ਸੁਖਦੇਵ ਸਿੰਘ ਸ਼ਾਂਤ ਦੀ ‘ਗੁਰਮਤਿ ਦਿ੍ਰਸ਼ਟੀ’ ਖੋਜੀ ਪੁਸਤਕ  - ਉਜਾਗਰ ਸਿੰਘ

ਸੁਖਦੇਵ ਸਿੰਘ ਸ਼ਾਂਤ ਸਰਬਾਂਗੀ ਲੇਖਕ ਹੈ। ਉਨ੍ਹਾਂ ਦੀਆਂ ਹੁਣ ਤੱਕ ਗੁਰਮਤਿ ਸਾਹਿਤ, ਬਾਲ ਸਾਹਿਤ, ਕਵਿਤਾ ਅਤੇ ਮਿੰਨੀ ਕਹਾਣੀ ਦੀਆਂ ਲਗਪਗ ਇਕ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਨ੍ਹਾਂ ਦੀ ਗੁਰਮਤਿ ਦਿ੍ਰਸ਼ਟੀ ਚਰਚਾ ਅਧੀਨ ਪੁਸਤਕ ਸਿੱਖ ਧਰਮ ਦੀ ਵਿਚਾਰਧਾਰਾ ਦੇ ਪੰਜ ਰੰਗਾਂ ਨੂੰ ਦਰਸਾਉਂਦੀ ਹੈ। ਭਾਵ ਇਸ ਪੁਸਤਕ ਵਿੱਚ 5 ਖੋਜ ਪੱਤਰ ‘ਗੁਰਮਤਿ-ਸੰਪੂਰਨ ਜੀਵਨ ਮਾਰਗ, ਗੁਰਮਤਿ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ, ਮਨਿ ਜੀਤੈ ਜਗੁ ਜੀਤੁ (ਗੁਰਮਤਿ ਵਿੱਚ ਮਨ ਦਾ ਸੰਕਲਪ), 1699 ਦੀ ਵਿਸਾਖੀ (ਗੁਰਮਤਿ ਦੇ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ) ਅਤੇ ਗੁਰਦੁਆਰਾ ਇਕ ਸੰਸਥਾ (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਸ਼ਾਮਲ ਹਨ। ਲੇਖਕ ਨੇ ਮਨੁੱਖ ਦੀ ਹੋਂਦ ਸੰਬੰਧੀ, ਮਨੁੱਖ ਦੀ ਉਮਰ ਸੰਬੰਧੀ ਅਤੇ ਮਨੁੱਖ ਦੇ ਵਿਹਾਰਿਕ ਜੀਵਨ ਸੰਬੰਧੀ ਲਿਖਦੇ ਹੋਏ ਗੁਰਮਤਿ-ਸੰਪੂਰਨ ਜੀਵਨ ਮਾਰਗ ਖੋਜ ਪੱਤਰ ਵਿੱਚ ਦੱਸਿਆ ਹੈ ਕਿ ਤਨ ਮਨ ਵਿੱਚ ਵਸਦਾ ਹੈ। ਮਨ ਵਿੱਚ ਜੀਵਨ ਹੈ। ਜਦੋਂ ਸਰੀਰ ਵਿੱਚ ਜੀਵਾਤਮਾ ਮਿਲ ਜਾਂਦੀ ਹੈ ਤਾਂ ਉਹ ਇਕਮਿਕ ਹੋ ਜਾਂਦੀ ਹੈ। ਗੁਰਮਤਿ ਰਾਹੀਂ ਹੀ ਸੰਪੂਰਨ ਜੀਵਨ ਮਾਰਗ ਬਣਦਾ ਹੈ। ਇਨਸਾਨ ਦੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਹੁੰਦੀਆਂ ਹਨ। ਨੈਤਿਕ ਕਦਰਾਂ ਕੀਮਤਾਂ ਦਾ ਸਿੱਧਾ ਸੰਬੰਧ ਮਨ ਨਾਲ ਹੈ। ਮਨੁੱਖੀ ਜੀਵਨ ਦੇ ਅਨੇਕ ਪੱਖ ਹਨ। ਵਿਅਕਤੀਗਤ, ਪਰਿਵਾਰਿਕ, ਸਮਾਜਿਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਆਦਿ। ਸੁਖਦੇਵ ਸਿੰਘ ਸ਼ਾਂਤ ਨੇ ਅੱਗੇ ਇਸ ਲੇਖ ਨੂੰ 7 ਭਾਗਾਂ ਵਿੱਚ ਵੰਡਿਆ ਹੈ। ਇਨਸਾਨ ਦਾ ਵਿਅਕਤੀਗਤ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ, ਜਿਸ ਵਿੱਚ ਇਕੱਲ, ਇਕਾਂਤ ਅਤੇ ਇਕਾਗਰਤ ਦਾ ਗੂੜ੍ਹਾ ਸੰਬੰਧ ਕਿਹਾ ਹੈ। ਪਰਿਵਾਰਿਕ ਜੀਵਨ ਗ੍ਰਹਿਸਤ ਦਾ ਜੀਵਨ ਹੈ। ਇਸ ਵਿੱਚ ਇਨਸਾਨ ਨੂੰ ਆਪਣੇ ਸਾਰੇ ਰਿਸ਼ਤੇ ਸਹੀ ਢੰਗ ਨਾਲ ਨਿਭਾਉਣੇ ਚਾਹੀਦੇ ਹਨ। ਸਮਾਜਿਕ ਜੀਵਨ ਵਿੱਚ ਦੱਸਿਆ ਹੈ ਕਿ ਮਨੁੱਖ ਕੇਵਲ ਆਪਣੇ ਅਤੇ ਆਪਣੇ ਪਰਿਵਾਰ ਤੱਕ ਸੀਮਤ ਨਹੀਂ, ਸਗੋਂ ਉਸ ਦੀਆਂ ਸਮਾਜਿਕ ਜ਼ਿੰਮੇਵਾਰੀਆਂ ਵੀ ਹਨ, ਜਿਨ੍ਹਾਂ ਨੂੰ ਨਿਭਾਉਣਾ ਵੀ ਜ਼ਰੂਰੀ ਹੁੰਦਾ ਹੈ। ਆਰਥਿਕ ਜੀਵਨ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਮਨੁੱਖ ਆਰਥਿਕ ਤੌਰ ਤੇ ਆਜ਼ਾਦ ਨਹੀਂ ਤਾਂ ਉਸ ਦੀਆਂ ਬਾਕੀ ਆਜ਼ਾਦੀਆਂ ਵੀ ਖ਼ਤਰੇ ਵਿੱਚ ਪੈ ਜਾਂਦੀਆਂ ਹਨ। ਭਾਵ ਆਪਣੀ ਰੋਜ਼ੀ ਰੋਟੀ ਲਈ ਦਸਾਂ ਨਹੁੰਾਂ ਦੀ ਕਿਰਤ ਕਰਨੀ ਚਾਹੀਦੀ ਹੈ। ਧਾਰਮਿਕ ਜੀਵਨ ਨੂੰ ਗੁਰਮਤਿ ਵਿੱਚ ਅਸਲ ਜੀਵਨ ਮੰਨਿਆਂ ਹੈ। ਇਸ ਲਈ ਮਨੁੱਖ ਨੂੰ ਗੁਰਬਾਣੀ ਅਨੁਸਾਰ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਗੁਰਮਤਿ ਵਾਲੇ ਸਮਾਜ ਵਿੱਚ ਰਾਜਸੀ ਸ਼ਕਤੀ ਵੀ ਅਧਿਆਤਮਿਕ ਸ਼ਕਤੀ ਦਾ ਹੀ ਪ੍ਰਗਟਾਵਾ ਹੁੰਦੀ ਹੈ। ਇਸ ਵਿੱਚ ਬਰਾਬਰਤਾ ਦਾ ਸੰਦੇਸ਼ ਹੈ। ਰੋਜ਼ਾਨਾ ਜੀਵਨ ਨਾਲ ਸੰਬੰਧਤ ਕਿਰਿਆਵਾਂ ਖਾਣਾ, ਪੀਣਾ, ਪਹਿਨਣਾ, ਖੇਡਣਾ, ਪੜ੍ਹਨਾ ਆਦਿ ਬਾਰੇ ਬਾਕਾਇਦਾ ਗੁਰਬਾਣਂੀ ਵਿੱਚ ਸਿਖਿਆ ਦਿੱਤੀ ਗਈ ਹੈ। ਗੁਰਮਤਿ ਵਿੱਚ ਅਧਿਆਤਮਿਕ ਅਤੇ ਦੁਨਿਆਵੀ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ ਬਾਰੇ ਲਿਖਦੇ ਹਨ ਕਿ ਪਸ਼ੂ-ਪੰਛੀ ਵੀ ਆਪਣੇ ਜੀਵਨ ਵਿੱਚ ਕਾਰਜ ਕਰਦੇ ਹਨ। ਪ੍ਰੰਤੂ ਸਮਾਜਿਕ ਰੂਪ ਵਿੱਚ ਉਨ੍ਹਾਂ ਦੇ ਕਾਰਜਾਂ ਦਾ ਕੋਈ ਪ੍ਰਭਾਵ ਨਜ਼ਰ ਨਹੀਂ ਆਉਂਦਾ। ਗੁਰਮਤਿ ਅਨੁਸਾਰ ਮਨੁੱਖ ਦੇ ਕਰਮ-ਕਾਂਡ ਜਾਂ ਕਰੜੀ ਤਪੱਸਿਆ ਦੇ ਬੰਧਨਾ ਤੋਂ ਮੁਕਤ ਹਨ।  ਗ੍ਰਹਿਸਤ ਮਾਣਨ ਦੀ ਸੁਤੰਤਰਤਾ ਨੇ ਮਨੁੱਖ ਦੇ ਜੀਵਨ ਵਿੱਚ ਉਤਸ਼ਾਹ-ਜਨਕ ਵਾਧਾ ਕੀਤਾ ਹੈ। ਗੁਰਮਤਿ ਅਨੁਸਾਰ ਸਵਰਗ-ਨਰਕ ਜਾਂ ਜਨਤ-ਦੋਜਖ਼ ਦੇ ਵਿਚਾਰ ਨਾਲੋਂ ਵਧੇਰੇ ਜ਼ੋਰ ਵਰਤਮਾਨ ਜੀਵਨ ਦੇ ਕਾਰਜਾਂ ਨੂੰ ਚੰਗਾ ਬਣਾਉਣ ਵਲ ਦਿੱਤਾ ਗਿਆ ਹੈ। ਅਧਿਆਤਮਿਕ ਖੇਤਰ ਵਿੱਚ ਸੁਤੰਤਰਤਾ ਪਰਮਾਤਮਾ ਦੀ ਭਗਤੀ ਅਤੇ ਉਸਦੀ ਮਿਹਰ ਰਾਹੀਂ ਜਨਮਾ-ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਹਨ। ਇਸ ਲਈ ਭਗਤੀ ਕਰਨੀ ਤੇ ਚੰਗੇ ਕਾਰਜ ਕਰਨੇ ਜ਼ਰੂਰੀ ਹਨ। ਦੁਨਿਆਵੀ ਖੇਤਰ ਵਿੱਚ ਸੁਤੰਤਰਤਾ ਗੁਰਬਾਣੀ ਵਿੱਚ ਦੁਨਿਆਵੀ ਕਾਰ-ਵਿਹਾਰ ਕਰਦਿਆਂ ਹੀ ਮਨੁੱਖ ਨੂੰ ਅਧਿਆਤਮਿਕ ਜੀਵਨ ਜੀਣ ਦੀ ਸਿਖਿਆ ਦਿੱਤੀ ਗਈ ਹੈ। ਲੇਖਕ ਨੇ ਬਾਕੀ ਧਰਮਾ ਦੀਆਂ ਉਦਾਹਰਨਾ ਦੇ ਕੇ ਸਾਰੀ ਜਾਣਕਾਰੀ ਦਿੱਤੀ ਹੈ। ਮਨਿ ਜੀਤੈ ਜਗੁ ਜੀਤੁ (ਗੁਰਮਤਿ ਵਿੱਚ ਮਨ ਦਾ ਸੰਕਲਪ) ਵਿੱਚ ਮਨ ਆਤਮਾ ਨਾਲ ਇੱਕਮਿਕ ਤਾਂ ਹੀ ਹੋ ਸਕਦਾ ਹੈ ਜੇਕਰ ਉਸਦਾ ਰੂਪ ਵੀ ਆਤਮਾ ਵਾਂਗ ਸੂਖ਼ਮ ਹੋਵੇ। ਜਦੋਂ ਇਹ ਸੂਖ਼ਮ ਵਸਤਾਂ ਮਿਲ ਜਾਂਦੀਆਂ ਹਨ ਤਾਂ ਸ਼ਾਂਤੀ ਮਿਲ ਜਾਂਦੀ ਹੈ। ਮਨ ‘ਤੇ ਕਾਬੂ ਪਾ ਕੇ ਗਿਆਨ ਇੰਦਰੀਆਂ ‘ਤੇ ਕਾਬੂ ਪੈ ਜਾਂਦਾ ਹੈ। ਜਦੋਂ ਇਨ੍ਹਾਂ ਤੇ ਕਾਬੂ ਹੋ ਗਿਆ ਤਾਂ ਮਨ ਜਿੱਤਿਆ ਜਾਂਦਾ ਹੈ। ਮਨ ਜਿੱਤਕੇ ਸੰਸਾਰ ਜਿੱਤਿਆ ਜਾ ਸਕਦਾ ਹੈ। ਮਨ ਨੂੰ ਜਿੱਤਣ ਨਾਲ ਸਬਰ, ਸੰਤੋਖ ਪ੍ਰਾਪਤ ਹੋ ਜਾਂਦਾ ਹੈ। ਮਨ ਨੂੰ ਜਿੱਤ ਲੈਣਾ ਹੀ ਇਨਸਾਨ ਦੀ ਸਭ ਤੋਂ ਵੱਡੀ ਉਪਲਭਦੀ ਹੈ। ਫਿਰ ਜਨਮ-ਜਨਮਾਂਤਰਾਂ ਦੀ ਭੁੱਖ ਖ਼ਤਮ ਹੋ ਜਾਂਦੀ ਹੈ। ਭਟਕਣਾ ਦੂਰ ਹੋ ਜਾਂਦੀ ਹੈ। ਇਹੋ ਗੁਰਬਾਣੀ ਸਿਖਿਆ ਦਿੰਦੀ ਹੈ। ਇਨਸਾਨ ਗਿਆਨੀ ਹੋ ਜਾਂਦਾ ਹੈ। ਉਸ ਨੂੰ ਆਪਣੇ ਆਪੇ ਦੀ ਪਛਾਣ ਹੋ ਜਾਂਦੀ ਹੈ। ਉਸ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਹ ਖੁਦ ਕੀ ਹੈ ਅਤੇ ਉਸਦੇ ਜੀਵਨ ਦਾ ਮਨੋਰਥ ਕੀ ਹੈ? ਇਹ ਕਿਹਾ ਜਾ ਸਕਦਾ ਹੈ ਕਿ ਪਰਮਾਤਮਾ ਦੇ ਨਾਮ ਦੀ ਬਖ਼ਸ਼ਿਸ਼ ਨਾਲ ਹੀ ਮਨ ਪਵਿਤਰ ਹੋ ਕੇ ਜਿੱਤਿਆ ਜਾ ਸਕਦਾ ਹੈ। ਮਨ ਜਿੱਤਣ ਨਾਲ ਇਨਸਾਨ ਅਧਿਆਤਮਿਕ ਜਿੱਤ ਪ੍ਰਾਪਤ ਕਰਦਾ ਹੈ। 1699 ਦੀ ਵਿਸਾਖੀ (ਗੁਰਮਤਿ ਦੇ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ) ਅਤੇ ਗੁਰਦੁਆਰਾ ਇਕ ਸੰਸਥਾ (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਵੈਸਾਖ ਮਹੀਨੇ ਵਿੱਚ ਫਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਵਿਸਾਖੀ ਦਾ ਦਿਨ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।  ਇਸ ਪ੍ਰਕਾਰ ਵਿਸਾਖੀ ਦਾ ਦਿਨ ਧਾਰਮਿਕ ਅਤੇ ਆਰਥਿਕ ਤੌਰ ‘ਤੇ ਪਵਿਤਰ ਅਤੇ ਮਹੱਤਵਪੂਰਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਦੇ ਦਿਨ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾਇਆ ਅਤੇ ਆਪ ਉਨ੍ਹਾਂ ਤੋਂ ਅੰਮਿ੍ਰਤ ਛਕਿਆ ਸੀ। ਉਨ੍ਹਾਂ ਖਾਲਸਾ ਪੰਥ ਸਾਜਕੇ ਖਾਲਸੇ ਦੀ ਰਹਿਤ ਮਰਿਆਦਾ ਸੰਬੰਧੀ ਫੁਰਮਾਨ ਜਾਰੀ ਕੀਤਾ ਸੀ। ਗੁਰ-ਦੀਖਿਆ ਪ੍ਰਾਪਤ ਕਰਕੇ ਹੀ ਇਨਸਾਨ ਗੁਰੂ ਵਾਲਾ ਬਣ ਕੇ ਗਿਆਨ ਪ੍ਰਾਪਤ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ‘ਖੰਡੇ ਦੀ ਪਾਹੁਲ’ ਦੇਣ ਦਾ ਜਿਹੜਾ ਫੈਸਲਾ ਕੀਤਾ, ਉਹ ਗੁਰਬਾਣੀ ਵਿੱਚ ਦਰਸਾਏ ‘ਅੰਮਿ੍ਰਤ’ ਸ਼ਬਦ ਦੀ ਪਾਲਣਾ ਹੀ ਸੀ। ਗੁਰੂ ਜੀ ਨੇ ਪੰਜ ਸਿੱਖਾਂ ਦੁਆਰਾ ਗੁਰ-ਦੀਖਿਆ ਦੇਣ ਦਾ ਨਿਵੇਕਲਾ ਵਿਚਾਰ ਸੰਸਾਰ ਸਾਹਮਣੇ ਪੇਸ਼ ਕੀਤਾ। 1699 ਦੀ ਵਿਸਾਖੀ ਨੇ ਕੁਝ ਸਿਧਾਂਤਾਂ ਦੀ ਸਥਾਪਨਾ ਕੀਤੀ, ਜਿਨ੍ਹਾਂ ਵਿੱਚ ਸ਼ਕਤੀ ਦਾ ਵਿਕੇਂਦਰੀਕਰਨ, ਲੋਕ-ਤੰਤਰੀ ਢਾਂਚੇ ਦੀ ਸਥਾਪਨਾ, ਭਗਤੀ ਅਤੇ ਸ਼ਕਤੀ ਦਾ ਸੁਮੇਲ, ਸਭਿਆਚਾਰਿਕ ਸੁਤੰਤਰਤਾ ਦਾ ਆਦਰਸ਼ ਅਤੇ ਨੈਤਿਕਤਾ ‘ਤੇ ਜ਼ੋਰ ਸ਼ਾਮਲ ਹਨ। ਲੇਖਕ ਨੇ ਵਿਸਾਖੀ ਦੇ ਪ੍ਰਸੰਗ ਵਿੱਚ ਸਿਰਲੇਖ ਹੇਠ ਕੁਝ ਚਿੰਤਾਵਾਂ ਵੀ ਕੀਤੀਆਂ ਹਨ। ਡ੍ਰਗਜ਼ ਅਤੇ ਨਸ਼ੇ ਪੰਜਾਬ ਵਿੱਚ ਆਮ ਹੋ ਗਏ ਹਨ, ਜਦੋਂ ਕਿ ਗੁਰੂ ਸਾਹਿਬਾਨ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਸੀ। ਇਸੇ ਤਰ੍ਹਾਂ ਗੁਰੂ ਜੀ ਨੇ ‘ਏਕਾ ਨਾਰੀ ਜਤੀ’ ਦਾ ਸੰਦੇਸ਼ ਦਿੱਤਾ ਸੀ ਪ੍ਰੰਤੂ ਏਡਜ਼ ਦੀ ਬਿਮਾਰੀ ਇਸਦੀ ਉਲੰਘਣਾ ਦਾ ਸਬੂਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਸਰਵੋਤਮ ਮੰਨਿਆਂ ਪ੍ਰੰਤੂ ਸਾਡੇ ਸਮਾਜ ਵਿੱਚ ਕੁੜੀਆਂ ਨੂੰ ਮਾਰਿਆ ਜਾ ਰਿਹਾ ਹੈ। ਨੈਤਿਕ ਗਿਰਾਵਟ ਤੇ ਵੀ ਲੇਖਕ ਨੇ ਚਿੰਤਾ ਪ੍ਰਗਟ ਕੀਤੀ ਹੈ ਕਿਉਂਕਿ ਫੈਸ਼ਨ, ਮਾਡÇਲੰਗ ਦੇ ਨਾਂ ਤੇ ਅਸ਼ਲੀਲਤਾ ਪੇਸ਼ ਕੀਤੀ ਜਾਂਦੀ ਹੈ। ਇਹ ਵੀ ਸਿੱਖ ਵਿਚਾਰਧਾਰਾ ਦੇ ਵਿਰੁੱਧ ਹੈ। ਏਸੇ ਤਰ੍ਹਾਂ ਭਿ੍ਰਸ਼ਟਾਚਾਰ ਗੁਰੂ ਨਾਨਕ ਦੇਵ ਜੀ ਨੇ ਹਕ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਕਿਹਾ ਸੀ ਪ੍ਰੰਤੂ ਇਸ ਸਮੇਂ ਸਮਾਜ ਵਿੱਚ ਭਰਿਸ਼ਟਾਚਾਰ ਭਾਰੂ ਹੈ। ਗੁਰਬਾਣੀ ਦਾ ਫਰਮਾਨ ਹੈ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ਭਾਵ ਵਿਸ਼ਵ ਸ਼ਾਂਤੀ ਦੀ ਲੋੜ ਤੇ ਜ਼ੋਰ ਦਿੱਤਾ ਸੀ ਪ੍ਰੰਤੂ ਵਰਮਾਨ ਸਥਿਤੀ ਵਿੱਚ ਇਸਦੇ ਉਲਟ ਕੰਮ ਹੋ ਰਿਹਾ ਹੈ। ਪ੍ਰਦੂਸ਼ਣ ‘ਤੇ ਵੀ ਚਿੰਤਾ ਪ੍ਰਗਟ ਕੀਤੀ ਗਈ ਹੈ। ਗੁਰਦੁਆਰਾ-ਇਕ ਸੰਸਥਾ  (ਗੁਰਮਤਿ ਦੀ ਸਤਿਸੰਗਤ ਅਤੇ ਸੇਵਾ ਦਾ ਕੇਂਦਰ) ਖੋਜ ਪੱਤਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਧਰਮਸਾਲ ਦੇ ਰੂਪ ਵਿੱਚ ਗੁਰਦੁਆਰਾ ਦਾ ਜ਼ਿਕਰ ਆਉਂਦਾ ਹੈ। ਇਸ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਵੀ ਪ੍ਰਚਾਰ ਹਿੱਤ 22 ਮੰਜੀਆਂ ਸਥਾਪਤ ਕਰਨ ਬਾਰੇ ਬਚਨ ਕੀਤੇ ਸਨ। ਪ੍ਰੰਤੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿੰਦਰ ਸਾਹਿਬ ਦੀ ਉਸਾਰੀ ਕਰਵਾ ਕੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਨਾਮਜਦ ਕਰਕੇ ਗੁਰਦੁਆਰਾ ਸਹਿਬ ਦਾ ਮੁੱਢ ਬੰਨਿਆਂ ਸੀ। ਭਾਵੇਂ ਗੁਰਬਾਣੀ ਵਿੱਚ ਧਰਮਸਾਲਾ ਜਾਂ ਗੁਰਦੁਆਰੇ ਦੀ ਨਿਸ਼ਚਿਤ ਸਥਾਨ ਵਜੋਂ ਅਹਿਮੀਅਤ ਨੂੰ ਪ੍ਰਵਾਨ ਕੀਤਾ ਗਿਆ ਸੀ ਅਤੇ ਸੰਸਥਾਗਤ ਪੱਖ ਤੋਂ ਗੁਰਦੁਆਰੇ ਨੂੰ ਇਕ ਸੰਸਥਾ ਵਜੋਂ ਮਾਣਤਾ ਦਿੱਤੀ ਗਈ ਸੀ। ਗੁਰਦੁਆਰੇ ਦੀ ਸੰਸਥਾ ਵਜੋਂ ਲੋੜ ਵਾਲੇ ਭਾਗ ਵਿੱਚ ਲੇਖਕ ਨੇ ਲਿਖਿਆ ਹੈ ਕਿ ਸਤਿਗੁਰੂ ਦੇ ਦਰਸ਼ਨ, ਸਤਿਸੰਗਤ ਅਤੇ ਸੇਵਾ ਤਿੰਨ ਅਜਿਹੇ ਸੰਕਲਪ ਹਨ, ਜਿਨ੍ਹਾਂ ਦੀ ਪੂਰਤੀ ਲਈ ਸੰਸਥਾ ਵਜੋਂ ਗੁਰਦੁਆਰੇ ਦੀ ਹੋਂਦ ਜ਼ਰੂਰੀ ਹੈ। ਘਰ ਵਿੱਚ ਇਨਸਾਨ ਅੰਮਿ੍ਰਤ ਵੇਲੇ ਉਠ ਕੇ ਨਿਤਨੇਮ ਤਾਂ ਕਰ ਸਕਦਾ ਹੈ ਪ੍ਰੰਤੂ ਉਥੇ ਸਤਿਗੁਰ ਦੇ ਦਰਸ਼ਨ, ਸੰਤਿਸੰਗਤ ਦਾ ਮਿਲਾਪ ਅਤੇ ਗੁਰਸਿੱਖਾਂ ਦੀ ਸੇਵਾ ਨਸੀਬ ਨਹੀਂ ਹੋ ਸਕਦੀ। ਇਸ ਲਈ ਗੁਰਦੁਆਰੇ ਦੀ ਲੋੜ ਹੈ। ਗੁਰਦੁਆਰੇ ਦੀ ਸੰਸਥਾ ਵਜੋਂ ਮਰਿਯਾਦਾ: ਸਿੱਖ ਧਰਮ ਵਿੱਚ ‘ਸਿੱਖ ਰਹਿਤ ਮਰਯਾਦਾ’ ਗੁਰਦੁਆਰੇ ਵਿੱਚ ਹੋਣੀ ਜ਼ਰੂਰੀ ਹੈ। ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਨਿਸ਼ਾਨ ਸਾਹਿਬ ਅਤੇ ਨਗਾਰਾ ਤਿੰਨ ਗੱਲਾਂ ਜ਼ਰੂਰੀ ਹਨ। ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਉਥੇ ਸ਼ਰਧਾਲੂ ਅਨੁਸ਼ਾਸ਼ਨ ਵਿੱਚ ਰਹਿਣਗੇ। ਨੈਤਿਕ ਜ਼ਿੰਮੇਵਾਰੀ ਮਹਿਸੂਸ ਕਰਨਗੇ। ਸਿਰ ਢੱਕੇ ਹੋਣਗੇ, ਪਾਠ, ਕੀਰਤਨ ਹੁੰਦਾ ਹੋਵੇਗਾ। ਕੁਦਰਤੀ ਹੈ ਕਿ ਸੰਗਤ ਗੁਰਦੁਆਰੇ ਦੀ ਸਿੱਖ ਰਹਿਤ ਮਰਿਯਾਦਾ ਵਿੱਚ ਰਹਿੰਦੇ ਹੋਏ ਵਿਚਰਣਗੇ। ਗੁਰਦੁਆਰੇ ਦੀ ਸੰਸਥਾ ਵਜੋਂ ਪ੍ਰਬੰਧ: ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਚਲਾਉਣ ਲਈ ਪ੍ਰਬੰਧਕ, ਕਰਮਚਾਰੀ, ਪਾਠੀ, ਰਾਗੀ ਅਤੇ ਕੀਰਤਨੀਏ ਹੋਣਗੇ। ਇਨ੍ਹਾਂ ਸਾਰਿਆਂ ਦਾ ਨਿਗਰਾਨ ਮੈਨੇਜਰ ਹੋਵੇਗਾ। ਇਹ ਸਾਰੇ ਕਰਮਚਾਰੀ ਅਧਆਤਮਿਕ ਸੋਚ ਅਨੁਸਾਰ ਕੰਮ ਕਰਨਗੇ। ਇਹ ਪੁਸਤਕ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਰਾਹ ਦਸੇਰਾ ਸਾਬਤ ਹੋਵੇਗੀ ਕਿਉਂਕਿ ਇਸ ਵਿੱਚ ਦਿੱਤੇ ਵਿਚਾਰ ਵੱਖ-ਵੱਖ ਵਿਦਵਾਨਾ ਦੇ ਵਿਚਾਰਾਂ ਦਾ ਨਿਚੋੜ ਹੈ। ਅਖ਼ੀਰ ਵਿੱਚ ਲੇਖਕ ਨੇ ਸਾਰੇ ਗੁਰਦੁਆਰਿਆਂ ਵਿੱਚ ਇਕਸੁਰਤਾ ਦੀ ਲੋੜ ਤੇ ਜ਼ੋਰ ਦਿੰਦੇ ਹੋਏ 10 ਸੁਝਾਆ ਦਿੱਤੇ ਹਨ। 135 ਪੰਨਿਆਂ, 200 ਰੁਪਏ ਕੀਮਤ ਵਾਲੀ ਇਹ ਪੁਸਤਕ ਸੰਗਮ ਪਬਲੀਕੇਸ਼ਨਜ਼ ਸਮਾਣਾ ਜਿਲ੍ਹਾ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ  
ਮੋਬਾਈਲ-94178 13072
ujagarsingh48@yahoo.com