MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਿਸਾਨ ਜਥੇਬੰਦੀਆਂ ਦਾ ਦਾਅਵਾ, ਅੰਦੋਲਨ ਖਤਮ ਨਹੀਂ ਹੋਇਆ ਸਗੋਂ ਅਸੀਂ ਮਜ਼ਬੂਤ ਹੋ ਰਹੇ ਹਾਂ

ਨਵੀਂ ਦਿੱਲੀ 5 ਮਾਰਚ (ਮਪ) ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਸ਼ਨਿਚਰਵਾਰ ਨੂੰ 100ਵੇਂ ਦਿਨ 'ਚ ਦਾਖਲ ਹੋ ਜਾਵੇਗਾ, ਜਦਕਿ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਅੰਦੋਲਨ ਖਤਮ ਨਹੀਂ ਹੋਇਆ, ਬਲਕਿ ਉਹ ਹੋਰ ਮਜ਼ਬੂਤ ਹੋ ਰਹੇ ਹਨ। ਉਨ੍ਹਾਂ ਸ਼ੁੱਕਰਵਾਰ ਨੂੰ ਕਿਹਾ ਕਿ ਅੰਦੋਲਨ ਨੇ ਏਕਤਾ ਦਾ ਸੁਨੇਹਾ ਦਿੱਤਾ ਹੈ ਤੇ ਇਸ ਨਾਲ ਕਿਸਾਨ ਮੁੜ ਇਕ ਵਾਰੀ ਇਕੱਠੇ ਦਿਖਾਈ ਦੇ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਉਦੋਂ ਤਕ ਅੰਦੋਲਨ ਜਾਰੀ ਰੱਖਣਗੇ ਜਦੋਂ ਤਕ ਇਸ ਦੀ ਲੋੜ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਜਦੋਂ ਤਕ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ, ਅਸੀਂ ਇੱਥੋਂ ਨਹੀਂ ਹਟਾਂਗੇ। ਸਵਰਾਜ ਇੰਡੀਆ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਅੰਦੋਲਨ ਨਾਲ ਕਿਸਾਨ ਮੁੜ ਦੇਸ਼ ਦੇ ਸਿਆਸੀ ਹਲਕਿਆਂ 'ਚ ਦਿਖਾਈ ਦੇਣ ਲੱਗੇ ਹਨ। ਇਸ ਨੇ ਹਰ ਸਿਆਸਤਦਾਨ ਨੂੰ ਸਬਕ ਸਿਖਾ ਦਿੱਤਾ ਹੈ ਕਿ ਉਹ ਕਿਸਾਨਾਂ ਨਾਲ ਪੰਗਾ ਨਾ ਲੈਣ। ਉਨ੍ਹਾਂ ਕਿਹਾ ਕਿ ਲੋਕ ਕਿਸਾਨਾਂ ਨੂੰ ਹਲਕੇ 'ਚ ਲੈਂਦੇ ਸਨ ਪਰ ਅੰਦੋਲਨ ਨੇ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਕਿਸਾਨਾਂ ਨਾਲ ਝਗੜਾ ਮਹਿੰਗਾ ਸੌਦਾ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਜ਼ਰੀਏ ਦੇਸ਼ ਭਰ ਦੇ ਕਿਸਾਨ ਇਸ ਤਰ੍ਹਾਂ ਇਕਜੁੱਟ ਹੋ ਗਏ ਹਨ ਕਿ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ। ਪੰਜਾਬ ਤੇ ਹਰਿਆਣਾ ਦੇ ਕਿਸਾਨ ਅੱਜ ਇਕਜੁੱਟ ਹਨ। ਯੂਪੀ 'ਚ ਅੱਜ ਹਿੰਦੂ ਤੇ ਮੁਸਲਮਾਨ ਇਕੋ ਮੰਚ 'ਤੇ ਹਨ। ਰਾਜਸਥਾਨ 'ਚ ਮੀਨਾ ਤੇ ਗੁੱਜਰ ਵੀ ਇਕਜੁੱਟ ਹਨ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਕਵਿਤਾ ਕੁਰੁਗੰਤੀ ਨੇ ਕਿਹਾ ਕਿ ਅੰਦੋਲਨ ਸਮਾਜਿਕ ਤੌਰ 'ਤੇ ਵੀ ਰਚਨਾਤਮਕ ਸਾਬਤ ਹੋਇਆ ਹੈ।