MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਰਾਹੁਲ ਗਾਂਧੀ ਬੋਲੇ, ਦਾਦੀ ਦਾ ਐਮਰਜੈਂਸੀ ਲਗਾਉਣ ਦਾ ਫ਼ੈਸਲਾ ਸੀ ਗ਼ਲਤ

ਨਵੀਂ ਦਿੱਲੀ  03 ਮਾਰਚ (ਮਪ)  ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ’ਚ ਐਮਰਜੈਂਸੀ ਲਗਾਉਣ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭੁੱਲ ਦੱਸਦਿਆਂ ਕਿਹਾ ਕਿ ਉਸ ਦੌਰ ’ਚ ਜੋ ਕੁਝ ਹੋਇਆ ਉਹ ਗ਼ਲਤ ਹੋਇਆ। ਪਰ ਮੌਜੂਦਾ ਦੌਰ ਨਾਲ ਜੇਕਰ ਇਸ ਦੀ ਤੁਲਨਾ ਕਰੀਏ ਤਾਂ ਉਦੋਂ ਦੇ ਹਾਲਾਤ ਬਿਲਕੁਲ ਵੱਖਰੇ ਸਨ। ਉਸ ਸਮੇਂ ਕਾਂਗਰਸ ਦੇ ਸੰਸਥਾਗਤ ਢਾਂਚੇ ’ਤੇ ਕਬਜ਼ਾ ਕਰਨ ਦੀ ਕਦੀ ਕੋਸ਼ਿਸ ਨਹੀਂ ਕੀਤੀ। ਅਮਰੀਕਾ ਦੀ ਕਾਰਨਵੈਲ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਸੂ ਨਾਲ ਗੱਲਬਾਤ ’ਚ ਰਾਹੁਲ ਨੇ ਕਿਹਾ ਕਿ ਉਹ ਕਾਂਗਰਸ ’ਚ ਅੰਦਰੂਨੀ ਲੋਕਤੰਤਰ ਦੇ ਹਾਮੀ ਹਨ। ਇਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ। ਦੇਸ਼ ਨੂੰ ਸੰਵਿਧਾਨ ਦਿੱਤਾ ਤੇ ਸਮਾਨਤਾ ਲਈ ਹਮੇਸ਼ਾ ਖਡ਼ੀ ਰਹੀ। ਐਮਰਜੈਂਸੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਉਹ ਇਕ ਗ਼ਲਤੀ ਸੀ। ਉਸ ਦੌਰ ’ਚ ਜੋ ਕੁਝ ਹੋਇਆ ਉਹ ਯਕੀਨੀ ਤੌਰ ’ਤੇ ਗ਼ਲਤ ਸੀ। ਪਰ ਅੱਜ ਦੇ ਦੌਰ ’ਚ ਜੋ ਹੋ ਰਿਹਾ ਹੈ ਉਹ ਉਦੋਂ ਦੇ ਦੌਰ ਤੋਂ ਬਿਲਕੁਲ ਵੱਖਰਾ ਹੈ। ਉਸ ਸਮੇਂ ਕਾਂਗਰਸ ਨੇ ਕਦੀ ਵੀ ਸੰਸਥਾਗਤ ਢਾਂਚੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਸ ’ਚ ਅਜਿਹਾ ਕਰਨ ਦੀ ਸਮਰੱਥਾ ਵੀ ਨਹੀਂ ਸੀ। ਸਾਡੀ ਬਣਤਰ ਅਜਿਹੀ ਹੈ ਕਿ ਅਸੀਂ ਚਾਹ ਕੇ ਵੀ ਅਜਿਹਾ ਨਹੀਂ ਕਰ ਸਕਦੇ। ਰਾਹੁਲ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾ ਰਹੀ ਹੈ। ਭਾਰਤ ’ਚ ਹਰ ਸੰਸਥਾ ਦੀ ਆਜ਼ਾਦੀ ’ਤੇ ਹਮਲਾ ਕੀਤਾ ਜਾ ਰਿਹਾ ਹੈ। ਆਰਐੱਸਐੱਸ ਹਰ ਥਾਂ ਘੁਸਪੈਠ ਕਰ ਰਹੀ ਹੈ। ਭਾਵੇਂ ਕੋਰਟ ਹੋਵੇ, ਭਾਵੇਂ ਚੋਣ ਕਮਿਸ਼ਨ ਹੋਵੇ ਜਾਂ ਕੋਈ ਵੀ ਆਜ਼ਾਦ ਸੰਸਥਾ ਸਾਰਿਆਂ ’ਤੇ ਇਕ ਹੀ ਸੋਚ ਦੇ ਲੋਕਾਂ ਦਾ ਕਬਜ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਚੋਣ ਜਿੱਤ ਵੀ ਜਾਈਏ ਤਾਂ ਸੰਸਥਾਵਾਂ ’ਤੇ ਕਾਬਜ਼ ਲੋਕਾਂ ਤੋਂ ਛੁਟਕਾਰਾ ਨਹੀਂ ਹਾਸਲ ਕਰ ਸਕਦੇ।