Dilan Di Jooh Jaggi Kussa.jpg

ਦਿਲਾਂ ਦੀ ਜੂਹ :  - ਸ਼ਿਵਚਰਨ ਜੱਗੀ ਕੁੱਸਾ

ਕਿਸ਼ਤ 1

 ਸ਼ਾਮ ਦਾ ਵੇਲਾ ਸੀ!
ਇੰਗਲੈਂਡ ਦਾ ਮੌਸਮ ਬੜਾ ਠੰਢਾ ਸੀ।

ਬਾਹਰ ਬਰਫ਼ ਪੈ ਕੇ ਹਟੀ ਹੋਣ ਕਾਰਨ ਸਰਦ ਹਵਾ ਸਰੀਏ ਵਾਂਗ ਸਰੀਰ ਦੇ ਆਰ-ਪਾਰ ਲੰਘਦੀ ਸੀ। ਅੱਜ ਕੁਝ ਦੇਰ ਸੂਰਜ ਦੇਵਤਾ ਨੇ ਵੀ ਮੂੰਹ ਦਿਖਾਇਆ ਸੀ, ਜਿਸ ਕਾਰਨ ਠੰਢ ਹੋਰ ਵੀ ਕੜਾਕਾ ਪਾਉਣ ਲੱਗ ਪਈ ਸੀ। ਗਰਮ ਕੱਪੜੇ ਪਾਏ ਹੋਣ ਦੇ ਬਾਵਜੂਦ ਵੀ ਸਰਦੀ ਹੱਡ ਕੜਕਾਉਂਦੀ ਸੀ। ਬਰਫ਼ ਜੰਮੀ ਹੋਣ ਕਰਕੇ ਸੜਕਾਂ 'ਤੇ ਆਵਾਜਾਈ ਵਿਚ ਕਾਫ਼ੀ ਵਿਘਨ ਪੈ ਰਿਹਾ ਸੀ ਅਤੇ ਲੋਕ ਜ਼ਿਆਦਾਤਰ ਕਾਰ ਵਿਚ ਸਫ਼ਰ ਕਰਨੋਂ ਗੁਰੇਜ਼ ਹੀ ਕਰ ਰਹੇ ਸਨ।
ਓਵਰਗਰਾੳਂੂਡ ਟਰੇਨਾਂ, ਅੰਡਰਗਰਾਊਂਡ ਟਿਊਬਾਂ ਜਾਂ ਬੱਸਾਂ ਵਿਚ ਹੀ ਸਫ਼ਰ ਕੀਤਾ ਜਾ ਰਿਹਾ ਸੀ। ਸੜਕਾਂ 'ਤੇ ਬੁਰੀ ਤਰ੍ਹਾਂ ਜੰਮੀ ਬਰਫ਼ ਦੀ ਤਿਲਕਣ ਕਾਰਨ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਸੀ ਕਿ ਵਾਹ ਲੱਗਦੀ ਕਾਰ ਵਿਚ ਸਫ਼ਰ ਕਰਨੋਂ ਟਾਲ਼ਾ ਹੀ ਵੱਟਿਆ ਜਾਵੇ ਅਤੇ ਨਹੀਂ ਕਾਰ ਸਿਰਫ਼ ਅਣ-ਸਰਦੇ ਨੂੰ ਹੀ ਵਰਤੀ ਜਾਵੇ! ਸਿਹਤ ਅਤੇ ਸੁਰੱਖਿਆ ਵਿਭਾਗ ਦੇ ਆਦੇਸ਼ਾਂ 'ਤੇ ਵਕਤੀ ਤੌਰ 'ਤੇ ਸਕੂਲ ਬੰਦ ਕਰ ਦਿੱਤੇ ਗਏ ਸਨ। ਪੈਦਲ ਜਾਣ ਵਾਲੇ ਲੋਕ ਵੀ ਸੜਕਾਂ 'ਤੇ ਤਿਲ੍ਹਕ-ਤਿਲ੍ਹਕ ਡਿੱਗ ਰਹੇ ਸਨ। ਲੰਡਨ ਦਾ ਲੱਗਪਗ ਸਾਰਾ ਜਨ-ਜੀਵਨ ਠੱਪ ਹੋ ਕੇ ਹੀ ਰਹਿ ਗਿਆ ਸੀ।  
          ਸਰਦੀਆਂ ਦੇ ਦਿਨ ਛੋਟੇ ਹੋਣ ਕਾਰਨ ਸ਼ਾਮ ਦੇ ਚਾਰ ਕੁ ਵਜੇ ਦੇ ਕਰੀਬ ਬਾਹਰ ਹਨ੍ਹੇਰਾ ਹੋਣਾ ਸ਼ੁਰੂ ਹੋ ਜਾਂਦਾ ਸੀ ਅਤੇ ਲੋਕ ਆਪਣੇ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ, ਮਸਾਂ ਘਰ ਵੜਦੇ ਸਨ।
          ਜਿੰਦਰ ਅਜੇ ਘੰਟਾ ਕੁ ਪਹਿਲਾਂ ਕੰਮ ਤੋਂ ਘਰ ਆਈ ਹੀ ਸੀ।
ਉਸ ਦੀ ਸੱਸ ਸੰਤ ਕੌਰ ਗੁਰੂ-ਘਰ ਗਈ ਹੋਈ ਸੀ।
ਬੇਟਾ ਅਗਮਜੋਤ ਸੁੱਤਾ ਪਿਆ ਸੀ।
ਸੰਤ ਕੌਰ ਪੋਤੇ ਅਗਮਜੋਤ ਨੂੰ ਸੌਂਵਾ ਕੇ ਹੀ ਗੁਰੂ-ਘਰ ਗਈ ਸੀ।  
          ਸਵੇਰੇ ਸਾਢੇ ਚਾਰ ਵਜੇ ਦੀ ਉਠੀ ਹੋਣ ਕਾਰਨ ਜਿੰਦਰ ਦਾ ਚਿੱਤ ਠੀਕ ਨਹੀਂ ਸੀ। ਨੀਂਦ ਨਾ ਪੂਰੀ ਹੋਣ ਕਾਰਨ ਉਸ ਦਾ ਸਿਰ ਦਰਦ ਕਰ ਰਿਹਾ ਸੀ ਅਤੇ ਸਰੀਰ ਟੁੱਟਿਆ-ਭੱਜਿਆ ਪਿਆ ਸੀ। ਉਸ ਦਾ ਰੁਟੀਨ ਹੀ ਕੁਝ ਐਸਾ ਸੀ ਕਿ ਉਹ ਸਵੇਰੇ ਸਾਢੇ ਚਾਰ ਵਜੇ ਉਠਦੀ, ਛੇ ਵਜੇ ਕੰਮ ਸ਼ੁਰੂ ਕਰਦੀ ਅਤੇ ਕੰਮ ਛੱਡਣ ਦਾ ਉਸ ਦਾ ਕੋਈ ਪੱਕਾ ਸਮਾਂ ਨਹੀਂ ਸੀ, ਬੱਸ ਖ਼ੂਹ ਵਿਚ ਇੱਟ ਸੀ। ਕਈ ਵਾਰ ਉਹ ਸਵੇਰੇ ਛੇ ਵਜੇ ਕੰਮ ਸ਼ੁਰੂ ਕਰ ਕੇ ਸ਼ਾਮ ਦੇ ਚਾਰ ਵਜੇ ਘਰੇ ਵੜਦੀ ਅਤੇ ਫ਼ਿਰ ਘਰੇਲੂ ਕੰਮਾਂ ਦੇ ਝਮੇਲਿਆਂ ਵਿਚ ਫ਼ਸ ਜਾਂਦੀ। ਉਸ ਦਾ ਕੋਈ ਵੀ ਕੰਮ ਯੋਜਨਾ-ਬੱਧ ਜਾਂ ਤਰਤੀਬਵਾਰ ਨਹੀਂ ਸੀ।
ਅੱਜ-ਕੱਲ੍ਹ ਜਿੰਦਰ ਦੀ ਜ਼ਿੰਦਗੀ ਵੀ ਅਟਕਲ-ਪੱਚੂ ਤਰੀਕੇ ਨਾਲ ਚੱਲਦੀ ਸੀ।
ਅਗਮਜੋਤ ਅਤੇ ਬਿਰਧ ਸੱਸ ਸੰਤ ਕੌਰ ਦੀ ਜ਼ਿੰਮੇਵਾਰੀ ਉਸ ਇਕੱਲੀ ਦੇ ਸਿਰ ਹੀ ਸੀ।
          ਜਿੰਦਰ ਲੰਡਨ ਦੇ ਹੀਥਰੋ ਏਅਰਪੋਰਟ ਉਪਰ ਸਕਿਊਰਿਟੀ ਦੀ ਜੌਬ ਕਰਦੀ ਸੀ। ਕਦੇ ਟਰਮੀਨਲ ਇੱਕ, ਕਦੇ ਟਰਮੀਨਲ ਦੋ ਅਤੇ ਕਦੇ ਟਰਮੀਨਲ ਤਿੰਨ 'ਤੇ ਗੇੜੇ ਲਾਉਂਦੀ ਦੀ ਉਸ ਦੀ ਬੱਸ ਹੋ ਜਾਂਦੀ। ਅੱਠਾਂ ਘੰਟਿਆਂ ਦੀ 'ਘੋੜ-ਦੌੜ' ਬਾਅਦ ਉਹ ਹਫ਼ ਕੇ ਡਿੱਗਣ ਵਾਲ਼ੀ ਹੋ ਜਾਂਦੀ। ਕੰਮ ਖ਼ਤਮ ਹੋਣ ਤੋਂ ਬਾਅਦ ਬੱਸਾਂ ਬਦਲਦੀ, ਮਸਾਂ ਉਹ ਘਰ ਆ ਕੇ ਡਿੱਗਦੀ। ਫ਼ਿਰ ਘਰੇ ਰੋਟੀ-ਪਾਣੀ ਦਾ ਵੀ ਉਸ ਨੇ ਆਪ ਹੀ ਕਰਨਾ ਹੁੰਦਾ। ਉਸ ਦੀ ਸੱਸ ਸੰਤ ਕੌਰ ਬੜੀ ਚੰਗੀ ਔਰਤ ਸੀ। ਪਰ ਉਹ ਸੱਸ ਨੂੰ ਕੋਈ ਕੰਮ ਨਾ ਕਰਨ ਦਿੰਦੀ।
          ਸਵੇਰ ਦੀ ਥੱਕੀ ਹਾਰੀ ਅਜੇ ਉਹ ਚਾਹ ਬਣਾ ਕੇ ਟੈਲੀ ਅੱਗੇ ਹੀ ਆ ਕੇ ਬੈਠੀ ਸੀ ਕਿ ਦਰਵਾਜੇ 'ਤੇ 'ਡੋਰ-ਬੈੱਲ' ਹੋਈ।
          ਜਿੰਦਰ ਦਾ ਦਿਲ ਧੜਕਿਆ!
          ਛਾਤੀ ਵਿਚ ਭੂਚਾਲ਼ ਆ ਗਿਆ!!
ਕਿਸੇ ਖਿਝ ਨਾਲ਼ ਉਹ ਪਿੱਟਣ ਵਾਲ਼ੀ ਹੋ ਗਈ!!!
          ਜਦ ਵੀ ਡੋਰ-ਬੈੱਲ ਹੁੰਦੀ, ਉਸ ਦਾ ਦਿਲ ਦੁਰਮਟ ਵਾਂਗ ਛਾਤੀ ਵਿਚ ਵੱਜਣ ਲੱਗ ਜਾਂਦਾ। ਇੱਕ ਤਾਂ ਸਵੇਰੇ ਸਾਢੇ ਚਾਰ ਵਜੇ ਦੀ ਉਠੀ, ਦੂਜਾ ਸਾਰੀ ਦਿਹਾੜੀ ਕੰਮ 'ਤੇ ਭੱਜ-ਨੱਠ ਅਤੇ ਤੀਜੀ ਹੁਣ ਇਹ ਚੁੜੇਲ...? ਉਹ ਅਤੀਅੰਤ ਖਿਝ ਗਈ। ਅੱਜ ਉਸ ਨੇ ਦਿਲ ਵਿੱਚ ਧਾਰ ਲਿਆ ਸੀ ਕਿ ਅੱਜ ਉਹ ਭੂਆ ਨੂੰ ਮੂੰਹ ਪਾੜ ਕੇ ਆਖ ਦੇਵੇਗੀ ਕਿ ਉਹ ਸਾਡੇ ਘਰ ਨਾ ਆਇਆ ਕਰੇ, ਪਰ ਇਹ ਤਾਂ ਉਹ ਇੱਕ ਵਾਰ ਨਹੀਂ, ਕਈ ਵਾਰ ਆਖ ਚੁੱਕੀ ਸੀ! ਕਹਿਣਾਂ ਜਾਂ ਇਸ਼ਾਰਾ ਕਰਨਾ ਤਾਂ ਇੱਕ ਆਮ ਬੰਦੇ ਲਈ ਅਹਿਮੀਅਤ ਰੱਖਦਾ ਹੈ..! ਪਰ ਜੋ ਔਰਤ ਹੈ ਹੀ ਮਾਨਸਿਕ ਤੌਰ 'ਤੇ ਖ਼ੂੰਖ਼ਾਰ ਅਤੇ ਜਾਨਵਰ ਦਿਮਾਗ, ਉਸ ਅੱਗੇ ਦਲੀਲ, ਅਪੀਲ ਜਾਂ ਫ਼ਰਿਆਦ ਕੀ ਮਾਹਨਾਂ ਰੱਖਦੀ ਸੀ...?
          ਕਦੇ-ਕਦੇ ਖਿਝੀ ਜਿੰਦਰ ਅੰਦਰੇ ਅੰਦਰ ਆਪਣੀ ਜ਼ਿੰਦਗੀ ਦਾ 'ਲੇਖਾ-ਜੋਖਾ' ਕਰਨ ਬੈਠ ਜਾਂਦੀ। ਇਸ ਡੈਣ ਭੂਆ ਦੇ ਘਰੇ ਤਾਂ ਤਕਲੀਫ਼ਾਂ, ਤਸੀਹੇ ਅਤੇ ਤਸ਼ੱਦਦ ਹੀ ਹੰਢਾਏ ਸਨ ਅਤੇ ਉਸ ਨੂੰ ਕਿਸੇ ਨੇ ਵੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਜਾਂ ਤਾਂ ਚੰਦਰਾ ਜੱਗ ਉਸ 'ਤੇ ਹੱਸਿਆ ਸੀ ਅਤੇ ਜਾਂ ਰਟਿਆ-ਰਟਾਇਆ, "ਤੇਰੀ ਕਿਸਮਤ", "ਸਬਰ ਕਰ" ਜਾਂ "ਭਾਣਾ ਮੰਨ" ਆਖ ਕੇ, ਬੇਪ੍ਰਵਾਹ ਅੱਗੇ ਤੁਰ ਗਿਆ ਸੀ। ਨਾਂ ਤਾਂ ਭੈੜ੍ਹੀ ਦੁਨੀਆਂ ਕਿਸੇ ਨੂੰ ਹੱਸਣ ਅਤੇ ਨਾ ਹੀ ਰੋਣ ਦਿੰਦੀ ਸੀ! ਬੀਤੇ ਯੁੱਗ ਨੂੰ ਯਾਦ ਕਰਕੇ ਉਸ ਦੇ ਮਨ ਦੇ ਖਰੀਂਢ ਉੱਚੜ ਜਾਂਦੇ ਅਤੇ ਉਸ ਦੀ ਆਤਮਾਂ ਲਹੂ-ਲੁਹਾਣ ਹੋ ਕੇ, ਨੁੱਚੜਨ ਲੱਗ ਜਾਂਦੀ!
          ਉਸ ਨੂੰ ਅਜੇ ਤੱਕ ਵੀ ਯਾਦ ਸੀ ਕਿ ਕਾਫ਼ੀ ਅਰਸਾ ਪਹਿਲਾਂ ਜਦ ਉਹ "ਪਾਰਟ ਟਾਈਮ" ਕਿਸੇ ਮੀਡੀਆ ਅਦਾਰੇ ਵਿਚ ਟਾਈਪਿਸਟ ਵਜੋਂ ਕੰਮ ਕਰਦੀ ਸੀ। ਇੱਕ ਦਿਨ ਕੰਨਟੀਨ ਵਿੱਚ ਇੱਕ-ਦੋ ਸਹੇਲੀਆਂ ਨਾਲ ਉਹ ਕਿਸੇ ਗੱਲੋਂ ਖੁੱਲ੍ਹ ਕੇ, ਉੱਚੀ-ਉੱਚੀ ਹੱਸ ਪਈ। ਉਸ ਦੀ ਸਹਿਕਰਮੀ ਔਰਤ ਤੋਂ ਇਹ ਜਰਿਆ ਨਾ ਗਿਆ, ਜਿੰਦਰ ਦਾ ਹਾਸਾ ਚੰਗਾ ਨਾ ਲੱਗਿਆ, ਤਾਂ ਉਸ ਨੇ ਉਸ ਦਾ ਮੂੰਹ ਬੰਦ ਕਰਨ ਲਈ ਮੂੰਹ ਪਾੜ ਕੇ ਪੁੱਛ ਹੀ ਲਿਆ, "ਕੁੜ੍ਹੇ ਜਿੰਦਰ, ਕੀ ਹਾਲ ਐ ਤੇਰੇ ਨਵੇਂ ਪਤੀ ਜੀ ਦਾ..?"
-"ਕਈਆਂ ਨੂੰ ਇੱਕ ਨੀ ਜੁੜਦਾ, ਤੈਨੂੰ ਤਾਂ ਸੁਖ ਨਾਲ਼ ਦੋ-ਦੋ ਨਸੀਬ ਹੋਗੇ...!" ਦੂਜੀ ਬੋਲੀ। ....ਤੇ ਦਿਲ ਵੱਢਵਾਂ ਕਟਾਕਸ਼ ਸੁਣ ਕੇ ਹੱਸਦੀ ਜਿੰਦਰ ਦਾ ਮੂੰਹ ਸੁੱਥਣ ਵਾਂਗ 'ਸਿਉਂਤਾ' ਗਿਆ।  
ਉਸ ਨੇ ਮਹਿਸੂਸ ਕਰ ਲਿਆ ਕਿ ਸਹਿਕਰਮੀ ਔਰਤ ਨੂੰ ਮੇਰਾ ਵਰ੍ਹਿਆਂ ਵਿੱਚ ਇੱਕ ਵਾਰ ਖੁੱਲ੍ਹ ਕੇ ਹੱਸਣਾ ਵੀ ਜਚਿਆ ਨਹੀਂ ਅਤੇ ਉਸ ਨੇ ਮੇਰਾ ਮੂੰਹ ਬੰਦ ਕਰਨ ਲਈ 'ਦੂਜੇ ਪਤੀ' ਬਾਰੇ ਪੁੱਛ ਕੇ ਆਪਣਾ 'ਵਾਰ' ਦਾਗ ਦਿੱਤਾ ਸੀ। ਇਹਨਾਂ ਗੱਲਾਂ ਕਾਰਨ ਉਸ ਨੂੰ ਜੱਗ-ਜਹਾਨ ਤੋਂ ਨਫ਼ਰਤ ਹੋ ਗਈ ਸੀ ਕਿ ਮੇਰੇ ਦੁਖਿਆਰੀ ਨਾਲ ਕਿਸੇ ਨੇ ਹਮਦਰਦੀ ਤਾਂ ਕੀ ਕਰਨੀ ਸੀ, ਕੋਈ ਮੇਰਾ ਹੱਸਣਾ ਤੱਕ ਨਹੀਂ ਜਰ ਸਕਦਾ...? ਅਤੇ ਮੇਰੀ ਕਮਜ਼ੋਰੀ ਦੀ ਲਾਲਟੈਣ ਹਿਲਾ ਕੇ ਮੈਨੂੰ ਆਪਣਾ 'ਅਸਲ' ਚਿਹਰਾ ਅਤੇ ਔਕਾਤ ਦਿਖਾਉਣ ਲੱਗ ਜਾਂਦੇ ਨੇ ਕਿ ਮੇਰੇ ਮੂੰਹ ਦੀ ਤਾਕੀ ਬੰਦ ਹੀ ਰਹੇ ਅਤੇ ਉਹ ਮੇਰਾ ਕੁੜ੍ਹਦੀ-ਸੜਦੀ ਦਾ ਆਨੰਦ ਲੈਂਦੀਆਂ ਰਹਿਣ...! ਕਿੱਡਾ ਬੇਰਹਿਮ ਅਤੇ ਬੇਦਰਦ ਹੈ ਇਹ ਜ਼ਮਾਨਾ..? ਇਹਨਾਂ ਘਾਤਿਕ ਮਾਨਸਿਕ ਹਮਲਿਆਂ ਕਰਕੇ ਉਹ ਬਹੁਤਾ ਅੰਦਰ ਹੀ ਵੜੀ ਰਹਿੰਦੀ ਅਤੇ ਲੋਕਾਂ ਵਿਚ ਨਾ ਜਾਂਦੀ। ਕੰਮ 'ਤੇ ਜਾਣਾ ਉਸ ਦੀ ਮਜਬੂਰੀ ਅਤੇ ਜ਼ਰੂਰਤ ਸੀ। ਜੇ ਇਹ ਮਜਬੂਰੀ ਜਾਂ ਜ਼ਰੂਰਤ ਨਾ ਹੁੰਦੀ, ਤਾਂ ਉਹ ਇਸ ਬਦਲੇਖੋਰ ਦੁਨੀਆਂ ਦੇ ਦਰਸ਼ਣ ਤੱਕ ਨਾ ਕਰਦੀ।
          ਦਰਵਾਜੇ 'ਤੇ ਘੰਟੀ ਵਾਰ-ਵਾਰ ਖੜਕੀ ਜਾ ਰਹੀ ਸੀ।
ਭੂਆ ਗੁਰਮੇਲ ਕੌਰ ਕਮਲ਼ਿਆਂ ਵਾਂਗ ਘੰਟੀ ਦੱਬੀ ਆ ਰਹੀ ਸੀ।
          ਦਰਵਾਜਾ ਖੋਲ੍ਹਣ ਦੀ ਬਜਾਏ ਉਹ ਢੀਠ ਜਿਹੀ ਹੋ ਕੇ ਟੈਲੀ ਦੇਖਣ ਦਾ ਬਹਾਨਾ ਜਿਹਾ ਕਰਦੀ ਰਹੀ। ਮਨ ਉਸ ਦਾ ਟੈਲੀ ਦੇ ਸੀਰੀਅਲ ਤੋਂ ਕੋਹਾਂ ਦੂਰ ਕਿਸੇ ਰੋਹੀ-ਬੀਆਬਾਨ ਵਿਚ ਭਟਕ ਰਿਹਾ ਸੀ। ਭੂਆ ਜੀ ਬਾਹਰਲੀ ਖਿੜਕੀ ਵਿੱਚ ਦੀ "ਚੁਗਲ ਝਾਤੀ" ਜਿਹੀ ਮਾਰ ਕੇ ਦੇਖ ਵੀ ਚੁੱਕੇ ਸਨ ਕਿ ਜਿੰਦਰ ਘਰ ਹੀ ਸੀ। ਪਰ ਦਰਵਾਜਾ ਖੋਲ੍ਹਣ ਨੂੰ ਜਿੰਦਰ ਦੀ ਵੱਢੀ ਰੂਹ ਨਹੀਂ ਕਰਦੀ ਸੀ। ਕਦੇ ਕਦੇ ਉਸ ਦਾ ਦਿਲ ਕਰਦਾ ਕਿ ਉਹ ਸਭ ਕੁਝ ਤਿਆਗ, "ਬੂਅ" ਕਰਕੇ ਕਿਤੇ ਦੌੜ ਜਾਵੇ। ਕੀ ਰੱਖਿਆ ਸੀ ਇਸ ਭਟਕਣਾ ਭਰੀ ਜ਼ਿੰਦਗੀ ਵਿਚ...? ਨਾ ਕੋਈ ਸਧਰ ਨਾ ਰੀਝ...! ਨਾ ਕਿਤੋਂ ਕੋਈ ਹੌਸਲਾ ਅਤੇ ਨਾ ਉਤਸ਼ਾਹ...! ਨਾ ਰੰਗ, ਨਾ ਰਾਗ...! ਬੱਸ ਤਸ਼ੱਦਦ, ਤਸੀਹੇ ਅਤੇ ਸੋਗ ਹੀ ਉਸ ਦੀ ਜ਼ਿੰਦਗੀ ਬਣ ਗਏ ਸਨ। ਉਸ ਦਾ ਮਨ ਇਸ ਘੁੱਟਣ ਭਰੀ ਜ਼ਿੰਦਗੀ ਤੋਂ ਘੋਰ ਉਚਾਟ ਹੋਇਆ ਪਿਆ ਸੀ। ਚਲੋ ਆਪਣੀ ਜ਼ਿੰਦਗੀ ਤਾਂ ਬੰਦਾ ਕਿਵੇਂ ਨਾ ਕਿਵੇਂ ਕੱਟ ਲੈਂਦਾ ਹੈ, ਦਿਨ ਤੋੜ ਲੈਂਦਾ ਹੈ, ਪਰ ਅਣਚਾਹੇ ਬੋਝ ਥੱਲੇ ਆ ਕੇ ਬੰਦਾ ਰੋਜ਼ਾਨਾ ਬਿਨਾ ਗੱਲੋਂ ਕੁਚਲ਼ਿਆ ਜਾਵੇ, ਕੋਈ ਕਿੰਨਾਂ ਕੁ ਚਿਰ ਬਰਦਾਸ਼ਤ ਕਰ ਸਕਦਾ ਹੈ...? ਪਰ ਅਗਮਜੋਤ ਦਾ ਮੋਹ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਜਿੰਦਰ ਦੇ ਪੈਰਾਂ ਦੀਆਂ ਬੇੜੀਆਂ ਬਣੇ ਹੋਏ ਸਨ। ਉਹ ਅਗਮਜੋਤ ਵਿੱਚੋਂ ਆਪਣੇ ਉਜਲੇ ਭਵਿੱਖ ਦੀ ਕਲਪਨਾ ਕਰਦੀ ਸਰਸ਼ਾਰ ਹੋ ਜਾਂਦੀ।   
          ਜਦ 'ਡੋਰ-ਬੈੱਲ' ਹੋਣੋਂ ਬੰਦ ਨਾ ਹੋਈ ਤਾਂ ਉਹ ਹੋਰ ਖਿਝ ਗਈ।
-"ਜਦੋਂ ਮਾੜਾ-ਮੋਟਾ ਸੁਖ ਦਾ ਸਾਹ ਆਉਣ ਲੱਗਦੈ, ਓਦੋਂ ਇਹ ਆ ਕੇ ਜਿਉਣਾ ਦੁੱਭਰ ਕਰ ਦਿੰਦੀ ਐ...! ਦਫ਼ਾ ਹੋਣੀਂ...!!"
          ਅੱਕ ਕੇ ਉਸ ਨੇ ਚਾਹ ਦਾ ਕੱਪ "ਠਾਹ" ਕਰਦਾ ਮੇਜ਼ 'ਤੇ ਰੱਖਿਆ ਅਤੇ ਦਰਵਾਜਾ ਚੌਫ਼ਾਲ਼ ਖੋਲ੍ਹ ਦਿੱਤਾ।
          "ਦੰਮ-ਦੰਮ" ਕਰਦੀ ਭੂਆ ਅੰਦਰ ਆ ਗਈ।
          -"ਕੁੜ੍ਹੇ ਦਰਵਾਜਾ ਨਹੀਂ ਖੋਲ੍ਹਿਆ ਧੀ ਮੇਰੀਏ...? ਕਿੰਨੀ ਠੰਢ ਐ...! ਮੈਂ ਤਾਂ ਬਾਹਰ ਗੱਡੀ ਚੜ੍ਹਨ ਆਲ਼ੀ ਹੋਈ ਪਈ ਸੀ, ਤੇ ਤੂੰ ਅਰਾਮ ਨਾਲ਼ ਦੇਖੀ ਜਾਨੀ ਐਂ ਅੰਦਰ ਸੀਰੀਅਲ...!" ਉਸ ਨੇ ਅੰਦਰ ਵੜਨ ਸਾਰ ਟੇਢਾ ਸ਼ਿਕਵਾ ਮੱਥੇ ਵਿੱਚ ਮਾਰ, ਸ਼ਬਦਾਂ ਦਾ ਜ਼ਹਿਰੀਲਾ ਬਾਣ ਚਲਾਇਆ, "ਐਨੀ ਪੱਥਰ ਦਿਲ ਤੇ ਨਿਰਮੋਹੀ ਨਾ ਬਣ, ਫ਼ੇਰ ਵੀ ਮੈਂ ਤੇਰੀ ਸਕੀ ਭੂਆ ਜੀ ਐਂ...!"
-"............।" ਜਿੰਦਰ ਚੁੱਪ ਸੀ। ਉਸ ਦਾ ਦਿਲ ਕਰਦਾ ਸੀ ਕਿ ਚਾਹ ਵਾਲ਼ਾ ਕੱਪ ਜਿੰਨ ਵਰਗੀ ਭੂਆ ਦੇ ਮੱਥੇ ਵਿੱਚ ਮਾਰ, ਟੀਕ ਚਲਾ ਦੇਵੇ।
          -"ਮੈਨੂੰ ਤਾਂ ਇੱਕ ਈ ਫ਼ਿਕਰ ਵੱਢ-ਵੱਢ ਖਾਂਦੈ, ਬਈ ਜਦੋਂ ਤੇਰੇ ਪਿਉ ਨੂੰ ਪਤਾ ਲੱਗਿਆ ਬਈ ਤੂੰ ਨੰਗ ਮੁੰਡੇ ਨਾਲ਼ ਵਿਆਹ ਕਰਵਾਉਣ ਨੂੰ ਫ਼ਿਰਦੀ ਐਂ, ਸਾਡੇ ਮੂੰਹ ਜੁੱਤੀ ਨ੍ਹਾਂ ਦਿਊ...? ਬਈ ਜਿੰਦਰ ਤਾਂ ਨਿਆਣੀ ਸੀ, ਪਰ ਤੁਸੀਂ ਤਾਂ ਸਿਆਣੇ ਬਿਆਣੇ, ਧੌਲ਼ੇ ਝਾਟੇ ਆਲ਼ੇ ਸੀ...? ਦੱਸ ਆਬਦੇ ਭਰਾ ਭਰਜਾਈ ਨੂੰ ਮੈਂ ਕੀ ਜਵਾਬ ਦਿਊਂਗੀ..?" ਉਸ ਨੇ ਆਦਤ ਅਨੁਸਾਰ ਭਾਸ਼ਨ ਸ਼ੁਰੂ ਕਰ ਦਿੱਤਾ।
          -".................।" ਪਰ ਜਿੰਦਰ ਨੇ ਚੁੱਪ ਹੀ ਵੱਟੀ ਰੱਖੀ।
-"ਨ੍ਹੀ ਨਾ ਉਹਦੇ ਕੋਲ਼ੇ ਘਰ, ਨਾ ਬਾਰ...! ਨਾ ਅੱਗਾ, ਨਾ ਪਿੱਛਾ...! ਨਾਲ਼ੇ ਹੈ ਦਹਾਜੂ, ਕੋਈ ਕੁਆਰਾ ਹੁੰਦਾ, ਗੱਲ ਫ਼ੇਰ ਵੀ ਦਿਲ ਲੱਗਦੀ ਸੀ..!"
-"................!" ਜਿੰਦਰ ਨੇ ਪਥਰੀਲੀ ਚੁੱਪ ਧਾਰੀ ਰੱਖੀ। ਹਮੇਸ਼ਾ ਵਾਂਗ ਇੱਕ ਸਿਲ਼-ਪੱਥਰ ਵਰਗੀ ਚੁੱਪ!
-"ਕਹਿੰਦੇ ਨੀ ਹੁੰਦੇ...? ਜੇ ਹਲਵਾਈ ਕਰ ਕੇ ਸੁੱਕਾ ਖਾਧਾ, ਫ਼ੇਰ ਤਾਂ ਮਿਹਣਾਂ ਮਿਲ਼ਣਾ ਈ ਹੁੰਦੈ ਧੀਏ...! ਜੇ ਤੂੰ ਵਿਆਹ ਕਰਵਾਉਣਾ ਈ ਐਂ, ਤਾਂ ਚੰਗੇ ਘਰ-ਬਾਰ ਆਲ਼ੇ ਕੱਚੇ ਕੁਆਰੇ ਰਿਸ਼ਤੇ ਥੋੜ੍ਹੇ ਐ..? ਤੂੰ ਮੈਨੂੰ ਦੱਸ, ਮੈਂ ਕੁਆਰੇ ਮੁੰਡਿਆਂ ਦੀ ਲਾਇਣ ਲਾਦੂੰ, ਇਹ ਦਹਾਜੂ ਤੈਨੂੰ ਸੁੱਖ ਕੇ ਦਿੱਤੈ...? ਕੱਚੇ ਰਾਹਾਂ 'ਤੇ ਤੁਰਦਿਆਂ ਐਨੀਆਂ ਅੱਖਾਂ ਵੀ ਨੀ ਮੀਚੀਦੀਆਂ ਪੁੱਤ, ਬਈ ਕੋਈ ਹਲ਼ਕਿਆ ਕੁੱਤਾ ਈ ਵੱਢ'ਜੇ..! ਨਾਲ਼ੇ ਤੂੰ 'ਸੈੱਟ' ਐਂ, ਕੱਚੀ ਥੋੜ੍ਹੋ ਐਂ..?"  
          -"...............।" ਜਿੰਦਰ ਫ਼ਿਰ ਨਾ ਬੋਲੀ।
ਉਹ ਇਸ ਚੁੱਪ ਦੀ "ਆਦੀ" ਹੀ ਤਾਂ ਹੋ ਗਈ ਸੀ।
          ਚਾਹੇ ਉਸ ਨੂੰ ਹਾਲਾਤਾਂ ਦੇ ਹਾਥੀ ਲਤੜ-ਲਤੜ ਲੰਘਦੇ ਰਹੇ ਸਨ। ਪਰ ਮਾਂ ਦੀ ਧੀ ਜਿੰਦਰ ਨੇ ਆਪਣਾ ਮੌਨ ਵਰਤ ਨਾ ਤੋੜਿਆ। ਭੂਆ ਦੀਆਂ ਚੋਭਾਂ ਨੂੰ ਸੁਣ ਕੇ ਚੁੱਪ ਧਾਰਨਾ ਉਸ ਨੇ ਆਪਣੇ ਜੀਵਨ ਦਾ ਇਕ ਅੰਗ ਹੀ ਤਾਂ ਬਣਾ ਲਿਆ ਸੀ, ਚੁੱਪ ਨੂੰ ਗ੍ਰਹਿਣ ਕਰ ਲਿਆ ਸੀ ਅਤੇ ਇਸ ਚੁੱਪ ਅਨੁਸਾਰ ਹੀ ਜਿਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੀਆਂ ਖ਼ਾਹਿਸ਼ਾਂ ਅਤੇ ਸਧਰਾਂ ਦਿਨ-ਬ-ਦਿਨ ਦਮ ਤੋੜਦੀਆਂ ਰਹੀਆਂ ਅਤੇ ਅਖ਼ੀਰ ਮਰ ਮੁੱਕ ਹੀ ਗਈਆਂ ਸਨ। ਉਸ ਦੀ ਜ਼ਿੰਦਗੀ ਇਕ ਬੰਜਰ ਉਜਾੜ ਧਰਤੀ ਵਰਗੀ ਸੁੰਨ-ਮਸਾਣ ਬਣ ਗਈ ਸੀ, ਜਿਸ ਵਿਚ ਨਾ ਤਾਂ ਕਿਸੇ ਫ਼ੁੱਲ ਨੇ ਖਿੜਨਾ ਸੀ ਅਤੇ ਨਾ ਕਦੇ ਬਹਾਰ ਆਉਣੀ ਸੀ। ਉਸ ਨੇ ਬੁਰੇ ਹਾਲਾਤਾਂ ਅਨੁਸਾਰ ਤੁਰਨਾ ਸਿੱਖ ਲਿਆ ਸੀ ਅਤੇ ਉਸ ਦੀ ਜ਼ਿੰਦਗੀ ਹੀ ਮੂਕ ਦਰਸ਼ਕ ਦਾ ਰੂਪ ਧਾਰਨ ਕਰ ਗਈ ਸੀ।
-"ਜੇ ਮੇਰਾ ਘਰ ਵਸਦੈ, ਤਾਂ ਇਹਨਾਂ ਦੇ ਸੂਲ਼ ਹੋਣ ਲੱਗ ਪੈਂਦੈ..! ਹਾਏ ਰੱਬਾ, ਜੀਓ-ਜੀਅ ਮੇਰਾ ਕਿਉਂ ਵੈਰੀ ਬਣਿਐਂ...?" ਕਦੇ-ਕਦੇ ਉਸ ਦੇ ਮਨ ਅੰਦਰ ਇਹ ਠੰਢਾ ਹਾਉਕਾ ਉਠਦਾ ਅਤੇ ਉਸ ਨੂੰ ਕਿਸੇ ਝੱਖੜ ਵਾਂਗ ਫ਼ਨਾਂਹ ਕਰ ਕੇ ਅੱਗੇ ਲੰਘ ਜਾਂਦਾ। ਪਰ ਹਰ ਹਾਲਾਤ ਅੱਗੇ ਉਹ ਬੇਵੱਸ ਬਣੀ, ਸ਼ਾਂਤ ਹੀ ਰਹੀ। ਕਿਸੇ ਝੱਖੜ ਦੀ ਕੋਈ ਵੀ "ਚਣੌਤੀ" ਕਬੂਲ ਨਾ ਕੀਤੀ ਅਤੇ ਨਰਬਦਾ ਨਦੀ ਵਾਂਗ ਆਪਣੇ ਭਾਣੇ ਵਿਚ ਹੀ ਵਗਦੀ ਰਹੀ।
          ਕਦੇ-ਕਦੇ ਉਸ ਨੂੰ ਆਪਣੀ ਜ਼ਿੰਦਗੀ 'ਤੇ ਗ਼ਿਲਾ ਹੁੰਦਾ, ਸ਼ਿਕਵਾ ਹੁੰਦਾ, ਜੋ ਵਿਦਰੋਹ ਵਿੱਚ ਵੀ ਬਦਲ ਜਾਂਦਾ। ਪਰ ਵਾਹ ਲੱਗਦੀ ਉਸ ਨੇ ਆਪਣੀ ਇਸ ਜ਼ਿੰਦਗੀ 'ਚ ਕਦੇ ਪ੍ਰੀਵਰਤਨ ਲਿਆਉਣ ਦੀ ਕੋਸ਼ਿਸ਼ ਨਾ ਕੀਤੀ ਅਤੇ ਇਸ ਘੁੱਟਣ ਭਰੀ ਜ਼ਿੰਦਗੀ ਨੂੰ "ਪ੍ਰਵਾਨ" ਕਰ ਕੇ ਹੀ ਚੱਲਦੀ ਰਹੀ।
          -"ਵੈਰੀ ਆਵੇ ਚੱਲ ਕੇ, ਪੀੜ੍ਹੀ ਦੇਈਏ ਡਾਹ, ਨਾ ਕੁਛ ਮੁੱਖੋਂ ਬੋਲੀਏ, ਨਾ ਆਖੀਏ ਜਾਹ...!" ਮਾਂ ਦੇ ਬੋਲ ਯਾਦ ਕਰ ਕੇ ਉਸ ਨੇ ਚਾਹ ਬਣਾ ਕੇ ਭੂਆ ਨੂੰ ਦੇ ਦਿੱਤੀ।
          ਭੂਆ ਚਾਹ ਦੇ ਸੜ੍ਹਾਕੇ ਮਾਰਦੀ ਬੋਲਣ ਲੱਗੀ ਤਾਂ ਜਿੰਦਰ ਨੇ ਰੋਕ ਦਿੱਤੀ।
          -"ਭੂਆ ਜੀ, ਹੁਣ ਮੇਰਾ ਫ਼ਿਕਰ ਕਰਨਾ ਬੰਦ ਕਰੋ, ਮੈਂ ਆਪ ਜਿਉਣਾ ਜਾਣਦੀ ਹਾਂ, ਤੇ ਮੈਨੂੰ ਆਪਣੀ ਜ਼ਿੰਦਗੀ ਜਿਉਣ ਦਿਓ..!"
          -"ਅੱਜ ਕੱਲ੍ਹ ਭਲੇ ਦਾ ਜ਼ਮਾਨਾ ਨੀ ਭਾਈ..! ਖੂਹ 'ਚ ਡਿੱਗਦੇ ਦੀ ਬਾਂਹ ਫ਼ੜੋ, ਤਾਂ ਵੀ ਤੰਗੀ ਮੰਨਦੇ ਐ..!" ਭੂਆ ਦੀ ਤੇਜ਼ ਜ਼ੁਬਾਨ ਉਸਤਰੇ ਵਾਂਗ ਚੱਲੀ ਅਤੇ ਅੱਧੀ ਚਾਹ ਵਿੱਚੇ ਛੱਡ ਕੇ ਫ਼ੁੰਕਾਰੇ ਮਾਰਦੀ ਭੂਆ ਤੁਰ ਗਈ। ਉਸ ਦੀਆਂ ਕੌੜ ਨਜ਼ਰਾਂ ਜਿੰਦਰ ਨੂੰ ਠੂੰਹੇਂ ਵਾਂਗ ਡੰਗ ਮਾਰਦੀਆਂ ਪ੍ਰਤੀਤ ਹੋਈਆਂ ਅਤੇ ਤਣੇਂ ਭਰਵੱਟਿਆਂ ਨੇ ਉਸ ਨੂੰ ਕਿਸੇ ਤਾਨਾਸ਼ਾਹ ਵਾਂਗ "ਡਾਂਟਿਆ" ਸੀ। ਬਾਹਰ ਨਿਕਲ਼ਦੀ ਭੂਆ ਨੇ ਦਰਵਾਜਾ "ਠਾਹ" ਕਰ ਕੇ ਬੰਦ ਕੀਤਾ ਅਤੇ ਦਰਵਾਜੇ ਦਾ ਖੜਕਾ ਜਿੰਦਰ ਦੇ ਦਿਮਾਗ ਵਿੱਚ ਬੰਬ ਵਾਂਗ ਵੱਜਿਆ।

 

ਕਿਸ਼ਤ 2
...ਜਿੰਦਰ ਇਕ ਨੇਕ, ਚੁਸਤ, ਚੁਲਬੁਲੀ ਅਤੇ ਸੋਹਣੀ-ਸੁਨੱਖੀ ਕੁੜੀ ਸੀ।
ਪ੍ਰਾਇਮਰੀ ਸਕੂਲ ਤੋਂ ਲੈ ਕੇ ਹਾਈ ਸਕੂਲ ਤੱਕ ਉਹ ਆਮ ਵਿਦਿਅਰਥਣਾਂ ਵਾਂਗ ਹੀ ਸ਼ਾਂਤਮਈ ਪੜ੍ਹੀ ਸੀ ਅਤੇ ਦਸਵੀਂ ਕਰਨ ਤੋਂ ਬਾਅਦ ਉਸ ਨੂੰ ਮਾਂ-ਬਾਪ ਨੇ ਕਾਲਜ ਵਿਚ ਦਾਖ਼ਲਾ ਲੈ ਦਿੱਤਾ।
ਜਿੰਦਰ ਹੋਰੀਂ ਚਾਰ ਭੈਣ ਭਰਾ ਸਨ। ਉਸ ਤੋਂ ਇਕ ਸਾਲ ਵੱਡਾ ਭਰਾ ਅਤੇ ਉਹ ਇੱਕ ਹੀ ਕਲਾਸ ਵਿਚ, ਪਰ ਵੱਖਰੇ-ਵੱਖਰੇ ਕਾਲਜਾਂ ਵਿੱਚ ਪੜ੍ਹਦੇ ਸਨ। ਛੋਟੇ ਦੋਵੇਂ ਭੈਣ ਭਰਾ ਸਕੂਲ ਵਿਚ ਪੜ੍ਹਾਈ ਕਰ ਰਹੇ ਸਨ। ਸੰਗਾਊ ਸੁਭਾਅ ਦੀ ਮਾਲਕ ਜਿੰਦਰ ਕਲਾਸ ਵਿਚ ਘੱਟ ਹੀ ਬੋਲਦੀ ਸੀ। ਸੋਚਦਿਆਂ-ਸੋਚਦਿਆਂ ਕਾਲਜ ਦਿਨਾਂ ਦੇ ਕੁਝ ਪਲ ਉਹਦੀਆਂ ਅੱਖਾਂ ਅੱਗੋਂ ਦੀ ਲੰਘਣ ਲੱਗੇ। ਗਿਆਰਵੀਂ 'ਚ ਪੜ਼ਦਿਆਂ ਜਦੋਂ ਕਾਲਜ 'ਚ ਕਬੱਡੀ ਦੇ ਟੂਰਨਾਮੈਂਟ ਚੱਲ ਰਹੇ ਸਨ ਤਾਂ ਆਖਰੀ ਮੈਚ ਖਤਮ ਹੋਣ ਉਪਰੰਤ ਉਨ੍ਹਾਂ ਦੇ ਕਾਲਜ ਟੀਮ ਦੀ ਜਿੱਤ ਦੀ ਖੁਸ਼ੀ ਵਿਚ ਜਸ਼ਨ ਮਨਾਏ ਜਾ ਰਹੇ ਸਨ। ਗੀਤ ਸੰਗੀਤ ਚੱਲ ਰਿਹਾ ਸੀ। ਉਸ ਦੀ ਇਕ ਸਹੇਲੀ ਨੇ ਉਸ ਦਾ ਨਾਂ ਬਿਨਾਂ ਪੁੱਛੇ ਹੀ ਸਟੇਜ਼ 'ਤੇ 'ਅਨਾਊਂਸ' ਕਰਵਾ ਦਿੱਤਾ ਸੀ। ਜਦ ਜਿੰਦਰ ਨੂੰ ਪਤਾ ਲੱਗਾ ਤਾਂ ਉਹ ਨਿਰਾਸ਼ ਹੋ ਕੇ ਭੜ੍ਹਕ ਉੱਠੀ, ''ਆਹ ਕੀ ਕੀਤਾ ਤੂੰ ਬਾਂਦਰੀਏ...? ਮੈਨੂੰ ਪੁੱਛ ਤਾਂ ਲੈਂਦੀ...!'' ਪਰ ਖਚਰੀ ਸਹੇਲੀ ਨੇ ਸ਼ਰਾਰਤ ਵਿਚ ਹੱਥ ਖੜ੍ਹੇ ਕਰ ਦਿੱਤੇ, "ਫ਼ਸ'ਗੀ ਤਾਂ ਫ਼ਟਕਣ ਕੇਹਾ...? ਹੁਣ ਤਾਂ ਜਾਨ ਮੇਰੀਏ ਚਾਹ ਦੀ ਘੁੱਟ ਪਿਆਉਣੀ ਪਊ..!" ਉਸ ਨੇ ਲਮਕਾ ਕੇ ਕਿਹਾ।
ਉਧਰ ਸਟੇਜ਼ ਦਾ ਸਮਾਂ ਨਜ਼ਦੀਕ ਆਈ ਜਾ ਰਿਹਾ ਸੀ।
ਜਿੰਦਰ ਦੇ ਦਿਮਾਗ 'ਚ ਇਕ ਕਿਸਮ ਦਾ ਭੜਥੂ ਪੈ ਗਿਆ।
ਉਸ ਨੇ ਸਾਰੀ ਦਿਮਾਗੀ ਤਾਕਤ ਇਕੱਠੀ ਕਰਕੇ ਪੰਜ ਸੱਤ ਲਾਈਨਾਂ ਇਕ ਗੀਤ ਦੀਆਂ ਯਾਦ ਕੀਤੀਆਂ ਤੇ ਕਾਗਜ਼ 'ਤੇ ਉਤਾਰ ਲਈਆਂ। ਵਾਰੀ ਆਉਣ 'ਤੇ ਜਿੰਦਰ ਨੇ ਜਦੋਂ ਗੀਤ ਪੇਸ਼ ਕੀਤਾ ਤਾਂ ਸੁਣਦੀ ਦੁਨੀਆਂ ਸੁੱਸਰੀ ਵਾਂਗ ਸੌਂ ਗਈ। ਪੰਜਾਬੀ ਵਾਲੀ ਸਤਿਨਾਮ ਮੈਡਮ ਨੇ ਤਾਂ ਉਸ ਵੱਲ ਖ਼ਾਸ ਧਿਆਨ ਨਾਲ਼ ਵੇਖਿਆ।
ਅਗਲੇ ਦਿਨ ਕਾਲਜ ਦੀ ਗੈਲਰੀ ਵਿਚ ਦੀ ਲੰਘਦੀ ਜਿੰਦਰ ਦੇ ਅਚਾਨਕ ਅਵਾਜ਼ ਕੰਨੀਂ ਪਈ, "ਜਿੰਦਰ, ਬੜਾ ਸੋਹਣਾ ਗਾ ਲੈਨੀਂ ਐਂ ਤੂੰ..! ਤੇਰਾ ਗੀਤ ਵੀ ਬਹੁਤ ਵਧੀਆ ਸੀ..।" ਅਵਾਜ਼ ਸਤਿਨਾਮ ਮੈਡਮ ਦੀ ਸੀ। ਜਿੰਦਰ ਰੁਕ ਗਈ, ''ਉਹ ਤੇ ਊਂ ਈ ਸੀ, ਮੈਡਮ..! ਜੇ ਸੱਚ ਪੁੱਛੋਂ, ਮੈਂ ਤਾਂ ਫ਼ਸੀ-ਫ਼ਸਾਈ ਨੇ ਵੇਲ਼ਾ ਈ ਪੂਰਾ ਕੀਤਾ ਸੀ...!!'' ਜਿੰਦਰ ਆਦਤ ਅਨੁਸਾਰ ਸ਼ਰਮਾ ਜਿਹੀ ਗਈ।
-"ਨਹੀਂ ਨਹੀਂ ਕਮਲ਼ੀਏ..! ਲਿਖਣਾ ਤੇ ਗਾਉਣਾ ਨਾ ਛੱਡੀਂ...! ਲਗਨ ਨਾਲ਼ ਲੱਗੀ ਰਹਿ..! ਕਿਸਮਤ ਦਾ ਪਤਾ ਨੀ ਹੁੰਦਾ, ਕਿਹੜੇ ਮੋੜ 'ਤੇ ਮਾਲਾ-ਮਾਲ ਕਰ ਦੇਵੇ...! ਲੱਗੀ ਰਹਿ..!" ਕਹਿ ਕੇ ਸਤਿਨਾਮ ਮੈਡਮ ਆਪਣੇ ਦਫ਼ਤਰ ਨੂੰ ਹੋ ਤੁਰੀ। ਜਿੰਦਰ ਅੰਦਰੋ ਅੰਦਰੀ ਖ਼ੁਸ਼ ਹੋ ਗਈ। ਉਸ ਦਿਨ ਤੋਂ ਬਾਅਦ ਜਿੰਦਰ ਪੰਜਾਬੀ ਦੇ ਲੈਕਚਰ ਵੱਲ ਜ਼ਿਆਦਾ ਤਵੱਜੋ ਦੇਣ ਲੱਗੀ। ਮਨ ਹੀ ਮਨ ਸਤਿਨਾਮ ਮੈਡਮ ਨੂੰ ਉਹ ਆਪਣਾ "ਰੋਲ ਮਾਡਲ" ਸਮਝਣ ਲੱਗ ਪਈ ਸੀ।
ਇਹਨੀਂ ਦਿਨੀਂ ਜਦੋਂ ਉਹ ਹੋਰਨਾਂ ਕੁੜੀਆਂ ਨਾਲ਼ ਕਾਲਜ ਜਾਂਦੀ ਤਾਂ ਪ੍ਰਤੀਕ ਵੀ ਉਸੇ ਬੱਸ 'ਚ ਸਵਾਰ ਹੁੰਦਾ। ਪ੍ਰਤੀਕ ਦਾ ਚਿਹਰਾ ਉਸ ਨੂੰ ਤਰੇਲ਼ ਧੋਤੇ ਫ਼ੁੱਲ ਵਾਂਗ ਤਾਜ਼ਾ-ਤਾਜ਼ਾ ਲੱਗਦਾ। ਜਦ ਉਹ ਮੋਟੀਆਂ ਅੱਖਾਂ ਅਤੇ ਠੋਕ ਕੇ ਬੰਨ੍ਹੀ ਪਟਿਆਲ਼ਾ ਸ਼ਾਹੀ ਪੱਗ ਵਾਲ਼ੇ ਸੁਣੱਖੇ ਪ੍ਰਤੀਕ ਨੂੰ ਦੇਖਦੀ ਤਾਂ ਉਸ ਦੇ ਕਾਲ਼ਜੇ ਹੌਲ ਜਿਹਾ ਪੈ ਜਾਂਦਾ, ਇੱਕ ਤਰ੍ਹਾਂ ਨਾਲ਼ ਦਿਲੋਂ ਰੁੱਗ ਜਿਹਾ ਭਰਿਆ ਜਾਂਦਾ ਅਤੇ ਮਨ-ਤਨ ਨੂੰ ਅੱਚਵੀ ਜਿਹੀ ਲੱਗ ਜਾਂਦੀ। ਪ੍ਰਤੀਕ ਜਿੰਦਰ ਨੂੰ ਚੰਗਾ ਲੱਗਣ ਲੱਗ ਪਿਆ ਸੀ। ਜਿੰਦਰ ਪ੍ਰਤੀਕ 'ਤੇ ਮਰ ਮਿਟੀ ਸੀ ਅਤੇ ਉਸ ਉਪਰ ਕੁਰਬਾਨ ਹੋਣ ਨੂੰ ਵੀ ਤਿਆਰ ਸੀ। ਪ੍ਰਤੀਕ ਜਿੰਦਰ ਦੇ ਖ਼ਿਆਲਾਂ ਅਤੇ ਕਦੇ-ਕਦੇ ਸੁਪਨੇ ਵਿਚ ਵੀ ਗੇੜਾ ਬੰਨ੍ਹੀ ਰੱਖਦਾ। ਪ੍ਰਤੀਕ ਉਸ ਦੇ ਦਿਲ ਵਿਚ ਧੜਕਦਾ ਸੀ, ਪ੍ਰਤੀਕ ਸਾਹਾਂ ਵਿੱਚ ਵਸਦਾ ਸੀ। ਪ੍ਰਤੀਕ ਦਾ ਖ਼ਿਆਲ ਉਸ ਦੀ ਸੋਚ ਵਿੱਚ ਘੁੰਮਣਘੇਰੀ ਬਣ ਘੂਕਦਾ ਰਹਿੰਦਾ। ਪਰ ਪ੍ਰਤੀਕ ਇਸ ਪੱਖੋਂ ਬਿਲਕੁਲ ਕੋਰਾ ਸੀ, ਬੇਖ਼ਬਰ ਸੀ। ਸਮਾਜ ਦੇ ਹਊਏ ਨੇ ਜਿੰਦਰ ਦੇ ਦਿਮਾਗ 'ਤੇ ਪਹਿਰਾ ਲਾ ਕੇ ਉਸ ਦੇ ਦਿਮਾਗ ਨੂੰ ਬੇਸੁੱਧ ਕੀਤਾ ਹੋਇਆ ਸੀ। ਦੋ ਸਾਲ ਦੇ ਸਮੇਂ ਦੌਰਾਨ ਉਹ ਇਕ ਵਾਰ ਵੀ ਹਿੰਮਤ ਜੁਟਾ ਕੇ ਪ੍ਰਤੀਕ ਨੂੰ ਦੱਸ ਨਾ ਸਕੀ ਕਿ ਉਹ ਉਸ ਨੂੰ ਕਿੰਨਾ ਚਾਹੁੰਦੀ ਸੀ।
ਕੋਈ ਵੀ ਆਸ ਨਾ ਬੱਝਦੀ ਦੇਖ ਕੇ ਉਹ ਸੋਚਦੀ ਕਿ ਜਿੰਦਰ ਕਿੰਨੀ ਭੋਲ਼ੀ ਤੇ ਕਿੰਨੀ ਕਮਲ਼ੀ ਐਂ ਤੂੰ...! ਇਕ ਪਾਸੜ ਪਿਆਰ ਵੀ ਕਦੇ ਸਿਰੇ ਚੜ੍ਹਿਐ...? ਪਰ ਮਨ ਦੀਆਂ ਭਾਵਨਾਵਾਂ ਉਸ ਦੀ ਸੋਚ ਸਰਹੱਦ ਤੋਂ ਕੋਹਾਂ ਦੂਰ ਸਨ। ਫਿਰ ਰਣਦੀਪ ਬਾਰੇ ਸੋਚ ਕੇ ਉਹਨੂੰ ਖਿਆਲ ਆਇਆ, ਜੋ ਉਸ ਨੂੰ ਜੀਅ-ਜਾਨ ਤੋਂ ਚਾਹੁੰਦਾ ਸੀ, ਉਸ ਨੂੰ ਪਾਉਣ ਲਈ ਹਰ ਹੀਲਾ ਅਪਣਾਉਂਦਾ ਰਿਹਾ। ਪਰ ਜਿੰਦਰ ਦੀ ਉਸ ਵਿਚ ਕੋਈ ਦਿਲਚਸਪੀ ਨਹੀਂ ਜਾਗੀ। ਉਹ ਸੋਚ ਰਹੀ ਸੀ ਕਿ ਅਜੀਬ ਇਤਫ਼ਾਕ ਸੀ, ਜਿਸ ਨੂੰ ਉਹ ਦਿਲੋਂ ਚਾਹੁੰਦੀ ਰਹੀ, ਉਸ ਕੋਲ ਸਮਾਜ ਦੀ ਲਾਹਣਤ ਦੇ ਡਰੋਂ ਮੁਹੱਬਤ ਦਾ ਇਜ਼ਹਾਰ ਨਾ ਕਰ ਸਕੀ ਤੇ ਦੂਰੀਆਂ ਬਣੀਆਂ ਰਹੀਆਂ। ਜਿਸ ਨੇ ਲੱਖਾਂ ਤਰਲੇ ਕਰ ਉਸ ਦੇ ਕਰੀਬ ਆਉਣਾ ਚਾਹਿਆ, ਉਸ ਨੂੰ ਉਸ ਦੇ ਆਪਣੇ ਮਨ ਨੇ ਸਵੀਕਾਰ ਨਾ ਕੀਤਾ। ਪਰ ਉਸ ਨੇ ਇਸ ਨੂੰ ਚੰਗੇ ਅਤੇ ਮਾੜੇ ਸੁਫ਼ਨੇ ਦੀ ਤਰ੍ਹਾਂ ਯਾਦਾਂ ਦੀ ਪੋਟਲ਼ੀ ਵਿਚ ਗੰਢ ਮਾਰ ਲਈ।
....ਅਜਿਹੀ ਉਧੇੜ-ਬੁਣ 'ਚ ਉਸ ਨੂੰ ਜ਼ਿੰਦਗੀ ਦੇ ਇਤਿਹਾਸ ਦਾ ਉਹ ਕਾਂਡ ਯਾਦ ਆ ਗਿਆ, ਜਦ ਉਸ ਦੇ ਇੰਗਲੈਂਡ ਰਹਿੰਦੇ ਫੁੱਫੜ ਜੋਰਾ ਸਿੰਘ ਨੇ ਜਿੰਦਰ ਦੇ ਬਾਪੂ ਨੂੰ ਇੱਕ ਵਲਾਇਤੀ ਲੜਕੇ ਬਲਜੀਤ ਦੀ ਦੱਸ ਪਾਈ। ਜਿੰਦਰ ਨੇ ਅਜੇ ਅਠ੍ਹਾਰਵੇਂ ਵਰ੍ਹੇ ਵਿਚ ਹੀ ਪੈਰ ਧਰਿਆ ਸੀ। ਜਿੰਦਰ ਦੇ ਬਾਪ ਨੂੰ ਜਿਵੇਂ ਹਲ਼ਕ ਛੁੱਟ ਪਿਆ ਸੀ, ਉਸ ਨੇ ਬਿਨਾ ਕਿਸੇ ਨਾਲ਼ ਵਿਚਾਰ ਵਟਾਂਦਰਾ ਕੀਤਿਆਂ ਤੱਟ-ਫ਼ੱਟ ਹੀ 'ਹਾਂ' ਕਰ ਦਿੱਤੀ। ਰੱਬ ਸਬੱਬੀਂ ਚੰਗੇ ਭਾਗਾਂ ਨੂੰ ਵਲੈਤੋਂ ਰਿਸ਼ਤਾ ਆਇਆ ਸੀ, ਇਸ ਤੋਂ ਖ਼ੁਸ਼ਕਿਸਮਤੀ ਕੀ ਹੋ ਸਕਦੀ ਸੀ...? ਧੀ ਦੇ ਹੀ ਨਹੀਂ, ਸਾਰੇ ਟੱਬਰ ਦੇ ਹੀ ਭਾਗ ਖੁੱਲ੍ਹ ਚੱਲੇ ਸਨ...। ਰੱਬ ਤਾਂ ਦਿਆਲ ਹੋ ਕੇ ਉਹਨਾਂ ਨੂੰ ਛੱਪਰ ਪਾੜ ਕੇ ਦੇਣ 'ਤੇ ਆ ਗਿਆ ਸੀ...।
ਵਲਾਇਤ ਨੇ ਐਸੀ ਮੱਤ ਮਾਰੀ ਕਿ ਘਰ ਵਿਚ, ਜਾਂ ਕਿਸੇ ਸਾਕ ਸਬੰਧੀ ਨਾਲ ਗੱਲ ਕਰਨ ਦੀ, ਜਾਂ ਸਲਾਹ ਲੈਣ ਦੀ ਜ਼ਰੂਰਤ ਹੀ ਨਹੀਂ ਸਮਝੀ ਗਈ। ਸਾਰਾ ਟੱਬਰ ਹੱਥਾਂ ਪੈਰਾਂ ਵਿਚ ਆ ਗਿਆ ਸੀ ਕਿ ਇਹ ਤਾਂ ਰੱਬ ਆਪ ਬਹੁੜਿਆ ਸੀ...! ਸਮਝੋ ਕੋਈ ਲਾਟਰੀ ਲੱਗ ਗਈ ਸੀ...। ਕੋਈ ਦੇਵਤਾ ਸਿੱਧ ਹੋ ਗਿਆ ਸੀ, ਜਿਸ ਨੇ ਉਹਨਾਂ ਨੂੰ ਸਾਰਾ ਕੁਛ ਬਖ਼ਸ਼ ਦੇਣਾ ਸੀ...!
ਦੂਜੇ ਪਾਸੇ ਜਦ ਕਈ ਰਿਸ਼ਤੇਦਾਰਾਂ ਦੇ ਵਲੈਤੀ ਰਿਸ਼ਤੇ ਬਾਰੇ ਕੰਨੀਂ ਭਿਣਕ ਪਈ ਤਾਂ ਆਪਸੀ ਜੰਗ ਸ਼ੁਰੂ ਹੋ ਗਈ, ''ਜੋਰਾ ਸਿਉਂ ਨੂੰ ਜਿੰਦਰ ਹੀ ਕਿਉਂ ਦਿਸੀ... ? ਸਾਡੀਆਂ ਕੁੜੀਆਂ ਵੀ ਤਾਂ ਹੈਗੀਆਂ ਸੀ...?? ਤੇ ਉਹ ਵੀ ਜਿੰਦਰ ਤੋਂ ਉਮਰ 'ਚ ਵੱਡੀਆਂ...!! ਇਹ ਤਾਂ ਭਾਈ ਲੋਹੜੈ...!''
ਕੜ੍ਹੀ-ਕਲੇਸ਼ ਸੁਣ ਕੇ ਜਿੰਦਰ ਦੇ ਘਰ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
-''ਕਲੇਸ਼ ਮਾੜਾ ਹੁੰਦੈ, ਖਸਮਾਂ ਨੂੰ ਖਾਣੇਂ ਲੋਕ ਮੇਰੀ ਧੀ ਦੇ ਸ਼ਗਨਾਂ ਦੇ ਕਾਰਜ 'ਚ ਘੜ੍ਹੰਮ ਪਾਉਂਦੇ ਐ..! ਬਹਿ'ਜੇ ਇਹਨਾਂ ਦੀ ਬੇੜੀ, ਥੇਹ ਹੋਣਿਆਂ ਦੀ...!" ਮਾਂ ਨੇ ਭੜ੍ਹਾਸ ਕੱਢੀ।
-"..........।" ਕਿਸੇ ਉਧੇੜਬੁਣ ਵਿਚ ਬਾਪੂ ਘੁੱਗੂ ਜਿਹਾ ਹੋਇਆ ਬੈਠਾ ਸੀ।
-"ਜਿੰਦਰ ਦੇ ਬਾਪੂ, ਵੇਲਾ ਹੱਥੋਂ ਨਾ ਨਿਕਲ'ਜੇ..!'' ਮਾਂ ਨੇ ਜਿੰਦਰ ਦੇ ਬਾਪ ਨੂੰ ਨਸੀਹਤ ਦਿੱਤੀ। ਜਿੰਦਰ ਦੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਦੀਆਂ ਗੱਲਾਂ ਚੱਲਣ ਲੱਗੀਆਂ ਤਾਂ ਉਸ ਦੇ ਵੀ ਕੰਨ ਵਲੇਲ ਪੈ ਗਈ।
ਪਤਾ ਲੱਗਣ 'ਤੇ ਜਿੰਦਰ ਦਾ ਮਾਮਾ ਉਹਨਾਂ ਦੇ ਪਿੰਡ ਆ ਗਿਆ।
ਭਾਂਤ-ਸੁਭਾਂਤੀਆਂ ਇਬਾਰਤਾਂ ਉਸ ਦੇ ਕੰਨੀਂ ਵੀ ਪੈ ਗਈਆਂ ਸਨ।
-"ਲੀਰ ਦੇ ਫ਼ਕੀਰ ਨਾ ਬਣੋਂ ਭੈਣ ਮੇਰੀਏ..! ਮੁੰਡੇ ਦਾ ਅੱਗਾ-ਪਿੱਛਾ ਤੇ ਪੜ੍ਹਾਈ ਲਿਖਾਈ ਬਾਰੇ ਤਾਂ ਪਤਾ ਕਰ ਲਓ..! ਤੁਸੀਂ ਤਾਂ ਵਲੈਤ ਦੇ ਨਾਂ ਨੂੰ ਊਂਈਂ ਹੱਥਲ਼ੀਂ ਹੋ ਤੁਰੇ...!" ਚਾਹ ਪੀਂਦੇ ਜਿੰਦਰ ਦੇ ਮਾਮੇ ਨੇ ਆ ਕੇ ਅਸੂਲੀ ਗੱਲ ਕੀਤੀ।
-"ਤੂੰ ਭਰਾਵਾ ਵਿਆਹ 'ਚ ਬੀਅ ਦਾ ਲੇਖਾ ਨਾ ਦੇਹ...! ਪੜ੍ਹਾਈ ਪੁੱਛ ਕੇ ਮੁੰਡੇ ਨੂੰ ਅਸੀਂ 'ਐਲਸਪੈਲਟਰ' ਲਾਉਣੈਂ...? ਵਲੈਤ 'ਚ ਤਾਂ ਕੋਈ ਅਣਪੜ੍ਹ ਚਲਿਆ ਜਾਵੇ, ਓਹ ਲੋਕਾਂ ਦੇ ਕੰਨ ਕੁਤਰਨ ਲੱਗ ਜਾਂਦੈ, ਇਹ ਤਾਂ ਸੁੱਖ ਨਾਲ਼ ਨਿੱਕਾ ਹੁੰਦਾ ਈ ਵਲੈਤ ਚਲਿਆ ਗਿਆ ਸੀ...! ਤੂੰ ਆਬਦੀ ਮੱਕੀ ਗੁੱਡਣ ਆਲ਼ੀ ਮੱਤ ਆਬਦੇ ਕੋਲ਼ੇ ਰੱਖ...!" ਮਾਂ ਨੇ ਭਰਾ ਨੂੰ ਬੇਰ ਵਾਂਗੂੰ ਤੋੜ ਕੇ ਸੁੱਟ ਦਿੱਤਾ।
-"ਫ਼ੇਰ ਵੀ ਕੁੜੀ ਦੀ ਜਿੰਦਗੀ ਦਾ ਸੁਆਲ ਐ...! ਕੱਲ੍ਹ ਨੂੰ ਅੱਖਾਂ 'ਚ ਘਸੁੰਨ ਦੇ-ਦੇ ਰੋਵੋਂਗੇ..!"
-"ਕੋਈ ਗੋਲ਼ੀ ਨੀ ਵੱਜਦੀ ਜ਼ਿੰਦਗੀ ਨੂੰ...! ਵਲੈਤ 'ਚ ਜਾ ਕੇ ਬਥ੍ਹੇਰੀ ਐਸ਼ ਕਰੂ..! ਦੁਨੀਆਂ ਤਲਕਦੀ ਫ਼ਿਰਦੀ ਐ ਬਾਹਰਲੇ ਮੁਲਕ ਨੂੰ!"
-"ਮੈਨੂੰ ਤਾਂ ਇੱਕ ਡਰ ਲੱਗਦੈ...!" ਮਾਮਾ ਔਖਾ ਹੋ ਗਿਆ।
-"ਕੀ...?" ਮਾਂ ਭਰਾ ਵੱਲ ਕੋਚਰ ਵਾਂਗ ਝਾਕੀ।
-"ਕਿਤੇ ਤੁਸੀਂ ਬਿਚਾਰੀ ਕੁੜੀ ਨੂੰ ਪਰੁੰਨ੍ਹ ਕੇ ਨਾ ਰੱਖ ਦਿਓਂ...!"
-"ਨ੍ਹਾਂ ਹੁਣ ਤੈਥੋਂ ਵੀ ਵਲੈਤ ਜਾਂਦੀ ਨੀ ਜਰੀ ਜਾਂਦੀ ਕੁੜੀ...?"
-"ਤੂੰ ਜਦੋਂ ਵੀ ਗੱਲ ਕਰਨੀ ਐਂ, ਪੁੱਠੀ ਕਰਨੀ ਐਂ..! ਤਾਂਹੀਂ ਲੋਕ ਥੋਡੀ ਮੱਤ ਗਿੱਚੀ ਪਿੱਛੇ ਦੱਸਦੇ ਹੁੰਦੇ ਐ..! ਲੋਕਾਂ ਨੂੰ ਵੀ ਕੋਈ ਦੋਸ਼ ਨੀ, ਥੋਡੀ ਸੋਚ ਈ ਖੂਹ ਦੇ ਡੱਡੂ ਆਲ਼ੀ ਐ..!"
-"ਕੋਈ ਲੱਤ ਨੀ ਟੁੱਟਦੀ..! ਜੇ ਤੇਰੀ ਲੋੜ ਪਈ, ਨਾ ਆਈਂ...!" ਮਾਂ ਨੇ ਭਰਾ ਨੂੰ ਸਿੱਧੀ ਸੁਣਾਈ ਕਰ ਦਿੱਤੀ ਤਾਂ ਮਾਮਾ ਫ਼ਿੱਕਾ ਜਿਹਾ ਪਿਆ ਉਠ ਕੇ ਤੁਰ ਗਿਆ।
-"ਸਾਰਾ ਟੱਬਰ ਈ ਹਿੱਲਿਆ ਫ਼ਿਰਦੈ...! ਨਗਾਰਖਾਨੇ 'ਚ ਸਾਡੀ ਤੂਤੀ ਕੌਣ ਸੁਣਦੈ...? ਆਬਦਾ ਢੋਲ ਈ ਕੁੱਟੀ ਜਾਂਦੇ ਐ...! ਪਛਤਾਵੋਂਗੇ...! ਪਛਤਾਵੋਂਗੇ ਇੱਕ ਦਿਨ, ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ ਬਾਅਦ 'ਚ ਪਤਾ ਚੱਲਦੈ..!"
-"ਵੇ ਤੂੰ ਜਾਹ ਗਹਾਂ..! ਕੇਰਾਂ ਈ ਰੱਬ ਬਣਿਆਂ ਫ਼ਿਰਦੈ..!"
ਵਲੈਤੀ ਰਿਸ਼ਤੇ ਦੀ ਖੁਸ਼ੀ ਦੇ ਨਾਲ-ਨਾਲ ਸੰਜੋਗਾਂ ਵਿਚ ਅੰਨ੍ਹਾਂ ਵਿਸ਼ਵਾਸ ਹੋਣ ਕਾਰਨ ਉਨ੍ਹਾਂ ਨੂੰ ਰਿਸ਼ਤੇਦਾਰਾਂ ਦੀ ਰਾਇ ਬਹੁਤੀ ਫ਼ਿੱਟ ਵੀ ਨਹੀਂ ਸੀ ਆਉਂਦੀ। ਇਕ ਤਾਂ ਉਸ ਦੇ ਮਾਪੇ ਆਪਣੇ ਭੋਲ਼ੇਪਨ ਅਨੁਸਾਰ ਹਰੇਕ 'ਤੇ ਜਲਦੀ ਵਿਸ਼ਵਾਸ ਕਰਨ ਦੇ ਆਦੀ ਸਨ। ਉਹ ਘੜ੍ਹਿਆ ਘੜ੍ਹਾਇਆ ਜਵਾਬ ਵਗਾਹ ਮਾਰਦੇ, "ਰਿਸ਼ਤਾ ਕਰਾਉਣ ਵਾਲੇ ਸਾਡੇ ਦੋਖੀ ਥੋੜ੍ਹੋ ਐ ਭਾਈ..! ਉਹ ਵੀ ਸਾਡਾ ਤੇ ਧੀ-ਧਿਆਣੀਂ ਦਾ ਭਲਾ ਈ ਚਾਹੁੰਦੇ ਐ..! ਬੱਸ ਲਹਿ ਜਾਣੇਂ ਲੋਕਾਂ ਤੋਂ ਈ ਜਰੇ ਨੀ ਜਾਂਦੇ..! ਪੈ'ਜੇ ਬਿੱਜ ਇਹਨਾਂ ਨੂੰ...!"
ਜਿੰਦਰ ਬਾਰ੍ਹਵੀਂ ਵਿਚ ਪੜ੍ਹ ਰਹੀ ਸੀ ਤੇ ਭਵਿੱਖ ਵਿਚ ਪੰਜਾਬੀ ਵਿਸ਼ੇ 'ਚ ਐਮ. ਏ. ਕਰਨ ਦੇ ਸੁਫ਼ਨੇ ਸਿਰਜਦੀ ਰਹਿੰਦੀ। ਪਰ ਉਹਦੀਆਂ ਕੀ ਯੋਜਨਾਵਾਂ ਸਨ...? ਉਹ ਪੜ੍ਹ-ਲਿਖ ਕੇ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੀ ਸੀ...?? ਕਿਸੇ ਨੇ ਜਾਨਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ, ਲੋੜ ਹੀ ਨਾ ਸਮਝੀ।
-"ਤੂੰ ਵੀ ਲੋਕਾਂ ਦੀਆਂ ਉੱਘ ਦੀਆਂ ਪਤਾਲ਼ ਨਾ ਸੁਣੀਂ ਜਾਹ..! ਕੁੜੀ ਦਾ ਪਾਸਪੋਰਟ ਬਣਨਾ ਦੇਹ..! ਲੋਕਾਂ ਨੂੰ ਭੌਂਕੀ ਜਾਣਦੇ..! ਸੁੰਨੀ ਜੀ ਵੱਟ ਕੇ ਨਾ ਫ਼ਿਰੀ ਜਾਇਆ ਕਰ, ਕੋਈ ਹੱਥ ਪੱਲਾ ਵੀ ਹਿਲਾਇਆ ਕਰ! ਤੂੰ ਤਾਂ ਮੂੰਹ ਅੱਡ ਕੇ ਬੇਰੀ ਥੱਲੇ ਪੈਣ ਆਲ਼ੈਂ, ਬਈ ਲਾਲ ਪੇਂਝੂ ਬੇਰ ਮੇਰੇ ਮੂੰਹ 'ਚ ਡਿੱਗੂਗਾ..!"
-"ਹੁਣ ਲੋਕਾਂ ਨੂੰ ਛੱਡ ਕੇ ਮੇਰੇ ਮਗਰ ਪੈ'ਜਾ..! ਤੂੰ ਚੁੱਪ ਦਾ ਦਾਨ ਬਗਸ਼, ਮੈਂ ਪਰਸੋਂ ਜਾਊਂਗਾ...!" ਬਾਪੂ ਜਿਵੇਂ ਖੂਹ 'ਚੋਂ ਬੋਲਿਆ ਸੀ।
-"ਕਿਉਂ...? ਪਰਸੋਂ ਕਿਸੇ ਨੇ ਪੱਤਰੀ ਖੋਲ੍ਹ ਕੇ ਦੱਸਿਐ...? ਕੱਲ੍ਹ ਨੂੰ ਈ ਕਿਉਂ ਨੀ ਜਾਂਦਾ...?" ਬੇਬੇ ਨੇ ਲੋਕਾਂ 'ਤੇ ਚੜ੍ਹੇ ਗੁੱਸੇ ਦਾ ਨਜ਼ਲਾ ਬਾਪੂ 'ਤੇ ਝਾੜਿਆ।
-"ਕਿਉਂ ਵੱਢੂੰਂ ਖਾਊਂ ਕਰੀ ਜਾਨੀ ਰਹਿੰਨੀ ਐਂ...? ਜਿੰਦਰ ਨੂੰ ਛੁੱਟੀ ਵੀ ਦਿਵਾਉਣੀ ਪਊ ਕਿ ਨਹੀਂ...? ਮਾਰੀ ਜਾਊਗੀ ਜਾਭਾਂ ਨੂੰ...!" ਬਾਪੂ ਵੀ ਨਿੱਤ ਦੇ ਵਰਤਾਓ ਤੋਂ ਖਿਝ ਗਿਆ ਸੀ।
-"ਜਿੰਦਰ ਨੂੰ ਪੜ੍ਹਾ ਕੇ ਹੁਣ ਡੀ.ਸੀ. ਲਾਉਣੈਂ...? ਤੂੰ ਰਹਿਣ ਦੇ ਛੁੱਟੀ ਦਿਵਾਉਣ ਨੂੰ..! ਜਦੋਂ ਕੁੜੀ ਨੇ ਬਾਹਰ ਈ ਚਲੀ ਜਾਣੈਂ, ਫ਼ੇਰ ਕੀ ਲੋੜ ਐ ਪੜ੍ਹਨ ਦੀ..? ਤੂੰ ਬਾਹਲ਼ੀ ਮਗਜਮਾਰੀ ਨਾ ਕਰ..! ਕੁੜੀ ਨੂੰ ਨਾਲ਼ ਲੈ, ਤੇ ਪਾਸਪੋਰਟ ਬਣਨਾ ਦੇਹ ਕੱਲ੍ਹ ਨੂੰ..! ਬੋਲ ਬਾਖਰੂ..! ਮੇਰੇ ਵੱਲੋਂ ਚਾਹੇ ਨਾਂ ਕਟਵਾ ਲੈ ਇਹਦਾ, ਜਿੰਨਾਂ ਨ੍ਹਾਤੀ ਓਨਾਂ ਈ ਪੁੰਨ, ਬਹੁਤ ਪੜ੍ਹਲੀ ਇਹੇ..! ਅਖੇ ਆਖਰ ਪੁੱਤ ਬਸੰਤਿਆ, ਤੂੰ ਹੱਟੀ ਬਹਿਣਾਂ, ਓਥੇ ਜਾ ਕੇ ਵੀ ਇਹਨੇ ਚੁੱਲ੍ਹਾ ਚੌਂਕਾ ਈ ਸਾਂਭਣੈਂ, ਚਿੱਠੀ ਪੱਤਰ ਜੋਕਰੀ ਹੋਗੀ ਇਹੇ, ਮੈਂ ਹੁਣ ਰੱਜੀ ਧਾਈ ਇਹਦੀ ਪੜ੍ਹਾਈ ਤੋਂ, ਨਾਲ਼ੇ ਥੱਬਾ ਰੁਪਈਆਂ ਦਾ ਲਾਓ, ਤੇ ਨਾਲ਼ੇ ਡੱਪ-ਡੱਪ ਸਕੂਲਾਂ 'ਚ ਧੱਕੇ ਖਾਓ, ਕੀ ਫ਼ਾਇਦਾ? ਨ੍ਹਾਂ ਕਾਹਦੇ ਵਾਸਤੇ..?"
-"..............।" ਬਾਪੂ ਚੁੱਪ ਸੀ।
-"ਇੱਕ ਲੋਕ ਨੀ ਟਿਕਣ ਦਿੰਦੇ...!" ਮਾਂ ਦੇ ਗਲ਼ ਵਿੱਚ ਹੰਝੂ ਬੋਲੇ, "ਪਤਾ ਨੀ ਇਹਨਾਂ ਦੇ ਕੀ ਪੈਰ ਮਿੱਧ'ਤੇ ਅਸੀਂ..!"    ਅਗਲੇ ਦਿਨ ਬਾਪੂ ਜਿੰਦਰ ਨੂੰ ਨਾਲ਼ ਲੈ ਸ਼ਹਿਰ ਨੂੰ ਬੱਸ ਚੜ੍ਹ ਗਿਆ।
ਜਿੰਦਰ ਰਾਮ ਗਊ ਵਾਂਗ ਬਾਪੂ ਦੇ ਨਾਲ਼ ਤੁਰੀ ਫ਼ਿਰਦੀ ਸੀ। ਅਠਾਰਾਂ ਸਾਲ ਦੀ ਉਮਰ ਵਿਚ ਉਸ ਨੂੰ ਵਿਆਹ ਬਾਰੇ ਬਹੁਤਾ ਗਿਆਨ ਨਹੀਂ ਸੀ। ਅਜੇ ਉਹ ਖ਼ੁਸ਼ੀ-ਗ਼ਮੀ ਤੋਂ ਨਿਰਲੇਪ ਸੀ।
-"ਕਿੰਨਾਂ ਕੁ ਚਿਰ ਲੱਗ ਜਾਊਗਾ ਪਾਸਪੋਰਟ ਆਉਣ ਨੂੰ ਜੀ...?" ਸਾਰੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਬਾਪੂ ਨੇ ਟਰੈਵਲ ਏਜੰਟ ਨੂੰ ਪੁੱਛਿਆ।
-"ਛੇ ਕੁ ਮਹੀਨੇ ਲੱਗ ਈ ਜਾਣੇ ਐਂ ਸਰਦਾਰ ਜੀ...!"
-"ਛੇ ਮਹੀਨੇ...?" ਬਾਪੂ ਦੇ ਸਾਹ ਮਗਜ ਨੂੰ ਗਏ। ਉਹ ਤਾਂ ਹਫ਼ਤਾ, ਜਾਂ ਦੋ ਹਫ਼ਤੇ ਸਮਝੀ ਬੈਠਾ ਸੀ।
-"ਆਹੋ...! ਛੇ ਮਹੀਨੇ ਹੀ ਲੱਗਦੇ ਐ ਬਾਪੂ...!" ਅੰਦਰੋਂ ਵੱਡੇ ਏਜੰਟ ਨੇ ਹੋਕਰਾ ਮਾਰ ਕੇ ਹਾਂਮ੍ਹੀਂ ਭਰੀ।
-"ਲੈ ਦੇ ਕੇ ਛੇਤੀ ਨੀ ਨਿਕਲ਼ਦਾ...?" ਬਾਪੂ ਨੇ ਏਜੰਟ ਦੇ ਕੰਨ ਨਾਲ਼ ਮੂੰਹ ਜੋੜ ਕੇ ਕਿਹਾ।
-"ਤੁਸੀਂ ਹੁਕਮ ਕਰਿਓ...! ਖਿੱਚ ਕੇ ਨੇੜੇ ਕਰ ਦਿਆਂਗੇ, ਸਰਦਾਰ ਜੀ...! ਗਾਂਧੀ ਆਲ਼ੇ ਨੋਟਾਂ ਹੱਥ ਡੋਰ ਐ ਸਾਰੇ ਕਾਰਜਾਂ ਦੀ, ਤੇ ਅਫ਼ਸਰਸ਼ਾਹੀ ਤਾਂ ਪੈਸੇ ਬਿਨਾਂ ਰੱਬ ਨੂੰ ਮੱਥਾ ਨੀ ਟੇਕਦੀ..!" ਏਜੰਟ ਨੇ ਅੜੀ 'ਚ ਅੜੀ ਅੜਾਈ।
-"ਕੁੜੀ ਦਾ ਵਿਆਹ ਰੱਖਿਐ, ਸ਼ੇਰਾ...! ਮਸਾਂ ਵਲੈਤੋਂ ਰਿਸ਼ਤਾ ਜੁੜਿਐ...! ਮਾਰੋ ਕੋਈ ਰੇਖ 'ਚ ਮੇਖ, ਸਹੁੰ ਗੁਰੂ ਦੀ ਜੇ ਪਾਸਪੋਰਟ ਛੇਤੀ ਨਿਕਲ਼ ਆਵੇ, ਚਿੱਠੇ ਈ ਤਰ ਜਾਣ...!"
-"ਅੰਦਰ ਜਾ ਕੇ ਗੱਲ ਕਰ ਲਓ...! ਵੱਡੇ ਸਾਹਿਬ ਅੰਦਰ ਨੇ..!"
-"ਕੀ ਨਾਂ ਐਂ ਬੱਡੇ ਸਾਹਿਬ ਦਾ...?"
-"ਕਲਿਆਣ ਸਾਹਿਬ...!" ਕਲਰਕ ਨੇ ਦੱਸਿਆ।
ਬਾਪੂ ਜਿੰਦਰ ਨੂੰ ਲੈ ਕੇ 'ਕਲਿਆਣ ਸਾਹਿਬ' ਕੋਲ਼ ਅੰਦਰ ਚਲਿਆ ਗਿਆ।
-"ਲਾਹਣ ਸਾਹਿਬ, ਸਾਸਰੀਕਾਲ..!" ਬਾਪੂ ਦੇ ਠਾਹ ਸੋਟੇ ਤੋਂ ਸਾਰਾ ਸਟਾਫ਼ ਹੱਸ ਪਿਆ।
ਜਿੰਦਰ ਵੀ ਫ਼ਿੱਕੀ ਜਿਹੀ ਪਈ ਖੜ੍ਹੀ ਸੀ।
ਕਲਿਆਣ ਵੀ ਹੱਸਣ ਲੱਗ ਪਿਆ।
-"ਲਾਹਣ ਨੀ, ਬਾਪੂ ਸਿਆਂ...! ਕਲਿਆਣ ਆਖ, ਕਲਿਆਣ..!"
-"ਕੀ ਲਾਹਣ, ਤੇ ਕੀ ਕਲਿਆਣ..? ਜੋ ਆਇਆ, ਮੂੰਹੋਂ ਕੱਢ ਮਾਰਿਆ..! ਤੁਸੀਂ ਹੁਣ ਮੇਰੇ ਆਲ਼ਾ ਘਾਣ ਨਾ ਕਰੋ..! ਮੈਨੂੰ ਕਿਸੇ ਰਾਹ ਪਾਓ..!" ਬਾਪੂ ਬਗੈਰ ਭੂਮਿਕਾ ਤੋਂ ਗੱਲ ਕਰਨ ਦਾ ਆਦੀ ਸੀ।
-"ਅਜੇ ਤਾਂ ਪਾਸਪੋਰਟ ਅਪਲਾਈ ਹੋਇਐ, ਬਾਪੂ...! ਮਹੀਨੇ ਕੁ ਬਾਅਦ ਗੇੜਾ ਮਾਰ ਲੈਣਾਂ..! ਪੜ੍ਹ ਦਿਆਂਗੇ ਕੋਈ ਮੰਤਰ..! ਚਿੰਤਾ ਨਾ ਕਰੋ..! ਅਸੀਂ ਕਾਹਦੇ ਵਾਸਤੇ ਬੈਠੇ ਐਂ, ਬਾਪੂ ਮੇਰਿਆ...?" ਕਲਿਆਣ ਨੂੰ ਪਤਾ ਲੱਗ ਗਿਆ ਕਿ 'ਮੁਰਗੀ' ਹਲਾਲ ਹੋਣ ਵਾਸਤੇ ਆਪ ਤਰਲੇ ਲੈ ਰਹੀ ਹੈ। ਦਾਣਾ ਪਾ ਕੇ ਮਰੋੜ ਲਈ ਜਾਵੇ, ਸੁੱਕੀ ਨਾ ਛੱਡਿਆ ਜਾਵੇ।
-"ਕੁੜੀ ਦਾ ਰਿਸ਼ਤਾ ਵਲੈਤ ਪੱਕਾ ਹੋਇਐ ਸ਼ੇਰਾ...! ਧੀ ਧਿਆਣੀ ਦੀ ਜ਼ਿੰਦਗੀ ਦਾ ਸੁਆਲ ਐ..!"
-"ਬਾਪੂ, ਝੋਰਾ ਕਾਹਦਾ ਕਰਦੈਂ...? ਤੂੰ ਆ ਤਾਂ ਜਾਈਂ, ਕੁੱਤੀਆਂ ਕੰਧਾਂ 'ਤੇ ਚਾੜ੍ਹ ਦਿਆਂਗੇ...! ਤੂੰ ਇੱਕ ਆਰੀ ਸਿੱਧਾ ਹੋ ਕੇ ਦਰਸ਼ਣ ਦੇਹ, ਬੱਕਰੀ ਗੁੱਲਾਂ 'ਤੇ ਨਾਚ ਕਰਦੀ ਦੇਖੀਂ...!" ਠਰਕੀ ਕਲਿਆਣ ਨੇ ਜਿੰਦਰ ਵੱਲ ਤਿਰਛੀ ਨਜ਼ਰ ਨਾਲ਼ ਝਾਕਦਿਆਂ ਕਿਹਾ। ਜਿੰਦਰ ਨੇ ਮਾੜੀ ਨੀਅਤ ਭਾਂਪ ਕੇ ਕਬੂਤਰ ਵਾਂਗ ਖੰਭ ਜਿਹੇ ਘੁੱਟ ਲਏ ਅਤੇ ਇੱਕ ਖੂੰਜੇ ਲੱਗ ਕੇ ਖੜ੍ਹ ਗਈ।
-"ਚਾਹ ਪੀਣੀਂ ਐਂ ਕਿ ਠੰਢਾ..?" ਉਸ ਨੇ ਜਿੰਦਰ ਵੱਲ ਬਾਘੜ ਬਿੱਲੇ ਵਾਂਗ ਝਾਕ ਕੇ ਪੁੱਛਿਆ।
-"ਤੂੰ ਮੇਰਾ ਬੱਸ ਆਹ ਪਾਸਪੋਰਟ ਆਲ਼ਾ ਕੰਮ ਕਰਦੇ, ਸਾਰਾ ਕੁਛ ਵਿੱਚੇ ਈ ਆ ਗਿਆ ਸ਼ੇਰਾ..!" ਬਾਪੂ ਬੋਲਿਆ।
ਜਿੰਦਰ ਦਾ ਸਰੀਰ 'ਝਰਨ-ਝਰਨ' ਕਰੀ ਜਾ ਰਿਹਾ ਸੀ।
ਸਾਰੇ ਕਾਸੇ ਤੋਂ ਬੇਖ਼ਬਰ ਬਾਪੂ ਖ਼ੁਸ਼ੀ ਨਾਲ਼ ਗੜੁੱਚ ਹੋਇਆ ਬਾਹਰ ਆ ਗਿਆ।
ਉਸ ਦੇ ਧਰਤੀ ਪੈਰ ਨਹੀਂ ਲੱਗਦੇ ਸਨ।
ਕਿਸੇ ਗ਼ੈਬੀ ਖ਼ੁਸ਼ੀ ਨਾਲ਼ ਉਹ ਧਰਤੀ ਤੋਂ ਗਿੱਠ ਉਚਾ ਤੁਰ ਰਿਹਾ ਸੀ।
ਕਿਸ਼ਤ 3
ਦਿਨ ਦੇ ਛੁਪਾਅ ਨਾਲ਼ ਬਾਪੂ ਨੇ ਬੇਬੇ ਤੋਂ ਚੋਰੀ 'ਰੂੜੀ-ਮਾਰਕਾ' ਦੀ ਬੋਤਲ ਖ਼ਰੀਦ ਲਈ ਅਤੇ ਘਰ ਦੇ ਪਿਛਵਾੜੇ ਦੋ ਤਕੜੇ ਪੈੱਗ ਚਾੜ੍ਹ ਲਏ ਅਤੇ ਸਰੂਰ ਜਿਹੇ 'ਚ ਹੋ ਕੇ ਘਰ ਆ ਗਿਆ। ਉਹ ਵਾਰ-ਵਾਰ ਕਰੜਾ ਖੰਘੂਰਾ ਜਿਹਾ ਮਾਰਦਾ ਸੀ।
ਬੇਬੇ ਚੌਂਕੇ ਵਿਚ ਆਟਾ ਗੁੰਨ੍ਹ ਰਹੀ ਸੀ।
ਇੱਕ ਪਾਸੇ ਤੌੜੀ ਵਿਚ ਸਰ੍ਹੋਂ ਦਾ ਸਾਗ ਰਿੱਝ ਰਿਹਾ ਸੀ।
ਜਿੰਦਰ ਬੈਠਕ ਵਿਚ ਬੈਠੀ ਪੜ੍ਹ ਰਹੀ ਸੀ।
-"ਊਂ ਇੱਕ ਗੱਲ ਤਾਂ ਹੈਗੀ, ਸ਼ਾਮ ਕੁਰੇ...!" ਬਾਪੂ ਨੇ ਖੰਘੂਰਾ ਜਿਹਾ ਮਾਰ ਕੇ ਗੱਲ ਤੋਰੀ। ਉਹ ਨਸ਼ੇ ਨਾਲ਼ ਮੰਜੇ 'ਤੇ 'ਤੋਤਾ' ਬਣਿਆਂ ਬੈਠਾ ਸੀ।
-"ਕੀ...?" ਬੇਬੇ ਸਾਗ 'ਚ ਘੋਟਣੀਂ ਫ਼ੇਰਦੀ ਹੋਈ ਬੋਲੀ।
-"ਊਂ ਤਾਂ ਆਪਣੀ ਜਿੰਦਰ ਦੀ ਜੂਨ ਸੁਧਰ'ਜੂ..! ਧਰ ਧਰ ਭੁੱਲਿਆ ਕਰੂਗੀ ਜਿਉਣ ਜੋਕਰੀ..! ਆਪਣਾ ਤਾਂ ਸਾਰੀ ਉਮਰ ਠੂਠੇ ਨਾਲ਼ ਕੁਨਾਲ਼ ਈ ਖੜਕਿਐ...! ਕੀ ਐ ਇਹਦੇ ਨਾਲ਼ ਆਪਣੇ ਦਿਨ ਵੀ ਸੁਖਾਲ਼ੇ ਆ ਜਾਣ..?"
-"ਤਾਂ ਹੀਂ ਤਾਂ ਗੋਲ਼ੀ ਪੈਣੇ ਲੋਕ ਭੱਠ ਦੇ ਦਾਣੇ ਮਾਂਗੂੰ ਬੁੜ੍ਹਕਦੇ ਐ..! ਆਹੀ ਗੱਲ ਉਹਨਾਂ ਨੂੰ ਨੀ ਟਿਕਣ ਦਿੰਦੀ..! ਬਈ ਸਾਡੀ ਕਿਛਮਤ ਕਿਉਂ ਨੀ ਖੁੱਲ੍ਹਗੀ...? ਇਹਨਾਂ ਦੀਆਂ ਸੱਤੇ ਖੈਰਾਂ ਕਿਉਂ ਹੋਈ ਜਾਂਦੀਐਂ..? ਇਹਨਾਂ ਨੂੰ ਇਹ ਨੀ ਪਤਾ ਬਈ ਕਮਲ਼ੇ ਰਮਲ਼ਿਆਂ ਦਾ ਰੱਬ ਹੁੰਦੈ..! ਕਿਸੇ ਦੀ ਕਿਛਮਤ ਦਾ ਕੋਈ ਸ਼ਰੀਕ ਥੋੜ੍ਹੋ ਹੁੰਦੈ..? ਕਿਸੇ ਦੀ ਤਰੱਕੀ ਜਰਦੇ ਨੀ, ਪੈਜੇ ਇਹਨਾਂ ਦੀ ਪੁੜਪੁੜੀ 'ਚ ਇੱਟ..!"
-"ਚੱਲ ਕਾਹਨੂੰ ਗਾਲ਼ਾਂ ਦੀ ਛੂਟ ਬੰਨ੍ਹੀ ਐਂ...? ਨੌਂ ਨਿਧਾਂ ਤੇ 'ਠਾਰਾਂ ਸਿਧਾਂ ਕਰਨ ਆਲ਼ਾ ਔਹ ਰੱਬ ਐ, ਲੀਲੀ ਛੱਤ ਆਲ਼ਾ..! ਸੁੱਖ ਨਾ' ਚਿੜੀਆਂ ਦਾ ਵੀ ਓਹੀ, ਤੇ ਬਾਜਾਂ ਦਾ ਵੀ ਓਹੀ...! ਉਹਨੂੰ ਚਿੰਤਾ ਐ ਜੀਓ ਜੀਅ ਦੀ..!" ਬਾਪੂ ਨੇ ਅਸਮਾਨ ਵੱਲ ਦੇਖ ਕੇ ਹੱਥ ਜੋੜੇ।
-"ਕੀ ਕਹਿੰਦੇ ਸੀ..? ਕਦੋਂ ਕੁ ਬਣਜੂਗਾ ਪਾਸਪੋਰਟ..?"
-"ਊਂ ਤਾਂ ਲੱਗਣਗੇ ਛੇ ਮਹੀਨੇ..!"
-"ਬੂਹ ਮੈਂ ਮਰਜਾਂ...! ਛੇ ਮਹੀਨੇ...?" ਮਾਂ ਦਾ ਲਹੂ ਸੁੱਕ ਗਿਆ।
-"ਆਹੋ...!"
-"ਛੇ ਤਾਂ ਖਸਮਾਂ ਨੂੰ ਖਾਣੇਂ ਬਲ੍ਹਾਈ ਬਾਹਲ਼ੇ ਐ...!"
-"ਤੂੰ ਸੁਣ ਤਾਂ ਸਹੀ...! ਜਰੈਂਦ ਕਰ..! ਮੈਂ ਕਿਹੜੀ ਮਰਜ ਦੀ ਦਾਰੂ ਐਂ...?"
-"ਤਾਂ ਵੀ...?"
-"ਮੈਂ ਕਰ ਲਿਆ ਪਤਾ..! ਹੱਥ ਝਾੜਾਂਗੇ, ਤੇ ਪਾਸਪੋਰਟ ਹੱਥ 'ਤੇ...! ਝੋਕਾ ਲਾਏ ਬਿਨਾਂ ਭੱਠੀ ਨੀ ਤਪਣੀ..!"
-"ਕੀਤੀ ਐ ਗੱਲ ਕਿਸੇ ਨਾਲ਼...?"
-"ਹੈ ਕਮਲ਼ੀ...? ਮੈਂ ਐਨਾਂ ਵੀ ਕਮਲ਼ਾ ਨਹੀਂ, ਜਿੰਨਾਂ ਤੂੰ ਮੈਨੂੰ ਸਮਝਦੀ ਐਂ..! ਮੈਂ ਘਾਟ ਘਾਟ ਦਾ ਪਾਣੀ ਪੀਤੈ, ਸੱਤ ਪੱਤਣਾਂ ਦਾ ਤਾਰੂ ਐਂ ਮੈਂ...! ਮੈਂ ਤਾਂ ਰਹਿ ਈ ਅਣਪੜ੍ਹ ਗਿਆ..! ਜੇ ਮਾੜਾ ਮੋਟਾ ਪੜ੍ਹ ਕੇ ਵਕੀਲ ਲੱਗ ਜਾਂਦਾ, ਲੋਕ ਗੱਲਾਂ ਕਰਦੇ, ਬਈ ਵਕੀਲ ਤਾਂ ਫ਼ਲਾਣੇਂ ਪਿੰਡ ਦੈ ਬਾਈ ਸਿਆਂ..! ਮਾੜੇ ਧੀੜ੍ਹੇ ਜੱਜ ਨੂੰ ਤਾਂ ਥਾਂ 'ਤੇ ਈ ਖਿਲਾਰ ਦਿੰਦੈ...! ਗੱਲ ਏਜੰਟ ਨਾਲ਼ ਮੈਂ ਕਰ'ਲੀ ਐ..!"
-"ਕੀ ਗੱਲ ਕੀਤੀ...?"
-"ਠਹਿਰ ਇੱਕ ਮਿੰਟ...! ਤੇਲ ਪਾਏ ਬਿਨਾ ਇੰਜਣ ਹਵਾ ਲੈਜੂ...!" ਬਾਪੂ ਹਨ੍ਹੇਰੀ ਵਾਂਗ ਬਾਹਰ ਗਿਆ। ਘਰ ਦੇ ਪਿਛਵਾੜੇ ਦੀ ਰੂੜੀ 'ਚੋਂ ਬੋਤਲ ਧੂਹ ਲਿਆਇਆ ਅਤੇ ਲਿਆ ਕੇ ਸੁਗਾਤ ਵਾਂਗ ਕੰਧੋਲ਼ੀ 'ਤੇ ਰੱਖ ਦਿੱਤੀ।
-"ਆਹ ਖਸਮਾਂ ਨੂੰ ਖਾਣੀ ਕਿੱਥੋਂ ਲਿਆਂਦੀ...?"
-"ਇਹ ਤਾਂ ਅਰਸ਼ੋਂ ਉਤਰਦੀ ਐ ਕਰਮਾਂ ਆਲ਼ੀ...! ਸਾਡੀ ਖਾਤਰ ਸਹੁਰੀ ਅਰਸ਼ੋਂ ਉਤਰਦੀ ਐ ਇਹੇ..! ਮੈਂ ਤਾਂ ਕਿਸੇ ਬਲਾਅ ਵਰਗਾ ਐਂ ਸ਼ਾਮ ਕੁਰੇ..! ਪ੍ਰੇਤ ਵਰਗੈਂ ਮੈਂ ਤਾਂ..! ਪਾਸਪੋਰਟ ਤਾਂ ਮੈਂ ਦੇਵਤੇ ਵਾਂਗੂੰ ਪ੍ਰਗਟ ਕਰ ਦਿਊਂਗਾ..! ਤੂੰ ਫ਼ਿਕਰ ਨਾ ਕਰ..! ਬੱਸ ਮੇਰੀ ਸੁੱਖ ਮੰਗਿਆ ਕਰ..!" ਉਹ ਗਿਰਝ ਵਾਂਗ ਬੋਤਲ 'ਤੇ ਝਪਟਿਆ ਅਤੇ ਗਿਲਾਸ ਭਰ, ਸ਼ਰਬਤ ਦੇ ਪਾਣੀ ਵਾਂਗ ਅੰਦਰ ਸੁੱਟਿਆ।
ਘਰ ਦੀ ਦਾਰੂ ਨੇ ਅੰਦਰ ਅੱਗ ਮਚਾ ਦਿੱਤੀ।
ਮੱਥੇ 'ਤੇ ਮੁੜ੍ਹਕਾ ਆ ਗਿਆ।
-"ਤੂੰ ਹੁਣ ਸ਼ਰਾਬੀਆਂ ਆਲ਼ੀ ਗੱਲ ਨਾ ਕਰ, ਪਾਸਪੋਰਟ ਦੀ ਗੱਲ ਦੱਸ..!" ਬੇਬੇ ਬੜੀ ਬੇਕਿਰਕੀ ਨਾਲ਼ ਸਾਗ 'ਚ ਘੋਟਣੀ ਫ਼ੇਰੀ ਜਾ ਰਹੀ ਸੀ।
-"ਨ੍ਹਾਂ ਤੂੰ ਮੈਨੂੰ ਸ਼ਰਾਬੀ ਸਮਝਦੀ ਐਂ..? ਮੈਂ ਤਾਂ ਡੂੰਘੇ ਛੱਪੜ ਵਰਗੈਂ ਸ਼ਾਮ ਕੁਰੇ..! ਢਿੱਡ ਤਾਂ ਮੇਰਾ ਸਮਝਲਾ ਟੋਏ ਅਰਗਾ ਐ, ਦਾਰੂ ਦਾ ਡਰੰਮ ਪੀ ਕੇ ਪਤਾ ਨਾ ਲੱਗਣ ਦੇਵਾਂ..! ਆਹ ਕੰਧੋਲ਼ੀ ਦੇ ਦੀਵੇ ਜਿੱਡੀ ਬੋਤਲੀ ਜੀ ਮੈਨੂੰ ਕੀ ਕਰੂ..? ਐਨੀ ਕੁ ਤਾਂ ਮੈਂ ਸੁਆਦ ਦੇਖਦਾ-ਦੇਖਦਾ ਪੀ'ਜਾਂ..!"
-"ਤੂੰ ਪਾਸਪੋਰਟ ਬਾਰੇ ਦੱਸ...! ਹਿੱਲਿਆਂ ਆਲ਼ੀਆਂ ਗੱਲਾਂ ਨਾ ਕਰ..!"
-"ਹਾਂ...! ਪਾਸਪੋਰਟ ਆਲ਼ਾ ਲਾਹਣ ਸਾਹਿਬ ਕਹਿੰਦਾ ਮਹੀਨੇ ਕੁ ਨੂੰ ਆ ਜਾਇਓ, ਪਾਸਪੋਰਟ ਮਿਲ਼ਜੂਗਾ..! ਹੁਣ ਤੂੰ ਦੱਸ..? ਕੁੜੀ ਦਾ ਪਾਸਪੋਰਟ ਲੈਣੈਂ, ਕਿ ਮੇਰੀ ਜਾਨ ਲੈਣੀਂ ਐਂ..?"
-"ਕੀ ਨਾਂ ਐਂ ਓਹਦਾ...? ਲਾਹਣ...?" ਬੇਬੇ ਬੋਲੀ।
-"ਕੁੜ੍ਹ ਜਿੰਦਰ...!"
-"ਹਾਂ ਬਾਪੂ ਜੀ...?"
-"ਕੁੜ੍ਹੇ ਕੀ ਨਾਂ ਐਂ ਓਹਦਾ ਪਾਸਪੋਰਟ ਆਲ਼ੇ ਦਾ...? ਲਾਹਣ ਅਰਗਾ ਨਾਂ ਐਂ...!"
-"ਕਲਿਆਣ ਐਂ ਬਾਪੂ ਜੀ...! ਕਲਿਆਣ...!"
-"ਕਲਿਆਣ ਐਂ...! ਮੈਂ ਲਾਹਣ ਈ ਆਖੀ ਗਿਆ...!"
-"ਲਾਹਣ ਬਿਨਾ ਤੈਨੂੰ ਕਾਹਨੂੰ ਕੁਛ ਦੀਂਹਦੈ...? ਬੱਸ ਅੱਠੇ ਪਹਿਰ ਲਾਹਣ ਈ ਲਾਹਣ..!"
-"ਐਮੇ ਨਾ ਮੈਨੂੰ 'ਤੋਏ-ਤੋਏ' ਕਰਿਆ ਕਰ, ਮੈਂ ਫ਼ੇਰ ਵੀ ਤੇਰਾ ਪਤੀ ਪ੍ਰਮੇਸ਼ਰ ਐਂ..!"
-"ਚੰਗਾ..! ਸਾਗ ਬਣ ਗਿਆ, ਰੋਟੀ ਲਾਹੁੰਣ ਲੱਗੀ ਐਂ, ਰੋਟੀ ਖਾ ਲੈ..!" ਬੇਬੇ ਨੇ ਆਟੇ ਵਾਲ਼ੀ ਪਰਾਂਤ ਨੇੜੇ ਖਿੱਚ ਲਈ।
-"ਖਾਣ ਜੋਕਰਾ ਹੋ ਤਾਂ ਜਾਂਵਾਂ..! ਰੋਟੀ ਨੂੰ ਐਡੀ ਛੇਤੀ ਛਪਾਰ ਦੇ ਮੇਲੇ ਤਾਂ ਨੀ ਜਾਣਾਂ..? ਰੋਟੀ ਤਾਂ ਨਿੱਤ ਈ ਖਾਨੇ ਐਂ..!"
-"ਕੀ ਨਾਂ ਦੱਸਿਆ ਸੀ ਪਾਸਪੋਰਟ ਵਾਲ਼ੇ ਭਾਈ ਦਾ..?"
-"ਮੈਂ ਤਾਂ ਫ਼ੇਰ ਭੁੱਲ ਗਿਆ...!"
-"ਕਲਿਆਣ...!" ਜਿੰਦਰ ਅੰਦਰੋਂ ਬੋਲੀ।
-"ਵੇ ਫ੍ਹੋਟ..! ਕਲਿਆਣ ਜੈ ਖਾਣੇ ਦਾ ਕੋਈ ਨਾਂ ਐਂ...? ਕਲਿਆਣ ਤਾਂ ਅਸੀਂ ਗਾਲ਼ ਕੱਢਦੇ ਹੁੰਦੇ ਸੀ, ਬਈ ਬੰਦਾ ਬਣਜਾ, ਨਹੀਂ ਤੇਰਾ ਕਲਿਆਣ ਕਰਦੂੰ...!"
-"ਸ਼ਹਿਰਾਂ 'ਚ ਲੋਕਾਂ ਦੇ ਐਹੋ ਜਿਹੇ ਈ ਨਾਂ ਹੁੰਦੇ ਐਂ..! ਕਿਸੇ ਦਾ ਕਲਿਆਣ ਤੇ ਕਿਸੇ ਦਾ ਛਾਬੜਾ..! ਤੈਨੂੰ ਘਰੇ ਬੈਠੀ ਨੂੰ ਕੀ ਪਤਾ ਲੱਗਣੈਂ..? ਤੂੰ ਤਾਂ ਖੂਹ ਦਾ ਡੱਡੂ ਐਂ..!"
-"ਚੱਲ ਖਾਣ ਖਸਮਾਂ ਨੂੰ..! ਤੂੰ ਲੰਗਰ ਝੁਲ਼ਸ..! ਮੈਂ ਵੀ ਤਾਂ ਸਵੇਰ ਤੋਂ ਲੈ ਕੇ ਆਥਣ ਤੱਕ ਵੰਝ 'ਤੇ ਚੜ੍ਹੀ ਰਹਿੰਨੀ ਐਂ..!"
-"ਲੈ ਝੁਲ਼ਸ ਲੰਗਰ..! ਕਦੇ ਤਾਂ ਮੋਹ-ਮੁਹੱਬਤ ਨਾਲ਼ ਬੋਲ ਪਿਆ ਕਰ..! ਅੱਠੇ ਪਹਿਰ ਲਾਂਬੂ ਈ ਛੱਡਦੀ ਰਹਿੰਨੀ ਐਂ..! ਜੇ ਤੂੰ ਸ਼ਹਿਰ 'ਚ ਵਿਆਹੀ ਹੁੰਦੀ, ਤੇਰਾ ਨਾਂ ਵੀ ਲਾਂਬੂ ਰਾਣੀ ਜਾਂ ਲਾਟ ਕੁਰ ਈ ਹੋਣਾ ਸੀ..!" ਉਸ ਨੇ ਗਿਲਾਸ ਭਰ ਕੇ ਅੰਦਰ ਸੁੱਟਿਆ। ਖੱਟਰ ਦਾਰੂ ਨੇ ਉਸ ਨੂੰ ਪੱਠਾ ਲਾ ਦਿੱਤਾ। ਉਸ ਨੇ ਅਚਾਰੀ ਮਿਰਚ ਮੂੰਹ ਵਿਚ ਪਾਈ ਤਾਂ ਕੁੜੱਤਣ ਨਾਲ਼ ਜੀਭ ਹੋਰ ਜਲ਼ ਉਠੀ ਅਤੇ ਮੂੰਹ ਆਪਣੇ ਆਪ ਖੁੱਲ੍ਹ ਗਿਆ।
-"ਵੇ ਵਿਆਹੁੰਣੀ ਕੀਹਨੇ ਸੀ..? ਸੰਜੋਗ ਤਾਂ ਡੁੱਬ ਜਾਣੇ ਤੇਰੇ ਨਾਲ਼ ਨਰੜੇ ਵੇ ਸੀ..!"
-"ਬਾਹਲ਼ੀ ਦੁਨੀਆਂ ਨਾਲ਼ੋਂ ਚੰਗੀ ਐਂ ਸ਼ਾਮ ਕੁਰੇ..! ਬਾਹਲ਼ੀ ਦੁਨੀਆਂ ਨਾਲ਼ੋਂ ਚੰਗੀ ਐਂ ਤੂੰ..! ਦੇਖ, ਘੁਲਾੜ੍ਹੇ ਵਰਗਾ ਖਸਮ ਚੰਦ ਤੇਰੇ ਮੂਹਰੇ ਬਿੱਲੀ ਬਣਿਆਂ ਬੈਠੈ, ਨਹੀਂ ਅਗਲਾ ਘੁੱਟ ਦਾਰੂ ਦੀ ਪੀ ਕੇ ਤੀਮੀਂ ਨੂੰ ਈ ਪਰਾਗਾ ਪਾ ਲੈਂਦੈ..! ਮੈਂ ਦੇਖ'ਲਾ ਤੈਨੂੰ ਦੇਖ ਦੇਖ ਜਿਉਨੈਂ..! ਤੇਰੇ ਸਾਹੀਂ ਸਾਹ ਲੈਨੈਂ, ਕਦੇ ਫ਼ੁੱਲ ਦੀ ਨੀ ਲਾਈ, ਸਮਾਂ ਦੀ ਫ਼ੁੱਲਾਂ ਮਾਂਗੂੰ ਰੱਖਿਐ ਮੈਂ ਤੈਨੂੰ..!"
-"ਸੁਆਹ.!! ਤੇ ਨਾਲ਼ੇ ਖੇਹ ਸੱਤਾਂ ਚੁੱਲ੍ਹਿਆਂ ਦੀ..! ਕੁੜ੍ਹੇ ਕੁੜੀਏ...!" ਖਿਝੀ ਸ਼ਾਮ ਕੌਰ ਨੇ ਜਿੰਦਰ ਨੂੰ ਅਵਾਜ਼ ਮਾਰੀ।
-"ਹਾਂ ਬੇਬੇ...?"
-"ਮਾਰ ਕੁੜ੍ਹੇ ਜੁਆਕਾਂ ਨੂੰ ਹਾਕ..! ਰੋਟੀ ਖਾ ਲੈਣਗੇ..! ਤੇਰਾ ਪਿਉ ਤਾਂ ਬੋਤਲ ਦਾ ਥੱਲਾ ਲਾ ਕੇ ਈ ਝੁਲ਼ਸੂਗਾ ਲੰਗਰ..!"
ਜਿੰਦਰ ਕਾਪੀਆਂ ਕਿਤਾਬਾਂ ਰੱਖ ਭੈਣ-ਭਰਾਵਾਂ ਨੂੰ ਬੁਲਾਉਣ ਤੁਰ ਪਈ।
-"ਪੀ ਚੱਲ ਮੂਤ...! ਝਾਕਦਾ ਦੇਖ ਕਿਵੇਂ ਐਂ ਚੁਗਲ ਮਾਂਗੂੰ ਮੁਤਰ ਮੁਤਰ..!"
-"ਕਾਹਨੂੰ ਐਂਵੇਂ ਬਰੜਾਹਟ ਕਰੀ ਜਾਨੀਂ ਐਂ...? ਜੇ ਪਿਆਰ ਨਾਲ਼ ਬੋਲ ਪਿਆ ਕਰੇਂ ਕਦੇ..? ਤੇਰੇ ਕਿਹੜਾ ਰਿੰਗ ਘਸਦੇ ਐ, ਜਾਂ ਡੀਜਲ ਮੱਚਦੈ..? ਬਾਹਲ਼ੀ ਕੱਬੀ ਐਂ ਤੂੰ ਵੀ..!"
-".............।" ਸ਼ਾਮ ਕੌਰ ਚੁੱਪ ਸੀ।
ਬਾਪੂ ਨੇ ਇੱਕ ਹੋਰ ਪੈੱਗ ਪਾ ਲਿਆ।
-"ਜੇ ਕਿਸੇ ਨੂੰ ਕਹੀਏ, ਬਈ ਦੇਖ ਤੇਰੇ ਬਾਪੂ ਜੀ ਜਾ ਰਹੇ ਐ...!" ਉਹ ਖੰਘੂਰਾ ਮਾਰ ਕੇ ਦਾਰੂ ਵਾਲ਼ੇ ਗਿਲਾਸ 'ਚ ਪਾਣੀ ਪਾਉਂਦਾ ਹੋਇਆ ਬੋਲਿਆ, "ਜੇ ਕਿਸੇ ਨੂੰ ਕਹੀਏ, ਕਿ ਦੇਖ ਤੇਰੇ ਬਾਪੂ ਜੀ ਜਾਂਦੇ ਐ, ਅਗਲਾ ਖ਼ੁਸ਼ੀ ਨਾਲ਼ ਚਾਂਭੜ ਮਾਰਦੈ...! ਤੇ ਜੇ ਕਿਸੇ ਨੂੰ ਕਹੀਏ, ਦੇਖ ਓਏ ਥੋਡੀ ਬੁੜ੍ਹੀ ਦਾ ਖਸਮ ਚੱਲਿਐ, ਅਗਲਾ ਵੱਢਣ ਆਉਂਦੈ...! ਬੰਦਾ ਵੀ ਓਹੀ ਐ, ਤੇ ਰਿਸ਼ਤਾ ਵੀ ਨੀ ਬਦਲਿਆ..! ਪਰ ਬੋਲਣ ਦਾ ਤਰੀਕਾ ਬਦਲ ਗਿਆ..!"
-".................।"
-"ਕਹਿੰਦੇ ਨੀ ਹੁੰਦੇ..? ਬਈ ਗੱਲ ਕਹਿੰਦੀ ਐ, ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢ ਕੇ ਦਿਖਾਉਨੀ ਐਂ..!"
-"ਤੇਰੇ ਉਪਦੇਸ਼ ਤੋਂ ਮੈਂ ਅੱਕੀ ਪਈ ਐਂ..! ਮੈਂ ਤੇਰੇ ਮੱਥੇ 'ਚ ਕੁਛ ਮਾਰ ਕੇ ਟੀਕ ਚਲਾ ਦੇਣੈਂ..! ਲਾ ਕੇ ਘੁੱਟ ਲਾਹਣ ਦੀ ਮੂੰਹ ਨੂੰ, ਲੱਗ'ਪੂ ਕੁੱਤੇ ਮਾਂਗੂੰ ਭੌਂਕਣ..!"
-"ਕੱਟੇ ਮੂਹਰੇ ਵੰਝਲੀ ਵਜਾਉਣ ਦਾ ਕੋਈ ਫ਼ਾਇਦਾ ਨੀ..! ਕਿਉਂਕਿ ਉਹਨੂੰ ਸਾਲ਼ੇ ਨੂੰ ਸੁਰਾਂ ਦਾ ਨੀ ਪਤਾ ਹੁੰਦਾ..! ਉਹਨੇ ਤਾਂ ਮੋਕ ਨਾਲ਼ ਲਿੱਬੜੀ ਪੂਛ ਘੁੰਮਾ ਕੇ ਮੂੰਹ 'ਤੇ ਈ ਮਾਰਨੀ ਹੁੰਦੀ ਐ..!" ਭਰਿਆ ਗਿਲਾਸ ਚੁੱਕ ਕੇ ਗਿੰਦਰ ਸਿਉਂ ਨੇ ਮੂੰਹ ਨੂੰ ਲਾ ਲਿਆ।
ਜੁਆਕ ਰਸੋਈ ਕੋਲ਼ ਆ ਗਏ।
ਗਿੰਦਰ ਚੁੱਪ ਕਰ ਗਿਆ ਅਤੇ ਬੋਤਲ ਚੁੱਕ ਕੇ ਦੂਰ ਨਲ਼ਕੇ ਕੋਲ਼ ਪਏ ਮੰਜੇ 'ਤੇ ਬੈਠ ਗਿਆ।
ਬੇਬੇ ਨੇ ਰੋਟੀ ਪਾ-ਪਾ ਬੱਚਿਆਂ ਨੂੰ ਫ਼ੜਾਉਣੀ ਸ਼ੁਰੂ ਕਰ ਦਿੱਤੀ।
ਬੱਚੇ ਅੱਡੋ-ਅੱਡੀ ਮੰਜਿਆਂ 'ਤੇ ਰੋਟੀ ਖਾਣ ਲੱਗ ਪਏ।
ਮਹੀਨਾਂ ਗਿੰਦਰ ਸਿੰਘ ਨੂੰ ਮਸਾਂ ਲੰਘਿਆ।
ਮਹੀਨਾਂ ਪੂਰਾ ਹੋਣ ਸਾਰ ਹੀ ਉਸ ਨੇ ਕਲਿਆਣ ਦੇ ਦਫ਼ਤਰ ਜਾ ਅਲਖ ਜਗਾਈ। ਸਾਰੇ ਸਟਾਫ਼ ਨੇ ਹੀ ਗਿੰਦਰ ਨੂੰ ਪਹਿਚਾਣ ਲਿਆ ਸੀ।
-"ਸਾਸਰੀ'ਕਾਲ ਭਾਈ ਸਾਰਿਆਂ ਨੂੰ..! ਦੋਵੇਂ ਹੱਥ ਜੋੜ ਕੇ ਫ਼ਤਹਿ..!" ਗਿੰਦਰ ਸਿੰਘ ਨੇ ਹੋਕਾ ਦੇਣ ਵਾਂਗ ਕਿਹਾ।
-"ਅੰਦਰ ਈ ਚਲਿਆ ਜਾਹ ਬਾਪੂ..! ਕਲਿਆਣ ਸਾਹਿਬ ਅੰਦਰ ਈ ਨੇ..!"
-"ਸ਼ੁਕਰ ਐ ਭਾਈ..! ਮੇਰੇ ਮਨ ਨੂੰ ਤਾਂ ਧੁੜਕੂ ਲੱਗਿਆ ਪਿਆ ਸੀ ਕਿ ਬਾਬੂ ਕਿਤੇ ਗਿਆ ਨਾ ਹੋਵੇ..!" ਉਸ ਨੂੰ "ਲਾਹਣ" ਆਖਣ ਤੋਂ ਗਿੰਦਰ ਨੇ ਗੁਰੇਜ਼ ਹੀ ਕੀਤਾ, "ਅੱਠੇ ਪਹਿਰ ਲਚੜੇਂਵਾਂ ਵੀ ਚੰਗਾ ਨੀ ਹੁੰਦਾ..!" ਉਸ ਦਾ ਮਨ ਬੋਲਿਆ ਸੀ।
-"ਆ ਬਾਪੂ ਸਿਆਂ...! ਕੀ ਹਾਲ ਐ..? 'ਕੱਲਾ ਈ ਆਇਐਂ..?" ਮੁੰਨਿਆਂ ਮੂੰਹ ਬਘਿਆੜ੍ਹ ਵਾਂਗ ਖੋਲ੍ਹ ਕੇ ਕਲਿਆਣ ਬੋਲਿਆ। ਉਹ ਚਤਰ ਨਜ਼ਰ ਨਾਲ਼ ਦੇਖ ਰਿਹਾ ਸੀ ਕਿ ਜਿੰਦਰ ਨਾਲ਼ ਨਹੀਂ ਆਈ ਸੀ।
-"ਹੋਰ ਭਾਈ ਮੇਰੇ ਨਾਲ਼ ਕਿਹੜਾ ਸਿਮਲ ਸਰਜਣ ਨੇ ਆਉਣਾ ਸੀ..?"
ਸਾਰਾ ਸਟਾਫ਼ ਹੱਸ ਪਿਆ।
-"ਹੁਕਮ ਕਰ ਬਾਪੂ ਸਿਆਂ...!"
-"ਹੁਕਮ ਨੂੰ ਮੈਂ ਕਿਹੜਾ ਪਾਕਿਸਤਾਨ 'ਤੇ ਗੋਲ਼ਾਬਾਰੀ ਕਰਵਾਉਣੀ ਐਂ..? ਬੱਸ ਕੁੜੀ ਦਾ ਪਾਸਪੋਰਟ ਕਢਵਾ ਦਿਓ, ਮੈਂ ਬਾਗੋ ਬਾਗ ਐਂ, ਮੈਨੂੰ ਸਾਰਾ ਕੁਛ ਵਿੱਚੇ ਈ ਆਜੂ..!"
ਸਟਾਫ਼ ਦਾ ਹਾਸਾ ਮੁੜ ਉਚਾ ਉਠਿਆ।
-"ਪਾਸਪੋਰਟ ਜੇ ਅਸੀਂ ਕੱਢਣਾ ਹੁੰਦਾ ਤਾਂ ਮਦਾਰੀ ਦੇ ਕਬੂਤਰ ਵਾਂਗੂੰ ਕੱਢ ਦਿਖਾਉਂਦੇ, ਬਾਪੂ ਸਿਆਂ...! ਉਹ ਤਾਂ ਨਬਜ਼ ਹੀ ਕਿਸੇ ਹੋਰ ਦੇ ਹੱਥ ਐ..!"
-"ਉਹ ਨਬਜ਼ ਕੀਹਦੇ ਹੱਥ ਐ..?"
-"ਉਹ ਨਬਜ਼ ਬਾਪੂ ਸਿਆਂ ਚੰਡੀਗੜ੍ਹ ਵਾਲ਼ਿਆਂ ਦੇ ਹੱਥ ਐ..! ਪਾਸਪੋਰਟ ਦਾ ਦਫ਼ਤਰ ਚੰਡੀਗੜ੍ਹ ਐ..!"
-"ਅੱਛਾ..! ਤੇ ਤੁਸੀਂ ਐਥੇ ਬੈਠੇ ਕੀ ਕੜਛ ਮਾਂਜਦੇ ਐਂ...?"
ਕਲਿਆਣ ਉਸ ਦੀ ਸਿੱਧੀ-ਸਾਦੀ, ਪੇਂਡੂ ਗੱਲ 'ਤੇ ਉਚੀ-ਉਚੀ ਹੱਸ ਪਿਆ।
-"ਅਸੀਂ ਕੁੱਤੇ ਖੱਸੀ ਕਰਦੇ ਐਂ, ਬਾਪੂ..!"
ਸਾਰਾ ਸਟਾਫ਼ ਹੱਸਣ ਲੱਗ ਪਿਆ।
-"ਹੱਸੋ ਨਾ..! ਮੈਨੂੰ ਰਾਹ ਪਾਓ ਕਿਸੇ..! ਨਹੀਂ ਆਵਦੇ ਘਰੇ ਰੱਖ ਲਓ, ਘਰਵਾਲ਼ੀ ਨੇ ਤਾਂ ਮੈਨੂੰ ਘਰੇ ਵੜਨ ਨੀ ਦੇਣਾ..!"
-"ਕੋਈ ਨਾ ਬਾਪੂ ਸਿਆਂ..! ਤੈਨੂੰ ਸਾਡੇ ਦਫ਼ਤਰ ਈ ਮੰਜੀ ਡਾਹ ਦਿਆਂਗੇ, ਰਾਤ ਨੂੰ ਐਥੇ ਈ ਲਾ ਲਿਆ ਕਰੀਂ ਡੇਰੇ..! ਅਸੀਂ ਦੱਸ ਕਿਸੇ ਗੱਲੋਂ ਮੁਕਰਨ ਲੱਗੇ ਐਂ..?"
-"ਲਾਹਣ ਸਿਆਂ, ਤੂੰ ਪਾਸਪੋਰਟ ਦੇ ਰਾਹ ਚੱਲ..! ਮੈਨੂੰ ਪੁੱਠੀਆਂ ਮੱਤਾਂ ਨਾ ਦੇਹ..! ਮੈਂ ਘਰੋਂ ਸਤਿਆ ਪਿਐਂ..! ਅੱਗਿਓਂ ਤੂੰ ਮੇਰੇ ਅੰਤਰੇ ਲੈਣ ਲੱਗ ਪਿਆ..!"
-"ਬੈਠ ਬਾਪੂ ਸਿਆਂ ਐਥੇ...! ਸ਼ਰਮਾਂ ਜੀ...!"
-"ਜੀ ਸਰ..?"
-"ਜਾਹ ਚਾਹ ਲੈ ਕੇ ਆ...!!"
ਸ਼ਰਮਾਂ ਚਾਹ ਲੈਣ ਚਲਿਆ ਗਿਆ।
-"ਬਾਪੂ ਸਿਆਂ..! ਸੌ ਹੱਥ ਰੱਸਾ ਤੇ ਸਿਰੇ 'ਤੇ ਗੰਢ..! ਜੇ ਤਾਂ ਕਢਵਾਉਣੈਂ ਪਾਸਪੋਰਟ ਜਲਦੀ...!"
-"ਹਾਏ ਰੱਬਾ...! ਅਖੇ ਸਾਰੀ ਰਾਤ ਰੋਈ ਗਈ, ਤੇ ਮਰਿਆ ਕੋਈ ਵੀ ਨੀ...! ਮੈਂ ਤਾਂ ਦੋਨੋਂ ਹੱਥਾਂ ਨਾਲ਼ ਪਿੱਟਦੈਂ ਬਈ ਪਾਸਪੋਰਟ ਕੱਢਣੈਂ..! ਕੁਛ ਕਰ...!"
-"ਕਰਨਾਂ ਫ਼ੇਰ ਮੈਂ ਨੀ ਬਾਪੂ...! ਕਰਨਾ ਤੈਨੂੰ ਪੈਣੈਂ..!"
-"ਮੈਨੂੰ ਤਾਂ ਚਾਹੇ ਤੂੰ ਗੱਡੇ ਜੋੜ ਲੈ..!"
-"ਗੱਡੇ ਤੈਨੂੰ ਜਮਾਂ ਨੀ ਜੋੜਦੇ..!"
-"ਹੋਰ ਕੀ ਮੈਥੋਂ ਹਲ਼ ਵਹਾਉਣੈਂ..?"
-"ਤੂੰ ਕਿਸਾਨੀ ਕਿੱਤੇ 'ਚੋਂ ਬਾਹਰ ਆ ਕੇ ਗੱਲ ਕਰ..!"
-"ਚੱਲ ਆ ਗਿਆ ਬਾਹਰ..! ਹੁਣ ਦੱਸ..?"
-"ਚੰਡੀਗੜ੍ਹ ਪਾਸਪੋਰਟ ਦਫ਼ਤਰ 'ਚ ਜਿਹੜੇ ਮਗਰਮੱਛ ਬੈਠੇ ਐ, ਉਹਨਾਂ ਨੂੰ ਕੁਛ ਨਾ ਕੁਛ ਮੱਥਾ ਟੇਕਣਾ ਪੈਣੈ, ਪਾਸਪੋਰਟ ਤਾਂ ਗੋਲ਼ੀ ਬਣਿਆਂ ਆਊ...!"
-"ਮੱਥਾ ਤਾਂ ਟੇਕ ਦਿਆਂਗੇ...! ਪਰ ਟੇਕਣਾ ਕਿੰਨਾਂ ਕੁ ਪਊ..??" ਗਿੰਦਰ ਦਾ ਮੂੰਹ ਆਲ਼ੇ ਵਾਂਗ ਖੁੱਲ੍ਹਾ ਸੀ।
-"ਬਾਪੂ ਸਿਆਂ...! ਜਿੰਨਾਂ ਗੁੜ ਪਾਵੇਂਗਾ, ਮਿੱਠਾ ਸੁੱਖ ਨਾਲ਼ ਓਨਾਂ ਈ ਹੋਣੈਂ..! ਮੇਰੇ ਮੂੰਹੋਂ ਬਾਹਲ਼ਾ ਕਿਉਂ ਅਖਵਾਈ ਜਾਨੈਂ...?"
-"ਫ਼ੇਰ ਵੀ...? ਮੂੰਹ ਤਾਂ ਸੁੰਘ, ਬਈ ਕਿੰਨੇ ਕੁ ਨਾਲ਼ ਸਰਜੂ..?"
-"ਰੁਪੱਈਆ ਬਾਪੂ ਸਿਆਂ ਲੱਗੂਗਾ ਪੂਰਾ ਪੰਜ ਹਜ਼ਾਰ...!"
-"ਪੰਜ ਹਜ਼ਾਰ...?" ਬਾਪੂ ਦੇ ਕੰਨਾਂ ਵਿਚ ਬਿੰਡੇ ਟਿਆਂਕਣ ਲੱਗ ਪਏ, "ਪੰਜ ਹਜਾਰ ਤਾਂ ਠ੍ਹੀਕਰੀ ਨੀ 'ਕੱਠੀ ਹੁੰਦੀ..!"
-"ਦੇਖ'ਲਾ ਬਾਪੂ ਸਿਆਂ..! ਦੇਣਾ, ਜਾਂ ਨਾ ਦੇਣਾਂ ਤੇਰਾ ਕੰਮ ਐਂ..! ਪੰਜ ਹਜ਼ਾਰ ਦੇ ਕੇ ਪਾਸਪੋਰਟ ਹੱਥ 'ਚ ਆ'ਜੂ..! ਜੇ ਤਾਂ ਹੈਗਾ ਮਨਜ਼ੂਰ, ਫ਼ੇਰ ਤਾਂ ਦੱਸ, ਨਹੀਂ ਟਿੱਡੀਆਂ ਬੁਸ਼ਕਰਨ ਦਾ ਫ਼ਾਇਦਾ ਕੋਈ ਨੀ, ਅਰਾਮ ਨਾਲ਼ ਪੰਜ ਮਹੀਨੇ ਹੋਰ ਉਡੀਕ ਕਰ..!" ਕਲਿਆਣ ਨੇ ਆਖਰੀ ਰਸਤਾ ਦਿਖਾ ਕੇ, ਗੱਲ ਭੌਣ ਤੋਂ ਲਾਹ ਦਿੱਤੀ।
-".................।" ਬਾਪੂ ਦੀ ਸੋਚ ਅਜੀਬ ਘੋੜ-ਦੌੜ ਵਿਚ ਵੜ ਗਈ। ...ਗਿੰਦਰ ਸਿਆਂ...! ਮਾਰ ਲੈ ਮੋਰਚਾ..! ਕੁੜੀ ਪੰਜ ਹਜ਼ਾਰ 'ਚ ਇੰਗਲੈਂਡ ਵੜਦੀ ਹੁੰਦੀ ਐ..! ਲੋਕ ਲੱਖਾਂ ਰੁਪੱਈਆ ਚੱਕੀ ਫ਼ਿਰਦੇ ਐ ਪੱਟ ਹੋਣੀਂ ਵਲੈਤ ਦੇ ਨਾਂ ਨੂੰ..! ਚੌਲ਼ਾਂ 'ਚ ਈ ਸਰਦੈ ਤੇਰਾ ਤਾਂ...! ਛੋਕਰੀ ਦੇਣੇਂ ਰਿਸ਼ਤੇਦਾਰ ਬਥੇਰੇ ਫ਼ੇਰੇ ਦਿੰਦੇ ਐ, ਬਈ ਇਹਨਾਂ ਦੀ ਬਾਹਰ ਨਾ ਜਾਵੇ, ਸਾਡੀ ਕੁੜੀ ਚਲੀ ਜਾਵੇ..! ਸਿਆਣੇ ਕਹਿੰਦੇ ਹੁੰਦੇ ਐ, ਰੱਬ ਬੰਦੇ ਨੂੰ ਮੌਕਾ ਕਦੇ-ਕਦੇ ਦਿੰਦੈ..! ਜੇ ਆਹ ਮੌਕਾ ਹੱਥੋਂ ਚਲਿਆ ਗਿਆ, ਫ਼ੇਰ ਹੋ ਸਕਦੈ ਕਦੇ ਹੱਥ ਨਾ ਆਵੇ..! ਕਿਸਮਤ ਬਣਾਈ ਬਣਦੀ ਐ, ਗਿੰਦਰ ਸਿਆਂ..! ਮੰਜੇ 'ਤੇ ਪਏ ਦੇ ਮੂੰਹ 'ਚ ਤਾਂ ਰੱਬ ਵੀ ਬੁਰਕੀ ਨੀ ਪਾਉਂਦਾ..! ਮੂੰਹ 'ਚ ਬੁਕਰੀ ਪਾਉਣ ਲਈ ਵੀ ਹੱਥ ਹਿਲਾਉਣਾ ਪੈਂਦੈ...! ਨਿੱਕੀ ਜੀ ਗੱਲ ਪਿੱਛੇ ਹੁਣ ਮੋਕ ਨਾ ਮਾਰ..! ਕੱਢ ਜਿਗਰਾ, ਤੇ ਮਾਰ ਪੰਜ ਹਜ਼ਾਰ ਰੁਪੱਈਆ ਕਲਿਆਣ ਦੇ ਮੱਥੇ 'ਚ..! ਸਿਆਣੇ ਕਹਿੰਦੇ ਐ, ਜੁੱਲ ਕੰਧੋਲ਼ੇ ਮੌਜਾਂ ਮਾਨਣ, ਆਕੜ ਪਾਲ਼ੇ ਮਰਦੀ ਐ..! ਹੁਣ ਵੇਲ਼ਾ ਹੱਥ ਘੁੱਟਣ ਦਾ ਨੀ, ਕਲਿਆਣ ਵਰਗੇ ਲਾਲਚੀ ਕੁੱਕੜਾਂ ਨੂੰ ਚੋਗਾ ਖਿਲਾਰਨ ਦਾ ਐ..! ਜੇ ਕਿਸੇ ਅਜੰਟ ਰਾਹੀਂ ਕੁੜੀ ਤੋਰਨੀ ਪੈਂਦੀ, ਅਗਲਾ ਨਿੱਤ ਸਾਨੂੰ ਮਿਸ਼ਰੀ ਮਾਂਗੂੰ ਭੋਰ-ਭੋਰ ਖਾਂਦਾ..! ਇਹ ਤਾਂ ਪੰਜ ਹਜ਼ਾਰ 'ਚ ਈ ਸਰਦੈ..! ਮਾਰ ਬੜ੍ਹਕ..!
-"ਸੋਚੀਂ ਪਿਆ, ਤੇ ਬੰਦਾ ਗਿਆ, ਬਾਪੂ ਸਿਆਂ...! ਨਾਲ਼ੇ ਤਾਂ ਤੂੰ ਸਾਡਾ ਟਾਈਮ ਬਰਬਾਦ ਕਰੀ ਜਾਨੈਂ, ਤੇ ਨਾਲ਼ੇ ਆਪਣਾ..! ਤੂੰ ਤਾਂ ਬਿਚਾਰੀ ਕੁੜੀ ਦੀਆਂ ਬੇੜੀਆਂ 'ਚ ਵੀ ਵੱਟੇ ਪਾਵੇਂਗਾ..!"
-"ਕੌਣ ਕਹਿੰਦੈ..? ਨ੍ਹਾਂ ਕੌਣ ਕਹਿੰਦੈ ਮੈਂ ਆਬਦੀ ਕੁੜੀ ਦੀਆਂ ਬੇੜੀਆਂ 'ਚ ਬੱਟੇ ਪਾਊਂਗਾ..? ਮੈਂ ਕਮਲ਼ਾ ਲੱਗਦੈਂ ਤੈਨੂੰ..? ਓਏ ਮੈਂ ਆਬਦੀ ਧੀ ਦੀ ਖਾਤਰ ਫ਼ਾਕੜਾਂ ਹੋਜਾਂ, ਫ਼ਾਹੇ ਚੜ੍ਹਜਾਂ..!" ਗਿੰਦਰ ਸਿਉਂ ਤਾਅ ਖਾ ਗਿਆ। ਉਸ ਨੇ ਆਪਣਾ ਵੱਡਾ ਸਾਰਾ ਹੱਥ ਕਈ ਵਾਰ ਛਾਤੀ 'ਤੇ ਮਾਰਿਆ। ਛਾਤੀ ਛੱਜ ਵਾਂਗ ਖੜਕੀ ਸੀ।
-"ਮੈਂ ਤਾਂ ਤੈਨੂੰ ਡੂੰਘੀਆਂ ਸੋਚਾਂ 'ਚ ਪਿਆ ਦੇਖ ਕੇ ਕਿਹਾ ਸੀ ਬਾਪੂ ਸਿਆਂ..! ਗਰਮ ਨਾ ਹੋ, ਠੰਢਾ ਰਹਿ..! ਗਰਮੀ ਸਿਹਤ ਦਾ ਨੁਕਸਾਨ ਕਰਦੀ ਐ..!" ਸੱਤਾਂ ਪੱਤਣਾਂ ਦਾ ਤਾਰੂ ਕਲਿਆਣ ਦੇਖ ਰਿਹਾ ਸੀ ਕਿ ਲੋਹਾ ਗਰਮ ਹੋ ਚੁੱਕਿਆ ਸੀ, ਹੁਣ ਸਿਰਫ਼ ਘਣ ਦੀ ਸੱਟ ਦੀ ਹੀ ਲੋੜ ਸੀ।
-"ਦੱਸ ਪੈਸੇ ਕਦੋਂ ਦੇਵਾਂ..?" ਉਸ ਦੀ ਅਵਾਜ਼ ਸੰਖ ਵਾਂਗ ਗੂੰਜੀ। ਡਰ ਨਾਲ਼ ਕੂਲਰ ਪਿੱਛੇ ਲੁਕੀਆਂ ਚਿੜੀਆਂ "ਫ਼ੁਰਰ" ਕਰ ਕੇ ਉਡ ਗਈਆਂ।
-"ਪੈਸੇ ਮੈਨੂੰ ਦੇਣ ਦਾ ਕੋਈ ਫ਼ਾਇਦਾ ਨੀ ਬਾਪੂ..!"
-"ਤੇ ਹੋਰ ਕੀਹਨੂੰ ਦੇਣੇ ਐਂ..? ਤੂੰ ਤਾਤੇ ਬਾਤੇ ਜੇ ਨਾ ਪਾਅ..! ਗੱਲ ਨੱਕ ਦੀ ਸੇਧ ਨੂੰ ਕਰ..! ਗਜ ਵਰਗੀ ਸਿੱਧੀ..!"
-"ਪੈਸੇ ਲੈ ਕੇ ਤੈਨੂੰ ਚੰਡੀਗੜ੍ਹ ਜਾਣਾ ਪਊਗਾ..!"
-"ਓਥੇ ਮੈਨੂੰ ਕੌਣ ਜਾਣਦੈ..? ਮੈਂ ਤਾਂ ਕਦੇ ਮੋਗੇ ਜਿਲ੍ਹੇ ਦੀ ਜੂਹ ਨੀ ਟੱਪਿਆ..!"
-"ਤੇਰੇ ਨਾਲ਼ ਬੰਦਾ ਭੇਜਾਂਗੇ, ਬਾਪੂ ਸਿਆਂ..! ਪਰ ਬੰਦੇ ਦਾ ਕਿਰਾਇਆ ਭਾੜ੍ਹਾ ਤੈਨੂੰ ਲਾਉਣਾ ਪੈਣੈਂ..!"
-"ਲਾਊਂਗਾ..! ਦੋਨੀਂ ਹੱਥੀ ਲਾਊਂਗਾ..! ਜਿੱਥੇ ਕੱਟਿਆਂ ਦੀਆਂ, ਓਥੇ ਵੱਛਿਆਂ ਦੀਆਂ ਸਹੀ..! ਤੂੰ ਆਪਣਾ ਕੰਮ ਕੱਢਣ ਵਾਲ਼ਾ ਬਣ..! ਦੱਸ ਮੇਰੇ ਨਾਲ਼ ਕੌਣ ਜਾਊਗਾ..?"
-"ਸਾਡਾ ਸੂਰੀ ਜਾਊਗਾ...!"
-"ਸੂਰੀ...?" ਗਿੰਦਰ ਦੇ ਦਿਮਾਗ ਨੂੰ ਭੁਆਂਟਣੀ ਆ ਗਈ।
ਸਾਰੇ ਫ਼ਿਰ ਹੱਸ ਪਏ।
-"ਆਹੋ ਬਾਪੂ...!"
-"ਸੂਰੀ ਕਿਸੇ ਬੰਦੇ ਦਾ ਨਾਂ ਐਂ...?"
-"ਔਹ ਦੇਖ ਬੈਠਾ...! ਆਪ ਈ ਦੇਖ ਲੈ ਬੰਦਾ ਐ ਕਿ ਜਾਨਵਰ..!" ਕਲਿਆਣ ਨੇ ਇੱਕ ਘੁੱਟੇ ਜਿਹੇ ਮੂੰਹ ਵਾਲ਼ੇ ਬੰਦੇ ਵੱਲ ਇਸ਼ਾਰਾ ਕਰ ਕੇ ਕਿਹਾ। ਦਾਹੜ੍ਹੀ ਦੀ ਰੱਸੀ ਜ਼ਿਆਦਾ ਕਸੀ ਹੋਣ ਕਾਰਨ ਉਸ ਦਾ ਮੂੰਹ ਸੁੱਜਿਆ-ਸੁੱਜਿਆ ਜਿਹਾ ਲੱਗਦਾ ਸੀ।
-"ਦੁਰ ਫ਼ਿੱਟ੍ਹੇ ਮੂੰਹ...! ਤੁਸੀਂ ਨਾਂ ਕਿਹੋ ਜੇ ਰੱਖੇ ਐ..?"
-"ਸ਼ਹਿਰਾਂ ਆਲ਼ਿਆਂ ਦੇ ਐਹੋ ਜੇ ਨਾਂ ਈ ਹੁੰਦੇ ਐ ਬਾਪੂ...!"
-"ਬੜੇ ਕੁਪੱਤੇ ਐ ਫ਼ੇਰ ਤਾਂ..!"
-"ਤੈਨੂੰ ਈ ਲੱਗਦੇ ਐ ਬਾਪੂ ਸਿਆਂ...!"
-"ਪੈਸੇ ਦੱਸ ਕਦੋਂ ਲੈ ਕੇ ਆਵਾਂ...?"
-"ਅੱਜ ਸ਼ੁੱਕਰਵਾਰ ਐ, ਤੁਸੀਂ ਸੋਮਵਾਰ ਨੂੰ ਸਵੇਰੇ ਸੱਤ ਵਜੇ ਵੱਡੇ ਬੱਸ ਅੱਡੇ 'ਤੇ ਆ ਜਾਇਓ, ਸੂਰੀ ਥੋਨੂੰ ਬੱਸ ਅੱਡੇ 'ਚ ਈ ਮਿਲੂਗਾ..!"
-"ਕੋਈ ਚੱਜ ਦੇ ਨਾਂ ਆਲ਼ਾ ਬੰਦਾ ਤੋਰ ਦਿੰਦੇ, ਮੂੰਹ 'ਚੋਂ ਕਦੇ ਕੋਈ ਭੈੜ੍ਹੀ ਗੱਲ ਨਿਕਲ਼ ਜਾਂਦੀ ਐ..!"
-"ਜੋ ਮਰਜ਼ੀ ਐ ਕੱਢੀ ਚੱਲੀਂ ਬਾਪੂ ਸਿਆਂ..! ਸੂਰੀ ਨੂੰ ਸੁਣਦਾ ਵੀ ਲੰਗੇ ਡੰਗ ਈ ਐ..!"
-"ਕਿਤੇ ਓਥੇ ਜਾ ਕੇ ਪਹਿਲਾਂ ਇਹਦੇ ਕੰਨ ਨੂੰ ਸਪੀਕਰ ਨਾ ਲਾਉਣਾ ਪਵੇ..?"
-"ਨਹੀਂ..! ਐਨਾਂ ਵੀ ਉਚਾ ਨੀ ਸੁਣਦਾ..! ਕੰਮ ਦਾ ਡੰਗ ਤਾਂ ਸਾਰੂਗਾ..!"
-"ਕਿਤੇ ਉਹ ਨਾ ਹੋਵੇ ਬਈ ਇਹਦੀ ਬੈਂਟਰੀ ਮੈਨੂੰ ਚਾਰਜ ਕਰਨੀ ਪਵੇ..!"
-"ਓਏ ਨਹੀਂ ਖਸਮਾਂ...!" ਕਲਿਆਣ ਸਮੇਤ ਸਾਰਾ ਸਟਾਫ਼ ਹੱਸੀ ਜਾ ਰਿਹਾ ਸੀ।
-"ਚੰਗਾ ਫ਼ੇਰ ਮੈਂ ਤਾਂ ਚੱਲਦੈਂ ਹੁਣ..! ਸਾਧੂ ਚੱਲਦੇ ਭਲੇ, ਤੇ ਨਗਰੀ ਵਸਦੀ ਭਲੀ..!"
-"ਚਾਹ ਨੀ ਪੀਣੀਂ, ਬਾਪੂ ਸਿਆਂ..?"
-"ਕੁਪੱਤੀ ਬੱਕਰੀ ਮਾਂਗੂੰ ਤੁਸੀਂ ਵੀ ਦੁੱਧ ਮੀਂਗਣਾਂ ਘੋਲ਼ ਕੇ ਈ ਦਿੰਨੇ ਐਂ...!"
-"ਕਿਉਂ...?"
-"ਐਨੇ ਚਿਰ ਦਾ ਬੈਠੈਂ, ਹੁਣ ਤੁਰਨ ਵੇਲ਼ੇ ਚਾਹ ਯਾਦ ਆ'ਗੀ...?"
-"ਮਾਫ਼ ਕਰ ਪਤੰਦਰਾ...! ਸੂਰੀ ਸਾਹਿਬ, ਚਾਹ ਮੰਗਵਾਓ...!"
-"ਜੀ ਸਰ...!"
ਚਾਹ ਦਾ ਹੁਕਮ ਹੋ ਗਿਆ।

ਕਿਸ਼ਤ 4

-"ਜਿੰਨਾਂ ਚਿਰ ਚਾਹ ਨੀ ਆਉਂਦੀ, ਓਨਾਂ ਚਿਰ ਮੈਂ ਸੂਰੀ ਦੀ ਹਾਸੇ ਆਲ਼ੀ ਗੱਲ ਸੁਣਾ ਦਿੰਨੈਂ..!" ਕਲਿਆਣ ਬੋਲਿਆ।
-"ਕੋਈ ਚੱਜ ਦੀ ਸੁਣਾਈਂ, ਚਾਹ ਦਾ ਸੁਆਦ ਨਾ ਖਰਾਬ ਕਰਦੀਂ..!"
-"ਜਮਾਂ ਨੀ ਕਰਦਾ...! ਇੱਕ ਆਰੀ ਸੂਰੀ ਸਾਹਿਬ ਨੇ ਕਿਸੇ ਨੂੰ ਫ਼ੋਨ ਮਿਲ਼ਾ ਲਿਆ, ਫ਼ੋਨ ਚੱਕ ਲਿਆ ਕਿਸੇ ਬੀਬੀ ਨੇ, ਸੂਰੀ ਸਾਹਿਬ ਓਹਨੂੰ ਪੁੱਛਦੇ ਐ; ਜੀ ਕੌਣ ਬੋਲਦੈ? ਅੱਗਿਓਂ ਔਰਤ ਕਹਿੰਦੀ; ਜੀ ਮੈਂ ਸੀਤਾ ਬੋਲਦੀ ਐਂ, ਤਾਂ ਸੂਰੀ ਸਾਹਿਬ ਕਹਿੰਦੇ; ਭਾਈ ਬੀਬਾ, ਮੈਨੂੰ ਲੱਗਦੈ ਫ਼ੋਨ ਆਯੁੱਧਿਆ 'ਚ ਮਿਲ਼ ਗਿਆ, ਮੈਨੂੰ ਮੁਆਫ਼ ਕਰੋ, ਹੋਰ ਦੱਸੋ, ਹਨੂੰਮਾਨ ਮਹਾਰਾਜ ਠੀਕ ਠਾਕ ਨੇ..? ਤੇ ਅੱਗਿਓਂ ਬੀਬੀ ਨੇ ਜੋ ਖੰਡ ਸੂਰੀ ਸਾਹਿਬ ਨੂੰ ਪਾਈ, ਉਹ ਸੂਰੀ ਸਾਹਿਬ ਈ ਜਾਣਦੇ ਐ...!"
-"ਪਾਉਣੀ ਸੀ, ਜਦੋਂ ਧਰਤੀ 'ਤੇ ਬਹਿ ਕੇ ਬੈਕੁੰਠ ਆਲ਼ਿਆਂ ਨਾਲ਼ ਗੱਲਾਂ ਕਰਦੈ..!"
ਹਾਸੜ ਪੈ ਗਈ।
ਉਹਨਾਂ ਦੇ ਗੱਲਾਂ ਕਰਦਿਆਂ ਹੀ ਚਾਹ ਆ ਗਈ।
-"ਸਾਡੇ ਆਲੀ ਗੱਦਾਂ ਯੱਧੀ ਚੌਂਕੇ 'ਚ ਈ ਆਥਣ ਕਰ ਮਾਰਦੀ ਐ ਚਾਹ ਨੂੰ, ਆਹ ਦੇਖ'ਲਾ, ਮਿਲਟ ਨੀ ਲਾਇਆ ਚਾਹ ਨੂੰ..! ਠਾਹ ਦੇਣੇਂ ਭੇਜ'ਤੀ..!"
ਗਿੰਦਰ ਦੇ ਕਾਰਨਾਵਿਆਂ ਤੋਂ ਦਫ਼ਤਰ ਵਾਲ਼ੇ ਹੱਸੀ ਜਾ ਰਹੇ ਸਨ।
-"ਚੁੱਲ੍ਹੇ 'ਤੇ ਈ ਨਲ਼ੀ ਬੁੜ੍ਹਕਾਈ ਜਾਊ ਕੰਜਰਾਂ ਦੀ..!" ਉਸ ਨੇ ਕੱਪ ਚੁੱਕ ਕੇ ਮੂੰਹ ਨੂੰ ਲਾ ਲਿਆ ਅਤੇ ਤਿੰਨਾਂ ਘੁੱਟਾਂ ਵਿਚ ਕੱਪ ਖਾਲੀ ਕਰ ਦਿੱਤਾ।
-"ਸੁਆਦ ਸੀ ਬਾਪੂ ਸਿਆਂ ਚਾਹ...?"
-"ਲੈ...! ਕਰ ਲੈ ਘਿਉ ਨੂੰ ਭਾਂਡਾ...! ਦੱਸ ਕੀ ਨੰਗੀ ਨ੍ਹਾਹ ਲਊ, ਤੇ ਕੀ ਨਿਚੋੜ ਲਊ..? ਗੁੜ੍ਹਤੀ ਜਿੰਨੀ ਤਾਂ ਮੈਨੂੰ ਚਾਹ ਦਿੱਤੀ ਐ...! ਤਿੱਪ ਚਾਹ 'ਚੋਂ ਸੁਆਦ ਦਾ ਸੁਆਹ ਪਤਾ ਲੱਗਣਾ ਸੀ..? ਚਾਹ ਦੇ ਸੁਆਦ ਦਾ ਪਤਾ ਤਾਂ ਜੁਆਨਾਂ ਡੋਲਣੇਂ ਆਲ਼ੀ ਚਾਹ 'ਚੋਂ ਲੱਗਦੈ..! ਉਹ ਹਿਲਾਉਂਦੀ ਐ ਧਰਨ ਬੰਦੇ ਦੀ..! ਜਦੋਂ ਨੂੰ ਚਾਹ ਦੇ ਸੁਆਦ ਦਾ ਪਤਾ ਲੱਗਣ ਲੱਗਿਆ, ਓਦੋਂ ਨੂੰ ਤੇਰੀ ਚਾਹ ਮੁੱਕਗੀ..! ਸੁਆਦ ਦੀ ਤਾਂ ਅਜੇ ਬਾਈ-ਧਾਈ ਵੀ ਨੀ ਸੀ..!"
-"ਸ਼ਹਿਰਾਂ 'ਚ ਤਾਂ ਬਾਪੂ ਐਨੀ ਕੁ ਚਾਹ ਈ ਮਿਲ਼ਦੀ ਐ...!"
-"ਤਾਂ ਹੀ ਤਾਂ ਥੋਡੇ ਜੁਆਕ ਹਰੀ ਸਿੰਘ ਨਲੂਏ ਮਾਂਗੂੰ ਮੋਛੇ ਪਾਉਂਦੇ ਐ..! ਸਾਲ਼ਿਆਂ ਦੇ ਠੇਡਾ ਵੱਜ'ਜੇ, ਤਿੰਨ ਦਿਨ ਰੋਣੋਂ ਨੀ ਹਟਦੇ, ਬੂਹਕਦੇ ਦੇ ਸਾਰਾ ਟੱਬਰ ਪਾਣੀ ਦੀਆਂ ਪੱਟੀਆਂ ਈ ਧਰੀ ਜਾਊ, ਤੇ ਲੁਆਉਣ ਤੁਰ ਪੈਣਗੇ ਧੁਣਖਵਾਅ ਦਾ ਟੀਕਾ..! ਤੇ ਪਿੰਡ ਆਲ਼ੇ ਜੁਆਕ ਦੇ ਗੰਡਾਸਾ ਵੀ ਵੱਜੇ, ਪਿਉ ਤਿੰਨ ਮਾਰਦੈ ਲਫ਼ੇੜੇ..! ਆਖੂ ਸਾਲ਼ਿਆ ਗੋਲ਼ੀ ਵੱਜ'ਗੀ..? ਭੋਰਾ ਝਰੀਟ ਐ, ਆਪੇ 'ਰਾਮ ਆ'ਜੂ..! ਧਿਆਨ ਈ ਨੀ ਦਿੰਦੇ..!"
-"ਸੋਮਵਾਰ ਨੂੰ ਸਵੇਰੇ ਸਾਝਰੇ ਈ ਪਹੁੰਚ ਜਾਈਂ ਬਾਪੂ ਸਿਆਂ..!"
-"ਮੈਖਿਆ ਸਵੇਰੇ ਸਾਝਰੇ ਸੱਤ ਤੋਂ ਪਹਿਲਾਂ ਈ ਮੀਲ ਪੱਥਰ ਮਾਂਗੂੰ ਖੜ੍ਹਾ ਹੋਊਂ..!"
-"ਵੱਡੇ ਬੱਸ ਅੱਡੇ...!"
-"ਤੇ ਮੈਂ ਕਿਹੜਾ ਪਹਾੜਾਂ ਆਲ਼ੀ ਮਾਤਾ ਦੇ ਕਹਿੰਨੈਂ..?"
ਸਭ ਦੇ ਹੱਸ-ਹੱਸ ਢਿੱਡੀਂ ਪੀੜਾਂ ਪੈ ਗਈਆਂ।
ਬੱਸ ਅੱਡੇ ਆ ਕੇ ਉਸ ਨੇ ਪਿੰਡ ਵਾਲ਼ੀ ਬੱਸ ਫ਼ੜ ਲਈ।
ਬੱਸ ਵਿੱਚ ਵੀ ਉਸ ਦਾ ਦਿਮਾਗ ਛੱਤਣੀਂ ਚੜ੍ਹਿਆ ਰਿਹਾ।
ਬੱਸੋਂ ਉਤਰ ਕੇ ਗਿੰਦਰ ਨੇ ਠੇਕੇ ਤੋਂ ਸੰਤਰਾ ਦੀ ਇੱਕ ਬੋਤਲ ਲੈ ਲਈ ਅਤੇ ਨਾਲ਼ ਦੇ ਅਹਾਤੇ ਵਿਚ ਖੜ੍ਹ ਕੇ ਦੋ ਕਰੜੇ ਪੈੱਗ ਲਾ ਕੇ ਘਰ ਨੂੰ ਤੁਰ ਪਿਆ।
-"ਆ ਜਾਹ ਬਹਿ'ਜਾ ਘੜ੍ਹੀ ਹੋਰ..! ਛੇਤੀ ਈ ਤੁਰ ਚੱਲਿਆ..?" ਬਖਤੌਰ ਨੇ ਤੁਰੇ ਜਾਂਦੇ ਗਿੰਦਰ ਨੂੰ ਕਿਹਾ।
-"ਐਥੇ ਮੈਂ ਸ਼ਰਾਧ ਕਰਨੈਂ..? ਜਿਹੜਾ ਕੰਮ ਕਰਨਾ ਸੀ, ਸੋ ਕਰ ਲਿਆ..!" ਗਿੰਦਰ ਨੇ ਉਸ ਨੂੰ ਤੋੜ ਕੇ ਸੁੱਟਿਦਆਂ ਕਿਹਾ। ਡੱਬ 'ਚ ਦਿੱਤੀ ਬੋਤਲ ਉਸ ਨੇ ਤਸੱਲੀ ਕਰਨ ਲਈ ਦੁਬਾਰਾ ਟੋਹੀ ਸੀ।
-"...........।" ਬਖਤੌਰ ਚੁੱਪ ਕਰ ਗਿਆ। ਉਹ ਗਿੰਦਰ ਵਾਲ਼ੀ ਬੋਤਲ 'ਚੋਂ ਪੈੱਗ ਦੀ ਝਾਕ ਲਾਈ ਬੈਠਾ ਸੀ।
-"ਦਾਰੂ ਦੀ ਬੋਤਲ ਦੇਖ ਕੇ ਸਾਲ਼ੇ ਨੂੰ ਕਿਵੇਂ ਹੀਂਗਣਾਂ ਛੁੱਟ ਪਿਆ..! ਲਾਅਲ਼ਾਂ ਸਿੱਟ'ਲੀਆਂ ਡੱਬ 'ਚ ਬੋਤਲ ਦੇਖ ਕੇ..! ਇਹਦੇ ਚਿੱਤ 'ਚ ਸੀ ਬਈ ਮੈਂ ਸ਼ਰਾਬੀ ਐਂ, ਗਿਲਾਸ ਭਰਦੂੰ..! ਮੈਂ ਤੇਰੇ ਅਰਗੇ ਨੂੰ ਵੇਚ ਕੇ ਖਾ'ਜਾਂ..! ਤੂੰ ਕਿਹੜੇ ਬਾਗ ਦੀ ਮੂਲ਼ੀ ਐਂ..? ਬਈ ਸਾਲ਼ਿਆ, ਜੇ ਪੀਣ ਦਾ ਸ਼ੌਕ ਐ ਤਾਂ ਆਬਦੀ ਖਰੀਦ ਕੇ ਪੀ..! ਮੁਖਤ ਦੀ ਤੈਨੂੰ ਕਿਹੜਾ ਕੰਜਰ ਪਿਆ'ਦੂ..? ਕਈਆਂ ਦੀ ਨੀਅਤ ਈ ਸਾਲ਼ਿਆਂ ਦੀ ਮਾੜੀ ਹੁੰਦੀ ਐ..!" ਗਲ਼ੀਆਂ ਵਿਚ ਬੱਕੜਵਾਹ ਕਰਦਾ ਉਹ ਘਰ ਪਹੁੰਚ ਗਿਆ।
ਸ਼ਾਮ ਕੌਰ ਰਸੋਈ ਵਿਚ ਹੀ ਚੱਕਣ ਧਰਨ ਕਰ ਰਹੀ ਸੀ।
ਘਰਵਾਲ਼ੇ ਨੂੰ ਦੇਖ ਕੇ ਉਸ ਦੇ ਚਿਹਰੇ 'ਤੇ ਰੌਣਕ ਆ ਗਈ।
-"ਪਾਣੀ ਦੇਵਾਂ..?"
-"ਲਿਆ...! ਦਾਲ਼ ਦੀ ਕੌਲੀ ਜਾਂ 'ਚਾਰ ਵੀ ਲਈ ਆਈਂ...!"
-"ਕੋਈ ਖੁਸ਼ਖਬਰੀ ਐ...?" ਉਹ ਨਲ਼ਕੇ ਤੋਂ ਪਾਣੀ ਦਾ ਗਿਲਾਸ ਭਰਦੀ ਬੋਲੀ।
-"ਆਹੋ..!"
ਸ਼ਾਮ ਕੌਰ ਨੇ ਪਾਣੀ ਦਾ ਗਿਲਾਸ ਲਿਆ ਫ਼ੜਾਇਆ।
-"ਕੱਚ ਦਾ ਗਿਲਾਸ ਵੀ ਲਿਆਉਣਾ ਸੀ...! ਅੱਧਾ ਕੰਮ ਤੂੰ ਕਰਦੀ ਐਂ, ਕਦੇ ਪੂਰਾ ਵੀ ਕਰ ਲਿਆ ਕਰ...?" ਉਸ ਨੇ ਡੱਬ ਵਿਚੋਂ ਬੋਤਲ ਕਬੂਤਰ ਵਾਂਗ ਕੱਢੀ।
-"ਹੁਣ ਇਹ ਤੇਰਾ ਨਿੱਤ ਦਾ ਕੰਮ ਈ ਹੋ ਗਿਆ..! ਬੰਦਾ ਬਣ'ਜਾ..!" ਉਸ ਨੇ ਬੁੱਲ੍ਹ ਟੇਰੇ।
-"ਤੂੰ ਮੈਥੋਂ ਕਿਤੇ ਖੌਂਸੜੇ ਨਾ ਖਾ'ਲੀਂ..! ਹੋ ਗਿਆ ਨਿੱਤ ਦਾ ਕੰਮ..! ਮਹੀਨਾਂ ਹੋ ਗਿਆ, ਓਸ ਦਿਨ ਪੀਤੀ ਸੀ..! ਨੀਅਤ ਨਾ ਮਾੜੀ ਕਰਿਆ ਕਰ..! ਚੰਗੀ ਨੀਅਤ ਨੂੰ ਈ ਚੰਗੇ ਭਾਗ ਲੱਗਦੇ ਐ..!"
-"ਤੂੰ ਬਿਨਾਂ ਗੱਲੋਂ ਤੇਈਕਤ ਕਰਨ ਲੱਗ ਜਾਨੈਂ ਮੇਰੀ..! ਇਹਦੇ ਨਾਲ਼ ਤੇਰਾ ਪਿੱਤਾ ਸੜ'ਜੂ..!"
-"ਸੜੀ ਜਾਣ'ਦੇ..! ਸਾਲ਼ੀ ਕੁੱਤਿਆਂ ਦੀ..! ਲੁਤਰੋ ਨੀ ਅੰਦਰ ਵੜਦੀ ਸਾਲ਼ੀ ਤੋਂ..! ਕੁਛ ਨਾ ਕੁਛ ਭੌਂਕੀ ਜਾਊਗੀ..! ਅੱਜ ਤੱਕ ਤਾਂ ਪਿੱਤਾ ਸੜਿਆ ਨਾ..! ਪਿੱਤਾ ਸਾਲ਼ਾ ਕਾਗਤ ਦੈ, ਜਿਹੜਾ ਸੜਜੂਗਾ..? ਜਾਹ ਲਿਆ ਗਿਲਾਸ ਜਾ ਕੇ..!"
-"..............।" ਉਹ ਪੁੱਠੇ ਪੈਰੀਂ ਵਾਪਸ ਮੁੜ ਗਈ।
-"ਚੰਗੀ ਨੀ ਪੁੱਛਣੀ, ਮਾੜੀ ਨੀ ਪੁੱਛਣੀ..! ਆਬਦਾ ਈ ਘੋਰੜੂ ਖੜਕਾਉਣ ਲੱਗ ਜਾਣੈਂ..!"
-"ਚੱਲ ਹੁਣ ਖਪ ਨਾ..! ਮਾਫ਼ੀ ਦੇਹ ਮੈਨੂੰ..! ਤੇ ਸੁਣਾ ਗੱਲ ਪਾਸਪੋਰਟ ਆਲ਼ੀ..!" ਉਹ ਬੜੇ ਠੰਢੇ ਮਤੇ ਨਾਲ਼ ਬੋਲੀ।
-"ਹੁਣ ਦਾਲ਼ ਦੀ ਕੌਲੀ ਵੀ ਲਿਆ ਦੇ..! ਸੁੱਕੀ ਤਾਂ ਪਿੱਤਾ ਈ ਮਚਾਊ..! ਬੈਰਨ ਤਾਂ ਮੇਰੀ ਤੂੰ ਬਣੀ ਐਂ, ਪਿੱਤਾ ਓਥੇ ....  ਮੇਰੇ ਮੂੰਹੋਂ ਹੋਰ ਕੁਛ ਨਿਕਲ਼ ਚੱਲਿਆ ਸੀ..!"
ਸ਼ਾਮ ਕੌਰ ਨੇ ਅੰਬ ਦਾ ਅਚਾਰ ਲਿਆ ਧਰਿਆ।
-"ਲੱਗੀ ਗੱਲ ਕਿਸੇ ਤਣ ਪੱਤਣ..?"
-"ਲੱਗੀ ਤਾਂ ਖ਼ੈਰ ਨਹੀਂ, ਪਰ ਲੱਗ ਜਾਊਗੀ..!"
-"ਕੀ ਕਹਿੰਦੇ..?"
-"ਕਹਿਣਾਂ ਕੀ ਐ..? ਹੱਡ ਭਾਲ਼ਦੇ ਐ ਭੈਣ ਦੇ ਬੀਂਬੜ..!"
-"ਕਿੱਡਾ ਕੁ...?"
-"ਹੱਡ ਤਾਂ ਸ਼ਾਮ ਕੁਰੇ ਬਾਹਵਾ ਵੱਡਾ ਭਾਲ਼ਦੇ ਐ..!" ਉਸ ਨੇ ਗਿਲਾਸ ਭਰ ਕੇ ਅੰਦਰ ਸੁੱਟਿਆ।
-"ਤਾਂ ਵੀ..? ਜੇ ਫ਼ਸੇ ਐਂ, ਹੂਲ਼ਾ ਤਾਂ ਫ਼ੱਕਣਾਂ ਈ ਪੈਣੈਂ..!"
-"ਪੰਜ ਹਜਾਰ..!"
-"ਨੀ ਮੈਂ ਮਰ'ਜਾਂ...! ਪੰਜ ਹਜਾਰ..?" ਸ਼ਾਮ ਕੌਰ ਦੇ ਸਾਹ ਅਸਮਾਨ ਨੂੰ ਚੜ੍ਹ ਗਏ।
-"ਪਰ ਜੇ ਕੁੜੀ ਕਿਸੇ ਅਜੰਟ ਰਾਹੀਂ ਤੋਰਦੇ, ਫ਼ੇਰ ਵੀ ਦੋ-ਚਾਰ ਲੱਖ ਲਾਉਣਾ ਈ ਪੈਂਦਾ..!"
-"ਗੱਲ ਤੇਰੀ ਵੀ ਠੀਕ ਐ, ਸਰਦਾਰਾ..! ਕੁੜੀ ਨੂੰ ਤਾਂ ਕਿਸੇ ਤਣ-ਪੱਤਣ ਲਾਉਣਾ ਈ ਐਂ..!"
-"ਤੂੰ ਤਾਂ ਮੇਰੀ ਦਾਰੂ ਨੂੰ ਈ ਤੋਏ-ਤੋਏ ਕਰਦੀ ਰਹਿੰਨੀ ਐਂ..! ਮੇਰੇ ਅਰਗਾ ਖਰਾ ਬੰਦਾ ਤੈਨੂੰ ਦਿਨੇ ਦੀਵਾ ਲੈ ਕੇ ਵੀ ਨੀ ਮਿਲ਼ਣਾਂ ਸਾਰੇ ਜਹਾਨ 'ਚ..!" ਉਸ ਨੇ ਅਗਲਾ ਗਿਲਾਸ ਕੰਗਣੀਂ ਤੱਕ ਭਰ ਲਿਆ।
-"ਤੇ ਮੈਂ ਹੋਰ ਕਿਸੇ ਬੰਦੇ ਨੂੰ ਲਾਂਬੂ ਲਾਉਣੈਂ..? ਮੇਰਾ ਤਾਂ ਤੂੰ ਹੀ ਸਿਰੋਂ ਸਰਦਾਰ ਐਂ..!"
-"ਸਦਕੇ ਜਾਂਵਾਂ ਤੇਰੇ ਤੋਂ...!" ਗਿੰਦਰ ਖ਼ੁਸ਼ ਹੋ ਗਿਆ।
-"ਜਿੰਨਾਂ ਮਰਜ਼ੀ ਲੜਦੀ ਐਂ ਸਰਦਾਰਾ..! ਪਰ ਸੁੱਖ ਵੀ ਅੱਠੇ ਪਹਿਰ ਤੇਰੀਓ ਈ ਮੰਗਦੀ ਐਂ..! ਲੜਨਾ ਵੀ ਤੀਮੀਂ ਮਾਨੀਂ ਨੇ ਆਬਦੇ ਬੰਦੇ ਨਾਲ਼ ਈ ਹੁੰਦੈ, ਤੇਰੇ ਬਿਨਾਂ ਤਾਂ ਮੈਨੂੰ ਵੀ ਘੁੱਪ ਹਨ੍ਹੇਰਾ ਈ ਲੱਗਦੈ..!"
-"ਚੰਗਾ ਫ਼ੇਰ ਇੱਕ ਬੁੱਘੀ ਤਾਂ ਦੇਹ..!"
-"ਐਨੀ ਵੀ ਚੰਗੀ ਨੀ ਹੈਗੀ ਮੈਂ..!" ਉਸ ਨੇ ਸਾਹਣ ਵਾਂਗ ਫ਼ੁੰਕਾਰਾ ਮਾਰਿਆ, "ਬਾਹਲ਼ਾ ਮਸਤਿਆ ਨਾ ਕਰ..! ਭੀਮ ਸੈਨ ਮਾਂਗੂੰ ਧੌਣੋਂ ਫ਼ੜ ਕੇ ਲਟੈਣ ਥੱਲੇ ਵੀ ਦੇ'ਦੂੰ..!"
-"ਸਾਲ਼ੀ ਨੇ ਪੀਤੀ ਈ ਖੋਟੀ ਕਰ'ਤੀ..!" ਗਿੰਦਰ ਹੈਰਾਨ ਸੀ, "ਹੁਣ ਕੀ ਧਤੂਰਾ ਚੜ੍ਹ ਗਿਆ ਤੈਨੂੰ, ਬੇਬੇ ਮੇਰੀਏ...? ਚੰਗੀ ਭਲੀ ਤਾਂ ਬੋਲਦੀ ਸੀ..!"
-"ਮੂੰਹ 'ਚ ਕੁੱਢਣ ਦੇ'ਦੂੰ..! ਕਿਵੇਂ ਲੁੱਚਾ ਲੰਡਾ ਬਣਿਐਂ, ਜੁਆਕ ਜੁਆਨ ਐਂ, ਕੁਛ ਸ਼ਰਮ ਕਰ...!"
-"ਜੁਆਕ ਆਬਦੀ ਥਾਂ, ਤੀਮੀਂ ਆਬਦੀ ਥਾਂ..! ਸਾਲ਼ੀਏ ਚੰਡਾਲ਼ ਕੀ ਚੜ੍ਹ ਗਿਆ ਤੈਨੂੰ..? ਚੰਗੀ ਭਲੀ ਝਾਕਦੀ ਟੀਰ ਮਾਰਨ ਲੱਗ ਪੈਨੀਂ ਐਂ..!"
-"ਜਿਹੜੇ ਕੰਮ ਗਿਆ ਸੀ, ਓਹਦੇ ਬਾਰੇ ਤਾਂ ਦੱਸਦਾ ਨੀ..! ਹੋਰ ਈ ਬਲ਼ਦ ਮੂਤਣੀਆਂ ਪਾਉਣ ਲੱਗ ਪਿਆ ਔਤਾਂ ਦੇ ਜਾਣਾ, ਬੋਕ..!"
-"ਦੱਸੀ ਤਾਂ ਜਾਨੈਂ, ਹੋਰ ਤੈਨੂੰ ਅਛਟਾਮ 'ਤੇ ਲਿਖ ਕੇ ਦੇ ਦਿਆਂ..?"
-"ਕਿੱਥੇ ਦੱਸਦੈਂ...? ਤੂੰ ਤਾਂ ਹੋਰ ਈ ਗੁੱਡੀਆਂ ਪਟੋਲ੍ਹੇ ਸੁਣਾਉਣ ਲੱਗ ਪਿਆ..! ਦੇ-ਦੇ ਇਹਨੂੰ ਬੁੱਘੀ..! ਸਿਵਿਆਂ 'ਚ ਲੱਤੈਂ, ਲਾ ਕੇ ਘੁੱਟ ਮੂੰਹ ਨੂੰ ਅਜੇ ਬੁੱਘੀਆਂ ਭਾਲ਼ਦੈ, ਧੌਲ਼ ਦਾੜ੍ਹੀਆ, ਚੌਰਾ ਕਿਸੇ ਥਾਂ ਦਾ..!"
-"ਬੈਠ ਕੇ ਠੰਢੇ ਮਤੇ ਨਾਲ਼ ਗੱਲ ਸੁਣ..! ਤੇਰਾ ਬਲੱਡ ਚੜ੍ਹ ਗਿਆ, ਹੋਰ ਕੁਛ ਨੀ ਹੋਇਆ ਤੈਨੂੰ..! ਆ ਬਹਿ'ਜਾ ਕੋਲ਼ੇ..!"
-"ਮੈਂ ਪੀੜ੍ਹੀ ਲੈ ਕੇ ਆਉਨੀਂ ਆਂ..! ਤੇਰੇ ਕੋਲ਼ੇ ਬਹਿੰਦੀ ਐ ਮੇਰੀ ਜੁੱਤੀ..!"
ਉਹ ਹਵਾ ਵਾਂਗ ਗਈ ਅਤੇ ਪੀੜ੍ਹੀ ਲੈ ਕੇ ਆ ਗਈ।
-"ਰੁਪੱਈਆ ਉਹ ਪੰਜ ਹਜ਼ਾਰ ਮੰਗਦੈ, ਪਾਸਪੋਰਟ ਕਢਵਾ ਦਿਊ..!"
-"ਤੇ ਦੇ ਕੇ ਮੱਥਾ ਡੰਮ੍ਹ ਪਰ੍ਹੇ..! ਕੁੜੀ ਤਾਂ ਘਰੋਂ ਤੋਰਨੀ ਈ ਐਂ..!"
-"ਤੇ ਮੈਂ ਕਦੋਂ ਪਾਸਾ ਵੱਟਦੈਂ ਜਿਉਣ ਜੋਕਰੀਏ..? ਬੰਦਾ ਤਾਂ ਸਾਲ਼ਾ ਗਿੱਦੜਮਾਰ ਜਿਆ ਈ ਐ, ਪਰ ਹੱਡ ਲੈ ਕੇ ਪਾਸਪੋਰਟ ਕਢਵਾ ਦਿਊਗਾ ਕੁੜੀ ਦਾ..!"
-"ਅਸੀਂ ਬੰਦੇ ਤੋਂ ਕੀ ਮੇੜ੍ਹ ਪੁਆਉਣੀਂ ਐਂ..? ਆਬਦਾ ਕੰਮ ਕੱਢਣੈਂ, ਚਾਹੇ ਦੁਨੀਆਂ ਦਾ ਚੋਰ ਹੋਵੇ..! ਤੂੰ ਆਬਦਾ ਕੰਮ ਕੱਢਣ ਆਲ਼ਾ ਬਣ..!"
-"ਅਸੀਂ ਸੋਮਵਾਰ ਨੂੰ ਜਾਣੈਂ ਚੰਡੀਗੜ੍ਹ..!"
-"ਚੰਦੀਗੜ੍ਹ...? ਵੇ ਐਡੀ ਦੂਰ...?"
-"ਆਹੋ..! ਪਾਸਪੋਰਟ ਚੰਡੀਗੜ੍ਹ ਈ ਬਣਦੇ ਐ..! ਓਥੇ ਈ ਜਾਣਾ ਪਊ..!"
-"ਜੀ, ਕਿਤੇ ਤੂੰ ਨਾ ਗੁਆਚ'ਜੀਂ..!"
-"ਮੇਰੇ ਗੁਆਚਣ ਨਾਲ਼ ਤੈਨੂੰ ਕੀ ਫ਼ਰਕ ਪੈਣੈਂ..? ਨ੍ਹਾਂ ਤੂੰ ਮੈਥੋਂ ਕਰਵਾਉਣਾ ਵੀ ਕੀ ਐ..?? ਗਾਲ਼ਾਂ ਦੀ ਤਾਂ ਸੂੜ ਬੰਨ੍ਹੀ ਰੱਖਦੀ ਐਂ, ਜਿਵੇਂ ਮੈਂ ਕੋਈ ਬੈਰੀ ਹੁੰਨੈਂ..!"
-"ਜੀ ਤੇਰੇ ਬਿਨਾ ਤਾਂ ਮੈਂ ਆਨੇ ਦੀ ਨੀ ਸਰਦਾਰਾ..! ਕੰਮ 'ਚ ਭੂਤਨੀ ਤਾਂ ਮੇਰੀ ਭੁੱਲੀ ਰਹਿੰਦੀ ਐ, ਕਬੀਲਦਾਰੀ ਦੀ ਚਿੰਤਾ ਮੈਨੂੰ ਟਿੰਡੀ ਦੇ ਬੀਅ 'ਤੇ ਚੜ੍ਹਾਈ ਰੱਖਦੀ ਐ, ਖਿਝੀ ਖਿਝਾਈ ਤੈਨੂੰ ਚੁੰਬੜ ਜਾਨੀ ਐਂ..! ਹੋਰ ਮੈਨੂੰ ਤੇਰੇ ਨਾਲ਼ ਕੋਈ ਰੰਜ ਜਾਂ ਰੋਸਾ ਥੋੜ੍ਹੋ ਐ..? ਤੈਨੂੰ ਦੇਖ-ਦੇਖ ਜਿਉਨੀ ਐਂ, ਬੰਦੇ ਬਿਨਾ ਤੀਮੀਂ ਤਾਂ ਕੱਖ ਦੀ ਨੀ ਰਹਿੰਦੀ ਸਰਦਾਰਾ, ਜੇ ਸਿਰ 'ਤੇ ਬੰਦਾ ਨਾ ਹੋਵੇ ਤਾਂ ਦੁਨੀਆਂ ਦੀ ਜੂਠ ਖੰਘੂਰੇ ਮਾਰ-ਮਾਰ ਸਤਾਉਂਦੀ ਐ..! ਦੁੱਕੀ ਦੇ ਛੜੇ ਲੋਟ ਨੀ ਆਉਂਦੇ, ਸ਼ਰੀਕਾਂ ਮਾਂਗੂੰ ਖਹਿ-ਖਹਿ ਨੰਘਦੇ ਐ..!"
-"ਕੱਲ੍ਹ ਨੂੰ ਜਾਨੈਂ ਆੜ੍ਹਤੀਏ ਕੋਲ਼ੇ, ਤੇ ਪਾਉਨੈਂ ਉਹਦੇ ਗਲ਼ 'ਚ ਸਾਅਫ਼ਾ..! ਪਿਉ-ਦਾਦੇ ਦੀ ਬਥ੍ਹੇਰੀ ਖੱਲ ਲਾਹੀ ਐ ਇਹਨਾਂ ਨੇ..!"
-"ਤੇ ਆਪਾਂ ਨੂੰ ਕਿਹੜਾ ਬਖਸ਼ਦੇ ਐ ਖਸਮਾਂ ਨੂੰ ਖਾਣੇਂ..! ਆਪਣੀ ਵੀ ਬਥ੍ਹੇਰੀ ਲੁੱਪਰੀ ਲਾਹੁੰਦੇ ਐ ਕੋਹੜ੍ਹੀ ਹੋਣੇ..!"
ਬਾਹਰਲਾ ਦਰਵਾਜਾ ਖੜਕਿਆ।
-"ਦੇਖ ਕੌਣ ਐਂ...?" ਗਿੰਦਰ ਨੇ ਬੋਤਲ ਚੁੱਕ ਕੇ ਸਿਰਹਾਣੇਂ ਹੇਠ ਦੇ ਲਈ। ਗਿਲਾਸ ਅਤੇ ਕੌਲੀ ਮੰਜੇ ਥੱਲੇ ਨੂੰ ਕਰ ਦਿੱਤੇ।
ਸ਼ਾਮ ਕੌਰ ਨੇ ਦਰਵਾਜਾ ਜਾ ਖੋਲ੍ਹਿਆ।
-"ਬਾਈ ਘਰੇ ਈ ਐ ਭਾਬੀ...?" ਪਿੰਡ ਵਿਚੋਂ ਜਗਦੇਵ 'ਗਿਆਨੀ' ਆਇਆ ਸੀ।
-"ਵੇ ਤੇਰੇ ਬਾਈ ਨੇ ਕਿਹੜਾ ਪਰੋਜਪੁਰ ਜਾਣੈਂ, ਕਹਿੰਦੇ ਨੀ ਹੁੰਦੇ..? ਕੱਟੇ ਦਾ ਸਾਥੀ, ਜਾਂ ਖੁਰਨੀਂ ਜਾਂ ਕਿੱਲਾ, ਔਹ ਬੈਠੈ ਤੇਰਾ ਬਾਈ, ਪਾ ਲੈ ਸਲਾਮੀ..! ਚੋਪੜ ਲੈ ਸਿੰਗ ਬਾਈ ਦੇ...!"
ਜਗਦੇਵ ਅੰਦਰ ਲੰਘ ਆਇਆ।
-"ਤਕੜੈਂ ਬਾਈ ਸਿਆਂ...?"
-"ਲੋਹੇ ਵਰਗੇ ਗਿਆਨੀ..! ਵਧਾਈਆਂ ਬਈ ਤੈਨੂੰ..! ਅੱਜ ਈ ਪਤਾ ਲੱਗਿਐ ਮੁੰਡੇ ਦੇ ਵਿਆਹ ਦਾ..!"
-"ਸਵਾ ਵਧਾਈਆਂ ਬਾਈ..! ਬਰਾਤ ਨੂੰ ਆਖਣ ਆਇਐਂ..!"
-"ਜ਼ਰੂਰ ਚੱਲਾਂਗੇ ਜਿਉਣ ਜੋਕਰਿਆ, ਤੇਰਾ ਕਿਹਾ ਸਿਰ ਮੱਥੇ..!"
-"ਕਦੋਂ ਜਾਣੈਂ..?"
-"ਅੱਜ ਪੂਰੇ ਦੋ ਹਫ਼ਤੇ ਐ..!"
-"ਚੱਲਾਂਗੇ...! ਸਾਡੇ ਆਲ਼ਾ ਸਮਾਨ ਤਾਂ ਤੂੰ ਪੀਂਦਾ ਨੀ, ਬਹਿ'ਜਾ, ਦੁੱਧ ਪੀ ਲੈ..!"
-"ਨਹੀਂ..! ਮੈਂ ਹੋਰ ਘਰੀਂ ਵੀ ਜਾਣੈਂ, ਬਾਈ..! ਦੁੱਧ ਕਦੇ ਫ਼ੇਰ ਪੀਂਵਾਂਗੇ..! ਗੁਰੂ ਬਾਹਲ਼ਾ ਦੇਵੇ..!"
ਜਗਦੇਵ ਬਾਹਰ ਨਿਕਲ਼ ਗਿਆ।
ਗਿੰਦਰ ਨੇ ਸਿਰਹਾਣੇਂ ਹੇਠੋਂ ਬੋਤਲ ਇਉਂ ਕੱਢੀ, ਜਿਵੇਂ ਜੋਗੀ ਪਟਾਰੀ ਵਿਚੋਂ ਸੱਪ ਖਿੱਚਦੈ।
-"ਸਾਲ਼ਾ ਨਿਕਾਲ਼ ਈ ਮਰ ਚੱਲਿਆ ਸੀ..!" ਉਸ ਨੇ ਗਿਲਾਸ ਭਰ ਕੇ ਅੰਦਰ ਸੁੱਟਿਆ।
-"ਹੌਲ਼ੀ ਪੀ ਲੈ..! ਕੋਈ ਮਗਰ ਪਿਐ..? ਨਾਲ਼ੇ ਇਹ ਕਿਹੜਾ ਭੱਜੀ ਜਾਂਦੀ ਐ..?"
-"ਹੌਲ਼ੀ ਚਾਹੇ ਕਾਹਲ਼ੀ, ਜਾਣੀਂ ਤਾਂ ਅੰਦਰ ਈ ਐ..! ਐਹੋ ਜੇ ਕੰਮ ਨੂੰ ਘੌਲ਼ ਕਾਹਦੀ..? ਜਿਹੜਾ ਕੰਮ ਟੈਮ ਨਾਲ਼ ਨਿੱਬੜਜੇ ਉਹਦੇ ਨਾਲ਼ ਦੀ ਰੀਸ ਨੀ ਹੁੰਦੀ, ਭਾਗਮਾਨੇ..!"
-"ਕੰਮ ਤਾਂ ਮੈਂ ਕਹਿੰਨੀ ਐਂ ਤੂੰ 'ਮਰੀਕਾ ਨੂੰ ਰਾਗਟ ਚੜ੍ਹਾਉਣ ਲੱਗਿਐਂ, ਚੱਚਰ ਕੀ ਕਰਦੈ..!"
-"ਆਹ ਗਿਆਨੀ ਜਗਦੇਵ ਦੇ ਮੁੰਡੇ ਦੀ ਜੰਨ ਜਾਣ ਦਾ ਫ਼ਾਇਦਾ ਤਾਂ ਕੋਈ ਹੋਣਾਂ ਨੀ..!" ਗਿੰਦਰ ਨੇ ਗੱਲ ਬਦਲੀ।
-"ਘਰਾਂ ਦਾ ਵਰਤ ਵਰਤਾਓ ਹੁੰਦੈ, 'ਕੱਲਾ ਕੋਈ ਵੱਡਾ ਨੀ ਹੁੰਦਾ, ਦਿਨ-ਦਿਹਾਰਾਂ ਦਾ ਖੱਟਿਆ ਈ ਖਾਈਦੈ, ਫ਼ਾਇਦੇ ਕੁਫ਼ਾਇਦੇ ਦੇਖ ਕੇ ਥੋੜ੍ਹੋ ਵਰਤਣੈਂ..?"
-"ਨਾ ਇਹਨੇ ਆਪ ਕੁਛ ਖਾਣਾਂ, ਨਾ ਪੀਣਾ, ਸਾਨੂੰ ਵੀ ਉਪਦੇਸ਼ ਦਿਊਗਾ, ਅਖੇ ਨਾ ਪੀਓ..!"
-"ਤੇ ਫ਼ੇਰ ਸਹੀ ਕਹਿੰਦੈ..! ਸਿਹਤ ਗਾਲ਼ਦੀ ਐ ਅੱਗ ਲੱਗੜੀ..! ਤੇਰੀ ਤਾਂ ਜੀਭ ਮੂਤਦੀ ਰਹਿੰਦੀ ਐ ਦਾਰੂ ਨੂੰ..!"
-"ਇਹ ਤਾਂ ਸ਼ਿਵ ਜੀ ਮਹਾਰਾਜ ਦਾ ਤੇਰ੍ਹਵਾਂ ਰਤਨ ਐਂ...! ਜੈ ਭੋਲ਼ੇ ਨਾਥ...! ਜੈ ਸ਼ਿਵ ਸ਼ੰਕਰ...! ਐਂਵੇਂ ਨੀ ਦੁਨੀਆਂ ਪੀਂਦੀ, ਨਾਲ਼ੇ ਨਾਂਵਾਂ ਖਰਚਦੀ..!" ਉਸ ਨੇ ਇੱਕ ਹੋਰ ਪਾ ਕੇ ਚਾੜ੍ਹ ਲਿਆ।
-"ਪੀ ਕੇ ਝੱਗੇ ਚੌੜ ਵੀ ਦੁਨੀਆਂ ਈ ਕਰਵਾਉਂਦੀ ਐ..!"
-"ਤੂੰ ਸਾਡੇ ਸ਼ਾਹੀ ਕੰਮ 'ਚ ਆਬਦੇ ਝੱਗੇ ਡਬੱਟੇ ਨਾ ਲਿਆ ਘਸੋੜਿਆ ਕਰ..! ਨੀਅਤ ਨਾ ਨੰਗ ਕਰਿਆ ਕਰ ਆਬਦੀ..! ਜਗਦੇਵ ਗਿਆਨੀ ਈ ਪ੍ਰਚਾਰ ਕਰਦਾ ਹੁੰਦੈ, ਅਖੇ ਜੇ ਬੰਦਾ ਕਿਸੇ ਕੰਮ ਨੂੰ ਸਿੱਧੀ ਨੀਅਤ ਨਾਲ਼ ਮਿਥ ਕੇ ਚੱਲ ਪਵੇ, ਤਾਂ ਕੁਜਰਤ ਵੀ ਉਹਦੇ ਨਾਲ਼ ਤੁਰ ਪੈਂਦੀ ਐ..! ਹੈ ਤਾਂ ਬੜਾ ਬਿਦਮਾਨ ਬੰਦਾ, ਪਰ ਖਾਣ ਪੀਣ ਵੱਲੋਂ ਈ ਹੱਥ ਜਿਆ ਘੁੱਟਦੈ..!"
-"ਹੁਣ ਡੱਫ਼ੀ ਨਾ ਜਾਹ..! ਮੈਂ ਰੋਟੀ ਪਾ ਲਿਆਉਨੀਂ ਐਂ..! ਤੂੰ ਤਾਂ ਗਰਲ਼ੇ 'ਤੇ ਗਰਲ਼ਾ ਸਿੱਟੀ ਜਾਨੈਂ ਅੰਦਰ, ਜਿਮੇਂ ਕੋਈ ਮਗਰ ਪਿਆ ਹੁੰਦੈ..!"
-"ਰੋਟੀ ਪਹਿਲਾਂ ਜੁਆਕਾਂ ਨੂੰ ਖੁਆ ਦਿੰਦੀ..? ਮੈਂ ਅਜੇ ਹੋਰ ਲਹਿਰ ਲਾ ਲੈਂਦਾ...??"
-"ਡੰਡੇ ਮਾਂਗੂੰ ਡੱਕ-ਡੱਕ ਤਾਂ ਮੂੰਹ 'ਚ ਤੇਰੀ ਜ਼ੁਬਾਨ ਵੱਜੀ ਜਾਂਦੀ ਐ, ਅਜੇ ਹੋਰ ਤੂੰ ਕਿਹੜੀ ਲਹਿਰ ਲਾਉਣੀਂ ਐਂ..? ਡੱਫ਼ ਕੇ ਹੁਣ ਮੂਧੇ ਮੂੰਹ ਤਾਂ ਨੀ ਡਿੱਗਣਾ..? ਪੌਣੀ ਤਾਂ ਤੂੰ ਬੋਤਲ ਪੀ ਗਿਆ..! ਜੇ ਰਹਿੰਦੀ ਬੋਤਲ ਵੀ ਸੂਤ ਗਿਆ, ਮੌਲੇ ਬਲ਼ਦ ਮਾਂਗੂੰ ਪੂਛੋਂ ਫ਼ੜ ਕੇ ਉਠਾਉਣ ਆਲ਼ਾ ਹੋਜੇਂਗਾ...!"
-"ਹਾਏ ਰੱਬਾ..! ਨਜਰ ਨਾ ਲਾਅਦੀਂ ਮੈਨੂੰ..! ਮੈਂ ਤਾਂ ਚਾਂਦੀ ਦੇ ਰੁਪਈਏ ਅਰਗਾ ਖਰਾ ਬੰਦੈਂ, ਪਰ ਤੇਰੇ ਨੀ ਫ਼ਿੱਟ ਆਇਆ ਮੈਂ...! ਨ੍ਹਾਂ ਤੂੰ ਮੈਨੂੰ ਸ਼ਰਾਬੀ ਸਮਝਦੀ ਐਂ..?"
-"ਕਾਹਨੂੰ...! ਤੂੰ ਤਾਂ ਬਾਹਲ਼ਾ ਈ ਦੇਬਤਾ ਐਂ...! ਅੱਖਾਂ ਤਾਂ ਤੇਰੀਆਂ ਪੜਛੱਤੀ ਚੜ੍ਹੀਆਂ ਪਈਐਂ, ਜੀਭ ਤੇਰੀ ਜਗਰਾਂਮਾਂ ਤੋਂ ਹੋ-ਹੋ ਕੇ ਮੁੜਦੀ ਐ..! 'ਉਰਲ਼-ਉਰਲ਼' ਤੂੰ ਕਰੀ ਜਾਨੈਂ..!"
-"ਸਿਆਣੇ ਕਹਿੰਦੇ ਹੁੰਦੇ ਐ, ਚੰਦ 'ਤੇ ਨੀ ਥੁੱਕੀਦਾ ਹੁੰਦਾ, ਮੂੰਹ 'ਤੇ ਈ ਡਿੱਗਦੈ..! ਓਦੋਂ ਤਾਂ ਫ਼ੋਰਾ ਨੀ ਸੀ ਲਾਇਆ, ਗੜੱਪ ਦੇਣੇਂ ਲਾਵਾਂ 'ਤੇ ਬਹਿਗੀ ਸੀ ਨਾਲ਼ ਜੁੜ ਕੇ..!"
-"ਮੇਰੇ ਪਿਉ ਦੀ ਬਹਿ'ਗੀ ਸੀ ਬੇੜੀ..! ਤੇ ਨਾਲ਼ ਬਹਿ'ਗੀ ਸੀ ਅੱਗ ਲੱਗੜੇ ਬਚੋਲੇ ਦੀ, ਓਹਨਾਂ ਨੇ ਨਰੜ'ਤਾ ਤੇਰੇ ਨਾਲ਼ ਮੈਨੂੰ..! ਮੈਂ ਤਾਂ ਬਥ੍ਹੇਰੀ ਢਾਕ ਮਰੋੜ ਕੇ ਤੁਰਦੀ ਸੀ..!"
-"ਹੈਅ ਤੇਰੀ..!" ਉਸ ਨੇ ਲਚੜੇਂਵੇਂ ਵਿੱਚ ਟਕੋਰ ਕੀਤੀ, "ਸਦਕੇ ਤੇਰੇ..! ਕਦੇ-ਕਦੇ ਤੈਨੂੰ ਪਤਾ ਨੀ ਕੀ ਚੰਡੀ ਚੜ੍ਹਦੀ ਐ, ਭੂਸਰੇ ਸਾਹਣ ਮਾਂਗੂੰ ਗੇੜਾ ਦੇ ਕੇ ਮੇਰੇ ਦੁਆਲ਼ੇ ਹੋ ਜਾਨੀਂ ਐਂ..!"
-"ਘਤਿੱਤਾਂ ਤੂੰ ਕਰਿਆ ਕਰ, ਮੂਤ ਤੂੰ ਪੀਆ ਕਰ, ਤੇ ਦੋਸ਼ ਮੜ੍ਹਿਆ ਕਰ ਮੇਰੇ 'ਤੇ..! ਵੱਡਾ ਚਲਾਕ..!"
-"ਲੈ ਹੁਣ ਨੀ ਪੀਂਦਾ ਮੂਤ..!" ਉਸ ਨੇ ਬੋਤਲ ਵਿਚੋਂ ਆਖਰੀ ਪੈੱਗ ਪਾ ਕੇ ਅੰਦਰ ਸੁੱਟਦਿਆਂ ਕਿਹਾ, "ਆਹ ਲੈ ਗਈ ਤੇਰੀ ਬੈਰਨ..!" ਉਸ ਨੇ ਬੋਤਲ ਦੂਰ ਚਲਾਵੀਂ ਮਾਰੀ, "ਹੁਣ ਖ਼ੁਸ਼ ਐਂ..? ਨ੍ਹਾ ਹੁਣ ਬਾਗੋ ਬਾਗ ਐਂ ਸਰਦਾਰਨੀਏਂ..? ਸਿੱਟ'ਤੀ ਗੰਦੀ ਚੀਜ਼..! ਵੱਢ'ਤਾ ਫ਼ਾਹਾ..!"
-"...............।"
ਹੁਣ ਸ਼ਾਮ ਕੌਰ ਕੁਛ ਨਾ ਬੋਲੀ। ਉਸ ਨੇ ਰੋਟੀ ਵਾਲ਼ੀ ਥਾਲ਼ੀ ਉਸ ਦੇ ਅੱਗੇ ਲਿਆ ਰੱਖੀ। ਡਿੰਮ੍ਹ ਜਿਹੀ ਲਾਈਟ ਵਿਚ ਗਿੰਦਰ ਬਾਟੀ ਦੀ ਜਗਾਹ, ਮੰਜੇ 'ਤੇ ਹੀ ਬੁਰਕੀ ਘਸਾਈ ਜਾ ਰਿਹਾ ਸੀ।
-"ਦਾਲ਼ 'ਚ ਨੂਣ ਘੱਟ ਐ..!" ਰੋਟੀ ਲੈ ਕੇ ਆਈ ਸ਼ਾਮ ਕੌਰ ਕੋਲ਼ ਗਿੰਦਰ ਨੇ ਸ਼ਿਕਵਾ ਕੀਤਾ।
-"ਹਾਏ ਮੈਂ ਮਰ'ਜਾਂ..! ਵੇ ਬੈਰੀਆ ਬੁਰਕੀ ਦਾਲ਼ ਨਾਲ਼ ਤਾਂ ਲਬੇੜ ਲੈ..! ਮੰਜੇ 'ਤੇ ਘਸਾ-ਘਸਾ ਈ ਅੰਦਰ ਸਿੱਟ੍ਹੀ ਜਾਨੈਂ..!"
-"ਬਿਜਲੀ ਡਿੰਮ੍ਹ ਐਂ ਨ੍ਹਾਂ..! ਦੀਂਹਦਾ ਨੀ..!"
-"ਬਿਜਲੀ ਤਾਂ ਖਸਮਾਂ ਨੂੰ ਖਾਣੀਂ ਨਿੱਤ ਈ ਡਿੰਮ੍ਹ ਹੁੰਦੀ ਐ, ਲੱਗ'ਜੇ ਅੱਗ ਐਸ ਸਰਕਾਰ ਨੂੰ..! ਬਿਜਲੀ ਤਾਂ ਰੋਜ ਈ ਡਿੰਮ੍ਹ ਆਉਂਦੀ ਐ, ਅੱਜ ਤੇਰੇ ਈ ਕੁੱਤੇ ਬਾਹਲ਼ੇ ਫ਼ੇਲ੍ਹ ਹੋਏ ਵੇ ਐ..!"
-"ਫ਼ੇਰ ਇਉਂ ਹੋਣੈਂ..!" ਆਖ ਕੇ ਗਿੰਦਰ ਚੁੱਪ ਕਰ ਗਿਆ, "ਤੂੰ ਸਹੀ ਕਹਿੰਨੀ ਐਂ...! ਮੈਂ ਈ ਲੋਟ ਜਿਆ ਨੀ ਅੱਜ...!"
-"ਵੇ ਆ'ਜੋ ਵੇ ਜੁਆਕੋ..! ਤੁਸੀਂ ਵੀ ਰੋਟੀ ਖਾ ਕੇ ਕੰਮ ਨਬੇੜੋ, ਮੈਂ ਵੀ ਮੰਜੇ 'ਤੇ ਢੂਹੀ ਲਾਉਣ ਆਲ਼ੀ ਬਣਾਂ, ਆਥਣ ਦੀ ਚੁੱਲ੍ਹੇ ਮੂਹਰੇ ਬੈਠੀ ਐਂ..! ਆ'ਜੋ ਸਾਰੇ..! ਕੁੜ੍ਹੇ ਜਿੰਦਰ..!"
-"ਹਾਂ ਬੀਜੀ...?"
-"ਮਾਰ ਪੁੱਤ ਸਾਰਿਆਂ ਨੂੰ 'ਵਾਜ..! ਖਾ ਕੇ ਕੰਮ ਨਬੇੜੋ..!"
ਬੱਚੇ ਆ ਗਏ।
-"ਜਿੰਦਰ..!"
-"ਹਾਂ ਬੀਜੀ..?"
-"ਆਬਦੇ ਪਿਉ ਦੇ ਭਾਂਡੇ ਚੱਕ ਲਿਆ ਪੁੱਤ..!"
ਜਿੰਦਰ ਭਾਂਡੇ ਚੁੱਕ ਲਿਆਈ ਅਤੇ ਗਿੰਦਰ ਦੇ ਘੁਰਾੜ੍ਹੇ ਸ਼ੁਰੂ ਹੋ ਗਏ।
-"ਆਬਦੇ ਪਿਉ 'ਤੇ ਰਜਾਈ ਦੇ-ਦੇ ਪੁੱਤ..! ਰਾਤ ਨੂੰ ਠੰਢ ਲੱਗੂ'ਗੀ ਇਹਨੂੰ..!"
ਜਿੰਦਰ ਨੇ ਅੰਦਰੋਂ ਰਜਾਈ ਲਿਆ ਕੇ ਗਿੰਦਰ ਉਪਰ ਪਾ ਦਿੱਤੀ।
-"ਊਂ ਤਾਂ ਤੇਰੇ ਪਿਉ ਦਾ ਵੀ ਕੋਈ ਕਸੂਰ ਨੀ..! ਮਹੀਨੇ 'ਚ ਇੱਕ ਅੱਧੀ ਵਾਰੀ ਪੀਂਦੈ, ਮੈਂ ਵੀ ਬਾਹਲ਼ੀ ਘੜ੍ਹਮੱਸ ਪੱਟਣ ਲੱਗ ਜਾਨੀਂ ਐਂ..! ਬਥ੍ਹੇਰੇ ਦੁੱਖੜੇ ਕੱਟੇ ਐ ਜਿਉਣ ਜੋਕਰੇ ਨੇ..! ਬਲ਼ਦ ਮਾਂਗੂੰ ਕਮਾਇਐ ਬਿਚਾਰੇ ਨੇ..! ਕਿਸੇ ਨੇ ਕੋਈ ਗੁਣ ਨੀ ਪਾਇਆ ਇਹਦਾ, ਸਾਂਝੇ ਘਰ 'ਚ ਜੀਓ ਜੀਅ ਨੇ ਬਦਲੇ ਲਏ ਐ ਇਹਤੋਂ..!"
ਜਿੰਦਰ ਨੇ ਘੁਰਾੜ੍ਹੇ ਮਾਰਦੇ ਬਾਪ ਵੱਲ ਦੇਖਿਆ ਤਾਂ ਉਸ ਨੂੰ ਭੋਲ਼ੇ ਬਾਪੂ ਦਾ ਅੰਤਾਂ ਦਾ ਤਰਸ ਆਇਆ।
ਜਿੰਦਰ ਦੀਆਂ ਅੱਖਾਂ ਭਰ ਆਈਆਂ।
ਗਿੰਦਰ ਦੇ ਘੁਰਾੜ੍ਹੇ ਘਰਾਟ ਵਾਂਗ ਚੱਲ ਰਹੇ ਸਨ।
ਜੁਆਕਾਂ ਨੂੰ ਰੋਟੀ ਖੁਆ ਕੇ ਸ਼ਾਮ ਕੌਰ ਨੇ ਗਿੰਦਰ ਦੇ ਸਿਰਹਾਣੇਂ ਪਾਣੀ ਦੀ ਡੋਲਣੀਂ ਰੱਖ ਕੇ ਕੌਲੀ ਨਾਲ਼ ਢਕ ਦਿੱਤੀ।

ਕਿਸ਼ਤ 5

ਸਵੇਰੇ ਪਾਠੀ ਬੋਲਦੇ ਨਾਲ਼ ਗਿੰਦਰ ਦੀ ਜਾਗ ਖੁੱਲ੍ਹੀ।
ਰਾਤ ਦਾਰੂ ਜ਼ਿਆਦਾ ਪੀ ਜਾਣ ਕਾਰਨ ਉਸ ਦਾ ਮੂੰਹ ਸੁੱਕ ਰਿਹਾ ਸੀ। ਕਾਲ਼ਜਾ ਘਿਰ ਰਿਹਾ ਸੀ।
ਉਸ ਨੇ ਉਠ ਕੇ ਪਾਣੀ ਪੀਤਾ। ਪਾਣੀਂ ਜਿਵੇਂ ਅੰਦਰ ਮਘਦੇ ਅੰਗਿਆਰਾਂ 'ਤੇ ਡਿੱਗਿਆ ਸੀ। ਉਸ ਅੰਦਰੋਂ ਭੜ੍ਹਾਸ ਨਿਕਲ਼ੀ।     ਪਾਣੀਂ ਪੀ ਕੇ ਗਿੰਦਰ ਫ਼ਿਰ ਪੈ ਗਿਆ।
ਉਸ ਦਾ ਸਿਰ ਫ਼ਟ ਰਿਹਾ ਸੀ ਅਤੇ ਸਰੀਰ ਨਿਰਬਲ ਸੀ। ਪਰ ਪਾਣੀਂ ਪੀਣ ਨਾਲ਼ ਉਸ ਦੇ ਅੰਦਰ ਬਲ਼ਦੀ ਅੱਗ ਥੋੜ੍ਹੀ ਸ਼ਾਂਤ ਜ਼ਰੂਰ ਹੋ ਗਈ ਸੀ। ਰਾਤ ਉਸ ਨੇ ਕੀ ਬੋਲਿਆ ਸੀ ਅਤੇ ਕਿਸ ਨਾਲ਼ ਕੀ ਗੱਲ ਕੀਤੀ ਸੀ..? ਉਸ ਨੂੰ ਕੁਝ ਵੀ ਤਾਂ ਯਾਦ ਨਹੀਂ ਸੀ। ਇਹ ਕੁਝ ਸੋਚਦਿਆਂ ਉਸ ਨੂੰ ਫ਼ਿਰ ਪਤਾ ਨਹੀਂ ਕਦੋਂ ਨੀਂਦ ਆ ਗਈ ਸੀ।
ਚੌਂਕੇ ਵਿੱਚ ਖੜਕਦੇ ਭਾਂਡੇ ਸੁਣ ਕੇ ਉਸ ਦੀ ਅੱਖ ਖੁੱਲ੍ਹੀ ਤਾਂ ਸ਼ਾਮ ਕੌਰ ਚੌਂਕੇ ਵਿਚ ਚੱਕਣ ਧਰਨ ਕਰ ਰਹੀ ਸੀ।
-"ਜਿੰਦਰ...!"
-"ਹਾਂ ਬੀਜੀ...?"
-"ਆਬਦੇ ਪਿਉ ਨੂੰ ਚਾਹ ਫ਼ੜਾ ਪੁੱਤ..!"
ਜਿੰਦਰ ਨੇ ਆ ਕੇ ਚਾਹ ਫ਼ੜਾਈ ਤਾਂ ਗਿੰਦਰ ਨੇ ਉਸ ਨੂੰ ਗੁੱਝਾ ਪੁੱਛਿਆ।
-"ਰਾਤ ਮੈਂ ਕਿਸੇ ਨੂੰ ਕੁਛ ਬੋਲਿਆ ਤਾਂ ਨੀ, ਪੁੱਤ..?"
-"ਨਹੀਂ ਬਾਪੂ ਜੀ..! ਕਿਸੇ ਨੂੰ ਕੁਛ ਨੀ ਬੋਲੇ..! ਤੁਸੀਂ ਤਾਂ ਰੋਟੀ ਖਾ ਕੇ ਸੌਂ ਗਏ ਸੀ..!" ਜਿੰਦਰ ਦੀ ਆਖੀ ਸੰਖੇਪ ਗੱਲ ਗਿੰਦਰ ਨੂੰ ਸੁਖਾਲ਼ਾ ਕਰ ਗਈ ਅਤੇ ਉਹ ਨਲ਼ਕੇ ਤੋਂ ਮੂੰਹ ਧੋਣ ਚਲਿਆ ਗਿਆ। ਉਸ ਦਾ ਚਿੱਤ "ਘਾਊਂ-ਮਾਊਂ" ਜਿਹਾ ਹੋਈ ਜਾ ਰਿਹਾ ਸੀ।
ਚਾਹ ਪੀ ਕੇ ਉਹ ਖੇਤਾਂ ਨੂੰ ਜੰਗਲ-ਪਾਣੀ ਤੁਰ ਪਿਆ।
ਖੇਤੋਂ ਮੁੜਦੇ ਗਿੰਦਰ ਨੇ ਜਿਗਰੀ ਮਿੱਤਰ ਕੇਹਰੇ ਦਾ ਦਰਵਾਜਾ ਜਾ ਖੜਕਾਇਆ।
ਕੇਹਰਾ ਗਿੰਦਰ ਦਾ ਪੁਰਾਣਾ ਯਾਰ ਸੀ।
-"ਸੁੱਖ ਐ...?" ਦਰਵਾਜਾ ਖੋਲ੍ਹ ਕੇ ਕੇਹਰੇ ਨੇ ਪੁੱਛਿਆ।
-"ਪਾਣੀਂ ਦੇ ਮਾਰਿਆਂ ਨੂੰ ਪਾਣੀਂ ਈ ਹਰੇ ਕਰੂ..! ਰਾਤ ਥੋੜੀ ਜੀ ਜਾਅਦੇ ਈ ਖਿੱਚ ਗਿਆ, ਕੇਹਰਿਆ..! ਦੋ ਪੈੱਗ ਲੁਆ ਕੇ ਕਾਇਮ ਕਰ ਮੇਰਾ ਵੀਰ, ਪਰ ਗੱਲ ਰੱਖੀਂ ਆਪਣੇ ਵਿਚ ਈ..! ਸ਼ਾਮ ਕੁਰ ਨੂੰ ਨਾ ਪਤਾ ਲੱਗ'ਜੇ..! ਨਹੀਂ ਤਾਂ ਧੂਤਕੜਾ ਪਾਊਗੀ..!"
-"ਸਵੇਰੇ ਪੀਣੀਂ ਮਾੜੀ ਐ ਬਾਈ..! ਪੈੱਗ ਤਾਂ ਚਾਹੇ ਚਾਰ ਲਾ ਲੈ..!"
-"ਆਪਾਂ ਕਿਹੜਾ ਨਿੱਤ ਪੀਣੀਂ ਐਂ, ਕੇਹਰਿਆ..? ਰਾਤ ਦੀ ਭੰਨ ਜੀ ਲਾਹੁੰਣੀ ਐਂ..! ਹੋਰ ਪੀ ਕੇ ਮੱਲ ਥੋੜ੍ਹੋ ਬਣਨੈਂ..?"
ਕੇਹਰੇ ਨੇ ਦੇਸੀ ਦੀ ਬੋਤਲ ਲਿਆ ਕੇ ਗਿੰਦਰ ਅੱਗੇ ਰੱਖ ਦਿੱਤੀ।
ਗਿੰਦਰ ਨੇ ਸਹਿਜ ਨਾਲ਼ ਦੋ ਪੈੱਗ ਲਾ ਲਏ। ਘਿਰਦਾ ਦਿਲ ਬਾਘੀਆਂ ਪਾਉਣ ਲੱਗ ਪਿਆ। ਪੌਣ ਰੁਮਕਦੀ ਲੱਗੀ। ਹਵਾ ਦਾ ਬੁੱਲਾ ਲੋਰੀਆਂ ਦਿੰਦਾ ਜਾਪਿਆ ਅਤੇ ਸੂਰਜ ਦੀ ਕਿਰਨ ਸੰਧੂਰੀ ਹੁੰਦੀ ਲੱਗੀ।
-"ਕਿਸੇ ਨੇ ਚੀਜ਼ ਦੇਖ ਕੀ ਬਣਾਈ ਐ..! 'ਕੇਰਾਂ ਤਾਂ ਧਰਨ ਟਿਕਾਣੇਂ ਕਰ ਦਿੰਦੀ ਐ, ਪੱਟ ਹੋਣੀਂ..!" ਉਸ ਨੇ ਇੱਕ ਹੋਰ ਪੈੱਗ ਪਾ ਕੇ ਕਿਹਾ।
-"ਅੱਜ ਵਿਹਲਾ ਈ ਐਂ..?"
-"ਕਾਹਨੂੰ ਵਿਹਲੈਂ..! ਅੱਜ ਆੜ੍ਹਤੀਏ ਦੇ ਜਾਣੈਂ..!"
-"ਫ਼ੇਰ ਹੋਰ ਨਾ ਪੀ...! ਆਉਂਦਾ ਹੋਇਆ ਲਾ ਲਈਂ..! ਤੇਰੀ ਸੰਭਾਲ਼ ਕੇ ਰੱਖ ਦਿੰਨੈਂ..!" ਕੇਹਰੇ ਨੇ ਮੱਤ ਜਿਹੀ ਦਿੱਤੀ।
-"ਚੰਗਾ..!"
-"ਆੜ੍ਹਤੀਏ ਦੇ ਚੱਲਿਐਂ, ਸੁੱਖ ਐ..?"
-"ਤੇਰੇ ਕੋਲ਼ ਕੀ ਲਕੋਅ ਐ, ਕੇਹਰਿਆ..? ਤੇਰੇ ਕੋਲ਼ ਸਾਰੀ ਬੁੱਕਲ਼ ਈ ਖੁੱਲ੍ਹੀ ਐ..! ਆਪਣੀ ਜਿੰਦਰ ਨੂੰ ਆਇਆ ਵਲੈਤੋਂ ਰਿਸ਼ਤਾ..!"
-"ਆਹੋ..! ਉਹ ਤਾਂ ਤੂੰ ਦੱਸਿਆ ਸੀ..!"
-"ਪਾਸਪੋਰਟ ਛੇਤੀ ਹੱਥ ਹੇਠ ਕਰਨੈਂ, ਤੇ ਅਜੰਟ ਛੋਕਰੀ ਦੇਣਾਂ ਪੰਜ ਹਜ਼ਾਰ ਮੰਗਦੈ..!"
-"ਲੈ ਦੇ ਕੇ ਵੀ ਕੰਮ ਸਿਰੇ ਲੱਗ'ਜੇ, ਇਹਦੇ ਨਾਲ਼ ਦੀ ਵੀ ਰੀਸ ਨੀ..! ਧੀ ਧਿਆਣੀਂ ਦਾ ਕੰਮ ਕੱਢ..! ਗਊ ਦਾਨ ਕਰਨ ਜਿੰਨਾਂ ਪੁੰਨ ਲੱਗੂ..!"
-"ਚੱਲਿਐਂ ਅੱਜ..!"
-"ਆਥਣੇਂ ਆ ਕੇ ਚਾਹੇ ਸਾਰੀ ਪੀ ਲਈਂ, ਹੁਣ ਨਾ ਲਾ, ਬਾਈ ਬਣਕੇ..!"
-"ਬੱਸ ਚੱਲਿਐਂ ਮੈਂ..! ਚਿੰਤਾ ਨਾ ਕਰ..! " ਜਾਂਦਾ-ਜਾਂਦਾ ਫ਼ੇਰ ਵੀ ਉਹ ਇੱਕ 'ਲੰਡਾ' ਪੈੱਗ ਅੰਦਰ ਸੁੱਟ ਗਿਆ।
ਹੁਣ ਗਿੰਦਰ ਬਾਹਵਾ ਰੰਗਾਂ 'ਚ ਸੀ।
ਨਸ਼ੇ ਦੇ ਸਰੂਰ 'ਚ ਹੋਇਆ ਉਹ ਹਵਾ ਦੇ ਬੁੱਲਿਆਂ 'ਤੇ ਉਡਦਾ ਘਰ ਆ ਗਿਆ।
-"ਲਿਆ ਲੀੜੇ ਕੱਢ, ਜਾਂਵਾਂ ਮੈਂ..!"
-"ਨ੍ਹਾਅ ਲੈਣਾ ਸੀ...!"
-"ਨ੍ਹਾਉਣ ਨੂੰ ਕੀ ਖਲ਼ ਲੱਗੀ ਐ...?"
-"ਕੱਟੇ ਮਾਂਗੂੰ ਤਾਂ ਡਾਡ ਮਾਰਦੀ ਐ ਤੇਰੇ 'ਚੋਂ...!"
-"ਤੂੰ ਮੈਨੂੰ ਸੁੰਘਣੋਂ ਹਟ ਜਿਆ ਕਰ, ਮੈਂ ਕਿਹੜਾ ਤੀਰਥ 'ਸ਼ਨਾਨ ਕਰਨ ਚੱਲਿਐਂ, ਆੜ੍ਹਤੀਏ ਦੇ ਈ ਜਾਣੈਂ, ਤੂੰ ਲੀੜੇ ਕੱਢ, ਬਾਹਲ਼ੀਆਂ ਬਾਤਾਂ ਨਾ ਪਾਅ..!"
ਸ਼ਾਮ ਕੌਰ ਪੇਟੀ 'ਚੋਂ ਕੱਪੜੇ ਕੱਢਣ ਲੱਗ ਪਈ।
-"ਹੁਣ ਕੰਮ ਕਰ ਕੇ ਈ ਮੁੜੀਂ..!" ਉਹ ਕੱਪੜੇ ਅਤੇ ਪੈਸੇ ਫ਼ੜਾੳਂੁਦੀ ਹੋਈ ਬੋਲੀ।
-"ਵਹਿਮ ਨਾ ਮੰਨ..! ਕੰਮ ਟੰਚ ਕਰ ਕੇ ਮੁੜੂੰਗਾ..!"
-"ਦੋ ਪਰਾਉਠੇ ਲਾਹੇ ਪਏ ਐ, ਦਹੀਂ ਨਾਲ਼ ਖਾ'ਜਾ..! ਦਾਲ਼ ਸਬਜ਼ੀ ਤਾਂ ਅੱਜ ਆਥਣੇਂ ਬਣਾਊਂਗੀ..!"
-"ਕੋਈ ਨਾ ਸਬਜ਼ੀ ਨੂੰ ਕੀ ਐ, ਲਿਆ ਖਾ ਕੇ ਜਾਂਵਾਂ..!"
ਸ਼ਾਮ ਕੌਰ ਥਾਲ਼ੀ 'ਚ ਦਹੀਂ ਅਤੇ ਪਰਾਉਠੇ ਰੱਖ ਲਿਆਈ।
-"ਹੁਣ ਆੜ੍ਹਤੀਏ ਤੋਂ ਬੀਹ ਹਜ਼ਾਰ ਈ ਫ਼ੜ ਲਿਆਈਂ..!" ਉਹ ਥਾਲ਼ੀ ਫ਼ੜਾਉਂਦੀ ਹੋਈ ਬੋਲੀ।
-"ਬੀਹ ਕੀ ਕਰਨੈਂ..? ਐਂਵੇਂ ਚੱਲ'ਜੂਗਾ..!"
-"ਹੈ ਕਮਲ਼ਾ..! ਪੰਜ ਤਾਂ ਪਾਸਪੋਰਟ ਦਾ ਈ ਦੇਣੈਂ..!"
-"ਆਹੋ...!"
-"ਤੂੰ ਚੰਦੀਗੜ੍ਹ ਵੀ ਜਾਣੈਂ, ਓਥੇ ਖਰਚਾ ਨੀ ਆਊ..? ਚੰਦੀਗੜ੍ਹ ਕਿਹੜਾ ਨੇੜੇ ਤੇੜੇ ਐ? ਰੱਬ ਦੀਆਂ ਜੜ੍ਹਾਂ 'ਚ ਚੰਦੀਗੜ੍ਹ ਦੱਸਦੇ ਐ..!"
-"ਆਹ ਤਾਂ ਮੈਂ ਸੋਚਿਆ ਈ ਨੀ ਸੀ..!"
-"ਤੇ ਫ਼ੇਰ ਜਦੋਂ ਜਿੰਦਰ ਨੂੰ ਜਹਾਜ਼ ਚੜ੍ਹਾਇਆ, ਓਦੋਂ ਫ਼ੇਰ ਕਿਸੇ ਤੋਂ ਮੰਗਣ ਚੜ੍ਹੇਂਗਾ..? ਕੁੜੀ ਨੂੰ ਖਾਲੀ ਹੱਥ ਥੋੜ੍ਹੋ ਜਹਾਜ਼ ਚਾੜ੍ਹ ਦਿਆਂਗੇ..? ਨਾਲ਼ੇ ਦਿੱਲੀ ਜਾਣ ਦਾ ਵੀ ਖਰਚਾ ਹੋਣੈਂ ਕਿ ਨਹੀਂ..? ਦਿੱਲੀ ਜਾਣ ਆਸਤੇ ਵੀ ਕਾਰ ਕਰਾਉਣੀ ਪਊ...!"
-"ਲੈ ਕਿੱਡਾ ਮੇਰੇ ਡਮਾਕ 'ਤੇ ਪੜਦਾ ਪਿਐ..! ਆਹ ਗੱਲਾਂ ਤਾਂ ਮੇਰੇ ਡਮਾਕ 'ਚ ਈ ਹੈਨੀ ਸੀ, ਭਾਗਮਾਨੇ..!"
-"ਅਜੇ ਤੂੰ ਆਬਦੇ ਆਪ ਨੂੰ ਬਿੱਦਮਾਨ ਦੱਸਦੈਂ..!"
-"ਬਿੱਦਵਾਨ ਮੈਂ ਸੁਆਹ ਦਾ ਐਂ..? ਪੀ ਕੇ ਕਿਤੇ ਮੂੰਹੋਂ ਨਿਕਲ਼ ਗਿਆ ਹੋਊ..! ਤੇਰੇ ਬਿਨਾ ਤਾਂ ਮੈਂ ਕੱਖ ਦਾ ਨੀ..! ਏਸੇ ਲਈ ਮੰਤਰੀ ਸਲਾਹਕਾਰ ਰੱਖਦੇ ਐ, ਬਈ ਭੁੱਲੀ ਵਿੱਸਰੀ ਗੱਲ ਯਾਦ ਕਰਵਾਉਂਦਾ ਰਹੂ...!" ਉਹ ਰੋਟੀ ਖਾਂਦਾ ਬੋਲਿਆ।
-"ਉਹ ਅਗਲਿਆਂ ਨੂੰ ਤਨਖਾਹਾਂ ਦਿੰਦੇ ਐ ਥੱਬਿਆਂ ਦੇ ਥੱਬੇ...! ਤੂੰ ਤਾਂ ਸਾਰੀ ਉਮਰ ਮੇਰਾ ਲਹੂ ਈ ਪੀਤੈ...!"
-"ਲਾਣੇਦਾਰਨੀਏਂ, ਜਿਹੜਾ ਕੁਛ ਹੁੰਦੈ, ਤੇਰੇ ਹੱਥ 'ਤੇ ਈ ਲਿਆ ਕੇ ਧਰਦੈਂ, ਕਿਉੇਂ ਬੱਦੂ ਕਰਦੀ ਰਹਿੰਨੀ ਐਂ ਮੈਨੂੰ..?"
-"ਬੱਸ ਬਹੁਤ ਪੀ'ਲੀ, ਹੁਣ ਨੀ ਪੀਣੀਂ..!"
-"ਜਮਾਂ ਈ ਨੀ ਪੀਂਦਾ..! ਨਿੱਤ ਪੀਣ ਨੂੰ ਮੇਰੀ ਟਾਟੇ ਨਾਲ਼ ਪਿੱਠ ਲੱਗਦੀ ਐ..?"
-"ਚਾਹ ਬਣਾਵਾਂ..?"
-"ਨਹੀਂ..! ਹੁਣ ਚਾਹ ਨੀ ਪੀਣੀਂ..! ਅੱਗੇ ਈ ਲੇਟ ਐਂ..!" ਉਹ ਰੋਟੀ ਖਾ ਕੇ ਉਠ ਖੜ੍ਹਿਆ।
-"ਜੇ ਦੇਵੇ ਤਾਂ ਪੱਚੀ ਲਿਆਈਂ, ਨਹੀਂ ਬੀਹ ਹਜ਼ਾਰ ਤਾਂ ਲੈ ਕੇ ਆਈਂ..! ਹਾੜ੍ਹੀ 'ਚੋਂ ਕੱਟ ਲਊਗਾ..!"
-"ਆਖੂੰਗਾ ਤਾਂ ਪੱਚੀ..!"
-"ਆਹੋੋ...!"
-"ਜਿਹੋ ਜੀ ਗਰਮੀਆਂ ਮੌਕੇ ਮੱਝ ਛੱਪੜ 'ਚੋਂ ਕੱਢ ਲਈ, ਤੇ ਜਿਹੋ ਜਿਆ ਬਾਣੀਂਏਂ ਦੀ ਜੇਬ 'ਚੋਂ ਪੈਸਾ ਕੱਢ ਲਿਆ, ਇੱਕ ਬਰਾਬਰ ਐ..!"
-"ਓਹਨੇ ਪੁੰਨ ਨੂੰ ਦੇਣੇਂ ਐਂ..? ਸਾਡਾ ਈ ਖ਼ੂਨ ਪੀਂਦੇ ਐ ਜੈ ਖਾਣੇਂ ਦੇ..! ਹਾੜ੍ਹੀ ਸਾਉਣੀਂ ਝੱਗੇ ਲਾਹੁੰਦੇ ਐ..!"
ਗਿੰਦਰ ਚਲਿਆ ਗਿਆ।
ਪਿੰਡ ਦੇ ਅੱਡੇ ਤੋਂ ਉਸ ਨੇ ਬੱਸ ਫ਼ੜ ਲਈ ਅਤੇ ਆੜ੍ਹਤੀਏ ਕੋਲ਼ ਪਹੁੰਚ ਗਿਆ।
ਬੇਵਕਤਾ ਜਿਹਾ ਆਇਆ ਦੇਖ ਕੇ ਆੜ੍ਹਤੀਏ ਦਾ ਮੱਥਾ ਠਣਕਿਆ, ਕੱਚੀ ਤਰੇਲ਼ੀ ਆਈ। ਉਸ ਦਾ ਦਿਮਾਗ ਬੜੀ ਤੇਜੀ ਨਾਲ਼ ਸੋਚ ਰਿਹਾ ਸੀ ਕਿ ਗਿੰਦਰ ਕਿਸ ਕੰਮ ਆਇਆ ਸੀ...?
-"ਸਾਸਰੀਕਾਲ ਲਾਲਾ ਜੀ..!" ਉਸ ਨੇ ਪਰਨਾ ਮੋਢੇ ਤੋਂ ਲਾਹ ਕੇ ਮੁੜ ਮੋਢੇ 'ਤੇ ਰੱਖ ਲਿਆ।
-"ਸਾਸਰੀਕਾਲ-ਸਾਸਰੀਕਾਲ, ਜੈ ਰਾਮ ਜੀ ਕੀ ਬਈ ਗਿੰਦਰ ਸਿਆਂ...! ਮਾਤਾ ਰਾਣੀਂ ਭਲੀ ਕਰੇ, ਕਿਵੇਂ ਆਉਣੇ ਹੋਏ ਸਵੇਰੇ ਸਵੇਰੇ..?"
-"ਇੱਕ ਜ਼ਰੂਰੀ ਕੰਮ ਆਇਆ ਸੀ, ਸੇਠ ਜੀ..!" ਉਸ ਨੇ ਆਸਾ ਪਾਸਾ ਦੇਖ ਕੇ ਬੜੀ ਧਹੱਮਲ ਨਾਲ਼ ਕਿਹਾ।
-"ਧੰਨਭਾਗ..! ਧੰਨਭਾਗ..!! ਆਓ, ਜੀ ਆਇਆਂ ਨੂੰ..! ਬੈਠ ਕੇ ਦੱਸ..!" ਸੇਠ ਨੇ ਖਲ਼ ਦੀ ਬੋਰੀ ਕੋਲੋਂ ਕੁਰਸੀ ਖਿੱਚ ਕੇ ਅੱਗੇ ਕਰ ਦਿੱਤੀ।
-"ਬੈਠ ਸਰਦਾਰਾ..!"
ਗਿੰਦਰ ਬੈਠ ਗਿਆ।
-"ਜਦੋਂ ਬਾਹਲ਼ੀਆਂ ਕੁਰਸੀਆਂ ਜੀਆਂ ਅੱਗੇ ਕਰੋਂ, ਓਦੋਂ ਖੱਲ ਲਾਹੁੰਣ ਦੀ ਤਿਆਰੀ 'ਚ ਹੁੰਨੇ ਐਂ..! ਬਖ਼ਸ਼ ਈ ਲਈਂ ਮੈਨੂੰ ਸੇਠ ਸਾਹਬ..!"
-"ਮਾਤਾ ਰਾਣੀਂ ਭਲੀ ਕਰੇ ਗਿੰਦਰ ਸਿਆਂ, ਕਿਹੜੀ ਗੱਲ ਕਰ'ਤੀ ਤੂੰ..? ਪੁਸ਼ਤਾਂ ਤੋਂ ਤਾਂ ਆਪਾਂ ਵਰਤਦੇ ਆਉਨੇ ਐਂ..! ਸਹੁੰ ਦੇਵੀ ਦੀ, ਕਦੇ ਨਹੁੰ ਜਿੰਨਾਂ ਫ਼ਰਕ ਕੀਤੈ..?"
-"ਮੈਂ ਕੁਛ ਕਿਹੈ..? ਤੂੰ ਆਬਦਾ ਗਰੜਪੌਂਕ ਸ਼ੁਰੂ ਕਰ'ਤਾ..! ਮੇਰੀ ਗੱਲ ਤਾਂ ਤੂੰ ਸੁਣੀਂ ਨੀ..!"
-"ਤੂੰ ਗੱਲ ਤਾਂ ਕਰ..! ਸਹੁੰ ਲਾਟਾਂ ਆਲ਼ੀ ਦੀ, ਪੂਰੀ ਕਰਨ ਆਲ਼ੀ ਹੋਈ, ਤਾਂ ਜ਼ਰੂਰ ਪੂਰੀ ਕਰੂੰਗਾ..! ਮੇਰੇਆਰ ਪੀੜ੍ਹੀਆਂ ਤੋਂ ਆਪਾਂ ਵਰਤਦੇ ਆਉਨੇ ਐਂ..! ਤੂੰ ਮੂੰਹੋਂ ਫ਼ੁੱਟ, ਚੁੱਪ ਜਿਆ ਰਹਿ ਕੇ ਮੇਰਾ ਬਲੱਡ ਨਾ ਘਟਾਈ ਜਾਹ...!"
-"ਤੇਰੇ ਪੂਰੀ ਕਰਨ ਆਲ਼ੀ ਐ, ਤਾਂਹੀਂ ਤਾਂ ਤੇਰੇ ਕੋਲ਼ ਚੱਲ ਕੇ ਆਇਐਂ, ਸੇਠਾ..!"
-"ਫ਼ੇਰ ਬੋਲ ਕੇ ਵੀ ਦੱਸ...? ਸ਼ਿਵ ਜੀ ਮਹਾਰਾਜ ਵਾਂਗੂੰ ਮੋਨ ਕਿਉਂ ਧਾਰਿਐ..?"
-"ਤੂੰ ਆਬਦੀ ਹਰ ਗੱਲ 'ਚ ਦੇਵੀ-ਦੇਵਤਿਆਂ ਆਲ਼ੇ ਫ਼ਾਨੇਂ ਕਿਉਂ ਠੋਕੀ ਆਉਨੈਂ..?"
-"ਸਹੁੰ ਦੇਵੀ ਮਾਤਾ ਦੀ, ਓਹੀ ਤਾਰਦੇ ਐ, ਗਿੰਦਰ ਸਿਆਂ..! ਓਹੀ ਤਾਰਦੇ ਐ..!! ਤੂੰ ਆਪਣੀ ਗੱਲ ਬੋਲ..? ਮੇਰਾ ਇਮਤਿਹਾਨ ਜਿਆ ਨਾ ਲਈ ਜਾਹ, ਨਹੀਂ ਮੈਨੂੰ ਕੁਛ ਹੋਜੂ, ਫ਼ੇਰ ਨਾ ਕਹੀਂ ਦੱਸਿਆ ਨੀ...!"
-"ਤੂੰ ਐਨਾਂ ਕੂਲ਼ਾ ਵੀ ਹੈਨ੍ਹੀ, ਸੇਠਾ..! ਤੂੰ ਤਾਂ ਸਾਰੇ ਜੱਟਾਂ ਨੂੰ ਮਾਰ ਕੇ ਮਰੇਂਗਾ..!"
-"ਹੁਣ ਤੂੰ ਬਦ-ਦੁਆਵਾਂ ਜੀਆਂ ਈ ਦੇਈ ਜਾਵੇਂਗਾ...? ਕਿ ਕੋਈ ਗੱਲ ਵੀ ਦੱਸੇਂਗਾ..?"
-"ਰੁਪੱਈਆ ਪੱਚੀ ਹਜ਼ਾਰ ਚਾਹੀਦੈ, ਸੇਠਾ..!" ਗਿੰਦਰ ਬੋਲਿਆ।
-"ਲੈ ਕਰ'ਤੀ ਗੱਲ..! ਤੂੰ ਤੀਹ ਲੈ..! ਹੋਰ ਦੱਸ..? ਸਹੁੰ ਗਊ ਮਾਤਾ ਦੀ, ਮੈਂ ਮੁੱਕਰਦੈਂ..?"
-"ਚੱਲ ਤੂੰ ਤੀਹ ਈ ਦੇ-ਦੇ..! ਤੂੰ ਖ਼ੁਸ਼ ਰਹਿ..!"
-"ਕੋਈ ਹੋਰ ਸੇਵਾ ਦੱਸ, ਚਾਹ ਪੀਂਵੇਂਗਾ..?"
-"ਨਹੀਂ..! ਚਾਹ ਨੀ ਪੀਣੀਂ...! ਪੀਣ ਆਲ਼ੀ ਚੀਜ਼ ਤਾਂ ਤੂੰ ਪੀਂਦਾ ਨੀ..! ਉਹ ਤਾਂ ਥੋਨੂੰ ਦੰਦੀਆਂ ਵੱਢਦੀ ਐਂ..!"
ਸੇਠ ਮੀਸਣਾਂ ਹਾਸਾ ਹੱਸ ਪਿਆ।
-"ਜਦੋਂ ਸਾਡੇ ਭਰਾ ਪੀਂਦੇ ਐ, ਅਸੀਂ ਪਿੱਛੇ ਰਹਿ'ਗੇ..? ਕਿਹੜੀਆਂ ਗੱਲਾਂ ਕਰੀ ਜਾਨੈਂ ਤੂੰ ਗਿੰਦਰ ਸਿਆਂ..?"
-"ਚੱਲ ਲਿਆ, ਕੰਮ ਨਬੇੜ ਆਪਣਾ ਸੇਠਾ..! ਜਾਣੈਂ ਮੈਂ...! ਤੂੰ ਤਾਂ ਵਿਹਲੈਂ ਯੱਕੜ ਮਾਰਨ ਨੂੰ..! ਮੈਨੂੰ ਤੋਰ...!"
-"ਜੋ ਹੁਕਮ ਸਰਦਾਰਾ..! ਜੋ ਹੁਕਮ..!" ਉਸ ਨੇ ਮਾਤਾ ਰਾਣੀ ਦੀ ਫ਼ੋਟੋ ਨੂੰ ਮੱਥਾ ਟੇਕ ਕੇ ਵਹੀ ਚੁੱਕ ਲਈ ਅਤੇ ਕਲਮ ਫ਼ੜ ਲਈ।
    -"ਬੇਇਤਬਾਰੀ ਜੀ ਨਾ ਕਰਿਆ ਕਰ ਮੇਰੇਆਰ ਗਿੰਦਰ ਸਿਆਂ..! ਆਪਣਾਂ ਪੀੜ੍ਹੀਆਂ ਤੋਂ ਵਾਹ ਐ..! ਆਪਣੇ ਦਾਦੇ ਪੜਦਾਦੇ ਵਰਤਦੇ ਆਉਂਦੇ ਐ..! ਪੁਰਾਣਾ ਆਪਣਾ ਮਿਲ਼ਵਰਤਣ ਐਂ...! ਆਪਸੀ ਪ੍ਰੇਮ ਐਂ...!" ਉਹ ਵਹੀ ਉਪਰ ਕੁਛ ਲਿਖਦਾ ਮਸ਼ੀਨਗੰਨ ਵਾਂਗ ਬੋਲੀ ਜਾ ਰਿਹਾ ਸੀ।
-"...............।" ਗਿੰਦਰ ਚੁੱਪ ਨਾਲ਼ੋਂ ਹੈਰਾਨ ਜ਼ਿਆਦਾ ਸੀ ਕਿ ਆੜ੍ਹਤੀਏ ਕੋਲ਼ ਆ ਕੇ ਇਤਨਾ ਸੌਖਾ ਅਤੇ ਸਿੱਧੀ ਉਂਗਲ਼ ਨਾਲ਼ ਘਿਉ ਕਿਵੇਂ ਨਿਕਲ਼ ਆਇਆ ਸੀ..? ਇਹ ਪਹਿਲੇ ਬੋਲ ਹੀ ਕਿੱਦਾਂ ਮੰਨ ਗਿਆ ਸੀ..? ਸੌ ਵਿੰਗ-ਵਲ਼ੇਂਵੇਂ ਵਾਲ਼ਾ ਸੇਠ ਅੱਜ ਤੱਕਲ਼ੇ ਵਾਂਗ ਸਿੱਧਾ ਕਿਵੇਂ ਹੋਇਆ ਖੜ੍ਹਾ ਸੀ..? ਗਿੰਦਰ ਨੂੰ ਕੁਝ ਸਮਝ ਨਹੀਂ ਪੈ ਰਹੀ ਸੀ!
-"ਬੋਲ ਤੀਹ ਲਿਖ ਦਿਆਂ..?" ਉਸ ਨੇ ਗਾਂਧੀ ਮਾਰਕਾ ਗੋਲ਼ ਐਨਕ ਉਪਰੋਂ ਦੀ ਚੁਗਲ ਵਾਂਗ ਝਾਕ ਕੇ ਪੁੱਛਿਆ।
-"ਆਹੋ, ਤੀਹ ਲਿਖ'ਦੇ..!"
-"ਤੀਹ ਨਾਲ਼ ਸਰ'ਜੂਗਾ ਨ੍ਹਾਂ..? ਹੁਣ ਦੱਸ ਦੇ ਮੇਰਾ ਵੀਰ..! ਫ਼ੇਰ ਰਾਹਾਂ 'ਚ ਵਾਟ ਕਰਦਾ ਤੁਰਿਆ ਫ਼ਿਰੇਂਗਾ...! ਜੇ ਵੱਧ ਘੱਟ ਕਰਨੇ ਐਂ, ਹੁਣ ਦੱਸ ਦੇ..!"
-"ਸਰ'ਜੂਗਾ ਤੀਹ ਨਾਲ਼...!"
-"ਏ ਆਹ ਲੈ...! ਮਾਰ ਘੁੱਗੀ..!" ਉਸ ਨੇ ਕੁਛ ਲਿਖ ਕੇ ਵਹੀ ਅੱਗੇ ਕਰ ਦਿੱਤੀ।
-"ਘੁੱਗੀ ਮਾਰਨ ਆਲ਼ਾ ਹੁੰਦਾ ਤਾਂ ਕਿਤੇ ਪਟਵਾਰੀ ਨਾ ਬਣਿਆਂ ਬੈਠਾ ਹੁੰਦਾ..? ਮੈਂ ਤਾਂ 'ਗੂਠੇ ਆਲ਼ਾ ਈ ਐਂ, ਸੇਠਾ..! ਚੰਗਾ ਭਲਾ ਤਾਂ ਤੈਨੂੰ ਪਤੈ..! ਕਾਹਨੂੰ ਸਾਡੇ ਨਾਲ਼ ਘਤਿੱਤਾਂ ਖੇਡਦਾ ਹੁੰਨੈਂ..?"
-"ਚੱਲ ਕੋਈ ਨਾ..! 'ਗੂਠਾ ਹੋਵੇ, ਤੇ ਚਾਹੇ ਹੋਣ ਦਸਤਖ਼ਤ, ਇਹ ਤਾਂ ਵਿਹਾਰ ਜਿਆ ਈ ਹੁੰਦੈ, ਸਰਦਾਰਾ..!" ਉਸ ਨੇ ਸਿਆਹੀ ਵਾਲ਼ੀ ਪੈਡ ਗਿੰਦਰ ਅੱਗੇ ਕਰ ਦਿੱਤੀ ਅਤੇ ਗਿੰਦਰ ਨੇ ਵੱਡਾ ਸਾਰਾ ਅੰਗੂਠਾ ਲਬੇੜ ਕੇ ਵਹੀ 'ਤੇ ਛਾਪ ਦਿੱਤਾ।
-"ਠੀਕ ਐ..? ਹੋ ਗਿਆ ਤੇਰਾ ਬਿਹਾਰ ਪੂਰਾ..?"
-"ਠਹਿਰ ਜਾਹ ਮੇਰੇਆਰ..! ਐਨਾਂ ਤੱਤਾ ਨਾ ਵਗਿਆ ਕਰ..! ਰਕਮ ਤਾਂ ਲੈ'ਲਾ..!" ਉਸ ਨੇ ਤਿੰਨ ਗੁੱਟੀਆਂ ਅੱਗੇ ਕਰ ਦਿੱਤੀਆਂ, "ਲੈ..! ਗਿਣ ਲੈ..!"
-"ਚੱਲ ਗਿਣਨ ਨੂੰ ਕੀ ਐ..? ਤੂੰ ਗਿਣੇਂ ਈ ਹੋਣੇਂ ਐਂ..! ਅਸੀਂ ਥੋਡੇ ਮਾਂਗੂੰ ਸ਼ੱਕੀ ਤੋਤੇ ਨੀ, ਬਈ ਗੱਲ-ਗੱਲ 'ਤੇ ਚੜਚੋਲ੍ਹੜ ਪਾਈ ਜਾਂਵਾਂਗੇ..!" ਉਹ ਪੈਸੇ ਅੰਦਰਲੀ ਜੇਬ ਵਿਚ ਪਾਉਂਦਾ ਹੋਇਆ ਬੋਲਿਆ।
-"ਲੇਖਾ ਗਿੰਦਰ ਸਿਆਂ ਮਾਂਵਾਂ ਧੀਆਂ ਦਾ ਹੁੰਦੈ..! ਇੱਕ ਗੱਲ ਮੈਂ ਦੱਸਣ ਤੇਰੇ ਪਿੰਡ ਆਉਣਾ ਸੀ..! ਮਾਤਾ ਰਾਣੀਂ ਨੇ ਸਬੱਬ ਬਣਾ ਦਿੱਤਾ, ਤੂੰ ਆਪ ਈ ਆ ਗਿਆ..!"
-"ਉਹ ਕੀ..?"
-"ਆਪਣੇ ਬਰਖ਼ੁਰਦਾਰ ਨੇ, ਮਤਲਬ ਤੇਰੇ ਭਤੀਜ ਨੇ ਖਾਦ ਤੇ ਕੀੜੇ ਮਾਰ ਦੁਆਈਆਂ ਦੀ ਦੁਕਾਨ ਖੋਲ੍ਹੀ ਐ, ਆਹ ਨਾਲ਼ ਦਾ ਸ਼ਟਰ ਓਸੇ ਦੀ ਦੁਕਾਨ ਦਾ ਐ, ਆ ਦਿਖਾਵਾਂ..!" ਉਹ ਉਠ ਖੜ੍ਹਿਆ।
-"ਚੱਲ ਦੇਖਣਾ ਕੀ ਐ, ਤੂੰ ਊਂਈਂ ਦੱਸ ਦੇ ਜੋ ਦੱਸਣੈਂ..!"
-"ਹੁਣ ਖਾਦ ਤੇ ਕੀੜੇ ਮਾਰ ਦੁਆਈਆਂ ਵੀ ਕਿਤੋਂ ਨੀ ਲੈਣੀਆਂ, ਤੇਰੇ ਭਤੀਜ ਦੀ ਦੁਕਾਨ ਤੋਂ ਈ ਆਉਣਗੀਆਂ..!"
-"ਇੱਕ ਬੋਤਲ ਦੇ-ਦੇ..! ਤੇਰੀ ਆਹ ਗੱਲ ਵੀ ਮੰਨੀ..!"
-"ਤੂੰ ਦੋ ਲੈ...! ਗੱਲ ਕਿਹੜੀ ਐ..? ਬਿਗਾਨਿਆਂ ਜਿਆਂ ਆਲ਼ੀ ਗੱਲ ਨਾ ਕਰਿਆ ਕਰ, ਮੇਰੇਆਰ..!"
-"ਦੋ ਨੀ, ਇੱਕ ਈ ਬਾਧੂ ਐ...!"
-"ਭਲਵਾਨ...! ਓਹ ਭਲਵਾਨ..!!"
-"ਜੀ ਸੇਠ ਜੀ..?"
-"ਜਾਹ ਸਰਦਾਰ ਗਿੰਦਰ ਸਿਉਂ ਨਾਲ਼ ਬਿੱਲੂ ਕੇ ਠੇਕੇ 'ਤੇ ਜਾਹ, ਤੇ ਇਹਨਾਂ ਨੂੰ ਦੋ ਬੋਤਲਾਂ ਲੈ ਕੇ ਦੇ ਆ..! ਬਿੱਲੂ ਨੂੰ ਆਖੀਂ ਘਰ ਜਾਂਦਾ ਹੋਇਆ ਪੈਸੇ ਆਥਣੇਂ ਮੈਥੋਂ ਲੈ ਜਾਵੇ...!"
-"ਠੀਕ ਹੈ ਸੇਠ ਜੀ..!"
-"ਠੀਕ ਐ ਗਿੰਦਰ ਸਿਆਂ..? ਖ਼ੁਸ਼ ਐਂ ਹੁਣ..?"
-"ਪੂਰਾ ਬਾਗੋ ਬਾਗ ਸੇਠਾ..! ਜਿਉਂਦਾ ਰਹਿ..! ਇੱਕ ਗੱਲ ਦੱਸ..?"
-"ਦਸ ਪੁੱਛ...!"
-"ਅੱਜ ਸਾਰੇ ਕੰਮ ਅੱਧ ਬੋਲ ਈ ਕਰੀ ਜਾਨੈਂ, ਕਿਤੇ ਤੂੰ ਤਾਂ ਨੀ ਪੈੱਗ-ਸ਼ੈੱਗ ਲਾਉਣ ਲੱਗ ਪਿਆ..? ਨਹੀਂ ਥੋਡੀ ਜ਼ਾਤ ਤਾਂ ਪੈਸੇ ਦੇਣ ਵਾਰੀ ਮੋਕ ਈ ਬੜੀ ਮਾਰਦੀ ਹੁੰਦੀ ਐ, ਪੈਂਤੀ ਥੋਡੇ ਕੋਲ਼ੇ ਬਹਾਨੇ ਹੁੰਦੇ ਐ, ਸਹੁੰ ਖਾਣ ਲੱਗਿਆਂ ਨੇ ਤੁਸੀਂ ਮਿਲਟ ਨੀ ਲਾਉਣਾ ਹੁੰਦਾ..!"
-"ਦੇਖ ਕਿੰਨਾਂ ਟਿੱਚਰੀ ਐ..! ਸਹੁੰ ਲਾਟਾਂ ਆਲ਼ੀ ਦੀ, ਮਛਕਰੀਆਂ ਕਰਨੀਆਂ ਤੈਨੂੰ ਬਥੇਰੀਆਂ ਆਉਂਦੀਐਂ..!"
ਸੇਠ ਗੱਲ ਟਾਲਣ ਲਈ ਖਚਰਾ ਜਿਹਾ ਹੱਸ ਪਿਆ।
ਗਿੰਦਰ ਉਠ ਕੇ ਤੁਰ ਪਿਆ। ਪਹਿਲੇ ਬੋਲ ਨਾਲ਼ ਹੀ ਤੀਹ ਹਜ਼ਾਰ ਰੁਪਈਆ ਮਿਲਣ 'ਤੇ ਉਹ ਸੁਖ਼ਾਲ਼ਾ ਜਿਹਾ ਹੋ ਗਿਆ ਸੀ। ਇੱਕ ਤਰ੍ਹਾਂ ਨਾਲ਼ ਬੋਝ ਮੁਕਤ!

ਕਿਸ਼ਤ 6

ਗਿੰਦਰ ਦੇ ਜਾਣ ਤੋਂ ਬਾਅਦ ਸੇਠ ਦਾ ਵੱਡਾ ਮੁੰਡਾ ਸੜਦਾ-ਕੁੜ੍ਹਦਾ ਅੰਦਰੋਂ ਨਿਕਲ਼ ਕੇ ਪਿਉ ਨੂੰ ਪੈ ਗਿਆ।
-"ਤੁਸੀਂ ਜੱਟਾਂ ਨੂੰ ਦਾਰੂ ਪਿਆ-ਪਿਆ ਕੇ ਵਿਗਾੜ ਲੈਣੈਂ..! ਇਹ ਕੌਮ ਪੈਲ਼ੀ ਦੀ ਵੱਟ ਪਿੱਛੇ ਭਰਾ ਮਾਰ ਦਿੰਦੀ ਐ, ਥੋਡੀ ਕਿੱਥੋਂ ਬਣੂੰ..? ਜੱਟ ਭਰਾ ਮਾਰ ਕੇ ਲੱਖ ਰੁਪਈਆ ਮੁਕੱਦਮੇਂ 'ਤੇ ਲਾ ਦਿਊ, ਪਰ ਸਕੇ ਭਰਾ ਨੂੰ ਜ਼ਮੀਨ ਦਾ ਇੱਕ ਓਰਾ ਨੀ ਛੱਡਦਾ..!" ਉਸ ਨੇ ਨਾਸਾਂ 'ਚੋਂ ਕਰੋਧ ਦਾ ਲਾਂਬੂ ਛੱਡਿਆ। ਉਹ ਕੋਹੜ੍ਹ ਕਿਰਲ਼ੇ ਵਾਂਗ ਧੌਣ ਅਕੜਾ ਕੇ ਆਇਆ ਸੀ।
-"ਇਹਨਾਂ ਵਿਗੜੇ-ਤਿਗੜੇ ਜੱਟਾਂ ਨੂੰ ਕੋਈ ਹੋਰ ਕੀ ਵਿਗਾੜ ਦਿਊ..? ਅਰਾਮ ਨਾਲ਼ ਗੱਲ ਕਰੋ ਬੇਟਾ ਜੀ..!"
-"ਕੀ ਲੋੜ ਸੀ ਦੋ ਬੋਤਲਾਂ ਲੈ ਕੇ ਦੇਣ ਦੀ..? ਤੁਸੀਂ ਤਾਂ ਘਰ ਨੂੰ ਲਾਈ ਜਾਨੇ ਐਂ ਉੜਦੂ..!"
ਸੇਠ ਉਚੀ-ਉਚੀ ਹੱਸ ਪਿਆ।
-"ਉਰ੍ਹੇ ਆ..! ਆਹ ਦੇਖ...! ਕਮਲਾ ਕਿਸੇ ਥਾਂ ਦਾ..!"
ਉਸ ਨੇ ਵਹੀ ਖੋਲ੍ਹ ਕੇ ਪੁੱਤ ਦੇ ਅੱਗੇ ਕਰ ਦਿੱਤੀ।
-"ਅੱਠ ਰੁਪਈਏ ਵਿਆਜ਼ 'ਤੇ ਤੀਹ ਹਜ਼ਾਰ ਦਿੱਤੈ, ਤੇ ਜੇ ਨਾ ਦਿਊ, ਕਿੱਲਾ ਗਹਿਣੇਂ ਕਰਨ ਦਾ ਵੇਰਵਾ ਵੀ ਵਿਚ ਪਾ ਲਿਆ..! ਜੱਟ ਭੱਜੂ ਕਿੱਥੇ..? ਦੋ ਬੋਤਲਾਂ ਦੇ ਤਾਂ ਆਪਾਂ ਕੀੜੇ ਮਾਰ ਦੁਆਈਆਂ 'ਚੋਂ ਈ ਕੱਢ ਲੈਣੇ ਐਂ..! ਸਿਆਣੇ ਕਹਿੰਦੇ ਐ, ਰੋਟੀ ਖਾਈਏ ਸ਼ੱਕਰ ਨਾਲ਼, ਤੇ ਦੁਨੀਆਂ ਲੁੱਟੀਏ ਮੱਕਰ ਨਾਲ਼..! ਮੈਂ ਤਾਂ ਗਿੰਦਰ ਵਰਗਿਆਂ ਨੂੰ ਖਾ ਕੇ ਡਕ੍ਹਾਰ ਨਾ ਮਾਰਾਂ, ਤੂੰ ਗੱਲਾਂ ਕਿਹੜੀਆਂ ਕਰਦੈਂ, ਬੇਟਾ..? ਮੈਂ ਆਪਣਾ ਘਰ ਥੋੜ੍ਹੋ ਤਬਾਹ ਕਰੂੰਗਾ..? ਮੈਨੂੰ ਆਪਦੀ ਕਬੀਲਦਾਰੀ, ਆਬਦੇ ਘਰ ਦਾ ਫ਼ਿਕਰ ਐ, ਮੈਂ ਆਬਦੇ ਘਰ ਨੂੰ ਤੰਗਲ਼ੀ ਥੋੜ੍ਹੋ ਲਾਊਂਗਾ..? ਦੂਜੀ ਗੱਲ ਪਤਾ ਕੀ ਐ..?"
-"..........।" ਮੁੰਡਾ ਚੁੱਪ ਸੀ।
-"ਗਿੰਦਰ ਦੀ ਕੁੜੀ ਦਾ ਰਿਸ਼ਤਾ ਹੋਇਆ ਇੰਗਲੈਂਡ..! ਕੁੜੀ ਮਹੀਨੇ ਖੰਡ 'ਚ ਇੰਗਲੈਂਡ ਚਲੀ ਜਾਊਗੀ, ਤੇ ਗਿੰਦਰ ਅਰਗੇ ਨੇ ਮਾਇਆ 'ਚ ਖੇਡਣ ਲੱਗ ਜਾਣੈਂ..! ਜੱਟ ਨਾ ਤਾਂ ਖੋਰ ਗੁਆਉਂਦੈ, ਤੇ ਨਾ ਈ ਕਿਸੇ ਦਾ ਕੀਤਾ ਗੁਣ ਭੁਲਾਉਂਦਾ ਹੁੰਦੈ ਬੇਟਾ..! ਇਹਦਾ ਖੋਰ ਵੀ ਭੈੜ੍ਹਾ, ਤੇ ਇਹਦੇ ਨਾਲ਼ ਕਿਸੇ ਨੇ ਗੁਣ ਕੀਤਾ ਹੋਵੇ ਤਾਂ ਕੰਮ ਵੀ ਬਥ੍ਹੇਰਾ ਆਉਂਦੈ..! ਤੂੰ ਅਜੇ ਨਿਆਣੈਂ...! ਤੈਨੂੰ ਅਜੇ ਬਾਣੀਆਂ ਦੀ ਅੰਦਰੂਨੀ ਤਕਨੀਕ ਦੀ ਸਮਝ ਹੈਨ੍ਹੀ..! ਜਿਸ ਦਿਨ ਸਮਝ ਪੈਗੀ, ਤੂੰ ਮੇਰੇ ਪੈਰ ਧੋ-ਧੋ ਪੀਆ ਕਰੇਂਗਾ, ਬਈ ਮੇਰੇ ਬਾਬੂ ਜੀ ਕਿੰਨੇ ਸਿਆਣੇ, ਕਿੰਨੇ ਦੂਰ-ਦ੍ਰਿਸ਼ਟੀ ਵਾਲ਼ੇ ਸੀ..! ਜੋ ਵੀ ਮੈਂ ਕਰਦੈਂ, ਮੇਰੀ ਹਰ ਗੱਲ ਖਾਨੇਂ 'ਚ ਪਾਉਣ ਦੀ ਕੋਸ਼ਿਸ਼ ਕਰਿਆ ਕਰ, ਬਹੁਤ ਕੁਛ ਪੱਲੇ ਪਊ ਤੇਰੇ, ਬਹੁਤ ਕੁਛ ਸਿੱਖਣ ਨੂੰ ਮਿਲੂ..! ਭੜ੍ਹਕ ਕੇ ਲੜਨਾ ਕੰਮ ਜੱਟ-ਬੂਟਾਂ ਦਾ ਹੁੰਦੈ, ਬਾਣੀਆਂ ਜ਼ਾਤ ਤਾਂ ਆਪਣੀ ਜ਼ੁਬਾਨ ਦਾ ਖੱਟਿਆ ਖਾਂਦੀ ਐ ਬੇਟਾ..! ਅੱਗੇ ਤੋਂ ਹਰ ਗੱਲ ਨੂੰ ਫ਼ਿਲਾਸਫ਼ਰਾਂ ਵਾਂਗ ਘੋਖਿਆ ਕਰ, ਤੇ ਫ਼ੇਰ ਦਿਮਾਗ 'ਚ ਘੋਟਿਆ ਕਰ, ਫ਼ੇਰ ਦੇਖ ਕੀ ਨਤੀਜੇ ਨਿਕਲ਼ਦੇ ਐ, ਜ਼ਿੰਦਗੀ 'ਚ ਕਦੇ ਮਾਰ ਨੀ ਖਾਵੇਂਗਾ..! ਸਿਆਣੇਂ ਦਾ ਕਿਹਾ, ਤੇ ਔਲ਼ੇ ਦਾ ਖਾਧਾ ਬਾਅਦ 'ਚ ਨਤੀਜਾ ਦਿੰਦੇ ਐ..! ਮਿੱਠਾ ਹੋ ਕੇ ਜੱਟ ਨੂੰ ਚਾਹੇ ਗੱਡੇ ਮੂਹਰੇ ਜੋੜ ਲੈ, ਤੇ ਜੇ ਕਹੇਂ ਲੜ ਕੇ, ਜਾਂ ਧੌਂਸ ਨਾਲ਼ ਕੋਈ ਕੰਮ ਲੈ ਲਵੇਂਗਾ, ਕਦਾਚਿੱਤ ਨੀ..! ਲੜਨ ਨਾਲ਼, ਜਾਂ ਰੋਅਬ ਨਾਲ਼ ਜੱਟ ਕਦੇ ਪੰਜਾਲ਼ੀ ਹੇਠ ਨੀ ਆਉਂਦਾ, ਸਗੋਂ ਭੂਸਰੇ ਬਲ਼ਦ ਵਾਂਗੂੰ ਢੁੱਡ ਮਾਰਨ ਆਊ, ਓਥੇ ਜੱਟ ਨਫ਼ੇ ਨੁਕਸਾਨ ਬਾਰੇ ਨੀ ਸੋਚਦਾ..! ਮਿੱਠਤ ਨਾਲ਼ ਇਹਨਾਂ ਨੂੰ ਚਾਹੇ ਪੀੜ੍ਹੀ ਦਰ ਪੀੜ੍ਹੀ ਠੱਗੀ ਚੱਲ, ਤੇ ਜੇ ਕਹੇਂਗਾ ਰੋਅਬ ਨਾਲ਼..? ਰੋਅਬ ਨਾਲ਼ ਇਹ ਚੂੰਢੀ ਨੀ ਵਢਾਉਂਦੇ ਮੰਨੋਂ ਦੇ ਜਾਣੇ..! ਤੇਰੇ ਕਹਿਣ ਵਾਂਗੂੰ, ਜਿਹੜੇ ਆਬਦੇ ਸਕੇ ਭਰਾ ਦੇ ਨੀ, ਤੇਰੇ ਕਿੱਥੋਂ ਬਣ ਜਾਣਗੇ..? ਸਵੇਰੇ ਉਠ ਕੇ ਠੰਢਾ ਪਾਣੀ ਪੀਆ ਕਰ, ਸਾਰੀ ਦਿਹਾੜੀ ਦਿਮਾਗ ਸ਼ਾਂਤ ਰਹਿੰਦੈ..! ਜਾਹ ਜਾ ਕੇ ਗਿਆਰਾਂ ਵਾਰੀ 'ਰਾਧੇ-ਰਾਧੇ' ਦਾ ਜਾਪ ਕਰ ਕੇ ਆ..!"
ਮੁੰਡੇ ਦੀ ਤਸੱਲੀ ਹੋ ਗਈ।
ਉਹ ਦੰਦੀਆਂ ਜਿਹੀਆਂ ਕੱਢ ਕੇ ਅੰਦਰ ਨੂੰ ਤੁਰ ਗਿਆ।
-"ਬਿਨਾਂ ਪਾਣੀਓਂ ਮੌਜੇ ਨੀ ਲਾਹੀਦੇ, ਬੇਟਾ..! ਮੈਂ ਤੇਰਾ ਬਾਪ ਹਾਂ, ਕੋਈ ਦੁਸ਼ਮਣ ਨਹੀਂ..! ਤੂੰ ਜਿੰਨਾਂ ਮਰਜ਼ੀ ਪੜ੍ਹ-ਲਿਖ ਗਿਐਂ, ਪਰ ਪਿਉ-ਦਾਦੇ ਜਿੰਨਾਂ ਦਿਮਾਗੀ ਨੀ ਹੋ ਸਕਦਾ..! ਸਕੂਲੀ ਪੜ੍ਹਾਈ ਬਾਣੀਆਂ ਜ਼ਾਤ ਨੂੰ ਕਦੇ ਵਫ਼ਾ ਨੀ ਕਰੂ..! ਜਦੋਂ ਕਾਮਯਾਬ ਕਰੂ, ਬਾਣੀਏਂ ਨੂੰ ਆਪਣੇ ਪਿਉ-ਦਾਦੇ ਦੀ 'ਮਹਾਜਨ-ਨੀਤੀ' ਕਾਮਯਾਬ ਕਰੂ..! ਆਪਾਂ ਨੂੰ ਲੋਕ 'ਮਹਾਂ-ਜਨ' ਐਵੇਂ ਨੀ ਕਹਿੰਦੇ, ਆਪਾਂ ਦਿਮਾਗੀ ਤੌਰ 'ਤੇ ਮਹਾਂ-ਜਨ ਆਂ...! ਸਮਝੇ ਬੇਟਾ...?"
-"..................।" ਮੁੰਡਾ ਕੱਛੂਕੁੰਮੇਂ ਵਾਂਗ ਸਿਰੀ ਜਿਹੀ ਲਕੋ ਕੇ ਮੁੜ ਅੰਦਰ ਜਾ ਵੜਿਆ।
ਦੋ ਬੋਤਲਾਂ ਝੋਲ਼ੇ ਵਿਚ ਪਾ ਕੇ ਜੇਤੂ ਬਣਿਆਂ ਗਿੰਦਰ ਬੱਸ ਚੜ੍ਹ ਗਿਆ।
ਤੂੜੀ ਵਾਲ਼ੇ ਕੋਠੇ ਵਿੱਚ ਬੋਤਲਾਂ ਸੰਭਾਲ਼ ਗਿੰਦਰ ਘਰ ਆ ਗਿਆ।
ਸ਼ਾਮ ਕੌਰ ਮੱਥੇ 'ਤੇ ਹੱਥ ਰੱਖੀ ਦੁਬਿਧਾ ਜਿਹੀ ਵਿਚ ਗਿੰਦਰ ਨੂੰ ਹੀ ਉਡੀਕੀ ਜਾ ਰਹੀ ਸੀ।
ਗਿੰਦਰ ਨੂੰ ਦੇਖ ਕੇ ਉਸ ਦਾ ਚਿਹਰਾ ਖਿੜ ਗਿਆ।
-"ਕਿਉਂ..? ਬਣਿਆਂ ਕੰਮ..?"
-"ਆਹੋ..! ਬਣਨਾ ਕਿਉਂ ਨੀ ਸੀ...?"
-"ਸਹੁੰ ਭਾਈਆਂ ਦੀ, ਮੈਨੂੰ ਤਾਂ ਬਲ੍ਹਾਈ ਚਿੰਤਾ ਲੱਗੀ ਵੀ ਸੀ..! ਫ਼ਿਕਰ ਈ ਤੋੜ-ਤੋੜ ਖਾਈ ਜਾਂਦਾ ਸੀ..!"
-"ਮੈਂ ਪੱਚੀਆਂ ਦੀ ਬਾਤ ਪਾਈ, ਪਰ ਓਹਨੇ ਤਾਂ ਤੀਹ ਦੇ'ਤਾ..!"
-"ਮੈਂ ਕਿੰਨੀ ਆਰੀ ਆਖਦੀ ਹੁੰਨੀਂ ਆਂ ਬਈ ਆਪਣਾ ਕਮਲ਼ਿਆਂ-ਰਮਲ਼ਿਆਂ ਦਾ ਤਾਂ ਰੱਬ ਈ ਐ, ਔਹ ਲੀਲੀ ਛੱਤ ਆਲ਼ਾ ਮੇਰਾ ਮਾਲਕ..! ਕਦੇ ਸੰਗਰਾਂਦ 'ਤੇ ਵੀ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਨੀ ਟੇਕਿਆ, ਪਰ ਫ਼ੇਰ ਵੀ ਓਹੀ ਲਾਜ ਰੱਖਦੈ ਆਪਣੀ ਤਾਂ..!"
-"ਆਹ ਲੈ ਫ਼ੜ..! ਸੰਭਾਲ਼ ਕੇ ਰੱਖ ਦੇ..!" ਉਸ ਨੇ ਤੀਹ ਹਜ਼ਾਰ ਰੁਪਈਆ ਸ਼ਾਮ ਕੌਰ ਅੱਗੇ ਕੀਤਾ।
ਸ਼ਾਮ ਕੌਰ ਨੇ ਪੈਸੇ ਮੱਥੇ ਨੂੰ ਲਾਏ ਤੇ ਪੇਟੀ ਵੱਲ ਨੂੰ ਤੁਰ ਪਈ।
-"ਮੇਰਾ ਸਤਿਗੁਰੂ, ਧੰਨ ਗੁਰੂ ਨਾਨਕ ਪਾਤਿਸ਼ਾਹ ਈ ਲਾਜ ਰੱਖਦੈ, ਮੇਰੇ ਤਾਂ ਜਾਣੀਂਦੀ ਸਾਹ ਸੁੱਕੇ ਪਏ ਸੀ...!"
-"ਆਸ 'ਮੀਦ ਤਾਂ ਮੈਨੂੰ ਵੀ ਨੀ ਸੀ ਕੋਈ, ਪਰ ਮਾਂ ਦੇ ਪੁੱਤ ਨੇ ਇੱਕ ਵਾਰੀ ਵੀ ਨੀ ਅਖਵਾਇਆ, ਅੱਧ-ਬੋਲ ਪੈਸੇ ਕੱਢ ਕੇ ਹੱਥ 'ਤੇ ਧਰ'ਤੇ..!"
-"ਓਹੀ ਮੇਰਾ ਮਾਲਕ ਮਨ ਮਿਹਰ ਪਾਉਂਦੈ ਬੰਦੇ ਦੇ, ਰੱਬ ਕਿਸੇ ਨੇ ਅੱਖੀਂ ਥੋੜ੍ਹੋ ਦੇਖਿਐ..? ਉਹ ਵੀ ਬੰਦਿਆਂ ਵਿਚ ਦੀ ਆਉਂਦੈ ਮੇਰਾ ਧੰਨ ਗੁਰੂ ਨਾਨਕ ਪਾਤਿਸ਼ਾਹ..!"
-"ਜੇ ਅੱਖੀਂ ਦੇਖ ਲੈਣ, ਉਹਨੂੰ ਵੇਚ ਕੇ ਨਾ ਖਾ ਜਾਣ..!" ਗਿੰਦਰ ਹੱਸ ਪਿਆ। ਪਰ ਅੰਦਰੂਨੀ 'ਘਾਲ਼ੇ-ਮਾਲ਼ੇ' ਬਾਰੇ ਗਿੰਦਰ ਨੂੰ ਕੋਈ ਗਿਆਨ ਨਹੀਂ ਸੀ, ਜੋ ਸੇਠ ਨੇ ਉਸ ਨਾਲ਼ ਕੀਤਾ ਸੀ। ਅੱਠ ਰੁਪਏ ਵਿਆਜ਼ ਅਤੇ ਰਕਮ ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ ਦੇ ਕਿੱਲੇ ਉਪਰ ਕਬਜ਼ਾ!
-"ਧੰਨ ਐਂ ਸੱਚੇ ਪਾਤਸ਼ਾਹ ਤੂੰ..! ਇੱਜਤ ਰੱਖ'ਲੀ ਸਾਡੀ ਗਰੀਬਾਂ ਦੀ..!" ਉਸ ਨੇ ਪੇਟੀ ਵਿਚ ਪੈਸੇ ਰੱਖ ਕੇ ਧੰਨ ਗੁਰੂ ਨਾਨਕ ਪਾਤਿਸ਼ਾਹ ਦੀ ਫ਼ੋਟੋ ਅੱਗੇ ਨਮਸਕਾਰ ਕੀਤੀ।
ਬੋਤਲਾਂ ਵਾਲ਼ੀ ਗੱਲ ਗਿੰਦਰ ਨੇ ਗੁਪਤ ਹੀ ਰੱਖੀ।
-"ਮੈਂ ਹੁਣ ਖੇਤ ਗੇੜਾ ਕੱਢ ਆਵਾਂ..!" ਪੈਸੇ ਦੇ ਫ਼ਿਕਰ ਵੱਲੋਂ ਸੁਰਖ਼ਰੂ ਹੋਇਆ ਉਹ ਖੇਤ ਗੇੜਾ ਦੇਣ ਦੇ ਬਹਾਨੇ ਕੇਹਰੇ ਕੋਲ਼ ਨੂੰ ਤੁਰ ਗਿਆ। ਸਵੇਰ ਵਾਲ਼ੀ ਖੁੱਲ੍ਹੀ ਬੋਤਲ ਉਸ ਦੇ ਕੁਤਕੁਤੀਆਂ ਕੱਢੀ ਜਾ ਰਹੀ ਸੀ। ਕੇਹਰੇ ਨਾਲ਼ ਉਸ ਦਾ ਹਿਸਾਬ ਹਾੜ੍ਹੀ ਸਾਉਣੀ ਦਾ ਹੀ ਚੱਲਦਾ ਸੀ।
ਕੇਹਰਾ ਘਰ ਹੀ ਸੀ।
-"ਕਿਉਂ...? ਬਣਿਆਂ ਕੰਮ..?" ਕੇਹਰੇ ਨੇ ਸਵੇਰ ਵਾਲ਼ੀ ਬੋਤਲ ਕੱਢ ਕੇ ਅੱਗੇ ਰੱਖਦਿਆਂ ਕਿਹਾ।
-"ਤੇਰੀ ਭਰਜਾਈ ਹਰ ਗੱਲ ਨਾਲ ਕਹਿੰਦੀ ਹੁੰਦੀ ਐ, ਬਈ ਕਮਲ਼ੇ ਰਮਲ਼ਿਆਂ ਦਾ ਰੱਬ ਹੁੰਦੈ..! ਡਰ ਤਾਂ ਮੈਨੂੰ ਬਾਣੀਆਂ ਜ਼ਾਤ ਤੋਂ ਬਥ੍ਹੇਰਾ ਸੀ, ਪਰ ਪਤਾ ਨੀ ਕੀ ਮਨ ਮਿਹਰ ਪਈ, ਫ਼ੱਟ ਪੈਸੇ ਕੱਢ ਕੇ ਫ਼ੜਾ ਦਿੱਤੇ..!" ਉਸ ਨੇ ਪੈੱਗ ਪਾ ਕੇ ਧਰਤੀ ਨੂੰ ਛਿੱਟਾ ਦਿੱਤਾ ਅਤੇ ਇੱਕੋ ਲਗਤ ਅੰਦਰ ਸੁੱਟਿਆ। ਦੇਸੀ ਦਾਰੂ ਗਰਮ ਲੀਕ ਜਿਹੀ ਪਾਉਂਦੀ ਥੱਲੇ ਉਤਰੀ ਸੀ।
-"ਵਿਆਜ-ਵੂਜ ਠੀਕ ਲਾਇਆ..?" ਕੇਹਰੇ ਨੇ ਤੁੱਕਿਆਂ ਦੇ ਅਚਾਰ ਦੀ ਕੌਲੀ ਅੱਗੇ ਕਰਦਿਆਂ ਪੁੱਛਿਆ।
-"ਭੈਣ ਦੇ ਅੜੰਗੇ 'ਚ ਵੜੇ ਵਿਆਜ..! ਇੱਕ ਆਰੀ ਧੀ-ਧਿਆਣੀਂ ਨੂੰ ਘਰੋਂ ਤੋਰਨ ਦਾ ਕੰਮ ਸਰ'ਜੂ..! ਬਾਕੀ ਜੋ ਹੋਊ, ਦੇਖੀ ਜਾਊ, ਜ਼ਿੰਮੇਵਾਰੀ ਤੋਂ ਤਾਂ ਫ਼ਾਰਿਗ ਹੋਈਏ ਇੱਕ ਵਾਰੀ..! ਪੰਜ ਪਾਂਜੇ ਤਾਂ ਮੇਰੇ ਸਹੁਰੇ ਪੂਰੇ ਈ ਨੀ ਹੋਣੇ..!" ਉਸ ਨੇ ਅਚਾਰੀ ਤੁੱਕਾ ਮੂੰਹ ਵਿੱਚ ਪਾਇਆ। ਕੋਹੜ੍ਹ ਕਿਰਲ਼ੇ ਜਿੱਡਾ ਤੁੱਕਾ ਉਸ ਦੇ ਮੂੰਹ ਵਿੱਚ ਨਾਚ ਕਰਨ ਲੱਗ ਪਿਆ।
-"..............।" ਕੇਹਰਾ ਚੁੱਪ ਵੱਟ ਗਿਆ।
ਉਹ ਸੋਚ ਰਿਹਾ ਸੀ ਕਿ ਜ਼ਿਮੀਦਾਰ ਆਪਣੇ ਆਪ ਅਤੇ ਜਾਇਦਾਦ ਪ੍ਰਤੀ ਕਿੰਨੇ ਲਾਪ੍ਰਵਾਹ ਅਤੇ ਆਵੇਸਲ਼ੇ ਹਨ, ਬਾਣੀਏਂ ਦੇ ਕਰਜ਼ੇ ਅਤੇ ਵਿਆਜ਼ ਨੂੰ ਕਦੇ ਗੰਭੀਰਤਾ ਨਾਲ਼ ਨਹੀਂ ਲੈਂਦੇ, ਇਸੇ ਲਈ ਜੱਟ ਦੀ ਕੋਈ ਵੀ ਪੀੜ੍ਹੀ ਕਰਜ਼ੇ ਤੋਂ ਮੁਕਤ ਨਹੀਂ ਹੋਈ...। ਬਾਣੀਆਂ ਜ਼ਾਤ ਕਾਰੋਬਾਰ, ਵਿਵਹਾਰ ਅਤੇ ਲਾਭ-ਹਾਨੀ ਨੂੰ ਮੁੱਖ ਰੱਖ ਕੇ ਤੁਰਦੀ ਹੈ, ਜਿਸ ਕਰਕੇ ਮੰਜੇ ਜਿੰਨੀ ਜਗਾਹ ਵਿੱਚ ਪਾਈ ਦੁਕਾਨ ਤੋਂ ਸਾਰਾ ਟੱਬਰ ਹਰ ਖ਼ਾਹਿਸ਼ ਪੂਰੀ ਕਰਦਾ ਰਹਿੰਦਾ ਹੈ...। ਪਰ ਦੂਜੇ ਪਾਸੇ ਜੱਟ ਦਸਾਂ ਕਿੱਲਿਆਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਸਾਰੀ ਉਮਰ ਕਰਜ਼ੇ ਦਾ ਜੂਲ਼ਾ ਧੌਣ ਤੋਂ ਨਹੀਂ ਲਾਹ ਸਕਦਾ...। ਵੈਸੇ ਜੱਟ ਰੱਬ ਨੂੰ 'ਟੱਬ' ਦੱਸਣ ਵਿਚ ਮਸ਼ਹੂਰ ਹੈ, ਪਰ ਜਦ ਅਜਿਹੇ ਹਿਸਾਬ-ਕਿਤਾਬ ਦੀ ਗੱਲ ਆਉਂਦੀ ਹੈ ਤਾਂ ਆਪ ਸੁਰਖ਼ਰੂ ਹੋਣ ਵਾਸਤੇ ਆਖ ਦਿੰਦਾ ਹੈ, "ਉਤੇ ਰੱਬ ਦੇਂਹਦੈ..! ਜੇ ਕੋਈ ਆਪਣੇ ਨਾਲ਼ ਕਰੂ, ਆਪੇ ਰੱਬ ਸਜ਼ਾ ਦਿਊ..!"
-"ਕਿਹੜੀਆਂ ਉਧੇੜਬੁਣ 'ਚ ਫ਼ਸ ਗਿਆ..? ਚੱਕ, ਲਾ ਪੇਕ..!" ਗਿੰਦਰ ਨੇ ਬੋਤਲ ਕੇਹਰੇ ਨੂੰ ਫ਼ੜਾਉਣੀ ਚਾਹੀ।
-"ਨਹੀਂ..! ਮੈਂ ਨੀ ਅਜੇ ਲਾਉਣੀਂ..! ਕੁੜੀ ਤੇ ਜੁਆਈ ਨੇ ਆਉਣੈਂ..!"
-"ਗਿਆਨੀ ਨੇ ਜੰਨ ਜਾਣ ਵਾਸਤੇ ਨੀ ਕਿਹਾ ਤੈਨੂੰ..?" ਗਿੰਦਰ ਨੇ ਅਗਲਾ ਪੈੱਗ ਪਾ ਕੇ ਪੁੱਛਿਆ।
-"ਕਿਹੜੇ ਗਿਆਨੀ ਨੇ..?"
-"ਗਿਆਨੀ, ਜਗਦੇਵ ਨੇ...!"
-"ਅਜੇ ਤੱਕ ਤਾਂ ਕਿਹਾ ਨੀ...! ਹੋ ਸਕਦੈ ਕਹਿ ਦੇਵੇ ਇੱਕ ਅੱਧੇ ਦਿਨ 'ਚ..!"
-"ਮੇਰੇ ਕੋਲ਼ ਵੀ ਰਾਤ ਈ ਆਇਆ ਸੀ..!"
-"ਨਹੀਂ ਟੈਮ ਲੱਗਿਆ ਹੋਣਾਂ..! 'ਕੱਲਾ ਬੰਦਾ ਕਿੱਧਰ ਕਿੱਧਰ ਹੋਵੇ..?"
-"ਨਾਲ਼ੇ ਵਿਆਹ ਦੇ ਝਮੇਲੇ ਕਿਹੜਾ ਥੋੜ੍ਹੇ ਹੁੰਦੇ ਐ..? ਅੱਡੀਆ ਚੱਕ ਕੇ ਫ਼ਾਹਾ ਤਾਂ ਜਨਤਾ ਲਈ ਜਾਂਦੀ ਐ..!"
-"ਪਰ ਫ਼ਾਹਾ ਲੈਣਾਂ ਪੈਂਦੈ, ਗਿੰਦਰਾ..! ਮਾਰੀ ਤਾਂ ਆਪਣੀ ਜਨਤਾ ਨੱਕ ਦੀ ਪਈ ਐ..! ਖਸਮਾਂ ਨੂੰ ਖਾਣੇਂ ਨਕੌੜੇ ਕਰ ਕੇ ਅੱਡੀਆਂ ਚੱਕ-ਚੱਕ ਫ਼ਾਹਾ ਲਈ ਜਾਂਦੇ ਐ, ਤੇ ਫ਼ੇਰ ਜਦੋਂ ਕਰਜ਼ੇ ਦੀ ਗੱਲ ਵਿਤੋਂ ਬਾਹਰ ਹੋ ਜਾਂਦੀ ਐ ਤਾਂ ਫ਼ੇਰ ਗਲ਼ 'ਚ ਰੱਸਾ ਪਾ ਕੇ ਆਪ ਤਾਂ ਫ਼ਾਹਾ ਲੈ ਲੈਂਦੇ ਐ, ਤੇ ਭੁਗਤਦੀ ਐ ਅਗਲੀ ਪੀੜ੍ਹੀ..!"
-"ਗੱਲ ਤਾਂ ਤੇਰੀ ਸਹੀ ਐ, ਕੇਹਰਿਆ..! ਆਹ ਮੇਰੇ ਵੱਲੀਂ ਦੇਖ'ਲੈ..! ਜੇਬ 'ਚ ਆਨਾਂ ਨੀ, ਤੇ ਬਾਣੀਏਂ ਤੋਂ ਫ਼ੜ-ਫ਼ੜ ਫ਼ੇਰ ਵੀ ਲਾਉਣ ਨੂੰ ਤਿਆਰ ਬੈਠੇ ਐਂ..! ਕੁਛ ਨੀ ਸਾਲ਼ੀ ਜੱਟ ਦੀ ਜੂਨ..! ਤੰਗੀਆਂ ਤਰੁਸ਼ੀਆਂ 'ਚ ਈ ਜੱਟ ਜੰਮਦੈ, ਤੇ ਨੰਗ-ਭੁੱਖ ਨਾਲ਼ ਘੁਲ਼ਦਾ ਈ ਮਰ ਜਾਂਦੈ..!" ਉਸ ਨੇ ਦਾਰੂ ਦਾ ਪੈੱਗ ਜਾੜ੍ਹ ਘੁੱਟ ਕੇ ਅੰਦਰ ਸੁੱਟਿਆ।
-"ਮੈਂ ਚੱਲਦੈਂ ਹੁਣ..!"
-"ਆਹ ਬਚਦੀ ਬੋਤਲ ਤਾਂ ਨਾਲ਼ ਲੈਂਦਾ ਜਾਹ...!" ਕੇਹਰੇ ਨੇ ਬੋਤਲ ਗਿੰਦਰ ਹੱਥ ਦੇ ਦਿੱਤੀ।
-"ਓਏ ਇਹ ਕਿਹੜਾ ਸੁਹਾਗਾ ਐ, ਬਈ ਮੋਢਿਆਂ 'ਤੇ ਚੱਕਣਾ ਪਊ..? ਇਹ ਤਾਂ ਕਰਮਾਂ ਆਲ਼ੀ ਚੱਕ ਕੇ ਨੇਫ਼ੇ 'ਚ ਈ ਤੁੰਨ ਲੈਣੀਂ ਐਂ..! ਲੈ, ਟੰਗੀ ਗਈ..!"
-"ਹੋਰ ਕੁਛ ਜੱਟ ਨੂੰ ਆਵੇ, ਚਾਹੇ ਨਾ ਆਵੇ..! ਬੋਤਲ ਤੇ ਪਸਤੌਲ ਡੱਬ 'ਚ ਟੰਗਣ ਦਾ ਬੜਾ ਢੰਗ ਬੜਾ ਆਉਂਦੈ..!"
ਕੇਹਰੇ ਦੀ ਗੱਲ 'ਤੇ ਗਿੰਦਰ ਉਚੀ-ਉਚੀ ਹੱਸ ਪਿਆ।
ਜਦ ਗਿੰਦਰ ਤੁਰਨ ਲੱਗਿਆ ਤਾਂ ਨਸ਼ੇ ਕਾਰਨ ਸਰੀਰ ਡੋਲ ਗਿਆ।
-"ਬਚ ਕੇ ਮੋੜ ਤੋਂ..! ਤੂੰ ਤਾਂ ਤਿੰਨ ਪਿੱਗਾਂ ਨਾਲ਼ ਈ ਬਲ਼ਦ ਮੂਤਣੀਆਂ ਪਾਉਣ ਲੱਗ ਪਿਆ..!"
-"ਕੰਜਰਾਂ ਦੀ ਖੱਟਰ ਬੜੀ ਐ, ਪਤਾ ਨੀ ਕੀ ਸੈਂਖੀਆ ਪਾਉਨੈਂ ਖਸਮਾਂ..!"
ਕੇਹਰਾ ਮੁੜ ਹੱਸ ਪਿਆ।
ਆਥਣੇਂ ਜਦ ਗਿੰਦਰ ਘਰ ਪਹੁੰਚਿਆ ਤਾਂ ਉਸ ਦਾ ਸਾਲ਼ਾ ਫ਼ੇਰ ਆਇਆ ਬੈਠਾ ਸੀ।
-"ਓਏ ਆ ਬਈ ਨਾਜਰ ਸਿਆਂ...! ਸਰਬੰਧੀਆ ਹੁਣ ਕੀ ਖ਼ਬਰ ਲੈ ਕੇ ਆਇਐਂ..?" ਦਾਰੂ ਪੀਤੀ ਹੋਣ ਕਰ ਕੇ ਗਿੰਦਰ ਗੜ੍ਹਕੇ ਨਾਲ਼ ਗੱਲ ਕਰ ਰਿਹਾ ਸੀ।
-"ਨਾ ਚਾਹ ਨਾ ਪਾਣੀਂ, ਤੇਰੇ ਵਰਗਾ ਨੰਗ ਪ੍ਰਾਹੁੰਣਾ ਵੀ ਨਾ ਹੋਵੇ..!"
-"ਬੁੜ੍ਹੀਆਂ ਮਾਂਗੂੰ ਮਿਹਣੇਂ ਜੇ ਨਾ ਮਾਰ..! ਨੀਤ ਦੇ ਜਮਾਂ ਨੰਗ ਨੀ, ਜੇ ਆਖੇਂ ਤਾਂ ਮੂੰਹ ਕੌੜਾ ਵੀ ਕਰਵਾ ਦਿਆਂਗੇ...! ਬੱਸ ਆਬਦੀ ਭੈਣ ਤੋਂ ਆਗਿਆ ਲੈ ਦੇ..! ਇਹੀ ਅੱਕੀ ਬਾਂਦਰੀ ਮਾਂਗੂੰ ਘਰੂਟ ਮਾਰਨ ਆਉਂਦੀ ਐ ਕਦੇ-ਕਦੇ, ਮੈਂ ਤਾਂ ਲਾ ਦਿਊਂਗਾ ਅਸਮਾਨ ਨੂੰ ਟਾਕੀ....!"
-"ਜੀਭ ਤਾਂ ਭਰਾਵਾ ਇਹਦੀ ਆਬਦੀ ਮੂਤਦੀ ਹੁੰਦੀ ਐ, ਬਹਾਨਾ ਬਣਾ ਲੈਂਦੈ ਅਗਲੇ ਦਾ..! ਖੇਖਣ ਹੱਥਾ..!"
-"ਲੈ...! ਕਰ'ਲਾ ਘਿਉ ਨੂੰ ਭਾਂਡਾ..! ਮੁਰਦੇ ਮਾਂਗੂੰ ਬੋਲ ਕੇ ਪਾੜਦੀ ਐ ਨ੍ਹਾਂ ਖੱਫ਼ਣ..?" ਗਿੰਦਰ ਉਚੀ-ਉਚੀ ਹੱਸ ਪਿਆ।
-"ਜਿੰਨਾਂ ਚਿਰ ਤੂੰ ਨੀ ਬਹਿਬਤਾਂ ਕਰਨੋਂ ਹਟਦਾ, ਮੈਂ ਤਾਂ ਖੱਫਣ ਈ ਪਾੜੂੰ...!" ਸ਼ਾਮ ਕੌਰ ਬੋਲੀ।
-"ਦੇਖ ਲਿਆ ਤਮਾਸ਼ਾ ਨਾਜਰਾ..? ਦੂਜਿਆਂ ਨੂੰ ਭੰਡਣਾ ਤਾਂ ਇਹਦਾ ਪਹਿਲਾ ਕੰਮ ਐਂ, ਬਾਈ...! ਇਹ ਤਾਂ ਮੈਂ ਈ ਆਂ, ਜਿਹੜਾ ਇਹਦੇ ਡੈਣ ਨਾਲ਼ ਕੱਟਦਾ ਆਉਨੈਂ, ਕੋਈ ਹੋਰ ਹੁੰਦਾ, ਹੁਣ ਨੂੰ ਲਟੈਣ ਨਾਲ਼ ਲਮਕਿਆ ਹੁੰਦਾ..!"
-"ਗਿੰਦਰ ਸਿਆਂ, ਜਿਹਨਾਂ ਨੇ ਕੁਛ ਕਰਨਾ ਹੁੰਦੈ, ਓਹ ਆਰ ਦੇਖਦੇ ਐ, ਨਾ ਪਾਰ, ਅਗਲੇ ਪਾਧਾ ਨੀ ਪੁੱਛਦੇ, ਤੇ ਤੂੰ ਤਾਂ ਸਲਾਹਾਂ 'ਚ ਈ ਤੇਲ ਫ਼ੂਕੀ ਜਾਨੈਂ..!" ਨਾਜਰ ਨੇ ਠੁਣਾਂ ਗਿੰਦਰ ਸਿਰ ਹੀ ਭੰਨਿਆਂ।
-"ਚੋਭਾਂ ਤੇਰੀਆਂ ਵੀ ਕੁਪੱਤੀ ਸੱਸ ਆਲ਼ੀਐਂ...! ਦੋਨੋਂ ਭੈਣ-ਭਰਾ ਇੱਕ-ਦੂਜੇ ਤੋਂ ਚੜ੍ਹਦੇ ਚੰਦ ਐਂ, ਘੱਟ ਕੋਈ ਵੀ ਨੀ, ਡੰਗ ਠੂੰਹੇਂ ਮਾਂਗੂੰ ਇੱਕੋ ਜਿਆ ਮਾਰਦੇ ਐਂ..!" ਉਹ ਬਾਂਦਰ ਵਾਂਗ ਲਾਚੜਿਆ ਘਰ ਦੇ ਪਿਛਲੇ ਪਾਸੇ, ਤੂੜੀ ਵਾਲ਼ੇ ਅੰਦਰ ਚਲਿਆ ਗਿਆ। ਉਸ ਨੇ ਦੇਸੀ ਦੀ ਬਚੀ ਬੋਤਲ ਤੂੜੀ ਵਿੱਚ ਦੇ ਦਿੱਤੀ ਅਤੇ ਸੇਠ ਵਾਲ਼ੀ ਬੋਤਲ ਚੁੱਕ, ਝੱਟ ਖੋਟੇ ਪੈਸੇ ਵਾਂਗ ਮੁੜ ਆਇਆ। ਨਾਜਰ ਆਇਆ ਕਰ ਕੇ ਉਸ ਨੂੰ ਪੀਣ ਦਾ ਅੱਜ ਫ਼ਿਰ ਬਹਾਨਾ ਮਿਲ਼ ਗਿਆ ਸੀ। ਅੱਜ ਫ਼ਿਰ ਖੁੱਲ੍ਹੀ ਖੇਡ ਹੋ ਗਈ ਸੀ।
-"ਲਿਆ ਦਾਲ਼ ਸਬਜ਼ੀ ਲਿਆ ਕੋਈ...! ਅਸੀਂ ਮਿਹਣੇਂ ਨੂੰ ਥਾਂ ਥੋੜ੍ਹੋ ਕਰਨੀ ਐਂ..? ਇਹ ਤਾਂ ਮਿਹਣਾ ਵੀ ਬਨੇਰੇ-ਤੋੜ ਮਾਰਦੈ..!" ਸੀਲ ਤੋੜ ਕੇ ਜੜਾਕਾ ਸੁਣਿਆਂ ਤਾਂ ਗਿੰਦਰ ਦਾ ਦਿਲ ਠਰ ਗਿਆ ਅਤੇ ਅੰਦਰ ਕਿਸੇ ਸਕੂਨ, ਕਿਸੇ ਤਸੱਲੀ ਨਾਲ਼ ਭਰ ਗਿਆ।
-"ਆਹ ਸਬਜ਼ੀ ਲੈ'ਜੀਂ ਬਾਈ ਨਾਜਰਾ..!" ਸ਼ਾਮ ਕੌਰ ਨੇ ਬਾਟੀ ਵਿਚ ਗੋਭੀ ਦੀ ਸਬਜ਼ੀ ਪਾ ਕੇ ਕੰਧੋਲ਼ੀ 'ਤੇ ਰੱਖ ਦਿੱਤੀ, "ਬਾਟੀ ਤੱਤੀ ਬਾਹਲ਼ੀ ਐ, ਕਿਤੇ ਹੱਥ ਨਾ ਬਾਲ਼ ਲਈਂ..!"
-"ਜਮਾਂ ਨੀ ਬਾਲ਼ਦਾ ਹੱਥ..! ਤੂੰ ਇਹਨੂੰ ਨਿਆਣਾਂ ਸਮਝਦੀ ਐਂ...? ਇਹ ਤਾਂ ਥਰਮਾਮੀਟਰ ਮਾਂਗੂੰ ਦੂਰੋਂ ਈ ਗਰਮੀ ਦੀ ਮਿਣਤੀ ਦੱਸਦੈ...!"
-"ਤੈਨੂੰ ਤਾਂ ਚਾਹੇ ਹੁਣ ਗੁੜ ਆਲ਼ੇ ਕੜਾਹੇ 'ਚ ਸਿੱਟ ਦੇਈਏ, ਤੈਨੂੰ ਤਾਂ ਉਹ ਵੀ ਤੱਤਾ ਨੀ ਲੱਗਣਾ..!" ਨਾਜਰ ਆਪਣੀ ਵਾਰੀ ਲੈ ਗਿਆ।
-"ਥੋਡੇ ਦੋਵਾਂ ਭੈਣ-ਭਰਾਂਵਾਂ 'ਚੋਂ ਕੋਈ ਵੀ ਘੱਟ ਨੀ, ਦੋਵੇਂ ਈ ਬੱਤੀ ਕਲਾਂ ਸੰਪੂਰਨ ਐਂ...! ਜਦੋਂ ਗੱਲ ਕਰਦੇ ਐਂ, ਮੂੰਹੋਂ ਲਾਟ ਈ ਕੱਢਦੇ ਐਂ..!" ਉਸ ਨੇ ਦਾਰੂ ਗਿਲਾਸਾਂ ਵਿਚ ਉਲ਼ੱਦ ਲਈ।
-"ਕਲਾ ਤਾਂ ਸੋਲ਼ਾਂ ਈ ਸੁਣੀਆਂ ਸੀ, ਤੂੰ ਬੱਤੀ ਦੱਸਦੈਂ...?"
-"ਸੋਲ਼ਾਂ ਤੇਰੀਆਂ ਤੇ ਸੋਲ਼ਾਂ ਇਹਦੀਆਂ, ਬੱਤੀ ਨੀ ਹੋਈਆਂ...?"
ਸਾਰੇ ਹੱਸ ਪਏ।
-"ਲੈ ਚੱਕ ਬਾਈ ਨਾਜਰਾ..!"
ਉਹਨਾਂ ਨੇ ਗਿਲਾਸ ਖਾਲੀ ਕਰ ਦਿੱਤੇ।
-"ਓਏ ਆਹ ਸਬਜ਼ੀ ਅਸੀਂ ਬੁੱਕਾਂ ਨਾਲ਼ ਖਾਣੀਂ ਐਂ...? ਕੋਈ ਚਮਚਾ ਚੁਮਚਾ ਵੀ ਦੇਹ..!"
ਸ਼ਾਮ ਕੌਰ ਦੋ ਚਮਚੇ ਫ਼ੜਾ ਗਈ।
-"ਅੱਜ ਕਿਵੇਂ ਦਰਸ਼ਣ ਦਿੱਤੇ..?" ਉਸ ਨੇ ਸਬਜ਼ੀ ਦਾ ਚਮਚਾ ਮੂੰਹ ਵਿਚ ਪਾਉਂਦਿਆਂ ਪੁੱਛਿਆ।
-"ਗਿੰਦਰ ਸਿਆਂ...! ਹਾਸੇ ਨਾਲ਼ ਤਾਂ ਰਿਹਾ ਹਾਸਾ..! ਪਰ ਛੋਟੀ ਭਰਜਾਈ ਨੇ ਬੜਾ ਵੰਝ 'ਤੇ ਚਾੜ੍ਹਨਾ ਲਿਐ..!"
-"ਕੀ ਹੋ ਗਿਆ...?"
-"ਸਾਲ਼ੀ ਗਲ਼ ਥਾਣੀਂ ਪਜਾਮਾਂ ਲਾਹੁੰਦੀ ਐ..!"
ਗਿੰਦਰ ਹੱਸ ਪਿਆ।
-"ਪਤੰਦਰੋ ਖਾਂਦੇ ਪਤਾ ਨੀ ਕੀ ਐਂ, ਅੱਗ ਈ ਕੱਢਦੇ ਐਂ ਮੂੰਹੋਂ..! ਕੋਈ ਗੱਲ ਤਾਂ ਦੱਸ, ਬਾਹਲ਼ਾ ਈ ਅੱਕਿਆ ਪਿਐਂ..?"
-"ਨਹੀਂ ਗਿੰਦਰ ਸਿਆਂ...! ਜੋ ਤਨ ਲੱਗੀਆਂ ਸੋਈ ਜਾਣੇ..! ਹੁਣ ਤਾਂ ਸਹੁਰੀ ਨੇ ਬਹੁਤੀ ਈ ਅੱਤ ਚੱਕ'ਲੀ..! ਜਿਉਣਾ ਦੁੱਭਰ ਕੀਤਾ ਪਿਐ..!"
-"ਚੰਗਾ..! ਗਧੇ ਮਾਂਗੂੰ ਹੀਂਗਣਾਂ ਬੰਨ੍ਹੀ ਰੱਖ, ਗੱਲ ਨਾ ਕੋਈ ਦੱਸੀਂ..! ਤਾਂਹੀਂ ਤਾਂ ਲੋਕ ਥੋਨੂੰ ਊਤਾਂ ਦਾ ਲਾਣਾਂ ਕਹਿੰਦੇ ਐ..!"
-"ਯਾਰ ਸਾਨੂੰ ਪਲਾਟ ਨੀ ਸੀ ਆਇਆ ਬਾਹਰਲਾ..? ਵੰਡਾਈ 'ਚ..?"
-"ਆਹੋ..! ਆਇਆ ਸੀ..!"
-"ਅਸੀਂ ਸੋਚਿਆ ਬਈ ਅੰਦਰਲਾ ਘਰ ਪਸ਼ੂਆਂ ਵਾਸਤੇ ਰੱਖ ਲਵਾਂਗੇ, ਤੇ ਪਲਾਟ 'ਚ ਵਸੋਂ ਜੋਗਾ ਮਕਾਨ ਛੱਤ ਲਵਾਂਗੇ..! ਸਾਲ਼ੀ ਓਸ ਪਲਾਟ 'ਚੋਂ ਰੂੜੀ ਨੀ ਚੱਕਦੀ..! ਮੈਂ ਪੈਂਤੀ ਆਰੀ ਕਿਹਾ ਹੋਉਗਾ..!"
-"ਕੀ ਕਹਿੰਦੀ..?"
-"ਬੱਸ, ਗੌਗਾ ਈ ਨੀ ਗੌਲ਼ਦੀ..!"
-"ਜਾਗਰ ਨੂੰ ਆਖਣਾਂ ਸੀ..!"
-"ਓਏ ਉਹਨੂੰ ਵੀ ਕੀਤਾ ਸੀ ਪੁੜਪੁੜੀਆਂ ਦਾ ਭੇੜ੍ਹ, ਸਾਲ਼ਾ ਜਮਾਂ ਈ ਸੁੱਸਰੀ ਐ..! ਸਾਹ ਨੀ ਕੱਢਦਾ ਓਸ ਮਾਂ ਮੂਹਰੇ..! ਭੋਰਾ ਨੀ ਕੁਸਕਦਾ..!"
-"............।" ਗਿੰਦਰ ਚੁੱਪ ਚਾਪ ਪੈੱਗ ਪਾਉਣ ਲੱਗ ਪਿਆ।
-"ਮੈਨੂੰ ਲੱਗਦੈ ਉਹਨੂੰ ਸਾਲ਼ੀ ਨੂੰ ਗੁੱਗਲ਼ ਦੀ ਧੂਣੀਂ ਦੇਣੀਂ ਪੈਣੀ ਐਂ..!"
-"ਆਹੋ, ਟੀਕੇ ਆਲ਼ੀ ਮੱਝ ਥਾਪੀ ਨਾਲ਼ ਥੋੜ੍ਹੋ ਧਾਰ ਦਿੰਦੀ ਐ..? ਉਹਨੂੰ ਤਾਂ ਆਬਦੀ ਟੀਕੇ ਆਲ਼ੀ ਖੁਰਾਕ ਚਾਹੀਦੀ ਐ..!" ਗਿੰਦਰ ਨੇ ਪੈੱਗ ਪਾ ਕੇ ਗਿਲਾਸ ਨਾਜਰ ਨੂੰ ਫ਼ੜਾ ਦਿੱਤਾ, "ਗਾਂਧੀ ਤੂੰ ਬਣਿਆਂ ਰਹਿੰਨੈ..? ਪਾ ਦੇਣੇ ਸੀ ਚਿੱਬ ਬੱਖੀਆਂ 'ਚ, ਤੱਕਲ਼ੇ ਮਾਂਗੂੰ ਸਿੱਧੀ ਹੋ ਜਾਂਦੀ..!"
-"ਹੁਣ ਤੂੰ ਮੱਚਦੀ ਅੱਗ 'ਤੇ ਫ਼ੂਸ ਨਾ ਪਾਅ..! ਰਹਿਣ'ਦੇ ਭਰਾਂਵਾਂ 'ਚ ਏਕਾ..! ਜਾਣ ਦੇ ਇਸ ਗੱਲ ਨੂੰ...!"
-"ਲੈ...! ਕਰ ਝੋਲ਼ੀ ਅੱਗੇ...! ਆਬਦੀ ਭੈਣ ਜੀ ਤੋਂ ਪੁਆ ਨੇਕ ਸਲਾਹਾਂ ਦੀ ਖ਼ੈਰ..!" ਗਿੰਦਰ ਨੇ ਵਿਅੰਗਮਈ ਆਖਦਿਆਂ ਗਿਲਾਸ ਖਾਲੀ ਕਰ ਦਿੱਤਾ।
-"ਮੈਂ ਤੇਰੇ ਅਰਗੀ ਵੀ ਯਧ-ਕਮਲ਼ੀ ਨੀ ਦੇਖੀ, ਸ਼ਾਮੋਂ..!" ਨਾਜਰ ਖਿਝ ਗਿਆ, "ਅਗਲੇ ਤੇਰੀ ਭਾਬੀ ਦੀ ਤੰਬੀ ਭਰਾੜ੍ਹ ਕਰਨ ਤੱਕ ਜਾਂਦੇ ਐ, ਤੇ ਤੂੰ ਸ਼ਾਂਤੀ ਸੰਮੇਲਨ ਵਾਲ਼ਿਆਂ ਵਾਂਗੂੰ ਸ਼ਾਂਤੀ-ਸ਼ਾਂਤੀ ਰਟੀ ਚੱਲ..!" ਨਾਜਰ ਨੇ ਵੀ ਅੱਖਾਂ ਮੀਟ ਕੇ ਦਾਰੂ ਅੰਦਰ ਸੁੱਟ ਲਈ।
-"ਕਿਤੇ ਗਾਂਧੀ ਮਾਂਗੂੰ ਮਰਨ ਵਰਤ 'ਤੇ ਨਾ ਬਹਿ'ਜੇ, ਇਹਦਾ ਅੱਜ-ਕੱਲ੍ਹ ਕੋਈ 'ਤਬਾਰ ਨੀ..!" ਗਿੰਦਰ 'ਖ਼ੀਂ-ਖ਼ੀਂ' ਕਰ ਕੇ ਹੱਸਿਆ।
-"ਸ਼ਾਂਤੀ ਨਾਲ਼ ਦੀ ਰੀਸ ਨੀ ਭਰਾਵਾ, ਨਾਜਰਾ..! ਇਹ ਤਾਂ ਘੋਟਣਾਂ ਖੜਕਾਊ ਟੱਬਰ ਐ, ਇਹਦੀ ਗੱਲ 'ਤੇ ਬਾਹਲ਼ਾ ਕੰਨ ਨਾ ਧਰਿਆ ਕਰ, ਇਹ ਤਾਂ ਡਹਾ ਕੇ ਮਰਵਾਊ ਥੋਨੂੰ ਭਰਾਵਾਂ ਨੂੰ..!" ਸ਼ਾਮ ਕੌਰ ਭਰਾਵਾਂ ਦੇ ਕਲੇਸ਼ ਤੋਂ ਡਰਦੀ ਸੀ।
-"ਇਹਨੂੰ ਨਾਲ਼ ਲੈ'ਜਾ, ਥੋਨੂੰ ਸ਼ਾਂਤੀ ਆਲ਼ਾ ਕੈਪਸੂਲ ਦੇਈ ਰੱਖੂ..! ਨਾਲ਼ੇ ਘਰੇ ਦਿਊਗੀ ਕੱਚੀ ਲੱਸੀ ਦਾ ਛਿੱਟਾ..!"
-"ਪਰ ਸਾਡੀ 'ਕੱਲਿਆਂ ਦੀ ਸ਼ਾਂਤੀ ਕੀ ਕਰੂ, ਸ਼ਾਮੋਂ..? ਜੇ ਕੋਈ ਗੱਲ ਕਰੀਏ, ਅਗਲੇ ਸਾਡੇ ਲੀੜੇ ਲੀਰਾਂ ਕਰਨ ਤੱਕ ਜਾਂਦੇ ਐ..! ਜਦੋਂ ਆਬਦੇ ਈ ਨੰਗੇ ਕਰਨ 'ਤੇ ਆ ਜਾਣ, ਸਾਡਾ ਨੰਗ ਫ਼ੇਰ ਕੌਣ ਢਕੂ..?" ਦਾਰੂ ਦੇ ਨਸ਼ੇ 'ਚ ਨਾਜਰ ਰੋਣ ਲੱਗ ਪਿਆ।
-"ਦਿਲ ਹੌਲ਼ਾ ਨਾ ਕਰ, ਨਾਜਰਾ...! ਮਾਰ-ਮਾਰ ਰੈਂਗੜੇ ਸਾਲ਼ਿਆਂ ਦੀਆਂ ਪੱਸਲ਼ੀਆਂ ਅੰਦਰ ਨਾ ਪਾ ਦਿਆਂਗੇ...?" ਗਿੰਦਰ ਨੇ ਮੁੜ ਬੋਤਲ ਨੂੰ ਧੌਣੋਂ ਫ਼ੜ ਲਿਆ।
-"ਤੂੰ ਬਾਹਲ਼ੀ ਤੁੱਖਣਾਂ ਨਾ ਦੇਈ ਜਾਹ..! ਸਮਾਈ ਰਹਿਣ ਦੇ...!" ਸ਼ਾਮ ਕੌਰ ਪੀੜ੍ਹੀ ਖਿੱਚ ਕੇ ਉਹਨਾਂ ਕੋਲ਼ ਆ ਕੇ ਬੈਠ ਗਈ। ਜਾਗਰ ਅਜੇ ਵੀ ਰੋਈ ਜਾ ਰਿਹਾ ਸੀ।
-"ਬਾਕੀ ਗੱਲਾਂ ਛੱਡ, ਤੂੰ ਐਹਦੇ ਪ੍ਰਬਚਨ ਸੁਣ...!" ਗਿੰਦਰ ਉਠ ਕੇ ਪਿਸ਼ਾਬ ਕਰਨ ਚਲਿਆ ਗਿਆ।
-"ਮੈਂ ਉਹਨਾਂ ਤੋਂ ਉਮਰ 'ਚ ਵੱਡੈਂ, ਸ਼ਾਮੋਂ..! ਮੈਂ ਹੁਣ ਤੱਕ ਏਸੇ ਕਰ ਕੇ ਚੁੱਪ ਕਰਿਆ ਆਇਆ, ਬਈ ਲੋਕ ਮੇਰੇ ਮੂੰਹ ਛਿੱਤਰ ਦੇਣਗੇ, ਬਈ ਤੂੰ ਤਾਂ ਸਿਆਣਾ ਬਿਆਣਾ, ਧੌਲ਼ ਦਾਹੜ੍ਹੀਆ ਸੀ, ਤੂੰ ਤਾਂ ਕੋਈ ਸ਼ਰਮ ਕਰਦਾ..? ਮੈਂ ਤਾਂ ਆਪ ਨੀ ਲੜਾਈ ਝਗੜੇ ਦੇ ਹੱਕ 'ਚ..! ਪਰ ਜਦੋਂ ਉਹਨਾਂ ਦੀਆਂ ਹੁੱਜਤਾਂ ਦਾ ਤੀਰ ਧੁੰਨੀ ਵਿੱਚ ਦੀ ਲੰਘ ਗਿਆ, ਹੁਣ ਮੈਂ ਦੱਸ ਕੀ ਗੱਡੀ ਥੱਲੇ ਆ ਕੇ ਮਰ'ਜਾਂ..?" ਉਹ ਰੋਂਦਾ ਨੱਕ ਪੂੰਝੀ ਜਾ ਰਿਹਾ ਸੀ।
-"ਚੱਲ ਤੇਰੇ ਨਾਲ਼ ਮੈਂ ਚੱਲਦੀ ਐਂ ਕੱਲ੍ਹ ਨੂੰ..! ਮੈਂ ਦਿੰਨੀ ਆਂ ਦੱਖੂਦਾਣਾਂ ਉਹਨਾਂ ਨੂੰ..! ਤੂੰ ਹੁਣ ਜੀਅ ਭੈੜ੍ਹਾ ਨਾ ਕਰ ਮੇਰਾ ਵੀਰ..! ਖਾਓ ਪੀਓ, ਬੁੱਲੇ ਲੁੱਟੋ..!"
-"ਹੁਣ ਇਹ ਜਾ ਕੇ ਲਊਗੀ ਝੱਗੇ ਦਾ ਮੇਚ...! ਲਾਊ ਪਲੇਥਣ..!" ਗਿੰਦਰ ਵੀ ਵਾਪਸ ਆ ਗਿਆ।
-"ਤੇ ਹੋਰ ਕੀ ਕਰੂੰਗੀ...? ਹੋਰ ਉਹਨਾਂ ਮੂਹਰੇ ਹੱਥ ਜੋੜੂੰਗੀ..?"
-"ਅਗਲੀ ਨੇ ਮੌਕਾ ਕਸੂਤਾ ਦੇਖ ਕੇ ਇਹਨੂੰ ਇੱਕ ਅੱਧਾ ਝੱਗਾ-ਡਬੱਟਾ ਦੇ ਦੇਣੈਂ, ਤੇ ਇਹਨੇ ਓਥੋਂ ਮਿੱਠੀਆਂ ਮਾਰ ਕੇ ਮੁੜ ਆਉਣੈ, ਬੱਸ ਫ਼ੇਰਿਆ ਗਿਆ ਗਿੱਲੀ ਮਿੱਟੀ ਦਾ ਪੋਚਾ..!" ਗਿੰਦਰ ਨੇ ਛੇੜਨ ਦੇ ਮੂੜ੍ਹ ਵਿਚ ਕਿਹਾ।
-"ਨ੍ਹਾਂ ਮੈਂ ਝੱਗਿਆ ਡਬੱਟਿਆਂ ਦੀ ਭੁੱਖੀ ਐਂ..? ਬਥ੍ਹੇਰਾ ਦਿੱਤਾ ਜਿਉਣ ਜੋਕਰਿਆਂ ਨੇ ਮੈਨੂੰ..! ਕੋਈ ਕਸਰ ਨੀ ਛੱਡੀ ਲੈਣ ਦੇਣ ਦੀ..! ਘਰ ਭਰ'ਤਾ ਮੇਰਾ..!"
-"ਤੇ ਹੁਣ ਕਿਹੜਾ ਕਿਸੇ ਗੱਲੋਂ ਭੱਜਦੇ ਐਂ, ਸ਼ਾਮੋਂ..? ਤੇਰੀ ਇੱਕ ਹਾਕ 'ਤੇ ਅੱਧੀ ਰਾਤੋਂ, ਨੰਗੇ ਪੈਰੀਂ ਭੱਜਿਆ ਆਉਨੈਂ..! ਦੱਸ ਕਦੇ ਇੱਕ ਪਲ ਵੀ ਡੇਰ ਕੀਤੀ ਐ ਤਾਂ..? ਤੂੰ ਹੁਕਮ ਕਰ, ਮੈਂ ਫ਼ਾਹੇ ਚੜ੍ਹ'ਜਾਂ..!" ਉਹ ਫ਼ੇਰ ਰੋਣ ਲੱਗ ਪਿਆ।
-"ਨ੍ਹਾਂ ਕਿਉਂ ਫ਼ਾਹੇ ਚੜ੍ਹੇਂ..? ਫ਼ਾਹੇ ਚੜ੍ਹਨ ਤੇਰੇ ਦੁਸ਼ਮਣ..! ਭੈੜ੍ਹੇ ਬੋਲ ਨੀ ਬੋਲੀਦੇ ਭਰਾਵਾ..!"
-"ਕਰ ਲੈ ਦਿਲ ਹੌਲ਼ਾ...! ਬੰਦਾ ਆਬਦਿਆਂ ਕੋਲ਼ ਈ ਰੋਂਦਾ ਹੁੰਦੈ, ਨਾਜਰਾ..! ਕਿਸੇ ਸੱਤ ਬਿਗਾਨੇ ਅੱਗੇ ਥੋੜ੍ਹੋ ਰੋਇਆ ਜਾਂਦੈ..? ਖੁੱਲ੍ਹ ਕੇ ਹੌਲ਼ਾ ਕਰ ਦਿਲ..!" ਗਿੰਦਰ ਨੇ ਬੋਤਲ ਨੂੰ ਹੱਥ ਪਾ ਲਿਆ।
-"ਹੁਣ ਤੂੰ ਇਹਨੂੰ ਟਿਕੀ ਰਹਿਣ ਦੇ..! ਇਹ ਪਟਮੇਲ਼ੀ ਜੁਆਕ ਮਾਂਗੂੰ ਫ਼ੇਰ ਚੱਕਲੀ..!" ਸ਼ਾਮੋਂ ਗਿੰਦਰ ਦੇ ਹੱਥ 'ਚ ਬੋਤਲ ਦੇਖ ਚਿੜ ਗਈ।
-"ਤੇ ਤੂੰ ਵੀ ਟਿਕੀ ਰਹਿ..! ਕਿਤੇ ਹੁਣ ਮੈਥੋਂ ਧੌਣ 'ਚ ਮੁੱਕੀਆਂ ਨਾ ਖਾ'ਲੀਂ..!"
-"ਬਥ੍ਹੇਰੀ ਡੱਫ਼ ਲਈ ਹੁਣ..! ਰੋਟੀ ਖਾਓ..! ਆਹ ਪੀ ਕੇ ਜੁਆਕਾਂ ਮਾਂਗੂੰ ਰੋਣ ਡਹਿ ਪਿਆ..!"
-"ਤੂੰ ਬੰਦਿਆਂ ਦੀ ਗੱਲ 'ਚ ਆਬਦਾ ਘੜ੍ਹੰਮ ਚੌਧਰ ਵਾਲ਼ਾ ਗੁੱਲ ਨਾ ਠੋਕਿਆ ਕਰ..! ਆਬਦੀ ਮੱਤ ਆਬਦੇ ਕੋਲ਼ੇ ਰੱਖਿਆ ਕਰ..!"
-"....................।" ਸ਼ਾਮ ਕੌਰ ਉਠ ਕੇ ਤੁਰ ਗਈ। ਉਹ ਭਰਾ ਦੇ ਦੁੱਖ 'ਚ ਦੁਖੀ ਸੀ।

ਕਿਸ਼ਤ 7

-"ਲੈ ਨਾਜਰਾ...! ਫ਼ੜ ਦੁੱਖ ਤੋੜ ਦੁਆਈ..!" ਉਸ ਨੇ ਗਿਲਾਸ ਭਰ ਕੇ ਉਸ ਦੇ ਅੱਗੇ ਕਰ ਦਿੱਤਾ, "ਜੀਹਨੇ ਅੱਜ ਤੱਕ ਪੀਤੀ ਈ ਨੀ, ਉਹਨੂੰ ਇਹਦੇ ਗੁਣ ਤੇ ਔਗੁਣਾਂ ਦਾ ਕੀ ਪਤਾ ਬਾਈ..? ਇਹਦਾ ਪੱਟ ਹੋਣੀਂ ਦਾ ਤਾਂ ਪੀਣ ਆਲ਼ਿਆਂ ਨੂੰ ਈ ਪਤੈ, ਬਈ ਕਿਮੇਂ ਸੁਰਗਾਂ ਦੇ ਝੂਟੇ ਦਿੰਦੀ ਐ..! ਸਿੱਟ ਅੰਦਰ, ਤੇ ਹੋ ਕੰਡੇ 'ਚ..!"
ਨਾਜਰ ਨੇ ਦਾਰੂ ਦਾ ਗਿਲਾਸ ਖਾਲੀ ਕਰ ਦਿੱਤਾ।
ਪੀਣੋਂ ਰੋਕਣਾ ਤਾਂ ਭਰਾ ਨੂੰ ਸ਼ਾਮ ਕੌਰ ਵੀ ਨਹੀਂ ਚਾਹੁੰਦੀ ਸੀ। ਪਰ ਉਸ ਦੀ ਟੋਕ-ਟੋਕਾਈ ਵਾਲ਼ੀ ਬੁਰੀ ਆਦਤ ਦੇ ਹੱਥੋਂ ਉਹ ਮਜਬੂਰ ਸੀ। ਬੋਲਣੋਂ ਉਸ ਤੋਂ ਰਿਹਾ ਨਹੀਂ ਜਾਂਦਾ ਸੀ।
-"ਅੱਜ ਦਾਲ਼ ਕਾਹਦੀ ਬਣਾਈ ਐ ਭੈਣੇਂ..?"
-"ਦਾਲ਼ ਇਹਨੇ ਬਣਾਈ ਹੋਊ ਗੰਨਿਆਂ ਦੀ...!" ਗਿੰਦਰ ਵਿੱਚ ਦੀ ਟਿੱਚਰ ਕਰ ਗਿਆ।
ਨਾਜਰ ਰੋਂਦਾ-ਰੋਂਦਾ ਹੱਸ ਪਿਆ।
-"ਸਾਗ ਵੀ ਹੈਗਾ ਨਾਜਰਾ, ਤੇ ਤੇਰੇ ਵਾਸਤੇ ਬਣਾਈਐਂ ਰਾਮ ਤੋਰੀਆਂ, ਕੱਚਾ ਦੁੱਧ ਪਾ ਕੇ..!"
-"ਕਿਉਂ..? ਮੇਰੇ ਤੇਰੀਆਂ ਰਾਮ ਤੋਰੀਆਂ ਖੁਰਕ ਪਾਉਂਦੀਐਂ..?" ਗਿੰਦਰ ਅੰਬ ਦੇ ਅਚਾਰ ਦੀ ਫਾੜੀ ਚੂਸਦਾ ਬੋਲਿਆ।
-"ਤੈਨੂੰ ਵੀ ਨਾਲ਼ ਈ ਮਿਲਣਗੀਆਂ, ਕਾਹਤੋਂ ਲਾਅਲ਼ਾਂ ਸਿੱਟਲੀਆਂ, ਖਸਮਾਂ..?" ਨਾਜਰ ਬੋਲਿਆ।
-"ਖਸਮ ਮੈਂ ਤੇਰੀ ਭੈਣ ਦਾ..! ਤੂੰ ਨਾ ਚਾਦਰ ਸਿੱਟਲੀਂ ਮੇਰੇ 'ਤੇ..!"
-"ਤੁਸੀਂ ਹੁਣ ਰੋਟੀ ਖਾਓ...! ਲੱਗ ਪਏ ਜਾਭਾਂ ਮਾਰਨ..! ਮੂਤ ਪੀ ਕੇ ਦੋਨੋਂ ਇੱਕੋ ਜੇ ਹੋ ਜਾਂਦੇ ਐ, ਜੁਆਕਾਂ ਦੀ ਵੀ ਸ਼ਰਮ ਨੀ ਕਰਦੇ, ਚੌਰੇ..!"
-"ਲੈ, ਪਾ ਲੈ ਨਿਉਂਦਾ ਆਬਦੀ ਭੈਣ ਜੀ ਨੂੰ, ਲੱਗ ਪਈ ਤੈਨੂੰ ਵੀ ਮਿੱਠਾ-ਥੰਧਾ ਪਾਉਣ..!"
-"ਓਏ ਭੈਣ ਦੀਆਂ ਗਾਲ਼ਾਂ ਤਾਂ ਘਿਉ ਦੀਆਂ ਨਾਲ਼ਾਂ ਹੁੰਦੀਐਂ, ਗਿੰਦਰ ਸਿਆਂ..! ਤੈਨੂੰ ਕੀ ਪਤੈ ਢੋਰ ਨੂੰ..?"
-"ਲੋਕ ਮਾਂ ਦੀਆਂ ਗਾਲ਼ਾਂ ਘਿਉ ਦੀਆਂ ਨਾਲ਼ਾਂ ਆਖਦੇ ਹੁੰਦੇ ਐ, ਤੂੰ ਹੁਣ ਆਬਦਾ ਕਾਨੂੰਨ ਚਲਾ ਕੇ ਭੈਣ ਦੀਆਂ ਬਣਾ ਧਰੀਆਂ..!"
-"ਲੋਕ ਕੌਣ ਹੁੰਦੇ ਐ..? ਅਸੀਂ ਸਿਰੋਂ ਸਰਦਾਰ..! ਐਧਰ ਦੇਖ, ਤੇਰੇ ਮੂਹਰੇ ਗੰਧਾਲ਼ੇ ਮਾਂਗੂੰ ਗੱਡਿਆ ਬੈਠਾ, ਸਰਦਾਰ ਨਾਜਰ ਸਿੰਘ..!"
-"ਆਹ ਸਰਦਾਰ ਨਾਜਰ ਸਿਉਂ ਨੂੰ ਰੋਟੀ ਪਾ ਕੇ ਦੇਹ ਬਈ, ਹੋਰ ਨਾ ਕੋਈ ਰਾਗਟ ਦਾਗ ਦੇ..!"
-"ਜਿੰਦਰ..!"
-"ਹਾਂ ਬੀਜੀ..!"
-"ਆਬਦੇ ਮਾਮੇਂ ਹੋਰਾਂ ਨੂੰ ਰੋਟੀ ਪਾ ਕੇ ਦੇਹ ਸ਼ੇਰਾ..!"
-"ਆਉਨੀ ਆਂ ਬੀਜੀ..!"
-"ਤੂੰ ਪੜ੍ਹ ਲੈ ਪੁੱਤ, ਰੋਟੀ ਮੈਂ ਪੁਆ ਲਿਆਉਨੈਂ..!" ਨਾਜਰ ਨੇ ਕਿਹਾ।
-"ਤੂੰ ਬੈਠ ਭਰਾਵਾ..! ਅਲ਼ਕ ਵਹਿੜ੍ਹਕੇ ਮਾਂਗੂੰ ਤਾਂ ਤੂੰ ਝੂਲੀ ਜਾਨੈਂ..! ਕਿਸੇ ਕੰਧ-ਕੌਲ਼ੇ 'ਚ ਨਾ ਵੱਜੀਂ...!" ਸ਼ਾਮ ਕੌਰ ਬੋਲੀ।
-"ਮੈਂ ਤੇਰੇ ਮੂਹਰੇ ਚਾਹੇ ਹਨੂੰਮਾਨ ਦੇਬਤਾ ਬਣ ਕੇ ਖੜ੍ਹ'ਜਾਂ, ਤੈਨੂੰ ਬੁਰਾ ਈ ਲੱਗੂੰਗਾ..!" ਨਾਜਰ ਨੇ ਆਖਿਆ।
-"ਇਹਨੂੰ ਆਪਣੀ ਦਾਰੂ ਚੂੰਢੀਆਂ ਵੱਢਦੀ ਐ, ਊਂ ਇਹੇ ਜਮਾਂ ਮਾੜੀ ਨੀ, ਸੌ ਫ਼ਕੀਰਾਂ ਵਰਗੀ 'ਕੱਲੀ ਐ..!"
-"ਜਿਹੜਾ ਇਹਨੂੰ ਤੇਹਰਵੇਂ ਰਤਨ ਨੂੰ ਮਾੜਾ ਆਖੂ, ਆਪੇ ਨਰਕਾਂ ਨੂੰ ਜਾਊ..!"
-"ਥੋਨੂੰ ਤਾਂ ਮੈਂ ਆਹਨੀਂ ਐਂ, ਸੁਰਗਾਂ ਆਲ਼ੇ ਸਰੋਪਾ ਪਾ ਕੇ ਲਿਜਾਣਗੇ..! ਕਰਦੇ ਕੀ ਐ ਲੱਛਣ..! ਪਾ ਕੁੜੀਏ ਰੋਟੀ, ਝੁਲ਼ਸ ਇਹਨਾਂ ਦਾ ਮੱਥਾ, ਖਾ ਕੇ ਪੈਣ ਪਰ੍ਹੇ..! ਮਗਜ ਖਾਈ ਜਾਂਦੇ ਐ..!"
-"ਲੈ ਨਾਜਰਾ, ਕਰ ਲੈ ਗੱਲ..! ਤੂੰ ਈ ਦੱਸ, ਬਈ ਆਪਣਾ ਮੱਥਾ ਝੁਲ਼ਸਣ ਆਲ਼ੈ..?"
-"ਸਾਡਾ ਮੱਥਾ ਤਾਂ ਐਨਾਂ ਬਰਕਤ ਆਲ਼ੈ, ਜੇ ਸਵੇਰੇ ਕਿਸੇ ਦੇ ਮੱਥੇ ਲੱਗਜੀਏ, ਆਥਣ ਤੱਕ ਅਗਲਾ ਨਿਹਾਲੋ-ਨਿਹਾਲ ਈ ਰਹਿੰਦੈ..!"
ਜਿੰਦਰ ਨੇ ਦੋ ਥਾਲ਼ੀਆਂ 'ਚ ਰੋਟੀ ਲਿਆ ਰੱਖੀ।
-"ਬਾਈ ਗਿੰਦਰਾ..!" ਨਾਜਰ ਨੇ ਰੋਟੀ ਵਾਲ਼ੀ ਥਾਲ਼ੀ ਨੇੜੇ ਕਰਦਿਆਂ ਕਿਹਾ।
-"ਹਾਂ...?"
-"ਪੰਜਾਬ ਦੇ ਹਾਲਾਤ ਸਾਲ਼ੇ ਬਾਹਵਾ ਖਰਾਬ ਹੁੰਦੇ ਤੁਰੇ ਜਾਂਦੇ ਐ..!"
-"ਇਹ ਸਾਰੀ ਸਿਆਸੀ ਖੇਡ ਐ ਬਾਈ, ਆਪਾਂ ਕੀ ਲੈਣੈਂ..? ਮੈਂ ਤੂੰ ਨੇ ਤਾਂ ਮਿੱਟੀ ਨਾਲ਼ ਮਿੱਟੀ ਈ ਹੋਣੈਂ, ਜੋ ਮਰਜ਼ੀ ਐ ਹੋਈ ਜਾਵੇ..!"
-"ਹੁਣ ਤਾਂ ਖਾੜਕੂਆਂ ਨੇ ਹੁਕਮ ਚਾੜ੍ਹ'ਤੇ, ਕਹਿੰਦੇ ਦਾਜ-ਦਹੇਜ ਨੀ ਲੈਣਾਂ, ਗਿਆਰਾਂ ਬੰਦੇ ਜੰਨ ਦੇ ਜਾਣ-!"
-"ਤੇ ਫ਼ੇਰ ਮਾੜਾ ਕੀ ਕਰ'ਤਾ..?" ਸ਼ਾਮ ਕੌਰ ਬੋਲੀ, "ਦਾਜ-ਦਹੇਜ ਬੰਦ ਕਰ'ਤਾ ਤਾਂ ਵਧੀਆ ਕੀਤਾ, ਨਹੀਂ ਸੜਿਆ ਵਿਆ ਨੰਗ ਜੱਟ ਉਠ ਕੇ ਮੋਟਰ ਛੈਂਕਲ ਮੰਗਣ ਲੱਗ ਜਾਂਦਾ ਸੀ, ਤੇ ਸੌ ਬੰਦਾ ਲਿਆਉਂਦਾ ਸੀ ਜੰਨ ਦਾ..! ਕੁੜੀ ਆਲ਼ਿਆਂ ਦੇ ਤਾਂ ਅੜਾ ਦਿੰਦਾ ਸੀ ਸੰਘੀ 'ਚ ਸਾਹ..!"
-"ਆਪਣੀ ਦਾਰੂ ਨਾ ਬੰਦ ਕਰਨ..! ਹੋਰ ਚਾਹੇ ਜੋ ਮਰਜ਼ੀ ਕਰੀ ਜਾਣ..!" ਗਿੰਦਰ ਬੁਰਕੀ ਤੋੜਦਾ ਬੋਲਿਆ।
-"ਹੇਖਾਂ....! ਸ਼ਾਬਾਸ਼ੇ ਤੇਰੇ..!!" ਸ਼ਾਮ ਕੌਰ ਖਿਝ ਗਈ, "ਅਖੇ ਪਿੰਡ ਉਜੜਿਆ ਜਾਵੇ, ਕਮਲ਼ੀ ਨੂੰ ਕੱਤਣ ਦੀ..! ਨਿੱਤ ਮਾਰ-ਮਰਾਈ ਹੋਈ ਜਾਂਦੀ ਐ, ਤੇ ਇਹਨੂੰ ਦਾਰੂ ਦੀ ਅੱਗ ਲੱਗੀ ਐ..!"
-"ਲੈ ਬਈ ਨਾਜਰਾ, ਫ਼ੇਰ ਹੋ ਗਿਆ ਕੰਮ ਸ਼ੁਰੂ..! ਰੋਟੀ ਦਾ ਕੰਮ ਨਬੇੜ, ਪਈਏ ਫ਼ੇਰ..!"
-"ਜਿੰਦਰ, ਖੀਰ ਵੀ ਪਾ ਕੇ ਫ਼ੜਾ ਦੇ ਪੁੱਤ..!"
-"ਘੱਟੋ-ਘੱਟ ਤੂੰ ਆਬਦੀ ਭੈਣ ਨੂੰ ਮਾੜੀ ਨਾ ਆਖਿਆ ਕਰ, ਨਾਜਰਾ..! ਤੇਰੇ ਆਸਤੇ ਤਾਂ ਖੀਰ ਬਣਾ ਕੇ ਦਿੱਤੀ ਐ..!"
-"ਤੈਨੂੰ ਕਾਹਨੂੰ ਕਦੇ ਬਣਾ ਕੇ ਦਿੱਤੀ ਐ..! ਕਿਮੇਂ ਬਦਨਾਮ ਕਰਨ ਲੱਗਿਐ ਮੈਨੂੰ..!"
-"ਮੇਰੇ ਵਾਸਤੇ ਤਾਂ ਓਸ ਦਿਨ ਈ ਬਣਦੀ ਐ, ਜਿੱਦਣ ਕੰਜਰਾਂ ਦੀ ਨੇ ਗੁੱਗਾ ਪੂਜਣ ਜਾਣਾ ਹੁੰਦੈ..!"
ਨਾਜਰ ਉਚੀ-ਉਚੀ ਹੱਸ ਪਿਆ।
-"ਤੂੰ ਬਚਾਅ ਰੱਖੀਂ, ਕਿਤੇ ਤੇਰਾ ਨਾ ਗੁੱਗਾ ਪੂਜਿਆ ਜਾਵੇ..!" ਨਾਜਰ ਨੇ ਟਾਂਚ ਕੀਤੀ।
ਖੀਰ ਫ਼ੜਾਉਣ ਆਈ ਜਿੰਦਰ ਦਾ ਹਾਸਾ ਨਿਕਲ਼ ਗਿਆ।
-"ਐਦੂੰ ਰੱਬੋਂ ਹੋਰ ਕੀ ਲੈਣੈਂ..?" ਗਿੰਦਰ ਬੋਲਿਆ।
-"ਮੈਨੂੰ ਲੱਗਦੈ ਤੂੰ ਤਾਂ ਮਰ ਕੇ ਵੀ ਕੋਈ ਭੂਤ-ਪ੍ਰੇਤ ਈ ਬਣੇਂਗਾ..!"
-"ਨਜਾਰਾ ਆਜੂ..! ਪਿੰਡ ਦੇ ਠੇਕੇ ਆਲ਼ਿਆਂ ਤੋਂ ਨਿੱਤ ਬੋਤਲ ਲਿਆ ਕਰੂੰਗਾ ਡਰਾ ਕੇ..!"
-"ਹੋਰ ਤੂੰ ਕੀ ਕਰਨੈਂ...? ਅਖੇ ਬੇਬੇ, ਜੇ ਮੈਂ ਠਾਣੇਦਾਰ ਬਣ ਗਿਆ, ਤਾਂ.... ਮੇਰੇ ਮੂੰਹੋਂ ਕੁਛ ਹੋਰ ਈ ਨਿਕਲ਼ ਚੱਲਿਆ ਸੀ..!"
-"ਚੱਲ ਹੁਣ ਨਾ ਬੋਲੀਂ...! ਅੱਗੇ ਕਿਹੜਾ ਤੇਰੇ ਮੂੰਹੋਂ ਕਥਾ ਨਿਕਲ਼ਦੀ ਹੁੰਦੀ ਐ..?"
ਖੀਰ ਖਾਣ ਤੋਂ ਬਾਅਦ ਹਾਸਾ-ਠੱਠਾ ਕਰਦੇ ਉਹ ਸੌਂ ਗਏ।
ਨਾਜਰ ਅਤੇ ਗਿੰਦਰ ਦੇ ਘੁਰਾੜ੍ਹੇ ਬਨੇਰਿਆਂ ਨਾਲ਼ ਟੱਕਰਾਂ ਮਾਰ-ਮਾਰ ਮੁੜਦੇ ਸਨ।
ਘੁਰਾੜ੍ਹਿਆਂ ਤੋਂ ਡਰਦੀ ਵੱਛੀ ਨੇ ਕਿੱਲੇ 'ਤੇ ਗੇੜਾ ਬੰਨ੍ਹਿਆਂ ਹੋਇਆ ਸੀ।
ਅੱਜ ਸ਼ਾਮ ਕੌਰ ਪਾਠੀ ਬੋਲਦੇ ਨਾਲ਼ ਨਹੀਂ, ਥੋੜ੍ਹੀ ਦੇਰ ਨਾਲ਼ ਉਠੀ ਸੀ।
ਪਸ਼ੂਆਂ ਨੂੰ ਪੱਠੇ ਉਸ ਨੇ ਆਪ ਹੀ ਪਾ ਦਿੱਤੇ। ਗਿੰਦਰ ਨੂੰ ਉਠਾਉਣ ਨੂੰ ਉਸ ਦਾ ਮਨ ਨਹੀਂ ਕੀਤਾ ਸੀ।
ਸੂਰਜ ਦੀ ਪਹਿਲੀ ਕਿਰਨ ਨਾਲ਼ ਉਸ ਨੇ ਖੁੱਲ੍ਹੀ-ਡੁੱਲ੍ਹੀ ਚਾਹ ਬਣਾ ਕੇ ਸਾਰਿਆਂ ਨੂੰ ਅਵਾਜ਼ ਦੇ ਦਿੱਤੀ।
ਗਿੰਦਰ ਨਲ਼ਕੇ ਤੋਂ ਮੂੰਹ ਧੋਣ ਚਲਿਆ ਗਿਆ।
ਨਾਜਰ ਅਜੇ ਰਜਾਈ ਵਿੱਚ ਪਿਆ ਬਨੇਰੇ 'ਤੇ ਚੜ੍ਹਦੀ ਧੁੱਪ ਦੀ ਰਫ਼ਤਾਰ ਮਾਪ ਰਿਹਾ ਸੀ।
ਰਾਤ ਦੀ ਪੀਤੀ ਹੋਣ ਕਰ ਕੇ ਉਸ ਦਾ ਚਿੱਤ "ਘਾਂਊਂ-ਮਾਂਊਂ" ਜਿਹਾ ਹੋਇਆ, ਕੋਚਰ ਵਾਂਗ ਝਾਕ ਰਿਹਾ ਸੀ।
-"ਉਠ ਖੜ੍ਹ..! ਪੀ ਚਾਹ...! ਬਣ ਮੱਲ..!" ਗਿੰਦਰ ਨੇ ਨਾਜਰ ਕੋਲ਼ ਬੈਠਦਿਆਂ ਕਿਹਾ।
-"ਮੱਲ-ਮੁੱਲ ਤਾਂ ਹੁਣ ਕੀ ਬਣਨੈਂ ਬਾਈ..!" ਉਸ ਨੇ ਧੁਰਲ਼ੀ ਜਿਹੀ ਮਾਰ ਕੇ ਉਠਣਾ ਚਾਹਿਆ, ਪਰ ਸਰੀਰ ਨੇ ਸਾਥ ਨਾ ਦਿੱਤਾ ਅਤੇ ਉਹ ਫ਼ਿਰ ਪੈ ਗਿਆ।
-"ਆਹ ਫ਼ੜ..! ਸ਼ਾਮੋਂ ਨੂੰ ਨਾ ਪਤਾ ਲੱਗ'ਜੇ..!" ਗਿੰਦਰ ਨੇ ਨਾਜਰ ਨੂੰ ਪਰਦੇ ਨਾਲ਼ ਅਫ਼ੀਮ ਦਾ ਕੰਡਾ ਦਿੰਦਿਆਂ ਕਿਹਾ।
-"ਇਹ ਕੰਮ ਵੀ ਕਰ ਲੈਨੈਂ..?"
-"ਜਦੋਂ ਕਦੇ ਸਰੀਰ ਟੱਸ ਜੀ ਨਾ ਫ਼ੜੇ, ਓਦੋਂ ਸਰੀਰ ਬੰਨ੍ਹ ਲਈਦੈ, ਨਹੀਂ ਨਿੱਤ ਨੀ..!"
ਅੱਖ ਜਿਹੀ ਬਚਾ ਕੇ ਨਾਜਰ ਨੇ ਕੰਡਾ ਮੂੰਹ ਅੰਦਰ ਸੁੱਟ, ਥੁੱਕ ਨਾਲ਼ ਹੀ ਅੰਦਰ ਲੰਘਾ ਲਿਆ।
ਉਸ ਦਾ ਸੰਘ ਕੌੜਾ-ਕੌੜਾ ਹੋ ਗਿਆ ਸੀ।
ਉਹ ਉਠ ਕੇ ਕੁਰਲ਼ੀ ਕਰਨ ਚਲਿਆ ਗਿਆ।
-"ਤੂੰ ਅੱਜ ਨਾਜਰ ਦੇ ਨਾਲ਼ ਈ ਜਾਣੈਂ..?" ਗਿੰਦਰ ਨੇ ਸ਼ਾਮੋਂ ਨੂੰ ਸੁਆਲ ਕੀਤਾ।
-"ਜਾ ਈ ਆਵਾਂ..?" ਉਸ ਨੇ ਗਿੰਦਰ ਤੋਂ ਇਜਾਜ਼ਤ ਮੰਗੀ।
-"ਅੱਜ ਈ ਜਾਹ, ਪਰਸੋਂ ਤਾਂ ਮੈਂ ਅਜੰਟ ਨੂੰ ਮਿਲਣ ਜਾਣੈਂ, ਅੱਜ ਈ ਜਾਹ, ਕੱਲ੍ਹ ਨੂੰ ਮੁੜ ਆਈਂ..!"
-"ਮੈਂ ਨਾਲ਼ ਆਪਣੀ ਜਿੰਦਰ ਨੂੰ ਵੀ ਲੈ ਜਾਨੀਂ ਐਂ, ਨਾਨੀ ਨੂੰ ਮਿਲ਼ ਆਊ..! ਬਾਹਲ਼ੇ ਆਰੀ ਕਿਹੈ ਬੇਬੇ ਨੇ..!"
-"ਲੈ'ਜਾ....! ਜਿੰਦਰ ਨੂੰ ਵੀ ਲੈ'ਜਾ..! ਇਹਨੂੰ ਛੁੱਟੀਆਂ ਈ ਐ..! ਤਿਆਰ ਹੋਜੋ, ਗਿਆਰਾਂ ਆਲ਼ੀ ਬੱਸ ਫ਼ੜ ਲਓ..! ਕੱਲ੍ਹ ਨੂੰ ਏਸੇ ਬੱਸ 'ਤੇ ਈ ਮੁੜ ਆਇਓ..! ਸਾਡੀਆਂ ਰੋਟੀਆਂ ਲਾਹ ਕੇ ਰੱਖ'ਜੀਂ..!"
-"ਰੋਟੀਆਂ ਮੈਂ ਲਾਹ ਦਿੰਨੀ ਐਂ..! ਨਾਜਰਾ ਤੂੰ ਨ੍ਹਾਹ ਲੈ..!"
-"ਨ੍ਹਾਉਣ ਨੂੰ ਇਹਨੇ ਰੌਲ਼ 'ਤੇ ਬਹਿਣੈਂ..?" ਗਿੰਦਰ ਨੇ 'ਆਰ' ਲਾਈ।
-"ਨਾਲ਼ੇ ਸ਼ੇਰਾਂ ਨੂੰ ਕੀਹਨੇ ਨੁਹਾਇਐ..?" ਨਾਜਰ ਬੋਲਿਆ।
-"ਗਿੱਦੜ ਕਿਹੜਾ ਕੱਚੀ ਲੱਸੀ 'ਨਾ ਨ੍ਹਾਉਂਦੇ ਐ..? ਗੱਲੀਂ-ਬਾਤੀਂ ਸ਼ੇਰ ਨਾ ਬਣਿਆਂ ਕਰ..!"
ਉਹਨਾਂ ਨੇ ਹੱਸਦਿਆਂ ਨੇ ਚਾਹ ਦੇ ਗਿਲਾਸ ਚੁੱਕ ਕੇ ਮੂੰਹ ਨੂੰ ਲਾ ਲਏ।
-"ਤੇਰੇ ਕੰਡੇ ਨੇ ਸਰੀਰ ਬੰਨ੍ਹ'ਤਾ ਗਿੰਦਰਾ..! ਮੇਰਾ ਤਾਂ ਜਮਾਂ ਈ ਚੱਕਾ ਜਾਮ ਹੋਇਆ ਪਿਆ ਸੀ..!"
-"ਹੁਣ ਤੂੰ ਡੌਂਡੀ ਪਿੱਟਣੀਂ ਐਂ..? ਸ਼ਾਮੋਂ ਤਾਂ ਦਾਰੂ ਨੂੰ ਅਲੀ-ਅਲੀ ਕਰ ਕੇ ਪੈ ਜਾਂਦੀ ਐ, ਇਹਦੇ ਬਾਰੇ ਪਤਾ ਲੱਗ ਗਿਆ ਤਾਂ ਵੱਢਣ ਆਊਗੀ, ਕਿਤੇ ਹੋਰ ਨ ਪੰਗਾ ਖੜ੍ਹਾ ਕਰ ਦੇਈਂ..!"
-"ਮੈਂ ਕਮਲ਼ੈਂ..?"
-"ਮੈਨੂੰ ਤੇਰਾ 'ਤਬਾਰ ਜਿਆ ਘੱਟ ਈ ਐ, ਤੂੰ ਉਭੜ੍ਹਵਾਹੇ ਮੂੰਹ 'ਚੋਂ ਪਤਾ ਨੀ ਕੀ ਕੱਢ ਮਾਰਨਾ ਹੁੰਦੈ..!"
-"ਚੰਗਾ, ਤੂੰ ਹੁਣ ਚੁੱਪ ਦਾ ਦਾਨ ਬਗਸ਼..!" ਨਾਜਰ ਨੇ ਚਾਹ ਵਾਲ਼ਾ ਖਾਲੀ ਗਿਲਾਸ ਰੱਖ ਕੇ ਹੱਥ ਜੋੜ ਦਿੱਤੇ।
-"ਜਿੰਦਰ ਤੂੰ ਨ੍ਹਾਹ ਲੈ ਪੁੱਤ..! ਆਪਾਂ ਤੇਰੇ ਨਾਨਕੀਂ ਜਾਣੈਂ..!" ਰਸੋਈ ਵਿੱਚੋਂ ਸ਼ਾਮੋਂ ਦੀ ਅਵਾਜ਼ ਆਈ।
ਜਿੰਦਰ ਚੁੱਪ-ਚਾਪ ਬਾਲ੍ਹਟੀ ਭਰ ਨਹਾਉਣ ਚਲੀ ਗਈ।
ਨਾਨਕਿਆਂ ਦਾ ਨਾਂ ਸੁਣ ਕੇ ਦੂਜੇ ਜੁਆਕਾਂ ਨੇ ਵੀ ਨਾਲ਼ ਜਾਣ ਦੀ ਰਿਹਾੜ੍ਹ ਫ਼ੜ ਲਈ।
-"ਆਹ ਸੁਣ ਲੈ ਗੱਲ..!" ਸ਼ਾਮੋਂ ਨੇ ਗਿੰਦਰ ਨੂੰ ਹਾਕ ਦਿੱਤੀ।
-"ਕੀ ਗੱਲ ਐ..?"
-"ਆਹ ਸਾਰੇ ਜੁਆਕ ਈ ਬੁੱਲ੍ਹ ਜੇ ਸਿੱਟਣ ਲੱਗ ਪਏ, ਅਖੇ ਅਸੀਂ ਵੀ ਨਾਨਕੀਂ ਜਾਣੈਂ..!"
-"ਜਾਹ ਲੈ'ਜਾ ਇਹਨਾਂ ਨੂੰ ਵੀ..! ਮੇਲਾ-ਗੇਲਾ ਕਰ ਆਉਣਗੇ..!"
-"ਮੇਲਿਆਂ-ਗੇਲਿਆਂ ਨੂੰ ਕੀ ਬਾਂਹਾਂ ਆਕੜ 'ਗੀਆਂ ਇਹਨਾਂ ਦੀਆਂ..? ਘਰੇ ਬਹਿ ਕੇ ਪੜ੍ਹਿਆ ਨੀ ਜਾਂਦਾ..?"
-"ਇੱਕ ਦਿਨ ਦੀ ਪੜ੍ਹਾਈ ਨਾਲ਼ ਤਾਂ ਮੈਂ ਕਹਿੰਨੈ ਕਿਤੇ ਕਾਨੂੰਗੋ ਨਾ ਬਣ ਜਾਣ..! ਜਾਹ ਲੈ'ਜਾ ਇਹਨਾਂ ਨੂੰ, ਚਲੋ ਓਏ, ਹੋਵੋ ਤਿਆਰ..!"
ਖ਼ੁਸ਼ੀ ਵਿੱਚ ਜੁਆਕ ਕੱਛਾਂ ਵਜਾਉਣ ਲੱਗ ਪਏ।
ਤਿਆਰ ਹੋ ਕੇ ਉਹਨਾਂ ਨੇ ਗਿਆਰਾਂ ਵਜੇ ਵਾਲ਼ੀ ਬੱਸ ਫ਼ੜ ਲਈ ਅਤੇ ਸ਼ਾਮੋਂ ਦੇ ਪੇਕੀਂ ਆ ਉੱਤਰੇ।
ਜਦ ਨਾਜਰ ਦੀ ਛੋਟੀ ਭਰਜਾਈ ਨੂੰ ਸ਼ਾਮ ਕੌਰ ਆਉਣ ਦੀ ਭਿਣਕ ਪਈ ਤਾਂ ਉਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹ ਆਪਣਾ ਹਿੱਸਾ ਵੰਡਾ ਕੇ ਲੈ ਜਾਣ ਦੇ ਡਰੋਂ ਸ਼ਾਮ ਕੌਰ ਤੋਂ ਕੰਨ ਭੰਨਦੀ ਸੀ। ਕਿਉਂਕਿ ਸ਼ਾਮ ਕੌਰ ਨੇ ਸਾਰੀਆਂ ਭਰਜਾਈਆਂ ਨੂੰ ਕੰਨ ਕੀਤੇ ਹੋਏ ਸਨ, "ਕੰਨ ਖੋਲ੍ਹ ਕੇ ਸੁਣ ਲਿਓ ਮੇਰੀ ਇੱਕ ਗੱਲ..! ਜਿਸ ਦਿਨ ਕਿਸੇ ਨੇ ਚਤਰਾਈ ਜਾਂ ਕੋਈ ਤਿੱਤਰ-ਬਿੱਤਰੀ ਖੇਡੀ, ਮੈਂ ਆਬਦਾ ਹਿੱਸਾ ਵੰਡਾ ਲੈਣੈ..!" ਸ਼ਾਮ ਕੌਰ ਦੀ ਇਹ ਚੇਤਾਵਨੀ ਸਭ ਤੋਂ ਜ਼ਿਆਦਾ ਛੋਟੀ ਭਰਜਾਈ ਦਾ ਕਾਲ਼ਜਾ ਕੱਢਦੀ ਸੀ। ਛੋਟੀ ਭਰਜਾਈ ਨਸੀਬ ਕੌਰ ਮੂੰਹ ਦੀ ਮਿੱਠੀ, ਨੀਅਤ ਦੀ ਖੋਟੀ ਅਤੇ ਅੱਖ ਦੀ ਬੇਈਮਾਨ ਸੀ। ਆਪਣੇ ਮਤਲਬ ਲਈ ਤਾਂ ਉਹ ਗਧੇ ਨੂੰ ਵੀ 'ਬਾਪ' ਬਣਾ ਸਕਦੀ ਸੀ। ਉਸ ਨੇ ਵਿਆਹੇ-ਵਰੇ ਅਤੇ ਕਬੀਲਦਾਰ ਜੇਠ ਨਾਜਰ 'ਤੇ ਵੀ ਬਥੇਰੇ ਡੋਰੇ ਪਾਉਣੇ ਚਾਹੇ, ਪਰ ਦਿਲ ਦੇ ਸੱਚੇ ਅਤੇ ਸੁੱਚੇ ਨਾਜਰ ਨੇ ਅੱਖ ਮੈਲ਼ੀ ਨਾ ਕੀਤੀ। ਜਦ ਉਸ ਦੇ ਤੀਰ ਕਿਸੇ ਨਿਸ਼ਾਨੇਂ 'ਤੇ ਨਾ ਵੱਜੇ, ਤਾਂ ਅਖੀਰ ਉਸ ਨੇ ਵਧੀਕੀਆਂ ਕਰ-ਕਰ ਨੱਕ 'ਚ ਦਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਨਾਜਰ ਦੇ ਹਿੱਸੇ ਆਏ ਪਲਾਟ ਵਿੱਚੋਂ ਰੂੜੀ ਨਹੀਂ ਚੁੱਕ ਰਹੀ ਸੀ। ਪੰਚਾਇਤ ਇਕੱਠੀ ਕਰ ਕੇ ਨਾਜਰ ਘਰ ਦਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦਾ ਸੀ, ਕਿਉਂਕਿ ਇੱਕ ਵਾਰ ਸਰਾਸਰ ਬੇਕਸੂਰ ਨਾਜਰ ਤਮਾਸ਼ਾ ਬਣ ਚੁੱਕਿਆ ਸੀ। ਘਰਾਂ ਵਿੱਚੋਂ ਲੱਗਦੇ ਤਾਏ ਨੰਬਰਦਾਰ ਨੂੰ ਨਾਲ਼ ਲੈ ਨਾਜਰ ਨੇ ਛੋਟੀ ਭਰਜਾਈ ਨਸੀਬ ਕੌਰ ਨੂੰ ਸਮਝਾਉਣਾ ਚਾਹਿਆ, "ਭਾਈ ਨਸੀਬ ਕੁਰੇ, ਆਪਣਾ ਨਾਜਰ ਸਿਉਂ ਬਾਲ ਬੱਚੜਦਾਰ ਐ, ਕਬੀਲਦਾਰ ਐ, ਧੀਆਂ ਵਿਆਹੁੰਣ ਆਲੀਐਂ, ਤੂੰ ਇਹਦੇ ਪਲਾਟ 'ਚੋਂ ਰੂੜੀ ਕਿਉਂ ਨੀ ਚੱਕਦੀ? ਇਹਨੇ ਆਬਦੇ ਚਾਰ ਖਣ ਛੱਤਣੇਂ ਐਂ..!" ਤਾਏ ਨੰਬਰਦਾਰ ਨੇ ਸ਼ਾਂਤਮਈ ਢੰਗ ਨਾਲ਼ ਸਮਝੌਤੀ ਜਿਹੀ ਦਿੱਤੀ।
-"ਤਾਇਆ ਜੀ, ਤੂੰ ਦਾਹੜੀ ਕੱਢ ਕੇ ਬੱਗੀ, ਮੈਨੂੰ ਤਾੜਨਾਂ ਕਰਨ ਆ ਗਿਐਂ, ਕਦੇ ਇਹਨੂੰ ਮੇਰੇ ਸਾਹਮਣੇ ਬਿਠਾ ਕੇ ਪੁੱਛ, ਬਈ ਜਦੋਂ ਰਾਤ ਨੂੰ ਦਾਰੂ ਨਾਲ਼ ਡੱਕ ਕੇ ਆ ਕੇ ਮੇਰੇ ਨਾਲ਼ ਪੈ ਕੇ ਲਾਰੇ ਲਾਉਂਦਾ ਸੀ, ਉਹ ਇਹਦੇ ਉਹ ਕੌਲ-ਕਰਾਰ ਕਿੱਧਰ ਗਏ..?" ਨਸੀਬ ਕੌਰ ਨੇ ਅਜੀਬ ਹੀ ਭਾਖਿਆ ਦਿੱਤੀ। ਇੱਕ ਤਰ੍ਹਾਂ ਨਾਲ਼ ਕੱਛ 'ਚੋਂ ਮੂੰਗਲ਼ਾ ਚਲਾਇਆ।
-"ਲੈ ਦੇਖ ਲੈ ਤਾਇਆ, ਦੇਖ ਲੈ ਪੱਗ ਦਿੰਦੀ ਮੈਨੂੰ ਧੌਲ਼ੀ ਦਾਹੜ੍ਹੀ ਆਲ਼ੇ ਨੂੰ..!" ਸੱਚਾ ਨਾਜਰ ਲੱਗੀ ਬੇਹੂਦੀ ਊਂਝ 'ਤੇ ਗੁੱਸੇ ਵਿੱਚ ਦਧਨ ਹੋ ਗਿਆ।
-"ਐਹੋ ਜਿਆ ਤਾਂ ਭਾਈ ਆਪਣਾ ਨਾਜਰ ਹੈਨ੍ਹੀ..!" ਛਿੱਥਾ ਜਿਹੇ ਪਾਏ ਨੰਬਰਦਾਰ ਤਾਏ ਨੂੰ ਕੋਈ ਗੱਲ ਨਹੀਂ ਔੜ ਰਹੀ ਸੀ।
-"ਦੁੱਧ ਤੇ ਬੁੱਧ ਫ਼ਟਦੀ ਦਾ ਤਾਇਆ ਜੀ ਕੋਈ ਪਤਾ ਨੀ ਲੱਗਦਾ..! ਥੋਨੂੰ ਤਾਂ ਇਹ ਲੈ ਕੇ ਆਇਐ, ਤੁਸੀਂ ਤਾਂ ਇਹਦਾ ਪੱਖ ਈ ਲੈਣੈ..! ਥੋਨੂੰ ਇਹ ਵੀ ਝਾਕ ਐ, ਬਈ ਨਾਜਰ ਆਥਣੇ ਘੁੱਟ ਲੁਆ ਦਿਊ, ਤੇ ਨਸੀਬ ਕੁਰ ਕੋਲ਼ੋਂ ਮਿਲਣਾ ਕੱਖ ਨੀ, ਤੁਸੀਂ ਇਹਦਾ ਪੱਖ ਕਿਉਂ ਨਾ ਲਵੋਂ..? ਥੋਡੀ ਤਾਂ ਸਾਧ ਦੀ ਕੁੱਤੀ ਆਲ਼ੀ ਗੱਲ ਐ, ਬਈ ਜੀਹਦੀ ਢੂਹੀ ਨੂੰ ਆਟਾ ਲੱਗਿਆ ਦੇਖਿਆ, ਓਹਦੇ ਮਗਰ ਈ ਲੱਗ ਤੁਰੀ, ਬਈ ਆਥਣੇ ਟੁਕੜੇ ਐਹਦੇ ਕੋਲ਼ੋਂ ਈ ਮਿਲਣਗੇ..! ਕਬਰਾਂ 'ਚ ਤੇਰੀਆਂ ਲੱਤੈਂ, ਕੁਛ ਤਾਂ ਸੋਚ ਕਰ..!"
-"ਨੀ ਤੂੰ ਕੁਛ ਤਾਂ ਸ਼ਰਮ ਕਰ..! ਕਿਉਂ ਬਿਰਧ ਤਾਏ 'ਤੇ 'ਲਜਾਮ ਲਾ ਕੇ ਮੂੰਹ ਕਾਲ਼ਸ ਮਲ਼ਦੀ ਐਂ..? ਰੱਬ ਤੋਂ ਡਰ..!" ਨਾਜਰ ਤੋਂ ਬਜ਼ੁਰਗ ਤਾਏ ਦੀ ਬੇਇੱਜ਼ਤੀ ਜਰੀ ਨਾ ਗਈ। ਨਸੀਬ ਕੌਰ ਤਾਂ ਬਿਨਾਂ ਗੱਲੋਂ ਪੁੱਠੀ ਗੰਗਾ ਵਗਾਉਣ ਲੱਗ ਪਈ ਸੀ।
-"ਜਿਹੋ ਜੀ ਕੋਕੋ, ਓਹੋ ਜੇ ਕੋਕੋ ਦੇ ਬੱਚੇ..! ਜਿਹੋ ਜਿਆ ਸੰਤ ਤੂੰ, ਓਹੋ ਜਿਆ ਸਾਧ ਤੇਰਾ ਤਾਇਆ..!"
-"ਜਾਗਰ ਕਿੱਥੇ ਐ ਭਾਈ..?" ਤਾਏ ਨੇ ਜਾਂਦੀ ਬਾਜ਼ੀ ਹੱਥ 'ਚ ਕਰਨ ਦੀ ਕੋਸ਼ਿਸ਼ ਕੀਤੀ।
-"ਕਿਉਂ..? ਤੁਸੀਂ ਜਾਗਰ ਨੂੰ ਰਿਸ਼ਤਾ ਕਰਨੈਂ...? ਜਿਹੜੀ ਗੱਲ ਐ, ਮੇਰੇ ਨਾਲ਼ ਕਰੋ, ਨਾਲ਼ੇ ਇੱਕ ਗੱਲ ਸੁਣ ਲਿਓ ਧਿਆਨ ਨਾਲ਼, ਕੰਨ ਖੋਲ੍ਹ ਕੇ, ਐਸ ਘਰੇ ਜਾਗਰ ਦੀ ਨੀ, ਮੇਰੀ ਚੱਲਦੀ ਐ..!"
-"ਮੈਂ ਤੇਰੀ ਧੌਣ ਤੋੜਦੂੰ ਗੰਦੀ ਤੀਮੀਂ ਦੀ..!" ਗੱਲ ਨਾਜਰ ਦੇ ਵਿਤੋਂ ਬਾਹਰ ਹੋ ਗਈ ਸੀ।
-"ਤੂੰ ਹੱਥ ਲਾ ਕੇ ਦਿਖਾ, ਦਾਹੜ੍ਹੀ ਪੱਟ ਕੇ .... 'ਚ ਨਾ ਦੇ ਦਿਆਂ, ਮੇਰੇ ਪਿਉ ਦਾ ਸਾਲ਼ਾ, ਹਰੜ ਬੋਕ...!"
-"ਸਾਲ਼ੀਏ ਬਿਰਧ ਤਾਏ ਨੂੰ ਤਾਂ ਬਗਸ਼'ਲਾ..! ਕਿਉਂ ਹਯਾ ਲਾਹਿਐ..?"
-"ਚੱਲ ਨਾਜਰਾ..! ਚੱਲ ਪੁੱਤ..! ਚੱਲ ਉਠ..!"
ਬਿਰਧ ਤਾਇਆ ਨਾਜਰ ਦੀ ਬਾਂਹ ਫ਼ੜ ਕੇ ਬਾਹਰ ਲੈ ਤੁਰਿਆ।
-"ਜਾਹ ਲੈ'ਜਾ ਇਹਨੂੰ..! ਨਹੀਂ ਘੋਟਣੇ ਖਾਊ ਮੈਥੋਂ..!"
-"ਤੂੰ ਹਟ'ਜਾ...! ਨਾ ਇਮਤਿਹਾਨ ਲੈ..!" ਨਾਜਰ ਝਈ ਲੈ ਕੇ ਆਇਆ। ਪਰ ਨੰਬਰਦਾਰ ਤਾਇਆ ਥਮ੍ਹਲੇ ਵਾਂਗ ਅੱਗੇ ਖੜ੍ਹ ਗਿਆ, "ਮੈਂ ਤੈਨੂੰ ਮੂਰਖ ਨਾਲ਼ ਮੂਰਖ ਨੀ ਬਣਨ ਦੇਣਾਂ..!" ਉਸ ਨੇ ਨਾਜਰ ਨੂੰ ਖਿੱਚ ਕੇ ਬਾਹਰ ਨੂੰ ਤੋਰ ਲਿਆ।
-"ਮੂਰਖ ਹੋਊ ਤੇਰੀ ਮਾਂ, ਤੇਰੀ ਭੈਣ, ਤੇਰੀ ਧੀ, ਤੇ ਥੋਡਾ ਸਾਰਾ ਕੋੜਮਾਂ..! ਹੁਣ ਵੜੀਂ ਤੂੰ ਮੇਰੇ ਵਿਹੜ੍ਹੇ, ਜੇ ਜੁੱਤੀਆਂ ਨਾਲ਼ ਮੂੰਹੋਂ ਮੂੰਹ ਨਾ ਭੰਨਿਆਂ, ਮੈਨੂੰ ਨਸੀਬ ਕੁਰ ਨਾ ਆਖੀਂ..!
ਬੇੜੀ ਬਹਿਣੇ, ਘਰੇ ਬੈਠਿਆਂ ਨੂੰ ਵੀ ਜਿਉਣ ਨੀ ਦਿੰਦੇ..! ਪੈ'ਜੇ ਪਲੇਗ ਇਹਨਾਂ ਨੂੰ..!"

ਕਿਸ਼ਤ 8

ਵੀਹੀ ਵਿੱਚ ਲੋਕਾਂ ਦਾ ਇਕੱਠ ਹੋ ਗਿਆ ਸੀ।
ਲੋਕ ਤਮਾਸ਼ਾ ਦੇਖਦੇ ਜੀਭਾਂ ਕੱਢਦੇ ਸਨ।
ਤਾਇਆ ਰੇਲਵੇ ਇੰਜਣ ਵਾਂਗ ਨਾਜਰ ਨੂੰ ਵੀਹੀ ਵਿੱਚ ਧੱਕੀ ਜਾ ਰਿਹਾ ਸੀ।
ਅਚਾਨਕ ਰਸਤੇ ਵਿੱਚ ਉਹਨਾਂ ਨੂੰ ਨਾਜਰ ਦਾ ਛੋਟਾ ਭਰਾ ਜਾਗਰ ਮਿਲ਼ ਪਿਆ।
ਲੋਕ ਇਕੱਠੇ ਹੋਏ ਦੇਖ ਕੇ ਉਹ ਭਮੱਤਰ ਗਿਆ।
-"ਕੀ ਹੋ ਗਿਆ..?" ਜਾਗਰ ਦਾ ਮੂੰਹ ਅੱਡਿਆ ਹੋਇਆ ਸੀ।
-"ਹੋ ਗਿਆ ਤੇਰੀ ਮਾਂ ਦਾ ਸਿਰ..!" ਨੰਬਰਦਾਰ ਤਾਏ ਨੇ ਉਸ ਦੀ ਪਤਨੀ ਨਸੀਬ ਕੌਰ ਦਾ ਗੁੱਸਾ ਜਾਗਰ ਦੇ ਸਿਰ ਕੱਢਿਆ।
-"ਮਰ'ਜਾ ਕੁਛ ਖਾ ਕੇ ਜਨਾਨਿਆਂ, ਮਰ ਜਾਹ ਕੁਛ ਖਾ ਕੇ..!" ਕਰੋਧ ਵਿੱਚ ਨਾਜਰ ਜਾਗਰ ਨੂੰ ਪਿਆ, "ਤੂੰ ਐਨਾਂ ਤੀਮੀਂ ਦੇ ਥੱਲੇ ਲੱਗਜੇਂਗਾ, ਮੈਂ ਨੀ ਸੀ ਕਦੇ ਸੋਚਿਆ..! ਤੂੰ ਤਾਂ ਖਾਨਦਾਨ ਦੀ ਮਿੱਟੀ ਪੁਲੀਤ ਕਰ ਮਾਰੀ ਸਾਲ਼ਿਆ ਖੁਸਰਿਆ..! ਉਹ ਜੋ ਮੂੰਹ ਆਉਂਦੈ, ਬਕਵਾਸ ਕਰੀ ਜਾਂਦੀ ਐ, ਤੇ ਤੂੰ ਸਾਲ਼ਿਆ ਸੀਲ ਕੁੱਕੜ ਬਣ ਕੇ ਸੁਣੀਂ ਜਾਨੈਂ..?"
-"................।" ਜਾਗਰ ਦੁਬਿਧਾ ਜਿਹੀ ਵਿੱਚ ਝਾਕ ਰਿਹਾ ਸੀ।
-"ਤੂੰ ਅੰਦਰ ਆ ਜਾਹ ਵੇ...! ਕੋਈ ਨੀ ਲੱਤ ਟੁੱਟਦੀ, ਆ ਅੰਦਰ..! ਖੜ੍ਹਾ ਕਿਮੇਂ ਗਟਰ-ਗਟਰ ਝਾਕੀ ਜਾਂਦੈ ਮੇਰੇ ਪਿਉ ਦਾ ਸਾਲ਼ਾ..!" ਨਸੀਬ ਕੌਰ ਨੇ ਦਬਕਾ ਮਾਰਿਆ, ਤਾਂ ਜਾਗਰ ਘਰ ਵੱਲ ਤੁਰ ਪਿਆ।
-"ਸੁੱਥਣ ਪਾ ਲੈ ਜਨਾਨਿਆਂ, ਸੁੱਥਣ...! ਬੰਦਾ ਅਖਵਾਉਣ ਦੇ ਕਾਬਲ ਹੈਨ੍ਹੀ ਹੁਣ ਤੂੰ..! ਜੇ ਐਨੀ ਈ ਐਸ ਚਗਲ਼ ਤੀਮੀਂ ਦੀ ਜੀ-ਹਜੂਰੀ ਕਰਨੀ ਐਂ, ਤਾਂ ਸੁੱਥਣ ਪਾ ਲੈ..! ਸਾਲ਼ਾ ਜਨਾਨਾ..! ਹੀਜੜਾ ਕਿਸੇ ਥਾਂ ਦਾ..!"
-"ਕੋਈ ਨੀ..! ਪਾਲਾਂਗੇ ਸੁੱਥਣ, ਕੋਈ ਗੋਲ਼ੀ ਨੀ ਵੱਜਦੀ, ਯਾਦ ਰੱਖੀਂ, ਸੁੱਚਾ ਸੂਰਮਾਂ ਮੈਂ ਤੈਨੂੰ ਵੀ ਨੀ ਬਣਨ ਦਿੰਦੀ..!" ਨਸੀਬ ਕੌਰ ਬਾਂਹਾਂ ਮਾਰ-ਮਾਰ ਬੋਲਦੀ ਸੀ। ਮੂੰਹ 'ਚੋਂ ਉਸ ਦੇ ਝੱਗ ਡਿੱਗਣ ਲੱਗ ਪਈ ਸੀ।
-"ਤੇਰੇ ਆਲ਼ਾ ਘੋਗਾ ਕਿਤੇ ਜ਼ਰੂਰ ਚਿੱਤ ਕਰੂੰਗਾ, ਚਾਹੇ ਸਾਰੀ ਉਮਰ ਕੈਦ ਨਾ ਕੱਟਣੀਂ ਪਵੇ..!"
-"ਆਜੀਂ...! ਜੀ ਆਏ ਨੂੰ...! ਸਾਡੇ ਕਿਹੜਾ ਚੂੜੀਆਂ ਪਾਈਐਂ..?" ਨਸੀਬ ਕੌਰ ਬਾਂਹਾਂ ਚੜ੍ਹਾਉਂਦੀ ਬੋਲੀ, "ਤੂੰ ਅੰਦਰ ਚੱਲ ਕੇ ਪਸ਼ੂਆਂ ਨੂੰ ਪਾਣੀ ਪਿਆ, ਖੜ੍ਹ ਕੇ ਕੀ ਕਬੀਸ਼ਰ ਸੁਣਦੈਂ..? ਨਾਸਾਂ 'ਚ ਦੇਈ ਖੜ੍ਹੈ ਉਂਗਲ਼..!" ਉਹ ਜਾਗਰ ਨੂੰ ਕੁਦਾੜ ਕੇ ਪਈ।
ਜਾਗਰ ਕੜ੍ਹਾਹੀਆ ਚੁੱਕ ਨਲ਼ਕੇ ਵੱਲ ਨੂੰ ਤੁਰ ਪਿਆ।
-"ਜਾਹ ਨਾਜਰਾ, ਨਸੀਬ ਕੁਰ ਨੂੰ 'ਵਾਜ ਮਾਰ ਕੇ ਲਿਆ...!" ਸ਼ਾਮ ਕੌਰ ਦੀ ਅਵਾਜ਼ ਨੇ ਨਾਜਰ ਦੀ ਸੋਚ ਦੀ ਤੰਦ ਤੋੜੀ।
-"ਮੈਂ ਤਾਂ ਨੀ ਭੈਣੇ ਓਸ ਚੁੜੇਲ ਨੂੰ ਬੁਲਾਉਣਾ, ਓਸ ਨੇ ਤਾਂ ਬਿਰਧ ਤਾਏ ਨੂੰ ਨੀ ਬਗਸ਼ਿਆ, ਓਹਦੀ ਵੀ ਲਾਹ ਧਰੀ..! ਮੇਰੇ ਤਾਂ ਓਸ ਦਿਨ ਦੇ ਚੜ੍ਹੀ ਜਾਂਦੇ ਐ, ਵਟਣੇ..!" ਨਾਜਰ ਨੇ ਸਾਰੀ ਗੱਲ ਭੈਣ ਅੱਗੇ ਰੱਖ ਦਿੱਤੀ।
-"ਲੈ ਫ੍ਹੋਟ..! ਅੱਛਾ...? ਜਾਹ ਵੇ ਇੰਦਰਜੀਤ, ਤੂੰ ਬੁਲਾ ਕੇ ਲਿਆ ਆਬਦੀ ਚਾਚੀ ਨੂੰ, ਕਹੀਂ ਸ਼ਾਮੋਂ ਭੂਆ ਨੇ ਸੱਦਿਐ..!"
-"ਜਾਨੈਂ ਭੂਆ..!"
-"ਵੇ ਤੂੰ ਹੁਣੇ ਜਾਹ...! ਨਾਲ਼ੇ ਸਮਾਰ ਕੇ ਜੂੜਾ ਬੰਨ੍ਹ ਲੈ ਆਬਦਾ, ਕਿਮੇਂ ਧੂੰਣੇਂ ਆਲ਼ੇ ਬੂਬਨੇ ਮਾਂਗੂੰ ਵਾਲ਼ ਖਿਲਾਰੇ ਐ..!"
ਇੰਦਰਜੀਤ ਜੂੜਾ ਬੰਨ੍ਹਦਾ ਬਾਹਰ ਨਿਕਲ਼ ਗਿਆ।
ਸੁਨੇਂਹੇਂ ਦੇ ਨਾਲ਼ ਹੀ ਨਸੀਬ ਕੌਰ ਨਾਜਰ ਦੇ ਘਰ ਆ ਗਈ।
-"ਨ੍ਹੀ ਤਕੜੀ ਐਂ ਬੀਬੀਏ..?" ਆਉਣ ਸਾਰ ਉਸ ਨੇ ਚੁੰਨੀ ਫ਼ੜ, ਸ਼ਾਮ ਕੌਰ ਦੇ ਪੈਰੀਂ ਹੱਥ ਲਾਏ।
-"ਤਕੜੀ ਈ ਐਂ, ਜਿਹੜੀ ਤੇਰੇ ਕੋਲ਼ ਆ ਗਈ..!" ਸ਼ਾਮ ਕੌਰ ਦਾ ਗੁੱਸਾ ਕਾਫ਼ੂਰ ਦੇ ਹੁੱਕੇ ਦੀ ਸੁਆਹ ਵਾਂਗ ਉਡ ਗਿਆ।
-"ਜੀ ਆਈ ਦੇ ..! ਹੋਰ ਬੀਬੀ, ਦੇਹ ਗੱਲ ਟੱਬਰ-ਟ੍ਹੀਰ ਦੀ..? ਠੀਕ ਐ ਸਾਰੇ..?" ਨਸੀਬ ਕੌਰ ਨੇ ਚੁੰਨੀ ਨਾਲ਼ ਮੂੰਹ ਪੂੰਝਦਿਆਂ ਪੁੱਛਿਆ।
-"ਜੁਆਕ ਤਾਂ ਸਾਰੇ ਮੇਰੇ ਨਾਲ਼ ਈ ਆਏ ਐ, ਤੇਰਾ ਨਣਦੋਈਆ ਈ ਘਰੇ ਐ 'ਕੱਲਾ, ਅੱਜ ਕੋਈ ਘਰੇ ਨੀ, ਮੈਨੂੰ ਲੱਗਦੈ ਪੀ-ਪੀ ਕੇ ਕਮਲ਼ਾ ਹੋਊ...!"
ਸਾਰੇ ਹੱਸ ਪਏ।
-"ਸੁਣਿਐਂ ਅੱਜ ਕੱਲ੍ਹ ਤੂੰ ਬੜੀ ਪੜਛੱਤੀ ਸਿਰ 'ਤੇ ਚੱਕਣੀਂ ਲਈ ਐ..?"
-"ਨੀ ਕਾਹਨੂੰ ਬੀਬੀ, ਮੇਰਾ ਤਾਂ ਬਲੱਡ ਬਲ੍ਹਾਈ ਚੜ੍ਹ ਜਾਂਦਾ ਸੀ, ਮੈਨੂੰ ਤਾਂ ਭੈਣੇ ਲੱਗਦਾ ਨੀ ਸੀ ਪਤਾ..! ਮੈਨੂੰ ਤਾਂ ਪਰਸੋਂ ਆਪਣੇ ਪਿੰਡ ਆਲ਼ਾ ਡਾਕਦਾਰ ਕਹਿੰਦਾ ਤੇਰਾ ਤਾਂ ਬਲੱਡ ਬਾਹਲ਼ਾ ਚੜ੍ਹਿਆ ਪਿਐ, ਮੈਂ ਕਿਹਾ ਚੜ੍ਹਿਆ ਰਹਿਣ ਦੇ, ਇਹ ਕਿਹੜਾ ਕੰਧ ਢਾਹ ਲਊ..? ਡਾਕਦਾਰ ਕਹਿੰਦਾ ਇਹ ਤਾਂ ਬਲ੍ਹਾਈ ਖ਼ਤਰਨਾਕ ਹੁੰਦੈ, ਪਰਸੋਂ ਬਲੱਡ ਦੀ ਦੁਆਈ ਸ਼ੁਰੂ ਕੀਤੀ ਐ, ਹੁਣ ਮੈਨੂੰ ਗੁੱਸਾ ਜਿਆ ਤਾਂ ਗਿਆ ਆਉਣੋ ਹਟ, ਪਰ ਸਿਰ ਮੇਰਾ ਅਜੇ ਵੀ 'ਝਰਨ-ਝਰਨ' ਕਰਦਾ ਰਹਿੰਦੈ..!" ਸਮਾਂ ਵਿਚਾਰ ਕੇ ਨਸੀਬ ਕੌਰ ਨੇ ਝੂਠ ਦੇ ਪੈਰ ਲਾ ਕੇ ਮੋਰਨੀ ਦੀ ਚਾਲ ਤੋਰ ਦਿੱਤਾ।
-"ਬੂਹ ਮੈਂ ਮਰ'ਜਾਂ, ਕੁੜ੍ਹੇ ਕੱਲ੍ਹ ਦੀ ਤਾਂ ਤੂੰ ਜੁਆਕੜੀ ਐਂ, ਜੇ ਤੇਰਾ ਬਲੱਡ ਚੜ੍ਹਨ ਲੱਗ ਪਿਆ, ਫ਼ੇਰ ਸਾਡਾ ਮ੍ਹਾਤੜਾਂ ਦਾ ਕੀ ਹਾਲ..?" ਸ਼ਾਮ ਕੌਰ ਮੱਥੇ 'ਤੇ ਹੱਥ ਰੱਖ ਬੈਠ ਗਈ।
-"ਬਿਮਾਰੀਆਂ ਦਾ ਕਿਹੜਾ ਭਾਈ ਪਤਾ ਲੱਗਦੈ..!" ਸ਼ਾਮ ਕੌਰ ਦੀ ਬਜ਼ੁਰਗ ਮਾਤਾ ਬੋਲੀ, "ਨਿੱਤ ਨਵੀਂਆਂ ਈ ਸੁਣਦੇ ਐਂ..! ਹੁਣ ਕਹਿੰਦੇ ਇੱਕ ਡੇਂਗੂ ਤਾਪ ਹੋਣ ਲੱਗ ਪਿਆ..!"
-"ਬੀਬੀ, ਮੈਂ ਤਾਂ ਕੋਈ ਦੁਆਈ ਵੀ ਨੀ ਸੀ ਲੈਣੀ, ਮੈਨੂੰ ਤਾਂ ਖਸਮਾਂ ਨੂੰ ਖਾਣੇਂ ਨੇ ਡਰਾ'ਤਾ, ਕਹਿੰਦਾ ਬਲੱਡ ਪ੍ਰੈਸ਼ਰ ਨਾਲ਼ ਅਧਰੰਗ ਹੋਣ ਦਾ ਖ਼ਤਰਾ ਰਹਿੰਦੈ, ਤੇ ਡਮਾਕ ਦੀ ਕੋਈ ਨਾਲ਼ੀ ਵੀ ਫ਼ਟ ਸਕਦੀ ਐ, ਮੈਂ ਸੋਚਿਆ ਜੁਆਕ ਅਜੇ ਨਿਆਣੇ ਐਂ, ਮੇਰੇ ਬਿਨਾ ਤਾਂ ਜੁਆਕ ਰੁਲ਼ ਜਾਣਗੇ..!"
-"ਦੁਆਈ ਦੀ ਘੌਲ਼ ਨੀ ਕਰਨੀ ਚਾਹੀਦੀ ਭਾਈ..!" ਮਾਤਾ ਬੋਲੀ, "ਦੁਆਈ ਤਾਂ ਲਾਜ਼ਮੀਂ ਲੈਣੀਂ ਚਾਹੀਦੀ ਐ..!"
-"ਤੂੰ ਹੁਣ ਨਾਜਰ ਦੇ ਪਲਾਟ 'ਚੋਂ ਰੂੜੀ ਕਦੋਂ ਚੱਕਣੀਂ ਐਂ..?" ਸ਼ਾਮ ਕੌਰ ਅਸਲ ਗੱਲ ਵੱਲ ਨੂੰ ਆਈ।
-"ਕੱਲ੍ਹ ਨੂੰ ਈ ਲੈ ਬੀਬੀ..! ਰੂੜੀ ਦਾ ਕੀ ਐ, ਮੈਂ ਤੇ ਤੇਰਾ ਭਰਾ ਕੱਲ੍ਹ ਨੂੰ ਈ ਚੱਕ ਕੇ ਖੇਤ ਖਿਲਾਰ ਦਿੰਨੇ ਐਂ..! ਤੇਰਾ ਹੁਕਮ ਸਿਰ ਮੱਥੇ..!" ਨਸੀਬ ਕੌਰ ਸੱਪ ਵਾਂਗ ਸਿੱਧੀ ਹੋਈ ਬੈਠੀ ਸੀ, "ਤੇਰਾ ਹੁਕਮ ਅਸੀਂ ਅਦੂਲ ਕਰ ਸਕਦੇ ਐਂ..?" ਦਿਮਾਗ ਪੱਖੋਂ ਸੱਤਾਂ ਪੱਤਣਾਂ ਦੀ ਤਾਰੂ ਨਸੀਬ ਕੌਰ ਵੇਲ਼ਾ ਸਾਂਭਣ ਵਿੱਚ ਬੜੀ ਚੰਟ ਸੀ।
-"ਨੀ ਮੈਂ ਸੁਣਿਐਂ ਤੂੰ ਤਾਂ ਨੰਬਰਦਾਰ ਤਾਏ ਨੂੰ ਵੀ ਬੋਲ-ਕਬੋਲ ਕੀਤੈ, ਬਿਰਧ ਨੂੰ ਵੀ ਨੀ ਬਗਸ਼ਿਆ..!" ਸ਼ਾਮ ਕੌਰ ਬੋਲੀ।
-"ਨ੍ਹੀ ਬੀਬੀ ਤੈਨੂੰ ਦੱਸਿਆ ਤਾਂ ਹੈ, ਬਈ ਆਹ ਬਲੱਡ ਪ੍ਰੈਸ਼ਰ ਨੇ ਤਾਂ ਮੇਰੀ ਸੁੱਧ-ਬੁੱਧ ਮਾਰੀ ਰੱਖੀ ਐ, ਮੈਨੂੰ ਤਾਂ ਪਤਾ ਈ ਨੀ ਸੀ ਲੱਗਦਾ ਬਈ ਮੈਂ ਕਦੋਂ, ਤੇ ਕੀਹਦੇ ਨਾਲ਼ ਲੜ ਪੈਂਦੀ ਸੀ..! ਹੁਣ ਦੁਆਈ ਖਾਂਦੀ ਕਰ ਕੇ ਕੁਛ ਸ਼ਾਂਤੀ ਆਈ ਐ, ਨਹੀਂ ਤਾਂ ਸਹੁੰ ਢਾਂਡੀ ਦੀ, ਕੰਧਾਂ 'ਚ ਟੱਕਰਾਂ ਮਾਰਨ ਨੂੰ ਜੀਅ ਕਰਦਾ ਰਹਿੰਦਾ ਸੀ..! ਪਰ ਬੀਬੀ ਮੇਰੀ ਵੀ ਇੱਕ ਗੱਲ ਮੰਨ ਭੈਣ ਬਣ ਕੇ..!" ਨਸੀਬ ਕੌਰ ਸ਼ਾਮ ਕੌਰ ਦੇ ਨਜ਼ਦੀਕ ਹੋ ਕੇ ਬੋਲੀ।
-"ਬੋਲ..?"
-"ਦਿਨ ਸਾਨੂੰ ਤਿੰਨ ਦੇ-ਦੇ, ਚੌਥੇ ਨੂੰ ਅਸੀਂ ਰੂੜੀ ਚੱਕਲਾਂਗੇ..!"
-"ਦੇਖਿਆ ਕਿੱਡੀ ਹਰਾਂਬੜ ਐ..? ਕੱਲ੍ਹ ਤੋਂ ਹੁਣ ਤਿੰਨ ਦਿਨਾਂ 'ਤੇ ਆਗੀ..!" ਸ਼ਾਮ ਕੌਰ ਹੱਸ ਪਈ।
-"ਨਹੀਂ ਬੀਬੀ, ਮੈਂ ਆਬਦੇ ਭਰਾ ਨੂੰ ਸੁਨੇਹਾਂ ਭੇਜਦੀ ਐਂ, ਉਹ ਆਬਦੇ ਟਰੈਗਟ 'ਨਾ ਘੰਟੇ 'ਚ ਰੂੜੀ ਚੱਕ'ਜੂ, ਨਹੀਂ ਅਸੀਂ ਦੋਵੇਂ ਜੀਅ ਸਾਰੀ ਦਿਹਾੜ੍ਹੀ ਖੌਝੀ ਜਾਂਵਾਂਗੇ..! ਤਾਂ ਤਿੰਨ ਦਿਨ ਮੰਗੇ ਐ..!"
-"ਨ੍ਹੀ ਇਉਂ ਤਾਂ ਚਾਹੇ ਤਿੰਨ ਦੀ ਥਾਂ ਚਾਰ ਦਿਨ ਲੈ ਲਾ..! ਪਰ ਹੁਣ ਮੈਨੂੰ ਫ਼ੇਰ ਦੁਆਰੇ ਨਾ ਆਉਣਾ ਪਵੇ..!" ਸ਼ਾਮ ਕੌਰ ਨੇ ਉਂਗਲ਼ ਸਿੱਧੀ ਕਰ ਕੇ ਤਾਕੀਦ ਜਿਹੀ ਕੀਤੀ।
-"ਮੈਖਿਆ ਬੀਬੀ ਜਮਾਂ ਈ ਉਲਾਂਭਾ ਨੀ ਆਊਗਾ, ਤੇਰਾ ਕਿਹਾ ਸਿਰ ਮੱਥੇ..!"
-"ਨ੍ਹੀਂ ਤੈਨੂੰ ਨਾ ਰਾਮ-ਲੀਲ੍ਹਾ ਦਿਖਾਉਣੀ ਪਵੇ..!" ਸ਼ਾਮ ਕੌਰ ਹੱਸ ਪਈ।
-"ਲੈ ਤੇਰੀ ਰਾਮ ਲੀਲ੍ਹਾ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ, ਆਹ ਰਾਮੇਂ ਪੰਡਤ ਦਾ ਮੁੰਡਾ ਐ ਨ੍ਹਾਂ...?" ਨਸੀਬ ਕੌਰ ਨੇ ਗੱਲ ਦੱਸਣੀ ਸ਼ੁਰੂ ਕੀਤੀ।
-"ਕਿਹੜਾ..?"
-"ਉਹ ਚੁੱਚੀਆਂ ਜੀਆਂ ਅੱਖਾਂ ਆਲ਼ਾ..!"
-"ਆਹੋ...!"
-"ਨੀ ਬੀਬੀ, ਓਹ ਲੋਕਾਂ ਨੇ ਬਲ੍ਹਾਈ ਕੁੱਟਿਆ..!"
-"ਆਪਣੇ ਪਿੰਡ ਆਲ਼ਿਆਂ ਨੇ..?"
-"ਨ੍ਹੀ ਕਾਹਨੂੰ...! ਮੋਗੇ..!"
-"ਨੀ ਕਾਹਤੋਂ..?"
-"ਨੀ ਬੀਬੀ, ਉਹ ਬਿਚਾਰਾ ਤਾਂ ਬਾਹਲ਼ਾ ਈ ਕੁੱਟਿਆ ਗਿਆ, ਲਾਚੜੀ ਜਨਤਾ ਨੇ ਗੁੜ ਮਾਂਗੂੰ ਧੇਹ-ਧੇਹ ਭੰਨਿਆਂ...!"
-"ਉਹ ਤਾਂ ਬਚਾਰਾ ਕਈ ਦਿਨ ਹਸਤਪਤਾਲ਼ 'ਚ ਰਿਹੈ..! ਪੱਸਲ਼ੀਆਂ ਅੰਦਰ ਪੈਗੀਆਂ ਸੀ..!" ਵਿੱਚ ਦੀ ਬੇਬੇ ਬੋਲੀ।
-"ਨ੍ਹੀ ਬੂਹ...! ਪਰ ਕੋਈ ਗੱਲ ਤਾਂ ਹੋਈ ਹੋਊ..?" ਸ਼ਾਮ ਕੌਰ ਬੋਲੀ।
-"ਨੀ ਬੀਬੀਏ, ਉਹ ਕਰਦਾ ਸੀ ਰਾਮ ਲੀਲ੍ਹਾ 'ਚ ਕੰਮ, ਰਾਮ ਲੀਲ੍ਹਾ 'ਚ ਰਾਮ ਬਣਦਾ ਹੁੰਦਾ ਸੀ..! ਦੁਨੀਆਂ ਇਹਨੂੰ ਰੱਬ ਮਾਂਗੂੰ ਮੰਨਦੀ ਸੀ..! ਜਦੋਂ ਕਿਤੇ ਸਟੇਜ਼ ਤੋਂ ਥੱਲੇ ਉਤਰਦਾ, ਸ਼ਰਧਾ ਨਾਲ਼ ਲੋਕ ਇਹਦੇ ਪੈਰੀਂ ਹੱਥ ਲਾਇਆ ਕਰਨ, ਕੋਈ ਜੁਆਕ ਨੂੰ ਆਸ਼ੀਰਬਾਦ ਦੁਆਇਆ ਕਰੇ ਇਹਤੋਂ..! ਕੋਈ ਪੈਸੇ ਮੱਥਾ ਟੇਕਿਆ ਕਰੇ..!"
-"ਅੱਛਾ..!"
-"ਇੱਕ ਦਿਨ ਬੀਬੀ ਕੀ ਹੋਇਆ, ਜਦੋਂ ਰਾਮ ਲੀਲ੍ਹਾ ਖਤਮ ਹੋਈ, ਉਹ ਪਿਛਲੇ ਪਾਸੇ ਰਾਮ ਜੀ ਦੇ ਭੇਸ 'ਚ ਬੀੜੀ ਲਾਈ ਖੜ੍ਹਾ, ਤੇ ਲੋਕਾਂ ਨੇ ਜੁੱਪ ਲਿਆ, ਅਖੇ ਰਾਮ ਬਣ ਕੇ ਤੂੰ ਬੀੜੀਆਂ ਕਾਹਤੋਂ ਪੀਨੈਂ..? ਨੀ ਬੀਬੀ, ਉਹਦੀ ਤਾਂ ਬਚਾਰੇ ਦੀ ਕੁੱਟ-ਕੁੱਟ ਕੇ ਲੋਕਾਂ ਨੇ ਕੱਢ'ਤੀ ਮਿੱਝ..!"
-"ਕੱਢਣੀ ਸੀ..! ਬਈ ਥੇਹ ਹੋਣਿਆਂ, ਤੂੰ ਦੇਵਤਿਆਂ ਦਾ ਭੇਸ ਧਾਰ ਕੇ ਤਮਾਖੂ ਪੀਨੈਂ, ਤੈਨੂੰ ਅਕਲ ਨੀ..?"
-"ਲੋਕ ਤਾਂ ਕੁੱਟ-ਮਾਰ ਕੇ ਇਹਨੂੰ ਮਰਿਆ ਸਮਝ ਕੇ ਸਿੱਟ'ਗੇ, ਫ਼ੇਰ ਰਾਮ ਲੀਲ੍ਹਾ ਆਲ਼ੇ ਬਾਣੀਆਂ ਨੇ ਇਹਨੂੰ ਹਸਪਤਾਲ਼ ਪਚਾਇਆ, ਆਹ ਹੁਣ ਜਾ ਕੇ ਠੀਕ ਹੋਇਐ...!"
-"ਤੁਰਿਆ ਤਾਂ ਕਹਿੰਦੇ ਅਜੇ ਵੀ ਚੱਜ ਨਾਲ਼ ਨੀ ਜਾਂਦਾ..!" ਬੇਬੇ ਵੀ ਵਿੱਚ ਬੋਲਣ ਦਾ ਭੁਸ ਜਿਹਾ ਪੂਰਾ ਕਰ ਜਾਂਦੀ।
-"ਰਾਤ ਦੀ ਰੋਟੀ ਬੀਬੀ ਓਧਰ ਖਾਣੀਂ ਐਂ..!" ਨਸੀਬ ਕੌਰ ਨੇ ਕਿਹਾ।
-"ਨ੍ਹੀ ਕਿਹੜਾ ਕੁਛ ਵੰਡਿਐ..? ਐਧਰ ਕੀ ਤੇ ਓਧਰ ਕੀ..?" ਸ਼ਾਮ ਕੌਰ ਨੇ ਕਿਹਾ।
-"ਨਹੀਂ ਬੀਬੀ ਫ਼ੇਰ ਮੈਂ ਗੁੱਸੇ, ਮੈਂ ਰੂੜੀ ਨੀ ਚੱਕਣੀ..!"
-"ਰੂੜੀ ਤਾਂ ਤੂੰ ਖੌਰੇ ਕਿਮੇਂ ਨੀ ਚੱਕਣੀ...? ਡਰਾਵੇ ਦਿੰਦੀ ਐ, ਬਹੇਲ..!"
ਸਾਰੀਆਂ ਹੱਸ ਪਈਆਂ।
ਆਹ ਦਿਨ ਗਿੰਦਰ ਨੂੰ ਮਸਾਂ ਆਇਆ ਸੀ।
ਸਾਰਾ ਟੱਬਰ ਘਰੋਂ ਗਿਆ ਹੋਇਆ ਸੀ।
ਅੱਜ ਉਹ ਘਰ ਬਿਲਕੁਲ ਇਕੱਲਾ ਸੀ।
ਉਹ ਦਿਨ ਖੜ੍ਹੇ ਹੀ ਆਪਣੇ ਯਾਰ ਕੇਹਰੇ ਕੋਲ਼ ਚਲਿਆ ਗਿਆ।
-"ਕੀ ਗੱਲ..? ਅੱਜ ਸਾਝਰੇ ਈ ਗੇੜੇ ਮਾਰੇ..?" ਕੇਹਰਾ ਮੁਛਕੜੀਏਂ ਹੱਸਿਆ। ਮੁੱਛਾਂ ਵਿਚ ਹੱਸਣਾ ਕੇਹਰੇ ਦੀ ਆਦਤ ਸੀ।
-"ਗਲ਼ੀਆਂ ਹੋ ਜਾਣ ਸੁੰਨੀਆਂ, ਵਿੱਚ ਗਿੰਦਰ ਯਾਰ ਫ਼ਿਰੇ..!"
-"ਭਾਬੋ ਪੇਕੀਂ ਗਈ ਲੱਗਦੀ ਐ ਅੱਜ..?" ਕੇਹਰਾ ਬੋਲਿਆ।
-"ਭਾਬੋ ਪੇਕੇ, ਤੇ ਜੁਆਕ ਨਾਨਕੀਂ..! ਤੇ ਸਰਦਾਰ ਗਿੰਦਰ ਸਿੰਘ ਲੰਡਾ ਚਿੜਾ, ਸਿਰੋਂ ਸਰਦਾਰ..!"
-"ਤੂੰ ਵੀ ਸਹੁਰੀਂ ਜਾ ਆਉਣਾ ਸੀ..?"
-"ਘਰੇ ਵੀ ਕੋਈ ਚਾਹੀਦਾ ਸੀ..!"
-"ਹੁਣ ਕਿਹੜਾ ਘਰੇ ਕਿੱਲੇ ਨਾਲ਼ ਬੱਝਿਆ ਬੈਠੈਂ..?"
ਗਿੰਦਰ ਹੱਸ ਪਿਆ।
-"ਸਹੁਰਿਆਂ ਦੇ ਨਾਂ ਨੂੰ ਤਾਂ ਰਿੱਛ ਨੱਚਣ ਲੱਗ ਪੈਂਦੈ, ਬਾਈ ਗਿੰਦਰਾ, ਤੂੰ ਤਾਂ ਫ਼ੇਰ ਬੰਦੈਂ..!"
-"ਰਿੱਛ ਤਾਂ ਸਹੁਰਾ ਜਾਨਵਰ ਹੁੰਦੈ, ਮੈਂ ਜਾਨਵਰ ਥੋੜ੍ਹੋਂ ਐਂ..?"
-"ਮੈਂ ਤਾਂ ਤੈਨੂੰ ਜਾਨਵਰ ਕਹਿੰਦਾ ਨੀ, ਤੂੰ ਆਪਦੇ ਆਪ ਨੂੰ ਜੋ ਮਰਜ਼ੀ ਉਪਾਧੀ ਦੇਈ ਚੱਲ..?"
ਦੋਨੋਂ ਹੱਸ ਪਏ।
-"ਕੱਢ ਦੁੱਖ ਤੋੜ ਜੁਗਨੀ, ਕੁਛ ਕੰਡੇ 'ਚ ਹੋਈਏ..!"
ਬੋਤਲ ਨਾਲੋਂ ਤੂੜੀ ਦੇ ਡੱਕੇ ਝਾੜਦਾ ਕੇਹਰਾ ਅੰਦਰੋਂ ਬੋਤਲ ਕੱਢ ਲਿਆਇਆ।
-"ਤੂੰ ਇਉਂ ਕਰ..! ਇੱਕ ਸ਼ੀਸ਼ੀ ਹੋਰ ਚੱਕ, ਤੇ ਅੱਜ ਮੇਰੇ ਕੋਲ਼ ਚੱਲ..! ਚੱਲ, ਘਰੇ ਚੱਲ ਕੇ ਮੀਟ ਬਣਾਉਨੇ ਐਂ..!"
-"ਚੱਲ ਇਉਂ ਕਰ ਲੈਨੇ ਆਂ..!"
-"ਆਪਣਾ ਚੱਜ ਨਾਲ਼ 'ਕੱਠੇ ਬੈਠਣ ਦਾ ਕਦੇ ਸਬੱਬ ਈ ਨੀ ਬਣਿਆਂ..!"
-"ਚੱਲ ਅੱਜ ਲਾਹ ਲੈਂਨੇ ਆਂ ਡੰਝਾਂ, ਤੇ ਕੱਢ ਲੈਨੇਂ ਆਂ ਅਗਲੇ ਪਿਛਲੇ ਘੁੱਸੇ...!"
-"ਪੂਰੀਆਂ ਕਰ ਦਿਆਂਗੇ ਰੜਕਾਂ..!"
ਉਹ ਇੱਕ-ਇੱਕ ਬੋਤਲ ਡੱਬ ਵਿੱਚ ਟੰਗ ਗਿੰਦਰ ਦੇ ਘਰ ਨੂੰ ਰੇਵੀਏ ਪੈ ਗਏ।
ਬੱਸ ਅੱਡੇ ਤੋਂ ਉਹਨਾਂ ਨੇ ਮੀਟ ਫ਼ੜ ਲਿਆ।
ਚੁੱਲ੍ਹੇ 'ਤੇ ਬੱਕਰਾ ਚਾੜ੍ਹ ਉਹਨਾਂ ਨੇ ਬੋਤਲ ਖੋਲ੍ਹ ਲਈ।
ਬੋਤਲ 'ਚੋਂ ਮੱਕੀ ਦੇ ਖਿੱਚੇ ਗੁੱਲ ਕਾਰਨ ਪਿਆ ਭੜ੍ਹਾਕਾ ਗਿੰਦਰ ਨੂੰ ਸਰਸ਼ਾਰ ਕਰ ਗਿਆ।
-"ਦੇਖ ਕੀ ਬੋਲਦੀ ਐ ਪੱਟ ਹੋਣੀਂ..! ਕਹਿੰਦੀ ਚੱਕ'ਲਾ ਹੁਣ, ਘੌਲ਼ ਨਾ ਕਰ..!" ਗਿੰਦਰ ਬੋਤਲ ਝਣਕ ਕੇ ਮਣਕਾ ਬੰਨ੍ਹਦਾ ਹੋਇਆ ਬੋਲਿਆ ਤਾਂ ਕੇਹਰਾ ਹੱਸ ਪਿਆ।
-"ਕਹਿ ਹੁਣ ਤਾਂ ਦੰਦਾਂ 'ਚ ਜੀਭ ਐ, ਮੁੱਠੀਆਂ 'ਚ ਤਾਂ ਅਸੀਂ ਕਦੋਂ ਦਾ ਥੁੱਕੀ ਫ਼ਿਰਦੇ ਐਂ, ਬੱਸ ਸੂਰਜ ਦੇਵਤਾ ਈ ਅੜਿਆ ਖੜ੍ਹਾ ਸੀ..!" ਕੇਹਰੇ ਨੇ ਵੀ ਗਿਲਾਸ ਨੇੜੇ ਕਰਦਿਆਂ ਆਖਿਆ।
-"ਆਹ ਪਰਸੋਂ ਚੌਥੇ ਤੇਰੇ ਘਰੇ ਕੀ ਰੌਲ਼ਾ ਸੀ..? ਮੈਂ ਤਾਂ ਬੁੜ੍ਹੀਆਂ ਦਾ 'ਕੱਠ ਜਿਆ ਦੇਖ ਕੇ ਗਾਂਹਾਂ ਈ ਨੰਘ ਗਿਆ, ਬਈ ਕੋਈ ਘਰ ਦੀ ਗੱਲ ਹੋਊ...!" ਮੰਜੇ ਕੋਲ਼ ਨੂੰ ਕੁਰਸੀ ਖਿੱਚ ਕੇ ਬੈਠਦਾ ਗਿੰਦਰ ਬੋਲਿਆ।
-"ਤੇਰੀ ਭਰਜਾਈ ਦਾ ਭਤੀਜਾ ਮਾਰ'ਤਾ ਸੀ ਪੁਲ਼ਸ ਨੇ, ਮਕਾਣ ਗਈਆਂ ਸੀ..!"
-"ਭਤੀਜਾ ਮਾਰ'ਤਾ ਸੀ..? ਮੈਨੂੰ ਤਾਂ ਤੂੰ ਦੱਸਿਆ ਨੀ ਕੁਛ..?? ਬੰਦਾ ਬਿੰਦ 'ਮਸੋਸ ਈ ਕਰ ਲੈਂਦੈ, ਮੋੜ ਕੇ ਤਾਂ ਕਿਸੇ ਨੇ ਲੈ ਨੀ ਆਉਣਾ ਨੀ ਹੁੰਦਾ..!"
-"ਬਾਈ ਗਿੰਦਰਾ, ਮੈਂ ਓਸ ਬੰਦੇ ਦਾ 'ਮਸੋਸ ਨੀ ਕਰਨਾ ਚਾਹੁੰਦਾ, ਮੇਰੀ ਨਜ਼ਰ 'ਚ ਉਹ ਬੰਦਾ ਅਣਖੀ ਸ਼ਹੀਦ ਐ..! ਓਸ ਨਰ ਬੰਦੇ ਨੇ ਆਬਦੇ ਨਾਲ਼ ਹੋਈਆਂ ਵਧੀਕੀਆਂ ਦਾ ਬਦਲਾ ਠੋਕ ਕੇ ਲਿਐ, ਤੇ ਮੈਂ ਓਸ ਬੰਦੇ ਨੂੰ ਅਸਲ ਦਲੇਰ ਬੰਦਾ ਸਮਝਦੈਂ, ਜੀਹਨੇ ਆਬਦੇ ਨਾਲ਼ ਹੋਏ ਧੱਕੇ ਦਾ ਬਦਲਾ ਹਿੱਕ ਡਾਹ ਕੇ ਲਿਐ..! ਤੈਨੂੰ ਪਤੈ ਬਈ ਅਸੀਂ ਹੈਗੇ ਆਂ ਬਲੀ ਬਾਬਾ ਜੀਵਨ ਸਿੰਘ ਰੰਘਰੇਟੇ ਦੀ ਔਲ਼ਾਦ, ਦੁਨੀਆਂ ਨੂੰ ਪਤੈ ਬਈ ਸਾਡੇ ਬਾਬਾ ਜੀਵਨ ਸਿੰਘ ਰੰਘਰੇਟੇ ਨੂੰ ਗੁਰੂ ਕਿਆਂ ਨੇ "ਰੰਘਰੇਟੇ - ਗੁਰ ਕੇ ਬੇਟੇ" ਦਾ ਖ਼ਿਤਾਬ ਦਿੱਤੈ..! ਤੇ ਮੇਰੇ ਹਿਸਾਬ ਨਾਲ਼ ਓਸ ਬੰਦੇ ਨੇ ਇੱਕੀ ਦੀ ਪਾਈ ਭਾਜੀ ਦਾ ਹਿਸਾਬ 'ਕੱਤੀ ਨਾਲ਼ ਮੋੜਿਐ, ਤੇ ਆਪਣਾ ਜਿਉਣਾ ਸਫ਼ਲਾ ਕੀਤੈ, ਮਰ ਤਾਂ ਗਿੰਦਰਾ ਹਰ ਇੱਕ ਨੇ ਜਾਣੈਂ, ਕੋਈ ਲੱਤਾਂ ਘੜ੍ਹੀਸਦਾ ਮਰ ਜਾਂਦੈ, ਤੇ ਕੋਈ ਅਣਖ-ਰੜਕ ਨਾਲ਼ ਮਰਦੈ...!" ਰਹਿੰਦੀ ਕਹਾਣੀ ਕੇਹਰੇ ਨੇ ਵਿਸਥਾਰ ਨਾਲ਼ ਦੱਸਣੀ ਸ਼ੁਰੂ ਕਰ ਦਿੱਤੀ...........।

ਕਿਸ਼ਤ 9

......ਐੱਸ. ਐੱਸ. ਪੀ. ਦੇ ਮੇਜ਼ 'ਤੇ ਪਿਆ ਫ਼ੋਨ "ਟਰਰ-ਟਰਰ" ਕਰ ਕੇ ਖੜਕ ਪਿਆ।
-"ਹੈਲੋ...!" ਐੱਸ. ਐੱਸ. ਪੀ. ਦੇ ਰੀਡਰ ਨੇ ਫ਼ੋਨ ਚੁੱਕ ਕੇ ਕਿਹਾ।
-"ਜਨਾਬ ਨੂੰ ਫ਼ੋਨ ਦਿਓ, ਸੁਹੇਲਾ ਠਾਣੇ ਤੋਂ ਘੁਮੰਡ ਸਿਉਂ ਠਾਣੇਦਾਰ ਬੋਲ ਰਿਹੈਂ ਜੀ...!" ਘਬਰਾਇਆ ਠਾਣੇਦਾਰ ਬੋਲਿਆ।
-"ਠਾਣੇਦਾਰ ਘੁਮੰਡ ਸਿੰਘ ਦਾ ਫ਼ੋਨ ਐ, ਸਰਕਾਰ...!" ਰੀਡਰ ਨੇ ਫ਼ੋਨ ਦੇ ਮੂੰਹ 'ਤੇ ਹੱਥ ਰੱਖ ਕੇ ਕਿਹਾ। ਕੁਛ ਬੋਲਣ ਤੋਂ ਬਿਨਾ ਹੀ ਐੱਸ. ਐੱਸ. ਪੀ. ਨੇ ਫ਼ੋਨ ਫ਼ੜ ਲਿਆ। ਘੁਮੰਡ ਸਿੰਘ ਦਾ ਨਾਂ ਸੁਣ ਕੇ ਉਹ ਖਿਝ ਜਿਹਾ ਗਿਆ ਸੀ।
-"ਹਾਂ ਬਈ ਘੁਮੰਡ ਸਿਆਂ, ਹੁਣ ਕੀ ਹੋ ਗਿਆ..?" ਗੁੱਸਾ ਦੱਬ ਕੇ ਐੱਸ. ਐੱਸ.ਪੀ. ਨੇ ਕਿਹਾ।
-"ਜਨਾਬ, ਅੱਜ ਕ੍ਰਿਸ਼ਨ ਲਾਲ ਸਿਪਾਹੀ ਵੀ ਅਸਤੀਫ਼ਾ ਦੇ ਗਿਆ..!" ਠਾਣੇਦਾਰ ਨੇ ਬੜੇ ਝੋਰੇ ਨਾਲ਼ ਦੱਸਿਆ ਸੀ।
-"ਤੇਰੇ ਠਾਣੇ 'ਚ ਅਸਤੀਫ਼ਾ ਦੇਣ ਵਾਲ਼ਾ ਇਹ ਤੀਜਾ ਸਿਪਾਹੀ ਐ ਘੁਮੰਡ ਸਿਆਂ, ਇਹਨਾਂ ਨੂੰ ਹੁੰਦਾ ਕੀ ਜਾਂਦੈ..? ਇਹ ਸਾਲ਼ੇ ਪੁਲ਼ਸ ਆਲ਼ੇ ਐ ਕਿ ਮੰਦਰ ਦੇ ਪੁਜਾਰੀ...?" ਐੱਸ. ਐੱਸ. ਪੀ. ਦੀ ਖਿਝ ਕਰੋਧ ਬਣ ਤੁਰੀ ਸੀ।
-"ਸਰਕਾਰ ਜਦੋਂ ਦਾ ਓਹੋ ਸੰਤੋਖ ਸਿੰਘ ਅੱਤਿਵਾਦੀ ਫ਼ੜ ਕੇ ਲਿਆਏ ਆਂ, ਓਦੋਂ ਦੀ ਈ ਇਹਨਾਂ ਕੰਜਰਾਂ ਨੂੰ ਪਤਾ ਨੀ ਕੀ ਪੁੱਠੀ ਭਮਾਲ਼ੀ ਆਈ ਐ, ਧੜਾਧੜ ਅਸਤੀਫ਼ੇ ਦੇ-ਦੇ ਕੇ ਘਰਾਂ ਨੂੰ ਤੁਰੇ ਜਾਂਦੇ ਐ..!" ਠਾਣੇਦਾਰ ਘੋਰ ਮਾਯੂਸੀ ਵਿਚ ਸਿਰ ਫ਼ੇਰੀ ਜਾ ਰਿਹਾ ਸੀ।
-"................।" ਐੱਸ. ਐੱਸ. ਪੀ. ਚੁੱਪ ਸੀ। ਉਸ ਦੀ ਖਿਝ ਹੁਣ ਬਾਰੂਦ ਬਣਦੀ ਜਾ ਰਹੀ ਸੀ।
-"ਪਰ ਕਾਰਨ ਕੋਈ ਤਾਂ ਹੋਊਗਾ ਨ੍ਹਾਂ..? ਓਸ ਦਾ ਹੱਲ ਲੱਭ ਕੋਈ..!! ਬਿਨਾ ਕਾਰਨ ਤੋਂ ਤਾਂ ਇਹ ਭੈਣ ਦੇ ਲੱਕੜ ਅਸਤੀਫ਼ਾ ਨੀ ਦਿੰਦੇ..!" ਐੱਸ. ਐੱਸ. ਪੀ. ਦਾ ਗੁੱਸਾ ਫ਼ਤੂਰ ਬਣ ਸਿਰ ਨੂੰ ਚੜ੍ਹ ਗਿਆ।
-"ਜਨਾਬ ਓਹ ਜਿਹੜਾ ਅੱਤਿਵਾਦੀ ਫ਼ੜਿਐ ਨ੍ਹਾਂ, ਓਹ ਪਾਠ ਕਰ-ਕਰ ਇਹਨਾਂ ਨੂੰ ਪੂਰਨ ਭਗਤ ਬਣਾਈ ਜਾਂਦੈ..?"
-"ਤੇ ਤੂੰ ਠਾਣੇ 'ਚ ਭੈਣ ਦੇ ਗੇੜੇ ਦਿੰਨੈ...? ਉਹ ਅੱਤਿਵਾਦੀ ਗੱਡੀ ਨੀ ਚਾੜ੍ਹਿਆ ਜਾਂਦਾ..? ਹੁਣ ਤੂੰ ਤਾਂ ਨੀ ਓਹਤੋਂ ਅੰਮ੍ਰਿਤ ਛਕਣਾਂ ਕਿਤੇ..?"
-"............।" ਠਾਣੇਦਾਰ ਚੁੱਪ ਹੋ ਗਿਆ।
-"ਗੱਲ ਸੁਣ ਮੇਰੀ ਧਿਆਨ ਨਾਲ਼...!" ਐੱਸ. ਐੱਸ. ਪੀ. ਤਾੜਨਾ ਕਰਦਾ ਹੋਇਆ ਬੋਲਿਆ। ਉਸ ਨੇ ਪੈਰ ਦੁਰਮਟ ਵਾਂਗ ਧਰਤੀ 'ਤੇ ਮਾਰਿਆ ਸੀ।
-"ਜੀ ਹਜ਼ੂਰ...!" ਠਾਣੇਦਾਰ ਸਾਵਧਾਨ ਹੋ ਗਿਆ।
-"ਜਾਂ ਤਾਂ ਤੂੰ ਓਹਦਾ ਕੋਈ ਹੱਲ ਕੱਢ ਲੈ..! ਨਹੀਂ ਮੈਨੂੰ ਤੇਰਾ ਕੋਈ ਹੱਲ ਕੱਢਣਾ ਪੈਣੈ...!" ਐੱਸ. ਐੱਸ. ਪੀ. ਨੇ ਫ਼ੋਨ ਚਲਾ ਕੇ ਮਾਰਿਆ। "ਟੂੰ - ਟੂੰ" ਠਾਣੇਦਾਰ ਦਾ ਦਿਮਾਗ ਚੱਟਣ ਲੱਗ ਪਈ।
ਠਾਣੇਦਾਰ ਭਮੱਤਰਿਆ ਖੜ੍ਹਾ ਸੀ।
-"ਇਹਨੂੰ ਹਰਾਮ'ਦੇ ਨੂੰ ਬਾਹਰ ਕੱਢੋ, ਇਹਦਾ ਪੜ੍ਹੀਏ ਕੀਰਤਨ ਸੋਹਿਲਾ..! ਜਦੋਂ ਦਾ ਆਇਐ, ਸਿਆਪੇ ਈ ਖੜ੍ਹੇ ਕਰੀ ਜਾਂਦੈ...! ਇਹ ਤਾਂ ਸਾਡੀਆਂ ਵੀ ਪੇਟੀਆਂ ਲੁਹਾਊਗਾ..!" ਉਸ ਨੇ ਸੰਤੋਖ ਸਿੰਘ ਵੱਲ ਉਂਗਲ਼ ਕਰ ਕੇ ਆਖਿਆ।
ਸਿਪਾਹੀਆਂ ਨੇ ਭੰਨੇ-ਤੋੜੇ ਅਤੇ ਵੱਢੇ-ਟੁੱਕੇ ਸੰਤੋਖ ਨੂੰ ਹਵਾਲਾਤ ਵਿੱਚੋਂ ਜਾ ਧੂਹਿਆ।
....ਅਸਲ ਵਿਚ ਸੰਤੋਖ ਸਿੰਘ ਇੱਕ ਚੋਟੀ ਦਾ ਖਾੜਕੂ ਸੀ। ਇੱਕ ਸੂਹੀਏ ਦੀ ਮੁਖ਼ਬਰੀ 'ਤੇ ਉਹਨਾਂ ਨੇ ਇੱਕ ਸੜਕ 'ਤੇ ਆਉਂਦੇ ਮੋਟਰ ਸਾਈਕਲ ਨੂੰ ਹੱਥ ਦੇ ਕੇ ਰੋਕਿਆ ਤਾਂ ਇਕੱਲਾ ਅਤੇ ਨਿਹੱਥਾ ਸੰਤੋਖ ਸਿੰਘ ਉਹਨਾਂ ਦੇ ਹੱਥ ਆ ਗਿਆ। ਗ੍ਰਿਫ਼ਤਾਰ ਕਰ ਕੇ ਪੁਲੀਸ ਨੇ ਸੰਤੋਖ ਸਿੰਘ ਨੂੰ ਹਵਾਲਾਤ ਲਿਆ ਸੁੱਟਿਆ।
ਸੂਰਜ ਛੁਪਦੇ ਨਾਲ਼ ਹੀ ਸੰਤੋਖ 'ਤੇ ਤਸ਼ੱਦਦ ਦਾ ਕਹਿਰ ਢਹਿਣਾਂ ਸ਼ੁਰੂ ਹੋ ਗਿਆ।
ਆਪਣੀ ਤਸੱਲੀ ਕਰ ਕੇ ਸਿਪਾਹੀਆਂ ਨੇ ਸੰਤੋਖ ਨੂੰ ਠਾਣੇਦਾਰ ਦੇ ਹਵਾਲੇ ਕਰ ਦਿੱਤਾ।
-"ਹਾਂ ਬਈ ਸੰਤੋਖ ਸਿਆਂ...! ਕੀ ਇਰਾਦੈ ਤੇਰਾ...?" ਦਾਰੂ ਨਾਲ਼ ਰੱਜਿਆ ਠਾਣੇਦਾਰ ਸੰਤੋਖ ਸਿੰਘ ਦੇ ਸਾਹਮਣੇ ਖੜ੍ਹਾ ਛੂਕ ਰਿਹਾ ਸੀ। ਤਾਕਤ ਅਤੇ ਹੈਂਕੜ ਦਾ ਨਸ਼ਾ ਉਸ ਅੰਦਰੋਂ ਰੰਭ ਰਿਹਾ ਸੀ।
-"................।" ਸੰਤੋਖ ਸਿੰਘ ਚੁੱਪ ਸੀ। ਅਡੋਲ ਸੀ।
-"ਜਾਂ ਤਾਂ ਅਸੀਂ ਤਿੰਨਾਂ 'ਚ, ਤੇ ਜਾਂ ਤੇਰ੍ਹਾਂ 'ਚ ਸ਼ਾਮਲ ਕਰਦੇ ਐਂ, ਤੂੰ ਦੱਸ, ਤਿੰਨਾਂ 'ਚ ਜੁੜਨੈਂ ਕਿ ਤੇਰ੍ਹਾਂ 'ਚ..?"
-"................।" ਅਥਾਹ ਫ਼ੱਟੜ ਸੰਤੋਖ ਸਿੰਘ ਅਰਧ ਬੇਹੋਸ਼ੀ ਦੀ ਹਾਲਤ ਵਿਚ ਬੈਠਾ ਸੀ। ਉਸ ਦੇ ਵਾਲ਼ ਖੁੱਲ੍ਹ ਕੇ ਗਲ਼ ਵਿੱਚ ਪਏ ਹੋਏ ਸਨ।
-"ਆਕੜ ਦੇਖ ਸਾਲ਼ੇ 'ਚ ਕਿੰਨੀ ਐਂ...!" ਇੱਕ ਸਿਪਾਹੀ ਸੰਤੋਖ ਸਿੰਘ ਦੇ ਡੰਡਾ ਮਾਰਦਾ ਬੋਲਿਆ।
-"ਗੁਰੂ ਦੇ ਸਿੰਘਾ, ਐਸ ਸਰੀਰ ਨੂੰ ਹੱਥਾਂ ਦੀ ਤਕਲੀਫ਼ ਜਿੰਨੀ ਮਰਜ਼ੀ ਦੇ ਦੇਈਂ, ਪਰ ਮੇਰਾ ਵੀਰ ਗਾਲ਼ ਨਾ ਕੱਢੀ...!" ਸੰਤੋਖ ਸਿੰਘ ਬੜੇ ਧਹੱਮਲ ਅਤੇ ਸਹਿਜਤਾ ਨਾਲ਼ ਬੋਲਿਆ।
-"ਅੱਛਾ....! ਫ਼ੇਰ ਕੀ ਕਰੇਂਗਾ ਤੂੰ...? ਫ਼ਾਹੇ ਲਾ ਦੇਂਵੇਂਗਾ ਮੈਨੂੰ..?" ਉਸ ਨੇ ਡੰਡਿਆਂ ਦਾ ਮੀਂਹ ਵਰ੍ਹਾ ਦਿੱਤਾ। ਉਂਗਲਾਂ ਦੇ ਜੋੜਾਂ ਉਪਰ ਵਰ੍ਹਦੇ ਡੰਡੇ ਨਾਲ਼ "ਟੱਕ-ਟੱਕ" ਦੀ ਅਵਾਜ਼ ਆਉਂਦੀ ਸੀ। ਪਰ ਸੰਤੋਖ ਰੱਬੀ ਭਾਣੇ ਵਿਚ ਸ਼ਾਂਤ ਬੈਠਾ ਸੀ। ਉਸ ਨੇ ਮੂੰਹ ਵਿਚੋਂ "ਸੀ" ਤੱਕ ਨਹੀਂ ਕੱਢੀ ਸੀ। ਸਿਪਾਹੀ ਡੰਡੇ ਮਾਰ-ਮਾਰ ਕੇ ਹਫ਼ ਗਿਆ ਸੀ।
-"ਦੇਖ ਸਾਲ਼ਾ ਕਿਵੇਂ ਸ਼ਿਵ ਜੀ ਮਹਾਰਾਜ ਬਣਿਆਂ ਬੈਠੈ...!" ਅਜੇ ਸਿਪਾਹੀ ਨੇ ਗਾਲ਼ ਕੱਢੀ ਹੀ ਸੀ ਕਿ ਉਠ ਕੇ ਸੰਤੋਖ ਸਿੰਘ ਨੇ ਸੁੱਜੇ ਹੱਥ ਜੋੜ ਕੇ ਨਾਲ਼ "ਠਾਹ" ਕਰਦਾ ਥੱਪੜ ਮਾਰ ਕੇ ਸਿਪਾਹੀ ਦਾ ਮੂੰਹ ਸੇਕ ਦਿੱਤਾ। ਸਿਪਾਹੀ ਨੂੰ ਭੰਬੂਤਾਰੇ ਨਜ਼ਰ ਆਉਣ ਲੱਗ ਪਏ। ਧਰਤੀ ਘੁਕਦੀ ਪ੍ਰਤੀਤ ਹੋਈ।
ਸਾਰੇ ਪੁਲੀਸ ਵਾਲ਼ੇ ਦੰਗ ਰਹਿ ਗਏ ਸਨ ਕਿ 'ਪੋਰੀ-ਪੋਰੀ' ਕਰ ਕੇ ਤੋੜਿਆ ਸੰਤੋਖ ਸਿੰਘ ਇਤਨਾ ਬਲ ਜੁਟਾ ਕੇ ਕਿਸੇ ਦੇ ਥੱਪੜ ਵੀ ਮਾਰ ਸਕਦਾ ਸੀ?
-"ਇਹਨੂੰ ਫ਼ੜੋ ਭੈਣ ਦੇ ਖ਼ਸਮ ਨੂੰ ਤੇ ਇਹਦਾ ਜਲੇਬੀ ਸੱਪ ਬਣਾਓ...!"
ਸਾਰੇ ਪੁਲੀਸ ਵਾਲ਼ੇ ਸੰਤੋਖ ਨੂੰ ਭੂਤਾਂ ਵਾਂਗ ਚਿੰਬੜ ਗਏ ਅਤੇ ਉਸ ਨੂੰ ਕੱਟੇ ਵਾਂਗ ਧੂਹ ਕੇ ਠਾਣੇ ਦੇ ਇੱਕ ਖੂੰਜੇ "ਬੁੱਚੜਖਾਨੇ" ਲੈ ਗਏ।
ਸ਼ਰਾਬੀ ਪੁਲੀਸ ਵਾਲ਼ਿਆਂ ਦੇ ਡੰਡੇ ਕਰੀਬ ਅੱਧੀ ਰਾਤ ਤੱਕ ਸੰਤੋਖ ਦੇ ਪਿੰਡੇ ਅਤੇ ਸਿਰ ਵਿਚ ਵਰ੍ਹਦੇ ਰਹੇ। ਸੰਤੋਖ ਵੀ ਕੀ ਸਿਰੜ-ਸੰਤੋਖ ਦੀ ਮੂਰਤ ਸੀ ਕਿ ਉਸ ਨੇ ਇੱਕ ਵਾਰ ਵੀ "ਹਾਏ" ਤੱਕ ਨਾ ਆਖਿਆ।
-"ਮੇਰਾ ਸਾਲ਼ਾ ਮਰ ਤਾਂ ਨੀ ਗਿਆ..?" ਦੂਜੇ ਸਿਪਾਹੀ ਨੇ ਆਖਿਆ ਹੀ ਸੀ ਤਾਂ ਸੰਤੋਖ ਨੇ ਟੁੱਟਿਆ ਭੱਜਿਆ ਸਰੀਰ ਇਕੱਠਾ ਕਰਕੇ ਇੱਕ ਘਸੁੰਨ ਸਿਪਾਹੀ ਦੇ ਫ਼ਿਰ ਜੜ ਦਿੱਤਾ।
ਸਿਪਾਹੀ ਦੀਆਂ ਰਗਾਂ "ਜਾਮ" ਹੋ ਗਈਆਂ।
ਸਿਪਾਹੀਆਂ ਨੇ ਮੁੜ ਉਸ ਨੂੰ ਕੁੱਕੜ ਵਾਂਗ ਮਰੋੜ ਲਿਆ ਅਤੇ ਇੱਕ ਕਰੜੀ ਝੁੱਟੀ ਹੋਰ ਲਾ ਦਿੱਤੀ। ਸ਼ਰਾਬੀ ਸਿਪਾਹੀਆਂ ਦੇ ਬੁੱਚੜਪੁਣੇ ਨੇ ਸੰਤੋਖ ਨੂੰ ਅੱਧ-ਮਰਿਆ ਕਰ ਦਿੱਤਾ ਸੀ। ਉਹ ਨਿਰਬਲ ਹੋਇਆ ਧਰਤੀ 'ਤੇ ਸਪਾਲ਼ ਪਿਆ ਸੀ।
-"ਇਹਦਾ ਮੁਕਾਬਲਾ ਬਣਾਓ ਕੱਲ੍ਹ ਨੂੰ..!" ਇੱਕ ਸਿਪਾਹੀ ਨੇ ਠੁੱਡ ਮਾਰ ਕੇ ਕਿਹਾ।
ਦੂਜਾ ਸਿਪਾਹੀ ਬੜੇ ਅਰਾਮ ਨਾਲ਼ ਸੰਤੋਖ ਕੋਲ਼ ਬੈਠ ਗਿਆ।
-"ਹੁਣ ਕਰ ਲਈਂ ਜਿਹੜੇ ਰੱਬ ਨੂੰ ਯਾਦ ਕਰਨੈਂ, ਧਿਆ ਲੈ ਜੀਹਨੂੰ ਧਿਆਉਣੈਂ, ਤੇਰੇ ਦਿਨ ਖਤਮ ਹੋ ਗਏ ਐ ਵੱਡਿਆ ਖਾੜਕੂਆ..!" ਉਹ ਸੂਲ਼ਾਂ 'ਤੇ ਕੁੱਕੜ ਤੁਰਨ ਵਾਂਗ ਪਾਸੇ ਮਾਰਦਾ ਤੁਰ ਗਿਆ।
ਪਰ ਸੱਟਾਂ ਦਾ ਤੋੜਿਆ ਸੰਤੋਖ ਮਿੱਟੀ ਦੀ ਬੋਰੀ ਵਾਂਗ ਪਿਆ ਰਿਹਾ।
ਉਸ ਦੇ ਮਨ 'ਤੇ ਕੋਈ ਵੀ ਅਸਰ ਨਹੀਂ ਹੋਇਆ ਸੀ।
ਉਹ ਅਹਿਲ ਪਿਆ ਰਿਹਾ। ਆਪਣੇ ਹੋਣ ਵਾਲ਼ੇ ਹਸ਼ਰ ਦਾ ਉਸ ਨੂੰ ਭਲੀ-ਭਾਂਤ ਪਤਾ ਸੀ ਕਿ ਬਘਿਆੜਾਂ ਦੇ ਪੰਜਿਆਂ 'ਚ ਆ ਗਿਆ ਹਾਂ, ਹੁਣ ਇਹ ਭਲੀ ਨਹੀਂ ਗੁਜ਼ਾਰਨਗੇ।
-"ਸੁਣ ਗਿਆ ਵੱਡਿਆ ਅੱਤਬਾਦੀਆ..? ਕਰ ਤਿਆਰੀ...!" ਦੂਜੇ ਨੇ ਇੱਕ ਹੋਰ ਠੁੱਡ ਸੰਤੋਖ ਦੇ ਮਾਰ ਕੇ ਕਿਹਾ।
ਸਾਰੀ ਰਾਤ ਸੰਤੋਖ ਓਥੇ ਹੀ ਪਿਆ ਰਿਹਾ। ਪਿਆਸ ਅਤੇ ਠੰਢ ਨਾਲ਼ ਉਸ ਦਾ ਬੁਰਾ ਹਾਲ ਸੀ। ਕੁੱਟੇ ਹੱਡ ਸਰਦੀ ਵਿਚ "ਟੱਸ-ਟੱਸ" ਕਰ ਰਹੇ ਸਨ। ਸਾਰਾ ਸਰੀਰ ਬੁਰੀ ਤਰ੍ਹਾਂ ਨਾਲ਼ ਚਸਕਾਂ ਮਾਰ ਰਿਹਾ ਸੀ। ਉਸ ਦਾ ਸਰੀਰ ਇਤਨਾ ਨਿਰਬਲ ਹੋ ਚੁੱਕਿਆ ਸੀ ਕਿ ਉਸ ਕੋਲ਼ ਪਾਸਾ ਮਾਰਨ ਦੀ ਵੀ ਹਿੰਮਤ ਨਹੀਂ ਸੀ। ਉਹ ਪਟੜੇ ਵਾਂਗ ਆਕੜਿਆ ਸਿੱਧਾ ਸਲੋਟ ਹੀ ਪਿਆ ਰਿਹਾ। ਸਾਰੀ ਰਾਤ ਕਿਸੇ ਨੇ ਉਸ ਦੀ ਬਾਤ ਨਹੀਂ ਪੁੱਛੀ ਸੀ ਕਿ ਹੈਗ੍ਹਾ ਕਿ ਮਰ ਗਿਆ...?
ਸਵੇਰੇ ਸੰਤੋਖ ਦੇ ਪਿੰਡ ਦੀ ਪੰਚਾਇਤ ਆ ਗਈ।
-"ਸਾਸਰੀਕਾਲ ਜਨਾਬ...!" ਸਰਪੰਚ ਸਮੇਤ ਸਾਰੀ ਪੰਚਾਇਤ ਨੇ ਹੱਥ ਜੋੜੇ ਹੋਏ ਸਨ।
-"..........!" ਮੁਣਸ਼ੀ ਦੀਆਂ ਪਾੜ ਖਾਣੀਆਂ ਨਜ਼ਰਾਂ ਨੇ ਉਹਨਾਂ ਨੂੰ ਪੈਰਾਂ ਤੋਂ ਲੈ ਕੇ ਜੇਬਾਂ ਤੱਕ ਫ਼ਰੋਲਿਆ। ਉਸ ਦੀਆਂ ਭੁੱਖੀਆਂ ਜਿਹੀਆਂ ਅੱਖਾਂ ਉਹਨਾਂ ਦੀ ਜਾਮਾਂ ਤਲਾਸ਼ੀ ਲਈ ਜਾ ਰਹੀਆਂ ਸਨ। ਪਰ ਮੂੰਹ ਉਸ ਨੇ ਜਮੂਰ ਵਾਂਗ ਘੁੱਟ ਰੱਖਿਆ ਸੀ।
-"ਸਰਦਾਰ ਅਸੀਂ ਸੰਤੋਖ ਸਿਉਂ ਦੇ ਪਿੰਡੋਂ ਆਏ ਐਂ ਜੀ..!" ਸਰਪੰਚ ਨੇ ਜਿਵੇਂ ਮੂੰਹ 'ਚ ਘਾਹ ਲੈ ਕੇ, ਬੜੀ ਨਿਮਰਤਾ ਨਾਲ ਆਖਿਆ ਸੀ।
-"ਬਾਹਰ ਬੈਠੋ...! ਸਰਦਾਰ ਆਉਣ ਵਾਲ਼ੈ, ਓਹੀ ਗੱਲ ਕਰੂਗਾ..!" ਮੁਣਸ਼ੀ ਨੇ ਪੰਚਾਇਤ ਨੂੰ ਇੱਕ ਤਰ੍ਹਾਂ ਨਾਲ਼ ਕੁੱਤੇ ਵਾਂਗ ਛਿਛਕਰ ਦਿੱਤਾ।
ਉਹ ਹਾਰੇ ਕੁੱਕੜ ਵਾਂਗ ਬਾਹਰ ਵਿਹੜੇ ਵਿਚ ਆ ਕੇ ਖੜ੍ਹ ਗਏ।
-"ਐਥੇ 'ਕੱਠ ਨਾ ਮਾਰੋ ਬਈ..! ਬਾਹਰ ਜਾ ਕੇ ਬੈਠੋ..!" ਹੌਲਦਾਰ ਨੇ ਉਹਨਾਂ ਨੂੰ ਬਾਹਰ ਨੂੰ ਧੱਕ ਦਿੱਤਾ।
ਉਹ ਝੂਠੇ ਜਿਹੇ ਪਏ ਠਾਣੇ ਦੇ ਦਰਵਾਜੇ ਕੋਲ਼ ਆ ਕੇ ਖੜ੍ਹ ਗਏ।
-"ਕੀ ਕਹਿੰਦੇ..?" ਪਿੰਡ ਦੇ ਬਾਕੀ ਲੋਕ ਵੀ ਉਹਨਾਂ ਕੋਲ਼ ਆ ਗਏ।
-"ਅੱਖ ਈ ਨੀ ਮਿਲ਼ਾਉਂਦੇ ਭੈਣ ਦੇ ਘੜੁੱਕੇ..!"
-"ਗੱਲ ਈ ਨੀ ਕਰਦੇ..!" ਮੈਂਬਰ ਨੇ ਘੋਰ ਨਿਰਾਸ਼ਾ ਵਿਚ ਹੱਥ ਝਾੜੇ।
-"ਹੱਡ ਦਿਖਾ ਦੇ, ਹੁਣ ਦੰਦੀਆਂ ਜੀਆਂ ਕੱਢਣ ਲੱਗ ਜਾਣਗੇ..!"
ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਠਾਣੇਦਾਰ ਦੀ ਜਿਪਸੀ ਠਾਣੇ ਅੰਦਰ ਦਾਖ਼ਲ ਹੋ ਗਈ। ਬੜੀ ਆਸ ਨਾਲ਼ ਸਾਰੇ ਫ਼ਿਰ ਵਿਹੜੇ ਵਿਚ ਚਲੇ ਗਏ।
ਠਾਣੇਦਾਰ ਦਫ਼ਤਰ ਅੰਦਰ ਚਲਾ ਗਿਆ।
ਮੁਣਸ਼ੀ ਨੇ ਸਲੂਟ ਮਾਰੀ।
-"ਸੰਤੋਖ ਦੇ ਪਿੰਡ ਦੀ ਪੰਚਾਇਤ ਆਈ ਐ, ਸਰਕਾਰ..!"
-"ਲੱਗਦੇ ਐ ਜੇਬ ਢਿੱਲੀ ਕਰਨ ਆਲ਼ੇ..? ਕਿ ਸਾਰੇ ਸਾਲ਼ੇ ਘਾਹ ਖੋਤ ਈ ਐ..??"
-"ਲੱਗਦੇ ਤਾਂ ਸਾਲ਼ੇ ਦਾਲ਼ ਪੀਣੇਂ ਜੇ ਈ ਐ..! ਇਹਨਾਂ ਮਲੰਗਾਂ ਤੋਂ ਮੈਨੂੰ ਆਸ ਜੀ ਤਾਂ ਹੈਨ੍ਹੀ, ਪਰ ਮਜਬੂਰੀ ਦੇ ਮੂੰਹ ਨੂੰ ਤਾਂ ਗੀਝੇ ਹੱਥ ਪਉਣਗੇ ਈ..!" ਮੁਣਸ਼ੀ ਨੇ ਆਸ ਦਾ ਪੱਲਾ ਨਹੀਂ ਛੱਡਿਆ ਸੀ।
-"ਮਾਰ ਫ਼ੇਰ 'ਵਾਜ ਉਹਨਾਂ ਨੂੰ...!"
ਹੌਲਦਾਰ ਨੇ ਇਸ਼ਾਰੇ ਨਾਲ਼ ਪੰਚਾਇਤ ਨੂੰ ਬੁਲਾ ਲਿਆ।
ਸਾਰੇ ਅੱਧ ਕੁ ਦੇ ਹੋ ਕੇ ਪੇਸ਼ ਹੋਏ।
-"ਹਾਂ ਬਈ ਸਰਦਾਰੋ...? ਬੋਲੋ, ਕੀ ਹੁਕਮ ਐਂ...?" ਠਾਣੇਦਾਰ ਬੋਲਿਆ।
-"ਹੁਕਮ ਤਾਂ ਕਾਹਨੂੰ ਐਂ ਸਰਦਾਰ ਜੀ, ਅਸੀਂ ਤਾਂ ਇੱਕ ਬੇਨਤੀ ਲੈ ਕੇ ਹਾਜ਼ਰ ਹੋਏ ਆਂ..!"
-"ਬੋਲੋ ਤਾਂ ਸਹੀ...? ਦੱਸੇ ਬਿਨਾਂ ਕੀ ਪਤਾ ਲੱਗੂ...?"
-"ਅਸੀਂ ਤਾਂ ਜੀ ਸੰਤੋਖ ਸਿਉਂ ਦੇ ਮਗਰ ਆਏ ਆਂ, ਸਰਦਾਰ..!" ਪੰਚਾਇਤ ਮੈਂਬਰ ਨੇ ਸੰਤੋਖ ਦੇ ਬਾਪ ਵੱਲ ਦੇਖ ਕੇ ਕਿਹਾ।
-"ਅੱਛਾ...! ਹੁਣ ਤੁਸੀਂ ਸੰਤੋਖ ਸਿਉਂ ਦੀਆਂ ਭਦਰਕਾਰੀਆਂ ਦਾ ਸਰਟੀਫ਼ਿਕੇਟ ਲੈ ਕੇ ਆਏ ਹੋਵੋਂਗੇ...? ਥੋਡੇ ਭਾਣੇਂ ਸੰਤੋਖ ਪੂਰਾ ਦੁੱਧ ਧੋਤੈ..? ਸੱਤਾਂ ਧੀਆਂ ਵਰਗਾ ਸਾਊ ਪੁੱਤ ਐ..?" ਠਾਣੇਦਾਰ ਦੀ ਪਹਿਲੀ ਗੱਲ ਨੇ ਹੀ ਉਹਨਾਂ ਨੂੰ ਖੂੰਜੇ ਲਾ ਦਿੱਤਾ।
-"..................।" ਪੰਚਾਇਤ ਦਾ ਮੂੰਹ ਬੰਦ ਹੋ ਗਿਆ।
-"ਦੇਖੋ ਸਰਦਾਰੋ..! ਤੁਹਾਡਾ ਆਉਣਾ ਸਾਡੇ ਸਿਰ ਮੱਥੇ...! ਮੈਂ ਤੁਹਾਡੇ ਆਇਆਂ ਦੀ ਕਦਰ ਕਰਦੈਂ..! ਪਰ ਸੰਤੋਖ ਖ਼ਤਰਨਾਕ ਅੱਤਬਾਦੀ ਐ..! ਬੈਂਕ ਡਕੈਤੀਆਂ ਤੇ ਜੈਲਦਾਰ ਸੱਜਣ ਸਿੰਘ ਤੇ ਉਹਦੇ ਮੁੰਡੇ ਦੇ ਕਤਲ ਓਸੇ ਦੇ ਸਿਰ ਬੋਲਦੇ ਐ, ਉਹਨਾਂ ਨੂੰ ਕਿਹੜੇ ਖਾਤੇ 'ਚ ਪਾਓਂਗੇ..? ਚਲੋ ਬੈਂਕ ਡਕੈਤੀਆਂ, ਜਾਂ ਅਸਲੇ ਦੀਆਂ ਦੁਕਾਨਾਂ 'ਤੇ ਡਾਕਿਆਂ ਦੀਆਂ ਤਾਂ ਗੱਲਾਂ ਛੱਡੋ, ਅਗਲੇ ਨੇ ਇਲਾਕੇ ਦੇ ਬਾ-ਰਸੂਖ ਤੇ ਮੋਹਤਬਰ ਬੰਦੇ ਜੈਲਦਾਰ ਨੂੰ ਤੇ ਉਹਦੇ ਮੁੰਡੇ ਨੂੰ ਰੋੜ੍ਹਤਾ, ਤੇ ਤੁਸੀਂ ਕਹੋਂਗੇ ਬਈ ਸੰਤੋਖ ਤਾਂ ਦਰਵੇਸ਼ ਈ ਬਾਹਲ਼ੈ..!"
ਪੰਚਾਇਤ ਨੀਵੀਂ ਪਾ ਗਈ।
....ਅਸਲ ਵਿਚ ਸੰਤੋਖ ਦੇ ਖਾੜਕੂ ਬਣਨ ਪਿੱਛੇ ਇੱਕ ਵੱਡਾ ਰਹੱਸ, ਇੱਕ ਵੱਡਾ ਭੇਦ ਅਤੇ ਭਿਅੰਕਰ ਹਾਦਸਾ ਸੀ। ਸੰਤੋਖ ਜੈਲਦਾਰ ਸੱਜਣ ਸਿੰਘ ਨਾਲ਼ ਸੀਰੀ ਸੀ। ਇੱਕ ਸੌ ਤੇਈ ਏਕੜ ਜ਼ਮੀਨ ਅਤੇ ਇੱਕੀ ਟਰੱਕਾਂ ਦਾ ਮਾਲਕ ਜੈਲਦਾਰ ਸੱਜਣ ਸਿੰਘ ਇਲਾਕੇ ਦਾ ਮੋਹਤਬਰ ਬੰਦਾ ਇੱਕ ਵਾਰ ਐੱਮ. ਐੱਲ. ਏ. ਦੀ ਚੋਣ ਵਿੱਚ ਵੀ ਹੱਥ ਅਜ਼ਮਾਈ ਕਰ ਚੁੱਕਿਆ ਸੀ। ਦੁਨੀਆਂ ਦਾ ਉਹ ਕਿਹੜਾ ਕੁੱਤਾ ਕੰਮ ਸੀ, ਜੋ ਜੈਲਦਾਰ ਸੱਜਣ ਸਿੰਘ ਦੇ ਹਿੱਸੇ ਨਹੀਂ ਆਇਆ ਸੀ। ਪੁਰਖਿਆਂ ਤੋਂ ਜੁੜਦੀ ਆ ਰਹੀ ਜੱਦੀ ਜਾਇਦਾਦ ਦੇ ਸਿਰ 'ਤੇ ਸੱਜਣ ਸਿੰਘ ਸ਼ਾਹੀ ਠਾਠ ਨਾਲ਼ ਰਹਿ ਰਿਹਾ ਸੀ। ਜਿਲ੍ਹੇ ਦਾ ਪੁਲ਼ਸ ਕਪਤਾਨ ਉਸ ਤੋਂ ਪੁੱਛ ਗੱਲ ਕਰਦਾ ਸੀ। ਉਸ ਦੇ ਮੁੰਡੇ ਪੂਰੇ ਅੱਲ਼ੱਥ, ਬਾਪ ਤੋਂ ਵੀ ਦੋ ਰੱਤੀਆਂ ਉਤੋਂ ਦੀ, ਝੰਡੇ ਹੇਠਲੇ ਸਨ। ਦਿਨ-ਦਿਹਾੜੇ ਤੁਰੀ ਜਾਂਦੀ ਕੁੜੀ-ਕੱਤਰੀ ਨੂੰ ਹੱਥ ਪਾਉਣਾ ਉਹਨਾਂ ਲਈ ਇੱਕ ਆਮ "ਸ਼ੁਗਲ" ਸੀ। ਅੱਖਾਂ ਰਾਹੀਂ ਬੰਦਾ ਘੂਰਨ ਦੀ ਉਹਨਾਂ ਨੂੰ ਬੁਰੀ ਬਾਣ ਸੀ। ਤਮਾਮ ਇਲਾਕੇ ਦੇ ਲੋਕ ਉਹਨਾਂ ਦੀਆਂ ਕਰਤੂਤਾਂ ਤੋਂ ਬੜੇ ਤੰਗ ਅਤੇ ਅਵਾਜ਼ਾਰ ਸਨ, ਪਰ ਸਰਕਾਰੇ ਦਰਬਾਰੇ ਬਾਂਹ ਅੱਪੜਦੀ ਕਰ ਕੇ ਕੋਈ ਉਹਨਾਂ ਅੱਗੇ ਕੁਸਕਣ ਦੀ ਹਿੰਮਤ ਤੱਕ ਨਹੀਂ ਕਰਦਾ ਸੀ। ਇਲਾਕੇ ਦੇ ਬੇਵੱਸ ਲੋਕ ਮਜਬੂਰਨ ਅੱਖੀਂ ਦੇਖ ਕੇ ਮੱਖੀ ਨਿਗਲ਼ ਰਹੇ ਸਨ। ਵੱਸ ਕਿਸੇ ਦਾ ਕੋਈ ਚੱਲਦਾ ਨਹੀਂ ਸੀ। ਅੰਦਰੂਨੀ ਗੁੱਸੇ ਕਾਰਨ ਲੋਕ ਲਹੂ ਦੀ ਘੁੱਟ ਭਰ ਕੇ ਜੀਅ ਰਹੇ ਸਨ।
-"ਆਹ ਸੱਜਣ ਸਿਉਂ ਦੇ ਲਗਾੜ੍ਹਿਆਂ ਨੇ ਤਾਂ ਜਿਉਣਾ ਦੁੱਭਰ ਕੀਤਾ ਪਿਐ..!" ਇੱਕ ਬਜ਼ੁਰਗ ਨੇ ਸੱਥ ਵਿੱਚ ਬੈਠਦਿਆਂ ਕੋਈ ਅੰਦਰਲਾ ਕਰੋਧ ਉਜਾਗਰ ਕੀਤਾ।
-"..............।" ਕੋਈ ਨਾ ਬੋਲਿਆ।
-"ਧੀ ਭੈਣ ਦੀ ਇੱਜ਼ਤ ਨੂੰ ਹੱਥ ਪਾਉਂਦੇ ਸਹੁਰੇ ਜਮਾਂ ਅੱਗਾ ਪਿੱਛਾ ਨੀ ਦੇਂਹਦੇ..! ਜੁਆਨੀਂ ਤਾਂ ਸਾਡੇ 'ਤੇ ਵੀ ਆਈ ਸੀ, ਕੁੜੀ-ਕੱਤਰੀ ਨੂੰ ਦੇਖ ਕੇ ਗੋਡੇ ਕੰਬਣ ਲੱਗ ਜਾਂਦੇ ਸੀ..!"
-"ਆਪਣੇ ਜ਼ਮਾਨੇਂ ਕੁਛ ਹੋਰ ਸੀ..! ਹੁਣ ਤਾਂ ਧੀ-ਧਿਆਣੀਂ ਨੂੰ ਦੇਖ ਸਹੁਰੇ ਕਬਿੱਤਾਂ ਗਾਉਣ ਲੱਗ ਜਾਂਦੇ ਐ..!"
-"ਫ਼ੇਰ ਕੀ ਕਰੀਏ ਬਦਨ ਸਿਆਂ...? ਵੱਸ ਈ ਕੋਈ ਨੀ, ਨਹੀਂ ਤਾਂ ਦਿਲ ਕਰਦੈ, ਸਾਲ਼ਿਆਂ ਨੂੰ ਪਾੜ ਕੇ ਵਿੱਚ ਦੀ ਨੰਘ ਜੀਏ..! ਅੱਕਲ਼ਕਾਨ ਹੋਏ ਪਏ ਐਂ..!"
-"ਚੋਰ ਦੀ ਮਾਂ ਤੇ ਕੋਠੀ 'ਚ ਮੂੰਹ..!"
-"ਦੜ ਵੱਟ ਕੇ ਦਿਨ ਕੱਟੀ ਜਾਨੇ ਐਂ..!"
-"ਬਾਬਾ, ਖਿਲਾਰੇ ਤਾਂ ਪਾ ਦੀਏ, ਪਰ ਪਿੱਛੋਂ ਕੋਈ ਸਾਂਭਦਾ ਨੀ..! ਆਬਦਾ ਖਿਲਾਰਿਆ ਆਪ ਈ ਸਮੇਟਣਾ ਪੈਂਦੈ, ਕੋਈ ਕੁਛ ਆਖੀ ਜਾਵੇ..!"
ਇੱਕ ਚੁੱਪ ਛਾ ਗਈ।
ਸੱਚੀ ਗੱਲ ਸਭ ਦੇ ਹੱਡ 'ਤੇ ਲੱਗੀ ਸੀ।
ਅਚਾਨਕ ਅੱਧੀ ਰਾਤ ਨੂੰ ਜੈਲਦਾਰ ਸੱਜਣ ਸਿੰਘ ਨੇ ਕਮਲ਼ਿਆਂ ਵਾਂਗ ਸੰਤੋਖ ਦੇ ਤਖਤੇ ਆ ਖੜਕਾਏ। ਸੰਤੋਖ ਦੇ ਵਿਆਹ ਹੋਏ ਨੂੰ ਅਜੇ ਪੰਜ ਦਿਨ ਹੀ ਹੋਏ ਸਨ। ਅੱਧੋਰਾਣੇਂ ਘਰ ਦੀ ਪਿਛਲੀ ਸਵਾਤ ਵਿਚ ਸੰਤੋਖ ਆਪਣੀ ਨਵੀਂ-ਨਵੇਲ ਘਰਵਾਲ਼ੀ ਜਸਮੇਲ ਕੌਰ ਕੋਲ਼ ਨਿੱਘਾ ਹੋਇਆ ਪਿਆ ਸੀ।
-"ਸੰਤੋਖ ਸਿਆਂ...! ਓਹ ਸੰਤੋਖ ਸਿਆਂ ਸ਼ੇਰਾ...! ਬਾਰ ਖੋਲ੍ਹ ਮੇਰਾ ਪੁੱਤ..!" ਹਮੇਸ਼ਾ "ਓਏ ਸੋਖਿਆ" ਕਹਿਣ ਵਾਲ਼ਾ ਜੈਲਦਾਰ ਅੱਜ ਉਸ ਨੂੰ "ਸੰਤੋਖ ਸਿਆਂ" ਆਖ ਕੇ ਬੁਲਾ ਰਿਹਾ ਸੀ। ਕਾਫ਼ੀ ਦੇਰ ਬਾਅਦ ਸੰਤੋਖ ਦੇ ਘਰਵਾਲ਼ੀ ਜਸਮੇਲ ਕੌਰ ਨੇ ਦੀਵਾ ਜਗਾ ਕੇ ਸੰਤੋਖ ਨੂੰ ਜਗਾਇਆ। 'ਰੂੜੀ-ਮਾਰਕਾ' ਦੇ ਲੰਡੇ ਪੈੱਗ ਲਾ ਕੇ ਸੁੱਤੇ ਸੰਤੋਖ ਨੂੰ ਜਗਾਉਣ ਨੂੰ ਜਸਮੇਲ ਕੌਰ ਦਾ ਜੀਅ ਨਹੀਂ ਕੀਤਾ ਸੀ। ਪਰ ਮਜਬੂਰੀ-ਵੱਸ ਉਸ ਨੂੰ ਸੰਤੋਖ ਨੂੰ ਹਲੂਨਣਾ ਪਿਆ ਸੀ।
ਸੰਤੋਖ ਊਂਘਦਾ ਹੋਇਆ ਉਠ ਕੇ ਬੈਠ ਗਿਆ।
ਦੀਵੇ ਦੀ ਡੋਲਦੀ ਲਾਟ ਵਿਚ ਸੰਤੋਖ ਦੀਆਂ ਨਸ਼ਈ ਅੱਖਾਂ ਬੈਟਰੀ ਵਾਂਗ ਜਗੀਆਂ।
-"ਕੀ ਗੱਲ ਐ..?" ਉਹ ਮੰਜੇ 'ਤੇ ਬੈਠਾ ਹੀ ਸੌਂਦਾ ਜਾ ਰਿਹਾ ਸੀ।
-"ਤੈਨੂੰ ਜੀ, ਦਰਵਾਜੇ 'ਤੇ ਕੋਈ ਹਾਕਾਂ ਮਾਰੀ ਜਾਂਦੈ..!"
-"ਅੱਧੀ ਰਾਤੋਂ ਕੌਣ ਹੋਇਆ..?" ਉਸ ਨੇ ਅੱਕੀਂ ਪਲ਼ਾਈਂ ਹੱਥ ਜਿਹੇ ਮਾਰ ਕੇ ਸੋਚ ਦੌੜਾਈ।
-"ਓਏ ਕੌਣ ਐਂ...?" ਮੰਜੇ ਤੋਂ ਪੈਰ ਥੱਲੇ ਲਾਹ ਕੇ ਉਸ ਨੇ ਹੋਕਰਾ ਮਾਰਿਆ।
-"ਮੈਂ ਆਂ ਪੁੱਤ ਸੰਤੋਖ ਸਿਆਂ..! ਜੈਲਦਾਰ..! ਜੈਲਦਾਰ ਸੱਜਣ ਸਿਉਂ..! ਤੇਰਾ ਤਾਇਆ ਜੀ..!" ਸੱਜਣ ਸਿੰਘ ਦੀ ਅਵਾਜ਼ ਸੁਣ ਕੇ ਉਸ ਨੇ ਲੱਕੜ ਦੇ ਤਖਤੇ ਜਾ ਖੋਲ੍ਹੇ।
-"ਸਰਦਾਰਾ ਤੂੰ..? ਐਸ ਵੇਲ਼ੇ..?? ਸੁੱਖ ਐ..???" ਸੰਤੋਖ ਦਾ ਮੱਥਾ ਠਣਕਿਆ। ਸੋਚਾਂ ਦੀ ਸੁਨਾਮੀਂ ਵਿੱਚ ਘਿਰਿਆ ਉਹ ਹਨ੍ਹੇਰੇ ਵਿੱਚ ਇੱਕ ਟੱਕ ਜੈਲਦਾਰ ਵੱਲ ਦੇਖੀ ਜਾ ਰਿਹਾ ਸੀ। ਪਿੱਛੋਂ ਦੀਵੇ ਦੀ ਮੱਧਮ ਲੋਅ ਦਾ ਝੌਲ਼ਾ ਪੈ ਰਿਹਾ ਸੀ।
-"ਸੰਤੋਖ ਸਿਆਂ, ਚੱਲ ਮੇਰੇ ਨਾਲ਼ ਚੱਲ..! ਇੱਕ ਕੰਮ ਪੈ ਗਿਆ ਜਰੂਰੀ...!" ਜੈਲਦਾਰ ਗੁੱਝੀ ਅਵਾਜ਼ ਵਿਚ ਬੋਲਿਆ।
-"ਗੱਲ ਕੀ ਐ ਸਰਦਾਰਾ..? ਘਰੇ ਜਸਮੇਲ ਕੁਰ 'ਕੱਲੀ ਐ, ਮੈਂ ਤੜਕੇ ਸਾਝਰੇ ਆ ਜਾਊਂਗਾ..?"
-"ਨਹੀਂ ਸੰਤੋਖ ਸਿਆਂ, ਤੇਰੇ ਬਿਨਾਂ ਮੇਰਾ ਕਾਰਜ ਨੀ ਹੋਣਾਂ, ਮੈਂ ਤੇਰੇ ਪੈਰੀਂ ਪੱਗ ਧਰਦੈਂ, ਮੈਨੂੰ ਤੇਰੀ ਮੱਦਤ ਦੀ ਜ਼ਰੂਰਤ ਐ, ਮੇਰੇ ਨਾਲ਼ ਹੁਣੇ ਚੱਲ..!" ਉਹ ਆਸਾ-ਪਾਸਾ ਨਿਰਖ, ਚੋਰਾਂ ਵਾਂਗ ਬੋਲ ਰਿਹਾ ਸੀ।
-"ਮੈਂ ਸਵੇਰੇ ਸਾਝਰੇ ਆ ਜਾਊਂਗਾ ਸਰਦਾਰਾ..! ਹੁਣ ਅੱਧੀ ਰਾਤੋਂ ਮੇਰੇ ਤਾਂਈਂ ਐਹੋ ਜਿਆ ਕੀ ਕੰਮ ਐਂ..? ਮੈਂ ਸਵੇਰੇ ਸਾਝਰੇ ਪੈਰ ਜੁੱਤੀ ਨੀ ਪਾਉਂਦਾ, ਦਿਨ ਚੜ੍ਹਦੇ ਈ ਆ ਵੱਜੂੰ..! ਘਰੇ ਲਾਣੇਦਾਰਨੀਂ 'ਕੱਲੀ ਐ..!"
-"ਓਏ ਖਸਮਾਂ ਬਾਹਲ਼ੇ ਸੁਆਲ ਜਵਾਬ ਨਾ ਕਰ..! ਹੁਣੇ ਚੱਲ ਮੇਰੇ ਨਾਲ਼..! ਜਸਮੇਲ ਕੁਰ ਕੋਲ਼ੇ ਤੇਰੀ ਤਾਈ ਨੂੰ ਭੇਜ ਦਿੰਨੇ ਐਂ, ਚੱਲ ਆ..!"
-".....................।" ਅਥਾਹ ਹੈਰਾਨਗੀ ਵਿਚ ਸੰਤੋਖ ਘੁੱਟਾਂਬਾਟੀ ਝਾਕ ਰਿਹਾ ਸੀ।
-"ਆਹ ਅੰਦਰੋਂ ਬਾਰ ਲਾ ਲਈਂ..! ਸਮਝਲਾ ਮੈਂ ਗਿਆ ਤੇ ਆਇਆ..!" ਸੰਤੋਖ ਨੇ ਢਹੇ ਜਿਹੇ ਦਿਲ ਨਾਲ਼ ਜਸਮੇਲ ਕੌਰ ਨੂੰ ਕਿਹਾ।

ਕਿਸ਼ਤ 10

-".......।" ਤਖ਼ਤੇ ਓਹਲੇ ਖੜ੍ਹੀ ਜਸਮੇਲ ਕੌਰ ਕੁਝ ਨਾ ਬੋਲੀ। ਮੂੰਹ ਵਿਚ ਚੁੰਨੀ ਦਾ ਲੜ ਲਈ ਉਹ ਸੋਚਾਂ ਦੇ ਜਿਹਾਦ ਨਾਲ਼ ਗੁੱਥਮ-ਗੁੱਥਾ ਹੋ ਰਹੀ ਸੀ। ਅਖੀਰ ਉਸ ਨੇ ਅੰਦਰੋਂ ਦਰਵਾਜਾ ਲਾ ਲਿਆ। ਕਿਸੇ ਵੀ ਗੱਲ ਦਾ ਸਿਰਾ ਉਸ ਦੇ ਹੱਥ ਨਹੀਂ ਲੱਗਿਆ ਸੀ।
ਜੈਲਦਾਰ ਅਤੇ ਸੰਤੋਖ ਚੁੱਪ ਚਾਪ ਗਲ਼ੀਆਂ ਵਿਚ ਦੀ ਤੁਰੇ ਜਾ ਰਹੇ ਸਨ।
ਉਹਨਾਂ ਨੂੰ ਦੇਖ ਕੇ ਕੁੱਤੇ ਭੌਂਕੇ। ਪਰ ਚੁੱਪ ਕਰ ਗਏ।
ਕੋਈ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀ। ਪਰ ਸੰਤੋਖ ਘੋਰ ਹੈਰਾਨ ਸੀ ਕਿ ਹਰ ਪਾਸਿਓਂ ਰੱਜੇ-ਪੁੱਜੇ ਜੈਲਦਾਰ ਨੂੰ ਮੇਰੇ ਗ਼ਰੀਬ ਤੱਕ ਐਹੋ ਜਿਹਾ ਕੀ ਕੰਮ ਆ ਪਿਆ, ਜਿਹੜਾ ਉਹ ਅੱਧੀ ਰਾਤੋਂ ਆਪ ਮੇਰੇ ਘਰੇ ਚੱਲ ਕੇ ਆਇਆ ਸੀ..? ਜੈਲਦਾਰ ਤਾਂ ਸੂਰਜ ਛੁਪਦੇ ਸਾਰ ਹੀ ਚਾਰ ਪੈੱਗ ਲਾ ਕੇ "ਬਾਬੂ" ਬਣ ਜਾਂਦਾ ਸੀ..। ਕਿਸੇ ਦੇ ਲੱਖ ਰੁਪਈਆ ਦੇਣ 'ਤੇ ਵੀ ਘਰੋਂ ਬਾਹਰ ਨਹੀਂ ਨਿਕਲ਼ਦਾ ਸੀ..! ਭੀੜ੍ਹੀ ਗਲ਼ੀ ਦਾ ਮੋੜ ਮੁੜਦਾ ਸੰਤੋਖ ਸੋਚਦਾ ਜਾ ਰਿਹਾ ਸੀ। ਸੰਤੋਖ ਦੀ ਸੋਚ ਗਲ਼ੀ ਦੇ ਲੰਡਰ ਕੁੱਤੇ ਦੇ ਭੌਂਕਣ ਨਾਲ਼ ਖੁੱਲ੍ਹੀ। ਕੁੱਤਾ ਭੌਂਕਣ ਨਾਲ਼ ਜੈਲਦਾਰ ਨੂੰ ਚੇਹ ਚੜ੍ਹ ਗਈ। ਠੁੱਡ ਮਾਰ ਕੇ ਜੈਲਦਾਰ ਨੇ ਕੁੱਤਾ ਪਰ੍ਹੇ ਕਰ ਦਿੱਤਾ। ਕੁੱਤੇ ਦਾ ਚੀਕ-ਚਿਹਾੜ੍ਹਾ ਟਿਕੀ ਰਾਤ ਵਿਚ ਦੂਰ-ਦੂਰ ਤੱਕ ਸੁਣਿਆਂ ਸੀ।
ਜਦ ਉਹ ਜੈਲਦਾਰ ਦੀ ਹਵੇਲੀ ਪਹੁੰਚੇ ਤਾਂ ਸਾਰਾ ਟੱਬਰ ਇਕੱਠਾ ਹੋਇਆ ਬੈਠਾ ਸੀ।
ਜੈਲਦਾਰ ਨੇ ਜਾਣ ਸਾਰ ਸਭ ਦੇ ਸਾਹਮਣੇ ਸੰਤੋਖ ਦੇ ਪੈਰੀਂ ਆਪਣੀ ਪੱਗ ਰੱਖਣੀਂ ਚਾਹੀ, ਜੋ ਸੰਤੋਖ ਨੇ ਰਾਹ ਵਿਚ ਹੀ ਬੋਚ ਲਈ।
-"ਸਰਦਾਰਾ, ਤੂੰ ਮੇਰਾ ਅੰਨਦਾਤਾ, ਇਹ ਕੀ ਕਰੀ ਜਾਨੈਂ..?" ਉਹ ਜੈਲਦਾਰ ਦੀ ਪੱਗ ਬੋਚੀ ਖੜ੍ਹਾ ਸੀ।
-"ਬੈਠ ਐਥੇ ਜਿਉਣ ਜੋਕਰਿਆ...!" ਜੈਲਦਾਰ ਨੇ ਸੰਤੋਖ ਨੂੰ ਸੋਫ਼ੇ 'ਤੇ ਬਿਠਾ ਲਿਆ।
-"............।" ਜੈਲਦਾਰ ਚੁੱਪ ਅਤੇ ਹੈਰਾਨੀ ਵਿੱਚ ਸਤੰਭ ਸੀ।
-"ਮੇਰੀ ਗੱਲ ਸੁਣ ਧਿਆਨ ਨਾਲ਼..!" ਜੈਲਦਾਰ ਨੂੰ ਗੱਲ ਨਹੀਂ ਔੜ ਰਹੀ ਸੀ ਕਿ ਕਿੱਥੋਂ ਸ਼ੁਰੂ ਕਰੇ?
ਸਾਰਾ ਟੱਬਰ ਰਾਮ-ਗਊ ਬਣਿਆਂ ਸੰਤੋਖ ਸਾਹਮਣੇ ਹੱਥ ਜੋੜੀ ਖੜ੍ਹਾ ਸੀ।
-"ਆਪਣੇ ਸਿੱਕੀ ਤੋਂ ਹੋ ਗਿਆ ਇੱਕ ਕਤਲ, ਜੇ ਤੂੰ ਉਹ ਕਤਲ ਆਬਦੇ ਸਿਰ ਲੈ ਲਵੇਂ-?" ਅਜੇ ਜੈਲਦਾਰ ਨੇ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਸੰਤੋਖ ਹੱਥ ਜੋੜ ਕੇ ਉਸ ਦੇ ਪੈਰੀਂ ਡਿੱਗ ਪਿਆ।
-"ਮੈਨੂੰ ਐਡੇ ਇਮਤਿਹਾਨ 'ਚ ਨਾ ਪਾ ਸਰਦਾਰਾ..! ਮੈਂ ਗਰੀਬ ਬੰਦਾ, ਡਾਢਿਆਂ ਸਾਹਮਣੇ ਰੁਲ਼-ਖੁਲ਼ ਜਾਊਂਗਾ, ਮੈਨੂੰ ਬਗਸ਼..! ਕੋਈ ਹੋਰ ਸੇਵਾ ਦੱਸ..? ਜੇ ਕਹੇਂ, ਤੇਰੇ ਸਾਲ ਖੰਡ ਮੁਖ਼ਤ ਲਾ ਦਿਊਂਗਾ ਸਰਦਾਰਾ, ਪਰ ਆਹ ਕਹਿਰ ਨਾ ਕਰ, ਮੇਰੀ ਜਸਮੇਲ ਕੁਰ ਰੁਲ਼'ਜੂ ਬਚਾਰੀ..!"
-"ਤੂੰ ਚਿੰਤਾ ਕਾਹਦੀ ਕਰਦੈਂ..? ਮੈਂ ਤੇਰੇ ਮਗਰ ਦਿੱਲੀ ਦੱਖਣ ਤੋਂ ਬੰਦੇ ਢੋਹ ਦਿਊਂਗਾ, ਪੈਸਾ ਪਾਣੀਂ ਮਾਂਗੂੰ ਵਹਾ ਦਿਊਂਗਾ ਸ਼ੇਰਾ..! ਬੱਸ ਮਹੀਨੇ, ਦੋ ਮਹੀਨੇ ਦਾ ਕੰਮ ਐਂ, ਤੈਨੂੰ ਮੈਂ ਬਾਹਰ ਲੈ ਕੇ ਆਊਂ..! ਵਾਅਦਾ ਰਿਹਾ ਮੇਰਾ ਜਿਉਣ ਜੋਕਰਿਆ..!" ਜੈਲਦਾਰ ਦੀਆਂ ਅੱਖਾਂ ਵਿਚ ਹੰਝੂ ਕੰਬੇ।
-"ਸਰਦਾਰਾ..! ਅਜੇ ਪੰਜ ਦਿਨ ਪਹਿਲਾਂ ਤਾਂ ਮੇਰਾ ਵਿਆਹ ਹੋਇਐ, ਮੇਰੇ ਘਰਾਂਆਲ਼ੀ ਤਾਂ ਰੋ-ਰੋ ਕਮਲ਼ੀ ਹੋਜੂ..! ਕੁਛ ਤਾਂ ਸੋਚ..! ਕਾਹਨੂੰ ਘੁਲਾੜ੍ਹੇ 'ਚ ਦਿੰਨੈ ਗਰੀਬ ਬੰਦੇ ਨੂੰ...?"
-"ਆਹ ਚੱਕ..! ਦੇ ਆ ਆਪਦੀ ਘਰਆਲ਼ੀ ਨੂੰ..!" ਜੈਲਦਾਰਨੀ ਨੇ ਦਸ-ਦਸ ਹਜ਼ਾਰ ਦੇ ਨੋਟਾਂ ਦੀਆਂ ਦੋ ਗੁੱਟੀਆਂ ਸੰਤੋਖ ਦੇ ਹੱਥ ਥੰਮਾਂ ਦਿੱਤੀਆਂ, "ਮੈਂ ਉਹਦਾ ਆਪ ਖ਼ਿਆਲ ਰੱਖੂੰ ਪੁੱਤ, ਤੂੰ ਚਿੰਤਾ ਕਾਹਦੀ ਕਰਦੈਂ..? ਆਹ ਦੇਖ, ਤੇਰੇ ਸਾਡੇ ਵਿਚ ਰੱਬ ਐ, ਤੈਨੂੰ ਤੇ ਤੇਰੇ ਟੱਬਰ ਨੂੰ ਅਸੀਂ ਜਮਾਂ ਪਿੱਛਾ ਨੀ ਦਿੰਦੇ, ਇੱਕ ਮਾਂ ਤੇਰੇ ਨਾਲ਼ ਬਚਨ ਕਰਦੀ ਐ..!" ਜੈਲਦਾਰਨੀ ਵੀ ਚੁੰਨੀ ਲਾਹ ਕੇ ਸੰਤੋਖ ਦੇ ਪੈਰੀਂ ਰੱਖਣ ਲੱਗੀ ਤਾਂ ਸੰਤੋਖ ਉਠ ਕੇ ਖੜ੍ਹਾ ਹੋ ਗਿਆ, "ਤਾਈ...! ਤਾਈ ਬਣ ਕੇ ਆਹ ਕੰਮ ਨਾ ਕਰ..! ਬੱਸ ਮੇਰੀ ਘਰਾਂਆਲ਼ੀ ਦਾ ਖਿਆਲ ਰੱਖੀਂ, ਕਿਤੇ ਉਹ ਨਾ ਓਦਰ ਜਾਵੇ..! ਨਵੀਂ ਨਵੇਲ ਹੈਗੀ ਐ, ਕਿਸੇ ਨੂੰ ਪਿੰਡ 'ਚ ਜਾਣਦੀ ਵੀ ਹੈਨੀ..!" ਸੰਤੋਖ ਦਾ ਮਨ ਨੱਕੋ-ਨੱਕ ਭਰ ਆਇਆ।
-"ਤੂੰ ਵਹਿਮ ਨਾ ਮੰਨ ਪੁੱਤ..! ਤੱਤੀ 'ਵਾਅ ਨੀ ਲੱਗਣ ਦਿੰਦੀ, ਦੇਖ-ਦੇਖ ਜਿਊਂਗੀ..!"
-"ਪਰ ਸਿੱਕੀ ਨੇ ਕਤਲ ਕੀਤਾ ਕੀਹਦੈ..?" ਸੰਤੋਖ ਨੇ ਅਸਲ ਗੱਲ ਜਾਨਣੀ ਚਾਹੀ।
-"ਸਰਪੈਂਚ ਦੇ ਮੁੰਡੇ ਗਿੱਕ ਦਾ..!"
-"ਸਰਪੈਂਚ ਦੇ ਮੁੰਡੇ ਗਿੱਕ ਦਾ...?" ਸੰਤੋਖ ਦੇ ਕੰਨਾਂ ਵਿੱਚ ਮੋਰ ਕੂਕੇ!
-"ਆਹੋ...! ਕੁਛ ਜਾਅਦੇ ਈ ਨਾਸਾਂ ਜੀਆਂ ਚੱਕਦਾ ਸੀ, ਸਿੱਕੀ ਨੇ ਕਿੱਲ ਮਾਂਗੂੰ ਠੋਕ ਧਰਿਆ..!" ਜੈਲਦਾਰ ਨੇ ਦੱਸਿਆ।
-"ਸਰਦਾਰਾ..! ਤੂੰ ਤਾਂ ਸਿੱਧਾ ਈ ਕਸਾਈਆਂ ਦੇ ਵਿਹੜੇ ਧੱਕੀ ਆਉਨੈਂ, ਉਹਨਾਂ ਨੇ ਤਾਂ ਹਲਾਲ ਕਰਨ ਲੱਗਿਆਂ ਨੇ ਕਸੀਸ ਵੀ ਨੀ ਵੱਟਣੀਂ, ਉਹਨਾਂ ਨੇ ਤਾਂ ਮਾਣਸਾ ਆਲ਼ਾ ਮੱਲ ਖੂਹ 'ਚ ਸਿੱਟ ਕੇ ਮੁਸ਼ਕ ਨੀ ਸੀ ਨਿਕਲਣ ਦਿੱਤਾ, ਮੈਂ ਗਰੀਬ ਕੀਹਦਾ ਪਾਣੀਹਾਰ...?" ਸੰਤੋਖ ਸਰਪੈਂਚ ਦੇ ਬੁੱਚੜ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂੰ ਸੀ। ਉਸ ਦਾ ਅੰਦਰ ਹਿੱਲਿਆ।
-"ਤੂੰ ਫ਼ਿਕਰ ਕਾਹਦਾ ਕਰਦੈਂ..? ਸਰਪੈਂਚ ਓਥੇ ਕੀ ਕਰਲੂ..? ਜਦੋਂ ਸੈਂਟਰ ਗੌਰਮਿੰਟ ਦੇ ਮੰਤਰੀਆਂ ਦੇ ਫ਼ੋਨ ਦਿੱਲੀ ਦੱਖਣ ਤੋਂ ਖੜਕਣ ਲੱਗੇ, ਪੁਲ਼ਸ ਤਾਂ ਤੇਰੇ ਅੱਗੇ ਪਿੱਛੇ ਭਿੱਜੀ ਬਿੱਲੀ ਬਣੀ, ਹੱਥ ਜੋੜਦੀ ਫ਼ਿਰੂ..!"
-"ਆਹ ਵੀਹ ਹਜ਼ਾਰ ਰੁਪਈਆ ਮੈਂ ਆਪ ਤੇਰੇ ਘਰਵਾਲ਼ੀ ਨੂੰ ਪਹੁੰਚਦਾ ਕਰੂੰ..! ਕਿਸੇ ਗੱਲ ਦਾ ਝੋਰਾ ਨਾ ਕਰ ਪੁੱਤ..! ਬੱਸ ਸਾਡਾ ਆਹ ਅੜਿਆ ਵਿਆ ਗੱਡਾ ਕੱਢ ਦੇ, ਅਸੀਂ ਸਾਰਾ ਟੱਬਰ ਤੇਰੇ ਪੈਰ ਧੋ-ਧੋ ਕੇ ਪੀਂਵਾਂਗੇ..!" ਜੈਲਦਾਰਨੀ ਬੋਲੀ।
-"ਬੱਸ ਤਾਈ ਮੈਨੂੰ ਪਿੱਛਾ ਨਾ ਦੇਇਓ..! ਕਤਲ ਮੈਂ ਸਿਰ ਲੈ ਲੈਨੈਂ..!" ਫ਼ਸੇ ਸੰਤੋਖ ਨੂੰ ਪਤਾ ਸੀ ਕਿ ਹੁਣ ਫ਼ਟਕਣ ਨਾਲ਼ ਕੁਝ ਨਹੀਂ ਬਣਨਾ।
-"ਸ਼ਾਬਾਸ਼ੇ ਪੁੱਤ..! ਤੂੰ ਸਾਡੀ ਖੁੱਭੀ ਕੱਢ ਦਿੱਤੀ, ਤੂੰ ਤਾਂ ਸਾਡਾ ਰੱਬ ਐਂ...!"
-"ਨਾ ਤਾਈ, ਐਨਾਂ ਭਾਰ ਨਾ ਚੜ੍ਹਾ..! ਮੇਰੇ ਕਰਨ ਆਲ਼ਾ ਕੰਮ ਮੈਂ ਕਰ ਦੇਣੈਂ, ਹੁਣ ਤੁਸੀਂ ਆਪਣਾ ਵਾਅਦਾ ਨਾ ਭੁੱਲਿਓ..!"
-"ਆਹ ਦੇਖ...!" ਜੈਲਦਾਰਨੀ ਨੇ ਹੱਥ ਜੋੜ ਕੇ ਦਿਖਾਏ, "ਮੈਂ ਗੁਰਦੁਆਰਾ ਸਾਹਿਬ ਬੰਨੀਂ ਹੱਥ ਜੋੜ ਕੇ ਕਹਿੰਨੀ ਐਂ, ਤੈਨੂੰ ਤੇ ਤੇਰੀ ਘਰਵਾਲ਼ੀ ਨੂੰ ਤੱਤੀ 'ਵਾਅ ਨੀ ਲੱਗਣ ਦਿਊਂ...!"
ਜੈਲਦਾਰ ਅੰਦਰੋਂ ਬੋਤਲ ਕੱਢ ਲਿਆਇਆ।
ਉਸ ਨੇ ਸੰਤੋਖ ਨੂੰ ਸਾਰਾ ਵਾਕਾ ਸਮਝਾਇਆ।
-"ਸਰਪੈਂਚ ਦਾ ਮੁੰਡਾ ਬਾਹਰਲੀ ਸੜਕ 'ਤੇ ਬੁੱਲ੍ਹਟ 'ਤੇ ਆਉਂਦਾ ਸੀ, ਠੇਕੇ ਕੋਲ਼ ਆ ਕੇ ਉਹਦਾ ਆਪਣੇ ਸਿੱਕੀ ਨਾਲ਼ ਮਾੜਾ ਮੋਟਾ ਬੋਲ ਬੁਲਾਰਾ ਹੋ ਗਿਆ, ਤੇ ਸਿੱਕੀ ਨੇ ਸਿੱਧੀ ਗੋਲ਼ੀ ਮਾਰੀ, ਤੇ ਬੱਕਰੇ ਮਾਂਗੂੰ ਉਲ਼ੱਦ ਦਿੱਤਾ, ਉਹ ਵੀ ਮੰਨੋਂ ਦੇ ਜਾਣਾ ਬਾਹਲ਼ੇ ਚਿਰ ਦਾ ਖਹਿੰਦਾ ਆਉਂਦਾ ਸੀ..!"
-"ਪਰ ਸਰਦਾਰਾ, ਮੇਰੇ ਕੋਲ਼ ਤਾਂ ਕੋਈ ਹਥਿਆਰ ਵੀ ਹੈ ਨ੍ਹੀ, ਪੁਲ਼ਸ ਗੱਲ ਕਿਵੇਂ ਮੰਨੂਗੀ..?"
-"ਪੁਲ਼ਸ ਨਾਲ਼ ਸਾਰੀ ਗੱਲ ਮਿਥ ਕੇ ਈ ਤਾਂ ਮੈਂ ਤੇਰੇ ਕੋਲ਼ ਗਿਆ ਸੀ, ਮੈਂ ਕੱਚੀਆਂ ਗੋਲ਼ੀਆਂ ਖੇਡਣ ਆਲ਼ਾ ਬੰਦਾ ਥੋੜ੍ਹੋ ਐਂ..? ਠਾਣੇਦਾਰ ਕਹਿੰਦਾ ਤੁਸੀਂ ਬੰਦਾ ਖੜ੍ਹਾ ਕਰੋ, ਘਾਣੀ ਅਸੀਂ ਆਪੇ ਘੜ੍ਹ ਲਵਾਂਗੇ..! ਤਾਂਹੀਂ ਤਾਂ ਮੈਂ ਪਿੱਟੀ ਜਾਨੈਂ ਬਈ ਤੇਰਾ ਤਾਂ ਕੋਈ ਮੂਤ ਨੀ ਉਲੰਘੂ ਸੰਤੋਖ ਸਿਆਂ..!" ਜੈਲਦਾਰ ਨੇ ਗਿਲਾਸ ਭਰ ਕੇ ਅੰਦਰ ਸੁੱਟਿਆ, "ਉਹ ਕਹਿੰਦਾ ਅਸੀਂ ਘਾਣੀ ਈ ਐਹੋ ਜੀ ਘੜਾਂਗੇ, ਆਪਣੇ ਬੰਦੇ ਦੇ ਬੱਸ ਪਹਿਲੀ ਪੇਸ਼ੀ 'ਤੇ ਈ ਰੱਸੇ ਲਹਿ ਜਾਣਗੇ..! ਠਾਣੇਦਾਰ ਕਹਿਣੀ ਕਰਨੀ ਦਾ ਪੂਰਾ, ਤੇ ਬਾਹਵਾ ਇਮਾਨਦਾਰ ਬੰਦੈ, ਤੂੰ ਨਿਸ਼ਚਿੰਤ ਰਹਿ..!"
-"ਤੇਰੇ ਪਿੱਛੇ ਚਿੜੀਆਂ ਦਾ ਦੁੱਧ ਢੋਅ ਦਿਊਂ ਪੁੱਤ..!" ਜੈਲਦਾਰਨੀ ਹੁਣ ਹੌਸਲਾ ਫ਼ੜੀ ਬੋਲ ਰਹੀ ਸੀ।
-".................।" ਸੰਤੋਖ ਚੁੱਪ ਸੀ।
-"ਜਿੰਨਾਂ ਚਿਰ ਤੂੰ ਛੁੱਟ ਕੇ ਘਰੇ ਨੀ ਆਉਂਦਾ, ਤੇਰੇ ਘਰਾਂਆਲ਼ੀ ਨੂੰ ਹਜ਼ਾਰ ਰੁਪਈਆ ਹਰ ਮਹੀਨੇ ਮੈਂ ਆਪ ਪਹੁੰਚਦਾ ਕਰਿਆ ਕਰੂੰਗਾ, ਤੇ ਪੱਠਾ ਦੱਥਾ ਖੇਤੋਂ ਆਪ ਲੈ ਆਇਆ ਕਰੇ..! ਦੋ ਕੁਆਂਟਲ਼ ਕਣਕ ਮੈਂ ਕੱਲ੍ਹ ਨੂੰ ਈ ਸਿਟਵਾ ਦਿੰਨੈ, ਤੂੰ ਬੇਫ਼ਿਕਰ ਰਹੀਂ..!"
-"ਦਿਨ ਚੜ੍ਹੇ ਇੱਕ ਮੱਝ ਮੈਂ ਤੇਰੇ ਘਰੇ ਬੰਨ੍ਹਵਾ ਦਿੰਨੀ ਐਂ, ਬਹੂ ਦੁੱਧ ਪੀ ਲਿਆ ਕਰੂ..! ਤੇਰੇ ਆਉਂਦੇ ਨੂੰ ਤਾਂ ਕਰ ਦਿਆਂਗੇ ਉਹਨੂੰ ਫ਼ਿੱਟਣ ਆਲ਼ੀ..! ਤੂੰ ਚਿੰਤਾ ਕਾਹਦੀ ਕਰਦੈਂ, ਪੁੱਤ...? ਮੁੜਦੇ ਨੂੰ ਤਾਂ ਤੈਨੂੰ ਬਹੂ ਪਛਾਣ 'ਚ ਨੀ ਆਉਣੀ..!"
-"ਸਰਦਾਰਾ, ਮੈਂ ਘੰਟਾ ਕੁ ਘਰੇ ਜਾ ਆਵਾਂ..? ਜਸਮੇਲ ਕੁਰ 'ਡੀਕਦੀ ਹੋਉਗੀ, ਉਹਨੂੰ ਤਾਂ ਬਚਾਰੀ ਨੂੰ ਅਜੇ ਤੱਕ ਕਿਸੇ ਗੱਲ ਦਾ ਵੀ ਨੀ ਪਤਾ ..!" ਜਸਮੇਲ ਕੌਰ ਦਾ ਹੇਰਵਾ ਸੰਤੋਖ ਨੂੰ ਬੁਰੀ ਤਰ੍ਹਾਂ ਮਾਰੀ ਤੁਰਿਆ ਆ ਰਿਹਾ ਸੀ। ਉਸ ਦਾ ਉਚੀ-ਉਚੀ ਰੋਣ ਨੂੰ ਜੀਅ ਕਰ ਰਿਹਾ ਸੀ।
-"ਘਰੇ ਕੀ ਕਰਨੈਂ..?" ਜੈਲਦਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ, "ਗੱਲ ਸੁਣ ਸੰਤੋਖ ਪੁੱਤਰਾ..! ਬੁੜ੍ਹੀਆਂ ਦਾ ਮਾਜਨਾ ਹੁੰਦੈ ਛੋਟਾ..! ਨਿੱਕੀ ਨਿੱਕੀ ਗੱਲ ਤੋਂ ਬੂ-ਕਲ਼ਾਪ ਕਰਨ ਲੱਗ ਜਾਂਦੀਐਂ..! ਹਫ਼ਤੇ ਖੰਡ ਦੀ ਤਾਂ ਗੱਲ ਐ...! ਜਿਵੇਂ ਗਿੱਲੇ ਖੇਤ 'ਚੋਂ ਮੂਲ਼ੀ ਖਿੱਚੀਦੀ ਐ, ਪਹਿਲੀ ਪੇਸ਼ੀ 'ਤੇ ਤੈਨੂੰ ਬਾਹਰ ਖਿੱਚ ਲਿਆਉਣੈਂ..! ਆਪਣੇ ਕੋਲ਼ੇ ਕੋਟ ਫ਼ੱਤੇ ਆਲ਼ਾ ਘੈਂਟ ਵਕੀਲ ਐ, ਢਿੱਲੋਂ..! ਇਲਾਕੇ ਦੇ ਜੱਜ ਓਹਤੋਂ ਚੰਘਿਆੜ੍ਹਾਂ ਮਾਰਦੇ ਐ..! ਜਦੋਂ ਮੁਕੱਦਮਾਂ ਪੇਸ਼ ਕਰਦੈ ਤਾਂ ਵੱਡੇ-ਵੱਡੇ ਜੱਜਾਂ ਨੂੰ ਥਾਂ 'ਤੇ ਈ ਖਿਲਾਰ ਦਿੰਦੈ..! ਤੇਰੀ ਤਾਈ ਸਵੇਰੇ ਜਾ ਕੇ ਜਸਮੇਲ ਕੁਰ ਨੂੰ ਵੀਹ ਹਜ਼ਾਰ ਰੁਪਈਆ ਦੇ ਆਊ, ਤੇ ਮੈਂ ਭੇਜ ਦਿਊਂ ਦੋ ਕੁਆਂਟਲ਼ ਕਣਕ, ਤੇਰੇ ਛੁੱਟ ਕੇ ਆਉਣ ਤੱਕ ਉਹਦਾ ਤੋਰਾ ਸੋਹਣਾ ਤੁਰਿਆ ਜਾਊ..!" ਗੱਲਾਂ ਦੀਆਂ ਕੁਲਫ਼ੀਆਂ ਦੇ ਕੇ ਜੈਲਦਾਰ ਨੇ ਸੰਤੋਖ ਨੂੰ ਚਿੱਤ ਕਰ ਦਿੱਤਾ।
-"ਮੈਂ ਵੀ ਨਿੱਤ ਗੇੜਾ ਰੱਖੂੰ ਪੁੱਤ, ਬਹੂ ਨੂੰ ਓਦਰਨ ਥੋੜ੍ਹੋ ਦਿਊਂਗੀ..?"
-"ਸਿੱਕੀ ਕਿੱਥੇ ਐ, ਸਰਦਾਰਾ..?" ਸੰਤੋਖ ਦੀ ਸੋਚ ਕੇਸ ਵਿਚ ਹੀ ਅੜੀ ਹੋਈ ਸੀ।
-"ਉਹਨੂੰ ਮੈਂ ਜਿਪਸੀ ਦੇ ਕੇ ਆਪਣੀ ਬੀਕਾਨੇਰ ਆਲ਼ੀ ਜ਼ਮੀਨ ਵੱਲ ਨੂੰ ਤੋਰ'ਤਾ ਸੀ..! ਨਾਲ਼ੇ ਉਹਨੂੰ ਕਿਹਾ ਸੀ ਬਈ ਜਾਂਦਾ ਹੋਇਆ ਨਹਿੰਗ ਹੋਰਾਂ ਨੂੰ ਸੁਨੇਹਾਂ ਦੇ ਜਾਊਗਾ, ਤੈਨੂੰ ਪਤੈ ਬਈ ਨਹਿੰਗ ਵਰਗੇ ਨਰ ਬੰਦੇ ਤਾਂ ਮਾੜੇ-ਧੀੜੇ ਨੂੰ ਅੱਖਾਂ ਰਾਹੀਂ ਖਾ ਜਾਣ..!"
-"...........।" ਸੰਤੋਖ ਚੁੱਪ ਕਰ ਗਿਆ।
ਜੈਲਦਾਰ ਦੇ ਜੁੰਡੀ ਦੇ ਯਾਰ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਹੁੰਚ ਗਏ। ਲੰਡੀਆਂ ਜੀਪਾਂ, ਜਿਪਸੀਆਂ ਅਤੇ ਘੋੜ੍ਹਿਆਂ ਨਾਲ਼ ਇੱਕ ਦਮ ਗਰਦੋਗੋਰ ਉਠੀ ਸੀ। ਪਿੰਡ 'ਚ ਭੂਚਾਲ਼ ਆ ਗਿਆ ਸੀ।
ਗਿੱਕ ਦੇ ਹੋਏ ਕਤਲ ਕਾਰਨ ਪਿੰਡ ਵਿਚ ਤੜਥੱਲ ਮੱਚ ਗਿਆ।
ਸੂਰਜ ਦੀ ਪਹਿਲੀ ਕਿਰਨ ਨਾਲ਼ ਹੀ ਪੁਲ਼ਸ ਪਹੁੰਚ ਗਈ।
ਪੁਲੀਸ ਦਾ ਪੂਰਾ ਟਰੱਕ ਭਰਿਆ ਹੋਇਆ ਸੀ।
ਲਾਲ ਅਤੇ ਖਾਕੀ ਪੱਗਾਂ ਵਾਲ਼ਿਆਂ ਦਾ ਹੜ੍ਹ ਆ ਗਿਆ ਸੀ।
ਗਿੱਕ ਦੀ ਲਾਸ਼ ਧਰਮਸਾਲ਼ਾ ਵਿਚ ਰੱਖੀ ਹੋਈ ਸੀ ਅਤੇ ਕੋਲ਼ ਠਾਣੇਦਾਰ ਸੱਪ ਵਾਂਗ ਫ਼ਣ ਚੁੱਕੀ ਕੁਰਸੀ 'ਤੇ ਬੈਠਾ ਸੀ। ਇੱਕ ਪਾਸੇ ਸਰਪੰਚ ਅਤੇ ਉਸ ਦੇ ਸੁਨੇਹੀਂ ਬੈਠੇ ਸਨ। ਆਂਡਿਆਂ ਦੀ ਭੁਰਜੀ ਸਮੇਟਣ ਤੋਂ ਬਾਅਦ ਠਾਣੇਦਾਰ ਨੇ ਗਰਮ ਦੁੱਧ ਦਾ ਗਿਲਾਸ ਮੂੰਹ ਨੂੰ ਲਾ ਲਿਆ। ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਅਤੇ ਇਕਬਾਲੀਆ ਬਿਆਨ 'ਤੇ ਸੰਤੋਖ ਨੂੰ ਹੱਥਕੜੀ ਜੜ ਲਈ।
ਪਰ ਮਕਤੂਲ ਦਾ ਬਾਪ, ਸਰਪੰਚ ਅਤੇ ਉਸ ਦੇ ਪ੍ਰੀਵਾਰਕ ਮੈਂਬਰ 'ਨਾਂਹ' ਵਿਚ ਸਿਰ ਫ਼ੇਰ ਰਹੇ ਸਨ।
-"ਸਾਡੇ ਗਿੱਕ ਨੂੰ ਜੈਲਦਾਰ ਦੇ ਮੁੰਡੇ ਸਿੱਕੀ ਨੇ ਮਾਰਿਐ ਜੀ, ਠੇਕੇ ਆਲ਼ਾ ਭਈਆ ਗਵਾਹ ਐ, ਉਹਨੇ ਅੱਖੀਂ ਦੇਖਿਐ, ਸੰਤੋਖ ਵਿਚਾਰੇ ਨੂੰ ਤਾਂ ਇਸ ਕੇਸ 'ਚ ਫ਼ਾਨੇ ਮਾਂਗੂੰ ਧੱਕੇ ਨਾਲ਼ ਠੋਕਿਆ ਜਾ ਰਿਹੈ, ਸਰਕਾਰ..!" ਸਰਪੰਚ ਬੋਲਿਆ। ਉਹ ਵਾਰ-ਵਾਰ ਕੁਣੱਖੀ ਅੱਖ ਨਾਲ਼ ਜੈਲਦਾਰ ਵੱਲ ਨੂੰ ਝਾਕ ਰਿਹਾ ਸੀ। ਪਰ ਜੈਲਦਾਰ ਉਸ ਤੋਂ ਨਜ਼ਰਾਂ ਚੁਰਾ ਰਿਹਾ ਸੀ। ਸੰਤੋਖ ਨੀਵੀਂ ਪਾਈ ਮਿੱਟੀ ਖੁਰਲ਼ ਰਿਹਾ ਸੀ।
-"ਫ਼ੇਰ ਇਹ ਇਕਬਾਲ ਕਿਉਂ ਕਰ ਰਿਹੈ..?" ਠਾਣੇਦਾਰ ਨੇ ਫ਼ੁੰਕਾਰਾ ਮਾਰਿਆ। ਠੂੰਹੇਂ ਦੀ ਪੂਛ ਵਰਗੀਆਂ ਮੁੱਛਾਂ ਦੇ ਕੁੰਢ ਤਰਛੂਲ ਵਾਂਗ ਹਿੱਲੇ ਸਨ।
-"ਲਾਲਚ ਵੱਡਿਆਂ-ਵੱਡਿਆਂ ਦੀ ਮੱਤ ਮਾਰ ਦਿੰਦੈ, ਸਰਕਾਰ..! ਇਹ ਗਰੀਬ ਤਾਂ ਕੀਹਦਾ ਪਾਣੀਹਾਰ ਐ..? ਇਹਨੂੰ ਵਿਚਾਰੇ ਨੂੰ ਇਹ ਨੀ ਪਤਾ ਬਈ ਨਾਨੀ ਤਾਂ ਓਦੋਂ ਯਾਦ ਆਊਗੀ, ਜਦੋਂ ਫ਼ਾਹੇ ਆਲ਼ਾ ਰੱਸਾ ਸਿੱਕੀ ਦੀ ਥਾਂ ਇਹਦੇ ਗਲ਼ ਵਿਚ ਪਿਆ..!"
ਸੁਣ ਕੇ ਸੰਤੋਖ ਨੂੰ ਹੌਲ ਪੈ ਗਿਆ।
ਉਸ ਦਾ ਦਿਲ "ਠੱਕ-ਠੱਕ" ਹਿੱਕ 'ਚ ਵੱਜਣ ਲੱਗ ਪਿਆ।
-"ਭੱਈਆ ਚਸ਼ਮਦੀਦ ਗਵਾਹ ਐ..?" ਠਾਣੇਦਾਰ ਨੇ ਅਗਲਾ ਸੁਆਲ ਕੀਤਾ।
-"ਜੀ ਸਰਕਾਰ..! ਓਹਨੇ ਸਾਰਾ ਵਕੂਆ ਅੱਖੀਂ ਦੇਖਿਐ..! ਨਿਸ਼ੰਗ ਬੁਲਾ ਕੇ ਪੁੱਛ ਲਓ..!"
-"ਭੱਈਏ ਨੂੰ ਪੇਸ਼ ਕਰੋ..!" ਠਾਣੇਦਾਰ ਨੇ ਹੁਕਮ ਦਾ ਮਰੋੜਾ ਚਾੜ੍ਹਿਆ। ਉਹ ਨਹੀਂ ਚਾਹੁੰਦਾ ਸੀ ਕਿ ਮਕਤੂਲ ਦੇ ਵਾਰਿਸ ਮੁਕੱਦਮੇ ਦਾ ਕੰਮ ਖਰਾਬ ਕਰਨ!
ਹੌਲਦਾਰ ਅਤੇ ਦੋ ਸਿਪਾਹੀ ਸਰਪੰਚ ਦੇ ਮੁੰਡੇ ਨਾਲ਼ ਭੱਈਏ ਨੂੰ ਲੈਣ ਠੇਕੇ ਵੱਲ ਨੂੰ ਰਵਾਨਾ ਹੋ ਗਏ। ਭੱਈਆ ਅਜੇ ਨਹਾ ਧੋ ਕੇ ਠੇਕਾ ਖੋਲ੍ਹ ਕੇ ਬੈਠਾ ਹੀ ਸੀ। ਠੇਕੇ ਅੰਦਰੋਂ ਧੂਫ਼ ਦੀ ਮਹਿਕ ਆ ਰਹੀ ਸੀ।
-"ਮਾਂ ਦਾ ਖਸਮ ਚੰਦ ਧੂਫ਼ ਤਾਂ ਇਉਂ ਧੁਖਾਈ ਬੈਠੈ, ਜਿਵੇਂ ਕਿਸੇ ਮਹਾਂਪੁਰਖ ਨੇ ਆਉਣਾ ਹੁੰਦੈ..!" ਹੌਲਦਾਰ ਬੋਲਿਆ।
-"ਜਿਹੜੇ ਕਿਸੇ ਦਾ ਕਤਲ ਕਿਸੇ ਨਿਰਦੋਸ਼ ਦੇ ਸਿਰ ਮੜ੍ਹ ਸਕਦੇ ਐਂ, ਆਪਾਂ ਕਿਸੇ ਮਹਾਂਪੁਰਖ ਨਾਲ਼ੋਂ ਘੱਟ ਐਂ..?" ਨਾਲ਼ ਦਾ ਸਿਪਾਹੀ ਹੱਸ ਪਿਆ।
-"ਤੂੰ ਭੌਂਕ ਨਾ ਓਏ..! ਸਾਲ਼ਿਆ ਕੰਧਾਂ ਦੇ ਵੀ ਕੰਨ ਹੁੰਦੇ ਐ..!" ਹੌਲਦਾਰ ਨੇ ਸਿਪਾਹੀ ਨੂੰ ਘੂਰਿਆ।
-"ਹੁਣ ਕਿਤੇ ਤੁਸੀਂ ਨਾ ਘਾਣੀਂ ਤੋਂ ਝੱਗਾ ਚੱਕ ਕੇ ਸਾਰਾ ਕੁਛ ਨੰਗਾ ਕਰ ਦਿਓ ਜੀ..! ਤੁਸੀਂ ਚੁੱਪ ਦਾ ਦਾਨ ਬਖ਼ਸ਼ੋ..! ਕਿਤੇ ਕੋਈ ਸੁਣ ਨਾ ਲਵੇ, ਦੁਨੀਆਂ ਬੜੀ ਮਾੜੀ ਐ...!" ਜੈਲਦਾਰ ਦਾ ਮੁੰਡਾ ਅਸਲ ਭੇਦ ਖੋਲ੍ਹਣ ਦੇ ਡਰੋਂ ਬੋਲਿਆ।
-"ਆਹੋ...! ਤੁਸੀਂ ਈ ਚੰਗੇ ਐਂ, ਜਿਹੜੇ ਆਪ ਕਤਲ ਕਰ ਕੇ ਗਰੀਬ ਦੇ ਸਿਰ ਮੜ੍ਹੀ ਤੁਰੇ ਆਉਨੇ ਐਂ..!" ਹੌਲਦਾਰ ਨੇ ਮੁੰਡੇ ਨੂੰ ਸਿਰੇ ਦੀ ਸੁਣਾਈ ਕੀਤੀ।
-"...............।" ਮੁੰਡੇ ਦਾ ਮੂੰਹ ਤਖ਼ਤੇ ਦੀ ਝੀਥ ਵਾਂਗ ਬੰਦ ਹੋ ਗਿਆ।
ਸੱਚੀ ਗੱਲ ਕਪਾਲ਼ 'ਚ ਹੀ ਤਾਂ ਵੱਜੀ ਸੀ।
ਉਹ ਵੀਹੀਆਂ ਗਾਹੁੰਦੇ ਠੇਕੇ ਪਹੁੰਚ ਗਏ।
-"ਕਿਉਂ ਓਏ ਰੰਗੀ ਰਾਮਾਂ ਜਿਆ, ਵੇਚਣੀਆਂ ਸ਼ਰਾਬਾਂ ਤੇ ਧੁਖਾਉਣੀਆਂ ਧੂਫ਼ਾਂ..? ਇਹ ਕਿੱਥੇ ਲਿਖਿਐ ਓਏ..?" ਜਾਣ ਸਾਰ ਹੌਲਦਾਰ ਨੇ ਭੱਈਏ ਨੂੰ ਜੁੱਪ ਲਿਆ। ਸਿਪਾਹੀਆਂ ਨੇ ਉਸ ਦੇ ਗੁਲੂਬੰਦ ਨਾਲ਼ ਉਸ ਦੇ ਹੱਥ ਬੰਨ੍ਹ ਲਏ।
ਲੰਮੀਂ ਬਾਂਹ ਕਰ ਕੇ ਹੌਲਦਾਰ ਨੇ ਛੇ ਬੋਤਲਾਂ ਹੱਥ ਹੇਠ ਕਰ ਲਈਆਂ।
-"ਅਸੀਂ ਇਹਨੂੰ ਛਿਲਕਾਂ ਦੇ ਘੋੜ੍ਹੇ ਨੂੰ ਲੈ ਕੇ ਚੱਲਦੇ ਐਂ, ਤੇ ਤੂੰ ਆਹ ਬੋਤਲਾਂ ਸਾਡੇ ਡਰਾਈਵਰ ਨੂੰ ਪਹੁੰਚਦੀਆਂ ਕਰ..!" ਹੌਲਦਾਰ ਨੇ ਜੈਲਦਾਰ ਦੇ ਮੁੰਡੇ ਨੂੰ ਆਦੇਸ਼ ਦਿੱਤਾ।
-"ਮੇਰਾ ਕੀ ਕਸੂਰ ਹਾਈਗਾ ਜੀ ਸਰਕਾਰ..?" ਭੱਈਏ ਦੇ ਬੁੱਲ੍ਹ ਸੁੱਕ ਗਏ ਸਨ।
-"ਤੇਰੇ ਠੇਕੇ 'ਤੇ ਬੰਦਾ ਮਰ ਗਿਆ, ਅਜੇ ਤੇਰਾ ਕਸੂਰ ਈ ਕੋਈ ਨੀ...?" ਸਿਪਾਹੀ ਨੇ ਭੱਈਏ ਦੇ ਚੁਪੇੜ ਕੱਢ ਮਾਰੀ।
-"ਸਾਲ਼ਾ ਜੂਠ...! ਜੰਨ ਕੁਪੱਤੀ ਸੁਥਰਾ ਭਲਾ ਮਾਣਸ..!" ਦੂਜਾ ਬੋਲਿਆ।
-"ਕਤਲ ਵੇਲ਼ੇ ਜੇ ਤੂੰ ਕੋਈ ਮੱਦਤ ਕਰਦਾ, ਬੰਦਾ ਨਾ ਮਰਦਾ..!" ਹੌਲਦਾਰ ਨੇ ਦੋਸ਼ ਭੱਈਏ ਸਿਰ ਕੱਢਿਆ।
-"ਮੇਰਾ ਤਾਂ ਆਪ ਹੋਸ਼ ਉੜ ਗੀਆ ਸੀਗਾ ਜੀ, ਮੈਂ ਕੀ ਮੱਦਦ ਕਰਤਾ..?" ਉਹ ਰੋਣਹਾਕਾ ਹੋਇਆ ਖੜ੍ਹਾ ਸੀ।
-"ਚੱਲ ਅੱਗੇ ਤੁਰ ਬੰਦਾ ਬਣ ਕੇ...!"
-"ਮੇਰਾ ਕਸੂਰ ਤਾਂ ਕੋਈ ਦੱਸੋ ਜੀ...!"
-"ਠਾਣੇਦਾਰ ਦੱਸੂਗਾ..!"
-"ਮੈਨੂੰ ਠੇਕੇ ਨੂੰ ਜੀਂਦਰਾ ਤਾਂ ਲਾਈ ਲੈਨ ਦੀਓ ਜੀ..!"
-"ਜਿੰਦਰੇ ਨੂੰ ਸਾਲ਼ਿਆ ਏਥੇ ਦੁੱਧ ਪਿਐ, ਜਿਹੜਾ ਬਿੱਲੀ ਪੀਜੂਗੀ..?"
-"ਬੰਦੇ ਤਾਂ ਬਿੱਲੀਆਂ ਨਾਲੋਂ ਭੈੜ੍ਹੇ ਐ ਜਨਾਬ, ਸਾਰਾ ਠੇਕਾ ਪੀ ਜਾਏਂਗੇ..!"
-"ਚੱਲ ਲਾ ਜਿੰਦਰਾ..!"
ਭੱਈਆ ਠੇਕੇ ਨੂੰ ਤਾਲਾ ਲਾਉਣ ਲੱਗ ਪਿਆ।
ਤਾਲਾ ਲਾਉਣ ਤੋਂ ਬਾਅਦ ਉਹ ਭੱਈਏ ਨੂੰ ਲੈ ਕੇ ਧਰਮਸਾਲ਼ਾ ਨੂੰ ਤੁਰ ਪਏ।
ਮੁੰਡਾ ਬੋਤਲਾਂ ਚੁੱਕ ਪੁਲੀਸ ਦੇ ਟਰੱਕ ਵੱਲ ਨੂੰ ਹੋ ਤੁਰਿਆ।
ਗਿੱਕ ਦੇ ਕਤਲ ਦੀ ਗੱਲ ਮੂੰਹੋਂ-ਮੂੰਹ ਸਾਰੇ ਪਿੰਡ ਵਿਚ ਫ਼ਿਰ ਗਈ ਸੀ।
ਸਾਰੇ ਪਿੰਡ ਨੂੰ ਜਿਵੇਂ ਸੱਪ ਸੁੰਘ ਗਿਆ ਸੀ। ਪਿੰਡ ਵਿੱਚ ਜਿਵੇਂ 'ਦਿਉ' ਪੈਣ ਲੱਗ ਪਿਆ ਸੀ।
ਜਦ ਜਸਮੇਲ ਕੌਰ ਨੂੰ ਸੰਤੋਖ ਬਾਰੇ ਪਤਾ ਲੱਗਿਆ ਤਾਂ ਉਹ ਸਾਰੀਆਂ ਸ਼ਰਮਾਂ ਕਿੱਲੀ 'ਤੇ ਟੰਗ, ਸਿੱਧੀ ਠਾਣੇਦਾਰ ਸਾਹਮਣੇ ਆ ਖੜ੍ਹੀ।
-"ਸਰਦਾਰਾ, ਮੇਰੇ ਸਰਦਾਰ ਨੇ ਕਿਸੇ ਦਾ ਕੋਈ ਕਤਲ ਨੀ ਕੀਤਾ, ਰਾਤ ਅੱਧੀ ਰਾਤੋਂ ਜੈਲਦਾਰ ਸਾਡੇ ਘਰੇ ਆਇਆ ਸੀ, ਤੇ ਮੇਰੇ ਆਲ਼ੇ ਸਰਦਾਰ ਨੂੰ ਪੈਰੀਂ ਪੱਗ ਧਰ ਕੇ ਆਬਦੇ ਨਾਲ਼ ਲੈ ਗਿਆ ਸੀ, ਇਹ ਤਾਂ ਕਰਮਾਂ ਆਲ਼ਾ ਪਿਛਲੀ ਸਵਾਤ 'ਚ ਸੁੱਤਾ ਪਿਆ ਸੀ, ਇਹਨੇ ਕੁਛ ਨੀ ਕੀਤਾ ਸਰਦਾਰਾ, ਇਹਦਾ ਛੁਟਕਾਰਾ ਕਰ, ਅਸੀਂ ਗ਼ਰੀਬ ਲੋਕ, ਕਰ ਕੇ ਖਾਣ ਆਲ਼ੇ ਐਂ ਜੋਰਾਵਰਾ, ਅਸੀਂ ਕਿਸੇ ਦਾ ਖ਼ੂਨ ਕਿਉਂ ਕਰਾਂਗੇ..? ਸਾਡਾ ਕਿਸੇ ਨਾਲ਼ ਕੀ ਵੈਰ ਐ..? ਅਸੀਂ ਗਰੀਬ ਸਾਰੇ ਪਿੰਡ ਦੇ ਸਾਂਝੇ, ਜੀਹਨੇ ਦਿਹਾੜ੍ਹੀ ਸੱਦ ਲਿਆ, ਚਲੇ ਜਾਨੇ ਐਂ, ਇਹਨੂੰ ਬਗਸ਼ ਸਰਦਾਰਾ, ਦੁਹਾਈ ਰਾਮ ਦੀ, ਅਸਲ ਬੰਦਾ ਲੱਭ..!" ਮੂੰਹ ਵਿਚ ਘੁੰਡ ਦਾ ਲੜ ਘੁੱਟੀ ਜਸਮੇਲ ਕੌਰ ਨੇ ਸਾਰੇ ਪਰਦੇ ਉਧੇੜ ਦਿੱਤੇ।
ਪਿੰਡ ਦੇ ਇਕੱਠੇ ਲੋਕਾਂ ਵਿਚ ਮੌਤ ਵਰਗਾ ਸੰਨਾਟਾ ਛਾ ਗਿਆ।
-"ਮੈਂ ਤਾਂ ਦੋਵੇਂ ਹੱਥ ਬੰਨ੍ਹ ਕੇ ਸਵੇਰ ਦਾ ਦੁਹਾਈ ਦੇਈ ਜਾਨੈਂ ਬਈ ਗਿੱਕ ਦਾ ਕਤਲ ਜੈਲਦਾਰ ਦੇ ਮੁੰਡੇ ਸਿੱਕੀ ਨੇ ਕੀਤੈ, ਸੰਤੋਖ ਵਿਚਾਰਾ ਗਰੀਬ ਉਹਨੂੰ ਕਿਉਂ ਮਾਰੂ..? ਇਹਦਾ ਸਾਡੇ ਨਾਲ਼ ਕੀ ਵੈਰ..?" ਸਰਪੰਚ ਫ਼ਿਰ ਕੁਰਲਾਉਣ ਵਾਲ਼ਿਆਂ ਵਾਂਗ ਬੋਲਿਆ।
ਲੋਕ ਇੱਕ-ਦੂਜੇ ਦੇ ਮੂੰਹ ਨਾਲ਼ ਮੂੰਹ ਜੋੜ ਕੇ ਗੱਲਾਂ ਕਰਨ ਲੱਗ ਪਏ।
-"ਠੀਕ ਐ..!" ਠਾਣੇਦਾਰ ਕੌੜ ਅੱਖ ਨਾਲ਼ ਜੈਲਦਾਰ ਵੱਲ ਝਾਕਿਆ।

ਕਿਸ਼ਤ 11

ਪਰ ਜੈਲਦਾਰ ਸਿਰ ਸੁੱਟ ਗਿਆ।
-''ਅਸੀਂ ਤੇਰੀ ਗੱਲ 'ਤੇ ਵੀ ਗੌਰ ਕਰਾਂਗੇ ਬੀਬੀ..! ਪਰ ਤੇਰੇ ਘਰਵਾਲ਼ਾ ਤਾਂ ਖ਼ੁਦ ਆਪ ਮੰਨੀ ਜਾਂਦੈ ਬਈ ਇਹਨੇ ਕਤਲ ਕੀਤੈ..!"
-''ਇਹਦੇ ਮੰਨਣ ਜਾਂ ਨਾ ਮੰਨਣ ਨਾਲ਼ ਕੀ ਫ਼ਰਕ ਪੈਂਦੈ ਸਰਦਾਰਾ..? ਇਹਨੂੰ ਪਤਾ ਨੀ ਰਾਤ ਘਰੇ ਲਿਜਾ ਕੇ ਕੀ-ਕੀ ਬਹੁੜੀਆਂ ਘੱਤੀਆਂ, ਜਾਂ ਪੱਟੀਆਂ ਪੜ੍ਹਾਈਆਂ ਹੋਣਗੀਆਂ..? ਇਹ ਰੱਬ ਦਾ ਬੰਦਾ ਤਾਂ ਢੋਰ ਐ, ਜਿੱਧਰ ਮਰਜੀ ਐ ਜੋੜ ਲੈਣ..! ਨਾਲ਼ੇ ਮਜ੍ਹਬੀ ਸਿੱਖ ਜਾਤ ਤਾਂ ਵਫ਼ਾਦਾਰੀ ਪਾਲ਼ਣ 'ਚ ਸਭ ਤੋਂ ਮੂਹਰੇ ਹੁੰਦੇ ਐ ਸਰਦਾਰਾ..!"
-''ਕੋਈ ਨਾ ਬੀਬੀ, ਅਸੀਂ ਤੇਰੇ ਘਰਵਾਲ਼ੇ ਨੂੰ ਕੁਛ ਨੀ ਕਹਿੰਦੇ, ਜੇ ਇਹ ਨਿਰਦੋਸ਼ ਹੋਇਆ, ਇਹਦੇ ਬਿਆਨ ਲੈ ਕੇ ਛੱਡ ਦਿਆਂਗੇ..!" ਠਾਣੇਦਾਰ ਨੇ ਮਿੱਠੀ ਗੋਲ਼ੀ ਚਟਾਈ।
ਸੰਤੋਖ ਨੀਂਵੀਂ ਪਾਈ ਬੈਠਾ ਸੀ।
-''ਤੂੰ ਵੀ ਕੁਛ ਮੂੰਹੋਂ ਫ਼ੁੱਟ ਸਾਂਈਂ ਮੇਰਿਆ..! ਕਿਸੇ ਦੀ ਬਲਾਅ ਆਬਦੇ ਗਲ਼ ਨਾ ਪਾ ਕੇ ਬੈਠ ਜਾਈਂ, ਇਹ ਮੂੰਹ ਮੁਲ੍ਹਾਹਜੇ ਨਿੱਕੀਆਂ ਗੱਲਾਂ ਨਾਲ਼ ਨਿਭ ਜਾਂਦੇ ਐ, ਐਡੀਆਂ ਵੱਡੀਆਂ ਵਾਰਦਾਤਾਂ ਨਾਲ਼ ਤਾਂ ਉਜਾੜੇ ਈ ਹੁੰਦੇ ਐ ਸਰਦਾਰਾ, ਯਾਰੀਆਂ ਨੀ ਨਿਭਦੀਆਂ..!" ਜਸਮੇਲ ਕੌਰ ਨੇ ਸੰਤੋਖ ਨੂੰ ਕਿਹਾ।
ਜਸਮੇਲ ਕੌਰ ਦੀਆਂ ਸੱਚੀਆਂ ਸੁਣ ਕੇ ਭੋਲ਼ੇ-ਭਾਲ਼ੇ ਸੰਤੋਖ ਦਾ ਰੋਣ ਨਿਕਲ਼ ਗਿਆ।
ਸੰਤੋਖ ਨੂੰ ਰੋਂਦਾ ਦੇਖ ਅੱਖ ਬਚਾ ਕੇ ਜੈਲਦਾਰ ਉਸ ਦੇ ਨੇੜੇ ਹੋ ਗਿਆ।
-''ਜਮਾਂ ਨਾ ਡਰੀਂ ਡੋਲੀਂ..! ਲਾਮ ਲਸ਼ਕਰ ਲੈ ਕੇ ਮੈਂ ਤੇਰੇ ਮਗਰ ਆਇਆ ਲੈ..!" ਥਿੜਕੇ ਸੰਤੋਖ ਦੇ ਹੌਸਲੇ ਥੱਲੇ ਜੈਲਦਾਰ ਨੇ ਧਰਵਾਸੇ ਦੀ ਥੰਮ੍ਹੀ ਦਿੱਤੀ। ਪਰ ਸੰਤੋਖ ਰੋਈ ਜਾ ਰਿਹਾ ਸੀ। ਜਸਮੇਲ ਕੌਰ ਦੀਆਂ ਗੱਲਾਂ ਨੇ ਉਸ ਅੰਦਰ ਮੋਹ ਦਾ ਹੜ੍ਹ ਲਿਆ ਦਿੱਤਾ ਸੀ।
ਮੁਕੱਦਮੇਂ ਵਿਚ ਕੋਈ ''ਘੜ੍ਹੰਮ" ਪੈਣ ਤੋਂ ਪਹਿਲਾਂ ਹੀ ਸੰਤੋਖ ਅਤੇ ਭੱਈਏ ਨੂੰ ਲੈ ਕੇ ਪੁਲ਼ਸ ਰਵਾਨਾ ਹੋ ਗਈ।
ਜਸਮੇਲ ਕੌਰ ਖੜ੍ਹੀ ਉਚੀ-ਉਚੀ ਰੋ ਰਹੀ ਸੀ।
ਸ਼ਰੇਆਮ ਅੱਖੀਂ ਘੱਟਾ ਪਿਆ ਦੇਖ ਸਾਰਾ ਪਿੰਡ ਠਠੰਬਰਿਆ ਖੜ੍ਹਾ ਸੀ।
ਜੈਲਦਾਰ ਅਤੇ ਸਰਪੰਚ ਵਰਗੇ ਸਾਨ੍ਹਾਂ ਦੇ ਭੇੜ੍ਹ ਵਿੱਚ ਸੰਤੋਖ ਕਤੂਰੇ ਵਾਂਗ ਦਰੜਿਆ ਗਿਆ ਸੀ।
ਕਿਸੇ ਨੂੰ ਕੋਈ ਲੱਲ ਨਹੀਂ ਲੱਗ ਰਿਹਾ ਸੀ ਕਿ ਇਹ ਕੀ ਸਿਆਸੀ ਖੇਡ ਖੇਡੀ ਜਾ ਰਹੀ ਸੀ? ਸਾਰਾ ਪਿੰਡ ਜਾਣਦਾ ਸੀ ਕਿ ਇਲੈਕਸ਼ਨ ਮੌਕੇ ਸਰਪੰਚ ਅਤੇ ਜੈਲਦਾਰ ਵਿੱਚ ਆਪਸੀ ਤਣਾਓ ਵਧ ਜਾਂਦਾ ਸੀ, ਅਤੇ ਕਦੇ-ਕਦਾਈਂ ਨੌਬਤ ਗੋਲ਼ੀ ਚੱਲਣ ਤੱਕ ਵੀ ਆ ਜਾਂਦੀ ਸੀ। ਪਰ ਆਪਸੀ ਰੰਜ਼ਿਸ਼ ਵਿੱਚ ਗਰੀਬ ਸੰਤੋਖ ਨੂੰ ਬਲੀ ਦਾ ਬੱਕਰਾ 'ਕਿਉਂ' ਬਣਾਇਆ ਜਾ ਰਿਹਾ ਸੀ..? ਇਸ ਗੱਲ ਦਾ ਸਾਰੇ ਪਿੰਡ ਨੂੰ ਰੰਜ ਅਤੇ ਅਫ਼ਸੋਸ ਸੀ।
-''ਵੇ ਜੈਲਦਾਰਾ ਤੇਰਾ ਕੱਖ ਨਾ ਰਹੇ ਵੇ, ਵੈਰੀਆ..! ਵੇ ਤੂੰ ਮੇਰਾ ਵਸਦਾ ਰਸਦਾ ਘਰ ਉਜਾੜ'ਤਾ ਵੇ ਦੁਸ਼ਟਾ..!" ਉਹ ਧਰਮਸਾਲ਼ਾ ਕੋਲ਼ ਖੜ੍ਹੀ ਵਿਰਲਾਪ ਕਰੀ ਜਾ ਰਹੀ ਸੀ। ਪਰ ਉਸ ਦੁਖਿਆਰੀ ਦੀ ਕਿਸੇ ਨੇ ਇੱਕ ਨਾ ਸੁਣੀਂ। ਤਮਾਸ਼ਬੀਨ ਲੋਕ ਉਸ ਨੂੰ ਦੇਖ-ਦੇਖ ਲੰਘ ਰਹੇ ਸਨ।
-''ਜਾਹ..! ਜਾਹ ਘਰੇ ਜਾਹ ਕੁੜ੍ਹੇ ਬੀਬਾ..!" ਸਰਪੰਚ ਨੇ ਜਸਮੇਲ ਕੌਰ ਦੇ ਮੋਢੇ 'ਤੇ ਹਮਦਰਦੀ ਦਾ ਹੱਥ ਰੱਖਿਆ, ''ਪਤਾ ਨੀ ਕਿਹੜੇ ਪਾਪਾਂ ਦਾ ਖਮਿਆਜਾ ਭੁਗਤੀ ਜਾਨੈ ਐਂ, ਜਾਹ ਘਰੇ ਜਾਹ ਮੇਰੀ ਧੀ..! ਮੈਨੂੰ ਪਤੈ ਮੇਰੇ ਪੁੱਤ ਦਾ ਖ਼ੂਨ ਸੰਤੋਖ ਨੇ ਨੀ ਕੀਤਾ..! ਜਾਹ ਸਿਆਣੀ ਬਣ ਕੇ ਘਰੇ ਜਾਹ..!" ਅਤੀਅੰਤ ਦੁਖੀ ਸਰਪੰਚ ਥਾਪੜਾ ਦੇ ਕੇ ਤੁਰ ਗਿਆ।
ਪਰ ਜਸਮੇਲ ਕੌਰ ਦਾ ਰੋਣਾਂ ਠੱਲ੍ਹਿਆ ਨਹੀਂ ਜਾ ਰਿਹਾ ਸੀ। ਉਸ ਦਾ ਨਵਾਂ-ਨਵਾਂ ਵਿਆਹ ਹੋਇਆ ਸੀ, ਦਿਲ ਦੀਆਂ ਰੀਝਾਂ ਅਜੇ ਦਿਲ ਵਿਚ ਹੀ ਸਨ। ਸੁਪਨਿਆਂ ਦੀਆਂ ਕਰੂੰਬਲਾਂ ਅਜੇ ਫ਼ੁੱਟੀਆਂ ਹੀ ਸਨ ਕਿ ਉਹਨਾਂ ਦੀ ਸ਼ਾਂਤਮਈ ਜ਼ਿੰਦਗੀ ਵਿਚ ਆਹ ਅੱਗ ਆ ਡਿੱਗੀ ਸੀ। ਜੁਆਨੀ ਦੀਆਂ ਕਲੀਆਂ ਨੇ ਅਜੇ ਅੰਗੜਾਈ ਲਈ ਹੀ ਸੀ ਕਿ ਉਹਨਾਂ ਦੇ ਖੇੜੇ ਵਿਚ ਵੜੇ ਖਰੂਦੀ ਦੈਂਤ ਨੇ ਸਾਰਾ ਕੁਛ ਮਲੀਆਮੇਟ ਕਰ ਦਿੱਤਾ ਸੀ।
ਸ਼ਾਮ ਹੋਈ।
ਭੱਈਏ ਦੇ ਠੇਕੇ ਦਾ ਮਾਲਕ ਠਾਣੇ ਆ ਗਿਆ।
-''ਤੁਸੀਂ ਸਰਦਾਰ ਮੇਰੇ ਭੱਈਏ ਨੂੰ ਫ਼ੜ ਲਿਆਏ..?" ਜਾਣੂੰ ਠੇਕੇਦਾਰ ਨੇ ਠਾਣੇਦਾਰ ਨੂੰ ਇੱਕ ਤਰ੍ਹਾਂ ਨਾਲ਼ ਉਲਾਂਭਾ ਦਿੱਤਾ।
-''ਭੱਈਏ ਨੂੰ ਅਸੀਂ ਨਿਆਣਾਂ ਪਾ ਕੇ ਚੋਣ ਥੋੜ੍ਹੋ ਲੱਗੇ ਐਂ..?" ਠਾਣੇਦਾਰ ਵਿਅੰਗਮਈ ਹੱਸਿਆ, ''ਕਤਲ ਦਾ ਕੇਸ ਐ ਠੇਕੇਦਾਰਾ, ਤੇ ਤੇਰਾ ਭੱਈਆ ਹੈਗਾ ਚਸ਼ਮਦੀਦ ਗਵਾਹ, ਪੁੱਛ ਪੜਤਾਲ਼ ਕਰ ਕੇ ਕੱਲ੍ਹ ਤੱਕ ਛੱਡ ਦਿਆਂਗੇ..! ਮਾੜਾ ਮੋਟਾ ਮੁਕੱਦਮਾਂ ਹੁੰਦਾ ਤਾਂ ਮੈਂ ਆਪ ਈ ਨੀ ਲੈ ਕੇ ਆਉਣਾ ਸੀ...!"
ਠੇਕੇਦਾਰ ਦੀ ਤਸੱਲੀ ਹੋ ਗਈ।
ਉਹ ਤੁਰ ਗਿਆ।
ਠਾਣੇਦਾਰ ਅਤੇ ਮੁਣਸ਼ੀ ਨੇ ਕੇਸ ਲਿਖਿਆ ਨਹੀਂ, ਇੱਕ ਤਰ੍ਹਾਂ ਨਾਲ਼ ''ਮੜ੍ਹਿਆ" ਸੀ। ਸਾਰਾ ਮੁਕੱਦਮਾਂ ਸੰਤੋਖ ਦੇ ਸਿਰ ਚੜ੍ਹ ਬੋਲ ਰਿਹਾ ਸੀ ਅਤੇ ਭੱਈਏ ਦੀ ਗਵਾਹੀ ਕਿੱਲ ਵਾਂਗ ਠੋਕ ਕੇ ਪਾਈ ਗਈ ਸੀ। ਮੁਣਸ਼ੀ ਮੁਕੱਦਮੇਂ ਦੀ ਇੱਕ ਲਾਈਨ ਲਿਖਦਾ ਤਾਂ ਠਾਣੇਦਾਰ ''ਕਿਆ ਬਾਤ ਐ ૶ ਬਹੁਤ ਖ਼ੂਬ" ਆਖ ਕੇ ਸ਼ਲਾਘਾ ਕਰਦਾ।
ਭੱਈਏ ਦੇ ਠੇਕੇ ਤੋਂ ਲਿਆਂਦੀਆਂ ਬੋਤਲਾਂ ਵਿੱਚੋਂ ਕਰੜੇ ਪੈੱਗ ਲਾ ਕੇ ਉਹਨਾਂ ਨੇ ਭੱਈਏ ਨੂੰ ਬਾਹਰ ਕੱਢ ਲਿਆ। ਪੁਲ਼ਸ ਦੀ ''ਫ਼ੁੱਲ ਚੜ੍ਹਾਈ" ਦੇਖ ਕੇ ਭੱਈਏ ਦੇ ਪ੍ਰਾਣ 'ਖ਼ੁਸ਼ਕ' ਹੋ ਗਏ ਅਤੇ ਉਹ ''ਥਰ-ਥਰ" ਕੰਬੀ ਜਾ ਰਿਹਾ ਸੀ।
-''ਮੇਰਾ ਕਸੂਰ ਕਿਆ ਹਾਈਗਾ ਹੈ, ਸਾਅਬ..?" ਉਸ ਦੇ ਜੋੜੇ ਹੱਥ ਕੰਬੀ ਜਾ ਰਹੇ ਸਨ।
-''ਧਹੱਮਲ ਰੱਖ, ਓਹ ਵੀ ਦੱਸਦੇ ਐਂ, ਅਜੇ ਤਾਂ ਸੇਰ 'ਚੋਂ ਪੂਣੀਂ ਨੀ ਕੱਤੀ, ਤੂੰ ਪਹਿਲਾਂ ਈ ਬਿਲਕਣ ਲੱਗ ਪਿਐਂ.. .!" ਭੱਈਏ ਦੇ ਸਿਰ ਵਿਚ ਡੰਡੇ ਵਰ੍ਹਨ ਲੱਗ ਪਏ। ਡੰਡਿਆਂ ਦੀ ਬੁਛਾੜ ਵਿੱਚ ਭੱਈਆ ਚੀਕ ਨਹੀਂ, ਮਿਆਂਕ ਰਿਹਾ ਸੀ। ਇੱਕ ਪਾਸੇ ਹਨ੍ਹੇਰੇ ਕਮਰੇ ਵਿਚ ਜੈਲਦਾਰ ਸੱਜਣ ਸਿੰਘ ਬੈਠਾ ਸਾਰਾ ਕੁਛ ਦੇਖ ਰਿਹਾ ਸੀ। ਉਸ ਦੇ ਸਾਹਮਣੇ ਪਈ ਬੋਤਲ ਬਾਰੂਦ ਬਣਦੀ ਜਾ ਰਹੀ ਸੀ। ਕਤਲ ਦਾ ਕੇਸ ਪੁਲੀਸ ਨੇ ਖੁੱਦੋ ਵਾਂਗੂੰ ''ਮੜ੍ਹ" ਦਿੱਤਾ ਸੀ। ਸੰਤੋਖ ਦਾ ਇਕਬਾਲੀਆ ਬਿਆਨ ਨਾਲ਼ ਨੱਥੀ ਕਰ ਦਿੱਤਾ ਗਿਆ।
-''ਅਖੇ ਕੋਹ ਨਾ ਚੱਲੀ, ਬਾਬਾ ਤਿਹਾਈ..!" ਸਿਪਾਹੀਆਂ ਦੇ ਪਹਿਲੇ ਹੱਲੇ ਨੇ ਹੀ ਭੱਈਏ ਦੀ ''ਭਿਆਂ" ਕਰਵਾ ਦਿੱਤੀ ਸੀ।
ਉਸ ਦੀਆਂ ਉਂਗਲ਼ਾਂ ਅਤੇ ਹੱਥ ਸੁੱਜ ਕੇ ਪਾਥੀ ਬਣ ਗਏ ਸਨ।
-''ਅਰ੍ਹੇ ਸਰਕਾਰ, ਮੇਰਾ ਕਸੂਰ ਤੋ ਬਤਲਾਈ ਦੋ..!" ਉਹ ਸੁੱਜੇ ਹੱਥ ਜੋੜੀ ਬੈਠਾ ਬਿਲਕ ਰਿਹਾ ਸੀ।
-''ਸਰਪੈਂਚ ਦੇ ਮੁੰਡੇ ਦਾ ਕਤਲ ਕੀਹਨੇ ਕੀਤੈ..?"
-''ਜੈਲਦਾਰ ਸੱਜਨ ਸਿੰਘ ਕੇ ਲੜਕੇ ਸਿੱਕੀ ਨੇ ਕੀਆ ਹੈ ਜੀ, ਸਰਕਾਰ..! ਮੈਨੇ ਅਪੁਨੀ ਇਨ ਆਂਖੋਂ ਸੇ ਦੇਖਾ ਹੈ..! ਆਪ ਮੁਝੇ ਪੀਟ ਕਿਉਂ ਰਹੇ ਹੋ..? ਕੋਈ ਬਾਤ ਤੋ ਬਤਲਾਓ..!"
ਡੰਡੇ ਫ਼ੇਰ ਵਰ੍ਹ ਪਏ।
ਸਾਉਣ ਮਹੀਨੇ ਗੜੇ ਪੈਣ ਵਾਂਗ ਆਵਾਜਾਂ ਆਈਆਂ।
-''ਅਰ੍ਹੇ ਮੁਆਫ਼ ਕਰੋ ਸਰਕਾਰ..! ਮੁਆਫ਼ ਕਰੋ...!" ਕੁੱਟ ਖਾਂਦਾ ਭੱਈਆ ਦੁਹਾਈਆਂ ਦੇ ਰਿਹਾ ਸੀ।
-''ਹੁਣ ਬੋਲ...?" ਠਾਣੇਦਾਰ ਦਾ ਡੰਡਾ ਉਸ ਦੇ ਸਿਰ 'ਤੇ ਘੁਕ ਰਿਹਾ ਸੀ।
-''ਆਪ ਹੀ ਬਤਾਏਂ ਕਿਆ ਬੋਲੂੰ..! ਆਪ ਤੋ ਬੋਲਨੇ ਪਰ ਮਾਰਨੇ ਲਗ ਜਾਤੇ ਹੈਂ..!" ਉਸ ਨੂੰ ਪਤਾ ਸੀ ਕਿ ਜੇ ਹੁਣ ਕੁਛ ਬੋਲਿਆ ਤਾਂ ਡੰਡੇ ਫ਼ੇਰ ਸ਼ੁਰੂ ਹੋਣਗੇ।
-''ਤੂੰ ਕਹਿਣੈਂ ਕਿ ਗਿੱਕ ਦਾ ਕਤਲ ਜੈਲਦਾਰ ਦੇ ਸੀਰੀ ਸੰਤੋਖ ਨੇ ਕੀਤੈ, ਗੋਲ਼ੀ ਮਾਰਦੇ ਸੰਤੋਖ ਨੂੰ ਤੂੰ ਆਪ ਅੱਖੀਂ ਦੇਖਿਐ, ਗਿੱਕ ਠੇਕੇ ਤੋਂ ਬੋਤਲ ਲੈਣ ਆਇਆ ਸੀ, ਤੇ ਓਥੇ ਹੀ ਸੰਤੋਖ ਆ ਗਿਆ, ਇਹਨਾਂ ਦੀ ਆਪਸ ਵਿਚ ਤਕਰਾਰ ਤੇ ਫ਼ੇਰ ਗਾਲ਼ੀ ਗਲ਼ੋਚ ਵੀ ਹੋਇਆ, ਤੇ ਗੁੱਸੇ ਵਿੱਚ ਆ ਕੇ ਸੰਤੋਖ ਨੇ ਗਿੱਕ ਨੂੰ ਗੋਲ਼ੀ ਮਾਰ ਦਿੱਤੀ..! ਗੋਲ਼ੀ ਮਾਰ ਕੇ ਸੰਤੋਖ ਨੇ ਮਰੇ ਗਿੱਕ ਦੇ ਦੋ-ਚਾਰ ਠੁੱਡ ਵੀ ਮਾਰੇ ਤੇ ਬੱਕਰੇ ਵੀ ਬੁਲਾਏ, ਠੁੱਡ ਮਾਰਦੇ ਨੇ ਗੰਦੀਆਂ ਗਾਲ਼ਾਂ ਵੀ ਕੱਢੀਆਂ, ਸੁਣ ਗਿਆ..?" ਬਿਆਨ ਸੁਣ-ਸੁਣ ਕੇ ਭੱਈਏ ਦੇ ਦੰਦ ਜੁੜਦੇ ਜਾ ਰਹੇ ਸਨ।
-''ਸੁਣ ਗਿਆ..?" ਠਾਣੇਦਾਰ ਨੇ ਡੰਡਾ ਉਘਰਿਆ।
-''ਸੁਨ ਗਿਆ ਜਨਾਬ..! ਅੱਛੀ ਤਰ੍ਹਾਂ ਸੁਨ ਗਿਆ..!" ਭੱਈਆ ਬੋਲਿਆ। ਪਰ ਉਸ ਦਾ ਮਨ ਕੀਰਨੇਂ ਪਾਈ ਜਾ ਰਿਹਾ ਸੀ।
-''ਸਮਝ ਵੀ ਗਿਆ..?" ਮੁਣਸ਼ੀ ਬੋਲਿਆ।
-''ਹਾਂ ਜੀ, ਸਮਝ ਭੀ ਗਯਾ..!" ਭੱਈਏ ਦਾ ਦਿਲ ਡੁੱਬਕੀਆਂ ਲਾਉਣ ਲੱਗ ਪਿਆ।
-''ਇੱਧਰ ਦਸਤਖ਼ਤ ਕਰੋ..!"
-''ਦਸਤਖ਼ਤ ਨਹੀਂ ਆਤੇ ਸਰਕਾਰ..!"
-''ਚੱਲ ਦਸਤਖ਼ਤ ਤੈਨੂੰ ਮੁਆਫ਼, 'ਗੂਠਾ ਲਾ ਦੇ..! ਇੱਕੋ ਈ ਗੱਲ ਐ..!" ਮੁਣਸ਼ੀ ਨੇ ਮੁਸ਼ਕੜੀਏਂ ਹੱਸਦਿਆਂ ਕਿਹਾ।
ਪੈਡ 'ਤੇ ਅੰਗੂਠਾ ਘਸਾ ਕੇ ਮੁਣਸ਼ੀ ਨੇ ਲੋੜੀਂਦੇ ਕਾਗਜ਼ਾਂ 'ਤੇ ਛਾਪ ਲਿਆ।
-''ਕੱਲ੍ਹ ਆਪ ਕੋ ਅਦਾਲਤ ਪੇਸ਼ ਕਰੇਂਗੇ..! ਆਪਣੇ ਬਿਆਨ ਯਾਦ ਕਰੋ..! ਔਰ ਸੁਣ..!! ਜੇ ਇੱਕ ਵੀ ਬਿਆਨ ਜੱਜ ਸਾਹਮਣੇ ਬਦਲਿਆ, ਤੇਰੀ ਕੜਾਹੀ 'ਚ ਮਸੱਦ ਫ਼ੇਰ ਦਿਆਂਗੇ, ਫ਼ੇਰ ਨਾ ਕਹੀਂ ਬਈ ਦੱਸਿਆ ਨੀ, ਸਮਝਿਆ..?"
ਕਸੂਤੇ ਫ਼ਸੇ ਭੱਈਏ ਨੇ ਸਹਿਮਤੀ ਵਿਚ ਸਿਰ ਹਿਲਾਇਆ।
ਨਿਸ਼ਾ ਕਰ ਕੇ ਠਾਣੇਦਾਰ ਅਤੇ ਮੁਣਸ਼ੀ ਦਫ਼ਤਰ ਵਿਚ ਆ ਗਏ।
-''ਲੈ...! ਜੜ'ਤੇ ਕੋਕੇ..!" ਉਸ ਨੇ ਦਸਤਾਵੇਜ਼ ਜੈਲਦਾਰ ਸੱਜਣ ਸਿੰਘ ਨੂੰ ਦਿਖਾਏ।
-''ਖ਼ੁਸ਼ ਐਂ ਜੈਲਦਾਰਾ..? ਤੇਰੀ ਖਾਤਰ ਬੇਦੋਸ਼ੇ ਵੀ ਕੁੱਟ ਧਰੇ..!"
-''ਪੂਰਾ...! ਬਾਗੋਬਾਗ...!! ਮੇਰੇ ਲਈ ਹੁਕਮ ਕਰ..!"
-''ਕਾਹਨੂੰ ਬੇਸ਼ਰਮੀ ਦਿੰਨੈਂ..? ਤੇਰਾ ਮੇਰਾ ਕੁਛ ਵੰਡਿਐ..?"
-''ਮੂੰਹੋਂ ਤਾਂ ਬੋਲ..? ਜੇ ਨਾ ਪੂਰਾ ਕਰਾਂ, ਮੂੰਹ 'ਤੇ ਥੁੱਕ ਦੇਈਂ..!"
-''ਤੇਰਾ ਮੁੰਡਾ ਕਤਲ ਦੇ ਕੇਸ 'ਚੋਂ ਵਾਲ਼ ਵਾਂਗੂੰ ਕੱਢ'ਤਾ ਜੈਲਦਾਰਾ..! ਹੱਕ ਤਾਂ ਸਾਡਾ ਬਣਦਾ ਈ ਐ..?" ਠਾਣੇਦਾਰ ਦੀ ਜਗਾਹ ਮੁਣਸ਼ੀ ਨੇ ਅੱਗਾ ਵਲ਼ਿਆ।
-''ਤੇ ਮੈਂ ਦੱਸ ਕਦੋਂ ਭੱਜਿਐਂ..? ਬਿਗਾਨਿਆਂ ਆਲ਼ੀਆਂ ਗੱਲਾਂ ਕਾਹਤੋਂ ਕਰਦੇ ਐਂ..? ਮੂੰਹੋਂ ਤਾਂ ਫ਼ੁੱਟ ਸੋਹਣਿਆਂ..!"
-''ਐਨਾਂ ਤੇਰਾ ਸਾਥ ਦਿੱਤੈ, ਸਾਨੂੰ ਦੋਨਾਂ ਨੂੰ ਲੱਖ ਕੁ ਤਾਂ ਬਣਦਾ ਈ ਐ..! ਪੰਜਾਹ-ਪੰਜਾਹ ਕਰਲਾਂਗੇ..!" ਮੁਣਸ਼ੀ ਨੇ ਸਿੱਧੀ ਸੁਣਾਈ ਕੀਤੀ।
-''ਜੇ ਅਸੀਂ ਹੱਥ ਪੱਲਾ ਨਾ ਹਿਲਾਉਂਦੇ, ਅੰਨ੍ਹੀਂ ਰਕਮ ਤਾਂ ਤਰੀਕਾਂ ਭੁਗਤਣ 'ਤੇ ਈ ਲੱਗ ਜਾਂਦੀ, ਖੁਆਰ ਵਾਧੂ ਦਾ ਹੁੰਦਾ, ਦਿਮਾਗੀ 'ਟੈਣਸ਼ਣ' ਤੇ ਵਕੀਲਾਂ ਦੀਆਂ ਫ਼ੀਸਾਂ ਵੱਖ..! ਤੇਰਾ ਤਾਂ ਚੌਲ਼ਾਂ ਨਾਲ਼ ਈ ਸਰ ਗਿਆ ਜੈਲਦਾਰਾ..! ਨਹੀਂ ਵਕੀਲਾਂ ਦੇ ਮੂੰਹ ਕੰਨਾਂ ਤੱਕ ਪਾਟੇ ਵੇ ਐ, ਤੈਥੋਂ ਕੀ ਲੁਕਿਐ..? ਸਾਰਾ ਭੇਤ ਐ ਤੈਨੂੰ, ਘਾਟ-ਘਾਟ ਦਾ ਪਾਣੀ ਪੀਤੈ, ਦਿੱਲੀ ਦੱਖਣ ਗਾਹਿਆ ਵਿਐ..!" ਹੁਣ ਠਾਣੇਦਾਰ ਨੇ ਬਾਜ਼ੀ ਆਪਣੇ ਹੱਥ ਲਈ।
-''ਆਹ ਚੱਕ ਪੂਰਾ ਬੀਹ..! ਬਾਕੀ ਅਦਾਲਤ ਦੀ ਕਾਰਵਾਈ ਵੇਲ਼ੇ ਦੇ ਦਿਊਂਗਾ..! ਠੀਕ ਐ..?"
ਮੁਣਸ਼ੀ ਨੇ ਲੰਮੀ ਬਾਂਹ ਕਰ ਕੇ ਦਸ-ਦਸ ਹਜ਼ਾਰ ਦੀਆਂ ਦੋ ਗੁੱਟੀਆਂ ਫ਼ੜ ਲਈਆਂ।
-''ਬਾਹਰ ਮੁੰਡਿਆਂ ਨੂੰ ਵੀ ਚਾਹ ਪਾਣੀ ਦੇ 'ਦੀਂ..!"
-''ਐਸੇ 'ਚੋਂ ਈ ਦੇ ਦਿਓ, ਹੋਰ ਤਾਂ ਮੇਰੇ ਕੋਲ਼ੇ ਅੱਜ ਹੈਨ੍ਹੀ..!"
-''ਬੱਸ...? ਯਾਰੀ ਲਾਉਣੀ ਹਾਥੀਆਂ ਨਾਲ਼, ਤੇ ਬਾਰ ਰੱਖਣੇਂ ਭੀੜ੍ਹੇ..?"
-''ਜੰਗਲੀ ਬੋਤਿਆਂ ਦੀ ਬੁੱਕਾਂ ਨਾਲ਼ ਪਿਆਸ ਨੀ ਬੁਝਦੀ..!"
-''ਕਤਲ ਦੇ ਕੇਸ 'ਚੋਂ ਤੇਰਾ ਮੁੰਡਾ ਕੱਢਿਐ, ਹੌਲ਼ੀ ਜੇਬ ਨਾਲ਼ ਨਾ ਆਇਆ ਕਰ, ਜੇਬ ਤਾਂ ਭਾਰੀ ਰੱਖਿਆ ਕਰ..! ਟਿੱਡੀਆਂ ਬੁਸ਼ਕਰਨ ਨਾਲ਼ ਕੁਛ ਨੀ ਬਣਨਾ, ਸਰਪੈਂਚ ਦੇ ਬੰਦੇ ਠਾਣੇਂ 'ਚ ਗੇੜਾ ਬੰਨ੍ਹੀਂ ਫ਼ਿਰਦੇ ਐ, ਅਸੀਂ ਦੇਹਲ਼ੀ ਨੀ ਚੜ੍ਹਨ ਦਿੱਤੇ..!" ਠਾਣੇਦਾਰ ਨੇ ਠੁਣਾਂ ਸਿੱਧਾ ਜੈਲਦਾਰ ਸਿਰ ਭੰਨਿਆਂ।
-''ਕੱਲ੍ਹ ਨੂੰ ਦੇ ਜਾਊਂਗਾ ਯਾਰ..! 'ਤਬਾਰ ਵੀ ਕਰੋ..!"
-''ਚੰਗਾ ਹੁਣ ਜਾਹ, ਰਾਮ ਕਰ, ਤੇ ਸਾਨੂੰ ਵੀ ਕਰਨ ਦੇਹ..!"
ਜੈਲਦਾਰ ਬੋਤਲ 'ਚੋਂ ਆਖਰੀ ਪੈੱਗ ਲਾ ਕੇ ਬਾਹਰ ਆ ਗਿਆ।
ਅਗਲੇ ਦਿਨ ਤਮਾਮ ਬਿਆਨ ਕਲਮਬੱਧ ਕਰ ਕੇ ਠਾਣੇਦਾਰ ਨੇ ਦੋਸ਼ੀ ਅਤੇ ਗਵਾਹ ਇਲਾਕਾ ਮਜਿਸਟ੍ਰੇਟ ਦੇ ਪੇਸ਼ ਕਰ ਦਿੱਤੇ। ਸੰਤੋਖ ਨੂੰ ਜੱਜ ਨੇ ਜੇਲ੍ਹ ਭੇਜ ਦਿੱਤਾ।
ਭੱਈਏ ਨੂੰ ਫ਼ਾਰਗ ਕਰ ਦਿੱਤਾ।
ਖਹਿੜਾ ਛੁੱਟਣ ਸਾਰ ਭੱਈਆ ਠੇਕੇਦਾਰ ਕੋਲ਼ ਨਹੀਂ, ਬਿਨਾ ਦੱਸੇ ਆਪਣੇ ਸੂਬੇ ਬਿਹਾਰ ਨੂੰ ਰੇਲ ਚੜ੍ਹ ਗਿਆ। ਉਸ ਦੇ ਸਾਹਮਣੇ ਇੱਕ ਨਿਰਦੋਸ਼ ਬੰਦਾ ਕਤਲ ਦੇ ਕੇਸ ਵਿੱਚ ''ਨਰੜ" ਧਰਿਆ ਸੀ। ਪਰ ਉਹ ਕੁੱਟ ਖਾਣ ਅਤੇ ਪਛਤਾਵਾ ਕਰਨ ਤੋਂ ਇਲਾਵਾ ਕੁਛ ਕਰ ਨਹੀਂ ਸਕਿਆ ਸੀ। ਉਸ ਨੂੰ ਪੁਲੀਸ 'ਤੇ ਰਹਿ-ਰਹਿ ਕੇ ਗੁੱਸਾ ਆ ਰਿਹਾ ਸੀ। ਰੇਲ ਗੱਡੀ 'ਚ ਬੈਠਾ ਭੱਈਆ ਪਤਾ ਨਹੀਂ ਕਿੰਨੀ ਕੁ ਵਾਰ ਰੋਇਆ ਸੀ। ਉਸ ਦੀ ਜਾਗਦੀ ਜ਼ਮੀਰ ਉਸ ਦੇ ਅੰਦਰੋਂ ਹੁੱਝਾਂ ਮਾਰ ਰਹੀ ਸੀ। ਘੋਰ ਤਸ਼ੱਦਦ ਸਾਹਮਣੇ ਉਸ ਦੀ ਕੋਈ ਪੇਸ਼ ਨਹੀਂ ਗਈ ਸੀ। ਨਹੀਂ ਤਾਂ ਉਹ ਕਿਸੇ ਵੀ ਨਿਰਦੋਸ਼ 'ਤੇ ਝੂਠੀ ਗਵਾਹੀ ਨਾ ਦਿੰਦਾ। ਭੱਈਏ ਦਾ ਦਿਲ ਕੀਰਨੇਂ ਪਾਈ ਜਾ ਰਿਹਾ ਸੀ।
ਸੰਤੋਖ ਨੂੰ ਪਹਿਲਾਂ ਮੋਗਾ 'ਲੌਕ-ਅੱਪ' ਅਤੇ ਫ਼ਿਰ ਫ਼ਿਰੋਜ਼ਪੁਰ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ।
ਉਹ ਘੋਰ ਹੈਰਾਨ ਸੀ ਕਿ ਜੈਲਦਾਰ ਸੱਜਣ ਸਿੰਘ ਨੇ ਉਸ ਦੀ ਮੁਲਾਕਾਤ ਤੱਕ ਨਹੀਂ ਕੀਤੀ ਸੀ। ਨਾ ਹੀ ਉਹ ਪੇਸ਼ੀ ਮੌਕੇ ਅਦਾਲਤ ਵਿਚ ਹਾਜ਼ਰ ਹੋਇਆ ਸੀ। ਜਿਸ ਦੇ ਮੂੰਹ ਨੂੰ ਉਸ ਨੇ ਐਡਾ ਵੱਡਾ ਸੰਤਾਪ ਸਹੇੜਿਆ ਸੀ, ਉਸ ਨੇ ਉਸ ਦੀ ਬਾਤ ਤੱਕ ਨਹੀਂ ਪੁੱਛੀ ਸੀ। ਇਸ ਦਾ ਸੰਤੋਖ ਨੂੰ ਬਹੁਤ ਰੰਜ ਸੀ। ਵੱਡਾ ਫ਼ਿਕਰ ਉਸ ਨੂੰ ਆਪਣੀ ਘਰਵਾਲ਼ੀ ਜਸਮੇਲ ਕੌਰ ਦਾ ਸੀ। ਉਸ ਦਾ ਫ਼ਿਕਰ ਸੰਤੋਖ ਨੂੰ ਅੰਦਰੇ ਅੰਦਰ ਘੁਣ ਵਾਂਗ ਖਾਂਦਾ ਰਹਿੰਦਾ। ਕੀ ਕਰਦੀ ਹੋਉਗੀ ਇਕੱਲੀ ਵਿਚਾਰੀ..? ਪਤਾ ਨਹੀਂ ਜੈਲਦਾਰ ਨੇ ਉਹਨੂੰ ਕੋਈ ਪੈਸਾ ਦਿੱਤਾ ਵੀ ਹੋਊਗਾ, ਕਿ ਨਹੀਂ..? ਉਹ ਤਾਂ ਵਿਚਾਰੀ ਅਜੇ ਪਿੰਡ ਵਿਚ ਵੀ ਕਿਸੇ ਨੂੰ ਨਹੀਂ ਜਾਣਦੀ। ਜੇ ਜੈਲਦਾਰ ਨੇ ਉਹਨੂੰ ਕੁਆਂਟਲ਼ ਕਣਕ ਦੇ ਦਿੱਤੀ ਹੋਊ, ਫ਼ੇਰ ਤਾਂ ਕੋਈ ਪ੍ਰਵਾਹ ਨਹੀਂ, ਨਹੀਂ ਤਾਂ ਵਿਚਾਰੀ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੋਊਗਾ..! ਜੈਲਦਾਰਨੀ ਤਾਂ ਕਹਿੰਦੀ ਸੀ ਕਿ ਵੀਹ ਹਜ਼ਾਰ ਰੁਪਈਆ ਜਸਮੇਲ ਕੌਰ ਨੂੰ ਅਗਲੀ ਸਵੇਰ ਹੀ ਦੇ ਦਿਊਗੀ..? ਜੈਲਦਾਰ ਹਜ਼ਾਰ ਰੁਪਈਆ ਮਹੀਨਾਂ ਵੀ ਦੇਣ ਨੂੰ ਕਹਿੰਦਾ ਸੀ..! ਪਰ ਕੀ ਪਤਾ, ਦਿੱਤਾ ਵੀ ਐ ਕਿ ਨਹੀਂ..? ਜੈਲਦਾਰ ਮੇਰੀ ਪੇਸ਼ੀ 'ਤੇ ਅਦਾਲਤ ਤਾਂ ਪਹੁੰਚਿਆ ਨੀ, ਪੈਸੇ ਉਹਨੂੰ ਕਿੱਥੋਂ ਦਿੱਤੇ ਹੋਣਗੇ..? ਪਰ ਅਦਾਲਤ ਤਾਂ ਸ਼ਾਇਦ ਅਗਲਾ ਡਰਦਾ ਹੀ ਨੀ ਪਹੁੰਚਿਆ ਹੋਣਾਂ..? ਬਈ ਕਿਤੇ ਗੱਲ ਪੁੱਠੀ ਨਾ ਪੈ ਜਾਵੇ..! ਵਿਰੋਧੀ ਧਿਰ ਕਿਹੜਾ ਘੱਟ ਐ...? ਅਗਲੇ ਵੀ ਵੈਰ ਲੈਣ ਨੂੰ ਮੁੱਠੀਆਂ 'ਚ ਥੁੱਕੀ ਫ਼ਿਰਦੇ ਐ...!  ਜੈਲਦਾਰ ਮੇਰੇ ਨਾਲ਼ ਕਦੇ ਵੀ ਧੋਖਾ ਨਹੀਂ ਕਰਦਾ..! ਪਿੰਡ ਦਾ ਬੰਦੈ, ਮੂੰਹ-ਮੁਲ੍ਹਾਹਜਾ ਵੀ ਕੋਈ ਮਾਹਨਾ ਰੱਖਦੈ..! ਜੈਲਦਾਰ ਨੇ ਵੀ ਪਿੰਡ ਵਿੱਚ ਵਿਚਰਨੈਂ..! ਉਹ ਸੋਚਾਂ ਦੀ ਘੋੜ-ਦੌੜ ਵਿਚ ਉਲ਼ਝਿਆ ਹੋਇਆ ਸੀ।
ਪੂਰਾ ਮਹੀਨਾਂ ਲੰਘ ਗਿਆ।
ਸੰਤੋਖ ਦੀ ਮੁਲਾਕਾਤ ਲਈ ਵੀ ਕੋਈ ਨਹੀਂ ਪਹੁੰਚਿਆ ਸੀ।
ਉਹ ਹੈਰਾਨ ਸੀ ਕਿ ਜੈਲਦਾਰ ਸੱਜਣ ਸਿੰਘ ਨੇ ਵੀ ਬੱਤੀ ਨਹੀਂ ਵਾਹੀ ਸੀ। ਬਾਤ ਤਾਂ ਕੀ ਪੁੱਛਣੀ ਸੀ, ਰੜਕਿਆ ਤੱਕ ਨਹੀਂ ਸੀ। ਜਦ ਮੁਲਾਕਾਤ ਦਾ ਵਕਤ ਹੁੰਦਾ, ਅਵਾਜ਼ਾਂ ਪੈਂਦੀਆਂ ਤਾਂ ਸੰਤੋਖ ਪੈਣ ਵਾਲ਼ੀ ਅਵਾਜ਼ ਲਈ ਕੰਨ ਖੜ੍ਹੇ ਰੱਖਦਾ। ਪਰ ਜਦ ਮੁਲਾਕਾਤ ਦਾ ਵਕਤ ਖ਼ਤਮ ਹੋ ਜਾਂਦਾ ਤਾਂ ਉਹ ਹਰਾਸ ਮਾਰਿਆਂ ਵਾਂਗ ਧੜ੍ਹੰਮ ਕਰ ਕੇ ਡਿੱਗਦਾ ਅਤੇ ਕੀੜਿਆਂ ਵਾਲ਼ੇ ਕੁੱਤੇ ਵਾਂਗ ਪਿਆ ਸੋਚਦਾ ਰਹਿੰਦਾ।
ਉਸ ਦੀ ਨਿਰਾਸ਼ਾ ਦਿਨੋ-ਦਿਨ ਵਧ ਰਹੀ ਸੀ ਅਤੇ ਜਸਮੇਲ ਕੌਰ ਦਾ ਫ਼ਿਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਜੇ ਜਸਮੇਲ ਕੌਰ ਨੂੰ ਮੈਂ ਦਗਾ ਹੀ ਦੇਣਾਂ ਸੀ, ਤਾਂ ਵਿਚਾਰੀ ਨਾਲ਼ ਵਿਆਹ ਕਾਹਨੂੰ ਕਰਵਾਉਣਾਂ ਸੀ..? ਕੀ ਸੁਖ ਦੇਖਿਐ ਜਸਮੇਲ ਕੁਰ ਨੇ ਹੁਣ ਤੱਕ ਮੇਰਾ..? ਉਹ ਸੈੱਲ ਵਿਚ ਬੈਠਾ ਘੁਲਾੜ੍ਹੀ ਵਿਚ ਪੀੜਿਆ ਜਾ ਰਿਹਾ ਸੀ।
ਪੂਰੇ ਦੋ ਮਹੀਨੇ ਬੀਤਣ ਬਾਅਦ ਉਸ ਨੂੰ ਮੁਲਾਕਾਤ ਲਈ ਅਵਾਜ਼ ਪਈ।
ਉਸ ਦੇ ਧਰਤੀ ਪੈਰ ਨਹੀਂ ਲੱਗਦੇ ਸਨ। ਕੌਣ ਆਇਆ ਹੋਇਆ..? ਜਸਮੇਲ ਕੌਰ..? ਜਾਂ ਫ਼ੇਰ ਜੈਲਦਾਰ..? ਜਾਂ ਜੈਲਦਾਰ ਦਾ ਵੱਡਾ ਮੁੰਡਾ ਟਿੱਕੀ..? ਜਾਂ ਛੋਟਾ ਸਿੱਕੀ..? ਫ਼ੇਰ ਵੀ ਮੈਂ ਉਹਨਾਂ ਲਈ ਕਿੱਡਾ ਕਦਮ ਚੁੱਕਿਐ, ਆਉਣ ਦਾ ਫ਼ਰਜ਼ ਤਾਂ ਬਣਦਾ ਈ ਸੀ..! ਦੋ ਮਹੀਨੇ ਡਰਦੇ ਨਹੀਂ ਆਏ ਹੋਣੇ, ਬਈ ਗੱਲ ਠੰਢੀ ਪੈ ਲੈਣ ਦਿਓ, ਫ਼ੇਰ ਜਾਵਾਂਗੇ..!
ਜਦ ਉਹ ਮੁਲਾਕਾਤ ਵਾਸਤੇ ਅਹਾਤੇ ਵਿੱਚ ਪਹੁੰਚਿਆ ਤਾਂ ਅੱਗੇ ਜਸਮੇਲ ਕੌਰ ਬੈਠੀ ਸੀ।
ਉਸ ਦਾ ਚਿਹਰਾ ਫ਼ੁੱਲ ਵਾਂਗ ਕੁਮਲਾਇਆ ਹੋਇਆ ਸੀ।
ਜਸਮੇਲ ਕੌਰ ਨੂੰ ਦੇਖ ਕੇ ਸੰਤੋਖ ਖਿੜ ਗਿਆ।
-''ਓਹ ਬੱਲੇ...! ਸਾਸਰੀਕਾਲ ਲਾਣੇਦਾਰਨੀਏਂ...!"
-''ਸਾਸਰੀਕਾਲ..!" ਜਸਮੇਲ ਕੌਰ ਬਿਮਾਰਾਂ ਵਾਂਗ ਬੋਲੀ। ਉਸ ਅੰਦਰ ਕੋਈ ਉਤਸ਼ਾਹ ਨਹੀਂ ਸੀ। ਉਹ ਅੰਤਾਂ ਦੀ ਉਦਾਸ ਸੀ।
-''ਐਨੀਂ ਓਦਰੀ ਕਾਹਤੋਂ ਐਂ..? ਯਾਰ ਹੋਣਗੇ ਮਿਲਣਗੇ ਆਪੇ, ਚਿੱਤ ਨੂੰ ਟਿਕਾਣੇਂ ਰੱਖੀਏ..!"
-''...........।" ਜਸਮੇਲ ਕੌਰ ਕੁਝ ਨਾ ਬੋਲੀ। ਸਿਲ਼ ਪੱਥਰ ਬਣੀ ਬੈਠੀ ਰਹੀ।
-''ਤੂੰ ਦੇਖ ਮੈਂ ਅਗਲੀ ਪੇਸ਼ੀ 'ਤੇ ਹੀ ਬਾਹਰ ਆਇਆ..! ਫ਼ਿਕਰ ਕਾਹਦਾ ਕਰਦੀ ਐਂ..? ਵਹਿਮ ਨਾ ਕਰ..! ਜੈਲਦਾਰ ਨੇ ਦਿੱਲੀ ਦੱਖਣ ਤੋਂ ਬੰਦੇ ਢੋਹ ਦੇਣੇ ਐਂ..! ਪੈਸਾ ਪਾਣੀ ਮਾਂਗੂੰ ਵਹਾ ਦੇਣੈ, ਮੇਰੇ ਤਾਂ ਰੱਸੇ ਲਹੇ ਲੈ..!" ਸੰਤੋਖ ਉਸ ਨੂੰ ਧਰਵਾਸ ਦੇਣ ਦੇ ਰੌਂਅ 'ਚ ਬੋਲਿਆ, ''ਤੂੰ ਬੁੱਲ੍ਹ ਜੇ ਕਾਹਨੂੰ ਸਿੱਟੀ ਬੈਠੀ ਐਂ..? ਹੈ ਕਮਲ਼ੀ..! ਭੀੜ੍ਹਾਂ ਸੰਘੀੜ੍ਹਾਂ ਬੰਦਿਆਂ 'ਤੇ ਈ ਪੈਂਦੀਐਂ..! ਤੂੰ ਕੋਈ ਗੱਲ ਬਾਤ ਸੁਣਾ, ਕਿ ਦਰਸ਼ਣ ਦੇ ਕੇ ਈ ਮੁੜ ਜਾਣੈਂ...?" ਸੰਤੋਖ ਨੇ ਉਸ ਨੂੰ ਛੇੜਿਆ।
-''ਹੁਣ ਤੂੰ ਇਉਂ ਕਰੀਂ...! ਅੰਦਰੇ ਈ ਕੁਛ ਖਾ ਕੇ ਮਰਜੀਂ...!" ਜਸਮੇਲ ਕੌਰ ਦੇ ਮੂੰਹ 'ਚੋਂ ਜਿਵੇਂ ਬੋਲ ਨਹੀਂ, ਲਾਟ ਨਿਕਲ਼ੀ ਸੀ।
-''................।" ਸੰਤੋਖ ਸੁਣ ਕੇ ਸੁੰਨ ਹੋ ਗਿਆ।
ਉਸ ਨੇ ਜਸਮੇਲ ਕੌਰ ਉਚੀ ਬੋਲਦੀ ਨਹੀਂ ਸੁਣੀ ਸੀ।
-''ਮੈਂ ਤਾਂ ਸਰਦਾਰਾ ਤੈਨੂੰ ਅੰਤਾਂ ਦਾ ਮੋਹ ਕਰਦੀ ਐਂ ਤੇ ਆਖਰੀ ਵਾਰੀ ਤੇਰਾ ਮੂੰਹ ਦੇਖਣ ਤੇ ਆਪਣਾ ਮੂੰਹ ਦਿਖਾਉਣ ਆਈ ਐਂ..! ਬੱਸ ਅੰਦਰੇ ਈ ਮਰਜੀਂ ਕੁਛ ਖਾ ਕੇ..!"
ਉਹ ਹੱਥਾਂ ਵਿਚ ਮੂੰਹ ਲੈ ਕੇ ਰੋਣ ਲੱਗ ਪਈ।
-''ਕੀ ਹੋ ਗਿਆ..? ਜੈਲਦਾਰ ਨੇ ਤੈਨੂੰ ਪੈਸੇ ਤੇ ਕਣਕ ਨ੍ਹੀ ਭੇਜੀ..?" ਸੰਤੋਖ ਦੇ ਤੌਰ ਬਦਲ ਗਏ।
-''ਤੂੰ ਗੋਲ਼ੀ ਮਾਰ ਕਣਕ ਨੂੰ, ਤੇ ਅੱਗ ਲੱਗਣ ਪੈਸੇ..! ਜਿਹਨਾਂ ਦੀ ਖਾਤਰ ਤੂੰ ਆਪਣੀ ਜਾਨ ਦਾਅ 'ਤੇ ਲਾਈ ਬੈਠੈਂ ਐਂ ਨ੍ਹਾਂ, ਤੇਰੇ ਓਸੇ ਔਤਾਂ ਦੇ ਸਿੱਕੀ ਨੇ ਤਾਂ ਮੈਨੂੰ ਖੇਤ ਗਈ ਨੂੰ ਘੇਰ ਕੇ ਮੂੰਹ ਕਾਲ਼ਾ ਕੀਤੈ..! ਤੇ ਫ਼ੇਰ ਓਸੇ ਰਾਤ ਈ ਤੇਰੇ ਹਮਾਇਤੀ ਜੈਲਦਾਰ ਨੇ ਮੈਨੂੰ ਘਰੇ ਆ ਢਾਹਿਆ..! ਹੁਣ ਬਾਹਰ ਆ ਕੇ ਲੋਕਾਂ ਨੂੰ ਕਿਹੜਾ ਮੂੰਹ ਦਿਖਾਵੇਂਗਾ..? ਆਬਦੇ ਪਰਨੇਂ ਨਾਲ਼ ਫ਼ਾਹਾ ਲੈ ਕੇ ਅੰਦਰੇ ਈ ਮਰਜੀਂ..! ਮੈਂ ਵੀ ਮਰੂੰਗੀ ਕੁਛ ਖਾ ਕੇ..!" ਤੇ ਜਸਮੇਲ ਕੌਰ ਉਠ ਕੇ ਤੁਰ ਚੱਲੀ।
ਸੰਤੋਖ ਦੇ ਦਿਮਾਗ ਵਿਚ ਬਿਜਲੀ ਕੜਕੀ ਜਾ ਰਹੀ ਸੀ।
ਬੱਦਲ਼ ਗਰਜੀ ਜਾ ਰਹੇ ਸਨ।
ਕਰੋਧ ਨਾਲ਼ ਉਸ ਦਾ ਸਾਰਾ ਸਰੀਰ ਸੜ ਉਠਿਆ ਸੀ।
-''ਜਸਮੇਲ ਕੁਰੇ..! ਗੱਲ ਸੁਣ...!!" ਉਸ ਨੇ ਡਿਊੜ੍ਹੀ ਕੋਲ਼ ਗਈ ਨੂੰ ਅਵਾਜ਼ ਮਾਰੀ।
-''ਜੇ ਰਾਈ ਜਿੰਨਾਂ ਵੀ ਪਿਆਰ ਕਰਦੀ ਐਂ ਤਾਂ ਇੱਕੋ ਗੱਲ ਸੁਣ ਜਾਹ..!" ਸੰਤੋਖ ਕੁਰਲਾਇਆ।
ਜਸਮੇਲ ਕੌਰ ਮੁੜ ਆਈ।
-''ਕੋਈ ਕਮਲ਼ ਨਾ ਮਾਰੀਂ..! ਜਾਨ ਧੋਖਾ ਨਾ ਕਰੀਂ, ਮੇਰੀ ਮਿੰਨਤ ਐ..! ਆਹ ਦੇਖ...!" ਉਸ ਨੇ ਹੱਥ ਜੋੜ ਕੇ ਦਿਖਾਏ, ''ਬੱਸ ਮੂੰਹ ਬੰਦ ਰੱਖੀਂ, ਕਿਸੇ ਨੂੰ ਦੱਸੀਂ ਨਾ ਇਹ ਗੱਲ..! ਮੈਂ ਆਇਆ ਲੈ...! ਕੁਛ ਨਾ ਕਰੀਂ, ਚੁੱਪ ਰਹੀਂ..! ਇਹਨਾਂ ਦੇ ਫ਼ੰਭੇ ਉੜਦੇ ਤੂੰ ਅੱਖੀਂ ਦੇਖੀਂ..! ਬਚਨ ਦੇਹ ਮੈਨੂੰ, ਸਹੁੰ ਖਾ ਮੇਰੀ ਬਈ ਖਾ ਕੇ ਮਰਨ ਆਲ਼ੀ ਗੱਲ ਨਹੀਂ ਕਰੇਂਗੀ..! ਤੂੰ ਹਸ਼ਰ ਦੇਖੀਂ ਇਹਨਾਂ ਦਾ ਮੈਂ ਕੀ ਕਰਦੈਂ..! ਜੇ ਤੇਰਾ ਆਪਣੇ ਪਿੰਡ ਨਹੀਂ ਰਹਿਣ ਦਾ ਮਨ, ਤਾਂ ਬੇਬੇ ਕੋਲ਼ੇ ਪੇਕੀਂ ਜਾ ਕੇ ਰਹਿ'ਲਾ, ਠੀਕ ਐ...? ਤੈਨੂੰ ਮੇਰੀ ਸਹੁੰ ਜੇ ਕੋਈ ਮਾੜਾ ਕਦਮ ਚੱਕੇਂ..! ਖਾਅ ਸਹੁੰ...!!
-''.................।" ਜਸਮੇਲ ਕੌਰ ਸਹਿਮਤੀ ਵਿਚ ਸਿਰ ਹਿਲਾਇਆ।
ਮੂੰਹ ਅੱਗੇ ਉਸ ਨੇ ਚੁੰਨੀ ਘੁੱਟ ਰੱਖੀ ਸੀ।
-''ਮੈਨੂੰ ਲੱਗਦੈ ਜੈਲਦਾਰ ਆਪਣੇ ਘਰ 'ਤੇ ਵੀ ਕਬਜਾ ਕਰੂਗਾ..!"
-''ਕਿਉਂ..? ਕੁਛ ਕਹਿੰਦਾ ਸੀ..?" ਉਸ ਦੇ ਦਿਮਾਗ ਅੰਦਰ ਇੱਕ ਹੋਰ ਭੜ੍ਹਾਕਾ ਚੱਲਿਆ।
-''ਨਹੀਂ..! ਮੈਨੂੰ ਉਹਨਾਂ ਦੇ ਚਾਲੇ ਵਿਗੜੇ ਲੱਗਦੇ ਐ..! ਆਪਣੇ ਘਰ ਮੂਹਰੇ ਖੜ੍ਹ ਕੇ ਸਕੂਲ ਖੋਲ੍ਹਣ ਦੀਆਂ ਸਕੀਮਾਂ ਜੀਆਂ ਕਰਦਾ ਸੀ, ਨਾਲ਼ ਇੱਕ ਹੋਰ ਸੀ ਲਗਾੜਾ ਜਿਆ..!"
-''ਕਰ ਲੈਣ ਦੇ ਹੁਣ ਜਿੰਨੇ ਵਾਰ ਕਰਦੇ ਐ, ਇੱਕੋ ਵਾਰ 'ਚ ਸਾਰਾ ਕੁਛ ਬਰਾਬਰ ਕਰ ਦਿਊਂਗਾ, ਤੂੰ ਅੱਖੀਂ ਦੇਖੇਂਗੀ, ਬੱਸ ਕੋਈ ਗਲਤ ਕਦਮ ਨੀ ਚੱਕਣਾਂ, ਠੀਕ ਐ..? ਤੈਨੂੰ ਮੇਰੀ ਸਹੁੰ..! ਚੰਗਾ...?"
-''..................!" ਉਸ ਨੇ ਮੁੜ ਸਿਰ ਹਿਲਾਇਆ।
-''ਮੇਰੇ ਆਉਣ ਦੀ ਉਡੀਕ ਕਰੀਂ ਬੱਸ..! ਬੇਬੇ ਕੋਲ਼ੇ ਪੇਕੀਂ ਚਲੀ ਜਾਹ..! ਜਿੱਦਣ ਬਾਹਰ ਆ ਗਿਆ, ਜੈਲਦਾਰ ਦਾ ਕਾਲ਼ ਬੋਲੂਗਾ..! ਬੱਸ ਚੁੱਪ ਈ ਰਹੀਂ, ਕਿਸੇ ਨੂੰ ਕੋਈ ਗੱਲ ਨੀ ਦੱਸਣੀ, ਅਗਲੇ ਕੰਨ ਚੱਕ ਕੇ ਸਾਵਧਾਨ ਹੋ ਜਾਂਦੇ ਐ..! ਆਪਾਂ ਉਹਨਾਂ ਨੂੰ ਅਵੇਸਲ਼ਾ ਕਰ ਕੇ ਰੱਖਣੈਂ, ਸਿਰ ਨੀ ਹੋਣ ਦੇਣਾਂ, ਨਹੀਂ ਜੱਟ ਸੁੱਕੀ ਦੇ ਪੱਤਣ ਨਿਕਲ਼ ਜਾਣਗੇ, ਸੁਣ ਗਿਆ..?"
ਜਸਮੇਲ ਕੌਰ ਸਹਿਮਤੀ ਭਰ ਬਾਹਰ ਆ ਗਈ।
....ਸਮਾਪਤ