ਕਰੋਨਾ ਨਾਲੋਂ ਮਨੋਬਲ ਦਾ ਕਮਜ਼ੋਰ ਹੋਣਾ ਵਧੇਰੇ ਖ਼ਤਰਨਾਕ-ਡਰਨ ਨਾਲੋਂ ਇਹਤਾਤ ਜ਼ਰੂਰੀ - ਉਜਾਗਰ ਸਿੰਘ
ਸੰਸਾਰ ਵਿਚ ਨੋਵਲ ਕਰੋਨਾ ਵਾਇਰਸ-19 ਦੀ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਹਾਲਾਤ ਬਹੁਤ ਹੀ ਖ਼ਤਰਨਾਕ ਸਥਿਤੀ ਵਿਚ ਪਹੁੰਚ ਗਏ ਹਨ ਪ੍ਰੰਤੂ ਜ਼ਿੰਦਗੀ ਜਿਓਣ ਦੀ ਉਮੀਦ ਨਹੀਂ ਛੱਡਣੀ ਚਾਹੀਦੀ। ਜੇ ਉਮੀਦ ਹੀ ਛੱਡ ਦਿੱਤੀ ਤੇ ਹਾਰ ਮਨ ਲਈ ਤਾਂ ਆਪ ਹੀ ਮੌਤ ਨੂੰ ਮਾਸੀ ਕਹਿ ਦਿੱਤਾ। ਜੇ ਚੰਗਾ ਸਮਾਂ ਸਥਾਈ ਨਹੀਂ ਹੁੰਦਾ ਤਾਂ ਮਾੜਾ ਵੀ ਹਮੇਸ਼ਾ ਨਹੀਂ ਰਹਿੰਦਾ। ਹਰ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ। ਇਸ ਲਈ ਨਵੀਂ ਸਵੇਰ ਦੀ ਆਸ ਬਰਕਰਾਰ ਰੱਖਣੀ ਚਾਹੀਦੀ ਹੈ। ਇਸ ਬਿਮਾਰੀ ਦੇ ਇਲਾਜ ਲਈ ਕੋਈ ਦਵਾਈ ਨਾ ਹੋਣ ਅਤੇ ਲਾਗ ਦੀ ਬਿਮਾਰੀ ਹੋਣ ਕਰਕੇ ਲੋਕਾਂ ਵਿਚ ਸਹਿਮ ਦੀ ਮਾਨਸਿਕ ਬਿਮਾਰੀ ਬਹੁਤ ਜ਼ਿਆਦਾ ਫੈਲ ਗਈ ਹੈ। ਲੋਕ ਅੰਤਾਂ ਦੇ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਐਨੀ ਘਾਤਕ ਪ੍ਰਚਾਰੀ ਜਾਣ ਵਾਲੀ ਇਹ ਪਹਿਲੀ ਬੀਮਾਰੀ ਸੁਣੀ ਹੈ।
ਭਾਵੇਂ ਸੰਸਾਰ ਦੇ ਬਹੁਤੇ ਦੇਸਾਂ ਵਿਚ ਲਾਕ ਡਾਊਨ ਕੀਤਾ ਹੋਇਆ ਹੈ ਤਾਂ ਵੀ ਹਰ ਵਿਅਕਤੀ, ਭਾਵੇਂ ਉਹ ਘਰ ਬੈਠਾ ਹੈ ਜਾਂ ਮੀਡੀਆ ਦੇ ਕਿਸੇ ਵੀ ਸਾਧਨ ਅਖ਼ਬਾਰ, ਟੀ ਵੀ, ਸੋਸ਼ਲ ਮੀਡੀਆ ਦੀ ਵਰਤੋਂ ਕਰ ਕਰ ਰਿਹਾ ਹੈ ਤਾਂ ਹਰ ਥਾਂ ਤੇ ਸਿਰਫ ਕਰੋਨਾ ਦੀ ਹੀ ਗੱਲ ਹੋ ਰਹੀ ਹੈ। ਇਥੋਂ ਤੱਕ ਕਿ ਪਰਿਵਾਰ ਵਿਚ ਬੈਠਿਆਂ ਵੀ ਇਹੋ ਗੱਲਾਂ ਹੋ ਰਹੀਆਂ ਹਨ ਕਿ ਕਰੋਨਾ ਦਾ ਪ੍ਰਕੋਪ ਕਦੋਂ ਖ਼ਤਮ ਹੋਵੇਗਾ। ਟੀ ਵੀ ਜਾਂ ਰੇਡੀਓ ਲਗਾਓ ਤਾਂ ਕਰੋਨਾ ਦੀ ਹੀ ਪ੍ਰਮੁੱਖ ਖ਼ਬਰ ਹੋਵੇਗੀ। ਅਖ਼ਬਾਰਾਂ ਦੇ ਮੁੱਖ ਅਤੇ ਸੰਪਾਦਕੀ ਪੰਨੇ ਵੀ ਕਰੋਨਾ ਦੀਆਂ ਖ਼ਬਰਾਂ ਅਤੇ ਲੇਖਾਂ ਨਾਲ ਭਰੇ ਪਏ ਹਨ। ਟੈਲੀਫੋਨਾ ਤੇ ਇਕ ਦੂਜੇ ਤੋਂ ਕਰੋਨਾ ਬਾਰੇ ਹੀ ਜਾਣਕਾਰੀ ਲਈ ਜਾ ਰਹੀ ਹੈ। ਜਿਹੜੇ ਕਰੋਨਾ ਦਾ ਪ੍ਰਕੋਪ ਵੱਧਣ ਦੇ ਅੰਦਾਜ਼ੇ ਮਾਹਿਰਾਂ ਵੱਲੋਂ ਦੱਸੇ ਜਾ ਰਹੇ ਹਨ, ਉਨ੍ਹਾਂ ਨੇ ਵੀ ਲੋਕਾਂ ਦੇ ਡਰ ਵਿਚ ਵਾਧਾ ਕੀਤਾ ਹੈ। ਜਿਸ ਤੋਂ ਸਾਫ ਜ਼ਾਹਰ ਹੈ ਕਿ ਲੋਕਾਂ ਵਿਚ ਡਰ ਤੇ ਸਹਿਮ ਦਾ ਪੈਦਾ ਹੋਣਾ ਕੁਦਰਤੀ ਹੈ। ਕਿਉਂਕਿ ਜੇਕਰ ਇਨਸਾਨ ਹਰ ਵਕਤ ਕਰੋਨਾ ਦੀ ਹੀ ਗੱਲ ਕਰੇਗਾ, ਉਸਦੇ ਬਾਰੇ ਸੋਚੇਗਾ ਤਾਂ ਉਸਦੇ ਦਿਮਾਗ ਵਿਚ ਇਸਦੇ ਖ਼ਤਰਨਾਕ ਹੋਣ ਦਾ ਪ੍ਰਭਾਵ ਪਏਗਾ, ਜਿਸ ਕਰਕੇ ਇਨਸਾਨ ਦੀ ਬਿਮਾਰੀ ਨਾਲ ਲੜਨ ਦੀ ਮਾਨਸਿਕ ਸਮਰੱਥਾ ਕਮਜ਼ੋਰ ਹੋ ਜਾਵੇਗੀ ਤੇ ਮਨੋਬਲ ਡਿਗ ਜਾਵੇਗਾ। ਮਨੋਬਲ ਹੀ ਇਨਸਾਨ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਅਤੇ ਦੁੱਖਦਾਈ ਬਣਾਉਂਦਾ ਹੈ। ਪੰਜਾਬੀ ਤਾਂ ਸੰਸਾਰ ਵਿਚ ਦਲੇਰ ਤੇ ਹੌਸਲੇ ਵਾਲੇ ਗਿਣੇ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਤਾਂ ਬਹਾਦਰ ਬਣਕੇ ਆਈ ਮੁਸੀਬਤ ਦਾ ਮੁਕਾਬਲਾ ਕਰਨਾ ਚਾਹੀਦਾ। ਸੰਸਾਰ ਵਿਚ ਜਿਤਨੀਆਂ ਵੀ ਜ਼ੰਗਾਂ ਹੋਈਆਂ ਹਨ, ਇਤਿਹਾਸ ਗਵਾਹ ਹੈ ਕਿ ਉਨ੍ਹਾਂ ਵਿਚ ਆਧੁਨਿਕ ਹਥਿਆਰਾਂ ਦੀ ਮਹੱਤਤਾ ਤਾਂ ਹੁੰਦੀ ਹੀ ਹੈ ਪ੍ਰੰਤੂ ਜਿਸ ਦੇਸ ਦੀਆਂ ਫੌਜਾਂ ਦਾ ਮਨੋਬਲ ਉਚਾ ਹੁੰਦਾ ਹੈ, ਉਨ੍ਹਾਂ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ। ਇਹ ਵੀ ਇਕ ਕਿਸਮ ਦੀ ਜ਼ੰਗ ਹੀ ਹੈ। ਇਸ ਲਈ ਇਨਸਾਨ ਦਾ ਮਨੋਬਲ ਮਜ਼ਬੂਤ ਹੋਣਾ ਅਤਿਅੰਤ ਜ਼ਰੂਰੀ ਹੈ। ਕਰੋਨਾ ਦੇ ਡਰ ਦੇ ਹਊਏ ਕਾਰਨ ਮਰੀਜ ਦੇ ਦਿਮਾਗ ਵਿਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਇਸ ਬਿਮਾਰੀ ਤੋਂ ਬਚਣਾ ਮੁਸ਼ਕਲ ਹੈ। ਇੰਜ ਕਿਉਂ ਹੋਇਆ, ਇਸ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ।
ਹਰ ਰੋਜ ਫੇਸ ਬੁੱਕ, ਵਟਸ ਅਪ, ਇੰਸਟਾਗਰਾਮ ਅਤੇ ਟਵੀਟ ਰਾਹੀਂ ਕੱਚਘਰੜ ਸੰਦੇਸਾਂ ਦਾ ਹੜ੍ਹ ਆਇਆ ਰਿਹਾ ਹੈ। ਹਰ ਵਿਅਕਤੀ ਵਿਹਲਾ ਬੈਠਾ ਆਪਣੇ ਆਪ ਨੂੰ ਨਾਢੂੰ ਖਾਂ ਸਮਝਦਾ ਹੋਇਆ, ਅਜਿਹੇ ਗੈਰ-ਜ਼ਿੰਮੇਵਾਰਾਨਾ ਮੈਸੇਜ ਕਰੀ ਜਾ ਰਿਹਾ ਹੈ, ਜਿਨ੍ਹਾਂ ਦਾ ਲੋਕਾਂ ਦੀ ਮਾਨਸਿਕਤਾ ਉਪਰ ਬੁਰਾ ਪ੍ਰਭਾਵ ਪੈ ਰਿਹਾ ਹੈ। ਕਈ ਵਿਅਕਤੀ ਆਪਣੇ ਆਪ ਨੂੰ ਡਾਕਟਰ ਲਿਖਕੇ ਸੰਦੇਸ ਭੇਜੀ ਜਾ ਰਹੇ ਹਨ। ਕੋਈ ਚੀਨ, ਕੈਨੇਡਾ, ਅਮਰੀਕਾ, ਆਸਟਰੇਲੀਆ, ਇਟਲੀ ਆਦਿ ਦਾ ਡਾਕਟਰ ਕਹਿੰਦਾ ਹੈ। ਕਿਸੇ ਨੂੰ ਕੀ ਪਤਾ ਕਿ ਉਹ ਫਰਜ਼ੀ ਜਾਂ ਅਸਲੀ ਡਾਕਟਰ ਹਨ ਵੀ ਜਾਂ ਨਹੀਂ। ਕੋਈ ਦੇਸੀ ਨੁਕਤੇ ਦੱਸੀ ਜਾ ਰਿਹਾ ਹੈ। ਲੋਕਾਂ ਨੂੰ ਵਿਸ਼ਵਾਸ ਕਰਨ ਵਿਚ ਮੁਸ਼ਕਲ ਆ ਰਹੀ ਹੈ। ਕਈ ਲੋਕ ਆਪਣੇ ਆਪਨੂੰ ਚੀਨ ਦੇ ਵੁਹਾਨ ਸ਼ਹਿਰ, ਇਟਲੀ, ਅਮਰੀਕਾ ਦੇ ਨਿਊਯਾਰਕ ਸ਼ਹਿਰ ਆਦਿ ਤੋਂ ਕਰੋਨਾ ਦੀ ਬਿਮਾਰੀ ਤੋਂ ਤੰਦਰੁਸਤ ਹੋਏ ਦੱਸਕੇ ਆਪਣੇ ਵੱਲੋਂ ਵਰਤੇ ਨੁਸਖੇ ਦਸਦੇ ਹਨ। ਲੋਕ ਭੰਬਲਭੂਸੇ ਵਿਚ ਪਏ ਹੋਏ ਹਨ। ਕਿਹੜੇ ਸੰਦੇਸ਼ ਨੂੰ ਸਹੀ ਸਮਝਿਆ ਜਾਵੇ। ਇਨ੍ਹਾਂ ਸੰਦੇਸ਼ਾਂ ਦੀ ਸਚਾਈ ਅਤੇ ਸਾਰਥਿਕਤਾ ਬਾਰੇ ਕੋਈ ਵੀ ਜਾਨਣਾ ਨਹੀਂ ਚਾਹੁੰਦਾ ਸਗੋਂ ਫਟਾਫਟ ਬਿਨਾ ਦੇਰੀ ਕੀਤਿਆਂ ਜਿਵੇਂ ਕੋਈ ਸੁੰਢ ਦੀ ਗੱਠੀ ਲੱਭ ਗਈ ਹੋਵੇ ਤੁਰੰਤ ਲੋਕ ਅਜਿਹੇ ਕੱਚੇ ਪਿਲੇ ਮਨਘੜਤ ਸੰਦੇਸਾਂ ਨੂੰ ਫਾਰਵਰਡ ਕਰੀ ਜਾ ਰਹੇ ਹਨ। ਲੋਕ ਆਪਣੇ ਸੰਬੰਧੀਆਂ ਅਤੇ ਨਜ਼ਦੀਕੀ ਦੋਸਤਾਂ ਮਿਤਰਾਂ ਨੂੰ ਵੀ ਅਜਿਹੇ ਸੰਦੇਸ ਭੇਜੀ ਜਾ ਰਹੇ ਹਨ। ਉਹ ਤਾਂ ਹਮਦਰਦੀ ਕਰਕੇ ਭੇਜਦੇ ਹਨ ਪ੍ਰੰਤੂ ਅਸਰ ਉਲਟਾ ਹੋ ਰਿਹਾ ਹੈ। ਉਹ ਅੱਗੇ ਇਕ ਵਟਸ ਅਪ ਗਰੁਪ ਤੋਂ ਦੂਜੇ ਅਤੇ ਤੀਜੇ ਅਗੇ ਧੱਕੀ ਜਾ ਰਹੇ ਹਨ। ਜਿਹੜੇ ਲੋਕ ਪੜ੍ਹਦੇ ਹਨ, ਉਨ੍ਹਾਂ ਲਈ ਕਿਹੜਾ ਠੀਕ ਤੇ ਕਿਹੜਾ ਗਲਤ ਜਾਂ ਝੂਠਾ ਹੈ, ਬਾਰੇ ਪੜਤਾਲ ਕਰਨ ਦਾ ਸਮਾ ਹੀ ਨਹੀਂ। ਅਜਿਹੇ ਸੰਦੇਸ਼ਾਂ ਦੇ ਨਾਲ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ।
ਕਰੋਨਾ ਹਊਆ ਬਣ ਗਿਆ ਹੈ। ਹੁਣ ਸਰਕਾਰਾਂ ਨੇ ਝੂਠੇ ਤੇ ਬਿਨਾ ਤਸਦੀਕ ਤੇ ਸੰਦੇਸ਼ ਭੇਜਣ ਵਾਲਿਆਂ ਵਿਰੁਧ ਕੇਸ ਰਜਿਸਟਰ ਕਰਨੇ ਸ਼ੁਰੂ ਕੀਤੇ ਹਨ। ਇਹ ਫੈਸਲਾ ਦੇਰੀ ਨਾਲ ਕੀਤਾ ਗਿਆ ਹੈ ਪ੍ਰੰਤੂ ਦਰੁਸਤ ਹੈ। ਏਥੇ ਹੀ ਬਸ ਨਹੀਂ ਲੋਕਾਂ ਨੇ ਕਿਰਾਏ ਤੇ ਰਹਿ ਰਹੇ ਸਿਹਤ ਵਿਭਾਗ ਦੇ ਅਮਲੇ ਨੂੰ ਆਪਣੇ ਘਰਾਂ ਵਿਚੋਂ ਬਾਹਰ ਕਿਤੇ ਹੋਰ ਮਕਾਨ ਲੈਣ ਦੇ ਫਤਬੇ ਸੁਣਾ ਦਿੱਤੇ ਹਨ, ਜਿਹੜੇ ਆਪਣੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ 24-24 ਘੰਟੇ ਡਿਊਟੀ ਦੇ ਕੇ ਕਰੋਨਾ ਤੋਂ ਪ੍ਰਭਾਵਤ ਮਰੀਜ਼ਾਂ ਦਾ ਇਲਾਜ਼ ਕਰ ਰਹੇ ਹਨ। ਹੁਣ ਤਾਂ ਲੋਕਾਂ ਦੇ ਮਨਾਂ ਵਿਚ ਅਜਿਹਾ ਡਰ ਪੈਦਾ ਹੋ ਗਿਆ ਹੈ, ਜਿਸਦਾ ਨਿਕਲਣਾ ਮੁਸ਼ਕਲ ਹੈ। ਏਥੇ ਹੀ ਬਸ ਨਹੀਂ ਲੋਕਾਂ ਵਿਚ ਡਰ ਇਤਨਾ ਪੈਦਾ ਹੋ ਗਿਆ ਹੈ ਕਿ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਸ਼ਮਸਾਨ ਘਾਟ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਸਨ। ਇਸਤੋਂ ਇਲਾਵਾ ਇਸ ਡਰ ਕਰਕੇ ਲੁਧਿਆਣਾ ਦੀ ਸੁਰਿੰਦਰ ਕੌਰ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਕਰਕੇ ਉਸਦੇ ਪਰਿਵਾਰ ਨੇ ਉਸਦਾ ਸਸਕਾਰ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਏਸੇ ਤਰ੍ਹਾਂ ਅੰਮ੍ਰਿਤਸਰ ਦੇ ਇੰਜਨੀਅਰ ਜਸਵਿੰਦਰ ਸਿੰਘ ਦਾ ਵੀ ਉਸਦੀ ਲੜਕੀ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਡਰ ਦੇ ਹਊਏ ਕਰਕੇ ਲੋਕ ਹਰ ਰੋਜ ਮਰ ਰਹੇ ਹਨ। ਮੌਤ ਤਾਂ ਇਕ ਵਾਰ ਆਉਣੀ ਹੈ ਪ੍ਰੰਤੂ ਲੋਕ ਡਰ ਨਾਲ ਹਰ ਰੋਜ ਮਰ ਰਹੇ ਹਨ। ਇਸ ਲਈ ਲੋਕਾਂ ਨੂੰ ਡਾਕਟਰਾਂ ਅਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਹਦਾਇਤਾਂ ਅਨੁਸਾਰ ਇਹ ਬਿਮਾਰੀ ਏਕਾਂਤਵਾਸ ਰਹਿਣ ਅਤੇ ਦੇਸੀ ਨੁਸਖੇ ਜਿਵੇਂ ਕਿ ਗਰਾਰੇ ਕਰਨ, ਗਰਮ ਪਾਣੀ ਪੀਣ ਅਤੇ ਭਾਫ ਲੈਣ ਆਦਿ ਨਾਲ ਆਪਣੇ ਆਪ ਖ਼ਤਮ ਹੋ ਜਾਂਦੀ ਹੈ। ਵੈਸੇ ਵੀ ਸਾਡੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਵਾਲੇ ਕਿਟਾਣੂ ਪਹਿਲਾਂ ਹੀ ਮੌਜੂਦ ਹੁੰਦੇ ਹਨ। ਇਸ ਲਈ ਇਨਸਾਨ ਨੂੰ ਆਪਣੀ ਇੱਛਾ ਸ਼ਕਤੀ ਮਜ਼ਬੂਤ ਰੱਖਣੀ ਚਾਹੀਦੀ ਹੈ। ਜੇਕਰ ਮਰੀਜ ਪਹਿਲਾਂ ਹੀ ਢੇਰੀ ਢਾਅ ਕੇ ਬੈਠ ਜਾਵੇਗਾ ਤਾਂ ਕੁਦਰਤੀ ਹੈ ਕਿ ਤੰਦਰੁਸਤ ਹੋਣ ਵਿਚ ਦੇਰੀ ਹੋਵੇਗੀ। ਇਸ ਬਿਮਾਰੀ ਵਿਚ ਸਾਰੇ ਮਰੀਜਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਨ ਦੀ ਲੋੜ ਨਹੀਂ ਹੁੰਦੀ।
ਅੰਕੜਿਆਂ ਦੇ ਹਿਸਾਬ ਨਾਲ ਹੁਣ ਤੱਕ 93 ਫੀ ਸਦੀ ਮਰੀਜ ਹਸਪਤਾਲ ਵਿਚ ਦਾਖ਼ਲ ਨਹੀਂ ਕੀਤੇ ਗਏ। ਸਿਰਫ 7 ਫੀ ਸਦੀ ਅਜਿਹੇ ਮਰੀਜ ਦਾਖ਼ਲ ਕੀਤੇ ਗਏ ਹਨ, ਜਿਨ੍ਹਾਂ ਨੂੰ ਸਾਹ ਦੀ ਜ਼ਿਆਦਾ ਤਕਲੀਫ ਹੋਵੇ ਜਾਂ ਉਸ ਮਰੀਜ ਨੂੰ ਕੋਈ ਹੋਰ ਬਿਮਾਰੀ ਪਹਿਲਾਂ ਹੀ ਹੋਵੇ। ਹੁਣ ਤਾਂ ਤਾਜ਼ਾ ਸੂਚਨਾ ਆਈ ਹੈ ਕਿ ਕਰੋਨਾ ਨਾਲ ਮੌਤ ਦਰ ਸਿਰਫ ਇਕ ਹਜ਼ਾਰ ਵਿਚੋਂ ਇਕ ਵਿਅਕਤੀ ਦੀ ਹੁੰਦੀ ਹੈ। ਝੂਠੀਆਂ ਖ਼ਬਰਾਂ ਦਾ ਬੋਲਬਾਲਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰੋਨਾ ਨਾਲ ਮੌਤਾਂ ਵਧੇਰੇ ਹੋਈਆਂ ਹਨ ਪ੍ਰੰਤੂ ਸਰਕਾਰਾਂ ਲੁਕਾ ਰਹੀਆਂ ਹਨ। ਇਹ ਬਿਲਕੁਲ ਗ਼ਲਤ ਹੈ ਕਿਉਂਕਿ ਅੱਜ ਮੀਡੀਆ ਦਾ ਜ਼ਮਾਨਾ ਹੈ। ਕੋਈ ਵੀ ਮੌਤ ਲਕੋਈ ਨਹੀਂ ਜਾ ਸਕਦੀ। ਜੇਕਰ ਮੀਡੀਆ ਨਹੀਂ ਦੇਵੇਗਾ ਤਾਂ ਸ਼ੋਸਲ ਮੀਡੀਏ ਤੇ ਆ ਜਾਵੇਗੀ। ਇਸ ਲਈ ਲੋਕਾਂ ਨੂੰ ਬਿਨਾ ਵਜਾਹ ਡਰਨਾ ਅਤੇ ਝੂਠੀਆਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਮੌਤ ਦਾ ਦੂਜਾ ਨਾਮ ਡਰ ਹੈ। ਅਮਰੀਕਾ ਦੇ ਫਲੋਰੀਡਾ ਅਤੇ ਡੈਟਰਾਇਟ ਦੇ ਹਸਪਤਾਲਾਂ ਵਿਚ ਡਾਕਟਰਾਂ ਕੋਲ ਹਸਪਤਾਲਾਂ ਵਿਚ ਅਜਿਹੇ ਮਰੀਜ ਆਏ ਹਨ, ਜਿਨ੍ਹਾਂ ਦੀ ਕਰੋਨਾ ਦੀ ਬਿਮਾਰੀ ਦੇ ਡਰ ਕਰਕੇ ਯਾਦ ਸ਼ਕਤੀ ਅਤੇ ਰੋਗ ਨੂੰ ਬਰਦਾਸ਼ਤ ਕਰਨ ਦੀ ਤਾਕਤ ਘਟ ਗਈ, ਜਿਸ ਕਰਕੇ ਮਰੀਜਾਂ ਦੀ ਤੰਦਰੁਸਤੀ ਵਿਚ ਦੇਰੀ ਹੋਈ ਹੈ। ਇਸ ਬਿਮਾਰੀ ਨੂੰ ਮੈਡੀਕਲ ਵਿਚ ਇੰਸੇਫੈਲੋਪੈਥੀ ਕਿਹਾ ਜਾਂਦਾ ਹੈ। ਇਹ ਬਿਮਾਰੀ ਡਰ ਅਤੇ ਵਹਿਮ ਕਰਕੇ ਪੈਦਾ ਹੋ ਜਾਂਦੀ ਹੈ। ਨਿਊਯਾਰਕ ਦੇ ਕੋਲਲੰਬੀਆ ਯੂਨੀਵਰਸਿਟੀ ਵਿਚ ਨੌਕਰੀ ਕਰਦੇ ਡਾਕਟਰ ਪਤੀ ਪਤਨੀ ਪ੍ਰਕਾਸ਼ ਸਾਤਵਾਨੀ ਅਤੇ ਸੁਨੀਤਾ ਸਾਤਵਾਨੀ ਨੇ ਦੱਸਿਆ ਕਿ ਉਨ੍ਹਾਂ ਦੋਹਾਂ ਨੂੰ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦਿਆਂ ਕਰੋਨਾ ਹੋ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਲੂਣ ਦੇ ਗਰਾਰੇ ਕੀਤੇ, ਦਸ-ਦਸ ਮਿੰਟ ਬਾਅਦ ਗਰਮ ਪਾਣੀ ਅਦਰਕ ਮਿਲਾਕੇ ਪੀਤਾ ਅਤੇ ਭਾਫ ਲੈਂਦੇ ਰਹੇ ਸੀ, ਜਿਸ ਨਾਲ ਬਿਲਕੁਲ ਠੀਕ ਹੋ ਗਏ। ਉਨ੍ਹਾਂ ਇਹ ਵੀ ਕਿਹਾ ਕਿ 95 ਫੀ ਸਦੀ ਮਰੀਜ ਠੀਕ ਹੋ ਜਾਂਦੇ ਹਨ। ਮੌਤ ਸਿਰਫ ਉਨ੍ਹਾਂ ਮਰੀਜਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹੁੰਦੀਆਂ ਹਨ।
ਅੱਜ ਦਿਨ ਕਰੋਨਾ ਵਾਇਰਸ ਦਾ ਇਤਨਾ ਰਾਮ ਰੌਲਾ ਹੈ ਕਿ ਡਰ ਅਤੇ ਸਹਿਮ ਪੈਦਾ ਹੋਣਾ ਕੁਦਰਤੀ ਹੈ। ਜਿਸ ਕਰਕੇ ਕੁਝ ਲੋਕਾਂ ਨੇ ਆਤਮ ਹੱਤਿਆਵਾਂ ਵੀ ਕਰ ਲਈਆਂ ਹਨ। ਬਿਹਤਰ ਤਾਂ ਇਹ ਹੋਵੇਗਾ ਕਿ ਜੇ ਹੋ ਸਕੇ ਤਾਂ ਸ਼ੋਸਲ ਮੀਡੀਆ ਦੀ ਵਰਤੋਂ ਤੋਂ ਥੋੜ੍ਹੇ ਸਮੇਂ ਲਈ ਪ੍ਰਹੇਜ ਹੀ ਕੀਤਾ ਜਾਵੇ। ਸੰਸਾਰ ਵਿਚ ਪਹਿਲਾਂ ਵੀ ਪਲੇਗ ਵਰਗੀਆਂ ਬਿਮਾਰੀਆਂ ਆਈਆਂ ਹਨ। ਉਹ ਵੀ ਖ਼ਤਮ ਹੋਈਆਂ ਹਨ। ਇਸ ਲਈ ਇਹ ਬਿਮਾਰੀ ਵੀ ਖ਼ਤਮ ਹੋਵੇਗੀ ਡਰਨ ਦੀ ਲੋੜ ਨਹੀਂ ਸਗੋਂ ਇਸ ਬਿਮਾਰੀ ਨਾਲ ਲੜਨ ਦੀ ਮਾਨਸਿਕ ਸਮਰੱਥਾ ਬਣਾਉਣੀ ਚਾਹੀਦੀ ਹੈ। ਆਪਣੇ ਮਨ ਨੂੰ ਉਸਾਰੂ ਸੋਚ ਨਾਲ ਜੋੜਕੇ ਰੱਖਣਾ ਚਾਹੀਦਾ ਹੈ।
ਮੋਬਾਈਲ - 94178 13072
Email : ujagarsingh48@yahoo.com
ਦਿਹਾੜੀਦਾਰਾਂ ਅਤੇ ਗ਼ਰੀਬ ਮਜ਼ਦੂਰਾਂ ਦੀ ਬਾਂਹ ਫੜੋਗੇ ਜਾਂ ਗੱਲਾਂ ਬਾਤਾਂ ਨਾਲ ਕੜਾਹ ਬਣਾਉਗੇ - ਉਜਾਗਰ ਸਿੰਘ
ਇੱਕ ਕਹਾਵਤ ਹੈ ਕਿ ਰੱਬ ਨੇੜੇ ਕਿ ਘਸੁੰਨ। ਰੱਬ ਤਾਂ ਕਿਸੇ ਨੇ ਵੇਖਿਆ ਨਹੀਂ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ । ਘਸੁੰਨ ਤਾਂ ਸਭ ਤੋਂ ਨੇੜੇ ਹੁੰਦਾ ਹੈ। ਇਹ ਪੰਜਾਬ ਪੁਲਿਸ ਦਾ ਘਸੁੰਨ ਤਾਂ ਜਦੋਂ ਕੋਈ ਪੇਟ ਦੀ ਭੁੱਖ ਮਿਟਾਉਣ ਲਈ ਘਰੋਂ ਬਾਹਰ ਨਿਕਲਦਾ ਹੈ, ਉਸ ਲਈ ਪ੍ਰੋਸਿਆ ਜਾਂਦਾ ਹੈ। ਖਾਸ ਤੌਰ ਤੇ ਦਿਹਾੜੀਦਾਰਾਂ ਨੂੰ ਇਹ ਘਸੁੰਨ ਰੱਬ ਤੋਂ ਪਹਿਲਾਂ ਮਿਲਦਾ ਹੈ। ਕਿਉਂਕਿ ਕਰੋਨਾ ਵਾਇਰਸ ਦੇ ਚਲਦਿਆਂ ਕਰਫਿਊ ਸਮੇਂ ਜਦੋਂ ਕੋਈ ਬਾਹਰ ਨਿਕਲਦਾ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਦਾ ਘਸੁੰਨ ਪੈਂਦਾ ਹੈ। ਅੱਜ ਦਿਨ ਸਮਾਜ ਤੇ ਸਰਕਾਰਾਂ ਵੱਲੋਂ ਉਨ੍ਹਾਂ ਦਿਹਾੜੀਦਾਰਾਂ ਅਤੇ ਮਜ਼ਦਰੂਾਂ, ਜਿਨ੍ਹਾਂ ਨੇ ਕੜਕਦੀ ਧੁੱਪ ਅਤੇ ਦਿਲ ਕੰਬਾਊ ਠੰਡ ਦੇ ਵਿਚ ਸਖਤ ਮਿਹਨਤ ਕਰਕੇ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ, ਉਨ੍ਹਾਂ ਨੂੰ ਅਣਡਿਠ ਕੀਤਾ ਜਾ ਰਿਹਾ ਹੈ। ਜਿਹੜੇ ਘਰਾਂ ਵਿਚ ਅਸੀਂ ਰਹਿ ਰਹੇ ਹਾਂ ਅਤੇ ਜਿਨ੍ਹਾਂ ਵਿਓਪਾਰਕ ਇਮਾਰਤਾਂ ਵਿਚ ਅਰਬਾਂ ਖਰਬਾਂ ਦੇ ਵਿਓਪਾਰ ਹੋ ਰਹੇ ਹਨ, ਉਨ੍ਹਾਂ ਨੂੰ ਉਸਾਰਨ ਵਿਚ ਇਨ੍ਹਾਂ ਦਾ ਯੋਗਦਾਨ ਅਣਡਿਠ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਨੇ ਹੀ ਸਮਾਜ ਲਈ ਆਨੰਦਮਈ ਜੀਵਨ ਬਸਰ ਕਰਨ ਲਈ ਹਾਲਤ ਪੈਦਾ ਕੀਤੇ ਹਨ। ਇਹ ਕੁਦਰਤੀ ਆਫਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪ੍ਰੰਤੂ ਇਨ੍ਹਾਂ ਗ਼ਰੀਬ ਲੋਕਾਂ ਦੀਆਂ ਅਸੀਸਾਂ ਤਾਂ ਹੀ ਮਿਲਣਗੀਆਂ, ਜੇਕਰ ਉਨ੍ਹਾਂ ਦੇ ਯੋਗਦਾਨ ਦਾ ਇਨਸਾਨ ਯੋਗ ਮੁੱਲ ਪਾ ਕੇ ਪੇਟ ਦੀ ਭੁੱਖ ਦੀ ਅੱਗ ਬੁਝਾਉਣ ਲਈ ਖਾਣ ਨੂੰ ਰੋਟੀ ਮੁਹੱਈਆ ਕਰੇਗਾ। ਜੇਕਰ ਉਹ ਢਿਡੋਂ ਭੁੱਖੇ ਰਹਿਣਗੇ ਤਾਂ ਉਨ੍ਹਾਂ ਵੱਲੋਂ ਉਸਾਰੇ ਗਏ ਮਹਿਲਾਂ ਵਿਚ ਰਹਿਣ ਵਾਲੇ ਆਪਣੇ ਆਪ ਨੂੰ ਵੱਡੇ ਕਹਾਉਣ ਦੇ ਹੱਕਦਾਰ ਨਹੀਂ, ਸਗੋਂ ਉਹ ਬੌਣੇ ਹੋ ਜਾਣਗੇ। ਕਰੋਨਾ ਵਾਇਰਸ ਨੇ ਸੰਸਾਰ ਵਿਚ ਕੋਹਰਾਮ ਮਚਾ ਰੱਖਿਆ ਹੈ, ਜਿਸ ਨਾਲ ਇਨਸਾਨੀ ਜ਼ਿੰਦਗੀ ਵਿਚ ਖੜੋਤ ਆ ਗਈ ਹੈ। ਲਾਕ ਡਾਊਨ ਨੇ ਸਾਰੇ ਕਾਰੋਬਾਰ ਬੰਦ ਕਰ ਦਿੱਤੇ ਹਨ। ਗ਼ਰੀਬ ਦਿਹਾੜੀਦਾਰ ਅਤੇ ਮਜ਼ਦੂਰ ਜਿਹੜੇ ਹਰ ਰੋਜ਼ ਕਮਾਈ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਸਨ, ਉਨ੍ਹਾਂ ਦਾ ਜਿਉਣਾ ਦੁਭਰ ਹੋ ਗਿਆ ਹੈ। ਪੰਜਾਬ ਵਿਚ ਲਗਪਗ 8 ਲੱਖ ਖੇਤ ਮਜ਼ਦੂਰ ਪਰਿਵਾਰ ਹਨ, ਅੰਦਾਜ਼ਨ ਇਤਨੇ ਹੀ ਦਿਹਾੜੀਦਾਰ ਪਰਿਵਾਰ ਹਨ। ਜਿਹੜੇ ਲੋਕ ਹਰ ਰੋਜ਼ ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਹਨ, ਉਹ ਤਾਂ ਤਰਾਹ ਤਰਾਹ ਕਰ ਰਹੇ ਹਨ ਕਿਉਂਕਿ ਉਨ੍ਹਾਂ ਦੇ ਕੰਮ ਬਿਲਕੁਲ ਹੀ ਬੰਦ ਹੋ ਗਏ ਹਨ। ਜਦੋਂ ਆਮਦਨ ਹੀ ਬੰਦ ਹੋ ਗਈ ਤਾਂ ਪਰਿਵਾਰਾਂ ਦੇ ਖਾਣ ਪੀਣ ਦੇ ਰਸਤੇ ਬੰਦ ਹੋ ਜਾਂਦੇ ਹਨ। ਖ਼ਰਚੇ ਕਰਨੇ ਅਸੰਭਵ ਬਣ ਜਾਂਦੇ ਹਨ। ਉਨ੍ਹਾਂ ਵਿਚ ਰਿਕਸ਼ਾ ਚਾਲਕ, ਰੇੜ੍ਹੀਆਂ ਲਾ ਕੇ ਸਾਮਾਨ ਵੇਚਣ ਵਾਲੇ, ਰੱਦੀ ਇਕੱਠੀ ਕਰਨ ਵਾਲੇ, ਭੱਠਿਆਂ ਦੀ ਲੇਬਰ, ਸਬਜੀਆਂ ਤੋੜਨ ਵਾਲੇ, ਆਲੂਆਂ ਦੀ ਪੁਟਾਈ ਵਾਲੇ, ਬਾਗਾਂ ਵਿਚ ਕੰਮ ਕਰਨ ਵਾਲੇ, ਇਮਾਰਤਾਂ ਦੀ ਉਸਾਰੀ ਨਾਲ ਸੰਬੰਧਤ ਮਜ਼ਦੂਰ, ਜਿਨ੍ਹਾਂ ਵਿਚ ਮਿਸਤਰੀ, ਕਾਰਪੈਂਟਰ, ਇਲੈਕਟਰੀਸ਼ਨ, ਰੰਗ ਰੋਗਨ ਅਤੇ ਸੈਨੇਟਰੀ ਦਾ ਕੰਮ ਕਰਨ ਵਾਲੇ ਆਦਿ ਸ਼ਾਮਲ ਹਨ। ਉਨ੍ਹਾਂ ਉਪਰ ਤਾਂ ਆਫਤ ਆ ਗਈ ਹੈ। ਇਨ੍ਹਾਂ ਲੋਕਾਂ ਕੋਲ ਤਾਂ ਪੈਸਾ ਵੀ ਨਹੀਂ ਹੁੰਦਾ ਕਿ ਉਹ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦਾ ਲਾਭ ਉਠਾ ਸਕਣ। ਇਕ ਹਫ਼ਤਾ ਦਿਹਾੜੀਦਾਰਾਂ ਦੇ ਪਰਿਵਾਰਾਂ ਦਾ ਭੁਖਿਆਂ ਦਾ ਲੰਘ ਗਿਆ ਹੈ। ਨਰੇਗਾ ਦੇ ਪੈਸੇ ਵੀ ਉਨ੍ਹਾਂ ਦੇ ਬਕਾਇਆ ਪਏ ਹਨ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੇ ਹੁਣ ਨਰੇਗਾ ਦੇ ਪੈਸਿਆਂ ਦਾ ਬਕਾਇਆ ਦੇਣ ਲਈ ਕਿਹਾ ਹੈ। ਈਦ ਮਗਰੋਂ ਰੋਜੇ ਰੱਖਣ ਦਾ ਕੀ ਲਾਭ। ਹੁਣ ਤਾਂ ਜੇ ਉਨ੍ਹਾਂ ਦੇ ਪੈਸੇ ਖਾਤਿਆਂ ਵਿਚ ਜਮ੍ਹਾਂ ਵੀ ਕਰਵਾਏ ਜਾਣ ਤਾਂ ਉਹ ਘਰੋਂ ਬਾਹਰ ਜਾ ਹੀ ਨਹੀਂ ਸਕਦੇ। ਘਰੋਂ ਬਾਹਰ ਨਿਕਲਦੇ ਹਨ ਤਾਂ ਪੁਲਿਸ ਦੀ ਮਾਰ ਖਾਣੀ ਪੈਂਦੀ ਹੈ। ਉਨ੍ਹਾਂ ਦੇ ਬੱਚੇ ਵਿਲਕਦੇ ਹਨ। ਤਿੰਨ ਹਫਤੇ ਕਿਵੇਂ ਲੰਘਣਗੇ। ਕਰੋਨਾ ਮਾਰੇ ਚਾਹੇ ਨਾ ਮਾਰੇ ਪ੍ਰੰਤੂ ਉਸ ਤੋਂ ਪਹਿਲਾਂ ਭੁੱਖ ਨਾਲ ਮਰ ਜਾਣਗੇ। ਇਨ੍ਹਾਂ ਗ਼ਰੀਬ ਲੋਕਾਂ ਕੋਲ ਖਾਣ ਪੀਣ ਦਾ ਰਾਸ਼ਨ ਘਰਾਂ ਵਿਚ ਜਮ੍ਹਾਂ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਕੋਲ ਇਤਨਾ ਸਰਮਾਇਆ ਹੀ ਨਹੀਂ ਹੁੰਦਾ ਕਿ ਉਹ ਮਹੀਨੇ ਦਾ ਰਾਸ਼ਨ ਖ੍ਰੀਦ ਸਕਣ। ਕੇਂਦਰ ਸਰਕਾਰ ਨੇ ਵੀ ਭਾਰਤ ਦੇ 80 ਕਰੋੜ ਦਿਹਾੜੀਦਾਰਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਹ ਰਾਸ਼ਨ 7 ਕਿਲੋ ਦੇ ਹਿਸਾਬ ਨਾਲ ਮਦਦ ਦੇਣ ਦਾ ਐਲਾਨ ਕੀਤਾ ਹੈ। ਇਹ ਤਾਂ ਅਜੇ ਐਲਾਨ ਹੀ ਹੈ। ਕਦੋਂ ਪਹੁੰਚੇਗਾ ਕੋਈ ਪਤਾ ਨਹੀਂ। ਇਹ ਸਰਕਾਰਾਂ ਦੇ ਐਲਾਨ ਹੀ ਹਨ, ਅਮਲ ਵਿਚ ਲਿਆਉਣਾ ਸੌਖਾ ਕੰਮ ਨਹੀਂ। ਰਾਸ਼ਨ ਤਾਂ ਲਾਕਡਾਊਨ ਦਰਮਿਆਨ ਚਾਹੀਦਾ ਹੈ ਕਿਉਂਕਿ ਉਹ ਘਰੋਂ ਬਾਹਰ ਨਹੀਂ ਨਿਕਲ ਸਕਦੇ। ਬਾਅਦ ਵਿਚ ਤਾਂ ਉਹ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਲੈਣਗੇ। ਪੰਜਾਬ ਸਰਕਾਰ ਨੇ ਵੀ ਦਿਹਾੜੀਦਾਰਾਂ ਨੂੰ 10 ਲੱਖ ਪੈਕਟ ਦੇਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚ 10-10 ਕਿਲੋ ਆਟਾ, 2-2ਕਿਲੋ ਦਾਲ ਅਤੇ 2-2 ਕਿਲੋ ਚੀਨੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਇਹ ਵੀ ਸੁਣਿਆਂ ਹੈ ਕਿ 12000-12000 ਰੁਪਏ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾਂ ਵੀ ਕਰਵਾਏ ਜਾਣਗੇ। ਚੰਗੀ ਗੱਲ ਹੈ ਜੇਕਰ ਅਮਲੀ ਰੂਪ ਵਿਚ ਕੋਈ ਗੜਬੜ ਨਾ ਹੋਈ। ਪੰਜਾਬ ਸਰਕਾਰ ਘਰ ਘਰ ਰਾਸ਼ਨ ਪਹੁੰਚਾ ਰਹੀ ਹੈ। ਇਹ ਵੀ ਮੁਹੱਲਿਆਂ ਵਿਚ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ, ਜਿਹੜੇ ਪੈਸਾ ਖਰਚਕੇ ਖ੍ਰੀਦ ਸਕਦੇ ਹਨ। ਸਰਕਾਰ ਨੇ ਲੋਕਾਂ ਨੂੰ ਦੱਸੇ ਟੈਲੀਫੋਨ ਨੰਬਰਾਂ ਤੇ ਆਪਣੀ ਜ਼ਰੂਰਤ ਲਿਖਾਉਣ ਲਈ ਕਿਹਾ ਜਾਂਦਾ ਹੈ। ਇਹ ਗ਼ਰੀਬ ਲੋਕ ਇੰਜ ਨਹੀਂ ਕਰ ਸਕਦੇ ਕਿਉਂਕਿ ਇਨ੍ਹਾਂ ਕੋਲ ਤਾਂ ਸਾਧਨ ਹੀ ਨਹੀਂ। ਪੈਸਾ ਵੀ ਹੈ ਨਹੀਂ ਗੱਲ ਤਾਂ ਸਾਰੀ ਪੈਸੇ ਦੀ ਹੈ। ਪੈਸੇ ਵਾਲੇ ਲੋਕ ਤਾਂ ਹਰ ਹੀਲਾ ਕਰ ਲੈਂਦੇ ਹਨ। ਜਿਹੜੇ ਲੋਕ ਦੂਰ ਦੁਰਾਡੇ ਇਲਾਕਿਆਂ ਵਿਚ ਭੱਠਿਆਂ ਤੇ ਕੰਮ ਕਰਦੇ ਹਨ, ਉਹ ਕਿਥੋਂ ਰਾਸ਼ਨ ਲੈਣ ਕਿਉਂਕਿ ਉਹ ਦੂਰ ਉਜਾੜ ਵਿਚ ਬੈਠੇ ਹਨ। ਉਨ੍ਹਾਂ ਦੇ ਬੱਚੇ ਭੁੱਖੇ ਮਰਦੇ ਹਨ। ਪਿੰਡਾਂ ਵਿਚੋਂ ਲੋਕ ਹਰ ਰੋਜ਼ ਦਿਹਾੜੀ ਕਰਨ ਲਈ ਸ਼ਹਿਰਾਂ ਵਿਚ ਆਉਂਦੇ ਹਨ। ਪੰਜਾਬ ਦੇ ਲਗਪਗ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿਚ ਲੇਬਰ ਚੌਕ ਬਣੇ ਹੋਏ ਹਨ। ਉਥੇ ਉਹ ਹਰ ਰੋਜ਼ ਚਾਹੇ ਮੀਂਹ ਹੋਵੇ ਚਾਹੇ ਝੱਖੜ ਹੋਵੇ, ਉਹ ਆ ਕੇ ਖੜ੍ਹ ਜਾਂਦੇ ਹਨ। ਲੋਕ ਲੋੜ ਅਨੁਸਾਰ ਉਨ੍ਹਾਂ ਨੂੰ ਦਿਹਾੜੀ ਤੇ ਲੈ ਜਾਂਦੇ ਹਨ। ਉਨ੍ਹਾਂ ਦੇ ਥਾਂ ਟਿਕਾਣੇ ਤਾਂ ਪਤਾ ਨਹੀਂ, ਉਨ੍ਹਾਂ ਦੀ ਪਹਿਚਾਣ ਕਿਵੇਂ ਹੋਵੇਗੀ। ਝੁਗੀਆਂ ਝੌਂਪੜੀਆਂ ਵਾਲੇ ਸਿਕਲੀਗਰ ਵੀ ਅਜਿਹੇ ਹੀ ਕੰਮ ਕਰਦੇ ਹਨ। ਉਨ੍ਹਾਂ ਕੋਲ ਤਾਂ ਕਿਸੇ ਕਿਸਮ ਦਾ ਕੋਈ ਸਾਧਨ ਨਹੀਂ ਹੁੰਦਾ। ਅਸਲ ਵਿਚ ਕਰੋਨਾ ਵਾਇਰਸ ਦੀ ਬਿਪਤਾ ਤਾਂ ਉਨ੍ਹਾਂ ਗ਼ਰੀਬਾਂ ਤੇ ਆਈ ਹੈ। ਹੁਣ ਉਨ੍ਹਾਂ ਨੂੰ ਰਾਸ਼ਨ ਕੌਣ ਦੇਵੇ। ਇਕ ਦੋ ਦਿਨ ਤਾਂ ਪਿੰਡਾਂ ਦੇ ਲੋਕ ਦੇ ਦਿੰਦੇ ਹਨ। ਉਸ ਤੋਂ ਬਾਅਦ ਉਹ ਕੀ ਕਰਨ। ਲੋਕ ਪਦਾਰਥਵਾਦੀ ਤੇ ਖੁਦਗਰਜ ਹੋ ਗਏ ਹਨ। ਉਨ੍ਹਾਂ ਵਿਚੋਂ ਇਨਸਾਨੀਅਤ ਅਲੋਪ ਹੁੰਦੀ ਜਾ ਰਹੀ ਹੈ। ਪਹਿਲਾਂ ਗੁਰਦੁਆਰੇ ਲੰਗਰ ਲਾ ਦਿੰਦੇ ਸਨ, ਹੁਣ ਕਰੋਨਾ ਤੋਂ ਡਰਦਿਆਂ ਕੋਈ ਹਿੰਮਤ ਨਹੀਂ ਕਰਦਾ। ਗੁਰਦੁਆਰੇ ਵੀ ਬੰਦ ਕਰਨ ਦੇ ਹੁਕਮ ਮਿਲ ਗਏ ਹਨ। ਸਵੈ ਇਛਤ ਸੰਸਥਾਵਾਂ ਵੀ ਜਿਹੜੇ ਲੋਕ ਸਰਦੇ ਪੁਜਦੇ ਹਨ, ਉਨ੍ਹਾਂ ਤੋਂ ਵਾਹਵਾ ਸ਼ਾਹਵਾ ਲੈਣ ਲਈ ਉਨ੍ਹਾਂ ਕੋਲ ਹੀ ਜਾ ਰਹੀਆਂ ਹਨ। ਜਿਹੜੀਆਂ ਕੁਝ ਸੰਸਥਾਵਾਂ ਅਤੇ ਲੋਕ ਗ਼ਰੀਬਾਂ ਦੀ ਮਦਦ ਕਰਨ ਜਾਂਦੇ ਹਨ, ਉਹ ਤਾਂ ਅਖਬਾਰਾਂ ਅਤੇ ਸ਼ੋਸਲ ਮੀਡੀਆ ਉਪਰ ਫੋਟੋਆਂ ਪਾਉਣ ਲਈ ਜਾਂਦੇ ਹਨ। ਸਾਮਾਨ ਥੋੜ੍ਹਾ ਦਿੰਦੇ ਹਨ, ਪ੍ਰਚਾਰ ਜ਼ਿਆਦਾ ਕਰਦੇ ਹਨ। ਇਕ ਕਿਸਮ ਨਾਲ ਗ਼ਰੀਬਾਂ ਨੂੰ ਉਨ੍ਹਾਂ ਦੀਆਂ ਤਸਵੀਰਾਂ ਅਖਬਾਰਾਂ ਵਿਚ ਲਗਾਕੇ ਜਲੀਲ ਕਰਦੇ ਹਨ। ਗ਼ਰੀਬ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੁਝ ਮਿਲ ਨਹੀਂ ਰਿਹਾ ਐਲਾਨ ਹੀ ਜ਼ਿਆਦਾ ਹੋ ਰਹੇ ਹਨ।
ਅਜਿਹੀਆਂ ਕੁਦਰਤੀ ਆਫਤਾਂ ਮੌਕੇ ਨਿਰਾ ਪੁਰਾ ਸਰਕਾਰ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਸਰਕਾਰ ਹਰ ਕੰਮ ਨਹੀਂ ਕਰ ਸਕਦੀ। ਅਜਿਹੇ ਮੌਕੇ ਤੇ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵੀ ਮਨੁੱਖਤਾ ਦੀ ਸੇਵਾ ਲਈ ਵੱਧ ਚੜ੍ਹਕੇ ਆਪਣਾ ਯੋਗਦਾਨ ਪਾਵੇ। ਇਸ ਸੇਵਾ ਨੂੰ ਦੋ ਭਾਗਾਂ ਵਿਚ ਵੰਡ ਲਿਆ ਜਾਵੇ ਤਾਂ ਬਿਹਤਰ ਹੋਵੇਗਾ। ਪਿੰਡਾਂ ਅਤੇ ਸ਼ਹਿਰਾਂ ਨੂੰ ਦੋ ਭਾਗਾਂ ਵਿਚ ਵੰਡਕੇ ਮਨੁੱਖਤਾ ਦਾ ਭਲਾ ਕੀਤਾ ਜਾਵੇ। ਪਿੰਡਾਂ ਲਈ ਪਿੰਡਾਂ ਦੇ ਲੋਕ ਸੇਵਾ ਕਰਨ। ਪਿੰਡਾਂ ਦੇ ਲੋਕਾਂ ਵਿਚ ਭਾਈਚਾਰਕ ਸਾਂਝ ਕੁਝ ਜ਼ਿਆਦਾ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਆਪੋ ਆਪਣੇ ਪਿੰਡ ਵਿਚ ਰਹਿ ਰਹੇ ਦਿਹਾੜੀਦਾਰਾਂ ਅਤੇ ਗ਼ਰੀਬ ਲੋਕਾਂ ਦੀ ਖਾਣ ਪੀਣ ਦਾ ਸਾਮਾਨ ਦੇਣ ਦੀ ਜ਼ਿੰਮੇਵਾਰੀ ਲੈ ਲੈਣੀ ਚਾਹੀਦੀ ਹੈ। ਇਸ ਤੋਂ ਵੱਡਾ ਮਾਨਵਤਾ ਦੀ ਸੇਵਾ ਕਰਨ ਦਾ ਹੋਰ ਵਧੀਆ ਮੌਕਾ ਨਹੀਂ ਮਿਲਣਾ। ਤੁਸੀਂ ਪਰਮਾਤਮਾ ਦੇ ਨੁਮਾਇੰਦੇ ਬਣਕੇ ਅੱਗੇ ਆਓ ਅਤੇ ਵਾਹਿਗੁਰੂ ਦੀ ਅਸ਼ੀਰਵਾਦ ਲਓ। ਪੰਜਾਬ ਸਰਕਾਰ ਨੇ ਪੰਚਾਇਤਾਂ ਨੂੰ ਆਪਣੀ ਆਮਦਨ ਵਿਚੋਂ 5-5 ਹਜ਼ਾਰ ਰੁਪਿਆ ਹਰ ਰੋਜ਼ ਦੇ ਹਿਸਾਬ ਨਾਲ ਖਰਚਣ ਦੀ ਇਜ਼ਾਜਤ ਦੇ ਦਿੱਤੀ ਹੈ। ਹੁਣ ਪੰਚਾਇਤਾਂ ਵੀ ਗ਼ਰੀਬਾਂ ਦੀ ਮਦਦ ਕਰਨ ਲਈ ਅੱਗੇ ਆ ਸਕਦੀਆਂ ਹਨ। ਕਈ ਪੰਚਾਇਤਾਂ ਤਾਂ ਸ਼ਲਾਘਾਯੋਗ ਕੰਮ ਕਰ ਵੀ ਰਹੀਆਂ ਹਨ। ਇਸੇ ਤਰ੍ਹਾਂ ਸ਼ਹਿਰਾਂ ਅਤੇ ਕਸਬਿਆਂ ਵਿਚ ਸਵੈ ਇੱਛਤ ਸੰਸਥਾਵਾਂ ਜੋ ਖੁੰਬਾਂ ਵਾਗੂੰ ਪੈਦਾ ਹੋਈਆਂ ਹਨ, ਉਨ੍ਹਾਂ ਨੂੰ ਵੀ ਆਪਦੀ ਜ਼ਿੰਮੇਵਾਰੀ ਸਮਝਿਦਿਆਂ ਮੁਹੱਲਿਆਂ ਵਿਚ ਵਸ ਰਹੇ ਅਜਿਹੇ ਗ਼ਰੀਬ ਲੋਕਾਂ ਨੂੰ ਘਰੋ ਘਰੀ ਜਾ ਕੇ ਖਾਣਾ ਮੁਹੱਈਆ ਕਰਵਾਇਆ ਜਾਵੇ। ਇਸ ਮੰਤਵ ਲਈ ਸਰਕਾਰ ਤੱਕ ਪਹੁੰਚ ਕਰਕੇ ਪਾਸ ਬਣਵਾ ਲਏ ਜਾਣ। ਸ਼ਹਿਰਾਂ ਅਤੇ ਕਸਬਿਆਂ ਵਿਚ ਵਾਰਡਵਾਈਜ ਸੇਵਾ ਵੰਡ ਲੈਣੀ ਚਾਹੀਦੀ ਹੈ। ਜੇਕਰ ਵੰਡ ਕੇ ਸੇਵਾ ਕਰਾਂਗੇ ਤਾਂ ਸੌਖਾ ਰਹੇਗਾ। ਇਹ ਸੇਵਾ ਕਰਦਿਆਂ ਕਰੋਨਾ ਵਾਇਰਸ ਤੋਂ ਬਚਣ ਦੇ ਸਾਰੇ ਉਪਾਅ ਵਰਤੇ ਜਾਣ ਤਾਂ ਜੋ ਉਸਦੇ ਕਹਿਰ ਤੋਂ ਬਚਿਆ ਜਾ ਸਕੇ । ਹੁਣ ਇਕ ਦੂਜੇ ਦੀ ਦੇਖਾ ਦੇਖੀ ਪੁਲਿਸ, ਰਾਜਨੀਤਕ ਪਾਰਟੀਆਂ, ਸਵੈਇਛਤ ਸੰਸਥਾਵਾਂ ਅਤੇ ਪੰਚਾਇਤਾਂ ਗਰੀਬ ਦਿਹਾੜੀਦਾਰਾਂ ਅਤੇ ਝੁਗੀ ਝੌਂਪੜੀ ਵਾਲਿਆਂ ਦੀ ਮਦਦ ਲਈ ਅੱਗੇ ਆਈਆਂ ਹਨ ਜੋ ਕਿ ਸ਼ੁਭ ਸ਼ਗਨ ਹੈ। ਸਿਆਸੀ ਪਾਰਟੀਆਂ ਜਿਨ੍ਹਾਂ ਵਿਚ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਇਕ ਦੂਜੇ ਤੋਂ ਅੱਗੇ ਹੋ ਕੇ ਅਖ਼ਬਾਰਾਂ ਵਿਚ ਖ਼ਬਰਾਂ ਲਗਵਾਉਣ ਲਈ ਲੋੜਮੰਦਾਂ ਦੀ ਮਦਦ ਕਰਨ ਲਈ ਆਪਣੀਆਂ ਕਾਰਵਾਈਆਂ ਪਾ ਰਹੇ ਹਨ। ਰਾਜਨੀਤਕ ਪਾਰਟੀਆਂ ਸਿਆਸੀ ਲਾਹਾ ਲੈਣ ਲਈ ਜ਼ੋਰ ਸ਼ੋਰ ਨਾਲ ਗ਼ਰੀਬਾਂ ਨੂੰ ਰਾਸਨ ਵੰਡ ਰਹੀਆਂ ਹਨ। ਕਰਫਿਊ ਲਾਗੂ ਕਰਵਾਉਣ ਦੀ ਆੜ ਵਿਚ ਕੁਝ ਪੁਲਿਸ ਕਰਮਚਾਰੀਆਂ ਨੇ ਲੋਕਾਂ ਤੇ ਤਸ਼ੱਦਦ ਕੀਤਾ, ਜਿਸ ਦੀਆਂ ਵੀਡੀਓਜ ਵਾਇਰਲ ਹੋਣ ਨਾਲ ਪੁਲਿਸ ਦੀ ਬਦਨਾਮੀ ਹੋਈ। ਮੁੱਖ ਮੰਤਰੀ ਦੀ ਘੁਰਕੀ ਤੋਂ ਬਾਅਦ ਬਦਨਾਮੀ ਦਾ ਧੱਬਾ ਮਿਟਾਉਣ ਲਈ ਹੁਣ ਸਮੁੱਚੇ ਪੰਜਾਬ ਵਿਚ ਪੁਲਿਸ ਨੇ ਗ਼ਰੀਬਾਂ ਨੂੰ ਰਾਸ਼ਨ ਵੰਡਣਾ ਵੱਡੀ ਪੱਧਰ ਤੇ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਦਿਹਾੜੀਦਾਰਾਂ ਅਤੇ ਮਜ਼ਦੂਰਾਂ ਦੀ ਲੋੜ ਨੂੰ ਮੁੱਖ ਰਖਦਿਆਂ ਫੈਕਟਰੀਆਂ ਦਾ ਕਾਰੋਬਾਰ ਸ਼ੁਰੂ ਕਰਨ ਦੀਆਂ ਹਦਾਇਤਾਂ ਜ਼ਾਰੀ ਕਰ ਦਿੱਤੀਆਂ ਹਨ ਪ੍ਰੰਤੂ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਕਰੋਨਾ ਤੋਂ ਬਚਾਆ ਦੀਆਂ ਹਦਾਇਤਾਂ ਦੀ ਪਾਲਣਾ ਵਿਚ ਅਣਗਹਿਲੀ ਨਹੀਂ ਕਰਨੀ ਚਾਹੀਦੀ। ਅਜੇ ਤੱਕ ਤਾਂ ਪੰਜਾਬ ਵਿਚ ਬਚਾਆ ਹੈ ਪ੍ਰੰਤੂ ਥੋੜ੍ਹੀ ਜਿਹੀ ਢਿਲ ਦੌਰਾਨ ਅਦਗਹਿਲੀ ਵਿਕਰਾਲ ਰੂਪ ਧਾਰ ਸਕਦੀ ਹੈ। ਇਸ ਲਈ ਪਬਲਿਕ ਅਤੇ ਸਰਕਾਰ ਨੂੰ ਅਵੇਸਲਾ ਨਹੀਂ ਹੋਣਾ ਚਾਹੀਦਾ। ਅਜਿਹੀਆਂ ਅਲਾਮਤਾਂ ਅਸਥਾਈ ਹੁੰਦੀਆਂ ਹਨ। ਗ਼ਰੀਬਾਂ ਦੀ ਮਦਦ ਕਰਦਿਆਂ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਪੰਜਾਬ ਦੀ ਤ੍ਰਾਸਦੀ ਉਸਨੂੰ ਉਜਾੜਿਆਂ ਨੇ ਉਜਾੜਿਆ - ਉਜਾਗਰ ਸਿੰਘ
ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਦੇਸ਼ ਦੀ ਖੜਗਭੁਜਾ ਹੈ। ਇਸ ਲਈ ਪੰਜਾਬ ਨੂੰ ਬਹੁਤ ਸਾਰੀਆਂ ਅਣਕਿਆਸੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਉਪਰ ਹਮੇਸ਼ਾ ਪੰਜਾਬੀਆਂ ਨੇ ਪਹਿਰਾ ਦਿੱਤਾ ਹੈ। ਪਰਵਾਸ ਵੀ ਪੰਜਾਬ ਨੂੰ ਵਿਰਾਸਤ ਵਿਚ ਹੀ ਮਿਲਿਆ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਵਾਸ ਵਿਚ ਆਪਣੀਆਂ ਉਦਾਸੀਆਂ ਕੀਤੀਆਂ ਸਨ। ਉਨ੍ਹਾਂ ਨਾਲ ਜਦੋਂ ਉਦਾਸੀਆਂ ਸਮੇਂ ਇਕ ਪਿੰਡ ਦੇ ਲੋਕਾਂ ਨੇ ਚੰਗਾ ਵਿਵਹਾਰ ਨਾ ਕੀਤਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਵਸਦੇ ਰਹਿਣ ਦਾ ਆਸ਼ੀਰਵਾਦ ਦਿੱਤਾ ਪ੍ਰੰਤੂ ਜਿਹੜੇ ਪਿੰਡ ਵਿਚ ਉਨ੍ਹਾਂ ਨਾਲ ਚੰਗਾ ਸਲੂਕ ਹੋਇਆ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਉੱਜੜ ਜਾਣ ਦਾ ਆਸ਼ੀਰਵਾਦ ਦਿੱਤਾ। ਜਦੋਂ ਮਰਦਾਨੇ ਨੇ ਪੁਛਿਆ ਤਾਂ ਉਨ੍ਹਾਂ ਕਿਹਾ ਕਿ ਚੰਗੇ ਲੋਕ ਬਾਹਰ ਜਾ ਕੇ ਚੰਗਾ ਸਮਾਜ ਸਿਰਜਣਗੇ। ਇਸ ਕਰਕੇ ਪੰਜਾਬੀ ਪਰਵਾਸ ਵਿਚ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਤੇ ਪਹਿਰਾ ਦੇ ਕੇ ਚੰਗਾ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ਦੇ ਜੰਮਦਿਆਂ ਨੂੰ ਨਿੱਤ ਮੁਹਿੰਮਾ ਦੀ ਕਹਾਵਤ ਸਹੀ ਹੁੰਦੀ ਜਾਪਦੀ ਹੈ। ਪੰਜਾਬ ਤੋਂ ਬਾਹਰ ਕੈਨੇਡਾ ਵਿਚ ਜਾ ਕੇ ਗਦਰੀ ਬਾਬਿਆਂ ਨੇ ਮਨੁੱਖੀ ਹੱਕਾਂ ਦੀ ਰਖਵਾਲੀ ਅਤੇ ਨਸਲੀ ਵਿਤਕਰੇ ਦੇ ਵਿਰੁਧ ਆਵਾਜ਼ ਬੁਲੰਦ ਕਰਕੇ ਮੁਹਿੰਮ ਸ਼ੁਰੂ ਕੀਤੀ ਸੀ। ਪੰਜਾਬੀ ਜਦੋਂ ਕੈਨੇਡਾ ਪਹਿਲੀ ਵਾਰੀ ਰੋਜ਼ੀ ਰੋਟੀ ਲਈ ਗਏ ਸਨ ਤਾਂ ਜਦੋਂ ਉਨ੍ਹਾਂ ਨਾਲ ਉਥੇ ਦੁਰਵਿਵਹਾਰ ਹੋਇਆ ਤਾਂ ਉਨ੍ਹਾਂ ਉਥੇ ਹੀ ਕੈਨੇਡਾ ਵਿਚ ਰੋਸ ਵਜੋਂ ਆਪਣੇ ਹੱਕਾਂ ਦੀ ਪ੍ਰਾਪਤੀ ਅਤੇ ਨਸਲੀ ਵਿਤਕਰੇ ਦੇ ਖ਼ਾਤਮੇ ਲਈ ਗਦਰ ਲਹਿਰ ਨੂੰ ਜਨਮ ਦਿੱਤਾ ਸੀ, ਉਦੋਂ ਗਦਰੀ ਬਾਬਿਆਂ ਨੇ ਭਾਰਤ ਦੀ ਆਜ਼ਾਦੀ ਲਈ ਮੁਹਿੰਮ ਕੈਨੇਡਾ ਤੋਂ ਸ਼ੁਰੂ ਕੀਤੀ ਸੀ। ਉਸ ਸਮੇਂ ਗਦਰੀਆਂ ਦੀ ਇਸ ਲਹਿਰ ਦਾ ਸਾਰੇ ਪਾਸੇ ਸਵਾਗਤ ਹੋਇਆ ਸੀ। ਇਕ ਕਿਸਮ ਨਾਲ ਉਹ ਪੰਜਾਬ ਦਾ ਪਹਿਲਾ ਉਜਾੜਾ ਹੋਇਆ ਸੀ ਪ੍ਰੰਤੂ ਇਹ ਸ਼ਾਂਤਮਈ ਉਜਾੜਾ ਸੀ। ਉਸ ਸਮੇਂ ਕੁਝ ਚੋਣਵੇਂ ਅਣਪੜ੍ਹ ਲੋਕ ਹੀ ਪਰਵਾਸ ਵਿਚ ਜਾਂਦੇ ਸਨ। ਸਕਿਲਡ ਜਾਣੀ ਕਿ ਆਪੋ ਆਪਣੇ ਖੇਤਰਾਂ ਵਿਚ ਮਾਹਿਰ ਵਿਅਕਤੀ ਬਹੁਤ ਘੱਟ ਹੀ ਜਾਂਦੇ ਸਨ, ਜਿਹੜੇ ਜਾਂਦੇ ਵੀ ਸਨ, ਉਹ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਆਪਣੀ ਕਾਰਜ ਕੁਸ਼ਲਤਾ ਵਿਚ ਵਾਧਾ ਕਰਕੇ ਵਾਪਸ ਭਾਰਤ ਆ ਜਾਂਦੇ ਸਨ, ਜਿਸਦਾ ਭਾਰਤ ਨੂੰ ਲਾਭ ਹੁੰਦਾ ਸੀ। ਇਕਾ ਦੁੱਕਾ ਉਥੇ ਰਹਿ ਜਾਂਦੇ ਸਨ। ਕੈਨੇਡਾ ਤੋਂ ਇਲਾਵਾ ਸੰਸਾਰ ਦੇ ਹੋਰ ਦੇਸਾਂ ਵਿਚ ਵੀ ਪੰਜਾਬੀ ਜਾਂਦੇ ਰਹੇ ਪ੍ਰੰਤੂ ਉਨ੍ਹਾਂ ਦਾ ਮੰਤਵ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨਾ ਹੁੰਦਾ ਸੀ। ਜਿਹੜਾ ਕੁਝ ਉਹ ਉੱਥੇ ਰਹਿ ਕੇ ਕਮਾਉਂਦੇ ਸਨ, ਉਹ ਭਾਰਤ ਵਿਚ ਆਪਣੇ ਪਰਿਵਾਰਾਂ ਨੂੰ ਭੇਜ ਦਿੰਦੇ ਸਨ, ਜਿਸਦੇ ਸਿੱਟੇ ਵਜੋਂ ਭਾਰਤ ਦੀ ਆਰਥਿਕਤਾ ਮਜ਼ਬੂਤ ਹੁੰਦੀ ਸੀ ਕਿਉਂਕਿ ਪੈਸਾ ਪੰਜਾਬ ਆਉਂਦਾ ਸੀ। ਪਹਿਲੇ ਉਜਾੜੇ ਵਿਚ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਕਿਉਂਕਿ ਜਦੋਂ ਉਹ ਗਦਰੀ ਬਾਬੇ ਵਾਪਸ ਭਾਰਤ ਆ ਕੇ ਅੰਗਰੇਜ਼ਾਂ ਦੇ ਦੁਰਵਿਵਹਾਰ ਵਿਰੁਧ ਮੁਹਿੰਮ ਸ਼ੁਰੂ ਕਰਨ ਲਈ ਕਲਕੱਤਾ ਵਿਖੇ ਬਜਬਜ ਘਾਟ ਤੇ ਵਿਸ਼ੇਸ ਜਹਾਜ ਰਾਹੀ੬ਂ ਪਹੁੰਚੇ ਤਾਂ ਉਨ੍ਹਾਂ ਨੂੰ ਅੰਗਰੇਜ਼ ਸਰਕਾਰ ਨੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਕੁਝ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਦੂਜਾ ਉਜਾੜਾ ਦੇਸ ਦੀ ਵੰਡ ਸਮੇਂ ਰਾਜਨੀਤਕ ਲੋਕਾਂ ਦੀ ਮਾਨਸਿਕਤਾ ਦਾ ਨਤੀਜਾ ਸੀ। ਪੰਜਾਬ ਨੂੰ ਵੰਡਕੇ ਦੋ ਹਿੱਸੇ ਕਰ ਦਿੱਤੇ ਗਏ। ਦੂਜੇ ਉਜਾੜੇ ਸਮੇਂ ਪੰਜਾਬੀਆਂ ਦੇ ਹੋਏ ਅੰਨ੍ਹੇਵਾਹ ਕਤਲੇਆਮ ਪਿਛੇ ਲੁੱਟ-ਖੋਹ, ਲਾਲਚ, ਧਿੰਗਾਜੋਰੀ ਅਤੇ ਬਿਮਾਰ ਮਾਨਸਿਕਤਾ ਕਰਕੇ ਇਸਤਰੀਆਂ ਦੇ ਬਲਾਤਕਾਰ ਹੋਏ, ਜਿਸਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ। ਪੰਜਾਬੀ ਸਮਾਜਿਕ, ਆਰਥਿਕ, ਮਾਨਸਿਕ ਅਤੇ ਸਭਿਆਚਾਰਕ ਤੌਰ ਤੇ ਵਲੂੰਧਰੇ ਗਏ। ਬੋਲੀ ਵੰਡੀ ਗਈ, ਘਰ ਪਰਿਵਾਰ ਵੰਡੇ ਗਏ। ਨਫ਼ਰਤ ਦਾ ਬੋਲਬਾਲਾ ਹੋ ਗਿਆ। ਰਿਸ਼ਤਿਆਂ ਦਾ ਨਿੱਘ ਤਹਿਸ ਨਹਿਸ ਹੋ ਗਿਆ, ਜਿਸ ਕਰਕੇ ਰਿਸ਼ਤਿਆਂ ਦੇ ਘਾਣ ਹੋ ਗਏ। ਪੰਜਾਬ ਦੀ ਆਰਥਿਕਤਾ ਤਬਾਹ ਹੋ ਗਈ। ਲੱਖਾਂ ਪੰਜਾਬੀ ਆਪਣੇ ਘਰੋਂ ਬੇਘਰ ਹੋ ਗਏ। ਹਸਦੇ ਵਸਦੇ ਘਰ ਉਜੜ ਗਏ। ਤਬੇਲਿਆਂ ਅਤੇ ਹਵੇਲੀਆਂ ਦੇ ਮਾਲਕਾਂ ਨੂੰ ਤੰਬੂਆਂ ਵਿਚ ਦਿਨ ਕੱਟਣੇ ਪਏ। ਭਾਈਚਾਰਕ ਸੰਬੰਧ ਲੀਰੋ ਲੀਰ ਹੋ ਗਏ। ਇਸ ਤੋਂ ਬਾਅਦ ਦੋ ਵਾਰ ਪੰਜਾਬੀਆਂ ਨੂੰ ਪਾਕਿਸਤਾਨ ਅਤੇ ਚੀਨ ਦੀ ਜੰਗ ਦਾ ਸਾਹਮਣਾ ਕਰਨਾ ਪਿਆ।
ਦੇਸ ਦੀ ਵੰਡ ਦੇ ਉਜਾੜੇ ਤੋਂ ਪੂਰੇ 33 ਸਾਲ ਬਾਅਦ 1980ਵਿਆਂ ਵਿਚ ਨਵੀਂ ਕਿਸਮ ਦੇ ਤੀਜੇ ਫਿਰਕੂ ਉਜਾੜੇ ਨੇ ਪੰਜਾਬੀਆਂ ਦੇ ਖ਼ੂਨ ਵਿਚ ਨਫ਼ਰਤ ਦਾ ਬੀਜ ਬੋ ਦਿੱਤਾ। ਭਾਈ, ਭਾਈ ਦਾ ਦੁਸ਼ਮਣ ਬਣਨ ਲੱਗ ਪਿਆ। ਭਾਈਚਾਰਕ ਸੰਬੰਧ ਤਾਰ ਤਾਰ ਹੋ ਗਏ। ਨਹੁੰ ਮਾਸ ਦੇ ਰਿਸ਼ਤੇ ਲਹੂ ਲੁਹਾਣ ਹੋ ਗਏ। ਇਹ ਸਿਲਸਲਾ 1992 ਤੱਕ ਲਗਾਤਾਰ ਜਾਰੀ ਰਿਹਾ। ਸਰਕਾਰੀ ਤੰਤਰ ਅਤੇ ਅਖਾਉਤੀ ਦਹਿਸ਼ਤਗਰਦਾਂ ਨੇ ਪੰਜਾਬ ਦੀ ਨੌਜਵਾਨੀ ਦਾ ਖ਼ਾਤਮਾ ਕਰਨ ਵਿਚ ਕੋਈ ਕਸਰ ਬਾਕੀ ਨਾ ਛੱਡੀ। ਪੰਜਾਬੀ ਭਾਈਚਾਰਾ ਦੋ ਹਿਸਿਆਂ ਵਿਚ ਵੰਡ ਦਿੱਤਾ ਗਿਆ। ਇਕ ਭਾਈਚਾਰੇ ਨੂੰ ਬਦਨਾਮ ਕਰਨ ਵਿਚ ਰਹਿੰਦੀ ਖੂੰਹਦੀ ਕਸਰ ਮੀਡੀਆ ਨੇ ਪੂਰੀ ਕਰ ਦਿੱਤੀ। ਇਸ ਦੌਰ ਵਿਚ ਮਰਨ ਅਤੇ ਮਾਰਨ ਵਾਲੇ ਦੋਵੇਂ ਇਕੋ ਭਾਈਚਾਰੇ ਦੇ ਸਨ। ਇਸ ਤੋਂ ਵੱਡਾ ਉਜਾੜਾ ਕੀ ਹੋ ਸਕਦਾ ਹੈ।
ਚੌਥਾ ਉਜਾੜਾ ਉਦੋਂ ਹੋਇਆ ਜਦੋਂ ਕੇਂਦਰ ਸਰਕਾਰ ਨੇ ਫੌਜ ਦੀ ਰਹਿਨੁਮਾਈ ਵਿਚ ਸਿੱਖ ਜਗਤ ਦੇ ਸਰਵੋਤਮ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ ਉਪਰ ਤੋਪਾਂ ਨਾਲ ਉਸ ਦਿਨ ਹਮਲਾ ਕਰ ਦਿੱਤਾ ਜਦੋਂ ਸਿੱਖ ਸ਼ਰਧਾਲੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਨਤਮਸਤਕ ਹੋਣ ਲਈ ਆਏ ਹੋਏ ਸਨ। ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਸ਼ਹੀਦ ਕਰ ਦਿੱਤੇ ਗਏ। ਸਿੱਖ ਜਗਤ ਦੀ ਮਾਨਸਿਕਤਾ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਸ ਧਾਰਮਿਕ ਉਜਾੜੇ ਨੂੰ ਕੇਂਦਰ ਸਰਕਾਰ ਨੇ ਅਮਲੀ ਰੂਪ ਦਿੱਤਾ। ਅਜੇ ਸਿੱਖਾਂ ਦੇ ਜ਼ਖ਼ਮ ਰਿਸਦੇ ਸਨ। ਅੱਲੇ ਜ਼ਖ਼ਮਾ ਤੇ ਖਰੀਂਢ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ ਜਦੋਂ ਪੰਜਵਾਂ ਉਜਾੜਾ ਦਿੱਲੀ ਵਿਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਹੋਣ ਤੋਂ ਬਾਅਦ ਹੋਇਆ, ਜਿਸਨੂੰ ਸਿੱਖਾਂ ਦੇ ਨਾਂ ਨਾਲ ਮੜ੍ਹਕੇ ਸਮੁਚੇ ਭਾਰਤ ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾਕੇ ਦਿੱਲੀ ਅਤੇ ਦੇਸ ਦੇ ਹੋਰ ਮੁੱਖ ਸ਼ਹਿਰਾਂ ਵਿਚ ਉਨ੍ਹਾਂ ਦੀ ਨਸਲਕੁਸ਼ੀ ਕਰਨ ਦੀ ਕੋਸਿਸ਼ ਕੀਤੀ ਗਈ। ਚੁਣ ਚੁਣ ਕੇ ਘਰਾਂ ਵਿਚੋਂ ਬਾਹਰ ਕੱਢਕੇ ਗਲਾਂ ਵਿਚ ਟਾਇਰ ਪਾ ਕੇ ਸਿੱਖਾਂ ਨੂੰ ਸਾੜਿਆ ਗਿਆ। ਇਸਤਰੀਆਂ ਨਾਲ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਸਾਹਮਣੇ ਬਲਾਤਕਾਰ ਕਰਨ ਉਪਰੰਤ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਕੀ ਇਸਨੂੰ ਉਜਾੜਾ ਨਹੀਂ ਕਿਹਾ ਜਾ ਸਕਦਾ। ਸਿੱਖਾਂ ਅਤੇ ਪੰਜਾਬੀਆਂ ਦਾ ਅਜਿਹੇ ਉਜਾੜਿਆਂ ਨੇ ਘਾਣ ਕੀਤਾ ਹੈ।
ਸਤਵੇਂ ਅਤੇ ਅੱਠਵੇਂ ਉਜਾੜੇ 2007 ਤੋਂ ਪੰਜਾਬ ਨੂੰ ਇੱਕ ਨਵੀਂ ਕਿਸਮ ਦੇ ਨਸ਼ਿਆਂ ਅਤੇ ਗੈਂਗਸਟਰਾਂ ਦੇ ਉਜਾੜਿਆਂ ਨੇ ਆਪਣੀ ਲਪੇਟ ਵਿਚ ਲੈ ਲਿਆ। ਰਵਾਇਤੀ ਨਸ਼ੇ ਸ਼ਰਾਬ, ਅਫੀਮ ਅਤੇ ਡੋਡੇ ਆਦਿ ਦਾ ਸੇਵਨ ਤਾਂ ਪੰਜਾਬੀ ਪਹਿਲਾਂ ਵੀ ਕਰਦੇ ਸਨ ਪ੍ਰੰਤੂ ਸਿੰਥੈਟਿਕ ਨਸ਼ੇ ਪਹਿਲੀ ਵਾਰ ਪੰਜਾਬ ਵਿਚ ਆਏ ਹਨ, ਜਿਹੜੇ ਇਤਨੇ ਘਾਤਕ ਹਨ, ਜਿਤਨਾ ਸੋਚਿਆ ਵੀ ਨਹੀਂ ਜਾ ਸਕਦਾ। ਇਨ੍ਹਾਂ ਦੇ ਸੇਵਨ ਕਰਨ ਨਾਲ ਮੌਤ ਤਾਂ ਬਹੁਤ ਜਲਦੀ ਆਉਂਦੀ ਹੀ ਹੈ ਪ੍ਰੰਤੂ ਇਹ ਹੋਰ ਵੀ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਪੈਦਾ ਕਰਦੇ ਹਨ, ਉਦਾਹਰਣ ਲਈ ਲੜਕੇ ਅਤੇ ਲੜਕੀਆਂ ਨੂੰ ਨਪੁੰਸਕ ਬਣਾ ਦਿੰਦੇ ਹਨ। ਨਸ਼ਿਆਂ ਦੇ ਉਜਾੜੇ ਨੇ ਪੰਜਾਬ ਦੀ ਨੌਜਵਾਨੀ ਦਾ ਮਲੀਆ ਮੇਟ ਕਰ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਲੜਕਿਆਂ ਦੇ ਨਾਲ ਲੜਕੀਆਂ ਵੀ ਨਸ਼ਿਆਂ ਵਿਚ ਗ੍ਰਸਤ ਹੋ ਗਈਆਂ ਹਨ। ਪੰਜਾਬ ਨੂੰ ਉਜਾੜਨ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਗੁਪਤਚਰ ਏਜੰਸੀਆਂ ਦਾ ਇਹ ਕਾਰਾ ਹੋ ਸਕਦਾ ਹੈ। ਨਸ਼ਿਆਂ ਦੇ ਨਾਲ ਜੁੜਵਾਂ ਉਜਾੜਾ ਗੈਂਗਸਟਰਾਂ ਦਾ ਬਣਨਾ ਪੰਜਾਬ ਲਈ ਮੰਦਭਾਗੀ ਗੱਲ ਹੈ। ਇਸ ਤੋਂ ਪਹਿਲਾਂ ਬਿਹਾਰ ਅਤੇ ਉਤਰ ਪ੍ਰਦੇਸ ਵਿਚ ਗੈਂਗਸਟਰਾਂ ਦੀ ਗੱਲ ਸੁਣੀਂਦੀ ਸੀ ਪ੍ਰੰਤੂ ਹੁਣ ਪੰਜਾਬ ਮੋਹਰੀ ਦੀ ਭੂਮਿਕਾ ਨਿਭਾ ਰਿਹਾ ਹੈ। ਇਹ ਗੈਂਗਸਟਰ ਵੀ 2007 ਤੋਂ ਬਾਅਦ ਚੋਣ ਜਿੱਤਣ ਲਈ ਸਿਆਸਤਦਾਨਾਂ ਨੇ ਪੈਦਾ ਕੀਤੇ ਸਨ, ਜਿਸਦਾ ਖਮਿਆਜਾ ਹੁਣ ਸਿਆਸਤਦਾਨਾਂ ਨੂੰ ਵੀ ਭੁਗਤਣਾ ਪੈ ਰਿਹਾ ਹੈ। ਨੌਵੇਂ ਭਰਿਸ਼ਟਾਚਾਰ ਦੇ ਉਜਾੜੇ ਨੇ ਵੀ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ, ਜਿਸ ਕਰਕੇ ਅਮੀਰ ਹੋਰ ਅਮੀਰ ਅਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ।
ਪੰਜਾਬੀਆਂ ਦਾ ਦਸਵਾਂ ਉਜਾੜਾ ਇਸ ਸਮੇਂ ਬੜੇ ਜ਼ੋਰ ਸ਼ੋਰ ਨਾਲ ਹੋ ਰਿਹਾ ਹੈ। ਹਰ ਵਿਦਿਆਰਥੀ ਜਿਹੜਾ ਪਲੱਸ ਟੂ ਪਾਸ ਕਰ ਲੈਂਦਾ ਉਹ ਆਪਣੇ ਮਾਂ ਬਾਪ ਦੇ ਗਲ ਗੂਠਾ ਦੇ ਕੇ ਪਰਵਾਸ ਵਿਚ ਪੜ੍ਹਨ ਲਈ ਤੱਤਪਰ ਰਹਿੰਦਾ ਹੈ। ਹਾਲਾਂ ਕਿ ਇਤਨੀ ਛੋਟੀ ਉਮਰ ਦੇ ਬੱਚਿਆਂ ਨੂੰ ਅਜੇ ਜ਼ਿੰਦਗੀ ਬਸਰ ਕਰਨ ਦੀ ਬਹੁਤੀ ਸਮਝ ਵੀ ਨਹੀਂ ਹੁੰਦੀ। ਸਭ ਤੋਂ ਪਹਿਲਾਂ ਉਹ ਆਈ ਲੈਟ ਕਰਨ ਨੂੰ ਪਹਿਲ ਦਿੰਦਾ ਹੈ। ਪੰਜਾਬ ਦੇ ਉਤਨੇ ਪਿੰਡ ਤੇ ਸ਼ਹਿਰ ਨਹੀਂ ਹਨ, ਜਿਤਨੀਆਂ ਆਈ ਲੈਟ ਦੀਆਂ ਦੁਕਾਨਾ ਖੁਲ੍ਹੀਆਂ ਹੋਈਆਂ ਹਨ। ਪੰਜਾਬ ਵਿਚੋਂ ਹਰ ਸਾਲ ਲਗਪਗ ਦੋ ਲੱਖ ਵਿਦਿਆਰਥੀ ਪਰਵਾਸ ਵਿਚ ਪੜ੍ਹਾਈ ਕਰਨ ਲਈ ਜਾਂਦੇ ਹਨ। ਇਸ ਤੋਂ ਇਲਾਵਾ ਹਜ਼ਾਰਾਂ ਅਜਿਹੇ ਵਿਅਕਤੀ ਹਨ, ਜਿਹੜੇ ਗੈਰ ਕਾਨੂੰਨੀ ਢੰਗ ਨਾਲ ਜੰਗਲਾਂ ਬੇਲਿਆਂ, ਰੇਗਿਸਤਾਨਾ ਅਤੇ ਸਮੁੰਦਰਾਂ ਵਿਚ ਕਿਸ਼ਤੀਆਂ ਰਾਹੀਂ ਜਾ ਰਹੇ ਹਨ। ਇਨ੍ਹਾਂ ਵਿਚੋਂ ਬਹੁਤੇ ਤਾਂ ਰਸਤੇ ਵਿਚ ਹੀ ਜਦੋਜਹਿਦ ਕਰਦੇ ਜ਼ਿੰਦਗੀ ਦੀ ਲੀਲਾ ਸਮਾਪਤ ਕਰ ਲੈਂਦੇ ਹਨ। ਪਿਛੇ ਮਾਂ ਬਾਪ ਸਾਰੀ ਉਮਰ ਤੜਫਦੇ ਹੀ ਜੀਵਨ ਗੁਜਾਰਦੇ ਹਨ। ਪੜ੍ਹਾਈ ਕਰਨਾ ਤਾਂ ਉਨ੍ਹਾਂ ਦਾ ਬਹਾਨਾ ਹੁੰਦਾ ਹੈ। ਅਸਲ ਵਿਚ ਉਹ ਤਾਂ ਹਰ ਹਾਲਤ ਵਿਚ ਪਰਵਾਸ ਵਿਚ ਸੈਟਲ ਹੋਣਾ ਚਾਹੁੰਦੇ ਹਨ। ਪਰਵਾਸ ਦੀ ਜ਼ਿੰਦਗੀ ਵੀ ਇਤਨੀ ਸੁਖਾਲੀ ਨਹੀਂ। ਸਗੋਂ ਉਨ੍ਹਾਂ ਨੂੰ ਗੁਜਾਰਾ ਕਰਨ ਲਈ ਕਈ ਕਿਸਮ ਦੇ ਵੇਲਣ ਵੇਲਣੇ ਪੈਂਦੇ ਹਨ। ਪੰਜਾਬ ਵਿਚ ਆਪਣੇ ਘਰਾਂ ਵਿਚ ਉਹ ਆਪਣੀ ਰੋਟੀ ਆਪ ਚੁੱਕਕੇ ਨਹੀਂ ਖਾਂਦੇ ਪ੍ਰੰਤੂ ਪਰਵਾਸ ਵਿਚ ਹਰ ਕੰਮ ਆਪ ਹੀ ਕਰਨਾ ਪੈਂਦਾ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬ ਵਿਚ ਕੋਈ ਰੋਜ਼ਗਾਰ ਨਹੀਂ ਹੈ, ਇਸ ਲਈ ਬੇਰੋਜ਼ਗਾਰੀ ਕਰਕੇ ਬਾਹਰ ਜਾਂਦੇ ਹਨ। ਪ੍ਰੰਤੂ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਚੰਗੇ ਖਾਂਦੇ ਪੀਂਦੇ ਰੱਜੇ ਪੁੱਜੇ ਘਰਾਂ ਦੇ ਲੜਕੇ ਲੜਕੀਆਂ ਵੀ ਪਰਵਾਸ ਵਿਚ ਸੈਟਲ ਹੋਣ ਲਈ ਪਾਗਲ ਹੋਏ ਫਿਰਦੇ ਹਨ। ਜਿਵੇਂ ਉਹ ਪਰਵਾਸ ਵਿਚ ਜਾ ਕੇ ਹੱਥੀਂ ਕੰਮ ਕਰਦੇ ਹਨ, ਜੇਕਰ ਪੰਜਾਬ ਵਿਚ ਕੰਮ ਕਰਨ ਤਾਂ ਇਥੇ ਵੀ ਬਾਰੇ ਨਿਆਰੇ ਹੋ ਸਕਦੇ ਹਨ। ਪੰਜਾਬ ਵਿਚ ਕੰਮ ਕਰਨ ਲਈ ਬਿਹਾਰ ਅਤੇ ਦੇਸ ਦੇ ਹੋਰ ਰਾਜਾਂ ਤੋਂ ਲੋਕ ਆਉਂਦੇ ਹਨ ਕਿਉਂਕਿ ਸਾਡੇ ਪੰਜਾਬੀ ਨੌਜਵਾਨ ਹੱਥੀਂ ਕੰਮ ਕਰਨ ਨੂੰ ਚੰਗਾ ਨਹੀਂ ਸਮਝਦੇ। ਪਰਵਾਸ ਵਿਚ ਹਰ ਕਿਸਮ ਦਾ ਕੰਮ ਕਰਨ ਲਈ ਤੱਤਪਰ ਹਨ। ਜਿਸ ਮਿਕਦਾਰ ਨਾਲ ਹੁਣ ਵਿਦਿਆਰਥੀ ਜਾ ਰਹੇ ਹਨ, ਉਸ ਤੋਂ ਤਾਂ ਇਉਂ ਲੱਗਦਾ ਹੈ ਕਿ ਅਗਲੇ ਪੰਜਾਹ ਸਾਲਾਂ ਵਿਚ ਪੰਜਾਬ ਖਾਲੀ ਹੋ ਜਾਵੇਗਾ। ਪੰਜਾਬ ਦੀ ਆਰਥਿਤਾ ਬਰਬਾਦ ਹੋ ਰਹੀ ਹੈ ਕਿਉਂਕਿ ਜਿਹੜੇ ਪਰਵਾਸ ਵਿਚ ਵਸ ਜਾਂਦੇ ਹਨ, ਉਹ ਹੁਣ ਪੰਜਾਬ ਵਿਚ ਇਕ ਪੈਸਾ ਵੀ ਇਨਵੈਸਟ ਨਹੀਂ ਕਰਦੇ। ਪੰਜਾਬ ਵਿਚ ਉਨ੍ਹਾਂ ਨੂੰ ਆਪਣੀਆਂ ਜਾਇਦਾਦਾਂ ਸੁਰੱਖਿਅਤ ਨਹੀਂ ਲੱਗਦੀਆਂ। ਕੋਈ ਸਮਾਂ ਹੁੰਦਾ ਸੀ ਜਦੋਂ ਪਰਵਾਸੀ ਪੰਜਾਬ ਵਿਚ ਜਾਇਦਾਦਾਂ ਖ੍ਰੀਦਦੇ ਸਨ। ਹੁਣ ਤਾਂ ਕਰੋੜਾਂ ਰੁਪਿਆ ਪੰਜਾਬ ਵਿਚੋਂ ਫੀਸਾਂ ਦੇ ਰੂਪ ਵਿਚ ਬਾਹਰ ਜਾ ਰਿਹਾ ਹੈ। ਇਕੱਲੀ ਇਹੋ ਗੱਲ ਨਹੀਂ ਸਗੋਂ ਬਦਕਿਸਮਤੀ ਦੀ ਗੱਲ ਤਾਂ ਇਹ ਹੈ ਕਿ ਸਾਡੀ ਨੌਜਵਾਨਾ ਦੀ ਕਰੀਮ ਜਿਹੜੇ ਦਿਮਾਗੀ ਹੁਸ਼ਿਆਰ ਵਿਦਿਆਰਥੀ ਹਨ, ਉਨ੍ਹਾਂ ਦਾ ਲਾਭ ਬਾਹਰਲੇ ਦੇਸ ਲੈ ਰਹੇ ਹਨ। ਅਸੀਂ ਦਿਮਾਗੀ ਤੌਰ ਤੇ ਕੰਗਾਲ ਹੋ ਰਹੇ ਹਾਂ। ਪਰਵਾਸ ਵਿਚ ਭਾਰਤੀ ਡਾਕਟਰ, ਇੰਜਿਨੀਅਰ ਅਤੇ ਵਿਗਿਆਨੀਆਂ ਦਾ ਬੋਲਬਾਲਾ ਹੈ। ਟਰਾਂਸਪੋਰਟ ਅਤੇ ਹੋਟਲ ਇੰਡਸਟਰੀ ਵਿਚ ਪੰਜਾਬੀਆਂ ਦਾ ਕਬਜ਼ਾ ਹੈ।
ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਏਸੇ ਰਫਤਾਰ ਨਾਲ ਪੰਜਾਬੀਆਂ ਦਾ ਪਰਵਾਸ ਵਿਚ ਜਾਣਾ ਜ਼ਾਰੀ ਰਿਹਾ ਤਾਂ ਪੰਜਾਬ ਦੇ ਪਿੰਡਾਂ ਦੇ ਘਰਾਂ ਵਿਚ ਸਿਰਫ ਬਜ਼ੁਰਗ ਹੀ ਰਹਿ ਜਾਣਗੇ, ਜਿਹੜੇ ਆਪਣੇ ਬੱਚਿਆਂ ਦੇ ਮੂੰਹ ਵੇਖਣ ਲਈ ਤਰਸਦੇ ਰਹਿਣਗੇ। ਪੰਜਾਬ ਨੂੰ ਕਈ ਤਰ੍ਹਾਂ ਦੇ ਉਜਾੜਿਆਂ ਨੇ ਉਜਾੜ ਕੇ ਰੱਖ ਦਿੱਤਾ। ਇਉਂ ਲੱਗ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਨ ਅਨੁਸਾਰ ਮਾੜੇ ਲੋਕ ਆਪੋ ਆਪਣੇ ਘਰਾਂ ਵਿਚ ਵਸਦੇ ਰਹਿਣ ਪ੍ਰੰਤੂ ਸਿਆਣੇ ਤੇ ਸੁਲਝੇ ਹੋਏ ਲੋਕ ਉਜੜਕੇ ਸੰਸਾਰ ਵਿਚ ਜਾ ਕੇ ਸੰਸਾਰ ਦਾ ਭਲਾ ਕਰਨ ਇਸੇ ਥਿਊਰੀ ਅਨੁਸਾਰ ਪੰਜਾਬੀ ਪਰਵਾਸ ਵਿਚ ਜਾ ਕੇ ਆਪਣੀ ਵਿਦਵਤਾ ਸਿੱਕਾ ਜਮ੍ਹਾ ਰਹੇ ਹਨ।
ਮੋਬਾਈਲ - 94178 13072
ujagarsingh48@yahoo.com
ਨਾਗਰਿਕ ਸੋਧ ਕਾਨੂੰਨ-ਭਾਰਤ ਦੇ ਵੋਟਰਾਂ ਨੂੰ ਆਪਣੇ ਬੀਜੇ ਕੰਡੇ ਆਪ ਹੀ ਚੁਗਣੇ ਪੈਣਗੇ - ਉਜਾਗਰ ਸਿੰਘ
ਪਰਜਾਤੰਤਰ ਸੰਸਾਰ ਵਿਚ ਸਭ ਨਾਲੋਂ ਬਿਹਤਰੀਨ ਰਾਜ ਪ੍ਰਬੰਧ ਦੀ ਪ੍ਰਣਾਲੀ ਹੈ ਕਿਉਂਕਿ ਹਰ ਨਾਗਰਿਕ ਨੂੰ ਵੋਟ ਪਾ ਕੇ ਆਪਣੀ ਮਰਜੀ ਦੀ ਸਰਕਾਰ ਚੁਣਨ ਦਾ ਮੌਕਾ ਮਿਲਦਾ ਹੈ। ਪ੍ਰੰਤੂ ਪਰਜਾਤੰਤਰ ਪ੍ਰਣਾਲੀ ਰਾਹੀਂ ਚੁਣੀ ਗਈ ਸਰਕਾਰ ਦਾ ਅਰਥ ਇਹ ਵੀ ਨਹੀਂ ਹੁੰਦਾ ਕਿ ਉਹ ਆਪਣੀਆਂ ਮਨਮਾਨੀਆਂ ਕਰੇ। ਚੁਣੀ ਹੋਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਪਰਜਾ ਦੇ ਲੋਕ ਹਿਤਾਂ ਦੀ ਰਾਖੀ ਕਰੇ। ਉਸਨੂੰ ਹਰ ਮਹੱਤਵਪੂਰਨ ਫੈਸਲਾ ਕਰਨ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਨੂੰ ਵਿਸਸ਼ਾਸ ਵਿਚ ਲੈਣਾ ਚਾਹੀਦਾ ਹੈ। ਨਰਿੰਦਰ ਮੋਦੀ ਨੇ ਤਾਂ ਮਈ 2018 ਵਿਚ ਲੋਕ ਸਭਾ ਦੀਆਂ ਚੋਣਾਂ ਵਿਚ ਭਾਰਤ ਦੇ ਵੋਟਰਾਂ ਤੋਂ ਦੁਬਾਰਾ ਫਤਵਾ ਆਪਣੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਕਰਕੇ ਮੰਗਿਆ ਸੀ, ਹੋਇਆ ਇੰਜ ਜਿਵੇਂ ਇਕ ਕਹਾਵਤ ਹੈ ਕਿ ''ਹੱਸਦੀ ਨੇ ਫੁਲ ਮੰਗਿਆ ਸਾਰਾ ਬਾਗ ਹਵਾਲੇ ਕੀਤਾ''। ਭਾਰਤ ਦੇ ਵੋਟਰਾਂ ਨੇ ਨਰਿੰਦਰ ਮੋਦੀ ਨੂੰ ਇਕ ਫੁਲ ਦੀ ਥਾਂ ਸਾਰਾ ਬਾਗ ਹਵਾਲੇ ਕਰਕੇ ਬਾਗੋਬਾਗ ਕਰ ਦਿੱਤਾ। ਹੁਣ ਨਰਿੰਦਰ ਮੋਦੀ ਆਪਣੀਆਂ ਨੀਤੀਆਂ ਨਾਲ ਭਾਰਤੀ ਵੋਟਰਾਂ ਨੂੰ ਬਾਗੋਬਾਗ ਕਰ ਰਿਹਾ ਹੈ ਪ੍ਰੰਤੂ ਭਾਰਤੀ ਵੋਟਰਾਂ ਨੂੰ ਇਹ ਬਾਗੋਬਾਗ ਹੋਣ ਵਾਲੀ ਖ਼ੁਸ਼ੀ ਹਜ਼ਮ ਨਹੀਂ ਹੋ ਰਹੀ। ਭਾਰਤ ਦੇ ਵੋਟਰ ਸਾਰਾ ਬਾਗ ਹਵਾਲੇ ਕਰਕੇ ਪਛਤਾ ਰਹੇ ਹਨ। ਹੁਣ ਪਛਤਾਉਣ ਨਾਲ ਕੋਈ ਫਰਕ ਨਹੀਂ ਪੈਣਾ। ਹੁਣ ਤਾਂ ਨਰਿੰਦਰ ਮੋਦੀ ਦੀ ਸਰਕਾਰ ਪੰਜ ਸਾਲ ਚੰਮ ਦੀਆਂ ਚਲਾਵੇਗੀ। ਅਬ ਪਛਤਾਇਆ ਕਿਆ ਬਣੇ ਜਬ ਚਿੜੀਆ ਚੁੱਗ ਗਈ ਖੇਤ। ਇਹ ਕਹਾਵਤ ਭਾਰਤ ਦੇ ਵੋਟਰਾਂ ਤੇ ਪੂਰੀ ਢੁਕਦੀ ਹੈ। ਉਦੋਂ ਤਾਂ ਵੋਟਰਾਂ ਨੇ ਨਰਿੰਦਰ ਮੋਦੀ ਦੀ ਝੋਲੀ ਭਰ ਦਿੱਤੀ। ਭਾਰਤ ਦੇ ਵੋਟਰ ਨੂੰ ਕੇਂਦਰ ਸਰਕਾਰ ਨਾਲ ਰੋਸ ਜਤਾਉਣ ਦਾ ਕੋਈ ਹੱਕ ਨਹੀਂ ਕਿਉਂਕਿ ਉਨ੍ਹਾਂ ਆਪਣੀਆਂ ਵੋਟਾਂ ਨਾਲ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਉਪਰ ਮੋਹਰ ਲਾ ਕੇ ਸਪੱਸ਼ਟ ਬਹੁਮਤ ਦੇ ਕੇ ਜਤਾਇਆ ਹੈ। ਇਸ ਲਈ ਉਨ੍ਹਾਂ ਨੂੰ ਸਰਕਾਰ ਦੇ ਫੈਸਲਿਆਂ ਤੇ ਕਿੰਤੂ ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ, ਸਗੋਂ ਉਨ੍ਹਾਂ ਨੂੰ ਤਾਂ ਸਰਕਾਰ ਦੇ ਹਰ ਫੈਸਲੇ ਉਪਰ ਫੁਲ ਚੜ੍ਹਾਉਣੇ ਚਾਹੀਦੇ ਹਨ। ਜੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀਆਂ ਦੀਆਂ ਨੀਤੀਆਂ ਵਿਚ ਵਿਸ਼ਵਾਸ ਨਾ ਹੁੰਦਾ ਤਾਂ ਉਹ ਇਤਨੀ ਵੱਡੀ ਮਾਤਰਾ ਵਿਚ ਵੋਟਾਂ ਕਿਉਂ ਪਾਉਂਦੇ। ਇਹ ਤਾਂ ਉਨ੍ਹਾਂ ਨਾਲ ਵਿਸ਼ਵਾਸਘਾਤ ਹੋ ਗਿਆ ਲੱਗਦਾ ਹੈ। ਅਜੇ ਤਾਂ ਸਰਕਾਰ ਬਣੀ ਨੂੰ ਡੇਢ ਸਾਲ ਹੀ ਹੋਇਆ ਹੈ। ਜਿਹੜੇ ਕੰਡੇ ਵੋਟਰਾਂ ਨੇ ਬੀਜੇ ਹਨ, ਉਨ੍ਹਾਂ ਨੂੰ ਉਹ ਆਪ ਹੀ ਚੁਗਣੇ ਪੈਣਗੇ। ਵੋਟਾਂ ਪਾਉਣ ਸਮੇਂ ਤਾਂ ਵੋਟਰ ਸਿਆਸਤਦਾਨਾ ਦੇ ਝਾਂਸੇ ਵਿਚ ਆ ਕੇ ਵੋਟਾਂ ਪਾ ਦਿੰਦੇ ਹਨ। ਅਸਲ ਵਿਚ ਸਿਆਸੀ ਪਾਰਟੀਆਂ ਹੁਣ ਅਸੂਲਾਂ ਦੀ ਸਿਆਸਤ ਕਰਨ ਤੋਂ ਪਾਸਾ ਵੱਟ ਗਈਆਂ ਹਨ। ਚੋਣਾਂ ਮੌਕੇ ਤਾਂ ਅਸੂਲਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਸਰਕਾਰਾਂ ਬਣਨ ਤੋਂ ਬਾਅਦ ਤੂੰ ਕੌਣ ਤੇ ਮੈਂ ਕੌਣ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਸਰਕਾਰਾਂ ਮਨਮਰਜੀ ਕਰਦੀਆਂ ਹਨ, ਲੋਕ ਧੱਕੇ ਖਾਂਦੇ ਰਹਿੰਦੇ ਹਨ।
ਭਾਰਤ ਸੰਸਾਰ ਦਾ ਸਭ ਤੋਂ ਵੱਡਾ ਧਰਮ ਨਿਰਪੱਖ ਲੋਕਤੰਤਰ ਹੈ। ਕੇਂਦਰ ਸਰਕਾਰ ਨੇ ਤਾਂ ਦੇਸ ਭਗਤੀ ਅਤੇ ਲੋਕਤੰਤਰ ਦੀ ਪਰਿਭਾਸ਼ਾ ਹੀ ਬਦਲਕੇ ਰੱਖ ਦਿੱਤੀ। ਭਾਰਤ ਨੂੰ ਹਿੰਦੂ ਰਾਜ ਬਣਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ, ਜਿਸਦਾ ਧਰਮ ਨਿਰਪੱਖ ਸ਼ਕਤੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਵਿਰੋਧ ਹੋਣਾ ਕੁਦਰਤੀ ਵੀ ਸੀ ਕਿਉਂਕਿ ਦੇਸ ਦਾ ਸੰਵਿਧਾਨ ਇਹ ਇਜ਼ਾਜਤ ਨਹੀਂ ਦਿੰਦਾ। ਦੂਜੀ ਪਾਰੀ ਵਿਚ ਭਾਰੀ ਬਹੁਮਤ ਨਾਲ ਚੋਣਾ ਜਿੱਤਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ। ਪਹਿਲੀ ਪਾਰੀ ਵਿਚ ਤਾਂ ਨੋਟਬੰਦੀ ਨੇ ਦੇਸ ਦੇ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਦੀ ਥਾਂ ਵਧਾ ਦਿੱਤੀਆਂ ਸੀ ਪ੍ਰੰਤੂ ਇਸ ਵਾਰ ਤਾਂ ਬਹੁਤ ਹੀ ਵਾਦਵਿਵਾਦ ਵਾਲੇ ਫੈਸਲੇ ਕੀਤੇ ਹਨ, ਜਿਨ੍ਹਾਂ ਵਿਚ ਜੰਮੂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨਾ, ਤਿੰਨ ਤਲਾਕ, ਰਾਮ ਮੰਦਰ ਅਤੇ ਨਾਗਰਿਕ ਸੋਧ ਕਾਨੂੰਨ ਬਣਾਉਣਾ ਆਦਿ ਮਹੱਤਵਪੂਰਨ ਹਨ। ਨੈਸ਼ਨਲ ਰਜਿਸਟਰ ਆਫ ਸਿਟੀਜਨ ਅਤੇ ਹਿੰਦੂ ਹਿੰਦੁਸਤਾਨ ਇਕ ਦੇਸ ਅਤੇ ਇਕ ਭਾਸ਼ਾ ਦਾ ਵੀ ਰਾਮ ਰੌਲਾ ਪੈ ਰਿਹਾ ਹੈ। ਲਿੰਚਿੰਗ ਦੀਆਂ ਘਟਨਾਵਾਂ ਨੇ ਤਾਂ ਧਰਮ ਨਿਰਪੱਖਤਾ ਰਾਜ ਦਾ ਘਾਣ ਹੀ ਕਰ ਦਿੱਤਾ। ਜਿਹੜੇ ਬੁਧੀਜੀਵੀ ਸਰਕਾਰ ਦੀਆਂ ਅਜਿਹੀਆਂ ਸੰਕੀਰਨ ਨੀਤੀਆਂ ਦੀ ਨੁਕਤਾਚੀਨੀ ਕਰਦੇ ਸਨ, ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨਾ ਅਤੇ ਬਲਾਤਕਾਰ ਦੀਆਂ ਘਟਨਾਵਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਮ ਆਉਣ ਨਾਲ ਸਰਕਾਰ ਦਾ ਅਕਸ ਖ਼ਰਾਬ ਹੋ ਰਿਹਾ ਹੈ। ਜੰਮੂ ਕਸ਼ਮੀਰ ਵਿਚ ਤਾਂ ਵਿਰੋਧੀ ਪਾਰਟੀਆਂ ਦੇ ਲੀਡਰ ਅਜੇ ਤੱਕ ਨਜ਼ਰਬੰਦ ਹਨ। ਅੱਜ ਕਲ੍ਹ ਨਾਗਰਿਕਤਾ ਸੋਧ ਕਾਨੂੰਨ ਵਾਦਵਿਵਾਦ ਦਾ ਵਿਸ਼ਾ ਬਣਿਆਂ ਹੋਇਆ ਹੈ। ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਅੰਦੋਲਨ ਹੋ ਰਹੇ ਹਨ। ਸਾੜ ਫੂਕ ਅਤੇ ਮਾਰ ਧਾੜ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਦੇਸ਼ ਦੀ ਸੰਪਤੀ ਦਾ ਨੁਕਸਾਨ ਹੋ ਰਿਹਾ ਹੈ। ਇਨ੍ਹਾਂ ਅੰਦੋਲਨਾ ਵਿਚ 50 ਨਾਗਰਿਕ ਮਾਰੇ ਜਾ ਚੁੱਕੇ ਹਨ ਲਗਪਗ 500 ਸੁਰੱਖਿਆ ਅਮਲੇ ਦੇ ਲੋਕ ਜ਼ਖ਼ਮੀ ਹੋ ਚੁੱਕੇ ਹਨ। ਹਾਲਾਤ ਕਾਬੂ ਹੇਠ ਆਉਂਦੇ ਨਜ਼ਰ ਨਹੀਂ ਆ ਰਹੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਘਟਨਾ ਨੇ ਤਾਂ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ। ਜ਼ੋਰ ਜ਼ਬਰਦਸਤੀ ਦੀ ਅੰਤਹ ਹੋ ਗਈ। ਲੜਕੇ ਤੇ ਲੜਕੀਆਂ ਨੂੰ ਕਮਰਿਆਂ ਵਿਚੋਂ ਬਾਹਰ ਕੱਢਕੇ ਮਾਰਿਆ ਗਿਆ। ਉਹ ਵੀ ਪਾਰਟੀ ਦੇ ਵਰਕਰਾਂ ਨੇ ਉਲਟਾ ਵਿਦਿਆਰਥੀਆਂ ਤੇ ਕੇਸ ਦਰਜ ਕਰ ਦਿੱਤੇ। ਕਰੋੜਾਂ ਦੀ ਜਾਇਦਾਦ ਸੜ ਕੇ ਤਬਾਹ ਹੋ ਗਈ ਹੈ। ਹਾਲਾਂਕਿ ਭਾਰਤ ਵਿਚ ਮੀਆਂਮੀਰ ਤੋਂ ਰੋਹਹਿੰਗੀਆ ਮੁਸਲਮਾਨ ਆ ਕੇ ਰਹਿ ਰਹੇ ਹਨ, ਹੁਣ ਪਤਾ ਨਹੀਂ ਕਿਉਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ। ਕੁਝ ਲੋਕ ਨਾਗਰਿਕਤਾ ਕਾਨੂੰਨ ਨੂੰ ਪੜ੍ਹੇ ਤੇ ਬਗੈਰ ਹੀ ਸੁਣੀ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰ ਰਹੇ ਹਨ।
ਇਹ ਕਾਨੂੰਨ 1951 ਵਿਚ ਪੰਡਿਤ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦਿਆਂ ਬਣਿਆਂ ਸੀ। ਇਸ ਕਾਨੂੰਨ ਦਾ ਸੰਬੰਧ ਗੁਆਂਢੀ ਦੇਸਾਂ ਵਿਚੋਂ ਘੱਟ ਗਿਣਤੀਆਂ ਦੇ ਆਉਣ ਵਾਲੇ ਸ਼ਰਨਾਰਥੀਆਂ ਨਾਲ ਹੈ, ਜਿਨ੍ਹਾਂ ਉਪਰ ਉੱਥੇ ਤਸ਼ੱਦਦ ਹੋ ਰਿਹਾ ਹੋਵੇ। । ਅੰਤਰ ਰਾਸ਼ਟਰੀ ਪੱਧਰ ਤੇ ਅਜਿਹੇ ਕਾਨੂੰਨ ਬਣਦੇ ਰਹਿੰਦੇ ਹਨ। ਇਸ ਕਾਨੂੰਨ ਨੂੰ ਵੀ ਅੰਤਰਰਾਸ਼ਟਰੀ ਤੌਰ ਤੇ ਮਾਣਤਾ ਪ੍ਰਾਪਤ ਹੈ। ਇਹ ਕਾਨੂੰਨ ਇਸਲਾਮਿਕ ਦੇਸਾਂ ਵਿਚ ਘੱਟ ਗਿਣਤੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਤੋਂ ਪ੍ਰਭਾਵਤ ਲੋਕਾਂ ਨੂੰ ਸ਼ਰਨ ਦੇਣ ਨਾਲ ਸੰਬੰਧਤ ਹੈ। ਹੁਣ ਭਾਰਤ ਸਰਕਾਰ ਸਮੇਂ ਦੀ ਸਥਿਤੀ ਦਾ ਬਹਾਨਾ ਬਣਾਕੇ ਇਸ ਕਾਨੂੰਨ ਨੂੰ ਅਪਡੇਟ ਕਰਨ ਦੇ ਬਹਾਨੇ ਕੱਟ ਵੱਢ ਕਰ ਰਹੀ ਹੈ। ਇਸ ਨਵੇਂ ਕਾਨੂੰਨ ਦੀ ਕੱਟ ਆਫ ਡੇਟ 31 ਦਸੰਬਰ 2014 ਬਣਾ ਦਿੱਤੀ ਹੈ। ਇਸ ਨਵੇਂ ਕਾਨੂੰਨ ਅਧੀਨ ਤਿੰਨ ਇਸਲਾਮਿਕ ਗੁਆਂਢੀ ਦੇਸਾਂ ਪਾਕਿਸਤਾਨ, ਅਫ਼ਗਾਨਸਤਾਨ ਅਤੇ ਬੰਗਲਾ ਦੇਸ ਵਿਚੋਂ ਹਿੰਦੂ, ਸਿੱਖ, ਈਸਾਈ, ਬੋਧੀ, ਪਾਰਸੀ ਅਤੇ ਜੈਨੀਆਂ ਨੂੰ ਭਾਰਤ ਵਿਚ ਸ਼ਰਨ ਲੈਣ ਦੀ ਇਜ਼ਾਜਤ ਦਿੱਤੀ ਗਈ ਹੈ, ਜਦੋਂ ਕਿ ਪਹਿਲਾਂ ਮੁਸਲਮਾਨ ਵੀ ਸ਼ਾਮਲ ਸਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਕਾਨੂੰਨ ਨਾਲ ਭਾਰਤ ਵਿਚ ਰਹਿ ਰਹੇ ਮੁਸਲਮਾਨਾ ਤੇ ਕੋਈ ਅਸਰ ਨਹੀਂ ਪੈਣਾ। ਪ੍ਰੰਤੂ ਅਰਬ ਅਤੇ ਯੂ ਏ ਈ ਵਿਚ 40 ਲੱਖ ਅਤੇ ਖਾੜੀ ਦੇਸਾਂ ਵਿਚ 70 ਲੱਖ ਭਾਰਤੀ ਰਹਿ ਰਹੇ ਹਨ। ਸੰਸਾਰ ਵਿਚ 1 ਅਰਬ 80 ਕਰੋੜ ਮੁਸਲਮਾਨ ਵਸ ਰਹੇ ਹਨ। ਭਾਵੇਂ ਉਨ੍ਹਾਂ ਮੁਲਕਾਂ ਉਪਰ ਇਸ ਕਾਨੂੰਨ ਦਾ ਕੋਈ ਅਸਰ ਨਹੀਂ ਪੈਂਦਾ ਪ੍ਰੰਤੂ ਮੁਸਲਮਾਨਾ ਵਿਚ ਭਾਰਤੀਆਂ ਵਿਰੁਧ ਮੰਦ ਭਾਵਨਾ ਪੈਦਾ ਹਵੇਗੀ। ਸ੍ਰੀਮਤੀ ਇੰਦਰਾ ਗਾਂਧੀ ਨੇ ਪਾਕਿਸਤਾਨ ਨਾਲੋਂ ਬੰਗਲਾ ਦੇਸ ਵੱਖਰਾ ਦੇਸ ਬਣਾ ਦਿੱਤਾ ਸੀ ਕਿਉਂਕਿ ਭਾਰਤ ਨੂੰ ਪੂਰਬ, ਪੱਛਮ ਅਤੇ ਦੱਖਣ ਤਿੰਨਾਂ ਪਾਸਿਆਂ ਵੱਲੋਂ ਪਾਕਿਸਤਾਨ ਤੋਂ ਅਤੇ ਉਤਰ ਵਿਚ ਚੀਨ ਤੋਂ ਹਮੇਸ਼ਾ ਹਮਲੇ ਦਾ ਖ਼ਤਰਾ ਰਹਿੰਦਾ ਸੀ। ਬੰਗਲਾ ਦੇਸ਼ ਬਣਨ ਨਾਲ ਪੂਰਬ ਅਤੇ ਦੱਖਣ ਵੱਲੋਂ ਚਿੰਤਾ ਖ਼ਤਮ ਹੋ ਗਈ ਸੀ। ਆਸਾਮ ਬੰਗਲਾ ਦੇਸ ਦੇ ਨਾਲ ਲੱਗਦਾ ਹੈ, ਇਸ ਲਈ ਉਥੇ ਬੰਗਲਾ ਦੇਸ਼ ਤੋਂ 19 ਲੱਖ ਸ਼ਰਨਾਰਥੀ ਆ ਕੇ ਵਸੇ ਹੋਏ ਹਨ ਇਨ੍ਹਾਂ ਵਿਚ 16 ਲੱਖ ਹਿੰਦੂ ਅਤੇ 3 ਲੱਖ ਮੁਸਲਮਾਨ ਹਨ। ਆਸਾਮ ਨੂੰ ਤਾਂ ਭਾਰਤ ਦੇ ਸੰਵਿਧਾਨ ਦੀ 371 ਧਾਰਾ ਅਧੀਨ ਵਿਸ਼ੇਸ ਦਰਜਾ ਪ੍ਰਾਪਤ ਹੈ। ਬੰਗਲਾ ਦੇਸ ਨਾਲ ਭਾਰਤ ਦੇ ਸੰਬੰਧ ਵੀ ਚੰਗੇ ਹਨ। ਹੁਣ ਇਸ ਨਵੇਂ ਨਾਗਰਿਕ ਸੋਧ ਕਾਨੂੰਨ ਦੇ ਬਣਨ ਨਾਲ ਬੰਗਲਾ ਦੇਸ ਤੋਂ ਆਏ 19 ਲੱਖ ਸ਼ਰਨਾਰਥੀਆਂ ਵਿਚੋਂ 3 ਲੱਖ ਮੁਸਲਮਾਨ ਸ਼ਰਨਾਰਥੀਆਂ ਦਾ ਭਵਿਖ ਖ਼ਤਰੇ ਵਿਚ ਪੈ ਗਿਆ, ਜੇ ਉਨ੍ਹਾਂ ਨੂੰ ਵਾਪਸ ਬੰਗਲਾ ਦੇਸ ਜਾਣਾ ਪਵੇਗਾ ਤਾਂ ਸਾਡੇ ਬੰਗਲਾ ਦੇਸ ਨਾਲ ਸੰਬੰਧ ਵਿਗੜਨਗੇ। ਜਿਸਦਾ ਪਾਕਿਸਤਾਨ ਅਤੇ ਚੀਨ ਲਾਭ ਉਠਾਉਣਗੇ ਤੇ ਭਾਰਤ ਨੂੰ ਆਂਢ ਗੁਆਂਢ ਤੋਂ ਚਾਰੇ ਪਾਸੇ ਤੋਂ ਖ਼ਤਰਾ ਪੈਦਾ ਹੋ ਜਾਵੇਗਾ। ਇਨ੍ਹਾਂ ਤਿੰਨਾ ਦੇਸਾਂ ਪਾਕਿਸਤਾਨ, ਅਫਗਾਸਿਤਾਨ ਅਤੇ ਬੰਗਲਾ ਦੇਸ ਵਿਚ ਲਗਪਗ 32 ਹਜ਼ਾਰ ਹਿੰਦੂ, ਸਿੱਖ ਅਤੇ ਈਸਾਈ ਵਸ ਰਹੇ ਹਨ। ਇਹ ਵੀ ਜ਼ਰੂਰੀ ਨਹੀਂ ਕਿ ਉਹ ਸਾਰੇ ਭਾਰਤ ਵਿਚ ਵਾਪਸ ਆ ਜਾਣਗੇ, ਜਿਨ੍ਹਾਂ ਕਰਕੇ ਇਹ ਸੋਧ ਬਿਲ ਬਣਾਇਆ ਹੈ। ਅਫਗਾਨਿਸਤਾਨ ਵਿਚ ਤਾਂ ਹੁਣ ਹਿੰਦੂ ਸਿੱਖ ਬਹੁਤ ਖ਼ੁਸ਼ੀ ਨਾਲ ਰਹਿ ਰਹੇ ਹਨ। ਇਕ ਹੋਰ ਵੀ ਸੋਚਣ ਵਾਲੀ ਗੱਲ ਹੈ ਕਿ ਜੇਕਰ ਅਸੀਂ 3 ਲੱਖ ਮੁਸਲਮਾਨ ਸ਼ਰਨਾਰਥੀਆਂ ਲਈ ਸ਼ਰਨਾਰਥੀ ਕੈਂਪ ਬਣਾਵਾਂਗੇ ਤਾਂ ਉਨ੍ਹਾਂ ਦਾ ਸਾਰਾ ਖ਼ਰਚਾ ਭਾਰਤ ਸਰਕਾਰ ਨੂੰ ਸਹਿਣਾ ਪਵੇਗਾ। ਫਿਰ ਇਸ ਕਾਨੂੰਨ ਬਣਾਉਣ ਦਾ ਭਾਰਤ ਨੂੰ ਕੀ ਲਾਭ ਹੋਇਆ ਨਾਲੇ ਅੰਤਰਰਾਸ਼ਟਰੀ ਤੌਰ ਤੇ ਬਦਨਾਮੀ ਖੱਟੀ ਹੈ। ਇਸ ਨਾਗਰਿਕਤਾ ਸੋਧ ਕਾਨੂੰਨ ਦਾ ਦੇਸ ਵਿਚ ਜ਼ਬਰਦਸਤ ਵਿਰੋਧ ਹੋਣ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਬਿਹਾਰ ਤੋਂ ਨਿਤਿਸ਼ ਕੁਮਾਰ ਜਿਹੜੇ ਦੋਵੇਂ ਭਾਰਤੀ ਜਨਤਾ ਪਾਰਟੀ ਦੇ ਸਹਿਯੋਗੀ ਹਨ, ਉਹ ਵੀ ਪਿਛੇ ਹੱਟ ਰਹੇ ਹਨ। ਇਹ ਉਨ੍ਹਾਂ ਦੀ ਦੂਹਰੀ ਨੀਤੀ ਹੈ। ਬਿਲ ਪਾਸ ਕਰਨ ਸਮੇਂ ਤਾਂ ਉਨ੍ਹਾਂ ਬਿਲ ਦੇ ਹੱਕ ਵਿਚ ਵੋਟਾਂ ਪਾਈਆਂ ਸਨ। ਹੁਣ ਅਜਿਹੇ ਬਿਆਨ ਦੇ ਕੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਸ ਕਾਨੂੰਨ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਵੱਖਰੇ ਆਪਾ ਵਿਰੋਧੀ ਬਿਆਨ ਦੇ ਰਹੇ ਹਨ। ਇਸ ਕਾਨੂੰਨ ਨਾਲ ਰਾਸ਼ਟਰੀ ਨਾਗਰਿਕ ਰਜਿਸਟਰ ਜੋੜ ਦਿੱਤਾ ਹੈ। ਅਰਥਾਤ ਮਰਦਮਸ਼ੁਮਾਰੀ ਵਿਚ ਜ਼ਾਤ ਅਤੇ ਧਰਮ ਲਿਖਾਉਣਾ ਪਵੇਗਾ ਜਿਸ ਤੋਂ ਹਿੰਦੂਆਂ ਤੋਂ ਬਿਨਾ ਬਾਕੀ ਸਾਰੀਆਂ ਘੱਟ ਗਿਣਤੀਆਂ ਦੇ ਅਸਤਿਤਵ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਇਹ ਕਾਨੂੰਨ ਭਾਰਤ ਦੀ ਧਰਮ ਨਿਰਪੱਖਤਾ ਦੀ ਸੋਚ ਨੂੰ ਖੋਖਲਾ ਕਰਦਾ ਹੈ। ਸੰਸਾਰ ਵਿਚ ਭਾਰਤ ਦੇ ਧਰਮ ਨਿਰਪੱਖ ਅਕਸ ਨੂੰ ਧੱਬਾ ਲੱਗ ਗਿਆ ਹੈ। ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵਤ ਦੇ ਤਾਜ਼ਾ ਬਿਆਨ ਵਿਚ ਵਿਚ ਉਸਨੇ ਕਿਹਾ ਹੈ ਕਿ ਭਾਰਤ ਦੇ 1 ਅਰਬ 30 ਕਰੋੜ ਨਾਗਰਿਕ ਹਿੰਦੂ ਹਨ ਜਾਣੀ ਕਿ ਭਾਰਤ ਦੀ ਸਾਰੀ ਅਬਾਦੀ ਹਿੰਦੂਆਂ ਦੀ ਹੈ। ਉਸਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਭਾਰਤ ਦੀਆਂ ਘੱਟ ਗਿਣਤੀ ਕੌਮਾ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਇਹ ਬਿਆਨ ਕੇਂਦਰ ਸਰਕਾਰ ਦੀ ਨੀਤੀਆਂ ਦਾ ਪ੍ਰਤੀਕ ਹੈ। ਭਾਰਤ ਵਿਚ ਘੱਟ ਗਿਣਤੀਆਂ ਦਾ ਅਸਤਿਤਵ ਖ਼ਤਰੇ ਵਿਚ ਪੈ ਗਿਆ ਹੈ। ਪਹਿਲੀ ਸੱਟੇ ਇਸ ਕਾਨੂੰਨ ਰਾਹੀਂ ਮੁਸਲਮਾਨਾ ਨੂੰ ਨਿਸ਼ਾਨਾ ਬਣਾਇਆ ਹੈ। ਇਸ ਤੋਂ ਬਾਅਦ ਦੂਜੇ ਧਰਮਾ ਦੇ ਲੋਕਾਂ ਨਾਲ ਵੀ ਇਹੋ ਸਲੂਕ ਹੋਣ ਦੀ ਉਮੀਦ ਹੈ।
ਮੋਬਾਈਲ - 94178 13072
ujagarsingh48@yahoo.com
ਕੀ ਢੀਂਡਸਾ ਪਰਿਵਾਰ ਦਾ ਪੈਂਤੜਾ ਬਾਦਲ ਪਰਿਵਾਰ ਦੇ ਨੂੰ ਵੰਗਾਰ ਸਾਬਤ ਹੋਵੇਗਾ - ਉਜਾਗਰ ਸਿੰਘ
ਸ਼ਰੋਮਣੀ ਅਕਾਲੀ ਦਲ ਦਾ ਇਤਿਹਾਸ ਦੱਸਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਧੜਿਆਂ ਵਿਚ ਵੰਡੇ ਹੋਏ ਅਕਾਲੀ ਦਲ ਵਿਚੋਂ ਇਕ ਧੜੇ ਨੂੰ ਹੀ ਸਿਆਸੀ ਤਾਕਤ ਦਿੱਤੀ ਹੈ। ਅਜੇ ਤੱਕ ਵੰਡਵੀਂ ਤਾਕਤ ਨਹੀਂ ਦਿੱਤੀ। ਧੜੇਬੰਦੀ ਅਕਾਲੀ ਦਲ ਦੀ 1920 ਵਿਚ ਸਥਾਪਨਾ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ ਜੋ ਬਾਕਾਇਦਾ ਜਾਰੀ ਹੈ। ਧੜੇਬੰਦੀ ਦੇ ਕਾਰਨ ਆਮ ਤੌਰ ਤੇ ਨੇਤਾਵਾਂ ਦੇ ਵਿਅਕਤੀਗਤ ਕਲੇਸ ਜਾਂ ਹਓਮੇਂ ਹੁੰਦੀ ਸੀ। ਇਸ ਵਾਰ ਦੀ ਧੜੇਬੰਦੀ ਸਿੱਖ ਧਰਮ ਦੇ ਪਵਿਤਰ ਗ੍ਰੰਥ ਜਿਸਨੂੰ ਗੁਰਬਾਣੀ ਵਿਚ ਸਿੱਖਾਂ ਲਈ ਗੁਰੂ ਦਾ ਦਰਜਾ ਦਿੱਤਾ ਗਿਆ, ਉਸਦੀ ਬੇਅਦਬੀ ਕਰਕੇ ਹੁੰਦੀ ਲੱਗਦੀ ਹੈ। ਅਕਾਲੀ ਦਲ ਵਿਚ ਬਗਾਬਤ ਦੀ ਅੱਗ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੀ ਸੁਲਗਣ ਲੱਗ ਗਈ ਸੀ। ਬਗਾਬਤ ਦਾ ਧੂੰਆਂ ਤਾਂ ਨਿਕਲ ਰਿਹਾ ਸੀ ਪ੍ਰੰਤੂ ਭਾਂਬੜ ਬਣਕੇ ਮੱਚ ਨਹੀਂ ਸੀ ਰਹੀ। ਹੁਣ ਹਾਲਾਤ ਬਣਦੇ ਜਾ ਰਹੇ ਹਨ ਕਿ ਇਹ ਸਿਆਸੀ ਭਾਂਬੜ ਅਕਾਲੀ ਦਲ ਉਪਰ ਕਾਬਜ਼ ਬਾਦਲ ਪਰਿਵਾਰ ਦਾ ਤਖ਼ਤੇ ਤਾਊਸ ਪਲਟਣ ਦੇ ਰੌਂ ਵਿਚ ਹਨ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸੰਜਮ ਤੋਂ ਕੰਮ ਲੈ ਰਹੀ ਸੀ ਕਿਉਂਕਿ ਜਿਹੜਾ ਵੀ ਮਾੜੇ ਮੋਟੇ ਗੁੱਸੇ ਦੇ ਤੇਵਰ ਵਿਖਾਉਂਦਾ ਸੀ, ਉਸਨੂੰ ਸਿਆਸੀ ਤਾਕਤ ਦਾ ਘਾਹ ਪਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ। ਸ਼ਰੋਮਣੀ ਅਕਾਲੀ ਦਲ ਦੀ ਸਿਆਸਤ ਉਪਰ ਪਿਛਲੇ ਪੰਜ ਦਹਾਕਿਆਂ ਤੋਂ ਭਾਰੂ ਰਹੇ ਸ੍ਰ ਪਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਪਹਿਲੀ ਵਾਰ ਢੀਂਡਸਾ ਪਰਿਵਾਰ ਦੇ ਪੈਂਤੜੇ ਨਾਲ ਆਪਣੇ ਅਸਤਿਤਵ ਨੂੰ ਬਚਾਉਣ ਦੇ ਲਾਲੇ ਪੈ ਗਏ ਹਨ। ਪਰਕਾਸ਼ ਸਿੰਘ ਬਾਦਲ ਨੇ ਜਦੋਂ ਤੋਂ ਅਕਾਲੀ ਦਲ ਦੀ ਵਾਗ ਡੋਰ ਆਪਣੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੰਭਾਲ ਦਿੱਤੀ, ਉਸ ਦਿਨ ਤੋਂ ਸੀਨੀਅਰ ਨੇਤਾ ਖ਼ਾਰ ਖਾਣ ਲੱਗ ਪਏ ਸਨ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਕੰਮ ਕਰਨ ਦਾ ਢੰਗ ਵਿਓਪਾਰਕ ਅਤੇ ਬਚਕਾਨਾ ਸੀ। ਸੁਖਬੀਰ ਸਿੰਘ ਬਾਦਲ ਨੇ ਬਜ਼ੁਰਗਾਂ ਦੀ ਥਾਂ ਉਨ੍ਹਾਂ ਦੇ ਹੀ ਨੌਜਵਾਨ ਸਪੁੱਤਰਾਂ ਨੂੰ ਮੂਹਰੇ ਕਰ ਲਿਆ ਸੀ। ਰਿਓੜੀਆਂ ਨੌਜਵਾਨਾ ਨੂੰ ਵੰਡ ਦਿੱਤੀਆਂ। ਉਨ੍ਹਾਂ ਨੌਜਵਾਨਾ ਨੂੰ ਇਸ ਆਸ ਨਾਲ ਅੱਗੇ ਕੀਤਾ ਸੀ ਕਿ ਉਹ ਉਸ ਦੀ ਅਗਵਾਈ ਨੂੰ ਵੰਗਾਰਨਗੇ ਨਹੀਂ ਅਤੇ ਆਪਣੇ ਮਾਪਿਆਂ ਨੂੰ ਸੁਖਬੀਰ ਦਾ ਵਿਰੋਧ ਕਰਨ ਤੋਂ ਰੋਕਣਗੇ ਪ੍ਰੰਤੂ ਪਰਮਿੰਦਰ ਸਿੰਘ ਢੀਂਡਸਾ ਤੇ ਉਹ ਫਾਰਮੂਲਾ ਲਾਗੂ ਨਹੀਂ ਕਰ ਸਕੇ। ਸੀਨੀਅਰ ਨੇਤਾ ਯੋਗ ਸਮੇਂ ਦੀ ਉਡੀਕ ਕਰ ਰਹੇ ਸਨ। ਭਾਵੇਂ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਦੀ ਸਿਆਸਤ ਵਿਚ ਸਿਆਸੀ ਤੂਫ਼ਾਨ ਵਰਗੇ ਹਾਲਾਤ ਬਣਦੇ ਰਹੇ ਹਨ ਪ੍ਰੰਤੂ ਕੋਈ ਵੀ ਤੂਫ਼ਾਨ ਅਕਾਲੀ ਸਿਆਸਤ ਦੇ ਬਾਬਾ ਬੋਹੜ ਸ੍ਰ ਪਰਕਾਸ਼ ਸਿੰਘ ਬਾਦਲ ਦਾ ਵਾਲ ਵਿੰਗਾ ਨਹੀਂ ਕਰ ਸਕਿਆ। ਜਿਹੜਾ ਵੀ ਨੇਤਾ ਪਰਕਾਸ਼ ਸਿੰਘ ਬਾਦਲ ਵਿਰੁਧ ਬੋਲਿਆ, ਉਸਨੂੰ ਬਾਦਲ ਨੇ ਮੱਖਣ ਵਿਚੋਂ ਵਾਲ ਦੀ ਤਰ੍ਹਾਂ ਅਕਾਲੀ ਦਲ ਵਿਚੋਂ ਕੱਢ ਕੇ ਮਾਰਿਆ। ਸਤੰਬਰ 2018 ਵਿਚ ਅਚਾਨਕ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਪਾਰਟੀ ਦੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ। ਪਰਕਾਸਸ਼ ਸਿੰਘ ਬਾਦਲ ਉਸਨੂੰ ਮਨਾਉਣ ਢੀਂਡਸਾ ਦੇ ਘਰ ਗਿਆ ਪ੍ਰੰਤੂ ਉਸਦੀਆਂ ਸਾਰੀਆਂ ਕੋਸ਼ਿਸਾਂ ਨਾਕਾਮ ਹੋ ਗਈਆਂ ਪ੍ਰੰਤੂ ਉਸਦਾ ਲੜਕਾ ਪਰਮਿੰਦਰ ਸਿੰਘ ਢੀਂਡਸਾ ਪੰਜਾਬ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਰੋਧੀ ਧਿਰ ਦੇ ਲੀਡਰ ਵਜੋਂ ਕੰਮ ਕਰਦੇ ਰਹੇ ਅਤੇ ਲੋਕ ਸਭਾ ਦੀ ਚੋਣ ਸੰਗਰੂਰ ਤੋਂ ਅਕਾਲੀ ਦਲ ਦੇ ਟਿਕਟ ਤੇ ਲੜੇ। 26 ਜਨਵਰੀ 2019 ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਨ ਦੇਣ ਦਾ ਐਲਾਨ ਕਰ ਦਿੱਤਾ। ਇਸ ਸਨਮਾਨ ਨਾਲ ਪੰਜਾਬ ਦੇ ਲੋਕਾਂ ਨੂੰ ਸ਼ੱਕ ਹੋ ਗਈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਬਦਲਵੇਂ ਲੀਡਰ ਦੇ ਤੌਰ ਤੇ ਵੇਖ ਰਹੀ ਹੈ। ਇਥੇ ਹੀ ਬਸ ਨਹੀਂ ਸੁਖਦੇਵ ਸਿੰਘ ਢੀਂਡਸਾ ਨੇ 19 ਅਕਤੂਬਰ 2019 ਨੂੰ ਅਕਾਲੀ ਦਲ ਦੇ ਰਾਜ ਸਭਾ ਦੇ ਨੇਤਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ। ਹੁਣ ਜਦੋਂ ਸ਼ਰੋਮਣੀ ਅਕਾਲੀ ਦਲ ਦਾ 100 ਵਾਂ ਸਥਾਪਨਾ ਦਿਵਸ ਮਨਾਇਆ ਗਿਆ ਤਾਂ ਪਰਮਿੰਦਰ ਸਿੰਘ ਢੀਂਡਸਾ ਵੀ ਉਸ ਵਿਚ ਸ਼ਾਮਲ ਨਹੀਂ ਹੋਏ, ਜਿਸ ਤੋਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਵੀ ਆਪਣੇ ਪਿਤਾ ਦੇ ਨਾਲ ਜਾਵੇਗਾ। ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਟਕਸਾਲੀ ਦੀ ਸਟੇਜ ਤੇ ਪਹੁੰਚ ਗਿਆ। ਤਿੰਨ ਜਨਵਰੀ 202 ਨੂੰ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਜਿਸ ਨਾਲ ਸ਼ਰੋਮਣੀ ਅਕਾਲੀ ਦਲ ਵਿਚ ਤਰਥੱਲੀ ਮੱਚ ਗਈ। ਹੁਣ ਅਕਾਲੀ ਦਲ ਦੇ ਵਰਕਰਾਂ ਨੂੰ ਆਸ ਬੱਝੀ ਹੈ ਕਿ ਉਨ੍ਹਾਂ ਦਾ ਖਹਿੜਾ ਬਾਦਲ ਪਰਿਵਾਰ ਤੋਂ ਛੁੱਟ ਜਾਵੇਗਾ। ਸਿੱਖ ਜਗਤ ਦੀਆਂ ਨਿਗਾਹਾਂ ਹੁਣ ਅਕਾਲੀ ਦਲ ਟਕਸਾਲੀ ਵਲ ਹਨ। ਸੁਖਦੇਵ ਸਿੰਘ ਢੀਂਡਸਾ ਦੇ ਫੈਸਲੇ ਤੋਂ ਬਾਅਦ ਅਕਾਲੀ ਦਲ ਦੇ ਵਰਕਰ ਕੀ ਫੈਸਲਾ ਕਰਦੇ ਹਨ, ਇਹ ਤਾਂ ਸਮਾਂ ਹੀ ਦੱਸੇਗਾ ਪ੍ਰੰਤੂ ਇਕ ਵਾਰ ਤਾਂ ਢੀਂਡਸਾ ਪਰਿਵਾਰ ਦੇ ਪੈਂਤੜੇ ਨਾਲ ਤਾਂ ਬਾਦਲ ਪਰਿਵਾਰ ਨੂੰ ਹੱਥਾਂ ਪੈਰਾਂ ਦੀਆਂ ਪੈ ਗਈਆਂ ਲੱਗਦੀਆਂ ਹਨ ਕਿਉਂਕਿ ਇਹ ਸਿਆਸੀ ਤੂਫ਼ਾਨ ਨਹੀਂ ਸਗੋਂ ਇਹ ਤਾਂ ਸਿਆਸੀ ਸੁਨਾਮੀ ਹੈ। ਇਸ ਤੋਂ ਪਹਿਲਾਂ ਜਿਤਨੀ ਵਾਰ ਅਜਿਹੇ ਹਾਲਾਤ ਬਣੇ, ਉਹ ਸਿਰਫ ਅਕਾਲੀ ਸਿਆਸਤਦਾਨਾ ਵੱਲੋਂ ਸਿਆਸੀ ਕੁਰਸੀ ਪ੍ਰਾਪਤ ਕਰਨ ਜਾਂ ਆਪੋ ਆਪਣੀ ਸਰਬਉਚਤਾ ਬਣਾਈ ਰੱਖਣ ਦੇ ਉਪਰਾਲੇ ਵਜੋਂ ਸਮਝੇ ਜਾਂਦੇ ਸਨ। ਇਸ ਵਾਰ ਇਹ ਸਿਆਸੀ ਸੁਨਾਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦੀ ਸਰਕਾਰ ਹੋਣ ਅਤੇ ਅਕਾਲੀ ਸਰਕਾਰ ਵੱਲੋਂ ਕੋਈ ਸਾਰਥਿਕ ਕਦਮ ਨਾ ਚੁੱਕਣ ਦੇ ਵਿਰੋਧ ਵਿਚ ਆਈ ਹੈ। ਏਥੇ ਹੀ ਬਸ ਨਹੀਂ ਸਗੋਂ ਸਿੱਖ ਸੰਸਥਾਵਾਂ ਨੂੰ ਰਾਜਨੀਤਕ ਹਿਤਾਂ ਲਈ ਵਰਤਕੇ ਰਾਜ ਪ੍ਰਬੰਧ ਉਪਰ ਕਾਬਜ਼ ਰਹਿਣ ਲਈ ਵਰਤੇ ਢੰਗ ਤਰੀਕਿਆਂ ਦਾ ਮਸਲਾ ਵੀ ਹੈ। ਇਉਂ ਲੱਗਦਾ ਹੈ ਕਿ ਢੀਂਡਸਾ ਪਰਿਵਾਰ ਦੀ ਅਗਵਾਈ ਵਿਚ ਇਹ ਕਦਮ ਸਿੱਖ ਧਰਮ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਅਸੂਲਾਂ ਦੀ ਲੜਾਈ ਦੇ ਤੌਰ ਤੇ ਸਮੂਹ ਸਿੱਖ ਸੰਗਤ ਦੀ ਲੜਾਈ ਹੋ ਨਿਬੜੇਗੀ।
ਸ਼ਰੋਮਣੀ ਅਕਾਲੀ ਦਲ ਵਿਚ ਮੋਹਣ ਸਿੰਘ ਤੁੜ, ਪਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਗਦੇਵ ਸਿੰਘ ਤਲਵੰਡੀ, ਸੁਰਜਨ ਸਿੰਘ ਠੇਕੇਦਾਰ, ਸੁਖਜਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ ਢੀਂਡਸਾ, ਕੁਲਦੀਪ ਸਿੰਘ ਵਡਾਲਾ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਰਵੀਇੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ, ਰਣਜੀਤ ਸਿੰਘ ਬ੍ਰਹਮਪੁਰਾ, ਕਾਬਲ ਸਿੰਘ ਅਤੇ ਜਸਦੇਵ ਸਿੰਘ ਸੰਧੂ ਕਦਾਵਰ ਨੇਤਾ ਗਿਣੇ ਜਾਂਦੇ ਸਨ। ਸ੍ਰ ਪਰਕਾਸ਼ ਸਿੰਘ ਬਾਦਲ ਨੇ ਆਪਣੀ ਦੂਰ ਅੰਦੇਸ਼ੀ ਅਤੇ ਰਾਜਨੀਤਕ ਤਿਗੜਮਬਾਜ਼ੀ ਨਾਲ ਕਿਸੇ ਨੇਤਾ ਨੂੰ ਕੁਸਕਣ ਨਹੀਂ ਦਿੱਤਾ, ਸਗੋਂ ਜਿਹੜੇ ਵੀ ਨੇਤਾ ਨੇ ਵਿਰੋਧੀ ਸੁਰ ਅਲਾਪੀ ਉਸਨੂੰ ਅਕਾਲੀ ਦਲ ਵਿਚੋਂ ਬਾਹਰ ਦਾ ਰਸਤਾ ਵਿਖਾਉਣ ਵਿਚ ਦੇਰੀ ਨਹੀਂ ਕੀਤੀ। ਕਿਸੇ ਵੀ ਅਕਾਲੀ ਲੀਡਰ ਨੂੰ ਸਿਆਸੀ ਤੌਰ ਤੇ ਸਰਬਉਚ ਨੇਤਾ ਬਣਨ ਹੀ ਨਹੀਂ ਦਿੱਤਾ, ਜਾਣੀ ਕਿ ਸੈਕਿੰਡ ਰੈਂਕ ਲੀਡਰਸ਼ਿਪ ਪੈਦਾ ਹੀ ਨਹੀਂ ਹੋਣ ਦਿੱਤੀ, ਜਿਹੜੀ ਪਰਕਾਸ਼ ਸਿੰਘ ਬਾਦਲ ਲਈ ਵੰਗਾਰ ਬਣ ਸਕੇ, ਜਿਸਦਾ ਖ਼ਮਿਆਜਾ ਹੁਣ ਅਕਾਲੀ ਦਲ ਨੂੰ ਭੁਗਤਣਾ ਪਿਆ ਹੈ। ਮੋਹਣ ਸਿੰਘ ਤੁੜ ਦੇ ਪਰਿਵਾਰ ਨੂੰ ਪਹਿਲਾਂ ਉਸਦੇ ਸਪੁੱਤਰ ਲਹਿਣਾ ਸਿੰਘ ਤੁੜ ਅਤੇ ਬਾਅਦ ਵਿਚ ਤਰਲੋਚਨ ਸਿੰਘ ਤੁੜ ਨੂੰ ਵੀ ਸਿਆਸਤ ਵਿਚੋਂ ਬਾਹਰ ਕਰਕੇ ਮਾਝੇ ਵਿਚ ਨਵੇਂ ਨੇਤਾ ਪੈਦਾ ਕਰ ਦਿੱਤੇ, ਜਿਨ੍ਹਾਂ ਦੀ ਅੱਜ ਕਲ੍ਹ ਅਕਾਲੀ ਦਲ ਵਿਚ ਤੂਤੀ ਬੋਲਦੀ ਹੈ। ਜਗਦੇਵ ਸਿੰਘ ਤਲਵੰਡੀ ਇਕ ਵਾਹਦ ਨੇਤਾ ਸੀ, ਜਿਸਨੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਆਪਣੀ ਪਾਰਟੀ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਵਿਰੁਧ 1978 ਵਿਚ ਭਰਿਸ਼ਟਾਚਾਰ ਦੀ ਪੜਤਾਲ ਕਰਨ ਦਾ ਮੰਗ ਪੱਤਰ ਉਦੋਂ ਦੇ ਰਾਜਪਾਲ ਨੂੰ ਉਸਦੀ ਸਰਕਾਰ ਬਰਖ਼ਾਸਤ ਕਰਨ ਲਈ ਦਿੱਤਾ ਸੀ। ਸ੍ਰ ਬਾਦਲ ਨੇ ਇਹ ਘਟਨਾ ਦਿਮਾਗ ਵਿਚ ਰੱਖੀ ਅਤੇ ਉਸਨੂੰ ਤੇ ਉਸਦੇ ਪਰਿਵਾਰ ਨੂੰ ਗੁਠੇ ਲਾਈਨ ਲਾ ਕੇ ਰੱਖਿਆ। ਉਸਤੋਂ ਬਾਅਦ 27 ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਤਾਬਦੀ ਸਮਾਗਮਾ ਦੇ ਮੌਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ, ਜਿਸਨੇ ਸਿਰਫ ਇਹ ਕਿਹਾ ਸੀ ਕਿ ਉਹ ਅਕਾਲੀ ਦਲ ਦਾ ਪ੍ਰਧਾਨ ਆਪਣੀ ਥਾਂ ਕਿਸੇ ਆਪਣੇ ਵਿਸ਼ਵਾਸ ਪਾਤਰ ਨੂੰ ਬਣਾ ਲੈਣ । ਜਥੇਦਾਰ ਟੌਹੜਾ ਨੇ ਸਰਬਹਿੰਦ ਅਕਾਲੀ ਦਲ ਬਣਾਕੇ ਵਿਧਾਨ ਸਭਾ ਦੀਆਂ ਚੋਣਾ ਵੀ ਲੜੀਆਂ ਪ੍ਰੰਤੂ ਸਫਲ ਨਾ ਹੋਏ। ਜਸਦੇਵ ਸਿੰਘ ਸੰਧੂ ਦਾ ਘਨੌਰ ਤੋਂ ਟਿਕਟ ਹੀ ਕੱਟ ਦਿੱਤਾ। ਸੁਖਜਿੰਦਰ ਸਿੰਘ ਨੂੰ ਮੰਤਰੀ ਮੰਡਲ ਵਿਚੋਂ ਕੱਢ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀ ਦਲ ਦੀ ਟਿਕਟ ਹੀ ਨਾ ਦਿੱਤੀ। ਉਸਨੇ ਕਾਬਲ ਸਿੰਘ ਨਾਲ ਰਲਕੇ ਪੰਥਕ ਅਕਾਲੀ ਦਲ ਬਣਾ ਲਿਆ । ਟੌਹੜਾ ਪਰਿਵਾਰ ਨੂੰ ਮੁੜ ਬਾਦਲ ਦੀ ਸ਼ਰਨ ਵਿਚ ਆਉਣਾ ਪਿਆ। ਸੁਰਜੀਤ ਸਿੰਘ ਬਰਨਾਲਾ ਨੂੰ ਕਦੀ ਆਪਣਾ ਨੇਤਾ ਹੀ ਨਹੀਂ ਮੰਨਿਆਂ। ਰਵੀਇੰਦਰ ਸਿੰਘ ਭਾਵੇਂ ਉਨ੍ਹਾਂ ਦਾ ਨਜ਼ਦੀਕੀ ਸੰਬੰਧੀ ਸੀ, ਉਸਨੂੰ ਵੀ ਅਕਾਲੀ ਦਲ ਵਿਚੋਂ ਕੱਢ ਦਿੱਤਾ ਜਿਸਨੇ ਆਪਣਾ ਅਕਾਲੀ ਦਲ19 ਬਣਾਇਆ ਹੋਇਆ ਹੈ। ਜਦੋਂ ਬੇਅਦਬੀ ਦੇ ਮੁੱਦੇ ਤੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਡਾ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਆਪਣੇ ਤੇਵਰ ਵਿਖਾਏ ਤਾਂ ਉਨ੍ਹਾਂ ਨੂੰ ਵੀ ਅਕਾਲੀ ਦਲ ਵਿਚੋਂ ਬਾਹਰ ਕਰ ਦਿੱਤਾ ਗਿਆ, ਜਿਵੇਂ ਅਕਾਲੀ ਦਲ ਉਨ੍ਹਾਂ ਦੇ ਪਰਿਵਾਰ ਦੀ ਨਿੱਜੀ ਜਾਗੀਰ ਹੋਵੇ। ਉਸ ਸਮੇਂ ਉਨ੍ਹਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿਚ ਅਕਾਲੀ ਦਲ ਟਕਸਾਲੀ ਬਣਾ ਲਿਆ। ਪੰਜਾਬ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾ ਵਿਚ ਅਕਾਲੀ ਦਲ ਟਕਸਾਲੀ ਸਫਲ ਨਹੀਂ ਹੋਇਆ ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਪੰਜਾਬ ਦੇ ਵੋਟਰਾਂ ਨੇ ਅਕਾਲੀ ਦਲ ਬਾਦਲ ਨੂੰ ਵੀ ਮੂੰਹ ਨਹੀਂ ਲਾਇਆ। ਅਕਾਲੀ ਦਲ ਵਿਧਾਨ ਸਭਾ ਦੀਆਂ ਸਿਰਫ 14 ਸੀਟਾਂ ਜਿੱਤ ਸਕਿਆ, ਜਿਨ੍ਹਾਂ ਵਿਚ ਦੋਵੇਂ ਪਿਓ ਪੁੱਤਰ ਸ਼ਾਮਲ ਹਨ।
ਸੁਖਦੇਵ ਸਿੰਘ ਢੀਂਡਸਾ ਅਤੇ ਬਲਵਿੰਦਰ ਸਿੰਘ ਭੁੰਦੜ ਬਾਦਲ ਪਰਿਵਾਰ ਦੇ ਨੇੜੇ ਗਿਣੇ ਜਾਂਦੇ ਸਨ। ਅਕਾਲੀ ਦਲ ਬਾਦਲ ਵਿਚ ਸੁਖਦੇਵ ਸਿੰਘ ਢੀਂਡਸਾ ਦੂਜੇ ਨੰਬਰ ਤੇ ਸਨ। ਸੁਖਦੇਵ ਸਿੰਘ ਢੀਂਡਸਾ ਨੂੰ ਸਿਆਸੀ ਤੌਰ ਤੇ ਕਮਜ਼ੋਰ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਸੰਗਰੂਰ ਜਿਲ੍ਹੇ ਦੇ ਅਕਾਲੀ ਦਲ ਵਿਚੋਂ ਕੱਢੇ ਹੋਏ ਨੇਤਾਵਾਂ, ਜਿਨ੍ਹਾਂ ਵਿਚ ਸੁਰਜੀਤ ਸਿੰਘ ਬਰਨਾਲਾ ਦਾ ਧੜਾ ਸ਼ਾਮਲ ਹੈ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਅਹੁਦੇ ਦੇ ਦਿੱਤੇ ਹਨ। ਇਥੇ ਹੀ ਬਸ ਨਹੀਂ ਸੰਗਰੂਰ ਜਿਲ੍ਹੇ ਤੋਂ ਗੋਬਿੰਦ ਸਿੰਘ ਲੌਂਗੋਵਾਲ ਜੋ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨੇੜੇ ਦਾ ਸਹਿਯੋਗੀ ਰਿਹਾ ਹੈ, ਨੂੰ ਪਿਛਲੇ ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ। ਇਸ ਵਾਰ ਦੁਬਾਰਾ ਵੀ ਇਸੇ ਕਰਕੇ ਉਸਨੂੰ ਪ੍ਰਧਾਨ ਬਣਾਇਆ ਗਿਆ ਹੈ ਤਾਂ ਜੋ ਸੁਖਦੇਵ ਸਿੰਘ ਢੀਂਡਸਾ ਨੂੰ ਉਸਦੇ ਆਪਣੇ ਜਿਲ੍ਹੇ ਵਿਚ ਹੀ ਸਿਆਸੀ ਤੌਰ ਤੇ ਨੀਵਾਂ ਵਿਖਾਇਆ ਜਾਵੇ।
ਹੁਣ ਵੇਖਣ ਵਾਲੀ ਗੱਲ ਹੈ ਕਿ ਅਕਾਲੀ ਦਲ ਦੇ ਉਹ ਨੇਤਾ ਅਤੇ ਵਰਕਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਮਾਨਸਿਕ ਤੌਰ ਤੇ ਜ਼ਖ਼ਮੀ ਹੋਏ ਅਕਾਲੀ ਦਲ ਵਿਚ ਘੁਟਣ ਮਹਿਸੂਸ ਕਰਦੇ ਸਨ, ਕੀ ਉਹ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣਗੇ। ਸੁਖਦੇਵ ਸਿੰਘ ਢੀਂਡਸਾ ਨੂੰ ਸੰਜਮੀ, ਸ਼ਰੀਫ, ਨੇਕ ਤੇ ਨਰਮ ਦਿਲ, ਲਿਬਰਲ ਅਤੇ ਸਰਬਪ੍ਰਵਾਨਤ ਨੇਤਾ ਗਿਣਿਆਂ ਜਾਂਦਾ ਹੈ। ਇਸ ਲਈ ਉਮੀਦ ਕੀਤੀ ਜਾਂਦੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਦੀ ਬਗ਼ਾਬਤ ਜ਼ਰੂਰ ਕੋਈ ਰੰਗ ਵਿਖਾਏਗੀ ਅਤੇ ਅਕਾਲੀ ਦਲ ਜਿਸਦੀ ਸਥਾਪਨਾ ਹੀ ਵਿਚ ਗੁਰਦੁਆਰਾ ਸਾਹਿਬਾਨ ਦੀ ਦੇਖ ਰੇਖ ਲਈ ਕੀਤੀ ਗਈ ਸੀ ਹੁਣ ਆਪਣੀ ਧਾਰਮਿਕ ਜ਼ਿੰਮੇਵਾਰ ਨਿਭਾਏਗਾ। ਪੰਜਾਬ ਦੇ ਲੋਕਾਂ ਦੀਆਂ ਕੇਂਦਰ ਸਰਕਾਰ ਵਲ ਨਿਗਾਹਾਂ ਟਿਕੀਆਂ ਹੋਈਆਂ ਹਨ ਕਿ ਕੀ ਉਹ ਸੁਖਦੇਵ ਸਿੰਘ ਢੀਂਡਸਾ ਨੂੰ ਥਾਪੀ ਦੇਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਕਰਵਾਉਂਦੇ ਹਨ ਜਾਂ ਨਹੀਂ। ਜੇ ਕੇਂਦਰ ਨੇ ਇਹ ਚੋਣਾ ਕਰਵਾ ਦਿੱਤੀਆਂ ਤਾਂ ਉਮੀਦ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਟਕਸਾਲੀ ਅਕਾਲੀ ਦਲ ਬਾਦਲ ਦਾ ਬਦਲ ਬਣਕੇ ਉਭਰ ਸਕਦਾ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਤਾਂ ਅਜੇ ਢਾਈ ਸਾਲ ਦਾ ਸਮਾ ਰਹਿੰਦਾ ਹੈ ਪ੍ਰੰਤੂ ਇਹ ਆਸ ਤਾਂ ਕੀਤੀ ਜਾ ਸਕਦੀ ਹੈ ਕਿ ਅਕਾਲੀ ਦਲ ਟਕਸਾਲੀ ਗੁਰਚਰਨ ਸਿੰਘ ਟੌਹੜਾ ਦੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਬੇੜੀ ਵਿਚ ਵੱਟੇ ਤਾਂ ਪਾਉਣ ਦੇ ਸਮਰੱਥ ਹੋਵੇਗਾ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਨਿੱਕੀਆਂ ਜਿੰਦਾਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੇਰਨਾ ਸਰੋਤ ਬਣਾਉਣ ਦੀ ਲੋੜ - ਉਜਾਗਰ ਸਿੰਘ
ਦਸੰਬਰ ਦਾ ਮਹੀਨਾ ਸਿੱਖ ਜਗਤ ਲਈ ਬੜਾ ਮਹੱਤਵਪੂਰਨ ਅਤੇ ਦੁੱਖਦਾਈ ਹੈ ਕਿਉਂਕਿ ਇਸ ਮਹੀਨੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਸਰਹੰਦ ਦੇ ਨਵਾਬ ਨੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਮਾਤਾ ਗੁਜਰੀ ਠੰਡੇ ਬੁਰਜ ਵਿਚ ਸਵਰਗ ਸਿਧਾਰ ਗਏ ਸਨ। ਲਗਪਗ ਤਿੰਨ ਸਦੀਆਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਮਾਨਵਤਾ ਦੀ ਰੱਖਿਆ ਲਈ ਜ਼ੁਲਮ ਦਾ ਮੁਕਾਬਲਾ ਕਰਦਿਆਂ ਆਪਣੀਆਂ ਮਾਸੂਮ ਜ਼ਿੰਦਗੀਆਂ ਦੀਆਂ ਕੁਰਬਾਨੀਆਂ ਦੇ ਕੇ ਸਿੱਖ ਸੰਗਤਾਂ ਨੂੰ ਸੱਚ ਦੇ ਰਾਹ ਤੇ ਚਲਣ ਅਤੇ ਆਪੋ ਆਪਣੇ ਧਰਮ ਵਿਚ ਮਜ਼ਬੂਤ ਅਤੇ ਸਥਾਈ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਮਾਤਾ ਗੁਜ਼ਰੀ ਜੀ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਠੰਡੇ ਬੁਰਜ ਵਿਚ ਸ਼ਹੀਦੀ ਦਾ ਜਾਮ ਪੀ ਗਏ ਸਨ। ਇਸ ਸਮੇਂ ਸਿੱਖ ਜਗਤ ਵਿਚ ਬਹੁਤ ਜ਼ਿਆਦਾ ਨਿਘਾਰ ਆ ਚੱਕਾ ਹੈ। ਅਜਿਹੇ ਹਾਲਾਤ ਵਿਚ ਜਦੋਂ ਸਿੱਖ ਵਿਚਾਰਧਾਰਾ ਨੂੰ ਸਿੱਖਾਂ ਤੋਂ ਹੀ ਖ਼ਤਰਾ ਪੈਦਾ ਹੋ ਗਿਆ ਹੈ ਕਿਉਂਕਿ ਸਿਆਸਤ ਭਾਰੂ ਹੋ ਗਈ ਹੈ। ਲਾਲਚ ਨੇ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੋਇਆ ਹੈ। ਸਿੱਖ ਜਗਤ ਸਿੱਖ ਵਿਚਾਰਧਾਰਾ ਨੂੰ ਤਿਆਗਕੇ ਸਿਆਸੀ ਲਾਲਚ ਅਧੀਨ ਦੂਜੀਆਂ ਸਿਆਸੀ ਪਾਰਟੀਆਂ ਦੇ ਗ਼ੁਲਾਮ ਹੁੰਦੇ ਜਾ ਰਹੇ ਹਨ। ਵੋਟ ਦੀ ਰਾਜਨੀਤੀ ਨੇ ਸਿੱਖੀ ਨੂੰ ਸਭ ਤੋਂ ਵੱਧ ਨੁਕਮਸਾਨ ਪਹੁੰਚਾਇਆ ਹੈ। ਇਸ ਲਈ ਸਿੱਖ ਜਗਤ ਨੂੰ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਕੁਰਬਾਨੀ ਤੋਂ ਸਬਕ ਸਿੱਖਣ ਅਤੇ ਅਗਵਾਈ ਲੈਣ ਦੀ ਲੋੜ ਹੈ। ਕਿਸੇ ਵੀ ਕੌਮ ਦਾ ਭਵਿਖ ਉਸਦੇ ਬੱਚੇ ਹੁੰਦੇ ਹਨ, ਜਿਨ੍ਹਾਂ ਭਵਿਖ ਵਿਚ ਕੌਮ ਦੀ ਵਾਗ ਡੋਰ ਸੰਭਾਲਣੀ ਹੁੰਦੀ ਹੈ। ਇਸ ਲਈ ਸਿੱਖ ਬੱਚਿਆਂ ਅਤੇ ਨੌਜਵਾਨਾ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਆਪਣਾ ਮਾਰਗ ਦਰਸ਼ਕ ਬਣਾਕੇ ਆਪਣਾ ਜੀਵਨ ਬਸਰ ਕਰਦਿਆਂ ਧਰਮ ਦੀ ਰੱਖਿਆ ਲਈ ਕਾਰਗਰ ਰਹਿਣਾ ਚਾਹੀਦਾ ਹੈ। ਵੈਸੇ ਬਜ਼ੁਰਗ ਨੌਜਵਾਨਾ ਲਈ ਰਾਹ ਦਸੇਰਾ ਹੁੰਦੇ ਹਨ, ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਆਪਣੇ ਬੱਚਿਆਂ ਲਈ ਸਨ, ਜਿਸ ਕਰਕੇ ਸਾਹਿਬਜ਼ਾਦੇ ਆਪਣੇ ਧਰਮ ਦੇ ਅਸੂਲਾਂ ਤੇ ਡਟੇ ਰਹੇ। ਪ੍ਰੰਤੂ ਦੁੱਖ ਦੀ ਗੱਲ ਹੈ ਸਿੱਖ ਬਜ਼ੁਰਗ ਆਪਣੇ ਬੱਚਿਆਂ ਲਈ ਪ੍ਰੇਰਨਾ ਸਰੋਤ ਨਹੀਂ ਬਣ ਸਕੇ, ਜਿਸ ਕਰਕੇ ਸਿੱਖ ਧਰਮ ਵਿਚ ਗਿਰਾਵਟ ਆ ਰਹੀ ਹੈ। ਸਿੱਖ ਸੰਗਤ ਤਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਨੂੰ ਵੀ ਸਿੱਖ ਵਿਚਾਰਧਾਰਾ ਅਨੁਸਾਰ ਮਨਾਉਣ ਤੋਂ ਬਾਗੀ ਹੋਈ ਪਈ ਹੈ। ਨਸ਼ਿਆਂ ਵਰਗੀਆਂ ਅਨੇਕਾਂ ਕੁਰੈਹਤਾਂ ਵਿਚ ਪੈ ਗਈ ਹੈ। ਸਿੱਖੀ ਸਰੂਪ ਨੂੰ ਵੀ ਤਿਲਾਂਜਲੀ ਦੇਈ ਬੈਠੀ ਹੈ। ਸਿੱਖ ਜਗਤ ਤਿੰਨ ਸਦੀਆਂ ਵਿਚ ਹੀ ਆਪਣੀ ਵਿਰਾਸਤ ਤੋਂ ਮੁੱਖ ਮੋੜ ਗਿਆ ਹੈ। ਸੰਸਾਰ ਦੇ ਇਤਿਹਾਸ ਵਿਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੋਂ ਇਲਾਵਾ ਅਜਿਹੀਆਂ ਕੁਰਬਾਨੀਆਂ ਦਾ ਜ਼ਿਕਰ ਕਿਧਰੇ ਵੀ ਨਹੀਂ ਮਿਲਦਾ, ਜਿਸ ਵਿਚ ਸਾਰੇ ਸਰਬੰਸ ਨੇ ਹੀ ਜ਼ੁਲਮ ਦੇ ਵਿਰੁਧ ਆਵਾਜ਼ ਬੁਲੰਦ ਕਰਦਿਆਂ ਕੁਰਬਾਨੀਆਂ ਦਿੱਤੀਆਂ ਹੋਣ। ਇਤਨੀ ਛੋਟੀ ਉਮਰ ਵਿਚ ਜ਼ੁਲਮ ਦਾ ਮੁਕਾਬਲਾ ਕਰਦਿਆਂ ਕੁਰਬਾਨੀ ਕਰਨ ਦਾ ਵੀ ਹੋਰ ਕੋਈ ਇਤਿਹਾਸ ਨਹੀਂ ਹੈ। ਸਿੱਖ ਜਗਤ ਮਾਸੂਮਾਂ ਦੀਆਂ ਕੁਰਬਾਨੀਆਂ ਤੋਂ ਵੀ ਕੁਝ ਸਿੱਖਣ ਤੋਂ ਮੁਨਕਰ ਹੋ ਰਿਹਾ ਹੈ। ਵਰਤਮਾਨ ਸਮਾਜ ਵਿਚ ਸਿੱਖ ਜਗਤ ਸਿੱਖ ਧਰਮ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਵਿਚ ਅਸਮਰੱਥ ਹੋਇਆ ਪਿਆ ਹੈ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਤਾਂ ਟੇਕਦੇ ਹਨ ਪ੍ਰੰਤੂ ਸਿੱਖ ਧਰਮ ਦੀ ਵਿਚਾਰਧਾਰਾ ਤੋਂ ਨਿੱਜੀ ਹਿਤਾਂ ਦੀ ਪੂਰਤੀ ਲਈ ਕਿਨਾਰਾ ਕਰੀ ਬੈਠੇ ਹਨ। ਛੋਟੇ ਛੋਟੇ ਅਹੁਦਿਆਂ ਦੇ ਲਾਲਚ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਅਤੇ ਪਰੰਪਰਾਵਾਂ ਦੇ ਵਿਰੁੱਧ ਭੁਗਤ ਰਹੇ ਹਨ। ਸਰਦਾਰ ਦਾ ਖ਼ਿਤਾਬ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ ਪ੍ਰੰਤੂ ਆਧੁਨਿਕ ਸਿੱਖ ਸਰਦਾਰੀਆਂ ਮਿੱਟੀ ਵਿਚ ਰੋਲ ਰਹੇ ਹਨ। ਰਾਜ ਭਾਗ ਤਾਂ ਆਉਂਦੇ ਜਾਂਦੇ ਰਹਿਣੇ ਹਨ ਪ੍ਰੰਤੂ ਮਨੁਖਤਾ ਦੇ ਹਿਤਾਂ ਤੇ ਪਹਿਰਾ ਦੇਣਾ ਅਤੇ ਸਰਬਤ ਦੇ ਭਲੇ ਦੇ ਸੰਕਲਪ ਨੂੰ ਆਪਣੇ ਜੀਵਨ ਵਿਚੋਂ ਵਿਸਾਰਨਾ ਸਿੱਖਾਂ ਲਈ ਆਤਮਘਾਤ ਦੇ ਬਰਾਬਰ ਹੋਵੇਗਾ। ਗੁਰੂ ਸਾਹਿਬ ਨੇ ਤਾਂ ਕਿਹਾ ਸੀ ਕਿ ਕਿਸੇ ਉਪਰ ਹੱਥ ਨਾ ਚੁੱਕੋ ਪ੍ਰੰਤੂ ਜਦੋਂ ਕੋਈ ਹੋਰ ਹੱਦ ਬੰਨੇ ਟੱਪ ਕੇ ਜ਼ੁਲਮ ਕਰੇ ਤਾਂ ਤਲਵਾਰ ਚੁੱਕ ਲਓ ਪ੍ਰੰਤੂ ਸਿੱਖ ਸੰਗਤ ਇਨ੍ਹਾਂ ਗੱਲਾਂ ਤੋਂ ਹੀ ਕਿਨਾਰਾ ਕਰੀ ਬੈਠੀ ਹੈ। ਪਹਿਰਾਵਿਆਂ ਨਾਲ ਸਿੱਖ ਨਹੀਂ ਬਣਦਾ ਸਿੱਖ ਤਾਂ ਵਿਚਾਰਧਾਰਾ ਉਪਰ ਪਹਿਰਾ ਦੇਣ ਵਾਲਾ ਹੁੰਦਾ ਹੈ। ਹਾਲਾਂ ਕਿ ਸਿੱਖਾਂ ਦਾ ਇਤਿਹਾਸ ਬਹਾਦਰੀ, ਦ੍ਰਿੜ੍ਹਤਾ, ਲਗਨ ਅਤੇ ਸਰਬਤ ਦੇ ਭਲੇ ਦਾ ਪੈਰੋਕਾਰ ਹੈ। ਉਹ ਊਚ ਨੀਚ, ਜ਼ਾਤ ਪਾਤ ਅਤੇ ਸਮਾਜਿਕ ਵਰਗੀਕਰਨ ਦੇ ਵਿਰੁੱਧ ਹੈ। ਭਾਈ ਜੀਵਨ ਸਿੰਘ ਜਿਹੜਾ ਭਾਈ ਜੈਤਾ ਦੇ ਨਾਮ ਨਾਲ ਸਿੱਖ ਇਤਿਹਾਸ ਵਿਚ ਜਾਣਿਆਂ ਜਾਂਦਾ ਹੈ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਲੈ ਕੇ ਆਇਆ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਉਸਨੂੰ ''ਰੰਘਰੇਟਾ ਗੁਰੂ ਕਾ ਬੇਟਾ'' ਕਿਹਾ ਸੀ। ਅਸੀਂ ਅਜੇ ਵੀ ਜ਼ਾਤ ਪਾਤ ਦੇ ਬੰਧਨ ਵਿਚ ਜਕੜੇ ਪਏ ਹਾਂ। ਮਜ਼ਹਬਾਂ, ਫਿਰਕਿਆਂ ਅਤੇ ਜ਼ਾਤਾਂ ਦੇ ਨਾਮ ਉਪਰ ਗੁਰਦੁਆਰੇ ਉਸਾਰ ਰਹੇ ਹਾਂ। ਸਿੱਖ ਗੁਰੂ ਦੀ ਬਾਣੀ ਦਾ ਪਾਠ ਤਾਂ ਕਰਦੇ ਹਨ ਪ੍ਰੰਤੂ ਉਸ ਉਪਰ ਅਮਲ ਨਹੀਂ ਕਰਦੇ, ਜਾਣੀ ਕਿ ਸਿੱਖ ਦੁਆਰਾ ਕਰਮ ਕਾਂਡਾਂ ਵਿਚ ਪੈ ਗਏ ਹਨ, ਜਿਨ੍ਹਾਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੱਢਣ ਦੀ ਕੋਸਿਸ਼ ਕੀਤੀ ਸੀ। ਸਿੱਖ ਜਗਤ ਦੀ ਵਿਰਾਸਤ ਅਮੀਰ ਹੈ। ਸੰਸਾਰ ਵਿਚ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ, ਜਿਸ ਵਿਚ 7 ਅਤੇ 9 ਸਾਲ ਦੇ ਮਾਸੂਮ ਬੱਚਿਆਂ ਨੇ ਜ਼ੁਲਮ ਦੇ ਵਿਰੁੱਧ ਆਵਾਜ਼ ਬੁਲੰਦ ਕਰਕੇ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਹੋਵੇ। ਇਸ ਸਮੇਂ ਸਿੱਖ ਆਪਣੀ ਵਿਰਾਸਤ ਤੋਂ ਮੁੱਖ ਮੋੜ ਰਹੇ ਹਨ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲ ਫਤਿਹਗੜ੍ਹ ਸਾਹਿਬ ਵਿਖੇ ਹਰ ਸਾਲ 25 ਤੋਂ 27 ਦਸੰਬਰ ਦੇ ਦਰਮਿਆਨ ਮਨਾਇਆ ਜਾਂਦਾ ਹੈ। ਸਮੁੱਚੇ ਦੇਸ ਅਤੇ ਵਿਦੇਸ ਵਿਚੋਂ ਸਿੱਖ ਸੰਗਤਾਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ ਆਪਣੀ ਅਕੀਦਤ ਦੇ ਫੁਲ ਭੇਂਟ ਕਰਨ ਆਉਂਦੀਆਂ ਹਨ। ਇਸ ਮੌਕੇ ਤੇ ਸਿੱਖਾਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸੰਸਾਰ ਵਿਚ ਜ਼ਬਰ ਜ਼ੁਲਮ ਦੇ ਵਿਰੁੱਧ ਇਕ ਮਤ ਹੋ ਕੇ ਲਾਮਬੰਦ ਹੋਣ ਅਤੇ ਸਰਬਤ ਦੇ ਭਲੇ ਦੇ ਸਿਧਾਂਤ ਤੇ ਪਹਿਰਾ ਦੇਣ। ਇਸ ਜੋੜ ਮੇਲ ਦੇ ਮੌਕੇ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ ਕਿ ਸਿੱਖ ਸੰਗਤ ਵਿਚ ਕਿਹੜੀਆਂ ਊਣਤਾਈਆਂ ਆ ਗਈਆਂ ਹਨ ਅਤੇ ਇਨ੍ਹਾਂ ਨੂੰ ਦੂਰ ਕਰਨ ਲਈ ਕਿਹੜੇ ਉਪਰਾਲੇ ਕਰਨੇ ਚਾਹੀਦੇ ਹਨ। ਅਸੀਂ ਸ਼ਹੀਦੀ ਜੋੜ ਮੇਲ ਦੇ ਮੌਕੇ ਤੇ ਸਰਹੰਦ ਫਤਿਹਗੜ੍ਹ ਸਾਹਿਬ ਨੂੰ ਆਉਣ ਵਾਲੀਆਂ ਸੜਕਾਂ ਤੇ ਲੰਗਰ ਲਾ ਕੇ ਵਿਖਾਵੇ ਕਰਕੇ ਸ਼ਰਧਾ ਦੇ ਫੁਲ ਭੇਂਟ ਕਰਦੇ ਹਾਂ। ਲੰਗਰ ਲਾਉਣਾ ਕੋਈ ਮਾੜੀ ਗੱਲ ਨਹੀਂ। ਲੰਗਰ ਦੀ ਭਾਵਨਾ ਸਮਝਣ ਦੀ ਲੋੜ ਹੈ। ਭੁਖਿਆਂ ਨੂੰ ਭੋਜਨ ਛਕਾਉਣਾ ਜ਼ਾਇਜ ਹੈ ਪ੍ਰੰਤੂ ਅਸੀਂ ਰਸਤਿਆਂ ਵਿਚ ਰੋਕਾਂ ਲਗਾਕੇ ਧੱਕੇ ਨਾਲ ਬੱਸਾਂ, ਟਰੱਕਾਂ, ਕਾਰਾਂ ਅਤੇ ਹੋਰ ਆਵਾਜਾਈ ਦੇ ਸਾਧਨਾ ਨੂੰ ਰੋਕ ਕੇ ਲੰਗਰ ਛਕਾਉਂਦੇ ਹਨ। ਲੰਗਰ ਵਿਚ ਖੀਰ, ਲਡੂ, ਜਲੇਬੀਆਂ ਅਤੇ ਹੋਰ ਤਰ੍ਹਾਂ ਤਰ੍ਹਾਂ ਦੇ ਮਹਿੰਗੇ ਪਕਵਾਨ ਬਣਾਉਂਦੇ ਹਾਂ ਜੋ ਬਿਲਕੁਲ ਹੀ ਜਾਇਜ ਨਹੀਂ। ਅਸੀਂ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿਚ ਕੇਕ, ਖੀਰ, ਪੂੜੇ, ਪੀਜ਼ਾ, ਬਰਗਰ ਅਤੇ ਹੋਰ ਮਹਿੰਗੇ ਪਕਵਾਨ ਬਣਾਕੇ ਵਿਖਾਵਾ ਹੀ ਨਹੀਂ ਕੀਤਾ ਸਗੋਂ ਭਾਈ ਲਾਲੋ ਦੀ ਥਾਂ ਮਲਕ ਭਾਗੋ ਦਾ ਲੰਗਰ ਛਕਾ ਕੇ ਸੰਗਤ ਨੂੰ ਇਹ ਸੰਦੇਸ ਦਿੱਤਾ ਹੈ ਕਿ ਗੁਰੂ ਨਾਨਕ ਦੀ ਵਿਚਾਰਧਾਰਾ ਵਿਰੁੱਧ ਚਲੋ । ਗੁਰੂ ਦੇ ਸਿੱਖੋ ਆਧੁਨਿਕਤਾ ਦੇ ਰਾਹੀਂ ਸਿੱਖ ਸੰਕਲਪ ਦਾ ਨੁਕਸਾਨ ਕਰਨ ਤੋਂ ਬਾਜ ਆ ਜਾਓ, ਤੁਹਾਨੂੰ ਇਤਿਹਾਸ ਮੁਆਫ ਨਹੀਂ ਕਰੇਗਾ। ਤੁਹਾਡੇ ਨਾਲੋਂ ਤਾਂ ਇਕ ਹਿੰਦੂ ਆਈ ਏ ਐਸ ਅਧਿਕਾਰੀ ਸੁਰਿੰਦਰ ਕੁਮਾਰ ਵਾਲੀਆ ਹੀ ਚੰਗਾ ਰਿਹਾ ਜਿਹੜਾ ਜਦੋਂ ਉਹ ਡਿਪਟੀ ਕਮਿਸਨਰ ਫਤਿਹਗੜ੍ਹ ਸੀ ਤਾਂ ਉਸਨੇ ਅਜਿਹੇ ਲੰਗਰ ਲਾਉਣ ਦੀ ਮਨਾਹੀ ਕਰ ਦਿੱਤੀ ਸੀ ਅਤੇ ਨਾਲ ਹੀ ਅਸ਼ਲੀਲ ਪ੍ਰੋਗਰਾਮ ਭੰਗੜੇ, ਗਿੱਧੇ, ਜੂਆ, ਸਰਕਸਾਂ ਅਤੇ ਹੋਰ ਅਪਵਿਤਰ ਪੰਡਾਲ ਲਾਉਣ ਤੇ ਪਾਬੰਦੀ ਲਾ ਕੇ ਸਿੱਖ ਜਗਤ ਨੂੰ ਸਿੱਧੇ ਰਾਹ ਪਾਇਆ ਸੀ। ਤੁਸੀਂ ਗੁਰੂ ਦੇ ਸਿੱਖ ਹੋ ਕੇ ਸਿੱਖ ਸਿਧਾਂਤਾਂ ਦਾ ਘਾਣ ਕਰ ਰਹੇ ਹੋ। ਸ਼ਹੀਦੀ ਜੋੜ ਮੇਲ ਉਪਰ ਸਿਰਫ ਤੇ ਸਿਰਫ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਸੰਬੰਧੀ ਹੀ ਸਾਰੇ ਸਮਾਗਮਾ ਵਿਚ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣ ਤਾਂ ਜੋ ਸਿੱਖ ਸੰਗਤ ਉਨ੍ਹਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਸਕੇ। ਸਿਆਸੀ ਕਾਨਫਰੰਸਾਂ ਉਪਰ ਵੀ ਸਿਰਫ ਧਾਰਮਿਕ ਪ੍ਰੋਗਰਾਮ ਹੀ ਕੀਤੇ ਜਾਣੇ ਚਾਹੀਦੇ ਹਨ। ਆਪਣੇ ਅਮੀਰ ਇਤਿਹਾਸ ਤੇ ਨਜ਼ਰ ਮਾਰੋ ਜਦੋਂ ਇਹ ਭਾਣਾ ਵਰਤਿਆ ਸੀ ਤਾਂ ਇਸ ਸ਼ਹੀਦੀ ਜੋੜ ਮੇਲ ਦੇ ਸਮੇਂ ਆਲੇ ਦੁਆਲੇ ਦੇ ਪਿੰਡਾਂ ਵਿਚ ਅਫਸੋਸ ਵਜੋਂ ਰੋਟੀ ਨਹੀਂ ਪਕਾਈ ਜਾਂਦੀ ਸੀ। ਲੋਕ ਮੰਜਿਆਂ ਉਪਰ ਨਹੀਂ ਸਗੋਂ ਜ਼ਮੀਨ ਤੇ ਸੌਂਦੇ ਸਨ। ਲੋਕ ਸ਼ਹੀਦੀ ਜੋੜ ਮੇਲ ਤੇ ਕਾਲੇ ਕਪੜੇ ਪਹਿਨ ਕੇ ਆਉਂਦੇ ਸਨ। ਅਸੀਂ ਸਾਰਾ ਕੁਝ ਹੀ ਬਦਲ ਦਿੱਤਾ ਹੈ। ਸ਼ਹੀਦੀ ਜੋੜ ਮੇਲ ਦੇ ਮੌਕੇ ਵਾਹਿਗੁਰੂ ਵੀ ਅਫਸੋਸ ਵਜੋਂ ਮੀਂਹ ਪਾ ਕੇ ਅਥਰੂ ਕੇਰਦਾ ਹੈ। ਅਸੀਂ ਆਪਣੀਆਂ ਖੁਦਗਰਜੀਆਂ ਲਈ ਭੱਟਕ ਗਏ ਹਾਂ। ਮਹਿੰਗੇ ਰੁਮਾਲੇ, ਸੋਨੇ ਦੇ ਚੌਰ, ਖਾਮਖਾਹ ਦੀ ਸਜਾਵਟ ਅਤੇ ਹੋਰ ਵਿਖਾਵੇ ਕਰਕੇ ਆਪਣੀ ਉਸਤਤ ਕਰਵਾਉਣੀ ਚਾਹੁੰਦੇ ਹਾਂ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਗੁਰੂ ਦੇ ਲੜ ਲੱਗਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸਿੱਖਣ ਦੀ ਕੋਸਿਸ਼ ਕਰਨੀ ਬਣਦੀ ਹੈ। ਲੰਘਿਆ ਵਕਤ ਹੱਥ ਨਹੀਂ ਆਉਣਾ ਆਪਣੀ ਵਿਰਾਸਤ ਨੂੰ ਸਾਬਤ ਸੂਰਤ ਵਿਚ ਰੱਖਣਾ ਹਰ ਸਿੱਖ ਦਾ ਫ਼ਰਜ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178
ujagarsingh48@yahoo.com
ਸਾਹਿਤ ਅਕਾਡਮੀ ਦਾ ਇਨਾਮ ਮਿਲਣ ਤੇ ਸ਼ਬਦਾਂ ਦਾ ਜਾਦੂਗਰ ਕਹਾਣੀਕਾਰਕਾਰ : ਕ੍ਰਿਪਾਲ ਕਜ਼ਾਕ (ਪ੍ਰੋ.) - ਉਜਾਗਰ ਸਿੰਘ
ਪ੍ਰੋ ਕ੍ਰਿਪਾਲ ਕਜ਼ਾਕ ਨੂੰ ਸਾਹਿਤ ਅਕਾਡਮੀ ਨਵੀਂ ਦਿੱਲੀ ਵੱਲੋਂ ਉਸਦੀ ਕਹਾਣੀਆਂ ਦੀ ਪੁਸਤਕ ਅੰਤਹੀਣ ਨੂੰ ਸਾਹਿਤ ਅਕਾਡਮੀ ਦਾ ਇਨਾਮ ਦੇਣ ਦੇ ਐਲਾਨ ਤੋਂ ਇਹ ਅਖਾਣ ਸਹੀ ਸਾਬਤ ਹੋ ਗਿਆ ਹੈ ਕਿ 'ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ'। ਕ੍ਰਿਪਾਲ ਕਜ਼ਾਕ ਨੂੰ ਇਹ ਸਨਮਾਨ ਮਿਲਣ ਤੇ ਜਿਹੜਾ ਆਮ ਸਾਹਿਤਕਾਰਾਂ ਵਿਚ ਚਰਚਾ ਦਾ ਵਿਸ਼ਾ ਹਮੇਸ਼ਾ ਬਣਿਆਂ ਰਹਿੰਦਾ ਸੀ ਕਿ ਸਾਹਿਤ ਅਕਾਡਮੀ ਦੇ ਇਨਾਮ ਸਿਰਫ ਜੁਗਾੜੀ ਸਾਹਿਤਕਾਰਾਂ ਨੂੰ ਹੀ ਮਿਲਦੇ ਹਨ, ਉਹ ਅੰਦੇਸ਼ਾ ਵੀ ਦੂਰ ਹੋ ਗਿਆ ਹੈ, ਹੁਣ ਬਿਨਾ ਸਿਫ਼ਾਰਸ ਵੀ ਅਵਾਰਡ ਮਿਲ ਸਕਦੇ ਹਨ। ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਭਾਸ਼ਾ ਵਿਭਾਗ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਇਤਨਾ ਵੱਡਾ ਕਹਾਣੀਕਾਰ ਪੰਜਾਬ ਵਿਚ ਉਹ ਵੀ ਉਨ੍ਹਾਂ ਦੇ ਮੁੱਖ ਦਫ਼ਤਰ ਵਾਲੇ ਪਟਿਆਲੇ ਸ਼ਹਿਰ ਵਿਚ ਰਹਿ ਰਿਹਾ ਹੈ। ਕਿਰਪਾਲ ਕਜ਼ਾਕ ਪੰਜਾਬੀ ਦਾ ਸਮਰੱਥ ਕਹਾਣੀਕਾਰ ਹੈ, ਜਿਸਨੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਵਰਗ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਕਾਗਜ਼ ਦੀ ਕੈਨਵਸ ਤੇ ਲਿਖਕੇ ਉਨ੍ਹਾਂ ਨੂੰ ਅਮਰ ਕਰ ਦਿੱਤਾ ਹੈ। ਉਸਨੇ ਦੋ ਦਰਜਨ ਦੇ ਲਗਪਗ ਪੰਜਾਬੀ ਭਾਸ਼ਾ ਵਿਚ ਕਹਾਣੀਆਂ ਦੀਆਂ ਪੁਸਤਕਾਂ ਲਿਖੀਆਂ ਹਨ। ਵੈਸੇ ਤਾਂ ਉਸ ਦੀਆਂ ਸਾਰੀਆਂ ਪੁਸਤਕਾਂ ਹੀ ਚਰਚਿਤ ਰਹੀਆਂ ਪ੍ਰੰਤੂ ਕੁਝ ਪੁਸਤਕਾਂ ਜਿਨ੍ਹਾਂ ਵਿਚ ਅੰਤਹੀਣ, ਕਾਲਾ ਇਲਮ, ਹੁੰਮਸ ਅਤੇ ਸ਼ਰੇਆਮ ਵਿਸ਼ੇਸ ਤੌਰ ਤੇ ਬਾਕੀਆਂ ਨਾਲੋਂ ਵਿਲੱਖਣ ਹਨ। ਕ੍ਰਿਪਾਲ ਕਜ਼ਾਕ ਨੇ ਪੰਜਾਬੀ ਯੂਨੀਵਰਸਿਟੀ ਵਿਚ ਜਾਣ ਤੋਂ ਬਾਅਦ ਬਹੁਤਾ ਖੋਜ ਦਾ ਕੰਮ ਕੀਤਾ। ਕਹਾਣੀਕਾਰਾਂ ਨੂੰ ਇਉਂ ਮਹਿਸੂਸ ਹੋਣ ਲੱਗ ਗਿਆ ਸੀ ਕਿ ਕਿਰਪਾਲ ਕਜ਼ਾਕ ਦੀ ਕਹਾਣੀ ਕਲਾ ਨੂੰ ਯੂਨੀਵਰਸਿਟੀ ਵਿਚ ਆਉਣ ਨਾਲ ਨੁਕਸਾਨ ਹੋਇਆ ਹੈ ਕਿਉਂਕਿ ਉਹ ਅਕਾਦਮਿਕ ਕੰਮ ਵਿਚ ਰੁੱਝ ਗਿਆ ਹੈ। ਉਸਨੇ ਕਹਾਣੀਆਂ ਲਿਖਣ ਨੂੰ ਤਿਲਾਂਜਲੀ ਦੇ ਦਿੱਤੀ ਹੈ, ਜਿਸਦਾ ਸਾਹਿਤ ਜਗਤ ਨੂੰ ਘਾਟਾ ਰਹੇਗਾ।
ਉਸਨੇ ਯੂਨੀਵਰਸਿਟੀ ਵਿਚ ਸੇਵਾ ਮੁਕਤੀ ਤੋਂ ਬਾਅਦ ਫਿਰ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਜਿਸਦਾ ਨਤੀਜਾ ਸਾਹਿਤ ਅਕਾਡਮੀ ਦਾ ਅਵਾਰਡ ਤੁਹਾਡੇ ਸਾਹਮਣੇ ਹੈ। ਸੇਵਾ ਮੁਕਤੀ ਤੋਂ ਬਾਅਦ ਉਸਨੇ ਤਿੰਨ ਮਾਅਰਕੇ ਦੀਆਂ ਪੁਸਤਕਾਂ ਹੁੰਮਸ 2014, ਅੰਤਹੀਣ 2015, ਕਾਲਾ ਇਲਮ 2016, ਸ਼ਰੇਆਮ 2018 ਅਤੇ ਚੌਥੀ ਸਿਲਸਿਲਾ ਪ੍ਰਕਾਸ਼ਨ ਅਧੀਨ ਹੈ। ਅੰਤਹੀਣ ਦੀਆਂ ਤਿੰਨ ਐਡੀਸ਼ਨਾ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਨੂੰ ਇਸ ਗੱਲ ਦਾ ਮਾਣ ਜਾਂਦਾ ਹੈ ਕਿ ਭਾਰਤੀ ਸਾਹਿਤ ਅਕਾਡਮੀ ਦਿੱਲੀ ਨੇ ਉਸਦੀ ਕਹਾਣੀਆਂ ਦੀ ਪੁਸਤਕ ਅੰਤਹੀਣ ਨੂੰ ਇਨਾਮ ਦੇਣ ਲਈ ਚੁਣਕੇ ਸਮੁੱਚੇ ਉਸ ਗ਼ਰੀਬ ਵਰਗ ਨੂੰ ਸਨਮਾਨਿਆਂ ਹੈ, ਜਿਨ੍ਹਾਂ ਬਾਰੇ ਕ੍ਰਿਪਾਲ ਕਜ਼ਾਕ ਨੇ ਇਹ ਕਹਾਣੀਆਂ ਲਿਖੀਆਂ ਹਨ। ਕ੍ਰਿਪਾਲ ਕਜ਼ਾਕ ਦੀ ਜ਼ਿੰਦਗੀ ਇਕ ਖੁਲ੍ਹੀ ਕਿਤਾਬ ਦੀ ਤਰ੍ਹਾਂ ਹੈ। ਉਸਦੀ ਜ਼ਿੰਦਗੀ ਵਿਚ ਅਨੇਕ ਵਾਰੀ ਉਤਰਾਅ ਚੜ੍ਹਾਅ ਆਏ ਹਨ ਪ੍ਰੰਤੂ ਉਹ ਡੋਲਿਆ ਨਹੀਂ। ਉਸਨੇ ਹਰ ਮੁਸ਼ਕਲ ਦਾ ਦਲੇਰੀ ਨਾਲ ਮੁਕਾਬਲਾ ਕਰਦਿਆਂ ਉਸ ਉਪਰ ਕਾਬੂ ਹੀ ਨਹੀਂ ਪਾਇਆ ਸਗੋਂ ਸਮਾਜ ਲਈ ਇਕ ਰਾਹ ਦਸੇਰਾ ਬਣਕੇ ਉਭਰਿਆ ਹੈ। ਉਸਨੇ ਆਪਣੇ ਜੀਵਨ ਵਿਚ ਉਸਨੇ ਜੋ ਹੰਢਾਇਆ ਉਹੀ ਲਿਖਿਆ ਹੈ। ਉਹ ਸ਼ਬਦਾਂ ਦਾ ਜਾਦੂਗਰ ਹੈ। ਜਦੋਂ ਉਹ ਲਿਖਣ ਬੈਠਦਾ ਹੈ ਤਾਂ ਸ਼ਬਦ ਆਪ ਮੁਹਾਰੇ ਉਸਦੇ ਆਲੇ ਦੁਆਲੇ ਘੁੰਮਣਘੇਰੀ ਪਾ ਕੇ ਬੈਠ ਜਾਂਦੇ ਹਨ। ਉਸਦੀ ਸ਼ਬਦਾਂ ਦੀ ਚੋਣ ਵੀ ਕਮਾਲ ਦੀ ਹੈ। ਉਸਦੀ ਬੋਲੀ ਤੇ ਸ਼ੈਲੀ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ। ਉਸਨੇ ਗੁਰਬਤ ਦੇ ਦਿਨ ਵੀ ਵੇਖੇ ਹਨ, ਭਾਵੇਂ ਉਹ ਅੱਜ ਕਲ੍ਹ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਦੇ ਪੋਸ਼ ਇਲਾਕੇ ਵਿਚ ਇਕ ਛੋਟੇ ਜਿਹੇ ਆਪ ਡਿਜ਼ਾਇਨ ਕੀਤੇ ਘਰ ਵਿਚ ਆਪਣੀ ਪਤਨੀ ਨਾਲ ਸ਼ੰਤੁਸ਼ਟਤਾ ਵਿਚ ਜੀਵਨ ਬਸਰ ਕਰ ਰਿਹਾ ਹੈ, ਪ੍ਰੰਤੂ ਆਪਣੇ ਜੀਵਨ ਦੇ ਨਿਰਵਾਹ ਲਈ ਅਜੇ ਵੀ ਉਸਨੂੰ ਇਸ ਵਡੇਰੀ ਉਮਰ ਵਿਚ ਮਿਹਨਤ ਮੁਸ਼ੱਕਤ ਕਰਨੀ ਪੈਂਦੀ ਹੈ। ਮੈਂ ਪਹਿਲੀ ਵਾਰ 1980 ਵਿਚ ਮੇਰੇ ਇਕ ਦੋਸਤ ਦਰਸ਼ਨ ਸਿੰਘ ਵਿਰਕ ਦੇ ਇਹ ਦੱਸਣ ਤੇ ਕਿ ਇੱਕ ਪੰਜਾਬੀ ਦਾ ਕਹਾਣੀਕਾਰ, ਜਿਸ ਦੀਆਂ ਕਹਾਣੀਆਂ ਦੀਆਂ ਪੁਸਤਕਾਂ ਐਮ ਏ ਦੇ ਸਲੇਬਸ ਵਿਚ ਲੱਗੀਆਂ ਹੋਈਆਂ ਹਨ ਪ੍ਰੰਤੂ ਉਹ ਰੋਜ਼ੀ ਰੋਟੀ ਲਈ ਰਾਜਗਿਰੀ ਦਾ ਕੰਮ ਕਰਦਾ ਹੈ, ਉਸਨੂੰ ਮਿਲਣ ਲਈ ਪਟਿਆਲਾ ਜਿਲ੍ਹੇ ਦੇ ਸਨੌਰ ਕਸਬੇ ਨੇੜੇ ਗਿਆ ਸੀ। ਉਹ ਉਸ ਸਮੇਂ ਇੱਕ ਸ਼ੈਲਰ ਦੀ ਇਮਾਰਤ ਦੀ ਉਸਾਰੀ ਕਰ ਰਿਹਾ ਸੀ, ਮੈਂ ਉਸਨੂੰ ਪੈੜ ਤੇ ਹੀ ਉਪਰ ਚੜ੍ਹਕੇ ਮਿਲਿਆ। ਮੈਂ ਕਿਉਂਕਿ ਸਾਹਿਤ ਦਾ ਵਿਦਿਆਰਥੀ ਸੀ, ਇਸ ਲਈ ਮੇਰਾ ਸਿਰ ਕਿਰਪਾਲ ਕਜ਼ਾਕ ਦੇ ਸਤਿਕਾਰ ਵਿਚ ਝੁਕ ਗਿਆ ਕਿਉਂਕਿ ਉਸਦੀ ਨਮਰਤਾ, ਸਾਦਗੀ, ਸਲੀਕਾ, ਮਿਹਨਤ ਅਤੇ ਲੇਖਣੀ ਦਾ ਕੋਈ ਮੁਲ ਨਹੀਂ ਪਾ ਰਿਹਾ ਸੀ। ਕ੍ਰਿਪਾਲ ਕਜ਼ਾਕ ਨੂੰ ਇਸ ਗੱਲ ਦਾ ਵੀ ਕੋਈ ਹੰਦੇਸ਼ਾ ਨਹੀਂ ਸੀ। ਉਸਦੀ ਖਾਸੀਅਤ ਇਹ ਹੈ ਕਿ ਉਸਨੇ ਆਰਥਿਕ ਤੌਰ ਤੇ ਮਜ਼ਬੂਤ ਨਾ ਹੋਣ ਦੇ ਬਾਵਜੂਦ ਕਿਸੇ ਅੱਗੇ ਹੱਥ ਨਹੀਂ ਅੱਡਿਆ। ਪਰਿਵਾਰ ਵਿਚ ਵੱਡਾ ਹੋਣ ਦੇ ਨਾਤੇ ਪਹਿਲਾਂ ਉਸਨੇ ਆਪਣੇ ਪਿਤਾ ਦੇ ਸਾਰੇ ਪਰਿਵਾਰ ਦੀ ਪਾਲਣ ਪੋਸ਼ਣ ਕੀਤੀ ਅਤੇ ਫਿਰ ਆਪਣੇ ਪਰਿਵਾਰ ਨੂੰ ਪਾਲਿਆ। ਸਾਰੀ ਉਮਰ ਉਹ ਇਸੇ ਚੱਕਰ ਵਿਚ ਉਲਝਿਆ ਰਿਹਾ। ਉਸਨੇ ਆਪਣੇ ਬਹੁਤ ਸਾਰੇ ਸਾਹਿਤਕਾਰ ਦੋਸਤਾਂ ਦੇ ਘਰ ਆਪ ਡੀਜ਼ਾਈਨ ਕੀਤੇ ਅਤੇ ਆਪ ਹੀ ਉਸਾਰੀ ਕੀਤੀ। ਉਹ ਦੋਸਤਾਂ ਦਾ ਦੋਸਤ ਹੈ ਪ੍ਰੰਤੂ ਸਾਹਿਤ ਸਿਰਜਣਾ ਬਾਰੇ ਕੋਰਾ ਹੈ। ਸੱਚੀ ਗੱਲ ਮੂੰਹ ਤੇ ਕਹਿ ਦਿੰਦਾ ਹੈ। ਉਹ ਸਿਰੜੀ ਕਿਸਮ ਦਾ ਇਨਸਾਨ ਹੈ। ਉਸਨੇ ਕਈ ਵੇਲਣ ਵੇਲੇ। ਉਹ ਚੰਗਾ ਆਰਟਿਸਟ ਵੀ ਹੈ ਜਿਸ ਕਰਕੇ ਉਹ ਇਕ ਪੇਂਟਰ ਦੀ ਦੁਕਾਨ ਤੇ ਵਾਧੂ ਸਮੇਂ ਵਿਚ ਕੰਮ ਕਰਦਾ ਰਿਹਾ। ਉਸਨੇ ਆਪਣੇ ਪਿੰਡ ਸਭ ਤੋਂ ਪਹਿਲਾਂ ਆਪਣੇ ਹੀ ਘਰ ਵਿਚ ਇਕ ਲਾਇਬਰੇਰੀ ਖੋਲ੍ਹੀ ਤਾਂ ਜੋ ਪਿੰਡਾਂ ਦੇ ਬੱਚਿਆਂ ਨੂੰ ਸਾਹਿਤ ਨਾਲ ਜੋੜਿਆ ਜਾ ਸਕੇ। ਮੈਂ ਅੰਗਰੇਜ਼ੀ ਟ੍ਰਿਬਿਊਨ ਦੇ ਪਟਿਆਲਾ ਸਥਿਤ ਪੱਤਰਕਾਰ ਸ਼ੇਰ ਸਿੰਘ ਗੁਪਤਾ ਨੂੰ ਉਸਦੀ ਸਾਰੀ ਕਹਾਣੀ ਦੱਸੀ। ਉਨ੍ਹਾਂ ਕ੍ਰਿਪਾਲ ਕਜ਼ਾਕ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਸ਼ੇਰ ਸਿੰਘ ਗੁਪਤਾ ਨੇ ਅੰਗਰੇਜ਼ੀ ਟ੍ਰਿਬਿਊਨ ਵਿਚ ਕ੍ਰਿਪਾਲ ਕਜ਼ਾਕ ਬਾਰੇ ਲੇਖ ਲਿਖਿਆ ''ਬਰਿਕ ਟੂ ਬਰਿਕ ਵਰਡ ਬਾਈ ਵਰਡ''। ਉਸਤੋਂ ਬਾਅਦ ਜਦੋਂ ਮੈਂ ਉਸ ਸਮੇਂ ਪੰਜਾਬ ਦੇ ਮੰਤਰੀ ਸਰਦਾਰ ਬੇਅੰਤ ਸਿੰਘ ਨੂੰ ਕ੍ਰਿਪਾਲ ਕਜਜ਼ਾ ਬਾਰੇ ਦੱਸਿਆ ਤਾਂ ਉਨ੍ਹਾਂ ਡਾਕਟਰ ਭਗਤ ਸਿੰਘ ਉਪ ਕੁਲਪਤੀ ਨੂੰ ਫ਼ੋਨ ਕਰਕੇ ਕਿਹਾ ਕਿ ਤੁਹਾਡੇ ਇਲਾਕੇ ਵਿਚ ਇਤਨਾ ਵੱਡਾ ਕਹਾਣੀਕਾਰ ਰਹਿੰਦਾ ਹੈ ਤੇ ਉਹ ਰਾਜਗਿਰੀ ਦਾ ਕੰਮ ਕਰਦਾ ਹੈ। ਅਜਿਹੇ ਸਾਹਿਤਕਾਰ ਦਾ ਸਥਾਨ ਯੂਨੀਵਰਸਿਟੀ ਹੈ। ਇਸ ਲਈ ਉਸਦੀ ਕਾਬਲੀਅਤ ਦਾ ਲਾਭ ਉਠਾਇਆ ਜਾਵੇ। ਡਾ ਭਗਤ ਸਿੰਘ ਦੀ ਮਿਹਰਬਾਨੀ ਨਾਲ ਪੰਜਾਬੀ ਯੂਨੀਵਰਸਿਟੀ ਵਿਚ ਨੌਕਰੀ ਦਾ ਰਾਹ ਖੁਲ੍ਹ ਗਿਆ। ਪੰਜਾਬੀ ਯੂਨੀਵਰਸਿਟੀ ਦੀ ਨੌਕਰੀ ਦੌਰਾਨ ਕ੍ਰਿਪਾਲ ਕਜ਼ਾਕ ਨੇ ਆਪਣੀ ਪ੍ਰਤਿਭਾ ਦਾ ਅਜਿਹਾ ਪ੍ਰਗਟਾਵਾ ਕੀਤਾ ਕਿ ਉਹ ਹਰ ਉਪ ਕੁਲਪਤੀ ਦਾ ਚਹੇਤਾ ਬਣ ਗਿਆ।
ਸਾਹਿਤਕਾਰ ਆਮ ਵਿਅਕਤੀ ਨਹੀਂ ਹੁੰਦਾ। ਕੁਦਰਤ ਵੱਲੋਂ ਦਿੱਤੇ ਅਸਧਾਰਣ ਗੁਣ ਹੀ ਕਿਸੇ ਵਿਅਕਤੀ ਨੂੰ ਸਾਹਿਤਕਾਰ ਬਣਾਉਣ ਵਿਚ ਸਹਾਈ ਹੁੰਦੇ ਹਨ। ਸਾਹਿਤਕਾਰ ਆਮ ਲੋਕਾਂ ਦੀਆਂ ਖ਼ੁਸ਼ੀਆਂ ਅਤੇ ਗ਼ਮੀਆਂ ਨੂੰ ਵਧੇਰੇ ਤੀਖਣਤਾ ਨਾਲ ਅਨੁਭਵ ਕਰਨ ਦੀ ਸਮਰੱਥਾ ਰੱਖਦਾ ਹੁੰਦਾ ਹੈ। ਸਮਾਜ ਵਿਚ ਜੋ ਘਟਨਾਵਾਂ ਵਾਪਰ ਰਹੀਆਂ ਹੁੰਦੀਆਂ ਹਨ, ਸਾਰਾ ਸਮਾਜ ਉਨ੍ਹਾਂ ਨੂੰ ਵੇਖਦਾ ਹੈ ਪ੍ਰੰਤੂ ਕੋਈ ਪ੍ਰਤੀਕ੍ਰਿਆ ਨਹੀਂ ਦਿੰਦਾ। ਸਾਹਿਤਕਾਰ ਉਨ੍ਹਾਂ ਹਾਲਾਤਾਂ ਨੂੰ ਵੇਖਕੇ ਸਹਿਜ ਅਵਸਥਾ ਵਿਚ ਨਹੀਂ ਰਹਿ ਸਕਦਾ, ਇਸ ਲਈ ਉਹ ਉਨ੍ਹਾਂ ਘਟਨਾਵਾਂ ਨੂੰ ਆਪਣੀ ਕਲਮ ਨਾਲ ਸਾਹਿਤਕ ਰੂਪ ਵਿਚ ਲਿਖਕੇ ਸਮਾਜ ਨੂੰ ਪ੍ਰੇਰਨਾ ਦਿੰਦਾ ਹੈ। ਉਹ ਸਮਾਜ ਨਾਲ ਜੁੜਿਆ ਹੁੰਦਾ ਹੈ। ਲੇਖਕ ਅਕਾਦਿਮਕ ਵਿਦਿਆ ਦੇ ਨਾਲੋਂ ਸਮਾਜਿਕ ਤੌਰ 'ਤੇ ਵਿਚਰਿਆ ਅਤੇ ਗੁੜ੍ਹਿਆ ਹੋਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਸਮਾਜ ਵਿਚ ਜੋ ਵਾਪਰ ਰਿਹਾ ਉਸਦਾ ਅਨੁਭਵ ਲੈਣ ਦੀ ਤੀਖ਼ਣ ਬੁਧੀ ਹੋਣਾ ਵੀ ਲਾਜ਼ਮੀ ਹੁੰਦਾ ਹੈ। ਅਜਿਹੇ ਵਿਅਕਤੀਆਂ ਵਿਚ ਪ੍ਰੋ.ਕ੍ਰਿਪਾਲ ਕਜ਼ਾਕ ਦਾ ਸਥਾਨ ਜ਼ਮੀਨ ਨਾਲ ਜੁੜੇ ਹੋਏ ਲੇਖਕ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਅਕਾਦਮਿਕ ਤੌਰ ਤੇ ਭਾਵੇਂ ਉਹ ਬਹੁਤੀ ਸਿਖਿਆ ਪ੍ਰਾਪਤ ਨਹੀਂ ਕਰ ਸਕਿਆ ਪ੍ਰੰਤੂ ਸਮਾਜਿਕ ਤੌਰ ਤੇ ਉਹ ਗੁੜ੍ਹਿਆ ਹੋਇਆ ਸੁਘੜ ਅਤੇ ਸੰਜੀਦਾ ਲੇਖਕ ਹੈ। ਆਪਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਆਇਆ ਆਪ ਪੰਜਾਬੀ ਯੂਨੀਵਰਸਿਟੀ ਨੇ ਫੋਕ ਲੋਰ ਸਹਾਇਕ ਦੀ ਅਸਾਮੀ ਬਣਾਕੇ ਉਸ ਉਪਰ ਨਿਯੁਕਤ ਕਰ ਦਿੱਤਾ ਅਤੇ ਉਸਦਾ ਖੋਜ ਵਾਲੇ ਪਾਸੇ ਰੁਖ਼ ਬਦਲ ਲਿਆ। ਸੰਤੋਸ਼ਜਨਕ ਗੱਲ ਹੈ ਕਿ ਆਪਦੀ ਸਾਹਿਤਕ ਪ੍ਰਤਿਭਾ ਦੀ ਪਛਾਣ ਕਰਕੇ ਉਸਦਾ ਮੁੱਲ ਪਾਉਂਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਦੋਂ ਦੇ ਉਪ ਕੁਲਪਤੀ ਸਵਰਨ ਸਿੰਘ ਬੋਪਾਰਾਇ ਨੇ ਕ੍ਰਿਪਾਲ ਕਜ਼ਾਕ ਨੂੰ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਦੀ ਪਦਵੀ ਤੇ ਨਿਯੁਕਤ ਕਰਕੇ ਨਾਮਣਾ ਖੱਟਿਆ ਹੈ। ਭਾਵੇਂ ਐਨ ਐਸ ਰਤਨ ਆੲਂ ਏ ਐਸ ਅਧਿਕਾਰੀ ਜੋ ਥੋੜ੍ਹਾ ਸਮਾਂ ਕਾਰਜਕਾਰੀ ਉਪਕੁਲਪਤੀ ਰਹੇ, ਉਹ ਕ੍ਰਿਪਾਲ ਕਜ਼ਾਕ ਨੂੰ ਪ੍ਰੋਫੈਸਰ ਬਣਾਉਣਾ ਚਾਹੁੰਦੇ ਸਨ ਪ੍ਰੰਤੂ ਉਨ੍ਹਾਂ ਦੀ ਥਾਂ ਸਵਰਨ ਸਿੰਘ ਬੋਪਾਰਾਏ ਨਿਯੁਕਤ ਹੋ ਗਏ। ਆਪ ਬੜਾ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਦੇ ਖੋਜ ਪੱਤ੍ਰਿਕਾ ਰਸਾਲੇ ਦੇ ਸੰਪਾਦਕ ਰਹੇ ਅਤੇ ਬਹੁਤ ਸਾਰੇ ਵਿਸ਼ੇਸ਼ ਅੰਕ ਪ੍ਰਕਾਸ਼ਤ ਕਰਨ ਦਾ ਮਾਣ ਵੀ ਆਪ ਨੂੰ ਜਾਂਦਾ ਹੈ। ਆਪਦੀਆਂ ਖੋਜ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਤਿੰਨ ਪੁਸਤਕਾਂ ਵੀ ਹਨ।
ਪ੍ਰੋ.ਕ੍ਰਿਪਾਲ ਕਜ਼ਾਕ ਦਾ ਜਨਮ ਪਾਕਿਸਤਾਨ ਵਿੱਚ 15 ਜਨਵਰੀ 1943 ਨੂੰ ਸ੍ਰ ਸਾਧੂ ਸਿੰਘ ਦੇ ਘਰ ਆਮ ਸਾਧਾਰਨ ਦਿਹਾਤੀ ਪਰਿਵਾਰ ਵਿੱਚ ਹੋਇਆ। ਦੇਸ਼ ਦੀ ਵੰਡ ਤੋਂ ਬਾਅਦ ਆਪਦਾ ਪਰਿਵਾਰ ਪਹਿਲਾਂ ਪਟਿਆਲਾ ਸ਼ਹਿਰ ਵਿੱਚ ਆਕੇ ਥੋੜ੍ਹਾ ਸਮਾਂ ਰਿਹਾ ਅਤੇ ਬਾਅਦ ਵਿੱਚ ਪਟਿਆਲਾ ਜਿਲ੍ਹੇ ਦੇ ਪਿੰਡ ਫਤਿਹਪੁਰ ਰਾਜਪੂਤਾਂ ਵਿੱਚ ਆਕੇ ਵੱਸ ਗਿਆ। ਆਪਨੇ ਆਪਣੀ ਮੁਢਲੀ ਵਿੱਦਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ। ਪਰਿਵਾਰਕ ਮਜ਼ਬੂਰੀਆਂ ਕਰਕੇ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ ਅਤੇ ਪਿਤਾ ਪੁਰਖੀ ਰਾਜਗਿਰੀ ਦੇ ਕੰਮ ਕਾਜ ਵਿੱਚ ਜੁਟ ਗਏ। ਹੈਰਾਨੀ ਦੀ ਗੱਲ ਹੈ ਕਿ ਅਕਾਦਮਿਕ ਸਿਖਿਆ ਪ੍ਰਾਪਤ ਨਾ ਕਰਨ ਦੇ ਬਾਵਜੂਦ ਉਸ ਨੂੰ ਗ੍ਰਾਮਰ ਦੀ ਪੂਰੀ ਜਾਣਕਾਰੀ ਹੈ। ਮਜਾਲ ਹੈ ਕੋਈ ਸ਼ਬਦ ਜੋੜ ਜਾਂ ਗ੍ਰਾਮਰ ਦੀ ਊਣਤਾਈ ਉਸਦੀ ਲੇਖਣੀ ਵਿਚ ਰਹਿ ਜਾਵੇ। ਉਹਨਾਂ ਪਿੰਡਾਂ ਦੇ ਲੋਕਾਂ ਦੀ ਜਦੋਜਹਿਦ ਭਰੀ ਜ਼ਿੰਦਗੀ ਨੂੰ ਬੜਾ ਨੇੜੇ ਤੋਂ ਵੇਖਦਿਆਂ ਬੜੀ ਬਾਰੀਕੀ ਨਾਲ ਉਸਦੀ ਜਾਣਕਾਰੀ ਇੱਕਤਰ ਕੀਤੀ। ਪਿੰਡਾਂ ਦੇ ਲੋਕਾਂ ਦੇ ਜੀਵਨ ਜਿਉਣ ਦੇ ਸੰਘਰਸ਼, ਰਹਿਣ-ਸਹਿਣ, ਵਰਤਾਰਾ, ਗ਼ਰੀਬ ਲੋਕਾਂ ਦੀ ਗ਼ੁਰਬਤ ਭਰੀ ਜ਼ਿੰਦਗੀ ਨੂੰ ਬੜਾ ਨੇੜਿਓਂ ਵੇਖਿਆ। ਫਿਰ ਉਸ ਦੇ ਬਿਰਤਾਂਤ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ, ਕਿਸ ਪ੍ਰਕਾਰ ਮਜ਼ਦੂਰ ਅਤੇ ਦਲਿਤ ਲੋਕਾਂ ਦੀਆਂ ਮਜਬੂਰੀਆਂ ਦਾ ਕਿਸਾਨ ਜਾਂ ਖਾਂਦੇ ਪੀਂਦੇ ਪਰਿਵਾਰ ਨਜਾਇਜ਼ ਲਾਭ ਉਠਾਉਂਦੇ ਹਨ। ਇਸ ਕਰਕੇ ਉਸਦੀਆਂ ਕਹਾਣੀਆਂ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਦੀ ਜਿੰਦਗੀ ਦਾ ਸਹੀ ਤੇ ਸੁਚੱਜਾ ਪ੍ਰਗਟਾਵਾ ਕਰਦੀਆਂ ਹਨ। ਸ਼ੁਰੂ ਦੇ ਸਮੇਂ ਵਿੱਚ ਆਪਨੇ ਕਹਾਣੀਆਂ ਦੀਆਂ ਚਾਰ ਪੁਸਤਕਾਂ ਅਤੇ ਇੱਕ ਨਾਵਲ ਲਿਖਿਆ । ਆਪਦੇ ਵਿਸ਼ੇ ਸਮੇਂ ਦੇ ਸੱਚ ਨੂੰ ਦਰਸਾਉਂਦੇ ਸਨ। ਇਸ ਤੋਂ ਉਪਰੰਤ ਆਪਨੇ ਸਿਕਲੀਗਰ ਲੋਕਾਂ ਦੀ ਜ਼ਿੰਦਗੀ ਤੇ ਭਰਪੂਰ ਖੋਜ ਕੀਤੀ ਅਤੇ ਕਈ ਕਈ ਮਹੀਨੇ ਉਹਨਾਂ ਨਾਲ ਰਹਿਕੇ ਉਹਨਾਂ ਨੂੰ ਨੇੜੇ ਤੋਂ ਜਾਣਿਆਂ ਅਤੇ ਉਹਨਾਂ ਦੇ ਰੀਤੀ ਰਿਵਾਜਾਂ ਤੇ ਖੋਜ ਭਰਪੂਰ ਪੁਸਤਕ ਲਿਖੀ, ਜਿਸਨੂੰ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕਰਵਾਇਆ ਅਤੇ ਹਿੰਦੀ ਤੇ ਅੰਗਰੇਜੀ ਵਿੱਚ ਅਨੁਵਾਦ ਕਰਵਾਕੇ ਵੀ ਪ੍ਰਕਾਸ਼ਤ ਕਰਵਾਇਆ। ਆਪਨੇ ਹੁਣ ਤੱਕ 30 ਪੁਸਤਕਾਂ ਲਿਖੀਆਂ ਅਤੇ ਕੁਝ ਕੁ ਦੀ ਸੰਪਾਦਨਾ ਵੀ ਕੀਤੀ ਹੈ।
ਇਸ ਤੋਂ ਬਾਅਦ ਆਪ ਦੀ ਜ਼ਿੰਦਗੀ ਦਾ ਤੀਜਾ ਦੌਰ ਸ਼ੁਰੂ ਹੁੰਦਾ ਹੈ, ਜਿਸ ਵਿੱਚ ਆਪਨੇ ਇੱਕ ਫੀਚਰ ਫਿਲਮ, 11ਹਿੰਦੀ ਤੇ ਪੰਜਾਬੀ ਦੀਆਂ ਟੈਲੀ ਫਿਲਮਾਂ, 9 ਡਾਕੂਮੈਂਟਰੀ ਫਿਲਮਾਂ, 7 ਟੀ ਵੀ ਸੀਰੀਅਲਾਂ ਦੀਆਂ ਸਕਰਿਪਟਾਂ ਅਤੇ ਨਾਟਕ ਵੀ ਲਿਖੇ ਹਨ। ਆਪ ਦੀਆਂ ਪੁਸਤਕਾਂ ਪੰਜਾਬ, ਪੰਜਾਬੀ, ਦਿੱਲੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਦੇ ਸਲੇਬਸ ਵਿੱਚ ਲੱਗੀਆਂ ਰਹੀਆਂ ਹਨ ਅਤੇ ਪੀ. ਐਚ. ਡੀ. ਦੀਆਂ ਡਿਗਰੀਆਂ ਵੀ ਮਿਲੀਆਂ ਹਨ। ਇਸ ਅਵਾਰਡ ਤੋਂ ਪਹਿਲਾਂ ਪ੍ਰੋ. ਕਿਰਪਾਲ ਕਜ਼ਾਕ ਦੀਆਂ ਬਹੁਤ ਸਾਰੀਆਂ ਪੁਸਤਕਾਂ ਤੇ ਮਾਣ ਸਨਮਾਨ ਵੀ ਮਿਲੇ ਹਨ ਆਪਦੀਆਂ ਖੋਜ ਦੀਆਂ ਚਾਰ ਪੁਸਤਕਾਂ ਹਨ। ਜਿਹਨਾਂ ਵਿੱਚ ਵਿਸ਼ੇਸ਼ ਜਿਕਰ ਯੋਗ ਹਨ, ਭਾਈ ਵੀਰ ਸਿੰਘ ਗਲਪ ਪੁਰਸਕਾਰ, ਗਿਆਨੀ ਹੀਰਾ ਸਿੰਘ ਦਰਦ, ਨਾਗਮਣੀ, ਦਲਿਤ ਲੇਖਨ, ਗੁਰਦਾਸ ਰਾਮ ਆਲਮ, ਪੰਜਾਬੀ ਅਕਾਦਮੀ ਨਵੀਂ ਦਿੱਲੀ, ਸਾਹਿਤ ਪ੍ਰੀਸ਼ਦ ਹਰਿਆਣਾ, ਪੰਜਾਬੀ ਸਾਹਿਤ ਸਰਵੋਤਮ, ਪੰਜਾਬ ਰਤਨ, ਪ੍ਰਿੰ ਸੁਜਾਨ ਸਿੰਘ ਯਾਦਗਾਰੀ ਆਦਿ ਅਨੇਕਾਂ ਪੁਰਸਕਾਰ ਮਿਲੇ ਹਨ।
ਉਨ੍ਹਾਂ ਨੂੰ ਸਾਹਿਤ ਅਕਾਡਮੀ ਦਾ ਵਕਾਰੀ ਸਨਮਾਨ ਦਾ ਐਲਾਨ ਹੋਣ ਤੇ ਵੱਡੀ ਗਿਣਤੀ ਵਿਚ ਸਾਹਿਤਕ ਹਲਕਿਆਂ ਨੇ ਸਵਾਗਤ ਕੀਤਾ ਹੈ।
ਤਸਵੀਰਾਂ-ਕਿਰਪਾਲ ਕਜ਼ਾਕ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072
ਭੋਗ ਤੇ ਵਿਸਸ਼ੇ : ਧਾਰਮਿਕ ਬਿਰਤੀ ਨੂੰ ਪ੍ਰਣਾਇਆ ਬਾਬਾ ਨਿਰਮਲ ਸਿੰਘ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ - ਉਜਾਗਰ ਸਿੰਘ
ਪੰਜਾਬ ਦੀ ਧਰਤੀ 'ਤੇ ਸੰਤਾਂ, ਮਹਾਂ ਪੁਰਸ਼ਾਂ ਅਤੇ ਅਧਿਆਤਮਕ ਦਰਵੇਸਾਂ ਨੇ ਜਨਮ ਲਿਆ ਅਤੇ ਪੰਜਾਬ ਦੀ ਸਰ ਜ਼ਮੀਂ ਨੂੰ ਆਪਣੀ ਦਰਵੇਸ਼ੀ ਨਾਲ ਧਾਰਮਿਕ ਰੰਗ ਵਿਚ ਰੰਗ ਦਿੱਤਾ। ਅਧਿਆਤਮਿਕਤਾ ਦੀ ਖ਼ੁਸ਼ਬੂ ਨੇ ਪੰਜਾਬੀਆਂ ਵਿਚ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਪ੍ਰੇਰਨਾ ਭਰ ਦਿੱਤੀ। ਇਸ ਤੋਂ ਪਹਿਲਾਂ ਪੰਜਾਬ ਵਿਚ ਕਿਸਾਨੀ ਅਤੇ ਦਿਹਾਤੀ ਇਲਾਕਿਆਂ ਵਿਚ ਵਸਣ ਵਾਲੇ ਲੋਕ ਸਿੱਖ ਧਰਮ ਨੂੰ ਤਾਂ ਮੰਨਦੇ ਸਨ ਪ੍ਰੰਤੂ ਅੰਮ੍ਰਿਤਧਾਰੀ ਨਹੀਂ ਸਨ। ਸਿੰਘ ਸਭਾ ਲਹਿਰ ਅਧੀਨ ਲੁਧਿਆਣਾ ਜਿਲ੍ਹੇ ਦੇ ਰਾੜਾ ਸਾਹਿਬ ਅਤੇ ਰਾਮਪੁਰ ਪਿੰਡ ਕੋਲ ਰੇਰੂ ਸਾਹਿਬ ਵਿਖੇ ਗੁਰਮਤਿ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਗੁਰੂ ਘਰਾਂ ਦੀ ਸਥਾਪਨਾ ਹੋਈ। ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਗੁਰਮਤਿ ਦੀ ਇਸ ਲਹਿਰ ਨੇ ਦਿਹਾਤੀ ਇਲਾਕਿਆਂ ਵਿਚ ਸਿੱਖ ਧਰਮ ਦੀ ਵਿਚਾਰਧਾਰਾ ਨੂੰ ਸਰਵ ਪ੍ਰਵਾਨ ਕਰਕੇ ਨੌਜਵਾਨ ਪੀੜ੍ਹੀ ਦੀ ਰਹਿਨੁਮਾਈ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਦੀ ਬਖ਼ਸ਼ਿਸ਼ ਨਾਲ ਪਿੰਡਾਂ ਵਿਚ ਵੀ ਗੁਰਮਤਿ ਦੀ ਲਹਿਰ ਦਾ ਅਜਿਹਾ ਅਸਰ ਹੋਇਆ ਕਿ ਪਿੰਡਾਂ ਦੇ ਨੌਜਵਾਨ ਵੀ ਅੰਮ੍ਰਿਤ ਪਾਨ ਕਰਕੇ ਗੁਰੂ ਦੇ ਲੜ ਲੱਗ ਗਏ। ਲੁਧਿਆਣਾ ਜਿਲ੍ਹੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ ਦੋਰਾਹਾ ਅਤੇ ਪਾਇਲ ਦੇ ਅੱਧ ਵਿਚਕਾਰ ਜਰਨੈਲੀ ਸੜਕ ਤੋਂ 2 ਕਿਲੋਮੀਟਰ ਦੂਰ ਸਥਿਤ ਹੈ, ਜਿਹੜਾ ਪੜ੍ਹੇ ਲਿਖੇ ਵਿਦਵਾਨਾਂ, ਗੀਤਕਾਰਾਂ, ਡਾਕਟਰਾਂ, ਇੰਜਨੀਅਰਾਂ, ਪ੍ਰੋਫੈਸਰਾਂ, ਖਿਡਾਰੀਆਂ, ਵਕੀਲਾਂ, ਕਵੀਆਂ, ਗਾਇਕਾਂ, ਕਲਾਕਾਰਾਂ ਅਤੇ ਅਗਾਂਹਵਧੂ ਲੋਕਾਂ ਦੇ ਪਿੰਡ ਦੇ ਤੌਰ ਤੇ ਜਾਣਿਆਂ ਜਾਂਦਾ ਹੈ। ਇਸ ਪਿੰਡ ਵਿਚ ਵੀ ਗੁਰਮਤਿ ਲਹਿਰ ਦਾ ਅਜਿਹਾ ਵਾਵਰੋਲਾ ਉਠਿਆ ਕਿ ਪਿੰਡ ਦੇ ਨੌਜਵਾਨਾਂ ਨੇ ਅੰਮ੍ਰਿਤ ਪਾਨ ਕਰਕੇ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਬੀੜਾ ਚੁੱਕਿਆ। ਅਜਿਹੇ ਨੌਜਵਾਨਾ ਵਿਚ ਇਕ ਅਜਿਹਾ ਫ਼ਕਰ ਕਿਸਮ ਦਾ ਨੌਜਵਾਨ ਸੀ, ਦਿਆਲ ਸਿੰਘ ਜਿਹੜਾ 3 ਭਰਾਵਾਂ ਬਖਤੌਰ ਸਿੰਘ, ਸੰਪੂਰਨ ਸਿੰਘ, ਭਾਗ ਸਿੰਘ, ਦੋ ਭੈਣਾਂ ਗੁਰਨਾਮ ਕੌਰ ਅਤੇ ਹਰਬੰਸ ਕੌਰ ਦਾ ਲਾਡਲਾ ਭਰਾ ਸੀ। ਉਸਦਾ ਜਨਮ 12 ਜੂਨ 1931 ਨੂੰ ਪਿਤਾ ਪੰਜਾਬ ਸਿੰਘ ਅਤੇ ਮਾਤਾ ਇੰਦ ਕੌਰ ਦੇ ਘਰ ਪਿੰਡ ਕੱਦੋਂ ਵਿਚ ਹੋਇਆ। ਦਿਆਲ ਸਿੰਘ ਪੜ੍ਹਿਆ ਲਿਖਿਆ ਤਾਂ ਹੈ ਨਹੀਂ ਸੀ ਪ੍ਰੰਤੂ ਆਪਣੇ ਪਰਿਵਾਰ ਨਾਲ ਖੇਤੀਬਾੜੀ ਦਾ ਕੰਮ ਕਰਦਾ ਸੀ। ਇਸ ਲਹਿਰ ਵਿਚ ਉਹ ਅਜਿਹਾ ਸ਼ਾਮਲ ਹੋਇਆ ਕਿ ਉਹ ਗੁਰੂ ਘਰ ਨੂੰ ਪ੍ਰਣਾਇਆ ਗਿਆ ਅਤੇ ਪਰਿਵਾਰ ਨੂੰ ਤਿਲਾਂਜਲੀ ਦੇ ਕੇ ਸੰਤ ਈਸ਼ਰ ਸਿੰਘ ਕੋਲ ਕਰਮਸਰ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਚ ਜਾ ਕੇ ਅੰਮ੍ਰਿਤ ਪਾਨ ਕਰਕੇ ਗੁਰੂ ਘਰ ਦੇ ਹੀ ਲੇਖੇ ਆਪਣਾ ਸਾਰਾ ਜੀਵਨ ਲਾਉਣ ਦਾ ਪ੍ਰਣ ਕਰ ਲਿਆ। ਅੰਮ੍ਰਿਤ ਛੱਕਣ ਤੋਂ ਬਾਅਦ ਉਸਦਾ ਨਾਮ ਨਿਰਮਲ ਸਿੰਘ ਰੱਖਿਆ ਗਿਆ, ਜਿਸਦਾ ਜੀਵਨ ਸਵੱਛ ਪਾਣੀ ਦੀ ਤਰ੍ਹਾਂ ਨਿਰਮਲ ਅਤੇ ਪਵਿਤਰ ਸੀ। ਬਾਬਾ ਨਿਰਮਲ ਸਿੰਘ ਸੰਤ ਈਸ਼ਰ ਸਿੰਘ ਨਾਲ ਜਦੋਂ ਕੀਰਤਨ ਕਰਦੇ ਸਨ ਤਾਂ ਉਹ ਉਨ੍ਹਾਂ ਦੇ ਜਥੇ ਵਿਚ ਬਰਛਾ ਲੈ ਕੇ ਖੜ੍ਹਦਾ ਸੀ। ਜਦੋਂ ਸੰਤਾਂ ਦੇ ਕੀਰਤਨ ਨਹੀਂ ਹੁੰਦੇ ਸਨ ਤਾਂ ਉਹ ਲੰਗਰ ਵਿਚ ਸੇਵਾ ਕਰਦਾ ਸੀ। ਉਸਨੇ ਪਿੰਡ ਕੱਦੋਂ ਦੇ ਸਕੂਲ ਦੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ, ਉਨ੍ਹਾਂ ਨੂੰ ਰਾੜਾ ਸਾਹਿਬ ਗੁਰਦੁਆਰੇ ਵਿਚ ਲਿਜਾਉਣ ਦਾ ਪ੍ਰਬੰਧ ਵੀ ਕੀਤਾ। ਪਿੰਡ ਦੇ ਹੋਰ ਲੋਕਾਂ ਨੂੰ ਵੀ ਅਮ੍ਰਿਤ ਛੱਕਣ ਲਈ ਪ੍ਰੇਰ ਕੇ ਲੈ ਕੇ ਜਾਂਦੇ ਸਨ। ਉਸਦੇ ਉਦਮ ਸਦਕਾ ਪਿੰਡ ਕੱਦੋਂ ਵਿਖੇ 1972 ਵਿਚ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਦੀਵਾਨ ਸਜਾਏ ਗਏ, ਜਿਸ ਵਿਚ ਪਿੰਡ ਕੱਦੋਂ ਅਤੇ ਉਸਦੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਨੇ ਅਮ੍ਰਿਤ ਪਾਨ ਕੀਤਾ। 1975 ਤੱਕ ਆਪ ਗੁਰਦੁਆਰਾ ਰਾੜਾ ਸਾਹਿਬ ਵਿਚ ਸੇਵਾ ਕਰਦੇ ਰਹੇ। ਜਦੋਂ 1975 ਵਿਚ ਸੰਤ ਈਸ਼ਰ ਸਿੰਘ ਪ੍ਰਲੋਕ ਸਿਧਾਰ ਗਏ ਤਾਂ ਬਾਬਾ ਨਿਰਮਲ ਸਿੰਘ ਆਪਣੇ ਪਿੰਡ ਕੱਦੋਂ ਆ ਗਏ। ਕੱਦੋਂ ਪਿੰਡ ਦੇ ਬਾਹਰਵਾਰ ਸ਼ਮਸ਼ਾਨ ਘਾਟ ਦੋਰਾਹੇ ਵਾਲੇ ਪਾਸੇ ਕਾਫੀ ਵੱਡੀ ਝਿੜੀ ਵਿਚ ਬਣੀ ਹੋਈ ਹੈ। ਦੋਰਾਹੇ ਜਾਣ ਲਈ ਲੋਕ ਭੂਤਾਂ ਪ੍ਰੇਤਾਂ ਤੋਂ ਡਰਦੇ ਦੂਸਰੇ ਰਸਤੇ ਦੋਰਾਹੇ ਨੂੰ ਵਿੰਗ ਵਲ ਪਾ ਕੇ ਜਾਂਦੇ ਸਨ। ਬਾਬਾ ਮੇਜਰ ਸਿੰਘ, ਬਾਬਾ ਨਿਰਮਲ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਨੇ ਪਿੰਡ ਦੇ ਲੋਕਾਂ ਨਾਲ ਸਲਾਹ ਕਰਕੇ ਇੱਕ ਟਰੱਸਟ ਬਣਾਕੇ ਫੈਸਲਾ ਕੀਤਾ ਕਿ ਇਸ ਸ਼ਮਸ਼ਾਨ ਘਾਟ ਵਿਚ ਗੁਰਦੁਆਰਾ ਬਣਾਇਆ ਜਾਵੇ ਤਾਂ ਜੋ ਲੋਕਾਂ ਵਿਚੋਂ ਡਰ ਖ਼ਤਮ ਹੋ ਜਾਵੇ, ਲੋਕਾਂ ਵਿਚ ਸਿੱਖ ਧਰਮ ਨਾਲ ਜੁੜ ਜਾਣ ਅਤੇ ਦੋਰਾਹੇ ਜਾਣ ਲਈ ਲੋਕ ਸਿਧੇ ਰਸਤੇ ਜਾ ਸਕਣ। ਇਨ੍ਹਾਂ ਨੇ 1976 ਵਿਚ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਸਰੋਵਰ ਅਤੇ ਫਿਰ 1977 ਵਿਚ ਗੁਰੂ ਘਰ ਦੀ ਉਸਾਰੀ ਸ਼ੁਰੂ ਕੀਤੀ, ਜਿਥੇ ਹੁਣ ਆਲੀਸ਼ਾਨ ਬਾਬਾ ਸਿੱਧਸਰ ਗੁਰੂ ਘਰ ਅਤੇ ਇਕ ਸਿਵਲ ਹਸਪਤਾਲ ਗੁਰੂ ਘਰ ਦੇ ਟਰੱਸਟ ਦੀ ਸਰਪਰਸਤੀ ਹੇਠ ਚਲ ਰਿਹਾ ਹੈ। ਬਾਬਾ ਨਿਰਮਲ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ। ਰਾੜਾ ਸਾਹਿਬ ਤੋਂ ਵਾਪਸ ਆ ਕੇ ਬਾਬਾ ਨਿਰਮਲ ਸਿੰਘ ਸਿੱਧਸਰ ਗੁਰੂ ਘਰ ਵਿਚ ਹੀ ਰਹਿਣ ਲੱਗ ਪਏ ਸੀ। 1980 ਵਿਚ ਜਦੋਂ ਸਰਦਾਰ ਬੇਅੰਤ ਸਿੰਘ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸਨ ਤਾਂ ਉਨ੍ਹਾਂ ਪਿੰਡ ਤੋਂ ਸਿੱਧਸਰ ਗੁਰੂ ਘਰ ਤੱਕ ਪੱਕੀ ਸੜਕ ਬਣਵਾ ਦਿੱਤੀ ਸੀ। ਇਸ ਸੜਕ ਦੇ ਆਲੇ ਦੁਆਲੇ ਲੋਹੇ ਦਾ ਜੰਗਲਾ, ਲਾਈਟਾਂ ਅਤੇ ਗੁਰੂ ਘਰ ਤੋਂ ਕੀਰਤਨ ਸੁਣਨ ਲਈ ਸਪੀਕਰ ਪਿੰਡ ਦੀ ''ਕੱਦੋਂ ਨਿਸ਼ਕਾਮ ਸੇਵਾ ਸੋਸਾਇਟੀ'' ਨੇ ਲਗਵਾ ਦਿੱਤੀਆਂ ਹਨ। ਬਾਬਾ ਮੇਜਰ ਸਿੰਘ ਦੀ ਮੌਤ ਹੋ ਚੁੱਕੀ ਹੈ। ਬਾਬਾ ਨਿਰਮਲ ਸਿੰਘ ਦੇ ਬਿਮਾਰ ਹੋਣ ਕਰਕੇ ਉਸਦਾ ਪਰਿਵਾਰ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਸੀ। ਗੁਰਦੁਆਰਾ ਸਿੱਧਸਰ ਦੀ ਟਰੱਸਟ ਦੇ ਬਾਨੀ ਪ੍ਰਧਾਨ ਬਾਬਾ ਦਰਸ਼ਨ ਸਿੰਘ ਅਤੇ ਸਕੱਤਰ ਮਾਸਟਰ ਗੁਰਦੇਵ ਸਿੰਘ ਨੇ ਵੀ ਦੋ ਸਾਲ ਪਹਿਲਾਂ ਗੁਰੂ ਘਰ ਦੀ ਜ਼ਿੰਮੇਵਾਰੀ ਪਿੰਡ ਦੇ ਨੌਜਵਾਨਾ ਦੇ ਹੱਥ ਦੇ ਦਿੱਤੀ ਹੈ। ਗੁਰੂ ਘਰ ਸਿੱਧਸਰ ਵਿਚ ਸਿਆਸਤ ਨਾ ਹੋਣ ਕਰਕੇ ਹਸਪਤਾਲ ਅਤੇ ਗੁਰੂਘਰ ਦਾ ਕੰਮ ਵਧੀਆ ਚਲ ਰਿਹਾ ਹੈ। ਬਾਬਾ ਨਿਰਮਲ ਸਿੰਘ 88 ਸਾਲ ਦੀ ਉਮਰ ਭੋਗ ਕੇ 14 ਦਸੰਬਰ 2019 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਦਾ ਭੋਗ ਕੀਰਤਨ ਅਤੇ ਅੰਤਮ ਅਰਦਾਸ ਗੁਰਦੁਆਰਾ ਸਿੱਧਸਰ ਪਿੰਡ ਕੱਦੋਂ ਵਿਖੇ 22 ਦਸੰਬਰ ਨੂੰ 12 ਵਜੇ ਦੁਪਹਿਰ ਤੋਂ 2 ਵਜੇ ਤੱਕ ਹੋਵੇਗੀ।
ਤਸਵੀਰ- ਬਾਬਾ ਨਿਰਮਲ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
'ਅਣਗਾਹੇ ਰਾਹ' ਪੁਸਤਕ ਪਰਵਾਸੀਆਂ ਦੀ ਸਿਰੜ, ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਦੀ ਕਹਾਣੀ - ਉਜਾਗਰ ਸਿੰਘ
ਗਿਆਨ ਸਿੰਘ ਸੰਧੂ ਦੀ ਪੁਸਤਕ ''ਅਣਗਾਹੇ ਰਾਹ'' ਪਰਵਾਸੀਆਂ ਦੀ ਜ਼ਿੰਦਗੀ ਵਿਚ ਸਫਲ ਹੋਣ ਲਈ ਜਦੋਜਹਿਦ ਭਰੀ ਦ੍ਰਿੜ੍ਹਤਾ, ਲਗਨ ਅਤੇ ਮਿਹਨਤ ਦੀ ਦਾਸਤਾਂ ਦਾ ਪ੍ਰਤੱਖ ਪ੍ਰਮਾਣ ਹੈ। ਇਸ ਪੁਸਤਕ ਨੂੰ ਪੜ੍ਹਨ ਲੱਗਿਆਂ ਇਹ ਸਵੈ ਜੀਵਨੀ ਜਾਪਦੀ ਸੀ ਪ੍ਰੰਤੂ ਜਦੋਂ ਪੂਰੀ ਪੁਸਤਕ ਪੜ੍ਹ ਲਈ ਤਾਂ ਮਹਿਸੂਸ ਹੋਇਆ ਕਿ ਇਹ ਇਕੱਲੇ ਗਿਆਨ ਸਿੰਘ ਸੰਧੂ ਦੀ ਕਹਾਣੀ ਨਹੀਂ ਸਗੋਂ ਇਹ ਕੈਨੇਡਾ ਵਿਚ ਵਸ ਰਹੇ ਹਰ ਪਰਵਾਸੀ ਦੀ ਸਵੈ ਜੀਵਨੀ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਸਿੱਖਾਂ/ਪੰਜਾਬੀਅਤ ਦੀ ਪਹਿਚਾਣ ਬਣਾਉਣ ਵਿਚ ਸੱਤ ਸਮੁੰਦਰੋਂ ਪਾਰ ਜਾ ਕੇ ਅਨੇਕਾਂ ਮੁਸ਼ਕਲਾਂ, ਦੁਸ਼ਵਾਰੀਆਂ ਅਤੇ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਦਾ ਹੋਇਆ ਸਫਲ ਹੋਇਆ ਹੈ। ਇਹ ਦਰਦ ਭਰੀ ਕਹਾਣੀ ਪੰਜਾਬੀਆਂ ਦੇ ਪਰਵਾਸ ਵਿਚ ਵਸਣ ਅਤੇ ਸਫਲ ਹੋਣ ਦੇ ਲਿਖੇ ਜਾਣ ਵਾਲੇ ਇਤਿਹਾਸ ਦਾ ਹਿੱਸਾ ਬਣ ਗਈ ਹੈ। ਇਹ ਪੁਸਤਕ ਪੜ੍ਹਕੇ ਹਰ ਪਰਵਾਸੀ ਨੂੰ ਇਹ ਉਸਦੀ ਆਪਣੀ ਜਦੋਜਹਿਦ ਦੀ ਦਾਸਤਾਂ ਲੱਗਦੀ ਹੈ। ਇਹੋ ਗਿਆਨ ਸਿੰਘ ਸੰਧੂ ਦੀ ਪ੍ਰਾਪਤੀ ਹੈ। 248 ਪੰਨਿਆਂ ਦੀ ਇਹ ਪੁਸਤਕ ਯੂਨੀਸਟਾਰ ਪ੍ਰਾਈਵੇਟ ਲਿਮਟਡ ਮੋਹਾਲੀ ਵੱਲੋਂ ਪ੍ਰਕਾਸ਼ਤ ਕੀਤੀ, ਗਿਆਨ ਸਿੰਘ ਸੰਧੂ ਦੀ ਪੰਜਾਬੀ ਦੀ ਪਲੇਠੀ ਪੁਸਤਕ ਹੈ, ਜਿਸ ਵਿਚ ਸਿੱਖ ਜਗਤ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ 2017 ਤੱਕ ਦੇ ਸਮੇਂ ਵਿਚ ਵਾਪਰੀਆਂ ਇਤਿਹਾਸਕ ਘਟਨਾਵਾਂ ਨੂੰ ਲੜੀਵਾਰ ਮੋਤੀਆਂ ਦੀ ਤਰ੍ਹਾਂ ਪ੍ਰੋਇਆ ਗਿਆ ਹੈ। ਲੇਖਕ ਦੀ ਕਮਾਲ ਇਸ ਵਿਚ ਹੈ ਕਿ ਉਸਨੇ ਇਨ੍ਹਾਂ ਘਟਨਾਵਾਂ ਦੇ ਸਿੱਖ ਜਗਤ ਉਪਰ ਪਏ ਚੰਗੇ ਤੇ ਮਾੜੇ ਦੋਹਾਂ ਤਰ੍ਹਾਂ ਦੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਹੈ। ਸੰਧੂ ਦੀ ਲੇਖਣੀ ਦਾ ਉਸਾਰੂ ਪ੍ਰਭਾਵ ਵੇਖਣ ਨੂੰ ਮਿਲਦਾ ਹੈ, ਜਿਸ ਵਿਚ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਬਾਦ ਕਰਨ ਦੀ ਵਿਚਾਰਧਾਰਾ ਦਾ ਆਸਰਾ ਲੈਣ ਦੀ ਨਸੀਅਤ ਦਿੱਤੀ ਹੈ। ਹਰ ਸਮੱਸਿਆ ਦਾ ਹਲ ਸੰਬਾਦ ਨਾਲ ਕਰਨ ਲਈ ਕਿਹਾ ਹੈ ਕਿਉਂਕਿ ਟਕਰਾਓ ਨਾਲ ਸਾਰਥਿਕ ਨਤੀਜੇ ਨਹੀਂ ਨਿਕਲਦੇ। ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਾਂ, ਪੰਡਤਾਂ ਅਤੇ ਮੱਕੇ ਵਿਖੇ ਮੁਸਲਮਾਨ ਭਾਈਚਾਰੇ ਨਾਲ ਸੰਬਾਦ ਕਰਕੇ ਆਪਣੀ ਗੱਲ ਨੂੰ ਮੰਨਵਾਇਆ ਸੀ। ਸਾਂਤਮਈ ਢੰਗ ਨਾਲ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ ਕੰਮ ਵਿਚ ਸੰਧੂ ਨੇ ਸ਼ਾਂਤਮਈ ਢੰਗ ਵਰਤਿਆ ਉਥੇ ਹੀ ਸਫਲਤਾ ਨੇ ਉਸਦੀਆਂ ਮੰਜ਼ਲਾਂ ਸਫਲ ਕੀਤੀਆਂ। ਭਾਵੇਂ ਸਿੱਖਾਂ ਅਤੇ ਗਿਆਨ ਸਿੰਘ ਸੰਧੂ 'ਤੇ ਅਨੇਕਾਂ ਦੋਸ਼ ਅਤੇ ਤੂਹਮਤਾਂ ਲੱਗੀਆਂ ਪ੍ਰੰਤੂ ਸ਼ਾਂਤੀ ਨਾਲ ਸੰਬਾਦ ਕਰਨ ਕਰਕੇ ਅਖ਼ੀਰ ਕੈਨੇਡਾ ਵਿਚ ਸਿੱਖ ਮੁੱਖ ਧਾਰਾ ਵਿਚ ਆਕੇ ਵਿਲੱਖਣ ਯੋਗਦਾਨ ਪਾ ਰਹੇ ਹਨ। ਪੰਜਾਬੀ ਦੀ ਇਕ ਕਹਾਵਤ ਹੈ 'ਪੰਜਾਬੀਆਂ ਨੂੰ ਜੰਮਦਿਆਂ ਨਿਤ ਮੁਹਿੰਮਾ'। ਪੰਜਾਬੀ ਇਨ੍ਹਾਂ ਮੁਹਿੰਮਾ ਵਿਚ ਹਮੇਸ਼ਾ ਸਫਲ ਹੁੰਦੇ ਰਹੇ ਹਨ ਜਿਵੇਂ ਗਿਆਨ ਸਿੰਘ ਸੰਧੂ ਸਫਲ ਹੋਇਆ ਹੈ। ਉਸ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਜਦੋਂ ਉਹ ਕੈਨੇਡਾ ਜਾਣ ਤੋਂ ਬਾਅਦ, ਪਹਿਲੀ ਵਾਰ ਨੌਕਰੀ ਲੈਣ ਲਈ ਜਿਸ ਗੋਰੇ ਵਿਅਕਤੀ ਕੋਲ ਗਿਆ ਸੀ, ਉਸਨੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਅਖ਼ੀਰ ਉਹੀ ਗੋਰਾ ਉਸਦੇ ਕੋਲ ਨੌਕਰੀ ਲੈਣ ਲਈ ਆਇਆ ਤੇ ਉਸ ਦੇ ਕਾਰੋਬਾਰ ਵਿਚ ਨੌਕਰੀ ਕਰਦਾ ਰਿਹਾ।
ਗਿਆਨ ਸਿੰਘ ਸੰਧੂ ਦੇ ਜੀਵਨ ਤੋਂ ਇਹ ਵੀ ਪ੍ਰੇਰਨਾ ਮਿਲਦੀ ਹੈ ਕਿ ਜੇਕਰ ਇਨਸਾਨ ਆਪਣੇ ਧਰਮ ਵਿਚ ਪਰਪੱਕ ਹੋਵੇਗਾ ਤਾਂ ਹੀ ਉਸਨੂੰ ਧਰਮ ਦਾ ਪ੍ਰਚਾਰ ਕਰਨ ਦਾ ਹੱਕ ਹੁੰਦਾ ਹੈ। ਪਰਵਾਸ ਵਿਚ ਜਾ ਕੇ ਵਸਣ ਵਾਲੇ ਪੰਜਾਬੀਆਂ ਲਈ ਇਹ ਪੁਸਤਕ ਪ੍ਰੇਰਨਾ ਸਰੋਤ ਹੋਵੇਗੀ ਕਿਉਂਕਿ ਲੇਖਕ ਨੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਸ਼ਾਖ ਘਟਾਉਣ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਆਪਣੇ ਸਫਾਰਤਖਾਨੇ ਦੇ ਅਮਲੇ ਦੇ ਤਾਣੇ ਪੇਟੇ ਰਾਹੀਂ ਕੀਤੀਆਂ ਕਰਤੂਤਾਂ ਦਾ ਪਾਜ ਵੀ ਉਘੇੜਿਆ ਹੈ। ਭਾਰਤ ਸਰਕਾਰ ਦੀ ਸਿੱਖਾਂ ਦੀ ਵੱਧਦੀ ਸ਼ੋਹਰਤ ਨੂੰ ਰੋਕਣ ਲਈ ਪਰਵਾਸ ਦੇ ਗੁਰਦੁਆਰਿਆਂ ਵਿਚ ਧੜੇਬੰਦੀ ਪੈਦਾ ਕਰਕੇ ਸੂਹੀਆ ਤੰਤਰ ਦਾ ਜਾਲ ਵਿਛਾਕੇ ਉਨ੍ਹਾਂ ਨੂੰ ਦੋਫਾੜ ਕਰਨ ਦੇ ਢੰਗ ਨੂੰ ਵੀ ਨੰਗਿਆਂ ਕੀਤਾ ਹੈ। ਇਥੋਂ ਤੱਕ ਕਿ ਸਿੱਖਾਂ ਨੂੰ ਅਤਵਾਦੀ ਤੇ ਵੱਖਵਾਦੀ ਗਰਦਾਨਕੇ ਕੈਨੇਡਾ ਸਰਕਾਰ ਨੂੰ ਵੀ ਗ਼ਲਤ ਗੁਪਤ ਜਾਣਕਾਰੀ ਦੇ ਕੇ ਸਿੱਖਾਂ ਵਿਰੁੱਧ ਭੜਕਾਇਆ ਜਾਂਦਾ ਰਿਹਾ ਹੈ। ਗਿਆਨ ਸਿੰਘ ਸੰਧੂ ਲਗਪਗ ਅੱਧੀ ਸਦੀ ਤੋਂ ਪਰਵਾਸ ਵਿਚ ਵਿਚਰ ਰਿਹਾ ਹੈ ਪ੍ਰੰਤੂ ਇਸ ਪੁਸਤਕ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਆਪਣੇ ਵਿਰਸੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਉਸ ਉਪਰ ਪੰਜਾਬ ਦੀਆਂ ਘਟਨਾਵਾਂ ਦਾ ਡੂੰਘਾ ਪ੍ਰਭਾਵ ਪਿਆ ਜਿਸਦਾ ਸੰਤਾਪ ਸਮੁੱਚਾ ਸਿੱਖ ਭਾਈਚਾਰਾ ਹੰਢਾਉਂਦਾ ਰਿਹਾ। ਇਸ ਵਜਾਹ ਕਰਕੇ ਪੰਜਾਬੀ ਭਾਈਚਾਰਾ ਕੈਨੇਡਾ ਵਿਚ ਹਾਸ਼ੀਏ ਤੋਂ ਦੂਰ ਰੱਖਿਆ ਗਿਆ। ਗਿਆਨ ਸਿੰਘ ਸੰਧੂ ਦੀ ਘਾਲਣਾ ਨੇ ਸਿੱਖ ਭਾਈਚਾਰੇ ਨੂੰ ਮੁੱਖਧਾਰਾ ਵਿਚ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਕਿਉਂਕਿ ਉਹ ਕੈਨੇਡਾ ਸਰਕਾਰ ਨੂੰ ਇਹ ਗੱਲ ਦਲੀਲਾਂ ਨਾਲ ਸਮਝਾਉਣ ਵਿਚ ਸਫਲ ਹੋਇਆ ਕਿ ਸਿੱਖ ਧਰਮ ਦੇ ਪੈਰੋਕਾਰ ਧਰਮ ਨਿਰਪੱਖ ਅਤੇ ਸ਼ਾਂਤੀ ਪਸੰਦ ਹਨ। ਜਿਹੜਾ ਉਨ੍ਹਾਂ ਬਾਰੇ ਗ਼ਲਤ ਪ੍ਰਚਾਰ ਕੀਤਾ ਗਿਆ ਉਹ ਗੈਰ ਵਾਜਬ ਹੈ। ਮੁੱਖ ਤੌਰ ਤੇ 'ਅਣਗਾਹੇ ਰਾਹ' ਦਾ ਵਿਸ਼ਾ ਭਾਰਤ ਅਤੇ ਕੈਨੇਡਾ ਵਿਚ ਪੰਜਾਬੀਆਂ ਖਾਸ ਤੌਰ ਤੇ ਸਿੱਖਾਂ 'ਤੇ ਹੋ ਰਹੀਆਂ ਜ਼ਿਆਦਤੀਆਂ ਅਤੇ ਬਦਨਾਮ ਕਰਨ ਦਾ ਵਿਵਰਣ ਦਿੰਦਾ ਹੈ। ਸਿੱਖ ਉਨ੍ਹਾਂ ਜ਼ਿਆਦਤੀਆਂ ਨੂੰ ਬਰਦਾਸ਼ਤ ਕਰਦੇ ਹੋਏ ਹਾਸ਼ੀਏ ਤੋਂ ਮੁੱਖ ਧਾਰਾ ਵਿਚ ਸ਼ਾਮਲ ਹੋ ਜਾਂਦੇ ਹਨ। ਪੁਸਤਕ ਵਿਚ ਗਿਆਨ ਸਿੰਘ ਸੰਧੂ ਨੇ ਸੰਕੇਤਕ ਤੌਰ ਤੇ ਲਿਖਿਆ ਹੈ ਕਿ ਭਾਰਤ ਸਰਕਾਰ ਦੇ ਸਫਾਰਤਖਾਨੇ ਆਪਣੀ ਸਰਕਾਰੀ ਮਸ਼ਨਰੀ ਦੀ ਗੁਪਤ ਮਦਦ ਨਾਲ ਕੁਝ ਲੋਕਾਂ ਤੋਂ ਖਾਲਿਸਤਾਨ ਦਾ ਪਰਪੰਚ ਚਲਾਕੇ ਸਿੱਖਾਂ ਨੂੰ ਬਦਨਾਮ ਕਰਦੇ ਰਹੇ ਹਨ। ਉਨ੍ਹਾਂ ਉਪਰ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਪ੍ਰੰਤੂ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਅਵਾਜ ਉਠਾਉਣ ਵਾਲਿਆਂ ਦੇ ਸ਼ਾਂਤੀ ਪੂਰਬਕ ਢੰਗ ਨਾਲ ਕੰਮ ਕਰਨ ਕਰਕੇ ਵੀ ਉਨ੍ਹਾਂ ਨੂੰ ਕਾਲੀ ਸੂਚੀ ਵਿਚ ਦਰਜ ਕਰਕੇ ਪੰਜਾਬ ਦੀ ਧਰਤੀ ਤੇ ਜਾਣ ਤੋਂ ਰੋਕਿਆ ਜਾਂਦਾ ਰਿਹਾ ਹੈ।
ਇਸ ਪੁਸਤਕ ਨੂੰ ਭਾਵੇਂ ਗਿਆਨ ਸਿੰਘ ਸੰਧੂ ਨੇ ਦਸ ਭਾਗਾਂ ਵਿਚ ਵੰਡਿਆ ਹੈ ਪ੍ਰੰਤੂ ਅਸਲ ਵਿਚ ਇਸ ਪੁਸਤਕ ਦੇ ਤਿੰਨ ਭਾਗ ਹਨ। ਬਾਕੀ ਇਨ੍ਹਾਂ ਤਿੰਨਾਂ ਦੇ ਉਪ ਭਾਗ ਹਨ। ਪਹਿਲੇ ਭਾਗ ਵਿਚ ਦੇਸ ਦੀ ਵੰਡ ਦਾ ਸੰਤਾਪ, ਖਾਲਿਸਤਾਨ ਦੀ ਮੁਹਿੰਮ, ਪੰਜਾਬ ਵਿਚ ਕਤਲੇਆਮ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਜਲਾਓ ਅਤੇ ਅੰਤ, ਸ੍ਰੀ ਹਰਿਮੰਦਰ ਸਾਹਿਬ ਉਪਰ ਨੀਲਾ ਤਾਰਾ ਅਪ੍ਰੇਸ਼ਨ, ਦਿੱਲੀ ਅਤੇ ਦੇਸ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਦੀ ਨਸਲਕੁਸ਼ੀ, ਭਾਰਤੀ ਸਿਆਸਤ ਦੀ ਗੁੰਝਲਦਾਰ ਸਾਜਿਸ, ਸਿੱਖਾਂ ਵਿਚ ਗੁਪਤਚਰ ਏਜੰਸੀਆਂ ਦੀ ਘੁਸਪੈਠ ਸ਼ਾਮਲ ਹੈ। ਦੂਜੇ ਭਾਗ ਵਿਚ ਸਿੱਖ ਭਾਈਚਾਰੇ ਦੀ ਘੇਰਾਬੰਦੀ ਏਅਰ ਇੰਡੀਆ ਜਹਾਜ ਦਾ ਹਾਦਸਾ, ਸਿੱਖਾਂ ਨੂੰ ਬਦਨਾਮ ਕਰਨ ਕਰਕੇ ਤੇ ਸ਼ੱਕ ਦੀ ਸੂਈ ਸਿੱਖਾਂ ਵਲ ਕਰਨਾ, ਵਰਲਡ ਸਿੱਖ ਆਰਗੇਨਾਈਜੇਸ਼ਨ ਦੀਆਂ ਸਰਗਰਮੀਆਂ, ਪਰਵਾਸੀਆਂ ਦੀ ਭਾਰਤ ਸਰਕਾਰ ਵੱਲੋਂ ਜਾਸੂਸੀ ਅਤੇ ਸਿੱਖਾਂ ਦਾ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨਾ। ਤੀਜੇ ਭਾਗ ਵਿਚ ਰਾਇਲ ਕੈਨੇਡੀਅਨ ਮਾਂਉਂਟਿਡ ਪੁਲਿਸ ਵਿਚ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਉਣਾ, ਵਰਲਡ ਸਿੱਖ ਆਰਗੇਨਾਈਜੇਸਸ਼ਨ ਕੈਨੇਡਾ ਨੇ ਸਿੱਖ ਅਤੇ ਹੋਰ ਸਮੁਦਾਏ ਹਿਤਾਂ ਲਈ ਕੇਸ ਲੜਨੇ ਤੇ ਜਿਤ ਪ੍ਰਾਪਤ ਕਰਨੀ, ਕਾਰੋਬਾਰ ਵਿਚ ਫੈਲਾਓ ਅਤੇ ਗਿਰਾਵਟ, 'ਦਾ ਕੂਇਨ ਗੋਲਡਨ ਜੁਬਲੀ ਮੈਡਲ' ਅਤੇ 'ਆਰਡਰ ਆਫ ਬ੍ਰਿਟਿਸ਼ ਕੋਲੰਬੀਆ' ਸਨਮਾਨ ਦਾ ਮਿਲਣਾ, ਕ੍ਰਿਪਾਨ ਪਹਿਨਣ ਦਾ ਕੇਸ ਜਿੱਤਣਾ, ਦੂਜੇ ਸਮੁਦਾਏ ਦੇ ਕੇਸ ਲੜਕੇ ਜਿੱਤਣਾ, ਸਿੱਖਾਂ ਦਾ ਮੁੱਖ ਧਾਰਾ ਵਿਚ ਆਉਣਾ ਅਤੇ ਕਾਲੀ ਸੂਚੀ ਵਿਚੋਂ ਨਾਮ ਨਿਕਲਣਾ ਆਦਿ ਸ਼ਾਮਲ ਹਨ। ਭਾਵੇਂ ਪੁਸਤਕ ਦੇ ਇਨ੍ਹਾਂ ਤਿੰਨ ਭਾਗਾਂ ਅਤੇ ਉਪ ਭਾਗਾਂ ਦੇ ਨਾਵਾਂ ਤੋਂ ਹੀ ਉਨ੍ਹਾਂ ਵਿਚਲੀ ਸਮਗਰੀ ਦਾ ਪ੍ਰਗਟਾਵਾ ਹੋ ਜਾਂਦਾ ਹੈ ਪ੍ਰੰਤੂ ਫਿਰ ਵੀ ਪੁਸਤਕ ਪੜ੍ਹਨ ਲਈ ਰੌਚਕਤਾ ਬਰਕਰਾਰ ਰਹਿੰਦੀ ਹੈ।
ਇਸ ਪੁਸਤਕ ਨੂੰ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਜਿਵੇਂ ਗਿਆਨ ਸਿੰਘ ਸੰਧੂ ਦਾ ਇਕ ਆਮ ਮੱਧ ਵਰਗੀ ਪਰਿਵਾਰ ਵਿਚੋਂ ਕੈਨੇਡਾ ਵਿਚ ਜਾ ਕੇ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਲਡ ਕੈਨੇਡਾ, ਸਿੱਖ ਇੰਟਰਨੈਸ਼ਨਲ ਸੰਸਥਾ ਦਾ ਮੁੱਖੀ ਬਣਨਾ, ਉਥੋਂ ਦੇ ਲਗਪਗ ਸਾਰੇ ਪ੍ਰਧਾਨ ਮੰਤਰੀਆਂ, ਸੰਸਦ ਤੇ ਵਿਧਾਨ ਸਭਾਵਾਂ ਦੇ ਨੁਮਾਇੰਦਿਆਂ ਨਾਲ ਵਰਕਿੰਗ ਤਾਲਮੇਲ ਬਣਾਈ ਰੱਖਣਾ ਅਤੇ ਸਿੱਖ ਜਗਤ ਦੇ ਹਿਤਾਂ ਤੇ ਪਹਿਰਾ ਦੇਣਾ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾਦਾਇਕ ਸਾਬਤ ਹੋਵੇਗਾ ਹੈ ਕਿਉਂਕਿ ਨੌਜਵਾਨ ਪਨੀਰੀ ਲਈ ਉਹ ਇਕ ਮਾਰਗ ਦਰਸ਼ਕ ਦੇ ਤੌਰ ਤੇ ਜਾਣੇ ਜਾਣਗੇ। ਗਿਆਨ ਸਿੰਘ ਸੰਧੂ ਨੇ ਇਕ ਸਿੱਖ ਹੋਣ ਦੇ ਨਾਤੇ ਸ੍ਰੀ ਗੁਰੂ ਨਾਨਕ ਦੇਵ ਦੀ ਪਰਜਾਤੰਤਰ ਪੱਖੀ ਵਿਚਾਰਧਾਰਾ ਨੂੰ ਆਧਾਰ ਬਣਾਕੇ ਕੈਨੇਡਾ ਦੇ ਪ੍ਰਬੰਧਕੀ ਢਾਂਚੇ ਨੂੰ ਦਲੀਲਾਂ ਨਾਲ ਇਹ ਦੱਸਣ ਅਤੇ ਮਨਾਉਣ ਵਿਚ ਸਫਲ ਹੋਇਆ ਹੈ ਕਿ ਕੈਨੇਡਾ ਦਾ ਪਰਜਤੰਤਰਿਕ ਢਾਂਚਾ ਸਿੱਖ ਧਰਮ ਦੀ ਵਿਰਾਸਤ ਦਾ ਪ੍ਰਤੀਕ ਬਣਕੇ ਵਿਚਰ ਰਿਹਾ ਹੈ। ਉਸਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਾਵੇਂ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ ਹੈ ਪ੍ਰੰਤੂ ਉਹ ਤੇ ਉਨ੍ਹਾਂ ਦੀਆਂ ਲੜਕੀਆਂ ਨੇ ਦ੍ਰਿੜ੍ਹਤਾ ਨਾਲ ਮੁਕਾਬਲਾ ਕਰਦੇ ਹੋਏ ਆਪਣੀ ਸਮਰੱਥਾ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਉਚ ਅਹੁਦੇ ਤੇ ਮਾਣ ਸਨਮਾਨ ਪ੍ਰਾਪਤ ਕਰਕੇ ਸਿੱਖ ਧਰਮ ਦੇ ਅਨੁਆਈਆਂ ਦਾ ਸਿਰ ਸਮਾਜ ਵਿਚ ਉਚਾ ਕੀਤਾ ਹੈ। ਉਨ੍ਹਾਂ ਦੀ ਇਕ ਲੜਕੀ ਪਲਬਿੰਦਰ ਕੌਰ ਕੇਸਕੀ ਸਜਾਉਂਦੀ ਹੈ ਤੇ ਇਸ ਸਮੇਂ ਉਹ ਕੈਨੇਡਾ ਦੀ ਸੁਪਰੀਮ ਕੋਰਟ ਦੀ ਜੱਜ ਹੈ। ਇਸ ਤੋਂ ਸਿਖਿਆ ਮਿਲਦੀ ਹੈ ਕਿ ਮਿਹਨਤ ਅਤੇ ਦ੍ਰਿੜ੍ਹਤਾ ਹਮੇਸਾ ਰੰਗ ਲਿਆਉਂਦੀ ਹੈ। ਗਿਆਨ ਸਿੰਘ ਸੰਧੂ ਨੇ ਗਦਰੀ ਬਾਬਿਆਂ ਦੀ ਕੈਨੇਡੀਅਨ ਸਮਾਜ ਵਿਚ ਬਰਾਬਰਤਾ ਦੇ ਲਏ ਸੁਪਨੇ ਨੂੰ ਸਾਕਾਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਕਿਉਂਕਿ ਗਦਰੀ ਬਾਬਿਆਂ ਨਾਲ ਵੀ ਨਸਲੀ ਵਿਤਕਰਿਆਂ ਕਰਕੇ ਅਨੇਕਾਂ ਮੁਸੀਬਤਾਂ ਆਈਆਂ ਸਨ ਇਥੋਂ ਤੱਕ ਕਿ ਉਨ੍ਹਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਮੋਹ ਦੀਆਂ ਤੰਦਾਂ ਜੋੜਨ ਵਾਲਾ ਨਿੱਘਾ ਸ਼ਰੋਮਣੀ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਤੁਰ ਗਿਆ - ਉਜਾਗਰ ਸਿੰਘ
ਪੱਤਰਕਾਰੀ ਦਾ ਕਿੱਤਾ ਦੋਸਤ ਬਣਾਉਣ ਦੀ ਥਾਂ ਜ਼ਿਆਦਾ ਦੁਸ਼ਮਣ ਬਣਾਉਂਦਾ ਹੈ ਕਿਉਂਕਿ ਨਿਰਪੱਖ ਲਿਖਣ ਨਾਲ ਸੰਬੰਧਤ ਲੋਕਾਂ ਨੂੰ ਰਾਸ ਨਹੀਂ ਆਉਂਦਾ। ਇਸ ਕਰਕੇ ਪੱਤਰਕਾਰੀ ਦਾ ਕਿੱਤਾ ਬੜਾ ਸੰਜੀਦਾ, ਜੋਖਮ ਭਰਿਆ, ਕਸ਼ਮਕਸ ਅਤੇ ਹਮੇਸ਼ਾ ਜਦੋਜਹਿਦ ਵਾਲਾ ਹੁੰਦਾ ਹੈ। ਪੱਤਰਕਾਰ ਨੇ ਸਮਾਜਿਕ ਹਿੱਤਾਂ ਤੇ ਪਹਿਰਾ ਦੇਣਾ ਹੁੰਦਾ ਹੈ ਪ੍ਰੰਤੂ ਸਮਾਜਿਕ ਤਾਣਾ ਬਾਣਾ ਇਤਨਾ ਉਲਝਿਆ ਹੋਇਆ ਅਤੇ ਗੁੰਝਲਦਾਰ ਹੈ ਕਿ ਸਮਾਜ ਇਸ ਕਿੱਤੇ ਨੂੰ ਆਪਣੇ ਅਸਰ ਰਸੂਖ ਨਾਲ ਪ੍ਰਭਾਵਤ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡਦਾ। ਨਿਰਪੱਖਤਾ ਪੱਤਰਕਾਰੀ ਦਾ ਧੁਰਾ ਹੈ। ਜਿਹੜਾ ਪੱਤਰਕਾਰ ਨਿਰਪੱਖ ਪੱਤਰਕਾਰੀ ਕਰਨ ਵਿਚ ਸਫਲ ਹੋ ਗਿਆ, ਉਹ ਜ਼ਿੰਦਗੀ ਭਰ ਜਦੋਜਹਿਦ ਤਾਂ ਕਰਦਾ ਹੀ ਰਹੇਗਾ ਪ੍ਰੰਤੂ ਸਮਾਜ ਵਿਚ ਉਸਦਾ ਮਾਨ ਸਨਮਾਨ ਬਣਿਆਂ ਰਹੇਗਾ।
ਸ਼ੰਗਾਰਾ ਸਿੰਘ ਭੁਲਰ ਅਜਿਹਾ ਪੱਤਰਕਾਰ ਤੇ ਸੰਪਾਦਕ ਸੀ ਜਿਸਨੇ ਲਿਖਿਆ ਵੀ ਨਿਰਪੱਖ ਹੋ ਕੇ ਅਤੇ ਦੋਸਤੀਆਂ ਬਣਾਈਆਂ ਤੇ ਨਿਭਾਈਆਂ ਵੀ। ਨਿਮਰਤਾ ਅਤੇ ਸ਼ਹਿਨਸ਼ੀਲਤਾ ਦੇ ਗੁਣਾਂ ਕਰਕੇ ਉਹ ਸਮਾਜ ਵਿਚ ਸਤਿਕਾਰਿਆ ਜਾਂਦਾ ਸੀ। ਉਹ ਇਕੋ ਇਕ ਅਜਿਹਾ ਪੱਤਰਕਾਰ ਹੈ, ਜਿਹੜਾ ਚਾਰ ਪੰਜਾਬੀ ਦੇ ਰੋਜ਼ਾਨਾ ਅਖ਼ਬਾਰਾਂ ਅਤੇ ਇਕ ਨਿਊਜ ਏਜੰਸੀ ਦਾ ਸੰਪਾਦਕ ਰਿਹਾ ਹੈ। ਸ਼ੰਗਾਰਾ ਸਿੰਘ ਭੁਲਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੰਜਾਬੀ ਦੀ ਐਮ ਏ ਕਰਨ ਤੋਂ ਬਾਅਦ ਹੀ ਨੌਜਵਾਨੀ ਵਿਚ 'ਨਵਾਂ ਜ਼ਮਾਨਾ' ਅਖ਼ਬਾਰ ਵਿਚ ਉਪ ਸੰਪਾਦਕ ਦੇ ਤੌਰ ਤੇ ਆਪਣਾ ਪੱਤਰਕਾਰੀ ਦਾ ਕੈਰੀਅਰ ਸ਼ੁਰੂ ਕੀਤਾ ਸੀ, ਜਿਸ ਅਖ਼ਬਾਰ ਦੀ ਜਮਹੂਰੀ ਹੱਕਾਂ ਦੀ ਰਾਖੀ ਕਰਨ ਵਾਲੀ ਨਿਰਪੱਖ ਪੱਤਰਕਾਰੀ ਦੀ ਗੁੜ੍ਹਤੀ ਨੇ ਸ਼ੰਗਾਰਾ ਸਿੰਘ ਭੁਲਰ ਨੂੰ ਜ਼ਿੰਦਗੀ ਭਰ ਡੋਲਣ ਨਹੀਂ ਦਿੱਤਾ ਅਤੇ ਪੱਤਰਕਾਰੀ ਦੀਆਂ ਬੁਲੰਦੀਆਂ ਤੇ ਪਹੁੰਚਾਇਆ, ਜਿਸ ਕਰਕੇ ਚਾਰ ਅਖ਼ਬਾਰਾਂ ਪੰਜਾਬੀ ਟ੍ਰਿਬਿਊਨ, ਪੰਜਾਬੀ ਜਾਗਰਣ, ਦੇਸ਼ ਵਿਦੇਸ ਟਾਈਮਜ਼, ਰੋਜ਼ਾਨਾ ਸਪੋਕਸਮੈਨ ਅਤੇ ਇਕ ਨਿਊਜ਼ ਏਜੰਸੀ ਵਿਸ਼ਵ ਵਾਰਤਾ ਦਾ ਸੰਪਾਦਕ ਬਣਕੇ ਪੱਤਰਕਾਰੀ ਵਿਚ ਆਪਣਾ ਨਾਮ ਕਮਾਇਆ। ਪੰਜਾਬੀ ਪੱਤਰਕਾਰੀ ਦਾ ਥੰਮ੍ਹ ਅਤੇ ਸਮਾਜਿਕ ਸਰੋਕਾਰਾਂ ਦਾ ਮੁੱਦਈ ਸ਼ੰਗਾਰਾ ਸਿੰਘ ਭੁਲਰ 74 ਸਾਲ ਦੀ ਉਮਰ ਭੋਗ ਕੇ ਆਪਣੇ ਪਿਛੇ ਪਤਨੀ ਅਮਰਜੀਤ ਕੌਰ ਭੁਲਰ, ਸਪੁੱਤਰ ਚੇਤਨਪਾਲ ਸਿੰਘ, ਰਮਨੀਕ ਸਿੰਘ ਅਤੇ ਸਪੁੱਤਰੀ ਨੂੰ ਛੱਡ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਹੈ। ਨਿਮਰਤਾ, ਸਲੀਕੇ ਅਤੇ ਤਹਿਜ਼ੀਬ ਨਾਲ ਪੱਤਰਕਾਰੀ ਕਰਨ ਵਾਲਾ ਜ਼ਮੀਨੀ ਹਕੀਕਤਾਂ ਨਾਲ ਜੁੜਿਆ ਹੋਇਆ ਵੈਟਰਨ ਪੱਤਰਕਾਰ ਸ਼ੰਗਾਰਾ ਸਿੰਘ ਭੁਲਰ ਪੱਤਰਕਾਰੀ ਦੇ ਇਤਿਹਾਸ ਵਿਚ ਸੁਚਾਰੂ ਅਤੇ ਸਾਕਾਰਤਮਕ ਯੋਗਦਾਨ ਪਾਉਣ ਕਰਕੇ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ। ਉਸ ਦੀਆਂ ਸੰਪਾਦਕੀਆਂ ਅਤੇ ਕਾਲਮ ਨਵੀਸ ਦੇ ਤੌਰ ਤੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸਭਿਆਚਾਰਕ ਵਿਸ਼ਿਆਂ ਤੇ ਲਿਖੇ ਲੇਖਾਂ ਵਿਚਲੀਆਂ ਗੁਝੀਆਂ ਟਿਪਣੀਆਂ ਕਰਕੇ ਜਾਣੇ ਜਾਂਦੇ ਹਨ ਜੋ ਪ੍ਰਭਾਵਤ ਵਿਅਕਤੀਆਂ ਨੂੰ ਨਾ ਰੋਣ ਅਤੇ ਨਾ ਹੱਸਣ ਜੋਗਾ ਛੱਡਦੀਆਂ ਸਨ।
9 ਜਨਵਰੀ 1946 ਨੂੰ ਆਪਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਭੁਲਰ ਪਿੰਡ ਵਿਚ ਇਕ ਆਮ ਸਾਧਾਰਣ ਮੱਧ ਵਰਗੀ ਪਰਿਵਾਰ ਵਿਚ ਹੋਇਆ। ਮੁੱਢਲੀ ਪੜ੍ਹਾਈ ਪਿੰਡ ਵਿਚ ਕਰਨ ਤੋਂ ਬਾਅਦ ਬੀ ਏ ਬੇਅਰਿੰਗ ਕ੍ਰਿਸਚੀਅਨ ਕਾਲਜ ਬਟਾਲਾ ਤੋਂ ਪਾਸ ਕੀਤੀ। ਉਸ ਤੋਂ ਬਾਅਦ ਐਮ ਏ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਰਜਿੰਦਰ ਸਿੰਘ ਹਮਦਰਦ ਆਪ ਦਾ ਜਮਾਤੀ ਸੀ। ਅਸਲ ਵਿਚ ਸ਼ੰਗਾਰਾ ਸਿੰਘ ਭੁਲਰ ਦੋਸਤਾਂ ਦਾ ਦੋਸਤ ਸੀ। ਉਸਨੂੰ ਦੋਸਤੀ ਬਣਾਉਣੀ ਅਤੇ ਨਿਭਾਉਣੀ ਆਉਂਦੀ ਸੀ। ਉਸਦੇ ਦੋਸਤਾਂ ਦਾ ਦਾਇਰਾ ਵਿਸ਼ਾਲ ਹੈ। ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਅਤੇ ਸਾਹਿਤਕਾਰਾਂ ਦੇ ਮੁਦੱਈ ਮਹਿੰਦਰ ਸਿੰਘ ਰੰਧਾਵਾ ਨਾਲ ਉਸਦੇ ਨਿਕਟਵਰਤੀ ਸੰਬੰਧ ਸਨ। ਨਵਾਂ ਜ਼ਮਨਾ ਅਖ਼ਬਾਰ ਦੀ ਉਪ ਸੰਪਾਦਕੀ ਤੋਂ ਬਾਅਦ ਉਨ੍ਹਾਂ ਆਪਣੀ ਕਰਮਭੂਮੀ ਦਿੱਲੀ ਨੂੰ ਬਣਾਇਆ, ਜਿਥੇ ਉਨ੍ਹਾਂ ਨੇ ਸਾਹਿਤਕ ਅਤੇ ਪੱਤਰਕਾਰੀ ਦੇ ਖੇਤਰ ਵਿਚ ਪੰਜਾਬੀ ਦੇ ਰੋਜ਼ਾਨਾ ਜਥੇਦਾਰ ਅਖ਼ਬਾਰ ਵਿਚ ਕੰਮ ਕਰਦਿਆਂ ਆਪਣਾ ਸਥਾਨ ਬਣਾਇਆ। ਦਿੱਲੀ ਤੋਂ ਬਾਅਦ ਉਹ ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਸਹਾਇਕ ਸੰਪਾਦਕ ਦੇ ਤੌਰ ਤੇ ਆ ਗਏ। ਇਥੇ ਤਰੱਕੀ ਕਰਦਿਆਂ ਪਹਿਲਾਂ ਡਿਪਟੀ ਐਡੀਟਰ ਅਤੇ ਬਾਅਦ ਵਿਚ ਸੰਪਾਦਕ ਬਣੇ। ਉਨ੍ਹਾਂ 28 ਸਾਲ ਪੰਜਾਬੀ ਟ੍ਰਿਬਿਊਨ ਵਿਚ ਸੇਵਾ ਕੀਤੀ। ਪੰਜਾਬੀ ਟ੍ਰਿਬਿਊਨ ਅਖ਼ਬਾਰ ਵਿਚ ਆਪਨੇ ਤਤਕਾਲ ਮੁੱਦਿਆਂ ਤੇ ਲਿਖਣ ਲਈ ਨੌਵਾਂ ਕਾਲਮ ਸੰਪਾਦਕੀ ਪੰਨੇ ਤੇ ਸ਼ੁਰੂ ਕੀਤਾ, ਜਿਹੜਾ ਪਾਠਕਾਂ ਵਿਚ ਬਹੁਤ ਹਰਮਨ ਪਿਆਰਾ ਹੋਇਆ। 2006 ਵਿਚ ਪੰਜਾਬੀ ਟ੍ਰਿਬਿਊਨ ਵਿਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣੇ। ਇਸ ਤੋਂ ਬਾਅਦ ਚੰਡੀਗੜ੍ਹ ਤੋਂ ਪੰਜਾਬੀ ਦੀ ਏਜੰਸੀ ਵਿਸ਼ਵ ਵਾਰਤਾ ਦੇ ਸੰਪਾਦਕ ਬਣ ਗਏ। ਜਦੋਂ ਪੰਜਾਬੀ ਜਾਗਰਣ ਅਖ਼ਬਾਰ ਜਲੰਧਰ ਤੋਂ ਪ੍ਰਕਾਸ਼ਤ ਹੋਣਾ ਸ਼ੁਰੂ ਹੋਇਆ ਤਾਂ ਇਸ ਅਖ਼ਬਾਰ ਦੇ ਬਾਨੀ ਸੰਪਾਦਕ ਬਣਕੇ ਅਖ਼ਬਾਰ ਨੂੰ ਸਥਾਪਤ ਕੀਤਾ। ਪੰਜਾਬੀ ਜਾਗਰਣ ਅਖ਼ਬਾਰ ਵਿਚ ਸਾਹਿਤਕ ਪੰਨਾ ਸ਼ੁਰੂ ਕਰਨ ਦਾ ਮਾਣ ਵੀ ਸ਼ੰਗਾਰਾ ਸਿੰਘ ਭੁਲਰ ਨੂੰ ਜਾਂਦਾ ਹੈ, ਜਿਸ ਕਰਕੇ ਬਹੁਤ ਸਾਰੇ ਸਾਹਿਤਕਾਰ ਪੰਜਾਬੀ ਜਾਗਰਣ ਨਾਲ ਜੁੜ ਗਏ। ਇਸ ਸਮੇਂ ਆਪ ਚੰਡੀਗੜ੍ਹ ਤੋਂ ਪ੍ਰਕਾਸ਼ਤ ਹੋਣ ਵਾਲੇ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਸੰਪਾਦਕ ਸਨ। ਇਸ ਦੇ ਨਾਲ ਹੀ ਉਹ ਵੱਖ-ਵੱਖ ਅਖ਼ਬਾਰਾਂ ਲਈ ਕਾਲਮ ਲਿਖਦੇ ਸਨ। ਉਹ ਆਖ਼ਰ ਸਮੇਂ ਤੱਕ ਸਰਗਰਮ ਪੱਤਰਕਾਰੀ ਕਰਦੇ ਰਹੇ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਸ਼ਰੋਮਣੀ ਪੱਤਰਕਾਰ ਦਾ ਸਨਮਾਨ ਵੀ ਦਿੱਤਾ ਗਿਆ ਸੀ। 1993 ਵਿਚ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੀ ਸੰਸਥਾ ਜਿਸਦੇ ਗਿਆਨੀ ਹਰੀ ਸਿੰਘ ਪ੍ਰਧਾਨ ਅਤੇ ਸ਼ੰਗਾਰਾ ਸਿੰਘ ਭੁਲਰ ਜਨਰਲ ਸਕੱਤਰ ਸਨ ਤਾਂ ਪੱਤਰਕਾਰਾਂ ਦੀ ਇਕ ਅੰਤਰਾਸ਼ਟਰੀ ਕਾਨਫਰੰਸ ਕਰਵਾਈ ਸੀ। ਉਹ ਚੰਡੀਗੜ੍ਹ ਅਤੇ ਪੰਜਾਬ ਦੀਆਂ ਬਹੁਤ ਸਾਰੀਆਂ ਪੱਤਰਕਾਰਾਂ ਅਤੇ ਸਾਹਿਤਕਾਰਾਂ ਦੀਆਂ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਦੇ ਸਮਾਗਮਾ ਵਿਚ ਸ਼ਿਰਕਤ ਕਰਦੇ ਰਹਿੰਦੇ ਸਨ।
ਸ਼ੰਗਾਰਾ ਸਿੰਘ ਭੁਲਰ ਨੂੰ ਇਸ ਗੱਲ ਦਾ ਵੀ ਮਾਣ ਜਾਂਦਾ ਹੈ ਕਿ ਉਨ੍ਹਾਂ ਬਹੁਤ ਸਾਰੇ ਨੌਜਵਾਨ ਪੱਤਰਕਾਰਾਂ ਨੂੰ ਥਾਪੀ ਦੇ ਕੇ ਪੱਤਰਕਾਰਤਾ ਵਿਚ ਸਥਾਪਤ ਕੀਤਾ। ਲੱਗਪਗ ਅੱਧੀ ਸਦੀ ਉਹ ਪੰਜਾਬੀ ਪੱਤਰਕਾਰਤਾ ਵਿਚ ਆਪਣੀਆਂ ਲੇਖਣੀਆਂ ਕਰਕੇ ਛਾਏ ਰਹੇ। ਜਦੋਂ ਉਹ ਅਖ਼ਬਾਰਾਂ ਦੇ ਸੰਪਾਦਕ ਸਨ ਤਾਂ ਕੋਈ ਵੀ ਛੋਟੇ ਤੋਂ ਛੋਟਾ ਪੱਤਰਕਾਰ ਉਨ੍ਹਾਂ ਦੇ ਕਮਰੇ ਵਿਚ ਨਿਝੱਕ ਜਾ ਕੇ ਅਗਵਾਈ ਲੈ ਸਕਦਾ ਸੀ। ਇਨਸਾਨੀਅਤ ਉਨ੍ਹਾਂ ਵਿਚ ਕੁੱਟ ਕੁੱਟ ਕੇ ਭਰੀ ਹੋਈ ਸੀ। ਉਨ੍ਹਾਂ ਦੀ ਨਿਗਾਹ ਵਿਚ ਕੋਈ ਵੱਡੇ ਛੋਟੇ ਵਿਅਕਤੀ ਦਾ ਫਰਕ ਨਹੀਂ ਸੀ। ਮੇਰਾ ਵੀ ਸ਼ੰਗਾਰਾ ਸਿੰਘ ਭੁਲਰ ਨਾਲ ਪਿਛਲੇ 40 ਸਾਲਾਂ ਤੋਂ ਵਾਹ ਵਾਸਤਾ ਸੀ। ਉਨ੍ਹਾਂ ਦੀ ਖ਼ੂਬੀ ਸੀ ਕਿ ਜਿਹੜਾ ਵੀ ਵਿਅਕਤੀ ਉਨ੍ਹਾਂ ਨੂੰ ਇਕ ਵਾਰ ਮਿਲ ਗਿਆ ਉਸਨੂੰ ਹਮੇਸ਼ਾ ਲਈ ਆਪਣੀ ਬੁਕਲ ਵਿਚ ਲੈ ਕੇ ਆਪਣਾ ਬਣਾ ਲੈਂਦੇ ਸਨ। ਮੈਂ ਲੋਕ ਸੰਪਰਕ ਵਿਭਾਗ ਵਿਚੋਂ ਜਦੋਂ 2007 ਵਿਚ ਸੇਵਾ ਮੁਕਤ ਹੋਇਆ ਤਾਂ ਉਹ ਉਸ ਸਮੇਂ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਦੇਸ ਵਿਦੇਸ ਟਾਈਮਜ ਅਖ਼ਬਾਰ ਦੇ ਸੰਪਾਦਕ ਸਨ। ਉਨ੍ਹਾਂ ਮੈਨੂੰ ਵਿਸ਼ੇਸ ਤੌਰ ਤੇ ਫੋਨ ਕਰਕੇ ਅਖ਼ਬਾਰ ਲਈ ਲੇਖ ਲਿਖਣ ਲਈ ਕਿਹਾ। ਮੈਂ ਕਿਹਾ ਕਿ ਮੈਂ ਤਾਂ ਨੌਕਰੀ ਸਮੇਂ ਸਰਕਾਰੀ ਪ੍ਰਕਾਸ਼ਤ ਹੋਣ ਵਾਲੀ ਸਮਗਰੀ ਤਿਆਰ ਕਰਦਾ ਰਿਹਾ ਹਾਂ ਮੇਰੀ ਤਾਂ ਲੇਖਣੀ ਵਿਚ ਸਰਕਾਰੀਪੁਣਾ ਹੋਵੇਗਾ ਪ੍ਰੰਤੂ ਉਨ੍ਹਾਂ ਕਿਹਾ ਕਿ ਤੁਹਾਡਾ ਤਜ਼ਰਬਾ ਕੰਮ ਆਵੇਗਾ, ਤੁਸੀਂ ਜ਼ਰੂਰ ਲੇਖ ਭੇਜਿਆ ਕਰੋ। ਮੈਨੂੰ ਸਥਾਪਤ ਕਰਨ ਵਿਚ ਵੀ ਭੁਲਰ ਸਾਹਿਬ ਦਾ ਵੱਡਾ ਯੋਗਦਾਨ ਹੈ , ਜਿਸ ਲਈ ਮੈਂ ਸਦਾ ਉਨਾਂ ਦਾ ਰਿਣੀ ਰਹਾਂਗਾ। ਉਨ੍ਹਾਂ ਦੇ ਸੁਭਾਅ ਦੀ ਇਕ ਹੋਰ ਵਿਲੱਖਣਤਾ ਸੀ ਕਿ ਉਨ੍ਹਾਂ ਨੂੰ ਗੁੱਸਾ ਕਦੀਂ ਆਉਂਦਾ ਹੀ ਨਹੀਂ ਸੀ। ਉਹ ਹਮੇਸ਼ਾ ਹਰ ਵਿਅਕਤੀ, ਪੱਤਰਕਾਰ ਲਈ ਉਸਾਰੂ ਯੋਗਦਾਨ ਪਾਉਣ ਵਿਚ ਵਿਸ਼ਵਾਸ ਰੱਖਦੇ ਸਨ। ਪੰਜਾਬੀ ਪੱਤਰਕਾਰ ਭਾਈਚਾਰਾ ਉਨ੍ਹਾਂ ਦੀ ਅਣਹੋਂਦ ਹਮੇਸ਼ਾ ਮਹਿਸੂਸ ਕਰਦਾ ਰਹੇਗਾ ਕਿਉਂਕਿ ਪੰਜਾਬੀ ਪੱਤਰਕਾਰੀ ਨੂੰ ਜਿਹੜਾ ਘਾਟਾ ਉਨ੍ਹਾਂ ਦੇ ਜਾਣ ਨਾਲ ਪਿਆ ਹੈ, ਉਹ ਕਦੀਂ ਵੀ ਪੂਰਾ ਨਹੀਂ ਹੋ ਸਕਣਾ। ਮੈਂ 22 ਨਵੰਬਰ ਨੂੰ ਅਮਰੀਕਾ ਆਉਣਾ ਸੀ ਇਸ ਲਈ ਮੈਂ ਉਨ੍ਹਾਂ ਨੂੰ ਮਿਲਣ ਲਈ 18 ਨਵੰਬਰ ਨੂੰ ਮੋਹਾਲੀ ਉਨ੍ਹਾਂ ਦੇ ਘਰ ਗਿਆ ਸੀ। ਭਾਵੇਂ ਉਨ੍ਹਾਂ ਨੂੰ ਨਾਮੁਰਾਦ ਬਿਮਾਰੀ ਨੇ ਘੇਰਿਆ ਹੋਇਆ ਸੀ ਪ੍ਰੰਤੂ ਉਹ ਚੜ੍ਹਦੀ ਕਲਾ ਵਿਚ ਸਨ। ਮੇਰੇ ਨਾਲ ਉਨ੍ਹਾਂ ਪੱਤਰਕਾਰੀ ਅਤੇ ਹੋਰ ਮਹਿੰਗਾਈ ਵਰਗੇ ਕਈ ਅਹਿਮ ਮੁਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਿਸ ਤੋਂ ਪਤਾ ਲੱਗਦਾ ਹੈ ਕਿ ਬਿਮਾਰੀ ਦੀ ਹਾਲਤ ਵਿਚ ਵੀ ਸਮਾਜਿਕ ਮੁੱਦਿਆਂ ਬਾਰੇ ਕਿਤਨੇ ਸੰਜੀਦਾ ਸਨ।
ਮੋਬਾਈਲ - 94178 13072
ਈ ਮੇਲ : ujagarsingh48@yahoo.com