ਕਰੋਨਾ ਸੰਕਟ : ਸਮਾਜਿਕ ਹਕੀਕਤਾਂ ਦੇ ਰੂ-ਬ-ਰੂ - ਅਵਿਜੀਤ ਪਾਠਕ

ਆਪਣੀ ਜ਼ਿੰਦਗੀ ਵਿਚ ਆਦਮੀ ਦਾ ਮੁੱਖ ਮਨੋਰਥ ਐਸ਼-ਇਸ਼ਰਤ ਕਰਨਾ ਜਾਂ ਦੁੱਖਾਂ ਕਸ਼ਟਾਂ ਤੋਂ ਪਾਸਾ ਵੱਟਣਾ ਨਹੀਂ ਹੁੰਦਾ ਸਗੋਂ ਜ਼ਿੰਦਗੀ ਦਾ ਅਰਥ ਲੱਭਣਾ ਹੁੰਦਾ ਹੈ।  - ਵਿਕਟਰ ਈ ਫ੍ਰੈਂਕਲ ।
ਮੈਂ ਜਿਹੜੇ ਸ਼ਹਿਰ ਵਿਚ ਰਹਿ ਰਿਹਾ ਹਾਂ, ਉਹ ਬਿਖਰ ਰਿਹਾ ਹੈ। ਕਿਸੇ ਮਿੱਤਰ ਦੀ ਮੌਤ ਦਾ ਸਦਮਾ, ਕਿਸੇ ਵਿਦਿਆਰਥੀ ਨੇ ਦੱਸਿਆ ਕਿ ਕੋਵਿਡ-19 ਦੀ ਲਪੇਟ ਵਿਚ ਆਈ ਆਪਣੀ ਮਾਂ ਦੀ ਖ਼ਾਤਰ ਆਕਸੀਜਨ ਦਾ ਸਿਲੰਡਰ ਹਾਸਲ ਕਰਨ ਲਈ ਉਸ ਨੂੰ ਕਿਹੋ ਜਿਹੇ ਖ਼ੌਫ਼ਨਾਕ ਤਜਰਬੇ ਵਿਚੋਂ ਲੰਘਣਾ ਪਿਆ, ਕਿਸੇ ਸਹਿਕਰਮੀ ਨੂੰ ਜਦੋਂ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ ਤਾਂ ਕਿਵੇਂ ਇਕ ਨੀਮ-ਸ਼ਹਿਰੀ ਹਸਪਤਾਲ ਵਿਚ ਉਸ ਲਈ ਬੈੱਡ ਦਾ ਇੰਤਜ਼ਾਮ ਕਰਨਾ ਪਿਆ। ਨਾ ਤਾਂ ਮਾੱਲਾਂ ਦੀ ਚਮਕ ਦਮਕ ਤੇ ਨਾ ਨਵਉਦਾਰਵਾਦੀ ਭਾਰਤ ਦੀ ਅਭਿਲਾਸ਼ੀ ਜਮਾਤ ਦੀ ਸੰਪਦਾ ਤੇ ਨਾ ਸਿਆਸੀ ਆਕਾਵਾਂ ਦਾ ਖ਼ੁਦਪ੍ਰਸਤੀ ਸਾਡੇ ਕਿਸੇ ਕੰਮ ਆ ਸਕੀ। ਸਾਨੂੰ ਮੌਤ ਦੀ ਬੂਅ ਆ ਗਈ, ਅਸੀਂ ਅਸਹਿ ਪੀੜਾ ਤੇ ਸੰਤਾਪ ਵਿਚੋਂ ਲੰਘ ਰਹੇ ਹਾਂ ਅਤੇ ਸਾਡੇ ਹੌਸਲੇ ਟੁੱਟ ਚੁੱਕੇ ਹਨ ਤੇ ਆਪਾ ਲਹੂ-ਲੁਹਾਣ ਹੋਇਆ ਪਿਆ ਹੈ। ਅਸੀਂ ਹੋਰ ਕਿੰਨਾ ਬਰਦਾਸ਼ਤ ਕਰਦੇ ਰਹਾਂਗੇ?
       ਬਹਰਹਾਲ, ਕੋਈ ਸਮਾਂ ਸੀ ਜਦੋਂ ਅਸੀਂ ਇਸ ਸਵਾਲ ਦਾ ਕੋਈ ਵਿਗਿਆਨਕ ਉੱਤਰ ਲੱਭਣ ਦਾ ਯਤਨ ਕਰਦੇ। ਕਿਸੇ ਮੈਡੀਕਲ ਮਾਹਿਰ ਦੀ ਰਾਏ, ਮਹਾਮਾਰੀ ਦੇ ਮੌਤ ਦੀ ਲਹਿਰ ਦੀ ਪੇਸ਼ੀਨਗੋਈ ਦਾ ਕੋਈ ਹਿਸਾਬੀ ਕਿਤਾਬੀ ਮਾਡਲ; ਜਾਂ ਬਿਮਾਰੀ ਦੀ ਸ਼ਿੱਦਤ ਤੇ ਕਾਬੂ ਪਾਉਣ ਲਈ ਵੈਕਸੀਨ ਦੀ ਕਾਰਗੁਜ਼ਾਰੀ ਬਾਰੇ ਕੋਈ ਵਿਸ਼ੇਸ਼ ਖੋਜ। ਇਹ ਠੀਕ ਹੈ ਕਿ ਵਿਗਿਆਨ ਸਾਨੂੰ ਚੁਕੰਨਾ ਕਰਦਾ ਹੈ ਤੇ ਸੰਭਵ ਹੈ ਕਿ ਵਾਇਰਸ ਖਿਲਾਫ਼ ਲੜਾਈ ਵਿਚ ਜਿੱਤ ਦਰਜ ਕਰਨ ਦੇ ਸਾਧਨ ਵੀ ਮੁਹੱਈਆ ਕਰਵਾ ਦਿੰਦਾ ਪਰ ਸਾਡੇ ਅੰਦਰਲੀ ਬੈਚੇਨੀ ਨੇ ਸਾਨੂੰ ਉਸ ਰਾਹ ਤੇ ਤੁਰਨ ਹੀ ਨਹੀਂ ਦਿੱਤਾ। ਕਿਸੇ ਸਮੇਂ ਅਸੀਂ ਬਹੁਤ ਅੱਗ ਬਗੂਲਾ ਹੋ ਜਾਂਦੇ ਹਾਂ ਤੇ ਮਹਾਮਾਰੀ ਫੈਲਣ ਲਈ ਬੇਈਮਾਨ ਤੇ ਗ਼ੈਰ-ਜ਼ਿੰਮੇਵਾਰ ਸਿਆਸੀ ਜਮਾਤ ਨੂੰ ਕੋਸਣ ਲੱਗ ਪੈਂਦੇ ਹਾਂ - ਜਿਵੇਂ ਉਸ ਨੇ ਵਾਇਰਸ ਤੇ ਕਾਬੂ ਪਾਉਣ ਵਿਚ ਭਾਰਤ ਦੀ ਸਫ਼ਲਤਾ ਦੀ ਕਹਾਣੀ ਪਾਈ, ਕੁੰਭ ਮੇਲੇ ਨੂੰ ਆਗਿਆ ਦੇ ਦਿੱਤੀ ਜਾਂ ਹਾਲੀਆ ਚੋਣਾਂ ਵਿਚ ਵੱਡੀਆਂ ਵੱਡੀਆਂ ਰੈਲੀਆਂ ਤੇ ਜਲਸਿਆਂ ਨੂੰ ਹੱਲਾਸ਼ੇਰੀ ਦਿੱਤੀ ਸੀ, ਤਾਂ ਵੀ ਇਸ ਗੁੱਸੇ ਦੇ ਬਾਵਜੂਦ ਸਾਡੇ ਨਾਲ ਜੋ ਹੋ ਰਹੀ ਹੈ, ਅਸੀਂ ਇਸੇ ਦੇ ਲਾਇਕ ਸਾਂ ਅਤੇ ਪ੍ਰਚੱਲਤ ਸਿਆਸਤ ਵਿਚ ਸਾਨੂੰ ਹੋਰ ਕੁਝ ਨਹੀਂ ਸਗੋਂ ਆਪਣਾ ਹੀ ਅਕਸ ਨਜ਼ਰ ਆਉਂਦਾ ਹੈ।
        ਪੀੜਾ ਤੇ ਦੁੱਖ ਦੇ ਇਸ ਆਲਮ ਵਿਚ ਅਸੀਂ ਕਿਸੇ ਕਿਸਮ ਦਾ ਰੂਹਾਨੀ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਾਂ। ਸੰਭਵ ਹੈ ਕਿ ਇਹ ਕਿਸੇ ਅਰਥ ਦੀ ਖੋਜ ਹੋਵੇ, ਹੋਂਦ ਦੀ ਸਚਾਈ ਨੂੰ ਜਾਨਣ ਦੀ ਚਾਹਨਾ ਹੋਵੇ ਜਾਂ ਆਪਣੇ ਅਵਚੇਤਨ ਦੀ ਯਾਤਰਾ ਹੋਵੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਾਸ਼ਵਾਨਤਾ ਦੀ। ਬੌਧਿਕ ਤੇ ਸਿਧਾਂਤਕ ਤੌਰ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਦੁਨੀਆ ਸਾਨੂੰ ਨਜ਼ਰ ਆਉਂਦੀ ਹੈ, ਜਿਸ ਨੂੰ ਅਸੀ ਛੋਂਹਦੇ ਤੇ ਚਿਤਵਦੇ ਹਾਂ, ਉਹ ਥਿਰ ਨਹੀਂ ਹੈ, ਹਰ ਚੀਜ਼ ਪਰਿਵਰਤਨਸ਼ੀਲ ਹੈ। ਜਦੋਂ ਅਸੀਂ ਕੋਈ ਪਿਕਨਿਕ ਪਾਰਟੀ ਮਨਾ ਰਹੇ ਹੁੰਦੇ ਹਾਂ ਤਾਂ ਸਾਨੂੰ ਲਗਦਾ ਹੈ ਕਿ ਮੌਜ-ਮਸਤੀ ਤੇ ਖੁਸ਼ੀਆਂ ਕਦੇ ਖਤਮ ਹੀ ਨਹੀਂ ਹੋਣਗੀਆਂ। ਇਸੇ ਕਰ ਕੇ ਅਸੀਂ ਆਪਣੀ ਹਊਮੈ ਨੂੰ ਪੱਠੇ ਪਾਉਂਦੇ ਹਾਂ ਅਤੇ ਆਪਣੀ ਖੁਦਪ੍ਰਸਤੀ ਦਾ ਹਰ ਕਿਤੇ ਦਿਖਾਵਾ ਕਰਦੇ ਰਹਿੰਦੇ ਹਾਂ, ਅਸੀਂ ਇਹ ਪ੍ਰਭਾਵ ਦੇਣ ਲੱਗ ਪੈਂਦੇ ਹਾਂ ਕਿ ਅਸੀਂ ਤਾਂ ਅਮਰ ਹਾਂ - ਦੁੱਖ ਕਸ਼ਟ, ਬਿਮਾਰੀ ਤੇ ਮੌਤ ਤੋਂ ਪਰ੍ਹੇ ਹਾਂ। ਅਫ਼ਸੋਸ ਦੀ ਗੱਲ ਇਹ ਹੈ ਕਿ ਭਾਵੇਂ ਅਸੀਂ ਤਕਨੀਕ-ਵਿਗਿਆਨ ਦੀ ਮੁਹਾਰਤ ਪਾ ਲਈ ਹੈ ਅਤੇ ਤਰਕਸ਼ੀਲਤਾ ਦਾ ਪਾਠ ਪੜ੍ਹਦੇ ਰਹਿੰਦੇ ਹਾਂ ਪਰ ਅਸੀਂ ਆਪਣੀ ਜ਼ਿੰਦਗੀ ਜਿਊਣ ਦਾ ਸਲੀਕਾ ਇਸ ਨਾਸ਼ਵਾਨਤਾ ਦੀ ਭਾਵਨਾ ਨਾਲ ਸਿੱਖਣ ਦਾ ਕਦੇ ਤਰੱਦਦ ਨਹੀਂ ਕਰਦੇ। ਕੀ ਸਾਨੂੰ ਇਸ ਧਰਤੀ ‘ਤੇ ਸਾਡੀ ਹੋਂਦ ਦਾ ਮੂਲ ਸੱਚ ਜਾਨਣ ਲਈ ਕਿਸੇ ਮਹਾਮਾਰੀ ਦੀ ਲੋੜ ਸੀ, ਮੈਂ ਜਿਹੜੇ ਸਰੀਰ ‘ਤੇ ਇੰਨਾ ਮਾਣ ਕਰਦਾ ਹਾਂ (ਜ਼ਰਾ ਸਾਡੇ ਸਮਿਆਂ ਵਿਚ ਸੁੰਦਰਤਾ/ਫ਼ੈਸ਼ਨ ਸਨਅਤ ਦਾ ਪ੍ਰਸਾਰ ਦੇਖੋ) ਸ਼ਮਸ਼ਾਨਘਾਟਾਂ ਵਿਚ ਉਸ ਦੀ ਸਨਮਾਨ ਨਾਲ ਅੰਤਮ ਕਿਰਿਆ ਕਰਨਾ ਵੀ ਨਸੀਬ ਨਹੀਂ ਹੋ ਰਹੀ, ਸਾਰੇ ਕਿਸਮ ਦੇ ਮੈਡੀਕਲ ਬੀਮਿਆਂ ਦੇ ਬਾਵਜੂਦ ਤੇ ਆਪਣੇ ਮਿੱਤਰ ਪਿਆਰਿਆਂ ਦੀ ਗ਼ੈਰ-ਮੌਜੂਦਗੀ ਵਿਚ ਮਰਨਾ ਪੈ ਰਿਹਾ ਹੈ। ਇਸ ਨਾਸ਼ਵਾਨਤਾ ਦੇ ਇਸ ਕੌੜੇ ਸੱਚ ਨੂੰ ਪ੍ਰਵਾਨ ਕਰਨਾ ਸਹਿਲ ਨਹੀਂ ਹੈ, ਤਾਂ ਵੀ ਨਾਸ਼ਵਾਨਤਾ ਨੂੰ ਪ੍ਰਵਾਨ ਕਰਨ ਨਾਲ ਅਸੀਂ ਕੋਈ ਗਹਿਰਾ ਤੇ ਅੰਤਰੀਵ ਅਨੁਭਵ ਕਰ ਸਕਦੇ ਹਾਂ।
       ਸੰਭਵ ਹੈ ਕਿ ਅਸੀਂ ਸ਼ੁਕਰਾਨੇ ਦਾ ਭਾਵ ਸਿੱਖਣਾ ਸ਼ੁਰੂ ਕਰ ਦੇਈਏ। ਚੀਜ਼ਾਂ ਨਾਸ਼ਵਾਨ ਹਨ ਪਰ ਫਿਰ ਵੀ ਕਦੇ ਸਾਨੂੰ ਇਸ ਨੀਲੇ ਅੰਬਰ, ਇਨ੍ਹਾਂ ਪਹਾੜਾਂ, ਜੰਗਲਾਂ ਤੇ ਦਰਿਆਵਾਂ ਦਰਮਿਆਨ ਜਾਂ ਆਪਣੇ ਪਿਆਰਿਆਂ ਦੀ ਮੌਜੂਦਗੀ ਵਿਚ ਆਪਣੇ ਆਪ ਦੀ ਖੋਜ ਕਰਨ ਦਾ ਮੌਕਾ ਮਿਲ ਜਾਵੇ। ਜ਼ਿੰਦਾ ਰਹਿਣ ਲਈ ਇਸ ਸ਼ੁਕਰਾਨੇ ਦੇ ਭਾਵ ਨਾਲ ਜਿਊਣਾ। ਇਹ ਆਪਣੇ ਆਪ ਨੂੰ ਇਕ ਨਿਮਾਣੇ ਮੁਸਾਫ਼ਿਰ ਜਾਂ ਜਗਿਆਸੂ ਵਾਂਗ ਦੇਖਣਾ, ਨਾ ਕਿ ਕਿਸੇ ਹੰਕਾਰੀ ਜੇਤੂ ਵਾਂਗ। ਸਿਤਮਜ਼ਰੀਫ਼ੀ ਇਹ ਹੈ ਕਿ ਇਕ ਵਾਰ ਫਿਰ ਮਹਾਮਾਰੀ ਹੀ ਹੈ ਜੋ ਸਾਨੂੰ ਇਸ ਭੁੱਲੀ ਵਿਸਰੀ ਸਦਾਕਤ ਦਾ ਅਰਥ ਦਾ ਬੋਧ ਕਰਵਾ ਰਹੀ ਹੈ। ਅੱਜ ਕੱਲ੍ਹ ਰਾਤਾਂ ਮੌਤ ਤੇ ਤਬਾਹੀ ਦੇ ਨਿਰੰਤਰ ਸਮਾਚਾਰਾਂ ਦੇ ਬੋਝ ਨਾਲ ਗੁਜ਼ਰਦੀਆਂ ਹਨ, ਜਦੋਂ ਤੁਸੀਂ ਸਵੇਰੇ ਸੂਰਜ ਦੀ ਟਿੱਕੀ ਚੜ੍ਹਦੇ ਦੇਖਦੇ ਹੋ ਤਾਂ ਹੋਰ ਤੁਸੀਂ ਕੀ ਕਰ ਸਕਦੇ ਹੋ? ਦੋਵੇਂ ਹੱਥ ਜੋੜ ਕੇ ਤੁਸੀਂ ਪ੍ਰਾਰਥੀ ਦੇ ਰੂਪ ਵਿਚ ਸ਼ੁਕਰਾਨਾ ਅਦਾ ਕਰਦੇ ਹੋ : ‘ਮੈਂ ਅਜੇ ਵੀ ਜ਼ਿੰਦਾ ਹਾਂ, ਮੈਂ ਰੁੱਖਾਂ ਦੀ ਸਰਸਰਾਹਟ, ਪੰਛੀਆਂ ਦੀ ਚਹਿਚਹਾਟ ਸੁਣ ਸਕਦਾ ਹਾਂ ਜਾਂ ਫਿਰ ਮੈਂ ਆਪਣੇ ਬੱਚੇ ਦਾ ਕੋਮਲ ਚਿਹਰਾ ਨਿਹਾਰ ਸਕਦਾ ਹਾਂ।’
        ਤੇ ਅਖੀਰ ਵਿਚ ਸ਼ੁਕਰਾਨੇ ਦੇ ਭਾਵ ਨਾਲ ਅੰਤਾਂ ਦਾ ਪਿਆਰ ਉਮੜਦਾ ਹੈ। ਕੌਣ ਜਾਣਦਾ ਹੈ ਕਿ ਭਲਕੇ ਤੁਸੀਂ ਤੇ ਮੈਂ ਕੋਵਿਡ ਕਾਰਨ ਮੌਤਾਂ ਦੇ ਅੰਕੜੇ ਵਿਚ ਸ਼ੁਮਾਰ ਹੋ ਜਾਈਏ? ਕੀ ਇਹ ਸਮਾਂ ਨਹੀਂ ਹੈ ਕਿ ਅਸੀਂ ਇਕ ਦੂਜੇ ਦਾ ਰੱਜ ਕੇ ਖਿਆਲ ਰੱਖੀਏ ਅਤੇ ਇਕ ਦੂਜੇ ਨੂੰ ਦਿਲੋਂ ਤੇ ਤਰੁੱਠ ਕੇ ਪਿਆਰ ਕਰੀਏ? ਕੌਣ ਜਾਣੇ ਕਿ ਅੱਜ ਸਾਡਾ ਆਖਰੀ ਦਿਨ ਹੋਵੇ? ਜਦੋਂ ਅਸੀਂ ਆਪਣੇ ਆਲੇ ਦੁਆਲੇ ਇਸ ਕਿਸਮ ਦੀ ਕੁੜੱਤਣ, ਨਾਂਹਮੁਖਤਾ, ਸਾੜੇ ਤੇ ਈਰਖਾ ਦੇ ਮਾਹੌਲ ਵਿਚ ਜੀਅ ਰਹੇ ਹਾਂ ਤਾਂ ਇਹ ਪਲ ਬਰਬਾਦ ਕਿਉਂ ਕਰੀਏ? ਹੋ ਸਕਦਾ ਹੈ ਕਿ ਮਹਾਮਾਰੀ ਨੇ ਜੋ ਇੰਨਾ ਕਸ਼ਟ ਦਿੱਤਾ ਹੈ, ਉਸ ਦਾ ਕੋਈ ਅਰਥ ਹੋਵੇ। ਇਹ ਇਕ ਸੰਦੇਸ਼ ਦੇ ਰਹੀ ਹੈ: ਕੱਲ੍ਹ ਕਿਸੇ ਨੇ ਨਹੀਂ ਦੇਖਿਆ, ਜੀਣ ਲਈ ਬੱਸ ਅੱਜ, ਇਹੀ ਘੜੀ ਤੇ ਇਹੀ ਪਲ ਹੈ ਜੋ ਨਾਸ਼ਵਾਨਤਾ ਦੀ ਗਹਿਰੀ ਸੋਝੀ, ਪਿਆਰ ਤੇ ਸ਼ੁਕਰਾਨੇ ਦੇ ਭਾਵ ਨਾਲ ਬਿਤਾਈ ਜਾਣੀ ਚਾਹੀਦੀ ਹੈ।
      ਮਹਾਮਾਰੀ ਵੀ ਥਿਰ ਨਹੀਂ ਹੈ। ਵਿਗਿਆਨ ਸਾਨੂੰ ਇਹ ਲੜਾਈ ਜਿੱਤਣ ਲਈ ਬਿਹਤਰ ਦਵਾਈਆਂ ਤੇ ਵੈਕਸੀਨਾਂ ਨਾਲ ਲੈਸ ਕਰ ਦੇਵੇਗਾ ਜਾਂ ਸਿਆਸੀ ਜਮਾਤ ਇਸ ਟੈਕਨੋਕਰੈਟਿਕ/ਖਪਤਵਾਦੀ ਦੁਨੀਆ ਅੰਦਰ ਸਾਵਾਂਪਣ ਲਿਆਉਣ ਲਈ ਵਧੇਰੇ ਅਗਾਂਹਵਧੂ ਆਰਥਿਕ ਹੱਲ ਸਾਹਮਣੇ ਲੈ ਕੇ ਆ ਜਾਵੇ। ਬਹਰਹਾਲ, ਬੁਨਿਆਦੀ ਸਵਾਲ ਇਹ ਹੈ : ਕੀ ਮਾਨਵਤਾ ਇਸ ਸੰਕਟ ਤੋਂ ਕੋਈ ਗਹਿਰਾ ਸਬਕ ਹਾਸਲ ਕਰੇਗੀ ਜਾਂ ਨਹੀਂ, ਜੀਵਨ ਤੇ ਮੌਤ ਦੀ ਲੈਅ ਨੂੰ ਮੁੜ ਪਰਿਭਾਸ਼ਤ ਕਰੇਗੀ, ਅਤੇ ਰਵਾਦਾਰੀ, ਨਿਮਰਤਾ ਤੇ ਨਿਰਛਲ ਪਿਆਰ ਤੇ ਸ਼ੁਕਰਾਨੇ ਦੇ ਭਾਵ ਨਾਲ ਜੀਣਾ ਸ਼ੁਰੂ ਕਰੇਗੀ ? ਜੇ ਇਸ ਮਹਾਮਾਰੀ ਦਾ ਖਾਜਾ ਬਣਨ ਤੋਂ ਬਚੇ ਲੋਕ ਬਦ ਗ਼ੁਮਾਨੀ ਅਤੇ ਆਪਣੀਆਂ ਸਫ਼ਲਤਾ ਦੀਆਂ ਕਹਾਣੀਆਂ ਦੇ ਭਰਮ ਵਿਚ ਫਸ ਕੇ ਮੁੜ ਉਨ੍ਹਾਂ ਪੁਰਾਣੇ ਰਾਹਾਂ ਤੇ ਚੱਲ ਪੈਂਦੇ ਹਨ ਤਾਂ ਇਹ ਵਾਕਈ ਤਰਾਸਦੀ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਅਜਿਹੀ ਹੀ ਕਿਸੇ ਹੋਰ ਬਿਪਤਾ ਦਾ ਸਾਹਮਣਾ ਕਰਨਾ ਪਵੇਗਾ।
* ਲੇਖਕ ਸਮਾਜ ਸ਼ਾਸਤਰੀ ਹੈ।