Ujagar Singh

ਕੈਨੇਡਾ ਵਿੱਚ ਚੋਰੀਆਂ ਦੇ ਧੰਧੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ - ਉਜਾਗਰ ਸਿੰਘ

ਇੱਕ ਪਾਸੇ ਪੰਜਾਬੀ ਕੈਨੇਡਾ ਦੀ ਫੈਡਰਲ ਅਤੇ ਸੂਬਿਆਂ ਦੀਆਂ ਸਰਕਾਰਾਂ ਵਿੱਚ ਮੰਤਰੀਆਂ ਦੇ ਅਹੁਦੇ ਪ੍ਰਾਪਤ ਕਰਕੇ ਸਫਲਤਾ ਦੇ ਝੰਡੇ ਗੱਡ ਰਹੇ ਹਨ, ਦੂਜੇ ਪਾਸੇ ਕੁਝ ਕਾਲੀਆਂ ਭੇਡਾਂ ਵਹੀਕਲ ਚੋਰੀਆਂ, ਨਸ਼ਿਆਂ ਅਤੇ ਗ਼ੈਰ ਸਮਾਜੀ ਕਾਰਵਾਈਆਂ ਕਰਕੇ ਬਦਨਾਮੀ ਖੱਟ ਰਹੇ ਹਨ। ਇਸ ਤੋਂ ਇਲਾਵਾ ਕੁਝ ਪੰਜਾਬੀ ਬਾਗਾਂ, ਖੇਤੀਬਾੜੀ, ਟਰਾਂਸਪੋਰਟ, ਹੋਟਲ ਕਾਰੋਬਾਰ ਅਤੇ ਆਈ.ਟੀ.ਦੇ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ। ਪੰਜਾਬੀਆਂ ਨੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਗ਼ੈਰ ਕਾਨੂੰਨੀ ਕਾਰਵਾਈਆਂ ਕਰਨ ਵਾਲੇ ਮੁੱਠੀ ਭਰ ਪੰਜਾਬੀ ਨਾਮਣਾ ਖੱਟਣ ਵਾਲੇ ਪੰਜਾਬੀਆਂ ਦੀ ਸਫਲਤਾ 'ਤੇ ਸਵਾਲੀਆ ਚਿੰਨ੍ਹ ਲਗਾਉਣ ਦੀ ਕਸਰ ਨਹੀਂ ਛੱਡ ਰਹੇ। ਜੇਕਰ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੇ ਸ਼ਰਾਰਤੀ ਅਨਸਰ ਆਪਣੀਆਂ ਕਾਰਵਾਈਆਂ ਤੋਂ ਬਾਜ ਨਾ ਆਏ ਤਾਂ ਹੋ ਸਕਦਾ ਭਵਿਖ ਵਿੱਚ ਪੰਜਾਬੀਆਂ ਨੂੰ ਕੈਨੇਡਾ ਵਿੱਚ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਣ ਲੱਗ ਪਵੇ। ਪੰਜਾਬ ਦੀ ਨੌਜਵਾਨੀ ਪਿਛਲੇ 20 ਸਾਲਾਂ ਤੋਂ ਆਪਣੇ ਸੁਨਹਿਰੇ ਭਵਿਖ ਦੇ ਸਪਨੇ ਸਿਰਜ ਕੇ ਵਹੀਰਾਂ ਘੱਤ ਕੇ ਪਰਵਾਸ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਲਈ ਜਾ ਰਹੀ ਹੈ। ਇਕੱਲੇ ਕੈਨੇਡਾ ਵਿੱਚ ਹਰ ਸਾਲ ਲਗਪਗ ਇਕ ਲੱਖ ਵਿਦਿਆਰਥੀ ਪੜ੍ਹਾਈ ਲਈ ਜਾਂਦੇ ਹਨ। ਪੜ੍ਹਾਈ ਤਾਂ ਉਨ੍ਹਾਂ ਦਾ ਬਹਾਨਾ ਹੁੰਦੀ ਹੈ, ਅਸਲ ਵਿੱਚ ਉਹ ਕੈਨੇਡਾ ਵਿੱਚ ਸੈਟਲ ਹੋਣ ਲਈ ਜਾਂਦੇ ਹਨ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵੱਲੋਂ ਵਰਕ ਪਰਮਿਟ ਦੀ ਸਹੂਲਤ ਦੇ ਨਿਯਮਾਂ ਵਿੱਚ ਢਿਲ ਦੇਣ ਕਰਕੇ ਹੋਰ ਬਹੁਤ ਸਾਰੇ ਪੰਜਾਬੀ ਕੈਨੇਡਾ ਨੂੰ ਜਾ ਰਹੇ ਹਨ। 2021ਦੀ ਜਨਗਣਨਾ ਅਨੁਸਾਰ ਕੈਨੇਡਾ ਵਿੱਚ 10 ਲੱਖ ਪੰਜਾਬੀ ਆਪਣੇ ਕਾਰੋਬਾਰ ਕਰ ਰਹੇ ਹਨ। ਜਦੋਂ ਵਿਦਿਆਰਥੀਆਂ ਦੇ ਪੜ੍ਹਾਈ ਲਈ ਵੀਜੇ ਲਗਦੇ ਹਨ ਤਾਂ ਪਰਿਵਾਰ ਜਸ਼ਨ ਮਨਾਉਂਦੇ ਹਨ। ਪ੍ਰੰਤੂ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚੋਂ ਖ਼ਬਰਾਂ ਆ ਰਹੀਆਂ ਹਨ ਕਿ ਵਿਦਿਆਰਥੀ ਹੁਲੜਬਾਜੀਆਂ ਕਰਦੇ ਹਨ। ਉਥੋਂ ਦੇ ਕਾਨੂੰਨਾਂ ਦੀਆਂ ਉਲੰਘਣਾਵਾਂ ਕਰਦੇ ਹਨ। ਇਸ ਤੋਂ ਵਧੇਰੇ ਚਿੰਤਾਜਨਕ ਗੱਲ ਹੈ ਕਿ ਟਰਾਂਟੋ ਪੁਲਿਸ ਨੇ ਗੱਡੀਆਂ ਦੀਆਂ ਚੋਰੀਆਂ ਦੀ ਪੜਤਾਲ ਕਰਵਾਉਣ ਲਈ ਨਜ਼ਦੀਕ ਦੇ ਸ਼ਹਿਰਾਂ ਨਾਲ ਇਕ ਸਾਂਝੀ ਪੜਤਾਲ ਕਮੇਟੀ ਬਣਾਈ ਗਈ। ਇਸ ਪ੍ਰਾਜੈਕਟ ਦਾ ਨਾਮ 'ਪ੍ਰੋਜੈਕਟ ਸਟੈਲੀਓਨ' ਰੱਖਿਆ ਗਿਆ। ਇਹ ਪੜਤਾਲ ਨਵੰਬਰ 2022 ਵਿੱਚ ਸ਼ੁਰੂ ਕੀਤੀ ਗਈ ਸੀ। ਜਦੋਂ ਪੁਲਿਸ ਕੋਲ ਸਾਰੇ ਸਬੂਤ ਆ ਗਏ ਤਾਂ ਪੜਤਾਲ ਮੁਕੰਮਲ ਕਰਨ ਤੋਂ ਬਾਅਦ ਟਰਾਂਟੋ ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਗੱਡੀਆਂ ਦੇ 119 ਚੋਰ ਗ੍ਰਿਫ਼ਤਾਰ ਕੀਤੇ ਹਨ, ਜਿਨ੍ਹਾਂ ਕੋਲੋਂ 27 ਮਿਲੀਅਨ ਡਾਲਰ ਦੀ ਕੀਮਤ ਦੀਆਂ 556 ਚੋਰੀ ਦੀਆਂ ਗੱਡੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ 119 ਵਿਅਕਤੀਆਂ ਨੂੰ 314 ਚਾਰਜ ਕੀਤਾ ਗਿਆ ਹੈ। ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ ਕਿ ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ 119 ਵਿਅਕਤੀਆਂ ਵਿੱਚ 60-70 ਪੰਜਾਬੀ ਸ਼ਾਮਲ ਹਨ। ਇਹ ਵਿਅਕਤੀ ਪੜ੍ਹੇ ਲਿਖੇ ਤਕਨੀਕੀ ਮਾਹਿਰ ਹਨ, ਜਿਹੜੇ ਗੱਡੀਆਂ ਚੋਰੀ ਕਰਨ ਲਈ ਬਹੁਤ ਹੀ ਆਧੁਨਿਕ ਢੰਗ ਦੀ ਤਕਨੀਕ ਵਰਤਦੇ ਸਨ। ਇਨ੍ਹਾਂ ਬਰਾਮਦ ਕੀਤੀਆਂ ਗੱਡੀਆਂ ਵਿੱਚ ਹਾਂਡਾ ਸੀ.ਆਰ.-ਵੀ.ਐਸ. ਅਤੇ ਫੋਰਡ ਐਫ਼-150 ਟਰੱਕ ਵੀ ਸ਼ਾਮਲ ਹਨ। ਉਹ ਇਨ੍ਹਾਂ ਗੱਡੀਆਂ ਨੂੰ ਚੋਰੀ ਕਰਕੇ ਸਮੁੰਦਰੀ ਰਸਤੇ ਵਿਦੇਸ਼ਾਂ ਵਿੱਚ ਭੇਜ ਕੇ ਲਗਪਗ ਦੁਗਣੀ ਕੀਮਤ 'ਤੇ ਵੇਚ ਦੇ ਸਨ। 100 ਤੋਂ ਵੱਧ ਗੱਡੀਆਂ ਉਹ ਵੀ ਪਕੜੀਆਂ ਗਈਆਂ ਹਨ, ਜਿਹੜੀਆਂ ਬਾਹਰ ਭੇਜਣ ਦੀ ਤਿਆਰੀ ਵਿੱਚ ਸਨ। ਸਮੁੱਚੇ ਕੈਨੇਡਾ ਵਿੱਚ ਵਹੀਕਲ ਚੋਰੀਆਂ ਦੇ ਕੇਸ ਬਹੁਤ ਜ਼ਿਆਦਾ ਗਿਣਤੀ ਵਿੱਚ ਵਧ ਰਹੇ ਹਨ। ਇਕੱਲੇ ਮੌਂਟਰੀਅਲ ਵਿੱਚ 2022 ਵਿੱਚ 9591 ਵਹੀਕਲ ਚੋਰੀ ਹੋਈਆਂ ਸਨ। 'ਇੰਸ਼ੋਰੈਂਸ ਬੋਰਡ ਆਡ ਕੈਨੇਡਾ' ਅਨੁਸਾਰ 2018 ਵਿੱਚ ਚੋਰੀ ਹੋਈਆਂ ਗੱਡੀਆਂ ਦੇ ਮਾਲਕਾਂ ਨੂੰ 111 ਮਿਲੀਅਨ ਡਾਲਰ ਮੁਆਵਜਾ ਦਿੱਤਾ ਗਿਆ ਸੀ ਜਦੋਂ ਕਿ 2022 ਦੇ ਪਹਿਲੇ 9 ਮਹੀਨਿਆਂ ਵਿੱਚ 269 ਮਿਲੀਅਨ ਡਾਲਰ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਕਰੋਨਾ ਦੌਰਾਨ ਕਾਰੋਬਾਰਾਂ ਦੇ ਠੱਪ ਹੋਣ ਕਰਕੇ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ।  ਚੋਰੀ ਦੀਆਂ ਗੱਡੀਆਂ ਸਮੁੰਦਰੀ ਰਸਤੇ ਮਿਡਲ ਈਸਟ ਨੂੰ ਭੇਜੀਆਂ ਜਾਂਦੀਆਂ ਹਨ।  ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ  ਸਮੁੰਦਰੀ ਪੋਰਟਾਂ  ਰਾਹੀਂ ਭੇਜੀਆਂ ਜਾਣ ਵਾਲੀਆਂ ਸਾਰੀਆਂ ਗ਼ੈਰ ਕਾਨੂੰਨੀ ਕਾਰਵਾਈਆਂ ਦੀ ਨਿਗਰਾਨੀ ਕਰਦੀ ਹੈ। ਕੈਨੇਡਾ ਦੇ ਕਾਨੂੰਨ ਬੜੇ ਭੋਲੇ ਭਾਲੇ ਲੋਕਾਂ ਵਰਗੇ ਹਨ। ਜਦੋਂ ਕੋਈ ਚੋਰੀ ਕੀਤੀ ਵਸਤੂ ਜਾਂ ਗੱਡੀ ਕਨਟੇਨਰ ਵਿੱਚ ਪਹੁੰਚ ਜਾਂਦੀ ਹੈ ਤਾਂ ਪੁਲਿਸ ਉਸ 'ਤੇ ਕੋਈ ਕਾਰਵਾਈ ਨਹੀਂ ਕਰ ਸਕਦੀ। ਕੈਨੇਡਾ ਵਿੱਚ ਸਭ ਤੋਂ ਵੱਧ ਚੋਰੀਆਂ ਟਰਾਂਟੋ ਅਤੇ ਉਸ ਦੇ ਆਲੇ ਦੁਆਲੇ ਅਤੇ ਸਮੁੰਦਰੀ ਪੋਰਟਾਂ ਦੇ ਨਜ਼ਦੀਕ ਦੇ ਇਲਾਕਿਆਂ ਵਿੱਚੋਂ ਕਰਦੇ ਹਨ। ਕਿਉਂਕਿ ਤੁਰੰਤ ਚੋਰ ਇਨ੍ਹਾਂ ਗੱਡੀਆਂ ਨੂੰ ਕਨਟੇਨਰਾਂ ਵਿੱਚ ਵਾੜ ਦਿੰਦੇ ਹਨ। ਇਕੱਲੇ ਮੌਂਟਰੀਅਲ ਦੀ ਪੋਰਟ 30 ਕਿਲੋਮੀਟਰ ਦੇ ਇਲਾਕੇ ਵਿੱਚ ਹੈ, ਜਿਥੋਂ ਹਰ ਸਾਲ 1.5 ਮਿਲੀਅਨ ਕਨਟੇਨਰ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਕਨਟੇਨਰ ਚੋਰੀ ਦੀਆਂ ਗੱਡੀਆਂ ਮਿਡਲ ਈਸਟ, ਪਾਕਿਸਤਾਨ, ਘਾਨਾ, ਇਟਲੀ ਅਤੇ ਨਾਈਜੇਰੀਆ ਆਦਿ ਦੇਸ਼ਾਂ ਵਿੱਚ ਲਿਜਾਕੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਇਹ ਗੱਡੀਆਂ ਵੇਚਦੇ ਹਨ। ਕਿਸੇ ਸਮੇਂ ਪੰਜਾਬੀਆਂ ਨੇ ਕੈਨੇਡਾ ਵਿੱਚ ਜਾ ਕੇ ਉਥੇ ਲੱਕੜ ਦੇ ਆਰਿਆਂ ਵਿੱਚ ਕੰਮ ਕਰਕੇ ਕੈਨੇਡਾ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਸੀ ਅਤੇ ਆਪਣੇ ਪਰਿਵਾਰ ਪਾਲੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਪੰਜਾਬੀਆਂ ਨੇ ਆਪਣੇ ਕਾਰੋਬਾਰ ਸ਼ੁਰੂ ਕਰਕੇ ਨਾਮਣਾ ਖੱਟਿਆ ਸੀ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਅੱਜ ਦਿਨ ਕੁਝ ਕੁ ਕਾਲੀਆਂ ਭੇਡਾਂ ਸਮੁੱਚੇ  ਪੰਜਾਬੀਆਂ ਦਾ ਕੈਨੇਡਾ ਵਿੱਚ ਨਾਮ ਬਦਨਾਮ ਕਰ ਰਹੀਆਂ ਹਨ। ਪਿਛਲੇ ਕਈ ਸਾਲਾਂ ਤੋਂ ਪੰਜਾਬੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੀ ਹੈ। ਇਸ ਹਾਲਤ ਵਿੱਚੋਂ ਨਿਕਲਣ ਦੀ ਕੋਈ ਆਸ ਵੀ ਬੱਝ ਨਹੀਂ ਰਹੀ। ਇਸ ਲਈ ਮਾਪਿਆਂ ਨੇ ਆਪਣੇ ਜਿਗਰ ਦੇ ਟੁਕੜੇ ਬੱਚਿਆਂ ਦੇ ਭਵਿਖ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਰਵਾਸ ਵਿੱਚ ਪੜ੍ਹਾਈ ਦੇ ਬਹਾਨੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜੀਲੈਂਡ ਆਦਿ ਦੇਸ਼ਾਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਇਥੋਂ ਤੱਕ ਕਿ ਖਾਂਦੇ ਪੀਂਦੇ ਸਮਰੱਥ ਪਰਿਵਾਰ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲੱਗ ਪਏ ਹਨ। ਪ੍ਰੰਤੂ ਪਰਨਾਲਾ ਉਥੇ ਦਾ ਉਥੇ ਵੀ ਉਹੋ ਹੈ। ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਬੁੱਧੂ ਦੀ ਕਹਾਵਤ ਅਨੁਸਾਰ ਚਲਦੇ ਹਨ। ਪਿਆਰੇ ਨੌਜਵਾਨੋ/ਵਿਦਿਆਰਥੀਓ/ਪੰਜਾਬੀਓ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਦਾਗ਼ ਨਾ ਲਗਾਓ। ਗੁਰੂਆਂ ਪੀਰਾਂ ਦੀ ਪਵਿਤਰ ਧਰਤੀ ਦੇ ਜਾਇਓ ਪਰਵਾਸ ਵਿੱਚ ਜਾ ਕੇ ਪੰਜਾਬੀਅਤ ਦਾ ਝੰਡਾ ਬਰਦਾਰ ਬਣਨ ਦੀ ਥਾਂ ਉਨ੍ਹਾਂ ਦੇ ਅਕਸ ਦਾਗ਼ਦਾਰ ਨਾ ਕਰੋ। ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਨਸ਼ਿਆਂ ਦੇ ਵਿਓਪਾਰ ਨਾਲ ਸੰਬਧਤ ਖ਼ਬਰਾਂ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਸੀ। ਜਿਹੜੇ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਸ਼ਰਮਿੰਦਰੀ ਮਹਿਸੂਸ ਹੋ ਰਹੀ ਹੈ।
ਸੰਸਾਰ ਦੇ ਸਾਰੇ ਦੇਸ਼ਾਂ ਨਾਲੋਂ ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਹਨ, ਕਿਉਂਕਿ ਕੈਨੇਡਾ ਦੀਆਂ ਸਰਕਾਰਾਂ ਦੀਆਂ ਨੀਤੀਆਂ ਪੰਜਾਬੀ ਨੂੰ ਉਥੇ ਵਸਣ ਵਿੱਚ ਸਹਾਈ ਹੋ ਰਹੀਆਂ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜਿਹੜੇ ਕੁਝ ਪੰਜਾਬੀਆਂ ਦੇ ਮਾਪੇ ਪੰਜਾਬ ਵਿੱਚ ਆਪ ਬੱਚਿਆਂ ਨੂੰ ਸੰਭਾਲ ਨਹੀਂ ਸਕੇ, ਉਹ ਉਨ੍ਹਾਂ ਨੂੰ ਪਰਵਾਸ ਵਿੱਚ ਭੇਜ ਕੇ ਸੁਧਰ ਜਾਣ ਦੇ ਸਪਨੇ ਸਿਰਜ ਰਹੇ ਹਨ। ਪ੍ਰੰਤੂ ਇਹ ਬਿਗੜੇ ਬੱਚੇ ਸਮੁੱਚੇ ਪੰਜਾਬੀਆਂ ਦੇ ਵਿਵਹਾਰ 'ਤੇ ਸਵਾਲੀਆ ਚਿੰਨ੍ਹ ਲਗਾ ਰਹੇ ਹਨ। ਅਜਿਹੇ ਪਰਿਵਾਰਾਂ ਦੇ ਬੱਚੇ ਬਾਹਰ ਜਾ ਕੇ ਵੀ ਮਿਹਨਤ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਪੰਜਾਬ ਵਿੱਚ ਆਪਣੇ ਮਾਪਿਆਂ ਦੇ ਸਿਰ 'ਤੇ ਮੌਜਾਂ ਮਾਣਦਿਆਂ ਗ਼ੈਰ ਸਮਾਜਿਕ ਗਤੀਵਿਧੀਆਂ ਕੀਤੀਆਂ ਹਨ। ਗੱਡੀਆਂ ਦੀਆਂ ਚੋਰੀਆਂ ਕਰਨ ਲਈ ਪਕੜੇ ਗਏ ਪੰਜਾਬੀਆਂ ਵਿੱਚ ਬਹੁਤੇ ਵਿਦਿਆਰਥੀ ਹਨ, ਜਿਹੜੇ ਪ੍ਰੋਫੈਸ਼ਨਲ ਚੋਰਾਂ ਦੇ ਝਾਂਸੇ ਵਿੱਚ ਆ ਕੇ ਜ਼ਿੰਦਗੀ ਵਿੱਚ ਸਫਲ ਹੋਣ ਲਈ ਸ਼ਾਰਟ ਕੱਟ ਮਾਰਕੇ ਸਫਲਤਾ ਪ੍ਰਾਪਤ ਕਰਨੀ ਚਾਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕੁਝ ਨੇ ਗੱਡੀਆਂ ਚੋਰੀ ਕਰਨ ਦੀ ਥਾਂ ਗੱਡੀਆਂ ਵਿੱਚੋਂ ਸੌਖੇ ਤਰੀਕੇ ਨਾਲ ਉਨ੍ਹਾਂ ਦੇ ਮਹਿੰਗੇ ਹਿੱਸੇ ਪੁਰਜੇ ਖਾਸ ਤੌਰ 'ਤੇ ਕੈਟਾਲੀਟਿਕ ਕਨਵਰਟਰ ਚੋਰੀ ਕਰਨੇ ਸ਼ੁਰੂ ਕਰ ਦਿੱਤੇਹਨ। ਪੁਲਿਸ ਨੇ ਚੋਰਾਂ ਕੋਲੋਂ ਅਜਿਹੇ 300 ਪੁਰਜੇ ਬਰਾਮਦ ਕੀਤੇ ਹਨ। ਜੇਕਰ ਪੰਜਾਬੀਆਂ ਨੇ ਕੈਨੇਡਾ ਦੇ ਕਾਨੂੰਨਾ ਦੀ ਪਾਲਣਾ ਨਹੀਂ ਕਰਨੀ ਤਾਂ ਉਨ੍ਹਾਂ ਨੂੰ ਉਥੇ ਜਾਣਾ ਹੀ ਨਹੀਂ ਚਾਹੀਦਾ। ਜੇ ਉਥੇ ਜਾਣਾ ਹੈ ਤਾਂ ਉਸ ਦੇਸ਼ ਦੇ ਨਿਯਮਾ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਨੂੰ ਕਿਹੜਾ ਕੈਨੇਡਾ ਸਰਕਾਰ ਆਪ ਸੱਦਾ ਦਿੰਦੀ ਹੈ। ਉਹ ਤਾਂ ਖ਼ੁਦ ਆਪਣੇ ਸੁਨਹਿਰੇ ਭਵਿਖ ਲਈ ਪਰਵਾਸ ਵਿੱਚ ਜਾਂਦੇ ਹਨ ਪ੍ਰੰਤੂ ਜਲਦੀ ਅਮੀਰ ਬਣਨ ਲਈ ਗ਼ੈਰ ਕਾਨੂੰਨੀ ਸਾਧਨਾ ਦੀ ਵਰਤੋਂ ਕਰਕੇ, ਉਹ ਆਪਣਾ ਭਵਿਖ ਖੁਦ ਗੰਧਲਾ ਕਰ ਲੈਂਦੇ ਹਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਕੈਨੇਡਾ ਦੀ ਪੁਲਿਸ ਐਵੇਂ ਨਹੀਂ ਕਿਸੇ ਦੋਸ਼ੀ ਨੂੰ ਪਕੜਦੀ, ਸੂਚਨਾ ਮਿਲਣ ਤੋਂ ਬਾਅਦ ਪੂਰੀ ਨਿਗਾਹ ਰੱਖਦੀ ਹੈ, ਜਦੋਂ ਉਨ੍ਹਾਂ ਕੋਲ ਪੂਰੇ ਸਬੂਤ ਹੁੰਦੇ ਹਨ ਫਿਰ ਉਨ੍ਹਾਂ ਨੂੰ ਪਕੜਦੀ ਹੈ। ਇਨ੍ਹਾਂ ਸਾਰਿਆਂ ਨੂੰ ਪੁਲਿਸ ਨੇ ਚਾਰਜ ਵੀ ਕਰ ਦਿੱਤਾ ਹੈ। ਪੁਲਿਸ ਕੋਲ ਭਾਵੇਂ ਸਬੂਤ ਹੁੰਦੇ ਹਨ ਪ੍ਰੰਤੂ ਜਿਤਨੀ ਦੇਰ ਸਜਾ ਨਹੀਂ ਹੋ ਜਾਂਦੀ, ਉਨ੍ਹਾਂ ਨੂੰ ਸ਼ੱਕੀ ਹੀ ਕਿਹਾ ਜਾਂਦਾ ਹੈ। ਇਹ ਲੋਕ ਆਪਣਾ ਨੁਕਸਾਨ ਤਾਂ ਕਰਨਗੇ ਹੀ ਪ੍ਰੰਤੂ ਜਿਹੜੇ ਪੰਜਾਬੀ ਕੈਨੇਡਾ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਸ਼ੱਕੀ ਨਿਗਾਹ ਨਾਲ ਵੇਖਿਆ ਜਾਵੇਗਾ। ਹੋ ਸਕਦਾ ਕੈਨੇਡਾ ਸਰਕਾਰ ਪਰਵਾਸ ਵਿੱਚ ਸੈਟਲ ਹੋਣ ਲਈ ਕਾਨੂੰਨ ਹੋਰ ਸਖ਼ਤ ਕਰ ਦੇਵੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
 ਮੋਬਾਈਲ-94178 13072
   ujagarsingh48@yahoo.com

ਸੁਰਜੀਤ ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ ਦੀ ਕਵਿਤਾ - ਉਜਾਗਰ ਸਿੰਘ

ਸੁਰਜੀਤ ਪੰਜਾਬੀ ਕਾਵਿ ਜਗਤ ਵਿੱਚ ਸਥਾਪਤ ਕਵਿਤਰੀ ਹੈ। ਉਸ ਦੀਆਂ ਹੁਣ ਤੱਕ 9 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਕਾਵਿ ਸੰਗ੍ਰਹਿ ‘ਸ਼ਿਕਸਤ’, ‘ਹੇ ਸਖ਼ੀ’ (ਲੰਮੀ ਕਵਿਤਾ) ‘ਵਿਸਮਾਦ’ ਅਤੇ ‘ਲਵੈਂਡਰ (ਸੰਪਾਦਿਤ)’, ਇਕ ਕਹਾਣੀ ਸੰਗ੍ਰਹਿ ‘ਪਾਰਲੇ-ਪੁਲ’, ਇਕ ਸਾਹਿਤ ਸਮੀਖਿਆ ‘ਪਰਵਾਸੀ ਪੰਜਾਬੀ ਸਾਹਿਤ (ਸ਼ਬਦ ਤੇ ਸੰਵਾਦ)’ ਅਤੇ ਦੋ ਸੰਪਾਦਿਤ ਪੁਸਤਕ ‘ਕੂੰਜਾਂ’ ਅਤੇ ‘ਧਰਤ ਪਰਾਈ ਆਪਣੇ ਲੋਕ’ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਸ਼ਿਕਸਤ’ ਕਾਵਿ ਸੰਗ੍ਰਹਿ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਤ ਹੋਇਆ ਹੈ। ਚਰਚਾ ਅਧੀਨ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਉਸ ਦੀ 10ਵੀਂ ਪੁਸਤਕ ਹੈ।  ਸੁਰਜੀਤ ਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ, ਉਸ ਨੇ ਸੰਸਾਰ ਦੇ ਕਈ ਦੇਸ਼ਾਂ ਦੀ ਯਾਤਰਾ ਕਰਦਿਆਂ ਜ਼ਿੰਦਗੀ ਦੇ ਕਈ ਰੰਗ ਵੇਖੇ ਅਤੇ ਮਾਣੇ ਹਨ। ਇਸ ਕਰਕੇ ਉਸ ਦੇ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੇ ਰੰਗ ਵੀ ਵੰਨ-ਸਵੰਨੇ ਹਨ। ਇਸ ਪੁਸਤਕ ਦੀਆਂ ਕਵਿਤਾਵਾਂ ਕੁਦਰਤ ਅਤੇ ਇਸ ਦੇ ਅਨੇਕਾਂ ਰਹੱਸਾਂ ਨੂੰ ਸਮਝਣ ਵਾਲੀਆਂ ਅਤੇ ਜ਼ਿੰਦਗੀ ਜਿਓਣ ਅਤੇ ਇਸ ਨੂੰ ਮਾਨਣ ਦੀ ਉਮੀਦ ਜਗਾਉਂਦੀਆਂ ਹਨ। ਇਹ ਕਵਿਤਾਵਾਂ ਗ਼ਰੀਬਾਂ-ਮਜ਼ਦੂਰਾਂ ਅਤੇ ਜਦੋਜਹਿਦ ਕਰਨ ਵਾਲੇ ਹੋਰ ਲੋਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹਨ। ਉਸ ਦੀਆਂ ਲਗਪਗ ਸਾਰੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਕਈ ਵਾਰ ਕਵੀ/ਕਵਿਤਰੀ ਜਦੋਂ ਕਵਿਤਾ ਲਿਖਦੀ ਹੈ ਤਾਂ ਉਸ ਨੂੰ ਆਪ ਵੀ ਪਤਾ ਨਹੀਂ ਹੁੰਦਾ ਕਿ ਉਹ ਕਿਸ ਮੰਤਵ ਲਈ ਅਤੇ ਕਿੳਂੁ ਕਵਿਤਾ ਲਿਖ ਰਹੀ ਹੈ। ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਆਦਿਕਾ ਦੇ ਰੂਪ ਵਿੱਚ ‘ਤੇਰੀ ਰੰਗਸ਼ਾਲਾ’ ਇਕ ਕਿਸਮ ਨਾਲ ਜ਼ਿੰਦਗੀ ਦਾ ਨਚੋੜ ਹੈ, ਜਿਸ ਵਿੱਚ ਕਵਿਤਰੀ ਦੱਸਦੀ ਹੈ ਕਿ ਇਨਸਾਨ ਸੰਸਾਰ ਰੂਪੀ ਭਵਸਾਗਰ ਵਿੱਚ ਵਿਚਰਦਿਆਂ ਆਨੰਦ ਮਾਣਦਾ ਹੈ ਪ੍ਰੰਤੂ ਅਸਲ ਵਿੱਚ ਉਹ ਇਛਾਵਾਂ ਦੀ ਪੂਰਤੀ ਅਤੇ ਪ੍ਰਾਪਤੀਆਂ ਲਈ ਕਾਗਤ ਦੀ ਬੇੜੀ ਭਾਵ ਖਿਆਲੀ ਪਲਾਓ ਬਣਾਉਂਦਾ ਹੋਇਆ ਜਦੋਜਹਿਦ ਕਰਦਾ ਰਹਿੰਦਾ ਹੈ। ਉਸ ਦੀਆਂ ਕਵਿਤਾਵਾਂ ਇਹ ਵੀ ਦੱਸਦੀਆਂ ਹਨ ਕਿ ਸਰੀਰ ਅਤੇ ਚੇਤਨਾ ਆਪੋ ਆਪਣੇ ਕਾਰਜ ਕਰਦੇ ਰਹਿੰਦੇ ਹਨ, ਸਰੀਰ ਤੇ ਚੇਤਨਾ ਕਦੀਂ ਵੀ ਇਕ ਥਾਂ ਨਹੀਂ ਹੁੰਦੇ। ਇਨਸਾਨ ਖਿਆਲੀ ਦੁਨੀਆਂ ਵਿੱਚ ਸਕੀਮਾ ਬਣਾਉਂਦਾ ਭੁਲੇਖਿਆਂ ਵਿੱਚ ਉਲਝਿਆ ਰਹਿੰਦਾ ਹੈ। ਇਹ ਮਨ ਦੀ ਭਟਕਣਾ ਉਸ ਦੀਆਂ ਕਵਿਤਾਵਾਂ ਦਾ ਸ਼ਿੰਗਾਰ ਹੈ। ਮਨੁੱਖ ਆਪਣੇ ਅੰਤਹਕਰਨ ਦੀ ਨਾ ਤਾਂ ਆਵਾਜ਼ ਸੁਣਦਾ ਹੈ ਅਤੇ ਨਾ ਹੀ ਆਪਣੇ ਅੰਦਰ ਝਾਤੀ ਮਾਰਦਾ ਹੈ। ਅਜਿਹੀਆਂ ਲਗਪਗ ਅੱਧੀ ਦਰਜਨ ਕਵਿਤਾਵਾਂ ਆਪੇ ਨੂੰ ਪਛਾਨਣ ਸੰਬੰਧੀ ਹਨ। ਸੁਰਜੀਤ ਦੀਆਂ ਕਵਿਤਾਵਾਂ ਬੰਧਨਾ ਵਿੱਚ ਬੱਝਕੇ ਕੇ ਵਹਿਮਾ ਭਰਮਾ ਵਿੱਚ ਪੈਣ ਨਹੀਂ ਦਿੰਦੀਆਂ। ‘ਕੁੜੀ ਤੇ ਕਵਿਤਾ’ ਦਰਸਾਉਂਦੀ ਹੈ ਕਿ ਜਿਵੇਂ ਕੁੜੀ ਆਪਣੀ ਦਿੱਖ ਨੂੰ ਬਣਾ ਸਵਾਰਕੇ ਰੱਖਦੀ ਹੈ, ਉਸੇ ਤਰ੍ਹਾਂ ਕਵਿਤਾ ਇਨਸਾਨ ਦੀ ਜ਼ਿੰਦਗੀ ਨੂੰ ਨਿਹਾਰਦੀ ਹੈ। ਸੁਰਜੀਤ ਕਵਿਤਾਵਾਂ ਰਾਹੀਂ ਸਮਾਜ, ਕੁਦਰਤ ਅਤੇ ਕੁਦਰਤ ਦੀ ਕਾਇਨਾਤ ਨਾਲ ਸੰਵਾਦ ਕਰਦੀ ਹੈ। ਜਦੋਂ ਇਸ ਕਾਇਨਾਤ ਵਿੱਚ ਪੰਛੀ, ਪੰਖੇਰੂ ਆਨੰਦ ਮਾਣ ਸਕਦੇ ਹਨ ਤਾਂ ਇਨਸਾਨ ਕਿਉਂ ਉਦਾਸੀ ਦੇ ਆਲਮ ਵਿੱਚ ਹੈ? ਇਨਸਾਨ ਨੂੰ ਪੰਛੀਆਂ ਤੋਂ ਸਿਖਿਆ ਲੈਣੀ ਬਣਦੀ ਹੈ। ਜਿਵੇਂ ਆਪਣੀ ਪਸੰਦ ਦੀ ਚਾਹ ਦੀ ਘੁੱਟ ਸਕੂਨ ਦਿੰਦੀ ਹੈ, ਉਸੇ ਤਰ੍ਹਾਂ ਆਪਣੀਆਂ ਸ਼ਰਤਾਂ ਤੇ ਜੀਵਿਆ ਜੀਵਨ ਅਤੇ ਫਿਰ ਮਾਣਿਆਂ ਆਨੰਦ/ਸਕੂਨ ਦਿੰਦਾ ਹੈ। ਜਿਵੇਂ ‘ਕੁਕਨੂਸ’ ਹਰ ਰੋਜ਼ ਮਰਦੀ ਤੇ ਫਿਰ ਰਾਖ ‘ਚੋਂ ਉਠ ਖੜ੍ਹਦੀ ਅਤੇ ਆਪਣੇ ਜੀਵਨ ਨੂੰ ਬਾਖ਼ੂਬੀ ਮਾਣਦੀ, ਹਰ ਰੋਜ਼ ਉਸ ਲਈ ਨਵਾਂ ਦਿਨ ਨਵੀਂ ਊਰਜਾ ਲੈ ਕੇ ਆਉਂਦਾ, ਇਸ ਪ੍ਰਕਾਰ ਇਨਸਾਨ ਨੂੰ ਵੀ ਉਸੇ ਤਰਜ ‘ਤੇ ਆਪਣਾ ਜੀਵਨ ਜਿਓਣਾ ਚਾਹੀਦਾ ਹੈ। ਸੁਰਜੀਤ ਦਾ ਸਾਹਿਤਕ ਸੁਭਾਅ ਸਮਾਜਿਕ ਜ਼ਿੰਦਗੀ ਵਿੱਚ ਸ਼ੋਸ਼ਲ ਮੀਡੀਆ ਦੀ ਗ਼ੁਲਾਮੀ ਤੋਂ ਖ਼ਫ਼ਾ ਹੈ ਕਿਉਂਕਿ ਘਰਾਂ ਤੇ ਪਰਿਵਾਰਾਂ ਵਿੱਚ ਦੁੱਖ ਸੁੱਖ ਸਾਂਝੇ ਕਰਨ ਦਾ ਵਕਤ ਨਹੀਂ, ਇਸ ਕਰਕੇ ਘਰਾਂ ਵਿੱਚ ਸਭ ਸੁੱਖ ਸਹੂਲਤਾਂ ਦੇ ਹੁੰਦਿਆਂ ਸੁੰਦਿਆਂ ਖਾਮੋਸ਼ੀ ਦਾ ਪਰਵਾਹ ਹੈ। ਸ਼ੋਸ਼ਲ ਮੀਡੀਆ ਦੀ ਵਰਤੋਂ ਮਾਨਸਿਕ ਬਿਮਾਰੀ ਹੈ। ਉਸ ਦੀਆਂ ਕਵਿਤਾਵਾਂ ਔਰਤ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀਆਂ ਹਨ ਕਿਉਂਕਿ ਸਮਾਜ ਔਰਤ ਦੀ ਤਰੱਕੀ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਉਸ ਬਾਰੇ ਊਲ ਜਲੂਲ ਗੱਲਾਂ ਕਰਦਾ ਹੈ। ਕਵਿਤਰੀ ਲੜਕੀਆਂ ਨੂੰ ਸਲਾਹ ਵੀ ਦਿੰਦੀ ਹੈ ਕਿ ਉਹ ਦਲੇਰੀ ਨਾਲ ਹਰ ਮੁਸ਼ਕਲ ਦਾ ਮੁਕਾਬਲਾ ਕਰਦੀਆਂ ਹੋਈਆਂ ਜ਼ਿੰਦਗੀ ਨੂੰ ਮਾਨਣ ਦੀ ਕੋਸ਼ਿਸ਼ ਕਰਨ, ਸੜ ਕੇ ਮਰਨਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਔਰਤ ਨੂੰ ਜਿਸਮ ਦੀ ਖੇਡ ਖੇਡਣ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।  ਔਰਤ ਪੁਲਾੜ ਤੇ ਜਾ ਸਕਦੀ ਹੈ, ਜੰਗਾਂ ਲੜ ਸਕਦੀ ਹੈ, ਇਥੋਂ ਤੱਕ ਕਿ ਤਵਾਰੀਖ ਬਦਲ ਸਕਦੀ ਹੈ। ਫਿਰ ਵੀ ਔਰਤ ਨੂੰ ਜ਼ਿੰਦਗੀ ਭਰ ਇਮਤਿਹਾਨਾ ਵਿੱਚੋਂ ਕਿਉਂ ਲੰਘਣਾ ਪੈਂਦਾ ਹੈ? ਔਰਤ ਬਾਰੇ ਮਰਦਾਂ ਨੂੰ ਸਲਾਹ ਦਿੰਦੀ ਹੋਈ ‘ਤੁਰਨਾ ਅਸਾਂ, ਹੁਣ ਨਾਲ ਨਾਲ’ ਕਵਿਤਾ ਵਿੱਚ ਲਿਖਦੀ ਹੈ-
ਤੂੰ ਔਰਤ ਨੂੰ ਘੁੰਗਰੂ ਪੁਆ ਨਚਾਉਣਾ ਛੱਡ ਦੇ,
 ਹੁਣ ਉਸਦੀ ਦੇਹ ਨੂੰ ਨੰਗਾ ਦਿਖਾਉਣਾ ਛੱਡ ਦੇ।
ਛੇੜ-ਛਾੜ ਵਾਲਾ ਕੰਮ ਹੈ ਘਿਨਾਉਣਾ, ਛੱਡ ਦੇ,
ਇੱਜ਼ਤਾਂ ਰੋਲ਼ ਕੰਜਕਾਂ ਨੂੰ ਇਉਂ ਰੁਆਉਣਾ ਛੱਡ ਦੇ।
 ਕਵਿਤਰੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੋਈ ਉਨ੍ਹਾਂ ਨੂੰ ਕਵਿਤਾ ਦਾ ਰੂਪ ਦਿੰਦੀ ਹੈ। ਉਹ ਮਰਦ ਅਤੇ ਔਰਤ ਨੂੰ ਇਕ ਦੂਜੇ ਦੇ ਪੂਰਕ ਸਮਝਦੀ ਹੈ। ਅੰਤਰਰਾਸ਼ਟਰੀ ਵਿਦਿਆਰਥਣਾਂ ਦੇ ਦਰਦ ਨੂੰ ਮਹਿਸੂਸ ਕਰਨ ਵਾਲੀਆਂ ਕਵਿਤਾਵਾਂ ਵੀ ਇਸ ਕਾਵਿ ਸੰਗ੍ਰਹਿ ਦਾ ਹਿੱਸਾ ਹਨ। ਪਰਵਾਸ ਵਿੱਚ ਨਫ਼ਰਤ ਦੀ ਰਾਜਨੀਤੀ ਹੋ ਰਹੀ ਹੈ। ਪਰਵਾਸ ਵਿੱਚ ਜਾਣ ਤੇ ਪੰਜਾਬ ਦੇ ਪਿੰਡਾਂ ਵਿੱਚ ਘਰਾਂ ਦੀ ਬੈਰਾਨਗੀ ਦੀ ਹੂਕ ਵੀ ਮਿਲਦੀ ਹੈ। ਲੋਕ ਹਰ ਸੁੱਖ ਦਾ ਆਨੰਦ ਮਾਣਦੇ ਹੋਏ ਵੀ ਭਟਕਦੇ ਰਹਿੰਦੇ ਹਨ। ਸਮੁੰਦਰਾਂ ਦੀਆਂ ਲਹਿਰਾਂ ਲੋਕਾਈ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਪ੍ਰੰਤੂ ਸੰਤੁਸ਼ਟੀ ਫਿਰ ਵੀ ਨਹੀਂ ਮਿਲਦੀ। ਇਨਸਾਨ ਦੇ ਅੰਦਰ ਹੀ ਸਭ ਕੁਝ ਹੈ, ਬਾਹਰ ਭਟਕਣ ਦੀ ਲੋੜ ਨਹੀਂ। ਇਸ ਲਈ ਇਨਸਾਨ ਨੂੰ ਆਪਣੀ ਪਛਾਣ ਕਰ ਲੈਣੀ ਚਾਹੀਦੀ ਹੈ। ਪਰਮਾਤਮਾ ਨੇ ਇਨਸਾਨ ਨੂੰ ਚਾਨਣ ਦੀ ਲੋਅ ਲੱਭਕੇ ਵਰਤਣ ਲਈ ਭੇਜਿਆ ਹੈ। ਇਨਸਾਨ ਲੋਅ ਦੀ ਭਾਲ ਉਦਾਸੀਆਂ ਕਰਕੇ ਜੰਗਲਾਂ ਵਿੱਚ ਲੱਭਦਾ ਹੈ। ਇਹ ਲੋਅ ਸਾਡੇ ਅੰਦਰ ਹੈ ਪ੍ਰੰਤੂ ਅਸੀਂ ਮੱਥੇ ‘ਚੋਂ ਸੂਰਜ ਉਗਮਦਾ ਭਾਲਦੇ ਹਾਂ, ਇਸ ਲੋਅ ਦੀ ਵਰਤੋਂ ਨਫਰਤ ਫੈਲਾਉਣ ਲਈ ਕਰ ਰਹੇ ਹਾਂ। ਇਹ ਕਾਇਨਾਤ ਜੰਗਲ, ਬੇਲੇ, ਧਰਤ, ਅਸਮਾਨ ਵਿਸ਼ਾਲ ਅਤੇ ਅਨੰਤ ਹਨ, ਜੋ ਇਕ ਨਿਯਮਤ ਕਾਨੂੰਨ ਅਨੁਸਾਰ ਚਲਦੀ ਹੈ। ਇਸ ਨੂੰ ਸਮਝਣ ਨਾਲ ਸੰਪੂਰਨਤਾ ਪ੍ਰਾਪਤ ਹੁੰਦੀ ਹੈ। ਜ਼ਿੰਦਗੀ ਵਿੱਚ ਅਨੇਕਾਂ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪ੍ਰੰਤੂ ਲੋਕਾਈ ਨੂੰ ਅਡੋਲ ਰਹਿਣਾ ਚਾਹੀਦਾ ਹੈ। ਪਰਵਾਸ ਵਿੱਚ ਧਾਰਮਿਕ ਕੱਟੜਤਾ ਕਰਕੇ ਮਾਸੂਮ ਬੱਚਿਆਂ ਨਾਲ ਹੋਈਆਂ ਜ਼ਾਲਮਾਨਾ ਹਰਕਤਾਂ ਕਵਿਤਰੀ ਦੇ ਸੋਹਲ ਮਨ ਨੂੰ ਵਲੂੰਧਰਦੀਆਂ ਹਨ। ਧਾਰਮਿਕ ਕੱਟੜਤਾ ਸਕੂਲ ਵਿੱਚ ਹੋਈ ਤ੍ਰਾਸਦੀ ਨੂੰ ਕਾਵਿ ਰੂਪ ਦੇਣ ਲਈ ਮਜ਼ਬੂਰ ਕਰਦੀ ਹੈ। ਉਸ ਦੀ ਕਵਿਤਾ ਇਹ ਵੀ ਯਾਦ ਕਰਾਉਂਦੀ ਹੈ ਕਿ ਸਾਡੀ ਵਿਰਾਸਤ ਗੁਰੂਆਂ ਦੀ ਵਿਚਾਰਧਾਰਾ ਹੈ ਪ੍ਰੰਤੂ ਅਸੀਂ ਉਸ ਤੋਂ ਬੇਮੁੱਖ ਹੋਏ ਬੈਠੇ ਹਾਂ। ਵਿਚਾਰਧਾਰਾ ਦੇ ਚਾਨਣ ਦੇ ਹੁੰਦਿਆਂ ਹਨ੍ਹੇਰੇ ਵਿੱਚ ਹੱਥ ਮਾਰ ਰਹੇ ਹਾਂ। ਸਦੀਆਂ ਤੋਂ ਮਨੁੱਖ ਹੀ ਮਨੁੱਖਤਾ ਦਾ ਘਾਣ ਕਰਦਾ ਆ ਰਿਹਾ ਹੈ। ਸੀਰੀਆ ਵਿੱਚ ਹੋਏ ਨਰਸੰਘਾਰ ਨੇ ਵੀ ਕਵਿਤਰੀ ਨੂੰ ਪ੍ਰਭਾਵਤ ਕੀਤਾ ਹੈ। ਉਹ ਇਹ ਵੀ ਲਿਖਦੀ ਹੈ ਕਿ ਲੋਕ ਵਾਅਦੇ ਕਰਦੇ ਹਨ ਜੋ ਕਦੇ ਵਫ਼ਾ ਨਹੀਂ ਹੁੰਦੇ। ਚੁੱਪ/ਖ਼ਾਮੋਸ਼ੀ ਬਾਰੇ ਵੀ ਕਵਿਤਰੀ ਨੇ ਕੁਝ ਕਵਿਤਾਵਾਂ ਲਿਖੀਆਂ ਹਨ। ‘ਆਦਮ ਤੇ ਹਵਾ ਦਾ ਸੰਵਾਦ’ ਸਿੰਬਾਲਿਕ ਕਵਿਤਾ ਹੈ, ਜਿਸ ਵਿੱਚ ਆਦਮ ਅਤੇ ਹਵਾ ਦਾ ਸੰਵਾਦ ਵਿਖਾਇਆ ਹੈ, ਅਸਲ ਵਿੱਚ ਇਹ ਸੰਵਾਦ ਇਨਸਾਨ ਦੀ ਆਪਸੀ ਵਿਚਾਰ ਚਰਚਾ ਹੈ। ‘ਆਪਣਾ ਆਪਣਾ ਹੱਕ’ ਕਵਿਤਾ ਵਿੱਚ ਇਨਸਾਨ ਨੂੰ ਆਪਣੇ ਹੱਕਾਂ ਦੀ ਗੱਲ ਕਰਦਿਆਂ ਜਾਨਵਰਾਂ ਦੇ ਹੱਕਾਂ ਦਾ ਵੀ ਧਿਆਨ ਰੱਖਣ ਦੀ ਤਾਕੀਦ ਹੈ। ਕਵਿਤਰੀ ਮਾਪਿਆਂ ਦੀ ਅਣਗਹਿਲੀ ਬਾਰੇ ਚਿੰਤਾ ਜ਼ਾਹਰ ਕਰਦੀ ਹੈ। ਲੋਕਾਂ ਵਿੱਚ ਝੂਠ ਦਾ ਬੋਲਬਾਲਾ ਹੈ। ਆਧੁਨਿਕਤਾ ਦੇ ਆਉਣ ਨਾਲ ਵਿਰਾਸਤੀ ਵਸਤਾਂ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਚਮਚਾਗਿਰੀ ਭਾਰੂ ਹੈ। ‘ਸੰਕਟ ਕਾਲ ਦੀ ਕਵਿਤਾ’ ਵਿੱਚ ਕਵਿਤਰੀ ਨੇ ਦੱਸਿਆ ਹੈ ਕਿ ਵਿਕਸਤ ਸਮੇਂ ਵਿੱਚ ਟੈਕਸ ਭਰਨ, ਭੀਖ ਮੰਗਣ ਅਤੇ ਬੇਹੋਸ਼ੀ ਦੀ ਸਪਰੇਅ ਕਰਕੇ ਠੱਗੀ ਮਾਰਨ ਦੇ ਨਵੇਂ ਤਰੀਕੇ ਆ ਗਏ ਹਨ, ਇਨ੍ਹਾਂ ਤੋਂ ਬਚਣ ਦੀ ਲੋੜ ਹੈ। ‘ਵੈਂਟੀਲੇਟਰ ਤੇ ਜੀਊਂਦੀ ਸਦੀ’ ਸਿਰਲੇਖ ਅਧੀਨ ਕਰੋਨਾ ਕਾਲ ਵਿੱਚ ਦਹਿਸ਼ਤ ਦੇ ਮਾਹੌਲ ਅਤੇ ਰਿਸ਼ਤਿਆਂ ਦੀ ਬੇਕਦਰੀ ਕਾਰਨ ਲੋਕਾਂ ਦਾ ਖ਼ੂਨ ਸਫ਼ੈਦ ਹੋ ਗਿਆ। ਆਪਣੇ ਹੀ ਅਪਣਿਆਂ ਤੋਂ ਕਿਨਾਰਾ ਕਰਨ ਲੱਗੇ। ਲੋਕ ਇਤਨੇ ਬੇਪ੍ਰਵਾਹ ਹੋ ਗਏ ਹਨ ਕਿ ਵਾਤਾਵਰਨ ਨੂੰ ਗੰਧਲਾ ਕਰ ਰਹੇ ਹਨ, ਇਮਾਰਤਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ, ਜ਼ਮੀਨ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਕਰ ਦਿੱਤਾ ਅਤੇ ਕਰੋਨਾ ਕਾਲ ਵਿੱਚ ਲਾਲਚ ਤੇ ਫਰੇਬ ਵੱਧ ਗਿਆ। ਪਾਣੀ ਦੀ ਘਾਟ ਵੀ ਕਵਿਤਰੀ ਨੂੰ ਸਤਾਉਂਦੀ ਹੈ। ਨੈਤਿਕਤਾ ਪਰ ਲਾ ਕੇ ਉਡ ਗਈ ਸੀ। ‘ਕਿਸਾਨੀ ਕਾਵਿ’ ਕਿਸਾਨ ਅੰਦੋਲਨ ਨਾਲ ਸੰਬੰਧਤ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਕਵਿਤਰੀ ਨੇ ਅਣਸੁਖਾਵੇਂ ਹਾਲਾਤ, ਗਰਮੀ, ਸਰਦੀ, ਪੁਲਿਸ ਦੀਆਂ ਬੁਛਾੜਾਂ ਅਤੇ ਕੰਡਿਆਲੀਆਂ ਤਾਰਾਂ ਦਾ ਮੁਕਾਬਲਾ ਕਰਨ ਵਾਲੀਆਂ ਵੀਰਾਂਗਣਾ, ਕਿਸਾਨਾ ਅਤੇ ਹਰ ਵਰਗ ਦੇ ਲੋਕਾਂ ਦੇ ਪਾਏ ਯੋਗਦਾਨ ਦੇ ਸੋਹਲੇ ਗਾਏ ਹਨ। ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਡੋਲੇ ਨਹੀਂ ਅਤੇ ਸਾਰਾ ਅੰਦੋਲਨ ਸ਼ਾਂਤਮਈ ਰਹਿੰਦਿਆਂ ਧਰਮ ਨਿਰਪੱਖ ਵਿਚਾਰਧਾਰਾ ਦਾ ਹਾਮੀ ਬਣਿਆਂ ਰਿਹਾ। ਭਾਈਚਾਰਕ ਸਦਭਾਵਨਾ ਵਿੱਚ ਵਾਧਾ ਹੋਇਆ। ਕਵਿਤਰੀ ਨੇ ਬਾਖ਼ੂਬੀ ਸਾਰਾ ਦਿ੍ਰਸ਼ ਪੇਸ਼ ਕੀਤਾ ਹੈ। ਅਖ਼ੀਰ ਵਿੱਚ ਅੰਤਿਕਾ ‘ਤੇਰੀ ਰੰਗਸ਼ਾਲਾ 2’ ਕਵਿਤਾ ਵਿੱਚ ਪੰਜਾਬ ਦੀ ਤ੍ਰਾਸਦੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ ਨਿਰਾਸ਼ਾ, ਬੇਆਸ ਅਤੇ ਉਦਾਸੀ ਦਾ ਆਲਮ ਹੈ ਕਵਿਤਰੀ ਨੇ ਪੰਜਾਬ ਦਾ ਸੁਨਹਿਰਾ ਭਵਿਖ ਹੋਣ ਦੀ ਕਾਮਨਾ ਕੀਤੀ ਹੈ।
 165 ਪੰਨਿਆਂ, 58 ਕਵਿਤਾਵਾਂ, 300 ਰੁਪਏ ਕੀਮਤ ਅਤੇ ਸਚਿਤਰ ਰੰਗਦਾਰ ਸੁੰਦਰ ਮੁੱਖ ਕਵਰ ਵਾਲੀ ਪੁਸਤਕ ਸ਼ਬਦਲੋਕ  ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
   ਮੋਬਾਈਲ-94178 13072
     ujagarsingh480yahoo.com

'ਪੰਜਾਬੀ ਕਹਾਣੀਕਾਰ ਡਾ.ਤੇਜਵੰਤ ਮਾਨ' ਪੁਸਤਕ ਮਨੁੱਖੀ ਜਦੋਜਹਿਦ ਦੀ ਦਾਸਤਾਂ -  ਉਜਾਗਰ ਸਿੰਘ

ਡਾ.ਸਤਿੰਦਰ ਕੌਰ ਮਾਨ ਦੁਆਰਾ ਸੰਪਾਦਿਤ ਪੁਸਤਕ 'ਪੰਜਾਬੀ ਕਹਾਣੀਕਾਰ ਡਾ.ਤੇਜਵੰਤ ਮਾਨ'  ਵਿੱਚ 36 ਸਾਹਿਤਕਾਰਾਂ ਵੱਲੋਂ ਡਾ.ਤੇਜਵੰਤ ਮਾਨ ਦੀਆਂ ਕਹਾਣੀਆਂ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬੀ ਦੇ ਸਿਰਮੌਰ 33 ਸਾਹਿਤਕਾਰਾਂ ਵੱਲੋਂ ਡਾ.ਤੇਜਵੰਤ ਮਾਨ ਦੀਆਂ ਕਹਾਣੀਆਂ ਬਾਰੇ ਲਿਖੀਆਂ ਚਿੱਠੀਆਂ ਦੀਆਂ ਟਿਪਣੀਆਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਇੱਕ ਸਪੁੱਤਰੀ ਵੱਲੋਂ ਆਪਣੇ ਪਿਤਾ ਦੀਆਂ ਕਹਾਣੀਆਂ ਪ੍ਰਤੀ ਸਾਹਿਤਕਾਰਾਂ ਦੀਆਂ ਪ੍ਰਤੀਕ੍ਰਿਆਵਾਂ ਦੇ ਕੇ ਸਾਹਿਤਕ ਜਗਤ ਨੂੰ ਪੜਚੋਲ ਕਰਨ ਦਾ ਮੌਕਾ ਦਿੱਤਾ ਹੈ। ਇਸ ਪੁਸਤਕ ਵਿੱਚ ਬਹੁਤੇ ਸਾਹਿਤਕਾਰਾਂ ਨੇ ਤੇਜਵੰਤ ਮਾਨ ਦੇ ਪੰਜਾ ਕਹਾਣੀ ਸੰਗ੍ਰਹਿ ਵਿੱਚੋਂ ਤਿੰਨ ਕਹਾਣੀ ਸੰਗ੍ਰਹਿ, 'ਪਾਗਲ ਔਰਤ ਸਭਿਅ ਆਦਮੀ', 'ਆਧੁਨਿਕ ਦੰਦ ਕਥਾ' ਅਤੇ 'ਸਾਬਣਦਾਨੀ' ਬਾਰੇ ਹੀ ਆਪਣੇ ਵਿਚਾਰ ਦਿੱਤੇ ਹਨ। ਮੁੱਖ ਤੌਰ 'ਤੇ ਤੇਜਵੰਤ ਮਾਨ ਲੋਕ ਨਾਇਕ ਕਹਾਣੀਕਾਰ ਹੈ ਕਿਉਂਕਿ ਉਹ ਅਜਿਹੇ ਲੋਕਾਂ ਦੀ ਗੱਲ ਕਰਦਾ ਹੈ, ਜਿਹੜੇ ਲੋਕਾਂ ਨੂੰ ਸਮਾਜ ਨੇ ਅਣਡਿਠ ਕੀਤਾ ਹੋਇਆ ਹੈ। ਤੇਜਵੰਤ ਮਾਨ ਦੀਆਂ ਕਹਾਣੀਆਂ ਦੀ ਖ਼ੂਬੀ ਹੈ ਕਿ ਸਮਾਜ ਵਿੱਚ ਜਿਹੜੇ ਵਿਤਕਰੇ ਸਰਦੇ ਪੁਜਦੇ ਲੋਕਾਂ ਅਤੇ ਸ਼ਾਸ਼ਤ ਵਰਗ ਵੱਲੋਂ ਹੋ ਰਹੇ ਹਨ, ਉਨ੍ਹਾਂ ਨੂੰ ਹੂ-ਬ-ਹੂ ਲਿਖਣ ਤੋਂ ਗੁਰੇਜ਼ ਨਹੀਂ ਕਰਦਾ। ਭਾਵੇਂ ਕੁਝ ਆਲੋਚਕ ਅਜਿਹੀਆਂ ਘਟਨਾਵਾਂ ਨੂੰ ਸਾਹਿਤ ਹੀ ਨਹੀਂ ਮੰਨਦੇ ਪ੍ਰੰਤੂ ਤੇਜਵੰਤ ਮਾਨ ਬੇਬਾਕੀ ਨਾਲ ਲਿਖਦੇ ਹਨ। ਇਸ ਪੁਸਤਕ ਦੇ ਸ਼ੁਰੂ ਕਵਿਤਾ ਰਾਹੀਂ ਪ੍ਰਸਿੱਧ ਕਵੀ ਰਵਿੰਦਰ ਭੱਠਲ ਨੇ  'ਜਿਊਣੇ ਮੌੜ ਦੀ ਰੂਹ' ਦੇ ਸਿਰਲੇਖ ਹੇਠ ਡਾ.ਤੇਜਵੰਤ ਮਾਨ ਦੇ ਰੇਖਾ ਚਿਤਰ ਰਾਹੀਂ ਦ੍ਰਿਸ਼ਟਾਂਤਿਕ ਦਰਸ਼ਨ ਕਰਵਾ ਦਿੱਤੇ ਹਨ। ਉਨ੍ਹਾਂ ਡਾ.ਮਾਨ ਦੇ ਸਾਰੇ ਗੁਣ ਔਗੁਣ ਲਿਖਕੇ ਕਹਾਣੀ ਲਿਖਣ ਤੋਂ ਕਿਨਾਰਾਕਸ਼ੀ ਕਰਨ 'ਤੇ ਦੁੱਖ  ਪ੍ਰਗਟ ਕੀਤਾ ਹੈ। ਪੁਸਤਕ ਦੀ ਸੰਪਾਦਕ ਡਾ.ਸਤਿੰਦਰ ਕੌਰ ਮਾਨ ਜੋ ਡਾ.ਤੇਜਵੰਤ ਮਾਨ ਦੀ ਸਪੁੱਤਰੀ ਹੈ, ਨੇ ਉਨ੍ਹਾਂ ਦੇ ਸਖ਼ਤ ਸੁਭਾਅ ਬਾਰੇ ਲਿਖਦਿਆਂ ਉਨ੍ਹਾਂ ਨੂੰ ਕਹਿਣੀ ਅਤੇ ਕਰਨੀ ਦਾ ਮਾਲਕ ਕਿਹਾ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਡਾ.ਤੇਜਵੰਤ ਮਾਨ ਆਪਣੀ ਵਿਚਾਰਧਾਰਾ ਆਪਣੇ ਪਾਤਰਾਂ ਰਾਹੀਂ ਪ੍ਰਗਟਾਉਂਦੇ ਹਨ। ਸੁਖਵਿੰਦਰ ਸੁੱਖੀ ਨੇ ਡਾ.ਤੇਜਵੰਤ ਮਾਨ ਨੂੰ ਮਨੁੱਖੀ ਰਿਸ਼ਤਿਆਂ ਖਾਸ ਤੌਰ 'ਤੇ ਔਰਤਾਂ ਦੀਆਂ ਤ੍ਰਾਸਦੀਆਂ ਦਾ ਚਿਤੇਰਾ ਕਿਹਾ ਹੈ, ਜੋ ਉਨ੍ਹਾਂ ਦੀਆਂ ਮਾਨਸਿਕ ਲਾਲਸਾਵਾਂ ਨੂੰ ਸੁਚੱਜੇ ਢੰਗ ਨਾਲ ਚਿਤਰ ਦਿੰਦੇ ਹਨ। ਤਰਸੇਮ ਨੇ 'ਪਾਗਲ ਔਰਤ ਸਭਿਅ ਆਦਮੀ ਕਹਾਣੀ' ਦੀਆਂ ਪਰਤਾਂ ਖੋਲ੍ਹਦਿਆਂ ਇਸ ਕਹਾਣੀ ਦੀ ਦੁੱਖਦੀ ਰਗ 'ਤੇ ਹੱਥ ਧਰਦਿਆਂ ਅਮੀਰ ਗ਼ਰੀਬ ਦਾ ਅੰਤਰ, ਅਮੀਰਾਂ ਦੀ ਗ਼ਰੀਬਾਂ ਬਾਰੇ ਮਾਨਸਿਕਤਾ, ਗ਼ਰੀਬ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਅਤੇ ਨਿਰਦੋਸ਼ ਲੋਕਾਂ ਨੂੰ ਸਜਾ ਵਰਗੇ ਮਹੱਤਵਪੂਰਨ ਨੁਕਤਿਆਂ ਦਾ ਵਰਣਨ ਕੀਤਾ ਹੈ। ਇਹ ਕਹਾਣੀ ਸਾਡੇ ਸਮਾਜਿਕ ਤਾਣੇ ਬਾਣੇ ਦੇ ਦਰਦ ਦੀ ਤਰਜਮਾਨੀ ਕਰਦੀ ਹੈ।  ਰਵਿੰਦਰ ਭੱਠਲ 'ਬਾਗੀ ਮਨੁੱਖ ਦਾ ਹੁੰਗਾਰਾ-ਪਾਗਲ ਔਰਤ ਸਭਿਅ ਆਦਮੀ' ਸਿਰਲੇਖ ਵਿੱਚ ਲਿਖਦੇ ਹਨ ਕਿ ਤੇਜਵੰਤ ਮਾਨ ਗ਼ਰੀਬ ਵਰਗ ਦੇ ਲੋਕਾਂ ਦੇ ਹਿੱਤਾਂ ਦੀ ਤਰਜਮਾਨੀ ਕਰਨ ਵਾਲੀਆਂ ਕਹਾਣੀਆਂ ਲਿਖਦਾ ਹੈ। ਇਕ ਸ਼ਬਦ ਜਾਂ ਵਾਕ ਵਿੱਚ ਸਾਰੀ ਕਹਾਣੀ ਦਾ ਸਾਰ ਦੇ ਦਿੰਦਾ ਹੈ। ਗੁਰਸ਼ਰਨ ਸਿੰਘ 'ਸਫਲ ਪਾਤਰ ਸਿਰਜਣ' ਸਿਰਲੇਖ ਅਧੀਨ ਲਿਖਦੇ ਹਨ ਕਿ ਕਹਾਣੀਕਾਰ ਕਮਾਲ ਦੇ ਪਾਤਰ ਸਿਰਜਦਾ ਹੈ, ਜਿਹੜੇ ਬਾਗੀ ਮਨੁੱਖ ਦਾ ਹੁੰਗਾਰਾ ਭਰਦੇ ਹਨ। ਡਾ.ਟੀ.ਆਰ.ਵਿਨੋਦ ਨੇ 'ਕਿਰਤੀ ਵਰਗ ਦੀ ਮਾਨਸਿਕਤਾ' ਵਿੱਚ ਲਿਖਿਆ ਹੈ ਕਿ ਤੇਜਵੰਤ ਮਾਨ ਕਿਰਤੀ ਵਰਗ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਕਹਾਣੀਆਂ ਲਿਖਦਾ ਹੈ। ਅਬਲਾ ਲੋਕਾਂ ਦਾ ਨੁਮਾਇੰਦਾ ਬਣਦਾ ਹੈ।  ਅਬਦੁਲ ਗਫੂਰ ਕੁਰੈਸ਼ੀ ਲਿਖਦੇ ਹਨ ਕਿ ਕਹਾਣੀਕਾਰ ਇਕ ਸਤਰ ਵਿੱਚ ਕਹਾਣੀ ਕਹਿਣ ਦੀ ਕਲਾ ਹੈ। ਸੰਤ ਸਿੰਘ ਸੇਖ਼ੋਂ ਤੇਜਵੰਤ ਮਾਨ ਨੂੰ ਦੇਹ ਰੋਮਾਂਸਵਾਦ ਦਾ ਵਿਰੋਧੀ ਕਹਿੰਦਾ ਹੈ। ਈਸ਼ਰ ਸਿੰਘ ਅਟਾਰੀ 'ਚੁੱਪ ਅਤੇ ਖਾਮੋਸ਼ ਪਾਤਰਾਂ ਦੀ ਬਗ਼ਾਬਤ' ਸਿਰਲੇਖ ਵਿੱਚ ਕਹਿੰਦੇ ਹਨ ਕਿ ਡਾ.ਤੇਜਵੰਤ ਮਾਨ ਤਤਕਾਲੀ ਘਟਨਾਵਾਂ ਅਤੇ ਸਥਿਤੀਆਂ ਤਤਕਾਲੀ ਟਿਪਣੀਆਂ, ਚਰਚਾ, ਕਟਾਖ਼ਸ਼ ਅਤੇ ਚੋਟਾਂ ਕੱਸਦਾ ਹੈ। ਓਮ ਪ੍ਰਕਾਸ਼ ਗਾਸੋ ਕਹਾਣੀਕਾਰ ਦੀਆਂ ਕਹਾਣੀਆਂ ਦੀ ਮਰਯਾਦਾ ਸਰਾਪੀ ਹੋਈ ਜ਼ਿੰਦਗੀ ਦੇ ਹੱਕਾਂ ਦੀ ਆਵਾਜ਼ ਬਣਕੇ ਦਲਿਤ ਅਤੇ ਸ਼ੋਸ਼ਤ ਲੋਕਾਂ ਵਾਸਤੇ ਉਪਰਾਲਾ ਕਰਨਾ ਹੈ। ਸੁਰਜੀਤ ਬਰਾੜ ਕਹਿੰਦਾ ਮਾਨ ਆਪਣੇ ਇੱਛਤ ਯਥਾਰਥ ਦਾ ਪ੍ਰਸਾਰ ਤੇ ਪ੍ਰਚਾਰ ਕਰਨ ਵਾਲੀਆਂ ਕਹਾਣੀਆਂ ਲਿਖਦਾ ਹੈ। ਕਰਨਜੀਤ ਲਿਖਦਾ ਹੈ ਕਿ ਮਾਨ ਆਪਣੀਆਂ ਕਹਾਣੀਆਂ ਵਿੱਚ ਕਾਟਵਾਂ ਵਿਅੰਗ ਮਾਰਦਾ ਹੈ। ਮਾਨ ਦੀ ਸਮਾਜਿਕ ਪਰਿਵਰਤਨ ਲਈ ਤੀਬਰ ਇੱਛਾ ਹੈ। ਕਰਤਾਰ ਸਿੰਘ ਕੰਵਲ ਅਨੁਸਾਰ ਕਹਾਣੀਕਾਰ ਛੋਟੇ ਆਕਾਰ ਵਾਲੀ ਕਹਾਣੀ ਰਾਹੀਂ ਵੱਡੀ ਗੱਲ ਕਰ ਜਾਂਦਾ ਹੈ। ਬਘੇਲ ਸਿੰਘ ਬੱਲ ਕਹਿੰਦਾ ਮਾਨ ਦਾ ਦ੍ਰਿਸ਼ਟੀਕੋਣ ਸਮਾਜਿਕ-ਯਥਾਰਥਵਾਦੀ ਹੈ। ਜਗਜੀਤ ਸਿੰਘ ਛਾਬੜਾ ਨੇ ਕਿਹਾ ਹੈ ਕਿ ਤੇਜਵੰਤ ਮਾਨ ਨੇ ਮਿੰਨੀ ਕਹਾਣੀ ਦੀ ਨਵੀਂ ਟਕਨੀਕ ਅਪਣਾਈ ਹੈ। ਉਸ ਦੀਆਂ ਕਹਾਣੀਆਂ ਦੀ ਸਫਲਤਾ ਅਨੁਭਵ ਦੇ ਸੰਘਣੇ-ਪਣ ਅਤੇ ਤੀਬਰਤਾ ਕਰਕੇ ਹੈ। ਲੇਖਕ ਸਮਾਜਵਾਦੀ ਯਥਾਰਥ ਨੂੰ ਪੇਸ਼ ਕਰਦਾ ਹੈ। ਉਸ ਦੀ ਨੀਝ ਤਿੱਖੀ ਹੈ, ਜਿਸ ਕਰਕੇ ਕੌੜੇ ਯਥਾਰਥ ਦਾ ਡੂੰਘਾ ਅਧਿਐਨ ਪੇਸ਼ ਕਰਦਾ ਹੈ। ਪ੍ਰੋ.ਜੋਗਾ ਸਿੰਘ ਉਸ ਦੀਆਂ ਕਹਾਣੀਆਂ ਨੂੰ ਸਮਾਜਿਕ ਵਰਤਾਰਾ ਕਹਿੰਦਾ ਹੈ। ਮੁਖਤਾਰ ਗਿੱਲ ਤੇਜਵੰਤ ਮਾਨ ਦੀ ਕਲਮ ਨੂੰ ਜਾਨਦਾਰ ਮੰਨਦਾ ਹੈ। ਉਸ ਨੇ ਬਲਵਾਨ ਕਹਾਣੀਆਂ ਲਿਖਣ ਦੀ ਪਿਰਤ ਪਾਈ ਹੈ। ਸੁਰਜੀਤ ਸਿੰਘ ਸੇਠੀ ਤੇਜਵੰਤ ਮਾਨ ਨੂੰ ਕਰੂਡ ਅਤੇ ਲਾਊਡ ਡੰਗ ਮਾਰਨ ਵਾਲਾ ਕਹਾਣੀਕਾਰ ਕਹਿੰਦਾ ਹੈ। ਡਾ.ਪ੍ਰੀਤਮ ਸੈਨੀ ਕਹਾਣੀਕਾਰ ਨੂੰ ਮੱਧ ਸ਼੍ਰੇਣੀ ਦੇ ਹਾਸੋਹੀਣੇ ਚਿਤਰ ਪੇਸ਼ ਕਰਨ ਦੇ ਨਾਲ ਨੀਵੀਂ ਸ਼੍ਰੇਣੀ ਦੇ ਜੀਵਨ ਵਲ ਕਰੁਣਾਮਈ ਸੰਕੇਤ ਕਰਦਾ ਹੈ। ਗੁਰਮੁਖ ਸਿੰਘ ਜੀਤ ਉਸ ਨੂੰ ਪ੍ਰਗਤੀਵਾਦ ਕਹਾਣੀਕਾਰ ਕਹਿੰਦਾ ਹੈ। ਡਾ.ਭਗਤ ਸਿੰਘ ਬੇਦੀ ਅਨੁਸਾਰ ਕਹਾਣੀਕਾਰ ਦੀਆਂ ਕਹਾਣੀਆਂ ਦੇ ਪਾਤਰ ਸਰਮਾਏਦਾਰਾਂ ਦੀਆਂ ਤਥਾ ਕਥਿਤ ਜੀਵਨ ਜਿਓਣ ਦੀਆਂ ਸ਼ਰਤਾਂ ਵਿਰੁਧ ਬਗਾਬਤ ਕਰਦੇ ਹਨ। ਡਾ.ਜੋਗਿੰਦਰ ਸਿੰਘ ਨਿਰਾਲਾ ਅਨੁਸਾਰ ਤੇਜਵੰਤ ਮਾਨ ਨੇ ਪੰਜਾਬੀ ਕਹਾਣੀ ਦੀ ਆਤਮਾ ਨੂੰ ਪਹਿਚਾਨ ਕੇ ਇਸ ਦੇ ਨਵੇਂ ਨਿਸ਼ਾਨੇ ਘੜਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੀਆਂ ਕਹਾਣੀਆਂ ਤਤਕਾਲੀਨ ਸਮੇਂ ਦਾ ਯਥਾਰਥ ਤੇ ਆਲੋਚਨਾਤਮਿਕ ਦਸਤਾਵੇਜ਼ ਹੋ ਨਿਬੜੀਆਂ ਹਨ। ਉਹ ਸਮਾਜ ਦੀਆਂ ਤੰਦਰੁਸਤ, ਅਗਾਂਹਵਧੂ ਤੇ ਮਾਨਵ-ਹਿਤੈਸ਼ੀ ਕਦਰਾਂ ਕੀਮਤਾਂ ਨੂੰ ਸਮਰਪਤ ਲੇਖਕ ਹੈ। ਰਵਿੰਦਰ ਸੰਧੂ ਤੇਜਵੰਤ ਮਾਨ ਦਾ ਅੰਦਾਜ਼ ਦ੍ਰਿੜ੍ਹ ਸੰਕਲਪੀ ਅਤੇ ਨਿਸ਼ਚੇਵਾਦ ਰੁਝਾਨ ਵਾਲਾ ਕਹਿੰਦਾ ਹੈ। ਉਹ ਬੇਖ਼ੌਫ਼ ਹੋ ਕੇ ਕਹਾਣੀਆਂ ਲਿਖਦਾ ਹੈ। ਉਹ ਚੇਤਨ ਤੇ ਸੰਵੇਦਨਸ਼ੀਲ ਕਹਾਣੀਕਾਰ ਹੈ। ਉਸ ਦੀਆਂ ਕਹਾਣੀਆਂ ਦੀ ਬੋਲੀ ਸਰਲ ਅਤੇ ਸਪਸ਼ਟ ਹੁੰਦੀ ਹੈ। ਨਿਰੰਜਣ ਬੋਹਾ ਤੇਜਵੰਤ ਮਾਨ ਦੀਆਂ ਕਹਾਣੀਆਂ  ਮਨੁੱਖ ਨੂੰ ਆਪਣੇ ਅੰਦਰਲੀ ਸਦੀਵੀ ਜੁਝਾਰੂ ਸ਼ਕਤੀ ਦਾ ਅਹਿਸਾਸ ਕਰਵਾਉਣ ਵਾਲੀਆਂ ਕਹਿੰਦਾ ਹੈ। ਉਹ ਇਹ ਸਿੱਧ ਕਰਨ ਵਿੱਚ ਸਫਲ ਰਿਹਾ ਹੈ ਕਿ ਉਸ ਦੀਆਂ ਕਹਾਣੀਆਂ ਦੀ ਸਾਰਥਿਕਤਾ ਤੇ ਪ੍ਰਸੰਗਿਤਾ ਆਪਣੇ ਰਚਨਾ ਕਾਲ ਦੇ ਸਮੇਂ ਵਾਂਗ ਅੱਜ ਵੀ ਬਰਕਰਾਰ ਹੈ। ਤੀਰਥ ਸਿੰਘ ਢਿਲੋਂ ਤੇਜਵੰਤ ਮਾਨ ਨੂੰ ਸਮਾਜਿਕ ਦੰਭਾਂ, ਅਡੰਬਰਾਂ, ਜੁੱਗਰਦੀ ਤੇ ਦੋਗਲੇਪਨ ਦੇ ਪੜਛੇ ਉਧੇੜਨ ਵਾਲਾ ਕਹਾਣੀਕਾਰ ਕਹਿੰਦਾ ਹੈ। ਹਰਨੇਕ ਸਿੰਘ ਕੋਮਲ ਉਸ ਨੂੰ ਵੰਨ ਸੁਵੰਨੇ ਵਿਸ਼ਿਆਂ ਦਾ ਕਹਾਣੀਕਾਰ ਮੰਨਦੇ ਹਨ। ਉਸ ਕੋਲ ਨਵੀਂ ਤਕਨੀਕ ਦੀ ਨਿਪੁੰਨਤਾ ਅਤੇ ਅਧੁਨਿਕ ਭਾਵ-ਬੋਧ ਦੀ ਸੂਝ ਸਭ ਤੋਂ ਵੱਧ ਹੈ। ਸੁਰਿੰਦਰ ਕੈਲੇ ਅਨੁਸਾਰ ਤੇਜਵੰਤ ਮਾਨ ਅਗਾਂਹਗਧੂ, ਲੋਕ ਪੱਖੀ ਤੇ ਸਿਆਸਤੀ ਚਾਲਾਂ ਤੋਂ ਸੁਚੇਤ ਬੁੱਧੀਜੀਵੀ ਲੇਖਕ ਹੈ। ਸੰਪਾਦਕ ਨੇ ਇਸ ਪੁਸਤਕ ਵਿੱਚ ਵੱਖ-ਵੱਖ ਸਮੇਂ ਸਾਹਿਤਕਾਰਾਂ ਵੱਲੋਂ ਡਾ.ਤੇਜਵੰਤ ਮਾਨ ਨੂੰ ਲਿਖੀਆਂ ਚਿੱਠੀਆਂ ਵੀ ਸ਼ਾਮਲ ਕੀਤੀਆਂ ਹਨ। ਪਹਿਲੀ ਸੱਟੇ ਇਹ ਚਿੱਠੀਆਂ ਫਾਲਤੂ ਲੱਗਦੀਆਂ ਹਨ ਪ੍ਰੰਤੂ ਜੇਕਰ ਨੀਝ ਨਾਲ ਵਾਚਿਆ ਜਾਵੇ ਤਾਂ ਇਹ ਚਿੱਠੀਆਂ ਬਹੁਤ ਹੀ ਸਾਰਥਿਕ ਹਨ ਕਿਉਂਕਿ ਕਈ ਵਾਰ ਸਾਹਿਤਕਾਰ ਆਪਣੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿੱਚ ਵੱਡੀ ਗੱਲ ਕਹਿਣ ਵਿੱਚ ਵਿਸ਼ਵਾਸ਼ ਰੱਖਦੇ ਹੁੰਦੇ ਹਨ। ਕਈ ਵਾਰ ਵੱਡੇ ਸਾਹਿਤਕਾਰਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ। ਫਿਰ ਉਹ ਚਿੱਠੀਆਂ ਲਿਖਕੇ ਹੀ ਆਪਣੀ ਰਾਇ ਭੇਜ ਦਿੰਦੇ ਹਨ। ਇਹ ਚਿੱਠੀਆਂ ਇਸ ਪੁਸਤਕ  ਰਾਹੀਂ ਇਤਿਹਾਸ ਦਾ ਹਿੱਸਾ ਬਣ ਗਈਆਂ ਹਨ।
 119 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਨਵਰੰਗ ਪਬਲੀਕੇਸ਼ਨਜ਼ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।

  ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

 

 

ਜਸਮੇਰ ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ - ਉਜਾਗਰ ਸਿੰਘ

 ਜਸਮੇਰ ਸਿੰਘ ਹੋਠੀ ਦੀ '5 ਕਕਾਰ' ਪੁਸਤਕ ਗੁਰਸਿੱਖਾਂ ਲਈ ਲਾਹੇਬੰਦ ਸਾਬਤ ਹੋਵੇਗੀ। ਇਸ ਪੁਸਤਕ ਵਿੱਚ ਖਾਲਸਾ ਪੰਥ ਦੀ ਸਾਜਨਾ ਤੋਂ ਸ਼ੁਰੂ ਕਰਕੇ ਸਿੱਖੀ ਸਿਧਾਂਤਾਂ ਦੀ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਇਹ ਪੁਸਤਕ ਵਿਗਿਆਨਕ ਜਾਣਕਾਰੀ ਵੀ ਤੱਥਾਂ 'ਤੇ ਅਧਾਰਤ ਦਿੰਦੀ ਹੈ। ਅੰਮ੍ਰਿਤ ਛਕਾਉਣ ਦੀ ਪ੍ਰਣਾਲੀ ਅਤੇ ਪੰਜ ਪਿਆਰਿਆਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ। ਅੰਮ੍ਰਿਤ ਕੌਣ ਛਕਾ ਸਕਦੇ ਹਨ? 1666 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਅਤੇ ਫਿਰ ਆਪ ਉਨ੍ਹਾਂ ਤੋਂ ਅੰਮ੍ਰਿਤ ਛਕਿਆ। 'ਆਪੇ ਗੁਰ ਆਪੇ ਚੇਲਾ' ਕਹਾਇਆ। ਗੁਰੂ ਦੇ ਸਿੱਖ ਦੀ ਪਛਾਣ ਲਈ ਰਹਿਤ ਮਰਿਆਦਾ ਬਣਾਈ ਗਈ। ਉਸ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤਧਾਰੀ ਗੁਰਸਿੱਖ ਨੂੰ 5 ਕਕਾਰ ਪਹਿਨਣ ਦੀ ਤਾਕੀਦ ਕੀਤੀ ਗਈ। 5 ਕਕਾਰਾਂ ਦਾ ਧਾਰਨੀ ਪੰਥ-ਖਾਲਸਾ ਦਾ ਅੰਗ ਬਣ ਕੇ ਸੰਸਾਰ ਵਿੱਚ ਵਿਚਰੇ। ਇਹ 5 ਕਕਾਰ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਹਨ। ਜਸਮੇਰ ਸਿੰਘ ਹੋਠੀ ਨੇ ਇਨ੍ਹਾਂ 5 ਕਕਾਰਾਂ ਦੀ ਬਣਤਰ, ਲਾਭ, ਮਹਾਨਤਾ ਅਤੇ ਇਨ੍ਹਾਂ ਤੋਂ ਮਿਲਣ ਵਾਲੀ ਸਿਖਿਆ ਬਾਰੇ ਵਿਸਤਾਰ ਨਾਲ ਇਸ ਪੁਸਤਕ ਵਿੱਚ ਲਿਖਕੇ ਗੁਰਸਿੱਖਾਂ ਲਈ ਮਾਰਗ ਦਰਸ਼ਨ ਕੀਤਾ ਹੈ। ਇਹ ਦੱਸਿਆ ਗਿਆ ਹੈ ਕਿ ਗੁਰੂ ਜੀ ਵੱਲੋਂ ਸੀਸ ਮੰਗਣ ਦਾ ਭਾਵ ਸਿੱਖਾਂ ਵਿੱਚੋਂ ਮੌਤ ਦਾ ਡਰ ਖ਼ਤਮ ਕਰਨਾ ਅਤੇ ਜ਼ਾਪਾਤ ਦੀ ਪ੍ਰਵਿਰਤੀ ਨੂੰ ਤਿਆਗਣਾ ਸੀ। ਖੰਡਾ ਸ਼ਕਤੀ ਦਾ ਪ੍ਰਤੀਕ ਹੈ। ਅੰਮ੍ਰਿਤ ਛਕਣ ਤੋਂ ਬਾਅਦ ਸਾਬਤ ਸੂਰਤ ਦੇ ਧਾਰਨੀ ਸਿੱਖ ਕੌਮ ਦਾ ਅੰਗ ਮੰਨੇ ਜਾਂਦੇ ਹਨ। ਅੰਮ੍ਰਿਤਧਾਰੀ ਲਈ ਮਰਿਆਦਾ ਅਨੁਸਾਰ 5 ਕਕਾਰਾਂ 'ਤੇ ਪਹਿਰਾ ਦੇਣਾ ਲਾਜ਼ਮੀ ਬਣਾਇਆ। ਇਹ 5 ਕਕਾਰ ਵਿਕਾਰਾਂ ਲੋਭ, ਮੋਹ, ਮਾਇਆ, ਹੰਕਾਰ ਆਦਿ ਤੋਂ ਛੁਟਕਾਰਾ ਪਵਾਉਂਦੇ ਹਨ। ਇਨਸਾਨ ਦੀ ਰਹਿਣੀ ਸਰੀਰਕ ਅਤੇ ਮਾਨਸਿਕ ਦੋ ਪ੍ਰਕਾਰ ਦੀ ਹੁੰਦੀ ਹੈ। ਸਰੀਰਕ 5 ਕਕਾਰ ਪਾਉਣ ਅਤੇ ਮਾਨਸਿਕ ਬਾਣੀ ਦਾ ਪਾਠ ਨਿਤਨੇਮ ਅਨੁਸਾਰ ਕਰਨਾ ਹੁੰਦਾ ਹੈ। ਜਸਮੇਰ ਸਿੰਘ ਹੋਠੀ ਇੰਗਲੈਂਡ ਵਿੱਚ ਰਹਿ ਰਿਹਾ ਸਿੱਖ ਪੰਥ ਦਾ ਵਿਦਵਾਨ ਲੇਖਕ ਹੈ। ਉਨ੍ਹਾਂ ਦੀ ਪੰਜਾਬੀ ਵਿੱਚ ਸਿੱਖ ਸਿਧਾਂਤਾਂ 'ਤੇ ਪਹਿਰਾ ਦੇਣ ਵਾਲੀਆਂ 5 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਚਰਚਾ ਅਧੀਨ '5 ਕਕਾਰ' ਉਨ੍ਹਾਂ ਦੀ 6ਵੀਂ ਪੁਸਤਕ ਹੈ। ਇਸ ਤੋਂ ਇਲਾਵਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ 4 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਪੁਸਤਕ ਦਾ ਪਹਿਲਾ ਐਡੀਸ਼ਨ ਪੰਜਾਬੀ ਸੱਥ ਵਾਲਸਲ ਇੰਗਲੈਂਡ ਦੇ ਸੰਚਾਲਕ ਮੋਤਾ ਸਿੰਘ ਸਰਾਏ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਪ੍ਰਕਾਸ਼ਤ ਕਰਵਾਇਆ ਗਿਆ ਸੀ। ਲੇਖਕ ਨੇ '5 ਕਕਾਰਾਂ' ਦੀ ਮਹੱਤਤਾ ਬਾਰੇ ਵਿਸਤਾਰ ਨਾਲ ਗੁਰਬਾਣੀ ਵਿੱਚੋਂ ਉਦਾਹਰਣਾ ਸਹਿਤ ਜਾਣਕਾਰੀ ਦਿੱਤੀ ਹੈ, ਜਿਹੜੀ ਸਿੱਖ ਸ਼ਰਧਾਲੂਆਂ ਲਈ ਲਾਭਦਾਇਕ ਸਾਬਤ ਹੋਵੇਗੀ। ਜਸਮੇਰ ਸਿੰਘ ਹੋਤੀ ਨੇ ਇਨ੍ਹਾਂ ਕਕਾਰਾਂ ਦੀ ਵਿਗਿਆਨਕ ਮਹੱਤਤਾ ਦਾ ਵੀ ਜ਼ਿਕਰ ਕੀਤਾ ਹੈ।
ਕੇਸ: ਕੇਸ ਰੱਖਣ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਕੇਸ ਜਨਮ ਤੋਂ ਹੀ ਇਨਸਾਨ ਦੇ ਨਾਲ ਆਉਂਦੇ ਹਨ। ਇਸ ਕਰਕੇ ਇਨ੍ਹਾਂ ਨੂੰ ਸਰੀਰ ਦਾ ਖਾਸ ਅੰਗ ਮੰਨਿਆਂ ਜਾਂਦਾ ਹੈ। ਇਹ ਪ੍ਰਭੂ ਦੀ ਬਖ਼ਸ਼ਿਸ਼ ਦੇ ਰੂਪ ਵਿੱਚ ਮਿਲਦੇ ਹਨ। ਕੇਸ ਗੁਰੂ ਦੀ ਮੋਹਰ ਹਨ, ਕੇਸਾਂ ਤੋਂ ਬਿਨਾ ਸਿੱਖ ਨਹੀਂ ਅਖਵਾ ਸਕਦਾ। ਕੇਸ ਸਿੱਖ ਦੇ ਸੁਹਾਗ ਵਾਂਗੂੰ ਨਿਸ਼ਾਨੀ ਹਨ। ਕੇਸਾਂ ਤੋਂ ਬਿਨਾ ਪਤਿਤ ਸਿੱਖ ਹੁੰਦਾ ਹੈ। ਕੇਸਾਂ ਤੋਂ ਬਿਨਾ ਬਾਕੀ ਕਕਾਰ ਪ੍ਰਵਾਨ ਨਹੀਂ ਹਨ। ਕੇਸਾਂ ਨੂੰ ਸਰੀਰ ਦੇ ਬਾਕੀ ਅੰਗਾਂ ਵਾਂਗ ਵਾਹਿਗੁਰੂ ਦੀ ਦਾਤ ਮੰਨਿਆਂ ਜਾਂਦਾ ਹੈ, ਜਿਵੇਂ ਕਿਸੇ ਅੰਗ ਦੇ ਕੱਟੇ ਜਾਣ 'ਤੇ ਇਨਸਾਨ ਅੰਗਹੀਣ ਬਣ ਜਾਂਦਾ ਹੈ, ਉਸੇ ਤਰ੍ਹਾਂ ਕੇਸਾਂ ਤੋਂ ਬਿਨਾ ਸਿੱਖ ਨਹੀਂ ਹੋ ਸਕਦਾ। 5 ਕਕਾਰਾਂ ਵਿੱਚੋਂ ਕੇਸ ਸਰੀਰ ਦੇ ਨਾਲ ਹੀ ਅੰਗ ਦੀ ਤਰ੍ਹਾਂ ਹਨ ਪਰੰਤੂ ਬਾਕੀ 4 ਕਕਾਰ ਸਰੀਰ 'ਤੇ ਪਹਿਨਣੇ ਪੈਂਦੇ ਹਨ। ਕੇਸ ਇਨਸਾਨ ਦੇ ਸਰੀਰ ਦੇ ਏਰੀਅਲ ਅਕਾਸ਼ੀ ਬਿਜਲੀ ਗ੍ਰਾਹਕ ਦੀ ਤਰ੍ਹਾਂ ਕੰਮ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਵੀ ਅਕਾਲ ਪੁਰਖ ਦਾ ਚਿਤਰਨ ਕੀਤਾ ਹੈ, ਉਥੇ ਉਸ ਨੂੰ ਕੇਸਾਂ ਵਾਲਾ ਬਿਆਨਿਆਂ ਗਿਆ ਹੈ।
ਕੰਘਾ
ਕੰਘਾ ਸਤਿਗੁਰ ਜੀ ਵੱਲੋਂ ਬਖ਼ਸ਼ੀਆਂ ਦਾਤਾਂ ਵਿੱਚੋਂ ਇਕ ਹੈ। ਸਤਿਗੁਰ ਨੇ ਕੰਘਾ ਲਕੜ ਦਾ ਬਖ਼ਸ਼ਿਆ ਹੈ। ਸਤਿਗੁਰ ਦਾ ਸੰਕੇਤ ਕੰਘੇ ਨੂੰ ਕੇਸਾਂ ਵਿੱਚ ਬਿਰਾਜਮਾਨ ਕਰਨਾ ਹੈ। ਦਸਮਾ ਦੁਆਰ ਸਿਰ ਵਿੱਚ ਹੈ। ਕੰਘਾ ਦਸਵੇਂ ਦੁਆਰ ਦੀ ਪਹਿਚਾਣ ਕਰਵਾਉਂਦਾ ਹੈ। ਕੇਸਾਂ ਵਿੱਚ ਕੰਘਾ ਕਰਨਾ ਚਾਹੀਦਾ ਹੈ। ਕੇਸ ਸਾਫ਼ ਰਹਿੰਦੇ ਹਨ ਅਤੇ ਸਿੱਖ ਤਾਜ਼ਾ-ਦਮ, ਨਰੋਆ ਤੇ ਚੁਸਤ ਮਹਿਸੂਸ ਕਰਨ ਲੱਗਦਾ ਹੈ। ਕੰਘਾ ਕਰਦਿਆਂ ਨਾਲ ਹੀ ਮਨ ਵਿੱਚ ਕੰਘਾ ਫੇਰਨਾ ਚਾਹੀਦਾ ਹੈ ਤਾਂ ਜੋ ਜੇ ਮਨ ਵਿੱਚ ਕੋਈ ਗ਼ਲਤ ਵਿਚਾਰ ਹੋਣ ਤਾਂ ਉਹ ਦੂਰ ਹੋ ਜਾਣ। ਕੰਘਾ ਸਵੱਛਤਾ ਦਾ ਪ੍ਰਤੀਕ ਹੈ। ਲਕੜੀ ਦਾ ਕੰਘਾ ਸਿਰ ਵਿੱਚ ਰੱਖਣ ਨਾਲ ਸ਼ਾਂਤੀ ਰਹਿੰਦੀ ਹੈ। ਮਨੁੱਖ ਦੇ ਸਿਰ ਵਿੱਚ ਬਿਜਲੀ ਦੀ ਤਰ੍ਹਾਂ ਸ਼ਕਤੀ ਹੁੰਦੀ ਹੈ। ਕੰਘਾ ਅਰਸ਼ੀ ਤੇ ਅਕਾਸ਼ੀ ਸ਼ਕਤੀ ਨੂੰ ਆਪਣੇ ਸਰੀਰ ਵਿੱਚ ਲਿਆਉਣ ਦਾ ਮਾਧਿਅਮ ਹੈ। ਮਨੁੱਖੀ ਸਿਰ ਵਿਖੇ ਸੂਰਜੀ ਕੇਂਦਰ ਹੈ ਜੋ ਮਰਦਾਂ ਦੇ ਸਿਰ ਦੇ ਅਗਲੇ ਹਿੱਸੇ ਅਤ ਬੀਬੀਆਂ ਦੇ ਸਿਰ ਵਿੱਚ ਥੋੜ੍ਹਾ ਪਿਛਲੇਰੇ ਹਿੱਸੇ ਵਿੱਚ ਹੁੰਦਾ ਹੈ। ਕੰਘਾ ਇਹ ਸੂਰਜੀ ਸ਼ਕਤੀ ਨੂੰ ਦਿਮਾਗ ਵਿੱਚ ਲਿਆਉਂਦਾ ਹੈ। ਇਨਸਾਨੀ ਖੋਪਰੀ ਦੇ ਹੇਠਾਂ ਚਰਬੀ ਹੁੰਦੀ ਹੈ ਜੋ ਕਿ ਤੇਲ ਦੀ ਤਰ੍ਹਾਂ ਖੋਪਰੀ ਵਿੱਚੋਂ ਪੈਦਾ ਕਰਦੀ ਹੈ, ਜਿਸ ਨੂੰ ਲਕੜੀ ਦਾ ਕੰਘਾ ਬਹੁਤ ਪ੍ਰਬੀਨਤਾ ਤੇ ਨਿਪੁੰਨਤਾ ਨਾਲ ਸਾਰੇ ਕੇਸਾਂ ਨੂੰ ਵੰਡਦਾ ਹੈ।
ਕੜਾ
ਸ੍ਰੀ ਗੁਰੂ ਸਾਹਿਬ ਨੇ ਕੜਾ ਸਿੱਖ ਨੂੰ ਸਦੀਵੀ ਸ਼ਹੀਦੀ ਗਾਨਾ ਬਖ਼ਸ਼ਿਆ ਹੈ, ਜੋ ਦਸਾਂ ਨੌਹਾਂ ਦੀ ਕਿਰਤ ਕਰਨ ਤੇ ਵੰਡ ਛੱਕਣ ਦੀ ਪ੍ਰੇਰਨਾ ਬਖ਼ਸ਼ਦਾ ਹੈ। ਕੜਾ ਸਰਬਲੋਹ ਧਾਤ ਦਾ ਹੁੰਦਾ ਹੈ। ਲੋਹੇ ਵਿੱਚ ਇਹ ਖਾਸ ਗੁਣ ਹੈ ਕਿ ਇਹ ਤੁਹਾਡੀ ਨਾਕਾਰਾਤਮਿਕਤਾ ਤੋਂ  ਰੱਖਿਆ ਕਰਦਾ ਹੈ। ਇਨਸਾਨ ਦਾ ਸਵੈ-ਮਾਨ ਤੇ ਸਵੈ ਭਰੋਸਾ ਵਧਾਉਂਦਾ ਹੈ। ਸਰੀਰ ਨੂੰ ਸ਼ਕਤੀ ਦਿੰਦਾ ਹੈ। ਸਰਬ ਲੋਹ ਮੁਕੰਮਲ ਤੱਤ ਹੈ, ਇਹ ਇਲਾਕਟਰਾਨਿਕ ਬਿਜਲਾਣੂਆਂ ਨੂੰ ਨਾ ਲੈਂਦਾ ਅਤੇ ਨਾ ਵੰਡਦਾ ਹੈ। ਸਰਬ ਲੋਹ ਦਾ ਕੜਾ ਉਸ ਅਸੀਮ ਪ੍ਰਭੂ ਦੀ ਅਨੰਨਤਾ ਨਾਲ ਜੋੜਨ ਤੇ ਮਿਲਾਪ ਕਰਵਾਉਣ ਅਤੇ ਪ੍ਰਾਣਾ ਦਾ ਪ੍ਰਤੀਕ ਹੈ। ਲੋਹਾ ਹੋਮੋਗਲੋਬਿਨ ਲਹੂ ਦੇ ਇਕ ਅੰਸ਼ ਦਾ ਰੂਪ ਧਾਰਨ ਕਰਕੇ ਇਨਸਾਨ ਦੇ ਸੈਲਾਂ ਕੋਸ਼ਾਣੂਆਂ ਨੂੰ ਆਕਸੀਜਨ ਪਹੁੰਚਾਉਂਦਾ ਹੈ। ਕੜਾ ਪਰ ਧਨ ਦੇ ਤਿਆਗ ਦੀ ਯਾਦ ਦਿਵਾਉਂਦਾ ਹੈ। ਕੜਾ ਧਰਮ ਦਾ ਪ੍ਰਤੀਕ ਚੱਕਰ ਹੈ। ਇਕੋ ਸਮੇਂ ਮੀਰੀ ਤੇ ਪੀਰੀ ਦਾ ਪ੍ਰਤੀਕ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਸ਼ਹਾਲੀ ਦਾ ਚਿੰਨ੍ਹ ਕੜਾ ਸਿੱਖਾਂ ਨੂੰ ਪਹਿਨਾਇਆ ਹੈ।
ਕ੍ਰਿਪਾਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਨੂੰ ਬਖ਼ਸ਼ੀ ਇਹ ਪ੍ਰੇਮ ਨਿਸ਼ਾਨੀ ਹੈ। ਕ੍ਰਿਪਾਨ ਬਹੁਤ ਹੀ ਪਵਿਤਰ ਕਕਾਰ ਹੈ। ਅਕਾਲ ਪੁਰਖ ਦਾ ਸ਼ਸਤ੍ਰ ਹੈ। ਇਸ ਨੂੰ ਸਰੀਰ ਤੋਂ ਦੂਰ ਨਹੀਂ ਕਰਨਾ ਤਾਂ ਕਿ ਅਕਾਲ ਪੁਰਖ ਤੇ ਗੁਰੂ ਸਾਹਿਬ ਅਭੇਦ ਹਨ।  ਸੰਤ ਸਿਪਾਹੀ ਮਜ਼ਲੂਮ ਦੀ ਰੱਖਿਆ ਕਰਦਾ ਹੈ। ਸਤਿਗੁਰ ਜੀ ਨੇ ਸੰਤ ਨੂੰ ਸਿਪਾਹੀ ਬਣਾਇਆ ਤੇ ਜਿਥੇ ਸੰਤ ਸਤਾ ਲਈ ਬਾਣੀਆਂ ਦਾ ਨਿਤਨੇਮ ਲਾਜ਼ਮੀ ਹੈ, ਉਥੇ ਹੀ ਸਿਪਾਹੀ  ਦਾ ਪ੍ਰਤੀਕ ਸ਼ਸਤ੍ਰ ਕ੍ਰਿਪਾਨ ਬਖ਼ਸ਼ੀ ਹੈ। ਕ੍ਰਿਪਾਨ ਅਕਾਲ ਪੁਰਖ ਦੀ ਆਦਿ ਸ਼ਕਤੀ ਹੈ। ਇਸ ਦਾ ਪੂਰਾ ਅਦਬ ਰੱਖਣਾ ਚਾਹੀਦਾ ਹੈ। ਕ੍ਰਿਪਾਨ ਗਾਤਰੇ ਵਿੱਚ ਰੱਖਣੀ ਚਾਹੀਦੀ ਹੈ। ਜਿਸ ਨੇ ਮਨ ਨੂੰ ਸਾਧ ਲਿਆ ਉਸ ਦੇ ਕ੍ਰਿਪਾਨ ਜ਼ੁਲਮ ਨਹੀਂ ਕਰੇਗੀ ਸਗੋਂ ਜ਼ੁਲਮ ਨੂੰ ਰੋਕੇਗੀ। ਕ੍ਰਿਪਾਨ  ਕ੍ਰਿਪਾ ਤੇ ਆਨ ਸ਼ਬਦਾਂ ਦਾ ਜੋੜ ਹੈ।
ਕਛਹਿਰਾ
ਪੰਜਵਾਂ ਕਕਾਰ ਕਛਹਿਰਾ ਹੈ। ਕਛਹਿਰਾ ਨਿਪੁੰਨਤਾ ਤੇ ਕੁਸ਼ਲਤਾ ਨਾਲ ਆਪਣਾ ਉਦੇਸ਼ ਪੂਰਾ ਕਰਦਾ ਹੈ। ਕਛਹਿਰਾ ਪਹਿਨਣ ਵਾਲੇ ਨੂੰ ਗੌਰਵ, ਵਡਿਆਈ, ਨਿਮਰਤਾ, ਲੱਜਾ, ਨੇਕਚਲਣੀ, ਪਵਿਤ੍ਰਤਾ, ਸਤ, ਸਨਮਾਨ, ਇੱਜ਼ਤ ਤੇ ਉਚਤਾ ਦਾ ਅਹਿਸਾਸ ਕਰਾਉਂਦਾ ਹੈ। ਗੁਰੂ ਸਾਹਿਬ ਨੇ ਹੋਰ ਪੁਸ਼ਾਕ ਦੀ ਕੋਈ ਬੰਦਸ਼ ਨਹੀਂ ਲਗਾਈ, ਪ੍ਰੰਤੂ ਕਛਹਿਰੇ ਤੇ ਦਸਤਾਰ ਪਹਿਨਣ ਦਾ ਫੁਰਮਾਨ ਜਾਰੀ ਕੀਤਾ ਹੈ। ਕਛਹਿਰਾ ਪਹਿਨਣਾ ਸਿਰਫ ਜਨਣ ਇੰਦਰੀ ਨੂੰ ਢਕਣਾ ਹੀ ਨਹੀਂ ਸਗੋਂ ਪਹਿਨਣ ਵਾਲੇ ਉਪਰ ਸਵੈ-ਨਿਯੰਤਰਣ ਲਾਗੂ ਕਰਨ ਦਾ ਆਦੇਸ਼ ਵੀ ਹੈ। ਸਮਾਜਿਕ ਮਰਿਆਦਾ ਵਿੱਚ ਰਹਿਣਾ ਜ਼ਰੂਰੀ ਹੈ। ਕਛਹਿਰਾ ਉਤਾਰ ਕੇ ਨੰਗਾ ਨਹੀਂ ਸਉਣਾ। ਅੰਮ੍ਰਿਤਧਾਰੀਆਂ ਨੇ ਇਸ਼ਨਾਨ ਕਰਨ ਉਪਰੰਤ ਗਿਲੇ ਕਛਹਿਰੇ ਦਾ ਇਕ ਪਹੁੰਚਾ ਲਾਹ ਕੇ ਸੁੱਕਾ ਨਵਾਂ ਪਾ ਕੇ ਫਿਰ ਦੂਜਾ ਪਹੁੰਚਾ ਉਤਾਰਨਾ ਹੈ। ਇਕੱਠੇ ਨਹੀਂ ਲਾਹੁਣੇ। ਸਤਿਗੁਰ ਜੀ ਨੇ ਸੰਜਮੀ, ਸ਼ੁਸ਼ੀਲ ਪੁਸ਼ਾਕ ਲਿਬਾਸ ਦੇ ਰੂਪ ਵਿੱਚ ਨਿਰਮਾਣ ਕਛਹਿਰਾ ਬਖ਼ਸ਼ਿਆ ਹੈ। ਕਛਹਿਰਾ ਜੰਗੀ ਪੁਸ਼ਾਕ ਹੈ। ਯੁੱਧ ਵਿੱਚ ਸੂਰਬੀਰਾਂ ਲਈ  ਕੱਸਵਾਂ ਲਿਬਾਸ ਹੀ ਦਰੁੱਸਤ ਹੈ। ਕਛਹਿਰਾ ਪਵਿਤ੍ਰਤਾ ਦਾ ਪ੍ਰਤੀਕ ਹੈ।
ਜਸਮੇਰ ਸਿੰਘ ਸੇਠੀ ਨੇ ਸਿੱਖ ਪੰਥ ਲਈ '5 ਕਕਾਰਾਂ' ਬਾਰੇ ਜਾਣਕਾਰੀ ਦੇ ਸਿੱਖ ਸ਼ਰਧਾਂਲੂਆਂ ਦਾ ਮਾਰਗ ਦਰਸ਼ਨ ਕੀਤਾ ਹੈ ਪ੍ਰੰਤੂ ਕੁਝ ਥਾਵਾਂ 'ਤੇ ਚਮਤਕਾਰਾਂ ਦੀਆਂ ਉਦਾਹਰਣਾ ਦਿੱਤੀਆਂ ਹਨ ਜਿਨ੍ਹਾਂ ਦੀ ਸਿੱਖ ਧਰਮ ਵਿੱਚ ਮਾਣਤਾ ਨਹੀਂ ਹੈ। ਇਹ ਪੁਸਤਕ ਡਾ.ਨਿਰਮਲ ਸਿੰਘ,ਪ੍ਰਿੰ.ਕੁਲਵਿੰਦਰ ਸਿੰਘ ਅਤੇ ਮੋਤਾ ਸਿੰਘ ਸਰਾਏ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। 144 ਪੰਨਿਆਂ ਦੀ ਇਹ ਪੁਸਤਕ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ                                                        
 ਮੋਬਾਈਲ-94178 13072
ujagarsingh480yahoo.com

1 ਅਪ੍ਰੈਲ ਬਰਸੀ ‘ਤੇ ਵਿਸ਼ੇਸ਼ :  ਸਿੱਖੀ ਸਿਦਕ ਦਾ ਮੁਜੱਸਮਾ : ਜਥੇਦਾਰ ਗੁਰਚਰਨ ਸਿੰਘ ਟੌਹੜਾ -   ਉਜਾਗਰ ਸਿੰਘ

ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਲਿਆਂ 19 ਸਾਲ ਬੀਤ ਗਏ ਹਨ ਪ੍ਰੰਤੂ ਉਨ੍ਹਾਂ ਦੇ ਧਾਰਮਿਕ ਖੇਤਰ ਵਿੱਚ ਪਾਏ ਯੋਗਦਾਨ ਨੂੰ ਅੱਜ ਵੀ ਸਿੱਖ ਸੰਗਤ ਯਾਦ ਕਰ ਰਹੀ ਹੈ। ਭਾਵੇਂ ਉਹ ਸਿਆਸੀ ਵਿਅਕਤੀ ਸਨ ਪ੍ਰੰਤੂ ਉਨ੍ਹਾਂ ਸਿਆਸਤ ਨੂੰ ਆਪਣੀਆਂ ਧਾਰਮਿਕ ਸਰਗਰਮੀਆਂ ਉਪਰ ਭਾਰੂ ਨਹੀਂ ਪੈਣ ਦਿੱਤਾ। ਉਨ੍ਹਾਂ ਦੀ ਹਮੇਸ਼ਾ ਪਹਿਲ ਸਿੱਖ ਧਰਮ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ ਦੀ ਹੁੰਦੀ ਸੀ। ਟੌਹੜਾ ਪਿੰਡ ਦੇ ਲੋਕ ਸੱਥਾਂ ਵਿੱਚ ਬੈਠਕੇ ਵਰਤਮਾਨ ਸਿੱਖ ਨੇਤਾਵਾਂ ਦੀਆਂ ਸਿੱਖ ਧਰਮ ਦੀ ਸਰਵਉਚਤਾ ਕਾਇਮ ਰੱਖਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੇ ਕਿੰਤੂ ਪ੍ਰੰਤੂ ਕਰਦੇ ਹੋਏ ਜਥੇਦਾਰ ਟੌਹੜਾ ਦੇ ਕਦਾਵਰ ਵਿਅਕਤੀਤਿਵ ‘ਤੇ ਮਾਣ ਨਾਲ ਫ਼ਖ਼ਰ ਮਹਿਸੂਸ ਕਰਦੇ ਹਨ। ਜਥੇਦਾਰ ਟੌਹੜਾ ਤੋਂ ਬਿਨਾਂ ਟੌਹੜਾ ਪਿੰਡ ਉਦਾਸ ਵਿਖਾਈ ਦਿੰਦਾ ਹੈ, ਜਿਥੇ ਸੂਰਜ ਦੀ ਟਿੱਕੀ ਨਿਕਲਣ ਤੋਂ ਪਹਿਲਾਂ ਹੀ ਰੌਣਕਾਂ ਲੱਗ ਜਾਂਦੀਆਂ ਸਨ, ਅੱਜ ਟੌਹੜਾ ਪਿੰਡ ਦੀਆਂ ਗਲੀਆਂ ਸੁੰਨਸਾਨ ਪਈਆਂ ਹਨ। ਅੱਜ ਜਦੋਂ ਸਿੱਖ ਜਗਤ ਦੁਬਿਧਾ ਵਿੱਚ ਪਿਆ ਹੋਇਆ ਹੈ ਤਾਂ ਗੁਰਚਰਨ ਸਿੰਘ ਟੌਹੜਾ ਵਰਗੇ ਸਿਦਕਵਾਨ ਸਿੱਖ ਨੇਤਾ ਦੀ ਲੋੜ ਮਹਿਸੂਸ ਹੋ ਰਹੀ ਹੈ। ਸਿੱਖ ਨੌਜਵਾਨ ਸਿੱਖ ਸਿਧਾਂਤਾਂ ਤੋਂ ਕਿਨਾਰਾ ਕਰੀ ਜਾ ਰਹੇ ਹਨ। ਉਨ੍ਹਾਂ ‘ਤੇ ਪਤਿਤਪੁਣਾ ਭਾਰੂ ਹੈ ਅਤੇ ਸਿੱਖੀ ਸੋਚ ਦੀ ਵਿਚਾਰਧਾਰਾ ‘ਤੇ ਅਮਲ ਬਾਰੇ ਭੰਬਲਭੂਸੇ ਵਿੱਚ ਪਏ ਹੋਏ ਹਨ। ਅਜਿਹੇ ਨਾਜ਼ੁਕ ਸਮੇਂ ਵਿੱਚ ਉਨ੍ਹਾਂ ਨੂੰ ਯੋਗ ਅਗਵਾਈ ਦੇਣ ਵਾਲਾ ਕਦਾਵਰ ਧਾਰਮਿਕ ਨੇਤਾ ਨਹੀਂ ਹੈ। ਗੀਭੀਰ ਸੰਕਟ ਦੇ ਸਮੇਂ ਸਿੱਖੀ ਸਿਦਕ ਦੇ ਮੁੱਦਈ ਗੁਰਮਤਿ ਦੇ ਧਾਰਨੀ ਧਾਰਮਿਕ ਵਿਦਵਾਨ ਬੁੱਧੀਜੀਵੀਆਂ ਨੂੰ ਯੋਗ ਅਗਵਾਈ ਲਈ ਮੋਹਰੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਗੁਰਚਰਨ ਸਿੰਘ ਟੌਹੜਾ 18 ਸਾਲ ਸਿੱਖੀ ਅਤੇ ਸਿੱਖ ਵਿਚਾਰਧਾਰਾ ਦੇ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਰਹੇ। ਉਹ ਸਾਰੀ ਉਮਰ ਸਿੱਖ ਵਿਚਾਰਧਾਰਾ ਨੂੰ ਸਮਰਪਤ ਰਹੇ। ਉਨ੍ਹਾਂ ਨੇ ਭਾਵੇਂ ਬਹੁਤੀ ਅਕਾਦਮਿਕ ਵਿਦਿਆ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ ਅਤੇ ਥੋੜ੍ਹਾ ਸਮਾਂ ਸੰਸਕ੍ਰਿਤ ਵਿਦਿਆਲਿਆ ਪਟਿਆਲਾ ਵਿੱਚ  ਪੜ੍ਹਾਈ ਕੀਤੀ। ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਕੇ ਆਪਣਾ ਧਾਰਮਿਕ ਅਤੇ ਸਿਆਸੀ ਜੀਵਨ ਸ਼ੁਰੂ ਕਰ ਲਿਆ ਸੀ। ਉਨ੍ਹਾਂ ਨੇ ਅਕਾਲੀ ਮੋਰਚੇ ਵਿੱਚ 1944 ਵਿੱਚ ਹਿੱਸਾ ਲਿਆ ਅਤੇ ਜੇਲ੍ਹ ਯਾਤਰਾ ਵੀ ਕੀਤੀ। ਇਸ ਤੋ ਬਾਅਦ ਉਨ੍ਹਾਂ ਨੇ ਹਰ ਅਕਾਲੀ ਮੋਰਚੇ ਵਿੱਚ ਸਰਗਰਮੀ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਅਨੇਕਾਂ ਵਾਰ ਜੇਲ੍ਹ ਕੱਟੀ। 1960 ਵਿੱਚ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਲਗਾਤਾਰ ਉਸ ਤੋਂ ਬਾਅਦ ਆਪਣੀ ਮੌਤ 1 ਅਪ੍ਰੈਲ 2004 ਤੱਕ ਇਸਦੇ ਮੈਂਬਰ ਰਹੇ। ਉਹ 6 ਜਨਵਰੀ 1973 ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਅਤੇ 28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਇਸ ਸਮੇਂ ਦੌਰਾਨ ਉਨ੍ਹਾਂ ਨੇ ਸਿੱਖੀ ਸੋਚ, ਪਰੰਪਰਾਵਾਂ ਅਤੇ ਵਿਚਾਰਧਾਰਾ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ। ਕੁਝ ਹੱਦ ਤੱਕ ਉਹ ਸਫਲ ਵੀ ਹੋਏ। ਉਹ ਹਮੇਸ਼ਾ ਇਹ ਕਹਿੰਦੇ ਸਨ ਕਿ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਮੁੱਦਈ ਹੋਵੋ ਪ੍ਰੰਤੂ ਆਪੋ ਆਪਣੇ ਧਰਮ ਵਿੱਚ ਪ੍ਰਪੱਕ ਹੋਣੇ ਚਾਹੀਦੇ ਹੋ। ਉਹ 1 ਅਪ੍ਰੈਲ 2004 ਨੂੰ ਸਾਡੇ ਤੋਂ ਵਿਦਾ ਹੋ ਗਏ ਸਨ। ਉਨ੍ਹਾਂ ਦੀ ਧਾਰਮਿਕ ਅਕੀਦਤ ਅਤੇ ਸਮਰਪਣ ਭਾਵਨਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਉਸ ਸਮੇਂ ਪਿਆ ਜਦੋਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਵਿੱਚ ਹਿੱਸਾ ਲੈ ਰਹੇ ਸਨ। ਅਜੇ ਉਨ੍ਹਾਂ ਨੂੰ ਇਸ ਫ਼ਾਨੀ ਸੰਸਾਰ ਤੋਂ ਅਲਵਿਦਾ ਹੋਇਆਂ 19 ਸਾਲ ਹੀ ਹੋਏ ਹਨ ਪ੍ਰੰਤੂ ਸਿੱਖ ਧਰਮ ਵਿੱਚ ਨਿਘਾਰ ਬਹੁਤ ਜ਼ਿਆਦਾ ਆ ਗਿਆ ਹੈ।  ਇਸ ਸਮੇਂ ਸਿੱਖ ਜਗਤ ਘੋਰ ਸੰਕਟ ਵਿੱਚ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗਾ ਵਿਅਕਤੀ ਹੀ, ਉਸ ਨੂੰ ਸੁਚੱਜੀ ਅਗਵਾਈ ਦੇ ਕੇ ਸਹੀ ਰਸਤੇ ‘ਤੇ ਲਿਆ ਸਕਦਾ ਹੈ। 80ਵਿਆਂ ਵਿੱਚ ਸਿੱਖ ਨੌਜਵਾਨਾ ਨੇ ਇਕ ਲਹਿਰ ਚਲਾਈ ਸੀ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘਰਾਂ ਤੋਂ ਬਾਹਰ ਪ੍ਰਕਾਸ਼ ਕਰਨ ਤੇ ਪਾਬੰਦੀ ਲਾਈ ਸੀ। ਵਿਆਹਾਂ ਸਮੇਂ ਆਨੰਦ ਕਾਰਜ ਵੀ ਸਿਰਫ ਗੁਰੂ ਘਰਾਂ ਵਿੱਚ ਕਰਨ ਲਈ ਕਿਹਾ ਸੀ, ਜਿਸ ‘ਤੇ ਪੂਰਾ ਅਮਲ ਹੁੰਦਾ ਰਿਹਾ ਪ੍ਰੰਤੂ ਅੱਜ ਕੀ ਹੋ ਰਿਹਾ ਹੈ, ਇਹ ਤੁਹਾਡੇ ਸਾਹਮਣੇ ਹਨ। ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਂ ਕੁ ਥਾਂ ਲਈ ਫਿਰਦੇ ਹਨ। ਮਰਿਆਦਾ ‘ਤੇ ਪੂਰਾ ਅਮਲ ਨਹੀਂ ਹੋ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 19 ਸਾਲਾਂ ਤੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀ ਹੈ। ਨੌਜਵਾਨਾ ਨੂੰ ਸਹੀ ਦਿਸ਼ਾ ਨਿਰਦੇਸ਼ ਨਹੀਂ ਮਿਲ ਰਹੇ। ਨੌਜਵਾਨ ਪਤਿਤ ਹੋ ਰਹੇ ਹਨ। ਇਸ ਵਜਾਹ ਕਰਕੇ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਆ ਰਹੀ ਹੈ। ਸਿੱਖ ਜਗਤ ਲਈ ਹਾਲਾਤ ਸਾਜਗਾਰ ਨਹੀਂ ਹਨ।

  ਜਥੇਦਾਰ ਗੁਰਚਰਨ ਸਿੰਘ ਹਰ ਕਦਮ ਸਮੇਂ ਦੀ ਨਜ਼ਾਕਤ ਅਨੁਸਾਰ ਚੁੱਕਦੇ ਸਨ। ਇਕ ਉਦਾਹਰਣ ਦੇਵਾਂਗਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਉਪਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਪਟਿਆਲਾ ਲੋਕ ਸਭਾ ਦੀ ਚੋਣ ਸਮੇਂ ਨਿਰੰਕਾਰੀ ਭਵਨ ਵਿੱਚ ਜਾਣ ‘ਤੇ ਵਾਵਰੋਲਾ ਉਠਿਆ ਸੀ, ਉਸ ਸਮੇਂ ਉਨ੍ਹਾਂ ਬੇਬਾਕੀ ਨਾਲ ਕਿਹਾ ਸੀ ਕਿ ਪੰਜਾਬ ਵਿੱਚ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਅਤੇ ਸ਼ਾਂਤੀ ਸਥਾਪਤ ਕਰਨ ਲਈ ਅਜਿਹੇ ਕਦਮ ਚੁਕਣੇ ਪੈਂਦੇ ਹਨ। ਉਹ ਹਿੰਦੂ ਸਿੱਖਾਂ ਵਿੱਚੋਂ ਕੁੜੱਤਣ ਖ਼ਤਮ ਕਰਨ ਦੇ ਹੱਕ ਵਿੱਚ ਸਨ। ਉਸ ਸਮੇਂ ਉਨ੍ਹਾਂ ਦੇ ਜਵਾਈ ਹਰਮੇਲ ਸਿੰਘ ਟੌਹੜਾ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸਨ। ਉਨ੍ਹਾਂ ਨੇ ਪਟਿਆਲਾ-ਅਮਲੋਹ ਸੜਕ ‘ਤੇ ਨਹਿਰ ਦੇ ਪੁਲ ਦਾ ਨਂੀਹ ਪੱਥਰ ਟੌਹੜਾ ਸਾਹਿਬ ਤੋਂ ਰਖਵਾਇਆ ਸੀ। ਉਦੋਂ ਮੈਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਸੀ। ਮੇਰੇ ਨਾਲ ਕੁਝ ਪੱਤਰਕਾਰ ਟੌਹੜਾ ਸਾਹਿਬ ਨੂੰ ਮਿਲਣ ਲਈ ਸਮਾਗਮ ‘ਤੇ ਗਏ ਸਨ। ਟੌਹੜਾ ਸਾਹਿਬ ਨੇ ਕਿਹਾ ਕਿ ਤੁਸੀਂ ਸਰਕਟ ਹਾਊਸ ਚਲੋ ਮੈਂ ਉਥੇ ਹੀ ਪੱਤਰਕਾਰਾਂ ਨਾਲ ਗੱਲ ਕਰਾਂਗਾ। ਉਨ੍ਹਾਂ ਸਰਕਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਫ਼ ਦਾ ਰਿਕਾਰਡ ਨਿਰੰਕਾਰੀ ਭਵਨ ਜਾਣ ਬਾਰੇ ਸਾਰੀ ਗੱਲ ਦੱਸ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਮੈਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ। ਅਜਿਹੇ ਸਨ ਜਥੇਦਾਰ ਗੁਰਚਰਨ  ਸਿੰਘ ਟੌਹੜਾ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿਪ ਦੀਆਂ ਗ਼ਲਤੀਆਂ ਕਰਕੇ ਸਿੱਖ ਜਗਤ ਅਤੇ ਖਾਸ ਕਰਕੇ ਸਿੱਖ ਨੌਜਵਾਨ ਦਿਸ਼ਾਹੀਣ ਹੋਏ ਪਏ ਹਨ। ਸਿੱਖ ਬੁੱਧੀਜੀਵੀਆਂ ਨੂੰ ਆਪਸੀ ਖ਼ਹਿਬਾਜ਼ੀ ਛੱਡ ਕੇ ਸਿੱਖ ਧਰਮ ਦੀ ਬਿਹਤਰੀ ਲਈ ਇੱਕਮਤ ਹੋ ਕੇ ਸਿੱਖ ਜਗਤ ਨੂੰ ਸਹੀ ਅਗਵਾਈ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਸਿੱਖ ਜਗਤ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ  ਅਤੇ ਵਿਚਾਰਧਾਰਾ ‘ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਚਾਹੀਦਾ ਹੈ। ਸਿੱਖ ਲੀਡਰਸ਼ਿਪ ਨੂੰ ਅੱਜ ਟੌਹੜਾ ਸਾਹਿਬ ਦੀ ਬਰਸੀ ‘ਤੇ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਧਰਮ ਦੀ ਪ੍ਰਫੁਲਤਾ ਲਈ ਆਪਸੀ ਮਤਭੇਦ ਭੁਲਾ ਕੇ ਏਕਤਾ ਦਾ ਸਬੂਤ ਦੇਣਗੇ। ਜੇਕਰ ਸਿੱਖ ਨੇਤਾ ਏਸੇ ਤਰ੍ਹਾਂ ਅੱਡੋਫਾਟੀ ਹੋਏ ਰਹੇ ਤਾਂ ਸਿੱਖ ਧਰਮ ਦਾ ਨੁਕਸਾਨ ਹੋਵੇਗਾ। ਆਪਸੀ ਟਕਰਾਓ ਨਾਲ ਸਿੱਖ ਜਗਤ ਦਾ ਨੁਕਸਾਨ ਹੋ ਰਿਹਾ ਹੈ। ਏਕਤਾ ਦਾ ਸਬੂਤ ਦੇਣਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

   ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 

        ਮੋਬਾਈਲ-94178 13072

        ujagarsingh48@yahoo.com 

ਪ੍ਰੋ.ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ ਸਰਦਾਰਨੀਆਂ ਔਰਤ ਦੀ ਬਹਾਦਰੀ ਦਾ ਪ੍ਰਤੀਕ -  ਉਜਾਗਰ ਸਿੰਘ

ਪ੍ਰੋ.ਰਾਮ ਲਾਲ ਭਗਤ ਬਹੁਪੱਖੀ ਸ਼ਾਇਰ ਹੈ। ਉਸ ਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਵਾਪਰਨ ਵਾਲੀਆਂ ਤਤਕਾਲੀ ਘਟਨਾਵਾਂ ਦੀ ਤਰਜਮਾਨੀ ਕਰਨ ਵਾਲੇ ਹੁੰਦੇ ਹਨ। ਉਸ ਨੇ ਹੁਣ ਤੱਕ 8 ਕਾਵਿ ਸੰਗ੍ਰਹਿ ਪ੍ਰਕਾਸ਼ਤ ਕੀਤੇ ਹਨ। ਪੜਚੋਲ ਅਧੀਨ ਕਾਵਿ ਸੰਗ੍ਰਹਿ ਦਾ ਸਿਰਲੇਖ ਕਿਸਾਨੀ ਨਾਲ ਸੰਬੰਧਤ ਸੰਸਾਰ ਵਿੱਚ ਸਭ ਤੋਂ ਵੱਡੇ ਕਿਸਾਨ ਅੰਦੋਲਨ ਵਿੱਚ ਇਸਤਰੀਆਂ ਦੇ ਯੋਗਦਾਨ ਬਾਰੇ 'ਸਰਦਾਰਨੀਆਂ' ਹੈ। ਕਾਵਿ ਸੰਗ੍ਰਹਿ ਦਾ ਨਾਮ 'ਸਰਦਾਰਨੀਆਂ' ਸਮੁੱਚੀ ਇਸਤਰੀ ਜਾਤੀ ਦੀ ਪ੍ਰਤੀਨਿਧਤਾ ਕਰਦਾ ਹੈ ਕਿਉਂਕਿ ਸਿੱਖ ਇਤਿਹਾਸ ਵਿੱਚ ਸਰਦਾਰਨੀਆਂ ਨੂੰ ਬਹਾਦਰੀ ਦਾ ਪ੍ਰਤੀਕ ਗਿਣਿਆਂ ਜਾਂਦਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਸਮੁੱਚੇ ਭਾਰਤ ਵਿੱਚੋਂ ਕਿਸਾਨ ਅੰਦੋਲਨ ਵਿੱਚ ਇਸਤਰੀਆਂ ਦਾ ਵੱਡੀ ਮਾਤਰਾ ਵਿੱਚ ਸ਼ਾਮਲ ਹੋਣਾ ਹੀ ਨਹੀਂ ਸਗੋਂ ਲਗਾਤਾਰ ਡਟੇ ਰਹਿਣ ਦੀ ਬਹਾਦਰੀ ਦੇ ਸੋਹਲੇ ਗਾਏ ਗਏ ਹਨ। ਇਸਤਰੀ ਦੀ ਹੋਂਦ ਤੋਂ ਬਿਨਾ ਸਮਾਜ ਅਧੂਰਾ ਹੁੰਦਾ ਹੈ। ਹੁਣ ਤੱਕ ਸੰਸਾਰ ਵਿੱਚ ਹੋਏ ਅੰਦੋਲਨਾ ਵਿੱਚ ਇਸਤਰੀਆਂ ਇਤਨੀ ਵੱਡੀ ਗਿਣਤੀ ਵਿੱਚ ਕਦੀਂ ਵੀ ਸ਼ਾਮਲ ਨਹੀਂ ਹੋਈਆਂ। ਇਸ ਕਾਵਿ ਸੰਗ੍ਰਹਿ ਵਿੱਚ ਕਵਿਤਾ ਦੇ ਵੱਖ-ਵੱਖ ਰੂਪ ਵਾਲੀਆਂ 84 ਕਵਿਤਾਵਾਂ ਹਨ। ਪ੍ਰੋ.ਰਾਮ ਲਾਲ ਭਗਤ ਨੇ ਇਸਤਰੀ ਦੀ ਬਹਾਦਰੀ ਅਤੇ ਸਮਾਜ ਬਾਰੇ ਪ੍ਰਤੀਬੱਧਤਾ ਦਾ ਜ਼ਿਕਰ ਕਰਦਿਆਂ ਇਤਿਹਾਸ ਵਿੱਚੋਂ ਉਦਾਹਰਣਾ ਦੇ ਕੇ ਇਸਤਰੀ ਦੀ ਬਹਾਦਰੀ ਦੇ ਕਸੀਦੇ ਪੜ੍ਹੇ ਹਨ। ਸਮਾਜ ਦੇ ਅੱਧੇ ਹਿੱਸੇ ਇਸਤਰੀਆਂ ਦੀ ਪੜ੍ਹਾਈ 'ਤੇ ਜ਼ੋਰ ਦਿੰਦਿਆਂ ਕਵੀ ਲਿਖਦਾ ਹੈ ਕਿ ਵਿਦਿਆ ਦਾ ਚਾਨਣ ਫੈਲਾਉਣ ਵਿੱਚ ਇਸਤਰੀਆਂ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ ਕਿਉਂਕਿ ਪਰਿਵਾਰਾਂ ਦਾ ਭਵਿਖ ਪੜ੍ਹੀ ਲਿਖੀ ਇਸਤਰੀ ਤੇ ਨਿਰਭਰ ਹੁੰਦਾ ਹੈ। ਕਿਸਾਨ ਅੰਦੋਲਨ ਦੀ ਸਫਲਤਾ ਦਾ ਜ਼ਿਕਰ ਕਰਦਿਆਂ ਕਵੀ ਲੋਕਾਈ ਦੀ ਇੱਕਮੁੱਠਤਾ ਸ਼ਕਤੀ ਨੂੰ ਸਲਾਮ ਕਰਦਾ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਇਸਤਰੀਆਂ ਨੂੰ ਚੇਤੰਨ ਅਤੇ ਸੰਜੀਦਾ ਹੋ ਕੇ ਸੁਜੱਗ ਰਹਿਣ 'ਤੇ ਵੀ ਜ਼ੋਰ ਦਿੰਦਾ ਹੈ। 'ਕਵਿਤਾ' ਸਿਰਲੇਖ ਵਾਲੀ ਕਵਿਤਾ ਵਿੱਚ ਇਸਤਰੀ ਦੀ ਬਹਾਦਰੀ ਨੂੰ ਸੰਸਾਰ ਦੇ ਅਧਿਆਤਮਿਕ ਮਹਾਂ ਪੁਰਖਾਂ ਦੀ ਅਕੀਦਤ ਦਾ ਜ਼ਿਕਰ ਕਰਦਾ ਹੈ। 'ਸਤ ਫੁੱਲ' ਕਵਿਤਾ ਵਿੱਚ ਕਵੀ ਇਸਤਰੀਆਂ ਅਤੇ ਬਜ਼ੁਰਗਾਂ ਨੂੰ ਪ੍ਰੇਰਨਾ ਵੀ ਕਰਦਾ ਹੈ ਕਿ ਆਪਣੀਆਂ ਨੂੰਹਾਂ ਦੀ ਕਦਰ ਕਰਨ ਦਾ ਪ੍ਰਣ ਲੈਣ ਤਾਂ ਜੋ ਸਮਾਜ ਸਿਹਤਮੰਦ ਬਣ ਸਕੇ। 'ਬੇਬੇ ਦਾ ਸੰਦੂਕ' ਕਵਿਤਾ ਪੰਜਾਬ ਦੀ ਵਿਰਾਸਤ ਸਾਂਭ ਕੇ ਰੱਖਣ ਦੀ ਤਾਕੀਦ ਕਰਦਾ ਹੈ। 'ਵਲੈਤਣ ਜੁਗਨੀ', 'ਨੇਤਾ ਜੀ', 'ਵੋਟਾਂ', 'ਢੋਲੀਆ' ਅਤੇ 'ਭਾਰਤ ਮਹਾਨ' ਕਵਿਤਾਵਾਂ ਵਿੱਚ ਸਮਾਜ ਵਿੱਚ ਵੱਧ ਰਹੇ ਭਰਿਸ਼ਟਾਚਾਰ, ਜਾਤਪਾਤ, ਮਿਲਾਵਟਖੋਰੀ, ਨੇਤਾਵਾਂ ਦੀ ਧਿੰਗੋਜੋਰੀ ਆਦਿ ਅਤੇ ਨਸ਼ਿਆਂ ਦਾ ਪ੍ਰਕੋਪ ਨੂੰ ਦੂਰ ਕਰਨ ਵਿੱਚ ਸਮਾਜ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਮਾਜਿਕ ਬੁਰਾਈਆਂ ਲੋਕਾਈ ਅਤੇ ਖਾਸ ਤੌਰ 'ਤੇ ਇਸਤਰੀਆਂ ਦੇ ਸਹਿਯੋਗ ਤੋਂ ਬਿਨਾ ਖ਼ਤਮ ਨਹੀਂ ਕੀਤੀਆਂ ਜਾ ਸਕਦੀਆਂ। ਕਿਸਾਨਾ ਦੇ ਪੜ੍ਹੇ ਲਿਖੇ ਹੋਣ ਦੀ ਵੀ ਜ਼ਰੂਰਤ ਹੈ। ਗ਼ਰੀਬ ਅਮੀਰ ਦਾ ਪਾੜਾ ਵਧਾਉਣ ਦੇ ਜ਼ਿੰਮੇਵਾਰ ਸਿਆਸਤਦਾਨ ਅਤੇ ਅਧਿਕਾਰੀਆਂ ਨੂੰ ਗਰਦਾਨਦਾ ਹੈ। 'ਕੁੜੀਆਂ' ਸਿਰਲੇਖ ਵਾਲੀ ਕਵਿਤਾ ਲੜਕੀਆਂ ਵਿੱਚ ਆ ਰਹੀ ਜਾਗ੍ਰਤੀ ਦਾ ਪ੍ਰਤੀਕ ਹੈ। ਕੁੜੀਆਂ ਹੁਣ ਅਬਲਾ ਨਹੀਂ ਹਨ। 'ਸਰਦਾਰਨੀਆਂ' ਕਵਿਤਾ ਵਿੱਚ ਕਵੀ ਲਿਖਦਾ ਹੈ ਕਿ ਸਮਾਜ ਦੇ ਜਾਗ੍ਰਤ ਹੋਣ ਨਾਲ ਲੋਕ ਆਪਣੇ ਹੱਕ ਆਪ ਹੀ ਖੋਹ ਲੈਣਗੇ। ਪੁਰਾਤਨ ਗਲੀਆਂ ਸੜੀਆਂ ਪਰੰਪਰਾਵਾਂ ਤੋਂ ਖਹਿੜਾ ਛੁਡਾਕੇ ਅੱਗੇ ਵੱਧਣ ਨੂੰ ਤਰਜੀਹ ਦਿੱਤੀ ਜਾਵੇ। 'ਬੈਂਤ' ਵਿੱਚ ਕਵੀ ਇਸਤਰੀ ਨੂੰ ਆਪਣਾ ਮੂਲ ਪਛਾਨਣ ਲਈ ਪ੍ਰੇਰਦਾ ਹੈ। 'ਰਿਸ਼ਵਤਖ਼ੋਰ' ਕਵਿਤਾ ਵਿੱਚ ਨਿਆਇਕ ਪ੍ਰਣਾਲੀ ਨੂੰ ਵੀ ਵੰਗਾਰਿਆ ਗਿਆ ਹੈ। 'ਨੇਤਾ ਜੀ' ਕਵਿਤਾ ਵਿੱਚ ਲੋਕਾਂ ਨੂੰ ਕਵੀ ਆਗਾਹ ਕਰਦਾ ਹੈ ਕਿ ਪਾਰਟੀਆਂ ਬਦਲ ਕੇ ਗੁਮਰਾਹ ਕਰਨ ਵਾਲੇ ਨੇਤਾਵਾਂ ਤੋਂ ਸੁਚੇਤ ਰਹੋ। ਵੋਟ ਦਾ ਇਸਤੇਮਾਲ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਲਾਲਚ ਨੂੰ ਤਿਆਗੋਗੇ ਤਾਂ ਹੀ ਸਿਹਤਮੰਦ ਸਮਾਜ ਉਸਰੇਗਾ। 'ਕੈਨੇਡੀਅਨ ਲਾੜਾ' ਕਵਿਤਾ ਪੰਜਾਬੀਆਂ ਦੀ ਪ੍ਰਵਾਸ ਵਿੱਚ ਗ਼ਲਤ ਢੰਗ ਨਾਲ ਅਣਜੋੜ ਵਿਆਹ ਕਰਵਾਕੇ ਜਾਣ ਦੀ ਤ੍ਰਾਸਦੀ ਦਾ ਪ੍ਰਗਟਾਵਾ ਕਰਦੀ ਹੈ। 'ਲੋਰੀ' ਕਵਿਤਾ ਭਰੂਣ ਹੱਤਿਆ ਦਾ ਪਾਜ ਖੋਲ੍ਹਦੀ ਹੈ ਕਿ ਕਿਵੇਂ ਜੰਮਦੀਆਂ ਬੱਚੀਆਂ ਦੀ ਭਰੂਣ ਹੱਤਿਆ ਕੀਤੀ ਜਾਂਦੀ ਹੈ। 'ਮਾਵਾਂ' ਕਵਿਤਾ ਪਰਵਾਸ ਵਿੱਚ ਵਸਣ ਲਈ ਗਏ ਪੁੱਤਰਾਂ ਦੀ ਉਡੀਕ ਵਿੱਚ ਤਰਸਦੀਆਂ ਮਾਵਾਂ ਦਾ ਬ੍ਰਿਤਾਂਤ ਹੈ। 'ਕਾਵਾਂ' ਕਵਿਤਾ ਵਿੱਚ ਅਨੇਕ ਵਿਸ਼ੇ ਛੋਹ ਕੇ ਦੱਸਿਆ ਗਿਆ ਹੈ ਕਿ ਪੰਜਾਬੀ ਆਪਣੀ ਅਮੀਰ ਵਿਰਾਸਤ ਤੋਂ ਵੀ ਕੁਝ ਗ੍ਰਹਿਣ ਕਰਨ ਲਈ ਤਿਆਰ ਨਹੀਂ ਹਨ। 'ਜ਼ਰਾ ਬਚ ਕੇ ਮੋੜ ਤੋਂ' ਕਵਿਤਾ ਵਿੱਚ ਮਾਪਿਆਂ ਦੀ ਕਮਾਈ ਦਾ ਨਜ਼ਾਇਜ਼ ਲਾਭ ਉਠਾਉਣ ਦੀ ਥਾਂ ਨੌਜਵਾਨਾ ਨੂੰ ਹੱਥੀਂ ਮਿਹਨਤ ਕਰਕੇ ਸਫਲ ਹੋਣ ਦੀ ਪ੍ਰੇਰਨਾ ਦਿੰਦੀ ਹੈ। 'ਆਈਲੈਟਸ' ਕਵਿਤਾ ਲੜਕਿਆਂ ਦੀ ਪੜ੍ਹਾਈ ਵਿੱਚ ਕਮਜ਼ੋਰੀ ਅਤੇ ਵਿਆਹ ਲਈ ਆਈਲੈਟਸ ਪੜ੍ਹੀਆਂ ਲੜਕੀਆਂ ਦੇ ਮਗਰ ਪਾਗਲਾਂ ਵਾਂਗ ਮੇਲ੍ਹਦੇ ਫਿਰਦੇ ਲੜਕਿਆਂ ਤ੍ਰਾਸਦੀ ਪ੍ਰਗਟਾਉਂਦੀ ਹੈ। ਲੜਕੀਆਂ ਦੀ ਪ੍ਰਤਿਭਾ ਦਾ ਹੁਣ ਮੁੱਲ ਪੈਣ ਲੱਗਿਆ ਹੈ। 'ਵਿਦੇਸ਼' ਕਵਿਤਾ ਵਿੱਚ ਪੰਜਾਬੀ ਨੌਜਵਾਨਾ ਨੂੰ ਆਪਣੇ ਦੇਸ਼ ਵਿੱਚ ਹੀ ਮਿਹਨਤ ਮਜ਼ਦੂਰੀ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਪ੍ਰਕਾਰ ਨੌਜਵਾਨ ਆਪਣੇ ਮਾਪਿਆਂ ਦੀ ਵੇਖ ਭਾਲ ਵੀ ਕਰ ਸਕਦੇ ਹਨ। 'ਬਾਬੇ' ਅਤੇ 'ਅੰਨ੍ਹੀ ਸ਼ਰਧਾ' ਕਵਿਤਾਵਾਂ ਆਧੁਨਿਕ ਠੱਗਾਂ ਦੀ ਬਾਤ ਪਾਉਂਦੀਆਂ ਹਨ। ਢੌਂਗੀ ਲੋਕ ਸ਼ਰੀਫ ਘਰਾਂ ਦੀਆਂ ਇਸਤਰੀਆਂ ਨੂੰ ਗੁਮਰਾਹ ਕਰਕੇ ਲਾਭ ਉਠਾਉਂਦੇ ਹਨ। ਕਵੀ ਇਸਤਰੀਆਂ ਨੂੰ ਆਗਾਹ ਕਰਦਾ ਹੈ ਕਿ ਵਹਿਮਾ ਭਰਮਾ ਵਿੱਚ ਪੈ ਕੇ ਬਾਬਿਆਂ ਦੇ ਚੁੰਗਲ ਵਿੱਚ ਫਸਣ ਤੋਂ ਪ੍ਰਹੇਜ਼ ਕਰਨ। ਔਰਤਾਂ ਵੱਲੋਂ ਇਹ ਪਾਖੰਡਵਾਦ ਅਤੇ ਰੂੜੀਵਾਦੀ ਸੋਚ ਤੋਂ ਕਿਨਾਰਾ ਕਰਨ ਨਾਲ ਹੀ ਸਮਾਜ ਬਿਹਤਰੀਨ ਬਣ ਸਕਦਾ ਹੈ। ਕੁੜੀਆਂ ਹੁਣ ਚਿੜੀਆਂ ਨਹੀਂ ਰਹੀਆਂ, ਹੁਣ ਉਹ ਹਰ ਚੁਣੌਤੀ ਦਾ ਮੁਕਾਬਲਾ ਕਰਨ ਦੇ ਸਮਰੱਥ ਹਨ। 'ਲਾੜਿਆਂ ਦੀ ਸੇਲ' ਕਵਿਤਾ ਕਾਟਵੇਂ ਵਿਅੰਗ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ। ਕਵੀ ਮਹਿਸੂਸ ਕਰਦਾ ਹੈ ਕਿ ਨਸ਼ਿਆਂ ਦੀ ਲਾਹਨਤ ਨੂੰ ਪੜ੍ਹੀਆਂ ਲਿਖੀਆਂ ਇਸਤਰੀਆਂ ਆਪਣੇ ਬੱਚਿਆਂ ਨੂੰ ਸਹੀ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਦੇ ਕੇ ਖ਼ਤਮ ਕਰ ਸਕਦੀਆਂ ਹਨ। 'ਸਰਦਾਰਨੀਆਂ ਧੀਆਂ' ਕਵਿਤਾ ਵਿੱਚ ਔਰਤਾਂ ਨੂੰ ਬਾਬੇ ਦੀਆਂ ਲਾਡਲੀਆਂ, ਮਾਈ ਭਾਗੋ ਦੀਆਂ ਪਿਆਰੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਤਲਵਾਰ ਦਾ ਦਰਜਾ ਦਿੰਦਾ ਹੈ। 'ਵੇ ਹਾਕਮਾ' ਕਵਿਤਾ ਵਿੱਚ ਵਿਅੰਗ ਕਰਦਾ ਹੈ ਕਿ ਗ਼ਰੀਬ ਲੋਕਾਂ ਦੀਆਂ ਫਸਲਾਂ ਵਿਕ ਨਹੀਂ ਰਹੀਆਂ ਪ੍ਰੰਤੂ ਧਰਮਾ ਦੀਆਂ ਲੜਾਈਆਂ ਪਾ ਕੇ ਹਾਕਮ ਦੇਸ਼ ਨੂੰ ਵੇਚ ਰਹੇ ਹਨ। ਕਵੀ ਉਨ੍ਹਾਂ ਮਾਪਿਆਂ ਦੀ ਨਿੰਦਿਆ ਵੀ ਕਰਦਾ ਹੈ ਜੋ ਆਪਣੀਆਂ ਧੀਆਂ ਦੇ ਅਣਜੋੜ ਵਿਆਹ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਘਾਣ ਕਰਦੇ ਹਨ। 'ਰੱਬਾ ਖ਼ੈਰ ਹੋਵੇ' ਕਵਿਤਾ ਵਿੱਚ ਕਵੀ ਖੁਰਾਕੀ ਵਸਤਾਂ ਵਿੱਚ ਮਿਲਾਵਟ ਤੇ ਕਿੰਤੂ ਪ੍ਰੰਤੂ ਕਰਦਾ ਹੈ। ਪ੍ਰੋ. ਰਾਮ ਲਾਲ ਭਗਤ ਦੀਆਂ ਸਾਰੀਆਂ ਕਵਿਤਾਵਾਂ ਇੱਕ ਧੀਅ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ਉਨ੍ਹਾਂ ਆਪਣੀਆਂ ਕਵਿਤਾਵਾਂ ਵਿੱਚ ਕੋਸ਼ਿਸ਼ ਕੀਤੀ ਹੈ ਕਿ ਸਮਾਜ ਧੀਆਂ ਦੀ ਅਹਿਮੀਅਤ ਨੂੰ ਸਮਝਕੇ ਇਸ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਹੋਵੇ। ਹਰ ਪਰਿਵਾਰ ਇਕ ਧੀਅ ਦੇ ਆਲੇ ਦੁਆਲੇ ਹੀ ਘੁੰਮਦਾ ਹੈ, ਪਹਿਲਾਂ ਧੀਅ, ਨੂੰਹ, ਨਾਨੀ ਅਤੇ ਦਾਦੀ ਦੇ ਰੂਪ ਵਿੱਚ ਪਰਿਵਾਰ ਨੂੰ ਜੋੜੀ ਰੱਖਦੀ ਹੈ। ਇਕ ਭੈਣ ਹੀ ਭਰਾ ਦੀ ਮੰਗ ਕਰਦੀ ਹੋਈ ਅਰਜੋਈ ਕਰਦੀ ਹੈ। ਕਵੀ ਧੀਅ ਨੂੰ ਕਦੀ ਸ਼ੇਰਨੀਂ ਅਤੇ ਕਦੀ ਸਰਦਾਰਨੀਆਂ ਕਹਿਕੇ ਸਤਿਕਾਰ ਦਿੰਦਾ ਹੈ। 'ਧੀਆਂ' ਕਵਿਤਾ ਵਿੱਚ ਧੀਆਂ ਦੀ ਪ੍ਰਸੰਸਾ ਕਰਦਾ ਕਵੀ ਲਿਖਦਾ ਹੈ-
ਇਹ ਧੀਆਂ ਫੁੱਲ ਗੁਲਾਬ ਵਰਗੀਆਂ, ਇਹ ਧੀਆਂ ਪੰਜ ਆਬ ਵਰਗੀਆਂ।
ਇਹ ਧੀਆਂ ਸੁੱਚੀ ਅਰਾਧਨਾ ਵਰਗੀਆਂ, ਇਹ ਧੀਆਂ ਭਗਤੀ ਸਾਧਨਾ ਵਰਗੀਆਂ।
'ਯਾਦਾਂ ਦੀ ਪਟਾਰੀ' ਕਵਿਤਾ ਵਿੱਚ ਕਵੀ ਨੇ ਦੱਸਿਆ ਹੈ ਕਿ ਆਧੁਨਿਕਤਾ ਦੀ ਆੜ ਵਿੱਚ ਧੀਆਂ ਵਿਰਾਸਤੀ ਚੀਜ਼ਾਂ ਤੋਂ ਮੁੱਖ ਮੋੜ ਗਈਆਂ ਹਨ। ਉਨ੍ਹਾਂ ਨੂੰ ਚਰਖੇ ਕੱਤਣਾ, ਕਪਾਹ ਚੁਗਣਾ, ਫੁੱਲ ਬੂਟੀਆਂ ਦੀ ਕਢਾਈ, ਇੱਕ ਇੱਕ ਤੋਪਾ ਪਾਉਣਾ ਆਦਿ ਸਾਰਾ ਕੁਝ ਵਿਸਰ ਗਿਆ ਹੈ। ਵਿਰਾਸਤ ਗਹਿਣਾ ਹੁੰਦਾ ਹੈ। ਇਸ 'ਤੇ ਪਹਿਰਾ ਦੇਣਾ ਚਾਹੀਦਾ ਹੈ। 'ਲਾਡਲੀਆਂ' ਕਵਿਤਾ ਵਿੱਚ ਧੀਆਂ ਬਾਰੇ ਲਿਖਿਆ ਹੈ-
{ਰੁੱਖਾਂ ਦੀਆਂ ਛਾਵਾਂ ਕਦੇ ਨੂੰਹਾਂ ਕਦੇ ਮਾਵਾਂ, ਸੋਹਣਾ ਵੰਸ਼ ਸਜਾਇਆ ਧੀਆਂ ਲਾਡਲੀਆਂ ਨੇ।
ਸਿਆਸਤਦਾਨ ਵੋਟਾਂ ਮੌਕੇ ਧੀਆਂ ਦੇ ਨਾਮ 'ਤੇ ਪੈਨਸ਼ਨਾ ਵਧਾਉਂਦੇ ਅਤੇ ਸ਼ਗਨ ਸਕੀਮਾ ਲਾਗੂ ਕਰਕੇ ਲਾਭ ਉਠਾਉਂਦੇ ਹਨ। ਇਸ ਲਈ ਧੀਆਂ ਨੂੰ ਆਪਣੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਲੁਭਾਊ ਗੱਲਾਂ ਦੇ ਮਗਰ ਨਹੀਂ ਲੱਗਣਾ ਚਾਹੀਦਾ।
118 ਪੰਨਿਆਂ, 250 ਰੁਪਏ ਕੀਮਤ ਵਾਲੀ ਰੰਗਦਾਰ ਮੁੱਖ ਕਵਰ ਵਾਲੀ ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
 ujagarsingh48@yahoo.com

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਤਾਅਨੇ ਮਿਹਣਿਆਂ ਨਾਲ ਖ਼ਤਮ - ਉਜਾਗਰ ਸਿੰਘ

ਪੰਜਾਬ ਵਿਧਾਨ ਸਭਾ ਦੇ ਸਭ ਤੋਂ ਛੋਟੇ 8 ਦਿਨਾ ਦੇ ਬਜਟ ਇਜਲਾਸ ਵਿੱਚ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੇ ਪੰਜਾਬ ਦੇ ਵਿਕਾਸ ਲਈ ਦਿੱਤੇ ਫਤਬੇ ਤੋਂ ਕਿਨਾਰਾ ਕਰਦਿਆਂ ਇਕ ਦੂਜੇ ‘ਤੇ ਤੁਹਮਤਾਂ ਲਗਾਉਣ ਅਤੇ ਨੀਵਾਂ ਵਿਖਾਉਣ ਵਿੱਚ ਹੀ ਵਕਤ ਅਜਾਈਂ ਲੰਘਾ ਦਿੱਤਾ। ਸਾਰੇ ਇਜਲਾਸ ਵਿੱਚ ਪੰਜਾਬ ਦੇ ਵਿਕਾਸ ਦੇ ਮੁੱਖ ਮੁੱਦੇ ਗਾਇਬ ਰਹੇ। ਸਰਕਾਰੀ ਧਿਰ ਆਪਣੀ ਪਿੱਠ ਆਪ ਹੀ ਥਪਥਪਾਉਂਦੀ ਰਹੀ ਜਦੋਂ ਕਿ ਵਿਰੋਧੀ ਪਾਰਟੀਆਂ ਉਨ੍ਹਾਂ ਦੀ ਹਰ ਖੇਤਰ ਦੀ ਅਸਫਲਤਾ ਦੇ ਗੀਤ ਗਾਉਂਦੀਆਂ ਰਹੀਆਂ। ਕਿਸੇ ਵੀ ਧਿਰ ਨੇ ਕੋਈ ਵੀ ਉਸਾਰੂ ਗੱਲ ਨਹੀਂ ਕੀਤੀ। ਇਜਲਾਸ ਦੇ ਸਾਰੇ ਦਿਨਾ ਵਿੱਚ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੇ ਕੋਈ ਮੌਕਾ ਅਜਿਹਾ ਨਹੀਂ ਜਾਣ ਦਿੱਤਾ ਜਦੋਂ ਦੂਸ਼ਣਬਾਜ਼ੀ ਨਾ ਕੀਤੀ ਹੋਵੇ। ਦੋਹਾਂ ਪਾਸਿਆਂ ਦੇ ਰਵੱਈਏ ਤੋਂ ਸਦਨ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚੀ ਹੈ। ਸਰਕਾਰ ਕੋਈ ਸਾਰਥਿਕ ਨਤੀਜੇ ਦੇਣ ਵਿੱਚ ਸਫਲ ਨਹੀਂ ਹੋਈ, ਸਿਵਾਏ ਇਸ ਗੱਲ ਦੇ ਕੇ ਉਨ੍ਹਾਂ ਨੇ ਇਸ ਸਾਲ ਦੇ ਬਜਟ ਵਿੱਚ ਪਹਿਲਾਂ ਨਾਲੋਂ ਵੱਧ ਰਕਮਾਂ ਰੱਖੀਆਂ ਹਨ ਪ੍ਰੰਤੂ ਤੱਥ ਕੋਈ ਪੇਸ਼ ਨਹੀਂ ਕੀਤਾ। ਬਜਟ ਵਿੱਚ ਖ਼ਰਚੇ ਦਾ ਵਰਵਾ ਤਾਂ ਦੇ ਦਿੱਤਾ ਗਿਆ ਪ੍ਰੰਤੂ ਇਸ ਖ਼ਰਚੇ ਲਈ ਆਮਦਨ ਕਿਹੜੇ ਵਸੀਲਿਆਂ ਤੋਂ ਆਵੇਗੀ ਉਹ ਨਹੀਂ ਦੱਸਿਆ ਗਿਆ। ਸਰਕਾਰ ਨੇ ਸਿੱਖਿਆ ਅਤੇ ਸਿਹਤ ਨੂੰ ਪਹਿਲ ਦੇਣ ਦੇ ਗੋਗੇ ਗਾਏ ਹਨ। ਵਰਤਮਾਨ ਸਰਕਾਰ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਕਰਜ਼ਾ ਲੈ ਕੇ ਡੰਗ ਸਾਰ ਰਹੀ ਹੈ।
      ਇਸ ਇਜਲਾਸ ਵਿੱਚ ਬਜਟ ਪਾਸ ਕਰਨ ਤੋਂ ਇਲਾਵਾ ਤਿੰਨ ਬਿਲ ‘ਦਾ ਸੈਲਰੀਜ਼ ਐਂਡ ਅਲਾਊਂਸਜ਼ ਆਫ਼ ਚੀਫ਼ ਵਿਪ ਇਨ ਪੰਜਾਬ ਲੈਜਿਸਲੇਟਿਵ ਅਸੈਂਬਲੀ ਬਿਲ –2023’, ‘ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ (ਸੋਧ) ਬਿਲ-2023’ ਅਤੇ ‘ਪੰਜਾਬ ਖੇਤੀਬਾੜੀ ਉਤਪਾਦ ਮੰਡੀਆਂ (ਸੋਧ) ਬਿਲ-2023’ ਸਰਬਸੰਮਤੀ ਨਾਲ ਪਾਸ ਕੀਤੇ ਹਨ। ਇਸ ਤੋਂ ਇਲਾਵਾ ਦੋ ਮਤੇ ਜਿਨ੍ਹਾਂ ਵਿੱਚ ਹਲਵਾਰਾ ਏਅਰਪੋਰਟ ਦਾ ਨਾਮ 'ਸ਼ਹੀਦ ਕਰਤਾਰ ਸਿੰਘ ਸਰਾਭਾ' ਅੰਤਰਰਾਸ਼ਟਰੀ ਏਅਰਪੋਰਟ ਰੱਖਣ ਅਤੇ ਦੂਜਾ ਹਿਮਾਚਲ ਸਰਕਾਰ ਵੱਲੋਂ ਪਣ ਬਿਜਲੀ ਯੋਜਨਾਵਾਂ ‘ਤੇ ਲਗਾਏ 1200 ਕਰੋੜ ਰੁਪਏ ਦੇ ਸੈਸ ਵਿੱਚੋਂ 500 ਕਰੋੜ ਰੁਪਏ ਪੰਜਾਬ ਨੂੰ ਦੇਣੇ ਪੈ ਸਕਦੇ ਹਨ ਨੂੰ ਗ਼ੈਰ ਸੰਵਿਧਾਨਿਕ ਦਸਦਿਆਂ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਤਿੰਨ ਬਿਲਾਂ ਵਿੱਚੋਂ ‘ਅਨੂਸੂਚਿਤ ਜਾਤੀਆਂ ਕਮਿਸ਼ਨ’ ਦੇ ਉਪ ਚੇਅਰਮੈਨ ਅਤੇ ਮੈਂਬਰਾਂ ਦੀ ਗਿਣਤੀ ਘਟਾਉਣ ਨਾਲ ਸੰਬੰਧ ਹੈ ਅਤੇ ਦੂਜਾ ਮੰਡੀ ਬੋਰਡ ਵਿੱਚੋਂ ਸੀਨੀਅਰ ਤੇ ਜੂਨੀਅਰ ਮੀਤ ਚੇਅਰਮੈਨ ਦੇ ਅਹੁਦੇ ਖ਼ਤਮ ਕਰਨ ਬਾਰੇ ਹੈ। ਇਹ ਦੋਵੇਂ ਬਿਲ ਅਤੇ ਦੋਵੇਂ ਮਤੇ ਸ਼ਲਾਘਾਯੋਗ ਕਦਮ ਤੇ ਕਾਬਲੇ ਤਾਰੀਫ ਹਨ ਕਿਉਂਕਿ ਸਰਕਾਰ ਤੋਂ ਵਾਧੂ ਵਿਤੀ ਖਰਚਾ ਘਟੇਗਾ ਪ੍ਰੰਤੂ ਤੀਜਾ ਬਿਲ ਆਪਣੀ ਵਿਧਾਇਕਾ ਚੀਫ਼ ਵਿੱਪ ਸਰਬਜੀਤ ਕੌਰ ਮਾਣੂੰਕੇ ਨੂੰ ਤਨਖਾਹ ਅਤੇ ਹੋਰ ਸਹੂਲਤਾਂ ਦੇ ਗੱਫ਼ੇ ਦੇਣ ਨਾਲ ਸੰਬੰਧਤ ਹੈ। ਇਹ ਖ਼ਰਚੇ ਵਧਾਉਣ ਵਾਲਾ ਬਿਲ ਹੈ। ਇਕ ਹੱਥ ਨਾਲ ਦੇ ਕੇ ਦੂਜੇ ਨਾਲ ਵਾਪਸ ਲੈ ਲਿਆ। ਸਿਰਫ ਤੂਹਮਤਾਂ ਅਤੇ ਦੂਸ਼ਣਬਾਜ਼ੀ ਹੀ ਭਾਰੂ ਰਹੀ।
      ਇਸ ਇਜਲਾਸ ਦੌਰਾਨ ਜੇਕਰ ਕਿਸੇ ਨੇ ਵਾਹਵਾ ਖੱਟੀ ਹੈ ਤਾਂ ਉਹ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹਨ। ਉਨ੍ਹਾਂ ਸਰਕਾਰ ਦੇ ਮੰਤਰੀਆਂ ਅਤੇ ਵਿਰੋਧੀਆਂ ਦੋਹਾਂ ਨੂੰ ਸਹੀ ਢੰਗ ਨਾਲ ਵਿਹਾਰ ਕਰਨ ਦੀ ਤਾਕੀਦ ਕੀਤੀ ਹੈ। ਇਥੋਂ ਤੱਕ ਕਿ ਮੰਤਰੀ ਸਾਹਿਬਾਨ ਨੂੰ ਸਵਾਲਾਂ ਦੇ ਸਹੀ ਜਵਾਬ ਨਾ ਦੇਣ ‘ਤੇ ਵੀ ਟੋਕਿਆ ਹੈ ਅਤੇ ਵਿਕਾਸ ਕੰਮ ਸਹੀ ਸਮੇਂ ‘ਤੇ ਨੇਪਰੇ ਚਾੜਨ ਦੀ ਤਾਕੀਦ ਵੀ ਕੀਤੀ ਹੈ। ਵਾਹਵਾ ਖੱਟਣ ਵਾਲੇ ਦੂਜੇ ਵਿਅਕਤੀ ਸਿਹਤ ਤੇ ਮੈਡੀਕਲ ਖੋਜ ਮੰਤਰੀ ਬਲਬੀਰ ਸਿੰਘ ਹਨ, ਜਿਨ੍ਹਾਂ ਬੜ੍ਹੇ ਠਰੰਮੇ ਅਤੇ ਸਹਿਜਤਾ ਨਾਲ ਤਕਰੀਰ ਕਰਦਿਆਂ ਦਮਗਜ਼ੇ ਨਹੀਂ ਮਾਰੇ ਸਗੋਂ ਦੋਹਾਂ ਧਿਰਾਂ ਨੂੰ ਸੰਜੀਦਗੀ ਵਰਤਣ ਦੀ ਸਲਾਹ ਦਿੱਤੀ ਹੈ। ਏਥੇ ਹੀ ਬਸ ਨਹੀਂ ਉਨ੍ਹਾਂ ਵਿਰੋਧੀਆਂ ਅਤੇ ਸਰਕਾਰ ਨੂੰ ਵੀ ਕਿਹਾ ਸੀ ਕਿ ਇਹ ਪਵਿਤਰ ਸਦਨ ਵਿਕਾਸ ਦੇ ਮੁਦਿਆਂ ‘ਤੇ ਵਿਚਾਰ ਵਟਾਂਦਰਾ ਕਰਨ ਲਈ ਹੈ, ਆਪਸੀ ਖਹਿਬਾਜ਼ੀ ਤੇ ਕਿੜ ਕੱਢਣ ਲਈ ਨਹੀਂ। ਉਨ੍ਹਾਂ ਅੱਗੋਂ ਕਿਹਾ ਕਿ ਦੋਹਾਂ ਪਾਸਿਆਂ ਤੋਂ ਬਹੁਤੇ ਪਹਿਲੀ ਵਾਰ ਚੁਣੇ ਗਏ ਨੌਜਵਾਨ ਵਿਧਾਨਕਾਰ ਹਨ। ਇਨ੍ਹਾਂ ਵਿੱਚ ਜੋਸ਼ ਹੈ, ਇਹ ਵਿਧਾਨਕਾਰ ਜ਼ਰੂਰ ਪੰਜਾਬ ਦੇ ਵਿਕਾਸ ਵਿੱਚ ਵਧੇਰੇ ਯੋਗਦਾਨ ਪਾ ਸਕਣਗੇ।
       ਇਸ ਇਜਲਾਸ ਵਿੱਚ ਬਹੁਤ ਸਾਰੀਆਂ ਗੱਲਾਂ ਪਰੰਪਰਾਵਾਂ ਤੋਂ ਹੱਟ ਕੇ ਹੋਈਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਇਜਲਾਸ ਦੇ ਪਹਿਲੇ ਹੀ ਦਿਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਜੀ ਟੋਕਦਿਆਂ ਇਹ ਸਵਾਲ ਕੀਤਾ ਕਿ ਜਿਹੜੀ ਸਰਕਾਰ ਤੁਹਾਨੂੰ ਮੰਨਦੀ ਹੀ ਨਹੀਂ ਕੀ ਤੁਸੀਂ ਇਸ ਨੂੰ ਮੇਰੀ ਸਰਕਾਰ ਕਹੋਗੇ? ਕੀ ਰਾਜਪਾਲ ਜੀ ਤੋਂ ਸਵਾਲ ਪੁਛਣਾ ਜਾਇਜ਼ ਸੀ? ਕਿਉਂਕਿ ਰਾਜਪਾਲ ਤਾਂ ਸੰਵਿਧਾਨਿਕ ਮੁੱਖੀ ਹੋਣ ਦੇ ਨਾਤੇ ਮੰਤਰੀ ਮੰਡਲ ਵੱਲੋਂ ਪ੍ਰਵਾਨ ਕਰਕੇ ਦਿੱਤਾ ਭਾਸ਼ਣ ਪੜ੍ਹਨ ਲਈ ਕਾਨੂੰਨੀ ਪਾਬੰਦ ਹਨ। ਸਤਿਕਾਰਯੋਗ ਬਨਬਾਰੀ ਲਾਲ ਪ੍ਰੋਹਤ ਰਾਜਪਾਲ ਜੀ ਦਾ ਭਾਸ਼ਣ ਪੜ੍ਹਦਿਆਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੇ ਸਵਾਲ ਦਾ ਜਵਾਬ ਦੇਣਾ ਵੀ ਪਰੰਪਰਾ ਤੋਂ ਉਲਟ ਹੈ, ਹਾਲਾਂ ਕਿ ਉਹ ਤਜ਼ਰਬੇਕਾਰ ਰਾਜਪਾਲ ਹਨ, ਜਿਹੜੇ ਪਹਿਲਾਂ ਕਈ ਸੂਬਿਆਂ ਦੇ ਰਾਜਪਾਲ ਅਤੇ ਪੱਤਰਕਾਰ ਰਹਿ ਚੁੱਕੇ ਹਨ। ਪ੍ਰੰਤੂ ਫਿਰ ਵੀ ਰਾਜਪਾਲ ਜੀ ਨੇ ਟਕਰਾਓ ਨੂੰ ਟਾਲਦਿਆਂ ਆਪਣਾ ਭਾਸ਼ਣ ਬਾਖ਼ੂਬੀ ਮੁਕੰਮਲ ਕੀਤਾ।
       ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਜੋ ਹਾਊਸ ਦੇ ਨੇਤਾ ਹਨ, ਉਨ੍ਹਾਂ ਦਾ ਵਿਰੋਧੀਆਂ ਵਲ ਨੂੰ ਇਸ਼ਾਰੇ ਕਰਕੇ ਇਹ ਕਹਿਣਾ ਕਿ ਤੁਹਾਡੀ ਵਾਰੀ ਵੀ ਆਵੇਗੀ, ਕਾਨੂੰਨੀ ਪ੍ਰਕਿਰਿਆ ਵਿੱਚ ਸਿੱਧੀ ਦਖ਼ਲਅੰਦਾਜ਼ੀ ਹੈ। ਮੁੱਖ ਮੰਤਰੀ ਵੱਲੋਂ ਅਜਿਹੀ ਸ਼ਬਦਾਵਲੀ ਵਰਤਣੀ ਹਾਊਸ ਦੀ ਮਰਿਆਦਾ ਇਜ਼ਾਜਤ ਨਹੀਂ ਦਿੰਦੀ। ਵਿਧਾਨ ਸਭਾ ਦੇ ਸਾਰੇ ਮੈਂਬਰ ਉਨ੍ਹਾਂ ਲਈ ਬਰਾਬਰ ਹੁੰਦੇ ਕਿਉਂਕਿ ਉਹ ਮੁੱਖ ਮੰਤਰੀ ਪੰਜਾਬ ਦੇ ਹਨ, ਇਕ ਪਾਰਟੀ ਦੇ ਨਹੀਂ। ਸਦਨ ਦੀ ਮਰਿਆਦਾ ਅਤੇ ਕਾਨੂੰਨੀ ਪਾਬੰਦੀ ਹੈ ਕਿ ਕਿਸੇ ਵੀ ਮੈਂਬਰ ਨੇ ਜਦੋਂ ਵਿਧਾਨ ਸਭਾ ਵਿੱਚ ਸੰਬੋਧਨ ਕਰਨਾ ਹੈ ਤਾਂ ਉਹ ਸਪੀਕਰ ਰਾਹੀਂ ਸੰਬੋਧਨ ਹੋਵੇਗਾ ਨਾ ਕਿ ਸਿੱਧਾ ਹੀ ਮੈਂਬਰਾਂ ਨੂੰ ਸੰਬੋਧਨ ਹੋਵੇਗਾ। ਇਸ ਇਜਲਾਸ ਵਿੱਚ ਮੁੱਖ ਮੰਤਰੀ ਜੀ ਅਤੇ ਵਿਰੋਧੀ ਮੈਂਬਰ ਵੀ ਮਰਿਆਦਾ ਤੇ ਕਾਨੂੰਨੀ ਪ੍ਰਕਿ੍ਰਆ ਦਾ ਵਿਰੋਧ ਕਰਦੇ ਵੇਖੇ ਗਏ। ਜੋ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ। ਪ੍ਰੰਤੂ ਭਰਿਸ਼ਟਾਚਾਰ ਵਿਰੁੱਧ ਪੰਜਾਬ ਸਰਕਾਰ ਮੁਹਿੰਮ ਕਾਬਲੇ ਤਾਰੀਫ਼ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਪੀਕਰ ਨੇ ਵਿਰੋਧੀ ਪਾਰਟੀ ਕਾਂਗਰਸ ਨੂੰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ‘ਤੇ ਵਿਚਾਰ ਕਰਨ ਲਈ ਧਿਆਨ ਦਿਵਾਊ ਮਤਾ ਪੇਸ਼ ਕਰਨ ਦੀ ਇਜ਼ਾਜ਼ਤ ਨਾ ਦੇਣਾ ਹੈ। ਇਜਲਾਸ ਵਿੱਚ ਜ਼ਰੂਰੀ ਮਹੱਤਵਪੂਰਨ ਤੇ ਤਤਕਾਲੀ ਚਲੰਤ ਘਟਨਾਵਾਂ ‘ਤੇ ਵਿਚਾਰ ਵਟਾਂਦਰਾ ਕਰਨਾ ਜ਼ਰੂਰੀ ਹੁੰਦਾ ਹੈ ਪ੍ਰੰਤੂ ਵਿਰੋਧੀ ਪਾਰਟੀ ਇਜ਼ਾਜ਼ਤ ਨਾ ਮਿਲਣ ਕਰਕੇ ਵਾਕ ਆਊਟ ਕਰ ਗਈ।
       ਅਜ ਦਿਨ ਪੰਜਾਬ ਦੇ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਲੋਕ ਡਰ ਰਹੇ ਹਨ ਕਿ ਪੰਜਾਬ ਦੁਬਾਰਾ ਅਸਥਿਰਤਾ ਦੇ ਮਾਹੌਲ ਵਿੱਚ ਨਾ ਚਲਿਆ ਜਾਵੇ। ਇਸ ਲਈ ਸਰਕਾਰ ਨੂੰ ਅਜਿਹੇ ਸੰਜੀਦਾ ਮਸਲੇ ਨੂੰ ਅਣਡਿਠ ਨਹੀਂ ਕਰਨਾ ਚਾਹੀਦਾ ਸੀ। ਕਾਂਗਰਸ ਪਾਰਟੀ ਵੱਲੋਂ ਵਾਕ ਆਊਟ ਕਰਨਾ ਵੀ ਜਾਇਜ਼ ਨਹੀਂ ਕਿਉਂਕਿ ਸਦਨ ਵਿੱਚ ਉਨ੍ਹਾਂ ਵੱਲੋਂ ਉਠਾਏ ਨਸ਼ਿਆਂ ‘ਤੇ ਬਹਿਸ ਕਰਨ ਦਾ ਮੁੱਦਾ ਬਹੁਤ ਹੀ ਮਹੱਤਵਪੂਰਨ ਸੀ। ਕਾਂਗਰਸ ਪਾਰਟੀ ਦੀ ਗ਼ੈਰ ਹਾਜ਼ਰੀ ਕਰਕੇ ਇਸ ਮੁੱਦੇ ‘ਤੇ ਬਹਿਸ ਨਹੀਂ ਹੋ ਸਕੀ, ਜਿਸ ਦੀ ਵਜਾਹ ਕਰਕੇ ਪੰਜਾਬ ਦੀ ਨੌਜਵਾਨੀ ਤਬਾਹ ਹੋ ਰਹੀ ਹੈ। ਵਾਕ ਆਊਟ ਭਾਵੇਂ ਕੋਈ ਵੀ ਪਾਰਟੀ ਕਰਦੀ ਹੈ, ਉਹ ਬਿਲਕੁਲ ਗ਼ਲਤ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਪੰਜਾਬ ਦੀ ਬਿਹਤਰੀ ਲਈ ਵਿਚਾਰ ਵਟਾਂਦਰਾ ਕਰਕੇ ਫ਼ੈਸਲੇ ਕਰਨ ਲਈ ਚੁਣਿਆਂ ਹੁੰਦਾ ਹੈ।
       ਇੱਕ ਸਮਾਂ ਹੁੰਦਾ ਸੀ, ਜਦੋਂ ਵਿਧਾਨ ਸਭਾ/ਸਦਨ ਦੇ ਮੈਂਬਰ ਬੜੀ ਸ਼ਾਇਸਤਗੀ ਨਾਲ ਮੁੱਦੇ ਚੁੱਕਦੇ ਸਨ। ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੁੰਦਾ ਸੀ ਕਿ ਪੰਜ ਸਾਲਾਂ ਬਾਅਦ ਉਨ੍ਹਾਂ ਨੂੰ ਮੁੜ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਪਵੇਗਾ। ਉਂਜ ਵੱਖ-ਵੱਖ ਸੂਬਿਆਂ ਵਿੱਚ ਵਿਧਾਨ ਸਭਾਵਾਂ ਦੇ ਸੈਸ਼ਨਾ, ਲੋਕ ਸਭਾ ਤੇ ਰਾਜ ਸਭਾ ਵਿੱਚ ਅਕਸਰ ਸ਼ੋਰ-ਸ਼ਰਾਬਾ ਸੁਣਨ ਨੂੰ ਮਿਲਦਾ ਹੈ, ਜਿਸ ਨੂੰ ਸਿਹਤਮੰਦ ਪਿਰਤ ਨਹੀਂ ਕਿਹਾ ਜਾ ਸਕਦਾ। ਵਿਧਾਨਕਾਰਾਂ ਨੂੰ ਆਪਣੇ ਹੱਕਾਂ ਦੇ ਨਾਲ ਫਰਜਾਂ ਵਲ ਵੀ ਧਿਆਨ ਰੱਖਣਾ ਚਾਹੀਦਾ ਹੈ।
       ਵਰਤਮਾਨ ਇਜਲਾਸ ਸਮੇਂ ਭਖਦੇ ਮਸਲੇ ਅਮਨ ਕਾਨੂੰਨ ਦੀ ਸਥਿਤੀ, ਗੈਂਗਸਟਰਵਾਦ (ਬਦਮਾਸ਼ਾਂ ਦੇ ਟੋਲੇ)  ਅਤੇ ਨਸ਼ਿਆਂ ਦਾ ਪ੍ਰਕੋਪ ਹੈ, ਇਹ ਤਿੰਨੋ ਮੁੱਦੇ ਇਜਲਾਸ ਵਿੱਚੋਂ ਗਾਇਬ ਰਹਿਣਾ ਪੰਜਾਬ ਦੇ ਲੋਕਾਂ ਦੇ ਹਿਤਾਂ ਦੀ ਅਣਵੇਖੀ ਤੇ ਵੱਡਾ ਧੋਖਾ ਹੈ। ਸਿਹਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਨਸ਼ਾ ਕਰਨ ਵਾਲਿਆਂ ਲਈ ਮੁੜ ਵਸਾਊ ਕੇਂਦਰਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਪ੍ਰਭਾਵਤ ਲੋਕਾਂ ਦੀ ਗਿਣਤੀ 10 ਲੱਖ ਤੋਂ ਵੱਧ ਦੱਸਣਾ ਵੀ ਚਿੰਤਾ ਦਾ ਵਿਸ਼ਾ ਹੈ।
       ਇਹ ਸ਼ੈਸ਼ਨ ਸਿਰਫ 8 ਦਿਨ ਚੱਲਿਆ ਹੈ। ਕਰੋੜਾਂ ਰੁਪਿਆ ਖ਼ਰਚ ਹੋ ਗਿਆ ਹੈ ਪ੍ਰੰਤੂ ਬਜਟ ਪਾਸ ਕਰਨ ਤੋਂ ਬਿਨਾ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ। ਵੈਸੇ ਇੰਨਾ ਛੋਟਾ ਸ਼ੈਸ਼ਨ ਬੜੀ ਹੈਰਾਨੀ ਦੀ ਗੱਲ ਹੈ, ਜਦੋਂ ਕਿ ਪੰਜਾਬ ਵਿੱਚ ਇਸ ਸਮੇਂ ਸਥਿਤੀ ਵਿਸਫੋਟਿਕ ਬਣੀ ਹੋਈ ਹੈ। ਸਰਕਾਰ ਤਤਕਾਲੀ ਮੁਦਿਆਂ ਤੇ ਵਿਚਾਰ ਵਟਾਂਦਰਾ ਕਰਨ ਦੀ ਥਾਂ ਖ਼ਾਨਾਪੂਰਤੀ ਦੇ ਇਜਲਾਸ ਕਰਕੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਰ ਰਹੀ ਹੈ। ਪੰਜਾਬ ਸਰਕਾਰ ਨੇ ਇਸ ਇਜਲਾਸ ਵਿੱਚ ਬਦਲਾਓ ਦੀ ਨੀਤੀ ਵਾਲੇ ਕੋਈ ਮਾਅਰਕੇ ਨਹੀਂ ਮਾਰੇ ਸਗੋਂ ਚਾਲੂ ਜਿਹਾ ਕੰਮ ਕਰਕੇ ਸ਼ੈਸ਼ਨ ਖ਼ਤਮ ਕਰ ਦਿੱਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਮਿਹਨਤ ਨਾਲ ਬਣਿਆਂ ਸਾਹਿਤਕਾਰ : ਗੁਲਜ਼ਾਰ ਸਿੰਘ ਸ਼ੌਂਕੀ -- ਉਜਾਗਰ ਸਿੰਘ

ਗੁਲਜ਼ਾਰ ਸਿੰਘ ਸ਼ੌਂਕੀ ਦਿਨ ਵੇਲੇ ਕਦੀਂ ਵੀ ਧੂਰੀ ਆਪਣੇ ਘਰ ਨਹੀਂ ਮਿਲੇਗਾ। ਇਊਂ ਮਹਿਸੂਸ ਹੁੰਦਾ ਜਿਵੇਂ ਉਸ ਦੇ ਪੈਰਾਂ ਹੇਠ ਕੋਈ ਪਹੀਆ ਲੱਗਿਆ ਹੋਇਆ ਹੈ, ਜਿਹੜਾ ਉਸ ਨੂੰ ਟਿਕਣ ਨਹੀਂ ਦਿੰਦਾ। ਆਪਣੇ ਘਰ ਤਾਂ ਉਹ ਬਿਮਾਰੀ ਠਮਾਰੀ ਨੂੰ ਹੀ ਮਿਲਦਾ ਹੈ। ਜੇਕਰ ਉਸ ਨੂੰ ਪਤਾ ਲੱਗ ਜਾਵੇ ਕਿ ਕੋਈ ਗਾਇਕ/ ਰਾਗੀ/ ਢਾਡੀ/ ਸੰਗੀਤਕਾਰ ਪ੍ਰੋਗਰਾਮ ਦੇਣ ਲਈ ਆਇਆ ਹੈ/ਕਿਸੇ ਸਾਹਿਤ ਸਭਾ ਦੀ ਮੀਟਿੰਗ ਹੈ/ਕੋਈ ਪੁਸਤਕ ਲੋਕ ਅਰਪਨ ਹੋ ਰਹੀ ਹੈ/ਕੋਈ ਵੀ ਸਾਹਿਤਕ ਪ੍ਰੋਗਰਾਮ ਹੈ/ਮੁਲਾਜ਼ਮ ਸੰਘਰਸ਼ ਹੋਵੇ/ਕਵੀ ਦਰਬਾਰ ਹੋਵੇ/ਜਲਸਾ ਜਲੂਸ ਹੋਵੇ/ਧਾਰਮਿਕ ਦੀਵਾਨ ਹੋਵੇ ਤਾਂ ਉਸ ਨੇ ਤੁਰੰਤ ਆਪਣਾ ਸਾਈਕਲ ਚੁੱਕ ਕੇ ਤੁਰ ਪੈਣਾ ਹੈ। ਜੇ ਸਮਾਗਮ ਦੂਰ ਹੋਵੇ ਤਾਂ ਬੱਸ ਚੜ੍ਹਕੇ ਪਹੁੰਚ ਜਾਣਾ ਹੈ। ਪਹੁੰਚਣਾ ਹਰ ਹਾਲਤ ਵਿੱਚ ਹੈ, ਭਾਵੇਂ ਪਰਿਵਾਰ ਵਿੱਚ ਕਿਤਨਾ ਹੀ ਜ਼ਰੂਰੀ ਕੰਮ ਹੋਵੇ। ਵੇਖਣ ਵਾਲੇ ਨੂੰ ਉਹ ਧਾਰਮਿਕ ਪ੍ਰਚਾਰਕ ਲੱਗਦਾ ਹੈ। ਉਸ ਦੇ ਹੱਥ ਵਿੱਚ ਕਾਪੀ ਪੈਨ ਜ਼ਰੂਰ ਹੋਵੇਗਾ। ਜੇਕਰ ਸ਼ੌਂਕੀ ਨੂੰ ਲੱਭਣਾ ਹੋਵੇ ਤਾਂ ਉਪਰੋਕਤ ਸਮਾਗਮਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਆਪਣੇ ਘਰ ਉਹ ਰਾਤ ਕੱਟਣ ਹੀ ਆਉਂਦਾ ਹੈ। ਪ੍ਰੋਗਰਾਮਾ ‘ਤੇ ਦਲੀਲ ਨਾਲ ਬਹਿਸ ਵੀ ਕਰਦਾ ਹੈ। ਇਹ ਉਸ ਦਾ ਸ਼ੌਕ ਹੈ।  
      ਸ਼ੌਕ ਦੀ ਪੂਰਤੀ ਘਰ ਫ਼ੂਕ ਤਮਾਸ਼ਾ ਵੇਖਣ ਵਾਲੀ ਗੱਲ ਹੁੰਦੀ ਹੈ। ਉਹ ਇਹੋ ਕੰਮ ਕਰਦਾ ਹੈ। ਸ਼ੌਕ ਇਨਸਾਨ ਨੂੰ ਕਦੇ ਟਿਕ ਕੇ ਬੈਠਣ ਨਹੀਂ ਦਿੰਦਾ। ਅਜਿਹਾ ਹੀ ਇਕ ਵਿਅਕਤੀ ਗੁਲਜ਼ਾਰ ਸਿੰਘ ਸ਼ੌਂਕੀ ਹੈ, ਜਿਸ ਨੂੰ ਗੀਤਕਾਰਾਂ ਅਤੇ ਗਾਇਕਾਂ ਨਾਲ ਲਾਊਡ ਸਪੀਕਰ ਲਗਾਉਂਦਿਆਂ ਮਿਲਣ ਦੇ ਮੌਕੇ ਮਿਲਦੇ ਰਹੇ ਅਤੇ ਗੀਤ ਲਿਖਣ ਦੀ ਚੇਟਕ ਲੱਗ ਗਈ। ਉਹ ਇਨ੍ਹਾਂ ਗਾਇਕਾਂ ਅਤੇ ਗੀਤਕਾਰਾਂ ਦੇ ਗੀਤ ਸੁਣਨ ਲਈ ਬੱਸਾਂ ‘ਤੇ ਚੜ੍ਹਕੇ ਰਾਤ ਬਰਾਤੇ 70-80 ਮੀਲ ਦਾ ਸਫਰ ਤਹਿ ਕਰਕੇ ਪਹੁੰਚਦਾ ਰਿਹਾ ਅਤੇ ਫਿਰ ਵਾਪਸ ਮੁੜਕੇ ਰੋਜ਼ੀ ਰੋਟੀ ਲਈ ਕੰਮ ਕਰਦਾ ਸੀ। ਉਹ ਭੰਬੀਰੀ ਵਾਂਗੂੰ ਭੱਜਿਆ ਫਿਰਦਾ ਰਹਿੰਦਾ ਹੈ। ਉਹ ਇਕ ਸਾਧਾਰਣ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਇਕ ਸਾਧਾਰਣ ਕਰਮਚਾਰੀ ਹੁੰਦਿਆਂ ਤੇ ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਾ ਵੀ ਉਹ ਕਲਮ ਦਾ ਸਾਥ ਨਹੀਂ ਛੱਡਦਾ। ਉਸ ਨੇ ਸਾਹਿਤਕ ਖੇਤਰ ਵਿੱਚ ਆਪਣੀ ਪਛਾਣ ਬਣਾ ਲਈ ਹੈ। ਉਸ ਦੀ ਦੋਸਤੀ ਦਾ ਘੇਰਾ ਵੀ ਵਿਸ਼ਾਲ ਹੈ। ਵਿਦਵਾਨਾਂ ਤੋਂ ਲੈ ਕੇ ਆਮ ਪਾਠਕ ਤੇ ਸਰੋਤੇ ਨਾਲ ਬਾਵਾਸਤਾ ਰਹਿੰਦਾ ਹੈ।
ਪਿਤਾ ਭਗਵਾਨ ਸਿੰਘ ਗੁਰੂ ਦੇ ਸੱਪ ਲੜਨ ਕਰਕੇ ਅਪਾਹਜ ਹੋਣ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਉਹ 13 ਸਾਲ ਦੀ ਛੋਟੀ ਉਮਰ ਵਿੱਚ ਹੀ ਕਾਰਜ਼ਸ਼ੀਲ ਹੋ ਗਿਆ ਸੀ। ਉਹ ਧੂਰੀ ਮਿਲ ਵਿੱਚ ਦਿਹਾੜੀਦਾਰੀ, ਪੀ.ਡਬਲੀਊ ਵਿੱਚ ਮੇਟੀ, ਬਿਜਲੀ ਬੋਰਡ ਵਿੱਚ ਬਿਜਲੀ ਦੇ ਖੰਬੇ ਗੱਡਣ, ਕੱਪੜਾ ਬੁਣਨ, ਮਜ਼ਦੂਰੀ, ਬੇਲਦਾਰੀ ਅਤੇ ਪੱਲੇਦਾਰੀ ਕਰਦਾ ਰਿਹਾ। ਪ੍ਰੰਤੂ ਗੀਤਾਂ ਦੀ ਚੇਟਕ ਉਸ ਨੂੰ ਸਤਾਉਂਦੀ ਰਹੀ, ਜਿਸ ਕਰਕੇ ਆਪਣਾ ਗਾਇਕੀ ਦਾ ਮਸ ਪੂਰਾ ਕਰਨ ਲਈ ਉਸ ਨੇ ਇੱਕ ਕਵੀਸ਼ਰੀ ਜੱਥਾ ਬਣਾ ਲਿਆ। ਕੁਝ ਸਮਾਂ ਉਹ ਕਵੀਸ਼ਰੀ ਵੀ ਕਰਦਾ ਰਿਹਾ। 12 ਸਾਲ ਦੀ ਉਮਰ ਵਿੱਚ 1960 ਵਿੱਚ ਇੱਕ ਲਾਊਡ ਸਪੀਕਰ ਵਾਲੇ ਨੇ ਪੱਕੇ ਤੌਰ ‘ਤੇ 30 ਰੁਪਏ ਮਹੀਨਾ ਨੌਕਰੀ ‘ਤੇ ਰੱਖ ਲਿਆ। ਇਸ ਸਮੇਂ ਦੌਰਾਨ ਉਸ ਦਾ ਸੰਪਰਕ ਗਾਇਕਾਂ ਅਤੇ ਗੀਤਕਾਰਾਂ ਨਾਲ ਵੱਧ ਗਿਆ। ਗਾਇਕਾਂ ਅਤੇ ਗੀਤਕਾਰਾਂ ਦੇ ਮੇਲ ਮਿਲਾਪ ਨੇ ਉਸ ਵਿੱਚ ਗੀਤਕਾਰ ਤੇ ਵਾਰਤਕਕਾਰ ਬਣਨ ਦਾ ਅਜਿਹਾ ਸ਼ੌਕ ਪੈਦਾ ਕਰ ਦਿੱਤਾ ਕਿ ਮੁੜ ਕੇ ਉਸ ਨੇ ਪਿੱਛੇ ਨਹੀਂ ਵੇਖਿਆ। ਸਭ ਤੋਂ ਪਹਿਲਾਂ ਉਸ ਦਾ ਮੇਲ ਪ੍ਰਸਿੱਧ ਗੀਤਕਾਰ ਮਰਹੂਮ ਗੁਰਦੇਵ ਸਿੰਘ ਮਾਨ ਨਾਲ ਹੋਇਆ ਸੀ, ਜਿਹੜਾ ਜਿਲ੍ਹਾ ਲੋਕ ਸੰਪਰਕ ਦਫ਼ਤਰ ਸੰਗਰੂਰ ਵਿੱਚ ਡਰਾਮਾ ਇਨਸਪੈਕਟਰ ਲੱਗਿਆ ਹੋਇਆ ਸੀ। ਗੀਤਕਾਰ ਗੁਰਦੇਵ ਸਿੰਘ ਮਾਨ ਨੂੰ ਉਸ ਨੇ ਗੁਰੂ ਧਾਰ ਲਿਆ।
       ਗੁਰਦੇਵ ਸਿੰਘ ਮਾਨ ਮਾਲੇਰਕੋਟਲਾ ਅਤੇ ਸ਼ੌਕੀ ਧੂਰੀ ਰਹਿੰਦਾ ਸੀ। ਫਿਰ ਗੁਲਜ਼ਾਰ ਸਿੰਘ ਸ਼ੌਂਕੀ ਦਾ ਡੇਰਾ ਗੁਰਦੇਵ ਸਿੰਘ ਮਾਨ ਦੇ ਘਰ ਮਾਲੇਰਕੋਟਲਾ ਵਿਖੇ ਲੱਗ ਗਿਆ। ਹਰ ਰੋਜ਼ ਬਿਨਾ ਨਾਗਾ ਰਾਤ ਨੂੰ ਮਾਲੇਰਕੋਟਲਾ ਤੇ ਸਵੇਰ ਵਾਪਸ ਆ ਕੇ ਕੰਮ ਕਾਰ ਲੱਗ ਜਾਂਦਾ ਸੀ। ਗੁਰਦੇਵ ਸਿੰਘ ਮਾਨ ਦੀਆਂ ਜਿਹੜੀਆਂ ਪੁਸਤਕਾਂ ਪ੍ਰਕਾਸ਼ਤ ਹੁੰਦੀਆਂ ਸਨ, ਉਨ੍ਹਾਂ ਦੇ ਪ੍ਰੂਫ਼ ਪੜ੍ਹਨ ਦਾ ਮੌਕਾ ਮਿਲਦਾ ਰਿਹਾ। ਫਿਰ ਉਸ ਦੀ ਦਿਲਚਸਪੀ ਸਾਹਿਤਕਾਰ ਬਣਨ ਦੀ ਵੱਧਦੀ ਗਈ। ਉਸ ਨੇ ਸੱਥਾਂ ਵਿੱਚ ਗਾਉਣਾ ਸ਼ੁਰੂ ਕੀਤਾ, ਜਿਥੋਂ ਉਸ ਨੂੰ ਇਨਾਮ ਮਿਲਣ ਲੱਗੇ। ਸ਼ੁਰੂ ਵਿੱਚ ਉਹ ਧਾਰਮਿਕ ਗੀਤ ਲਿਖਦਾ ਸੀ। ਲਾਊਡ ਸਪੀਕਰ ਲਾਉਣ ਤੋਂ ਜਦੋਂ ਵਿਹਲਾ ਹੁੰਦਾ ਸੀ ਉਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਲ ਵੀ ਲਾਉਂਦਾ ਸੀ ਕਿਉਂਕਿ ਪਰਿਵਾਰ ਦਾ ਵੱਡਾ ਪੁਤਰ ਹੋਣ ਕਰਕੇ ਗੁਜ਼ਾਰਾ ਉਸ ਉਪਰ ਹੀ ਨਿਰਭਰ ਸੀ। ਗੁਰਦੇਵ ਸਿੰਘ ਮਾਨ ਨਾਲ ਉਹ ਕਵੀ ਦਰਬਾਰਾਂ ਵਿੱਚ ਜਾਣ ਲੱਗ ਪਿਆ, ਜਿਥੋਂ ਉਸ ਨੂੰ ਉਤਸ਼ਾਹ ਮਿਲਿਆ। ਪਹਿਲਾਂ ਉਹ ਆਪਣੇ ਨਾਮ ਨਾਲ ਰਾਹੀ ਲਿਖਦਾ ਸੀ ਜੋ ਉਸ ਤੇ ਬਹੁਤ ਢੁਕਦਾ ਸੀ ਕਿਉਂਕਿ ਬਹੁਤਾ ਸਮਾਂ ਉਹ ਰਾਹਾਂ ਵਿੱਚ ਹੀ ਗੁਜ਼ਾਰਦਾ ਸੀ। ਪ੍ਰੰਤੂ ਗੁਰਦੇਵ ਸਿੰਘ ਮਾਨ ਨੇ ਉਸ ਦੇ ਸ਼ੌਕ ਨੂੰ ਮੁੱਖ ਰੱਖਦਿਆਂ ਉਸ ਨੂੰ ਸ਼ੌਂਕੀ ਬਣਾ ਦਿੱਤਾ। ਉਸ ਤੋਂ ਬਾਅਦ ਸੰਗੀਤਕਾਰ ਜਸਵੰਤ ਸਿੰਘ ਭੰਵਰਾ, ਹਰਚਰਨ ਗਰੇਵਾਲ ਅਤੇ ਕਰਨੈਲ ਗਿੱਲ ਨਾਲ ਦੋਸਤੀ ਅਜਿਹੀ ਪਈ ਜਿਸ ਨੇ ਉਸ ਨੂੰ ਜੀਵਨੀਕਾਰ, ਕਵੀ, ਗ਼ਜ਼ਲਗੋ, ਨਾਟਕਕਾਰ, ਗੀਤਕਾਰ ਅਤੇ ਵਾਰਤਕਕਾਰ ਬਣਾ ਦਿੱਤਾ। ਇਸ ਸਮੇਂ ਦੌਰਾਨ ਹੀ ਉਸ ਦੀ ਨੌਕਰੀ ਅਕਤੂਬਰ 1975 ਵਿੱਚ ਸਿਖਿਆ ਵਿਭਾਗ ਵਿੱਚ ਸੇਵਾਦਾਰ ਕਮ ਚੌਕੀਦਾਰ ਦੀ ਲੱਗ ਗਈ। ਨੌਕਰੀ ਦੌਰਾਨ ਹੀ ਉਸ ਨੇ 1985 ਵਿੱਚ ਪ੍ਰਾਈਵੇਟਲੀ ਦਸਵੀਂ ਪਾਸ ਕਰ ਲਈ। ਉਸ ਦਾ ਤਾਲਮੇਲ ਸੁਪ੍ਰਸਿੱਧ ਵਿਦਵਾਨ ਡਾ.ਤੇਜਵੰਤ ਮਾਨ ਨਾਲ ਹੋ ਗਿਆ। ਡਾ.ਤੇਜਵੰਤ ਮਾਨ ਦੀ ਹੱਲਾਸ਼ੇਰੀ ਨਾਲ ਉਸ ਨੇ ਸਾਹਿਤ ਸਭਾਵਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ, ਉਥੇ ਆਪਣੇ ਗੀਤ ਅਤੇ ਕਵਿਤਾਵਾਂ ਸੁਣਾਉਣ ਦਾ ਮੌਕਾ ਮਿਲਣ ਲੱਗ ਪਿਆ।
       ਇਸ ਸਮੇਂ ਉਸ ਦੀਆਂ ਕਵਿਤਾ, ਨਾਵਲ, ਓਪੇਰਾ, ਜੀਵਨੀ ਅਤੇ ਵਾਰਤਕ ਦੀਆਂ 36 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 20 ਮੌਲਿਕ ਅਤੇ 16 ਸੰਪਾਦਨਾ ਦੀਆਂ ਹਨ। 5 ਹੋਰ ਪੁਸਤਕਾਂ ਪ੍ਰਕਾਸ਼ਤ ਹੋਣ ਲਈ ਪ੍ਰੈਸਾਂ ਵਿੱਚ ਗਈਆਂ ਹੋਈਆਂ ਹਨ। ਉਸ ਨੇ ਗੀਤਕਾਰ ਗੁਰਦੇਵ ਸਿੰਘ ਮਾਨ, ਹਰਚਰਨ ਗਰੇਵਾਲ, ਕਰਨੈਲ ਗਿੱਲ, ਕੇਸਰ ਸਿੰਘ ਨਰੂਲਾ ਅਤੇ ਮੁਹੰਮਦ ਸਦੀਕ  ਦੀਆਂ ਜੀਵਨੀਆਂ ਵੀ ਲਿਖੀਆਂ ਹਨ। ਉਹ ਚੋਟੀ ਦੇ ਗੀਤਕਾਰਾਂ, ਗਾਇਕਾਂ ਅਤੇ ਸੰਗੀਤਕਾਰਾਂ ਨੂੰ ਮਿਲਦਾ ਰਿਹਾ ਹੈ, ਜਿਨ੍ਹਾਂ ਵਿੱਚ ਗੁਰਦੇਵ ਸਿੰਘ ਮਾਨ, ਹਰਚਰਨ ਗਰੇਵਾਲ, ਸੁਰਿੰਦਰ ਕੌਰ, ਨਰਿੰਦਰ ਬੀਬਾ, ਕਰਨੈਲ ਗਿੱਲ, ਜਸਵੰਤ ਸਿੰਘ ਭੰਵਰਾ, ਚਰਨਜੀਤ ਆਹੂਜਾ, ਸਚਿਨ ਆਹੂਜਾ ਅਤੇ ਦੇਵ ਥਰੀਕਿਆਂ ਵਾਲਾ ਆਦਿ। ਉਸ ਦੀ ਬੋਲੀ ਤੇ ਸ਼ੈਲੀ ਸਰਲ ਲੋਕ ਭਾਸ਼ਾ ਹੈ। ਇਸ ਸ਼ੌਕ ਦੀ ਪੂਰਤੀ ਲਈ ਉਸ ਨੂੰ ਆਰਥਿਕ ਮਜ਼ਬੂਰੀਆਂ ਨੇ ਵੀ ਘੇਰਿਆ ਪ੍ਰੰਤੂ ਉਹ ਆਪਣੇ ਸ਼ੌਕ ਦੀ ਪੂਰਤੀ ਲਈ ਡੱਟਿਆ ਰਿਹਾ। ਕਰਮਜੀਤ ਸਿੰਘ ਧੂਰੀ ਨੇ ਉਸ ਦੇ 8 ਗੀਤ ਰਿਕਾਰਡ ਕਰਵਾਏ ਹਨ। ਉਸ ਦੇ ਗੀਤ ਸੁਰਿੰਦਰ ਕੌਰ, ਰਣਜੀਤ ਗਿੱਲ ਅਤੇ ਪਰਮਜੀਤ ਪੰਮੀ ਬਾਈ ਨੇ ਵੀ ਗਾਏ ਹਨ। ਉਸ ਦੀ ਗ਼ਜ਼ਲ ਜਿਹੜੀ ਗ਼ਰੀਬ ਅਮੀਰ ਦੇ ਪਾੜੇ ਦਾ ਪ੍ਰਗਟਾਵਾ ਕਰਦੀ ਹੈ, ਉਸ ਦੇ ਸ਼ੇਅਰ ਇਸ ਪ੍ਰਕਾਰ ਹਨ :
ਰੱਜ ਕਮਾਈਆਂ ਕਰਦੇ ਲੋਕ, ਤਾਂ ਵੀ ਭੁੱਖੇ ਮਰਦੇ ਲੋਕ।
ਦੂਜੇ ਦਾ ਹੱਕ ਦੱਬ ਲੈਂਦੇ ਨੇ, ਇਹ ਨਾ ਭੋਰਾ ਡਰਦੇ ਲੋਕ।
ਟੱਬਰ ਪਾਲਣਾ ਔਖਾ ਹੋਇਆ, ਮਹਿੰਗਾਈ ਤੋਂ ਹਰਦੇ ਲੋਕ।
ਪਾਪਾਂ ਦੇ ਨਾਲ ਮਾਇਆ ਜੋੜਨ, ਠੰਡੇ ਹੌਕੇ ਭਰਦੇ ਲੋਕ।
ਗੁਲਜ਼ਾਰ ਸਿੰਘ ਸ਼ੌਂਕੀ ਨੂੰ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬ ਸਰਕਾਰ ਵੱਲੋਂ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੇਢ ਦਰਜਨ ਤੋਂ ਵੱਧ ਸਾਹਿਤਕ ਸੰਸਥਾਵਾਂ ਨੇ ਸਨਮਾਨਤ ਕੀਤਾ ਹੈ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਸੇਖ਼ੋਂ ਦਾ ਸਕੱਤਰ ਅਤੇ ਧੂਰੀ ਸਾਹਿਤ ਸਭਾ ਦਾ ਜਨਰਲ ਸਕੱਤਰ ਹੈ। ਉਸ ਦਾ ਜਨਮ 5 ਦਸੰਬਰ 1948 ਨੂੰ ਪਿਤਾ ਭਗਵਾਨ ਸਿੰਘ ਗੁਰੂ ਅਤੇ ਮਾਤਾ ਹਰਪਾਲ ਕੌਰ ਦੇ ਘਰ ਦੌਲਤਪੁਰ ਜਿਲ੍ਹਾ ਸੰਗਰੂਰ ਵਿੱਚ ਹੋਇਆ। 1956 ਵਿੱਚ ਉਹ ਧੂਰੀ ਆ ਗਏ। ਉਸ ਦਾ ਵਿਆਹ ਬੀਬੀ ਅਮਰਜੀਤ ਕੌਰ ਚੀਮਾ ਨਾਲ ਹੋਇਆ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ     
ਮੋਬਾਈਲ-94178 13072   
ujagarsingh48@yahoo.com

ਡਾ. ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ ਸਵੈ-ਜੀਵਨ - ਉਜਾਗਰ ਸਿੰਘ

ਡਾ.ਸ਼ਿਆਮ ਸੁੰਦਰ ਦੀਪਤੀ ਸਿਹਤ ਸੰਬੰਧੀ ਲਿਖਣ ਵਾਲਾ ਸਰਵੋਤਮ ਲੇਖਕ ਹੈ। ਉਨ੍ਹਾਂ ਦੇ ਇਨਸਾਨੀ ਸਿਹਤ ਨਾਲ ਸੰਬੰਧਤ ਬੀਮਾਰੀਆਂ ਬਾਰੇ ਲੇਖ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਇਸ ਪੁਸਤਕ ਵਿੱਚ ਉਸ ਦੇ 18 ਲੇਖ ਹਨ। ਇਹ ਪੁਸਤਕ ਡਾ.ਸ਼ਿਆਮ ਸੁੰਦਰ ਦੀਪਤੀ ਦੀ ਸਵੈਜੀਵਨੀ ਹੈ ਪ੍ਰੰਤੂ ਉਸ ਨੇ ਆਪਣੀ ਇਸ ਸਵੈਜੀਵਨੀ ਨੂੰ ਲੋਕਾਈ ਲਈ ਪ੍ਰੇਰਨਾਦਾਇਕ ਬਣਾ ਦਿੱਤਾ ਹੈ। ਸਵੇਰ ਤੋਂ ਸ਼ਾਮ ਤੱਕ ਜ਼ਿੰਦਗੀ ਜਿਓਣ ਦਾ ਢੰਗ ਦੱਸਿਆ ਹੈ। ਉਸ ਨੇ ਇਨਸਾਨਾ ਨੂੰ ਲੱਗਣ ਵਾਲੀਆਂ ਬਿਮਾਰੀਆਂ ਨਾਲ ਕਿਸ ਪ੍ਰਕਾਰ ਨਿਪਟਣਾ ਚਾਹੀਦਾ ਹੈ, ਕੀ ਪ੍ਰਹੇਜ ਕਰਨਾ ਚਾਹੀਦਾ ਹੈ, ਉਸ ਦੀ ਜਾਣਕਾਰੀ ਦਿੱਤੀ ਹੈ। ਉਹ ਇਲਾਜ਼ ਨਾਲੋਂ ਪ੍ਰਹੇਜ਼ ਜ਼ਰੂਰੀ ਸਮਝਦਾ ਹੈ। ਉਨ੍ਹਾਂ ਨੇ ਸਮਾਜਿਕ ਤਾਣੇ ਬਾਣੇ ਵਿੱਚ ਵਿਚਰਦਿਆਂ ਇਨ੍ਹਾਂ ਬਿਮਾਰੀਆਂ ਬਾਰੇ ਦਿੱਤੇ ਨੁਸਖਿਆਂ ਜਿਵੇਂ ਯੋਗਾ, ਐਕੂਪ੍ਰੇਸ਼ਰ, ਵਹਿਮ ਭਰਮ ਆਦਿ ਅਤੇ ਲੋਕਾਂ ਵੱਲੋਂ ਦਿੱਤੇ ਜਾਂਦੇ ਸੁਝਾਵਾਂ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਦੱਸਿਆ ਹੈ ਕਿ ਉਹ ਕਿਸ ਵਜ੍ਹਾ ਕਰਕੇ ਲਾਭਦਾਇਕ ਹੁੰਦੇ ਹਨ। ਸਰੀਰ ਨੂੰ 10 ਮਿੰਟ ਢਿੱਲਾ ਰੱਖਣ ਨਾਲ ਬਹੁਤ ਬਿਮਾਰੀਆਂ ਤੋਂ ਖਹਿੜਾ ਛੁਟ ਸਕਦਾ ਹੈ। ਇਸ ਆਸਣ ਨੂੰ ਉਨ੍ਹਾਂ ‘ਸਮਾਈÇਲੰਗ ਆਸਣ’ ਕਿਹਾ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਦੀ ਜ਼ਿੰਦਗੀ ਦਾ ਆਮ ਲੋਕਾਂ ਲਈ ਪ੍ਰੇਰਣਾਦਾਇਕ ਹੋਣ ਦੇ ਮੁੱਖ ਕਾਰਨ ਉਨ੍ਹਾਂ ਦੀ ਜ਼ਿੰਦਗੀ ਦੀਆਂ ਸੁਖਾਵੀਆਂ ਅਤੇ ਅਣਸੁਖਾਵੀਆਂ ਘਟਨਾਵਾਂ ਹਨ, ਜਿਨ੍ਹਾਂ ਨੂੰ ਪੜ੍ਹਕੇ ਪਾਠਕ ਆਪਣੇ ਜੀਵਨ ਵਿੱਚ ਲਾਗੂ ਕਰ ਸਕਦਾ ਹੈ। ਕਹਿਣ ਤੋਂ ਭਾਵ ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਜਦੋਜਹਿਦ ਵਾਲੀ ਹੈ। ਉਨ੍ਹਾਂ ਨੇ ਕਿਸੇ ਵੀ ਮੁਸੀਬਤ ਨੂੰ ਬੜੀ ਦਲੇਰੀ ਨਾਲ ਨਜਿਠਿਆ ਹੈ। ਕਿਸੇ ਵੀ ਉਲਝਣ ਨੂੰ ਚਿੰਤਾ ਦਾ ਵਿਸ਼ਾ ਨਹੀਂ ਬਣਨ ਦਿੱਤਾ। ਸ਼ੂਗਰ ਦੀ ਬਿਮਾਰੀ ਨੇ ਜਵਾਨੀ ਵਿੱਚ ਹੀ ਦਸਤਕ ਦੇ ਦਿੱਤੀ ਸੀ ਪ੍ਰੰਤੂ ਉਨ੍ਹਾਂ ਸਹਿਜਤਾ ਨਾਲ ਇਸ ਨੂੰ ਲੈਂਦੇ ਹੋਏ ਆਪਣੀਆਂ ਸ਼ਰਤਾਂ ‘ਤੇ ਜੀਵਨ ਬਸਰ ਕੀਤਾ ਹੈ। ਪਹਿਲਾਂ ਪੈਰ ਦੀਆਂ ਦੋ ਉਂਗਲਾਂ ਕੱਟਣੀਆਂ ਪਈਆਂ, ਫਿਰ ਪੈਰ ਹੀ ਕਟਣਾ ਪਿਆ। ਇਕ ਐਕਸੀਡੈਂਟ ਤੋਂ ਬਾਅਦ ਲੱਤ ਹੀ ਕੱਟਣੀ ਪੈ ਗਈ ਪ੍ਰੰਤੂ ਹੁਣ ਤੱਕ ਦੀ ਸਾਰੀ ਉਮਰ ਉਹ ਸਮਾਜਿਕ ਅਤੇ ਸਾਹਿਤਕ ਤੌਰ ‘ਤੇ ਪੂਰੀ ਤਰ੍ਹਾ ਸਰਗਰਮ ਹਨ। ਆਪਣੇ ਆਪ ਨੂੰ ਅੰਗਹੀਣ ਕਦੀ ਵੀ ਨਹੀਂ ਸਮਝਿਆ ਅਤੇ ਨਾ ਹੀ ਆਪਣੀ ਬਿਮਾਰੀ ਦੇ ਗੋਗੇ ਗਾਏ ਹਨ। ਆਪਣੀਆਂ ਸ਼ਰਤਾਂ ‘ਤੇ ਜੀਵਨ ਬਸਰ ਕੀਤਾ ਹੈ। ਆਮ ਇਨਸਾਨ ਲਈ ਇਹ ਸਾਰੀਆਂ ਗੱਲਾਂ ਪੱਲੇ ਬੰਨ੍ਹਣ ਵਾਲੀਆਂ ਹਨ।
ਉਨ੍ਹਾਂ ਦੀ ਪੁਸਤਕ ਦਾ ਪਹਿਲਾ ਹੀ ਲੇਖ ‘ਗੁਲਾਬੀ ਫੁੱਲਾਂ ਵਾਲੇ ਕੱਪਾਂ ਵਿੱਚ ਫਿਕੀ ਚਾਹ’ ਵਿੱਚ ਸ਼ੂਗਰ ਦੀ ਬਿਮਾਰੀ ਤੋਂ ਕਿਸ ਪ੍ਰਕਾਰ ਬਚਿਆ ਜਾ ਸਕਦਾ ਹੈ, ਬਾਰੇ ਜਾਣਕਾਰੀ ਦਿੱਤੀ ਹੈ। ਵੈਸੇ ਉਹ ਇਸ ਬਿਮਾਰੀ ਬਾਰੇ ਜਾਣਕਾਰੀ ਲਗਾਤਾਰ ਲੇਖਾਂ ਵਿੱਚ ਦਿੰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਆਪਣੇ ਪ੍ਰੇਮ ਵਿਆਹ ਬਾਰੇ ਬਾਖ਼ੂਬੀ ਨਾਲ ਲਿਖਦਿਆਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਿਆਰ ਬਿਨ ਦੱਸਿਆਂ ਹੀ ਹੋ ਜਾਂਦਾ ਹੈ। ਪਿਆਰ ਵਿਆਹ ਦੀ ਸਫਲਤਾ ਦੇ ਗੁਰ ਵੀ ਸਾਧਾਰਨ ਸ਼ਬਦਾਵਲੀ ਵਿੱਚ ਦੱਸੇ ਹਨ। ਦੂਜੇ ਲੇਖ ‘ਥਰਕਣਾ (ਵਾਇਬ੍ਰੇਟ) ਜ਼ਿੰਦਗੀ ਦਾ ਦੂਜਾ ਨਾਂ ਹੈ’ ਵਿੱਚ ਦੱਸਿਆ ਹੈ ਕਿ ਬਿਮਾਰੀਆਂ ਇਨਸਾਨ ਨੂੰ ਹੁੰਦੀਆਂ ਰਹਿੰਦੀਆਂ ਹਨ ਪ੍ਰੰਤੂ ਉਨ੍ਹਾਂ ਦਾ ਮੁਕਾਬਲਾ ਦਲੇਰੀ ਅਤੇ ਇਤਿਹਾਤ ਨਾਲ ਕਰਨਾ ਚਾਹੀਦਾ ਹੈ। ਉਨ੍ਹਾਂ ਆਪਣੀ ਗੈਂਗਰੀਨ ਵਰਗੀ ਘਾਤਕ ਬਿਮਾਰੀ ਦਾ ਮੁਕਾਬਲਾ ਕੀਤਾ ਹੈ। ਤੀਜਾ ਲੇਖ ‘ਜਨਮ ਦਿਨ ਜ਼ਿੰਦਗੀ ਦੇ ਅਹਿਸਾਸ ਜਗਾਵੇ’ ਵਿੱਚ ਲਿਖਿਆ ਹੈ ਕਿ ਜ਼ਿੰਦਗੀ ਦਾ ਰੋਟੀਨ ਤੋੜਨਾ ਨਹੀਂ ਚਾਹੀਦਾ, ਇਸ ਨਾਲ ਜ਼ਿੰਦਗੀ ਵਿੱਚ ਰਵਾਨੀ ਬਣੀ ਰਹਿੰਦੀ ਹੈ ਪ੍ਰੰਤੂ ਸਮੇਂ ਦੀ ਤਬਦੀਲੀ ਨਾਲ ਕੁਝ ਬਦਲਣਾ ਪੈ ਜਾਂਦਾ ਹੈ। ਦੋਸਤਾਂ-ਮਿੱਤਰਾਂ ਨੂੰ ਮਿਲਣ ਗਿਲਣ ਨਾਲ ਖ਼ੁਸ਼ੀ ਮਿਲਦੀ ਹੈ। ਵਹਿਮਾ ਭਰਮਾ ਵਿੱਚ ਨਹੀਂ ਪੈਣਾ ਚਾਹੀਦਾ। ਖੱਬੇ ਪੱਖੀ ਵਿਚਾਰਧਾਰਾ ਨੂੰ ਉਹ ਸਾਰਥਿਕ ਮੰਨਦੇ ਹਨ। ਉਲੂ ਰਾਹੀਂ ਸੰਕੇਤਕ ਤੌਰ ‘ਤੇ ਸਮਾਜ ਵਿੱਚ ਵਾਪਰ ਰਹੀਆਂ ਮਾੜੀਆਂ ਘਟਨਾਵਾਂ ਦੀ ਨਿੰਦਿਆ ਕਰਦੇ ਹਨ।
      ‘ਜੀਵਨ ਦੇ ਮਕਸਦ ਨੂੰ ਸ਼ਪਸ਼ਟ ਕਰਦਾ ਹੈ-ਲਿਖਣਾ’ ਵਿੱਚ ਲੇਖਕ ਦਸਦੇ ਹਨ ਕਿ ਉਨ੍ਹਾਂ ਕਵਿਤਾ, ਕਹਾਣੀ, ਨਾਟਕ ਅਤੇ ਵਾਰਤਕ ਲਿਖੀ ਹੈ। ਲਿਖਣ ਨਾਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਕਰੋਨਾ ਸਮੇਂ ਦੀ ਉਦਾਹਰਨ ਲਿਖ ਕੇ ਦੱਸਿਆ ਹੈ ਕਿ ਲੋਕਾਂ ਨੂੰ ਵੀ ਲਿਖਣ ਦਾ ਲਾਭ ਹੁੰਦਾ ਹੈ। ਉਨ੍ਹਾਂ ਆਪਣੀਆ ਪੁਸਤਕਾਂ ਲਿਖਣ ਦੇ ਕਾਰਨ ਵੀ ਦੱਸੇ ਹਨ।      
     ‘ਬਿਮਾਰੀ ਨੂੰ ਨਹੀਂ, ਸਿਹਤ ਨੂੰ ਚੁਣਨਾ’ ਲੇਖ ਵਿੱਚ ਡਾ.ਦੀਪਤੀ ਨੇ ਦੱਸਿਆ ਹੈ ਕਿ ਬਿਮਾਰੀ ਨਾਲੋਂ ਸਿਹਤ ਦਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਬਿਮਾਰੀ ਠੀਕ ਹੋ ਜਾਂਦੀ ਹੈ। ਬੀਮਾਰ ਆਪਣੇ ਆਪ ਨੂੰ ਤਰਸ ਦਾ ਪਾਤਰ ਨਾ ਬਣਾਵੇ। ਦੋਸਤ ਰੂਹ ਦੀ ਖ਼ੁਰਾਕ ਹੁੰਦੇ ਹਨ। ‘ਦਰਦ ਨੂੰ ਚੇਤੇ ਰੱਖਣਾ, ਸਿਆਣਪ ਨਹੀਂ’ ਇਸ ਲੇਖ ਵਿੱਚ ਉਨ੍ਹਾਂ ਨਤੀਜਾ ਕੱਢਿਆ ਹੈ ਕਿ ਦਰਦ ਨੂੰ ਯਾਦ ਰੱਖਣ ਦੀ ਥਾਂ ਸਿਖਿਆ ਹੈ ਕਿ ‘ਪੀਸ ਵਿਧ ਸੈਲਫ’। ਉਨ੍ਹਾਂ ਜ਼ਿੰਦਗੀ ਵਿੱਚ ਅਨੇਕਾਂ ਸਿਹਤ ਸੰਬੰਧੀ ਸਮੱਸਿਆਵਾਂ ਝੱਲੀਆਂ ਹਨ ਪ੍ਰੰਤੂ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਹੌਸਲਾ ਅਤੇ ਸ਼ਾਂਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਇਸ ਕਿੱਤੇ ਵਿੱਚ ਭਰਿਸ਼ਟਾਚਾਰ ਭਾਰੂ ਹੋ ਗਿਆ ਹੈ।
      ‘ਸਿਹਤ-ਸਮਾਜ ਦੀ ਸਮਝ ਤੋਂ ਬਿਨਾ ਅਧੂਰੀ’ ਸਮਾਜ ਤੁਹਾਡੇ ਬਾਰੇ ਕੀ ਸੋਚਦਾ ਤੇ ਕਹਿੰਦਾ ਹੈ, ਇਸ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਪ੍ਰੰਤੂ ਉਨ੍ਹਾਂ ਦਾ ਪ੍ਰਤੀਕਰਮ ਦੇਣਾ ਵੀ ਠੀਕ ਨਹੀਂ। ਇਸ ਚੈਪਟਰ ਵਿੱਚ ਲੇਖਕ ਦੀ ਮੈਡੀਕਲ ਅਤੇ ਹੋਰ ਪੜ੍ਹਾਈ ਅਤੇ ਉਸ ਦੇ ਰਾਹ ਵਿੱਚ ਆਉਣ ਵਾਲੀਆਂ ਔਕੜਾਂ ਦਾ ਜ਼ਿਕਰ ਵੀ ਕੀਤਾ ਹੈ।
      ‘ਸਾਹਾਂ ਵਿੱਚ ਭਰੋਸਾ ਨਹੀਂ, ਭਰੋਸੇ ਵਿੱਚ ਸਾਹ’ ਚੈਪਟਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਬਿਮਾਰੀ ਤੋਂ ਡਰਨਾ ਨਹੀਂ ਚਾਹੀਦਾ, ਕੋਈ ਨਿਸ਼ਾਨਾ ਨਿਸਚਤ ਕਰ ਲਓ, ਫਿਰ ਜ਼ਿੰਦਗੀ ਜਿਓਣ ਵਿੱਚ ਮੁਸ਼ਕਲ ਨਹੀਂ ਆਵੇਗੀ, ਦਿਮਾਗ ਤੇ ਬੋਝ ਪਾਉਣਾ ਬਿਮਾਰੀ ਨੂੰ ਵਧਾਉਣਾ ਹੁੰਦਾ ਹੈ। ਕਿਸੇ ਨਾਲ ਬਿਮਾਰੀ ਸਾਂਝੀ ਕਰਨ ਦੀ ਲੋੜ ਨਹੀਂ ਲੋਕ ਗ਼ੈਰ ਵਿਗਿਆਨਕ ਸਲਾਹਾਂ ਦਿੰਦੇ ਹਨ। ਡਰ ਅਤੇ ਗਿਆਨ ਇਕੱਠੇ ਨਹੀਂ ਰਹਿ ਸਕਦੇ। ‘ਸਾਥ, ਵਿਸਵਾਸ਼, ਅਹਿਸਾਸ-ਤੁਰਦੇ ਰਹਿਣ ਦੇ ਸਬੱਬ’ ਲੇਖ ਵਿੱਚ ਡਾ. ਦੀਪਤੀ ਨੇ ਦੱਸਿਆ ਹੈ ਕਿ ਸੁਹਾਵਣੀ ਜ਼ਿੰਦਗੀ ਜਿਉਣ ਲਈ  ਸੰਤੁਸ਼ਟੀ ਬਹੁਤ ਜ਼ਰੂਰੀ ਹੈ। ਜੋ ਮਿਲ ਗਿਆ ਉਸ ‘ਤੇ ਸਬਰ ਕਰੋ। ਫਿਰ ਤੁਸੀਂ ਆਪਣੀ ਮਰਜ਼ੀ ਨਾਲ ਸਾਹਿਤਕ ਸਰਗਰਮੀ ਕਰ ਸਕਦੇ ਹੋ। ਮੈਡੀਕਲ ਕਿੱਤੇ ਵਿੱਚ ਲਾਲਚ ਭਾਰੂ ਹੋ ਗਿਆ ਹੈ।
       ‘ਦੂਸਰਿਆਂ ਪ੍ਰਤੀ ਫ਼ਿਕਰਮੰਦੀ, ਖ਼ੁਸ਼ੀ ਦੇ ਸੋਮੇ’ ਲੇਖ ਐਤਵਾਰ ਦੀਆਂ ਸਰਗਰਮੀਆਂ ਬਾਰੇ ਹੈ, ਜਿਸ ਵਿੱਚ ਸਕਾਊਟ, ਐਨ.ਐਸ.ਐਸ., ਭਾਰਤ ਗਿਆਨ ਵਿਗਿਆਨ ਸੰਮਤੀ, ਅੰਮ੍ਰਿਤਸਰ ਸਾਇੰਟਿਫਿਕ ਅਵੇਅਰਨੈਸ ਗਰੁਪ, ਸਾਥੀ ਸੰਸਥਾ, ਤਰਕਸ਼ੀਲ ਸੋਸਾਇਟੀ ਅਤੇ ਮਿੰਨੀ ਕਹਾਣੀ ਮੰਚ ਆਦਿ ਸ਼ਾਮਲ ਹਨ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਨਸਾਨ ਨੂੰ ਉਸਾਰੂ ਸੋਚ ਵਾਲਾ ਰਹਿਣਾ ਚਾਹੀਦਾ ਹੈ। ਉਸ ਨੂੰ ਜ਼ਿੰਦਗੀ ਵਿੱਚ ਕਈ ਹਾਦਸੇ ਹੋਏ। ਹਰ ਹਾਲਾਤ ਵਿੱਚ ਅਡਜਸਟ ਕਰਨਾ ਚਾਹੀਦਾ ਹੈ।
       ‘ਜਿੰਦਗੀ ਛੁੱਟੀ ਤੇ ਨਹੀਂ ਜਾਂਦੀ’ ਵਿੱਚ ਦੱਸਿਆ ਹੈ ਕਿ ਸਮਾਂ ਬਤੀਤ ਕਰਨ ਦੀ ਵਿਉਂਤਬੰਦੀ ਕਰਨੀ ਚਾਹੀਦੀ ਹੈ।  ਟਿਕ ਕੇ ਨਾ ਬੈਠੋ ਕੋਈ ਸਰਗਰਮੀ ਕਰਦੇ ਰਹੋ ਜਿਵੇਂ, ਨਸ਼ਿਆਂ ਸੰਬੰਧੀ ਅਧਿਆਪਕਾਂ ਨੂੰ ਸਿਖਿਆ ਦਿੱਤੀ, ਪਿੰਗਲਵਾੜੇ ਨਾਲ ਜੁੜੇ, ਸਮਾਜਿਕ ਸਰੋਕਾਰਾਂ ‘ਤੇ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਆਦਿ। ‘ਜ਼ਿੰਦਗੀ ਦੀ ਰਵਾਨੀ ਲਈ, ਖਾਣ-ਪੀਣ ਦੀ ਚੋਣ’ ਵਿਸ਼ੇ ਵਾਲੇ ਲੇਖ ਵਿੱਚ ਦੱਸਿਆ ਕਿ  ਸ਼ੂਗਰ ਰੋਗ ਹੋਣ ਕਰਕੇ ਖਾਣ-ਪੀਣ ਦੀ ਤਰਤੀਬ ਬਣਾਉਣੀ ਜ਼ਰੂਰੀ ਹੁੰਦੀ ਹੈ, ਇਸ ਲਈ ਉਹ ਦੁਪਹਿਰ ਦੀ ਰੋਟੀ ਨਹੀਂ ਖਾਂਦੇ ਪ੍ਰੰਤੂ ਸਲਾਦ, ਦਹੀਂ ਅਤੇ ਸਬਜ਼ੀ ਖਾਂਦਾ ਹਾਂ, ਮਰੀਜ਼ਾਂ ਨੂੰ ਵੀ ਇੰਜ ਹੀ ਕਰਨਾ ਚਾਹੀਦਾ। ਭਾਰ ਵੀ ਘੱਟ ਰੱਖਣਾ ਚਾਹੀਦਾ।
      ‘ਸਾਹਿਤ ਵਿੱਚ ਮੌਤ ਨੂੰ ਪਛਾੜਨ ਦੀ ਤਾਕਤ’ ਵਿੱਚ ਸਾਹਿਤ ਨੂੰ ਇਨਸਾਨ ਦੀ ਜਿੰਦ ਜਾਨ ਸਮਝਦਾ ਹੈ, ਜਿਸ ਕਰਕੇ ਇਨਸਾਨ ਰੁਝਿਆ ਰਹਿੰਦਾ ਹੈ। ਉਦਾਸੀ ਦੂਰ ਕਰਨ ਲਈ ਸਾਹਿਤ ਪੜ੍ਹੋ। ਸਾਹਿਤ ਦਾ ਰਿਸ਼ਤਾ ਮਨੁੱਖੀ ਤਰੰਗਾਂ ਨਾਲ ਹੈ। ਜੇਕਰ ਇਨਸਾਨ ਸੰਤੁਸ਼ਟ ਹੈ ਤਾਂ ਬਿਮਾਰੀ ਦਾ ਮੁਕਾਬਲਾ ਕਰਨਾ ਅਸਾਨ ਹੈ। ਸਾਹਿਤ ਜ਼ਿੰਦਗੀ ਦਾ ਰਾਹ ਦਸੇਰਾ ਹੁੰਦਾ ਹੈ।  ‘ਜ਼ਿੰਦਗੀ ਦਾ ਸਲੀਕਾ-ਵਿਗਿਆਨ ਦਾ ਪੱਲਾ ਫੜਣਾ’ ਵਿੱਚ ਦੱਸਿਆ ਹੈ ਕਿ ਬਿਮਾਰੀ ਦਾ ਡਰ ਰੋਗ ਵਧਾਉਂਦਾ ਹੈ। ਲਾਪ੍ਰਵਾਹ ਨਹੀਂ ਹੋਣਾ, ਕੇਅਰ ਫ੍ਰੀ ਹੋਵੋ, ਬੇਪ੍ਰਵਾਹ । ਕਿਸੇ ਦੀ ਮਦਦ ਕਰਕੇ ਖ਼ੁਸ਼ੀ ਪ੍ਰਾਪਤ ਕਰੋ। ਲੋਕਾਂ ਨੂੰ ਮੈਡੀਕਲ ਮਾਹੌਲ ਵਿੱਚ ਡਾਕਟਰਾਂ ‘ਤੇ ਵਿਸ਼ਵਾਸ਼ ਨਹੀਂ ਰਿਹਾ।
      ‘ਜ਼ਿੰਦਗੀ ਲਈ ਅੜਿਕਾ-ਅੰਧ ਵਿਸ਼ਵਾਸ਼’ ਲੇਖ ਵਿੱਚ ਦੱਸਿਆ ਹੈ ਕਿ ਇਹ ਇਕ ਸਮਾਜਿਕ ਬੀਮਾਰੀ ਹੈ। ਜ਼ਿੰਦਗੀ ਨੂੰ ਸਫ਼ਲ ਹੋਣ ਨਹੀਂ ਦਿੰਦਾ।  ‘ਡਰ ਅਤੇ ਗਿਆਨ ਇਕੱਠੇ ਨਹੀਂ ਰਹਿ ਸਕਦੇ’ ਲੇਖ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਡਰ ਦਾ ਗਿਆਨ ਨਾਲ ਕੋਈ ਸੰਬੰਧ ਨਹੀਂ। ਡਾ. ਦੀਪਤੀ ਅਨੁਸਾਰ 50 ਸਾਲ ਦੀ ਉਮਰ ਤੋਂ ਬਾਅਦ ਰੋਟੀ ਦੀ ਮਾਤਰਾ ਘਟਾ ਕੇ ਸਬਜੀਆਂ ਅਤੇ ਫਲ ਫਰੂਟ ਦੀ ਮਿਕਦਾਰ ਵਧਾਉਣੀ ਜ਼ਰੂਰੀ ਹੈ। ਬੱਚਿਆਂ ਨੂੰ ਕੈਰੀਅਰ ਚੁਣਨ ਦੀ ਆਜ਼ਾਦੀ ਦਿਓ ਪ੍ਰੰਤੂ ਮਨੋਰੰਜਨ ਲਈ ਹੱਦ ਮਿਥ ਦਿਓ। ਕਿਸੇ ਵੀ ਸਮੱਸਿਆ ਦਾ ਹਲ ਆਪ ਲੱਭੋ, ਕਿਸੇ ‘ਤੇ ਨਿਰਭਰ ਨਾ ਹੋਵੋ। ਵਿਆਹ ਸ਼ਾਦੀਆਂ ਵਿੱਚ ਸਾਦਗੀ ਅਤੇ ਜਾਤ ਪਾਤ ਤੋਂ ਖਹਿੜਾ ਛੁਡਾਓ। ਡਾ.ਦੀਪਤੀ ਨਾਸਤਕ ਹੈ, ਉਹ ਸਮਝਦਾ ਹੈ ਕਿ ਧਰਮ ਇਨਸਾਨ ਦਾ ਅਕੀਦਾ ਹੈ ਪ੍ਰੰਤੂ ਧਰਮ ਇਨਸਾਨ ਦੀ ਮਦਦ ਕਰਨ ਦੇ ਸਮਰੱਥ ਨਹੀਂ ਹੁੰਦਾ। ਇਨਸਾਨ ਕਿਸੇ ਵੀ ਉਮਰ ਵਿੱਚ ਕੋਈ ਕੰਮ ਕਰ ਸਕਦਾ ਹੈ, ਬਸ਼ਰਤੇ ਬਚਨਵੱਧਤਾ ਹੋਵੇ।
      ‘ਨੀਂਦ ਨਾਲ ਰਿਸ਼ਤਾ-ਜਦੋਂ ਦਿਨ ਤੋਂ ਪਛਤਾਵਾ ਨਾ ਹੋਵੇ’ ਵਿੱਚ ਲੇਖਕ ਦੱਸ ਰਿਹਾ ਹੈ ਕਿ ਨੀਂਦ ਦੀ ਮਨੁੱਖੀ ਜ਼ਿੰਦਗੀ ਵਿੱਚ ਮਹੱਤਤਾ ਹੈ, ਕੁਦਰਤੀ ਨੀਂਦ ਆਉਂਦੀ ਹੈ ਪ੍ਰੰਤੂ ਜੇਕਰ ਦਿਨ ਵਿੱਚ ਤੁਹਾਡੇ ਮਨ ਤੇ ਕੋਈ ਬੋਝ ਨਾ ਹੋਵੇ। ਆਖਰੀ ਚੈਪਟਰ ‘ਮੇਰਾ ਬਲੱਡ ਗਰੁੱਪ ਬੀ-ਪਾਜ਼ਿਟਿਵ ਹੈ’ ਇਸ ਲੇਖ ਵਿੱਚ ਕਿਸੇ ਪੁਸਤਕ ਦੇ ਹਵਾਲੇ ਨਾਲ ਲੇਖਕ ਦਸਦਾ ਹੈ ਕਿ ਬੀ-ਪਾਜ਼ਿਟਿਵ ਘੁਮੱਕੜ ਕਿਸਮ ਦੇ ਲੋਕਾਂ ਦਾ ਹੁੰਦਾ ਹੈ। ਡਾ.ਦੀਪਤੀ ਵੀ ਘੁੰਮਣ ਫਿਰਨ ਵਾਲਾ ਇਨਸਾਨ ਹੈ। ਇਸ ਕਰਕੇ ਉਸਦਾ ਬਲੱਡ ਗਰੁਪ ਬੀ-ਪਾਜਿਟਿਵ ਹੈ।
   176 ਪੰਨਿਆਂ, 100 ਰੁਪਏ ਕੀਮਤ ਵਾਲੀ ਇਹ ਪੁਸਤਕ ਪ੍ਰੇਰਣਾ ਪ੍ਰਕਾਸ਼ਨ ਅੰਮ੍ਰਿਤਸਰ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ     
ਮੋਬਾਈਲ-94178 13072   
ujagarsingh48@yahoo.com

ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ - ਉਜਾਗਰ ਸਿੰਘ

ਕਿਸੇ ਇਨਸਾਨ ਵਿੱਚ ਅਦਾਕਾਰੀ ਅਤੇ ਸਾਹਿਤਕ ਮਸ ਦਾ ਇਕੱਠਿਆਂ ਹੋ ਜਾਣਾ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ। ਸੁਨੀਤਾ ਸੱਭਰਵਾਲ ਅਦਾਕਾਰੀ ਦਾ ਮੁਜੱਸਮਾ ਹੈ। ਸਾਰੀ ਉਮਰ ਉਸ ਨੇ ਆਪਣੇ ਪਤੀ ਰੰਗਕਰਮੀ ਪ੍ਰਾਣ ਸੱਭਰਵਾਲ ਨਾਲ ਮੋਢੇ ਨਾਲ ਮੋਢਾ ਲਾ ਕੇ ਅਦਾਕਾਰੀ ਕੀਤੀ ਹੈ। ਆਮ ਤੌਰ ‘ਤੇ ਇਕ ਅਦਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਸਟੇਜਾਂ ‘ਤੇ ਕਰਦਾ ਹੈ। ਉਸ ਦੀ ਅਦਾਕਾਰੀ ਨੂੰ ਚਾਰ ਚੰਨ ਉਦੋਂ ਲੱਗ ਜਾਂਦੇ ਹਨ, ਜਦੋਂ ਉਸ ਦਾ ਸਾਹਿਤਕ ਮਸ ਕਵਿਤਾ ਦੇ ਰੂਪ ਵਿੱਚ ਪ੍ਰਗਟ ਹੋ ਜਾਵੇ। ਫਿਰ ਉਸ ਦੇ ਡਾਇਲਾਗ ਕਾਵਿਕ ਹੋ ਕੇ ਅਦਾਕਾਰੀ ਵਿੱਚ ਨਿਖ਼ਾਰ ਲਿਆ ਦਿੰਦੇ ਹਨ। ਸੁਨੀਤਾ ਸੱਭਰਵਾਲ ਨਾਲ ਵੀ ਇਸੇ ਤਰ੍ਹਾਂ ਹੋਇਆ।
       ਸੁਨੀਤਾ ਸੱਭਰਵਾਲ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ‘ਤੇ ਅਧਾਰਤ ਉਮਰ ਦੇ ਸੱਤਰਵੇਂ ਦਹਾਕੇ ਵਿੱਚ ਆਪਣੇ ਅਹਿਸਾਸਾਂ ਦਾ ਪੁਲੰਦਾ ਇਕ ਕਾਵਿ ਸੰਗ੍ਰਹਿ ਦੇ ਰੂਪ ਵਿੱਚ ਪ੍ਰਕਾਸ਼ਤ ਕੀਤਾ ਹੈ। ਅਦਾਕਾਰੀ ਭਾਵੇਂ ਉਹ 1962 ਤੋਂ ਕਰਦੀ ਆ ਰਹੀ ਹੈ ਪ੍ਰੰਤੂ ਉਸ ਨੇ ਆਪਣੇ ਅਹਿਸਾਸਾਂ ਨੂੰ ਕਵਿਤਾ ਦੇ ਰੂਪ ਵਿੱਚ ਪਹਿਲੀ ਵਾਰੀ 1990 ਵਿੱਚ ਕੈਨੇਡਾ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਦੌਰਾਨ ਪ੍ਰਗਟਾਵਾ ਕੀਤਾ। ਉਹ ਕਵਿਤਾ ‘ਆਓ ਨੀ ਅੱਜ ਮਾਹੀ ਨੇ ਆਣਾ’ ਉਸ ਦਾ ਇੱਕ ਫ਼ੌਜੀ ਦੀ ਇਸਤਰੀ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸੀ।
ਕਵਿਤਾ ਬਾਰੇ ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਇਸ਼ਕ ਮੁਸ਼ਕ ਦਾ ਪ੍ਰਗਟਾਵਾ ਹੁੰਦਾ ਹੈ। ਹਰ ਇਸਤਰੀ ਕਵਿਤਰੀ ਸਭ ਤੋਂ ਪਹਿਲੀ ਕਵਿਤਾ ਪਿਆਰ ਮੁਹੱਬਤ ਬਾਰੇ ਲਿਖਦੀ ਹੈ ਕਿਉਂਕਿ ਉਹ ਔਰਤ ਦੇ ਮਨ ਦੀਆਂ ਤਰੰਗਾਂ ਨੂੰ ਸਮਝਦੀ ਹੁੰਦੀ ਹੈ। ਸੁਨੀਤਾ ਨੇ ਵੀ ਇਸਤਰੀ   ਹੋਣ ਦੇੇੇੇੇ ਨਾਤੇ ਇਸ ਪ੍ਰਕਾਰ ਹੀ ਕੀਤਾ। ਉਸ ਤੋਂ ਬਾਅਦ ਸੁਨੀਤਾ ਸੱਭਰਵਾਲ ਦੀਆਂ ਬਹੁਤੀਆਂ ਕਵਿਤਾਵਾਂ ਧਾਰਮਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ ਕਿਉਂਕਿ ਉਸ ਨੇ ਜਿਤਨੇ ਵੀ ਨਾਟਕਾਂ ਵਿੱਚ ਅਦਾਕਾਰੀ ਕੀਤੀ ਲਗਪਗ ਉਹ ਸਾਰੇ ਹੀ ਸਮਾਜਿਕ ਬੁਰਾਈਆਂ ਦਾ ਪਰਦਾਫਾਸ਼ ਕਰਦੇ ਸਨ। ਫਿਰ ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਲੋਕ ਹਿੱਤਾਂ ‘ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਲੋਕਾਈ ਦੇ ਦੁੱਖ ਦਰਦ ਨੂੰ ਆਪਣੀਆਂ ਕਵਿਤਾਵਾਂ ਦੇ ਵਿਸ਼ੇ ਬਣਾਇਆ। ਇਹ ਠੀਕ ਹੈ ਕਿ ਉਸ ਦੇ ਵਿਸ਼ੇ ਸਮਾਜਿਕ ਵਿਸੰਗਤੀਆਂ ਨਾਲ ਸੰਬੰਧਤ ਹਨ, ਜਿਸ ਕਰਕੇ ਉਸ ਦੀ ਕਵਿਤਾ ਵਿੱਚ ਖਿਆਲਾਂ ਦੀ ਪ੍ਰਪੱਕਤਾ ਤਾਂ ਹੈ ਪ੍ਰੰਤੂ ਸਾਹਿਤਕ ਪ੍ਰਪੱਕਤਾ ਦੀ ਘਾਟ ਮਹਿਸੂਸ ਹੋ ਰਹੀ ਹੈ। ਉਸ ਦੀਆਂ ਇਸ ਕਾਵਿ ਸੰਗ੍ਰਹਿ ਵਿੱਚ 40 ਕਵਿਤਾਵਾਂ ਹਨ, ਜਿਨ੍ਹਾਂ ਦੇ ਵਿਸ਼ੇ ਭਰਿਸ਼ਟਾਚਾਰ, ਲੋਭ ਲਾਲਚ, ਵੋਟਾਂ ਦੀ ਰਾਜਨੀਤੀ, ਨਸ਼ੇ, ਝੂਠ ਦਾ ਬੋਲਬਾਲਾ, ਬੁਢਾਪਾ, ਦਹਿਸ਼ਤਗਰਦੀ, ਵਿਰਾਸਤ, ਸਭਿਅਚਾਰ ਅਤੇ ਸਿਆਸਤਦਾਨਾ ਦੀਆਂ ਚਾਲਾਂ ਸ਼ਾਮਲ ਹਨ। ‘ਦਹਿਸ਼ਤਗਰਦ’ ਕਵਿਤਾ ਵਿੱਚ ਸੁਨੀਤਾ ਸੱਭਰਵਾਲ ਲਿਖਦੀ ਹੈ -
ਮਰਨ ਮਾਰਨ ਦਾ ਇਹਨਾਂ ਨੂੰ, ਨਹੀਂ ਕੋਈ ਦਰਦ।
ਨਾ ਕੋਈ ਦਿਲ ਵਿੱਚ ਪਿਆਰ ਮੁਹੱਬਤ, ਨਾ ਕਿਸੇ ਦਾ ਸਮਝਣ ਦਰਦ।
ਇਹ ਕਰਦੇ ਨੇ ਬਸ ਆਪਣੇ ਮਨ ਦੀ ਮਰਜ਼ੀ,
ਮਰ ਜਾਓ ਜਾਂ ਮਾਰ ਦਿਓ ਏਹੋ ਸਮਝਦੇ ਆਪਣਾ ਫ਼ਰਜ਼।
ਇਹ ਕਵਿਤਾ ਇਕ ਇਸਤਰੀ ਦੇ ਕੋਮਲ ਮਨ ਦੀ ਪ੍ਰਤੀਕ੍ਰਿਆ ਹੈ। ਮਜ਼ਦੂਰ ਕਵਿਤਾ ਵਿੱਚ ਮਜ਼ਦੂਰਾਂ ਦੀ ਮਿਹਨਤ ਦਾ ਪ੍ਰਗਟਾਵਾ ਕਰਦੀ ਲਿਖਦੀ ਹੈ ਕਿ ਉਹ ਸੱਚੇ ਦੇਸ਼ ਭਗਤ ਹੁੰਦੇ ਹਨ, ਜਿਹੜੇ  ਰੁੱਖੀ ਮਿਸੀ ਖਾ ਕੇ ਖ਼ੁਸ਼ ਰਹਿੰਦੇ ਹਨ। ‘ਪੈਸਾ ਹਾਏ ਪੈਸਾ’ ਕਵਿਤਾ ਵਿੱਚ ਲੋਕ ਸਿਰਫ ਪੈਸੇ ਪਿਛੇ ਮਰਦੇ ਹਨ। ਇਨਸਾਨੀ ਸੰਬੰਧ ਵੀ ਪੈਸੇ ਵਾਲਿਆਂ ਨਾਲ ਹੀ ਬਣਦੇ ਹਨ। ਗ਼ਰੀਬ ਦਾ ਕੋਈ ਸਾਥੀ ਨਹੀਂ ਹੁੰਦਾ। ਪੈਸੇ ਦੀ ਖ਼ਾਤਰ ਧੋਖਾ ਫਰੇਬ ਆਮ ਜਿਹੀ ਗੱਲ ਹੈ। ਇਨਸਾਨੀਅਤ ਖ਼ਤਮ ਹੋਈ ਪਈ ਹੈ। ਅੱਜ ਕਲ੍ਹ ਦੋਸਤੀ ਦੇ ਵੀ ਅਰਥ ਬਦਲ ਗਏ ਹਨ। ਸੁਨੀਤਾ ਸੱਚੇ ਦੋਸਤ ਬਣਾਉਣ ਦੀ ਪ੍ਰੋੜਤਾ ਕਰਦੀ ਹੈ। ‘ ਅੱਜ ਦਾ ਸਰਵਣ ਪੁੱਤਰ’ ‘ਕਿਥੇ ਹੈ ਮਾਂ’? ਅਤੇ ‘ਮਾਂ’ ਬਹੁਤ ਹੀ ਭਾਵਨਾਤਮਿਕ ਕਵਿਤਾਵਾਂ ਹਨ, ਜਿਨ੍ਹਾਂ ਵਿੱਚ ਦਰਸਾਇਆ ਹੈ ਕਿ ਅਜੋਕੇ ਜ਼ਮਾਨੇ ਵਿੱਚ ਮਾਪਿਆਂ ਦੀ ਅਣਵੇਖੀ, ਉਨ੍ਹਾਂ ਦੀ ਔਲਾਦ ਹੀ ਕਰਦੀ ਹੈ। ਮਾਪਿਆਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਜਾਂਦਾ ਹੈ। ਮਾਂ ਬੱਚੇ ਦੇ ਹਰ ਸੁੱਖ ਲਈ ਸ਼ਗਨ ਮਨਾਉਂਦੀ ਹੈ। ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਬੁਰੀਆਂ ਅਲਾਮਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ‘ਇਛਾਵਾਂ’ ਕਵਿਤਾ ਵਿੱਚ ਸੁਨੀਤਾ ਨੇ ਦੱਸਿਆ ਹੈ ਕਿ ਕਦੀਂ ਪੂਰੀਆਂ ਨਹੀਂ ਹੋ ਸਕਦੀਆਂ ਪ੍ਰੰਤੂ ਇਨਸਾਨ ਨੂੰ ਇਨ੍ਹਾਂ ‘ਤੇ ਕਾਬੂ ਪਾ ਕੇ ਸੰਤੁਸ਼ਟ ਹੋਣਾ ਚਾਹੀਦਾ ਹੈ। ‘ਦੁਨੀਆਂ ਖੇਲ ਤਮਾਸ਼ਾ’ ਆਰਥਿਕ ਨਾ ਬਰਾਬਰੀ ਦਾ ਪ੍ਰਗਟਾਵਾ ਹੈ। ਇਨਸਾਨ ਰੱਬ ਨੂੰ ਵੀ ਰਿਸ਼ਵਤ ਦੇਣ ਤੋਂ ਗੁਰੇਜ ਨਹੀਂ ਕਰਦਾ। ‘ਰੇਲ ਗੱਡੀ ਚੱਲੀ’ ਕਵਿਤਾ ਤੋਂ ਰਲਮਿਲ ਬੈਠਣ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ। ‘ਸ਼ਬਦਾਂ ਦਾ ਹੇਰ ਫੇਰ’ ਕਵਿਤਾ ਵਿੱਚ ਪ੍ਰੇਰਨਾ ਦਿੱਤੀ ਗਈ ਹੈ ਕਿ ਸ਼ਬਦ ਦੁੱਖ ਅਤੇ ਸੁੱਖ ਦੋਵੇਂ ਦਿੰਦੇ ਹਨ ਪ੍ਰੰਤੂ ਇਨਸਾਨ ਨੂੰ ਮੁਹੱਬਤੀ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।  ‘ਬੁਢਾਪਾ’ ਅਤੇ ਨਵੀਂ ਸਵੇਰ’ ਕਵਿਤਾਵਾਂ ਵਿੱਚ ਸੁਨੀਤਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਬੁਢਾਪਾ ਸਰਾਪ ਨਹੀਂ ਸਗੋਂ ਸੰਤੁਸ਼ਟੀ ਦਾ ਦੂਜਾ ਨਾਮ ਹੈ। ਇਨਸਾਨ ਨੂੰ ਆਪਣੀ ਸੋਚ ਉਸਾਰੂ ਰੱਖਣੀ ਚਾਹੀਦੀ ਹੈ। ਦੁੱਖ ਅਤੇ ਸੁੱਖ ਇਕ ਸਿੱਕੇ ਭਾਵ ਜ਼ਿੰਦਗੀ ਦੇ ਦੋ ਪਾਸੇ ਹਨ। ‘ਨਵੀਂ ਰੌਸ਼ਨੀ’ ਕਵਿਤਾ ਅਨੁਸਾਰ ਇਨਸਾਨ ਦੇ ਅੰਦਰ ਰੌਸ਼ਨੀ ਹੋਣੀ ਚਾਹੀਦੀ ਹੈ, ਫਿਰ ਸਾਰਾ ਸੰਸਾਰ ਮੁਹੱਬਤੀ ਤੇ ਖ਼ੁਸ਼ਹਾਲ ਦਿਸੇਗਾ। ‘ਬਰਸਾਤ’ ਕਵਿਤਾ ਕਮਾਲ ਦੀ ਹੈ, ਜਿਸ ਵਿੱਚ ਇਨਸਾਨ ਨੂੰ ਬਰਸਾਤ ਦੀਆਂ ਬੂੰਦਾ ਦਾ ਆਨੰਦ ਮਾਣਦਿਆਂ ਫਖ਼ਰ ਮਹਿਸੂਸ ਕਰਨਾ ਚਾਹੀਦਾ ਹੈ। ‘ਨਵਾਂ ਦੌਰ’ ਕਵਿਤਾ ਆਧੁਨਿਕ ਯੁਗ ਦੀਆਂ ਚੰਗਿਆਈਆਂ ਅਤੇ ਬੁਰਾਈਆਂ ਦਾ ਪ੍ਰਤੀਕ ਹੈ। ਨਵੇਂ ਦੌਰ ਵਿੱਚ ਰਿਸ਼ਤੇ ਫਿੱਕੇ ਪੈ ਗਏ ਹਨ। ਖੁਦਗਰਜੀ ਭਾਰੂ ਹੋ ਗਈ ਹੈ। ‘ਝੂਠ ਦਾ ਬੋਲਬਾਲਾ’ ਕਵਿਤਾ ਵਿੱਚ ਦਰਸਾਇਆ ਹੈ ਕਿ ਸਮਾਜ ਵਿੱਚ ਲਾਲਚ, ਫਰੇਬ, ਧੋਖਾ, ਪੈਸਾ ਕਮਾਉਣਾ ਰਿਸ਼ਵਤ ਲੈਣੀ ਅਤੇ ਫਿਰ ਤੀਰਥ ਅਸਥਾਨਾ ਤੇ ਜਾ ਕੇ ਗ਼ਲਤੀਆਂ ਸੁਧਾਰਨ ਵਰਗੇ ਕੰਮ ਲੋਕਾਈ ਕਰ ਰਹੀ ਹੈ। ਇਨ੍ਹਾਂ ਗੱਲਾਂ ਦੀ ਥਾਂ ਸਚਾਈ ਦੇ ਮਾਰਗ ‘ਤੇ ਚਲਣਾ ਚਾਹੀਦਾ ਹੈ। ‘ਲੇਖ ਮੱਥੇ ਦੇ’ ਵਿੱਚ ਵੀ ਦੱਸਿਆ ਹੈ ਕਿ ਚੰਗੇ ਕੰਮ ਕਰਨੇ ਚਾਹੀਦੇ ਹਨ, ਬੁਰੇ ਕੰਮ ਕਰਕੇ ਇਬਾਦਤ ਕਰਨ ਨਾਲ ਲਾਭ ਨਹੀਂ ਮਿਲਣਾ। ‘ਚੋਰ ਚੋਰ’ ਕਵਿਤਾ ਵੀ ਦੱਸਦੀ ਹੈ ਕਿ ਹਰ ਇਨਸਾਨ ਗ਼ਲਤ ਢੰਗ ਵਰਤਕੇ ਪੈਸੇ ਕਮਾ ਰਿਹਾ ਹੈ। ਸਮਾਜ ਸਾਰਾ ਹੀ ਚੋਰ ਹੈ, ਵਿਖਾਵਾ ਹੋਰ ਕਰਦਾ ਹੈ ਪ੍ਰੰਤੂ ਉਸ ਦੇ ਅੰਦਰ ਚੋਰ ਹੈ। ਇਨਸਾਨ ਨੂੰ ਆਪਣੇ ਅੰਦਰਲੇ ਚੋਰ ਦੀ ਪਛਾਣ ਕਰਨੀ ਚਾਹੀਦੀ ਹੈ। ‘ਗੁੰਮ ਗਿਆ ਬੰਦਾ’  ‘ਮੇਰਾ ਭਾਰਤ ਮਹਾਨ’ ਅਤੇ ‘ਮੇਲੇ ‘ਚ ਇਕੱਲਾ’ ਤਿੰਨ ਕਵਿਤਾਵਾ ਬਹੁਤ ਮਹੱਤਵਪੂਰਨ ਹਨ, ਜਿਨ੍ਹਾਂ ਰਾਹੀਂ ਕਵਿਤਰੀ ਨੇ ਦੱਸਿਆ ਹੈ ਕਿ ਪਰਮਾਤਮਾ ਸਾਡੇ ਅੰਦਰ ਹੀ ਬਿਰਾਜਮਾਨ ਹੈ ਪ੍ਰੰਤੂ ਇਨਸਾਨ ਉਸਨੂੰ ਲੱਭਦਾ ਭਟਕਦਾ ਫਿਰਦਾ ਹੈ। ਭਾਰਤ ਵਿੱਚ ਹਰ ਤਰ੍ਹਾਂ ਦੀ ਵਸਤੂ ਹੈ ਪ੍ਰੰਤੂ ਮਨੁੱਖ ਉਸਦਾ ਆਨੰਦ ਮਾਨਣ ਦੀ ਥਾਂ ਹੋਰ ਉਤੇਜਨਾ ਵਧਾਈ ਜਾਂਦਾ ਹੈ। ‘ਸੱਚ’ ਕਵਿਤਾ ਵਿੱਚ ਵੀ ਪਰਮਾਤਮਾ ਦੀ ਸਚਾਈ ਦਾ ਵਰਣਨ ਕੀਤਾ ਹੈ। ਸੱਚਾ ਇਨਸਾਨ ਹਮੇਸ਼ਾ ਸਫਲ ਹੁੰਦਾ ਹੈ। ‘ਕਿਤਾਬ’ ਕਵਿਤਾ ਵਿੱਚ ਕਿਤਾਬ ਬਾਰੇ ਕਿਹਾ ਗਿਆਹੈ ਕਿ ਇਹ ਹਰ ਮਰਜ ਦੀ ਦੁਵਾ ਹੈ। ਹਰ ਇਨਸਾਨ ਨੂੰ ਆਪਣੇ ਆਪ ਨੂੰ ਪੜ੍ਹਾ ਦਿੰਦੀ ਹੈ। ‘ਨਸ਼ਾ’ ਨਾਸ਼ ਦੀ ਨਿਸ਼ਾਨੀ ਹੈ, ਇਨਸਾਨ ਨੂੰ ਇਸ ਤੋਂ ਬਚਕੇ ਰਹਿਣਾ ਚਾਹੀਦਾ ਹੈ। ਨਸ਼ੇੜੀ ਨੂੰ ਪੈਸੇ ਨਹੀਂ ਦੇਣੇ ਚਾਹੀਦੇ ਸਗੋਂ ਨਸ਼ਾ ਛਡਵਾਉਣ ਲਈ ਉਪਰਾਲੇ ਕਰੋ। ਪੰਜਾਬ ਨੂੰ ਨਸ਼ਿਆਂ ਨੇ ਤਬਾਹ ਕਰ ਦਿੱਤਾ ਹੈ। ‘ਪਿਆਰ’ ਅਤੇ ‘ਮੇਰੀ ਜੀਭ ਮੇਰੀ ਸਹੇਲੀ’ ਦੋਵੇਂ ਕਵਿਤਾਵਾਂ ਇਨਸਾਨ ਦੀ ਜ਼ਿੰਦਗੀ ਵਿੱਚ ਬਦਲਾਅ ਲਿਆ ਸਕਦੀਆਂ ਹਨ। ਜਿਹੋ ਜਿਹੀ ਜ਼ੁਬਾਨ ਨਾਲ ਇਨਸਾਨ ਦੂਜਿਆਂ ਨਾਲ ਵਿਵਹਾਰ ਕਰੇਗਾ, ਉਹੋ ਜਿਹਾ ਹੀ ਦੂਜੇ ਵਿਵਹਾਰ ਕਰਨਗੇ। ਇਸ ਲਈ ਪਿਆਰ ਮੁਹੱਬਤ ਦਾ ਸੰਦੇਸ਼ ਦੇਣਾ ਚਾਹੀਦਾ ਹੈ। ਸੁਨੀਤਾ ਸੱਭਰਵਾਲ ਦਾ ਤੋਂ ਹੋਰ ਸਾਰਥਿਕ ਕਵਿਤਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
90 ਪੰਨਿਆਂ, 280 ਰੁਪਏ ਕੀਮਤ, ਸਚਿਤਰ ਮੁੱਖ ਕਵਰ ਵਾਲਾ ਇਹ ਕਾਵਿ ਸੰਗ੍ਰਹਿ  ਜ਼ੌਹਰਾ ਪਬਲੀਕੇਸ਼ਨ ਪਟਿਆਲਾ (ਪੰਜਾਬ) ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072  
ujagarsingh48@yahoo.com