MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬਰਤਾਨੀਆ ਵਿਚ ਹੋ ਰਹੀ ਮਰਦਮਸੁਮਾਰੀ ਵਿਚ ਸਭ ਪੰਜਾਬੀ, ਹਿੰਦੂ, ਸਿੱਖ ਅਤੇ ਸਭ ਕੌਮਾਂ ਆਪਣੀ ਬੋਲੀ ਪੰਜਾਬੀ ਨੂੰ ਦਰਜ ਕਰਵਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 01 ਮਾਰਚ (ਸਿੰਘ) "ਆਉਣ ਵਾਲੀ 21 ਮਾਰਚ 2021 ਬਰਤਾਨੀਆ ਮੁਲਕ ਵਿਚ ਬਰਤਾਨੀਆ ਹਕੂਮਤ ਵੱਲੋਂ ਮਰਦਮਸੁਮਾਰੀ ਕਰਵਾਈ ਜਾ ਰਹੀ ਹੈ । ਇਸ ਮੌਕੇ ਸਮੁੱਚੇ ਬਰਤਾਨੀਆ ਵਿਚ ਰਹਿਣ ਵਾਲੇ ਪੰਜਾਬੀ, ਹਿੰਦੂਆਂ, ਸਿੱਖਾਂ, ਮੁਸਲਿਮ, ਇਸਾਈ ਤੇ ਹੋਰ ਸਭ ਕੌਮਾਂ ਜੋ ਪੰਜਾਬ ਨਾਲ ਸੰਬੰਧਤ ਹਨ, ਉਹ ਆਪੋ-ਆਪਣੀ ਭਾਸ਼ਾਂ-ਬੋਲੀ ਬਿਨ੍ਹਾਂ ਕਿਸੇ ਝਿਜਕ ਦੇ ਪੰਜਾਬੀ ਦਰਜ ਕਰਵਾਉਣ ਤਾਂ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀ ਗਈ ਗੁਰਮੁੱਖੀ ਪੰਜਾਬੀ ਬੋਲੀ ਜਿਸ ਨੂੰ ਅਸੀਂ ਮਾਂ ਬੋਲੀ ਵੀ ਸੱਦਦੇ ਹਾਂ ਉਸਦਾ ਬਰਤਾਨੀਆ ਅਤੇ ਕੌਮਾਂਤਰੀ ਪੱਧਰ ਤੇ ਸਤਿਕਾਰ ਵਿਚ ਢੇਰ ਸਾਰਾ ਵਾਧਾ ਹੋ ਸਕੇ ਅਤੇ ਅਸੀਂ ਆਪਣੀ ਇਸ ਮਾਂ ਬੋਲੀ ਉਤੇ ਬਾਹਰਲੇ ਮੁਲਕਾਂ ਵਿਚ ਵਿਚਰਦੇ ਹੋਏ ਵੀ ਫਖ਼ਰ ਕਰ ਸਕੀਏ ਅਤੇ ਉਥੋਂ ਦੀਆਂ ਵਿਦਿਅਕ ਸੰਸਥਾਵਾਂ ਵਿਚ ਇਸ ਪੰਜਾਬੀ ਬੋਲੀ ਨੂੰ ਲਾਗੂ ਕਰਵਾਕੇ ਆਪਣੀ ਮਾਂ ਬੋਲੀ ਦੇ ਇਖਲਾਕੀ ਫਰਜਾਂ ਦੀ ਪੂਰਤੀ ਕਰ ਸਕੀਏ ।" ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਵਿਚ ਵੱਸਣ ਵਾਲੇ ਸਮੁੱਚੇ ਪੰਜਾਬੀ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਇਸਾਈਆ, ਰੰਘਰੇਟਿਆ ਆਦਿ ਸਭਨਾਂ ਨੂੰ 21 ਮਾਰਚ ਤੋਂ ਸੁਰੂ ਹੋ ਰਹੀ ਮਰਦਮਸੁਮਾਰੀ ਸਮੇਂ ਆਪਣੀ ਭਾਸ਼ਾਂ-ਬੋਲੀ ਪੰਜਾਬੀ ਵਿਚ ਦਰਜ ਕਰਵਾਉਣ ਦੀ ਜੋਰਦਾਰ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਅਸੀਂ ਆਪਣੀ ਬੋਲੀ ਭਾਸ਼ਾਂ, ਪਹਿਰਾਵੇ, ਵਿਰਸੇ-ਵਿਰਾਸਤ ਅਤੇ ਸੱਭਿਅਤਾ ਬਾਰੇ ਸੰਜ਼ੀਦਾ ਰੂਪ ਵਿਚ ਵਿਚਰਾਂਗੇ ਤਾਂ ਖੁਦ-ਬ-ਖੁਦ ਸਾਡੀ ਬੋਲੀ ਸਾਡੇ ਵਿਰਸੇ-ਵਿਰਾਸਤ ਅਤੇ ਪਹਿਰਾਵੇ, ਰਿਤੀ-ਰਿਵਾਜਾ ਤੋਂ ਦੂਸਰੇ ਮੁਲਕਾਂ ਦੇ ਨਿਵਾਸੀਆ ਤੇ ਹੁਕਮਰਾਨਾਂ ਨੂੰ ਵੱਡੀ ਜਾਣਕਾਰੀ ਪ੍ਰਾਪਤ ਹੋਵੇਗੀ ਕਿਉਂਕਿ ਸਾਡੀ ਬੋਲੀ, ਵਿਰਸਾ-ਵਿਰਾਸਤ ਦੁਨੀਆ ਦੀਆਂ ਹੋਰ ਬੋਲੀਆਂ, ਭਾਸ਼ਾਵਾਂ ਅਤੇ ਵਿਰਸੇ ਤੋਂ ਕਿਤੇ ਮਹਾਨ ਹੈ । ਇਸ ਲਈ ਸਾਡਾ ਸਭਦਾ ਇਹ ਇਖਲਾਕੀ ਫਰਜ ਬਣ ਜਾਂਦਾ ਹੈ ਕਿ ਜਦੋਂ ਅਸੀਂ ਦੂਸਰੇ ਮੁਲਕਾਂ ਵਿਚ ਵਿਚਰਦੇ ਹੋਈਏ ਤਾਂ ਉਨ੍ਹਾਂ ਮੁਲਕਾਂ ਦੇ ਕਲਚਰ, ਵਿਰਸੇ-ਵਿਰਾਸਤ ਦੇ ਵਹਿਣ ਵਿਚ ਨਾ ਵਹਿਕੇ ਆਪਣੇ ਮਹਾਨ ਵਿਰਸੇ ਅਤੇ ਵਿਰਾਸਤ ਨਾਲ ਜੜੋ ਜੁੜਕੇ ਉਸਦਾ ਪ੍ਰਤੱਖ ਰੂਪ ਵਿਚ ਇਜਹਾਰ ਕਰੀਏ । ਜਦੋਂ ਅਸੀਂ ਆਪਣੇ ਅਜਿਹੇ ਫਰਜਾਂ ਨੂੰ ਪੂਰਨ ਕਰਾਂਗੇ ਤਾਂ ਬਾਹਰਲੇ ਮੁਲਕਾਂ ਦੇ ਹੁਕਮਰਾਨ ਤੇ ਨਿਵਾਸੀ ਸਾਡੀ ਬੋਲੀ ਵਿਰਸੇ-ਵਿਰਾਸਤ ਨਾਲ ਪਿਆਰ ਕਰਨਗੇ ਅਤੇ ਇਸਦੀ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤਾ ਹੋਵੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਮੁੱਚੇ ਪੰਜਾਬੀ ਵੱਖ-ਵੱਖ ਕੌਮਾਂ, ਧਰਮਾਂ ਦੇ ਬਰਤਾਨੀਆ ਵਿਚ ਵਿਚਰਣ ਵਾਲੇ ਨਿਵਾਸੀ ਆਪਣੇ ਇਸ ਇਖਲਾਕੀ ਫਰਜ ਨੂੰ ਹਰ ਕੀਮਤ ਤੇ ਪੂਰਨ ਕਰਨਗੇ ।