ਮਿੰਨੀ ਕਹਾਣੀ ' ਕੰਜਕਾਂ ਬਨਾਮ ਪੱਥਰ ' - ਹਾਕਮ ਸਿੰਘ ਮੀਤ ਬੌਂਦਲੀ

ਨੀ ਨਸੀਬੋ ਤੂੰ ਅੱਜ ਮੂੰਹ ਹਨ੍ਹੇਰੇ ਉੱਠੀ ਫਿਰਦੀ ਆਂ , " ਕਿਤੇ ਜਾਣਾ ?" ਨਹੀਂ ਆਮਰੋ ਮੈ ਨੂੰਹ ਰਾਣੀ ਕੱਦੀ ਹਾਕਾਂ ਮਾਰਦੀ ਆ , ਉੱਠ ਖੜ - ਉੱਠ ਖੜ ਪਤਾ ਨੀ ਕਿਹੜੀ ਗੱਲੋਂ ਮੂੰਹ ਵੱਟੀ ਫਿਰਦੀ ਆ ਕਈ ਦਿਨਾਂ ਤੋਂ , ਨਾਲੇ ਮੈਂ ਕੱਲ੍ਹ ਕਿਹਾ ਸੀ ਸਾਝਰੇ ਉੱਠੀ ਕੰਜਕਾਂ ਪੂਜਣੀਆਂ ਨੇ ," ਫਿਰ ਕਹਿੰਦੀਆਂ ਨੇ ਸੱਸਾਂ ਮਾੜੀਆਂ ਨੇ " ਦੇ ਕੋਈ ਦੁੱਖ ਤਕਲੀਫ ਹੈ ਬੱਚੇ ਨੂੰ ਦੱਸਣਾ ਚਾਹੀਦਾ ਹੈ । ਐਵੇਂ ਮੂੰਹ ਮੋਟਾ ਕਰਕੇ ਫਿਰੀ ਜਾਣਾ ਕੋਈ ਚੰਗੀ ਗੱਲ ਥੌੜੀ ਹੈ ।
              ਕੋਈ ਗੱਲ ਨਹੀਂ ਬੀਜੀ ਮੈਂ ਨਹਾਕੇ ਆਉਂਣੀ ਆ ?
ਚੰਗਾ ਆਮਰੋ ਤੂੰ ਇੱਥੇ ਬੈਠ ਫਿਰ ਗੱਲਾਂ ਕਰਦੇ ਹਾਂ , " ਮੈਂ ਜਾਕੇ ਕੰਨਿਆਂ ਦੇਵੀਆਂ ਨੂੰ ਇਕੱਠੀਆਂ ਲਿਆਵਾਂ , ਅੱਜ ਜੋ ਦੇਵੀਆਂ ਨੂੰ ਪੂਜਣਾ ਹੋਇਆ ।
        ਨੀ ਨਸੀਬੋ ਕੀ ਤੇਰੇ ਪੈਰਾਂ ਥੱਲੇ ਅੱਗ ਲੱਗੀ ਐ ਕਿੱਧਰ ਨੂੰ ਸਾਝਰੇ ਸਾਝਰੇ ਮੂੰਹ ਚੱਕਿਆ ਹੋਰ ਸਭ ਠੀਕ ਹੈ । ਅੰਮਾਂ ਜੀ ਪੈਰੀਂ ਪੈਂਦੀ ਆ , ਗੁਰੂ ਭਲਾ ਕਰੇ , ਹੋਰ ਸਭ ਠੀਕ ਠਾਕ ਹੈ , ਅੰਮਾਂ ਜੀ ਸਭ ਠੀਕ ਹੈ । ਮੈਂ ਤਾਂ ਸੋਚਿਆ ਸੀ ਕਿ ਕੰਜਕਾਂ ਪੂਜ ਦਈਏ , ਕੁੱਝ ਪਾਪ ਲੱਥ ਜਾਣਗੇ  । ਪਰ ਕੁੜੀਆਂ ਤਾਂ ਨਜ਼ਰ 'ਚ ਪਾਈਆਂ ਨੀ ਰੜਕਦੀਆਂ , ਜਿਵੇਂ ਕੁੜੀਆਂ ਦਾ ਕਾਲ ਹੀ ਪੈ ਗਿਆ ਹੋਵੇ । ਰੱਬ ਵੀ ਦਿਆਲ ਹੈ ਸਭ ਮੂੰਡੇ ਹੀ ਵੰਡੀ ਜਾਂਦਾ , ਕੁੜੀਆਂ ਦਾ ਕੋਟਾ ਤਾਂ ਇਉਂ ਲੱਗਦਾ ਜਿਵੇਂ ਰੱਬ ਦੇ ਘਰ ਵੀ ਖ਼ਤਮ ਹੋ ਗਿਆ ਹੋਵੇ । " ਮੂੰਹ ਹਨ੍ਹੇਰੇ ਦੀ ਘੁੰਮ ਰਹੀ ਹਾਂ, ਸੱਤ ਕੁੜੀਆਂ ਨੀ ਕੱਠੀਆਂ ਹੋਈਆਂ । ਅੱਜ ਕੱਲ੍ਹ ਤਾਂ ਨਸੀਬੋ ਹਰੇਕ ਹੀ ਡਾਕਟਰ ਦੇ ਦਰ ਤੇ ਜਾ ਖੜਦਾ , ਕਹਿੰਦੇ ਨੇ ਆਹ ਕਰੀ ਤਾਂ ਚੈੱਕ " ਮੁੰਡਾ ਹੈ ਜਾਂ ਕੁੜੀ " ਪਤਾ ਨੀ ਕਿੱਥੋਂ ਇਹ ਮਸ਼ੀਨਾਂ ਆ ਗਈਆਂ ਚੈੱਕ ਕਰਨ ਵਾਲੀਆਂ , " ਮੁੰਡਾ ਹੈ ਸੱਤੋ- ਸੱਤ , ਕੁੜੀ ਹੈ ਕਰਦੇ ਸਫਾਈ ਕੀ ਕਰਵਾਉਣਾ ਪੱਥਰ ਤੋਂ ।" ਮਸ਼ੀਨਾਂ ਤਾਂ ਇਹੋ ਜਿਹੀਆਂ ਆ ਗਈਆਂ ਪੰਜ ਮਿੰਟ ਨੀ ਲਾਉਂਦੀਆਂ ਦੱਸਣ ਨੂੰ , ਨਾਲੇ ਹਰੇਕ ਹੀ ਮੁੰਡਾ ਭਾਲਦਾ , ਕੁੜੀਆਂ ਨੂੰ ਕਿਹੜਾ ਭਾਉਂਦਾ ।" ਜਦੋਂ ਸਾਡਾ ਟਾਈਮ ਸੀ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਸੀ ਸਮਝਦਾ ਹਰੇਕ ਘਰ ਦੋ ਦੋ ਤਿੰਨ ਤਿੰਨ ਕੁੜੀਆਂ ਹੁੰਦੀਆਂ ਸੀ , ਨਾਲੇ ਕੁੜੀਆਂ ਦੀ ਇੱਜ਼ਤ ਕਰਦੇ ਸੀ । ਗੱਲ ਤਾਂ ਤੁਹਾਡੀ ਠੀਕ ਹੈ ਇਹ ਵੇਖ ਲਵੋਂ ਕੋਈ ਛੋਟੀ ਕੁੜੀ ਨਹੀਂ ਮਿਲੀ , ਸਾਰੀਆਂ ਵੱਡੀਆਂ ਹੀ ਕੁੜੀਆਂ ਮਿਲੀਆਂ ਨੇ ਇਹ ਵੀ ਕਹਿੰਦੀਆਂ ਨੇ ਅਸੀਂ ਕਾਲਜ ਪੜ੍ਹਨ ਜਾਣਾ, ਸਾਨੂੰ ਛੇਤੀ ਛੇਤੀ ਪੂਜ ਲਏ ਕਿਤੇ ਅਸੀਂ ਲੇਟ ਨਾ ਹੋ ਜਾਈਏ , ਨਾਲੇ ਆਪਸ ਵਿੱਚੀਂ ਹੱਸਦੀਆਂ ਹੋਈਆਂ ਕਹਿੰਦੀਆਂ ਸੀ ," ਜਦੋਂ ਕੁੜੀਆਂ ਲੋੜ ਪੈਂਦੀ ਹੈ ਉਦੋਂ ਹੀ ਚੇਤੇ ਆਉਂਦੀਆਂ ਨੇ ਨਹੀਂ ਤਾਂ ਪੱਥਰ ਹੀ ਸਮਝਦੇ ਨੇ ।
           ਨੀ ਨਸੀਬੋ ਮੈਂ ਤਾਂ ਗੱਲੀਂ ਬਾਤੀਂ ਭੁੱਲ ਹੀ ਗਈ ਸੀ , ਤੈਨੂੰ ਵੀ ਤਾਂ ਮੁੰਡੇ ਵਿਆਹੇ ਨੂੰ ਸਾਲ ਹੋ ਗਿਆ । ਤੂੰ ਦਾਦੀ ਬਣੀ ਕਿ ਨਹੀਂ , ਆਪਣੀ ਗਲਤੀ ਨੂੰ ਛੁਪਾਉਂਦੀ ਹੋਈ ਨੇ ਗੱਲ ਅਣਗੌਲਿਆ ਜਿਹਾ ਕਰ ਦਿੱਤਾ । ਚੰਗਾ ਮਾਂ ਜੀ ਮੈਂ ਚੱਲਦੀ ਹਾਂ , ਕਿਉਂਕਿ ਕੁੜੀ ਨੂੰ ਪੱਥਰ ਕਹਿਣੇ ਵਾਲਿਆਂ ਵਿੱਚ ਸੀ । ਨੀ ਮੇਰੀ ਗੱਲ ਦਾ ਜਵਾਬ ਤਾਂ ਦਿੰਦੀ ਜਾਹ ਮੈਂ ਕਿਹੜਾ ਤੇਰੇ ਕੋਲੋਂ ਮਠਿਆਈ ਮੰਗਦੀ ਹਾਂ । ਮੈਂ ਵੀ ਇਹ ਬੇਰਹਿਮੀ ਦੀ ਹਵਾ ਵਿੱਚ ਆ ਗਈ , " ਪੱਥਰ ਸੀ ਸਫ਼ਾਈ ਕਰਵਾਈ ਦਿੱਤੀ । ਨੀ ਇਹ ਕੀ ਕਹਿ ਰਹੀ ਐਂ , " ਮੈਨੂੰ ਮਜ਼ਾਕ ਕਰ ਰਹੀ ਐਂ ?" ਹੁਣ ਉਸ ਕੋਲ ਕੋਈ ਜਵਾਬ ਨਹੀਂ ਸੀ ਆਪਣਾ ਸਿਰ ਅੰਮਾਂ ਜੀ ਸਾਹਮਣੇ ਚੁੱਕਣ ਦੀ ਹਿੰਮਤ ਨਹੀਂ ਪਈ । ਆਪਣੇ ਆਪ ਤੇ ਸ਼ਰਮ ਮਹਿਸੂਸ ਕਰ ਰਹੀ ਸੀ ।
            ਨਸੀਬੋ ਦੇ ਮੂੰਹ ਤੇ ਸਰਦੀ ਦੇ ਮਹੀਨੇ ਤਰੇਲੀਆਂ ਦੇਖਕੇ ਕਿਹਾ , ਤੈਨੂੰ ਰੱਬ ਨੇ ਲੱਛਮੀ ਦਿੱਤੀ ਨੀ ਤੂੰ ਰੱਬ ਦੀ ਰਹਿਮਤ ਨੂੰ ਠੋਕਰ ਮਾਰ ਦਿੱਤੀ ਘਰ ਆਈ ਦੇਵੀਂ ਨੂੰ ਪੱਥਰ ਸਮਝਕੇ , ਅੱਜ ਨਮਿੱਤ ਕੰਜਕਾਂ ਪੂਜਣ ਚੱਲੀ ਐਂ । ਨੀ ਭਲੀਏ ਲੋਕੇ ਤੈਥੋਂ ਆਪਣੇ ਖੂਨ ਦੀ ਦੇਵੀਂ ਤਾਂ ਸਾਂਭੀ ਨਹੀਂ ਗਈ ," ਕੰਜਕਾਂ ਪੂਜਣ ਲਈ ਘਰ ਘਰ ਪੱਥਰ ਲੱਭਦੀ ਫਿਰਦੀ ਐਂ " ਤੂੰ ਪ੍ਰਮਾਤਮਾ ਤੋਂ ਡਰ , " ਇਹ ਕੰਜਕਾਂ ਬਨਾਮ ਪੱਥਰ ਨੇ ਇਹ ਤਾਂ ਸਾਰੀ ਉਸਦੀ ਰਹਿਮਤ ਹੈ ।" ਬੱਸ ਅੰਮਾਂ ਜੀ ਬੱਸ ਮੈਂ ਪਾਪਣ ਹਾਂ ਰੋਂਦੀ ਹੋਈ ਨੇ ਕਿਹਾ । ਨੀ ਤੂੰ ਇਹ ਕੀ ਕੀਤਾ ਤੈਨੂੰ ਪ੍ਰਮਾਤਮਾ ਨੇ ਦੇਵੀਂ ਦਾ ਰੂਪ ਬਖਸ਼ਿਸ਼ ਕੀਤਾ ਪੂਜਣ ਲਈ ਦੂਜਿਆਂ ਦੇ ਘਰਾਂ ਵਿੱਚ ਕੰਜਕਾਂ ਵਾਸਤੇ ਕੁੜੀਆਂ ਭਾਲਦੀ ਫਿਰਦੀ ਐਂ । ਲੋਕਾਂ ਨੂੰ ਭਗਤਣੀ ਬਣਕੇ ਦਿਖਾਉਂਦੀ ਫਿਰਦੀ ਐਂ ," ਇਹ ਪਾਪ ਨੂੰ ਲੁਕਾਉਣ ਲਈ ਅੱਜ ਕੰਜਕਾਂ ਪੂਜਣ ਜਾ ਰਹੀ ਐਂ , ਇਹ ਪਾਪ ਕਦੇ ਛੁਪਾਏ ਨਹੀਂ ਛਪਦੇ  ਇਕ ਦਿਨ ਸਾਹਮਣੇ ਜ਼ਰੂਰ ਆਉਂਦੇ ਨੇ ।" ਅੰਮਾਂ ਜੀ ਤੁਸੀਂ ਮੇਰੀ ਸੁੱਤੀ ਪਈ ਜ਼ਮੀਰ ਨੂੰ ਹਲੂਣਾ ਦੇ ਦਿੱਤਾ। ਮੇਰੀਆਂ ਅੱਖਾਂ ਤੋਂ ਪਾਪਾਂ ਵਾਲਾ ਪਰਦਾ ਹਟਾ ਦਿੱਤਾ । ਮੈਂ ਅਣਜਾਣ ਪੁਣੇ ਵਿੱਚ ਬਹੁਤ ਵੱਡੀ ਪਾਪਣ ਬਣ ਗਈ ਹਾਂ ।
         ਆਪਣੇ ਸਿਰ ਤੇ ਲਈ ਚੁੰਨੀ ਨਾਲ ਅੱਖਾਂ ਪੂੰਝਦੀ ਹੋਈ ਘਰ ਵੱਲ ਨੂੰ ਤੁਰ ਪਈ । ਘਰ ਆਕੇ ਆਪਣੀ ਨੂੰਹ ਪਾਲੀ ਨੂੰ ਬੁੱਕਲ ਵਿੱਚ ਲੈਕੇ ਕਹਿ ਰਹੀ ਸੀ , ਧੀਏ ਮੈਨੂੰ ਮੁਆਫ਼ ਦੇਵੀਂ , ਬੀਜੀਂ ਮੁਆਫੀ ਉਸ ਪ੍ਰਮਾਤਮਾ ਕੋਲੋਂ ਮੰਗੋ ਜਿਨ੍ਹਾਂ ਨੇ ਆਪਣੇ ਘਰ ਦੇਵੀਂ ਦਾ ਰੂਪ ਬਖਸ਼ਿਸ਼ ਕੀਤਾ ਸੀ । ਤੁਸੀਂ ਪੱਥਰ ਸਮਝਕੇ ਉਸ ਨੂੰ ਇਸ ਰੰਗਲੀ ਦੁਨੀਆਂ ਤੋਂ ਵਾਪਸ ਭੇਜ ਦਿੱਤਾ । ਤੁਸੀਂ ਮੇਰੀਆਂ ਮਿੰਨਤਾਂ ਤਰਲਿਆਂ ਦੀ ਕੋਈ ਪ੍ਰਵਾਹ ਨਹੀਂ ਕੀਤੀ , ਤੁਸੀਂ ਪੱਥਰ ਕਹਿਕੇ ਕਤਲ ਕਰਵਾ ਦਿੱਤਾ । ਕਹਿ ਰਹੇ ਸੀ ਸਾਨੂੰ ਤਾਂ ਮੁੰਡਾ ਚਾਹੀਦਾ ਹੈ। ਪਰ ਅੱਜ ਉਸ ਪ੍ਰਮਾਤਮਾ ਨੇ ਜ਼ੁਲਮ ਦੇਖਕੇ ਆਪਣਾ ਦਰਵਾਜ਼ਾ ਸਦਾ ਲਈ ਬੰਦ ਕਰ ਦਿੱਤਾ । ਇਹ ਕੀ ਕਹਿ ਰਹੀ ਐ ਪੁੱਤ । ਹਾਂ ਬੀਜੀ ਮੈਂ ਠੀਕ ਹੀ ਕਹਿ ਰਹੀ ਹਾਂ ? ਅੱਜ ਡਾਕਟਰ ਨੇ ਸਿੱਧੇ ਲਫ਼ਜ਼ਾਂ ਵਿੱਚ ਕਹਿ ਦਿੱਤਾ ਤੁਸੀਂ ਹੁਣ ਕਦੇ ਮਾਂ ਨਹੀਂ ਬਣ ਸਕਦੇ । ਮੇਰੇ ਚਿਹਰੇ ਤੇ ਕਦੇ ਵੀ ਖੁਸ਼ੀ ਨਹੀਂ ਝਲਕ ਦਿਖਾਈ ਦੇਣੀ ਮੇਰੀ ਕੁੱਖ ਸਦਾ ਲਈ ਸੁਲੱਖਣੀ ਹੋ ਗਈ ਹੈ । ਦੁਨੀਆਂ ਵਾਲਿਓ ਆਪਣੀਆਂ ਨੂੰ ਪੱਥਰ ਦੂਜਿਆਂ ਦੇ ਘਰੋਂ ਕੰਜਕਾਂ ਨਾ ਲੱਭੋ । ਕੰਜਕਾਂ ਬਨਾਮ ਪੱਥਰ ਨੂੰ ਯਾਦ ਕਰਦੀ ਹੋਈ ਨੇ ਆਪਣੀ ਨੂੰਹ ਬੁੱਕਲ਼ ਵਿੱਚ ਲੈਕੇ ਕਿਹਾ ਧੀਏ ਮੈਨੂੰ ਮੁਆਫ਼ ਕਰ ਦੇਵੀਂ ਤੇਰੀ ਸੁਲੱਖਣੀ ਕੁੱਖ ਹੋਣ ਦੀ ਜ਼ੁਮੇਵਾਰ ਮੈਂ ਆ । ਅੰਮਾਂ ਜੀ ਮੈਂ ਹੁਣ ਮੈਂ ਕਦੇ ਵੀ ਤੁਹਾਡਾ ਮੂੰਹ ਮਿੱਠਾ ਨਹੀਂ ਕਰਵਾ ਸਕਦੀ ," ਮੈਨੂੰ ਕੀਤੇ ਪਾਪਾਂ ਦੀ ਸਜ਼ਾ ਮਿਲ ਗਈ ਹੈ ।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ