MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਮਤਾ ਹਾਰੀ, ਤ੍ਰਿਣਮੂਲ ਜਿੱਤੀ, ਅਸਾਮ ਵਿੱਚ ਭਾਜਪਾ ਦੀ ਵਾਪਸੀ, ਪੁਡੂਚੇਰੀ ਵਿੱਚ ਵੀ ਐੱਨਡੀਏ ਦੀ ਜਿੱਤ

ਨਵੀਂ ਦਿੱਲੀ 2 ਮਈ (ਮਪ) ਚਾਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੇ ਰੁਝਾਨ ਅਤੇ ਨਤੀਜੇ ਸਾਹਮਣੇ ਆਉਣ ਲੱਗੇ ਹਨ। ਸ਼ੁਰੂਆਤੀ ਨਤੀਜਿਆਂ ’ਚ ਭਾਜਪਾ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਕਾਂਗਰਸ ਦੇ ਫਲਾਪ ਸ਼ੋਅ ਦੀ ਤਸਵੀਰ ਸਾਫ਼ ਹੈ। ਇਨ੍ਹਾਂ ਨਤੀਜਿਆਂ ਨੇ ਮੋਟੇ ਤੌਰ ’ਤੇ ਸੱਤਾ ਵਿਰੋਧੀ ਲਹਿਰ ਨੂੰ ਵੀ ਖਾਰਿਜ ਕਰ ਦਿੱਤਾ। ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ, ਅਸਾਮ ਵਿਚ ਭਾਜਪਾ ਨੇ, ਪੁਡੂਚੇਰੀ ਵਿਚ ਐੱਨਡੀਏ ਨੇ ਅਤੇ ਕੇਰਲ ਵਿਚ ਸੱਤਾਧਾਰੀ ਐੱਲਡੀਐੱਫ ਨੇ ਵਾਪਸੀ ਕੀਤੀ ਹੈ। ਸਿਰਫ਼ ਤਾਮਿਲਨਾਡੂ ਵਿਚ ਸੱਤਾ ਤਬਦੀਲ ਹੁੰਦੀ ਦਿਸ ਰਹੀ ਹੈ। ਇੱਥੇ ਅੰਨਾਦ੍ਰਮੁਕ ਨੂੰ ਹਰਾ ਕੇ ਸਟਾਲਿਨ ਦੀ ਅਗਵਾਈ ਵਿਚ ਦ੍ਰਮੁਕ ਸੱਤਾ ਵਿਚ ਆ ਰਹੀ ਹੈ। ਬੰਗਾਲ ਦੀਆਂ ਚੋਣਾਂ ’ਤੇ ਪੂਰੇ ਦੇਸ਼ ਦੀ ਨਿਗ੍ਹਾ ਟਿਕੀ ਸੀ। ਇੱਥੇ ਤ੍ਰਿਣਮੂਲ ਨੇ ਸੱਤਾ ਵਿਚ ਵਾਪਸੀ ਤਾਂ ਕਰ ਲਈ ਹੈ ਪਰ ਮਮਤਾ ਆਪਣੀ ਸੀਟ ਨਹੀਂ ਬਚਾ ਸਕੀ। ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਾਜਪਾ ਵਿਚ ਸ਼ਾਮਲ ਹੋਏ ਸੁਵੇਂਦੂ ਅਧਿਕਾਰੀ ਨੇ ਨੰਦੀਗ੍ਰਾਮ ਵਿਚ ਹਰਾ ਦਿੱਤਾ। ਭਾਜਪਾ ਨੇ ਸੂਬੇ ਵਿਚ ਆਪਣਾ ਦਮ ਦਿਖਾਇਆ ਹੈ।

226 ਸੀਟਾਂ ਵਾਲੀ ਵਿਧਾਨ ਸਭਾ ਵਿਚ 2016 ਵਿਚ ਤਿੰਨ ਸੀਟਾਂ ਜਿੱਤਣ ਵਾਲੀ ਭਾਜਪਾ ਇਸ ਵਾਰ 77 ਸੀਟਾਂ ’ਤੇ ਜਿੱਤ ਹਾਸਲ ਕਰਦੀ ਦਿਸ ਰਹੀ ਹੈ। ਪਾਰਟੀ ਦਾ ਵੋਟ ਫ਼ੀਸਦੀ 10 ਤੋਂ 38 ਫ਼ੀਸਦੀ ਤਕ ਪਹੁੰਚ ਗਿਆ ਹੈ। ਉੱਥੇ ਤ੍ਰਿਣਮੂਲ ਨੇ ਵੀ ਪ੍ਰਦਰਸ਼ਨ ਸੁਧਾਰਿਆ ਹੈ। ਪਿਛਲੀ ਵਾਰ 211 ਸੀਟਾਂ ਜਿੱਤਣ ਵਾਲੀ ਤ੍ਰਿਣਮੂਲ ਦੇ ਖਾਤੇ ਵਿਚ 213 ਸੀਟਾਂ ਆਉਂਦੀਆਂ ਦਿਸ ਰਹੀਆਂ ਹਨ। ਪਾਰਟੀ ਦਾ ਵੋਟ ਫ਼ੀਸਦੀ 44 ਤੋਂ 48 ’ਤੇ ਪਹੁੰਚ ਗਿਆ ਹੈ। ਨਤੀਜੇ ਕਾਂਗਰਸ ਅਤੇ ਖੱਬੇਪੱਖੀਆਂ ਨੂੰ ਸ਼ੀਸ਼ਾ ਦਿਖਾਉਣ ਵਾਲੇ ਹਨ। ਬੰਗਾਲ ਵਿਚ ਇਨ੍ਹਾਂ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੰਗਾਲ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਪਾਰਟੀ ਕਾਰਕੁੰਨਾਂ ਨੂੰ ਵਧਾਈ ਦਿੱਤੀ ਹੈ। ਅਸਾਮ ਵਿਚ ਵੀ ਕਾਂਗਰਸ ਲਈ ਨਤੀਜੇ ਚੰਗੇ ਨਹੀਂ ਰਹੇ। ਇੱਥੇ ਸੱਤਾ ਵਿਰੋਧੀ ਲਹਿਰ ’ਤੇ ਸਵਾਰ ਹੋ ਕੇ ਭਾਜਪਾ ਨੂੰ ਹਰਾਉਣ ਦੀ ਕਾਂਗਰਸ ਦੀ ਕੋਸ਼ਿਸ਼ ਰੰਗ ਨਹੀਂ ਲਿਆਈ। 126 ਸੀਟਾਂ ਵਾਲੀ ਵਿਧਾਨ ਸਭਾ ਵਿਚ ਭਾਜਪਾ ਅਤੇ ਉਸ ਦੇ ਸਹਿਯੋਗੀ ਦਲ 75 ਸੀਟਾਂ ’ਤੇ ਜਿੱਤ ਹਾਸਲ ਕਰਦੇ ਦਿਸ ਰਹੇ ਹਨ। ਇਕੱਲੇ ਭਾਜਪਾ 56 ਸੀਟਾਂ ਜਿੱਤ ਰਹੀ ਹੈ। ਉਸ ਦੀ ਸਹਿਯੋਗੀ ਅਸਾਮ ਗਣ ਪ੍ਰੀਸ਼ਦ ਦੇ ਖਾਤੇ ਵਿਚ 11 ਅਤੇ ਯੂਪੀਪੀਐੱਲ ਦੇ ਖਾਤੇ ਵਿਚ ਅੱਠ ਸੀਟਾਂ ਆਉਂਦੀਆਂ ਦਿਸ ਰਹੀਆਂ ਹਨ। ਇਸ ਵਾਰ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਸੰਸਦ ਪਹੁੰਚੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਥੇ ਵਿਧਾਨ ਸਭਾ ਚੋਣ ਵਿਚ ਪਾਰਟੀ ਦੀ ਕਮਾਨ ਸੰਭਾਲੀ ਸੀ। ਮੁਹਿੰਮ ਦਾ ਜ਼ਿਆਦਾਤਰ ਸਮਾਂ ਉਨ੍ਹਾਂ ਕੇਰਲ ਵਿਚ ਵੀ ਲੰਘਾਇਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀ ਮਿਹਨਤ ਕੰਮ ਨਹੀਂ ਆਈ। ਮੁੱਖ ਮੰਤਰੀ ਪੀ. ਵਿਜਯਨ ਦੀ ਅਗਵਾਈ ਵਿਚ ਖੱਬਾ ਗਠਜੋੜ ਐੱਲਡੀਐੱਫ 140 ਮੈਂਬਰੀ ਵਿਧਾਨ ਸਭਾ ਵਿਚ 71 ਸੀਟਾਂ ’ਤੇ ਜਿੱਤ ਹਾਸਲ ਕਰਦਾ ਦਿਸ ਰਿਹਾ ਹੈ। ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਦੇ ਖਾਤੇ ਵਿਚ 44 ਸੀਟਾਂ ਆ ਰਹੀਆਂ ਹਨ। ਤਾਮਿਲਨਾਡੂ ਵਿਚ ਸੱਤਾ ਬਦਲਦੀ ਦਿਸ ਰਹੀ ਹੈ। ਇੱਥੇ 234 ਮੈਂਬਰੀ ਵਿਧਾਨ ਸਭਾ ਵਿਚ ਦ੍ਰਮੁਕ 121 ਸੀਟਾਂ ’ਤੇ ਜਿੱਤ ਰਹੀ ਹੈ, ਜਿਸਦਾ ਪੂਰਾ ਸਿਹਰਾ ਪਾਰਟੀ ਪ੍ਰਮੁੱਖ ਐੱਮਕੇ ਸਟਾਲਿਨ ਨੂੰ ਜਾਂਦਾ ਹੈ। ਦ੍ਰਮੁਕ ਦੀ ਸਹਿਯੋਗੀ ਦੇ ਤੌਰ ’ਤੇ ਲੜੀ ਕਾਂਗਰਸ ਨੂੰ 16 ਸੀਟਾਂ ਮਿਲ ਰਹੀਆਂ ਹਨ। ਸੱਤਾਧਾਰੀ ਅੰਨਾਦ੍ਰਮੁਕ 80 ਸੀਟਾਂ ’ਤੇ ਸਿਮਟਦੀ ਦਿਸ ਰਹੀ ਹੈ। ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਸਾਰੇ ਦਲਾਂ ਨੂੰ ਜਿੱਤ ਦਾ ਜਸ਼ਨ ਮਨਾਉਣ ਤੋਂ ਰੋਕਿਆ ਹੈ। ਇਸ ਦੇ ਬਾਵਜੂਦ ਚੋਣਾਂ ਵਾਲੇ ਰਾਜਾਂ ਵਿਚ ਜਗ੍ਹਾ-ਜਗ੍ਹਾ ਵੱਖ-ਵੱਖ ਦਲਾਂ ਦੇ ਕਾਰਕੁੰਨ ਜਸ਼ਨ ਮਨਾਉਂਦੇ ਦੇਖੇ ਗਏ। ਇਸ ਦੌਰਾਨ ਲੋਕ ਕੋਰੋਨਾ ਤੋਂ ਬਚਾਅ ਦੇ ਕਦਮਾਂ ਦਾ ਪਾਲਣ ਕਰਦੇ ਵੀ ਨਹੀਂ ਦਿਸੇ।