MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਿਆਂਮਾਰ ਵਿੱਚ ਫ਼ੌਜੀ ਤਖ਼ਤਾਪਲਟ ਖ਼ਿਲਾਫ਼ ਮੁਜ਼ਾਹਰਾਕਾਰੀਆਂ ਨੇ ਇੰਟਰਨੈੱਟ ਮੀਡੀਆ ਤੇ ਮੁਹਿੰਮ ਕੀਤੀ ਸ਼ੁਰੂ

ਯੰਗੂਨ 21 ਅਪ੍ਰੈਲ (ਮਪ) ਮਿਆਂਮਾਰ ਵਿੱਚ ਫ਼ੌਜੀ ਤਖ਼ਤਾਪਲਟ ਖ਼ਿਲਾਫ਼ ਲੋਕਾਂ ਦਾ ਵਿਰੋਧ ਮੁਜ਼ਾਹਰਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਫ਼ੌਜੀ ਸ਼ਾਸਨ ਖ਼ਤਮ ਕਰਨ ਤੇ ਵਿਰੋਧ ਮੁਜ਼ਾਹਰਿਆਂ 'ਚ ਫੜੇ ਗਏ ਲੋਕਾਂ ਦੀ ਰਿਹਾਈ ਦੀ ਮੰਗ ਲੈ ਕੇ ਮੁਜ਼ਾਹਰਾਕਾਰੀਆਂ ਨੇ ਬੁੱਧਵਾਰ ਨੂੰ ਇੰਟਰਨੈੱਟ ਮੀਡੀਆ 'ਤੇ ਵੀ ਮੁਹਿੰਮ ਸ਼ੁਰੂ ਕਰ ਦਿੱਤੀ। ਨੀਲੀ ਸ਼ਰਟ ਪਾਈ ਮੁਜ਼ਾਹਰਾਕਾਰੀਆਂ ਨੇ ਲੋਕਾਂ ਦੀ ਰਿਹਾਈ ਦੀ ਮੰਗ ਲੈ ਕੇ ਇੰਟਰਨੈੱਟ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕੀਤੀਆਂ। ਇਕ ਮੁਜ਼ਾਹਰਾਕਾਰੀ ਨੇ ਫੇਸਬੁੱਕ 'ਤੇ ਲਿਖਿਆ, 'ਆਵਾਜ਼ ਉਠਾਓ ਤੇ ਫ਼ੌਜੀ ਸ਼ਾਸਨ ਵੱਲੋਂ ਗ਼ਲਤ ਤਰੀਕੇ ਨਾਲ ਫੜੇ ਗਏ ਸਾਰੇ ਲੋਕਾਂ ਦੀ ਰਿਹਾਈ ਦੀ ਮੰਗ ਕਰੋ। ਜ਼ਿਕਰਯੋਗ ਹੈ ਕਿ ਇਸ ਦੇਸ਼ 'ਚ ਬੀਤੀ ਇਕ ਫਰਵਰੀ ਤੋਂ ਤਖ਼ਤਾਪਲਟ ਖ਼ਿਲਾਫ਼ ਮੁਜ਼ਾਹਰੇ ਕੀਤੇ ਜਾ ਰਹੇ ਹਨ। ਮੁਜ਼ਾਹਰਾਕਾਰੀਆਂ 'ਤੇ ਫ਼ੌਜੀ ਬਲਾਂ ਦੀ ਫਾਇਰਿੰਗ 'ਚ ਹੁਣ ਤਕ 738 ਲੋਕਾਂ ਦੀ ਮੌਤ ਹੋਈ। ਜਦਕਿ ਤਿੰਨ ਹਜ਼ਾਰ 300 ਤੋਂ ਵੱਧ ਲੋਕਾਂ ਨੂੰ ਗ੍ਰਿਪਤਾਰ ਕੀਤਾ ਗਿਆ ਹੈ। ਫ਼ੌਜ ਬੀਤੀ ਇਕ ਫਰਵਰੀ ਨੂੰ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨਐੱਲਡੀ) ਦੀ ਸਰਕਾਰ ਦਾ ਤਖ਼ਤਾਪਲਟ ਕਰ ਕੇ ਸੱਤਾ 'ਤੇ ਕਾਬਜ਼ ਹੋ ਗਈ ਸੀ। ਉਦੋਂ ਤੋਂ ਹਟਾਏ ਗਏ ਸਰਬਉੱਚ ਨੇਤਾ ਆਂਗ ਸਾਨ ਸੂ ਕੀ ਸਮੇਤ ਕਈ ਸਿਖਰਲੇ ਨੇਤਾ ਹਿਰਾਸਤ 'ਚ ਹਨ। ਮੀਡੀਆ 'ਚ ਆਈਆਂ ਖ਼ਬਰਾਂ ਮੁਤਾਬਕ ਮਿਆਂਮਾਰ ਦੇ ਫ਼ੌਜੀ ਸ਼ਾਸਨ ਦੇ ਮੁਖੀ ਮਿਨ ਆਂਗ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਸ਼ਨਿਚਰਵਾਰ ਨੂੰ ਹੋਣ ਵਾਲੇ ਐਸੋਸੀਏਸ਼ਨ ਆਫਨ ਸਾਊਥ ਈਸਟ ਏਸ਼ੀਅਨ ਨੇਸ਼ਨਸ (ਆਸੀਆਨ) ਦੇ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਦੂਤ ਕ੍ਰਿਸਟੀਨ ਬਰਗਨਰ ਵੀ ਹਿੱਸਾ ਲਵੇਗੀ। ਉਹ ਸੰਮੇਲਨ ਤੋਂ ਇਲਾਵਾ ਆਸੀਆਨ ਮੈਂਬਰ ਦੇਸ਼ਾਂ ਨਾਲ ਮਿਆਂਮਾਰ ਮਸਲੇ 'ਤੇ ਚਰਚਾ ਵੀ ਕਰੇਗੀ।