MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੇਂਦਰ ਮੈਡੀਕਲ ਸਾਜੋ-ਸਾਮਾਨ ਤੇ ਦਵਾਈਆਂ 'ਤੇ ਛੋਟ ਦੇਵੇ - ਮਮਤਾ

ਕੋਲਕਾਤਾ 9 ਮਈ (ਮਪ) ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਕੋਰੋਨਾ ਮਹਾਮਾਰੀ ਨਾਲ ਲੜਨ 'ਚ ਵਰਤੇ ਜਾਣ ਵਾਲੇ ਮੈਡੀਕਲ ਸਾਜੋ-ਸਾਮਾਨ ਅੇਤ ਦਵਾਈਆਂ 'ਤੇ ਟੈਕਸਾਂ ਅਤੇ ਡਿਊਟੀ 'ਚ ਛੋਟ ਦੇਣ ਦੀ ਅਪੀਲ ਕੀਤੀ। ਮਮਤਾ ਬੈਨਰਜੀ ਨੇ ਮੋਦੀ ਨੂੰ ਸਿਹਤ ਸਬੰਧੀ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਤੇ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਸਾਜੋ-ਸਾਮਾਨ, ਦਵਾਈਆਂ ਅਤੇ ਆਕਸੀਜਨ ਦੀ ਸਪਲਾਈ ਵਧਾਉਣ ਦੀ ਵੀ ਬੇਨਤੀ ਕੀਤੀ। ਉਨ੍ਹਾਂ ਲਿਖਿਆ ਕਿ ਵੱਡੀ ਗਿਣਤੀ 'ਚ ਸੰਗਠਨ, ਲੋਕ ਅਤੇ ਹੋਰ ਏਜੰਸੀਆਂ ਆਕਸੀਜਨ ਕੰਸਨਟ੍ਰੇਟਰ, ਸਿਲੰਡਰ, ਕੰਟੇਨਰ ਅਤੇ ਕੋਰੋਨਾ ਸਬੰਧੀ ਦਵਾਈਆਂ ਦਾਨ ਦੇਣ ਲਈ ਅੱਗੇ ਆਈਆਂ ਹਨ। ਕਈ ਦਾਨੀ ਸੱਜਣਾਂ ਨੇ ਇਨ੍ਹਾਂ 'ਤੇ ਕਸਟਮ ਡਿਊਟੀ ਅਤੇ ਵੱਖ-ਵੱਖ ਤਰ੍ਹਾਂ ਦੇ ਵਸਤੂ ਅਤੇ ਸੇਵਾ ਟੈਕਸ (ਐੱਸਜੀਐੱਸਟੀ, ਸੀਜੀਐੱਸਟੀ ਅਤੇ ਆੀਜੀਐੱਸਟੀ) ਤੋਂ ਛੋਟ ਦੇਣ 'ਤੇ ਵਿਚਾਰ ਕਰਨ ਲਈ ਸੂਬਾ ਸਰਕਾਰ ਦਾ ਰੁਖ ਕੀਤਾ ਹੈ। ਬੈਨਰਜੀ ਨੇ ਕਿਹਾ ਕਿ ਕਿਉਂਕਿ ਇਨ੍ਹਾਂ ਦੀਆਂ ਕੀਮਤਾਂ ਕੇਂਦਰ ਸਰਕਾਰ ਦੇ ਕਾਰਜ ਖੇਤਰ 'ਚ ਆਉਂਦੀਆਂ ਹਨ ਤਾਂ ਮੈਂ ਬੇਨਤੀ ਕਰਦੀ ਹਾਂ ਇਨ੍ਹਾਂ ਸਾਮਾਨਾਂ 'ਤੇ ਜੀਐੱਸਟੀ ਤੇ ਕਸਟਮ ਡਿਊਟੀ ਤੇ ਹੋਰ ਅਜਿਹੇ ਟੈਕਸਾਂ ਤੋਂ ਛੋਟ ਦਿੱਤੀ ਜਾਵੇ ਤਾਂ ਕਿ ਕੋਰੋਨਾ ਮਹਾਮਾਰੀ ਦੇ ਸਚਾਰੂ ਪ੍ਰਬੰਧਨ 'ਚ ਉਪਰੋਕਤ ਜੀਵਨ ਰੱਖਿਅਕ ਦਵਾਈਆਂ ਤੇ ਸਾਜੋ-ਸਾਮਾਨ ਦੀ ਸਪਲਾਈ ਵਧਾਉਣ 'ਚ ਮਦਦ ਮਿਲ ਸਕੇ।