MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਕਾਟਲੈਂਡ: ਰੈਪਿਡ ਟੈਸਟ ਕਿੱਟਾਂ ਨੂੰ ਫਾਰਮੇਸੀਆਂ 'ਤੇ ਕਰਵਾਇਆ ਜਾ ਰਿਹਾ ਹੈ ਉਪਲੱਬਧ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਦੇ ਮੰਤਵ ਨਾਲ ਬਿਨਾਂ ਵਾਇਰਸ ਦੇ ਲੱਛਣਾਂ ਵਾਲੇ ਲੋਕਾਂ ਲਈ ਰੈਪਿਡ ਕੋਵਿਡ -19 ਟੈਸਟਿੰਗ ਕਿੱਟਾਂ ਨੂੰ ਸਕਾਟਲੈਂਡ ਭਰ ਦੀਆਂ ਕਮਿਊਨਿਟੀ ਫਾਰਮੇਸੀਆਂ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਉਹਨਾਂ ਲੋਕਾਂ ਵਿੱਚ ਟੈਸਟ ਕਰਵਾਉਣ ਨੂੰ ਉਤਸ਼ਾਹਤ ਕਰਨਾ ਹੈ, ਜਿਹਨਾਂ ਵਿੱਚ ਵਾਇਰਸ ਦਾ ਕੋਈ ਲੱਛਣ ਨਹੀਂ ਹੈ। ਇਸਦੇ ਨਾਲ ਹੀ ਵਾਇਰਸ ਦੇ ਅਜਿਹੇ ਕੇਸ ਲੱਭਣੇ ਵੀ ਹਨ ਜੋ ਸਾਹਮਣੇ ਨਹੀਂ ਆਏ ਹਨ। ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੀਆਂ ਫਾਰਮੇਸੀਆਂ ਵਿੱਚ ਵਾਇਰਸ ਟੈਸਟ ਦੀਆਂ ਕਿੱਟਾਂ ਮੁਫਤ ਉਪਲੱਬਧ ਹੋਣਗੀਆਂ ਅਤੇ ਹਰੇਕ ਪੈਕ ਵਿੱਚ ਸੱਤ ਉਪਕਰਣ ਹਨ ਜੋ ਲੱਗਭਗ 30 ਮਿੰਟਾਂ ਵਿੱਚ ਨਤੀਜੇ ਦੇ ਸਕਦੇ ਹਨ। ਇਸ ਯੋਜਨਾ ਤਹਿਤ ਕੋਵਿਡ -19 ਦੇ ਲੱਛਣਾਂ ਵਾਲੇ ਲੋਕਾਂ ਨੂੰ ਸਵੈ-ਟੈਸਟ ਕਿੱਟਾਂ ਲੈਣ ਲਈ ਫਾਰਮੇਸੀਆਂ ਵਿੱਚ ਦਾਖਲ ਹੋਣ ਦੀ ਦੀ ਬਜਾਏ ਤੁਰੰਤ ਇਕਾਂਤਵਾਸ ਹੋਣ ਅਤੇ ਪੀ ਸੀ ਆਰ ਟੈਸਟ ਬੁੱਕ ਕਰਨ ਦੀ ਤਜਵੀਜ਼ ਹੈ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ਼ ਅਨੁਸਾਰ ਕੋਰੋਨਾ ਦੀ ਰੋਕਥਾਮ ਵਿੱਚ ਟੈਸਟਿੰਗ ਦੀ ਅਹਿਮ ਭੂਮਿਕਾ ਹੁੰਦੀ ਹੈ, ਜਿਸ ਨਾਲ ਲਾਕਡਾਉਨ ਤੋਂ ਸੁਰੱਖਿਅਤ ਢੰਗ ਨਾਲ ਬਾਹਰ ਜਾਇਆ ਜਾ ਸਕਦਾ ਹੈ। ਇਸ ਲਈ ਜਨਤਕ ਖੇਤਰਾਂ ਵਿੱਚ ਟੈਸਟਿੰਗ ਕਿੱਟਾਂ ਦੀ ਵੰਡ ਕੋਵਿਡ -19 ਨਾਲ ਨਜਿੱਠਣ ਲਈ ਮਹੱਤਵਪੂਰਨ ਹੈ।