8-ਮਾਰਚ : ਕੌਮਾਂਤਰੀ ਇਸਤਰੀ ਦਿਵਸ 'ਤੇ - ਰਾਜਿੰਦਰ ਕੌਰ ਚੋਹਕਾ

ਇਸਤਰੀ ਵਰਗ ਦੀ ਮੁਕਤੀ ਲਈ ਸੰਘਰਸ਼ ਜਰੂਰੀ !

    ''ਗੁਰੂ ਨਾਨਕ ਦੇਵ ਜੀ'' ਨੇ ਅੱਜ ਤੋਂ ! ਲੱਗ-ਪੱਗ 550 ਸਾਲ ਪਹਿਲਾਂ ਮਨੁੱਖ ਦੀ ਜਨਨੀ ਅਤੇ ਸਮਾਜ ਦੀ ਸਿਰਜਕ ਇਸਤਰੀ ਦੀ 15-ਵੀਂ ਸਦੀ ਦੌਰਾਨ ਸਾਮੰਤਵਾਦੀ ਰਾਜ ਦੌਰਾਨ ਜੋ ਦੁਰਗਤੀ ਦੇਖੀ ਸੀ, ਇਕ ਲੰਬੀ ਹੂਕ ਮਾਰਦੇ ਹੋਏ ਕਿਹਾ ਸੀ, "ਸੋ ਕਿਓ ਮੰਦਾ ਆਖੀਐ" ! ਉਹ ਸ਼ਬਦ ਅੱਜ ! ਵੀ 21-ਵੀਂ ਸਦੀ ਵਿੱਚ ਉਨੇ ਹੀ ਸਾਰਥਿਕ ਹਨ ! ਮਾਂ, ਭੈਣ, ਪਤਨੀ, ਪੁਤਰੀ ਦੇ ਸੱਚੇ-ਸੁੱਚੇ ਰਿਸ਼ਤਿਆਂ ਵਿੱਚ ਬੱਝੀ ਕੋਮਲਤਾ ਦੀ ਮੂਰਤ, ਸਦੀਆਂ ਤੋਂ ਹੀ ਇਸ ਸਮਾਜ ਵਿੱਚ ਪਿਸਦੀ ਆ ਰਹੀ ਹੈ ! ਉਹ ਜੰਮਣ ਤੋਂ ਲੈ ਕੇ ਮਰਨ ਤੱਕ, ਜਿਸਮਾਨੀ ਅਤੇ ਸਰੀਰਕ ਤਸੀਹਿਆਂ ਅਤੇ ਮਾਨਸਿਕ ਪੀੜਾ ਦੀ ਸ਼ਿਕਾਰ ਰਹੀ ਹੈ ! ਉਸ ਦੇ ਜੀਵਨ ਦੀ ਦਾਸਤਾਨ ਬਹੁਤ ਹੀ ਲੰਬੀ ਤੇ ਸੰਘਰਸ਼ਮਈ ਹੈ ! ਟਬਰ-ਕਬੀਲੇ ਦੇ ਯੁੱਗ ਤੋਂ ਲੈ ਕੇ ਮਨੂੰਵਾਦੀ ਕਾਲ ਨੂੰ ਪਾਰ ਕਰਕੇ ਅੱਜ ! ਅਤਿ ਪਿਛਾਕੜੀ ਪੂੰਜੀਵਾਦੀ ਯੁੱਗ ਵਿੱਚ ਉਸ ਨੇ ਪ੍ਰਵੇਸ਼ ਕੀਤਾ ਹੈ ! ਉਸ ਦੇ ਸਬਰ ਦਾ ਇਤਿਹਾਸ ਬਹੁਤ ਹੀ ਲੰਬਾ ਅਤੇ ਸੰਘਰਸ਼ਾਂ ਵਾਲਾ ਹੈ। 'ਦਾਰਸ਼ਨਿਕ', ਐਫ.ਏਂਜ਼ਲਜ਼ ਮੁਤਾਬਿਕ," ਉਂਝ ਤਾਂ ਬਹੁਤ ਹੀ ਲੰਬੇ ਸਮੇਂ ਤੋਂ 'ਕਿਰਤੀਆਂ ਤੇ ਇਸਤਰੀਆਂ' ਤੇ ਅੱਤਿਆਚਾਰ ਹੁੰਦੇ ਆ ਰਹੇ ਹਨ, ਪਰ ! ਸਭ ਤੋਂ ਵੱਧ ਅੱਤਿਆਚਾਰਾਂ ਦੀ ਸ਼ਿਕਾਰ 'ਇਸਤਰੀ' ਹੀ ਹੋਈ ਹੈ ? ਭਾਵੇਂ ਅਮਨ ਦਾ ਯੁੱਗ ਹੋਵੇ ਜਾਂ ਜੰਗ ਦਾ, ਮਨੁੱਖੀ ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਦਾ ਸਭ ਤੋਂ ਵੱਧ ਸ਼ਿਕਾਰ ਹੋਈ ਹੈ ਇਸਤਰੀ ? "21-ਵੀਂ ਸਦੀ ਵਿੱਚ ਅੱਜ ! ਪ੍ਰਵੇਸ਼ ਕਰਨ ਤੋਂ ਬਾਦ ਵੀ ਉਸ ਦਾ ਲਿੰਗਕ ਸੋਸ਼ਣ ਜਾਰੀ ਹੈ ? ਕਿਉਂ ਕਿ, "ਉਸ ਨੂੰ ਅੱਜੇ ਤੱਕ ਇਕ ਇਨਸਾਨ ਵਜੋਂ ਮਾਨਤਾ ਨਹੀ ਹੈ ! 'ਸਗੋਂ ਤੇ ਇਕ ਇਸਤਰੀ ਲਿੰਗਕ ਵਜੋਂ ਹੀ ਦਿੱਤੀ ਜਾ ਰਹੀ ਹੈ ?" ਅੱਜ ! ਮਨੁੱਖ ਨੇ ਸਮਾਜ ਅੰਦਰ ਅਥਾਹ ਪ੍ਰਾਪਤੀਆਂ ਕੀਤੀਆ ਹਨ। ਪਰ ! ਇਸਤਰੀ ਨੂੰ ਅੱਗੇ ਨਾਲੋਂ ਵੀ ਵੱਧ ਮੰਡੀ ਦੀ ਇਕ ਵਸਤੂ ਸਮਝ ਕੇ ਦੂਸਰੇ ਦਰਜੇ ਦੀ ਨਾਗਰਿਕ ਹੀ ਸਮਝਿਆ ਜਾ ਰਿਹਾ ਹੈ ! ਉਹ ਅੱਜ, ''ਉਜਰਤੀ ਮੰਡੀ ਦਾ ਮਾਲ ਬਣਾ ਦਿੱਤੀ ਗਈ ਹੈ !''
    ਸਮਾਜ ਦੇ ਵਿਕਾਸ ਵਿੱਚ ਮਰਦ ਦੇ ਬਰਾਬਰ ਦਾ ਹਿੱਸਾ ਪਾਉਣ ਵਾਲੀ, ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੀ, ਸੰਸਾਰ ਦੀ ਜਨਨੀ, ਦੋਹਰੀ ਲੁੱਟ ਦਾ ਸ਼ਿਕਾਰ ਹੋਣ ਵਾਲੀ ਇਸਤਰੀ ਹੀ ਹੈ ? ਅੱਜੇ ਤੱਕ ਵੀ ਉਹ ਸਮਾਜ ਵਿੱਚ ਆਪਣੀ 'ਹੋਂਦ' ਤੇ 'ਪਹਿਚਾਣ' ਹੀ ਨਹੀ ਬਣਾ ਸਕੀ ਹੈ ? ਜੰਮਣ ਤੋਂ ਲੈ ਕੇ ਮਰਨ ਤੱਕ ਉਸ ਨਾਲ ਵਿਤਕਰਾ ਇਕ ਇਨਸਾਨ ਵਜੋਂ ਨਹੀ ? ਸਗੋਂ ਇਕ ਇਸਤਰੀ ਵਜੋਂ ਹੀ (ਲਿੰਗਕ ਤੌਰ ਤੇ) ਆ ਰਿਹਾ ਹੈ ! ਘਰ ਵਿੱਚ ਲੜਕੀ ਦਾ ਪੈਦਾ ਹੋਣਾ, ਵਿਧਵਾ ਵਿਆਹ ਤੇ ਰੋਕਾਂ, ਪਿਤਾ ਅਤੇ ਪਤੀ ਦੀ ਜਾਇਦਾਦ ਵਿੱਚੋਂ ਹਿੱਸਾ ਨਾ ਮਿਲਣਾ ਅਤੇ ਹੁਣ ਉਸ ਦੀ ਹੋਂਦ ਨੂੰ ਹੀ ਖਤਮ ਕਰਨ ਲਈ ਭਰੂਣ ਹੱਤਿਆਵਾਂ ਹਰ ਪਾਸੇ ਵਾਪਰ ਰਹੀਆਂ ਹਨ ! ਇਹ ਸਭ ਕੁਝ ਉਸ ਨਾਲ ਹੋ ਰਹੀ ਬੇ-ਇਨਸਾਫੀਆਂ ਦੀ ਗਵਾਹੀ ਭਰਦੀਆਂ ਹਨ ! ਸਦੀਆਂ ਤੋਂ ਹੀ ਇਸਤਰੀਆਂ ਨਾਲ ਛੇੜ-ਛਾੜ, ਚੀਰ-ਹਰਨ, ਬਲਾਤਕਾਰ, ਕੁਟ-ਮਾਰ ਅਜਿਹੀਆਂ ਗੈਰ ਮਨੁੱਖੀ ਅਪਰਾਧਿਕ ਘਟਨਾਵਾਂ ਜਿਨ੍ਹਾਂ ਨਾਲ ਇਤਿਹਾਸ ਦੇ ਪੰਨੇ ਭਰੇ ਪਏ ਹਨ ! ਜਦ ਕਿ, "ਸਮਾਜ ਦੀ ਹੋਂਦ ਇਸਤਰੀ ਤੋਂ ਬਿਨ੍ਹਾਂ ਸੰਭਵ ਨਹੀ ਹੈ?"
    "8-ਮਾਰਚ ਕੌਮਾਂਤਰੀ ਇਸਤਰੀ ਦਿਵਸ" ਦੀ ਸ਼ੁਰੂਆਤ ਦਾ ਵੀ ਇੱਕ ਲੰਬਾ ਇਤਿਹਾਸ ਹੈ ! 'ਇਸਤਰੀ ਮਜ਼ਦੂਰਾਂ ਦੇ ਸੰਘਰਸ਼, ਉਜਰਤਾਂ ਵਿੱਚ ਵਾਧੇ ਦੀਆਂ ਮੰਗਾਂ, ਉਨ੍ਹਾਂ ਪ੍ਰਤੀ ਇਨਸਾਨੀ ਵਰਤਾਓ, ਮਰਦ ਬਰਾਬਰ ਮਜ਼ਦੂਰੀ ਤੇ ਵੋਟ ਦੇ ਹੱਕ ਦਾ ਆਰੰਭ ਸਭ ਤੋਂ ਪਹਿਲਾਂ ਯੂਰਪੀ ਦੇਸ਼ਾਂ, ਫਰਾਂਸ, ਜਰਮਨੀ, ਇੰਗਲੈਂਡ, ਆਸਟਰੀਆ, ਸਵਿਟਜ਼ਰਲੈਂਡ, ਡੈਨਮਾਰਕ ਅਤੇ ਅਮਰੀਕਾ ਵਿੱਚ ਸ਼ੁਰੂ ਹੋਇਆ ਸੀ। ਇਸਤਰੀਆਂ ਦੇ ਬਰਾਬਰ ਦੇ ਹੱਕਾਂ ਦੀ ਮੰਗ ਸਭ ਤੋਂ ਪਹਿਲਾਂ ਫਰਾਂਸ ਵਿੱਚ-1789 ਦੇ ਇਨਕਲਾਬ ਦੌਰਾਨ ਉਭਰੀ ਤੇ '1848 ਦੇ ਪੈਰਿਸ ਕਮਿਊਨ' ਦੌਰਾਨ ਇਹ ਮੰਗ ਦੁਬਾਰਾ ਫਿਰ ਉਭਰੀ ਸੀ ? ਪੈਰਿਸ ਵਿੱਚ ਪਹਿਲੀ ਸਰਵਹਾਰਾ ਕ੍ਰਾਂਤੀ ਨੇ "ਇਸਤਰੀਆਂ ਨੂੰ ਰਾਜਨੀਤਿਕ ਅਤੇ ਨਾਗਰਿਕ ਅਧਿਕਾਰਾਂ" ਲਈ ਸੰਘਰਸ਼ ਕਰਨ ਲਈ ਲਾਮਬੰਦ ਕੀਤਾ ਸੀ ! ਪੈਰਿਸ ਕਮਿਊਨ ਦੀਆਂ ਇਹਨਾਂ ਬਹਾਦਰ ਇਸਤਰੀਆਂ ਵਿਚੋਂ "ਲੂਈਸ ਮਿਸ਼ੇਲ ਤੇ ਉਸ ਦੀ ਮਾਤਾ" ਨੇ "ਸੁਸਾਇਟੀ ਫਾਰ ਦੀ ਰਿਕਲੇਸ਼ਨ ਆਫ ਵੂਮੈਨ ਰਾਈਟਸ ਅਤੇ ਔਰਤ" ਨਾਂ ਦੀ ਅਖਬਾਰ ਸ਼ੁਰੂ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ। 1848 ਤੋਂ ਪਹਿਲਾਂ ਪੈਰਿਸ ਵਿੱਚ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀ ਸੀ ਤੇ ਇਸੇ ਮੰਗ ਨੂੰ ਲੈ ਕੇ ਫਰਾਂਸ ਦੀਆਂ ਉੱਘੀਆਂ ਸਮਾਜਵਾਦੀ ਸੋਚ ਵਾਲੀਆਂ ਇਸਤਰੀਆਂ ਨੇ ਐਲਾਨ ਕੀਤਾ ਸੀ, "ਕਿ ਜੇਕਰ ਇਸਤਰੀਆਂ ਨੂੰ ਹੱਕਾਂ ਲਈ ਫਾਂਸੀ ਦੇ ਫੰਦੇ ਤੇ ਚੜ੍ਹ ਕੇ ਮਰਨ ਦਾ ਹੱਕ ਹੈ ? ਤਾਂ ! ਉਸ ਨੂੰ "ਬੋਲਣ ਤੇ ਵੋਟ"ਪਾਉਣ ਦਾ ਹੱਕ ਵੀ ਹੋਣਾ ਚਾਹੀਦਾ ਹੈ ? ਉਸ ਸਾਲ ਹੀ ਕਈ ਇਸਤਰੀਆਂ ਨੂੰ ਫਰਾਂਸ ਦੀ ਮਜ਼ਦੂਰ ਜਮਾਤ ਲਈ ਲੜਦੇ ਹੋਏ ਫਾਂਸੀ ਤੇ ਚੜਨਾ ਪਿਆ ਸੀ ! ਇਹਨਾਂ ਸ਼ਹਾਦਤਾਂ ਨੇ ਹੀ ਅਗੋਂ ਇਸਤਰੀ ਲਹਿਰ ਨੂੰ ਜਨਮ ਦਿੱਤਾ ਸੀ। ਵੋਟ ਪਾਉਣ ਦਾ ਅਧਿਕਾਰ ਇਸਤਰੀਆਂ ਨੂੰ ਨਿਊਜ਼ੀਲੈਂਡ 'ਚ 1893, ਆਸਟਰੇਲੀਆ-1902, ਫਿਨਲੈਂਡ-1906, ਆਈਸਲੈਂਡ-1915, ਡੈਨਮਾਰਕ-1915, ਸੋਵੀਅਤ ਯੂਨੀਅਨ-1917, ਜਰਮਨੀ-1919, ਪੋਲੈਂਡ-1919, ਹੰਗਰੀ-1920, ਅਮਰੀਕਾ-1920, ਇੰਗਲੈਂਡ-1928, ਭਾਰਤ 'ਚ 1935, ਫਰਾਂਸ-1944 ਅਤੇ ਇਟਲੀ 'ਚ 1945 ਨੂੰ ਪਹਿਲੀ ਵਾਰ ਪ੍ਰਾਪਤ ਹੋਇਆ ਸੀ ?''
    ਉਸ ਸਮੇਂ ਜਰਮਨੀ ਸਮਾਜਵਾਦੀ ਲਹਿਰ ਦਾ ਕੇਂਦਰ ਸੀ ਤੇ ਮਜ਼ਦੂਰ ਜਮਾਤ ਦੇ ''ਮਹਾਨ ਚਿੰਤਕ ਕਾਰਲ ਮਾਰਕਸ'' ਜਿਸ ਨੇ ਪਹਿਲੀ ਅੰਤਰ-ਰਾਸ਼ਟਰੀ ਮਜ਼ਦੂਰ ਐਸ਼ੋਸ਼ੀਏਸ਼ਨ ਨੂੰ ਜਨਮ ਦਿੱਤਾ ਤੇ 1866 ਨੂੰ ਪਹਿਲੀ ਇੰਟਰਨੈਸ਼ਨਲ ਨੂੰ ਸੰਬੋਧਨ ਕਰਦਿਆ 'ਇਸਤਰੀ ਕਿਰਤ' ਬਾਰੇ ਇੱਕ ਮੰਗ ਪੱਤਰ ਪੇਸ਼ ਕੀਤਾ ਗਿਆ ਅਤੇ ਮਜ਼ਦੂਰ ਜਮਾਤ ਦੀ ਲੀਡਰਸ਼ਿਪ ਵਲੋਂ 'ਕਾਮਾ-ਇਸਤਰੀਆਂ' ਦੀਆਂ ਮੰਗਾਂ ਨੂੰ ਸ਼ਾਮਲ ਕਰ ਲੈਣ ਨਾਲ ਕਾਮਾ ਇਸਤਰੀਆਂ ਨੂੰ ਜੱਥੇਬੰਦ ਹੋਣ ਲਈ ਉਤਸ਼ਾਹਿਤ ਕੀਤਾ। ''ਐਲਿਜਾਬੈਥ ਕੈਂਡੀ ਸਟੇਨਟਨ ਅਤੇ ਲੁਕੇਸ਼ੀਆ ਕਫ਼ਨ ਮੇਂਟ ਨੇ ਫਰਾਂਸ ਅਤੇ 'ਸੇਨਕਾਂ ਫਾਲਸੇਨ ਨੇ ਨਿਯੂ-ਯਾਰਕ, ਅੰਦਰ ਇਸਤਰੀਆਂ ਦੇ ਅਧਿਕਾਰਾਂ ਲਈ ਸਭ ਤੋਂ ਪਹਿਲਾ ਅਵਾਜ਼ ਉਠਾਈ ! 1888 ਨੂੰ 'ਕੌਮਾਂਤਰੀ ਇਸਤਰੀ ਕੌਂਸਲ' ਦੀ ਸਥਾਪਨਾ ਕੀਤੀ ਗਈ ਅਤੇ 1904 ਨੂੰ ਪਹਿਲੀ ਵਾਰ 'ਕੌਮਾਂਤਰੀ ਇਸਤਰੀ ਮਤ-ਅਧਿਕਾਰ' ਗੱਠਜੋੜ ਬਣਾਇਆ। 1907 ਵਿੱਚ ''ਇਸਤਰੀਆਂ ਦੀ ਪਹਿਲੀ ਕਾਂਨਫਰੰਸ ਸਟਟਗਾਰਡ'' ਵਿਖੇ ਕੀਤੀ ਗਈ ਤੇ ਇਸੇ ਕਾਂਨਫਰੰਸ ਵਿੱਚ 'ਇਸਤਰੀ ਲਹਿਰ' ਗਠਿਤ ਕਰਨ ਲਈ ਇੱਕ ਸਕੱਤਰੇਤ ਬਣਾਇਆ ਗਿਆ। ਮਹਾਨ ਇਸਤਰੀ ਆਗੂ 'ਕਲਾਰਾ ਜੈਟਕਿਨ' ਨੂੰ ਇਸ ਦਾ ਆਗੂ ਚੁਣਿਆ ਗਿਆ। 'ਮਜ਼ਦੂਰ ਜਮਾਤ ਦੀ ਇੱਕ ਜੋਸ਼ੀਲੀ ਤੇ ਦ੍ਰਿੜ ਇਰਾਦੇ ਵਾਲੀ ਲੜਾਕੂ ਇਸਤਰੀ ਸੀ !
    ਇਤਿਹਾਸਿਕ ਪੱਖੋਂ, 'ਇਸਤਰੀ ਦਿਵਸ' ਦੀ ਸ਼ੁਰੂਆਤ 8 ਮਾਰਚ-1857 ਵਿੱਚ, ਅੱਜ ! ਤੋਂ 162 ਸਾਲ ਪਹਿਲਾ ਅਮਰੀਕਾ ਵਿੱਚ ਸੂਤੀ ਮਿੱਲਾਂ ਦੀਆਂ ਕਿਰਤੀ ਇਸਤਰੀਆਂ ਦੀ ਆਪਣੇ ਕੰਮ ਦੀ ਦਿਹਾੜੀ 16 ਘੰਟੇ ਤੋਂ ਘਟਾ ਕੇ 10 ਘੰਟੇ ਕੰਮ ਕਰਨ ਲਈ ਸੰਘਰਸ਼ ਆਰੰਭਿਆ ਸੀ। ਮਨਹਟਨ (ਅਮਰੀਕਾ) ਵਿਖੇ ਸੂਈਆਂ ਬਣਾਉਣ ਦੇ ਇੱਕ ਕਾਰਖਾਨੇ 'ਚ ਕੰਮ ਕਰਨ ਵਾਲੀਆਂ ਇਸਤਰੀਆਂ ਨੇ ਆਪਣਾ ਕੰਮ ਬੰਦ ਕਰਕੇ ਸੜਕਾਂ ਤੇ ਆ ਕੇ ਆਪਣੀਆਂ ਮੰਗਾਂ ਲਈ ਮੁਜ਼ਾਹਰੇ ਕੀਤੇ। ਪਹਿਲੀ-ਮਈ, 1886 ਦੀ ਇਤਿਹਾਸਿਕ ਹੜਤਾਲ ਅਤੇ ਸੰਘਰਸ਼ ਦੀ ਸ਼ੁਰੂਆਤ ਬਾਦ ਕਿਰਤੀ ਵਰਗ ਵੱਲੋਂ ਪਹਿਲੀ ਮਈ ਨੇ ਕਿਰਤੀਆਂ ਨੂੰ ਮਿਲ ਕੇ ਮੰਗਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਆ। ਇਨ੍ਹਾਂ ਇਤਿਹਾਸਿਕ ਘਟਨਾਵਾਂ ਦੀ ਯਾਦ ਵਿੱਚ ਇਹ ਦਿਨ ਦੁੱਨੀਆਂ ਭਰ ਵਿੱਚ ਇਸਤਰੀਆਂ ਨਾਲ ਇੱਕਮੁਠਤਾ ਵਜੋਂ ਮਨਾਇਆ ਜਾਂਦਾ ਹੈ ! ਕੌਮਾਂਤਰੀ ਪੱਧਰ ਤੇ ਇਨ੍ਹਾਂ ਲਹਿਰਾਂ ਅੱਗੇ ਝੁੱਕਦੇ ਹੋਏ 'ਸੰਯੁਕਤ-ਰਾਸ਼ਟਰ' ਵਲੋਂ 1967 ਨੂੰ ਇਸਤਰੀਆਂ ਨਾਲ ਹੋ ਰਹੇ ਹਰ ਤਰ੍ਹਾਂ ਦੇ ਵਿਤਕਰੇ, ਜੋ ਬਰਾਬਰ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਸਨ, ਵਿਰੁੱਧ ਇੱਕ ਮਤਾ ਪਾਸ ਕਰਕੇ ''8 ਮਾਰਚ-1975 ਤੋਂ ਲੈ ਕੇ-1985 ਤੱਕ, ਸਾਰੇ ਮੈਂਬਰ ਦੇਸ਼ਾਂ ਨੂੰ ਇੱਕ ਦਹਾਕੇ ਤੱਕ, ਕੌਮਾਂਤਰੀ ਇਸਤਰੀ ਦਿਵਸ ਮਨਾਉਣ, ਇਸਤਰੀਆਂ ਲਈ ਬਰਾਬਰਤਾ, ਸਮਾਜਕ ਅਤੇ ਆਰਥਿਕ ਖੇਤਰ ਵਿੱਚ ਹੋ ਰਹੀਂ ਨਾ-ਬਰਾਬਰਤਾ ਅਤੇ ਲਿੰਗਕ ਸ਼ੋਸ਼ਣ ਦੇ ਖਿਲਾਫ ਉਨਤੀ ਅਤੇ ਅਮਨ ਦੇ ਨਾਅਰੇ ਹੇਠ ਮਨਾਉਣ ਦਾ ਸਦਾ ਦਿੱਤਾ ਗਿਆ ਸੀ !'' ਪ੍ਰੰਤੂ ਅੱਜ ! ਇਸ ਐਲਾਨ-ਨਾਮੇਂ ਦੇ 44 ਸਾਲ ਬੀਤਣ ਦੇ ਬਾਦ ਵੀ ਇਸਤਰੀਆਂ ਦੀ ਦਸ਼ਾ ਵਿੱਚ ਕੋਈ ਬਹੁਤਾ ਸੁਧਾਰ ਹੀ ਨਹੀਂ ਹੋਇਆ ਹੈ ?
    ਇਸਤਰੀਆਂ ਦੇ ਲਹਿਰ ਦੇ ਆਗਾਜ਼ ਦਾ ਮੁੱਢ 1910 ਵਿੱਚ ''ਕੋਪਨਹੈਗਨ'' (ਡੈਨਮਾਰਕ) ਵਿਖੇ ਸਮਾਜਵਾਦੀ ਵਿਚਾਰਾਂ ਵਾਲੀਆਂ ਇਸਤਰੀਆਂ ਦੀ ਦੂਸਰੀ ਕੌਮਾਂਤਰੀ ਕਾਨਫਰੰਸ ਜਿਸ ਦੀ ਆਗੂ ''ਕਲਾਰਾ ਜੈਟਕਿਨ'' ਸੀ, ਦੌਰਾਨ ਬੱਝਿਆ ਸੀ, ਜਿਸ ਵਿੱਚ 17 ਦੇਸ਼ਾਂ ਤੋਂ 100 ਤੋਂ ਵੱਧ ਇਸਤਰੀਆਂ ਨੇ ਭਾਗ ਲਿਆ ਸੀ ! ਕਾਨਫਰੰਸ ਵਲੋਂ 8 ਮਾਰਚ-1911 ਨੂੰ ਦੁੱਨੀਆਂ ਭਰ ਵਿੱਚ ''ਇਸਤਰੀ ਦਿਵਸ'' ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ ! ਇਸ ਕਾਨਫਰੰਸ ਵਿੱਚ ''ਰੂਸ ਦੀ ਪ੍ਰਤੀਨਿਧਤਾ ਸੇਂਟ ਪੀਟਰਜ਼ਬਰਗ ਟੈਕਸਟਾਈਲ ਮਜ਼ਦੂਰ ਯੂਨੀਅਨ ਦੀ ਉੱਘੀ ਆਗੂ ਐਲੇਂਗਜੈਂਡਰਾ ਕੋਲਾਨਤਾਏ'' ਨੇ ਕੀਤੀ ਤੇ ਇਸੇ ਹੀ ਕਾਨਫਰੰਸ ਵਿੱਚ 8 ਮਾਰਚ ਨੂੰ ਅੰਤਰ-ਰਾਸ਼ਟਰੀ ਪੱਧਰ ਤੇ 'ਕਾਮਾ ਇਸਤਰੀ ਦਿਵਸ' ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ !'' ਉਸ ਸਮੇਂ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ ? ਇਸ ਕਾਨਫਰੰਸ ਦਾ ਮੁੱਖ ਅਜੰਡਾ ਸੀ 'ਇਸਤਰੀਆਂ ਲਈ ਵੋਟ ਦਾ ਹੱਕ ਤੇ ਇਸਦੇ ਹੱਲ ਲਈ ਢੰਗ ਤਰੀਕੇ ?' ਕਲਾਰਾ ਜੈਟਕਿਨ ਨੇ ਕੌਮਾਂਤਰੀ ਕਾਮਾ ਇਸਤਰੀ ਦਿਵਸ ਕਾਇਮ ਕਰਨ ਲਈ ਮੱਤਾ ਪੇਸ਼ ਕੀਤਾ, 'ਕਿ ਸਮਾਜਵਾਦੀ ਸੋਚ ਦੀਆਂ ਇਸਤਰੀਆਂ ਹਰ ਇੱਕ ਦੇਸ਼ ਵਿੱਚ ਰਾਜਸੀ ਪਾਰਟੀਆਂ ਅਤੇ ਟਰੇਡ ਯੂਨੀਅਨਾਂ ਨਾਲ ਮਿਲ ਕੇ ਇੱਕ ਖਾਸ ਦਿਨ ਇਸਤਰੀ ਦਿਵਸ ਜੱਥੇਬੰਦ ਕਰਨ। ਜਿਸ ਦਾ ਪਹਿਲਾ ਮੁੱਖ ਨਿਸ਼ਾਨਾ ਇਸਤਰੀਆਂ ਦੇ ਵੋਟ ਦੇ ਹੱਕ ਲਈ ਸੰਘਰਸ਼ ਕਰਨਾ ਹੋਵੇਗਾ ? ਪਹਿਲੀ ਵਾਰੀ ਇਹ ਦਿਨ 1911 ਵਿੱਚ ਜਰਮਨੀ, ਆਸਟਰੀਆਂ, ਡੈਨਮਾਰਕ ਅਤੇ ਸਵਿੱਟਜ਼ਰਲੈਂਡ ਵਿੱਚ ਮਨਾਇਆ ਗਿਆ। ਰੂਸ ਵਿੱਚ ਇਹ ਦਿਨ-1913 ਨੂੰ, ਚੀਨ 'ਚ ਪਹਿਲੀ ਵਾਰ (ਸ਼ੰਘਾਈ) 1926 ਨੂੰ ਇਸਤਰੀਆਂ ਅਤੇ ਕਮਿਊਨਿਸਟਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਭਾਰਤ ਵਿੱਚ ਇਹ ਦਿਨ ਪਹਿਲੀ ਵਾਰ ਇਸਤਰੀਆਂ ਦੀ ਲਾਹੌਰ ਕਾਨਫਰੰਸ ਮੌਕੇ, 1931 ਨੂੰ ਮਨਾਇਆ ਗਿਆ। ਦੁੱਨੀਆਂ ਵਿੱਚ ਚਲੀਆ ਜਮਹੂਰੀ ਲਹਿਰਾਂ ਦਾ ਸਦਕਾ ਹੀ ਅੱਜ ! ਇਸਤਰੀ ਲਹਿਰਾਂ ਮਜ਼ਬੂਤ ਹੋਈਆਂ ਅਤੇ ਇਸਤਰੀਆਂ ਨੂੰ ਕੁਝ ਮਾਨਤਾਵਾਂ ਮਿਲੀਆਂ ਹਨ !
    ਅੱਜ ! ਇਸਤਰੀਆਂ ਦੇ ਰੁਤਬੇ ਦੀਆਂ ਸਮੱਸਿਆਵਾਂ ਵੱਖੋਂ-ਵੱਖ ਸਮਾਜਿਕ ਧਾਰਨੀ ਵਾਲੇ ਦੇਸ਼ਾਂ ਵਿੱਚ ਵੱਖ-ਵੱਖ ਹਨ ! ਚੀਨ, ਵੀਤਨਾਮ, ਉੱਤਰੀ ਕੋਰੀਆ, ਕਿਉਬਾ ਅਦਿ ਸਮਾਜਵਾਦੀ ਦੇਸ਼ਾਂ ਵਿੱਚ ਇਸਤਰੀਆਂ ਦਾ ਰੁਤਬਾ ਮਰਦ ਬਰਾਬਰ ਹੈ ਤੇ ਇਸਤਰੀਆਂ ਸਮਾਜ ਤੇ ਜੀਵਨ ਵਿੱਚ ਬਿਨ੍ਹਾਂ ਵਿਤਕਰੇ ਦੇ ਅੱਗੇ ਵੱਧ ਰਹੀਆਂ ਹਨ। ਪਰ ! ਇਸ ਦੇ ਉਲਟ ਪੂੰਜੀਵਾਦੀ ਪਹੁੰਚ ਵਾਲੇ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਇਸਤਰੀ, 'ਤੇ ਜ਼ਬਰ-ਜ਼ੁਲਮ, ਸ਼ੋਸ਼ਣ, ਹਿੰਸਾ, ਲਿੰਗਕ ਵਿਤਕਰੇ ਜਾਰੀ ਹਨ ਤੇ ਇਸਤਰੀ ਵਰਗ ਹਰ ਤਰ੍ਹਾਂ ਪੀੜ੍ਹਤ ਹੈ ! ਭਾਰਤ ਵਿੱਚ ਇਸਤਰੀਆਂ ਦੇ ਘੋਲ ਦਾ ਮੁੱਢ 1857 ਦੇ ਗਦਰ ਸਮੇਂ ਹੀ ਸ਼ੁਰੂ ਹੋ ਗਿਆ ਸੀ। ਬੇਗਮ ਅਵਧ, ਝਾਂਸੀ ਦੀ ਰਾਣੀ ਅਤੇ ਵੇਲੂ ਨਾਚੀਆਇਰ (ਭਾਰਤੀ) ਰਾਣੀ ਜਿਸ ਨੇ ਬਰਤਾਨਵੀ ਸਾਮਰਾਜ ਵਿਰੁੱਧ ਭਾਰਤ ਅੰਦਰ ਸੰਘਰਸ਼ ਸ਼ੁਰੂ ਕੀਤਾ ਦੇ ਰੋਲ ਨੂੰ ਕੌਣ ਭੁੱਲ ਸਕਦਾ ਹੈ ? ਕੂਕਾ ਲਹਿਰ, ਹੋਮ ਰੂਲ ਜੰਗ, ਪੰਜਾਬ ਤੇ ਬੰਗਾਲ ਦੇ ਕ੍ਰਾਂਤੀਕਾਰੀ ਅੰਦਲੋਨਾਂ ਵਿੱਚ, ਗਦਰ ਪਾਰਟੀ, ਕਾਂਗਰਸ ਲਹਿਰ, ਗੁਰੂਦੁਆਰਾ ਸੁਧਾਰ ਲਹਿਰ, ਸਿਵਲ-ਨਾ-ਫ਼ੁਰਮਾਨੀ, ਕਿਸਾਨਾਂ ਤੇ ਮਜ਼ਦੂਰਾਂ ਦੇ ਘੋਲ ਆਦਿ 'ਚ ਅਤੇ ਹੋਰ ਅਨੇਕਾਂ ਲਹਿਰਾਂ, ਅੰਦੋਲਨਾਂ ਤੇ ਮੋਰਚਿਆਂ ਵਿੱਚ ਇਸਤਰੀਆਂ ਵਲੋਂ ਪਾਏ ਯੋਗਦਾਨ ਸੰਬੰਧੀ ਇਤਿਹਾਸ ਦੇ ਵਰਕੇ ਭਰੇ ਪਏ ਹਨ ! ਕੌਮੀ ਆਜ਼ਾਦੀ ਤੋਂ ਬਾਅਦ ਆਰਥਿਕ ਬਰਾਬਰਤਾ ਅਤੇ ਸਮਾਜਿਕ ਨਿਆਂ ਲਈ ਚਲਾਏ ਹਰ ਮੋਰਚਿਆਂ ਵਿੱਚ ਇਹ ਵੀਰਾਗਣਾਂ ਸ਼ਾਮਿਲ ਹੁੰਦੀਆਂ ਰਹੀਆਂ ਹਨ ! ਇਨ੍ਹਾਂ ਸੰਘਰਸ਼ਾਂ ਵਿੱਚ ਸ਼ਮੂਲੀਅਤ, ਅੰਦੋਲਨਾਂ ਵਿੱਚ ਹਿੱਸੇਦਾਰੀ, ਦੇਸ਼ ਦੇ ਵਿਕਾਸ ਵਿੱਚ ਪੂਰਨ ਰੂਪ ਵਿੱਚ ਯੋਗਦਾਨ ਪਾਉਣ ਵਾਲੇ ਇਸਤਰੀ ਵਰਗ ਨੂੰ ਦੇਸ਼ ਅੰਦਰ ਅਜੇ ਵੀ 'ਅਬਲਾ' ਹੀ ਸਮਝਿਆ ਜਾ ਰਿਹਾ ਹੈ ?
    ਆਜ਼ਾਦੀ ਦੇ 71 ਸਾਲ ਬੀਤਣ ਬਾਦ ਵੀ ਦੇਸ਼ ਦੀ 80 ਫੀ-ਸਦ ਜਨਤਾਂ, ਨੰਗ, ਭੁੱਖ, ਮਹਿੰਗਾਈ, ਭ੍ਰਿਸ਼ਟਾਚਾਰ, ਬੇ-ਰੋਜਗਾਰੀ, ਬਿਮਾਰੀਆਂ, ਕੁੱਲੀ, ਗੁੱਲੀ, ਜੁੱਲੀ ਤੇ ਹੋਰ ਥੁੜਾ ਦੀ ਸ਼ਿਕਾਰ ਹੈ ! ਇਨ੍ਹਾਂ ਸਾਰੀਆਂ ਲਚਾਰੀਆਂ ਦਾ ਸਾਰਾ ਦੁੱਖ ਇਸਤਰੀਆਂ ਨੂੰ ਹੰਢਾਉਣਾ ਪੈ ਰਿਹਾ ਹੈ। ਜ਼ਬਰੀ ਸਮਾਜਿਕ ਰੀਤੀ ਰਿਵਾਜਾਂ ਅਧੀਨ, ਵਿਆਹ ਦਾ ਨਰੜ, ਤਲਾਕ ਲਈ ਮਜ਼ਬੂਰੀ, ਜਾਇਦਾਦ ਦੀ ਵਿਰਾਸਤ ਦਾ ਹੱਕ ਲੈਣ ਲਈ, ਸਿਹਤ ਸੇਵਾਵਾਂ ਦੀਆਂ ਸਹੂਲਤਾਂ ਨਾ ਦੇ ਬਰਾਬਰ ਹੋਣਾ, ਬਰਾਬਰ ਕੰਮ ਲਈ ਬਰਾਬਰ ਦੀ ਉਜਰਤ ਨਾ ਮਿਲਣਾ, ਦਾਜ-ਦਹੇਜ ਦੇ ਜਗੀਰੂ ਸੰਸਕਰਨਾਂ ਅਧੀਨ ਨਪੀੜੇ ਜਾਣਾ, ਭਰੂਣ ਹੱਤਿਆ, ਗੁੰਡਾ-ਗਰਦੀ, ਛੇੜ-ਛਾੜ, ਘਰੇਲੂ ਹਿੰਸਾ, ਐਨ.ਆਰ.ਆਈ. ਲਾੜਿਆ ਵਲੋਂ ਵਿਆਹ ਕਰਕੇ ਛੱਡ ਦੇਣਾ, ਤੇਜ਼ਾਬ ਸੁੱਟਣਾ, ਬਲਾਤਕਾਰ ਜਿਹੀਆਂ ਬੁਰਾਈਆਂ ਵਿੱਚ ਉਹ ਨਪੀੜੀ ਜਾ ਰਹੀ ਹੈ ! ਭਾਵੇਂ ! ਹਾਕਮ ਜਮਾਤਾਂ ਦੀਆਂ ਰਾਜ ਕਰ ਰਹੀਆਂ ਸਰਕਾਰਾਂ ਇਸਤਰੀਆਂ ਦੇ ਹੱਕਾਂ ਹਿੱਤਾਂ ਲਈ ਕਾਨੂੰਨ ਬਣਾਉਣ ਦੀਆਂ ਟਾਹਰਾਂ ਮਾਰ ਰਹੀਆਂ ਹਨ। ਪਰ ! ਇਨ੍ਹਾਂ ਕਾਨੂੰਨਾਂ ਦੀ ਲੰਬੀ ਪ੍ਰਕਿਰਿਆ ਰਾਹੀਂ ਇਸਤਰੀਆਂ ਦੇ ਲਈ ਕੋਈ ਮਸਲੇ ਹੱਲ ਹੀ ਨਹੀਂ ਹੋ ਰਹੇ ਹਨ ? ਵਾਰ-ਵਾਰ ਤਰੀਕਾ, ਗਵਾਹਾਂ ਦਾ ਮੁਕਰਨਾ, ਸਮਾਜਿਕ ਸੁਰੱਖਿਆ ਨਾ ਹੋਣਾ, ਕਚਿਹਰੀਆਂ ਵਿੱਚ ਕੇਸਾਂ ਦੇ ਨਬੇੜੇ ਅਧੀਨ ਸਾਲਾ ਭਰ ਬੀਤ ਜਾਂਦੇ ਹਨ। ਅੱਜ ! ਇਸਤਰੀਆਂ ਦੇ ਬੁਨਿਆਦੀ ਮਸਲਿਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਅਜਿਹੇ ਸ਼ਹਿਰੀ ਤੇ ਸਨਅਤੀ ਹਲਕਿਆਂ ਦੇ ਮਸਲੇ ਹਨ ਜੋ ਪੇਂਡੂ ਅਤੇ ਖੇਤੀ ਸੈਕਟਰ ਨਾਲ ਸੰਬੰਧ ਰੱਖਣ ਵਾਲੀਆਂ ਇਸਤਰੀਆਂ ਨਾਲੋਂ ਵੱਖਰੇ ਹਨ। 1976 ਵਿੱਚ ਬਰਾਬਰ ਕੰਮ ਲਈ ਬਰਾਬਰ ਦੀ ਉਜਰਤ ਐਕਟ ਪਾਸ ਹੋਣ ਉਪਰੰਤ ਖੇਤੀ, ਭੱਠਾ ਸੈਕਟਰ, ਫੈਕਟਰੀਆਂ ਆਦਿ ਵਿੱਚ ਕੰਮ ਕਰਦੀਆਂ ਇਸਤਰੀਆਂ ਦੀਆਂ ਉਜਰਤਾਂ ਅਜੇ ਵੀ ਕਾਮਾ ਮਰਦ ਮਜ਼ਦੂਰ ਤੋਂ  ਘੱਟ ਹਨ। ਆਗਣਵਾਂੜੀ ਵਰਕਰ ਅਤੇ ਹੈਲਪਰ, ਆਸ਼ਾ ਵਰਕਰ, ਮਿਡ-ਡੇ-ਮੀਲ ਵਰਕਰਾਂ ਅਤੇ ਸਕੀਮਾਂ ਅਧੀਨ ਕੰਮ ਕਰਦੀਆਂ ਇਸਤਰੀਆਂ ਦੀ ਕਿਰਤ ਦੀ ਚਿੱਟੇ ਦਿਨੀ ਲੁੱਟ ਜਾਰੀ ਹੈ। ਇਸਤਰੀਆਂ ਨਾਲ ਹੋ ਰਹੀਆਂ ਵਧੀਕੀਆਂ ਅਤੇ ਉਨ੍ਹਾਂ ਨਾਲ ਹੋ ਰਹੇ ਰੈਪ, ਜਿਨਸੀ ਛੇੜ-ਛਾੜ ਦੀਆਂ ਵੱਧ ਰਹੀਆਂ ਘਟਨਾਵਾਂ ਜਿਨ੍ਹਾਂ ਤੇ ਪਿਛਲੇ ਦਿਨੀ 'ਸੰਯੁਕਤ-ਰਾਸ਼ਟਰ' ਨੇ ਚਿੰਤਾ ਪ੍ਰਗਟ ਕਰਦਿਆ ਇਸਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਜੋਰ ਦਿੱਤਾ ਹੈ ! ਤਾਂ ਜੋ ! ਉਹ ਸਵੈ-ਮਾਣ ਨਾਲ ਤੁਰ ਫਿਰ, ਜੀਅ ਸਕਣ,  ਇਹ ਉਹਨਾਂ ਦਾ ਹੱਕ ਹੈ ? ਪਰ ! ਅਜੇ ਹਾਕਮਾਂ ਵਲੋਂ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਹੈ ?
    ਕੇਂਦਰ ਵਿੱਚ ਬੀ.ਜੇ.ਪੀ. ਦੀ ਐਨ.ਡੀ.ਏ. ਦੀ ਫਿਰਕੂ ਸਰਕਾਰ 2014-2019 ਤੱਕ ਜੋ ਸਤਾ 'ਤੇ ਕਾਬਜ਼ ਹੈ। ਮੋਦੀ ਸਰਕਾਰ ਦੀਆਂ ਉਦਾਰੀਵਾਦੀ ਨੀਤੀਆ ਨੇ, ਇਸਤਰੀਆਂ ਦੇ ਅਧਿਕਾਰਾਂ ਨੂੰ ਸੱਟ ਮਾਰੀ ਹੈ। ਇਹਨਾਂ ਨੀਤੀਆਂ ਕਾਰਨ ਇਸਤਰੀਆਂ ਦੀ ਆਰਥਿਕ, ਆਜ਼ਾਦੀ, ਸੁਰੱਖਿਆ ਅਤੇ ਖੁਦ-ਮੁਖਤਾਰੀ ਵਿੱਚ ਭਾਰੀ ਗਿਰਾਵਟ ਆਈ ਹੈ ! ਇਸਤਰੀਆਂ ਵਿਰੁੱਧ ਹਿੰਸਾ, ਸ਼ੋਸ਼ਣ, ਫਿਰਕੂ, ਘਰੇਲੂ ਹਿੰਸਾ, ਕਤਲ, ਸਾਈਬਰ ਜ਼ੁਰਮਾਂ, ਦਲਿਤ ਅਤੇ ਘਟ ਗਿਣਤੀ ਵਰਗ ਦੀਆਂ ਇਸਤਰੀਆਂ 'ਤੇ ਜਾਤ-ਪਾਤ ਦੇ ਅਧਾਰ ਤੇ ਹਿੰਸਾ ਵਿੱਚ ਤੇਜੀ ਨਾਲ ਵਾਧਾ ਹੋ ਰਿਹਾ ਹੈ ! 2016 'ਚ ਔਸਤ ਪ੍ਰਤੀ ਦਿਨ 106 ਬਲਾਤਕਾਰ ਕੇਸ ਰਜਿਸਟਰਡ ਹੋਏ ਹਨ। 2015 ਤੋਂ ਹੁਣ ਤੱਕ ਇਸਤਰੀਆਂ ਵਿਰੁੱਧ ਕੁੱਲ ਜ਼ੁਰਮਾਂ ਵਿੱਚ 2.9 ਫੀ-ਸਦ ਦਾ ਵਾਧਾ ਹੋਇਆ ਹੈ। ਜੋ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ ? ਇਸਤਰੀਆਂ ਨਾਲ ਹੋ ਰਹੇ ਬਲਾਤਕਾਰਾਂ ਵਿੱਚ 80 ਫੀ-ਸਦ ਦਾ ਵਾਧਾ ਹੋਇਆ ਹੈ ! ਕੰਮ ਦੇ ਸਥਾਨ ਤੇ ਛੇੜ-ਛਾੜ ਦੇ ਕੇਸ ਵਧੇ ਹਨ ! ਗੱਲ ਕੀ ? ਕੇਂਦਰ ਦੀ ਮੋਦੀ ਸਰਕਾਰ ਇਸਤਰੀਆਂ ਨੂੰ ਪੂਰਨ ਰੂਪ ਵਿੱਚ ਸੁਰੱਖਿਆ ਦੇਣ, ਵਰਮਾ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ? ਸੰਸਦ ਅਤੇ ਐਂਸੰਬਲੀਆਂ ਵਿੱਚ 33 ਫੀ-ਸਦ ਇਸਤਰੀਆਂ ਲਈ ਰਾਖਾਂਵਾਕਰਨ ਦੇ ਬੜੇ ਹੀ ਦਮ-ਗਜੇ ਮਾਰੇ ਜਾ ਰਹੇ ਹਨ ! ਪਰ ! ਹਾਕਮ ਜਮਾਤਾਂ ਦੇ ਨੁਮਾਇੰਦੇ ਨਹੀਂ ਚਾਹੁੰਦੇ ਕਿ ''ਇਸਤਰੀਆਂ ਨੂੰ ਇਹ ਅਧਿਕਾਰ ਮਿਲੇ ?'' ਸਗੋਂ ਤੇ ਅੱਗੋਂ ਜਾਤਾ-ਧਰਮਾਂ, ਖਿੱਤਿਆ 'ਤੇ ਵਰਗਾਂ ਵਿੱਚ ਵੰਡਣ ਦੇ ਢੁੱਚਰ ਡਾਹ ਕੇ ਬੀ.ਜੇ.ਪੀ. ਤੇ ਕਈ ਹੋਰ ਪਾਰਟੀਆਂ ਨੇ ਇਸ ਬਿੱਲ ਨੂੰ 'ਕੋਲਡ-ਸਟੋਰਜ਼' ਵਿੱਚ ਲਗਾ ਦਿੱਤਾ ਹੈ ! ਜਦ ਕਿ ਆਪਣੇ ਭੱਤੇ ਤੇ ਸਹੂਲਤਾਂ ਦੇ ਵਾਧੇ ਲਈ ਬਿਨ੍ਹਾਂ ਕੋਈ ਬਹਿਸ ਬਿੱਲ ਪਾਸ ਕਰ ਦਿੱਤੇ ਜਾਂਦੇ ਹਨ।
    ਕੇਂਦਰ ਦੀ ਬੀ.ਜੇ.ਪੀ. ਸਰਕਾਰ ਨੇ ਵੀ ਪਿਛਲੀ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੇ ਹੀ ਪਹਿਰਾ ਦਿੰਦੇ ਹੋਏ, ਉਦਾਰੀਕਰਨ, ਨਿੱਜੀਕਰਨ ਤੇ ਸੰਸਾਰੀਕਰਨ ਨੂੰ ਲਾਗੂ ਕਰਦੇ ਹੋਏ ਦੇਸ਼ ਨੂੰ ਵੇਚਣ ਤੇ ਲੱਗਾ ਦਿੱਤਾ ਹੈ ? ਅੱਜ ਮੁਨਾਫਾ ਕਮਾਉਂਦੇ ਸਰਕਾਰੀ ਅਦਾਰੇ ਵੀ ਵੇਚੇ ਜਾ ਰਹੇ ਹਨ ! ਅਮਰੀਕੀ ਸਾਮਰਾਜ ਦੀ ਅਧੀਨਗੀ ਕਬੂਲਦੇ ਹੋਏ ਮਿਕਦਾਰੀ ਰੋਕਾਂ ਹਟਾ ਕੇ ਦੇਸ਼ ਦੀਆਂ ਮੰਡੀਆਂ ਦੇ ਦਰ ਸਾਮਰਾਜੀਆਂ ਲਈ ਖੋਲ੍ਹ ਦਿੱਤੇ ਹਨ। ਸਿੱਟੇ ਵਜੋਂ ਲੋਕ ਵਿਰੋਧੀ ਨੀਤੀਆਂ ਲਾਗੂ ਹੋਣ ਨਾਲ ਦੇਸ਼ ਦੀ ਸਨਅਤ ਤੇ ਖੇਤੀ ਸੈਕਟਰ ਲਈ ਗੰਭੀਰ ਖਤਰੇ ਪੈਦਾ ਹੋ ਗਏ ਹਨ। ਅੱਜ ! ਬੇ-ਰੋਜਗਾਰੀ ਵੱਧੀ ਹੈ, ਲੱਖਾਂ ਕਾਰਖਾਨੇ ਬੰਦ ਹੋ ਗਏ ਹਨ, ਮਜ਼ਦੂਰ ਵਰਗ ਤੇ ਹਮਲੇ ਤੇਜ਼ ਹੋਏ ਹਨ, ਠੇਕੇਦਾਰੀ ਪ੍ਰਥਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਹੋ ਰਹੀਆਂ ਛਾਟੀਆਂ ਦਾ ਸਭ ਤੋਂ ਪਹਿਲਾ ਕੁਹਾੜਾ ਇਸਤਰੀ ਕਾਮਿਆਂ ਤੇ ਹੀ ਚਲਾਇਆ ਜਾ ਰਿਹਾ ਹੈ ?
    ਅੱਜ ! ਦੇਸ਼ ਵਿੱਚ 'ਇਸਤਰੀ ਲਹਿਰ' ਦੀ ਹੋਰ ਵੀ ਮਹੱਤਤਾ ਹੈ ! ਕਿਉਂ 'ਕਿ ''ਭਾਰਤ ਦੀ ਇਸਤਰੀ ਪੂੰਜੀਵਾਦੀ ਅਤੇ ਸਾਮੰਤਵਾਦੀ ਰਹਿੰਦ-ਖੂੰਹਦ ਵਾਲੀ ਹਕੂਮਤ ਅਧੀਨ ਘੋਰ ਵਿਤਕਰੇ ਦੀ ਸ਼ਿਕਾਰ ਹੈ ! ਦੇਸ਼ ਦੀ ਅੱਧੀ ਆਬਾਦੀ, ਸਮਾਜ ਦੀ ਸਿਰਜਕ ਤੇ ਕੋਮਲਤਾ ਦੀ ਮੂਰਤ, ਅਜੇ ਵੀ 21-ਵੀਂ ਸਦੀ ਵਿੱਚ ਵੀ ਲਾਚਾਰ ਹੈ ? ਇਸ ਲਾਚਾਰੀ ਤੇ ਬੇ-ਵਸੀ 'ਚੋਂ ਨਿਜਾਤ ਪਾਉਣ ਲਈ ਮਰਦ ਪ੍ਰਧਾਨ ਸਮਾਜ ਦੇ ਇਸ ਜੂਲੇ ਵਿੱਚੋਂ ਨਿਕਲਣ ਲਈ ਉਸ ਨੂੰ ਚੰਡੀ ਦਾ ਰੂਪ ਧਾਰਨ ਕਰਨਾ ਪਏਗਾ ? ਪਰ ! ਇਹ ਤਾਂ ਹੀ ਹੋ ਸਕਦਾ ਹੈ ਜਦੋਂ ਉਹ ਲਾਮਬੰਦ ਹੋਵੇ ? ਉਸ ਦੀ ਮੁਕਤੀ ਦੀ ਆਸ ਇਸ ਤਰ੍ਹਾਂ ਹੀ ਬੱਝ ਸਕਦੀ ਹੈ ? ਪੈਂਡਾ ਬਹੁਤ ਹੀ ਲੰਬਾ ਹੈ, ਅਤੀਤ ਵਿੱਚ ਜੋ ਕੁਝ ਵੀ ਪ੍ਰਾਪਤ ਹੋਇਆ ਹੈ, ਉਹ ਸੰਘਰਸ਼ਾਂ ਦਾ ਹੀ ਸਿੱਟਾਂ ਹੈ ? ਇਸਤਰੀ ਮੁਕਤੀ ਲਈ ਸਾਮੰਤਵਾਦੀ, ਰਹਿੰਦ-ਖੂੰਹਦ, ਸਾਮਰਾਜੀ ਖੁੱਲ੍ਹੀ ਮੰਡੀ ਦਾ ਪ੍ਰਭਾਵ ਤੇ ਮਰਦ ਪ੍ਰਧਾਨ ਸਮਾਜ ਦੀ ਮਾਨਸਿਕਤਾ ਵਿਰੁੱਧ ਲੰਬੇ ਸੰਘਰਸ਼ ਕਰਨੇ ਪੈਣਗੇ ? ਆਪਣੀ ਹੌਂਦ ਨੂੰ ਬਚਾਉਣ ਲਈ ਦੇਸ਼ ਅੰਦਰ ਚੱਲ ਰਹੀਆਂ ਲੋਕ ਪੱਖੀ ਜਮਹੂਰੀ ਲਹਿਰਾਂ ਦਾ ਹਿੱਸਾ ਬਣ ਕੇ ਸੰਘਰਸ਼ੀਲ ਹੋਣਾ ਪਏਗਾ ? ਇਹ ਰਸਤਾ ਹੀ ਇਸਤਰੀ ਮੁਕਤੀ ਦੀ ਸਫਲਤਾ ਹੋਵੇਗੀ ?
    ਆਓ ! ਅੱਜ ! 8 ਮਾਰਚ ਕੌਮਾਂਤਰੀ ਇਸਤਰੀ ਦਿਵਸ ਤੇ ਇਹ ਅਹਿਦ ਕਰੀਏ, 'ਕਿ ਇਸ ਵਰਗ ਨਾਲ ਜੋ ਬੇ-ਇਨਸਾਫੀਆਂ ਹੋ ਰਹੀਆਂ ਹਨ, ਦੇ ਖਾਤਮੇ ਲਈ ? ਜਿੱਥੇ ਇਸਤਰੀ ਪੱਖੀ ਕਠੋਰ ਕਾਨੂੰਨਾਂ ਦੀ ਲੋੜ ਹੈ ? ਉੱਥੇ ਉਸ ਵੱਲੋਂ ਉਸਾਰੀ ਉਸ ਦੀ ਆਪਣੀ ਸ਼ਕਤੀਸ਼ਾਲੀ ਲਹਿਰ ਹੀ ਉਸ ਦੀ ਢਾਲ ਬਣ ਸਕਦੀ ਹੈ ? ''ਜਮਹੂਰੀਅਤ ! ਬਰਾਬਰਤਾ !! ਇਸਤਰੀਆਂ ਦੀ ਬੰਦ ਖਲਾਸੀ !!!'' ਤਾਂ ਹੀ ਹੋ ਸਕਦੀ ਹੈ ਜੇਕਰ ਇਸਤਰੀਆਂ ਦੇ ਵਿਸ਼ਾਲ ਹਿੱਸਿਆ ਨੂੰ ਸਰਗਰਮ ਕਰਕੇ ਸੰਘਰਸ਼ਾਂ 'ਚ ਪਾਈਏ ? ਇਸ ਲੁੱਟ-ਖਸੁੱਟ ਵਾਲੇ ਰਾਜ-ਪ੍ਰਬੰਧ ਨੂੰ ਖਤਮ ਕਰ ਕੇ ਉਸ ਸਮਾਜ ਦੀ ਸਿਰਜਣਾ ਕਰੀਏ ਜੋ ਵਿਤਕਰੇ ਰਹਿਤ ਹੋਵੇ ? 8 ਮਾਰਚ ਇਸਤਰੀ ਮੁਕਤੀ ਦੀ ਯਾਤਰਾ ਦਾ ਇਹ ਇੱਕ ਹਿੱਸਾ ਹੈ, ਜੋ ਉਸ ਨੂੰ ਵਾਰ-ਵਾਰ ਜਾਗਣ ਲਈ ਹਲੂਣੇ ਦਿੰਦਾ ਹੈ ?  ਸਾਡਾ ਅਸਲ ਨਿਸ਼ਾਨਾ ਹੈ ''ਸੰਪੂਰਨ-ਮੁਕਤੀ'' ਜੋ ਸਮਾਜਵਾਦ ਰਾਹੀਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ !''
    ਆਓ ! ਰੂਸ ਦੇ ਮਹਾਨ ਇਨਕਲਾਬੀ ਜਨਵਾਦੀ ਲੇਖਕ ''ਨੀਕੋਲਾਈ ਚਰਨੀ ਸ਼ੇਵਸੱਕ'' ਦੇ ਉਸ ਕਥਨ ਨੂੰ ਯਾਦ ਰੱਖੀਏ, ''ਜਿਸ ਨੇ ਇਸਤਰੀ ਵਾਰੇ ਲਿਖਿਆ ਹੈ, ''ਕਿ ਕੁਦਰਤ ਨੇ ਇਸਤਰੀ ਨੂੰ ਕਿੰਨੀ ਸਵੱਸ਼, ਮਜਬੂਤ ਅਤੇ ਨਿਆਕਾਰ ਮਾਨਸਿਕ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ ? ਇਸ ਦੇ ਬਾਵਜੂਦ ਵੀ ਉਹ ਸਮਾਜ ਲਈ ਵਰਤੋਂ ਰਹਿਤ ਬਣੀ ਹੋਈ ਹੈ ! ਉਸ ਨੇ ਕਿਹਾ ਸੀ ਕਿ ਜੇ ਕਰ ਇਸਤਰੀ ਦੀ ਮਾਨਸਿਕ ਸ਼ਕਤੀ ਨੂੰ ਨਾ ਨਸ਼ਟ ਕੀਤਾ ਜਾਂਦਾ ਤਾਂ ਮਨੁੱਖਤਾ ਦਸ ਗੁਣਾ ਅੱਗੇ ਵੱਧ ਸਕਦੀ ਸੀ !''
    ਦੁੱਨੀਆਂ ਦੇ ਮਹਾਨ ਚਿੰਤਕ ਲੈਨਿਨ ਨੇ ਕਿਹਾ ਸੀ ''ਕਿ ਜਦੋਂ ਤੱਕ ਇਸਤਰੀਆਂ ਨੂੰ ਆਮ ਤੌਰ ਤੇ ਨਾ ਕੇਵਲ ਰਾਜਸੀ ਜ਼ਿੰਦਗੀ ਵਿੱਚ ਸਗੋਂ ਨਿੱਤ ਦਿਹਾੜੀ ਦੇ ਅਤੇ ਆਮ ਜਨਤਕ ਸੇਵਾਵਾਂ ਵਿੱਚ ਸੁਤੰਤਰ ਤੌਰ ਤੇ ਹਿੱਸਾ ਲੈਣ ਲਈ ਨਹੀਂ ਲਿਆਂਦਾ ਜਾਂਦਾ, ਤਾਂ ! ਉਸ ਸਮੇਂ ਤੱਕ ਸਮਾਜਵਾਦ ਤਾਂ ਕੀ ? ਸੰਪੂਰਨ ਤੇ ਹੰਢਣਸਾਰ ਜਨਵਾਦ ਦੀ ਗੱਲ ਕਰਨ ਦਾ ਕੋਈ ਲਾਭ ਨਹੀਂ ਹੈ ?''
    ਦੁੱਨੀਆਂ ਦੀ ਅੱਧੀ ਆਬਾਦੀ ''ਇਸਤਰੀਆਂ'' ਹਨ ! ਕਿਰਤੀ ਜਮਾਤ ਆਪਣੀ ਮੁਕਤੀ ਦੀ ਕਲਪਨਾ ਹੀ ਨਹੀਂ ਕਰ ਸਕਦੀ, ਜਿਨ੍ਹਾਂ ਚਿਰ ਇਸ ਅੱਧੀ ਆਬਾਦੀ ਦੀਆਂ ਗੁਲਾਮੀ ਦੀਆਂ ਜੰਜੀਰਾਂ ਨਹੀਂ ਟੁੱਟਦੀਆਂ ! ਜੇਕਰ ਕੋਈ ! ਜੋ ਕੁਝ ਆਪਣੇ ਆਲੇ ਦੁਆਲੇ ਦੇਖਦਾ ਹੈ, ਉਸ ਨੂੰ ਬਦਲਣ ਦਾ ਯਤਨ ਨਹੀਂ ਕਰਦਾ ? ਦੱਬੇ-ਕੁੱਚਲੇ ਤੇ ਵੰਚਿਤ ਲੋਕਾਂ ਲਈ, ਖੁਸ਼ੀ ਦਾ ਹਿੱਸਾ ਪ੍ਰਾਪਤ ਕਰਨ ਲਈ ਹਰਕਤ ਨਹੀਂ ਕਰਦਾ, ਇਤਨੀ ਬੁਰਾਈ ਤੇ ਦਬਾਅ ਹੇਠ ਦੁੱਨੀਆ ਵਿੱਚ ਰਹਿ ਸਕਦਾ ਹੈ ? ਤਾਂ ਉਹ ਇੱਕ ਬੇ-ਸਮਝ ਪਸ਼ੂ ਦੀ ਰੂਹ ਵਾਲਾ ਮਨੁੱਖ ਹੀ ਹੋ ਸਕਦਾ ਹੈ ? ''ਕਲਾਰਾ ਜੈਟਕਿਨ''
            ''ਆਓ ! ਸੂਰਤ ਨਹੀਂ ? ਸੀਰਤ ਨਾਲ ਸਵੈ-ਮਾਨ ਪ੍ਰਾਪਤ ਕਰੀਏ ?''

ਰਾਜਿੰਦਰ ਕੌਰ ਚੋਹਕਾ
'ਸਾਬਕਾ' ਜਨਰਲ ਸਕੱਤਰ
ਜਨਵਾਦੀ ਇਸਤਰੀ ਸਭਾ ਪੰਜਾਬ

02 March 2019