ਹੋਏ ਲੋਕ ਮਹਿਸੂਸ ਕਰਦੇ ਹਨ ਕਿ ਜੇਕਰ ਆਤੰਕਵਾਦ ਨੂੰ ਨਕੇਲ ਨਾ ਪਾਈ ਗਈ ਤਾਂ ਇਹ ਪਾਕਿਸਤਾਨ ਨੂੰ ਹੀ ਨਿਗਲ ਜਾਏਗਾ।
       ਇਤਿਹਾਸਕਾਰ ਇਸ਼ਤਿਆਕ ਅਹਿਮਦ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਇਸ ਤਰ੍ਹਾਂ ਹੋਣਾ ਸੁਭਾਵਿਕ ਸੀ ਕਿਉਂਕਿ ਰਿਆਸਤ (State) ਦਾ ਪ੍ਰਾਜੈਕਟ ਗ਼ੈਰ-ਸ਼ਮੂਲੀਅਤ ਵਾਲਾ ਸੀ। ਉਸ ਅਨੁਸਾਰ ਹਿੰਦੋਸਤਾਨ ਵਿਚ ਰਿਆਸਤ ਦਾ ਪ੍ਰਾਜੈਕਟ ਸ਼ਮੂਲੀਅਤ ਵਾਲਾ ਹੈ। ਹਿੰਦੋਸਤਾਨ ਦਾ ਸੰਵਿਧਾਨ ਧਰਮ ਨਿਰਪੱਖ ਜਮਹੂਰੀਅਤ ਪ੍ਰਤੀ ਵਚਨਬੱਧ ਹੈ। ਮਨੁੱਖੀ ਹੱਕਾਂ ਤੇ ਆਜ਼ਾਦੀ ਨੂੰ ਯਕੀਨੀ ਬਣਾਉਣਾ ਅਤੇ ਨਿਰਪੱਖ ਢੰਗ ਤਰੀਕੇ ਨਾਲ ਚੋਣਾਂ ਕਰਵਾਉਣੀਆਂ ਦੇਸ਼ ਦੇ ਸੰਵਿਧਾਨ ਦੇ ਬੁਨਿਆਦੀ ਢਾਂਚੇ ਵਿਚ ਸ਼ਾਮਲ ਹਨ। ਇਸ ਤਰ੍ਹਾਂ ਸਾਰੀਆਂ ਸਿਆਸੀ ਪਾਰਟੀਆਂ ਦੀ ਹੋਂਦ ਅਤੇ ਉਨ੍ਹਾਂ ਨੂੰ ਆਪਣਾ ਪ੍ਰਚਾਰ ਕਰਨ ਲਈ ਮਿਲੀ ਆਜ਼ਾਦੀ ਦਾ ਸੋਮਾ ਭਾਰਤੀ ਸੰਵਿਧਾਨ ਹੈ। ਪਰ ਜੇ ਧਰਮ ਨਿਰਪੱਖਤਾ ਭਾਰਤੀ ਸੰਵਿਧਾਨ ਦੀ ਇਕ ਮੁੱਖ ਚੂਲ ਹੈ ਤਾਂ ਕੋਈ ਸਿਆਸੀ ਪਾਰਟੀ ਧਰਮ ਆਧਾਰਿਤ ਸਿਆਸਤ ਕਿਵੇਂ ਕਰ ਸਕਦੀ ਹੈ?
        ਭਾਜਪਾ ਵੱਲੋਂ ਕਾਂਗਰਸ 'ਤੇ ਦੋਸ਼ ਲਾਇਆ ਜਾਂਦਾ ਰਿਹਾ ਹੈ ਕਿ ਉਸ ਨੇ ਘੱਟਗਿਣਤੀਆਂ ਨੂੰ ਰਿਆਇਤਾਂ ਦੇਣ ਦੀ ਰਣਨੀਤੀ ਅਪਣਾਈ ਅਤੇ ਇਸ ਕਾਰਨ ਦੇਸ਼ ਦੇ ਬਹੁਗਿਣਤੀ ਵਾਲੇ ਫ਼ਿਰਕੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਗਈ। 1951 ਵਿਚ ਹੋਂਦ ਵਿਚ ਆਈ ਜਨਸੰਘ ਮੂਲਵਾਦੀ ਏਜੰਡੇ ਵਾਲੀ ਪਾਰਟੀ ਸੀ ਜਿਹੜੀ ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਈ। ਜਨਤਾ ਪਾਰਟੀ ਦੇ ਟੁੱਟਣ ਤੋਂ ਬਾਅਦ ਇਸ ਨੇ ਭਾਰਤੀ ਜਨਤਾ ਪਾਰਟੀ ਦੇ ਨਾਂ ਹੇਠ ਹੋਂਦ ਵਿਚ ਆ ਕੇ ਹਿੰਦੂਤਵ ਵਾਲੇ ਏਜੰਡੇ ਦੇ ਨਵੇਂ ਨਕਸ਼ ਉਲੀਕੇ। ਪ੍ਰਚਾਰ ਕਰਨ ਲਈ ਕਈ ਤਰ੍ਹਾਂ ਦੇ ਤਰੀਕੇ ਵਰਤੇ ਗਏ : ਕੁਝ ਪ੍ਰਚਾਰ ਬੜੇ ਸਹਿਜ ਨਾਲ ਕੀਤਾ ਗਿਆ ਅਤੇ ਉਸ ਵਿਚ ਦੇਸ਼ ਦੀ ਵੱਡੀ ਬਹੁਗਿਣਤੀ ਨੂੰ ਘੱਟਗਿਣਤੀ ਫ਼ਿਰਕੇ ਦੇ ਜ਼ੁਲਮਾਂ ਕਾਰਨ ਸਦੀਆਂ ਤੋਂ ਪੀੜਤ ਦਰਸਾਇਆ ਗਿਆ। ਕੁਝ ਪ੍ਰਚਾਰ ਬਹੁਤ ਪ੍ਰਚੰਡਤਾ ਨਾਲ ਕੀਤਾ ਗਿਆ ਜਿਸ ਵਿਚ ਅਯੁੱਧਿਆ ਵਿਚ ਰਾਮ ਮੰਦਰ ਬਣਾਉਣਾ ਮੁੱਖ ਏਜੰਡਾ ਬਣਿਆ। ਉਸ ਸਮੇਂ ਹੀ ਕਈ ਪ੍ਰਚਾਰਕ, ਜਿਨ੍ਹਾਂ ਵਿਚ ਕੁਝ ਸਾਧੂ ਤੇ ਸਾਧਵੀਆਂ ਵੀ ਸ਼ਾਮਲ ਸਨ/ਹਨ, ਦੇ ਤਿੱਖੇ ਤੇ ਜ਼ਹਿਰੀਲੇ ਪ੍ਰਚਾਰ ਕਾਰਨ ਦੇਸ਼ ਵਿਚ ਫ਼ਿਰਕੂ ਪਾੜਾ ਵਧਿਆ।
        ਇਹੋ ਜਿਹੇ ਪ੍ਰਚਾਰ ਕਾਰਨ ਭਾਜਪਾ ਮਜ਼ਬੂਤ ਹੁੰਦੀ ਚਲੀ ਗਈ ਅਤੇ ਉਸ ਨੇ ਇਹ ਵੀ ਵੇਖਿਆ ਕਿ ਗੁਜਰਾਤ ਵਿਚ ਹੋਏ 2002 ਦੇ ਦੰਗਿਆਂ ਤੋਂ ਬਾਅਦ ਉਹ ਰਿਆਸਤ ਤੇ ਸਿਆਸਤ ਵਿਚ ਇਕ ਇਹੋ ਜਿਹੀ ਬਣਤਰ ਪੈਦਾ ਕਰ ਸਕਦੀ ਹੈ ਜਿਸ ਨੂੰ ਹਿਲਾਉਣਾ ਮੁਸ਼ਕਲ ਹੋਵੇਗਾ। ਇਸੇ ਕਾਰਨ ਉਸ ਨੇ 2014 ਵਿਚ ਵੋਟਾਂ ਦਾ ਧਰੁਵੀਕਰਨ ਕਰਕੇ ਚੋਣਾਂ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ। ਫ਼ਿਰਕੂ ਪਾੜੇ ਨੂੰ ਵਧਾਉਣ ਅਤੇ ਹਿੰਦੂਤਵ ਦੇ ਏਜੰਡੇ ਨੂੰ ਪ੍ਰਚਾਰ ਕਰਨ ਦਾ ਪ੍ਰਯੋਗ ਕਈ ਥਾਵਾਂ 'ਤੇ ਕੀਤਾ ਗਿਆ ਜੋ ਸਫ਼ਲ ਰਿਹਾ। ਹੁਣ ਵੀ ਚੋਣਾਂ ਵਿਚ ਆਰਥਿਕ ਜਾਂ ਸਮਾਜਿਕ ਮੁੱਦਿਆਂ ਦੀ ਥਾਂ 'ਤੇ ਇਹੋ ਜਿਹੇ ਭੜਕਾਊ ਮੁੱਦਿਆਂ ਨੂੰ ਹੀ ਤਰਜੀਹ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
        ਸਵਾਲ ਇਹ ਹੈ ਕਿ ਲੋਕਾਂ ਨੂੰ ਵਰ੍ਹਿਆਂ ਦੇ ਵਰ੍ਹੇ ਇਸ ਨਫ਼ਰਤ-ਫੈਲਾਊ ਸੋਚ-ਸਮਝ ਨਾਲ ਲੈਸ ਕਰਕੇ ਅਸੀਂ ਕਿਸ ਪਾਸੇ ਵੱਲ ਵਧ ਰਹੇ ਹਾਂ? ਇਸ ਸਬੰਧ ਵਿਚ ਫਹਿਮੀਦਾ ਰਿਆਜ਼ ਦੀ ਮਸ਼ਹੂਰ ਕਵਿਤਾ 'ਤੁਮ ਬਿਲਕੁਲ ਹਮ ਜੈਸੇ ਨਿਕਲੇ' ਦੀ ਉਦਾਹਰਨ ਦਿੱਤੀ ਜਾਂਦੀ ਹੈ ਜਿਸ ਦਾ ਸਾਰ ਇਹ ਹੈ ਕਿ ਹਿੰਦੋਸਤਾਨ ਦੀ ਸਿਆਸਤ ਵੀ ਪਾਕਿਸਤਾਨ ਦੀ ਸਿਆਸਤ ਵਾਂਗ ਫ਼ਿਰਕੂ ਲੀਹਾਂ 'ਤੇ ਪਈ ਹੋਈ ਹੈ। ਸਾਰੇ ਜਾਣਦੇ ਹਨ ਕਿ ਇਹ ਦੇਸ਼ ਦੇ ਹਿੱਤ ਵਿਚ ਨਹੀਂ ਪਰ ਇਸ ਤੋਂ ਹੁੰਦੇ ਸਿਆਸੀ ਲਾਭ ਏਨੇ ਵੱਡੇ ਹੁੰਦੇ ਹਨ ਕਿ ਸਿਆਸੀ ਪਾਰਟੀਆਂ ਇਨ੍ਹਾਂ ਜਜ਼ਬਾਤੀ ਮੁੱਦਿਆਂ ਨੂੰ ਵਰਤਣ ਤੋਂ ਗੁਰੇਜ਼ ਨਹੀਂ ਕਰਦੀਆਂ। ਪਰ ਇਸ ਨਾਲ ਅਸੀਂ ਗ਼ੈਰ-ਜਮਹੂਰੀ ਤੇ ਨੀਮ-ਫਾਸ਼ੀਵਾਦੀ ਰਾਹਾਂ ਵੱਲ ਵਧ ਰਹੇ ਹਾਂ। ਆਪਸ ਵਿਚ ਨਫ਼ਰਤ ਕਰਨ ਅਤੇ ਦੂਸਰੇ ਫ਼ਿਰਕਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਵਾਲੇ ਲੋਕ ਕਦੇ ਵੀ ਮਜ਼ਬੂਤ ਜਮਹੂਰੀਅਤ ਦੀ ਸਿਰਜਣਾ ਨਹੀਂ ਕਰ ਸਕਦੇ। ਇਸ ਲਈ ਜ਼ਰੂਰਤ ਹੈ ਕਿ ਇਹੋ ਜਿਹੇ ਰੁਝਾਨਾਂ ਦਾ ਸਮੂਹਿਕ ਵਿਰੋਧ ਕਰਦਿਆਂ ਪੈਰ-ਪੈਰ 'ਤੇ ਇਨ੍ਹਾਂ ਵਿਰੁੱਧ ਲੜਾਈ ਕੀਤੀ ਜਾਏ, ਨਹੀਂ ਤਾਂ ਇਹ ਜ਼ਹਿਰ ਸਾਡੀ ਜਮਹੂਰੀਅਤ ਦੇ ਸਰੀਰ ਦੀਆਂ ਨਸਾਂ ਵਿਚ ਫੈਲ ਕੇ ਆਪਾਮਾਰੂ ਤਾਸੀਰ ਗ੍ਰਹਿਣ ਕਰ ਜਾਏਗਾ।

ਇਨ੍ਹਾਂ ਦਾ ਜਿਊਣਾ ਹੀ ਪੰਜਾਬ ਦਾ ਮੈਨੀਫੈਸਟੋ ਹੈ - ਸਵਰਾਜਬੀਰ

ਲਗਭਗ 45 ਸਾਲ ਪਹਿਲਾਂ ਲਿਖੀ ਕਵਿਤਾ ਵਿਚ ਮਰਹੂਮ ਪੰਜਾਬੀ ਸ਼ਾਇਰ ਪਾਸ਼ 'ਮੇਰੇ ਦੇਸ਼' ਨਾਂ ਦੀ ਕਵਿਤਾ ਵਿਚ ਆਪਣੇ ਦੇਸ਼ ਨਾਲ ਏਦਾਂ ਗ਼ਿਲਾ ਕਰਦਾ ਹੈ : ''ਅਸੀਂ ਤਾਂ ਖਪ ਗਏ ਹਾਂ/ਧੂੜ ਵਿਚ ਲਥ-ਪਥ ਤਿਰਕਾਲਾਂ ਦੇ ਢਿੱਡ ਅੰਦਰ/ਅਸੀਂ ਤਾਂ ਛਪ ਗਏ ਹਾਂ/ਪੱਥੇ ਹੋਏ ਗੋਹੇ ਦੇ ਉੱਤੇ ਉੱਕਰੀਆਂ ਉਂਗਲਾਂ ਦੇ ਨਾਲ/'ਜਮਹੂਰੀਅਤ' ਦੇ ਪੈਰਾਂ ਵਿਚ ਰੁਲਦੇ ਹੋਏ ਮੇਰੇ ਦੇਸ਼।'' ਉਸੇ ਕਵਿਤਾ ਵਿਚ ਪਾਸ਼ ਦਾ ਗ਼ਿਲਾ ਹੋਰ ਡੂੰਘਾ ਹੁੰਦਾ ਹੈ : ''ਸਾਡੇ ਨਿੱਤ ਫ਼ਿਕਰਾਂ ਦੀ ਭੀੜ ਵਿਚ/ਗਵਾਚ ਗਈ ਹੈ/ਆਦਰਸ਼ ਵਰਗੀ ਪਵਿੱਤਰ ਚੀਜ਼/ਅਸੀਂ ਤਾਂ ਉੱਡ ਰਹੇ ਹਾਂ 'ਨ੍ਹੇਰੀਆਂ ਵਿਚ/ਸੁੱਕੇ ਹੋਏ ਪੱਤਿਆਂ ਦੇ ਵਾਂਗ૴।'' ਇਨ੍ਹਾਂ 45 ਸਾਲਾਂ ਵਿਚ ਦੇਸ਼ ਦੇ ਹਾਲਾਤ ਕਾਫ਼ੀ ਬਦਲੇ ਹਨ ਤੇ ਦਬੇ-ਕੁਚਲੇ ਲੋਕਾਂ ਦੇ ਜੀਵਨ ਵਿਚ ਹੋਰ ਨਿਘਾਰ ਆਇਆ ਹੈ। ਲੋਕ ਹੋਰ ਮਰੇ-ਖਪੇ ਤੇ ਖਵਾਰ ਹੋਏ ਹਨ। ਆਦਰਸ਼ ਗਵਾਚ ਗਏ ਹਨ ਤੇ ਲੋਕਾਂ ਦੀ ਹੋਂਦ ਸੱਚਮੁੱਚ ਸੁੱਕਿਆਂ ਪੱਤਿਆਂ ਵਰਗੀ ਹੋ ਗਈ ਹੈ। ਪਾਸ਼ ਨੇ ਇਹ ਕਵਿਤਾ ਸੱਤਰਵਿਆਂ ਵਿਚ ਲਿਖੀ ਜਦ ਪੰਜਾਬੀ ਨਾ ਤਾਂ ਏਨੀ ਵੱਡੀ ਪੱਧਰ 'ਤੇ ਪਰਵਾਸ ਕਰ ਰਹੇ ਸਨ ਅਤੇ ਨਾ ਹੀ ਏਨੇ ਨਿਰਾਸ਼ ਹੋਏ ਸਨ। ਉਸ ਵੇਲ਼ੇ ਤਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਦੇ ਕਿਸਾਨ ਤੇ ਮਜ਼ਦੂਰ, ਜੋ ਦੇਸ਼-ਵਿਦੇਸ਼ ਵਿਚ ਆਪਣੇ ਉੱਦਮ ਤੇ ਮਿਹਨਤ ਲਈ ਜਾਣੇ ਜਾਂਦੇ ਹਨ, ਖ਼ੁਦਕੁਸ਼ੀ ਕਰਨਗੇ। ਜੇ ਅੱਜ ਪਾਸ਼ ਜਿਉਂਦਾ ਹੁੰਦਾ ਤਾਂ ਕਿੱਦਾਂ ਦੀ ਕਵਿਤਾ ਲਿਖਦਾ? ਜਾਂ ਲਿਖਣ ਤੋਂ ਨਿਰਾਸ਼ ਹੋ ਕੇ ਚੁੱਪ ਹੋ ਜਾਂਦਾ?
      ਸੱਤਰਵਿਆਂ ਵਿਚ ਪੰਜਾਬੀ ਬੰਦਾ ਆਪਣੇ ਹੱਕਾਂ ਲਈ ਲੜ ਰਿਹਾ ਸੀ ਅਤੇ ਉਸ ਦਾ ਮਨ ਆਸਾਂ-ਉਮੀਦਾਂ ਨਾਲ ਭਰਿਆ ਹੋਇਆ ਸੀ। ਅੱਸੀਵਿਆਂ ਵਿਚ ਆਏ ਅਤਿਵਾਦ ਅਤੇ ਬਾਅਦ ਵਿਚ ਨਸ਼ਿਆਂ ਦੇ ਫੈਲਾਓ ਨੇ ਉਸ ਦੀ ਊਰਜਾ ਡੀਕ ਲਈ ਤੇ ਉਹੀ ਬੰਦਾ ਤੰਤਹੀਣ ਹੋ ਗਿਆ। ਇਸ ਵਿਚ ਸਭ ਤੋਂ ਵੱਡਾ ਹਿੱਸਾ ਭ੍ਰਿਸ਼ਟ ਸਿਆਸਤਦਾਨਾਂ ਨੇ ਪਾਇਆ ਜਿਹੜੇ ਨਾ ਸਿਰਫ਼ ਰਿਸ਼ਵਤਖੋਰੀ ਅਤੇ ਸਰਕਾਰੀ ਢਾਂਚੇ ਨੂੰ ਆਪਣੇ ਹਿੱਤਾਂ ਲਈ ਢਾਲ ਕੇ ਅਮੀਰ ਹੋਏ ਸਗੋਂ ਉਨ੍ਹਾਂ ਨੇ ਇਹ ਵੀ ਨਿਸ਼ਚੇ ਕੀਤਾ ਕਿ ਗ਼ਰੀਬ ਆਦਮੀ ਹੋਰ ਗ਼ਰੀਬ ਹੁੰਦਾ ਜਾਏ, ਨਾ ਉਸ ਦੇ ਬੱਚਿਆਂ ਨੂੰ ਚੰਗੀ ਵਿੱਦਿਆ ਮਿਲੇ ਅਤੇ ਨਾ ਹੀ ਉਸ ਦੇ ਪਰਿਵਾਰ ਦੀ ਸਿਹਤ-ਸੰਭਾਲ ਲਈ ਕੋਈ ਕਦਮ ਚੁੱਕੇ ਜਾਣ। ਸਿਆਸਤਦਾਨਾਂ ਦੀ ਇਸ ਬੇਰੁਖੀ ਤੇ ਬਦਦਿਆਨਤਦਾਰੀ ਕਾਰਨ ਪੰਜਾਬ ਦੇ ਕਿਸਾਨ ਤੇ ਮਿਹਨਤਕਸ਼ ਲੋਕ ਏਨੇ ਰੁਲ ਗਏ ਕਿ ਹੁਣ ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਦੀਆਂ ਘਟਨਾਵਾਂ ਲੋਕਾਂ ਨੂੰ ਕੋਈ ਅਲੋਕਾਰੀ ਨਹੀਂ, ਆਮ ਜਿਹੀ ਗੱਲ ਲੱਗਦੀਆਂ ਹਨ। ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ 2002 ਤੋਂ ਲੈ ਕੇ 2015-16 ਤਕ 16,606 ਕਿਸਾਨਾਂ ਤੇ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ।
       ਇਹ ਖ਼ੁਦਕੁਸ਼ੀਆਂ ਆਮ ਕਰਕੇ ਪਰਿਵਾਰ ਦੇ ਕਮਾਊ ਜੀਆਂ ਨੇ ਕੀਤੀਆਂ। ਜਿਹੜੇ ਪਰਿਵਾਰ ਦਾ ਕਮਾਊ ਜੀਅ ਖ਼ੁਦਕੁਸ਼ੀ ਕਰ ਲਵੇ ਤਾਂ ਬਾਕੀ ਜੀਅ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜਿਊਣਗੇ? ਕਈ ਪਰਿਵਾਰਾਂ ਨੂੰ ਸਰਕਾਰ ਨੇ ਰਾਹਤ ਰਾਸ਼ੀ ਦਿੱਤੀ ਅਤੇ ਕਈਆਂ ਦੀਆਂ ਅਰਜ਼ੀਆਂ ਸਰਕਾਰੀ ਦਫ਼ਤਰਾਂ ਵਿਚ ਰੁਲਦੀਆਂ ਰਹੀਆਂ। ਪੰਜਾਬ ਦੇ ਸਿਆਸਤਦਾਨਾਂ ਦੀ ਹਓਮੈ ਅਤੇ ਗ਼ਰੀਬਾਂ ਪ੍ਰਤੀ ਉਦਾਸੀਨਤਾ ਵੇਖਣ ਹੀ ਵਾਲੀ ਹੈ। ਉਨ੍ਹਾਂ ਕੋਲ ਅਥਾਹ ਜਾਇਦਾਦ ਹੈ, ਵੱਡੀਆਂ ਲੰਮੀਆਂ ਕਾਰਾਂ, ਇਰਦ-ਗਿਰਦ ਮੰਡਰਾਉਣ ਵਾਲੇ ਮੁਸ਼ਟੰਡੇ, ਪੁਲੀਸ ਦੀਆਂ ਗਾਰਦਾਂ। ਉਨ੍ਹਾਂ ਦੀ ਦਿੱਖ ਅਤੇ ਵਿਹਾਰ ਨੂੰ ਵੇਖ ਕੇ ਕਦੇ ਵੀ ਨਹੀਂ ਲੱਗਦਾ ਕਿ ਉਨ੍ਹਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਬਾਰੇ ਗੰਭੀਰਤਾ ਨਾਲ ਸੋਚਿਆ ਹੋਵੇ ਕਿਉਂਕਿ ਜੇ ਉਹ ਇਨ੍ਹਾਂ ਸਮੱਸਿਆਵਾਂ ਬਾਰੇ ਸੋਚਦੇ ਤਾਂ ਉਨ੍ਹਾਂ ਦਾ ਰਹਿਣ-ਸਹਿਣ ਦਾ ਤਰੀਕਾ ਬਦਲਦਾ। ਉਹ ਕਦੇ ਤਾਂ ਸਮਾਂ ਕੱਢ ਕੇ ਕਿਸੇ ਪਿੰਡ ਦੇ ਗ਼ਰੀਬਾਂ ਦੇ ਵਿਹੜੇ ਜਾ ਕੇ ਬਹਿੰਦੇ, ਉਨ੍ਹਾਂ ਨਾਲ ਗੱਲਾਂ ਕਰਦੇ ਤੇ ਵੇਖਦੇ ਕਿ ਉਹ ਜ਼ਿੰਦਗੀ ਕਿਵੇਂ ਜੀਅ ਰਹੇ ਹਨ। ਪਰ ਸ਼ਾਇਦ ਸੱਤਾ ਦੇ ਗਲਿਆਰਿਆਂ ਵਿਚ ਤਾਕਤ ਦਾ ਸੰਘਰਸ਼ ਏਨਾ ਵੱਡਾ ਹੁੰਦਾ ਹੈ ਕਿ ਇਹੋ ਜਿਹੇ ਕੰਮਾਂ ਲਈ ਸਮਾਂ ਹੀ ਨਹੀਂ ਕੱਢਿਆ ਜਾ ਸਕਦਾ। ਇਨ੍ਹਾਂ ਸਮਿਆਂ ਵਿਚ ਕੁਝ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਕੀਤੇ ਅਤੇ ਲੋਕਾਂ ਨੂੰ ਉਨ੍ਹਾਂ ਦੇ ਦੁੱਖ ਵਿਚੋਂ ਉਭਾਰਨ ਦਾ ਉਪਰਾਲਾ ਕੀਤਾ। ਪਰ ਇਹ ਉਪਰਾਲੇ ਬੜੇ ਸੀਮਤ ਸਨ। ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਕਰਦੇ ਗਏ ਤੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਬਣਦੇ ਗਏ।
       ਕਈ ਅਰਥ ਸ਼ਾਸਤਰੀਆਂ ਤੇ ਸਮਾਜ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਸੀਂ ਖ਼ੁਦਕੁਸ਼ੀਆਂ ਨੂੰ ਲੈ ਕੇ ਭਾਵੁਕ ਹੋ ਜਾਂਦੇ ਹਾਂ, ਸਾਡਾ ਭਾਵੁਕ ਹੋਣਾ ਸੁਭਾਵਿਕ ਹੈ, ਪੰਜਾਬੀਆਂ ਨੇ ਹਮੇਸ਼ਾ ਨਾਬਰੀ ਦੀ ਬਾਤ ਪਾਈ ਹੈ, ਜੇ ਉਹ ਅੱਜ ਖ਼ੁਦਕੁਸ਼ੀਆਂ ਦੇ ਰਾਹ 'ਤੇ ਤੁਰ ਪਏ ਹਨ ਤਾਂ ਸਾਨੂੰ ਲੱਗਦਾ ਹੈ ਕਿ ਸਾਡੇ ਅੰਦਰੋਂ ਕੁਝ ਤਿੜਕ ਰਿਹਾ ਹੈ, ਪੰਜਾਬ ਤਿੜਕ ਰਿਹਾ ਹੈ। ਵਿਦਵਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਖ਼ੁਦਕੁਸ਼ੀਆਂ ਲਈ ਸਰਮਾਏਦਾਰੀ ਨਿਜ਼ਾਮ ਹੇਠ ਹੋ ਰਿਹਾ ਸਮਾਜਿਕ ਰਿਸ਼ਤਿਆਂ ਦਾ ਵਪਾਰੀਕਰਨ ਜ਼ਿੰਮੇਵਾਰ ਹੈ। ਪੰਜਾਬੀਆਂ ਦਾ ਕਿਰਤ ਦੇ ਸੱਭਿਆਚਾਰ ਤੋਂ ਦੂਰ ਹੋਣਾ ਜ਼ਿੰਮੇਵਾਰ ਹੈ। ਪੰਜਾਬੀਆਂ ਨੇ ਬਾਬੇ ਨਾਨਕ ਦਾ ਦੱਸਿਆ ਸਾਂਝੀਵਾਲਤਾ ਦਾ ਮਾਰਗ ਨਹੀਂ ਅਪਣਾਇਆ। ਸਾਂਝੀਵਾਲਤਾ ਦਾ ਗੁਰਵਾਕ ਗੁਰਦੁਆਰਿਆਂ, ਭਾਸ਼ਨਾਂ ਤੇ ਲੇਖਾਂ ਤਕ ਮਹਿਦੂਦ ਹੋ ਕੇ ਰਹਿ ਗਿਆ ਹੈ, ਸਮਾਜਿਕ ਭਾਈਚਾਰੇ ਵਿਚੋਂ ਸਾਂਝੀਵਾਲਤਾ ਕਿਰ ਚੁੱਕੀ ਹੈ। ਖਰਚੀਲੇ ਵਿਆਹ, ਝੂਠੀ ਸ਼ਾਨੋ-ਸ਼ੌਕਤ, ਟਰੈਕਟਰਾਂ 'ਤੇ ਮੋਟਰਸਾਈਕਲਾਂ ਦੀ ਖਿੱਚ ਨੇ ਸਮਾਜਿਕ ਊਰਜਾ ਡੀਕ ਲਈ ਹੈ। ਕਿਸਾਨਾਂ ਦੇ ਪੁੱਤਰ ਕਿਰਤ 'ਚੋਂ ਸਵੈਮਾਣ ਤਲਾਸ਼ਣ ਦੀ ਥਾਂ, ਫੋਕੀ ਹੈਂਕੜ ਵਾਲੇ ਜੱਟਵਾਦ ਦੇ ਗਾਣਿਆਂ 'ਚੋਂ ਆਪਣਾ ਅਕਸ ਲੱਭਦੇ ਹਨ। ਤਾਕਤਵਰ ਸਿਆਸਤਦਾਨਾਂ ਦੇ ਘੋਲ ਵਿਚ ਆਮ ਪੰਜਾਬੀ ਅੱਜ ਨਿਤਾਣਾ ਹੋਇਆ ਖੜ੍ਹਾ ਹੈ।
       ਕੀ ਇਨ੍ਹਾਂ ਤਾਕਤਵਰ ਸਿਆਸਤਦਾਨਾਂ ਦਾ ਕੋਈ ਵਿਰੋਧ ਕੀਤਾ ਜਾ ਸਕਦਾ ਹੈ? ਜੇ ਤੁਸੀਂ ਧਿਆਨ ਨਾਲ ਵੇਖੋ ਤਾਂ ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਇਕੋ ਜਿਹੇ ਵਿਖਾਈ ਦਿੰਦੇ ਹਨ। ਉਨ੍ਹਾਂ ਕੋਲ ਵੱਡੇ ਪੱਧਰ ਦੇ ਆਰਥਿਕ ਵਸੀਲੇ ਹਨ ਤੇ ਵੱਡੇ ਵੱਡੇ ਸਿਆਸੀ ਪਰਿਵਾਰਾਂ ਨਾਲ ਸਬੰਧ। ਕੀ ਉਨ੍ਹਾਂ ਅੰਦਰ ਕੋਈ ਆਤਮਾ ਬਚੀ ਵੀ ਹੈ? ਆਤਮਾ ਨੂੰ ਬਚਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ : ''ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥'' ਭਾਵ ਜਿਹੜੇ ਹਾਕਮ ਲੋਕਾਂ ਦਾ ਖੂਨ ਪੀਂਦੇ ਹਨ, ਕੀ ਉਨ੍ਹਾਂ ਦੇ ਚਿੱਤ ਵੀ ਕਦੇ ਨਿਰਮਲ ਹੋ ਸਕਦੇ ਹਨ। ਜੋ ਗੁਰੂ ਨਾਨਕ ਦੇਵ ਜੀ ਨੇ ਆਪਣੇ ਵੇਲ਼ਿਆਂ ਦੇ ਆਗੂਆਂ ਲਈ ਕਿਹਾ ਸੀ, ਉਹ ਇਸ ਵੇਲ਼ੇ ਦੇ ਆਗੂਆਂ 'ਤੇ ਵੀ ਲਾਗੂ ਹੁੰਦਾ ਹੈ : ''ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥'' ਭਾਵ ਜਿਹੜੇ ਆਗੂ ਝੂਠ ਬੋਲਦੇ ਹਨ, ਮੁਰਦਾਰ ਖਾਂਦੇ ਹਨ, ਦੂਸਰਿਆਂ ਨੂੰ ਸਮਝਾਉਣ ਦਾ ਢੌਂਗ ਕਰਦੇ ਹਨ ਪਰ ਅਸਲ ਵਿਚ ਉਹ ਦੂਸਰਿਆਂ ਨੂੰ ਧੋਖਾ ਦੇਣ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਧੋਖਾ ਦਿੰਦੇ ਹਨ।
        ਸਤਾਰ੍ਹਵੀਂ ਲੋਕ ਸਭਾ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਵਿਚ ਬਠਿੰਡਾ ਤੋਂ ਸ੍ਰੀਮਤੀ ਵੀਰਪਾਲ ਕੌਰ ਨੇ ਚੋਣਾਂ ਲਈ ਕਾਗਜ਼ ਦਾਖ਼ਲ ਕੀਤੇ ਹਨ। ਉਹ ਮਾਨਸਾ ਦੇ ਪਿੰਡ ਰੱਲਾ ਦੀ ਰਹਿਣ ਵਾਲੀ ਹੈ। ਉਸ ਦੇ ਘਰ ਦੇ ਤਿੰਨ ਜੀਆਂ ਪਿਤਾ, ਪਤੀ ਤੇ ਸਹੁਰੇ ਨੇ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰ ਲਈ। ਸਰਕਾਰੀ ਦਫ਼ਤਰਾਂ ਵਿਚ ਰੁਲਣ ਤੋਂ ਬਾਅਦ ਉਹ ਧਰਨਿਆਂ ਤੇ ਮੁਜ਼ਾਹਰਿਆਂ ਵਿਚ ਵੀ ਗਈ ਪਰ ਕਿਸੇ ਨੇ ਵੀ ਉਹਦੀ ਬਾਂਹ ਨਾ ਫੜੀ। ਉਹ ਆਪਣੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹੈ। ਉਸ ਦੀ ਕਵਰਿੰਗ ਉਮੀਦਵਾਰ ਮਨਜੀਤ ਕੌਰ ਹੈ, ਜਿਸ ਦੇ ਪਤੀ ਨੇ ਅੱਠ ਸਾਲ ਪਹਿਲਾਂ ਖ਼ੁਦਕੁਸ਼ੀ ਕਰ ਲਈ ਸੀ। ਉਸ ਨੂੰ ਵੀ ਕੋਈ ਸਰਕਾਰੀ ਮਦਦ ਨਹੀਂਮਿਲੀ।
      ਕੀ ਕੋਈ ਵੀਰਪਾਲ ਕੌਰ ਨੂੰ ਵੋਟ ਪਾਏਗਾ? ਹਾਂ, ਕੁਝ ਲੋਕ ਉਸ ਨੂੰ ਜ਼ਰੂਰ ਵੋਟ ਪਾਉਣਗੇ ਪਰ ਸਾਰੇ ਜਾਣਦੇ ਹਨ ਕਿ ਉਹ, ਉਹ ਲੜਾਈ ਲੜ ਰਹੀ ਹੈ ਜਿਸ ਵਿਚ ਉਸ ਦੀ ਹਾਰ ਨਿਸ਼ਚਿਤ ਹੈ। ਇਹੋ ਜਿਹੀ ਲੜਾਈ ਲੜਨੀ ਸੌਖੀ ਨਹੀਂ ਹੁੰਦੀ। ਇਸ ਲਈ ਵੱਡੀ ਹਿੰਮਤ ਤੇ ਜ਼ੇਰੇ ਦੀ ਲੋੜ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਿਰਾਸ਼ਾਮਈ ਮਾਹੌਲ ਵਿਚ ਇਹ ਔਰਤਾਂ ਅੰਤਾਂ ਦੀ ਹਿੰਮਤ ਨਾਲ ਆਪਣਾ ਵਿਰੋਧ ਤੇ ਰੋਸ ਦਰਜ ਕਰਾ ਰਹੀਆਂ ਹਨ। ਇਹ ਵਿਰੋਧ ਪ੍ਰਤੀਕਮਈ ਹੈ। ਇਹ ਸਾਡੇ ਰਾਜ-ਪ੍ਰਬੰਧ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ, ਇਹ ਪੰਜਾਬ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਣ ਦਾ ਉਪਰਾਲਾ ਹੈ, ਇਹ ਇਨ੍ਹਾਂ ਔਰਤਾਂ ਅੰਦਰ ਇਕੱਠੀ ਹੋਈ ਹੋਈ ਪੀੜ ਤੇ ਵੇਦਨਾ ਦਾ ਚਿੰਨ੍ਹ ਹੈ। ਇਹ ਔਰਤਾਂ ਪੰਜਾਬ ਦੀਆਂ ਬਹਾਦਰ ਤੀਵੀਆਂ ਹਨ, ਪੰਜਾਬ ਦੇ ਹੱਕ-ਸੱਚ 'ਤੇ ਪਹਿਰਾ ਦੇਣ ਵਾਲੀਆਂ ਵਣਜਾਰਨਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ : ''ਸਾਚ ਵਖਰ ਕੇ ਹਮ ਵਣਜਾਰੇ॥''
       ਕਿਸੇ ਨੇ ਮੈਨੂੰ ਪੁੱਛਿਆ ਕਿ ਇਨ੍ਹਾਂ ਬੀਬੀਆਂ ਦਾ ਮੈਨੀਫੈਸਟੋ ਕੀ ਹੈ। ਮੈਂ ਕਿਹਾ, ਇਨ੍ਹਾਂ ਬੀਬੀਆਂ ਦਾ ਜਿਊਣਾ ਹੀ ਉਨ੍ਹਾਂ ਦਾ ਮੈਨੀਫੈਸਟੋ ਹੈ, ਇਨ੍ਹਾਂ ਦੀ ਹੋਂਦ ਹੀ ਪੰਜਾਬ ਦਾ ਮੈਨੀਫੈਸਟੋ ਹੈ। ਇਨ੍ਹਾਂ ਦਾ ਮੈਨੀਫੈਸਟੋ ਹੈ ਸਰਮਾਏਦਾਰੀ ਸੰਰਚਨਾਵਾਂ ਵਿਚ ਘਿਰੇ ਪੰਜਾਬੀ ਬੰਦੇ ਦੀ ਬੇਗਾਨਗੀ, ਇਕਲਾਪਾ, ਸੰਘਰਸ਼ ਅਤੇ ਜ਼ਿੰਦਗੀ ਲਈ ਉਹਦੀ ਲਲਕ। ਇਹ ਬੀਬੀਆਂ ਖ਼ੁਦ ਅੱਜ ਦੇ ਪੰਜਾਬ ਦੀ ਕੋਹੀ ਹੋਈ ਰੂਹ ਦਾ ਮੈਨੀਫੈਸਟੋ ਹਨ। ਇਨ੍ਹਾਂ ਦਾ ਮੈਨੀਫੈਸਟੋ ਹੈ ਗੜ੍ਹ ਗੜ੍ਹ ਕਰਕੇ ਵੱਜਦੇ ਪੌਪ ਗਾਣਿਆਂ ਤੇ ਡੀ.ਜੇ. ਦੀਆਂ ਧੁਨਾਂ ਦੇ ਹੱਸਦੇ ਤੇ ਨੱਚਦੇ ਦਿਸਦੇ ਪੰਜਾਬ ਅੰਦਰਲੀ ਖ਼ਾਮੋਸ਼ੀ ਤੇ ਇਕੱਲ। ਇਨ੍ਹਾਂ ਦਾ ਮੈਨੀਫੈਸਟੋ ਹੈ ਇਨ੍ਹਾਂ ਦਾ ਹੌਂਸਲਾ, ਸਥਾਪਤੀ ਵਿਰੁੱਧ ਪੈਂਤੜਾ ਲੈਣ ਦੀ ਇਨ੍ਹਾਂ ਦੀ ਹਿੰਮਤ, ਨਵੇਂ ਸਫ਼ਰ 'ਤੇ ਤੁਰਨ ਦੀ ਜ਼ਿੱਦ। ਉਹ ਜਾਣਦੀਆਂ ਹਨ ਕਿ ਉਹ ਹਾਰ ਜਾਣਗੀਆਂ। ਉਨ੍ਹਾਂ ਦੀ ਹਾਰ ਹੀ ਉਨ੍ਹਾਂ ਦੀ ਜਿੱਤ ਹੈ। ਉਨ੍ਹਾਂ ਦਾ ਸਫ਼ਰ ਹੀ ਉਨ੍ਹਾਂ ਦਾ ਵਿਜੈ-ਨਾਦ ਹੈ।

04 May 2019

ਜਾਤੀ ਨਫ਼ਰਤ ਦਾ ਗ੍ਰਹਿਣ - ਸਵਰਾਜਬੀਰ

ਸਾਰੇ ਦੇਸ਼ ਵਿਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਭਰਪੂਰ ਚਰਚਾ ਛਿੜੀ ਹੋਈ ਹੈ। ਕੋਈ ਪਾਰਟੀ ਬੇਰੁਜ਼ਗਾਰੀ, ਰਿਸ਼ਵਤਖੋਰੀ ਤੇ ਕਿਸਾਨ ਸੰਕਟ ਦੇ ਮੁੱਦੇ ਉਭਾਰ ਰਹੀ ਹੈ ਅਤੇ ਕੋਈ ਪਾਰਟੀ ਰਾਸ਼ਟਰਵਾਦ, ਰਾਮ ਮੰਦਰ, ਕੌਮੀ ਸੁਰੱਖਿਆ ਅਤੇ ਗਵਾਂਢੀ ਦੇਸ਼ ਨੂੰ ਸਬਕ ਸਿਖਾਉਣ ਦੇ। ਰਾਸ਼ਟਰਵਾਦ ਦੇ ਮੁੱਦੇ ਬਾਰੇ ਚਰਚਾ ਕਰਦਿਆਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੇ ਦੇਸ਼ ਦੀ ਸੱਭਿਅਤਾ ਸਭ ਤੋਂ ਮਹਾਨ ਹੈ। ਮਰਿਆਦਾ ਤੇ ਰਵਾਇਤਾਂ ਦੀ ਮਹਾਨਤਾ ਦੀ ਚਰਚਾ ਦੇ ਨਾਲ ਨਾਲ ਇਸ ਦੇਸ਼ ਵਿਚ ਕੁਝ ਇਹੋ ਜਿਹਾ ਵਾਪਰਿਆ ਹੈ ਜਿਸ ਉੱਤੇ ਬਹੁਤ ਘੱਟ ਚਰਚਾ ਹੋਈ ਹੈ। ਦੁਨੀਆਂ ਦੇ ਚੋਟੀ ਦੇ ਚਾਰ ਸੌ ਵਿਦਵਾਨਾਂ ਨੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ (ਆਈਆਈਟੀ) ਕਾਨਪੁਰ ਵਿਚ ਪੜ੍ਹਾ ਰਹੇ ਸਹਾਇਕ ਪ੍ਰੋਫ਼ੈਸਰ ਸੁਬਰਾਮਨੀਅਮ ਸਦਰੇਲਾ ਦੀ ਹਮਾਇਤ ਵਿਚ ਆਵਾਜ਼ ਉਠਾਈ ਹੈ ਜਿਸ ਨੂੰ ਉਸ ਸੰਸਥਾ ਵਿਚ ਜਾਤੀਵਾਦੀ ਘਿਰਣਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇਨ੍ਹਾਂ ਵਿਦਵਾਨਾਂ ਵਿਚ ਆਸਾਮ ਦੇ ਮਸ਼ਹੂਰ ਲੇਖਕ ਹਿਰਨ ਗੋਹਾਈਂ ਤੋਂ ਲੈ ਕੇ ਮੈਸੇਚਿਊਟਸ ਇੰਸਟੀਟਿਊਟ ਆਫ਼ ਟੈਕਨਾਲੋਜੀ ਦੇ ਨਿਓਮ ਚੌਮਸਕੀ ਤਕ ਸ਼ਾਮਲ ਹਨ। ਪ੍ਰਾਪਤ ਖ਼ਬਰਾਂ ਅਨੁਸਾਰ ਪਹਿਲਾਂ ਤਾਂ ਡਾ. ਸਦਰੇਲਾ ਨੂੰ ਜਾਤੀ ਦਵੈਸ਼ ਤੇ ਘਿਰਣਾ ਦਾ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਤੋਂ ਬਾਅਦ ਜਾਤੀ ਨਫ਼ਰਤ ਦੀ ਗਹਿਰ ਏਨੀ ਜ਼ਿਆਦਾ ਚੜ੍ਹੀ ਕਿ ਤਥਾਕਥਿਤ ਉੱਚੀਆਂ ਜਾਤੀਆਂ ਨਾਲ ਸਬੰਧਤ ਪ੍ਰਾਅਧਿਆਪਕਾਂ ਨੇ ਉਸ ਦੇ ਪੀਐੱਚਡੀ ਦੇ ਥੀਸਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਡਾ. ਸਦਰੇਲਾ ਆਂਧਰਾ ਪ੍ਰਦੇਸ਼ ਦੀ ਇਕ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੈ ਅਤੇ ਉਸ ਨੇ ਬੀਟੈੱਕ, ਐੱਮਟੈੱਕ ਅਤੇ ਪੀਐੱਚਡੀ ਦੀਆਂ ਡਿਗਰੀਆਂ ਆਈਆਈਟੀ ਕਾਨਪੁਰ ਤੋਂ ਹਾਸਲ ਕੀਤੀਆਂ ਹਨ।
      ਇਹ ਸਾਰਾ ਘਟਨਾਕ੍ਰਮ ਅਗਸਤ 2017 ਵਿਚ ਸ਼ੁਰੂ ਹੋਇਆ। ਬਾਕੀ ਆਈਆਈਟੀ ਸੰਸਥਾਵਾਂ ਵਾਂਗ ਕਾਨਪੁਰ ਆਈਆਈਟੀ ਵਿਚ ਵੀ ਅਨੁਸੂਚਿਤ ਜਾਤੀਆਂ ਤੇ ਕਬੀਲਿਆਂ ਨਾਲ ਸਬੰਧਤ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਸੰਖਿਆ ਬਹੁਤ ਘੱਟ ਹੈ। ਇਸ ਲਈ ਉਨ੍ਹਾਂ ਉਮੀਦਵਾਰਾਂ, ਜੋ ਰਾਖਵੀਆਂ ਸ਼੍ਰੇਣੀਆਂ ਨਾਲ ਸਬੰਧ ਰੱਖਦੇ ਹਨ, ਤੋਂ ਵੱਖ ਵੱਖ ਆਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ। ਆਈਆਈਟੀ ਵਿਚ ਕਿਸੇ ਵੀ ਸਹਾਇਕ ਪ੍ਰੋਫ਼ੈਸਰ ਦੀ ਚੋਣ ਕਰਨ ਦਾ ਢੰਗ-ਤਰੀਕਾ ਕਾਫ਼ੀ ਪਾਰਦਰਸ਼ੀ ਹੈ ਅਤੇ ਉਮੀਦਵਾਰ ਨੂੰ ਆਖ਼ਰੀ ਚੋਣ ਕਮੇਟੀ ਦੇ ਸਾਹਮਣੇ ਪਹੁੰਚਣ ਤੋਂ ਪਹਿਲਾਂ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਪਹਿਲੇ ਪੜਾਅ ਉੱਤੇ ਵਿਭਾਗ ਦੀ ਸਲਾਹਕਾਰ ਕਮੇਟੀ (ਡਿਪਾਰਟਮੈਂਟ ਫੈਕਲਟੀ ਅਡਵਾਇਜ਼ਰੀ ਕਮੇਟੀ) ਉਮੀਦਵਾਰਾਂ ਨੂੰ ਇਕ ਸੈਮੀਨਾਰ ਦੇਣ ਲਈ ਕਹਿੰਦੀ ਹੈ ਅਤੇ ਇਸ ਤੋਂ ਬਾਅਦ ਇਸ ਕਮੇਟੀ ਦੁਆਰਾ ਚੁਣੇ ਹੋਏ ਉਮੀਦਵਾਰਾਂ ਬਾਰੇ ਸੰਸਥਾ ਦੀ ਸਲਾਹਕਾਰ ਕਮੇਟੀ (ਇੰਸਟੀਟਿਊਟ ਫੈਕਲਟੀ ਅਡਵਾਇਜ਼ਰੀ ਕਮੇਟੀ) ਨਾਲ ਗੱਲਬਾਤ ਕੀਤੀ ਜਾਂਦੀ ਹੈ। ਆਖ਼ਰੀ ਚੋਣ ਕਮੇਟੀ ਸੰਸਥਾ ਦੇ ਡਾਇਰੈਕਟਰ ਦੀ ਅਗਵਾਈ ਵਿਚ ਹੁੰਦੀ ਹੈ ਜਿਸ ਵਿਚ ਬਾਹਰ ਤੋਂ ਤਿੰਨ ਮਾਹਿਰ ਸੱਦੇ ਜਾਂਦੇ ਹਨ। ਡਾ. ਸਦਰੇਲਾ ਇਹੋ ਜਿਹੀ ਕਠਿਨ ਪ੍ਰਕਿਰਿਆ ਰਾਹੀਂ ਏਅਰੋਸਪੇਸ ਇੰਜੀਨੀਅਰਿੰਗ ਵਿਭਾਗ ਲਈ ਚੁਣਿਆ ਗਿਆ। ਉਸ ਲਈ ਇਹ ਚੋਣ ਉਸ ਦੇ ਸੁਪਨੇ ਦਾ ਸਾਕਾਰ ਹੋਣਾ ਸੀ ਕਿਉਂਕਿ ਉਸ ਨੇ ਸਾਰੀ ਪੜ੍ਹਾਈ ਉਸੇ ਸੰਸਥਾ ਤੋਂ ਕੀਤੀ ਸੀ।
        ਜਿਉਂ ਹੀ ਉਸ ਨੇ ਵਿਭਾਗ ਵਿਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਜਾਤੀਵਾਦੀ ਸੋਚ ਰੱਖਣ ਵਾਲੇ ਕੁਝ ਪ੍ਰੋਫ਼ੈਸਰਾਂ ਨੇ ਉਹਦੇ ਵਿਰੁੱਧ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਉਣੀਆਂ ਸ਼ੁਰੂ ਕੀਤੀਆਂ। ਇਹ ਪ੍ਰਚਾਰ ਕੀਤਾ ਗਿਆ ਕਿ ਵਿਭਾਗ ਦਾ ਪੱਧਰ ਡਿੱਗ ਰਿਹਾ ਹੈ ਅਤੇ ਡਾ. ਸਦਰੇਲਾ ਦੀ ਚੋਣ ਹੀ ਗ਼ਲਤ ਸੀ। ਇਸ ਬਾਰੇ ਸੰਸਥਾ ਦੇ ਬੋਰਡ ਆਫ਼ ਗਵਰਨਰਜ਼ ਨੂੰ ਈਮੇਲ ਭੇਜੀ ਗਈ। ਡਾ. ਸਦਰੇਲਾ ਇਸ ਤੋਂ ਬਹੁਤ ਦੁਖੀ ਹੋਇਆ ਅਤੇ ਉਸ ਨੇ ਕਾਰਜਕਾਰੀ ਡਾਇਰੈਕਟਰ ਨੂੰ ਮਿਲ ਕੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ। ਉਹਦੇ ਵਿਰੁੱਧ ਨਫ਼ਰਤ ਭਰਿਆ ਪ੍ਰਚਾਰ ਵਧਦਾ ਗਿਆ ਅਤੇ ਇਹੋ ਜਿਹੀ ਈਮੇਲ ਥਾਂ ਥਾਂ 'ਤੇ ਭੇਜੀ ਗਈ ਜਿਸ ਵਿਚ ਇਹ ਕਿਹਾ ਗਿਆ ਕਿ ਇਸ ਜਾਤੀ ਨਾਲ ਸਬੰਧਤ ਪੜ੍ਹਾਉਣ ਵਾਲੇ ਦਾ ਆਉਣਾ ਸੰਸਥਾ ਲਈ ਇਕ ਤਰ੍ਹਾਂ ਦਾ ਸਰਾਪ ਹੈ। ਕਾਰਜਕਾਰੀ ਡਾਇਰੈਕਟਰ ਨੇ ਤੱਥ ਲੱਭਣ ਲਈ ਕਮੇਟੀ ਬਣਾਈ ਅਤੇ ਸੁਲ੍ਹਾ-ਸਫ਼ਾਈ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਜਾਤੀਵਾਦ ਦਾ ਪ੍ਰਚਾਰ ਕਰਨ ਵਾਲੇ ਪ੍ਰੋਫ਼ੈਸਰਾਂ ਨੂੰ ਇਹ ਮਨਜ਼ੂਰ ਨਹੀਂ ਸੀ। ਬੋਰਡ ਆਫ਼ ਗਵਰਨਰਜ਼ ਨੇ ਇਕ ਸੇਵਾਮੁਕਤ ਜੱਜ ਤੋਂ ਜਾਂਚ ਕਰਾਉਣ ਦਾ ਫ਼ੈਸਲਾ ਲਿਆ। ਇਸੇ ਹੀ ਸਮੇਂ ਡਾ. ਸਦਰੇਲਾ ਨੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਕੌਮੀ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਤੇ ਕਮਿਸ਼ਨ ਨੇ ਸਿਫ਼ਾਰਸ਼ ਕੀਤੀ ਕਿ ਚਾਰ ਪ੍ਰੋਫ਼ੈਸਰਾਂ ਦੇ ਵਿਰੁੱਧ ਐੱਫ਼ਆਈਆਰ ਦਰਜ ਕਰਾਈ ਜਾਵੇ। ਇਨ੍ਹਾਂ ਪ੍ਰੋਫ਼ੈਸਰਾਂ ਨੇ ਕਮਿਸ਼ਨ ਦੇ ਆਦੇਸ਼ ਵਿਰੁੱਧ ਅਲਾਹਾਬਾਦ ਹਾਈ ਕੋਰਟ ਤੋਂ ਸਟੇਅ ਲੈ ਲਈ।
      ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਐੱਸ.ਜ਼ੈੱਡ. ਸਦੀਕੀ ਨੂੰ ਜਾਂਚ ਸੌਂਪੀ ਗਈ। ਜਸਟਿਸ ਸਦੀਕੀ ਨੇ ਪੜਤਾਲ ਕਰਕੇ ਇਹ ਪਾਇਆ ਕਿ ਚਾਰ ਪ੍ਰੋਫ਼ੈਸਰਾਂ ਨੇ ਅਨੁਸੂਚਿਤ ਜਾਤੀਆਂ/ਜਨਜਾਤੀਆਂ ਬਾਰੇ ਐਕਟ ਦੀਆਂ ਕਈ ਧਾਰਾਵਾਂ ਦੀ ਉਲੰਘਣਾ ਕੀਤੀ ਅਤੇ ਉਨ੍ਹਾਂ ਦਾ ਵਿਵਹਾਰ ਅਸੱਭਿਅਕ ਸੀ। ਰਿਪੋਰਟ ਬੋਰਡ ਆਫ਼ ਗਵਰਨਰਜ਼ ਵਿਚ ਪੇਸ਼ ਕੀਤੀ ਗਈ ਅਤੇ ਉਸ 'ਤੇ ਉੱਚਿਤ ਕਾਰਵਾਈ ਕਰਦਿਆਂ ਤਿੰਨ ਪ੍ਰੋਫ਼ੈਸਰਾਂ ਦੇ ਅਹੁਦੇ ਘਟਾ ਦਿੱਤੇ ਗਏ ਅਤੇ ਇਕ ਨੂੰ ਚਿਤਾਵਨੀ ਦਿੱਤੀ ਗਈ। ਇਸ ਤੋਂ ਬਾਅਦ ਇਹ ਦੋਸ਼ ਲੱਗਣੇ ਸ਼ੁਰੂ ਹੋਏ ਕਿ ਡਾ. ਸਦਰੇਲਾ ਨੇ ਆਪਣੇ ਪੀਐੱਚਡੀ ਦੇ ਥੀਸਿਸ ਵਿਚ ਦੂਸਰੇ ਸਰੋਤਾਂ ਤੋਂ ਨਕਲ ਮਾਰੀ ਸੀ। ਇਸ ਦੀ ਨਿਰਖ-ਪਰਖ ਦੌਰਾਨ ਇਹ ਪਾਇਆ ਗਿਆ ਕਿ ਉਸ ਦੇ ਪੀਐੱਚਡੀ ਦੇ ਥੀਸਿਸ ਵਿਚ ਮੁੱਖ-ਬੰਦ (ਜਾਣ-ਪਛਾਣ) ਤੇ ਪੁਰਾਣੀ ਖੋਜ ਬਾਰੇ ਜਾਣਕਾਰੀ ਦੇਣ ਵਾਲੇ ਅਧਿਆਇ ਵਿਚ ਕੁਝ ਹਿੱਸੇ ਇਕ ਪਹਿਲੇ ਥੀਸਿਸ ਤੋਂ ਲਏ ਗਏ ਸਨ। ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਅਕਾਦਮਿਕ ਨੈਤਿਕ ਸੈੱਲ, ਜਿਸ ਨੇ ਇਹ ਜਾਂਚ-ਪੜਤਾਲ ਕੀਤੀ, ਨੂੰ ਉਸ ਦੀ ਖੋਜ ਤੇ ਖੋਜ ਤੋਂ ਪ੍ਰਾਪਤ ਸਿੱਟਿਆਂ ਵਿਚ ਕੋਈ ਵੀ ਗ਼ਲਤੀ ਨਾ ਲੱਭੀ। ਇਸ ਲਈ ਉਸ ਨੂੰ ਆਪਣੇ ਥੀਸਿਸ ਵਿਚ ਬਦਲਾਓ ਕਰਕੇ ਦੁਬਾਰਾ ਪੇਸ਼ ਕਰਨ ਲਈ ਕਿਹਾ ਗਿਆ। ਇਹ ਮਾਮਲਾ ਹੱਲ ਹੋਣ ਵਾਲਾ ਹੀ ਸੀ ਕਿ ਜਾਤੀਵਾਦੀ ਘਿਰਣਾ ਫੈਲਾਉਣ ਵਾਲਿਆਂ ਨਵਾਂ ਦਾਅ ਖੇਡਿਆ ਤੇ ਇਹ ਪ੍ਰਚਾਰ ਕੀਤਾ ਕਿ ਉਸ ਨੇ ਆਪਣੇ ਐੱਮਟੈੱਕ ਦੇ ਥੀਸਿਸ ਵਿਚ ਵੀ ਨਕਲ ਮਾਰੀ ਸੀ। ਜਦ ਪਾਣੀ ਸਿਰ ਤੋਂ ਲੰਘਦਾ ਦਿਖਾਈ ਦਿੱਤਾ ਤਾਂ ਡਾ. ਸਦਰੇਲਾ ਨੇ ਚਾਰ ਪ੍ਰੋਫ਼ੈਸਰਾਂ ਅਤੇ ਅਣਜਾਣ ਸਰੋਤਾਂ ਤੋਂ ਈਮੇਲ ਭੇਜਣ ਵਾਲਿਆਂ ਵਿਰੁੱਧ ਫ਼ੌਜਦਾਰੀ ਕੇਸ ਦਰਜ ਕਰਾਇਆ। ਜਾਤੀਵਾਦੀ ਤੱਤ ਇਕੱਠੇ ਹੁੰਦੇ ਗਏ ਅਤੇ ਸੈਨੇਟ ਵਿਚ ਇਹ ਮਤਾ ਪਾਸ ਕਰਵਾਇਆ ਗਿਆ ਕਿ ਉਸ ਦੀ ਪੀਐੱਚਡੀ ਦੀ ਡਿਗਰੀ ਰੱਦ ਕੀਤੀ ਜਾਏ। ਇਸ ਸੰਦਰਭ ਵਿਚ ਵੀ 160 ਦੇਸ਼ਾਂ ਦੇ ਚਾਰ ਸੌ ਪ੍ਰਸਿੱਧ ਵਿਦਵਾਨਾਂ ਨੇ ਉਸ ਦੀ ਹਮਾਇਤ ਵਿਚ ਆਵਾਜ਼ ਉਠਾਈ ਹੈ ਜਿਨ੍ਹਾਂ ਵਿਚ ਮਸ਼ਹੂਰ ਅਮਰੀਕਨ ਗਣਿਤ ਵਿਗਿਆਨੀ ਡੇਵਿਡ ਮਮਫੋਰ, ਭਾਰਤੀ ਭੌਤਿਕ ਵਿਗਿਆਨੀ ਅਸ਼ੋਕ ਸੇਨ, ਚਿੰਤਕ ਅਚਿਨ ਵਿਨਾਇਕ ਅਤੇ ਹੋਰ ਬਹੁਤ ਸਾਰੇ ਵਿਦਵਾਨ ਸ਼ਾਮਲ ਹਨ।
        ਉੱਪਰ ਦਿੱਤਾ ਗਿਆ ਘਟਨਾਕ੍ਰਮ ਇਹ ਦਰਸਾਉਂਦਾ ਹੈ ਕਿ ਸਾਡੇ ਦੇਸ਼ ਵਿਚ ਮਹਾਨ ਰਵਾਇਤਾਂ ਹੋਣ ਅਤੇ ਉਨ੍ਹਾਂ ਦਾ ਪ੍ਰਚਾਰ ਕੀਤੇ ਜਾਣ ਦੇ ਬਾਵਜੂਦ ਵਰਣ-ਆਸ਼ਰਮ ਅਤੇ ਜਾਤ-ਪਾਤ ਨਾਲ ਸਬੰਧਤ ਧਾਰਨਾਵਾਂ ਕਿੰਨੀ ਡੂੰਘੀ ਤਰ੍ਹਾਂ ਨਾਲ ਲੋਕਾਂ ਦੇ ਮਨ ਵਿਚ ਘਰ ਕਰ ਚੁੱਕੀਆਂ ਹਨ। ਇਸ ਸਬੰਧ ਵਿਚ ਹੋਏ ਪੱਖਪਾਤ ਕਾਰਨ ਦੇਸ਼ ਦੇ ਵੱਡੇ ਵਰਗਾਂ ਨੂੰ ਸੈਂਕੜੇ ਵਰ੍ਹੇ ਨਾ ਸਿਰਫ਼ ਵਿੱਦਿਆ ਤੋਂ ਵਿਰਵਾ ਰੱਖਿਆ ਗਿਆ ਸਗੋਂ ਉਨ੍ਹਾਂ ਨੂੰ ਘੋਰ ਅਪਮਾਨ ਦਾ ਸਾਹਮਣਾ ਵੀ ਕਰਨਾ ਪਿਆ। ਅਨੁਸੂਚਿਤ ਜਾਤੀਆਂ ਨਾਲ ਸਬੰਧਤ ਲੋਕਾਂ ਨੂੰ ਮੰਦਰਾਂ ਵਿਚ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਉਹ ਛੂਆ-ਛਾਤ ਦੇ ਭਿਅੰਕਰ ਵਰਤਾਰੇ ਦਾ ਸ਼ਿਕਾਰ ਹੋਏ। ਉਨ੍ਹਾਂ ਦੇ ਰਹਿਣ ਲਈ ਪਿੰਡਾਂ ਦੇ ਵੱਖ ਹਿੱਸੇ ਨਿਸ਼ਚਿਤ ਕੀਤੇ ਗਏ ਅਤੇ ਜਾਇਦਾਦ ਸਬੰਧੀ ਅਧਿਕਾਰਾਂ ਤੋਂ ਵਿਰਵੇ ਕੀਤਾ ਗਿਆ। ਦੇਸ਼ ਵਿਚ ਪੁਰਾਣੇ ਸਮਿਆਂ ਤੋਂ ਬੁੱਧ ਧਰਮ ਅਤੇ ਮੱਧਕਾਲੀਨ ਸਮਿਆਂ ਵਿਚ ਭਗਤੀ ਲਹਿਰ ਦੇ ਵੱਖ ਵੱਖ ਆਗੂਆਂ, ਜਿਨ੍ਹਾਂ ਵਿਚ ਭਗਤ ਕਬੀਰ, ਭਗਤ ਰਵਿਦਾਸ, ਗੁਰੂ ਨਾਨਕ ਦੇਵ, ਭਗਤ ਨਾਮਦੇਵ ਅਤੇ ਹੋਰ ਪ੍ਰਮੁੱਖ ਸੰਤ ਸ਼ਾਮਲ ਹਨ, ਨੇ ਜਾਤ-ਪਾਤ ਵਿਰੁੱਧ ਆਵਾਜ਼ ਉਠਾਈ। ਜਾਤ-ਪਾਤ ਦੀ ਇਸ ਘ੍ਰਿਣਤ ਸਮਾਜਿਕ ਵੰਡ ਕਾਰਨ ਹੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਛਾਣ ਦਮਿਤ ਅਤੇ ਦਲਿਤ ਲੋਕਾਂ ਦੇ ਸਮਰਥਕ ਵਜੋਂ ਕੀਤੀ ''ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ॥ ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥'' ਅਜੋਕੇ ਸਮੇਂ ਵਿਚ ਜਿਓਤਿਰਬਾ ਫੂਲੇ, ਭੀਮ ਰਾਓ ਅੰਬੇਦਕਰ ਅਤੇ ਕਾਮਰੇਡ ਮੰਗੂ ਰਾਮ ਨੇ ਇਸ ਵਿਦਰੋਹ ਨੂੰ ਨਵੇਂ ਤੇਵਰ ਦਿੱਤੇ।
        ਆਜ਼ਾਦੀ ਤੋਂ ਬਾਅਦ ਛੂਆ-ਛਾਤ ਵਿਰੁੱਧ ਕਾਨੂੰਨ ਬਣਾਏ ਗਏ ਤੇ ਕੁਝ ਬਦਲਾਓ ਆਇਆ ਪਰ ਅੱਜ ਵੀ ਤਥਾਕਥਿਤ ਉੱਚੇ ਵਰਣਾਂ ਤੇ ਜਾਤਾਂ ਨਾਲ ਸਬੰਧ ਰੱਖਣ ਵਾਲੇ ਬਹੁਤ ਸਾਰੇ ਲੋਕ ਜਾਤੀ ਹਉਮੈ ਦਾ ਸ਼ਿਕਾਰ ਹਨ ਅਤੇ ਦੂਸਰੇ ਵਰਣਾਂ ਤੇ ਜਾਤਾਂ ਨਾਲ ਸਬੰਧਤ ਲੋਕਾਂ ਨੂੰ ਘਿਰਣਾ ਨਾਲ ਵੇਖਦੇ ਹਨ। ਉਹ ਇਸ ਨਫ਼ਰਤ ਨੂੰ ਇਕ ਖ਼ਾਸ ਤਰ੍ਹਾਂ ਦੀ ਅਧਿਆਤਮਕਤਾ ਦੇ ਪਰਦੇ ਹੇਠ ਛੁਪਾ ਲੈਂਦੇ ਹਨ ਅਤੇ ਇਹ ਕਹਿਣ ਦੀ ਕੋਸ਼ਿਸ਼ ਕਰਦੇ ਹਨ ਕਿ ਦੇਸ਼ ਵਿਚ ਹਰ ਕੰਮ ਉਨ੍ਹਾਂ ਲੋਕਾਂ ਦੁਆਰਾ ਕੀਤਾ ਜਾਣਾ ਚਾਹੀਦਾ ਹੈ ਜਿਹੜੇ 'ਲਾਇਕ' ਅਤੇ 'ਯੋਗ' ਹਨ। ਲਿਆਕਤ, ਕਾਬਲੀਅਤ ਅਤੇ ਯੋਗਤਾ ਦਾ ਇਹ 'ਅਧਿਆਤਮ' ਦੇਸ਼ ਦੇ ਪਛੜੇ ਵਰਗ ਦੇ ਲੋਕਾਂ ਨੂੰ ਮੁੱਖ ਧਾਰਾ ਤੋਂ ਪਰ੍ਹੇ ਰੱਖਣਾ ਲੋਚਦਾ ਹੈ। ਇਹੀ ਕਾਰਨ ਹੈ ਕਿ ਦੇਸ਼ ਦੀਆਂ ਅਖ਼ਬਾਰਾਂ, ਮੀਡੀਆ ਚੈਨਲਾਂ ਅਤੇ ਅਕਾਦਮਿਕ ਅਦਾਰਿਆਂ ਵਿਚ ਇਸ ਘਟਨਾ ਬਾਰੇ ਕੋਈ ਵੱਡੀ ਚਰਚਾ ਨਹੀਂ ਹੋਈ। ਜੇਕਰ ਡਾ. ਸਦਰੇਲਾ, ਜੋ ਆਈਆਈਟੀ ਕਾਨਪੁਰ ਤੋਂ ਵਿੱਦਿਆ ਪ੍ਰਾਪਤ ਵਿਦਵਾਨ ਹੈ, ਨੂੰ ਘਿਰਣਾ ਭਰੇ ਪ੍ਰਚਾਰ ਦਾ ਸਾਹਮਣਾ ਕਰਦੇ ਹੋਏ ਅਜਿਹੀਆਂ ਮੁਸ਼ਕਲਾਂ ਉਠਾਉਣੀਆਂ ਪਈਆਂ ਹਨ ਤਾਂ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਘੱਟ ਪੜ੍ਹੇ-ਲਿਖੇ ਤੇ ਅਨਪੜ੍ਹ ਲੋਕਾਂ ਨੂੰ ਜੋ ਮੁਸ਼ਕਲਾਂ ਉਠਾਉਣੀਆਂ ਪੈਂਦੀਆਂ ਹਨ, ਉਨ੍ਹਾਂ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ। ਅਸੀਂ ਆਪਣੀ ਮਰਿਆਦਾ ਤੇ ਰਵਾਇਤਾਂ ਦੀ ਵਡਿਆਈ ਦੀਆਂ ਜਿੰਨੀਆਂ ਵੀ ਡੀਂਗਾਂ ਮਾਰੀਏ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਡੇ ਸਮਾਜ ਨੂੰ ਅੱਜ ਵੀ ਜਾਤ-ਪਾਤ ਦੇ ਵਖਰੇਵੇਂ ਦਾ ਗ੍ਰਹਿਣ ਲੱਗਾ ਹੋਇਆ ਹੈ।

07 April 2019

ਮਨਘੜਤ ਖ਼ਬਰਾਂ ਦਾ 'ਸੰਸਾਰ' - ਸਵਰਾਜਬੀਰ

ਅਸੀਂ ਉਨ੍ਹਾਂ ਸਮਿਆਂ ਵਿਚ ਜੀਅ ਰਹੇ ਹਾਂ ਜਦੋਂ ਸੋਸ਼ਲ ਮੀਡੀਆ 'ਤੇ ਝੂਠੀਆਂ ਤੇ ਮਨਘੜਤ ਖ਼ਬਰਾਂ ਦਾ ਹੜ੍ਹ ਆਇਆ ਹੋਇਆ ਹੈ। ਇੰਟਰਨੈੱਟ ਅਤੇ ਵੱਖ ਵੱਖ ਐਪਸ ਉੱਤੇ ਏਨੀ ਜਾਣਕਾਰੀ ਮਿਲ ਰਹੀ ਹੈ ਕਿ ਇਹ ਦੱਸਣਾ/ਲੱਭਣਾ ਮੁਸ਼ਕਲ ਹੋ ਜਾਂਦਾ ਹੈ ਕਿ ਕਿਹੜੀ ਜਾਣਕਾਰੀ ਸੱਚ ਹੈ ਅਤੇ ਕਿਹੜੀ ਝੂਠ। ਸਭ ਤੋਂ ਖ਼ਤਰਨਾਕ ਪਹਿਲੂ ਇਹ ਹੈ ਕਿ ਬਹੁਤ ਸਾਰੇ ਸਵਾਰਥੀ ਲੋਕ, ਟੋਲੀਆਂ ਤੇ ਪਾਰਟੀਆਂ ਝੂਠੀਆਂ ਖ਼ਬਰਾਂ ਘੜਦੇ ਹਨ ਤੇ ਉਨ੍ਹਾਂ ਨੂੰ ਸੌੜੇ ਹਿੱਤਾਂ ਲਈ ਵਰਤਿਆ ਜਾਂਦਾ ਹੈ। ਏਦਾਂ ਕਰਨ ਵਾਲੇ ਲੋਕਾਂ ਵਿਚ ਕੁਝ ਤਾਂ ਇਹ ਜਾਣਦੇ ਹਨ ਕਿ ਉਹ ਇਹ ਕੰਮ ਆਪਣੇ ਸਵਾਰਥ ਅਤੇ ਆਵਾਮ ਨੂੰ ਉੱਲੂ ਬਣਾਉਣ ਲਈ ਕਰ ਰਹੇ ਹਨ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਝਾਂਸਾ ਵੀ ਦਿੱਤਾ ਜਾਂਦਾ ਹੈ ਕਿ ਜੇ ਉਹ ਇਨ੍ਹਾਂ ਖ਼ਬਰਾਂ ਨੂੰ ਹੋਰ ਫੈਲਾਉਣ ਤਾਂ ਉਹ ਆਪਣੇ ਧਰਮ, ਦੇਸ਼, ਜਾਤ, ਨਸਲ, ਸੱਭਿਅਤਾ ਆਦਿ ਦੀ ਵਡਿਆਈ ਕਰਨ ਵਿਚ ਹਿੱਸਾ ਪਾ ਰਹੇ ਹੋਣਗੇ। ਇਹੋ ਜਿਹੀਆਂ ਖ਼ਬਰਾਂ ਨੂੰ ਫੈਲਾਉਣ ਦਾ ਸਭ ਤੋਂ ਵੱਡਾ ਹਥਿਆਰ ਉਹ ਸਾਧਨ/ਐਪਸ ਹਨ ਜਿਨ੍ਹਾਂ ਵਿਚ ਲਿਖ਼ਤਾਂ/ਸੁਨੇਹੇ ਇਕ ਸਮਾਰਟ ਫ਼ੋਨ/ਕੰਪਿਊਟਰ/ਲੈਪਟਾਪ ਤੋਂ ਦੂਸਰੇ ਅਜਿਹੇ ਯੰਤਰ ਤਕ ਗੁਪਤ (Encrypted) ਰੂਪ ਵਿਚ ਪਹੁੰਚਦੇ ਹਨ ਭਾਵ ਵੱਟਸਐਪ, ਵਾਈਬਰ, ਲਾਈਨ, ਟੈਲੀਗਰਾਮ, ਟੈਂਗੋ ਆਦਿ।
        ਪਿਛਲੇ ਸਾਲ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੇ ਹਿੰਦੋਸਤਾਨ, ਕੀਨੀਆ ਤੇ ਨਾਇਜੀਰੀਆ ਵਿਚ ਵੱਡੇ ਪੱਧਰ ਦਾ ਖੋਜ ਕਾਰਜ ਕਰਵਾਇਆ ਜਿਸ ਵਿਚ ਇਹ ਤੱਥ ਸਾਹਮਣੇ ਆਏ ਕਿ ਹਿੰਦੋਸਤਾਨ ਦੇ ਲੋਕ ਉਨ੍ਹਾਂ ਸੰਦੇਸ਼ਾਂ, ਜਿਨ੍ਹਾਂ ਵਿਚ ਹਿੰਸਾ ਹੋਵੇ, ਨੂੰ ਫੈਲਾਉਣ ਤੋਂ ਤਾਂ ਕੁਝ ਝਿਜਕ ਮਹਿਸੂਸ ਕਰਦੇ ਹਨ ਪਰ 'ਰਾਸ਼ਟਰਵਾਦੀ' ਭਾਵਨਾ ਵਾਲੇ ਸੰਦੇਸ਼ ਬੜੀ ਤੇਜ਼ੀ ਨਾਲ ਫੈਲਾਏ ਜਾਂਦੇ ਹਨ। ਟਵਿੱਟਰ ਦੇ 16 ਹਜ਼ਾਰ ਖ਼ਾਤਿਆਂ ਦੇ ਅਧਿਐਨ ਤੋਂ ਮਨਘੜਤ ਖ਼ਬਰਾਂ ਫੈਲਾਉਣ ਵਾਲਿਆਂ ਦੇ ਜੋ ਵਿਚਾਰਧਾਰਕ ਰੁਝਾਨ ਸਾਹਮਣੇ ਆਏ, ਉਨ੍ਹਾਂ ਅਨੁਸਾਰ ਸੱਤਾਧਾਰੀ ਪਾਰਟੀ ਦੇ ਹਮਾਇਤੀਆਂ ਦੇ ਤਾਰ ਬਿਹਤਰ ਤਰ੍ਹਾਂ ਨਾਲ ਜੁੜੇ ਹੋਏ ਹਨ। ਰਾਸ਼ਟਰਵਾਦ, ਦੇਸ਼ ਭਗਤੀ, ਪਾਕਿਸਤਾਨ ਵਿਰੋਧ, ਹਿੰਦੂਤਵ ਦੀ ਵਡਿਆਈ ਅਤੇ ਘੱਟਗਿਣਤੀ ਦੇ ਲੋਕਾਂ ਨੂੰ ਛੁਟਿਆਉਣ ਵਾਲੇ ਸੰਦੇਸ਼ ਇਹ ਟੋਲੀਆਂ ਬੜੇ ਧੜੱਲੇ ਨਾਲ ਫੈਲਾਉਂਦੀਆਂ ਹਨ।
       ਗੱਲ ਇਹੋ ਜਿਹੇ ਸੰਦੇਸ਼ਾਂ 'ਤੇ ਹੀ ਖ਼ਤਮ ਨਹੀਂ ਹੁੰਦੀ। ਪਿਛਲੇ ਵਰ੍ਹਿਆਂ ਦੌਰਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਕਈ ਵਾਰ ਇਹੋ ਜਿਹੀਆਂ ਮਨਘੜਤ ਖ਼ਬਰਾਂ ਸੋਸ਼ਲ ਮੀਡੀਆ 'ਤੇ ਫੈਲਾਈਆਂ ਗਈਆਂ ਹਨ ਜਿਨ੍ਹਾਂ ਕਾਰਨ ਹਿੰਸਾ ਹੋਈ ਅਤੇ ਬੇਗੁਨਾਹ ਲੋਕਾਂ ਦੀਆਂ ਜਾਨਾਂ ਜਾਂਦੀਆਂ ਰਹੀਆਂ। ਇਨ੍ਹਾਂ ਵਿਚ ਆਮ ਕਰਕੇ ਦਲਿਤਾਂ, ਦਮਿਤਾਂ ਅਤੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਝੂਠੀਆਂ ਖ਼ਬਰਾਂ ਫੈਲਾਉਣ ਦਾ ਇਹ ਤੰਤਰ ਬਹੁਤ ਵਿਸ਼ਾਲ ਹੈ ਕਿਉਂਕਿ ਹਿੰਦੋਸਤਾਨ ਜਿਹੇ ਦੇਸ਼ ਵਿਚ ਕਿਸੇ ਵੀ ਸਮੇਂ ਕਰੋੜਾਂ ਲੋਕ ਸਮਾਰਟ ਫ਼ੋਨਾਂ, ਲੈਪਟਾਪਾਂ ਅਤੇ ਕੰਪਿਊਟਰਾਂ ਰਾਹੀਂ ਇਕ ਦੂਜੇ ਨਾਲ ਜੁੜੇ (ਆਨਲਾਈਨ) ਹੁੰਦੇ ਹਨ।
      ਮਸ਼ਹੂਰ ਨਿਊਰੋਸਾਇੰਟਿਸਟ (ਤੰਤੂ ਵਿਗਿਆਨੀ) ਅਭਿਜੀਤ ਨਸਕਰ ਨੇ ਆਪਣੀ ਕਿਤਾਬ 'ਦਿ ਕਾਂਸਟੀਚਿਊਸ਼ਨ ਆਫ਼ ਯੂਨਾਈਟਿਡ ਪੀਪਲਜ਼ ਆਫ਼ ਅਰਥ' ਵਿਚ ਲਿਖਿਆ ਹੈ ਕਿ ਛਾਪੇਖ਼ਾਨੇ ਦੀ ਆਮਦ ਤੋਂ ਪਹਿਲਾਂ ਦੁਨੀਆਂ ਵਿਚ ਜਾਣਕਾਰੀ ਦਾ ਫੈਲਾਅ ਸੀਮਤ ਪੱਧਰ 'ਤੇ ਹੋਣ ਕਰਕੇ ਲੋਕਾਈ ਨੂੰ ਗਿਆਨ/ਜਾਣਕਾਰੀ ਦੀ ਘਾਟ ਰੜਕਦੀ ਸੀ। ਨਸਕਰ ਅਨੁਸਾਰ ਇਹ ਇਕ ਤਰ੍ਹਾਂ ਦੀ ਬੌਧਿਕ ਕੰਗਾਲੀ ਸੀ। ਪਿਛਲੇ ਕੁਝ ਦਹਾਕਿਆਂ ਤੋਂ ਇੰਟਰਨੈੱਟ ਤੇ ਸੋਸ਼ਲ ਮੀਡੀਆ ਦੇ ਆਉਣ ਨਾਲ ਜਾਣਕਾਰੀ ਦੇ ਪਾਸਾਰ ਵਿਚ ਖ਼ਤਰਨਾਕ ਹੱਦ ਤਕ ਵਾਧਾ ਹੋਇਆ ਹੈ। ਇਸ ਨੂੰ ਅਭਿਜੀਤ ਨਸਕਰ 'ਬੌਧਿਕ ਮੋਟਾਪੇ' ਦਾ ਨਾਂ ਦਿੰਦਾ ਹੈ। ਸਭ ਤੋਂ ਅਹਿਮ ਚੁਣੌਤੀ ਮਨਘੜਤ ਖ਼ਬਰਾਂ ਦੇ ਮੱਕੜਜਾਲ ਤੋਂ ਬਚਣ ਦੀ ਹੈ। ਖੁਦਗਰਜ਼ ਲੋਕ ਮਨਘੜਤ ਖ਼ਬਰਾਂ ਦਾ ਇਹੋ ਜਿਹਾ 'ਸੰਸਾਰ' ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਜਿਸ ਵਿਚ ਆਮ ਆਦਮੀ ਭਾਵਨਾਤਮਕ ਵਹਾਅ ਵਿਚ ਵਹਿੰਦਾ ਹੋਇਆ ਉਨ੍ਹਾਂ ਦੇ ਝੂਠੇ ਸੰਸਾਰ ਦਾ ਵਾਸੀ ਬਣ ਜਾਂਦਾ ਹੈ। ਇਸ 'ਸੰਸਾਰ' ਵਿਚ ਆਮ ਕਰਕੇ ਇਕ ਧਰਮ, ਫ਼ਿਰਕੇ ਜਾਂ ਦੇਸ਼ ਦੀ ਮਨਚਾਹੀ ਵਡਿਆਈ ਕੀਤੀ ਜਾਂਦੀ ਹੈ ਅਤੇ ਦੂਸਰੇ ਧਰਮਾਂ, ਵਰਗਾਂ ਤੇ ਜਾਤਾਂ ਦੀ ਨਿਖੇਧੀ। ਇਹ 'ਸੰਸਾਰ' ਏਨੇ ਭਰਮਾਊ ਹੁੰਦੇ ਹਨ ਕਿ ਇਨ੍ਹਾਂ ਤੋਂ ਬਾਹਰ ਆਉਣਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਦੇ ਵਾਸੀ ਆਪਣੇ ਸੀਮਤ ਸੰਸਾਰਾਂ ਵਿਚ ਸੰਚਾਰਤ ਹੋ ਰਹੀਆਂ ਖ਼ਬਰਾਂ ਨੂੰ ਦੁਨੀਆਂ ਦਾ ਆਖ਼ਰੀ ਸੱਚ ਸਮਝ ਲੈਂਦੇ ਹਨ ਅਤੇ ਉਨ੍ਹਾਂ ਮੁੱਦਿਆਂ 'ਤੇ ਲੜਨ-ਮਰਨ ਲਈ ਤਿਆਰ ਹੋ ਜਾਂਦੇ ਹਨ।
       ਅੱਜਕੱਲ੍ਹ ਦੀ ਦੁਨੀਆਂ ਵਿਚ ਇਹੋ ਜਿਹੇ ਸੰਸਾਰ ਅਤਿਵਾਦ, ਅੰਧ-ਰਾਸ਼ਟਰਵਾਦ, ਫ਼ਿਰਕਾਪ੍ਰਸਤੀ ਤੇ ਨਫ਼ਰਤ ਦੇ ਵਾਹਨ ਬਣੇ ਹੋਏ ਹਨ। 'ਮੈਟਰਿਕਸ' ਨਾਂ ਦੀਆਂ ਫ਼ਿਲਮਾਂ ਦੀ ਤ੍ਰਿਕੜੀ ਵਿਚ ਇਹੋ ਜਿਹੇ ਸੰਸਾਰਾਂ ਦਾ ਚਿਤਰਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤ੍ਰਿਕੜੀ ਦੀ ਪਹਿਲੀ ਫ਼ਿਲਮ 1999 ਵਿਚ ਬਣੀ ਅਤੇ ਬਾਕੀ ਦੋ ਬਾਅਦ ਵਿਚ। ਪਹਿਲੀ ਫ਼ਿਲਮ ਵਿਚ ਸੱਚਾਈ ਦੇ ਪੱਖ ਤੋਂ ਲੜਨ ਵਾਲੇ ਸਹਿ-ਨਾਇਕ ਤੇ ਨਾਇਕ ਜਦ ਪਹਿਲੀ ਵਾਰ ਮਿਲਦੇ ਹਨ ਤਾਂ ਸਹਿ-ਨਾਇਕ ਨਾਇਕ ਨੂੰ ਆਖਦਾ ਹੈ ''ਅਸਲੀਅਤ ਦੇ ਮਾਰੂਥਲ 'ਤੇ ਜੀ ਆਇਆਂ'' ਭਾਵ ਇਹੋ ਜਿਹੇ ਕੂੜ ਸੰਸਾਰਾਂ ਕਾਰਨ ਅਸਲੀਅਤ ਤੇ ਸੱਚ ਦੇ ਧਰਾਤਲ ਘਟਦੇ ਜਾ ਰਹੇ ਹਨ (ਇਹ ਸੰਵਾਦ ਮਸ਼ਹੂਰ ਫ਼ਰਾਂਸੀਸੀ ਚਿੰਤਕ ਯਾਂ ਬੁਦਰੀਲਾਰਦ ਦਾ ਪ੍ਰਸਿੱਧ ਕਥਨ ਹੈ)। ਇੰਟਰਨੈੱਟ ਦੀ ਗਤੀ, ਵੱਟਸਐਪ, ਫੇਸਬੁੱਕ ਅਤੇ ਹੋਰ ਸੰਚਾਰ ਸਾਧਨ 1999 ਤੋਂ ਬਾਅਦ ਬੜੀ ਤੇਜ਼ੀ ਨਾਲ ਬਦਲੇ ਹਨ ਅਤੇ ਜੇ ਇਹ ਫ਼ਿਲਮਾਂ ਅੱਜ ਦੇ ਦੌਰ ਵਿਚ ਬਣਦੀਆਂ ਤਾਂ ਇਨ੍ਹਾਂ ਵਿਚ ਦਰਸਾਇਆ ਗਿਆ 'ਸੰਸਾਰ' ਕਿਤੇ ਜ਼ਿਆਦਾ ਭਿਆਨਕ ਹੋਣਾ ਸੀ।
      ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਤੇ ਇਸ ਦੌਰਾਨ ਮਨਘੜਤ ਖ਼ਬਰਾਂ ਦਾ ਦੌਰ ਹੋਰ ਤੇਜ਼ ਹੋ ਜਾਏਗਾ। ਇੰਟਰਨੈੱਟ 'ਤੇ ਬੈਠੇ 'ਦੇਸ਼ ਭਗਤਾਂ' ਦੁਆਰਾ ਲਗਾਤਾਰ ਉਹ ਖ਼ਬਰਾਂ ਘੜੀਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਅੰਧ-ਰਾਸ਼ਟਰਵਾਦ ਤੇ ਨਫ਼ਰਤ ਦਾ ਬੋਲਬਾਲਾ ਹੈ। ਇਸ ਤਰ੍ਹਾਂ ਇਕ ਨਵੀਂ ਤਰ੍ਹਾਂ ਦੀ ਝੂਠੀ ਸੱਭਿਆਚਾਰਕ ਪੂੰਜੀ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹੈ ਜਿਸ ਵਿਚ ਕੂੜ ਬਹੁਤ ਜ਼ਿਆਦਾ ਹੈ ਤੇ ਸੱਚ ਬਹੁਤ ਘੱਟ। ਇਸ ਸਬੰਧ ਵਿਚ ਸੰਸਦ ਦੀ ਇਕ ਕਮੇਟੀ ਨੇ ਫੇਸਬੁੱਕ ਅਤੇ ਟਵਿੱਟਰ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਇਹ ਦੱਸਿਆ ਕਿ ਉਨ੍ਹਾਂ ਦੀਆਂ ਕੰਪਨੀਆਂ ਮਨਘੜਤ ਖ਼ਬਰਾਂ ਅਤੇ ਗ਼ਲਤ ਜਾਣਕਾਰੀ ਦੇਣ ਵਾਲਿਆਂ ਵਿਰੁੱਧ ਲੋੜੀਂਦੀ ਕਾਰਵਾਈ ਨਹੀਂ ਕਰ ਰਹੀਆਂ। ਇਨ੍ਹਾਂ ਕੰਪਨੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਭਾਰਤ ਦੇ ਚੋਣ ਕਮਿਸ਼ਨ ਨਾਲ ਰਾਬਤਾ ਰੱਖਣ ਤੇ ਮਨਘੜਤ ਖ਼ਬਰਾਂ ਦੇ ਇਸ ਹੜ੍ਹ ਨੂੰ ਰੋਕਣ ਵਿਚ ਮਦਦ ਕਰਨ। ਪਰ ਇਹ ਸਭ ਕੁਝ ਕਰਨਾ ਏਨਾ ਸੌਖਾ ਨਹੀਂ ਕਿਉਂਕਿ ਇਕ ਤਾਂ ਇਹ ਕੰਪਨੀਆਂ ਆਪਣੇ ਗਾਹਕਾਂ, ਜਿਨ੍ਹਾਂ ਦੇ ਮੈਸੇਜ ਭੇਜਣ ਕਾਰਨ ਇਨ੍ਹਾਂ ਨੂੰ ਅਰਬਾਂ ਡਾਲਰਾਂ ਦਾ ਨਫ਼ਾ ਹੁੰਦਾ ਹੈ, 'ਤੇ ਨਕੇਲ ਪਾਉਣ ਲਈ ਜ਼ਿਆਦਾ ਉਤਸੁਕ ਦਿਖਾਈ ਨਹੀਂ ਦਿੰਦੀਆਂ; ਦੂਸਰਾ ਮਸਨੂਈ ਸਿਆਣਪ ਦੇ ਸੰਦ (ਇੰਟਰਨੈੱਟ 'ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਆਪਣੇ ਆਪ ਚੱਲਣ ਵਾਲੇ ਐਪਸ/ਸੰਦ) ਏਨੀ ਤੇਜ਼ੀ ਨਾਲ ਕੰਮ ਕਰਦੇ ਹਨ ਕਿ ਬਹੁਤ ਵਾਰ ਇਹ ਲੱਭਣ ਤੋਂ ਪਹਿਲਾਂ ਕਿ ਕੋਈ ਖ਼ਬਰ ਝੂਠੀ ਹੈ ਜਾਂ ਨਹੀਂ, ਉਹ ਕਰੋੜਾਂ ਲੋਕਾਂ ਤਕ ਪਹੁੰਚ ਚੁੱਕੀ ਹੁੰਦੀ ਹੈ ਅਤੇ ਜੋ ਨੁਕਸਾਨ ਸਵਾਰਥੀ ਲੋਕ ਕਰਨਾ ਚਾਹੁੰਦੇ ਹਨ, ਕਰ ਚੁੱਕੀ ਹੁੰਦੀ ਹੈ।
       ਮਨਘੜਤ ਖ਼ਬਰਾਂ ਨੂੰ ਵੱਡੇ ਪੱਧਰ 'ਤੇ ਫੈਲਾਉਣ ਦਾ ਕੰਮ ਹਿੰਸਾ ਤੇ ਨਫ਼ਰਤ ਦੇ ਪੁਜਾਰੀਆਂ ਦੁਆਰਾ ਕੀਤਾ ਜਾਂਦਾ ਹੈ। ਉਹ ਆਪਣਾ ਹੋ-ਹੱਲਾ ਏਨੀ ਤੇਜ਼ੀ ਅਤੇ ਵੱਡੇ ਪੱਧਰ 'ਤੇ ਫੈਲਾਉਂਦੇ ਹਨ ਕਿ ਸੂਝਵਾਨ ਲੋਕਾਂ ਦੁਆਰਾ ਉਨ੍ਹਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਜੇ ਕੋਈ ਅਜਿਹਾ ਕਰਨ ਦੀ ਹਿੰਮਤ ਵੀ ਕਰਦਾ ਹੈ ਤਾਂ ਇੰਟਰਨੈੱਟ 'ਤੇ ਉਸ ਦੀ ਬਦਖੋਈ ਲਈ ਲਾਮਬੰਦੀ (ਟਰੌਲ) ਕੀਤੀ ਜਾਂਦੀ ਹੈ। ਇਹ ਮਨਘੜਤ ਖ਼ਬਰਾਂ ਸਿਰਫ਼ ਖ਼ਬਰਾਂ ਹੀ ਨਹੀਂ ਹਨ ਸਗੋਂ ਗਾਲਬ ਜਮਾਤਾਂ ਤੇ ਜਾਤਾਂ ਵੱਲੋਂ ਆਪਣਾ ਗਲਬਾ ਕਾਇਮ ਰੱਖਣ ਲਈ ਘੜੇ ਗਏ ਬਿਰਤਾਂਤ ਹਨ ਜਿਨ੍ਹਾਂ ਨੂੰ ਸੌੜੇ ਸਿਆਸੀ ਹਿੱਤਾਂ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਰੁਝਾਨਾਂ ਵਿਰੁੱਧ ਲੜਨਾ ਬਹੁਤ ਮੁਸ਼ਕਲ ਹੈ ਪਰ ਅਸੰਭਵ ਨਹੀਂ। ਸੂਝਵਾਨ ਅਤੇ ਦੇਸ਼ ਦਾ ਹਿੱਤ ਚਾਹੁਣ ਵਾਲੇ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਵੱਡੇ ਪੱਧਰ 'ਤੇ ਵਰਤੋਂ ਕਰਨ ਅਤੇ ਕੂੜ ਦੇ ਇਨ੍ਹਾਂ ਰੁਝਾਨਾਂ ਦਾ ਸਾਹਮਣਾ ਕਰਨ ਲਈ ਲਾਮਬੰਦ ਹੋਣ ਦੇ ਨਾਲ ਨਾਲ ਇਨ੍ਹਾਂ ਵਿਰੁੱਧ ਚੇਤੰਨ ਵੀ ਹੋਣਾ ਚਾਹੀਦਾ ਹੈ। ਅਜਿਹੀਆਂ ਮਨਘੜਤ ਖ਼ਬਰਾਂ ਉੱਤੇ ਸੁਤੇ-ਸਿਧ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਕਿਸੇ ਅਣਜਾਣੇ ਸਰੋਤ ਤੋਂ ਮਿਲੀਆਂ ਖ਼ਬਰਾਂ ਨੂੰ ਇਕਦਮ ਪੂਰਾ ਸੱਚ ਸਮਝਣਾ ਖ਼ਤਰਨਾਕ ਹੋ ਸਕਦਾ ਹੈ। ਉਸ ਦੀ ਸੱਚਾਈ ਦੀ ਤਹਿ ਤਕ ਜਾਣ ਲਈ ਵੱਖ ਵੱਖ ਸਰੋਤਾਂ ਤਕ ਪਹੁੰਚ ਕੀਤੀ ਜਾਣੀ ਚਾਹੀਦੀ ਹੈ ਤੇ ਉਹ ਇਲਾਕਾ, ਜਿੱਥੋਂ ਇਹੋ ਜਿਹੀ ਖ਼ਬਰ ਆਈ ਹੋਵੇ, ਦੇ ਵਸਨੀਕਾਂ ਨਾਲ ਸਿੱਧਾ ਰਾਬਤਾ ਕਰਨਾ ਸਭ ਤੋਂ ਵਧੀਆ ਸਰੋਤ ਹੋ ਸਕਦਾ ਹੈ। ਆਉਣ ਵਾਲੇ ਕੁਝ ਮਹੀਨਿਆਂ ਵਿਚ ਇਨ੍ਹਾਂ ਮਨਘੜਤ ਖ਼ਬਰਾਂ ਦਾ ਦੌਰ ਤਾਂ ਚੱਲੇਗਾ ਹੀ, ਫਿਰ ਵੀ ਆਸ ਕੀਤੀ ਜਾ ਸਕਦੀ ਹੈ ਕਿ ਲੋਕ ਇਨ੍ਹਾਂ ਖ਼ਬਰਾਂ ਦੇ ਓਹਲੇ ਪਿਆ ਕੂੜ ਪਛਾਣ ਲੈਣਗੇ।                    

ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ ... - ਸਵਰਾਜਬੀਰ

ਵੱਡੀਆਂ ਦੁਖਦਾਈ ਘਟਨਾਵਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਸਮਾਜ, ਸਿਆਸਤ, ਅਰਥਚਾਰੇ ਤੇ ਸੱਭਿਆਚਾਰਕ ਪਰਿਵੇਸ਼ ਵਿਚ ਕਿਤੇ ਬਹੁਤ ਡੂੰਘੇ ਜ਼ਖ਼ਮ ਲੱਗ ਚੁੱਕੇ ਹਨ ਜੋ ਭਰੇ ਨਹੀਂ ਜਾ ਰਹੇ, ਉਹ ਨਾਸੂਰ ਬਣ ਚੁੱਕੇ ਹਨ। ਜਿਨ੍ਹਾਂ ਥਾਵਾਂ 'ਤੇ ਦੁਖਦਾਈ ਘਟਨਾਵਾਂ ਲਗਾਤਾਰ ਵਾਪਰਦੀਆਂ ਰਹਿੰਦੀਆਂ ਹਨ, ਉੱਥੋਂ ਦੇ ਹਾਲਾਤ ਇਹੋ ਜਿਹੇ ਹੁੰਦੇ ਹਨ ਕਿ ਉੱਥੋਂ ਦੇ ਲੋਕ ਲਗਾਤਾਰ ਦੱਬੇ ਕੁਚਲੇ ਜਾਂਦੇ ਹਨ, ਬੇਗ਼ਾਨਗੀ ਦੀ ਭਾਵਨਾ ਦਾ ਸ਼ਿਕਾਰ ਹੁੰਦੇ ਹਨ। ਉਹ ਸਿਆਸੀ ਜਮਾਤ ਵੱਲੋਂ ਵਰਤੇ ਜਾਂਦੇ ਹਨ, ਦੇਸੀ ਵਿਦੇਸ਼ੀ ਏਜੰਸੀਆਂ ਦੁਆਰਾ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਆਪਣੇ ਸਾਹਮਣੇ ਕੋਈ ਰਾਹ ਰਸਤਾ ਨਹੀਂ ਦਿਖਾਈ ਦਿੰਦਾ, ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਅੰਨ੍ਹੀ (ਬੰਦ) ਗਲੀ ਵਿਚ ਵੜ ਗਏ ਹਨ ਜਿਸ ਵਿਚ ਸਾਰੇ ਘਰ ਉਨ੍ਹਾਂ ਦੇ ਦੁਸ਼ਮਣਾਂ ਦੇ ਹਨ ਤੇ ਬਾਹਰ ਨਿਕਲਣ ਲਈ ਕੋਈ ਦਰ, ਦਰਵਾਜ਼ਾ ਨਹੀਂ, ਉਹ ਨਹੀਂ ਜਾਣਦੇ ਉਹ ਕੀ ਕਰਨ; ਉਨ੍ਹਾਂ ਦਾ ਵਿਹਾਰ ਆਤਮਘਾਤੀ ਹੋ ਜਾਂਦਾ ਹੈ।
        ਕਈ ਦਿਨਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਉਹ ਕਿਸ ਗੱਲ/ਖ਼ਬਰ 'ਤੇ ਵਿਸ਼ਵਾਸ ਕਰਨ ਤੇ ਕਿਸ 'ਤੇ ਨਹੀਂ। ਇਸ ਤੋਂ ਵੱਧ ਕਈ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਜੋ ਘਟਨਾਕ੍ਰਮ ਬਾਰੇ ਉਹ ਵੇਖ ਰਹੇ ਹਨ ਜਾਂ ਜੋ ਉਨ੍ਹਾਂ ਨੂੰ ਵਿਖਾਇਆ ਜਾ ਰਿਹਾ ਹੈ, ਉਹਦੇ ਬਾਰੇ ਉਨ੍ਹਾਂ ਦੀ ਪ੍ਰਤੀਕਿਰਿਆ ਕਿਹੋ ਜਿਹੀ ਹੋਵੇ। ਕਈਆਂ ਨੂੰ ਇਹ ਸੰਦੇਹ ਹੁੰਦਾ ਹੈ ਕਿ ਜੇਕਰ ਉਨ੍ਹਾਂ ਆਪਣੇ ਮਨ ਵਿਚ ਗੱਲ ਆਖੀ ਤਾਂ ਉਨ੍ਹਾਂ ਨੂੰ ਕਿਤੇ ਦੇਸ਼-ਧ੍ਰੋਹੀ ਨਾ ਗਰਦਾਨਿਆ ਜਾਵੇ। ਕਈ ਇਹ ਸੋਚਦੇ ਹਨ ਕਿ ਉਹ ਦੇਸ਼ ਭਗਤ ਕਹਿਲਾਉਣ ਲਈ ਕੀ ਕਹਿਣ। ਮੈਂ ਖ਼ੁਦ ਵੀ ਇਹੋ ਜਿਹੀ ਹਾਲਤ ਵਿਚੋਂ ਗੁਜਰਦਾ ਹਾਂ, ਪਲ ਪਲ ਖ਼ਬਰਾਂ 'ਤੇ ਸੰਦੇਹ ਹੁੰਦਾ ਹੈ, ਟੈਲੀਵਿਜ਼ਨ 'ਤੇ ਬੈਠੇ ਟਿੱਪਣੀਕਾਰਾਂ 'ਤੇ ਸੰਦੇਹ ਹੁੰਦਾ ਹੈ, ਆਪਣੇ ਸੋਚਣ ਵਿਚਾਰਨ ਦੀ ਸ਼ਕਤੀ 'ਤੇ ਸੰਦੇਹ ਹੁੰਦਾ ਹੈ।
        ਸੰਦੇਹ ਵਿਚ ਭਟਕਦੇ ਹੋਏ ਬੰਦੇ ਨੂੰ ਨੀਂਦ ਨਹੀਂ ਆਉਂਦੀ। ਸਵੇਰ ਵੇਲੇ ਭੈੜੇ ਭੈੜੇ ਸੁਪਨੇ ਆਉਂਦੇ ਹਨ। ਜਾਗੋ-ਮੀਟੀ ਵਿਚ ਬੰਦਾ ਕਦੇ ਦੇਸ਼ ਭਗਤ ਬਣਦਾ ਹੈ ਤੇ ਕਦੇ ਦੇਸ਼-ਧ੍ਰੋਹੀ। ਘਟਨਾਵਾਂ ਦੀ ਵਹੀਰ ਉਸ ਦਾ ਪਿੱਛਾ ਕਰਦੀ ਹੈ, ਉਹਨੂੰ ਪੱਥਰ ਮਾਰਦੀ ਹੈ, ਉਹਦੇ 'ਤੇ ਗੋਲੀ ਚਲਾਉਂਦੀ ਹੈ, ਉਹਦੇ 'ਤੇ ਹਮਲਾ ਹੁੰਦਾ ਹੈ। ਸਾਹੋ-ਸਾਹ ਹੋਏ ਬੰਦੇ ਦੀ ਜਾਗ ਖੁੱਲ੍ਹਦੀ ਹੈ ਤਾਂ ਉਹ ਵੇਖਦਾ ਹੈ, ਕੁਝ ਵੀ ਨਹੀਂ ਹੋਇਆ, ਜੋ ਕੁਝ ਵੀ ਹੋ ਰਿਹਾ ਹੈ, ਉਹ ਉਨ੍ਹਾਂ ਤੋਂ ਬਾਹਰ ਹੈ। ਉਹਦੇ ਲਈ ਸਭ ਤੋਂ ਚੰਗੀ ਗੱਲ ਹੈ ਕਿ ਉਹ ਚੁੱਪ ਰਹੇ। ਸਭ ਕੁਝ ਠੀਕ ਠਾਕ ਹੈ। ਉਸ ਨੂੰ ਕੁਝ ਪਲਾਂ ਲਈ ਸਭ ਕੁਝ ਠੀਕ ਇਸ ਲਈ ਲੱਗਦਾ ਹੈ ਕਿਉਂਕਿ ਉਹ ਉਸ ਧਰਤੀ ਤੋਂ ਦੂਰ ਹੈ ਜਿੱਥੇ ਘਟਨਾਵਾਂ ਵਾਪਰ ਰਹੀਆਂ ਹਨ। ਪਰ ਉਹ ਲੋਕ ਜਿਨ੍ਹਾਂ ਦੀ ਭੌਂਅ 'ਤੇ ਇਹ ਘਟਨਾਵਾਂ ਵਾਪਰ ਰਹੀਆਂ ਹਨ, ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ, ਉਹ ਕਿਵੇਂ ਦਿਨ ਰਾਤ ਦੁੱਖ 'ਚੋਂ ਗੁਜ਼ਰਦੇ ਹਨ, ਉਨ੍ਹਾਂ ਦੇ ਧੀਆਂ, ਪੁੱਤ, ਰਿਸ਼ਤੇਦਾਰ ਉਨ੍ਹਾਂ ਤੋਂ ਨਿੱਤ ਵਿਛੜਦੇ ਹਨ ਤਾਂ ਉਹ ਕਿਵੇਂ ਮਹਿਸੂਸ ਕਰਦੇ ਹਨ। ਜੇ ਅਸੀਂ ਉਨ੍ਹਾਂ ਲੋਕਾਂ ਦੇ ਨਜ਼ਰੀਏ ਤੋਂ ਘਟਨਾਵਾਂ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਹਾਲਾਤ ਠੀਕ ਠਾਕ ਨਹੀਂ ਹਨ।
        ਟੈਲੀਵਿਜ਼ਨ 'ਤੇ ਬੈਠੇ ਟਿੱਪਣੀਕਾਰ ਦਹਾੜਦੇ ਹਨ, ਜੇ ਉਨ੍ਹਾਂ ਦੇ ਵੱਸ ਵਿਚ ਹੁੰਦਾ ਤਾਂ ਦੋਹਾਂ ਦੇਸ਼ਾਂ ਵਿਚ ਹੁਣ ਤਕ ਜੰਗ ਸ਼ੁਰੂ ਹੋ ਚੁੱਕੀ ਹੁੰਦੀ। ਮੈਂ ਇਨ੍ਹਾਂ ਟਿੱਪਣੀਕਾਰਾਂ ਬਾਰੇ ਸੋਚਦਾ ਹਾਂ। ਇਹ ਮੇਰੇ ਵਾਂਗ ਇਨ੍ਹਾਂ ਘਟਨਾਵਾਂ ਤੋਂ ਬਾਹਰ ਬੈਠੇ ਲੋਕ ਹਨ, ਚੰਗੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹੇ ਹੋਏ। ਕਈ ਮੇਰੇ ਵਾਂਗ ਸਥਾਪਤੀ ਦਾ ਹਿੱਸਾ ਰਹੇ ਹਨ, ਜ਼ਿੰਮੇਵਾਰ ਪਦਵੀਆਂ 'ਤੇ ਰਹੇ ਹਨ, ਪਰ ਹੁਣ ਅਜਿਹੀ ਭਾਸ਼ਾ ਬੋਲ ਰਹੇ ਹਨ ਜਿਹੜੀ ਨਿਹਾਇਤ ਗ਼ੈਰ-ਜ਼ਿੰਮੇਵਾਰਾਨਾ ਹੈ, ਭੜਕਾਊ ਹੈ, ਤਰਕ ਤੋਂ ਵਿਰਵੀ ਹੈ, ਇਹ ਦੇਸ਼ ਭਗਤੀ ਦੀ ਦੌੜ ਵਿਚ ਸਭ ਤੋਂ ਅਗਾਂਹ ਲੰਘ ਜਾਣਾ ਚਾਹੁੰਦੇ ਹਨ। ਇਹ ਲੋਕ ਕੌਣ ਹਨ? ਇਹ ਏਦਾਂ ਕਿਉਂ ਕਰ ਰਹੇ ਹਨ? ਮੈਂ ਸੋਚਦਾ ਹਾਂ, ਪਰ ਮੈਨੂੰ ਕੋਈ ਜਵਾਬ ਨਹੀਂ ਲੱਭਦਾ।
   ਮੈਂ ਸਵੇਰੇ ਉੱਠ ਕੇ ਸੋਚਦਾ ਹਾਂ ਕਿ ਬੁੱਲ੍ਹੇ ਸ਼ਾਹ ਦਾ ਪਾਠ ਕੀਤਾ ਜਾਏ। ਹੇਠ ਲਿਖੀ ਕਾਫ਼ੀ ਮਨ ਵਿਚ ਅਟਕ ਜਾਂਦੀ ਹੈ :

ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ
ਕੋਈ ਮੁਨਸਿਫ਼ ਹੋ ਨਿਰਵਾਰੇ,
ਤਾਂ ਮੈਂ ਦਸਨਾਂ ਹਾਂ
ਮੈਂ ਪਾ ਪੜ੍ਹਿਆ ਤੋਂ ਨਸਨਾਂ ਹਾਂ

ਆਲਮ ਫ਼ਾਜ਼ਲ ਮੇਰੇ ਭਾਈ,
ਪਾ ਪੜ੍ਹਿਆਂ ਮੇਰੀ ਅਕਲ ਗਵਾਈ
ਦੇ ਇਸ਼ਕ ਦੇ ਹੁਲਾਰੇ, ਤਾਂ ਮੈਂ ਵਸਨਾ ਹਾਂ।


       ਪਹਿਲੀ ਸਤਰ 'ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ' ਦੇ ਅਰਥ ਹਨ : ਬੁੱਲ੍ਹੇ ਸ਼ਾਹ ਕਹਿੰਦਾ ਹੈ ਕਿ ਉਹ ਥੋੜ੍ਹਾ ਪੜ੍ਹਿਆਂ/ਅੱਧ-ਪੜ੍ਹਿਆਂ ਤੋਂ ਨੱਸਦਾ ਹੈ। ਅਗਲੀ ਸਤਰ ਹੈ 'ਕੋਈ ਮੁਨਸਿਫ਼ ਹੋ ਨਿਰਵਾਰੇ, ਤਾਂ ਮੈਂ ਦਸਨਾਂ ਹਾਂ, ਮੈਂ ਪਾ ਪੜ੍ਹਿਆਂ ਤੋਂ ਨਸਨਾਂ ਹਾਂ' ਭਾਵ ਜੇ ਕੋਈ ਮੁਨਸਿਫ਼ (ਜੱਜ) ਬਣ ਕੇ ਮੇਰੀ ਪੁੱਛਗਿੱਛ ਕਰੇ ਤਾਂ ਉਸ ਨੂੰ ਵੀ ਇਹੀ ਦੱਸਦਾਂ ਹਾਂ ਕਿ ਮੈਂ ਅੱਧ-ਪੜ੍ਹਿਆਂ ਤੋਂ ਨਸਨਾਂ ਹਾਂ। ਇਸ ਤੋਂ ਅਗਲੀ ਸਤਰ 'ਆਲਮ ਫ਼ਾਜ਼ਲ ਮੇਰੇ ਭਾਈ, ਪਾ ਪੜ੍ਹਿਆਂ ਮੇਰੀ ਅਕਲ ਗਵਾਈ/ ਦੇ ਇਸ਼ਕ ਦੇ ਹੁਲਾਰੇ, ਤਾਂ ਮੈਂ ਵਸਨਾ ਹਾਂ' ਦੇ ਅਰਥ ਹਨ ਕਿ ਪੜ੍ਹੇ-ਲਿਖੇ ਆਲਮ ਫਾਜ਼ਲ ਲੋਕ ਤਾਂ ਮੇਰੇ ਭਰਾ ਹਨ ਪਰ ਇਨ੍ਹਾਂ ਅੱਧ-ਪੜ੍ਹਿਆਂ ਨੇ ਮੇਰੀ ਅਕਲ ਖੋਹ ਲਈ ਹੈ, ਮੈਂ ਤਾਂ ਪਿਆਰ ਦੇ ਆਸਰੇ ਵੱਸਦਾ ਹਾਂ। ਬੁੱਲ੍ਹੇ ਸ਼ਾਹ ਦੀ ਇਹ ਕਾਫ਼ੀ ਮੈਨੂੰ ਧਰਵਾਸ ਦਿੰਦੀ ਹੈ ਤੇ ਮੈਨੂੰ ਸਮਝ ਲੱਗਦੀ ਹੈ ਕਿ ਟੈਲੀਵਿਜ਼ਨਾਂ 'ਤੇ ਹੋ-ਹੱਲਾ ਕਰ ਰਹੇ ਇਹ ਲੋਕ ਪਾ ਪੜ੍ਹੇ (ਅੱਧ-ਪੜ੍ਹੇ) ਹਨ ਪਰ ਮਨ ਵਿਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਾਡੇ ਸਮਾਜ ਦੀ ਅਗਵਾਈ ਇਹ ਪਾ ਪੜ੍ਹੇ ਹੀ ਕਰਨਗੇ?
       ਮੈਂ ਦਿਨ ਦੀਆਂ ਅਖ਼ਬਾਰਾਂ ਖੋਲ੍ਹਦਾ ਹਾਂ। ਕੁਝ ਟਿੱਪਣੀਆਂ ਨਜ਼ਰੀਂ ਪੈਂਦੀਆਂ ਹਨ। ਅਖ਼ਬਾਰ ਵਿਚ ਸ਼ਸ਼ੀ ਸ਼ੇਖਰ ਦਾ ਲੇਖ ਹੈ ਜਿਸ ਵਿਚ ਉਹ ਆਪਣੇ ਇਕ ਦੋਸਤ ਦੁਆਰਾ ਭੇਜੇ ਗਏ ਮੈਸੇਜ ਦਾ ਜ਼ਿਕਰ ਕਰਦਾ ਹੈ ਜੋ ਇਸ ਤਰ੍ਹਾਂ ਹੈ : ''ਨਮਸਕਾਰ। ਮੈਂ ਤੁਹਾਡਾ ਲੇਖ ਪੜ੍ਹਿਆ ਤੇ ਕੁਝ ਨਿਰਾਸ਼ ਹੋਇਆ। ਜਦ ਜੰਗ ਦੀਆਂ ਭਾਵਨਾਵਾਂ ਵਿਚ ਜਕੜੇ ਹੋਈਏ ਤਾਂ ਬਦਲੇ ਦਾ ਵਿਚਾਰ ਤੁਰੰਤ ਧਰਵਾਸ ਤਾਂ ਦੇ ਸਕਦਾ ਹੈ ਪਰ ਇਹ ਕੋਈ ਚਿਰਜੀਵੀ ਹੱਲ ਨਹੀਂ। ਮਨਮੋਹਨ ਸਿੰਘ ਨੇ ਬਦਲਾ ਨਹੀਂ ਸੀ ਲਿਆ ਪਰ ਜੰਮੂ ਕਸ਼ਮੀਰ ਬਹੁਤ ਹੱਦ ਤਕ ਸ਼ਾਂਤ ਹੋ ਗਿਆ ਸੀ। ਪਰ ਜੇ ਹੁਣ ਹੋਈਆਂ ਦਹਿਸ਼ਤਗਰਦ-ਵਿਰੋਧੀ ਕਾਰਵਾਈਆਂ ਤੋਂ ਬਾਅਦ ਵੀ ਦਹਿਸ਼ਤਗਰਦੀ ਬੰਦ ਨਹੀਂ ਹੁੰਦੀ ਤਾਂ ਕੀ ਅਸੀਂ ਇਸਲਾਮਾਬਾਦ 'ਤੇ ਹਮਲਾ ਕਰਾਂਗੇ? ਸਰਜੀਕਲ ਸਟਰਾਈਕ ਕੋਈ ਹੱਲ ਨਹੀਂ ਹੈ। ਇਹ ਤਾਂ ਖ਼ੁਦ ਇਕ ਸਮੱਸਿਆ ਹੈ ਪਰ ਇਸ ਦੌਰ ਵਿਚ ਇਹ ਕਹਿਣਾ ਕੁਫ਼ਰ ਹੈ।'' ਇਸੇ ਤਰ੍ਹਾਂ ਇਕ ਹੋਰ ਨਾਮਾਨਿਗਾਰ ਅਕਾਰ ਪਟੇਲ ਨੇ ਇਹ ਲਿਖਿਆ ਹੈ : ''ਮੈਂ ਪਾਕਿਸਤਾਨ ਨਾਲ ਨਫ਼ਰਤ ਨਹੀਂ ਕਰਦਾ। ਮੈਂ ਕਈ ਵਾਰ ਉਸ ਦੇਸ਼ ਗਿਆਂ ਹਾਂ ਅਤੇ ਮੈਂ ਉੱਥੋਂ ਦੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ। ਮੇਰਾ ਮੰਨਣਾ ਹੈ ਕਿ ਉਨ੍ਹਾਂ ਦੀਆਂ ਸਰਕਾਰਾਂ ਨੇ ਕੁਝ ਭਿਆਨਕ ਗੱਲਾਂ ਕੀਤੀਆਂ ਹਨ ਪਰ ਉਨ੍ਹਾਂ ਲਈ ਮੈਂ ਉੱਥੋਂ ਦੀ ਜਨਤਾ ਨੂੰ ਦੋਸ਼ ਨਹੀਂ ਦਿੰਦਾ...। ਜਿਸ ਤੇਜ਼ੀ ਨਾਲ ਅਸੀਂ ਪਾਕਿਸਤਾਨ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ, ਵਿਸ਼ੇਸ਼ ਤੌਰ 'ਤੇ ਸਾਡੀ ਸਰਕਾਰ ਤੇ ਸਾਡੇ ਮੀਡੀਆ ਨੇ, ਇਹ ਅਖ਼ੀਰ ਵਿਚ ਸਾਨੂੰ ਹੀ ਨੁਕਸਾਨ ਪਹੁੰਚਾਏਗਾ।'' ਇਕ ਹੋਰ ਪੱਤਰਕਾਰ ਸਰੁੱਤੀਸਾਗਰ ਯਮਨਨ ਨੇ ਲਿਖਿਆ ਹੈ ਕਿ ਜੇਕਰ ਸਰਕਾਰ/ਸੱਤਾਧਾਰੀ ਪਾਰਟੀ ਚਾਹੁੰਦੀ ਹੈ ਕਿ ਵਿਰੋਧੀ ਪਾਰਟੀਆਂ ਦਹਿਸ਼ਤਗਰਦਾਂ ਦੁਆਰਾ ਕੀਤੇ ਗਏ ਹਮਲੇ ਦਾ ਸਿਆਸੀਕਰਨ ਨਾ ਕਰਨ ਤਾਂ ਸਭ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਨੂੰ ਇਸ 'ਤੇ ਸਿਆਸਤ ਕਰਨੀ ਬੰਦ ਕਰਨੀ ਚਾਹੀਦੀ ਹੈ। ਇਕ ਹੋਰ ਪੱਤਰਕਾਰ ਨੇ ਲਿਖਿਆ ਹੈ ਕਿ ਪੁਲਵਾਮਾ ਵਿਚ ਹੋਏ ਦਹਿਸ਼ਤਗਰਦ ਹਮਲੇ ਤੋਂ ਬਾਅਦ ਦੇਸ਼ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੁਰੱਖਿਆ ਦਲਾਂ ਵੱਲੋਂ ਇਕ ਸਾਲ ਤੋਂ ਲਗਾਤਾਰ ਸਫ਼ਲਤਾਵਾਂ ਦੇ ਬਾਵਜੂਦ ਜੰਮੂ ਕਸ਼ਮੀਰ ਵਿਚ ਹਾਲਾਤ ਠੀਕ ਨਹੀਂ ਹਨ। ਇਨ੍ਹਾਂ ਟਿੱਪਣੀਆਂ ਨੂੰ ਪੜ੍ਹ ਕੇ ਇਹ ਮਹਿਸੂਸ ਹੁੰਦਾ ਹੈ ਕਿ ਸਾਰੇ ਪੱਤਰਕਾਰ ਤੇ ਟਿੱਪਣੀਕਾਰ ਪਾ ਪੜ੍ਹੇ (ਅੱਧ-ਪੜ੍ਹੇ) ਨਹੀਂ, ਉਨ੍ਹਾਂ ਵਿਚ ਸੁੱਘੜ ਸਿਆਣੇ ਵੀ ਹਨ। ਇਹ ਵੱਖਰੀ ਗੱਲ ਹੈ ਕਿ ਘਟਨਾਵਾਂ ਦੀ ਅੰਧਾਧੁੰਦ ਦੌੜ ਵਿਚ ਪਾ ਪੜ੍ਹਿਆਂ ਦਾ ਰੌਲਾ ਪੜ੍ਹੇ-ਲਿਖਿਆਂ ਦੀ ਆਵਾਜ਼ ਨੂੰ ਦਬਾਅ ਦਿੰਦਾ ਹੈ ਅਤੇ ਲੋਕਾਂ ਨੂੰ ਜਜ਼ਬਾਤ ਦੇ ਵਹਿਣਾਂ ਵਿਚ ਵਹਾਅ ਕੇ ਲੈ ਜਾਂਦਾ ਹੈ।
       ਇਕ ਪਾਸੇ ਅੰਧ-ਰਾਸ਼ਟਰਵਾਦ ਤੇ ਨਫ਼ਰਤ ਦਾ ਰੌਲਾ ਪਾਉਣ ਵਾਲੇ ਪਾ ਪੜ੍ਹੇ ਹਨ ਅਤੇ ਦੂਸਰੇ ਪਾਸੇ ਕੁਝ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਹਨ। ਇਨ੍ਹਾਂ ਵਿਚੋਂ ਕੁਝ ਲੋਕ ਇਮਰਾਨ ਖ਼ਾਨ ਦੀ ਤਾਰੀਫ਼ ਕਰ ਰਹੇ ਹਨ। ਇਹ ਲੋਕ ਇਹ ਮਹਿਸੂਸ ਨਹੀਂ ਕਰਦੇ ਕਿ ਇਮਰਾਨ ਖ਼ਾਨ ਇਕ ਘਾਗ਼ ਸਿਆਸਤਦਾਨ ਹੈ ਜਿਸ ਦੇ ਪਾਕਿਸਤਾਨੀ ਫ਼ੌਜ ਨਾਲ ਡੂੰਘੇ ਸਬੰਧ ਹਨ। ਪਾਕਿਸਤਾਨ ਵਿਚ ਪਾਕਿਸਤਾਨੀ ਫ਼ੌਜ ਨੇ ਪਾਕਿਸਤਾਨੀ ਆਵਾਮ 'ਤੇ ਕਈ ਦਹਾਕਿਆਂ ਤੋਂ ਜ਼ੁਲਮ ਢਾਹੇ ਹਨ, ਜਮਹੂਰੀਅਤ ਨੂੰ ਮਲੀਆਮੇਟ ਕੀਤਾ ਹੈ ਅਤੇ ਇਕ ਇਹੋ ਜਿਹਾ ਨਿਜ਼ਾਮ ਕਾਇਮ ਕੀਤਾ ਹੈ ਜਿਸ ਵਿਚ ਬਲਬੂਤਾ ਹਮੇਸ਼ਾ ਫ਼ੌਜ ਦਾ ਹੀ ਰਹਿੰਦਾ ਹੈ। ਸਿਆਸੀ ਜਮਾਤ ਕੋਲ ਤਾਕਤ ਆਉਣ ਹੀ ਨਹੀਂ ਦਿੱਤੀ ਜਾਂਦੀ ਅਤੇ ਜਦੋਂ ਵੀ ਸਿਆਸੀ ਜਮਾਤ ਫ਼ੌਜ ਦੀਆਂ ਹਦਾਇਤਾਂ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੀ ਹੈ ਤਾਂ ਤਖ਼ਤਾ ਪਲਟ ਦਿੱਤਾ ਜਾਂਦਾ ਹੈ। ਫ਼ੌਜੀ ਰਾਜ ਵਾਪਸ ਆ ਜਾਂਦਾ ਹੈ। ਇਸ ਲਈ ਏਦਾਂ ਦੀਆਂ ਗੱਲਾਂ ਕਰਨ ਵਾਲੇ ਲੋਕ ਵੀ ਪਾ ਪੜ੍ਹੇ (ਅੱਧ-ਪੜ੍ਹੇ) ਹਨ।
       ਇਨ੍ਹਾਂ ਪਾ ਪੜ੍ਹਿਆਂ ਤੋਂ ਕਿਵੇਂ ਬਚਿਆ ਜਾਏ? ਇਨ੍ਹਾਂ ਪਾ ਪੜ੍ਹਿਆਂ ਤੋਂ ਚੇਤੰਨ ਰਹਿਣ ਦੀ ਲੋੜ ਹੈ, ਸਾਨੂੰ ਚਾਹੀਦਾ ਹੈ ਕਿ ਵੱਖ ਵੱਖ ਆਵਾਜ਼ਾਂ ਨੂੰ ਸੁਣੀਏ, ਜਜ਼ਬਾਤ ਦੇ ਵਹਿਣ ਵਿਚ ਨਾ ਵਹਿ ਜਾਈਏ, ਜਜ਼ਬਾਤ ਕੀਮਤੀ ਹੁੰਦੇ ਹਨ, ਬਹੁਤ ਕੀਮਤੀ ਪਰ ਜਿੱਥੇ ਭਾਵੁਕਤਾ ਹੱਦ ਤੋਂ ਜ਼ਿਆਦਾ ਵਧ ਜਾਏ, ਉੱਥੇ ਤਰਕ ਖਾਰਜ ਹੋ ਜਾਂਦਾ ਹੈ। ਸਾਨੂੰ ਆਪਣੀ ਸੋਚ ਸਮਝ ਵਿਚ ਤਵਾਜ਼ਨ ਬਣਾ ਕੇ ਰੱਖਣਾ ਚਾਹੀਦਾ ਹੈ; ਉਹ ਤਵਾਜ਼ਨ ਕਿਵੇਂ ਬਣੇ? ਉਹ ਤਵਾਜ਼ਨ ਬਣਾ ਕੇ ਰੱਖਣ ਦਾ ਰਾਹ ਵੀ ਤਰਕ ਦੀ ਗਲੀ ਥਾਣੀਂ ਹੀ ਲੰਘਦਾ ਹੈ। ਇਹਦੇ ਲਈ ਸਾਨੂੰ ਵੱਖ ਵੱਖ ਆਵਾਜ਼ਾਂ ਨੂੰ ਸੁਣਨਾ ਤੇ ਤਰਕ ਦੀ ਤੱਕੜੀ 'ਤੇ ਤੋਲਣਾ ਹੈ, ਆਪਣੇ ਸਥਾਨਕ ਗੌਰਵ ਤੇ ਸਰਬੱਤ ਦੇ ਭਲੇ ਵਾਲੇ ਸੱਭਿਆਚਾਰ ਦੀ ਰਹਿਤਲ ਨਾਲ ਜੁੜਨਾ ਚਾਹੀਦਾ ਹੈ ਤੇ ਜਿਵੇਂ ਬੁੱਲ੍ਹੇ ਸ਼ਾਹ ਨੇ ਕਿਹਾ ਸੀ ਇਨ੍ਹਾਂ ਪਾ ਪੜ੍ਹਿਆਂ (ਅੱਧ-ਪੜ੍ਹਿਆਂ) ਤੋਂ ਦੂਰ ਨੱਸ ਜਾਣਾ ਚਾਹੀਦਾ ਹੈ।

07 March 2019

ਗ਼ੈਰ-ਜ਼ਿੰਮੇਵਾਰ ਪ੍ਰਚਾਰ - ਸਵਰਾਜਬੀਰ

ਜੰਮੂ ਕਸ਼ਮੀਰ ਕਈ ਦਹਾਕਿਆਂ ਤੋਂ ਹਿੰਸਾ ਦੀ ਗ੍ਰਿਫ਼ਤ ਵਿਚ ਹੈ। ਦਹਿਸ਼ਤਗਰਦ ਜਥੇਬੰਦੀਆਂ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ, ਹਿਜ਼ਬੁਲ ਮੁਜਾਹਿਦੀਨ ਆਦਿ ਪਾਕਿਸਤਾਨ ਦੀ ਧਰਤੀ ਤੋਂ ਹਿੰਦੋਸਤਾਨ ਵਿਚ ਦਹਿਸ਼ਤਗਰਦ ਕਾਰਵਾਈਆਂ ਕਰਵਾ ਰਹੀਆਂ ਹਨ। ਪਿਛਲੇ ਸਾਲਾਂ ਵਿਚ ਇਹ ਹਿੰਸਾ ਹੋਰ ਵਧੀ ਹੈ। ਹੁਣੇ ਹੁਣੇ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੈਂਟਰਲ ਰਿਜ਼ਰਵ ਪੁਲੀਸ ਫੋਰਸ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਹਿੰਦੋਸਤਾਨ ਨੇ ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਅਤੇ ਉਸ ਤੋਂ ਅਗਲੇ ਦਿਨ ਪਾਕਿਸਤਾਨੀ ਹਵਾਈ ਫ਼ੌਜ ਨੇ ਜੰਮੂ ਕਸ਼ਮੀਰ ਵਿਚ ਹਿੰਦੋਸਤਾਨੀ ਹਵਾਈ ਖੇਤਰ ਦੀ ਉਲੰਘਣਾ ਕੀਤੀ। ਪਾਕਿਸਤਾਨ ਦਾ ਇਕ ਵੱਡਾ ਜੰਗੀ ਜਹਾਜ਼ (ਐੱਫ-16, ਫਾਈਟਰ-ਬੰਬਾਰ) ਤਬਾਹ ਕਰ ਦਿੱਤਾ ਗਿਆ ਅਤੇ ਹਵਾਈ ਜਹਾਜ਼ਾਂ ਵਿਚ ਹੋਈ ਆਪਸੀ ਗੋਲਾਬਾਰੀ ਦੌਰਾਨ ਹਿੰਦੋਸਤਾਨ ਦਾ ਇਕ ਮਿੱਗ-21 ਨਸ਼ਟ ਹੋਇਆ। ਹਿੰਦੋਸਤਾਨੀ ਪਾਇਲਟ ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨੀ ਫ਼ੌਜ ਨੇ ਗ੍ਰਿਫ਼ਤਾਰ ਕਰ ਲਿਆ ਪਰ ਭਾਰਤ ਨੇ ਸਫ਼ਾਰਤੀ ਤੇ ਕੂਟਨੀਤਕ ਦਬਾਓ ਪਾ ਕੇ ਆਪਣੇ ਪਾਇਲਟ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਛੁਡਾ ਲਿਆ। ਸੁਰੱਖਿਆ ਦਲ ਜੰਮੂ ਕਸ਼ਮੀਰ ਵਿਚ ਦਹਿਸ਼ਤਗਰਦ ਜਥੇਬੰਦੀਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਹੇ ਹਨ। ਪਰ ਇਸ ਸਬੰਧ ਵਿਚ ਦੋਹਾਂ ਦੇਸ਼ਾਂ ਦੇ ਟੈਲੀਵਿਜ਼ਨ ਦੇ ਕੁਝ ਚੈਨਲਾਂ 'ਤੇ ਕਈ ਟਿੱਪਣੀਕਾਰਾਂ ਨੇ ਜੋ ਭੂਮਿਕਾ ਨਿਭਾਈ, ਉਹ ਬਹੁਤ ਇਤਰਾਜ਼ਯੋਗ ਹੈ। ਟੈਲੀਵਿਜ਼ਨ ਬਹੁਤ ਹੀ ਸ਼ਕਤੀਸ਼ਾਲੀ ਮਾਧਿਅਮ ਹੈ ਅਤੇ ਕਰੋੜਾਂ ਲੋਕ ਇਸ ਨੂੰ ਵੇਖਦੇ ਹਨ। ਪਰ ਦੋਹਾਂ ਦੇਸ਼ਾਂ ਦੇ ਕੁਝ ਸਹਾਫ਼ੀਆਂ (ਪੱਤਰਕਾਰਾਂ) ਤੇ ਟਿੱਪਣੀਕਾਰਾਂ ਨੇ ਲਾਪਰਵਾਹੀ ਤੇ ਗ਼ੈਰ-ਜ਼ਿੰਮੇਵਾਰਾਨਾ ਤਰੀਕੇ ਨਾਲ ਇਸ ਤਰ੍ਹਾਂ ਦਾ ਬਹਿਸ-ਮੁਬਾਹਿਸਾ ਕਰਨਾ ਸ਼ੁਰੂ ਕੀਤਾ ਜਿਸ ਤੋਂ ਪ੍ਰਤੀਤ ਹੁੰਦਾ ਸੀ ਕਿ ਹੁਣ ਦੋਹਾਂ ਦੇਸ਼ਾਂ ਵਿਚਕਾਰ ਜੰਗ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ।
        1991 ਵਿਚ ਫਰਾਂਸੀਸੀ ਚਿੰਤਕ ਯਾਂ ਬੁਦਰੀਲਾਰਦ ਨੇ ਤਿੰਨ ਲੇਖ ਲਿਖੇ ਸਨ ਜਿਨ੍ਹਾਂ ਦਾ ਸਿਰਲੇਖ ਸੀ ''ਖਾੜੀ ਯੁੱਧ ਹੋਇਆ ਹੀ ਨਹੀਂ।'' ਆਪਣੇ ਲੇਖਾਂ ਵਿਚ ਬੁਦਰੀਲਾਰਦ ਇਹ ਨਹੀਂ ਸੀ ਕਹਿਣਾ ਚਾਹੁੰਦਾ ਕਿ ਅਮਰੀਕਾ ਨੇ ਇਰਾਕੀ ਫ਼ੌਜ ਨੂੰ ਕੁਵੈਤ ਵਿਚੋਂ ਕੱਢਣ ਲਈ ਫ਼ੌਜੀ ਕਾਰਵਾਈ ਨਹੀਂ ਕੀਤੀ ਸਗੋਂ ਇਹ ਕਹਿਣਾ ਚਾਹੁੰਦਾ ਸੀ ਕਿ ਇਹ ਕਾਰਵਾਈ ਤਾਂ ਕੀਤੀ ਗਈ ਪਰ ਇਸ ਨੂੰ ਟੈਲੀਵਿਜ਼ਨ ਉੱਤੇ ਉਸ ਢੰਗ ਨਾਲ ਵਿਖਾਇਆ ਗਿਆ ਜਿਸ ਤਰੀਕੇ ਨਾਲ ਅਮਰੀਕਾ ਤੇ ਪੱਛਮੀ ਯੂਰਪ ਦੇ ਦਰਸ਼ਕ ਵੇਖਣਾ ਚਾਹੁੰਦੇ ਸਨ, ਭਾਵ ਅਮਰੀਕਾ ਨੇ ਬਹੁਤ ਘੱਟ ਤਾਕਤ ਦੀ ਵਰਤੋਂ ਕੀਤੀ ਅਤੇ ਇਰਾਕੀ ਫ਼ੌਜੀਆਂ ਦੀਆਂ ਮੌਤਾਂ ਨੂੰ ਟੈਲੀਵਿਜ਼ਨ 'ਤੇ ਬੁਣੇ ਗਏ ਬਿਰਤਾਂਤ ਵਿਚੋਂ ਖਾਰਜ ਕਰ ਦਿੱਤਾ ਗਿਆ। ਇਸ ਤਰ੍ਹਾਂ ਅਮਰੀਕਾ ਤੇ ਪੱਛਮੀ ਯੂਰੋਪ ਦੇ ਮੀਡੀਆ ਨੇ ਇਕ ਨਕਲੀ ਬਿਰਤਾਂਤ ਬਣਾਇਆ ਜਿਸ ਨੂੰ ਸੱਚ ਦੇ ਰੂਪ ਵਿਚ ਢਾਲਿਆ ਤੇ ਵਿਖਾਇਆ ਗਿਆ। ਬੁਦਰੀਲਾਰਦ ਨੇ ਇਹ ਵੀ ਕਿਹਾ ਕਿ ਜੰਗ ਦੇ ਅਸਲੀ ਦ੍ਰਿਸ਼ਾਂ ਦੀ ਥਾਂ 'ਤੇ ਜੋ ਵੇਖਿਆ ਗਿਆ, ਉਹ ਪ੍ਰਚਾਰ (ਪ੍ਰਾਪੇਗੰਡਾ) ਦੇ ਦ੍ਰਿਸ਼ ਸਨ ਜੋ ਅਮਰੀਕਾ ਦੀ ਸਿਆਸੀ ਜਮਾਤ ਆਪਣੇ ਲੋਕਾਂ ਨੂੰ ਦਿਖਾਉਣਾ ਅਤੇ ਉਨ੍ਹਾਂ ਦੇ ਮਨਾਂ ਵਿਚ ਰਚਾਉਣਾ ਚਾਹੁੰਦੀ ਸੀ। ਇਸ ਤਰ੍ਹਾਂ ਫਰੇਬ ਨੂੰ ਨਕਲੀ ਸੱਚ ਦੇ ਸਾਂਚੇ ਵਿਚ ਢਾਲਿਆ ਗਿਆ ਤੇ ਹਕੀਕਤ ਤੋਂ ਵੀ ਜ਼ਿਆਦਾ ਸੱਚਾ (ਹਾਈਪਰ-ਰੀਅਲ) ਬਣਾ ਕੇ ਦਿਖਾਇਆ ਗਿਆ। ਲੋਕਾਂ ਨੂੰ ਇਹ ਪਤਾ ਹੀ ਨਾ ਲੱਗਣ ਦਿੱਤਾ ਗਿਆ ਕਿ ਜ਼ਮੀਨ 'ਤੇ ਕੀ ਹੋ ਰਿਹਾ ਹੈ, ਕੀ ਸੱਚ ਹੈ ਤੇ ਕੀ ਝੂਠ। ਇਹ ਪੇਸ਼ਕਾਰੀ ਏਦਾਂ ਦਾ ਮਿਲਗੋਭਾ ਬਣ ਗਈ ਕਿ ਖਾੜੀ ਯੁੱਧ ਯੁੱਧ ਨਾ ਰਹਿ ਕੇ ਚੁਣੇ ਹੋਏ ਦ੍ਰਿਸ਼ਾਂ ਦੀ ਤਰਤੀਬ ਬਣ ਗਿਆ, ਇਕ ਪ੍ਰਦਰਸ਼ਨ, ਇਕ ਤਮਾਸ਼ਾ, ਇਕ ਸ਼ੋਅ ਬਣ ਗਿਆ। ਫਰਾਂਸੀਸੀ ਚਿੰਤਕ ਨੇ ਦਲੀਲ ਦਿੱਤੀ ਕਿ ਇਲੈਕਟ੍ਰਾਨਿਕ ਮੀਡੀਆ ਦੇ ਜ਼ਰੀਏ ਹਾਕਮ ਜਮਾਤਾਂ ਕੋਲ ਇਹੋ ਜਿਹੀ ਪੇਸ਼ਕਾਰੀ ਕਰਨ ਦੀ ਤਾਕਤ ਆ ਚੁੱਕੀ ਹੈ ਜਿਸ ਵਿਚ ਹਕੀਕਤ ਨਾਲੋਂ ਉਸ ਦਾ ਸਾਇਆ/ਛਾਇਆ ਜ਼ਿਆਦਾ ਅਸਲੀ (ਹਾਈਪਰ-ਰੀਅਲ) ਲੱਗਦਾ ਹੈ। ਲੋਕ ਇਨ੍ਹਾਂ ਭੁਲਾਵਾਮਈ ਦ੍ਰਿਸ਼ਾਂ ਤੇ ਬਿਰਤਾਂਤਾਂ 'ਤੇ ਜ਼ਿਆਦਾ ਵਿਸ਼ਵਾਸ ਕਰਦੇ ਹਨ। ਇਸ ਸਬੰਧ ਵਿਚ ਉਨ੍ਹਾਂ ਪੱਤਰਕਾਰਾਂ ਦੀ ਭੂਮਿਕਾ 'ਤੇ ਵੀ ਸਵਾਲ ਉਠਾਏ ਗਏ ਜਿਨ੍ਹਾਂ ਨੇ ਅਮਰੀਕਨ ਸਿਆਸੀ ਜਮਾਤ ਤੇ ਫ਼ੌਜ ਦੀ ਯੁੱਧ ਕਲਾ ਨੂੰ ਇਕ ਨਵੇਂ ਰੂਪ ਵਿਚ ਪੇਸ਼ ਕੀਤਾ ਸੀ।
        ਇਸੇ ਤਰ੍ਹਾਂ ਦਾ ਮਾਹੌਲ ਇਨ੍ਹਾਂ ਦਿਨਾਂ ਵਿਚ ਹਿੰਦੋਸਤਾਨ ਅਤੇ ਪਾਕਿਸਤਾਨ ਦੇ ਟੈਲੀਵਿਜ਼ਨਾਂ 'ਤੇ ਵੀ ਦੇਖਣ ਨੂੰ ਮਿਲਿਆ ਹੈ। ਕੁਝ ਪੱਤਰਕਾਰਾਂ ਤੇ ਟਿੱਪਣੀਕਾਰਾਂ ਨੇ ਅਜਿਹੀ ਪੇਸ਼ਕਾਰੀ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਵਿਚ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ ਇਹ ਕਿਹਾ ਜਾ ਰਿਹਾ ਸੀ ਕਿ ਜੰਗ ਦੀ ਚੋਣ ਕਰਨ ਵਾਲੇ ਲੋਕ ਹੀ ਦੇਸ਼ ਭਗਤ ਹਨ। ਹਿੰਦੋਸਤਾਨ ਵਿਚ ਦੇਸ਼ ਭਗਤੀ ਤੇ ਰਾਸ਼ਟਰਵਾਦ ਦਾ ਇਕ ਇਹੋ ਜਿਹਾ ਬਿਰਤਾਂਤ ਬੁਣਿਆ ਗਿਆ ਜਿਸ ਵਿਚ ਹਿੰਦੋਸਤਾਨ ਦੀ ਵੱਡੀ ਘੱਟ ਗਿਣਤੀ ਵਾਲੇ ਫ਼ਿਰਕੇ ਪ੍ਰਤੀ ਘਿਰਣਾ ਤੇ ਪਾਕਿਸਤਾਨ ਦੀ ਹਸਤੀ ਨੂੰ ਖ਼ਤਮ ਕਰਨ ਦੇ ਦਾਅਵੇ ਦੇਸ਼ ਭਗਤੀ ਦੇ ਮੁੱਢਲੇ ਮਾਪਦੰਡ ਬਣਦੇ ਦਿਖਾਈ ਦਿੱਤੇ। ਇਸ ਬਿਰਤਾਂਤ ਨੂੰ ਬੁਣਨ ਵਿਚ ਸੱਤਾਧਾਰੀ ਪਾਰਟੀ ਨੇ ਸੰਜਮ ਨੂੰ ਤਿਲਾਂਜਲੀ ਦੇ ਦਿੱਤੀ : ਇਕ ਉੱਤਰ ਪੂਰਵੀ ਰਾਜ ਦੇ ਰਾਜਪਾਲ ਨੇ ਕਸ਼ਮੀਰ ਤੇ ਕਸ਼ਮੀਰੀਆਂ ਦੇ ਬਾਈਕਾਟ ਦਾ ਸੱਦਾ ਦਿੱਤਾ, ਭਾਜਪਾ ਦੇ ਪ੍ਰਧਾਨ ਨੇ ਕਿਹਾ ਕਿ ਉਹ ਆਸਾਮ ਨੂੰ ਕਸ਼ਮੀਰ ਨਹੀਂ ਬਣਨ ਦੇਣਗੇ। ਪ੍ਰਧਾਨ ਮੰਤਰੀ ਨੇ ਆਪਣੀ ਸਿਆਸੀ ਰੈਲੀ ਵਿਚ ਪੁਲਵਾਮਾ ਵਿਚ ਸ਼ਹੀਦ ਹੋਏ ਸੀਆਰਪੀਐੱਫ਼ ਦੇ ਜਵਾਨਾਂ ਦੀਆਂ ਤਸਵੀਰਾਂ ਲਗਾਈਆਂ। ਕਈ ਚੈਨਲਾਂ ਨੇ ਇਨ੍ਹਾਂ ਸਭ ਨੂੰ ਇਕ ਸਨਸਨੀਖੇਜ਼ ਲੜੀ/ਬਿਰਤਾਂਤ ਬਣਾ ਕੇ ਪੇਸ਼ ਕੀਤਾ ਜਿਸ ਵਿਚ ਤਰਕ-ਵਿਤਰਕ ਤੇ ਬਹਿਸ ਦੀ ਕੋਈ ਗੁੰਜਾਇਸ਼ ਦਿਖਾਈ ਨਹੀਂ ਸੀ ਦੇ ਰਹੀ।
      ਜਦ ਕੁਝ ਮਾਹਿਰ ਟਿੱਪਣੀਕਾਰ ਟੈਲੀਵਿਜ਼ਨ 'ਤੇ ਟਿੱਪਣੀਆਂ ਕਰਦੇ ਹਨ ਤਾਂ ਇਉਂ ਲੱਗਦਾ ਹੈ ਕਿ ਜਿਵੇਂ ਉਹ ਕਿਸੇ ਜੰਗ-ਭੜਕਾਊ ਮਸ਼ੀਨਰੀ ਦਾ ਹਿੱਸਾ ਹੋਣ। ਉਹ ਇਹ ਵਿਸਾਰ ਦਿੰਦੇ ਹਨ ਕਿ ਇਹ ਦੇਸ਼ ਕਿਵੇਂ ਬਣਿਆ। ਬਸਤੀਵਾਦੀ ਵਿਰੋਧੀ ਸੰਘਰਸ਼ ਵਿਚ ਲੱਖਾਂ ਲੋਕਾਂ ਨੇ ਹਿੱਸਾ ਲਿਆ, ਜੇਲ੍ਹਾਂ ਵਿਚ ਗਏ, ਫਾਂਸੀ 'ਤੇ ਚੜ੍ਹੇ ਅਤੇ ਹੋਰ ਦੁੱਖ ਝੱਲੇ। 1857 ਦੇ ਗ਼ਦਰ ਤੋਂ ਲੈ ਕੇ ਆਜ਼ਾਦੀ ਦੇ ਸੰਘਰਸ਼ ਦੌਰਾਨ ਕੀਤੀਆਂ ਵੱਡੀਆਂ ਕੁਰਬਾਨੀਆਂ ਵਿਚੋਂ ਲੰਘਦਾ ਇਹ ਇਤਿਹਾਸ 1942 ਦੇ 'ਭਾਰਤ ਛੱਡੋ ਅੰਦੋਲਨ' ਅਤੇ ਆਜ਼ਾਦ ਹਿੰਦ ਫ਼ੌਜ ਤਕ ਆਉਂਦਾ ਹੈ। ਜੇਕਰ ਅਸੀਂ ਪੰਜਾਬ ਦੀ ਉਦਾਹਰਨ ਹੀ ਲਈਏ ਤਾਂ ਕੂਕਾ, ਪੱਗੜੀ ਸੰਭਾਲ ਜੱਟਾ ਅਤੇ ਗ਼ਦਰ ਲਹਿਰ, ਜਲ੍ਹਿਆਂਵਾਲੇ ਬਾਗ ਨਾਲ ਸਬੰਧਤ ਅੰਦੋਲਨ ਤੇ 13 ਅਪਰੈਲ 1919 ਦਾ ਖ਼ੂਨੀ ਸਾਕਾ, ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਮੋਰਚੇ, ਬੱਬਰ ਅਕਾਲੀ ਅਤੇ ਕਿਰਤੀ ਲਹਿਰ, ਕਾਂਗਰਸ ਦੀ ਅਗਵਾਈ ਵਿਚ ਚੱਲੀ ਆਜ਼ਾਦੀ ਦੀ ਤਹਿਰੀਕ, ਭਗਤ ਸਿੰਘ ਤੇ ਉਸ ਦੇ ਸਾਥੀਆਂ ਵੱਲੋਂ ਬਣਾਈ ਹਿੰਦੋਸਤਾਨੀ ਸੋਸ਼ਲਿਸਟ ਰੀਪਬਲਿਕ ਆਰਮੀ, ਪਰਜਾ ਮੰਡਲ ਲਹਿਰ, ਮੁਜ਼ਾਰਾ ਅੰਦੋਲਨ ਅਤੇ ਹੋਰ ਬਹੁਤ ਸਾਰੇ ਸੰਘਰਸ਼ਾਂ ਕਾਰਨ ਦੇਸ਼ ਆਜ਼ਾਦ ਹੋਇਆ। ਇਸੇ ਤਰ੍ਹਾਂ ਦੇ ਸੰਘਰਸ਼ ਹੋਰ ਸੂਬਿਆਂ ਵਿਚ ਵੀ ਹੋਏ। ਇਨ੍ਹਾਂ ਟਿੱਪਣੀਕਾਰਾਂ ਦਾ ਇਹੋ ਜਿਹੀ ਜੱਦੋਜਹਿਦ ਤੇ ਦੇਸ਼ ਦੀ ਆਜ਼ਾਦੀ ਦੇ ਬਾਅਦ ਹੋਏ ਕਿਸਾਨਾਂ, ਮਜ਼ਦੂਰਾਂ, ਦਲਿਤਾਂ ਤੇ ਦਮਿਤਾਂ ਦੇ ਹੋਰ ਸੰਘਰਸ਼ਾਂ ਨਾਲ ਕੋਈ ਵਾਸਤਾ ਨਹੀਂ ਸਗੋਂ ਉਹ ਲੋਕਾਂ ਦੇ ਮਨ ਵਿਚ ਜ਼ਹਿਰ ਭਰ ਰਹੇ ਹਨ। ਉਨ੍ਹਾਂ ਨੂੰ ਜ਼ਿੰਮੇਵਾਰ ਬਣਾਉਣ ਦੀ ਥਾਂ ਗ਼ੈਰ-ਜ਼ਿੰਮੇਵਾਰ ਬਣਾ ਰਹੇ ਹਨ। ਇਕ ਪਾਸੇ ਤਾਂ ਲੋਕਾਂ ਦੇ ਪੁੱਤਰਾਂ ਦੀਆਂ ਜਾਨਾਂ ਗਈਆਂ ਹਨ ਤੇ ਦੂਸਰੇ ਪਾਸੇ ਉਨ੍ਹਾਂ 'ਤੇ ਸਿਆਸਤ ਕੀਤੀ ਜਾ ਰਹੀ ਹੈ। ਲੋਕਾਂ ਦੀ ਆਤਮਾ ਨੂੰ ਵਲੂੰਧਰਿਆ ਜਾ ਰਿਹਾ ਹੈ, ਉਸ ਵਿਚ ਨਫ਼ਰਤ ਦੇ ਬੀਜ ਬੀਜੇ ਜਾ ਰਹੇ ਹਨ।
       ਇਸ ਤਰ੍ਹਾਂ ਦਾ ਪ੍ਰਚਾਰ ਹਿੰਦੋਸਤਾਨ ਵਿਚ ਹੀ ਨਹੀਂ ਹੋ ਰਿਹਾ, ਪਾਕਿਸਤਾਨ ਵਿਚ ਵੀ ਹੋ ਰਿਹਾ ਹੈ। ਪਾਕਿਸਤਾਨ ਆਜ਼ਾਦੀ ਲਈ ਹੋਏ ਸੰਘਰਸ਼ ਵਿਚਲੇ ਪਿਛੋਕੜ ਤੋਂ ਹਮੇਸ਼ਾ ਇਨਕਾਰੀ ਰਿਹਾ ਹੈ। ਉੱਥੇ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿਚ ਜੋ ਪੜ੍ਹਾਇਆ ਜਾਂਦਾ ਹੈ, ਉਹ ਇਤਿਹਾਸ ਨਹੀਂ, ਕੋਰਾ ਝੂਠ ਹੈ। ਇਸੇ ਤਰ੍ਹਾਂ ਉੱਥੋਂ ਦਾ ਮੀਡੀਆ ਆਪਣਾ ਬਿਰਤਾਂਤ ਹਿੰਦੋਸਤਾਨ ਵਿਰੋਧੀ ਸੋਚ ਤੇ ਘਿਰਣਾ ਦੇ ਆਲੇ-ਦੁਆਲੇ ਬੁਣਦਾ ਹੈ ਅਤੇ ਪਾਕਿਸਤਾਨ ਦੇ ਆਵਾਮ ਨੂੰ ਸੱਚਾਈ ਤੋਂ ਵਿਰਵੇ ਰੱਖਿਆ ਜਾਂਦਾ ਹੈ, ਇਹ ਬਿਰਤਾਂਤ ਪਾਕਿਸਤਾਨੀ ਫ਼ੌਜ ਦੇ ਹੱਕ ਵਿਚ ਭੁਗਤਦਾ ਹੈ। ਅਸੀਂ ਪਾਕਿਸਤਾਨ ਬਾਰੇ ਕਹਿ ਸਕਦੇ ਹਾਂ ਕਿ ਉੱਥੇ ਅਸਲੀ ਤਾਕਤ ਫ਼ੌਜ ਦੇ ਹੱਥ ਵਿਚ ਹੈ ਜੋ ਆਪਣਾ ਗ਼ਲਬਾ ਕਾਇਮ ਰੱਖਣ ਲਈ ਦਹਿਸ਼ਤਗਰਦ ਜਥੇਬੰਦੀਆਂ ਨੂੰ ਉਤਸ਼ਾਹ ਦਿੰਦੀ ਹੈ ਤੇ ਹਿੰਦੋਸਤਾਨ ਵਿਰੋਧੀ ਨੂੰ ਸੱਚੇ ਪਾਕਿਸਤਾਨੀ ਹੋਣ ਦਾ ਮਾਪਦੰਡ ਮੰਨਿਆ ਜਾਂਦਾ ਹੈ। ਪਰ ਹਿੰਦੋਸਤਾਨ ਵਿਚ ਜਮਹੂਰੀਅਤ ਹੈ ਅਤੇ ਇੱਥੋਂ ਦੇ ਮੀਡੀਆ ਅਤੇ ਸਿਆਸਤ ਦੇ ਮਿਆਰ ਜਮਹੂਰੀ ਹੋਣੇ ਚਾਹੀਦੇ ਹਨ।
      ਇਹ ਸਾਰਾ ਵਰਤਾਰਾ ਅਤਿਅੰਤ ਖ਼ਤਰਨਾਕ ਹੈ ਕਿਉਂਕਿ ਇਤਿਹਾਸ ਅਤੇ ਤੱਥਾਂ ਤੋਂ ਅਣਜਾਣ ਬਹੁਤ ਸਾਰੇ ਲੋਕ ਅਤੇ ਖ਼ਾਸ ਕਰਕੇ ਨੌਜਵਾਨ ਜਜ਼ਬਾਤਾਂ ਵਿਚ ਵਹਿ ਜਾਂਦੇ ਹਨ, ਉਨ੍ਹਾਂ ਕੋਲ ਇਤਿਹਾਸ ਤੇ ਸਮਕਾਲ ਵਿਚ ਹੋਈਆਂ ਘਟਨਵਾਂ ਦੇ ਸੱਚ ਨੂੰ ਲੱਭਣ ਵਾਲੇ ਵਸੀਲੇ ਨਹੀਂ ਹੁੰਦੇ। ਇਸ ਤਰ੍ਹਾਂ ਦੇ ਰੁਝਾਨਾਂ ਦਾ ਵਿਰੋਧ ਕਰਦਿਆਂ ਟੀਵੀ ਦੇ ਇਕ ਸੂਝਵਾਨ ਟਿੱਪਣੀਕਾਰ ਨੇ ਇਹ ਸੁਝਾਅ ਦਿੱਤਾ ਕਿ ਜੇ ਦੇਸ਼ ਵਿਚ ਜਮਹੂਰੀਅਤ ਨੂੰ ਬਚਾਉਣਾ ਹੈ ਤਾਂ ਸਾਨੂੰ ਘੱਟੋ ਘੱਟ ਦੋ ਮਹੀਨੇ ਲਈ ਟੈਲੀਵਿਜ਼ਨ ਵੇਖਣਾ ਬੰਦ ਕਰ ਦੇਣਾ ਚਾਹੀਦਾ ਹੈ। ਹਕੀਕਤ ਇਹ ਹੈ ਕਿ ਨਾ ਤਾਂ ਕੋਈ ਟੈਲੀਵਿਜ਼ਨ ਵੇਖਣਾ ਬੰਦ ਕਰੇਗਾ, ਨਾ ਹੀ ਜੰਗ-ਭੜਕਾਊ ਟਿੱਪਣੀਆਂ ਬੰਦ ਹੋਣਗੀਆਂ ਅਤੇ ਨਾ ਹੀ ਗ਼ੈਰ-ਤਸਦੀਕਸ਼ੁਦਾ ਘਟਨਾਵਾਂ ਨੂੰ ਸੱਚ ਬਣਾ ਕੇ ਪਰੋਸੇ ਜਾਣ ਵਿਚ ਕੋਈ ਕਮੀ ਨਜ਼ਰ ਆਏਗੀ। ਪਰ ਇਹ ਰੁਝਾਨ ਕਿਸੇ ਦੇਸ਼ ਲਈ ਬਹੁਤ ਖ਼ਤਰਨਾਕ ਹਨ। ਜੇਕਰ ਅਸੀਂ ਆਪਣੇ ਲੋਕਾਂ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਇਨ੍ਹਾਂ ਰੁਝਾਨਾਂ ਵਿਰੁੱਧ ਲੜਨਾ ਅਤੇ ਜੰਗ-ਭੜਕਾਊ ਟਿੱਪਣੀਕਾਰਾਂ ਦੁਆਰਾ ਕੀਤੇ ਗਏ ਪ੍ਰਚਾਰ ਤੋਂ ਬਚਣਾ ਪੈਣਾ ਹੈ। ਇਸ ਮਾਹੌਲ ਤੋਂ ਬਚਣ ਲਈ ਆਪਸ ਵਿਚ ਸਿਹਤਮੰਦ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

03 March  2019

ਰਾਸ਼ਟਰਵਾਦ ਤੇ ਸਿਆਸਤ - ਸਵਰਾਜਬੀਰ

ਕਿਸੇ ਵੀ ਦੇਸ਼ ਦੀਆਂ ਸੰਸਥਾਵਾਂ ਅਤੇ ਆਗੂਆਂ ਦਾ ਅਸਲੀ ਇਮਤਿਹਾਨ ਉਦੋਂ ਹੁੰਦਾ ਹੈ, ਜਦੋਂ ਉਸ ਦੇਸ਼ ਉੱਤੇ ਮੁਸੀਬਤ ਦੀ ਘੜੀ ਆਈ ਹੋਵੇ। ਕਸ਼ਮੀਰ ਵਿਚ ਦਹਿਸ਼ਤਗਰਦੀ ਦੀ ਸਮੱਸਿਆ ਕਈ ਦਹਾਕਿਆਂ ਤੋਂ ਚੱਲ ਰਹੀ ਹੈ। ਪਿਛਲੇ ਦਿਨੀਂ ਪੁਲਵਾਮਾ ਜ਼ਿਲ੍ਹੇ ਵਿਚ ਸੈਂਟਰਲ ਰਿਜ਼ਰਵ ਪੁਲੀਸ ਫੋਰਸ 'ਤੇ ਹੋਏ ਦਹਿਸ਼ਤਗਰਦੀ ਹਮਲੇ ਕਾਰਨ ਸਾਰੇ ਦੇਸ਼ ਵਿਚ ਸੋਗ ਅਤੇ ਰੋਸ ਦੀ ਲਹਿਰ ਉੱਠੀ। ਸਾਰੇ ਦੇਸ਼ ਨੇ ਇਸ ਦਹਿਸ਼ਤਗਰਦ ਕਾਰਵਾਈ ਨੂੰ ਭੰਡਿਆ ਅਤੇ ਇਸ ਗੱਲ ਉੱਤੇ ਇਕਜੁੱਟਤਾ ਪ੍ਰਗਟਾਈ ਕਿ ਦਹਿਸ਼ਤਗਰਦਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸ ਦੇ ਨਾਲ-ਨਾਲ ਮੰਦਭਾਗੇ ਵਰਤਾਰੇ ਤੇ ਰੁਝਾਨ ਵੀ ਸਾਹਮਣੇ ਆਏ। ਜੰਮੂ ਸ਼ਹਿਰ ਵਿਚ ਹਿੰਸਕ ਪ੍ਰਦਰਸ਼ਨ ਹੋਏ ਤੇ ਕਰਫਿਊ ਲਾਇਆ ਗਿਆ। ਦੇਹਰਾਦੂਨ ਵਿਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਤੇ ਹੋਰ ਥਾਵਾਂ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸਬੰਧਤ ਜਥੇਬੰਦੀਆਂ ਨੇ ਕਸ਼ਮੀਰੀ ਵਿਦਿਆਰਥੀਆਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਦੇ ਉਨ੍ਹਾਂ ਹੋਸਟਲ ਅਤੇ ਕਿਰਾਏ 'ਤੇ ਲਏ ਗਏ ਘਰਾਂ ਨੂੰ ਘੇਰਾ ਪਾਇਆ ਜਿੱਥੇ ਕਸ਼ਮੀਰੀ ਵਿਦਿਆਰਥੀ ਰਹਿ ਰਹੇ ਸਨ ਤੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਸੈਂਕੜਿਆਂ ਦੀ ਤਾਦਾਦ ਵਿਚ ਡਰੇ ਤੇ ਸਹਿਮੇ ਹੋਏ ਕਸ਼ਮੀਰੀ ਵਿਦਿਆਰਥੀ ਆਪਣੀ ਪੜ੍ਹਾਈ ਛੱਡ ਕੇ ਵਾਪਸ ਕਸ਼ਮੀਰ ਪਰਤ ਗਏ। ਪਰ ਇਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਵੱਡੀ ਪੱਧਰ 'ਤੇ ਕੋਈ ਅਜਿਹੀਆਂ ਪਹਿਲਕਦਮੀਆਂ ਨਹੀਂ ਕੀਤੀਆਂ ਜਿਨ੍ਹਾਂ ਰਾਹੀਂ ਕਸ਼ਮੀਰੀਆਂ ਤੇ ਕਸ਼ਮੀਰੀ ਵਿਦਿਆਰਥੀਆਂ ਦਾ ਵਿਸ਼ਵਾਸ ਜਿੱਤਿਆ ਜਾ ਸਕਦਾ। ਹਾਲਾਤ ਇੱਥੋਂ ਤਕ ਵਿਗੜੇ ਕਿ ਸੁਪਰੀਮ ਕੋਰਟ ਨੇ ਮਹਾਂਰਾਸ਼ਟਰ, ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਜੰਮੂ ਕਸ਼ਮੀਰ, ਹਰਿਆਣਾ, ਮੇਘਾਲਿਆ, ਪੱਛਮੀ ਬੰਗਾਲ, ਛੱਤੀਸਗੜ੍ਹ, ਉਤਰਾਖੰਡ ਤੇ ਦਿੱਲੀ ਦੀਆਂ ਸਰਕਾਰਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਕਿ ਕਸ਼ਮੀਰੀਆਂ ਦੀ ਕੁੱਟਮਾਰ ਕਰਨ, ਉਨ੍ਹਾਂ ਨੂੰ ਧਮਕੀਆਂ ਦੇਣ ਤੇ ਸਮਾਜਿਕ ਬਾਈਕਾਟ ਦਾ ਸੱਦਾ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏ।
         ਆਪਣੇ ਆਪ ਨੂੰ ਜ਼ਿਆਦਾ ਦੇਸ਼ ਭਗਤ ਸਿੱਧ ਕਰਨ ਦੀ ਦੌੜ ਵਿਚ ਕਈ ਸੰਸਥਾਵਾਂ, ਆਗੂ ਅਤੇ ਲੋਕ ਇਹ ਭੁੱਲ ਗਏ ਕਿ ਕੀ ਠੀਕ ਹੈ ਅਤੇ ਕੀ ਗ਼ਲਤ। ਦੇਹਰਾਦੂਨ ਦੇ ਦੋ ਕਾਲਜਾਂ ਨੇ ਅੱਗੇ ਤੋਂ ਕਸ਼ਮੀਰੀ ਵਿਦਿਆਰਥੀਆਂ ਨੂੰ ਦਾਖ਼ਲਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਤਰ੍ਹਾਂ ਭੋਪਾਲ ਤੇ ਰੁੜਕੀ ਵਿਚ ਵਿੱਦਿਅਕ ਅਦਾਰਿਆਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਕਾਲਜ ਤੋਂ ਮੁਅੱਤਲ ਕਰ ਦਿੱਤਾ। ਹਿਮਾਚਲ ਪ੍ਰਦੇਸ਼ ਵਿਚ ਇਕ ਪੰਚਾਇਤ ਨੇ ਕਸ਼ਮੀਰੀਆਂ ਨੂੰ ਘਰ ਛੱਡ ਜਾਣ ਲਈ ਕਿਹਾ। ਸਭ ਤੋਂ ਮੰਦਭਾਗੀ ਟਿੱਪਣੀ ਇਕ ਉੱਤਰ-ਪੂਰਬੀ ਰਾਜ ਦੇ ਰਾਜਪਾਲ ਨੇ ਕੀਤੀ ਜਿਸ ਨੇ ਕਸ਼ਮੀਰ ਤੇ ਕਸ਼ਮੀਰੀਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।
       ਲੱਗ ਰਿਹਾ ਹੈ ਕੋਈ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਸੀ ਰਹਿਣਾ ਚਾਹੁੰਦਾ ਅਤੇ ਨਾ ਹੀ ਕੋਈ ਸਾਰੇ ਮਾਮਲੇ ਉੱਤੇ ਠਰ੍ਹੰਮੇ ਤੇ ਸੰਵੇਦਨਸ਼ੀਲਤਾ ਨਾਲ ਵਿਚਾਰ ਕਰਨੀ ਚਾਹੁੰਦਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਟੀਵੀ ਚੈਨਲ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਕ੍ਰਿਕਟ ਦੇ ਵਿਸ਼ਵ ਕੱਪ ਮੁਕਾਬਲਿਆਂ ਵਿਚ ਹਿੰਦੋਸਤਾਨ, ਪਾਕਿਸਤਾਨ ਦੇ ਨਾਲ ਕੋਈ ਮੈਚ ਨਹੀਂ ਖੇਡੇਗਾ। ਏਸੇ ਤਰ੍ਹਾਂ ਭਾਰਤ ਵਿਚ ਹੋ ਰਹੀ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਵਿਚ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਦੀਆਂ ਸਿਫ਼ਾਰਸ਼ਾਂ 'ਤੇ ਅੰਤਰਰਾਸ਼ਟਰੀ ਓਲੰਪਿਕ ਫੈਡਰੇਸ਼ਨ ਨੇ ਭਾਰਤੀ ਨਿਸ਼ਾਨੇਬਾਜ਼ਾਂ ਨੂੰ ਓਲੰਪਿਕ ਵਿਚ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਦਿੱਤੇ ਜਾਣ ਵਾਲੇ ਸਥਾਨ ਘਟਾ ਦਿੱਤੇ ਅਤੇ ਇਹ ਵੀ ਕਿਹਾ ਕਿ ਉਹ ਭਾਰਤੀ ਓਲੰਪਿਕ ਕਮੇਟੀ ਤੇ ਭਾਰਤ ਸਰਕਾਰ ਨਾਲ ਭਾਰਤ ਵਿਚ ਅੰਤਰਰਾਸ਼ਟਰੀ ਖੇਡਾਂ ਕਰਾਉਣ ਬਾਰੇ ਉਦੋਂ ਤਕ ਕੋਈ ਗੱਲਬਾਤ ਨਹੀਂ ਕਰੇਗੀ ਜਦੋਂ ਤਕ ਭਾਰਤ ਸਾਰੇ ਖਿਡਾਰੀਆਂ ਨੂੰ ਵੀਜ਼ਾ ਦੇਣ ਦੀ ਗਾਰੰਟੀ ਨਹੀਂ ਦਿੰਦਾ। ਹਿੰਦੋਸਤਾਨ 2026 ਵਿਚ ਯੂਥ ਓਲੰਪਿਕ ਅਤੇ 2032 ਵਿਚ ਓਲੰਪਿਕ ਖੇਡਾਂ ਕਰਾਉਣ ਦੀ ਦਾਅਵੇਦਾਰੀ ਪੇਸ਼ ਕਰ ਰਿਹਾ ਹੈ। 2032 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ 2030 ਵਿਚ ਏਸ਼ੀਅਨ ਖੇਡਾਂ ਕਰਵਾਉਣ ਦਾ ਚਾਹਵਾਨ ਵੀ ਹੈ। ਖੇਡਾਂ ਦਾ ਮਕਸਦ ਖਿਡਾਰੀਆਂ ਦੇ ਹੁਨਰ ਤੇ ਜੋਸ਼ ਦੀ ਪੇਸ਼ਕਾਰੀ ਨਾਲ ਦੇਸ਼ਾਂ ਵਿਚ ਮਿਲਵਰਤਨ ਨੂੰ ਵਧਾਉਣਾ ਹੈ। ਜੇ ਹਿੰਦੋਸਤਾਨ ਵੱਲੋਂ ਇਹੋ ਜਿਹਾ ਗ਼ੈਰ-ਜ਼ਿੰਮੇਵਾਰਾਨਾ ਰਵੱਈਆ ਜਾਰੀ ਰਿਹਾ ਤਾਂ ਖੇਡਾਂ ਦੇ ਖੇਤਰ ਵਿਚ ਉਸ ਦੇ ਅਲੱਗ-ਥਲੱਗ ਰਹਿ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
        ਇਸ ਦੇ ਨਾਲ ਨਾਲ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ 'ਤੇ ਵੀ ਕਸ਼ਮੀਰ ਤੇ ਕਸ਼ਮੀਰੀਆਂ ਵਿਰੁੱਧ ਮੁਹਿੰਮ ਛੇੜੀ ਗਈ ਹੈ। ਕਸ਼ਮੀਰੀਆਂ ਤੇ ਕਸ਼ਮੀਰੀ ਵਿਦਿਆਰਥੀਆਂ ਵਿਰੁੱਧ ਗਾਲੀ ਗਲੋਚ ਦੀ ਭਾਸ਼ਾ ਇਸਤੇਮਾਲ ਕਰਕੇ ਉਨ੍ਹਾਂ ਨੂੰ ਦੇਸ਼-ਧ੍ਰੋਹੀ ਗਰਦਾਨਿਆ ਜਾ ਰਿਹਾ ਹੈ। ਏਥੇ ਫਿਰ ਸਿਆਸੀ ਜਮਾਤ ਦੀ ਸੋਚ ਵਿਚਲੀ ਦੋਫਾੜ ਨਜ਼ਰ ਆਉਂਦੀ ਹੈ। ਪਿਛਲੇ ਸਮਿਆਂ ਵਿਚ ਜਦੋਂ ਕੁਝ ਲੋਕਾਂ ਨੇ ਸਿਆਸੀ ਨੇਤਾਵਾਂ ਵਿਰੁੱਧ ਪੋਸਟਾਂ ਲਿਖੀਆਂ ਸਨ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ। ਹੁਣ ਨਫ਼ਰਤ ਦਾ ਪ੍ਰਚਾਰ ਕਰਨ ਵਾਲੇ ਕਸ਼ਮੀਰੀਆਂ ਤੇ ਕਸ਼ਮੀਰੀ ਵਿਦਿਆਰਥੀਆਂ ਵਿਰੁੱਧ ਲਗਾਤਾਰ ਲਿਖ ਰਹੇ ਹਨ ਪਰ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।
        ਇਹ ਸਾਰੇ ਵਰਤਾਰੇ ਮੰਦਭਾਗੇ ਹਨ। ਹਿੰਦੋਸਤਾਨ ਦੀ ਲੜਾਈ ਪਾਕਿਸਤਾਨ ਵਿਚਲੇ ਦਹਿਸ਼ਤਗਰਦਾਂ ਅਤੇ ਪਾਕਿਸਤਾਨੀ ਫ਼ੌਜ ਦੇ ਭਾਰਤ ਵਿਰੋਧੀ ਮਨਸੂਬਿਆਂ ਨਾਲ ਹੈ ਨਾ ਕਿ ਪਾਕਿਸਤਾਨ ਦੇ ਖਿਡਾਰੀਆਂ, ਗਾਇਕਾਂ ਜਾਂ ਆਵਾਮ ਨਾਲ। ਇਸ ਸਬੰਧ ਵਿਚ ਸੱਤਾਧਾਰੀ ਪਾਰਟੀ ਦੀ ਕਾਰਵਾਈ ਕਿਸੇ ਪੱਖੋਂ ਵੀ ਸਲਾਹੁਣਯੋਗ ਨਹੀਂ। ਮੇਘਾਲਿਆ ਦੇ ਰਾਜਪਾਲ ਤੋਂ ਕੋਈ ਪੁੱਛ-ਪੜਤਾਲ ਨਹੀਂ ਕੀਤੀ ਗਈ ਹੈ ਅਤੇ ਲੋਕ ਹੈਰਾਨ ਹਨ ਕਿ ਉਹ ਅਜੇ ਵੀ ਸੰਵਿਧਾਨਕ ਪਦ 'ਤੇ ਕਿਵੇਂ ਬਿਰਾਜਮਾਨ ਹੈ। ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਵੀ ਅਜੀਬ ਤਰ੍ਹਾਂ ਦੀ ਨੀਤੀ ਅਪਣਾਉਂਦਿਆਂ ਕਸ਼ਮੀਰੀਆਂ ਵਿਰੁੱਧ ਜੁੱਟਦੇ ਹਜ਼ੂਮਾਂ ਦੀ ਸਖ਼ਤ ਭਾਸ਼ਾ ਵਿਚ ਆਲੋਚਨਾ ਨਹੀਂ ਕੀਤੀ।
        ਮਾਮਲਾ ਇੱਥੇ ਹੀ ਖ਼ਤਮ ਨਹੀਂ ਹੁੰਦਾ। ਕੇਂਦਰ ਵਿਚਲੀ ਸੱਤਾਧਾਰੀ ਪਾਰਟੀ ਪੁਲਵਾਮਾ ਦੇ ਦੁਖਾਂਤ ਤੋਂ ਵੱਧ ਤੋਂ ਵੱਧ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਜਲ ਸਰੋਤਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਸਰਕਾਰ ਦੇ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਸਿੰਧੂ ਜਲ ਸੰਧੀ ਤਹਿਤ ਭਾਰਤ ਦੇ ਹਿੱਸੇ ਦੇ ਪਾਣੀ ਨੂੰ ਰੋਕ ਦਿੱਤਾ ਜਾਏਗਾ। ਪਾਣੀ ਨੂੰ ਰੋਕਣਾ ਇੰਨਾ ਸੌਖਾ ਨਹੀਂ ਹੁੰਦਾ। ਰਾਵੀ 'ਤੇ ਬਣਾਏ ਗਏ ਰਣਜੀਤ ਸਾਗਰ ਡੈਮ ਨੂੰ ਲਗਭਗ 30 ਸਾਲ ਲੱਗੇ ਜਦੋਂਕਿ ਸ਼ਾਹਪੁਰ ਕੰਢੀ ਡੈਮ 50 ਸਾਲਾਂ ਤੋਂ ਬਾਅਦ ਵੀ ਮੁੱਢਲੀ ਸਟੇਜ 'ਤੇ ਹੀ ਹੈ। ਇਸੇ ਤਰ੍ਹਾਂ ਹਰੀਕੇ ਪੱਤਣ ਤੇ ਹੁਸੈਨੀਵਾਲਾ ਹੈੱਡ ਵਰਕਸ ਦੇ ਗੇਟਾਂ ਦੀ ਕਈ ਸਾਲਾਂ ਤੋਂ ਮੁਰੰਮਤ ਨਹੀਂ ਕਰਵਾਈ ਗਈ। ਸਰਕਾਰ ਨੇ ਖ਼ੁਦ ਵੀ ਮੰਨਿਆ ਹੈ ਕਿ ਪਾਣੀ ਰੋਕਣ ਵਿਚ ਲਗਭਗ 6 ਸਾਲ ਲੱਗ ਜਾਣਗੇ। ਇਸ ਲਈ ਵਿਰੋਧੀ ਪਾਰਟੀਆਂ ਸਰਕਾਰ ਦੇ ਇਸ ਫ਼ੈਸਲੇ ਨੂੰ ਵੀ ਚੋਣਾਵੀ ਜੁਮਲਾ ਹੀ ਕਹਿ ਰਹੀਆਂ ਹਨ।
         ਸਭ ਤੋਂ ਖ਼ਤਰਨਾਕ ਰੁਝਾਨ ਇਹ ਹੈ ਕਿ ਰਾਸ਼ਟਰਵਾਦ ਦੀ ਜੋ ਨਵੀਂ ਨੁਹਾਰ (ਬਿਰਤਾਂਤ) ਘੜੀ ਜਾ ਰਹੀ ਹੈ ਉਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਜੋ ਸੱਤਾਧਾਰੀ ਪਾਰਟੀ ਅਤੇ ਉਸ ਦੇ ਨੇਤਾ ਕਹਿ ਰਹੇ ਹਨ ਸਿਰਫ਼ ਓਹੀ ਦੇਸ਼ ਦੇ ਹਿੱਤ ਵਿਚ ਹੈ; ਓਹੀ ਰਾਸ਼ਟਰਵਾਦ ਹੈ। ਇਹ ਬਹਿਸ ਯੂਨੀਵਰਸਿਟੀਆਂ ਦੇ ਵਿਹੜਿਆਂ ਤੋਂ ਸ਼ੁਰੂ ਹੋਈ ਜਿੱਥੇ ਵਿਦਿਆਰਥੀ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ 'ਤੇ ਦੇਸ਼-ਧ੍ਰੋਹ ਦੇ ਦੋਸ਼ ਲਗਾਏ ਗਏ ਤੇ ਮੁਕੱਦਮੇ ਚਲਾਏ ਜਾ ਰਹੇ ਹਨ। ਇਹ ਨਵੀਂ ਨੁਹਾਰ ਵਾਲਾ ਰਾਸ਼ਟਰਵਾਦ ਰਾਸ਼ਟਰੀ ਸਵੈਮ ਸੇਵਕ ਸੰਘ, ਉਸ ਨਾਲ ਸਬੰਧਿਤ ਜਥੇਬੰਦੀਆਂ ਤੇ ਭਾਜਪਾ ਦੁਆਰਾ ਪਰਿਭਾਸ਼ਤ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਨਾ ਤਾਂ ਸੱਤਾਧਾਰੀ ਪਾਰਟੀ ਦੇ ਵਿਰੋਧ ਤੇ ਨਾ ਹੀ ਅਸਹਿਮਤੀ ਲਈ ਕੋਈ ਥਾਂ ਹੈ। ਇਸ ਰਾਸ਼ਟਰਵਾਦ ਦਾ ਬੀਜ-ਤੱਤ ਹਿੰਦੂਤਵ ਹੈ। ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼-ਧ੍ਰੋਹੀ ਤੇ 'ਅਰਬਨ ਨਕਸਲਾਈਟ' ਜਿਹੇ ਲਕਬ ਦਿੱਤੇ ਜਾਂਦੇ ਹਨ, ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਮੀਡੀਆ 'ਤੇ ਭੰਡਿਆ ਜਾਂਦਾ ਹੈ।
        ਬਹੁਤ ਪਹਿਲਾਂ ਰਾਬਿੰਦਰ ਨਾਥ ਟੈਗੋਰ ਨੇ ਲਿਖਿਆ ਸੀ, ''ਜਦੋਂ ਸਾਡੇ ਰਾਸ਼ਟਰਵਾਦੀ ਆਦਰਸ਼ਵਾਦ ਬਾਰੇ ਗੱਲਾਂ ਕਰਦੇ ਹਨ ਤਾਂ ਉਹ ਇਹ ਭੁੱਲ ਜਾਂਦੇ ਹਨ ਕਿ ਰਾਸ਼ਟਰਵਾਦ ਦਾ ਆਧਾਰ ਕੀ ਹੈ। ਜਿਹੜੇ ਲੋਕ ਰਾਸ਼ਟਰਵਾਦ ਦੇ ਆਦਰਸ਼ਾਂ ਬਾਰੇ ਗੱਲਾਂ ਕਰਦੇ ਹਨ, ਉਹ ਆਪਣੇ ਸਮਾਜਿਕ ਵਰਤਾਰੇ ਵਿਚ ਪਿਛਾਂਹਖਿੱਚੂ ਹਨ।'' ਟੈਗੋਰ ਦੇ ਇਸ ਕਥਨ ਵਿਚਲੀ ਸੱਚਾਈ ਪ੍ਰਤੱਖ ਦਿਖਾਈ ਦੇ ਰਹੀ ਹੈ। ਕੁਝ ਲੋਕ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਿ ਰਹੇ ਹਨ ਪਰ ਉਨ੍ਹਾਂ ਦਾ ਵਰਤਾਰਾ ਨਾ ਤਾਂ ਦੇਸ਼-ਹਿੱਤ ਵਿਚ ਹੈ ਅਤੇ ਨਾ ਹੀ ਲੋਕ-ਹਿੱਤ ਵਿਚ ਦੇਸ਼ ਨੂੰ ਪਿਛਾਂਹ ਵੱਲ ਲੈ ਕੇ ਜਾਣ ਵਾਲਾ ਹੈ (ਉਦਾਹਰਣ ਦੇ ਤੌਰ 'ਤੇ ਕਸ਼ਮੀਰੀ ਵਿਦਿਆਰਥੀਆਂ ਦਾ ਵਿਰੋਧ)। ਟੈਗੋਰ ਨੇ ਇਹ ਵੀ ਕਿਹਾ ਸੀ ਕਿ ਸਾਡਾ ਆਦਰਸ਼ ਮਾਨਵਤਾਵਾਦ ਹੈ ਅਤੇ ਦੇਸ਼ ਭਗਤੀ ਨੂੰ ਮਾਨਵਤਾਵਾਦ ਉੱਤੇ ਭਾਰੂ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਉਸ ਨੇ ਅੰਧ-ਰਾਸ਼ਟਰਵਾਦ ਦਾ ਵਿਰੋਧ ਕਰਦਿਆਂ ਇਹੋ ਜਿਹੇ ਰਾਸ਼ਟਰਵਾਦ ਨੂੰ ਆਤਮਘਾਤੀ ਕਿਹਾ ਸੀ। ਮਹਾਤਮਾ ਗਾਂਧੀ ਅਨੁਸਾਰ ਰਾਸ਼ਟਰਵਾਦ ਵਿਚ ਨਸਲੀ ਵਿਤਕਰੇ ਤੇ ਨਫ਼ਰਤ ਲਈ ਕੋਈ ਥਾਂ ਨਹੀਂ। ਗਾਂਧੀ ਨੇ ਦੇਸ਼ ਭਗਤੀ ਤੇ ਮਾਨਵਤਾਵਾਦੀ ਨੂੰ ਇਕ ਇਕਾਈ ਵਜੋਂ ਦੇਖਿਆ ਸੀ ਤੇ ਕਿਹਾ ਸੀ ਇਹ ਅਲੱਗ ਅਲੱਗ ਨਹੀਂ ਹੋ ਸਕਦੇ। ਇਸ ਲਈ ਸਭ ਲੋਕ-ਪੱਖੀ ਤਾਕਤਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਮੰਦਭਾਗੇ ਰੁਝਾਨਾਂ ਦਾ ਸਮੂਹਿਕ ਤਰੀਕੇ ਨਾਲ ਵਿਰੋਧ ਕੀਤਾ ਜਾਏ। ਇਸ ਲਈ ਉਦਾਰਵਾਦੀ ਪਹੁੰਚ ਦੀ ਲੋੜ ਹੈ ਤਾਂ ਕਿ ਇਸ ਵਿਚ ਵੱਧ ਤੋਂ ਵੱਧ ਲੋਕ ਸ਼ਾਮਿਲ ਹੋਣ ਤੇ ਇਸ ਤਰ੍ਹਾਂ ਦੀ ਸਿਆਸੀ, ਸਭਿਆਚਾਰਕ ਤੇ ਸਮਾਜਿਕ ਸਮਝ ਬਣਾਉਣ ਜਿਸ ਵਿਚ ਹਿੰਦੋਸਤਾਨ ਦੇ ਲੋਕਾਂ ਵਿਚਲੀ ਵੰਨ-ਸੁਵੰਨਤਾ ਅਤੇ ਅਸਹਿਮਤੀ ਦੇ ਹੱਕ ਨੂੰ ਥਾਂ ਮਿਲੇ।

24 Feb. 2019

ਦਹਿਸ਼ਤਗਰਦੀ ਦੀ ਗੰਭੀਰ ਸਮੱਸਿਆ - ਸਵਰਾਜਬੀਰ

ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੈਂਟਰਲ ਰਿਜ਼ਰਵ ਪੁਲੀਸ ਫੋਰਸ 'ਤੇ ਹੋਏ ਆਤਮਘਾਤੀ ਹਮਲੇ ਵਿਚ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਰੋਸ ਤੇ ਸੋਗ ਦਾ ਮਾਹੌਲ ਹੈ। ਕੁਝ ਲੋਕਾਂ ਦਾ ਖਿਆਲ ਹੈ ਕਿ ਪਾਕਿਸਤਾਨ ਵਿਰੁੱਧ ਤੁਰੰਤ ਫ਼ੌਜੀ ਕਾਰਵਾਈ ਕਰਕੇ ਉਸ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਜਦੋਂਕਿ ਕੂਟਨੀਤਕ ਤੇ ਰਾਜਸੀ ਮਾਹਿਰਾਂ ਅਨੁਸਾਰ ਇਹ ਗੱਲ ਫ਼ੌਜ ਉੱਤੇ ਛੱਡ ਦੇਣੀ ਚਾਹੀਦੀ ਹੈ ਕਿ ਉਹ ਕਦੋਂ, ਕਿਸ ਵੇਲੇ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੀ। ਭਾਰਤ ਨੇ ਪਾਕਿਸਤਾਨ ਤੋਂ 'ਸਭ ਤੋਂ ਵੱਧ ਤਰਜੀਹੀ ਮੁਲਕ' ਦਾ ਦਰਜਾ ਵਾਪਸ ਲੈ ਲਿਆ ਹੈ। ਕੁਝ ਲੋਕ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਹਿੰਦੋਸਤਾਨ ਨੂੰ ਪਾਕਿਸਤਾਨ ਨਾਲ ਦਰਿਆਈ ਪਾਣੀਆਂ ਦੀ ਹਿੱਸੇਦਾਰੀ ਵਾਲੀ ਸੰਧੀ ਖ਼ਤਮ ਕਰ ਦੇਣੀ ਚਾਹੀਦੀ ਹੈ।
      ਅਤਿਵਾਦ ਅਤਿਅੰਤ ਗੰਭੀਰ ਸਮੱਸਿਆ ਹੈ। ਇਹ ਉੱਥੇ ਪਨਪਦੀ ਹੈ ਜਿੱਥੇ ਜਮਹੂਰੀਅਤ ਦੀ ਲਗਾਤਾਰ ਬੇਕਦਰੀ ਹੁੰਦੀ ਰਹੀ ਹੋਵੇ, ਸਿਆਸਤਦਾਨਾਂ ਦਾ ਲੋਕਾਂ ਨਾਲ ਰਾਬਤਾ ਟੁੱਟ ਜਾਏ, ਉਨ੍ਹਾਂ ਨੂੰ ਲੱਗੇ ਕਿ ਮੌਜੂਦਾ ਰਾਜ-ਪ੍ਰਬੰਧ ਵਿਚ ਕੋਈ ਸੁਣਵਾਈ ਨਹੀਂ ਹੋ ਰਹੀ ਅਤੇ ਹਥਿਆਰ ਚੁੱਕਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਪਰ ਕਈ ਵਾਰ ਇਹ ਸਾਰੇ ਕਾਰਨ ਮੌਜੂਦ ਹੋਣ ਦੇ ਬਾਵਜੂਦ ਲੋਕ ਅਤਿਵਾਦ ਦਾ ਆਸਰਾ ਨਹੀਂ ਲੈਂਦੇ ਅਤੇ ਉਹ ਆਪਣੀ ਲੜਾਈ ਜਮਹੂਰੀ ਢੰਗ ਨਾਲ ਹੀ ਲੜਦੇ ਹਨ। ਬਾਹਰਲੇ ਦੇਸ਼ਾਂ ਦਾ ਦਖ਼ਲ ਜਾਂ ਉਸ ਭੂਗੋਲਿਕ ਖ਼ਿੱਤੇ ਨਾਲ ਸਬੰਧਤ ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਦੀ ਮਦਦ ਕਿਸੇ ਦਿੱਤੇ ਹੋਏ ਹਾਲਾਤ ਵਿਚ ਅਤਿਵਾਦ ਪੈਦਾ ਕਰਨ ਦਾ ਕਾਰਨ ਬਣ ਜਾਂਦੇ ਹਨ।
       ਮੱਧਕਾਲੀਨ ਸਮਿਆਂ ਤੋਂ ਕਸ਼ਮੀਰ ਦਾ ਇਤਿਹਾਸ ਬੜਾ ਪੇਚੀਦਾ ਰਿਹਾ ਹੈ। ਉੱਥੇ ਤੁਰਕ, ਮੁਗਲ, ਅਫ਼ਗ਼ਾਨ, ਸਿੱਖ ਤੇ ਡੋਗਰੇ ਰਾਜਿਆਂ ਨੇ ਰਾਜ ਕੀਤਾ। ਲਾਹੌਰ ਦਰਬਾਰ ਤੇ ਅੰਗਰੇਜ਼ਾਂ ਵਿਚ ਹੋਈਆਂ ਲੜਾਈਆਂ ਤੋਂ ਬਾਅਦ ਅੰਗਰੇਜ਼ਾਂ ਨੇ ਕਸ਼ਮੀਰ ਰਾਜਾ ਗੁਲਾਬ ਸਿੰਘ ਨੂੰ ਸੌਂਪ ਦਿੱਤਾ। ਡੋਗਰਿਆਂ ਦੇ ਰਾਜ ਵਿਚ ਖੇਤੀ ਕਰਨ ਵਾਲੇ ਮੁਜ਼ਾਰਿਆਂ ਕੋਲ ਮਾਲਕੀ ਦੇ ਹੱਕ ਨਹੀਂ ਸਨ। ਸ਼ੇਖ ਅਬਦੁੱਲਾ ਦੀ ਅਗਵਾਈ ਵਾਲੀ ਕਸ਼ਮੀਰ ਮੁਸਲਮਾਨ ਕਾਨਫਰੰਸ ਨੇ ਇਸ ਵਿਰੁੱਧ ਸੰਘਰਸ਼ ਆਰੰਭਿਆ। ਬਾਅਦ ਵਿਚ ਜਵਾਹਰਲਾਲ ਨਹਿਰੂ ਤੇ ਖੱਬੇ-ਪੱਖੀ ਪ੍ਰਭਾਵ ਕਾਰਨ ਇਸ ਜਥੇਬੰਦੀ ਦਾ ਨਾਂ ਨੈਸ਼ਨਲ ਕਾਨਫਰੰਸ ਰੱਖਿਆ ਗਿਆ।
        ਦੇਸ਼ ਦੀ ਆਜ਼ਾਦੀ ਵੇਲੇ ਕਾਂਗਰਸ, ਮੁਸਲਿਮ ਲੀਗ ਤੇ ਅੰਗਰੇਜ਼ਾਂ ਵਿਚ ਹੋਏ ਸਮਝੌਤੇ ਅਨੁਸਾਰ ਪੂਰਬ ਤੇ ਪੱਛਮ ਵਿਚ ਪਾਕਿਸਤਾਨ ਨਾਂ ਦਾ ਨਵਾਂ ਦੇਸ਼ ਹੋਂਦ ਵਿਚ ਆਇਆ ਅਤੇ ਇਸ ਵਿਚ ਉਹ ਇਲਾਕੇ ਸ਼ਾਮਲ ਕੀਤੇ ਗਏ ਜਿਨ੍ਹਾਂ ਵਿਚ ਮੁਸਲਮਾਨ ਬਹੁਗਿਣਤੀ ਸੀ। ਅੰਗਰੇਜ਼ੀ ਸ਼ਾਸਨ ਹੇਠਲੇ ਭੂਗੋਲਿਕ ਖ਼ਿੱਤੇ ਨੂੰ ਵੰਡਣ ਲਈ ਜੋ ਫਾਰਮੂਲਾ ਨਿਸ਼ਚਿਤ ਕੀਤਾ ਗਿਆ, ਉਸ ਅਨੁਸਾਰ ਕਿਸੇ ਸਥਾਨ ਨੂੰ ਇਸ ਦੇਸ਼ ਵਿਚ ਸ਼ਾਮਲ ਕਰਨ ਲਈ ਦੋ ਚੀਜ਼ਾਂ ਜ਼ਰੂਰੀ ਸਨ : ਪਹਿਲੀ ਮੁਸਲਮਾਨਾਂ ਦੀ ਬਹੁਗਿਣਤੀ ਅਤੇ ਦੂਸਰੀ ਇਨ੍ਹਾਂ ਖੇਤਰਾਂ ਨਾਲ ਭੂਗੋਲਿਕ ਨੇੜਤਾ। ਰਜਵਾੜਿਆਂ ਨੂੰ ਹੱਕ ਦਿੱਤਾ ਗਿਆ ਕਿ ਉਹ ਹਿੰਦੋਸਤਾਨ ਜਾਂ ਪਾਕਿਸਤਾਨ ਦੋਵਾਂ ਵਿਚੋਂ ਕਿਸੇ ਨਾਲ ਵੀ ਮਿਲ ਸਕਦੇ ਹਨ। ਬਹੁਤ ਸਾਰੇ ਰਜਵਾੜਿਆਂ ਨੇ ਹਿੰਦੋਸਤਾਨ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਪਰ ਤਿੰਨ ਮੁੱਖ ਇਲਾਕੇ ਜੰਮੂ ਕਸ਼ਮੀਰ, ਜੌਨਪੁਰ ਅਤੇ ਹੈਦਰਾਬਾਦ ਨੇ ਫ਼ੈਸਲਾ ਕਰਨ ਵਿਚ ਢਿੱਲ-ਮੱਠ ਵਿਖਾਈ। ਜੌਨਪੁਰ ਅਤੇ ਹੈਦਰਾਬਾਦ ਉੱਤੇ ਮੁਸਲਮਾਨ ਰਾਜਿਆਂ ਦਾ ਰਾਜ ਸੀ ਅਤੇ ਇਨ੍ਹਾਂ ਨੂੰ ਪੁਲੀਸ/ਫ਼ੌਜੀ ਕਾਰਵਾਈ ਕਰਕੇ ਭਾਰਤ ਵਿਚ ਸ਼ਾਮਲ ਕੀਤਾ ਗਿਆ। ਭਾਰਤ ਨੇ ਆਪਣੀ ਕਾਰਵਾਈ ਨੂੰ ਇਸ ਆਧਾਰ 'ਤੇ ਨਿਆਂਸੰਗਤ ਠਹਿਰਾਇਆ ਕਿ ਇਨ੍ਹਾਂ ਇਲਾਕਿਆਂ ਦੀ ਪਾਕਿਸਤਾਨ ਨਾਲ ਭੂਗੋਲਿਕ ਨੇੜਤਾ ਨਹੀਂ ਹੈ। ਜੰਮੂ ਕਸ਼ਮੀਰ ਇਕ ਵੱਡਾ ਪ੍ਰਦੇਸ਼ ਸੀ ਤੇ ਉਸ ਵੇਲੇ ਦਾ ਡੋਗਰਾ ਸ਼ਾਸਕ ਮਹਾਰਾਜਾ ਹਰੀ ਸਿੰਘ ਆਜ਼ਾਦ ਰਹਿਣਾ ਚਾਹੁੰਦਾ ਸੀ ਜਦੋਂਕਿ ਸ਼ੇਖ ਅਬਦੁੱਲਾ ਦੀ ਅਗਵਾਈ ਵਿਚ ਲੋਕ ਹਿੰਦੋਸਤਾਨ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ। ਇੱਥੇ ਵੱਡਾ ਵਿਰੋਧਾਭਾਸ ਇਹ ਸੀ ਕਿ ਜਨਸੰਖਿਆ ਪੱਖੋਂ ਕਸ਼ਮੀਰ ਵਾਦੀ ਵਿਚ ਬਹੁਸੰਖਿਆ ਮੁਸਲਮਾਨਾਂ ਦੀ ਸੀ ਤੇ ਭੂਗੋਲਿਕ ਨੇੜਤਾ ਪੱਖੋਂ ਇਹ ਹਿੰਦੋਸਤਾਨ ਤੇ ਪਾਕਿਸਤਾਨ ਦੋਵਾਂ ਦੇ ਨੇੜੇ ਸੀ। ਮਹਾਰਾਜਾ ਜਕੋਤਕੀ ਵਿਚ ਸੀ ਜਦੋਂ ਪਾਕਿਸਤਾਨ ਨੇ ਕੁਝ ਕਬਾਇਲੀਆਂ ਨੂੰ ਅੰਦੋਲਿਤ ਕਰਕੇ ਕਸ਼ਮੀਰ ਨੂੰ ਜ਼ਬਰਦਸਤੀ ਪਾਕਿਸਤਾਨ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ। ਹਿੰਦੋਸਤਾਨੀ ਫ਼ੌਜ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਕਾਰਨ ਕਬਾਇਲੀਆਂ ਨੂੰ ਪਿੱਛੇ ਧੱਕਿਆ ਗਿਆ ਅਤੇ ਮਹਾਰਾਜੇ ਨੇ ਹਿੰਦੋਸਤਾਨ ਵਿਚ ਸ਼ਾਮਲ ਹੋਣ ਦੀ ਸੰਧੀ 'ਤੇ ਦਸਤਖ਼ਤ ਕੀਤੇ ਅਤੇ ਉੱਪਰ ਦਿੱਤੇ ਕਾਰਨਾਂ ਕਰਕੇ ਕਸ਼ਮੀਰ ਨੂੰ ਖ਼ਾਸ ਦਰਜਾ ਦਿੱਤਾ ਗਿਆ।
        ਸ਼ੇਖ ਅਬਦੁੱਲਾ ਦੀ ਅਗਵਾਈ ਵਿਚ ਬਣੀ ਸਰਕਾਰ ਨੇ ਤੁਰੰਤ ਜ਼ਮੀਨੀ ਸੁਧਾਰ ਕੀਤੇ ਤੇ ਹਲ਼ਵਾਹਕਾਂ ਨੂੰ ਮਾਲਕੀ ਦੇ ਹੱਕ ਦਿੱਤੇ। ਦਿੱਲੀ ਤੇ ਸ਼ੇਖ ਅਬਦੁੱਲਾ ਵਿਚਕਾਰ ਕੁਝ ਗ਼ਲਤਫ਼ਹਿਮੀਆਂ ਪੈਦਾ ਹੋਈਆਂ ਤੇ 1953 ਵਿਚ ਸ਼ੇਖ ਅਬਦੁੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਕਸ਼ਮੀਰ ਵਿਚ ਦਿੱਲੀ ਦਾ ਦਖ਼ਲ ਵਧਦਾ ਗਿਆ ਅਤੇ ਜਮਹੂਰੀ ਪ੍ਰਣਾਲੀ ਵਿਚ ਵਿਗਾੜ ਪੈਦਾ ਹੋਏ। ਇੰਦਰਾ ਗਾਂਧੀ ਦੇ ਸਮੇਂ ਵਿਚ ਸ਼ੇਖ ਅਬਦੁੱਲਾ ਨਾਲ ਸਮਝੌਤਾ ਹੋ ਗਿਆ ਪਰ ਦਿੱਲੀ ਦਾ ਦਖ਼ਲ ਬਰਕਰਾਰ ਰਿਹਾ। ਇਹ ਇਲਜ਼ਾਮ ਆਮ ਲਾਏ ਜਾਂਦੇ ਰਹੇ ਹਨ ਕਿ ਕਸ਼ਮੀਰ ਵਿਚ ਉਸ ਤਰ੍ਹਾਂ ਦੀ ਸਰਕਾਰ ਹੀ ਬਣਦੀ ਹੈ ਜੋ ਕੇਂਦਰ ਚਾਹੁੰਦਾ ਹੈ। ਅਜਿਹੇ ਦਖ਼ਲ ਕਰਕੇ ਲੋਕਾਂ ਦਾ ਜਮਹੂਰੀ ਪ੍ਰਣਾਲੀ ਵਿਚ ਵਿਸ਼ਵਾਸ ਘਟਿਆ ਅਤੇ ਸੰਨ 1987 ਦੀਆਂ ਚੋਣਾਂ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਵਿਗੜੇ। ਹਾਲਾਤ ਵਿਗੜਨ ਦਾ ਇਕ ਹੋਰ ਕਾਰਨ ਹਿੰਦੋਸਤਾਨ ਬਰੇਸਗੀਰ ਵਿਚ ਦਾਖ਼ਲ ਹੋ ਚੁੱਕਾ ਇਸਲਾਮੀ ਮੂਲਵਾਦ ਸੀ। ਜਦੋਂ ਸੋਵੀਅਤ ਰੂਸ ਨੇ ਅਫ਼ਗ਼ਾਨਿਸਤਾਨ ਵਿਚ ਦਖ਼ਲ ਦਿੱਤਾ ਤਾਂ ਅਮਰੀਕਾ ਨੇ ਸਾਊਦੀ ਅਰਬ ਦੀ ਸਹਾਇਤਾ ਨਾਲ ਪਾਕਿਸਤਾਨ ਦੀ ਧਰਤੀ 'ਤੇ ਵੱਹਾਬੀ ਤਰੀਕੇ ਦੇ ਇਸਲਾਮ ਦਾ ਪ੍ਰਚਾਰ ਕੀਤਾ ਅਤੇ ਮਦਰੱਸੇ ਤੇ ਸਿਖਲਾਈ ਕੇਂਦਰ ਬਣਾਏ ਜਿਨ੍ਹਾਂ ਵਿਚ ਸੋਵੀਅਤ ਰੂਸ ਵਿਰੁੱਧ ਲੜਨ ਲਈ ਜੱਹਾਦੀ ਪੈਦਾ ਕੀਤੇ ਗਏ। ਇਨ੍ਹਾਂ ਜੱਹਾਦੀਆਂ ਨੇ ਸੋਵੀਅਤ ਰੂਸ ਦੀਆਂ ਫ਼ੌਜਾਂ ਨੂੰ ਅਫ਼ਗ਼ਾਨਿਸਤਾਨ ਵਿਚੋਂ ਕੱਢਣ ਵਿਚ ਵੱਡਾ ਹਿੱਸਾ ਪਾਇਆ ਪਰ ਉਸ ਤੋਂ ਬਾਅਦ ਵੱਖ ਵੱਖ ਤਰ੍ਹਾਂ ਦੀਆਂ ਮੂਲਵਾਦੀ ਜਥੇਬੰਦੀਆਂ ਨੇ ਆਜ਼ਾਦਾਨਾ ਹੋਂਦ ਅਖ਼ਤਿਆਰ ਕਰ ਲਈ। ਇਨ੍ਹਾਂ ਜਥੇਬੰਦੀਆਂ ਕੋਲ ਤਜਰਬੇਕਾਰ ਦਹਿਸ਼ਤਗਰਦ ਸਨ, ਸਰਮਾਇਆ ਸੀ ਤੇ ਇਸਲਾਮ ਦੀ ਆਪਣੀ ਵਿਆਖਿਆ। ਇਹ ਉਹੀ ਸਮੇਂ ਹਨ ਜਦ ਮਸੂਦ ਅਜ਼ਹਰ ਜੰਮੂ ਕਸ਼ਮੀਰ ਪੁਲੀਸ ਦੀ ਹਿਰਾਸਤ ਵਿਚ ਸੀ। ਇਨ੍ਹਾਂ ਵਿਚੋਂ ਕੁਝ ਜਥੇਬੰਦੀਆਂ ਨੇ ਅਮਰੀਕਾ 'ਤੇ ਨਿਸ਼ਾਨਾ ਸਾਧਿਆ ਤੇ ਕੁਝ ਨੇ ਕਸ਼ਮੀਰ ਵੱਲ।
      ਵਾਜਪਾਈ ਸਰਕਾਰ ਦੌਰਾਨ ਹਵਾਈ ਜਹਾਜ਼ ਅਗਵਾ ਕਰਕੇ ਮਸੂਦ ਅਜ਼ਹਰ ਤੇ ਉਸ ਦੇ ਸਾਥੀਆਂ ਨੂੰ ਛੁਡਵਾ ਲਿਆ ਗਿਆ। ਕਸ਼ਮੀਰ ਵਿਚ ਅਤਿਵਾਦੀ ਕਾਰਵਾਈਆਂ ਲਈ ਤਿੰਨ ਸੰਗਠਨ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ : ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ ਤੇ ਹਿਜ਼ਬੁਲ ਮੁਜਾਹਿਦੀਨ। ਹਿਜ਼ਬੁਲ ਮੁਜਾਹਿਦੀਨ ਆਤਮਘਾਤੀ ਹਮਲਿਆਂ ਨੂੰ ਗ਼ੈਰ-ਇਸਲਾਮੀ ਮੰਨਦਾ ਹੈ। ਲਸ਼ਕਰ-ਏ-ਤਾਇਬਾ ਪਾਕਿਸਤਾਨੀ ਫ਼ੌਜ ਤੇ ਖ਼ੁਫ਼ੀਆ ਏਜੰਸੀ ਆਈਐੱਸਆਈ ਦੀਆਂ ਸਿੱਧੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦਾ ਹੈ। ਜੈਸ਼-ਏ-ਮੁਹੰਮਦ ਬਾਰੇ ਕਿਹਾ ਜਾਂਦਾ ਹੈ ਕਿ ਉਹ ਪਾਕਿਸਤਾਨੀ ਫ਼ੌਜ ਦੇ ਕੰਟਰੋਲ ਵਿਚ ਨਹੀਂ। ਪਰ ਫਿਰ ਵੀ ਪਾਕਿਸਤਾਨੀ ਸਰਕਾਰ ਤੇ ਫ਼ੌਜ ਜੈਸ਼-ਏ-ਮੁਹੰਮਦ ਨੂੰ ਲਗਾਤਾਰ ਸ਼ਹਿ ਦਿੰਦੇ ਰਹੇ ਹਨ ਕਿਉਂਕਿ ਇਹ ਜਥੇਬੰਦੀ ਕਸ਼ਮੀਰ ਵਿਚ ਅਤਿਵਾਦੀ ਕਾਰਵਾਈਆਂ ਕਰਾਉਣ ਦੀ ਵੱਡੀ ਸਮਰੱਥਾ ਨਾਲ ਲੈਸ ਹੈ।
        ਮਾਰਚ 2015 ਵਿਚ ਜੰਮੂ ਕਸ਼ਮੀਰ ਵਿਚ ਬੀਜੇਪੀ ਤੇ ਪੀਡੀਪੀ ਦੀ ਸਾਂਝੀ ਸਰਕਾਰ ਹੋਂਦ ਵਿਚ ਆਈ। ਭਾਵੇਂ ਇਹ ਗੱਠਜੋੜ ਬੇਜੋੜ ਸੀ, ਫਿਰ ਵੀ ਲੋਕਾਂ ਨੂੰ ਆਸ ਸੀ ਕਿ ਸ਼ਾਇਦ ਦਹਾਕਿਆਂ ਤੋਂ ਸੁਲਗ ਰਹੀ ਸਮੱਸਿਆ ਦਾ ਕੋਈ ਹੱਲ ਨਿਕਲ ਆਏ। ਪਰ ਇਸ ਲਈ ਜਿਸ ਦੂਰਅੰਦੇਸ਼ੀ ਵਾਲੀ ਸਿਆਸੀ ਸੂਝ ਦੀ ਜ਼ਰੂਰਤ ਹੈ, ਉਹ ਨਾ ਤਾਂ ਮਹਿਬੂਬਾ ਮੁਫ਼ਤੀ ਕੋਲ ਸੀ ਅਤੇ ਨਾ ਹੀ ਮੌਜੂਦਾ ਕੇਂਦਰੀ ਸਰਕਾਰ ਕੋਲ। ਸਿੱਟੇ ਵਜੋਂ ਲੋਕਾਂ ਤੇ ਸੁਰੱਖਿਆ ਦਲਾਂ ਵਿਚ ਦੂਰੀਆਂ ਵਧੀਆਂ ਅਤੇ ਲਗਾਤਾਰ ਹੁੰਦੇ ਪਥਰਾਓ ਨੂੰ ਰੋਕਣ ਲਈ ਸੁਰੱਖਿਆ ਬਲਾਂ ਨੇ ਛੱਰ੍ਹਿਆਂ (ਛੋਟੀਆਂ ਗੋਲੀਆਂ, ਜਿਨ੍ਹਾਂ ਨੂੰ 'ਪੈਲੇਟ ਗੰਨ' ਕਿਹਾ ਜਾਂਦਾ ਹੈ) ਦੀ ਵਰਤੋਂ ਕੀਤੀ ਜਿਸ ਨਾਲ ਬਹੁਤ ਸਾਰੇ ਨੌਜਵਾਨਾਂ ਦੀ ਨਜ਼ਰ ਜਾਂਦੀ ਰਹੀ। ਇਨ੍ਹਾਂ ਸਾਲਾਂ ਵਿਚ ਹੀ ਇਕ ਵੱਡਾ ਬਦਲਾਓ ਇਹ ਆਇਆ ਕਿ ਜਿੱਥੇ ਪਹਿਲਾਂ ਵੱਡੇ ਪੱਧਰ ਦੀਆਂ ਕਾਰਵਾਈਆਂ ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਨਾਲ ਸਬੰਧ ਰੱਖਣ ਵਾਲੇ ਅਤਿਵਾਦੀ ਹੀ ਕਰਦੇ ਸਨ, ਉੱਥੇ ਹੁਣ ਇਸ ਵਿਚ ਕਸ਼ਮੀਰੀ ਨੌਜਵਾਨਾਂ ਨੇ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।
        ਇਸ ਵੇਲੇ ਸਥਿਤੀ ਬਹੁਤ ਨਾਜ਼ੁਕ ਹੈ। ਜਿੱਥੇ ਸੁਰੱਖਿਆ ਬਲਾਂ ਨੂੰ ਸਖ਼ਤ ਕਾਰਵਾਈ ਕਰਨ ਦੀ ਜ਼ਰੂਰਤ ਹੈ, ਉੱਥੇ ਕੇਂਦਰੀ ਸਰਕਾਰ ਨੂੰ ਸਭ ਤੋਂ ਜ਼ਿਆਦਾ ਜ਼ੋਰ ਇਸ ਪੱਖ 'ਤੇ ਦੇਣਾ ਚਾਹੀਦਾ ਹੈ ਕਿ ਲੋਕਾਂ ਦਾ ਵਿਸ਼ਵਾਸ ਕਿਵੇਂ ਜਿੱਤਿਆ ਜਾਏ। ਕਸ਼ਮੀਰੀ ਨੌਜਵਾਨਾਂ ਵਿਚ ਬੇਗ਼ਾਨਗੀ ਦੀ ਭਾਵਨਾ ਪ੍ਰਬਲ ਹੋਈ ਹੈ ਅਤੇ ਸਰਕਾਰ ਕੋਲ ਇਸ ਸਮੱਸਿਆ ਨਾਲ ਨਜਿੱਠਣ ਲਈ ਕੋਈ ਰਣਨੀਤੀ ਨਜ਼ਰ ਨਹੀਂ ਆਉਂਦੀ। ਸਭ ਤੋਂ ਜ਼ਿਆਦਾ ਜ਼ਰੂਰਤ ਪਾਕਿਸਤਾਨ ਉੱਤੇ ਅੰਤਰਰਾਸ਼ਟਰੀ ਦਬਾਓ ਪਾਉਣ ਦੀ ਹੈ ਕਿ ਉਹ ਆਪਣੀ ਭੋਇੰ ਤੋਂ ਦਹਿਸ਼ਤਗਰਦੀ ਦਾ ਖ਼ਾਤਮਾ ਕਰੇ। ਪਾਕਿਸਤਾਨੀ ਫ਼ੌਜ ਅਤਿਵਾਦੀ ਸੰਗਠਨਾਂ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਵੇਖਦੀ ਹੈ : ਚੰਗੇ ਅਤਿਵਾਦੀ ਤੇ ਮਾੜੇ ਅਤਿਵਾਦੀ। ਚੰਗੇ ਅਤਿਵਾਦੀ ਉਹ ਹਨ ਜੋ ਉਨ੍ਹਾਂ ਦੇ ਆਖੇ ਲੱਗ ਕੇ ਕਸ਼ਮੀਰ ਵਿਚ ਹਿੰਸਕ ਕਾਰਵਾਈਆਂ ਕਰਦੇ ਹਨ ਅਤੇ ਮਾੜੇ ਉਹ ਜੋ ਕਸ਼ਮੀਰ ਦੇ ਨਾਲ ਨਾਲ ਪਾਕਿਸਤਾਨੀ ਅਵਾਮ 'ਤੇ ਵੀ ਜ਼ੁਲਮ ਢਾਹੁੰਦੇ ਹਨ। ਪਾਕਿਸਤਾਨੀ ਸਰਕਾਰ ਤੇ ਫ਼ੌਜ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਤਿਵਾਦੀ ਅਤਿਵਾਦੀ ਹਨ, ਜੇ ਉਨ੍ਹਾਂ ਦਾ ਮੂੰਹ ਅੱਜ ਕਸ਼ਮੀਰ ਵੱਲ ਹੈ ਤਾਂ ਭਲਕੇ ਪਾਕਿਸਤਾਨੀ ਰਿਆਸਤ ਵੱਲ ਵੀ ਹੋ ਸਕਦਾ ਹੈ। ਹਿੰਦੋਸਤਾਨ ਨੂੰ ਇਸ ਗੁੰਝਲਦਾਰ ਸਮੱਸਿਆ ਨੂੰ ਸੁਲਝਾਉਣ ਲਈ ਕਈ ਤੱਤਾਂ ਵਾਲੀ ਬਹੁਪਰਤੀ ਰਣਨੀਤੀ ਬਣਾਉਣੀ ਪਵੇਗੀ : ਫ਼ੌਜ ਤੇ ਸੁਰੱਖਿਆ ਦਲਾਂ ਰਾਹੀਂ ਕਾਰਵਾਈ, ਜਮਹੂਰੀਅਤ ਦੀ ਬਹਾਲੀ, ਲੋਕਾਂ ਨਾਲ ਗੱਲਬਾਤ ਦਾ ਸਿਲਸਿਲਾ, ਨੌਜਵਾਨਾਂ ਦਾ ਵਿਸ਼ਵਾਸ ਜਿੱਤਣਾ ਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਮੁਹਿੰਮ ਆਦਿ। ਇਸ ਦੇ ਨਾਲ ਨਾਲ ਕਸ਼ਮੀਰੀਆਂ ਨੂੰ ਇਹ ਅਹਿਸਾਸ ਦਿਵਾਉਣਾ ਵੀ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਪ੍ਰਤੀ ਗਹਿਰ ਗੰਭੀਰ ਹੈ।

17 Feb. 2019

ਥਾਨੁ ਸੁਹਾਵਾ - ਸਵਰਾਜਬੀਰ

ਪਿਛਲੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਥਾਵਾਂ ਦੀ ਪੁਰਾਤਨ ਤੇ ਵਿਰਾਸਤੀ ਦਿੱਖ ਨੂੰ ਬਰਕਰਾਰ ਰੱਖਣ ਲਈ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖ਼ਾਨ ਨੂੰ ਪੱਤਰ ਲਿਖਿਆ। ਇਸ ਵਿਚ ਸਿੱਧੂ ਨੇ ਕਰਤਾਰਪੁਰ ਸਾਹਿਬ ਅਤੇ ਡੇਰਾ ਬਾਬਾ ਨਾਨਕ ਦੇ ਗੁਰਦੁਆਰਿਆਂ ਅਤੇ ਨੇੜਲੇ ਇਲਾਕਿਆਂ ਦੀ ਪੁਰਾਤਨ ਦਿੱਖ ਬਹਾਲ ਰੱਖੇ ਜਾਣ ਬਾਰੇ ਕੁਝ ਸੁਝਾਅ ਦਿੱਤੇ ਹਨ : ਇਨ੍ਹਾਂ ਸਥਾਨਾਂ ਨੂੰ ਵਿਰਾਸਤੀ ਪਿੰਡਾਂ ਦਾ ਦਰਜਾ ਦਿੱਤਾ ਜਾਏ। ਸਬੰਧਿਤ ਥਾਵਾਂ ਦਾ ਵਿਕਾਸ ਇਸ ਤਰੀਕੇ ਨਾਲ ਕੀਤਾ ਜਾਏ ਕਿ ਉੱਥੋਂ ਦੀ ਪਵਿੱਤਰਤਾ ਤੇ ਪੁਰਾਤਨਤਾ ਭੰਗ ਨਾ ਹੋਵੇ ਅਤੇ ਇਨ੍ਹਾਂ ਨੂੰ ਕੰਕਰੀਟ ਦੇ ਜੰਗਲ ਨਾ ਬਣਾਇਆ ਜਾਏ, ਉਹ ਜ਼ਮੀਨ, ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਖ਼ੁਦ ਵਾਹਿਆ ਤੇ ਸਿੰਜਿਆ ਸੀ, ਉੱਤੇ ਕੋਈ ਉਸਾਰੀ ਨਾ ਕੀਤੀ ਜਾਏ, ਉੱਥੇ ਜੈਵਿਕ ਢੰਗ ਨਾਲ ਖੇਤੀ ਕੀਤੀ ਜਾਏ ਤੇ ਉੱਥੋਂ ਉਗਾਈ ਫ਼ਸਲ ਦਾ ਲੰਗਰ ਤਿਆਰ ਕਰਕੇ ਸੰਗਤ ਨੂੰ ਛਕਾਇਆ ਜਾਏ।
      ਕਰਤਾਰਪੁਰ ਦੀ ਵਿਰਾਸਤੀ ਦਿੱਖ ਨੂੰ ਕਾਇਮ ਰੱਖਣ ਦੀ ਮੁਹਿੰਮ ਵਿਚ ਹੋਰ ਪੰਜਾਬੀ ਵੀ ਸ਼ਾਮਿਲ ਹਨ। ਬਾਲ ਸਾਹਿਤਕਾਰ ਗੁਰਮੀਤ ਕੌਰ ਦੇ 'ਪੰਜਾਬੀ ਟ੍ਰਿਬਿਊਨ' ਵਿਚ ਛਪੇ ਲੇਖ ਵਿਚ ਵੀ ਅਜਿਹੇ ਸੁਝਾਅ ਦਿੱਤੇ ਗਏ ਹਨ : ਕਰਤਾਰਪੁਰ ਵਿਚ ਪ੍ਰਕਿਰਤੀ ਦੇ ਵਾਸੇ ਵਾਸਤੇ ਗੁਰਦੁਆਰੇ ਦੇ ਆਲੇ-ਦੁਆਲੇ ਦੇ ਖੇਤਾਂ ਨੂੰ ਨਾ ਛੇੜਿਆ ਜਾਏ ਤੇ ਉੱਥੇ ਅੱਧੀ ਜ਼ਮੀਨ ਵਿਚ ਵਣ ਲਾ ਦਿੱਤੇ ਜਾਣ ਅਤੇ ਬਾਕੀ ਵਿਚ ਪਹਿਲਾਂ ਵਾਂਗ ਦੇਸੀ ਖੇਤੀ ਹੁੰਦੀ ਰਹੇ; ਨਵੀਂ ਉਸਾਰੀ ਦੀ ਦਿੱਖ ਪੁਰਾਤਨ ਸਮਿਆਂ ਵਾਲੀ ਹੋਵੇ, 20-20 ਮੰਜ਼ਿਲਾਂ ਵਾਲੀ ਅੱਜ ਦੀ ਕੋਝੀ ਮਾਡਰਨ ਦਿੱਖ ਵਾਲੀ ਨਹੀਂ, ਰਿਹਾਇਸ਼ੀ ਇਮਾਰਤਾਂ ਗੁਰਦੁਆਰੇ ਤੋਂ ਚੋਖੀ ਦੂਰੀ 'ਤੇ ਬਣਾਈਆਂ ਜਾਣ, ਆਵਾਜਾਈ ਵਧੇਰੇ ਪੈਦਲ ਰੱਖੀ ਜਾਏ ਅਤੇ ਬਜ਼ੁਰਗਾਂ ਤੇ ਹੋਰ ਲੋੜਵੰਦ ਸੰਗਤ ਵਾਸਤੇ ਬਿਜਲਈ ਗੱਡੀਆਂ ਹੋਣ, ਪਲਾਸਟਿਕ ਬੈਗਾਂ, ਬੋਤਲਾਂ ਤੇ ਜੰਕ ਫੂਡ 'ਤੇ ਸਖ਼ਤ ਰੋਕ ਲੱਗੇ। ਗੁਰਮੀਤ ਕੌਰ ਨੇ ਇਹ ਵਾਸਤਾ ਵੀ ਪਾਇਆ ਹੈ : ''ਰੱਬ ਦੇ ਵਾਸਤੇ ਕਰਤਾਰਪੁਰ ਨੂੰ ਕਰਤਾਰਪੁਰ ਹੀ ਰੱਖਣਾ, ਇਹਨੂੰ ਡਿਜ਼ਨੀਲੈਂਡ ਨਾ ਬਣਾ ਘੱਤਣਾ।''
       ਇਨ੍ਹਾਂ ਦਿਨਾਂ ਵਿਚ ਇਹ ਚਰਚਾ ਵੀ ਸਾਹਮਣੇ ਆਈ ਕਿ ਲਾਂਘੇ ਲਈ ਪਹੁੰਚਣ 'ਤੇ ਵੀਜ਼ਾ (ਵੀਜ਼ਾ ਆਨ ਅਰਾਈਵਲ) ਸ਼ਾਇਦ ਸਿਰਫ਼ ਸਿੱਖ ਸ਼ਰਧਾਲੂਆਂ ਨੂੰ ਹੀ ਦਿੱਤਾ ਜਾਏਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦੇ ਕੇ ਇਸ ਦਾ ਵਿਰੋਧ ਕੀਤਾ। ਇਸ ਤਰ੍ਹਾਂ ਦੀ ਸੋਚ ਦਾ ਵਿਰੋਧ ਜ਼ਰੂਰੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਾਂਝੇ ਰਹਿਬਰ ਸਨ। ਉਨ੍ਹਾਂ ਦਾ ਸੰਦੇਸ਼ ਸਿਰਫ਼ ਸਿੱਖਾਂ ਲਈ ਹੀ ਨਹੀਂ ਸਗੋਂ ਸਾਰੀ ਮਨੁੱਖਤਾ ਵਾਸਤੇ ਹੈ। ਇਸ ਦੀ ਅਜ਼ੀਮ ਮਿਸਾਲ ਖ਼ੁਦ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਵਿਚ ਮਿਲਦੀ ਹੈ ਜਿੱਥੇ ਗੁਰੂ ਸਾਹਿਬ ਦਾ ਮਜ਼ਾਰ ਤੇ ਸਮਾਧੀ ਦੋਵੇਂ ਮੌਜੂਦ ਹਨ। ਗੁਰੂ ਸਾਹਿਬ ਦੀ ਕਰਮਭੂਮੀ ਸਿਰਫ਼ ਪੰਜਾਬ ਤਕ ਹੀ ਸੀਮਤ ਨਹੀਂ ਸੀ ਸਗੋਂ ਉਨ੍ਹਾਂ ਨੇ ਦੂਰ-ਦਰਾਜ ਦੇ ਇਲਾਕਿਆਂ ਵਿਚ ਜਾ ਕੇ 'ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ' ਦਾ ਸੰਦੇਸ਼ ਦਿੱਤਾ। ਸਮਾਜਿਕ ਏਕਤਾ ਤੇ ਸਮਤਾ ਕਾਇਮ ਕਰਨ ਦਾ ਸੰਦੇਸ਼ ਉਨ੍ਹਾਂ ਦੀ ਬਾਣੀ ਵਿਚ ਥਾਂ ਥਾਂ 'ਤੇ ਮਿਲਦਾ ਹੈ। ਜਦ ਬਾਬਰ ਦਾ ਹਮਲਾ ਹੁੰਦਾ ਹੈ ਤਾਂ ਗੁਰੂ ਸਾਹਿਬ ਸਿਰਫ਼ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਵਾਹਕ ਹੀ ਨਹੀਂ ਬਣਦੇ ਸਗੋਂ ਇਕ ਵੱਡੇ ਭੂਗੋਲਿਕ ਖ਼ਿੱਤੇ ਦੇ ਲੋਕਾਂ ਦੇ ਦੁੱਖ-ਦਰਦ ਨੂੰ ਜ਼ੁਬਾਨ ਦਿੰਦੇ ਹਨ ਜਿਸ ਨੂੰ ਉਹ ਆਪਣੀ ਬਾਣੀ ਵਿਚ 'ਹਿੰਦੁਸਤਾਨੁ' ਕਹਿੰਦੇ ਹਨ : ''ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥'' ਇਸ ਤਰ੍ਹਾਂ ਉਹ ਪੰਜਾਬ ਦੇ ਲੋਕਾਂ ਦੀ ਭਾਵੀ ਨੂੰ ਨਾਲ ਦੇ ਖੇਤਰਾਂ ਨਾਲ ਜੋੜਦੇ ਹਨ ਅਤੇ ਸਾਨੂੰ ਸੌੜੀਆਂ ਵਲਗਣਾਂ 'ਚੋਂ ਕੱਢਦੇ ਹਨ। ਇੱਥੇ ਇਹ ਯਾਦ ਰੱਖਣਾ ਵੀ ਬਣਦਾ ਹੈ ਕਿ ਸੰਤਾਂ, ਗੁਰੂਆਂ, ਪੀਰਾਂ, ਫ਼ਕੀਰਾਂ ਵਿਚੋਂ ਗੁਰੂ ਨਾਨਕ ਦੇਵ ਜੀ ਪਹਿਲੇ ਹਨ ਜੋ ਇਸ ਭੂਗੋਲਿਕ ਖ਼ਿੱਤੇ ਵਾਸਤੇ ਹਿੰਦੁਸਤਾਨੁ ਸ਼ਬਦ ਵਰਤ ਕੇ ਇੱਥੋਂ ਦੇ ਲੋਕਾਂ ਲਈ ਬੋਲਦੇ ਹਨ।
      ਇਸੇ ਤਰ੍ਹਾਂ ਦਾ ਵਿਸ਼ਾਲ ਦ੍ਰਿਸ਼ਟੀਕੋਣ ਸਾਨੂੰ ਆਦਿ-ਗ੍ਰੰਥ ਦੀ ਸੰਪਾਦਨਾ ਵੇਲੇ ਮਿਲਦਾ ਹੈ ਜਦ ਗੁਰੂ ਅਰਜਨ ਦੇਵ ਜੀ ਦੂਰ-ਦੁਰਾਡੇ ਦੇ ਭਗਤਾਂ ਦੀ ਬਾਣੀ ਆਦਿ-ਗ੍ਰੰਥ ਵਿਚ ਸ਼ਾਮਿਲ ਕਰਦੇ ਹਨ। ਗੁਰੂ ਸਾਹਿਬਾਨ ਦੇ ਵਚਨ ਤੇ ਕੰਮ ਸਾਨੂੰ ਦੱਸਦੇ ਹਨ ਕਿ ਸਾਨੂੰ ਪੰਜਾਬ, ਪੰਜਾਬੀ, ਧਰਮ, ਜਾਤ, ਜਮਾਤ ਆਦਿ ਦੀਆਂ ਸੀਮਾਵਾਂ ਤਕ ਹੀ ਸੀਮਤ ਨਹੀਂ ਹੋ ਜਾਣਾ ਚਾਹੀਦਾ ਅਤੇ ਨਾਲ ਰਹਿੰਦੇ ਤੇ ਦੂਰ-ਦੁਰੇਡੇ ਵਸਦੇ, ਵੱਖ ਵੱਖ ਧਰਮਾਂ ਨਾਲ ਸਬੰਧ ਰੱਖਦੇ ਤੇ ਵੱਖ ਵੱਖ ਬੋਲੀਆਂ ਬੋਲਦੇ ਲੋਕਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਗੁਰੂ ਨਾਨਕ ਦੇਵ ਜੀ ਨੇ ਉੱਤਰ, ਦੱਖਣ, ਪੂਰਬ, ਪੱਛਮ ਹਰ ਪਾਸੇ ਯਾਤਰਾ ਕੀਤੀ। ਉਦਾਹਰਨ ਦੇ ਤੌਰ 'ਤੇ ਉਹ ਉੜੀਸਾ ਵਿਚ ਪੁਰੀ ਗਏ। ਉੱਥੋਂ ਦੇ ਲੋਕਾਂ ਨਾਲ ਗੋਸ਼ਟਿ ਕੀਤੀ। ਪੁਰੀ ਵਿਚ ਜਗਨਨਾਥ ਦੀ ਬਹੁਤ ਵੱਡੀ ਯਾਤਰਾ ਨਿਕਲਦੀ ਹੈ। ਉਸ ਵਿਚ ਇਹ ਝਾਕੀ ਵੇਖਣ ਨੂੰ ਮਿਲਦੀ ਰਹੀ ਹੈ ਜਿਸ ਵਿਚ ਇਹ ਬੋਲਿਆ ਜਾਂਦਾ ਸੀ ''ਕਹਾਂ ਸੇ ਆਇਆ ਨਾਨਕ ਸਾਈਂ, ਕਹਾਂ ਤੁਮਾਰਾ ਡੇਰਾ। ਕਹਾਂ ਤੁਮਾਰਾ ਗੁਰੂ ਕਾ ਗੱਦੀ, ਕੌਣ ਦੇਵ ਕਾ ਪਹਿਰਾ।'' 18ਵੀਂ ਸਦੀ ਵਿਚ ਆਗਰੇ ਦਾ ਲੋਕ ਸ਼ਾਇਰ ਨਜ਼ੀਰ ਅਕਬਰਾਬਾਦੀ ਉਨ੍ਹਾਂ ਨੂੰ 'ਨਾਨਕਸ਼ਾਹ' ਕਹਿ ਕੇ ਯਾਦ ਕਰਦਾ ਹੈ ਤੇ 20ਵੀਂ ਸਦੀ ਵਿਚ ਮੁਹੰਮਦ ਇਕਬਾਲ 'ਮਰਦੇ ਕਾਮਲ' ਕਹਿ ਕੇ। 19ਵੀਂ ਤੇ 20ਵੀਂ ਸਦੀ ਵਿਚ ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ, ਦੇਬਿੰਦਰਾ ਨਾਥ, ਕੇਸ਼ਵ ਚੰਦਰ ਸੇਨ, ਰਾਬਿੰਦਰ ਨਾਥ ਟੈਗੋਰ ਅਤੇ ਹੋਰ ਬਹੁਤ ਸਾਰੇ ਚਿੰਤਕ ਗੁਰੂ ਨਾਨਕ ਦੇਵ ਜੀ ਦੇ ਚਿੰਤਨ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਦੀਆਂ ਹੋਰ ਵੀ ਬਹੁਤ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਪਰ ਮੂਲ ਦਲੀਲ ਇਹੋ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਹੱਕ ਸਾਰੇ ਧਰਮਾਂ ਦੇ ਲੋਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਵਾਦ-ਵਿਵਾਦ ਤੋਂ ਬਚਣਾ ਚਾਹੀਦਾ ਹੈ।
       ਪ੍ਰਾਪਤ ਜਾਣਕਾਰੀ ਅਨੁਸਾਰ ਵੰਡ ਤੋਂ ਪਹਿਲਾਂ ਗੁਰਦੁਆਰੇ ਕੋਲ ਲਗਭਗ ਸੌ ਏਕੜ ਜ਼ਮੀਨ ਸੀ। ਇਹ ਉਹ ਜ਼ਮੀਨ ਹੈ ਜਿੱਥੇ ਗੁਰੂ ਸਾਹਿਬ ਨੇ ਖੇਤੀ ਕੀਤੀ। ''ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ'', ''ਹੋਇ ਕਿਰਸਾਣੁ ਈਮਾਨੁ ਜੰਮਾਇ'', ''ਇਹ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ'' ਜਿਹੇ ਬੋਲ ਕਿਰਤ, ਖੇਤੀ ਤੇ ਕਿਸਾਨੀ ਨਾਲ ਜੁੜੇ ਕੰਮਾਂ-ਕਾਰਾਂ ਵਿਚੋਂ ਹੀ ਨਿਕਲੇ ਹਨ। ਇਹ ਜ਼ਮੀਨ ਸਾਡੇ ਲਈ ਅਨਮੋਲ ਹੈ। ਹੁਣ ਇੱਥੋਂ ਦਾ ਪ੍ਰਬੰਧਕੀ ਟਰੱਸਟ ਕੁਝ ਜ਼ਮੀਨ ਵਿਚ ਦੇਸੀ/ਜੈਵਿਕ ਖੇਤੀ ਕਰਦਾ ਹੈ ਅਤੇ ਲੰਗਰ ਇਸ ਤਰੀਕੇ ਨਾਲ ਉਪਜੇ ਅੰਨ ਵਿਚੋਂ ਹੀ ਬਣਾਇਆ ਜਾਂਦਾ ਹੈ। ਗੁਰਦੁਆਰੇ ਵਿਚ ਮੁਸਲਮਾਨ ਤੇ ਇਸਾਈ ਸ਼ਰਧਾਲੂ ਵੀ ਆਉਂਦੇ ਹਨ। ਇਨ੍ਹਾਂ ਰਵਾਇਤਾਂ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।
       ਕਰਤਾਰਪੁਰ ਸਾਹਿਬ ਗੁਰਦੁਆਰੇ ਦੀ ਸਾਂਭ-ਸੰਭਾਲ ਦੀ ਜਿਸ ਤਰ੍ਹਾਂ ਦੀ ਮੰਗ ਕੀਤੀ ਜਾ ਰਹੀ ਹੈ, ਉਹ ਦੂਸਰੇ ਗੁਰਧਾਮਾਂ ਤੇ ਇਤਿਹਾਸਕ ਸਥਾਨਾਂ 'ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਇਨ੍ਹਾਂ ਸਥਾਨਾਂ ਦਾ ਮਹੱਤਵ ਇਤਿਹਾਸਕ ਹੈ ਅਤੇ ਇਨ੍ਹਾਂ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਣਾ ਇਸ ਲਈ ਜ਼ਰੂਰੀ ਹੈ ਕਿ ਜਦ ਕੋਈ ਸ਼ਰਧਾਲੂ ਇਨ੍ਹਾਂ ਦਾ ਦੀਦਾਰ ਕਰੇ ਤਾਂ ਉਸ ਨੂੰ ਆਪਣੇ ਵਿਰਸੇ ਦੀ ਯਾਦ ਆਏ। ਜੋਸ਼ ਤੇ ਉਤਸ਼ਾਹ ਵਿਚ ਅਸੀਂ ਇਨ੍ਹਾਂ ਅਸਥਾਨਾਂ ਨੂੰ ਆਧੁਨਿਕ ਤੇ ਦਿਖਾਵਾਮਈ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ, ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਜਾਂਦੀਆਂ ਜੋ ਅੱਜ ਦੇ ਸੁਹਜ ਅਨੁਸਾਰ ਤਾਂ ਚੰਗੀਆਂ ਲੱਗਦੀਆਂ ਹਨ ਪਰ ਉਨ੍ਹਾਂ ਵਿਚੋਂ ਉਹ ਪੁਰਾਤਨਤਾ ਗਾਇਬ ਹੁੰਦੀ ਹੈ ਜਿਸ ਨੂੰ ਵੇਖ ਕੇ ਸ਼ਰਧਾਲੂ ਦੇ ਮਨ ਵਿਚ ਆਪਣੇ ਅਤੀਤ ਬਾਰੇ ਡੂੰਘੀਆਂ ਤਰਬਾਂ ਉੱਠਦੀਆਂ ਹਨ। ਵੈਭਵ ਤੇ ਬੇਲੋੜੀ ਸਜਾਵਟ ਬਹੁਤੀ ਵਾਰ ਸਥਾਨ ਦੀ ਇਤਿਹਾਸਕਤਾ ਤੇ ਉਸ ਦੇ ਆਂਤਰਿਕ ਸੁਹਜ ਦਾ ਮਲੀਆਮੇਟ ਕਰ ਦਿੰਦੇ ਹਨ।
       ਇਸੇ ਤਰ੍ਹਾਂ ਕਈ ਗੁਰਦੁਆਰਿਆਂ ਵਿਚ ਪੁਰਾਣੇ ਚਿੱਤਰਕਾਰਾਂ ਤੇ ਨੱਕਾਸ਼ਾਂ ਦੁਆਰਾ ਗੁਰੂ ਸਾਹਿਬਾਨ ਦੇ ਚਿੱਤਰ ਬਣਾਏ ਗਏ ਅਤੇ ਨੱਕਾਸ਼ੀ ਕੀਤੀ ਗਈ ਹੈ। ਉਹ ਚਿੱਤਰ ਸਾਡੀ ਧਰੋਹਰ ਹਨ ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੈ। ਕਈ ਵਾਰ ਸਾਨੂੰ ਲੱਗਦਾ ਹੈ ਕਿ ਇਹ ਚਿੱਤਰ ਪੁਰਾਣੇ ਹੋ ਚੁੱਕੇ ਹਨ ਤੇ ਅਸੀਂ ਇਸ ਲੋਭ ਵਿਚ ਪੈ ਜਾਂਦੇ ਹਾਂ ਕਿ ਇਨ੍ਹਾਂ ਦੀ ਥਾਂ 'ਤੇ ਸੰਗਮਰਮਰ ਲਾ ਦਿੱਤਾ ਜਾਏ। ਅਸਲ ਵਿਚ ਇਹੋ ਜਿਹੇ ਚਿੱਤਰ ਤੇ ਨੱਕਾਸ਼ੀ ਬੇਸ਼ਕੀਮਤੀ ਹਨ ਕਿਉਂਕਿ ਉਹ ਸਾਡੇ ਇਤਿਹਾਸ ਨਾਲ ਪਰਣਾਏ ਹੋਏ ਹਨ। ਵਧੀਆ ਸੰਗਮਰਮਰ ਜਾਂ ਸੋਨੇ ਦੀ ਜੜਤ ਪ੍ਰਵੀਨ ਤੇ ਸ਼ਰਧਾਲੂ ਚਿੱਤਰਕਾਰਾਂ ਤੇ ਨੱਕਾਸ਼ਾਂ ਵੱਲੋਂ ਬਣਾਈਆਂ ਕਲਾਕ੍ਰਿਤਾਂ ਦੀ ਥਾਂ ਨਹੀਂ ਲੈ ਸਕਦੀ। ਇਸ ਲਈ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਦੀ ਵਿਰਾਸਤੀ ਦਿੱਖ ਬਣਾਏ ਰੱਖਣ ਲਈ ਦਿੱਤੇ ਗਏ ਸੁਝਾਵਾਂ 'ਤੇ ਸੁਹਿਰਦਤਾ ਨਾਲ ਵਿਚਾਰ ਹੋਣਾ ਚਾਹੀਦਾ ਹੈ ਅਤੇ ਹੋਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਨਵਉਸਾਰੀ ਸਮੇਂ ਵੀ ਇਨ੍ਹਾਂ ਸੁਝਾਵਾਂ ਦਾ ਧਿਆਨ ਰੱਖਣ ਦੀ ਲੋੜ ਹੈ। ਵਿਰਾਸਤੀ ਸਰੋਤਾਂ ਤੇ ਸੋਮਿਆਂ ਦੀ ਸੰਭਾਲ ਲਈ ਮਾਹਿਰ ਲੋਕਾਂ ਦੀ ਰਾਏ ਲੈਣੀ ਚਾਹੀਦੀ ਹੈ। ਦੁਨੀਆਂ ਦੇ ਕੋਨੇ ਕੋਨੇ ਵਿਚ ਮਾਹਿਰ ਆਰਕੀਟੈਕਟ ਹਨ ਜੋ ਕਿਸੇ ਸਥਾਨ ਦੀ ਪੁਰਾਤਨ ਦਿੱਖ ਨੂੰ ਕਾਇਮ ਰੱਖਣ ਵਿਚ ਸਹਾਇਤਾ ਕਰ ਸਕਦੇ ਹਨ, ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਅਤੇ ਬਾਕੀ ਦੇ ਹਿੰਦੋਸਤਾਨ ਵਿਚ ਵੀ ਬੜੀ ਉੱਚ-ਪੱਧਰ ਦੇ ਇਮਾਰਤਸਾਜ਼, ਕਾਰੀਗਰ, ਨੱਕਾਸ਼ ਤੇ ਚਿੱਤਰਕਾਰ ਹਨ ਅਤੇ ਧਾਰਮਿਕ ਅਸਥਾਨਾਂ ਦੀ ਸਾਂਭ-ਸੰਭਾਲ ਕਰਦਿਆਂ ਉਨ੍ਹਾਂ ਦੀ ਕਾਰਜਕੁਸ਼ਲਤਾ ਨੂੰ ਅਣਡਿੱਠ ਨਹੀਂ ਕਰਨਾ ਚਾਹੀਦਾ। ਇਹ ਕਾਰਜ ਇਸ ਸੰਵੇਦਨਸ਼ੀਲਤਾ ਤੇ ਸੁਹਜ ਨਾਲ ਕਰਾਇਆ ਜਾਣਾ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਸਥਾਨਾਂ ਦੀ ਧਾਰਮਿਕ ਅਤੇ ਇਤਿਹਾਸਕ ਦਿੱਖ ਉਸੇ ਰੂਪ ਵਿਚ ਸੰਭਾਲੀ ਜਾ ਸਕੇ ਜਿਹੋ ਜਿਹੀ ਪੁਰਾਣੇ ਵੇਲੇ ਦੇ ਇਮਾਰਤਸਾਜ਼ਾਂ, ਕਾਰੀਗਰਾਂ, ਕਲਾਕਾਰਾਂ ਅਤੇ ਨੱਕਾਸ਼ਾਂ ਨੇ ਚਿਤਵੀ ਸੀ।

03 Feb. 2019

ਅਲਵਿਦਾ ਕ੍ਰਿਸ਼ਨਾ ਸੋਬਤੀ - ਸਵਰਾਜਬੀਰ

25 ਜਨਵਰੀ 2019 ਨੂੰ 'ਜ਼ਿੰਦਗੀਨਾਮਾ' ਤੇ 'ਮਿਤਰੋ ਮਰਜਾਣੀ' ਜਿਹੇ ਨਾਵਲ ਲਿਖਣ ਵਾਲੀ ਕਥਾਕਾਰ ਕ੍ਰਿਸ਼ਨਾ ਸੋਬਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। 1925 ਵਿਚ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਗੁਜਰਾਤ ਵਿਚ ਜਨਮੀ ਕ੍ਰਿਸ਼ਨਾ ਸੋਬਤੀ ਨੇ ਪੰਜਾਬੀ ਮੁਹਾਵਰੇ ਵਾਲੀ ਹਿੰਦੀ ਵਿਚ ਨਾਵਲ, ਕਹਾਣੀਆਂ ਤੇ ਹੋਰ ਗ਼ਲਪ ਰਚਨਾਵਾਂ ਰਚੀਆਂ ਜਿਨ੍ਹਾਂ ਨੇ ਪਾਠਕਾਂ ਦੇ ਮਨ 'ਤੇ ਡੂੰਘੀ ਛਾਪ ਛੱਡੀ। 'ਜ਼ਿੰਦਗੀਨਾਮਾ' ਨਾਵਲ ਵਿਚ ਸਾਂਝੇ ਪੰਜਾਬ ਦੀ ਧੜਕਨ ਸੁਣਾਈ ਦਿੰਦੀ ਹੈ। ਇਸ ਨਾਵਲ ਦਾ ਲਿਖਿਆ ਜਾਣਾ ਵੀ ਆਪਣੇ ਆਪ ਵਿਚ ਕਿਸੇ ਕਥਾ-ਕਹਾਣੀ ਵਾਂਗ ਹੈ। 1950ਵਿਆਂ ਵਿਚ ਉਸ ਨੇ ਆਪਣਾ ਪਹਿਲਾ ਨਾਵਲ ਲਿਖਿਆ ਤੇ ਉਸ ਨੂੰ ਉੱਤਰ ਪ੍ਰਦੇਸ਼ ਦੇ ਇਕ ਪ੍ਰਕਾਸ਼ਕ ਨੂੰ ਛਾਪਣ ਵਾਸਤੇ ਦੇ ਦਿੱਤਾ। ਜਦ ਉਸ ਦੇ ਪਰੂਫ਼ ਕ੍ਰਿਸ਼ਨਾ ਸੋਬਤੀ ਕੋਲ ਪੜ੍ਹਨ ਵਾਸਤੇ ਆਏ ਤਾਂ ਉਸ ਨੇ ਵੇਖਿਆ ਕਿ ਉਸ ਦੁਆਰਾ ਵਰਤੇ ਗਏ ਪੰਜਾਬੀ ਤੇ ਉਰਦੂ ਸ਼ਬਦਾਂ ਨੂੰ ਬਦਲ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਥਾਂ 'ਤੇ ਸੰਸਕ੍ਰਿਤਨੁਮਾ ਹਿੰਦੀ ਦੇ ਸ਼ਬਦ ਪਾ ਦਿੱਤੇ ਗਏ ਸਨ। ਕ੍ਰਿਸ਼ਨਾ ਜੀ ਨੇ ਉਸੇ ਵੇਲੇ ਪ੍ਰਕਾਸ਼ਕ ਨੂੰ ਟੈਲੀਗ੍ਰਾਮ ਦਿੱਤੀ ਤੇ ਨਾਵਲ ਦੀ ਛਪਵਾਈ ਰੁਕਵਾ ਦਿੱਤੀ। ਪ੍ਰਕਾਸ਼ਕ ਦਾ ਹੋਇਆ ਖਰਚਾ ਉਸ ਨੂੰ ਪੱਲਿਓਂ ਦੇ ਦਿੱਤਾ। ਦੱਸਿਆ ਜਾਂਦਾ ਹੈ ਕਿ ਰਾਜਕਮਲ ਪਬਲਿਸ਼ਰ ਦੀ ਉਦੋਂ ਦੀ ਮਾਲਕ ਸ਼ੀਲਾ ਸੰਧੂ ਨੇ ਕ੍ਰਿਸ਼ਨਾ ਜੀ ਨੂੰ ਉਹ ਨਾਵਲ ਦੁਬਾਰਾ ਨਵੇਂ ਸਿਰਿਉਂ ਪਰਖਣ ਲਈ ਕਿਹਾ। ਕ੍ਰਿਸ਼ਨਾ ਜੀ ਨੇ ਸੈਂਕੜੇ ਘੰਟੇ ਨੈਸ਼ਨਲ ਆਰਕਾਈਵ ਦਿੱਲੀ ਤੇ ਹੋਰ ਲਾਇਬ੍ਰੇਰੀਆਂ ਵਿਚ ਲਾਏ, ਖੋਜ ਕੀਤੀ ਤੇ ਉੱਥੋਂ ਪੈਦਾ ਹੋਇਆ ਨਾਵਲ 'ਜ਼ਿੰਦਗੀਨਾਮਾ' ਜਿਸ ਦੀ ਭਾਸ਼ਾ ਵਿਚ ਪੰਜਾਬ ਦੀ ਧਰਤੀ 'ਤੇ ਦੌੜਦੇ ਘੋੜਿਆਂ ਦੀ ਟਾਪ ਸੁਣਾਈ ਦਿੰਦੀ ਹੈ, ਯੋਧਿਆਂ, ਸ਼ਾਹਾਂ, ਸੁਆਣੀਆਂ, ਮੁਟਿਆਰਾਂ ਤੇ ਗੱਭਰੂਆਂ ਦੇ ਬੋਲ ਅਲਗੋਜਿਆਂ ਵਰਗਾ ਸੰਗੀਤ ਵੀ ਪੈਦਾ ਕਰਦੇ ਹਨ ਤੇ ਆਪਸ ਵਿਚ ਇਉਂ ਵੀ ਟਕਰਾਉਂਦੇ ਹਨ ਜਿਵੇਂ ਲੁਹਾਰ ਤਪੇ ਹੋਏ ਲੋਹੇ 'ਤੇ ਹਥੌੜੇ ਦੀਆਂ ਸੱਟਾਂ ਮਾਰਦਾ ਹੈ। ਉਸ ਦਾ ਨਾਵਲ 'ਮਿਤਰੋ ਮਰਜਾਣੀ' ਵੀ ਕਲਾਸਿਕ ਹੈ ਜਿਸ ਵਿਚ ਪੰਜਾਬੀ ਔਰਤ ਦੀ ਸਰੀਰਿਕਤਾ ਆਪਣੀ ਪੂਰੀ ਸਜੀਵਤਾ ਨਾਲ ਹਾਜ਼ਰ ਹੁੰਦੀ ਹੈ, ਮਾਂ ਤੇ ਧੀ ਆਪਸ ਵਿਚ ਖਹਿਬੜਦੀਆਂ ਹਨ, ਸਮਾਜਿਕ ਸੰਸਾਰ ਤੇ ਕਾਮਨਾ ਦੀ ਦੁਨੀਆਂ ਦਾ ਟਕਰਾਓ ਹੁੰਦਾ ਹੈ। 'ਡਾਰੋਂ ਵਿਛੜੀ ਕੂੰਜ' ਵੀ ਉਸ ਦੀ ਯਾਦਗਾਰੀ ਰਚਨਾ ਹੈ।
       ਕ੍ਰਿਸ਼ਨਾ ਸੋਬਤੀ ਨੇ ਲਾਸਾਨੀ ਨਾਵਲ ਤੇ ਕਹਾਣੀਆਂ ਹੀ ਨਹੀਂ ਲਿਖੀਆਂ, ਉਸ ਨੇ ਆਪਣੇ ਸਮਕਾਲੀਆਂ ਬਾਰੇ ਬੜੀਆਂ ਤਾਕਤਵਰ ਟਿੱਪਣੀਆਂ ਆਪਣੀ ਕਿਤਾਬ 'ਹਮ ਹਸ਼ਮਤ' ਵਿਚ ਕੀਤੀਆਂ ਜਿਨ੍ਹਾਂ ਵਿਚ ਸੁਹਿਰਦਤਾ ਵੀ ਹੈ ਤੇ ਪ੍ਰਚੰਡਤਾ ਵੀ। ਸ਼ਬਦ ਕਿਤੇ ਮੱਲ੍ਹਮ ਲਾਉਂਦੇ ਹਨ ਅਤੇ ਕਿਤੇ ਅਗਨੀਬਾਣਾਂ ਵਾਂਗ ਅੱਗ। ਉਦਾਹਰਨ ਦੇ ਤੌਰ 'ਤੇ ਸਮਕਾਲੀ ਨਾਵਲਕਾਰ ਤੇ ਕਹਾਣੀਕਾਰ ਨਿਰਮਲ ਵਰਮਾ ਬਾਰੇ ਲਿਖਦਿਆਂ ਉਹ ਉਸ ਦੀ ਵੱਖਰੀ ਕਥਾਸ਼ੈਲੀ ਦਾ ਲੋਹਾ ਮੰਨਦੀ ਹੈ ਪਰ ਨਾਲ ਨਾਲ ਇਹ ਰਾਏ ਵੀ ਦਿੰਦੀ ਹੈ ਕਿ ਉਸ ਨੂੰ ਆਪਣੇ ਆਲੇ-ਦੁਆਲੇ ਬਿਖਰੀ ਹੋਈ ਗੰਦਗੀ ਤੇ ਬਿਖਰਾਓ ਵੱਲ ਵੀ ਨਜ਼ਰ ਮਾਰਨੀ ਚਾਹੀਦੀ ਹੈ। ਕ੍ਰਿਸ਼ਨਾ ਸੋਬਤੀ ਨੂੰ ਭਾਵੇਂ ਔਰਤ ਦੇ ਕਾਮਨਾਮਈ ਸੰਸਾਰ ਦੀ ਨਾਵਲਕਾਰ ਕਿਹਾ ਜਾਂਦਾ ਹੈ ਪਰ ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਚੇਤਨ ਸੀ। ਜਦੋਂ 2015-16 ਵਿਚ ਸਾਹਿਤਕਾਰਾਂ ਨੇ ਘੱਟਗਿਣਤੀ ਨਾਲ ਸਬੰਧਤ ਫ਼ਿਰਕੇ ਦੇ ਲੋਕਾਂ ਉੱਤੇ ਹਮਲਿਆਂ ਦਾ ਵਿਰੋਧ ਕਰਦਿਆਂ ਆਪਣੇ ਇਨਾਮ ਵਾਪਸ ਕੀਤੇ ਤਾਂ ਕ੍ਰਿਸ਼ਨਾ ਸੋਬਤੀ ਨੇ ਵੀ ਆਪਣਾ ਇਨਾਮ ਸਾਹਿਤਯ ਅਕਾਦਮੀ ਨੂੰ ਵਾਪਸ ਕੀਤਾ।
      ਦੋ ਪੰਜਾਬੀ ਔਰਤ ਲੇਖਕਾਂ ਨੂੰ ਗਿਆਨਪੀਠ ਇਨਾਮ ਮਿਲੇ ਹਨ : ਪਹਿਲੀ ਸੀ ਅੰਮ੍ਰਿਤਾ ਪ੍ਰੀਤਮ ਤੇ ਦੂਸਰੀ ਕ੍ਰਿਸ਼ਨਾ ਸੋਬਤੀ। ਦੋਹਾਂ ਵਿਚ ਲੜਾਈ ਤੇ ਮੁਕੱਦਮੇਬਾਜ਼ੀ ਵੀ ਹੋਈ। ਕ੍ਰਿਸ਼ਨਾ ਸੋਬਤੀ ਦਾ ਨਾਵਲ 'ਜ਼ਿੰਦਗੀਨਾਮਾ' ਛਪਣ ਦੇ ਨਾਲ ਨਾਲ ਹੀ ਕਲਾਸਿਕ ਬਣ ਗਿਆ ਸੀ। ਨਾਵਲਕਾਰ ਗੁਰਦਿਆਲ ਸਿੰਘ ਨੇ ਇਸ ਦਾ ਅਨੁਵਾਦ ਪੰਜਾਬੀ ਵਿਚ ਕੀਤਾ। ਇਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਨੇ ਨਾਵਲ ਲਿਖਿਆ 'ਹਰਦੱਤ ਦਾ ਜ਼ਿੰਦਗੀਨਾਮਾ'। ਕ੍ਰਿਸ਼ਨਾ ਸੋਬਤੀ ਨੇ ਅੰਮ੍ਰਿਤਾ ਪ੍ਰੀਤਮ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਕਿ 'ਜ਼ਿੰਦਗੀਨਾਮਾ' ਲਫ਼ਜ਼ ਦੁਬਾਰਾ ਵਰਤ ਕੇ ਅੰਮ੍ਰਿਤਾ ਪ੍ਰੀਤਮ ਨੇ ਕਾਪੀ ਰਾਈਟ ਦੀ ਉਲੰਘਣਾ ਕੀਤੀ ਸੀ। ਇਹ ਮੁਕੱਦਮਾ 26 ਸਾਲ ਚਲਦਾ ਰਿਹਾ ਤੇ ਅੰਤ ਵਿਚ ਫ਼ੈਸਲਾ ਅੰਮ੍ਰਿਤਾ ਪ੍ਰੀਤਮ ਦੇ ਹੱਕ ਵਿਚ ਹੋਇਆ, ਅੰਮ੍ਰਿਤਾ ਪ੍ਰੀਤਮ ਦੀ ਮੌਤ ਦੇ ਛੇ ਸਾਲ ਬਾਅਦ। ਕ੍ਰਿਸ਼ਨਾ ਸੋਬਤੀ ਇਸ ਫ਼ੈਸਲੇ ਤੋਂ ਕਾਫ਼ੀ ਨਿਰਾਸ਼ ਹੋਈ ਅਤੇ ਉਸ ਨੇ ਇਹ ਵੀ ਕਿਹਾ ਕਿ ਇਸ ਮੁਕੱਦਮੇਬਾਜ਼ੀ ਤੋਂ ਪੈਦਾ ਹੋਈ ਕੁੜੱਤਣ ਕਾਰਨ ਜਿਹੜੀ ਨਾਵਲ ਤ੍ਰਿਕੜੀ ਉਹ ਲਿਖਣਾ ਚਾਹੁੰਦੀ ਸੀ, ਲਿਖ ਨਹੀਂ ਸੀ ਸਕੀ।
ਕ੍ਰਿਸ਼ਨਾ ਸੋਬਤੀ ਦੇ ਨਾਵਲਾਂ ਰਾਹੀਂ ਹਿੰਦੀ ਭਾਸ਼ਾ ਵਿਚ ਪੰਜਾਬੀ ਦੀਆਂ ਧੁਨੀਆਂ ਬੜੇ ਉੱਚੇ ਤੇ ਗੜਕਵੇਂ ਰੂਪ ਵਿਚ ਸੁਣਾਈ ਦਿੱਤੀਆਂ। ਨਿੱਜੀ ਤੌਰ 'ਤੇ ਕ੍ਰਿਸ਼ਨਾ ਸੋਬਤੀ ਸਭ ਨੂੰ ਬਹੁਤ ਪਿਆਰ ਤੇ ਸਨਮਾਨ ਦੇਣ ਵਾਲੀ ਔਰਤ ਸੀ। ਕਹਾਣੀਕਾਰ ਅਜੀਤ ਕੌਰ ਹਰ ਮਹੀਨੇ ਆਪਣੀ ਰਿਹਾਇਸ਼ ਵਿਚ ਪੰਜਾਬੀ, ਹਿੰਦੀ ਤੇ ਉਰਦੂ ਦੇ ਕਵੀਆਂ ਤੇ ਲੇਖਕਾਂ ਦੀ ਮੀਟਿੰਗ ਕਰਦੀ ਹੈ। ਮੈਂ ਕਈ ਵਾਰ ਉੱਥੇ ਕਵਿਤਾਵਾਂ ਪੜ੍ਹੀਆਂ, ਇਕ ਵਾਰ ਕ੍ਰਿਸ਼ਨਾ ਸੋਬਤੀ ਦੀ ਹਾਜ਼ਰੀ ਵਿਚ ਆਪਣੀ ਲੰਮੀ ਕਵਿਤਾ 'ਵਾਪਸੀ' ਪੜ੍ਹੀ। ਉਸ ਨੂੰ ਪੰਜਾਬ, ਪੰਜਾਬੀਅਤ ਤੇ ਪੰਜਾਬੀ ਭਾਸ਼ਾ ਨਾਲ ਬਹੁਤ ਪਿਆਰ ਸੀ ਤੇ ਪੰਜਾਬੀ ਲੇਖਕਾਂ ਤੇ ਅਦੀਬਾਂ ਨਾਲ ਉਸ ਦੇ ਸਬੰਧ ਬਹੁਤ ਗੂੜ੍ਹੇ ਸਨ। ਉਹਦੀਆਂ ਰਚਨਾਵਾਂ ਪੰਜਾਬੀ ਤੇ ਹਿੰਦੀ ਭਾਸ਼ਾ ਵਿਚ ਪੁਲ ਦਾ ਕੰਮ ਕਰਦੀਆਂ ਹਨ। ਉਹਦੇ ਤੁਰ ਜਾਣ ਨਾਲ ਪੈਦਾ ਹੋਇਆ ਖਲਾਅ ਕਦੇ ਭਰਨਾ ਨਹੀਂ, ਪਰ ਏਹੀ ਜ਼ਿੰਦਗੀ ਹੈ ਤੇ ਏਹੀ ਹੈ ਇਸ ਜ਼ਿੰਦਗੀ ਦੀ ਕਹਾਣੀ 'ਜ਼ਿੰਦਗੀਨਾਮਾ'।

27 Jan. 2019