Ujagar Singh

ਭਾਰਤੀ ਮੂਲ ਦੇ ਅਮਰੀਕੀ ਪੰਜਾਬੀ ਸਿੱਖ ਅਜੇਪਾਲ ਸਿੰਘ ਬਾਂਗਾ ਵਿਸ਼ਵ ਬੈਂਕ ਦੇ ਮੁੱਖੀ ਹੋਣਗੇ - ਉਜਾਗਰ ਸਿੰਘ

ਭਾਰਤੀਆਂ/ਪੰਜਾਬੀਆਂ/ਸਿੱਖਾਂ ਨੇ ਆਪਣੀਆਂ ਸਿਆਣਪਾਂ, ਕਾਰਜ਼ ਕੁਸ਼ਲਤਾਵਾਂ ਅਤੇ ਮਿਹਨਤੀ ਸੁਭਾਅ ਵਾਲੀਆਂ ਅਦਾਵਾਂ ਨਾਲ ਸੰਸਾਰ ਵਿੱਚ ਆਪਣਾ ਸਿੱਕਾ ਜਮਾਇਆ ਹੈ। ਭਾਰਤੀ ਮੂਲ ਦੀਆਂ ਕਮਲਾ ਹੈਰਿਸ ਅਤੇ ਨਿੱਕੀ ਹੈਲੀ ਵਰਗੀਆਂ ਇਸਤਰੀਆਂ ਨੇ ਵੀ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਦਿਆਂ ਅਮਰੀਕਾ ਵਰਗੇ ਸੰਸਾਰ ਦੇ ਸਭ ਤੋਂ ਪ੍ਰਭਾਵਸ਼ਾਲੀ ਤਾਕਤਵਰ ਦੇਸ਼ ਵਿੱਚ ਆਪਣਾ ਨਾਮ ਕਮਾਇਆ ਹੈ। ਹੁਣ ਇਕ ਹੋਰ ਚਮਕਦੇ ਸਿਤਾਰੇ ਭਾਰਤੀ ਮੂਲ ਦੇ ਅਮਰੀਕਨ ਅਜੇਪਾਲ ਸਿੰਘ ਬਾਂਗਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਏ ਬਾਇਡਨ ਵੱਲੋਂ ਵਿਸ਼ਵ ਬੈਂਕ ਦੇ ਮੁੱਖੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਦੇ ਵਿਸ਼ਵ ਬੈਂਕ ਦੇ ਮੁੱਖੀ ਬਣਨ ਨਾਲ ਪਰਵਾਸ ਵਿੱਚ ਸਿੱਖਾਂ ਦੀ ਪਛਾਣ ਦੀ ਸਮੱਸਿਆ ਵੀ ਹਲ ਹੋਣ ਦੀ ਸੰਭਾਵਨਾ ਬਣੇਗੀ। ਜੇਕਰ ਵਿਸ਼ਵ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ ਤਾਂ ਉਹ ਵਿਸ਼ਵ ਬੈਂਕ ਦੇ ਭਾਰਤੀ ਮੂਲ ਦੇ ਅਮਰੀਕਨ ਪੰਜਾਬੀ/ਸਿੱਖ ਪਹਿਲੇ ਮੁੱਖੀ ਹੋਣਗੇ। ਆਮ ਤੌਰ ‘ਤੇ ਅਮਰੀਕਾ ਵੱਲੋਂ ਨਾਮਜ਼ਦ ਕੀਤਾ ਗਿਆ ਵਿਅਕਤੀ ਹੀ ਵਿਸ਼ਵ ਬੈਂਕ ਦਾ ਮੁੱਖੀ ਹੁੰਦਾ ਹੈ ਕਿਉਂਕਿ ਅਮਰੀਕਾ ਵਿਸ਼ਵ ਬੈਂਕ ਦਾ ਸਭ ਤੋਂ ਵੱਡਾ ਸ਼ੇਅਰ ਹੋਲਡਰ ਹੈ। ਇਸ ਤੋਂ ਪਹਿਲਾਂ 2019 ਵਿੱਚ ਡੋਨਲਡ ਟਰੰਪ ਨੇ ਡੇਵਿਡ ਪਾਲ ਪੋਲਸਮੈਨ ਨੂੰ ਚੇਅਰਮੈਨ ਨਾਮਜ਼ਦ ਕੀਤਾ ਸੀ ਪ੍ਰੰਤੂ ਉਹ ਆਪਣੇ ਦਿੱਤੇ ਬਿਆਨ ਦੇ ਵਾਦਵਿਵਾਦ ਕਰਕੇ ਇਕ ਸਾਲ ਪਹਿਲਾਂ ਅਹੁਦਾ ਛੱਡ ਰਹੇ ਹਨ। ਇਸ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਨੇ ਨਿਸਚਤ ਸਮੇਂ ਤੋਂ ਇਕ ਸਾਲ ਪਹਿਲਾਂ ਹੀ ਅਜੇਪਾਲ ਸਿੰਘ ਬਾਂਗਾ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਅਜੇਪਾਲ ਸਿੰਘ ਬਾਂਗਾ ਦਾ ਬੈਂਕ ਤੇ ਜਲਵਾਯੂ ਬਦਲਾਅ ਨਾਲ ਨਜਿਠਣ ਦਾ ਲੰਬਾ ਤਜ਼ਰਬਾ ਹੈ। ਉਹ ਪ੍ਰਾਈਵੇਟ ਇਕੁਇਟੀ ਵਿੱਚ ਕੰਮ ਕਰਦੇ ਰਹੇ ਹਨ। ਉਨ੍ਹਾਂ ਦਾ ਨਿੱਜੀ ਖੇਤਰ ਦੀ ਮਦਦ ਨਾਲ ਬੈਂਕ ਦੇ ਟੀਚੇ ਪੂਰੇ ਕਰਵਾਉਣ ਦਾ ਤਜ਼ਰਬਾ ਹੈ। ਅਜੇਪਾਲ ਬਾਂਗਾ ਦਾ ਸਰਕਾਰੀ ਕੰਪਨੀਆਂ ਅਤੇ ਗ਼ੈਰ ਮੁਨਾਫੇ ਵਾਲੀਆਂ ਕੰਪਨੀਆਂ ਦਰਮਿਆਨ ਭਾਈਵਾਲੀ ਬਣਾਉਣ ਦਾ ਵਿਸ਼ਾਲ ਤਜ਼ਰਬਾ ਹੈ। ਉਨ੍ਹਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਨਾਰਥ ਸੈਂਟਰਲ ਅਮਰੀਕਾ ਵਿੱਚ ਮਾਈਗਰੇਸ਼ਨ ਸੰਬੰਧੀ ਕੰਮ ਕਰਨ ਦਾ ਤਜ਼ਰਬਾ ਵੀ ਹੈ। ਬਰਾਕ ਓਬਾਮਾ ਨਾਲ ਕਮਿਸ਼ਨ ਆਨ ਐਨਹਾਂਸਿੰਗ ਨੈਸ਼ਨਲ ਸਾਈਬਰ ਸਕਿਉਰਿਟੀ ਦੇ ਮੈਂਬਰ ਦੇ ਤੌਰ ‘ਤੇ ਕੰਮ ਕੀਤਾ ਹੈ।  ਮੱਧ ਅਮਰੀਕਾ ਲਈ ਸਾਂਝੇਦਾਰੀ ਦੇ ਸਹਿ ਚੇਅਰਮੈਨ ਵੱਜੋਂ ਵਾਈਟ ਹਾਊਸ ਨਾਲ ਕੰਮ ਕੀਤਾ ਹੈ, ਜਿਸ ਦਾ ਨਿੱਜੀ ਖੇਤਰ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨ ਦੀ ਜ਼ਿੰਮੇਵਾਰੀ ਹੈ। ਵਿਸ਼ਵ ਬੈਂਕ ਨੇ ਇਸ ਅਹੁਦੇ ਲਈ ਤਿੰਨ ਉਮੀਦਵਾਰ ਸ਼ਾਰਟਲਿਸਟ ਕੀਤੇ ਹਨ। ਅਮਰੀਕਾ ਤੋਂ ਇਲਾਵਾ ਹੋਰ ਕਿਸੇ ਦੇਸ਼ ਦੀ ਨਾਮਜ਼ਦਗੀ ਅਜੇ ਤੱਕ ਨਹੀਂ ਆਈ।  ਮਈ 2023 ਤੱਕ ਨਵੇਂ ਚੇਅਰਮੈਨ ਦੇ ਅਹੁਦਾ ਸੰਭਾਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਉਹ ਪਹਿਲੇ ਭਾਰਤੀ ਮੂਲ ਦੇ ਪੰਜਾਬੀ ਅਤੇ ਪਹਿਲੇ ਦਸਤਾਰਧਾਰੀ ਸਿੱਖ ਇਸ ਸੰਸਥਾ ਦੇ ਮੁਖੀ ਹੋਣਗੇ। ਇਹ ਬੈਂਕ ਵਿਕਾਸਸ਼ੀਲ ਦੇਸ਼ਾਂ ਨੂੰ ਗ਼ਰੀਬੀ ਘਟਾਉਣ ਅਤੇ ਜਲਵਾਯੂ ਦੇ ਬਦਲਾਅ ਲਈ ਕਈ ਅਰਬਾਂ ਡਾਲਰਾਂ ਦੇ ਉਧਾਰ ਦਿੰਦਾ ਹੈ। ਅਮਰੀਕਾ ਜਲਵਾਯੂ ਵਿੱਚ ਆ ਰਹੀ ਅਣਕਿਆਸੀ ਤਬਦੀਲੀ ਤੋਂ ਚਿੰਤਤ ਹੈ, ਜਿਸ ਕਰਕੇ ਮਾਨਵਤਾ ਡੂੰਘੇ ਸਿਹਤ ਸੰਕਟ ਵਿੱਚ ਆ ਸਕਦੀ ਹੈ। ਅਜੇਪਾਲ ਸਿੰਘ ਬਾਂਗਾ ਨੂੰ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਨਾਮਜ਼ਦ ਕਰਨ ਨਾਲ ਸੰਸਾਰ ਵਿੱਚ ਸਿੱਖ ਭਾਈਚਾਰੇ ਦੀ ਮਾਣਤਾ ਵਿੱਚ ਵਾਧਾ ਹੋਇਆ ਹੈ। ਜੋਏ ਬਾਈਡਨ ਵੱਲੋਂ ਅਜੇਪਾਲ ਸਿੰਘ ਬਾਂਗਾ ਨੂੰ ਨਾਮਜ਼ਦ ਕਰਦਿਆਂ ਕਿਹਾ ਗਿਆ ਹੈ ਕਿ ਅਜੇਪਾਲ ਸਿੰਘ ਬਾਂਗਾ ਦੀ ਵਿਸ਼ਵ ਬੈਂਕ ਅਤੇ ਸੰਸਾਰ ਵਿੱਚ ਵਾਪਰ ਰਹੀਆਂ ਆਰਥਿਕ ਚੁਣੌਤੀਆਂ ਨੂੰ ਠੱਲ ਪਾਉਣ ਦੀ ਸਮਰੱਥਾ ਹੈ। ਉਹ ਵਿਸ਼ਵ ਬੈਂਕ ਦੀ ਅਗਵਾਈ ਕਰਨ ਦੇ ਯੋਗ ਅਰਥ ਸ਼ਾਸ਼ਤਰੀ ਹਨ। ਉਨ੍ਹਾਂ ਅੱਗੋਂ ਕਿਹਾ ਕਿ ਅਜੇਪਾਲ ਸਿੰਘ ਬਾਂਗਾ ਨੂੰ ਮਾਣ ਜਾਂਦਾ ਹੈ ਕਿ ਉਨ੍ਹਾਂ ਸੰਸਾਰ ਦੀਆਂ ਬਹੁਤ ਹੀ ਮਹੱਤਵਪੂਰਨ ਵਿਓਪਾਰਕ ਸੰਸਥਾਵਾਂ ਵਿੱਚ ਕੰਮ ਕਰਦਿਆਂ ਹਮੇਸ਼ਾ ਸਫਲਤਾ ਪ੍ਰਾਪਤ ਕੀਤੀ ਹੈ। ਅਜੇਪਾਲ ਸਿੰਘ ਬਾਂਗਾ ਨੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਗਲੋਬਲ ਕੰਪਨੀਆਂ ਦੀ ਮੈਨੇਜਮੈਂਟ, ਡਿਵੈਲਪਿੰਗ ਆਰਥਿਕਤਾ ਲਈ ਇਨਵੈਸਟਮੈਂਟ ਲਿਆਂਦੀ, ਉਨ੍ਹਾਂ ਵਿੱਚ ਵਿਲੱਖਣ ਤਬਦੀਲੀਆਂ ਕੀਤੀਆਂ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਆਰਥਿਕ ਤੌਰ ਤੇ ਮਜ਼ਬੂਤ ਬਣਾਇਆ ਹੈ। ਉਨ੍ਹਾਂ ਦਾ ਪਿਛਲਾ ਰਿਕਾਰਡ ਸ਼ਾਨਦਾਰ ਤੇ ਵਰਣਨਯੋਗ ਹੈ। ਇਸ ਸਮੇਂ ਉਹ ਇੱਕ ਪ੍ਰਈਵੇਟ ਇਕੁਇਟੀ ਫਰਮ ਜਨਰਲ ਐਟਲਾਂਟਿਕ ਦੇ ਉਪ ਚੇਅਰਮੈਨ ਹਨ। ਇਸ ਫਰਮ ਦੇ 350 ਕਰੋੜ ਰੁਪਏ ਜਲਵਾਯੂ ਬਦਲਾਅ ਲਈ ਰੱਖੀ ਰਕਮ ਦੇ ਉਹ ਸਲਾਹਕਾਰ ਹਨ। ਅਪ੍ਰੈਲ 2010 ਵਿੱਚ ਉਨ੍ਹਾਂ ਨੂੰ ਮਾਸਟਰ ਕਾਰਡ ਦੇ ਪ੍ਰੈਜੀਡੈਂਟ ਅਤੇ ਚੀਫ ਐਗਜੈਕਟਿਵ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਇਸ ਦੇ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਸਨ। ਜੂਨ 2018 ਵਿੱਚ ਉਨ੍ਹਾਂ ਨੂੰ ਇੰਟਰਨੈਸ਼ਨਲ ਚੈਂਬਰ ਆਫ਼ ਕਾਮਰਸ ਦਾ ਉਪ ਚੇਅਰਮੈਨ ਬਣਾਇਆ ਗਿਆ। ਡੇਵਿਡ ਪਾਲ ਪੋਲਸਮੈਨ ਤੋਂ ਬਾਅਦ 2020 ਵਿੱਚ ਅਜੇਪਾਲ ਬਾਂਗਾ ਇੰਟਰਨੈਸ਼ਨਲ ਚੈਂਬਰ ਆਫ਼ ਕਾਮਰਸ ਦੇ ਚੇਅਰਮੈਨ ਚੁਣੇ ਗਏ। 1 ਜਨਵਰੀ 2022 ਨੂੰ ਉਹ ਜਨਰਲ ਅਟਲਾਂਟਿਕ ਦੇ ਉਪ ਚੇਅਰਮੈਨ ਚੁਣੇ ਗਏ। ਹੁਣ 23 ਫਰਵਰੀ 2023 ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਵਿਸ਼ਵ ਬੈਂਕ ਦੇ ਮੁੱਖੀ ਲਈ ਨਾਮਜ਼ਦ ਕੀਤਾ ਹੈ। ਵਿਸ਼ਵ ਬੈਂਕ ਵਿੱਚ ਅਮਰੀਕਾ ਸਭ ਤੋਂ ਵੱਡਾ ਸ਼ੇਅਰ ਹੋਲਡਰ ਹੈ। ਅਜੇਪਾਲ ਬਾਂਗਾ ਨੂੰ ਮਾਣ ਜਾਂਦਾ ਹੈ ਕਿ ਉਹ ਸੰਸਾਰ ਦੀਆਂ ਵੱਡੀਆਂ ਕੰਪਨੀਆਂ ਦੇ ਡਾਇਰੈਕਟਰ, ਮੈਂਬਰ, ਉਪ ਚੇਅਰਮੈਨ ਅਤੇ ਚੇਅਰਮੈਨ ਰਹੇ ਹਨ। ਇਸ ਸਮੇਂ ਉਹ ਇਕ ਦਰਜਨ ਤੋਂ ਉਪਰ ਵੱਡੀਆਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰ ਦੇ ਮੈਂਬਰ ਹਨ, ਜਿਨ੍ਹਾਂ ਵਿੱਚ 2014 ਤੋਂ ਮੈਂਬਰ ਆਫ਼ ਬੋਰਡ ਆਫ਼ ਅਮੈਰਿਕਨ ਰੈਡ ਕਰਾਸ, ਉਪ ਚੇਅਰਮੈਨ ਆਫ ਦਾ ਬੋਰਡ ਇਕਨਾਮਿਕ ਕਲੱਬ ਆਫ ਨਿਊਯਾਰਕ, ਮੈਂਬਰ ਆਫ਼ ਬੋਰਡ ਆਫ਼ ਡਾਇਰੈਕਟਰਜ਼ ਪੀਟਰਸਨ ਇਨਸਟੀਚਿਊਟ ਫਾਰ ਇੰਟਰਨੈਸ਼ਨਲ ਇਕਨਾਮਿਕਸ, ਮੈਂਬਰ ਟਰੀਲੇਟਰਲ ਕਮਿਸ਼ਨ,  ਕੋ ਚੇਅਰ ਆਫ਼ ਦਾ ਬੋਰਡ ਆਫ਼ ਡਾਇਰੈਕਟਰਜ਼ ਅਮੈਰਿਕਨ ਇੰਡੀਆ ਫ਼ਾਊਂਡੇਸ਼ਨ ਅਤੇ 300 ਕੰਪਲੀਆਂ ਵਾਲੀ ਅਮੈਰੀਕਨ ਇੰਡੀਆ ਬਿਜਨਿਸ ਕੌਂਸਲ ਦੇ ਚੇਅਰਮੈਨ ਹਨ।
        ਅਜੇਪਾਲ ਸਿੰਘ ਬਾਂਗਾ ਨੇ ਆਪਣਾ ਵਿਓਪਾਰਕ ਕੈਰੀਅਰ 1981 ਵਿੱਚ ਨੈਸਲੇ ਕੰਪਨੀ ਤੋਂ ਸ਼ੁਰੂ ਕੀਤਾ ਸੀ, ਜਿਥੇ ਉਹ 13 ਸਾਲ ਸੇਲਜ਼, ਮਾਰਕੀਟਿੰਗ ਅਤੇ ਜਨਰਲ ਮੈਨੇਜਮੈਂਟ ਦਾ ਕੰਮ ਵੇਖਦੇ ਰਹੇ। 1994 ਵਿੱਚ ਉਨ੍ਹਾਂ ਪੈਪਸੀਕੋ ਜਾਇਨ ਕਰ ਲਈ। ਇਸ ਕੰਪਨੀ ਵਿੱਚ ਕੰਮ ਕਰਦਿਆਂ ਉਨ੍ਹਾਂ ਭਾਰਤ ਵਿੱਚ ਅੰਤਰਰਾਸ਼ਟਰੀ ਫਾਸਟ ਫੂਡ ਫਰੈਂਚਾਈਜ਼ ਲਾਂਚ ਕੀਤਾ। ਉਨ੍ਹਾਂ ਦੀ ਦਿਲਚਸਪੀ ਸ਼ੋਸ਼ਲ ਡਿਵੈਲਪਮੈਂਟ ਖੇਤਰ ਵਿੱਚ ਜ਼ਿਆਦਾ ਹੈ। 1996 ਵਿੱਚ ਉਨ੍ਹਾਂ ਸਿਟੀ ਬੈਂਕ ਦੇ ਭਾਰਤ ਵਿੱਚ ਮਾਰਕੀਟਿੰਗ ਮੁੱਖੀ ਫਾਰ ਕਨਜਿਊਮਰਜ਼ ਬਿਜਨਸ ਲਈ ਕੰਮ ਕੀਤਾ। ਅਮਰੀਕਾ ਵਿੱਚ 9-11 ਦੇ ਹਮਲੇ ਸਮੇਂ ਅਜੇ ਉਹ ਅਮਰੀਕਾ ਆਏ ਸੀ ਤਾਂ ਉਨ੍ਹਾਂ ਸਿਟੀ ਬੈਂਕ ਰੀਟੇਲ ਬੈਂਕਿੰਗ, ਕਨਜਿਊਮਰ ਅਸੈਟ ਡਵੀਜਨ ਵਿੱਚ ਕੰਮ ਕੀਤਾ, ਜਿਥੇ ਉਨ੍ਹਾਂ ਨੂੰ ਨਸਲੀ ਵਿਤਕਰਿਆਂ ਦਾ ਵੀ ਸਾਹਮਣਾ ਕਰਨਾ ਪਿਆ। ਇਸ ਬੈਂਕ ਵਿੱਚ ਉਨ੍ਹਾਂ ਤੇਰਾਂ ਸਾਲ ਕੰਮ ਕੀਤਾ। ਉਨ੍ਹਾਂ ਨੇ ਇਸ ਵੱਡੀ ਕੰਪਨੀ ਨੂੰ ਛੱਡ ਕੇ ਇਕ ਛੋਟੀ ਕੰਪਨੀ ਮਾਸਟਰ ਕਾਰਡ ਵਿੱਚ ਜਾਇਨ ਕਰ ਲਿਆ। ਉਨ੍ਹਾਂ ਇਸ ਕੰਪਨੀ ਦਾ ਬਿਜਨਿਸ ਤਿੰਨ ਗੁਣਾ ਵਧਾ ਦਿੱਤਾ। ਉਹ ਹਮੇਸ਼ਾ ਚੁਣੌਤੀਆਂ ਨੂੰ ਸਰ ਕਰਨ ਵਿੱਚ ਯਕੀਨ ਰੱਖਦੇ ਹਨ। ਉਹ 2005 ਤੋਂ ਮੱਧ 2009 ਤੱਕ ਸੰਸਾਰ ਵਿੱਚ ਮਾਈਕਰੋ ਫਾਈਨੈਂਸ ਸੈਕਟਰ ਦੀ ਰਣਨੀਤੀ ਬਣਾਉਣ ਦਾ ਕੰਮ ਕਰਦੇ ਰਹੇ ਹਨ।  ਅਜੇਪਾਲ ਸਿੰਘ ਬਾਂਗਾ ਨੂੰ 2016 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਵੱਲੋਂ ਵਿਓਪਾਰ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਕਰਕੇ ਪਦਮ ਸ੍ਰੀ ਦਾ ਖਿਤਾਬ ਦਿੱਤਾ ਗਿਆ ਸੀ। ਅਜੇਪਾਲ ਸਿੰਘ ਬਾਂਗਾ ਦਾ ਜਨਮ ਖੜਕੀ ਛਾਉਣੀ ਪੂਨਾ ਵਿਖੇ ਲੈਫ. ਜਨਰਲ ਹਰਭਜਨ ਸਿੰਘ ਅਤੇ ਮਾਤਾ ਜਸਵੰਤ ਕੌਰ ਦੇ ਘਰ 10 ਨਵੰਬਰ 1959 ਨੂੰ ਹੋਇਆ। ਉਨ੍ਹਾਂ ਦੇ ਖ਼ਾਨਦਾਨ ਦਾ ਪਿਛੋਕੜ ਪਿੰਡ ਸੂਰਾਪੁਰ ਬੰਗਾ ਨਾਲ ਸੰਬੰਧਤ ਹੈ। ਫਿਰ ਉਨ੍ਹਾਂ ਦੇ ਪੁਰਖੇ ਜਲੰਧਰ ਆ ਗਏ ਸਨ।  ਉਨ੍ਹਾਂ ਦੇ ਪਿਤਾ ਫੌਜ ਵਿੱਚ ਹੋਣ ਕਰਕੇ ਉਨ੍ਹਾਂ ਦੀ ਮੁੱਢਲੀ ਪੜ੍ਹਾਈ ‘ਸੇਂਟ ਐਡਵਰਡ ਸਕੂਲ ਸਿਮਲਾ’ ਅਤੇ ‘ਦਾ ਹੈਦਰਾਬਾਦ ਪਬਲਿਕ ਸਕੂਲ’ ਹੈਦਰਾਬਾਦ ਵਿੱਚ ਹੋਈ। ਉਨ੍ਹਾਂ ਆਰਟਸ ਵਿੱਚ ਗ੍ਰੈਜੂਏਸ਼ਨ ਇਕਨਾਮਿਕਸ ਵਿੱਚ ਆਨਰ ਨਾਲ ਸੇਂਟ ਸਟੀਫਨ ਕਾਲਜ ਦਿੱਲੀ ਤੋਂ ਪਾਸ ਕੀਤੀ। ਪੋਸਟ ਗ੍ਰੈਜੂਏਸ਼ਨ ਪੀ.ਜੀ.ਪੀ. ਜੋ ਐਮ.ਬੀ.ਏ.ਦੇ ਬਰਾਬਰ ਦੀ ਡਿਗਰੀ ਹੈ, ਇੰਡੀਅਨ ਇਨਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ਤੋਂ ਕੀਤੀ। ਉਨ੍ਹਾਂ ਦਾ ਵਿਆਹ ਰਿੱਤੂ ਬਾਂਗਾ ਨਾਲ ਹੋਇਆ ਉਨ੍ਹਾਂ ਦੇ ਦੋ ਬੱਚੇ ਲੜਕੀ  ਅਦਿੱਤੀ ਬਾਂਗਾ ਅਤੇ ਲੜਕਾ ਜੋਜੋ ਬਾਂਗਾ ਹਨ। ਅਜੇਪਾਲ ਸਿੰਘ ਬਾਂਗਾ ਦਾ ਵੱਡਾ ਭਰਾ ਐਮ.ਐਸ.ਬਾਂਗਾ ਭਾਰਤ ਵਿੱਚ ਵੱਡਾ ਕਾਰੋਬਾਰੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਸੁਖਮਿੰਦਰ ਸੇਖ਼ੋਂ ਦਾ ਕਹਾਣੀ ਸੰਗ੍ਰਹਿ ‘ਪੈੜਾਂ ਦੀ ਸ਼ਨਾਖ਼ਤ’ ਲੋਕ ਹਿਤਾਂ ਦਾ ਪਹਿਰੇਦਾਰ -  ਉਜਾਗਰ ਸਿੰਘ

ਸੁਖ਼ਮਿੰਦਰ ਸੇਖ਼ੋਂ ਸਥਾਪਤ ਸਾਹਿਤਕਾਰ ਹੈ। ਉਸ ਨੇ ਕਹਾਣੀ, ਨਾਵਲ, ਨਾਟਕ ਅਤੇ ਕਵਿਤਾ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਿਆ ਹੈ। ਉਸ ਦਾ ‘ਪੈੜਾਂ ਦੀ ਸ਼ਨਾਖ਼ਤ’ ਕਹਾਣੀ ਸੰਗ੍ਰਹਿ ਮਨੁੱਖੀ ਕਦਰਾਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਦਾ ਪ੍ਰਤੀਬਿੰਬ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਦਾ ਹੈ। ਉਸ ਦੀਆਂ ਹੁਣ ਤੱਕ ਇੱਕ ਦਰਜਨ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ‘ਪੈੜਾਂ ਦੀ ਸ਼ਨਾਖ਼ਤ’ ਕਹਾਣੀ ਸੰਗ੍ਰਹਿ ਵਿੱਚ 14 ਕਹਾਣੀਆਂ ਹਨ, ਜਿਹੜੀਆਂ ਬਹੁਤ ਹੀ ਸੰਜੀਦਾ ਵਿਸ਼ਿਆਂ ‘ਤੇ ਲਿਖੀਆਂ ਗਈਆਂ ਹਨ। ਜ਼ਮੀਨੀ ਹਕੀਕਤਾਂ ਨੂੰ ਵਿਸ਼ੇ ਬਣਾਇਆ ਗਿਆ ਹੈ। ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਹੈ, ਸੁਖਮਿੰਦਰ ਸੇਖੋਂ ਹੂ ਬਹੂ ਉਹ ਹੀ ਲਿਖ ਰਿਹਾ ਹੈ। ਇਸੇ ਕਰਕੇ ਸੁਖਮਿੰਦਰ ਸੇਖ਼ੋਂ ਦੀਆਂ ਕਹਾਣੀਆਂ ਵਿੱਚ ਗਾਲ੍ਹਾਂ ਅਤੇ ਹੋਰ ਅਸਭਿਆ ਸ਼ਬਦਾਵਲੀ ਵਰਤੀ ਗਈ ਹੈ ਪਰੰਤੂ ਇਹ ਹਕੀਕਤ ਹੈ ਕਿ ਲੋਕ ਅਜਿਹੀ ਬੋਲੀ ਬੋਲਦੇ ਹਨ। ਮੰਟੋ ਵੀ ਆਪਣੀਆਂ ਕਹਾਣੀਆਂ ਵਿੱਚ ਅਜਿਹੀਆਂ ਗੱਲਾਂ ਲਿਖਦਾ ਸੀ, ਉਦੋਂ ਉਸ ਦਾ ਵਿਰੋਧ ਹੁੰਦਾ ਸੀ ਪਰੰਤੂ ਅੱਜ ਉਸ ਦੀ ਕਦਰ ਪੈ ਰਹੀ ਹੈ। ਸੁਖਮਿੰਦਰ ਸੇਖੋਂ ਵੀ ਮੰਟੋ ਦੇ ਰਾਹਾਂ ‘ਤੇ ਚਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਕਹਾਣੀਆਂ ਵਿੱਚ ਇਸਤਰੀ ਅਤੇ ਮਰਦ ਦੇ ਵੱਖ-ਵੱਖ ਰੂਪਾਂ ਨੂੰ ਬਹੁਤ ਹੀ ਸੁਚੱਜੇ ਅਤੇ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਸਮਾਜ ਇਸਤਰੀ ਨੂੰ ਭੁੱਖੀ ਨਜ਼ਰ ਨਲ ਵੇਖਦਾ ਹੈ, ਜਿਵੇਂ ਔਰਤ ਕੋਈ ਖਾਣ ਵਾਲੀ ਵਸਤੂ ਹੁੰਦੀ ਹੈ। ਸੁਖਮਿੰਦਰ ਸੇਖ਼ੋਂ ਦੀਆਂ ਕਹਾਣੀਆਂ ਅਨੁਸਾਰ ਮਰਦ ਹਮੇਸ਼ਾ ਇਸਤਰੀ ਦੀਆਂ ਮਜ਼ਬੂਰੀਆਂ ਦਾ ਲਾਭ ਉਠਾਉਣ ਦੀ ਤਾਕ ਵਿੱਚ ਰਹਿੰਦਾ ਹੈ।
ਇਸ ਸੰਗ੍ਰਹਿ ਦੀ ਪਹਿਲੀ ਹੀ ਕਹਾਣੀ ‘ਚਲ ਮੇਰੀ ਧੀਏ’ ਵਿੱਚ ਇਸਤਰੀ ਦੇ ਦੋ ਰੂਪ ਜੋਗਿੰਦਰ ਕੌਰ ਪਤਨੀ ਜੋ ਵਹਿਮਾ ਭਰਮਾ ਵਿੱਚ ਪਈ ਹੋਈ ਹੈ ਅਤੇ ਸਾਧਾਂ ਸੰਤਾਂ ਦੇ ਚਕਰ ਵਿੱਚ ਫਸਦੀ ਹੈ। ਆਪਣੇ ਪਤੀ ਪਿਆਰਾ ਸਿੰਘ ਪ੍ਰਤੀ ਵੀ ਸੰਜੀਦਾ ਨਹੀਂ। ਦੂਜੀ ਰੁਪਿੰਦਰ ਕੌਰ ਨੂੰਹ ਹੈ, ਜਿਹੜੀ ਆਪਣੇ ਸਹੁਰੇ ਦੀ ਸਿਹਤ ਬਾਰੇ ਸੰਜੀਦਾ ਤੇ ਧੀ ਦੀ ਤਰ੍ਹਾਂ ਵਿਚਰਦੀ ਹੈ। ਉਸ ਨੂੰ ਕੋਈ ਲਾਲਚ ਨਹੀਂ। ਸਹੁਰੇ ਵੱਲੋਂ ਜ਼ਮੀਨ ਉਸ ਦੇ ਨਾਮ ਕਰਵਾਉਣ ਤੋਂ ਵੀ ਜਵਾਬ ਦੇ ਦਿੰਦੀ ਹੈ। ਪਰੰਤੂ ਜੋਗਿੰਦਰ ਕੌਰ ਗੁਰਜੀਤ ਸਿੰਘ ਉਸ ਦੇ ਚਾਲ ਚਲਣ ‘ਤੇ ਚਿਕੜ ਸੁੱਟਣੋਂ ਵੀ ਗੁਰੇਜ ਨਹੀਂ ਕਰਦੇ। ਗੁਰਜੀਤ ਸਿੰਘ ਦਾ ਪਾਤਰ ਨਸ਼ਈ ਅਤੇ ਬੇਪ੍ਰਵਾਹ ਹੈ। ‘ਦੱਬੀ ਅੱਗ’ ਕਹਾਣੀ ਵਿੱਚ ਫ਼ੌਜੀ ਸ਼ਹੀਦ ਜੰਗ ਸਿੰਘ ਦੀ ਵਿਧਵਾ ਦੀ ਬੱਚੇ ਪਾਲਣ ਅਤੇ ਪੈਨਸ਼ਨ ਆਦਿ ਲਗਵਾਉਣ ਦੀ ਮਜ਼ਬੂਰੀ ਦਾ ਕਰਨੈਲ ਸਿੰਘ ਕਾਣਾ ਲਾਭ ਉਠਾਉਣਾ ਚਾਹੁੰਦਾ ਹੈ। ਸੁਖਵੰਤ ਕੌਰ ਲੜਕੀ ਦਲੇਰੀ ਦਾ ਪ੍ਰਤੀਕ ਬਣਦੀ ਹੈ ਜਦੋਂ ਉਸ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਾ ਉਹੀ ਕਰਨੈਲ ਸਿੰਘ ਜਿਹੜਾ ਉਸ ਦੀ ਮਾਂ ਦੀ ਮਜ਼ਬੂਰੀ ਦਾ ਲਾਭ ਉਠਾਉਣਾ ਚਾਹੁੰਦਾ ਸੀ, ਜਦੋਂ ਸੁਖਵੰਤ ਵਲ ਮਾੜੀ ਹਰਕਤ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਸ ਨੂੰ ਮੌਤ ਦੇ  ਘਾਟ ਉਤਾਰ ਦਿੰਦੀ ਹੈ। ‘ਚਿਹਰੇ ਹੁਸੀਨ ਜਿਹੇ’ ਕਹਾਣੀ ਵਿੱਚ ਫਿਲਮਾ ਵਿੱਚ ਸਫਲ ਹੋਣ ਵਾਸਤੇ ਲੜਕੀਆਂ ਨੂੰ ਕਿਹੜੇ ਵੇਲਣ ਵੇਲਣੇ ਪੈਂਦੇ ਹਨ ਅਤੇ ਲੜਕੀਆਂ ਗ਼ਲਤ ਤਰੀਕੇ ਨਾਲ ਰੋਲ ਲੈਣ ਨੂੰ ਕਿਸ ਤਰ੍ਹਾਂ ਦੀ ਨਿਗਾਹ ਨਾਲ ਵੇਖਦੀਆਂ ਹਨ। ਰਮਣੀਕ ਕੌਰ ਭਾਵੇਂ ਆਪਣੀ ਇਜ਼ਤ ਗੁਆ ਕੇ ਸਫ਼ਲ ਨਹੀਂ ਹੁੰਦੀ ਪਰੰਤੂ ਆਪਣੀ ਲੜਕੀ ਮੁਸਕਾਨ ਨੂੰ ਗ਼ਲਤ ਢੰਗ ਨਾਲ ਸਫਲ ਕਰਾਉਂਦੀ ਹੋਈ ਮਾਣ ਮਹਿਸੂਸ ਕਰਦੀ ਹੈ। ਜਦੋਂ ਕਿ ਮੁਸਕਾਨ ਇਸ ਤਰ੍ਹਾਂ ਦੀ ਪਹੁੰਚ ਦੇ ਵਿਰੁਧ ਹੈ। ਪ੍ਰੋਡਿਊਸਰ ਸੋਹਨ ਲਾਲ ਅਤੇ ਰਵੀ ਕੁਮਾਰ ਦੋਹਾਂ ਦਾ ਵਿਵਹਾਰ ਗ਼ੈਰ ਇਖਲਾਕੀ ਹੈ। ਅੱਜ ਦੇ ਜ਼ਮਾਨੇ ਵਿੱਚ ਜਦੋਂ ਹਰ ਕੋਈ ਕਿਸੇ ਵੀ ਘਟਨਾ ਮੌਕੇ ਇਹ ਕਹਿ ਦਿੰਦਾ ਹੈ ਕਿ ਮੈਨੂੰ ਕੀ ‘ਪ੍ਰਕਾਸ਼ ਨਾਇਕ ਜ਼ਿੰਦਾ ਹੈ’ ਕਹਾਣੀ ਵਿੱਚ ਪ੍ਰਕਾਸ਼ ਨਾਮ ਦੇ ਪਾਤਰ ਦੀ ਭੂਮਿਕਾ ਕਾਬਲੇ ਤਾਰੀਫ਼ ਹੈ। ਕਿਉਂਕਿ ਉਸ ਨੇ ਇਕ ਲੜਕੀ ਦੀ ਇਜ਼ਤ ਬਚਾਈ ਹੈ। ਜਦੋਂ ਕਿ ਬਾਕੀ ਸਾਥੀਆਂ ਨੇ ਹਿੰਮਤ ਨਹੀਂ ਵਿਖਾਈ। ਬਿਲਾ ਬਦਮਾਸ਼ ਪ੍ਰਕਾਸ਼ ਦੀ ਕੁੜੀ ਤੇ ਮਾੜੀ ਨਿਗਾਹ ਰੱਖਣ ਲੱਗ ਗਿਆ ਹੈ, ਜਿਸ ਕਰਕੇ ਪ੍ਰਕਾਸ਼ ਸਦਮੇ ਵਿੱਚ ਹੈ। ‘ਕੁਰਸੀਆਂ ਦੀ ਸ਼ਨਾਖ਼ਤ’ ਕਹਾਣੀ ਦਫਤਰਾਂ ਵਿੱਚ ਚਲ ਰਹੇ ਵਰਤਾਰਿਆਂ ਬਾਰੇ ਹੈ। ਹਰ ਦਫਤਰ ਵਿੱਚ ਇਕ ਭਰਿਸ਼ਟ ਜੁੰਡਲੀ ਹੁੰਦੀ ਹੈ, ਜਿਵੇਂ ਅਸਿਸਟੈਂਟ ਡਾਇਰੈਕਟਰ ਰੁਪਿੰਦਰ ਸਿੰਘ, ਸੁਪਡੈਂਟ ਬਾਂਸਲ, ਪੀ.ਏ ਆਹੂਜਾ ਅਤੇ ਰਮਣੀਕ ਹਨ। ਕੁਝ ਅਧਿਕਾਰੀ ਭਰਿਸ਼ਟ ਅਤੇ ਚਾਲ ਚਲਣ ਦੇ ਮਾੜੇ ਜਿਵੇਂ ਬਲਦੇਵ ਸਿੰਘ ਬਰਾੜ ਅਤੇ ਸਤਵਿੰਦਰ ਸਿੰਘ ਸੋਢੀ। ਬਲਦੀਪ, ਸਰਿਤਾ ਅਤੇ ਸੰਦੀਪ ਵਰਗੇ ਇਮਾਨਦਾਰ ਵੀ ਹੁੰਦੇ ਹਨ। ਭਰਤੀ ਵਿੱਚ ਹੇਰਾਫੇਰੀ ਵੀ ਜਿਵੇਂ ਰਮਣੀਕ ਦੀ ਨਿਯੁਕਤੀ ਸਮੇਂ ਹੋਈ। ਦਫ਼ਤਰਾਂ ਵਿੱਚ ਲੜਕੀਆਂ ਨਲ ਗ਼ਲਤ ਹਰਕਤਾਂ ਵੀ ਹੁੰਦੀਆਂ ਹਨ। ‘ਹਨੇਰਾ ਢੋਂਦਿਆਂ’ ਕਹਾਣੀ ਗ਼ਰੀਬ ਰਿਕਸ਼ਾ ਚਾਲਕਾਂ ਸੁਖੀ ਰਾਮ ਅਤੇ ਘਾਰੂ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਕਹਾਣੀ ਹੈ। ਗ਼ਰੀਬ ਲੋਕ 100 ਰੁਪਏ ਵੱਟਕੇ ਸੰਤੁਸ਼ਟ ਹੋ ਜਾਂਦੇ ਹਨ। ਇਹ ਕਹਾਣੀ ਬੇਰੋਜ਼ਗਾਰੀ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦੀ ਹੈ।  ‘ਤਾੜੀ ਪ੍ਰੇਮ ਕੀ’ ਕਹਾਣੀ ਹਿਜੜੇ ਹਰਦੀਪ ਦੀ ਹੈ। ਇਹ ਕਹਾਣੀ ਬਹੁਤ ਹੀ ਸੰਜੀਦਾ ਵਿਸ਼ੇ ‘ਤੇ ਲਿਖੀ ਗਈ ਹੈ। ਸਮਾਜ ਦੇ ਦੁਰਕਾਰੇ ਵਰਗ ਦੀਆਂ ਆਪਣੀਆਂ ਮੁਸੀਬਤਾਂ ਹਨ, ਜਿਨ੍ਹਾਂ ਨੂੰ ਬਾਕੀ ਸਮਾਜ ਸਮਝ ਨਹੀਂ ਸਕਦਾ। ‘ਤੁਸੀਂ ਕੋਈ ਸਵਾਲ ਨਹੀਂ ਕਰੋਗੇ’ ਇਸ ਕਹਾਣੀ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਵਿੱਚ ਕੀ ਹੋਵੇਗਾ? ਇਹ ਕਹਾਣੀ  ਜਾਅਲੀ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵੱਲੋਂ ਜ਼ਹਿਰੀਲੀ ਜਾਅਲੀ ਸ਼ਰਾਬ ਗ਼ਰੀਬ ਲੋਕਾਂ ਨੂੰ ਸਸਤੀ ਵੇਚਣ ਬਾਰੇ ਹੈ, ਜਿਸ ਨੂੰ ਪੀ ਕੇ ਉਹ ਲੋਕ ਮਰ ਜਾਂਦੇ ਹਨ। ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਦੀ ਸਰਕਾਰਾਂ ਨਾਲ ਮਿਲੀ ਭੁਗਤ ਕਰਕੇ ਕੋਈ ਕਾਰਵਾਈ ਨਹੀਂ ਹੁੰਦੀ। ‘ਬੱਸ ਕਰੋ ਸਰਦਾਰ ਜੀ’ ਕਹਾਣੀ ਬਹੁਤ ਸੰਵੇਦਨਸ਼ੀਲ ਬਣ ਜਾਂਦੀ ਹੈ ਜਦੋਂ ਹਰਪਾਲ ਸਿੰਘ ਅਤੇ ਪ੍ਰੋ ਪਰਮਪਾਲ ਕੌਰ ਦੀ ਬੇਟੀ ਰਿਦਮ ਕਹਿੰਦੀ ਹੈ ਕਿ ਪਾਪਾ ਮੇਰਾ ਵਿਆਹ ਕਿਸੇ ਵੱਡੇ ਜ਼ਿਮੀਦਾਰ ਦੇ ਕਾਕੇ ਨਾਲ ਕਰਨਗੇ। ਰਿਦਮ ਨੂੰ ਪਤਾ ਹੈ ਉਸ ਦੇ ਪਾਪਾ ਆਪਣੇ ਆਪ ਨੂੰ ਜ਼ਿਮੀਦਾਰ ਕਹਾਕੇ ਢੌਂਗ ਰਚਦੇ ਹਨ। ਇਹ ਕਹਾਣੀ ਅੰਤਰਜ਼ਾਤੀ ਵਿਆਹੇ ਜੋੜੇ ਦੇ ਭਰਿਸ਼ਟਾਚਾਰ ਦੇ ਮੁੱਦੇ ‘ਤੇ ਵਿਚਾਰਾਂ ਵਿੱਚ ਅੰਤਰ ਦੀ ਤਸਵੀਰ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਛੋਟੀਆਂ ਜਾਤਾਂ ਦੇ ਕੁਝ ਲੋਕ ਵੱਡੇ ਅਧਿਕਾਰੀ ਬਣਕੇ ਕਦਰਾਂ ਕੀਮਤਾਂ ਨੂੰ ਛਿੱਕੇ ਤੇ ਟੰਗ ਦਿੰਦੇ ਹਨ। ਹਓਮੈ ਦਾ ਸ਼ਿਕਾਰ ਹੋ ਕੇ ਗ਼ਰੀਬ ਲੋਕਾਂ ਨਾਲ ਜ਼ਿਆਦਤੀਆਂ ਕਰਦੇ ਹਨ। ਇਕ ਕਿਸਮ ਨਾਲ ਆਪਣੇ ਤੇ ਹੋਈਆਂ ਜ਼ਿਆਦਤੀਆਂ ਦਾ ਬਦਲਾ ਲੈ ਰਹੇ ਹੁੰਦੇ ਹਨ। ‘ਅੰਦਰਲਾ ਆਦਮੀ’ ਕਹਾਣੀ ਗੁਲਜ਼ਾਰ ਸਿੰਘ ਸੇਵਾਦਾਰ ਦੇ ਆਲੇ ਦੁਆਲੇ ਘੁੰਮਦੀ ਹੈ। ਗੁਲਜ਼ਾਰ ਸਿੰਘ ਨੂੰ ਚੰਗੇ ਨੰਬਰ ਲੈ ਕੇ ਪਾਸ ਨਾ ਹੋਣ ਦਾ ਝੋਰਾ ਅੰਦਰੋਂ ਝੰਜੋੜ ਰਿਹਾ ਹੈ। ਦਫਤਰ ਵਿੱਚ ਸੇਵਾਦਾਰ ਹੈ ਪ੍ਰੰਤੂ ਛੋਟੀ ਜ਼ਾਤ ਦਾ ਹੁੰਦਾ ਹੋਇਆ ਵੀ ਜੱਟ ਹੋਣ ਦਾ ਢੌਂਗ ਪਾਲੀ ਬੈਠਾ ਹੈ। ਆਪਣੇ ਅਧਿਕਾਰੀ ਅਤੇ ਹੋਰ ਲੋਕਾਂ ਨੂੰ ਮਨ ਵਿੱਚ ਹੀ ਗਾਲ੍ਹਾਂ ਕੱਢਦਾ ਰਹਿੰਦਾ ਹੈ। ਗੁਰਿੰਦਰ ਕੌਰ ਜਮਾਤਣ ਨਾਲ ਪਿਆਰ ਸਿਰੇ ਨਾ ਚੜ੍ਹਨ ਦਾ ਝੋਰਾ ਵੀ ਹੈ। ਉਹ ਆਪਣੇ ਆਪ ਨੂੰ ਜੱਟ ਦਾ ਅਮੀਰ ਪੁੱਤ ਹੋਣ ਦੀਆਂ ਗੱਪਾਂ ਮਾਰਦਾ ਹੈ। ‘ਤੇਰੇ ਭਾਣੇ’ ਕਹਾਣੀ ਪੰਜਾਬ ਦੇ ਮਾੜੇ ਦਿਨਾਂ ਨੂੰ ਤਸਦੀਕ ਕਰਦੀ ਹੋਈ ਦੱਸ ਰਹੀ ਹੈ ਕਿ ਧਰਮ ਦੇ ਨਾਂ ਤੇ ਹਰਕਿਸ਼ਨ ਵਰਗੇ ਮਾਸੂਮ ਲੋਕਾਂ ਦੇ ਕਤਲ ਹੁੰਦੇ ਰਹੇ। ਸਰਕਾਰਾਂ ਵਾਰਸਾਂ ਨੂੰ ਨੌਕਰੀਆਂ ਦਾ ਐਲਾਨ ਕਰਕੇ ਸਿਆਸਤ ਕਰਦੀਆਂ ਰਹੀਆਂ। ਬੁਜ਼ਰਗ ਮਾਂ ਬਾਪ ਸੰਤਾਪ ਭੋਗਦੇ ਰਹੇ। ‘ਇਕ ਬਾਪ ਦੀ ਹੈਸੀਅਤ’ ਕਹਾਣੀ  ਇਕ ਅਧਿਕਾਰੀ ਗੁਰਜਿੰਦਰ ਸਿੰਘ ਨੇ ਆਪਣੀ ਲੜਕੀ ਅਤੇ ਲੜਕੇ ਦਾ ਵਿਆਹ ਕਰ ਦਿੱਤਾ। ਆਪਣੇ ਆਪ ਨੂੰ ਬਾਪ ਕਹਿੰਦਾ ਹੈ ਪਰੰਤੂ ਦੂਜੇ ਪਾਸੇ ਆਪਣੀ ਨੂੰਹ ਪਰਿਣੀਤਾ ਨਾਲ ਗ਼ੈਰ ਇਖਲਾਕੀ ਹਰਕਤ ਕਰਦਾ ਹੈ। ਬਹੁਤ ਹੀ ਸੰਜੀਦਾ ਕਹਾਣੀ ਹੈ, ਅਧਿਕਾਰੀ ਦਫ਼ਤਰਾਂ ਵਿੱਚ ਆਪਣੀਆਂ ਮਤਹਿਤ ਲੜਕੀਆਂ ਦਾ ਸ਼ੋਸ਼ਣ ਕਰਦੇ ਹਨ। ‘ਮਖੌਟੇ’ ਕਹਾਣੀ ਸ਼ਮਸ਼ੇਰ ਸਿੰਘ ਅਤੇ ਉਸ ਦੀ ਪਤਨੀ ਬਲਬੀਰ ਕੌਰ ਨਾਲ ਸੰਬੰਧਤ ਹੈ, ਜਿਹੜੇ ਭਰਿਸ਼ਟ ਅਧਿਕਾਰੀ ਹਨ। ਵਿਖਾਵੇ ਦਾ ਪਖੰਡ ਕਰਦੇ ਹਨ। ਖਾੜਕੂਆਂ ਦੀ ਆੜ ਵਿੱਚ ਉਨ੍ਹਾਂ ਦਾ ਲੜਕਾ ਰਾਜਿੰਦਰ ਸਿੰਘ ਲੁੱਟਾਂ ਖੋਹਾਂ ਕਰਕੇ ਪੈਸੇ ਇਕੱਠੇ ਕਰਦਾ ਹੈ, ਜੇਲ੍ਹ ਦੀ ਹਵਾ ਖਾ ਰਿਹਾ ਹੈ। ਢਕਵੰਜ ਇਮਾਨਦਾਰ ਅਤੇ ਧਰਮੀ ਹੋਣ ਦਾ ਕਰਦੇ ਹਨ। ਉਦੋਂ ਹੋਸ਼ ਉਡ ਜਾਂਦੀ ਹੈ ਜਦੋਂ ਖਾੜਕੂਆਂ ਵੱਲੋਂ ਬਲਬੀਰ ਕੌਰ ਅਤੇ ਛੋਟਾ ਲੜਕਾ ਨਰਿੰਦਰ ਸਿੰਘ ਅਗਵਾ ਕਰਕੇ 50 ਲੱਖ ਦੀ ਫਿਰੌਤੀ ਮੰਗੀ ਜਾਂਦੀ ਹੈ। ‘ਕੋਈ ਹੋਰ ਰਸਤਾ’ ਕਹਾਣੀ ਇਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਗ਼ਰੀਬ ਮੁਲਾਜ਼ਮ ਦੀ ਹੈ, ਜਿਹੜਾ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਤਨਖ਼ਾਹ ਵਧਾਉਣੀ ਚਾਹੁੰਦਾ ਹੈ ਪਰੰਤੂ ਮਾਲਕ ਉਤਨੀ ਤਨਖ਼ਾਹ ਵਧਾਉਂਦਾ ਨਹੀਂ। ਫਿਰ ਉਸ ਦੇ ਮਨ ਵਿਚ ਚਲ ਰਹੀ ਮਾਲਕ ਨੂੰ ਮਾਰ ਕੇ ਲੁੱਟਣ ਦੀ ਕਸ਼ਮਕਸ਼ ਹੁੰਦੀ ਰਹਿੰਦੀ ਹੈ ਪਰੰਤੂ ਜਦੋਂ ਇਕ ਮਾਂ ਆਪਣੇ ਬੱਚੇ ਨੂੰ ਇੱਕ ਰੋਟੀ ਛੋਟੇ ਭਰਾ ਲਈ ਦੇਣ ਲਈ ਕਹਿੰਦੀ ਹੈ ਤਾਂ ਉਹ ਆਪਣਾ ਮਨ ਬਦਲ ਲੈਂਦਾ ਹੈ ਤੇ ਜੀਤ ਸਿੰਘ ਗੁਰਦੁਆਰੇ ਚੋਂ ਆ ਰਹੀ ਅਵਾਜ਼ ‘ਥੋੜ੍ਹੇ ਨੂੰ ਬਹੁਤਾ ਕਰਕੇ ਜਾਣਿਓ? ਸੁਣ ਕੇ ਸੰਤੁਸ਼ਟ ਹੋ ਜਾਂਦਾ ਹੈ। ਉਮੀਦ ਹੈ ਕਿ ਭਵਿਖ ਵਿੱਚ ਸੁਖਮਿੰਦਰ ਸੇਖੋਂ ਪੰਜਾਬੀ ਬੋਲੀ ਦੀ ਇਸੇ ਤਰ੍ਹਾਂ ਸੇਵਾ ਕਰਦਾ ਰਹੇਗਾ।
120 ਰੁਪਏ ਕੀਮਤ, 103 ਪੰਨਿਆਂ, 14 ਕਹਾਣੀਆਂ ਵਾਲਾ ਇਹ ਕਹਾਣੀ ਸੰਗ੍ਰਹਿ ਸਹਿਜ ਪਬਲੀਕੇਸ਼ਨ ਸਮਾਣਾ (ਪਟਿਆਲਾ) ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-9417813072    

ujagarsingh48@yahoo.com

ਜਨਮ ਸ਼ਤਾਬਦੀ 'ਤੇ ਵਿਸ਼ੇਸ਼ :
ਗੁਰਮਤਿ/ਸਿੱਖ ਸੋਚ ਦਾ ਮੁਦਈ : ਖੋਜੀ ਵਿਦਵਾਨ ਗਿਆਨੀ ਗੁਰਦਿਤ ਸਿੰਘ - ਉਜਾਗਰ ਸਿੰਘ

ਗਿਆਨੀ ਗੁਰਦਿੱਤ ਸਿੰਘ ਬਹੁ-ਪੱਖੀ ਤੇ ਬਹੁਰੰਗੀ ਗਿਆਨਵਾਨ ਅਤੇ ਪ੍ਰਬੁੱਧ ਵਿਦਵਾਨ ਸਨ| ਉਹ ਧਾਰਮਿਕ ਖੋਜੀ, ਸਾਹਿਤਕਾਰ, ਪੱਤਰਕਾਰ, ਸਿਆਸਤਦਾਨ ਅਤੇ ਪੰਜਾਬੀ ਸਭਿਅਚਾਰ ਦੇ ਵਾਰਤਕਕਾਰ ਸਨ| ਉਨ੍ਹਾਂ ਨੇ ਇਨ੍ਹਾਂ ਪੰਜਾਂ ਖੇਤਰਾਂ ਵਿੱਚ ਅਜਿਹਾ ਵਿਦਵਤਾ ਭਰਪੂਰ ਬਿਹਤਰੀਨ ਕੰਮ ਕੀਤਾ, ਜਿਸ ਕਰਕੇ ਉਨ੍ਹਾਂ ਦੀ ਇਕ ਵੱਖਰੀ ਵਿਲੱਖਣ ਪਛਾਣ ਬਣ ਗਈ| ਉਨ੍ਹਾਂ ਦੇ ਇਨ੍ਹਾਂ ਪੰਜਾਂ ਖੇਤਰਾਂ ਵਿੱਚ ਬਿਹਤਰੀਨ ਕਾਰਜ ਨੂੰ ਇਕ ਦੂਜੇ ਤੋਂ ਨਿਖੇੜਿਆ ਨਹੀਂ ਜਾ ਸਕਦਾ ਪਰੰਤੂ ਫਿਰ ਵੀ ਇਨ੍ਹਾਂ ਦੇ ਵੱਖਰੇ-ਵੱਖਰੇ ਖੇਤਰਾਂ ਵਿੱਚ ਕੀਤੇ ਕੰਮਾ ਬਾਰੇ ਜਾਣਕਾਰੀ ਇਸ ਪ੍ਰਕਾਰ ਹੈ :
ਸਿੱਖ ਧਾਰਮ ਦੇ ਖੋਜੀ :
 ਇਤਿਹਾਸ ਵਿੱਚ ਗਿਆਨੀ ਜੀ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਕਿਉਂਕਿ ਉਹ ਬਹੁ-ਪਰਤੀ ਵਿਦਵਤਾ ਦੇ ਮੁਜੱਸਮਾ ਸਨ| ਗਿਆਨੀ ਗੁਰਦਿੱਤ ਸਿੰਘ ਸਿੱਖ ਧਰਮ ਦੇ ਖੋਜੀ ਵਿਦਵਾਨ ਸਨ, ਜਿਨ੍ਹਾਂ ਆਪਣੀ ਸਾਰੀ ਉਮਰ ਸਿੱਖ ਸੋਚ ‘ਤੇ ਪਹਿਰਾ ਦਿੰਦਿਆਂ ਬਤੀਤ ਕੀਤੀ| ਉਹ ਸਰਵਪੱਖੀ ਤੇ ਪ੍ਰਤਿਭਾਵਾਨ ਗੁਰਮਤਿ ਦੇ ਧਾਰਨੀ ਅਤੇ ਸਿੱਖ ਸੋਚ ਦੇ ਮੁਦਈ ਸਨ| ਉਹ ਸਿੱਖ ਧਰਮ ਦੇ ਪ੍ਰਤੀਬੱਧ ਅਤੇ ਗੁਰਬਾਣੀ ਦੇ ਖੋਜੀ ਵਿਆਖਿਆਕਾਰ ਸਨ| ਉਨ੍ਹਾਂ ਨੂੰ ਸਿੱਖ ਧਰਮ ਦਾ ਡੂੰਘਾ ਗਿਆਨ ਸੀ| ਆਪਣੇ ਧਰਮ ਦੀ ਪ੍ਰਫੁਲਤਾ ਲਈ ਉਹ ਬਚਨਬੱਧ ਸਨ, ਇਸ ਲਈ ਉਨ੍ਹਾਂ ਨੂੰ ਸਿੱਖਾਂ ਦੇ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ‘ਗੁਰਮਤਿ ਅਚਾਰੀਆ’ ਦੀ ਉਪਾਧੀ ਦੇ ਕੇ ਸਨਮਾਨਤ ਕੀਤਾ ਗਿਆ ਸੀ| ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਬਾਣੀ ਸ਼ਾਮਲ ਹੈ, ਉਨ੍ਹਾਂ ਭਗਤਾਂ ਅਤੇ ਭੱਟਾਂ ਦੀ ਬਾਣੀ ਦੇ ਇਤਿਹਾਸਿਕ ਪੱਖਾਂ ਬਾਰੇ ਸਮੱਗਰੀ ਇਕ-ਸੁਰ ਕਰਕੇ ਵਿਲੱਖਣ ਕਾਰਜ ਕੀਤਾ ਹੈ| ਉਹ ਸਹੀ ਅਰਥਾਂ ਵਿੱਚ ਸਿੱਖ ਧਰਮ ਦੇ ਚੇਤੰਨ ਚਿੰਤਕ ਸਨ| ਗਿਆਨੀ ਗੁਰਦਿੱਤ ਸਿੰਘ ਦੀ ਜ਼ਿੰਦਗੀ ਦਾ ਮੁੱਖ ਮੰਤਵ ਸਿੱਖ ਕੌਮ ਦੇ ਭਵਿਖ ਨੂੰ ਬਿਹਤਰੀਨ ਅਤੇ ਸੁਨਹਿਰਾ ਬਣਾਉਣਾ ਸੀ| ਉਹ ਬਹੁਰੰਗੀ ਅਤੇ ਬਹੁਮੰਤਵੀ ਸ਼ਖ਼ਸੀਅਤ ਦੇ ਮਾਲਕ ਸਨ| ਉਹ ਗੁਰਮਤਿ ਤੇ ਸਿੱਖ ਇਤਿਹਾਸ ਦੇ ਆਲ੍ਹਾ ਦਰਜੇ ਦੇ ਖੋਜੀ ਵਿਦਵਾਨ ਸਨ| ਜਿਤਨੀਆਂ ਵੀ ਪੰਜਾਬ ਵਿਚ ਗੁਰੂ ਸਾਹਿਬਾਨ ਅਤੇ ਸਿੱਖੀ ਨਾਲ ਸੰਬੰਧਤ ਸ਼ਤਾਬਦੀਆਂ ਮਨਾਈਆਂ ਗਈਆਂ, ਉਨ੍ਹਾਂ ਦੇ ਸਾਰੇ ਪ੍ਰੋਗਰਾਮ ਗਿਆਨੀ ਗੁਰਦਿੱਤ ਸਿੰਘ ਉਲੀਕਦੇ ਸਨ| ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਮਨਾਏ ਗਏ 300 ਸਾਲਾ ਸ਼ਤਾਬਦੀ ਸਮਾਰੋਹਾਂ ਦੇ ਮੌਕੇ ਉਨ੍ਹਾਂ ਨੇ 50 ਪੁਸਤਕਾਂ ਦੀ ਸੰਪਾਦਨਾ ਕੀਤੀ, ਜਿਹੜੀਆਂ ਸਿੱਖੀ ਵਿਚਾਰਧਾਰਾ ਤੇ ਪਹਿਰਾ ਦਿੰਦੀਆਂ ਹਨ| ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਹੀ ਸਿੱਖਾਂ ਦਾ ਪੰਜਵਾਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਹੋਂਦ ਵਿੱਚ ਆਇਆ ਸੀ| ਉਨ੍ਹਾਂ ਨੇ ਮੋਹਾਲੀ, ਚੰਡੀਗੜ੍ਹ ਅਤੇ ਦਿੱਲੀ ਵਿਖੇ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਸਥਾਪਤ ਕੀਤੇ| ਗਿਆਨੀ ਗੁਰਦਿੱਤ ਸਿੰਘ ਦੀ ਰਹਿਨੁਮਾਈ ਹੇਠ ਕੇਂਦਰੀ ਸ੍ਰੀ ਗੁਰੂ ਗੋਬਿੰਦ ਸਭਾ ਦੀ ਸਥਾਪਨਾ ਕੀਤੀ ਗਈ ਅਤੇ ਫਿਰ ਇਸ ਸੰਸਥਾ ਵਲੋਂ ਦੇਸ਼-ਵਿਦੇਸ਼ ਵਿੱਚ ਗੁਰਮਤਿ ਟ੍ਰੇਨਿੰਗ ਕੈਂਪ ਲਗਾ ਕੇ ਨੌਜਵਾਨਾ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਗਿਆ| ਪਾਠ ਬੋਧ ਸਮਾਗਮ ਕਰਵਾਉਣ ਦਾ ਸਿਹਰਾ ਵੀ ਗਿਅਨੀ ਜੀ ਨੂੰ ਜਾਂਦਾ ਹੈ| ਉਨ੍ਹਾਂ ਸਿੱਖ ਇਤਿਹਾਸ ਦੇ ਮੁਢਲੇ ਸ੍ਰੋਤਾਂ ਨੂੰ ਵਿਦਵਾਨਾਂ ਤੱਕ ਪਹੁੰਚਾਉਣ ਦਾ ਮਹੱਤਵਪੂਰਨ ਕੰਮ ਕੀਤਾ | ਇਸ ਮੰਤਵ ਲਈ ਉਨ੍ਹਾਂ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਹੱਥ ਲਿਖਤਾਂ ਅਤੇ ਪੁਰਾਤਨ ਖਰੜਿਆਂ ਦਾ ਅਧਿਐਨ ਕੀਤਾ| ਉਹ ਹਮੇਸ਼ਾ ਤੱਥਾਂ ‘ਤੇ ਅਧਾਰਤ ਲਿਖਦੇ ਸਨ| ਉਨ੍ਹਾਂ ਨੇ ਇਕ ਸੰਸਥਾ ਤੋਂ ਵੀ ਵੱਧ ਕੰਮ ਕੀਤਾ| ਉਨ੍ਹਾਂ ਦੀ ਸਾਰੀ ਖੋਜ ਸਿੱਕੇਬੰਦ ਹੈ ਕਿਉਂਕਿ ਉਹ ਤੱਥਾਂ ‘ਤੇ ਅਧਾਰਤ ਖੋਜ ਕਰਕੇ ਲਿਖਦੇ ਸਨ| ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨੀ ਜੀ ਦੇ ਜੀਵਨ ਦਾ ਕੇਂਦਰੀ ਧੁਰਾ ਰਿਹਾ ਹੈ| ਉਹ ਗਿਆਨ ਦੇ ਭੰਡਾਰ ਅਤੇ ਸਿੱਖ ਧਰਮ ਦੇ ਪਹਿਰੇਦਾਰ ਸਨ| ਉਹ ਇਕ ਅਜਾਇਬ ਘਰ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਪੁਰਾਤਨ ਬੀੜਾਂ, ਦੁਰਲਭ ਵਸਤਾਂ, ਗੁਰੂ ਸਾਹਿਬਾਨ ਨਾਲ ਸੰਬੰਧਤ ਵਸਤੂਆਂ ਆਦਿ ਨੂੰ ‘ਸਿ੍ਖ ਵਿਰਸਾ ਟਰੱਸਟ’ ਦੇ ਰੂਪ ਵਿੱਚ ਪੰਥ ਲਈ ਸੰਭਾਲਿਆ ਜਾ ਸਕੇ ਪ੍ਰੰਤੂ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ| ਉਹ ਕਈ ਸਿੱਖ ਸੰਸਥਾਵਾਂ ਦੇ ਮੁਖੀ /ਮੈਂਬਰ ਅਤੇ ਉਨ੍ਹਾਂ ਦੇ ਕੁਸ਼ਲ ਪ੍ਰਬੰਧਕ ਸਨ|
ਪੰਜਾਬੀ ਸਭਿਅਚਾਰ ਦੇ ਵਾਰਤਕਕਾਰ :
ਗਿਆਨੀ ਗੁਰਦਿਤ ਸਿੰਘ ਪੰਜਾਬੀ ਸਭਿਆਚਾਰ, ਸਭਿਅਤਾ ਅਤੇ ਪੰਜਾਬੀ ਪੇਂਡੂੁ ਰਹਿਣੀ ਬਹਿਣੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਦ੍ਰਿਸ਼ਟਮਾਨ ਕਰਨ ਵਾਲੇ ਬੁਧੀਜੀਵੀ ਤੇ ਵਿਦਵਾਨ ਲੇਖਕ ਹੋਏ ਹਨ| ਪੰਜਾਬੀ ਸਭਿਆਚਾਰ ਨਾਲ ਉਨ੍ਹਾਂ ਨੂੰ ਅਥਾਹ ਪਿਆਰ ਸੀ, ਇਸ ਕਰਕੇ ਹਮੇਸ਼ਾ ਪੰਜਾਬੀਅਤ ਵਿੱਚ ਗੜੁੱਚ ਰਹਿੰਦੇ ਸਨ| ਗਿਆਨੀ ਜੀ ਨੇ ਲੋਕ ਵਿਰਸੇ ਦੀ ਵਫ਼ਦਾਰੀ ਨਿਭਾਉਂਦਿਆਂ ਹਮੇਸ਼ਾ ਆਪਣੀ ਲੇਖਣੀ ਰਾਹੀਂ ਪੰਜਾਬੀ ਤੇ ਸਿੱਖੀ ਰਵਾਇਤਾਂ, ਰਸਮੋ ਰਿਵਾਜ ਅਤੇ ਸਰੂਪ ਨੂੰ ਆਪਣੀਆਂ ਲਿਖਤਾਂ ਦਾ ਅਟੁੱਟ ਅੰਗ ਬਣਾਇਆ| ਉਹ ਇਕ ਸੁਲਝੇ ਹੋਏ ਸਿੱਖ ਵਿਦਵਾਨ ਸਨ, ਜਿਹਨਾਂ ਦੀ ਅੱਜ ਤੱਕ ਦੀ ਪੰਜਾਬੀ ਦੀ ਸਭ ਤੋਂ ਸਰਵੋਤਮ 1961 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘ਮੇਰਾ ਪਿੰਡ’ ਨੂੰ ਗਿਣਿਆ ਜਾਂਦਾ ਹੈ| ਹੁਣ ਤੱਕ ਇਸ ਪੁਸਤਕ ਦੇ 14 ਐਡੀਸ਼ਨ ਪ੍ਰਕਾਸ਼ਤ ਹੋ ਚੁੱਕੇ ਹਨ| ਉਨ੍ਹਾਂ ਤੋਂ ਪਹਿਲਾਂ ਵੀ ਬਹੁਤ ਸਾਰੇ ਸਾਹਿਤਕਾਰਾਂ ਨੇ ਪੰਜਾਬੀ ਭਾਸ਼ਾ ਦੀ ਸੇਵਾ ਆਪਣੀਆਂ ਪੁਸਤਕਾਂ ਰਾਹੀਂ ਕੀਤੀ ਹੈ ਪਰੰਤੂ ਉਨ੍ਹਾਂ ਦੀ ਪੁਸਤਕ ਮੇਰਾ ਪਿੰਡ ਸ਼ਾਹਕਾਰ ਪੁਸਤਕ ਦੇ ਤੌਰ ਤੇ ਪ੍ਰਵਾਣਿਤ ਕੀਤੀ ਜਾਂਦੀ ਹੈ| ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿੱਚ ‘ਮੇਰਾ ਪਿੰਡ’ ਪੁਸਤਕ ਇਕ ਮੀਲ ਪੱਥਰ ਸਾਬਤ ਹੋਈ ਹੈ| ਇਸ ਪੁਸਤਕ ਵਿੱਚ ਗਿਆਨੀ ਗੁਰਦਿੱਤ ਸਿੰਘ ਨੇ ਪਿੰਡਾਂ ਦੇ ਸਭਿਅਚਾਰ ਦੀ ਤਸਵੀਰ ਖਿਚ ਕੇ ਰੱਖ ਦਿੱਤੀ| ਘਰ ਬੈਠਿਆਂ ਨੂੰ ਪੇਂਡੂ ਸਭਿਅਤਾ ਦੇ ਦਰਸ਼ਨ ਕਰਵਾ ਦਿੱਤੇ ਹਨ| ਪਿੰਡਾਂ ਦੇ ਜੀਵਨ ਵਿੱਚ ਪਾਏ ਜਾਂਦੇ ਵਹਿਮ ਭਰਮ, ਮਨਾਏ ਜਾਂਦੇ ਤਿਥ-ਤਿਓਹਾਰ, ਜੰਮਣ-ਮਰਨ, ਵਿਆਹ ਦੇ ਰੀਤੀ ਰਿਵਾਜ਼ਾਂ ਨੂੰ ਬਾਖ਼ੂਬੀ ਚਿਤਰਿਆ ਹੈ| ਉਹ ਪੰਜਾਬੀ ਦਿਹਾਤੀ ਵਿਰਾਸਤ ਦੇ ਰੰਗ ਵਿੱਚ ਰੰਗੇ ਹੋਏ ਸਨ, ਜਿਸ ਕਰਕੇ ਉਹ ਆਪਣੀ ਵਿਰਾਸਤ ‘ਤੇ ਸਾਰੀ ਉਮਰ ਪਹਿਰਾ ਦਿੰਦੇ ਰਹੇ| ਇਕ ਕਿਸਮ ਨਾਲ ‘ਮੇਰਾ ਪਿੰਡ’ ਪੁਸਤਕ ਹਵਾਲਾ ਪੁਸਤਕ ਹੈ, ਜਿਸ ਨੂੰ ਆਉਣ ਵਾਲੀ ਪੀੜ੍ਹੀ ਖੋਜ ਲਈ ਵਰਤਿਆ ਕਰੇਗੀ| ਪੰਜਾਬ ਦੀਆਂ ਲੋਕ ਕਹਾਣੀਆਂ ਇਸ ਪ੍ਰਸੰਗ ਦੀ ਇਕ ਵਿਲੱਖਣ ਵੰਨਗੀ ਹੈ, ਜਿਸ ਵਿੱਚ ਪੰਜਾਬੀ ਬਾਤਾਂ ਤਿੰਨ ਜਿਲਦਾਂ ਵਿੱਚ ਛਾਪੀਆਂ ਗਈਆਂ ਸਨ| ਉਨ੍ਹਾਂ ਸਿੰਘ ਸਭਾ ਲਹਿਰ ਵਿੱਚ ਨਵੀਂ ਰੂਹ ਪੈਦਾ ਕੀਤੀ| ਉਨ੍ਹਾਂ ਨੂੰ ਪੰਜਾਬੀ ਸਭਿਆਚਾਰ ਦਾ ਵਣਜਾਰਾ ਕਿਹਾ ਜਾ ਸਕਦਾ ਹੈ| ਉਨ੍ਹਾਂ ਲੋਕਧਾਰਾਈ ਵਰਤਾਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਗਟਾਇਆ ਹੈ|
ਸੰਪਾਦਕ ਤੇ ਪੱਤਰਕਾਰ
 ਗਿਆਨੀ ਗੁਰਦਿਤ ਸਿੰਘ ਨੇ ਆਪਣਾ ਕੈਰੀਅਰ ਮਹਿਜ 24 ਸਾਲ ਦੀ ਉਮਰ ਵਿੱਚ ਪੱਤਰਕਾਰੀ ਰਾਹੀਂ ਹੀ ਸ਼ੁਰੂ ਕੀਤਾ ਸੀ| ਉਹ ਉਚ ਕੋਟੀ ਦੇ ਨਿਡਰ ਪੱਤਰਕਾਰ ਤੇ ਸੰਪਾਦਕ ਸਨ| ਉਨ੍ਹਾਂ ਦੀ ਪੱਤਰਕਾਰੀ ਦੀ ਦਿਲਚਸਪੀ ਕਰਕੇ ਉਹਨਾਂ ਨੇ 1947 ਵਿੱਚ ਪਟਿਆਲੇ ਤੋਂ ਪੰਜਾਬੀ ਦਾ ‘ਪ੍ਰਕਾਸ਼’ ਨਾਂ ਦਾ ਰੋਜ਼ਾਨਾ ਅਖ਼ਬਾਰ ਪ੍ਰਕਾਸ਼ਤ ਕੀਤਾ| ਉਹ ਇਸ ਅਖ਼ਬਾਰ ਦੇ ਮੁੱਖ ਸੰਪਾਦਕ ਸਨ| ਵਿਤੀ ਮੁਸ਼ਕਲਾਂ ਕਰਕੇ ਉਨ੍ਹਾਂ ਇਸ ਅਖ਼ਬਾਰ ਨੂੰ ਸਪਤਾਹਿਕ ਬਣਾ ਦਿੱਤਾ| ਉਹ ਇਸ ਅਖ਼ਬਾਰ ਨੂੰ 1961 ਤੱਕ ਰੋਜ਼ਾਨਾ ਅਤੇ ਫਿਰ 1978 ਤੱਕ ਸਪਤਾਹਿਕ ਪ੍ਰਕਾਸ਼ਤ ਕਰਦੇ ਰਹੇ| ਇਸ ਅਖ਼ਬਾਰ ਵਿੱਚ ਪ੍ਰਸਿੱਧ ਵਿਅੰਗਕਾਰ ਸੂਬਾ ਸਿੰਘ ਉਨ੍ਹਾਂ ਕੋਲ ਕੰਮ ਕਰਦੇ ਸਨ| ਪੱਤਰਕਾਰੀ ਦਾ ਮੱਸ ਉਹਨਾਂ ਨੂੰ ਸਤਾਉਂਦਾ ਰਿਹਾ, ਇਸ ਕਰਕੇ ਜੀਵਨ ਸੰਦੇਸ਼ ਅਖ਼ਬਾਰ 1949 ਵਿੱਚ ਸ਼ੁਰੂ ਕੀਤਾ ਜਿਸ ਦੇ ਉਹ ਸੰਪਾਦਕ ਸਨ| 1973 ਤੋਂ 1978 ਤੱਕ ਸਿੰਘ ਸਭਾ ਪਤ੍ਰਿਕਾ ਦੇ ਸੰਪਾਦਕ ਰਹੇ| ਇਨ੍ਹਾਂ ਪਤ੍ਰਿਕਾਵਾਂ ਰਾਹੀਂ ਉਹ ਸਿੱਖੀ ਵਿਚਾਰਧਾਰਾ ਤੇ ਪਹਿਰਾ ਦਿੰਦੇ ਰਹੇ| ਉਨ੍ਹਾਂ ਦਾ ਹਰ ਲੇਖ ਇਤਿਹਾਸਿਕ ਅਤੇ ਗੁਰਮਤਿ ਦੇ ਕੇਂਦਰੀ ਸਿਧਾਂਤ ‘ਤੇ ਅਧਾਰਤ ਬਾ-ਦਲੀਲ ਕੇਂਦਰਤ ਹੁੰਦਾ ਸੀ| ਉਹ ਸਿੰਘ ਸਭਾ ਸ਼ਤਾਬਦੀ ਕਮੇਟੀ ਅੰਮ੍ਰਿਤਸਰ ਦੇ ਵੀ ਜਨਰਲ ਸਕੱਤਰ ਰਹੇ|  ਗਿਆਨੀ ਗੁਰਦਿੱਤ ਸਿੰਘ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਰਾਜ਼ ਇਕ ਖੋਜੀ ਪਤਤਰਕਾਰ ਤੇ ਸੰਪਾਦਕ ਹੋਣਾ ਹੈ| ਉਹ ਪੱਤਰਕਾਰੀ ਦੇ ਪਿਤਾਮਿਆਂ ਵਿੱਚੋਂ ਇਕ ਹਨ|
ਸਾਹਿਤਕਾਰ :
ਗਿਆਨੀ ਗੁਰਦਿੱਤ ਸਿੰਘ ਨੇ ਆਪਣੀ 83 ਸਾਲ ਦੀ ਉਮਰ ਤੋਂ ਵੀ ਵੱਧ ਲਗਪਗ 100 ਪੁਸਤਕਾਂ, ਕਿਤਾਬਚੇ, ਲੇਖ ਅਤੇ ਟਰੈਕਟ ਖੁਦ ਲਿਖੇ/ਸੰਪਾਦਤ ਕੀਤੇ| ਉਨ੍ਹਾਂ ਨੂੰ ਗੁਰਮਤਿ ਸਾਹਿਤ ਅਤੇ ਪੱਤਰਕਾਰੀ ਦਾ ਸੁਮੇਲ ਕਿਹਾ ਜਾ ਸਕਦਾ ਹੈ| ਗਿਆਨੀ ਗੁਰਦਿੱਤ ਸਿੰਘ ਨੇ ਪ੍ਰਸਿੱਧ ਧਾਰਮਿਕ ਵਿਦਵਾਨਾ ਦੀਆਂ ਜੀਵਨੀਆਂ ਵੀ ਲਿਖੀਆਂ ਹਨ| ਉਹ ਆਪਣੀ ਧੁਨ ਦੇ ਪੱਕੇ, ਸਿਰੜ੍ਹੀ ਅਤੇ ਦਰਵੇਸ਼ ਵਿਦਵਾਨ ਸਨ| ਉਨ੍ਹਾਂ ਦੇ ਵਿਅਕਤਿਤਵ ਵਿੱਚ ਲੋਕ ਵਿਰਸੇ ਅਤੇ ਧਰਮ-ਚਿੰਤਨ ਦਾ ਅਜਿਹਾ ਸੁਮੇਲ ਪੰਜਾਬੀ ਸਾਹਿਤ ਅਤੇ ਪੰਜਾਬੀਆਂ ਲਈ ਸੁਭਾਗਾ ਸਿੱਧ ਹੋਇਆ ਹੈ| ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ’ ਉਨ੍ਹਾਂ ਛੇ ਜਿਲਦਾਂ ਵਿੱਚ ਸੰਪੂਰਨ ਕੀਤਾ| ਉਨ੍ਹਾਂ ਨੇ ਲੋਕ ਸਾਹਿਤ ਦੀ ਰਚਨਾ ਕੀਤੀ, ਲੋਕ ਸਾਹਿਤ ਲੋਕਧਾਰਾ ਦਾ ਅਨਿਖੜ ਅੰਗ ਹੁੰਦਾ ਹੈ|
ਸਿਆਸਤਦਾਨ :
ਗਿਆਨੀ ਗੁਰਦਿੱਤ ਸਿੰਘ ਜੀ ਦੀ ਸਿੱਖੀ, ਗੁਰਮਤਿ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੱਤਰਕਾਰੀ ਵਿੱਚ ਪਾਏ ਵਿਲੱਖਣ ਯੋਗਦਾਨ ਨੂੰ ਮੁੱਖ ਰਖਦਿਆਂ ਉਨ੍ਹਾਂ ਨੂੰ ਪੰਜਾਬ ਲੈਜਿਸਲੇਚਰ ਕੌਂਸਲ ਦਾ 1956 ਵਿੱਚ ਮੈਂਬਰ ਨਾਮਜ਼ਦ ਕੀਤਾ ਗਿਆ| ਪੰਜਾਬੀ ਯੂਨੀਵਰਸਿਟੀ ਅਤੇ ਤਖ਼ਤ ਦਮਦਮਾ ਸਾਹਿਬ ਦੀ ਸਥਾਪਨਾ ਵਿੱਚ ਵੀ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ| ਉਨ੍ਹਾਂ ਵਿਧਾਨ ਪ੍ਰੀਸ਼ਦ ਵਿੱਚ ਸਿੱਖਾਂ ਦੇ ਪੰਜਵੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸਥਾਪਨਾ ਲਈ ਮਤਾ ਪੇਸ਼ ਕਰਕੇ ਪੁਰਜ਼ੋਰ ਸਿਫ਼ਾਰਸ਼ ਨਾਲ ਮੈਂਬਰਾਂ ਨੂੰ ਪ੍ਰਭਾਵਤ ਕੀਤਾ, ਜਿਸਦੇ ਸਿੱਟੇ ਵਜੋਂ ਪੰਜਵੇਂ ਤਖ਼ਤ ਦੀ ਸਥਪਨਾ ਹੋਈ|
 ਮਾਨ ਸਨਮਾਨ
ਗਿਆਨੀ ਗੁਰਦਿਤ ਸਿੰਘ ਦੀਆਂ ਪੰਜਾਬ, ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਕਈ ਮਾਨ ਸਨਮਾਨ ਵੀ ਦਿਤੇ ਗਏ| ਉਹਨਾਂ ਨੂੰ ਮਿਲੇ ਮਾਨ ਸਨਮਾਨਾਂ ਵਿੱਚ ਭਾਸ਼ਾ ਵਿਭਾਗ ਵਲੋਂ ਪੰਜਾਬੀ ਸਾਹਿਤ ਸ਼ਰੋਮਣੀ ਪੁਰਸਕਾਰ 2006, ਪੰਜ ਪਾਣੀ ਪੁਰਸਕਾਰ 2005, ਦੂਰਦਰਸ਼ਨ ਜਲੰਧਰ ਵਲੋਂ ਚੀਫ ਖਾਲਸਾ ਦੀਵਾਨ ਪੁਰਸਕਾਰ, ਪੰਜਾਬੀ ਸਾਹਿਤ ਅਕਾਡਮੀ ਪੁਰਸਕਾਰ 2000, ਕਰਤਾਰ ਸਿੰਘ ਧਾਲੀਵਾਲ ਅਵਾਰਡ, ਐਸ. ਜੀ. ਪੀ. ਸੀ. ਵਲੋਂ ਗੁਰਮਤਿ ਅਚਾਰੀਆ ਅਵਾਰਡ 1991, ਮੇਰਾ ਪਿੰਡ ਪੁਸਤਕ ਲਈ 1967 ਅਤੇ ਤਿਥ-ਤਿਉਹਾਰ ਲਈ 1960 ਆਦਿ ਸ਼ਾਮਲ ਹਨ| ਉਨ੍ਹਾਂ ਨੂੰ 1960 ਵਿੱਚ ਯੂਨੈਸਕੋ ਨੇ ਮੇਰਾ ਪਿੰਡ ਲੇਖ ਲਈ ਪੁਰਸਕਾਰ ਵੀ ਦਿੱਤਾ ਸੀ| 1970 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਤਿੰਨ ਸਾਲ ਲਈ ਆਨਰੇਰੀ ਫੈਲੋਸ਼ਿਪ ਪ੍ਰਦਾਨ ਕੀਤੀ ਸੀ|
 ਗਿਆਨੀ ਗੁਰਦਿੱਤ ਸਿੰਘ ਦਾ ਜਨਮ ਮਾਲੇਰਕੋਟਲਾ ਰਿਆਸਤ (ਹੁਣ ਮਾਲੇਰਕੋਟਲਾ ਜਿਲ੍ਹਾ) ਦੇ ਪਿੰਡ ਮਿਠੇਵਾਲ ਵਿਖੇ ਪਿਤਾ ਹੀਰਾ ਸਿੰਘ ਅਤੇ ਮਾਤਾ ਨਿਹਾਲ ਕੌਰ ਦੀ ਕੁੱਖੋਂ 24 ਫਰਵਰੀ 1923 ਨੂੰ ਇਕ ਸਾਧਾਰਨ ਕਿਰਤੀ ਪਰਿਵਾਰ ਵਿੱਚ ਹੋਇਆ| ਮੁਢਲੀ ਪੜ੍ਹਾਈ ਪਿੰਡ ਦੇ ਗੁਰਦੁਆਰੇ ਵਿੱਚੋਂ ਪ੍ਰਾਪਤ ਕੀਤੀ| ਇਸ ਤੋਂ ਬਾਅਦ ਡੇਰਿਆਂ ਵਿੱਚ ਗ਼ੈਰਰਸਮੀ ਪੜ੍ਹਾਈ ਕੀਤੀ| 1945 ਵਿੱਚ ਲਾਹੌਰ ਯੂਨੀਵਰਸਿਟੀ ਤੋਂ ਗਿਆਨੀ ਪਾਸ ਕੀਤੀ| ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਭਾਵੇਂ ਉਚ ਪੜ੍ਹਾਈ ਕਰਨ ਦਾ ਮੌਕਾ ਨਹੀਂ ਮਿਲਿਆ ਪ੍ਰੰਤੂ ਉਨ੍ਹਾਂ ਦਾ ਕੰਮ ਉਚ ਕੋਟੀ ਦੇ ਵਿਦਵਾਨਾ ਤੋਂ ਵੀ ਵੱਧ ਸੀ| ਉਨ੍ਹਾਂ ਦੀ ਬੋਲੀ ਸਰਲ, ਗੱਲਬਾਤੀ ਅਤੇ ਬਿਰਤਾਂਤਿਕ ਹੈ, ਜਿਹੜੀ ਸੌਖਿਆਂ ਹੀ ਪਾਠਕ ਦੇ ਸਮਝ ਪੈ ਜਾਂਦੀ ਹੈ| ਗਿਆਨੀ ਜੀ ਨੇ ਆਮ ਲੋਕਾਂ ਵੱਲੋਂ ਵਰਤੀ ਜਾਂਦੀ  ਬੋਲੀ ਦੀ ਅਮੀਰੀ ਅਤੇ ਸਮਰੱਥਾ ਦਰਸਾ ਕੇ ਇਸ ਨੂੰ ਸਾਹਿਤਕ ਖੇਤਰ ਵਿੱਚ ਪੂਰਾ ਆਦਰ ਮਾਣ ਦਿਵਾਇਆ| ਉਨ੍ਹਾਂ ਪੰਜਾਬੀ ਬੋਲੀ ਦੀ ਸਰਦਾਰੀ ਨੂੰ ਸਥਾਪਤ ਕਰ ਦਿੱਤਾ| ਉਹ ਲੋਕਾਂ ਦੀਆਂ ਗੱਲਾਂ ਲੋਕਾਂ ਦੀ ਭਾਸ਼ਾ ਵਿੱਚ ਲਿਖਦੇ ਸਨ| 17 ਜਨਵਰੀ 2007 ਨੂੰ ਗਿਆਨੀ ਗੁਰਦਿੱਤ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ|
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰ
ਮੋਬਾਈਲ-94178 13072
ujagarsingh48@yahoo.com
 -----------------------------------------------------
ਹਵਾਲੇ/ਸਰੋਤ : ਪੁਸਤਕ ‘ਗਿਆਨੀ ਗੁਰਦਿੱਤ ਸਿੰਘ 1923-2007
ਸੰਪਾਦਕ : ਇੰਦਰਜੀਤ ਕੌਰ ਤੇ ਰੂਪਿੰਦਰ ਸਿੰਘ

ਨਰਪਾਲ ਸਿੰਘ ਸ਼ੇਰਗਿੱਲ ਦਾ ‘24ਵਾਂ ਸਾਲਾਨਾ ਪੰਜਾਬੀ ਸੰਸਾਰ’ ਮਾਰਗ ਦਰਸ਼ਕ ਸਾਬਤ ਹੋਵੇਗਾ - ਉਜਾਗਰ ਸਿੰਘ

ਸੰਸਾਰ ਵਿੱਚ ਕੋਈ ਅਜਿਹਾ ਕੰਮ ਨਹੀਂ ਹੁੰਦਾ ਜਿਸ ਨੂੰ ਪੂਰਾ ਨਾ ਕੀਤਾ ਜਾ ਸਕੇ ਪ੍ਰੰਤੂ ਕਰਨ ਵਾਲੇ ਇਨਸਾਨ ਦਾ ਇਰਾਦਾ ਮਜ਼ਬੂਤ ਅਤੇ ਨਿਸ਼ਾਨੇ ਤੇ ਪਹੁੰਚਣ ਦੀ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ। ਕਈ ਵਿਅਕਤੀ ਅਜਿਹੇ ਹੁੰਦੇ ਹਨ ਜਿਹੜੇ ਸਰਕਾਰਾਂ ਅਤੇ ਸਮਾਜਿਕ ਸੰਸਥਾਵਾਂ ਦੇ ਬਰਾਬਰ ਕੰਮ ਕਰਦੇ ਰਹਿੰਦੇ ਹਨ ਪ੍ਰੰਤੂ ਉਸ ਦਾ ਪ੍ਰਚਾਰ ਨਹੀਂ ਕਰਦੇ। ਅਜਿਹੇ ਵਿਅਕਤੀਆਂ ਵਿੱਚ ਇਕ ਸ੍ਰੀ ਗਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਦਾ ਮੁੱਦਈ ਨਰਪਾਲ ਸਿੰਘ ਸ਼ੇਰਗਿੱਲ ਹੈ, ਜਿਹੜਾ ਲਗਾਤਾਰ ਪਿਛਲੇ ਲਗਪਗ 60 ਸਾਲਾਂ ਤੋਂ ਪੰਜਾਬ, ਪੰਜਾਬੀ ਸਭਿਅਚਾਰ, ਸਾਹਿਤ ਅਤੇ ਪੰਜਾਬੀ ਪੱਤਰਕਾਰੀ ਵਿੱਚ ਵਿਲੱਖਣ ਕਾਰਜ ਕਰਦਾ ਆ ਰਿਹਾ ਹੈ। ਉਹ ਆਪਣੀ ਅਮੀਰ ਵਿਰਾਸਤ ਤੇ ਪਹਿਰਾ ਦੇ ਰਿਹਾ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੀ ਵਿਰਾਸਤ ਨੂੰ ਸਮਝ ਸਕੇ। ਨਰਪਾਲ ਸਿੰਘ ਸ਼ੇਰਗਿੱਲ ਅੱਧੀ ਸਦੀ ਤੋਂ ਵੀ ਵੱਧ  ਸਮੇਂ ਤੋਂ ਪੰਜਾਬੀਆਂ ਦੀ ਸੱਚੇ ਦਿਲੋਂ ਸੇਵਾ ਕਰਦਾ ਆ ਰਿਹਾ ਹੈ। ਜੇ ਮੈਂ ਇਹ ਕਹਾਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਉਹ ਸਮੁੱਚੇ ਸੰਸਾਰ ਨੂੰ ਪੰਜਾਬੀਆਂ ਵੱਲੋਂ ਹਰ ਖੇਤਰ ਵਿੱਚ ਪਾਏ ਜਾ ਰਹੇ ਵਰਣਨਯੋਗ ਯੋਗਦਾਨ ਦੀ ਜਾਣਕਾਰੀ ਦੇ ਕੇ ਪੰਜਾਬੀਆਂ ਦਾ ਪੰਜਾਬ ਹਿਤੈਸ਼ੀ ਪ੍ਰਤੀਨਿਧ ਬਣ ਗਿਆ ਹੈ, ਜਿਹੜਾ ਸਹੀ ਅਰਥਾਂ ਵਿੱਚ ਪੰਜਾਬ ਹਿਤੈਸ਼ੀ ਕਹਾਉਣ ਦਾ ਹੱਕਦਾਰ ਬਣਿਆਂ ਹੈ। ਉਹ 1966 ਵਿੱਚ ਇੰਗਲੈਂਡ ਪਹੁੰਚ ਗਿਆ ਸੀ ਪ੍ਰੰਤੂ ਉਸ ਨੇ ਇੰਗਲੈਂਡ ਦੀ ਨਾਗਰਿਕਤਾ ਨਹੀਂ ਲਈ, ਜਿਸ ਤੋਂ ਉਸ ਦਾ ਦੇਸ਼ ਅਤੇ ਪੰਜਾਬ ਨਾਲ ਸਮਰਪਣ ਦਾ ਪ੍ਰਗਟਾਵਾ ਹੁੰਦਾ ਹੈ। ਪੰਜਾਬ ਖਾਸ ਤੌਰ ‘ਤੇ ਆਪਣੇ ਪਿੰਡ ‘ਮਜਾਲ ਖੁਰਦ’ ਦੀ ਮਿੱਟੀ ਦਾ ਮੋਹ ਨਰਪਾਲ ਸਿੰਘ ਸ਼ੇਰਗਿੱਲ ਨੂੰ ਪੰਜਾਬ ਨਾਲ ਜੋੜੀ ਰਖਦਾ ਹੈ। ਆਪਣੀ ਜਨਮ ਭੂਮੀ ਪੰਜਾਬ ਨਾਲ ਉਸ ਦਾ ਮੋਹ ਕਮਾਲ ਦਾ ਹੈ, ਉਹ ਰਹਿੰਦਾ ਇੰਗਲੈਂਡ ਵਿੱਚ ਹੈ ਪ੍ਰੰਤੂ ਹਰ ਸਾਲ ਅੱਧਾ ਵਰ੍ਹਾ ਪੰਜਾਬ ਵਿੱਚ ਆ ਕੇ ਇਹ ਪੁਸਤਕ ਪ੍ਰਕਾਸ਼ਤ ਕਰਵਾਉਂਦਾ ਹੈ ਅਤੇ ਪੰਜਾਬ ਹਿਤੈਸ਼ੀ ਕੰਮ ਕਰਨ ਲਈ ਕਈ ਸਮਾਜਿਕ, ਸਭਿਆਚਾਰਕ ਅਤੇ ਪੱਤਰਕਾਰਾਂ ਦੀਆਂ ਸੰਸਥਾਵਾਂ ਨੂੰ ਪ੍ਰੇਰਤ ਕਰਦਾ ਰਹਿੰਦਾ ਹੈ। ਪਿਛਲੇ 24 ਸਾਲ ਤੋਂ ਉਹ ਲਗਾਤਾਰ ‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ’ ਵਡਆਕਾਰੀ ਰੰਗਦਾਰ ਪੁਸਤਕ ਪ੍ਰਕਾਸ਼ਤ ਕਰਦਾ ਆ ਰਿਹਾ ਹੈ। ਸਭ ਤੋਂ ਪਹਿਲਾਂ ਨਰਪਾਲ ਸਿੰਘ ਸ਼ੇਰਗਿੱਲ ਨੇ 1981 ਵਿੱਚ ਲੰਦਨ ਤੋਂ ਅੰਗਰੇਜ਼ੀ ਦਾ ਮਾਸਕ ਅਖ਼ਬਾਰ ‘ਦਾ ਪਾਲਿਟਿਕਸ’ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। 1984 ਤੋਂ ਬਾਕਾਇਦਾ ਪੰਜਾਬੀ ਦੇ ਅਖ਼ਬਾਰਾਂ ਲਈ ਲੋਕ ਹਿਤਾਂ ‘ਤੇ ਪਹਿਰਾ ਦੇਣ ਵਾਲੇ ਲੇਖ ਲਿਖਣੇ ਸ਼ੁਰੂ ਕੀਤੇ, ਜਿਹੜੇ ਇੰਗਲੈਂਡ, ਕੈਨੇਡਾ, ਅਮਰੀਕਾ, ਜਰਮਨ, ਹਾਲੈਂਡ, ਫਰਾਂਸ ਅਤੇ ਆਸਟਰੇਲੀਆ ਦੇ 14 ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੇ ਸਨ। ਅੱਜ ਤੱਕ ਇਨ੍ਹਾਂ ਅਖ਼ਬਾਰਾਂ ਵਿੱਚ ਉਸ ਦੇ ਲੇਖ ਪ੍ਰਕਾਸ਼ਤ ਹੋ ਰਹੇ ਹਨ। ਫਿਰ ਜਲੰਧਰ ਤੋਂ ਪ੍ਰਕਾਸ਼ਤ ਹੋਣ ਵਾਲੇ ਅਜੀਤ ਅਖ਼ਬਾਰ ਲਈ ਇੰਗਲੈਂਡ ਤੋਂ ਲੇਖ ਲਿਖਣੇ ਸ਼ੁਰੂ ਕੀਤੇ ਜਿਹੜੇ ਪਰਵਾਸ ਵਿੱਚ ਵਸੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਅਤੇ ਸਮੱਸਿਆਵਾਂ ਨਾਲ ਸੰਬੰਧਤ ਹੁੰਦੇ ਸਨ। 1985 ਤੋਂ ‘ਇੰਟਰਨੈਸ਼ਨਲ ਸਿੱਖ ਡਾਇਰੈਕਟਰੀ’ ਜਿਸ ਵਿੱਚ ਲਗਪਗ 2000 ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਦੇ ਐਡਰੈਸ ਸ਼ਾਮਲ ਸਨ ਅਤੇ 1998 ਤੋਂ ‘ਇੰਡੀਅਨਜ਼ ਅਬਰਾਡ ਐਂਡ ਪੰਜਾਬ ਇਮਪੈਕਟ’ ਨਾਂ ਦੀ ਪੁਸਤਕ ਪ੍ਰਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਚਰਚਾ ਅਧੀਨ ਪੁਸਤਕ ‘ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ-22’ ਦਾ ‘24ਵਾਂ ਪੰਜਾਬੀ ਸੰਸਾਰ’ ਅੰਕ ਪ੍ਰਕਾਸ਼ਤ ਕੀਤਾ ਹੈ। ਇਸ ਪੁਸਤਕ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਕਈ ਨਵੇਂ ਚੈਪਟਰ/ਫੀਚਰ ਸ਼ੁਰੂ ਕੀਤੇ ਹਨ। ਇਹ ਪੁਸਤਕ ਭਾਰਤੀਆਂ/ਪੰਜਾਬੀਆਂ ਲਈ ਮਾਰਗ ਦਰਸ਼ਕ ਦਾ ਕੰਮ ਕਰਦੀ ਹੈ। ਇਸ ਪੁਸਤਕ ਵਿੱਚ ਸੰਸਾਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਭਾਰਤੀਆਂ/ਪੰਜਾਬੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਸਾਡੇ ਨੌਜਵਾਨ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਸੰਸਾਰ ਵਿੱਚ ਮਾਅਰਕੇ ਮਾਰ ਸਕਣ। ਪੁਸਤਕ ਵਿੱਚ ਭਾਰਤ ਦੀਆਂ ਸੰਸਾਰ ਵਿੱਚ  ਅੰਬੈਸੀਆਂ ਅਤੇ ਹਾਈ ਕਮਿਸ਼ਨਜ਼ ਦੇ ਦਫਤਰਾਂ ਦੇ ਐਡਰੈਸ, ਪਤੇ ਅਤੇ ਈ ਮੇਲਜ਼ ਹਨ ਤਾਂ ਜੋ ਕਿਸੇ ਵੀ ਪਰਵਾਸੀ ਭਾਰਤੀ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਹੋਵੇ। ਇਸੇ ਤਰ੍ਹਾਂ ਸੰਸਾਰ ਵਿੱਚ ਵਸ ਰਹੇ ਮਹੱਤਵਪੂਰਨ ਭਾਰਤੀਆਂ ਖਾਸ ਤੌਰ ‘ਤੇ ਪੰਜਾਬੀਆਂ ਦੇ ਐਡਰੈਸ, ਈ ਮੇਲਜ਼, ਟੈਲੀਫੋਨ ਨੰਬਰ ਦਿੱਤੇ ਹੋਏ ਹਨ। 106 ਭਾਰਤੀਆਂ ਪੰਜਾਬੀਆਂ ਦੀ ਡਾਇਰੈਕਟਰੀ, 125 ਭਾਰਤੀਆਂ/ਪੰਜਾਬੀਆਂ ਵੱਲੋਂ ਚਲਾਈਆਂ ਜਾ ਰਹੀਆਂ ਸੰਸਥਾਵਾਂ, 672 ਗੁਰਦੁਆਰੇ, ਭਾਰਤ ਵਿਚਲੇ ਗੁਰਦੁਆਰੇ, 124 ਉਦਮੀਆਂ, 92 ਲਾਅ ਦਫਤਰ ਅਤੇ ਇਮੀਗਰੇਸ਼ਨ ਸਲਾਹਕਾਰ, ਟਰੈਵਲ ਟੂਰਜ਼, ਮਨੀ ਟਰਾਂਸਫਰ, ਹੋਟਲ ਰੈਸਟੋਰੈਂਟਸ, ਪੰਜਾਬੀ ਲੇਖਕ, ਪੇਂਟਰ, 51 ਕਿਸੇ ਵੀ ਖੇਤਰ ਵਿੱਚ ਪਹਿਲਕਦਮੀ ਕਰਨ ਵਾਲੇ ਵਿਅਕਤੀਆਂ, ਗਲੋਬਲ ਮੀਡੀਆ, ਅਖ਼ਬਾਰ ਆਦਿ ਦੀਆਂ ਸੂਚੀਆਂ ਦਿੱਤੀਆਂ ਗਈਆਂ ਹਨ। ਪੰਜਾਬ ਦੇ ਸਾਰੇ ਵਿਧਾਨਕਾਰਾਂ ਦੇ ਵੀ ਟੈਲੀਫੋਨ ਨੰਬਰ ਦਿੱਤੇ ਗਏ ਹਨ। ਜਿਹੜੇ 124 ਉਦਮੀਆਂ ਦੀ ਸੂਚੀ ਦਿੱਤੀ ਗਈ ਹੈ ਉਨ੍ਹਾਂ ਦੇ ਜੀਵਨ ਬਿਓਰੇ ਵੀ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੇ ਜੀਵਨ ਦੀ ਜਦੋਜਹਿਦ ਬਾਰੇ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਕਿਸ ਪ੍ਰਕਾਰ ਮਿਹਨਤ ਕਰਕੇ ਸੰਸਾਰ ਦੇ ਸਿਰਮੌਰ ਉਦਮੀ ਬਣੇ ਹਨ। ਸਿਆਸਤ ਵਿੱਚ ਜਿਹੜੇ ਭਾਰਤੀਆਂ/ਪੰਜਾਬੀਆਂ ਨੇ ਮੱਲਾਂ ਮਾਰੀਆਂ ਹਨ ਉਨ੍ਹਾਂ ਦੀਆਂ ਰੰਗਦਾਰ ਤਸਵੀਰਾਂ ਅਤੇ ਜੀਵਨ ਬਿਓਰੇ ਦਿੱਤੇ ਗਏ ਹਨ। ਉਨ੍ਹਾਂ ਵਿੱਚ ਮੁੱਖ ਤੌਰ ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਕੈਨੇਡਾ ਦੇ  ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸਾਬਕ ਪ੍ਰੀਮੀਅਰ ਉਜਲ ਦੋਸਾਂਝ, ਕੈਨੇਡਾ ਦੇ ਮੰਤਰੀ ਹਰਜੀਤ ਸਿੰਘ ਸਾਜਨ, ਨਵਦੀਪ ਸਿੰਘ, ਤਨਮਨਜੀਤ ਸਿੰਘ ਢੇਸੀ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਇੰਗਲੈਂਡ, ਵਰਿੰਦਰ ਸ਼ਰਮਾ ਚਾਰ ਵਾਰ ਲਗਾਤਾਰ ਐਮ.ਪੀ. ਇੰਗਲੈਂਡ, ਟਿਮ ਉਪਲ ਕੈਨੇਡਾ ਦਾ ਪਹਿਲਾ ਦਸਤਾਰਧਾਰੀ ਸਿੱਖ ਮੰਤਰੀ, ਪ੍ਰੀਤ ਕੌਰ ਗਿੱਲ ਪਹਿਲੀ ਸਿੱਖ ਇਸਤਰੀ ਐਮ.ਪੀ.ਇੰਗਲੈਂਡ, ਅਨੂਪ ਸਿੰਘ ਚੌਧਰੀ ਯੁਗਾਂਡਾ ਦੀ ਹਾਈ ਕੋਰਟ ਦੇ ਪਹਿਲੇ ਜੱਜ, ਗੁਰਭਜਨ ਸਿੰਘ ਗਿੱਲ ਅਤੇ ਰਾਵਿੰਦਰ ਰਵੀ ਪੰਜਾਬੀ ਸਾਹਿਤਕਾਰ, ਜਰਨੈਲ ਸਿੰਘ ਆਰਟਿਸਟ, ਪਲਬਿੰਦਰ ਕੌਰ ਸ਼ੇਰਗਿੱਲ ਪਹਿਲੀ ਦਸਤਾਰਧਾਰੀ ਸਿੱਖ ਕੈਨੇਡਾ ਦੀ ਹਾਈਕੋਰਟ ਦੀ ਜੱਜ, ਅਮਰ ਸਿੰਘ ਸ਼ਾਂਤ ਫਾਊਂਡਰ ਪਹਿਲੀ ਸਿੱਖ ਅਕਾਡਮੀ ਮਿਡਲਸੈਕਸ ਯੂ.ਕੇ. ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਸਰੋਕਾਰਾਂ ਨਾਲ ਸੰਬੰਧਤ ਨਾਮਵਰ ਲੇਖਕਾਂ ਦੇ ਲੇਖ ਵੀ ਦਿੱਤੇ ਗਏ ਹਨ। ਪੰਜਾਬ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਬਾਰੇ ਵੀ ਜਾਣਕਾਰੀ ਚੋਟੀ ਦੇ ਪੱਤਰਕਾਰਾਂ ਵੱਲੋਂ ਲਿਖੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ। ਪੰਜਾਬ ਦੇ ਪਾਣੀਆਂ ਤੇ ਹੋ ਰਹੀ ਸਿਆਸਤ ਅਤੇ ਜ਼ਮੀਨਦੋਜ਼ ਪਾਣੀ ਦਾ ਖ਼ਤਮ ਹੋਣ ਬਾਰੇ ਵੀ ਸੁਚੇਤ ਕੀਤਾ ਗਿਆ ਹੈ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਬੇਰੁਖੀ ਪੰਜਾਬ ਦੇ ਵਿਕਾਸ ਵਿੱਚ ਰੋੜਾ ਬਣ ਰਹੀ ਹੈ। 264 ਪੰਨਿਆਂ ਦੀ ਵੱਡਆਕਾਰੀ ਪੁਸਤਕ ਵਿੱਚ ਹਰ ਖੇਤਰ ਦੇ ਪਤਵੰਤੇ ਵਿਅਕਤੀਆਂ ਦੀਆਂ ਰੰਗਦਾਰ ਤਸਵੀਰਾਂ ਪ੍ਰਕਾਸ਼ਤ ਕੀਤੀਆਂ ਗਈਆਂ ਹਨ। ਹੈਰਾਨੀ ਅਤੇ ਮਾਣ ਦੀ ਗੱਲ ਹੈ ਕਿ ਨਰਪਾਲ ਸਿੰਘ ਸ਼ੇਰਗਿੱਲ ਇਕੱਲਾ ਕਹਿਰਾ ਵਿਅਕਤੀ ਆਪਣੀ ਜੇਬ ਵਿੱਚੋਂ ਪੈਸੇ ਖ਼ਰਚ ਕੇ ਭਾਰਤੀਆਂ/ਪੰਜਾਬੀਆਂ ਦੇ ਹਿੱਤਾਂ ਦੀ ਰਖਵਾਲੀ ਕਰ ਰਿਹਾ ਹੈ। ਜਦੋਂ ਕਿ ਅਜਿਹੇ ਉਦਮ ਸਰਕਾਰਾਂ ਜਾਂ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ। ਉਹ ਇਹ ਪੁਸਤਕ ਹਰ ਸਾਲ ਪ੍ਰਕਾਸ਼ਤ ਕਰਦਾ ਹੈ। ਇਸ ਪੁਸਤਕ ਵਿੱਚ ਇਕ ਹੋਰ ਬਹੁਤ ਵਧੀਆ ਗੱਲ ਇਹ ਹੈ ਕਿ ਇਸ ਦੇ 60 ਪੰਨਿਆਂ ਵਿੱਚ ਪੰਜਾਬੀ ਦੇ ਲੇਖ ਹਨ, ਜਿਹੜੇ ਨਾਮਵਰ ਵਿਦਵਾਨਾਂ ਨੇ ਲਿਖੇ ਹਨ, ਜਿਨ੍ਹਾਂ ਲੇਖਾਂ ਵਿੱਚ ਪੰਜਾਬ ਦੀ ਵਿਰਾਸਤ, ਸਭਿਅਚਾਰ ਅਤੇ ਆਰਥਿਕ ਸਥਿਤੀ ਬਾਰੇ ਚਾਨਣਾ ਪਾਇਆ ਗਿਆ ਹੈ। ਪੰਜਾਬ ਨੇ ਜਿਹੜੇ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ਅਤੇ ਜਿਨ੍ਹਾਂ ਖੇਤਰਾਂ ਵਿੱਚ ਹੋਰ ਪਾਰਦਰਸ਼ਤਾ ਲਿਆਉਣ ਦੀ ਲੋੜ ਹੈ, ਉਨ੍ਹਾਂ ਬਾਰੇ ਵੀ ਵਿਸਤਾਰ ਨਾਲ ਲਿਖਿਆ ਗਿਆ ਹੈ ਤਾਂ ਜੋ ਪਰਵਾਸ ਵਿੱਚ ਵਸਦੇ ਭਾਰਤੀਆਂ/ਪੰਜਾਬੀਆਂ ਨੂੰ ਜਾਣਕਾਰੀ ਮਿਲ ਸਕੇ। ਜਿਹੜੇ ਲੇਖ ਪ੍ਰਕਾਸ਼ਤ ਕੀਤੇ ਗਏ ਹਨ ਉਨ੍ਹਾਂ ਵਿੱਚ ਪੱਤਰਕਾਰੀ ਦੇ ਅਥਾਹ ਜਜ਼ਬੇ ਦਾ ਵਗਦਾ ਦਰਿਆ, ਫੁੱਲਾਂ ਦੀ ਖੇਤੀ ਦੇ ਸ਼ਾਹ ਅਸਵਾਰ ਸ਼ੇਰਗਿੱਲ ਭਰਾ ਕਰਮਜੀਤ ਸਿੰਘ ਸ਼ੇਰਗਿੱਲ ਅਤੇ ਗੁਰਪ੍ਰੀਤ ਸਿੰਘ ਸ਼ੇਰਗਿੱਲ, ਪੰਜਾਬ ਦਾ ਸਟਰੌਬਰੀ ਕਿੰਗ-ਨਵਜੋਤ ਸਿੰਘ ਸ਼ੇਰਗਿੱਲ, ਮੇਵਿਆਂ ਦਾ ਬਾਦਸ਼ਾਹ-ਬਲਜੀਤ ਸਿੰਘ ਚੱਢਾ, ਸੌਗੀ ਦਾ ਬਾਦਸ਼ਾਹ-ਚਰਨਜੀਤ ਸਿੰਘ ਬਾਠ, ਬਦਾਮਾ ਦੇ ਬਾਦਸ਼ਾਹ -ਟੁੱਟ ਬਰਦਰਜ਼, ਰੰਗੋਂ ਬੇਰੰਗ ਹੋਇਆ ਪੰਜਾਬ, ਚੋਣਾਂ ਵਿੱਚ ਪਾਰਦਰਸ਼ਤਾ ਕਿਉਂ ਨਹੀਂ?, ਪੰਜਾਬ ਦਾ ਸਰਬਪੱਖੀ ਵਿਕਾਸ ਕਿਵੇਂ ਹੋਵੇ, ਸਿੱਖਾਂ ਦੇ ਪ੍ਰਵਾਸ ਨਾਲ ਇੰਝ ਹੋਇਆ, ਸਿੱਖੀ ਸਰੂਪ ਦੀ ਆਨ ਤੇ ਸ਼ਾਨ ਦਸਤਾਰ, ਸਿੱਖ ਵਿਰੋਧੀ ਨਸਲਵਾਦ, ਸ਼ੇਰਗਿੱਲ ਦੀ 54 ਸਾਲਾ ਸੰਸਾਰ ਯਾਤਰਾ ਆਦਿ ਹਨ। ਸਿੱਖਾਂ ਨੂੰ ਪਰਵਾਸ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਸਤਾਰ ਅਤੇ ਨਸਲਵਾਦ ਬਾਰੇ ਸ਼ੇਰਗਿੱਲ ਅਗਾਊਂ ਚੇਤੰਨ ਕਰਦਾ ਆ ਰਿਹਾ ਹੈ। ਨਰਪਾਲ ਸਿੰਘ ਸ਼ੇਰਗਿੱਲ 80 ਸਾਲ ਦੀ ਉਮਰ ਵਿੱਚ ਵੀ ਇਤਨਾ ਸਰਗਰਮ ਹੈ, ਜਿਤਨਾਂ ਨੌਜਵਾਨਾ ਲਈ ਵੀ ਅਸੰਭਵ ਹੁੰਦਾ ਹੈ। ਹੈਰਾਨੀ ਇਹ ਵੀ ਹੈ ਕਿ ਉਹ ਖੁਦ ਮੈਟਰ ਦੀ ਚੋਣ ਕਰਦਾ ਹੈ, ਖੁਦ ਹੀ ਇਸ ਦੀ ਤਰਤੀਵ ਬਣਾਉਂਦਾ ਹੈ, ਆਪ ਹੀ ਦਿੱਲੀ ਜਾ ਕੇ ਛਾਪਕ ਨੂੰ ਸਮਝਾ ਕੇ ਆਉਂਦਾ ਹੈ। ਫਿਰ ਇਤਨੇ 264 ਵਡਅਕਾਰੀ ਪੰਨਿਆਂ ਦੇ ਪਰੂਫ ਵੀ ਆਪ ਹੀ ਪੜ੍ਹਦਾ ਹੈ। ਸੰਸਥਾਵਾਂ ਨੇ ਤਾਂ ਅਮਲਾ ਭਰਤੀ ਕੀਤਾ ਹੁੰਦਾ ਹੈ ਪ੍ਰੰਤੂ ਨਰਪਾਲ ਸਿੰਘ ਸ਼ੇਰਗਿੱਲ ਖੁਦ ਹੀ ਇਕ ਸੰਸਥਾ ਹੈ। ਉਹ ਲੇਖਕ ਹੋਣ ਦੇ ਨਾਲ ਸੰਪਾਦਕ, ਪ੍ਰਕਾਸ਼ਕ ਅਤੇ ਮਾਲਕ ਵੀ ਆਪ ਹੀ ਹੈ। ਉਹ ਪੰਜਾਬੀ ਅਤੇ ਅੰਗਰੇਜ਼ੀ ਦਾ ਮਾਹਿਰ ਵੀ ਹੈ, ਜਿਸ ਕਰਕੇ ਉਸ ਨੂੰ ਕੋਈ ਸਮੱਸਿਆ ਨਹੀਂ ਹੁੰਦੀ। ਸ਼ਾਲਾ ਪਰਮਾਤਮਾ ਉਸ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀ ਬਖ਼ਸ਼ੇ ਤਾਂ ਜੋ ਉਹ ਭਾਰਤੀਆਂ/ਪੰਜਾਬੀਆਂ ਦੀ ਇਤਨੇ ਹੀ ਉਤਸ਼ਾਹ ਅਤੇ ਜੋਸ਼ ਨਾਲ ਸੇਵਾ ਕਰਦਾ ਰਹੇ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

ਪੁਸਤਕ ਸਮੀਖਿਆ- ਪਿੰਡ ਕੱਦੋਂ ਦੇ ਵਿਰਾਸਤੀ ਰੰਗ/ਉਜਾਗਰ ਸਿੰਘ

-ਗੁਰਮੀਤ ਸਿੰਘ ਪਲਾਹੀ

ਹਰ ਪਿੰਡ ਦਾ ਆਪਣਾ ਰੰਗ ਹੈ। ਹਰ ਪਿੰਡ ਦੀ ਆਪਣੀ ਪਛਾਣ ਹੈ। ਹਰ ਪਿੰਡ ਦੀ ਨਿਵੇਕਲੀ ਵਿਰਾਸਤ ਹੈ। ਹਰ ਪਿੰਡ 'ਚ ਵੱਖੋ-ਵੱਖਰੀਆਂ ਜਾਤਾਂ, ਗੋਤਾਂ, ਧਰਮਾਂ ਨੂੰ ਮੰਨਣ ਵਾਲੇ ਲੋਕ ਵਸਦੇ ਹਨ। ਪਰ ਹਰ ਪਿੰਡ 'ਚ ਲੋਕਾਂ ਦੀਆਂ ਸਾਂਝਾਂ, ਪੀਡੀਆਂ ਹਨ। ਰਿਸ਼ਤਿਆਂ ਦੀਆਂ ਨਾ ਟੁੱਟਣਯੋਗ ਤੰਦਾਂ ਹਨ। ਪਿਆਰ ਹੈ, ਮੁਹੱਬਤ ਹੈ, ਆਪਸੀ ਵਿਸ਼ਵਾਸ਼ ਹੈ।

ਪੰਜਾਬ ਦਾ ਪਿੰਡ ਕੱਦੋਂ ਜੋ ਸਾਡੇ ਉੱਘੇ ਕਾਲਮਨਵੀਸ ਉਜਾਗਰ ਸਿੰਘ ਦਾ ਪਿੰਡ ਹੈ, ਇਹੋ ਜਿਹੀ ਹੀ ਵੱਖਰੀ ਪਛਾਣ ਵਾਲਾ ਪਿੰਡ ਹੈ। ਲੁਧਿਆਣਾ ਜ਼ਿਲੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ, ਪਹਿਲਾਂ ਕਦੇ ਪਟਿਆਲਾ ਜ਼ਿਲੇ  ਵਿੱਚ ਹੁੰਦਾ ਸੀ। ਇਸ ਪਿੰਡ ਦੀ ਤਸਵੀਰ, ਇਸ ਪਿੰਡ ਦੀ ਬੱਝਤ, ਇਸ ਪਿੰਡ ਦੀ ਤਰੱਕੀ, ਇਸ ਪਿੰਡ ਦੀਆਂ ਪ੍ਰਾਪਤੀਆਂ, ਇਸ ਪਿੰਡ ਦੇ ਲੋਕਾਂ, ਇਸ ਪਿੰਡ ਦੇ ਰੀਤੀ-ਰਿਵਾਜ਼ਾਂ, ਮੋਹਤਵਰ ਸੱਜਣਾਂ ਦਾ ਖਾਕਾ ਉਜਾਗਰ ਸਿੰਘ ਨੇ ਆਪਣੀ ਪੁਸਤਕ "ਪਿੰਡ ਕੱਦੋਂ ਦੇ ਵਿਰਾਸਤੀ ਰੰਗਾਂ 'ਚ ਚਿਤਰਿਆ ਹੈ।

ਇਸ ਸੁਚਿੱਤਰ ਪੁਸਤਕ ਦੇ 188 ਸਫ਼ੇ ਹਨ। ਲੇਖਕ ਦੇ ਦੋ ਸ਼ਬਦਾਂ ਉਪਰੰਤ ਭੂਗੋਲਿਕ ਇਤਿਹਾਸਕਤਾ ਆਰ-ਪਰਿਵਾਰ, ਬਸ਼ਿੰਦੇ, ਅਦਾਰੇ, ਕਿੱਤੇ, ਪ੍ਰਮੁੱਖ ਸਖ਼ਸ਼ੀਅਤਾਂ ਆਦਿ ਦੇ 20 ਚੈਪਟਰ ਹਨ। ਹਰ ਚੈਪਟਰ 'ਚ ਵਿਸਥਾਰ ਹੈ। ਲੇਖਕ ਦੇ ਸ਼ਬਦਾਂ 'ਚ ਕੱਦੋਂ ਪਿੰਡ ਕਿਸ ਸਮੇਂ ਬਣਿਆ ਅਤੇ ਕਿਥੋਂ ਆਕੇ ਲੋਕ ਵਸੇ, ਇਸਦੀ ਤੱਥਾਂ 'ਤੇ ਅਧਾਰਿਤ ਕੋਈ ਠੋਸ ਜਾਣਕਾਰੀ ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਾਪਤ ਨਹੀਂ ਹੋ ਸਕੀ। ਇਤਿਹਾਸਿਕ ਪੁਸਤਕਾਂ ਵਿੱਚ ਵੀ ਇਸਦੀ ਜਾਣਕਾਰੀ ਨਹੀਂ ਮਿਲਦੀ।

ਮਿਥਹਾਸਿਕ ਜਾਣਕਾਰੀ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਿਰਭਰ ਹੈ , ਪੁਸ਼ਤ ਦਰ ਪੁਸ਼ਤ ਪੁਰਖਿਆਂ ਤੋਂ ਅੱਜ ਤੱਕ ਪੁੱਜਦੀਆਂ ਹਨ। ਅਸਲ `ਚ ਇਹ ਪੰਜਾਬ ਦੇ ਨਵੇਂ ,ਪੁਰਾਣੇ , ਪੰਜਾਂ ਦਰਿਆਵਾਂ ਅਤੇ ਹੁਣ ਢਾਈ ਦਰਿਆਵਾਂ ਦੇ ਪਿੰਡ ਦੀ ਕਹਾਣੀ ਹੈ।  ਪਿੰਡ ਵਸਿਆ ਹੈ, ਪਿੰਡ ਹੱਸਿਆ ਹੈ, ਪਿੰਡ ਵਸਦਾ ਹੈ, ਪਿੰਡ ਹੱਸਦਾ ਹੈ ,  ਪਿੰਡ ਜਿਊਂਦਾ ਹੈ, ਅਤੇ ਪਿੰਡ ਸਾਂਝਾ ਪਗਾਉਂਦਾ , ਪੰਜਾਬ ਦੇ ਵਿਰਸੇ ਨੂੰ ਸੰਭਾਲੀ ਬੈਠਾ ਹੈ । ਇਹੋ ਪਿੰਡ ਕੱਦੋਂ ਦਾ ਇਤਿਹਾਸ ਹੈ, ਇਹ ਪਿੰਡ ਕੱਦੋਂ ਤੇ ਹੋਰ ਪਿੰਡਾਂ ਦਾ ਮਿਥਿਹਾਸ ਹੈ ।

ਕੱਦੋਂ ਪਿੰਡ ਦਾ ਵਿਖਿਆਨ ਕਰਦਿਆਂ ਉਜਾਗਰ ਸਿੰਘ ਭਾਵੁਕ ਨਹੀਂ , ਪਰ ਉਸਦਾ ਪਿੰਡ ਨਾਲ, ਪਿੰਡ ਵਾਲਿਆਂ ਨਾਲ , ਲੋਹੜੇ ਦਾ ਮੋਹ ਹੈ, ਲਗਾਅ ਹੈ, ਇਸ ਕਰਕੇ ਉਹ ਪਿੰਡ ਦੀ ਹਰ ਚੀਜ਼ ਦਾ ਵਰਣਨ ਕਰਦਾ ਹੈ। ਸਮੇਤ ਆਪਣੇ ਸਾਥੀਆਂ ਦੇ , ਜਿਹਨਾਂ ਨਾਲ ਉਸਦੀਆਂ ਯਾਦਾਂ ਜੁੜੀਆਂ ਹਨ।ਪਿੰਡ ਦੀਆਂ ਪੱਤੀਆਂ/ ਬਗਲ /ਲਾਵੇ /ਅੱਲਾਂ , ਪਿੰਡ ਦਾ 100 ਸਾਲ ਪੁਰਾਣਾ ਬਰੋਟਾਂ , ਗੁਰਦੁਆਰਾ ਬਾਬਾ ਸਿੱਧਸਰ, ਗੁਰਦੁਆਰਾ ਸ਼ਹੀਦਾਂ , ਸ਼ਿਵ ਮੰਦਿਰ , ਸਮਾਧ ਅਤੇ ਫਿਰ ਪਿੰਡ ਦੇ ਵਿਕਾਸ ਦੀ ਤਸਵੀਰ ‘ਗੁਰੂ ਨਾਨਕ ਮਾਰਗ’ ਬਾਰੇ ਉਜਾਗਰ ਸਿੰਘ ਦੀ ਇਸ ਪੁਸਤਕ 'ਚ ਦਰਜ਼ ਹਨ । ਸਮਾਜ ਸੇਵਕਾਂ , ਖੇਡ , ਖਿਡਾਰੀਆਂ , ਆਰਮੀ ਅਫਸਰਾਂ , ਪ੍ਰਸਿੱਧ ਸਖ਼ਸ਼ੀਅਤਾਂ ਨੂੰ ਵੀ ਉਜਾਗਰ ਸਿੰਘ ਦੀ ਕਲਮ ਭੁਲੀ ਨਹੀਂ ।

ਇਹ ਪੁਸਤਕ ਅਸਲ ਅਰਥਾਂ `ਚ ਪੰਜਾਬ ਦੇ ਪਿੰਡਾਂ ਦੀ ਹੂ-ਬ-ਹੂ ਤਸਵੀਰ ਅਤੇ ਪੜ੍ਹਨ ਯੋਗ ਪੁਸਤਕ ਹੈ, ਜੋ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਛਾਪੀ ਹੈ। ਪੁਸਤਕ ਦੀ ਕੀਮਤ 350 ਰੁਪਏ ਹੈ।ਇਹ ਪੁਸਤਕ ਉਜਾਗਰ ਸਿੰਘ ਨੇ ਆਪਣੇ ਪਿਤਾ ਸ. ਅਰਜਨ ਸਿੰਘ ਅਤੇ ਮਾਤਾ ਸ਼੍ਰੀਮਤੀ ਗੁਰਦਿਆਲ ਕੌਰ ਨੂੰ ਸਮਰਪਿਤ ਕੀਤੀ ਹੈ।

-ਗੁਰਮੀਤ ਸਿੰਘ ਪਲਾਹੀ

-9815802070
 

 

ਪਦਮ ਸ੍ਰੀ ਮਿਲਣ ‘ਤੇ ਵਿਸ਼ੇਸ਼ :    ਸਿਪਾਹੀ ਤੋਂ ਪਦਮ ਸ੍ਰੀ ਤੱਕ ਪਹੁੰਚਣ ਵਾਲਾ ਸਿਰੜ੍ਹੀ ਖੋਜੀ ਡਾ. ਰਤਨ ਸਿੰਘ ਜੱਗੀ -   ਉਜਾਗਰ ਸਿੰਘ

ਸਾਡੇ ਨੌਜਵਾਨ ਪੰਜਾਬ ਵਿੱਚ ਰੋਜ਼ਗਾਰ ਦੀ ਘਾਟ ਦਾ ਬਹਾਨਾ ਬਣਾ ਕੇ ਪਰਵਾਸ ਵਲ ਵਹੀਰਾਂ ਘੱਤ ਕੇ ਜਾ ਰਹੇ ਹਨ। ਉਨ੍ਹਾਂ ਲਈ ਡਾ.ਰਤਨ ਸਿੰਘ ਜੱਗੀ ਪ੍ਰੇਰਨਾ ਸਰੋਤ ਬਣ ਸਕਦੇ ਹਨ, ਜਿਹੜੇ ਆਪਣੀ ਮਿਹਨਤ ਅਤੇ ਦਿ੍ਰੜ੍ਹ ਇਰਾਦੇ ਕਰਕੇ ਇਕ ਪੁਲਿਸ ਦੇ ਸਿਪਾਹੀ ਤੋਂ ਭਰਤੀ ਹੋ ਕੇ ਪਦਮ ਸ੍ਰੀ ਦੀ ਉਪਾਧੀ ਤੱਕ ਪਹੁੰਚ ਗਏ ਹਨ। ਭਾਰਤ ਸਰਕਾਰ ਨੇ ਡਾ.ਰਤਨ ਸਿੰਘ ਜੱਗੀ ਨੂੰ ਸਾਹਿਤ ਅਤੇ ਸਿਖਿਆ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਪਦਮ ਸ੍ਰੀ ਦੇਣ ਦਾ ਐਲਾਨ ਕੀਤਾ ਹੈ। ਦੇਸ਼ ਵਿੱਚੋਂ 91 ਵਿਅਕਤੀਆਂ ਨੂੰ ਪਦਮ ਸ੍ਰੀ ਦਾ ਖਿਤਾਬ ਐਲਾਨ ਕੀਤਾ ਗਿਆ ਹੈ, ਪੰਜਾਬ ਵਿੱਚੋਂ ਇਕੱਲੇ ਡਾ.ਰਤਨ ਸਿੰਘ ਜੱਗੀ ਹਨ। ਸੰਸਾਰ ਵਿਚ ਕੋਈ ਕੰਮ ਵੀ ਅਸੰਭਵ ਨਹੀਂ ਹੁੰਦਾ ਜੇਕਰ ਉਸਨੂੰ ਕਰਨ ਵਾਲੇ ਵਿਅਕਤੀ ਦਾ ਦਿ੍ਰੜ੍ਹ ਇਰਾਦਾ, ਲਗਨ ਅਤੇ ਮਿਹਨਤੀ ਸੁਭਾਅ ਹੋਣਾ ਹੋਵੇ। ਸਾਡੇ ਨੌਜਵਾਨ ਔਖੇ ਕੰਮ ਨੂੰ ਕਰਨ ਦੀ ਹਿੰਮਤ ਕਰਨ ਤੋਂ ਪਹਿਲਾਂ ਹੀ ਢੇਰੀ ਢਾਅ ਬੈਠਦੇ ਹਨ ਪ੍ਰੰਤੂ ਕੁਝ ਅਜਿਹੇ ਉਦਮੀ ਹੁੰਦੇ ਹਨ, ਜਿਹੜੇ ਜਿਸ ਕੰਮ ਨੂੰ ਕਰਨ ਬਾਰੇ ਸੋਚ ਲੈਣ ਉਸਨੂੰ ਪੂਰਾ ਕਰਕੇ ਹੀ ਹੱਟਦੇ ਹਨ। ਇਨ੍ਹਾਂ ਉਦਮੀਆਂ ਵਿਚ ਹੀ ਇੱਕ ਅਜਿਹਾ ਖੋਜੀ ਧੁਰੰਦਰ ਵਿਦਵਾਨ ਸਾਹਿਤਕਾਰ ਡਾ.ਰਤਨ ਸਿੰਘ ਜੱਗੀ ਹੈ, ਉਸਨੇ ਜਿਸ ਵੀ ਅਤਿ ਕਠਨ ਕੰਮ ਨੂੰ ਹੱਥ ਪਾਇਆ ਉਤਨੀ ਦੇਰ ਚੈਨ ਨਾਲ ਟਿਕ ਕੇ ਨਹੀਂ ਬੈਠਿਆ, ਜਿਤਨੀ ਦੇਰ ਉਸਨੂੰ ਨੇਪਰੇ ਨਹੀਂ ਚਾੜ੍ਹ ਲਿਆ। ਸਾਹਿਤਕ ਅਤੇ ਇਤਿਹਾਸਕ ਖੋਜ ਦੇ ਕੰਮਾ ਵਿਚ ਉਸਨੂੰ ਅਨੇਕਾਂ ਮੁਸ਼ਕਲਾਂ ਅਤੇ ਤਕਲੀਫਾਂ ਦਾ ਮੁਕਾਬਲਾ ਕਰਨਾ ਪਿਆ। ਕਈ ਵਾਰ ਤਾਂ ਜਾਨ ਵੀ ਜੋਖ਼ਮ ਵਿਚ ਪਾਉਣੀ ਪਈ ਪ੍ਰੰਤੂ ਉਸਨੇ ਜੋ ਨਿਸ਼ਾਨਾ ਮਿਥਿਆ ਉਸਨੂੰ ਹਰ ਹਾਲਤ ਵਿਚ ਪੂਰਾ ਕੀਤਾ। ਉਸਦੀ ਬਚਪਨ ਤੋਂ ਲੈ ਕੇ ਹੁਣ ਤੱਕ ਸਾਰੀ ਜ਼ਿੰਦਗੀ ਹੀ ਜਦੋਜਹਿਦ ਵਾਲੀ ਰਹੀ ਹੈ। ਇਨ੍ਹਾਂ ਖੋਜਾਂ ਲਈ ਉਸਨੂੰ ਸਾਰੇ ਦੇਸ਼ ਦਾ ਭਰਮਣ ਕਰਨਾ ਪਿਆ। ਭਾਵੇਂ ਉਸਨੂੰ ਦਸਵੀਂ ਤੋਂ ਬਾਅਦ ਪਰਿਵਾਰ ਪੜ੍ਹਾਉਣਾ ਨਹੀਂ ਚਾਹੁੰਦਾ ਸੀ ਪ੍ਰੰਤੂ ਉਸਦੀ ਲਗਨ ਅਤੇ ਦਿ੍ਰੜ੍ਹਤਾ ਨੇ ਸਾਹਿਤਕ ਖੇਤਰ ਦੀ ਸਭ ਤੋਂ ਸਰਵੋਤਮ ਡਿਗਰੀ ਡੀ.ਲਿਟ.ਪ੍ਰਾਪਤ ਕਰਕੇ ਹੀ ਦਮ ਲਿਆ। ਡੀ.ਲਿਟ.ਵੀ ਇੱਕ ਨਹੀਂ ਸਗੋਂ ਤਿੰਨ-ਤਿੰਨ ਪ੍ਰਾਪਤ ਕੀਤੀਆਂ। ਦੇਸ਼ ਦੀ ਵੰਡ ਨੇ ਵੀ ਉਸਦੇ ਰਸਤੇ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ। ਪੱਛਵੀਂ ਪੰਜਾਬ ਤੋਂ ਪੂਰਬੀ ਪੰਜਾਬ ਵਿਚ ਤਪਾਮੰਡੀ, ਨਰਾਇਣਗੜ੍ਹ ਕੋਲ ਅੰਬਾਲਾ ਜਿਲ੍ਹੇ ਦੇ ਲੋਟੋਂ ਪਿੰਡ ਜਿਥੇ ਪਰਿਵਾਰ ਨੂੰ ਜ਼ਮੀਨ ਅਲਾਟ ਹੋਈ ਸੀ, ਲੁਧਿਆਣਾ, ਦਿੱਲੀ, ਸੋਨੀਪਤ, ਅਖ਼ੀਰ ਪਟਿਆਲਾ ਆ ਕੇ ਵਸ ਗਏ। ਸਭ ਤੋਂ ਪਹਿਲਾਂ ਉਨ੍ਹਾਂ ਅੰਬਾਲੇ ਫ਼ੌਜ ਵਿਚ ਸਿਵਲੀਅਨ ਕਲਰਕ ਦੀ ਨੌਕਰੀ ਕੀਤੀ। ਇੱਕ ਮਹੀਨੇ ਬਾਅਦ ਦਿੱਲੀ ਵਿਖੇ ਪੁਲਿਸ ਵਿਭਾਗ ਦੇ ਗੁਪਤਚਰ ਵਿਭਾਗ ਵਿਚ 7 ਜਨਵਰੀ 1949 ਨੂੰ ਨੌਕਰੀ 135 ਰੁਪਏ ਮਹੀਨਾ ਨਾਲ ਸ਼ੁਰੂ ਕੀਤੀ ਅਤੇ ਲਗਪਗ 7 ਸਾਲ ਨੌਕਰੀ ਕਰਦਿਆਂ ਪਹਿਲਾਂ ਗਿਆਨੀ, ਐਫ.ਏ.ਅਤੇ ਪ੍ਰਭਾਕਰ ਪਾਸ ਕੀਤੀਆਂ। ਇਸ ਤੋਂ ਇਲਾਵਾ 1952 ਵਿਚ ਬੀ.ਏ.ਪਾਰਟ ਟਾਈਮ ਅਤੇ ਬਾਅਦ ਵਿਚ ਬੀ.ਏ.ਫਾਰਸੀ, ਹਿੰਦੀ ਅਤੇ ਸੰਸਕਿ੍ਰਤ ਵਿਚ ਵੀ ਪਾਸ ਕੀਤੀਆਂ। ਈਵਨਿੰਗ ਕਲਾਸਾਂ ਵਿਚ ਪੱਤਰਕਾਰਤਾ ਦਾ ਡਿਪਲੋਮਾ ਵੀ ਕੀਤਾ। 1955 ਵਿਚ ਐਮ.ਏ.ਪੰਜਾਬੀ ਅਤੇ 1957 ਵਿਚ ਐਮ.ਏ.ਹਿੰਦੀ ਪਾਸ ਕੀਤੀਆਂ। ਇਹ ਸਾਰੀ ਪੜ੍ਹਾਈ ਦਿੱਲੀ ਰਹਿੰਦਿਆਂ ਕੀਤੀ। 95 ਸਾਲ ਦੀ ਉਮਰ ਵਿਚ ਵੀ ਉਹ ਖੋਜ ਪ੍ਰਤੀ ਪੂਰੇ ਸੁਚੇਤ ਹਨ, ਅਜੇ ਵੀ ਸਿੱਖ ਸੰਕਲਪ ਦੀ ਪੂਰਤੀ ਲਈ ਲਗਾਤਾਰ ਖੋਜ ਕਰ ਰਿਹਾ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਦਿਲੋਂ ਜੁੜੇ ਹੋਏ ਰਤਨ ਸਿੰਘ ਜੱਗੀ ਦਾ ਜਨਮ ਪੱਛਵੀਂ ਪੰਜਾਬ ਦੇ ਅਟਕ ਜਿਲ੍ਹੇ ਦੇ ਪਿੰਡ ਪਿੰਡੀਘੇਬ ਵਿਖੇ 27 ਜੁਲਾਈ 1927 ਨੂੰ ਮਾਤਾ ਨਾਨਕੀ ਦੇਵੀ ਅਤੇ ਪਿਤਾ ਲੋੜੀਂਦਾ ਮੱਲ ਜੱਗੀ ਦੇ ਘਰ ਹੋਇਆ ਸੀ। ਹੁਣ ਇਹ ਪਿੰਡ ਪਾਕਿਸਤਾਨ ਦੇ ਕੈਂਬਲਪੁਰ ਜਿਲ੍ਹੇ ਵਿਚ ਹੈ। ਬਚਪਨ ਵਿਚ ਪੂਰਾ ਨਟਖਟ ਰਤਨ ਸਿੰਘ ਜੱਗੀ ਗੁੱਲੀ ਡੰਡਾ, ਕਬੱਡੀ ਅਤੇ ਘੁਲਣ ਦਾ ਸ਼ੌਕੀਨ ਰਿਹਾ ਹੈ। ਪੰਜ ਭਰਾ ਅਤੇ ਦੋ ਭੈਣਾ ਦੇ ਪਰਿਵਾਰ ਦੇ ਗੁਜ਼ਾਰੇ ਲਈ ਆਪਣੇ ਪਿਤਾ ਦਾ ਪੂਰਾ ਸਹਿਯੋਗੀ ਰਿਹਾ। ਘੁਲਾੜੀ ਚਲਾਉਂਦਾ ਅਤੇ ਘੁਲਾੜੀ ਵਿਚ ਗੰਨੇ ਵੀ ਦਿੰਦਾ ਰਿਹਾ। ਉਸ ਦੇ ਪਿਤਾ ਨੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਖੇਤੀਬਾੜੀ ਦੇ ਨਾਲ ਵਿਓਪਾਰ ਅਤੇ ਠੇਕੇਦਾਰੀ ਵੀ ਕੀਤੀ। ਉਹ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੇ ਸਨ। ਇਸ ਕਰਕੇ ਉਨ੍ਹਾਂ ਨੇ ਵਿਸ਼ਾਲ ਤਜ਼ਰਬਾ ਗ੍ਰਹਿਣ ਕੀਤਾ। ਉਸ ਦਾ ਦਾਦਾ ਮੂਲ ਰਾਜ ਜੱਗੀ ਹਿਕਮਤ ਦਾ ਕੰਮ ਕਰਦਾ ਸੀ। ਪੜ੍ਹਨ ਲਿਖਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਮਹੰਤ ਪੰਡਿਤ ਸੁੱਚਾ ਸਿੰਘ ਦੀ ਪ੍ਰੇਰਨਾ ਨਾਲ ਪੈ ਗਿਆ ਸੀ। ਖੋਜ ਦੇ ਕੰਮ ਲਈ ਪੰਜਾਬੀ ਵਿਚ ਡਾ.ਹਰਿਭਜਨ ਸਿੰਘ ਅਤੇ ਹਿੰਦੀ ਵਿਚ ਹਜ਼ਾਰੀ ਪ੍ਰਸਾਦਿ ਦਿਵੇਦੀ ਉਨ੍ਹਾਂ ਦੇ ਪ੍ਰੇਰਨਾ ਸਰੋਤ ਸਨ। ਅੱਠਵੀਂ ਤੱਕ ਦੀ ਪੜ੍ਹਾਈ ਉਸ ਨੇ ਪਿੰਡੀਘੇਬ ਖਾਲਸਾ ਸਕੂਲ ਅਤੇ ਦਸਵੀਂ 1943 ਵਿਚ ਸਰਕਾਰੀ ਹਾਈ ਸਕੂਲ ਪਿੰਡੀਘੇਬ ਤੋਂ ਪਾਸ ਕੀਤੀ। ਦਸਵੀਂ ਤੱਕ ਪੜ੍ਹਾਈ ਲੈਂਪ ਦੀ ਰੌਸ਼ਨੀ ਵਿਚ ਹੀ ਕੀਤੀ। ਉਹ ਕਿਹੜੀ ਸਮੱਸਿਆ ਹੈ, ਜਿਸਦਾ ਰਤਨ ਸਿੰਘ ਜੱਗੀ ਨੇ ਮੁਕਾਬਲਾ ਨਹੀਂ ਕੀਤਾ ਪ੍ਰੰਤੂ ਹਮੇਸ਼ਾ ਸਫਲਤਾ ਉਸ ਦੇ ਪੈਰ ਚੁੰਮਦੀ ਰਹੀ। ਮੁੱਢਲੀ ਸਿਖਿਆ ਪ੍ਰਾਪਤ ਕਰਨ ਉਪਰੰਤ ਉਸ ਨੇ ਐਮ. ਏ .ਪੰਜਾਬੀ ਅਤੇ ਹਿੰਦੀ ਦੇ ਵਿਸ਼ਿਆਂ ਵਿੱਚ ਕੀਤੀ। ਇਸ ਤੋਂ ਬਾਅਦ ਪੀ .ਐਚ.ਡੀ. ਅਤੇ ਡੀ. ਲਿਟ. ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ । ਉਸ ਦਾ ਸੁਭਾਅ ਸ਼ੁਰੂ ਤੋਂ ਹੀ ਖੋਜੀ ਰਿਹਾ ਹੈ। ਉਸ ਹਰ ਕੰਮ ਖੋਜ ਦੇ ਆਧਾਰ ਤੇ ਕਰਨ ਦੇ ਆਦੀ ਹਨ, ਇਸ ਕਰਕੇ ਹੀ ਉਸ ਨੂੰ ਖੋਜੀ ਸਾਹਿਤਕਾਰ ਕਿਹਾ ਜਾਂਦਾ ਹੈ। ਉਹ ਮੁੱਖ ਤੌਰ ਤੇ ਗੁਰਬਾਣੀ, ਪੁਰਾਤਨ ਪੰਜਾਬੀ ਵਾਰਤਕ, ਪੁਰਾਤਨ ਹੱਥ ਲਿਖਤਾਂ ਅਤੇ ਇਤਿਹਾਸ ਆਦਿ ਦੇ ਵਿਸ਼ਿਆਂ ਨੂੰ ਚੁਣਦੇ ਹਨ ਅਤੇ ਉਹਨਾਂ ਤੇ ਵਿਸ਼ਿਆਂ ਤੇ ਉਸ ਦੀਆਂ 144 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਡਾ. ਜੱਗੀ ਅੱਧੀ ਸਦੀ ਤੋੋਂ ਪੰਜਾਬੀ ਸਾਹਿਤ ਜਗਤ ਦੀ ਸੇਵਾ ਕਰ ਰਿਹਾ ਹੈ। ਉਸ ਨੇ ਜੀਵਨੀ ਸਾਹਿਤ ਉਪਰ ਵੀ ਤਿੰਨ ਪੁਸਤਕਾਂ ਭਾਈ ਗੁਰਦਾਸ ਦੀਆਂ ਵਾਰਾਂ ਬਾਰੇ ਸ਼ਬਦ ਕੋਸ਼ ਤੇ ਅਨੁਕਰਮਣਿਕਾ ਅਤੇ ਚਾਰ ਹਵਾਲਾ ਕੋਸ਼ ਲਿਖੇ ਹਨ। ਸੰਪਾਦਨ ਦੇ ਖੇਤਰ ਵਿੱਚ ਉਨ੍ਹਾਂ ਦੀ ਦੇਣ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਪੰਜ ਪੁਰਾਤਨ ਹੱਥ ਲਿਖਤਾਂ, ਤਿੰਨ ਬਾਣੀ ਸੰਗ੍ਰਹਿਆਂ ਅਤੇ ਨੌਂ ਰਚਨਾ ਸੰਗ੍ਰਹਿ ਸੰਪਾਦਿਤ ਕੀਤੇ ਹਨ। ਉਨ੍ਹਾਂ ਨੇ ਖੋਜ ਪੱਤਰਕਾ ਦੇ ਲਗਪਗ 20 ਵਿਸ਼ੇਸ਼ ਤੇ ਸਾਧਾਰਨ ਅੰਕਾਂ ਦਾ ਸੰਪਾਦਨ ਕੀਤਾ ਹੈ। ਟੀਕਾਕਾਰੀ ਦੇ ਖੇਤਰ ਵਿੱਚ ਵੀ ਉਸ ਦੀ ਦੇਣ ਵਰਨਨਯੋਗ ਹੈ। ਤੁਲਸੀ ਰਾਮਾਇਣ ਦਾ ਟੀਕਾ ਅਤੇ ਛੇ ਪੁਸਤਕਾਂ ਦਾ ਅਨੁਵਾਦ ਵੀ ਕੀਤਾ ਹੈ। ਉਨ੍ਹਾਂ ਨੇ 150 ਤੋਂ ਉਪਰ ਖੋਜ ਪੱਤਰ ਅਤੇ ਲੇਖ, ਵਾਰਤਾਵਾਂ ਦੀ ਰਚਨਾ ਕੀਤੀ ਹੈ। ਉਨ੍ਹਾਂ ਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਹਵਾਲਾ ਕੋਸ਼ਾਂ ਲਈ ਇੰਦਰਾਜ ਇੱਕਤਰ ਕੀਤੇ ਅਤੇ ਪੰਜਾਬੀ ਦੇ ਵਿਕਾਸ ਲਈ ਹਮੇਸ਼ਾ ਸਹਿਯੋਗ ਦਿੱਤਾ ਹੈ। ਪੁਲਿਸ ਦੀ ਨੌਕਰੀ ਛੱਡਣ ਤੋਂ ਬਾਅਦ 17 ਮਾਰਚ 1957 ਨੂੰ ਹਿੰਦੂ ਕਾਲਜ ਸੋਨੀਪਤ, ਮਾਰਚ 1958 ਵਿਚ ਸਰਕਾਰੀ ਕਾਲਜ ਹਿਸਾਰ ਅਤੇ 25 ਮਈ 1963 ਤੋਂ ਜੁਲਾਈ 1965 ਤੱਕ ਮਹਿੰਦਰਾ ਕਾਲਜ ਪਟਿਆਲਾ ਵਿਚ ਬਤੌਰ ਲੈਕਚਰਾਰ ਸੇਵਾ ਨਿਭਾਈ। ਫਿਰ ਉਹ ਜੁਲਾਈ 1965 ਵਿਚ ਪੰਜਾਬੀ ਯੂਨੀਵਰਸਿਟੀ ਵਿਚ ਲੈਕਚਰਾਰ ਲੱਗ ਗਏ। ਦਸੰਬਰ 1962 ਵਿਚ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ‘‘ਦਸਮ ਗ੍ਰੰਥ ਦੀਆਂ ਪੌਰਾਣਿਕ ਕਿ੍ਰਤੀਆਂ ਦਾ ਆਲੋਚਨਾਤਮਕ ਅਧਿਐਨ’’ ਦੇ ਵਿਸ਼ੇ ਤੇ ਪੀ.ਐਚ.ਡੀ.ਕਰ ਲਈ ਸੀ। 1971 ਵਿਚ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਰੀਡਰ ਦੇ ਅਹੁਦੇ ਤੇ ਨਿਯੁਕਤ ਹੋ ਗਏ। ਜੁਲਾਈ 1978 ਵਿਚ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਿਚ ਪ੍ਰੋਫ਼ੈਸਰ ਦੇ ਤੌਰ ਤੇ ਚੋਣ ਹੋ ਗਈ, ਜਿਸ ਅਹੁਦੇ ਤੇ ਉਹ 1987 ਤੱਕ ਰਹੇ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਕਈ ਯੂਨੀਵਰਸਿਟੀਆਂ ਨੇ ਸੀਨੀਅਰ ਫੈਲੋਸ਼ਿਪ ਦਿੱਤੀ। ਇਸ ਸਮੇਂ ਉਹ ਪੰਜਾਬੀ ਯੂਨੀਵਰਸਿਟੀ ਵਿਚ ਆਜੀਵਨ ਫੈਲੋਸ਼ਿਪ ਤੇ ਹਨ। ਉਨ੍ਹਾਂ ਨੇ 1973 ਵਿਚ ਮਗਧ ਯੂਨੀਵਰਸਿਟੀ ਗਯਾ ਤੋਂ ‘‘ਗੁਰੂ ਨਾਨਕ ਵਿਕਤਿਤਵ, ਕਿ੍ਰਤਿਤਵ ਅਤੇ ਚਿੰਤਨ’’ ਦੇ ਵਿਸ਼ੇ ਤੇ ਡੀ.ਲਿਟ.ਦੀ ਡਿਗਰੀ ਪ੍ਰਾਪਤ ਕੀਤੀ। ਇਸਤੋਂ ਬਾਅਦ ਸਨਮਾਨ ਵੱਜੋਂ ਪੰਜਾਬੀ ਯੂਨੀਵਰਸਿਟੀ ਨੇ 2014 ਵਿਚ ਉਨ੍ਹਾਂ ਨੂੰ ਡੀ.ਲਿਟ.(ਮਾਨਾਰਥ) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ 2015 ਵਿਚ ਡੀ.ਲਿਟ.(ਮਾਨਾਰਥ( ਪ੍ਰਦਾਨ ਕੀਤੀਆਂ। ਉਨ੍ਹਾਂ ਦੀ ਵਿਸ਼ੇਸ਼ਤਾ ਪੰਜਾਬੀ ਅਤੇ ਹਿੰਦੀ ਦਾ ਮੱਧਕਾਲੀਨ ਸਾਹਿਤ ਅਤੇ ਭਗਤੀ ਅੰਦੋਲਨ ਸੰਬੰਧੀ ਸਾਹਿਤ, ਸਿੱਖ ਧਰਮ ਗ੍ਰੰਥ ਅਤੇ ਭਾਰਤੀ ਕਾਵਿ ਸ਼ਾਸਤ੍ਰ ਵਿਚ ਹੈ।
1959 ਵਿਚ ਉਨ੍ਹਾਂ ਦਾ ਵਿਆਹ ਦਿੱਲੀ ਦੀ ਬੀਬੀ ਰਾਜਿੰਦਰ ਕੌਰ ਨਾਲ ਹੋ ਗਿਆ। ਜਿਸ ਤੋਂ ਉਨ੍ਹਾਂ ਦੇ ਦੋ ਸਪੁੱਤਰ ਵਰਿੰਦਰ ਸਿੰਘ ਅਤੇ ਮਲਵਿੰਦਰ ਸਿੰਘ ਪੈਦਾ ਹੋਏ। ਵਰਿੰਦਰ ਸਿੰਘ ਸਵਰਗਵਾਸ ਹੋ ਗਏ ਸਨ। ਮਾਲਵਿੰਦਰ ਸਿੰਘ ਜੱਗੀ ਆਈ.ਏ.ਐਸ.ਅਧਿਕਾਰੀ ਹਨ। 24 ਮਾਰਚ 1975 ਨੂੰ ਰਾਜਿੰਦਰ ਕੌਰ ਕੈਂਸਰ ਦੀ ਬਿਮਾਰੀ ਨਾਲ ਸਵਰਗਵਾਸ ਹੋ ਗਏ। ਫਿਰ ਉਨ੍ਹਾਂ ਦੀ ਸ਼ਾਦੀ ਡਾ.ਗੁਰਸ਼ਰਨ ਕੌਰ ਨਾਲ ਹੋ ਗਈ, ਜਿਹੜੇ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਸੇਵਾ ਮੁਕਤ ਹੋਏ ਹਨ। ਡਾ.ਗੁਰਸ਼ਰਨ ਕੌਰ ਨੇ ਥੋੜ੍ਹਾ ਸਮਾ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਤੌਰ ਤੇ ਵੀ ਕੰਮ ਕੀਤਾ। ਉਨ੍ਹਾਂ ਨੂੰ ਅਧਿਐਨ, ਸੰਪਾਦਨ ਅਤੇ ਵਿਆਖਿਆ ਉਪਰ ਸਾਹਿਤ ਅਕਾਦਮੀ ਦਿੱਲੀ ਦਾ ਰਾਸ਼ਟਰੀ ਅਨੁਵਾਦ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵਲੋਂ 8 ਪੁਸਤਕਾਂ ਉਪਰ ਸਰਵੋਤਮ ਪੁਰਸਕਾਰ, ਇੱਕ ਪੁਸਤਕ ਉਪਰ ਹਰਿਆਣਾ ਸਰਕਾਰ ਵਲੋਂ ਸ਼ਰੋਮਣੀ ਸਾਹਿਤਕਾਰ ਸਨਮਾਨ, ਉਤਰ ਪ੍ਰਦੇਸ਼ ਹਿੰਦੀ ਸੰਸਥਾਨ ਵਲੋਂ ਸਨਮਾਨ ਤੋਂ ਇਲਾਵਾ ਅਨੇਕਾਂ ਧਾਰਮਕ ਸੰਸਥਾਵਾਂ ਅਤੇ ਸਾਹਿਤਕ ਅਦਾਰਿਆਂ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ। ਸੰਨ 1996 ਵਿੱਚ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਸਾਹਿਤ ਸ਼ਰੋਮਣੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। 1999 ਵਿਚ ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਕਰਤਾਰ ਸਿੰਘ ਧਾਲੀਵਾਲ ਸਾਹਿਤ ਪੁਰਸਕਾਰ ਦੇ ਕੇ ਸਨਮਾਨਤ ਕੀਤਾ। ਜਿਵਂ ਕਿਹਾ ਜਾਂਦਾ ਹੈ ਕਿ ਇਕ ਸਫਲ ਆਦਮੀ ਪਿਛੇ ਇਸਤਰੀ ਦਾ ਹੱਥ ਹੁੰਦਾ ਹੈ, ਉਸੇ ਤਰ੍ਹਾਂ ਡਾ.ਰਤਨ ਸਿੰਘ ਜੱਗੀ ਦੇ ਖੋਜ ਕਾਰਜਾਂ ਵਿੱਚ ਸਫਲਤਾ ਪਿਛੇ ਡਾ.ਗੁਰਸ਼ਰਨ ਕੌਰ ਜੱਗੀ ਦਾ ਯੋਗਦਾਨ ਮਹੱਤਵਪੂਰਨ ਹੈ।
ਤਸਵੀਰਾਂ-1-ਡਾ ਰਤਨ ਸਿੰਘ ਜੱਗੀ
    2-ਡਾ.ਰਤਨ ਸਿੰਘ ਜੱਗੀ ਨੂੰ ਪਦਮ ਸ੍ਰੀ ਦੇ ਐਲਾਨ ਤੋਂ ਬਾਅਦ ਪੰਜਾਬ ਦੀ ਸਮਾਜਿਕ ਸੁਰੱਖਿਆ ਮੰਤਰੀ ਡਾ.ਬਲਜੀਤ ਕੌਰ ਪਟਿਆਲਾ ਵਿਖੇ ਸਨਮਾਨਤ ਕਰਦੇ ਹੋਏ।
    ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
      ਮੋਬਾਈਲ-94178 13072
       ujagarsingh480yahoo.com

ਸਾਹਿਤਕ ਅਤੇ ਸਭਿਅਚਾਰਿਕ ਬਾਗ ਦੀਆਂ ਖ਼ੁਸ਼ਬੋਆਂ ਦਾ ਵਣਜਾਰਾ : ਗੁਰਭਜਨ ਸਿੰਘ ਗਿੱਲ - ਉਜਾਗਰ ਸਿੰਘ

ਗੁਰਭਜਨ ਗਿੱਲ ਪੰਜਾਬੀ ਸਾਹਿਤਕ ਅਤੇ ਸਭਿਆਚਾਰਿਕ ਵਿਰਾਸਤ ਦੇ ਹਰ ਰੰਗ ਦਾ ਕਦਰਦਾਨ ਹੈ, ਜਿਸ ਕਰਕੇ ਉਹ ਉਸਦਾ ਪਹਿਰੇਦਾਰ ਬਣਕੇ  ਸਮਾਜਿਕ ਫੁਲਵਾੜੀ ਨੂੰ ਰੌਸ਼ਨਾ ਰਿਹਾ ਹੈ। ਉਸ ਨੇ ਪੰਜਾਬੀ ਵਿਰਾਸਤ ਤੋਂ ਆਨੰਦਮਈ ਜੀਵਨ ਜਿਓਣ ਦੀ ਅਜਿਹੀ ਜਾਚ ਸਿੱਖੀ ਕਿ ਉਹ ਉਸ ਦਾ ਪ੍ਰਤੀਕ ਬਣਕੇ ਵਿਚਰ ਰਿਹਾ ਹੈ। ਆਪਣੀ ਵਿਰਾਸਤ ਨੂੰ ਸਮਝਣਾ ਅਤੇ ਫਿਰ ਉਸ ਨੂੰ ਪ੍ਰਫੁਲਤ ਕਰਨਾ, ਹਰ ਇਕ ਜਣੇ ਖਣੇ ਦੇ ਹਿੱਸੇ ਨਹੀਂ ਆਇਆ, ਕਿਉਂਕਿ ਵਿਰਾਸਤੀ ਫੁੱਲਾਂ ਦੀ ਖ਼ੁਸ਼ਬੋ ਨੂੰ ਮਹਿਸੂਸ ਕਰਨ ਦੀ ਸਮਰੱਥਾ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਵੈਸੇ ਫ਼ੁਲਾਂ ਦੀ ਖ਼ੁਸ਼ਬੋ ਤਾਂ ਹਰ ਪ੍ਰਾਣੀ ਹੀ ਨਹੀਂ ਸਗੋਂ ਪਰਿੰਦੇ ਵੀ ਮਾਣਦੇ ਹਨ। ਉਹ ਮਾਨਣ ਵੀ ਕਿਉਂ ਨਾ ਜਿਹੜੀ ਕੁਦਰਤ ਨੇ ਦਾਤ ਦਿੱਤੀ ਹੈ, ਉਹ ਸਰੀਰਕ ਤੇ ਮਾਨਸਿਕ ਤ੍ਰਿਪਤੀ ਵੀ ਦਿੰਦੀ ਹੈ? ਭੌਰ ਤਾਂ ਫੁੱਲਾਂ ਦੀ ਖ਼ੁਸ਼ਬੋ ਮਾਨਣ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਵੀ ਦੇ ਦਿੰਦਾ ਹੈ। ਕੁਰਬਾਨੀ ਦੇ ਕੇ ਉਹ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ। ਇਨਸਾਨ ਫੁੱਲਾਂ ਦੀ ਖ਼ੁਸ਼ਬੋ ਨੂੰ ਮਾਣਦਾ ਵੀ ਹੈ ਅਤੇ ਮਿੱਧਦਾ ਵੀ ਹੈ। ਫੁੱਲ ਭਾਵੇਂ ਕੁਦਰਤ ਦੀ ਕਲਾ ਦਾ ਅਦਭੁੱਤ ਨਮੂਨਾ ਹੁੰਦੇ ਹਨ ਕਿਉਂਕਿ ਉਨ੍ਹਾਂ ਵਿੱਚੋਂ ਖ਼ੁਸ਼ਬੋ ਅਤੇ ਬੀਜ ਦੇ ਰੂਪ ਵਿੱਚ ਜ਼ਿੰਦਗੀ ਮਿਲਦੀ ਹੈ, ਪਰੰਤੂ ਫਿਰ ਵੀ ਫੁੱਲਾਂ ਦੀ ਖੁਸ਼ਬੋ ਸਥਾਈ ਨਹੀਂ ਹੁੰਦੀ, ਅਰਥਾਤ ਥੋੜ੍ਹੇ ਸਮੇਂ ਲਈ ਹੁੰਦੀ ਹੈ। ਜਿਹੜੀ ਖ਼ੁਸ਼ਬੋ ਇਨਸਾਨ ਦੇ ਸਕਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਪਰੰਤੂ ਇਹ ਸਭ ਕੁਝ ਖ਼ੁਸ਼ਬੂ ਦੇਣ ਵਾਲੇ ਦੀ ਵਿਰਾਸਤ, ਖੁਲ੍ਹਦਿਲੀ ਅਤੇ ਸਮਰਪਣ ਦੀ ਸਮਰੱਥਾ 'ਤੇ ਨਿਰਭਰ ਕਰਦਾ ਹੈ। ਤੁਸੀਂ ਹੈਰਾਨ ਹੋਵੋਗੇ ਕਿ ਉਹ ਕਿਹੜੀ ਖ਼ੁਸ਼ਬੋ ਹੈ, ਜਿਸ ਨੂੰ ਇਨਸਾਨ ਦੇ ਸਕਦਾ ਹੈ? ਇਹ ਖ਼ੁਸ਼ਬੋ ਪਿਆਰ, ਸਤਿਕਾਰ, ਸੁਹੱਪਣ ਅਤੇ ਸਮਰਪਣ ਦੀ ਹੁੰਦੀ ਹੈ। ਇਹ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਖ਼ੁਸ਼ਬੋ ਦਾ ਆਨੰਦ ਦਰਿਆ ਦਿਲ ਵਿਅਕਤੀ ਹੀ ਮਾਣ ਸਕਦੇ ਹਨ। ਇਨ੍ਹਾਂ ਨੂੰ ਮਹਿਸੂਸ ਕਰਨ ਅਤੇ ਮਾਨਣ ਵਾਲੇ ਦੀ ਭਾਵਨਾ ਸਾਹਿਤਕ ਸੋਚ ਵਾਲੇ ਇਨਸਾਨਾ ਵਿੱਚ ਹੁੰਦੀ ਹੈ। ਅਸਲ ਵਿੱਚ ਉਹ ਸਾਹਿਤਕ ਫੁਲਬਾੜੀ ਦੀ ਖ਼ੁਸ਼ਬੋ ਹੈ, ਜਿਹੜੀ ਪੰਜਾਬੀ ਮਾਂ ਬੋਲੀ ਦੇ ਮੁੱਦਈ ਤੇ ਸਪੂਤ ਗੁਰਭਜਨ ਸਿੰਘ ਗਿੱਲ ਦਿੰਦੇ ਆ ਰਹੇ ਹਨ, ਜਿਹੜੇ ਇਹ ਖ਼ੁਸ਼ਬੋ ਆਪਣੇ ਲੇਖਾਂ, ਕਵਿਤਾਵਾਂ, ਗ਼ਜ਼ਲਾਂ, ਰੁਬਾਈਆਂ ਅਤੇ ਗੀਤਾਂ ਰਾਹੀਂ ਦਿੰਦੇ ਹਨ। ਉਨ੍ਹਾਂ ਦੀ ਕਮਾਲ ਹੈ ਕਿ ਉਹ ਪੰਜਾਬੀ ਵਿਰਾਸਤ ਅਤੇ ਸਾਹਿਤਕਾਰਾਂ ਦੀਆਂ ਸਾਹਿਤਕ ਖ਼ੁਸ਼ਬੋਆਂ ਦੇ ਇਨਸਾਈਕਲੋਪੀਡੀਆ ਵੀ ਹਨ। ਉਹ ਸਾਹਿਤਕ ਸ਼ਬਦਾਵਲੀ ਦਾ ਭੰਡਾਰ ਹਨ। ਉਨ੍ਹਾਂ ਦੀ ਸ਼ਬਦਾਵਲੀ ਦਰਿਆ ਦੀਆਂ ਲਹਿਰਾਂ ਦੇ ਵਹਿਣ ਦੀ ਤਰ੍ਹਾਂ ਪਾਠਕਾਂ ਨੂੰ ਆਪਣੇ ਨਾਲ ਵਹਾ ਕੇ ਲਿਜਾਂਦੀ ਹੋਈ ਸਰਸ਼ਾਰ ਕਰ ਦਿੰਦੀ ਹੈ। ਸੰਸਾਰ ਦੇ ਕਿਸੇ ਵੀ ਦੂਰ ਦੁਰਾਡੇ ਇਲਾਕੇ ਵਿੱਚ ਕੋਈ ਵੀ ਸਾਹਿਤਕ, ਸੰਗੀਤਕ ਅਤੇ ਕਲਾ ਦੇ ਖੇਤਰ ਵਿੱਚ ਸਰਗਰਮੀ ਹੋਵੇ ਜਾਂ ਵਿਰਾਸਤ ਨਾਲ ਸੰਬੰਧਤ ਘਟਨਾ ਵਾਪਰੇ ਤਾਂ ਗੁਰਭਜਨ ਗਿੱਲ ਦੀ ਕਲਮ ਉਸ ਸੰਬੰਧੀ  ਜਾਣਕਾਰੀ ਦਿੰਦੀ ਹੋਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਮਾਖਿਓਂ ਵਰਗੀ ਮਿੱਠੀ ਸ਼ਬਦਾਵਲੀ ਦਾ ਰੂਪ ਧਾਰ ਲੈਂਦੀ ਹੈ। ਪਾਠਕਾਂ ਦੇ ਦਿਲ ਅਸ਼ ਅਸ਼ ਕਰਦੇ ਹੋਏ, ਉਸ ਹਸਤੀ ਦੇ ਸ਼ਬਦਾਂ ਵਿੱਚ ਦਰਸ਼ਨ ਕਰਦੇ ਹੋਏ ਗੁਰਭਜਨ ਗਿੱਲ ਦੀ ਅਕੀਦਤ ਨੂੰ ਪ੍ਰਣਾਮ ਕਰਨੋ ਰਹਿ ਨਹੀਂ ਸਕਦੇ। ਪੰਜਾਬੀ ਵਿਰਾਸਤ ਦੇ ਪ੍ਰਤੀਕ ਪੁਰਾਤਨ ਅਤੇ ਆਧੁਨਿਕ, ਸਾਹਿਤਕਾਰਾਂ, ਗਾਇਕਾਂ, ਪੇਂਟਰਾਂ, ਸੰਗੀਤਕਾਰਾਂ, ਕਲਾਕਾਰਾਂ, ਕਲਾ ਦੇ ਪ੍ਰੇਮੀਆਂ, ਰਾਗੀਆਂ, ਢਾਡੀਆਂ, ਸੁਤੰਤਰਤਾ ਸੰਗਰਾਮੀਆਂ, ਦੇਸ਼ ਭਗਤਾਂ, ਸ਼ਹੀਦਾਂ, ਕਰਾਂਤੀਕਾਰਾਂ, ਕਦਰਦਾਨਾ ਅਤੇ ਪਾਰਖੂਆਂ ਦੇ ਖ਼ਜਾਨਿਆਂ ਨੂੰ ਪਾਠਕਾਂ ਅਤੇ ਸ੍ਰੋਤਿਆਂ ਦੇ ਅੱਗੇ ਦਿਲ ਨੂੰ ਟੁੰਬਣ ਵਾਲੀ ਸਾਹਿਤਕ ਰਸਭਿੰਨੀ ਸ਼ਬਦਾਵਲੀ ਵਿੱਚ ਪਰੋਸ ਕੇ ਦ੍ਰਿਸ਼ਟਾਂਤਕ ਰੂਪ ਵਿੱਚ ਪ੍ਰਤੱਖ ਕਰ ਦਿੰਦੇ ਹਨ। ਇਹ ਗੁਰਭਜਨ ਗਿੱਲ ਦੀ ਵਿਦਵਤਾ, ਸੰਜੀਦਗੀ, ਸਿਆਣਪ, ਸੂਝ, ਪਾਰਖੂ ਅੱਖ ਅਤੇ ਉਸਾਰੂ ਸੋਚ ਦਾ ਪ੍ਰਗਟਾਵਾ ਹੈ। ਇਹ ਸਾਹਿਤਕ ਖ਼ੁਸ਼ਬੋ ਅਜਿਹੀ ਹੈ, ਜਿਸ ਦੀ ਮਹਿਕ ਸਥਾਈ ਰਹਿੰਦੀ ਹੈ। ਪਾਠਕ ਜਿਤਨਾ ਇਸ ਖ਼ੁਸ਼ਬੋ ਦਾ ਆਨੰਦ ਮਾਨਣਗੇ, ਇਹ ਉਤਨੀ ਹੀ ਫਿਜਾ ਵਿੱਚ ਫ਼ੈਲਦੀ ਜਾਵੇਗੀ ਅਤੇ ਸਾਰੇ ਵਾਤਵਰਨ ਨੂੰ ਮਹਿਕਣ ਲਗਾ ਦੇਵੇਗੀ। ਗੁਰਭਜਨ ਗਿੱਲ ਦੀ ਸਾਹਿਤਕ ਖ਼ੁਸ਼ਬੋ ਪਾਠਕਾਂ ਨੂੰ ਰੂਹ ਦੀ ਖ਼ੁਰਾਕ ਪ੍ਰਦਾਨ ਕਰਕੇ ਉਸ ਨੂੰ ਵੀ ਸੰਤੁਸ਼ਟ ਕਰਦੀ ਹੈ। ਇਸ ਖ਼ੁਸ਼ਬੋ ਨੂੰ ਕੋਈ ਖੋਹ ਨਹੀਂ ਸਕਦਾ ਅਤੇ ਨਾ ਹੀ ਚੋਰੀ ਕਰ ਸਕਦਾ ਹੈ, ਇਸ ਖ਼ੁਸ਼ਬੋ ਨੂੰ ਜੇਕਰ ਕੋਈ ਖੋਹੇਗਾ ਜਾਂ ਚੋਰੀ ਕਰੇਗਾ ਤਾਂ ਇਹ ਸਮੁਚੇ ਸਮਾਜਿਕ ਭਾਈਚਾਰੇ ਨੂੰ ਆਨੰਦਮਈ ਬਣਾ ਦੇਵੇਗੀ। ਪੰਜਾਬੀ ਸ਼ਬਦਾਂ ਦੀ ਖ਼ੁਸ਼ਬੋ ਦਾ ਆਨੰਦ ਇਨਸਾਨ ਸ਼ੇਖ ਫਰੀਦ ਦੇ ਜ਼ਮਾਨੇ ਤੋਂ ਮਾਣਦਾ ਆ ਰਿਹਾ ਹੈ। ਇਸ ਖ਼ੁਸ਼ਬੂ ਦਾ ਸਿਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਬਾਣੀ ਹੈ, ਜਿਹੜੀ ਇਨਸਾਨ ਨੂੰ ਰੂਹਾਨੀਅਤ ਖ਼ੁਸ਼ਬੂ ਰਾਹੀਂ ਨਿਹਾਲ ਕਰ ਦਿੰਦੀ ਹੈ। ਗੁਰਬਾਣੀ ਦੀ ਖ਼ੁਸ਼ਬੋ ਸੰਸਾਰ ਦੇ ਕੋਨੇ ਕੋਨੇ ਵਿੱਚ ਸੁਗੰਧੀਆਂ ਵੰਡ ਰਹੀ ਹੈ। ਗੁਰਭਜਨ ਗਿੱਲ ਆਪਣੀ ਸਾਹਿਤਕ ਖ਼ੁਸ਼ਬੋ ਦੀਆਂ ਲਗਪਗ ਦੋ ਦਰਜਨ ਤੋਂ ਉਪਰ ਪੁਸਤਕਾਂ ਪੰਜਾਬੀ ਪਾਠਕਾਂ ਦੀ ਮਾਨਸਿਕ ਤ੍ਰਿਪਤੀ ਕਰਦੀਆਂ ਹੋਈਆਂ ਸਮਾਜਿਕ ਵਿਸੰਗਤੀਆਂ ਦਾ ਪਰਦਾ ਫਾਸ਼ ਕਰਕੇ ਲੋਕਾਈ ਨੂੰ ਲਾਮਬੰਦ ਹੋਣ ਲਈ ਕੁਰੇਦਦੀਆਂ ਹਨ। ਗੁਰਭਜਨ ਗਿੱਲ ਜਦੋਂ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ, ਜਿਨ੍ਹਾਂ ਦਾ ਲੋਕਾਈ ਦੇ ਜੀਵਨ 'ਤੇ ਗ਼ਲਤ ਪ੍ਰਭਾਵ ਪੈਂਦਾ ਹੈ ਤਾਂ ਉਨ੍ਹਾਂ ਬਾਰੇ ਕਵਿਤਾਵਾਂ ਅਤੇ ਗ਼ਜ਼ਲਾਂ ਲਿਖਦੇ ਸਮੇਂ ਸਾਹਿਤਕ ਖ਼ੁਸ਼ਬੋ ਦੀ ਅਜਿਹੀ ਪਾਣ ਚਾੜ੍ਹਦਾ ਹੈ, ਜਿਸ ਨਾਲ ਲੋਕਾਂ ਦੀ ਮਾਨਸਿਕ ਤਸੱਲੀ ਤਾਂ ਹੁੰਦੀ ਹੀ ਹੈ ਪ੍ਰੰਤੂ ਸਰਕਾਰਾਂ ਨੂੰ ਵੀ ਦਰੁਸਤ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਗੁਰਭਜਨ ਗਿੱਲ ਦਾ ਸਾਹਿਤਕ, ਸੰਗੀਤਕ, ਸਭਿਆਚਾਰਕ, ਗਾਇਕੀ, ਕਲਾ ਅਤੇ ਕਲਾਕਾਰਾਂ ਦੀ ਬਿਹਤਰੀ ਲਈ ਵਿਲੱਖਣ ਯੋਗਦਾਨ ਹੈ, ਇਸ ਲਈ ਉਨ੍ਹਾਂ ਨੂੰ ਸਾਹਿਤਕ, ਸਭਿਆਚਾਰਕ, ਵਿਰਾਸਤ, ਸੰਗੀਤਕ, ਗਾਇਕੀ, ਕਲਾ, ਪੇਂਟਿੰਗ ਅਤੇ ਕਲਾਕਾਰਾਂ ਦਾ ਦੂਤ ਕਿਹਾ ਜਾ ਸਕਦਾ ਹੈ, ਜਿਹੜਾ ਇਨ੍ਹਾਂ ਕਲਾਕਾਰਾਂ ਦੀ ਪ੍ਰਤਿਭਾ ਦੀ ਪਛਾਣ ਕਰਕੇ ਲੋਕਾਈ ਤੱਕ ਪਹੁੰਚਾ ਰਿਹਾ ਹੈ। ਉਸ ਨੂੰ ਪੰਜਾਬੀ ਸਭਿਆਚਾਰਿਕ ਵਿਰਾਸਤ ਦਾ ਸਾਹਿਤਕ ਦੂਤ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਉਹ ਵਿਰਾਸਤ ਦੇ ਸਾਰੇ ਰੰਗਾਂ ਨੂੰ ਆਪ ਮਾਣਦਾ ਵੀ ਹੈ ਅਤੇ ਲੋਕਾਂ ਲਈ ਪ੍ਰਸਤੱਤ ਕਰਦਾ ਹੈ। ਅਜਿਹੇ ਲੋਕਾਂ ਦੀ ਕਲਾ ਨੂੰ ਸਮਝਣ ਦੀ ਸਮਰੱਥਾ ਗੁਰਭਜਨ ਗਿੱਲ ਦੇ ਵਿਅਕੀਤਿਵ ਨੂੰ ਹੋਰ ਨਿਖਾਰਦੀ ਅਤੇ ਨਿਹਾਰਦੀ ਹੈ। ਇਨ੍ਹਾਂ ਖੇਤਰਾਂ ਵਿੱਚ ਮਾਅਰਕੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਸਰਕਾਰਾਂ ਅਤੇ ਹੋਰ ਸਵੈਇੱਛਤ ਸੰਸਥਾਵਾਂ ਮਾਣ ਸਨਮਾਨ ਦਿੰਦੀਆਂ ਹਨ। ਮਾਣ ਸਨਮਾਨ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਤਰੀਕਾ ਹੀ ਹੈ। ਕਈ ਵਾਰੀ ਸਰਕਾਰਾਂ ਅਤੇ ਸੰਸਥਾਵਾਂ ਤਾਂ ਆਪਣੇ ਫਰਜ਼ਾਂ ਤੋਂ ਮੁਨਕਰ ਹੋ ਜਾਂਦੀਆਂ ਹਨ, ਜਾਂ ਇਉਂ ਕਹਿ ਲਵੋ ਕਿ ਵਿਸਾਰ ਦਿੰਦੀਆਂ ਹਨ ਪਰੰਤੂ ਗੁਰਭਜਨ ਗਿੱਲ ਇਨ੍ਹਾਂ ਨੂੰ ਕਦੀ ਵੀ ਭੁੱਲਦੇ ਅਤੇ ਵਿਸਾਰਦੇ ਨਹੀਂ। ਸਗੋਂ ਸਰਕਾਰਾਂ ਅਤੇ ਸੰਸਥਾਵਾਂ ਨੂੰ ਉਨ੍ਹਾਂ ਵਿਸ਼ੇਸ਼ ਵਿਅਕਤੀਆਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪ੍ਰੇਰਦੇ ਰਹਿੰਦੇ ਹਨ। ਏਥੇ ਹੀ ਬਸ ਨਹੀਂ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਹਾਂ ਕਿ ਭੁੱਲੇ ਵਿਸਰੇ ਇਨ੍ਹਾਂ ਵਰਗਾਂ ਦੇ ਲੋਕਾਂ ਦੇ ਯੋਗਦਾਨ ਨੂੰ ਯਾਦ ਕਿਵੇਂ ਰੱਖਦੇ ਹਨ, ਫਿਰ ਉਨ੍ਹਾਂ ਬਾਰੇ ਸਾਰਥਿਕ ਅਤੇ ਸਹੀ ਜਾਣਕਾਰੀ ਸ਼ੋਸ਼ਲ ਮੀਡੀਆ ਰਾਹੀਂ ਲਗਪਗ ਹਰ ਪੰਜਾਬੀ ਦੇ ਮੁੱਦਈ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਇਤਨੀ ਜਾਣਕਾਰੀ ਦਾ ਖ਼ਜਾਨਾ ਉਨ੍ਹਾਂ ਕੋਲ ਕਿਵੇਂ ਪਹੁੰਚਦਾ ਹੈ, ਇਸ ਬਾਰੇ ਜਦੋਂ ਸੋਚਦੇ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਦੀ ਵਿਰਾਸਤ, ਸਾਹਿਤਕ ਸੋਚ ਅਤੇ ਨਿੱਜੀ ਲਾਇਬਰੇਰੀ ਅਮੀਰ ਹੈ ਅਤੇ ਉਹ ਉਨ੍ਹਾਂ ਪੁਸਤਕਾਂ ਨੂੰ ਪੜ੍ਹਦੇ ਹੀ ਨਹੀਂ ਸਗੋਂ ਜ਼ਿੰਦਗੀ ਵਿੱਚ ਹੰਢਾਉਂਦੇ ਵੀ ਹਨ?  ਸਮਾਜ ਨੂੰ ਪੁਸਤਕਾਂ ਪੜ੍ਹਨ ਅਤੇ ਉਨ੍ਹਾਂ 'ਤੇ ਸੰਬਾਦ ਕਰਨ ਨੂੰ ਵੀ ਪ੍ਰੇਰਦੇ ਹਨ। ਕਈ ਵਾਰੀ ਹਜ਼ਾਰਾਂ ਸਾਲ ਪਹਿਲਾਂ ਇਨ੍ਹਾਂ ਖੇਤਰਾਂ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਵੱਲੋਂ ਪਾਏ ਯੋਗਦਾਨ ਨੂੰ ਪਾਠਕਾਂ ਸਾਹਮਣੇ ਪਰੋਸ ਦਿੰਦੇ ਹਨ। ਮੇਰੀ ਨਿਗੂਣੀ ਜਿਹੀ ਸਮਝ ਮੁਤਾਬਕ ਸ਼ਬਦ ਦੀ ਸਾਂਝ ਉਨ੍ਹਾਂ ਨੂੰ ਗੁਰਬਾਣੀ ਤੋਂ ਪ੍ਰੇਰਨਾ ਲੈਣ ਕਰਕੇ ਹੀ ਮਿਲੀ ਲਗਦੀ ਹੈ ਕਿਉਂਕਿ ਸਾਡੇ ਗੁਰੂ ਸਾਹਿਬਾਨ ਸ਼ਬਦ ਅਤੇ ਸੰਬਾਦ ਨੂੰ ਪ੍ਰਣਾਉਣ ਦੀ ਪ੍ਰੇਰਨਾ ਦਿੰਦੇ ਰਹੇ ਹਨ। ਗੁਰਭਜਨ ਗਿੱਲ ਗੁਰੂ ਸਾਹਿਬਾਨ ਦੀ ਵਿਚਾਰਧਾਰਾ 'ਤੇ ਪਹਿਰਾ ਦਿੰਦੇ ਹੋਏ ਸਮਾਜ ਦੀ ਸੇਵਾ ਕਰਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਆਪਣੀ ਗੋਡਿਆਂ ਦੀ ਤਕਲੀਫ਼ ਹੋਣ ਦੇ ਬਾਵਜੂਦ ਲੋੜ ਤੋਂ ਵੱਧ ਸਰਗਰਮ ਰਹਿੰਦੇ ਹਨ। ਪਰਵਾਸ ਵਿੱਚ ਜਿਹੜੇ ਪੰਜਾਬੀ ਆਪਣੇ ਸਭਿਆਚਾਰ 'ਤੇ ਪਹਿਰਾ ਦੇ ਰਹੇ ਹਨ, ਉਨ੍ਹਾਂ ਦੇ ਯੋਗਦਾਨ ਨੂੰ ਵੀ ਲੋਕਾਈ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਆਪਣੀ ਸਾਹਿਤਕ ਖ਼ੁਸ਼ਬੋ ਦੀ ਇਕ ਪੁਸਤਕ ਹਰ ਸਾਲ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਕੇ ਆਪਣਾ ਫਰਜ਼ ਵੀ ਨਿਭਾ ਰਹੇ ਹਨ। ਪਰਮਾਤਮਾ ਉਨ੍ਹਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਤਾਂ ਜੋ ਉਹ ਇਹ ਸਾਹਿਤਕ ਖ਼ੁਸ਼ਬੋਆਂ ਖਿਲਾਰਦੇ ਰਹਿਣ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ ਖ਼ਜਾਨਾ - ਉਜਾਗਰ ਸਿੰਘ

ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ, ਅਣਮੁੱਲੇ ਗੀਤਕਾਰ’ ਗੀਤ ਸੰਗੀਤ ਦਾ ਬੇਸ਼ਕੀਮਤੀ ਖ਼ਜਾਨਾ ਹੈ। ਵੀਹ ਸਾਲ ਦੀ ਮਿਹਨਤ ਤੋਂ ਬਾਅਦ ਅਸ਼ੋਕ ਬਾਂਸਲ ਨੇ ਪੰਜਾਬੀ ਸਭਿਆਚਾਰ ਦੇ ਬੇਸ਼ਕੀਮਤੇ ਹੀਰੇ ਗੀਤਕਾਰਾਂ ਦੇ ਲਿਖੇ ਗੀਤ ਲੱਭਕੇ ਸੰਗੀਤ ਪ੍ਰੇਮੀਆਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਹਨ। ਇਸ ਮੰਤਵ ਲਈ ਜਿਥੇ ਵੀ ਉਸਨੂੰ ਪਤਾ ਲੱਗਿਆ ਦੇਸ਼ ਵਿਦੇਸ਼ ਵਿੱਚ ਉਹ ਜਾ ਕੇ ਗੀਤਕਾਰਾਂ ਬਾਰੇ ਪਤਾ ਕਰਕੇ ਆਇਆ। ਘਰ ਫ਼ੂਕ ਤਮਾਸ਼ਾ ਵੇਖਦਾ ਰਿਹਾ। ਗਾਇਕਾਂ ਦੇ ਨਾਮ ਤਵਿਆਂ, ਕੈਸਟਾਂ ਅਤੇ ਇੰਟਰਨੈਟ ਤੇ ਭਮੀਰੀ ਦੀ ਤਰ੍ਹਾਂ ਘੁੰਮਦੇ ਫਿਰਦੇ ਵਿਖਾਈ ਦਿੰਦੇ ਹਨ, ਪਰੰਤੂ ਕੰਪਨੀਆਂ ਨੇ ਗੀਤਕਾਰਾਂ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਹੋਇਆ। ਅਸ਼ੋਕ ਬਾਂਸਲ ਮਾਨਸਾ ਨੇ ਲੰਮੀ ਜਦੋਜਹਿਦ ਅਤੇ ਮਿਹਨਤ ਤੋਂ ਬਾਅਦ ਲੋਕਾਂ ਵਿੱਚ ਹਰਮਨ ਪਿਆਰੇ ਗੀਤਾਂ ਦੇ ਗੀਤਕਾਰਾਂ ਦੇ ਨਾਮ ਲੱਭਕੇ ਸੰਗੀਤ ਦੇ ਉਪਾਸ਼ਕਾਂ ਦੇ ਸਾਹਮਣੇ ਲਿਆਂਦੇ ਹਨ ਕਿਉਂਕਿ ਪੁਰਾਣੇ ਸਮੇਂ ਵਿੱਚ ਆਮ ਤੌਰ ‘ਤੇ ਗੀਤਕਾਰ ਦਾ ਨਾਮ ਤਵਿਆਂ ਅਤੇ ਕੈਸਟਾਂ ‘ਤੇ ਲਿਖਿਆ ਨਹੀਂ ਹੁੰਦਾ ਸੀ, ਸਿਰਫ ਗਾਇਕਾਂ ਦਾ ਲਿਖਿਆ ਹੁੰਦਾ ਸੀ। ਗੀਤਕਾਰ ਦੀ ਥਾਂ ਗਾਇਕ ਹੀ ਨਾਮਣਾ ਖੱਟਦੇ ਰਹੇ। ਅਸ਼ੋਕ ਬਾਂਸਲ ਮਾਨਸਾ ਨੂੰ ਭੁੱਲੇ ਵਿਸਰੇ ਗੀਤਕਾਰਾਂ ਦਾ ਖੋਜੀ ਕਿਹਾ ਜਾ ਸਕਦਾ ਹੈ। ਉਸ ਨੇ ਅਜਿਹੇ 60 ਗੀਤਕਾਰਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੇ ਗੀਤਾਂ ਨੇ ਪੰਜਾਬੀ ਦੇ ਸੰਗੀਤਕ ਪ੍ਰੇਮੀਆਂ ਦੇ ਦਿਲਾਂ ਨੂੰ ਹਲੂਣਿਆਂ ਹੋਇਆ ਹੈ, ਉਨ੍ਹਾਂ ਵਿੱਚੋਂ ਪਹਿਲੀ ਕਿਸ਼ਤ ਵਿੱਚ ਇਸ ਪੁਸਤਕ ਵਿੱਚ ਵੀਹ ਗੀਤਕਾਰਾਂ ਦੇ ਗੀਤਾਂ ਅਤੇ ਉਨ੍ਹਾਂ ਦੇ ਗਾਇਕਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਹੈ। ਉਹ ਗੀਤਕਰ ਜਿਨ੍ਹਾਂ ਦੇ ਗੀਤ ਹਿਟ ਹੋਏ ਹਨ, ਪਰੰਤੂ ਸੰਗੀਤ ਦਾ ਰਸ ਮਾਨਣ ਵਾਲੇ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਹੀ ਨਹੀਂ। ਇਸ ਪੁਸਤਕ ਵਿੱਚ ਦਿੱਤੇ ਜਾ ਰਹੇ ਉਹ ਗੀਤਕਾਰ ਗਿਆਨ ਚੰਦ ਧਵਨ, ਹਰਭਜਨ ਸਿੰਘ ਚਮਕ, ਸਾਧੂ ਸਿੰਘ ਆਂਚਲ, ਮਲਿਕ ਵਰਮਾ, ਇੰਦਰਜੀਤ ਤੁਲਸੀ, ਚਾਨਣ ਗੋਬਿੰਦਪੁਰੀ, ਪ੍ਰਕਾਸ਼ ਸਾਥੀ,  ਸੋਹਣ ਸਿੰਘ ਸੀਤਲ, ਦਇਆ ਸਿੰਘ ਦਿਲਬਰ, ਚਰਨ ਸਿੰਘ ਸਫਰੀ, ਦੀਪਕ ਜੈਤੋਈ, ਸਾਜਨ ਰਾਏਕੋਟੀ, ਨੰਦ ਲਾਲ ਨੂਰਪੁਰੀ, ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ, ਗੁਰਦੇਵ ਸਿੰਘ ਮਾਨ, ਇੰਦਰਜੀਤ ਹਸਨਪੁਰੀ, ਲਾਲ ਚੰਦ ਯਮਲਾ ਜੱਟ, ਸੰਤ ਰਾਮ ਉਦਾਸੀ, ਗੁਰਦਾਸ ਆਲਮ ਅਤੇ ਕੈਪਟਨ ਹਰਚਰਨ ਸਿੰਘ ਪਰਵਾਨਾ ਹਨ। ਇਨ੍ਹਾਂ ਦੇ ਗੀਤ ਵੱਡੇ ਗਾਇਕਾਂ ਨੇ ਗਾਣਿਆਂ, ਦੋਗਾਣਿਆਂ ਅਤੇ ਫਿਲਮਾ ਵਿੱਚ ਗਾਏ ਹਨ, ਜਿਨ੍ਹਾਂ ਵਿੱਚ ਪ੍ਰਕਾਸ਼ ਕੌਰ, ਸੁਰਿੰਦਰ ਕੌਰ, ਨਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਹਜ਼ਾਰਾ ਸਿੰਘ ਰਮਤਾ, ਮੁਹੰਮਦ ਸਦੀਕ, ਮੁਹੰਮਦ ਰਫੀ, ਸਰਦਾਰ ਅਲੀ, ਰਿਪੂ ਦਮਨ ਸ਼ੈਲੀ, ਮੋਹਿਨੀ ਨਰੂਲਾ, ਸ਼ਮਸ਼ਾਦ ਬੇਗਮ, ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਮੰਨਾ ਡੇ, ਤੁਫ਼ਾਇਲ ਨਿਆਜ਼ੀ,  ਗੀਤਾ ਦੱਤ, ਜਗਮੋਹਨ ਕੌਰ, ਕੇ.ਦੀਪ, ਜੀਤ ਜਗਜੀਤ, ਸਰੂਪ ਸਿੰਘ ਸਰੂਪ, ਨਰਿੰਦਰ ਬੀਬਾ, ਰਮੇਸ਼ ਰੰਗੀਲਾ, ਹਰਚਰਨ ਗਰੇਵਾਲ, ਚਾਂਦੀ ਰਾਮ,  ਨਰਿੰਦਰ ਚੰਚਲ, ਸਰਦੂਲ ਸਿਕੰਦਰ ਅਤੇ ਕਰਮਜੀਤ ਸਿੰਘ ਧੂਰੀ ਨੇ ਗਾਏ ਹਨ। ਗਿਆਨ ਚੰਦ ਧਵਨ, ਜਿਹੜੇ ਜੀ.ਸੀ.ਧਵਨ ਦੇ ਨਾਮ ਨਾਲ ਵੀ ਜਾਣੇ ਜਾਂਦੇ ਹਨ, ਉਸ ਦੇ ਲਿਖੇ ਇਨ੍ਹਾਂ ਗੀਤਾਂ ਨੇ ਗਾਇਕਾਂ ਨੂੰ ਮਸ਼ਹੂਰ ਕੀਤਾ ਹੈ। ਗੀਤਾਂ ਦੇ ਕੁਝ ਅੰਸ਼ ਹੇਠ ਲਿਖੇ ਅਨੁਸਾਰ ਹਨ-
ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ।
ਅੰਬਰਸਰੇ ਦੀਆਂ ਵੜੀਆਂ ਵੇ ਮੈਂ ਖਾਂਦੀ ਨਾ।
ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ।-ਸੁਰਿੰਦਰ ਕੌਰ ਪ੍ਰਕਾਸ਼ ਕੌਰ
ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ।
ੳੁੱਥੇ ਲੈ ਚਲ ਚਰਖਾ ਮੇਰਾ ਵੇ, ਜਿੱਥੇ ਤੇਰੇ ਹਲ ਚਲਦੇ।-ਸੁਰਿੰਦਰ ਕੌਰ
ਵੇ ਲੈ ਦੇ ਮੈਨੂੰ ਮਖਮਲ ਦੀ ਪੱਖੀ ਘੁੰਗਰੂਆਂ ਵਾਲੀ।-ਪ੍ਰਕਾਸ਼ ਕੌਰ
ਅੱਜ ਸਾਰੇ ਛੱਡ ਜੰਜਾਲ ਕੁੜੇ, ਮੇਲੇ ਨੂੰ ਚਲ ਮੇਰੇ ਨਾਲ ਕੁੜੇ।-ਆਸਾ ਸਿੰਘ ਮਸਤਾਨਾ
ਮੁੰਡੇ ਮਰ ਗਏ ਕਮਾਈਆਂ ਕਰਦੇ, ਨੀ ਹਾਲੇ ਤੇਰੇ ਬੰਦ ਨਾ ਬਣੇ।
ਸਾਡੀ ਰੁੱਸ ਗਈ ਝਾਂਜਰਾਂ ਵਾਲੀ ਤੇ ਸਾਡੇ ਭਾਣੇ ਰੱਬ ਰੁੱਸਿਆ-ਮੁਹੰਮਦ ਰਫੀ
ਮੇਰਾ ਢੋਲ ਨੀਂ ਮੱਕੀ ਦਾ ਰਾਖਾ, ਡੱਬ ਵਿੱਚ ਲਿਆਵੇ ਛੱਲੀਆਂ।-ਮੁਹੰਮਦ ਸਦੀਕ
ਚੀਕੇ ਚਰਖਾ ਗੋਬਿੰਦੀਏ ਤੇਰਾ ਤੇ ਲੋਕਾਂ ਭਾਣੇ ਮੋਰ ਕੂਕਦਾ।-ਸਰਦਾਰ ਅਲੀ
ਹਰਭਜਨ ਸਿੰਘ ਚਮਕ: ਹਰਭਜਨ ਸਿੰਘ ਚਮਕ ਦੇ ਗੀਤ ਪੰਜਾਬੀ ਸਭਿਆਚਾਰ ਦੇ ਪ੍ਰਤੀਕ ਹਨ।
ਅੱਗੇ ਅੱਗੇ ਮੈਂ ਪਿੱਛੇ ਮਾਹੀ ਮੇਰਾ ਦੌੜਿਆ, ਅੱਥਰੀ ਜਵਾਨੀ ਸਾਨੂੰ ਕਿਸੇ ਵੀ ਨਾ ਮੋੜਿਆ।
ਇਨ੍ਹਾਂ ਅੱਖੀਆਂ ‘ਚ ਪਾਵਾਂ ਕਿਵੇਂ ਕੱਜਲਾ, ਵੇ ਅੱਖੀਆਂ ‘ਚ ਤੂੰ ਵਸਦਾ।-ਸੁਰਿੰਦਰ ਕੌਰ
ਕਿੱਥੇ ਛੱਡ ਆਏਓ ਹੰਸਾਂ ਦੀ ਡਾਰ ਨੂੰ, ਕਿੱਥੇ ਛੱਡ ਆਏਓ ਮਿੱਠੇ ਮਿੱਠੇ ਪਿਆਰ ਨੂੰ।-ਸਰਬਜੀਤ ਕੌਰ
ਸਾਧੂ ਸਿੰਘ ਆਂਚਲ: ਸਾਧੂ ਸਿੰਘ ਆਂਚਲ ਦੇ ਗੀਤ ਪੰਜਾਬੀ ਸਭਿਅਚਾਰ ਦੀ ਵਿਰਾਸਤ ਦੀਆਂ ਬਾਤਾਂ ਪਾਉਂਦੇ ਹਨ।
ਮਹਿਰਮ ਦਿਲਾਂ ਦੇ ਮਾਹੀ, ਮੋੜੇਂਗਾ ਕਦ ਮੁਹਾਰਾਂ ਦਿਨ ਰਾਤ ਤੜਪਦੇ ਨੇ,ਅਰਮਾਨ ਬੇਸ਼ੁਮਾਰਾਂ।
ਮੈਨੂੰ ਹੀਰ ਕਹਿ ਕੇ ਫੇਰ ਨਾ ਬੁਲਾਈਂ ਮੁੰਡਿਆ, ਵੇ ਰਾਹ ਜਾਂਦੀ ਨਾ ਬਲਾ ਗਲ ਪਾਈਂ ਮੁੰਡਿਆ।-ਸੁਰਿੰਦਰ ਕੌਰ
ਖਿੜ-ਖਿੜ ਹੱਸਦੀ ਦੇ ਨੀਂ, ਕਿਰ ਜਾਣ ਨਾ ਚੰਦਰੀਏ ਹਾਸੇ
ਅੱਧਾ ਸ਼ਹਿਰ ਤੂੰ ਲੁੱਟਿਆ, ਅੱਧਾ ਲੁੱਟ ਲਿਆ ਤੇਰੇ ਨੀ ਦੰਦਾਸੇ।-ਹੰਸ ਰਾਜ ਹੰਸ
ਆ ਵੇ ਪ੍ਰਾਹੁਣਿਆਂ, ਬਹਿ ਵੇ ਪ੍ਰਾਹੁਣਿਆਂ, ਗਲ ਵਿੱਚ ਤੇਰੇ ਗਾਨੀ
ਤਿੱਲੇ ਵਾਲੀ ਜੁੱਤੀ ਫ਼ੱਬਦੀ ਲੱਪ ਲੱਪ ਚੜ੍ਹੀ ਜਵਾਨੀ।-ਸਰਦੂਲ ਸਿਕੰਦਰ
ਵਰਮਾ ਮਲਿਕ: ਵਰਮਾ ਮਲਿਕ ਦਾ ਨਾਮ ਬਰਕਤ ਰਾਇ ਮਲਿਕ ਹੈ, ਉਹ ਆਪਣੇ ਗੀਤਾਂ ਵਿੱਚ ਲੋਕਾਂ ਦੀ ਸਰਲ ਪੰਜਾਬੀ ਦੀ ਵਰਤੋਂ ਕਰਦੇ ਹੋਏ ਦਿਲਾਂ ਨੂੰ ਟੁੰਬਦੇ ਹਨ। ਉਸਦੇ ਗੀਤ ਫ਼ਿਲਮਾਂ ਵਿੱਚ ਸ਼ਮਸ਼ਾਦ ਬੇਗ਼ਮ, ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਨੇ ਗਾਏ ਗਏ ਹਨ।
ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾਂ ਤੇ ਰੋਣ ਖੜ੍ਹੀਆਂ।-ਸ਼ਮਸ਼ਾਦ ਬੇਗਮ (ਫਿਲਮ ਗੁੱਡੀ)
ਬੀਨ ਵਜਾਈਂ ਮੁੰਡਿਆ ਮੇਰੀ ਗੁਤ ਸੱਪਣੀ ਬਣ ਜਾਊਗੀ।
ਮੁੱਲ ਮਿਲਦਾ ਸੱਜਣ ਮਿਲ ਜਾਵੇ, ਲੈ ਲਵਾਂ ਮੈਂ ਜਿੰਦ ਵੇਚਕੇ।-ਸ਼ਮਸ਼ਾਦ ਬੇਗਮ
ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀਂ ਆਂ, ਗਲੀ ਭੁੱਲ ਨਾ ਜਾਵੇ ਚੰਨ ਮੇਰਾ।
ਦਾਣਾ-ਪਾਣੀ ਖਿੱਚ ਕੇ ਲਿਆਉਂਦਾ, ਕੌਣ ਕਿਸੇ ਦਾ ਖਾਂਦਾ ਹੋ।
ਚਿੱਟੇ ਦੰਦ ਹਸਣੋਂ ਨਾ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ।-ਮੁਹੰਮਦ ਰਫੀ
ਤੇਰੀ ਦੋ ਟਕਿਆਂ ਦੀ ਨੌਕਰੀ, ਵੇ ਮੇਰਾ ਲੱਖਾਂ ਦਾ ਸਾਵਣ ਜਾਏ।
ਲਾਈਆਂ ਤੇ ਤੋੜ ਨਿਭਾਵੀਂ, ਛੱਡ ਕੇ ਨਾ ਜਾਵੀਂ।-ਲਤਾ ਮੰਗੇਸ਼ਕਰ
ਇੰਦਰਜੀਤ ਤੁਲਸੀ; ਇਨ੍ਹਾਂ ਦੇ ਗੀਤ ਲੋਕ ਗੀਤਾਂ ਦੀ ਤਰਜ ‘ਤੇ ਹਨ। ਲਾਡਲੀ, ਸ਼ੋਰ,  ਬੌਬੀ, ਚੋਰ ਮਚਾਏ ਸ਼ੋਰ ਆਦਿ ਫ਼ਿਲਮਾਂ ਵਿੱਚ ਗਾਏ ਗਏ ਹਨ।
ਐਧਰ ਕਣਕਾਂ ਓਧਰ ਕਣਕਾਂ, ਵਿਚ ਕਣਕਾਂ ਬੂਰ ਪਿਆ, ਮੁਟਿਆਰੇ ਜਾਣਾ ਦੂਰ ਪਿਆ।-ਆਸਾ ਸਿੰਘ ਮਸਤਾਨਾ
ਚੋਰ ਮਚਾਏ ਸ਼ੋਰ ਫਿਲਮ ਦੇ ਗੀਤ-
ਏਕ ਡਾਲ ਪਰ ਤੋਤਾ ਬੋਲੇ, ਏਕ ਡਾਲ ਪਰ ਮੈਨਾ,
ਦੂਰ ਦੂਰ ਬੈਠੇ ਹੈਂ ਲੇਕਿਨ, ਪਿਆਰ ਤੋ ਫਿਰ ਹੈਨਾ।
ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ।
ਚਾਨਣ ਗੋਬਿੰਦਪੁਰੀ: ਉਨ੍ਹਾਂ ਨੇ ਇਸ਼ਕ ਮੁਸ਼ਕ ਦੇ ਅਤੇ ਰੋਮਾਂਟਿਕ ਗੀਤ ਲਿਖੇ ਹਨ।
ਬਾਗਾਂ ਵਿੱਚ ਪਿਆ ਚੰਨਾਂ ਅੰਬੀਆਂ ਨੂੰ ਬੂਰ ਵੇ, ਰੁੱਤ ਹੈ ਸੁਹਾਣੀ ਸਾਨੂੰ ਮਿਲਣਾ ਜ਼ਰੂਰ ਵੇ।
ਰੁੱਤ ਹੈ ਸੁਹਾਣੀ ਸਾਨੂੰ ਮਿਲਣਾ ਜ਼ਰੂਰ ਵੇ।-ਸੁਰਿੰਦਰ ਕੌਰ
ਲਾਈ ਬੇਕਦਰਾਂ ਨਾਲ ਯਾਰੀ ਕਿ ਟੁੱਟਗੀ ਤੜੱਕ ਕਰਕੇ। -ਤੁਫ਼ਾਇਲ ਨਿਆਜ਼ੀ
ਪ੍ਰਕਾਸ਼ ਸਾਥੀ: ਪ੍ਰਕਾਸ਼ ਸਾਥੀ ਦਾ ਅਸਲੀ ਨਾਮ ਓਮ ਪ੍ਰਕਾਸ਼ ਪ੍ਰਭਾਕਰ ਸੀ, ਉਨ੍ਹਾਂ ਸਮਾਜਿਕ ਸਰੋਕਾਰਾਂ ਦੇ ਸੰਜੀਦਾ ਗੀਤ ਲਿਖੇ ਹਨ। ਉਨ੍ਹਾਂ ਨੇ ਹਿੰਦੀ ਫਿਲਮ ਰਾਤ ਕੇ ਰਾਹੀ, ਨਯਾ ਸਵੇਰਾ ਅਤੇ ਗੋਲਕੰਡਾ ਲਈ ਵੀ ਗੀਤ ਲਿਖੇ ਤੇ ਮੁਹੰਮਦ ਰਫੀ ਨੇ ਗਾਏ। ਪੰਜਾਬੀ ਫਿਲਮਾ ਝਾਂਜਰ, ਕੁਮਾਰੀ, ਕੁੜੀ ਪੰਜਾਬ ਦੀ, ਤੇਰਾ ਜਵਾਬ ਨਹੀਂ, ਦਰਾਣੀ ਜਠਾਣੀ, ਪ੍ਰਦੇਸੀ ਬਾਬੂ ਅਤੇ ਸਤਲੁਜ ਦੇ ਕੰਢੇ ਲਈ ਗੀਤ ਲਿਖੇ।
ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ,
ਮੇਰੇ ਯਾਰ ਸਭ ਹੁੰਮ ਹੁੰਮਾ ਕੇ ਚੱਲਣਗੇ।-ਆਸਾ ਸਿੰਘ ਮਸਤਾਨਾ
ਸੋਹਣ ਸਿੰਘ ਸੀਤਲ: ਉਸ ਨੂੰ ਧਾਰਮਿਕ ਗੀਤ ਲਿਖਣ ਵਾਲਾ ਗੀਤਕਾਰ ਸਮਝਿਆ ਜਾਂਦਾ ਸੀ ਪਰੰਤੂ ਉਨ੍ਹਾਂ ਰੋੋੋਮਾਂਟਿਕ ਗੀਤ ਵੀ ਲਿਖੇ ਹਨ।
ਮਲਕੀ ਖੂਹ ਦੇ ਉਤੇ ਭਰਦੀ ਸੀ ਪਈ ਪਾਣੀ, ਕੀਮਾ ਕੋਲ ਆ ਕੇ ਬੇਨਤੀ ਗੁਜ਼ਾਰੇ।
ਭਾਬੀ ਮੇਰੀ ਗੁੱਤ ਨਾ ਕਰੀਂ, ਮੈਨੂੰ ਡਰ ਸੱਪਣੀ ਤੋਂ ਆਵੇ।
ਮੇਲੇ ਮੁਕਤਸਰ ਦੇ ਚੱਲ ਚੱਲੀਏ ਨਣਦ ਦਿਆ ਵੀਰਾ।
ਦਇਆ ਸਿੰਘ ਦਿਲਬਰ: ਸਮਾਜਵਾਦੀ ਗੀਤਕਾਰ ਸੀ।
ਮਾਏ ਨੀ ਵਿਚੋਲਾ ਮਰ ਜੇ, ਜੀਜਾ ਲੱਭਿਆ ਤਵੇ ਤੋਂ ਕਾਲਾ।
ਭੈਣ ਰੋਂਦੀ ਰੱਜਦੀ ਨਹੀਂਓਂ, ਕਹਿੰਦੇ ਜ਼ਹਿਰ ਮੰਗਾ ਕੇ ਖਾ ਲੈ।
ਸਾਨੂੰ ਲਾਰੇ ਲਾ ਕੇ ਡੋਲੀ ਚੜ੍ਹ ਗਈਂਓ ਖੇੜਿਆਂ ਦੇ।
ਚਰਨ ਸਿੰਘ ਸਫਰੀ: ਉਨ੍ਹਾਂ ਨੇ ਧਾਰਮਿਕ ਅਤੇ ਸਮਾਜਿਕ ਗੀਤ ਲਿਖੇ।
ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾਂ ਕੀ ਜਾਣੇਂ।
ਕੁੰਡਲਾਂ ਤੋਂ ਪੁੱਛ ਗੋਰੀਏ ਇਹਨਾਂ ਕਿਹੜੇ ਕਿਹੜੇ ਕਹਿਰ ਗੁਜ਼ਾਰੇ,
ਕਿੰਨੇ ਕੁ ਪਿਆਰ ਲੱਭਦੇ ਇਹਨਾਂ ਫਾਹ ਕੇ ਕਬੂਤਰ ਮਾਰੇ।
ਦੁੱਧ ਨੂੰ ਮਧਾਣੀ ਪੁੱਛਦੀ ਰਾਤੀਂ ਜਾਗ ਹੰਝੂਆਂ ਦਾ ਕੀਹਨੇ ਲਾਇਆ।
ਦੀਪਕ ਜੈਤੋਈ: ਉਹ ਲੋਕਾਂ ਦਾ ਗੀਤਕਾਰ ਸੀ, ਜੋ ਸਮਾਜ ਦੀਆਂ ਭਾਵਨਾਵਾਂ ਗੀਤਾਂ ਰਾਹੀਂ ਪੇਸ਼ ਕਰਦਾ ਸੀ।
ਆਹ ਲੈ ਮਾਏਂ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ।
ਜੁੱਤੀ ਲੱਗਦੀ ਵੈਰੀਆ ਮੇਰੇ ਵੇ ਪੁੱਟ ਨਾ ਪੁਲਾਂਘਾਂ ਲੰਬੀਆਂ।
ਸਾਜਨ ਸ਼ਾਹਕੋਟੀ: ਉਨ੍ਹਾਂ ਦਾ ਅਸਲੀ ਨਾਮ ਹੰਸ ਰਾਜ ਸੀ, ਉਸ ਦੇ ਗੀਤ ਸਮਾਜ ਦਾ ਸ਼ੀਸ਼ਾ ਸਨ।
ਘੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ।
ਨੈਣ ਪ੍ਰੀਤੋ ਦੇ ਬਹਿਜਾ ਬਹਿਜਾ ਕਰਦੇ, ਜਿਹੜੇ ਤੱਕ ਲੈਂਦੇ, ਨਾ ਜਿਉਂਦੇ ਨਾ ਮਰਦੇ।
ਐਵੇਂ ਨਾ ਲੜਿਆ ਕਰ ਢੋਲਾ, ਤੇਰੀ ਸਿਹਰਿਆਂ ਨਾਲ ਵਿਆਹੀ ਹੋਈ ਆਂ।
ਨੰਦ ਲਾਲ ਨੂਰਪੁਰੀ: ਉਹ ਸਭਿਅਚਾਰਕ ਗੀਤਾਂ ਦਾ ਬਾਦਸ਼ਾਹ ਸੀ।
ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗਲੀ ਗਲੀ ਡੰਡ ਪਾਉਂਦੀਆਂ ਗਈਆਂ।
ਚੰਨ ਵੇ ਸ਼ੌਂਕਣ ਮੇਲੇ ਦੀ ਪੈਰ ਧੋ ਕੇ ਝਾਂਜਰਾਂ ਪਾਉਂਦੀ।
ਚੁੰਮ-ਚੁੰਮ ਰੱਖੋ ਨੀ, ਇਹ ਕਲਗੀ ਜੁਝਾਰ ਦੀ, ਫੁੱਲਾਂ ਨਾਲ ਗੁੰਦੋ ਲੜੀ, ਹੀਰਿਆਂ ਦੇ ਹਾਰ ਦੀ।
ਭਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ, ਚੰਦ ਨਾਲੋਂ ਸੋਹਣੀ ਉਤੇ ਚੁੰਨੀ ਸੁੱਚੇ ਕੱਚ ਦੀ।
ਕਰਨੈਲ ਸਿੰਘ ‘ਪਾਰਸ’ ਰਾਮੂਵਾਲੀਆ: ਉਹ ਮੁੱਢਲੇ ਤੌਰ ਤੇ ਕਵੀਸ਼ਰ ਸਨ।
ਹੈੈ ਆਉਣ ਜਾਣ ਬਣਿਆਂ, ਦੁਨੀਆਂ ਚਹੁੰ ਕੁ ਦਿਨਾ ਦਾ ਮੇਲਾ।
ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ।
ਗੁਰਦੇਵ ਸਿੰਘ ਮਾਨ: ਉਨ੍ਹਾਂ ਦੇ ਗੀਤ ਪੰਜਾਬੀ ਦੇ ਸਭਿਆਚਰਕ ਗੀਤਾਂ ਦੀ ਤਰਜਮਾਨੀ ਕਰਦੇ ਸਨ।
ਮਿੱਤਰਾਂ ਦੀ ਲੂਣ ਦੀ ਡਲ਼ੀ, ਨੀਂ ਤੂੰ ਮਿਸਰੀ ਬਰੋਬਰ ਜਾਣੀ
ਸੱਜਣਾ ਦੀ ਗੜਬੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ।-ਕਰਮਜੀਤ ਸਿੰਘ ਧੂਰੀ
ਰਾਤੀਂ ਸੀ ਉਡੀਕਾਂ ਤੇਰੀਆਂ ਸੁੱਤੇ ਪਲ ਨਾ ਹਿਜ਼ਰ ਦੇ ਮਾਰੇ।-ਨਰਿੰਦਰ ਬੀਬਾ
ਊੜਾ ਆੜਾ ਈੜੀ ਸੱਸਾ ਹਾਹਾ, ਊੜਾ ਆੜਾ ਵੇ,
 ਮੈਨੂੰ ਜਾਣ ਦੇ ਸਕੂਲੇ ਇਕ ਵਾਰ ਹਾੜ੍ਹਾ ਵੇ।
ਇੰਦਰਜੀਤ ਹਸਨਪੁਰੀ: ਉਹ ਪੰਜਾਬੀ ਲੋਕਾਂ ਦੀਆਂ ਭਾਵਨਾਵਾਂ ਨੂੰ ਟੁੰਬਣ ਵਾਲੇ ਗੀਤ ਲਿਖਦੇ ਸਨ।
ਜੇ ਮੁੰਡਿਆ ਵੇ ਸਾਡੀ ਤੋਰ ਤੂੰ ਵੇਖਣੀ, ਗੜਬਾ ਲੈ ਦੇ ਚਾਂਦੀ ਦਾ,
 ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ।
ਨਾ ਤੂੰ ਰੁੱਸ ਰੁੱਸ ਬਹਿ, ਲੈ ਜਾ ਛੱਲੀਆਂ ਭੁੰਨਾ ਲਈਂ ਦਾਣੇ, ਵੇ ਮਿੱਤਰਾ ਦੂਰ ਦਿਆ।
ਸਾਧੂ ਹੁੰਦੇ ਰੱਬ ਵਰਗੇ ਘੁੰਡ ਕੱਢਕੇ ਖੈਰ ਨਾ ਪਾਈਏ
ਤੋੜ ਕੇ ਜਵਾਬ ਦੇ ਦੀਏ, ਝੂਠਾ ਲਾਰਾ ਨਾ ਕਦੇ ਵੀ ਲਾਈਏ।
ਲਾਲ ਚੰਦ ਯਮਲਾ ਜੱਟ: ਯਮੁਲਾ ਜੱਟ ਲੋਕ ਗਾਇਕ ਸੀ।
ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ
ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਐ।
ਮੈਂ ਕੀ ਪਿਆਰ ਵਿੱਚੋਂ ਖੱਟਿਆ।
ਸੰਤ ਰਾਮ ਉਦਾਸੀ: ਸੰਤ ਰਾਮ ਮਿਹਨਤਕਸ਼ਾਂ ਦਾ ਨੁਮਾਇੰਦਾ ਗੀਤਕਾਰ ਸੀ।
ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,
ਮਘਦਾ ਰਹੀਂ ਵੇ ਸੂਰਾ ਕੰਮੀਆਂ ਦੇ ਵੇਹੜੇ।
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ
ਮੇਰੇ ਲਹੂ ਦਾ ਕੇਸਰ, ਰੇਤੇ ‘ਚ ਨਾ ਰਲਾਇਓ।
ਗੁਰਦਾਸ ਆਲਮ: ਗੁਰਦਾਸ ਆਲਮ ਗ਼ਰੀਬ ਲੋਕਾਂ ਦੇ ਦਿਲਾਂ ਦੀ ਅਵਾਜ਼ ਵਾਲੇ ਗੀਤ ਲਿਖਦੇ ਸਨ।
ਪਿਪਲਾ ਵੇ ਸੱਜਣਾਂ ਦੇ ਪਿੰਡ ਦਿਆ, ਭੇਦ ਛੁਪਾ ਕੇ ਰੱਖੀਂ,
ਤੂੰ ਕੰਨਾਂ ਨਾਲ ਸੁਣ ਚੁੱਕਾ ਏਂ, ਵੇਖ ਚੁੱਕਾ ਏਂ ਅੱਖੀਂ।
ਕੈਪਟਨ ਹਰਚਰਨ ਸਿੰਘ ਪਰਵਾਨਾ: ਉਹ ਭਾਵਨਾਵਾਂ ਵਿੱਚ ਲਪੇਟੇ ਗੀਤ ਲਿਖਦੇ ਸਨ।
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਰੂਪ ਦੀਏ ਰਾਣੀਏਂ ਪਰਾਂਦੇ ਨੂੰ ਸੰਭਾਲ ਨੀਂ।
ਕੁੱਟ-ਕੁੱਟ ਬਾਜਰਾ ਮੈਂ ਕੋਠੇ ਉਤੇ ਪਾਉਣੀਆਂ,
ਹਾਏ ਮਾਂ ਮੇਰੀਏ, ਮੈਂ ਕੋਠੇ ਉਤੇ ਪਾਉਣੀਆਂ,
ਆਉਣਗੇ ਕਾਗ ਉਡਾ ਜਾਣਗੇ, ਸਾਨੂੰ  ਦੂਣਾ ਪੁਆੜਾ ਪਾ ਜਾਣਗੇ।
ਸਾਰੇ ਦੁੱਖ ਭੁੱਲ ਜਾਣਗੇ, ਨਹੀਂਓ ਭੁੱਲਣਾ ਵਿਛੋੜਾ ਤੇਰਾ।

 ਸਾਬਕਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072  
ujagarsingh48@yahoo.com

ਕੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਕਾਂਗਰਸ ਵਿੱਚ ਜਾਨ ਪਾ ਸਕੇਗੀ? - ਉਜਾਗਰ ਸਿੰਘ

ਗਾਂਧੀ ਪਰਿਵਾਰ ਦਾ ਸ਼ਹਿਜ਼ਾਦਾ ਰਾਹੁਲ ਗਾਂਧੀ ਨੇ 7 ਸਤੰਬਰ 2022 ਨੂੰ ਕੰਨਿਆਕੁਮਾਰੀ (ਤਾਮਿਲਨਾਡੂ) ਤੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਤੋਂ ਪੰਜਾਬ ਵਿੱਚ ਸ਼ਾਮਲ ਹੋਵੇਗੀ ਅਤੇ 19 ਜਨਵਰੀ ਤੱਕ ਪੰਜਾਬ ਵਿੱਚ ਹੋਵੇਗੀ। ਇਸ ਇਤਿਹਾਸਕ ਯਾਤਰਾ ਦਾ ਲੁਕਿਆ ਮੰਤਵ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਰਾਹੁਲ ਗਾਂਧੀ ਕਹਿ ਰਿਹਾ ਹੈ ਕਿ ਇਸ ਯਾਤਰਾ ਦਾ ਮਕਸਦ ਭਾਰਤ ਦੀ ਜਨਤਾ ਵਿੱਚ ਅਮਨ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨਾ ਹੈ ਕਿਉਂਕਿ ਪਿਛਲੇ ਸਾਢੇ ਸੱਤ ਸਾਲਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਫ਼ਿਰਕੂ ਧਰੁਵੀਕਰਨ ਰਾਹੀਂ ਘੱਟ ਗਿਣਤੀਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਭਾਰਤੀਆਂ ਨੂੰ ਜ਼ਾਤਾਂ-ਪਾਤਾਂ ਅਤੇ ਫ਼ਿਰਕਿਆਂ ਦੇ ਨਾਮ 'ਤੇ ਲੜਾਇਆ ਜਾ ਰਿਹਾ ਹੈ। ਇਹ ਯਾਤਰਾ ਲੋਕਾਂ ਨੂੰ ਸੁਚੇਤ ਕਰਕੇ ਆਪਸੀ ਸਦਭਾਵਨਾ ਬਣਾਈ ਰੱਖਣ ਅਤੇ ਭਾਰਤ ਨੂੰ ਧਰਮ ਨਿਰਪੱਖ ਰਾਸ਼ਟਰ ਤੋਂ ਹਿੰਦੂ ਰਾਸ਼ਟਰ ਬਣਾਉਣ ਦੀ ਪ੍ਰਕ੍ਰਿਆ ਨੂੰ ਰੋਕਣ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗੀ। ਹੁਣ ਤੱਕ ਇਹ ਯਾਤਰਾ ਰਾਜਨੀਤਕ ਵਿਸ਼ਲੇਸ਼ਕਾਂ ਮੁਤਾਬਕ ਜਿਹੜੇ 11 ਰਾਜਾਂ ਵਿੱਚ ਗਈ ਹੈ, ਉਥੇ ਸਫਲ ਰਹੀ ਹੈ ਕਿਉਂਕਿ ਪਾਰਟੀ ਪੱਧਰ ਤੋਂ ਉਪਰ ਉਠਕੇ ਬੁੱਧੀਜੀਵੀ, ਅਰਥ ਸ਼ਾਸ਼ਤਰੀ, ਵਿਗਿਆਨੀ, ਕਲਾਕਾਰ ਅਤੇ ਸਾਹਿਤਕਾਰ ਵਰਗ ਨੇ ਇਸ ਵਿੱਚ ਸ਼ਮੂਲੀਅਤ ਕੀਤੀ ਹੈ। ਕੁਝ ਸਿਆਸੀ ਪਾਰਟੀਆਂ ਲੇ ਵੀ ਇਸ ਦੀ ਸਪੋਰਟ ਕੀਤੀ ਹੈ। ਯਾਤਰਾ ਦੇ ਪਹਿਲੇ ਪੜ੍ਹਾਅ ਵਿੱਚ 11 ਜਨਵਰੀ ਨੂੰ ਰਾਹੁਲ ਗਾਂਧੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ 'ਤਿਲਕ ਜੰਝੂ ਦੇ ਰਾਖੇ' ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰਿਆਂ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਅਕੀਦਤ ਦੇ ਫੁਲ ਭੇਂਟ ਕਰਕੇ ਸ਼ੁਰੂ ਕੀਤੀ ਜਾਵੇਗੀ। ਉਸ ਦਿਨ ਫ਼ਤਿਹਗੜ੍ਹ ਸਾਹਿਬ ਵਿਖੇ ਇਕ ਪਬਲਿਕ ਮੀਟਿੰਗ ਵੀ ਕੀਤੀ ਜਾਵੇਗੀ ਜਿਸ ਨੂੰ ਰਾਹੁਲ ਗਾਂਧੀ ਸੰਬੋਧਨ ਕਰਨਗੇ। ਭਾਰਤ ਦੇ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਫ਼ਿਰਕੂ ਨੀਤੀਆਂ ਵਿਰੁੱਧ ਲਾਮਬੰਦ ਕਰਨ ਦਾ ਕੰਮ ਤਾਂ ਕਰੇਗੀ ਹੀ ਪ੍ਰੰਤੂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਲੈ ਕੇ ਸਾਰੇ ਦੇਸ਼ ਵਿੱਚ ਘੁੰਮ ਰਿਹਾ ਹੈ। ਇਸੇ ਲੜੀ ਵਿੱਚ ਉਹ 10 ਜਨਵਰੀ ਸ਼ਾਮ ਨੂੰ ਪੰਜਾਬ ਵੀ ਆ ਰਿਹਾ ਹੈ। ਧੜਿਆਂ ਵਿੱਚ ਵੰਡੀ, ਖੇਰੂੰ ਖੇਰੂੰ ਹੋਈ ਅਤੇ ਡਿਗੇ ਮਨੋਬਲ ਵਾਲੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਲਈ ਇਹ ਯਾਤਰਾ ਸੰਜੀਵਨੀ ਬੂਟੀ ਦਾ ਕੰਮ ਕਰੇਗੀ ਜਾਂ ਪੰਜਾਬ ਕਾਂਗਰਸ ਦੇ ਨੇਤਾ ਆਪੋ ਆਪਣੀ ਡਫਲੀ ਵਜਾਉਂਦੇ ਹੋਏ ਰਾਹੁਲ ਗਾਂਧੀ ਦੀ ਪਰਕਰਮਾ ਕਰਦੇ ਰਹਿਣਗੇ? ਇਹ ਤਾਂ ਸਮਾਂ ਹੀ ਦੱਸੇਗਾ ਕਾਂਗਰਸ ਪਾਰਟੀ ਦਾ ਦੁਖਾਂਤ ਇਹੋ ਹੈ ਕਿ ਉਸ ਦੇ ਨੇਤਾ ਫੀਲਡ ਵਿੱਚ ਕੰਮ ਕਰਨ ਦੀ ਥਾਂ ਸੀਨੀਅਰ ਨੇਤਾਵਾਂ ਦੀ ਚਮਚਾਗਿਰੀ ਵਿੱਚ ਮਸ਼ਰੂਫ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਹਿਤਾਂ 'ਤੇ ਸੀਨੀਅਰ ਲੀਡਰਸ਼ਿਪ ਚਮਚਾਗਿਰੀ ਕਰਕੇ ਹੀ ਪਹਿਰਾ ਦਿੰਦੀ ਹੈ। ਪੰਜਾਬ ਕਾਂਗਰਸ ਪਾਰਟੀ ਲਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਆਪਣੇ ਆਧਾਰ ਨੂੰ ਵਧਾਉਣ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦਾ ਵਧੀਆ ਮੌਕਾ ਹੈ। ਵੇਖਣ ਵਾਲੀ ਗੱਲ ਹੈ ਕਿ ਪੰਜਾਬ ਦੇ ਕਾਂਗਰਸੀ ਇਸ ਮੌਕੇ ਦਾ ਸਦਉਪਯੋਗ ਕਰ ਸਕਣਗੇ ਜਾਂ ਬੇਇਤਫਾਕੀ ਦਾ ਮੁਜ਼ਾਹਰਾ ਕਰਨਗੇ। ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਆਪਸੀ ਫੁੱਟ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਭਾਰਤ ਜੋੜੋ ਯਾਤਰਾ ਦੀ ਸਫਲਤਾ ਸੰਬੰਧੀ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋਂ ਸਾਫ ਵਿਖਾਈ ਦੇ ਰਹੀ ਹੈ। ਇਸ ਲਈ ਕਾਂਗਰਸ ਹਾਈ ਕਮਾਂਡ ਨੇ ਪਾਰਟੀ ਵਿੱਚ ਵਧੀਆ ਤਾਲਮੇਲ ਰੱਖਣ ਲਈ ਸੀਨੀਅਰ ਨੇਤਾ ਸ਼੍ਰੀ ਵੇਨੂੰਗੋਪਾਲ ਨੂੰ ਤਾਲਮੇਲ ਕਰਨ ਲਈ ਲਗਾਇਆ ਹੈ। ਵਿਧਾਨ ਸਭਾ ਹਲਕਿਆਂ ਦੇ ਸਥਾਨਕ ਨੇਤਾ ਅਤੇ ਸਾਬਕਾ ਵਿਧਾਨਕਾਰ/ਮੰਤਰੀ ਆਪੋ ਆਪਣੀਆਂ ਵੱਖਰੀਆਂ-ਵੱਖਰੀਆਂ ਮੀਟਿੰਗਾਂ ਕਰ ਰਹੇ ਹਨ। ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਰਕੇ ਹੋ ਸਕਦਾ ਜਿਹੜੇ ਨੇਤਾ ਕਾਂਗਰਸ ਪਾਰਟੀ ਨੂੰ ਤਿਲਾਂਜ਼ਲੀ ਦੇਣੀ ਚਾਹੁੰਦੇ ਸਨ ਜਾਂ ਆਪੋ ਆਪਣੇ ਘਰਾਂ ਵਿੱਚ ਚੁੱਪ ਬੈਠੇ ਸਨ, ਉਹ ਸਰਗਰਮ ਹੋ ਜਾਣਗੇ ਤੇ ਫਿਲਹਾਲ ਪਾਰਟਂੀ ਛੱਡਣ ਤੋਂ ਗੁਰੇਜ਼ ਕਰਨਗੇ ਕਿਉਂਕਿ ਕਾਂਗਰਸ ਪਾਰਟੀ ਦਾ ਹਰ ਨੇਤਾ ਆਪੋ ਆਪਣੇ ਵਰਕਰਾਂ ਨਾਲ ਤਾਲਮੇਲ ਬਣਾ ਰਿਹਾ ਹੈ। ਪੰਜਾਬ ਵਿੱਚ ਇਸ ਯਾਤਰਾ ਨਾਲ ਕਾਂਗਰਸ ਪਾਰਟੀ ਹੇਠਲੇ ਪੱਧਰ/ਵਰਕਰ ਦੇ ਪੱਧਰ 'ਤੇ ਕਾਫੀ ਸਰਗਰਮ ਹੋਈ ਹੈ। ਇਹ ਸਰਗਰਮੀ ਪਾਰਟੀ ਲਈ ਸ਼ੁਭ ਸ਼ਗਨ ਹੈ। ਆਉਂਦੀਆਂ ਲੋਕ ਸਭਾ ਚੋਣਾਂ ਤੱਕ ਇਨ੍ਹਾਂ ਵਰਕਰਾਂ  ਨੂੰ ਪਾਰਟੀ ਨਾਲ ਜੋੜ ਕੇ ਰੱਖਣ ਦੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ 'ਤੇ ਨਿਰਭਰ ਕਰੇਗੀ। ਇਹ ਯਾਤਰਾ ਪਾਰਟੀ ਲਈ ਇਸ ਕਰਕੇ ਵੀ ਸਾਰਥਿਕ ਹੋ ਸਕਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਪਿੰਡ ਪੱਧਰ 'ਤੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ। ਖਾਸ ਤੌਰ 'ਤੇ ਦਿਹਾਤੀ ਸਿੱਖਾਂ ਨੂੰ ਆਪਣੇ ਨਾਲ ਜੋੜ ਰਹੀ ਹੈ। ਪਾਰਟੀ ਵਰਕਰਾਂ ਨੂੰ ਇਕਮੁੱਠ ਰੱਖਣਾ ਕਾਂਗਰਸ ਪਾਰਟੀ ਦੀਆਂ ਸਥਾਨਕ ਇਕਾਈਆਂ ਅਤੇ ਸਥਾਨਕ ਪੱਧਰ ਦੇ ਨੇਤਾਵਾਂ ਦੀ ਸੋਚ 'ਤੇ ਨਿਰਭਰ ਕਰਦਾ ਹੈ। ਰਾਹੁਲ ਗਾਂਧੀ ਕੋਲ ਆਪਣੀ ਹਾਜ਼ਰੀ ਲਗਵਾਉਣ ਲਈ ਸਥਾਨਕ ਨੇਤਾ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਨ ਸਭਾ ਪਾਰਟੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪਾਰਟੀ ਨੂੰ ਇਕਮੁੱਠ ਕਰਨ ਲਈ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਰਾਜਾ ਵੜਿੰਗ ਦੇ ਆਪਣੇ ਬਠਿੰਡੇ ਜਿਲ੍ਹੇ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਧੜਾ ਉਸ ਦਾ ਸਾਥ ਨਹੀਂ ਦੇ ਰਿਹਾ। ਇਥੋਂ ਤੱਕ ਕਿ ਉਸ ਵੱਲੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਲਈ ਸੱਦੀ ਗਈ ਮੀਟਿੰਗ ਵਿੱਚ ਵੀ ਨਹੀਂ ਪਹੁੰਚਿਆ। ਇਸੇ ਤਰ੍ਹਾਂ ਪਟਿਆਲਾ ਜਿਲ੍ਹੇ ਦੀ ਸ਼ਹਿਰੀ ਇਕਾਈ ਦਾ ਪ੍ਰਧਾਨ ਨਰਿੰਦਰ ਲਾਲੀ ਜੋ ਨਵਜੋਤ ਸਿੰਘ ਸਿੱਧੂ ਦਾ ਕਰੀਬੀ ਸੀ, ਉਸ ਨੂੰ ਰਾਜਾ ਵੜਿੰਗ ਨੇ ਪ੍ਰਧਾਨਗੀ ਤੋਂ ਹਟਾ ਦਿੱਤਾ ਹੈ। ਉਹ ਧੜਾ ਆਪਣੀਆਂ ਵੱਖਰੀਆਂ ਮੀਟਿੰਗਾਂ ਕਰ ਰਿਹਾ ਹੈ। ਹਾਲਾਂ ਕਿ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਪਹਿਲਾਂ ਘਿਓ ਖਿਚੜੀ ਸਨ।
ਜਨਵਰੀ 2021 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਆਮ ਆਦਮੀ ਪਾਰਟੀ ਕੋਲੋਂ ਹਾਰਨ ਤੋਂ ਬਾਅਦ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਦੇ ਹੌਸਲੇ ਪਸਤ ਹੋਏ ਪਏ ਹਨ। ਕਾਂਗਰਸ ਦੇ ਰਾਜ ਵਿੱਚ ਭਰਿਸ਼ਟਾਚਾਰ ਭਾਰੂ ਰਿਹਾ। ਕਾਂਗਰਸੀ ਨੇਤਾ ਇਕ ਦੂਜੇ ਤੇ ਚਿਕੜ ਸੁੱਟਦੇ ਰਹੇ ਹਨ। ਹੈਰਾਨੀ ਦੀ ਗੱਲ ਹੈ ਪੰਜਾਬ ਕਾਂਗਰਸ ਦੇ ਉਹ ਸੀਨੀਅਰ ਨੇਤਾ ਜਿਹੜੇ ਨਵਜੋਤ ਸਿੰਘ ਸਿੱਧੂ ਦਾ ਪ੍ਰਧਾਨ ਬਣਨ 'ਤੇ ਜ਼ਬਰਦਸਤ ਵਿਰੋਧ ਕਰ ਰਹੇ ਸਨ, ਉਹ ਹੁਣ ਪਟਿਆਲਾ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤਾਂ ਕਰ ਰਹੇ ਹਨ। ਇਸ ਸਮੇਂ ਪਾਰਟੀ ਵਿੱਚ ਪੁਰਾਣੇ ਸਮੀਕਰਨ ਬਦਲ ਰਹੇ ਹਨ। ਸ਼ਮਸ਼ੇਰ ਸਿੰਘ ਦੂਲੋ ਸਾਬਕ ਮੈਂਬਰ ਰਾਜ ਸਭਾ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਕੱਟੜ ਵਿਰੋਧੀ ਸਨ, ਹੁਣ ਵਾਰ-ਵਾਰ ਜੇਲ੍ਹ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਮਿਲ ਰਹੇ ਹਨ। ਮਹਿੰਦਰ ਸਿੰਘ ਕੇ.ਪੀ.ਜਿਹੜਾ ਚਰਨਜੀਤ ਸਿੰਘ ਚੰਨੀ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਉਹ ਵੀ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਵਿੱਚ ਹਾਜ਼ਰੀ ਭਰ ਕੇ ਗਿਆ ਹੈ। ਕਾਂਗਰਸ ਪਾਰਟੀ ਦੇ ਨੇਤਾਵਾਂ ਨੂੰ ਵਿਧਾਨ ਸਭਾ ਦੀ ਹਾਰ ਤੋਂ ਸਬਕ ਸਿੱਖਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਨੂੰ ਜੇਲ੍ਹ ਵਿੱਚ ਪ੍ਰਿਅੰਕਾ ਗਾਂਧੀ ਦੇ ਦੂਤ ਵੱਲੋਂ ਚਿੱਠੀ ਭੇਜਣ ਦੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਦੇ ਜੇਲ੍ਹ ਵਿੱਚੋਂ ਬਾਹਰ ਆਉਣ 'ਤੇ ਉਸ ਨੂੰ ਵੱਡਾ ਅਹੁਦਾ ਦਿੱਤਾ ਜਾਵੇਗਾ। ਅਜਿਹੇ ਸਵਾਲ ਵਰਕਰਾਂ ਵਿੱਚ ਖਲਬਲੀ ਮਚਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹ ਕੇ ਨਵਾਂ ਮੁੱਖ ਮੰਤਰੀ ਬਣਾਉਣ ਦੀ ਕਵਾਇਦ ਨੇ ਪਾਰਟੀ ਲਈ ਨਵੀਆਂ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਸਨ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਪਾਰਟੀ ਨੇ ਆਪਣੇ ਜਾਣੀ ਤਾਂ ਦਲਿਤ ਪੱਤਾ ਖੇਡਿਆ ਸੀ ਪ੍ਰੰਤੂ ਉਹ ਵੀ ਪੁੱਠਾ ਪੈ ਗਿਆ। ਚਰਨਜੀਤ ਸਿੰਘ ਚੰਨੀ ਆਪ ਵੀ ਚਮਕੌਰ ਸਾਹਿਬ ਅਤੇ ਭਦੌੜ ਵਿਧਾਨ ਸਭਾ ਦੀਆਂ ਦੋਵਾਂ ਸੀਟਾਂ ਤੋਂ ਚੋਣ ਹਾਰ ਗਿਆ ਸੀ। ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਕੁਝ ਸਮਾਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨੇ ਬਾਗੀ ਤੇਵਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਪੰਜਾਬ ਕਾਂਗਰਸ ਦੇ ਨੇਤਾ ਇਕਮੁੱਠ ਹੋ ਕੇ ਚੋਣ ਲੜਨ ਦੀ ਥਾਂ ਬਿਖ਼ਰ ਗਏ। ਪਾਰਟੀ ਦੀ ਫੁੱਟ ਚੋਣਾ ਵਿੱਚ ਜੱਗ ਜ਼ਾਹਰ ਹੋ ਗਈ, ਜਿਸ ਦਾ ਇਵਜਾਨਾ ਕਾਂਗਰਸ ਪਾਰਟੀ ਨੂੰ ਭੁਗਤਣਾ ਪਿਆ। ਆਮ ਆਦਮੀ ਪਾਰਟੀ ਦੀ ਭਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਅਧੀਨ ਕੁਝ ਸਾਬਕਾ ਕਾਂਗਰਸੀ ਮੰਤਰੀ ਜੇਲ੍ਹਾਂ ਦੀ ਹਵਾ ਖਾ ਰਹੇ ਹਨ। ਬਾਕੀ ਰਹਿੰਦੇ ਭਰਿਸ਼ਟ ਮੰਤਰੀਆਂ ਨੂੰ ਗ੍ਰਿਫ਼ਤਾਰੀਆਂ ਦਾ ਡਰ ਸਤਾ ਰਿਹਾ ਹੈ, ਜਿਸ ਕਰਕੇ ਪਾਰਟੀ ਵਰਕਰਾਂ ਅਤੇ ਲੀਡਰਸ਼ਿਪ ਦਾ ਮਨੋਬਲ ਡਿਗਿਆ ਪਿਆ ਹੈ। ਇਨ੍ਹਾਂ ਖ਼ਬਰਾਂ ਤੋਂ ਤਾਂ ਇਉਂ ਲੱਗ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ ਸਫਲਤਾ ਪੰਜਾਬ ਕਾਂਗਰਸ ਲਈ ਵੰਗਾਰ ਹੋਵੇਗੀ। ਕਾਂਗਰਸੀ ਨੇਤਾਵਾਂ ਨੂੰ ਸਾਰੇ ਗਿਲੇ ਸ਼ਿਕਵੇ ਭੁੱਲ ਕੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਸਫਲ ਕਰਨ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ, ਇਹ ਯਾਤਰਾ ਕਾਂਗਰਸ ਲਈ ਵਰਦਾਨ ਸਾਬਤ ਹੋਵੇਗੀ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ 
   ਮੋਬਾਈਲ-94178 13072
     ujagarsingh48@yahoo.com

ਕੁਮਾਰ ਜਗਦੇਵ ਸਿੰਘ ਦਾ ਕਾਵਿ ਸੰਗ੍ਰਹਿ ‘ਲਿਪਸਟਿਕ ਹੇਠਲਾ ਜ਼ਖ਼ਮ’ ਭਾਵਨਾਵਾਂ ਦਾ ਪੁਲੰਦਾ - ਉਜਾਗਰ ਸਿੰਘ

 ਕੁਮਾਰ ਜਗਦੇਵ ਸਿੰਘ ਦੀਆਂ ਕਵਿਤਾਵਾਂ ਮਨੁੱਖੀ ਮਨ ਦੀ ਅੰਤਰ ਆਤਮਾ ਦਾ ਪ੍ਰਤੀਬਿੰਬ ਹਨ। ਉਸ ਦੇ ‘ਲਿਪਸਟਿਕ ਹੇਠਲਾ ਜ਼ਖ਼ਮ’ ਨਾਮ ਦੇ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਮਾਨਵਤਾ ਦੇ ਮਨ ਵਿੱਚ ਉਸਲਵੱਟੇ ਲੈਂਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀਆਂ ਹਨ। ਉਹ ਕਿਉਂਕਿ ਮਨੁੱਖੀ ਮਨ ਦੇ ਚਿਤਰਪਟ ਦਾ ਵਿਸ਼ਲੇਸ਼ਣ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ, ਇਸ ਲਈ ਉਸ ਨੂੰ ਸੰਵੇਦਨਸ਼ੀਲ ਕਵੀ ਕਿਹਾ ਜਾ ਸਕਦਾ ਹੈ। ਸਾਰੀਆਂ ਕਵਿਤਾਵਾਂ ਸ਼ਾਇਰ ਦੇ ਨਿੱਜੀ ਤਜ਼ਰਬੇ ਦਾ ਪ੍ਰਗਟਾਵਾ ਹਨ। ਕਵੀ ਦੀ ਕਮਾਲ ਇਸ ਵਿੱਚ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਸੰਬੰਧਤ ਲਿਖੀਆਂ ਕਵਿਤਾਵਾਂ ਨੂੰ ਲੋਕਾਈ ਦਾ ਦਰਦ ਬਣਾਉਣ ਵਿੱਚ ਸਫਲ ਹੋ ਗਿਆ ਹੈ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਤੋਂ ਪਹਿਲਾਂ ਦਿੱਤਾ ਸ਼ਿਅਰ ਮਨੁੱਖੀ ਮਨ ਦੇ ਕਪਾਟ ਖੋਲ੍ਹ ਦਿੰਦਾ ਹੈ, ਜਦੋਂ ਕਵੀ ਮਹਿਬੂਬ ਦੇ ਪਿਆਰ ਦੀ ਭਾਵਨਾ ਦੀ ਤਸਬੀਹ ਕਿਵਾੜ ਸ਼ਬਦ ਨਾਲ ਕਰਦਾ ਹੈ। ਕਿਵਾੜ ਸ਼ਬਦ ਦਾ ਸੰਬੰਧ ਮੁੱਢਲੇ ਤੌਰ ‘ਤੇ ਧਾਰਮਿਕ ਅਦਾਰੇ ਨਾਲ ਹੈ। ਕਵੀ ਨੇ ਕਿਵਾੜ ਦੀ ਮੁਹੱਬਤ ਨਾਲ ਤੁਲਨਾ ਕਰਕੇ ਮੁਹੱਬਤ ਨੂੰ ਰੂਹਾਨੀ ਰੂਪ ਦੇ ਦਿੱਤਾ ਹੈ। ਇਹ ਇਨਸਾਨ ਦੇ ਅੰਤਰ ਮਨ ਦੀ ਅਵਸਥਾ ਹੈ, ਜਿਸ ਨੂੰ ਸ਼ਾਇਰ ਤੁਲਨਾ ਧਾਰਮਿਕ ਸ਼ਬਦ ਨਾਲ ਕਰਕੇ ਇਹ ਦੱਸਣਾ ਚਾਹੁੰਦਾ ਹੈ ਕਿ ਪਿਆਰ ਸਰੀਰਕ ਨਹੀਂ ਸਗੋਂ ਰੂਹ ਦਾ ਹੁੰਦਾ ਹੈ। ਸ਼ਿਅਰ ਹੈ:
ਨਿਯਿਤ ਸਮੇਂ ‘ਤੇ ਈ ਖੁਲ੍ਹਦੇ ਨੇ
ਤਹਿ ਵਕਤ ‘ਤੇ ਬੰਦ ਹੋ ਜਾਂਦੇ ਨੇ
ਮਹਿਬੂਬ ਦੇ ਦਰਵਾਜ਼ੇ ਵੀ ਅੱਜ ਕਲ੍ਹ
ਕਿਵਾੜ ਹੋ ਗਏ ਹਨ..
 ਕਵੀ ਦੀਆਂ ਸਮੁੱਚੀਆਂ ਕਵਿਤਾਵਾਂ ਉਸ ਦੀ ਜ਼ਿੰਦਗੀ ਦੇ ਤਜ਼ਰਬਿਆਂ ‘ਤੇ ਅਧਾਰਤ ਹਨ। ਭਾਵਨਾਵਾਂ ਵਿੱਚ ਪਰੁਤੀਆਂ ਹੋਈਆਂ ਹਨ। ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ‘ਰਹਿ ਗਿਆਂ ਦਾ ਵਿਰਲਾਪ’ ਵਿੱਚ ਕਵੀ ਨੇ ਦੁੱਖ ਪ੍ਰਗਟ ਕੀਤਾ ਹੈ, ਉਨ੍ਹਾਂ ਬੱਚਿਆਂ ‘ਤੇ ਜਿਹੜੇ ਆਪਣੇ ਮਾਪਿਆਂ ਦੀ ਅਣਵੇਖੀ ਕਰਦੇ ਹੋਏ ਉਨ੍ਹਾਂ ਵਿਰੁੱਧ ਬਗ਼ਾਬਤ ਕਰ ਦਿੰਦੇ ਹਨ। ਇਹ ਗੱਲਾਂ ਉਹ ਆਪਣੇ ਮਨ ਵਿੱਚ ਵਿਛੜੇ ਪਿਤਾ ਨਾਲ ਕਰ ਰਿਹਾ ਹੈ। ਦੂਜੀ ਕਵਿਤਾ ‘ਸਿਕੰਦਰ’ ਵਿੱਚ ਆਪਣੀ ਪਤਨੀ ਦੀ ਬਿਮਾਰੀ ਦਾ ਦੁੱਖ ਨਾ ਬਰਦਾਸ਼ਤ ਕਰਦਾ ਹੋਇਆ ਭਾਵਕ ਹੋ ਜਾਂਦਾ ਹੈ। ਤੀਜੀ ਕਵਿਤਾ ‘ਧੀਆਂ’ ਵਿੱਚ ਕੁਮਾਰ ਜਗਦੇਵ ਸਿੰਘ ਧੀਆਂ ਦੇ ਰਸਤੇ ਵਿੱਚ ਆਉਣ ਵਾਲੀਆਂ ਬਲਾਵਾਂ ਦਾ ਹੰਦੇਸਾ ਪ੍ਰਗਟ ਕਰਦਾ ਹੈ ਕਿ ਇਕ ਪਾਸੇ ਉਨ੍ਹਾਂ ਨੂੰ ਸਮੇਂ ਦੀ ਗਰਦਸ਼ ਤੋਂ ਬਚਣ ਦੀ ਮਾਂ ਤਾਕੀਦ ਕਰਦੀ ਹੈ, ਦੂਜੇ ਪਾਸੇ ਲੜਕੇ ਦੇ ਜੰਮਣ ਦੀ ਆਸ ਲਾਈ ਬੈਠੀ ਹੈ। ਪ੍ਰੰਤੂ ਬਾਪ ਲੜਕੀਆਂ ਦੇ ਚਾਅ ਪੂਰੇ ਕਰਨ ਦੀ ਕਾਮਨਾ ਕਰਦਾ ਹੈ। ਮਾਂ ਆਧੁਨਿਕ ਸਮੇਂ ਦੇ ਨਾਲ ਪਹਿਰਾਵਾ ਪਾਉਣ ਦੀ ਇਛਾ ਵੀ ਰੱਖਦੀ ਹੈ। ਵਿਆਹਾਂ ਤੇ ਹੋਣ ਵਾਲੇ ਖ਼ਰਚੇ ਦੀ ਵੀ ਚਿੰਤਾ ਹੈ। ਇਹ ਸਾਰਾ ਕੁਝ ਅੰਤਰ ਦਵੰਧ ਦੀ ਸਥਿਤੀ ਹੈ। ਚੌਥੀ ‘ਵਿਗੋਚ’ ਕਵਿਤਾ ਵਿੱਚ ਕਵੀ ਦੀ ਪਤਨੀ ਮਹਿਸੂਸ ਕਰਦੀ ਹੈ ਕਿ ਲੜਕਿਆਂ ਦੀਆਂ ਇਛਾਵਾਂ ਪੂਰੀਆਂ ਕਰਕੇ ਮਰਦ ਬੱਚਿਆਂ ਨੂੰ ਵਿਗਾੜ ਦਿੰਦੇ ਹਨ। ਪੰਜਵੀਂ ‘ਸਾਹਿਬਜ਼ਾਦਾ’ ਕਵਿਤਾ ਭਾਵਪੂਰਤ ਹੈ, ਜਿਸ ਵਿੱਚ ਇਕ ਪਾਸੇ ਮਾਪੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਦੁੱਖੀ ਹੋ ਕੇ ਬੱਚਿਆਂ ਨੂੰ ਅੰਮਿ੍ਰਤਧਾਰੀ ਬਣਾਉਣਾ ਚਾਹੁੰਦੇ ਹਨ। ਦੂਜੇ ਪਾਸੇ ਬੱਚੇ ਆਧੁਨਿਕਤਾ ਦੇ ਫੈਸ਼ਨ ਦੀ ਭੇਂਟ ਚੜ੍ਹਕੇ ਸਿਰ ਦੇ ਵਾਲ ਵੀ ਕਟਾ ਰਹੇ ਹਨ। ਮਾਪੇ ਬੱਚਿਆਂ ਦੇ ਸੁਨਹਿਰੇ ਭਵਿਖ ਲਈ ਗ਼ੈਰਤ ਨੂੰ ਮਾਰ ਕੇ ਹਰਿਮੰਦਰ ਸਾਹਿਬ ਵਿੱਚੋਂ ਫ਼ੌਜਾਂ ਦੇ ਸਾਹਮਣੇ ਹੱਥ ਖੜ੍ਹੇ ਕਰਕੇ ਬਾਹਰ ਆਏ ਸੀ ਪ੍ਰੰਤੂ ਬੱਚੇ ਨਾਬਰ ਹੋ ਗਏ ਹਨ।  ਛੇਵੀਂ ਕਵਿਤਾ ‘ਤੁਹਾਡਾ ਕੀ ਖਿਆਲ ਐ?’ ਵਿੱਚ ਮਾਨਸਿਕ ਦਵੰਧ ਵਾਲੀ ਹੈ, ਜਿਸ ਵਿੱਚ ਇਨਸਾਨ ਆਪਣੇ ਆਪ ਨਾਲ ਵਾਰਤਾਲਾਪ ਕਰਦਾ ਹੈ। ਸੱਤਵੀਂ ਕਵਿਤਾ ‘ਭਗਤ ਸਿੰਘ’ ਵਿੱਚ ਕਰੋਨਾ ਕਾਲ ਦਾ ਦਰਦ ਅਤੇ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦੀ ਤਾਕੀਦ ਕਰਦੀ ਹੈ ਤਾਂ ਜੋ ਲੋਕਾਂ ਨੂੰ ਇਨਸਾਫ ਮਿਲ ਸਕੇ। ਅੱਠਵੀਂ ‘ਲਿਪਸਟਿਕ ਹੇਠਲਾ ਜ਼ਖ਼ਮ’ ਕਵਿਤਾ ਸਿੰਬਾਲਿਕ ਹੈ, ਜਿਸ ਰਾਹੀਂ ਕਵੀ ਨੇ ਇਨਸਾਨ ਦੇ ਦੋਹਰੇ ਕਿਰਦਾਰ ਬਾਰੇ ਜਾਣਕਾਰੀ ਦਿੱਤੀ ਹੈ। ਇਨਸਾਨ ਜਿਵੇਂ ਬਾਹਰੀ ਰੂਪ ਵਿੱਚ ਦਿਖਦਾ ਹੈ, ਅਸਲ ਵਿੱਚ ਉਹ ਨਹੀਂ ਹੁੰਦਾ। ਦੁੱਖ ਅਤੇ ਦਰਦ ਨੂੰ ਇਨਸਾਨ ਕਈ ਵਾਰੀ ਦਿਖਣ ਨਹੀਂ ਦਿੰਦਾ। ਨੌਵੀਂ ਕਵਿਤਾ ‘ਤੇਰੇ ਆਉਣ ਤੋਂ ਪਹਿਲਾਂ’ ਅਹਿਸਾਸਾਂ ਦੀ ਮਾਨਸਿਕ ਕਸ਼ਮਕਸ਼ ਹੈ, ਇਨਸਾਨ ਕਿਸ ਪ੍ਰਕਾਰ ਆਪਣੇ ਆਪ ਨਾਲ ਹੀ ਮੁਖਾਤਬ ਹੁੰਦਾ ਰਹਿੰਦਾ ਹੈ। ਇਸ ਕਾਵਿ ਸੰਗ੍ਰਹਿ ਦੀ ਦਸਵੀਂ ਕਵਿਤਾ ‘ਵਿਨ ਯੂ ਡੂ, ਡੌਂਟ ਥਿੰਕ’ ਵਿੱਚ ਕਵੀ ਵਰਤਮਾਨ ਸਾਹਿਤਕਾਰਾਂ ਦੀ ਕਾਰਗੁਜ਼ਾਰੀ ‘ਤੇ ਕਿੰਤੂ ਪ੍ਰੰਤੂ ਕਰਦਾ ਹੋਇਆ ਝੰਜੋੜਦਾ ਹੈ ਕਿ ਕਿਸ ਪ੍ਰਕਾਰ ਅਖੌਤੀ ਸਾਹਿਤਕਾਰ ਇਨਾਮਾ ਅਤੇ ਸ਼ਾਹਵਾ ਵਾਹਵਾ ਲੈਣ ਲਈ ਵੇਲਣ ਵੇਲਦੇ ਹਨ। ਕਾਫ਼ੀ ਹਾਊਸਾਂ ਵਿੱਚ ਬੈਠ ਕੇ ਸੰਵੇਦਨਸ਼ੀਲ ਕਹਾਉਂਦੇ ਵਿਚਾਰ ਵਟਾਂਦਰੇ ਕਰਦੇ ਹਨ। ਇਸ ਲੰਬੀ ਕਵਿਤਾ ਵਿੱਚ ਕਵੀ ਨੇ ਬਹੁਤ ਸਾਰੇ ਭਖਦੇ ਸੰਜੀਦਾ ਮਸਲਿਆਂ ਨੂੰ ਵਿਸ਼ਾ ਬਣਾਇਆ ਹੈ ਜਿਵੇਂ ਵਰਤਮਾਨ ਵਿਦਿਅਕ ਪ੍ਰਣਾਲੀ, ਪਰਿਵਾਰਿਕ ਪਰੰਪਰਾਵਾਂ ਦਾ ਵਿਰੋਧ, ਮਾਪਿਆਂ ਦੀ ਨਿਰਾਦਰੀ, ਰਿਸ਼ਤਿਆਂ ਵਿੱਚ ਗਿਰਾਵਟ,ਯਤੀਮਾ, ਵਿਧਵਾਵਾਂ, ਆਤੰਕ, ਬਰਾਂਡਡ ਕਪੜੇ, ਗੁਰੂਆਂ ਦੀ ਵਿਚਾਰਧਾਰਾ ਤੇ ਪਹਿਰਾ ਨਾ ਦੇਣਾ, ਮੀਡੀਆ ਦਾ ਰੋਲ, ਸਾਹਿਤਕ ਅਦਾਕਾਰੀ, ਆਤਮਹੱਤਿਆਵਾਂ ਆਦਿ। ਸਾਹਿਤਕਾਰਾਂ ਨੂੰ ਆੜੇ ਹੱਥੀਂ ਲਿਆ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਕੰਨੀ ਕਤਰਾ ਰਹੇ ਹਨ। ਗਿਆਰਵੀਂ ਕਵਿਤਾ ‘ਜਦੋਂ ਸ਼ੀਸ਼ਾ ਬੋਲਦਾ’ ਹੈ ਵੀ ਇਨਸਾਨ ਦੀ ਆਪੇ ਨਾਲ ਗੱਲਬਾਤ ਹੈ, ਜਿਸ ਵਿੱਚ ਉਹ ਆਪਣੇ ਫਰਜ਼ਾਂ ਤੋਂ ਕੋਤਾਹੀ ਕਰਨ ਦੀ ਗੱਲ ਕਰਦਾ ਹੈ। ਇਨਸਾਨ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦਾ ਹੈ ਪ੍ਰੰਤੂ ਇਹ ਸਾਰਾ ਕੁਝ ਦੰਭ ਹੈ, ਨਸ਼ਿਆਂ ਵਿੱਚ ਗਲਤਾਨ ਹਨ, ਖੇਤਾਂ ਨੂੰ ਭੁੱਲ ਗਏ, ਸਾਡੀ ਬਦਮਿਸਮਤੀ ਹੈ ਕਿ ਰੋਜ਼ੀ ਰੋਟੀ ਦਾ ਫਿਕਰ ਸਤਾ ਰਿਹਾ ਹੈ। ਅਖੌਤੀ ਪ੍ਰਗਤੀਵਾਦ ਬਣੇ ਬੈਠੇ ਹਾਂ। ਆਪਣੀ  ਉਦਾਸੀ ਦੇ ਖੁਦ ਜ਼ਿੰਮੇਵਾਰ ਹਨ। ਮੁਹੱਬਤ ਦੀ ਥਾਂ ਸੰਘਰਸ਼ਮਈ ਹੋ ਗਏ। ਅਸੀਂ ਅਧੂਰੇ ਇਨਸਾਨ ਹਾਂ, ਵਾਅਦੇ ਤੇ ਵਫ਼ਾ ਤੋਂ ਕਿਨਾਰਾ ਕਰ ਲਿਆ ਹੈ। ਬੰਦੂਕ ਦੀ ਨੋਕ ਨਾਲ ਸ਼ਾਂਤੀ ਅਤੇ ਮੁਹੱਬਤ ਨਹੀਂ ਲਿਖੀ ਜਾ ਸਕਦੀ। ਮੁਹੱਬਤ ਨਾਲ ਹਰ ਚੀਜ਼ ਪ੍ਰਾਪਤ ਕੀਤੀ ਜਾ ਸਕਦੀ ਹੈ, ਇਸ ਲਈ ਸ਼ਾਇਰ ਮੁਹੱਬਤ ਦੀ ਪ੍ਰੇਰਨਾ ਦਿੰਦਾ ਹੈ। ਬਾਰਵੀਂ ਕਵਿਤਾ ‘ਸਿਤਾਰ ਦੇ ਸੁਰ-1’ ਵਿੱਚ ਕਵੀ ਮੁਹੱਬਤ ਕਰਨ ਵਾਲੀ ਕੁੜੀ ਦੀ ਕਲਪਨਾ ਸਿਤਾਰ ਦੀ ਤਾਰ ਨਾਲ ਕਰਦਾ ਲਿਖਦਾ ਹੈ ਕਿ ਮੁਹੱਬਤ ਕਰਨ ਲਈ ਪ੍ਰਸ਼ਨ ਨਹੀਂ ਕਰਨਾ ਸ਼ੋਭਦਾ ਭਾਵ ਮੁਹੱਬਤ ਬਦਲੇ ਕੁਝ ਮੰਗਣਾ ਜ਼ਾਇਜ਼ ਨਹੀਂ ਪ੍ਰੰਤੂ ਸਿਤਾਰ ਵਰਗੀ ਕੁੜੀ ਮੁਹੱਬਤ ਨੂੰ ਵੇਚਣਾ ਲੋਚਦੀ ਹੈ, ਇਹ ਵਰਤਾਰਾ ਗ਼ਲਤ ਹੈ। ਤੇਰਵੀਂ ਕਵਿਤਾ ‘ਸਿਤਾਰ ਦੇ ਸੁਰ-2’ ਵਿੱਚ ਕਵੀ ਨੇ ਸਿਤਾਰ ਦੀ ਸੁਰ ਵਰਗੀ ਕੁੜੀ ਨੂੰ ਮੁਹੱਬਤ ਦੀ ਪ੍ਰਤੀਕ ਕਿਹਾ, ਜਿਸ ਦੀ ਮੁਹੱਬਤ ਦੇ ਬਦਲੇ ਕੋਈ ਮੰਗ ਨਹੀਂ ਪ੍ਰੰਤੂ ਕੁਰਬਾਨੀ ਦਾ ਜਜਬਾ ਬਰਕਰਾਰ ਹੈ। ਚੌਧਵੀਂ ‘ਸਿਤਾਰ  ਸੋਚਦੀ ਹੈ’ ਕਵਿਤਾ ਵਿੱਚ ਬਰਾਂਡਡ ਕਪੜੇ ਪਾ ਯੂਨੀਵਰਸਿਟੀਆਂ ਵਿੱਚ ਨੌਜਵਾਨ ਲੜਕੇ ਲੜਕੀਆਂ ਦੇ ਪਿਛੇ ਮੋਟਰਸਾਈਕਲਾਂ ਦੇ ਸੁਪਨੇ ਵਿਖਾਉਂਦੇ ਮੁਹੱਬਤਾਂ ਦਾ ਇਜ਼ਹਾਰ ਕਰਦੇ ਹਨ। ਨਸ਼ਿਆਂ ਦੇ ਵਿਚ ਗ੍ਰਸੇ ਫਿਰਦੇ ਨਫ਼ਰਤਾਂ ਫੈਲਾ ਰਹੇ ਹਨ। ਯੂਨੀਵਰਸਿਟੀਆਂ ਵਿੱਚ ਉਹ ਨੌਜਵਾਨੀ ਦੇ ਨਸ਼ੇ ਵਿੱਚ ਇਸ਼ਕ ਮੁਸ਼ਕ ਦੇ ਚਕਰਾਂ ਵਿੱਚ ਆਨੰਦ ਮਾਣਦੇ ਹਨ ਪ੍ਰੰਤੂ ਬਾਅਦ ਵਿੱਚ ਲੜਕੀਆਂ ਓਪਰਿਆਂ ਦੀ ਤਰ੍ਹਾਂ ਵਿਵਹਾਰ ਕਰਦੀਆਂ ਹਨ। ਮੌਕੇ ਦਾ ਲਾਭ ਉਠਾ ਕੇ ਭੁੱਲ ਜਾਂਦੀਆਂ ਹਨ। ਪੰਦਰਵੀਂ ਕਵਿਤਾ ‘ਹੁਣ ਕੋਈ ਕੀ ਲਿਖੇ’ ਵਿਸਮਾਦਿਕ ਕਵਿਤਾ ਹੈ। ਇਸ ਵਿੱਚ ਵੀ ਕਵੀਆਂ, ਗ਼ਜ਼ਲਗੋਆਂ ਅਤੇ ਲੇਖਕਾਂ ਨੂੰ ਵਿਅੰਗ ਕੀਤਾ ਗਿਆ ਹੈ ਕਿ ਉਹ ਅਸਲ ਮੁੱਦਿਆਂ ਬਾਰੇ ਲਿਖਣ ਤੋਂ ਗੁਰੇਜ਼ ਕਰ ਰਹੇ ਹਨ। ਸੋਲਵੀਂ ਕਵਿਤਾ  ‘ਸਮੁੰਦਰ ਹੋਣ ਦਾ ਸੰਤਾਪ’ ਇਕ ਲੰਬੀ ਕਵਿਤਾ ਹੈ, ਜਿਸ ਵਿੱਚ ਸਮਾਜਿਕ ਮੁੱਦਿਆਂ ਨੂੰ ਛੂਹਿਆ ਗਿਆ ਹੈ। ਕੁਝ ਪ੍ਰਾਪਤ ਕਰਨ ਲਈ ਗੁਆਉਣਾ ਅਰਥਾਤ ਮਿਹਨਤ ਕਰਨੀ ਪੈਂਦੀ ਹੈ। ਭਾਵ ਮਿਹਨਤ ਨਾਲ ਸਫਲਤਾ ਮਿਲਦੀ ਹੈ। ਸਮੁੰਦਰ, ਨਦੀ, ਝਰਨੇ ਅਤੇ ਰੁੱਖ ਤਾਂ ਸਿੰਬਲ ਹਨ। ਭਾਵੇਂ ਕੋਈ ਖੇਤਰ ਹੋਵੇ ਜਾਂ ਪਿਆਰ ਦਾ ਹੋਵੇ, ਜਦੋਂ ਸਫਲਤਾ ਮਿਲਦੀ ਹੈ ਤਾਂ ਸਮਾਜ ਦਾ ਹਰ ਵਰਗ ਸਵਾਗਤ ਕਰਦਾ ਹੈ। ਇਸ ਦਾ ਦੂਜਾ ਅਰਥ ਇਹ ਵੀ ਹੈ ਕਿ ਇਕ ਥਾਂ ਖੜ੍ਹਨ ਨਾਲ ਜੰਗਾਲ ਲੱਗ ਜਾਂਦਾ ਹੈ, ਸਫਲਤਾ ਤੁਰਨ ਫਿਰਨ ਭਾਵ ਮਿਹਨਤ ਨਾਲ ਮਿਲਦੀ ਹੈ। ‘ਵਿਰਲਾਪ’ ਸਤਾਰਵੀਂ ਕਵਿਤਾ ਹੈ, ਜਿਸ ਵਿੱਚ ਮਾਂ ਦੀ ਮਮਤਾ ਦਾ ਮੋਹ ਝਲਕਦਾ ਹੈ। ਮਾਂ ਦੀ ਮੁਹੱਬਤ ਦੀ ਕੋਈ ਮੰਜ਼ਲ ਨਹੀਂ ਹੁੰਦੀ। ਸ਼ਾਇਰ ਮਾਂ ਦੀ ਨਿਗਾਹ ਵਿੱਚ ਕਪੁੱਤ ਹੈ ਕਿਉਂਕਿ ਮਾਂ ਪੜ੍ਹ ਨਹੀਂ ਸਕਦੀ।  ਸ਼ਾਇਰ ਦੀ ਕੋਈ ਕਮਾਈ ਨਹੀਂ, ਮਾਂ ਇਸ ਕਰਕੇ ਨਰਾਜ਼ ਹੈ। ਅਠਾਰਵੀਂ ‘ਏਸ ਵਾਰ ਦਾ ਮਿਰਜ਼ਾ’ ਮੁਹੱਬਤੀ ਕਵਿਤਾ ਹੈ। ਮੁਹੱਬਤ ਵਿੱਚ ਰੰਗਿਆ ਇਸਨਾਨ ਮਿਰਜ਼ਾ ਬਣਨਾ ਲੋਚਦਾ ਹੈ ਪ੍ਰੰਤੂ ਸਮਾਂ ਹਮੇਸ਼ਾ ਇਕੋ ਜਿਹਾ ਨਹੀਂ ਹੁੰਦਾ। ਮੁਹੱਬਤ ਗੱਲਾਂ-ਬਾਤਾਂ ਨਾਲ ਬੜੇ ਪਕਾਉਣੇ ਨਹੀਂ ਮੰਗਦੀ ਸਗੋਂ ਮੋਹ ਦੀ ਪੁਜਾਰਨ ਹੁੰਦੀ ਹੈ। ਇਸਤਰੀ ਹਮੇਸ਼ਾ ਇਛਾਵਾਂ ਦੀ ਪੂਰਤੀ ਮੰਗਦੀ ਹੈ। ਇਸ਼ਕ ਦੇ ਅਹਿਸਾਸਾਂ ਵਿੱਚ ਇਨਸਾਨ ਸਪਨੇ ਸਿਰਜਦਾ ਰਹਿੰਦਾ ਹੈ। ਪੂਰੇ ਹੋਣਾ ਜ਼ਰੂਰੀ ਨਹੀਂ ਹੁੰਦਾ। ਉਨੀਵੀਆਂ ਛੇ ਬਿੰਦੂ ਨਜ਼ਮਾਂ ਹਨ, ਜਿਨ੍ਹਾਂ ਵਿੱਚ ਮੁਹੱਬਤ ਦੀ ਘੁੰਮਣਘੇਰੀ ਦੀਆਂ ਬਾਤਾਂ ਹਨ। ਕੁਮਾਰ ਜਗਦੇਵ ਸਿੰਘ ਦੇ ਕਾਵਿ ਸੰਗ੍ਰਹਿ ਦਾ ਇਹ ਦੂਜਾ ਐਡੀਸ਼ਨ ਹੈ। ਸ਼ਾਇਰ ਦਾ ਭਵਿਖ ਸੁਨਹਿਰੀ ਹੈ ਕਿਉਂਕਿ ਉਸ ਦੀਆਂ ਕਵਿਤਾਵਾਂ ਇਨਸਾਨੀ ਮਾਨਸਿਕਤਾ ਦੀਆਂ ਗਹਿਰ ਗੰਭੀਰ ਸਥਿਤੀਆਂ ਦਾ ਵਰਨਣਨ ਕਰਦੀਆਂ ਹਨ।
 80 ਪੰਨਿਆਂ ਦੇ ਕਾਵਿ ਸੰਗ੍ਰਹਿ ਦੀ ਕਮੀਤ 140 ਰੁਪਏ ਹੈ। ਇਸ ਨੂੰ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

    ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
    ਮੋਬਾਈਲ-94178 13072
   ujagarsingh48@yahoo.com