MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲੋਕਤੰਤਰ ਦੀ ਜੰਗ : ਮਿਆਂਮਾਰ ਵਿਚ ਪ੍ਰਦਰਸ਼ਨਕਾਰੀਆਂ ਤੇ ਫਾਇਰਿੰਗ, ਇਕ ਦੀ ਮੌਤ

ਯੰਗੂਨ 5 ਮਾਰਚ (ਮਪ) ਮਿਆਂਮਾਰ ਵਿਚ ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਭੜਕੇ ਵਿਰੋਧ ਪ੍ਰਦਰਸ਼ਨਾਂ ਨੂੰ ਦਰੜਨ ਦੇ ਯਤਨ ਵਿਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਮੁੜ ਫਾਇਰਿੰਗ ਕੀਤੀ। ਇਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਪਹਿਲੇ ਪੁਲਿਸ ਨੇ ਬੁੱਧਵਾਰ ਨੂੰ ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ 'ਤੇ ਗੋਲ਼ੀਆਂ ਚਲਾਈਆਂ ਸਨ। ਇਸ ਵਿਚ 38 ਲੋਕਾਂ ਦੀ ਜਾਨ ਗਈ ਸੀ। ਇਸ ਦੱਖਣੀ ਪੂਰਬੀ ਏਸ਼ਿਆਈ ਦੇਸ਼ ਵਿਚ ਇਕ ਫਰਵਰੀ ਨੂੰ ਹੋਏ ਫ਼ੌਜੀ ਤਖ਼ਤਾ ਪਲਟ ਖ਼ਿਲਾਫ਼ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਵਿਚ ਇਹ ਹੁਣ ਤਕ ਦੀ ਸਭ ਤੋਂ ਵੱਡੀ ਹਿੰਸਾ ਸੀ। ਲੋਕ ਪੁਲਿਸ ਦੀ ਗੋਲ਼ੀ ਦੀ ਪ੍ਰਵਾਹ ਕੀਤੇ ਬਿਨਾਂ ਲੋਕਤੰਤਰ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰ ਰਹੇ ਹਨ।
ਮਿਆਂਮਾਰ ਦੇ ਕਈ ਸ਼ਹਿਰਾਂ ਵਿਚ ਸ਼ੁੱਕਰਵਾਰ ਨੂੰ ਵੀ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਵਿਚ ਵੀ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ ਅਤੇ ਸ਼ਾਂਤੀਪੂਰਣ ਢੰਗ ਨਾਲ ਮਾਰਚ ਕੱਿਢਆ। ਇਸ ਦੌਰਾਨ ਲੋਕਾਂ ਨੇ 'ਅਸੀਂ ਧਮਕੀ ਤੋਂ ਡਰ ਨਹੀਂ ਰਹੇ ਹਾਂ' ਵਰਗੇ ਨਾਅਰੇ ਲਗਾਏ। ਪੁਲਿਸ ਨੇ ਕੁਝ ਦੇਰ ਪਿੱਛੋਂ ਹੀ ਇਨ੍ਹਾਂ ਨੂੰ ਖਦੇੜਨ ਲਈ ਫਾਇਰਿੰਗ ਕਰ ਦਿੱਤੀ। ਇਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਉਧਰ, ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਵਿਚ ਸੈਂਕੜੇ ਪ੍ਰਦਰਸ਼ਨਕਾਰੀ ਜਮ੍ਹਾ ਹੋਏ। ਉਨ੍ਹਾਂ ਦਾ ਸਾਥ ਦੇਣ ਲਈ ਕਰੀਬ 100 ਡਾਕਟਰ ਵੀ ਪੁੱਜੇ। ਚਸ਼ਮਦੀਦਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਖਦੇੜਨ ਲਈ ਪੁਲਿਸ ਨੇ ਰਬੜ ਦੀਆਂ ਗੋਲ਼ੀਆਂ ਚਲਾਈਆਂ। ਪੁਲਿਸ ਨੇ ਵੀਰਵਾਰ ਨੂੰ ਇਸ ਸ਼ਹਿਰ ਵਿਚ ਪ੍ਰਦਰਸ਼ਨਕਾਰੀਆਂ 'ਤੇ ਅੱਥਰੂ ਗੈਸ ਦੇ ਗੋਲ਼ੇ ਦਾਗੇ ਸਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਮੁਖੀ ਮਿਸ਼ੇਲ ਬਾਚੇਲੇਨ ਨੇ ਮਿਆਂਮਾਰ ਦੇ ਸੁਰੱਖਿਆ ਦਸਤਿਆਂ ਤੋਂ ਮੰਗ ਕੀਤੀ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਤਾਕਤ ਦੀ ਵਰਤੋਂ ਕਰਨਾ ਬੰਦ ਕਰ ਦੇਣ। ਉਨ੍ਹਾਂ ਦੱਸਿਆ ਕਿ ਇਸ ਦੇਸ਼ ਵਿਚ ਹੁਣ ਤਕ 29 ਪੱਤਰਕਾਰਾਂ ਸਮੇਤ 1,700 ਤੋਂ ਜ਼ਿਆਦਾ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।
ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਨੇ ਕਿਹਾ ਕਿ ਮਿਆਂਮਾਰ ਦੇ ਹਾਲਾਤ ਚਿੰਤਾਜਨਕ ਅਤੇ ਪਰੇਸ਼ਾਨ ਕਰਨ ਵਾਲੇ ਹਨ। ਬਾਇਡਨ ਪ੍ਰਸ਼ਾਸਨ ਇਸ ਦੇਸ਼ ਨੂੰ ਲੈ ਕੇ ਖੇਤਰ ਵਿਚ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਵ੍ਹਾਈਟ ਹਾਊਸ ਦੀ ਤਰਜਮਾਨ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।
ਯੂਟਿਊਬ ਨੇ ਦੱਸਿਆ ਕਿ ਉਸ ਨੇ ਮਿਆਂਮਾਰ ਦੀ ਫ਼ੌਜ ਦੇ ਪੰਜ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ। ਨਿਯਮਾਂ ਦੇ ਉਲੰਘਣ ਕਾਰਨ ਅਜਿਹਾ ਕੀਤਾ ਗਿਆ ਹੈ। ਇਸ ਤੋਂ ਪਹਿਲੇ ਫੇਸਬੁੱਕ ਨੇ ਆਪਣੇ ਪਲੇਟਫਾਰਮ 'ਤੇ ਇਸ ਦੇਸ਼ ਦੀ ਫ਼ੌਜ ਨਾਲ ਜੁੜੇ ਪੇਜ ਹਟਾ ਦਿੱਤੇ ਸਨ।