ਸੀਨੇ ਖਿੱਚ ਜਿਨ੍ਹਾਂ ਨੇ ਖਾਧੀ

ਸਰਦੂਲ ਸਿਕੰਦਰ ਵੱਲੋਂ ਸਿਹਤ ਖਰਾਬ ਹੋਣ ਦੇ ਬਾਵਜੂਦ ਆਪਣੀ ਪਤਨੀ ਅਮਰ ਨੂਰੀ ਨਾਲ ਪਹੁੰਚ ਕੇ 13 ਦਸੰਬਰ 2020 ਨੂੰ ਦਿੱਲੀ ਬਾਰਡਰ 'ਤੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਉੱਪਰ ਕਿਸਾਨ ਅੰਦੋਲਨ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਕੀਤੀ ਸੰਖੇਪ, ਪਰ ਬਹੁਤ ਹੀ ਭਾਵਪੂਰਤ ਤਕਰੀਰ ।
ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲਿਓ, ਮਾਤਾ ਜੀਤਾਂ ਜੀ ਦੀਆਂ ਧੀਆਂ ਮੇਰੀਓ ਲਾਡਲੀਓ ਭੈਣੋ, ਮਾਤਾਓ! ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ! ਅੱਜ ਸਿਰਫ਼ ਸੈਲੂਟ ਕਰਨ ਆਇਆਂ, ਸਜਦਾ ਕਰਨ ਆਇਆਂ, ਕਿਉਂਕਿ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਕਿ ਸਾਰੀਆਂ ਜਥੇਬੰਦੀਆਂ ਇਕ ਸਟੇਜ 'ਤੇ 'ਕੱਠੀਆਂ ਹੋਈਆਂ ।
'ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ ।
ਵਸਲੋਂ ਉਰੇ ਮੁਕਾਮ ਨਾ ਕੋਈ, ਉਹ ਚਾਲ ਪਈ ਨਿੱਤ ਰਹਿੰਦੇ |'
ਇਨ੍ਹਾਂ ਨੇ ਸੋਚਿਆ, ਸਰਕਾਰਾਂ ਨੇ ਸੋਚਿਆ ਕਿ ਪੰਜਾਬ ਦੇ ਬੰਦੇ ਆ, ਦੋ ਦਿਨ ਰਹਿ ਕੇ ਵਾਪਸ ਚਲੇ ਜਾਣਗੇ । ਇਹ ਭੁੱਲ ਗਏ, ਸ਼ਾਇਦ ਸਰਕਾਰਾਂ ਭੁੱਲ ਗਈਆਂ ਕਿ ਊਧਮ ਸਿੰਘ ਸ਼ਹੀਦ ਵਰਗੇ 21 ਸਾਲ ਬਾਅਦ ਜਾ ਕੇ ਦੁਸ਼ਮਣ ਨੂੰ ਫੁੰਡਿਆ, ਉਹ ਵੀ ਇੰਗਲੈਂਡ ਜਾ ਕੇ । ਅਸੀਂ ਉਸ ਬਲੱਡ ਨੂੰ ਬਲੌਂਗ ਕਰਦੇ ਆਂ, ਉਸ ਖ਼ੂਨ ਨੂੰ ਬਲੌਂਗ ਕਰਦੇ ਆਂ, ਜਿਨ੍ਹਾਂ ਨੇ ਕੋਈ ਬੰਦਾ ਛੱਡਿਆ ਨਹੀਂ । ਜੀਹਨੇ ਅੱਜ ਸ਼ੇਰ ਦੇ ਮੂੰਹ ਵਿਚ ਹੱਥ ਪਾਇਆ, ਉਹ ਬੰਦਾ ਬਚ ਕੇ ਕਿਵੇਂ ਚਲਿਆ ਜਾਵੇਗਾ । ਤੁਸੀਂ ਵਧਾਈ ਦੇ ਪਾਤਰ ਓ, ਕਿਉਂਕਿ 19 ਜੰਗਾਂ ਲੜੀਆਂ, 19 ਵਾਰ ਦਿੱਲੀ ਜਿੱਤੀ ਗਈ ਅਤੇ ਆਹ ਦੋ ਹਜ਼ਾਰ ਵੀਹ ਦੇ ਵਿਚ ਇਹ 20ਵੀਂ ਜੰਗ ਵੀ ਜਿੱਤੀ ਜਾਣੀ ਆਂ । ਇਹ ਤੁਸੀਂ ਜਿੱਤ ਲਈ ਹੈ, ਇਹ ਤੁਸੀਂ ਵਧਾਈ ਦੇ ਪਾਤਰ ਹੋ ਸਾਰੇ । ਮੈਂ ਦੋ ਲਾਈਨਾਂ ਸਿਰਫ਼ ਕਹਾਂਗਾ ਇਹ ਸਰਕਾਰਾਂ ਨੂੰ , ਕਿਉਂਕਿ ਜੋ ਸ਼ੁਰੂ ਤੋਂ ਲੈ ਕੇ ਪੰਜਾਬ ਨਾਲ ਵਿਤਕਰਾ ਕਰਦੀਆਂ ਆ ਰਹੀਆਂ ਨੇ । ਹਰਿਆਣੇ ਨਾਲ, ਪੰਜਾਬ ਨਾਲ ਵਿਤਕਰਾ ਕਰਦੀਆਂ ਆ ਰਹੀਆਂ ਨੇ । ਸੋ ਦੋ ਲਾਈਨਾਂ ਈ ਨੇ, ਕਿਉਂਕਿ ਕੋਈ ਜ਼ਿਆਦਾ ਟਾਈਮ ਨਹੀਂ ਹੈ, ਬਹੁਤ ਬੁਲਾਰੇ ਬੈਠੇ ਨੇ :
ਓਹ ਤੂੰ ਕੀਤੀ ਪੱਤ ਪੰਜਾਬ ਦੀ ਅੱਜ ਲੀਰਾਂ ਲੀਰਾਂ ।
ਓਹ ਕੀਤੀ ਪੱਤ ਪੰਜਾਬ ਦੀ ਅੱਜ ਲੀਰਾਂ ਲੀਰਾਂ ।
ਤੈਨੂੰ ਵਿਚ ਪੰਜਾਬ ਦੇ ਭਾਲਦੇ ਖੰਡੇ ਸ਼ਮਸ਼ੀਰਾਂ ।
ਓਹ ਤੈਨੂੰ ਵਿਚ ਪੰਜਾਬ …
ਮੈਂ ਸਹੁੰ ਸ਼ੇਰੇ-ਪੰਜਾਬ ਦੀ ਅੱਜ ਖਾ ਕੇ ਆਇਆਂ ।
ਮੈਂ ਸੁਦਾ ਸਰ ਵਿਚ ਵੈਰੀਆ ਅੱਜ ਨਹਾ ਕੇ ਆਇਆਂ ।
ਤੈਨੂੰ ਦੱਸੂੰਗਾਂ ਮੈਂ ਵੈਰੀਆ ਕਿਵੇਂ ਨਹਾ ਕੇ ਆਇਆਂ ।
ਆਹ ਆ ਗਏ ਪੁੱਤ ਪੰਜਾਬ ਘਰੋਂ ਘੱਤ ਵਹੀਰਾਂ ।
ਤੈਨੂੰ ਵਿਚ ਪੰਜਾਬ ਦੇ ਭਾਲਦੇ ਖੰਡੇ ਸ਼ਮਸ਼ੀਰਾਂ ।
ਤੈਨੂੰ ਵਿਚ ਪੰਜਾਬ ਦੇ ਭਾਲਦੇ....
ਮੈਂ ਅੰਬਾਨੀਆਂ, ਅਡਾਨੀਆਂ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਉਨ੍ਹਾਂ ਨਾਲ ਪੰਗਾ ਲਿਐ, ਜਿਹੜੇ ਤੁਹਾਡੇ ਢਿੱਡ ਭਰਦੇ ਐ । ਜਿਹੜੇ ਤੁਹਾਨੂੰ ਰੋਟੀ ਦਿੰਦੇ ਐ, ਤੁਸੀਂ ਉਨ੍ਹਾਂ ਨਾਲ ਪੰਗਾ ਲਿਐ । ਓ ਵੱਡੇ ਟੈਕਨੀਸ਼ਨਜ਼ੋ, ਵੱਡੇ ਟੈਕਨੀਕੋ! ਅੱਜ ਰੋਟੀ ਨਾ ਦੇਵੇ ਕਿਸਾਨ ਥੋਨੂੰ ਵੱਡੇ ਡਿਜੀਟਲੋ! ਲਾਹ ਲਿਓ, ਡਾਊਨਲੋਡ ਕਰ ਲਿਓ ਰੋਟੀਆਂ ਤੇ ਸਬਜ਼ੀਆਂ ਜੇ ਥੋਨੂੰ ਮਿਲ ਜਾਣ ਕਿਤੇ ਓਥੇ! ਜੇ ਤੁਸੀਂ ਇਨ੍ਹਾਂ ਨਾਲ ਇਨਸਾਫ਼ ਨਹੀਂ ਕਰਦੇ, ਤੁਸੀਂ ਰੱਬ ਦਾ ਇਨਸਾਫ਼ ਨਹੀਂ ਕਰ ਸਕਦੇ | ਮੈਂ ਏਨਾ ਕਹਿੰਦਾ ਖ਼ਿਮਾ ਦਾ ਜਾਚਕ ਹਾਂ, ਵਧਾਈ ਦੇ ਪਾਤਰ ਹੋ ਤੁਸੀਂ । ਬਹੁਤ ਲੜਾਈ ਨੇੜੇ ਆ ਗਈ ਐ ਤੇ ਤੁਸੀਂ ਜਿੱਤੇ ਈ ਪਏ ਓ ਤੁਸੀਂ । ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ!
(ਇਸ ਮੌਕੇ ਇੱਕ ਪੱਤਰਕਾਰ ਬੀਬਾ ਨੇ ਜਦੋਂ ਪੁੱਛਿਆ ਕਿ ਇਹ ਢਿੱਲੀ ਸਿਹਤ ਦੇ ਬਾਵਜੂਦ ਤੁਸੀਂ ਇੱਥੇ ਪੁੱਜੇ ਤਾਂ ਸਰਦੂਲ ਸਿਕੰਦਰ ਨੇ ਜਵਾਬ ਦਿੱਤਾ, ਏਨੇ ਵੱਡੇ ਅੰਦੋਲਨ ਵਿੱਚ ਤਾਂ ਮਰਿਆ ਬੰਦਾ ਵੀ ਉਠ ਕੇ ਆ ਜਾਵੇ )