ਅਨੁਰਾਗ ਸਿੰਘ ਦੇ ਕੌਤਕ - ਸਰਵਜੀਤ ਸਿੰਘ ਸੈਕਰਾਮੈਂਟੋ

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੂਨ ਦਾ ਮਹੀਨਾ ਆਇਆ, 1984 ਈ: ਵਿਚ ਵਾਪਰੇ ਦੁਖਾਂਤ ਨੂੰ ਸਿੱਖ ਜਥੇਬੰਦੀਆਂ ਨੇ ਆਪਣੇ-ਆਪਣੇ ਤਰੀਕੇ ਨਾਲ ਯਾਦ ਕੀਤਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਹਰ ਸਾਲ ਦੀ ਤਰ੍ਹਾਂ ਰਵਾਇਤੀ ਸਮਾਗਮ ਕੀਤਾ। ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੇ ਆਪਣੇ ਮਾਲਕਾਂ ਦੇ ਆਦੇਸ਼ਾਂ ਤੇ ਸਖ਼ਤੀ ਨਾਲ ਪਹਿਰਾ ਦਿੱਤਾ। ਬਾਦਲ ਦਲ ਦੇ ਪ੍ਰਧਾਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਸਿੱਖ ਰੈਫ਼ਰੈਂਸ ਲਾਇਬਰੇਰੀ ਦੀ ਮੰਗ ਕਰਕ ਕੇ ਆਪਣੇ ਆਪ ਨੂੰ ਪੰਥ ਹਿਤੈਸ਼ੀ ਸਾਬਿਤ ਕਰਨ ਦਾ ਯਤਨ ਕੀਤਾ। ਸਭ ਕੁਝ ਸੁੱਖ ਸ਼ਾਂਤੀ ਨਾਲ ਬੀਤ ਗਿਆ। ਪਰ, ਕੇਂਦਰੀ ਗ੍ਰਹਿ ਮੰਤਰੀ ਨੇ ਫੌਜ ਵੱਲੋਂ ਚੁੱਕੇ ਗਏ ਇਤਿਹਾਸਿਕ ਦਸਤਾਵੇਜ਼, ਵਾਪਸ ਕੀਤੇ ਗਏ ਅਤੇ ਬਕਾਇਆ ਸਮਾਨ ਦੀਆਂ ਸੂਚੀਆਂ ਮੰਗ ਕੇ ਸ਼੍ਰੋਮਣੀ ਕਮੇਟੀ ਲਈ ਨਵੀਂ ਸਮੱਸਿਆ ਖੜ੍ਹੀ ਕਰ ਦਿੱਤੀ। ਕੇਂਦਰ ਵੱਲੋਂ ਮੰਗੀਆਂ ਗਈਆਂ ਸੂਚੀਆਂ ਦੀ ਗੱਲ ਵੀ ਆਈ-ਗਈ ਹੋ ਜਾਣੀ ਸੀ, ਜੇ ਚੰਡੀਗੜ੍ਹ ਤੋਂ ਛਪਦਾ ਪੰਜਾਬੀ ਦਾ ਅਖ਼ਬਾਰ ਸਪੋਕਸਮੈਨ 8 ਜੂਨ ਨੂੰ ਤੱਥਾਂ ਅਧਾਰਿਤ ਖ਼ਬਰ, “ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਕੀਮਤੀ ਖਜਾਨੇ ਨੂੰ ਆਪਣਿਆਂ ਵੱਲੋਂ ਵੇਚਣ ਦੀ ਵਿਥਿਆ” ਛਾਪ ਕੇ ਸ਼੍ਰੋਮਣੀ ਕਮੇਟੀ ਦੀ ਪਿਛਲੇ ਤਿੰਨ ਦਹਾਕਿਆਂ ਦੀ ਕਾਰਗੁਜ਼ਾਰੀ ਸੰਗਤਾਂ ਸਾਹਮਣੇ ਪੇਸ਼ ਨਾ ਕਰਦਾ। ਸੰਗਤਾਂ ਦੇ ਰੋਹ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਨੇ 13 ਜੂਨ ਨੂੰ ਹੰਗਾਮੀ ਮੀਟਿੰਗ ਸੱਦੀ ਅਤੇ ਫੇਰ ਘੜਿਆਂ-ਘੜਾਇਆਂ ਮਤਾ ਪਾਸ ਕਰ ਦਿੱਤਾ ਕਿ ਪ੍ਰਧਾਨ ਜੀ ਦੇ ਆਦੇਸ਼ਾਂ ਮੁਤਾਬਕ ਇਕ ਹਾਈ ਪਾਵਰ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇਗੀ।

 
ਇਸ ਸਾਲ ਜੋ ਨਵੀਂ ਜਾਣਕਾਰੀ ਅਖ਼ਬਾਰ ਨੇ ਸਾਹਮਣੇ ਲਿਆਂਦੀ ਹੈ ਉਹ ਇਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤਾਂ ਵਾਲੇ ਇਕ ਸਰੂਪ ਨੂੰ 4000 ਪੌਂਡ 'ਚ ਇੰਗਲੈਂਡ ਵਿੱਚ ਵੇਚਿਆ ਜਾਣਾ ਅਤੇ ਦੂਜੇ ਸਰੂਪ ਨੂੰ 12 ਕਰੋੜ ਰੁਪਏ ਵਿੱਚ ਅਮਰੀਕਾ ਵਿੱਚ ਵੇਚਿਆ ਜਾਣਾ। ਇਸੇ ਸਬੰਧ ਵਿਚ ਹੀ ਮੇਰੇ ਇਕ ਸੱਜਣ ਵੱਲੋਂ, ਅਨੁਰਾਗ ਸਿੰਘ ਵੱਲੋਂ ਪੋਸਟ ਕੀਤੀਆਂ ਖ਼ਬਰਾਂ/ਟਿੱਪਣੀਆਂ, ਮੈਨੂੰ ਭੇਜ ਕੇ ਸਵਾਲ ਕੀਤਾ ਗਿਆ, ਕੀ ਇਹ ਸੱਚ ਹੈ? ਮੈਂ ਅਨੁਰਾਗ ਸਿੰਘ ਦੀਆਂ ਪੋਸਟਾਂ ਨਹੀਂ ਵੇਖ ਸਕਦਾ ਕਿਉਂਕਿ ਹੁਣ ਇਸ ਨੇ ਮੈਨੂੰ ਬਲੌਕ ਕੀਤਾ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਮੀਡੀਏ ਵਿੱਚ ਚਲ ਰਹੀ ਚਰਚਾ ਅਤੇ ਅਨੁਰਾਗ ਸਿੰਘ ਦੀ ਉਪ੍ਰੋਕਤ ਟਿੱਪਣੀ ਪੜ੍ਹ ਕੇ ਮੇਰੇ ਇਸ ਸੱਜਣ ਦੀ ਤਰ੍ਹਾਂ, ਹੋਰ ਪਾਠਕਾਂ ਦਾ ਵੀ ਧਿਆਨ ਇਕ ਦਮ ਇਸ ਪਾਸੇ ਗਿਆ ਹੋਵੇਗਾ ਕਿ ਅਨੁਰਾਗ ਸਿੰਘ ਸੱਚ ਹੀ ਲਿਖ ਰਿਹਾ ਹੋਵੇਗਾ ਅਤੇ 12 ਕਰੋੜ ਨੂੰ ਵੇਚੀ ਗਈ ਉਹ ਬੀੜ, ਸ. ਜੋਗਿੰਦਰ ਸਿੰਘ ਪਾਸ ਹੀ ਹੋਵੇਗੀ।
ਆਓ ਅਨੁਰਾਗ ਸਿੰਘ ਦੇ ਇਸ ਦਾਅਵੇ ਦੀ ਪੜਤਾਲ ਕਰੀਏ।
1 ਨਵੰਬਰ 2017 ਨੂੰ ਅਨੁਰਾਗ ਸਿੰਘ ਨੇ , ਡਾ ਹਰਭਜਨ ਸਿੰਘ ਦੇ ਨਾਮ ਇਕ ਪੋਸਟ ਪਾਈ ਸੀ।
NINETH REJOINDER to DR(PROFESSOR-DIRECTOR)
HARBHAJAN SINGH ON HIS MISLEADING LIES ON
HISTORICAL RECENSION OF DASAM GRANTH SAHIB
============================================
Post-9
Friends,
It is difficult to invent lies on the historicity of Scriptures, but very difficult to face the truth. Today I am posting this 9th Post in Punjabi(2Pags) along with Pages from Damdami Bir Of Dasam Granth Sahib, challenged by the learned university writer without seeing the original Bir. Now it is testing time for the learned expert of Sikh Scriptures to point out the Ashudis (Errors) In this Bir by November 20,2017.If no reply in academic style shall be received then it shall be presumed that the learned expert of Scriptures has nothing to say in this matter to prove his malicious and motivated propaganda against Historical Birs Of Dasam Granth Sahib prepared by the Scribes Of Guru’s Darbar and next move shall be undertaken.
Gur-Fateh.
1.11.2017.
ਇਸ ਪੋਸਟ ਦੇ ਨਾਲ ਹੀ ਅਨੁਰਾਗ ਸਿੰਘ ਨੇ ਆਖੇ ਜਾਂਦੇ ਦਸਮ ਗ੍ਰੰਥ ਦੀ ਹੱਥ ਲਿਖਤ ਦੇ ਪੰਨਿਆਂ ਦੀਆਂ  ਫ਼ੋਟੋ ਅਤੇ ਇਕ ਹੱਥ ਲਿਖਤ ਪੱਤਰ ਵੀ ਪੋਸਟ ਕੀਤੀਆਂ ਸਨ। ਇਸ ਨੇ ਇਹ ਦਾਵਾ ਕੀਤਾ ਸੀ ਕਿ, “ਇਸ ਇਤਿਹਾਸਕ ਬੀੜ ਦੀ ਡਿਜੀਟਾਈਜ਼ ਕਾਪੀ ਅਮਰੀਕਾ ਵਿਚ ਰਹਿ ਹਰੇ ਡਾ. ਜੋਗਿੰਦਰ ਸਿੰਘ ਕੋਲ ਉਪਲੱਬਧ ਹੈ।”  ਕਿਉਂਕਿ ਮੈਨੂੰ ਦਸਮ ਗ੍ਰਥ ਵਿਚ ਵੀ ਦਿਲਚਸਪੀ ਹੈ ਅਤੇ ਡਾ ਹਰਭਜਨ ਸਿੰਘ ਨਾਲ ਵੀ ਪਿਛਲੇ ਲੰਮੇ ਸਮੇਂ ਤੋਂ ਚਿੱਠੀ-ਪੱਤਰ ਰਾਹੀ ਜੁੜਿਆ ਹੋਇਆ ਹਾਂ। ਅਨੁਰਾਗ ਸਿੰਘ ਦੇ ਦਾਵੇ ਦੀ ਜਦੋਂ ਮੈਂ ਆਪਣੇ ਤੌਰ ਤੇ ਪੜਤਾਲ ਕੀਤੀ ਤਾਂ ਜਾਣਕਾਰੀ ਮਿਲੀ ਕਿ ਇਸ ਵੱਲੋਂ ਭੇਜੀਆਂ ਗਈਆਂ ਫ਼ੋਟੋ ਕਾਪੀਆਂ, ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਵਿਦਵਾਨ ਸੱਜਣ ਡਾ... ਸਿੰਘ ਵੱਲੋਂ ਲਿਖੇ ਗਏ ਲੇਖ, ਜੋ ਇਕ ਮੈਗਜ਼ੀਨ ਵਿਚ ਛਪਿਆ ਸੀ, ਵਿਚੋਂ ਲਈਆਂ ਗਈਆਂ ਸਨ, ਤਾਂ 5 ਨਵੰਬਰ 2017 ਈ: ਨੂੰ ਪੱਤਰ ਲਿਖ ਕੇ ਮੈਂ ਅਨੁਰਾਗ ਸਿੰਘ ਨੂੰ ਕੁਝ ਸਵਾਲ ਕੀਤੇ ਸਨ ਜਿਨ੍ਹਾਂ ਦਾ ਜਵਾਬ ਅੱਜ ਤਾਈਂ ਨਹੀਂ ਆਇਆ। ਸਿੱਖ ਰੈਫ਼ਰੈਂਸ ਲਾਇਬਰੇਰੀ ਸਬੰਧੀ ਚੱਲ ਰਹੀ ਚਰਚਾ ਦੌਰਾਨ ਇਸ  ਨੇ ਮੁੜ ਉਸੇ ਹੱਥ ਲਿਖਤ ਦਾ ਜਿਕਰ ਕੀਤਾ ਹੈ ਅਤੇ ਨਾਲ ਹੀ ਉਸ ਦੇ 12 ਕਰੋੜ ਰੁਪਏ ਵਿੱਚ ਵੇਚੇ ਜਾਣ ਦਾ ਵੀ ਜਿਕਰ ਕੀਤਾ ਹੈ ਇਸ ਲਈ ਇਸ ਦੇ ਦਾਵੇ ਦੀ ਮੁੜ ਪੜਤਾਲ ਕਰਨੀ ਜਰੂਰੀ ਹੈ।  


 

ਅਨੁਰਾਗ ਸਿੰਘ ਆਪਣੀ ਪੋਸਟ (10 ਜੂਨ 2019) ਵਿੱਚ ਲਿਖਦਾ ਹੈ, “ਪੱਤਰਕਾਰੀ ਮਿੱਲੀਆਂ ਖੱਬਰਾਂ ਨਾਲ ਹੁੰਦੀ ਹੈ, ਇਤਿਹਾਸ ਸਬੂਤਾਂ ਦੀ ਛਾਣਬੀਣ ਨਾਲ ਤਿਆਰ ਹੁੰਦਾ ਹੈ। ਦੱਸਮ ਗਰੰਥ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਵੱਲੋਂ ਸੁਧਾਈ ਕੀਤੀ ਬੀੜ (੧੬੯੬) ਜੋ ਭਾਈ ਹਰਿਦਾਸ ਨੇ ੩ ਹੋਰ ਲਿਖਾਰੀਆਂ ਨੇ ਤਿਆਰ ਕੀਤੀ, ਅਤੇ ਗੁਰੂ ਸਾਹਿਬ ਨੇ ਦੱਸਤਖੱਤ ਕੀਤੇ, ਕੈਲੀਫੋਰਨੀਆਂ ਦੇ ਸਰਦਾਰ ਜੋਗਿੰਦਰ ਸਿੰਘ ਕੌਲ ਹੈ। ਇਸ ਨੂੰ ਦੱਮਦੱਮੀ ਬੀੜ ਕਿਹਾ ਜਾਂਦਾ ਹੈ। ਜੋਗਿੰਦਰ ਸਿੰਘ ਦਾ ਪੱਤਾ ਅਤੇ ਫੋਨ ਨੰਬਰ ਮੇਰੇ ਕੋਲ ਹੈ। ਇਹ ਬੀੜ ਸ਼੍ਰੋਮਣੀ ਕਮੇਟੀ ਕੌਲ ਸੀ ਕਿ ਨਹੀਂ ਸ਼ਰੋਮਣੀ ਕਮੇਟੀ ਹੀ ਦੱਸ ਸੱਕਦੀ ਹੈ”।
ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ “ਸਿੱਖ ਇਤਿਹਾਸ ਬੋਰਡ” ਦੇ ਸਾਬਕਾ ਨਿਰਦੇਸ਼ਕ, ਡਾ, ਪ੍ਰੋ: (?) ਅਨੁਰਾਗ ਸਿੰਘ  ਨੇ ਆਖੇ ਜਾਂਦੇ ਦਸਮ ਗ੍ਰੰਥ ਦੀ ਜਿਸ ਬੀੜ ਦਾ ਜਿਕਰ ਕੀਤਾ ਹੈ, ਇਸ ਦਾ ਲਿਖਾਰੀ ਭਾਈ ਹਰਿਦਾਸ ਹੈ। ਪਿਆਰਾ ਸਿੰਘ ਪਦਮ ਮੁਤਾਬਕ ਦਸਮ ਗ੍ਰੰਥ ਦਾ ਕੁਝ ਭਾਗ ਇਸ ਨੇ 22 ਚੇਤ ਸੰਮਤ 1752 ਬਿਕ੍ਰਮੀ (18 ਮਚਾਰ 1695 ਈ ਜੂਲੀਅਨ) ਨੂੰ ਲਿਖਿਆ ਸੀ। ਇਹ ਭਾਈ ਹਰਿਦਾਸ ਉਹੀ ਹੈ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲਿਖੀ ਸੀ। ਸੰਮਤ 1752 ਬਿਕ੍ਰਮੀ (1695 ਈ:) ਵਿਚ ਗੁਰੂ ਜੀ ਨੇ ਦਸਮ ਗ੍ਰੰਥ ਦੀ ਕੋਈ ਬੀੜ ਤਿਆਰ ਕੀਤੀ ਵੀ ਸੀ ਜਾਂ ਨਹੀਂ? ਇਹ ਵਿਚਾਰ ਦਾ ਵਿਸ਼ਾ ਹੈ ਪਰ ਇਥੇ ਅਸੀ ਅਨੁਰਾਗ ਸਿੰਘ ਵੱਲੋ ਉਭਾਰੇ ਗਏ ਨੁਕਤੇ ਦੀ ਵਿਚਾਰ ਕਰਨੀ ਹੈ।
ਅਨੁਰਾਗ ਸਿੰਘ ਵੱਲੋਂ ਡਾ ਹਰਭਜਨ ਸਿੰਘ ਦੇ ਨਾਮ ਲਿਖੇ ਗਏ ਪੱਤਰ (1 ਨਵੰਬਰ 2017 ਈ:) ਮੁਤਾਬਕ ਤਾਂ ਡਾ. ਜੋਗਿੰਦਰ ਸਿੰਘ ਪਾਸ ਡਿਜੀਟਲ ਕਾਪੀ ਹੈ, “ਇਸ ਇਤਿਹਾਸਕ ਬੀੜ ਦੀ ਡਿਜੀਟਾਈਜ਼ ਕਾਪੀ ਅਮਰੀਕਾ ਵਿਚ ਰਹਿ ਹਰੇ ਡਾ. ਜੋਗਿੰਦਰ ਸਿੰਘ ਕੋਲ ਉਪਲੱਬਧ ਹੈ”। ਅਤੇ 10 ਜੂਨ 2019 ਈ: ਦੀ ਪੋਸਟ ਮੁਤਾਬਕ ਹੱਥ ਲਿਖਤ ਬੀੜ ਹੈ, “ਦੱਸਮ ਗਰੰਥ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਵੱਲੋਂ ਸੁਧਾਈ ਕੀਤੀ ਬੀੜ (੧੬੯੬) ਜੋ ਭਾਈ ਹਰਿਦਾਸ ਨੇ ੩ ਹੋਰ ਲਿਖਾਰੀਆਂ ਨੇ ਤਿਆਰ ਕੀਤੀ ਅਤੇ ਗੁਰੂ ਸਾਹਿਬ ਨੇ ਦੱਸਤਖੱਤ ਕੀਤੇ, ਕੈਲੀਫੋਰਨੀਆਂ ਦੇ ਸਰਦਾਰ ਜੋਗਿੰਦਰ ਸਿੰਘ ਕੌਲ ਹੈ”। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਖੌਤੀ ਦਸਮ ਗ੍ਰੰਥ ਦੀ ਡਿਜੀਟਾਈਜ਼ ਕਾਪੀ ਪਿਛਲੇ 18 ਮਹੀਨਿਆਂ ਵਿਚ ਹੱਥ ਲਿਖਤ ਬੀੜ (Hard copy) ਕਿਵੇਂ ਬਣ ਗਈ? ਕੀ ਇਸ ਨੂੰ ਆਪਣੇ 1 ਨਵੰਬਰ 2017 ਈ: ਵਾਲੇ ਪੱਤਰ ਦਾ ਇਹ ਚੇਤਾ ਭੁੱਲ ਗਿਆ ਸੀ? ਅਨੁਰਾਗ ਸਿੰਘ ਦੇ, ਦੋ ਵੱਖ-ਵੱਖ ਲਿਖਤੀ ਬਿਆਨਾਂ ਤੋਂ ਇਹ ਤਾਂ ਸਪੱਸ਼ਟ ਹੁੰਦਾ ਹੈ ਕਿ ਇਸ ਨੇ ਉਹ ਬੀੜ ਨਹੀਂ ਵੇਖੀ, ਸੁਣੀ ਸੁਣਾਈ ਗੱਲ ਹੀ ਕਰ ਰਿਹਾ ਹੈ। ਹੁਣ ਅਨੁਰਾਗ ਸਿੰਘ ਦੀ ਕਿਹੜੀ ਗੱਲ ਉਤੇ ਯਕੀਨ ਕੀਤਾ ਜਾਵੇ?
ਅਨੁਰਾਗ ਸਿੰਘ ਦੀ ਆਪਣੀ ਲਿਖਤ ਵਿੱਚ ਤਾਂ ਅਖੌਤੀ ਦਸਮ ਗ੍ਰੰਥ ਦੀ ਬੀੜ ਦਾ ਜਿਕਰ ਹੈ ਅਤੇ ਉਸ ਲਿਖਤ ਦੇ ਨਾਲ ਭੇਜੀ ਅਖ਼ਬਾਰ ਦੀ ਖ਼ਬਰ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ 12 ਕਰੋੜ ਵਿੱਚ ਵੇਚਿਆ ਗਿਆ ਹੈ। ਇਹ ਦੋ ਵੱਖ-ਵੱਖ ਖ਼ਬਰਾਂ ਇਕੱਠੀਆਂ ਪਾਉਣ ਪਿਛੇ ਇਸ ਦਾ ਕੀ ਮਕਸਦ ਹੋ ਸਕਦਾ ਹੈ? ਕੀ ਇਹ ਜਾਣਬੁਝ ਕੇ ਸੰਗਤਾਂ ਨੂੰ ਗੁਮਰਾਹ ਕਰਨ ਲਈ ਅਜੇਹੀਆਂ ਪੋਸਟਾਂ/ਖ਼ਬਰਾਂ  ਪਾ ਰਿਹਾ ਹੈ?  ਇਹ ਵੀ ਸਪੱਸ਼ਟ ਕਰੇ ਕਿ ਡਾ ਜੋਗਿੰਦਰ ਸਿੰਘ ਪਾਸ ਦਸਮ ਗ੍ਰੰਥ ਦੀ ਹੱਥ ਲਿਖਤ ਬੀੜ ਹੈ ਜਾਂ ਡਿਜੀਟਾਈਜ਼ ਕਾਪੀ? ਡਾ ਜੋਗਿੰਦਰ ਸਿੰਘ ਨੇ ਉਹ ਬੀੜ ਕਦੋਂ, ਕਿਸ ਤੋਂ ਅਤੇ ਕਿੰਨੇ ਦੀ ਖਰੀਦੀ ਹੈ? ਜੇ 10 ਦਿਨਾਂ ਦੇ ਵਿੱਚ-ਵਿੱਚ ਇਸ ਦਾ ਜਵਾਬ ਨਾ ਆਇਆ ਤਾਂ ਸਮਝਿਆ ਜਾਵੇਗਾ ਕਿ, ਅਨੁਰਾਗ ਸਿੰਘ ਆਪਣੀ ਕਿਸੇ ਕਮੀ-ਪੇਸ਼ੀ ਨੂੰ ਛੁਪਾਉਣ ਖਾਤਰ, ਝੂਠ ਬੋਲ ਕੇ ਮਸਲੇ ਨੂੰ ਉਲਝਾਉਣ ਦਾ ਯਤਨ ਕਰ ਰਿਹਾ ਹੈ।