MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼ਹਿਰਾਂ ਤੋਂ ਬਾਅਦ ਪਿੰਡ ਵੀ ਰੱਬ ਆਸਰੇ - ਰਾਹੁਲ ਗਾਂਧੀ

ਨਵੀਂ ਦਿੱਲੀ 9 ਮਈ (ਮਪ) ਪੇਂਡੂ ਇਲਾਕਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਸਬੰਧੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਮੋਦੀ ਸਰਕਾਰ 'ਤੇ ਹਾਲਾਤ ਨਾਲ ਸਹੀ ਢੰਗ ਨਾਲ ਨਜਿੱਠਣ ਦਾ ਦੋਸ਼ ਲਾਇਆ। ਉਨ੍ਹਾਂ ਟਵੀਟ ਕੀਤਾ ਕਿ ਸ਼ਹਿਰਾਂ ਤੋਂ ਬਾਅਦ ਹੁਣ ਪਿੰਡ ਵੀ ਪਰਮਾਤਮਾ 'ਤੇ ਨਿਰਭਰ ਹੋ ਗਏ ਹਨ। ਰਾਹੁਲ ਗਾਂਧੀ ਨੇ ਆਪਣੇ ਟਵੀਟ ਦੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਜਿਸ 'ਚ ਲਿਖਿਆ ਸੀ, 'ਮਹਾਮਾਰੀ ਦੀ ਦੂਸਰੀ ਲਹਿਰ ਹੁਣ ਪਿੰਡਾਂ 'ਚ ਕਹਿਰ ਵਰ੍ਹਾ ਰਹੀ ਹੈ।' ਇਸ ਤੋਂ ਪਹਿਲਾਂ ਉਨ੍ਹਾਂ ਟਵੀਟ ਕੀਤਾ ਸੀ ਕਿ ਦੇਸ਼ ਨੂੰ ਪ੍ਰਧਾਨ ਮੰਤਰੀ ਲਈ ਨਵੀਂ ਰਿਹਾਇਸ਼ ਅਤੇ ਸੈਂਟਰਲ ਵਿਸਟਾ ਦਾ ਕੰਮ ਨਹੀਂ ਚਾਹੀਦਾ ਬਲਕਿ ਆਕਸੀਜਨ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਆਕਸੀਜਨ ਲਈ ਲਾਈਨ 'ਚ ਲੱਗੇ ਲੋਕਾਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ ਸੀ। ਇਕ ਹੋਰ ਟਵੀਟ 'ਚ ਉਨ੍ਹਾਂ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਅਤੇ ਟੀਕਾਕਰਨ 'ਚ ਗਿਰਾਵਟ ਨੂੰ ਦਰਸਾਉਂਦੇ ਹੋਏ ਇਕ ਗ੍ਰਾਫ ਸਾਂਝਾ ਕੀਤਾ ਸੀ। ਉਨ੍ਹਾਂ ਇਸ ਸਥਿਤੀ ਨੂੰ 'ਦਿ ਮੋਵਿਡ ਪੈਨਡੈਮਿਕ' ਨਾਂ ਦਿੱਤਾ ਸੀ।