ਜਾਤੀਵਾਦ ਦੀ ਹਉਮੈਂ -– ਸਵਰਾਜਬੀਰ

ਉੱਤਰ ਪ੍ਰਦੇਸ਼ ਦੇ ਇਕ ਵਿਧਾਇਕ ਦੀ ਬੇਟੀ ਦੇ ਦਲਿਤ ਲੜਕੇ ਨਾਲ ਵਿਆਹ ਅਤੇ ਬਾਅਦ ਵਿਚ ਲੜਕੀ ਵੱਲੋਂ ਆਪਣੇ ਪਿਤਾ 'ਤੇ ਉਨ੍ਹਾਂ ਨੂੰ ਮਾਰਨ ਲਈ ਬੰਦੇ ਭੇਜਣ ਦੇ ਦੋਸ਼ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਪਰ ਇਹ ਵਰਤਾਰਾ ਨਾ ਤਾਂ ਨਵਾਂ ਹੈ ਅਤੇ ਨਾ ਹੀ ਇਹ ਅਜਿਹੀ ਘਟਨਾ ਹੈ ਜਿਸ ਬਾਰੇ ਪੜ੍ਹ-ਸੁਣ ਕੇ ਸਰਕਾਰ ਤੇ ਸਮਾਜ ਵਿਚ ਬੇਚੈਨੀ ਪੈਦਾ ਹੁੰਦੀ ਹੋਵੇ। ਆਪਣੀ ਜਾਤ-ਬਿਰਾਦਰੀ ਵਿਚ ਵਿਆਹ ਕਰਵਾਉਣ ਦੀ ਪ੍ਰਥਾ ਤੋਂ ਭਟਕਣ ਵਾਲਿਆਂ ਨੂੰ ਪਰਿਵਾਰ ਤੇ ਸਮਾਜ ਖ਼ੁਦ ਸਜ਼ਾ ਦੇਣ ਲਈ ਸਾਹਮਣੇ ਆਉਂਦੇ ਹਨ। 27 ਜੂਨ ਨੂੰ ਉੱਤਰ ਪ੍ਰਦੇਸ਼ ਵਿਚ ਖੈਰਾਗੜ੍ਹ ਨਾਂ ਦੀ ਥਾਂ 'ਤੇ ਇਕ ਧੀ ਦੇ ਮਾਪਿਆਂ ਨੇ ਆਪਣੀ ਧੀ, ਜੋ ਕੁਸ਼ਵਾਹਾ ਜਾਤੀ ਨਾਲ ਸਬੰਧ ਰੱਖਦੀ ਸੀ ਤੇ ਉਸ ਦਾ ਪ੍ਰੇਮੀ, ਜਿਹੜਾ ਰਾਜਪੂਤ ਸੀ, ਨੂੰ ਕਤਲ ਕਰ ਦਿੱਤਾ। ਪਿਛਲੇ ਸੋਮਵਾਰ ਗੁਜਰਾਤ ਵਿਚ ਇਕ ਦਲਿਤ ਲੜਕੇ ਦੀ ਉਸ ਦੇ ਸਹੁਰਿਆਂ ਨੇ, ਜੋ ਤਥਾ-ਕਥਿਤ ਉੱਚੀ ਜਾਤੀ ਨਾਲ ਸਬੰਧ ਰੱਖਦੇ ਸਨ, ਹੱਤਿਆ ਕਰ ਦਿੱਤੀ। ਅਪਰੈਲ ਵਿਚ ਮੱਧ ਪ੍ਰਦੇਸ਼ ਤੋਂ ਭੱਜ ਕੇ ਲੁਧਿਆਣਾ ਜ਼ਿਲ੍ਹੇ ਵਿਚ ਪਨਾਹ ਲੈਣ ਵਾਲੇ ਦਲਿਤ ਮੁੰਡੇ ਨੂੰ ਵੀ ਇਸ ਲਈ ਮਾਰ ਦਿੱਤਾ ਗਿਆ ਕਿ ਉਸ ਨੇ ਠਾਕੁਰ ਪਰਿਵਾਰ ਦੀ ਇਕ ਲੜਕੀ ਨਾਲ ਵਿਆਹ ਕਰਵਾਇਆ ਸੀ।
        ਹਿੰਦੋਸਤਾਨ ਵਿਚ ਵਰਣ-ਆਸ਼ਰਮ ਤੇ ਜਾਤ-ਪਾਤ ਦੇ ਰੀਤੀ-ਰਿਵਾਜ ਬਹੁਤ ਪੁਰਾਣੇ ਹਨ। ਕਈ ਇਤਿਹਾਸਕਾਰ ਤੇ ਸਮਾਜ ਸ਼ਾਸਤਰੀ ਇਹ ਸਮਝਦੇ ਹਨ ਕਿ ਜਾਤੀਵਾਦ ਨੇ ਗੁਪਤ ਕਾਲ ਤੋਂ ਬਾਅਦ ਆਪਣੀਆਂ ਜੜ੍ਹਾਂ ਪੱਕੀਆਂ ਕੀਤੀਆਂ ਪਰ ਕੁਝ ਹੋਰ ਵਿਦਵਾਨ ਤੇ ਜੈਨੇਟਿਕਸ ਵਿਚ ਖੋਜ ਕਰਨ ਵਾਲੇ ਖੋਜੀਆਂ ਅਨੁਸਾਰ ਇਹ ਇਤਿਹਾਸ 2000-3000 ਸਾਲ ਪੁਰਾਣਾ ਹੈ। ਵਰਣ-ਆਸ਼ਰਮ ਅਤੇ ਜਾਤ-ਪਾਤ ਦੇ ਨਾਮ 'ਤੇ ਹੋਣ ਵਾਲੇ ਭੇਦ-ਭਾਵ ਤੇ ਵਿਤਕਰਿਆਂ ਨੇ ਸਮਾਜ ਨੂੰ ਬੁਰੀ ਤਰ੍ਹਾਂ ਨਾਲ ਵੰਡ ਦਿੱਤਾ। ਹੌਲੀ ਹੌਲੀ ਤਾਕਤ ਦਾ ਤਵਾਜ਼ਨ ਤਥਾ-ਕਥਿਤ ਉੱਚੀਆਂ ਜਾਤਾਂ ਦੇ ਹੱਕ ਵਿਚ ਹੁੰਦਾ ਚਲਾ ਗਿਆ ਅਤੇ ਤਥਾ-ਕਥਿਤ ਨੀਵੀਆਂ ਜਾਤਾਂ ਵਿੱਦਿਆ ਤੋਂ ਮਹਿਰੂਮ ਤੇ ਤਾਕਤਹੀਣ ਹੁੰਦੀਆਂ ਚਲੀਆਂ ਗਈਆਂ। ਜਾਇਦਾਦ ਦੇ ਹੱਕ ਵੀ ਉੱਚੀਆਂ ਜਾਤਾਂ ਤਕ ਸੀਮਤ ਹੋ ਕੇ ਰਹਿ ਗਏ ਅਤੇ ਨੀਵੀਆਂ ਜਾਤਾਂ ਦੇ ਲੋਕਾਂ ਨੂੰ ਉਨ੍ਹਾਂ 'ਤੇ ਨਿਰਭਰ ਹੋਣਾ ਪਿਆ। ਇਹ ਵੰਡ ਬੜੀ ਤਿੱਖੀ ਸੀ। ਬੀ.ਆਰ. ਅੰਬੇਦਕਰ ਦਾ ਮਸ਼ਹੂਰ ਕਥਨ ਹੈ, ''ਇਹ ਕਿਰਤ ਦੀ ਵੰਡ ਨਹੀਂ ਸੀ। ਇਸ ਰਾਹੀਂ ਕਿਰਤੀਆਂ ਨੂੰ ਵੰਡਿਆ ਗਿਆ।'' ਭਾਵ ਇਹ ਹੈ ਕਿ ਨੀਵੀਆਂ ਕਹੀਆਂ ਜਾਣ ਵਾਲੀਆਂ ਜਾਤਾਂ ਨੂੰ ਨਾ ਸਿਰਫ਼ ਦੂਸਰੀਆਂ ਜਾਤਾਂ ਤੋਂ ਹਰ ਪੱਖ ਤੋਂ ਦੁਜੈਲ ਦਰਜੇ ਦੇ ਮੰਨਿਆ ਗਿਆ ਸਗੋਂ ਉਨ੍ਹਾਂ ਵਾਸਤੇ ਅਜਿਹੇ ਕੰਮ ਨਿਯਤ ਕੀਤੇ ਗਏ ਜਿਨ੍ਹਾਂ ਵਿਚ ਗੰਦਗੀ ਸਾਫ਼ ਕਰਨਾ ਆਦਿ ਵੀ ਸ਼ਾਮਲ ਸੀ। ਜਾਤ-ਪਾਤ, ਜਜਮਾਨੀ ਸਿਸਟਮ ਤੇ ਛੂਆ-ਛਾਤ ਸਮਾਜ ਦਾ ਵਿਧੀ-ਵਿਧਾਨ ਬਣ ਗਏ। ਇਹ ਵੰਡੀਆਂ ਏਨੀਆਂ ਪੱਕੀਆਂ ਹੋਈਆਂ ਕਿ ਅੰਤਰਜਾਤੀ ਵਿਆਹ ਤਾਂ ਬੜੀ ਦੂਰ ਦੀ ਗੱਲ ਹੈ, ਤਥਾ-ਕਥਿਤ ਨੀਵੀਆਂ ਜਾਤਾਂ ਦੇ ਪਿੰਡ ਵਿਚ ਰਹਿਣ ਵਾਲੇ ਸਥਾਨ ਵੀ ਦੂਜੀਆਂ ਜਾਤਾਂ ਤੋਂ ਅੱਡ ਕਰ ਦਿੱਤੇ ਗਏ। ਸਿੱਟੇ ਵਜੋਂ ਛੂਆ-ਛਾਤ ਸਮਾਜ ਵਿਚ ਵੱਡੇ ਪੱਧਰ 'ਤੇ ਫੈਲਿਆ।
        ਜਾਤ-ਪਾਤ ਦੀ ਇਸ ਪਕੜ ਨੂੰ ਬੀ.ਆਰ. ਅੰਬੇਦਕਰ ਨੇ ਇਨ੍ਹਾਂ ਸ਼ਬਦਾਂ ਵਿਚ ਪੇਸ਼ ਕੀਤਾ, ''ਹਿੰਦੂ ਵਾਸਤੇ ਉਹਦੀ ਜਾਤ ਹੀ ਪੂਰਾ ਸਮਾਜ (public) ਹੈ। ਉਸ ਦੀ ਜ਼ਿੰਮੇਵਾਰੀ ਆਪਣੀ ਜਾਤ ਦੇ ਪ੍ਰਤੀ ਹੈ૴ ਹਿੰਦੂ ਸਮਾਜ ਵਿਚ ਮਨੁੱਖੀ ਪੀੜ ਲਈ ਕੋਈ ਹੁੰਗਾਰਾ ਨਹੀਂ। ਦਇਆ ਹੈ, ਪਰ ਇਹ ਆਪਣੀ ਜਾਤ ਤੋਂ ਹੀ ਸ਼ੁਰੂ ਹੁੰਦੀ ਹੈ ਤੇ ਆਪਣੀ ਜਾਤ 'ਤੇ ਹੀ ਖ਼ਤਮ। ਹਮਦਰਦੀ ਹੈ, ਪਰ ਉਹ ਦੂਸਰੀਆਂ ਜਾਤਾਂ ਦੇ ਲੋਕਾਂ ਦੇ ਲਈ ਨਹੀਂ।'' ਹਿੰਦੋਸਤਾਨੀ ਬਰੇ-ਸਗੀਰ ਦੇ ਵੱਖ ਵੱਖ ਸਮਾਜਾਂ ਵਿਚ (ਕੁਝ ਜਨਜਾਤੀ ਸਮਾਜਾਂ ਤੋਂ ਬਿਨਾਂ) ਮਰਦ ਪ੍ਰਧਾਨ ਸੋਚ ਬੜੇ ਵੱਡੇ ਰੂਪ ਵਿਚ ਪਣਪੀ ਅਤੇ ਇਸ ਸੋਚ ਤੇ ਜਾਤੀਵਾਦ ਵਿਚਲਾ ਸਾਕ ਬਹੁਤ ਡੂੰਘਾ ਹੈ।
      ਕੁਝ ਸਮਾਜ ਸ਼ਾਸਤਰੀ ਦਲੀਲ ਦਿੰਦੇ ਹਨ ਕਿ ਬੁੱਧ ਧਰਮ ਤੇ ਜੈਨ ਧਰਮ ਨੇ ਇਸ ਸਮਾਜਿਕ ਬੁਰਾਈ ਦੇ ਵਿਰੁੱਧ ਲੜਨ ਦੀ ਵੱਡੀ ਕੋਸ਼ਿਸ਼ ਕੀਤੀ। ਕੁਝ ਗ੍ਰੰਥਾਂ ਦੇ ਹਵਾਲੇ ਨਾਲ ਦੱਸਿਆ ਜਾਂਦਾ ਹੈ ਕਿ ਬੁੱਧ ਧਰਮ ਵਿਚ ਉਸ ਸਮੇਂ ਦੇ ਅਛੂਤਾਂ, ਜਿਨ੍ਹਾਂ ਨੂੰ 'ਚੰਡਾਲ' ਕਿਹਾ ਜਾਂਦਾ ਸੀ, ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਇਸੇ ਤਰ੍ਹਾਂ ਭਗਤੀ ਲਹਿਰ ਦੇ ਵੱਖ ਵੱਖ ਸੰਤਾਂ ਨੇ ਲਗਭਗ 12ਵੀਂ ਸਦੀ ਤੋਂ ਜਾਤੀਵਾਦ ਦੇ ਵਿਰੁੱਧ ਵੱਡਾ ਸੰਘਰਸ਼ ਵਿੱਢਿਆ। ਇਨ੍ਹਾਂ ਵਿਚ ਕਰਨਾਟਕ ਵਿਚ ਬਸੇਸਰ ਦੁਆਰਾ ਚਲਾਇਆ ਗਿਆ 'ਲਿੰਗਾਇਤ ਪੰਥ' ਅਤੇ ਤਾਮਿਲ ਨਾਡੂ ਤੇ ਮਹਾਰਾਸ਼ਟਰ ਵਿਚ ਭਗਤੀ ਲਹਿਰ ਦੇ ਵੱਖ ਵੱਖ ਪੰਥ ਸ਼ਾਮਲ ਸਨ। ਉੱਤਰੀ ਭਾਰਤ ਵਿਚ ਇਹ ਅੰਦੋਲਨ ਕਬੀਰ ਤੇ ਰਵਿਦਾਸ ਜਿਹੇ ਭਗਤਾਂ ਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਰਾਹੀਂ ਪ੍ਰਗਟ ਹੋਇਆ। ਇਨ੍ਹਾਂ ਧਾਰਮਿਕ ਲਹਿਰਾਂ ਨੇ ਜਾਤੀਵਾਦ ਨਾਲ ਅਧਿਆਤਮਕ ਤੇ ਵਿਚਾਰਾਤਮਕ ਪੱਧਰ 'ਤੇ ਲੜਨ ਦੀ ਕੋਸ਼ਿਸ਼ ਕੀਤੀ।
        ਆਜ਼ਾਦੀ ਦੀ ਲੜਾਈ ਲੜਨ ਵਾਲੇ ਬਹੁਤ ਸਾਰੇ ਆਗੂਆਂ ਨੂੰ ਇਹ ਵਿਸ਼ਵਾਸ ਸੀ ਕਿ ਆਜ਼ਾਦੀ ਮਿਲਣ ਅਤੇ ਆਰਥਿਕ ਤਰੱਕੀ ਦੇ ਨਾਲ ਜਾਤ-ਪਾਤ ਦੁਆਰਾ ਪਾਏ ਗਏ ਵਖਰੇਵੇਂ ਖ਼ਤਮ ਹੋ ਜਾਣਗੇ। ਸੰਵਿਧਾਨ ਬਣਾਉਣ ਦੌਰਾਨ ਸਮਾਜ ਵੱਲੋਂ ਅਨੁਸੂਚਿਤ ਜਾਤੀਆਂ ਨਾਲ ਕੀਤੇ ਗਏ ਇਤਿਹਾਸਕ ਅਨਿਆਂ ਦੀ ਨਿਸ਼ਾਨਦੇਹੀ ਕਰਦਿਆਂ ਨੌਕਰੀਆਂ ਵਿਚ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ। ਸੰਵਿਧਾਨ ਦੇ ਘੜਨਹਾਰੇ ਕਾਫ਼ੀ ਆਸ਼ਾਵਾਦੀ ਸਨ ਤੇ ਇਸ ਲਈ ਇਹ ਵਿਵਸਥਾ ਪਹਿਲਾਂ ਦਸ ਸਾਲ ਲਈ ਸੀ ਪਰ ਬਾਅਦ ਵਿਚ ਹਕੀਕੀ ਹਾਲਤ ਨੂੰ ਵੇਖਦੇ ਹੋਏ ਹੁਣ ਇਹ ਰਾਖਵਾਂਕਰਨ ਅਨਿਸ਼ਚਿਤ ਸਮੇਂ ਲਈ ਹੈ। ਜਾਤ-ਪਾਤ ਦੀ ਪ੍ਰਥਾ ਕਾਰਨ ਸਮਾਜ ਵਿਚ ਪਛੜੇਵਾਂ ਸਹਿਣ ਵਾਲੀਆਂ ਹੋਰ ਪਛੜੀਆਂ ਜਾਤੀਆਂ ਨੇ ਵੀ ਅੰਦੋਲਨ ਕੀਤੇ ਅਤੇ ਉਨ੍ਹਾਂ ਨੂੰ ਵੀ ਰਾਖਵਾਂਕਰਨ ਦੀਆਂ ਸਹੂਲਤਾਂ ਦਿੱਤੀਆਂ ਗਈਆਂ।
       ਪਿਛਲੇ 150 ਸਾਲਾਂ ਵਿਚ ਬਹੁਤ ਕੁਝ ਵਾਪਰਿਆ ਹੈ। ਆਰਥਿਕ ਤਰੱਕੀ ਦੇ ਨਾਲ-ਨਾਲ ਆਧੁਨਿਕ ਵਿੱਦਿਆ ਦਾ ਪਾਸਾਰ ਹੋਇਆ ਹੈ। ਸ਼ਹਿਰਾਂ ਵਿਚ ਵਸ ਰਹੇ ਲੋਕਾਂ ਦੀ ਗਿਣਤੀ ਲਗਾਤਾਰ ਵਧੀ ਹੈ ਅਤੇ ਵੱਖ ਵੱਖ ਤਰ੍ਹਾਂ ਦੇ ਕਾਰੋਬਾਰ, ਕਾਰਖ਼ਾਨੇ ਅਤੇ ਵਪਾਰ ਹੋਂਦ ਵਿਚ ਆਏ ਹਨ। ਰੇਲਗੱਡੀਆਂ, ਬੱਸਾਂ ਤੇ ਹਵਾਈ ਜਹਾਜ਼ਾਂ ਨੇ ਲੋਕਾਂ ਦੇ ਆਪਸ ਵਿਚ ਮਿਲ-ਜੁਲ ਕੇ ਬਹਿਣ ਨੂੰ ਉਨ੍ਹਾਂ ਦੀ ਜੀਵਨ-ਜਾਚ ਦਾ ਹਿੱਸਾ ਬਣਾ ਦਿੱਤਾ ਹੈ। ਦਲਿਤ ਤੇ ਹੋਰ ਪਛੜੀਆਂ ਜਾਤੀਆਂ ਦੇ ਹੱਕ ਵਿਚ ਅੰਦੋਲਨ ਹੋਏ ਹਨ। ਛੂਆ-ਛਾਤ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਅਤੇ ਦਲਿਤਾਂ ਵਿਰੁੱਧ ਹਿੰਸਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਸਖ਼ਤ ਕਾਇਦੇ-ਕਾਨੂੰਨ ਬਣਾਏ ਗਏ ਹਨ। ਪਰ ਇਸ ਸਭ ਕੁਝ ਦੇ ਬਾਵਜੂਦ ਨਾ ਤਾਂ ਜਾਤੀਵਾਦ ਘਟ ਰਿਹਾ ਹੈ ਅਤੇ ਨਾ ਹੀ ਇਸ ਨਾਲ ਜੁੜੀ ਹੋਈ ਹਿੰਸਾ।
       ਕਈ ਅਧਿਐਨ ਦੱਸਦੇ ਹਨ ਕਿ ਸ਼ਹਿਰਾਂ ਵਿਚ ਘਣੀ ਆਬਾਦੀ ਹੋਣ ਅਤੇ ਵੱਖ ਵੱਖ ਜਾਤਾਂ ਦੇ ਲੋਕਾਂ ਦੇ ਨੇੜੇ-ਨੇੜੇ ਵਸਣ ਦੇ ਬਾਵਜੂਦ ਲੋਕਾਂ ਦੇ ਮਨ ਵਿਚੋਂ ਆਪਣੀ ਜਾਤ ਪ੍ਰਤੀ ਚੇਤਨਾ ਬਿਲਕੁਲ ਨਹੀਂ ਘਟੀ। ਵੱਖ ਵੱਖ ਅਨੁਮਾਨਾਂ ਅਨੁਸਾਰ 95 ਫ਼ੀਸਦੀ ਵਿਆਹ ਆਪਣੀ ਜਾਤ-ਬਿਰਾਦਰੀ ਵਿਚ ਹੁੰਦੇ ਹਨ ਤੇ ਅੰਤਰਜਾਤੀ ਵਿਆਹਾਂ ਦੀ ਗਿਣਤੀ 4 ਤੋਂ 5 ਫ਼ੀਸਦੀ ਤਕ ਹੈ। ਹੁਣ ਵੀ ਸਾਡੀ ਸਮਾਜਿਕ ਸੂਝ-ਬੂਝ ਅਨੁਸਾਰ ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਮਨੁੱਖ ਦੀ ਮਨੁੱਖ ਨਾਲ ਬਰਾਬਰੀ ਤਾਂ ਹੋਣੀ ਚਾਹੀਦੀ ਹੈ ਪਰ ਕਾਨੂੰਨ ਦੀ ਬਰਾਬਰੀ ਦਾ ਘੇਰਾ ਲਹੂ ਦੀ ਬਰਾਬਰੀ ਤਕ ਨਹੀਂ ਫੈਲਣ ਦਿੱਤਾ ਜਾਣਾ ਚਾਹੀਦਾ। ਸਾਨੂੰ ਇਉਂ ਲੱਗਦਾ ਹੈ ਕਿ ਜੇਕਰ ਵੱਖ-ਵੱਖ ਜਾਤਾਂ ਦੇ ਮੁੰਡੇ-ਕੁੜੀਆਂ ਆਪਸ ਵਿਚ ਵਿਆਹ ਕਰਵਾਉਣ ਲੱਗ ਪਏ ਤਾਂ ਇਸ ਨਾਲ ਅਫ਼ਰਾ-ਤਫ਼ਰੀ ਫੈਲ ਜਾਏਗੀ ਤੇ ਸਦਾਚਾਰ ਦੇ ਹੱਦ-ਬੰਨੇ ਢਹਿ ਜਾਣਗੇ। ਇਹ ਸਾਰੇ ਵਿਚਾਰ ਜਾਤੀ ਹਉਮੈਂ ਅਤੇ ਆਪਣੀ ਜਾਤ ਦੇ ਮਾਣ-ਸਨਮਾਨ ਨਾਲ ਜੁੜੇ ਹੋਏ ਹਨ। ਮਰਦ ਪ੍ਰਧਾਨ ਸੋਚ ਦੇ ਨਾਲ ਜੁੜ ਕੇ ਇਹ ਸੋਚ ਅਣਖ ਤੇ ਇੱਜ਼ਤ ਜਿਹੇ ਸੰਕਲਪ ਪੈਦਾ ਕਰਦੀ ਹੈ ਜਿਨ੍ਹਾਂ ਕਰਕੇ ਜੇ ਕੋਈ ਧੀ-ਪੁੱਤਰ ਆਪਣੀ ਜਾਤ ਤੋਂ ਬਾਹਰ ਜਾ ਕੇ ਵਿਆਹ ਕਰਵਾਉਂਦਾ ਹੈ ਤਾਂ ਉਸ ਦੀ ਜ਼ਿੰਦਗੀ ਨੂੰ ਖ਼ਤਮ ਕਰ ਦੇਣਾ ਵੀ ਜਾਇਜ਼ ਸਮਝਿਆ ਜਾਂਦਾ ਹੈ।
       ਇਸ ਵੇਲ਼ੇ ਦੇਸ਼ ਦੇ ਸਾਰੇ ਸ਼ਹਿਰ, ਕਸਬੇ ਤੇ ਪਿੰਡਾਂ ਦੇ ਲੋਕ ਟੈਲੀਵਿਜ਼ਨਾਂ ਤੇ ਮੋਬਾਈਲ ਫੋਨਾਂ ਦੀ ਬਾਕੀ ਦੀ ਦੁਨੀਆਂ ਨਾਲ ਜੁੜ ਚੁੱਕੇ ਹਨ। ਉਹ ਦੇਸ਼-ਪ੍ਰਦੇਸ਼ ਦੀਆਂ ਖ਼ਬਰਾਂ ਯੂ-ਟਿਊਬ ਤੇ ਹੋਰ ਮਾਧਿਅਮਾਂ 'ਤੇ ਵੇਖਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹੀ ਆਧੁਨਿਕ ਮਾਧਿਅਮ (ਵੱਟਸ-ਐਪ, ਯੂ-ਟਿਊਬ) ਜਾਗੀਰਦਾਰੀ ਕਦਰਾਂ-ਕੀਮਤਾਂ ਦੀ ਹਿੰਡ ਪੁਗਾਉਣ ਲਈ ਵਰਤੇ ਜਾਂਦੇ ਹਨ। ਜੇ ਕੋਈ ਪ੍ਰੇਮੀ ਜੋੜਾ ਵੱਖ-ਵੱਖ ਜਾਤਾਂ ਨਾਲ ਸਬੰਧ ਰੱਖਦਾ ਹੈ ਤਾਂ ਇਸ ਬਾਰੇ ਖ਼ਬਰ ਸੋਸ਼ਲ ਮੀਡੀਆ 'ਤੇ ਫੈਲਾ ਕੇ ਬਦਲਾ ਲੈਣ ਦੀਆਂ ਭਾਵਨਾਵਾਂ ਨੂੰ ਉਕਸਾਇਆ ਜਾਂਦਾ ਹੈ। ਸਾਰਿਆਂ ਨੂੰ ਇਹ ਉਮੀਦ ਸੀ ਕਿ ਪੱਛਮੀ ਗਿਆਨ-ਵਿਗਿਆਨ ਦੇ ਨਾਲ ਜੁੜੀ ਆਧੁਨਿਕਤਾ ਦੇ ਪ੍ਰਵੇਸ਼ ਨਾਲ ਪੁਰਾਣੀਆਂ ਕਦਰਾਂ-ਕੀਮਤਾਂ ਦੀ ਪਛਾਣ ਕੁਝ ਘਟੇਗੀ ਪਰ ਸਮਾਜਿਕ ਵਰਤਾਰੇ ਇਹ ਦੱਸਦੇ ਹਨ ਕਿ ਮੁਸ਼ਕਲਾਂ ਵਿਚ ਫਸੇ ਬੰਦੇ ਨੂੰ ਜਦ ਸਵੈਮਾਣ ਲਈ ਕੁਝ ਹੋਰ ਨਹੀਂ ਲੱਭਦਾ ਤਾਂ ਉਹ ਇਸ ਸੋਚ ਕਿ ਧਰਮ ਤੇ ਜਾਤ ਹੀ ਉਸ ਦੀ ਪਹਿਚਾਣ ਕਾਇਮ ਰੱਖ ਸਕਦੇ ਹਨ, ਵੱਲ ਜ਼ਿਆਦਾ ਖਿੱਚਿਆ ਜਾਂਦਾ ਹੈ।
       ਭਾਰਤ ਦੇ ਉਦਾਰਵਾਦੀ ਆਗੂਆਂ ਵਾਂਗ ਇੱਥੋਂ ਦੇ ਸਮਾਜਵਾਦੀ ਵੀ ਇਹੀ ਸੋਚਦੇ ਸਨ ਕਿ ਆਰਥਿਕ ਤਰੱਕੀ ਦੇ ਨਾਲ ਜਾਤ-ਪਾਤ ਦਾ ਕੋਹੜ ਮਿਟ ਜਾਏਗਾ। ਕਈਆਂ ਨੂੰ ਇਹ ਆਸ ਹੈ ਕਿ ਇਹ ਸ਼ਾਇਦ ਉਦੋਂ ਹੀ ਮਿਟ ਸਕਦਾ ਹੈ ਜਦੋਂ ਦੇਸ਼ ਵਿਚ ਸਮਾਜਵਾਦੀ ਇਨਕਲਾਬ ਹੋਵੇ। ਇਸ ਸਬੰਧ ਵਿਚ ਬੀ.ਆਰ. ਅੰਬੇਦਕਰ ਦੇ ਇਹ ਸ਼ਬਦ ਯਾਦ ਕਰਨੇ ਬਣਦੇ ਹਨ, ''ਹਰ ਸਮਾਜਵਾਦੀ ਨੂੰ ਚਾਹੀਦਾ ਹੈ ਕਿ ਹਿੰਦੋਸਤਾਨ ਦੇ ਸਮਾਜਿਕ ਵਿਧੀ-ਵਿਧਾਨ ਦਾ ਅਧਿਐਨ ਕਰੇ, ਜਿੰਨਾ ਚਿਰ ਉਹ ਇਸ ਤਰ੍ਹਾਂ ਨਹੀਂ ਕਰਦਾ, ਉਹ ਆਪਣੇ ਇਨਕਲਾਬ ਦੇ ਨਿਸ਼ਾਨੇ ਤਕ ਨਹੀਂ ਪਹੁੰਚ ਸਕਦਾ।'' ਸਮਾਜ ਵਿਚ ਧਰਮ, ਜਾਤੀਵਾਦ ਤੇ ਮਰਦ ਪ੍ਰਧਾਨ ਸੋਚ ਦੀ ਪਕੜ ਬਹੁਤ ਡੂੰਘੀ ਹੈ। ਸਿਆਸੀ ਤੇ ਆਰਥਿਕ ਲੜਾਈ ਦੇ ਨਾਲ-ਨਾਲ ਅਜਿਹੀ ਸਮਾਜਿਕ ਸੂਝ-ਸਮਝ ਵਿਰੁੱਧ ਲਗਾਤਾਰ ਸੰਘਰਸ਼ ਹੀ ਲੋਕ-ਚੇਤਨਾ ਵਿਚ ਤਬਦੀਲੀ ਲਿਆ ਸਕਦਾ ਹੈ। ਇਸ ਦੇ ਨਾਲ-ਨਾਲ ਇਕਦਮ ਵੱਡੀਆਂ ਤਬਦੀਲੀਆਂ ਦੀ ਚਾਹਤ ਕਰਨ ਨਾਲੋਂ ਛੋਟੀਆਂ ਤਬਦੀਲੀਆਂ ਦੇ ਮਹੱਤਵ ਨੂੰ ਵੀ ਪਛਾਣਿਆ ਜਾਣਾ ਚਾਹੀਦਾ ਹੈ। ਇਹ ਇਕ ਲੰਬੀ ਲੜਾਈ ਹੋਵੇਗੀ ਪਰ ਇਸ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ।