ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ - ਡਾ. ਰੂਪ ਸਿੰਘ
ਹੋਲਾ ਮਹੱਲਾ ਸਿੱਖਾਂ ਦਾ ਅਹਿਮ ਦਿਹਾੜਾ ਹੈ, ਜੋ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਹ ਤਿਉਹਾਰ ਨਵੇਂ ਤਰੀਕੇ ਨਾਲ ਮਨਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਲੋਕਾਂ ਦੀ ਸੁੱਤੀ ਅਣਖ ਜਗਾ ਕੇ, ਉਨ੍ਹਾਂ ਦੇ ਮਨਾਂ ਅੰਦਰ ਚੜ੍ਹਦੀ ਕਲਾ ਦਾ ਅਹਿਸਾਸ ਪੈਦਾ ਕਰਨ ਲਈ ਹੋਲੀ ਨੂੰ ‘ਹੋਲੇ ਮਹੱਲੇ’ ਦੇ ਰੂਪ ਵਿਚ ਮਨਾਉਣ ਦੀ ਰੀਤ ਚਲਾਈ। ਚੇਤ ਵਦੀ ਏਕਮ, ਸੰਮਤ 1757 (1700 ਈ:) ਨੂੰ ਦਸਮ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਵਿਖੇ ‘ਹੋਲਗੜ੍ਹ’ ਦੇ ਸਥਾਨ ’ਤੇ ਪਹਿਲੀ ਵਾਰ ‘ਹੋਲਾ-ਮਹੱਲਾ’ ਮਨਾਇਆ। ਇਸ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਦਸਮੇਸ਼ ਪਿਤਾ ਨੇ ‘ਹੋਲੇ ਮਹੱਲੇ’ ਨੂੰ ਸੁਤੰਤਰ ਸਿੱਖ ਸੋਚ ਅਨੁਸਾਰ ਮਨਾਉਣ ਦਾ ਆਰੰਭ ਖਾਲਸਾ ਪੰਥ ਦੀ ਸਿਰਜਣਾ ਤੋਂ ਤੁਰੰਤ ਬਾਅਦ ਕੀਤਾ ਤਾਂ ਕਿ ਖੁਦ-ਮੁਖਤਿਆਰ ਖਾਲਸਾ, ਆਪਣੀ ਵਿਲੱਖਣ ਹੋਂਦ-ਹਸਤੀ ਅਨੁਸਾਰ ਪੰਜਾਬੀ ਸਭਿਆਚਾਰ ਨਾਲ ਸਬੰਧਤ ਦਿਨ-ਦਿਹਾਰ ਵਿਲੱਖਣ ਤੇ ਨਿਰਾਲੇ ਰੂਪ ਵਿਚ ਮਨਾ ਕੇ ਆਪਣੀ ਸੁਤੰਤਰ ਹੋਂਦ ਤੇ ਨਿਆਰੇਪਨ ਦਾ ਪ੍ਰਗਟਾਵਾ ਕਰ ਸਕੇ। ਉਨ੍ਹਾਂ ਦਾ ਆਸ਼ਾ ਪੰਜਾਬੀਆਂ ਦੇ ਮਨਾਂ ’ਚੋਂ ਗ਼ੁਲਾਮੀ ਦੇ ਅੰਸ਼ ਨੂੰ ਮੂਲੋਂ ਖ਼ਤਮ ਕਰਨਾ ਸੀ ਤਾਂ ਕਿ ਉਹ ਸੋਚ-ਵਿਚਾਰ ਤੇ ਵਿਵਹਾਰ ਵਿਚ ਸੁਤੰਤਰ ਹੋ ਕੇ ਵਿਚਰ ਸਕਣ।
ਹੋਲੀ ਭਾਰਤ ਦਾ ਮੌਸਮੀ ਤਿਉਹਾਰ ਹੈ ਜੋ ਬਸੰਤ-ਬਹਾਰ ਦੀ ਆਗਮਨ ਦੀ ਖੁਸ਼ੀ ਵਿਚ ਮਨਾਉਣਾ ਸ਼ੁਰੂ ਹੋਇਆ। ਪੋਖ ਤੁਖਾਰ ਦੇ ਮੌਸਮ ਕਾਰਨ ਸਾਰੇ ਪਾਸੇ ਵਿਰਾਨਗੀ ਤੇ ਪੱਤਝੜ ਹੁੰਦੀ ਹੈ। ਮੌਸਮ ਦੇ ਬਦਲ ਜਾਣ ਨਾਲ ਸਾਰੀ ਕੁਦਰਤ ਆਪਣੇ ਨਵੇਂ ਨਿਵੇਕਲੇ ਰੰਗ ਵਿਚ ਰੰਗੀ ਜਾਂਦੀ ਹੈ।
ਪੁਰਾਤਨ ਕਹਾਣੀ ਅਨੁਸਾਰ ਹਰਨਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਸਬਕ ਸਿਖਾਉਣ ਵਾਸਤੇ ਵਿਉਂਤ ਉਲੀਕੀ ਕਿ ਪ੍ਰਹਿਲਾਦ ਨੂੰ ਅੱਗ ਵਿਚ ਸਾੜਿਆ ਜਾਵੇ। ਕਿਹਾ ਜਾਂਦਾ ਹੈ ਕਿ ਹਰਨਾਕਸ਼ ਦੀ ਭੈਣ ਹੋਲਿਕਾ ਨੂੰ ਵਰ ਪ੍ਰਾਪਤ ਸੀ ਕਿ ਉਸ ਨੂੰ ਅਗਨੀ ਸਾੜਦੀ ਨਹੀਂ। ਇਸ ਲਈ ਹਰਨਾਕਸ਼ ਨੇ ਪ੍ਰਹਿਲਾਦ ਨੂੰ ਹੋਲਿਕਾ ਦੀ ਗੋਦ ਵਿੱਚ ਬਠਾ ਕੇ ਚਿਖਾ ’ਤੇ ਬਿਠਾ ਦਿੱਤਾ। ਜਦ ਅੱਗ ਲਾਈ ਗਈ ਤਾਂ ਪਰਮਾਤਮਾ ਨੇ ਆਪਣੇ ਭਗਤ ਪ੍ਰਹਿਲਾਦ ਨੂੰ ਬਚਾ ਲਿਆ ਪਰ ਹੋਲਿਕਾ ਸੜ ਗਈ। ਹੋਲਿਕਾ ਦੇ ਸੜ ਜਾਣ ਦੇ ਪ੍ਰਤੀਕ ਵਜੋਂ ਇਸ ਦਿਨ ਅੱਗ ਬਾਲੀ ਜਾਂਦੀ ਹੈ। ਗੁਰਬਾਣੀ ਵਿਚ ਪਾਵਨ ਸ਼ਬਦ ਅੰਕਿਤ ਹੈ :
ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ॥
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ॥
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ॥
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ॥
‘ਹੋਲਾ’ ਸ਼ਬਦ ‘ਹੋਲੀ’ ਦਾ ਧੜੱਲੇਦਾਰ ਬਦਲਵਾਂ ਰੂਪ ਹੈ ਜੋ ਡਿੱਗਿਆਂ-ਢੱਠਿਆਂ ਦੇ ਹਿਰਦੇ ਅੰਦਰ ਉਤਸ਼ਾਹ ਤੇ ਹੁਲਾਸ ਪੈਦਾ ਕਰਦਾ ਹੈ। ਸਿੱਖਾਂ ਨੇ ਲੋਕਾਂ ਦੇ ਮਨਾਂ ’ਚ ਚੜ੍ਹਦੀ ਕਲਾ ਤੇ ਸੂਰਬੀਰਤਾ ਦਾ ਜਜ਼ਬਾ ਭਰਨ ਲਈ ਅਨੇਕਾਂ ਅਜਿਹੇ ‘ਬੋਲੇ’ ਪ੍ਰਚਲਤ ਕੀਤੇ ਹਨ, ਜਿਨ੍ਹਾਂ ਨੂੰ ‘ਖ਼ਾਲਸਾਈ ਬੋਲੇ’ ਕਿਹਾ ਜਾਂਦਾ ਹੈ। ‘ਖਾਲਸਾਈ ਬੋਲੇ’ ਅਨੁਸਾਰ ‘ਇੱਕ’ ਨੂੰ ‘ਸਵਾ ਲੱਖ’, ‘ਮੌਤ’ ਨੂੰ ‘ਚੜ੍ਹਾਈ ਕਰਨਾ’, ‘ਤੇਗ’ ਨੂੰ ‘ਤੇਗਾ’, ‘ਦੇਗ’ ਨੂੰ ‘ਦੇਗਾ’, ‘ਦਸਤਾਰ’ ਨੂੰ ‘ਦਸਤਾਰਾ’, ‘ਮੁੱਛਾਂ’ ਨੂੰ ‘ਮੁਛਹਿਰਾ’, ‘ਦਾੜ੍ਹੀ’ ਨੂੰ ‘ਦਾੜ੍ਹਾ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੋਲੀ ਨੂੰ ‘ਹੋਲਾ’ ਕਹਿਣਾ ਸਿੱਖਾਂ ਦੀ ਵਿਲੱਖਣਤਾ ਅਤੇ ਚੜ੍ਹਦੀ ਕਲਾ ਦੀ ਭਾਵਨਾ ਨੂੰ ਪ੍ਰਗਟਾਉਂਦਾ ਹੈ। ਕਵੀ ਨਿਹਾਲ ਸਿੰਘ ਦੇ ਸ਼ਬਦਾਂ ਵਿੱਚ :
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ,
ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੌਨਾ ਟੋਲਾ ਹੈ,
ਸੁਭਟ ਸੁਚਾਲਾ ਅਰ ਲਖ ਬਾਹਾ, ਕਲਗਾ ਸਿੰਘ ਸੁਚੋਲਾ ਹੈ,
ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ‘ਹੋਲਾ’ ਹੈ।
‘ਹੋਲੀ’ ਤੋਂ ‘ਹੋਲਾ ਮਹੱਲਾ’ ਸਿਰਫ ਸ਼ਬਦ ਜੋੜ ਦੀ ਤਬਦੀਲੀ ਨਹੀਂ, ਇਹ ਤਾਂ ਗੁਲਾਮ ਮਾਨਸਿਕਤਾ ਤੋਂ ਅਜ਼ਾਦ ਸੋਚ-ਵਿਚਾਰ ਤੇ ਵਿਵਹਾਰ ਦੀ ਤਬਦੀਲੀ ਦਾ ਪ੍ਰਗਟਾਵਾ ਹੈ।
ਭਾਰਤ ਸਦੀਆਂ ਤੀਕ ਵਿਦੇਸ਼ੀ ਹਮਲਾਵਰਾਂ ਦਾ ਗੁਲਾਮ ਰਿਹਾ। ਇਹੀ ਕਾਰਨ ਹੈ ਕਿ ਭਾਰਤੀਆਂ ਦੇ ਸ਼ੌਕ, ਮੌਜ-ਮੇਲੇ ਤੇ ਤਿਉਹਾਰ ਵੀ ਗੁਲਾਮੀ ਮਾਨਸਿਕਤਾ ਨੂੰ ਰੂਪਮਾਨ ਕਰਦੇ ਹਨ। ਭਾਰਤੀ ਲੋਕ ਤਨ, ਮਨ, ਧਰਮ, ਸਮਾਜ ਤੇ ਰਾਜਸੀ ਸੋਚ ਕਰਕੇ ਗੁਲਾਮ ਸਨ। ਗੁਲਾਮੀ ਦੀ ਦਲਦਲ ’ਚੋਂ ਆਜ਼ਾਦ ਸੋਚ, ਸੁਤੰਤਰ ਹੋਂਦ-ਹਸਤੀ ਤੇ ਨਿਆਰੇਪਨ ਨੂੰ ਪ੍ਰਗਟ ਕਰਨਾ ਸਚਮੁਚ ਅਦਭੁਤ ਕਰਾਮਾਤ ਸੀ। ਇਹ ਚਿੜੀਆਂ ਤੋਂ ਬਾਜ਼ ਤੁੜਾਉਣ, ਇਕ ਨੂੰ ਸਵਾ ਲੱਖ ਨਾਲ ਲੜਾਉਣ ਤੇ ਅਸੰਭਵ ਨੂੰ ਸੰਭਵ ਕਰਨ ਦੇ ਤੁਲ ਸੀ। ਊਚ-ਨੀਚ, ਭਰਮ-ਭੇਖ, ਜਾਤ-ਪਾਤ, ਕਰਮ-ਵੰਡ, ਰੰਗ-ਨਸਲ ਦੇ ਹਰ ਤਰ੍ਹਾਂ ਦੇ ਵਿਤਕਰਿਆਂ ਵਖਰੇਵਿਆਂ ਨੂੰ ਦੂਰ ਕਰ, ਸਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਭੂਸਤਾ ਸੰਪੰਨ, ਸੁਤੰਤਰ ਸੋਚ-ਵਿਚਾਰ, ਵਿਹਾਰ ਲਈ ਖਾਲਸਾ ਫ਼ੌਜ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਭਾਰਤੀਆਂ ਨੂੰ ਖੂਨ ਦੀ ਹੋਲੀ, ਆਜ਼ਾਦੀ, ਸੁਤੰਤਰਤਾ, ਸਵੈਮਾਣ, ਸਵੈਹੋਂਦ ਦੇ ਪ੍ਰਗਟਾਅ ਲਈ ਖਾਲਸਾਈ ਖੇਡਾਂ ਖੇਡਣ ਲਈ ਮੈਦਾਨ ਤਿਆਰ ਕਰ ਕੇ ਦਿੱਤਾ।
‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਮੁਤਾਬਕ ਮਹੱਲਾ ਅਰਬੀ ਦੇ ਸ਼ਬਦ ‘ਮਹੱਲਹੋ’ ਦਾ ਤਦਭਵ ਹੈ, ਜਿਸ ਦਾ ਭਾਵ ਉਸ ਸਥਾਨ ਤੋਂ ਹੈ, ਜਿੱਥੇ ‘ਫ਼ਤਹ’ ਕਰਨ ਤੋਂ ਬਾਅਦ ਟਿਕਾਣਾ ਕੀਤਾ ਜਾਵੇ। ‘ਹੋਲੇ ਮਹੱਲੇ’ ਵਾਲੇ ਦਿਨ ਖ਼ਾਲਸੇ ਨੂੰ ਦੋ ਦਲਾਂ ਵਿਚ ਵੰਡ ਕੇ ਦਸਮ ਪਾਤਸ਼ਾਹ ਮਸਨੂਈ (ਨਕਲੀ) ਯੁੱਧ ਕਰਵਾਇਆ ਕਰਦੇ ਸਨ। ਇਕ ਦਲ ਨਿਸ਼ਚਤ ਸਥਾਨ ’ਤੇ ਕਾਬਜ਼ ਹੋ ਜਾਂਦਾ ਅਤੇ ਦੂਜਾ ਉਸ ’ਤੇ ਹਮਲਾ ਕਰ ਕੇ ਕਿਲ੍ਹਾ ਖੋਹਣ ਦਾ ਯਤਨ ਕਰਦਾ। ਇਸ ਤਰ੍ਹਾਂ ਨਕਲੀ ਯੁੱਧ ਰਾਹੀਂ ਯੁੱਧ-ਜੁਗਤੀ ਅਤੇ ਪੈਂਤਰੇਬਾਜ਼ੀ ਦਾ ਅਭਿਆਸ ਹੁੰਦਾ। ਯੁੱਧ ਦੇ ਨਗਾਰੇ ਵੱਜਦੇ, ਹਥਿਆਰਾਂ ਦਾ ਟਕਰਾਅ ਹੁੰਦਾ, ਜੈਕਾਰੇ ਗੂੰਜਦੇ ਅਤੇ ‘ਫ਼ਤਹ’ ਦੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ। ਜਿਹੜਾ ਦਲ ਜਿੱਤ ਪ੍ਰਾਪਤ ਕਰਦਾ ਉਸ ਨੂੰ ਗੁਰੂ ਦਰਬਾਰ ਵੱਲੋਂ ਸਿਰੋਪਾਓ ਬਖਸ਼ਿਸ਼ ਕੀਤਾ ਜਾਂਦਾ। ਫਿਰ ਉਥੇ ਹੀ ਦਰਬਾਰ ਸੱਜਦਾ ਅਤੇ ਸ਼ਸਤਰਧਾਰੀ ਸਿੰਘ ਆਪੋ-ਆਪਣੇ ਕਰਤੱਬ ਵਿਖਾਉਂਦੇ। ਪਹਿਲਾਂ ‘ਮਹੱਲਾ’ ਸ਼ਬਦ ਇਸੇ ਭਾਵ ਵਿਚ ਵਰਤਿਆ ਜਾਂਦਾ ਰਿਹਾ ਪਰ ਹੌਲੀ-ਹੌਲੀ ਇਹ ਸ਼ਬਦ ਉਸ ਜਲੂਸ ਲਈ ਪ੍ਰਚਲਤ ਹੋ ਗਿਆ ਜੋ ‘ਫ਼ਤਹ’ ਮਗਰੋਂ ਫ਼ੌਜੀ ਸੱਜ-ਧੱਜ ਅਤੇ ਨਗਾਰਿਆਂ ’ਤੇ ਚੋਟ ਨਾਲ ਨਿਕਲਦਾ। ਇਹ ਪ੍ਰਥਾ ਹੁਣ ਤਕ ਜਾਰੀ ਹੈ। ਇਸ ਤਰ੍ਹਾਂ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗ਼ੁਲਾਮੀ ਅਤੇ ਹਕੂਮਤੀ ਜਬਰ ਵਿਰੁੱਧ ਲੋਕ-ਮਨਾਂ ਅੰਦਰ ਨਵਾਂ ਉਤਸ਼ਾਹ ਅਤੇ ਕੁਰਬਾਨੀ ਦਾ ਜਜ਼ਬਾ ਭਰਨ ਲਈ ‘ਹੋਲੀ’ ਨੂੰ ‘ਹੋਲੇ’ ਦਾ ਰੂਪ ਦਿੱਤਾ।
ਜ਼ਿਕਰਯੋਗ ਹੈ ਕਿ ਉਸ ਸਮੇਂ ਬਾਦਸ਼ਾਹ ਔਰੰਗਜ਼ੇਬ ਵੱਲੋਂ 1687 ਈ: ’ਚ ਜਾਰੀ ਕੀਤੇ ਫ਼ੁਰਮਾਨ ਅਨੁਸਾਰ ਹਿੰਦੁਸਤਾਨੀ ਲੋਕਾਂ ਨੂੰ ਟਲ ਖੜਕਾਉਣ, ਸ਼ਸਤਰ ਧਾਰਨ ਕਰਨ, ਘੋੜ-ਸਵਾਰੀ ਕਰਨ ਅਤੇ ਦਸਤਾਰ ਸਜਾਉਣ ਦੀ ਸਖ਼ਤ ਮਨਾਹੀ ਸੀ। ਦਸਤਾਰ ਕੇਵਲ ਉਹ ਹੀ ਸਜਾ ਸਕਦਾ ਸੀ, ਜਿਸ ਨੂੰ ਬਾਦਸ਼ਾਹ ਵੱਲੋਂ ਦਰਬਾਰੀ ਬਖ਼ਸ਼ੀ ਜਾਵੇ। ਘੋੜੇ ਦੀ ਸਵਾਰੀ, ਨਿਸ਼ਾਨ, ਨਗਾਰਾ ਅਤੇ ਫ਼ੌਜ ਰੱਖਣੀ ਹਕੂਮਤ ਵਿਰੁੱਧ ਬਗਾਵਤ ਦੇ ਤੁਲ ਸੀ, ਜਿਸ ਦੀ ਸਜ਼ਾ ਮੌਤ ਅਤੇ ਘਰ-ਘਾਟ ਦਾ ਉਜਾੜਾ ਨੂੰ ਸੱਦਾ ਦੇਣ ਦੇ ਤੁਲ ਸੀ। ਇਸੇ ਕਰਕੇ ਆਮ ਲੋਕ ਹਕੂਮਤੀ ਜਬਰ ਵਿਰੁੱਧ ਮੂੰਹ ਨਹੀਂ ਖੋਲ੍ਹਦੇ ਸਨ। ਗੁਰੂ ਜੀ ਨੇ ਲੋਕਾਂ ਨੂੰ ਮਾਨਸਿਕ ਤੌਰ ’ਤੇ ਬਲਵਾਨ ਬਣਾਉਣ ਲਈ ਹਰ ਸੰਭਵ ਯਤਨ ਕੀਤਾ। ਪ੍ਰਚਲਤ ਤਿਉਹਾਰਾਂ ਨੂੰ ਨਵੇਂ ਤਰੀਕੇ ਨਾਲ ਮਨਾਉਣਾ ਇਸੇ ਲੜੀ ਦੀ ਕੜੀ ਹੈ। ਹੁਣ ਤੇਗਾਂ-ਤਲਵਾਰਾਂ, ਨਿਸ਼ਾਨ, ਨਗਾਰੇ ਅਤੇ ਘੋੜਿਆਂ ਦੇ ਨਜ਼ਾਰੇ ਖ਼ਾਲਸੇ ਦੇ ਤਿਉਹਾਰ ਬਣ ਗਏ। ਹਕੂਮਤ ਦੀਆਂ ਨਜ਼ਰਾਂ ਵਿਚ ਸੰਗੀਨ ਜੁਰਮ ਸਮਝੀਆਂ ਜਾਂਦੀਆਂ ‘ਜੰਗੀ-ਮਸ਼ਕਾਂ’ ਖ਼ਾਲਸੇ ਦੀਆਂ ਰਵਾਇਤੀ ਖੇਡਾਂ ਬਣ ਗਈਆਂ।
ਹੋਲਾ ਮਹੱਲਾ ਹੁਣ ਵੀ ਸਿੱਖ-ਸ਼ਕਤੀ ਦੇ ਪ੍ਰਦਰਸ਼ਨ ਵਜੋਂ ਆਨੰਦਪੁਰ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਸ਼ਾਇਦ ਇਹ ਪੰਜਾਬ ਦਾ ਸਭ ਤੋਂ ਵੱਡਾ ਲੋਕ ਇਕੱਠ ਹੋਵੇ। ਵਿਸ਼ੇਸ਼ ਦੀਵਾਨ ਸੱਜਦੇ ਹਨ ਤੇ ਖਾਲਸਾਈ ਸ਼ਾਨ ਪ੍ਰਗਟ ਕਰਦਾ ‘ਮਹੱਲਾ’ ਚੜ੍ਹਦਾ ਹੈ, ਜੋ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਹੋਲਗੜ੍ਹ ਦੇ ਸਥਾਨ ਹੁੰਦਾ ਹੋਇਆ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਪੂਰਨ ਹੁੰਦਾ ਹੈ। ਨਿਹੰਗ ਸਿੰਘ ਰਵਾਇਤੀ ਖਾਲਸਾਈ ਬਾਣੇ ਵਿਚ ਖਾਲਸਾਈ ਖੇਡਾਂ ਦੁਆਰਾ ਆਪਣੀ ਗੁਰੂ-ਬਖ਼ਸ਼ੀ ਵਿਲੱਖਣ ਹੋਂਦ-ਹਸਤੀ ਦਾ ਖੂਬਸੂਰਤ ਪ੍ਰਦਰਸ਼ਨ ਚਰਨ ਗੰਗਾ ਦੇ ਕਿਨਾਰੇ ਕਰਦੇ ਹਨ। ਹੋਲੇ-ਮਹੱਲੇ ਦੇ ਦੀਵਾਨ ਆਮ ਕਰਕੇ ਪਿੰਡਾਂ ਵਿਚ ਸੱਜਦੇ ਸਨ ਜਿਨ੍ਹਾਂ ਵਿਚ ਉੱਚ-ਕੋਟੀ ਦੇ ਢਾਡੀ ਤੇ ਕਵੀਸ਼ਰ ਸਿੱਖ ਇਤਿਹਾਸ ਦੀ ਤਸਵੀਰ ਹੂ-ਬ-ਹੂ ਪ੍ਰਗਟ ਕਰਦੇ ਸਨ, ਜਿਸ ਨਾਲ ਨੌਜਵਾਨੀ ਆਪਣੇ ਅਮੀਰ ਇਤਿਹਾਸ ਤੇ ਵਿਰਾਸਤ ਨਾਲ ਜੁੜਦੀ ਸੀ। ਅੱਜ ਲੋੜ ਹੈ ਇਸ ਪਰੰਪਰਾ ਨੂੰ ਸਥਾਈ ਬਣਾਇਆ ਜਾਵੇ।