ਅਪਾਹਜ ਮਾਨਸਿਕਤਾ ਦਾ ਝਲਕਾਰਾ ਪੇਸ਼ ਕਰ ਰਹੀ ਹੈ ਪੰਜਾਬ ਸਿਆਸਤ - ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)

ਜਦੋਂ ਵੀ ਚੋਣ ਨਗਾਰਾ ਵੱਜਦਾ ਹੈ ਤਾਂ ਦਲ ਬਦਲੀਆਂ ਦਾ ਦੌਰ ਸ਼ੁਰੂ ਹੋ ਜਾਂਦੈ। ਪਹਿਲੇ ਦਲ ਦੀਆਂ ਕਮੀਆਂ ਨਸ਼ਰ ਕਰਦਿਆਂ ਨਵੇਂ ਸਹੇੜੇ ਮਾਲਕਾਂ ਦਾ ਗੁਣਗਾਣ ਗਾਇਆ ਜਾਂਦੈ। ਬੇਸ਼ੱਕ ਇਹ ਵਰਤਾਰਾ ਸਿੱਧੇ ਤੌਰ 'ਤੇ ਸਿਆਸੀ ਲਾਹੇ ਖੱਟਣ ਨਾਲ ਜੁੜਿਆ ਹੋਇਆ ਹੈ ਪਰ ਆਮ ਲੋਕਾਂ ਸਿਰ ਇਹ ਅਹਿਸਾਨ ਜਤਾਇਆ ਜਾਂਦਾ ਹੈ ਕਿ ਅਸੀਂ ਉਹਨਾਂ ਦੇ 'ਵਿਕਾਸ' ਲਈ ਹੀ ਪਲਟੀ ਮਾਰੀ ਹੈ। ਇਹਨੀਂ ਦਿਨੀਂ ਸਾਂਸਦੀ ਚੋਣਾਂ ਦਾ ਅਖਾੜਾ ਭਖਿਆ ਹੈ ਤਾਂ ਇਸਦਾ ਪਹਿਲਾ ਸੇਕ ਆਮ ਆਦਮੀ ਪਾਰਟੀ ਨੂੰ ਝੱਲਣਾ ਪਿਆ ਹੈ। ਉੱਪਰੋਥੱਲੀ ਦੋ ਵਿਧਾਇਕਾਂ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਵੱਲੋਂ ਪਾਲਾ ਬਦਲ ਲੈਣ ਨਾਲ ਆਮ ਆਦਮੀ ਪਾਰਟੀ 'ਚ ਹਿੱਲਜੁੱਲ ਤੇਜ ਹੋ ਗਈ ਹੈ। ਇਨਕਲਾਬ ਦੀ 20 ਟਾਇਰਾਂ ਵਾਲੀ ਰੇਲ ਦੇ ਪਹੀਏ ਇੱਕ ਦੂਜੇ ਤੋਂ ਪਹਿਲਾਂ ਹੇਠੋਂ ਨਿੱਕਲ ਕੇ ਭੱਜਣ ਨੂੰ ਕਾਹਲੇ ਜਾਪ ਰਹੇ ਹਨ। ਨਾਜਰ ਸਿੰਘ ਤੇ ਸੰਦੋਆ ਵੱਲੋਂ ਦਲ ਬਦਲਣ ਤੋਂ ਕੁਝ ਦਿਨ ਪਹਿਲਾਂ ਹੀ ਲੋਕ ਚਰਚਾਵਾਂ ਨੂੰ ਝੂਠ ਦੱਸਿਆ ਸੀ ਪਰ ਹੱਟੀ ਭੱਠੀ 'ਤੇ ਇਹ ਚਰਚਾਵਾਂ ਹੋ ਰਹੀਆਂ ਹਨ ਕਿ ਆਪ ਵਿਧਾਇਕਾਂ ਦੇ ਫੇਸਬੁੱਕ ਖਾਤੇ ਚੈੱਕ ਕਰਦੇ ਰਹੋ, ਜਿਸਨੇ ਵੀ ਇਸ ਤਰ੍ਹਾਂ ਦੀ ਚਰਚਾ ਨੂੰ ਅਫ਼ਵਾਹ ਦੱਸਿਆ, ਸਮਝੋ ਉਹ ਮੁੱਖ ਮੰਤਰੀ ਕੋਲੋਂ ਗਲ 'ਚ ਸਾਫ਼ਾ ਪੁਆਉਣ ਲਈ ਰਵਾਨਾ ਹੋਣ ਹੀ ਵਾਲਾ ਹੈ। ਸੋਚਣਾ ਇਹ ਬਣਦੈ ਕਿ ਜਿਸ ਘਰ ਦੀ ਨੀਂਹ ਮਜ਼ਬੂਤ ਨਹੀਂ, ਉਸਨੇ ਤ੍ਰੇੜਾਂ, ਟੁੱਟ ਭੱਜ ਇੱਥੋਂ ਤੱਕ ਕਿ ਢਹਿ ਜਾਣ ਦੇ ਹਾਲਾਤਾਂ ਤੱਕ ਬਿਨਾਂ ਸ਼ੱਕ ਪਹੁੰਚਣਾ ਹੀ ਹੁੰਦੈ। ਇਹੋ ਜਿਹਾ ਕੁਝ ਹੀ ''ਆਪ'' ਨਾਲ ਵਾਪਰ ਰਿਹਾ ਹੈ। ਆਪਣੇ ਹੀ ਸਿਧਾਂਤਾਂ ਨੂੰ ਘੱਟੇ ਰੋਲ ਕੇ ਅੱਗੇ ਤੁਰੀ ਪਾਰਟੀ ਨੇ ਕਿਹੋ ਜਿਹੀ ਪ੍ਰਪੱਕ ਸੋਚ ਦੇ ਮਾਲਕਾਂ ਨੂੰ ਪਾਰਟੀ ਟਿਕਟਾਂ ਨਾਲ ਨਿਵਾਜਿਆ ਹੋਵੇਗਾ, ਇਸ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਤੇ ਬਚਿਆ ਖੁਚਿਆ ਸ਼ੱਕ ਆਉਣ ਵਾਲੇ ਕੁਝ ਕੁ ਦਿਨਾਂ 'ਚ ਨਿੱਕਲ ਜਾਵੇਗਾ। ਜਦੋਂ ''ਆਪ'' ਆਗੂਆਂ ਵੱਲੋਂ ਟਿਕਟਾਂ ਵੇਚਣ ਦੀ ਗੱਲ ਤੁਰੀ ਤਾਂ ਕੇਜਰੀਵਾਲ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ। ਵਿਦੇਸ਼ੀਂ ਵਸੇ ਪੰਜਾਬੀਆਂ ਵੱਲੋਂ ਕਥਿਤ ਤੌਰ 'ਤੇ ਭੇਜੇ ਅਰਬਾਂ ਖਰਬਾਂ ਦੇ ਫੰਡ ਦੇ ਵੇਰਵੇ ਨਸ਼ਰ ਕਰਨ ਦੀ ਗੱਲ ਛਿੜੀ, ਤਾਂ ਵੀ ਕੇਜਰੀਵਾਲ ਚੁੱਪ ਰਿਹਾ। ਵਿਧਾਨ ਸਭਾ ਚੋਣਾਂ ਵੇਲੇ ਹੱਥ ਵਿੱਚ ਕਾਗਜ਼ਾਂ ਦਾ ਪੁਲੰਦਾ ਫੜ੍ਹ ਕੇ ਉਹਨਾਂ ਕਾਗਜ਼ਾਂ ਨੂੰ ਮਜੀਠੀਆ ਖਿਲਾਫ ਸਬੂਤ ਕਹਿ ਕਹਿ ਕੇ ਵੋਟਾਂ ਦੀ ਫਸਲ ਕੱਟਣ ਤੋਂ ਬਾਦ ਕੇਜਰੀਵਾਲ ਵੱਲੋਂ ਮਾਫੀ ਮੰਗ ਜਾਣਾ ਵੀ ਖੁਦ ਦੀ ਭਰੋਸੇਯੋਗਤਾ 'ਤੇ ਸਵਾਲੀਆ ਨਿਸ਼ਾਨ ਲਗਾ ਗਿਆ। ਬਾਅਦ ਵਿੱਚ ਬਹਾਨੇ ਜੋ ਮਰਜ਼ੀ ਘੜ੍ਹ ਲਏ ਜਾਣ ਪਰ ਇੱਕ ਵਾਰ ਲੱਕ ਬੰਨ੍ਹ ਕੇ ਨਾਲ ਤੁਰੇ ਲੋਕਾਂ ਦੇ ਹੌਸਲੇ ਪਸਤ ਜਰੂਰ ਹੋਏ। ਅੱਜ ਉਹਨਾਂ ਹੀ ਗੰਭੀਰ ਗ਼ਲਤੀਆਂ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਉਹਨਾਂ ਗ਼ਲਤੀਆਂ ਦੀ ਵਜ੍ਹਾ ਕਰਕੇ ਹੀ ਇਨਕਲਾਬ ''ਇਨਕਮ-ਲਾਭ'' ਵੱਲ ਨੂੰ ਹੋ ਤੁਰਿਆ ਹੈ।ઠ
ਇਹ ਅਲੋਕਾਰੀ ਗੱਲ ਨਹੀਂ ਹੋਵੇਗੀ ਕਿ ਕੱਲ੍ਹ ਨੂੰ ਵਿਰੋਧੀ ਧਿਰ ਵਾਲੀਆਂ ਕੁਰਸੀਆਂ ਆਪ ਵਾਲਿਆਂ ਹੇਠੋਂ ਖਿੱਚ ਕੇ ਅਕਾਲੀ ਦਲ ਹੇਠ ਧਰ ਦਿੱਤੀਆਂ ਜਾਣ, ਪਰ ਸੋਚਣਾ ਇਹ ਬਣਦੈ ਕਿ ਇਹਨਾਂ ਸਿਆਸੀ ਤਿਕੜਮਬਾਜ਼ੀਆਂ ਦਾ ਪੰਜਾਬ ਦੇ ਆਮ ਲੋਕਾਂ ਨੂੰ ਕੀ ਫਾਇਦਾ ਹੋਇਆ? ਬੇਸ਼ੱਕ ਪੰਜਾਬ ਦਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਸਮੇਤ ਬਾਕੀ ਪਾਰਟੀਆਂ ਦੇ ਵਿਧਾਇਕਾਂ ਨੂੰ ਵੀ ਕਾਂਗਰਸ ਵਿੱਚ ਸ਼ਾਮਿਲ ਕਰ ਲਵੇ, ਪਰ ''ਕੱਟੇ ਨੂੰ ਮਣ ਦੁੱਧ ਦਾ ਕੀ ਭਾਅ'' ?? ਇੱਕ ਪਾਸੇ ਕਾਂਗਰਸ ਸਰਕਾਰ ਵੱਲੋਂ ਹੁਣ ਤੱਕ ਖ਼ਜ਼ਾਨਾ ਖਾਲੀ ਕਰਨ ਦੇ ਦੋਸ਼ ਅਕਾਲੀਆਂ ਸਿਰ ਮੜ੍ਹੇ ਜਾਂਦੇ ਰਹੇ ਹਨ, ਪਰ ਸਵਾਲ ਇਹ ਹੈ ਕਿ ਦੂਜੀਆਂ ਪਾਰਟੀਆਂ 'ਚੋਂ ਪੱਟ ਕੇ ਲਿਆਂਦੇ ਵਿਧਾਇਕ ਅਜਿਹੀਆਂ ਕਿਹੜੀਆਂ ਸੋਨੇ ਦੇ ਅੰਡੇ ਦੇਣ ਵਾਲੀਆਂ ਮੁਰਗੀਆਂ ਹਨ ਕਿ ਰਾਤੋ ਰਾਤ ਖਜ਼ਾਨਾ ਭਰ ਦੇਣਗੀਆਂ? ਮੁੱਖ ਮੰਤਰੀ ਪੰਜਾਬ ਨੂੰ ਇਸ ਗੱਲ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਤਾਂ ਉਹਨਾਂ ਦੇ ਵਿਧਾਨ ਸਭਾ ਚੋਣਾਂ ਵੇਲੇ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਵਾਅਦਿਆਂ ਨੂੰ ਵੀ ਗੱਪਾਂ ਦਾ ਨਾਮ ਦੇ ਰਹੇ ਹਨ, ਫਿਰ ਇਹਨਾਂ ਦਲ-ਬਦਲੂ ਵਿਧਾਇਕਾਂ ਨੂੰ ਕਿਹੜਾ ਲਾਲੀਪੌਪ ਦਿੱਤਾ ਹੋਵੇਗਾ? ਆਉਣ ਵਾਲੀਆਂ ਚੋਣਾਂ ਵੇਲੇ ਵਾਅਦਿਆਂ ਸ਼ਰਤਾਂ ਨਾਲ ਭਰਮਾਏ ਜਾਂ ਆਏ ਦਲ-ਬਦਲੂਆਂ ਦੀਆਂ ਆਸਾਂ ਨੂੰ ਬੂਰ ਨਾ ਪਿਆ ਤਾਂ ਉਸ ਸਮੇਂ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣਾ ਵੀ ਕਾਂਗਰਸ ਲਈ ਮੁਸ਼ਕਿਲ ਹੋਵੇਗਾ। ਇਸ ਗੱਲ ਦਾ ਜਵਾਬ ਵੀ ਆਮ ਲੋਕ ਮੰਗਦੇ ਹਨ ਕਿ ਜਦੋਂ ਕਾਂਗਰਸ ਕੋਲ ਸਰਕਾਰ ਪਹਿਲਾਂ ਹੀ ਬਹੁਮਤ ਹੈ ਤਾਂ ਇਹ ਕਿਸ ਪਾਸਿਉਂ ਸਿਆਣਪ ਭਰੀ ਸਿਆਸਤ ਹੈ ਕਿ ਲੋਕਾਂ ਦੇ ਟੈਕਸ ਨਾਲ ਭਰੇ ਖ਼ਜ਼ਾਨੇ ਦਾ ਉਜਾੜਾ ਮੁੜ ਜਿਮਨੀ ਚੋਣ ਰਾਂਹੀਂ ਉਜਾੜਿਆ ਜਾਵੇਗਾ? ਚਾਹੇ ਜੋ ਵੀ ਹੈ, ਪਰ ਇਹ ਗੱਲ ਸਪੱਸ਼ਟ ਹੈ ਕਿ ਅਜੋਕੀ ਪੰਜਾਬ ਸਿਆਸਤ ਅਪਾਹਜ ਮਾਨਸਿਕਤਾ ਦਾ ਝਲਕਾਰਾ ਬਾਖੂਬੀ ਪੇਸ਼ ਕਰ ਰਹੀ ਹੈ।

''ਸਵਾਲ ਕਰੋ, ਲੱਫੜ ਮਿਲੇਗਾ''

ਲੋਕਤੰਤਰੀ ਯੁਗ ਵਿੱਚ ਆਪਣੇ ਨੁਮਾਇੰਦਿਆਂ ਨੂੰ ਸਵਾਲ ਕਰਨ ਦਾ ਹੱਕ ਹਾਸਲ ਹੈ। ਨੁਮਾਇੰਦਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਸੰਤੁਸ਼ਟੀ ਕਰਵਾ ਜਾ ਸਕੇ। ਪਰ ਪੰਜਾਬ ਸਿਆਸਤ ਵਿੱਚ ਅਲੋਕਾਰੀ ਝਲਕ ਦੇਖਣ ਨੂੰ ਮਿਲ ਰਹੀ ਹੈ ਕਿ ਸਵਾਲ ਪੁੱਛਣ ਵਾਲੇ ਇੱਕ ਪੱਤਰਕਾਰ ਨੂੰ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਨੇ ਕੁੱਟ ਦਿੱਤਾ ਤੇ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਰਹਿ ਚੁੱਕੀ ਬੀਬੀ ਵੱਲੋਂ ਇੱਕ ਨੌਜਵਾਨ ਦੇ ਖੁਦ ਹੀ ਥੱਪੜ ਮਾਰ ਦਿੱਤਾ ਗਿਆ। ਸਿਆਸਤਦਾਨ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਉਹਨਾਂ ਦੀਆਂ ਕੁਰਸੀਆਂ ਲੋਕਾਂ ਦੇ ਹੱਥਾਂ ਦੀਆਂ ਤਲੀਆਂ 'ਤੇ ਟਿਕੀਆਂ ਹੁੰਦੀਆਂ ਹਨ। ਇਹ ਲੋਕ ਉਸੇ ਹੀ ਕੁਰਸੀ ਨੂੰ ਚੌਫਾੜ ਕਰਨ ਦੀ ਸਮਰੱਥਾ ਵੀ ਰੱਖਦੇ ਹਨ। ਜੇ ਲੋਕਾਂ ਦੇ ਟੈਕਸ ਵਜੋਂ ਅਦਾ ਕੀਤੇ ਪੈਸਿਆਂ ਸਿਰੋਂ ਤਨਖਾਹਾਂ ਭੱਤੇ ਜਾਂ ਪੈਨਸ਼ਨਾਂ ਦਾ ਆਨੰਦ ਮਾਣਦੇ ਹੋ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਮੂੰਹ ਨਾਲ ਦੇਣ ਦੀ ਲਿਆਕਤ ਵੀ ਸਿੱਖੋ। ਜਿਸ ਦਿਨ ਲੋਕਾਂ ਦੇ ਹੱਥ ਖੁੱਲ੍ਹ ਗਏ, ਫਿਰ ਵੋਟਾਂ ਮੰਗਣ ਲਈ ਆਉਣਾ ਵੀ ਸੁਪਨਾ ਹੋ ਜਾਵੇਗਾ।

ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
ਸੰਪਰਕ- +44 7868229427