Parveen Kaur Sidhu

ਚੋਣ ਨਤੀਜਿਆਂ ਰਾਹੀਂ ਪੰਜਾਬੀਆਂ ਦਾ ਸੁਨੇਹਾ...- ਪਰਵੀਨ ਕੌਰ ਸਿੱਧੂ

*ਨਸ਼ਿਆਂ ਤੇ ਦਲ ਬਦਲੂ ਪੰਜਾਬ ਨੂੰ ਮਨਜ਼ੂਰ ਨਹੀਂ
ਜੂਨ 2024 ਦੇ ਚੋਣ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ। ਕਿ ਪੰਜਾਬ ਦੇ ਲੋਕੀਂ ਚੰਗੇ ਲੀਡਰਾਂ ਨੂੰ ਅੱਗੇ ਲਿਆਉਣਾ ਚਾਹੁੰਦੇ ਹਾਂ। ਇਹ ਉਸ ਜਿੱਤੇ ਹੋਏ ਵਿਅਕਤੀ 'ਤੇ ਨਿਰਭਰ ਕਰਦਾ ਹੈ ਕਿ ਉਸ ਨੇ ਅੱਗੇ ਵੀ ਲੋਕਾਂ ਦਾ ਸਾਥ ਲੈ ਕੇ ਰਹਿਨੁਮਾਈ ਕਰਨੀ ਹੈ ਜਾਂ ਨਹੀਂ। ਇਥੋਂ ਤੱਕ ਕਿ ਨਵਿਆਂ ਨੂੰ ਵੀ ਜਨਤਾ ਨੇ ਜਿਤਾਇਆ ਹੈ ਅਤੇ ਇਹ ਸਬੂਤ ਦਿੱਤਾ ਹੈ ਅਸੀਂ ਮੌਕਾ ਸਾਰਿਆਂ ਨੂੰ ਦਿੰਦੇ ਹਾਂ। ਹੋਰ ਜਿਸ ਵੀ ਪਾਰਟੀ ਦੇ ਚੰਗੇ ਲੀਡਰ ਹਨ ਉਹਨਾਂ ਨੂੰ ਸਮੇਂ-ਸਮੇਂ 'ਤੇ ਮੌਕਾ ਮਿਲਦਾ ਰਹਿੰਦਾ ਹੈ। ਅੱਜ ਦੇ ਲੋਕ ਸਮਝਦੇ ਹਨ ਅਤੇ ਉਹ ਦਲ ਬਦਲੂਆਂ ਨੂੰ ਵੀ ਅੱਗੇ ਨਹੀਂ ਲਿਆਉਣਾ ਚਾਹੁੰਦੇ। ਇਹ ਗੱਲ ਸਾਫ਼ ਤੌਰ 'ਤੇ ਜ਼ਾਹਿਰ ਹੈ ਕਿ ਜੋ ਇੱਕ ਦਾ ਨਹੀਂ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕੇਗਾ।
ਇਹਨਾਂ ਨਤੀਜਿਆਂ ਤੋਂ ਚੁਣੇ ਹੋਏ ਲੀਡਰਾਂ ਨੂੰ ਇਹੀ ਸੇਧ ਲੈਣੀ ਚਾਹੀਦੀ ਹੈ ਕਿ ਜੇਕਰ ਉਨ੍ਹਾਂ ਨੂੰ ਮੌਕਾ ਮਿਲਿਆ ਹੈ ਤਾਂ ਆਮ ਜਨਤਾ ਲਈ ਕੁਝ ਨਾ ਕੁਝ ਵੱਖਰਾ ਕਰਕੇ ਜ਼ਰੂਰ ਜਾਓ।
ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤ ਪਾਲ ਸਿੰਘ ਦੋਨਾਂ ਦੀ ਜਿੱਤ ਇਹ ਦੱਸਦੀ ਹੈ ਕਿ ਪੰਜਾਬ ਕਿਸਾਨੀ ਦੇ ਵਿਰੋਧੀਆਂ ਦੇ ਹੱਕ ਵਿੱਚ ਕਦੇ ਵੀ ਨਹੀਂ ਖੜੇਗਾ। ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ਼ ਨਾ ਮਿਲਣਾ, ਸਜ਼ਾ ਪੂਰੀ ਕਰਨ ਚੁੱਕੇ ਸਿੱਖ ਕੈਦੀਆਂ ਦੇ ਮਸਲੇ ਦਾ ਹੱਲ ਨਾ ਹੋਣ ਕਾਰਨ ਮੌਜੂਦਾ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਲਾਰਿਆਂ ਤੋਂ ਅੱਕੇ ਹੋਏ ਲੋਕਾਂ ਨੇ ਅੰਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਦੇ ਹੱਕ ਵਿੱਚ ਫ਼ਤਵਾ ਦਿੱਤਾ ਹੈ। ਪੰਜਾਬ ਦੇ ਅਹਿਮ ਮੁੱਦਿਆਂ ਪ੍ਰਤੀ ਲੋਕਾਂ ਦੀ ਅਸੰਤੁਸ਼ਟੀ ਵਧਦੀ ਜਾ ਰਹੀ ਹੈ ਅਤੇ ਅੰਦੋਲਨ ਅਤੇ ਰੈਲੀਆਂ ਰਾਹੀਂ ਲੋਕ ਇਸ ਨੂੰ ਪ੍ਰਗਟਾਉਂਦੇ ਵੀ ਹਨ ਪਰ ਸਿਆਸਤਦਾਨ ਇਸ ਨੂੰ ਸਮਝ ਨਹੀਂ ਸਕੇ।
ਸਰਬਜੀਤ ਸਿੰਘ ਖ਼ਾਲਸਾ ਪਹਿਲਾਂ ਵੀ ਤਿੰਨ ਵਾਰ ਚੋਣ ਲੜ ਚੁੱਕੇ ਹਨ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ, ਪਰ ਇਸ ਵਾਰ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨਾ ਅਤੇ ਉਨ੍ਹਾਂ ਦੇ ਉਭਾਰ ਦੇ ਕਾਰਨ ਫ਼ਰੀਦਕੋਟ ਸੀਟ ਉੱਤੇ ਸਰਬਜੀਤ ਸਿੰਘ ਖ਼ਾਲਸਾ ਨੂੰ ਸਫ਼ਲਤਾ ਮਿਲੀ ਹੈ।
ਖਡੂਰ ਸਾਹਿਬ ਲੋਕ ਸਭਾ ਹਲਕਾ ਭਾਵੇਂ ਮਾਝੇ ਦਾ ਇੱਕ ਅਹਿਮ ਹਿੱਸਾ ਹੈ ਪਰ ਇਥੋਂ ਲੋਕਾਂ ਨੇ ਆਪਣੀ ਪੰਥਕ ਸੋਚ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜਿਆ ਹੈ। ਸਾਲ 2011 ਵਿੱਚ ਭਾਰਤ ਵਿੱਚ ਹੋਈ ਮਰਦਮਸ਼ੁਮਾਰੀ ਮੁਤਾਬਿਕ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ 93.33 ਫੀਸਦੀ ਸਿੱਖ ਧਰਮ ਨਾਲ਼ ਜੁੜੇ ਲੋਕ ਰਹਿੰਦੇ ਹਨ।
ਸਿਆਸੀ ਹਲਕੇ ਇਸ ਗੱਲ ਉੱਪਰ ਵੀ ਹੈਰਾਨੀ ਪ੍ਰਗਟ ਕਰਦੇ ਹਨ ਕਿ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਤੋਂ ਇਲਾਵਾ ਦੂਸਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਮਾਤ ਦਿੱਤੀ ਹੈ।ਇਸ ਜਿੱਤ ਦਾ ਦਿਲਚਸਪ ਪਹਿਲੂ ਇਹ ਵੀ ਹੈ ਕਿ ਲੋਕ ਸਭਾ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਕੁਝ ਘੰਟੇ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ ਖਡੂਰ ਸਾਹਿਬ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ ਸੀ।
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਮੀਦਵਾਰ ਬਣਾਇਆ ਗਿਆ ਸੀ।ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਨੂੰ ਇਸ ਹਲਕੇ ਤੋਂ ਉਤਾਰੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅਤੇ ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਉਮੀਦਵਾਰ ਬਣਾਇਆ ਸੀ। ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਰਹਿੰਦਿਆਂ ਉਨਾਂ ਦੇ ਸਮਰਥਕਾਂ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਖਡੂਰ ਸਾਹਿਬ ਹਲਕੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਖੁਦ ਚੋਣ ਪ੍ਰਚਾਰ ਕੀਤਾ ਸੀ।
ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਭਖਾਉਣ ਲਈ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਪਰਮਜੀਤ ਕੌਰ ਖਾਲੜਾ ਨੇ ਸੰਭਾਲੀ ਹੋਈ ਸੀ। ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਉਨ੍ਹਾਂ ਨੇ ਅੰਮ੍ਰਿਤਪਾਲ ਦੇ ਹੱਕ ਵਿੱਚ ਮਨੁੱਖੀ ਅਧਿਕਾਰਾਂ ਅਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ ਸੀ। ਅਸੀਂ ਪਿੰਡ-ਪਿੰਡ, ਘਰ-ਘਰ, ਗਲੀ-ਮੁਹੱਲੇ ਤੱਕ ਨਸ਼ਿਆਂ ਦਾ ਮੁੱਦਾ ਅਤੇ ਅਮ੍ਰਿਤਪਾਲ ਸਿੰਘ ਦੀ ਗੈਰ-ਕਾਨੂੰਨੀ ਨਜ਼ਰਬੰਦੀ ਨੂੰ ਲੈ ਕੇ ਲੋਕਾਂ ਤੱਕ ਗਏ ਸੀ। ਨਸ਼ਿਆਂ ਦਾ ਮੁੱਦਾ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਅਤੇ ਅੰਮ੍ਰਿਤਪਾਲ ਸਿੰਘ ਨੇ ਧਰਮ ਪ੍ਰਚਾਰ ਦੇ ਨਾਲ਼-ਨਾਲ਼ ਨਸ਼ਿਆਂ ਦਾ ਮੁੱਦਾ ਵੀ ਉਭਾਰਿਆ, ਇਸ ਕਰ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਉਨ੍ਹਾਂ ਨਾਲ਼ ਜੁੜਦੇ ਚਲੇ ਗਏ।
ਮੌਜੂਦਾ ਸਰਕਾਰ ਤੋਂ ਲੋਕ ਅੱਕ ਚੁੱਕੇ ਹਨ ਜੋ ਉਮੀਦਾਂ ਨਾਲ਼ ਲੋਕਾਂ ਨੇ 92 ਵਿਧਾਇਕਾਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਸੀ, ਉਹ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਨਹੀਂ ਉੱਤਰੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਜੋ ਉਮੀਦਾਂ ਲੋਕਾਂ ਨੂੰ ਦਿਖਾਈਆਂ ਸਨ, ਉਸ ਤੋਂ ਮੁਨਕਰ ਹੋਣ ਦਾ ਨਤੀਜਾ ਹੁਣ ਸਾਹਮਣੇ ਆ ਗਿਆ ਹੈ। ਜੇਕਰ ਰਾਜਨੀਤਿਕ ਪਾਰਟੀਆਂ ਪੰਜਾਬ ਦੇ ਅਸਲ ਮੁੱਦਿਆਂ ਉੱਤੇ ਗੱਲ ਨਹੀਂ ਕਰਨਗੀਆਂ ਤਾਂ ਨਤੀਜਾ ਅਜਿਹਾ ਹੀ ਆਵੇਗਾ ਅਤੇ ਇਸ ਤੋਂ ਹੈਰਾਨ ਵੀ ਨਹੀਂ ਹੋਣਾ ਚਾਹੀਦਾ।

ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਪਾਲ ਸਿੰਘ ਦੀ ਹੋਈ ਇਸ ਵੱਡੀ ਜਿੱਤ ਦੇ ਮਾਅਨੇ ਕਾਫ਼ੀ ਅਹਿਮ ਹੋਣਗੇ। ਅੰਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਤੌਰ ਉੱਪਰ ਪੰਥਕ ਹਲਕਿਆਂ ਵਿੱਚ ਇੱਕ ਨਵੀਂ ਸਫ਼ਾਬੰਦੀ ਬਣੇਗੀ।
ਨਵੀਂ ਬਣਨ ਵਾਲੀ ਇਹ ਸਫ਼ਾਬੰਦੀ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਨਿੱਗਰ ਹਾਜ਼ਰੀ ਲਵਾ ਸਕਦੀ ਹੈ। ਪੰਜਾਬ ਕਿਸਾਨੀ ਪ੍ਰਧਾਨ ਸੂਬਾ ਹੈ ਅਤੇ ਇਥੋਂ ਦੇ ਲੋਕ ਹਮੇਸ਼ਾ ਕਿਸਾਨੀ ਹਿੱਤ ਵਿੱਚ ਖੜ੍ਹੇ ਰਹੇ ਹਨ ਅਤੇ ਅਗਾਂਹ ਤੋਂ ਵੀ ਖੜ੍ਹੇ ਰਹਿਣਗੇ। ਬੰਦੀ ਸਿੰਘਾਂ ਦੀ ਰਿਹਾਈ, ਨਿਹੱਕਾ ਉੱਤੇ ਤਸੀਹੇ, ਹੱਕ-ਸੱਚ ਦੀ ਗੱਲ ਕਰਨੀ, ਇਹਨਾਂ ਸਾਰੀਆਂ ਗੱਲਾਂ ਨੂੰ ਜੇ ਕੋਈ ਆਮ ਇਨਸਾਨ ਬੋਲ ਕੇ ਨਹੀਂ ਕਰਦਾ ਤਾਂ ਇਨ੍ਹਾਂ ਵੋਟਾਂ ਵਿੱਚ ਉਸ ਦਾ ਜਵਾਬ ਸਾਫ਼-ਸਾਫ਼ ਦਿਖ ਰਿਹਾ ਹੈ ।
ਇਸ ਕਰਕੇ ਜਿੰਨੇ ਵੀ ਲੀਡਰ ਇਸ ਵਾਰ ਜਿੱਤੇ ਹਨ.. ਕਿਰਪਾ ਕਰਕੇ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਗੱਲਾਂ ਦਾ ਖ਼ਿਆਲ ਰੱਖਣ ਕਿ ਬੇਦੋਸ਼ਿਆਂ ਨੂੰ ਨਿਆਂ ਅਤੇ ਹੱਕ-ਸੱਚ ਦੀ ਗੱਲ ਨੂੰ ਪਹਿਲ ਦੇ ਆਧਾਰ 'ਤੇ ਕਰਨ.. ਨਹੀਂ ਤਾਂ ਇਹ ਲੋਕ ਤੁਹਾਡਾ ਪਾਸਾ ਪਲਟਣ ਵਿੱਚ ਦੇਰ ਨਹੀਂ ਲਾਉਂਦੇ। ਜੇਕਰ ਹੱਥ ਵਿੱਚ ਸੱਤਾ ਆਈ ਹੈ ਤਾਂ ਉਸ ਦੀ ਸਹੀ ਵਰਤੋਂ ਕਰਨ ਵਿੱਚ ਹੀ ਭਲਾਈ ਹੈ। ਧਰਮ ਅਤੇ ਲਾਲਚ ਦੇ ਆਧਾਰ 'ਤੇ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ।
ਭਰਿਸ਼ਟਾਚਾਰ, ਅਤਿਆਚਾਰ ਅਤੇ ਗੁੰਡਾ ਰਾਜ ਤੋਂ ਉੱਪਰ ਉੱਠ ਕੇ ਦੇਸ਼ ਹਿੱਤ ਲਈ ਸੋਚਣ ਵਾਲੇ ਲੋਕ ਹੀ ਆਮ ਜਨਤਾ ਦੇ ਦਿਲਾਂ ਵਿੱਚ ਘਰ ਕਰ ਸਕਦੇ ਹਨ। ਲੋਕਾਂ ਦੀਆਂ ਨਿੱਜੀ ਲੋੜਾਂ ਰੋਟੀ, ਕੱਪੜਾ, ਮਕਾਨ, ਦਵਾਈ, ਪੜ੍ਹਾਈ ਇਹਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਨਸ਼ੇ 'ਤੇ ਨੱਥ ਪਾਉਣੀ ਚਾਹੀਦੀ ਹੈ। ਵਾਧੂ ਬੋਲਣ ਵਾਲਿਆਂ ਨੂੰ ਵੀ ਲੋਕਾਂ ਨੇ ਖੂੰਜੇ ਲਾ ਦਿੱਤਾ ਹੈ। ਆਮ ਲੋਕਾਂ ਦੀਆਂ ਭਾਵਨਾਵਾਂ ਨਾਲ਼ ਖੇਡਣ ਦੀ ਥਾਂ 'ਤੇ ਸਹੀ ਤਰੀਕੇ ਨਾਲ਼ ਦੇਸ਼ ਹਿੱਤ ਵਿੱਚ ਕੰਮ ਕਰਨ ਵਾਲਿਆਂ ਨੂੰ ਹੀ ਜਨਤਾ ਅੱਗੇ ਲਿਆਉਂਦੀ ਹੈ ਅਤੇ ਅੱਗੇ ਲਿਆਉਂਦੀ ਰਹੇਗੀ। ਅੱਜ ਦਾ ਵੋਟਰ ਸਮਝਦਾਰ ਹੈ ਲਾਈ ਲੱਗ ਨਹੀਂ ਹੈ।
ਸੋ ਦੋਸਤੋ..! ਤੁਸੀਂ ਤਾਂ ਆਪਣਾ ਕੰਮ ਕਰ ਦਿੱਤਾ। ਹੁਣ ਇਹ ਆਉਂਦੇ ਪੰਜ ਸਾਲ ਤੱਕ ਕਿਸ ਤਰੀਕੇ ਦੇ ਨਾਲ਼ ਕੰਮ ਕਰਦੇ ਹਨ.. ਇਸ ਦਾ ਸਬੂਤ ਇਹਨਾਂ ਚੁਣੇ ਹੋਏ ਨੁਮਾਇੰਦਿਆਂ ਨੇ ਦੇਣਾ। ਲਾਲਚ ਤੋਂ ਉੱਪਰ ਉੱਠ ਕੇ ਆਮ ਜਨਤਾ ਦਾ ਸਾਥ ਦੇਣ ਵਿੱਚ ਇਹਨਾਂ ਸਭ ਦੀ ਭਲਾਈ ਹੈ ਨਹੀਂ ਤਾਂ ਜਦੋਂ ਵੀ ਜਨਤਾ ਨੂੰ ਮੌਕਾ ਮਿਲਦਾ ਹੈ ਉਹ ਆਪਣੀ ਤਾਕਤ ਨਾਲ਼ ਸਮੇਂ-ਸਮੇਂ ਜਵਾਬ ਜ਼ਰੂਰ ਦਿੰਦੀ ਹੈ ਅਤੇ ਅਗਾਂਹ ਵੀ ਦਿੰਦੀ ਰਹੇਗੀ। ਜਿੱਤਿਆਂ ਨੂੰ ਵਧਾਈਆਂ ਅਤੇ ਹਾਰੇ ਹੋਏ ਸਬਕ ਲੈਣ ਕਿ ਇਨਸਾਨੀਅਤ ਅਤੇ ਇਨਸਾਨ ਦੇ ਚੰਗੇ ਕਰਮਾਂ ਨੂੰ ਪਹਿਲ ਦੇਣ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਤੁਸੀਂ ਜਿੰਨੇ ਮਰਜ਼ੀ ਖੋਖਲੇ ਵਾਅਦੇ ਕਰ ਲਓ.. ਪਰ ਇੱਕ ਵਾਰ ਜਦੋਂ ਤੁਸੀਂ ਵਾਅਦੇ ਪੂਰੇ ਨਹੀਂ ਕਰਦੇ ਤਾਂ ਤੁਹਾਨੂੰ ਆਮ ਜਨਤਾ ਬੜੀ ਚੰਗੀ ਤਰ੍ਹਾਂ ਜਾਣਦੀ ਅਤੇ ਸਮਝਦੀ ਹੈ। ਤੁਹਾਡੇ ਨਾਲ਼ ਤੁਰਨ ਵਾਲਾ ਹਰ ਵਿਅਕਤੀ ਜ਼ਰੂਰੀ ਨਹੀਂ ਤੁਹਾਡਾ ਸਾਥ ਹੀ ਦੇਵੇਗਾ। ਤੁਹਾਡੇ ਨਾਲ਼ ਚੱਲਣਾ ਉਸ ਦੀ ਮਜਬੂਰੀ ਹੋ ਸਕਦੀ ਹੈ। ਪਰ ਤੁਹਾਡੀਆਂ ਚਾਲਾਂ ਨੂੰ ਆਮ ਇਨਸਾਨ ਸਮਝਦਾ ਹੈ। ਹੱਸਦੇ-ਵਸਦੇ ਰਹੋ ਪਿਆਰਿਓ..! ਨਵੀਂ ਦਿਸ਼ਾ.. ਨਵੀਂ ਆਸ ਦੇ ਨਾਲ਼.. ਆਓ ਦੇਖਦੇ ਹਾਂ ਆਉਣ ਵਾਲੇ ਪੰਜਾਂ ਸਾਲਾਂ ਵਿੱਚ....!!!
ਪਰਵੀਨ ਕੌਰ ਸਿੱਧੂ  
8146536200