'ਤਮੀਜ਼'  ( ਗੱਲੀਂ ਅਸੀਂ ਚੰਗੀਆਂ ਅਚਾਰੀ ਬੁਰੀਆਂ ) - ਰਣਜੀਤ ਕੌਰ/ ਗੁੱਡੀ  ਤਰਨ ਤਾਰਨ

            ''ਦੇਖ ਅੰਮਾਂ ਦੇਖ ਤੇਰਾ ਮੁੰਡਾ ਬਿਗੜੀ ਜਾਏ''
  ਤਮੀਜ਼,ਤਹਿਜ਼ੀਬ ਤਾਲੀਮ ਦਾ ਇਕ ਹੀ ਬੀਜ ਹੈ ਜਿਸਦੀ ਉਪਜ ਹੈ ਅਨੁਸ਼ਾਸਨ ਸ਼ਿਸਟਾਚਾਰ ।   ਰਾਜਨੀਤੀ ਵਿੱਚ ਕੂਟਨੀਤੀ ,ਕੁਟਲਨੀਤੀ ਦੀ ਇੰਤਹਾ ਹੋ ਜਾਣ ਕਾਰਨ ਸਮਾਜ ਵਿਚੋਂ ਸ਼ਿਸਟਾਚਾਰ ਅਤੇ ਅਨੁਸ਼ਾਸਨ ਦੀ ਕਮੀ ਹੋਈ ਜਾ ਰਹੀ ਹੈ।ਸਕੂਲਾਂ ਵਿਚ ਇਸਦੀ ਸਿਖਿਆ ਵੱਡੇ ਪੱਧਰ ਤੇ ਦਿੱਤੀ ਜਾਂਦੀ ਸੀ। ਨੇਤਾ ਸਕੂਲ ਵਾਲੀ ਰਾਹ ਨਹੀਂ ਜਾਂਦੇ ਤੇ ਅੱਜ ਦਾਾ ਵਿਦਿਆਰਥੀ 90% ਦਾ ਸਕੋਰ ਮਾਰਨ ਦੀ ਹੋੜ ਵਿੱਚ ਸ਼ਿਸ਼ਟਾਚਾਰ ਦਾ ਪਾਲਨ ਕਰਨ ਦਾ ਵਕਤ ਨਹੀਂ ਕੱਢ ਪਾਉਂਦਾ।ਅਧਿਆਪਕ ਜਾਣਦੇ ਹਨ ,ਪਾੜ੍ਹੇ ਮੀਡੀਆ ਤੋਂ ਸਿੱਖ ਲੈਂਦੇ ਹਨ,ਇਸ ਲਈ ਉਹ ਵੀ ਆਪਣੀ ਨੌਕਰੀ ਬਚਾਉਣ ਦੇ ਫਿਕਰ ਵਿੱਚ ਰੁਝੇ ਰਹਿੰਦੇ ਹਨ।
       ਆਮ ਪ੍ਰਚਲਤ ਦੋ ਚਾਰ ਸ਼ਬਦ ਅੰਗਰੇਜ਼ੀ ਬੋਲ ਕੇ ਤਾਲੀੰਮਯਾਫ਼ਤਾ ਜਾਪਣ ਵਾਲੇ ਚੋਂ ਆਚਰਣ ਦੀ ਉਸਾਰੀ ਨਿਗਾਹ ਤੱਕ ਨਹੀਂ ਅਪੜਦੀ(ਗੱਲੀਂ ਅਸੀਂ ਚੰਗੀਆਂ ਅਚਾਰੀ ਬੁਰੀਆਂ) 
          ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਵੇਲੇ ਔੋਰਤਾਂ ਦੀ ਇੰਨੀ ਮਾੜੀ ਹਾਲਤ ਨਹੀਂ ਸੀ,ਕਿਉਂ ਜੋ ਉਸਨੇ ਮੋਟੋ ਬਣਾਇਆ ਸੀ'ਲੇਡੀਜ਼ ਫਸਟ' ਤੇ ਇਹ ਕਾਮਯਾਬ ਵੀ ਬਹੁਤ ਸੀ,ਬੱਸ ਵਿੱਚ ਅਗਲੀਆਂ ਸੀਟਾਂ ਸੀਨੀਅਰ ਸਿਟੀਜ਼ਨ ਤੇ ਮਹਿਲਾਵਾਂ ਲਈ ਰਾਖਵੀਆਂ ਹੁੰਦੀਆਂ ਸਨ,ਜੇ ਕੋਈ ਬੈਠ ਵੀ ਜਾਂਦਾ ਤਾਂ ਖੜੀ ਮਹਿਲਾ ਵੇਖ ਸੀਟ ਛਡ ਦੇਂਦਾ ਸੀ।1984 ਤੋਂ ਬਾਦ ਆਵਾ ਊਤ ਗਿਆ।ਮਹਿਲਾ ਰਾਸ਼ਟਰਪਤੀ ਆਉਣ ਤੇ ਵੀ ਇਸਦਾ ਕੋਈ ਹੱਲ ਨਾਂ ਹੋਇਆ।
       ਅਲੂਆਂ ਜਿਹਾ ਬੱਸ ਕੰਡਕਟਰ ਕਿਤਾਬਾਂ ਚੁਕੀ ਮੁਟਿਆਰ ਨੂੰ  ਡਰਾਈਵਰ ਦੇ ਸ਼ੀਸੇ ਸਾਹਮਣੀ ਸੀਟ ਵਿਹਲੀ ਕਰਾ ਦੇਗਾ ਪਰ ਬੱਚਾ ਕੁਛੜ ਚੁਕੀ ਨੂੰ ਭੀੜ ਵਿੱਚ ਧੱਕੀ ਜਾਏਗਾ।ਸੀਨਅਰ ਸਿਟੀਜ਼ਨ ਨਾਲ ਤਾਂ ਕੰਡਕਟਰ ਦਾ ਸਲੂਕ ਅਸਲੋਂ ਹੀ ਮਾੜਾ ਹੁੰਦਾ ਹੈ।
       ਬਾਪੂ ਘਰੇ ਸਤਿਨਾਮ ਰਾਮ ਰਾਮ ਕਰਿਆ ਕਰ,ਕਿਧਰ ਤੁਰਿਆ ਰਹਿਨੈ ਕਿਤੇ ਹੱਡ ਬਾਂਹ ਤੁੜਾ ਕੇ ਇੰਨੇ ਤੋਂ ਵੀ ਜਾਏਂਗਾ।
      ਮਾਈ ਆ ਗੀ ਨੂ੍ਹੰਹ ਨਾਲ ਲੜ ਕੇ ਹੁਣ ਧੀ ਦੇ ਘਰ ਕਲੇਸ਼ ਪਾਉਣ ਚਲੀ ਅੇੈ।
ਕੰਡਕਟਰ ਨੂੰ ਦੋ ਹੱਥ ਜੋੜ ਬੇਨਤੀੀ ਕਰੋ ਵਾਜੇ ਦੀ ਵਾਜ਼ ਹੌਲੀ ਕਰ ਦੇ,ਉਸਦਾ ਜਵਾਬ ਹੁੰਦਾ'ਉਤਰ ਜੋ ਵਾਜ ਹੌਲੀ ਨੀ੍ਹ ਹੋਣੀ,ਉਹ ਹੋਰ ਉੱਚੀ ਕਰ ਦੇਵੇਗਾ।
       ਡਰਾਈਵਰ ਕੰਡਕਟਰ ਨੁੰ ਪੁਛਦਾ'ਬੱਸ ਭਰਗੀ ਕਰਾਂ ਸਟਾਰਟ? ਕੰਡਕਟਰ ਬੋਲਦਾ ਹੈ,'ਸੀਟਾਂ ਤਾਂ ਸਾਰੀਆਂ ਭਰਗੀਆਂ ਪਰ ਪੁਰਜਾ ਕੋਈ ਨਹੀਂ ॥
ਇਹ ਚੁੰਭਵੇਂ  ਸ਼ਬਦ ਬੱਸ ਕੰਡਕਟਰ ਦੇ ਅਕਸਰ ਸੁਣਨ ਨੂੰ ਮਿਲਦੇ ਹਨ।ਖਾਸ ਕਰ ਜਦੋਂ ਤੋਂ ਸਰਕਾਰ ਨੇ ਬਜੁਰਗਾਂ ਲਈ ਅੱਧੀ ਟਿਕਟ ਦੇ ਕਾਰਡ ਬਣਾਏ ਹਨ।ਸਰਕਾਰੀ ਬੱਸਾਂ ਅੱਡੇ ਚੋਂ ਨਿਕਲਣ ਯੋਗ ਨਹੀਂ ਹਨ ਤੇ ਨਿਜੀ ਵਾਲੇ ਇਹ ਵਤੀਰਾ ਕਰਦੇ ਹਨ।ਇਸੇ ਕਰਕੇ ਹੁਣ ਹਰ ਕੋਈ ਕਰਜੇ ਤੇ ਬਾਈਕ ਲਈ ਫਿਰਦਾ ਹੈ ਤੇ ਪੰਜ ਪੰਜ ਸਵਾਰ ਲੋਡ ਕਰ ਲੈਂਦਾ ਹੈ।
      ਦਸ ਬਾਰਾਂ ਵਰ੍ਹੇ ਦਾ ਜੁਆਕੜਾ ਅਪਨੇ ਮਾਂਬਾਪ ਨੂੰ ਬੁੜਾ ਬੁੜੀ ਕਰਕੇ ਸੰਬੋੰਧਨ ਕਰਨ ਲਗਦਾ ਹੈ ਤੇ ਵਿਆਹਿਆ ਮਾਂ ਨੂੰ ਮਾਈ ਬਣਾ ਲੈਂਦਾ ਹੈ,ਬਾਪ ਬੁੜਾ।ਚੰਗੀ ਭਲੀ ਸੱਸ ਬੁੜੀਆ ਪੁਕਾਰੀ ਜਾਂਦੀ ਹੈ।
        ਬੜਾ ਬੇਰਹਿਮ ਹੈ ਇਸ ਝਿਲਮਿਲਾਂਉਂਦੇ ਸ਼ਹਿਰ ਦਾ ਆਲਮ
          ਖੁਦੀ ਅੰਦਰ ਗਵਾਚਾ ਹੈ,ਖੁਦਾ ਦੀ ਗਲ ਕਰਦਾ ਹੈ
          ਨਵੀਂ ਤਹਿਜ਼ੀਬ ਦਾ ਇਹ ਵੀ ਭਲਾ ਅੰਦਾਜ਼ ਕੀ ਹੋਇਆ
           ਪਿਤਾ ਬੇਟੇ ਦੇ ਕਮਰੇ ਵਿੱਚ ਪੁਛ ਕੇ ਪੈਰ ਧਰਦਾ ਹੈ।
      ਕਿਸੇ ਸਰਕਾਰੀ ਦਫ਼ਤਰ ਵਿੱਚ ਜਰੂਰੀ ਕੰਮ ਚਲੇ ਜਾਓ ਡੀਲਿੰਗ ਹੈਂਡ ਮੁਟਿਆਰ ਨੂੰ ਤੇ ਆਪ ਉਠ ਕੇ ਕੁਰਸੀ ਅੱਗੇ ਕਰੇਗਾ ਪਰ ਜੇ ਮਾਂ ਮਾਸੀ ਦਾਦੀ ਦੇ ਬਰਾਬਰ ਹੋਵੇ ਮੂ੍ਹੰਹ ਪਰੇ ਕਰ ਲਵੇਗਾ,ਬਾਪ ਦਾਦੇ ਦੀ ਉਮਰ ਦਾ ਵਿਅਕਤੀ ਹੋਵੇ ਤਾਂ ਸੀਟ ਛਡ ਕੇ  ਕਿਧਰ ਨੁੰ ਮੂੰਹ ਕਰ ਜਾਏਗਾ।ਸੁਵਿਧਾ ਸੈਂਟਰ ਦੁਬਿਧਾ ਸੈਂਟਰ ਬਣੇ ਪਏ ਹਨ।
         ਕੁਝ ਸਮਾਂ ਪਹਿਲਾਂ ਤੱਕ ਇਹ ਵਰਤਾਰਾ ਪੰਜਾਬ ਸਰਕਾਰ ਦੇ ਦਫ਼ਤਰਾਂ ਤੱਕ ਸੀਮਤ ਸੀ ਪਰ 2017 ਤੋਂ ਇਹ ਵਤੀਰਾ ਬੈਂਕਾਂ ਦੇ ਮੁਲਾਜ਼ਮਾਂ ਵਲੋਂ ਵੀ ਅਪਨਾ ਲਿਆ ਗਿਆ ਹੈ।ਚੰਗੇ ਭਲੇ ਪੈਸੇ ਵਾਲੇ ਨਾਲ ਮੁਜਰਮਾਨਾ ਸਲੂਕ ਕੀਤਾ ਜਾਂਦਾ ਹੈ-ਹਾਂ ਕਰਜ਼ਾ ਲੈਣ ਵਾਲੇ ਨੂੰ ਕੁਰਸੀ ਦਿੱਤੀ ਜਾਂਦੀ ਹੈ।ਘਰੋ ਘਰ ਜਾ ਕੇ ਬੀਮੇ ਕਰਦੇ ਹਨ। ਆਪਣਾ ਹੀ ਪੈਸਾ ਜਮ੍ਹਾ ਕਰਾਉਣਾ ਹੋਵੇ ਜਾਂ ਕਢਾਉਣਾ ਹੋਵੇ ਜਿਉਂਦਾ ਸਲਾਮਤ ਬੰਦਾ ਸਾਹਮਣੇ ਖੜਾ ਹੈ,ਉਸਨੂੰ ਕਿਹਾ ਜਾਂਦਾ ਹੈ ਕੇ ਵਾਈ ਸੀ ਨਹੀਂ ਮਿਲਦੀ ਅਧਾਰ ਕਾਰਡ ਨਾਲ ਮੈਚ ਨਹੀਂ ਕਰਦੀ।ਚੈਕ ਲੈ ਕੇ ਗਾਹਕ ਸੀਟ ਤੋਂ ਸੀਟ ਖੂਆਰ ਹੁੰਦਾ ਹੈ।
 ਉਂਝ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਬਣਾ ਛਡਿਆ ਹੈ।ਪਰ ਫਿੰਗਰ ਪਰਿੰਟਸ ਮੈਚ ਨਹੀਂ ਕਰਦੇ ।
  ਪੈਦਲ ਤਾਂ ਕੀ ਸਾਈਕਲ ਚਾਲਕ ਨੂੰ ਵੀ ਸੜਕ ਤੇ ਚਲਣ ਦੀ ਆਗਿਆ ਨਹੀਂ ਹੈ।ਕਿਉਂਕਿ ਸੜਕਾਂ ਤਾਂ ਮਾਲਦਾਰ ਟਰੱਕਾਂ ਲਈ ਹਨ ਜਿਹਨਾਂ ਨੂੰ ਸੜਕ ਦਿਸਦੀ ਹੈ,ਸੜਕ ਤੇ ਚਲਣ ਵਾਲੇ ਨਹੀਂ।ਚਾਰ ਮਾਰਗੀ  ਛੇ ਮਾਰਗੀ ਸੜਕਾਂ ਬਣਾਉਣ ਦੀ ਅਮਰੀਕਾ ਦੀ ਰੀਸ ਤੇ ਕਰ ਲਈ ਪਰ ਫੁਟ ਪਾਥ ਕਿਤੇ ਨਹੀਂ ਬਣਾਇਆ।ਟੌਲ ਟੈਕਸ ਬੂਥ ਹਰ ਤਿੰਨ ਕਿਲੋਮੀਟਰ ਤੇ।ਇਹਨਾਂ ਟੌਲ ਬੂਥਾਂ ਤੇ ਲਗਾਏ ਕਾਮੇ ਪਤਾ ਨਹੀ ਕਿਹੜੇ ਦੇਸ਼ ਵਿਚੋਂ ਹਨ ਤਮੀਜ਼ ਨਾਂ ਦੀ ਕੋਈ ਤਰਜ਼ ਇਹਨਾਂ ਦੇ ਪੱਲੇ ਨਹੀਂ ਹੈ,ਸ਼ਿਸ਼ਟਾਚਾਰ ,ਅਨੁਸ਼ਾਸਨ ਦੀ ਤਾਂ ਕੀ ਗਲ ਕਰਨੀ।
     ਰੇਲਵੇ ਵਿਭਾਗ ਦੇ ਇਨਕਅਰੀ ਦਫ਼ਤਰ ਦੇ ਸਾਹਮਣੇ ਜਾਣ ਵੇਲੇ ਦਿਲ ਕੰਬਦਾ ਹੈ,ਕਿ ਡਿਉਟੀ ਮੇੈਨ ਪਤਾ ਨਹੀਂ ਕਿਹੜੈ ਸਟੇਸ਼ਨ ਤੋਂ ਬੋਲੇਗਾ।
       ਪੁਲੀਸ ਸਟੇਸ਼ਨ ਤੇ ਹਸਪਤਾਲ ਵਿੱਚ ਤਾਂ ਰੱਬ ਨਾਂ ਕਰੇ ਕਿਸੇ ਦੁਸ਼ਮਣ ਨੂੰ ਵੀ ਜਾਣਾ ਪਵੇ।ਮੇਰੀ ਸ਼ਰੇਣੀ ਦੇ ਲੋਕ ਇਹਨਾਂ ਬਾਰੇ ਬਾਖੂਬੀ ਜਾਣਦੇ ਹਨ ਇਸ ਲਈ ਬਹੁਤਾ ਦਸਣ ਦੀ ਲੋੜ ਨਹੀਂ।
        2015 ਤੋਂ ਆਮਦਨ ਕਰ ਯਾਨੀ ਇਨਕਮ ਟੈਕਸ ਵਿਭਾਗ ਦੀ ਬੜੀ ਚੜ੍ਹਤ ਮਚੀ ਹੈ ,ਇਸ ਵਿਭਾਗ ਦੇ ਕਰਮਚਾਰੀ ਕਾਇਰ ਤੇ ਪਹਿਲਾਂ ਹੀ ਸਨ ਨੋਟ ਬੰਦੀ ਤੋਂ ਬਾਦ ਇਹਨਾਂ ਨੂੰ ਮੱਧ ਵਰਗ ਨੂੰ ਜਲੀਲ ਕਰਨ ਦੇ ਤਗਮੇ ਮਿਲਣ ਲਗ ਪਏ ਹਨ,ਇਹਨਾਂ ਦੀ ਜੁਰੱਅਤ ਨਹੀਂ ਕਿ ਇਹ ਟੈਕਸ ਚੋਰ ਦੀ ਵਾ ਵਲ ਵੀ ਵੇਖ ਸਕਣ ਤੇ ਟੈਕਸ ਅਦਾ ਕਰਨ ਵਾਲੇ  ਦੇ ਪਿਛੈ ਲਗੇ ਰਹਿਣਗੇ, ਉਸਨੂੰ ਦਬਾਈ ਧਮਕਾਈ ਜਾਂਦੇ ਹਨ।ਤੇ ਆਪਣੀ ਦਿਹਾੜੀ ਪਾ ਲੈਂਦੇ ਹਨ, ਇਹ ਚੋਖੀ ਤਨਖਾਹ ਦੇ ਬਾਵਜੂਦ ਵੀ ਇਕ ਮਾਮੂਲੀ ਕਮਿਸ਼ਨ ਦੀ ਖਾਤਿਰ ਮਾਨਵਤਾ ਖੋ ਚੁਕੇ ਹਨ।
       ਅਕਸਰ ਇਹ ਵੇਖਿਆ ਗਿਆ ਹੈ ਸ਼ਿਸ਼ਟਾਚਾਰ , ਅਨੁਸ਼ਾਸਨ ਅਤੇ ਤਮੀਜ਼ ਤੋਂ ਉਹ ਲੋਕ ਦੂਰ ਹੁੰਦੇ ਹਨ ਜੋ  ਅਪਨੀ ਅੰਦਰਲੀ ਕਮੀਆਂ ਤੋਂ ਅੱਖ ਚੁਰਾ ਰਹੇ ਹੁੰਦੇ ਹਨ।
 'ਜਣਾ ਖਣਾ ਲਾਅ ਅੇਡ ਆਰਡਰ ਜੇਬ ਵਿੱਚ ਪਾਈ ਫਿਰਦਾ ਹੈ;ਜਰਬਾਂ ਤਕਸੀਮਾਂ ਦੇ ਕੇ ਕੁਰਸੀ/ ਤਖ਼ਤ ਮਲ ਕੇ ਜੋ ਬੈਠੇ ਹਨ ਉਹਨਾਂ ਦਾ ਬੰਦੇ ਵਿਚੋਂ ਸਹਿਣਸ਼ੀਲਤਾ,ਅਨੁਸ਼ਾਸਨ ਅਤੇ ਤਮੀਜ਼ ਮਨਫ਼ੀ ਕਰਨ ਵਿੱਚ ਤਕੜਾ ਹੱਥ ਹੈ।ਪਾਬੰਦੀ ਦੇ ਬਾਵਜੂਦ ਪਰੇਸ਼ਰ ਹਾਰਨ ਤੇ ਲਾਊਡ ਸਪੀਕਰ ਧੜੱਲੇ ਨਾਲ ਕੰ ਪਾੜ ਕੇ ਪ੍ਰਦੂਸ਼ਨ ਵਧਾ ਰਹੇ ਹਨ।
     ਕਿੰਨਾ ਢੁਕਵਾਂ ਲਿਖਿਆ ਹੈ-
         ਮੇਰੀ ਸੋਭਤ ਮੇਂ ਭੇਜ ਦੋ,ਤਾਂ ਕਿ ਇਸਕਾ ਡਰ ਨਿਕਲ ਜਾਏ-
          ਬਹੁਤ ਸਹਿਮੀ ਹੂਈ ਦਰਬਾਰ ਮੇਂ ਸਚਾਈ ਰਹਤੀ ਹੈ---ਮੁਨਵਰ ਰਾਨਾ
   ਮੀਡੀਆ ਦੀ ਅਖਾਉਤੀ ਚਕਾਚੌਂਧ ਨੇ ਤਾਂ ਇਸਦਾ ਮਹਾਂਦਰਾ ਹੋਰ ਵੀ ਵਿਗਾੜ ਦਿੱਤਾ ਹੈ।
   ਹਾਂ ਜਿਹਨਾਂ ਨੂੰ ਸ਼ਿਸ਼ਟਾਚਾਰ,ਅਨੁਸ਼ਾਸਨ,ਤਮੀਜ਼ ਦੇ ਸਪੈਂਲਿੰਗ ਵੀ ਨਹੀਂ ਆਉਂਦੇ,ਉਹਨਾਂ ਨੂੰ ਇਸਦੀ ਵਰਤੋਂ ਕਰਨੀ ਖੂਬ ਪਤਾ ਹੈ,ਕਿਉਂ ਜੋ ਉਹਨਾਂ ਕੋਲ ਅਧੁਨਿਕਤਾ ਦੇ ਬਲਬ ਨਹੀਂ ਪੁਜੇ।
   ਅਧੂਰਾ ਗਿਆਨ ਜਹਾਲਤ ਤੋਂ ਵੱਧ ਖਤਰਨਾਕ ਹੁੰਦਾ ਹੈ।
 '' ਸੁਰਮੇਂ ਰੰਗੀ ਰਾਤ ਦੀ ਗਲ੍ਹ ਤੇ ਤਾਰਿਆ  ਨਹੁੰਦਰ ਮਾਰ-
   ਉਥੋਂ ਤੱਕ ਚਾਨਣ ਜਾਵੇ ਜਿਥੋਂ ਤੱਕ ਝਰੀਟ''॥----
(  ਸ਼ੇੈਤਾਨ ਡੰਗਰ ਜੇ ਦੂਸਰੀ ਖੁਰਲੀ ਤੇ ਮੂ੍ਹੰਹ ਮਾਰਨੋਂ ਨਾ ਹਟੇ,ਤਾਂ ਉਸਦਾ ਰੱਸਾ ਟਾਈਟ ਕਰਕੇ ਨਕੇਲ ਕੱਸੀ ਜਾਂਦੀ ਹੈ।)
      ਰਣਜੀਤ ਕੌਰ / ਗੁੱਡੀ ਤਰਨ ਤਾਰਨ