ਚਹਿਲ ਭਾਈਚਾਰੇ ਦੇ ਮਹਾਂਪੁਰਖ ਬਾਬਾ ਜੋਗੀ ਪੀਰ ਜੀ ਚਹਿਲ - ਡਾ. ਅਮਨਦੀਪ ਕੌਰ ਚਹਿਲ
ਬਾਬਾ ਜੋਗੀ ਪੀਰ ਚਹਿਲ ਭਾਈਚਾਰੇ ਦੇ ਬਹੁ-ਚਰਚਿਤ ਮਹਾਂਪੁਰਖ ਵਜੋਂ ਜਾਣੇ ਜਾਂਦੇ ਹਨ। ਉਹਨਾਂ ਦੀ ਯਾਦ ਵਿੱਚ ਜ਼ਿਲ੍ਹਾ ਮਾਨਸਾ ਨੇੜੇ ਪਿੰਡ ਭੁਪਾਲ ਵਿਚ ਇਕ ਵੱਡੀ ਬੁਲੰਦ ਉਸਰੀ ਹੋਈ ਹੈ। ਜਿੱਥੇ ਸਾਲ ਵਿੱਚ ਦੋ ਵਾਰ ਵੱਡਾ ਮੇਲਾ ਭਰਦਾ ਹੈ। ਬਾਬਾ ਜੋਗੀ ਪੀਰ ਕੌਣ ਸਨ? ਉਹਨਾਂ ਦਾ ਜਨਮ ਅਤੇ ਕਰਮ ਭੂਮੀ ਕਿੱਥੇ ਸੀ ਅਤੇ ਕਾਰਜ ਕਾਲ ਕੀ ਸੀ, ਬਾਬਾ ਜੋਗੀਪੀਰ ਜੀ ਦਾ ਜੀਵਨ ਬਿਊਰਾ ਅਤੇ ਚਹਿਲ ਭਾਈਚਾਰੇ ਦੇ ਮੁੱਢ ਵਾਂਗ ਇਤਿਹਾਸ ਦੀਆਂ ਪਰਤਾਂ ਹੇਠ ਲੁਪਤ ਹੋਏ ਪਾਏ ਹਨ। ਪ੍ਰਸਿੱਧ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਪ੍ਰਿੰਸੀਪਲ ਜਗਜੀਤ ਸਿੰਘ ਗੁਰਨੇ ਨੇ ਦੱਸਿਆ ਕਿ ਬਾਬਾ ਜੋਗੀ ਪੀਰ ਦਾ ਨਾਮ ਜੋਗਾ ਸੀ, ਕਈਆਂ ਅਨੁਸਾਰ ‘ਜੋਗਾ ਚਹਿਲ’ ਪਰ ਨਾਮ ਬਾਰੇ ਇਹ ਧਾਰਨਾ ਪੱਕੀ ਨਹੀਂ ਜਾਪਦੀ। ਚੌਹਾਨ ਵੰਸ਼ ਦੀਆਂ 24 ਸ਼ਾਖਾਵਾਂ ਵਿੱਚ ਇੱਕ ਚਹਿਲ ਕਬੀਲੇ ਨਾਲ ਉਨ੍ਹਾਂ ਦਾ ਸੰਬੰਧ ਜੁੜਦਾ ਹੈ। ਉਸ ਦੇ ਬਜ਼ੁਰਗਾਂ ਦੇ ਅਧਿਕਾਰ ਖੇਤਰ ਵਿੱਚ ਕੁਝ ਪਿੰਡ ਸਨ ਅਥਵਾ ਉਹ ਰਾਣਾ ਪੰਧਤੀ ਦੇ ਬਹਾਦਰ ਪੁਰਸ਼ ਸਨ। ਰਾਜਪੂਤ ਪਰੰਪਰਾ ਅਤੇ ਸਮੇਂ ਦੀ ਪ੍ਰਸਥਿਤੀ ਅਨੁਸਾਰ ਬਾਲਕ ਜੋਗਾ ਨੂੰ ਯੁੱਧ ਕਲਾ ਵਿੱਚ ਨਿਪੁੰਨ ਕੁਸ਼ਲਤਾ ਪ੍ਰਦਾਨ ਕਰਨ ਦੀ ਵਿਸ਼ੇਸ਼ ਸਿਖਲਾਈ ਵੱਲ ਉਚੇਚਾ ਧਿਆਨ ਦਿੱਤਾ ਗਿਆ। ਸਮੇਂ ਦੀ ਬੀਰਤਾ ਦਾ ਹਾਣੀ ਹੋਣ ਲਈ ਘੋੜ ਸਵਾਰੀ ਅਤੇ ਘੋੜੇ ਤੇ ਚੜ ਕੇ ਬਰਛੀ ਯੁੱਧ ਕਰਨ ਵਿਚ ਜੋਗੇ ਦਾ ਕੋਈ ਸਾਨੀ ਨਹੀਂ ਸੀ। ਘੋੜੇ ਦੇ ਨਾਲ ਕਾਲਾ ਕੁੱਤਾ ਉਸਦਾ ਸਾਥ ਨਿਭਾਉਂਦਾ ਸੀ।
ਇਕ ਹੋਰ ਵਿਚਾਰ ਦੇ ਅਨੁਸਾਰ ਬਾਬਾ ਜੋਗੀ ਪੀਰ ਦੀ ਸਾਖੀ ਕਰੀਬ 700 ਸਾਲ ਪੁਰਾਣੀ ਲੱਗਭੱਗ ਸੰਨ 1300 ਦੀ ਹੈ। ਜਦੋਂ ਦੇਸ਼ ਛੋਟੇ-ਛੋਟੇ ਰਜਵਾੜਿਆਂ ਵਿੱਚ ਵੰਡਿਆ ਹੋਇਆ ਸੀ। ਚਹਿਲ ਵੰਸ਼ ਦੀ ਆਪਣੀ ਰਿਆਸਤ ਸੀ। ਜਿੱਥੇ ਅੱਜ ਕੱਲ੍ਹ ਮਾਲਵੇ ਦਾ ਜ਼ਿਲ੍ਹਾ ਮਾਨਸਾ ਹੈ। ਚਾਹਿਲਾਂ ਦਾ ਮੁੱਢ (ਪਿੱਛਾ) ਪਿੰਡ ਰੱਲਾ ਅਤੇ ਜੋਗਾ ਜ਼ਿਲ੍ਹਾ ਮਾਨਸਾ ਹੈ। ਚਹਿਲਾਂ ਦੀ ਰਿਆਸਤ ਨਾਲ ਪਠਾਣਾਂ ਦੀਆਂ ਤਿੰਨ ਰਿਆਸਤਾਂ ਲੱਗਦੀਆਂ ਹਨ। ਬਾਬਾ ਜੋਗੀ ਪੀਰ ਜੀ ਦੇ ਪਿਤਾ ਜੀ ਦਾ ਨਾਮ ਵਿਜੇ ਪਾਲ ਜੀ ਅਤੇ ਦਾਦਾ ਜੀ ਦਾ ਨਾਮ ਰਾਣਾ ਘੰਗ ਸੀ। ਵਿਜੇ ਪਾਲ ਜੀ ਨੂੰ ਭਰਾਵਾਂ ਨੇ ਰਾਜਾ ਭਾਗ ਦਾ ਹਿੱਸਾ ਨਾ ਦਿੱਤਾ ਤੇ ਵਿਜੇ ਪਾਲ ਜੀ ਇੱਕ ਫਕੀਰ ਜੋ ਪ੍ਰਮਾਤਮਾ ਦਾ ਰੂਪ ਸੀ ਤੇ ਪਾਸ ਜਾ ਕੇ ਰਹਿਣ ਲੱਗ ਪਿਆ। ਉਹ ਫਕੀਰ ਕੋਲ ਇੰਦਰਪੁਰੀ ਦੀਆਂ ਪਰੀਆਂ ਆ ਕੇ ਤਲਾਬ ਵਿੱਚ ਇਸ਼ਨਾਨ ਕਰਕੇ ਜਾਂਦੀਆਂ ਸਨ। ਇੱਕ ਵਾਰ ਬਾਕੀ ਪਰੀਆਂ ਵਾਪਸ ਚਲੀਆਂ ਗਈਆਂ ਤੇ ਇਕ ਪਰੀ ਫਕੀਰ ਦੇ ਆਸ਼ਰਮ ਵਿੱਚ ਹੀ ਰਹਿ ਗਈ। ਵਿਜੇ ਪਾਲ ਰਾਜੇ ਦਾ ਪੁੱਤਰ ਸੀ। ਫਕੀਰ ਨੇ ਪਰੀ ਦੀ ਸਹਿਮਤੀ ਨਾਲ ਉਸ ਦੀ ਸ਼ਾਦੀ ਰਾਜੇ ਦੇ ਪੁੱਤਰ ਵਿਜੇ ਪਾਲ ਨਾਲ ਕਰਵਾ ਦਿੱਤੀ ਅਤੇ ਵਿਜੇ ਪਾਲ ਨੂੰ ਉਸ ਦਾ ਰਾਜ ਭਾਗ ਭਰਾਵਾਂ ਤੋਂ ਵਾਪਿਸ ਕਰਵਾ ਦਿੱਤਾ। ਵਿਜੇ ਪਾਲ ਜੀ ਦੇ ਘਰ ਚੇਤ ਦੀ ਮੱਸਿਆ ਤੋਂ ਚਾਰ ਦਿਨ ਬਾਅਦ ਉਸ ਪਰੀ ਦੀ ਕੁੱਖ ਤੋਂ ਬਾਬਾ ਜੋਗੀ ਪੀਰ ਜੀ ਦਾ ਜਨਮ ਹੋਇਆ। ਆਪ ਜੀ ਦਾ ਬਚਪਨ ਦਾ ਨਾਮ ਰਾਣਾ ਜੋਗਾ ਸੀ। ਜਦ ਆਪ ਦੀ ਉਮਰ 10 ਸਾਲ ਹੋਈ ਤਾਂ ਆਪ ਮੁੰਡਿਆਂ ਨਾਲ ਖੇਡਣ ਚਲੇ ਜਾਂਦੇ। ਇਕ ਵਾਰ ਆਪ ਮਾਲ ਡੰਗਰ ਚਾਰਨ ਵਾਸਤੇ ਗਏ ਤੇ ਇੱਕ ਦਰੱਖ਼ਤ ਹੇਠ ਸੌ ਗਏ। ਸਮੇਂ ਨਾਲ ਦਰੱਖਤਾਂ ਦੇ ਪਰਛਾਵੇਂ ਭੌਂ ਗਏ ਪਰ ਜਿਸ ਰੁੱਖ ਥੱਲੇ ਬਾਬਾ ਜੀ ਸੁੱਤੇ ਸਨ, ਉਸ ਰੁੱਖ ਦੀ ਛਾਂ ਬਾਬਾ ਜੀ ਦੇ ਉੱਪਰ ਹੀ ਰਹੀ। ਰਾਣਾ ਜੋਗੀ ਜੀ (ਬਾਬਾ ਜੋਗੀ ਪੀਰ ਜੀ) ਨੇ ਜਦੋਂ ਆਪਣੇ ਰਾਜ ਦੀ ਵਾਗਡੌਰ ਸੰਭਾਲੀ ਤਾਂ ਆਪ ਜੀ ਨੇ ਪਠਾਣਾਂ ਨੂੰ ਮਾਮਲਾ ਦੇਣਾ ਬੰਦ ਕਰ ਦਿੱਤਾ ਤੇ ਆਪਣੀ ਇੱਕ ਨਿਪੁੰਨ ਫੌਜ ਤਿਆਰ ਕਰ ਲਈ। ਆਪ ਜੀ ਸੁਚੱਜੇ ਢੰਗ ਨਾਲ ਰਾਜ ਕਰਨ ਲੱਗ ਪਏ। ਆਪ ਜੀ ਚਹਿਲਾਂ ਦੇ ਪਿੰਡ ਵਿੱਚ ਜਾ ਕੇ ਚਹਿਲ ਦੇ ਦੁੱਖ ਸੁਣਦੇ ਜੋ ਚਹਿਲ ਦੂਰ ਦੁਰਾਡੇ ਜਾ ਕੇ ਵੱਸ ਗਏ ਸੀ ਆਪ ਜੀ ਉਨ੍ਹਾਂ ਕੋਲ ਵੀ ਜਾਂਦੇ ਤੇ ਚਹਿਲ ਢੋਲ ਨਗਾਰਿਆਂ ਨਾਲ ਆਪ ਜੀ ਦਾ ਸਵਾਗਤ ਕਰਦੇ। ਆਪ ਜੀ ਨੇ ਵਚਨ ਕੀਤਾ ਸੀ ਕਿ ਚਹਿਲਾਂ ਦੇ ਘਰ ਕਾਲੇ ਅਤੇ ਕਾਣੇ ਬੱਚੇ ਪੈਦਾ ਨਹੀਂ ਹੋਣਗੇ, ਜੇਕਰ ਚਹਿਲ ਆਪਣੇ ਘਰ ਹੋਰ ਕਿਸੇ ਜਾਤੀ ਦੀਆਂ ਔਰਤਾਂ ਨਹੀਂ ਰੱਖਣਗੇ।
ਪਠਾਣ ਰਿਆਸਤਾਂ ਦੇ ਰਾਜੇ ਰਾਣਾ ਜੋਗਾ ਜੀ ਨਾਲ, ਮਾਮਲੇ ਬੰਦ ਕਰ ਦੇਣ ਕਾਰਨ ਵੈਰ ਰੱਖਦੇ ਸਨ ਤੇ ਆਪਣੀ ਫੌਜੀ ਤਿਆਰੀ ਵੀ ਕਰ ਰਹੇ ਸਨ ਤੇ ਬਾਬਾ ਜੀ ਨੂੰ ਧੋਖੇ ਨਾਲ ਫੜਨਾ ਚਾਹੁੰਦੇ ਸਨ ਪਰ ਕਾਮਯਾਬ ਨਾ ਹ ਸਕੇ। ਤਿੰਨੋਂ ਪਠਾਣੀ ਰਿਆਸਤਾਂ ਰਲ ਕੇ ਵੀ ਬਾਬਾ ਜੀ ਨਾਲ ਜੰਗ ਦੇ ਮੈਦਾਨ ਵਿੱਚ ਟੱਕਰ ਲੈਣ ਤੋਂ ਡਰਦੇ ਸਨ। ਪਠਾਣੀ ਰਾਜਿਆਂ ਨੇ ਤਿੰਨ ਲੱਖ ਰੁਪਏ ਰਾਜਾ ਤਿਸੂਰ ਲੰਗ ਨੂੰ ਦੇ ਕੇ ਫੌਜੀ ਇਮਦਾਦ ਲੈਣ ਲਈ ਰਾਜੀ ਕਰ ਲਿਆ। ਪਠਾਣੀ ਰਿਆਸਤਾਂ ਦੇ ਜਰਨੈਲ ਨਜਾਕਤ ਖਾਂ, ਹਲਪਤ ਖਾਂ, ਮਾਦੂਖ ਅਤੇ ਭੱਟੀ ਖਾਨ ਦਾ ਜਵਾਈ ਰੁਸਤਮ ਖਾਂ ਨੇ ਆਪਣੀਆਂ ਫੌਜਾਂ ਨਾਲ ਚਹਿਲ ਦੀ ਰਿਆਸਤ ਤੇ ਚੜਾਈ ਕਰ ਦਿੱਤੀ। ਇਧਰ ਰਾਣਾ ਜੰਗ ਜੀ ਆਪਣੇ ਜਰਨੈਲਾਂ ਮਾਹਰੀ ਚੰਦ ਤੇ ਫੱਤਾ ਸਮੇਤ ਆਪਣੀ ਫੌਜ ਲੈ ਕੇ ਜੰਗ ਦੇ ਮੈਦਾਨ ਵਿੱਚ ਆ ਗਏ। ਇੱਕ ਪਾਸੇ ਚਾਰ ਰਿਆਸਤਾਂ ਦੀਆਂ ਫੌਜਾਂ ਤੇ ਇੱਕ ਪਾਸੇ ਚਹਿਲ ਦੀ ਫੌਜ, ਘਮਸਾਨ ਦਾ ਯੁੱਧ ਹੋਇਆ, ਲਾਸ਼ਾਂ ਦੇ ਢੇਰ ਲੱਗ ਗਏ, ਧਰਤੀ ਲਹੂ ਨਾਲ ਰੰਗੀ ਗਈ, ਸੂਰਮੇ ਵੱਧ ਚੜ੍ਹ ਕੇ ਲੜ ਰਹੇ ਸਨ। ਇਸ ਦੌਰਾਨ ਰਾਣਾ ਜੋਗਾ ਜੀ ਲੜਦੇ-ਲੜਦੇ ਦੁਸ਼ਮਣ ਫੌਜਾਂ ਦੇ ਘੇਰੇ ਵਿੱਚ ਆ ਗਏ। ਕਿਸੇ ਸੂਰਮੇ ਦੀ ਤਲਵਾਰ ਨਾਲ ਰਾਣਾ ਜੋਗਾ ਜੀ ਦਾ ਸੀਸ ਲੱਥ ਗਿਆ। ਰਾਣਾ ਜੋਗਾ ਜੀ ਇੰਨੇ ਜੋਸ਼ ਨਾਲ ਲੜ ਰਹੇ ਸਨ ਕਿ ਉਨ੍ਹਾਂ ਦਾ ਧੜ ਬਿਨਾਂ ਸੀਸ ਤੋਂ ਹੀ ਲੜਨ ਲੱਗ ਪਿਆ, ਇਹ ਦੇਖ ਕੇ ਦੁਸ਼ਮਣ ਫੌਜਾਂ ਮੈਦਾਨ ਛੱਡ ਕੇ ਭੱਜ ਨਿਕਲੀਆਂ। ਪਠਾਣ ਭੱਜੇ ਜਾਂਦੇ ਕਹਿ ਰਹੇ ਸਨ, “ ਜੋਗਿਆ ਨਾ ਮਾਰੀ ਅਸੀਂ ਤੈਨੂੰ ਪੀਰ ਕਰਕੇ ਮੰਨਾਂਗੇ, ਨਾ ਮਾਰੀ। ‘‘ਤੂੰ ਸਾਡਾ ਪੀਰ ਪੀਰ” ਕਹੇ ਕੇ ਭੱਜ ਰਹੇ ਸਨ। ਇਸ ਕਰਕੇ ਰਾਣਾ ਜੋਗਾ ਜੀ ਨੂੰ ਬਾਬਾ ਜੋਗੀ ਪੀਰ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਸ ਜੰਗ ਤੋਂ ਬਾਅਦ ਬਹੁਤ ਸਾਰੇ ਪਠਾਣ ਚਹਿਲ ਦੇ ਅਧੀਨ ਹੋ ਗਏ।
ਕੁਝ ਇਤਿਹਾਸਕਾਰਾਂ ਅਨੁਸਾਰ ਚਹਿਲ ਗੋਤ ਦੇ ਲੋਕ ਅਜਮੇਰ ਤੇ ਹਿਸਾਰ ਦੇ ਗੜ੍ਹ ਦਰੇੜੇ ਵਾਲੇ ਚੌਹਾਨਾਂ ਦੀ ਇਕ ਸ਼ਾਖ ਹੈ। ਇਹ ਪੰਜਾਬ ਵਿੱਚ ਬਾਰਵੀਂ ਸਦੀ ਦੇ ਆਰੰਭ ਵਿੱਚ ਆਏ। ਚਹਿਲ ਰਾਜੇ ਚਾਹੋ ਦੀ ਬੰਸ ਵਿਚੋਂ ਸੀ। ਮਿਸਟਰ ਫਾਗਨ ਅਨੁਸਾਰ ਇਹ ਬੀਕਾਨੇਰ ਖੇਤਰ ਦੇ ਮੂਲ ਵਸਨੀਕ ਬਾਗੜੀ ਹਨ। ਇਕ ਹੋਰ ਰਵਾਇਤ ਅਨੁਸਾਰ ਇਹ ਤੰਵਰ ਬੰਸ ਦੇ ਰਾਜਾ ਰਿੱਖ ਦੀ ਵੰਸ਼ ਵਿਚੋਂ ਹਨ। ਇਹ ਦੱਖਣ ਤੋਂ ਆ ਕੇ ਕਹਿਲੂਰ ਵਿਖੇ ਵਸ ਗਏ। ਰਿਖ ਪੁੱਤਰ ਨੇ ਇਕ ਪਰੀ ਵਰਗੀ ਜੱਟੀ ਨਾਲ ਵਿਆਹ ਕਰਾ ਲਿਆ ਅਤੇ ਬਠਿੰਡੇ ਦੇ ਖੇਤਰ ਵਿੱਚ ਵਸਦੇ ਪਿੰਡ ਮੱਤੀ ਵਿਖੇ ਵਸਕੇ ਚਹਿਲ ਗੋਤ ਦਾ ਮੋਢੀ ਬਣਿਆ। ਚਹਿਲ ਗੋਤ ਦੀਆਂ ਕੁੜੀਆਂ ਬਹੁਤ ਸੁੰਦਰ ਹੁੰਦੀਆਂ ਹਨ ਅਤੇ ਕਿਹਾ ਜਾਂਦਾ ਹੈ ਕਿ ਬਾਬਾ ਜੀ ਦੇ ਵਰਦਾਨ ਨਾਲ ਬੇ-ਔਲਾਦ ਵੀ ਨਹੀਂ ਰਹਿੰਦੀਆਂ।
ਅਸਲ ਵਿੱਚ ਚਹਿਲ ਗੋਤ ਦਾ ਮੋਢੀ ਚਹਿਲ ਸ੍ਰੀ ਰਾਮ ਚੰਦਰ ਦੇ ਪੁੱਤਰ ਕਸ਼ੂ ਦੀ ਵੰਸ਼ ਵਿਚੋਂ ਹੈ। ਇਹ ਸੂਰਜਵੰਸ਼ੀ ਹਨ। ਐਚ.ਰੋਜ਼ ਨੇ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਲਿਖਿਆ ਹੈ ਕਿ ਸੂਰਜਵੰਸ਼ੀ ਰਾਜਾ ਅਗਰਸੈਨ ਦੇ ਚਾਰ ਪੁੱਤਰ ਸਨ। ਜਿਨ੍ਹਾਂ ਦੀ ਔਲਾਦ ਛੀਨੇ, ਚੀਮੇ, ਸ਼ਾਹੀ ਤੇ ਚਹਿਲ ਜੱਟ ਹਨ। ਸੋਹੀ ਤੇ ਲੱਖੀ ਆਦਿ ਛੋਟੇ ਗੋਤ ਵੀ ਚਹਿਲ ਭਾਈਚਾਰੇ ਨਾਲ ਰਲਦੇ ਹਨ। ਚੀਮੇ ਵੀ ਚੌਹਾਨ ਵੰਸ਼ ਵਿਚੋਂ ਹਨ। ਸੰਤ ਵਿਸਾਖਾ ਸਿੰਘ ਚਹਿਲਾਂ ਨੂੰ ਚੌਹਾਨਾਂ ਦੀ ਕੌਲੀਸ਼ਾਖਾ ਵਿਚੋਂ ਮੰਨਦਾ ਹੈ। ਇਹ ਠੀਕ ਹੀ ਲੱਗਦਾ ਹੈ। ਉਸ ਨੇ ਆਪਣੀ ਕਿਤਾਬ ‘ਮਾਲਵਾ ਇਤਿਹਾਸ’ ਵਿੱਚ ਲਿਖਿਆ ਹੈ ਕਿ ਚੌਹਾਨ ਵੰਸ਼ ਦੇ ਘੱਗ ਦੀ ਛੇਵੀਂ ਪੀੜ੍ਹੀ ਵਿੱਚ ਚਹਿਲ ਹੋਇਆ ਉਸ ਦਾ ਲਾਉਂ ਤੇ ਚਹਿਲ ਗੋਤ ਪ੍ਰਸਿੱਧ ਹੋਇਆ। ਉਸ ਦੀ ਚੌਥੀ ਪੀੜ੍ਹੀ ਵਿੱਚ ਵੈਰਸੀ ਹੋਇਆ। ਉਸ ਦੇ ਦੋ ਵਿਆਹ ਸਨ। ਇੱਕ ਦਾ ਪੁੱਤਰ ਰੱਲਾ ਸੀ ਜਿਸ ਨੇ ਰੱਲਾ ਵਸਾਇਆ। ਜਿਸ ਤੋਂ ਚਹਿਲਾਂ ਦੇ ਕਈ ਪਿੰਡ ਬੱਝੇ। ਰੱਲੇ ਨੂੰ ਉਸ ਦੇ ਭਤੀਜੇ ਜੁਗਰਾਤ ਨੇ ਮਾਰ ਕੇ ਆਪਣੇ ਪਿਤਾ ਦਾ ਵੈਰ ਲਿਆ। ਨਵਾਂ ਪਿੰਡ ਜੋਗਾ ਆਪਣੇ ਨਾਮ ਉਤੇ ਵਸਾਇਆ। ਕਿਸੇ ਸਮੇਂ ਪੰਜ ਪਾਂਡੋ ਸਮੇਤ ਦਰੋਪਤੀ ਜੋਗੇ ਦੇ ਖੇਤਰ ਵਿੱਚ ਆਏ ਸਨ। ਚਹਿਲ ਜੋਗੀਆਂ ਦਾ ਚੇਲਾ ਸੀ। ਉਸ ਸਮੇਂ ਪੰਜਾਬ ਵਿੱਚ ਜੋਗੀਆਂ-ਸਿੱਧਾਂ ਦਾ ਬੋਲਬਾਲਾ ਸੀ। ਜੋਗੀ ਲੋਕ ਵੀ ਬੁੱਧ ਧਰਮ ਦੀ ਇੱਕ ਸ਼ਾਖਾ ਹਨ। ਇਨ੍ਹਾਂ ਵਿਚੋਂ ਇੱਕ ਸਿੱਧ ‘ਜੋਗੀਪੀਰ’ ਹੋਇਆ ਹੈ ਜਿਸ ਨੂੰ ਸਭ ਚਹਿਲ ਮੰਨਦੇ ਹਨ। ਜਿਥੇ ਵੀ ਚਹਿਲਾਂ ਦਾ ਕੋਈ ਪਿੰਡ ਹੈ, ਉਥੇ ਜੋਗੀ ਪੀਰ ਦੀ ਮਾੜ੍ਹੀ ਵੀ ਹੈ।
ਸ਼ੇਖੂਪੁਰ ਜਿਲ੍ਹੇ ਵਿੱਚ ਮੁਸਲਮਾਨ ਚਹਿਲਾਂ ਦਾ ਇੱਕ ਪਿੰਡ ਮਾੜੀ ਹੈ ਜਿਥੇ ਜੋਗੀ ਪੀਰ ਦੀ ਮਾੜੀ ਵੀ ਕਾਇਮ ਹੈ। ਮੋਗੇ ਦੇ ਇਲਾਕੇ ਵਿੱਚ ਕਿਲੀ ਚਹਿਲਾਂ ਵਿੱਚ ਵੀ ਜਠੇਰੇ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਫਰੀਦਕੋਟ ਦੇ ਪਾਸ ਵੀ ਚਹਿਲ ਪਿੰਡ ਹੈ। ਪੰਜਾਬ ਵਿੱਚ ਚਹਿਲ ਨਾਮ ਦੇ ਕਈ ਪਿੰਡ ਚਹਿਲ ਭਾਈਚਾਰੇ ਦੇ ਹੀ ਹਨ। ਇਨ੍ਹਾਂ ਸਾਰੇ ਚਹਿਲਾਂ ਦਾ ਮੁੱਢ ਮਾਨਸਾ ਦਾ ਖੇਤਰ ਜੋਗਾ-ਰੱਲਾ ਹੀ ਹੈ। ਮਾਨਸਾ ਵਿੱਚ ਚਹਿਲਾਂ ਦੇ ਵਿੱਚ ਦਲਿਉ, ਔਲਖ ਤੇ ਸੇਖੋਂ ਗੈਂਡੇ ਚਹਿਲ ਦੇ ਸਮੇਂ ਲੁਧਿਆਣੇ ਦੇ ਖੇਤਰ ਵਿਚੋਂ ਆਏ। ਮਾਨਸਾ ਵਿੱਚ ਚਹਿਲ ਤੇ ਦੰਦੀਵਾਲ ਚੌਹਾਨ ਬਾਰਵੀਂ ਸਦੀ ਵਿੱਚ ਆਏ ਸਨ। ਮਾਨ ਸਭ ਤੋਂ ਪਹਿਲਾਂ ਆਏ ਸਨ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ1665 ਈਸਵੀਂ ਵਿੱਚ ਭੀਖੀ ਦੇ ਇਲਾਕੇ ਵਿੱਚ ਆਏ ਉਸ ਸਮੇਂ ਇਸ ਇਲਾਕੇ ਵਿੱਚ ਗੈਂਡੇ ਤੇ ਦੇਸੂ ਚਹਿਲ ਦੀ ਚੌਧਰ ਸੀ। ਇਹ ਸੁਲਤਾਨੀਆਂ ਪਰਿਵਾਰ ਸੀ। ਚਹਿਲ ਭਾਈਚਾਰੇ ਦੇ ਬਹੁਤੇ ਲੋਕ ਸੁਖੀ ਸਰਵਰ ਦੇ ਚੇਲੇ ਸਨ। ਮਾਲਵੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਦੀ ਫੇਰੀ ਸਮੇਂ ਹੀ ਗੈਂਡੇ ਸਮੇਤ ਚਹਿਲਾਂ ਨੇ ਸਿੱਖੀ ਧਾਰਨ ਕੀਤੀ।
ਕੁਝ ਚਹਿਲ ਸੰਗਰੂਰ, ਮੋਗਾ, ਲੁਧਿਆਣਾ, ਦੁਆਬਾ ਤੇ ਮਾਝੇ ਦੇ ਖੇਤਰਾਂ ਵਿੱਚ ਦੂਰ-ਦੂਰ ਤੱਕ ਚਲੇ ਗਏ। ਮਾਝੇ ਤੋਂ ਅੱਗੇ ਪੱਛਮੀ ਪੰਜਾਬ ਵਿੱਚ ਵੀ ਕਾਫੀ ਚਲੇ ਗਏ। ਭੁੱਲਰ, ਚਹਿਲ ਅਤੇ ਕਾਹਲੋਂ ਜੱਟ ਮਾਲਵਾ, ਧਾਰ ਅਤੇ ਦੱਖਣ ਨੂੰ ਆਪਣਾ ਮੁੱਢਲਾ ਘਰ ਕਹਿੰਦੇ ਹਨ। ਅੰਮ੍ਰਿਤਸਰ ਦੇ ਚਹਿਲਾਂ ਅਨੁਸਾਰ ਚਹਿਲ ਸੂਰਜ ਵੰਸੀ ਰਾਜਾ ਖਾਂਗ ਦੀ ਵੰਸ਼ ਵਿਚੋਂ ਹਨ। ਪਹਿਲਾਂ ਪਹਿਲ ਉਹ ਦਿੱਲੀ ਪਾਸ ਕੋਟ ਗਡਾਨਾ ਵਸੇ ਅਤੇ ਫਿਰ ਪੱਖੀ ਚਹਿਲਾਂ ਅੰਬਾਲੇ ਵੱਲ ਆਏ। ਫਿਰ ਹੌਲੀ-ਹੌਲੀ ਮਾਲਵੇ ਦੇ ਇਲਾਕੇ ਜੋਗਾ ਰੱਲਾ ਵਿੱਚ ਪਹੁੰਚ ਗਏ ਸਨ। ਸੰਗਰੂਰ ਦੇ ਇਲਾਕੇ ਵਿਚ ਖੇੜੀ ਚਹਿਲਾਂ, ਖਿਆਲੀ, ਘਨੌਰੀਕਲਾਂ, ਲਾਡ ਬਨਜਾਰਾ, ਕਰਮਗੜ੍ਹ ਆਦਿ ਕਈ ਪਿੰਡਾਂ ਵਿੱਚ ਚਹਿਲ ਗੋਤਦੇ ਲੋਕ ਵੱਸਦੇ ਹਨ। ਫਤਿਹਗੜ੍ਹ ਦੇ ਅਮਲੋਹ ਖੇਤਰ ਵਿਚ ਚਹਿਲਾਂ ਪਿੰਡ ਵੀ ਚਹਿਲ ਭਾਈਚਾਰੇ ਦਾ ਹੈ। ਹੁਣ ਚਹਿਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਹਰਿਆਣੇ ਤੇ ਰਾਜਸਥਾਨ ਵਿੱਚ ਵੀ ਕੁਝ ਚਹਿਲ ਹਿੰਦੂ-ਜਾਟ ਹਨ। ਪੱਛਮੀ ਪੰਜਾਬ ਵਿੱਚ ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ ਤੇ ਮਿੰਟਗੁਮਰੀ ਤੱਕ ਵੀ ਚਹਿਲ ਗੋਤਦੇ ਲੋਕ ਚਲੇ ਗਏ। ਚਹਿਲ ਗੋਤ ਜੱਟਾਂ ਦੇ ਵੱਡੇ ਗੋਤਾਂ ਵਿਚੋਂ ਹੈ। ਚਹਿਲ ਕਬੀਲੇ ਦੇ ਲੋਕ ਸਿਆਣੇ ਤੇ ਮਨਮਤੇ ਹੁੰਦੇ ਹਨ। ਕਿਸੇ ਦੇ ਪਿੱਛੇ ਘੱਟ ਲੱਗਦੇ ਹਨ। ਪੰਜਾਬ ਵਿੱਚ ਸਾਰੇ ਚਹਿਲ ਜੱਟ ਸਿੱਖ ਹਨ।
ਇਕ ਹੋਰ ਲਿਖਤ ਦੇ ਅਨੁਸਾਰ ਚਹਿਲ ਈਰਾਨ ਵਿੱਚੋਂ ਪੰਜਵੀਂ ਸਦੀ ਵਿੱਚ ਭਾਰਤ ਆਏ ਸਨ। ਪੰਜਾਬ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਤੇ ਰਾਜਸਥਾਨ ਵਿੱਚ ਵਸਦੇ ਸਨ। ਚਹਿਲ ਮਨਮਤੇ ਤੇ ਸੰਜਮੀ ਜੱਟ ਹਨ। ਇਹਨਾਂ ਦਾ ਮੁੱਢਲਾ ਘਰ ਵੀ ਕੈਸਪੀਅਨ ਸਾਗਰ ਦਾ ਪੂਰਬੀ ਖੇਤਰ ਸੀ।
ਸਾਰੇ ਚਹਿਲ ਹੀ ਬਾਬਾ ਜੋਗੀ ਪੀਰ ਨੂੰ ਆਪਣਾ ਜਠੇਰਾ ਮੰਨਦੇ ਹਨ। ਸਾਲ ਵਿੱਚ ਦੋ ਵਾਰ ਚੇਤਰ ਅਤੇ ਭਾਦਰੋਂ ਦੇ ਮਹੀਨੇ ਦੀ ਚਾਨਣੀ ਤੀਜ, ਚੌਥ ਤੇ ਪੰਚਮੀ ਦੇ ਦਿਨ ਬਾਬਾ ਜੋਗੀ ਪੀਰ ਦਾ ਯਾਦ ਵਿੱਚ ਮਾਨਸਾ ਜਿਲ੍ਹੇ ਦੇ ਪਿੰਡ ਭੁਪਾਲ ਵਿਚ ਬਹੁਤ ਭਾਰੀ ਮੇਲਾ ਲੱਗਦਾ ਹੈ। ਲਗਭਗ ਪੰਜ ਸੌਂ ਸਾਲਾ ਪਹਿਲਾਂ ਰਾਜਸਥਾਨ ਦੇ ਚਹਿਲ ਭਾਈਚਾਰੇ ਨੇ ਬਾਬਾ ਜੋਗੇ ਦੀ ਮਿੱਟੀ ਲਿਆ ਕੇ ਉਸਦੀ ਸਮਾਧ ਬਣਾ ਦਿੱਤੀ, ਜਿਸ ਕਰਕੇ ਬਾਬੇ ਦਾ ਨਾਮ ਜੋਗੇ ਤੋਂ ਜੋਗੀ ਪੀਰ ਹੋ ਗਿਆ। ਇਥੇ ਬਾਬੇ ਦੀ ਇਕ ਬੁਲੰਦ ਬਣੀ ਹੋਈ ਹੈ। ਇਹ ਬੁਲੰਦ ਦੇ ਬਣਾਉਣ ਬਾਰੇ ਕਿਹਾ ਜਾਂਦਾ ਹੈ ਕਿ ਇਕ ਵਾਰ ਬੀਕਾਨੇਰ ਦਾ ਇਕ ਸ਼ਾਹੂਕਾਰ ਜਿਸ ਦੇ ਘਰ ਕੋਈ ਔਲਾਦ ਨਹੀਂ ਸੀ, ਦੇਵੀ ਮਾਤਾ ਦੇ ਮੰਦਰ ਸੁੱਖਣਾ ਸੁੱਖਣ ਲਈ ਕਾਫੀ ਸੰਗਤਾਂ ਸਮੇਤ ਪਹਾੜਾਂ ਵੱਲ ਜਾ ਰਿਹਾ ਸੀ। ਜਦ ਇਹ ਕਾਫਲਾ ਚੱਲਦਾ-ਚੱਲਦਾ ਇਸ ਅਸਥਾਨ ਨੇੜਿਓਂ ਲੰਘ ਰਿਹਾ ਸੀ ਤਾਂ ਸੁੱਕੀ ਥਾਂ ਹੀ ਗੱਡੀਆਂ ਖੁੱਭ ਗਈਆਂ। ਇਹ ਕੌਤਕ ਦੇਖ ਸਾਰੀ ਸੰਗਤ ਹੈਰਾਨ ਹੋ ਗਈ। ਇਸ ਦੌਰਾਨ ਸ਼ਾਹੂਕਾਰ ਨੂੰ ਅਵਾਜ਼ ਆਈ ਕਿ ਤੁਹਾਨੂੰ ਅੱਗੇ ਜਾਣ ਦੀ ਲੋੜ ਨਹੀਂ, ਤੁਹਾਡੀ ਸੁੱਖਣਾ ਇੱਥੇ ਹੀ ਪੂਰੀ ਹੋ ਜਾਵੇਗੀ ਤੇ ਗੱਡੀਆਂ ਵੀ ਤੁਰ ਪੈਣਗੀਆਂ। ਬਾਬਾ ਜੋਗੀਪੀਰ ਜੀ ਨੇ ਸ਼ਾਹੂਕਾਰ ਨੂੰ ਕਿਹਾ ਕਿ ਰਾਤ ਇੱਥੇ ਕੱਟੋ, ਨੀਵੇਂ ਥਾਂ ਤੋਂ ਢੀਮ੍ਹ ਪੁੱਟੋ ਪਾਣੀ ਦਾ ਸੋਮਾ ਨਿਕਲ ਆਵੇਗਾ ਅਤੇ ਸਾਡੀ ਨਿਸ਼ਾਨੀ ਇੱਥੇ ਬਣਾਉ। ਸ਼ਾਹੂਕਾਰ ਨੇ ਇਸ ਤਰ੍ਹਾਂ ਹੀ ਕੀਤਾ। ਸਮਾਂ ਪਾ ਕੇ ਸ਼ਾਹੂਕਾਰ ਦੇ ਘਰ ਪੁੱਤਰ ਪੈਦਾ ਹੋਇਆ। ਸ਼ਾਹੂਕਾਰ ਨੇ ਬਾਬਾ ਜੀ ਦਾ ਪੱਕਾ ਮੰਦਰ ਬਣਵਾਇਆ। ਬਾਅਦ ਵਿਚ ਪਟਿਆਲੇ ਵਾਲੀ ਮਹਾਰਾਣੀ ਨੇ ਵੀ ਘਰ ਬੱਚਾ ਨਾ ਹੋਣ ’ਤੇ ਸੁੱਖ ਸੁੱਖੀ ਕਿ ਬਾਬਾ ਜੋਗੀ ਪੀਰ ਜੀ ਮੇਰੇ ਘਰ ਬੱਚਾ ਹੋਵੇ ਤਾਂ ਮੈਂ ਤੇਰੇ ਮੰਦਰ ਦੀ ਸੇਵਾ ਕਰਾਂਗੀ। ਰਾਣੀ ਦੇ ਘਰ ਪੁੱਤਰ ਹੋਣ ’ਤੇ ਤਿੰਨ ਮੰਜ਼ਿਲਾਂ ਬੁਲੰਦ ਦੀ ਸੇਵਾ ਕਰਵਾਈ। ਇਸ ਬੁਲੰਦ ਨੂੰ ਪਟਿਆਲੇ ਦੇ ਰਾਜੇ ਨੇ ਰਾਜਸਥਾਨੀ ਸ਼ੈਲੀ ਅਤੇ ਛੋਟੀਆਂ ਇੱਟਾਂ ਨਾਲ ਬੜੀ ਖ਼ੂਬਸੂਰਤੀ ਨਾਲ ਬਣਾਇਆ। ਇਸ ਨੂੰ ‘ਬਾਬੇ ਦੇ ਬੁਲੰਦ’ ਆਖਿਆ ਜਾਂਦਾ ਹੈ। ਇਸ ਬੁਲੰਦ ’ਤੇ ਲੋਕ ਬੜੀ ਸ਼ਰਧਾ ਨਾਲ ਮੱਥਾ ਟੇਕਦੇ ਹਨ। ਬੁਲੰਦ ਉੱਤੇ ਮੱਥਾ ਟੇਕਣ ਤੋਂ ਪਹਿਲਾ ਵਣਾਂ ਵਿੱਚ ਮਿੱਟੀ ਕੱਢਣੀ ਜ਼ਰੂਰੀ ਹੁੰਦੀ ਹੈ। ਰਾਜਸਥਾਨ, ਮਾਝਾ, ਦੁਆਬਾ ਅਤੇ ਮਾਲਵੇ ਆਦਿ ਦੂਰ-ਦੂਰ ਦੇ ਇਲਾਕਿਆਂ ਵਿੱਚ ਲੋਕ ਇਸ ਮੇਲੇ ਵਿਚ ਮਿੱਟੀ ਕੱਢਣ ਅਤੇ ਮੱਥਾ ਟੇਕਣ ਆਉਂਦੇ ਹਨ। ਚਹਿਲ ਭਾਈਚਾਰੇ ਦੇ ਲੋਕ ਮੁੰਡੇ ਦੇ ਵਿਆਹ ਤੋਂ ਬਾਅਦ ਗੰਡਜੋੜਾ ਲੈ ਕੇ ਬਾਬਾ ਜੋਗੀ ਪੀਰ ਜੀ ਦੀ ਬੁਲੰਦ ’ਤੇ ਮੱਥਾ ਟੇਕਣ ਜਾਂਦੇ ਹਨ ਅਤੇ ਜਦੋਂ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ ਹੈ ਤਾਂ ਵੀ ਚਹਿਲ ਭਾਈਚਾਰੇ ਦੇ ਲੋਕ ਬਾਬਾ ਜੋਗੀ ਪੀਰ ਦੇ ਸਥਾਨ ’ਤੇ ਮੱਥਾ ਟੇਕਣ ਜਾਂਦੇ ਹਨ। ਇਹ ਸੁੱਖ ਦੇਣ ਸਮੇਂ ਚਹਿਲ ਭਾਈਚਾਰੇ ਦੇ ਲੋਕ ਗੁੜ ਦੀ ਪੇਲੀ, ਕੜਾਹ-ਪ੍ਰਸ਼ਾਦ, ਲੱਡੂ, ਭਗਵੇ ਜਾਂ ਕੇਸਰੀ ਰੰਗ ਦਾ ਕੱਪੜਾ ਬਾਬਾ ਜੀ ਦੇ ਸਥਾਨ ’ਤੇ ਆਪਣੀ ਖੁਸ਼ੀ ਵਜੋਂ ਚੜ੍ਹਾਉਂਦੇ ਹਨ। ਗੰਡਜੋੜਾ ਲੈ ਕੇ ਜਾਣ ਸਮੇਂ ਚਹਿਲ ਭਾਈਚਾਰੇ ਦੀਆਂ ਇਸਤਰੀਆਂ ਆਪਣੀ ਖੁਸ਼ੀ ਵਿੱਚ ਬਾਬਾ ਜੋਗੀ ਪੀਰ ਜੀ ਦੇ ਗੀਤ ਗਾਉਂਦੀਆਂ ਹਨ ਅਤੇ ਬਾਬਾ ਜੀ ਦੇ ਸਥਾਨ ’ਤੇ ਗਿੱਧਾ ਪਾ ਕੇ ਆਪਣੀ ਖੁਸ਼ੀ ਜ਼ਾਹਰ ਕਰਦੀਆਂ ਹਨ। ਬਾਬਾ ਜੋਗੀ ਪੀਰ ਜੀ ਦੇ ਕੁਝ ਗੀਤ ਅਤੇ ਬੋਲੀਆਂ:-
ਬਾਬਾ ਕੱਤਦੀ ਸੀ ਤੇਰੇ ਖੇਸ ਦਾ
ਬਾਬਾ ਹਾਕਮ ਕਿਹੜੇ ਦੇਸ਼ ਦਾ,
ਬਾਬਾ ਕੱਤਦੀ ਸੀ ਤੇਰੇ ਖੇਸ ਦਾ
ਬਾਬਾ ਹਾਕਮ ਚਹਿਲਾਂ ਦੇਸ਼ ਦਾ।
ਬਾਬਾ ਕੱਤਦੀ ਸੀ ਤੇਰੀ ਲੋਈ ਦਾ,
ਬਾਬਾ ਹਾਕਮ ਕਿਹੜੀ ਰੋਹੀ ਦਾ,
ਬਾਬਾ ਕੱਤਦੀ ਸੀ ਤੇਰੀ ਲੋਈ ਦਾ,
ਬਾਬਾ ਹਾਕਮ ਚਹਿਲਾਂ ਰੋਹੀ ਦਾ।
ਛੰਨਾ ਭਰਿਆ ਦੁੱਧ ਦਾ,
ਬਾਬਾ ਜੋਗੀ ਪੀਰ ਵਣਾਂ ਵਿੱਚ ਕੁੱਦਦਾ
ਹੋ ਮੈਂ ਵਾਰੀ ਝੰਡੇ ਵਾਲਿਆਂ ਪੀਰ।
ਛੰਨਾ ਭਰਿਆ ਤੇਲ ਦਾ,
ਬਾਬਾ ਜੋਗੀ ਪੀਰ ਵਣਾਂ ਵਿੱਚ ਖੇਡਦਾ
ਹੋ ਮੈਂ ਵਾਰੀ ਝੰਡੇ ਵਾਲਿਆਂ ਪੀਰ।
ਛੰਨਾ ਭਰਿਆ ਲੱਸੀ ਦਾ,
ਬਾਬਾ ਜੋਗੀ ਪੀਰ ਵਣਾਂ ਵਿੱਚ ਦੱਸੀਦਾ
ਹੋ ਮੈਂ ਵਾਰੀ ਝੰਡੇ ਵਾਲਿਆਂ ਪੀਰ।
ਉੱਚਾ ਪਲੰਘ ਚੰਨਣ ਦੇ ਪਾਵੇ
ਉੱਚਾ ਦਰ ਬਾਬੇ ਦਾ
ਬਿਨਾਂ ਭਜਨ ਚੜਿ੍ਹਆ ਨਾ ਜਾਵੇ,
ਉੱਚਾ ਦਰ ਬਾਬੇ ਦਾ।
ਆਉਂਦੀ ਕੁੜੀਏ ਭਿਉਂ ਬੱਠਲਾਂ ਵਿਚ ਦਾਣਾ,
ਨੀ ਮੇਲੇ ਤਾਂ ਬਥੇਰੇ ਦੇਖ ਲਏ,
ਬਾਬਾ ਜੋਗੀ ਪੀਰ ਨੀ ਕਿਸੇ ਨੇ ਬਣ ਜਾਣਾ।
ਆਉਂਦੀ ਕੁੜੀਏ ਭਰ ਲਿਆ ਕਣਕ ਦੀ ਥਾਲੀ,
ਭੋਗ ਪੈਂਦਾ ਅਖੰਡ ਪਾਠ ਦਾ
ਸੱਦਾ ਦੇ ਗਈ ਝਾਂਜਰਾ ਵਾਲੀ।
ਆਉਂਦੀ ਕੁੜੀਏ ਵਿਆਹ ਲੈ ਨੀ ਕੁਆਰੇ ਪੁੱਤ ਨੂੰ
ਦੋਵੇਂ ਆਉਣਗੇ, ਦੋਵੇਂ ਆਉਣਗੇ ਬਾਬਾ ਜੀ ਦੀ ਸੁੱਖ ਨੂੰ।
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਾਬਾ ਜੋਗੀ ਪੀਰ ਸਮੁੱਚੇ ਚਹਿਲ ਭਾਈਚਾਰੇ ਦਾ ਗੁਰੂ, ਪੀਰ, ਜੋਗੀ, ਸੂਰਬੀਰ ਨਾਇਕ ਅਤੇ ਮਹਾਨ ਸ਼ਹੀਦ ਵਜੋਂ ਸਤਿਕਾਰ ਪ੍ਰਾਪਤ ਮਹਾਂਪੁਰਖ ਸਥਾਪਿਤ ਹੋ ਚੁੱਕਾ ਹੈ। ਬਾਬਾ ਜੋਗੀ ਪੀਰ ਜਨਮ, ਪਾਲਣ ਪੋਸ਼ਣ ਅਤੇ ਬਹਾਦਰੀ ਦੇ ਕਾਰਨਾਮੇ ਰਾਜਸਥਾਨ ਦੀ ਬੀਰ ਭੂਮੀ ਤੇਹੀ ਵਾਪਰੇ। ਅੰਤ ਧਰਮ ਦੇ ਰਣ ਖੇਤਰ ਵਿਚ ਜੂਝਦਿਆਂ ਸ਼ਹੀਦ ਹੋ ਕੇ ਆਪਣੀ ਜਨਮ ਭੂਮੀ ਦੀ ਮਿੱਟੀ ਦਾ ਹਿੱਸਾ ਬਣ ਗਿਆ। ਭਾਵੇਂ ਬਾਬਾ ਜੋਗੀ ਪੀਰ ਦੇ ਜਨਮ, ਪਾਲਣ ਪੋਸ਼ਣ ਅਤੇ ਬਹਾਦਰੀ ਦੇ ਕਾਰਨਾਮਿਆਂ ਬਾਰੇ ਅਲੱਗ-ਅਲੱਗ ਵਿਚਾਰ ਪ੍ਰਚਲਿਤ ਹਨ। ਪਰ ਚਹਿਲ ਭਾਈਚਾਰੇ ਦੇ ਲੋਕਾਂ ਨੇ ਬਾਬਾ ਜੀ ਦਾ ਅਸਥਾਨ ਮਾਨਸਾ ਦੇ ਪਿੰਡ ਭੁਪਾਲ ਨੇੜੇ ਰੱਲਾ ਵਿੱਚ ਬਣਵਾਇਆ, ਇਥੇ ਕਰੀਬ 250 ਏਕੜ ਰਕਬੇ ਵਿਚ ਬਾਬਾ ਜੀ ਦੀ ਝਿੜ੍ਹੀ ਹੈ ਜਿਸ ਵਿੱਚ ਪਹਿਲਾਂ ਕੱਚੀ ਅਤੇ ਪਿੱਛੋਂ ਪੱਕੀ ਬੁਲੰਦ ਦੀ ਸਿਰਜਣਾ ਕਰ ਲਈ। ਸਮੁੱਚੇ ਚਹਿਲ ਭਾਈਚਾਰਾ ਦੂਰੋਂ-ਦੂਰੋਂ ਸਾਲ ਵਿੱਚ ਦੋ ਜੋੜ ਮੇਲਿਆਂ ਸਮੇਂ ਬਾਬੇ ਦੀ ਬੁਲੰਦ ’ਤੇ ਨਤਮਸਤਕ ਹੋਣ ਲਈ ਪਹੁੰਚਦਾ ਹੈ ਅਤੇ ਸਤਿਕਾਰ ਭੇਟ ਕਰਦਾ ਹੈ।
ਬਾਬਾ ਜੋਗੀ ਪੀਰ ਜੀ ਦੀ ਯਾਦ ਵਿੱਚ ਅਕਤੂਬਰ 2006 ਵਿੱਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਾਬਾ ਜੋਗੀਪੀਰ ਨੇਬਰਹੁੱਡ ਕੈਂਪ ਰੱਲਾ, ਮਾਨਸਾ ਦੀ ਸਥਾਪਨਾ ਕੀਤੀ ਗਈ ਸੀ। ਇਸ ਸਿੱਖਿਆ ਸੰਸਥਾ ਦਾ ਮਨੋਰਥ ਕਿੱਤਾਮੁਖੀ ਸਿੱਖਿਆ ਦੇ ਅਜਿਹੇ ਉੱਨਤ ਅਤੇ ਅਗਰਗਾਮੀ ਕੇਂਦਰ ਵਜੋਂ ਸਥਾਪਿਤ ਹੋਣਾ ਹੈ, ਜਿੱਥੇ ਪੇਂਡੂ ਖੇਤਰ ਅਤੇ ਸਮਾਜ ਦੇ ਵਿਸ਼ੇਸ਼ ਅਧਿਕਾਰਾਂ ਤੋਂ ਵੰਚਿਤ ਵਰਗਾਂ ਦੇ ਵਿਦਿਆਰਥੀਆਂ ਦੀ ਸਿੱਖਿਆ ਤੱਕ ਪਹੁੰਚ ਨੂੰ ਰਾਸ਼ਟਰੀਅਤਾ, ਭਾਸ਼ਾ, ਧਰਮ ਆਦਿ ਬੰਧਨਾਂ ਤੋਂ ਮੁਕਤ ਹੋ ਕੇ ਆਸਾਨੀ ਨਾਲ ਸੰਭਵ ਹੋਣ ਯੋਗ ਬਣਾਉਣਾ ਹੈ।
ਡਾ. ਅਮਨਦੀਪ ਕੌਰ ਚਹਿਲ
ਸਹਾਇਕ ਪ੍ਰੋਫੈਸਰ (ਇਤਿਹਾਸ)
89681-92706