ਹੋਲੀ ਰੰਗਾਂ ਅਤੇ ਖੁਸ਼ੀਆਂ ਦਾ ਤਿਉਹਾਰ - ਵਿਨੋਦ ਕੁਮਾਰ
ਹੋਲੀ ਭਾਰਤ ਦੇ ਸਭ ਤੋਂ ਮਹੱਤਵਪੂਰਨ ਅਤੇ ਰੰਗ ਬਿਰੰਗੇ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਤਿੳਹਾਰ ਪ੍ਰਤੀਕ ਹੈ ਪ੍ਰੇਮ, ਭਾਈਚਾਰੇ, ਉਤਸ਼ਾਹ ਅਤੇ ਨਵੀਂ ਸ਼ੁਰੂਆਤ ਦਾ ਹੋਲੀ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਈ ਜਾਂਦੀ ਹੈ, ਜੋ ਕਿ ਆਮ ਤੌਰ ਤੇ ਫਰਵਰੀ ਦੀ ਆਖ਼ਰੀ ਜਾਂ ਮਾਰਚ ਮਹੀਨੇ ਵਿੱਚ ਆਉਂਦੀ ਹੈ।
ਹੋਲੀ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਹੋਲੀ ਨਾਲ ਕਈ ਧਾਰਮਿਕ ਤੇ ਪ੍ਰਾਚੀਨ ਕਹਾਣੀਆਂ ਜੁੜੀਆਂ ਹੋਈਆਂ ਹਨ। ਸਭ ਤੋਂ ਪ੍ਰਸਿੱਧ ਕਹਾਣੀ ਭਗਤ ਪ੍ਰਹਲਾਦ ਅਤੇ ਹਿਰਣਯਕਸ਼ਿਪੁ ਨਾਲ ਸਬੰਧਤ ਹੈ।
ਪੁਰਾਣੇ ਸਮਿਆਂ ਵਿੱਚ ਹਿਰਣਯਕਸ਼ਿਪੁ ਨਾਮ ਦਾ ਰਾਜਾ ਸੀ, ਜੋ ਆਪਣੇ ਆਪ ਨੂੰ ਭਗਵਾਨ ਮੰਨਦਾ ਸੀ ਅਤੇ ਲੋਕਾਂ ਨੂੰ ਵੀ ਆਪਣੇ ਤੋਂ ਇਲਾਵਾ ਕਿਸੇ ਹੋਰ ਦੀ ਭਗਤੀ ਕਰਨ ਤੋਂ ਰੋਕਦਾ ਸੀ। ਪਰ ਉਸ ਦਾ ਪੁੱਤਰ ਪ੍ਰਹਲਾਦ ਸੱਚੇ ਮਨ ਨਾਲ ਭਗਵਾਨ ਵਿਸ਼ਣੂ ਦੀ ਭਗਤੀ ਕਰਦਾ ਸੀ, ਹਿਰਣਯਕਸ਼ਿਪੁ ਨੇ ਆਪਣੇ ਪੁੱਤਰ ਨੂੰ ਮਾਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਪਰ ਉਹ ਸਦਾਂ ਹੀ ਇਸ ਕੰਮ ਵਿੱਚ ਅਸਫਲ ਰਿਹਾ।
ਹਿਰਣਯਕਸ਼ਿਪੁ ਦੀ ਭੈਣ ਹੋਲਿਕਾ, ਜਿਸ ਨੂੰ ਅੱਗ ਵਿੱਚ ਨਾ ਸੜਨ ਦਾ ਵਰਦਾਨ ਮਿਲਿਆ ਸੀ। ਉਸ ਨੇ ਪ੍ਰਹਲਾਦ ਨੂੰ ਆਪਣੀ ਗੋਦ ਵਿੱਚ ਬਿਠਾ ਕੇ ਲੱਕੜਾਂ ਦਾ ਚਿਖਾ ਚਿਣ ਕੇ ਉਸ ਬੈਠ ਗਈ ਅਤੇ ਚਿਖਾ ਨੂੰ ਅੱਗ ਲਗਾਉਣ ਲਈ ਕਿਹਾ ਗਿਆ। ਪਰ ਭਗਵਾਨ ਵਿਸ਼ਣੂ ਦੀ ਕਿਰਪਾ ਨਾਲ ਪ੍ਰਹਲਾਦ ਬੱਚ ਗਿਆ ਅਤੇ ਹੋਲਿਕਾ ਆਪ ਹੀ ਅੱਗ ਵਿੱਚ ਸੜ ਗਈ।ਇਹੀ ਕਾਰਣ ਹੈ ਕਿ ਹੋਲੀ ਦੀ ਪੂਰਨਮਾਸ਼ੀ ਵਾਲੀ ਰਾਤ ਨੂੰ "ਹੋਲਿਕਾ ਦਹਨ" ਕੀਤਾ ਜਾਂਦਾ ਹੈ, ਜੋ ਕਿ ਅਹੰਕਾਰ ਅਤੇ ਬੁਰਾਈ ਦੇ ਨਾਲ ਦਾ ਪ੍ਰਤੀਕ ਹੈ।
ਹੋਲੀ ਮਨਾਉਣ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਲੱਕੜੀਆਂ, ਪਾਥੀਆਂ ਅਤੇ ਹੋਰ ਸਾਮਗਰੀ ਇੱਕਠੀ ਕਰਕੇ ਅੱਗ ਲਗਾਈ ਜਾਂਦੀ ਹੈ, ਜਿਸ ਨੂੰ "ਹੋਲਿਕਾ ਦਹਨ" ਕਿਹਾ ਜਾਂਦਾ ਹੈ। ਲੋਕ ਇਸ ਅੱਗ ਦੇ ਗਿਰਦ ਭਜਨ ਗਾਉਂਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ ਕਿ ਉਨ੍ਹਾਂ ਦੀਆਂ ਸਭ ਬੁਰੀਆਂ ਆਦਤਾਂ ਅਤੇ ਦੁੱਖ ਦਲਿਦਰ ਹੋਲਿਕਾ ਦੀ ਅੱਗ ਵਾਂਗ ਸੜ ਜਾਣ।
ਅਗਲੇ ਦਿਨ ਸਵੇਰੇ ਲੋਕ ਇੱਕ ਦੂਜੇ ਨੂੰ ਰੰਗ ਲਗਾ ਕੇ, ਪਾਣੀ ਦੇ ਗੁਬਾਰਿਆਂ ਨਾਲ ਖੇਡ ਕੇ ਅਤੇ ਗੁਲਾਲ ਛਿੜਕ ਕੇ ਖੁਸ਼ੀਆਂ ਮਨਾਉਂਦੇ ਹਨ। ਬੱਚੇ, ਬਜੁ਼ਰਗ, ਨੋਜਵਾਨ ਸਭ ਹੀ ਇਸ ਖੇਡ ਵਿੱਚ ਸ਼ਾਮਲ ਹੁੰਦੇ ਹਨ ਕਈ ਜਗ੍ਹਾ ਗੁਲਾਬ ਅਤੇ ਹੋਰ ਫੁੱਲ ਇੱਕ ਦੂਜੇ ਉੱਤੇ ਬਰਸਾ ਕੇ ਹੋਲੀ ਖੇਡੀ ਜਾਂਦੀ ਹੈ। ਹੋਲੀ ਦਾ ਤਿਉਹਾਰ ਮੌਜ-ਮਸਤੀ, ਡਾਂਸ ਅਤੇ ਗਾਣੇ ਗਾ ਕੇ ਆਪਸੀ ਪਿਆਰ ਅਤੇ ਮਿਲਾਪ ਨਾਲ ਮਨਾਇਆ ਜਾਂਦਾ ਹੈ।
ਹੋਲੀ ਦੇ ਮੌਕੇ ਤੇ ਲੋਕ ਵਿਸ਼ੇਸ਼ ਤਰਾਂ ਦੀਆਂ ਮਿਠਆਈਆਂ ਤਿਆਰ ਕਰਦੇ ਹਨ ਜਿਸ ਵਿੱਚ ਖਾਸ ਤੋਰ ਤੇ ਦਹੀਂ ਵੜੇ ਅਤੇ ਗੁਝੀਆ ਤਿਆਰ ਕੀਤਾ ਜਾਂਦਾ ਹੈ ਤੇ ਇਸ ਨੂੰ ਸੱਜਣਾ ਮਿੱਤਰਾਂ ਨੂੰ ਵੀ ਵੰਡਿਆ ਜਾਂਦਾ ਹੈ ਅਤੇ ਕੁੱਝ ਲੋਕ ਭੰਗ ਦਾ ਵੀ ਸੇਵਨ ਕਰਦੇ ਹਨ।
ਹੋਲੀ ਭਾਈਚਾਰੇ, ਪਿਆਰ ਅਤੇ ਏਕਤਾ ਦਾ ਤਿਉਹਾਰ ਹੈ।ਇਹ ਲੋਕਾਂ ਨੂੰ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਦਿੰਦੀ ਹੈ ਪੁਰਾਣੀਆਂ ਰੰਜਸ਼ਾ ਨੂੰ ਭੁਲਾ ਕੇ ਪਿਆਰ ਅਤੇ ਮਿਤੱਰਤਾ ਦੇ ਰੰਗਾਂ ਵਿੱਚ ਰੰਗ ਜਾਣ ਦੀ ਪ੍ਰੇਰਣਾ ਵੀ ਦਿੰਦੀ ਹੈ। ਇਸ ਲਈ ਇਹ ਹੋਲੀ ਪਿਆਰਾ ਦਾ ਪ੍ਰਤੀਕ ਤਿਉਹਾਰ ਵੀ ਮੰਨਿਆ ਜਾਂਦਾ ਹੈ।
ਇਸ ਤਿਉਹਾਰ ਦੀ ਖਾਸ ਗੱਲ ਵੇਖਣ ਵਿੱਚ ਇਹ ਵੀ ਆਉਂਦੀ ਹੈ ਕਿ ਇਸ ਦਿਨ ਛੋਟਾ-ਵੱਡਾ, ਉੱਚਾ ਨੀਵਾਂ ਭੁਲਾ ਕੇ ਸਭ ਇੱਕੋ ਜਿਹੇ ਹੋ ਜਾਂਦੇ ਹਨ। ਹਰ ਕੋਈ ਰੰਗਾਂ ਵਿੱਚ ਰੰਗਿਆ ਹੋਇਆ ਹੁੰਦਾ ਹੈ ਅਤੇ ਕੋਈ ਵੀ ਕਿਸੇ ਤੋਂ ਵੱਖਰਾ ਨਹੀਂ ਦਿਖਾਈ ਦਿੰਦਾ।
ਹੋਲੀ ਬਸੰਤ ਰੁੱਤ ਵਿੱਚ ਆਉਂਦੀ ਹੈ, ਜੋ ਕਿ ਕਿਸਾਨਾਂ ਲਈ ਨਵੀਆਂ ਫ਼ਸਲਾਂ ਦੀ ਆਮਦ ਦਾ ਸੰਕੇਤ ਵੀ ਦਿੰਦੀ ਹੈ। ਇਸ ਤਿਉਹਾਰ ਨਾਲ ਕਿਸਾਨਾਂ ਦੀ ਮਿਹਨਤ ਦਾ ਉਨ੍ਹਾਂ ਨੂੰ ਫ਼ਲ ਮਿਲਣ ਦੀ ਖੁਸ਼ੀ ਵੀ ਜੁੜੀ ਹੋਈ ਹੈ।
ਹੋਲੀ ਕੇਵਲ ਇੱਕ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਇਹ ਪ੍ਰੇਮ, ਮਿਲਾਪ, ਭਾਈਚਾਰ ਅਤੇ ਬੁਰਾਈ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਵੀ ਹੈ। ਇਸ ਦਿਨ ਲੋਕਾਂ ਨੂੰ ਆਪਣੇ ਮਨਾਂ ਦੀ ਨਫ਼ਰਤ ਨੂੰ ਦੂਰ ਕਰਕੇ ਖੁੱਸ਼ੀਆਂ ਵੰਡਣ ਦਾ ਸੰਦੇਸ਼ ਸਭ ਨੂੰ ਦਿੰਦੀ ਹੈ। ਇਸ ਲਈ ਚਾਹੇ ਤੁਸੀਂ ਕਿੱਥੇ ਵੀ ਹੋ, ਇਸ ਵਾਰ ਹੋਲੀ ਪਿਆਰ, ਆਦਰ ਤੇ ਮਿਲਾਪ ਭਰੇ ਰੰਗਾਂ ਦੇ ਨਾਲ ਸਾਰੇ ਮਿਲ ਕੇ ਮਨਾਓ।
ਇੱਕ ਵਾਰ ਫਿਰ ਤੁਹਾਨੂੰ ਸਾਰਿਆ ਨੂੰ ਹੋਲੀ ਦੇ ਤਿਉਹਾਰ ਦੀ ਸੁ਼ਭਕਾਮਨਾਵਾਂ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਲੇਖਕ ਪੰਜਾਬੀ ਭਾਸ਼ਾ ਵਿਭਾਗ,ਪਟਿਆਲਾ,ਪੰਜਾਬ ਅਤੇ
ਲੇਖਕ ਪੰਜਾਬੀ ਸਾਹਿਤਕ ਅਕਦਮੀ, ਹਰਿਆਣਾ,ਪੰਚਕੂਲਾ,
ਵਿਨੋਦ ਕੁਮਾਰ ਵਾਲੀ ਗਲੀ।
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.ਨੰ: 098721 97326
vinodfaqira8@gmial.com