MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜਾਵੜੇਕਰ ਤੇ ਜੌਨ ਕੇਰੀ ਨੇ ਜਲਵਾਯੂ ਸਬੰਧੀ ਮਾਲਿਆਂ ਤੇ ਕੀਤੀ ਚਰਚਾ

ਨਵੀਂ ਦਿੱਲੀ  6 ਅਪ੍ਰੈਲ (ਮਪ) ਕੇਂਦਰੀ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਜਲਵਾਯੂ ਸਬੰਧੀ ਮਾਮਲਿਆਂ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਵਿਸ਼ੇਸ਼ ਦੂਤ ਜੌਨ ਕੇਰੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਜਲਵਾਯੂ ਸਬੰਧੀ ਫੰਡਿੰਗ, ਸਾਂਝੀ ਖੋਜ ਤੇ ਸਹਿਯੋਗ ਸਮੇਤ ਵੱਖ-ਵੱਖ ਮਾਮਲਿਆਂ 'ਤੇ ਚਰਚਾ ਕੀਤੀ। ਜਾਵੜੇਕਰ ਨੇ ਟਵੀਟ ਕੀਤਾ ਕਿ ਜਲਵਾਯੂ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜੌਨ ਕੇਰੀ ਨਾਲ ਅਹਿਮ ਗੱਲਬਾਤ ਹੋਈ। ਵਾਤਾਵਰਨ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੇਰੀ ਨਾਲ ਸੱਤ ਮੈਂਬਰੀ ਅਮਰੀਕੀ ਨੁਮਾਇੰਦਗੀ ਵਫ਼ਦ ਨੇ ਗੱਲਬਾਤ 'ਚ ਹਿੱਸਾ ਲਿਆ। ਕੇਰੀ ਪੰਜ ਤੋਂ ਅੱਠ ਅਪ੍ਰਰੈਲ ਤਕ ਚਾਰ ਦਿਨਾਂ ਯਾਤਰਾ 'ਤੇ ਭਾਰਤ ਆਏ ਹਨ। ਇਸ ਦੌਰਾਨ ਉਹ ਕੇਂਦਰ ਸਰਕਾਰ, ਨਿੱਜੀ ਖੇਤਰ ਤੇ ਵੱਖ-ਵੱਖ ਐੱਨਜੀਓ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਇਹ ਜਲਵਾਯੂ ਪਰਿਵਰਤਨ ਸਬੰਧੀ ਮਾਮਲਿਆਂ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਦੇ ਰੂਪ 'ਚ ਕੇਰੀ ਦੀ ਪਹਿਲੀ ਯਾਤਰਾ ਹੈ। ਅਮਰੀਕਾ ਦਾ ਬਾਇਡਨ ਪ੍ਰਸ਼ਾਸਨ ਪੈਰਿਸ ਸਮਝੌਤੇ 'ਚ ਜਨਵਰੀ 'ਚ ਮੁੜ ਤੋਂ ਸ਼ਾਮਲ ਹੋ ਗਿਆ ਸੀ। ਇਸ ਯਾਤਰਾ ਦਾ ਉਦੇਸ਼ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਗੱਲਬਾਤ ਦੇ ਮਕਸਦ ਨਾਲ 22 ਤੋਂ 23 ਅਪ੍ਰਰੈਲ ਨੂੰ ਹੋਣ ਵਾਲੇ ਨੇਤਾਵਾਂ ਦੇ ਸ਼ਿਖਰ ਸੰਮੇਲਨ ਤੇ ਇਸ ਸਾਲ ਬਾਅਦ 'ਚ ਹੋਣ ਵਾਲੇ ਸੀਓਪੀ-26 ਸੰਮੇਲਨ ਤੋਂ ਪਹਿਲਾਂ ਜਲਵਾਯੂ ਸਬੰਧੀ ਉਮੀਦਾਂ ਨੂੰ ਵਧਾਉਣ 'ਤੇ ਚਰਚਾ ਕਰਨਾ ਹੈ। ਬਾਇਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵਿਸ਼ਵ ਦੇ 40 ਨੇਤਾਵਾਂ ਨੂੰ ਸ਼ਿਖਰ ਸੰਮੇਲਨ ਲਈ ਸੱਦਾ ਭੇਜਿਆ ਹੈ। ਇਸ ਸ਼ਿਖਰ ਸੰਮੇਲਨ ਦਾ ਮਕਸਦ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਠੋਸ ਕਦਮ ਉਠਾਉਣ ਦੇ ਆਰਥਿਕ ਲਾਭ ਤੇ ਅਹਿਮੀਅਤ ਨੂੰ ਰੇਖਾਂਕਿਤ ਕਰਨਾ ਹੈ।