MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਅੱਤਵਾਦ ਖ਼ਿਲਾਫ਼ ਹੋਰ ਮਜ਼ਬੂਤ ਹੋਵੇਗਾ ਭਾਰਤ-ਫਰਾਂਸ ਦਾ ਗਠਜੋੜ

ਨਵੀਂ ਦਿੱਲੀ 30 ਅਕਤੂਬਰ (ਮਪ) ਕੁਝ ਹੀ ਦਿਨਾਂ ਅੰਦਰ ਦੋ ਅੱਤਵਾਦੀ ਹਮਲਿਆਂ ਦਾ ਸਾਹਮਣਾ ਕਰ ਚੁੱਕੇ ਫਰਾਂਸ ਨੂੰ ਯੂਰਪ ਦੇ ਬਾਹਰੋਂ ਕਿਸੇ ਦੇਸ਼ ਦੀ ਜੇ ਖੁੱਲ੍ਹ ਕੇ ਹਮਾਇਤ ਮਿਲ ਰਹੀ ਹੈ ਤਾਂ ਉਹ ਭਾਰਤ ਹੈ। ਭਾਰਤ ਦੋ ਦਿਨਾਂ 'ਚ ਚਾਰ ਵਾਰ ਆਪਣੇ ਇਸ ਸਿਆਸੀ ਹਮਾਇਤੀ ਦੇਸ਼ ਦੇ ਪੱਖ 'ਚ ਉਤਰਿਆ ਹੈ ਤੇ ਉਸ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ। ਸੰਕੇਤ ਇਹ ਹਨ ਕਿ ਫਰਾਂਸ ਤੇ ਭਾਰਤ ਵਿਚ ਪਹਿਲਾਂ ਤੋਂ ਹੀ ਮਜ਼ਬੂਤ ਅੱਤਵਾਦ ਰੋਕੂ ਢਾਂਚੇ ਨੂੰ ਹੋਰ ਮਜ਼ਬੂਤ ਬਣਾਇਆ ਜਾਏਗਾ। ਭਾਰਤ ਦੇੇ ਵਿਦੇਸ਼ ਸਕੱਤਰ ਹਰਸ਼ ਸ਼ਿ੍ੰਗਲਾ ਪੈਰਿਸ 'ਚ ਹੀ ਹਨ ਤੇ ਵੀਰਵਾਰ ਨੂੰ ਨੀਸ ਸ਼ਹਿਰ ਦੀ ਚਰਚ 'ਚ ਹੋਏ ਹਮਲੇ ਦੇ ਕੁਝ ਹੀ ਘੰਟੇ ਬਾਅਦ ਉਨ੍ਹਾਂ ਦੀ ਰਾਸ਼ਟਰਪਤੀ ਐਮਾਨੁਅਲ ਮੈਕ੍ਰਾਂ ਦੇ ਕੂਟਨੀਤੀ ਸਲਾਹਕਾਰ ਤੇ ਸੁਰੱਖਿਆ ਮੰਤਰਾਲਾ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਨੂੰ ਇਸੇ ਸਬੰਧ 'ਚ ਵੇਖਿਆ ਜਾ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਿ੍ੰਗਲਾ ਦੀ ਫਰਾਂਸ ਦੇ ਅਧਿਕਾਰੀਆਂ ਨਾਲ ਹੋਣ ਵਾਲੀ ਮੁਲਾਕਾਤ 'ਚ ਅੱਤਵਾਦ ਖ਼ਿਲਾਫ਼ ਸਹਿਯੋਗ ਇਕ ਅਹਿਮ ਮੁੱਦਾ ਹੈ। ਇਸ ਬਾਰੇ ਸ਼ਨਿੱਚਰਵਾਰ ਨੂੰ ਵਿਸਥਾਰ ਨਾਲ ਜਾਣਕਾਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈੈ। ਸ਼ਿ੍ੰਗਲਾ ਨੇ ਰਾਸ਼ਟਰਪਤੀ ਮੈਕ੍ਰਾਂ ਦੇ ਸਲਾਹਕਾਰ ਐਮਾਨੁਅਲ ਬੋਨ ਨਾਲ ਮੁਲਾਕਾਤ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਤਵਾਦ ਖ਼ਿਲਾਫ਼ ਲੜਾਈ 'ਚ ਹਰ ਸੰਭਵ ਸਹਿਯੋਗ ਦੇਣ ਦਾ ਸੰਦੇਸ਼ ਦਿੱਤਾ ਹੈ। ਮੋਦੀ ਨੇ ਨੀਸ 'ਚ ਹੋਏ ਹਮਲੇ ਦੀ ਬੇਹੱਦ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ।
ਅਸਲੀਅਤ 'ਚ ਮੋਦੀ ਇਸ ਹਮਲੇ ਦੀ ਸਭ ਤੋਂ ਪਹਿਲਾਂ ਨਿਖੇਧੀ ਕਰਨ ਵਾਲੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ 'ਚੋਂ ਹਨ। ਇਸ ਬੈਠਕ ਤੋਂ ਬਾਅਦ ਸ਼ਿ੍ੰਗਲਾ ਨੇ ਸੁਰੱਖਿਆ ਖੇਤਰ 'ਚ ਫਰਾਂਸ ਦੇ ਸਭ ਤੋਂ ਵੱਡੇ ਥਿੰਕ ਟੈਂਕ ਆਈਐੱਫਆਰਆਈ ਵੱਲੋਂ ਕਰਵਾਏ ਗਏ ਇਕ ਸਮਾਰੋਹ 'ਚ ਭਾਰਤ ਦੇ ਗੁੱਸੇ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹਾਲ ਦੇ ਦਿਨਾਂ 'ਚ ਫਰਾਂਸ 'ਚ ਹੋਏ ਅੱਤਵਾਦੀ ਹਮਲੇ ਬੇਹੱਦ ਚਿੰਤਾਜਨਕ ਹਨ। ਇਨ੍ਹਾਂ 'ਚੋਂ ਇਕ ਹਮਲੇ ਦੇ ਸ਼ੁਰੂ ਹੋਣ ਦਾ ਸਥਾਨ ਸਾਡਾ ਪੱਛਮੀ ਗੁਆਂਢੀ ਦੇਸ਼ ਪਾਕਿਸਤਾਨ ਹੈ। ਅਸੀਂ ਵੇਖ ਰਹੇ ਹਾਂ ਕਿ ਬੇਕਾਬੂ ਕੱਟੜਪਨ ਕਿੰਜ ਦੇ ਹਾਲਾਤ ਪੈਦਾ ਕਰ ਸਕਦਾ ਹੈ। ਮੋਦੀ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਨੇ ਰਾਸ਼ਟਰਪਤੀ ਮੈਕ੍ਰਾਂ ਖ਼ਿਲਾਫ਼ ਕੁਝ ਦੇਸ਼ਾਂ 'ਚ ਚਲਾਈ ਜਾ ਰਹੀ ਮੁਹਿੰਮ ਨੂੰ ਗ਼ਲਤ ਕਰਾਰ ਦਿੱਤਾ ਸੀ ਤੇ ਅੱਤਵਾਦ ਦੇ ਮੁੱਦੇ 'ਤੇ ਫਰਾਂਸ ਨੂੰ ਪੂਰੀ ਹਮਾਇਤ ਦੇਣ ਦਾ ਭਰੋਸਾ ਦਿਵਾਇਆ ਸੀ। ਮੈਕ੍ਰਾਂ ਖ਼ਿਲਾਫ਼ ਤੁਰਕੀ ਦੇ ਰਾਸ਼ਟਰਪਤੀ ਐਰਦੋਗੇਨ ਨੇ ਹਾਲ ਦੇ ਦਿਨਾਂ 'ਚ ਕਈ ਵਾਰ ਇਤਰਾਜ਼ਯੋਗ ਬਿਆਨ ਦਿੱਤੇ ਹਨ। ਪਾਕਿਸਤਾਨ ਦੇ ਵੀ ਕਈ ਨੇਤਾਵਾਂ ਨੇ ਫਰਾਂਸ ਤੇ ਰਾਸ਼ਟਰਪਤੀ ਮੈਕ੍ਰਾਂ ਖ਼ਿਲਾਫ਼ ਗ਼ਲਤ ਬਿਆਨਬਾਜ਼ੀ ਕੀਤੀ ਹੈ। ਸੂਤਰਾਂ ਮੁਤਾਬਕ ਫਰਾਂਸ ਤੇ ਭਾਰਤ ਵਿਚਾਲੇ ਪਹਿਲਾਂ ਤੋਂ ਹੀ ਅੱਤਵਾਦ ਖ਼ਿਲਾਫ਼ ਇਕ ਟੀਮ ਗਠਿਤ ਕੀਤੀ ਗਈ ਹੈ, ਜਿਸ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਗੱਲਬਾਤ ਚੱਲ ਰਹੀ ਹੈ। ਫਰਵਰੀ, 2020 'ਚ ਇਕ ਟੀਮ ਦੀ ਆਖਰੀ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਦੱਸਿਆ ਗਿਆ ਸੀ ਕਿ ਉਹ ਸਾਂਝੇ ਤੌਰ 'ਤੇ ਕੱਟੜਤਾ ਰੋਕਣ ਖ਼ਿਲਾਫ਼ ਸਭ ਤੋਂ ਸਫ਼ਲ ਨੀਤੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਅੱਤਵਾਦੀਆਂ ਤੇ ਉਨ੍ਹਾਂ ਦੇ ਸੰਗਠਨ ਨੂੰ ਫੰਡਿੰਗ ਰੋਕਣ ਲਈ ਵੀ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣ ਦੀ ਗੱਲ ਹੋਈ ਸੀ। ਅਸਲੀਅਤ 'ਚ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਏ) ਦੀਆਂ ਮੀਟਿੰਗਾਂ 'ਚ ਵੀ ਦੋਵਾਂ ਦੇਸ਼ਾਂ ਵਿਚਾਲੇ ਤਾਲਮੇਲ ਹੁੰਦਾ ਹੈ। ਦੋਵੇਂ ਦੇਸ਼ ਸਰਗਰਮੀਆਂ ਲਈ ਅੱਤਵਾਦੀਆਂ ਵੱਲੋਂ ਇੰਟਰਨੈੱਟ ਦੀ ਵਰਤੋਂ ਰੋਕਣ ਦਾ ਪ੍ਰਬੰਧ ਕਰਨ 'ਚ ਇਕ-ਦੂਜੇ ਦੀ ਮਦਦ ਕਰ ਰਹੇ ਹਨ।