Joginder Singh Sivia

ਖਬਚੂ ਦੀਆਂ ਸਮੱਸਿਆਵਾਂ - ਜੋਗਿੰਦਰ ਸਿੰਘ ਸਿਵੀਆ

ਸਮੇਂ ਅਤੇ ਵਿਕਾਸ ਦੀ ਗਤੀ ਵਿਚੋਂ ਕੁਝ ਅਕਲਮੰਦ ਲੋਕ ਸਿੱਟੇ ਕੱਢਦੇ ਹਨ। ਉਹ ਸਿੱਟੇ ਸੱਭਿਅਤਾ ਦਾ ਅੰਗ ਬਣ ਜਾਂਦੇ ਹਨ। ਜਿਨ੍ਹਾਂ ਦੇ ਅਸੀਂ ਆਦੀ ਹੋ ਜਾਂਦੇ ਹਾਂ ਤੇ ਫੇਰ ਉਨ੍ਹਾਂ ਵਿੱਚ ਸੋਧ ਜਾਂ ਤਬਦੀਲੀ ਕਰਨੀ ਜ਼ਰੂਰੀ ਨਹੀਂ ਸਮਝਦੇ। ਇਸ ਤਰ੍ਹਾਂ ਹੀ ਸੱਜੇ ਹੱਥ ਨਾਲ ਲਿਖਣ ਦੀ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ ਸਾਰੀ ਦੁਨੀਆਂ ਨੇ ਇਸਨੂੰ ਅਪਣਾਇਆ ਹੋਇਆ ਹੈ। ਭਾਵੇਂ ਇਸ ਅਸੂਲ ਨੂੰ ਤੋੜਨ ਤੇ ਕਿਸੇ ਨੂੰ ਘਾਟਾ ਸ਼ਾਇਦ ਹੀ ਪੈਦਾ ਹੋਵੇ ਪਰ ਕਦੇ ਨਾ ਕਦੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਇਸ ਤਰ੍ਹਾਂ ਨਾ ਕਰਦੇ ਤਾਂ ਵੀ ਠੀਕ ਸੀ।
       ਨਰਸਰੀ ਜਾਂ ਪਹਿਲੀ ਵਿੱਚ ਬੱਚਾ ਜਦੋਂ ਸਕੂਲ ਆਉਂਦਾ ਹੈ ਤਾਂ ਉਸ ਨੂੰ ਸਰੀਰ ਦੇ ਅੰਗਾਂ ਦਾ ਗਿਆਨ ਕਰਵਾਇਆ ਜਾਂਦਾ ਹੈ। ਖਾਸ ਤੌਰ 'ਤੇ ਸੱਜੇ ਹੱਥ ਦਾ। ਸੱਜੇ ਹੱਥ ਦੀ ਅੱਧੀ ਮੁੱਠੀ ਬੰਦ ਕਰਕੇ ਅੱਖਰਾਂ 'ਤੇ ਉਂਗਲ ਰੱਖਣੀ ਸਿਖਾਈ ਜਾਂਦੀ ਹੈ। ਸਗੋਂ ਸਭ ਤੋਂ ਪਹਿਲਾਂ ਸੱਜੇ ਖੱਬੇ ਹੱਥ ਦਾ ਅਭਿਆਸ ਕਰਵਾਇਆ ਜਾਂਦਾ ਹੈ। ਪੁਰਾਣੇ ਵੇਲਿਆਂ ਚ ਅਧਿਆਪਕ ਕਿਹਾ ਕਰਦੇ ਸਨ ਕਿ ਸੱਜਾ ਹੱਥ ਉਪਰ ਚੁੱਕੋ, ਅੱਧੀ ਮੁੱਠੀ ਬੰਦ ਤੇ ਹੁਣ ਮੇਰੇ ਵੱਲ ਵੇਖੋ। ਫਿਰ ਆਪਣੇ ਹੱਥ ਦੀ ਸ਼ਕਲ ਉਸ ਤਰ੍ਹਾਂ ਬਣਾ ਕੇ ਦੱਸਦੇ। ਧਰਤੀ ਤੇ ਹਰ ਬੱਚੇ ਨੂੰ ਥਾਂ ਬਣਾ ਦਿੰਦੇ। ਜਿਥੇ ਸੱਜੇ ਹੱਥ ਦੀ ਉਂਗਲ ਨਾਲ ਲਿਖਦੇ ਅਤੇ ਆਪ ਨਿਗਰਾਨੀ ਕਰਦੇ। ਅਧਿਆਪਕ ਨੇ ਸਾਰੇ ਬੱਚਿਆਂ ਨੂੰ ਸੱਜੇ ਹੱਥ ਵਿੱਚ ਕਲਮ ਫੜਨੀ ਦੱਸ ਕੇ ਅੱਖਰ ਪਾਉਣ ਦੀ ਵਿਧਾ ਦੱਸਣੀ ਹੁੰਦੀ ਹੈ ਪਰ ਖਬਚੂ ਨੂੰ ਅਲੱਗ ਸਿੱਖਿਆ ਦੇਣੀ ਪਵੇਗੀ । ਸੋ ਪਹਿਲੇ ਦਿਨ ਹੀ ਸਮੱਸਿਆ ਉਤਪੰਨ ਹੋ ਗਈ।
        ਸੱਜੇ ਹੱਥ ਨਾਲ ਲਿਖਣ ਸਮੇਂ ਅੱਖਰ ਵੀ ਸਾਹਮਣੇ ਆਉਂਦੇ ਹਨ ਅਤੇ ਕਿਤਾਬ ਵੀ ਸਾਹਮਣੇ ਹੁੰਦੀ ਹੈ। ਲੇਖਕ ਨਾਲ ਹੀ ਪੜ੍ਹਾਈ ਵੀ ਜਾਂਦੀ ਹੈ। ਹੱਥ ਪਾਸੇ ਕਰਨ ਦੀ ਲੋੜ ਨਹੀਂ ਪੈਂਦੀ ਖੱਬੇ ਹੱਥ ਦੀ ਵਰਤੋਂ ਕਰਨ ਵੇਲੇ ਹੱਥ ਅੱਖਰਾਂ ਤੇ ਨਿਗ੍ਹਾ ਦੇ ਵਿਚਕਾਰ ਆ ਜਾਂਦਾ ਹੈ। ਲਿਖੇ ਜਾ ਰਹੇ ਅੱਖਰਾਂ ਨੂੰ ਹੱਥ ਦਾ ਉਹਲ਼ਾ ਹੋ ਜਾਂਦਾ ਹੈ। ਉੱਪਰ ਦੀ ਅੱਖਰ ਵੇਖਣੇ ਪੈਂਦੇ ਹਨ ਜਾਂ ਹੱਥ ਪਾਸੇ ਕਰਨਾ ਪੈਂਦਾ ਹੈ।
       ਧਰਤੀ 'ਤੇ ਕਤਾਰ ਵਿਚ ਬੈਠੇ ਬੱਚੇ ਜਦੋਂ ਫੱਟੀਆਂ ਜਾਂ ਕਾਪੀਆਂ 'ਤੇ ਲਿਖਣ ਦਾ ਅਭਿਆਸ ਕਰਦੇ ਹਨ  ਤਾਂ ਸਾਰਿਆਂ ਦੇ ਬੈਠਣ ਦੀ ਮੁਦਰਾ ਸ਼ਿਕਾਰੀ ਦੀ ਸਿਸਤ ਲਾਉਣ ਵਰਗੀ ਹੋਵੇਗੀ ਤੇ ਸਾਰੇ ਸਿੱਧੀ ਰੇਖਾ ਵਿਚ ਹੋਣਗੇ ਪਰ ਖੱਬਚੂ ( ਖੱਬੇ ਹੱਥ ਨਾਲ ਲਿਖਣ ਵਾਲਾ) ਦੀ ਮੁਦਰਾ ਸਭ ਤੋਂ ਉਲਟ ਹੋਵੇਗੀ। ਡਿਕਟੇਸ਼ਨ ਸਮੇਂ ਉਸ ਦੀ ਕਾਪੀ ਜਾਂ ਫੱਟੀ ਪਿਛਲੇ ਬੱਚੇ ਨੂੰ ਆਸਾਨੀ ਨਾਲ ਦਿਸ ਸਕਦੀ ਹੈ। ਇਸ ਦੇ ਉਲਟ ਦੂਜਿਆਂ ਦੀਆਂ ਫੱਟੀਆ ਜਾਂ ਕਾਪੀਆਂ ਆਪਣੀ ਬੁੱਕਲ ਵਿਚ ਹੀ ਹੋਣਗੀਆਂ। ਇਸ ਤਰ੍ਹਾਂ ਨਕਲ ਦੀ ਗੁੰਜਾਇਸ਼ ਘਟ ਜਾਂਦੀ ਹੈ।
       ਸਕੂਲ ਦਾ ਸਾਰਾ ਫਰਨੀਚਰ ਲਿਖਣ-ਪੜ੍ਹਨ ਦੇ ਨਜ਼ਰੀਏ ਤੋਂ ਬਣਾਇਆ ਜਾਂਦਾ ਹੈ ਪੁਰਾਣੇ ਸਮੇਂ ਵਿਚ ਡਬਲ ਬੈਂਚ ਹੁੰਦੇ ਸਨ ਜਿਸ 'ਤੇ ਦੋ ਜਣੇ ਬੈਠਦੇ ਸਨ ਦੋਵਾਂ ਲਈ ਡੈਸਕ ਦੇ ਉੱਪਰ ਸੱਜੇ ਪਾਸੇ ਦਵੈਤ ਹੋਲਡਰ ਰੱਖਣ ਲਈ ਥਾਂ ਬਣੀ ਹੂੰਦੀ ਸੀ। ਦਵਾਤ ਵਿਚੋਂ ਡੋਬਾ ਲੈਣਾ ਵੀ ਸੌਖਾ ਹੁੰਦਾ ਤੇ ਸਿਆਹੀ ਡੁੱਲ੍ਹਣ ਦੀ ਨੌਬਤ ਵੀ ਘੱਟ ਹੀ ਆਉਂਦੀ ਪਰ ਖੱਬਿਆਂ ਲਈ ਅਜਿਹੀ ਕੋਈ ਸਹੂਲਤ ਨਹੀਂ ਸੀ ਹੁੰਦੀ। ਜੇ ਖੱਬਚੂ ਸਾਥੀ ਦੇ ਸੱਜੇ ਪਾਸੇ ਬੈਠਾ ਹੁੰਦਾਤਾਂ ਇਕ ਦੂਜੇ ਦਾ ਹੱਥ ਹਿਲਾਉਣ ਦੀਆਂ ਸ਼ਿਕਾਇਤਾਂ ਲਗਦੀਆਂ ਰਹਿੰਦੀਆਂ ਕਿਉਂਕਿ ਉਨ੍ਹਾਂ ਦੀਆਂ ਕੂਹਣੀਆ ਇਕ ਦੂਜੇ ਦੇ ਨੇੜੇ ਹੋਣ ਕਰਕੇ ਛੂਹ ਜਾਂਦੀਆਂ ਤੇ ਕਲਮ ਹਿੱਲ ਜਾਂਦੀ।
      ਖੱਬਚੂ ਦਾ ਹੋਲਡਰ ਵੀ ਦੂਜਿਆਂ ਦੇ ਲਿਖਣ ਦੇ ਕੰਮ ਨਹੀਂ ਆਉਂਦਾ ਸੀ ਕਿਉਂਕਿ ਪਰਾ ਘਸਦਾ ਘਸਦਾ ਇਕ ਵਹਿਣ ਅਖਤਿਆਰ ਕਰ ਲੈਂਦਾ। ਜਦੋਂ ਦੂਜਾ (ਸੱਜੇ ਹੱਥ ਵਾਲਾਂ) ਉਸ ਨਾਲ ਲਿਖਦਾ ਤਾਂ ਕਾਗਜ਼ ਫਟ ਜਾਂਦਾ। ਉਸ ਨੂੰ ਸੱਜੇ ਹੱਥ ਨਾਲ ਲਿਖਣ ਵਾਲਾ ਆਪਣਾ ਹੋਲਡਰ ਨਹੀਂ ਦਿੰਦਾ ਸੀ ਕਿਉਂਕਿ ਉਸਦਾ ਲਿਖਣ ਢੰਗ ਵੱਖਰਾ ਹੁੰਦਾ ਸੀ। ਹੁਣ ਬਾਲ ਪੈੱਨ ਨਾਲ ਲਿਖਣ ਨਾਲ ਕੋਈ ਫਰਕ ਨਹੀਂ ਪੈਂਦਾ। ਸਿਆਹੀ ਵਾਲੇ ਪੈੱਨ ਭਾਵ ਪਰੇ ਵਾਲੇ ਪੈੱਨ ਨਾਲ ਜਰੂਰ ਫਰਕ ਰਹੇਗਾ।
       ਕਾਲੇ ਫੱਟੇ ਦੇ ਖੱਬੇ ਪਾਸੇ ਚਾਕ ਝਾੜਨ ਤੇ ਵਰਤੋਂ ਦੀ ਹੋਰ ਸਮੱਗਰੀ ਲਈ ਥਾਂ ਬਣੀ ਹੁੰਦੀ ਹੈ। ਅਧਿਆਪਕ ਦੀ ਕੁਰਸੀ, ਮੇਜ਼ ਵੀ ਇਸ ਪਾਸੇ ਹੁੰਦਾ ਹੈ। ਸੱਜੇ ਪਾਸੇ ਬੱਚਿਆਂ ਦੀ ਕਤਾਰ ਬੋਰਡ ਦੇ ਨੇੜੇ ਹੁੰਦੀ ਹੈ ਤੇ ਖੱਬੇ ਪਾਸੇ ਥੋੜ੍ਹਾ ਜਿਹਾ ਪਿੱਛੇ , ਖੱਬੇ ਹੱਥ ਨਾਲ ਲਿਖਣ ਵਾਲਾ ਅਧਿਆਪਕ ਸੱਜੇ ਪਾਸੇ ਹੋਣ ਕਰਕੇ ਚੀਜਾਂ ਦੀ ਵਰਤੋਂ ਵਿਚ ਕਠਿਨਾਈ ਆ ਸਕਦੀ ਹੈ। ਛੋਟੀਆਂ ਇਮਾਰਤਾਂ ਵਿਚ ਕਈ ਵਾਰ ਬੋਰਡ ਦੇ ਸੱਜੇ ਪਾਸੇ ਖੜ੍ਹ ਕੇ ਲਿਖਣ ਵਾਸਤੇ ਥਾਂ ਬਹੁਤ ਘੱਟ ਹੁੰਦੀ ਹੈ।
       ਬੋਰਡਾਂ, ਯੂਨੀਵਰਸਿਟੀਆਂਤੇ ਮੁਕਾਬਲੇ ਦੀਆਂ ਪ੍ਰੀਖੀਆਵਾਂ ਦੇ ਸੈਂਟਰ ਵਿਚ ਜਿੱਥੇ ਉਮੀਦਵਾਰਾਂ ਦੀ ਬਹੁਤਾਤ ਹੁੰਦੀ ਹੈ ਉੱਥੇ ਲਿਖਣ ਵਾਲੇ ਮੇਜ਼ ਦੀ ਥਾਂ ਕੁਰਸੀ ਹੀ ਕੰਮ ਸਾਰਦੀ ਹੈ। ਉਹ ਬੈਠਣ ਦਾ ਕੰਮ ਵੀ ਦਿੰਦੀ ਹੈ ਅਤੇ ਲਿਖਣ ਵਾਸਤੇ ਇਕ ਬਾਹੀ 'ਤੇ ਚੌੜੀ ਫੱਟੀ ਵੀ ਲੱਗੀ ਹੁੰਦੀ ਹੈ। ਇਸ 'ਤੇ ਕਾਪੀ ਰੱਖ ਕੇ ਸੌਖੀ ਤਰ੍ਹਾਂ ਲਿਖਿਆ ਜਾ ਸਕਦਾ ਹੈ ਪਰ ਖੱਬੇ ਹੱਥ ਲਿਖਣ ਦੀ ਮੁਹਾਰਤ ਵਾਲੇ ਵਾਸਤੇ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੁੰਦਾ। ਲਿਖਣ ਵੇਲੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।
       ਦੋਵਾਂ ਹੱਥਾਂ ਨਾਲ ਹਰੇਕ ਕੰਮ ਕਰਨ ਦੀ ਮੁਹਾਰਤ ਰੱਖਦੇ ਬਹੁਤ ਘੱਟ ਵਿਅਕਤੀ ਹੋਣਗੇ। ਜੇ ਖੇਤੀ ਦਾ ਸਿੱਧਾ-ਸਾਧਾਂ ਤੇ ਸੌਖਾ ਕੰਮ ਖੱਬੇ ਹੱਥ ਨਾਲ ਕਰਨਾ ਹੋਵੇ ਤਾਂ ਅਜੇ ਤੱਕ ਵਾਢ੍ਹੀ ਕਰਨ ਲਈ  ਕੋਈ ਦਾਤੀ ਅਜਿਹੀ ਨਹੀਂ ਬਣੀ ਜੋ ਖੱਬੇ ਹੱਥ ਦੇ ਮੇਚ ਆ ਸਕੇ। ਜੇ ਹਾਕੀ ਦਾ ਖਿਡਾਰੀ ਬਣਨਾ ਹੋਵੇ ਤਾਂ ਵੀ ਸਮੱਸਿਆ ਆਉਂਦੀ ਹੈ। ਖੇਡ ਦੇ ਨਿਯਮ ਬਦਲਣੇ ਪੈਣਗੇ ਕਿਉਂਕਿ ਵਿਰੋਧੀ ਖਿਡਾਰੀ ਦੇ ਖੱਬੇ ਪਾਸੇ ਹੋ ਕੇ ਖੇਡਣਾ ਪਵੇਗਾ। ਵਾਲੀਬਾਲ ਸਮੈਸਿੰਗ ਵਿਚ ਖੱਬਚੂ ਅੜਿੱਕਾ ਬਣੇਗਾ। ਜ਼ਿੰਦਗੀ ਵਿਚ ਸੱਜੇ ਹੱਥ ਦੀ ਵਰਤੋਂ ਕਰਨ ਵਾਲੇ ਬਹੁਤ ਵੱਡੀ ਗਿਣਤੀ ਵਿਚ ਹਨ। ਖੱਬਚੂ ਨੂੰ ਅਮਲੀ ਰੂਪ ਵਿਚ ਹੋਰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
       ਜੇ ਸੱਜੇ ਜਾਂ ਖੱਬੇ  ਹੱਥ ਵਿਚ ਕੋਈ ਫਰਕ ਨਹੀਂ ਤਾਂ ਫਿਰ ਖੱਬੇ ਹੱਥ ਨਾਲ ਲਿਖਣਾ ਸਿਖਾਉਣਾ ਅਧਿਆਪਕ ਦੇ ਅਵੇਸਲੇਪਨ ਦਾ ਨਤੀਜਾ ਹੋ ਸਕਦਾ ਹੈ। ਜਦੋਂ ਮੁਢ਼ਲੀਆਂ ਜਮਾਤਾਂ ਵਿਚ ਧਿਆਨ ਨਾ ਦਿੱਤਾ ਜਾਵੇ ਤਾਂ ਬੱਚੇ ਨੂੰ ਖੱਬੇ ਹੱਥ ਨਾਲ ਕੰਮ ਕਰਨ ਦੀ ਆਦਤ ਪੱਕ ਜਾਂਦੀ ਹੈ। ਠੰਢ ਵਿਚ ਜਨਮ ਲੈਣ ਵਾਲੇ ਬੱਚਿਆਂ ਦੇ ਖੱਬੇ ਹੱਥ ਨਾਲ ਕੰਮ ਕਰਨ ਦੀ ਸੰਭਾਵਨਾ ਵੱਧ ਰਹਿੰਦੀ ਹੈ। ਅਧਿਐਨ ਦੇ ਮੁੱਖ ਲੇਖਕ ਉਕਰੀਚ ਤਰਾਨ ਨੇ ਦੱਸਿਆ ਕਿ ਅਸੀਂ ਦੇਖਿਆ ਕਿ ਖੱਬੇ ਹੱਥ ਨਾਲ ਕੰਮ ਕਰਨ ਵਾਲੇ 8.2 ਫੀਸਦੀ ਲੋਕਾਂ ਦਾ ਜਨਮ ਫਰਵਰੀ ਤੋਂ ਅਕਤੂਬਰ ਵਿਚਾਲੇ ਹੋਇਆ। 10.2 ਫੀਸਦੀ ਦਾ ਜਨਮ ਨਵੰਬਰ ਤੇ ਜਨਵਰੀ ਵਿਚਕਾਰ ਹੋਇਆ।
ਸੰਪਰਕ : +919417024743