Gursharan Singh

ਕੇ.ਸੀ.ਮੋਹਨ ਦੀ ਪੁਸਤਕ ”ਸਮੇਂ ਨਾਲ ਗੱਲਾਂ" ਬਾਰੇ - ਗੁਰਸ਼ਰਨ ਸਿੰਘ

ਸਮੇਂ ਨਾਲ ਗੱਲਾਂ : ਸਮੇਂ ਨਾਲ ਗੱਲਾਂ ਕੇ.ਸੀ.ਮੋਹਨ ਦੀਆਂ ਸਾਹਿਤ, ਕਲਾ, ਰਾਜਨੀਤੀ ਅਤੇ ਸਮਾਜ ਸੁਧਾਰ ਨਾਲ ਸਬੰਧਤ 25 ਸ਼ਖਸੀਅਤਾਂ ਨਾਲ ਮੁਲਾਕਾਤਾਂ ਹਨ। ਇੰਗਲੈਂਡ ਵਿੱਚ ਰਹਿੰਦਾ ਕੇ.ਸੀ.ਮੋਹਨ ਸਾਡਾ ਉਹ ਲੇਖਕ ਅਤੇ ਪੱਤਰਕਾਰ ਹੈ, ਜੋ ਜ਼ਿੰਦਗੀ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵਿਚਰ ਰਹੇ ਲੋਕਾਂ ਵਿੱਚ ਗਹਿਰੀ ਦਿਲਚਸਪੀ ਰੱਖਦਾ ਹੈ । ਇਨ੍ਹਾਂ ਮੁਲਾਕਾਤਾਂ ਵਿੱਚ ਜੋ ਸ਼ਖਸੀਅਤਾਂ ਸ਼ਾਮਿਲ ਹਨ ਉਹ ਪਾਕਿਸਤਾਨ ਦੀ ਗਾਇਕਾ ਤਾਹਿਰਾ ਸਈਅਦ (ਮਲਕਾ ਪੁਖਰਾਜ ਦੀ ਧੀ), ਅਦਾਕਾਰਾ ਦਿਪਤੀ ਨਵਲ, ਗੁਰਬਾਣੀ ਗਾਇਕ ਭਾਈ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ, ਤਬਲਾ ਵਾਦਕ ਰਾਸ਼ਿਦ ਮੁਸਤਫਾ, ਕਥਕ ਨਰਤਕੀ ਉਮਾ ਡੋਗਰਾ, ਇੰਗਲੈਡ ਦਾ ਗਾਇਕ ਹਰਚਰਨਜੀਤ ਚੰਨੀ, ਕਮਿਊਨਿਸਟ ਨੇਤਾ ਪਿਆਰਾ ਸਿੰਘ ਦਿਓਸੀ, ਇਗਲੈਂਡ ਦਾ ਹੀ ਰੇਡੀਓ ਸੰਸਥਾਪਕ ਅਵਤਾਰ ਲਿੱਟ, ਇੰਗਲੈਡ ਦੀ ਲੇਖਿਕਾ ਬੈਰਲ ਧੰਜਲ, ਗਾਇਕ ਜਗਜੀਤ ਸਿੰਘ, ਅਮਰੀਕਾ ਦੀ ਨਾਵਲਿਸਟ ਕਮਲੇਸ਼ ਚੌਹਾਨ, ਇੰਗਲੈਡ ਦੀ ਗਾਇਕਾ ਸ਼ੀਲਾ ਚੰਦਰਾ, ਕਮਿਊਨਿਸਟ ਨੇਤਾ ਚੈਨ ਸਿੰਘ ਚੈਨ, ਕਹਾਣੀਕਾਰ ਪ੍ਰੇਮ ਪ੍ਰਕਾਸ਼, ਅਮਰੀਕਾ ਦਾ ਤਰੱਕੀ ਪਸੰਦ ਐਕਟੀਵਿਸਟ ਹਰਸ਼ਰਨ ਧੀਦੋ (ਪਾਸ਼ ਦਾ ਬਹਿਨੋਈ), ਆਸਟ੍ਰੇਲੀਆ ਦੀ ਸਮਾਜ ਸੇਵਕਾ ਰਵਿੰਦਰ ਸਿੱਧੂ, ਇੰਗਲੈਡ ਦਾ ਲੇਖਕ ਹਰੀਸ਼ ਮਲਹੋਤਰਾ, ਕੈਨੇਡਾ ਵਿੱਚ ਵਸਦੀ ਪੰਜਾਬ ਦੀ ਨੀਲਮ ਮਮਤਾ ਧੀਰ, ਅਕਾਲੀ ਨੇਤਾ ਲਖਮੀਰ ਸਿੰਘ ਢਿਲੋ, ਦਿੱਲੀ ਦਾ ਕਾਂਗਰਸੀ ਨੇਤਾ ਟਿੰਕਲ ਬਿੰਦਰਾ, ਇੰਗਲੈਡ ਦਾ ਟੀ.ਵੀ.ਕਲਾਕਾਰ ਸੰਦੀਪ ਸੂਰੀ, ਪਾਕਿਸਤਾਨ ਦਾ ਗਾਇਕ ਗੁਲਾਮ ਅਲੀ, ਗਾਇਕਾ ਮੀਨੂੰ ਪਰਸ਼ੋਤਮ ਅਤੇ ਲੋਕ ਵਿਰਸੇ ਦਾ ਸ਼ੈਦਾਈ ਰਣਜੀਤ ਸਿੰਘ ਬਾਜਵਾ ਹੈ ।
     ਇਨ੍ਹਾਂ ਮੁਲਾਕਾਤਾਂ ਵਿੱਚ ਕੇ.ਸੀ.ਮੋਹਨ ਦੀ ਖੂਬੀ ਹੈ ਕਿ ਉਹ ਮੁਲਾਕਾਤੀਆਂ ਦੇ ਦਿਲਾਂ ਦੀ ਗਹਿਰਾਈ ਤੱਕ ਪੁੱਜ ਸਕਿਆ ਹੈ ਅਤੇ ਐਸੇ ਤੱਥ ਰੀਕਾਰਡ ਕਰ ਸਕਿਆ ਹੈ, ਜੋ ਹਰ ਖੇਤਰ ਬਾਰੇ ਸਾਨੂੰ ਜਾਣਕਾਰੀ ਵੀ ਦਿੰਦੇ ਹਨ ਅਤੇ ਦਿਲਚਸਪੀ ਵੀ ਪੈਦਾ ਕਰਦੇ ਹਨ ।
     ਅਕਾਲੀ ਨੇਤਾ ਲਖਮੀਰ ਸਿੰਘ ਢਿਲੋਂ, ਕਾਂਗਰਸੀ ਨੇਤਾ ਟਿੰਕਲ ਬਿੰਦਰਾ ਅਤੇ ਐਜ਼ਟੀ 47 ਦੇ ਸਰਗਰਮ ਕਾਰਕੁਨ ਹਰਸਰਨ ਧੀਦੋ ਦੀਆਂ ਮੁਲਾਕਾਤਾਂ ਵਿੱਚ ਪੰਜਾਬ ਮਸਲੇ ਬਾਰੇ ਜੋ ਵੱਖ ਵੱਖ ਪਹੁੰਚਾਂ ਹਨ, ਉਹ ਸਪਸ਼ਟ ਰੂਪ ਵਿੱਚ ਨਿਖਰ ਕੇ ਪਾਠਕਾਂ ਦੇ ਸਾਹਮਣੇ ਆ ਜਾਂਦੀਆਂ ਹਨ ।
      ਭਾਰਤੀ ਮੂਲ ਦੀ ਨਾਵਲਿਸਟ ਕਮਲੇਸ਼ ਚੌਹਾਨ ਆਪਣੇ ਪ੍ਰਸਿੱਧ ਨਾਵਲ ‘ਸਾਤ ਸਮੁੰਦਰ ਪਾਰ’ ਬਾਰੇ ਦਸਦੀ ਹੋਈ ਕੁਝ ਸਚਾਈਆਂ ਉਤੇ ਚਾਨਣਾ ਪਾਉਂਦੀ ਹੈ । ਅਮਰੀਕਾ ਅਤੇ ਕੈਨੇਡਾ ਵਿੱਚ ਰਹਿੰਦੇ ਏਸ਼ੀਆਈਆਂ ਦੀਆਂ ਸਮਸਿਆਵਾਂ ਬਾਰੇ ਉਸਦਾ ਵਿਚਾਰ ਹੈ ਕਿ ਇੰਡੀਆ'ਚ ਬਹੁਗਿਣਤੀ ਲੋਕਾਂ ਨੂੰ ਇਹ ਹੈ ਕਿ ਉਨ੍ਹਾਂ ਦਾ ਲੜਕਾ ਜਾਂ ਲੜਕੀ ਬਾਹਰਲੇ ਮੁਲਕ ਵਿੱਚ ਚਲਿਆ ਜਾਵੇ, ਉਨ੍ਹਾਂ ਨੂੰ ਇਹ ਅਹਿਸਾਸ ਨਹੀ ਕਿ ਬਾਹਰ ਕਿੰਨੀਆਂ ਮੁਸ਼ਕਿਲਾਂ ਹਨ ਅਤੇ ਸੈਟਲ ਹੋਣ ਨੂੰ ਕਿੰਨਾ ਚਿਰ ਲਗਦਾ ਹੈ। ਬਾਹਰ ਵਸਦੇ ਮੁੰਡੇ ਤਾਂ ਇਹ ਚਾਹੁੰਦੇ ਨੇ ਕਿ ਇੰਡੀਆ ਤੋਂ ਆਈ ਕੁੜੀ ਰਾਤੋ-ਰਾਤ ਵੈਸਟਰਨ ਹੋ ਜਾਵੇ ਤੇ ਕੁਝ ਇਹ ਵੀ ਚਾਹੁੰਦੇ ਨੇ ਕਿ ਉਹ ਵੈਸਟਰਨ ਨਾ ਹੋਵੇ। ਘਰਾਂ ਵਿੱਚ ਲੜਾਈ ਝਗੜੇ, ਤਲਾਕ ਜਾਂ ਕਈ ਵਾਰੀ ਆਪਣੇ ਸਾਥੀ ਤੋ ਬਿਨਾਂ ਹੋਰ ਕਿਸੇ ਨਾਲ ਸਬੰਧ ਪੈਦਾ ਹੋ ਜਾਵੇ, ਇਹ ਮਸਲੇ ਹਨ, ਜਿਨ੍ਹਾਂ ਬਾਰੇ ਤਰਕਸ਼ੀਲਤਾ ਨਾਲ ਸੋਚਣਾ ਜਰੂਰੀ ਹੈ। ਮਰਦ ਦਾ ਇਹ ਕੁਦਰਤੀ ਸੁਭਾਅ ਹੈ ਕਿ ਉਹਦੇ ਵਿੱਚ ਸ਼ਹਿਨਸ਼ੀਲਤਾ ਦੀ ਘਾਟ ਹੈ। ਔਰਤ 'ਚ ਇਹ ਸ਼ਕਤੀ ਹੈ ਕਿ ਉਹ ਮੁਆਫ ਕਰਦੀ ਹੈ, ਆਪਣੇ ਆਪ ਤੇ ਜ਼ੁਲਮ ਕਰਦੀ ਹੈ। ਔਰਤ-ਮਰਦ ਦੇ ਗੁੰਝਲਦਾਰ ਰਿਸ਼ਤਿਆਂ ਬਾਰੇ ਇਸ ਮੁਲਾਕਾਤ ਵਿੱਚ ਕੁਝ ਬੇਬਾਕ ਗੱਲਾਂ ਸ਼ਾਮਲ ਹਨ ।
       ਸੰਗੀਤ ਵਿੱਚ ਵਿਚਰ ਰਹੀਆਂ ਸ਼ਖਸੀਅਤਾਂ ਦੀ ਆਪਣੀ ਦੁਨੀਆਂ ਹੈ, ਉਨ੍ਹਾਂ ਦਾ ਸਰੋਕਾਰ ਬਾਹਰਲੀ ਦੁਨੀਆਂ ਨਾਲ ਇੰਨਾ ਹੀ ਹੈ ਕਿ ਲੋਕ ਉਨ੍ਹਾਂ ਦੀ ਕਲਾ ਨੂੰ ਕਿਸ ਨਜ਼ਰੀਏ ਨਾਲ ਪਸੰਦ ਜਾਂ ਨਾਪਸੰਦ ਕਰਦੇ ਹਨ। ਕਲਾਸਕੀ ਸੰਗੀਤ, ਪੌਪ ਸੰਗੀਤ, ਲੋਕ ਗੀਤਾਂ ਨੂੰ ਪੌਪ ਸ਼ੈਲੀ ਵਿੱਚ ਢਾਲਣਾ, ਗਜ਼ਲ ਦੀ ਗਾਇਕੀ ਦੀ ਨੈਤਿਕਤਾ ਬਾਰੇ ਬਹੁਤ ਸਾਰੇ ਸੰਗੀਤ ਨਾਲ ਜੁੜੀਆਂ ਇਨ੍ਹਾਂ ਸ਼ਖਸੀਅਤਾਂ ਨਾਲ ਗਲਬਾਤ ਵਿੱਚ ਮਿਲਦੀ ਹੈ। ਉਹ ਆਪਣੇ ਆਪ ਵਿੱਚ ਇਕ ਬੜਾ ਹੀ ਦਿਲਚਸਪ ਅਧਿਐਨ ਹੈ। ਸੰਗੀਤ ਦੇ ਇਨ੍ਹਾਂ ਕਲਾਕਾਰਾਂ ਕੋਲੋਂ ਜਦੋਂ ਪੁਛਿਆ ਗਿਆ ਕਿ ਤੁਹਾਨੂੰ ਕਿਹੜੀ ਗੱਲ ਸਾਰਿਆਂ ਨਾਲੋਂ ਭੈੜੀ ਲਗਦੀ ਹੈ ਤਾਂ ਜਵਾਬ ਲਗਪਗ ਸਾਰਿਆਂ ਦਾ ਇਕ ਸੀ ਕਿ ਜਦੋਂ ਕੋਈ ਗਾਇਕ ਬੇਸੁਰਾ ਗਾਉਂਦਾ ਹੋਵੇ। ਇਨ੍ਹਾਂ ਮੁਲਾਕਾਤਾਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਗਰਨਾ ਸਾਹਿਬ ਵਾਲੇ ਭਾਈ ਦਿਲਬਾਗ ਸਿੰਘ ਤੇ ਗੁਲਬਾਗ ਸਿੰਘ ਭਾਵੇਂ ਬਹੁਤੇ ਪ੍ਰਸਿੱਧ ਨਹੀਂ ਹੋ ਸਕੇ ਪਰ ਉਹ ਗੁਰਬਾਣੀ ਦੀ ਗਾਇਕੀ ਵਿੱਚ ਚੋਟੀ ਦੀ ਥਾਂ ਰਖਦੇ ਹਨ ਤੇ ਉਨ੍ਹਾਂ ਦੀ ਵਿਸ਼ੇਸ਼ਤਾ ਹੈ ਕਿ ਉਹ ਕੀਰਤਨ ਉਸੇ ਰਾਗ ਵਿੱਚ ਕਰਦੇ ਹਨ ਜਿਸ ਰਾਗ ਵਿੱਚ ਗੁਰਬਾਣੀ ਰਚੀ ਗਈ ਹੈ ।
"ਅਭੀ ਤੋ ਮੈ ਜਵਾਨ ਹੂੰ" ਗਾਉਣ ਵਾਲੀ ਮਲਕਾ ਪੁਖਰਾਜ ਦੀ ਬੇਟੀ ਤਾਹਿਰਾ ਸਈਅਦ ਦਾ ਕਹਿਣਾ ਹੈ, "ਮੈਨੂੰ ਉਹ ਹੀ ਚੀਜਾਂ ਜ਼ਿਆਦਾ ਚੰਗੀਆ ਲਗਦੀਆਂ ਨੇ ਜਿਹੜੀਆਂ ਮੈਂ ਮੰਮੀ ਦੀਆਂ ਗਾਈਆਂ ਨੇ- ਵੋਹ ਬਾਤੇਂ ਤੇਰੇ, ਵੋਹ ਅਫਸਾਨੇ ਤੇਰੇ, ਸ਼ਗੁਫਤਾ ਸ਼ਗੁਫਤਾ ਬਹਾਨੇ ਤੇਰੇ- ਮੈਂ ਮੰਮੀ ਨਾਲ ਇੰਡੀਆ ਗਈ, ਬਹੁਤ ਅੱਛਾ ਲੱਗਿਆ, ਬਹੁਤ ਜਿਆਦਾ ਮਾਣ ਮਿਲਿਆ। ਉਨ੍ਹਾਂ ਦੀ ਮੰਮੀ ਨਾਲ ਉਨਸ ਵੀ ਬਹੁਤ ਸੀ ਨਾ, ਲੋਕ ਬਹੁਤ ਪਿਆਰ ਨਾਲ ਮਿਲੇ ਉਥੇ, ਮੈਨੂੰ ਇਹ ਬਹੁਤ ਚੰਗਾ ਲਗਿਆ। ਅਮ੍ਰਿਤਸਰ, ਚੰਡੀਗੜ, ਮੁਬੰਈ, ਬੰਗਲੌਰ, ਲਖਨਊ ਕਈ ਥਾਵਾਂ 'ਤੇ ਗਈ। ਮੈਨੂੰ ਦਿੱਲੀ ਪਸੰਦ ਏ। ਇਹ ਬਹੁਤ ਜਿਆਦਾ ਲਾਹੌਰ ਵਾਂਗ ਲਗਦਾ ਹੈ, ਉਥੇ ਜਾ ਕੇ ਮਹਿਸੂਸ ਨਹੀਂ ਹੁੰਦਾ ਕਿ ਨਵੀ ਥਾਂ ਆ ਗਏ ਹਾਂ। ਲੋਕ ਵੀ ਆਪਣੀ ਤਰਾਂ ਹੀ ਲਗਦੇ ਨੇ। ਕਹਾਣੀ, ਨਾਵਲ, ਕਵਿਤਾ, ਨਾਟਕ ਆਦਿਕ ਸਾਹਿਤ ਦੀਆਂ ਸਥਾਪਤ ਵਿਧਾ ਹਨ। ਇਹ ਮੁਲਾਕਾਤਾਂ ਭਾਵੇਂ ਪੱਤਰਕਾਰੀ ਵਿਧਾ ਵਿੱਚ ਸ਼ਾਮਲ ਕਹੀਆਂ ਜਾ ਸਕਦੀਆਂ ਹਨ ਪਰ ਆਪਣੇ ਆਪ ਵਿੱਚ ਇਨ੍ਹਾਂ ਦਾ ਵੱਡਾ ਸਾਹਿਤਕ ਮੁੱਲ ਹੈ।