Shiv Nath Dardi

ਹੰਝੂ  ਹੌਂਕੇ - ਸ਼ਿਵਨਾਥ ਦਰਦੀ

ਅੰਬਰ ਜਿਨ੍ਹਾਂ ਦਰਦ ਛੁਪਾ ਕੇ ,
ਅੱਖ ਵਿੱਚ , ਹੰਝੂ  ਭਰਦੇ ਨਾ ,
ਹੰਝੂ  ਹੌਂਕੇ , ਹਾਣੀ  ਬਣ   ਕੇ ,
ਇਤਰਾਜ਼ ,ਏਨਾ ਤੇ ਕਰਦੇ ਨਾ ।
ਮੇਰੀ ਰੂਹ ਤਾਂ , ਲੀਰਾਂ ਹੋ ਗਈ ,
ਸਭ ਕੁਝ ਛੱਡ , ਫ਼ਕੀਰਾਂ ਹੋ ਗਈ ,
ਦੌਲਤ ਸ਼ੋਹਰਤ , ਮਿੱਟੀ ਸਭ ਨੇ ,
ਰੰਗਲੇ ਸੁਪਨੇ , ਅੱਖ ਚ' ਭਰਦੇ ਨਾ ।
ਹੰਝੂ ਹੌਂਕੇ __________________
ਪਿਆਰ ਦੇ ਨਾਲ , ਤਕਰਾਰ ਹੁੰਦਾ ,
ਇਹ  ਜ਼ਿੰਦਗੀ  ਦਾ , ਭਾਰ  ਹੁੰਦਾ ,
ਭੁੱਲ ਜਾਂਦੇ , ਸਭ  ਆਪਣਿਆਂ  ਨੂੰ ,
ਹੀਰਾਂ ਰਾਂਝੇ , ਸਰਦੀ ਚ' ਠਰਦੇ ਨਾ ।
ਹੰਝੂ ਹੌਂਕੇ __________________
ਰਾਤਾਂ ਬਣ ਗਈਆਂ , ਪਹਾੜਾਂ ਵਰਗੀਆਂ ,
ਬੀਆਬਾਨ ,  ਓਹ  ਉਜਾੜਾਂ  ਵਰਗੀਆਂ ,
ਜਿੰਦ  ਆਪਣੀ ,  'ਦਰਦੀ'  ਨਿੱਤ  ਨਿੱਤ ,
ਸੱਪ  ਦੀ  ਜੀਭੇ  ,  ਕਦੇ  ਧਰਦੇ  ਨਾ ।
ਹੰਝੂ ਹੌਂਕੇ ___________________
                         ਸ਼ਿਵਨਾਥ ਦਰਦੀ
                ਸੰਪਰਕ :-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਸਾਹਿਤ ਜਗਤ ਦਾ ਧਰੂ ਤਾਰਾ :- ਹੀਰਾ ਸਿੰਘ ਤੂਤ - ਸ਼ਿਵਨਾਥ ਦਰਦੀ

ਪੰਜਾਬੀ ਸਾਹਿਤ ਜਗਤ ਚ ਅਨੇਕਾਂ, ਸਾਹਿਤਕਾਰਾਂ ਨੇ ਕਦਮ ਰੱਖਿਆ । ਜਿਨ੍ਹਾਂ ਪੰਜਾਬੀ ਮਾਂ-ਬੋਲੀ ਦੀ ਗੋਦ ਦਾ ਨਿੱਘ ਮਾਣ , ਆਪਣੀ ਵੱਖਰੀ ਪਹਿਚਾਣ ਬਣਾ ਲਈ । ਪਾਠਕਾਂ ਦੇ ਜ਼ਿਹਨ ਚ ਘਰ ਕਰ ਲੈਣਾ , ਟਾਂਵੇ ਟਾਂਵੇ ਸਾਹਿਤਕਾਰ ਦੇ ਹਿੱਸੇ ਆਉਂਦਾ ਹੈ ।
           ਪਰ ਹੀਰਾ ਸਿੰਘ ਤੂਤ ਵਰਗੇ ਸਾਹਿਤਕਾਰ ਦੇ , ਇਹ ਸਭ ਕੁਝ ਹਿੱਸੇ ਆਇਆ । ਕਿਸੇ ਨੂੰ ਆਪਣੇ ਰੰਗ ਵਿਚ ਰੰਗਣਾ , ਹਰ ਕਿਸੇ ਦੇ ਵੱਸ ਦਾ ਨਹੀ । ਪਰ ਹੀਰਾ ਸਿੰਘ ਤੂਤ ਕੋਲ , ਸ਼ਬਦਾਂ ਦੀ ਅਜਿਹੀ ਬੀਨ ਹੈ, ਜੋ ਪਾਠਕਾਂ ਦੇ ਮਨ ਨੂੰ ਕੀਲ ਪਟਾਰੀ ਚ ਪਾਉਂਦੀ ਹੈ । ਏਨਾ ਦੇ ਫਿੱਕੇ ਰੰਗ ਵੀ , ਪਾਠਕਾਂ ਨੂੰ ਮਨ ਭਾਉਂਦੇ ।
         ਹੀਰਾ ਸਿੰਘ ਤੂਤ , ਆਪਣਾ ਪਹਿਲਾ ਕਾਵਿ ਸੰਗ੍ਰਹਿ 'ਫਿੱਕੇ ਰੰਗ' 2017 ਵਿਚ ਲੈ , ਪੰਜਾਬੀ ਸਾਹਿਤ ਜਗਤ ਵਿਚ ਕਦਮ ਰਖਿਆ। ਪਾਠਕਾਂ ਨੇ , ਇਸਨੂੰ ਮਣਾਂ ਮੂੰਹੀ ਪਿਆਰ ਦਿੱਤਾ । ਹੀਰਾ ਸਿੰਘ ਤੂਤ ਦੇ ਹੌਸਲੇ ਬੁਲੰਦ ਹੋਏ । ਓਨਾਂ ਮੁੜ ਫਿਰ ਪਿੱਛੇ ਨਾ ਦੇਖਿਆ , 2017 ਵਿਚ ਕਹਾਣੀ ਸੰਗ੍ਰਹਿ 'ਪਗਡੰਡੀਆਂ' ਨਾਵਲ 'ਬੱਸ ਏਦਾਂ ਹੀ' , ਉਸ ਤੋਂ ਬਾਅਦ 2018 ਚ' 'ਕੁਝ ਰੰਗ' ਤੇ 'ਬੇਰੰਗ' , 2019 ਚ' ਮਿੰਨੀ ਕਹਾਣੀ ਸੰਗ੍ਰਹਿ 'ਸ਼ਕਤੀ ਪ੍ਰਦਰਸ਼ਨ' ਤੇ ਕਾਵਿ ਸੰਗ੍ਰਹਿ 'ਮੇਰੇ ਹਿੱਸੇ ਦੀ ਲੋਅ' ਸਾਂਝਾ ਲੇਖ ਸੰਗ੍ਰਹਿ 'ਜਿਉਣ ਦਾ ਹੁਨਰ' ਬਾਲ ਕਾਵਿ ਸੰਗ੍ਰਹਿ 'ਤਾਰੇ ਅੰਬਰ ਦੇ' , 2020 ਚ' ਕਾਵਿ ਸੰਗ੍ਰਹਿ 'ਖਿਸਕਦੇ ਪਲ' ਤੇ ਸਾਂਝਾ ਕਾਵਿ ਸੰਗ੍ਰਹਿ 'ਹੱਕਾਂ ਦੀ ਜੰਗ' , 2021 ਵਿਚ ਮਿੰਨੀ ਕਹਾਣੀ ਸੰਗ੍ਰਹਿ 'ਇੱਕ ਮੁੱਠ ਚੀਰਨੀ ਦੀ' , ਕਾਵਿ ਸੰਗ੍ਰਹਿ 'ਫਿਜ਼ਾਵਾਂ ਦੇ ਰੰਗ' ਤੇ ਬਾਲ ਕਾਵਿ ਸੰਗ੍ਰਹਿ 'ਆਓ ਸਕੂਲ ਚੱਲੀਏ', ਬਾਲ ਪਾਠਕਾਂ ਦੇ ਮਨ ਤੇ ਡੂੰਘੀ ਛਾਪ ਛੱਡਦਾ ਹੈ । ਹੀਰਾ ਸਿੰਘ ਤੂਤ ਦੀ ਕਲਮ ਨੇ ਹਰ ਵਿਸ਼ਾ ਛੂਹਿਆ ਅਤੇ ਹੱਲ ਵੱਲ ਤੋਰਿਆ ।
       ਹੀਰਾ ਸਿੰਘ ਤੂਤ ਨੇ ਗੱਲਬਾਤ ਦੌਰਾਨ ਦੱਸਿਆ , 2022 ਚ' , ਇੱਕ ਸਾਂਝਾ ਕਾਵਿ ਸੰਗ੍ਰਹਿ 'ਕਲਮਾਂ ਦੇ ਰੰਗ' ਲੈ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਣਗੇ ।
         ਸਾਹਿਤ ਸਿਰਜਣ ਦੀ ਚੇਟਕ ਹੀਰਾ ਸਿੰਘ ਤੂਤ ਨੂੰ ,ਕਾਲਜ ਦੇ ਦਿਨਾਂ ਤੋਂ ਲੱਗੀ । ਓਨਾਂ ਦੀਆਂ ਰਚਨਾਵਾਂ , ਕਾਲਜ ਦੀ ਕੰਧ 'ਕੰਧ ਦਰਪਣ' ਦਾ ਸ਼ਿੰਗਾਰ ਬਣ ਦੀਆਂ । ਹੀਰਾ ਸਿੰਘ ਤੂਤ ਦਾ ਬਹੁਤਾ ਸਮਾਂ , ਕਾਲਜ ਦੀ ਲਾਇਬ੍ਰੇਰੀ ਵਿਚ ਬਤੀਤ ਹੁੰਦਾ । ਪੰਜਾਬੀ ਸਾਹਿਤ ਨਾਲ , ਅਜਿਹਾ ਗੂੜ੍ਹਾ ਪਿਆਰ ਪਿਆ । ਓਨਾਂ ਪ੍ਰਸਿੱਧ ਲੇਖਕਾਂ ਨੂੰ ਪੜਿਆ , ਜਿਵੇਂ :- ਬਲਵੰਤ ਗਾਰਗੀ , ਨਾਵਲਕਾਰ ਦਲੀਪ ਕੌਰ ਟਿਵਾਣਾ , ਸ਼ਿਵ ਕੁਮਾਰ ਬਟਾਲਵੀ , ਵੀਨਾ ਵਰਮਾ , ਬੂਟਾ ਸਿੰਘ ਸ਼ਾਦ , ਨਰਿੰਦਰ ਕਪੂਰ ਤੇ ਅਜੋਕੇ ਸਮੇਂ ਦੇ ਸਾਹਿਤਕਾਰ ਸਸੀਪਾਲ ਸਮੁੰਦਰਾ , ਨਿੰਦਰ ਘੁਗਿਆਣਵੀ, ਨਾਵਲਕਾਰ ਜੀਤ ਸਿੰਘ ਸੰਧੂ ਆਦਿ ਨੂੰ । ਜਿਨ੍ਹਾਂ ਦੀ ਲੇਖਣੀ ਨੇ , ਹੀਰਾ ਸਿੰਘ ਤੂਤ ਦੇ ਜ਼ਿਹਨ ਚ' , ਵੱਖਰੀ ਛਾਪ ਛੱਡੀ ।
       ਹੀਰਾ ਸਿੰਘ ਤੂਤ ਨਾਲ ਗੱਲਬਾਤ ਕੀਤੀ , ਓਨਾਂ ਕਿਹਾ 'ਹਾਲੇ ਤਾਂ , ਮੈਂ ਸੇਰ ਚ' ਪੂਣੀ ਨਹੀਂ ਕੱਤੀ । ਕਈ ਲੋਕ ਮੈਨੂੰ ਪੁੱਛਦੇ ਨੇ , ਹੀਰਾ ਸਿੰਘ ਤੂਤ , ਤੈਨੂੰ ਕਾਹਦੀ ਕਾਹਲੀ? ਐਨੀਆਂ ਕਿਤਾਬਾਂ ਲਿਖ ਛੱਡੀਆਂ , ਤਾਂ ਮੈਂ ਓਨਾ ਨੂੰ ਹੱਸ ਕੇ ਜਵਾਬ ਦਿੰਦਾ ਹਾਂ । ਜ਼ਿੰਦਗੀ ਦੀ ਕੀ ਗਰੰਟੀ ਹੈ ? ਜੋ ਵੀ ਸਾਹਿਤ ਦੀ ਆਮਦ , ਜ਼ਿਹਨ ਚ ਹੁੰਦੀ , ਮੈਂ ਲਿਖ ਛਪਵਾ ਲੈਂਦਾ ਹਾਂ । ਪਾਠਕਾਂ ਤੇ ਸਰੋਤਿਆਂ ਪਿਆਰ ਸਤਿਕਾਰ ਸਦਕਾ , ਓਨਾ ਦੀ ਕ਼ਲਮ ਬੁਲੰਦੀਆਂ ਛੂਹ ਰਹੀ । ਹੀਰਾ ਸਿੰਘ ਤੂਤ ਜਲੰਧਰ ਦੂਰਦਰਸ਼ਨ ਦੇ ਚਰਚਿੱਤ ਪ੍ਰੋਗਰਾਮ 'ਗੱਲਾਂ ਤੇ ਗੀਤ' ਚ', ਵੀ ਚਾਰ ਅਕਤੂਬਰ 2021 ਨੂੰ ਸ਼ਿਰਕਤ ਕਰ ਚੁੱਕੇ ਹਨ ।
         ਜੇਕਰ ਹੀਰਾ ਸਿੰਘ ਤੂਤ ਦੇ ਸਨਮਾਨਾਂ ਦੀ ਗੱਲ ਕਰੀਏ , ਹੁਣ ਤੱਕ ਏਨਾਂ ਨੂੰ , ਪੰਜਾਬੀ ਸਾਹਿਤ ਸਭਾ (ਸ੍ਰੀ ਮੁਕਤਸਰ ਸਾਹਿਬ) , ਸਰਕਾਰੀ ਕਾਲਜ ਜ਼ੀਰਾ (ਫਿਰੋਜ਼ਪੁਰ) , ਸ਼ਬਦ ਸਾਂਝ ਕੋਟਕਪੂਰਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ (ਫਿਰੋਜ਼ਪੁਰ) , ਪੰਜਾਬੀ ਸਾਹਿਤ ਸਭਾ (ਮੰਡੀ ਬਰੀਵਾਲਾ), ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਉਪਰ ਡੀ.ਸੀ (ਫਿਰੋਜ਼ਪੁਰ) ਵੱਲੋਂ , ਸੁੰਦਰ ਲਿਖਾਈ ਅਤੇ ਅਧਿਆਪਕ ਦਿਵਸ , ਜ਼ਿਲ੍ਹਾ ਤੇ ਬਲਾਕ ਪੱਧਰ ਤੇ  ਕਈ ਵਾਰ ਸਨਮਾਨਿਤ ਕੀਤਾ ਗਿਆ ।
            ਜੇਕਰ ਹੀਰਾ ਸਿੰਘ ਤੂਤ ਦੀ ਮੁੱਢਲੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਏਨਾ ਪਿੰਡ ਪੱਧਰ ਅਤੇ ਸੀਨੀਅਰ ਸੈਕੰਡਰੀ ਤੱਕ ਦੀ ਸਿੱਖਿਆ (ਫਿਰੋਜ਼ਪੁਰ ਛਾਉਣੀ) ਤੋਂ ਪ੍ਰਾਪਤ ਕਰ , ਸਰਕਾਰੀ ਬਰਜਿੰਦਰਾ ਕਾਲਜ (ਫ਼ਰੀਦਕੋਟ) ਤੋਂ ਐਮ.ਏ (ਪੰਜਾਬੀ/ਹਿਸਟਰੀ) ਅਤੇ ਬੀ.ਐਡ ਤੇ ਯੂ.ਜੀ.ਸੀ.ਨੈੱਟ (ਪੰਜਾਬੀ) ਆਦਿ , ਵਿੱਦਿਅਕ ਯੋਗਤਾ ਪ੍ਰਾਪਤ ਕੀਤੀਆਂ ।
           ਸਾਹਿਤ ਦੇ , ਇਸ ਹੀਰੇ ਦਾ ਜਨਮ ਅੱਠ ਦਸੰਬਰ 1980 ਨੂੰ ਪਿੰਡ ਤੂਤ (ਜ਼ਿਲ੍ਹਾ ਫਿਰੋਜ਼ਪੁਰ) ਚ', ਪਿਤਾ ਸੋਹਣ ਸਿੰਘ ਤੇ ਮਾਤਾ ਗੁਰਬਖਸ਼ ਕੌਰ ਦੇ ਨਿਵਾਸ ਹੋਇਆ । ਮਿਲਣਸਾਰ, ਮਿੱਠ ਬੋਲੜੇ ਅਤੇ ਸਿੱਧ ਪੱਧਰੇ , ਸੁਭਾਅ ਦੇ ਮਾਲਕ ਹੀਰਾ ਸਿੰਘ ਤੂਤ , ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ (ਪ੍ਰਾਈਵੇਟ ਅਧਿਆਪਕ) ਤੇ ਬੇਟੇ ਮਨਮੀਤ ਨਾਲ , ਖੁਸ਼ੀ ਖੁਸ਼ੀ ਪਿੰਡ ਤੂਤ ਚ', ਜੀਵਨ ਬਤੀਤ ਕਰ ਰਹੇ ਹਨ । ਹੀਰਾ ਸਿੰਘ ਤੂਤ ਦੇ ਪੀਰਾਂ ਫ਼ਕੀਰਾਂ ਵਰਗੇ ਸ਼ਬਦ, ਏਨਾਂ ਦੇ ਜੀਵਨ ਦਾ ਰਾਹ ਪੱਧਰਾ ਕਰ , ਬੁਲੰਦੀਆਂ ਤੱਕ ਪਹੁਚਾਉਣ । ਹੀਰਾ ਸਿੰਘ ਤੂਤ , ਇਕਾਗਰ ਚਿੱਤ ਹੋ , ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹਿਣ । ਦੁਆਵਾਂ

ਸ਼ਿਵਨਾਥ ਦਰਦੀ
ਸੰਪਰਕ:- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਪੰਜਾਬੀ ਮਾਂ-ਬੋਲੀ ਦਾ ਪਿਆਰਾ ਹਸਤਾਖਰ :- ਪ੍ਰੋ.ਬੀਰ ਇੰਦਰ ਸਰਾਂ

  ਫ਼ਰੀਦਕੋਟ ਦੀ ਧਰਤੀ ਸ਼ਾਇਰਾਂ, ਕਵੀਆਂ ਤੇ  ਫ਼ਨਕਾਰਾਂ ਦੀ ਧਰਤੀ ਹੈ । ਜਿੱਥੇ ਅਨੇਕਾਂ ਹੀ ਪ੍ਰਸਿੱਧ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਜਨਮ ਲਿਆ । ਜਿਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਖੂਬ ਨਾਮਣਾ ਖੱਟਿਆ । ਬਾਬਾ ਫ਼ਰੀਦ ਜੀ ਦੀ ਚਰਨ ਛੋਹ ਧਰਤੀ, ਫ਼ਰੀਦਕੋਟ ਵਾਸੀਆਂ ਲਈ ਵਰਦਾਨ ਹੈ । ਜੋ ਵੀ ਇਸ ਧਰਤੀ ਦੀ ਗੋਦ ‘ਚ ਆਉਂਦਾ, ਓਹ ਕਿਸੇ ਨਾ ਕਿਸੇ ਖੇਤਰ ‘ਚ ਪ੍ਰਸਿੱਧੀ ਹਾਸਲ ਕਰਦਾ ਹੈ ।
         ਪ੍ਰੋ.ਬੀਰ ਇੰਦਰ ਸਰਾਂ ਜੀ ਅੱਜਕਲ੍ਹ ਦੇ ਉੱਘੇ ਸਾਹਿਤਕਾਰਾਂ ਵਿਚੋਂ ਇੱਕ ਹਨ । ਜੋ ਦਿਨ-ਰਾਤ ਪੰਜਾਬੀ ਮਾਂ-ਬੋਲੀ ਦੀ ਸੇਵਾ ਅਤੇ ਪ੍ਰਫੁੱਲਤਾ ਲਈ ਯਤਨਸ਼ੀਲ ਹਨ । ਜਿੱਥੇ ਉਹ ਇੱਕ ਸਾਹਿਤਕਾਰ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ, ਉੱਥੇ ਉਹਨਾਂ ਦਾ ਨਾਮ ਕਾਲਜ ਅਧਿਆਪਨ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ । ਉਹ ਪਿਛਲੇ ਇੱਕ ਦਹਾਕੇ ਤੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾਅ ਰਹੇ ਹਨ । ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ, ਅਧਿਆਪਨ ਖੇਤਰ ਦੇ ਨਾਲ ਨਾਲ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹਨ । ਉਹ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਸਮੇਂ ਸਮੇਂ ‘ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ।
         ਪ੍ਰੋ.ਬੀਰ ਇੰਦਰ ਸਰਾਂ ਜੀ ਦਾ ਜਨਮ 10 ਅਕਤੂਬਰ 1979 ਨੂੰ ਪੰਜਾਬ ਦੇ ਮਲੋਟ ਸ਼ਹਿਰ ਵਿਖੇ ਮਾਤਾ ਗੁਰਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ ਅਤੇ ਇਹਨਾਂ ਦੇ ਪਿਤਾ ਸ੍ਰ. ਸੁਰਜੀਤ ਸਿੰਘ ਜੀ ਜੋ ਕਿ ਪੰਜਾਬ ਸਿੱਖਿਆ ਵਿਭਾਗ ਵਿੱਚੋਂ ਬਤੌਰ ਸੁਪਰਡੈਂਟ ਸੇਵਾ-ਮੁਕਤ ਹੋਏ ਹਨ । ਜੇਕਰ ਪ੍ਰੋ. ਸਰਾਂ ਜੀ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਮੁੱਢਲੀ ਪੜ੍ਹਾਈ ਫ਼ਰੀਦਕੋਟ ਦੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਅਤੇ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ । ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਬੀ.ਏ. ਦੀ ਡਿਗਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ (ਰਾਜਨੀਤੀ ਸ਼ਾਸਤਰ ਤੇ ਪੰਜਾਬੀ), ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ,ਸੁਨਾਮ ਤੋਂ ਬੀ.ਐਡ., ਰਿਆਤ ਬਾਹਰਾ ਕਾਲਜ ਆਫ਼ ਐਜੂਕੇਸ਼ਨ, ਖਰੜ (ਮੋਹਾਲੀ) ਤੋਂ ਐਮ.ਐਡ. ਅਤੇ ਯੂ.ਜੀ.ਸੀ. ਨੈੱਟ (ਐਜੂਕੇਸ਼ਨ) ਵਿੱਚ ਪਾਸ ਕੀਤਾ ਹੋਇਆ ਹੈ । ਇਸ ਤੋਂ ਇਲਾਵਾ ਪੀ.ਜੀ.ਡੀ.ਸੀ.ਏ., ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਅਤੇ ਹੋਰ ਕਈ ਕੰਪਿਊਟਰ ਕੋਰਸ ਵੀ ਪਾਸ ਕੀਤੇ ਹੋਏ ਹਨ ।
       ਪ੍ਰੋਫ਼ੈਸਰ ਸਾਹਿਬ ਅਕਸਰ ਹੀ ਰਾਸ਼ਟਰੀ, ਅੰਤਰਰਾਸ਼ਟਰੀ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿੱਚ ਪੇਪਰ ਪੜ੍ਹਦੇ ਅਤੇ ਭਾਗ ਲੈਂਦੇ ਰਹਿੰਦੇ ਹਨ । ਉਹ ਅਧਿਆਪਨ ਖੇਤਰਾਂ, ਸਾਹਿਤ ਤੇ ਸੱਭਿਆਚਾਰਕ ਖੇਤਰਾਂ ਵਿੱਚ ਜੱਜਮੈਂਟ ਕਰਦੇ ਰਹਿੰਦੇ ਹਨ । ਆਪਣੀ ਅਣਥੱਕ ਮਿਹਨਤ ਨਾਲ ਆਪਣੇ ਕਾਲਜ, ਸਮਾਜ ਅਤੇ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ‘ਚ ਅਨੇਕਾਂ ਹੀ ਸਨਮਾਨ ਦਿਵਾਉਂਦੇ ਰਹਿਣ ਦੇ ਨਾਲ ਨਾਲ ਹੌਂਸਲਾ ਅਫ਼ਜ਼ਾਈ ਕਰ ਅੱਗੇ ਵਧਾਉਂਦੇ ਰਹਿੰਦੇ ਹਨ।
       ਪ੍ਰੋ. ਬੀਰ ਇੰਦਰ ਸਰਾਂ ਜੀ  ਨੇ ਆਪਣੀ ਲੇਖਣੀ ਰਾਹੀਂ  ਦੇਸ਼ਾਂ ਵਿਦੇਸ਼ਾਂ ‘ਚ ਖ਼ੂਬ ਨਾਮਣਾ ਖੱਟਿਆ ਹੈ । ਰਾਜ-ਪੱਧਰੀ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਨੇਕਾਂ ਹੀ ਕਵੀ-ਦਰਬਾਰਾਂ, ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਹਾਜ਼ਰੀ ਲਵਾ, ਪੰਜਾਬੀ ਮਾਂ-ਬੋਲੀ ਦਾ ਮਾਣ ਨਾਲ ਸਿਰ ਉੱਚਾ ਕੀਤਾ । ਕਈ ਸਾਰੇ ਕਾਵਿ-ਮੁਕਾਬਲਿਆਂ ਵਿੱਚ ਮੋਹਰੀ ਪੁਜੀਸ਼ਨਾਂ ਅਤੇ ਸਨਮਾਨ ਵੀ ਹਾਸਲ ਕੀਤੇ ਹਨ । ਸਾਂਝੇ ਕਾਵਿ-ਸੰਗ੍ਰਹਿ ‘ਬੋਲਦੇ ਅਲਫ਼ਾਜ਼’ ਦੇ ਪੰਨਿਆਂ ਚ ਏਨਾਂ ਦੇ ਬਾ-ਕਮਾਲ ਸ਼ਬਦ ,ਰਹਿਬਰ ਬਣ ਪਾਠਕਾਂ ਦੀ ਰਹਿਨੁਮਾਈ ਕਰਦੇ ਹਨ ।  ਇਸਦੇ ਨਾਲ ਹੀ ‘ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਵੱਲ’ ਕਾਵਿ-ਸੰਗ੍ਰਹਿ ਦੁਆਰਾ ਸੰਪਾਦਕੀ ਦੇ ਖੇਤਰ ਵਿੱਚ ਵੀ ਪ੍ਰਵੇਸ਼ ਕਰ ਚੁੱਕੇ ਹਨ । ਜਲਦ ਹੀ ਆਉਣ ਵਾਲੇ ਚਾਰ-ਪੰਜ ਕਾਵਿ-ਸੰਗ੍ਰਹਿ, ਜੋ ਪਾਠਕਾਂ ਦੀ ਕਚਹਿਰੀ ਹਾਜ਼ਰ ਹੋਣ ਵਾਲੇ ਹਨ, ਉਹਨਾਂ ‘ਚ ਪ੍ਰੋਫ਼ੈਸਰ ਸਾਹਿਬ ਦੇ ਜਾਦੂਮਈ ਸ਼ਬਦ, ਰੂਹਾਂ ਦੀ ਪਿਆਸ ਬੁਝਾਉਣਗੇ ।
ਪ੍ਰੋਫ਼ੈਸਰ ਸਾਹਿਬ ਜ਼ਿੰਦਗੀ ਨੂੰ ਇਹਨਾਂ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦੇ ਹਨ :-
ਸਾਰੀ ਜਿੰਦਗੀ
ਜਿੰਦਗੀ ਨੂੰ
ਜ਼ਿੰਦਗੀ ਵਿੱਚ
ਲੱਭਦਾ ਰਿਹਾ ਮੈਂ
ਬਸ ਇਹੀ ਤਾਂ......
ਮੇਰੀ ਜਿੰਦਗੀ ਹੈ
       'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ ਤੇ ਵੈਲਫ਼ੇਅਰ ਸੁਸਾਇਟੀ (ਰਜਿ) ਪੰਜਾਬ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਇੰਚਾਰਜ ਹਨ ਅਤੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ ਨਾਲ ਉਹ ਹਫ਼ਤਾਵਾਰੀ ਪੰਜਾਬੀ ਮੈਗਜ਼ੀਨ ‘ਗੁਰਮੁਖੀ ਦੇ ਵਾਰਿਸ’ ਦੇ ਸੰਪਾਦਕ ਵੀ ਹਨ । ਇਸ ਤੋਂ ਇਲਾਵਾ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੇ ਪ੍ਰੈੱਸ ਸਕੱਤਰ ਵਜੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ । ਇਸ ਦੇ ਨਾਲ ਨਾਲ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ, ਸਾਹਿਤ ਸਭਾਵਾਂ ਦੇ ਮੈਂਬਰ ਬਣ ਪੰਜਾਬੀ ਸਾਹਿਤ ਵਿਚ ਯੋਗਦਾਨ ਪਾ ਰਹੇ ਹਨ । ਉਹ ਆਪਣੇ ਡਿਜ਼ਾਇਨ ਕੀਤੇ ਪੋਸਟਰਾਂ ਅਤੇ ਸਰਟੀਫ਼ਿਕੇਟਾਂ ਦੁਆਰਾ ਪੰਜਾਬੀ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀ ਸੇਵਾ ਵੀ ਨਿਭਾਉਂਦੇ ਹਨ ।
         ਜੇ ਸਮਾਜ ਸੇਵਾ ਦੀ ਗੱਲ ਕਰੀਏ ਤਾਂ ਪ੍ਰੋ. ਬੀਰ ਇੰਦਰ ਸਰਾਂ ਜੀ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਬਣ ਸਮਾਜਿਕ ਜਾਗਰੂਕਤਾ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਤਨ,ਮਨ,ਧਨ ਨਾਲ ਸੇਵਾ ਨਿਭਾਉਂਦੇ ਹਨ । ਹੁਣ ਤੱਕ 11 ਵਾਰ ਖੂਨਦਾਨ ਕਰਕੇ ਆਪਣੇ ਚਾਹੁਣ ਵਾਲਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ । ਹਰ ਸਾਲ ਵੱਖ ਵੱਖ ਸੰਸਥਾਵਾਂ ਨਾਲ ਮਿਲ ਕੇ ਅਨੇਕਾਂ ਰੁੱਖ ਲਗਾਉਂਦੇ ਅਤੇ ਆਪਣੇ ਵਿਦਿਆਰਥੀਆਂ ਤੇ ਸਮਾਜ ਨੂੰ ਵੀ ਜਾਗਰੂਕ ਕਰਦੇ ਹਨ ।
         ਮਿਲਾਪੜੇ ਜਿਹੇ ਸੁਭਾਅ ਦੇ ਮਾਲਕ ਹੋਣ ਦੇ ਨਾਲ ਉਹ ਸਾਦਗੀ ਪਸੰਦ ਕਰਦੇ ਹਨ । ਆਪਣੀ ਜ਼ਿੰਦਗੀ ਵਿੱਚ ਪ੍ਰੇਰਣਾ-ਸ੍ਰੋਤ ਆਪਣੇ ਮਾਤਾ-ਪਿਤਾ ਤੇ ਪਰਿਵਾਰ ਨੂੰ ਮੰਨਦੇ ਹਨ । ਇਸ ਤੋਂ ਇਲਾਵਾ ਸਾਹਿਤ ਖੇਤਰ ਵੱਲ ਆਉਣ ਦੇ ਰੁਝਾਨ ਲਈ ਸ਼ਿਵ ਕੁਮਾਰ ਬਟਾਲਵੀ, ਨਰਿੰਦਰ ਸਿੰਘ ਕਪੂਰ, ਸੁਰਜੀਤ ਪਾਤਰ, ਸਤਿੰਦਰ ਸਰਤਾਜ ਅਤੇ ਚੰਗੀ ਲੇਖਣੀ ਵਾਲਿਆਂ ਨੂੰ ਮੰਨਦੇ ਹਨ । ਜਿਨ੍ਹਾਂ ਦੀਆਂ ਅਮਿੱਟ ਲਿਖਤਾਂ ਉਹਨਾਂ ਦੇ ਦਿਲ ‘ਤੇ ਆਪਣੀ ਗਹਿਰੀ ਛਾਪ ਛੱਡ ਗਈਆਂ ।
       ਅੱਜਕਲ੍ਹ ਪ੍ਰੋ. ਸਰਾਂ ਸਾਹਿਬ ਜੀ ਆਪਣੀ ਪਰਿਵਾਰਕ ਫੁਲਵਾੜੀ ‘ਚ ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੀ ਧਰਮ ਪਤਨੀ ਸ਼੍ਰੀਮਤੀ ਰਣਦੀਪ ਕੌਰ ਜੋ ਕਿ ਸਰਕਾਰੀ ਸਕੂਲ ਅਧਿਆਪਕਾ ਹਨ ਅਤੇ ਦੋ ਬੇਟਿਆਂ ਰਣਬੀਰ ਸਰਾਂ ਤੇ ਹਰਸ਼ਬੀਰ ਸਰਾਂ ਨਾਲ ਮਾਈ ਗੋਦੜੀ ਸਾਹਿਬ ਕਾਲੋਨੀ ਫ਼ਰੀਦਕੋਟ ਵਿਖੇ  ਨਿਵਾਸ ਕਰ ਰਹੇ ਹਨ ।
             ਜੇਕਰ ਪ੍ਰੋ.ਬੀਰ ਇੰਦਰ ਸਰਾਂ ਜੀ ਦੀਆਂ ਰਚਨਾਵਾਂ ਦੀ ਗੱਲ ਨਾ ਕਰੀਏ, ਤਾਂ ਇਹ ਲੇਖ ਅਧੂਰਾ ਜਾਪੇਗਾ । ਉਹਨਾਂ ਦੀ ਲਿਖਣ ਸ਼ੈਲੀ ਬਹੁਤ ਸਾਰਥਕ, ਮਨਮੋਹਕ ਅਤੇ ਆਪਣੇ ਪਾਠਕਾਂ ਉੱਪਰ ਡੂੰਘਾ ਪ੍ਰਭਾਵ ਛੱਡਦੀ ਹੈ । ਉਹ ਆਪਣੇ ਡੂੰਘੇ ਜਜ਼ਬਾਤਾਂ ਨੂੰ ਇਸ ਤਰ੍ਹਾਂ ਲਿਖਦੇ ਹਨ :-  ਡੂੰਘੇ ਜਜ਼ਬਾਤ...

ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ
ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ
ਜੋ ਸ਼ਬਦ ਬਣ ਬਣ ਉੱਭਰੇ ਨੇ
ਕੁਝ ਤੇਰੇ ਨੇ ਤੇ ਕੁਝ ਮੇਰੇ ਨੇ
    ਪੰਜਾਬੀ ਮਾਂ-ਬੋਲੀ ਦੇ ਇਸ ਸਾਹਿਤਕਾਰ ਪ੍ਰੋ. ਬੀਰ ਇੰਦਰ ਸਰਾਂ ਨੂੰ, ਉਹਨਾਂ ਦੀ ਅਣਥੱਕ ਮਿਹਨਤ, ਨਵੇਕਲੀ ਸੋਚ ਲਈ ਢੇਰ ਸਾਰੀਆਂ, ਮੋਹ ਭਿੱਜੀਆਂ ਸ਼ੁਭਕਾਮਨਾਵਾਂ।  
  ਆਮੀਨ !
         ਸ਼ਿਵਨਾਥ ਦਰਦੀ                                           
     ਸੰਪਰਕ:- 98551-55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼
ਫ਼ਰੀਦਕੋਟ

ਕਵਿਤਾ - ਸ਼ਿਵਨਾਥ ਦਰਦੀ

ਨਾ ਹੀ ਧਰਤੀ ਮਹਿਕੇ ਸੱਜਣਾ ,
ਨਾ ਹੀ ਅੰਬਰੀਂ ਤਾਰੇ ਚਮਕਣ ,
ਰੱਖ ਬਨੇਰੇ , ਮੈਂ ਦੀਪ ਜਲਾਏ ,
ਓਹ ਵਿਚ ਹਵਾ ਦੇ ਲਮਕਣ ।
ਨਾ ਹੀ ..........................
ਚਾਰ ਚੁਫੇਰੇ ਘੁੱਪ ਹਨੇਰਾ ,
ਅੰਬਰ  ਪਏ  ਨੇ  ਖਾਲੀ ,
ਬੂਹੇ ਦੇ ਵਿਚ ਖੜੀ ਉਡੀਕਾਂ ,
ਕਦੋਂ ਆਉਣਗੇ ਵਾਲੀ ,
ਪਰਜਾ ਦੇ ਰਾਵਣ ਸੱਜਣਾ ,
ਰੂਹ ਮੇਰੀ ਨੂੰ ਪਏ ਡੱਸਣ ।
ਨਾ ਹੀ .....................
ਤੇਰੇ ਬਿਨਾ ਹਰ ਕੋਈ ਅਧੂਰਾ ,
ਤੇਰੇ   ਵੀਰ  ਤੇ   ਬੁਢੇ   ਮਾਪੇ ,
ਕੀ  ਸੀਤਾ  ਨੂੰ  ਦਿੱਤੀ  ਸਜ਼ਾ ,
ਓਹ ਬੈਠੀ ਤੜਫੇ ਇਕਲਾਪੇ ,
ਮਾਹੀ ਮਾਹੀ ਕਿਨੂੰ ਬੁਲਾਵਾ ,
ਦੇਖ ਰੋਮ ਰੋਮ ਮੇਰੇ ਹੱਸਣ ।
ਨਾ ਹੀ ........................
ਚਾਵਾਂ ਦੀ ਮੇਰੀ ਟੁੱਟਗੀ ਚਰਖੀ ,
ਨਾਲੇ ਟੁੱਟ ਗਿਆ ਤੰਦ ,
ਉੱਡ ਗਿਆ , ਵਿਚ ਅਸਮਾਨ ਦੇ ਪੰਛੀ ,
ਖਾਲੀ ਰਹਿ ਗਿਆ ਬੰਦ ,
'ਦਰਦੀ' ਇਕੱਠੇ ਹੋ ਕੇ ਦਰਦ ਵੰਡਾਲੋ ,
ਰੋਜ਼ ਜ਼ਖ਼ਮ ਮੇਰੇ ਪਏ ਦੱਸਣ ।
ਨਾ ਹੀ ..........................
              ਸ਼ਿਵਨਾਥ ਦਰਦੀ
       ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ - ਸ਼ਿਵਨਾਥ ਦਰਦੀ

ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ
ਲੇਖਕ :- ਜਸਬੀਰ ਮੀਰਾਂਪੁਰ
ਸੰਪਰਕ :- 81988/21530
ਪ੍ਰਕਾਸ਼ਨ :- ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ
 
       'ਸਹਿਮੇ ਸਹਿਮੇ ਲੋਕ' ਕਾਵਿ ਸੰਗ੍ਰਹਿ , ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਦੂਜੀ ਹੱਥ ਲਿਖਤ ਕਾਵਿ ਸੰਗ੍ਰਹਿ ਹੈ । ਕਾਵਿ ਸੰਗ੍ਰਹਿ ਦਾ ਟਾਈਟਲ ਪੜ੍ਹ , ਪਤਾ ਲੱਗ ਜਾਂਦਾ ਹੈ ਕਿ ਲੋਕਾਂ ਦੇ ਸਹਿਮੇ / ਡਰੇ ਹੋਣ ਦਾ । ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ , ਲੇਖਕ ਨੇ , ਆਪਣੇ ਸ਼ਬਦਾਂ ਰਾਹੀਂ ਪੇਸ਼ ਕੀਤਾ । ਲੇਖਕ ਲੋਕਾਂ ਸਹਿਮੇ / ਡਰੇ ਹੋਣ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਜਾਣਦਾ ਹੈ । ਲੇਖਕ ' ਜਸਬੀਰ ਮੀਰਾਂਪੁਰ' ਨੇ ਬੜੇ ਸੁਚੱਜੇ ਢੰਗ ਨਾਲ, ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਨਜ਼ਮਾਂ ਰਾਹੀਂ , ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ । ਲੇਖਕ ਚੰਗੀ ਤਰ੍ਹਾਂ ਲੋਕਤੰਤਰ ਦੇ ਤਾਣੇ-ਬਾਣੇ ਨੂੰ ਜਾਣਦਾ ਹੈ, ਤੇ ਸਵਾਲ ਕਰਦਾ ਹੈ  :-
                                ਜੰਤਰ ਹੈ ਜਾਂ ਮੰਤਰ ਹੈ ,
                               ਕੀ ਇਹ ਲੋਕਤੰਤਰ ਹੈ ?
                               ਭੁੱਖੇ ਮਰਨ ਕਿਰਤੀ ਏਥੇ ,
                              ਇਹ ਕਿਹੜੀ ਤੰਤਰ ਹੈ ?
ਲੇਖਕ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨ , ਕਿਰਤੀ ਹੱਕੀ ਮੰਗਾਂ ਲਈ , ਹਾਕਮਾਂ ਨੂੰ ਵਾਸਤਾ ਪਾਉਦੀਆਂ , ਕਵਿਤਾਵਾਂ ਲਿਖ , ਕਿਸਾਨਾਂ , ਕਿਰਤੀਆਂ ਦਾ ਹੌਸਲਾ ਅਫ਼ਜ਼ਾਈ ਕਰਦਾ ਹੈ ਤੇ ਹਾਕਮਾਂ ਨੂੰ ਕਹਿੰਦਾ ਹੈ ਕਿ ,
        ਤੇਰੇ ਵੱਲੋਂ ਹਾਕਮਾਂ , ਜੋ ਦੁਰਕਾਰੇ ਬੰਦੇ ਉਠੇ ਨੇ,
       ਲੇਖਾਂ , ਮੌਸਮਾਂ ਤੇ ਸਰਕਾਰਾਂ ਦੇ ਮਾਰੇ ਬੰਦੇ ਉਠੇ ਨੇ ।
ਲੇਖਕ ਬਦਲ ਰਹੇ , ਭਾਰਤ ਤੇ ਕਾਬਜ਼ ਚੋਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ , ਤੇ ਲਿਖਦਾ ਹੈ :-
                ਪਹਿਲਾਂ ਹੋਰ , ਹੁਣ ਹੋ ਗਿਆ ਹੋਰ ਭਾਰਤ ,
                ਕਰੀਂ ਬੈਠਾ ਕਬਜ਼ਾ, ਤੇਰੇ ਤੇ ਚੋਰ ਭਾਰਤ ।
ਅੱਜ ਹਰ ਮਨੁੱਖ ਦੀ ਜ਼ਰੂਰਤ ਰੁਜ਼ਗਾਰ ਹੈ । ਜਦੋਂ ਤੱਕ ਮਨੁੱਖ ਕੋਈ ਰੁਜ਼ਗਾਰ ਨਾ ਮਿਲੇ , ਉਸਦਾ ਮਨ ਅਸ਼ਾਂਤ ਰਹਿੰਦਾ । ਰੁਜ਼ਗਾਰ ਖਾਤਿਰ ਮਨੁੱਖ ਦੇਸੋਂ ਪਰਦੇਸ ਹੋ ਰਿਹਾ। ਲੋਕ ਸੜਕਾਂ ਤੇ ਉਤਰ ਧਰਨੇ ਲਾ , ਰਹੇ ਹਨ । ਲੇਖਕ ਨੇ ਸਰਕਾਰਾਂ ਨੂੰ ਗੁਹਾਰ ਲਾ ਲਿਖਦਾ ਹੈ :-
          ਨਾ ਮੁਫ਼ਤ ਬਿਜਲੀ , ਨਾ ਮੁਫ਼ਤ ਅਨਾਜ ਚਾਹੀਦੈ ,
          ਸਾਡੇ ਵਿਹਲੇ ਲੋਕ ਨੇ ਹਾਕਮਾਂ , ਕੰਮਕਾਜ ਚਾਹੀਦੈ ।
ਲੇਖਕ ਲੋਕਾਂ ਦੇ ਸਹਿਮ ਤੇ ਡਰ ਪੇਸ਼ ਕਰਦੀ , ਕਵਿਤਾ ਜੋ ਕਾਵਿ ਸੰਗ੍ਰਹਿ ਦਾ ਟਾਈਟਲ ਬਣੀ ਹੈ । ਉਸ ਵਿਚ ਲਿਖਦਾ :-
      ਲੋਕ ਨੇ ਸਹਿਮੇ ਸਹਿਮੇ ਤੇ ਹਵਾ ਚ' ਹੈ ਵਿਰਲਾਪ,
   ਰੁੱਸੀਆਂ ਹੋਈਆਂ ਬਹਾਰਾਂ ,ਏਥੇ ਚਾਵਾਂ ਚੜਿਆ ਤਾਪ ।
ਏਨਾਂ ਤੋਂ ਇਲਾਵਾ ਕਾਵਿ ਸੰਗ੍ਰਹਿ 'ਸਹਿਮੇ ਸਹਿਮੇ ਲੋਕ' , ਹੋਰ ਸੁੰਦਰ ਰਚਨਾਵਾਂ ਹਨ , ਜਿਵੇਂ 'ਮਾਂ ਰੁੱਲਦੀ ਵੇਖੀ', ਵੰਡ ਵੰਡਾਰਾਂ ,ਲਾਕਡਾਊਨ , ਮੇਕ ਇਨ ਇੰਡੀਆ, ਹਿੰਦ -ਪਾਕਿ ,ਸ਼ਹੀਦ ਤੇ ਵਾਕਫੀਅਤ ਆਦਿ , ਬਾ ਕਮਾਲ ਰਚਨਾਵਾਂ ਹਨ । ਜੋ ਪਾਠਕਾਂ ਦੇ ਮਨ ਤੇ ਰਾਜ ਕਰਨਗੀਆਂ । ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ । ਸ਼ਬਦਾਂ ਦੀ ,ਹਰ ਥਾਂ ਠੀਕ ਵਰਤੋਂ ।
    ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਕ਼ਲਮ ਨੂੰ ਪਰਮਾਤਮਾ ਤਾਕਤ ਬਖਸ਼ੇ । ਮੇਰੀਆਂ ਦੁਆਵਾਂ , ਏਨਾਂ ਦੀ ਕ਼ਲਮ ਬੁਲੰਦੀਆਂ ਸਰ ਕਰੇ । ਆਮੀਨ
                                 ਸ਼ਿਵਨਾਥ ਦਰਦੀ
                           ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।

ਅੱਖਾਂ ਭਰ ਭਰ - ਸ਼ਿਵਨਾਥ ਦਰਦੀ

ਅੱਖਾਂ ਭਰ ਭਰ ਰੋਵਾਂ , ਨੀਂ ਮੈਂ ਰਾਤਾਂ ਨੂੰ ,
ਕੁਲਹਿਣੇ ਵੇਲੇ ਹੋਈਆ , ਓਨਾਂ ਮੁਲਾਕਾਤਾਂ ਨੂੰ ।
ਪਿਆਰ ਭਰੇ ਤੇਰੇ ਖੱਤ , ਕਿਵੇਂ ਮੈਂ ਪਾੜਾ ਨੀਂ ,
ਇਸ਼ਕ ਦੀ ਸ਼ੂਲੀ , ਆਪਣੇ ਆਪ ਨੂੰ ਚਾੜਾ ਨੀਂ ,
ਵੱਖ ਕਿਵੇਂ ਮੈਂ ਕਰਾਂ , ਦਿੱਤੀਆਂ ਤੇਰੀਆਂ ਸੌਗਾਤਾਂ ਨੂੰ ।
ਅੱਖਾਂ ਭਰ ਭਰ ______________________
ਭੁਲਦੇ  ਨਾ  ਭੁਲਾਇਆ ,  ਲੱਖ  ਓਹ   ਥਾਂ   ਨੀਂ  ,
ਬਸ  ਅਧੂਰੇ  ਰਹਿ  ਗਏ , ਦਿਲ ਵਿੱਚ ਚਾਅ ਨੀਂ ,
ਕਾਲੀਆਂ ਕਰ ਗਿਆ , ਮੇਰੀਆਂ ਤੂੰ ਪ੍ਰਭਾਤਾਂ ਨੂੰ ।
ਅੱਖਾਂ ਭਰ ਭਰ _______________________
ਨਾ ਅੰਬਰਾਂ ਵਿੱਚ ਤਾਰੇ , ਨਾ ਹੀ ਚੰਨ ਦਿੱਸਦਾ ,
'ਦਰਦੀ' ਦੀ ਕਲਮ ਚੋਂ , ਖੂਨ ਪਿਆ ਰਿਸਦਾ ,
ਅੱਜ ਰੋਵੇ ਦੇਖ ਮਨੁੱਖੀ , ਓਹ ਜਾਤਾਂ ਪਾਤਾਂ ਨੂੰ ।
ਅੱਖਾਂ ਭਰ ਭਰ _______________________

ਸ਼ਿਵਨਾਥ ਦਰਦੀ
ਸੰਪਰਕ :-9855155391
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫਰੀਦਕੋਟ ।

ਬੰਦਾ ( ਮਿੰਨੀ ਕਹਾਣੀ) - ਸ਼ਿਵਨਾਥ ਦਰਦੀ

ਆਪਸ ਵਿੱਚ ਗੱਲਾਂ ਕਰਦੀਆਂ , ਗੋਗੀ ਤੇ ਸ਼ਾਂਤੀ , ਨੀਂ ਮੈਂ ਸੁਣਿਆ , ਸ਼ਾਂਤੀ ! ਸਵਰਨੋ ਬਹੁਤ ਬੀਮਾਰ ਹੋ ਗਈ ।
        ਨੀਂ ਨਹੀਂ  , ਪਿਛਲੇ ਐਤਵਾਰ ਮਿਲੀ ਸੀ । ਮਣ ਮਣ ਸੁਰਖੀ ਲੱਗੀ ਸੀ , ਚੰਗੀ ਭਲੀ ਲਗਦੀ ਸੀ । ਓਹਨੂੰ ਕੀ ਹੋਇਆ ?
        ਘਰ ਦਾ ਸਾਰਾ ਕੰਮ ਤਾਂ , ਓਹਦੇ ਘਰ ਵਾਲਾ ਕਰਦਾ । ਓਹ ਤਾਂ ਟੌਰ ਸ਼ਕੀਨੀ ਲਾਈਂ ਰੱਖਦੀ ‌। ਕੱਲਾ ਰੋਟੀ ਟੁੱਕ ਬਣਾਉਂਦੀ । ਉਹ ਵੀ ਟਾਈਮ ਨਾਲ ਨਹੀਂ । ਨੀਂ , ਉਹਦੇ ਜਵਾਕ ਵੀ , ਓਹਦੀ ਬੋਲੀ ਬੋਲਦੇ । ਉਹ ਵੀ ਪਿਉ ਨੂੰ , ਕੁਝ ਨਹੀਂ ਸਮਝਦੇ ।
          ਨੀਂ ਚੰਦਰੀ ਨੂੰ , ਬੰਦਾ ਸਾਊ ਮਿਲ ਗਿਆ । ਨੀਂ , ਓਹ ਵੀ ਨਿਰਾ ਗਊ । ਨੀਂ ਮੈਂਂ ਤਾਂ , ਕਿਤੇ ਉੱਚੀ ਬੋਲਦਾ ਨਹੀਂ ਦੇਖਿਆ । ਨੀਂ , ਕੁਆਰੇ ਹੁੰਦੇ ਨੂੰ , ਪਹਿਲਾਂ ਪਿਉ ਨੇ , ਪੂਰਾ ਵਾਹਿਆ । ਹੁਣ ,ਇਹ ਵਾਹੀ ਜਾਂਦੀ ।
           ਨੀਂ ਛੱਡ ਭੈਣੇ ! ਆਪਾਂ ਕੀ ਲੈਣਾ । ਰੱਬ ਸਭ ਦਾ ਨਿਆਂ ਕਰਦਾ । ਓਹਦੀ ਲਾਠੀ ਚ ਆਵਾਜ਼ ਨਹੀਂ ਹੁੰਦੀ । ਨੀਂ ਕਿਸੇ ਸਾਊ ਬੰਦੇ ਨੂੰ ਤੰਗ ਕਰਨ ਵਾਲੇ ਨੂੰ , ਏਥੇ ਨਰਕ ਭੋਗਣੇ ਪੈਂਦੇ । ਰੱਬ ਸਭ ਕੁਝ ਏਥੇ ਦਿਖਾਉਂਦਾ । ਐਵੇਂ , ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰੀਦਾ । ਬਾਕੀ ਬੰਦਾ ਤਾਂ ਬੰਦਾ ਹੁੰਦਾ । ਜਨਾਨੀ ਨੂੰ , ਆਪਣੇ ਬੰਦੇ ਨੂੰ ਬੰਦਾ ਬਣਾ ਕੇ ਰੱਖਣਾ ਚਾਹੀਦਾ ਹੈ ।
         ਠੀਕ ਕਿਹਾ ਭੈਣੇ , ਬੰਦੇ ਨੂੰ ਵੀ ਜਨਾਨੀ ਨੂੰ ਜਨਾਨੀ ਸਮਝਣਾ ਚਾਹੀਦਾ । ਫੇਰ ਹੀ ਪਰਿਵਾਰ ਚਲਦਾ ।
          ਨੀਂ ਭੈਣੇ , ਮੈਂ ਤਾਂ ਕਹਿੰਦੀ ਹਾਂ , ਜ਼ੋ ਕੰਮ ਬੰਦੇ ਦੇ , ਓਹ ਬੰਦੇ ਨੂੰ ਕਰਨੇ ਚਾਹੀਦੇ । ਜ਼ੋ ਕੰਮ ਜਨਾਨੀ ਦੇ ਕੰਮ , ਓਹ ਜਨਾਨੀ ਨੂੰ ਕਰਨੇ ਚਾਹੀਦੇ ।
            ਨੀਂ ਬੰਦਾ ਤਾਂ , ਬੱਚਿਆਂ ਦੇ ਜਨਮ ਤੋਂ ਪੜ੍ਹਾਈ ਲਿਖਾਈ , ਵਿਆਹ ਸ਼ਾਦੀਆਂ ਤੇ ਘਰ ਬਾਰ ਬਣਾਉਣ ਤੱਕ ਸੋਚਦਾ ਹੈ । ਫੇਰ ਬੰਦੇ ਦੀ ਜ਼ੁਬਾਨ ਦਾ ਮੁੱਲ ਪੈਂਦਾ । ਜਨਾਨੀ ਤਾਂ ਜਨਾਨੀ ਹੁੰਦੀ । ਜਨਾਨੀ ਦਾ ਦਿਲ ਪਾਣੀ ਵਾਂਗੂੰ ਡੋਲਦਾ । ਨੀਂ ਬੰਦੇ ਬਿਨਾਂ ਕੀ ਜਿੰਦਗੀ ।
              ਨੀਂ ਚੱਲ ਛੱਡ ਭੈਣੇ , ਹੈਪੀ ਦਾ ਡੈਡੀ ਆਉਣ ਵਾਲਾ । ਘਰੇ ਨਾ ਦੇਖ ਕੇ , ਗੁਸਾ ਹੋਊ ।
          ਨੀਂ ਗੁਸਾ ਕਿਉਂ ਹੋਊ । ਨੀਂ ਓਹ ਵੀ ਤਾਂ ਬੰਦਾ ਏ ।

ਸ਼ਿਵਨਾਥ ਦਰਦੀ
ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ

ਗ਼ਜ਼ਲ - ਸ਼ਿਵਨਾਥ ਦਰਦੀ

ਬੇਸ਼ਕ ਸੱਜਣਾ ਮੇਰੇ ਨਾਲ ਜੁਦਾਈ ਰੱਖ ,
ਅੈਪਰ ਆਪਣੇ ਦਿਲ ਦੇ ਵਿੱਚ ਖੁਦਾਈ ਰੱਖ ।
ਉੱਚੇ ਨੀਵੇਂ ਕਰਮ ਹੁੰਦੇ  ਨੇ ਜਾਤਾਂ ਨਈਂ,   
ਜਾਤ ਪਾਤ ਦਾ ਦਿਲ 'ਚੋਂ ਭੇਦ ਮਿਟਾਈ ਰੱਖ ।
ਮਹਿਲ ਮੁਨਾਰੇ ਪੈਸੇ ਦਾ ਕੀ ਮਾਣ ਕਰੇਂ ,
ਫੱਕਰ ਬਣਕੇ ਸੱਭਨੂੰ ਯਾਰ ਬਣਾਈ ਰੱਖ ।
ਸਾਹਾਂ ਦੇ ਰਿਸ਼ਤੇ ਨੂੰ ਸਾਹਾਂ ਨਾਲ ਨਿਭਾ,  
ਝੂਠੇ ਯਾਰਾਂ  ਕੋਲੋਂ  ਜਾਨ  ਛੁਡਾਈ  ਰੱਖ ।
ਆਪਣੇ ਹੁਨਰ ਦਿਖਾਈ ਜਾ ਤੂੰ ਦੁਨੀਆਂ ਨੂੰ ,
'ਦਰਦੀ'  ਖੁਦ ਨੂੰ ਅੈਂਵੇਂ ਨਾ ਲੁਕਾਈ ਰੱਖ ।

ਖ਼ਾਰਾਂ - ਸ਼ਿਵਨਾਥ ਦਰਦੀ

ਹੱਕਾਂ ਦੇ ਲਈ ਲੜਨ ਵਾਲੇ ,
ਮੈਂ ਵਿਕਦੇ ਵੇਖੇ ਵਿਚ ਬਜ਼ਾਰਾਂ ,
ਕੁਝ ਵਿਕ ਜਾਂਦੇ , ਕੁਝ ਦਬ ਜਾਂਦੇ
ਹੇਠ , ਸਮੇਂ ਦੀਆਂ ਸਰਕਾਰਾਂ ।
ਫੋਕੀ ਟੋਹਰ ਜੋਗਾ ਬੰਦਾ ਰਹਿ ਗਿਆ ,
ਲੋਨ ਤੇ ਲੈਂਦਾ ਕੋਠੀਆਂ ਕਾਰਾਂ ।
ਕੁਦਰਤ ਦਾ , ਅੱਜ ਬਣਕੇ ਵੈਰੀ ,
ਮਾਰੇ , ਚਿੜੀਆਂ , ਘੁੱਗੀਆਂ , ਗਟਾਰਾਂ ।
ਗੰਗਾ ਦੇ ਵਿਚ ਸੁੱਟ ਕੇ ਗੰਦ ,
ਪਾਣੀ ਭਾਲਦਾ , ਠੰਡਾ ਮਿੱਠਾ ਠਾਰਾਂ ।
ਕਾਰਖਾਨੇ ਲਾ , ਹਵਾ ਜ਼ਹਿਰੀਲੀ ਕੀਤੀ
ਪ੍ਰਦੂਸ਼ਣ ਪਾਇਆ , ਆਪਣੇ ਤੇ ਭਾਰਾ ।
ਰੱਬ ਦਾ ਕੋਈ , ਦੋਸ਼ ਨਾ 'ਦਰਦੀ'
ਬੰਦਾ ਬੰਦੇ ਨਾਲ ਕੱਢਦਾ ਖ਼ਾਰਾਂ ।

ਸ਼ਿਵਨਾਥ ਦਰਦੀ
 ਸੰਪਰਕ:- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।

ਮਨ ਕੀ ਬਾਤ - ਸ਼ਿਵਨਾਥ ਦਰਦੀ

ਤੂੰ ਬਾਹਰ ਕੀ ਲੱਭਦਾ ਫਿਰਦਾ ਏ ,
ਕਦੇ ਅੰਦਰ ਮਾਰ ਤੂੰ ਝਾਤ ,
ਫਿਰ ਉਚੇ ਨੀਵੇਂ ਦੀ ਸਮਝੇਗਾ ,
ਸੱਜਣਾ ਮਨ ਕੀ ਤੂੰ ਬਾਤ ।
ਹੀਰੇ ਸੁੱਟ ਕੇ , ਕੱਚ ਨੂੰ ਚੁੱਕਦਾ ,
 ਵਿਚ ਚੁਰਾਹੇ ਜਾ ਕੇ ਤੂੰ ਰੁੱਕਦਾ ,
ਓਹ ਤੇਰੀ ਮੰਜ਼ਿਲ ਨਹੀਂ ਸੱਜਣਾ ,
ਜਿਥੇ ਕੱਟਦਾ  ਜਾ  ਕੇ  ਰਾਤ ।
ਤੂੰ ਬਾਹਰ ......................
ਪਸ਼ੂਆਂ ਦੇ ਕੰਮ ਆਉਂਦੇ ਹੱਡ ,
ਹਵਸ , ਨਸ਼ਾ ਹੈ , ਮੌਤ ਦੀ ਖੱਡ ,
ਤੇਰੇ ਕੰਮਾਂ  ਨੂੰ  ਯਾਦ  ਕਰਨਗੇ ,
ਨਾ ਪੁੱਛਣੀ , ਕਿਸੇ ਨੇ ਤੇਰੀ ਜਾਤ ।
ਤੂੰ ਬਾਹਰ .......................
ਇਹ ਰਸਤਾ ਹੈ , ਛੋਟਾ ਸੱਜਣਾ ,
ਜਿਉਂ ਨੌਂਹ ਦਾ ਹੋਵੇ , ਪੋਟਾ ਸੱਜਣਾ ,
ਜਿਸ ਦੇਹ ਦਾ ਤੂੰ , ਮਾਣ ਕਰੇਂਦਾ ,
ਓਹ ਮੁੱਠੀ  ਬਣ  ਜਾਣਾ  ਮਾਸ ।
ਤੂੰ ਬਾਹਰ .....................
ਝੂਠ ਦੀ ਲਾਹਦੇ , ਹੁਣ ਤੂੰ ਵਰਦੀ ,
ਸੱਚ ਸੰਗ ਮੈਂ , ਰਹਿੰਦੀ  'ਦਰਦੀ',
ਚੰਗੇ ਕੰਮ ਕਰਨ ਲਈ ਦੋ ਦੋ ਦਿੱਤੇ ,
ਦੋ  ਪੈਰ  ਤੇ  ਦੋ  ਸੋਹਣੇ  ਹਾਥ ।
ਤੂੰ ਬਾਹਰ .........................
                      ਸ਼ਿਵਨਾਥ ਦਰਦੀ
               ਸੰਪਰਕ :-  98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਫ਼ਰੀਦਕੋਟ ।