Ranjit Kaur Tarntaran

ਇਕ ਸੀ ਭਾਰਤ - ਰਣਜੀਤ ਕੌਰ ਗੁੱਡੀ ਤਰਨ ਤਾਰਨ

Once upon a time there was a Big,large Country named BHARAT, ( INDIA)-
    ਭਾਰਤ ਬਾਰਾਂ ਹਜਾਰ ਸਾਲ ਪੁਰਾਣਾ ਦੇਸ਼ ਸੀ।ਇਸਨੂੰ ਬੜਾ ਸਗੀਰ ਕਿਹਾ ਜਾਂਦਾ ਸੀ ਤੇ ਇਸਨੂੰ ਸਪਤ ਸਿੰਧੂ ਨਾਮ ਨਾਲ ਮਸ਼ਹੂਰ ਸੀ। ਡਿਗਦਾ ਢਹਿੰਦਾ ਉਠ ਖਲੋਂਦਾ,ਢਹਿ ਢਹਿ ਕੇ ਫਿਰ ਬਣ ਜਾਂਦਾ,ਫਟਿਆ ਫੁਟਾ,ਉਧੜਿਆ ਤਰੋਪੇ ਲਾ ਲਾ ਟੁਕੜੈ ਟੁਕੜੇ ਹੋ ਗਿਆ ਪਰ ਮਿਟਿਆ ਨਾਂ ।ਜੋਰਾਵਰਾਂ ਨੇ ਲਾ ਜੋਰ ਦਿੱਤਾ ਫਿਰ ਵੀ ਅਪਨਾ ਸੱਭ ਕੁਝ ਲੁਟਾ ਕੇ ਵੀ ਹੌਲੀ ਹੌਲੇ ਸਾਹ ਲੈਂਦਾ ਰਿਹਾ।
      ਕੁਦਰਤੀ ਸੋਮਿਆਂ, ਸਾਧਨਾਂ ਨਾਲ ਭਰਪੂਰ ਇਹ ਭਾਰਤ ਦੁਨੀਆਂ ਨੂੰ ਖਣਿਜ ਪਦਾਰਥ ਤੇ ਅਕਲਾਂ ਤੇ ਸਭਿਅਤਾ ਸਿਖਾਉਂਦਾ,ਸੱਭ ਦੇ ਪੇਟ ਭਰਦਾ,ਇਕੀਵੀਂ ਸਦੀ ਵਿੱਚ ਪੁੱਜ ਹੀ ਗਿਆ।
    ਇਹ ਉੱਚੀਆਂ ਲੰਬੀਆਂ ਖੁਬਸੂਰਤ ਇਮਾਰਤਾਂ ਬਣਾਉਣ ਦੀ ਕਾਰੀਗਰੀ ਸਿਰਫ਼ ਤੇ ਸਿਰਫ਼ ਭਾਰਤੀਆਂ ਕੋਲ ਸੀ ਇਸ ਕਲਾ ਨਾਲ ਭਾਰਤੀਆਂ ਨੇ ਪੂਰੀ ਦੁਨੀਆਂ ਰਹਿਣ ਯੋਗ ਬਣਾਈ।ਇਮਾਰਤ ਕਲਾ ਤੋਂ ਇਲਾਵਾ ਜਰੀ ਦੀ  ਨਕਾਸ਼ੀ ਪੱਥਰ ਦੀ ਨਕਾਸ਼ੀ ਕਾਲੀਨ ਗਲੀਚੇ ਕਲਾ,ਖੇਤੀਬਾੜੀ,ਲਕੜੀ ਦੀ ਨਕਾਸ਼ੀ,ਲੋਹਾ ਢਾਲਣਾ,ਸਟੀਲ ਬਣਾਉਣਾ,ਫੋਲਾਦ ਬਣਾਉਣਾ,ਪੇੜ ਪੌਦਿਆਂ ਦੇ ਗੁਣਾ ਅਨੁਸਾਰ ਉਹਨਾਂ ਦੇ ਪੱਤਿਆਂ,ਤਣਿਆਂ ਤੇ ਜੜਾਂ ਨੂੰ ਮਨੁੱਖੀ ਤੇ ਹੋਰ ਜਾਨਦਾਰ ਜੀਵਾਂ ਦੀ ਲੋੜ ਅਨੁਸਾਰ ਤਿਆਰ ਕਰਨਾ,ਇਥੋਂ ਤੱਕ ਕਿ ਲਿਖਤੀ ਸੁਨੇਹੇ,ਸੰਦੇਸ਼ ਵੀ ਭਾਰਤ ਵਿੱਚ ਹੀ ਈਜਾਦ ਕੀਤੇ ਗਏ ਤੇ ਸ਼ਿਲਾਲੇਖ ਵੀ ਕਾਇਮ ਕੀਤੇ ਗਏ ਜੋ ਹਜਾਰਾਂ ਸਦੀਆਂ ਤੋਂ ਬਾਦ ਵੀ ਕਾਇਮ ਨੇ।ਭਾਰਤ ਹੀ ਇਕ ਐੇਸਾ ਦੇਸ਼ ਸੀ ਜਿਸ ਵਿੱਚ ਮਨੁੱਖੀ ਹੱਥਾਂ ਨਾਲ ਬਣਾਈਆਂ ਇਮਾਰਤਾਂ ਤੇ ਕਲਾ ਵੇਖਣ ਯਾਤਰੀ ਵਿਦੇਸ਼ਾਂ ਵਿਚੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਆਉਂਦੇ ਰਹੇ।
      ਇਕੋ ਇਕੋ ਦੇਸ਼ ਅਜਿਹਾ ਸੀ ਜਿਸ ਨੇ ਆਪਣੇ ਗੁਰੂਆਂ ਦੀਆਂ ਸਿਖਿਆਵਾਂ ਤੇ ਯਾਦਾਂ ਨੂੰ ਸੋਹਣੀਆਂ ਇਮਾਰਤਾਂ ਉਸਾਰ ਕੇ ਸਦੀਆਂ ਲਈ ਮਹਿਫ਼ੂਜ਼ ਕੀਤਾ।ਆਹ ਪਹਾੜਾਂ ਤੇ ਅੰਬਰ ਛੂੰਹਦੇ ਮੰਦਿਰ,ਤੇ ਪਹਾੜ ਕੱਟ ਕੇ ਬਣਾਈਆਂ ਗੁਫ਼ਾਵਾਂ,ਥਾਂ ਥਾਂ ਬਣੇ ਬੁਰਜ ਜੋ ਕਿ ਫੋੌਜਾਂ ਲਈ ਰਾਹ ਦਸੇਰਾ ਸਨ।ਮੰਦਿਰ ਮਸਜਿਦ ਗੁਰਦਵਾਰੇ ਤੇ ਚਰਚ ਦੂਰ ਦੁਰਾਡੇ ਬੈਠਿਆਂ ਦੇ ਦਿਲ ਨੂੰ ਅੇੈਸੀ ਖਿੱਚ ਪਾਉਂਦੇ ਹਨ ਕਿ ਉਹ ਅਨੇਕਾਂ ਕਸ਼ਟ ਝਲ ਕੇ ਵੀ ਦਰਸ਼ਨਾਂ ਨੂੰ ਆਉਂਦੇ ਰਹੇ।ਹਿਮਾਲਿਆ ਦੇ ਸਿਖ਼ਰ ਤੇ ਸੱਭ ਤੋਂ ਪਹਿਲਾਂ ਪੁਜਣ ਵਾਲਾ ਭਾਰਤੀ ਸੀ।ਇਸ ਤਰਾਂ ਪਰਬਤ ਸਰ ਕਰਨੇ ਸਿਖਾਏ ਭਾਰਤ ਨੇ।
     ਦਸ਼ਰਥ ਮਾਂਝੀ ਵਰਗੇ ਸਿਰੜੀ ਤੇ ਸਿਦਕੀ ਵੀ ਤੇ ਨੀਰਜਾ ਵਰਗੀ ਬਹਾਦਰ ਕੁਰਬਾਨੀ ਦੀ ਦੇਵੀ ਵੀ ਇਸੇ ਸੋਹਣੇ ਦੇਸ਼ ਦੇ ਅਮਰ ਵਾਸੀ ਹਨ।
      ਆਗਰੇ ਦਾ ਤਾਜ ਮਹੱਲ,ਦਿਲ਼ੀ ਦਾ ਲਾਲ ਕਿਲਾ, ਖਾਲਸਾ ਕਾਲਜ,ਅਲੀਗੜ੍ਹ ਯੁਨੀਵਰਸਿਟੀ, ਨਾਲੰਦਾ,ਅਜੰਤਾ ਅਲੋਰਾ ਦੀਆਂ ਗੁਫ਼ਾਵਾਂ।ਜੈਪੁਰ ਦੇ ਰੇਗਿਸਤਾਨ ਵਿੱਚ ਹਵਾ ਮਹੱਲ,ਜੰਗਲਾਂ ਵਿੱਚ ਮੰਗਲ,ਕੀ ਕੀ ਗਿਣਾਵਾਂ,ਭਾਰਤ ਤਾਂ ਵਿਸ਼ਵ ਗੁਰੂ ਸੀ,ਜੋ ਅੱਜ ਲੱਖ ਤੋਂ ਕੱਖ ਹੋ ਗਿਆ।
     ਦੁਨੀਆਂ ਨੂੰ ਦਸ਼ਮਲਵ ਭਾਰਤ ਨੇ ਦਿੱਤਾ ਜਿਸ ਦੇ ਕਾਰਨ ਵਿਗਿਆਨੀ ਪੁਲਾੜ ਦੀ ਥਾਹ ਪਾ ਸਕੇ।
     ਵਿਗਿਆਨੀ ਅਰਥਸ਼ਾਸਤਰੀ,ਵੇਦ ਸ਼ਾਸਤਰ ਭਾਰਤ ਨੇ ਦਿੱਤੇ ਇਤਿਹਾਸ ਰਚਿਆ,ਮਿਥਿਹਾਸ ਵੀ
ਲਾਗੂ ਕਰਿਆ।ਸਿਲਾਈ ਮਸ਼ੀਨ,ਸੂਈ,ਕੈਂਚੀ,ਕਹੀ ਕੁਹਾੜੀ,ਕੰਧਾਲੀ,ਖੁਰਪੀ, ਭਾਰਤ ਦੀ ਈਜਾਦ ਹੈ।
      ਧਾੜਵੀਆਂ ਨੇ ਆ ਕੇ ਕਈ ਵਾਰ ਕਬਰਾਂ ਤੇ ਸ਼ੀਸ਼ ਮਹੱਲ ਉਸਾਰੇ ਚਾਂਦੀ ਦੇ ਪਾਵਿਆਂ ਵਾਲੇ ਸੋਨੇ ਦੇ ਤਖ਼ਤਾਂ ਤੇ ਮਖ਼ਮਲੀ ਸੇਜਾਂ ਵਿਛਾਈਆਂ ਪਰ ਸੌਂ ਨਾ ਸਕੇ।ਮਿਟ ਗਏ ਭਾਰਤ ਨੂੰ ਮਿਟਾਉਣ ਵਾਲੇ।ਪਰ ਇਸ ਵਕਤ ਆਪਣਿਆਂ ਦੇ ਅੱਗੇ ਭਾਰਤ ਦੀ ਹਿੰਮਤ ਜਵਾਬ ਦਈ ਲਗਦੀ ਹੈ।ਉਂਝ ਇਸ ਵਕਤ ਬਾਰੇ ਕਿਸੀ ਹੋਣਹਾਰ ਸੰਤ ਨੇ ਰੌਲਿਆਂ ਤੋਂ ਪਹਿਲਾਂ ਖਬਰਦਾਰ ਕਰਨ ਦੀ ਕੋਸ਼ਿਸ਼ ਕੀਤੀ ਸੀ૷
       ਸ਼੍ਰੀ ਰਾਮਚੰਦਰ ਕਹਿ ਗਏ ਸੀਆ ਸੇ ਅੇੈਸਾ ਕਲਯੁੱਗ ਆਏਗਾ
       ਹੰਸ ਚੁਗੇਗਾ ਦਾਨਾ ਦੂਨਾ ਕੌਆ ਮੋਤੀ ਖਾਏਗਾ॥-
 ਕਦੇ ਕਿਹਾ ਕਰਦੇ ਸੀ,''   ਯੇ ਦੇਸ਼ ਹੈ ਦੁਨੀਆਂ ਕਾ ਗਹਨਾ
                       ਇਸ ਦੇਸ਼ ਕਾ ਯਾਰੋ ਕਿਆ ਕਹਨਾ----ਠੀਕ ਤਾਂ ਹੈ ਹੁਣ ਇਹ ਦੇਸ਼ ਦੁਨੀਆਂ ਦੇ ਨਿੱਕੇ ਤੋਂ ਨਿੱਕੇ ਦੇਸ਼ ਦੇ ਗਹਨੇ ਪੈ ਗਿਆ ਹੈ,ਇਸ ਦੇਸ਼ ਕਾ ਇਬ ਕਿਆ ਹੋਗਾ ਯਾਰੋ?
ਚੂੰ ਕਿ ਇਹ ਸਦੀ ਕੰਮਪਿਉਟਰ ਦੀ ਸਦੀ ਹੈ,ਤੇ ਇਸ ਸਦੀ ਵਿੱਚ ਵਿਗਿਆਨਕ ਤਬਦੀਲੀਆਂ ਬਹੁਤ ਹੋਈਆਂ,ਚੰਨ ਤੇ ਰਾਕਟ ਵੀ ਠੁਸ ਹੋਏ।ਭਾਰਤ ਦੀ ਸਰਕਾਰ ਨੇ ਦੁਨੀਆਂ ਦੇ ਦੋ ਸੌ ਦੇਸ਼ਾਂ ਵਿੱਚ ਸੱਭ ਤੋਂ ਪਹਿਲਾਂ ਡਿਜੀਟਲ ਬਣਨ ਲਈ ਐਲਾਨ ਕਰ ਦਿੱਤਾ ਤੇ ਭਾਰਤ ਇਹੋ ਜਿਹਾ ਡਿਜੀਟਲ ਬਣਾ ਦਿੱਤਾ ਕਿ ਇਹ ਇਕ ਇਕਾਈ ਬਣ ਕੇ ਰਹਿ ਗਿਆ।
      ਡਿੱਗ ਡਿੱਗ ਉਠਦਾ ਵੱਡਾ ਹੁੰਦਾ ਗਿਆ ਤੇ ਛੇ ਸਾਲ ਪਹਿਲਾਂ ਜਦ ਇਹ ਟੀਸੀ ਤੇ ਇਕ ਕਦਮ ਟਿਕਾ ਚੁਕਾ ਸੀ ਦੂਜਾ ਰੱਖਣ ਹੀ ਵਾਲਾ ਸੀ ਕਿ ਕਿਸੇ ਨਹਿਸ਼ ਨੇ ਪਿੱਛੋਂ ਆ ਝਾਅ ਬੁਲਾਈ ਤੇ ਇਹ ਮੂਧੜੈ ਮੂੰਹ ਆਣ ਪਿਆ।
       ਡੂਬੀ ਕਸ਼ਤੀ ਹਮਾਰੀ ਜਬ ਸਾਮਨੇ ਥਾ ਕਿਨਾਰਾ।
   ਅਰਸ਼ ਤੋਂ ਫ਼ਰਸ਼ ਹੋ ਗਿਆ।ਬਾਰਾਂ ਹਜਾਰ ਸਾਲ ਦੀ ਉਮਰ ਦਾ ਇਹ ਬੋਹੜ,ਇਕ ਸੀ ਭਾਰਤ ਹੋ ਜਾਏਗਾ-ਯੋਧੇ ,ਸ਼ੂਰਵੀਰਾਂ ਨੇ ਤੂਫ਼ਾਨਾਂ ਵਿਚੋਂ ਇਸਨੂੰ ਕੱਢ ਕੇ ਲਿਆਉਣ ਲਈ ਸਿਰ ਦੇਣ ਵੇਲੇ ਅੱਜ ਬਾਰੇ ਕਦੀ ਕਿਆਸ ਵੀ ਨਹੀਂ ਕੀਤਾ ਹੋਵੇਗਾ।ਸਵਰਗ ਚ ਬੈਠੈ ਉਹ ਰੱਤ ਦੇ ਹੰਝੂ ਰੋਂਦੇ ਹੋਣਗੇ।
       ਚਲਦੇ ਚਲਦੇ----
   ਮੰਨਿਆ ਕਿ  ਅਹਿਸਾਸ ਮੁਸ਼ਕ ਗਿਐ
   ਮੰਨਿਆ ਕਿ ਨੈਣਾਂ ਦਾ ਨੀਰ ਖੁਸ਼ਕ ਗਿਐ
    ਫੇਰ ਵੀ ਚਿਰਾਂ ਤੋਂ ਜੋ ਹੰਝੂ ਪੀਂਦੇ ਆ ਰਹੇ ਹੋ
     ਆਪਣਿਆ ਤੋਂ ਆਪਣਿਆਂ ਲਈ
       ਇਕ ਤੁਪਕਾ ਗਿਰਾ ਕੇ ਤੇ ਵੇਖੋ
    ਪੂਰਾ ਸਮੁੰਦਰ ਡੁੱਬ ਜਾਏਗਾ- ਪੂਰਾ ਸਮੁੰਦਰ ਡੁੱਬ ਜਾੲਗਾ..........

          ਰਣਜੀਤ ਕੌਰ ਗੁੱਡੀ ਤਰਨ ਤਾਰਨ

ਮੈਂ ਸ਼ਰਾਬੀ ਨਹੀਂ - ਰਣਜੀਤ ਕੌਰ ਗੁੱਡੀ  ਤਰਨ ਤਾਰਨ 

            ਮੈਂ ਸ਼ਰਾਬੀ ਨਹੀਂ, ਮੈਂ ਸ਼ਰਾਬੀ ਨਹੀਂ
            ਹਾਕਮ ਜੋ ਪਿਲਾਏ ਤੋ ਕੋਈ ਖਰਾਬੀ ਨਹੀਂ॥
ਪੁੱਤਰ-ਪਿਤਾ ਜੀ ਮੈਂ ਰੁਜ਼ਗਾਰ ਦਫ਼ਤਰ ਆਪਣਾ ਨਾਮ ਦਰਜ ਕਰਾਉਣ ਜਾਣਾ ਹੈ ਦੋ ਸੌ ਰੁਪਏ ਦੇ ਦਿਓ (ਸਮੀਰ ਨੇ ਸਰਟੀਫੀਕੇਟਸ ਡਿਗਰੀਆਂ ਬੈਗ ਵਿੱਚ ਸੰਭਾਲਦੇ ਹੋਏ ਕਿਹਾ)
ਪਿਤਾਜੀ-( ਪੁੱਤ ਨੂੰ ਵੀਹ ਰੁਪਏ ਫੜਾਉਂਦੇ ਹੋਏ) ਪੁੱਤ ਨਵਾਂ ਜਮਾਨਾ ਏ ਹੁਣ ,ਰੋਜਗਾਰ ਦਫ਼ਤਰ ਨੌਕਰੀਆਂ ਨਹੀਂ ਦੇਂਦਾ ਨਾਂ ਹੀ ਤੇਰੇ ਆਹ ਕਾਗਜ਼ਾਂ ਜਿਹਾਂ ਨੇ ਕੁਝ ਸਵਾਰਨਾ ਹੈ।ਰੱਖ ਦੇ ਪਰਾਂ ਤੇ ਆਹ ਫੜ ਵੀਹ ਰੁਪਏ ਤੇ ਜਾ ਭੱਜ ਕੇ ਜਹਿਰੀਲੀ ਸ਼ਰਾਬ ਲੈ ਆ ਮੇਰੇ ਲਈ ,ਕਲ ਸ਼ਾਮ ਤੱਕ ਤੇਰੀ ਮਾਂ ਲੱਖਪਤੀ ਹੋ ਜਾਵੇਗੀ,ਫੇਰ ਕੀ ਕਰਨੀ ਤੂੰ ਪੰਜ ਚਾਰ ਹਜਾਰ ਦੀ ਨੌਕਰੀ-ਛੋਕਰੀ ਮਿਲ ਜੂ ਤੈਨੂੰ ਇਸ ਦੌਰਾਨ ਤੁਹਾਡੇ ਪੰਜ ਸੱਤ ਸਾਲ ਲੰਘ ਜਾਣਗੇ ਤੇ ਫੇਰ ਤੂੰ ਆਪਣੇ ਪੁੱਤ ਨੂੰ ਘਲਾ ਦੇਂਈ ਜਹਿਰੀਲੀ ਸ਼ਰਾਬ ਲੈਣ ਤੇਰੇ ਪੁੱਤ ਦੇ ਦੱਸ ਸਾਲ ਸੌਖੇ ਲੰਘ ਜਾਣਗੇ,ਜਨਰੇਟਰ ਲਵਾ ਲਿਓ ਏ.ਸੀ ਵੀ ਲਵਾ ਲਿਓ। ਵੇਖ ਤਾਂ ਸਹੀ ਕਾਲਾ ਜਾਦੂ ਹੈ ਜਹਿਰੀਲੀ ਸ਼ਰਾਬ ਚ ਕਈਆਂ ਦੇ ਵਾਰੇ ਨਿਆਰੇ ਹੋ ਗਏ ਪਿਛਲੇ ਪੰਦਰਾਂ ਸਾਲ ਚ
      ਕੀ ਲੱਭਿਆ ਉਹਨਾਂ ਨੂੰ ਜੋ ਟੈਂਕੀਆਂ ਤੇ ਚੜ੍ਹ ਗਏ,ਡੁੱਬ ਕੇ ਮਰ ਗਏ ਜਿੰਦਾ ਸੜ ਗਏ।ਪੁੱਤ ਵੇਲਾ ਸੰਭਾਲਣ ਦਾ ਵੇਲਾ ਹੈ,ਜੋ ਵੇਲੇ ਨਾਲ ਚਲਦੇ ਨੇ ਉਹ ਕੁਵੇਲੇ ਨਹੀਂ ਹੁੰਦੇ।ਅੱਜ ਕਲ ਇਥੇ ਹਰ ਕੰਮ ਸ਼ਰਾਬ ਪੀਣ/ ਪਿਆਉਣ ਨਾਲ ਬਣਦਾ ਹੈ।                
                          ਦੂਜਾ ਪਾਸਾ
       ਅੱਧੀ ਸਦੀ ਤੋ ਵੀ ਕੁਝ ਵੱਧ ਪੁਰਾਣਾ ਇਹ ਗੀਤ ਸਪੀਕਰ ਤੇ ਵੱਜਿਆ ਕਰਦਾ ਸੀ૷
              ੱਦੱਸ ਨੀਂ ਸ਼ਰਾਬ ਦੀਏ ਬੋਤਲੇ ਕਮੀਨੀਏਂ-
             ਮੈਂ ਤੈਨੂੰ ਪੀਨਾ ਆਂ ਕਿ ਤੂੰ ਮੈਨੂੰ ਪੀਨੀ ੲੈਂ?
       ਸ਼ਰਾਬ ਪੀਣ ਵਾਲੇ ਨੂੰ ਕਈ ਤਾਹਨੇ ਮਿਹਣੇ ਸੁਣਨੇ ਪੈਂਦੇ,ਕੋਈ ਉਹਦੀ ਇਜ਼ਤ ਨਾਂ ਕਰਦਾ , ਵਕਤ ਨੇ ਪਲਟੀ ਖਾਧੀ ਤੇ ਸ਼ਰਾਬ ਦਾ ਰਿਆਸਤੀ ਤੇ ਸਿਆਸਤੀ ਸਟੇਟਸ ਬਣ ਗਿਆ।ਸ਼ਰਾਬੀ ਨੂੰ ਰੱਜੇ ਪੁੱਜੇ ਖਾਂਦੇ ਪੀਂਦੇ ਘਰ ਵਾਲਾ ਸਮਝਿਆ ਜਾਣ ਲਗਾ,।ਸਰਕਾਰ ਤੇ ਮਾਈਬਾਪ ਹੁੰਦੀ ਹੈ ਨਾਂ -ਜੋ ਚਾਹੇ ਸੋ ਕਰੇ,ਚਾਹੇ ਤਾਂ ਸ਼ਰਾਬੀ ਨੂੰ ਸਿਰ ਤੇ ਚੁੱਕ ਲਵੇ ਤੇ ਚਾਹੇ ਸੂਫੀ ਨੂੰ ਪੈਰਾਂ ਚ ਰੋਲ ਦੇਵੇ,ਤਦੇ ਤੇ ਗੀਤ ਦੇ ਬੋਲ ਬਦਲ ਗਏ---
        '' ਸ਼ਾਵਾ ਨੀ ਸ਼ਰਾਬ ਦੀਏ ਬੋਤਲੇ ਪਿਆਰੀਏ
           ਪਿਓ ਪੁੱਤ  ਵੀਰ ਪਤੀ ਤੈਥੋਂ ਵਾਰੀਏ ॥ ''
    ਜੇ ਤੂੰ ਵੋਧਕਾ ਏਂ ਤੇ ਉਚਿਓਂ ਨੀਚ ਕਰੇਂ,ਤੇ ਜੇ ਜਹਿਰੀਲੀ ਹੈਂ ਤਾਂ ਨੀਚਿਉਂ ਊਚ ਕਰੇਂ।ਰੁਕੇ ਕੰਮ ਤੇਰੇ ਇਛਾਰੇ ਤੇ ਹੋ ਜਾਣ. ਠੰਢੇ ਚੁੱਲ੍ਹੇ ਲਟਾ ਲਟ ਮੱਘ ਜਾਣ।ਬੜੀ ਭਾਗ ਭਰੀ ਏਂ ਤੂੰ ਸਰਕਾਰੀ ਖਜਾਨੇ ਸਦਾ ਤੇਰੇ ਕਰਮਾਂ ਨੂੰ ਭਰੇ ਰਹਿੰਦੇ।ਹੜ੍ਹ ਸੋਕਾ ਤੂਫਾਨ ਸੁਨਾਮੀ ਭੁਚਾਲ ਜਲਜਲਾ ਲਾਕਡਾਉਨ ਕਰਫਿਊ ਤੇਰਾ ਦਰ ਸਦਾ ਖੁਲ੍ਹਾ ਰਹੇ।ਤੇਰੇ ਦਰ ਤੇ ਆਏ ਰੱਜ ਕੇ ਜਾਏ ਜਾਂ ਮਰ ਕੇ ਜਾਏ,ਆਨੰਦ ਹੀ ਆਨੰਦ॥
      ਵਿਨਤੀ ਕਰਾਂ ਮੰਨ ਲਿਓ૷
    ਪੰਡਤ ਜੀ ਮੇਰੇ ਮਰਨੇ ਕੇ ਬਾਦ  ਬੱਸ ਇਤਨਾ ਕਸ਼ਟ ਉਠਾ ਲੇਨਾ
    ਮੇਰੇ ਮੂੰਹ ਮੇਂ ਗੰਗਾ ਜਲ ਕੀ ਜਗਹ ਥੋੜੀ ਸੀ ਮਧੁਰਾ ਤੋ ਪਿਲਾ ਦੇਨਾ॥
               ਰਣਜੀਤ ਕੌਰ ਗੁੱਡੀ  ਤਰਨ ਤਾਰਨ 

''ਜਾਗੋ ਗਾਹਕ ਜਾਗੋ'' - ਰਣਜੀਤ ਕੌਰ ਗੁੱਡੀ ਤਰਨ ਤਾਰਨ

ਲ਼ੱਖਾਂ ਪਿਛੇ ਸ਼ਾਇਦ ਕੋਈ ਇਕ ਹੋਵੇ ਜੋ ਪੰਜਾਬ ਰਾਜ ਦਾ ਬਿਜਲੀ ਦਾ ਬਿਲ ਪੂਰਾ ਘੌਖਦਾ ਵਿਚਾਰਦਾ ਹੋਵੇ,ਤੇ ਫਿਰ ਅਦਾ ਕਰਦਾ ਹੋਵੇ।ਬਾਕੀ ਸੱਭ ਲਈ ਬਿਜਲੀ ਬਿਲ ''ਕਾਲਾ ਅੱਖਰ ਭੈਂਸ ਬਰਾਬਰ''।ਇਸ ਬਿਜਲੀ ਬਿਲ ਦੀ ਚੋਰ ਬਜਾਰੀ ਜਿਸਨੂੰ ਹਿਡਨ ਕਾਸਟਸ ਦਾ ਨਾਮ ਦਿੱਤਾ ਗਿਆ ਹੈ ਇਸ ਤਰਾਂ ਹੈ।----
     ਜੋ  ਬਿਲ ਐੇਟ ਦਾ ਸਪਾਟ ਬਣਾ ਕੇ ਘਰੇ ਫੜਾਇਆ ਜਾਂਦਾ ਹੈ ਉਸ ਦੀ ਰਕਮ ਦਾ ਦਫਤਰ ਦੇ ਰਿਕਾਰਡ ਵਿੱਚਲੇ ਬਿਲ ਨਾਲੋਂ ਸੈਂਕੜੈ ਦਾ ਫ਼ਰਕ ਹੁੰਦਾ ਹੈ,ਤੇ ਇਹ ਫ਼ਰਕ ਅਗਲੇ ਬਿਲ ਨਾਲ ਪ੍ਰਾਪਤ ਕੀਤਾ ਜਾਂਦਾ ਹੈ ਜੁਰਮਾਨੇ ਸਮੇਤ। ਇਸ ਤਰਾਂ ਹਰ ਬਿਲ ਵਿੱਚ ਇਹ ਹਿਡਨ ਕਾਸਟਸ ਜੋੜੀ ਜਾਂਦੀ ਤੇ ਉਗਰਾਹੀ ਜਾਂਦੀ ਹੈ। ਯੁਨਿਟਸ ਖਪਤ ਬਰਾਬਰ ਹੈ ਜਦ, ਫਿਰ ਰਕਮ ਕਿਉਂ ਵੱਧ ਘੱਟ?ਇਹ ਖਪਤਕਾਰ ਦੀ ਅਗਿਆਨਤਾ ਤੇ ਅਣਜਾਨਪਨ ਨਾਲ ਠੱਗੀ ਠੋਰੀ ਹੈ।ਪੂਰੇ ਦੇਸ਼ ਵਿੱਚ ਸੱਭ ਤੋਂ ਵੱਧ ਬਿਜਲੀ ਰੇਟ ਪੰਜਾਬ ਵਿੱਚ ਹਨ।                      ਯੁਨਿਟਸ----ਰੇਟ
       ਬਿਲ ਤੇ ਰੇਟ ਇਸ ਪ੍ਰਕਾਰ ਹਨ- 100 ਤੋਂ 100--- 4.99
                                   101ਤੋਂ 300----6.59
                                  300 ਤੋਂ 500----7.30
                                  500ਤੋਂ ਅਗੇ----20-ਇਹ ਬਹੁਤ ਬਰੀਕ ਪਰਿੰਟ ਹੈ ਤੇ ਮੋਟੇ ਲੈਨਜ਼ ਨਾਲ  ਹੀ ਨੀਝ ਲਗਾ ਕੇ ਪਹਿਲੇ ਪੰਨੇ ਤੇ ਪੜ੍ਹਿਆ ਜਾ ਸਕਦਾ ਹੈ।ਦੂਜੇ ਪੰਨੇ ਤੇ ਰੇਟ ਹੈ-
             100 ਯੁਨਿਟਸ----4.49
             300 ਤਕ-------6.34
              500ਤਕ--------7.30  500 ਤੋਂ ਅੱਗੇ ਨਹੀਂ ਲਿਖਿਆ।
      ਇਹ ਬਿਲ ਹੁਣ ਜਦ ਕਿ ਸਾਰੇ ਕਾਰੋਬਾਰ ਬੰਦ ਨੇ ਜੁਲਾਈ ਵਿੱਚ ਆਏ ਨੇ।ਆਫ਼ਤ ਵਿੱਚ ਰਾਹਤ
       ਕੇਂਦਰ ਸਰਕਾਰ ਵਲੋਂ ਈ.ਡੀ.(ਇਲੇਕਟਰਸਿਟੀ ਡਿਉਟੀ) 13% ਪਰ ਯੁਨਿਟ ਫਿਕਸ ਹੈ ਜੋ ਸਟੇਟ ਨੇ ਕੇਂਦਰ ਨੂੰ ਜਮ੍ਹਾ ਕਰਾਉਣੀ ਹੁੰਦੀ ਹੈ,ਪਰੰਤੂ ਹਨੇਰ ਗਰਦੀ ਵੇਖੋ ਪੰ.ਸਰਕਾਰ / ਬਿ.ਬੋ. ਇਹ ਖਪਤਕਾਰ ਤੋਂ 13% ਪਰ ਰੁਪਿਆ ,ਲੈਂਦੀ ਹੈ ਮਸਲਨ ਸੌ ਰੁਪਏ ਤੇ 13 ਰੁਪਏ ਤੇ ਹਜਾਰ ਤੇ 130 ਰੁਪਏ ਸੌ ਯੁਨਿਟ ਤੇ ਕੇਵਲ 13 ਪੈਸੇ ਦੇਣੇ ਬਣਦੇ ਹਨ,ਇਹ ਸ਼ਾਤਿਰਤਾ ਬਾਦਲ ਸਰਕਾਰ ਵਲੋਂ ਪੰਝੀ ਵਰ੍ਹੇ ਪਹਿਲਾਂ ਕੀਤੀ ਗਈ ਸੀ।
      ਜੱਦੀ ਘਰ ਦਾ ਮੀਟਰ ਤੇ ਸਰਵਿਸ ਰੈਂਟ ਮੁਕਣ ਚ ਹੀ ਨਹੀਂ ਆ ਰਿਹਾ।ਮੀਟਰ ਖਰਾਬ ਹੋ ਜਾਏ ਤੇ ਪੂਰੀ ਕੀਮਤ ਅਦਾ ਕਰਨ ਤੋਂ ਬਾਦ ਵੀ ਇਹ ਰੈਂਟ ਲਿਆ ਜਾਂਦਾ ਹੈ।
      ਲੋਡ-ਕੁਨੈਕਸ਼ਨ ਲੈਣ ਵੇਲੇ ਖਪਤਕਾਰ ਮੰਗੀ ਗਈ ਪੂਰੀ ਰਕਮ ਜਮ੍ਹਾ ਕਰਾ ਦੇਂਦਾ ਹੈ ਫਿਰ ਵੀ ਹਰ ਬਿਲ ਨਾਲ ਲੋਡ ਚਾਰਜ਼ਜ਼ + 20 % ਸਰਚਾਰਜ ਲਾਇਆ ਜਾਂਦਾ ਹੈ।ਜੇ ਕਿਸੇ ਨੂੰ ਲੋਡ ਵੱਧ ਘੱਟ ਕਰਨਾ ਪੈ ਜਾਏ ਤਾਂ ਉਸ ਲਈ ਅਡਵਾਂਸ ਅਦਾ ਕਰਨਾ ਪੈਂਦਾ ਹੈ ਫਿਰ ਵੀ ਹੇਠ ਲਿਖੇ ਅਨੁਸਾਰ ਲੋਡ ਚਾਰਜਜ਼ ਵਸੂਲੇ ਜਾ ਰਹੇ ਹਨ---
     ਪਹਿਲੇ 1 ਕਿਲੋਵਾਟ- 35 ਰੁਪਏ  + 20 % 2 ਤੋਂ 7 ਕਿਲੋਵਾਟ 60 ਰੁਪਏ +20% ਅਤੇ ਉਸ ਤੋਂ ਅੱਗੇ 70 ਰੁਪਏ ૴૴૴ਆਦਿ૴  
 25 ਸਾਲ ਪਹਿਲੇ ਮੀਟਰ' ਬਿਜਲੀ ਮੀਟਰ ਵਿਭਾਗ'' ਆਪ ਬਣਾਉਂਦਾ ਸੀ,ਲੇਕਿਨ ਫਿਰ ਇਹ ਨਿਜੀ ਕੰਪਨੀ ਤੋਂ ਮੀਟਰ ਬਣਵਾਏ ਜਾਣ ਲਗੇ.ਜਿਹਨਾਂ ਵਿੱਚ ਸਕਿੰਟਾਂ ਵਾਲੀ ਸੂਈ ਦਾ ਰੇਗੂਲੇਟਰ ਫਿਟ ਕੀਤਾ ਗਿਆ ਜੋ ਖਪਤ ਵੱਧ ਕੱਢਦਾ ਹੈ।ਤਜਰਬੇਕਾਰ ਇੰਜਨੀਅਰਜ਼ ਨੇ ਅਧਿਕਾਰੀਆਂ ਨੂੰ ਆਗਾਹ ਵੀ ਕੀਤਾ ਕਿ ਮੀਟਰ ਸਹੀ ਨਹੀਂ ਹਨ,ਪਰ ਵਿਕਾਊ ਜਮੀਰਾਂ ਨੇ ਇਸਦੀ ਪਰੋੜ੍ਹਤਾ ਕੀਤੀ ਤੇ ਮਹਿਕਮਾ ਮਾਲਾ ਮਾਲ ਹੋ ਗਿਆ ਤੇ ਨਾਲ ਹੀ ਚੇਅਰਮੈਨ ਤੇ ਬਿਜਲੀ ਮੰਤਰੀ ਵੀ,ਤੇ ਖਪਤਕਾਰ ਲੁਟਿਆ ਗਿਆ।ਨਿਜੀਕਰਨ ਕਰਕੇ ਬਿਜਲੀ ਮਹਿਕਮੇ ਨੂੰ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਬਣਾ ਦਿੱਤਾ ਗਿਆ।
        ਮੁਫ਼ਤ ਬਿਜਲੀ ਦਾ ਘਾਟਾ ਵੀ ਮੱਧ ਵਰਗ ਦੀ ਜੇਬ ਤੋਂ ਪੂਰਾ ਕੀਤਾ ਜਾਦਾ ਹੈ।ਮੀਟਰ ਘਰਾਂ ਤੋਂ ਬਾਹਰ ਕੈਬਿਨ ਵਿੱਚ ਲਾਉਣ ਨਾਲ ਵੀ ਮੋਟੀ ਕਮਾਈ ਕੀਤੀ ਗਈ ।
   ਪਹਿਲਾਂ ਤਿੰਨ ਬਿਲ ਅਦਾ ਨਾਂ ਹੋਣ ਤੇ ਮੀਟਰ ਕਟਿਆ ਜਾਂਦਾ ਸੀ ਤੇ ਕਿਸ਼ਤਾਂ ਵਿੱਚ ਅਦਾਇਗੀ ਵੀ ਲੈ ਲਈ ਜਾਂਦੀ ਸੀ,ੱਿਫਰ 1997 ਤੋਂ ਇਹ ਕਰ ਦਿੱਤਾ ਗਿਆ ਬਿਲ ਅਦਾ ਨਾਂ ਹੋਣ ਤੇ 120 ਰੁਪਏ ਰੀਕੁਨੇਕਸ਼ਨ ਚਾਰਜ਼ਸ ਜੋੜੇ ਜਾਣ ਲਗੇ ਹਨ,ਜਿੰਨੇ ਬਿਲ ਨਾਂ ਪੇ ਕੀਤੇ ਜਾਣ ਉਨੀ ਵਾਰ ਹੀ ਦਸ % ਜੁਰਮਾਨੇ ਦੇ ਨਾਲ 120 ਰੁਪਏ ਹੋਰ ਲੈ ਲਏ ਜਾਂਦੇ ਹਨ।ਇਹ ਸ਼ਾਹੂਕਾਰਾ ਘਪਲੇਬਾਜੀ ਹੈ।
       ਭਾਖੜੇ ਤੋਂ ਜੋ ਮੁਟਿਆਰ ਆਈ ਸੀ ਹਿਮਾਚਲ ਵਿਆਹ ਦਿਤੀ ਗਈ ਤੇ ਪੰਜਾਬ ਨੂੰ ਚਾਨਣ ਦੇਣ ਦੇ ਥਾਂ ਭਾਰੀ ਬਿਲਾਂ ਦੀ ਗੁਫ਼ਾ ਵਿੱਚ ਧੱਕ ਦਿਤਾ ਗਿਆ।
     ਹਰਿਆਣੇ ਵਿੱਚ ਫਲੈਟ ਰੇਟ ਹੈ ਜੋ ਕਿ ਬਹੁਤ ਸਸਤਾ ਹੈ।ਨਾਇਡਾ ਵਿੱਚ ਕਾਰਡ ਸਿਸਟਮ ਹੈ ਉਹ ਵੀ ਸਸਤਾ ਹੈ।ਦਿਲੀ ਵਿਚਲੀ ਬਿਜਲੀ ਸੱਭ ਦੀ ਪਹੁੰਚ ਵਿੱਚ ਹੈ।ਫਿਰ ਪੰਜਾਬੀ ਕਿਉਂ ਨਹੀਂ ਜਾਗ ਰਹੇ।
 ਜਾਗੋ ਗਾਹਕ ਜਾਗੋ ਸਾਰੇ ਇਕ ਮੁੱਠ ਹੋ ਕੇ ਇਸ ਤੇ ਅਵਾਜ਼ ਉਠਾਓ।ਡੰਡੇ ਵੀ ਖਾ ਲਏ ਨੇ ਤੇ ਗੰਢੇ ਵੀ ਖਾ ਲਏ ਨੇ ਹੁਣ ਤੇ ਆਪਣਾ ਹੱਕ ਖੋਹ ਲੈਣਾ ਚਾਹੀਦਾ ਹੈ।
      ਜਿਵੇਂ ਡਾਕਟਰ ਤੇ ਮੈਡੀਕਲ ਸਟੋਰਾਂ ਨੂੰ ਪੁਛਣ ਲਈ ਜਿੰਦੂ ਤੇ ਉਸਦੇ ਸਾਥੀ ਮੈਦਾਨ ਵਿੱਚ ਆਏ ਹਨ ਤੇ ਬਹੁਤ ਫ਼ਰਕ ਸਾਹਮਣੇ ਆਇਆ ਹੈ,ਇਸ ਤਰਾਂ ਹੀ ਬਿਜਲੀ ਘਪਲੇ ਤੋਂ ਮਾਸੂਮ ਖਪਤਕਾਰਾਂ ਨੂੰ ਬਚਾਉਣਾ ਚਾਹੀਦਾ ਹੈ,ਤੇ ਸੱਭ ਨੂੰ ਏਕਤਾ ਦਾ ਮੁਜ਼ਾਹਰਾ ਕਰਨਾ ਚਾਹੀਦਾ  ਹੈ।
     ਬਿਜਲੀ ਦੀ ਤਰਾਂ ਹੀ ਰੋਡਵੇਜ਼,ਮਾਲ ਮਹਿਕਮਾ,ਨਹਿਰੀ ਮਹਿਕਮਾ,ਇਥੋਂ ਤੱਕ ਕਿ ਗੁਰੂ ਦੀ ਗੋਲਕ ਨੂੰ ਵੀ ਨਹੀਂ ਮਾਫ਼ ਕੀਤਾ ਗਿਆ ਤੇ ਮਾਫ਼ੀਆ ਬਣਾ ਦਿੱਤਾ ਗਿਆ ਹੈ।ਇਹ ਸ਼ਾਹੂਕਾਰਾ ਨਿਜ਼ਾਮ ਹੈ। 
         ਸੰਵੇਦਨਸ਼ੀਲ ਹੁੰਗਾਰੇ ਦੀ ਮੁੰਤਜ਼ਿਰ-
                                   ਰਣਜੀਤ ਕੌਰ ਗੁੱਡੀ ਤਰਨ ਤਾਰਨ

ਇਕ ਖ਼ੱਤ  ਉਸ ਦੀਨ ਦੁਨੀ ਦੇ ਸ਼ਾਹ ਦੇ ਸਿਰਨਾਂਵੇਂ - ਰਣਜੀਤ ਕੌਰ ਗੁੱਡੀ ਤਰਨ ਤਾਰਨ।

'' ਇਕ ਖ਼ੱਤ  ਉਸ ਦੀਨ ਦੁਨੀ ਦੇ ਸ਼ਾਹ ਦੇ ਸਿਰਨਾਂਵੇਂ''
     ਤੇਰੇ ਕੋਲ ਲਾਉਣੀ ਏ ਅੱਜ ਤੇਰੀ ਸ਼ਕਾਇਤ ਸ਼ਾਹ ਜੀ।
     ' ਜਾ ਬੰਦਿਆ ਧਰਤੀ ਤੇ ਤੂੰ ਮੈਨੂੰ ਆਪਣੇ ਤੋਂ ਵੱਖ ਕਦੀ ਨਹੀਂ ਪਾਵੇਂਗਾ,ਮੈ ਤੇਰੇ ਰੋਮ ਰੋਮ ਵਿੱਚ ਰਮਾਇਆ ਹਾਂ ,ਮੈਂ ਜ਼ਰੇ ਜ਼ਰੇ ਵਿੱਚ ਹਾਂ।ਮੈਂ ਸੱਭ ਲਈ ਬਰਾਬਰ ਹਾਂ ਤੇ ਸਾਰੇ ਮੇਰੀ ਨਜ਼ਰ ਵਿੱਚ ਬਰਾਬਰ ਹਨ।ਤੂੰ ਇਹ ਵੀ ਕਿਹਾ ਸੀ ਮੈਂ ਸੱਭ ਨੂੰ ਇਕ ਅੱਖ ਨਾਲ ਵੇਖਦਾ ਹਾਂ।'
ਤੇ ਫਿਰ ਅੱਜ ਦੱਸ ਦੇ ਆਹ ਕਾਣੀ ਵੰਡ ਕਿਹਨੇ ਕੀਤੀ,ਆਹ ਅਲੱਗ ਅਲੱ ਗ ਤਕਦੀਰ ਕਿਹਨੇ ਬਣਾਈ ਹੈ।ਸਾਨੂੰ ਤੇ ਜਾਪਦਾ ਤੇਰੀ ਹੈ ਹੀ ਇਕ ਅੱਖ।ਸ਼ਾਹਜੀ ਤੇਰੀ ਅੱਖ ਦੇ ਨੀਚੇ ਹੰਸ ਦਾਨਾ ਚੁਗ ਰਿਹੈ ਤੇ ਕਾਂ ਮੋਤੀ ਖਾ ਰਿਹੈ,ਬਾਜ ਕਿਤੇ ਛੁਪ ਗਿਐ,ਬਗਲੇ ਭਗਤ ਤੇਰੇ ਆਲੇ ਦੁਆਲੇ ਹਨ।
 '' ਅਵਲ ਅਲਾਹ ਨੂਰ ਉਪਾਇਆ ਕੁਦਰਤ ਦੇ ਸੱਭ ਬੰਦੇ
  ਏਕ ਨੂਰ ਤੇ ਸੱਭ ਜੱਗ ਉਪਜਿਆ ਕੋਣ ਭਲੇ ਕੌਣ ਮੰਦੇ॥
   ਇਹ ਵੀ ਤੇ ਤੇਰੇ ਹੀ ਬਚਨ ਹਨ ''।                
     ਸ਼ਾਹਜੀ ਮੈਨੂੰ ਪਤਾ ਹੈ ਤੂੰ ਕਿਸੇ ਨੂੰ ਉਨਨਾ ਹੀ ਦੁੱਖ ਦਿੰਨੈ ਜਿੰਨਾ ਉਹ ਸਹਿ ਸਕੇ ਪਰ ਇਸ ਵਾਰ ਤੇ ਹੱਦ ਹੋ ਗਈ ਹੈ,ਇੰਤਹਾ ਹੋ ਗਈ ਹੈ,ਹੁਣ ਤੇ ਸਬਰ ਵੀ ਉੱਛਲ ਗਿਆ ਹੈ,ਤੇ ਤੂੰ ਭਾਰਤੀ ਡਾਢਿਆਂ ਦੀ ਬਹਿਣੀ ਬਹਿ ਕੇ ਮੂਕਦਰਸ਼ਕ ਬਣਿਆ ਬੈਠਾ ਹੈਂ।ਇਹ ਠੀਕ ਹੈ ਕਿ ਮਨੁੱਖ ਨੂੰ ਤੂੰ ਆਪਣੀ ਸ੍ਰਸ਼ਿਟੀ ਦਾ ਇੰਨਚਾਰਜ ਬਣਾਇਆ ਤੇ ਉਸਨੇ ਤੇਰੀ ਚੁਰਾਸੀ ਨੂੰ ਬੜੇ ਦੁੱਖ ਦਿੱਤੇ,ਉਹ ਤੇਰੀਆਂ ਸਿਖਿਆਵਾਂ ਨੇਹਮਤਾਂ ਤੇ ਰਹਿਮਤਾਂ ਨੂੰ ਵਿਸਾਰ ਤੇਰੇ ਨਾਲ ਹੀ ਸੱਟਾ ਲਾ ਗਿਆ।
        ਪਰ ਸ਼ਾਹ ਜੀ ਤੂੰ ਤਾਂ ਜਾਣੀਜਾਣ ਹੈ ਬੰਦਾ ਭੁਲਣਹਾਰ ਹੈ ਤੇ ਤੂੰ ਬਖ਼ਸ਼ਣਹਾਰ-ਮੂੰਹ ਵਿੱਚ ਘਾਹ ਤੇ ਗਲ ਵਿੱਚ ਪੱਲਾ ਲੈ ਕੇ ਅਰਜ਼ੋਈ ਕਰਦੇ ਹਾਂ ਸੱਭ ਗਲਤੀਆਂ,ਗੁਸਤਾਖੀਆਂ ਨੂੰ ਬਖ਼ਸ਼ ਦੇ,ਬੇਸ਼ੱਕ ਤੂੰ ਬੇਪਰਵਾਹ ਹੈਂ,ਲੁਟਾ ਦੇ ਆਪਣੀਆਂ ਬੇਪਰਵਾਹੀਆਂ,ਤੇ ਲੈ ਜਾ ਇਸ ਕਰੋਨਾ ਨੂੰ ਲੱਖ ਪਾਤਾਲ ਦੇ ਹੇਠਾਂ, ਲੱਖ ਅਕਾਸ਼ਾਂ ਤੋਂ ਪਰੇ ਦੂਰ ਲੈ ਜਾ ਕੇ ਦੱਬ ਦੇ ਜਲਾ ਦੇ ਇਹਦੀ ਨਸਲਕੁਸ਼ੀ ਕਰ ਦੇ। ਸ਼ਾਹਜੀ ਇਸ ਤੋਂ ਇਲਾਵਾ ਜਿੰਨੀਆਂ ਵੀ ਸ਼ਾਮਤਾਂ/ ਆਫ਼ਤਾਂ / ਬੁਰੀਆਂ ਅਲਾਮਤਾਂ ਹਨ ਜੋ ਤੇਰੀ ਹਸਤੀ ਤੇ ਉਂਗਲੀ ਉਠਾਉਂਦੀਆਂ ਹਨ ਉਹਨਾਂ ਸੱਭ ਦਾ ਵੀ ਸਤਿਆਨਾਸ ਮਾਰ ਦੇ।
       ਹੁਣ ਤੇ ਅੱਤ ਹੋ ਗਈ ਹੈ ਤੇ ਸ਼ਾਹ ਜੀ ਤੂੰ ਜਾਣੇ ਹੈ,'ਅੱਤ ਤੇ ਅੱਤ ਦਾ ਵੈਰ ਹੁੰਦਾ ਹੈ,ਇਸ ਵੈਰ ਨੂੰ ਵੱਧਣ ਤੋਂ ਬਚਾ ਲੈ।ਆਪਣੇ ਸਵਾਰਥਾਂ ਖਾਤਿਰ ਮਨੁੱਖ ਤੇ  ਮਨੁੱਖ ਨਾਲੋਂ ਪਹਿਲਾਂ ਹੀ ਦੂਰ ਹੋ ਗਿਆ ਸੀ ਹੁਣ ਤੇ ਜੋ ਥੋੜੀ ਜਿਹੀ ਡੋਰ ਬਾਕੀ ਸੀ ਉਹਦੀ ਗੰਢ ਵੀ ਖੁਲ੍ਹਣ ਨੂੰ ਤਿਆਰ ਹੈ।
      ਆਰਥਿਕ ਫਾਸਲਾ ਹੋਰ ਲੰਬਾ ਹੋ ਗਿਆ ਹੈ,ਪੈਸੇ ਵਾਲੇ ਨੂੰ ਪੈਸਾ ਰੱਖਣ ਦੀ ਥਾਂ ਥੋੜੀ ਪੈ ਗਈ ਹੈ ਤੇ ਕਿਰਤੀ ਨੂੰ ਕਸ਼ਕੋਲ ਫੜਨੀ ਪੈ ਗਈ ਹੈ।
    ਦੇਸ਼ ਦਾ ਉਸੱਰਈਆ ਤਪਦੀਆਂ ਸੜਕਾਂ ਦਾ ਰਾਹੀ ਬਣ ਗਿਆ ਹੈ।ਕੁਝ ਨੇ ਭੁੱਖ ਤੋਂ ਤੰਗ ਆ ਰੇਲ ਦੀ ਪਟੜੀ ਨੂੰ ਸੀਸ ਦੇ ਦਿੱਤਾ ਤੇ ਕੁਝ ਨੇ ਉਸੇ ਟਰੱਕ ਵਿੱਚ ਜਾਨ ਦੇ ਦਿੱਤੀ ਜਿਹੜਾ ਉਹਨਾ ਆਪ ਬਣਾਇਆ ਸੀ।ਇਹ ਉਚੀਆਂ ਇਮਾਰਤਾਂ ਇਹ ਕਾਰਖਾਨੇ ਇਹ ਰੇਲਾਂ ਬਸਾਂ ਕਾਰਾਂ ਜਹਾਜ ਟਰੱਕ ਟਰਾਲੇ ਤੂੰ ਜਾਣਦਾ ਹੈਂ ਕਿ ਧਨਾਢ ਨੇ ਕਿਰਤ ਨਹੀਂ ਕੀਤੀ ਇਹ ਸਾਰਾ ਕੁਝ ਉਸੀ ਨੇ ਬਣਾਇਆ  (ਜੋ ਰੁਲ ਰਿਹੈ) ਤੇ ਜਿਸਦੀ ਮਿਹਨਤ ਖਾ ਉਹ ਧਨਾਢ ਹੋਇਆ ਸੀ।
        ਨਰੇਗਾ ਮਨਰੇਗਾ ਦੀ ਬਗਾਰ ਵੀ ਮਿਹਨਤੀ ਮਜ਼ਦੂਰਾਂ ਨੂੰ ਨਹੀਂ ਦਿੱਤੀ ਗਈ,ਤੇ ਸੜਕੇ ਸੜਕ ਕਰ ਦਿੱਤਾ ਗਿਆ। 
    ਸ਼ਾਹਜੀ ਅੱਜ ਕੋਈ ਜਾਦੂ ਦੀ ਛੜੀ ਘੁੰਮਾ ਦੇ,ਕੋਈ ਕ੍ਰਸ਼ਿਮਾ ਵਿਖਾ ਦੇ,ਜੋ ਠੱਗਾਂ,ਮਿਲਾਵਟਖੌਰਾਂ ਰਿਸ਼ਵਤਖੌਰਾਂ ਬੇਈਮਾਨਾਂ ਦੇ ਛੱਕੇ ਛੁੜਾ ਦੇਵੇ,ਤੂੰ ਛੱਡ ਦੇ ਮਲਕਾਂ ਦੀ ਸੰਗਤ ਨੂੰ ਤੂੰ ਭਾਈ ਲਾਲੋ ਦਾ ਸਾਥ ਦੇ।ਵੈਸੇ ਸ਼ਾਹਜੀ ਕਦੇ ਕਦੇ ਤੇਰੇ ਤੇ ਵੀ ਸਾਨੂੰ ਬੜਾ ਤਰਸ ਜਿਹਾ ਆ ਜਾਂਦੈ ,ਡਾਕਟਰ ਤੇ ਜੱਜ ਤੇ ਮਨਿਸਟਰ ਨੂੰ ਤੂੰ ਧਰਤੀ ਤੇ ਆਪਣਾ ਦੂਜਾ ਦਰਜਾ ਦਿੱਤਾ ਤੇ ਉਹ ਤੈਨੂੰ ਪਰੋਟੋਕੋਲ ਦੇ ਖੋਲ ਵਿੱਚ ਕੈਦ ਕਰ ਆਪ ਰੱਬ ਬਣ ਗਏ। ,ਵੇਖ ਲੈ ਦੁਨੀਆ ਵਿੱਚ ਤੇਰਾ ਕਿੰਨਾ ਨਾਮ ਹੈ,ਇਸ ਵੇਲੇ ਤੇਰਾ ਰਸੂਲ ਤੇਰੇ ਤੋਂ ਬਹੁਤ ਦੁਖੀ ਹੈ,ਉਸਦਾ ਤੇਰੇ ਤੋਂ ਯਕੀਨ ਉਠਦਾ ਜਾ ਰਿਹੈ।ਮਸਕੀਨ ਜਾਣ ਗਿਆ ਹੈ ਕਿ ਘਸੁੰਨ ਬਹੁਤ ਨੇੜੇ ਹੈ ਤੇ ਰੱਬ ਦੂਰ ਬਹੁਤ ਦੂਰ। ਸ਼ਾਹਜੀ ਸੁਣ ਤੇਰਾ ਹਰ ਬੰਦਾ ਕੀ ਗੁਹਾਰ ਲਾ ਰਿਹੈ-
    ਦੁਨੀਆਂ ਮੇਂ ਹੈ ਤੇਰਾ ਬੜਾ ਨਾਮ
   ਆਜ ਹਮੇਂ ਭੀ ਪੜ ਗਿਆ ਤੁਝ ਸੇ ਕਾਮ।
    ਮ੍ਹਾਰੀ ਵਿਨਤੀ ਸੁਨੇ ਤੋ ਜਾਨੂੰ-ਮਾਨੂੰ ਤੁਝੈ ਰਾਮ
    ਨਹੀਂ ਸਾਰੇ ਜੱਗ ਮੇਂ ਹੋ ਜਾਏਗਾ ਬਦਨਾਮ॥
    ਦਿਲ ਰੂਹ ਤੇ ਕਾਬਜ਼ ਸ਼ਾਹਜੀ ਸਾਦਰਪ੍ਰਨਾਮ।

ਮੇਰੇ ਸੋਹਣੇ ਰੱਬ ਜਾਨੀ - ਰਣਜੀਤ ਕੌਰ ਗੁੱਡੀ ਤਰਨ ਤਾਰਨ।

ਮੇਰੇ ਸੋਹਣੇ ਰੱਬ ਜਾਨੀ
ਬੜਾ ਸ਼ੁਕਰ ਤੇਰਾ ਬੜੀ ਮਿਹਰਬਾਨੀ
ਜੋ ਤੂੰ ਬਖ਼ਸ਼ੀ ਇਹ ਜਿੰਦਗਾਨੀ
 ਖਰਚਾ ਰੁਪਈਆ ਤੇ ਦਿੱਤੀ ਅਠਾਨੀ
        ਜੋ ਤੂੰ ਜਨਮ ਦਿੱਤਾ ਵਿੱਚ ਮਿਡਲ ਕਲਾਸ
        ਹਲਕੇ ਸਵਾਸ ਨਾਲ ਡਾਢੀ ਭਾਰੀ ਆਸ
        ਉੱਚਿਆਂ ਚ ਬਹਿ ਨਾਂ ਸਕੇ
         ਨਿਚਿਆਂ ਚ ਖਲੋ ਨਾਂ ਸਕੇ
        ਚੱਕੀ ਦੇ ਪੁੜਾਂ ਵਿੱਚ ਪਿਸੇ
       ਦਸਾਂ ਨਹੁੰਆਂ ਦੀ ਕਿਰਤ ਕੀਤੀ   
      ਪੇਟ ਕੱਟ ਕੱਟ ਟੈਕਸ ਦਿੱਤੇ
     ਤੇਰੀ ਹਰ ਥਾਂ ਚੜ੍ਹਾਵੇ ਚੜ੍ਹਾਏ
    ਹੜ ਸੋਕਾ ਕਾਲ ਸੁਨਾਮੀ ਤੂਫਾਨ
    ਤੂੰ ਸਾਡੇ ਹਿੱਸੇ ਪਾਏ
   ਉੱਚਿਆਂ ਤੋਂ ਡਰੇਂ ਤੂੰ
ਤੇ ਪੰਗੇ ਸਾਰੇ ਸਾਡੇ ਗਲ ਪਾਏ
ਵਾਹ ਰੇ ਸੋਹਣੇ ਰੱਬ ਜਾਨੀ
 ਤੇਰੀ ਬੜੀ ਮਿਹਰਬਾਨੀ
ਰਣਜੀਤ ਕੌਰ ਗੁੱਡੀ  ਤਰਨ ਤਾਰਨ
  

'' ਤੋੌਬਾ ਦੀ ਵੇਲਾ ਹੈ '' - ਰਣਜੀਤ ਕੌਰ ਗੁੱਡੀ ਤਰਨ ਤਾਰਨ।

        ਤੋੌਬਾ ਕਰ ਲੈ ਅੜਿਆ ਤੋੌਬਾ ਦੀ ਵੇਲਾ ਹੈ
   ਮਾਲ ਅਸਬਾਬ ਸੌ ਬਰਸ ਕਾ, ਨਹੀਂ ਦਮ ਦਾ  ਭਰੋਸਾ ਪਲ ਕਾ--
ਪਿਛੇ ਬਹੁਤ ਪਿਛੇ ਝਾਤੀ ਮਾਰਿਆਂ ਜਾਂ ਵਡੇਰਿਆਂ ਤੋਂ ਸੁਣਿਆਂ ਸਮਝ ਆਉਂਦਾ ਹੈ ਕਿ ਧਰਤੀ ਤੇ ਜਦ ਵੀ ਅਨਰਥ ਦੀ ਇੰਤਹਾ ਹੋਈ ਕੁਦਰਤ ਨੇ ਆਪਣਾ ਸਬਰ ਖੋਇਆ।ਇਹ ਇੰਤਹਾ ਕਰਨ ਵਿੱਚ ਮਨੁੱਖ ਦਾ ਹੱਥ ਜਿਆਦਾ ਹੋਇਆ।ਕਾਦਰ ਨੇ ਆਪਣੀ ਚੁਰਾਸੀ ਵਿਚੋਂ ਮਨੁੱਖ ਜਾਤੀ ਨੂੰ ਸਰਵੋਤਮ ਦਾ ਖਿਤਾਬ ਦਿੱਤਾ ਤੇ ਆਪਣਾ ਸਬਾਰਡੀਨੇਟ ਥਾਪਿਆ।ਪਰ ਇਹ ਤੇ ਚੇਲੇ ਜਾਣ ਛੜੱਪ ਵਾਂਗ ਆਫ਼ਰ ਗਿਆ।ਇਸ ਸੱਭ ਕੁਝ ਵਿੱਚ ਇਹ ਆਪਣੀ ਆਖਰਤ ਨੂੰ ਭੁਲਾ ਬੈਠਾ,ਤੇ ਇਹ ਵੀ ਭੁੱਲ ਗਿਆ ਕਿ ਕਾਦਰ ਸੱਭ ਕੁਝ ਵੇਖ ਰਿਹਾ ਹੇ ਤੇ ਨੋਟ ਵੀ ਕਰ ਰਿਹਾ ਹੈ।ਇਹ ਵੀ ਭੁੱਲ ਗਿਆ ਕਿ ਜਾਨ ਹੈ ਤਾਂ ਜਹਾਨ ਹੈ।
           ਐੇਟਮ ਬਣਾਏ,ਪਰਮਾਣੂ ਬਣਾਏ, ਮਿਜ਼ਾਇਲ ਬਣਾਈ ਤੇ ਹੁਣ ਤਾਂ ਨਿਉਕਲੀਅਰ ਜੰਗ ਦੀਆਂ ਬੜ੍ਹਕਾਂ ਮਾਰਦਾ ਹੈ ਮਨੁੱਖ।ਇਹ ਵੀ ਪੜ੍ਹਨ ਸੁਣਨ ਵਿੱਚ ਆਇਆ ਹੈ ਕਿ ਹੁਣ ਮੈਦਾਨੇ ਏ ਜੰਗ ਵਿੱਚ ਆਦਮੀ ਨਹੀਂ ਰੌਬਰਟ ਲੜਨਗੇ।ਵਿਕਾਸ ਦਾ ਝਾਉਲਾ ਦਰਸਾ ਕੇ ਵਿਨਾਸ਼ ਦੇ ਸਾਰੇ ਪ੍ਰਯੋਗ ਕਾਮਯਾਬ ਬਣਾ ਲਏ ਹਨ।ਆਪਸੀ ਦੂਰੀਆਂ ਵਧਾ ਲਈਆਂ। ਜ਼ਮੀਂਨ ਤੇ ਰਹਿਣ ਦਾ ਚੱਜ ਆਇਆ ਨਹੀਂ  ਅਜੇ ਤੇ ਚੰਦਰਮਾ ਤੇ ਮੰਗਲ ਤੇ ਵੱਸਣ ਦੇ ਰਾਕਟ ਬਣਾ ਲਏ।ਜਦ ਵੀ ਇਹਨੇ ਚੰਨ ਤੇ ਮੰਗਲ ਤੇ ੱਥੁੱਕਣ ਦੀ ਕੋਸ਼ਿਸ਼ ਕੀਤੀ ਇਹ ਫੇਲ੍ਹ ਹੋ ਗਿਆ ਤੇ ਇਸਦਾ ਖਮਿਆਜ਼ਾ ਮਾੜੇ ਨੂੰ ਕਿਸੇ ਨਾਂ ਕਿਸੇ ਮਹਾਂਮਾਰੀ ਦਾ ਮਾਰ ਸਹਿ ਕੇ ਭੁਗਤਣਾ ਪਿਆ।ਆਖਰੀ ਸਾਹ ਬੂਹੇ ਤੇ ਖੜਾ ਹੈ ਫੇਰ ਵੀ ਮਿਲਾਵਟ ਬੇਈਮਾਨੀ ਧੋਖਾਧੜੀ ਲੁੱਟ ਖੋਹ ਤੋਂ ਬਾਜ ਨਹੀਂ ਆ ਰਿਹਾ ਬੰਦਾ।
         ਰੱਤੀ ਕੁ ਸਿਰ ਕੱਢਦਾ ਆਦਮੀ ਯੁਨੀਵਰਸ ਦਾ ਮਾਲਕ ਬਣਨ ਦਾ  ਸਪਨਾ ਪਾਲ ਬੈਠਦਾ ਹੈ ਤੇ ਫਿਰ ਸੁਪਨੇ ਦੀ ਤਾਬੀਰ ਸਿਰੇ ਲਾਉਣ ਲਈ ਨਜ਼ਾਇਜ਼ ਤਦਬੀਰਾਂ ਘੜਨ ਲਗਦਾ ਹੈ,ਜਿਵੇਂ ਕੌਸਮੇਟਿਕ ਨਾਲ ਉਸਾਰੀ ਮੁਟਿਆਰ ਮਿਸ ਯੁਨੀਵਰਸ ਤੇ ਵਰਲਡ ਕੁਈਨ ਬਣ ਜਾਂਦੀ ਹੈ।
       ਅਜੀਬ ਜਿਹੀ ਸਿਆਸਤ ਹੈ ਭਾਰਤ ਮਹਾਨ ਦੀ ਜਿਵੇਂ ਸੁਲਗਦੀ ਹੋਈ ਲਕੜੀ,ਮੱਘਦਾ ਕੋਲਾ, ਬਿਜਲੀ ਪਾਣੀ ਅਨਾਜ ਮੁਫ਼ਤ ਦੇ ਕੇ ਮਿਹਨਤਕਸ਼ਾਂ ਨੂੰ ਸ਼ਰਾਬ ਤੇ ਨਸ਼ਿਆਂ ਦੇ ਆਹਰ ਲਾ ਦਿਤਾ ਤੇ ਆਪਣੀਆਂ ਦਸ ਪੀੜ੍ਹੀਆਂ ਦਾ ਅੇਤਮਾਮ ਕਰ ਲਿਆ।ਭਾਈ ਨੂੰ ਭਾਈ ਦੁਰਕਾਰਦਾ ਮਾਰਦਾ ਵੇਖ ਮਨੁੱਖਤਾ ਵੀ ਸ਼ਰਮਸਾਰ ਹੋ ਰਹੀ ਹੈ।
         ਇਸ ਸੰਕਟ ਵਿੱਚ ਆਮ ਆਦਮੀ ਨੂੰ ਦੰਦਣਾਂ ਪੈ ਪੈ ਜਾ ਰਹੀਆਂ ਹਨ ।
ਜਦ ਕੋਈ ਮਨ ਮਨਾ ਕੇ ਬਾਹਰ ਕੁਸ਼ ਆਹਰ ਪਾਰ ਕਰਨ ਨਿਕਲਣ ਲਗਦਾ ਹੈ ਤਾਂ ਬਾਕੀ ਦੇ ਘਰ ਵਾਲੇ ਦੁਆਵਾਂ ਮੰਗਦੇ ਅਰਦਾਸਾਂ ਕਰਦੇ ਹਨ ਜੇ ਭਲਾ ਸੁਖੀ ਸਾਂਦੀ ਘਰ ਮੁੜ ਆਵੇ।
ਆਪਣੇ ਘਰ ਵੀ ਖਤਰਾ ਤੇ ਬਾਹਰ ਵੀ,ਪਰ - ਪਰ ਬੰਦੇ ਦੀ ਹੈਂਕੜ ਕਿ' ਮੈਂ ਮਨੁੱਖ ਜਾਤ ਹਾਂ' ਅਜੇ ਵੀ ਨੀਵੀਂ ਨਹੀਂ ਹੋਈ।ਇਸ ਵਕਤ ਜਦ ਪੂਰਾ ਆਲਮ ਜੀਵਨ ਤੇ ਮੌਤ ਦੀ ਜੰਗ ਲੜ ਰਿਹਾ ਹੈ ਅਭਿਮਾਨ ਮੱਤੇ ਪ੍ਰਧਾਨ ਨੇ ਹੁਕਮ ਕੀਤਾ'ਘੰਟੀਆਂ ਖੜਕਾ ਕੇ ਦੁਖੀਆਂ ਦੇ ਸਿਰ ਭੰਨੋ,ਫਿਰ ਦੂਜਾ ਹੁਕਮ ਕੀਤਾ ਦੀਵਾ ਜਗਾਓ,ਮੋਮਬੱਤੀ ਬਾਲ ਕੇ ਹਸਪਤਾਲਾਂ ਤੇ ਘਰਾਂ ਵਿੱਚ ਪ੍ਰਦੂਸ਼ਨ ਫੈੇਲਾਓ।ਇਸ ਨਾਲ ਆਮ ਆਦਮੀ ਦਾ ਮਨ ਤਰਾਂ ਤਰਾਂ ਦੇ ਖ਼ਦਸ਼ਿਆਂ ਦਾ ਸ਼ਿਕਾਰ ਹੋ ਰਿਹਾ ਹੈ।
 ਕਮਲਾ ਗਲ ਕਰੇ ਸਿਆਣਾ ਕਿਆਸ ਕਰੇ-ਦਿਮਾਗ ਵਰਤਣ ਦੀ ਵੇਲਾ ਹੈ,ਸੰਭਲਣਾ ਹੈ,ਸੰਭਾਲਣਾ ਹੈ।
     ਅੰਨ੍ਹੀ ਭਗਤੀ ਜਾਂ ਸ਼ੁਗਲ ਮੇਲਾ ਕੁਝ ਵੀ ਆਖੋ ,ਮੂਰਖਾਂ ਨੇ ਮੋਮਬੱਤੀ ਨਾਲ ਠਾਹ ਠਾਹ ਪਟਾਕਾ ਬੰਬ ਵੀ ਚਲਾਏ।ਫਾਇਦਾ ਵਪਾਰੀ ਲੈ ਗਿਆ।ਪਰ ਕੌਣ ਆਖੇ ਸਾਹਬ ਨੁੰ ਇੰਜ ਨਹੀਂ ਇੰਜ ਕਰ।
        ਕੰਨਾਂ ਨੂੰ ਹੱਥ ਲਾਉਣ ਦੀ ਵੇਲਾ ਹੈ  ਤੋਬਾ ਕਰਨ ਦੀ ਵੇਲਾ ਹੈ ਅੜਿਆ ਤੋਬਾ ਕਰ-ਡਾਢੇ ਰੱਬ ਤੋਂ ਡਰ,ਦੁਆ ਮੰਗ ਅਰਦਾਸ ਕਰ ਜੋ ਸੋਹਣਾ ਰੇਖ ਚ ਮੇਖ ਮਾਰ ਆਪਣੀ ਲੁਕਾਈ ਬਚਾ ਲਵੇ।
     ਜੇ ਹੁਣ ਵੀ ਆਪਾਂ ਸਾਨੂੰ ਕੀ,ਮੈਨੂੰ ਕੀ,ਤੈਨੂੰ ਕੀ ਦੀ ਲੀਹ ਤੇ ਚਲਦੇ ਰਹੇ ਤਾਂ ਇਕ ਦਿਨ ਅੇੈਸਾ ਆਵੇਗਾ ਕਿ ਤੀਹ ਸੂਬੇ ਤੀਹ ਦੇਸ਼ ਬਣ ਜਾਣਗੇ,ਹੱਦਾਂ ਕੰਡੇ ਬਣ ਚੁਭਣਗੀਆਂ।ਸਿਆਸਤਦਾਨ ਕਿਰਤੀ ਨੂੰ ਜਰ ਖਰੀਦ ਗੁਲਾਮ ਬਣਾ ਕੇ ਵਿਚਰੇ,ਵਿਚਾਰੇਗਾ,ਮੱਧ ਵਰਗ ਦੇ ਸਿਰ ਤੇ ਪੁਜਾਰੀ ਦੇ ਧਰਮ ਦੀ ਤਲਵਾਰ ਲਟਕੇਗੀ।ਫੁੱਟ ਤੇ ਭੁੱਖ ਇੰਨੀ ਵਧ ਜਾਏਗੀ ਕਿ ਅੱਖਾਂ ਸਾਹਵੇਂ ਕੇਵਲ ਕਬਰਿਸਤਾਨ ਹੋਣਗੇ।
      '' ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ' ਵਾਲੀ ਹਕੀਕਤ ਛੱਡ ਏਕਤਾ ਬਨਾ ਕੇ ਰੱਖਣੀ ਹੈ।ਦਿਮਾਗੀ ਤਵਾਜ਼ਨ ਬਣਾ ਕੇ ਰੱਖਣਾ ਹੈ।ਜੇ ਆਪਾਂ ਮਿਲ ਕੇ ਨੀਅਤ ਅਤੇ ਨੈਤਿਕਤਾ ਦਾ ਪੱਲਾ ਫੜ ਲਈਏ ਤੇ ਇਕ ਡਾਕਟਰ ਤੇ ਇਕ ਫਿਲਮੀ ਐੇਕਟਰ ਪੰਜਾਹ ਬੇਕਾਰਾਂ ਨੂੰ ਰੋਜ਼ੀ ਦੇ ਸਕਦੇ ਹਨ ਤੇ ਇਕ ਮਨਿਸਟਰ ਇਕ ਕ੍ਰਿਕਟਰ ਸ਼ਰਾਬ ਨਸ਼ੀਲੀਆਂ ਦਵਾਈਆਂ ਦੀ ਥਾਂ ਨਵ ਉਪਜਾਊ ਉਦਯੋਗ ਚਲਾ ਕੇ ਪੰਜ ਹਜਾਰ ਨੂੰ ਰੁਜ਼ਗਾਰੇ ਲਾ ਸਕਦਾ ਹੈ। ਕੰਨਟਰੇਕਟਰ ਰੁਜਗਾਰ ਤਾਂ ਦੇ ਰਿਹਾ ਹੈ ਪਰ ਬਗਾਰ ਨਿਗੁਣੀ ਦੇਂਦਾ ਹੈ,ਉਸਨੂੰ ਵੀ ਅੰਤ ਭਲੇ ਦਾ ਭਲਾ ਸੋਚਣਾ ਬਣਦਾ ਹੈ।          
 ਸੁਨ ਸਾਹਬਾ ਵਕਤ ਦੀ ਧੁਨ ਜੋ ਪਲ ਬਾਕੀ ਬਚੇ ਨੇ ਜੀਅ ਭਰ ਗੁਜਾਰ ਲੈ।
       ''   ਤਨਹਾ ਨਾ ਰੋਏ ਕੋਈ,ਤਨਹਾ ਨਾਂ ਹੰਸੇ ਕੋਈ-
            ਆਂਸੂਓਂ ਕੀ ਧਾਰ ਕੋ ਹਮ ਬਾਂਟ ਲੇਂ ''        
       ''ਜਿਂਦਗੀ ਕੇ ਪਿਆਰ ਕੋ ਹਮ ਬਾਂਟ ਲੇਂ''॥
                      ਰਣਜੀਤ ਕੌਰ ਗੁੱਡੀ ਤਰਨ ਤਾਰਨ।

ਰਹਿਨੁਮਾ - ਰਣਜੀਤ ਕੌਰ ਗੁੱਡੀ ਤਰਨ ਤਾਰਨ

ਇਹ ਕਥਾ ਪੁਰਾਣੀ ਨਹੀਂ ਹੈ ਬਲਕਿ ਇਹ ਹਰ ਪੰਜ ਸਾਲ ਬਾਦ ਫਿਰ ਤੋਂ ਤਰੋ ਤਾਜ਼ਾ ਹੋ ਜਾਂਦੀ ਹੈ,ਇਹ ਮਰਦੀ ਨਹੀਂ ਪੁਨਰ ਜੀਵੰਤ ਹੋ ਜਾਂਦੀ ਹੈ।
           ਘਣੇ ਜੰਗਲ ਦੀ ਹਨੇਰੀ ਰਾਤ ਕਿਤੇ ਕਿਤੇ ਜੁਗਨੂ ਚਮਕਦੇ ਤੇ ਕੁਝ ਦਿਖਾਈ ਪੈ ਜਾਂਦਾ ਇਕ ਰੁੱਖ ਤੇ ਬਟਨ ਚਮਕਦੇ ਪਏ ਸਨ ਧਿਆਨ ਕੀਤਾ ਤਾਂ ਇਹ ਸ਼ਾਖ਼ ਤੇ ਉਲੂ ਤਾਕ ਲਾਈ ਬੈਠਾ ਸੀ ।ਦੋ ਖਰਗੋਸ਼ ਦੱਬੇ ਪੈਰੀਂ ਤੇਜ ਤੇਜ ਨਿਕਲ ਰਹੇ ਸਨ ਕਿ ਜਿਵੇਂ ਉਹਨਾਂ ਨੂੰ ਕੋਈ ਸ਼ਿਕਾਰੀ ਸੁੰਘ ਨਾਂ ਲਵੇ।ਉਲੂ ਨੇ ਉਹਨਾਂ ਨੂੰ ਵੇਖ ਲਿਆ ਸੀ ਤੇ ਉਸਨੇ ਉਹਨਾਂ ਨੂੰ ਆਵਾਜ਼ ਦਿੱਤੀ- 'ਰੁਕੋ ਜਰਾ ਰੁਕੋ।
ਦੋਨਾਂ ਖਰਗੋਸ਼ਾਂ ਨੂੰ ਆਪਣੇ ਕੰਨਾਂ ਤੇ ਯਕੀਨਂ ਨਹੀਂ ਹੋ ਰਿਹਾ ਸੀ ਕਿ ਇੰਨੇ ਸੰਘਣੇ ਹਨੇਰੇ ਵਿੱਚ ਵੀ ਕੋਈ ਉਹਨਾਂ ਨੂੰ ਪਹਿਚਾਣ ਸਕਦਾ ਹੈ।
ਫਿਰ ਆਵਾਜ਼ ਆਈ 'ਰੁਕੋ'-
ਦੋਹੇ ਖਰਗੋਸ਼ ਮਿਲ ਕੇ ਬੋਲੇ ' ਕੌਣ'
ਖਰਗੋਸ਼ ਭਰਾਵੋ ਜਰਾ ਠਹਿਰੋ ਤੇ ਮੇਰੀ ਗਲ ਸੁਣ ਕੇ ਚਲੇ ਜਾਣਾ-ਉਲੂ ਨੇ ਨਿਮਰਤਾ ਸਹਿਤ ਕਿਹਾ।
    ਖਰਗੋਸ਼ ਡਰੇ ਤਾਂ ਪਰ ਹੋਸ਼ ਕਰ ਕੇ ਪੂਰੀ ਸਪੀਡ ਵਿੱਚ ਭੱਜ ਉਠੇ, ਤੇ ਜਾ ਕੇ ਆਪਣੇ ਸਾਰੇ ਸਾਥੀ ਪੰਛੀਆਂ ਤੇ ਜਾਨਵਰਾਂ ਨੂੰ ਦਸਿਆ ਕਿ ਜੰਗਲ ਵਿੱਚ ਉਲੂ ਹੀ ਇਕ ਚਲਾਕ ਤੇ ਬੁੱਧੀਮਾਨ ਜਾਨਵਰ ਹੈ   ਜੋ ਕਾਲੀ ਹਨੇਰੀ ਰਾਤ ਵਿੱਚ ਵੀ ਪੂਰਾ ਵੇਖ ਸਕਦਾ ਹੈ।ਤੇ ਇਹ ਯਕੀਨਨ ਹੈ ਕਿ ਉਹ ਜੰਗਲ ਵਿੱਚ ਹੋਣ ਵਾਲੇ ਖਤਰਿਆਂ ਦਾ ਬੁੱਧੀ ਸਹਿਤ ਮੁਕਾਬਲਾ ਕਰ ਸਕਦਾ ਹੈ।ਤਦੇ ਹੀ ਤੇ ਉਹ ਆਪਣਾ ਕਾਮਯਾਬ ਨੇਤਾ ਸਾਬਤ ਹੋ ਸਕਦਾ ਹੈ।
    ਲੂੰਮੜੀ ਖਰਗੋਸ਼ਾਂ ਦੀ ਗਲ ਸੁਣ ਅਚੰਬਿਤ ਹੋਈ ਕਿ ਉਸ ਤੋਂ ਵੱਧ ਵੀ ਕੋਈ ਚਲਾਕ ਹੋ ਸਕਦਾ ਹੈ,ਉਹ ਝਟ ਬੋਲੀ,'ਮੈਨੂੰ ਜਰਾ ਇਸ ਗਲ ਦੀ ਜਾਂਚ ਕਰ ਲੈਣ ਦਿਓ'।
        ਅਗਲੀ ਰਾਤ ਲੂੰਮੜੀ ਉਸ ਰੁੱਖ ਕੋਲ ਪੁੱਜੀ ਜਿਦੀ੍ਹ ਸ਼ਾਖ਼ ਤੇ ਉਲੂ ਬੈਠਾ ਸੀ-ਤੇ ਉਸ ਨੇ ਉਲੂ ਦੀ ਨਜ਼ਰ ਪਰਖਣ ਲਈ ਸਵਾਲ ਕਰਨੇ ਸ਼ੁਰੂ ਕਰ ਦਿੱਤੇ।
ਲੂੰਮੜੀ ਉਲੂ ਨੂੰ-ਦੱਸ ਮੈਂ ਇਸ ਵਕਤ ਕਿੰਨੇ ਪੰਜੇ ਚੁੱਕ ਰੱਖੇ ਨੇ?
ਉਲੂ- ਇਕ
ਲੂੰਮੜੀ= ਠੀਕ ਅੱਛਾ ਇਹ ਦੱਸੋ,'ਅਰਥਾਤ ਦਾ ਅਰਥ ਕੀ ਹੁੰਦੈ?
ਉਲੂ-ਅਰਥਾਤ ਦਾ ਅਰਥ ਉਦਾਹਰਣ ਦੇਣਾ ਹੁੰਦਾ ਹੈ।
 ਲੂੰਮੜੀ ਲਈ ਇਹ ਵੀ ਉੱਤਰ ਸਹੀ ਸੀ,ਉਹ ਨੱਸ ਪਈ ਆਪਣੇ ਸਾਥੀਆਂ ਵੱਲ,ਤੇ ਸਾਰਿਆਂ ਨੂੰ ਇਕੱਠੈ ਕਰ ਕੇ ਦਸਿਆ ਕਿ ਵਾਕਿਆ ਹੀ ਉਲੂ ਸੱਭ ਨਾਲੋਂ ਬਹੁਤ ਚਲਾਕ ਤੇ ਬੁਧੀਮਾਨ ਹੈ,ਕਿਉਂਕਿ ਉਹ ਹਨੇਰੇ ਵਿੱਚ ਵੇਖ ਸਕਦਾ ਹੈ ਤੇ ਔਖੇ ਸਵਾਲਾਂ ਦੇ ਉੱਤਰ ਵੀ ਦੇ ਸਕਦਾ ਹੈ।
ਕੀ ਉਹ ਦਿਨ ਦੀ ਰੌਸ਼ਨੀ ਵਿੱਚ ਵੀ ਵੇਖ ਸਕਦਾ ਹੈ?ਬੁੱਢੇ ਬਗਲੇ ਨੇ ਪੁੱਛਿਆ-
ਵੱਡੇ ਜੰਗਲੀ ਬਿੱਲੇ ਨੇ ਵੀ ਲੂੰਮੜੀ ਤੇ ਖਰਗੋਸ਼ਾਂ ਸਾਹਮਣੇ ਇਹੋ ਸਵਾਲ ਰੱਖਿਆ-
ਸਾਰੇ ਜਾਨਵਰ ਉਹਨਾਂ ਨੂੰ ਖਿੱਝ ਕੇ ਪੈ ਗਏ-ਇਹ ਸਵਾਲ ਮੂਰਖਤਾ ਭਰਿਆ ਹੈ।ਤੇ ਉੱਚੇ ਉੱਚੇ ਕਹਿਕਹੇ ਲਾਉਣ ਲਗੇ।ਜੰਗਲੀ ਵੱਡੇ ਬਿੱਲੇ ਤੇ ਬੁੱਢੇ ਬਗਲੇ ਨੂੰ ਇਕੱਠ ਵਿਚੋਂ ਬਾਹਰ ਕੱਢ ਦਿੱਤਾ ਗਿਆ।ਅਤੇ ਉਲੂ ਨੂੰ ਇਕਮੱਤ ਕਰਕੇ ਨਿਮਰਤਾ ਸਹਿਤ ਨਿਉਤਾ ਦਿੱਤਾ ਗਿਆ ਕਿ ਉਹ ਉਹਨਾਂ ਦਾ ਮੁਖੀ ਬਣ ਜਾਵੇ,ਕਿਉਂਜੋ ਉਹ ਉਹਨਾਂ ਸੱਭ ਤੋਂ ਬੁਧੀਮਾਨ ਹੈ।ਇਸ ਲਈ ਉਨ੍ਹਾ ਦੀ ਰਹਿਨੁਮਾਈ ਤੇ ਪੱਥ ਪ੍ਰਦਰਸ਼ਨ ਕਰਨ ਦਾ ਅਧਿਕਾਰ ਕੇਵਲ ਉਸਨੂੰ ਹੈ।
ਉਲੂ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ,ਉਸਨੇ ਝੱਟ ਇਹ ਪ੍ਰਾਰਥਨਾ ਪ੍ਰਵਾਨ ਕਰ ਲਈ।
ਸਾਰੇ ਪੰਛੀ ਤੇ ਜਾਨਵਰ ਇਕ ਜਲੂਸ ਦੇ ਰੂਪ ਵਿੱਚ ਬੜੀ ਸ਼ੋਭਾ ਨਾਲ ਉਸਨੂੰ ਲੈਣ ਗਏ,ਇਹ ਦੁਪਹਿਰ ਦਾ ਵਕਤ ਸੀ। ਚੁਫੇਰੇ ਸੂਰਜ ਪੂਰੇ ਜਲੌਅ ਵਿੱਚ ਸੀ,ਇੰਨੀ ਤੇਜ ਰੌਸ਼ਨੀ ਵਿੱਚ ਉਲੂ ਨੂੰ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ,ਤੇ ਉਹ ਟੋਹ ਟੋਹ ਕੇ ਕਦਮ ਰੱਖ ਰਿਹਾ ਸੀ,ਜਿਸ ਕਰਕੇ ਉਹਦੀ ਚਾਲ ਵੀ ਆਈ ਪੀ ਲਗ ਰਹੀ ਸੀ ਉਲੂ ਆਪਣੀ ਗੋਲ ਅੱਖਾਂ  ਨੂੰ ਘੁੰਮਾ ਘੁੰਮਾ ਕੇ ਚੌੜਾ ਚੌੜਾ ਫੇਲਾਅ ਕੇ ਇਧਰ ਉਧਰ ਵੇਖਣ ਦਾ ਜਤਨ ਕਰ ਰਿਹਾ ਸੀ ਪੰਛੀ ਤੇ ਜਾਨਵਰ ਉਸਦੇ ਇਸ ਢੰਗ ਚਾਲ ਨੂੰ ਉਦ੍ਹੀ ਚੌਕਸ ਵਿਸ਼ੇਸ਼ਤਾ ਸਮਝ ਸਮਝ ਪ੍ਰਭਾਵਿਤ ਹੋ ਰਹੇ ਸਨ।
ਇਹ ਸਾਡਾ ਪੱਥ ਪ੍ਰਦਰਸ਼ਕ ਹੀ ਨਹੀਂ,ਰਹਿਨੁਮਾ ਹੋਣ ਦੇ ਨਾਲ ਸਾਡਾ ਨੇਤਾ ਵੀ ਹੈ।ਇਹ ਤਾਂ ਦੇਵਤਾ ਹੈ ਸਾਡਾ,ਇਕ ਮੁਰਗਾਬੀ ਨੇ ਉੱਚੀ ਦੇਣੇ ਸਾਰਿਆਂ ਨੂੰ ਸੁਣਾ ਕੇ ਕਿਹਾ।ਦੂਜੇ ਪੰਛੀਆਂ / ਜਾਨਵਰਾਂ ਨੇ ਉਸਦੀ ਨਕਲ ਕੀਤੀ ਤੇ ਸਹਿਮਤੀ ਦੀ ਪ੍ਰਪਕਤਾ ਲਈ 'ਨੇਤਾ ਜੀ.ਨੇਤਾ ਜੀ' ਦੇ ਨਾਅ੍ਹਰੇ ਲਾਉਣ ਲਗੇ।
    ਉਲੂ ਸੱਚਮੁੱਚ ਆਪਣੇ ਆਪ ਨੂੰ ਉਹਨਾਂ ਦਾ ਪੱਥ ਪ੍ਰਦਰਸ਼ਕ ਸਮਝਣ ਲਗਾ ਭਾਂਵੇ ਉਸਨੂੰ ਪੱਥ ਦਿਸ ਹੀ ਨਹੀਂ ਸੀ ਰਿਹਾ,ਉਹ ਟੋਹ ਟੋਹ ਕੇ ਅੱਗੇ ਵੱਧ ਰਿਹਾ ਸੀ ਤੇ ਬਾਕੀ ਸਾਰੇ,ਅਕਲ ਦੇ ਅੰਨ੍ਹੇ ਅੰਨ੍ਹੇਵਾਹ ਉਸਦੇ ਪਿਛੈ ਪਿਛੈ ਠੇਡੇ ਖਾਂਦੇ ਚਲ ਰਹੇ ਸਨ।ਤੇਜ ਰੌਸ਼ਨੀ ਕਰਕੇ ਉਲੂ ਦੀਆਂ ਅੱਖੀਆਂ ਕੁਝ ਵੇਖਣ ਦੇ ਕਾਬਲ ਤੇ ਸਨ ਨਹੀਂ,ਕਦੇ ਉਹ ਪੱਥਰਾਂ ਵਿੱਚ ਵੱਜਦਾ ਤੇ ਕਦੇ ਦਰੱਖਤਾਂ ਦੇ ਟਹਿਣਿਆਂ ਵਿੱਚ।ਉਸਦੇ ਚੇਲਿਆਂ ਦੀ ਵੀ ਇਹੋ ਦੁਰਦਸ਼ਾ ਸੀ।ਇਸ ਤਰਾਂ ਡਿੱਗਦੇ ਬੱਚਦੇ ਉਹ ਸਾਰੇ ਪੱਕੀ ਸੜਕ ਤੇ ਆਣ ਪਹੁੰਚੇ।ਉਲੂ ਸੜਕ ਦੇ ਅੇਨ ਵਿਚਕਾਰ ਚਲ ਰਿਹਾ ਸੀ ਤੇ ਬਾਕੀ ਸਾਰੇ ਉਸਦੇ ਪੈਰਾਂ ਪਿਛੇ।''ਗਰੁੜ' ਜੋ ਭੀੜ ਦੇ ਨਾਲ ਨਾਲ ਚਲ ਰਿਹਾ ਸੀ ਚਿਲਾਇਆ ਕਿ ਸੜਕ ਤੇ ਇਕ ਟਰੱਕ ਬਹੁਤ ਤੇਜ ਸਪੀਡ ਵਿੱਚ ਆ ਰਹਾ ਹੈ ,ਸਾਰੇ ਸੜਕ ਤੋਂ ਹੇਠਾਂ ਹੋ ਜਾਓ।ਕਿਸੇ ਧਿਆਨ ਨਾਂ ਦਿੱਤਾ ਤਾਂ ਉਸ ਲੂੰਮੜੀ ( ਜੋ ਨੇਤਾ ਜੀ ਦੀ ਮੁੱਖ ਸਕੱਤਰ ਦੇ ਰੂਪ ਵਿੱਚ ਡਿਉਟੀ ਦੇ ਰਹੀ ਸੀ ) ਦੇ ਕੰਨ ਵਿੱਚ ਜਾ ਖਤਰੇ ਤੋਂ ਆਗਾਹ ਕੀਤਾ।
ਦੇਵਤਾ ਜੀ ਓ ਦੇਵਤਾ ਜੀ ਅੱਗੇ ਖਤਰਾ ਹੈ-ਲੂੰਮੜੀ ਨੇ ਬੜੇ ਆਦਰ/ਸਤਿਕਾਰ ਸਹਿਤ ਉਲੂ ਨੇਤਾ ਜੀ ਦੇ ਚਰਨਾਂ ਚ  ਬੇਨਤੀ ਕੀਤੀ।
ਚੰਗਾ- ਉਲੂ ਨੇ ਬੇਧਿਆਨੀ ਤੇ ਲਾਪ੍ਰਵਾਹੀ ਚ ਉਤਰ ਮੋੜਿਆ।
ਐ ਦੇਵਤਾ ਕੀ ਤੁਹਾਨੂੰ ਆਉਣ ਵਾਲੇ ਜਾਨ ਲੇਵਾ ਖਤਰੇ ਤੋਂ ਡਰ ਨਹੀਂ ਲਗਦਾ?
ਖਤਰਾ- ਕਿਹੜਾ ਖਤਰਾ ਕਿਥੇ ਖਤਰਾ-ਮੈਨੂੰ ਤੇ ਦਿਸਦਾ ਨਹੀਂ,ਉਲੂ ਬਹਾਦਰ ਹੋਣ ਦੀ ਚਲਾਕੀ ਵਿਖਾ ਰਹਾ ਸੀ ਤੇ ਆਪਣੀ ਨਾਬੀ੍ਹਨੀ ਛੁਪਾ ਰਹਾ ਸੀ।ਲੂੰਮੜੀ ਜੋਰ ਜੋਰ ਦੀ ਬੋਲਣ ਲਗੀ ਤੇ ਉਤੇ ਉੱਡਦਾ ਗਰੁੜ ਵੀ ਸਾਥੀਆਂ ਨੂੰ ਰੱੇਡ ਅਲਰਟ ਕਰ ਰਿਹਾ ਸੀ। ਟਰੱਕ ਨੇੜੈ ਨੇੜੇ ਆ ਰਿਹਾ ਸੀ,ਪਰ ਉਲੂ ਸਾਹਬ ਆਪਣੀ ਨੇਤਾਗਰੀ ਦੀ ਟੋਹਰ ਵਿੱਚ ਆਕੜ ਆਕੜ ਚਲ ਰਹੇ ਸਨ ਤੇ ਬਾਕੀ ਚੇਲੇ ਬਾਲਕੇ ਉਹਦੇ ਪਦ-ਚਿਨ੍ਹਾ ਤੇ ਆਪਣੀ ਚਾਲ ਚਲ ਚਲ ਰਹੇ ਸਨ।ਨਾਲ ਨਾਲ ਨਾਅ੍ਹਰੇ ਮਾਰ ਰਹੇ ਸਨ ਸਾਡਾ ਨੇਤਾ ਚਲਾਕ ਬੁਧੀਮਾਨ ਤੇ ਬਹਾਦਰ ਹੈ।ਲੂੰਮੜੀ ਨੂੰ ਮੌਤ ਨੇੜੇ ਦਿਸ ਗਈ ਤੇ ਉਹ ਚਲਾਕੀ ਨਾਲ ਪਾਸੇ ਤੋਂ ਖਿਸਕ ਸੜਕ ਤੋਂ ਹੇਠਾਂ ਦੌੜ ਗਈ।
       ਤੇ ਟਰੱਕ ਬਾਕੀਆਂ ਨੂੰ ਕੁਚਲਦਾ ਹੋਇਆ ਅੱਗੇ ਨਿਕਲ ਗਿਆ।------------
 ਪੂਰੇ ਦਿਨ ਦੇ ਅੰਨ੍ਹੇ ਉਲੂ ਮਹਾਨ ਨੇਤਾ ਦੀ ਬੁੱਧੀਮਤਾ ਦੇ ਨਿਹਾਲੇ ਮੂਰਖ ਚੇਲੇ ਬਾਲਕਿਆਂ ਦੇ ਜਿਸਮਾਂ ਦੇ ਪਰਸ਼ੇ ਇਧਰ ਉਧਰ ਖਿਲਰੇ ਵੇਖਣ ਵਾਲਿਆਂ ਨੂੰ ਰੁਆ ਰਹੇ ਸਨ।
 ( ਇਹ ਅਮਰੀਕੀ ਕਹਾਣੀ ਦਾ ਅਨੁਵਾਦ ਮੈਂ ਕਿਤੇ ਪੜ੍ਹਿਆ ਸੀ )
'' ਹਰ ਸ਼ਾਖ਼ ਪੇ ਉਲੂ ਬੈਠਾ ਹੈ ਅੰਜਾਮ-ਏ ਗੁਲਸਤਾਂ ਕਿਆ ਹੋਗਾ૷
             ਨਾਂ ਜੀ ਨਾਂ ਅੰਜਾਮ -ਏ ਹਿੰਦੁਸਤਾਂ ਕਿਆ ਹੋਗਾ ?॥
ਬਾਬੇ ਨਾਨਕ ਆਖਿਆ ਸੀ -'' ਅੰਧੀ ਰਈਅਤ ਗਿਆਨ ਵਿਹੂਣੀ.......----        

ਉਲਟੇ ਬਾਂਸ ਬਰੇਲੀ ਨੂੰ - ਰਣਜੀਤ ਕੌਰ ਗੁੱਡੀ ਤਰਨ ਤਾਰਨ

      ਭਾਰਤ ਦੇ ਸੰਵਿਧਾਨ ਵਿੱਚ ਸਾਂਸਦ ਦੀ ਚੋਣ ਲੜਨ ਵਾਲੇ ਉਮੀਦਵਾਰ ਲਈ ਕੁਝ ਸ਼ਰਤਾਂ ਲਾਗੂ ਹਨ।
  ਉਮੀਦਵਾਰ ਦੀ ਉਮਰ 35 ਸਾਲ ਤੋਂ ਘੱਟ ਨਾਂ ਹੋਵੇ=
 ਉਮੀਦਵਾਰ ਤੇ ਕੋਈ ਅਪਰਾਧਿਕ ਕੇਸ ਨਾਂ ਚਲਦੇ ਹੋਣ=
 ਉਮੀਦਵਾਰ ਭਾਰਤ ਦਾ ਨਾਗਰਿਕ ਹੋਵੇ=
ਪਰ ਹੋ ਸੱਭ ਇਸਦੇ ਉਲਟ ਰਿਹਾ ਹੈ,ਜਿੇੰਨੇ ਜਿਆਦਾ ਅਪਰਾਧਿਕ ਕੇਸ ਹੋਣ ਭਾਵੇ ਉਮਰਕੈਦ ਹੋਈ ਹੋਵੇ,ਤੇ ਭਾਂਵੇ ਬੁੱਢਾ ਵੀਲ੍ਹਚੇਅਰ ਤੇ ਹੋਵੇ, ਉਨਾ ਵੱਡਾ ਲੀਡਰ,ਨਾਗਰਿਕਤਾ ਦਾ ਸਬੂਤ ਤਾਂ ਫਿਰ ਕੀ ਪੁਛਣਾ-ੳ ਇਥੇ ਉਲਟੇ ਬਾਂਸ ਬਰੇਲੀ ਨੂੰ-ਵੋਟਰ ਦੀ ਨਾਗਰਿਕਤਾ ਨੂੰ ਚੈਲੇਂਜ ਕੀਤਾ ਜਾ ਰਿਹਾ ਹੈ।ਚਾਲੀ ਕੁ ਸਾਲ ਪਹਿਲਾਂ ਚੋਣਕਮਿਸ਼ਨਰ ਨੇ ਵੋਟਰ ਕਾਰਡ ਜਾਰੀ ਕਰਨ ਦੀ ਹਦਾਇਤ ਕੀਤੀ  ਜੋ ਇਹ ਪ੍ਰੀਕਿਰਿਆ 88-89 ਵਿੱਚ ਪੂਰੀ ਹੋ ਗਈ ਤੇ ਹਰੇਕ 21 ਸਾਲਾ ਵਿਅਕਤੀ ਨੂੰ ਵੋਟਰ ਕਾਰਡ ਮਿਲ ਗਿਆ ਜੋ ਕਿ ਇਕ ਤਰਾਂ ਦਾ ਪਹਿਚਾਣ ਪੱਤਰ ਹੈ,ਤੋ ਜੋ ਨਾਗਰਿਕਤਾ ਦੇ ਸਬੂਤ ਦੇ ਤੌਰ ਤੇ ਹਰ ਥਾਂ ਮਾਨਤਾ ਪ੍ਰਾਪਤ ਸੀ,ਇਸਦੇ ਨਾਲ ਹੀ ਪਾਸਪੋਰਟ ਵੀ ਬਣਾਏ ਜਾਂਦੇ ਸਨ;ਇਸ ਤੋਂ ਪਹਿਲਾਂ ਰਾਸ਼ਨ ਕਾਰਡ ਜਾਰੀ ਕੀਤੇ ਗਏ ਸਨ ਜੋ ਵੀ ਪਹਿਚਾਣ ਪੱਤਰ ਹੀ ਸਨ।ਫਿਰ ਆਧਾਰ ਕਾਰਡ ਜਾਰੀ ਕੀਤੇ ਗਏ ਬੈਂਕ ਖਾਤੇ ਲਈ ਨਾਲ ਪੈਨ ਕਾਰਡ ਵੀ ਜਰੂਰੀ ਕੀਤਾ ਗਿਆ।ਸਰਕਾਰੀ ਨੌਕਰੀ ਲਈ ਪੁਲੀਸ ਵੇਰੀਫੀਕੇਸ਼ਨ ਕੀਤੀ ਜਾਂਦੀ ਹੈ।ਲੇਕਿਨ ਸਿਆਸਤਦਾਨਾਂ ਕੋਲ ਅੇਸਾ ਕੋਈ ਪਹਿਚਾਣ ਪੱਤਰ ਨਹੀ ਹੈ,ਵਿੱਤ ਸਕੱਤਰ ਸਾਰੇ ਟੈਕਸ ਅਦਾ ਕਰਦਾ ਹੈ ਤੇ ਵਿੱਤ ਮੰਤਰੀ ਤੇ ਹੋਰ ਮੰਤਰੀਆਂ ਨੂੰ ਸੱਭ ਕੁਝ ਮੁਫ਼ਤ ਤੇ ਨਾਲ ਦੋ ਲੱਖ ਕੈਸ਼ ਵੀ ਹਰ ਮਾਂਹ।
ਅੱਜ ਤੱਕ ਕਿਸੇ ਵੋਟਰ ਨੇ ਉਮੀਦਵਾਰ ਦੇ ਸਬੂਤ ਨਹੀਂ ਚੈਕ ਕੀਤੇ ਤੇ ਥੋੜੈ ਜਿਹੇ ਪੈਸੇ ਲਈ ਜਾਂ ਬੇਬਸੀ ਅਧੀਨ ਵੋਟ ਦਾ ਹੱਕ ਇਸਤਮਾਲ ਕੀਤਾ।ਲੁਟੇਰੇ ਚੁਣੇ,ਤੇ ਉਹ ਵੋਟਰ ਤੋਂ ਉਸਦੀ ਨਾਗਰਿਕਤਾ ਦਾ ਸਬੂਤ ਮੰਗ ਰਹੇ ਹਨ-ਹੈ ਨਾਂ ਉਲਟੀ ਗੰਗਾ૴૴..
99% ਉਤੇ 1% ਦਾ ਏਨਾ ਗਲਬਾ ਹੈ ਕਿ ਦੇਸ਼ ਪ੍ਰੇਮੀਆਂ ਨੂੰ ਦੇਸ਼ ਨਿਕਾਲਾ ਸਹਿਣਾ ਪੈ ਰਿਹਾ ਹੈ ਤੇ ਜੋ ਬਾਕੀ ਹਨ ਆਪਣੇ ਹੀ ਦੇਸ਼ ਕੌਮ ਤੇ ਘਰ ਵਿੱਚ ਭੇਡਾਂ ਬਕਰੀਆਂ ਤੇ ਕੀੜੇ ਮਕੌੜਿਆਂ ਜਿਹੀ ਜਲਾਲਤ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ।ਪ੍ਰਸ਼ਾਸਨ ਡਰਾ ਧਮਕਾ ਕੇ  ਦਬਕਾ ਕੇ ਦੇਸ਼ ਚਲਾਉਣ ਦੀ ਨੀਤੀ ਬਣਾਏ ਹੈ।ਚੀਫ਼ ਮਾਰਸ਼ਲ,ਚੀਫ਼ ਜਸਟਿਸ ,ਰਾਸ਼ਟਰਪਤੀ ਕੁੰਭਕਰਨ ਬਣੇ ਹਨ।
       ਸ਼ੁੱਚੀ ਨਾਗਰਿਕਤਾ ਦਾ ਜਿੰਦਾ ਸਬੂਤ ਹਨ ਸਿਆਚਨ ਗਲੇਸ਼ੀਅਰ ਕਾਰਗਿਲ ਖਵੇ ਸੈਨਿਕ,ਤੇ ਉਹ ਜੋ ਦੇਸ਼ ਦੀ ਸਲਾਮਤੀ ਲਈ ਜਾਨਾਂ ਵਾਰ ਗਏ।
   ਹਰ ਭਾਰਤ ਵਾਸੀ ਦੀ ਵਲਦੀਅਤ ਹੈ-ਮਾਂ ਭਾਰਤ ਤੇ ਪਿਤਾ ਹਿੰਦਸਤਾਨ॥
ਅੰਗਰੇਜ ਵੀ ਇਹ ਕਹਿ ਕੇ ਇਸ ਦੇਸ਼ ਨੂੰ ਛੱਡ ਗਏ ਕਿ ਇਹਨਾਂ ਨੂੰ ਮਾਰਨ ਲਈ ਇਹਨਾਂ ਦੇ ਆਪਣੇ ਹੀ ਕਾਫ਼ੀ ਹਨ।
ਪੁਲੀਸ ਤੇ ਹੋਰ ਸੁਰੱਖਿਆ ਦਸਤਿਆਂ ਦਾ ਧਿਆਨ ਇਨਾਮਾਂ ਵਲ ਨਹੀਂ ਕੌੰਮ ਦੀ ਸਲਾਮਤੀ ਵਲ ਹੋਣਾ ਚਾਹੀਦਾ ਹੈ,ਤੇ ਏਕਤਾ ਦਾ ਨਮੂਨਾ ਪੇਸ਼ ਕਰਨਾ ਚਾਹੀਦਾ ਹੈ।ਦਿਨ ਸਦਾ ਇਕੋ ਜਿਹੇ ਨਹੀਂ ਰਹਿੰਦੇ=ਕਦੀ ਦਾਦੇ ਦੀ ਕਦੀ ਪੋਤੇ ਦੀ===  
          ਯੁਨਾਨ ਦਾ ਕਾਨੂੰਨ ਹੈ 'ਅਪਰਾਧੀ ਨੂੰ ਫਾਂਸੀ ਨਹੀਂ ਦਿਤੀ ਜਾਂਦੀ,ਅਪਰਾਧੀ ਦੀ ਜਮੀਰ ਨੂੰ ਇੰਨਾ ਕੁ ਝੰਜੋੜ ਮਰੋੜ ਦਿਤਾ ਜਾਂਦਾ ਹੈ ਕਿ ਉਹਦੀ ਜਿਉਣ ਦੀ ਇੱਛਾ ਖ਼ਤਮ ਹੋ ਜਾਂਦੀ ਹੈ,ਤੇ ਉਹ ਤਰਲੇ ਪਾਉਣ ਲਗਦਾ ਹੈ ਕਿ ਉਸਨੂੰ ਮਾਰ ਦਿੱਤਾ ਜਾਵੇ,ਉਸਨੂੰ ਸਦਾ ਦੀ ਨੀਂਦ ਦੇ ਦਿੱਤੀ ਜਾਵੇ''''।
           ਅਜੋਕੇ ਦੌਰ ਵਿੱਚ ਭਾਰਤ ਵਾਸੀ ਵੀ ਕੁਝ ਅਜਿਹੀ ਹੀ ਸਥਿਤੀ ਵਿਚੋਂ ਗੁਜਰ ਰਹੇ ਹਨ।ਇਸ ਦੌਰ ਦੀ ਰਾਜਨੀਤਿਕ ਤੇ ਆਰਥਿਕ ਗੁਲਾਮੀ ਨੇ ਆਪਣੇ ਹੀ ਦੇਸ਼ ਵਾਸੀ ਭਰਾਵਾਂ ਦੇ ਅੰਦਰੋਂ ਹੋਰ ਜਿਉਣ ਦੀ ਇੱਛਾ ਨੋਚ ਲਈ ਹੈ।ਬੇਰੁਜਗਾਰ,ਅਮਲੀ ਤੇ ਕਰਜਾਈ ਤਾਂ ਆਤਮ ਹਤਿਆਵਾਂ ਕਰ ਹੀ ਰਹੇ ਹਨ ਜਿਹਨਾਂ ਦੇ ਚਲੇ ਚਲਾਏ ਕਾਰੋਬਾਰ ਬੰਦ ਹੋ ਗਏ ਹਨ,ਉਹ ਮਰਨ ਨੂੰ ਥਾਂ ਲੱਭ ਰਹੇ ਹਨ।ਵਿਦਿਆਰਥੀਆਂ ਦੀ ਨਿਰਾਸ਼ਾ ਬੇਹੱਦ ਹੈ।ਨੌੋਜਵਾਨ ਧੀਆਂ ਪੁੱਤਾਂ ਨੂੰ ਜਿੰਦਾ ਵੇਖਣ ਲਈ ਮਾਂ ਬਾਪ ਆਪਣੀ ਸਾਰੀ ਕਮਾਈ ਲਾ ਘਰ ਬੂ੍ਹਹਾ ਵੇਚ ਵਿਦੇਸ਼ਾਂ ਨੂੰ ਤੋਰੀ ਜਾ ਰਹੇ ਹਨ।ਮਾਂਬਾਪ ਜਾਣ ਗਏ ਹਨ ਕਿ ਕਿਤੇ ਉਹਨਾਂ ਦੇ ਜਿਗਰ ਦੇ ਟੁਕੜੇ ਦੇਸ਼ ਧਰੋਹੀ ਨਾਂ ਗਰਦਾਨ ਦਿਤੇ ਜਾਣ।
          ਨੌਜਵਾਨਾਂ ਦਾ ਇਸ ਦੇਸ਼ ਨਾਲ ਲਗਾਓ ਹੀ ਖ਼ਤਮ ਹੋ ਗਿਆ ਹੈ ਕਿਉਂ ਜੋ ਹਕੂਮਤ ਨਹੀਂ ਚਾਹੁੰਦੀ ਕਿ ਨੌਜਵਾਨ ਪਲਰਨ॥ਉੱਚਪੜ੍ਹੈ ਅੱਧਪੜ੍ਹੈ ਅਨ੍ਹਪੜ੍ਹ ਸੱਭੇ ਹੀ ਬੈਗ ਮੋਢੇ ਤੇ ਪਾਈ ਵੀਜ਼ਾ ਲਾਇਨ ਵਿੱਚ ਖੜੇ ਹਨ।ਨੌਜਵਾਨਾਂ ਦੇ ਦਿਲ ਵਿਚੋਂ ਚੀਸ ਉਠਦੀ ਹੈ ਕਿ ਇਸ ਦੇਸ਼ ਨਾਲੋਂ ਤਾਂ ਵਿਦੇਸ਼ ਦੀ ਜੇਹਲ ਚੰਗੀ।ਜਾਹਲੀ ਵਿਆਹ ਅਸਲੀ ਤਲਾਕਾਂ ਦਾ ਦੌਰ ਵੱਧ ਫੁਲ ਰਿਹਾ ਹੈ।
         ਡੱਡੂਆਂ ਦੇ ਰਹਿਣ ਲਈ ਜਲ ਮੁੱਕ ਰਿਹਾ ਹੈ,ਪੰਛੀਆਂ ਤੋਂ ਅਸਮਾਨ ਖੁਸ ਰਿਹਾ ਹੈ।ਮਧੂ ਮੱਖੀਆਂ ਦੇ ਛੱਤਿਆਂ ਵਾਲੇ ਰੁੱਖ  ਨਹੀਂ ਲੱਭਦੇ।ਸੂਰਜ ਭੈਅ ਹੇਠ ਹੈ,ਰੱਬ ਵੀ ਝਾਤੀ ਮਾਰਨੌਂ ਝਕਦਾ ਹੈ।
  ਕਾਂ ਖਾਂਦੇ ਮੋਤੀ ਤੇ ਹੰਸ ਚੁਗੇ ਦਾਨਾ ਦੂਨਾ -ਅੰਧੇਰ ਨਗਰੀ ਚੌਪਟ ਰਾਜਾ
ਰਾਜਨੇਤਾਵਾਂ ਦੇ ਆਪਣੇ ਪਾਪ ਉਹਨਾਂ ਨੁੰ ਤਖ਼ਤਾਂ ਨਾਲ ਚਿਮਟੇ ਰਹਿਣ ਲਈ ਮਜਬੂਰ ਕਰੀ ਹੋਏ ਹਨ।ਤਖ਼ਤ ਖਿਸਿਕਿਆ ਨਹੀਂ ਤੇ ਰੱਸੀ ਤੰਗ ਹੋਈ ਨਹੀਂ।47 ਦੇ ਖੁਨ ਨਾਲ ਸਮੁੰਦਰ ਉਛਲੇ ਤਦ ਵੀ ਇਹਨਾਂ ਬੇਹਿਸਾਂ ਦੀ ਅੱਖ ਨਾਂ ਹੋਈ ਸਿੱਲੀ ਤੇ 84 ,2002 ਦੌਰਾਨ ਦੇ ਰੌਲਿਆਂ ਵਿੱਚ ਵੀ ਇਹ ਪੱਥਰ ਆਤਮਾ ਨਾਂ ਹੋਈ ਗਿਲੀ।ਤੇ ਅੱਜ ਵੀ ૴..ਦਵਾ ਦਾ ਝਾਂਸਾ ਦੇ ਕੇ ਜਹਿਰ ਵੰਡਿਆ ਜਾ ਰਿਹਾ ਹੈ।
     ਜੋ ਦਿਲ ਦਰਦ ਤੋਂ ਖਾਲੀ ਹੋਵੇ ਉਸਦਾ ਨੇਤਾ ਬਣ ਜਾਣਾ ਦੁੱਖਦਾਈ ਸਿੱਧ ਹੁੰਦਾ ਹੈ।
ਸੰਵਿਧਾਨ ਖਤਮ , ਇਤਿਹਾਸ ਖਤਮ,ਖਬਰਾਂ ਦਾ ਅੰਤ ਹੋ ਗਿਆ ਹੈ।ਬਚਪਨ,ਜਵਾਨੀ,ਬੁਢਾਪਾ ਕੋਈ ਵੀ ਸੁਰਿਖਿਅਤ ਨਹੀ ਹੈ।ਔਖੀ ਘੜੀ ਲਈ ਬੈਂਕ ਵਿੱਚ ਰੱਖੀ ਜਮ੍ਹਾ ਪੂੰਜੀ ਵੀ ਸੁਰਿਖਿਅਤ ਨਹੀਂ।
        ਗੁਰੂ ਨਾਨਕ ਨਾਮ ਲੇਵਾ ਵੀ ਕਹਿੰਦਾ ਹੈ-
          '' ਵਲੀ ਕੰਧਾਰੀ ਵਾਲੇ ਸਾਰੇ ਪੱਥਰ ਚੁੱਕੀ ਫਿਰਦੇ
             ਕੀਹਦਾ ਕੀਹਦਾ ਪੱਥਰ ਬਾਬਾ ਪੰਜੇ ਤੇ ਅਟਕਾਵੇਂਗਾ 
   ਕਿਤੋਂ ਭੇਜ ਦੇ  ਵੇ ਰੱਬਾ,'ਇਕ ਹੋਰ ਲਾਲ ਬਹਾਦਰ ਸ਼ਾਸਤਰੀ,ਇਕ ਹੋਰ ਏ.ਪੀ. ਜੇ. ਅਬਦੁਲ ਕਲਾਮ.ਤੇ ਇਕ ਹੋਰ ਇੰਦਰ ਕੁਮਾਰ ਗੁਜਰਾਲ॥

ਰਣਜੀਤ ਕੌਰ ਗੁੱਡੀ  ਤਰਨ ਤਾਰਨ       

ਖ਼ਤਾਂ ਦੇ ਮੌਸਮ   ਓ  ਮੁਹੱਬਤਾਂ ਦੇ ਮੌਸਮ  - ਰਣਜੀਤ ਕੌਰ ਗੁੱਡੀ ਤਰਨ ਤਾਰਨ


      ਖੱਤ ਆਇਆ ਸੋਹਣੇ  ਸੱਜਣਾ ਦਾ
      ਕਦੇ ਰਖਨੀ ਆਂ ਕਦੇ ਪੜ੍ਹਨੀ ਆਂ
 ਹੁੰਦਾ ਸੀ ਉਦੋ ਖਤਾਂ ਦਾ  ਮੌਸਮ ਜੋ ਜਿਆਦਾਤਰ ਇਕਸਾਰ ਰਹਿੰਦਾ ਸੀ।ਡਾਕੀਆ ਡਾਕ ਲਾਇਆ '' ਖੁਸ਼ੀ ਕਾ ਪੈਗਾਮ ਕਹੀਂ ਸੋਗਵਾਰ ਲਾਇਆ॥ ਪ੍ਰੇਮ ਪੱਤਰਾਂ ਦੀ ਖਾਸ ਚਾਅ੍ਹ ਰਹਿੰਦੀ ਸੀ।ਡਾਕੀਆ ਲਿਫਾਫਾ ਦੇਖ ਮਜ਼ਮੂਨ ਭਾਂਪ ਲੈਂਦਾ ਸੀ।ਨਿਮ੍ਹੀ ਜਿਹੀ ਖਚਰੀ ਮੁਸਕਾਨ ਸਹਿਤ ਉਹ ਪ੍ਰੇਮ ਪੱਤਰ ਫੜਾ ਕੇ ਚਲਾ ਜਾਂਦਾ।ਕੁਦਰਤੀ ਮੌਸਮਾਂ ਦਾ ਨਜ਼ਲਾ ਖਤਾਂ ਦੇ ਮੌਸਮ ਨੂੰ ਵੀ ਧੁੰਦਲਾ ਕਰ ਗਿਆ।
       ਜਗਾਹ ਜਗਾਹ ਟੰਗੇ ਲਾਲ ਰੰਗੇ ਲੈਟਰ ਬਾਕਸ ਦੁਆਵਾਂ ਲੈਂਦੇ ,ਸ਼ੁਭ ਇਛਾਵਾਂ ਦੇਂਦੇ ਲਗਦੇ।
ਚੌਥੀ ਪਾਸ ਕਰਨ ਵਾਲੇ ਵੀ ਏਨੀ ਕੁ ਉਰਦੂ ਤੇ ਪੰਜਾਬੀ ਜਾਣ ਲੈਂਦੇ ਸਨ ਕਿ ਵਧੀਆ ਰੱਸਭਰਿਆ ਖੱਤ ਲਿਖ ਸਕਣ ਜੋ ਕਿ ਅੱਜ ਦੇ ਅੇਮ.ਏ ਪਾਸ  ਚਾਰ ਅੱਖਰ ਵੀ ਪੜ੍ਹਨ ਯੋਗ ਨਹੀਂ ਲਿਖ ਸਕਦੇ।ਖੱਤ ਲਿਖਣ ਭੇਜਣ ਦੀਆਂ ਬਹੁਤ ਮਿਸਾਲਾਂ ਮਿਲਦੀਆਂ ਹਨ ૶
         ਰੁਸਿਆਂ ਨੂੰ ਖੱਤ ਮਨਾ ਲੈਂਦੇ ਤੇ ਕਦੇ ਕਦਾਈਂ ਰੁਸਾ ਵੀ ਦੇਂਦੇ।ਖੱਤ ਮਿੱਠੈ ਵੀ ਹੁੰਦੇ ਤੇ ਗੁਸਤਾਖ ਵੀ।ਮੁਹੱਬਤਾਂ ਦੇ ਮੌਸਮ ਵਿੱਚ ਖਤਾਂ ਵਿਚਲੀ ਗੁਸਤਾਖੀ ਮੋਹ ਲੈਂਦੀ ।
         ਖਲੀਲ ਜਿਬਰਾਨ ਅਰਬੀ ਤੇ ਅੰਗਰੇਜੀ ਦਾ ਸਾਹਿਤਕਾਰ ਸੀ।ਉਸ ਦੀਆਂ ਉਚ ਪਾਏ ਦੀਆਂ ਰਚਨਾਂਵਾਂ ਵਿਚਲੀਆਂ /ਸਿਖਿਆਵਾਂ ਬਣ ਅੱਜ ਵੀ ਸਮਾਜਿਕ ਸਰੋਕਾਰ ਵਾਂਗ ਪ੍ਰਵਾਣਿਤ ਹਨ।ਅਰਬੀ ਤੇ ਅੰਗਰੇਜੀ ਵਿੱਚ ਲੇਖ ਲਿਖਣਾ ਖਲੀਲ ਦਾ ਪਹਿਲਾ ਪਿਆਰ ਸੀ।ਉਹ ਆਪਣੇ ਲੇਖ  ਅਖਬਾਰ ਵਿੱਚ ਛਪਣ ਵਾਸਤੇ ਕਾਹਿਰਾ ( ਮਿਸਰ) ਭੇਜਦਾ ਸੀ।ਇਸੇ ਅਖਬਾਰ ਵਿੱਚ '''ਮੇ ਜਿਆਦ' ਵੀ ਲੇਖ ਲਿਖਦੀ ਸੀ ,ਮੇਜਿਆਦ ਅਰਬੀ ਭਾਸ਼ਾ ਦੀ ਉੱਚ ਕੋਟੀ ਦੀ ਵਿਦਵਾਨ ਸੀ।ਉਹ ਆਪਣੇ ਘਰ ਵਿੱਚ ਅਕਸਰ ਲੇਖਕਾਂ ਦੀ ਮਹਿਫਲ ਲਗਾਉਂਦੀ ਅਲੋਚਨਾ ਸਲੋਚਨਾ ਤੇ ਗੋਸ਼ਟੀਆਂ ਕਰਾਉਂਦੀ,ਤੇ ਅਖਬਾਰ ਰਾਹੀਂ ਦੂਰ  ਦੂਰ ਤੱਕ ਪੁਚਾਉਂਦੀ।
   ਅਖਬਾਰ ਵਿਚੋਂ ਹੀ ਮੇਜਿਆਦ ਨੇ ਖਲੀਲ ਨੂੰ ਪਾਇਆ।ਉਹ ਕੇਵਲ ਪੱਤਰਾਂ ਰਾਹੀਂ ਹੀ ਖਲੀਲ ਦੇ ਇੰਨਾ ਪਾਸ ਆ ਗਈ ਕਿ ਉਹ ਦੋਨੋ ਪ੍ਰੇਮ ਵਿੱਚ ਰੰਗੇ ਗਏ।ਦੋਨਾ ਨੇ ਆਪਣੇ ਜਿਹਨ ਵਿਚ ਆਪਣੇ ਪਿਆਰ ਦੇ ਮੁਜੱਸਮੇ ਆਪਣੀ ਦਿਲੀ ਕਲਪਨਾ ਅਨੁਸਾਰ ਮਨ ਚਾਹੇ ਬਣਾ ਲਏ ਸਨ।॥ਖਲੀਲ ਦੇ ਮਨ ਵਿੱਚ  ਮੇਜਿਆਦ ਦੀ ਸੂਰਤ ਸੀਰਤ ਤੇ ਸਖ਼ਸ਼ੀਅਤ ਵਿੱਚ ਇਕ ਪੂਰਬ ਦੀ ਇਸਤਰੀ ਦਾ ਸੋਲਾਂ ਕਲਾ ਸੰਪੂਰਨ ਮੁਜੱਸਮਾ ਵੱਸ ਗਿਆ ਸੀ।
       ਤੇ ਇਹ ਬਿਲਕੁਲ ਸਹੀ ਤਸਵੀਰ ਸੀ।ਮੇਜਿਆਦ ਦਾ ਚਿਤਰਣ ਕੁਝ ਐੇਸਾ ਹੀ ਸੀ ਕਿ ਮਨੁੱਖ ਤਾਂ ਕੀ ਫਰਿਸ਼ਤੇ ਵੀ ਹਸਰਤ ਕਰਨ ਲਗੇ ਕਿ 'ਕਾਸ਼! ਉਹ ਮਨੁਖ ਹੁੰਦੇ ! ਤਾਂ ਮੇਜਿਆਦ ਉਹਨਾਂ ਦੀ ਪ੍ਰੇਮਿਕਾ ਹੁੰਦੀ!
   ਖਲੀਲ ਜਿਬਰਾਨ ਦੇ ਲਿਖੇ ਅੱਖਰ ਮੇਜਿਆਦ ਦੀ ਜਿੰਦਗੀ ਦਾ ਕੇਂਦਰ ਬਣ ਗਏ ਇਸ ਤਰਾਂ ਹੀ ਮੇਜਿਆਦ ਦੇ ਖੱਤ ਖਲੀਲ ਦੀ ਜਿੰਦਗੀ ਦਾ ਅਹਿਮ ਹਿੱਸਾ ਹੋ ਗਏ।ਅੱਖਰੀ ਜਾਣ ਪਹਿਚਾਣ ਰੂਹਾਨੀ ਪ੍ਰੀਤ ਹੋ ਨਿਬੜੀ।ਕਿਥੇ ਮਿਸਰ ਤੇ ਕਿਥੇ ਅਮਰੀਕਾ-ਹਜਾਰਾਂ ਮੀਲ਼ ਦਾ ਫਾਸਲਾ ਵਿਚਕਾਰ ਸਮੁੰਦਰ ਤੇ ਰੇਗਿਸਤਾਨ ਜੋ ਉਹਨਾਂ ਨੂੰ ਰੂਬਰੂ ਨਹੀਂ ਸੀ ਹੋਣ ਦੇਂਦਾ।ਉਹਨਾਂ ਦੀ ਰੁਹਾਨੀ ਪ੍ਰੀਤ ਪੂਰੇ 21 ਸਾਲ ਰੂਹ ਤੋਂ ਰੂਹ ਤੱਕ  ਨਿਭੀ।ਇੇੰਨੇ ਸਾਲ ਵਿੱਚ ਉਹ ਇਕ ਵਾਰ ਵੀ ਨਹੀਂ ਸਨ ਮਿਲੇ ਤੇ ਨਾਂ ਹੀ ਕਦੇ ਬੋਲ ਸਾਂਝੇ ਕੀਤੇ।ਖੱਤਾਂ ਰਾਹੀਂ ਉਹ ਸਾਹੀਂ ਸਾਹ ਲੈਂਦੇ ਸਨ ਤੇ ਇਕ ਦੂਜੇ ਨੂੰ ਅੰਗ ਸੰਗ ਮਹਿਸੂਸ ਕੇ ਮੁਹੱਬਤਾਂ ਦੇ ਮੌਸਮਾਂ ਦਾ ਆਨੰਦ ਮਾਣਦੇ ਸਨ।ਇਸ ਮਿਜਾਜ਼ੀ ਪਿਆਰ ਨੂੰ 'ਅੱਖਰੀ ਪ੍ਰੀਤ'ਨਾਮ ਦੇਣਾ ਢੁੱਕਵਾਂ ਰਹੇਗਾ
         ਇਕੀ ਸਾਲ ਤੱਕ ਦੋਨਾਂ ਦੀ ਅੱਖਰੀ ਪ੍ਰੀਤ ਦਾ ਹਾਲ ਇਹ ਸੀ-
        ਤੇਰਾ  ਖ਼ਤ ਲੇ ਕੇ ਸਨਮ=ਪਾਂਵ ਕਹੀਂ ਰਖਤੇ ਹੈ ਕਹੀਂ ਪੜਤੇ ਹੈਂ ਕਦਮ''
ਖਲੀਲ ਜਿਬਰਾਨ ਦੀ ਮੌਤ (1931) ਦੀ ਖ਼ਬਰ ਸੁਣਦੇ ਹੀ ਮੇਜਿਆਦ ਗਹਿਰੇ ਸਦਮੇ ਚ ਗੁਮ ਹੋ ਗਈ।ਕੁਝ ਦੇਰ ਮੰਜੇ ਤੇ ਰਹਿਣ ਬਾਦ ਉਹ ਵੀ ਪ੍ਰਲੋਕ ਚਲੀ ਗਈ ਤੇ ਇਹ ਅੱਖਰੀ ਪ੍ਰੀਤ ਰੂਹਾਨੀ ਪ੍ਰੀਤ ਬਣ ਰੂਹ ਬ -ਰੂਹ ਹੋ ਗਈ।
      ਇਸ ਖੱਤੋ ਖਿਤਾਬਤ ਮੁਹੱਬਤ ਦੀ ਮਿਸਾਲ ਤੋਂ ਅਹਿਸਾਸ ਹੁੰਦਾ ਹੈ ਕਿ ਕਲਮ ਨਾਲ ਲਿਖੀ ਇਸ਼ਕ ਇਬਾਰਤ ਕਿੰਨੀ ਸੁਹਜਮਈ ,ਸਹਿਜਮਈ ਸੁਖਮਈ ਤੇ ਆਨੰਦਮਈ ਹੁੰਦੀ ਹੈ।ਲਿਖੀ ਹੋਈ ਮੁਹੱਬਤ ਸੁੱਚੀਆਂ ਭਾਵਨਾਂਵਾ ਵਿੱਚ ਟੁੱਬੀ ਲਾ ਕੇ ਤਾਰੀ ਹੁੰਦੀ ਹੈ। ਅਜੋਕੇ ਜਮਾਨੇ ਨੇ ਐਂਵੇ ਹੀ ਕਲਮ ਛੱਡ ਕੇ ਵਟਸਐਪ ਈਮੇਲ ਅਪਨਾ ਲਈ ।ਪਰ ਤੂੰ ਇੰਜ ਨਾਂ ਕਰੀਂ ।
     ਤੂੰ ਮੈਨੂੰ ਖ਼ਤ ਲਿਖੀਂ ૶ ਵਾਸਤਾ ਈ ਦਿਲ ਦਾ ਦਿਲ ਵਾਲਿਆ
                          ਮੈਨੂੰ ਖ਼ਤ ਲਿਖੀਂ
  ਦੁਨੀਆਦਾਰੀ ਦੇ ਝਮੇਲਿਆ ਨੂੰ ਪਾਸੇ ਰੱਖ
           ਤੂੰ ਮੈਨੂੰ ਖੱਤ ਲਿਖੀਂ
    ਸੁਣ -ਹਰੇ ਰੰਗ ਨਾਲ ਖਤ ਲਿਖ ਚਿੱਟੇ ਵਿੱਚ ਲਿਫਾਫੇ ਪਾ
          ਬਾਹਰ ਮੇਰਾ ਸਿਰਨਾਵਾਂ ਪਾ-ਤੇ ਅੰਦਰ
         ਆਪਣਾ ਸਿਰਨਾਵਾਂ ਪਾ ਇਕ ਲਿਫਾਫਾ ਨਾਲ ਪਾ
              ਚਿਪਕਾ ਕੇ ਦੋ ਟਿਕਟਾਂ ਜਾ ਡਾਕੇ ਪਾ
               ਤੇ ਮੈਨੂੰ ਪੁੱਜ ਜਾਵੇ ਮੰਗੀਂ ਦੁਆ-   
          ਵਾਸਤਾ ਈ ਪਿਆਰ ਦਾ ਪਿਆਰਿਆ
                   ਮੈਨੂੰ ਖੱਤ ਲਿਖੀ
            ਤੇਰਾ ਦੇਸ਼ ਬੇਗਾਨਾ ਮੈਂ ਨਾ ਜਾਣਾ
            ਇਸ ਦੇਸ਼ ਤੂੰ ਕਦ ਆਣਾ ਮੈਂ ਨਾ ਜਾਣਾ
              ਕਿਤੇ ਨਾਂ ਆਪਾ ਭੁੱਲ ਜਾਈਏ ਚੇਤਾ
                 ਤੂੰ ਮੈਨੂੰ ਖੱਤ ਲਿਖੀਂ
              ਵਾਸਤਾ ਈ ਦਿਲਬਰਾ ਵਟਸਐਪ ਨਾ ਭੇਜੀਂ
               ਨਾਂ ਮੁਕਣ ਦੇਵੀਂ ਖਤਾਂ ਦੇ ਮੌਸਮ ਮਹੁੱਬਤਾਂ ਦੇ ੰਮੌਸਮ
                         ਤੂੰ ਮੈਨੂੰ ਖਤ ਲਿਖੀਂ  ਖਤ ਲਿਖੀਂ૴.
ਚਲਦੇ ਚਲਦੇ-- ਲੈ ਜਾ ਲੈ ਜਾ ਵੇ ਇਕ ਹੋਰ ਸੁਨੇਹਾ ਸੋਹਣੇ ਯਾਰ ਦਾ  )
           ਮੈਂ ਆਵਾਂਗਾ ਹਨੇਰੀਆ ਦੇ ਨਾਲ
           ਦੀਵਾ ਫੇਰ ਵੀ ਤੂੰ ਬੰਨੇ ਤੇ ਬਾਲ ਰੱਖਣਾ
           ਬੜੇ ਭੁੱਖੇ ਨੇ ਲੋਕ ਤਮਾਸ਼ਿਆਂ ਦੇ
          ਕੋਈ ਤੇ ਹੁਨਰ ਕਮਾਲ ਰੱਖਣਾ॥

ਐਂਤਕੀ ਵਾਰ

ਆਓ ਇਸ ਵਾਰ ਦੀਵਾਲੀ ਅਪਨੇ ਘਰ  ਮਨਾਈਏ
 ਕਲੀ, ਚੂਨਾ, ਭਿਗੋ ਕੇ ਵਿੱਚ ਨੀਲ ਮਿਲਾਈਏ
 ਪੀਲੀ ਮਿੱਟੀ ਦੀ ਕੂਚੀ ਮਾਰ
  ਅਪਨਾ ਘਰ ਸਜਾਈਏ
 ਛੱਤ ਤੇ ਗੋਹਾ ਮਿੱਟੀ ਫੇਰ ,
ਬਨੇਰਿਆਂ ਤੇ ਦੀਵੀਆਂ ਦੀਆਂ ਪਾਲਾਂ ਲਾਈਏ,
ਭੱਜ ਭੱਜ  ਘਰ ਦੇ ਕੰਮ ਨਿਪਟਾਈਏ
ਸੌਦੇ ਪੱਤੇ ਚੋਂ ਦਸੀ,ਪੰਜੀ ਚਵਨੀ,ਅਠਨੀ,ਬਚਾਈਏ
ਤੇ ਫਿਰ ਉਹਦੀ ਕਿਸਮਤ ਪੁੜੀ ਲਾਈਏ
ਫੁੱਲਝੜੀ ਜਲਾ,ਘੁਮਾ ਘੁਮਾ
ਨਿੱਕੀ ਭੈਣ ਨੂੰ ਅੱਗੇ ਅੱਗੇ ਭਜਾਈਏ
ਆ ਅੱਜ ਅਪਨੇ ਘਰ ਦੀਵਾਲੀ ਮਨਾਈਏ
ਦਾਦੀ ਦੇ ਕੰਨ ਕੋਲ ਜਾ ਭੁਕਾਨਾ ਫਟਾਈਏ
ਬੀਜੀ ਭਾਪਾ ਜੀ ਦੀ ਮੰਜੀ ਤੇ ਬਹਿ
ਉਹ ਨਿੱਕਾ ਮਾਸੂਮ ਬੱਚਾ ਬਣ ਜਾਈਏ
ਉਸ ਅਨਭੋਲ ਜਵਾਨੀ ਚ ਝਾਤੀ ਪਾਈਏ
ਮਾਂ ਕੋਲੋਂ ਜੋ ਪੁਛਣਾ ਸੀ,ਪੁਛ ਲਈਏ
ਜੋ ਦਸਣਾ ਸੀ ਅੱਜ ਦੱਸ ਦਈਏ
ਭੁੱਲ ਗਈ ਕਹਾਣੀ ਦਾਦੀ ਦੀ ਅੱਜ ਸੁਣਨੀ ਏ
ਫੇਰ ਅੱਜ ਤਕਲੇ ਦੀ ਮਾਹਲ ਤੋੜਨੀ ਏਂ
ਨਾਂ ਪੈਸੇ ਧੇਲੇ ਦੀ ਗੱਲ,ਨਾਂ ਕੋਈ ਵੰਡ ਵੰਡਾਈ
ਤੂੰ ਮੇਰਾ ਵੱਡਾ ਵੀਰ
ਮੈਂ ਨਿੱਕੀ ਭੈਣ, ਤੇਰੀ ਮਾਂਜਾਈ
ਇਕ ਦੀਵੇ ਨਾਲ ਦੱਸ ਦੀਵੇ ਬਾਲ
ਮੋਹ ਪਿਆਰ ਦਾ ਨਿੱਘ ਵਧਾਈਏ
ਆ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ
ਕੁਝ ਪਲਾਂ ਲਈ ਗਵਾਚੇ ਚ ਗੁਮ ਜਾਈਏ...
ਆ ਇਕ ਦੀਵਾ ਦਿਲ ਵਿੱਚ ਜਗਾਈਏ
ਆਓ ਇਸ ਵਾਰ ਦੀਵਾਲੀ ਅਪਨੇ ਘਰ ਮਨਾਈਏ-----
          ਰਣਜੀਤ ਕੌਰ / ਗੁੱਡੀ ਤਰਨ ਤਾਰਨ 9780282816



ਚਲਦੇ ਚਲਦੇ-ਹਮ ਨੇ ਦੇਖਾ ਹੈ ਐਸੇ ਖੁਦਾਓਂ ਕੋ
             ਜਿਨ ਕੇ ਸਾਮਨੇ ''ਵੋ ਖੁਦਾ'' ਕੁਛ ਭੀ ਨਹੀਂ