ਲੜੀਵਾਰ ਨਾਵਲ : ਕੁੱਲੀ ਯਾਰ ਦੀ ਸੁਰਗ ਦਾ ਝੂਟਾ - ਸ਼ਿਵਚਰਨ ਜੱਗੀ ਕੁੱਸਾ

(ਕਾਂਡ 1)

''ਕੁੱਲੀ ਯਾਰ ਦੀ ਸੁਰਗ ਦਾ ਝੂਟਾ,
ਮੈਂ ਅੱਗ ਲਾਵਾਂ ਮਹਿਲਾਂ ਨੂੰ...!"


    ਸਰਦੀਆਂ ਦੇ ਦਿਨ ਸਨ।
    ਗੁਲਾਬੀ ਠੰਢ ਵਰ੍ਹਦੀ ਸੀ।
    ਪਿਛਲੇ ਦਿਨਾਂ ਵਿੱਚ ਠਾਰੀ ਨੇ ਲੋਕਾਂ ਦੀਆਂ ਕੋਕੜਾਂ ਕਰ ਮਾਰੀਆਂ ਸਨ। ਸਾਰੀ ਰਾਤ ਅਤੇ ਅੱਧਾ ਦਿਨ ਧੁੰਦ ਪੈਂਦੀ ਸੀ। ਸੂਰਜ ਦੇਵਤਾ ਤਾਂ ਕਿਤੇ ਦੁਪਿਹਰ ਵੇਲ਼ੇ ਜਾ ਕੇ ਦਰਸ਼ਣ ਦਿੰਦਾ ਸੀ। ਪਰ ਐਨਾਂ ਸ਼ੁਕਰ ਸੀ ਕਿ ਬਰਫ਼ ਵਾਂਗ ਪੈਂਦੀ ਸਰਦੀ ਨੇ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਸੀ। ਇਸ ਗੱਲੋਂ ਜ਼ਿੰਮੀਦਾਰ ਕੁਝ ਹਲਕਾ ਅਤੇ ਸੌਖਾ ਮਹਿਸੂਸ ਕਰਦੇ ਸਨ। ਦਿਨੇ ਵੀ ਪਸ਼ੂਆਂ ਦੀ ਪਿੱਠ ਤੋਂ ਝੁੱਲ ਨਹੀਂ ਲਹਿੰਦਾ ਸੀ। ਠੰਢ ਨੇ ਲੋਕਾਂ ਦੀ ਬੱਸ ਕਰਵਾ ਦਿੱਤੀ ਸੀ।
    ਪਰ ਅੱਜ ਦਿਨ ਬੜਾ ਨਿੱਘਾ ਅਤੇ ਸੁਹਾਵਣਾ ਸੀ।
ਤਿੱਖੀ ਨਿਕਲ਼ੀ ਧੁੱਪ ਪਿੰਡੇ ਤੋਂ ਚੂੰਢੀ ਭਰਦੀ ਸੀ। ਕਈ ਦਿਨਾਂ ਬਾਅਦ ਸੂਰਜ ਦੇ ਨਿੱਘ ਨੇ ਠਾਰੀ ਦਾ ਮੂੰਹ ਭੰਨਿਆਂ ਸੀ। ਸ਼ਹਿਰ ਦੀ ਵੱਖੀ ਵੱਲ ਪੈਂਦੀ ਨਹਿਰ ਦਾ ਪਾਣੀ ਕਿਸੇ ਰਮਣੀਕ ਝੀਲ ਦਾ ਭੁਲੇਖਾ ਪਾ ਰਿਹਾ ਸੀ। ਨਹਿਰ ਦੀ ਪਟੜੀ ਤੋਂ ਤੁਰਦੇ ਜੋਗਾ ਸਿੰਘ ਨੇ ਪੁਲ਼ 'ਤੇ ਆਣ ਕੇ ਪਿੰਡ ਜਾਣ ਵਾਲ਼ੀ ਬੱਸ ਫ਼ੜ ਲਈ। ਬੱਸ ਦੀਆਂ ਸਵਾਰੀਆਂ ਕੰਬਲ਼ ਜਾਂ ਟੋਟਿਆਂ ਦੀ ਬੁੱਕਲ਼ ਮਾਰੀ, ਖੰਭ ਜਿਹੇ ਘੁੱਟੀ ਬੈਠੀਆਂ ਸਨ।
ਰੋਡਵੇਜ਼ ਦੀ ਬੱਸ ਵਿੱਚ ਬੈਠਾ ਜੋਗਾ ਸਿੰਘ ਦੂਰ-ਦੂਰ ਤੱਕ ਪਸਰੀ ਹਰਿਆਵਲ ਨੂੰ ਤੱਕ ਸਰਸ਼ਾਰ ਹੋ ਰਿਹਾ ਸੀ। ਦੂਰ ਤੱਕ ਕਾਦਰ ਦੀ ਕੁਦਰਤ ਦੇ ਰੰਗ ਪੱਲਰੇ ਪਏ ਸਨ। ਕਣਕ ਦੇ ਬੂਟੇ ਬੱਲੀਆਂ ਦੀ ਕਲਗੀ ਲਾਈ ਖੜ੍ਹੇ ਹੱਸ ਰਹੇ ਸਨ। ਸਰ੍ਹੋਂ ਦੇ ਫ਼ੁੱਲ ਹਰਿਆਵਲ ਦੀ ਹਿੱਕ 'ਤੇ ਮਸਤੀ ਨਾਲ਼ ਝੂੰਮ ਰਹੇ ਸਨ, ਜਿਵੇਂ ਸੰਦਲੀ ਹੱਥਾਂ ਵਿੱਚ ਸੋਨੇ ਦੀਆਂ ਮੁੰਦਰੀਆਂ ਪਹਿਨੀਆਂ ਹੋਈਆਂ ਸਨ। ਬੱਸ ਦੀ ਬਾਰੀ ਵਿੱਚੋਂ ਆਇਆ ਹਵਾ ਦਾ ਬੁੱਲਾ ਜੋਗੇ ਨੂੰ ਇੱਕ ਤਰ੍ਹਾਂ ਨਾਲ਼ ਹੁਲ੍ਹਾਰਾ ਦੇ ਗਿਆ ਸੀ। ਫ਼ਸਲਾਂ ਦੀ ਮਹਿਕ ਨੇ ਜਿਵੇਂ ਉਸ ਦੇ ਜ਼ਿਹਨ ਅੰਦਰ ਕਿਸੇ ਚੰਦਨ ਦਾ ਛਿੜਕਾਅ ਕਰ ਦਿੱਤਾ ਸੀ। ਕਿਸੇ ਗ਼ੈਬੀ ਆਨੰਦ ਨਾਲ਼ ਉਸ ਨੇ ਸਾਹ ਉਪਰ ਖਿੱਚਿਆ। ਇੱਕ ਪਾਸੇ ਕਮਾਦ ਦੇ ਖੇਤ ਓਹਲਿਓਂ ''ਭਗਵਾਨ ਤੇਰੀ ਕੁਦਰਤ" ਗਾਉਂਦੇ ਤਿੱਤਰ ਨੇ ਜੋਗੇ ਦੇ ਮਨ ਨੂੰ ਹੋਰ ਮਸਤੀ ਚਾੜ੍ਹ ਦਿੱਤੀ।
    ਬੱਸ ਅੱਡੇ 'ਤੇ ਉੱਤਰ ਜੋਗਾ ਸਿੰਘ ਘਰ ਜਾਣ ਦੀ ਵਜਾਏ ਖੇਤ ਨੂੰ ਹੀ ਸਿੱਧਾ ਹੋ ਗਿਆ।
    ਜੋਗੇ ਦਾ ਸੀਰੀ ਗੇਜਾ ਪੱਠੇ ਵੱਢੀ ਜਾ ਰਿਹਾ ਸੀ।
ਪੱਲੀ ਕੋਲ਼ੋਂ ਦਾਤੀ ਚੁੱਕ ਜੋਗੇ ਨੇ ਵੀ ਬਰਸੀਨ ਨੂੰ ਵਾਢਾ ਧਰ ਲਿਆ।  
    -''ਜਾ ਆਇਆ ਬਾਈ...?" ਗੇਜੇ ਨੇ ਮੀਸਣਾ ਜਿਹਾ ਹਾਸਾ ਹੱਸ ਕੇ ਜੋਗੇ ਨੂੰ ਪੁੱਛਿਆ। ਗੇਜਾ ਜੋਗੇ ਨਾਲ਼ ਲੰਮੇ ਸਮੇਂ ਤੋਂ ਸੀਰੀ ਚੱਲਿਆ ਆ ਰਿਹਾ ਸੀ। ਸੀਰੀ ਜਾਂ ਮਾਲਕ ਵਾਲ਼ੀ ਗੱਲ ਤਾਂ ਉਹਨਾਂ ਵਿੱਚ ਹੈ ਹੀ ਨਹੀਂ ਸੀ, ਉਹਨਾਂ ਦਾ ਤਾਂ ਭਰਾਵਾਂ ਵਾਲ਼ਾ ਪ੍ਰੇਮ ਸੀ। ਦੋਨੋਂ ਇੱਕ ਦੂਜੇ ਉਪਰ ਜਾਨ ਵਾਰਦੇ, ਇੱਕ ਦੂਜੇ ਲਈ ਲਹੂ ਡੋਲ੍ਹਦੇ ਸਨ।
    -''ਹਾਂ, ਜਾ ਆਇਆ...!" ਜੋਗੇ ਨੇ ਹੁੰਗਾਰਾ ਰੂਹ ਨਾਲ਼ ਨਹੀਂ ਸੀ ਭਰਿਆ। ਹੁੰਗਾਰੇ ਵਿੱਚ ਗੜ੍ਹਕਾ ਨਹੀਂ ਸੀ। ਬੱਸ ਹੁੰਗਾਰਾ ਭਰ ਕੇ ਇੱਕ ਤਰ੍ਹਾਂ ਨਾਲ਼ ਵੇਲ਼ਾ ਪੂਰਾ ਜਿਹਾ ਹੀ ਕੀਤਾ ਸੀ।
    -''ਪਈ ਮਿਹਨਤ ਪੱਲੇ ਕਿ ਨਹੀਂ...?"
    -''ਜਿੰਨੀ ਆਸ ਉਮੀਦ ਨਾਲ਼ ਗਿਆ ਸੀ, ਓਨੀ ਨੀ ਪਈ..!"  ਬਰਸੀਨ ਦਾ ਰੁੱਗ ਸੁੱਟਦਿਆਂ ਜੋਗੇ ਨੇ ਬਾਂਹ ਨਾਲ਼ ਮੱਥਾ ਪੂੰਝਿਆ।
    -''ਚਲੋ, ਜਾਂਦੇ ਚੋਰ ਦੀ ਤੜਾਗੀ ਈ ਸਹੀ..! ਹਾੜ੍ਹੀ ਤੱਕ ਤਾਂ ਕੰਮ ਚੱਲੂ..?"
    -''ਹਾਂ, ਹਾੜ੍ਹੀ ਤੱਕ ਜਾਨ ਸੌਖੀ ਰਹੂ, ਅੱਗੇ ਰੱਬ ਰਾਖਾ..! ਔਹ ਲੀਲੀ ਛੱਤ ਆਲ਼ਾ..!"
    -''ਜੱਟ ਦਾ ਤਾਂ ਹੁੰਦਾ ਈ ਰੱਬ ਐ ਬਾਈ ਜੋਗਾ ਸਿਆਂ...!"
    -''ਯਾਰ ਗੇਜਿਆ, ਇੱਕ ਗੱਲ ਸਮਝ ਨੀ ਆਉਂਦੀ..!"
    -''ਕੀ...?"
    -''ਜੀਓ-ਜੀਅ ਜਿੰਮੀਦਾਰ ਨਾਲ਼ ਕਿਹੜਾ ਬੈਰ ਕੱਢਦੇ ਐ..? ਗੌਰਮਿੰਟ ਤੋਂ ਲੈ ਕੇ ਆੜ੍ਹਤੀਏ ਤੱਕ, ਸਾਰੇ ਕੰਜਰ ਝੱਗੇ ਲਾਹੁੰਣ ਨੂੰ ਪੈਂਦੇ ਐ..! ਇਉਂ ਜੱਟ ਕਿੰਨਾਂ ਕੁ ਚਿਰ ਕੱਟੂ..?"
    -''ਆਪਾਂ 'ਕੱਲੇ ਥੋੜ੍ਹੋ ਐਂ ਬਾਈ ਜੋਗਿਆ..? ਸਾਰੀ ਦੁਨੀਆਂ ਦਾ ਆਹੀ ਹਾਲ ਐ...! ਜੀਹਨੂੰ ਮਰਜ਼ੀ ਐ ਹੱਥ ਲਾ ਕੇ ਦੇਖਲਾ, ਅੰਬਿਆ ਪਿਐ..! ਜੱਟ ਤਾਂ ਇਹਨਾਂ ਨੇ ਕੀਤਾ ਪਿਐ, ਖੱਸੀ...!"
    -''ਨਾ ਤਾਂ ਜੱਟ ਨੂੰ ਡੀਜਲ ਦਿੰਦੇ ਐ, ਤੇ ਨਾ ਦਿੰਦੇ ਐ ਬਿਜਲੀ, ਖੇਤੀ ਜੱਟ ਇਹਨਾਂ ਦੀ ਮਾਂ ਦੇ ਘੜੁੱਕੇ ਨਾਲ਼ ਕਰੂ..?"
    -''ਕਾਹਨੂੰ ਕਲ਼ਪੀ ਜਾਨੈਂ..? ਪੱਠੇ ਵੱਢ ਲਏ ਐ, ਆਥਣੇ ਘੁੱਟ ਲਾ ਕੇ ਰੰਗਾਂ 'ਚ ਹੋਵਾਂਗੇ, ਮੈਂ ਰਾਤ ਕੱਢ ਲਈਆਂ ਸੀ ਅੱਠ ਸੀਸੀਆਂ..!" ਗੇਜੇ ਨੇ ਉਸ ਨੂੰ ਠੰਢਾ ਕੀਤਾ।
    -''ਬੱਲੇ...! ਬਾਹਲ਼ਾ ਈ ਤੱਤਾ ਨਿਕਲ਼ਿਆ..!" ਜੋਗੇ ਨੂੰ ਸਾਰੇ ਦੁੱਖ ਭੁੱਲ ਗਏ।
    -''ਜਦੋਂ ਕੋਈ ਕੰਮ ਕਰਨਾ ਹੋਵੇ, ਸੱਜੇ ਨੂੰ ਖੱਬਾ ਥੋੜ੍ਹੋ ਉਡੀਕੀਦੈ..? ਫ਼ੇਰ ਤਾਂ ਓਸ ਗੱਲ ਦੇ ਆਖਣ ਮਾਂਗੂੰ, ਬਾਜ ਆਲ਼ੀ ਫ਼ੁਰਤੀ ਮਾਰੀਦੀ ਐ..!"
    -''ਗੇਜਿਆ, ਅੱਜ ਮੈਨੂੰ ਹਾਸਾ ਬੜਾ ਆਇਆ...!" ਜੋਗੇ ਨੂੰ ਅਚਾਨਕ ਕਿਸੇ ਗੱਲ ਦਾ ਚੇਤਾ ਆ ਗਿਆ।
    -''ਕਿਉਂ...?"
    -''ਮੈਂ ਕਰਾੜਾਂ ਦੇ ਘੋਰਨੇ ਜੇ 'ਚ ਮੂਤਣ ਚਲਿਆ ਗਿਆ, ਜੀਹਨੂੰ ਕੰਜਰ ਦੇ 'ਟੌਲੈਟ' ਕਹਿੰਦੇ ਐ...!"
    -''ਫ਼ੇਰ...!"
    -''ਅੰਦਰ ਸਾਲਿਆਂ ਨੇ ਬਾਲਟੀ ਜਿੱਡਾ ਜੱਗ ਰੱਖਿਆ ਵਾ ਹੱਥ ਧੋਣ ਨੂੰ...! ਮੈਂ ਪੁੱਛਿਆ ਕਰਾੜਾ, ਟੌਲੈਟ 'ਚ ਜੰਗਲ ਪਾਣੀ ਆਲ਼ੇ ਹੱਥ ਧੋਨੇ ਐਂ, ਕਿ ਮੱਝ ਨੁਹਾਉਦੇ ਹੁੰਨੇ ਐਂ...?"
    -''......................।" ਹੱਸਦੇ ਗੇਜੇ ਦੀਆਂ ਵੱਖੀਆਂ ਦੁਖਣ ਲੱਗ ਪਈਆਂ।
    -''ਲਾਅਲੇ ਤਾਂ ਸਾਲ਼ੇ ਫ਼ੇਰ ਵੀ ਠੀਕ ਜੇ ਈ ਹੁੰਦੇ ਐ, ਚੌਗਾਠਾ ਤਾਂ ਬਾਈ ਸਿਆਂ ਲਾਲੀਆਂ ਦਾ ਵੱਡਾ ਹੁੰਦੈ, ਹੱਥ ਧੋਣ ਵਾਸਤੇ ਬਾਲਟੀ ਦੀ ਤਾਂ ਉਹਨਾਂ ਨੂੰ ਲੋੜ ਪੈਂਦੀ ਹੋਣੀ ਐਂ...!"
    -''..........................।" ਦੋਨੋਂ ਫ਼ਿਰ ਹੱਸ ਪਏ।
    -''ਅੱਜ ਦਿਨ ਦੇਖ ਕੈਸਾ ਲੱਗਿਐ..!"
    -''ਸੂਰਜ ਦੇਵਤਾ ਕਈ ਦਿਨਾਂ ਬਾਅਦ ਦਿਆਲ ਹੋਇਐ..!"
    ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਗੁਆਂਢੀਆਂ ਦਾ ਮੁੰਡਾ ਉਹਨਾਂ ਦੇ ਸਿਰ 'ਤੇ ਆ ਖੜ੍ਹਾ।
    -''ਚਾਚਾ, ਤੈਨੂੰ ਘਰੇ ਸੱਦੀਦੈ...!" ਮੁੰਡੇ ਨੇ ਜੋਗੇ ਨੂੰ ਸੁਨੇਹਾਂ ਦਿੱਤਾ।
    -''ਕਿਉਂ...? ਚਾਚੇ ਤੋਂ ਮੱਝ ਨਵੇਂ ਦੁੱਧ ਕਰਵਾਉਣੀ ਐਂ..?" ਗੇਜਾ ਝਹੇਡ ਕਰਦਾ ਹੋਇਆ ਬੋਲਿਆ।
    -''..............।" ਸੰਗਾਊ ਜਿਹਾ ਮੁੰਡਾ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਕਰ ਗਿਆ।
    -''ਤੇਰੀ ਮਾਂ ਨੇ ਤਾਂ ਨੀ ਬੁਲਾਇਆ, ਭਤੀਜ...?" ਜੋਗਾ ਵੀ ਗੁੱਝੀ ਟਿੱਚਰ ਕਰ ਗਿਆ।
    -''ਨਹੀਂ..!" ਉਸ ਨੇ ਸ਼ਰਮ ਨਾਲ਼ ਨੀਵੀਂ ਪਾ ਲਈ। ਉਸ ਦਾ ਮੂੰਹ ਲਾਲ ਝਰੰਗ ਹੋ ਗਿਆ ਸੀ।
    -''ਤੇਰੀ ਮਾਂ ਦੀ ਬਿੱਲੀ ਅੱਖ ਵੀ ਬੰਦੇ ਦੇ ਭੂਰੀ ਕੀੜੀ ਮਾਂਗੂੰ ਲੜਦੀ ਐ...!"
    -''......................।" ਮੁੰਡਾ ਮੁੜ ਹੱਸ ਕੇ ਨੀਂਵੀਂ ਪਾ ਗਿਆ। ਉਹ ਪੈਰ ਦੇ ਅੰਗੂਠੇ ਨਾਲ਼ ਧਰਤੀ ਖੁਰਲ਼ ਰਿਹਾ ਸੀ।
    -''ਹੋਰ ਕੀਹਨੇ ਬੁਲਾਇਐ ਫ਼ੇਰ..?"
    -''ਥੋਡੇ ਘਰੇ ਕੋਈ ਵਿਚੋਲਾ ਆਇਐ, ਬੇਬੇ ਨੇ ਸੱਦਿਐ...!"
    -''ਓਹ ਬੱਲੇ...! ਤੇਰੇ ਮੂੰਹ ਘਿਉ ਸ਼ੱਕਰ, ਪੁੱਤ..!" ਗੇਜਾ ਦਾਤੀ ਸੁੱਟ ਕੇ ਖੜ੍ਹਾ ਹੋ ਗਿਆ, ''ਕਿਸ਼ਤਾਂ 'ਚ ਗੱਲਾਂ ਤੂੰ ਦੱਸਦੈਂ, ਖਸਮਾਂ ਨੂੰ ਖਾਣਿਆਂ..! ਪਹਿਲਾਂ ਨਾ ਸਿੱਧੀ ਗੱਲ ਦੱਸੀ..? ਤੂੰ ਚੱਲ, ਅਸੀਂ ਆਉਨੇ ਐਂ...! ਨਾਲ਼ੇ ਆ ਕੇ ਤੇਰਾ ਮੂੰਹ ਮਿੱਠਾ ਕਰਵਾਉਨੇ ਆਂ...!"
-''...............................।"
    -''ਜਿਉਂਦਾ ਰਹਿ ਜਿਉਣ ਜੋਕਰਿਆ...! ਆਬਦੀ ਮਾਂ ਨੂੰ ਕਹੀਂ ਦਿਉਰ ਦੇ ਸੁਰਮਾਂ ਪਾਉਣ ਆਸਤੇ ਤਿਆਰ ਰਹੇ...! ਕਲਕੱਤਿਓਂ ਪੱਖੀ ਤੇ ਦਿੱਲੀਓਂ ਸੁਰਮੇਦਾਣੀ ਲਿਆ ਕੇ ਦਿਆਂਗੇ...!"
    -''ਤੇ ਨਾਲ਼ੇ ਸੰਵਾਅ ਕੇ ਦਿਆਂਗੇ ਫ਼ੁੱਲਾਂ ਆਲ਼ਾ ਗਰਾਰਾ...! ਦੇਖੀਂ ਫ਼ੇਰ, ਚੱਪਲਾਂ 'ਤੇ ਨਾਚ ਕਰਿਆ ਕਰੂ ਪੱਟ ਹੋਣੀਂ..!"
    -''ਨਾਚ ਕੀ...? ਮੋਰ ਆਂਗੂੰ ਪੈਹਲ੍ਹ ਪਾਊ, ਪੈਹਲ੍ਹ...!"
    -''ਮੈਖਿਆ ਸੱਪ ਮਾਂਗੂੰ ਮੇਹਲੂ...! ਜੇ ਮੇਮਾਂ ਦੇ ਦੇਸ਼ ਜੰਮੀਂ ਹੁੰਦੀ, ਪਰਲੋਂ ਲਿਆ ਦਿੰਦੀ...!"
-''ਤੇ ਹੁਣ ਕਿਹੜਾ ਘੱਟ ਐ...? ਦੇਖਣ ਆਲ਼ੇ ਦਾ ਕਾਲ਼ਜਾ ਕੱਢਦੀ ਐ...!"
    ਹੱਸਦਾ ਅਤੇ ਸੰਗਦਾ ਮੁੰਡਾ ਤੁਰ ਗਿਆ।
    -''ਲੈ ਬਾਈ ਜੋਗਿਆ, ਅਸੀਂ ਤਾਂ ਜਿਹੜੇ ਠੂਠੇ ਖਾਣੈਂ, ਓਸੇ ਈ ਖਾਣੈਂ, ਤੂੰ ਤਾਂ ਸੁੱਖ ਨਾ' ਕਰ ਤਿਆਰੀ ਸਿਹਰੇ ਬੰਨ੍ਹਣ ਦੀ..! ਹੋ ਸਕਦੈ ਤੇਰੇ ਨਾਲ਼ ਕਦੇ ਸਾਨੂੰ ਵੀ ਤਿੰਨ ਖੂੰਜੇ ਪਰਾਉਂਠੇ ਮਿਲ਼ ਜਿਆ ਕਰਨ, ਤਾਈ ਦੇ ਹੱਥਾਂ ਦੀਆਂ ਚੱਕੀ ਦੇ ਪੜੂਏ ਅਰਗੀਆਂ ਖਾ-ਖਾ ਕੇ ਤਾਂ ਸਾਲ਼ੀਆਂ ਜਾਭਾਂ ਘਸ ਗਈਆਂ..? ਜੀਭ 'ਤੇ ਅੱਟਣ ਪੈਗੇ..!"
    -''ਪਿੰਡ ਬੱਝਿਆ ਨੀ, ਤੇ ਮੰਗਤੇ ਪਹਿਲਾਂ..!"
-''...............।" ਗੇਜਾ ਹੱਸ ਪਿਆ।
    -''ਤੇਰੀ ਵੀ ਓਹ ਗੱਲ ਐ, ਅਖੇ ਸੂਤ ਨਾ ਪਤਾਣ, ਜੁਲਾਹੇ ਨਾ' ਠੇਂਗੋ ਠੇਂਗੀ..!"
    -''ਸੂਤ ਪਤਾਣ ਕਾਹਤੋਂ ਨੀ..? ਜਿਹੜਾ ਵਿਚੋਲਾ ਆਇਐ, ਕੁਛ ਨਾ ਕੁਛ ਤਾਂ ਲੈ ਕੇ ਆਇਆ ਹੋਊ..? ਵਿਚੋਲਾ ਤਾਂ ਮਿੱਟੀ ਦਾ ਮਾਣ ਨੀ ਹੁੰਦਾ..! ਚੱਲ, ਚੱਲ ਕੇ ਮੂੰਹ ਸੁੰਘੀਏ..!" ਗੇਜੇ ਨੇ ਹਿੰਮਤ ਅਤੇ ਹੌਂਸਲੇ ਨਾਲ਼ ਪੱਠੇ ਰੇੜ੍ਹੀ ਵਿੱਚ ਲੱਦਣੇ ਸ਼ੁਰੂ ਕਰ ਦਿੱਤੇ। ਉਸ ਦੇ ਅੰਦਰ ਕੋਈ ਕੁਤਕੁਤੀ ਹੋਈ ਸੀ।
    -''ਚੱਲ ਪੁੱਤ ਮੇਰਿਆ, ਹੋ ਖੜ੍ਹਾ..! ਅੱਜ ਬਾਈ ਦਾ ਘਰ ਵਸਣ ਲੱਗਿਐ...!" ਉਸ ਨੇ ਰੇੜ੍ਹੀ ਕੋਲ਼ ਬੈਠੇ ਵਹਿੜ੍ਹਕੇ ਦੇ ਪਰੈਣੀ ਦੀ ਪੋਲੀ ਜਿਹੀ ਹੁੱਝ ਮਾਰੀ, ਵਹਿੜ੍ਹਕਾ ਲੱਗਦੇ ਹੱਥ ਹੀ ਖੜ੍ਹਾ ਹੋ ਗਿਆ ਅਤੇ ਉਸ ਨੇ ਕੰਨ ਹਿਲਾਏ।
    -''ਤੂੰ ਰੇੜ੍ਹੀ ਲੈ ਕੇ ਚੱਲ ਬਾਈ..! ਮੈਂ ਦੋ ਬੋਤਲਾਂ ਚੱਕ ਲਿਆਵਾਂ..! ਵਿਚੋਲੇ ਦਾ ਮੂੰਹ ਬਕਬਕਾ ਕਰਾਂਗੇ..!" ਉਹ ਖੇਤ ਵਾਲ਼ੇ ਕੋਠੇ ਵੱਲ ਨੂੰ ਭੱਜ ਲਿਆ।
    -''ਅਖੇ ਜੁਆਕ ਦਾ ਪੱਜ, ਤੇ ਬਾਬੇ ਦਾ ਰੱਜ...! ਬਚੋਲੇ ਦਾ ਤਾਂ ਇੱਕ ਬਹਾਨਾ ਈ ਐ, ਕਮਲ਼ੇ ਤਾਂ ਆਪਾਂ ਹੋਣੈਂ...!"
    -''ਤੂੰ ਤਾਂ ਜਾਣੀਂ ਜਾਣ ਐਂ, ਦਿਲਾਂ ਦੀਆਂ ਬੁੱਝਣ ਆਲ਼ਾ....।" ਭੱਜਿਆ ਜਾਂਦਾ ਗੇਜਾ ਹੱਸ ਪਿਆ।
-''ਛੇਤੀ ਆਜੀਂ...! ਕਿਤੇ 'ਕੱਲਾ ਈ ਡੁੱਘੂ ਨਾ ਲਾਉਣ ਲੱਗਪੀਂ..!" ਜੋਗੇ ਨੇ ਸੁਣਾਈ ਕੀਤੀ।
    -''ਕਾਣੀਂ ਵੰਡ ਜਮਾਂ ਨੀ ਕਰਦਾ, ਬਾਈ..! ਤੇਰੀ ਗੈਰਹਾਜਰੀ 'ਚ ਤਿੱਪ ਨੀ ਅੰਦਰ ਜਾਊ..!" ਉਹ ਭੱਜਿਆ ਜਾਂਦਾ ਕਹਿ ਰਿਹਾ ਸੀ।
    -''ਤੇਰਾ 'ਤਬਾਰ ਜਿਆ ਘੱਟ ਈ ਐ ਮੈਨੂੰ, ਦਾਰੂ ਦੇਖ ਕੇ ਕਦੇ-ਕਦੇ ਤੈਨੂੰ ਵੀ ਗਧੇ ਆਲ਼ਾ ਹੀਂਗਣਾਂ ਉਠ ਖੜ੍ਹਦੈ...!" ਜੋਗੇ ਨੇ ਰੇੜ੍ਹੀ ਤੋਰ ਲਈ। ਪਰ ਗੇਜੇ ਨੂੰ ਕੁਛ ਨਹੀਂ ਸੁਣਿਆਂ ਸੀ। ਉਹ ਦਾਰੂ ਦੇ ਚਾਅ ਵਿੱਚ ਦੁੜਕੀ ਚਾਲ ਦੂਰ ਨਿਕਲ਼ ਗਿਆ ਸੀ। ਘਰ ਦੀ ਕੱਢੀ ਦਾਰੂ ਉਸ ਨੂੰ ਘਿਉ ਵਾਂਗ ਲੱਗਦੀ ਸੀ।
    ਘਰ ਪਹੁੰਚਣ ਤੋਂ ਪਹਿਲਾਂ ਹੀ ਗੇਜਾ ਜੋਗੇ ਦੀ ਰੇੜ੍ਹੀ ਨਾਲ਼ ਆ ਰਲ਼ਿਆ।


....ਦੂਜਾ ਕਾਂਡ ਅਗਲੇ ਹਫ਼ਤੇ