MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਨਾਸਿਕ ਦੇ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋਣ ਨਾਲ 22 ਮਰੀਜ਼ਾਂ ਦੀ ਮੌਤ, ਪੀਐਮ ਮੋਦੀ ਨੇ ਪ੍ਰਗਟਾਇਆ ਦੁੱਖ

ਮੁੰਬਈ 21 ਅਪ੍ਰੈਲ (ਮਪ) ਆਕਸੀਜਨ ਦੀ ਕਮੀ ਨਾਲ ਜੂਝ ਰਹੇ ਮਹਾਰਾਸ਼ਟਰ ਵਿਚ ਬੁੱਧਵਾਰ ਨੂੰ ਦਿਲ ਕੰਬਾਊ ਹਾਦਸਾ ਵਾਪਰ ਗਿਆ। ਨਾਸਿਕ ਮਹਾਨਗਰ ਪਾਲਿਕਾ ਵੱਲੋਂ ਚਲਾਏ ਜਾਣ ਵਾਲੇ ਡਾ. ਜ਼ਾਕਿਰ ਹੁਸੈਨ ਹਸਪਤਾਲ ਦੇ ਆਕਸੀਜਨ ਟੈਂਕ ਤੋਂ ਦੁਪਹਿਰ ਬਾਅਦ ਆਕਸੀਜਨ ਲੀਕ ਹੋਣ ਲੱਗੀ। ਇਸ ਨੂੰ ਰੋਕਣ ਲਈ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਕੁਝ ਸਮੇਂ ਲਈ ਰੋਕ ਦਿੱਤੀ ਗਈ। ਇਸ ਕਾਰਨ ਵੈਂਟੀਲੇਟਰ ਦੇ ਸਹਾਰੇ ਚੱਲ ਰਹੇ 22 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ 11 ਔਰਤਾਂ ਤੇ 11 ਪੁਰਸ਼ ਸ਼ਾਮਲ ਹਨ। ਮੁੱਖ ਮੰਤਰੀ ਊਧਵ ਠਾਕਰੇ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿਚ ਮਿ੍ਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਹਾਦਸੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਗੱਲ ਵੀ ਕਹੀ ਗਈ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਹਿ ਮੰਤਰੀ ਅਮਿਤ ਸ਼ਾਹ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਹਾਦਸਾ ਬੁੱਧਵਾਰ ਦੁਪਹਿਰੇ 12 ਵਜੇ ਤੋਂ ਕੁਝ ਸਮਾਂ ਪਹਿਲਾਂ ਵਾਪਰਿਆ। ਡਾ. ਜ਼ਾਕਿਰ ਹੁਸੈਨ ਹਸਪਤਾਲ ਕੰਪਲੈਕਸ ਵਿਚ 20 ਦਿਨ ਪਹਿਲਾਂ ਸਥਾਪਤ ਕੀਤੇ ਗਏ ਆਕਸੀਜਨ ਟੈਂਕ ਤੋਂ ਆਕਸੀਜਨ ਲੀਕ ਹੋਣ ਲੱਗੀ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਉਦੋਂ ਵਾਪਰੀ ਜਦੋਂ ਇਕ ਟੈਂਕਰ ਤੋਂ ਟੈਂਕ ਵਿਚ ਆਕਸੀਜਨ ਭਰੀ ਜਾ ਰਹੀ ਸੀ ਕਿਉਂਕਿ ਉਸ ਵਿਚ ਆਕਸੀਜਨ ਦਾ ਪੱਧਰ 25 ਫ਼ੀਸਦੀ ਰਹਿ ਗਿਆ ਸੀ। ਲੀਕੇਜ ਤੋਂ ਬਾਅਦ ਚਾਰੇ ਪਾਸੇ ਚਿੱਟੇ ਧੂੰਏਂ ਦਾ ਗ਼ੁਬਾਰ ਫੈਲ ਗਿਆ। ਲੀਕੇਜ ਰੋਕਣ ਲਈ ਹਸਪਤਾਲ ਪ੍ਰਸ਼ਾਸਨ ਨੇ ਹਸਪਤਾਲ ਅੰਦਰ ਆਕਸੀਜਨ ਦੀ ਸਪਲਾਈ ਕੁਝ ਦੇਰ ਲਈ ਰੋਕ ਦਿੱਤੀ। ਇਕ ਸੀਨੀਅਰ ਅਧਿਕਾਰੀ ਮੁਤਾਬਕ ਉਸ ਵੇਲੇ ਹਸਪਤਾਲ ਵਿਚ ਕਰੀਬ 150 ਕੋਰੋਨਾ ਮਰੀਜ਼ ਦਾਖ਼ਲ ਸਨ। ਉਨ੍ਹਾਂ ਵਿਚੋਂ 23 ਵੈਂਟੀਲੇਟਰ 'ਤੇ ਤੇ ਬਾਕੀ ਆਕਸੀਜਨ ਦੇ ਸਹਾਰੇ ਸਨ। ਆਕਸੀਜਨ ਦੀ ਸਪਲਾਈ ਰੁਕਣ ਨਾਲ ਇਨ੍ਹਾਂ ਮਰੀਜ਼ਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ। ਚੂੰਕਿ ਇਹ ਪੂਰਾ ਹਸਪਤਾਲ ਇਨ੍ਹੀਂ ਦਿਨੀਂ ਕੋਰੋਨਾ ਮਰੀਜ਼ਾਂ ਲਈ ਸਮਰਪਿਤ ਹੈ, ਇਸ ਲਈ ਜ਼ਿਆਦਾਤਰ ਮਰੀਜ਼ਾਂ ਨਾਲ ਉਨ੍ਹਾਂ ਦੇ ਪਰਿਵਾਰ ਵਾਲੇ ਮੌਜੂਦ ਨਹੀਂ ਸਨ। ਸ਼ੁਰੂ ਵਿਚ ਸਿਰਫ਼ 11 ਮਰੀਜ਼ਾਂ ਦੇ ਮਰਨ ਦੀ ਖ਼ਬਰ ਆ ਰਹੀ ਸੀ ਪਰ ਬਾਅਦ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22 ਹੋ ਗਈ। ਨਾਸਿਕ ਦੇ ਕੁਲੈਕਟਰ ਸੂਰਜ ਮੰਧਾਰੇ ਨੇ ਦੱਸਿਆ ਕਿ ਹਸਪਤਾਲ ਦੇ ਟੈਂਕ ਦੀ ਸਾਂਭ-ਸੰਭਾਲ ਇਕ ਨਿੱਜੀ ਕੰਪਨੀ ਕਰਦੀ ਹੈ। ਖ਼ਬਰ ਲਿਖੇ ਜਾਣ ਤਕ ਹਾਦਸੇ ਪਿੱਛੋਂ ਆਕਸੀਜਨ ਦੀ ਲੋੜ ਵਾਲੇ 80 ਵਿਚੋਂ 31 ਮਰੀਜ਼ਾਂ ਨੂੰ ਸ਼ਹਿਰ ਦੇ ਹੋਰਨਾਂ ਹਸਪਤਾਲਾਂ ਵਿਚ ਸ਼ਿਫਟ ਕੀਤਾ ਜਾ ਚੁੱਕਾ ਸੀ। ਨਾਸਿਕ ਵਿਚ ਹੀ ਸਥਿਤ ਸੂਬਾ ਸਰਕਾਰ ਵੱਲੋਂ ਸੰਚਾਲਿਤ ਹਸਪਤਾਲ ਵਿਚ ਆਕਸੀਜਨ ਦੇ 15 ਜੰਬੋ ਸਿਲੰਡਰ ਡਾ. ਜ਼ਾਕਿਰ ਹੁਸੈਨ ਹਸਪਤਾਲ ਭੇਜੇ ਗਏ ਸਨ। ਇਕ ਅਧਿਾਕਰੀ ਨੇ ਦੱਸਿਆ ਕਿ ਹੁਣ ਲੀਕੇਜ ਰੁਕ ਗਈ ਹੈ, ਟੈਂਕ ਦੀ ਮੁਰੰਮਤ ਕਰ ਦਿੱਤੀ ਗਈ ਹੈ ਅਤੇ ਆਕਸੀਜਨ ਦੀ ਸਪਲਾਈ ਆਮ ਵਾਂਗ ਕੀਤੀ ਜਾ ਰਹੀ ਹੈ। ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਮੰਨਿਆ ਹੈ ਕਿ ਹਸਪਤਾਲ ਵਿਚ ਲੋਕਾਂ ਦੀ ਮੌਤ ਆਕਸੀਜਨ ਦੀ ਸਪਲਾਈ ਰੁਕਣ ਕਾਰਨ ਹੋਈ। ਉਨ੍ਹਾਂ ਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਆਕਸੀਜਨ ਦੇ ਟੈਂਕ ਦਾ ਵਾਲਵ ਲੀਕ ਹੋਣ ਕਾਰਨ ਇਹ ਹਾਦਸਾ ਵਾਪਰਿਆ।