ਆਦਰਸ਼ ਪੱਤਰਕਾਰੀ ਦੇ ਮੂਲ ਸਿਧਾਂਤ ਅਤੇ ਹਕੀਕਤ - ਪ੍ਰੋ. ਸਾਧੂ ਸਿੰਘ
ਆਧੁਨਿਕ ਯੁੱਗ ਨੂੰ ਜੇ ਪੱਤਰਕਾਰੀ ਦਾ ਯੁੱਗ ਕਰਾਰ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਜਮਹੂਰੀ ਨਿਜ਼ਾਮ ਵਿਚ ਲੋਕ-ਰਾਇ ਸਿਰਜਣ ਹਿੱਤ ਪੱਤਰਕਾਰੀ ਅਹਿਮ ਭੂਮਿਕਾ ਨਿਭਾਉਂਦੀ ਹੈ। ਦੁਨੀਆਂ ਦੇ ਕੋਨੇ-ਕੋਨੇ ਵਿਚ ਵਾਪਰਨ ਵਾਲੀਆਂ ਘਟਨਾਵਾਂ ਦੀ ਸੂਚਨਾ ਦੇਸ਼ ਦੇ ਆਮ ਜਾਂ ਖਾਸ ਵਿਅਕਤੀ ਤਕ ਪੱਤਰਕਾਰਾਂ ਰਾਹੀਂ ਹੀ ਪਹੁੰਚਦੀ ਹੈ। ਸੋ ਇਕ ਸੁਬੁੱਧ ਪੱਤਰਕਾਰ ਕੋਲ ਆਪਣੇ ਸਮੇਂ ਦੀ ਵਿਸਤਾਰਿਤ ਜਾਣਕਾਰੀ ਹੋਣੀ ਪਹਿਲੀ ਸ਼ਰਤ ਹੈ। ਵਰਨਾ ਅੱਜ ਦੇ ਵਿਕਸਿਤ ਦੌਰ ਵਿਚ ਅਗਿਆਨਤਾ ਅਤੇ ਪਛੜੇਪਣ ਦੇ ਸੰਤਾਪ ਤੋਂ ਨਿਜਾਤ ਪਾਉਣੀ ਇਕ ਜੋਖਮ ਭਰੀ ਚੁਣੌਤੀ ਬਣੀ ਰਹੇਗੀ। ਇਸ ਨਜ਼ਰੀਏ ਤੋਂ ਘੋਖਿਆਂ ਪੱਤਰਕਾਰ ਦਾ ਰੁਤਬਾ ਰਾਜਸੀ ਮੋਹਤਬਰਾਂ ਤੋਂ ਵਧੇਰੇ ਉੱਚਾ-ਸੁੱਚਾ ਹੈ। ਪੱਤਰਕਾਰੀ ਇਕ ਸਤਿਕਾਰ ਯੋਗ ਪੇਸ਼ਾ ਹੈ।
ਅਸਮਾਨਤਾ ਅਰਥਾਤ ਨਾਬਰਾਬਰੀ ਦੇ ਸਮਾਜ ਵਿਚ ਕੋਈ ਵੀ ਵਿਅਕਤੀ ਸਮਕਾਲੀ ਪ੍ਰਭਾਵਾਂ ਤੋਂ ਨਿਰਲੇਪ ਨਹੀਂ ਰਹਿ ਸਕਦਾ। ਨਾ ਚਾਹੁੰਦਿਆਂ ਵੀ ਉਹ ਕਿਸੇ ਨਾ ਕਿਸੇ ਧਿਰ ਵੱਲ ਉੁਲਾਰ ਹੋ ਜਾਂਦਾ ਹੈ। ਪੱਤਰਕਾਰ ਲਈ ਇਹ ਇਕ ਪ੍ਰੀਖਿਆ-ਮੋੜ ਹੁੰਦਾ ਹੈ। ਉਸ ਨੂੰ ਆਪਣੇ ਪੇਸ਼ੇ ਅਤੇ ਵਿਅਕਤੀਤਵ ਦਾ ਮੂਲ ਪਛਾਨਣ ਦੀ ਲੋੜ ਪੈਂਦੀ ਹੈ ਜੋ ਸੌਖਾ ਰਾਹ ਨਹੀਂ। ਇਸ ਸੰਦਰਭ ਵਿਚ ਗੁਰਬਾਣੀ ਦੇ ਇਕ ਅਨਮੋਲ ਵਚਨ ਦਾ ਹਵਾਲਾ ਅਢੁਕਵਾਂ ਨਹੀਂ ਜਾਪੇਗਾ: ‘‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ।।’’ ਮੂਲ ਮੰਤਵ ਤੋਂ ਭਟਕਦੀਆਂ ਕਲਮਾਂ ਸਪਸ਼ਟ ਅਤੇ ਸੁਲੇਖਕ ਨਹੀਂ ਰਹਿ ਸਕਦੀਆਂ। ਪੱਤਰਕਾਰ ਇਸ ਸੁਚੇਤ ਕਾਫਲੇ ਦਾ ਝੰਡਾ ਬਰਦਾਰ ਹੋਣਾ ਚਾਹੀਦਾ ਹੈ।
ਪੱਤਰਕਾਰੀ ਦੀ ਵਿਧੀ-ਵਿਧਾਨ ਅਖ਼ਬਾਰ, ਮੈਗਜ਼ੀਨ ਜਾਂ ਇਲੈਕਟ੍ਰਾਨਿਕ ਮੀਡੀਆ ਹੈ। ਇਸ ਨੂੰ ਸੰਚਾਲਿਤ ਕਰਨ ਵਾਲੇ ਅਧਿਕਾਰੀ ਜਾਂ ਪ੍ਰਬੰਧਕ ਕਿਸੇ ਨਿਰਧਾਰਤ ਸੋਚ-ਸਿਧਾਂਤ ਜਾਂ ਲਕਸ਼ ਦੇ ਅਧੀਨ ਕੰਮ ਕਰਦੇ ਹਨ। ਸਿੱਟੇ ਵਜੋਂ ਇਹ ਸੰਚਾਰ-ਵਿਧੀ ਮੁਕੰਮਲ ਨਿਰਪੱਖਤਾ ਦਾ ਦਾਅਵਾ ਨਹੀਂ ਜਤਾ ਸਕਦੀ। ਇਨ੍ਹਾਂ ਅਦਾਰਿਆਂ ਦਾ ਸਰਪ੍ਰਸਤੀ ਦਾ ਪ੍ਰਭਾਵ ਉਸ ਦੀ ਸਮੁੱਚੀ ਸੰਚਾਰ ਪ੍ਰਣਾਲੀ ਉਪਰ ਕਿਸੇ ਨਾ ਕਿਸੇ ਰੂਪ ਵਿਚ ਬਰਕਰਾਰ ਰਹਿੰਦਾ ਹੈ। ਇਸ ਦੇ ਪ੍ਰਭਾਵ ਨੂੰ ਪੱਤਰਕਾਰੀ ਦੇ ਖੇਤਰ ਵਿਚੋਂ ਮਨਫੀ ਕਰਨਾ ਔਖਾ ਹੈ। ਆਪਣੇ ਲਕਸ਼ ਪ੍ਰਤੀ ਸੁਹਿਰਦ ਪੱਤਰਕਾਰ ਇਸ ਤੱਥ ਨੂੰ ਅਣਗੌਲਿਆਂ ਨਹੀਂ ਕਰ ਸਕਦਾ। ਉਸ ਨੂੰ ਪੱਖਪਾਤ ਦਾ ਰਾਹ ਤਿਆਗਣਾ ਹੀ ਪਵੇਗਾ।
ਉਕਤ ਤੱਥ ਦੀ ਵਿਆਖਿਆ ਇਸ ਤਰ੍ਹਾਂ ਵੀ ਕੀਤੀ ਜਾ ਸਕਦੀ ਹੈ ਕਿ ਅੱਜ ਦਾ ਸਮਾਜ ਦੋ ਵਰਗਾਂ ਵਿਚ ਵੰਡਿਆ ਹੋਇਆ ਹੈ, ਸ਼ਾਸਕ ਅਤੇ ਸ਼ੋਸ਼ਿਤ। ਇਹ ਵਰਗ ਵੰਡ ਪੁਰਾਤਨ ਭਾਰਤ ਦੀ ਵਰਣ-ਵੰਡ ਤੋਂ ਵੀ ਵੱਧ ਭਿਆਨਕ ਹੈ। ਐਸ਼-ਪ੍ਰਸਤ ਵਰਗ ਸੁੱਖ-ਸੁਵਿਧਾ ਦੇ ਤਮਾਮ ਵਸੀਲਿਆਂ ਉਪਰ ਕਾਬਜ਼ ਹੈ। ਇਹ ਅਸਾਵੀਂ ਸਮਾਜਿਕ ਵੰਡ ਦਾ ਕੌੜਾ ਸੱਚ ਹੈ। ਸੰਵੇਦਨਸ਼ੀਲ ਪੱਤਰਕਾਰ ਇਸ ਦੁਰਵਿਵਸਥਾ ਵਿਚ ਬੇਦਿਲ ਹੋ ਕੇ ਨਹੀਂ ਰਹਿ ਸਕਦਾ। ਪਾਠਕ ਵਰਗ ਅਧਿਕਤਰ ਉਸੇ ਅਦਾਰੇ ਦਾ ਪ੍ਰਸੰਸਕ ਬਣਦਾ ਹੈ ਜੋ ਲੋਕ ਹਿੱਤਾਂ ਦੀ ਤਰਜਮਾਨੀ ਕਰਦਾ ਹੋਵੇ।
ਬਰਤਾਨਵੀ ਸਾਮਰਾਜ ਦੀ ਲੰਮੀ ਗੁਲਾਮੀ ਤੋਂ ਛੁਟਕਾਰਾ ਪਾਉਣ ਉਪਰੰਤ ਸੁਤੰਤਰ ਭਾਰਤ ਹੁਣ ਕਾਰਪੋਰੇਟ ਸਿਸਟਮ ਦੀ ਦੂਸਰੀ ਗੁਲਾਮੀ ਹੇਠ ਆਉਣ ਦਾ ਰੁਖ਼ ਕਰ ਰਿਹਾ ਹੈ। ਆਪਣੇ ਆਦਰਸ਼ਾਂ ਪ੍ਰਤੀ ਸੁਚੇਤ ਪੱਤਰਕਾਰ ਨੂੰ ਦੇਸ਼ ਵਿਚ ਖਤਰੇ ਦੀ ਘੰਟੀ ਖੜਕਾਉਣੀ ਚਾਹੀਦੀ ਹੈ। ਪਰ ਦੁੱਖ ਦੀ ਗੱਲ ਹੈ ਕਿ ਗੋਦੀ ਮੀਡੀਆ ਵਜੋਂ ਜਾਣੇ ਜਾਂਦੇ ਪੱਤਰਕਾਰ ਵੱਲੋਂ ਇਸ ਨੂੰ ਸ਼ੁਭ ਪਰਿਵਰਤਨ ਵਜੋਂ ਪਰਚਾਰਿਆ ਜਾ ਰਿਹਾ ਹੈ। ਇਹ ਦਿਸ਼ਾ ਅਤੇ ਦਸ਼ਾ ਆਦਰਸ਼ ਪੱਤਰਕਾਰੀ ਦੀ ਨਿਸ਼ਾਨੀ ਨਹੀਂ ਗੁਲਾਮੀ ਦਾ ਹੀ ਦੂਜਾ ਰੂਪ ਹੈ।
ਜਮਹੂਰੀਅਤ ਦੇ ਮੁਦਈ ਸੁਤੰਤਰ ਭਾਰਤ ਵਿਚ ਪਿਛਲੇ ਕੁਝ ਦਹਾਕਿਆਂ ਵਿਚ ਅਨੇਕਾਂ ਅਣਮਨੁੱਖੀ ਘਟਨਾਵਾਂ ਵਾਪਰੀਆਂ। ਦਿੱਲੀ ਦਾ ਜਵਾਹਰ ਲਾਲ ਨਹਿਰੂ ਵਿਸ਼ਵ ਵਿਦਿਆਲਾ (ਜੇਐਨਯੂ) ਸਿੱਖਿਆ ਦੀ ਸਰਬ ਪ੍ਰਮਾਣਿਤ ਸੰਸਥਾ ਹੈ। ਇਸ ਸੰਸਥਾ ਨੂੰ ਤਬਾਹ ਕਰਨ ਲਈ ਗਿਆਨ ਵਿਰੋਧੀ ਸ਼ਕਤੀਆਂ ਨੇ ਪੂਰੀ ਜ਼ੋਰ-ਅਜ਼ਮਾਈ ਕੀਤੀ। ਸ਼ਾਹੀਨ ਬਾਗ ਵਿਚ ਸ਼ਾਂਤਮਈ ਰੋਸ-ਪ੍ਰਦਰਸ਼ਨ ਕਰ ਰਹੀਆਂ ਅਬਲਾ ਔਰਤਾਂ ’ਤੇ ਜ਼ੁਲਮ ਢਾਹਿਆ ਗਿਆ। ਪਰ ਚਤੁਰ-ਚਲਾਕ ਮੀਡੀਆ ਇਸ ਘਿਨੌਣੇ ਦ੍ਰਿਸ਼ ਉਪਰ ਪਰਦਾ ਪਾ ਗਿਆ। ਯੂਪੀ ਦੇ ਲਖੀਮਪੁਰ ਵਿਚ ਸੱਤਾਧਾਰੀ ਜਬਰ ਦੀ ਗਾਥਾ ਪੁਰਾਣੀ ਨਹੀਂ ਹੋਈ। ਤਾਨਾਸ਼ਾਹੀ ਨੇ ਜ਼ੁਲਮ ਦਾ ਤਾਂਡਵ ਨਾਚ ਨੱਚਿਆ। ਪਰ ਚਤੁਰ ਮੀਡੀਆ ਲੋਕ-ਵਿਰੋਧੀ ਖੇਡ ਖੇਡਦਾ ਰਿਹਾ ਜਿਸ ਦਾ ਨੋਟਿਸ ਦੇਸ਼ ਦੀ ਉੱਚ ਅਦਾਲਤ ਨੂੰ ਲੈਣਾ ਪਿਆ। ਇਹ ਸਾਰਾ ਘਟਨਾਕ੍ਰਮ ਆਦਰਸ਼ ਪੱਤਰਕਾਰੀ ਦੇ ਨਿਘਾਰ ਵੱਲ ਸੰਕੇਤ ਕਰਦਾ ਹੈ।
ਸੱਚੀ-ਸੁੱਚੀ ਪੱਤਰਕਾਰੀ ਦਾ ਲੋਕ-ਹਿਤੈਸ਼ੀ ਹੋਣਾ ਇਕ ਲਾਜ਼ਮੀ ਸਿਧਾਂਤ ਹੈ। ਦਾਰਸ਼ਨਿਕ ਸ਼ਾਇਰ ਪ੍ਰੋ. ਮੋਹਨ ਸਿੰਘ ਨੂੰ ਧਰਤ ਦੋ ਧੜਿਆਂ ਵਿਚ ਵੰਡੀ ਹੋਈ ਨਜ਼ਰ ਆਈ ਸੀ : ‘ਦੋ ਟੋਟਿਆਂ ਵਿਚ ਭੋਇੰ ਵੰਡੀ, ਇਕ ਲੋਕਾਂ ਦਾ ਇਕ ਜੋਕਾਂ ਦਾ।’
ਜਾਬਰ ਰਾਜ ਪ੍ਰਬੰਧ ਦੀ ਧਿਰ ਬਣ ਕੇ ਖੜ੍ਹਨ ਵਾਲਾ ਪੱਤਰਕਾਰ ਸੱਚ ਦੀ ਦਰਗਾਹ ਵਿਚ ਪਰਵਾਨ ਨਹੀਂ ਚੜ੍ਹ ਸਕਦਾ। ਭਾਈ ਲਾਲੋ ਦੇ ਘਰੋਂ ਕੋਧਰੇ ਦੀ ਰੋਟੀ ਤਿਆਗ ਕੇ ਮਲਕ ਭਾਗੋ ਦੇ ਛੱਤੀ ਪ੍ਰਕਾਰ ਦੇ ਭੋਜਨ ਸਵੀਕਾਰ ਕਰਨ ਵਾਲਾ ਰਾਜਸੀ ਨੇਤਾ ਵੀ ਬਾਬਾ ਨਾਨਕ ਫ਼ਕੀਰ ਵਰਗਾ ਉਪਦੇਸ਼ਕ ਨਹੀਂ ਹੋ ਸਕਦਾ। ਕਿਰਤ ਦੀ ਕਦਰ ਕਰਦਿਆਂ ਕਿਰਤੀ ਵਰਗ ਦਾ ਤਰਫ਼ਦਾਰ ਹੋਣਾ ਆਦਰਸ਼ ਪੱਤਰਕਾਰੀ ਦਾ ਪ੍ਰਮੁੱਖ ਧਰਮ-ਕਰਮ ਹੈ ਜੋ ਅੱਜ ਨਿਭਾਇਆ ਨਹੀਂ ਜਾ ਰਿਹਾ।
ਸਾਬਕਾ ਮੈਂਬਰ ਲੋਕ ਸਭਾ।
ਸੰਪਰਕ : 75086-65151