ਕਿਸ਼ਤ 2 : ਸੁੱਤੀ ਪਈ ਨੂੰ ਹਿਚਕੀਆਂ ਆਈਆਂ, - ਸ਼ਿਵਚਰਨ ਜੱਗੀ ਕੁੱਸਾ

ਕਿਸ਼ਤ 2 :


ਸੁੱਤੀ ਪਈ ਨੂੰ ਹਿਚਕੀਆਂ ਆਈਆਂ,
ਖ਼ੈਰ ਹੋਵੇ ਸੱਜਣਾਂ ਦੀ...

    ਜਦ ਉਹ ਘਰ ਪਹੁੰਚੇ ਤਾਂ ਫ਼ੁੱਫ਼ੜ ਮਹਿੰਗਾ ਸਿਉਂ ਬੇਬੇ ਨਾਲ਼ ਗੱਲੀਂ ਲੱਗਿਆ ਹੋਇਆ ਸੀ। ਕਰੜ-ਬਰੜੀ ਦਾਹੜੀ ਵਾਲ਼ੇ ਵਿਚੋਲੇ ਨੂੰ ਦਾਹੜੀ ਕਾਲ਼ੀ ਕਰਨ ਦੀ ਬਹੁਤੀ ਜਾਂਚ ਨਹੀਂ ਸੀ। ਅੱਘੜ੍ਹ-ਦੁਘੜ੍ਹੀ ਕਾਲ਼ੀ ਕੀਤੀ ਦਾਹੜੀ ਗਰਮੀਆਂ ਮੌਕੇ ਖੇਤ ਵਿੱਚ ਖੜ੍ਹੀ ਇੱਟਸਿੱਟ ਵਰਗੀ ਲੱਗਦੀ ਸੀ। ਉਸ ਦਾ ਘੁੱਟਿਆ ਜਿਹਾ ਮੂੰਹ ਬੰਦੂਕ ਦੇ ਬੁੱਗ ਵਰਗਾ ਸੀ।
    -''ਤਕੜੈਂ ਫ਼ੁੱਫ਼ੜਾ...?" ਜੋਗੇ ਨੇ ਹੱਥ ਜੋੜ ਲਏ।
    -''ਜਮਾਂ ਘੋੜ੍ਹਾ..! ਲੋਹੇ ਅਰਗਾ..! ਤੂੰ ਦੇਹ ਗੱਲ...? ਸਰੀਰ ਕੈਮ ਐਂ...??"
    -''ਘਣ ਅਰਗਾ ਫ਼ੁੱਫ਼ੜਾ..! ਪੂਰਾ ਘਣ ਅਰਗਾ..!"
    -''ਚਲੋ ਰੱਬ ਥੋਨੂੰ ਰਾਜੀ ਰੱਖੇ..! ਤੂੰ ਬਈ ਗੇਜਿਆ, ਬੋਲਦਾ ਈ ਨੀ...?" ਫ਼ੁੱਫ਼ੜ ਨੇ ਸ਼ਿਕਵਾ ਕੀਤਾ।
    -''ਜਿੱਥੇ ਸਿਆਣੇ ਬੰਦੇ ਬੋਲਦੇ ਹੋਣ ਸਰਦਾਰਾ, ਓਥੇ ਮੇਰੇ ਅਰਗਾ ਸਿੱਧਰਾ ਕੀ ਬੋਲੂ..?" ਗੇਜੇ ਨੇ ਕਿਹਾ, ''ਅਸੀਂ ਤਾਂ ਥੋਡੇ ਅਰਗੇ ਸਿਆਣਿਆਂ ਨੂੰ ਸੁਣਨ ਆਲ਼ੇ ਸਰੋਤੇ ਐਂ..!"
    -''ਨ੍ਹਾ ਤੂੰ ਕਿਸੇ ਦੀ ਨੂੰਹ ਧੀ ਨਾਲ਼ੋਂ ਘੱਟ ਐਂ..? ਐਮੇ ਨੀ ਨਿੱਕੀਆਂ-ਨਿੱਕੀਆਂ ਗੱਲਾਂ ਸੋਚੀਦੀਆਂ..! ਜੱਜ ਬਣ ਕੇ ਰਹੀਏ..! ਜਿਵੇਂ ਕਿਸੇ ਮੀਰਜਾਦੇ ਨੂੰ ਉਹਦਾ ਮੁੰਡਾ ਕਹਿੰਦਾ ਅਖੇ ਬਾਪੂ, ਤੈਨੂੰ ਸਾਰਾ ਪਿੰਡ ਟਿੱਚ ਜਾਣਦੈ, ਓਹ ਕਹਿੰਦਾ ਪੁੱਤ ਵਹਿਮ ਨਾ ਮੰਨ, ਮੈਂ 'ਕੱਲਾ ਈ ਸਾਰੇ ਪਿੰਡ ਨੂੰ ਟਿੱਚ ਜਾਣਦੈਂ..! ਆਹ ਆਪਣੀ ਹਰ ਕੁਰ ਦੇਖਲਾ, ਉਮਰ ਦੇ ਪਿਛਲੇ ਪਹਿਰ ਵੀ ਨੱਕ 'ਤੇ ਮੱਖੀ ਨੀ ਬਹਿਣ ਦਿੰਦੀ, ਤੇਰੇ ਸਾਹਮਣੇ ਐਂ, ਮੈਂ ਇਹਦੇ ਨਾਲ਼ ਬੇਡਰ ਹੋ ਕੇ ਆਢਾ ਲਾਈ ਬੈਠੈਂ, ਸਾਡਾ ਜਿਗਰਾ ਵੀ ਦੇਖ, ਨਹੀਂ ਹਰ ਕੁਰ ਮਾਤਾ ਰਾਣੀ ਦੀ ਤਾਬ ਕੌਣ ਝੱਲੇ..? ਨਿਰੀ ਜੁਆਲਾ ਮੁਖੀ ਐ..!"
    ਸਾਰੇ ਹੱਸ ਪਏ।
    ਪਰ ਜੋਗੇ ਦੀ ਮਾਂ ਹਰ ਕੌਰ ਕੁੜੈਣ ਪੀਤੀ ਵਾਲ਼ਿਆਂ ਵਾਂਗ ਮੂੰਹ ਵੱਟੀ ਬੈਠੀ ਸੀ।
    -''ਤੂੰ ਵੀ ਮਾੜਾ ਮੋਟਾ ਹੱਸ ਲੈਂਦੀ, ਮੂੰਹ ਦੀ 'ਪਰਾਟੀਸ' ਹੋ ਜਾਂਦੀ ਐ, ਹਰ ਕੁਰੇ..! ਤੂੰ ਤਾਂ ਮੂੰਹ ਬਾਹਲ਼ਾ ਈ ਘੁੱਗੂ ਅਰਗਾ ਕਰੀ ਬੈਠੀ ਐਂ..!" ਉਹ ਹਰ ਕੌਰ ਵੱਲ ਤਿਰਛਾ ਝਾਕਿਆ।
    -''ਮੈਂ ਰੱਜੀ ਧਾਈ ਥੋਡੇ ਹੱਸਣ ਖੁਣੋਂ..! ਮੇਰਾ ਡਮਾਕ ਫ਼ਿਰਿਐ, ਮੈਂ ਬਿਨਾਂ ਗੱਲੋਂ ਜਾੜ੍ਹਾਂ ਜੀਆਂ ਕੱਢੀ ਜਾਵਾਂ..? ਥੋਨੂੰ ਤਾਂ ਨਾ ਚੜ੍ਹੀਦੀ, ਤੇ ਨਾ ਲੱਥੀਦੀ..! ਅਖੇ ਪਿੰਡ ਉਜੜਿਆ ਜਾਵੇ ਤੇ ਕਮਲ਼ੀ ਨੂੰ ਕੱਤਣ ਦੀ...!" ਹਰ ਕੌਰ ਬੋਲੀ।
    ਹਰ ਕੌਰ ਅੜਬ ਸੁਭਾਅ ਦੀ ''ਕੱਬੀ" ਔਰਤ ਸੀ। ਘਰਵਾਲ਼ਾ ਮਰਨ ਤੋਂ ਬਾਅਦ ਉਸ ਦਾ ਸੁਭਾਅ ਚਿੜਚਿੜਾ ਜਿਹਾ ਹੋ ਗਿਆ ਸੀ। ਆਂਢ-ਗੁਆਂਢ ਦਾ ਕੋਈ ਬੰਦਾ ਬੁੜ੍ਹੀ ਉਸ ਨਾਲ਼ ਛੇਤੀ ਕੀਤੇ ਗੱਲ ਕਰ ਕੇ ਰਾਜ਼ੀ ਨਹੀਂ ਸੀ। ਉਸ ਦਾ ਚਿਹਰਾ ਹਮੇਸ਼ਾ ਤਣਿਆਂ ਰਹਿੰਦਾ ਅਤੇ ਮੂੰਹ 'ਤੇ ਸਿੱਧੀ ਗਾਲ਼ ਲਿਖੀ ਹੋਈ ਸੀ। ਗੱਲ ਕਰਨ ਵਾਲ਼ੇ ਨੂੰ ਗੱਲੀਂ ਬਾਤੀਂ ਵੱਢਣ ਆਉਂਦੀ ਸੀ।
    -''ਤੁਸੀਂ ਕੁਤਰੋ ਪੱਠੇ..! ਸਾਨੂੰ ਗੱਲ ਕਰਨ ਦਿਓ, ਤੂੰ ਚਾਹ ਪੀ ਵੇ..!" ਉਹ ਵਿਚੋਲੇ ਨੂੰ ਟੋਕਦੀ ਬੋਲੀ, ''ਤੈਨੂੰ ਵੀ ਭਕਾਈ ਮਾਰਨ ਤੋਂ ਬਿਨਾ ਕੋਈ ਕੰਮ ਨੀ ਆਉਂਦਾ..!"
    -''ਪੀਈ ਤਾਂ ਜਾਨੈਂ..! ਹੋਰ ਹੁਣ ਮੈਨੂੰ ਚਾਹ ਚੁੰਘਣੀ ਨਾਲ਼ ਤਾਂ ਨੀ ਦੇਣੀਂ...?" ਉਸ ਨੇ ਚਾਹ ਦਾ ਗਿਲਾਸ ਚੁੱਕ ਕੇ ਮੂੰਹ ਨੂੰ ਲਾ ਲਿਆ।
-''ਤੈਨੂੰ ਭਕਾਈ ਮਾਰਨ ਆਸਤੇ ਮੁੰਡੇ ਮਿਲ਼ਗੇ, ਤੇ ਤੂੰ ਬਾਂਦਰ ਮਾਂਗੂੰ ਲਾਚੜ ਗਿਆ, ਕੰਮ ਦੀ ਗੱਲ ਕਰ ਕੋਈ..!"
-''ਚੰਗਾ, ਮੈਂ ਕੀ ਕਹਿੰਦਾ ਸੀ..? ਇੱਕ ਤਾਂ ਤੂੰ ਛੋਤ ਲਾਹ ਕੇ ਤੂੰ ਮੈਨੂੰ ਗੱਲ ਭੁਲਾ ਦਿੰਨੀ ਐਂ...!"
-''ਛੱਡੀਦਾ ਤੈਨੂੰ ਮੱਝ ਥੱਲੇ ਐ, ਜਾ ਤੂੰ ਕੱਟੇ ਵੱਛਿਆਂ ਥੱਲੇ ਵੜਦੈਂ, ਹੜਬੋਕਾ...!"
-''ਚੰਗਾ ਮਾਤਾ ਰਾਣੀ ਹਰ ਕੁਰ ਜੀ, ਬੋਲਿਆ ਚੱਲਿਆ ਮਾਫ਼ ਕਰੋ...! ਜੈ ਮਾਤਾ ਦੀ...!"
-''ਚੱਲ ਗੱਲ ਤੋਰ ਅੱਗੇ...!"
-''ਕੀ ਗੱਲ ਕਰਦਾ ਸੀ ਮੈਂ...?"
-''ਕੁੜੀ ਦੇ ਟੱਬਰ ਦੀ ਗੱਲ ਕਰਦਾ ਸੀ, ਹੋਰ ਤੂੰ ਕਬੀਛਰੀ ਥੋੜ੍ਹੋ ਸੁਣਾਉਂਦਾ ਸੀ..?"
-''ਲੈ ਹਾਂ ਸੱਚ, ਹਰ ਕੁਰੇ, ਸਾਰਾ ਪ੍ਰੀਵਾਰ ਪਾਠ ਪੂਜਾ ਕਰਨ ਤੇ ਰੱਬ ਨੂੰ ਮੰਨਣ ਆਲ਼ਾ ਐ, ਪੂਰਾ ਧਾਰਮਿਕ ਟੱਬਰ..!"
-''ਵੇ ਧਾਰਮਿਕ ਟੱਬਰ ਤੋਂ ਮੈਂ ਕਿਹੜਾ ਹਵਨ ਕਰਾਉਣੈ, ਗੱਲਾਂ ਕੀ ਕਰੀ ਜਾਂਦੈ, ਔਤਾਂ ਦੇ ਜਾਣਾ..! ਤੂੰ ਕੋਈ ਲੈਣ ਦੇਣ ਦੀ ਗੱਲ ਕਰ..!" ਹਰ ਕੌਰ ਹੋਰ ਖਿਝ ਗਈ ਸੀ। ਉਸ ਨੇ ਵਿਚੋਲੇ ਵੱਲੋਂ ਮੂੰਹ ਵੱਟ ਕੇ ਬੁੱਲ੍ਹ ਟੇਰੇ।
-''ਤੂੰ ਮੈਨੂੰ ਵੱਢ ਖਾਣਿਆਂ ਮਾਂਗੂੰ ਘਰੂਟ ਮਾਰਨ ਕਿਉਂ ਆਉਨੀ ਐਂ..?"
-''ਵੇ ਥੇਹ ਹੋਣਿਆਂ, ਹੋਰ ਹੁਣ ਤੈਨੂੰ ਕੰਠਾ ਪਾਵਾਂ..? ਕੰਮ ਦੀ ਗੱਲ ਤਾਂ ਕੋਈ ਕਰਦਾ ਨੀ, ਹੋਰ ਈ ਝੁੱਗੀਆਂ 'ਚ ਬੱਟੇ ਮਾਰੀ ਜਾਨੈਂ..!"
-''ਲੈ ਸੁਣ..! ਕੰਨ ਕਰ ਕੋਲ਼ ਨੂੰ..!"
-''................।" ਹਰ ਕੌਰ ਨੇ ਧਿਆਨ ਓਧਰ ਕਰ ਲਿਆ।
-''ਸੌ ਹੱਥ ਰੱਸਾ ਸਿਰੇ 'ਤੇ ਗੰਢ..! 'ਕੱਲੀ-'ਕੱਲੀ ਕੁੜੀ, ਤੇ ਗਿਆਰਾਂ ਕਿੱਲੇ ਜ਼ਮੀਨ ਐਂ..!"
-''ਨ੍ਹੀ ਮਾਂ ਸਦਕੇ..! ਪਹਿਲਾਂ ਨਾ ਬੋਲਿਆ..? ਅਖੇ ਵਿਹਲਾ ਬਾਣੀਆਂ ਕੀ ਕੰਮ ਕਰੇ, ਐਧਰਲੇ ਬੱਟੇ ਔਧਰ ਧਰੇ..! ਹੁਣ ਕੀਤੈ ਜੀਅ ਖ਼ੁਸ਼..! ਹੋਰ ਈ ਉੱਘ ਦੀਆਂ ਪਤਾਲ਼ ਮਾਰੀ ਜਾਊ, ਲੈ ਕਰ ਮੂੰਹ ਮਿੱਠਾ..!" ਉਸ ਨੇ ਵਿਚੋਲੇ ਨੂੰ ਗੁੜ ਦੀ ਰੋੜੀ ਫ਼ੜਾਈ।
-''ਮੂੰਹ ਮਿੱਠਾ, ਗੁੜ ਨਾਲ਼ ਈ...?? ਐਦੂੰ ਤਾਂ ਤੂੰ ਮੇਰੇ ਗੋਲ਼ੀ ਮਾਰ ਦਿੰਦੀ..?" ਉਹ ਗੁੜ ਦੀ ਰੋੜੀ ਵੱਲ ਪਿਆਸੇ ਕਾਂ ਵਾਂਗ ਝਾਕਿਆ।
-''ਵੇ ਔਤਾਂ ਦੇ ਜਾਣਿਆਂ, ਮਾਣ ਦੀ ਤਾਂ ਜੁੱਤੀ ਵੀ ਬਥੇਰੀ ਹੁੰਦੀ ਐ..! ਨਾਲ਼ੇ ਗੁੜ ਤਾਂ ਸਾਰੀਆਂ ਮਠਿਆਈਆਂ ਨਾਲ਼ੋਂ ਮਿੱਠਾ ਹੁੰਦੈ..!"
-''ਤੈਨੂੰ ਕੁੜੀ ਨਾਲ਼ ਗਿਆਰਾਂ ਕਿੱਲੇ ਪੈਲ਼ੀ ਮਿਲ਼ਜੂ, ਪਰ ਕੱਟੇ ਨੂੰ ਵੀ ਮਣ ਦੁੱਧ ਦਾ ਕੋਈ ਫ਼ਾਇਦਾ ਹੋਊਗਾ ਕਿ ਮੇਰੇ ਪੱਲੇ ਬੱਸ ਛੜਾਂ ਤੇ ਲਿੱਬੜੀਆਂ ਪੂਛਾਂ ਈ ਐਂ..?"
-''ਵੇ ਖਸਮਾਂ ਨੂੰ ਖਾਣਿਆਂ...! ਸਾਰਾ ਘਰ ਬਾਰ ਈ ਤੇਰੈ, ਤੂੰ ਘਸਮੈਲ਼ੀਆਂ ਜੀਆਂ ਗੱਲਾਂ ਕਾਹਤੋਂ ਕਰੀ ਜਾਨੈਂ..? ਛੱਪ ਦੇਣੇ ਪੱਕ-ਠੱਕ ਕਰ, ਵਿਆਹ ਕਰੀਏ...! ਤੇਰਾ ਮੱਥਾ ਵੀ ਡੰਮੂੰਗੀ..!"
-''ਅਖੇ ਘਰ-ਬਾਰ ਤੇਰਾ, ਪਰ ਕੋਠੀ ਹੱਥ ਨਾ ਲਾਈਂ..! ਨ੍ਹਾਂ ਮੇਰਾ ਮੱਥਾ ਤੈਨੂੰ ਡੰਮ੍ਹਣ ਵਾਲ਼ਾ ਲੱਗਦੈ..?"
-''ਵੇ ਤੂੰ ਕੋਠੀ ਪੁਆ ਤਾਂ ਸਹੀ, ਚਾਹੇ ਭੰਗੜ੍ਹੇ ਪਾਈਂ ਤੇ ਚਾਹੇ ਪੱਟੀਂ ਖੁਰਗੋ..!"
-''ਕੋਠੀ ਤੇਰੀ ਹੋਊਗੀ, ਮੈਨੂੰ ਤਾਂ ਕਿਸੇ ਨੇ ਨਜਰ-ਵੱਟੂ ਆਲ਼ੀ ਥਾਂ ਵੀ ਨੀ ਲਾਉਣਾ...!"
-''ਤੂੰ ਮੋੜ੍ਹੀਆਂ 'ਚ ਡਾਂਗਾਂ ਨਾ ਮਾਰੀ ਜਾਇਆ ਕਰ...!"
-''ਮੁੰਡੇ ਨੂੰ ਵੀ ਪੁੱਛ ਲੈ, ਕਿਤੇ ਉਹ ਨਾ ਤੋਕੜ ਮੱਝ ਮਾਂਗੂੰ ਲੱਤ ਚੱਕ ਜੇ..?" ਵਿਚੋਲੇ ਨੇ ਡਰ ਦੱਸਿਆ।
-''ਖੌਂਸੜੇ...! ਖੌਂਸੜੇ ਨਾ ਖਾਊਗਾ..? ਵੇ ਮੇਰੇ ਮੂਹਰੇ ਤਾਂ ਕਦੇ ਉਹਦਾ ਪਿਉ ਨੀ ਸੀ ਕੁਸਕਿਆ, ਇਹਨੇ ਤਾਂ ਕੀ ਸਾਹ ਕੱਢਣੈਂ..? ਮੈਂ ਤਾਂ ਜੇ ਆਈ 'ਤੇ ਆ ਜਾਂ, ਸਰਾਲ਼ ਮਾਂਗੂੰ ਸਾਹ ਪੀਣ ਆਲ਼ੀ ਐਂ...!"
-''ਬਾਘਰੂ...! ਕਿਤੇ ਸੰਤ ਸਿਉਂ ਨੂੰ ਤੂੰ ਈ ਤਾਂ ਨੀ ਗੱਡੀ ਚਾੜ੍ਹਤਾ ਸੀ..?"
-''ਵੇ ਤੂੰ ਮੈਥੋਂ ਕਿਤੇ ਮੂੰਹ ਨਾ ਭੰਨਾ ਲੀਂ..! ਅਖੇ ਅੰਨ੍ਹਾਂ ਜੁਲਾਹਾ ਤੇ ਮਾਂ ਨਾਲ਼ ਮਛਕਰੀਆਂ..!"
-''ਜਿਸ ਹਿਸਾਬ ਨਾਲ਼ ਤੂੰ ਗੱਲਾਂ ਕਰਦੀ ਐਂ, ਚਰਜ ਵੀ ਕੋਈ ਨੀ..! ਗਲ਼ 'ਗੂਠਾ ਦੇ ਕੇ ਭੜ੍ਹੋਲੇ 'ਚ ਪਾਅਤਾ ਹੋਵੇ..?" ਉਸ ਨੇ ਤਰਕ ਮਾਰ ਕੇ ਵਿਅੰਗ ਨਾਲ਼ ਮੂੰਹ ਵਿੰਗਾ ਕਰ ਲਿਆ।
-''ਤੂੰ ਮੈਥੋਂ ਮੌਰ ਤਾਂ ਨੀ ਤੁੜਾਉਣੇ..?"
-''ਤੂੰ ਤੋੜ ਫੋੜ ਆਲ਼ੀਆਂ ਗੱਲਾਂ ਨਾ ਕਰਿਆ ਕਰ, ਕਦੇ ਸ਼ਾਂਤ ਵੀ ਰਹਿ ਪਿਆ ਕਰ..! ਮੁੰਡਿਆਂ ਨੇ ਪੱਠੇ ਕੁਤਰ ਲਏ ਐ, ਅੱਜ ਤਾਂ ਘੁੱਟ ਲਾ ਕੇ ਈ ਜਾਊਂ, ਤੇਰੀਆਂ ਖੁਸ਼ਕ ਜੀਆਂ ਗੱਲਾਂ ਨੇ ਮੇਰਾ ਤਾਂ ਅੰਦਰ ਖੁਰਚ ਸਿੱਟਿਆ, ਮੈਂ ਕਹਿੰਨੈਂ ਜਮਾਂ ਈ ਖੁਸ਼ਕੀ ਦੀ ਸਿੱਕਰੀ ਪਾ ਧਰੀ, ਅੱਜ ਤਾਂ ਪੈੱਗ ਸ਼ੈੱਗ ਲਾ ਕੇ ਈ ਪਾਊਂ ਚਾਲੇ..!"
-''ਫ਼ੇਰ ਜਾਣਾ ਖੇਹ ਖਾਣ ਐਂ...? ਅੱਜ ਐਥੇ ਈ ਰਹਿ'ਪਾ..!"
-''ਰਹਿ ਤਾਂ ਪਊਂਗਾ, ਜੇ ਸਾਬਤਾ ਈ ਤੋਰ ਦੇਂਗੀ..! ਵੱਢੂੰ-ਖਾਊਂ ਤਾਂ ਤੂੰ ਕਰੀ ਜਾਨੀ ਐਂ..! ਕਿਤੇ ਉਹ ਨਾ ਹੋਵੇ ਬਈ ਮੇਰੇ ਦਾਹ ਸਸਕਾਰ ਦਾ ਪ੍ਰਬੰਧ ਕਰਦੇ ਫ਼ਿਰਨ...?" ਉਹ ਹਰ ਕੌਰ ਵੱਲ ਟੇਢੀ ਨਜ਼ਰ ਝਾਕਿਆ।
ਹਰ ਕੌਰ ਨੂੰ ਸੁਣਿਆਂ ਨਹੀਂ ਸੀ। ਉਸ ਦਾ ਧਿਆਨ ਪੱਠੇ ਕੁਤਰ ਰਹੇ ਮੁੰਡਿਆਂ ਵੱਲ ਚਲਿਆ ਗਿਆ ਸੀ।
-''ਵੇ ਮੁੰਡਿਓ...!"
-''ਹਾਂ ਬੇਬੇ...?"
-''ਵੇ ਜੇ ਪੱਠੇ ਕੁਤਰ ਲਏ, ਐਹਨੂੰ ਦਿਓ ਮੂਤ ਪੀਣ ਨੂੰ, ਕਦੋਂ ਦਾ ਨੀਅਤ ਜੀ ਬੁੜ੍ਹਕਾਈ ਜਾਂਦੈ..!"
-''ਨੁਹਾ ਦਿਆਂਗੇ ਤਾਈ, ਨੁਹਾ..! ਤੂੰ ਕੋਈ ਖ਼ੁਸ਼ਖ਼ਬਰੀ ਤਾਂ ਕੱਢ ਮੂੰਹ 'ਚੋਂ..!" ਗੇਜਾ ਮਸ਼ੀਨ ਗੇੜਦਾ ਬੋਲਿਆ।
-''ਤੂੰ ਖ਼ੁਸ਼ਖ਼ਬਰੀ ਸੁੱਕੀ ਈ ਸੁਣਨ ਨੂੰ ਫ਼ਿਰਦੈਂ...?"
-''ਫ਼ੁੱਫ਼ੜਾ, ਤੇਰੀ ਜਾਨ ਨੂੰ ਲੱਡੂਆਂ ਦਾ ਘਾਟੈ..?"
-''ਲੱਡੂ ਤਾਂ ਹਰ ਕੁਰ ਈ ਬਥੇਰੇ ਖੁਆਦੂ ਮੈਨੂੰ, ਤੂੰ ਮੂੰਹ ਕੌੜਾ ਕਰਵਾਉਣ ਦੀ ਗੱਲ ਕਰ ..!"
-''ਦੇਖ ਕਿਮੇਂ ਲੱਲੀ ਲੱਗੀ ਐ ਰੁੜ੍ਹ ਜਾਣੇ ਬੋਕ ਨੂੰ..!"
-''ਤੇ ਲੱਲੀ ਲੱਗੇ ਨ੍ਹਾਂ..? ਮੈਂ ਐਮੇ ਈ ਛਿੱਤਰ ਘੜ੍ਹੀਸਦਾ ਫ਼ਿਰਦੈਂ...? ਕਦੇ ਉਹਨਾਂ ਦੀਆਂ ਲਾਅਲ਼ਾਂ ਚੱਟਦੈਂ, ਤੇ ਕਦੇ ਥੋਡੀਆਂ..! ਨ੍ਹਾ ਬਿਆਹ ਤੋਂ ਮਗਰੋਂ ਮੈਨੂੰ ਕਿਹੜਾ ਪਿਲਛਣ ਲੱਗਜੂ, ਹੈਂਅ..?" ਫ਼ੁੱਫ਼ੜ ਵੱਟ ਖਾ ਗਿਆ।
-''ਦੇਖ ਕਿਮੇ ਜਾਨ ਨਿਕਲਦੀ ਐ ਟੁੱਟੜੇ ਦੀ..!"
-''ਨ੍ਹਾ ਜਾਨ ਟੁੱਟੇ ਨਾ..? ਜੇ ਸਰੀਰ ਤੇਲ 'ਤੇ ਚੱਲਦਾ ਹੁੰਦਾ, ਤੂੰ ਤਾਂ ਉਹ ਵੀ ਨੀ ਸੀ ਪੁਆਉਣਾ ਹਰ ਕੁਰੇ, ਸੁੱਕਾ ਈ ਦੱਬੀ ਫ਼ਿਰਨਾ ਸੀ, ਚਾਹੇ ਵਿੱਚ ਦੀ ਧੂੰਆਂ ਨਿਕਲ਼ ਜਾਂਦਾ..!"
-''ਗੱਲਾਂ ਦੇਖ ਅੱਗ ਲੱਗੜੇ ਨੂੰ ਕਿੰਨੀਆਂ ਆਉਂਦੀਐਂ..! ਗੱਲੀਂ ਵਾਰੇ ਨੀ ਆਉਣ ਦਿੰਦਾ..!"
-''ਜੇ ਗੱਲਾਂ ਨਾ ਆਉਂਦੀਆਂ ਹੁੰਦੀਆਂ, ਤਾਂ ਲੋਕਾਂ ਦੇ ਟੂਟਲ਼ ਜੇ ਜੁਆਕ ਕਿਮੇ ਵਿਆਹੁੰਦਾ ਵਿਚੋਲਾ ਬਣ ਕੇ...? ਇਹ ਵੀ ਗੱਲਾਂ ਨਾਲ਼ ਈ ਵਿਆਹੇ ਜਾਂਦੇ ਐ, ਨਹੀਂ ਅਣਪੜ੍ਹ ਲਾਣਾ ਵਿਆਹੁੰਣਾ ਸੌਖਾ ਥੋੜ੍ਹੋ ਐ..?" ਫ਼ੁੱਫ਼ੜ ਕੋਝਾ ਵਾਰ ਕਰ ਗਿਆ।
-''..............।" ਹੱਡ 'ਤੇ ਵੱਜੀ ਕਰ ਕੇ ਹਰ ਕੌਰ ਚੁੱਪ ਕਰ ਗਈ।
ਪਸ਼ੂਆਂ ਨੂੰ ਪੱਠੇ ਪਾ ਕੇ ਉਹਨਾਂ ਨੇ ਬੋਤਲ ਖੋਲ੍ਹ ਲਈ।
ਤਿੰਨਾਂ ਵਿੱਚ ਗਿਲਾਸ ਘੁਕ ਰਿਹਾ ਸੀ।
ਸਾਗ ਵਾਲ਼ੀ ਕੌਲੀ ਗੇੜੀਂ ਪਈ ਹੋਈ ਸੀ।
ਪੈਂਦੀ ਸੱਟੇ ਉਹਨਾਂ ਨੇ ਇੱਕ ਬੋਤਲ ਸੂਤ ਧਰੀ।
-''ਇੱਕ ਅੱਧੀ ਹੋਰ ਕੱਢ, ਅਜੇ ਤਾਂ ਓਸ ਗੱਲ ਦੇ ਆਖਣ ਮਾਂਗੂੰ ਧਰਨ ਵੀ ਨੀ ਗਿੱਲੀ ਹੋਈ..!" ਫ਼ੁੱਫ਼ੜ ਦੀਆਂ ਅੱਖਾਂ ਵਿੱਚ ਨਸ਼ਾ ਡੋਲਣ ਲੱਗ ਪਿਆ, ''ਨਾਲ਼ੇ ਜਾਹ ਕੋਈ ਦਾਲ਼ ਸਬਜ਼ੀ ਲਿਆ ਫ਼ੜ ਕੇ, ਸੁੱਕੀ ਤਾਂ ਖਸਮਾਂ ਨੂੰ ਖਾਣੀਂ ਆਰੀ ਮਾਂਗੂੰ ਵਾਂਢ ਕਰੀ ਜਾਂਦੀ ਐ...!"
-''ਬੇਬੇ....!" ਜੋਗੇ ਨੇ ਮਾਂ ਨੂੰ ਹਾਕ ਮਾਰੀ।
-''ਵੇ ਹੋਅ....?"
-''ਨਾਲ਼ ਖਾਣ ਨੂੰ ਦੇਹ ਕੁਛ...!"
-''ਬੇਬੇ ਤਾਂ ਮੈਂ ਕਹਿੰਨੈ ਤੈਨੂੰ ਕਿਤੇ ਬੋਤਾ ਨਾ ਭੁੰਨ ਦੇ..  ?"
ਫ਼ੁੱਫ਼ੜ ਦੇ ਕਹਿਣ 'ਤੇ ਸਾਰੇ ਹੱਸ ਪਏ।
-''ਤੂੰ ਹਟਜਾ ਲਿੱਚ-ਗੜਿੱਚੀਆਂ ਕਰਨੋਂ..!" ਹਰ ਕੌਰ ਸਾਗ ਦੀ ਬਾਟੀ ਚੁੱਕੀ ਅੰਦਰ ਆਉਂਦੀ ਹੋਈ ਬੋਲੀ।
-''ਹੁਣ ਮੈਂ ਕੀ ਲਿੱਚ-ਗੜਿੱਚੀ ਕੀਤੀ ਐ..? ਕਿਉਂ ਮੁੰਡਿਓ, ਮੈਂ ਬੋਲਿਐਂ ਕੁਛ...? ਨ੍ਹਾਂ ਦੱਸੋ ਬੋਲਿਐਂ..? ਹਰ ਕੁਰੇ, ਤੇਰਾ ਵੀ ਸ਼ੱਕੀ ਸੁਭਾਅ ਨੀ ਸੁਧਰਨਾ..!"
-''ਹੁਣ ਤਾਂ ਅੱਗੇ ਜਾ ਕੇ ਈ ਸੁਧਰੂ...!" ਉਸ ਨੇ ਬਾਟੀ ਉਹਨਾਂ ਅੱਗੇ ਰੱਖ ਦਿੱਤੀ।
-''ਕਿਉਂ ਢਹਿੰਦੀ ਕਲਾ ਆਲ਼ੀਆਂ ਗੱਲਾਂ ਕਰਦੀ ਹੁੰਨੀ ਐਂ..? ਅਜੇ ਤਾਂ ਨੂੰਹ ਦੇ ਹੱਥ ਦੇ ਗੁਲਗਲੇ ਛਕਣੇ ਐਂ, ਤੇ ਨਾਲ਼ੇ ਖਿਡਾਉਣੇ ਐਂ ਪੋਤੇ..!"
-''ਲੈ ਫ਼ੁੱਫ਼ੜਾ, ਨੂੰਹ ਦੇ ਗੁਲਗਲਿਆਂ ਦੇ ਨਾਂ ਨੂੰ ਅਗਲੀ ਸ਼ੀਸ਼ੀ...!" ਗੇਜੇ ਨੇ ਇੱਕ ਖੂੰਜਿਓਂ ਬੋਤਲ ਚੁੱਕ ਕੇ ਅੱਗੇ ਰੱਖ ਦਿੱਤੀ।
-''ਓਏ ਨਹੀਂ ਰੀਸਾਂ ਓਏ ਜਿਉਣ ਜੋਕਰਿਆ...!" ਉਸ ਨੇ ਬੋਤਲ ਝਿਣਕ ਕੇ ਮਣਕਾ ਬੰਨ੍ਹਿਆਂ, ''ਵਾਰੇ ਬਲਿਹਾਰੇ ਜਾਵਾਂ ਤੇਰੇ..! ਜੇ ਥੋਡੇ ਅਰਗਾ ਜਿਗਰਾ ਹਰ ਕੁਰ ਦਾ ਹੁੰਦਾ, ਹੁਣ ਨੂੰ ਐਸ ਘਰੇ ਰੰਗ ਭਾਗ ਲੱਗੇ ਹੋਣੇ ਸੀ..!" ਜਾਂਦੀ ਹਰ ਕੌਰ ਦੀ ਪਿੱਠ ਵੱਲ ਦੇਖ ਕੇ ਫ਼ੁੱਫ਼ੜ ਬੋਲਿਆ। ਉਸ ਨੇ ਗਿੱਠ ਲੰਮੀ ਜੀਭ ਕੱਢੀ ਸੀ।
-''ਟਲ਼ਜਾ ਤੂੰ...!" ਹਰ ਕੌਰ ਵਿਹੜੇ ਵਿੱਚੋਂ ਬੋਲੀ, ''ਮੈਂ ਮੱਥੇ 'ਚ ਇੱਟ ਮਾਰ ਕੇ ਟੀਕ ਚਲਾਦੂੰ..!"
-''ਹੋਰ ਤੂੰ ਕੀ ਕਰਨੈਂ...! ਤੇਰੀਆਂ ਆਹੀ ਗੱਲਾਂ ਮੈਨੂੰ ਹੌਲ ਪਾਉਂਦੀਆਂ ਰਹਿੰਦੀਐਂ, ਤਾਂ ਹੀ ਮੈਂ ਆਉਂਦਾ ਨੀ..  !"
-''ਫ਼ੁੱਫ਼ੜਾ ਲੜਾਈ ਝਗੜਾ ਛੱਡ, ਕੋਈ ਕੰਮ ਦੀ ਗੱਲ ਸੁਣਾ...!"
-''ਮੈਂ ਕਦੋਂ ਲੜਦੈਂ...? ਹਰ ਵੇਲ਼ੇ ਸੂਹਣ ਤਾਂ ਹਰ ਕੁਰ ਖੜ੍ਹੀ ਕਰੀ ਰੱਖਦੀ ਐ..! ਧੌਲ਼ੇ ਝਾਟੇ ਆਲ਼ੀ ਹੋਗੀ, ਲੜਾਈ ਝਗੜੇ ਬਿਨਾ ਹੋਰ ਕੁਛ ਨੀ ਆਉਂਦਾ..  ! ਪੈਂਦੀ ਸੱਟੇ ਟੋਕਰੇ ਹੇਠੋਂ ਲੜਾਈ ਕੱਢ ਲੈਂਦੀ ਐ...  !"
ਗੇਜਾ ਪੈੱਗ ਪਾਉਣ ਲੱਗ ਪਿਆ।
-''ਜਦੋਂ ਕੋਈ ਗੱਲ ਕਰੀਏ, ਗਲ਼ ਘੁੱਟਣ ਆਉਂਦੀ ਐ..!"
-''ਬੁੜ੍ਹੀਆਂ ਦਾ ਮਾਜਨਾ ਈ ਕੁਛ ਐਸਾ ਹੁੰਦੈ ਫ਼ੁੱਫ਼ੜ ਸਿਆਂ...! ਲੈ ਚੱਕ, ਮਾਰ ਮੋਰਚਾ...!" ਗੇਜੇ ਨੇ ਦਾਰੂ ਦਾ ਗਿਲਾਸ ਫ਼ੁੱਫ਼ੜ ਦੇ ਹੱਥ ਦੇ ਦਿੱਤਾ। ਫ਼ੁੱਫ਼ੜ ਨੇ ਜਾੜ੍ਹ ਘੁੱਟ ਕੇ ਅੰਦਰ ਸੁੱਟਿਆ। ਟੁੱਟੇ ਤਾਰੇ ਵਾਂਗ ਲੀਕ ਪਾਉਂਦੀ ਦਾਰੂ ਥੱਲੇ ਉਤਰੀ।
-''ਹੌਲ਼ੀ ਮਰਲਾ, ਕੋਈ ਮਗਰ ਪਿਐ...?" ਵਿਹੜੇ ਵਿੱਚ ਬੈਠੀ ਹਰ ਕੌਰ ਬੋਲੀ। ਉਹ ਵਿਹੜੇ ਵਿੱਚ ਮੰਜੇ 'ਤੇ ਬੈਠੀ ਕੋਚਰ ਵਾਂਗ ਝਾਕ ਰਹੀ ਸੀ।
-''ਤੂੰ ਆਬਦੀ ਦੂਰਬੀਨ ਦੀ ਸ਼ਿਸ਼ਤ ਮੇਰੇ 'ਤੇ ਈ ਕਿਉਂ ਸਿੰਨ੍ਹੀਂ ਰੱਖਦੀ ਐਂ..? ਨਾਲ਼ੇ ਜਿਹੜਾ ਕੰਮ ਜਿੰਨੀ ਜਲਦੀ ਨਿੱਬੜਜੇ, ਓਹਦੇ ਨਾਲ਼ ਦੀ ਰੀਸ ਨੀ ਹੁੰਦੀ..!"
-''ਅਖੇ ਭੁੱਖੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫ਼ਰਿਆ...!"
-''ਅਸੀਂ ਪਾਣੀ ਪੀ ਕੇ ਆਫ਼ਰਨ ਆਲ਼ੇ ਥੋੜ੍ਹੋ ਐਂ..? ਅਸੀਂ ਤਾਂ ਦਾਰੂ ਪੀ ਕੇ ਲਿਟਣ ਆਲ਼ੇ ਐਂ, ਕਿਉਂ ਬਈ ਸ਼ੇਰੋ..?"
-''ਸੋਲ਼ਾਂ ਆਨੇ ਸਹੀ ਕਿਹਾ ਫੱਫੜਾ...!" ਗੇਜਾ ਵੀ ਤੋਤਲਾ ਬੋਲਿਆ।
-''ਤੂੰ ਵੀ ਫ਼ੁੱਫ਼ੜ ਨੂੰ ''ਫੱਫੜ" ਈ ਦੱਸਣ ਲੱਗ ਪਿਆ, ਜੇ ਹਰ ਕੁਰ ਨੇ ਸੁਣ ਲਿਆ, ਪੜਛੱਤੀ ਸਿਰ 'ਤੇ ਚੱਕਲੂ..!"
-''ਰੋਟੀ ਖਾਈਏ ਫ਼ੇਰ...?" ਜੋਗਾ ਵੀ ਦੇਸੀ ਦਾਰੂ ਨਾਲ਼ ''ਬਾਬੂ" ਬਣਿਆਂ ਬੋਲਿਆ।
-''ਅਜੇ ਰੋਟੀ ਖਾਣ ਜੋਕਰੇ ਹੋ ਤਾਂ ਜਾਈਏ ਯਾਰ...! ਅਜੇ ਤਾਂ ਮਸਾਂ ਚਾਅ ਜਿਆ ਚੜ੍ਹਨ ਲੱਗਿਐ ਘੁੱਟ ਲਾ ਕੇ..!"
-''ਜਦੋਂ ਸਾਗ ਦੀ ਬਾਟੀ ਉਤੇ ਡੋਲ੍ਹ ਲਈ, ਇਹ ਤਾਂ ਓਦੋਂ ਖਾਣ ਜੋਕਰਾ ਹੋਊ..!" ਹਰ ਕੌਰ ਨੇ ਮੁੜ ਠੁਣਾਂ ਉਸ ਦੇ ਸਿਰ ਭੰਨਿਆਂ।
-''ਮੈਂ ਤਾਂ ਹਲੂੰਮਾਣ ਦੇਵਤਾ ਬਣ ਕੇ ਖੜ੍ਹਜਾਂ, ਤੂੰ ਤਾਂ ਫ਼ੇਰ ਵੀ ਘੋਰੜੂ ਮੇਰੇ 'ਤੇ ਈ ਵਜਾਉਣੈ..! ਤੇਰਾ ਕੋਈ 'ਲਾਜ ਨੀ ਹਰ ਕੁਰੇ..! ਰੱਬ ਜਾਣੇ ਤੇਰਾ ਮੇਰੇ ਨਾਲ਼ ਕੀ ਬੈਰ ਐ..? ਪਾ ਭੋਰਾ ਜਿਉਣ ਜੋਕਰਿਆ, ਨਕਾਲ਼ ਨੀ ਮਰਨ ਦੇਈਦਾ, ਨਹੀਂ ਸਾਰਾ ਕੀਤਾ ਕਰਾਇਆ ਖੂਹ 'ਚ ਪੈ ਜਾਂਦੈ..! ਹਰ ਕੁਰ ਤਾਂ ਮੇਰੀ ਜਾਨ ਲੈ ਕੇ ਦਮ ਲਊ..!"  
-''ਹੁਕਮ ਕਰ ਫ਼ੁੱਫ਼ੜਾ..!" ਗੇਜੇ ਦੀ ਜਗਾਹ ਜੋਗੇ ਨੇ ਦਾਰੂ ਗਿਲਾਸ ਵਿੱਚ ਉਲੱਦ ਦਿੱਤੀ।
-''ਮੈਂ ਰੋਟੀਆਂ ਲਾਹ ਕੇ ਰੱਖ ਦਿੰਨੀ ਐਂ, ਜਦੋਂ ਡੱਫ਼ ਲਈ, ਆਪ ਈ ਖਾ ਲਿਓ, ਨਹੀਂ ਮੈਂ 'ਨ੍ਹੇਰੇ 'ਚ ਹੱਥ ਫ਼ੂਕੀ ਜਾਊਂਗੀ..!"
-''ਇਹ ਵਧੀਆ ਗੱਲ ਐ..! ਤੂੰ ਕੰਮ ਨਬੇੜ ਕੇ ਪੈ, ਸਾਡੀ ਚਿੰਤਾ ਨਾ ਕਰ..!"
ਉਹ ਦੇਰ ਰਾਤ ਤੱਕ ਦਾਰੂ ਪੀਂਦੇ ਰਹੇ।


...ਚਲਦਾ... ਅਗਲੀ ਕਿਸ਼ਤ ਅਗਲੇ ਹਫ਼ਤੇ