Jaspal Loham

ਖੂਨ ਪਸੀਨੇ ਦੀ ਕਮਾਈ ਨੂੰ ਵੀ ਨਹੀਂ ਬਖਸ਼ਦੀ ਰਿਸ਼ਵਤ - ਜਸਪਾਲ ਸਿੰਘ ਲੋਹਾਮ

"ਭ੍ਰਿਸ਼ਟਾਚਾਰ" ਸ਼ਬਦ ਦੋ ਸ਼ਬਦਾਂ ਭ੍ਰਿਸ਼ਟਾ ਅਤੇ ਚਾਰ ਦਾ ਸੁਮੇਲ ਹੈ, ਪਹਿਲਾ ਹਿੱਸਾ ਭ੍ਰਿਸ਼ਟਾ ਦਾ ਮਤਲਬ ਬੁਰਾ ਅਤੇ ਦੂਜਾ ਹਿੱਸਾ ਚਾਰ ਦਾ ਮਤਲਬ ਆਚਰਨ, ਇਹ ਜੋੜ ਕੇ ਅਰਥ ਬੁਰਾ ਆਚਰਨ ਬਣ ਜਾਂਦਾ ਹੈ।  ਰਿਸ਼ਵਤਖੋਰ ਸਿਰੇ ਦੇ ਬੁਰੇ ਬੰਦੇ ਹੁੰਦੇ ਹਨ ਇਸ ਵਿਚ ਕੋਈ ਸ਼ੱਕ ਨਹੀਂ। ਦੇਸ਼ ਵਿਚ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਅਤੇ ਅਨਪੜ੍ਹਤਾ ਨੇ ਆਮ ਆਦਮੀ ਦੀਆਂ ਚੂਲਾਂ ਹਲਾ ਕੇ ਰੱਖ ਦਿੱਤੀਆਂ ਹਨ। ਜਿਸ ਕਰਕੇ ਘਰਾਂ ਦੀਆਂ ਜਰੂਰਤਾਂ ਹੀ ਪੂਰੀਆਂ ਨਹੀਂ ਹੁੰਦੀਆਂ। ਸਭ ਨੂੰ ਰੋਜੀ ਰੋਟੀ ਦੇ ਲਾਲੇ ਪਏ ਰਹਿੰਦੇ ਹਨ। ਘਰ ਦਾ ਗੁਜ਼ਾਰਾ ਚਲਾਉਣਾ ਔਖਾ ਹੋਇਆ ਪਿਆ ਹੈ। ਸੀਟਾਂ ਤੇ ਬੈਠੇ ਚੰਗੇ ਬੰਦੇ ਪ੍ਰਸੰਸਾ ਦੇ ਕਾਬਲ ਹਨ ਪਰ ਦੂਜੇ ਪਾਸੇ ਸੀਟਾਂ ਤੇ ਉਹ ਵੀ ਬੈਠੇ ਹਨ, ਜਿੰਨਾਂ ਦੀਆਂ ਤਨਖਾਹਾਂ ਵੀ ਬਹੁਤ ਹਨ ਫਿਰ ਵੀ ਉਨ੍ਹਾਂ ਦੇ ਘਰਾਂ ਦਾ ਗੁਜਾਰਾ ਨਹੀਂ ਚੱਲ ਰਿਹਾ, ਕਮਾਲ ਦੀ ਗੱਲ ਹੈ ਸੀਟਾਂ ਤੇ ਬੈਠੇ ਕਈ ਖੁਦਗਰਜ ਅਤੇ ਲਾਲਚੀ ਬਣਦੇ ਜਾ ਰਹੇ ਹਨ। ਰਿਸ਼ਵਤ ਲੈ ਕੇ ਕੰਮ ਕਰਦੇ ਹਨ। ਉਨ੍ਹਾਂ ਨੂੰ ਕਿਸੇ ਦਾ ਕੋਈ ਡਰ ਭੈਅ ਨਹੀਂ। ਪਹਿਲਾਂ ਧਾੜਵੀ ਹਮਲਾਵਰ ਦੂਰੋਂ ਬਾਹਰੋਂ ਆਉਂਦੇ ਸੀ ਤੇ ਸਾਡੇ ਮੁਲਕ ਨੂੰ ਲੁੱਟਦੇ ਸੀ। ਹੁਣ ਤਾਂ ਇਥੇ ਹੀ ਆਪਣੇ ਹੀ ਧਾੜਵੀ ਬਣੇ ਫਿਰਦੇ ਹਨ ਅਤੇ ਰਿਸ਼ਵਤ ਦੀ ਮੰਗ ਕਰਦੇ ਹਨ। ਮੁਲਾਜ਼ਮ ਦਫਤਰ ਵਿਚ ਕੰਮ ਕਰਦੇ ਹਨ ਅਤੇ ਰਿਸ਼ਵਤ ਲੈਣ ਵੇਲੇ ਬਾਹਰ ਆ ਜਾਂਦੇ ਹਨ। ਕਈ ਰਕਮ ਸਿੱਧੇ ਨੀ ਫੜਦੇ, ਉਨ੍ਹਾਂ ਨੇ ਬੰਦੇ ਰੱਖੇ ਹੋਏ ਹਨ। ਇਹ ਜੋਕਾਂ ਆਮ ਲੋਕਾਂ ਦਾ ਰੱਜ ਕੇ ਖੂਨ ਚੂਸਦੀਆਂ ਹਨ। ਥਾਂ ਥਾਂ ਤੇ ਇਹ ਹਾਲ ਹੈ। ਇਹ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਹੁਣ ਵੀ ਹੈ ਅਤੇ ਜੇ ਕਾਬੂ ਨਾ ਕੀਤਾ ਤਾਂ ਭਵਿੱਖ ਵਿਚ ਵੀ ਏਵੇਂ ਚੱਲੇਗਾ।
ਵਕੀਲ ਆਰਨੋ ਮੌਂਟਬੁਰ ਲਿਖਦੇ ਹਨ ਕਿ "ਭ੍ਰਿਸ਼ਟਾਚਾਰ ਬਹੁਤ ਜਿਆਦਾ ਫੈਲੇ ਪ੍ਰਦੂਸ਼ਣ ਵਾਂਗ ਹੈ ਜਿਸ ਵਿਚ ਲੋਕਾਂ ਦਾ ਦਮ ਘੁੱਟ ਰਿਹਾ ਹੈ।" ਅੱਤਿਆਚਾਰ ਦਾ ਇੱਕ ਰੂਪ ਹੈ ਭ੍ਰਿਸ਼ਟਾਚਾਰ। ਜਿੰਨਾਂ ਨੇ ਲੋਕਾਂ ਦੀ ਸੇਵਾ ਕਰਨੀ ਹੈ ਉਹ ਸੀਟਾਂ ਤੇ ਬੈਠ ਕੇ ਲੋਕਾਂ ਦੀ ਆਰਥਿਕ ਲੁੱਟ ਕਰ ਰਹੇ ਹਨ ਅਤੇ ਗਲਤ ਕੰਮ ਕਰਨ ਭੋਰਾ ਵੀ ਡਰਦੇ ਨਹੀਂ। ਕਹਾਵਤ ਹੈ ਸੋ ਦਿਨ ਚੋਰ ਦੇ ਤੇ ਇੱਕ ਦਿਨ ਸਾਧ ਦਾ ਹੁੰਦਾ ਹੈ, ਇਹ ਰਿਸ਼ਵਤ ਖੋਰਾਂ ਨੂੰ ਯਾਦ ਰੱਖਣਾ ਚਾਹੀਦਾ ਹੈ। ਕਿਸੇ ਨੂੰ ਕੋਈ ਡਰ ਹੀ ਨਹੀਂ, ਧੜਾਧੜ ਰਿਸ਼ਵਤ ਲਈ ਜਾਂਦੇ ਹਨ। ਕਈ ਰਸੂਖਦਾਰ ਅਤੇ ਸਿਫਾਰਸ਼ੀ ਹੀ ਆਪਣੇ ਕੰਮ ਜਲਦੀ ਕਰਵਾ ਜਾਂਦੇ ਹਨ ਨਹੀਂ ਤਾਂ ਬਾਕੀਆਂ ਦੇ ਕੰਮ ਲੰਬਾ ਸਮਾਂ ਉਵੇਂ ਹੀ ਪਏ ਰਹਿੰਦੇ ਹਨ।  ਫਾਇਲਾਂ ਤੇ ਵਾਰ ਵਾਰ ਇਤਰਾਜ ਲਾਏ ਜਾਂਦੇ ਹਨ ਅਤੇ ਖੱਜਲ ਖੁਆਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕਈ ਗੇੜੇ ਮਰਵਾਏ ਜਾਂਦੇ ਹਨ। ਜਦੋਂ ਕਾਗਜ ਪੂਰੇ ਕਰ ਦਿੱਤੇ ਜਾਂਦੇ ਹਨ ਫਿਰ ਵੀ ਫਾਇਲ ਅੱਗੇ ਨਹੀਂ ਰੁੜਦੀ। ਆਖਰਕਾਰ ਕਾਗਜ ਦੇ ਪਹੀਏ ਲਾ ਕੇ ਫਾਇਲ ਤੁਰਦੀ ਹੈ। ਰਿਸ਼ਵਤਖੋਰਾਂ ਦਾ ਮੋਟੀਆਂ ਤਨਖਾਹਾਂ ਨਾਲ ਵੀ ਢਿੱਡ ਨਹੀਂ ਭਰਦਾ। ਗਰੀਬ ਬੰਦਾ ਰਿਸ਼ਵਤ ਲਈ ਕਿੱਥੋਂ ਰਕਮ ਕੱਢ ਕੇ ਦੇਵੇ ਬੜਾ ਔਖਾ ਕੰਮ ਹੈ। ਲੋਕ ਅੰਦਰ ਹੀ ਅੰਦਰ ਦੁਖੀ ਹੋ ਕੇ ਬਦਅਸੀਸਾਂ ਜਰੂਰ ਦਿੰਦੇ ਹੋਣਗੇ। ਦਿਹਾੜੀਦਾਰ ਮਜਦੂਰਾਂ ਨੂੰ ਵੀ ਨਹੀਂ ਬਖਸ਼ਦੇ। ਜਾਣਕਾਰੀ ਅਨੁਸਾਰ ਸਾਲ 2005 ਵਿਚ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਇੱਕ ਸਰਵੇਖਣ ਵਿਚ ਦਰਜ਼ ਕੀਤਾ ਕਿ 62 ਫ਼ੀਸਦੀ ਤੋਂ ਵੱਧ ਲੋਕਾਂ ਨੇ ਕਿਸੇ ਨਾ ਕਿਸੇ ਸਮੇਂ, ਕਿਸੇ ਕੰਮ ਨੂੰ ਕਰਵਾਉਣ ਬਦਲੇ ਰਿਸ਼ਵਤ ਦਿੱਤੀ ਹੋਏਗੀ। ਸਾਲ 2023 ਵਿਚ ਭਾਰਤ ਦਾ ਸਕੋਰ 39 ਸੀ। ਇਥੇ ਸਕੇਲ 0 (ਵੱਧ ਤੋਂ ਵੱਧ ਭ੍ਰਿਸ਼ਟ) ਤੋਂ 100 (ਬਹੁਤ ਸਾਫ ਸੁਥਰਾ) ਹੈ। ਦੇਸ਼ ਵਿਚ ਰਿਸ਼ਵਤ ਕੋਹੜ ਵਾਂਗ ਫੈਲੀ ਪਈ ਹੈ ਪਰ ਇਹਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਹੰਬਲੇ ਮਾਰਨੇ ਪੈਣੇ ਹਨ ਨਹੀਂ ਤਾਂ ਇਹ ਅਮਰਵੇਲ ਵਾਂਗ ਹੋਰ ਵਧਦੀ ਜਾਵੇਗੀ।
ਇਸੇ ਤਰ੍ਹਾਂ ਏ.ਜੀ. ਪੰਜਾਬ ਦੇ ਅਕਾਊਂਟੈਂਟ ਨੂੰ 1500-00 ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਚਾਰ ਸਾਲ ਦੀ ਸਜ਼ਾ ਸੁਣਾਈ ਅਤੇ ਦਸ ਹਜਾਰ ਰੁਪਏ ਜੁਰਮਾਨਾ ਵੀ ਕੀਤਾ। ਜਿਕਰਯੋਗ ਹੈ ਕਿ ਸੀ.ਬੀ.ਆਈ. ਨੇ ਅੱਠ ਸਾਲ ਪਹਿਲਾਂ ਏ.ਜੀ. ਪੰਜਾਬ ਦਫ਼ਤਰ ਵਿਚ ਮੁਲਜ਼ਮ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ ਸੀ। ਅਦਾਲਤ ਨੇ ਦੋਸ਼ ਕਰਾਰ ਦੇ ਕੇ ਜੇਲ ਭੇਜ ਦਿੱਤਾ। ਸ਼ਿਕਾਇਤ ਕਰਤਾ ਵਾਰਡਨ ਨੇ ਸੀ.ਬੀ.ਆਈ. ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਨੇ ਘਰ ਬਣਾਉਣ ਲਈ ਤਿੰਨ ਲੱਖ ਰੁਪਏ ਦਾ ਕਰਜਾ ਲਿਆ ਸੀ ਜਿਹੜਾ ਉਹ ਮੋੜ ਚੁੱਕਾ ਸੀ। ਉਸਨੇ ਬੀਮਾਰੀ ਕਾਰਨ, ਸੇਵਾਮੁਕਤੀ ਪਹਿਲਾਂ ਲੈ ਲਈ ਸੀ। ਉਸਨੇ ਕਰਜੇ ਦਾ ਇਤਰਾਜਹੀਣਤਾ ਸਰਟੀਫਿਕੇਟ ਏ.ਜੀ. ਪੰਜਾਬ ਤੋਂ ਲੈਣਾ ਸੀ। ਉਸਨੇ ਅਕਾਉਟੈਂਟ ਨਾਲ ਸੰਪਰਕ ਕੀਤਾ। ਮੁਲਜ਼ਮ ਨੇ ਇਤਰਾਜਹੀਣਤਾ ਸਰਟੀਫਿਕੇਟ ਦੇਣ ਬਦਲੇ 1500-00 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਸੀ.ਬੀ.ਆਈ. ਨੇ ਆਪਣਾ ਜਾਲ ਵਿਛਾਇਆ। ਜਦੋਂ ਮੁਲਜ਼ਮ, ਰਿਸ਼ਵਤ ਲੈਣ ਲਈ ਹੇਠਾਂ ਆਇਆ ਤਾਂ ਸੀ.ਬੀ.ਆਈ. ਨੇ ਉਸਨੂੰ ਕਾਬੂ ਕਰ ਲਿਆ।
ਪੰਜਾਬ ਵਿਜ਼ੀਲੈਂਸ ਬਿਊਰੋ ਨੇ ਪਿੰਡ ਕਰੂਰਾਂ ਵਿਖੇ ਜੰਗਲਾਤ ਵਿਭਾਗ ਦੀ ਜ਼ਮੀਨ ਦਾ ਗੈਰ ਕਾਨੂੰਨੀ ਤਬਾਦਲਾ ਇੰਤਕਾਲ ਕਰਨ ਦੇ ਦੋਸ਼ ਵਿਚ ਜ਼ਿਲ੍ਹਾ ਰੂਪਨਗਰ ਦੇ ਵਿਚ ਤਾਇਨਾਤ ਪਟਵਾਰੀ ਹੁਣ ਕਾਨੂੰਗੋ ਨੂੰ ਗ੍ਰਿਫਤਾਰ ਕੀਤਾ। ਸਾਲ 2020 ਵਿਚ ਰਾਜ ਦੇ ਮਾਲ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ 54 ਏਕੜ ਜ਼ਮੀਨ ਮਹਿੰਗੇ ਭਾਅ  ਤੇ ਜੰਗਲਾਤ ਵਿਭਾਗ ਦੇ ਨਾਮ ਤੇ ਰਜਿਸਟਰੀ ਕਰਵਾਈ ਸੀ, ਜਿਸ ਕਰਕੇ ਰਾਜ ਸਰਕਾਰ ਨੂੰ 5.35 ਕਰੋੜ ਦਾ ਨੁਕਸਾਨ ਹੋਇਆ। ਪਟਵਾਰੀ ਨੇ ਹੋਰ ਵਿਅਕਤੀਆਂ ਨਾਲ ਮਿਲ ਕੇ ਜ਼ਮੀਨ ਦਾ ਗੈਰ ਕਾਨੂੰਨੀ ਤਬਾਦਲਾ ਦਰਜ ਕਰਵਾਇਆ ਅਤੇ ਉਸ ਸਮੇਂ ਦੇ ਨਾਇਬ ਤਹਿਸੀਲਦਾਰ ਦੀ ਮਿਲੀ ਭੁਗਤ ਨਾਲ 73 ਫ਼ਰਜੀ ਇੰਤਕਾਲ ਅਤੇ ਤਬਾਦਲੇ ਮਨਜੂਰ ਕਰਵਾਏ। ਪੜਤਾਲ ਦੌਰਾਨ ਪਾਇਆ ਕਿ ਮੁਲਜ਼ਮ ਨੇ ਇਸ ਕੰਮ ਦੇ ਬਦਲੇ ਰਿਸ਼ਵਤ ਵਜੋਂ ਪੰਜ ਲੱਖ ਰੁਪਏ ਲਏ ਸੀ ਅਤੇ ਆਪਣੀ ਪਤਨੀ ਦੇ ਬੈਂਕ ਖਾਤੇ ਵਿਚ ਜਮਾ੍ਹ ਕਰਵਾ ਦਿੱਤੇ। ਅਜਿਹੀਆਂ ਖ਼ਬਰਾਂ ਅਕਸਰ ਹੀ ਸੁਰਖੀਆਂ ਬਣਦੀਆਂ ਹਨ।
ਰਿਸ਼ਵਤਖੋਰੀ ਐਕਟ 2010 ਅਧੀਨ ਦੋਸ਼ੀ ਨੂੰ 10 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਲਗਾਇਆ ਜਾਂਦਾ ਹੈ। ਕਿਸੇ ਤੋਂ ਵਾਧੂ ਤੋਹਫੇ, ਮਨੋਰੰਜਣ ਅਤੇ ਪ੍ਰਹੁਣਚਾਰੀ ਤੇ ਖਰਚੇ ਕਰਵਾਉਣੇ ਵੀ ਇੱਕ ਰਿਸ਼ਵਤ ਦਾ ਹੀ ਰੂਪ ਹੈ। ਰਿਸ਼ਵਤ ਖੋਰਾਂ ਲਈ ਕਈ ਸੁਰੱਖਿਆ ਛਤਰੀ ਬਣਦੇ ਹਨ ਜਿਹੜੀ ਕਿ ਬਹੁਤ ਮਾੜੀ ਗੱਲ ਹੈ। ਲੋਕਾਂ ਦਾ ਖੂਨ ਚੂਸਣ ਵਾਲਿਆਂ ਦਾ ਸਾਥ ਕਦੇ ਵੀ ਨਹੀਂ ਦੇਣਾ ਚਾਹੀਦਾ। ਦੇਸ਼ ਵਿਚ ਫੈਲੀ ਇਹ ਕੈਂਸਰ ਰੂਪੀ ਰਿਸ਼ਵਤ ਨੂੰ ਨੱਥ ਪਾਉਣ ਦੀ ਲੋੜ ਹੈ ਅਤੇ ਭ੍ਰਿਸ਼ਟਾਚਾਰੀਆਂ ਨੂੰ ਕਾਬੂ ਕਰਕੇ, ਸਖ਼ਤ ਸਜਾਵਾਂ ਦਿੱਤੀਆਂ ਜਾਣ। ਰਿਸ਼ਵਤ ਖੋਰਾਂ ਦੀ ਜਗ੍ਹਾਂ ਸਿਰਫ਼ ਜੇਲ ਹੈ। ਉਨ੍ਹਾਂ ਨੂੰ ਕਾਬੂ ਕਰਕੇ ਜੇਲਾਂ ਵਿਚ ਸੁੱਟ ਦੇਣਾ ਚਾਹੀਦਾ ਹੈ ਤੇ ਇਹ ਦੂਜਿਆਂ ਲਈ ਵੀ ਸਬਕ ਹੋਵੇਗਾ। ਸਾਰੇ ਲੋਕਾਂ, ਸਾਰੀਆਂ ਜੱਥੇਬੰਦੀਆਂ ਅਤੇ ਐਂਟੀ ਕਰੱਪਸ਼ਨ ਫਰੰਟ ਇਸ ਕਾਰਜ ਵਿਚ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਵਿਜ਼ੀਲੈਂਸ ਬਿਊਰੋ ਪੰਜਾਬ ਦਾ ਜਨਰਲ ਫੋਨ ਨੰਬਰ: 0172-2217100, ਵਟਸਐਪ ਨੰਬਰ: 95-012-00200 ਅਤੇ ਟੋਲ ਫਰੀ ਨੰਬਰ: 1800 1800 1000 ਹੈ ਅਤੇ ਲੋੜ ਪੈਣ ਵੇਲੇ ਇਹਦੀ ਵਰਤੋਂ ਕਰ ਸਕਦੇ ਹਾਂ।
ਪਤਾ: ਮਕਾਨ ਨੰਬਰ: 166, ਗਲੀ ਹਜਾਰਾ ਸਿੰਘ, ਮੋਗਾ-142001
ਈਮੇਲ: jaspal.loham@gmail.com
ਮੋਬਾਇਲ: 97-810-40140