Sham Singh Angsang

ਦਾਅਵੇ ਅਤੇ ਹਕੀਕਤਾਂ - ਸ਼ਾਮ ਸਿੰਘ ਅੰਗ ਸੰਗ

ਵੈਸੇ ਤਾਂ ਸਿਆਸਤਦਾਨਾਂ ਨੂੰ ਆਪਣੇ ਤੋਂ ਕਿਤੇ ਵੱਡੇ ਦਾਅਵੇ ਕਰਨ ਦੀ ਆਦਤ ਹੁੰਦੀ ਹੈ, ਤਾਂ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ 'ਤੇ ਪ੍ਰਭਾਵ ਜਮਾ ਸਕਣ। ਚੋਣਾਂ ਦੇ ਦਿਨਾਂ ਵੇਲੇ ਤਾਂ ਉਹ ਹਕੀਕਤਾਂ ਨੂੰ ਦਰ-ਕਿਨਾਰ ਕਰ ਕੇ ਭਰਮ-ਭੁਲੇਖੇ ਪਾਲਦਿਆਂ ਏਡੇ ਵੱਡੇ ਦਾਅਵੇ ਕਰ ਲੈਂਦੇ ਹਨ, ਜਿਨ੍ਹਾਂ ਤੋਂ ਬਿਨਾਂ ਉਨ੍ਹਾਂ ਦਾ ਸਰਦਾ ਹੀ ਨਾ ਹੋਵੇ। ਅਜਿਹੇ ਦਾਅਵੇ ਆਪਣੇ ਆਪ ਨਾਲ ਵੀ ਧੋਖਾ ਹੁੰਦਾ ਹੈ ਅਤੇ ਦੂਜਿਆਂ ਨਾਲ ਵੀ, ਕਿਉਂਕਿ ਉਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ। ਬਿਨਾਂ ਆਧਾਰ ਦਾਅਵੇ ਖ਼ਿਆਲੀ ਪੁਲਾਉ ਵੀ ਹੁੰਦੇ ਹਨ ਅਤੇ ਜੜ੍ਹ-ਹੀਣ ਰੁੱਖ਼ਾਂ ਵਾਂਗ ਵੀ, ਜਿਹੜੇ ਫਲ-ਫੁਲ ਨਹੀਂ ਸਕਦੇ। ਫੇਰ ਵੀ ਸਿਆਸਤਦਾਨ ਇਨ੍ਹਾਂ ਦਾਅਵਿਆਂ ਦਾ ਸਹਾਰਾ ਲੈਂਦੇ ਹਨ, ਤਾਂ ਜੁ ਆਪਣੀ ਸਿਆਸੀ ਸਾਖ਼ ਨੂੰ ਬਣਾਈ ਰੱਖਣ ਦਾ ਜਤਨ ਕਰਦੇ ਰਹਿਣ।
       ਆਮ ਕਰ ਕੇ ਦਾਅਵੇ ਦਾ ਆਧਾਰ ਆਪਣੇ ਮਨ ਦੀ ਇੱਛਾ ਹੁੰਦੀ ਹੈ ਜਾਂ ਫੇਰ ਸਦਾ ਅੱਖਾਂ ਅੱਗੇ ਲਟਕਦੇ ਸੁਫ਼ਨੇ, ਜਿਨ੍ਹਾਂ ਨੂੰ ਪੂਰੇ ਹੁੰਦੇ ਦੇਖਣ ਦੀ ਲਾਲਸਾ ਕਦੇ ਖ਼ਤਮ ਨਹੀਂ ਹੁੰਦੀ। ਸਿਆਸਤਦਾਨ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੀ ਪ੍ਰਤੀਨਿਧਤਾ ਕਰਦਿਆਂ ਉਸ ਦੀ ਸਾਖ਼ ਨੂੰ ਵਧਾ-ਚੜ੍ਹਾਅ ਕੇ ਪੇਸ਼ ਕਰਦੇ ਹਨ, ਤਾਂ ਜੁ ਵੋਟਾਂ ਪਾਉਣ ਸਮੇਂ ਵੋਟਰ ਉਨ੍ਹਾਂ ਦੀ ਪਾਰਟੀ ਦੇ ਵੱਕਾਰ ਨੂੰ ਦੇਖਦਿਆਂ ਤਰਜੀਹ ਦੇਣ ਦਾ ਮਨ ਬਣਾਉਣ, ਪਰ ਵੋਟਰ ਕਿਸੇ ਵੀ ਪਾਰਟੀ ਨੂੰ ਤਰਜੀਹ ਦੇਣ ਵੇਲੇ ਜ਼ਮੀਨੀ ਹਕੀਕਤਾਂ ਨੂੰ ਵੀ ਵਿਚਾਰਦੇ ਹਨ, ਤਾਂ ਕਿ ਉਨ੍ਹਾਂ ਨੂੰ ਵੋਟ ਦੀ ਵਰਤੋਂ ਕਰਨ ਮਗਰੋਂ ਪਛਤਾਉਣਾ ਨਾ ਪਵੇ।
       ਚੋਣਾਂ ਨੇੜੇ ਆਉਣ 'ਤੇ ਸਿਆਸੀ ਪਾਰਟੀਆਂ ਦੀ ਟੁੱਟ-ਭੱਜ ਦਾ ਰੁਝਾਨ ਜ਼ੋਰ ਫੜ ਜਾਂਦਾ ਹੈ, ਕਿਉਂਕਿ ਹਰੇਕ ਨੇਤਾ ਲੋਕਾਂ ਦੇ ਹਿੱਤਾਂ ਦੇ ਬਹਾਨੇ ਉਨ੍ਹਾਂ ਬਾਰੇ ਵੀ ਸੋਚਦਾ ਹੈ ਅਤੇ ਆਪਣੇ ਆਪ ਬਾਰੇ ਵੀ। ਕਈ ਨੇਤਾ ਇਸ ਕਰ ਕੇ ਵੀ ਮਾਂ-ਪਾਰਟੀ ਛੱਡ ਦਿੰਦੇ ਹਨ, ਕਿਉਂਕਿ ਪਾਰਟੀ ਵਿੱਚ ਉਨ੍ਹਾਂ ਦੀ ਪੁੱਛ-ਪ੍ਰਤੀਤ ਨਹੀਂ ਰਹਿੰਦੀ। ਚੋਣ ਲੜਨ ਲਈ ਟਿਕਟ ਮਿਲਣ ਦੀ ਆਸ ਨਹੀਂ ਹੁੰਦੀ। ਕਿਸੇ ਹੋਰ ਪਾਰਟੀ ਵਿੱਚ ਜਾਣ ਲਈ ਉਹ ਆਪਣੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਕਿਸੇ ਤਰ੍ਹਾਂ ਦੀ ਝਿਜਕ ਮਹਿਸੂਸ ਨਹੀਂ ਕਰਦੇ। ਬਹਾਨਾ ਅਕਸਰ ਇਹ ਹੁੰਦਾ ਹੈ ਕਿ ਉਨ੍ਹਾਂ ਦਾ ਪਾਰਟੀ ਵਿੱਚ ਦਮ ਘੁਟਣ ਲੱਗ ਪਿਆ ਹੈ, ਜਿਵੇਂ ਉਸ ਪਾਰਟੀ ਅੰਦਰ ਕੋਈ ਜ਼ਹਿਰੀਲੀ ਗੈਸ ਛੱਡ ਦਿੱਤੀ ਗਈ ਹੋਵੇ।
       ਜਦ-ਜਦ ਵੀ ਚੋਣਾਂ ਨੇੜੇ ਆਉਂਦੀਆਂ ਹਨ, ਤਦ-ਤਦ ਹੀ ਸਿਆਸੀ ਪਾਰਟੀਆਂ ਆਪੋ-ਆਪਣੀ ਜਿੱਤ ਦੇ ਉੱਚੇ ਦਾਅਵੇ ਕਰਦੀਆਂ ਹਨ, ਤਾਂ ਕਿ ਲੋਕਾਂ ਨੂੰ ਆਪਣੇ ਪ੍ਰਭਾਵ ਦੀ ਪਕੜ ਵਿੱਚ ਲਿਆ ਜਾ ਸਕੇ। ਕਈ ਵਾਰ ਤਾਂ ਉਹ ਜ਼ਮੀਨੀ ਹਕੀਕਤਾਂ ਦਾ ਵੀ ਧਿਆਨ ਨਹੀਂ ਰੱਖਦੇ। ਹਰੇਕ ਪਾਰਟੀ ਹੀ ਜਿੱਤ ਦੇ ਦਾਅਵੇ ਕਰਦੀ ਹੈ ਅਤੇ ਕੋਈ ਵੀ ਹਾਰ ਨੂੰ ਪਰਨਾਉਣ ਵਾਸਤੇ ਤਿਆਰ ਨਹੀਂ ਹੁੰਦੀ। ਜਿੱਤ ਦੇ ਡੰਕੇ ਕਿਸ ਪਾਰਟੀ ਦੇ ਵੱਜਣੇ ਹਨ, ਇਹ ਨੇਤਾਵਾਂ ਦੇ ਦਾਅਵਿਆਂ 'ਤੇ ਨਿਰਭਰ ਨਹੀਂ ਕਰਦਾ, ਸਗੋਂ ਇਸ ਦਾ ਨਤੀਜਾ ਕੱਢਦੀ ਹੈ ਵੋਟਰਾਂ ਦੀ ਕਾਰਗੁਜ਼ਾਰੀ।
        ਅੱਜ ਸਮੁੱਚੇ ਦੇਸ਼ ਵਿੱਚ ਸਿਆਸੀ ਨੇਤਾਵਾਂ ਦੇ ਬਿਆਨਾਂ ਦਾ ਘਮਾਸਾਣ ਮੱਚਿਆ ਹੋਇਆ ਹੈ, ਜਿਹੜੇ ਵੋਟਰਾਂ ਦੇ ਸਿਰਾਂ 'ਤੇ ਇਸ ਤਰ੍ਹਾਂ ਮੰਡਰਾਉਂਦੇ ਫਿਰਦੇ ਹਨ, ਜਿਵੇਂ ਮਧੂ-ਮੱਖੀਆਂ ਦਾ ਛੱਤਾ ਛਿੜ ਗਿਆ ਹੋਵੇ। ਰੈਲੀਆਂ ਅਤੇ ਸਿਆਸੀ ਕਾਨਫ਼ਰੰਸਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਨ੍ਹਾਂ 'ਚ ਲੋਕਾਂ ਨੂੰ ਲਾਰਿਆਂ ਨਾਲ ਵੀ ਭਰਮਾਇਆ ਜਾਵੇਗਾ ਅਤੇ ਵੱਡੇ-ਵੱਡੇ ਵਾਅਦਿਆਂ ਨਾਲ ਵੀ। ਭੋਲੇ ਲੋਕ ਇਨ੍ਹਾਂ ਦੋਹਾਂ ਦਾ ਸ਼ਿਕਾਰ ਹੋਣ ਤੋਂ ਬਚ ਨਹੀਂ ਸਕਦੇ, ਕਿੳਂਂਕਿ ਉਹ ਸਿਆਸਤਦਾਨਾਂ ਦੀ ਚਤੁਰਾਈ ਦੀ ਗਹਿਰਾਈ ਨੂੰ ਸਮਝਣ ਦੇ ਸਮਰੱਥ ਨਹੀਂ ਹੁੰਦੇ। ਦਾਅਵਿਆਂ ਦੀ ਛਤਰੀ ਤਣਨ ਤੋਂ ਨਹੀਂ ਹਟਦੀ।
      ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਚੋਣਾਂ ਕਰ ਕੇ ਆਪਣੇ ਤਿੱਖੇ ਤੀਰ ਛੱਡ ਰਹੀ ਹੈ, ਤਾਂ ਜੁ ਹੱਥ ਆਈ ਸੱਤਾ ਹੱਥੋਂ ਖਿਸਕਣ ਨਾ ਦਿੱਤੀ ਜਾਵੇ, ਪਰ ਉਹ ਲੋਕਾਂ ਦੇ ਮਨਾਂ ਦੀ ਹਕੀਕਤ ਪੜ੍ਹਨ ਦਾ ਜਤਨ ਹੀ ਨਹੀਂ ਕਰਦੀ। ਲੋਕਾਂ ਨੂੰ ਕਿੰਨਾ ਕੁ ਤੜਪਣਾ ਪਿਆ, ਕਿੰਨਾ ਕੁ ਸੁੱਖ ਮਿਲਿਆ, ਇਸ ਬਾਰੇ ਸੋਚਣ ਦਾ ਜਤਨ ਹੀ ਨਹੀਂ ਕਰਦੀ। ਕਰੇ ਤਾਂ ਦਾਅਵਿਆਂ ਦੀ ਫੂਕ ਨਿਕਲਦੀ ਹੈ ਅਤੇ ਨਾ ਕਰੇ ਤਾਂ ਜ਼ਮੀਨੀ ਹਕੀਕਤਾਂ ਸਾਹਮਣੇ ਨਹੀਂ ਆਉਂਦੀਆਂ। ਜ਼ਮੀਨੀ ਹਕੀਕਤਾਂ ਨੂੰ ਜਾਣੇ ਬਗ਼ੈਰ ਅਤੇ ਉਨ੍ਹਾਂ ਵਿੱਚ ਉੱਗੇ ਪ੍ਰਸ਼ਨਾਂ ਦਾ ਹੱਲ ਕੀਤੇ ਬਗ਼ੈਰ ਕੇਵਲ ਦਾਅਵਿਆਂ ਦੀ ਫ਼ਸਲ ਤੋਂ ਚੰਗੇ ਝਾੜ ਦੀ ਆਸ ਨਹੀਂ ਰੱਖੀ ਜਾ ਸਕਦੀ।
        ਦੂਜੇ ਪਾਸੇ ਜ਼ਮੀਨੀ ਹਕੀਕਤਾਂ ਨੂੰ ਪੜ੍ਹ-ਪਛਾਣ ਕੇ ਦੇਸ਼ ਦੀਆਂ 22 ਸਿਆਸੀ ਪਾਰਟੀਆਂ ਨੇ ਆਪਸੀ ਗੱਠਜੋੜ ਕਰਨ ਦਾ ਨਿਰਣਾ ਲਿਆ, ਤਾਂ ਜੁ ਦੇਸ਼ ਦੇ ਹਿੱਤਾਂ ਨੂੰ ਵੀ ਬਚਾਇਆ ਜਾ ਸਕੇ ਅਤੇ ਲੋਕਾਂ ਨੂੰ ਵੀ। ਇਨ੍ਹਾਂ ਪਾਰਟੀਆਂ ਮੁਤਾਬਕ ਪਿਛਲੇ ਕੁਝ ਅਰਸੇ ਵਿੱਚ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ 'ਤੇ ਸੱਤਾਧਾਰੀ ਪਾਰਟੀ ਨੇ ਲੋਕਾਂ ਲਈ ਮੁਸੀਬਤਾਂ ਖੜੀਆਂ ਕਰ ਦਿੱਤੀਆਂ। ਨੋਟਬੰਦੀ ਕਰ ਕੇ ਦੇਸ਼ ਬੈਂਕਾਂ ਅੱਗੇ ਕਤਾਰਾਂ ਵਿੱਚ ਖੜ੍ਹ ਗਿਆ। ਤਸੀਹੇ ਝੱਲੇ ਅਤੇ ਜਾਨਾਂ ਗਵਾਈਆਂ। ਲੋਕਾਂ ਦੇ ਵਪਾਰ ਅਤੇ ਕੰਮ ਖੁੱਸ ਗਏ। ਦਾਅਵਿਆਂ ਅਤੇ ਜ਼ਮੀਨੀ ਹਕੀਕਤਾਂ ਦਾ ਫ਼ਰਕ ਹੀ ਮਿਟਾਇਆ ਨਾ ਜਾ ਸਕਿਆ। ਜਾਪਦਾ ਹੈ ਕਿ ਬਾਈ ਪਾਰਟੀਆਂ ਵੱਖਰਾ ਕਰ ਕੇ ਦਿਖਾਉਣਗੀਆਂ।
      ਬਾਕੀ ਸੂਬਿਆਂ ਨੂੰ ਛੱਡਦਿਆਂ ਪੰਜਾਬ ਦੀ ਗੱਲ ਕਰੀਏ ਤਾਂ ਸਿਆਸੀ ਪਾਰਟੀਆਂ ਦੀ ਟੁੱਟ-ਭੱਜ ਏਨੀ ਹੋ ਗਈ ਕਿ ਅਜੇ ਸਿਆਸੀ ਅਨੁਮਾਨ ਵੀ ਨਹੀਂ ਲਾਏ ਜਾ ਸਕਦੇ ਅਤੇ ਸਹੀ ਨਿਰਣਿਆਂ ਤੱਕ ਤਾਂ ਪਹੁੰਚਿਆ ਹੀ ਨਹੀਂ ਜਾ ਸਕਦਾ। ਲੋਕ ਸਭਾ ਦੀਆਂ ਆ ਰਹੀਆਂ ਚੋਣਾਂ ਵਿੱਚ ਕਾਂਗਰਸ ਦਾ ਹੱਥ ਉੱਚਾ ਰਹਿਣ ਦਾ ਕਿਆਸ ਕੀਤਾ ਜਾ ਸਕਦਾ ਹੈ, ਕਿਉਂਕਿ ਹੋਰ ਕਿਸੇ ਪਾਰਟੀ ਦਾ ਵਜੂਦ ਠੋਸ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਬਿਖਰ ਵੀ ਗਿਆ ਅਤੇ ਬਦਨਾਮ ਵੀ ਕਰ ਦਿੱਤਾ ਗਿਆ।
      ਬਦਨਾਮੀ ਕਾਰਨ ਲੋਕਾਂ ਦੇ ਦਿਲਾਂ 'ਚੋਂ ਉੱਤਰੀ ਪਾਰਟੀ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ ਅਤੇ ਵੋਟ ਨਹੀਂ ਮਿਲਦੀ। ਦੂਜਾ, ਮਾਝੇ ਦੇ ਟਕਸਾਲੀ ਆਗੂਆਂ ਨੇ ਬ੍ਰਹਮਪੁਰਾ ਦੀ ਅਗਵਾਈ ਵਿੱਚ ਨਵਾਂ ਅਕਾਲੀ ਦਲ ਬਣਾ ਲਿਆ, ਜੋ ਆਪ ਕੋਈ ਸੀਟ ਜਿੱਤੇ ਨਾ ਜਿੱਤੇ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਜ਼ਰੂਰ ਪਹੁੰਚਾਏਗਾ। ਬਾਕੀ ਜਿੰਨੇ ਵੀ ਅਕਾਲੀ ਦਲ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਚੰਗੀ ਨਹੀਂ ਰਹੀ, ਜਿਸ ਕਾਰਨ ਉਨ੍ਹਾਂ ਨੂੰ ਵੀ ਕੁਝ ਨਹੀਂ ਲੱਭਣਾ। ਨਵੀਂ ਬਣੀ ਆਮ ਆਦਮੀ ਪਾਰਟੀ ਵੀ ਟੁੱਟ-ਭੱਜ ਗਈ, ਜਿਸ ਕਰ ਕੇ ਲੋਕ-ਦਿਲਾਂ 'ਚੋਂ ਕਿਰ ਗਈ। ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਵਪਾਰਕ ਜਿਹਾ ਰਵੱਈਆ ਨਾ ਪੰਜਾਬ ਦੇ ਹਿੱਤ ਵਿੱਚ ਹੈ, ਨਾ ਹਰਿਆਣੇ ਦੇ। ਜਿੱਤੇ ਵੀਹ ਵਿਧਾਇਕ ਪੰਜਾਬੀਆਂ ਲਈ ਕੁਝ ਨਾ ਕਰ ਸਕੇ।
       ਰਹੀ ਗੱਲ ਕਈ ਧਿਰਾਂ ਦੇ ਇਕੱਠੇ ਹੋ ਕੇ ਗੱਠਜੋੜ ਬਣਾਉਣ ਦੀ। ਆਪ 'ਚੋਂ ਵੱਖ ਹੋਏ ਸੁਖਪਾਲ ਸਿੰਘ ਖਹਿਰਾ ਦੇ ਜਤਨਾਂ ਨਾਲ ਡੈਮੋਕਰੈਟਿਕ ਫ਼ਰੰਟ ਬਣਿਆ (ਜਿਸ ਵਿੱਚ ਪੰਜਾਬੀ ਏਕਤਾ ਪਾਰਟੀ, ਪੰਜਾਬ ਮੰਚ, ਲੋਕ ਇਨਸਾਫ਼ ਪਾਰਟੀ, ਬਸਪਾ ਅਤੇ ਅਕਾਲੀ ਦਲ ਟਕਸਾਲੀ ਸ਼ਾਮਲ ਦੱਸੇ ਜਾ ਰਹੇ ਹਨ), ਜਿਸ ਵੱਲੋਂ ਜ਼ਮੀਨੀ ਹਕੀਕਤਾਂ ਨੂੰ ਸਮਝਿਆ ਗਿਆ ਅਤੇ ਏਕਾ ਬਣ ਗਿਆ। ਅਜੇ ਇਸ ਫ਼ਰੰਟ ਨੂੰ ਕੰਮ ਕਰ ਕੇ ਦਿਖਾਉਣਾ ਪਵੇਗਾ, ਤਾਂ ਹੀ ਪੰਜਾਬੀ ਇਸ ਦੀ ਹਮਾਇਤ ਕਰਨਗੇ। ਇਹ ਸਾਰੇ ਦਲ ਅਤੇ ਗੱਠਜੋੜ ਦਾਅਵੇ ਤਾਂ ਕਰਨਗੇ, ਪਰ ਜਿੱਤ ਉਹੀ ਪ੍ਰਾਪਤ ਕਰਨਗੇ, ਜਿਹੜੇ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਵਾਅਦੇ ਕਰਨਗੇ ਅਤੇ ਵਾਅਦੇ ਪੂਰੇ ਕਰਨ ਦਾ ਭਰੋਸਾ ਦੇਣਗੇ।
     ਜਿਸ ਪਾਰਟੀ ਵਿੱਚ ਲੋਕਾਂ ਦਾ ਭਰੋਸਾ ਬੱਝ ਗਿਆ, ਉਹ ਹੀ ਜਿੱਤ ਦੇ ਦਾਅਵੇ ਕਰ ਸਕਦੀ ਹੈ ਅਤੇ ਉਸ ਨੂੰ ਜ਼ਮੀਨੀ ਹਕੀਕਤ ਬਾਰੀਕੀ ਨਾਲ ਸਮਝਣੀ ਪਵੇਗੀ। ਲੋਕ ਹਿੱਤਾਂ ਦੀ ਰਾਖੀ ਕਰਨ ਦੇ ਦਾਅਵੇ ਕਰਨ ਵਾਲੇ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਚੱਲਣਗੇ ਤਾਂ ਉਹ ਮਾਰ ਨਹੀਂ ਖਾਣਗੇ, ਸਗੋਂ ਜਿੱਤ ਦੇ ਡੰਕੇ ਵਜਾ ਦੇਣਗੇ। ਪਹਿਲਾਂ ਜਿਨ੍ਹਾਂ ਵਾਅਦੇ ਕਰ ਲਏ ਅਤੇ ਹਕੀਕਤਾਂ ਨੂੰ ਵਰਗਲਾ ਲਿਆ, ਉਹ ਹੁਣ ਚੰਗੇ ਰਾਜ-ਭਾਗ ਦੇ ਦਾਅਵੇ ਤਾਂ ਕਰ ਰਹੇ ਹਨ, ਪਰ ਲੋਕ ਇਸ ਗੱਲ ਨੂੰ ਨਹੀਂ ਮੰਨਦੇ। ਆਸ ਤਾਂ ਇਹੀ ਰੱਖੀਏ ਕਿ ਸਿਆਸੀ ਪਾਰਟੀਆਂ ਅਤੇ ਸਿਆਸਤਦਾਨ ਦਾਅਵੇ ਤਾਂ ਜ਼ਰੂਰ ਕਰਨ, ਪਰ ਜ਼ਮੀਨੀ ਹਕੀਕਤਾਂ ਨੂੰ ਅੱਖੋਂ ਓਹਲੇ ਨਾ ਕਰਨ।
       ਜਿਹੜੀਆਂ ਪਾਰਟੀਆਂ ਜ਼ਮੀਨੀ ਹਕੀਕਤਾਂ ਵੱਲ ਪਿੱਠ ਕਰ ਕੇ ਦਾਅਵੇ ਕਰਦੀਆਂ ਹਨ, ਉਹ ਕਦੇ ਸਫ਼ਲ ਨਹੀਂ ਹੁੰਦੀਆਂ। ਜਿਹੜੀਆਂ ਪਾਰਟੀਆਂ ਅਤੇ ਸਿਆਸਤਦਾਨ ਅਸਲੀਅਤ 'ਤੇ ਪੈਰ ਧਰ ਕੇ ਕਦਮ ਪੁੱਟਦੀਆਂ ਹਨ ਅਤੇ ਵਿੱਤ ਮੁਤਾਬਕ ਪੂਰੇ ਹੋਣ ਵਾਲੇ ਵਾਅਦੇ ਕਰਦੀਆਂ ਹਨ, ਉਹ ਭਵਿੱਖ ਨੂੰ ਸੁਨਹਿਰਾ ਵੀ ਬਣਾਉਂਦੀਆਂ ਹਨ ਅਤੇ ਮੁਲਕ ਨੂੰ ਵਿਕਾਸ-ਮੂਲਕ ਅਤੇ ਸੰਪੂਰਨ ਤੌਰ 'ਤੇ ਖ਼ੁਸ਼ਹਾਲ ਵੀ। ਲੀਡਰੋ, ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਹੀ ਦਾਅਵੇ ਕਰੋ!


ਸਾਥੀ ਲੁਧਿਆਣਵੀ

ਪਰਵਾਸੀ ਪੰਜਾਬੀ ਲੇਖਕ ਸਾਥੀ ਲੁਧਿਆਣਵੀ ਨੂੰ ਦੋ ਇੰਗਲੈਂਡ ਫੇਰੀਆਂ ਸਮੇਂ ਮਿਲਿਆ ਤਾਂ ਉਸ ਦੇ ਸਾਥ ਦਾ ਨਿੱਘ ਮਾਣਿਆ। ਉਹ ਲਗਾਤਾਰ ਸਿਰਜਣਾ ਕਰਦਾ ਰਿਹਾ। ਦਰਜਨ ਤੋਂ ਜ਼ਿਆਦਾ ਪੁਸਤਕਾਂ ਰਚੀਆਂ ਤੇ ਪੰਜਾਬੀ ਖ਼ਜ਼ਾਨੇ ਵਿੱਚ ਪਾਈਆਂ। ਉਸ ਦੀਆਂ ਉੱਚ ਪ੍ਰਾਪਤੀਆਂ ਨੂੰ ਸਨਮਾਨਦਿਆਂ ਲੰਡਨ ਦੀ ਇੱਕ ਯੂਨੀਵਰਸਿਟੀ ਨੇ ਉਸ ਨੂੰ ਡਾਕਟਰੇਟ ਦੀ ਡਿਗਰੀ ਵੀ ਦਿੱਤੀ। ਉਹ ਕਲਮਕਾਰ ਹੋਣ ਦੇ ਨਾਲ-ਨਾਲ ਰੇਡੀਉ ਪੇਸ਼ਕਾਰ ਵੀ ਸੀ ਅਤੇ ਸਫ਼ਲ ਟੀ ਵੀ ਐਂਕਰ ਵੀ। ਬੀ ਐੱਸ ਬੀਰ, ਸੁਖਦੇਵ ਗਰੇਵਾਲ ਤੋਂ ਬਾਅਦ ਇਹ ਸਾਥੀ ਲੁਧਿਆਣਵੀ ਵੀ ਤੁਰ ਗਿਆ। ਘਾਟਾ ਪੂਰਾ ਨਹੀਂ ਹੋਣਾ।

ਲਤੀਫ਼ੇ ਦਾ ਚਿਹਰਾ-ਮੋਹਰਾ

ਸਹੇਲੀ : ਤੇਰਾ ਪਤੀ ਤਾਂ ਕੁਰਾਨ ਹੱਥ 'ਚ ਹੀ ਰੱਖਦਾ। ਏਨੀ ਤਬਦੀਲੀ ਕਿਵੇਂ?
ਪਤਨੀ : ਹੁਣ ਤਾਂ ਪੰਜੇ ਵਕਤ ਨਮਾਜ਼ ਵੀ ਕਰਦਾ।
ਸਹੇਲੀ : ਇਹੀ ਤਾਂ ਮੈਂ ਪੁੱਛਿਆ, ਇਹ ਸਭ ਕਿੱਦਾਂ ਹੋ ਗਿਆ?
ਪਤਨੀ : ਹੁਣ ਉਹ ਹੂਰਾਂ ਦੇ ਚੱਕਰ 'ਚ ਐ।

ਸੰਪਰਕ : 98141-13338

27 Jan. 2019

ਪਰਖ ਦੀਆਂ ਘੜੀਆਂ  - ਸ਼ਾਮ ਸਿੰਘ  ਅੰਗ ਸੰਗ

ਜਦ ਵੀ ਪਰਖ ਦਾ ਵੇਲਾ ਹੋਵੇ ਤਾਂ ਹਰੇਕ ਨੂੰ ਜਾਗਣ ਦੀ ਵੀ ਜ਼ਰੂਰਤ ਹੈ ਅਤੇ ਸੁਚੇਤ ਹੋਣ ਦੀ ਵੀ, ਵਕਤ ਦੇ ਚਿਹਰਿਆਂ ਨੂੰ ਗਹਿਰਾਈ ਨਾਲ ਪੜ੍ਹੇ ਜਾਣ ਦੀ ਲੋੜ ਵੀ ਹੈ ਅਤੇ ਇਸ ਦੇ ਬਦਲਦੇ ਤੇਵਰਾਂ ਨੂੰ ਵੀ। ਪਰਖ ਹਰੇਕ ਦੀ ਹੋਣੀ ਹੁੰਦੀ ਹੈ, ਇਸ ਤੋਂ ਕੋਈ ਨਹੀਂ ਬਚ ਸਕਦਾ। ਭਾਵੇਂ ਕੋਈ ਜਿੰਨਾ ਮਰਜ਼ੀ ਚੀਖਦਾ-ਪੁਕਾਰਦਾ ਰਹੇ, ਪਰ ਇਮਤਿਹਾਨ ਤੋਂ ਬਚ ਕੇ ਲੰਘਣਾ ਕਿਸੇ ਦੇ ਵੱਸ ਦੀ ਗੱਲ ਨਹੀਂ।
      ਪਰਖ ਜਦ ਵੀ ਹੋਵੇ ਡਰ ਅਤੇ ਘਬਰਾਹਟ ਨੂੰ ਨੇੜੇ ਨਹੀਂ ਫਟਕਣ ਦੇਣਾ ਚਾਹੀਦਾ, ਸਗੋਂ ਚੜ੍ਹਦੀ ਕਲਾ 'ਤੇ ਸਵਾਰ ਹੋਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਆਸਾਨੀ ਨਾਲ ਅੱਗੇ ਵਧਣ ਲਈ ਰਾਹ ਲੱਭੇ ਜਾ ਸਕਣ। ਅਜਿਹਾ ਤਾਂ ਹੀ ਸੰਭਵ ਹੈ, ਜੇ ਸੋਚ ਸਫਰ ਦੀ ਥਕਾਵਟ ਵੱਲ ਨਾ ਹੋਵੇ, ਸਗੋਂ ਟੀਚੇ ਜਾਂ ਮਿੱਥੇ ਹੋਏ ਨਿਸ਼ਾਨੇ ਵੱਲ ਹੋਵੇ। ਇਸ ਤਰ੍ਹਾਂ ਹੋਣ ਨਾਲ ਪਰਖ ਦੀਆਂ ਘੜੀਆਂ ਨਾ ਤਾਂ ਬੋਝ ਲੱਗਦੀਆਂ ਹਨ ਅਤੇ ਨਾ ਹੀ ਤਕਲੀਫ਼ਾਂ ਦਾ ਜੰਜਾਲ।
      ਦੁਨੀਆ ਭਰ ਦੇ ਲੋਕਾਂ ਦੀ ਪਰਖ ਅਕਸਰ ਹੀ ਹੁੰਦੀ ਰਹਿੰਦੀ ਹੈ, ਜਿਸ ਦਾ ਸਾਹਮਣਾ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਵੀ ਕਰਦਾ ਹੈ ਅਤੇ ਢੰਗਾਂ ਨਾਲ ਵੀ। ਇਹ ਢੰਗ-ਤਰੀਕੇ ਹਰ ਥਾਂ ਵੱਖੋ-ਵੱਖਰੇ ਵੀ ਹੁੰਦੇ ਹਨ ਅਤੇ ਕਈ ਵਾਰ ਅਚੰਭੇ ਵਾਲੇ ਵੀ। ਪਰਖ ਦੀਆਂ ਘੜੀਆਂ ਦਾ ਸਾਹਮਣਾ ਕਰਦਿਆਂ ਕਈ ਵਾਰ ਲਾਭ ਹੁੰਦੇ ਹਨ ਅਤੇ ਕਈ ਵਾਰ ਤਾਂ ਬਹੁਤ ਵੱਡੇ ਨੁਕਸਾਨ।
    ਭਾਰਤ ਦੇ ਲੋਕਾਂ ਲਈ ਤਾਂ ਘੜੀ-ਘੜੀ ਪਰਖ ਦੀਆਂ ਘੜੀਆਂ ਆਉਂਦੀਆਂ ਰਹਿੰਦੀਆਂ ਹਨ। ਕਿਉਂਕਿ ਇਮਤਿਹਾਨ ਹੀ ਏਨੇ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੀ ਗਿਣਤੀ ਕਰਨੀ ਆਸਾਨ ਕੰਮ ਨਹੀਂ। ਫੇਰ ਵੀ ਬਲਿਹਾਰੇ ਜਾਈਏ ਭਾਰਤੀਆਂ ਦੇ, ਜਿਹੜੇ ਕਈ ਵਾਰ ਏਨੀ ਕਮਾਲ ਕਰਦੇ ਹਨ ਕਿ ਖੱਬੀ ਖਾਨ ਸਰਕਾਰਾਂ ਨੂੰ ਉਲਟਾ ਮਾਰਦੀਆਂ ਤੇ ਦੂਜੀ ਵਾਰ ਰਾਹ ਨਹੀਂ ਲੱਭਣ ਦਿੰਦੀਆਂ।
      ਪਿਛਲੇ ਕਾਫ਼ੀ ਅਰਸੇ ਤੋਂ ਭਾਰਤ ਦਹਿਸ਼ਤ ਦੇ ਸ਼ਿਕੰਜੇ ਵਿੱਚ ਫਸਿਆ ਹੋਇਆ ਹੈ, ਜਿਸ 'ਚੋਂ ਨਿਕਲਣ ਬਾਰੇ ਜੇ ਨਾ ਸੋਚਿਆ ਗਿਆ ਤਾਂ ਚੰਗੇ ਭਵਿੱਖ ਦੀ ਆਸ ਨਹੀਂ ਕੀਤੀ ਜਾ ਸਕਦੀ। ਜੇ ਭਵਿੱਖ ਵਿੱਚ ਚੰਗੇ ਦਿਨਾਂ ਦੀ ਉਮੀਦ ਰੱਖਣੀ ਹੈ ਤਾਂ ਨਵੀਆਂ ਕਲਾ-ਜੁਗਤਾਂ ਨਾਲ ਸੋਚ ਕੇ ਉਹ ਨਵੇਂ ਪੈਂਤੜੇ ਲੈਣੇ ਪੈਣਗੇ, ਜਿਹੜੇ ਹੰਕਾਰੀਆਂ ਨੂੰ ਸਬਕ ਸਿਖਾ ਸਕਣ।
     ਹੁਣ ਭਾਰਤੀਆਂ ਨੂੰ ਇਹ ਸੋਚਣਾ ਪੈਣਾ ਹੈ ਕਿ ਉਨ੍ਹਾਂ ਦਹਿਸ਼ਤਜ਼ਦਾ ਮਾਹੌਲ ਵਿੱਚ ਰਹਿਣ ਨੂੰ ਤਰਜੀਹ ਦੇਣੀ ਹੈ ਜਾਂ ਫਿਰ ਡਰ-ਰਹਿਤ ਆਜ਼ਾਦ ਫਿਜ਼ਾ ਨੂੰ ਸਿਰਜਣ ਦੀ। ਫ਼ਿਰਕਾਪ੍ਰਸਤੀ ਦੀਆਂ ਅਦਾਵਾਂ ਵਿੱਚ ਰਹਿਣਾ ਹੈ ਜਾਂ ਫਿਰ ਜ਼ਹਿਰੀਲੀਆਂ ਹਵਾਵਾਂ ਵਿੱਚ। ਜਾਪਦਾ ਹੈ ਕਿ ਭਾਰਤੀ ਅਣਖ 'ਤੇ ਸਵਾਰ ਹੋ ਕੇ ਨਵੇਂਪਨ ਨੂੰ ਆਵਾਜ਼ ਦੇਣਗੇ।
     ਬੇਰੁਜ਼ਗਾਰ ਲੋਕ, ਭੁੱਖਾਂ ਮਾਰੇ ਲੋਕ, ਕਰਜ਼ਿਆਂ ਦੀ ਮਾਰ ਹੇਠ ਆਏ ਕਿਸਾਨ-ਮਜ਼ਦੂਰ ਅਤੇ ਸਾਰਾ ਦਿਨ ਪਸੀਨਾ ਵਹਾ ਕੇ ਦੋ ਡੰਗ ਦੀ ਰੋਟੀ ਵਾਸਤੇ ਤਰਸਦੇ ਲੋਕ ਜ਼ਰੂਰ ਮੁਲਕ ਦੇ ਹਾਲਾਤ ਨੂੰ ਜਾਣ ਕੇ ਪੜ੍ਹ ਕੇ ਅਜਿਹੇ ਕਦਮ ਉਠਾਉਣ ਦੇ ਯਤਨ ਕਰਨਗੇ, ਜਿਹੜੇ ਹਾਕਮਾਂ ਨੂੰ ਬਦਲ ਕੇ ਰੱਖ ਦੇਣਗੇ। ਅਜਿਹਾ ਕੀਤੇ ਬਿਨਾਂ ਹਾਲਾਤ ਨਹੀਂ ਸੁਧਰਨੇ।
      ਪੰਜ ਸਾਲਾਂ ਪਿੱਛੋਂ ਵਕਤ ਆ ਰਿਹਾ ਜਦ ਦੇਸ਼ ਦੇ ਰੁਝਾਨ ਬਦਲੇ ਜਾ ਸਕਦੇ ਹਨ ਅਤੇ ਰਾਜ-ਭਾਗ ਦੇ ਤੌਰ-ਤਰੀਕੇ ਲੋਕ ਪੱਖੀ ਕੀਤੇ ਜਾ ਸਕਦੇ ਹਨ ਤਾਂ ਜੋ ਲੋਕਾਂ ਦੀ ਜੀਵਨ-ਪੱਧਰ ਵਿੱਚ ਉਹ ਵੱਡੀ ਤਬਦੀਲੀ ਲਿਆਂਦੀ ਜਾ ਸਕੇ, ਜਿਹੜੀ ਵਰ੍ਹਿਆਂ-ਵਰ੍ਹਿਆਂ ਤੋਂ ਨਹੀਂ ਆ ਸਕੀ। ਕਿਉਂ ਨਾ ਸਭ ਦਾ ਜੀਵਨ-ਪੱਧਰ ਇਕੋ ਜਿਹਾ ਹੀ ਹੋਵੇ।
      ਭਾਰਤੀਆਂ ਨੂੰ ਹੁਣ ਪਾਰਟੀਆਂ ਬਾਰੇ ਬਹੁਤਾ ਨਾ ਸੋਚ ਕੇ ਉਹ ਸਿਆਸਤ ਅਪਣਾਉਣੀ ਚਾਹੀਦੀ ਹੈ, ਜਿਹੜੀ ਉਨ੍ਹਾਂ ਦੇ ਆਪਣੇ ਹਿੱਤ ਵਿੱਚ ਹੋਵੇ ਅਤੇ ਮੁਲਕ ਨੂੰ ਵਿਕਾਸ ਵੱਲ ਤੋਰਨ ਦੇ ਸਮਰੱਥ ਹੋਵੇ। ਸਭ ਭਾਰਤੀ ਇਹੋ ਚਾਹੁੰਦੇ ਹੋਣਗੇ ਕਿ ਹਰੇਕ ਦਾ ਜੀਵਨ ਸਹੂਲਤਾਂ ਕਾਰਨ ਖੁਸ਼ੀਆਂ ਨਾਲ ਭਰਿਆ ਹੋਵੇ ਅਤੇ ਚਿੰਤਾ-ਮੁਕਤ ਅਤੇ ਖੁਸ਼ਹਾਲ ਹੋਵੇ।
     ਜੇ ਲੋਕਾਂ ਨੇ ਆਪਣੇ ਹਿੱਤਾਂ ਅਤੇ ਦੇਸ਼ ਦੇ ਵਿਕਾਸ ਬਾਰੇ ਰੁਝਾਨ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਤਾਂ ਸਿਆਸਤਦਾਨਾਂ ਨੂੰ ਕਨਸੋਅ ਹੋ ਜਾਵੇਗੀ ਕਿ ਲੋਕ ਹੁਣ ਪਹਿਲਾਂ ਵਾਂਗ ਅੱਖਾਂ ਮੀਚ ਕੇ ਹੱਕ ਵਿੱਚ ਨਹੀਂ ਭੁਗਤਣਗੇ, ਸਗੋਂ ਆਪਣੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੀ ਸ਼ਰਤ ਰੱਖਣ ਲੱਗਣਗੇ।
     ਹਰ ਪੰਜ ਸਾਲ ਪਿੱਛੋਂ ਆਉਂਦੀ ਪਰਖ ਦੀ ਘੜੀ 'ਤੇ ਪੂਰੇ ਉਤਰਨ ਦਾ ਅਭਿਆਸ ਭਾਰਤੀ ਕਰਨ ਲੱਗ ਪਏ ਤਾਂ ਰਾਜਨੀਤੀਵਾਨਾਂ ਨੂੰ ਸਬਕ ਸਿੱਖਣ ਲਈ ਮਿਹਨਤ ਵੀ ਕਰਨੀ ਪਵੇਗੀ ਅਤੇ ਇਸ ਲਈ ਤਿਆਰ ਵੀ ਰਹਿਣਾ ਪਵੇਗਾ। ਅਜਿਹਾ ਹੋਣ ਲੱਗ ਪਿਆ ਤਾਂ ਭਾਰਤ ਮੁੜ ਸੋਨੇ ਦੀ ਚਿੜੀ ਦਾ ਰੂਪ ਧਾਰਨ ਵੱਲ ਵਧ ਪਵੇਗਾ।
      ਸਿਆਸਤਦਾਨਾਂ ਨੇ ਪੂਰੇ ਦੇਸ਼ ਵਿੱਚ ਵੱਡਾ ਘਮਸਾਣ ਪੈਦਾ ਕੀਤਾ ਹੋਇਆ ਹੈ ਅਤੇ ਸੌਦੇਬਾਜ਼ੀਆਂ ਪੂਰੇ ਜ਼ੋਰਾਂ 'ਤੇ ਹਨ, ਜਿਨ੍ਹਾਂ ਦਾ ਮਕਸਦ ਗੱਦੀਆਂ ਪ੍ਰਾਪਤ ਕਰਨਾ ਹੀ ਹੋਵੇਗਾ। ਚੰਗਾ ਹੋਵੇ ਜੇ ਗੱਦੀਆਂ ਉਨ੍ਹਾਂ ਨੂੰ ਮਿਲਣ, ਜਿਹੜੇ ਮੁਲਕ ਨੂੰ ਅਗਾਂਹ ਲਿਜਾਣ ਬਾਰੇ ਵੀ ਸੋਚਦੇ ਹੋਣ ਅਤੇ ਲੋਕਾਂ ਨੂੰ ਵੀ।
       ਪਰਖ ਦੀਆਂ ਘੜੀਆਂ ਪਹਿਲਾਂ ਵੀ ਕਈ ਵਾਰ ਆਈਆਂ ਅਤੇ ਭਾਰਤੀਆਂ ਨੇ ਉਨ੍ਹਾਂ ਤਾਨਾਸ਼ਾਹ ਹਾਕਮਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ, ਜਿਨ੍ਹਾਂ ਮਨਮਰਜ਼ੀਆਂ ਚਲਾ ਕੇ ਦੇਸ਼ ਨੂੰ ਪਿਛਾਂਹ ਵੱਲ ਤੋਰਿਆ ਅਤੇ ਲੋਕਾਂ ਦੀ ਪਰਵਾਹ ਨਹੀਂ ਕੀਤੀ। ਹਾਕਮਾਂ ਨੂੰ ਕੰਨ ਹੋ ਗਏ ਅਤੇ ਉਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਵੱਲ ਵੀ ਧਿਆਨ ਦਿੱਤਾ।
      ਹੁਣ ਜੇ ਭਾਰਤੀ ਵੋਟਰਾਂ ਨੇ ਪਰਖ ਦੀਆਂ ਘੜੀਆਂ ਵੇਲੇ ਸਿਆਸਤਦਾਨਾਂ ਦੇ ਤੇਵਰਾਂ ਨੂੰ ਨਾ ਪਛਾਣਿਆ ਅਤੇ ਸਹੀ ਰਾਜਨੀਤਕ ਪਾਰਟੀਆਂ ਨੂੰ ਵੋਟ ਨਾ ਪਾਈ ਤਾਂ ਪੂਰੇ ਮੁਲਕ ਦੇ ਲੋਕਾਂ ਨੂੰ 5 ਸਾਲ ਪਛਤਾਉਣਾ ਪਵੇਗਾ। ਜ਼ਰੂਰੀ ਹੈ ਕਿ ਸਿਆਣੇ ਲੋਕ ਵੋਟਰਾਂ ਨੂੰ ਜਾਗਰੂਕ ਕਰਕੇ ਦੇਸ਼ ਦਾ ਭਵਿੱਖ ਸੰਵਾਰਨ।
      ਇਹ ਵੱਡਾ ਇਮਤਿਹਾਨ ਆ ਰਿਹੈ, ਜਿਸ ਵਿੱਚੋਂ ਪਾਸ ਹੋ ਕੇ ਨਿਕਲਣ ਦੀ ਲੋੜ ਹੈ ਤਾਂ ਜੋ ਪਰਖ ਦੀਆਂ ਘੜੀਆਂ ਵਿੱਚ ਪਰਖੇ ਜਾਣ ਵਾਲੇ ਸਹੀ ਪਾਸੇ ਵੱਲ ਹੀ ਤੁਰਨ। ਅਜਿਹਾ ਤਾਂ ਹੀ ਹੋ ਸਕੇਗਾ, ਜੇ ਗਲਤ/ਠੀਕ ਦੀ ਸਮਝ ਹੋਵੇ ਅਤੇ ਉਨ੍ਹਾਂ ਪਾਰਟੀਆਂ ਨੂੰ ਹੀ ਚੁਣਿਆ ਜਾਵੇ, ਜੋ ਦੇਸ਼ ਦਾ ਫਿਕਰ ਕਰਨ।


ਬੀ. ਐੱਸ. ਬੀਰ

ਮਹਿਰਮ ਪਰਵਾਰ ਦੇ ਸਿਰਜਕ ਬੀ ਐੱਸ ਬੀਰ ਨੇ ਥੋੜ੍ਹੇ ਸਮੇਂ ਵਿੱਚ ਵੱਡੇ ਕੰਮ ਕੀਤੇ। ਪੰਜਾਬੀ ਵਿੱਚ ਤਿੰਨ ਪਰਚੇ ਇਕੋ ਸਮੇਂ ਕੱਢ ਕੇ ਉਸ ਨੇ ਸਾਬਤ ਕਰ ਦਿੱਤਾ ਕਿ ਜੇ ਇਰਾਦਾ ਦ੍ਰਿੜ੍ਹ ਹੋਵੇ ਤਾਂ ਉਸ ਨੂੰ ਸਿਰੇ ਤੱਕ ਲਿਜਾਣਾ ਕੋਈ ਮੁਸ਼ਕਲ ਕੰਮ ਨਹੀਂ। ਨਾਲ ਦੀ ਨਾਲ ਉਹ ਕਵਿਤਾ ਵੀ ਲਿਖਦਾ ਰਿਹਾ ਅਤੇ ਗਲਪ ਵੀ। ਕਹਾਣੀਆਂ ਵਿੱਚ ਉਹ ਸੱਚ ਅਤੇ ਤੱਤ ਨੂੰ ਵੀ ਫੜਦਾ ਸੀ ਅਤੇ ਰੌਚਿਕਤਾ ਦੀ ਸਿਰਜਣਾ ਨੂੰ ਵੀ ਅੱਖੋਂ ਓਹਲੇ ਨਹੀਂ ਹੋਣ ਦਿੱਤਾ।
     ਅਜੇ ਹੁਣੇ ਜਿਹੇ ਉਸ ਦੀ ਸਮੁੱਚੀ ਕਵਿਤਾ ਦੀ ਵੱਡ-ਆਕਾਰੀ ਪੁਸਤਕ ਵੀ ਆਈ ਹੈ, ਜੋ ਮੈਂ ਅਜੇ ਪੜ੍ਹ ਹੀ ਰਿਹਾ ਸਾਂ ਕਿ ਬੀਰ ਦੇ ਦੁਨੀਆ ਤੋਂ ਤੁਰ ਜਾਣ ਦੀ ਦੁਖਦਾਈ ਖ਼ਬਰ ਆ ਗਈ। ਪ੍ਰਧਾਨ ਮੰਤਰੀ ਸਨ ਡਾ. ਮਨਮੋਹਨ ਸਿੰਘ, ਜਦ ਬੀਰ ਨੇ ਉਨ੍ਹਾਂ ਦੀ ਜੀਵਨੀ ਲਿਖੀ ਅਤੇ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਬੜੇ ਵੱਡੇ ਸਮਾਗਮ ਵਿੱਚ ਬਹੁਤ ਚਾਵਾਂ ਨਾਲ ਰਿਲੀਜ਼ ਕਰਵਾਈ, ਜਿਸ ਵਿੱਚ ਨਾਮੀ ਲੇਖਕ ਅਤੇ ਪੱਤਰਕਾਰ ਸ਼ਾਮਲ ਹੋਏ। ਬੀ ਐੱਸ ਬੀਰ ਦੇ ਜਾਣ ਦਾ ਦੁੱਖ ਹੈ, ਜਿਸ ਦਾ ਘਾਟਾ ਪੂਰਾ ਹੋਣਾ ਕਿਸੇ ਤਰ੍ਹਾਂ ਵੀ ਮੁਮਕਿਨ ਨਹੀਂ।ਲਤੀਫ਼ੇ ਦਾ ਚਿਹਰਾ ਮੋਹਰਾ

ਲੜਕੀ : ਕਿਆ ਖਾ ਰਹੇ ਹੋ
ਲੜਕਾ : ਮੂੰਗਫਲੀ ਹੀ ਕੇਵਲ
ਲੜਕੀ : ਇਕੱਲੇ-ਇਕੱਲੇ ਹੀ
ਲੜਕਾ : 8 ਰੁਪਏ ਦੀ ਮੂੰਗਫ਼ਲੀ ਦਾ ਹੋਰ ਭੰਡਾਰਾ ਲਗਾ ਦਿਆਂ।
"'
ਅਧਿਆਪਕ : ਆਪਣੀ ਤਾਰੀਫ਼ ਕਰਨਾ ਮੂਰਖਤਾ ਹੈ
ਵਿਦਿਆਰਥੀ : ਜਨਾਬ ਆਪਣੀ ਸਿਫ਼ਤ ਆਪ ਨਾ ਕਰੀਏ ਤਾਂ ਹੋਰ ਕੌਣ ਕਰੂ। ਨਿੰਦਾ ਕਰਨ ਵਾਲੇ ਤਾਂ ਪੂਰਾ ਸੰਸਾਰ ਬਣਾਈ ਬੈਠੇ ਨੇ।

ਸੰਪਰਕ : 98141-13338

16 Jan 2019

ਧੀਆਂ ਦੇ ਦੁੱਖ ਬੁਰੇ - ਸ਼ਾਮ ਸਿੰਘ ਅੰਗ ਸੰਗ

ਧੀਆਂ ਦਾ ਵਾਸ ਪਰਵਾਸ ਹੀ ਹੁੰਦਾ ਹੈ, ਭਾਵੇਂ ਨਾਲ ਦੇ ਪਿੰਡ ਹੋਵੇ ਜਾਂ ਕਸਬੇ, ਨਾਲ ਦੇ ਜ਼ਿਲ੍ਹੇ ਹੋਵੇ ਜਾਂ ਫੇਰ ਸੂਬੇ। ਜਦੋਂ ਤੋਂ ਦੁਨੀਆ ਮੁੱਠੀ 'ਚ ਆਣ ਲੱਗ ਪਈ, ਆਵਾਜਾਈ ਦੂਰ-ਦੂਰ ਤੱਕ ਹੋਣ ਲੱਗੀ ਤਾਂ ਪਰਵਾਸ ਦੂਜੇ ਦੇਸ਼ਾਂ ਵਿੱਚ ਹੋਣ ਲੱਗ ਪਿਆ। ਇਹ ਖੁਸ਼ਨੁਮਾ ਤਬਦੀਲੀ ਸੀ, ਜਿਸ ਨਾਲ ਇਸਤਰੀਆਂ ਲਈ ਸੁਪਨੀਲੀਆਂ ਧਰਤੀਆਂ ੳੱਤੇ ਖੁਸ਼ਹਾਲੀ ਦੇ ਦਰ ਖੁੱਲ੍ਹੇ। ਜਿੰਨਾ ਚਿਰ ਸੱਚੇ-ਸੁੱਚੇ ਰਿਸ਼ਤਿਆਂ ਦੀ ਪਾਲਣਾ ਹੁੰਦੀ ਰਹੀ ਅਤੇ ਨਿਯਮਾਂ ਨੂੰ ਸਹੀ ਤਰ੍ਹਾਂ ਮੰਨਿਆ ਜਾਂਦਾ ਰਿਹਾ, ਓਨਾ ਚਿਰ ਸੰਬੰਧ ਠੀਕ ਤਰ੍ਹਾਂ ਜੁੜਦੇ ਰਹੇ। ਅਜਿਹਾ ਹੁੰਦਿਆਂ ਖੁਸ਼ੀਆਂ ਵੀ ਵਧੀਆਂ, ਖੁਸ਼ਹਾਲੀਆਂ ਵੀ।
       ਬਜ਼ੁਰਗਾਂ ਦੀ ਚਲਾਈ ਰੀਤ ਕਿ ਧੀਆਂ ਦਾ ਪਰਵਾਸ ਸਹੁਰੇ ਘਰ ਹੀ ਠੀਕ ਰਹੇਗਾ, ਅੱਜ ਤੱਕ ਠੀਕ ਨਿਭ ਰਹੀ ਹੈ, ਜਿਸ ਦਾ ਬਦਲ ਕਿਸੇ ਤਰ੍ਹਾਂ ਵੀ ਧੀ ਦੇ ਘਰ ਨੂੰ ਨਹੀਂ ਮੰਨਿਆ ਜਾ ਸਕਦਾ। ਸਹੁਰੇ ਘਰ ਧੀਆਂ ਨੂੰ ਜਿੱਥੇ ਖੁਸ਼ੀਆਂ ਭਰੀ ਜ਼ਿੰਦਗੀ ਨਸੀਬ ਹੁੰਦੀ ਹੈ, ਉਂਥੇ ਦੁਸ਼ਵਾਰੀਆਂ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਘਰ-ਘਰ ਦੀ ਕਹਾਣੀ ਹੈ, ਜਿਹੜੀ ਧੀਆਂ ਨੂੰ ਵੀ ਨਿਭਾਉਣੀ ਪੈਂਦੀ ਹੈ ਭੈਣਾਂ ਨੂੰ ਵੀ, ਭਰਜਾਈਆਂ ਨੂੰ ਵੀ ਹੰਢਾਉਣੀ ਪੈਂਦੀ ਹੈ ਅਤੇ ਮਾਵਾਂ ਨੂੰ ਵੀ। ਇਹ ਉਮਰਾਂ ਦੇ ਰਿਸ਼ਤੇ ਹੁੰਦੇ ਹਨ, ਜਿਹੜੇ ਛੇਤੀ ਤੋੜੇ ਨਹੀਂ ਜਾ ਸਕਦੇ। ਸੰਬੰਧਾਂ ਵਿੱਚ ਹੁਲਮਾ ਵੀ ਆਉਂਦੇ ਰਹਿੰਦੇ ਹਨ ਅਤੇ ਉਹ ਤਲਖੀਆਂ ਵੀ, ਜਿਨ੍ਹਾਂ ਕਾਰਨ ਕੁੜੱਤਣਾਂ ਪੈਰ ਜਮਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਇਹ ਸਭ ਵਕਤ-ਵਕਤ ਦੇ ਤਕਾਜ਼ੇ ਹੁੰਦੇ ਹਨ ਅਤੇ ਸੰਬੰਧਾਂ 'ਚ ਆਏ ਬਦਲਾਅ।
        ਲੰਮੀ ਗੱਲ ਹੈ ਦੂਰ ਦੇਸ਼ਾਂ ਦੇ ਪਰਵਾਸ ਦੀ, ਜੋ ਪਹਿਲੇ ਸਮਿਆਂ ਵਿੱਚ ਤਾਂ ਠੀਕ ਹੁੰਦੇ ਰਹੇ। ਨਿਰਖ-ਪਰਖ ਕੇ ਸਾਕ ਤੈਅ ਕੀਤੇ ਜਾਂਦੇ, ਜਿਸ ਨਾਲ ਨਵਾਂ ਵਿਆਂਦੜ ਮੁੰਡਾ-ਕੁੜੀ ਦੂਜੇ ਮੁਲਕ ਜਾ ਕੇ ਵੀ ਟਿਕਦੇ ਰਹੇ। ਦੋਹਾਂ ਪਾਸੇ ਦੇ ਮਾਪਿਆਂ ਨੂੰ ਸ਼ਿਕਾਇਤਾਂ ਨਹੀਂ, ਸਗੋਂ ਖੁਸ਼ੀ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ। ਹੌਲੀ-ਹੌਲੀ ਬਾਹਰਲੇ ਮੁਲਕਾਂ ਵਿੱਚ ਜਾਣ ਦੀ ਹੋੜ ਜਿਹੀ ਲੱਗ ਗਈ, ਜਿਸ ਕਾਰਨ ਨਾਜਾਇਜ਼ ਰਿਸ਼ਤੇਦਾਰੀਆਂ ਗੰਢ ਕੇ ਚੋਰ-ਮੋਰੀਆਂ ਦੇ ਰਾਹ ਲੱਭੇ ਗਏ। ਅਜਿਹਾ ਹੋਣ ਨਾਲ ਬੇਨਿਯਮੀਆਂ ਕਾਰਨ ਅਤੇ ਰਿਸ਼ਤਿਆਂ ਦੇ ਹੋਏ ਘਾਣ ਕਾਰਨ ਦੂਜੇ ਸੱਭਿਅਕ ਮੁਲਕਾਂ ਵਿੱਚ ਅੰਤਾਂ ਦੀ ਬਦਨਾਮੀ ਹੋਈ, ਜੋ ਅੱਜ ਤੱਕ ਵੀ ਬੰਦ ਨਹੀਂ ਹੋ ਸਕੀ।
       ਹੁਣ ਤਾਂ ਖ਼ਬਰਾਂ ਇੱਥੋਂ ਤੱਕ ਛਪ ਗਈਆਂ ਕਿ ਦੇਸ਼ ਭਰ ਵਿੱਚ ਹਜ਼ਾਰਾਂ ਲੜਕੀਆਂ ਵਿਦੇਸ਼ੀ ਲਾੜਿਆਂ ਨਾਲ ਵਿਆਹ ਕਰਵਾ ਕੇ ਏਧਰ ਹੀ ਰੁਲਣ ਜੋਗੀਆਂ ਰਹਿ ਗਈਆਂ, ਕਿਉਂਕਿ ਲਾੜੇ ਉਨ੍ਹਾਂ ਨੂੰ ਬਾਹਰ ਨਹੀਂ ਲਿਜਾ ਸਕੇ। ਇਕੱਲੇ ਪੰਜਾਬ ਵਿੱਚ ਅਜਿਹੀਆਂ ਲਾੜੀਆਂ ਦੀ ਗਿਣਤੀ ਤੀਹ ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਜ਼ਿੰਦਗੀ ਦਾ ਬੋਝ ਮਾਪਿਆਂ ਨੂੰ ਹੀ ਝੱਲਣਾ ਪੈ ਰਿਹਾ ਹੈ। ਸਰਕਾਰ ਜਾਂ ਕੋਈ ਸੰਸਥਾ ਉਨ੍ਹਾਂ ਦੀ ਮਦਦ 'ਤੇ ਨਹੀਂ ਆ ਰਹੀ। ਇਨ੍ਹਾਂ ਮਸਲਿਆਂ ਨੂੰ ਹੱਲ ਕਰਨ ਵਾਸਤੇ ਕੋਈ ਸਮਾਜਕ ਸੰਘਰਸ਼ ਨਹੀਂ ਚਲਾਇਆ ਜਾ ਸਕਦਾ। ਭਾਈਚਾਰਕ ਸੰਬੰਧ ਵੀ ਹੁਣ ਪਹਿਲਾਂ ਵਾਲੇ ਨਹੀਂ ਰਹੇ ਜਿਸ ਕਾਰਨ ਇਨ੍ਹਾਂ ਮਸਲਿਆਂ ਨੂੰ ਨਿੱਜਤਾ ਦੇ ਘੇਰੇ ਤੱਕ ਹੀ ਸੀਮਤ ਕਰਕੇ ਦੇਖਿਆ ਜਾ ਰਿਹਾ।
      ਪਰਵਾਸੀਆਂ ਵੱਲੋਂ ਛੱਡੀਆਂ ਇਨ੍ਹਾਂ ਪਤਨੀਆਂ ਨੇ ਮਿਲ ਕੇ ਹੁਣ ਆਪਣੀ ਅੰਤਰ-ਰਾਸ਼ਟਰੀ ਸੰਸਥਾ ਬਣਾਈ ਹੈ, ਜਿਹੜੀਆਂ ਆਪਣੇ ਮਸਲਿਆਂ ਅਤੇ ਤੰਗੀਆਂ-ਤੁਰਸ਼ੀਆਂ ਦੀ ਆਵਾਜ਼ ਖ਼ੁਦ ਬੁਲੰਦ ਕਰਨਗੀਆਂ ਅਤੇ ਹੱਲ ਲੱਭਣ ਲਈ ਸਮਾਜਕ ਲੜਾਈ ਵੀ ਲੜਨਗੀਆਂ ਅਤੇ ਕਾਨੂੰਨੀ ਰਾਹ ਅਪਣਾ ਕੇ ਅਦਾਲਤਾਂ ਦੇ ਦਰ ਵੀ ਖੜਕਾਉਣਗੀਆਂ।
      ਪਰਵਾਸ ਕਰਨ ਦੀ ਇੱਛਾ ਕਾਰਨ ਪੰਜਾਬ ਦੀਆਂ ਹਜ਼ਾਰਾਂ ਇਸਤਰੀਆਂ ਇੱਕ ਨਾ ਦੂਜੇ ਕਾਰਨ ਪਰਵਾਸੀਆਂ ਦੇ ਸ਼ਿਕੰਜੇ ਵਿੱਚ ਅਜਿਹੀਆਂ ਫਸੀਆਂ ਕਿ ਵਕਤ ਦੇ ਹੈਂਗਰਾ 'ਤੇ ਬੜੀ ਬੁਰੀ ਤਰ੍ਹਾਂ ਹੀ ਟੰਗੀਆਂ ਰਹਿ ਗਈਆਂ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਭਾਰਤ ਸਰਕਾਰ ਕੋਲ ਆਵਾਜ਼ ਉਠਾਉਣ ਅਤੇ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਦੂਤਘਰਾਂ ਕੋਲ ਸ਼ਿਕਾਇਤਾਂ ਕਰ ਕੇ ਕਾਨੂੰਨੀ ਕਾਰਵਾਈ ਦੀ ਚਾਰਾਜੋਈ ਕਰਨ ਤਾਂ ਕਿ ਉਨ੍ਹਾਂ ਦੇ ਮਸਲਿਆਂ ਨੂੰ ਸੁਣਿਆ ਜਾ ਸਕੇ।
        ਇਹ ਵੀ ਬੜੀ ਤੁਅੱਜਬ ਦੀ ਗੱਲ ਹੈ ਕਿ ਦੇਸ਼ ਦੀਆਂ ਇਨ੍ਹਾਂ ਧੀਆਂ ਦੇ ਦੁਖੜੇ ਕਿਉਂ ਨਹੀਂ ਸੁਣੇ ਜਾਂਦੇ। ਕੀ ਦੇਸ਼ ਦੇ ਹਾਕਮ ਏਨੇ ਹੀ ਅਸੰਵੇਦਨਸ਼ੀਲ ਹੋ ਗਏ ਹਨ ਕਿ ਉਹ ਆਪਣੇ ਹੀ ਦੇਸ਼ ਦੀਆਂ ਧੀਆਂ ਦੇ ਗੰਭੀਰ ਅਤੇ ਦੁਖਾਂਤਕ ਮਸਲਿਆਂ ਨੂੰ ਨਿਪਟਾਉਣ ਵਾਸਤੇ ਤਿਆਰ ਨਹੀਂ ਹੁੰਦੇ। ਹਰ ਘਰ ਵਿੱਚ ਧੀਆਂ-ਭੈਣਾਂ ਹਨ, ਜਿਨ੍ਹਾਂ ਤੋਂ ਹਰ ਇੱਕ ਹੀ ਜਾਣੂ ਹੁੰਦਾ ਹੈ ਕਿ ਧੀਆਂ ਦੇ ਦੁੱਖ ਬੁਰੇ। ਜੇਕਰ ਫੇਰ ਵੀ ਇਨ੍ਹਾਂ ਦਰਦਾਂ ਮਾਰੀਆਂ ਦੀ ਕੋਈ ਮਦਦ ਨਹੀਂ ਕਰਦਾ, ਫੇਰ ਉਹ ਕਿੱਥੇ ਫਰਿਆਦ ਕਰਨ ਕਿ ਉਨ੍ਹਾਂ ਦੀ ਸੁਣੀ ਜਾਵੇ।
       ਪੰਜਾਬ ਦੀਆਂ ਪ੍ਰਵਾਸੀ ਪਤੀਆਂ ਤੋਂ ਸਤਾਈਆਂ ਪਤਨੀਆਂ ਦੀ ਪੀੜਾ ਨੂੰ ਪੰਜਾਬ ਦੇ ਹਾਕਮ ਗੰਭੀਰਤਾ ਨਾਲ ਸੁਣਨ ਤਾਂ ਇਹ ਅਜਿਹਾ ਮਸਲਾ ਨਹੀਂ, ਜੋ ਹੱਲ ਨਾ ਕੀਤਾ ਜਾ ਸਕੇ। ਕਸੂਰਵਾਰ ਕੁੜੀਆਂ ਹੋਣ ਜਾਂ ਮੁੰਡੇ, ਦੋਹਾਂ ਦੇ ਮਾਪੇ ਹੋਣ ਜਾਂ ਵਿੱਚ ਵਾਲੇ ਵਿਚੋਲੇ ਪਰ ਪੀੜਤਾਂ ਦੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣ ਲਈ ਹੱਲ ਬਾਰੇ ਤਾਂ ਸੋਚਣਾ ਹੀ ਪਵੇਗਾ। ਸਰਕਾਰ ਸੋਚੇ, ਕੁੜੀਆਂ ਮੁੰਡਿਆਂ ਦੇ ਮਾਪੇ ਪੈਰ ਚੁੱਕਣ ਜਾਂ ਫੇਰ ਧੀਆਂ ਵੱਲੋਂ ਬਣਾਈ ਕੌਮਾਂਤਰੀ ਜਥੇਬੰਦੀ ਦੇਸ਼ ਦੀਆਂ ਅਦਾਲਤਾਂ ਅਤੇ ਵਿਦੇਸ਼ਾਂ ਵਿਚਲੇ ਭਾਰਤੀ ਦੂਤ-ਘਰਾਂ ਵਿੱਚ ਹਲਚਲ ਮਚਾਉਣ।
     ਧੀਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਦੁਰੇਡੇ ਵਸੇ ਮੁੰਡਿਆਂ ਬਾਰੇ ਬਾਰੀਕੀ ਨਾਲ ਜਾਣਕਾਰੀ ਹਾਸਲ ਕਰਨ ਤਾਂ ਕਿ ਮੁੜ ਪਛਤਾਉਣਾ ਨਾ ਪਵੇ। ਵਿਦੇਸ਼ਾਂ ਵਿੱਚ ਬਣੀਆਂ ਸੰਸਥਾਵਾਂ ਦਾ ਵੀ ਸਹਾਰਾ ਲੈ ਲੈਣ ਤਾਂ ਕਿ ਢੁਕਵੇਂ ਨਤੀਜੇ ਪ੍ਰਾਪਤ ਕੀਤੇ ਜਾ ਸਕਣ।
      ਧੀਆਂ ਨੇ ਕਿਹੜੇ ਥਾਂ ਪਰਵਾਸ ਕਰਨਾ ਹੈ, ਇਹ ਵੀ ਕਈ ਵਾਰ ਪਹਿਲਾਂ ਤੋਂ ਤੈਅ ਨਹੀਂ ਹੁੰਦਾ, ਕਿਉਂਕਿ ਅੱਜ ਵੀ ਧੀਆਂ ਬਾਰੇ ਇਹੋ ਕੁਝ ਕਿਹਾ ਜਾ ਸਕਦੈ -

ਸਾਡੀਆਂ ਧੀਆਂ ਸਾਡੀਆਂ ਮਾਵਾਂ
ਉੱਡਦੇ ਪੰਛੀ ਦਾ ਪਰਛਾਵਾਂ
ਸਾਰੀ ਉਮਰਾ ਚੁੱਕੀ ਫਿਰਦੀਆਂ
ਮਨ 'ਚ ਸਾਂਭੀ ਚਾਰ ਕੁ ਲਾਵਾਂ।

ਪੰਜਾਬੀਓ ਅਤੇ ਦੇਸ਼ ਵਾਸੀਓ ਸੰਭਲੋ ਸੋਚ-ਸਮਝ ਕੇ ਹੀ ਧੀਆਂ ਨੂੰ ਬਾਹਰ ਭੇਜੋ, ਕਿਉਂਕਿ ਧੀਆਂ ਦੇ ਘਰ ਨਾ ਵਸਣ ਤਾਂ ਧੀਆਂ ਦੇ ਦੁੱਖ ਬੁਰੇ।


ਖੁਸ਼ਕ ਪਹਾੜਾਂ ਦੀ ਸੈਰ

ਐਤਵਾਰ ਦੇ ਦਿਨ ਪਿੰਜੌਰ ਦੇ ਉੱਪਰਲੇ ਹਿੱਸੇ ਵੱਲ ਮੂੰਹ ਕੀਤਾ ਤਾਂ ਅਜਨਬੀ ਰਾਹਾਂ 'ਤੇ ਕਾਰ ਚੱਲਦੀ-ਚੱਲਦੀ ਖੁਸ਼ਕ ਪਹਾੜਾਂ ਵਿਚਲੀ ਵਾਦੀ ਤੱਕ ਲੈ ਗਈ। ਉੱਚੇ ਪਹਾੜਾਂ ਨਾਲ ਘਿਰੀ ਵਾਦੀ ਵਿੱਚ ਸੱਤਰ ਕੁ ਗਜ਼ ਲੰਮੇ ਅਤੇ 40 ਕੁ ਗਜ਼ ਚੌੜੇ ਮੈਦਾਨ ਵਿੱਚ ਡਾ. ਜੋਗਿੰਦਰ ਦਿਆਲ ਦੀ ਅਗਵਾਈ 'ਚ ਸਭ ਮਿੱਤਰ ਚੌਕੜੀਆਂ ਮਾਰ ਕੇ ਬੈਠ ਗਏ। ਡਾ. ਜੋਗਿੰਦਰ ਦਿਆਲ ਨੇ ਆਪਣੇ ਰੂਸ ਵਿਚਲੀਆਂ ਕਹਾਣੀਆਂ ਵੀ ਛੇੜੀਆਂ ਅਤੇ ਕਮਿਊਨਿਸਟ ਸੰਘਰਸ਼ਾਂ ਦੇ ਕਿੱਸੇ ਵੀ ਸੁਣਾਏ। ਮੈਂ, ਗਾਇਕ ਆਰ ਡੀ ਕੈਲੇ, ਬਲਵਿੰਦਰ ਸਿੰਘ ਉੱਤਮ ਅਤੇ ਹਰਪ੍ਰੀਤ ਸਿੰਘ ਔਲਖ ਉਨ੍ਹਾਂ ਨੂੰ ਪੂਰੇ ਧਿਆਨ ਨਾਲ ਸੁਣਦੇ ਰਹੇ ਅਤੇ ਆਪੋ-ਆਪਣੀਆਂ ਵੀ ਸੁਣਾਉਣ ਲੱਗ ਪਏ।
       ਮੌਸਮ ਠੰਢਾ ਤਾਂ ਸੀ, ਪਰ ਸੂਰਜ ਦੀ ਧੁੱਪ ਕਦੇ-ਕਦੇ ਗਰਮ ਕਰਦੀ ਰਹੀ। ਸਰਦ ਹਵਾਵਾਂ ਵਿੱਚ ਵੀ ਮੌਸਮ ਨਿੱਘਾ ਰਿਹਾ ਅਤੇ ਮਾਹੌਲ ਸਰੂਰੀ। ਇੱਕ ਤਰ੍ਹਾਂ ਵਿਚਾਰਾਂ ਦੀ ਬੈਠਕ। ਇੱਕ ਤਰ੍ਹਾਂ ਦਾ ਨਿੱਘੀ ਮਿੱਤਰ ਮੰਡਲੀ ਅਤੇ ਭਾਈਚਾਰਾ। ਕੋਈ ਮੂਲੀਆਂ, ਕੋਈ ਗਾਜਰਾਂ ਕੱਟ ਰਿਹਾ, ਕੋਈ ਸੇਬ, ਅਨਾਰ ਅਤੇ ਅਮਰੂਦ। ਨੇੜਲੇ ਪਿੰਡ ਦਾ ਮੁੰਡਾ ਆਇਆ ਤਾਂ ਉਸ ਸ਼ਿਵ ਮੰਦਰ ਜਾਣ ਦੀ ਸਲਾਹ ਦਿੱਤੀ।
     ਆਰ ਡੀ ਕੈਲੇ 'ਚੋਂ ਆਪ ਮੁਹਾਰੇ ਗਾਇਕੀ ਦਾ ਅਲਾਪ ਹੋਣਾ ਸ਼ੁਰੂ ਹੋ ਗਿਆ। ਉਸ ਨੇ ਮੇਰੀ ਉਸ ਗ਼ਜ਼ਲ ਨਾਲ ਗਾਇਕੀ ਦਾ ਆਗਾਜ਼ ਕੀਤਾ, ਜਿਹੜੀ 1971 'ਚ 'ਨਵਾਂ ਜ਼ਮਾਨਾ' ਦੇ ਕਿਸੇ ਅੰਕ ਵਿੱਚ ਛਪੀ ਸੀ :

ਝੁੱਗੀਆਂ ਦੇ ਬੋਲ  ਕਰਾਰੇ ਹੋਏ  ਨੇ।
ਰਾਹਾਂ 'ਚ ਤਾਹੀਉਂ ਅੰਗਾਰੇ ਹੋਏ ਨੇ।
ਸਾਰਾ ਹੀ ਦਿਨ  ਜੋ ਵਹਾਂਦੇ ਪਸੀਨਾ
ਰੋਟੀ ਤੋਂ ਵੀ ਉਹ ਵਿਸਾਰੇ ਹੋਏ ਨੇ।
ਮਹਿਲਾਂ ਦਾ ਮਾਣ ਕਾਹਦਾ ਹੈ ਯਾਰੋ
ਝੁੱਗੀਆਂ ਨੇ ਹੀ ਜੋ ਉਸਾਰੇ ਹੋਏ ਨੇ।

ਇੱਕ ਦੋ ਹੋਰ ਰਚਨਾਵਾਂ ਤੋਂ ਬਾਅਦ ਉਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਛੋਹ ਲਏ :-

ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਪੀੜਾਂ ਦਾ ਪਰਾਗਾ ਭੁੰਨ ਦੇ
"'
ਜਿੱਥੇ ਇਤਰਾਂ ਦੀ ਵਗਦਾ ਈ ਚੋਅ
ਉਥੇ ਮੇਰਾ ਯਾਰ ਵਸਦਾ।

ਚੂਰੀ  ਕੁੱਟਾਂ ਤਾਂ  ਉਹ  ਖਾਂਦਾ ਨਾਹੀਂ।
ਮੈਂ ਉਹਨੂੰ ਦਿਲ ਦਾ ਮਾਸ ਖੁਆਇਆ।

ਸੂਰਜ ਛੁੱਟੀ ਕਰਨ ਲੱਗ ਪਿਆ। ਸਾਡਾ ਰੰਗੀਲੇ ਮਾਹੌਲ 'ਚੋਂ ਨਿਕਲਣ ਨੂੰ ਤਾਂ ਜੀਅ ਨਹੀਂ ਸੀ ਕਰਦਾ ਪਰ ਸਮੇਂ ਅਨੁਸਾਰ ਚੰਡੀਗੜ੍ਹ ਵੱਲ ਨੂੰ ਵਹੀਰਾਂ ਘੱਤ ਲਈਆਂ। ਨੇੜੇ ਦਾ ਪਰ ਇੱਕ ਯਾਦਗਾਰੀ ਸਫ਼ਰ ਬਣ ਗਿਆ।


ਲਤੀਫ਼ੇ ਦਾ ਚਿਹਰਾ ਮੋਹਰਾ

ਗਾਹਕ : ਥਾਰੀ ਭੈਂਸ ਕੀ ਇੱਕ ਆਂਖ ਤੋ ਖ਼ਰਾਬ ਸੈ, ਫੇਰ ਵੀ ਤੂੰ ਇਸ ਕੇ 25 ਹਜ਼ਾਰ ਮਾਂਗਨ ਲਾਗਿਆ ਸੈ?
ਮੱਝ ਵਾਲਾ : ਤਨੈ ਭੈਂਸ ਦੂਧ ਖਾਤਰ ਚਾਹੀਏ ਜਾਂ ਨੈਨ ਮਟੱਕਾ ਕਰਨ ਖਾਤਰ...??
-------
ਤਾਊ : ਮਾਸਟਰ ਮੇਰਾ ਛੋਰ੍ਹਾ ਪੜ੍ਹਾਈ ਮੇਂ ਕੈਸਾ ਸੈ?
ਮਾਸਟਰ : ਆਰੀਆ ਭੱਟ ਨੇ ਸਿਫ਼ਰ ਦੀ ਖੋਜ ਇਸ ਕੀ ਖਾਤਰ ਹੀ ਕਰੀ ਥੀ।

ਸੰਪਰਕ : 98141-13338

12 Jan. 2019

ਅਨੁਮਾਨ, ਸਰਵੇ ਤੇ ਵਿਸ਼ਲੇਸ਼ਣ -  ਸ਼ਾਮ ਸਿੰਘ ਅੰਗ-ਸੰਗ

ਭਾਰਤ ਦੀ ਪਾਰਲੀਮੈਂਟ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਜਿਸ ਕਾਰਨ ਰਾਜਨੀਤਕ ਅਖਾੜੇ ਵਿੱਚ ਗਰਜਣ ਵਾਲੇ ਆਪਣੇ-ਆਪਣੇ ਪਰ ਤੋਲਣ ਲੱਗ ਪਏ। ਰਾਜਨੀਤੀਵਾਨ ਆਪੋ-ਆਪਣੇ ਹਲਕੇ ਵਿੱਚ ਲੋਕਾਂ ਦੇ ਚਿਹਰੇ ਅਤੇ ਮਨ ਪੜ੍ਹ ਕੇ ਅਨੁਮਾਨ ਲਾਉਣ ਲੱਗ ਪਏ ਕਿ ਹਵਾ ਦਾ ਰੁਖ ਕਿਸ ਪਾਸੇ ਵੱਲ ਚੱਲ ਰਿਹੈ। ਅਨੁਮਾਨ ਲਾਉਣ ਵੇਲੇ ਹਰ ਕੋਈ ਆਪਣੇ ਹੀ ਹੱਕ ਵਿੱਚ ਭੁਗਤਣ ਵਾਸਤੇ ਆਪਣੇ ਸੋਚੇ ਸਮਝੇ ਪੈਮਾਨੇ ਵਰਤਣ ਤੋਂ ਗੁਰੇਜ਼ ਨਹੀਂ ਕਰਦਾ। ਆਪਣੀ ਜਿੱਤ ਦਾ ਭਰਮ ਪਾਲਣ ਲਈ ਅਨੁਮਾਨ ਲਗਾਉਂਦਿਆਂ ਜ਼ਮੀਨੀ ਹਕੀਕਤ ਦਾ ਵੀ ਧਿਆਨ ਨਹੀਂ ਰੱਖਦਾ। ਅਨੁਮਾਨ ਆਪੇ ਸਿਰਜੀ ਕਿਰਿਆ ਹੁੰਦੀ ਹੈ, ਜਿਸ ਦੇ ਠੋਸ ਆਧਾਰ ਵੀ ਨਹੀਂ ਹੁੰਦੇ ਅਤੇ ਕਲਪਨਾ ਦੇ ਰੁੱਖ ਨੂੰ ਖੜ੍ਹਾ ਕਰਨ ਲਈ ਜੜ੍ਹਾਂ ਵੀ ਨਹੀਂ ਹੁੰਦੀਆਂ।
       ਅਨੁਮਾਨ ਲਾਉਣ ਦਾ ਕੰਮ ਕੱਲਾ-ਕੱਲਾ ਸਿਆਸਤਦਾਨ ਵੀ ਕਰਦਾ ਹੈ ਅਤੇ ਸਿਆਸੀ ਪਾਰਟੀਆਂ ਵੀ। ਹਰੇਕ ਆਪਣੇ ਕੀਤੇ ਕੰਮਾਂ ਨੂੰ ਵੀ ਦੇਖਦਾ ਹੈ ਅਤੇ ਪਾਰਟੀ ਦੀ ਨਿਭਾਈ ਕਾਰਗੁਜ਼ਾਰੀ ਵੀ। ਸਿਆਸੀ ਪਾਰਟੀ ਕੀਤੇ ਕੰਮਾਂ ਉੱਤੇ ਨਜ਼ਰ ਫੇਰਦੀ ਹੈ ਅਤੇ ਬੀਤੇ ਵਿੱਚ ਲੋਕਾਂ ਦੇ ਸੰਘਰਸ਼ਾਂ ਵਿੱਚ ਦਿੱਤੇ ਸਾਥ ਅਤੇ ਸਹਿਯੋਗ ਨੂੰ ਪੜ੍ਹਦੀ ਵੀ ਹੈ ਅਤੇ ਵਿਚਾਰਦੀ ਵੀ ਤਾਂ ਕਿ ਉਸ ਦੇ ਆਧਾਰ 'ਤੇ ਭਵਿੱਖ ਦੀ ਜਿੱਤ-ਹਾਰ ਦੇ ਅੰਦਾਜ਼ੇ ਲਾਏ ਜਾ ਸਕਣ। ਅਜਿਹਾ ਕਰਦਿਆਂ ਬਹੁਤਾ ਕਰਕੇ ਆਪਣੇ ਵਿਰੁੱਧ ਤਾਂ ਉੱਕਾ ਹੀ ਸੋਚਿਆ ਨਹੀਂ ਜਾਂਦਾ, ਪਰ ਅਨੁਮਾਨ ਤਾਂ ਅਨੁਮਾਨ ਹੀ ਹੁੰਦਾ, ਜਿਸ 'ਤੇ ਭਰੋਸਾ ਨਹੀਂ ਹੁੰਦਾ।
      ਜਿਵੇਂ-ਜਿਵੇਂ ਚੋਣਾਂ ਦੀ ਤਾਰੀਖ ਨੇੜੇ ਆਉਂਦੀ ਰਹਿੰਦੀ ਹੈ, ਤਿਵੇਂ-ਤਿਵੇਂ ਹਰ ਸਿਆਸੀ ਪਾਰਟੀ ਵੱਖੋ-ਵੱਖ ਹਲਕਿਆਂ ਵਿੱਚ ਚੋਣ ਸਰਵੇ ਕਰਵਾਉਂਦੀ ਹੈ ਤਾਂ ਕਿ ਲੋਕ ਰਾਇ ਪੈਦਾ ਕੀਤੀ ਜਾ ਸਕੇ। ਵੱਖ-ਵੱਖ ਏਜੰਸੀਆਂ ਅਤੇ ਚੈਨਲਾਂ ਵੱਲੋਂ ਕੀਤੇ ਜਾਂਦੇ ਇਹ ਸਰਵੇ ਏਹੀ ਪ੍ਰਭਾਵ ਪਾਉਂਦੇ ਹਨ ਕਿ ਇਹ ਕੀਤੇ ਗਏ ਹਨ, ਪਰ ਅਸਲ ਵਿੱਚ ਇਹ ਵੱਖ-ਵੱਖ ਪਾਰਟੀਆਂ ਵੱਲੋਂ ਕਰਵਾਏ ਜਾਂਦੇ ਹਨ ਤਾਂ ਜੋ ਵੋਟਰਾਂ (ਭੋਲੇ-ਭਾਲੇ ਨਾਗਰਿਕਾਂ) ਨੂੰ ਬੜੀ ਹੀ ਆਸਾਨੀ ਨਾਲ ਆਪਣੇ ਹੱਕ ਵਿੱਚ ਭੁਗਤਾਉਣ ਲਈ ਸਬਜ਼ਬਾਗ ਦਿਖਾ ਕੇ ਗੁੰਮਰਾਹ ਕੀਤਾ ਜਾ ਸਕੇ। ਬੀਤੇ ਵਿੱਚ ਕੀਤੇ/ਕਰਵਾਏ ਗਏ ਸਰਵੇ ਜਿਨ੍ਹਾਂ ਨਤੀਜਿਆਂ ਨਾਲ ਮੇਲ ਕੇ ਦੇਖੇ ਹਨ, ਉਹ ਇਸ ਸਿੱਟੇ 'ਤੇ ਪਹੁੰਚ ਸਕਦੇ ਹਨ ਕਿ ਬਹੁਤਾ ਸ਼ੋਰ ਕਰਨ ਵਾਲੀ ਪਾਰਟੀ ਪਿੱਛੇ ਹੀ ਰਹਿ ਗਈ।
      ਪਿਛਲੇ ਸਰਵਿਆਂ ਦੇ ਆਧਾਰ 'ਤੇ ਉਸੇ ਏਜੰਸੀ ਜਾਂ ਚੈਨਲ ਨੂੰ ਸਰਵੇ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ, ਜਿਸ ਦਾ ਸਰਵੇ ਨਿਰਪੱਖ ਤੇ ਸਹੀ ਰਿਹਾ ਹੋਵੇ। ਅਜਿਹਾ ਹੋ ਜਾਵੇ ਤਾਂ ਸਰਵੇ ਸਹੀ ਵੀ ਹੋਣਗੇ, ਨਿਰਪੱਖ ਵੀ ਅਤੇ ਸਰਵੇ ਕਰਵਾਉਣ ਵਾਲੇ ਆਪੇ ਚਿੱਤ ਹੋ ਜਾਣਗੇ। ਉਂਜ ਵੋਟਾਂ ਪੈਣ ਬਾਅਦ ਨਤੀਜੇ ਸਾਹਮਣੇ ਆ ਹੀ ਜਾਣੇ ਹੁੰਦੇ ਹਨ, ਜਿਸ ਕਾਰਨ ਸਰਵੇ ਕਰਨ ਜਾਂ ਫਿਰ ਕਰਵਾਉਣ ਦੀ ਲੋੜ ਹੀ ਨਹੀਂ। ਇਨ੍ਹਾਂ 'ਤੇ ਕਾਨੂੰਨਨ ਪਾਬੰਦੀ ਹੋਣੀ ਚਾਹੀਦੀ ਹੈ ਤਾਂ ਜੋ ਵੋਟਰਾਂ ਨੂੰ ਗੁੰਮਰਾਹ ਕਰਨ-ਕਰਵਾਉਣ ਦਾ ਮੌਕਾ ਹੀ ਨਾ ਦਿੱਤਾ ਜਾ ਸਕੇ।
        ਰਹੀ ਗੱਲ ਵਿਸ਼ਲੇਸ਼ਣਾਂ ਦੀ। ਸਿਆਸੀ ਮਾਹਿਰ ਆਪਣੀ-ਆਪਣੀ ਬੋਲੀ ਬੋਲਦੇ ਹਨ, ਜੋ ਨਿਰਪੱਖ ਅਤੇ ਵਿਸ਼ਾਲ ਦਿਲੀ ਵਾਲੀ ਨਹੀਂ ਹੁੰਦੀ। ਹਰ ਕੋਈ ਆਪਣੀ ਇੱਛਾ ਅਤੇ ਰੁਝਾਨ ਮੁਤਾਬਕ ਬੋਲਦਾ ਹੈ, ਜੋ ਆਪਣਾ ਪ੍ਰਭਾਵ ਪਾਉਣ ਵਿੱਚ ਕਾਮਯਾਬ ਨਹੀਂ ਹੁੰਦਾ। ਕਈ ਵਾਰ ਤਾਂ ਬੁਲਾਰੇ ਦੀ ਗੱਲ ਅੱਧ ਅਧੂਰੀ ਵੀ ਰਹਿ ਜਾਂਦੀ ਹੈ, ਕਿਉਂਕਿ ਉਸ ਨੂੰ ਵਿੱਚੋਂ ਹੀ ਟੋਕ ਦਿੱਤਾ ਜਾਂਦਾ ਹੈ, ਜਿਸ ਕਾਰਨ ਉਸ ਦੀ ਸੋਚ ਕਿਸੇ ਸਿਰੇ ਨਹੀਂ ਲੱਗਦੀ। ਬਹੁਤੀ ਵਾਰ ਐਂਕਰ ਆਪਣੇ ਗਿਆਨ ਅਤੇ ਅਧਿਕਾਰ ਦੀ ਹੈਂਕੜ ਕਾਰਨ ਆਪਣਾ ਪ੍ਰਭਾਵ ਵੱਧ ਪਾਉਣ ਦੇ ਜਤਨ ਵਿੱਚ ਹੁੰਦਾ ਹੈ, ਜਿਸ ਨਾਲ ਬੁਲਾਰੇ ਠਿੱਬੀ ਤਾਂ ਖਾ ਲੈਂਦੇ ਹਨ, ਪਰ ਵਿਸ਼ਾ-ਵਸਤੂ ਨਜਿੱਠੇ ਨਹੀਂ ਜਾਂਦੇ।
        ਕਈ ਵਾਰ ਬਹਿਸ ਵਿੱਚ ਉਹ ਵੀ ਬੈਠੇ ਹੁੰਦੇ ਹਨ, ਜਿਨ੍ਹਾਂ ਕੋਲ ਤਾਜ਼ਾ-ਤਰੀਨ ਹਾਲਤ ਦੀ ਜਾਣਕਾਰੀ ਵੀ ਨਹੀਂ ਹੁੰਦੀ ਅਤੇ ਨਾ ਹੀ ਸਹੀ ਤੱਥ ਅਤੇ ਤਾਰੀਖਾਂ ਦੀ। ਇਹ ਇੱਕ ਨਹੀਂ, ਹਰ ਚੈਨਲ ਦੀ ਇਹੋ ਸੱਚਾਈ ਹੈ ਜਿਸ ਕਰਕੇ ਸਰੋਤੇ/ਦਰਸ਼ਕ ਤੁਰੰਤ ਚੈਨਲ ਬਦਲਣ ਲਈ ਰੀਮੋਟ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਕਈ ਵਾਰ ਬਹਿਸ ਦੌਰਾਨ ਗਰਮਾ ਗਰਮੀ ਇਸ ਹੱਦ ਤੱਕ ਵਧ ਜਾਂਦੀ ਹੈ ਕਿ ਸਾਰੇ ਇੱਕ-ਦੂਜੇ 'ਤੇ ਸਵਾਰ ਹੋਣ ਨੂੰ ਫਿਰਦੇ ਹਨ ਅਤੇ ਉਨ੍ਹਾਂ ਦੀ ਗੱਲਬਾਤ ਸੁਣਨ ਵਾਲਿਆਂ ਤੱਕ ਪਹੁੰਚਦੀ ਹੀ ਨਹੀਂ।
       ਚੰਗਾ ਹੋਵੇ ਜੇ ਏਜੰਸੀਆਂ, ਚੈਨਲ ਅਤੇ ਮੀਡੀਆ ਦੇ ਹੋਰ ਸਾਧਨ ਸਿਆਸੀ ਪਾਰਟੀਆਂ ਦੇ ਬੁਲਾਰੇ ਵਾਹਨ ਨਾ ਬਣਨ ਅਤੇ ਨਿਰਪੱਖਤਾ ਨਾਲ ਸਿਆਸੀ ਹਾਲਾਤ ਤੋਂ ਦੇਸ਼ ਵਾਸੀਆਂ ਨੂੰ ਜਾਣੂ ਕਰਵਾਉਣ, ਪਰ ਅਜਿਹਾ ਮੀਡੀਆ ਤਾਂ ਹੁਣ ਬੀਤੇ ਦੀ ਗੱਲ ਹੋ ਕੇ ਰਹਿ ਗਈ। ਅੱਜ ਬਹੁਤਾ ਮੀਡੀਆ ਬਹੁਤਾ ਕਰਕੇ ਹੱਥ-ਠੋਕਾ ਹੈ ਜਾਂ ਫਿਰ ਵਪਾਰਕ। ਪਿਛਲੇ ਕੁਝ ਸਮੇਂ ਵਿੱਚ ਤਾਂ ਮੀਡੀਆਂ ਵਿੱਚੋਂ ਜੁਰਅੱਤ ਹੀ ਗੁਆਚ ਕੇ ਰਹਿ ਗਈ। ਅੱਖਰਾਂ/ਸ਼ਬਦਾਂ/ਫਿਕਰਿਆਂ ਦੇ ਸਿਰ ਝੁਕਾਉਣ ਦੀ ਗੱਲ ਤਾਂ ਪਹਿਲਾਂ ਵੀ ਹੁੰਦੀ ਰਹੀ, ਪਰ ਹੁਣ ਤਾਂ ਫਿਕਰਿਆਂ ਦੇ ਫਿਕਰੇ ਰੀਂਘਣ ਹੀ ਲੱਗ ਪਏ।
      ਕੋਈ-ਕੋਈ ਪੱਤਰਕਾਰ ਬੋਲਣਾ ਚਾਹੁੰਦਾ ਹੈ, ਪਰ ਉਸ ਨੂੰ ਬੋਲਣ ਹੀ ਨਹੀਂ ਦਿੱਤਾ ਜਾਂਦਾ। ਕਈ ਇੱਕ ਤਾਂ ਜੁਰਅੱਤ ਦਿਖਾਉਂਦੇ ਹੋਏ ਪੱਤਰਕਾਰੀ ਦੇ ਮੈਦਾਨ ਵਿੱਚੋਂ 'ਸ਼ਹੀਦ' (ਬਾਹਰ) ਹੀ ਹੋ ਗਏ। ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ਨਾਲ ਅਜਿਹਾ ਹੋਣਾ ਵੱਡੀ ਮੰਦਭਾਗੀ ਗੱਲ ਹੈ, ਕਿਉਂਕਿ ਅਜਿਹਾ ਹੋਣ ਨਾਲ ਤਾਂ ਹਰ ਪਾਸੇ ਹਨੇਰਾ ਹੋ ਕੇ ਰਹਿ ਜਾਵੇਗਾ ਅਤੇ
ਅਸਲੀਅਤ ਉੱਤੇ ਪਰਦਾ ਹੀ ਪਿਆ ਰਹੇਗਾ। ਸੱਚ ਅਤੇ ਹਕੀਕਤ ੳੱਤੇ ਪਰਦਾ ਪੈਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਜਾਗ ਕੇ ਦਲੇਰੀ ਨਾਲ ਪਹਿਰਾ ਦੇਣਾ ਪਵੇਗਾ।


ਆਮ ਆਦਮੀ ਪਾਰਟੀ


ਪੰਜਾਬ ਦੇ ਸਿਆਸੀ ਹਾਲਾਤ ਆਮ ਆਦਮੀ ਲਈ ਬਹੁਤੇ ਚੰਗੇ ਅਤੇ ਕਾਰਗਰ ਨਹੀਂ। ਪਰੰਪਰਿਕ ਪਾਰਟੀਆਂ ਰਵਾਇਤੀ ਕਦਮ ਹੀ ਭਰਦੀਆਂ ਹਨ ਅਤੇ ਲੀਕ ਤੋਂ ਪਰਲਾ ਕੰਮ ਨਹੀਂ ਕਰਦੀਆਂ, ਜਿਸ ਕਾਰਨ ਆਮ ਆਦਮੀ ਦੇ ਜੀਵਨ-ਪੱਧਰ ਵਿੱਚ ਕੋਈ ਤਬਦੀਲੀ ਨਹੀਂ ਹੋ ਰਹੀ। ਇਹ ਨਵੀਂ ਆਮ ਆਦਮੀ ਪਾਰਟੀ ਨਵੇਂ ਅੰਦਾਜ਼ ਦਾ ਵਾਅਦਾ ਕਰਕੇ ਮੈਦਾਨ ਵਿੱਚ ਨਿੱਤਰੀ ਸੀ ਕਿ ਪਰਿਵਰਤਨ ਲਿਆਂਦਾ ਜਾਵੇਗਾ, ਪਰ ਸਭ ਸਿਫ਼ਰ ਹੋ ਕੇ ਰਹਿ ਗਿਆ। ਪਾਰਟੀ ਟੁੱਟ ਗਈ ਅਤੇ ਭਾਨ ਵਾਂਗ ਖਿੱਲਰ ਗਈ।
ਜਿਸ ਪਾਰਟੀ ਦਾ ਸੰਚਾਲਕ ਹੀ ਵਪਾਰਕ ਬਿਰਤੀ ਦਾ ਹੋਵੇ, ਉਸ ਵੱਲੋਂ ਪਰਿਵਰਤਨ ਦੀ ਆਸ ਰੱਖਣੀ ਸੁਫ਼ਨਾ ਦੇਖਣਾ ਵੀ ਹੋ ਸਕਦਾ ਹੈ, ਕਲਪਨਾ 'ਚ ਉਡਣਾ ਵੀ। ਆਮ ਆਦਮੀ ਪਾਰਟੀ ਦੇ ਸੰਚਾਲਕ ਨੇ ਆਪਣੀ ਹੈਂਕੜ ਤਾਂ ਕਾਇਮ ਰੱਖੀ, ਜਿਸ ਨਾਲ ਪਾਰਟੀ ਲੀਰੋ-ਲੀਰ ਹੋ ਗਈ। ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਘੁੱਗੀ ਤੱਕ ਸਭ ਰਾਹੇ ਪਾ ਦਿੱਤੇ ਗਏ ਜਾਂ ਫੇਰ ਉਡ-ਪੁਡ ਗਏ। ਨੁਕਸਾਨ ਨੇਤਾਵਾਂ ਦਾ ਘੱਟ ਹੋਇਆ, ਉਸ ਆਦਮੀ ਦਾ ਵੱਧ, ਜਿਸ ਦੇ ਅੱਗੇ ਵਾਅਦੇ ਵੀ ਪਰੋਸੇ ਗਏ ਅਤੇ ਉਮੀਦਾਂ ਵੀ।
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਹੀ ਵੱਡੇ ਨੇਤਾ ਪਾਰਟੀ ਤੋਂ ਬਾਹਰ ਹੋ ਗਏ। ਸਰਕਾਰ ਬਣਾਉਂਦੇ-ਬਣਾਉਂਦੇ ਵਿਰੋਧੀ ਧਿਰ ਵਿੱਚ ਆ ਗਏ। ਵਿਰੋਧੀ ਧਿਰ ਦੇ ਨੇਤਾ ਤੋਂ ਲਾਹੇ ਸੁਖਪਾਲ ਸਿੰਘ ਖਹਿਰਾ ਨੇ ਅਜਿਹਾ ਖੌਰੂ ਪਾਇਆ ਕਿ ਪਾਰਟੀ ਫਿਰ ਖੇਰੂੰ-ਖੇਰੂੰ ਹੋ ਗਈ। ਘਮਾਸਾਣ ਚੱਲਦਾ ਰਿਹਾ। ਲੋਕ ਆਮ ਆਦਮੀ ਪਾਰਟੀ ਨੂੰ ਭੁੱਲਣ ਲੱਗ ਪਏ, ਪਰ ਖਹਿਰਾ ਖਹਿਰਾ ਹੋ ਗਈ। ਉਹ ਵੀ ਆਪਣੇ ਅੱਠ ਵਿਧਾਇਕਾਂ ਤੋਂ ਅੱਗੇ ਨਾ ਵਧ ਸਕਿਆ, ਸਗੋਂ ਇੱਕ ਹੋਰ ਬੇੜੀ 'ਚੋਂ ਲਹਿ ਗਿਆ। ਸੁਖਪਾਲ ਅਤੇ ਕੰਵਰ ਸੰਧੂ ਪਾਰਟੀ 'ਚੋਂ ਮੁਅੱਤਲ ਕਰ ਦਿੱਤੇ ਗਏ।
      ਹੁਣ ਤਾਂ ਪਾਰਟੀ ਟੁੱਟ ਫੁੱਟ ਹੀ ਗਈ। ਖਹਿਰੇ ਹੁਰਾਂ ਨਵੀਂ ਪਾਰਟੀ ਬਣਾਉਣ ਵੱਲ ਮੂੰਹ ਕਰ ਲਿਆ। ਲੋਕਾਂ ਨੂੰ ਬੁਰਾ ਸੁਫ਼ਨਾ ਜਾਪਿਆ ਤਾਂ ਉਨ੍ਹਾਂ ਆਪਣਾ ਮੂੰਹ ਪਾਰਟੀ ਵੱਲੋਂ ਹਟਾ ਲਿਆ। ਹੁਣ ਨਵੀਂ ਪਾਰਟੀ ਦਾ ਕੀ ਨਕਸ਼ਾ ਬਣਦਾ ਹੈ, ਇਸ ਦਾ ਅਜੇ ਕਿਸੇ ਨੂੰ ਪਤਾ ਨਹੀਂ, ਪਰ ਇਹ ਚੰਗਾ ਨਹੀਂ ਹੋ ਰਿਹਾ। ਆਮ ਆਦਮੀ ਪਾਰਟੀ ਨੂੰ ਖਾਲੀ ਥਾਂ ਮਿਲੀ ਸੀ ਪਰ ਉਹ ਮੱਲ ਨਾ ਸਕੇ, ਸਗੋਂ ਇੱਕ ਤੋਂ ਵੱਧ ਕਾਰਨਾਂ ਕਰਕੇ ਬਣੀ ਬਣਾਈ ਗੱਲ ਗੁਆ ਲਈ ਕਿ ਨਾ ਖੇਲ੍ਹਣਾ ਨਾ ਹੀ ਖੇਲ੍ਹਣ ਦੇਣਾ।
        ਸੁਖਪਾਲ ਖਹਿਰਾ ਪਾਰਟੀ ਤੋਂ ਅਸਤੀਫ਼ਾ ਦੇ ਕੇ ਤਾਂ ਸੁਰਖਰੂ ਹੋ ਗਿਆ, ਪਰ ਕੰਵਰ ਕੀ ਕਰੇ। ਦੂਜਾ ਵਿਧਾਨ ਸਭਾ ਦੀ ਮੈਂਬਰੀ ਦਾ ਕੀ ਬਣੂ। ਜੇ ਅਸਤੀਫ਼ਾ ਦਿੰਦੇ ਹਨ ਤਾਂ ਸੱਤੇ ਵਿਧਾਇਕ ਤਾਂ ਹੱਥ-ਪੱਲੇ ਕੁੱਝ ਵੀ ਨਹੀਂ ਰਹੇਗਾ। ਜੇ ਮੁੜ ਚੋਣ ਹੁੰਦੀ ਹੈ ਤਾਂ ਪੰਜਾਬ ਦੇ ਖ਼ਜ਼ਾਨੇ ਸਿਰ ਮੁੜ ਚੋਣਾਂ ਦਾ ਖਰਚਾ। ਇਹ ਕੋਈ ਚੰਗੀ ਖੇਲ੍ਹ ਨਹੀਂ, ਜੋ ਪੰਜਾਬੀਆਂ ਨਾਲ ਧੋਖਾ ਹੈ, ਜਿਸ ਨੂੰ ਉਹ ਕਿਸੇ ਤਰ੍ਹਾਂ ਵੀ ਮੁਆਫ਼ ਨਹੀਂ ਕਰਨਗੇ। ਸੋਚਣਾ ਕੌਮੀ ਸੰਚਾਲਕ ਨੇ ਹੈ ਜਾਂ ਫੇਰ ਖਹਿਰਾ ਅਤੇ ਉਸ ਦੇ ਸਾਥੀਆਂ ਨੇ ਕਿ ਪੰਜਾਬ ਨੂੰ ਇਸੇ ਹਾਲਾਤ ਵਿੱਚ ਰਹਿਣ ਦੇਣਾ ਹੈ ਜਾਂ ਫੇਰ ਇਸ ਦੇ ਮੁਹਾਂਦਰੇ ਨੂੰ ਬਦਲਣ ਲਈ ਕੁਝ ਹਾਂ-ਵਾਚਕ ਕਰਨਗੇ। ਪੰਜਾਬ ਕਰਜ਼ੇ ਹੇਠ ਦੱਬਿਆ ਪਿਆ ਹੈ, ਜਿਸ ਬਾਰੇ ਕੋਈ ਸੰਜੀਦਗੀ ਨਾਲ ਸੋਚ ਹੀ ਨਹੀਂ ਰਿਹਾ।
       ਚੰਗਾ ਹੋਵੇ ਜੇ ਸਾਰੀਆਂ ਸਿਆਸੀ ਧਿਰਾਂ ਪੰਜਾਬ ਅਤੇ ਪੰਜਾਬੀਆਂ ਦੀ ਫਿਕਰਮੰਦੀ ਕਰਨ ਅਤੇ ਇਸ ਨੂੰ ਤਰੱਕੀ ਦੇ ਰਾਹ ਉੱਤੇ ਪਾਉਣ ਵਾਸਤੇ ਆਪੋ-ਆਪਣਾ ਸਹੀ ਅਤੇ ਬਣਦਾ ਯੋਗਦਾਨ ਪਾਉਣ। ਅਜਿਹਾ ਹੋ ਜਾਵੇ ਤਾਂ ਪੰਜਾਬ ਤਰੱਕੀ ਕਰ ਸਕੇਗਾ, ਨਹੀਂ ਤਾਂ ਨਸ਼ੇ, ਬੇਰੁਜ਼ਗਾਰੀ ਅਤੇ ਗਰੀਬੀ ਇਸ ਨੂੰ ਹੋਰ ਨੀਵਾਣਾਂ ਵੱਲ ਲੈ ਜਾਣਗੇ।

ਲਤੀਫ਼ੇ ਦਾ ਚਿਹਰਾ-ਮੋਹਰਾ


ਵਕੀਲ : ਤੂੰ ਪੰਜਵੀਂ ਵਾਰ ਕਚਹਿਰੀ ਵਿੱਚ ਆਇਆ ਹੈਂ, ਤੈਨੂੰ ਜ਼ਰਾ ਵੀ ਸ਼ਰਮ ਨਹੀਂ ਆਉਂਦੀ?
ਆਦਮੀ : ਜਨਾਬ ਵਕੀਲ ਸਾਹਿਬ, ਇਸ ਹਿਸਾਬ ਤੁਹਾਨੂੰ ਤਾਂ ਸ਼ਰਮ ਨਾਲ ਡੁੱਬ ਹੀ ਜਾਣਾ ਚਾਹੀਦਾ।
"'
ਹਜਾਮਤੀ : ਚਾਚਾ ਵਾਲ ਛੋਟੇ ਕਰਨੇ ਹੈ ਕਿ...?
ਚਾਚਾ : ਮੈਂ ਤਾਂ ਛੋਟੇ ਕਰਾਉਣ ਲਈ ਹੀ ਆਇਆ ਹਾਂ, ਪਰ ਜੇ ਤੂੰ ਵੱਡੇ ਕਰ ਸਕਦਾ ਤਾਂ ਵੱਡੇ ਕਰ ਦੇ।
"'
ਛੋਹਰਾ   : ਤਾਇਆ ਆਪਣੀ ਇਸਤਰੀ ਦੇ ਦੇ
ਤਾਇਆ : ਉਹ ਸਾਹਮਣੇ ਬੈਠੀ ਹੈ ਲੈ ਜਾ
ਛੋਹਰਾ  : ਇਹ ਨਹੀਂ, ਕੱਪੜਿਆਂ ਵਾਲੀ
ਤਾਇਆ : ਤੈਨੂੰ ਤਾਈ ਦੇ ਕੱਪੜੇ ਨਜ਼ਰ ਨਹੀਂ ਆ ਰਹੇ।
ਛੋਹਰਾ  : ਤਾਇਆ ਨਹੀਂ, ਕਰੰਟ ਮਾਰਨ ਵਾਲੀ
ਤਾਇਆ : ਜ਼ਰਾ ਹੱਥ ਲਾ ਕੇ ਦੇਖ, ਕਰੰਟ ਨਾ ਮਾਰਿਆ ਤਾਂ ਮੇਰਾ ਨਾਂਅ ਬਦਲ ਦੇਈਂ।

ਮੋਬਾਈਲ : 98141-13338

10 Dec. 2019

ਸਿਆਸਤ ਨਹੀਂ, ਮਿਸ਼ਨ ਸਵਾਰਥ ਦਾ  - ਸ਼ਾਮ ਸਿੰਘ ਅੰਗ ਸੰਗ

ਸਿਆਸਤ ਕਦੇ ਮਿਸ਼ਨ ਹੁੰਦੀ ਸੀ, ਜਿਸ ਦਾ ਮਕਸਦ ਸੂਬੇ ਜਾਂ ਦੇਸ਼ ਨੂੰ ਖ਼ੁਸ਼ਹਾਲ ਬਣਾਉਣਾ ਹੁੰਦਾ ਸੀ ਜਾਂ ਫੇਰ ਬਿਹਤਰ। ਸਿਆਸਤਦਾਨ ਸੇਵਾ ਵਾਸਤੇ ਨਿਕਲਦੇ ਸਨ, ਤਾਂ ਜੁ ਦੇਸ਼ ਵਾਸੀਆਂ ਨੂੰ ਰਾਹਤ ਪਹੁੰਚਾਈ ਜਾ ਸਕੇ।
       ਦੇਸ਼ ਲੰਮੀ ਗ਼ੁਲਾਮੀ ਝੱਲਣ ਤੋਂ ਬਾਅਦ ਮਸਾਂ-ਮਸਾਂ ਆਜ਼ਾਦ ਹੋਇਆ ਸੀ, ਜਿਸ ਕਾਰਨ ਹਰ ਛੋਟਾ-ਵੱਡਾ ਨੇਤਾ ਸਮਾਜ ਦਾ ਮੂੰਹ-ਮੱਥਾ ਸੰਵਾਰਨ ਅਤੇ ਨਿਖਾਰਨ 'ਤੇ ਲੱਗਾ ਹੋਇਆ ਸੀ, ਤਾਂ ਜੁ ਵਿਕਾਸ ਦੀ ਗੱਲ ਹੋ ਸਕੇ।
       ਹਰ ਨੇਤਾ ਫ਼ਿਰਕਾਪ੍ਰਸਤੀ ਦੇ ਵਿਰੁੱਧ ਬੋਲਦਾ ਸੀ ਅਤੇ ਜਾਤ-ਪਾਤ ਤੋਂ ਮੁਕਤ ਹੋਣ ਦੀਆਂ ਗੱਲਾਂ ਕਰਦਾ ਸੀ, ਜਿਸ ਤੋਂ ਜਾਪਦਾ ਸੀ ਕਿ ਅਸਮਾਨਤਾ ਖ਼ਤਮ ਹੋਈ ਕਿ ਹੋਈ ਅਤੇ ਬਰਾਬਰੀ ਆਈ ਕਿ ਆਈ।
      ਸਕੂਲਾਂ, ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਵਿੱਚ ਭਾਸ਼ਣ ਹੁੰਦੇ। ਪੱਖਪਾਤ ਦੀਆਂ ਕੁਰੀਤੀਆਂ ਨੂੰ ਭੰਡਿਆ ਜਾਂਦਾ ਅਤੇ ਪੂਰੇ ਜ਼ੋਰਦਾਰ ਢੰਗ ਨਾਲ ਨਿਰਪੱਖਤਾ ਦੀ ਭਰਵੀਂ ਹਮਾਇਤ ਕੀਤੀ ਜਾਂਦੀ।
       ਸਿਆਸਤ ਦਾ ਰੂਪ ਸੱਚਾ ਸੀ, ਜੋ ਨਿਰਮਲਤਾ ਦੇ ਰਾਹ ਤੁਰਦੀ। ਉਹ ਸਿਖ਼ਰਾਂ ਫੜਨ ਦਾ ਜਤਨ ਕਰਦੀ, ਜਿਨ੍ਹਾਂ ਨਾਲ ਮਨੁੱਖਤਾ ਵਿੱਚ ਭਾਈਚਾਰੇ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਅਤੇ ਮੁਹੱਬਤ ਪੈਦਾ ਹੁੰਦੀ।
        ਸਮਾਂ ਬਦਲਦਾ ਗਿਆ। ਜਿਹੜੇ ਨੇਤਾ ਰਾਜ-ਗੱਦੀਆਂ ਉੱਤੇ ਬੈਠਣ ਦੇ ਆਦੀ ਹੋ ਗਏ, ਉਹ ਸਦਾ-ਸਦਾ ਲਈ ਸਜੇ ਰਹਿਣਾ ਚਾਹੁੰਦੇ ਸਨ, ਪਰ ਛੱਡਣ ਲਈ ਤਿਆਰ ਨਾ ਹੁੰਦੇ। ਏਦਾਂ ਦਾ ਵਰਤਾਰਾ ਹੋਣ ਨਾਲ ਨਿਘਾਰ ਸ਼ੁਰੂ ਹੋ ਗਿਆ।
       ਲੰਮਾ ਸਮਾਂ ਰਾਜ-ਭਾਗ ਵਿੱਚ ਰਹਿਣ ਵਾਲੇ ਚੁਸਤ-ਚਲਾਕ ਹੋ ਗਏ। ਮਿਸ਼ਨ ਦਾ ਰਾਹ ਛੱਡ ਕੇ ਭਾਈ-ਭਤੀਜਾਵਾਦ ਦੇ ਰਾਹ ਪੈ ਗਏ। ਇਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਰਾਹ ਖੁੱਲ੍ਹ ਗਏ, ਜੋ ਮੁੜ ਬੰਦ ਕਰਨੇ ਸੌਖੇ ਨਾ ਰਹੇ।
        ਲੋਕਤੰਤਰ ਦਾ ਚੌਥਾ ਥੰਮ੍ਹ ਕਹੀ ਜਾਂਦੀ ਪ੍ਰੈੱਸ ਨੇ ਵੀ ਸਿਆਸਤਦਾਨਾਂ ਨਾਲ ਨੇੜਲੀ ਸਾਂਝ ਪਾ ਲਈ, ਜਿਸ ਕਾਰਨ ਕੁਝ ਘਪਲੇ ਦਬਾਏ ਜਾਣ ਲੱਗ ਪਏ ਅਤੇ ਕੁਝ ਲੋੜ ਤੋਂ ਵੱਧ ਉਛਾਲੇ ਜਾਣੇ ਸ਼ੁਰੂ ਹੋ ਗਏ।
       ਸਿਆਸਤਦਾਨ ਵੀ ਮੀਡੀਆ ਵਿੱਚ ਸ਼ਾਮਲ ਹੋ ਗਏ, ਜਿਸ ਕਾਰਨ ਮੀਡੀਆ ਦੇ ਮਿਆਰ ਵੀ ਗੁਆਚ ਗਏ ਅਤੇ ਨਿਰਪੱਖਤਾ ਵੀ ਜਾਂਦੀ ਰਹੀ। ਅਜਿਹਾ ਹੋਣ ਨਾਲ ਭ੍ਰਿਸ਼ਟਾਚਾਰ ਚੋਖਾ ਵਧਣ-ਫੁੱਲਣ ਲੱਗ ਪਿਆ।
       ਜਿਹੜੀ ਸਿਆਸਤ ਮਿਸ਼ਨ ਬਣ ਕੇ ਤੁਰੀ ਸੀ, ਉਹੀ ਵਿੰਗ-ਤੜਿੰਗੇ ਰਾਹ ਪੈਣ ਲੱਗ ਪਈ। ਲੋਕਾਂ ਨਾਲ ਠੱਗੀ ਹੋਣ ਲੱਗ ਪਈ। ਉਹ ਪੰਜ ਸਾਲਾਂ ਵਿੱਚ ਇੱਕ ਵਾਰ ਵੋਟ ਪਾ ਕੇ ਫਿਰ ਹਾਕਮਾਂ ਵੱਲ ਦੇਖੀ ਜਾਂਦੇ।
      ਜਦੋਂ ਲੋਕ ਮਸਲਿਆਂ ਨੂੰ ਤਰਜੀਹ ਦੇਣੀ ਛੱਡ ਕੇ ਨੇੜਲਿਆਂ ਦੇ ਮਸਲਿਆਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਗਈ, ਤਦ ਸਿਆਸਤ ਵਾਸਤੇ ਮਿੱਥਿਆ ਮਿਸ਼ਨ ਅਸਫ਼ਲ ਹੋਣਾ ਸ਼ੁਰੂ ਹੋ ਗਿਆ।
      ਸਿਆਸਤ ਵਿੱਚ ਸਦਾਚਾਰ ਦੇ ਮਿੱਥੇ ਮਿਆਰ ਡਿੱਗਣੇ ਸ਼ੁਰੂ ਹੋਏ ਤਾਂ ਸਵਾਰਥ ਭਾਰੂ ਹੋ ਕੇ ਰਹਿ ਗਿਆ, ਜਿਸ ਕਾਰਨ ਸਿਆਸਤਦਾਨਾਂ ਅਤੇ ਹਾਕਮਾਂ ਦਾ ਮਿਸ਼ਨ ਚੰਗੀ ਸਿਆਸਤ ਨਾ ਹੋ ਕੇ ਸਵਾਰਥ ਹੀ ਮਿਸ਼ਨ ਹੋ ਗਿਆ।
      ਕਿੱਥੇ ਤਾਂ ਸਿਆਸਤ ਇੱਕ ਮਿਸ਼ਨ ਸੀ, ਜਿਸ ਦਾ ਮਨੋਰਥ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਸੀ ਅਤੇ ਦੇਸ਼ ਨੂੰ ਅੱਗੇ ਲਿਜਾਣਾ ਸੀ, ਤਾਂ ਜੁ ਦੂਜਿਆਂ ਮੁਲਕਾਂ ਦੇ ਬਰ-ਮੇਚ ਹੋਇਆ ਜਾ ਸਕੇ।
       ਕਿੱਥੇ ਸਿਆਸਤ ਨੂੰ ਪਟੜੀ ਤੋਂ ਲਾਹ ਕੇ ਲੋਕਾਂ ਨਾਲ ਅਤੇ ਦੇਸ਼ ਦੇ ਭਵਿੱਖ ਨਾਲ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ ਗਈ। ਅਜਿਹਾ ਹੋਣ ਨਾਲ ਤਰੱਕੀ ਦੇ ਰਾਹ 'ਚ ਰੁਕਾਵਟ ਆ ਗਈ।
       ਜਿਹੜੇ ਸਿਆਸਤਦਾਨ ਸਵਾਰਥ ਨੂੰ ਹੀ ਆਪਣਾ ਮਿਸ਼ਨ ਬਣਾ ਲੈਣ, ਉਨ੍ਹਾਂ ਨੂੰ ਸਿਆਸਤ ਵਿੱਚ ਉੱਕਾ ਹੀ ਨਹੀਂ ਰਹਿਣ ਦੇਣਾ ਚਾਹੀਦਾ। ਜਦੋਂ ਲੋਕ ਜਾਗਦੇ ਹਨ ਤਾਂ ਨੇਤਾਵਾਂ ਨੂੰ ਸਬਕ ਸਿਖਾਉਣ ਤੋਂ ਗੁਰੇਜ਼ ਵੀ ਨਹੀਂ ਕਰਦੇ।
       ਅੱਜ ਜਿਹੜਾ ਨਿਘਾਰ ਸਿਆਸਤ ਵਿੱਚ ਆਇਆ ਹੋਇਆ ਹੈ, ਇਸ ਦਾ ਕਾਰਨ ਇਹੀ ਹੈ ਕਿ ਲੋਕਾਂ ਨੂੰ ਲੋਕਤੰਤਰ ਲਈ ਪੂਰੀ ਤਰ੍ਹਾਂ ਵਰਤਿਆ ਜਾ ਰਿਹਾ ਹੈ, ਉਨ੍ਹਾਂ ਦੀ ਭਰਵੀਂ ਭਾਈਵਾਲੀ ਨਹੀਂ।
       ਲੋਕਤੰਤਰੀ ਪ੍ਰਣਾਲੀ ਤਾਂ ਚੰਗੀ ਹੈ, ਪਰ ਇਸ ਵਿੱਚ ਸੁਧਾਰਾਂ ਦੀ ਲੋੜ ਹੈ, ਤਾਂ ਜੁ ਉਨ੍ਹਾਂ ਸਿਆਸਤਦਾਨਾਂ ਨੂੰ ਰਾਹੇ ਪਾਇਆ ਜਾ ਸਕੇ, ਜੋ ਮਰਦੇ ਦਮ ਤੱਕ ਕੁਰਸੀ ਉੱਤੇ ਹੀ ਬੈਠੇ ਰਹਿਣ ਨੂੰ ਪਹਿਲ ਦਿੰਦੇ ਹਨ, ਛੱਡਣ ਨੂੰ ਨਹੀਂ।
      ਜਦੋਂ ਨੌਕਰੀਆਂ ਵਾਸਤੇ ਸਮਾਂ ਮੁਕੱਰਰ ਕੀਤਾ ਗਿਆ ਹੈ ਤਾਂ ਸਿਆਸਤ ਵਿੱਚ ਰਹਿਣ ਦਾ ਵਕਤ ਨਿਸਚਿਤ ਕਿਉਂ ਨਹੀਂ ਕੀਤਾ ਜਾਂਦਾ? ਸੱਠ ਜਾਂ ਸੱਤਰ ਸਾਲ ਤੋਂ ਵੱਧ ਕਿਸੇ ਨੂੰ ਸਿਆਸਤ 'ਚ ਨਹੀਂ ਰਹਿਣ ਦੇਣਾ ਚਾਹੀਦਾ।
      ਅੱਜ ਦੇਸ਼ ਭਰ ਵਿੱਚ ਸਿਆਸੀ ਹਲਚਲ ਹੋ ਰਹੀ ਹੈ, ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਨ੍ਹਾਂ ਲਈ ਸਿਆਸੀ ਪਾਰਟੀਆਂ ਵਿੱਚ ਲੈਣ-ਦੇਣ ਦੇ ਮਸਲੇ ਨਿਪਟਾਏ ਜਾਣ ਲੱਗ ਪਏ।
      ਕੁਝ ਪਾਰਟੀਆਂ ਦੇਸ਼ ਵਾਸੀਆਂ ਦੇ ਭਲੇ ਲਈ ਮੁਹਾਜ਼ ਬਣਾ ਰਹੀਆਂ ਹਨ, ਤਾਂ ਕਿ ਉਨ੍ਹਾਂ ਨੂੰ ਹਰਾਇਆ ਜਾ ਸਕੇ, ਜਿਨ੍ਹਾਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਕੇ ਰੱਖ ਦਿੱਤਾ।
       ਦੇਸ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਸਿਆਸੀ ਪਾਰਟੀਆਂ ਦਾ ਸਾਥ ਦੇਣ, ਜਿਹੜੀਆਂ ਉਨ੍ਹਾਂ ਨਾਲ ਸਿਆਸਤ ਨਾ ਖੇਡਣ। ਝੂਠੇ ਵਾਅਦੇ ਕਰ ਕੇ ਦੇਸ਼ ਵਾਸੀਆਂ ਨੂੰ ਠੱਗਣ ਦਾ ਕੰਮ ਨਾ ਕਰਨ।
       ਉਨ੍ਹਾਂ ਲੋਕਾਂ ਦੀ ਨੰਗੀ-ਚਿੱਟੀ ਅਤੇ ਪੂਰੀ ਹਮਾਇਤ ਕਰਨੀ ਚਾਹੀਦੀ ਹੈ, ਜਿਨ੍ਹਾਂ ਦਾ ਮਿਸ਼ਨ ਸੱਚੀ-ਸੁੱਚੀ ਸਿਆਸਤ ਹੋਵੇ ਅਤੇ ਉਨ੍ਹਾਂ ਪਾਰਟੀਆਂ ਨੂੰ ਹਰਾਉਣ ਲਈ ਤਾਣ ਲਾਉਣਾ ਚਾਹੀਦਾ ਹੈ, ਜਿਨ੍ਹਾਂ ਦਾ ਮਿਸ਼ਨ ਸਿਰਫ਼ ਸਵਾਰਥ ਹੋਵੋ।

ਸਵਾਰਥ ਲਈ ਸਜ਼ਾ

       ਔਰੰਗਜ਼ੇਬ ਜ਼ਾਲਮ ਬਾਦਸ਼ਾਹ ਸੀ, ਜਿਸ ਨੇ ਆਪਣਿਆਂ ਤੱਕ ਨੂੰ ਨਹੀਂ ਸੀ ਬਖਸ਼ਿਆ। ਨਾ ਪਿਤਾ ਨੂੰ, ਨਾ ਭਰਾਵਾਂ ਨੂੰ। ਉਸ ਨੇ ਰਾਜਨੀਤਕ ਤੌਰ 'ਤੇ ਲੜ ਕੇ ਤਾਂ ਬਹੁਤ ਹਸਤੀਆਂ ਨੂੰ ਮਾਰ ਮੁਕਾਇਆ, ਪਰ ਨਾਲ ਦੀ ਨਾਲ ਸਰਮਦ ਵਰਗੀਆਂ ਰੱਬੀ-ਰੂਹਾਂ ਨੂੰ ਵੀ ਨਹੀਂ ਬਖ਼ਸ਼ਿਆ।
       ਉਸ ਦੇ ਸਖ਼ਤ ਹੁਕਮਾਂ ਕਾਰਨ ਹੀ ਬਹੁਤ ਸਾਰੇ ਕੰਮ ਅਜਿਹੇ ਕੀਤੇ ਗਏ, ਜਿਨ੍ਹਾਂ ਕਾਰਨ ਉਸ ਨੂੰ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ। ਉਸ ਦੇ ਵੱਲੋਂ ਕੀਤੀਆਂ ਗਈਆਂ ਕਰਤੂਤਾਂ ਕਾਰਨ ਉਸ ਦਾ ਨਾਂਅ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਮਿਲੇਗਾ।
      ਸਭ ਤੋਂ ਮਾੜਾ ਕੰਮ ਜੋ ਉਸ ਦੇ ਸੂਬਾ ਵਜ਼ੀਰ ਖ਼ਾਨ ਨੇ ਕੀਤਾ, ਉਸ ਲਈ ਅਸਿੱਧੇ ਤੌਰ 'ਤੇ ਔਰੰਗਜ਼ੇਬ ਹੀ ਜ਼ਿੰਮੇਵਾਰ ਹੈ, ਜਿਸ ਨੇ ਸ਼ਰੀਅਤ ਲਾਗੂ ਕਰਨ ਲਈ ਅਜਿਹੇ ਸਖ਼ਤ ਹੁਕਮ ਦਿੱਤੇ ਹੋਏ ਸਨ ਕਿ ਇਸ ਨੂੰ ਨਾ ਮੰਨਣ ਵਾਲੇ ਬਾਲਾਂ ਨੂੰ ਵੀ ਨਾ ਬਖਸ਼ਿਆ ਜਾਵੇ।
       ਰਾਜ-ਭਾਗ 'ਤੇ ਬਣੇ ਰਹਿਣ ਦੇ ਸਵਾਰਥ ਲਈ ਦੂਜਿਆਂ ਨੂੰ ਸਜ਼ਾ ਦੇ ਭਾਗੀ ਬਣਾਉਣਾ ਭਲਾ ਕਿੱਧਰਲੀ ਸ਼ਰੀਅਤ ਹੈ, ਜਿਸ ਦਾ ਗੁਣ ਗਾਇਣ ਕਰਨ ਲਈ ਔਰੰਗਜ਼ੇਬ ਪੂਰੀ ਉਮਰ ਹੀ ਲੱਗਾ ਰਿਹਾ, ਪਰ ਫੇਰ ਵੀ ਕਾਮਯਾਬ ਨਾ ਹੋ ਸਕਿਆ।
ਉਹ ਵੀ ਆਪਣੇ ਸਮੇਂ ਦਾ ਰਾਜਨੀਤਕ ਰਾਜਾ ਸੀ, ਜਿਸ ਨੇ ਲੋਕਾਂ ਦਾ ਨੱਕ ਵਿੱਚ ਦਮ ਕਰੀ ਰੱਖਿਆ ਅਤੇ ਸੁੱਖ ਦਾ ਸਾਹ ਨਾ ਲੈਣ ਦਿੱਤਾ। ਉਸ ਨੇ ਏਨੇ ਜ਼ੁਲਮ ਕੀਤੇ ਕਿ ਖ਼ੁਦ ਵੀ ਬੇਚੈਨ ਹੋ ਕੇ ਹੀ ਮਰਿਆ।
       ਜ਼ਰਾ ਸੋਚ ਕੇ ਦੇਖਿਆ ਜਾਵੇ ਤਾਂ ਸੱਤ ਸਾਲ (ਬਾਬਾ ਜ਼ੋਰਾਵਰ ਸਿੰਘ) ਅਤੇ ਪੰਜ ਸਾਲ ਦੇ (ਬਾਬਾ ਫਤਿਹ ਸਿੰਘ) ਨੂੰ ਏਨੀ ਛੋਟੀ ਉਮਰ ਵਿੱਚ ਨਿਹੱਥਿਆਂ ਮਾਰ ਕੇ ਕਿੱਧਰਲੀ ਬਹਾਦਰੀ ਦਿਖਾਈ, ਜੋ ਸਿੱਖਾਂ ਦੇ ਸ਼ਹੀਦ ਹਨ, ਪਰ ਵਜ਼ੀਰ ਖ਼ਾਨ ਤਾਂ ਸਿਫ਼ਰ ਹੋ ਕੇ ਰਹਿ ਗਿਆ।
         ਛੋਟੀ ਉਮਰ ਦੇ ਬੱਚਿਆਂ ਨੂੰ ਸਰਹਿੰਦ ਦੇ ਸੂਬੇ ਦੇ ਨਵਾਬ ਵਜ਼ੀਰ ਖ਼ਾਨ ਵੱਲੋਂ ਨੀਂਹਾਂ ਵਿੱਚ ਚਿਣਵਾਉਣ ਦਾ ਹੁਕਮ ਦੇਣਾ ਮੂਰਖਤਾ ਅਤੇ ਕਾਇਰਤਾ ਦੀ ਵੱਡੀ ਮਿਸਾਲ ਹੈ, ਜਿਸ ਲਈ ਵਜ਼ੀਰ ਖ਼ਾਨ ਦੀ ਕਬਰ 'ਤੇ ਰੋਜ਼ ਜੁੱਤੀਆਂ ਮਾਰਨੀਆਂ ਵੀ ਥੋੜ੍ਹੀਆਂ।
       ਦੇਸ਼ 'ਤੇ ਰਾਜ-ਭਾਗ ਕਾਇਮ ਰੱਖਣ ਵਾਸਤੇ ਬਾਲ-ਉਮਰਾਂ ਅਤੇ ਰੱਬੀ-ਰੂਹਾਂ ਨੂੰ ਵੀ ਨਾ ਬਖ਼ਸ਼ਣਾ ਬਹੁਤ ਵੱਡਾ ਅਪਰਾਧ ਵੀ ਹੈ ਅਤੇ ਪਾਪ ਵੀ। ਅਪਰਾਧ ਦੀ ਸਜ਼ਾ ਤਾਂ ਕਬਰ 'ਤੇ ਜੁੱਤੀਆਂ ਮਾਰਨਾ ਹੀ ਹੋਵੇਗੀ, ਪਾਪ ਦੀ ਮਿਲੀ ਹੀ ਹੋਵੇਗੀ।
       ਰਾਜ-ਭਾਗ ਨੂੰ ਕਾਇਮ ਰੱਖਣ ਲਈ ਏਨੇ ਮਾੜੇ ਕੰਮ ਕਰਨੇ ਸਿਰੇ ਦਾ ਸਵਾਰਥ ਹੈ, ਜਿਸ ਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸ਼ੇਰ ਮੁਹੰਮਦ ਖ਼ਾਨ ਨੇ ਹਾਅ ਦਾ ਨਾਹਰਾ ਤਾਂ ਜ਼ਰੂਰ ਮਾਰਿਆ, ਪਰ ਉਸ ਨੂੰ ਬਾਲਾਂ ਨਾਲ ਹੋਏ ਮਾੜੇ ਸਲੂਕ ਨੂੰ ਰੋਕਣ ਲਈ ਤਾਣ ਲਾਉਣਾ ਚਾਹੀਦਾ ਸੀ, ਤਾਂ ਜੁ ਬਦਲਾ ਬੱਚਿਆਂ ਤੋਂ ਨਾ ਲਿਆ ਜਾਂਦਾ।

ਲਤੀਫੇ ਦਾ ਚਿਹਰਾ-ਮੋਹਰਾ

ਮਾਸਟਰ : ਹਾਂ ਬਈ, ਕੱਲ੍ਹ ਮੱਝ 'ਤੇ ਲੇਖ ਲਿਖਣ ਵਾਸਤੇ ਕਿਹਾ ਸੀ, ਲਿਖਿਆ ਤੁਸੀਂ?
ਝੰਡੂ : ਹਾਂ ਜੀ, ਲਿਖਿਆ ਜੀ।
ਮਾਸਟਰ : ਵਿਖਾ ਕਾਪੀ।
ਝੰਡੂ : ਉਹ ਤਾਂ ਮੱਝ ਦੇ ਉੱਤੇ ਲਿਖਿਆ ਜੀ। ਮੇਰਾ ਬਾਪੂ ਕਹਿੰਦਾ, ਜੇ ਮਾਸਟਰ ਨੇ ਪੜ੍ਹਨਾ ਤਾਂ ਐਥੇ ਆ ਕੇ ਪੜ੍ਹ ਲਵੇ।
' ' '
ਕਵੀ ਜੰਗਲ ਵਿੱਚੋਂ ਲੰਘ ਰਿਹਾ ਸੀ। ਉੱਥੇ ਉਸ ਨੇ ਕਿਸੇ ਨੂੰ ਡੂੰਘੇ ਟੋਏ ਵਿੱਚ ਡਿੱਗੇ ਹੋਏ ਦੇਖਿਆ। ਝੱਟ ਆਪ ਵੀ ਟੋਏ ਵਿੱਚ ਛਾਲ ਮਾਰ ਦਿੱਤੀ।
ਟੋਏ ਵਿੱਚ ਡਿੱਗੇ ਹੋਏ ਨੇ ਪੁੱਛਿਆ : ਭਲੇ ਲੋਕਾ, ਕੀ ਤੂੰ ਮੈਨੂੰ ਬਾਹਰ ਕੱਢਣ ਵਾਸਤੇ ਆਇਆ ਏਂ?
ਕਵੀ : ਜੀ ਨਹੀਂ।
ਤਾਂ ਤੂੰ ਵੀ ਮੇਰੇ ਵਾਂਗ ਅਚਾਨਕ ਹੀ ਟੋਏ ਵਿੱਚ ਡਿੱਗ ਪਿਆਂ?
ਕਵੀ : ਨਹੀਂ, ਮੈਂ ਤਾਂ ਤੈਨੂੰ ਆਪਣੀਆਂ ਕਵਿਤਾਵਾਂ ਸੁਣਾਊਂ, ਕਿਉਂਕਿ ਤੂੰ ਇੱਥੋਂ ਕਿਧਰੇ ਦੌੜ ਵੀ ਨਹੀਂ ਸਕਦਾ।

ਸੰਪਰਕ : 98141-13338

26 Dec. 2018

ਭਾਨ ਵਾਂਗ ਖਿੱਲਰੀਆਂ ਸਿਆਸੀ ਪਾਰਟੀਆ - ਸ਼ਾਮ ਸਿੰਘ ਅੰਗ-ਸੰਗ

ਦੇਸ਼ ਭਰ ਵਿੱਚ ਸਿਆਸੀ ਪਾਰਟੀਆਂ ਇੰਜ ਟੁੱਟ-ਭੱਜ ਰਹੀਆਂ ਹਨ, ਜਿਵੇਂ ਭਾਨ ਬਣ ਕੇ ਖਿੱਲਰ ਰਹੀਆਂ ਹੋਣ। ਇਹ ਆਪਣੇ ਆਪ ਨਹੀਂ ਖਿੱਲਰ ਰਹੀਆਂ, ਸਗੋਂ ਇਨ੍ਹਾਂ ਨੂੰ ਆਪਣਿਆਂ ਵੱਲੋਂ ਹੀ ਖਿਲਾਰਿਆ ਜਾ ਰਿਹਾ ਹੈ, ਜਿਸ ਦਾ ਫਾਇਦਾ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਨਹੀਂ ਹੋਣ ਲੱਗਾ, ਬਲਕਿ ਦੇਸ ਦੀਆਂ ਦੋ ਮੁੱਖ ਪਾਰਟੀਆਂ ਨੂੰ ਹੀ ਹੋਵੇਗਾ, ਜੋ ਇਨ੍ਹਾਂ ਸਾਰੀਆਂ ਨੂੰ ਮਗਰਮੱਛ ਵਾਂਗ ਹੜੱਪ ਕਰ ਲੈਣਗੀਆਂ। ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਹੈ ਅਤੇ ਹੁਣ ਵੀ ਹੋਣ ਤੋਂ ਨਹੀਂ ਟਲੇਗਾ।
     1920 ਦਾ ਬਣਿਆ ਅਕਾਲੀ ਦਲ ਅੱਜ ਤੱਕ ਕਈ ਵਾਰ ਟੁੱਟਿਆ, ਭਾਨ ਵਾਂਗ ਖਿੱਲਰਿਆ ਅਤੇ ਇੱਕ ਦਲ 'ਚੋਂ ਨਿਕਲ ਕੇ ਕਈ ਦਲ ਬਣ ਗਏ ਅਤੇ ਮੁੜ ਕੇ ਏਕਾ ਕਰਨ ਵੱਲ ਨਾ ਮੁੜੇ। ਹੁਣ ਮੁੜ ਦੇਸ ਭਰ ਵਿੱਚ ਅਕਾਲੀ ਦਲ (ਬਾਦਲ) ਵਿਰੁੱਧ ਅਜਿਹੀ ਨਾਂਹ-ਵਾਚਕ ਹਵਾ ਵਗਣ ਲੱਗ ਪਈ ਕਿ ਪਾਰਟੀ ਦੀ ਰਾਜਨੀਤਕ ਹੋਂਦ ਨੂੰ ਹੀ ਖ਼ਤਰਾ ਪੈਦਾ ਹੋ ਕੇ ਰਹਿ ਗਿਆ। ਕਈ ਅਜਿਹੇ ਕਾਰਨ ਹਨ, ਜਿਨ੍ਹਾਂ ਕਰ ਕੇ ਪਾਰਟੀ ਦੇ ਵਿਰੁੱਧ ਲੋਕ-ਮਨਾਂ ਵਿੱਚ ਅੰਤਾਂ ਦੀ ਨਫ਼ਰਤ ਪੈਦਾ ਹੋ ਗਈ। ਮਾਝੇ ਦੇ ਟਕਸਾਲੀ ਆਗੂਆਂ ਨੇ ਨਵਾਂ ਅਕਾਲੀ ਦਲ (ਟਕਸਾਲੀ) ਬਣਾ ਲਿਆ, ਜੋ ਮਾਂ-ਪਾਰਟੀ ਦੇ ਨੇਤਾਵਾਂ ਲਈ ਵੱਡਾ ਖ਼ਤਰਾ ਪੈਦਾ ਕਰਨ ਦੇ ਸਮਰੱਥ ਬਣੇਗਾ।
        ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸ਼ਾਇਦ ਇਹ ਸਮਝਦੇ ਹੋਣ ਕਿ ਪਹਿਲਾਂ ਵੀ ਪਾਰਟੀ ਤੋਂ ਵੱਖ ਹੋ ਕੇ ਬਥੇਰੇ ਦਲ ਬਣੇ, ਪਰ ਮਾਂ-ਪਾਰਟੀ ਨੂੰ ਨੁਕਸਾਨ ਨਹੀਂ ਪਹੁੰਚਿਆ। ਇਸ ਵਾਰ ਮਸਲਾ ਨਾਜ਼ਕ ਮਸਲਿਆਂ ਨਾਲ ਜੁੜਿਆ ਹੋਣ ਕਰ ਕੇ ਮੁੱਖ ਅਕਾਲੀ ਦਲ ਨੂੰ ਖ਼ਤਰਿਆਂ ਦਾ ਸਾਹਮਣਾ ਕਰਨਾ ਹੀ ਪਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੰਗਤਾਂ ਦੀਆਂ ਸ਼ਰਧਾ ਭਰੀਆਂ ਭਾਵਨਾਵਾਂ ਨਾਲ ਜੁੜਿਆ ਹੋਣ ਅਤੇ ਗੋਲੀ ਕਾਂਡ ਨਾਲ ਦੋ ਸਿੰਘ ਸ਼ਹੀਦ ਕਰ ਦਿੱਤੇ ਜਾਣ ਕਾਰਨ ਪਾਰਟੀ ਲਈ ਖ਼ਤਰਿਆਂ ਨੂੰ ਜਰਬ ਆਈ ਹੋਈ ਹੈ, ਜੋ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੀ, ਜਿਸ ਕਰ ਕੇ ਨਫ਼ਰਤ ਦੀ ਹਵਾ ਬੰਦ ਹੋਣ ਲਈ ਤਿਆਰ ਹੀ ਨਹੀਂ।
       ਨਵੀਂ ਬਣੀ ਪਾਰਟੀ, ਆਮ ਆਦਮੀ ਪਾਰਟੀ, ਪਹਿਲਾਂ ਤਾਂ ਲੋਕਾਂ ਦਾ ਪੂਰਾ ਧਿਆਨ ਖਿੱਚ ਗਈ, ਪਰ ਬਾਅਦ ਵਿੱਚ ਛੇਤੀ ਹੀ ਦੋ-ਫਾੜ ਹੋ ਗਈ। ਲੋਕ ਜਿਸ ਤੇਜ਼ੀ ਨਾਲ ਪਾਰਟੀ ਪ੍ਰਤੀ ਹਮਦਰਦੀ ਰੱਖਣ ਲੱਗ ਪਏ ਸਨ, ਉਸ ਤੋਂ ਵੀ ਵੱਧ ਗਤੀ ਨਾਲ ਇਸ ਪਾਰਟੀ ਤੋਂ ਦੂਰ ਹੋਣ ਲੱਗ ਪਏ। ਪਾਰਟੀ ਦੇ 8 ਵਿਧਾਇਕਾਂ ਦਾ ਧੜਾ ਬਾਗ਼ੀ ਹੋ ਗਿਆ ਅਤੇ ਦਿੱਲੀ ਵਿਚਲੇ ਚੌਧਰੀਆਂ ਨੂੰ ਕੋਸਣ ਲੱਗ ਪਿਆ। ਨਤੀਜਾ ਇਹ ਨਿਕਲਿਆ ਕਿ ਹੋਰਨਾਂ ਨਾਲ ਮਿਲ ਕੇ ਇੱਕ ਨਵਾਂ ਗੱਠਜੋੜ 'ਪੰਜਾਬ ਡੈਮੋਕਰੈਟਿਕ ਅਲਾਇੰਸ' ਬਣਾ ਲਿਆ।
       ਨਵੇਂ ਬਣੇ ਗੱਠਜੋੜ ਵਿੱਚ ਆਪ ਦਾ ਬਾਗ਼ੀ ਧੜਾ, ਲੋਕ ਇਨਸਾਫ਼ ਪਾਰਟੀ, ਯੂਨਾਈਟਿਡ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਡਾ. ਧਰਮਵੀਰ ਗਾਂਧੀ ਦਾ ਧੜਾ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਵੀ ਕੁਝ ਮਤਿਆਂ ਨੂੰ ਲੈ ਕੇ ਵਿਰੋਧ ਪੈਦਾ ਹੋਣਾ ਆਰੰਭ ਹੋ ਗਿਆ, ਜਿਸ ਕਾਰਨ ਜੰਮਦਿਆਂ ਦੇ ਸਿਰਾਂ 'ਤੇ ਹੀ ਅਹਿਣ ਪੈਣੀ ਸ਼ੁਰੂ ਹੋ ਗਈ। ਇਹ ਗੱਠਜੋੜ 'ਆਪ' ਨੂੰ ਨੁਕਸਾਨ ਪਹੁੰਚਾਏਗਾ ਅਤੇ 'ਆਪ' ਇਸ ਗੱਠਜੋੜ ਦੇ ਸੁਫ਼ਨਿਆਂ ਨੂੰ ਚਕਨਾਚੂਰ ਕਰਨ ਵਾਸਤੇ ਜ਼ੋਰ-ਅਜ਼ਮਾਈ ਕਰਨ ਤੋਂ ਨਹੀਂ ਹਟੇਗੀ। ਦੋਵਾਂ ਧਿਰਾਂ ਦੇ ਹੱਥ-ਪੱਲੇ ਕੁਝ ਨਹੀਂ ਪੈਣ ਲੱਗਾ, ਸਗੋਂ ਕੇਵਲ ਖ਼ਾਲੀ ਛਣਕਣੇ ਖੜਕਾਉਂਦੇ ਰਹਿ ਜਾਣਗੇ।
      ਅਕਾਲੀ ਦਲ ਦੀ ਆਪਸੀ ਖਹਿਬਾਜ਼ੀ ਅਤੇ ਨਵੇਂ ਪੰਜਾਬ ਡੈਮੋਕਰੈਟਿਕ ਗੱਠਜੋੜ ਦੀ ਖਿੱਚੋਤਾਣ ਕਾਂਗਰਸ ਵਾਸਤੇ ਲਾਹੇਵੰਦ ਹੋਣਗੀਆਂ। ਨੇੜੇ ਆ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਰਾਉਣ ਵਾਲੀਆਂ ਪਾਰਟੀਆਂ ਆਪਸ ਵਿੱਚ ਇੱਕ-ਦੂਜੀ ਧਿਰ ਨੂੰ ਹਰਾਉਣ 'ਤੇ ਤਾਕਤ ਲਾਉਣਗੀਆਂ। ਅਜੇ ਵਕਤ ਪਿਆ ਹੈ, ਜਿਸ ਦੌਰਾਨ ਭਾਨ ਵਾਂਗ ਖਿੱਲਰੀਆਂ ਪਾਰਟੀਆਂ ਨੂੂੰ ਚਿੰਤਨ-ਮੰਥਨ ਕਰਨਾ ਚਾਹੀਦਾ ਹੈ, ਤਾਂ ਜੁ ਇਸ ਹੋਣ ਵਾਲੇ ਸਿਆਸੀ ਘਾਟੇ ਤੋਂ ਬਚਾਅ ਕਰ ਸਕਣ।
     ਕਮਿਊਨਿਸਟ ਪਾਰਟੀ ਆਫ਼ ਇੰਡੀਆ ਹੁਣ ਤੱਕ 16 ਤੋਂ ਵੱਧ ਸਿਆਸੀ ਪਾਰਟੀਆਂ ਵਿੱਚ ਵੰਡ ਹੋ ਕੇ ਆਪਣੀ ਭਾਨ ਇਕੱਠੀ ਕਰਨ ਦੇ ਸਮਰੱਥ ਹੀ ਨਹੀਂ ਰਹੀ। ਜੇ ਅਜੇ ਵੀ ਇਨ੍ਹਾਂ ਸਾਰੀਆਂ ਪਾਰਟੀਆਂ ਦੇ ਆਗੂ ਚੌਧਰ ਦੀ ਹਉਮੈ ਤਿਆਗ ਕੇ ਵਿਚਾਰਧਾਰਾ ਦੀ ਚੌਧਰ ਦੀ ਅਗਵਾਈ ਨੂੰ ਮੰਨ ਕੇ ਇਕੱਠੇ ਹੋ ਜਾਣ ਦਾ ਮਨ ਬਣਾ ਲੈਣ ਤਾਂ ਲੋਕ ਇਨ੍ਹਾਂ ਮਗਰ ਤੁਰਨ ਲਈ ਤਿਆਰ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਦੀ ਵਿਚਾਰਧਾਰਾ ਲੋਕ-ਹਿੱਤ ਤੋਂ ਉੱਕਾ ਹੀ ਦੂਰ ਨਹੀਂ। ਦੇਸ ਦੇ ਲੋਕਾਂ ਦੀ ਗ਼ਰੀਬੀ ਦੂਰ ਕਰਨ ਵਾਲੀ ਅਤੇ ਲੋਕਾਂ ਵਿੱਚ ਸਮਾਨਤਾ ਲਿਆਉਣ ਵਾਲੀ ਇਹ ਵਿਚਾਰਧਾਰਾ ਛਾਵੇ ਤਾਂ ਲੋਕ ਸਵਾਗਤ ਕਰਨਗੇ।
        ਹਰਿਆਣੇ ਵਿੱਚ ਦੇਵੀ ਲਾਲ, ਓਮ ਪ੍ਰਕਾਸ਼ ਚੌਟਾਲਾ ਦਾ ਪਰਵਾਰ ਫਟਿਆ ਫਿਰਦਾ ਹੈ, ਜਿਸ ਕਾਰਨ ਪਰਵਾਰ ਦੇ ਇੱਕ ਮੈਂਬਰ ਦੁਸ਼ਿਅੰਤ ਚੌਟਾਲਾ ਨੇ ਨਵੀਂ ਜਨਨਾਇਕ ਜਨਤਾ ਪਾਰਟੀ ਬਣਾ ਲਈ, ਜਿਸ ਨਾਲ ਪਾਰਟੀ ਦੋ-ਫਾੜ ਹੋ ਗਈ। ਇਸ ਦਾ ਸਿੱਧਾ ਲਾਹਾ ਭਾਜਪਾ ਜਾਂ ਕਾਂਗਰਸ ਨੂੰ ਪਹੁੰਚੇਗਾ। ਇਨੈਲੋ ਚੋਣਾਂ ਸਮੇਂ ਮਾਰ ਖਾ ਜਾਵੇਗੀ, ਕਿਉਂਕਿ ਇਸ ਵਿੱਚ ਏਕੇ ਦੀ ਸੰਭਾਵਨਾ ਨਹੀਂ। ਅਜਿਹੀ ਹਾਲਤ ਵਿੱਚ ਕਾਂਗਰਸ ਨੂੰ ਹੀ ਫਾਇਦਾ ਹੁੰਦਾ ਲੱਗਦਾ ਹੈ, ਕਿਉਂਕਿ ਰਾਜ ਵਿੱਚ ਭਾਜਪਾ ਦੀ ਹਾਲਤ ਵੀ ਚੰਗੀ ਨਹੀ।
       ਉੱਤਰ ਪ੍ਰਦੇਸ਼ ਅੰਦਰ ਵੱਡੀ ਪਾਰਟੀ ਬਣ ਕੇ ਰਾਜ ਵਿੱਚ ਕਈ ਵਾਰ ਸਰਕਾਰ ਬਣਾ ਚੁੱਕੀ ਹੈ, ਪਰ ਹੁਣ ਸਮਾਜਵਾਦੀ ਪਾਰਟੀ ਵੀ ਦੋ-ਫਾੜ ਜਾਂ ਤਿੰਨ-ਫਾੜ ਹੋ ਚੁੱਕੀ ਹੈ, ਜਿਸ ਕਾਰਨ ਪਰਵਾਰਕ ਲੜਾਈ ਖ਼ਤਮ ਹੋਣ ਦਾ ਨਾਂਅ ਨਹੀਂ ਲੈਂਦੀ। ਪਿਉ-ਪੁੱਤਰ, ਚਾਚੇ-ਭਤੀਜੇ ਦੀ ਆਪਸੀ ਖਹਿਬਾਜ਼ੀ ਨੇ ਰਾਜ ਵਿੱਚ ਅਜਿਹਾ ਖਲਲ ਪਾਇਆ ਕਿ ਆਪਣਾ ਹੀ ਰਾਜ-ਭਾਗ ਆਪਣੇ ਹੀ ਹੱਥੀਂ ਗੁਆ ਲਿਆ। ਹਾਂ, ਇਹ ਖ਼ਬਰ ਸੂਬੇ ਲਈ ਜ਼ਰੂਰ ਚੰਗੀ ਹੈ ਕਿ ਐੱਸ ਪੀ ਅਤੇ ਬਸਪਾ ਗੱਠਜੋੜ ਰਾਹੀਂ ਨੇੜੇ ਆ ਰਹੀਆਂ ਹਨ, ਜੋ ਕਾਂਗਰਸ ਅਤੇ ਭਾਜਪਾ ਨੂੰ ਦੂਰ ਰੱਖ ਸਕਣਗੀਆਂ। ਜੇ ਦੋਵੇਂ ਕਾਂਗਰਸ ਵਾਲੇ ਗੱਠਜੋੜ ਵਿੱਚ ਆ ਗਈਆਂ, ਫੇਰ ਸੂਬਾ ਮੌਜੂਦਾ ਹਕੂਮਤ ਤੋਂ ਬਚ ਸਕੇਗਾ।
        ਬਿਹਾਰ ਵਿੱਚ ਲਾਲੂ ਪ੍ਰਸਾਦ ਯਾਦਵ ਦਾ ਡੰਕਾ ਵੱਜਦਾ ਸੀ, ਪਰ ਵਾਧੂ ਚਾਰਾ ਖਾਣ ਨਾਲ ਗੱਲ ਵਿਗੜ ਗਈ। ਲਾਲੂ ਤਾਂ ਅਦਾਲਤਾਂ ਦੇ ਚੱਕਰ ਕੱਟ ਰਿਹਾ ਹੈ ਜਾਂ ਫੇਰ ਬੀਮਾਰੀਆਂ ਦਾ ਸ਼ਿਕਾਰ ਹੋ ਗਿਆ, ਪਰ ਉਸ ਦੇ ਪਰਵਾਰ ਵਿੱਚ ਖਾਹਮਖਾਹ ਹੀ ਰੌਲਾ ਪੈ ਗਿਆ, ਜਿਸ ਕਾਰਨ ਰਾਸ਼ਟਰੀ  ਜਨਤਾ ਦਲ ਨੂੰ ਤਾਂ ਘਾਟਾ ਪਵੇਗਾ ਹੀ, ਪਰ ਵਿਰੋਧੀ ਪਾਰਟੀਆਂ ਨੂੰ ਭਾਨ ਵਾਂਗ ਖਿੱਲਰੀ ਲਾਲੂ ਦੀ ਪਾਰਟੀ ਕਾਰਨ ਲਾਹਾ ਮਿਲੇਗਾ। ਲਾਲੂ ਦੇ ਦੋਹਾਂ ਪੁੱਤਰਾਂ ਅਤੇ ਧੀ ਨੂੰ ਆਪਸੀ ਮੱਤਭੇਦ ਦੂਰ ਕਰਨੇ ਪੈਣਗੇ, ਤਾਂ ਹੀ ਪਾਰਟੀ ਬਚੇਗੀ।
       ਦੇਸ ਦੀਆਂ ਹੋਰ ਵੀ ਕਈ ਪਾਰਟੀਆਂ ਭਾਨ ਬਣ ਕੇ ਵਕਤ ਦੇ ਹੱਥਾਂ 'ਚੋਂ ਰੇਤੇ ਵਾਂਗ ਕਿਰਦੀਆਂ ਰਹਿੰਦੀਆਂ ਹਨ, ਜਿਸ ਦਾ ਫਾਇਦਾ ਕਈ ਉਨ੍ਹਾਂ  ਪਾਰਟੀਆਂ ਨੂੰ ਹੋ ਜਾਂਦਾ ਹੈ, ਜਿਹੜੀਆਂ ਸਵਾਰਥੀ ਹੋਣ ਕਾਰਨ ਲੋਕ-ਹਿੱਤਾਂ ਵਿੱਚ ਨਹੀਂ ਸੋਚਦੀਆਂ। ਅਜਿਹਾ ਹੋਣ 'ਤੇ ਉਹ ਲੋਕ ਠੱਗੇ ਹੋਏ ਮਹਿਸੂਸ ਕਰਦੇ ਹਨ, ਜਿਹੜੇ ਮਾਂ-ਪਾਰਟੀ ਤੋਂ ਜੁਦਾ ਹੋਣ ਵਾਸਤੇ ਤਿਆਰ ਨਹੀਂ ਹੁੰਦੇ। ਪਾਰਟੀਆਂ 'ਚੋਂ ਨਿੱਤ ਹੀ ਨੇਤਾਵਾਂ ਦਾ ਕਿਰਦੇ ਰਹਿਣਾ ਲੋਕਤੰਤਰ ਦੇ ਹਿੱਤ ਵਿੱਚ ਨਹੀਂ ਹੁੰਦਾ, ਕਿਉਂਕਿ ਬਹੁਤਾ ਕਰ ਕੇ ਦਲ-ਬਦਲੀ ਸਵਾਰਥ ਕਰ ਕੇ ਹੁੰਦੀ ਹੈ, ਜਨਤਾ ਦੇ ਵੱਡੇ ਹਿੱਤਾਂ ਕਰ ਕੇ ਨਹੀਂ।
       ਲੋਕਤੰਤਰ ਵਿੱਚ ਸਿਆਸੀ ਪਾਰਟੀਆਂ ਨੂੰ ਖੁੱਲ੍ਹ ਹੈ ਕਿ ਜਿਵੇਂ ਮਰਜ਼ੀ ਵਿਚਰਨ, ਪਰ ਲੋਕ-ਹਿੱਤਾਂ ਵੱਲ ਪਿੱਠ ਕਰ ਕੇ ਇੱਕ ਵੀ ਕਦਮ ਉਠਾਉਣਾ ਯੋਗ ਨਹੀਂ। ਜਿਹੜੀ ਸਿਆਸੀ ਪਾਰਟੀ ਦੇਸ਼-ਹਿੱਤਾਂ ਅਤੇ ਲੋਕ-ਹੱਕਾਂ ਦਾ ਖ਼ਿਆਲ ਨਹੀਂ ਰੱਖਦੀ, ਉਹ ਜਿਹੜੇ ਮਰਜ਼ੀ ਭੇਸ ਵਿੱਚ ਆਈ ਜਾਵੇ,  ਕਦੇ ਵੀ ਸਫ਼ਲ ਨਹੀਂ ਹੋ ਸਕਦੀ। ਜਿਹੜੀ ਪਾਰਟੀ ਰਾਜ-ਭਾਗ ਵਿੱਚ ਆ ਕੇ ਲੋਕਾਂ ਨੂੰ ਤੰਗ ਕਰਦੀ ਹੈ, ਉਸ ਨੂੰ ਲੋਕ ਪਸੰਦ ਨਹੀਂ ਕਰਦੇ ਅਤੇ ਦੂਜੀ ਵਾਰ ਮੌਕਾ ਦੇਣ ਲਈ ਵੀ ਤਿਆਰ ਨਹੀਂ ਹੁੰਦੇ। ਏਕਾ ਨਾ ਰਹੇ ਤਾਂ ਪਾਰਟੀਆਂ ਨੂੰ ਭਾਨ ਵਾਂਗ ਖਿੱਲਰਨ ਤੋਂ ਰੋਕਿਆ ਜਾਣਾ ਕਿਸੇ ਤਰ੍ਹਾਂ ਵੀ ਆਸਾਨ ਨਹੀਂ ਹੁੰਦਾ।

ਇਨਸਾਫ਼ 'ਚ ਦੇਰੀ

ਦੇਸ ਦੀ ਸੁਪਰੀਮ ਕੋਰਟ ਅਤੇ ਰਾਜਾਂ ਦੀਆਂ ਹਾਈ ਕੋਰਟਾਂ ਨੂੰ ਕੇਵਲ ਅਪੀਲ ਹੀ ਕੀਤੀ ਜਾ ਸਕਦੀ ਹੈ ਕਿ ਦੇਸ ਭਰ ਦੀਆਂ ਅਦਾਲਤਾਂ ਥੋੜ੍ਹੇ ਸਮੇਂ ਵਿੱਚ ਸਹੀ ਫ਼ੈਸਲੇ ਦੇਣ ਦੇ ਨਿਯਮ ਬਣਾਉਣ ਅਤੇ ਉਨ੍ਹਾਂ ਦੀ ਪਾਲਣਾ ਕਰਨ, ਤਾਂ ਕਿ ਜਨਤਾ ਨੂੰ ਦੇਰ ਤੱਕ ਉਡੀਕਣ ਲਈ ਪ੍ਰੇਸ਼ਾਨ ਨਾ ਹੋਣਾ ਪਵੇ। ਕਿਸੇ ਵੀ ਅਦਾਲਤ ਵੱਲੋਂ ਦੇਰ ਨਾਲ ਫ਼ੈਸਲਾ ਦੇਣ ਨਾਲ ਲੋਕਾਂ ਦਾ ਵਿਸ਼ਵਾਸ ਤਿੜਕ ਜਾਂਦਾ ਹੈ, ਜੋ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਜੱਜ ਥੋੜ੍ਹੇ ਹਨ ਤਾਂ ਹੋਰ ਭਰਤੀ ਕੀਤੇ ਜਾਣ। ਲਮਕਦੀ ਪ੍ਰਕਿਰਿਆ 'ਤੇ ਕਾਬੂ ਪਾਉਣ ਲਈ ਢੰਗ-ਤਰੀਕੇ ਲੱਭੇ ਜਾਣ, ਤਾਂ ਜੁ ਪੀੜਤਾਂ ਨੂੰ ਸਹੀ, ਸੌਖਿਆਂ ਅਤੇ ਸਸਤੇ ਤਰੀਕੇ ਨਾਲ ਨਿਆਂ ਪ੍ਰਾਪਤ ਹੋ ਸਕੇ। ਅਜਿਹਾ ਹੋਣ ਨਾਲ ਦੇਸ਼ ਦੇ ਨਾਗਰਿਕਾਂ ਦੀ ਪ੍ਰੇਸ਼ਾਨੀ ਵੀ ਘਟਦੀ ਹੈ ਅਤੇ ਪੈਸੇ-ਧੇਲੇ ਦਾ ਖ਼ਰਚਾ ਵੀ। ਚੌਤੀ ਨਾਲ ਬਾਅਦ ਫ਼ੈਸਲਾ ਆਉਣ 'ਤੇ ਕਈ ਤਰ੍ਹਾਂ ਦੇ ਸਵਾਲਾਂ ਨੂੰ ਜਨਮ ਦਿੰਦਾ ਹੈ, ਪਰ ਇਹ ਸਵਾਲ ਅਦਾਲਤਾਂ ਨੂੰ ਕੀਤੇ ਨਹੀਂ ਜਾ ਸਕਦੇ। ਅਪੀਲ ਹੀ ਕੀਤੀ ਜਾ ਸਕਦੀ ਹੈ, ਦਲੀਲ ਨਹੀਂ ਦਿੱਤੀ ਜਾ ਸਕਦੀ।

ਲਤੀਫ਼ੇ ਦਾ ਚਿਹਰਾ-ਮੋਹਰਾ

ਇੱਕ ਮੁੰਡਾ ਕੰਨਾਂ 'ਚ ਰੂੰ ਦੇ ਫੰਬੇ ਦੇ ਕੇ ਬਜ਼ੁਰਗ ਬੰਦੇ ਨੂੰ ਚਿੱਠੀ ਪੜ੍ਹ ਕੇ ਸੁਣਾ ਰਿਹਾ ਸੀ। ਕੋਲੋਂ ਲੰਘਦੇ ਹੋਰ ਬੰਦੇ ਨੂੰ ਦੇਖ ਕੇ ਹੈਰਾਨੀ ਹੋਈ। ਉਸ ਨੇ ਪੁੱਛਿਆ, 'ਕਾਕਾ, ਕੰਨਾਂ 'ਚ ਰੂੰ ਦੇ ਕੇ ਚਿੱਠੀ ਕਿਉਂ ਪੜ੍ਹ ਰਿਹਾਂ?'
'ਹੋਰ ਕੀ ਕਰਾਂ ਜੀ, ਇਹ ਬੰਦਾ ਅਨਪੜ੍ਹ ਹੈ ਅਤੇ ਇਹ ਚੰਗਾ ਤਾਂ ਨਹੀਂ ਕਿ ਕਿਸੇ ਦੀਆਂ ਜ਼ਾਤੀ ਗੱਲਾਂ ਸੁਣੀਆਂ ਜਾਣ।'
-----
ਚੰਦੂ ਬਾਣੀਆਂ : ਬੇਟਾ, ਗਰੀਬਾਂ ਦੇ ਮਕਾਨ ਕੱਚੇ ਹਨ ਇਨ੍ਹਾਂ  ਦੇ ਲਾਭ ਦੱਸੋ।"
ਬਬਲੂ- "ਇਹ ਸਰਦੀਆਂ 'ਚ ਗਰਮ ਅਤੇ ਗਰਮੀਆਂ 'ਚ ਠੰਡੇ ਰਹਿੰਦੇ ਹਨ - ਹੋਰ૴।"
ਚੰਦੂ- "ਹੋਰ ਕੀ ਬੇਟਾ?"
ਲੱਲੂ,- "ਬਰਸਾਤਾਂ ਵਿਚ ਗਰੀਬਾਂ ਦੇ ਉੱਪਰ ਡਿੱਗ ਪੈਂਦੇ ਹਨ।"
------
ਪੇਂਡੂ ਸ਼ਹਿਰ ਗਿਆ, ਖੜ੍ਹਾ ਦੇਖੀ ਜਾਵੇ।
ਦੁਕਾਨਦਾਰ ਸਬਜ਼ੀਆਂ 'ਤੇ ਪਾਣੀ ਛਿੜਕੀ ਜਾਵੇ। ਜਦੋਂ ਕਾਫੀ ਦੇਰ ਹੋ ਗਈ ਤਾਂ ਪੇਂਡੂ ਨੇ ਸਬਜ਼ੀ ਵਾਲੇ ਨੂੰ ਕਿਹਾ :
''ਜੇਕਰ ਕੱਦੂਆਂ ਨੂੰ ਹੋਸ਼ ਆ ਗਿਆ ਹੋਵੇ ਤਾਂ ਦੋ ਕਿੱਲੋ ਮੈਨੂੰ ਵੀ ਦੇ ਦਿਓ।"

ਵਕਤਾਂ ਦਾ ਸੱਚ ਅਤੇ ਖਾਮੋਸ਼ੀ - ਸ਼ਾਮ ਸਿੰਘ ਅੰਗ-ਸੰਗ

ਵਕਤਾਂ ਵਿੱਚ ਵਿਚਰਦਿਆਂ ਹਰ ਉਹ ਸ਼ਖਸ ਆਪਣੀ ਸਮਝ ਵਿੱਚ ਆਉਂਦੇ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕਰਦਾ, ਜਿਸ ਵਿੱਚ ਦਲੇਰੀ ਹੋਵੇ ਅਤੇ ਅਣਖ ਵੀ। ਅਜਿਹਾ ਕਿਰਦਾਰ ਰੱਖਣ ਵਾਲਿਆਂ ਦੀ ਗਿਣਤੀ ਭਾਵੇਂ ਬਹੁਤੀ ਨਹੀਂ ਹੁੰਦੀ, ਪਰ ਇਤਿਹਾਸ 'ਤੇ ਝਾਤੀ ਮਾਰਦਿਆਂ ਪਤਾ ਲੱਗਦਾ ਹੈ ਕਿ ਜ਼ਾਲਮ ਬਾਦਸ਼ਾਹਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਵਾਲੇ ਆਪਣੀ ਭੂਮਿਕਾ ਸਦਾ ਨਿਭਾਉਂਦੇ ਹੀ ਰਹੇ। ਇਹ ਲੋਕ ਵੱਖ-ਵੱਖ ਦੇਸ਼ਾਂ ਵਿੱਚ ਜਨਮੇ, ਵੱਖ-ਵੱਖ ਧਰਮਾਂ ਦੇ ਵੀ ਸਨ ਅਤੇ ਵਰਗਾਂ ਦੇ ਵੀ। ਉਨ੍ਹਾਂ ਨੂੰ ਜਿੰਨੀਆਂ ਮਰਜ਼ੀ ਪੀੜਾਂ ਅਤੇ ਤਸੀਹੇ ਝੱਲਣੇ ਪਏ, ਪਰ ਉਹ ਨਾ ਕਦੇ ਅਸਮਰੱਥ ਰਹੇ ਅਤੇ ਨਾ ਅਸਫ਼ਲ। ਇਸ ਕਰ ਕੇ ਉਨ੍ਹਾਂ ਦਾ ਨਾਂਅ ਇਤਿਹਾਸ ਦੇ ਵਰਕਿਆਂ 'ਤੇ ਵੀ ਹੈ ਅਤੇ ਲੋਕ-ਦਿਲਾਂ ਵਿੱਚ ਵੀ।
        ਰਿਸ਼ੀਆਂ-ਮੁਨੀਆਂ ਦੇ ਜ਼ਮਾਨੇ ਵਿੱਚ ਉਹ ਜਾਗਦੇ ਰਹੇ ਅਤੇ ਉਨ੍ਹਾਂ ਆਪਣੇ ਬੋਲਾਂ ਨੂੰ ਜੰਦਰੇ ਨਹੀਂ ਲਾਏ। ਉਹ ਜ਼ਰੂਰਤ ਮੁਤਾਬਕ ਬੋਲਦੇ ਰਹੇ। ਫੇਰ ਪੀਰ-ਪੈਗੰਬਰ, ਗੁਰੂ ਅਤੇ ਭਗਤ ਆ ਗਏ, ਜਿਨ੍ਹਾਂ ਨੇ ਆਪਣੀ ਆਤਮਿਕ ਸ਼ਕਤੀ ਅਤੇ ਨਿੱਗਰ ਮਾਨਸਿਕਤਾ ਨਾਲ ਵਕਤਾਂ ਦੇ ਸੱਚ ਨੂੰ ਸਮਝਿਆ ਅਤੇ ਉਸ ਲਈ ਪੱਕੇ ਪੈਰੀਂ ਖੜ ਗਏ। ਨਾਲ ਦੀ ਨਾਲ ਉਹ ਲੋਕ ਮਸਲਿਆਂ ਨੂੰ ਉਠਾਉਂਦੇ ਰਹੇ ਅਤੇ ਲੋਕ-ਹਿੱਤਾਂ ਵਾਸਤੇ ਲੜਦੇ ਰਹੇ। ਉਨ੍ਹਾਂ ਨਾ ਕਦੇ ਤਕਲੀਫ਼ਾਂ ਦੀ ਪਰਵਾਹ ਕੀਤੀ ਅਤੇ ਨਾ ਅੰਤਾਂ ਦੇ ਤਸੀਹਿਆਂ ਦੀ। ਉਹ ਆਪਣੇ ਸਮੇਂ ਦੇ ਰਾਜਿਆਂ ਤੇ ਹਕੂਮਤਾਂ ਲਈ ਚੁਣੌਤੀ ਬਣਦੇ ਰਹੇ। ਉਨ੍ਹਾਂ ਖਾਮੋਸ਼ੀ ਨਹੀਂ ਧਾਰੀ, ਸਗੋਂ ਜਿੱਥੇ ਜ਼ਰੂਰੀ ਸੀ, ਉੱਥੇ ਸੱਚ ਲਈ ਬੋਲਦੇ ਰਹੇ।
       ਜਾਗਦੇ ਅਤੇ ਜਾਗਰਤ ਮਨੁੱਖਾਂ ਲਈ ਖਾਮੋਸ਼ ਰਹਿਣਾ ਸ਼ੋਭਦਾ ਨਹੀਂ। ਖ਼ਾਸ ਕਰ ਕੇ ਉਦੋਂ, ਜਦੋਂ ਜ਼ੁਲਮ ਹੋ ਰਿਹਾ ਹੋਵੇ, ਜਬਰ ਢਾਹਿਆ ਜਾ ਰਿਹਾ ਹੋਵੇ ਅਤੇ ਜਨਤਾ ਨੂੰ ਬੇਵੱਸੀ ਦੇ ਹਵਾਲੇ ਕਰ ਦਿੱਤਾ ਗਿਆ ਹੋਵੇ। ਅਜਿਹੇ ਮੌਕੇ ਖਾਮੋਸ਼ ਰਹਿਣਾ ਪਾਪ ਵੀ ਹੈ ਅਤੇ ਅਪਰਾਧ ਵੀ, ਕਿਉਂਕਿ ਪੀੜਤਾਂ ਨਾਲ ਨਾ ਖੜਨ ਦਾ ਅਰਥ ਜਾਬਰਾਂ ਦੇ ਹੱਕ ਵਿੱਚ ਖਲੋਣਾ ਵੀ ਹੈ ਅਤੇ ਅਪਰਾਧੀਆਂ ਦਾ ਸਾਥ ਦੇਣਾ ਵੀ। ਮੁਗਲਾਂ ਨੇ ਭਾਰਤ ਵਿੱਚ ਏਨਾ ਜ਼ੁਲਮ ਕੀਤਾ ਕਿ ਕੋਈ ਹੱਦ ਨਾ ਰਹਿਣ ਦਿੱਤੀ। ਉਦੋਂ ਉਨ੍ਹਾਂ ਦਾ ਮੁਕਾਬਲਾ ਤਿੱਖੇ ਬੋਲਾਂ ਨਾਲ ਵੀ ਕੀਤਾ ਗਿਆ ਅਤੇ ਜੁਰਅੱਤ ਦੀ ਪ੍ਰੀਖਿਆ ਦੇ ਕੇ ਵੀ। ਏਥੋਂ ਤੱਕ ਕਿ ਬਹਾਦਰਾਂ ਨੇ ਜਿਸਮਾਂ ਨੂੰ ਵਾਰ ਕੇ ਖਾਮੋਸ਼ੀ ਨੂੰ ਬੋਲ ਦਿੱਤੇ।
        ਬਾਬਰ ਤੋਂ ਔਰੰਗਜ਼ੇਬ ਦਾ ਸਮਾਂ ਕਿਸ ਨੂੰ ਯਾਦ ਨਹੀਂ, ਜਿਨ੍ਹਾਂ ਨੇ ਜਨਤਾ ਦੀ ਪਰਵਾਹ ਨਾ ਕਰਦਿਆਂ ਮਨਮਰਜ਼ੀ ਦੇ ਝੰਡੇ ਝੁਲਾਈ ਰੱਖੇ ਅਤੇ ਲੋਕਾਂ ਨੂੰ ਨਿਮਾਣੇ ਬਣਾ ਕੇ ਰੱਖਿਆ, ਪਰ ਜਿਨ੍ਹਾਂ ਵਿੱਚ ਜੁਰਅੱਤ ਸੀ, ਉਹ ਤਾਂ ਟਿਕ ਕੇ ਨਾ ਬੈਠੇ। ਉਨ੍ਹਾਂ ਲੱਖਾਂ ਦੀਆਂ ਫ਼ੌਜਾਂ ਦੇ ਪੈਰਾਂ ਹੇਠ ਭੁੱਬਲ ਧੁਖਾ ਕੇ ਜਾਨਦਾਰ ਅਤੇ ਸ਼ਾਨਦਾਰ ਮੁਕਾਬਲੇ ਕੀਤੇ ਅਤੇ ਇਤਿਹਾਸ ਦੇ ਸੁਨਹਿਰੀ ਵਰਕਿਆਂ 'ਤੇ ਆਪਣਾ ਨਾਂਅ ਲਿਖਵਾਇਆ।  ਜੁਰਅੱਤ ਕਰ ਕੇ ਹੀ ਨਿਮਾਣਿਆਂ ਨੇ ਕੇਰਾਂ ਜ਼ੋਰਾਵਰਾਂ ਦਾ ਹੰਕਾਰ ਤੋੜ ਕੇ ਰੱਖ ਦਿੱਤਾ। ਸਿੰਘਾਂ ਤੋਂ ਹਾਥੀ ਦੁੜਵਾਏ, ਚਿੜੀਆਂ ਕੋਲੋਂ ਬਾਜ਼ ਤੁੜਵਾਏ। ਇਹ ਵਕਤਾਂ ਦੇ ਸੱਚ ਨੂੰ ਸਮਝਣ ਦੀ ਗਾਥਾ ਵੀ ਹੈ ਅਤੇ ਉਸ ਮੁਤਾਬਕ ਜਾਬਰਾਂ ਨੂੰ ਬਣਦਾ ਸਬਕ ਸਿਖਾਉਣ ਦੀ ਵੀ।
       ਵਾਰੀ ਆਈ ਭਾਰਤੀ ਰਾਜਿਆਂ ਦੀ, ਜਿਨ੍ਹਾਂ ਨੇ ਆਪਣੀ ਪਰਜਾ ਨੂੰ ਸਮਝਿਆ ਅਤੇ ਚੰਗੇ ਰਾਜ-ਭਾਗ ਦੇ ਨਾਲ-ਨਾਲ ਲੋਕਾਂ ਨੂੰ ਖੁੱਲ੍ਹਾਂ ਵੀ ਦਿੱਤੀਆਂ। ਵਿਰੋਧੀਆਂ ਦੀ ਆਵਾਜ਼ ਨੂੰ ਉਦੋਂ ਤੱਕ ਉੱਕਾ ਨਹੀਂ ਦਬਾਇਆ ਗਿਆ, ਜਦੋਂ ਤੱਕ ਆਵਾਜ਼ ਬਗ਼ਾਵਤ ਨਾ ਬਣ ਗਈ। ਮਹਾਰਾਜਾ ਰਣਜੀਤ ਸਿੰਘ ਵਿੱਚ ਜਿੰਨੇ ਮਰਜ਼ੀ ਐਬ ਹੋਣ, ਪਰ ਉਸ ਦੇ ਰਾਜ ਕਰਨ ਦੇ ਤੌਰ-ਤਰੀਕਿਆਂ ਨੇ ਉਹ ਸਭ ਢੱਕ ਲਏ ਅਤੇ ਜੱਗ-ਜ਼ਾਹਰ ਨਾ ਹੋਣ ਦਿੱਤੇ। ਇਹ ਉਸ ਦੀ ਦੂਰ-ਅੰਦੇਸ਼ੀ ਹੀ ਕਹੀ ਜਾ ਸਕਦੀ ਹੈ ਕਿ ਉਸ ਨੇ ਜਨਤਾ ਨੂੰ ਖ਼ੁਸ਼ ਰੱਖਿਆ, ਬੋਲਣ 'ਤੇ ਬੰਦਸ਼ ਨਾ ਲਾਈ। ਆਪ ਵੀ ਮੌਜਾਂ ਮਾਣਦਾ ਰਿਹਾ ਅਤੇ ਲੋਕ ਵੀ ਮਸਤੀ ਮਾਣਦੇ ਰਹੇ।
       ਅੰਗਰੇਜ਼ ਆਏ ਤਾਂ ਉਨ੍ਹਾਂ ਆਪਣਾ ਦਾਬਾ ਪਾ ਲਿਆ। ਜਨਤਾ ਨੂੰ ਨਿਹੱਥੀ ਕਰੀ ਰੱਖਿਆ। ਆਪਣੀ ਭਾਸ਼ਾ ਅਤੇ ਆਪਣੇ ਸੱਭਿਆਚਾਰ ਦਾ ਗਲਬਾ ਪਾ ਲਿਆ, ਜੋ ਅਜੇ ਤੱਕ ਭਾਰਤੀਆਂ ਦਾ ਪਿੱਛਾ ਨਹੀਂ ਛੱਡ ਰਹੇ। ਉਨ੍ਹਾਂ ਨੇ ਇੱਥੋਂ ਦੇ ਲੋਕਾਂ ਦੀ ਜੁਰਅੱਤ ਨੂੰ ਖ਼ਤਮ ਕਰਨ ਲਈ ਕਈ ਤਰ੍ਹਾਂ ਦੇ ਹਰਬੇ ਵਰਤੇ। ਉਨ੍ਹਾਂ ਵਿਰੁੱਧ ਅਤੇ ਉਨ੍ਹਾਂ ਦੀ ਹਕੂਮਤ ਵਿਰੁੱਧ ਬੋਲਣ ਵਾਲਿਆਂ ਨੂੰ ਤੰਗੀਆਂ ਕੱਟਣੀਆਂ ਪਈਆਂ। ਲੋਕ ਵਕਤ ਨੂੰ ਸਮਝ ਕੇ ਆਪਣੇ ਦੇਸ਼ ਨੂੰ ਗ਼ੁਲਾਮੀ ਦੇ ਜੂਲੇ ਤੋਂ ਮੁਕਤ ਕਰਵਾਉਣ ਲਈ ਖਾਮੋਸ਼ੀ ਦੀ ਗੁਫ਼ਾ ਵਿੱਚ ਜਾਣ ਦੀ ਬਜਾਏ ਜੁਰਅੱਤ ਨਾਲ ਬੋਲਦੇ ਰਹੇ ਅਤੇ ਆਜ਼ਾਦੀ ਲਈ ਬਹਾਦਰੀ ਨਾਲ ਖੂਬ ਲੜਦੇ ਰਹੇ।
     ਜੁਰਅੱਤ, ਦਲੇਰੀ ਵਕਤ ਸਿਰ ਬੋਲਣ ਤੋਂ ਨਹੀਂ ਰੁਕਦੀਆਂ। ਅੰਗਰੇਜ਼ਾਂ ਨੂੰ ਸਿੱਧੀਆਂ-ਸਪੱਸ਼ਟ ਚੁਣੌਤੀਆਂ ਦੇਣ ਤੋਂ ਡਰਿਆ ਨਹੀਂ ਗਿਆ। ਕਿੰਨੇ ਵੀਰ ਤੱਤੇ ਬੋਲ ਵੀ ਬੋਲਦੇ ਰਹੇ ਤੇ ਬੌਧਿਕ ਦਾਅ-ਪੇਚ ਵੀ ਵਰਤਦੇ ਰਹੇ, ਪਰ ਹਕੂਮਤ ਕਰਨ ਵਾਲਿਆਂ ਹਮੇਸ਼ਾ ਇਹ ਹੀ ਚਾਹਿਆ ਕਿ ਲੋਕ ਖਾਮੋਸ਼ ਰਹਿਣ ਅਤੇ ਸਿਰ ਨਾ ਚੁੱਕਣ। ਲੋਕ ਖਾਮੋਸ਼ੀਆਂ ਤੋੜ ਕੇ ਨਾਹਰੇ ਬਣਦੇ/ਮਾਰਦੇ ਰਹੇ ਅਤੇ ਦੁੱਖ ਸਹਿੰਦੇ ਰਹੇ। ਜੇਲ੍ਹਾਂ ਵਿੱਚ ਤੰਗੀਆਂ ਦੀ ਪਰਵਾਹ ਨਾ ਕੀਤੀ ਅਤੇ ਹੱਸ-ਹੱਸ ਕੇ ਫ਼ਾਂਸੀਆਂ 'ਤੇ ਚੜ੍ਹਦੇ ਰਹੇ। ਇਹ ਹੈ ਵਕਤਾਂ ਦਾ ਸੱਚ, ਜੋ ਧਰਤੀ 'ਤੇ ਅਸਲੀਅਤ ਹੋ ਕੇ ਵਾਪਰਿਆ ਅਤੇ ਇਤਿਹਾਸ 'ਚੋਂ ਪੜ੍ਹਿਆ ਜਾ ਸਕਦਾ ਹੈ।
       ਪਹਿਲਾਂ-ਪਹਿਲ ਕਾਂਗਰਸ ਪਾਰਟੀ ਹੀ ਦੇਸ ਦੀ ਵੱਡੀ ਸਿਆਸੀ ਜਮਾਤ ਸੀ, ਜਿਸ ਨੇ ਜਿੱਥੇ ਆਜ਼ਾਦੀਆਂ ਲਈ ਕੰਮ ਕੀਤਾ, ਉੱਥੇ ਲੋਕਾਂ ਨੂੰ ਖਾਮੋਸ਼ੀ ਧਾਰਨ ਕਰਨ ਵੱਲ ਵੀ ਧੱਕੀ ਰੱਖਿਆ, ਪਰ ਜੁਰਅੱਤ ਵਾਲੇ ਲੋਕਾਂ ਨੇ ਕੋਈ ਬੰਦਸ਼ ਨਾ ਮੰਨੀ ਅਤੇ ਸਮੇਂ ਮੁਤਾਬਕ ਢੁੱਕਵੇਂ ਅੰਦਾਜ਼ ਵਿੱਚ ਬੋਲਦੇ ਰਹੇ, ਜਿਸ ਕਾਰਨ ਪਾਰਟੀ ਵਿੱਚ ਵਿਰੋਧੀ ਸੁਰਾਂ ਵੀ ਉੱਠਦੀਆਂ ਰਹੀਆਂ ਅਤੇ ਪਾਰਟੀ ਕਈ ਥਾਂ ਵੰਡ ਹੋ ਗਈ। ਭਾਜਪਾ ਨੇ ਜੁਰਅੱਤ ਕੀਤੀ ਅਤੇ ਕਾਂਗਰਸ ਨੂੰ ਮਾਤ ਦੇ ਦਿੱਤੀ। ਦੇਰ ਤੋਂ ਚੁੱਪ-ਗੜੁੱਪ ਇਹ ਪਾਰਟੀ ਬੋਲਾਂ ਦੇ ਸਹਾਰੇ ਹਕੂਮਤ 'ਤੇ ਛਾ ਗਈ। ਬੋਲ ਜਿਹੋ ਜਿਹੇ ਵੀ ਸਨ, ਪਰ ਲੋਕਾਂ 'ਤੇ ਪ੍ਰਭਾਵ ਪਾਉਣ ਵਿੱਚ ਸਫ਼ਲ ਰਹੇ।
      ਕਾਮਰੇਡ ਲੋਕ-ਹਿੱਤਾਂ ਲਈ ਖੜੇ, ਲੋਕਾਂ ਦੀ ਜ਼ੁਬਾਨ ਬੋਲੇ ਅਤੇ ਉਨ੍ਹਾਂ ਦੀ ਆਵਾਜ਼ ਬਣਨ ਦਾ ਵਿਸ਼ਵਾਸ ਦੁਆਇਆ। ਕੁਝ ਰਾਜਾਂ ਅੰਦਰ ਉਨ੍ਹਾਂ ਦੀਆਂ ਹਕੂਮਤਾਂ ਬਣ ਗਈਆਂ। ਉਨ੍ਹਾਂ ਰਾਜਾਂ ਦਾ ਹਾਲ ਸਭ ਦੇ ਸਾਹਮਣੇ ਹੈ, ਜਿੱਥੇ ਲੋਕ ਕਦੇ ਖਾਮੋਸ਼ ਨਹੀਂ ਰਹੇ। ਪੰਜਾਬ ਵਿੱਚ ਅਕਾਲੀ ਦਲ ਭਾਰੂ ਰਿਹਾ, ਪਰ ਵਕਤ-ਵਕਤ 'ਤੇ ਇਸ ਦੇ ਪ੍ਰਧਾਨਾਂ ਦੀ ਤਾਨਾਸ਼ਾਹੀ ਕਾਰਨ ਦਲ ਕਈ ਥਾਂ ਵੰਡਿਆ ਗਿਆ। ਜਿੱਥੇ-ਜਿੱਥੇ ਖਾਮੋਸ਼ੀ ਅਪਣਾਉਣ ਲਈ ਮਜਬੂਰ ਕੀਤਾ ਜਾਵੇਗਾ, ਉੱਥੇ-ਉੱਥੇ ਲੋਕ ਉੱਚੀ ਸੁਰ 'ਚ ਬੋਲਣਗੇ। ਹੁਣ ਤਾਂ ਹੱਦ ਹੀ ਹੋ ਗਈ ਕਿ ਹਰ ਰੋਜ਼ ਦਲ ਦੇ ਟੁੱਟਣ ਦੀਆਂ ਖ਼ਬਰਾਂ ਆ ਰਹੀਆਂ ਹਨ, ਪਰ ਬੋਲ ਨਹੀਂ ਦੱਬ ਰਹੇ।
      ਹੁਣ ਹੋਰ ਨਵਾਂ ਅਕਾਲੀ ਦਲ ਬਣ ਜਾਵੇਗਾ, ਜੋ ਤਾਨਾਸ਼ਾਹੀ ਨਾ ਝੱਲਦਿਆਂ ਰੋਹ 'ਚੋਂ ਪੈਦਾ ਹੋਵੇਗਾ। ਓਧਰ ਨਵੀਂ ਬਣੀ ਸਿਆਸੀ ਪਾਰਟੀ 'ਆਪ' ਦਾ ਝਾੜੂ ਤੀਲਾ-ਤੀਲਾ ਹੋ ਕੇ ਰਹਿ ਗਿਆ। ਹਕੂਮਤ ਕਰਨ ਤੁਰੀ ਪਾਰਟੀ ਨੂੰ ਵੀ ਤਾਨਾਸ਼ਾਹੀ ਨੇ ਮਾਰ ਲਿਆ। ਇਸ ਪਾਰਟੀ ਦਾ ਕੌਮੀ ਮੁਖੀ ਚਾਹੁੰਦਾ ਸੀ ਕਿ ਜੋ ਵੀ ਬੋਲ ਕੱਢਦਾ ਹੈ, ਉਸ ਨੂੰ ਹਰ ਹੀਲੇ ਖਾਮੋਸ਼ ਕਰਵਾ ਦਿੱਤਾ ਜਾਵੇ, ਪਰ ਅਣਖੀਲੇ ਅਤੇ ਬਹਾਦਰ ਲੋਕਾਂ ਨੇ ਖਾਮੋਸ਼ ਹੋਣ ਨਾਲੋਂ ਵਕਤ ਦੇ ਸੱਚ ਨੂੰ ਪਛਾਣਿਆਂ ਅਤੇ ਦਿੱਲੀ ਵੱਲ ਪਿੱਠ ਕਰ ਲਈ। ਹੁਣ ਕੀ ਬਣੇਗਾ, ਉਡੀਕ ਕਰਨੀ ਪਵੇਗੀ।
       ਅਕਾਲੀ ਦਲ ਦੇ ਸੇਖਵਾਂ ਅਤੇ ਬ੍ਰਹਮਪੁਰਾ ਹੋਰਾਂ ਦੇਰ ਕਰ ਦਿੱਤੀ। ਜੇ ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਪਹਿਲਾਂ ਬੋਲ ਪੈਂਦੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਹੱਥਾਂ 'ਤੇ ਚੁੱਕ ਲੈਣਾ ਸੀ, ਪਰ ਉਹ ਪਛੜ ਗਏ। ਕੁਝ ਇਸੇ ਤਰ੍ਹਾਂ 'ਆਪ' ਦੇ ਖਹਿਰਾ ਅਤੇ ਕੰਵਰ ਧੜੇ ਨੇ ਕੀਤਾ। ਉਹ ਵੀ ਦੇਰ ਤੱਕ ਦਿੱਲੀ ਦੇ ਨੇਤਾਵਾਂ ਦੀਆਂ ਲੇਲ੍ਹੜੀਆਂ ਕੱਢਦੇ ਰਹੇ ਅਤੇ ਆਪਣੀਆਂ ਬੈਠਕਾਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਲਾਉਂਦੇ ਰਹੇ, ਜੋ ਇਸ ਕਰ ਕੇ ਜਾਇਜ਼ ਨਹੀਂ ਸਨ, ਕਿਉਂਕਿ ਬੈਠਕਾਂ ਵਿੱਚ ਉਨ੍ਹਾਂ ਦਾ ਖੁੱਲ੍ਹਮ-ਖੁੱਲ੍ਹਾ ਵਿਰੋਧ ਕਰਦੇ ਰਹੇ।
       ਮੁੱਕਦੀ ਗੱਲ ਤਾਂ ਇਹੀ ਹੈ ਕਿ ਮੰਤਰੀ ਹੋਣ ਜਾਂ ਅਧਿਕਾਰੀ, ਜੱਜ ਹੋਣ ਜਾਂ ਕਿਸੇ ਵੀ ਵਿਭਾਗ ਦੇ ਮੁਖੀ, ਉਨ੍ਹਾਂ ਨੂੰ ਜੁਰਅੱਤ ਨਾਲ ਰਹਿ ਕੇ ਕੰਮ ਕਰਨਾ ਚਾਹੀਦਾ ਹੈ, ਪੂਛ ਹਿਲਾ ਕੇ ਨਹੀਂ। ਉਹ ਦੂਜਿਆਂ ਲਈ ਮਿਸਾਲ ਬਣਨ ਅਤੇ ਵਕਤ ਮੁਤਾਬਕ ਸਹੀ ਭੂਮਿਕਾ ਨਿਭਾਉਣ, ਤਾਂ ਕਿ ਸਮਾਂ ਉਨ੍ਹਾਂ ਨੂੰ ਯਾਦ ਕਰਦਾ ਰਹੇ। ਅਜਿਹਾ ਤਾਂ ਹੀ ਸੰਭਵ ਹੈ, ਜੇ ਉਹ ਸਹੀ ਸਮੇਂ ਸਹੀ ਬੋਲਣ, ਖਾਮੋਸ਼ ਤਾਂ ਬਿਲਕੁਲ ਹੀ ਨਾ ਰਹਿਣ। ਅਜਿਹਾ ਰਹਿਣ ਅਤੇ ਕਹਿਣ ਵਾਲੇ ਹੀ ਦੂਜਿਆਂ ਵਾਸਤੇ ਰਾਹ-ਦਸੇਰਾ ਬਣਨਗੇ ਅਤੇ ਖਾਮੋਸ਼ੀ ਦੀ ਥਾਂ ਵਕਤ ਦੇ ਸੱਚ ਦੀ ਗਵਾਹੀ ਭਰਨਗੇ।


ਲਤੀਫ਼ੇ ਦਾ ਚਿਹਰਾ-ਮੋਹਰਾ

ਇੱਕ ਬੀਬੀ ਚਿੱਤਰ ਪ੍ਰਦਰਸ਼ਨੀ ਦੇਖ ਕੇ ਚਿੱਤਰਕਾਰ ਨੂੰ ਕਹਿਣ ਲੱਗੀ ਕਿ ਇਹ ਏਨੀ ਬਦਸ਼ਕਲ ਤਸਵੀਰ ਵਾਲੀ ਪ੍ਰਦਰਸ਼ਨੀ ਤੁਸੀਂ ਕਿਉਂ ਲਾਈ?
ਚਿੱਤਰਕਾਰ : ਮਾਫ਼ ਕਰਨਾ ਬੀਬੀ ਜੀ, ਤੁਸੀਂ ਕਿਸੇ ਚਿੱਤਰ ਅੱਗੇ ਨਹੀਂ, ਸਗੋਂ ਸਾਫ਼ ਸ਼ੀਸ਼ੇ ਮੂਹਰੇ ਖੜ੍ਹੇ ਹੋ।
"'
ਦੁਕਾਨਦਾਰ : ਹਾਂ ਜੀ ਭਗਵਾਨ ਰੂਪੀ ਗਾਹਕ ਜੀ, ਤੁਹਾਨੂੰ ਕੀ ਚਾਹੀਦਾ ਹੈ?
ਗਾਹਕ   :    ਪਹਿਲਾਂ ਲਾੜੀ ਦਿਖਾਉ ਜੀ!
ਦੁਕਾਨਦਾਰ : ਇਹ ਤੁਸੀਂ ਕੀ ਕਹਿ ਰਹੇ ਹੋ?
ਗਾਹਕ : ਤੁਸੀਂ ਬਾਹਰ ਲਿਖ ਕੇ ਲਾਇਆ ਹੋਇਆ ਕਿ ਇੱਥੇ ਵਿਆਹ ਸੰਬੰਧੀ ਸਾਰਾ ਕੁੱਝ ਮਿਲਦੈ।

ਸੰਪਰਕ : 98141-13338

19 Dec. 2018

ਲਾਰੇ, ਵਾਅਦੇ ਅਤੇ ਝੂਠ ਤੰਤਰ - ਸ਼ਾਮ ਸਿੰਘ ਅੰਗ ਸੰਗ

ਲਾਰੇ, ਵਾਅਦੇ ਅਤੇ ਝੂਠ ਤੰਤਰ ਦੀ ਗੱਲ ਕਰਦਿਆਂ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਜੇ ਲਾਰੇ ਅਤੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ ਤਾਂ ਦੇਸ਼ ਵਾਸੀਆਂ ਨਾਲ ਵੀ ਧ੍ਰੋਹ ਹੈ ਅਤੇ ਪੂਰੀ ਮਾਨਵਤਾ ਨਾਲ ਵੀ।
      ਫੋਕੇ ਦਿਲਾਸੇ ਅਤੇ ਝੂਠੇ ਵਚਨ ਨੂੰ ਲਾਲੀਪਾਪ ਬਣਾ ਕੇ ਅੱਖਾਂ ਅੱਗੇ ਲਟਕਾਉਣ ਅਤੇ ਸੋਚਾਂ ਉੱਤੇ ਟੰਗ ਦੇਣ ਨਾਲ ਥੋੜ੍ਹੇ ਜਿਹੇ ਸਮੇਂ ਲਈ ਭਰਮ ਜਾਲ ਤਾਂ ਵਿਛਾਇਆ ਜਾ ਸਕਦਾ ਹੈ, ਪਰ ਚਿਰ-ਸਥਾਈ ਪ੍ਰਭਾਵ ਕਾਇਮ ਨਹੀਂ ਕੀਤਾ ਜਾ ਸਕਦਾ। ਲਾਰਾ ਲਾਉਣਾ ਨਾਂਹ-ਪੱਖੀ ਕਿਰਿਆ ਹੈ, ਜਿਸ ਕਰ ਕੇ ਹੀ ਲਾਰੇਬਾਜ਼ੀ ਇੱਕ ਤੋਂ ਵੱਧ ਵਾਰ ਕਾਮਯਾਬ ਨਹੀਂ ਹੁੰਦੀ। ਲਾਰੇ ਲਾਉਣ ਵਾਲੇ ਲਾਰੇਬਾਜ਼ ਅਜਿਹੀ ਬੁਰੀ ਤਰ੍ਹਾਂ ਬਦਨਾਮ ਹੋ ਜਾਂਦੇ ਹਨ ਕਿ ਮੁੜ ਉਨ੍ਹਾਂ 'ਤੇ ਕੋਈ ਵੀ ਇਤਬਾਰ ਨਹੀਂ ਕਰਦਾ।ઠ
       ਉਹ ਆਪਣੀ ਖੇਡ ਆਪ ਹੀ ਵਿਗਾੜ ਲੈਂਦੇ ਹਨ, ਜਿਹੜੇ ਫੇਰ ਦੇਰ ਤੱਕ ਆਪਣੇ ਪੈਰਾਂ 'ਤੇ ਖੜੇ ਨਹੀਂ ਹੋ ਸਕਦੇ। ਲਾਰਿਆਂ ਦੀ ਮਾਰ ਖਾਣ ਵਾਲਿਆਂ ਨੂੰ ਪਹਿਲਾਂ ਤਾਂ ਖ਼ੁਦ ਸ਼ਿਕਾਰ ਬਣ ਜਾਣ ਦਾ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਸੱਚਾਈ ਜਾਣ ਲੈਂਦੇ ਹਨ ਤਾਂ ਉਨ੍ਹਾਂ ਦੇ ਪੱਲੇ ਪਛਤਾਵੇ ਅਤੇ ਨਿਰਾਸ਼ਤਾ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਰਹਿ ਜਾਣ ਤੜਪਦੇ।
       ਭਾਰਤ ਦੇ ਸਿਆਸਤਦਾਨ ਲਾਰੇ ਲਾਉਣ ਵਿੱਚ ਦੁਨੀਆ ਭਰ 'ਚ ਨੰਬਰ ਇੱਕ 'ਤੇ ਹਨ, ਜਿਨ੍ਹਾਂ ਦਾ ਮੁਕਾਬਲਾ ਕਿਸੇ ਵੀ ਦੇਸ਼ ਦੇ ਸਿਆਸਤਦਾਨ ਨਹੀਂ ਕਰ ਸਕਦੇ। ਨਾਲ ਹੀ ਭਾਰਤ ਦੇ ਹਰ ਤਰ੍ਹਾਂ ਦੇ ਅਧਿਕਾਰੀ ਵੀ ਸਿਆਸਤਦਾਨਾਂ ਦੀਆਂ ਪੈੜਾਂ 'ਤੇ ਚੱਲਦਿਆਂ ਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ ਲਾਰਿਆਂ 'ਚ ਉਲਝਾਈ ਰੱਖਣ ਵਿੱਚ ਹੀ ਆਪਣਾ ਮਾਣ ਸਮਝਦਿਆਂ ਕਿਸੇ ਤਰ੍ਹਾਂ ਵੀ ਸ਼ਰਮ ਮਹਿਸੂਸ ਨਹੀਂ ਕਰਦੇ।ઠ
       ਲਾਰੇ ਤੋਂ ਅੱਗੇ ਵਾਅਦੇ ਦੀ ਵਾਰੀ ਆਉਂਦੀ ਹੈ, ਜਿਸ 'ਤੇ ਸ਼ੱਕ ਕਰਨ ਦੀ ਗੁੰਜਾਇਸ਼ ਨਹੀਂ ਹੁੰਦੀ। ਉਹ ਇਸ ਲਈ ਕਿ ਵਾਅਦਾ ਜ਼ਿੰਮੇਵਾਰ ਨੇਤਾ ਵੱਲੋਂ ਕੀਤਾ ਜਾ ਰਿਹਾ ਹੁੰਦਾ ਹੈ, ਜਿਸ ਨੇ ਆਪਣੀ ਸਾਖ਼ ਬਣਾਈ ਰੱਖਣ ਲਈ ਵਾਅਦਾ ਨਿਭਾਉਣਾ ਹੀ ਹੁੰਦਾ ਹੈ। ਜੇ ਵਾਅਦਾ ਪੂਰਾ ਨਾ ਕੀਤਾ ਜਾਵੇ ਤਾਂ ਜਿਸ ਨਾਲ ਵਾਆਦਾ ਕੀਤਾ ਜਾਵੇ, ਉਹ ਵੀ ਮਾਰ ਖਾ ਜਾਂਦਾ ਹੈ ਅਤੇ ਵਾਅਦਾ ਕਰਨ ਵਾਲਾ ਵੀ ਨਹੀਂ ਬਚਦਾ।
        ਵਾਅਦੇ ਕਰਨ ਸਮੇਂ ਸਿਆਸਤਦਾਨ ਕਦੇ ਕੰਜੂਸੀ ਨਹੀਂ ਵਰਤਦੇ ਅਤੇ ਨਾ ਉਨ੍ਹਾਂ ਦੀ ਸੂਚੀ ਲੰਮੀ ਕਰਨ ਵਿੱਚ ਕੋਈ ਝਿਜਕ ਦਿਖਾਉਂਦੇ ਹਨ, ਪਰ ਉਨ੍ਹਾਂ ਨੂੰ ਪੂਰੇ ਕਰਨ ਵਿੱਚ ਏਨੀ ਢਿੱਲ ਕਰਦੇ ਹਨ ਕਿ ਵਰ੍ਹਿਆਂ ਤੱਕ ਪੂਰੇ ਨਹੀਂ ਕੀਤੇ ਜਾਂਦੇ। ਰਾਜਨੀਤਕ ਪਾਰਟੀਆਂ ਬਣਦੀਆਂ-ਟੁੱਟਦੀਆਂ ਰਹਿੰਦੀਆਂ ਹਨ ਅਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ, ਪਰ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ।ઠ
         ਭਾਰਤ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਦੇ ਲੋਕਾਂ ਨਾਲ ਏਨੇ ਵਾਅਦੇ ਕੀਤੇ ਗਏ ਕਿ ਉਹ ਅਜੇ ਤੱਕ ਉਡੀਕ ਦੀ ਕਤਾਰ ਵਿੱਚੋਂ ਪਰੇ ਨਹੀਂ ਹੋਏ। ਹਰ ਕੋਈ ਹੀ ਆਪਣੇ ਬੈਂਕ ਖਾਤੇ ਵਿੱਚ ਆਉਣ ਵਾਲੇ 15 ਲੱਖ ਰੁਪਏ ਉਡੀਕ ਰਿਹਾ ਅਤੇ ਅੱਛੇ ਦਿਨਾਂ ਦਾ ਇੰਤਜ਼ਾਰ ਕਰੀ ਜਾ ਰਿਹਾ ਹੈ। ਪੂਰਾ ਦੇਸ਼ ਵਿਦੇਸ਼ਾਂ 'ਚੋਂ ਕਾਲੇ ਧਨ ਦੇ ਆਉਣ ਦੀ ਆਸ ਲਗਾਈ ਬੈਠਾ ਹੈ, ਜੋ ਨਹੀਂ ਆਉਣਾ।
       ਵਾਅਦੇ ਕਰਨ ਵਾਲੇ ਹਾਸੋਹੀਣੀ ਹਰਕਤ ਕਰਦਿਆਂ ਸੁਰਖੁਰੂ ਹੋ ਕੇ ਬਹਿ ਗਏ, ਜਦੋਂ ਵਾਅਦਿਆਂ ਦੀ ਲੰਮੀ ਸੂਚੀ ਨੂੰ ਜੁਮਲਾ ਕਰਾਰ ਦੇ ਕੇ ਆਪਣਾ ਪੱਲਾ ਹੀ ਝਾੜ ਗਏ। ਦੇਸ਼ ਦੇ ਲੋਕ ਵਾਅਦਿਆਂ ਦੇ ਨਾਂਅ ਉੱਤੇ ਦਿਨੇ ਦੀਵੀਂ ਠੱਗੇ ਗਏ, ਪਰ ਠੱਗਣ ਵਾਲਿਆਂ 'ਤੇ ਕੋਈ ਕਾਰਵਾਈ ਹੀ ਨਹੀਂ ਹੋਈ। ਇਹ ਕੇਹਾ ਲੋਕਤੰਤਰ ਹੈ ਕਿ ਸਮੁੱਚੇ ਦੇਸ਼ ਨਾਲ ਧੋਖਾ ਕਰਨ ਵਾਲੇ ਮਹਾਂ-ਅਪਰਾਧੀ ਨਾ ਸਮਝੇ ਜਾਣ ਅਤੇ ਵਾਅਦਾ-ਖ਼ਿਲਾਫ਼ੀ ਤੋਂ ਬਚੇ ਰਹਿਣ!
          ਲਾਰਿਆਂ ਅਤੇ ਵਾਅਦਿਆਂ ਨੂੰ ਪੂਰੇ ਨਾ ਕਰਨ ਕਰ ਕੇ ਜਿਹੜੇ ਝੂਠ ਤੰਤਰ ਦੇ ਸਹਾਰੇ ਹਕੂਮਤ ਬਣਾਈ ਗਈ ਅਤੇ ਚਲਾਈ ਗਈ, ਉਸ ਨੇ ਦੇਸ਼ ਦੇ ਲੋਕਾਂ ਦਾ ਭਰੋਸਾ ਤੋੜ ਕੇ ਰੱਖ ਦਿੱਤਾ। ਦੇਸ਼ ਦੇ ਜ਼ਿੰਮੇਵਾਰ ਸਿਆਸਤਦਾਨ ਅਤੇ ਹੁਕਮਰਾਨ ਅਜਿਹਾ ਕਰਨ ਤਾਂ ਇਹ ਮੁਆਫ਼ੀ ਯੋਗ ਨਹੀਂ। ਅਜਿਹਾ ਧੋਖਾ ਕਰਨ ਵਾਲਿਆਂ 'ਤੇ ਕਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਜੇ ਅਜਿਹਾ ਕਨੂੰਨ ਨਹੀਂ ਤਾਂ ਹਰ ਸੂਰਤ ਬਣਾਉਣਾ ਚਾਹੀਦਾ ਹੈ, ਤਾਂ ਜੁ ਭਵਿੱਖ 'ਚ ਦੇਸ਼ ਨਾਲ ਧੋਖਾ ਨਾ ਹੋ ਸਕੇ। ਝੂਠ ਤੰਤਰ ਦੇ ਸਿਰਜਕਾਂ ਅਤੇ ਪੈਰੋਕਾਰਾਂ ਲਈ ਅਜਿਹੀ ਸਖ਼ਤ ਸਜ਼ਾ ਦੀ ਵਿਵਸਥਾ ਕੀਤੀ ਜਾਵੇ ਕਿ ਉਨ੍ਹਾਂ ਦੀ ਸਾਰੀ ਉਮਰ ਜੇਲ੍ਹਾਂ ਵਿੱਚ ਹੀ ਗੁਜ਼ਰੇ, ਤਾਂ ਜੁ ਲੋਕਾਂ ਨਾਲ ਕੀਤੇ ਗਏ ਮਹਾਂ-ਧੋਖੇ ਦਾ ਬਣਦਾ ਵਾਜਬ ਬਦਲਾ ਵਿਧੀ ਮੁਤਾਬਕ ਲਿਆ ਜਾ ਸਕੇ।ઠ
       ਲਾਰੇਬਾਜ਼ੀ ਅਤੇ ਵਾਅਦਾ-ਖ਼ਿਲਾਫ਼ੀ ਲਈ ਦੇਸ਼ ਦੇ ਸਿਆਸਤਦਾਨਾਂ ਵਿੱਚ ਕੋਈ ਥਾਂ ਨਹੀਂ ਹੋਣੀ ਚਾਹੀਦੀ, ਕਿਉਂਕਿ ਇਨ੍ਹਾਂ ਨਾਲ ਝੂਠ ਤੰਤਰ ਦੀ ਵਬਾ ਫੈਲਦੀ ਹੈ, ਜੋ ਕਦੇ ਦੇਸ਼ ਦਾ ਭਲਾ ਨਹੀਂ ਕਰਦੀ। ਚੰਗਾ ਹੋਵੇ, ਜੇ ਦੇਸ਼ ਦੀਆਂ ਰਾਜਨੀਤਕ ਪਾਰਟੀਆਂ ਅਤੇ ਸਿਆਸਤਦਾਨ ਉਹੀ ਵਾਅਦੇ ਕਰਨ, ਜੋ ਪੂਰੇ ਕਰ ਸਕਣ ਅਤੇ ਲਾਰੇਬਾਜ਼ੀ ਤੋਂ ਤਾਂ ਤੌਬਾ ਹੀ ਕਰਨ।


ਮੋਹਨਜੀਤ ਨੂੰ ਇਨਾਮ

ਦੇਰ ਬਾਅਦ ਹੀ ਸਹੀ, ਪਰ ਹੋਇਆ ਇਹ ਚੰਗਾ ਕਿ ਸਾਹਿਤ ਅਕਾਦਮੀ ਦਿੱਲੀ ਨੇ ਪੰਜਾਬੀ ਦੇ ਕਵੀ ਮੋਹਨਜੀਤ ਨੂੰ ਇਸ ਵਾਰ ਇਨਾਮ ਦੇ ਦਿੱਤਾ। ਉਸ ਦੇ ਕਾਵਿ ਸੰਗ੍ਰਹਿ 'ਕੋਣੇ ਦਾ ਸੂਰਜ' ਨੂੰ ਮਿਲਿਆ ਇਹ ਇਨਾਮ ਉਸ ਦੇ 80 ਵਰ੍ਹਿਆਂ ਨੂੰ ਸਰਸ਼ਾਰ ਕਰ ਗਿਆ, ਕਿਉਂਕਿ ਉਹ ਸਹਿਜ ਨਾਲ ਰਚਨਾ ਕਰਦਾ ਗਿਆ, ਪਰ ਦਿੱਲੀ ਵਿੱਚ ਰਹਿੰਦਿਆਂ ਵੀ ਝੁਕਿਆ ਨਹੀਂ ਅਤੇ ਇਨਾਮ ਦੇਣ ਵਾਲਿਆਂ ਪਿੱਛੇ ਦੌੜਿਆ ਨਹੀਂ। ਇਨਾਮ ਦੇਣ ਵਾਲੇ ਤਾਂ ਸਮੇਂ-ਸਮੇਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਦੇਵਿੰਦਰ ਸਤਿਆਰਥੀ ਨੂੰ ਇਨਾਮ ਦੇਣ 'ਚ ਕੁਤਾਹੀ ਕਰ ਗਏ, ਜਿਸ ਲਈ ਉਨ੍ਹਾਂ ਨੂੰ ਇਨ੍ਹਾਂ ਦੀਆਂ ਕਬਰਾਂ 'ਤੇ ਜਾ ਕੇ ਦਰਵੇਸ਼ ਰੂਹਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਤਾਂ ਕਿ ਜਿਹੜੇ ਜਿਉਂਦੇ-ਜਾਗਦੇ ਹਨ, ਉਨ੍ਹਾਂ ਨੂੰ ਕੀਤੀ ਵੱਡੀ ਗ਼ਲਤੀ ਦਾ ਅਹਿਸਾਸ ਹੋ ਸਕੇ।
ਮੋਹਨਜੀਤ ਖੁੱਲ੍ਹੀ ਕਵਿਤਾ ਦੀ ਸਿਰਜਣ ਪ੍ਰਕਿਰਿਆ ਵਿੱਚ ਵੀ ਪ੍ਰਪੱਕ ਹੈ ਅਤੇ ਗੀਤ ਦੀ ਗਹਿਰੀ ਆਤਮਾ ਫੜਨ ਵਿੱਚ ਵੀ। ਉਹ ਇਤਿਹਾਸ ઠਦੀ ਗੱਲ ਵੀ ਕਰਦਾ ਹੈ, ਮਿਥਿਹਾਸ ਦੀ ਵੀ। ਉਹ ਕਿੰਨੀਆਂ ਧਿਰਾਂ ਦੇ ਕਿੰਨੇ ਪੱਖਾਂ ਦੀ ਗੱਲ ਦੇ ਵਿਵਰਣ ਪੇਸ਼ ਕਰਦਾ ਹੈ, ਇਸ ਦਾ ਹਿਸਾਬ ਲਾਉਣਾ ਆਸਾਨ ਕੰਮ ਨਹੀਂ।ઠ
       ਅਤੀਤ ਦੀਆਂ ਤਰਬਾਂ ਛੇੜਦਿਆਂ ਵੀ ਉਹ ਅੱਜ ਦੀ ਗੱਲ ਕਰਨੀ ਨਹੀਂ ਭੁੱਲਦਾ। ਉਸ ਨੂੰ ਸ਼ਾਇਰੀ ਦੀਆਂ ਅਮੀਰ ਰਮਜ਼ਾਂ ਦਾ ਵੀ ਇਲਮ ਹੈ ਅਤੇ ਅਜਨਬੀ ਤਰਬਾਂ ਦਾ ਵੀ, ਜਿਸ ਕਾਰਨ ਉਹ ਸਹਿਜ ਵਿੱਚ ਹੀ ਸੁਹਜ ਵੀ ਰਚਦਾ ਹੈ ਅਤੇ ਬੌਧਿਕ ਹੁਸਨ ਵੀ, ਜੋ ਪਾਠਕ ਨੂੰ ਦਸ਼ਾ ਵੀ ਦੱਸਦੇ ਹਨ ਅਤੇ ਦਿਸ਼ਾ ਵੀ, ਗਿਆਨ ਵੀ ਦਿੰਦੇ ਹਨ ਅਤੇ ਰੋਸ਼ਨੀ ਵੀ। ਇਹ ਕੁਝ ਘੱਟ ਨਹੀਂ।
ਸਹਿਕਦਾ ਸ਼ਹਿਰ, ਤੁਰਦੇ ਫਿਰਦੇ ਮਸਖਰੇ, ਵਰਵਰੀਕ, ਗੂੜ੍ਹੀ ਲਿਖਤ ਵਾਲਾ ਵਰਕਾ, ਡਾਟਾਂ ਵਾਲੇ ਖ਼ੂਹ, ਓਹਲੇ ਵਿੱਚ ਉਜਿਆਰਾ, ਹਵਾ ਪਿਆਜ਼ੀ ਉਸ ਦੇ ਕਾਵਿ ਸੰਗ੍ਰਹਿ ਹਨ, ਜੋ ਨਵ-ਕਵੀਆਂ ਲਈ ਅਮੀਰ ਪੈੜਾਂ ਵੀ ਹਨ ਅਤੇ ਰਾਹ-ਦਸੇਰਾ ਵੀ। ਮੋਹਨਜੀਤ ਨੂੰ ਬਹੁਤ-ਬਹੁਤ ਮੁਬਾਰਕਾਂ, ਕਿਉਂਕਿ ਦੇਰ ਬਾਅਦ ਹੀ ਸਹੀ, ਚੰਗੀ ਖ਼ਬਰ ਮਿਲੀ।


ਲਤੀਫ਼ੇ ਦਾ ਚਿਹਰਾ-ਮੋਹਰਾ

ਹੜ੍ਹ ਪ੍ਰਭਾਵਤ ਇਲਾਕੇ 'ਚ ਮਲੇਰੀਆ ਅਤੇ ਹੈਜ਼ਾ ਫੈਲਿਆ ਹੋਇਆ ਸੀ। ਇੱਕ ਪੱਤਰਕਾਰ ਨੇ ਉੱਥੋਂ ਦੇ ਮੈਡੀਕਲ ਅਧਿਕਾਰੀ ਨੂੰ ਪੁੱਛਿਆ, 'ਕੀ ਇਸ ਖੇਤਰ 'ਚ ਮੌਤਾਂ ਦੀ ਦਰ 'ਚ ਗਿਰਾਵਟ ਆਈ ਹੈ?'
'ਜੀ ਹਾਂ।' ਮੈਡੀਕਲ ਅਧਿਕਾਰੀ ਨੇ ਕਿਹਾ, 'ਕੁਝ ਦਿਨ ਪਹਿਲਾਂ ਤੱਕ ਇਹ ਦਰ 15 ਸੀ, ਹੁਣ 11.7 ਰਹਿ ਗਈ ਹੈ।'
ઠ'10 ਅਤੇ 11 ਜਾਂ 12 ਦੀ ਗੱਲ ਤਾਂ ਸਮਝ 'ਚ ਆਉਂਦੀ ਹੈ, ਪਰ ਇਹ 11.7 ਤੋਂ ਤੁਹਾਡਾ ਕੀ ਮਤਲਬ ਹੋਇਆ?'
'ਮਤਲਬ ਬਿਲਕੁਲ ਸਾਫ਼ ਹੈ'। ਅਧਿਕਾਰੀ ਨੇ ਕਿਹਾ, '11 ਵਿਅਕਤੀ ਮਰ ਚੁੱਕੇ ਹਨ ਅਤੇ 7 ਵਿਅਕਤੀਆਂ ਦੀ ਹਾਲਤ ਨਾਜ਼ੁਕ ਹੈ।'
"'
ਡਾਕਟਰ ਬੱਚੇ ਦੇ ਪੈਰ ਦਾ ਟਾਂਕਾ ਕੱਟਣ ਲੱਗਿਆ। ਉਸ ਨੇ ਕਿਹਾ, 'ਬੇਟਾ, ਔਹ ਦੇਖੋ ਉੱਪਰ, ਸੋਨੇ ਦੀ ਘੁੱਗੀ ਉੱਡੀ ਜਾਂਦੀ।'
ਬੱਚਾ, 'ਉੱਪਰ ਨਹੀਂ ਹੇਠਾਂ ਦੇਖੋ, ਕਿਤੇ ਪੈਰ ਹੀ ਨਾ ਕੱਟਿਆ ਜਾਵੇ। ਵੱਡਾ ਆਇਆ ਮਾਮਾ ਘੁੱਗੀ ਦਾ।'

ਮੋਬਾਈਲ : 98141-13338

12 Dec. 2018

ਲਾਂਘਾ - ਸ਼ਾਮ ਸਿੰਘ ਅੰਗ ਸੰਗ

ਲਾਂਘਾ ਕੇਹਾ ਖੁੱਲ੍ਹਿਆ
ਕਿ ਦਰ  ਖੁੱਲ੍ਹ  ਗਏ
ਅਰਸ਼ਾਂ ਦੇ ਪੱਲੇ ਵਿਚੋਂ
ਤਾਰੇ   ਡੁੱਲ੍ਹ   ਗਏ।

ਸਮੇਂ   ਐਸੇ   ਜੁੜੇ
ਕਿ ਮਿਲਾਪ ਹੋ ਗਿਆ
ਜਿਉਂ ਸ਼ੁਰੂ ਅੱਲ੍ਹਾ ਦਾ
ਅਲਾਪ   ਹੋ   ਗਿਆ।

ਸੰਗੀਤ  ਨਾਲ  ਭਰੀ
ਕਾਇਨਾਤ  ਹੋ  ਗਈ
ਇਹ ਇਲਾਹੀ ਕਰਾਮਾਤ
ਨਵੀਂ ਬਾਤ  ਹੋ ਗਈ।

ਸਿੱਧ ਹੋਇਆ ਕਿ ਨਾਨਕ
ਸੀ  ਸਾਂਝਾ  ਸਭ  ਦਾ
ਬਣਿਆ  ਹਰੇਕ ਲਈ
ਸੀ  ਰੂਪ  ਰੱਬ   ਦਾ ।

ਹੋਇਆ ਬੜਾ ਹੀ ਵਿਰੋਧ
ਚੱਲੀ ਕਿਸੇ ਦੀ ਨਾ ਕੋਈ
ਜਿਹੜੀ ਹੋਣੀ ਸੀ ਅਨੋਖੀ
ਉਹੋ  ਧਰਤੀ  'ਤੇ  ਹੋਈ।

ਦੋਵਾਂ ਮੁਲਕਾਂ ਦੇ  ਆਗੂ
ਜਿਵੇਂ  ਜਾਗ  ਪਏ  ਸੁੱਤੇ
ਛੱਡ  ਹੳਂਮੇਂ  ਦਾ  ਰੋਗ
ਤੁਰੇ ਸੱਚ ਦੇ ਰਾਹ ਉੱਤੇ।

ਢਹੀ ਨਫਰਤ ਦੀ ਕੰਧ
ਨਾਲੇ ਝੂਠ ਦੀ ਦੀਵਾਰ
ਦੇਵੇਂ ਪਾਸਿਆਂ ਦੇ ਲੋਕੀ
ਹੋਈ ਜਾਣੇ ਆਰ ਪਾਰ

ਇਸ ਲਾਂਘੇ 'ਤੇ ਦਿਸਣਗੇ
ਝੰਡੇ ਸੱਚ ਦੇ ਜੋ ਝੁੱਲੇ
ਕਦਮ ਕਦਮ ਬੋਲ ਪੈਣਗੇ
ਹੁਸੈਨ, ਪੀਲੂ  ਅਤੇ ਦੁੱਲੇ

ਕੇਵਲ  ਲਾਂਘਾ ਹੀ  ਨਹੀਂ
ਰੂਹਾਂ ਦੇ ਦਰਵਾਜੇ  ਖੁੱਲ੍ਹੇ
ਨਾਨਕ ਦੀਆਂ ਪੈੜਾਂ ਵਿਚੋਂ
ਸੱਚ ਦੇ ਉੱਚੇ ਝੰਡੇ ਝੁੱਲੇ।

ਅਰਦਾਸਾਂ ਨੂੰ ਬੂਰ ਪੈ ਗਿਆ
ਕਣ ਕਣ ਦੇ  ਰਾਹ  ਖੁੱਲ੍ਹੇ
ਦੂਰ ਦੂਰ ਤੋਂ ਨਜ਼ਰ ਪੈਣਗੇ
ਵਾਰਸ,  ਬਾਹੂ  ਤੇ  ਬੁੱਲੇ

ਚਾਨਣ  ਫੇਰ  ਕਰ ਗਿਆ
ਨਾਨਕ  ਦੇਵ  ਸੀ  ਫਕੀਰ
ਏਧਰ ਗੁਰੂ ਉਹਨੂੰ ਕਹਿੰਦੇ
ਪਾਰ  ਵਾਲਿਆਂ  ਦਾ ਪੀਰ।

06 Dec. 2018

ਚਿਰਾਗ਼ ਬੁਝਾਉਣੇ ਠੀਕ ਨਹੀਂ - ਸ਼ਾਮ ਸਿੰਘ ਅੰਗ ਸੰਗ

ਬ੍ਰਹਿਮੰਡ ਵਿੱਚ ਅਣਗਿਣਤ ਚਿਰਾਗ਼ ਹਨ, ਜਿਨ੍ਹਾਂ ਕਾਰਨ ਜਗਤ ਰੁਸ਼ਨਾਇਆ ਵੀ ਹੋਇਆ ਹੈ ਅਤੇ ਕਲਾ ਪੂਰਨ ਵੀ ਜਾਪ ਰਿਹਾ ਹੈ। ਅਜਿਹਾ ਹੋਣ ਨਾਲ ਹੀ ਕਲਾਤਮਿਕਤਾ ਦਾ ਜਲਵਾ ਹੈ, ਨਹੀਂ ਤਾਂ ਸਭ ਕੁਝ ਅਧੂਰਾ-ਅਧੂਰਾ ਲੱਗਦਾ। ਹਨੇਰੇ ਕਾਰਨ ਕੁਝ ਨਾ ਦਿੱਸਦਾ ਅਤੇ ਜੀਵ ਇੱਕ ਦੂਜੇ ਵਿੱਚ ਵੱਜਦੇ ਫਿਰਦੇ।
       ਸੂਰਜ, ਚੰਦ ਅਤੇ ਤਾਰੇ ਅੰਬਰ ਦੇ ਚਿਰਾਗ਼ ਹਨ, ਜਿਨ੍ਹਾਂ ਬਿਨਾਂ ਧਰਤੀ ਉੱਤੇ ਜਾਨ ਨਾ ਪੈਂਦੀ। ਸਾਰੇ ਦੇ ਸਾਰੇ ਆਪਣੀਆਂ ਕਿਰਨਾਂ ਨਾਲ ਸਾਂਝ ਵੀ ਪਾਈ ਰੱਖਦੇ ਹਨ, ਜਿਨ੍ਹਾਂ ਦੀ ਜਗਮਗਾਉਂਦੀ ਹੋਂਦ ਗ਼ੈਰ-ਹਾਜ਼ਰ ਨਹੀਂ ਹੁੰਦੀ। ਸਮੇਂ ਦੀ ਤਰਤੀਬ ਮੁਤਾਬਕ ਆਉਂਦੇ ਵੀ ਹਨ, ਜਾਂਦੇ ਵੀ।
       ਇਹ ਕੁਦਰਤੀ ਚਿਰਾਗ਼ ਵਕਤ ਦੀ ਚਾਲ ਅਨੁਸਾਰ ਆਪਣੀ ਭੂਮਿਕਾ ਨਿਭਾਉਣੀ ਕਦੇ ਵੀ ਨਹੀਂ ਭੁੱਲਦੇ। ਅਜਿਹਾ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਅਤੇ ਸਦੀਆਂ-ਸਦੀਆਂ ਤੱਕ ਚੱਲਦਾ ਰਹੇਗਾ। ਦੇਖਣ-ਸਮਝਣ ਵਿੱਚ ਅਜਿਹਾ ਸਭ ਕੁਝ ਸਧਾਰਨ ਜਿਹਾ ਵੀ ਜਾਪਦਾ ਹੈ ਅਤੇ ਵਚਿੱਤਰ ਵੀ।
      ਪਹਾੜ, ਜੰਗਲ, ਨਦੀਆਂ-ਨਾਲੇ ਕਿਸੇ ਨਾ ਕਿਸੇ ਰੂਪ ਵਿੱਚ ਧਰਤੀ ਦੇ ਚਿਰਾਗ਼ ਹਨ, ਜੋ ਮਨੁੱਖਾਂ ਅਤੇ ਹੋਰ ਜੀਵਾਂ ਵਿੱਚ ਜੀਵਨ ਦੀ ਜੋਤ ਜਗਾਈ ਰੱਖਦੇ ਹਨ ਅਤੇ ਖ਼ੂਬਸੂਰਤੀ ਦੀ ਲੀਲਾ ਵੀ। ਇਨ੍ਹਾਂ ਦੀ ਮੌਜੂਦਗੀ ਧਰਤੀ ਉੱਤੇ ਵੰਨ-ਸੁਵੰਨਤਾ ਵੀ ਪੈਦਾ ਕਰਦੀ ਹੈ ਅਤੇ ਗਹਿਣਿਆਂ ਵਰਗੀ ਸ਼ਾਨ ਵੀ।
       ਇਨ੍ਹਾਂ ਜਗਦੇ ਚਿਰਾਗ਼ਾਂ ਤੋਂ ਸਿੱਖ-ਸਿਖਾ ਕੇ ਧਰਤੀ 'ਤੇ ਚਿਰਾਗ਼ ਪੈਦਾ ਕੀਤੇ ਹਨ, ਜਿਨ੍ਹਾਂ ਬਿਨਾਂ ਚੇਤਨਾ ਅਤੇ ਵਿਕਾਸ ਬਾਰੇ ਸੋਚਿਆ ਨਹੀਂ ਜਾ ਸਕਦਾ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਉਹ ਚਿਰਾਗ਼ ਹਨ, ਜਿਹੜੇ ਮਨੁੱਖ ਅੰਦਰ ਅਕਲ ਦੀ ਚਿਣਗ ਜਗਾਉਂਦੇ ਹੋਏ ਅਜਿਹੇ ਬੌਧਿਕ ਹੁਸਨ ਦੀ ਸਿਰਜਣਾ ਕਰਦੇ ਹਨ, ਜੋ ਨਾ ਦਫ਼ਤਰ ਦੇ ਸਕਦੇ ਹਨ ਅਤੇ ਨਾ ਹਸਪਤਾਲ।
    ਇਹ ਅਜਿਹੇ ਚਿਰਾਗ਼ ਹਨ, ਜਿਨ੍ਹਾਂ ਦੇ ਬਗ਼ੈਰ ਰਾਹ ਨਹੀਂ ਮਿਲਦੇ ਅਤੇ ਅੱਗੇ ਨਹੀਂ ਵਧਿਆ ਜਾ ਸਕਦਾ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਵੱਲ ਸੁਹਿਰਦਤਾ ਨਾਲ ਧਿਆਨ ਦਿੱਤਾ ਜਾਵੇ, ਤਾਂ ਕਿ ਜਗਤ ਵਿੱਚ ਹਰ ਪਲ ਬੌਧਿਕਤਾ ਦੀ ਰੋਸ਼ਨੀ ਵਧਦੀ ਰਹੇ।
    ਇਨ੍ਹਾਂ ਚਿਰਾਗ਼ਾਂ ਨੂੰ ਅੱਖੋਂ ਓਹਲੇ ਕਰਨ ਦਾ ਅਰਥ ਹੈ ਕਿ ਜਗਤ ਨੂੰ ਹਨੇਰੇ ਦੀ ਬੁੱਕਲ ਦੇ ਹਵਾਲੇ ਕਰ ਦਿਓ, ਤਾਂ ਕਿ ਆਲੇ-ਦੁਆਲੇ ਦੀ ਸਾਰ ਹੀ ਨਾ ਲੱਗੇ। ਇਨ੍ਹਾਂ ਵਿੱਦਿਅਕ ਅਦਾਰਿਆਂ ਵਿੱਚ ਲੋੜੀਂਦੇ ਅਧਿਆਪਕ ਨਾ ਲਾਉਣੇ, ਚੰਗੀਆਂ ਇਮਾਰਤਾਂ ਨਾ ਬਣਾਉਣੀਆਂ ਅਤੇ ਜ਼ਰੂਰੀ ਸਾਜ਼ੋ-ਸਾਮਾਨ ਮੁਹੱਈਆ ਨਾ ਕਰਵਾਉਣਾ ਉੱਕਾ ਹੀ ਠੀਕ ਨਹੀਂ। ਜੇ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਫੂਕਾਂ ਮਾਰਨ ਵਾਲੀ ਗੱਲ ਹੈ, ਜਿਸ ਦਾ ਅਰਥ ਹੈ ਚਿਰਾਗ਼ਾਂ ਨੂੰ ਬੁਝਾਉਣ ਦੇ ਜਤਨ ਕਰਨਾ। ਇਹ ਅਨਿਆਂ ਹੈ ਨਿਆਂ ਨਹੀਂ, ਜਿਸ ਨੂੰ ਹਾਕਮਾਂ ਨੇ ਹੀ ਬਚਾਉਣਾ ਹੁੰਦਾ ਹੈ, ਤਾਂ ਜੁ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਬੁਰਾ-ਭਲਾ ਨਾ ਕਹਿਣ।
      ਪੰਜਾਬ ਵਿੱਚ ਕੁਝ ਥਾਂਵਾਂ 'ਤੇ ਅਜਿਹਾ ਹੀ ਵਰਤਾਰਾ ਹੈ, ਜਿੱਥੇ ਆਦਰਸ਼ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਲੋੜੀਂਦੇ ਅਧਿਆਪਕ ਨਹੀਂ, ਜ਼ਰੂਰਤ ਮੁਤਾਬਕ ਸਾਜ਼ੋ-ਸਾਮਾਨ ਨਹੀਂ। ਉਹ ਬੁਝਣ-ਬੁਝਣ ਕਰਦੇ ਹਨ, ਜਿਨ੍ਹਾਂ ਵੱਲ ਕੇਵਲ ਸਿੱਖਿਆ ਅਧਿਕਾਰੀ ਹੀ ਧਿਆਨ ਨਾ ਦੇਣ, ਸਗੋਂ ਸਰਕਾਰ ਦਾ ਧਿਆਨ ਵੀ ਦੁਆਉਣ, ਤਾਂ ਜੁ ਇਹ ਚਿਰਾਗ਼ ਜਗਮਗਾਉਂਦੇ ਰਹਿਣ।
      ਸਰਕਾਰ ਦਾ ਫ਼ਰਜ਼ ਤਾਂ ਇਹ ਹੋਣਾ ਚਾਹੀਦਾ ਹੈ ਕਿ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਦਾ ਇੰਤਜ਼ਾਮ ਮੁਫ਼ਤ ਕਰੇ, ਤਾਂ ਕਿ ਜਨਤਾ ਨੂੰ ਆਸਾਨੀ ਮਹਿਸੂਸ ਹੋਵੇ ਅਤੇ ਲੋਕਾਂ ਨੂੰ ਇਹ ਵੀ ਲੱਗੇ ਕਿ ਸਰਕਾਰ ਉਨ੍ਹਾਂ ਪ੍ਰਤੀ ਸੁਹਿਰਦ ਵੀ ਹੈ ਅਤੇ ਪੂਰੀ ਫ਼ਿਕਰਮੰਦ ਵੀ।
      ਆਮ ਹੋਣ ਜਾਂ ਆਦਰਸ਼, ਸਕੂਲ ਤਾਂ ਬੁਨਿਆਦ ਹੁੰਦੇ ਹਨ, ਜਿਨ੍ਹਾਂ ਵਿੱਚ ਵਿਚਰਦਿਆਂ ਬਾਲਾਂ ਦੇ ਜ਼ਿਹਨਾਂ ਅੰਦਰ ਸੂਝ-ਬੂਝ ਦੇ ਚਿਰਾਗ਼ ਜਗਾਏ ਜਾਂਦੇ ਹਨ, ਤਾਂ ਜੁ ਉਨ੍ਹਾਂ ਨੂੰ ਆਗਿਆਨਤਾ ਵਿੱਚੋਂ ਵੀ ਬਾਹਰ ਕੱਢਿਆ ਜਾ ਸਕੇ, ਅਣਭੋਲਤਾ 'ਚੋਂ ਵੀ। ਜਾਣਕਾਰੀ ਅਤੇ ਗਿਆਨ ਵੰਡਣ ਵਾਲੇ ਸਿੱਖਿਆ ਵਿੱਦਿਆਲਿਆਂ ਦੇ ਚਿਰਾਗ਼ ਬੁਝਾਉਣ ਦੇ ਜਤਨ ਕਰਨੇ ਸਿਆਣਪ ਵੱਲ ਜਾਣ ਦੇ ਬੂਹੇ ਬੰਦ ਕਰਨ ਵਾਲੀ ਗੱਲ ਹੈ, ਜਿਸ ਨੂੰ ਕਿਸੇ ਕੀਮਤ 'ਤੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ।
      ਇਸ ਵਾਸਤੇ ਜ਼ਰੂਰੀ ਹੈ ਕਿ ਸਰਕਾਰ ਹੋਰ ਆਦਰਸ਼ ਸਕੂਲ ਖੋਲ੍ਹਣ ਦਾ ਉਪਰਾਲਾ ਕਰੇ ਅਤੇ ਪਹਿਲਿਆਂ ਨੂੰ ਤਬਾਹ ਹੋਣ ਤੋਂ ਹਰ ਸੂਰਤ ਬਚਾਵੇ। ਅਜਿਹਾ ਹੋਣ ਨਾਲ ਪਿੰਡਾਂ ਦੇ ਬੱਚਿਆਂ ਦਾ ਭਵਿੱਖ ਚਿਰਾਗ਼ਮਈ ਹੋ ਸਕਦਾ ਹੈ, ਜਿਸ ਨਾਲ ਦੇਸ਼ ਦੇ ਵਿਕਾਸ ਵਿੱਚ ਚੰਗੀ ਭੂਮਿਕਾ ਦਾ ਕਿਆਸ ਕੀਤਾ ਜਾ ਸਕਦਾ ਹੈ। ਵਿਦਿਆਰਥੀਆਂ ਨਾਲ ਭਰੇ ਹੋਏ ਅਤੇ ਅਧਿਆਪਕਾਂ ਦੀ ਘਾਟ ਵਾਲੇ ਇਨ੍ਹਾਂ ਸਕੂਲਾਂ ਦਾ ਲੋਕਾਂ ਨੂੰ ਵੀ ਨੋਟਿਸ ਲੈਣਾ ਚਾਹੀਦਾ ਹੈ, ਤਾਂ ਜੁ ਬਚਾਏ ਜਾ ਸਕਣ।


ਤੇ ਜੀਨੀ ਜਿੱਤ ਗਈ

ਪ੍ਰੈੱਸ ਕਲੱਬ ਚੰਡੀਗੜ੍ਹ ਦੇ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਹੋਇਆ, ਜਿਸ ਵਿੱਚ ਕਹਾਣੀਕਾਰਾ ਡਾ. ਸ਼ਰਨਜੀਤ ਕੌਰ ਦਾ ਅੱਠਵਾਂ ਕਹਾਣੀ ਸੰਗ੍ਰਹਿ 'ਤੇ ਜੀਨੀ ਜਿੱਤ ਗਈ' ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਮਨਮੋਹਨ, ਡਾ. ਸੁਰਜੀਤ ਪਾਤਰ, ਡਾ. ਬ੍ਰਹਮਜਗਦੀਸ਼ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਸਰਬਜੀਤ ਕੌਰ ਸੋਹਲ ਅਤੇ ਡਾ. ਲਾਭ ਸਿੰਘ ਖੀਵਾ ਮੌਜੂਦ ਸਨ, ਜਿਨ੍ਹਾਂ ਨੇ ਕਹਾਣੀ ਸੰਗ੍ਰਹਿ ਬਾਰੇ ਸਾਰਥਿਕ ਅਤੇ ਉਸਾਰੂ ਟਿੱਪਣੀਆਂ ਕੀਤੀਆਂ। ਇਸ ਵਿੱਚ ਨਾਮੀ ਲੇਖਕ ਵੀ ਸ਼ਾਮਲ ਹੋਏ।
       ਮੁੱਖ ਤੌਰ 'ਤੇ ਬੁਲਾਰਿਆਂ ਨੇ ਕਿਹਾ ਕਿ ਡਾ. ਸ਼ਰਨਜੀਤ ਦੀਆਂ ਕਹਾਣੀਆਂ ਔਰਤ ਨੂੰ ਤਕੜੇ ਹੋਣ ਵਾਸਤੇ ਪ੍ਰੇਰਦੀਆਂ ਹਨ ਅਤੇ ਸਮਾਜ ਦੀਆਂ ਅੱਖਾਂ ਖੋਲ੍ਹਣ ਤੋਂ ਵੀ ਪਿੱਛੇ ਨਹੀਂ ਰਹਿੰਦੀਆਂ। ਇਸ ਮੌਕੇ ਰਿਪੁਦਮਨ ਸਿੰਘ ਰੂਪ ਅਤੇ ਪਰਮਜੀਤ ਮਾਨ ਨੇ ਵੀ ਆਪਣੇ ਵਿਚਾਰ ਰੱਖੇ। ਗਿਣਤੀ ਪੱਖੋਂ ਇਹ ਸਮਾਗਮ ਇੱਕ ਜਸ਼ਨ ਹੋ ਨਿੱਬੜਿਆ, ਜਿਸ ਵਿੱਚ ਬੌਧਿਕ ਵਿਚਾਰਾਂ ਦਾ ਭਰਵਾਂ ਬੋਲਬਾਲਾ ਰਿਹਾ ਅਤੇ ਸਮੁੱਚੀ ਕਹਾਣੀ ਬਾਰੇ ਵੀ ਨਿੱਗਰ ਅਤੇ ਮੁੱਲਵਾਨ ਟਿੱਪਣੀਆਂ ਕੀਤੀਆਂ ਗਈਆਂ।


ਲਤੀਫ਼ੇ ਦਾ ਚਿਹਰਾ-ਮੋਹਰਾ

ਕਹਿੰਦੇ ਨੇ ਦਸਵੀਂ ਸਦੀ ਵਿੱਚ ਹੋਏ ਗੋਰਖ ਨਾਥ ਚੌਦਵੀਂ ਸਦੀ 'ਚ ਜਨਮੇ  ਭਗਤ ਕਬੀਰ ਅਤੇ ਪੰਦਰ੍ਹਵੀਂ ਸਦੀ ਵਿੱਚ ਵਿਚਰੇ ਗੁਰੂ ਨਾਨਕ ਦੇਵ ਵਿਚਕਾਰ ਇੱਕ ਬੈਠਕ ਹੋਈ।
     ਚਿਰਾਗ਼ਾਂ ਦੀ ਗ਼ੈਰ-ਹਾਜ਼ਰੀ ਵਿੱਚ ਹਨੇਰੇ ਅੰਦਰ ਜਿਸ ਦੀ ਜਿਸ ਨਾਲ ਮਰਜ਼ੀ ਮੀਟਿੰਗ ਕਰਵਾ ਦਿੱਤੀ ਜਾਵੇ, ਕੋਈ ਨਹੀਂ ਫੜ ਸਕਦਾ, ਪਰ ਇਸ ਮੀਟਿੰਗ ਦਾ ਪ੍ਰਬੰਧ ਕਿਸ ਨੇ ਕੀਤਾ? ਤੱਪੜਾਂ, ਪੀੜ੍ਹੀਆਂ ਜਾਂ ਫੇਰ ਕੁਰਸੀਆਂ ਦਾ ਪ੍ਰਬੰਧ ਕਿਸ ਨੇ ਕੀਤਾ? ਚਾਹ-ਪਾਣੀ ਦੀ ਸੇਵਾ ਕਿਸ ਨਿਭਾਈ। ਕੋਈ ਦੱਸ ਸਕੇ ਤਾਂ ਇਸ ਬੈਠਕ ਦਾ ਸੱਚ ਬਾਹਰ ਆ ਸਕੇਗਾ।

ਸੰਪਰਕ : 98141-13338
30 Nov. 2018