MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੇਂਦਰ ਨੇ ਭਾਜਪਾ ਵਰਕਰਾਂ ਨੂੰ ਕੂੜ ਪ੍ਰਚਾਰ ਤੋਂ ਕੀਤਾ ਚੌਕਸ, ਪਾਰਟੀ ਦੇ 41ਵੇਂ ਸਥਾਪਨਾ ਦਿਵਸ 'ਤੇ ਵਰਕਰਾਂ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ 6 ਅਪ੍ਰੈਲ (ਮਪ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਕਾਰ ਖ਼ਿਲਾਫ਼ ਪੂਰੇ ਦੇਸ਼ 'ਚ ਯੋਜਨਾਬੱਧ ਤਰੀਕੇ ਨਾਲ ਫੈਲਾਏ ਜਾ ਰਹੇ ਝੂਠ ਤੇ ਕੂੜ ਪ੍ਰਚਾਰ ਖ਼ਿਲਾਫ਼ ਭਾਜਪਾ ਵਰਕਰਾਂ ਨੂੰ ਚੌਕਸ ਕੀਤਾ ਹੈ। ਪਾਰਟੀ ਦੇ 41ਵੇਂ ਸਥਾਪਨਾ ਦਿਵਸ 'ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਭਾਜਪਾ ਨੂੰ ਚੋਣਾਂ ਜਿੱਤਣ ਦੀ ਮਸ਼ੀਨ ਦੱਸੇ ਜਾਣ ਦਾ ਨੋਟਿਸ ਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਚੋਣਾਂ ਜਿੱਤਣ ਦੀ ਮਸ਼ੀਨ ਨਹੀਂ, ਦੇਸ਼ ਤੇ ਦੇਸ਼-ਵਾਸੀਆਂ ਦਾ ਦਿਲ ਜਿੱਤਣ ਦੀ ਇਕ ਨਿਰੰਤਰ ਮੁਹਿੰਮ ਹੈ। ਦੇਸ਼ 'ਚ ਫੈਲਾਏ ਜਾ ਰਹੇ ਤਰ੍ਹਾਂ-ਤਰ੍ਹਾਂ ਦੇ ਕੂੜ ਪ੍ਰਚਾਰ ਨੂੰ ਲੈ ਕੇ ਭਾਜਪਾ ਵਰਕਰਾਂ ਨੂੰ ਚੌਕਸ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ), ਖੇਤੀ ਸੁਧਾਰ ਕਾਨੂੰਨਾਂ ਤੇ ਕਿਰਤ ਕਾਨੂੰਨਾਂ ਨੂੰ ਲੈ ਕੇ ਦੇਸ਼ ਦੀ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਸੀਏਏ ਨੂੰ ਲੈ ਕੇ ਇਹ ਭਰਮ ਫੈਲਾਇਆ ਗਿਆ ਕਿ ਕੁਝ ਲੋਕਾਂ ਦੀ ਨਾਗਰਿਕਤਾ ਚਲੀ ਜਾਵੇਗੀ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਖੇਤਾਂ 'ਤੇ ਕਾਰਪੋਰੇਟ ਦੇ ਕਬਜ਼ੇ ਦਾ ਭਰਮ ਫੈਲਾਇਆ ਗਿਆ। ਭਾਜਪਾ ਸਰਕਾਰ ਦਾ ਮੂਲ ਮੰਤਰ ਸਭ ਕਾ ਸਾਥ, ਸਭ ਕਾ ਵਿਕਾਸ ਤੇ ਸਭ ਕਾ ਵਿਸ਼ਵਾਸ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਰਕਾਰ 'ਚ ਹੋਈਏ ਜਾਂ ਨਾ, ਪੰਜ ਸਾਲ ਤਕ ਇਮਾਨਦਾਰੀ ਨਾਲ ਜਨਤਾ ਦੀ ਸੇਵਾ ਕਰਦੇ ਹਾਂ, ਉਨ੍ਹਾਂ ਨਾਲ ਜੁੜੇ ਰਹਿੰਦੇ ਹਾਂ। ਆਮ ਜਨਤਾ ਦਾ ਦਿਲ ਜਿੱਤਣ ਨਾਲ ਇਨ੍ਹਾਂ ਅਣਥੱਕ ਕੋਸ਼ਿਸ਼ ਨਤੀਜਾ ਹੀ ਚੋਣਾਂ 'ਚ ਜਿੱਤਣ ਦੇ ਰੂਪ 'ਚ ਸਾਹਮਣੇ ਆਉਂਦਾ ਹੈ ਪਰ ਕੁਝ ਲੋਕ ਭਾਜਪਾ ਨੂੰ ਚੋਣਾਂ ਜਿੱਤਣ ਦੀ ਮਸ਼ੀਨ ਦੱਸ ਦੇ ਕੇ ਆਮ ਜਨਤਾ ਨਾਲ ਉਨ੍ਹਾਂ ਦੇ ਮੋਹ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਕੇਂਦਰ ਸਰਕਾਰ ਦੀਆਂ ਨੀਤੀਆਂ ਤੇ ਯੋਜਨਾਵਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗ਼ਰੀਬਾਂ, ਪੱਛੜਿਆਂ, ਅਨੁਸੂਚਿਤ ਜਾਤੀ, ਕਿਸਾਨਾਂ ਤੇ ਅੌਰਤਾਂ ਦੀ ਤਰੱਕੀ ਲਈ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਸਰਕਾਰ ਨੇ 10 ਕਰੋੜ ਛੋਟੇ ਕਿਸਾਨਾਂ ਦੀ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਦਕਿ ਨੀਮ ਕੋਟਿੰਗ ਯੂਰੀਆ ਤੋਂ ਲੈ ਕੇ ਖੇਤੀ ਸੁਧਾਰ ਕਾਨੂੰਨ ਤਕ ਇਨ੍ਹਾਂ ਛੋਟੇ ਕਿਸਾਨਾਂ ਦੀ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਅੱਜ ਭਾਜਪਾ ਨਾਲ ਪਿੰਡ-ਗ਼ਰੀਬ ਦਾ ਮੋਹ ਇਸ ਲਈ ਵੱਧ ਰਿਹਾ ਹੈ, ਕਿਉਂਕਿ ਉਹ ਪਹਿਲੀ ਵਾਰ ਅੰਤੋਦਯਾ ਨੂੰ ਸਾਕਾਰ ਹੁੰਦੇ ਦੇਖ ਰਿਹਾ ਹੈ। ਭਾਜਪਾ ਦੀ ਮਜ਼ਬੂਤੀ ਨੂੰ ਲੋਕਤੰਤਰ ਦੀ ਮਜ਼ਬੂਤੀ ਨਾਲ ਜੋੜਦਿਆਂ ਉਨ੍ਹਾਂ ਨੇ ਕਿਹਾ ਕਿ ਕਦੇ ਖੇਤਰੀ ਖ਼ਾਹਸ਼ਾਂ ਦੇ ਜ਼ੋਰ 'ਤੇ ਸੱਤਾ 'ਚ ਆਉਣ ਵਾਲਿਆਂ ਪਾਰਟੀਆਂ ਪਰਿਵਾਰਾਂ 'ਚ ਸਿਮਟ ਕਰ ਕੇ ਰਹਿ ਗਈਆਂ। ਉਥੇ ਭਾਜਪਾ ਦੀਆਂ ਸਰਕਾਰਾਂ ਖੇਤਰੀ ਤੇ ਕੌਮੀ ਖ਼ਾਹਸ਼ਾਂ ਨੂੰ ਇਕੱਠਿਆਂ ਪੂਰਾ ਕਰਨ 'ਚ ਸਫਲ ਹੋ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ 'ਤੇ ਫਿਰਕਾਪ੍ਰਸਤ ਪਾਰਟੀ ਹੋਣ ਦੇ ਦੋਸ਼ ਲਾਉਣ ਵਾਲਿਆਂ ਨੂੰ ਵੀ ਕਰੜੇ ਹੱਥੀਂ ਲਿਆ। ਉਨ੍ਹਾਂ ਅਨੁਸਾਰ, ਭਾਜਪਾ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਤੇ ਪ੍ਰਰੋਗਰਾਮ ਆਮ ਜਨਤਾ ਦੇ ਹਿੱਤ ਦੇਖ ਕੇ ਬਣਾਏ ਜਾਂਦੇ ਹਨ। ਉਥੇ ਭਾਜਪਾ 'ਤੇ ਫਿਰਕਾਪ੍ਰਸਤੀ ਦਾ ਦੋਸ਼ ਲਾਉਣ ਵਾਲੀਆਂ ਪਾਰਟੀਆਂ ਦੇ ਕੰਮਕਾਜ ਨੂੰ ਦੇਖੀਏ ਤਾਂ ਉਨ੍ਹਾਂ ਦੀਆਂ ਨੀਤੀਆਂ ਤੇ ਪ੍ਰਰੋਗਰਾਮ ਵੋਟ ਬੈਂਕ ਨੂੰ ਧਿਆਨ 'ਚ ਰੱਖ ਕੇ ਖਾਸ ਵਰਗ ਨੂੰ ਲੁਭਾਉਣ ਲਈ ਬਣਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ, ਸੂਬੇ ਹੋਣ ਜਾਂ ਕੇਂਦਰ ਭਾਜਪਾ ਦੀ ਕਿਸੇ ਸਰਕਾਰ ਨੇ ਆਪਣੀਆਂ ਨੀਤੀਆਂ ਕਿਸੇ ਖਾਸ ਵਿਸ਼ੇਸ਼ ਵਰਗ ਨੂੰ ਧਿਆਨ 'ਚ ਰੱਖ ਕੇ ਨਹੀਂ ਬਣਾਈਆਂ।