MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਕਾਟਲੈਂਡ: 2022 ਤੱਕ ਵਧਾਏ ਜਾ ਸਕਦੇ ਹਨ ਐਮਰਜੈਂਸੀ ਕੋਰੋਨਾ ਕਾਨੂੰਨ

ਗਲਾਸਗੋ (ਮਨਦੀਪ ਖੁਰਮੀ ਖੁਰਮੀ) ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਲੋਕਾਂ ਨੂੰ ਰਾਹਤ ਦੇਣ ਲਈ ਲਾਗੂ ਕੀਤੇ ਗਏ ਕੁੱਝ ਐਮਰਜੈਂਸੀ ਕਾਨੂੰਨਾਂ ਵਿੱਚ ਇੱਕ ਸਾਲ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ। ਸਕਾਟਲੈਂਡ ਦੀ ਸਰਕਾਰ ਦੁਆਰਾ ਇਸ ਸਬੰਧੀ ਨਵਾਂ ਬਿਲ ਪੇਸ਼ ਕੀਤਾ ਗਿਆ ਹੈ ਜੋ ਕਿ ਕੋਰੋਨਾ ਕਾਨੂੰਨਾਂ ਦੀ ਮਿਆਦ ਵਿੱਚ ਵਾਧਾ ਕਰੇਗਾ। ਸਕਾਟਲੈਂਡ ਵਿੱਚ ਐਮ ਐਸ ਪੀਜ਼ ਨੇ ਪਿਛਲੇ ਸਾਲ ਦੋ ਐਮਰਜੈਂਸੀ ਕੋਰੋਨਾ ਵਾਇਰਸ ਐਕਟ ਪਾਸ ਕੀਤੇ ਸਨ, ਜਿਸਦਾ ਉਦੇਸ਼ ਦੇਸ਼ ਨੂੰ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਕਰਨਾ ਸੀ। ਇਹਨਾਂ ਨਵੇਂ ਕਾਨੂੰਨਾਂ ਨੇ ਨਿਆਂ ਪ੍ਰਣਾਲੀ ਵਿਚ ਬਦਲਾਅ ਕੀਤਾ ਸੀ, ਜਿਨ੍ਹਾਂ ਵਿੱਚ ਵਾਇਰਸ ਦੁਆਰਾ ਪ੍ਰਭਾਵਿਤ ਕੈਦੀਆਂ ਦੀ ਛੇਤੀ ਰਿਹਾਈ ਦੀ ਆਗਿਆ ਵੀ ਸ਼ਾਮਲ ਹੈ।

ਕੋਵਿਡ ਰਿਕਵਰੀ ਸੈਕਟਰੀ ਜੌਨ ਸਵਿੰਨੇ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇੱਕ ਨਵੇਂ ਬਿੱਲ 'ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੁੱਝ ਧਾਰਾਵਾਂ ਅਗਲੇ ਸਾਲ 30 ਮਾਰਚ ਤੱਕ ਵਧਾਈਆਂ ਜਾਣਗੀਆਂ, ਜਿਸ ਲਈ 30 ਸਤੰਬਰ ਤੱਕ ਸੰਸਦ ਦੀ ਮਨਜ਼ੂਰੀ ਮਿਲਣੀ ਬਾਕੀ ਹੈ। ਇਹਨਾਂ ਕਾਨੂੰਨਾਂ ਵਿੱਚੋਂ ਕੁੱਝ ਨੂੰ ਛੱਡਿਆ ਵੀ ਜਾਵੇਗਾ ਪਰ ਉਹ ਅਜੇ ਦੱਸੇ ਨਹੀਂ ਗਏ ਹਨ। ਜੇਕਰ ਸਕਾਟਲੈਂਡ ਦੀ ਪਾਰਲੀਮੈਂਟ ਦੁਆਰਾ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮਿਲਣ ਵਾਲੀਆਂ ਕੁੱਝ ਰਾਹਤਾਂ ਦੀ ਮਿਆਦ ਵਿੱਚ ਵਾਧਾ ਹੋ ਸਕਦਾ ਹੈ।